Main Pooni Katti Raat Di : Bushra Ejaz

ਮੈਂ ਪੂਣੀ ਕੱਤੀ ਰਾਤ ਦੀ : ਬੁਸ਼ਰਾ ਐਜਾਜ਼


ਰੱਤੇ ਰੁੱਖ ਸਵੇਰ ਦੇ

ਰੱਤੇ ਰੁੱਖ ਸਵੇਰ ਦੇ ਨ੍ਹੇਰੇ ਅੱਖਾਂ ਗੇੜ ਦੇ ਦਿਲ ਦੀ ਕੰਨੀ ਕੰਬਦੀ, ਦੁੱਖ ਦਿਲੇ ਨੂੰ ਘੇਰਦੇ ਪੱਤਣਾਂ ਵਾਲੇ ਹੌਕੜੇ, ਆਪੇ ਬੇੜੀ ਬੇੜ ਦੇ ਔਖੇ ਸਾਹ ਦਰਿਆਈ, ਪੰਖਨੂੰ ਚਾਰ ਚੌਫ਼ੇਰ ਦੇ ਅੰਦਰ ਮੱਛੀ ਮਰ ਰਹੀ, ਪਾਣੀ ਜ਼ਹਿਰ ਘਮੇਰ ਦੇ ਦੁੱਖ ਵਡਿਆਈ ਮੰਗਦਾ, ਹੰਝੂ ਦੁੱਖ ਦਲੇਰ ਦੇ ਸਾਰੇ ਮੇਰੇ ਆਪਣੇ, ਮੈਨੂੰ ਰਲ਼ ਕੇ ਢੇਰ ਦੇ ਮੈਂ ਝਨਾਂ ਦੀ ਰੇਤੜੀ, ਮੇਰੇ ਦਰਦ ਪਛੇਰ ਦੇ ਮੈਂ ਹੋਕਾ ਪਿਛਲੀ ਰਾਤ ਦਾ, ਉਹ ਚਾਨਣ ਕਿਸੇ ਸਵੇਰ ਦੇ

ਰਿਸ਼ਤੇ

ਅੰਨ੍ਹੇ ਰਿਸ਼ਤੇ ਮੇਰੇ ਰਿਸ਼ਤੇ ਫੱਟਾਂ ਉੱਤੇ ਧੋੜੇ ਰਿਸ਼ਤੇ ਖ਼ਾਲਸਾ ਕਰਕੇ ਫੇਰ ਦਿਲਾਂ ਨੂੰ, ਨੇੜੇ ਕੀਤੇ ਦੂਰੇ ਰਿਸ਼ਤੇ ਦੁੱਧ, ਮਧਾਣੀ, ਜਾਗਾਂ, ਰਿੜਕਾਂ, ਲੱਸੀ ਮੱਖਣ ਪੇੜੇ ਰਿਸ਼ਤੇ ਅੱਟੀਆਂ, ਛਾਬਾ, ਪੋਣੀਆਂ, ਪੇਟਾ, ਖੇਸੀਂ, ਖੇਸ, ਖਡੋਰੇ ਰਿਸ਼ਤੇ ਤੌਣਾਂ ਵਾਕਰ ਗੁੰਨ੍ਹ ਗੁੰਨ੍ਹ ਰੱਖੇ, ਰੋਟੀ ਵਾਂਗ ਤੰਦੂਰੇ ਰਿਸ਼ਤੇ ਸਾਰੀਆਂ ਉਮਰਾਂ ਰੱਦੀ ਵਾਂਗੂੰ, ਛਾਣੇ ਰਿਸ਼ਤੇ ਬੂਰੇ ਰਿਸ਼ਤੇ

ਅਸਾਂ ਤੈਨੂੰ ਨਹੀਂ ਵਿਸਾਰਿਆ

ਵੇ ਜਾਨੀਆਂ! ਰਾਤ ਅੱਖਾਂ ਅੱਗੋਂ ਪਰਤ ਗਈ ਵੇਲਾ ਦਰਬਾਰੋਂ ਲੰਘਿਆ ਹੁਣ ਮੱਥਾ ਟੇਕਿਆਂ ਸਜਦੇ ਕੀਤਿਆਂ ਗੱਲ ਨਹੀਂ ਬਣਦੀ ਲਾਟਾਂ ਹਿਜਰਾਂ ਵਾਲੀਆਂ ਬੁਝਦੀਆਂ ਜਾਂਦੀਆਂ ਹਰੀਆਂ ਪੀਨਾਂ ਦੀ ਗੱਲ ਚੜ੍ਹ ਚੁਬਾਰੇ ਸੁਫ਼ਨੇ ਅੰਨ੍ਹੇ ਖੂਹ ਵਿੱਚ ਡਿੱਗੇ ਦਿਲ ਦੀਆਂ ਟੱਕਰਾਂ ਲੱਗੀਆਂ ਹੋਈਆਂ ਇਸ਼ਕ ਤਵੀਤਾਂ ਦੇ ਗਲ਼ਘੋਟੂ ਪਾ ਕੇ ਅਸੀਂ ਯਾਰ ਮਨਾਉਂਦੇ ਰਹਿ ਗਏ ਕਿਹੜਿਆਂ ਸ਼ਗਨਾਂ ਦੇ ਗਲ ਲੱਗ ਕੇ ਰੋਏ ਤੇ ਕਿਹੜਿਆਂ ਦੀਆਂ ਕਬਰਾਂ ਪੱਟੀਆਂ ਮਿੱਟੀ ਪਾਓ ਇਨ੍ਹਾਂ ਪਿੱਛੀਂ ਜਾਂਦੀ ਵਾਰੀ ਟੁਰਦੇ ਪੈਂਡੇ ਗੱਲ ਨਹੀਂ ਦੱਸਦੇ ਧੂੜ ਵਜੀਦਾਂ ਵਾਲੀ ਲੈ ਕੇ ਕਿਸੇ ਗਵਾਚੇ ਮੁੜ ਨਹੀਂ ਆਉਂਦੇ ਰੰਗ ਪ੍ਰੀਤਾਂ ਵਾਲੇ ਸਿੱਕ ਜਾਂਦਿਆਂ ਮਿੱਤਰਾਂ ਦੀ ਅਸਾਂ ਹੱਥਾਂ ਦਿਆਂ ਵਰਕਿਆਂ ਉੱਤੇ ਖੱਟੀ ਸਾਹਵਾਂ ਨਾਲ ਹੰਢਾਈ ਦਿਲ ਦੇ ਖ਼ਾਨੇ ਗਇਆਂ ਮੁਕੱਦਰਾਂ ਨਾਲ ਖੜੀਚੇ ਬੇ-ਨਮਾਜ਼ੀਆਂ ਰੁੱਤਾਂ ਬਿਨ ਵਿਆਹੇ ਹੰਝੂ ਦਸ ਕਿੱਥੇ ਰੱਖੀਏ? ਪ੍ਰਾਹੁਣਿਆਂ ਵਸਲਾਂ ਤੇ ਪਰਦੇਸੀ ਰਾਤਾਂ ਦੀ ਗੱਲ ਮੁੱਕਦੀ ਨਾਹੀਂ ਲਿਖਤਾਂ ਅੰਦਰ ਸਾਰੇ ਦੁੱਖ ਕਰਾਹੁੰਦੇ ਨੇ ਪੀੜਾਂ ਜਿੰਨੀਆਂ ਵੰਡੋ ਜਿੰਨੀਆ ਲਿਖੋ ਘਟਦੀਆਂ ਨੇ ਵੇ ਜਾਨੀਆਂ ! ਅਸਾਂ ਤੇਰੇ ਨਾਂ ਦੇ ਅੱਗੇ ਹਰਫ਼ਾਂ ਦਾ ਬੀਅ ਖਲਾਰਿਆ

ਜੇਹੇ ਵਿਹੜੇ ਇਸ਼ਕ ਦਾ ਚੰਬਾ

ਜੇਹੇ ਵਿਹੜੇ ਇਸ਼ਕ ਦਾ ਚੰਬਾ ਕੌਣ ਪਰੋਏਏ ਹਾਰ ਨੀ ਮਾਏ ਕੀਹਨੂੰ ਦਿਲ ਦੇ ਰੋਗ ਸੁਣਾਵਾਂ ਦੂਰ ਵੱਸਣ ਦਿਲਦਾਰ ਨੀ ਮਾਏ ਜਿੰਦੜੀ ਮੁੱਲ ਖ਼ਰੀਦਣ ਆਈ ਉਹਦਾ ਇੱਕ ਦੀਦਾਰ ਨੀ ਮਾਏ ਮੈਂ ਤਾਂ ਬਾਂਦੀ ਬਰਦੀ ਗੋਲੀ ਉਹ ਸਾਹਿਬ ਸਰਕਾਰ ਨੀ ਮਾਏ

ਦੱਸ ?

ਵੇ ਸੱਜਣਾ ! ਤੇਰੀ ਤੋਰ ਦੇ ਨਾਲ਼ ਤਾਂ ਜੀਵਨ ਬੰਨ੍ਹਿਆ, ਅਸਾਂ ਰੂਹ ਭਰੋਪੇ ਕੱਢੇ ਅਸਾਂ ਚਾਨਣ ਖੋਲ੍ਹੇ ਬੁੱਕਲ ਦੇ, ਅਸਾਂ ਟੁਰਦੇ ਮੁੜ ਮੁੜ ਹੱਟੇ ਵੇ ਸੱਜਣਾ ਙ ਯਾਰੀ ਨਾਲ ਸੌਦਾਗਰਾਂ ਪ੍ਰੀਤਾਂ ਵਿੱਚ ਤਜ਼ਾਰਤਾਂ, ਦੀਦ ਦਾ ਮੁੱਲ ਨ ਤੋਲਿਆਂ ਹੁੰਦਾ, ਬੁੱਝੀਏ ਕਿਵੇਂ ਬੁਝਾਰਤਾਂ ਦਿਲ ਦੀਆਂ ਪਾਟੀਆਂ ਖਿਲਰੀਆਂ ਲੀਰਾਂ, ਕਿਹੜੀ ਥਾਵੇਂ ਰੱਖੀਏ ? ਢੋ ਕੇ ਸਾਰੇ ਅੱਖ ਦੇ ਬੂਹੇ ਕੀਹਨੂੰ ਬਹਿ ਕੇ ਤੱਕੀਏ ? ਦੱਸ ਕਿੱਥੇ ਜਾ ਰੋਈਏ ਤੇ ਕਿੱਥੇ ਬਹਿ ਕੇ ਹੱਸੀਏ?

ਸ਼ਹਿਜ਼ਾਦੀ

ਨਿੱਘੀ ਸ਼ਾਮ ਦਾ ਨਿੱਘਾ ਡਰ ਸੀ ਆਲ਼-ਦੁਆਲ਼ੇ ਇਸ਼ਕ ਦਾ ਹੜ੍ਹ ਸੀ ਉਹਦੇ ਅੰਦਰ ਡੁਬਦਾ ਘਰ ਸੀ ਘਰ ਦੇ ਅੰਦਰ ਦਰਦ ਨਗਰ ਸੀ ਦਰਦ ਦੇ ਅੰਦਰ ਇੱਕ ਸਫ਼ਰ ਸੀ ਸਫ਼ਰ ਦੇ ਅੰਦਰ ਇੱਕ ਸ਼ਹਿਰ ਸੀ ਸ਼ਹਿਰ ਦੇ ਅੰਦਰ ਇੱਕ ਸ਼ਹਿਜ਼ਾਦੀ ਸੂਲਾਂ, ਹਿਜਰਾਂ, ਹੌਕਿਆਂ ਖਾਧੀ

ਇੱਕ ਅੱਥਰੂ ਜੇਹਾ ਜਲ

ਮੈਂ ਕੰਧਾਂ, ਬੂਹਿਆਂ, ਜਿੰਦਰਿਆਂ ਨਾਲ਼ ਵੇ ਕੀਤੀ ਤੇਰੀ ਗੱਲ ਮੈਂ ਤੈਨੂੰ ਮੰਗਿਆ ਰੱਬ ਤੋਂ ਬੱਸ ਏਹੋ ਜੇਹੀ ਮੱਲ ਮੈਂ ਪਾਸੇ ਤੇਰੇ ਟੁਰ ਪਈ ਬਿਨ ਰੱਤੇ ਬਹਿਰ ਦੀ ਛੱਲ ਮੈਂ ਰਾਂਝਣ ਮੰਨਿਆ ਤੈਨੂੰ ਤੂੰ ਨਾਲ਼ ਮੇਰੇ ਹੁਣ ਚੱਲ ਹੈ ਇਸ਼ਕ ਪੁਰਾਣਾ ਮਸਲਾ ਤੂੰ ਇਸ ਮਸਲੇ ਦਾ ਹੱਲ ਮੈਂ ਭੋਸ਼ਣ ਵਿੱਚ ਲਪੇਟਿਆ ਇੱਕ ਅੱਥਰੂ ਜੇਹਾ ਜਲ ਮੈਂ ਸੀਨੇ ਪੁੜ ਮੁੜ ਫੂਕਿਆ ਤੇਰੇ ਵਸਲ ਵਸਲ ਦਾ ਪਲ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਬੁਸ਼ਰਾ ਐਜਾਜ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ