Loh Katha : Avtar Singh Pash

ਲੋਹ ਕਥਾ : ਅਵਤਾਰ ਸਿੰਘ ਪਾਸ਼

1. ਭਾਰਤ

ਭਾਰਤ-
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ,
ਖੇਤਾਂ ਦੇ ਉਨ੍ਹਾਂ ਪੁੱਤਰਾਂ ਤੋਂ ਹਨ
ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ,
ਵਕਤ ਮਿਣਦੇ ਹਨ।
ਉਨ੍ਹਾਂ ਕੋਲ ਢਿੱਡ ਤੋਂ ਬਿਨਾਂ, ਕੋਈ ਸਮੱਸਿਆ ਨਹੀਂ।
ਤੇ ਉਹ ਭੁੱਖ ਲੱਗਣ ਤੇ
ਆਪਣੇ ਅੰਗ ਵੀ ਚਬਾ ਸਕਦੇ ਹਨ,
ਉਨ੍ਹਾਂ ਲਈ ਜ਼ਿੰਦਗੀ ਇਕ ਪ੍ਰੰਪਰਾ ਹੈ
ਤੇ ਮੌਤ ਦੇ ਅਰਥ ਹਨ ਮੁਕਤੀ।
ਜਦ ਵੀ ਕੋਈ ਸਮੁੱਚੇ ਭਾਰਤ ਦੀ
ਕੌਮੀ ਏਕਤਾ ਦੀ ਗੱਲ ਕਰਦਾ ਹੈ-
ਤਾਂ ਮੇਰਾ ਚਿੱਤ ਕਰਦਾ ਹੈ
ਉਸ ਦੀ ਟੋਪੀ ਹਵਾ 'ਚ ਉਛਾਲ ਦਿਆਂ।
ਉਸ ਨੂੰ ਦੱਸਾਂ
ਕਿ ਭਾਰਤ ਦੇ ਅਰਥ
ਕਿਸੇ ਦੁਸ਼ਯੰਤ ਨਾਲ ਸਬੰਧਤ ਨਹੀਂ
ਸਗੋਂ ਖੇਤਾਂ ਵਿਚ ਦਾਇਰ ਹਨ।
ਜਿੱਥੇ ਅੰਨ ਉੱਗਦਾ ਹੈ
ਜਿੱਥੇ ਸੰਨ੍ਹਾਂ ਲੱਗਦੀਆਂ ਹਨ…

2. ਬੇਦਾਵਾ

ਤੇਰੇ ਪੁਰਬਾਂ ਦੇ ਨਸ਼ੇ ਵਿਚ
ਉਹ ਤੈਨੂੰ ਬੇਦਾਵਾ ਲਿਖ ਗਏ ਹਨ।
ਮਾਛੀਵਾੜਾ
ਉਨ੍ਹਾਂ ਦੇ ਮੂੰਹਾਂ ਤੇ ਉੱਗ ਆਇਆ ਹੈ।
ਤੇ ਆਏ ਦਿਨ ਜੂੰਆਂ
ਉਥੇ ਜ਼ਫ਼ਰਨਾਮੇ ਲਿਖਦੀਆਂ ਹਨ।
ਉਹ ਨੌਂਆਂ ਮਹੀਨਿਆਂ ਵਿਚ,
ਦੋ ਸੌ ਸੱਤਰ ਸਾਹਿਬਜ਼ਾਦਿਆਂ ਦਾ ਅਵਤਾਰ ਕਰਦੇ ਹਨ।
ਤੇ ਕੋਈ ਨਾਂ ਕੋਈ ਚਮਕੌਰ ਲੱਭ ਕੇ,
ਉਨ੍ਹਾਂ ਨੂੰ ਸ਼ਹੀਦ ਦਾ ਰੁਤਬਾ ਦਿਵਾ ਦਿੰਦੇ ਹਨ।
ਔਰੰਗਜ਼ੇਬ ਦੀ ਸ਼ੈਤਾਨ ਰੂਹ ਨੇ,
ਲਾਲ ਕਿਲੇ ਦੇ ਸਿਖ਼ਰ
ਅਸ਼ੋਕ ਚੱਕਰ ਵਿਚ ਪ੍ਰਵੇਸ਼ ਕਰ ਲੀਤਾ ਹੈ
ਅਤੇ ਉਨ੍ਹਾਂ ਨੇ ਸਾਂਝੇ ਫਰੰਟ ਦੇ ਹਜ਼ੂਰ,
ਦਿੱਲੀ ਦੀ ਵਫ਼ਾਦਾਰੀ ਦੀ ਸਹੁੰ ਖਾਧੀ ਹੈ।
ਜੇ ਉਹ ਦੱਖਣ ਨੂੰ ਜਾਣ ਵੀ
ਤਾਂ ਸ਼ਿਵਾ ਜੀ ਨਹੀਂ,
ਸ਼ਿਵਾ ਜੀ ਗਣੇਸ਼ਨ ਨੂੰ ਸੰਗਠਿਤ ਕਰਨ ਜਾਂਦੇ ਹਨ।
ਕਟਾਰ ਉਨ੍ਹਾਂ ਦੀ ਵੱਖੀ ਵਿਚ,
ਸਫ਼ਰ ਦਾ ਭੱਤਾ ਬਣ ਚੁੱਭਦੀ ਹੈ।
ਉਨ੍ਹਾਂ ਮੁਲਕ ਭਰ ਦੀਆਂ 'ਚਿੜੀਆਂ' ਨੂੰ
ਇਸ਼ਤਿਹਾਰੀ ਮੁਲਜ਼ਮ ਕਰਾਰ ਦਿੱਤਾ ਹੈ।
ਪਰ ਗੁਰੂ ! ਉਹ ਸਿੰਘ ਕੌਣ ਹਨ ?
ਜਿਨ੍ਹਾਂ ਬੇਦਾਵਾ ਨਹੀਂ ਲਿਖਿਆ।
ਤੇ ਅੱਜ ਵੀ ਹਰ ਜੇਲ੍ਹ,
ਹਰ ਇਨਟੈਰੋਗੇਸ਼ਨ ਸੈਂਟਰ ਨੂੰ, ਸਰਹੰਦ ਦੀ ਕੰਧ,
ਤੇ ਅਨੰਦਪੁਰ ਦਾ ਕਿਲਾ ਕਰਕੇ ਮੰਨਦੇ ਹਨ।
ਉਹ ਹੜ੍ਹਿਆਈ ਸਰਸਾ ਵਿਚੋਂ ਟੁੱਭੀ ਮਾਰਕੇ,
ਤੇਰੇ ਗ੍ਰੰਥ ਕੱਢਣ ਗਏ ਹਨ।
ਹੇ ਗੁਰੂ ! ਉਹ ਸਿੰਘ ਕੌਣ ਹਨ ?
ਜਿਨ੍ਹਾਂ, ਬੇਦਾਵਾ ਨਹੀਂ ਲਿਖਿਆ

3. ਲੋਹਾ

ਤੁਸੀਂ ਲੋਹੇ ਦੀ ਕਾਰ ਝੂਟਦੇ ਹੋ।
ਮੇਰੇ ਕੋਲ ਲੋਹੇ ਦੀ ਬੰਦੂਕ ਹੈ।
ਮੈਂ ਲੋਹਾ ਖਾਧਾ ਹੈ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ।
ਲੋਹਾ ਜਦ ਪਿੱਘਲਦਾ ਹੈ,
ਤਾਂ ਭਾਫ ਨਹੀਂ ਨਿਕਲਦੀ।
ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ 'ਚੋਂ
ਭਾਫ ਨਿਕਲਦੀ ਹੈ
ਤਾਂ ਲੋਹਾ ਪਿਘਲ ਜਾਂਦਾ ਹੈ।

ਪਿਘਲੇ ਹੋਏ ਲੋਹੇ ਨੂੰ,
ਕਿਸੇ ਵੀ ਆਕਾਰ ਵਿਚ,
ਢਾਲਿਆ ਜਾ ਸਕਦਾ ਹੈ।
ਕੁਠਾਲੀ ਵਿਚ ਮੁਲਕ ਦੀ ਤਕਦੀਰ ਢੱਲੀ ਪਈ ਹੁੰਦੀ ਹੈ,
ਇਹ ਮੇਰੀ ਬੰਦੂਕ,
ਤੁਹਾਡੀਆਂ ਬੈਂਕਾਂ ਦੇ ਸੇਫ,
ਤੇ ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ,
ਸਭ ਲੋਹੇ ਦੇ ਹਨ।
ਸ਼ਹਿਰ ਤੋਂ ਉਜਾੜ ਤੱਕ ਹਰ ਫ਼ਰਕ,
ਭੈਣ ਤੋਂ ਵੇਸਵਾ ਤਕ ਹਰ ਇਹਸਾਸ,
ਮਾਲਕ ਤੋਂ ਮਾਤਹਿਤ ਤਕ ਹਰ ਰਿਸ਼ਤਾ,
ਬਿੱਲ ਤੋਂ ਕਾਨੂਨ ਤਕ ਹਰ ਸਫ਼ਰ,
ਲੋਟੂ ਨਿਜ਼ਾਮ ਤੋਂ ਇਨਕਲਾਬ ਤਕ ਹਰ ਇਤਿਹਾਸ,
ਜੰਗਲ, ਭੋਰਿਆਂ ਤੇ ਝੁਗੀਆਂ ਤੋਂ ਇੰਟੈਰੋਗੇਸ਼ਨ,
ਤਕ ਹਰ ਮੁਕਾਮ, ਸਭ ਲੋਹੇ ਦੇ ਹਨ।
ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ
ਕਿ ਲੋਹੇ ਤੇ ਨਿਰਭਰ ਲੋਕ
ਲੋਹੇ ਦਆਿਂ ਪੱਤੀਆਂ ਖਾ ਕੇ,
ਖੁਦਕੁਸ਼ੀ ਕਰਨੋ ਹੱਟ ਜਾਣ
ਮਸ਼ੀਨਾਂ ਵਿਚ ਆ ਕੇ ਤੂੰਬਾ ਤੂੰਬਾ ਉੱਡਣ ਵਾਲੇ
ਲਾਵਾਰਸਾਂ ਦੀਆਂ ਤੀਵੀਆਂ
ਲੋਹੇ ਦੀਆਂ ਕੁਰਸੀਆਂ ਤੇ ਬੈਠੇ ਵਾਰਸਾਂ ਕੋਲ,
ਕੱਪੜੇ ਤੱਕ ਵੀ ਆਪ ਲਾਹੁਣ ਲਈ ਮਜਬੂਰ ਨਾ ਹੋਣ।
ਪਰ ਆਖਰ ਲੋਹੇ ਨੂੰ
ਪਸਤੌਲਾਂ, ਬੰਦੂਕਾਂ ਤੇ ਬੰਬਾਂ ਦੀ
ਸ਼ਕਲ ਇਖਤਿਆਰ ਕਰਨੀ ਪਈ ਹੈ।
ਤੁਸੀਂ ਲੋਹੇ ਦੀ ਚਮਕ ਵਿਚ ਚੁੰਧਿਆ ਕੇ
ਆਪਣੀ ਧੀ ਨੂੰ ਵਹੁਟੀ ਸਮਝ ਸਕਦੇ ਹੋ,
(ਪਰ) ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ,
ਵੀ ਪਹਿਚਾਣ ਸਕਦਾ ਹਾਂ।
ਕਿਉਂਕਿ
ਮੈਂ ਲੋਹਾ ਖਾਧਾ ਹੈ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ।

4. ਸੱਚ

ਤੁਸਾਂ ਦੇ ਮੰਨਣ ਜਾਂ ਨਾਂ ਮੰਨਣ ਵਿਚ,
ਸੱਚ ਨੂੰ ਕੋਈ ਫਰਕ ਨਹੀਂ ਪੈਂਦਾ।
ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ।
ਤੇ ਹਰ ਸੱਚ ਜੂਨ ਭੋਗਣ ਬਾਅਦ,
ਯੁੱਗ ਵਿਚ ਬਦਲ ਜਾਂਦਾ ਹੈ,
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ,
ਫੌਜ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ।
ਕੱਲ੍ਹ ਜਦ ਇਹ ਯੁੱਗ,
ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀ,
ਸਮੇਂ ਦੀ ਸਲਾਮੀ ਲਏਗਾ,
ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ।
ਹੁਣ ਸਾਡੀ ਉਪੱਦਰੀ ਜ਼ਾਤ ਨੂੰ,
ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ;
ਇਹ ਕਹਿ ਛੱਡਣਾ,
ਕਿ ਝੁੱਗੀਆਂ 'ਚ ਪਸਰਿਆ ਸੱਚ,
ਕੋਈ ਸ਼ੈਅ ਨਹੀਂ !
ਕੇਡਾ ਕੁ ਸੱਚ ਹੈ ?
ਤੁਸਾਂ ਦੇ ਮੰਨਣ ਜਾਂ ਨਾਂ ਮੰਨਣ ਵਿਚ,
ਸੱਚ ਨੂੰ ਕੋਈ ਫਰਕ ਨਹੀਂ ਪੈਂਦਾ।

5. ਦੋ ਤੇ ਦੋ ਤਿੰਨ

ਮੈਂ ਸਿੱਧ ਕਰ ਸਕਦਾ ਹਾਂ-
ਕਿ ਦੋ ਤੇ ਦੋ ਤਿੰਨ ਹੁੰਦੇ ਹਨ
ਵਰਤਮਾਨ ਮਿਥਹਾਸ ਹੁੰਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ।
ਤੁਸੀਂ ਜਾਣਦੇ ਹੋ-
ਕਚਹਿਰੀਆਂ, ਬੱਸ ਅੱਡਿਆਂ ਤੇ ਪਾਰਕਾਂ ਵਿਚ
ਸੌ ਸੌ ਦੇ ਨੋਟ ਤੁਰਦੇ ਫਿਰਦੇ ਹਨ।
ਡਾਇਰੀਆਂ ਲਿਖਦੇ , ਤਸਵੀਰਾਂ ਲੈਂਦੇ
ਤੇ ਰਿਪੋਰਟਾਂ ਭਰਦੇ ਹਨ,
ਕਾਨੂੰਨ-ਰੱਖਿਆ, ਕੇਂਦਰ ਵਿਚ
ਪੁੱਤਰ ਨੂੰ ਮਾਂ, ਤੇ ਚੜ੍ਹਾਇਆ ਜਾਂਦਾ ਹੈ।
ਖੇਤਾਂ ਵਿਚ 'ਡਾਕੂ' ਦਿਹਾੜੀਆਂ ਤੇ ਕੰਮ ਕਰਦੇ ਹਨ।
ਮੰਗਾਂ ਮੰਨੀਆਂ ਜਾਣ ਦਾ ਐਲਾਨ,
ਬੰਬਾਂ ਨਾਲ ਕੀਤਾ ਜਾਂਦਾ ਹੈ।
ਆਪਣੇ ਲੋਕਾਂ ਦੇ ਪਿਆਰ ਦਾ ਅਰਥ
'ਦੁਸ਼ਮਣ ਦੇਸ਼' ਦੀ ਏਜੰਟੀ ਹੁੰਦਾ ਹੈ।
ਅਤੇ
ਵੱਧ ਤੋਂ ਵੱਧ ਗ਼ੱਦਾਰੀ ਦਾ ਤਗ਼ਮਾ
ਵੱਡੇ ਤੋਂ ਵੱਡਾ ਰੁਤਬਾ ਹੋ ਸਕਦਾ ਹੈ
ਤਾਂ-
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ।
ਵਰਤਮਾਨ ਮਿਥਿਹਾਸ ਹੋ ਸਕਦਾ ਹੈ
ਮਨੁੱਖੀ ਸ਼ਕਲ ਵੀ ਚਮਚੇ ਵਰਗੀ ਹੋ ਸਕਦੀ ਹੈ।

6. ਸੰਦੇਸ਼

ਵਾਸ਼ਿੰਗਟਨ !
ਇਹ ਜਲਾਵਤਨ ਅਪਰਾਧੀਆਂ ਦਾ ਰਵਾ
ਅਜ ਤੈਨੂੰ ਕਲੰਕਿਤ ਕਰਨ ਤੁਰਿਆ ਹੈ
ਇਹ ਉਨ੍ਹਾਂ ਡਾਕੂਆਂ ਤੋਂ ਵੀ ਬਦਨਾਮ
ਤੇ ਭਗੌੜੀ ਜੁੰਡੀ ਹੈ
ਜਿਨ੍ਹਾਂ ਤਿੰਨ ਸਦੀਆਂ, ਸਾਡੇ ਖੇਤਾਂ ਦਾ ਗਰਭਪਾਤ ਕੀਤਾ।
ਅਤੇ ਇਹ ਉਨ੍ਹਾਂ ਦੀ ਹੀ ਲੁੱਟ ਦਾ ਪ੍ਰਮਾਣ ਹੈ
ਕਿ ਮੇਰੀਆਂ ਭੈਣਾਂ ਅਜ ਤਕਰੀਬਨ ਨੰਗੀਆਂ
ਕਾਲਜ ਵਿਚ ਪੜ੍ਹਨ ਜਾਂਦੀਆਂ ਹਨ।
ਉਹ ਸਾਡੇ ਤੰਬੇ ਤਕ ਵੀ ਖੋਹਲ ਕੇ ਲੈ ਗਏ ਹਨ।
ਵਾਸ਼ਿੰਗਟਨ !
ਇਨ੍ਹਾਂ ਨੇ ਤੈਨੂੰ ਪਲੀਤ ਕਰਨ ਦੀ ਸੌਂਹ ਖਾਧੀ ਹੈ।
ਕੋਰੀਆ, ਵੀਤਨਾਮ ਜਾਂ ਇਸਰਾਈਲ ਤਾਂ
ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਹਨ।
ਵਾਸ਼ਿੰਗਟਨ, ਤੂੰ ਤਾਂ ਜਾਣਦਾ ਏਂ
ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ
ਵਹਿਸ਼ਤ ਦਾ ਸਮੁੰਦਰ ਰੋਕਿਆ ਸੀ।
ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ,
ਧੁੱਪ ਛਡਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ, ਵੀਤਨਾਮ ਤੇ ਹਰ ਹੱਕ ਦੇ ਸੰਗਰਾਮ ਵਿਚ
ਮੇਰਾ ਲਹੂ ਆਬਾਦ ਹੈ-
ਤੇ ਇਹ-ਲਿੰਕਨ ਦੇ ਕਾਤਲ
ਮੁੜ ਹਬਸ਼ੀਆਂ ਦਾ ਵਿਉਪਾਰ ਕਰਨ ਤੁਰੇ ਹਨ।
ਇਨ੍ਹਾਂ ਦੀ ਮੌਤ ਇਨ੍ਹਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ।
ਵਾਸ਼ਿੰਗਟਨ !
ਇਨ੍ਹਾਂ ਨੂੰ ਗਊਆਂ ਮਣਸਾ ਕੇ ਭੇਜ…

7. ਮੇਰੀ ਮਾਂ ਦੀਆਂ ਅੱਖਾਂ

ਜਦ ਇਕ ਕੁੜੀ ਨੇ ਮੈਨੂੰ ਕਿਹਾ,
ਮੈਂ ਬਹੁਤ ਸੋਹਣਾ ਹਾਂ।
ਤਾਂ ਮੈਨੂੰ ਉਹਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ।
ਮੇਰੇ ਭਾਣੇ ਤਾਂ ਉਹ ਸੋਹਣੇ ਸਨ
ਮੇਰੇ ਪਿੰਡ ਵਿਚ ਜੋ ਵੋਟ ਫੇਰੀ ਤੇ,
ਜਾਂ ਉਦਘਾਟਨ ਦੀ ਰਸਮ ਤੇ ਆਉਂਦੇ ਹਨ।

ਇਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋਅ ਮਿਲੀ
ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ…
ਮੈਂ ਉਸ ਦਿਨ ਪਿੰਡ ਛੱਡ ਦਿੱਤਾ,
ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ
ਤਾਂ ਫੇਰ ਸੋਹਣੇ ਹੋਰ ਹਨ…
ਸ਼ਹਿਰਾਂ ਵਿਚ ਮੈਂ ਥਾਂ ਥਾਂ ਕੋਝ ਦੇਖਿਆ,
ਪ੍ਰਕਾਸ਼ਨਾਂ ਵਿਚ, ਕੈਫਿਆਂ ਵਿਚ।
ਦਫਤਰਾਂ ਤੇ ਥਾਣਿਆਂ ਵਿਚ
ਅਤੇ ਮੈਂ ਦੇਖਿਆ, ਇਹ ਕੋਝ ਦੀ ਨਦੀ
ਦਿੱਲੀ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ।
ਅਤੇ ਉਸ ਗੋਲ ਪਰਬਤ ਵਿਚ ਸੁਰਾਖ ਕਰਨ ਲਈ
ਮੈਂ ਕੋਝ ਵਿਚ ਵੜਿਆ,
ਕੋਝ ਸੰਗ ਲੜਿਆ,
ਤੇ ਕਈ ਲਹੂ ਲੁਹਾਨ ਵਰ੍ਹਿਆਂ ਕੋਲੋਂ ਲੰਘਿਆ।
ਤੇ ਹੁਣ ਮੈਂ ਚਿਹਰੇ ਉਤੇ ਯੁੱਧ ਦੇ ਨਿਸ਼ਾਨ ਲੈ ਕੇ,
ਦੋ ਘੜੀ ਲਈ ਪਿੰਡ ਆਇਆ ਹਾਂ।
ਤੇ ਉਹੀਓ ਚਾਲੀਆਂ ਵਰ੍ਹਿਆਂ ਦੀ ਕੁੜੀ,
ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ।
ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲਗਦਾ ਹੈ।

8. ਹਰ ਬੋਲ 'ਤੇ ਮਰਦਾ ਰਹੀਂ

ਜਦੋਂ ਮੈਂ ਜਨਮਿਆ
ਤਾਂ ਜਿਉਣ ਦੀ ਸੌਂਹ ਖਾ ਕੇ ਜੰਮਿਆ
ਤੇ ਹਰ ਵਾਰ ਜਦੋਂ ਮੈਂ ਤਿਲਕ ਕੇ ਡਿਗਿਆ,
ਮੇਰੀ ਮਾਂ ਲਾਹਨਤਾਂ ਪਾਂਦੀ ਰਹੀ।
ਕੋਈ ਸਾਹਿਬਾਂ ਮੇਰੇ ਕਾਇਦੇ ਤੇ ਗ਼ਲਤ ਪੜ੍ਹਦੀ ਰਹੀ,

ਅੱਖਰਾਂ ਤੇ ਡੋਲ੍ਹ ਕੇ ਸਿਆਹੀ
ਤਖ਼ਤੀ ਮਿਟਾਉਂਦੀ ਰਹੀ।
ਹਰ ਜਸ਼ਨ ਤੇ
ਹਾਰ ਮੇਰੀ ਕਾਮਯਾਬੀ ਦੇ
ਉਸ ਨੂੰ ਪਹਿਨਾਏ ਗਏ
ਮੇਰੀ ਗਲੀ ਦੇ ਮੋੜ ਤਕ
ਆਕੇ ਉਹ ਮੁੜ ਜਾਂਦੀ ਰਹੀ।
ਮੇਰੀ ਮਾਂ ਦਾ ਵਚਨ ਹੈ
ਹਰ ਬੋਲ ਤੇ ਮਰਦਾ ਰਹੀਂ,
ਤੇਰੇ ਜ਼ਖਮੀ ਜਿਸਮ ਨੂੰ
ਬੱਕੀ ਬਚਾਉਂਦੀ ਰਹੇਗੀ,
ਜਦ ਵੀ ਮੇਰੇ ਸਿਰ 'ਤੇ
ਕੋਈ ਤਲਵਾਰ ਲਿਸ਼ਕੀ ਹੈ,
ਮੈਂ ਕੇਵਲ ਮੁਸਕਰਾਇਆ ਹਾਂ
ਤੇ ਮੈਨੂੰ ਨੀਂਦ ਆ ਜਾਂਦੀ ਰਹੀ ਹੈ
ਜਦ ਮੇਰੀ ਬੱਕੀ ਨੂੰ,
ਮੇਰੀ ਲਾਸ਼ ਦੇ ਟੁਕੜੇ
ਉਠਾ ਸਕਣ ਦੀ ਸੋਝੀ ਆ ਗਈ,
ਓਦੋਂ ਮੈਂ ਮਿਰਜ਼ਾ ਨਹੀਂ ਰਹਾਂਗਾ।

9. ਇਹ ਕੇਹੀ ਮੁਹੱਬਤ ਹੈ ਦੋਸਤੋ

ਘਣੀ ਬਦਬੂ ਵਿਚ ਕੰਧਾਂ ਉਤਲੀ ਉੱਲੀ
ਅਤੇ ਛੱਤ ਨੂੰ ਲੱਗਾ ਮੱਕੜੀ ਦਾ ਜਾਲਾ ਵੇਖ ਕੇ
ਮਾਸ਼ੂਕ ਦਾ ਚਿਹਰਾ ਬਹੁਤ ਯਾਦ ਆਉਂਦਾ ਏ।
ਇਹ ਕੇਹੀ ਮੁਹੱਬਤ ਹੈ ਦੋਸਤੋ ?
ਕਵੀ ਕਾਤਲ ਹਨ, ਕਿਸਾਨ ਡਾਕੂ ਹਨ
ਤਾਜ਼ੀਰਾਤੇ ਹਿੰਦ ਦਾ ਫ਼ਰਮਾਨ ਏ-
ਕਣਕਾਂ ਖੇਤਾਂ ਵਿਚ ਸੜਨ ਦਿਉ,
ਨਜ਼ਮਾਂ ਇਤਿਹਾਸ ਨਾ ਬਣ ਜਾਣ।
ਸ਼ਬਦਾਂ ਦੇ ਸੰਘ ਘੁੱਟ ਦਿਉ।
ਕੱਲ੍ਹ ਤੱਕ ਇਹ ਦਲੀਲ ਬੜੀ ਦਿਲਚਸਪ ਸੀ,
ਇਸ ਤਿੰਨ ਰੰਗੀ ਜਿਲਦ ਉੱਤੇ
ਨਵਾਂ ਕਾਗਜ਼ ਚੜ੍ਹਾ ਦਈਏ-
ਪਰ ਐਵਰੈਸਟ ਤੇ ਚੜ੍ਹਨਾ,
ਹੁਣ ਮੈਂਨੂੰ ਦਿਲਚਸਪ ਨਹੀਂ ਲਗਦਾ
ਮੈਂ ਹਾਲਾਤ ਨਾਲ ਸਮਝੌਤਾ ਕਰਕੇ,
ਸਾਹ ਘਸੀਟਣੇ ਨਹੀਂ ਚਾਹੁੰਦਾ
ਮੇਰੇ ਯਾਰੋ !
ਮੈਨੂੰ ਇਸ ਕਤਲਾਮ ਵਿਚ ਸ਼ਰੀਕ ਹੋ ਜਾਵਣ ਦਿਉ।

10. ਮੇਰਾ ਹੁਣ ਹੱਕ ਬਣਦਾ ਹੈ

ਮੈਂ ਟਿਕਟ ਖਰਚ ਕੇ
ਤੁਹਾਡਾ ਜਮਹੂਰੀਅਤ ਦਾ ਨਾਟਕ ਦੇਖਿਆ ਹੈ
ਹੁਣ ਤਾਂ ਮੇਰਾ ਨਾਟਕ ਹਾਲ 'ਚ ਬਹਿਕੇ
ਹਾਏ ਹਾਏ ਆਖਣ ਤੇ ਚੀਕਾਂ ਮਾਰਨ ਦਾ
ਹੱਕ ਬਣਦਾ ਹੈ
ਤੁਸਾਂ ਵੀ ਟਿਕਟ ਦੀ ਵਾਰੀ
ਟਕੇ ਦੀ ਛੋਟ ਨਹੀਂ ਕੀਤੀ
ਤੇ ਮੈਂ ਵੀ ਆਪਣੀ ਪਸੰਦ ਦੀ ਬਾਂਹ ਫੜਕੇ
ਗੱਦੇ ਪਾੜ ਸੁੱਟਾਂਗਾ
ਤੇ ਪਰਦੇ ਸਾੜ ਸੁੱਟਾਂਗਾ।

11. ਗਲੇ ਸੜੇ ਫੁੱਲਾਂ ਦੇ ਨਾਂ

ਅਸੀਂ ਤਾਂ ਪਿੰਡਾਂ ਦੇ ਵਾਸੀ ਹਾਂ,
ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ।
ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ ?

ਸਾਡਾ ਮਨ ਪਰਚਾਵਾ ਤਾਂ ਹੱਟੀ ਭੱਠੀ ਹੈ।
ਤੁਸੀਂ ਕਲੱਬਾਂ ਸਿਨਮੇ ਵਾਲੇ,
ਸਾਥੋਂ ਪਹਿਲਾਂ ਬੁੱਢੇ ਕੀਕਣ ਹੋ ਜਾਂਦੇ ਹੋ ?
ਸਾਡੀ ਦੌੜ ਤਾਂ ਕਾਲੇ ਮਹਿਰ ਦੀ ਮਟੀ ਤੀਕ
ਜਾਂ ਤੁਲਸੀ ਸੂਦ ਦੇ ਟੂਣੇ ਤੱਕ ਹੈ,
ਤੁਸੀਂ ਤਾਂ ਕਹਿੰਦੇ ਚੰਦ ਦੀਆਂ ਗੱਲਾਂ ਕਰਦੇ ਹੋ
ਤੁਸੀਂ ਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ ?
ਅਸੀਂ ਕਾਲਜੇ ਕੱਟ ਕੱਟ ਕੇ ਵੀ ਸੀ ਨਹੀਂ ਕੀਤੀ।
ਤੁਸੀਂ ਜੋ ਰੰਗ ਬਰੰਗੇ ਝੰਡੇ ਚੁੱਕੀ ਫਿਰਦੇ
ਖਾਂਦੇ ਪੀਂਦੇ ਮੌਤ ਤੇ ਛੜਾਂ ਚਲਾਉਂਦੇ ਹੋ।
ਇਹ ਬਹੁੜੀ ਧਾੜਿਆ ਕਿਹੜੀ ਗੱਲ ਦੀ ਕਰਦੇ ਹੋ ?
ਦੇਖਿਉ ਹੁਣ,
ਇਹ ਸੁੱਕੀ ਰੋਟੀ ਗੰਢੇ ਨਾਲ ਚਬਾਵਣ ਵਾਲੇ।
ਤਹਾਡੇ ਸ਼ਹਿਰ ਦੇ ਸੜਕਾਂ ਕਮਰੇ ਨਿਗਲ ਜਾਣ ਲਈ,
ਆ ਪਹੁੰਚੇ ਹਨ,
ਇਹ ਤੁਹਾਡੀ ਡਾਈਨਿੰਗ ਟੇਬਲ,
ਤੇ ਟਰੇਆਂ ਤੱਕ ਨਿਗਲ ਜਾਣਗੇ।
ਜਦ ਸਾਡੀ ਰੋਟੀ ਤੇ ਡਾਕੇ ਪੈਂਦੇ ਸਨ,
ਜਦ ਸਾਡੀ ਇੱਜ਼ਤ ਨੂੰ ਸੰਨ੍ਹਾਂ ਲਗਦੀਆਂ ਸਨ।
ਤਾਂ ਅਸੀਂ ਅਨਪੜ੍ਹ ਪੇਂਡੂ ਮੂੰਹ ਦੇ ਗੂਂਗੇ ਸਾਂ,
ਤੁਹਾਡੀ ਲਕਚੋ ਕਾਫ਼ੀ ਹਾਊਸ 'ਚ ਕੀ ਕਰਦੀ ਸੀ।
ਤੁਹਾਨੂੰ ਪੜ੍ਹਿਆਂ ਲਿਖਿਆਂ ਨੂੰ ਕੀ ਹੋਇਆ ਸੀ।
ਅਸੀਂ ਤੁਹਾਡੀ ਖਾਹਿਸ਼ ਦਾ ਅਪਮਾਨ ਨਹੀਂ ਕਰਦੇ,
ਅਸੀਂ ਤੁਹਾਨੂੰ ਆਦਰ ਸਹਿਤ
ਸਣੇ ਤੁਹਾਡੇ ਹੋਂਦ ਵਾਦ ਦੇ,
ਬਰਛੇ ਦੀ ਨੋਕ ਤੇ ਟੰਗ ਕੇ,
ਚੰਦ ਉੱਤੇ ਅਪੜਾ ਦੇਵਾਂਗੇ।
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ,
ਸਾਡੇ ਕੋਲ 'ਅਪੋਲੋ' ਹੈ ਨਾ 'ਲੂਨਾ' ਹੈ।

12. ਜਦ ਬਗ਼ਾਵਤ ਖ਼ੌਲਦੀ ਹੈ

ਨੇਰ੍ਹੀਆਂ, ਸ਼ਾਹ ਨੇਰ੍ਹੀਆਂ ਰਾਤਾਂ ਦੇ ਵਿੱਚ,
ਜਦ ਪਲ ਪਲਾਂ ਤੋਂ ਸਹਿਮਦੇ ਹਨ, ਤ੍ਰਭਕਦੇ ਹਨ।
ਚੌਬਾਰਿਆਂ ਦੀ ਰੌਸ਼ਨੀ ਤਦ,
ਬਾਰੀਆਂ 'ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ।
ਇਨ੍ਹਾਂ ਸ਼ਾਂਤ ਰਾਤਾਂ ਦੇ ਗਰਭ 'ਚ
ਜਦ ਬਗ਼ਾਵਤ ਖੌਲਦੀ ਹੈ,
ਚਾਨਣੇ, ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ।

13. ਯੁੱਗ ਪਲਟਾਵਾ

ਅੱਧੀ ਰਾਤੇ
ਮੇਰਾ ਕਾਂਬਾ ਸੱਤ ਰਜਾਈਆਂ ਨਾਲ ਵੀ ਨਾ ਰੁਕਿਆ
ਸਤਲੁਜ ਮੇਰੇ ਬਿਸਤਰੇ ਤੇ ਲਹਿ ਗਿਆ
ਸੱਤ ਰਜਾਈਆਂ, ਗਿੱਲੀਆਂ,
ਤਾਪ ਇਕ ਸੌ ਛੇ, ਇਕ ਸੌ ਸੱਤ
ਹਰ ਸਾਹ ਮੁੜ੍ਹਕੋ ਮੁੜ੍ਹਕੀ
ਯੁੱਗ ਨੂੰ ਪਲਟਾਉਣ ਵਿਚ ਮਸਰੂਫ ਲੋਕ
ਬੁਖਾਰ ਨਾਲ ਨਹੀਂ ਮਰਦੇ।
ਮੌਤ ਦੇ ਕੰਧੇ ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿੱਛੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ
ਮੈਨੂੰ ਜਿਸ ਸੂਰਜ ਦੀ ਧੁੱਪ ਵਰਜਿਤ ਹੈ
ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦੇਵਾਂਗਾ
ਮੇਰਾ ਲਹੂ ਤੇ ਮੁੜ੍ਹਕਾ ਮਿੱਟੀ ਵਿਚ ਡੁੱਲ੍ਹ ਗਿਆ ਹੈ
ਮੈਂ ਮਿੱਟੀ ਵਿਚ ਦੱਬੇ ਜਾਣ ਤੇ ਵੀ ਉੱਗ ਆਵਾਂਗਾ

14. ਖ਼ੂਬਸੂਰਤ ਪੈਡ ਕੰਧਾਂ ਜੇਲ੍ਹ ਦੀਆਂ

ਸ਼ਬਦਾਂ ਦੀ ਆੜ ਲੈ ਕੇ
ਮੈਂ ਜਦ ਵੀ ਅਰਥਾਂ ਦਾ ਦੁਖਾਂਤ ਪਰੋਖਾ ਕੀਤਾ ਹੈ,
ਬੜਾ ਪਛਤਾਇਆ ਹਾਂ,
ਮੈਂ ਜਿਸ ਧਰਤੀ ਤੇ ਖੜ ਕੇ
ਧਰਤੀ ਦੇ ਸੰਗੀਤ ਦੀ ਸਹੁੰ ਖਾਧੀ ਸੀ
ਉਸ ਦੇ ਸੰਗੀਤ ਦੀ ਸਹੁੰ ਖਾਧੀ ਸੀ
ਉਸ ਤੇ ਕਿੰਨੀ ਵਾਰ ਤਿਲਕ ਕੇ ਡਿਗਿਆ ਹਾਂ,
ਮੈਂਨੂੰ ਰੁੰਡ ਮਰੁੰਡੇ ਰੁੱਖਾਂ ਦਾ ਸਰਾਪ ਲੱਗਿਆ ਹੈ।
ਅਤੇ
ਮੈਂ ਵਾਰ ਵਾਰ ਸੂਲੀ ਤੇ ਬਹਿਸ਼ਤ ਨੂੰ
ਦੋ ਸੌਂਕਣਾਂ ਸਵੀਕਾਰ ਕੀਤਾ ਹੈ,
ਜਿਨ੍ਹਾਂ ਨੂੰ ਇੱਕੋ ਪਲੰਘ ਤੇ ਹਾਮਲਾ ਕਰਦੇ ਹੋਏ
ਮੇਰੀ ਦੇਹ ਨਿੱਘਰਦੀ ਜਾਂਦੀ ਹੈ।
ਪਰ ਮੇਰਾ ਆਕਾਰ ਹੋਰ ਨਿੱਖਰਦਾ ਹੈ,
ਠੀਕ,
ਮੇਰੀ ਕਲਮ ਕੋਈ ਕੁੰਨ ਨਹੀਂ ਹੈ,
ਮੈਂ ਤਾਂ ਸੜਕਾਂ ਤੇ ਤੁਰਿਆ ਹੋਇਆ,
ਏਨਾਂ ਭੁਰ ਗਿਆ ਹਾਂ
ਕਿ ਮੇਰੇ ਅਪਾਹਜ ਜਿਸਮ ਨੂੰ
ਚੇਤਾ ਵੀ ਨਹੀਂ ਆਉਂਦਾ
ਕਿ ਮੇਰਾ ਕਿਹੜਾ ਅੰਗ ਵੀਤਨਾਮ ਵਿਚ
ਤੇ ਕਿਹੜਾ ਅਫ਼ਰੀਕਾ ਦੇ ਕਿਸੇ ਮਾਰੂਥਲ ਵਿਚ
ਰਹਿ ਗਿਆ ਹੈ ?
ਮੈਂ ਦਿੱਲੀ ਦੇ ਕਿਸੇ ਕਾਹਵਾ ਘਰ
ਵਿਚ ਬੈਠਾ ਹਾਂ ਕਿ ਆਂਧਰਾ ਦੇ ਜੰਗਲਾਂ ਵਿਚ ?
ਵਾਰ ਵਾਰ ਬੀਤਦੇ ਹੋਏ ਪਲਾਂ ਸੰਗ
ਮੈਂ ਆਪਣੀ ਹੋਂਦ ਨੂੰ ਟੋਂਹਦਾ ਹਾਂ।
ਮੇਰੀਆਂ ਛੇ ਨਜ਼ਮਾਂ ਦੀ ਮਾਂ,
ਪਿਛਲੇ ਐਤਵਾਰ ਮੇਰੇ ਹੀ ਪਰਛਾਵੇਂ ਨਾਲ
ਉੱਧਲ ਗਈ ਹੈ,
ਤੇ ਮੈਂ ਆਵਾਜ਼ਾਂ ਫੜਨ ਦੀ ਕੋਸ਼ਿਸ਼ ਵਿਚ
ਕਿੰਨਾਂ ਦੂਰ ਨਿਕਲ ਆਇਆ ਹਾਂ,
ਮੇਰੇ ਨਕਸ਼ ਤਿੱਥ ਪੱਤਰ-ਦੀਆਂ,
ਲੰਘੀਆਂ ਤਰੀਕਾਂ ਹੋ ਕੇ ਰਹਿ ਗਏ ਹਨ,
ਵਾਰੀ ਵਾਰੀ ਨੈਪੋਲੀਅਨ, ਚੰਗੇਜ਼ ਖਾਂ ਤੇ ਸਿਕੰਦਰ
ਮੇਰੇ ਵਿੱਚੋਂ ਦੀ ਲੰਘ ਗਏ ਹਨ
ਅਸੋਕ ਤੇ ਗੌਤਮ ਬੇਬਾਕ ਤੱਕ ਰਹੇ ਹਨ,
ਬੇਪਰਦ ਪੱਥਰ ਦਾ ਸੋਮਨਾਥ
ਜੇ ਮੈਂ ਅੇਵਰੈਸਟ ਉਤੇ ਖਲੋ ਕੇ ਦੇਖਦਾ ਹਾਂ,
ਤੋੜਿਆ ਪਿਆ ਤਾਜਮਹਲ,
ਪਿੱਤਲ ਦਾ ਹਰਿਮੰਦਰ
ਤੇ ਅਜੰਤਾ ਖੰਡਰ ਖੰਡਰ
ਤਾਂ ਮੈਂ ਸੋਚਦਾ ਹਾਂ
ਕੁਤਬ ਦੀਆਂ ਪੰਜ ਮੰਜ਼ਲਾਂ ਜੋ ਅਜੇ ਬਾਕੀ ਹਨ,
ਕੀ ਖੁਦਕੁਸ਼ੀ ਲਈ ਕਾਫੀ ਹਨ ?

ਪਰ ਆਖ਼ਰ,
ਮੈਨੂੰ ਮੰਨਣਾ ਪੈਂਦਾ ਹੈ,
ਕਿ ਜਿਸ ਵੇਲੇ ਮੈਂ ਜੂਪੀਟਰ ਦੇ ਪੁੱਤਰ
ਅਤੇ ਅਰਸਤੂ ਦੇ ਚੇਲੇ ਨੂੰ,
ਧੁੱਪ ਛੱਡ ਕੇ ਖਲੋਣ ਨੂੰ ਕਿਹਾ ਸੀ
ਤਾਂ ਮੇਰੇ ਤੇੜ ਕੇਵਲ ਜਾਂਘਿਆ ਸੀ।
ਤਾਂ ਹੀ ਮੈਂ
ਹੁਣ ਖੁਬਸੂਰਤ ਪੈਡ ਲੂਹ ਦਿੱਤੇ ਹਨ
ਤੇ ਕਲਮ ਨੂੰ ਸੰਗੀਨ ਲਾ ਕੇ
ਜੇਲ੍ਹ, ਦੀਆਂ ਕੰਧਾਂ ਤੇ ਲਿਖਣਾ ਲੋਚਦਾ ਹਾਂ
ਤੇ ਇਹ ਸਿੱਧ ਕਰਨ ਵਿਚ ਰੁਝਿਆ ਹਾਂ
ਕਿ ਦਿਸ-ਹੱਦੇ ਤੋਂ ਪਰੇ ਵੀ
ਪਹਾੜ ਹੁੰਦੇ ਹਨ
ਖੇਤ ਹੁੰਦੇ ਹਨ
ਜਿਨ੍ਹਾਂ ਦੀਆਂ ਢਲਾਣਾਂ ਉਤੇ
ਕਿਰਨਾਂ ਵੀ, ਕਲਮਾਂ ਵੀ,
ਜੁੜ ਸਕਦੀਆਂ ਹਨ।

15. ਜ਼ਹਿਰ

ਤੁਸੀਂ ਕਿੰਝ ਕਹਿ ਸਕਦੇ ਹੋ
ਕਿ ਇਹ ਜ਼ਹਿਰ ਹੈ ਤੇ ਇਹ ਜ਼ਹਿਰ ਨਹੀਂ
ਜ਼ਹਿਰ ਤੋਂ ਤਾਂ ਨਾ ਸਿਗਰਟ ਮੁਕਤ ਹੈ
ਨਾ ਪਾਨ
ਨਾ ਕਾਨੂੰਨ ਨਾ ਕ੍ਰਿਪਾਨ
ਜ਼ਹਿਰ ਦੇ ਲੇਬਲ ਨੂੰ
ਸੈਕਟਰੀਏਟ ਤੇ ਲਾਵੋ ਜਾਂ ਯੂਨੀਵਰਸਿਟੀ ਤੇ
ਜ਼ਹਿਰ ਜ਼ਹਿਰ ਹੈ
ਤੇ ਜ਼ਹਿਰ ਨੂੰ ਜ਼ਹਿਰ ਕੱਟਦਾ ਹੈ

ਭੂਮੀ ਅੰਦੋਲਨ ਤਾਂ ਘਰ ਦੀ ਗੱਲ ਹੈ
ਇਹ ਕਾਨੂੰ ਸਾਨਿਆਲ ਕੀ ਸ਼ੈਅ ਹੈ ?
ਜਵਾਨੀ ਤਾਂ ਜਤਿੰਦਰ ਜਾਂ ਬਬੀਤਾ ਦੀ
ਇਹ ਉਤਪੱਲ ਦੱਤ ਕੀ ਹੋਇਆ ?
ਇਹ ਨਾਟ ਕਲਾ ਕੇਂਦਰ ਕੀ ਕਰਦਾ ?
ਜ਼ਹਿਰ ਤਾਂ ਕੀਟਸ ਨੇ ਖਾਧਾ ਸੀ
ਇਹ ਦਰਸ਼ਨ ਖੱਟਕੜ ਕੀ ਖਾਂਦਾ ਹੈ ?
ਚੀਨ ਨੂੰ ਆਖੋ
ਕਿ ਪ੍ਰਮਾਣੂ ਧਮਾਕੇ ਨਾ ਕਰੇ
ਇਸ ਤਰ੍ਹਾਂ ਤਾਂ ਪਵਿੱਤ੍ਰ ਹਵਾ 'ਚ
ਜ਼ਹਿਰ ਫੈਲਦਾ ਹੈ
ਤੇ-ਹਾਂ ਪੋਲਿੰਗ ਦਿਹਾੜੇ ਐਤਕੀਂ
ਅਫੀਮ ਦੀ ਥਾਂ ਨਿੱਗਰ ਜ਼ਹਿਰ ਵੰਡੇ
ਜ਼ਹਿਰ ਤਾਂ ਵੱਧਦਾ ਜਾਂਦਾ ਹੈ-

ਤੇ ਨਰਸ !
ਇਸ 'ਪਾਇਜ਼ਨ ਸਟੋਰ' ਨੂੰ
ਅਸਾਂ ਕੀ ਪੁੱਠ ਦੇਣੀ ਹੈ ?
ਜਾਓ ਇਕ ਇਕ ਗੋਲੀ
'ਪਾਸ਼' ਤੇ 'ਸੰਤ' (ਸੰਧੂ) ਨੂੰ ਦੇ ਆਓ

16. ਸਮਾਂ ਕੋਈ ਕੁੱਤਾ ਨਹੀਂ

ਫ਼੍ਰੰਟੀਅਰ ਨਾ ਸਹੀ, ਟ੍ਰਿਬਿਉਨ ਪੜ੍ਹੋ
ਕਲਕੱਤਾ ਨਹੀਂ, ਢਾਕੇ ਦੀ ਗੱਲ ਕਰੋ
ਔਰਗੇਨਾਈਜ਼ਰ ਤੇ ਪੰਜਾਬ ਕੇਸਰੀ
ਦੇ ਕਾਤਰ ਲਿਆਵੋ
ਤੇ ਮੈਨੂੰ ਦੱਸੋ
ਇਹ ਇੱਲਾਂ ਕਿੱਧਰ ਜਾ ਰਹੀਆਂ ਹਨ ?
ਕੌਣ ਮਰਿਆ ਹੈ ?
ਸਮਾਂ ਕੋਈ ਕੁੱਤਾ ਨਹੀਂ
ਕਿ ਸੰਗਲੀ ਫੜ ਕੇ ਜਿੱਧਰ ਮਰਜ਼ੀ ਧੂਹ ਲਵੋ
ਤੁਸੀਂ ਕਹਿੰਦੇ ਹੋ
ਮਾਓ ਇਹ ਕਹਿੰਦਾ, ਮਾਓ ਉਹ ਕਹਿੰਦਾ ਹੇ
ਮੈਂ ਪੁੱਛਦਾ ਹਾਂ, ਮਾਓ ਕਹਿਣ ਵਾਲਾ ਕੌਣ ਹੈ ?
ਸ਼ਬਦ ਗਿਰਵੀ ਨਹੀਂ
ਸਮਾਂ ਗੱਲ ਆਪ ਕਰਦਾ ਹੈ
ਪਲ, ਗੁੰਗੇ ਨਹੀਂ।

ਤੁਸੀਂ ਰੈਂਬਲ 'ਚ ਬੈਠੋ
ਜਾਂ ਪਿਆਲਾ ਚਾਹ ਦਾ ਰੇੜ੍ਹੀ ਤੋਂ ਪੀਓ
ਸੱਚ ਬੋਲੋ ਜਾਂ ਝੂਠ-
ਕੋਈ ਫਰਕ ਨਹੀਂ ਪੈਂਦਾ,
ਭਾਵੇਂ ਚੁੱਪ ਦੀ ਲਾਸ਼ ਵੀ ਛਲ੍ਹ ਕੇ ਲੰਘ ਜਾਵੋ

……………
ਤੇ ਐ ਹਕੂਮਤ
ਆਪਣੀ ਪੋਲੀਸ ਨੂੰ ਪੁੱਛ ਕੇ ਇਹ ਦੱਸ
ਕਿ ਸੀਖਾਂ ਅੰਦਰ ਮੈਂ ਕੈਦ ਹਾਂ
ਜਾਂ ਸੀਖਾਂ ਤੋਂ ਬਾਹਰ ਇਹ ਸਿਪਾਹੀ ?
ਸੱਚ ਏ. ਆਈ. ਆਰ. ਦੀ ਰਖੇਲ ਨਹੀਂ
ਸਮਾਂ ਕੋਈ ਕੁੱਤਾ ਨਹੀਂ

17. ਅਰਥਾਂ ਦਾ ਅਪਮਾਨ

ਤੁਸਾਂ ਨੇ ਜਾਣ ਬੁੱਝ ਕੇ ਅਰਥਾਂ ਦਾ ਅਪਮਾਨ ਕੀਤਾ ਹੈ
ਆਵਾਰਾ ਸ਼ਬਦਾਂ ਦਾ ਇਲਜ਼ਾਮ
ਹੁਣ ਕਿਸ ਨੂੰ ਦੇਵੋਗੇ ?
ਮੈਨੂੰ ਇਹ ਰੁੱਖ ਪੁੱਛਦੇ ਹਨ
ਕਿ ਉਸ ਸੂਰਜ ਨੂੰ ਕੀ ਕਹੀਏ
ਜਿਹੜਾ ਕਿ ਗਰਮ ਨਾ ਹੋਵੇ
ਜ੍ਹਿਦਾ ਰੰਗ ਲਾਲ ਨਾ ਹੋਵੇ।

ਮੈਂ ਰੁੱਖਾਂ ਵੱਲ ਤੱਕਦਾ ਹਾਂ
ਹਵਾ ਦੇ ਰੰਗ ਗਿਣਦਾ ਹਾਂ
ਤੇ ਰੁੱਤ ਦਾ ਨਾਪ ਕਰਦਾ ਹਾਂ
ਤੇ ਮੈਥੋਂ ਫੇਰ ਸੂਰਜ ਨੂੰ ਬੇਦੋਸ਼ਾ ਆਖ ਨਹੀਂ ਹੁੰਦਾ।
ਮੈਂ ਸੁਰਜ ਵਾਸਤੇ
ਗ਼ੁਸਤਾਖ ਸ਼ਬਦਾਂ ਨੂੰ ਸੁਅੰਬਰ 'ਚ ਬਿਠਾਉਂਦਾ ਹਾਂ,
ਤੁਸੀਂ ਸਮਝੋਗੇ
ਮੈਂ ਚੋਟੀ 'ਤੇ ਖੜ੍ਹ ਕੇ ਖੱਡ ਦੇ ਵਿਚ ਛਾਲ ਮਾਰੀ ਹੈ
ਅਸਲ ਗੱਲ ਹੋਰ ਹੈ
ਮੈਂ ਤਾਂ ਖੱਡਾਂ ਦੇ ਅਰਥ ਬਦਲੇ ਹਨ
ਹਵਾ ਨੂੰ ਪੀਂਘ ਮੰਨਿਆ ਹੈ
ਤੇ ਪਰਬਤ ਨੂੰ ਪੜੁੱਲ ਦਾ ਰੂਪ ਦਿੱਤਾ ਹੈ
ਮੈਂ ਤੁਸਾਂ ਲਈ ਖੁਦਕਸ਼ੀ ਦੇ ਅਰਥ ਬਦਲੇ ਹਨ
ਮੇਰੇ ਸਾਥੀ
ਤੁਸਾਂ ਲਈ ਜ਼ਿੰਦਗੀ ਦੇ ਅਰਥ ਬਦਲਣਗੇ
ਤੁਸਾਂ ਜੇ ਮਰਨ ਲੱਗਿਆਂ
ਜ਼ਿੰਦਗੀ ਨੂੰ ਜਾਣ ਵੀ ਲੀਤਾ
ਤੁਹਾਡੀ ਕੌਣ ਮੰਨੇਗਾ ?
ਤੁਹਾਨੂੰ ਕੌਣ ਬਖਸ਼ੇਗਾ
ਜਿਨ੍ਹਾਂ ਨੇ ਜਾਣ ਬੁੱਝ ਕੇ
ਅਰਥਾਂ ਦਾ ਅਪਮਾਨ ਕੀਤਾ ਹੈ।

18. ਵਕਤ ਦੀ ਲਾਸ਼

ਜਿਨ੍ਹਾਂ ਨੇ ਪੱਤਝੜ ਦੇ ਆਖਰੀ ਦਿਨ
ਬੁੱਕਲ 'ਚ ਸਾਂਭ ਲਏ ਸਨ,
ਤੇ ਹੁਣ ਜੇ ਇਹ ਬਸੰਤ ਦੀ ਗੱਲ ਕਰਦੇ ਵੀ ਹਨ
ਤਾਂ ਜਿਵੇਂ ਸ਼ਬਦਾਂ ਦੇ ਸਾਹ ਟੁੱਟਦੇ ਹੋਣ,
ਜਿਵੇਂ ਅਮਲੀ ਤ੍ਰੋਟਿਆ ਗਿਆ ਹੋਵੇ-
ਤੇ ਇਨ੍ਹਾਂ ਦੇ ਗੁਆਂਢ
ਜਿਹੜੇ ਸ਼ੈਤਾਨ ਸਿਰ ਫਿਰੇ ਛੋਕਰੇ
ਇਤਿਹਾਸ ਦੀਆਂ ਕੰਧਾਂ ਉੱਤੇ
ਕੁਝ ਲਿਖਣ ਵਿਚ ਮਸਰੂਫ਼ ਹਨ
ਉਨ੍ਹਾਂ ਨੂੰ ਵਿਹੁ ਜਾਪਦੇ ਹਨ
ਜਿਵੇਂ ਕੋਈ ਬਾਰਵੇਂ ਸਾਲ ਵਿਚ
ਰਿਸ਼ੀ ਦੀ ਤਾੜੀ ਭੰਗ ਕਰ ਦਏ
ਜਿਵੇਂ ਸੁਹਾਗ ਦੀ ਸੇਜ ਤੇ ਮਹਿਮਾਨ ਸੌਂ ਜਾਣ
ਇਨ੍ਹਾਂ ਦੇ ਕੋਲ ਉਸ ਦਾ ਦਿੱਤਾ ਬਹੁਤ ਕੁੱਝ ਹੈ
ਇਹ ਡਿਗਰੀਆਂ ਦੇ ਫੱਟ ਤੇ ਸੌਂ ਸਕਦੇ ਹਨ
ਤੇ ਅਲੰਕਾਰਾਂ ਦੇ ਓਵਰਕੋਟ ਪਹਿਨਦੇ ਹਨ
ਉਨ੍ਹਾਂ ਲਈ ਜ਼ਿੰਦਗੀ ਦੇ ਅਰਥ ਸਿਫ਼ਾਰਸ਼ ਹਨ
ਕੈਦ ਨੂੰ ਉਹ ਕੋਕਾ ਕੋਲਾ ਵਾਂਗ ਪੀਂਦੇ ਹਨ
ਤੇ ਹਰ ਅੱਜ ਨੂੰ ਕੱਲ ਦੇ ਵਿਚ ਬਦਲ ਕੇ ਖੁਸ਼ ਹੁੰਦੇ ਹਨ
ਇਹ ਰਾਤ ਨੂੰ ਸੌਣ ਲੱਗੇ
ਪਜਾਮਿਆਂ ਸਲਵਾਰਾਂ ਦੀਆਂ ਗੰਢਾਂ ਟੋਹਕੇ ਸੌਂਦੇ ਹਨ
ਤੇ ਸਵੇਰ ਨੂੰ ਜਦ ਉਹ ਉੱਠਦੇ ਹਨ
ਤਾਂ ਬੱਕਰੀ ਵਾਂਗ ਨਿਢਾਲ
ਜਿਵੇਂ ਵਕਤ ਦੀ ਲਾਸ਼ ਮੁਸ਼ਕ ਗਈ ਹੋਵੇ
ਜਿਵੇਂ ਦਹੀਂ ਬੁੱਸ ਗਿਆ ਹੋਵੇ,
ਜਦ ਇਹ ਆਪਣੇ ਆਪ ਨੂੰ
ਮਰਿਆ ਪਿਆ ਤੱਕਦੇ ਹਨ
ਤਾਂ ਜ਼ਿੰਦਗੀ ਨੂੰ ਚੇਤੇ ਵਿਚ
ਲਿਆਉਣ ਲਈ ਤਿਗੜਮ ਲੜਾਉਂਦੇ ਹਨ
ਜਿਵੇਂ ਕੋਈ ਉਂਗਲਾਂ ਤੇ ਹਾਸਲ ਗਿਣਦਾ ਹੈ
ਜਿਵੇਂ ਕੋਈ ਰਿੜਨਾ ਸਿੱਖਣੋਂ ਪਹਿਲਾਂ ਦੀ
ਉਮਰ ਨੂੰ ਯਾਦ ਕਰਦਾ ਹੈ।

19. ਦੇਸ਼ ਭਗਤ

(ਪਿਆਰੇ ਚੰਦਨ ਨੂੰ ਸਮਰਪਤ)

ਇਕ ਅਫਰੀਕੀ ਸਿਰ
ਚੀ ਗਵੇਰਾ ਨੂੰ ਨਮਸਕਾਰ ਕਰਦਾ ਹੈ
ਆਰਤੀ ਕਿਤੇ ਵੀ ਉਤਾਰੀ ਜਾ ਸਕਦੀ ਹੈ
ਪੁਲਾੜ ਵਿਚ…. ਪ੍ਰਿਥਵੀ 'ਤੇ
ਕਿਊਬਾ ਵਿਚ… ਬੰਗਾਲ ਵਿਚ।
ਸਮਾਂ ਸੁਤੰਤਰ ਤੌਰ ਉੱਤੇ ਕੋਈ ਸ਼ੈਅ ਨਹੀਂ
ਸਮੇਂ ਨੂੰ ਅਰਥ ਦੇਣ ਲਈ
ਪਲ ਜੀਵੇ ਜਾਂਦੇ ਹਨ, ਵਰ੍ਹੇ ਬਿਤਾਏ ਜਾਂਦੇ ਹਨ

ਭਵਿੰਡੀ ਤੇ ਸਿਰੀਕਾਕੁਲਮ ਵਿਚ ਫਰਕ ਕੱਢਿਆ ਜਾਂਦਾ ਹੈ
ਮੈਂ ਸੂਰਜ ਕੋਲ ਮੁੱਕਰਿਆ ਘਾਹ ਕੋਲ ਮੁੱਕਰਿਆ,
ਕੁਰਸੀ ਕੋਲ , ਮੇਜ਼ ਕੋਲ
ਤੇ ਏਸੇ ਲਈ ਮੈਂ ਲਾਨ ਦੀ ਧੁੱਪ ਵਿਚ ਬਹਿਕੇ
ਚਾਹ ਨਹੀਂ ਪੀਤੀ
ਬੰਦ ਕਮਰੇ ਦੀਆਂ ਦੀਵਾਰਾਂ ਤੇ ਫਾਇਰ ਕੀਤੇ ਹਨ,

ਇਹ ਭਾਰਤ ਹੈ-
ਜੋ ਨਿੱਕੇ ਜਿਹੇ ਗਲੋਬ ਉੱਤੇ ਏਸ਼ੀਆ ਦੀ ਪੂਛ ਬਣ
ਕੇ ਲਟਕਿਆ ਹੈ
ਜਿਸ ਦੀ ਸ਼ਕਲ ਪਤੰਗੇ ਵਰਗੀ ਹੈ
ਅਤੇ ਜੋ ਪਤੰਗੇ ਵਾਂਗ ਹੀ ਸੜ ਜਾਣ ਲਈ ਹਾਕਲ ਬਾਕਲ ਹੈ

ਤੇ ਇਹ ਪੰਜਾਬ ਹੈ-
ਜਿਥੇ ਨਾ ਕੂਲੇ ਘਾਹ ਦੀਆਂ ਮੈਰਾਂ ਹਨ
ਨਾ ਫੁੱਲਾਂ ਭਰੇ ਦਰਖ਼ਤ
ਚੇਤਰ ਆਉਂਦਾ ਹੈ, ਪਰ ਉਸ ਦਾ ਰੰਗ ਸ਼ੋਖ ਨਹੀਂ ਹੁੰਦਾ…
ਉਦਾਸ ਸ਼ਾਮਾਂ ਸੰਗ ਟਕਰਾ ਕੇ
ਜ਼ਿੰਦਗੀ ਦਾ ਸੱਚ ਕਈ ਵਾਰ ਗੁਜ਼ਰਿਆ ਹੈ
ਪਰ ਹਰ ਵਾਰ ਸਹਿਣਸ਼ੀਲਤਾ ਦਾ ਮਖੌਟਾ ਪਾਉਣ ਤੋਂ ਪਹਿਲਾਂ
ਮੈਂ ਹਰ ਦਿਸ਼ਾ ਦੇ ਦਿਸਹੱਦੇ ਸੰਗ ਟਕਰਾ ਗਿਆ ਹਾਂ,
ਚੰਦ,ਜਦੋਂ ਗੋਆ ਦੇ ਰੰਗੀਨ ਤੱਟਾਂ 'ਤੇ
ਜਾਂ ਕਸ਼ਮੀਰ ਦੀ ਸੁਜਿੰਦ ਵਾਦੀ ਵਿਚ
ਚੌਫਾਲ ਨਿੱਸਲ ਪਿਆ ਹੁੰਦਾ ਹੈ
ਤਾਂ ਓਦੋਂ ਉਹ ਪਲ ਹੁੰਦੇ ਹਨ
ਜਦੋਂ ਮੈਂ ਉੱਚੇ ਹਿਮਾਲੇ ਵਾਲੀ
ਆਪਣੀ ਪਿਤਾ-ਭੁਮੀ ਤੇ ਬਹੁਤ ਮਾਣ ਕਰਦਾ ਹਾਂ
ਜਿਸ ਸਾਨੂੰ ਪਹਾੜੀ ਪੱਥਰਾਂ ਵਾਂਗ ਬੇਅੰਤ ਪੈਦਾ ਕਰਕੇ
ਪੱਥਰਾਂ ਵਾਂਗ ਹੀ ਜੀਊਣ ਲਈ ਛੱਡ ਦਿੱਤਾ ਹੇ।
ਤੇ ਓਦੋਂ ਮੈਨੂੰ ਉਹ ਢੀਠਤਾਈ
ਜਿਦ੍ਹਾ ਨਾਂ ਜ਼ਿੰਦਗੀ ਹੈ

ਰੁੱਸੀ ਹੋਈ ਮਾਸ਼ੂਕ ਵਾਂਗ ਪਿਆਰੀ ਲਗਦੀ ਹੈ
ਤੇ ਮੈਨੂੰ ਸੰਗ ਆਉਂਦੀ ਹੈ
ਕਿ ਮੈਂ ਘੋਗੇ ਦੀ ਤਰ੍ਹਾਂ , ਬੰਦ ਹਾਂ
ਜਦ ਮੈਨੂੰ ਅਮੀਬਾ ਵਾਂਗ ਫੈਲਣਾ ਲੋੜੀਂਦਾ ਹੈ।

20. ਮੈਂ ਕਹਿੰਦਾ ਹਾਂ

ਕਈ ਕਹਿੰਦੇ ਹਨ-
ਬੜਾ ਕੁਝ ਹੋਰ ਆਖਣ ਨੂੰ ਹੈ
ਬਹੁਤ ਕੁਝ ਅੱਗੇ ਤੈਅ ਕਰਨ ਵਾਲਾ ਹੈ
ਜਿਵੇਂ ਗੱਲ ਸ਼ਬਦਾਂ ਨਾਲ ਨਹੀਂ ਕਹੀ ਜਾ ਸਕਦੀ
ਜਿਵੇਂ ਵਾਟ ਕਦਮਾਂ ਨਾਲ ਨਹੀਂ ਮੁਕਦੀ

ਕਈ ਕਹਿੰਦੇ ਹਨ-
ਹੁਣ ਕਹਿਣ ਲਈ ਕੁਝ ਵੀ ਬਾਕੀ ਨਹੀਂ
ਤੈਅ ਕਰਨ ਲਈ ਕੁਝ ਵੀ ਬਚਿਆ ਨਹੀਂ
ਜਿਵੇਂ ਸ਼ਬਦ ਨਿਪੁੰਸਕ ਹੋ ਗਏ ਹੋਣ
ਤੇ ਮੈਂ ਕਹਿੰਦਾ ਹਾਂ
ਸਫ਼ਰ ਦੀ ਇਤਿਹਾਸ ਦੀ ਗੱਲ ਨਾ ਕਰੋ
ਮੈਨੂੰ ਅਗਲਾ ਕਦਮ ਧਰਨ ਲਈ ਜ਼ਮੀਨ ਦੇਵੋ

21. ਬੇਕਦਰੀ ਥਾਂ

ਮੇਰਾ ਅਪਮਾਨ ਕਰ ਦੇਵੋ
ਮੈਂ ਕਿਹੜਾ ਮਾਣ ਕਰਦਾ ਹਾਂ
ਕਿ ਮੈਂ ਅੰਤ ਤੀਕਰ ਸਫ਼ਰ ਕੀਤਾ ਹੈ,
ਸਗੋਂ ਮੈਂ ਤਾਂ ਉਹਨਾਂ ਪੈਰਾਂ ਦਾ ਮੁਜਰਮ ਹਾਂ

ਕਿ ਜਿਨ੍ਹਾਂ ਦਾ 'ਭਰੋਸਾ' ਮੈਂ ਕਿਸੇ ਬੇਕਦਰੇ ਥਾਂ ਤੇ ਰੋਲ ਦਿੱਤਾ
ਪ੍ਰਾਪਤੀਆਂ ਦਾ ਮੌਸਮ
ਆਉਣ ਤੋਂ ਪਹਿਲਾਂ ਹੀ
ਮੇਰੇ ਰੰਗ ਨੂੰ ਬਦਰੰਗ ਕਰ ਦੇਵੋ

22. ਤੇਰਾ ਮੁੱਲ ਮੇਰਾ ਮੁੱਲ

ਇਕ ਹਵਾ ਦਾ ਰਾਹ ਉਲੰਘਣ ਵਾਸਤੇ
ਬਹੁਤ ਚਿਰ ਮੈਨੂੰ ਜਿਸਮ ਬਾਹਾਂ 'ਚ ਘੁੱਟੀ ਰੱਖਣਾ ਪੈਂਦਾ ਹੈ
ਆਪਣੀ ਕ੍ਰਿਆ ਦਾ ਮੁਰਦਾ
ਰੋਜ਼ ਹੀ ਮੈਂ ਚਾਹੁੰਦਿਆਂ ਅਣਚਾਹੁੰਦਿਆਂ
ਇਤਿਹਾਸ ਦੀ ਸਰਦਲ ਤੇ ਰੱਖ ਕੇ ਪਰਤ ਆਉਂਦਾ ਹਾਂ-
ਹਰ ਦਿਹੁੰ ਦੇ ਅੰਤ ਉੱਤੇ ਮੁਫ਼ਤ ਵਿਕ ਜਾਂਦਾ ਹਾਂ ਮੈਂ।
ਆਪਣੀ ਕੀਮਤ, ਮੇਰੀ ਮਹਿਬੂਬ
ਆਪਣੀ ਛਾਂ ਤੋਂ ਪੁੱਛ
ਕਿੰਨੀਆਂ ਕਿਰਨਾਂ ਤੇਰੇ ਤੋਂ ਮਾਤ ਖਾ ਕੇ
ਰਾਖ ਹੋ ਚੁੱਕੀਆਂ ਨੇ।
ਮੈਂ ਵੀ ਆਪਣਾ ਖੂਨ ਡੋਲ੍ਹਣ ਵਾਸਤੇ
ਕਿਹੋ ਜਿਹਾ ਕੁਰੂਖੇਤਰ ਪਸੰਦ ਕੀਤਾ ਹੈ
ਮੇਰੀ ਅੱਖ ਦੇ ਹਰ ਕਦਮ ਵਿਚ
ਮੇਰੇ ਸਿਰਜਕ ਦੇ ਅੰਗ ਖਿੰਡਰੇ ਪਏ ਨੇ
ਤੇ ਮੇਰੇ ਅੰਦਰ ਅਣਗਿਣਤ ਰਾਵਣਾਂ, ਦਰਯੋਧਨਾਂ ਦੀ
ਲਾਸ਼ ਜੀ ਉਠੀ ਹੈ-
ਤੇਰਾ ਮੁੱਲ ਤੇਰੀ ਕਦਰ
ਇਤਿਹਾਸ ਦੇ ਕਦਮਾਂ ਨੂੰ ਜਾਪੇ ਜਾਂ ਨਾ ਜਾਪੇ
ਪਰ ਮੈਂ ਲਛਮਣ ਰੇਖਾ ਨੂੰ ਟੱਪ ਕੇ
ਖਿਲਾਅ ਵਿਚ ਲਟਕ ਜਾਵਾਂਗਾ।
ਮੇਰੇ ਅਭਿਮਾਨ ਦਾ ਵਿਮਾਨ
ਅਗਲੀ ਰੁੱਤ ਵਿਚ ਮੇਰਾ ਗਵਾਹ ਹੋਵੇਗਾ
ਤੇ ਓਦੋਂ ਹੀ ਮੇਰੀਆਂ ਅਮੁੱਲੀਆਂ
ਹਿੰਮਤਾਂ ਦੀ ਕੀਮਤ ਪੈ ਸਕੇਗੀ।
ਮੈਨੂੰ ਤੇਰੀ ਸ਼ੋਖੀ ਦੇ ਹੱਦਾਂ ਉਲੰਘਣ ਦਾ
ਤਾਂ ਕੋਈ ਗ਼ਮ ਨਹੀਂ
ਮੈਂ ਤਾਂ ਇਸ ਜੋਬਨਾਈ ਵਾਦੀ 'ਚ
ਤੇਰੇ ਹੱਦਾਂ ਬਣਾਈ ਜਾਣ ਤੋਂ ਕਤਰਾ ਰਿਹਾ ਹਾਂ।
ਮੇਰੀ ਮਹਿਬੂਬ
ਇਸ ਸੂਰਜ ਨੂੰ ਮੁੱਠੀ ਵਿਚ ਫੜਨਾ ਲੋਚ ਨਾ
ਮੈਂ ਇਹਦੇ ਵਿਚ ਸੜਨ ਨੂੰ
ਲੱਖਾਂ ਜਨਮ ਲੈਣੇ ਨੇ।

23. ਸਭਿਆਚਾਰ ਦੀ ਖੋਜ

(ਮਰੀਅਮ ਕਿਸਲਰ ਪੀ. ਐਚ. ਡੀ. ਦੇ ਨਾਂ)

ਗੋਰੀ ਨਸਲ ਦੀ ਗੋਰੀ ਕੁੜੀਏ
ਤੂੰ ਸਾਡੇ ਕਲਚਰ ਦਾ ਖੋਜ ਦਾ ਸਾਂਗ ਰਹਿਣ ਦੇ
ਅੱਧੀ ਦਿੱਲੀ ਹੀ ਉਂਝ ਹੀ ਹਿੱਪੀਆਂ ਲਈ ਮਨਜ਼ੂਰ ਸ਼ੁਦਾ ਹੈ।
ਤੇਰੀ ਧਰਤੀ ਦੇ ਸਾਏ ਤਾਂ
ਮੱਲੋ ਮੱਲੀ ਦੇ ਪ੍ਰੋਫੈਸਰ, ਪਿੰਡ ਸੇਵਕ ਵੀ ਬਣ ਸਕਦੇ ਹਨ।
ਤੂੰ ਆਪਣੇ ਡਾਲਰ ਨਾ ਖੋਟੇ ਹੋਵਣ ਦੇਵੀਂ
ਜੋ ਕਰਨਾ ਨਿਸਚਿੰਤ ਕਰੀ ਜਾ
ਕਲਚਰ ਦੀ ਗੱਲ,
ਹੁਣ ਤਾਂ ਜਿੰਨਾਂ, ਪਰੀਆਂ ਦੀਆਂ ਬਾਤਾਂ ਦੀ ਗੱਲ ਹੈ
ਤੀਹਾਂ ਵਿੱਚੋਂ ਪੱਚੀ ਰਾਤਾਂ ਚੰਨ ਨਹੀਂ ਚੜ੍ਹਦਾ
ਜਦ ਚੜ੍ਹਦਾ ਹੈ
ਦਾਗਾਂ ਭਰਿਆ ਹੁੰਦਾ।
ਹੁਣ ਤਾਂ ਬੱਦਲ ਧੂੰਏ ਦੇ ਹਨ
ਹੁਣ ਤਾਂ ਉਨਾਂ ਮੀਂਹ ਨਹੀਂ ਪੈਂਦਾ।
ਹੁਣ ਨਾ ਸਾਡੀ ਬੀਹੀ ਦੇ ਵਿੱਚ
ਗੋਡੇ ਗੋਡੇ ਹੜ੍ਹ ਆਉਂਦਾ ਹੈ,
ਹੁਣ ਤਾਂ ਮੋਚੀਆਣਾ ਛੱਪੜ
ਕਦੇ ਵੀ ਰੋਹੀ ਤੱਕ ਨਹੀਂ ਚੜ੍ਹਿਆ,
ਨ ਹੀ ਵੇਈਂ ਛੰਭ ਦੇ ਨਾਲ ਕਦੀ ਰਲਦੀ ਹੈ।
ਹੁਣ ਤਾਂ ਵੀਰਵਾਰ ਦੇ ਦਿਨ ਵੀ
ਕਾਣੀ ਗਿਦੜੀ ਦੇ ਵਿਆਹ ਤੋਂ ਵੱਧ ਕੁਝ ਨਹੀਂ ਹੁੰਦਾ
ਹੁਣ ਤਾਂ ਸਰ੍ਹੋਂ ਦੇ ਖੇਤੀਂ ਏਨੇ ਫੁੱਲ ਨਹੀਂ ਪੈਂਦੇ।
ਹੁਣ ਤਾਂ ਰੰਗ ਬਸੰਤੀ ਪਿੰਡ ਦੇ ਛੀਂਬੇ ਕੋਲੋਂ ਮੁੱਕ ਗਿਆ ਹੈ।

ਹੁਣ ਤਾਂ ਗੰਨੇ ਵੀ ਫਿੱਕੇ ਹੁੰਦੇ ਜਾਂਦੇ ਹਨ
ਹੁਣ ਤਾਂ ਮੇਰਾ ਭਾਰਤ ਮਿੱਟੀ ਦੀ ਚਿੜੀਆ ਹੈ
ਹੁਣ ਤਾਂ ਸਾਡੇ ਵਡੇਰੇ ਦੇ ਕੈਂਠੇ ਤੋਂ
ਗੁਰੂਆਂ ਪੀਰਾਂ ਦੇ ਸ਼ਸਤਰ ਤੱਕ
ਲੰਦਨ ਦੇ ਅਜਾਇਬ ਘਰਾਂ ਦੀ ਮਲਕੀਅਤ ਹਨ।
ਹਰ ਮੰਦਰ ਵਿਚ ਸੋਮਨਾਥ ਬੇਪਰਦ ਖੜਾ ਹੈ।
ਹੁਣ ਤਾਂ ਏਥੇ ਤ੍ਰੇੜਿਆ ਹੋਇਆ ਤਾਜ ਮਹਲ ਹੈ
ਪਿੱਤਲ ਦਾ ਦਰਬਾਰ ਸਾਹਿਬ ਹੈ।
ਖੰਡਰ ਖੰਡਰ ਪਈ ਅਜੰਤਾ।
ਇੰਡੀਆ ਗੇਟ ਦੀਆਂ ਇੱਟਾਂ ਤੇ
ਗਿਣਤੀ ਵੱਧਦੀ ਜਾਂਦੀ ਕੰਮ ਆਏ ਲੋਕਾਂ ਦੀ
ਕੁਤਬ ਮੀਨਾਰ ਦੀਆਂ ਵੀ ਛੇ ਮੰਜ਼ਲਾਂ ਬਾਕੀ ਹਨ
(ਭਾਵੇਂ ਆਤਮਘਾਤ ਲਈ ਕਾਫੀ ਹਨ)
ਮੈਂ ਭੁੱਖੇ ਮਰਦੇ ਲੋਕਾਂ ਦਾ
ਭੁੱਖਾ ਮਰਦਾ ਕਲਾਕਾਰ ਹਾਂ।
ਤੂੰ ਮੇਰੀ ਜੀਵਨ-ਸਾਥੀ ਬਣ ਕੇ ਕੀ ਲੈਣਾ ਹੈ ?
ਮੈਂ ਮਾਂ-ਪੇ ਦੀ ਸੌਂਹ ਖਾਂਦਾ ਹਾਂ-
ਤੇਰੀ ਕੌਮ ਦੀ ਕਿਸ਼ਤ ਤਾਰਨੇ ਲਈ
ਘਰ ਵਿਚ ਕੁਝ ਨਹੀਂ ਬਚਿਆ।

24. ਵੇਲਾ ਆ ਗਿਆ

ਹੁਣ ਵਕਤ ਆ ਗਿਆ ਹੈ-
ਕਿ ਆਪੋ ਵਿਚਲੇ ਰਿਸ਼ਤੇ ਦਾ ਇਕਬਾਲ ਕਰੀਏ
ਤੇ ਵਿਚਾਰਾਂ ਦੀ ਲੜਾਈ
ਮੱਛਰਦਾਨੀ ਵਿੱਚੋਂ ਬਾਹਰ ਹੋ ਕੇ ਲੜੀਏ
ਤੇ ਹਰ ਇਕ ਦੇ ਗਿਲੇ ਦੀ ਸ਼ਰਮ
ਨੰਗੇ ਮੂੰਹ ਤੇ ਜਰੀਏ।
ਵਕਤ ਆ ਗਿਆ ਹੈ
ਕਿ ਉਸ ਕੁੜੀ ਨੂੰ,
ਜੋ ਮਾਸ਼ੂਕਾ ਬਣਨ ਤੋਂ ਪਹਿਲਾਂ ਹੀ
ਪਤਨੀ ਬਣ ਗਈ, ਭੈਣ ਕਹਿ ਦੇਈਏ
ਲਹੂ ਦੇ ਰਿਸ਼ਤੇ ਦਾ ਪਿੰਗਲ ਬਦਲੀਏ
ਤੇ ਮਿੱਤਰਾਂ ਦੀ ਨਵੀਂ ਪਹਿਚਾਣ ਘੜੀਏ
ਆਪੇ ਆਪਣੇ ਲਹੂ ਦੇ ਦਰਿਆ ਨੂੰ ਤਰੀਏ
ਸੂਰਜ ਨੂੰ ਖ਼ੁਨਾਮੀ ਤੋਂ ਬਚਾਉਣ ਲਈ
ਹੋ ਸਕੇ ਤਾਂ ਰਾਤ ਭਰ
ਆਪ ਬਲੀਏ

25. ਲਹੂ ਕ੍ਰਿਆ

ਹੁਣ ਚਾਂਦਨੀ ਨਹੀਂ
ਚਾਂਦਨੀ ਦੀ ਮਿੱਟੀ ਬੋਲਦੀ ਹੈ।
ਸਿਰਫ਼ ਫ਼ਰਜ਼ ਤੁਰੇ ਜਾਂਦੇ ਹਨ
ਹਕੀਕਤਾਂ ਦੀ ਠੰਡ ਵਿਚ ਠਿਠਰਦੇ ਹੋਏ…
ਮੈਂ ਆਪਣੇ ਨੌਂਹਾਂ ਨਾਲ
ਕੰਧਾਂ ਦੀ ਜੀਭ ਵੱਢ ਸੁੱਟੀ ਹੈ
ਤੇ ਹੁਣ ਉਨ੍ਹਾਂ ਕੋਲ ਸਿਰਫ ਕੰਨ ਹਨ
ਪੋਸਤ ਦੇ ਫੁੱਲ ਅਜ ਵੀ ਹੱਸਦੇ ਹਨ
ਤੇ ਮੈਂ ਉਹਨਾਂ ਨੂੰ ਸੂਹੇ ਰੰਗ ਦੀ
ਅਹਿਮੀਅਤ ਦਾ ਭਾਸ਼ਨ ਦਿੰਦਾ ਹਾਂ…
ਜ਼ਾਹਰ ਹੈ ਕਿ ਗੁਰੂ ਨੇ ਬੇਦਾਵਾ ਪਾੜ ਦਿਤਾ ਸੀ

ਪਰ ਸ਼ਬਦਾਂ ਦੇ ਸਫ਼ਰ ਨੂੰ
ਕੋਈ ਕੀ ਕਰ ਸਕਦਾ ਹੈ ?
ਉਹ ਬੇਦਾਵੇ ਦੇ ਇਤਿਹਾਸ ਨੂੰ ਨਹੀਂ ਪਾੜ ਸਕੇ ਸਨ।
ਰੁੱਖ ਸ਼ਾਂਤ ਹਨ, ਹਵਾ ਪਹਾੜਾਂ ਵਿਚ ਅਟਕ ਗਈ ਹੈ
ਫ਼ਾਇਰ ਦਾ ਸ਼ਬਦ
ਸਿਰਫ ਸਾਈਕਲ ਦਾ ਪਟਾਕਾ ਬੋਲਣ ਵਰਗਾ ਹੈ
ਹੋਰ, ਅਜੇ ਹੋਰ ਸੜਕ ਹੁੰਘਾਰਾ ਮੰਗਦੀ ਹੈ।
ਕਦਮਾਂ ਨਾਲ ਭਾਵੇਂ ਤੁਰੋ ਭਾਵੇਂ ਮਿਣੋ
ਸਫ਼ਰ ਦਾ ਨਾਂ ਕੰਮ ਵਰਗਾ ਹੈ
ਜਿਸ 'ਚ ਫਟੇ ਹੋਏ ਦੁੱਧ ਵਾਂਗ ਪੁੰਨ ਤੇ ਪਾਪ ਵੱਖ ਹੋ ਸਕਦੇ ਹਨ।

ਕੋਰਸ ਵਿਚ ਕੀਟਸ ਦੇ ਪ੍ਰੇਮ ਪੱਤਰਾਂ ਦੀ ਪ੍ਰੀਖਿਆ ਹੈ
ਪਰ ਰੁਜ਼ਗਾਰ ਦਫ਼ਤਰ ਵਿੱਚ
ਉਹ ਸਿਰਫ ਜ਼ਫ਼ਰਨਾਮੇ ਦੀ ਡਵੀਜ਼ਨ ਪੁੱਛਦੇ ਹਨ।
ਚੰਨ 'ਕਾਲੇ ਮਹਿਰ' ਵਾਂਗ ਸੁੱਤਾ ਹੈ
ਮੈਂ ਵੱਧਦਾ ਹਾਂ ਕਦਮਾਂ ਦੀ ਆਹਟ ਤੋਂ ਸੁਚੇਤ
ਰਾਤ ਸ਼ਾਇਦ ਮੁਹੰਮਦ ਗ਼ੌਰੀ ਦੀ ਕਬਰ ਹੈ
ਜਿਸ ਉੱਤੇ ਸ਼ੇਰੇ ਪੰਜਾਬ ਦਾ ਘੋੜਾ ਹਿਣਕਦਾ ਹੈ।
ਵਧਣ ਵਾਲੇ ਬਹੁਤ ਅੱਗੇ ਚਲੇ ਜਾਂਦੇ ਹਨ
ਉਹ ਵਕਤ ਨੂੰ ਨਹੀਂ ਪੁੱਛਦੇ
ਵਕਤ ਉਨ੍ਹਾਂ ਨੂੰ ਪੁੱਛ ਕੇ ਗੁਜ਼ਰਦਾ ਹੈ।
ਸਿਰਫ ਵਿਵਿਧ ਭਾਰਤੀ ਸੁਣਨ ਦੀ ਖ਼ਾਤਰ
ਪਿਸਤੌਲ ਦੀ ਲਾਗਤ ਖੁੰਝਾਈ ਨਹੀਂ ਜਾ ਸਕਦੀ।
ਪਾਨ ਖਾਣਾ ਜ਼ਰੂਰੀ ਨਹੀਂ
ਸਿਰਫ ਸਿਗਰਟ ਨਾਲ ਵੀ ਕੰਮ ਚਲ ਸਕਦਾ ਏ।
ਮੈਂ ਜਿੱਥੇ ਜੰਮਿਆ ਹਾਂ
ਉਥੇ ਸਿਰਫ ਚਾਕੂ ਉਗਦੇ ਹਨ, ਜਾਂ ਲਿੰਗ ਅੰਗ
ਅੱਗ ਤੋਂ ਘਰ ਲੂਹ ਕੇ ਰੌਸ਼ਨੀ ਦਾ ਕੰਮ ਲਿਆ ਜਾਂਦਾ ਹੈ।
ਜਾਂ ਮਹਾਤਮਾ ਲੋਕਾਂ ਦੇ ਬੋਲ ਸਿਸਕਦੇ ਹਨ…
ਪਰ ਅਪੀਲਾਂ ਮੈਨੂੰ ਕਾਰਗਰ ਨਹੀਂ ਹੁੰਦੀਆਂ

ਕਿਉਂਕਿ ਮੈਂ ਜਾਣਦਾ ਹਾਂ
ਜਮਾਤਾਂ ਸਿਰਫ ਡੈਸਕਾਂ ਤੇ ਹੀ ਨਹੀਂ
ਬਾਹਰ ਬਜ਼ਾਰਾਂ ਵਿਚ ਵੀ ਹੁੰਦੀਆਂ ਹਨ
ਰਾਤ ਨੂੰ ਰਿਸ਼ਮਾਂ ਨਾਲ ਨਹੀਂ
ਸਿਰਫ਼ ਸੂਰਜ ਨਾਲ ਧੋਤਾ ਜਾ ਸਕਦਾ ਹੈ।
ਇਸ ਲਈ ਹੁਣ ਚਾਂਦਨੀ ਨਹੀਂ
ਚਾਂਦਨੀ ਦੀ ਮਿੱਟੀ ਬੋਲਦੀ ਹੈ,
ਅਤੇ ਫ਼ਰਜ਼ ਤੁਰੇ ਜਾਂਦੇ ਹਨ
ਤੁਰੇ ਜਾਂਦੇ ਹਨ

26. ਵਿਸਥਾਪਣ

ਜਦ ਅਮਲੀ ਤੋਂ ਅਫੀਮ ਛੁੱਟਦੀ ਹੈ
ਤਾਂ ਅੱਧੀ ਅੱਧੀ ਰਾਤੇ ਜਾ ਛੱਪੜ 'ਚ ਵੜਦਾ ਹੈ
ਖੂਹ 'ਚ ਉੇਤਰ ਕੇ ਵੀ ਪਿੰਡਾ ਸੜਦਾ ਹੈ,
ਪਲ ਪਲ ਪਿੱਛੋਂ ਜੰਗਲ ਪਾਣੀ ਜਾਂਦਾ ਹੈ
ਆਪਣੇ ਅੰਦਰ ਮਰੇ ਪਏ ਸ਼ੇਰ ਦੀ ਬੜੀ ਬੋ ਆਉਂਦੀ ਹੈ
ਅਮਲੀ ਬੀੜਾ ਲਾ ਕੇ
ਮੁਰਦਾ ਸ਼ੇਰ ਨੂੰ ਦੋ ਸਾਹ ਹੋਰ ਦਿਵਾਉਣਾ ਚਾਹੁੰਦਾ ਹੈ
ਪਰ ਮਰਿਆ ਹੋਇਆ ਸ਼ੇਰ ਕਦੋਂ ਦਮ ਫੜਦਾ ਹੈ
ਅਮਲੀ ਤੋਂ ਜਦ ਅਫੀਮ ਛੁੱਟਦੀ ਹੈ…

27. ਸ਼ਰਧਾਂਜਲੀ

ਇਸ ਵਾਰ ਪਾਪ ਦੀ ਜੰਝ ਬੜੀ ਦੂਰੋਂ ਆਈ ਹੈ
ਪਰ ਅਸਾਂ ਬੇਰੰਗ ਮੋੜ ਦੇਣੀ ਹੈ
ਮਾਸਕੋ ਜਾਂ ਵਾਸ਼ਿੰਗਟਨ ਦੀ ਮੋਹਰ ਵੀ ਨਹੀਂ ਤੱਕਣੀ,
ਜੋਰੀ ਦਾ ਦਾਨ ਕੀ
ਅਸਾਂ ਅੱਡੀਆਂ ਹੋਈਆਂ ਤਲੀਆਂ ਤੇ ਵੀ ਥੁੱਕ ਦੇਣਾ ਹੈ

ਤਲਖ਼ੀਆਂ ਨੇ ਸਾਨੂੰ ਬੇਲਿਹਾਜ਼ ਕਰ ਦਿੱਤਾ ਹੈ
ਅਣਖ ਨੇ ਸਾਨੂੰ ਵਹਿਸ਼ੀ ਬਣਾ ਦਿੱਤਾ ਹੈ…
ਗਾਡੀ ਤਲਵਾਰ ਨੂੰ ਬਾਬਾ ਜੀ
(ਭਾਵੇਂ ਅਸਾਂ ਕੌਡੇ ਰਾਖਸ਼ ਤੋਂ ਖੋਹੀ ਸੀ)
ਜਦ ਦਾ ਤੇਰਾ ਸਪਰਸ਼ ਹੋਇਆ ਹੈ
ਸ਼ਹਿਰ ਸ਼ਹਿਰ ਵਿਚ ਸੱਚਾ ਸੌਦਾ ਕਰਦੀ ਹੈ
ਜੇਲ੍ਹ ਜੇਲ੍ਹ ਵਿਚ ਚੱਕੀ ਇਸ ਤੋਂ ਡਰ ਕੇ ਫਿਰਦੀ ਹੈ
ਤੇ ਅਸੀਂ ਸਮੇਂ ਦੇ ਪੱਥਰ ਵਿਚ
ਇਸ ਤਲਵਾਰ ਨਾਲ ਇਨਸਾਫ਼ ਦਾ ਪੰਜਾ ਖੁਰਚ ਦਿੱਤਾ ਹੈ
ਬਾਬਾ ਤੂੰ ਤਾਂ ਜਾਣੀ ਜਾਣ ਏਂ
ਅਸੀਂ ਤੈਥੋਂ ਕਦੇ ਨਾਬਰ ਨਹੀਂ
ਅਸੀਂ ਭਾਗੋ ਦੇ ਭੋਜ ਨੂੰ ਠੁਕਰਾ ਦਿੱਤਾ ਹੈ
ਅਸੀਂ ਤਲਵੰਡੀ ਦਾ ਮੋਹ ਛੱਡ ਕੇ
ਝੁੱਗੀਆ, ਛੱਪਰਾਂ ਤੇ ਜੰਗਲਾਂ ਵਿਚ ਨਿਕਲ ਆਏ ਹਾਂ
ਸਿਰਫ਼ ਇਕ ਅਨਹੋਣੀ ਕਰਨ ਲੱਗੇ ਹਾਂ
ਇਹ ਸੱਜਣਾਂ, ਭੂਮੀਆਂ ਦੀ ਫੌਜ
ਹੱਥਾਂ ਵਿਚ ਐਤਕੀਂ ਮਸ਼ੀਨ ਗੰਨਾਂ ਲੈ ਕੇ ਨਿਕਲ ਆਈ ਹੈ
ਹੁਣ ਲੈਕਚਰ ਦਾ ਅੰਮ੍ਰਿਤ ਕਾਰਗਰ ਨਹੀਂ ਹੋਣਾ
ਤੇ ਤੈਥੋਂ ਕਦੇ ਨਾਬਰ ਨਹੀਂ ਤੂੰ ਜਾਣੀ ਜਾਣ ਏਂ…
ਅਸੀਂ ਲੋਹੇ ਦੇ ਪਾਣੀ ਦੀ ਬਰਖਾ ਕਰਨ ਲਗੇ ਹਾਂ
ਤੇ ਤੈਥੋਂ ਕਦੇ ਨਾਬਰ ਨਹੀਂ ਤੂੰ ਜਾਣੀ ਜਾਣ ਏਂ…

28. ਖੁੱਲ੍ਹੀ ਚਿੱਠੀ

ਮਸ਼ੂਕਾਂ ਨੂੰ ਖਤ ਲਿਖਣ ਵਾਲਿਓ।
ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ
ਤਾਂ ਕਾਗ਼ਜ਼ਾਂ ਦਾ ਗਰਭਪਾਤ ਨਾ ਕਰੋ।
ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਦੀ
ਨਸੀਹਤ ਦੇਣ ਵਾਲਿਓ।
ਕ੍ਰਾਂਤੀ ਜਦ ਆਈ ਤਾਂ
ਤੁਹਾਨੂੰ ਵੀ ਤਾਰੇ ਦਿਖਾ ਦਏਗੀ।
ਬੰਦੂਕਾਂ ਵਾਲਿਓ !
ਜਾਂ ਤਾਂ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ
ਤੇ ਜਾਂ ਆਪਣੇ ਆਪ ਵੱਲ
ਕ੍ਰਾਂਤੀ ਕੋਈ ਦਾਅਵਤ ਨਹੀਂ, ਨੁਮਾਇਸ਼ ਨਹੀਂ
ਮੈਦਾਨ ਵਿਚ ਵਗਦਾ ਦਰਿਆ ਨਹੀਂ
ਵਰਗਾਂ ਦਾ, ਰੁੱਚੀਆਂ ਦਾ ਦਰਿੰਦਾਨਾ ਭਿੜਨਾ ਹੈ
ਮਾਰਨਾ ਹੈ, ਮਰਨਾ ਹੈ
ਤੇ ਮੌਤ ਨੂੰ ਖਤਮ ਕਰਨਾ ਹੈ।
ਅੱਜ ਵਾਰਸ ਸ਼ਾਹ ਦੀ ਲਾਸ਼
ਕੰਡਿਆਲੀ ਥੋਹਰ ਬਣ ਕੇ
ਸਮਾਜ ਦੇ ਪਿੰਡੇ ਤੇ ਉੱਗ ਆਈ ਹੈ-
ਉਸ ਨੂੰ ਕਹੋ ਕਿ
ਇਹ ਯੁੱਗ ਵਾਰਸ ਦਾ ਯੁੱਗ ਨਹੀਂ
ਵੀਤਨਾਮ ਦਾ ਯੁੱਗ ਹੈ
ਹਰ ਖੇੜੇ ਵਿਚ ਹੱਕਾਂ ਦੇ ਸੰਗ੍ਰਾਮ ਦਾ ਯੁੱਗ ਹੈ।

29. ਕਾਗ਼ਜ਼ੀ ਸ਼ੇਰਾਂ ਦੇ ਨਾਂ

ਤੁਸੀਂ ਉੱਤਰ ਹੋ ਨਾ ਦੱਖਣ
ਤੀਰ ਨਾ ਤਲਵਾਰ
ਤੇ ਇਹ ਜੋ ਸਿਲ੍ਹ ਵਾਲੀ ਕੱਚੀ ਕੰਧ ਹੈ
ਤੁਸੀਂ ਇਸ ਵਿਚਲੀਆਂ ਦੋ ਮੋਰੀਆਂ ਹੋ
ਜਿੰਨ੍ਹਾਂ ਵਿਚ ਕੰਧ ਵਿਚਲਾ ਸ਼ੈਤਾਨ
ਆਪਣਾ ਡੀਫੈਂਸ ਤੱਕਦਾ ਹੈ…
ਤੁਸੀਂ ਕਣਕ ਦੇ ਵੱਢ ਵਿਚ
ਕਿਰੇ ਹੋਏ ਛੋਲੇ ਹੋ
ਤੇ ਮਿੱਟੀ ਨੇ ਤੁਹਾਡਾ ਵੀ ਹਿਸਾਬ ਕਰਨਾ ਹੈ।
ਸਾਡੇ ਲਈ ਤਾਂ ਤੁਸੀਂ ਇਕ ਠੋਹਕਰ ਵੀ ਨਹੀਂ ਸ਼ਾਇਦ
ਤਹਾਨੂੰ ਆਪਣੀ ਹੋਂਦ ਦਾ ਕੋਈ ਵਹਿਮ ਹੈ।
ਮੈਂ ਦਸਦਾ ਹਾਂ ਤੁਸੀਂ ਕੀ ਹੋ ?
ਤੁਸੀਂ ਕਿੱਕਰ ਦੇ ਬੀਅ ਹੋ ?
ਜਾਂ ਟੁਟਿਆ ਹੋਇਆ ਟੋਕਰਾ,
ਜੋ ਕੁਝ ਵੀ ਚੁੱਕਣ ਤੋਂ ਅਸਮਰਥ ਹੈ
ਤੁਸੀਂ ਇਹ ਏਅਰਗਨ
ਮੋਢੇ 'ਤੇ ਲਟਕਾਈ ਫਿਰਦੇ ਹੋ
ਤੁਸੀਂ ਕਤਲ ਨਹੀਂ ਕਰ ਸਕਦੇ
ਸਿਰਫ ਸੱਤ-ਇਕਵੰਜਾ ਦੇ ਮੁਦਈ ਹੋ ਸਕਦੇ ਹੋ।

30. ਪ੍ਰਤਿੱਗਿਆ

ਤੁਹਾਨੂੰ ਹਮੇਸ਼ਾ ਪਤਾ ਹੁੰਦਾ ਹੈ
ਤੁਸਾਂ ਕਿਸ ਬੂਹੇ 'ਚੋਂ ਧੁੱਸ ਦੇਕੇ ਆ ਵੜਨਾ ਹੈ
ਤੇ ਆਓ ਤੁਹਾਨੂੰ ਦੱਸੀਏ ਉਹ ਬੂਹਾ
ਜਿੱਥੋਂ ਤੁਹਾਨੂੰ ਬਹੁੜੀ ਧਾੜਿਆ ਕਰਦਿਆਂ ਨੂੰ
ਅਸੀਂ ਵਫਾ ਕਰਨ ਵਾਲੇ ਹਾਂ-

ਤੁਸੀਂ ਜੋ ਬਾਤ ਪੱਥਰ ਜੁੱਗ ਤੋਂ ਅਪੋਲੋ ਜੁੱਗ ਤੀਕ
ਬੇਰੋਕ ਪਾਈ ਹੈ-ਚਾਹੁੰਦਿਆਂ ਅਣਚਾਹੁੰਦਿਆਂ
ਅਸੀਂ ਹੁੰਗਾਰਾ ਭਰਿਆ ਹੈ,
ਤੇ ਹੁਣ ਅਸੀਂ ਪੱਥਰ ਜੁੱਗ 'ਚੋਂ ਹੀ ਉੱਠ ਕੇ
ਆਪਣੀ ਬਾਤ ਪਾਉਣ ਲੱਗੇ ਹਾਂ-
ਤੁਸੀਂ ਜਿਸ ਦੇ ਆਦੀ ਹੋ-
ਇਹ ਸੁਫ਼ਿਨਿਆਂ ਭਰੀ ਉਹ ਰਾਤ ਨਹੀਂ

ਇਹ ਰਾਤ ਹਨੇਰੇ ਦਾ ਖੂਨ ਕਰਕੇ ਆਈ
ਪੂਰਬ ਵੱਲ ਨੂੰ ਤੁਰੀ ਜਾਂਦੀ ਵਹਿਸ਼ੀ ਕੁੜੀ ਹੈ
ਤੇ ਦੇਖੋ ! ਅਸੀਂ ਕੁੜੀ ਦਾ
ਲਿੰਗ ਤਬਦੀਲ਼ ਕਰਨ ਲੱਗੇ ਹਾਂ।
ਇਹ ਯਾਰੀ ਉਹ ਯਾਰੀ ਨਹੀਂ
ਜਿਹੜੀ ਤੁਸੀਂ ਸਦੀਆਂ ਤੋਂ ਨਿਭਾਉਂਦੇ ਆਏ ਹੋ
ਇਸ ਨਾਲ ਅਸੀਂ
ਤੁਹਾਡੇ ਦਿਲਾਂ ਵਿਚਲਾ ਦੰਭ ਮਿਣਨਾ ਹੈ-
ਤੇ ਜਿਹੜਾ ਬੁੱਤ ਅਸੀਂ
ਸ਼ਹਿਰ ਦੇ ਚੌਂਕ ਵਿਚ ਲਾਉਣ ਲੱਗੇ ਹਾਂ
ਇਹ ਪਰੇਮ ਸਿੰਘ ਦਾ ਭਰਾ ਖੇਮ ਸਿੰਘ ਨਹੀਂ
ਨਾਂ ਇਹ ਗੰਗਾ ਰਾਮ ਹੈ, ਨਾਂ ਜਮਨਾ ਦਾਸ
ਇਹ ਤਾਂ ਉਹ ਬੁੱਤ ਹੈ,
ਜਿਸ ਨੂੰ ਤੁਸੀਂ ਆਪਣੇ ਭਾਣੇ
ਰੋਜ਼ ਕਤਲ ਕਰਦੇ ਹੋ…

31. ਪਰਖ-ਨਲੀ ਵਿਚ

ਦੁਸ਼ਮਣ ਤਾਂ ਹਰ ਹੀਲੇ ਗੁਮਰਾਹ ਕਰਦਾ ਹੈ
ਦੁਸ਼ਮਣ ਦਾ ਕੋਈ ਕਦੋਂ ਵਸਾਹ ਕਰਦਾ ਹੈ
ਤੁਸੀਂ ਯਾਰ ਬਣ ਕੇ ਸਦਾ ਸਾਨੂੰ ਪਲੀਤ ਕੀਤਾ ਹੈ
ਤੇ ਫਿੱਟੇ ਮੂੰਹ , ਸਾਡੇ
ਜਿਨ੍ਹਾਂ ਹੁਣ ਤਕ ਮਾਫ਼ ਕੀਤਾ ਹੈ…
ਕਦੀ ਰਹਿਨੁਮਾ ਬਣ ਕੇ ਸਾਨੂੰ ਕਤਲਗਾਹ ਛੱਡ ਆਏ
ਕਦੀ ਝੰਡੇ ਦਾ ਰੰਗ ਦੱਸ ਕੇ
ਸਾਡੇ ਅੱਲ੍ਹੜ ਗੀਤਾਂ ਨੂੰ ਨਾਪਾਕ ਕੀਤਾ
ਤੇ ਕਦੀ ਰੂਬਲ ਚਿੱਥ ਕੇ, ਸਾਥੋਂ ਥੁੱਕ ਦੇ ਰੰਗ ਗਿਣਵਾਏ
ਤੁਸੀਂ ਛਲੇਡੇ ਨਹੀਂ ਤਾਂ ਕੀ 'ਬਲਾ' ਹੋ ?

ਤੇ ਏਸ ਤੋਂ ਪਹਿਲਾਂ ਕਿ ਤੁਸੀਂ ਸਿਰ ਤੋਂ ਟੱਪ ਜਾਂਦੇ
ਤੁਹਾਨੂੰ ਬੋਦੀ ਤੋਂ ਫੜ ਲਿਆ ਹੈ ਅਸੀਂ,
ਹੁਣ ਤੁਸੀਂ ਇਕ ਵਰ ਮੰਗਣ ਲਈ ਕਹਿਣਾ ਹੈ
ਤੇ ਅਸੀਂ ਤੁਹਾਡੀ ਮੌਤ ਮੰਗਣੀ ਹੈ

32. ਤੁਸੀਂ ਹੈਰਾਨ ਨਾ ਹੋਵੋ

ਤੁਸੀਂ ਹੈਰਾਨ ਹੁੰਦੇ ਹੋ
ਤੇ ਮੇਰੇ ਕੋਲੋਂ ਮੇਰੇ ਸਿਦਕ ਦਾ ਸਬੱਬ ਪੁਛਦੇ ਹੋ ?
ਮੇਰਾ ਹੁਣ ਕਹਿਣ ਨਹੀਂ ਬਣਦਾ-
ਭਲਾ ਕੋਈ ਕਾਸ ਨੂੰ ਮਾਰੂਥਲਾਂ ਦੇ ਵਿਚ ਸੜਦਾ ਹੈ
ਤੇ ਕਾਹਤੋਂ ਫੜਕੇ ਤੇਸਾ ਪਰਬਤਾਂ
'ਚੋਂ ਨਹਿਰ ਕੱਢਦਾ ਹੈ ?
ਤੁਸੀਂ ਬੇਧੜਕ ਹੋਕੇ ਆਵੋ
ਤੇ ਇਕ ਬੇਵਫਾ ਮਾਸ਼ੂਕ ਦੇ ਵਾਂਗੂ
ਮੁਹੱਬਤ ਦਾ ਸਾਨੂੰ ਅੰਜਾਮ ਦੇ ਜਾਵੋ
ਦੇਖੋ-ਤੁਹਾਡੇ 'ਦਿਲਫ਼ਰੇਬ' ਹੁਸਨ ਨੂੰ ਨਿਹਾਰਦੇ ਹੋਇਆਂ
ਮੈਂ ੨੧੬ ਘੰਟੇ ਜਾਗ ਕੇ ਕੱਟੇ ਹਨ
ਤੇ ਬਿਜਲੀ ਦੀ ਨੰਗੀ ਤਾਰ ਉੱਤੇ ਹੱਥ ਰੱਖਿਆ ਹੈ
ਤੇ ਸੀਰੇ 'ਚ ਲਿਪਟੇ ਅੰਗ
ਕੀੜਿਆਂ ਦੇ ਭੌਣ ਉੱਤੇ ਸੁੱਟ ਛੱਡੇ ਹਨ
ਤੁਹਾਡੇ ਚਿੱਤ 'ਚ ਹੋਵੇਗਾ
ਹੁਣ ਮੈਂ ਗਿੜਗਿੜਾਵਾਂਗਾ
ਅਸੀਂ ਮੰਗਤੇ ਨਹੀਂ-
ਸਾਨੂੰ ਤਾਂ ਐਂਵੇ ਮਰ ਜਾਣ ਦਾ ਠਰਕ ਹੁੰਦਾ ਹੈ
ਅਸੀਂ ਅੱਖਾਂ 'ਚ ਅੱਖਾਂ ਪਾ ਕੇ ਤੱਕਦੇ ਹਾਂ
ਅਸੀਂ ਮਾਸ਼ੂਕ ਦੇ ਪੈਰੀਂ ਨਹੀਂ ਡਿਗਦੇ
ਤੁਸੀਂ ਹੈਰਾਨ ਨਾ ਹੋਵੋ

ਮੇਰਾ ਤਾਂ ਕਹਿਣ ਨਹੀਂ ਬਣਦਾ,
ਕਿ ਉਹ ਰੁੱਤ ਆਉਣ ਵਾਲੀ ਹੈ

ਜਿਹਦੇ ਵਿਚ ਸਰਫ਼ਰੋਸ਼ੀ ਦੇ ਰੁੱਖਾਂ ਨੂੰ ਫੁੱਲ ਪੈਂਦੇ ਹਨ
ਤੁਹਾਡੀ ਚਰਖੜੀ ਦੇ ਅਰਥ ਵੀ ਪਿੰਜੇ ਜਾਂਦੇ ਹਨ

33. ਰਾਤ ਨੂੰ

ਉਦਾਸ ਬਾਜਰਾ, ਸਿਰ ਸੁੱਟੀ ਖੜਾ ਹੈ
ਤਾਰੇ ਵੀ ਗੱਲ ਨਹੀਂ ਕਰਦੇ
ਰਾਤ ਨੂੰ ਕੀ ਹੋਇਆ ਹੈ
ਐ ਰਾਤ ਤੂੰ ਮੇਰੇ ਲਈ ਉਦਾਸ ਨਾ ਹੋ
ਤੂੰ ਮੇਰੀ ਦੇਣਦਾਰ ਨਹੀਂ
ਰਹਿਣ ਦੇ ਇੰਝ ਨਾ ਸੋਚ
ਉਗਾਲੀ ਕਰਦੇ ਪਸ਼ੂ ਕਿਨ੍ਹੇ ਚੁੱਪ ਹਨ
ਤੇ, ਪਿੰਡ ਦੀ ਨਿੱਘੀ ਫ਼ਿਜ਼ਾ ਕਿੰਨੀ ਸ਼ਾਂਤ ਹੈ
ਰਹਿਣ ਦੇ ਤੂੰ ਇੰਝ ਨਾ ਸੋਚ, ਰਾਤ, ਤੂੰ ਮੇਰੀਆਂ ਅੱਖਾਂ 'ਚ ਤੱਕ
ਇਹਨਾਂ ਉਸ ਬਾਂਕੇ ਯਾਰ ਨੂੰ ਹੁਣ ਕਦੀ ਨਹੀਂ ਤੱਕਣਾ
ਜਿਦ੍ਹੀ ਅੱਜ ਅਖਬਾਰਾਂ ਨੇ ਗੱਲ ਕੀਤੀ ਹੈ
ਰਾਤ ! ਤੇਰਾ ਓਦਣ ਦਾ ਉਹ, ਰੌਂਅ ਕਿੱਥੇ ਹੈ ?
ਜਦ ਉਹ ਪਹਾੜੀ ਚੋਅ ਦੇ ਪਾਣੀ ਵਾਂਗ
ਕਾਹਲਾ ਕਾਹਲਾ ਆਇਆ ਸੀ
ਚੰਨ ਦੇ ਲੋਏ ਪਹਿਲਾਂ ਅਸੀਂ ਪੜ੍ਹੇ
ਫਿਰ ਚੋਰਾਂ ਵਾਂਗ ਬਹਿਸ ਕੀਤੀ
ਤੇ ਫਿਰ ਝਗੜ ਪਏ ਸਾਂ,
ਰਾਤ ਤੂੰ ਉਦੋਂ ਤਾਂ ਖੁਸ਼ ਸੈਂ,
ਜਦ ਅਸੀਂ ਲੜਦੇ ਸਾਂ
ਤੂੰ ਹੁਣ ਕਿਉਂ ਉਦਾਸ ਏਂ
ਜਦ ਅਸੀਂ ਵਿੱਛੜ ਗਏ ਹਾਂ…
ਰਾਤ ਤੈਨੂ ਤੁਰ ਗਏ ਦੀ ਸੌਂਹ
ਤੇਰਾ ਇਹ ਬਣਦਾ ਨਹੀਂ
ਮੈਂ ਤੇਰਾ ਦੇਣਦਾਰ ਹਾਂ

ਤੂੰ ਮੇਰੀ ਦੇਣਦਾਰ ਨਹੀਂ।
ਰਾਤ, ਤੂੰ ਮੈਨੂੰ ਵਧਾਈ ਦੇ
ਮੈਂ ਇਨ੍ਹਾਂ ਖੇਤਾਂ ਨੂੰ ਵਧਾਈ ਦੇਂਦਾ ਹਾਂ
ਖੇਤਾਂ ਨੂੰ ਸਭ ਪਤਾ ਹੈ
ਮਨੁੱਖ ਦਾ ਲਹੂ ਕਿੱਥੇ ਡੁੱਲ੍ਹਦਾ ਹੈ
ਤੇ ਲਹੂ ਦਾ ਮੁੱਲ ਕੀ ਹੁੰਦਾ ਹੈ
ਇਹ ਖੇਤ ਸਭ ਜਾਣਦੇ ਹਨ।
ਇਸ ਲਈ ਐ ਰਾਤ
ਤੂੰ ਮੇਰੀਆਂ ਅੱਖਾਂ 'ਚ ਤੱਕ
ਮੈਂ ਭਵਿੱਖ ਦੀਆਂ ਅੱਖਾਂ 'ਚ ਤੱਕਦਾ ਹਾਂ।

34. ਸੰਕਲਪ

ਚਾਂਦਨੀ ਮੈਥੋਂ ਬੜਾ ਪਰਹੇਜ਼ ਕਰਦੀ ਹੈ
ਖੁਦ ਕਮਾਈ ਰਾਤ ਸਾਹਵੇਂ ਹੋਣ ਦੀ
ਜੁਰਅਤ ਮੈਂ ਕਰ ਸਕਦਾ ਨਹੀਂ
ਰੋਜ਼ ਮੇਰੀ ਓੜਨੀ ਵਿਚ
ਛੇਕ ਵੱਧ ਜਾਂਦਾ ਹੈ ਇਕ।
ਭਾਵੇਂ ਕਿਰਨਾਂ ਦੀ ਕਚਹਿਰੀ
ਹਾਲੇ ਮੇਰੀ ਗੱਲ ਤਕ ਵੀ ਤੁਰੀ ਨਹੀਂ
ਸ਼ਾਮ ਦਾ ਤੇ ਆਪਣੇ ਪਿੰਡ ਦਾ ਜਦ ਵੀ
ਗ਼ਮ ਸਾਂਝਾ ਹੋਣ ਦੀ ਗੱਲ ਸੋਚਦਾ ਹਾਂ
ਖਲ੍ਹ ਜਾਂਦਾ ਹਾਂ ਜਿਵੇਂ
ਮੈਂ ਜੋ ਵੀ ਜ਼ਿੰਦਗੀ ਦਾ ਪਲ ਬਚਾਇਆ ਹੈ
ਉਹਦੇ ਹਰ ਹੱਕ ਲਈ ਵਿਦਰੋਹ ਕਰਾਂਗਾ
ਮੈਂ ਨਿੱਤ ਮਨਸੂਰ ਨਹੀਂ ਬਣਨਾ
ਮੈਂ ਸੂਲੀ ਨਹੀਂ ਚੜ੍ਹਾਂਗਾ

ਮੈਂ ਆਪਣੀ ਸ਼ਾਂਤ ਸੀਮਾ ਵਿਚ
ਖੋਰੂ ਪਾ ਦਿਆਂਗਾ
ਮੈਂ ਆਪਣੀ ਲੀਕ ਨੂੰ
ਪੌਣਾਂ ਦੇ ਵਿਚ ਉਲਝਾ ਦਿਆਂਗਾ

35. ਅੰਤਿਕਾ

ਅਸੀਂ ਜੰਮਣਾ ਨਹੀਂ ਸੀ
ਅਸੀਂ ਲੜਨਾ ਨਹੀਂ ਸੀ
ਅਸੀਂ ਤਾਂ ਬਹਿ ਕੇ ਹੇਮਕੰਟ ਦੇ ਉੱਤੇ
ਭਗਤੀ ਕਰਨੀ ਸੀ
ਪਰ ਜਦ ਸਤਲੁਜ ਦੇ ਪਾਣੀ ਵਿੱਚੋਂ ਭਾਫ ਉੱਠੀ
ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਭ ਰੁਕੀ
ਜਦ ਕੁੜੀਆਂ ਦੇ ਕੋਲ ਜਿਮ ਕਾਰਟਰ ਤੱਕਿਆ।
ਤੇ ਮੁੰਡਿਆਂ ਕੋਲ ਤੱਕਿਆ 'ਜੇਮਜ਼ ਬਾਂਡ'
ਤਾਂ ਮੈਂ ਕਹਿ ਉੱਠਿਆ ਚਲ ਬਈ ਸੰਤ (ਸੰਧੂ)
ਹੇਠਾਂ ਧਰਤੀ 'ਤੇ ਚਲੀਏ
ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ
ਤੇ ਅਸੀਂ ਹੁਣ ਆਏ ਹਾਂ
ਅਹਿ ਲਓ ਅਸਾਡਾ ਜ਼ਫਰਨਾਮਾ
ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ
ਅਸਾਡਾ ਪੇਟ ਹਾਜ਼ਰ ਹੈ…

  • ਮੁੱਖ ਪੰਨਾ : ਕਾਵਿ ਰਚਨਾਵਾਂ, ਅਵਤਾਰ ਸਿੰਘ ਪਾਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ