ਮਹੀਨ ਤੇ ਮਹਾਨ ਸੁਰਜੀਤ ਪਾਤਰ : ਸ਼ਮਸ਼ੇਰ ਸਿੰਘ ਸੰਧੂ
ਜਿਹੜੀਆਂ ਗੱਲਾਂ ਸੁਰਜੀਤ ਪਾਤਰ ਨੂੰ ਸਾਹਮਣੇ ਬਿਠਾ ਕੇ ਕੈਮਰੇ ਅੱਗੇ ਸਾਂਝੀਆਂ ਕਰਨੀਆਂ ਸੀ, ਅੱਜ ਲਿਖ ਕੇ ਕਰ ਰਿਹਾ ਹਾਂ। ਉਹ ਗੱਲਾਂ ਜੋ ਹੱਸ ਕੇ ਕਰਨੀਆਂ ਸੀ, ਹੁਣ ਭਰੇ ਹੋਏ ਮਨ ਨਾਲ ਕਰ ਰਿਹਾ ਹਾਂ। ‘ਹੈ’ ਤੋਂ ‘ਸੀ’ ਹੋਣ ਕਰ ਕੇ ਇਹ ਭਾਣਾ ਵਰਤਣਾ ਹੀ ਸੀ।
ਪਾਤਰ ਤੁਰਦਾ ਵੀ ਸਹਿਜੇ ਸੀ, ਲਿਖਦਾ ਵੀ ਸਹਿਜੇ ਸੀ, ਬੋਲਦਾ ਵੀ ਸਹਿਜੇ ਸੀ। ਉਹਦੀ ਸਮੁੱਚੀ ਕਵਿਤਾ ਤੇ ਵਾਰਤਕ ਵੀ ਸਹਿਜ ਨਾਲ ਓਤਪੋਤ ਸੀ। ਉਹਦੇ ਲੱਖਾਂ ਪ੍ਰਸ਼ੰਸਕ ਸੀ ਤੇ ਹਨ। ਉਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਮੈਨੂੰ ਵਹਿਮ ਵਰਗਾ ਵਿਸ਼ਵਾਸ ਹੈ ਤੇ ਵਿਸ਼ਵਾਸ ਵਰਗਾ ਵਹਿਮ ਕਿ ਉਹਦੇ ਇਹੋ ਜਿਹੇ ਸ਼ਿਅਰ ਵੀ ਮੈਨੂੰ ਜ਼ੁਬਾਨੀ ਚੇਤੇ ਹਨ ਜੋ ਬਹੁਤਿਆਂ ਨੂੰ ਪਤਾ ਨਹੀਂ ਜਾਂ ਸੁਣੇ ਨਹੀਂ:
ਆਖ਼ਰ ਕਿੰਨੇ ਕੁ ਡੂੰਘੇ ਕਿਸੇ ਅੰਦਰ ਲੱਥ ਜਾਓਗੇ
ਮੁੜ ਕੇ ਲਾਸ਼ ਵਾਂਗੂ ਸਤਹ ਉੱਤੇ ਤੈਰ ਆਓਗੇ
* * *
ਮੇਰੇ ਕੋਲੋਂ ਕੀ ਪੁੱਛਦੇ ਹੋ ਮੈਂ ਤਾਂ ਕੇਵਲ ਗੂੰਜ
ਗੋਲੀ ਵੀ ਕਿਸੇ ਹੋਰ ਨੇ ਮਾਰੀ ਮਰਿਆ ਵੀ ਕੋਈ ਹੋਰ
ਭਸਮ ਹੋ ਜਾਣਗੇ ਤੇਰੀ ਕੈਨਵਸ ਦੇ ਚਿੜੀਆਂ ਮੋਰ
ਇਉਂ ਸ਼ਹਿਰ ਧੁਖ਼ਦਾ ਰਿਹਾ ਕੁਝ ਅਰਸਾ ਜੇ ਹੋਰ
* * *
ਮੈਂ ਤਾਂ ਕੁਝ ਨਹੀਂ ਆਖਿਆ ਬਿਜਲੀ ਦੇ ਔਣ ਨਾਲ
ਆਪੇ ਹੀ ਦੀਵਾ ਬੁਝ ਗਿਆ ਪੱਖੇ ਦੀ ਪੌਣ ਨਾਲ
ਮਰ ਖਪ ਗਿਆਂ ਨੂੰ ਦਿਸ ਨਹੀਂ ਸਕਦੇ ਘਰਾਂ ਦੇ ਰਾਹ
ਕੰਧਾਂ ਉੱਤੇ ਰੋਜ਼ ਹੀ ਦੀਵੇ ਜਗਾਉਣ ਨਾਲ
* * *
ਅੱਧੀ ਰਾਤ ਸ਼ਹਿਰ ਦੇ ਅੰਦਰ ਖੜਕੇ ਟੈਲੀਫੂਨ ਬਈ
ਇਕ ਤਿਹਾਏ ਖ਼ੰਜਰ ਕੀਤਾ ਝੀਲ ਕਿਸੇ ਦਾ ਖ਼ੂਨ ਬਈ
ਸੂਰਜ ਕੈਦੀ ਧੁੱਪਾਂ ਦੇ ਤੇ ਫੁੱਲ ਕੈਦੀ ਖੁਸ਼ਬੂਆਂ ਦੇ
ਸਾਨੂੰ ਤਾਂ ਇਹ ਸਮਝ ਨਾ ਆਉਂਦੇ ਸ਼ਹਿਰਾਂ ਦੇ ਕਾਨੂੰਨ ਬਈ
ਇਕ ਤੇਰੇ ਚੰਨ ਹੁੰਦਾ ਸੀ ਦੂਜੇ ਹੱਥ ’ਤੇ ਸੂਰਜ ਸੀ
ਉਹ ਜੋ ਪਹਿਲਾਂ-ਪਹਿਲ ਹੁੰਦਾ ਸੀ ਕਿਧਰ ਗਿਆ ਜਨੂੰਨ ਬਈ
ਪਾਤਰ ਦੀ ਗਾਈ ਹੋਈ ਚੋਣਵੀਆਂ ਗ਼ਜ਼ਲਾਂ ਦੀ ਇੱਕੋ ਕੈਸੇਟ ਆਈ ‘ਬਿਰਖ ਜੋ ਸਾਜ਼ ਹੈ’। ਉਹ ਕੈਸੇਟ ਫ਼ਖ਼ਰ ਨਾਲ ਦੱਸ ਰਿਹਾ ਹਾਂ ਕਿ ਮੈਂ ਤੇ ਮੇਰੇ ਮਿੱਤਰ ਹਰਿੰਦਰ ਬੀਸਲਾ ਨੇ ਰਿਕਾਰਡ ਕੀਤੀ ਸੀ। ਅਤੁਲ ਸ਼ਰਮਾ ਦਾ ਸੰਗੀਤ। ਜਰਨੈਲ ਘੁਮਾਣ ਦੀ ਸੀ.ਐਮ.ਸੀ. ’ਚ ਰਿਲੀਜ਼ ਹੋਈ। ਬਾਅਦ ’ਚ ਟੀ ਸੀਰੀਜ਼ ਨੇ ਲੈ ਲਈ। ਕੈਸੀ ਦਿਲਚਸਪ ਯਾਦ ਹੈ ਕਿ ਪਾਤਰ ਘਬਰਾਉਂਦਾ ਸੀ ਸਟੂਡੀਓ ਦੀਆਂ ਮਸ਼ੀਨਾਂ ਤੇ ਸਾਜ਼ਿੰਦੇ ਮੈਨੂੰ ਫੇਲ੍ਹ ਨਾ ਕਰ ਦੇਣ। ਉਹ ਕਹਿਣ ਲੱਗਾ, ਚਲੋ ਜੇ ਸਫ਼ਲ ਹੋ ਗਏ ਤਾਂ ਖ਼ੁਸ਼ੀ ’ਚ ਦੋ-ਚਾਰ ਗ਼ਜ਼ਲਾਂ ਲਿਖ ਲਵਾਂਗੇ, ਜੇ ਫੇਲ੍ਹ ਹੋ ਗਏ ਤਾਂ ਦੁੱਖ ’ਚ ਦੋ-ਚਾਰ ਗ਼ਜ਼ਲਾਂ ਲਿਖ ਲਵਾਂਗੇ। ਅਸੀਂ ਉਹਨੂੰ ਕਿਹਾ, ‘‘ਤੂੰ ਖੁੱਲ੍ਹ ਕੇ ਗਾ ਦੇ ਤੇ ਸੰਗੀਤ ਬਾਅਦ ਵਿੱਚ ਭਰਾਂਗੇ।’’ ਇੰਜ ਹੀ ਹੋਇਆ। ਪਾਤਰ ਨੇ ਬਾਅਦ ਵਿੱਚ ਦੱਸਿਆ ਕਿ ਲਾਹੌਰ ਬੁੱਕ ਸ਼ਾਪ ’ਤੇ ਕੈਸੇਟ ਦੀਆਂ ਕਾਪੀਆਂ ਰੱਖ ਦਿੱਤੀਆਂ। ਉਹਦੀ ਕਿਤਾਬ ਜੋ 40 ਰੁਪਏ ਦੀ ਸੀ, ਵਿਕਣੋਂ ਰੁਕ ਗਈ ਤੇ ਉਹਦੀ ਕੈਸੇਟ ਜੋ 20 ਰੁਪਏ ਦੀ ਸੀ, ਤਾਬੜਤੋੜ ਵਿਕੀ। ਖ਼ਾਸ ਗੱਲ ਇਹ ਸੀ ਕਿ ਗ਼ਜ਼ਲਾਂ ਵੀ ਚੋਣਵੀਆਂ ਸਨ ਤੇ ਗਾਈਆਂ ਵੀ ਖ਼ੁਦ ਪਾਤਰ ਨੇ ਸਨ ਸੁਰੀਲੀ ਆਵਾਜ਼ ’ਚ।
* * *
ਪਹਿਲਾਂ ਵੀ ਮੈਂ ਕਹਿੰਦਾ ਸੀ ਤੇ ਹੁਣ ਵੀ। ਅਜੋਕੀ ਪੰਜਾਬੀ ਕਵਿਤਾ ਦਾ ਨੰਬਰ ਇੱਕ ਸੁਰਜੀਤ ਪਾਤਰ ਹੈ। ਨੰਬਰ ਦੋ ਸੁਰਜੀਤ ਪਾਤਰ ਹੈ। ਨੰਬਰ ਤਿੰਨ ਸੁਰਜੀਤ ਪਾਤਰ ਹੈ। ਕੋਈ ਹੋਰ ਨਾਂ ਇਸ ਸੂਚੀ ’ਚ ਸ਼ਾਮਲ ਕਰਨੇ ਹੋਣ ਤਾਂ ਤਿੰਨਾਂ ਤੋਂ ਬਾਅਦ ਕਰ ਲਵੋ। ਇੱਕ ਗੱਲ ਹੋਰ ਵਾਰਸ ਸ਼ਾਹ ਤੋਂ ਬਾਅਦ ਸ਼ਿਵ ਕੁਮਾਰ। ਸ਼ਿਵ ਤੋਂ ਬਾਅਦ ਪਾਸ਼। ਪਾਸ਼ ਤੋਂ ਬਾਅਦ ਸੁਰਜੀਤ ਪਾਤਰ ਸੀ। ਇਨ੍ਹਾਂ ਸ਼ਾਇਰਾਂ ਦਾ ਨਾਂ ਹੱਟੀ, ਭੱਠੀ ਜਾਂ ਖੇਤ ਦੇ ਬੰਨੇ ’ਤੇ ਖੜੋਤੇ ਕਿਸਾਨ, ਮਜ਼ਦੂਰ ਜਾਂ ਕਿਸੇ ਵੀ ਆਮ ਬੰਦੇ ਤੋਂ ਪੁੱਛ ਲਓ, ਉਹ ਜਾਣਦਾ ਜ਼ਰੂਰ ਹੈ।
* * *
ਇੱਕ ਵਾਰ ਲੁਧਿਆਣੇ ਪੰਜਾਬੀ ਭਵਨ ’ਚ ਕਵੀ ਦਰਬਾਰ ਹੋ ਰਿਹਾ ਸੀ। ਮੇਰਾ ਪ੍ਰੋਫੈਸਰ ਮਹਿੰਦਰ ਸਿੰਘ ਚੀਮਾ ਬਹੁਤ ਫ਼ਿਕਰੇਬਾਜ਼ ਸੀ। ਕੋਈ ਦੋ ਦਰਜਨ ਕਵੀ ਵਾਰੀ-ਵਾਰੀ ਕਵਿਤਾ ਸੁਣਾ ਰਹੇ ਸੀ। ਚੀਮਾ ਕਹਿੰਦਾ, ਇਸ ਇਕੱਠ ’ਚ ਕਵੀ ਤਾਂ ਇੱਕੋ ਹੀ ਹੈ।
ਮੈਂ ਕਿਹਾ: ਇੱਕੋ ਇੱਕ ਕੌਣ?
ਚੀਮਾ ਕਹਿੰਦਾ: ਸੁਰਜੀਤ ਪਾਤਰ
ਮੈਂ ਕਿਹਾ: ਫਿਰ ਬਾਕੀ ਕੌਣ ਹਨ?
ਚੀਮਾ ਕਹਿੰਦਾ: ਬਾਕੀ ਸਭ ਤਰਸ ਦੇ ਪਾਤਰ।
* * *
ਮੈਂ ਆਪਣੀਆਂ ਕਵਿਤਾਵਾਂ ਦਾ ਖਰੜਾ ਤਿਆਰ ਕੀਤਾ। ਛੇ-ਸੱਤ ਮਹੀਨੇ ਦੀ ਗੱਲ ਹੈ। ਪਾਤਰ ਨੂੰ ਮੁਖਬੰਦ ਲਿਖਣ ਲਈ ਕਿਹਾ। ਉਹ ਲੇਟ-ਲੇਟ ਕਰੀ ਜਾਵੇ। ਇੱਕ ਦਿਨ ਉਹਦੇ ਹੀ ਸ਼ਿਅਰ ਦਾ ਮਿਹਣਾ ਮਾਰਿਆ: ‘‘ਬਹੁਤ ਦੂਰ ਦਰਵਾਜ਼ਾ ਅਦਲੀ ਰਾਜੇ ਦਾ, ਮਜ਼ਲੂਮਾਂ ਦੀ ਉਮਰ ਰਾਹ ਵਿਚ ਬੀਤ ਗਈ।’’ ਦੋ ਕੁ ਦਿਨਾਂ ਬਾਅਦ ਹੀ ਉਸ ਨੇ ਛੇ-ਸੱਤ ਸਫ਼ਿਆਂ ਦਾ ਮੁਖਬੰਦ ਲਿਖ ਕੇ ਭੇਜ ਦਿੱਤਾ ਤੇ ਸਿਰਲੇਖ ਰੱਖਿਆ ‘ਸ਼ਮਸ਼ੇਰ ਸੰਧੂ ਦੀ ਚੌਥੀ ਕੂਟ’।
ਕਿਤਾਬ ਅਜੇ ਛਪਣੀ ਹੈ। ਉਹਦੀ ਇਹ ਟਿੱਪਣੀ ਵੀ ਮੇਰੇ ਲਈ ਕਿਤਨੀ ਵੱਡੀ ਹੈ: ‘‘ਸ਼ਮਸ਼ੇਰ, ਤੂੰ ਪੰਜਾਬੀ ਗੀਤ ਸੰਗੀਤ ਤੇ ਪੰਜਾਬੀ ਸਾਹਿਤ ਵਿੱਚ ਸਭ ਤੋਂ ਲੰਮਾ ਪੁਲ ਏਂ।’’
* * *
ਇਹ ਵੀ ਕੈਸਾ ਸਬੱਬ ਕਹੀਏ ਜਾਂ ਇਤਫ਼ਾਕ ਕਿ ਪਾਤਰ ਦੇ ਜਾਣ ’ਤੇ ਉਹਦੀ ਉਹ ਕਵਿਤਾ ਚੇਤੇ ਆ ਰਹੀ ਹੈ ਜੋ ਪਾਸ਼ ਦੇ ਕਤਲ ਹੋਣ ’ਤੇ ਲਿਖੀ ਸੀ:
ਇਕ ਲਰਜ਼ਦਾ ਨੀਰ ਸੀ
ਜੋ ਮਰ ਕੇ ਪੱਥਰ ਹੋ ਗਿਆ
ਦੂਸਰਾ ਇਸ ਹਾਦਸੇ ਤੋਂ
ਡਰ ਕੇ ਪੱਥਰ ਹੋ ਗਿਆ
ਤੀਸਰਾ ਇਸ ਹਾਦਸੇ ਨੂੰ
ਕਰਨ ਲੱਗਾ ਸੀ ਬਿਆਨ
ਉਹ ਕਿਸੇ ਪੱਥਰ ਦੇ
ਘੂਰਨ ਕਰਕੇ ਪੱਥਰ ਹੋ ਗਿਆ
ਇਕ ਸ਼ਾਇਰ ਬਚ ਰਿਹਾ
ਸੰਵੇਦਨਾ ਸੰਗ ਲਰਜ਼ਦਾ
ਐਨੇ ਪੱਥਰ! ਉਹ ਤਾਂ
ਗਿਣਤੀ ਕਰਦਾ ਪੱਥਰ ਹੋ ਗਿਆ।
ਪਾਤਰ ਦੇ ਬਹੁਤ ਸਾਰੇ ਸ਼ਿਅਰ ਇੱਕ ਤਰ੍ਹਾਂ ਨਾਲ ਮੁਹਾਵਰੇ ਹੀ ਬਣ ਗਏ। ਹਰ ਕੋਈ ਜਦੋਂ ਸੁਣਾਉਂਦਾ ਜਾਂ ਮੈਂ ਵੀ ਹੁਣ ਜਦੋਂ ਲਿਖ ਰਿਹਾ ਹਾਂ, ਕਿਸੇ ਸ਼ਿਅਰ ’ਚ ਸਿਹਾਰੀ, ਬਿਹਾਰੀ, ਕੰਨਾ, ਦੁਲੈਂਕੜ ਜਾਂ ਸ਼ਬਦ ਤਬਦੀਲ ਵੀ ਹੋ ਜਾਂਦਾ, ਪਰ ਸ਼ਿਅਰ ਦੀ ਮੂਲ ਭਾਵਨਾ ਕਾਇਮ ਰਹਿੰਦੀ ਹੈ ਜਿਵੇਂ:
ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ
* * *
ਜੇ ਦਿਲ ਫੋਲ ਲੈਂਦੇ ਯਾਰਾਂ ਦੇ ਨਾਲ
ਦਿਲ ਫੋਲਣਾ ਨਾ ਪੈਂਦਾ ਔਜ਼ਾਰਾਂ ਦੇ ਨਾਲ
* * *
ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ
ਬਾਹਰ ਜੀ ਆਇਆਂ ਨੂੰ ਲਿਖਿਆ ਹੋਇਆ ਸੀ
* * *
ਰੇਤੇ ਉੱਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਪਲ ਲੱਗਦੇ ਨੇ
ਕਿੰਨੀ ਛੇਤੀ ਭੁੱਲਗੇ ਸਾਨੂੰ ਤੇਰੇ ਯਾਰ ਨਗਰ ਦੇ ਲੋਕ
* * *
ਇਕ ਇਕ ਨੂੰ ਚੁੱਕ ਕੇ ਵਾਚਣਾ ਮੇਰੇ ਖ਼ਤਾਂ ਦੇ ਵਾਂਗ
ਵਿਹੜੇ ’ਚ ਪੱਤੇ ਆਉਣਗੇ ਪੱਤਝੜ ਦੀ ਪੌਣ ਨਾਲ
* * *
ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ
ਤੋੜ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ
ਮੈਂ ਤਾਂ ਸੜਕ ’ਤੇ ਵਿਛੀ ਬਿਰਖ ਦੀ ਛਾਂ ਹਾਂ
ਮੈਂ ਨਈਂ ਮਿਟਣਾ ਸੌ ਵਾਰੀ ਲੰਘ ਮਸਲ ਕੇ
ਸੁਣਿਆ ਰਾਤੀਂ ਛੁਪ ਕੇ ਛਮ ਛਮ ਰੋਇਆ
ਜਿਸ ਗਾਲ੍ਹਾਂ ਕੱਢੀਆਂ ਦਿਨੇ ਚੌਰਾਹੇ ਖਲਕੇ
* * *
ਵੱਟਸਐਪ, ਫੋਨਾਂ ’ਤੇ ਅੱਜਕੱਲ੍ਹ ਵਿਚਾਰ ਸਾਂਝੇ ਕਰਨ ਦਾ ਆਮ ਰਿਵਾਜ ਹੈ। ਮੇਰਾ ਤੇ ਪਾਤਰ ਦਾ ਵੀ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ ਗਾਹੇ-ਬਗਾਹੇ। ਉਸ ਝਰੋਖੇ ’ਚੋਂ ਪਾਤਰ ਦੀਆਂ ਕੁਝ ਸਤਰਾਂ, ਟਿੱਪਣੀਆਂ ਸਾਂਝੀਆਂ ਕਰ ਰਿਹਾ ਹਾਂ:
-ਪਿਆਰੇ ਸ਼ਮਸ਼ੇਰ, ਏਨੀਆਂ ਅਨਮੋਲ ਯਾਦਾਂ ਸੀਨੇ ਵਿੱਚ ਤੇ ਆਪਣੇ ਖ਼ਜ਼ਾਨੇ ਵਿੱਚ ਸਾਂਭਣ ਵਾਲਿਆ ਤੂੰ ਜੁਗ ਜੁਗ ਜੀਵੇਂ। ਪਿਛਲੇ ਦਿਨੀਂ ਮੈਂ ਸੰਗਤਾਰ ਨਾਲ ਤੇਰੀਆਂ ਗੱਲਾਂਬਾਤਾਂ ਸੁਣੀਆਂ। ਤੇਰੇ ਮੂੰਹੋਂ ਆਪਣੀਆਂ ਭੁੱਲੀਆਂ ਵਿਸਰੀਆਂ ਨਜ਼ਮਾਂ ਸੁਣੀਆਂ। ਮੈਂ ਹੈਰਾਨ ਤੇ ਕੁਰਬਾਨ ਹਾਂ। – ਪਾਤਰ
-ਯਾਰ ਸ਼ਮਸ਼ੇਰ, ਤੂੰ ਬਹੁਤ ਪਿਆਰਾ ਤੇ ਬਾਂਕਾ ਸ਼ਖ਼ਸ ਏਂ। ਮੈਂ ਉਹ ਮਹਿਫ਼ਿਲਾਂ ਬਹੁਤ ਯਾਦ ਕਰਦਾਂ ਜਿਸ ਵਿੱਚ ਤੇਰੀਆਂ ਅਨੂਠੀਆਂ ਜਿਹੀਆਂ Observations ਵਾਲੀਆਂ ਰਸੀਲੀਆਂ ਗੱਲਾਂ ਸੁਣਨ ਦਾ ਮੌਕਾ ਮਿਲਦਾ ਸੀ। ਕਦੇ ਮਿਲੀਏ ਤੇ ਤੇਰੀਆਂ ਕਰਾਰੀਆਂ, ਮਿੱਠੀਆਂ ਤੇ ਖੱਟ-ਮਿੱਠੀਆਂ ਸੁਣੀਏ ਤੇਰੇ ਸ਼ਮਸ਼ੀਰੀ ਅੰਦਾਜ਼ ਵਿੱਚ। – ਪਾਤਰ
* * *
ਸੁਰਜੀਤ ਪਾਤਰ ਦੀਆਂ ਯਾਦਾਂ, ਸੁਲਝੀਆਂ ਗੱਲਾਂ, ਅਨੂਠੀਆਂ ਗੱਲਾਂ, ਛੋਟੇ-ਛੋਟੇ ਪਿਆਰੇ ਵਿਅੰਗਮਈ ਫ਼ਿਕਰੇ ਮੇਰੇ ਕੋਲ ਏਨੇ ਹਨ ਕਿ ਵਰਕਿਆਂ ਦੇ ਵਰਕੇ ਤਾਂ ਕੀ, ਕਈ ਕਿਤਾਬਾਂ ਬਣ ਜਾਣਗੀਆਂ। ਸ਼ਬਦਾਂ, ਫ਼ਿਕਰਿਆਂ ਵਿੱਚ ਵੈਸੇ ਵੀ ਨਹੀਂ ਫੜਿਆ ਜਾ ਸਕਦਾ ਐਡਾ ਮਹੀਨ ਤੇ ਮਹਾਨ ਸ਼ਾਇਰ।
ਸਾਹਾਂ ਵਾਲੀ ਟੁੱਟ ਗਈ ਏ ਤੰਦ ਮਿੱਤਰਾ
ਟਿਕ ਟਿਕ ਟਿਕ ਹੋ ਗਈ ਬੰਦ ਮਿੱਤਰਾ
ਸੰਪਰਕ: 98763-12860