Main Adhure Geet Di : Shiv Kumar Batalvi
ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ : ਸ਼ਿਵ ਕੁਮਾਰ ਬਟਾਲਵੀ
ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ
ਇਸ਼ਕ ਨੇ ਜੋ ਕੀਤੀਆ ਬਰਬਾਦੀਆਂ
ਮੈ ਉਹਨਾਂ ਬਰਬਾਦੀਆਂ ਦੀ ਸਿਖ਼ਰ ਹਾਂ
ਮੈਂ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ਼
ਮਂੈ ਤੇਰੇ ਹੋਠਾਂ 'ਚੋਂ ਕਿਰਿਆ ਜ਼ਿਕਰ ਹਾਂ
ਇਕ 'ਕੱਲੀ ਮੌਤ ਹੈ ਜਿਸਦਾ ਇਲਾਜ
ਚਾਰ ਦਿਨ ਦੀ ਜ਼ਿੰਦਗੀ ਦਾ ਫ਼ਿਕਰ ਹਾਂ
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ
ਮੈ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ
ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆਂ ਚ ਕੈਸਾ ਬਸ਼ਰ ਹਾਂ
ਕੱਲ੍ਹ ਕਿਸੇ ਸੁਣਿਆ ਹੈ 'ਸ਼ਿਵ' ਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿਚ ਨਸ਼ਰ ਹਾਂ ।