Lohe Da Shehar : Shiv Kumar Batalvi
ਲੋਹੇ ਦਾ ਸ਼ਹਿਰ : ਸ਼ਿਵ ਕੁਮਾਰ ਬਟਾਲਵੀ
ਲੋਹੇ ਦੇ ਇਸ ਸ਼ਹਿਰ ਵਿਚ
ਪਿੱਤਲ ਦੇ ਲੋਕ ਰਹਿੰਦੇ
ਸਿੱਕੇ ਦਾ ਬੋਲ ਬੋਲਣ
ਸ਼ੀਸ਼ੇ ਦਾ ਵੇਸ ਪਾਉਂਦੇ
ਜਿਸਤੀ ਇਹਦੇ ਗਗਨ 'ਤੇ
ਪਿੱਤਲ ਦਾ ਚੜ੍ਹਦਾ ਸੂਰਜ
ਤਾਂਬੇ ਦੇ ਰੁੱਖਾਂ ਉੱਪਰ
ਸੋਨੇ ਦੇ ਗਿਰਝ ਬਹਿੰਦੇ
ਇਸ ਸ਼ਹਿਰ ਦੇ ਇਹ ਲੋਕੀ
ਜ਼ਿੰਦਗੀ ਦੀ ਹਾੜੀ ਸਾਉਣੀ
ਧੂਏਂ ਦੇ ਵੱਢ ਵਾਹ ਕੇ
ਸ਼ਰਮਾਂ ਨੇ ਬੀਜ ਆਉਂਦੇ
ਚਾਂਦੀ ਦੀ ਫ਼ਸਲ ਨਿੱਸਰੇ
ਲੋਹੇ ਦੇ ਹੱਡ ਖਾ ਕੇ
ਇਹ ਰੋਜ਼ ਚੁਗਣ ਸਿੱਟੇ
ਜਿਸਮਾਂ ਦੇ ਖੇਤ ਜਾਂਦੇ
ਇਸ ਸ਼ਹਿਰ ਦੇ ਇਹ ਵਾਸੀ
ਬਿਰਹਾ ਦੀ ਜੂਨ ਆਉਂਦੇ
ਬਿਰਹਾ ਹੰਢਾ ਕੇ ਸੱਭੇ
ਸੱਖਣੇ ਦੀ ਪਰਤ ਜਾਂਦੇ
ਲੋਹੇ ਦੇ ਇਸ ਸ਼ਹਿਰ ਵਿਚ
ਅੱਜ ਢਾਰਿਆਂ ਦੇ ਉਹਲੇ
ਸੂਰਜ ਕਲੀ ਕਰਾਇਆ
ਲੋਕਾਂ ਨੇ ਨਵਾਂ ਕਹਿੰਦੇ
ਲੋਹੇ ਦੇ ਇਸ ਸ਼ਹਿਰ ਵਿਚ
ਲੋਹੇ ਦੇ ਲੋਕ ਰਹਿਸਣ
ਲੋਹੇ ਦੇ ਗੀਤ ਸੁਣਦੇ
ਲੋਹੇ ਦੇ ਗੀਤ ਗਾਉਂਦੇ
ਲੋਹੇ ਦੇ ਇਸ ਸ਼ਹਿਰ ਵਿਚ
ਪਿੱਤਲ ਦੇ ਲੋਕ ਰਹਿੰਦੇ
ਸਿੱਕੇ ਦੇ ਬੋਲ ਬੋਲਣ
ਸ਼ੀਸ਼ੇ ਦਾ ਵੇਸ਼ ਪਾਉਂਦੇ