ਬੁਸ਼ਰਾ ਐਜਾਜ਼ ਲਾਹੌਰ (ਪਾਕਿਸਤਾਨ ਵੱਸਦੀ ਉੱਘੀ ਪੰਜਾਬੀ ਤੇ ਉਰਦੂ ਕਵਿੱਤਰੀ ਤੇ ਕਹਾਣੀਕਾਰ ਤਾਂ ਹੈ ਹੀ, ਉਹ ਵੱਖ ਵੱਖ ਮਸਲਿਆਂ ਤੇ ਅਖ਼ਬਾਰੀ ਕਾਲਮ ਵੀ ਲਿਖਦੀ ਹੈ।
ਬੁਸ਼ਰਾ ਐਜਾਜ਼ ਦਾ ਜਨਮ 18ਜੂਨ 1959 ਨੂੰ ਸਰਗੋਧਾ ਜ਼ਿਲ੍ਹੇ ਦੇ ਪਿੰਡ ਕੋਟ ਫ਼ਜ਼ਲ ਅਹਿਮਦ ਵਿਖੇ ਮੀਆਂ ਨਵਾਜ਼ਿਸ਼ ਅਲੀ ਦੇ ਘਰ ਹੋਇਆ।
ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਰੈਜੂਏਸ਼ਨ ਕਰਨ ਉਪਰੰਤ ਉਸ ਦੀ ਸ਼ਾਦੀ ਚੌਧਰੀ ਐਜਾਜ਼ ਅਹਿਮਦ ਨਾਲ ਹੋ ਗਈ ਜਿਸ ਉਪਰੰਤ ਉਹ 184 ਏ, ਡੀ ਐੱਚ ਏ ਲਾਹੌਰ ਛਾਉਣੀ ਵਿਖੇ ਪਰਿਵਾਰ ਸਮੇਤ ਵੱਸਦੀ ਹੈ।
ਬੁਸ਼ਰਾ ਐਜਾਜ਼ ਦੀ ਪਹਿਲੀ ਲਿਖਤ ਸਫ਼ਰਨਾਮਾ ਰੂਪ ਵਿੱਚ 1987 ਵਿੱਚ ਅਰਜ਼ ਏ ਹਾਲ ਨਾਮ ਹੇਠ ਬੁਸ਼ਰਾ ਐਜਾਜ਼ ਪਬਲੀਕੇਸ਼ ਵੱਲੋਂ ਛਪੀ ਸੀ। ਇਸ ਦਾ ਦੂਜਾ ਐਡੀਸ਼ਨ ਪ੍ਰਸਿੱਧ ਪ੍ਰਕਾਸ਼ਨ ਅਦਾਰੇ “ਸੰਗ ਏ ਮੀਲ” ਲਾਹੌਰ ਨੇ 1995ਵਿੱਚ ਛਾਪਿਆ। ਕਹਾਣੀ ਸੰਗ੍ਰਹਿ ਬਾਰਾਂ ਆਨੇ ਕੀ ਔਰਤ ਸੰਗ ਏ ਮੀਲ ਵੱਲੋਂ 1994 ਵਿੱਚ ਪ੍ਰਕਾਸ਼ਿਤ ਹੋ ਚੁਕਾ ਸੀ। ਸਾਲ 2000 ਵਿੱਚ ਉਸ ਦਾ ਸਫ਼ਰਨਾਮਾ “ਆਂਖੇਂ ਦੇਖਤੀ ਰਹਿਤੀ ਹੈ” ਅਲ ਹਮਦ ਪਬਲੀਕੇਸ਼ਨ ਲਾਹੌਰ ਨੇ ਛਾਪਿਆ ਜਦ ਕਿ ਜੀਵਨੀ “ਰਾਹ ਨਵਾਰਦ ਏ ਸ਼ੌਕ” ਸਾਰੰਗ ਪਬਲੀਕੇਸ਼ਨ ਲਾਹੌਰ ਨੇ ਛਾਪੀ। ਕਹਾਣੀਆਂ ਦੀ ਕਿਤਾਬ “ਆਜ ਕੀ ਸ਼ਹਿਰਜ਼ਾਦ” ਅਲ ਹਮਦ ਪਬਲੀਕੇਸ਼ਨ ਲਾਹੌਰ ਨੇ 2005ਵਿੱਚ ਛਾਪੀ।
ਬੁਸ਼ਰਾ ਐਜਾਜ਼ ਦੀ ਪੰਜਾਬੀ ਵਿੱਚ ਪਹਿਲੀ ਕਿਤਾਬ “ਪੱਬਾਂ ਭਾਰ” ਸ਼ਾਹਮੁਖੀ ਵਿੱਚ ਸੰਗ ਏ ਮੀਲ ਲਾਹੌਰ ਨੇ 1994 ਵਿੱਚ ਛਾਪੀ ਅਤੇ ਗੁਰਮੁਖੀ ਵਿੱਚ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ 2005 ਵਿੱਚ ਛਾਪੀ। ਕਾਵਿ ਸੰਗ੍ਰਹਿ “ਭੁਲੇਖਾ” ਅਲ ਹਮਦ ਪਬਲੀਕੇਸ਼ਨ ਲਾਹੌਰ ਨੇ 1994 ਵਿੱਚ ਅਤੇ ਲੋਕਗੀਤ ਪ੍ਰਕਾਸ਼ਨ ਨੇ 2005 ਵਿੱਚ ਗੁਰਮੁਖੀ ਵਿੱਚ ਪ੍ਰਕਾਸ਼ਿਤ ਕੀਤੀ।
ਉਸ ਦਾ ਇੱਕ ਕਾਵਿ ਸੰਗ੍ਰਹਿ “ਖ਼੍ਵਾਬ ਤੋਂ ਜ਼ਰਾ ਪਹਿਲਾਂ” ਡਾ. ਮੁਹੰਮਦ ਇਦਰੀਸ ਨੇ ਲਿਪੀਅੰਤਰ ਕਰਕੇ ਲੋਕਗੀਤ ਪ੍ਰਕਾਸ਼ਨ ਤੋਂ ਛਪਵਾਇਆ।
ਬੁਸ਼ਰਾ ਐਜਾਜ਼ ਦੇ ਕਹਾਣੀ ਸੰਗ੍ਰਹਿ “ਅੱਜ ਦੀ ਸ਼ਹਿਰਜ਼ਾਦ” 2005 ਵਿੱਚ ਅਤੇ “ਕਾਤਰਾਂ ਤੋਂ ਬਣੀ ਔਰਤ” 2006 ਵਿੱਚ ਲੋਕਗੀਤ ਵੱਲੋਂ ਛਪੀ।
ਉਸ ਦਾ ਸਫ਼ਰਨਾਮਾ “ਮੇਰੀ ਹੱਜ ਯਾਤਰਾ ਨੈਸ਼ਨਲ ਬੁੱਕ ਸ਼ਾਪ ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤੀ।
ਬੁਸ਼ਰਾ ਐਜਾਜ਼ ਦੀਆਂ ਅਣਛਪੀਆਂ ਕਿਤਾਬਾਂ ਦੀ ਸੂਚੀ ਵਿੱਚ ਨਾਵਲ “ਕਾਂਗ”, ਨਾਵਲਿਟ “ਇਮਾਨ ਦੀ ਕਹਾਣੀ” ਤੇ “ਰੂਹਾਨੀ ਰਾਹਾਂ ਦਾ ਮੁਸਾਫਿਰ” ਸ਼ਾਮਿਲ ਹਨ।
ਬੁਸ਼ਰਾ ਐਜਾਜ਼ ਦੇਸ਼ ਬਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਬੁਲਾਵੇ ਤੇ ਪਰਦੇਸ ਯਾਤਰਾ ਕਰ ਚੁਕੀ ਹੈ। ਉਹ ਪੰਜਾਬ ਆਰਟਸ ਕੌਂਸਲ ਲਾਹੌਰ ਦੀ ਲੰਮਾ ਸਮਾਂ ਬੋਰਡ ਆਫ਼ ਗਵਰਨਰਜ਼ ਦੀ ਮੈਂਬਰ ਰਹੀ ਹੈ। 1989 ਵਿੱਚ ਉਹ ਪਹਿਲੀ ਵਾਰ ਨਵੀਂ ਦਿੱਲੀ ਵਿਖੇ ਹੋਈ ਆਲਮੀ ਉਰਦੂ ਕਾਨਫਰੰਸ ਵਿੱਚ ਸ਼ਾਮਿਲ ਹੋਣ ਆਈ। 1994 ਵਿੱਚ ਉਹ ਇੰਡੋ ਪਾਕਿ ਮੁਸ਼ਾਇਰੇ ਵਿੱਚ ਸ਼ਾਮਿਲ ਹੋਣ ਲਈ ਯਮੁਨਾ ਨਗਰ, ਚੰਡੀਗੜ੍ਹ ਤੇ ਪਟਿਆਲਾ ਵਿੱਚ ਆਈ। ਸ਼ਾਰਜਾਹ(ਡੁਬਈ) ਵਿਖੇ ਹੋਏ ਇੰਟਰਨੈਸ਼ਨਲ ਉਰਦੂ ਮੁਸ਼ਾਇਰੇ ਵਿੱਚ ਉਸਨੇ ਹਿੱਸਾ ਲੈ ਕੇ ਵਿਸ਼ਵ ਪਛਾਣ ਬਣਾਈ। ਭਾਰਤ ਵਿੱਚ ਹੋਈਆਂ ਅਨੇਕ ਕਾਨਫਰੰਸਾਂ ਵਿੱਚ ਉਹ ਡੈਲੀਗੇਟ ਵਜੋਂ ਸ਼ਾਮਿਲ ਹੋਈ।
18-20 ਫਰਵਰੀ 2006 ਨੂੰ ਪਟਿਆਲਾ ਵਿਖੇ ਕਰਵਾਏ ਪਟਿਆਲਾ ਹੈਰੀਟੇਜ ਫੈਸਟੀਵਲ ਵਿੱਚ ਉਸ ਦੀ ਸ਼ਮੂਲੀਅਤ ਬਹੁਤ ਮਹੱਤਵ ਪੂਰਨ ਸੀ ਕਿਉਂਕਿ ਉਦੋਂ ਤੀਕ ਉਹ ਗੁਰਮੁਖੀ ਵਿੱਚ ਏਧਰ ਛਪੀਆਂ ਲਿਖਤਾਂ ਕਾਰਨ ਜਾਣਿਆ ਪਛਾਣਿਆ ਚਿਹਰਾ ਬਣ ਚੁਕੀ ਸੀ। ਇਸੇ ਫੇਰੀ ਦੌਰਾਨ ਉਸਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿੱਤਕਾਰ ਐਵਾਰਡ ਦਿੱਤਾ ਗਿਆ।
ਸਾਹਿਰ ਅਕਾਡਮੀ ਲੁਧਿਆਣਾ ਵੱਲੋਂ ਜਸ਼ਨੇ ਸਾਹਿਰ ਮੌਕੇ ਉਸਨੂੰ “ਅਦੀਬ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਲੋਗ ਅਦਬੀ ਮਜਲਿਸ ਲਾਹੌਰ ਵੱਲੋਂ ਉਸ ਨੂੰ ਬਰਾਏ ਹੁਸਨ ਏ ਕਾਰਕਰਦਗੀ ਐਵਾਰਡ ਵੀ ਮਿਲ ਚੁਕਾ ਹੈ।
ਸਾਲ 2022ਨੂੰ ਲਾਹੌਰ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਉਸ ਦੀ ਸੱਜਰੀ ਕਾਵਿ ਪੁਸਤਕ “ਮੈਂ ਪੂਣੀ ਕੱਤੀ ਰਾਤ ਦੀ” (ਸ਼ਾਹਮੁਖੀ ਅੱਖਰਾਂ ਵਿੱਚ)ਜਨਾਬ ਫ਼ਖ਼ਰ ਜ਼ਮਾਂ, ਡਾ. ਦੀਪਕ ਮਨਮੋਹਨ ਸਿੰਘ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਨੇ ਲੋਕ ਅਰਪਨ ਕੀਤੀ। ਇਸ ਕਾਵਿ ਕਿਤਾਬ ਨੂੰ ਸਾਲ 2024 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਸ. ਗੁਰਦੇਵ ਸਿੰਘ ਪੰਧੇਰ ਪਾਲੋਂ ਗੁਰਮੁਖੀ ਵਿੱਚ ਲਿਪੀਅੰਤਰ ਕਰਕੇ ਛਾਪਿਆ ਗਿਆ ਹੈ।
ਬੁਸ਼ਰਾ ਐਜਾਜ਼ ਦੀਆਂ ਕੁਝ ਚੋਣਵੀਆਂ ਲਿਖਤਾਂ ਨਾਲ ਤੁਸੀਂ ਵੀ ਸਾਂਝ ਪਾਉ।- ਗੁਰਭਜਨ ਗਿੱਲ।