ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ : ਮਨ ਤੰਦੂਰ-ਡਾ. ਗੁਰਚਰਨ ਸਿੰਘ ਔਲਖ

ਨਿੱਜੀ ਗੁਣਾਂ ਕਾਰਨ ਗੁਰਭਜਨ ਗਿੱਲ ਯੋਧਾ ਹੈ। ਜਥੇਬੰਦੀਆਂ ਦਾ ਵੀ ਤੇ ਪੰਜਾਬੀ ਕਵਿਤਾ ਦੇ ਰਣ ਖੇਤਰ ਦਾ ਵੀ।
ਅੱਜ ਅਸੀਂ ਉਸ ਦੇ ਸੱਜਰੇ ਸੰਗ੍ਰਹਿ "ਮਨ ਤੰਦੂਰ" ਦੀ ਚਰਚਾ ਕਰਦੇ ਹਾਂ ਜਿਸ ਵਿੱਚ ਕਵਿਤਾਵਾਂ , ਗੀਤ ਤੇ ਗ਼ਜ਼ਲਾਂ ਸ਼ਾਮਲ ਹਨ।
ਪ੍ਰੋ. ਰਵਿੰਦਰ ਭੱਠਲ ਵੱਲੋਂ ਲਿਖੇ ਰੇਖਾ-ਚਿੱਤਰ: "ਸਾਵਾ ਬਿਰਖ ਗੁਰਭਜਨ ਗਿੱਲ" ਨਾਲ ਇਹ ਕਿਤਾਬ ਸ਼ੁਰੂ ਹੁੰਦੀ ਹੈ। ਰਵਿੰਦਰ ਭੱਠਲ ਵੱਲੋਂ ਲਿਖੇ ਸ਼ਬਦ ਚਿੱਤਰ ਦਾ ਪਹਿਲਾ ਵਾਕ ਹੀ ਭਾਵਪੂਰਤ ਹੈ ਤੇ ਸੰਤੁਲਤ ਵੀ।
ਇਹ ਗੁਰਭਜਨ ਗਿੱਲ ਦੇ ਕਾਵਿ-ਸਰੋਕਾਰਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ, ਜਿਸ ਰਾਹੀ ਉਹਦੀ ਸਾਂਝੇ ਪੰਜਾਬ ਪ੍ਰਤੀ ਵਿਲਕਣੀ ਤੇ ਉਹ ਤਰਲੋਮੱਛੀ ਹੁੰਦੀ ਦਿਖਾਈ ਦਿੰਦੀ ਹੈ:

ਉਹ ਰਾਵੀਓਂ ਉਰਵਾਰ-ਪਾਰ
ਕੂਕਦੀ ਆਵਾਜ਼ ਦਾ ਸਿਰਨਾਵਾਂ ਹੈ (ਪੰਨਾ 9)

ਦੇਸ਼ ਦੀ ਵੰਡ ਤੇ ਪੰਜਾਬ ਦੀ ਵੰਡ ਦੀ ਪੀੜ ਉਹਦੀਆਂ ਕਈ ਕਵਿਤਾਵਾਂ ਵਿੱਚ ਵਾਰ ਵਾਰ ਬਿਰਹੜੇ ਕਰਦੀ ਹੈ:

ਉਹਨਾਂ ਵਕਤਾਂ ਦਾ ਦਰਦ ਉਹਦੀਆਂ ਅੱਖਾਂ 'ਚੋਂ
ਹੁਣ ਵੀ ਸੇਕ ਵਾਂਗ ਨਿਕਲਦਾ ਹੈ (ਪੰਨਾ 9)

ਉਸ ਦੀ ਸ਼ਖ਼ਸੀਅਤ ਬਾਰੇ ਵੀ ਰਵਿੰਦਰ ਭੱਠਲ ਦੇ ਸ਼ਬਦ ਬਹੁਤ ਹੀ ਮਾਰਮਿਕ ਹਨ।

ਉਹਦਾ ਜੀਵਨ ਸਾਦਾ ਸਰਲ ਨਹੀਂ
ਸੰਘਰਸ਼ ਦੀ ਲੰਮੇਰੀ ਵਿਥਿਆ ਹੈ (ਪੰਨਾ 9)

ਮਾਯੂਸੀਆਂ ਨੇ ਉਸਨੂੰ
ਸਾਹ-ਸਤ ਹੀਣ ਨਹੀਂ
ਸਗੋਂ ਸਤਿਆਵਾਨ ਹੋਣ ਦਾ
ਸਾਹਸ ਦਿੱਤਾ (ਪੰਨਾ 10)

ਉਹ ਰਿਸ਼ਤਿਆਂ ਦੀ
ਧਰਮੀ ਧਰਾਤਲ 'ਤੇ
ਮੋਹ-ਮਿੱਟੀ 'ਚ ਗੁੰਨਿਆ ਵਜੂਦ ਹੈ (ਪੰਨਾ 11)

ਹਰ ਧੁਖ਼ਦੇ ਪਿੰਡ ਨੂੰ ਆਪਣਾ ਕਹਿ
ਉਸ ਦੀ ਅਗਨਕਥਾ ਸੁਣਾਉਂਦਾ
ਪਾਰਦਰਸ਼ੀ
ਪੰਜਾਂ ਪਾਣੀਆਂ ਦੀ ਖ਼ੈਰ ਮੰਗਦਾ (ਪੰਨਾ 14)

ਉਹਦੇ ਜੀਵਨ ਵਿਚਲੇ ਕੁਝ ਰੰਗ ਬੜੇ ਪੱਕੇ ਹਨ
ਧੋਤਿਆਂ ਵੀ ਨਹੀਂ ਉੱਤਰਦੇ
ਚਾਰ ਦਹਾਕਿਆਂ ਤੋਂ ਵੱਧ ਲੁਧਿਆਣਾ ਮਹਾਂ ਨਗਰ 'ਚ ਵੱਸਦਿਆਂ,
ਦਿੱਲੀ ਦੱਖਣ ,ਦੇਸ ਪ੍ਰਦੇਸ਼ ਘੁੰਮਦਿਆਂ
ਵਿਸ਼ਵ-ਭਰ ਦੀਆਂ ਸੋਚਾਂ ਨੂੰ
ਮਨ-ਮਸਤਕ ਵਿਚ
ਟਿਕਾਈ ਫਿਰਦਿਆਂ ਵੀ
ਸ਼ਾਇਦ ਪਿੰਡ ਉਹਦੇ
ਜੀਵਨ-ਵਿਹਾਰ 'ਚੋਂ
ਇਸੇ ਲਈ ਖਾਰਜ ਨਹੀਂ ਹੋਇਆ (ਪੰਨਾ 16)

ਗੁਰਭਜਨ ਗਿੱਲ ਦੇ ਕਾਵਿ ਸੰਸਾਰ ਦੇ ਉੱਭਰਵੇਂ ਸਰੋਕਾਰਾਂ ਵਿੱਚ ਪਿੰਡ, ਪੰਜਾਬ, ਗੁਰੂ ਨਾਨਕ ਦੀ ਸਿੱਖੀ ਤੇ ਪੰਜਾਬ ਦੀ ਵੰਡ ਦਾ ਦਰਦ ਸਹਿਜੇ ਹੀ ਪਛਾਣੇ ਜਾਂਦੇ ਹਨ। ਧੀਆਂ, ਬਹੁ-ਬੇਟੀਆਂ ਦਾ ਦਰਦ ਵੀ ਥਾਂ ਥਾਂ ਝਲਕਦਾ ਹੈ। ਸਮੁੱਚੀ ਰਚਨਾ ਵਿਚ ਮਾਨਵੀ ਪੀੜਾਂ ਤੇ ਉਸਾਰੂ ਸੋਚ ਦੀ ਰੌਸ਼ਨੀ ਹੈ। ਉਹ ਪੰਜਾਬੀ ਸੱਭਿਆਚਾਰ ਦੀ ਆਵਾਜ਼ ਬਣ ਕੇ ਕੂਕਦਾ ਹੈ:

ਬਣੇ ਬਣਾਏ ਬਰਗਰ ਪੀਜ਼ਾ, ਢਾਹ ਨਾ ਦੇਵਣ ਚੁੱਲ੍ਹੇ।
ਮਰੇ ਉਡੀਕ ਕਦੇ ਨਾ ਮਾਂ ਦੀ, ਬੱਚਾ ਨਾ ਰਾਹ ਭੁੱਲੇ।

ਕਿਸਾਨਾਂ ਦੀ ਦਸ਼ਾ ਵੱਲ ਸੰਕੇਤ ਵੀ ਕਿਆ ਕਮਾਲ ਹੈ:

ਧਰਤੀ ਮਾਂ ਦੇ ਪੈਰੋਂ ਜਿੰਨਾਂ ਫ਼ਿਕਰ ਜੰਜ਼ੀਰਾਂ ਲਾਹੀਆਂ
ਉਹਨਾਂ ਦੇ ਪੁੱਤਰਾਂ ਦੇ ਗਲ ਵਿੱਚ ਕਰਜ਼ੇ ਬਣ ਗਏ ਫਾਹੀਆਂ।
(ਸ਼ਬਦ ਸਲਾਮਤ ਰਹਿਣ ਪੰਨਾ 17)

ਪੁਰਾਣੀ ਜੀਵਨ ਜਾਚ ਨੂੰ ਤਿਆਗ ਰਹੇ ਲੋਕਾਂ ਨੂੰ ਉਹ ਨਵੀਆਂ ਕੈਦਾਂ, ਬੇੜੀਆਂ ਤੋਂ ਸੁਚੇਤ ਹੋਣ ਦਾ ਹੋਕਾ ਦਿੰਦਾ ਹੈ ਪਹਿਰੇਦਾਰ ਲੱਗਦਾ ਹੈ।

ਗੁਰਭਜਨ ਗਿੱਲ ਦੀਆਂ 47 ਕਵਿਤਾਵਾਂ ਵਿੱਚੋਂ "ਸ਼ਬਦ ਸਲਾਮਤ ਰਹਿਣ", "ਇਤਿਹਾਸ ਰੇਖਾ", "ਧੀਆਂ ਦੀਆਂ ਲੋਹੜੀਆਂ", "ਦੱਸੋ ਗੁਰੂ ਵਾਲਿਓ", " ਧੀ ਦੇ ਘਰ ਵਿੱਚ ਬੈਠੀਏ ਮਾਏ", "ਵੇ ਮੈਂ ਤੇਰੇ ਪਿੱਛੋਂ", "ਸਮਝੇ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ", "ਇਸ ਦੂਰ ਦੇਸ਼ ਦੀ ਧਰਤੀ ਤੇ", "ਕਿੱਥੇ ਚੜਿਐ ਚੰਨਾ ਵੇ" ਬਹੁਤ ਮੁੱਲਵਾਨ ਹਨ ਕਿਉਂ ਇਹਨਾਂ ਵਿੱਚ ਉਸਨੇ ਪੰਜਾਬੀ ਸੱਭਿਆਚਾਰ ਦੀ, ਵੰਡ ਦੇ ਦਰਦ ਦੀ, ਧੀਆਂ ਪ੍ਰਤੀ ਸਾਡੀ ਇਕ ਪਾਸੜ ਸੋਚ ਦੀ, ਤੇ ਪੈਸੇ ਖਾਤਰ ਡਾਲਰਾਂ ਦੇ ਦੇਸ਼ਾਂ ਵਿੱਚ ਜਾ ਕੇ ਆਪ ਮੁਸੀਬਤਾਂ ਸਹੇੜਨ ਦੇ ਸਰੋਕਾਰਾਂ ਨੂੰ ਉਭਾਰਿਆ ਹੈ। ਇਹ ਕਵਿਤਾਵਾਂ ਸ਼ਬਦਾਂ ਕਰਕੇ ਹੀ ਨਹੀਂ, ਅਰਥਾਂ ਕਰਕੇ ਵੀ ਸੀਨੇ ਤੇ ਪ੍ਰਭਾਵ ਪਾਉਂਦੀਆਂ ਤੇ ਝਰਨੇ ਤੇ ਪਾਣੀ ਵਾਂਗ ਆਕਰਸ਼ਣ ਦਾ ਕਾਰਨ ਬਣਦੀਆਂ ਹਨ।

"ਭਾਰਤ ਕਿਉਂ ਗੁਲਾਮ ਹੋਇਆ" ਦਾ ਪੁੱਤਰ ਉਸ ਦੀ ਕਵਿਤਾ ਇਤਿਹਾਸ-ਰੇਖਾ ਵਿੱਚ ਇਤਨੇ ਸਹਿਜ ਸੁਭਾਵੀ ਸਰਲ ਅਰਥ ਵਿੱਚ ਮਿਲਦਾ ਹੈ ਕੀ ਇਹ ਸਾਰੀ ਕਵਿਤਾ ਬਾਲਕ ਤੋਂ ਲੈ ਕੇ ਬਿਰਧਾਂ ਤੱਕ ਦੇ ਨਨ ਤੇ ਉੱਕਰੀ ਜਾਂਦੀ ਹੈ। ਉਹ ਲਿਖਦਾ ਹੈ:

ਸਾਡੇ ਕੋਲ ਹਾਥੀ ਸੀ।
ਆਲਸ ਸਾਡਾ ਸਾਥੀ ਸੀ।
ਸਿਕੰਦਰ ਕੋਲ ਘੋੜੇ ਸੀ।
ਸਾਥੀ ਭਾਵੇਂ ਥੋੜੇ ਸੀ।
ਏਸੇ ਲਈ ਉਹ ਜਿੱਤਿਆ।

ਬਾਬਰ ਕੋਲ ਬੰਦੂਕ ਸੀ।
ਭਰਾਵਾਂ ਨਾਲ ਸਲੂਕ ਸੀ।
ਸਾਡੇ ਕੋਲ ਤੀਰ ਸੀ।
ਰੁੱਸੇ ਫਿਰਦੇ ਵੀਰ ਸੀ।
ਏਸੇ ਲਈ ਉਹ ਜਿੱਤਿਆ। (ਇਤਿਹਾਸ-ਰੇਖਾ ਪੰਨਾ 21)

ਉਹਦਾ ਮੁੱਖ ਸਰੋਕਾਰ ਪੰਜਾਬੀ ਵਿਰਸਾ ਹੈ। ਤਾਂ ਹੀ ਤਾਂ ਉਹ ਵਿਦੇਸ਼ਾਂ ਵਿੱਚ ਗਿਆਂ ਨੂੰ ਆਖਦਾ ਹੈ:
ਧਰਤ ਬੇਗਾਨੀ, ਵੇਖ ਪਰਾਈਆਂ, ਚੋਪੜੀਆਂ ਤੇ ਡੁੱਲਿਓ ਨਾ।
ਆਪਣੀ ਬੋਲੀ, ਆਪਣਾ ਵਿਰਸਾ ਕਦੇ ਪੰਜਾਬੀਓ ਭੁੱਲਿਓ ਨਾ।
(ਧਰਤ ਬੇਗਾਨੀ ਪੰਨਾ 53)

ਤੇ ਫਿਰ ਉਹ "ਇਸ ਦੂਰ ਦੇਸ਼ ਦੀ ਧਰਤੀ ਤੇ" ਵਿੱਚ ਕਹਿੰਦਾ ਹੈ:
ਇਸ ਦੂਰ ਦੇਸ ਦੀ ਧਰਤੀ 'ਤੇ ਮੇਰੇ ਵੀਰੋ ਦੇਸ ਪੰਜਾਬ ਦਿਉ।
ਕੀ ਖੱਟਿਆ ਤੇ ਕੀ ਵੱਟਿਆ ਹੈ,
ਇਸ ਗੱਲ ਦਾ ਤੁਰਤ ਹਿਸਾਬ ਦਿਓ।

ਮਾਂ ਬੋਲੀ, ਜਣਨੀ, ਮਾਤ ਭੂਮ ਬਿਨ ਉਲਟਾ ਚੱਕਰ ਗਿੜਦਾ ਹੈ।
ਇਨ੍ਹਾਂ ਦੇ ਸਾਥ ਬਗੈਰ ਕਦੇ ਨਾ, ਰੂਹ ਦਾ ਚੰਬਾ ਖਿੜਦਾ ਹੈ।
ਊੜਾ ਤੇ ਜੂੜਾ ਸਾਂਭ ਲਵੋ, ਓਏ ਪੁੱਤਰੋ! ਗੋਬਿੰਦ ਖ੍ਵਾਬ ਦਿਉ।
(ਪੰਨਾ 75)

ਉਹ ਵਿਦੇਸ਼ਾਂ ਦੇ ਰਹਿਣ ਸਹਿਣ ਬਾਰੇ ਬੜੇ ਮਾਰਮਿਕ ਢੰਗ ਨਾਲ ਕਹਿੰਦਾ ਹੈ:

ਏਥੇ ਵਿਹਲ ਦੱਸ ਕੀਹਨੂੰ, ਕਰ ਤੂੰ ਬਿਰਖ਼ਾਂ ਨਾਲ ਗੱਲਾਂ।
ਤੈਨੂੰ ਦੇਣੈਂ ਹੁੰਗਾਰਾ ਏਥੇ ਸਾਗਰ ਦੀਆਂ ਛੱਲਾਂ।
ਵਧ ਗਈ ਰੂਹਾਂ ਤੋਂ ਦੂਰੀ, ਲੋਕੀਂ ਡਾਲਰ ਦੇ ਨੇੜੇ।
ਕਿੱਥੇ ਚੜ੍ਹਿਐਂ ਚੰਨਾ ਵੇ ਤੂੰ ਬੇਕਦਰਾਂ ਦੇ ਵਿਹੜੇ।
ਬੱਧੇ ਸਭਨਾਂ ਦੇ ਪੈਰੀਂ ਜਿੱਥੇ ਬਿਜਲੀ ਦੇ ਗੇੜੇ।
(ਕਿੱਥੇ ਚੜ੍ਹਿਐ ਚੰਨਾ ਵੇ)

ਉਸਦੀ ਕਵਿਤਾ ਸਿੱਖ ਇਤਿਹਾਸ, ਪੰਜਾਬੀ ਜਨ ਮਾਣਸ ,ਧੀਆਂ ਦੀ ਬੇਕਦਰੀ ਆਦਿ ਬਾਰੇ ਬੜੀ ਸ਼ਕਤੀ ਨਾਲ ਗੱਲ ਕਰਦੀ ਹੈ। ਗੁਰਭਜਨ ਗਿੱਲ ਗੁਰੂ ਨਾਨਕ ਦੇ ਸਿੱਖਾਂ ਨੂੰ ਕਿਰਤ ਤੋਂ ਵਿਛੜੇ ਹੋਣ ਤੇ ਆਹਤ ਹੈ।

ਪੌਣ ਗੁਰ, ਪਾਣੀ ਪਿਤਾ, ਧਰਤੀ ਨੂੰ ਮਾਤਾ ਕਹਿ ਗਿਆ।
ਤੇਜ਼ ਰਫ਼ਤਾਰੀ 'ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ।
ਕਹਿਰ ਦਾ ਤਾਹੀਓਂ, ਦਿਨੇ ਚੜ੍ਹਿਆ ਸਿਤਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।
(ਪੰਜ ਸਦੀਆਂ ਪਰਤ ਕੇ ਪੰਨਾ 19)

ਫਿਰ ਉਹ ਕੂਕਦਾ ਹੈ:

ਦਸੋ ਗੁਰੂ ਵਾਲਿਓ ਪੰਜਾਬ ਕਿਥੇ ਹੈ?
ਬਾਣੀ ਨਾਲ ਵਜਦੀ ਰਬਾਬ ਕਿੱਥੇ ਹੈ? (ਦੱਸੋ ਗੁਰੂ ਵਾਲਿਓ ਪੰਨਾ 60)

ਉਹ ਪੁੱਤਰਾਂ ਧੀਆਂ ਦੀ ਬਰਾਬਰੀ ਦੀ ਗੱਲ ਵੀ ਕਰਦਾ ਹੈ ਤੇ ਪੁੱਤ ਦੀ ਚਾਹਤ ਰੱਖਣ ਵਾਲੀ ਮਾਂ ਨੂੰ ਧੀ ਘਰ ਬੈਠੀ ਦੇਖ ਕੇ ਵਿਅੰਗ ਵੀ ਕਰਦਾ ਹੈ :

ਧੀ ਦੇ ਘਰ ਵਿੱਚ ਬੈਠੀਏ ਮਾਏ
ਮੈਨੂੰ ਇਹ ਗੱਲ ਸਮਝ ਨਾ ਆਏ,
ਨੂੰਹ ਕੋਲੋਂ, ਪੁੱਤ ਮੰਗਦੀ, ਤੂੰ ਰਤਾ ਨਾ ਸੰਗਦੀ।
ਕਿਉਂ ਟੱਬਰ ਸੂਲੀ ਟੰਗਦੀ
ਤੂੰ ਪੁੱਤਰ ਮੰਗਦੀ?
(ਧੀ ਦੇ ਘਰ ਬੈਠਿਏ ਮਾਏ ਪੰਨਾ 69)

ਉਹ ਤੀਵੀਂ ਪ੍ਰਤੀ ਮਰਦ ਦੀ ਬੇਗਾਨਗੀ ਦਾ ਵਰਨਣ ਵੀ ਕਮਾਲ ਦੇ ਸ਼ਬਦਾਂ ਨਾਲ ਕਰਦਾ ਹੈ:

ਤੂੰ ਜਿਸਮ ਤੋਂ ਅੱਗੇ ਰੂਹ ਦੇ ਅੰਦਰ ਵੜਿਆ ਕਰ ਵੇ।
ਨਾ ਬਿਨਾਂ ਕਾਰਨੋਂ ਸੱਤ ਅਸਮਾਨੇ ਚੜ੍ਹਿਆ ਕਰ ਵੇ।
ਮੇਰੇ ਨੈਣਾਂ ਅੰਦਰ ਕੀ ਕੁਝ ਲਿਖਿਐ, ਪੜ੍ਹਿਆ ਕਰ ਵੇ।
ਤੇਰੀ ਬੇਕਦਰੀ ਤੱਕ, ਰੀਝਾਂ ਫੇਰ ਦਬਾਅ ਲੈਂਦੀ ਆਂ।
ਵੇ ਮੈਂ ਤੇਰੇ ਪਿੱਛੇ ਧਰਤੀ ਅੰਬਰ ਗਾਹ ਲੈਂਦੀ ਆਂ।
ਤੂੰ ਫਿਰ ਵੀ ਕਹਿੰਦੈਂ, ਮੈਂ ਕਿਉਂ ਉੱਚੀ ਸਾਹ ਲੈਂਦੀ ਆਂ?
(ਵੇ ਮੈਂ ਤੇਰੇ ਪਿੱਛੇ.... ਪੰਨਾ 71)

ਪੁੱਤ ਦੇ ਬਰਾਬਰ ਹੀ ਧੀ ਦਾ ਦਰਜਾ ਹੈ, ਪਤੀ-ਪਤਨੀ ਵੀ ਬਰਾਬਰ ਹਨ:

ਪੁੱਤ ਵੀ ਤਾਂ ਰੋਲਦੇ ਨੇ
ਬਾਬਲੇ ਦੀ ਪੱਗ ਨੂੰ।
ਮੇਰੇ ਵੱਲੋਂ ਆਖਦੇ ਤੂੰ
ਮਾਏ ਸਾਰੇ ਜੱਗ ਨੂੰ।
ਆਪ ਹੀ ਬੁਝਾਉ
ਇਸ ਅਲੋਕਾਰ ਅੱਗ ਨੂੰ।
ਧੀਆਂ ਨਾਲ ਵੱਸਦਾ ਜਹਾਨ
ਮਾਏ ਮੇਰੀਏ।
ਡੋਲ ਗਿਆ ਤੇਰਾ ਕਿਉਂ
ਈਮਾਨ ਮਾਏ ਮੇਰੀਏ।

ਨਿਰਸੰਦੇਹ ਗੁਰਭਜਨ ਗਿੱਲ ਦੀਆਂ ਕਵਿਤਾਵਾਂ ਦੇ ਮੁੱਖ ਸਰੋਕਾਰ ਪੰਜਾਬ, ਪੰਜਾਬੀ ਸਭਿਆਚਾਰ, ਪੁਰਾਣੇ ਪੰਜਾਬ ਦੀ ਸਾਂਝ, ਧੀਆਂ ਨਾਲ ਮੋਹ ਪਿਆਰ ਤੇ ਵਿਦੇਸ਼ੀ ਡਾਲਰਾਂ ਪਿੱਛੇ ਦੌੜਨ ਵਾਲਿਆਂ ਨੂੰ ਪੰਜਾਬ ਨਾਲ ਮੁਹੱਬਤ ਕਰਨ ਦੀ ਪ੍ਰੇਰਨਾ ਹਨ। ਕਵਿਤਾ ਮਾਰਗ-ਦਰਸ਼ਨ ਕਰਦੀ ਹੈ। ਗੁਰਭਜਨ ਗਿੱਲ ਭਾਵੇਂ ਇਨਕਲਾਬੀ ਟਾਹਰਾਂ ਨਹੀਂ ਮਾਰਦਾ, ਅਸੰਭਵ ਸੁਪਨੇ ਨਹੀਂ ਜਗਾਉਂਦਾ, ਅੰਬਰਾਂ ਤਕ ਉਡਾਰੀਆ ਵੀ ਨਹੀਂ ਲਾਉਂਦਾ,ਪਰ ਉਹ ਮਿੱਟੀ ਨਾਲ, ਪੰਜਾਬ ਨਾਲ, ਮਾਤ ਭਾਸ਼ਾ ਨਾਲ ਤੇ ਸੱਭਿਆਚਾਰ ਨਾਲ, ਪਿੰਡਾਂ ਨਾਲ, ਸਾਦਾ ਤੇ ਨਿਰਮਲ ਜੀਵਨ ਜਾਚ ਨਾਲ ਜੁੜਿਆ ਹੋਇਆ ਹੈ। ਉਹਦੀ ਕਵਿਤਾ ਆਮ ਜਨ ਮਾਣਸ ਦੀ ਕਵਿਤਾ ਹੈ।

ਉਸ ਦੀਆਂ ਗ਼ਜ਼ਲਾਂ ਵਿਚ ਵੀ ਨਿਰਛਲ ਜੀਵਨ ਜਾਚ ਦਾ ਧਰੂ ਤਾਰਾ ਚਮਕਦਾ ਹੈ:

ਅਸਲ ਨਸ਼ਾ ਤਾਂ ਕਿਰਤ ਕਮਾਈ, ਜਾਗਿਓ, ਰਾਖੀ ਕਰਿਉ,
ਚਾਤਰ ਸ਼ਾਤਰ ਬੜਾ ਚਾਹੁਣਗੇ, ਲਾਉਣਾ ਪੁੱਠੀ ਚਾਟੇ।

ਧਰਤੀ ਧਰਮ ਨਿਭਾਉਣਾ ਦੱਸਿਆ ਤੇ ਏਦਾਂ ਸਮਝਾਇਆ,
ਮਰਿਆਦਾ ਦੀ ਸ਼ਕਤੀ ਸਾਂਭੋ, ਰੱਖ ਕੇ ਸਿੱਧੇ ਗਾਟੇ।
(ਪੰਨਾ 76)

ਸਾਨੂੰ ਹੁਕਮਾਂ ਹਕੂਮਤਾਂ ਨੇ ਇਹੀ ਸਮਝਾਇਆ,
ਅੰਨ੍ਹੇ ਗੁੰਗੇ ਬੋਲ਼ੇ ਲੋਕ ਹੁੰਦੇ ਬੜੇ ਹੀ ਸੁਲੱਗ।

ਜਿੰਨ੍ਹਾਂ ਮੱਥਿਆਂ 'ਚ ਜਾਗ ਪਵੇ ''ਬਾਬੇ'' ਵਾਲੀ ਅੱਖ,
ਉਹ ਤਾਂ ਲੈਂਦੇ ਨੇ ਪਛਾਣ, ਵੱਡੇ ਸੱਜਣਾਂ 'ਚੋ ਠੱਗ।
(ਪੰਨਾ 80)

ਉਹ ਸਿੱਖੀ ਜੀਵਨ ਵਿਹਾਰ ਵੱਲੋਂ ਮੂੰਹ ਮੋੜਦੇ ਲੋਕਾਂ ਨੂੰ ਵੰਗਾਰਦਾ ਹੈ:

ਤੈਨੂੰ ਜੇ ਦਸਤਾਰ ਵੀ ਸਿਰ ਤੇ ਭਾਰੀ ਹੈ।
ਸਮਝ, ਪ੍ਰਾਹਣੀ ਫਿਰ ਤੇਰੀ ਸਿਰਦਾਰੀ ਹੈ।

ਜੇ ਤੇਰਾ ਮੂੰਹ ਦੁਖੇ ਪੰਜਾਬੀ ਬੋਲਦਿਆਂ,
ਸਮਝੀਂ ਤੇਰੀ ਜੜ੍ਹ ਤੇ ਫਿਰਦੀ ਆਰੀ ਹੈ। (ਪੰਨਾ 86)

ਉਹ ਆਪਣੇ ਪ੍ਰਵਚਨ ਵਿੱਚ ਧਰਮੀ ਚੋਗੇ ਉਹਲੇ ਲੁਕੇ ਧਾੜਵੀਆਂ ਵੱਲ ਇਸ਼ਾਰਾ ਕਰਦਾ ਹੈ:

ਚਿੱਟਾ ਪਰਚਮ ਹੱਥੀਂ ਲੈ ਕੇ, ਅਮਨ ਕੂਕਦੇ ਫਿਰਦੇ ਟੋਲੇ,
ਸਾਡਾ ਖ਼ੂਨ ਕਸ਼ੀਦ ਕੇ ਸਾਨੂੰ, ਆਪਣੇ ਰੰਗ ਵਿਚ ਰੰਗ ਰਹੇ ਨੇ।

ਨਾ ਬਾਬਰ ਹੁਣ ਕਾਬਲੋਂ ਆਵੇ, ਨਾ ਹੀ ਲਸ਼ਕਰ ਯੁੱਧ ਮਚਾਵੇ,
ਰੂਹਾਂ ਉੱਪਰ ਕਬਜ਼ਾ ਕਰਕੇ, ਹੁਣ ਤਾਂ ਜਾਬਰ ਡੰਗ ਰਹੇ ਨੇ।
(ਪੰਨਾ-87)

ਨਵੇਂ ਯੁੱਗ ਦੀ ਲਾਚਾਰੀ ਫਿਰ ਉਸ ਦੀ ਮੁਹਾਰ ਪਿੰਡ ਵੱਲ ਮੋੜਦੀ ਹੈ:

ਆਈ ਏ ਆਵਾਜ਼ ਮੈਨੂੰ ਦੁੱਲੇ ਵਾਲੀ ਬਾਰ 'ਚੋਂ,
ਪੱਤਣ ਝਨਾਂ ਦੇ ਨੇੜੇ ਨੂਰ ਜਿਹਾ ਹੋ ਗਿਆ।

ਗ਼ਜ਼ਲਾਂ 'ਚੋਂ ਲੱਭ ਲਵੀਂ, ਦੱਸੀਂ ਤੂੰ ਪਛਾਣ ਕੇ,
ਮੈਥੋਂ ਮੇਰਾ ਪਿੰਡ ਕਿਵੇਂ ਦੂਰ ਜਿਹਾ ਹੋ ਗਿਆ।
(ਪੰਨਾ 91)

ਉਹ ਪੰਜਾਬੀਆਂ ਨੂੰ ਗੁਰੂ ਦੇ ਲੜ ਲੱਗਣ ਦਾ ਮਾਰਗ ਪਛਾਨਣ ਲਈ ਆਖਦਾ ਹੈ:

ਜਿੰਨਾ ਸਾਡਾ ਗੁਰੂ ਦੇ ਸੰਦੇਸ਼ੜੇ ਤੋਂ ਫ਼ਾਸਲਾ,
ਓਨਾ ਨਨਕਾਣਾ ਸਾਨੂੰ ਦੂਰ ਜਿਹਾ ਲੱਗਦਾ।
(ਪੰਨਾ 92)

ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਇਹ ਗੱਲ ਉੱਭਰਦੀ ਹੈ ਕਿ ਉਹ ਧਰਤੀ ਮਾਂ ਦਾ, ਪੰਜਾਬੀ ਜਨਜੀਵਨ ਦਾ, ਮਾਂ ਬੋਲੀ ਦਾ ਤੇ ਜਣਨਹੀਰੀ ਮਾਂ ਦਾ ਮੁਰੀਦ ਹੈ। ਉਹ ਟਾਟਿਆਂ ਬਿਰਲਿਆਂ ਦਾ ਨਹੀ ਆਮ ਲੋਕਾਂ ਦਾ ਸਾਥੀ ਹੈ। ਉਸ ਨੂੰ ਹਕੂਮਤਾਂ ਨਾਲ ਗਿਲਾ ਹੈ ਅਤੇ ਉਸ ਵਿੱਚ ਠੱਗਾਂ 'ਚੋਂ ਸੱਜਣ ਲੱਭਣ ਦਾ ਹੁਨਰ ਵੀ ਹੈ:

ਦੇਸ਼ ਮੇਰੇ ਨੂੰ ਲਿਆਕਤ ਦੀ ਕਦਰਦਾਨੀ ਨਹੀਂ,
ਏਸ ਵਾਂਗੂੰ ਅਕਲ ਨੂੰ ਤਾਂ ਰੋਲ਼ਦਾ ਕੋਈ ਨਹੀਂ।

ਜਗ ਰਹੇ ਵਿਸ਼ਵਾਸ ਦੇ ਦੀਵੇ, ਹਨ੍ਹੇਰੀ ਤੇਜ਼ ਹੈ,
ਵੇਖ ਤੂੰ ਸਾਡੇ ਵੀ ਜ਼ੇਰੇ, ਡੋਲਦਾ ਕੋਈ ਨਹੀਂ।
(ਪੰਨਾ 78)

ਆਪਣੀ ਔਕਾਤ, ਜ਼ਾਤ ਕਦੇ ਵੀ ਪਛਾਣੀਏ ਨਾ,
ਮੰਡੀ ਵਿਚ ਟੰਗੇ ਹੋਏ ਭਾਵਾਂ ਦੇ ਗੁਲਾਮ ਹਾਂ।

ਜੰਮਿਆ ਤੇ ਪਾਲਿਆ, ਸੰਭਾਲਿਆ ਹੈ ਤਿੰਨਾਂ ਨੇ ਹੀ,
ਮਾਤ ਭੂਮ, ਬੋਲੀ ਅਤੇ ਮਾਵਾਂ ਦੇ ਗੁਲਾਮ ਹਾਂ।
(ਪੰਨਾ 93)

ਉਸ ਦੇ ਦੇਸ਼ ਪਿਆਰ ਦੀ ਇੱਕ ਹੋਰ ਨਦੀ ਵੰਡ ਦੀ ਪੀੜ ਤੋਂ ਵੱਖਰੀ ਵਗ ਤੁਰਦੀ ਹੈ ਹਾਂ ਉਹ ਗਜ਼ਲਾਂ ਦਾ ਰੂਪ ਧਾਰਦੀ ਹੈ:

ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ।
ਅੱਖੀਆਂ ਦੀ ਮਜ਼ਬੂਰੀ ਮੈਥੋਂ, ਹੰਝ ਲੁਕਾ ਨਹੀਂ ਹੋਇਆ।

ਖਾ ਗਏ ਲੱਖ ਕਰੋੜਾਂ ਰੀਝਾਂ, ਤਖ਼ਤਾਂ ਤਾਜਾਂ ਵਾਲੇ,
ਸਾਥੋਂ ਇਕ ਵੀ ਹੌਕਾ ਦਿਲ ਵਿਚ ਦਰਦ ਪਚਾ ਨਹੀਂ ਹੋਇਆ।

ਮੱਥੇ ਤੇ ਕਾਲਖ ਦਾ ਟਿੱਕਾ, ਲਾ ਗਿਆ ਸੰਨ ਸੰਤਾਲੀ,
ਪੌਣੀ ਸਦੀ ਗੁਜ਼ਾਰ ਕੇ ਸਾਥੋਂ, ਇਹ ਵੀ ਲਾਹ ਨਹੀਂ ਹੋਇਆ।
(ਪੰਨਾ 99)

ਪਿੰਡ ਬਨਾਮ ਸ਼ਹਿਰ ਵਾਲੀ ਅਵਸਥਾ ਵਿੱਚ ਉਸ ਨੂੰ ਪਿੰਡ ਖਿੱਚ ਪਾਉਂਦੇ ਨੇ ਤੇ ਸ਼ਹਿਰੀ ਹੋਣ ਦਾ ਉਹ ਦਰਦ ਹੰਢਾਉਂਦਾ ਹੋਇਆ ਲਿਖਦਾ ਹੈ:

ਕੰਕਰੀਟ ਦੇ ਜੰਗਲ ਵਾਸੀ, ਅੰਦਰੋਂ ਹੋ ਗਏ ਨੇ ਪੱਥਰ,
ਬਿਰਧ ਘਰਾਂ ਦੀ ਕਰਨ ਉਸਾਰੀ, ਬਿਰਖ਼ ਮੁਕਾਈ ਜਾਂਦੇ ਨੇ।

ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦੇ,
ਪਿੰਡਾਂ ਵਾਲੇ ਜਦ ਸ਼ਹਿਰਾਂ ਵਿਚ ਕਰਨ ਕਮਾਈ ਜਾਂਦੇ ਨੇ।
(ਪੰਨਾ 101)

ਤੇ ਉਹ ਫਿਰ ਲਿਖਦਾ ਹੈ:

ਹੋ ਸਕਦਾ ਸੀ ਮੈਂ ਵੀ ਤੈਥੋਂ ਉਤਲੀ ਟੀਸੀ ਬਹਿੰਦਾ,
ਧਰਤੀ-ਧਰਮ ਗੁਆ ਕੇ ਮੈਥੋਂ ਅੰਬਰੀਂ ਜਾ ਨਹੀਂ ਹੋਇਆ।

ਆ ਗਏ ਆਂ ਲੁਧਿਆਣੇ ਭਾਵੇਂ, ਪਿੰਡ ਸਾਹਾਂ ਵਿੱਚ ਰਹਿੰਦਾ,
ਬਾਰ ਪਰਾਏ ਤਾਹੀਓਂ ਸਾਥੋਂ, ਯਾਰੋ ਜਾ ਨਹੀਂ ਹੋਇਆ।
(ਪੰਨਾ 111)

ਸਾਰੰਸ ਇਹੋ ਹੈ ਕਿ ਗੁਰਭਜਨ ਗਿੱਲ ਪੰਜਾਬ ਦਾ, ਪੰਜਾਬੀ ਦਾ, ਪੰਜਾਬੀ ਸੱਭਿਆਚਾਰ ਦਾ, ਸਿੱਖ ਸਦਾਚਾਰ, ਪੰਜਾਬੀ ਜੀਵਨ ਜਾਚ, ਕਾਰ ਵਿਹਾਰ ਦਾ, ਪੇਂਡੂ ਪੰਜਾਬ ਦਾ ਪਰਵਕਤਾ ਹੈ। ਪੰਜਾਬ ਦੇ ਦੁੱਖ ਉਹਦੇ ਹੰਝੂ ਬਣਦੇ ਹਨ। ਉਹਦੀ ਕਵਿਤਾ ਉਸ ਨੂੰ ਚੈਨ ਦਿੰਦੀ ਹੈ ਜੋ ਪੰਜਾਬ ਨਾਲ ਮੋਹ ਕਰਦਾ ਹੈ।

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ