Main Kalh Nahin Rehna : Shiv Kumar Batalvi
ਮੈਂ ਕੱਲ੍ਹ ਨਹੀਂ ਰਹਿਣਾ : ਸ਼ਿਵ ਕੁਮਾਰ ਬਟਾਲਵੀ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ
ਅੱਜ ਰਾਤੀਂ ਅਸੀਂ ਘੁੱਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ ।
ਨਾ ਕੱਲ੍ਹ ਖਿੜਣਾ ਚਾਨਣ ਦਾ ਫੁੱਲ
ਨਾ ਕੱਲ੍ਹ ਖਿੜਣਾ ਚੰਬਾ
ਨਾ ਕੱਲ੍ਹ ਬਾਗ਼ੀਂ ਮਹਿਕਾਂ ਫਿਰਨਾ
ਕਰ ਕਰ ਕੇ ਨੀ ਸਿਰ ਨੰਗਾ
ਨਾ ਅੱਜ ਵਾਕਣ
ਲਿਫ਼ ਲਿਫ਼ ਟਾਹਣਾਂ
ਧਰਤੀ ਪੈਰੀਂ ਪੈਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ ।
ਕੂੰਜਾਂ ਉੱਡ ਪੁੱਡ ਜਾਣਾ
ਕਿਧਰੇ ਦੂਰ ਦਿਸੌਰੀਂ
ਕੱਲ੍ਹ ਤਕ ਪੀੜ ਮੇਰੀ ਨੂੰ ਸਮਿਆਂ
ਵਲ ਲੈ ਜਾਣਾ ਜ਼ੋਰੀਂ
ਨਾ ਰੁੱਤਾਂ ਗਲ
ਕੱਲ੍ਹ ਨੂੰ ਰਹਿਣਾ
ਫੁੱਲਾਂ ਦਾ ਕੋਈ ਗਹਿਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ ।
ਨਾ ਰਾਹਵਾਂ ਦੀਆਂ ਪੈੜਾਂ ਕੱਲ੍ਹ ਨੂੰ
ਦਿਨ ਚੜ੍ਹਦੇ ਤਕ ਜੀਣਾ
ਨਾ ਮੇਰੇ ਗੀਤਾਂ ਬਿਰਹੇ ਜੋਗਾ
ਸੁੱਚਾ ਝੱਗਾ ਸੀਣਾ
ਮੁੜ ਨਾ ਤਵਾਰੀਖ਼ ਦੀ ਛਾਵੇਂ
ਇੰਝ ਹੰਝੂ ਕੋਈ ਬਹਿਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ ।
ਨਾ ਅੱਜ ਵਾਕਣ ਮੁੜ ਮਿਲ ਕੇ ਰਲ ਮਿਲ
ਤੂੰ ਬਹਿਣਾ ਮੈਂ ਬਹਿਣਾ
ਨਾ ਕੱਲ੍ਹ ਏਦਾਂ ਸੂਰਜ ਚੜ੍ਹਨਾ
ਨਾ ਕੱਲ੍ਹ ਏਦਾਂ ਲਹਿਣਾ
ਸਮੇਂ ਦੇ ਪੰਛੀ ਦਾਣਾ ਦਾਣਾ
ਸਾਹਵਾਂ ਦਾ ਚੁਗ ਲੈਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ
ਅੱਜ ਰਾਤੀਂ ਅਸੀਂ ਘੁੱਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ ।