Mainu Taan Mere Dosta : Shiv Kumar Batalvi
ਮੈਨੂੰ ਤਾਂ ਮੇਰੇ ਦੋਸਤਾ : ਸ਼ਿਵ ਕੁਮਾਰ ਬਟਾਲਵੀ
ਮੇਰੇ ਦੋਸਤਾ
ਮੈਨੂੰ ਤਾਂ ਮੇਰੇ ਦੋਸਤਾ
ਮੇਰੇ ਗ਼ਮ ਨੇ ਮਾਰਿਆ ।
ਹੈ ਝੂਠ ਤੇਰੀ ਦੋਸਤੀ ਦੇ
ਦਮ ਨੇ ਮਾਰਿਐ ।
ਮੈਨੂੰ ਤੇ ਜੇਠ ਹਾੜ 'ਤੇ
ਕੋਈ ਨਹੀਂ ਗਿਲਾ
ਮੇਰੇ ਚਮਨ ਨੂੰ ਚੇਤ ਦੀ
ਸ਼ਬਨਮ ਨੇ ਮਾਰਿਐ ।
ਮੱਸਿਆ ਦੀ ਕਾਲੀ ਰਾਤ ਦਾ
ਕੋਈ ਨਹੀਂ ਕਸੂਰ
ਸਾਗਰ ਨੂੰ ਉਹਦੀ ਆਪਣੀ
ਪੂਨਮ ਨੇ ਮਾਰਿਐ ।
ਇਹ ਕੌਣ ਹੈ ਜੋ ਮੌਤ ਨੂੰ
ਬਦਨਾਮ ਕਰ ਰਿਹੈ ?
ਇਨਸਾਨ ਨੂੰ ਇਨਸਾਨ ਦੇ
ਜਨਮ ਨੇ ਮਾਰਿਐ ।
ਚੜ੍ਹਿਆ ਸੀ ਜਿਹੜਾ ਸੂਰਜਾ
ਡੁੱਬਣਾ ਸੀ ਉਸ ਜ਼ਰੂਰ
ਕੋਈ ਝੂਠ ਕਹਿ ਰਿਹਾ ਹੈ
ਕਿ ਪੱਛਮ ਨੇ ਮਾਰਿਐ ।
ਮੰਨਿਆਂ ਕਿ ਮੋਇਆਂ ਮਿੱਤਰਾਂ
ਦਾ ਗ਼ਮ ਵੀ ਮਾਰਦੈ
ਬਹੁਤਾ ਪਰ ਇਸ ਦਿਖਾਵੇ ਦੇ
ਮਾਤਮ ਨੇ ਮਾਰਿਐ ।
ਕਾਤਲ ਕੋਈ ਦੁਸ਼ਮਣ ਨਹੀਂ
ਮੈਂ ਠੀਕ ਆਖਦਾਂ
'ਸ਼ਿਵ' ਨੂੰ ਤਾਂ 'ਸ਼ਿਵ' ਦੇ
ਆਪਣੇ ਮਹਿਰਮ ਨੇ ਮਾਰਿਐ ।