Mainu Tera Shabab Lai Baitha : Shiv Kumar Batalvi
ਮੈਨੂੰ ਤੇਰਾ ਸ਼ਬਾਬ ਲੈ ਬੈਠਾ : ਸ਼ਿਵ ਕੁਮਾਰ ਬਟਾਲਵੀ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰ ਗੁਲਾਬ ਲੈ ਬੈਠਾ
ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ
ਲੈ ਹੀ ਬੈਠਾ ਜਨਾਬ ਲੈ ਬੈਠਾ
ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ
ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੁੰ ਇਹੋ ਹਿਸਾਬ ਲੈ ਬੈਠਾ
ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ
ਗਮ ਤੋਂ ਕੋਰਾ ਜਵਾਬ ਲੈ ਬੈਠਾ