Main Sare Da Sara : Harbhajan Halwarvi

ਮੈਂ ਸਾਰੇ ਦਾ ਸਾਰਾ (ਕਾਵਿ ਸੰਗ੍ਰਹਿ) : ਹਰਭਜਨ ਹਲਵਾਰਵੀ


ਪੁਲਾਂ ਤੋਂ ਪਾਰ

ਨਦੀਆਂ ਲਹੂ-ਨਾੜਾਂ ਹਨ ਧਰਤੀ ਦੇ ਸਡੌਲ ਜਿਸਮ ਦੀਆਂ ਇਨ੍ਹਾਂ ਦੇ ਪਾਣੀਆਂ ‘ਚ ਹੁੰਦੇ ਨੇ ਜ਼ਿੰਦਗੀ ਦੇ ਅਣੂ ਵਿਗਸੀਆਂ ਤੇ ਗੁੰਮ ਹੋਈਆਂ ਪੀੜ੍ਹੀਆਂ ਦੇ ਅਕਸ ਸਭਿਆਤਾਵਾਂ ਦੇ ਨਕਸ਼ ਹੋ ਸਕਣ ਨਾ ਅੱਡ ਕਦੇ ਧਰਤੀ, ਨਦੀ ਤੇ ਜ਼ਿੰਦਗੀ ਨਦੀ ਭਾਵੇਂ ਕੋਈ ਵੀ ਹੋਵੇ ਗੰਗਾ, ਬ੍ਰਹਮਪੁੱਤਰ, ਕਾਵੇਰੀ, ਸਤਲੁਜ, ਰਾਵੀ ਜਾਂ ਚਨਾਬ ਪਾਣੀਆਂ ਵਿਚ ਫ਼ਰਕ ਨਾ ਹੁੰਦਾ ਕਦੇ ਫਿਰ ਵੀ ਹੋਵੇ ਵਹਿਣ ਆਪੋ ਆਪਣਾ ਲਹੂ ਦੇ ਇਕ ਹੋਣ ’ਤੇ ਵੀ ਬੰਦਿਆਂ ਦੀ ਹੋਏ ਜਿਉਂ ਫਿਤਰਤ ਅਲੱਗ ਧਰਤੀ 'ਤੇ ਕਿਨਾਰੇ ਸਿਰਜਦੇ ਨਦੀਆਂ ਦੇ ਵਹਿਣ ਜੋੜਦਾ ਪਾਣੀ ਜਿਨ੍ਹਾਂ ਨੂੰ ਨਾਲ ਹੀ ਕਰਦਾ ਅਲੱਗ ਇਸ ਕਿਨਾਰੇ ਵੀ ਮਨੁੱਖ ਉਸ ਕਿਨਾਰੇ ਵੀ ਮਨੁੱਖ ਨਦੀਆਂ ਦੇ ਕੰਢਿਆਂ ਦੀ ਵਿੱਥ ਚੁੰਬਕੀ ਲਹਿਰਾਂ ਦੇ ਵਾਂਗੂ ਸਿਰਜਦੀ ਕੋਈ ਅਣਜਾਣੀ ਜਿਹੀ ਖਿੱਚ ਇਸ ਪਾਰ ਜਿਹੜੇ ਵਿਚਰਦੇ ਉਸ ਪਾਰ ਜਾਣਾ ਲੋਚਦੇ ਕਦੇ ਬਾਹਾਂ ਕਦੇ ਬੇੜੀਆਂ ਕਦੇ ਸਾਧਨ ਪੁਲਾਂ ਦੇ ਇਸ ਪਾਰ ਤੇ ਉਸ ਪਾਰ ਦੀ ਧਰਤੀ ਸਮਾਨ ਫੇਰ ਵੀ ਵੱਖਰੇ ਦ੍ਰਿਸ਼ ਇਸ ਪਾਰ ਤੇ ਉਸ ਪਾਰ ਦੇ ਬੰਦੇ ਸਮਾਨ ਫੇਰ ਵੀ ਵੱਖਰੇ ਨਕਸ਼ ਪੁਲ ਦੋਹਾਂ ਵਿਚਕਾਰ ਰਿਸ਼ਤੇ ਜੋੜਦੇ ਨਿਖੜੇ ਹੋਏ ਬੰਦਿਆਂ ਨੂੰ ਮੇਲਦੇ ਰਿਸ਼ਤਿਆਂ ਦੇ ਪੁਲਾਂ ਉਤੋਂ ਲੰਘ ਜਿਹੜੇ ਇਕ ਦੂਜੇ ਦੇ ਦਿਲਾਂ ਤਕ ਪਹੁੰਚਦੇ ਟੁੱਟ ਜਾਂਦੇ ਪੁਲ ਕਦੇ ਜਾਂ ਰੋੜ੍ਹ ਲੈ ਜਾਂਦੇ ਵਹਿਣ ਪਰ ਪੁਲਾਂ ਦੀ ਲੋੜ ਤਾਂ ਰਹਿੰਦੀ ਹਮੇਸ਼ਾ ਫਿਰ ਮਨੁੱਖ ਦੇ ਹੱਥ ਉਸਾਰਨ ਪੁਲ ਨਵੇਂ ਝੱਖੜਾਂ ਤੇ ਤੇਜ਼ ਵਹਿਣਾਂ ਤੋੜ ਦਿੱਤਾ ਕਈ ਪੁਰਾਣੇ ਪੁਲਾਂ ਨੂੰ ਮਿਲ ਕੇ ਆਪਾਂ ਫਿਰ ਨਵੇਂ ਕੁਝ ਪੁਲ ਬਣਾਈਏ ਰਿਸ਼ਤਿਆਂ ਨੂੰ ਜੋੜੀਏ ਇਸ ਪਾਰ ਤੋਂ ਉਸ ਪਾਰ ਜਾਈਏ।

ਮਹਾਂ ਪਸਾਰਾ

ਕੀ ਹੋਇਆ ਕੁਝ ਤਾਰੇ ਬੁਝ ਕੇ ਰਾਖ ਬਣੇ ਨੇ ਕੀ ਹੋਇਆ ਜੇ ਕਾਲਖ ਰਤਾ ਕੁ ਸੰਘਣੀ ਹੋਈ ਸੂਰਜ ਦੀ ਪਰ ਤਪਸ਼ ਘਟੀ ਨਾ ਪੁੰਨਿਆਂ ਦਾ ਚਾਨਣ ਵੀ ਪਹਿਲਾਂ ਵਰਗਾ ਪਾਕ ਪਵਿੱਤਰ ਬ੍ਰਹਿਮੰਡ ਦਾ ਇਹ ਮਹਾਂ ਪਸਾਰਾ ਹਾਲੇ ਵੀ ਓਨੇ ਦਾ ਓਨਾ ਇਹ ਜੋ ਸ਼ੋਖ ਨਦੀ ਦਾ ਪਾਣੀ ਦਿਨੇ ਰਾਤ ਪੱਥਰਾਂ 'ਚੋਂ ਵਗਦਾ ਕਦੇ ਨਾ ਊਣਾ ਹੋਇਆ ਲੱਗਦਾ ਪਿੱਛੋਂ ਦੂਰ ਪਹਾੜਾਂ ਉਤੋਂ ਪਿਘਲ ਪਿਘਲ ਕੇ ਬਰਫ਼ਾਂ ਚਲਦਾ ਰੱਖੀ ਜਾਵਣ ਪਾਣੀ ਦੇ ਨਿਰਮਲ ਪ੍ਰਵਾਹ ਨੂੰ ਇਹ ਜੋ ਪੁੱਠੇ ਸਮਿਆਂ ਹੱਥੋਂ ਮਾਰਾਂ ਖਾ ਕੇ ਦਿੱਸਦੇ ਜਿਸਮ ਨਿਤਾਣੇ ਹੋਏ ਇਨ੍ਹਾਂ ਵਿਚ ਅਜੇ ਵੀ ਬਚਦੀ ਏਨੀ ਸ਼ਕਤੀ ਮਿਲ ਕੇ ਲੱਗ ਜਾਵੇ ਦੰਭ ਦੇ ਪਹੀਆਂ ਉਤੇ ਰਿੜ੍ਹਦੇ ਤਖਤਾਂ ਨੂੰ ਉਲਟਾ ਸਕਦੀ ਹੈ ਨਕਸ਼ ਬਦਲ ਸਕਦੀ ਹੈ ਅਣਚਾਹੇ ਨਕਸ਼ੇ ਦੇ ਬੀਤ ਗਏ ਨੇ ਕਿੰਨੇ ਜੁਗਗਰਦੀ ਦੇ ਮੌਸਮ ਕਿੰਨੇ ਹੋਰ ਅਜੇ ਬਾਕੀ ਨੇ ਅੱਜ ਵੀ ਸਾਡੇ ਚਾਰ ਚੁਫੇਰੇ ਕੱਲ੍ਹ ਨੂੰ ਹੋਰ ਬੜੇ ਆਉਣੇ ਨੇ ਸਦੀਆਂ ਦੇ ਦਿਸਹੱਦਿਆਂ ਤੀਕਰ ਫੈਲੇ ਹੋਏ ਇਨ੍ਹਾਂ ਘੜਨੇ ਨਕਸ਼ ਹਮੇਸ਼ਾ ਨਵੇਂ ਮਨੁੱਖ ਦੇ ਹੋਣੀ ਜਿਸ ਦੀ ਨਿਰਮਲ ਸ਼ੋਖ ਨਦੀ ਦੇ ਵਾਂਗੂ ਸਦਾ ਨਿਰੰਤਰ ਵਗਦੀ ਰਹਿੰਦੀ ਪਰਬਤ ਤੋਂ ਸਾਗਰ ਵੱਲ ਫਿਰ ਸਾਗਰ ਤੋਂ ਪਰਬਤ ਧਰਤੀ ਉਤੇ ਜਿਸ ਦੀਆਂ ਪੈੜਾਂ ਬਣਦੀਆਂ, ਮਿਟਦੀਆਂ ਫੇਰ ਬਣਦੀਆਂ ਇਨ੍ਹਾਂ ਸਦਕਾ ਧਰਤ ਦ੍ਰਿਸ਼ ਹੈ ਕਿੰਨਾ ਦਿਲਕਸ਼ ਮੌਸਮ ਲੰਘਣ, ਸਦੀਆਂ ਬੀਤਣ ਇਹ ਤਾਂ ਸਦਾ ਆਕਰਸ਼ਕ ਰਹਿਣਾ ਕੀ ਹੋਇਆ ਕੁਝ ਤਾਰੇ ਬੁਝ ਕੇ ਰਾਖ ਬਣੇ ਨੇ ਹਾਲੇ ਵੀ ਓਨੇ ਦਾ ਓਨਾ ਬ੍ਰਹਿਮੰਡ ਦਾ ਇਹ ਮਹਾਂ ਪਸਾਰਾ।

ਨਿੱਕੀ ਦੁਨੀਆਂ

ਕੰਧ ਦੇ ਉਰਲੇ ਪਾਸੇ ਸਭ ਕੁਝ ਨਜ਼ਰੀਂ ਆਵੇ ਪਤਾ ਨਾ ਲੱਗੇ ਕੀ ਏ ਕੰਧ ਦੇ ਪਰਲੇ ਪਾਸੇ ਕੰਧ ਦੇ ਉਰਲੇ ਪਾਸੇ ਮੈਂ ਹਾਂ ਤੇ ਮੇਰੀ ਨਿੱਕੀ ਜਿਹੀ ਦੁਨੀਆਂ ਖੁਸ਼ਬੂਆਂ ਵਿਚ ਲਿਪਟੀ ਕਦੀ ਸੁਰਾਂ ਵਿਚ ਗਾਉਂਦੀ ਕਈਆਂ ਰੰਗਾਂ ਵਿਚ ਵਿਚਰਦੀ ਚਾਨਣ ਭਿੱਜੀ ਫਿਰ ਵੀ ਕੁਝ ਕੁਝ ਨੀਮ-ਹਨੇਰੀ ਕੰਧ ਦੇ ਉਰਲੇ ਪਾਸੇ ਮੇਰੀ ਨਿੱਕੀ ਦੁਨੀਆਂ ਕੰ ਧ ਦੇ ਪਰਲੇ ਪਾਸੇ ਪੂਰਾ ਬ੍ਰਹਿਮੰਡ ਵਸਦਾ ਨਿੱਕੀ ਦੁਨੀਆਂ ਤਾਂ ਸਾਰੀ ਦੀ ਸਾਰੀ ਮੇਰੀ ਪਰਲੇ ਪਾਸੇ ਵਸਦਾ ਬ੍ਰਹਿਮੰਡ ਵੀ ਮੇਰਾ ਹੈ ਦੋਹਾਂ ਵਿਚਲੀ ਕੰਧ ਸਰਕਦੀ ਹੌਲੀ ਹੌਲੀ ਅਗਲੇ ਪਾਸੇ ਹੌਲੀ ਹੌਲੀ ਬ੍ਰਹਿਮੰਡ ਸ਼ਾਮਲ ਹੁੰਦਾ ਜਾਏ ਮੇਰੀ ਨਿੱਕੀ ਦੁਨੀਆਂ ਅੰਦਰ ਪਰਲਾ ਪਾਸਾ ਬਣਦਾ ਜਾਏ ਉਰਲਾ ਪਾਸਾ ਮੇਰੀਆਂ ਨਜ਼ਰਾਂ ਹੇਠ ਲਿਆਏ ਅਣ ਦਿੱਸਦੇ ਤੱਥਾਂ ਭੇਤਾਂ ਨੂੰ ਇੰਜ ਫੈਲਦੀ ਰਹਿੰਦੀ ਮੇਰੀ ਨਿੱਕੀ ਦੁਨੀਆਂ।

ਕਾਫੀ ਜ਼ਿਆਦਾ

ਅਸੀਂ ਵੀ ਅੱਗੇ ਵਧੇ ਹਾਂ ਲਗਾਤਾਰ ਔਖਾ ਸਫ਼ਰ ਅੱਧੀ ਸਦੀ ਦਾ ਐਵੇਂ ਨਹੀਂ ਸਫਲਤਾਵਾਂ ਸਾਡੀਆਂ ਵੀ ਇਹ ਸਗੋਂ ਕਾਫੀ ਜ਼ਿਆਦਾ ਇਸ ਘੜੀ ਕੀ ਗਿਣਾਈਏ ਜਾਣਦਾ ਹੈ ਜੱਗ ਸਾਰਾ ਵਸੋਂ ਦੀ ਵਾਧਾ ਗਤੀ, ਕਾਫੀ ਜ਼ਿਆਦਾ ਸੰਖਿਆ ਅਨਪੜ੍ਹਾਂ ਦੀ, ਕਾਫੀ ਜ਼ਿਆਦਾ ਹਰ ਦੁਖੀ ਦਾ ਦੁੱਖ ਹੈ, ਕਾਫੀ ਜ਼ਿਆਦਾ ਭੁੱਖਿਆਂ ਦੀ ਭੁੱਖ ਹੈ, ਕਾਫੀ ਜ਼ਿਆਦਾ ਰੋਜਿਆਂ ਦੀ ਛੱਡੀ ਜੂਠ ਹੈ, ਕਾਫੀ ਜ਼ਿਆਦਾ ਦੰਭ, ਧੋਖਾ, ਝੂਠ ਹੈ, ਕਾਫੀ ਜ਼ਿਆਦਾ ਹੁੰਦੀ ਹੈ ਤੀਰਥ ਯਾਤਰਾ, ਕਾਫੀ ਜ਼ਿਆਦਾ ਕਾਲੇ ਧਨ ਦੀ ਮਾਤਰਾ, ਕਾਫੀ ਜ਼ਿਆਦਾ ਧਰਮ ਦੇ ਨਾਂ ’ਤੇ ਹੈ ਹੁੰਦਾ ਦਾਨ ਵੀ, ਕਾਫੀ ਜ਼ਿਆਦਾ ਮਹਾਂਨਗਰ ਦੀ ਪੰਜ ਤਾਰਾ ਸ਼ਾਨ ਵੀ, ਕਾਫੀ ਜ਼ਿਆਦਾ ਆਪਣੀ ਪੁਰਾਤਨ ਸਭਿਅਤਾ ਦਾ ਭਰਮ ਵੀ, ਕਾਫੀ ਜ਼ਿਆਦਾ ਪੱਛਮੀ ਧੁਨਾਂ ’ਤੇ ਥਿਰਕਦੇ ਨੇ ਕਦਮ ਵੀ, ਕਾਫੀ ਜ਼ਿਆਦਾ ਬੰਬ ਧਮਾਕੇ ਕਰਨ ਦਾ ਹੈ ਮਾਣ ਵੀ, ਕਾਫੀ ਜ਼ਿਆਦਾ, ਅਮਨ ਦੀ ਰਾਖੀ ਲਈ ਹੈ ਤਾਣ ਵੀ, ਕਾਫੀ ਜ਼ਿਆਦਾ ਹੱਥੋਪਾਈ ਰੋਜ਼ ਹੋਣਾ ਸਭ ਅੰਦਰ ਸਾਂਝੇ ਟੱਬਰ ਦੀ ਨਿਰਾਲੀ ਸ਼ਾਨ ਹੈ ਕੌਣ ਕਹਿੰਦਾ ਲੋਕਤੰਤਰ ਹੋ ਗਿਆ ਕਮਜ਼ੋਰ ਏਸ ਵਿਚ ਹਾਲੇ ਬਥੇਰੀ ਜਾਨ ਹੈ ਜੋ ਵੀ ਕੁਝ ਜਿੱਦਾਂ ਵੀ ਚੱਲੇ ਗ਼ਲਤ ਨਹੀਂ ਸਭ ਠੀਕ ਹੈ ਆਰਜ਼ੀ ਦਾਅਵੇ ਨਾ ਸਾਡੇ ਮਾਰ ਦਿੱਤੀ ਪੱਥਰਾਂ 'ਤੇ ਲੀਕ ਹੈ।

ਪ੍ਰੇਤ ਪੌਣ

ਅੱਜ ਕੱਲ੍ਹ ਸਾਡੇ ਚਾਰ ਚੁਫ਼ੇਰੇ ਪ੍ਰੇਤ ਪੌਣ ਜਿਹੀ ਘੁੰਮੇ ਵੇਲ ਅੰਗੂਰਾਂ ਦੀ ਬੀਜੀ ਸੀ ਲੱਗੇ ਕੌੜੇ ਤੁੰਮੇ ਖਰਗੋਸ਼ਾਂ ਤੋਂ ਤੇਜ਼ ਦੌੜਦੇ ਹੁਣ ਤਾਂ ਕੱਛੂ-ਕੁੰਮੇ ਆਪਣੇ ਨਾਲ ਤੁਰੇ ਸੀ ਜਿਹੜੇ ਕਿਸ ਦਲਦਲ ਵਿਚ ਗੁੰਮੇ ਕਰਨ ਤੁਰੇ ਹੋਰਾਂ ਲਈ ਚੰਗਾ ਵਿਗੜ ਗਏ ਉਹ ਆਪ ਲਹੂ ਦੀਆਂ ਬੂੰਦਾਂ ਵਿਚ ਭਰਿਆ ਇਹ ਕੇਹਾ ਸੰਤਾਪ ਦੰਭ ਜਾਪਦਾ ਸਦਗੁਣ ਘੋਰ ਸਵਾਰਥ ਹੈ ਨਿਸ਼ਪਾਪ ਪੱਕਾ ਰਾਗ ਸਮਝ ਕੇ ਕਰਦੇ ਹਉਮੈ ਦਾ ਵਿਰਲਾਪ ਬੜੇ ਹੀ ਦਿਲ ਗੁਰਦੇ ਵਾਲੇ ਪਰ ਬੜ੍ਹਕ ਮਾਰ ਲਿਫ ਜਾਂਦੇ ਬੇਸ਼ਰਮੀ ਨੂੰ ਕਹਿਣ ਬੇਬਾਕੀ ਨਿੰਦਿਆ ਮਨ ਪਰਚਾਂਦੇ ਚੋਰ ਨਿਗਾਹਾਂ ਖਚਰਾ ਹਾਸਾ ਬਹੁ ਪਰਤੀ ਕਹਿਲਾਂਦੇ ਰੋਟੀ ਦੀ ਤਾਂ ਗੱਲ ਹੈ ਵੱਡੀ ਬੁਰਕੀ ਲਈ ਵਿਕ ਜਾਂਦੇ ਆਪਣੇ ਪੈਰਾਂ ਨੂੰ ਪਾ ਬੈਠੇ ਕਈ ਰੇਸ਼ਮੀ ਫੰਧ ਰੋਜ਼ੀ ਦੇ ਕੋਹਲੂ ਅੱਗੇ ਜੁੜ ਕੀਤਾ ਲੰਮਾ ਪੰਧ ਘਰ ਦਫ਼ਤਰ ਵਿਚ ਬੜੇ ਸੁਰੱਖਿਅਤ ਕੰਧਾਂ ਅੱਗੇ ਕੰਧ ਸਾਹਾਂ ਵਿਚ ਰਚ ਗਈ ਸਾਜ਼ਸ਼ੀ ਬੋਲਾਂ ਦੀ ਦੁਰਗੰਧ |

ਪਹਿਚਾਣ

(ਸਰਵਤ ਮਹੱਈਉਦੀਨ ਦੇ ਨਾਂ) ਲੋਕ ਤੇਰੇ ਲੋਕ ਮੇਰੇ ਆਪਣੇ ਸੀ ਲੋਕ ਸਾਰੇ ਓਪਰਾ ਸੀ ਦੇਸ਼ ਪਰ ਓਪਰੀ ਜਿਹੀ ਸੀ ਜਗ੍ਹਾ ਨਿੱਕਾ ਜਿਹਾ ਮੁਅਜਜ਼ਾ ਆਪਾਂ ਮਿਲੇ ਬਹੁਤ ਮੁਖਤਸਰ ਸੀ ਸਮਾਂ ਤੇ ਮੁਖਤਸਰ ਪਹਿਚਾਣ ਸੀ ਆਪਣੀ ਮਿੱਟੀ ਦਾ ਨਾਂ ਤਾਂ ਇਕ ਹੈ ਤੂੰ ਆਖਿਆ ਇਕ ਹੈ ਆਪਣੀ ਜ਼ੁਬਾਨ ਕੌਣ ਸਨ ਜਿਨ੍ਹਾਂ ਨੇ ਬੰਨਾ ਮਾਰ ਕੇ ਕੀਤੇ ਅਲੱਗ ਤ੍ਰੇਲ ਡੁੱਲ੍ਹਦੀ ਨਾਲ ਖੁਸ਼ਬੂ ਆਸਮਾ ਵਿਚ ਤੈਰਦੇ ਅਨਗਿਣਤ ਪੰਖੀ। ਏਸ ਬੰਨੇ ਤੋਂ ਉਨ੍ਹਾਂ ਮੇਰਾ ਨਗਰ ਏਸ ਬੰਨੇ ਤੋਂ ਪਰ੍ਹਾਂ ਤੇਰਾ ਗਰਾਂ ਸਾਂਝ ਮਿੱਟੀ ਦੀ ਗਈ ਕਿੱਥੇ ਗੁਆਚ ਆਖਿਆ ਮੈਂ, ਦੋਸਤੀ ਇਨਸਾਨ ਦੀ ਜਾਂਵਦੀ ਏ ਸਾਰੀਆਂ ਹੱਦਾਂ ਉਲੰਘ ਪਤਾ ਨਹੀਂ ਸਨ ਕੌਣ ਦੋਖੀ ਹੱਥ ਉਹ ਜ਼ਿਮੀ 'ਤੇ ਖਿੱਚੀਆਂ ਲਕੀਰਾਂ ਬੰਨ੍ਹ ਦਰਿਆਵਾਂ ਨੂੰ ਮਾਰੇ ਪਰ ਹਵਾ ਵਿਚ, ਆਸਮਾਂ ਵਿਚ ਤੇ ਲਹੂ ਵਿਚ ਪਾ ਸਕੇ ਨਾ ਬੰਨ੍ਹ ਕੋਈ ਪੌਣ ਵਗਦੀ ਫੁੱਲ ਖਿੜਦੇ ਝੂਮਦੇ ਕਣਕਾਂ ਦੇ ਸਿੱਟੇ ਝੂਮਦੇ ਸਰ੍ਹੋਆਂ ਦੇ ਫੁੱਲ ਉਗਦੇ ਸੂਰਜ ਦੀਆਂ ਰਿਸ਼ਮਾਂ ਤਾਰਿਆਂ ਦੀ ਸੀਤ ਲੋਅ ਲਗਦੇ ਤੈਨੂੰ ਵੀ ਚੰਗੇ ਲਗਦੇ ਮੈਨੂੰ ਵੀ ਪਿਆਰੇ ਸਾਂਝ ਏਨੀ ਵੀ ਕੋਈ ਥੋੜ੍ਹੀ ਨਹੀਂ ਰੰਗ ਇਹ ਵੀ ਆਪਣੀ ਪਹਿਚਾਣ ਦਾ ਮੁਖਤਸਰ ਪਹਿਚਾਣ ਬੇਸ਼ੱਕ ਬਣ ਜਾਏ ਬੁਨਿਆਦ ਪੱਕੀ ਦੋਸਤੀ ਦੀ ਆਰਜ਼ੂ ਏਹੀ ਹੈ ਮੇਰੀ ਆਰਜ਼ੂ ਤੇਰੀ ਬਣੇ ਬੰਨਿਆਂ ਦੀ ਫੇਰ ਕੋਈ ਰੋਕ ਨਾ

ਵਾਵਰੋਲਿਆਂ ਦੀ ਰਣਭੂਮੀ

ਇਹ ਵਿਸ਼ਾਲ ਮੈਦਾਨ ਜੋ ਅੱਜ ਕੱਲ੍ਹ ਫੈਲਿਆ ਹੋਇਆ ਹੈ ਸਾਡੀ ਸੋਚ ਦੇ ਦਿਸਹੱਦਿਆਂ ਤਕ ਤੇ ਸਿਮਟਿਆ ਹੋਇਆ ਹੈ ਸਾਡੀ ਜਿਸਮਾਂ ਦੀ ਮਿੱਟੀ ਦੀਆਂ ਹੱਦਾਂ ਤਕ ਸਾਡਾ ਪੰਜਾਬ ਹੀ ਤਾਂ ਹੈ ਇਹ ਵਿਸ਼ਾਲ ਮੈਦਾਨ ਕਿਸੇ ਕਿਰਤੀ ਦੇ ਹੱਥ ਦੀ ਤਲੀ ਵਰਗਾ ਸਿੱਧ ਪੱਧਰਾ ਤੇ ਕੁਝ ਖਰ੍ਹਵਾ ਜਿਹਾ ਸਦਾ ਜਵਾਨ ਉਮਰ ਦੀ ਅਸੀਸ ਦੇਣ ਵਾਲਾ ਅੱਜ ਇਸ ਦੀ ਮਿੱਟੀ 'ਤੇ ਮਾਸੂਮ ਲਹੂ ਦੇ ਏਨੇ ਦਾਗ਼ ਕਿਉਂ ਨੇ ਸਾਨੂੰ ਪੁੱਛਦੀਆਂ ਹਰੀਆਂ ਕਚੂਰ ਕਣਕਾਂ ਸਾਨੂੰ ਪੁੱਛਦੇ ਸਰ੍ਹੋਂ ਦੇ ਸੋਨ ਰੰਗੇ ਫੁੱਲ ਸਾਨੂੰ ਪੁੱਛਦੀਆਂ ਕਿੱਕਰਾਂ, ਧਰੇਕਾਂ ਤੇ ਟਾਹਲੀਆਂ ਸਾਨੂੰ ਪੁੱਛਦੇ ਗੋਲੇ ਕਬੂਤਰ ਤੇ ਕਾਂ ਹੁਣ ਕਿਸੇ ਦਿਲਬਰ ਦੇ ਆਉਣ ਦੀ ਖ਼ਬਰ ਕਿਉਂ ਨਹੀਂ ਆਉਂਦੀ ਸਿਰਫ਼ ਮਾਰੇ ਗਿਆਂ ਦੀ ਗਿਣਤੀ ਦਾ ਹੀ ਜ਼ਿਕਰ ਹੁੰਦਾ ਹੈ ਇਹ ਵਿਸ਼ਾਲ ਮੈਦਾਨ ਸੋਚਾਂ ਦੇ ਦਿਸਹੱਦਿਆਂ ਤਕ ਫੈਲਿਆ ਜਿਸਮਾਂ ਦੀਆਂ ਹੱਦਾਂ ਤਕ ਸਿਮਟਿਆ ਕਿਉਂ ਹੰਢਾ ਰਿਹਾ ਹੈ ਅੱਜ ਕੱਲ੍ਹ ਟੁਕੜਿਆਂ 'ਚ ਵੰਡੀ ਮਹਾਂਭਾਰਤ ਦਾ ਸਰਾਪ ਆਏ ਦਿਨ ਜਾਨਾਂ ਦੀਆਂ ਖੂਹਣੀਆਂ ਖਪਦੀਆਂ ਰਾਹਾਂ 'ਚ ਪੁੱਟੇ ਹੋਏ ਅਣਦਿੱਸਦੇ ਖੂਹ ਫੇਰ ਵੀ ਨਹੀਂ ਭਰਦੇ ਜ਼ਿਕਰ ਮੱਲ੍ਹਮ ਦਾ ਜ਼ਰੂਰ ਹੁੰਦਾ ਹੈ ਜੇ ਮਿਲਦੇ ਹਨ ਤਾਂ ਸਿਰਫ਼ ਸੱਜਰੇ ਜ਼ਖ਼ਮ ਇਹ ਵਿਸ਼ਾਲ ਮੈਦਾਨ ਘੁੱਗ ਵਸਦਾ ਸਾਡਾ ਪੰਜਾਬ ਘੁੱਗ ਵਸਦਾ ਤਾਂ ਹੈ ਹੁਣ ਵੀ ਫ਼ਰਕ ਏਨਾ ਹੈ ਕਿ ਜਿਸਮਾਂ ਤੇ ਮਨਾਂ ਨਾਲੋਂ ਇਨ੍ਹਾਂ ਉੱਤੇ ਲੱਗੇ ਜ਼ਖ਼ਮਾਂ ਦੀ ਸੰਸਿਆਂ ਦੀ, ਸ਼ੰਕਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਇਹ ਵਿਸ਼ਾਲ ਮੈਦਾਨ ਬੇਰਹਿਮੀ ਦੇ ਸੋਕੇ ਦਾ ਸ਼ਿਕਾਰ ਵਾਵਰੋਲਿਆਂ ਦੀ ਰਣਭੂਮੀ ਬਣਿਆ ਸਾਡਾ ਪੰਜਾਬ ਹੀ ਤਾਂ ਹੈ।

ਕੇਹਾ ਰਿਸ਼ਤਾ

‘ਪ’ ਵਾਸਤੇ ਇਸ ਵਾਰੀ ਜਦ ਫੇਰ ਸੀ ਤੇਰੇ ਸ਼ਹਿਰ ਉਤਰਿਆ ਸੰਘਣੇ ਬੱਦਲਾਂ ਦੇ ਪਰਛਾਵੇਂ ਕਿਣਮਿਣ ਦਾ ਸੰਗੀਤ ਜਿਹਾ ਸੀ ਤੇ ਮੇਰੇ ਸੁਆਗਤ ਲਈ ਕੁਝ ਮਿੱਤਰ ਮੁਸਕਾਣਾਂ ਪਰ ਮੇਰੇ ਸੀਨੇ ਵਿਚ ਸੀ ਗੂੜ੍ਹੀ ਖਾਮੋਸ਼ੀ ਧੁਰ ਸੋਚਾਂ ਤਕ ਫੈਲੀ ਹੋਈ ਚੜ੍ਹਦੀ ਉਮਰੇ ਅੱਧ-ਖੁੱਲ੍ਹਾ ਸੀ ਜੋ ਤੇਰੇ ਦਿਲ ਦਾ ਦਰਵਾਜ਼ਾ ਜਿਸ ’ਚੋਂ ਮੇਰੇ ਖ਼ਾਤਰ ਤੇਰੀਆਂ ਸਿੱਲ੍ਹੀਆਂ ਅੱਖਾਂ ਦੀ ਇਕ ਝਲਕ ਮਿਲੀ ਸੀ ਜਿਸ ’ਜੋਂ ਤੇਰੇ ਪਿਘਲੇ ਹੋਏ ਬੋਲ ਮੇਰੇ ਦਿਲ ਤਕ ਸਨ ਪਹੁੰਚੇ ਉਹ ਸੰਦਲੀ ਦਰਵਾਜ਼ਾ ਮੇਰੇ ਲਈ ਐਸਾ ਬੰਦ ਹੋਇਆ ਖੁੱਲ੍ਹਣ ਦੀ ਗੁੰਜਾਇਸ਼ ਰਹੀ ਨਾ ਨਾ ਦਸਤਕ ਹੀ ਅੰਦਰ ਪਹੁੰਚੇ ਨਾ ਕੋਈ ਬੋਲ ਹੀ ਬਾਹਰ ਆਵੇ ਮਘਦੀ ਉਮਰ ਦੇ ਵਾਂਗ ਗੁਆਚੇ ਕਹਿਣ ਸੁਣਨ ਦੇ ਸਾਰੇ ਮੌਕੇ ਮਨ ਵਿਚ ਫੈਲੇ ਸੰਸਿਆਂ ਵਰਗੇ ਸੰਘਣੇ ਬੱਦਲਾਂ ਦੀ ਛਾਂ ਹੇਠਾਂ ਸ਼ਹਿਰ ਤੇਰੇ ਵਿਚ ਮੁੜ ਕੇ ਆਉਣਾ ਆਪਣੇ ਵਿਚਲੀ ਵਿੱਥ ਨੂੰ ਪੂਰਨ ਦਾ ਇਕ ਤਰਲਾ ਮਹਾਂਸਾਗਰਾਂ ਨੂੰ ਤਾਂ ਸੌਖਾ ਪਾਰ ਕਰ ਲਿਆ ਕੁਝ ਕਦਮਾਂ ਦੀ ਵਿੱਥ ਉਲੰਘਣੀ ਔਖੀ ਹੋਈ ਤੂੰ ਤਾਂ ਮੇਰੀ ਕੁਝ ਨਹੀਂ ਲੱਗਦੀ ਨਾ ਹੀ ਮੈਂ ਤੇਰਾ ਕੁਝ ਲੱਗਦਾ ਇਹ ਕੇਹੀ ਖਿੱਚ ਕੇਹਾ ਰਿਸ਼ਤਾ ਪੁੱਛ ਰਿਹਾ ਹਾਂ ਸੀਨੇ ਵਿਚਲੀ ਖ਼ਾਮੋਸ਼ੀ ਤੋਂ।

ਪ੍ਰਸ਼ਨ ਚਿੰਨ੍ਹ

ਜਬਰ ਗਲ ਘੁੱਟੇਗਾ ਕਦ ਤਕ ਅਣਖ ਦੇ ਅਹਿਸਾਸ ਦਾ। ਪ੍ਰਸ਼ਨ ਚਿੰਨ੍ਹ ਹੈ ਬਣ ਗਿਆ ਅੱਜ ਦਾ ਸਮਾਂ ਇਤਿਹਾਸ ਦਾ। ਪਾਏਗੀ ਲਾਠੀ ਕਦੋਂ ਤਕ ਭੁੱਖ ਦੇ ਪਿੰਡੇ ‘ਤੇ ਲਾਸ ? ਖਾਏਗੀ ਗੋਲੀ ਕਦੋਂ ਤਕ ਹੱਕ ਦੇ ਸੀਨੇ ਦਾ ਮਾਸ ? ਸੁਪਨਿਆਂ ਦੀ ਮੌਤ ਸਹਿੰਦੇ ਰਹਾਂਗੇ ਕਿੰਨਾ ਕੁ ਚਿਰ ? ਵਿਹੁ ਨੂੰ ਵਰਦਾਨ ਕਹਿੰਦੇ ਰਹਾਂਗੇ ਕਿੰਨਾ ਕੁ ਚਿਰ ? ਸੱਚ ਜਿਸ ਨੇ ਕੈਦ ਕੀਤਾ ਕੰਧ ਤਿੜਕੇਗੀ ਕਦੋਂ ? ਸਾੜਨਾ ਜਿਸ ਕੰਡਿਆਂ ਨੂੰ ਅੱਗ ਭੜਕੇਗੀ ਕਦੋਂ ?

ਪੂਰੇ ਕਦ ਬਣਾਂਗੇ

ਤੇਜ਼ ਕਿੰਨੀ ਹੋ ਗਈ ਸਾਡੀ ਗਤੀ ਰਚਣ ਦੀ, ਨਿਰਮਾਣ ਦੀ ਹੈ ਬੜੀ ਭਰਮਾਰ ਵਸਤਾਂ ਦੀ ਅਤੇ ਵਰਤਾਰਿਆਂ ਦੀ ਤਾਣ ਵੀ ਵਧਿਆ ਤੇ ਨਾਲੇ ਮਾਣ ਵੀ ਫੇਰ ਵੀ ਬੰਦੇ ਨਿਮਾਣੇ ਰੋਜ਼ ਊਣੇ ਹੋ ਰਹੇ ਇਕ ਪਾਸੇ ਵਰ ਮਿਲੇ ਕਿ ਘਰ ਭਰੇ ਦੂਜੇ ਪਾਸੇ ਮਿਲ ਗਿਆ ਇਹ ਵੀ ਸਰਾਪ ਰਹਿਣਗੇ ਅੱਧੇ ਅਧੂਰੇ ਭਾਵ ਵੀ ਤੇ ਭਾਵਨਾ ਵੀ ਕੁਝ ਵੀ ਪੂਰਾ ਨਾ ਰਿਹਾ ਕੁਝ ਵੀ ਸਾਬਤ ਨਾ ਰਿਹਾ ਜੇ ਨਾ ਹੋਇਆ ਊਣਾ ਤਾਂ ਫਿਰ ਟੁਕੜਿਆਂ ਵਿਚ ਖਿੰਡ ਗਿਆ ਬੋਝ ਚੁੱਕੀ ਫਿਰ ਰਹੇ ਆਪਣੀ ਊਣੀ ਤੇ ਖੰਡਤ ਹੋਂਦ ਦਾ ਜਿੰਨਾ ਜਿੰਨਾ ਅੰਦਰੋਂ ਖਾਲੀ ਹੋ ਰਹੇ ਓਨੀ ਓਨੀ ਹਵਸ ਵਧਦੀ ਜਾ ਰਹੀ ਘਰ ਭਰਨ ਦੀ ਹੋਂਦ ਫਿਰ ਵੀ ਭਰੇ ਨਾ ਮਨ ਦੀ ਹਰ ਇਕ ਭਾਵਨਾ ਰਹਿੰਦੀ ਅਧੂਰੀ ਸੰਭਵ ਨਹੀਂ ਹਰ ਲਾਲਸਾ ਹੋ ਜਾਏ ਪੂਰੀ ਹੋ ਵੀ ਜਾਏ ਜੇ ਕਦੇ ਇਹ ਚਮਤਕਾਰ ਤਾਂ ਵੀ ਹੈ ਕਿਹੜਾ ਭਰੋਸਾ ਅੰਦਰੋਂ ਰਹੀਏ ਨਾ ਊਣੇ ਲਾਲਸਾਵਾਂ ਦੀ ਨਵੀਂ ਸੂਚੀ ਬਣਾ ਕੇ ਕੋਈ ਹੀਲਾ ਕਰ ਲਵਾਂਗੇ ਉਹ ਵੀ ਪੂਰੀ ਕਰਨ ਦਾ ਇਹ ਕਮੀ ਸੰਤਾਪ ਜਿਉਂ ਚੁਭਦੀ ਹੀ ਰਹਿਣੀ ਆਪ ਸਾਬਤ ਆਪ ਪੂਰੇ ਕਦ ਬਣਾਂਗੇ।

ਪ੍ਰੇਤ ਛਾਇਆ

ਗੱਡੀਆਂ ਭਿੜਦੀਆਂ ਨੇ ਲੀਹੋਂ ਲਹਿੰਦੀਆਂ ਨੇ ਵਾਹਨ ਟਕਰਾਉਂਦੇ ਨੇ ਬੰਦੇ ਮਰਦੇ ਨੇ ਸ਼ੋਕ ਰਸਮਾਂ ਹੁੰਦੀਆਂ ਨੇ ਤੇ ਬੱਸ ਨੇਤਾ ਆਉਂਦੇ ਨੇ ਭੀੜਾਂ ਜੁੜਦੀਆਂ ਨੇ ਨਾਅਰੇ ਲੱਗਦੇ ਨੇ ਭਾਸ਼ਨ ਮਘਦੇ ਨੇ ਵਾਅਦੇ ਹੁੰਦੇ ਨੇ ਤੇ ਬੱਸ ਮਿੱਤਰ ਜੁੜਦੇ ਨੇ ਕਹਿੰਦੇ ਸੁਣਦੇ ਨੇ ਨਜ਼ਰਾਂ ਟੋਂਹਦੇ ਨੇ ਸ਼ਾਇਦ ਕੁਝ ਜੋਂਹਦੇ ਨੇ ਸਿਰ ਸੁੱਟ ਤੁਰਦੇ ਨੇ ਤੇ ਬੱਸ ਪ੍ਰੇਮੀ ਮਿਲਦੇ ਨੇ ਬਸਤਰ ਲਹਿੰਦੇ ਨੇ ਖਾਲੀ ਹੁੰਦੇ ਨੇ ਬਸਤਰ ਪੈਂਦੇ ਨੇ ਅਲਵਿਦਾ ਕਹਿੰਦੇ ਨੇ ਤੇ ਬੱਸ ਕੀ ਕੁਝ ਗੁੰਮਿਆ ਹੈ ਕੀ ਕੁਝ ਪਾਇਆ ਹੈ ਸਮਝ ਨਾ ਆਇਆ ਹੈ ਬੰਦਿਆਂ ਦੀਆਂ ਰੂਹਾਂ ‘ਤੇ ਪ੍ਰੇਤਾਂ ਦੀ ਛਾਇਆ ਹੈ ਤੇ ਬੱਸ।

ਸੰਘਣਾ ਬੱਦਲ

ਇਕ ਨਿੱਕਾ ਜਿਹਾ ਸੰਘਣਾ ਬੱਦਲ ਜਾ ਰੋਹੀਆਂ ਵਿਚ ਵਰ੍ਹਿਆ ਨਾ ਇਸ ਮਿੱਟੀ ਦੀ ਗੰਧ ਮਾਣੀ ਨਾ ਕੱਲਰ ਹੀ ਭਰਿਆ। ਇਹ ਨਾ ਕਿਸੇ ਵੀ ਲੇਖੇ ਲੱਗਾ ਅਣਹੋਇਆ ਜਿਉਂ ਮਰਿਆ। ਇਕ ਨਿੱਕਾ ਜਿਹਾ ਸੰਘਣਾ ਬੱਦਲ ਇਵੇਂ ਉਜਾੜਾਂ ਵਰ੍ਹਿਆ। ਇਕ ਨਿੱਕਾ ਜਿਹਾ ਸੰਘਣਾ ਬੱਦਲ ਮਾਰੂਥਲ ਵਿਚ ਵਰ੍ਹਿਆ। ਨਾ ਇਸ ਦੇ ਕਣ ਨਿੱਘੇ ਹੋਏ ਨਾ ਰੇਤਾ ਹੀ ਠਰਿਆ। ਨਾ ਇਕ ਹੀ ਤਿੜ੍ਹ ਘਾਹ ਦੀ ਫੁੱਟੀ ਨਾ ਕੋਈ ਬੂਟਾ ਹਰਿਆ। ਇਕ ਨਿੱਕਾ ਜਿਹਾ ਸੰਘਣਾ ਬੱਦਲ ਐਵੇਂ ਥਲ ਵਿਚ ਵਰ੍ਹਿਆ। ਇਕ ਨਿੱਕਾ ਜਿਹਾ ਸੰਘਣਾ ਬੱਦਲ ਪਰਬਤ ਚੋਟੀ ਵਰ੍ਹਿਆ। ਇਸ ਦਾ ਹਰ ਜਲ ਕਣ ਪੱਥਰਾਂ ‘ਤੇ ਸਿਰ ਪਟਕਾ ਕੇ ਮਰਿਆ। ਨਾ ਰੁੱਖਾਂ ਨੇ ਸੋਗ ਮਨਾਇਆ ਪੌਣ ਨਾ ਹਉਕਾ ਭਰਿਆ। ਇਕ ਨਿੱਕਾ ਜਿਹਾ ਸੰਘਣਾ ਬੱਦਲ ਪਰਬਤ ਸਿਖ਼ਰੀਂ ਵਰ੍ਹਿਆ। ਇਕ ਨਿੱਕਾ ਜਿਹਾ ਸੰਘਣਾ ਬੱਦਲ ਭਰੇ ਸਮੁੰਦਰ ਵਰ੍ਹਿਆ। ਤੁਪਕਾ ਤੁਪਕਾ ਹੋ ਕੇ ਕਿਰਿਆ ਕਿਰਦਾ ਹੀ ਡੁੱਬ ਮਰਿਆ। ਨਾ ਕੋਈ ਮੱਛਲੀ ਪਿਆਸ ਬੁਝਾਈ ਨਾ ਸਿੱਪੀ ਮੂੰਹ ਭਰਿਆ। ਇਕ ਨਿੱਕਾ ਜਿਹਾ ਸੰਘਣਾ ਬੱਦਲ ਇਉਂ ਪਾਣੀ ਵਿਚ ਵਰ੍ਹਿਆ।

ਦਰਵਾਜ਼ੇ

ਕਦੇ ਵੀ ਇਕੋ ਸਮੇਂ ਨਹੀਂ ਬੰਦ ਹੁੰਦੇ ਸਾਰੇ ਦੇ ਸਾਰੇ ਦਰਵਾਜ਼ੇ ਬੰਦ ਕਰਦੇ ਹੋ ਤੁਸੀਂ ਹੀ ਆਪ ਇਹ ਘਰੋਂ ਬਾਹਰ ਜਾਣ ਸਮੇਂ ਵਾਪਸ ਆਉਣ ਤਕ ਘਰ ਤੁਹਾਡਾ ਹੀ ਤਾਂ ਨਹੀਂ ਇਕੋ ਕਿੰਨੇ ਘਰਾਂ ਦਾ ਸਿਲਸਿਲਾ ਹੈ ਆਸ ਪਾਸ ਜ਼ਰੂਰੀ ਨਹੀਂ ਜੋ ਬੰਦ ਹੋਣ ਉਦੋਂ ਇਨ੍ਹਾਂ ਅੱਗੋਂ ਤੁਸੀਂ ਲੰਘੋ ਜਦੋਂ ਵਸਦੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਹੀ ਹੁੰਦੇ ਨੇ ਅਕਸਰ ਬੰਦਿਆਂ ਨਾਲ ਵਸਦੇ ਨੇ ਘਰ ਰਿਸ਼ਤਿਆਂ ਨਾਲ ਵਸਦੇ ਨੇ ਬੰਦੇ ਟੁੱਟਦੇ ਰਹਿੰਦੇ ਜੇ ਕੁਝ ਰਿਸ਼ਤੇ ਬਣਦੇ ਰਹਿੰਦੇ ਤਾਂ ਨਵੇਂ ਵੀ ਟੁੱਟਣ ਬਣਨ ਦਾ ਇਹ ਨਿਰੰਤਰ ਕਰਮ ਜ਼ਿੰਦਗੀ ਦੇ ਸਫ਼ਰ ਦਾ ਹੈ ਹਮਕਦਮ ਨਾ ਕਦੇ ਟੁੱਟਦੇ ਸਾਰੇ ਦੇ ਸਾਰੇ ਰਿਸ਼ਤੇ ਨਾ ਕਦੇ ਬੰਦ ਹੁੰਦੇ ਨੇ ਸਾਰੇ ਦਰਵਾਜ਼ੇ

ਵਿਘਨ

ਮੈਂ ਨਿਰੰਤਰ ਯਾਤਰੀ ਕਿਉਂ ਬਣ ਗਿਆ ਸੜਕ ਦੇ ਨੇੜੇ ਖੜ੍ਹੇ ਇਕ ਰੁੱਖ ਜਿਹਾ ਯਾਤਰਾਵਾਂ ਜੇ ਮੈਂ ਹੁਣ ਤਕ ਕੀਤੀਆਂ ਉਨ੍ਹਾਂ ਦੀ ਗਿਣਤੀ ਹੈ ਮੇਰੀ ਉਮਰ ਦੇ ਵਰ੍ਹਿਆਂ ਤੋਂ ਵੱਧ ਯਾਤਰਾ ਪੈਰਾਂ ਦੀ ਸੀ ਕੱਚਿਆਂ ਰਾਹਾਂ ਦੀ ਸੀ ਜਾਂ ਸੜਕ ਦੀ ਪਿੰਡ ਨੇੜੇ ਸੜਕ ਤਕ ਦੀ ਜਾਂ ਸਮੁੰਦਰ ਪਾਰ ਦੀ ਯਾਤਰਾ ਸੀ ਸੋਚ ਦੀ ਜਾਂ ਜਜ਼ਬਿਆਂ ਦੀ ਭਾਵਨਾਵਾਂ ਦੀ ਤੇ ਜਾਂ ਫਿਰ ਕਲਪਨਾ ਦੀ ਯਾਤਰਾ ਮਜਬੂਰੀਆਂ ਜਾਂ ਮੁਸ਼ਕਲਾਂ ਦੀ ਜਾਂ ਉਤਸੁਕਤਾ ਭਰੇ ਆਨੰਦ ਵਾਲੀ ਯਾਤਰਾਵਾਂ ਸਾਰੀਆਂ ਹੀ ਹੋਂਦ ਮੇਰੀ ਦਾ ਜਿਵੇਂ ਆਧਾਰ ਸਨ ਮੇਰੇ ਅਨੁਭਵ ਦੇ ਨਵੇਂ ਪਾਸਾਰ ਸਨ ਯਾਤਰਾ ਤੇ ਜ਼ਿੰਦਗੀ ਸਮਅਰਥ ਬਣੀਆਂ ਸਿਲਸਿਲਾ ਸਾਹਾਂ, ਪਲਾਂ ਦਾ ਜੁੜ ਗਿਆ ਇਉਂ ਉੱਚਿਆਂ ਤੇ ਨੀਵਿਆਂ ਰਾਹਾਂ ਦੇ ਨਾਲ ਯਾਤਰਾ ਹੀ ਜਾਪਦਾ ਸੀ ਜ਼ਿੰਦਗੀ ਕਿਉਂ ਅਚਾਨਕ ਰੁਕ ਗਿਆ ਇਹ ਸਿਲਸਿਲਾ ਪੈ ਗਿਆ ਇਹ ਯਾਤਰਾ ਵਿਚ ਵਿਘਨ ਕਿਉਂ ਕਸਕ ਵਰਗੀ ਚੁੱਪ ਨੂੰ ਹੁਣ ਸਾਂਭ ਕੇ ਸੀਨੇ 'ਚ ਡੂੰਘਾ ਸੜਕ ਦੇ ਨੇੜੇ ਖੜ੍ਹੇ ਇਕ ਰੁੱਖ ਜਿਹਾ ਮੈਂ ਦੇਖਦਾ ਹਾਂ ਰਾਤ ਦਿਨ ਲੰਘਦੇ ਅਨੇਕਾਂ ਯਾਤਰੀ ਸੋਚਦਾ ਹਾਂ ਮੈਂ ਤੁਰਾਂਗਾ ਫਿਰ ਕਦੋਂ ਹੁਣ।

ਦੋਵੇਂ ਹੀ

ਦੁੱਖਾਂ ਦਾ ਸਾਡੇ ਨਾਲ ਉਹੀ ਰਿਸ਼ਤਾ ਜੋ ਹੁੰਦਾ ਹੈ ਸੁੱਖਾਂ ਨਾਲ ਸਾਡਾ ਕਿਵੇਂ ਕਹੀਏ ਕਿ ਆਉਣ ਕੇਵਲ ਸੁੱਖ ਹੀ ਦੁੱਖ ਸਦਾ ਰਹਿਣ ਦਹਿਲੀਜ਼ਾਂ ਤੋਂ ਪਰੇ ਫ਼ਰਕ ਰਹਿੰਦਾ ਹੈ ਸਿਰਫ਼ ਅਨੁਪਾਤ ਵਿਚ ਜ਼ਿੰਦਗੀ ਦੀਆਂ ਨਿਆਮਤਾਂ ਇਹ ਦੱਸ ਦਿੰਦੀਆਂ ਇਕ ਦੂਜੀ ਦੇ ਜ਼ਰਾ ਕੁ ਹੋਰ ਡੂੰਘੇ ਅਰਥ ਅਨੁਭਵ ਤੇ ਸੰਵੇਦਨਾ ਹੋ ਜਾਣ ਸੂਖਮ ਰਿਸ਼ਤਿਆਂ ਦੀ ਸਮਝ ਵੀ ਸਹਿਜ ਹੁੰਦੀ ਹੈ ਜੇ ਸੁੱਖਾਂ ਦੀ ਪਛਾਣ ਤਾਂ ਓਪਰੇ ਨਹੀਂ ਦੁੱਖ ਵੀ ਆਪਣੇ ਨੇ ਇਹ ਦੋਵੇਂ ਹੀ ਸਾਹਾਂ ਜਿੰਨੇ ਆਪਣੇ।

ਹਾਦਸੇ ਦੇ ਬਾਅਦ

(ਜਨਕ ਰਾਜ ਸਿੰਘ ਦੇ ਨਾਂ) ਹਾਦਸੇ ਦੇ ਬਾਅਦ ਬਹੁਤ ਸੁਖਾਵਾਂ ਲੱਗਦਾ ਜਿਉਂਦੇ ਬਚ ਜਾਣ ਦਾ ਅਹਿਸਾਸ ਸਹਿਣ ਯੋਗ ਹੀ ਹੁੰਦਾ ਲਗੇ ਜ਼ਖਮਾਂ ਦਾ ਤਿੱਖਾ ਦਰਦ ਕਿਣਮਿਣ ਵਾਂਗ ਵਰ੍ਹਨ ਲੱਗੀ ਸੱਜਣਾਂ ਮਿੱਤਰਾਂ ਦੀ ਹਮਦਰਦੀ ਹੋ ਜਾਏ ਬੇਹੱਦ ਤੀਬਰ ਜ਼ਿੰਦਗੀ ਨਾਲ ਜੀਅ ਦਾ ਮੋਹ ਜਾਪਦੇ ਨੇ ਹੋਰ ਗੂੜ੍ਹੇ ਇਸ ਦੀ ਚਹਿਲ ਪਹਿਲ ਦੇ ਰੰਗ ਲੱਗਣ ਲੱਗਦੇ ਫੇਰ ਚੰਗੇ ਨਿਤਾਪ੍ਰਤੀ ਦੇ ਨਿੱਕ ਨਿੱਕੇ ਕੰਮ ਹਾਦਸੇ ਦੇ ਬਾਅਦ ਭੋਗਦਾ ਹੈ ਜਿਸਮ ਮਜਬੂਰੀ ਦਾ ਆਰਾਮ ਪਰਤਣ ਲੱਗਦੇ ਸੱਟ ਖਾਧੇ ਅੰਗ ਪਹਿਲਾਂ ਵਾਲੀ ਆਮ ਹਾਲਤ ਵਿਚ ਜਿਸ ਨੂੰ ਅਸੀਂ ਅਕਸਰ ਸਮਝਦੇ ਹੀ ਐਵੇਂ ਜਿਹੀ ਬਹੁਤ ਕੀਮਤੀ ਮਹਿਸੂਸ ਹੁੰਦੀ ਬਾਕੀ ਬਚ ਗਈ ਉਮਰ ਜੀ ਸਕਣਾ, ਹੋਰ ਜੀ ਸਕਣਾ ਧਰਤੀ ਦੀ ਸਭ ਤੋਂ ਵੱਡੀ ਨਿਆਮਤ

ਫਿਰ ਆਵਾਂਗਾ

ਫਿਰ ਆਵਾਂਗਾ ਮੈਂ ਉਦੋਂ ਜਦੋਂ ਬੇਸੁਰਤ ਹੋਈਆਂ ਸੋਚਾਂ ਅੰਦਰ ਚੇਤਨਾ ਪਰਤੀ ਪਥਰਾਈਆਂ ਅੱਖਾਂ ‘ਚ ਮੁੜ ਜਾਗੀ ਗੁੰਮ ਗਏ ਪਲਾਂ ਦੀ ਤੀਬਰ ਤਲਾਸ਼ ਜਦੋਂ ਹਵਾ ‘ਚ ਘੁਲੀ ਰਤਾ ਕੁ ਠੰਢਕ ਘੁਲਿਆ ਜਜ਼ਬਿਆਂ ‘ਚ ਰਤਾ ਕੁ ਨਿੱਘ ਨਿਢਾਲ ਪਏ ਮਨ ‘ਚ ਜਾਗਿਆ ਧਰਵਾਸ ਉਮਰ ਦੀ ਲਗਰ ‘ਤੇ ਫੁੱਟੀ ਆਸ ਦੀ ਨਵੀਂ ਕਰੂੰਬਲ ਫਿਰ ਆਵਾਂਗਾ ਮੈਂ ਉਦੋਂ ਜਦੋਂ ਕੋਈ ਮਿਲਿਆ ਸੰਕੇਤ ਹੁਣ ਤੈਨੂੰ ਵੀ ਮੇਰੀ ਉਡੀਕ ਕੁਝ ਕੁ ਪਹਿਲਾ ਜਿਹਾ ਉਮਾਹ ਕੋਲ ਬੈਠਣ ਦਾ ਕੋਈ ਮਾਸੂਮ ਚਾਅ ਮੇਰੇ ਤੁਰਨ ਤੇ ਤੇਰੇ ਤਕ ਆਉਣ ਪੂਰਵਲੇ ਪਲਾਂ ਵਿਚ ਕੁਝ ਵਾਪਰੇ ਬੇਮੌਸਮੀ ਬਾਰਸ਼ ਦੀ ਰਿਮ ਝਿਮ ਜਿਹਾ ਰਾਤ ਰਾਣੀ ਦੀ ਸੰਘਣੀ ਖੁਸ਼ਬੋ ਜਿਹਾ ਟਿਕੀ ਰਾਤ ‘ਚ ਬੰਸਰੀ ਦੀ ਸੁਰ ਜਿਹਾ ਫਿਰ ਆਵਾਂਗਾ ਮੈਂ ਉਦੋਂ

ਕੁਝ ਦਿਨਾਂ ਤੋਂ

ਇਕੱਲ ਵਿਚ ਵੀ ਨਹੀਂ ਹੁੰਦਾ ਮੈਂ ਇਕੱਲਾ ਪਿਛਲੇ ਕੁਝ ਦਿਨਾਂ ਤੋਂ ਕੋਈ ਮੇਰੇ ਨਾਲ ਸੌਂਦਾ ਨਿੱਘੀ ਗਲਵਕੜੀ ‘ਚ ਲੈ ਭਰ ਦਏ ਮੇਰਾ ਵਜੂਦ ਕੂਲੀਆਂ ਜਿਸਮ ਛੋਹਾਂ ਨਾਲ ਸਾਹਾਂ ‘ਚ ਥਿਰਕ ਪੈਣ ਸ਼ਹਿਦ-ਭਿੱਜੀਆਂ ਤਰੰਗਾਂ ਜਾਗਦਾ ਹਾਂ ਤਾਂ ਉਹ ਵੀ ਜਾਗਦਾ ਹੈ ਨਾਲ ਮੇਰੇ ਖ਼ਾਮੋਸ਼ ਬੋਲਾਂ ਨਾਲ ਹੈ ਕਰਦਾ ਸੰਵਾਦ ਪੁੱਛਦਾ : ਏਨਾ ਚਿਰ ਕਿੱਥੇ ਰਿਹਾ ਮੈਂ ਰਾਹਾਂ ‘ਚ ਕਿਧਰੇ ਆਪ ਜਿਹੜਾ ਬਹੁਤ ਪਹਿਲਾਂ ਰਹਿ ਗਿਆ ਸੀ ਬਹੁਤ ਪਿੱਛੇ ਛਾ ਗਿਆ ਹੈ ਫਿਰ ਅਚਾਨਕ ਚੇਤਨਾ ‘ਤੇ ਪਿਛਲੇ ਕੁਝ ਦਿਨਾਂ ਤੋਂ

ਤਲਾਸ਼

ਉਨ੍ਹਾਂ ਨੂੰ ਤਲਾਸ਼ ਹੈ ਸੁਰਾਂ ਦੀ ਮੈਨੂੰ ਸੁਰਾਂ ਵਿਚਲੀ ਝਰਨਾਹਟ ਦੀ ਜੋ ਜਿਸਮ ਦੇ ਲਹੂ ਅੰਦਰ ਸੂਖਮ ਤਾਲ ਛੇੜੇ ਦਿਲ ਦੀ ਗਤੀ ਨੂੰ ਹਰ ਪਲ ਧਰਤੀ ਦੀ ਗਤੀ ਦੇ ਨਾਲ ਜੋੜੇ ਉਨ੍ਹਾਂ ਨੂੰ ਤਲਾਸ਼ ਹੈ ਰੰਗਾਂ ਦੀ ਮੈਨੂੰ ਰੰਗਾਂ ‘ਚੋਂ ਫੁਟਦੀਆਂ ਤਰੰਗਾਂ ਦੀ ਜੋ ਭਰ ਦੇਣ ਨਜ਼ਰਾਂ ‘ਚ ਬਿਜਲੀਆਂ ਦੀ ਚਕਾਚੌਂਧ ਚੇਤਨਾ ਹੋ ਜਾਏ ਚਾਨਣ ਨਾਲ ਇਹ ਬ੍ਰਹਿਮੰਡ ਵੀ ਉਨ੍ਹਾਂ ਨੂੰ ਤਲਾਸ਼ ਹੈ ਸ਼ਬਦਾਂ ਦੀ ਮੈਨੂੰ ਸ਼ਬਦਾਂ ਪਿਛਲੇ ਅਰਥਾਂ ਦੀ ਜੋ ਰਚ ਜਾਣ ਸਾਹਾਂ ‘ਚ ਇਲਾਇਚੀ ਦੀ ਮਹਿਕ ਵਾਂਗ ਬੋਲਾਂ ‘ਚੋਂ ਵੇਗ ਉਭਰੇ ਝਰਨੇ ਦੇ ਪਾਣੀ ਜਿਹਾ ਨਹੀਂ ਜ਼ਿੰਦਗੀ ਦਾ ਮਕਸਦ ਇਨ੍ਹਾਂ ਬਗ਼ੈਰ ਕੋਈ।

ਪਰਬਤੀ ਢਲਾਨ 'ਤੇ

ਇਨ੍ਹਾਂ ਛਿਣਾਂ 'ਚ ਖੜ੍ਹਾ ਹਾਂ ਮੈਂ ਕਿਸੇ ਵਿਸ਼ਾਲ ਪਰਬਤ ਦੀ ਢਲਾਨ ‘ਤੇ ਉੱਚੇ ਰੁੱਖਾਂ ਤੇ ਨਿੱਕੇ ਬੂਟਿਆਂ ਦੀ ਸ਼ਾਂਤ ਰੌਣਕ ਨਾਲ ਭਰੀ ਏਕਾਂਤ ਹੈ ਏਥੇ ਪਰ ਇੱਕਲ ਨਹੀਂ ਮੇਰੇ ਸਿਰ ਵਾਲੇ ਪਾਸੇ ਧੁਰ ਉਪਰ ਗੌਰਵਮਈ ਪਰਬਤ ਦੀ ਚੋਟੀ ਮੇਰੇ ਪੈਰਾਂ ਵਲ ਦੂਰ ਹੇਠਾਂ ਛੋਟੇ-ਛੋਟੇ ਘਰਾਂ ਦੇ ਝੁੰਡ ਸਮੇਤ ਹਰੀ ਭਰੀ ਵਾਦੀ ਦਾ ਪਸਾਰਾ ਜਿਸ ਦੀ ਬੁੱਕਲ ‘ਚ ਕਲੋਲ ਕਰਦੀ ਉੱਜਲੇ ਪਾਣੀਆਂ ਵਾਲੀ ਨਦੀ ਇਨ੍ਹਾਂ ਛਿਣਾਂ ‘ਚ ਭੁੱਲ ਗਿਆ ਹਾਂ ਮੈਂ ਆਇਆ ਹਾਂ ਵਾਦੀ ਤੋਂ ਉਪਰ ਜਾਂ ਚੋਟੀ ਤੋਂ ਹੋਠਾਂ ਵਲ ਇਨ੍ਹਾਂ ਭੇਤ ਪੂਰਨ ਵਿਸਮਾਦੀ ਪਲਾਂ ‘ਚ ਨੀਮ ਥਕਾਵਟ ਭਰੇ ਮੇਰੇ ਪੈਰਾਂ ਥੱਲੇ ਸਹਿਜ ਟਿਕੀ ਪਈ ਹੈ ਢਲਾਨ ਫਿਰ ਸ਼ੁਰੂ ਕਰ ਸਕਦਾ ਹਾਂ ਸਫ਼ਰ ਉੱਪਰ ਉੱਚੀ ਚੱਟਾਨੀ ਚੋਟੀ ਵਲ ਹੇਠਾਂ ਪਸਰੀ ਮਖਮਲੀ ਵਾਦੀ ਵਲ ਘੁੰਮ ਸਕਦਾ ਹਾਂ ਕੁਝ ਚਿਰ ਆਸ ਪਾਸ ਪਥਰੀਲੀ ਢਲਾਨ ‘ਤੇ ਭਰ ਸਕਦਾ ਹਾਂ ਆਪਣੇ ਸਾਹਾਂ ‘ਚ ਸਿਲ੍ਹੀ ਜਿਹੀ ਤੇ ਮਹਿਕਦੀ ਸੱਜਰੀ ਹਵਾ ਗੁਣਗੁਣਾ ਸਕਦਾ ਹਾਂ ਲੈਅ ਵਿਚ ਹਮਜੋਲੀ ਬਿਰਖਾਂ ਬਾਰੇ ਕੋਈ ਗੀਤ ਇਨ੍ਹਾਂ ਛਿਣਾਂ ਦੇ ਅਨੰਤ ਫੈਲਾਓ ‘ਚ ਕਿੰਨੀਆਂ ਸੰਭਾਵਨਾਵਾਂ ਨੇ ਮੌਜੂਦ

ਵਗਦਾ ਪਾਣੀ

ਚੱਲ ਚਲੀਏ ਹੁਣ ਛੋਹ ਲਈਏ ਵਗਦੇ ਪਾਣੀ ਨੂੰ ਬਹੁਤ ਦੇਰ ਸੁਸਤੀ ਵਿਚ ਬੈਠੇ ਖੜ੍ਹੇ ਪਾਣੀਆਂ ਕੋਲ ਸ਼ਾਂਤ ਖੜ੍ਹੇ ਪਾਣੀ ਦਾ ਆਪਣਾ ਜਾਦੂ ਹੁੰਦਾ ਕੀਲ ਕੇ ਬੰਨ੍ਹ ਬਹਾਉਂਦਾ ਸੂਖਮ ਦਰਪਣ ਬਣਦਾ ਚੌਗਿਰਦੇ ਦੇ ਕਿੰਨੇ ਸਾਰੇ ਅਕਸ ਵਿਖਾਉਂਦਾ ਕੂਲੀਆਂ ਛੋਹਾਂ ਦਿੰਦਾ ਅੱਧ-ਚੇਤਨ ਵਿਚ ਸੁੱਤੀਆਂ ਯਾਦਾਂ ਛੇੜ ਜਗਾਉਂਦਾ ਫਿਰ ਵੀ ਸੀਮਤ ਜਿਹੇ ਪੜਾਅ ਤੋਂ ਵੱਧ ਨਾ ਹੁੰਦਾ ਕਿਧਰੇ ਦੂਰ ਦੁਰਾਡੇ ਵਗਦਾ ਨਿਰਮਲ ਪਾਣੀ ਵਾਰ ਵਾਰ ਖਿੱਚ ਪਾਉਂਦਾ ਆਪਣੇ ਕੋਲ ਬੁਲਾਉਂਦਾ ਬਣੇ ਸੁਨੇਹਾ ਨਵੇਂ ਸਫ਼ਰ ਦਾ ਭੇਤ ਭਰੇ ਅਣਦੇਖੇ ਰਾਹਾਂ ਉੱਤੇ ਪੈੜਾਂ ਪਾਉਣ ਲਈ ਉਕਸਾਉਂਦਾ ਚੱਲ ਚਲੀਏ ਹੁਣ ਛੋਹ ਲਈਏ ਵਗਦੇ ਪਾਣੀ ਨੂੰ

ਕਵਿਤਾ ਦੀ ਲੜਾਈ

ਆ ਵੜੀ ਹੈ ਕਵਿਤਾ, ਅਛੋਪਲੇ ਜਿਹੇ ਤੇ ਅਣਜਾਣੇ ਦੰਭ ਦੇ ਚੱਕਰਵਿਹੂ ਵਿਚ ਆ ਫਸੇ ਜਿਵੇਂ ਕੋਈ ਯਾਤਰੀ ਅਣਜਾਣ ਉੱਚਕਿਆਂ ਦੇ ਘੇਰੇ ਵਿੱਚ ਆਪਣੀ ਮਾਸੂਮੀਅਤ ਤੇ ਦਿਲ ਦੀ ਸਾਦਕੀ ਸਮੇਤ ਜਾਂ ਘਿਰ ਜਾਏ ਸੂਹਾ ਗੁਲਾਬ ਮੁਸ਼ਕੀ ਕੋਈ ਹਵਾ ਵਿੱਚ ਲੜਨੀ ਪੈ ਰਹੀ ਹੈ ਕਵਿਤਾ ਨੂੰ ਆਪਣੀ ਮੁਕਤੀ ਦੀ ਲੜਾਈ ਹੁਣ ਪ੍ਰਤੀਕਾਂ ਤੋਂ ਨਹੀਂ ਬਣਦੀ ਕਵਿਤਾ ਇਹ ਬਣ ਗਈ ਹੈ ਖ਼ੁਦ ਆਮ ਆਦਮੀ ਦੀ ਪ੍ਰਤੀਕ ਸਿੱਧੇ ਸਾਦੇ ਸ਼ਬਦਾਂ ਵਾਲੀ ਉਸ ਦੀ ਵਲ ਛਲ ਰਹਿਤ ਭਾਸ਼ਾ ਸਮੇਤ ਕਵਿਤਾ ਅੰਦਰ ਅੱਖ ਜਾਗੀ ਚੇਤਨਾ ਦੀ ਸਿੱਖ ਰਹੀ ਇਹ ਹੌਲੀ ਹੌਲੀ ਕੀ ਹੁੰਦੀ ਹੈ ਚਲਾਕੀ ਦੀ ਤਾਕਤ ਕੀ ਹੁੰਦੀ ਹੈ ਤਾਕਤ ਦੀ ਚਲਾਕੀ ਬਚਾਉਣਾ ਹੈ ਇਸ ਨੇ ਹੁਣ ਆਪਣੀ ਤੇ ਆਮ ਆਦਮੀ ਦੀ ਮਾਸੂਮੀਅਤ ਤੇ ਸਾਰੀ ਸਾਦਗੀ ਨੂੰ ਤੋੜਨਾ ਪੈਣਾ ਹੈ ਇਸ ਨੂੰ ਦੰਭ ਦਾ ਚੱਕਰਵਿਹੂ ।

ਜਨ ਦੀ ਅਰਦਾਸ

ਚੰਗੇ ਮਾੜੇ ਮਿੱਠੇ ਕੌੜੇ ਅਨੁਭਵ ਮੇਰੇ ਕੋਲ ਬੜੇ ਨੇ ਐਵੇਂ ਹੀ ਨਹੀਂ ਏਨੀ ਸਾਰੀ ਉਮਰ ਲੰਘਾਈ ਸਾਕਾਰ ਤੇ ਨਿਰਾਕਾਰ ਦੀ ਅਜੇ ਤੀਕ ਪਰ ਸਮਝ ਨਾ ਆਈ ਕਿਸ ਦੇ ਕੋਲ ਕਰਾਂ ਅਰਦਾਸ ਜੇ ਉਹ ਰਮਿਆ ਸਾਹਾਂ ਅੰਦਰ ਕਰ ਲਈਏ ਓਹੀ ਬੇਨਤੀ ਆਪਣੇ ਆਪੇ ਪਾਸ ਜਿੰਨੇ ਵੀ ਗੁਣ ਯੋਗ ਮਨੁੱਖ ਦੇ ਸਾਰੇ ਲਵਾਂ ਸਹੇਜ ਰਹੇ ਨਾ ਕੋਈ ਬੰਧੇਜ ਪੰਜ ਔਗੁਣ ਪਰ ਨੇੜੇ ਕਦੇ ਆਉਣ ਨਾ ਮੇਰੇ ਇਹ ਨਾ ਉਹ ਜੋ ਆਪਣੇ ਆਮ ਸਿਆਣੇ ਇਨ੍ਹਾਂ ‘ਚੋਂ ਤਿੰਨ ਮੇਰੇ ਲਈ ਉੱਕਾ ਹੀ ਵੱਖਰੇ ਕਾਮ ਤਾਂ ਹੁੰਦਾ ਜੱਗ ਦਾ ਮੂਲ ਮੋਹ ਦੇ ਬਾਝੋਂ ਹਿੱਲ ਜਾਏ ਰਿਸ਼ਤੇ ਦੀ ਚੂਲ ਦੰਭ ਅਤੇ ਅਨਿਆਂ ਦੇਖ ਕੇ ਕਿਉਂ ਨਾ ਆਵੇ ਕ੍ਰੋਧ ਹੁੰਦਾ ਇਸ ਦੇ ਨਾਲ ਵੀ ਚੇਤਨਤਾ ਦਾ ਬੋਧ ਇਹ ਤਿੰਨੇ ਮੈਂ ਗਿਣਾ ਨਾ ਔਗੁਣ ਦੂਰ ਰਹਾਂ ਤੇ ਦੂਰ ਹੀ ਰੱਖਾਂ ਲੋਭ ਅਤੇ ਹੰਕਾਰ ਜੋ ਨੇ ਬਣਦੇ ਰੂਹ ‘ਤੇ ਭਾਰ ਤਿੰਨ ਔਗੁਣ ਇਹ ਰਹਿੰਦੇ ਬਾਕੀ ਈਰਖਾ, ਅਕ੍ਰਿਤਘਣਤਾ, ਕਮੀਨਗੀ ਇਹ ਤਾਂ ਕਦੇ ਨਾ ਢੁਕਣ ਪਾਸ ਜਦ ਤਕ ਦੇਹ ਵਿਚ ਚੱਲਣ ਸਵਾਸ ਕਾਇਮ ਰਹੇ ਇਹ ਵੀ ਵਿਸ਼ਵਾਸ ਬਿਰਥਾ ਨਾ ਜਾਏ ਜਨ ਕੀ ਅਰਦਾਸ।

ਪੰਖ ਵਿਹੂਣਾ

ਤੇਰੇ ਨਾਲ ਸੀ ਭਰਿਆ ਭਰਿਆ ਤੇਰੇ ਬਾਝੋਂ ਬੇਹੱਦ ਊਣਾ ਤੂੰ ਮੇਰਾ ਸਾਰਾ ਅੰਬਰ ਸੀ ਤੇਰੇ ਬਿਨ ਮੈਂ ਪੰਖ ਵਿਹੂਣਾ ਮੈਂ ਡਿੱਗਿਆ, ਮੈਂ ਟੁੱਟਿਆ ਖਿੰਡਿਆ ਕੋਈ ਦੋਸ਼ ਨਹੀਂ ਹੈ ਤੇਰਾ ਇਹ ਤਾਂ ਮੇਰੀ ਆਪਣੀ ਭੁੱਖ ਸੀ ਇਹ ਤਾਂ ਮੇਰੀ ਆਪਣੀ ਤੇਹ ਸੀ ਇਹ ਸੀ ਮੇਰੀ ਆਪਣੀ ਤ੍ਰਿਸ਼ਨਾ ਬਣ ਬੈਠੀ ਮ੍ਰਿਗ-ਤ੍ਰਿਸ਼ਨਾ ਜਿਹੜੀ ਭੁੱਖ, ਤੇਹ, ਤ੍ਰਿਸ਼ਨਾ, ਮ੍ਰਿਗ ਤ੍ਰਿਸ਼ਨਾ ਮੈਂ ਟੁੱਟਿਆ ਇਹ ਫਿਰ ਸਾਬਤ ਨੇ ਇਹ ਸਭ ਟੋਟੇ ਹੋਂਦ ਮੇਰੀ ਦੇ ਇਨ੍ਹਾਂ ਬਿਨ ਮੈਂ ਬਹੁਤ ਅਧੂਰਾ ਮੰਨਿਆ ਕਿ ਤੇਰੇ ਬਾਝੋਂ ਵੀ ਬੇਹੱਦ ਊਣਾ, ਪੰਖ ਵਿਹੂਣਾ।

ਇੱਕਲਾ

ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ ਉਦੋਂ ਵੀ ਕਿੱਥੇ ਇੱਕਲਾ ਹੁੰਦਾ ਹਾਂ ਮੈਂ ਮੇਰੇ ਕੋਲ ਹੁੰਦੇ ਨੇ ਕਿੰਨੇ ਸਾਰੇ ਸ਼ਬਦ ਗੁੰਦੇ ਹੋਏ ਵੱਖ ਵੱਖ ਰੂਪਾਂ ਤੇ ਅਕਾਰਾਂ ਵਿਚ ਕਿੰਨਾ ਹੀ ਕੁਝ ਕਹਿੰਦੇ ਤੇ ਦੱਸਦੇ ਦੇਖਿਆ-ਅਣਦੇਖਿਆ, ਜਾਣਿਆ-ਅਣਜਾਣਿਆ ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ ਮੇਰੇ ਕੋਲ ਹੁੰਦੀਆਂ ਨੇ ਅਨੇਕਾ ਸਿਮਰਤੀਆਂ ਵਿਲੱਖਣ ਨਕਸ਼ਾਂ ਵਾਲੇ ਚਿਹਰਿਆਂ ਦੀਆਂ ਚਾਹੀਆਂ ਅਣਚਾਹੀਆਂ ਘਟਨਾਵਾਂ ਦੀਆਂ ਅਣਗਿਣਤ ਹੰਢਾਏ ਤੇ ਗੁਆਏ ਅਵਸਰਾਂ ਦੀਆਂ ਬੀਤ ਗਏ ਭੋਗੇ ਅਣਭੋਗੇ ਛਿਣਾਂ ਦੀਆਂ ਮਾਣੀ ਅਣਮਾਣੀ ਖ਼ੂਬਸੂਰਤੀ ਦੀਆਂ ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ ਸੁਣਦਾ ਹਾਂ ਖ਼ਾਮੋਸ਼ ਹੋਏ ਪੈੜਚਾਲ ਯਾਤਰਾਵਾਂ ਦੀ ਜੋ ਹੁਣ ਤੱਕ ਕੀਤੀਆਂ ਯਾਤਰਾਵਾਂ ਦੀ ਜੋ ਅਜੇ ਅਣਕੀਤੀਆਂ ਯਾਦਾਂ ਚੱਕਰ ਲਾਉਂਦੀਆਂ ਮੇਰੇ ਦੁਆਲੇ ਧਰਤ ਦ੍ਰਿਸ਼ਾਂ ਦੇ ਰੰਗਾਂ, ਖੁਸ਼ਬੋਆਂ ਦੀਆਂ ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ ਘਰ ਤੇ ਇਸ ਦੇ ਨਿੱਕੇ-ਨਿੱਕੇ ਸੁੱਖਾਂ ਤੋਂ ਦੂਰ ਕੋਲ ਹੁੰਦੇ ਆਪਣੀ ਬੀਵੀ ਤੇ ਬੱਚੇ ਦੇ ਖਿਆਲ ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਮੰਗਾਂ, ਉਮੰਗਾ, ਹਾਸਿਆ ਤੇ ਰੋਸਿਆਂ ਸਮੇਤ ਕਦੇ ਵੀ, ਕਿਤੇ ਵੀ ਇੱਕਲਾ ਨਹੀਂ ਹੁੰਦਾ ਹਾਂ ਮੈਂ ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ।

ਬਹੁਤ ਕੁਝ

ਫੁੱਲ ਬਹੁਤ ਸਾਰੇ ਹੁੰਦੇ ਇੱਕਲੇ ਵੀ ਤਾਰੇ ਬਹੁਤ ਸਾਰੇ ਹੁੰਦੇ ਨੇ ਇੱਕਲੇ ਵੀ ਪਰਿੰਦੇ ਬਹੁਤ ਸਾਰੇ ਹੁੰਦੇ ਇੱਕਲੇ ਵੀ ਹੰਝੂ ਬਹੁਤ ਸਾਰੇ ਹੁੰਦੇ ਇੱਕਲੇ ਵੀ ਹਿੰਦਸੇ ਬਹੁਤ ਸਾਰੇ ਹੁੰਦੇ ਨੇ ਇੱਕਲੇ ਵੀ ਮਨੁੱਖ ਬਹੁਤ ਸਾਰੇ ਹੁੰਦੇ ਨੇ ਇੱਕਲੇ ਵੀ ਕਦੇ ਕਦੇ ਬਹੁਤ ਕੁਝ ਹੁੰਦਾ ਹੈ ਇੱਕਲੇ ਵੀ ਫੁੱਲ, ਤਾਰਾ, ਪਰਿੰਦਾ, ਹੰਝੂ, ਅੱਖਰ, ਹਿੰਦਸਾ, ਰੁੱਖ, ਮਨੁੱਖ ।

ਅਣਵੰਡੇ

ਸਭਿਅਤਾ ਦੇ ਉਦੈ ਤੋਂ ਪਹਿਲਾਂ ਅਣਵੰਡੇ ਸਨ ਸਾਰੇ ਜਲ ਥਲ ਸਭਿਆਤਾ ਦੇ ਉਦੈ ਦੇ ਮਗਰੋਂ ਧਰਤੀ ਉੱਤੇ ਵੱਜੀਆਂ ਲੀਕਾਂ ਨਾਲ ਸਮੇਂ ਦੇ ਫ਼ੈਲਦੀਆਂ ਤੇ ਸੁੰਗੜਦੀਆਂ ਜੋ ਇਹ ਲੀਕਾਂ ਬਣ ਗਈਆਂ ਹੱਦਾਂ ਫਿਰ ਹੱਦਾਂ ਬਣੀਆਂ ਸਰਹੱਦਾਂ ਵੰਡੇ ਗਏ ਟੁਕੜਿਆਂ ਅੰਦਰ ਖੇਤ ਖਦਾਨ ਮਾਰੂਥਲ ਜੰਗਲ ਦਰਿਆਵਾਂ ਦੇ ਵਹਿਣ ਤੇ ਪਰਬਤ ਦੂਰ ਤਕ ਫੈਲੇ ਹੋਏ ਸਾਗਰ ਵੰਡੇ ਗਏ ਕੁਦਰਤ ਦੇ ਬੰਦੇ ਰਾਜ ਬਣੇ ਫਿਰ ਦੇਸ਼ ਬਣੇ ਤੇ ਬਣੀਆਂ ਕੌਮਾਂ ਪਹਿਲਾਂ ਆਪਣੀ ਰੋਜ਼ੀ ਲਈ ਔਜ਼ਾਰ ਬਣਾਏ ਫਿਰ ਦੂਜੇ ‘ਤੇ ਕਬਜ਼ੇ ਲਈ ਹਥਿਆਰ ਬਣਾਏ ਵਾਰ ਵਾਰ ਟਕਰਾਵਣ ਕੌਮਾਂ ਸਦੀਆਂ ਪਿੱਛੋਂ ਸਦੀਆਂ ਬਣੀਆਂ ਜੰਗਾਂ ਦਾ ਇਤਿਹਾਸ ਦੋ ਧਿਰਾਂ ਦਾ ਇਕੋਂ ਥਾਂ ‘ਤੇ ਲਹੂ ਡੁੱਲ੍ਹਣਾ ਦੋਹੀਂ ਪਾਸੀਂ ਪੈਦਾ ਕਰਦਾ ਵੱਖੋ ਵੱਖ ਅਹਿਸਾਸ ਜੇ ਇਕ ਧਿਰ ਦੇ ਯੋਧੇ ਅਤੇ ਸ਼ਹੀਦ ਉਹ ਦੂਜੀ ਲਈ ਵੈਰੀ ਤੇ ਨਫ਼ਰਤ ਦੇ ਪਾਤਰ ਕਦੋ ਮਿਟਣੀਆਂ ਧਰਤੀ ਉਤੇ ਵੱਜੀਆਂ ਲੀਕਾਂ ਕਦੋਂ ਫੇਰ ਹੋਣੇ ਅਣਵੰਡੇ ਇਸ ਦੁਨੀਆਂ ਦੇ ਜਲ ਥਲ ਤੇ ਕੁਦਰਤ ਦੇ ਬੰਦੇ।

ਜੁਗਨੂੰ

ਲੰਘ ਗਏ ਕਿੰਨੇ ਵਰ੍ਹੇ ਤੇ ਹੋਰ ਵੀ ਲੰਘ ਜਾਣਗੇ ਜੁਗਨੂੰ ਬਚਪਨ ਦੇ ਗੁਆਚੇ ਹੁਣ ਕਦੋਂ ਹੱਥ ਆਣਗੇ ਸੋਚਿਆ ਸੀ ਰਾਤ ਦਾ ਲੰਬਾ ਸਫ਼ਰ ਜੁਗਨੂੰਆਂ ਦੇ ਆਸਰੇ ਲੰਘ ਜਾਏਗਾ ਕੀ ਪਤਾ ਸੀ ਜਗਮਗਾਹਟ ਦਾ ਨਜ਼ਾਰਾ ਗੁੰਮਿਆ ਜੋ ਫੇਰ ਨਾ ਹੱਥ ਆਏਗਾ ਭਟਕਦੇ ਹਾਂ ਜੁਗਨੂੰਆਂ ਨੂੰ ਭਾਲਦੇ ਮੁੱਕਿਆ ਨਾ ਰਾਤ ਦਾ ਲੰਬਾ ਸਫ਼ਰ ਉਮਰ ਹੈ ਜਾਂ ਇਹ ਕੋਈ ਅੰਨ੍ਹੀ ਗਲੀ ਕਿਸ ਪੜਾਅ ਪਹੁੰਚੇ ਨਹੀਂ ਕੋਈ ਖ਼ਬਰ ਭਾਲ ਵੀ ਲੰਬੀ ਹਨੇਰੀ ਰਾਤ ਵਰਗੀ ਜਿਸਮ ਰੂਹ ਦੋਵੇਂ ਹੀ ਥੱਕੇ ਚੂਰ ਨੇ ਚੰਨ, ਤਾਰੇ, ਜੁਗਨੂੰ, ਸਰਘੀ ਦੇ ਨਜ਼ਾਰੇ ਅਜੇ ਵੀ ਪਹਿਲਾਂ ਹੀ ਜਿੰਨੇ ਦੂਰ ਸਫ਼ਰ ਜੋ ਨ੍ਹੇਰੇ 'ਚ ਹੋਇਆ ਸੀ ਸ਼ੁਰੂ ਨ੍ਹੇਰੇ ਅੰਦਰ ਹੀ ਕਦੇ ਮੁੱਕ ਜਾਏਗਾ ਬਾਤ ਪੀ ਲੈਣੀ ਹੈ ਗੂੜ੍ਹੀ ਚੁੱਪ ਨੇ ਪਰ ਹੁੰਗਾਰਾ ਚੱਲ ਕੇ ਨਾ ਆਏਗਾ ਲੰਘ ਗਏ ਕਿੰਨੇ ਵਰ੍ਹੇ ਤੇ ਹੋਰ ਵੀ ਲੰਘ ਜਾਣਗੇ ਜੁਗਨੂੰ ਬਚਪਨ ਦੇ ਗੁਆਚੇ ਹੁਣ ਕਦੋਂ ਹੱਥ ਆਣਗੇ।

ਦੂਸ਼ਿਤ

ਵਿਗਿਆਨੀ ਕਹਿੰਦੇ ਨੇ ਸਾਡੇ ਚਾਰ ਚੁਫ਼ੇਰੇ ਫ਼ੈਲ ਗਿਆ ਪ੍ਰਦੂਸ਼ਣ ਖ਼ਤਰਾ ਨਿਸ ਦਿਨ ਵਧਦਾ ਜਾਵੇ ਨਾ ਠਲ੍ਹਿਆ ਤਾਂ ਆਖਰ ਹਾਲਤ ਇਹ ਹੋ ਜਾਣੀ ਅਗਲਾ ਸਾਹ ਆਵੇ ਨਾ ਆਵੇ ਦੂਸ਼ਿਤ ਪੌਣ ਤੇ ਪਾਣੀ ਦੂਸ਼ਿਤ ਮਿੱਟੀ ਦੂਸ਼ਿਤ, ਅੰਨ ਵੀ ਦੂਸ਼ਿਤ ਇਹ ਸਭ ਜਾਣ ਗਏ ਵਿਗਿਆਨੀ ਪਰ ਅਸਲੀ ਗੱਲ ਫੇਰ ਨਾ ਜਾਣੀ ਬੰਦੇ ਅੰਦਰੋਂ ਦੂਸ਼ਿਤ ਹੋਏ ਦੂਸ਼ਿਤ ਸੋਚ, ਵਿਚਾਰ ਵੀ ਦੂਸ਼ਿਤ ਦੂਸ਼ਿਤ ਵਚਨ, ਵਿਹਾਰ ਵੀ ਦੂਸ਼ਿਤ ਸੁਪਨੇ ਕੌਲ ਕਰਾਰ ਵੀ ਦੂਸ਼ਿਤ ਮਿੱਤਰਤਾ ਮੋਹ ਪਿਆਰ ਵੀ ਦੂਸ਼ਿਤ ਬਾਹਰਲੇ ਪ੍ਰਦੂਸ਼ਨ ਦਾ ਤਾਂ ਲੱਭ ਲੈਣਗੇ ਹੱਲ ਵਿਗਿਆਨੀ ਸੋਚਾਂ, ਸੁਪਨਿਆਂ ਤੇ ਰਿਸ਼ਤਿਆਂ ਵਿੱਚ, ਫ਼ੈਲ ਗਏ ਪ੍ਰਦੂਸ਼ਨ ਦਾ ਕੀ ਹੱਲ ਹੋਵੇਗਾ ?

ਗੰਧਲੇ ਪਾਣੀ

ਜੇ ਤਿੜਕੇ ਹੋਏ ਰਿਸ਼ਤੇ ਦਾ ਤੈਨੂੰ ਵੀ ਕੁਝ ਅਹਿਸਾਸ ਨਹੀਂ ਤਾਂ ਤੇਰੇ ਕੂਲੇ ਲਫ਼ਜ਼ਾਂ ‘ਤੇ ਮੈਨੂੰ ਵੀ ਹੁਣ ਵਿਸ਼ਵਾਸ ਨਹੀਂ ਸੁਣ ਦੂਰ ਵਗਦੀਏ ਨਦੀਏ ਨੀ ਕਿੰਨੇ ਥਲ ਗਾਹ ਕੇ ਆਇਆ ਸੀ ਕਿਉਂ ਤੇਰੇ ਪਾਣੀ ਗੰਧਲੇ ਨੇ ਕਿਉਂ ਮੇਰੇ ਮਨ ਵੀ ਪਿਆਸ ਨਹੀਂ ਕਾਹਦਾ ਗਰਜ਼ਾਂ ਦਾ ਜਿਉਣਾ ਏ ਐਵੇਂ ਉਮਰਾਂ ਨੂੰ ਮਿਹਣਾ ਏ ਇਹ ਤਰਲਾ ਹੈ ਅਣਸਰਦੇ ਦਾ ਇਸ ਵਿੱਚ ਕੋਈ ਧਰਵਾਸ ਨਹੀਂ ਸੱਚ, ਸੁਹਜ, ਸਹਿਜ ਦੇ ਮਹਿੰਗੇ ਭਾਅ ਕਈ ਸੱਖਣੇ ਝੂਠ ਵਿਹਾਜੇ ਤੂੰ ਇਹ ਸੂਚੀ ਬੜੀ ਲੰਮੇਰੀ ਏ ਪਰ ਸੂਚੀ ਤਾਂ ਇਤਿਹਾਸ ਨਹੀਂ ਹੈ ਮਾਣ ਖੁਣ ਲਿਆ ਨਾਂ ਆਪਣਾ ਤੂੰ ਸੰਗਰਮਰਮਰ ਤੀ ਸਿੱਲ ਉੱਤੇ ਜੇ ਸੁਪਨਾ ਸਿਰਜ ਲਿਆ ਹੁੰਦਾ ਦਿਲ ਰਹਿੰਦਾ ਇਵੇਂ ਉਦਾਸ ਨਹੀਂ।

ਰੋਹ ਦੇ ਸੁਨੇਹੇ

ਫੇਰ ਦਮਾਮਾ ਯੁੱਧ ਦਾ ਵੱਜਿਆ ਗੱਜੀਏ ਰਣ ਵਿੱਚ ਖੜ੍ਹ ਕੇ। ਹੱਕ ਅਤੇ ਇਨਸਾਫ਼ ਦੀ ਖ਼ਾਤਰ ਹੱਥ ਭਗੌਤੀ ਫੜ ਕੇ। ਉਹ ਜੰਮਣਾ ਵੀ ਕਾਹਦਾ ਜੰਮਣਾ ਉਹ ਜੀਣਾ ਕੀ ਜੀਣਾ, ਜੇ ਨਾ ਖਾਵੇ ਲਹੂ ਉਬਾਲਾ ਜੇ ਨਾ ਡੌਲੇ ਫਰਕੇ। ਕਿਉਂ ਦਰ ਦਰ ਤੇ ਅਲਖ ਜਗਾਈਏ ਅਸੀਂ ਨਾ ਕੋਈ ਭਿਖਾਰੀ, ਖੋਹ ਲੈਣੇ ਨੇ ਕਣਕ ਦੇ ਸਿੱਟੇ ਨਾਲ ਵੈਰੀਆਂ ਲੜ ਕੇ। ਕੀ ਹੋਇਆ ਕੁਝ ਤਾਰੇ ਟੁੱਟੇ ਮਘਦੇ ਹੋਰ ਹਜ਼ਾਰਾਂ, ਜਿਨ੍ਹਾਂ ਚੀਰ ਹਨੇਰਾ ਮਿਲਣਾ ਸੂਰਜ ਨੂੰ ਜਾ ਤੜਕੇ। ਪੌਣ ਪੁਰੇ ਦੀ ਲੈ ਕੇ ਆਈ ਰੋਹ ਦੇ ਨਵੇਂ ਸੁਨੇਹੇ, ਸਾਂਭ ਨਾ ਹੋਣੇ ਕੱਖਾਂ ਤੋਂ ਜੋ ਸ਼ੋਅਲੇ ਅੱਜ ਨੇ ਭੜਕੇ।

ਜੰਮਣ ਵਾਲੇ ਸ਼ਬਦ

ਇਕ ਚੰਗਿਆੜੀ ਲੈ ਕੇ ਮਘਦੇ ਸੂਰਜ ਕੋਲੋਂ ਆਪਣੇ ਆਂਗਣ ਮੈਂ ਵੀ ਅੱਗ ਜਲਾ ਬੈਠਾ ਹਾਂ ਇਸ ਅੱਗ ਵਿੱਚ ਮੈਂ ਪਾ ਦੇਣਾ ਹੈ ਕੁਲ ਪ੍ਰਾਪਤ ਸ਼ਬਦਾਂ ਤੇ ਅਰਥਾਂ ਦਾ ਬਾਲਣ ਤੇ ਇਸ ਚਿੰਗਿਆੜੀ ਨੂੰ ਭਾਂਬੜ ਕਰ ਦੇਣਾ ਹੈ। ਇਸ ਅੱਗ ਤੋਂ ਕੁਝ ਸੇਕ ਮਿਲੇਗਾ ਚਾਨਣ ਦਾ ਵਿਸ਼ਵਾਸ ਜਗੇਗਾ ਹੋ ਜਾਏਗੀ ਪਰਖ ਨਾਲ ਹੀ ਮੇਰੇ ਕੁਲ ਸ਼ਬਦਾਂ, ਅਰਥਾਂ ਦੀ ਤੇ ਉਨ੍ਹਾਂ ਦੇ ਸੰਗ ਕਮਾਏ ਚੇਤਨ, ਅਵਚੇਤਨ ਕਰਮਾਂ ਦੀ, ਝੂਠੇ ਸ਼ਬਦ, ਅਰਥ ਜਲ ਜਾਣੇ ਸੱਚ ਦੀ ਕਣੀ ਹੋਰ ਲਿਸ਼ਕੇਗੀ। ਸ਼ਬਦ ਜੰਮਦੇ, ਗੱਲਾਂ ਕਰਦੇ ਤੇ ਅਰਥਾਂ ਤੋਂ ਅਰਥਾਂ ਤੱਕ ਇਕ ਪ੍ਰਵਾਹ ਚਲਦਾ ਹੈ। ਅੱਜ ਦੀ ਅਗਨ-ਪ੍ਰੀਖਿਆ ਵਿਚੋਂ ਜਿਹੜਾ ਅਰਥ ਜਿਉਂਦਾ ਮਿਲਣਾ ਉਸ ਦੀ ਮਹਿਮਾ, ਮੇਰੇ ਆਪਣੇ ਜੰਮਣ ਵਾਲੇ ਸ਼ਬਦ ਕਹਿਣਗੇ |

ਯੁੱਗ ਨਾਇਕ

ਇਕ ਰਿਸ਼ਤਾ ਜਦ ਟੁੱਟ ਜਾਂਦਾ ਹੈ ਤੇ ਦੂਜੇ ਰਿਸ਼ਤੇ ਨੇ ਹਾਲੇ ਬਣਨਾ ਹੁੰਦਾ; ਉਸ ਸਮੇਂ ਵਿਚਲੀ ਭਟਕਣ ਦੀ ਗਾਥਾ ਮੇਰੇ ਆਪਣੇ ਆਪੇ ਬਾਝੋਂ, ਕੌਣ ਸੁਣੇਗਾ ? ਇਕ ਪੁਰਾਣਾ ਦਰਪਣ ਜਿਸ 'ਚੋਂ ਦਿਸੇ ਨਾ ਚਿਹਰਾ ਆਪਣੇ ਹੱਥੀਂ ਤੋੜ ਲਿਆ ਮੈਂ, ਰਾਹਾਂ ਵਿੱਚ ਖਿੰਡੇ ਨੇ ਕਿੰਨੇ ਕੱਚ ਦੇ ਟੁਕੜੇ ਮੇਰੇ ਆਪਣੇ ਹੱਥਾਂ ਬਾਝੋਂ ਕੌਣ ਚੁਣੇਗਾ ? ਮੌਸਮ ਦੀ ਅੱਖ ਹੰਝੂ ਹੰਝੂ ਪੌਣਾਂ ਦੇ ਸਾਹ ਹਉਕਾ ਹਉਕਾ, ਫੇਰ ਝਨਾਂ ਵਿੱਚ ਕਹਿਰੀ ਛੱਲਾਂ ਮੇਰੇ ਆਪਣੇ ਸਾਹਸ ਬਾਝੋਂ, ਕੌਣ ਤਰੇਗਾ ? ਧਰਤੀ ਦਾ ਕਣ ਕਣ ਮਘਦਾ ਅੰਬਰ ਸੁਲਘੇ ਤਾਰਾ ਤਾਰਾ, ਨੇੜ੍ਹੇ ਦੇ ਤਪਦੇ ਥਲ ਅੰਦਰ ਜਗਿਆਸੂ ਕਦਮਾਂ ਨੂੰ ਮੈਂ ਬਿਨ, ਕੌਣ ਧਰੇਗਾ ? ਖੇਤਾਂ ਵਿੱਚ ਸੁੱਚੀ ਹਰਿਆਵਲ ਸੂਹੇ ਸੂਹੇ ਫੁੱਲ ਜੰਮਦੀ ਹੈ ਉਤੋਂ ਲੋਹੇ ਦਾ ਮੀਂਹ ਵਰ੍ਹਦਾ ਇਸਦੇ ਅੱਗੇ ਹਿੱਕ ਦੀ ਚਾਦਰ, ਕੌਣ ਤਣੇਗਾ ? ਥਾਂ ਥਾਂ ਤੇ ਇਕ ਅਗਨੀ ਭੜਕੀ ਚਿਣਗਾਂ ਬਣ ਰਹੀਆਂ ਨੇ ਲਾਟਾਂ, ਏਦਾਂ ਹੀ ਨੇ ਯੁਗ ਬਦਲਦੇ ਏਸ ਯੁਗ ਦਾ ਨਾਇਕ ਯਾਰੋ, ਕੌਣ ਬਣੇਗਾ ?

ਵਗਦੇ ਦਰਿਆ ਵਿਚ

ਦਿਨ, ਮਹੀਨੇ ਤੇ ਵਰ੍ਹੇ ਉਸ ਦੇ ਕੋਲੋਂ ਦੀ, ਕਦੇ ਸ਼ੂਕਦੇ ਕਦੇ ਚੁੱਪ ਚੁਪੀਤੇ ਲੰਘਦੇ ਰਹੇ ਤੇ ਉਹ ਕੰਢੇ ‘ਤੇ ਬੈਠਾ ਸਮੇਂ ਦੇ ਦਰਿਆ ਦੀਆਂ ਲਹਿਰਾਂ ਗਿਣਦਾ ਉਸ ਪਲ ਦੀ ਉਡੀਕ ਕਰਦਾ ਰਿਹਾ ਜਿਸ ਪਲ ਨੇ ਉਸ ਦੀ ਪੂਰੀ ਦੀ ਪੂਰੀ ਉਮਰ ਬਣਨਾ ਸੀ ਪਰ ਨਾ ਉਹ ਪਲ ਹੀ ਆਇਆ ਨਾ ਉਸ ਦੀ ਉਡੀਕ ਹੀ ਮੁੱਕੀ ਦਿਨ, ਮਹੀਨੇ ਤੇ ਵਰ੍ਹਿਆਂ ਦੇ ਪਾਣੀ ਜਿਹੇ ਸਮੇਂ ਦੇ ਵਗਦੇ ਦਰਿਆ ਵਿਚ ਉਸ ਦੀ ਉਮਰ ਹਰ ਘੜੀ ਖੁਰਦੀ ਰਹੀ ਕੱਚੀ ਮਿੱਟੀ ਵਾਂਗ ਉਸ ਦੀ ਹੋਂਦ ਵੀ ਦੂਰ ਜਾਂਦੇ ਪਾਣੀਆਂ ‘ਚ ਘੁਲਦੀ ਰਹੀ

ਕਿੱਥੇ ਹੈਂ ਤੂੰ

(ਗੁਰਪਿੰਦਰ ਦੇ ਨਾਂ) ਤੂੰ ਕੋਲ ਸੀ ਤਾਂ ਇਹੋ ਸੀ ਇੱਛਾ ਮੇਰੀ ਸ਼ਾਮ ਨੂੰ ਆਵਾਂ ਜਦੋਂ ਘਰ ਦਫ਼ਤਰੋਂ ਹੋਵੇਂ ਤੂੰ ਦਹਿਲੀਜ਼ ’ਤੇ, ਖੋਲ੍ਹੇਂ ਦੁਆਰ ਭਰ ਕੇ ਨਜ਼ਰਾਂ ਵਿੱਚ ਉਡੀਕ ਬੁੱਲ੍ਹਾਂ ‘ਚ ਹਲਕੀ ਮੁਸਕਰਾਹਟ ਇਉਂ ਹੀ ਹੁੰਦਾ ਸੀ ਅਕਸਰ ਜੇ ਕਦੇ ਕੁਝ ਦੇਰ ਲੱਗਦੀ ਪੁੱਛਦਾ : ਕਿੱਥੇ ਸੀ ਤੂੰ ਸਹਿਜ ਹੁੰਦਾ ਸੀ ਸਦਾ ਤੇਰਾ ਜਵਾਬ: ਪਿਛਲੇ ਵਿਹੜੇ ਵਿਚ ਪਾਣੀ ਲਾ ਰਹੀ ਸੀ ਘਾਹ ਨੂੰ, ਫੁੱਲ ਬੂਟਿਆਂ ਨੂੰ ਸਬਜ਼ੀਆਂ ਦੀਆਂ ਕਿਆਰੀਆਂ ਨੂੰ ਦੱਸੋ ਕੀ ਪੀਓਗੇ ਠੰਡਾ ਸ਼ਰਬਤ ਜਾਂ ਸ਼ਿਕੰਜਵੀ ਤੂੰ ਜੋ ਚਾਹੇਂ ਕੁਝ ਵੀ ਦੇ ਦੇ ਨਾਲ ਆਪਣੀ ਮੁਸਕਰਾਹਟ ਲਹਿ ਜਾਏ ਸਾਰਾ ਥਕੇਵਾਂ ਕੰਮ ਦਾ ਪਰਤਦਾ ਘਰ ਖੁੱਲ੍ਹਦਾ ਬੂਹਾ ਰਤਾ ਜੇ ਦੇਰ ਨਾਲ ਪੁੱਛਦਾ : ਕਿੱਥੇ ਸੀ ਤੂੰ ਸਹਿਜ ਹੁੰਦਾ ਸੀ ਬੜਾ ਤੇਰਾ ਜਵਾਬ: ਲਾਹ ਰਹੀ ਸੀ ਤਾਰ ਉਤੋਂ ਕੱਪੜੇ ਧੋ ਸਵੇਰੇ ਪਾਏ ਸੀ ਜੋ ਸੁੱਕਣੇ ਦੱਸੋ ਕੀ ਪੀਓਗੇ ਜੂਸ ਜਾਂ ਕਾਫ਼ੀ ਜਾਂ ਚਾਹ ਜੋ ਤੇਰੀ ਮਰਜ਼ੀ ਹੈ ਦੇ ਦੇ ਨਾਲ ਮੋਹ ਦਾ ਨਿੱਘ ਵੀ ਲਹਿ ਜਾਏ ਸਾਰਾ ਥਕੇਵਾਂ ਕੰਮ ਦਾ ਘਰ 'ਚ ਸਾਂਝੀ ਸ਼ਾਮ ਗੱਲਾਂ ਤੁਰਦੀਆਂ ਜਾਂ ਫਿਰ ਆਪਾਂ ਤੁਰਦੇ ਨਿੱਕੇ ਸਫ਼ਰ ‘ਤੇ ਵਿਚ ਬਜ਼ਾਰਾਂ ਕਰਦੇ ਨਿਕਸੁਕ ਦੀ ਖ਼ਰੀਦ ਜਾਂ ਬੇਮਕਸਦ ਮਟਰਗਸ਼ਤੀ ਭੀੜ ਵਿੱਚ ਗੁੰਮਣ ਦੀ ਲੋਚਾ ਝੀਲ ਕੰਢੇ ਦੇਖਦੇ ਲਹਿ ਰਹੇ ਸੂਰਜ ਦੀ ਲਾਲੀ ਤੇਰੇ ਚਿਹਰੇ ‘ਤੇ ਵੀ ਫਿਰ ਜਾਂਦੀ ਸੀ ਜੋ ਦਸਤਕ ਦਿੰਦੇ ਜਾਂ ਕਿਸੇ ਮਿੱਤਰ ਦੇ ਘਰ ਰਾਤ ਦੀ ਦਾਅਵਤ ਲਈ ਦੇਣ ਲਈ ਆਪਣਾ ਬੁਲਾਵਾ ਜਾਂ ਕਦੇ ਫਿਰ ਕਦੇ ਤੁਰਦੇ ਲੰਮੇਰੇ ਸਫ਼ਰ ‘ਤੇ ਪਰਬਤਾਂ, ਨਦੀਆਂ ਤੇ ਚਸ਼ਮੇ, ਝਰਨਿਆਂ ਪਾਰਕਾਂ, ਬਾਗਾਂ ਤੇ ਝੀਲਾਂ, ਸਾਗਰਾਂ ਖ਼ੂਬਸੂਰਤ ਦ੍ਰਿਸ਼ਾਂ ਦਾ ਤੇ ਚਿਹਰਿਆਂ ਦਾ ਖੋਲ੍ਹ ਕੇ ਦਿਲ ਸੀ ਸੁਹੱਪਣ ਮਾਣਦੇ ਜ਼ਿੰਦਗੀ ਦੇ ਨਿੱਕੇ ਵੱਡੇ ਭੇਤ ਵੀ ਪਹਿਚਾਣਦੇ ਰਲ ਕੇ ਤੁਰਦੇ ਉੱਚੇ ਨੀਵੇਂ ਰਸਤਿਆਂ ‘ਤੇ ਸੀ ਕਦੇ ਖ਼ਾਮੋਸ਼ ਹੋ ਕੇ ਟਹਿਲਦੇ ਖੁੱਲ੍ਹ ਕੇ ਹੱਸਦੇ ਕਦੇ ਸੀ ਬਹਿਸਦੇ ਤਿੱਖੀਆਂ ਚੋਭਾਂ ਦੇ ਡੰਗ ਵੀ ਮਾਰਦੇ ਝਗੜਦੇ ਤੇ ਰੁੱਸਦੇ ਗੁੱਸੇ ਭਰੇ ਝੱਟ ਫਿਰ ਮੰਨਦੇ ਮਨਾਉਂਦੇ ਕਈ ਸੁਰਾਂ ਵਿਚ ਜ਼ਿੰਦਗੀ ਦੇ ਗੀਤ ਗਾਉਂਦੇ ਉਮਰ ਦੇ ਕਈ ਮੀਲ ਪੱਥਰ ਛੱਡ ਪਿੱਛੇ ਅਗਲਿਆਂ ਵਲ ਸਰਕਦੇ ਫਿਰ ਅਚਾਨਕ ਮੌਤ ਝਪਟੀ ਬਾਜ਼ ਵਾਂਗ ਪੰਜੇ ਫਸਾ ਕੇ ਲੈ ਗਈ ਤੈਨੂੰ ਉੜਾ ਪਾਣੀਆਂ ਵਿਚ ਰਲਣ ਜੋਗੀ ਰਾਖ ਬਾਕੀ ਰਹਿ ਗਈ ਜਾਂ ਫਿਰ ਸਦਮੇ ਦੀ ਭੰਨੀ ਰੂਹ ਮੇਰੀ ਤੇ ਮੇਰੀ ਹਿੱਕ ਦਾ ਖਿਲਾਅ ਪਰਤਦਾ ਹੁਣ ਵੀ ਘਰ ਨੂੰ ਸ਼ਾਮ ਵੇਲੇ ਦਫ਼ਤਰੋਂ ਖੋਲ੍ਹਦਾ ਹਾਂ ਆਪ ਹੀ ਇਸ ਦੇ ਦੁਆਰ ਘੁੰਮਦਾ ਹਾਂ ਕਮਰਿਆਂ ਵਿੱਚ ਹੋ ਉਦਾਸ ਭਾਲਦਾ ਤੈਨੂੰ ਰਸੋਈ ਵਿਚ ਜਾ ਕੇ ਤੂੰ ਨਹੀਂ ਹੁੰਦੀ ਕਿਤੇ ਵੀ ਪਿਛਲੇ ਵਿਹੜੇ ਵਿਚ ਵੀ ਨਹੀਂ ਕਿੱਥੇ ਹੈਂ ਤੂੰ ਮੇਰੇ ਸਾਹਾਂ ‘ਚੋਂ ਨਿਕਲਦਾ ਹੈ ਸਵਾਲ ਤੇ ਖਿਲਾਅ ਵਿਚ ਲਟਕਿਆ ਰਹੇ ਦੇਰ ਤਕ ਹੁਣ ਕਦੇ ਦੇਣਾ ਨਹੀਂ ਤੂੰ ਏਸ ਦਾ ਕੋਈ ਜਵਾਬ |

ਸੂਤਰਧਾਰ

ਮੈਂ ਨਾਇਕ ਹੋਣ ਦਾ ਦਾਅਵਾ ਭਲਾ ਦੱਸੋ ਕਦੋਂ ਕੀਤਾ ? ਪਰ ਇਸ ਦੁਖਾਂਤ ਨਾਟਕ ਵਿੱਚ ਮੇਰਾ ਕੋਈ ਰੋਲ ਤਾਂ ਬਣਦੈ ਤੁਸੀਂ ਵੀ ਮੰਨਦੇ ਜਿਸ ਨੂੰ ਜਦੋਂ ਹੱਸ ਕੇ ਤੁਸੀਂ ਮੈਨੂੰ ਹੋ ਸੂਤਰਧਾਰ ਕਹਿ ਦਿੰਦੇ। ਤੁਹਾਡੀ ਭੂਮਿਕਾ ਵੀ ਅਹਿਮ ਨਹੀਂ ਮੈਂ ਏਸ ਤੋਂ ਮੁਨਕਰ, ਤੁਸੀਂ ਇਸ ਨਾਟ ਅੰਦਰ ਬੜੇ ਹੀ ਟੇਢੇ ਵਿਦੂਸ਼ਕ ਹੋ ਜਾਂ ਗੁੰਝਲਦਾਰ ਖਲਨਾਇਕ ਜਿਨ੍ਹਾਂ ਨੇ ਨਾਇਕ ਦੇ ਹਰ ਕਰਮ ਦਾ ਹਾਸਾ ਉਡਾਉਣਾ ਹੈ ਜਾਂ ਫਿਰ ਨਾਟ ਵਿਚਲੀ ਤ੍ਰਾਸਦੀ ਨੂੰ ਜਰ੍ਹਬ ਹੈ ਦੇਣੀ। ਸਮਾਂ ਤੇ ਦ੍ਰਿਸ਼ ਬਦਲਣ ਤੋਂ ਜਦੋਂ ਪਾਰਟ ਨਵਾਂ ਮਿਲਿਆ ਚੁਣੌਤੀ ਸਮਝ ਕੇ ਇਸ ਨੂੰ ਮੈਂ ਤਾਂ ਭੂਮਿਕਾ ਨਾਇਕ ਦੀ ਵੀ ਸਵੀਕਾਰ ਕਰ ਲੈਣੀ ਤੁਸੀਂ ਪਰ ਸ਼ਰਮ ਦੇ ਮਾਰੇ ਸੂਤਰਧਾਰ ਨਹੀਂ ਬਣਨਾ

ਕੱਲ੍ਹ ਨੂੰ

ਵਾਯੂ ਮੰਡਲ ਵਿਚ ਭਰੇ ਨੇ ਧੂੰਆਂ, ਬਦਬੂ, , ਮਿੱਟੀ ਘੱਟਾ ਹੋਠ ਤਰੇੜੇ, ਦਮ ਘੁਟਦਾ ਹੈ। ਦਿਹੁੰ ਦਾ ਚਾਨਣ ਫਿੱਕਾ ਫਿੱਕਾ ਜੰਮਦੇ ਸਾਰ ਮਰਨ ਖੁਸ਼ਬੋਆਂ ਹਰ ਫੁੱਲ ਦਾ ਅੰਗ ਅੰਗ ਟੁੱਟਦਾ ਹੈ। ਤਲਖ਼ ਜਿਹੇ ਇਸ ਵਰਤਮਾਨ ਵਿਚ ਕਿਸੇ ਪੈਗ਼ੰਬਰ ਦੇ ਆਵਣ ਤਕ ਅਸੀਂ ਮੁਲਤਵੀ ਕਰ ਨਹੀਂ ਸਕਦੇ ਹੱਸ ਕੇ ਤੇ ਜੀਅ ਭਰ ਕੇ ਜੀਣਾ ਜੂਝ ਰਹੀ ਜ਼ਿੰਦਗੀ ਨੂੰ ਗਾਉਣਾ। ਚੁੱਕੀਏ ਆਪਣੇ ਆਪਣੇ ਸ਼ਸਤਰ ਅੱਜ ਦੀ ਮੁਕਤੀ ਖ਼ਾਤਰ ਲੜੀਏ। ਕੱਲ੍ਹ ਨੂੰ ਹੋਵਣ ਵਾਲੀ ਜਿੱਤ ਦਾ ਇਕ ਵਿਸ਼ਵਾਸ ਹਿੱਕਾਂ ਵਿੱਚ ਭਰੀਏ। ਕੱਲ੍ਹ ਸੁਬ੍ਹ ਜੋ ਸੂਰਜ ਚੜ੍ਹਨਾ,ਉਹ ਸਾਡਾ ਹੈ। ਕੱਲ੍ਹ ਦੇ ਦਿਨ ਜੋ ਫੁੱਲ ਹਨ ਖਿੜਨੇ, ਉਹ ਸਾਡੇ ਨੇ। ਕੱਲ੍ਹ ਜੋ ਪੌਣੀਂ ਮਹਿਕ ਰੁਮਕਣੀ, ਉਹ ਸਾਡੀ ਹੈ। ਕੱਲ੍ਹ ਜੋ ਸਾਹੀਂ ਗੀਤ ਜਾਗਣਾ, ਉਹ ਸਾਡਾ ਹੈ।

ਪੰਛੀਆਂ ਨੂੰ ਰੋਟੀ ਲਈ ਸੱਦਾ

ਉੱਚੀਆਂ ਉੱਚੀਆਂ ਚਹੁੰ ਕੰਧਾਂ ਦੀ ਤੰਗ ਜਿਹੀ ਇਕ ਵਲਗਣ ਅੱਗੇ ਮੋਟੀਆਂ ਲੋਹ-ਸੀਖਾਂ ਦਾ ਛੋਟਾ ਜਿਹਾ ਦਰਵਾਜ਼ਾ ਬਾਹਰੋਂ ਜੰਦਰਾ ਵੱਜਾ ਜੇਲ੍ਹ ਦੇ ਅੰਦਰ ਜੇਲ੍ਹ ਜਿਹੀ ਹੈ। ਇਸ ਵਿੱਚ ਬੰਦ ਕੀਤਾ ਹੈ ਮੈਨੂੰ ਉਨ੍ਹਾਂ ਨੇ, ਜਿਨ੍ਹਾਂ ਲਈ ਬਣਿਆਂ ਅੱਜ ਸਮਾਂ ਖ਼ਤਰੇ ਦੀ ਝੰਡੀ ਜਿਨ੍ਹਾਂ ਨੂੰ ਇਸਦਾ ਪ੍ਰਛਾਵਾਂ ਸਾਡੀਆਂ ਅੱਖਾਂ ਵਿਚੋਂ ਦਿਸਦਾ। ਭੁੱਖਾਂ ਮਾਰੇ ਏਸ ਦੇਸ਼ ਵਿਚ ਕਿਰਤਾਂ ਦੇ ਮੂੰਹੋਂ ਅੰਨ ਖੋਹ ਕੇ ਕੁਝ ਲੋੜ ਵਧ ਰੱਜੇ ਬੰਦੇ ਸ਼ਾਮ ਸਵੇਰੇ ਸਾਨੂੰ ਦਿੰਦੇ ਗੱਤੇ ਵਰਗੀਆਂ ਤਿੰਨ ਰੋਟੀਆਂ ਤੇ ਗੰਧਲੇ ਪਾਣੀ ਜਿਹੀ ਇਕ ਦਾਲ ਦੀ ਕੌਲੀ। ਮੈਂ ਕੱਲਾ ਹਾਂ ਇਸ ਵਲਗਣ ਵਿਚ ਮੇਰੇ ਕੋਲ ਨਾ ਕੋਈ ਮੇਰਾ ਮਿੱਤਰ ਸਾਥੀ ਪਰ ਮੈਂ ਕੱਲਾ ਖਾਣ ਨਾ ਜਾਣਾਂ। ਆਓ ਪੰਛੀਓ ! ਰਲ ਕੇ ਖਾਈਏ ਸਾਦ ਮੁਰਾਦੀ ਰੋਟੀ ਖ਼ਾਤਰ ਕਰੋ ਕਬੂਲ ਇਕ ਨਿੱਘੇ ਮਿੱਤਰ-ਦਿਲ ਦਾ ਸੱਦਾ। ਆਓ ਨੀ ਚਿੜੀਓ ! ਆਓ ਕਬੂਤਰੋ ! ਆਪਣੀਆਂ ਨਿੱਕੀਆਂ ਹਵਾਈ ਛਤਰੀਆਂ ਤਾਣ ਕੇ ਹੇਠਾਂ ਉਤਰ ਆਵੋ, ਤੁਸੀਂ ਸੁਤੰਤਰ ਪੌਣ ਦੇ ਵਾਸੀ ਕ ਹਿ ਸਕਦਾ ਹੈ ਕਿਹੜਾ ਮੂਰਖ ‘ਦੁਸ਼ਮਣ ਦੇ ਏਜੰਟ’ ਤੁਹਾਨੂੰ। ਹੱਥਾਂ ਨਾਲ ਕੁਤਰ ਕੇ ਰੱਖੀ ਤੁਹਾਡੇ ਰੱਜਣ ਜੋਗੀ ਰੋਟੀ ਚੁੰਝ ਫਸਾ ਕੇ, ਖੰਭ ਭਿੜਾ ਕੇ ਕਿਉਂ ਲੜਦੇ ਹੋ ਬੱਚਿਆਂ ਵਾਂਗੂ ਭਾਵੇਂ ਤੁਸੀਂ ਇਉਂ ਕਰਦੇ ਵੀ ਮੈਨੂੰ ਡਾਢੇ ਚੰਗੇ ਲੱਗਦੇ। ਪਰ ਨਹੀਂ ਦੇਣੀ ਦਾਲ ਤੁਹਾਨੂੰ ਇਸ ਦੀ ਚੰਦਰੀ ਛੋਹ ਤੋਂ ਨਿੱਕੀਆਂ ਨਿੱਕੀਆਂ ਜੀਭਾਂ ਗਾਉਣਾ ਨਾ ਭੁੱਲ ਜਾਵਣ ਕਿਧਰੇ। ਮੇਰਾ ਸ਼ਾਇਰ ਦਿਲ, ਦੋਸਤੋ। ਬੱਚਿਆਂ ਦਾ, ਫੁੱਲਾਂ ਦਾ ਤੇ ਗੀਤਾਂ ਦਾ ਆਸ਼ਕ ਇਨ੍ਹਾਂ ਦੇ ਪਲ੍ਹਣ ਲਈ ਜੂਝੇ। (ਜ਼ਿਲ੍ਹਾ ਜੇਲ੍ਹ, ਲੁਧਿਆਣਾ)

ਜ਼ਿੰਦਗੀ ਤੇ ਅਸੀਂ

ਬੰਦ ਹੋਈਏ ਅਸੀਂ ਭਾਵੇਂ ਕਿੰਨੇ ਹੀ ਦਰਵਾਜ਼ਿਆਂ ਪਿੱਛੇ ਟੁੱਟ ਨਹੀਂ ਸਕਦਾ ਪਰ ਜ਼ਿੰਦਗੀ ਨਾਲੋਂ ਸਾਡਾ ਸਬੰਧ। ਇਨ੍ਹਾਂ ਕੰਧਾਂ ਦੀ ਹੈਰਾਨ ਚੁੱਪ ਸੌ ਸੌ ਵਾਰ ਪੁੱਛਦੀ ਹੈ ਸਾਥੋਂ ਹੱਦਾਂ ਨੂੰ ਚੀਰ ਜਾਣ ਵਾਲੀ ਸਾਡੀ ਨਜ਼ਰ ਦਾ ਭੇਤ। ਬੰਦ ਦਰਵਾਜ਼ੇ ਦੀਆਂ ਸੀਖਾਂ ਕਰਨਾ ਚਾਹੁੰਦੀਆਂ ਨੇ ਆਪਣਾ ਮੌਨ ਭੰਗ ਸਾਡੇ ਹੱਥਾਂ ਵਿੱਚ ਕਿਰਤ ਜਾਂ ਯੁੱਧ ਦੇ ਹਥਿਆਰ ਬਣ ਕੇ। ਸਰਘੀ ਦੀ ਸਿੱਲ੍ਹੀ ਸਿੱਲ੍ਹੀ ਪੌਣ ਰੋਜ਼ ਲੈ ਕੇ ਆਉਂਦੀ ਹੈ ਆਪਣੀ ਬੁੱਕਲ ‘ਚ ਨੇਰ੍ਹੇ ਵਿਰੁੱਧ ਜੂਝਦੇ ਯਾਰਾਂ ਦੇ ਸੰਦੇਸ਼। ਕੋਸੀ ਧੁੱਪ ‘ਚ ਲਿਸ਼ਕ ਉਠਦਾ ਹੈ ਧਰਤੀ ਦਾ ਗੋਰਾ ਤੇ ਭਰਵਾਂ ਜਿਸਮ ਜਿਸ ਵਿਚੋਂ ਜ਼ਿੰਦਗੀ ਦੀ ਹਰ ਖੂਬਸੂਰਤੀ ਜਨਮ ਹੈ ਲੈਂਦੀ। ਸੀਖਾਂ ਉਹਲੇ ਰੋਜ਼ ਹਾਂ ਤੱਕਦੇ ਅਸੀਂ ਅਸਮਾਨ ਦੀ ਡੂੰਘੀ ਪਿਆਰੀ ਨੀਲੱਤਣ ਦੇ ਇਸ਼ਾਰੇ। ਸੀਖਾਂ ਉਹਲੇ ਰੋਜ਼ ਹਾਂ ਸੁਣਦੇ ਅਸੀਂ ਸੱਜਰੇ ਫੁੱਟੇ ਰੁੱਖਾਂ ਦੇ ਮੁਸਕਰਾਉਂਦੇ ਬਾਲ-ਬੁੱਲ੍ਹਾਂ ਜਿਹੇ ਕੂਲੇ ਸਾਵੇ ਪੱਤਿਆਂ ਦੇ ਤੋਤਲੇ ਬੋਲ ਤੇ ਪੰਛੀਆਂ ਦੇ ਅਨੇਕ ਭਾਂਤ ਦੇ ਜਾਦੂ ਭਰੇ ਰਾਗ। ਟਿਕੀ ਦੁਪਹਿਰ 'ਚ ਲੱਭਦੇ ਹਾਂ ਅਸੀਂ ਛਪੇ ਹਰਫ਼ਾਂ 'ਚੋਂ ਜਾਂ ਉਸਲਵੱਟੇ ਲੈਂਦੀਆਂ ਸੋਚਾਂ 'ਚੋਂ ਬੀਤੇ ਦੀਆਂ ਹਾਰਾਂ ਜਿੱਤਾਂ ਹੁਣ ਦੀਆਂ ਜਦੋ-ਜਹਿਦਾਂ ਤੇ ਜ਼ੁੰਮੇਵਾਰੀਆਂ ਆਉਣ ਵਾਲੇ ਸਮੇਂ ਦੇ ਗੂੜ੍ਹੇ ਇਕਰਾਰ। ਮਚਲਣ ਲਾ ਦਿੰਦੀ ਹੈ ਕਿੰਨੀਆਂ ਦੱਬੀਆਂ ਇਛਾਵਾਂ ਨੂੰ ਡੂੰਘੀ ਹੁੰਦੀ ਸ਼ਾਮ ਵਿਚ ਤਾਰਿਆਂ ਦੀ ਚੁੱਪ-ਤੱਕਣੀ। ਚੰਨ ਚਾਨਣੀ ਬੇਸ਼ਕ ਸੰਗਦੀ ਸੀਖਾਂ ਦੇ ਅੰਦਰ ਆਉਣੋਂ ਝਿਜਕਦੀ ਹੈ ਪਰ ਸਾਹਮਣੇ ਆਂਗਣ ਵਿਚ ਡੋਲ੍ਹ ਦਿੰਦੀ ਦਿਲ ਦੇ ਸਾਰੇ ਚਾਅ, ਸਾਰਾ ਲਾਡ ਪਿਆਰ। ਕੀ ਏਨਾ ਕੁਝ ਕਾਫੀ ਨਹੀਂ ? ਜ਼ਿੰਦਗੀ ਦੀਆਂ ਧੜਕਣਾਂ ਵਿੱਚ ਹੋਰ ਵੇਗ, ਹੋਰ ਜੁਰੱਅਤ ਭਰਨ ਲਈ ? ਇਨ੍ਹਾਂ ਬੂਹਿਆਂ ਤੇ ਕੰਧਾਂ ਦਾ ਕੀ ਹੈ ? ਬੂਹੇ ਖੋਲ੍ਹ ਦਿੱਤੇ ਜਾਣਗੇ ਜਾਂ ਤੋੜ ਦਿੱਤੇ ਜਾਣਗੇ ਕੰਧਾਂ ਕਹਿਣਗੀਆਂ ਆਪਣੇ ਆਪ ਹੀ ਜ਼ੁਲਮ ਦੇ ਸਾਕੇ ਤੇ ਸਿਦਕ ਦੇ ਕਿੱਸੇ । (ਜ਼ਿਲ੍ਹਾ ਜੇਲ੍ਹ, ਲੁਧਿਆਣਾ)

ਨਿੱਕਾ ਜਿਹਾ ਟੁਕੜਾ

ਏਨੀ ਵੱਡੀ ਧਰਤੀ ਤੇ ਇੱਕ ਨਿੱਕਾ ਜਿਹਾ ਟੁਕੜਾ ਵੀ ਮੇਰਾ ਆਪਣਾ ਨਹੀਂ ਕਿ ਮੈਂ ਬਾਜਰੇ ਦਾ ਖੇਤ ਬੀਜ ਸਕਦਾ ਸਰ੍ਹੋਂ ਦੀ ਕਿਆਰੀ ਉਗਾ ਸਕਦਾ ਜਾਂ ਅੰਬ ਦਾ ਰੁੱਖ ਹੀ ਲਾ ਸਕਦਾ। ਪਰ ਮੇਰਾ ਇਕ ਦਿਲ ਤਾਂ ਹੈ ਜੋ ਅਜੇ ਤਕ ਮੇਰਾ ਆਪਣਾ ਹੈ ਇਹੋ ਹੀ ਬਣ ਜਾਂਦੈ ਮੇਰੇ ਲਈ ਕਦੇ ਬਾਜਰੇ ਦਾ ਖੇਤ ਕਦੇ ਸਰ੍ਹੋਂ ਦੀ ਕਿਆਰੀ ਕਦੇ ਅੰਬ ਦਾ ਰੁੱਖ। ਚੂੰਡੀ ਗਈ ਹੈ ਬਹੁਤ ਵਾਰ ਦੋਧੇ ਦਾਣਿਆਂ ਦੀ ਹਿੱਕ ਮਿੱਧੀ ਗਈ ਹੈ ਕਿੰਨੀ ਵਾਰ ਸੱਜਰੇ ਫੁੱਲਾਂ ਦੀ ਸ਼ੋਖੀ ਟੁੱਕੇ ਗਏ ਕਈ ਵਾਰੀ ਪੱਕਣ ਤੋਂ ਪਹਿਲਾਂ ਹੀ ਫ਼ਲ ਪਰ ਮੇਰੇ ਦਿਲ ਦਾ ਇਹ ਨਿੱਕਾ ਜਿਹਾ ਟੁਕੜਾ ਜੋ ਮੇਰਾ ਆਪਣਾ ਹੈ ਅਜੇ ਬੰਜਰ ਨਹੀਂ ਬਣਿਆ।

ਏਸ ਤੋਂ ਪਹਿਲਾਂ

ਹੁਣ ਤਾਂ ਏਥੋਂ ਵੀ ਜਾਣਾ ਹੀ ਬਣਦਾ ਹੈ ਮੇਰਾ। ਪਤਾ ਨਹੀਂ ਹੈ ਮੈਨੂੰ ਕਿਸ ਮੰਜ਼ਿਲ ਦੀ ਤਲਾਸ਼ ਮੈਂ ਉਹ ਯਾਤਰੀ ਹਾਂ ਜਿਸ ਨੂੰ ਪੜਾਵਾਂ ‘ਤੇ ਵੀ ਚੈਨ ਨਹੀਂ। ਜਦੋਂ ਮੈਂ ਰਾਹਾਂ ਉਪਰ ਨਹੀਂ ਤੁਰਦਾ ਤਾਂ ਰਾਹ ਮੇਰੇ ਉਪਰੋਂ ਤੁਰਨ ਲੱਗਦੇ ਨੇ। ਨੀਲੀਆਂ ਝੀਲਾਂ ਦੇ ਕੰਢੇ ਬਹਿ ਚਿੱਟੇ ਹੰਸਾਂ ਦੀ ਉਡੀਕ ਕਰਨੀ ਮੇਰੀ ਹੋਣੀ ਨਹੀਂ। ਮੇਰੇ ਹਿੱਸੇ ਤਾਂ ਆਉਂਦੀ ਹੈ ਕਦੇ ਕਦਾਈਂ ਗੰਧਲੇ ਪਾਣੀ ਦੀ ਘੁੱਟ ਜਾਂ ਰੁੰਡ ਮੁੰਡ ਰੁੱਖਾਂ ਦੀ ਛਾਂ ਇਸ ਟੁੱਟੇ ਭੱਜੇ ਸਮੇਂ ਵਿੱਚ ਸਾਬਤ ਮਨੁੱਖ ਬਣ ਕੇ ਜੀਣ ਦੀ ਜ਼ਿੱਦ ਆਪ ਸਹੇੜਿਆ ਦੁਖਾਂਤ ਹੈ ਮੇਰੇ ਲਈ। ਮੈਂ ਇਨ੍ਹਾਂ ਰੇਤ ਰਲੇ ਰਿਸ਼ਤਿਆਂ ’ਚੋਂ ਅਛੋਹ ਤੇ ਪਵਿੱਤਰ ਖੁਸ਼ੀ ਦੀ ਭਾਲ ਕਰਦਾ ਨਜ਼ਰਾਂ ਗੁਆਈ ਜਾ ਰਿਹਾਂ। ਮੇਰੀ ਉਮਰ ਵਰ੍ਹਿਆਂ ‘ਚ ਨਹੀਂ ਜਿਸਮ ‘ਚੋਂ ਕਿਰਦੀ ਮਿੱਟੀ ਨਾਲ ਮਿਣੀ ਜਾਂਦੀ ਹੈ। ਏਸ ਤੋਂ ਪਹਿਲਾਂ ਕਿ ਧੁੰਦਲੀ ਹੋ ਜਾਏ ਅੱਖਾਂ ਦੀ ਲੋਅ ਕਿਰ ਜਾਏ ਜਿਸਮ ਦੀ ਸਾਰੀ ਦੀ ਸਾਰੀ ਮਿੱਟੀ ਕਰ ਦੇਵੇ ਨਾਂਹ ਗੰਧਲਾ ਪਾਣੀ ਬੁੱਲ੍ਹਾਂ ਨੂੰ ਲੱਗਣ ਤੋਂ ਫੈਲ ਜਾਵੇ ਰਗਾਂ ‘ਚ ਹੜ੍ਹ ਦੇ ਹੁੰਮਸ ਜਿਹੀ ਉਦਾਸੀ ਡਿੱਗ ਪਵੇ ਰੂਹ ਉਤੇ ਗਿੱਲੀ ਸੁਆਹ ਵਾਂਗ ਆਤਮਘਾਤੀ ਛਿਣਾਂ ਦਾ ਕਾਲਾ ਰੌਂਅ ਮੇਰਾ ਏਥੋਂ ਤੁਰਨਾ ਹੀ ਬਣਦਾ ਹੈ।

ਤਿੰਨ ਕਵਿਤਾਵਾਂ

1. ਜਾਂ ਤਾਂ ਕੈਦ ਮਿਲੇ ਗਲਘੋਟੂ ਜਾਂ ਜੰਗ ਦੇ ਜ਼ਖ਼ਮਾਂ ਦੀ ਪੀੜਾ, ਮਾਵਾਂ ਦੇ ਹੰਝੂ ਵੀ ਹੁਣ ਤਾਂ ਪੁੱਤਾਂ ਦੇ ਦੁੱਖ ਦੂਰ ਨਾ ਕਰਦੇ | 2. ਝੂਠ ਨੂੰ ਸੌ ਵਾਰ ਦੁਹਰਾਏ ਜਾਣ ਤਕ ਉਡੀਕਣਾ ਤੇ ਫਿਰ ਸੱਚ ਮੰਨ ਲੈਣਾ, ਬਹੁਤ ਹੀ ਸਬਰ ਵਾਲੇ ਨੇ ਮੇਰੇ ਦੇਸ਼ ਦੇ ਲੋਕ। 3. ਤੁਸੀਂ ਹੋ ਵੱਡੇ ਜ਼ੋਰਦਾਰ ਹੈ ਤਰਕ ਤੁਹਾਡੀ ਝੂਠੀ ਸੱਚੀ ਦਾ ਕੀ ਰੌਲਾ ਚਲੋ ਇੰਜ ਹੀ ਮੰਨ ਲੈਂਦੇ ਹਾਂ ਨਹੀਂ ਤਾਂ ਤਰਕ ਡਾਂਗ ਦੀ ਝਲਣੀ ਔਖੀ ਹੋ ਜਾਊ।

ਉਹ ਆਦਮੀ

ਉਹ ਇਕ ਹਸਮੁਖ ਆਦਮੀ ਅੱਜ ਕੱਲ੍ਹ ਅਕਸਰ ਉਦਾਸ ਰਹਿੰਦਾ ਹੈ। ਪਰ ਵਿਸ਼ਵਾਸ ਕਰਨਾ ਉਹ ਹਮੇਸ਼ਾ ਅਜਿਹਾ ਨਹੀਂ ਸੀ ਬਚਪਨ ਵਿਚ ਉਸਨੂੰ ਪੜ੍ਹਾਈ ਕਰਕੇ ਨਹੀਂ ਜਮਾਤ ਵਿੱਚ ਬਹੁਤ ਹੱਸਣ ਕਰਕੇ ਹੀ ਆਏ ਦਿਨ ਝਿੜਕਾਂ ਪੈਂਦੀਆਂ ਸਨ ਉਹਦਾ ਹਾਸਾ ਜਿਵੇਂ ਬਸ ਉਹਦੇ ਬੁੱਲ੍ਹਾਂ ‘ਤੇ ਹੀ ਧਰਿਆ ਸੀ। ਇਹ ਨਾ ਸਮਝਣਾ ਕਿ ਉਹ ਰੋਇਆ ਨਹੀਂ ਹੋਣਾ ਪਿਉ ਦੀ ਬੇਰਹਿਮ ਕੁੱਟ ਤੋਂ ਜਾਂ ਕੁਝ ਮਨਚਾਹਿਆ ਨਾ ਮਿਲਣ ਕਰਕੇ ਉਹ ਫੁੱਟ ਫੁੱਟ ਕੇ ਰੋਂਦਾ ਸੀ। ਅਜਿਹੇ ਰੋਣ ਦਾ ਕੀ ਸੀ ? ਉਹ ਤਾਂ ਕਿਤਾਬ ਪੜ੍ਹਦਾ ਵੀ ਹੱਸਦਾ ਹੱਸਦਾ ਰੋ ਪੈਂਦਾ ਰੋਂਦਾ ਰੋਂਦਾ ਅਚਾਨਕ ਹੱਸ ਪੈਂਦਾ ਪਰ ਉਹ ਕਦੇ ਰਤੀ ਭਰ ਉਦਾਸ ਨਾ ਹੁੰਦਾ। ਅਜੇ ਕੁਝ ਹੀ ਸਮਾਂ ਪਹਿਲਾਂ ਦੀ ਗੱਲ ਹੈ ਉਹ ਇਤਿਹਾਸ ਦੀ ਤਲਵਾਰ ਉਤੇ ਨੰਗੇ ਪੈਰ ਲੈ ਤੁਰਿਆ ਯਾਰ ਗਵਾਹ ਨੇ ਉਹਦੇ ਹੋਠਾਂ ‘ਤੇ ਤਾਂ ਵੀ ਸਦਾ ਹਾਸਾ ਛਲਕਦਾ ਸੀ। ਏਨ੍ਹੀਂ ਦਿਨੀਂ ਪਤਾ ਨਹੀਂ ਉਸਨੂੰ ਕੀ ਕਸਰ ਹੋਈ ਹੈ ? ਜ਼ਰਾ ਜਿੰਨੀ ਗੱਲ ਤੋਂ ਉਹ ਗੱਚ ਭਰ ਬਹਿੰਦੈ ਕਿੰਨਾ ਹੀ ਚਿਰ ਗੁੰਮ ਸੁੰਮ ਜਿਹਾ ਖ਼ਿਲਾਅ ਨੂੰ ਘੂਰਦਾ ਰਹਿੰਦੈ ਉਹ ਤੁਹਾਨੂੰ ਮਿਲੇਗਾ, ਮੁਸਕਰਾਵੇਗਾ ਹੱਥ ਘੁਟੇਗਾ, ਗਲਵਕੜੀ ਪਾਵੇਗਾ ਅਗਲੇ ਪਲ ਅੱਖਾਂ ਭਰ ਲਵੇਗਾ ਉਸ ਦੀਆਂ ਅੱਖਾਂ ‘ਚੋਂ ਹੰਝੂ ਨਹੀਂ ਉਦਾਸ ਤਪਸ਼ ਡੁਲ੍ਹਦੀ ਹੈ। ਉਸਨੂੰ ਪਤਾ ਨਹੀਂ ਲੱਗਦਾ ਕਿ ਉਸਨੂੰ ਕੀ ਹੋਇਆ ਹੈ, ਇਕ ਬਹੁਤ ਹਸਮੁਖ ਆਦਮੀ ਅੱਜ ਕੱਲ੍ਹ ਬਹੁਤ ਉਦਾਸ ਰਹਿੰਦਾ ਹੈ।

ਅੱਜ ਦੇ ਦਿਨ

ਅੱਜ ਦੇ ਦਿਨ ਮੈਂ ਚੁੱਪ ਹੀ ਰਹਿਣਾ ਅੱਜ ਦੇ ਦਿਨ ਮੈਂ ਕੁਝ ਨਹੀਂ ਕਹਿਣਾ ਜੇ ਕੁਝ ਕਿਹਾ ਤਾਂ ਊਂਘਦਿਆਂ ਰੁੱਖਾਂ ਤੋਂ ਪੰਛੀ ਉੱਡ ਜਾਵਣਗੇ ਮੁੱਢ ਤੋਂ ਸਾਨੂੰ ਇਕ ਵਰ ਮਿਲਿਆ ਜੇ ਮੈਂ ਬੋਲਾਂ ਤਾਂ ਮੈਂ ਜੀਵਾਂ ਪਰ ਜਦ ਵੀ ਕੁਝ ਕਹਿਣਾ ਚਾਹਾਂ ਮੇਰੇ ਬੋਲਾਂ ਦੀ ਸੁਰ ਅੰਦਰ ਚੀਕ ਜਿਹਾ ਕੁਝ ਰਲ ਜਾਂਦਾ ਹੈ ਸੁਣ ਕੇ ਉੱਡਣ ਫੁੱਲਾਂ ਤੋਂ ਸੁੱਤੀਆਂ ਖੁਸ਼ਬੋਆਂ ਊਂਘਦਿਆਂ ਰੁੱਖਾਂ ਤੋਂ ਪੰਛੀ। ਜੇ ਮੈਂ ਬੋਲਾਂ ਤਾਂ ਮੈਂ ਜੀਵਾਂ ਚੁੱਪ ਰਹਾਂ ਤਾਂ ਬੁੱਤ ਬਣ ਜਾਵਾਂ ਵਰ੍ਹੇ ਛਿਮਾਹੀਂ ਜਿਸਦੇ ਗਲ ਵਿਚ ਹਾਰ ਪੁਆ ਕੇ ਸਾਊ ਜਾਪ ਰਹੇ ਕੁਝ ਬੰਦੇ ਜਿਸਦੇ ਨਾਂ ‘ਤੇ ਆਪਣੀ ਜੈ ਦੇ ਨਾਅਰੇ ਲਾਉਂਦੇ। ਜੇ ਮੈਂ ਬੋਲਾਂ ਤਾਂ ਮੈਂ ਜੀਵਾਂ ਚੁੱਪ ਰਹਾਂ ਤਾਂ ਬਣ ਜਾਵਾਂ ਮੈਂ ਮੰਦਰ ਦਾ ਇਕ ਕਲਸ ਸੁਨਹਿਰੀ ਜਿੱਥੇ ਕਿਸੇ ਤਿਉਹਾਰ ਸਮੇਂ ‘ਤੇ ਸਾਊ ਜਾਪ ਰਹੇ ਕੁਝ ਬੰਦੇ ਪੂਜਾ ਕਰਦੇ, ਭੁੱਲ ਬਖਸ਼ਾਉਂਦੇ ਤੇ ਫੇਰ ਕਿੰਨੀਆਂ ਦਾਤਾਂ ਮੰਗਦੇ। ਨਾ ਮੈਂ ਬੁੱਤ, ਨਾ ਕਲਸ ਸੁਨਹਿਰੀ ਮੈਂ ਤਾਂ ਇਕ ਸਾਹ ਲੈਂਦਾ ਬੰਦਾ ਬਿਨ ਬੋਲੇ ਜੋ ਜੀਅ ਨਹੀਂ ਸਕਦਾ ਫਿਰ ਇਹ ਕੌਣ ਸਰਾਪ ਦੇ ਗਿਆ ਚੁੱਪ ਬੈਠਣ ਦਾ ? ਅੱਜ ਦਾ ਬਸ ਇਹ ਵੀ ਨਹੀਂ ਕਹਿਣਾ ਜੇ ਕੁਝ ਕਿਹਾ ਤਾਂ ਊਂਘਦਿਆਂ ਰੁੱਖਾਂ ਤੋਂ ਪੰਛੀ ਉੱਡ ਜਾਵਣਗੇ।

ਇਨ੍ਹਾਂ ਦਿਨਾਂ ਵਿੱਚ

ਇਨ੍ਹਾਂ ਦਿਨਾਂ ਵਿਚ ਇਨ੍ਹਾਂ ਉਧਲੇ ਹੋਏ ਉਲਝੇ ਹੋਏ ਦਿਨਾਂ ਵਿਚ ਤੁਸੀਂ ਭਲਾ ਕੀ ਸੋਚਦੇ ਹੋ ਕੀ ਉਲਝੇ ਹੋਏ ਦਿਨਾਂ ਵਿਚ ਕੋਈ ਕੁਝ ਸੋਚ ਵੀ ਸਕਦਾ ਹੈ ਤੁਸੀਂ ਸੋਚਦੇ ਹੋਵੋਗੇ ਕਿੰਨੇ ਹੀ ਪ੍ਰਸ਼ਨ ਉਲਝੀ ਹੋਈ ਸੋਚ ਕੋਲ ਪ੍ਰਸ਼ਨ ਹੀ ਤਾਂ ਹੁੰਦੇ ਨੇ ਤੁਸੀਂ ਸੋਚਦੇ ਹੋਵੋਗੇ ਦਿਨ ਏਨੇ ਉਲਝੇ ਹੋਏ ਕਿਉਂ ਨੇ ਕੀ ਹੋ ਗਿਆ ਹੈ ਮੌਸਮ ਨੂੰ ਅਚਾਨਕ ਇਹ ਕਰਫਿਊ ਜਿਹਾ ਹੁੰਮਸ ਇਹ ਅਫ਼ਵਾਹਾਂ ਜਿਹੇ ਬੱਦਲ ਕਿਉਂ ਡਿੱਗਣ ਲੱਗੀਆਂ ਨੇ ਆਕਾਸ਼ ਤੋਂ ਝੂਠੀਆਂ ਕਣੀਆਂ ਹਰਿਆਵਲ ਦੇ ਸੁਹਲ ਪਿੰਡੇ ‘ਤੇ ਏਨੇ ਜ਼ਖ਼ਮ ਕੀਹਨੇ ਲਾਏ ਨੇ ਕਾਤਲਾਂ ਦਾ ਸਫ਼ਾਇਆ ਹੋਣ ‘ਤੇ ਵੀ ਕਤਲ ਕਿਉਂ ਮੁੱਕੇ ਨਹੀਂ ਥਾਂ ਥਾਂ ਦੇਹਾਂ ਦੇ ਢੇਰ ਕਿਉਂ ਨੇ ਇਨ੍ਹਾਂ ਉੱਪਰ ਟਿਕੀਆਂ ਕੁਰਸੀਆਂ ਕੀ ਸੱਚਮੁੱਚ ਸਥਾਈ ਨੇ ਇਤਿਹਾਸ ਦਾ ਤਾਣਾ ਪੇਟਾ ਏਨਾ ਕਿਉਂ ਉਲਝ ਗਿਆ ਮਨ ਏਨੇ ਕਿਉਂ ਉਲਝ ਗਏ ਸੋਚ ਏਨੀ ਕਿਉਂ ਉਲਝ ਗਈ ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਉਲਝੇ ਹੋਏ ਦਿਨਾਂ ਵਿਚ।

ਬੱਚੇ ਨਹੀਂ ਜਾਣਦੇ

ਬੱਚੇ ਬੜੇ ਮਾਸੂਮ ਹਨ ਉਹ ਨਹੀਂ ਜਾਣਦੇ ਜ਼ਿੰਦਗੀ ਦੇ ਕਿੰਨੇ ਹੀ ਤੱਥ ਬਹੁਤ ਕਸੂਤੇ ਵੀ ਹੁੰਦੇ ਹਨ ਬੱਚੇ ਨਹੀਂ ਜਾਣਦੇ ਦਿੱਖ ਦਾ ਫ਼ਰਕ ਕਿਵੇਂ ਬੰਦੇ ਨੂੰ ਆਪਣੇ ਹੀ ਦੇਸ਼ ‘ਚ ਅਜਨਬੀ ਬਣਾ ਧਰਦਾ ਹੈ ਬੇਇਜ਼ਤੀ ਜਾਂ ਮੌਤ ਦਾ ਕਾਰਨ ਹੋ ਸਕਦਾ ਹੈ ਬੱਚੇ ਨਹੀਂ ਜਾਣਦੇ ਵਿਤਕਰੇ ਕੀ ਹੁੰਦੇ ਹਨ ਤੇ ਹਰ ਸੰਕਟ, ਧਰਮ ਸੰਕਟ ਕਦੋਂ ਬਣਦਾ ਹੈ ਇਨਸਾਫ਼ ਦੀ ਮੰਗ ਲਈ ਲਹੂ ਡੁਲ੍ਹਣਾ ਕਿਉਂ ਜ਼ਰੂਰੀ ਹੈ ਬੱਚੇ ਨਹੀਂ ਜਾਣਦੇ ਵੱਡਿਆਂ ਦੇ ਚਿਹਰਿਆਂ ‘ਤੇ ਚੁੱਪ ਤੇ ਸਹਿਮ ਕਿਉਂ ਚਿਪਕ ਜਾਂਦੇ ਹਨ ਸਲੇਟੀ ਸੜਕਾਂ ਉੱਪਰ ਲਾਸ਼ਾਂ ਕਿਉਂ ਵਿਛਦੀਆਂ ਨੇ ਛੁਹਲੇ ਪੈਰੀਂ ਤੁਰਦੀ ਜ਼ਿੰਦਗੀ ਅਚਾਨਕ ਕਿਉਂ ਠਠੰਬਰ ਜਾਂਦੀ ਹੈ ਬੱਚੇ ਨਹੀਂ ਜਾਣਦੇ ਕਰਫ਼ਿਊ ਕੀ ਹੁੰਦਾ ਹੈ ਤੇ ਕਿਵੇਂ ਲੱਗਦਾ ਹੈ ਕੌਣ ਲਾਉਂਦਾ ਹੈ ਤੇ ਕਿਉਂ ਲੱਗਦਾ ਹੈ ਅੱਜ ਕੱਲ੍ਹ ਜੀਣ ਲਈ ਮੌਤ ਵਰਗੀਆਂ ਹਾਲਤਾਂ ਕਿਉਂ ਜ਼ਰੂਰੀ ਨੇ ਇਹ ਤੇ ਅਜਿਹੇ ਹੋਰ ਕਸੂਤੇ ਸੱਚ ਬੱਚੇ ਬਿਲਕੁਲ ਨਹੀਂ ਜਾਣਦੇ ਉਹ ਸੱਚਮੁੱਚ ਕਿੰਨੇ ਮਾਸੂਮ ਹਨ।

ਉਹ ਜਦੋਂ ਆਇਆ

ਉਹ ਜਦੋਂ ਆਇਆ ਸੂਰਜ ਆਸਮਾਨ ਤੋਂ ਡਿੱਗ ਕੇ ਕੁਝ ਸਮਾਂ ਖਜੂਰ ਵਿਚ ਅਟਕਿਆ ਰਹਿਣ ਪਿੱਛੋਂ ਹੋਰ ਹੇਠਾਂ ਤਿਲਕਿਆ ਤੇ ਝਾੜੀ 'ਚ ਉਲਝ ਕੇ ਅਲੋਪ ਹੋ ਚੁੱਕਾ ਸੀ ਹੁਣ ਉਸ ਦੁਆਲੇ ਨਿੱਕੇ ਨਿੱਕੇ ਹਰੇ ਪੱਤਿਆਂ ਨਿੱਕੇ ਨਿੱਕੇ ਕੰਡਿਆਂ ਦਾ ਝੁੰਗਲਮਾਟਾ ਜਿਹਾ ਸੀ ਜਾਂ ਇਸ ਦੁਆਲੇ ਪਸਰਿਆ ਹੋਇਆ ਹਲਕੇ ਗੁਲਾਬੀ ਰੰਗ ਦਾ ਨਿੰਮਾ ਜਿਹਾ ਇਕ ਸੇਕ ਸੀ ਉਹ ਜਦੋਂ ਆਇਆ ਉਮਰ ’ਤੇ ਛਾਈ ਕਾਲੀ ਜਵਾਨ ਰਾਤ ਆਪਣਾ ਰੇਸ਼ਮੀ ਸੰਘਣਾਪਣ ਗੁਆ ਕੇ ਸਿੰਬਲ ਦੀ ਰੂੰ ਵਾਂਗ ਹਲਕੀ ਹੋਈ ਬੈਠੀ ਸੀ ਜਿਸ ਦੇ ਵਾਲਾਂ ‘ਚ ਖੇਡ ਰਹੀਆਂ ਸਨ ਏਕਮ ਦੇ ਚੰਦ ਦੀਆਂ ਕੁਝ ਚਾਂਦੀ ਰਿਸ਼ਮਾਂ ਉਹ ਜਦੋਂ ਆਇਆ ਨਾੜਾਂ ਦਾ ਲਹੂ ਵਰ੍ਹਿਆਂ ਤਕ ਖੌਲਦੇ ਰਹਿਣ ਪਿੱਛੋਂ ਹਲਕੀ ਜਿਹੀ ਤਪਸ਼ ਨਾਲ ਅਡੋਲ ਵਹਿਣ ਲੱਗਾ ਸੀ ਚਾਰੇ ਪਾਸੇ ਫੈਲਿਆ ਸੀ ਬੰਜਰ ਉਮਰ ਦਾ ਸਕੂਨ ਉਹ ਜਦੋਂ ਆਇਆ ਦਰਵਾਜ਼ਾ ਅੱਧਾ ਬੰਦ ਸੀ ਤੇ ਅੱਧਾ ਖੁੱਲ੍ਹਾ ਇਸ ਦੇ ਆਰ ਪਾਰ ਸੱਖਣੀ ਉਡੀਕ ਨਾਲ ਹੱਡੀਆਂ ਅੱਖਾਂ ਸਨ ਜਾਂ ਉਸ ਦੀ ਆਮਦ ਦੇ ਪ੍ਰਤੀਬਿੰਬ ਜਿਹੀ 'ਜੀ ਆਇਆ' ।

ਪਛਾਣ

ਗੱਲਾਂ ਵੀ ਉਹੀ ਹੁੰਦੀਆਂ ਤੇ ਸ਼ਬਦ ਵੀ ਉਹੀ ਇਕੋ ਗੱਲ ਕਹਿਣ ਲਈ ਤੂੰ ਹੋਰ ਸ਼ਬਦ ਵਰਤੇਂ ਮੈਂ ਹੋਰ ਤੇ ਉਹ ਹੋਰ ਤਰਤੀਬ ਤੇ ਅੰਦਾਜ਼ ਵੀ ਆਪਣੇ ਅਲੱਗ ਕੋਈ ਗੱਲ ਰਹਿੰਦੀ ਅਣਸੁਣੀ ਕੋਈ ਹੁੰਦੀ ਓਪਰੀ ਜਿਹੀ ਕੋਈ ਲਹਿ ਜਾਏ ਧੁਰ ਅੰਦਰ ਇਸੇ ਤੋਂ ਹੀ ਬਣਦੀ ਤੇਰੀ, ਮੇਰੀ ਤੇ ਉਸਦੀ ਪਛਾਣ

ਪਿਘਲੇ ਹੋਏ ਪਲ

ਉਮਰ ਦੇ ਔੜ ਮਾਰੇ ਦਿਨਾਂ ਵਿੱਚ ਸਾਹਾਂ ‘ਚੋਂ ਲੰਘਦੇ ਸਾਰੇ ਦੇ ਸਾਰੇ ਪਲ ਨੰਗੇ ਪੈਰਾਂ ‘ਚ ਚੁੱਭਦੀਆਂ ਕੰਕਰਾਂ ਫਰਸ਼ ‘ਤੇ ਖਿੰਡੀਆਂ ਕੀਚਰਾਂ ਜਿਹੇ ਲਗਦੇ ਨੇ ਜਿਨ੍ਹਾਂ ਨੂੰ ਬਰਦਾਸ਼ਤ ਕਰਦਿਆਂ ਅਸੀਂ ਭੁੱਲ ਜਾਦੇ ਹਾਂ ਸਾਵੇ ਘਾਹ ‘ਤੇ ਤੁਰਨ ਦਾ ਸੁਆਦ ਕੀ ਹੁੰਦਾ ਹੈ ਫੁੱਲਾਂ ਦੀ ਵਾਦੀ ‘ਚੋਂ ਲੰਘਣ ਦਾ ਅਹਿਸਾਸ ਕੀ ਹੁੰਦਾ ਹੈ ਦਿਸਹੱਦੇ ‘ਤੇ ਪਹੁ-ਫੁਟਾਲੇ ਦਾ ਸੰਧੂਰ ਕਿਵੇਂ ਕਿਰਦਾ ਹੈ ਅੰਬਰ ‘ਤੇ ਸੁਰਮਈ ਸ਼ਾਮ ਦੇ ਖੰਭ ਕਿਵੇਂ ਫੈਲਦੇ ਨੇ ਫਿਰ ਕਦੇ ਉਹ ਸਮਾਂ ਵੀ ਆਉਂਦਾ ਹੈ ਕੰਕਰਾਂ ਜਿਹੇ ਸਾਰੇ ਦੇ ਸਾਰੇ ਪਲ ਅਚਾਨਕ ਪਿਘਲ ਕੇ ਵਹਿ ਤੁਰਦੇ ਨੇ ਪੱਥਰਾਂ ‘ਚ ਕਲੋਲ ਕਰਦੀ ਪਹਾੜੀ ਨਦੀ ਜਿਹੇ ਲੱਗਦੇ ਨੇ ਅਸੀਂ ਇਨ੍ਹਾਂ ਦਾ ਬੁੱਕ ਭਰ ਕੇ ਪੀ ਸਕਦੇ ਹਾਂ ਵਰ੍ਹਿਆਂ ਦੀ ਤਲਖ ਪਿਆਸ ਔੜ ਮਾਰੇ ਦਿਨਾਂ ਦਾ ਅਹਿਸਾਸ ਨੇੜੇ ਤੇੜੇ ਨਹੀਂ ਰਹਿੰਦੇ ਛੱਲਾਂ ਦੀ ਠੰਢੀ ਸੁਬਕ ਛੋਹ ਜਿਸਮ ਵਿਚ ਝਰਨਾਟ ਦਾ ਸੰਗੀਤ ਭਰਦੀ ਹੈ ਪਿਘਲੇ ਹੋਏ ਪਲਾਂ ਦੀ ਨਦੀ ਦੇ ਇਸ ਬੰਨੇ ਅਸੀਂ ਹੁੰਦੇ ਹਾਂ ਪਿਘਲੇ ਹੋਏ ਪਲਾਂ ਦੀ ਨਦੀ ਦੇ ਉਸ ਪਾਰ ਫੁੱਲਾਂ ਦੀ ਵਾਦੀ ਹੁੰਦੀ ਹੈ ਉਸ ਘੜੀ ਇਹ ਨਦੀ ਪਿਘਲੇ ਹੋਏ ਪਲਾਂ ਦਾ ਪਾਣੀ ਵੀ ਹੁੰਦੀ ਹੈ ਅਤੇ ਪੁਲ ਵੀ ਜੋ ਸਾਡੇ ਜਿਸਮ ਅਤੇ ਰੂਹ ਦੇ ਆਰ ਪਾਰ ਹੁੰਦੇ ਨੇ।

  • ਮੁੱਖ ਪੰਨਾ : ਹਰਭਜਨ ਹਲਵਾਰਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ