Lammian Vaataan : Amrita Pritam

ਲੰਮੀਆਂ ਵਾਟਾਂ : ਅੰਮ੍ਰਿਤਾ ਪ੍ਰੀਤਮ

ਅੱਜ ਆਖਾਂ ਵਾਰਸ ਸ਼ਾਹ ਨੂੰ !

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ:

ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ

ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ

ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੂੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ

ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ

ਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ

ਅੱਜ ਸੱਭੇ ਕੈਦੋ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ

ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

ਪੰਜਾਬ ਦੀ ਕਹਾਣੀ

(੪ ਮਾਰਚ ੧੯੪੭-੧੫ ਅਗਸਤ ੧੯੪੭)

ਹੋਣੀ ਚੜ੍ਹੀ ਜੁ ਚੜ੍ਹਦਿਉਂ ਧਰਿਆ ਪੈਰ ਰਕਾਬ
ਪੇਠੋਹਾਰ ਨੂੰ ਖੁਰੀਂ ਮਧੋਲਦੀ ਤਕਿਆ ਸਭ ਪੰਜਾਬ
ਚੌਂਕੇ ਧਰਤ ਆਕਾਸ਼ ਦੋਏ ਸੁਣ ਟਾਪਾਂ ਦੀ ਵਾਜ
ਕੰਬੀ ਭਾਰਤ ਮਾਂ ਨੀ ਅਜ ਕਿਹੜਾ ਰਖ ਲਾਜ !
ਕੋਈ ਲਾਲ ਨਾ ਜੰਮਿਆ ਮਾਂ ਨੇ ਜਿਹੜਾ ਮੋੜੇ ਇਸਦੀ ਵਾਗ
ਓਏ ਕੋਈ ਨਾ ਜੰਮਿਆ ਮਾਂਦਰੀ ਜਿਹੜਾ ਕੀਲੇ ਕਾਲਾ ਨਾਗ !
ਪੂਰੇ ਵੀਹ ਸੌ ਤਿੰਨ ਦਾ ਘਟਦਾ ਸੰਮਤ ਸੀ
ਵਧੇ ਫੁਲੇ ਪੰਜਾਬ ਦੀ ਵਧੀ ਵੀ ਘਟ ਗਈ
ਉੱਚੀਆਂ ਲੰਮੀਆਂ ਪੈਲੀਆਂ ਸੂਹੇ ਸਾਵੇ ਪੱਤ
ਨਿਕੀ ਜਹੀ ਇਕ ਚਿਣਗ ਓਸ ਖਲਵਾੜੇ ਦਿਤੀ ਘਤ

ਧੁਖਦੀ ਅੰਦਰੋ ਅੰਦਰੀ ਚੇਤਰ ਚੜ੍ਹਿਆ ਆਨ
ਸੂਹੀਆਂ ਲਾਟਾਂ ਲਿਸ਼ਕੀਆਂ ਲੋਹਾ ਚੜ੍ਹਿਆ ਸਾਨ
ਪਾਣੀ ਪੰਜ ਦਰਿਆਂ ਦੇ ਬਣ ਗਏ ਤੱਤੇ ਤੇਲ
ਬਲਦੀ ਉਤੇ ਬਾਲਦੇ ਓਏ ਤੱਕ ਹੋਣੀ ਦੇ ਖੇਲ

ਜ਼ਿਮੀ ਸਿਆੜਾਂ ਪਾਂਦਿਆਂ ਹੱਥੋਂ ਡੁੱਲ੍ਹੇ ਬੀਅ
ਚਰਖੇ ਤੰਦ ਵਲਾਂਦਿਆਂ ਪੂਣੀ ਛੁੱਟ ਗਈ
ਕੜਛੀਆਂ ਛੁਟੀਆਂ ਹਾਂਡੀਓਂ ਘੜਿਓਂ ਛੁੱਟੀ ਲੱਜ
ਚੀਰੇ ਛੁੱਟੇ ਸਿਰਾਂ ਤੋਂ ਵੀਣੀਓਂ ਵੰਗਾਂ ਭੱਜ
ਮਾਹਲ ਟੁੱਟੀ ਸਣ ਮਣਕਿਆਂ ਤੇ ਸਣੇ ਗਾਧੀਆਂ ਬੈਲ
ਹਰਨ ਮੋਏ ਸਣ ਚੁੰਗੀਆਂ ਮੋਰ ਮੋਏ ਸਣ ਪੈਲ

ਕਿਚਰ ਕੁ ਜੀਣਾ ਰੁਖ ਨੇ ਕਿੱਚਰ ਕੁ ਰੁਖ ਦੀ ਛਾਂ
ਸਿਓਂਕ ਲੱਗੀ ਧੁਰ ਜੜ੍ਹਾਂ ਤੋਂ ਪੁਛਣ ਕਿਨੂੰ ਜਾਂ !
ਕਹੀ ਕੁ ਝੁੱਲੀ ਪੌਣ ਇਹ ਕਹੀ ਕੁ ਵੱਗੀ ਵਾ
ਵੇ ਅਸਾਂ ਕਹੀਆਂ ਕੁ ਪਾਈਆਂ ਕਹਾਣੀਆਂ
ਅਜ ਰਾਹੀ ਨਾ ਜਾਨਣ ਰਾਹ

ਰਾਜਿਆਂ ਰਾਜ ਕਰੇਂਦਿਆ! ਚੜ੍ਹਿਆ ਅਜ ਵਿਸਾਖ
ਏਸ ਨਵੀਂ ਸਦੀ ਦੇ ਮੂੰਹ ਤੇ ਉਡ ਉਡ ਪੈਦੀ ਰਾਖ਼ ।
ਰਾਜਿਆ ਰਾਜ ਕਰੇਂਦਿਆ ! ਕਿਹਾ ਕੁ ਚੜ੍ਹਿਆ ਜੇਠ
ਸਿਰ ਤੇ ਕੋਈ ਆਕਾਸ਼ ਨਾ ਜ਼ਿਮੀ ਨਾ ਪੈਰਾਂ ਹੇਠ ।
ਰਾਜਿਆ ਰਾਜ ਕਰੇ'ਦਿਆ ! ਕਿਹਾ ਕੁ ਚੜ੍ਹਿਆ ਹਾੜ
ਵੇ ਐਵੇਂ ਮੂੰਹ ਦੀਆਂ ਗਿਣਤੀਆਂ ਅਜ ਖੇਤ ਨੂੰ ਖਾਂਦੀ ਵਾੜ ।
ਰਾਜਿਆ ਰਾਜ ਕਰੇਂਦਿਆ ! ਕਿਹਾ ਕੁ ਚੜ੍ਹਿਆ ਸੌਣ
ਓਏ ਆਪ ਬੁਲਾਈਆਂ ਹੋਣੀਆਂ, ਅਜ ਰੋਕਣ ਵਾਲਾ ਕੌਣ !

ਕਣਕਾਂ ਦਾ ਗੀਤ

ਹੋ ਕਣਕਾਂ ਗੋਡੀਆਂ
ਕਹਿੰਦੇ : "ਲੰਘ ਗਈ ਏ ਰਾਤ
ਕਹਿੰਦੇ : "ਆਈ ਏ ਪ੍ਰਭਾਤ"
ਮੇਰੇ ਅਰਸ਼ਾਂ 'ਤੇ ਸ਼ਾਹੀਆਂ ਅਜੇ ਓਡੀਆਂ ਹੀ ਓਡੀਆਂ ।
ਹੋ ਕਣਕਾਂ ਗੋਡੀਆਂ !

ਹੋ ਕਣਕਾਂ ਜੰਮੀਆਂ
ਰਾਹੇ ਰਾਹੇ ਜਾਂਦਿਆ
ਓ ਸੁਣਦਿਆ ! ਸੁਣਾਂਦਿਆ !
ਦੁਖਾਂ ਦੀਆਂ ਕਹਾਣੀਆਂ ਨੇ ਦੁਖਾਂ ਤੋਂ ਵੀ ਲੰਮੀਆਂ ।
ਹੋ ਕਣਕਾਂ ਜੰਮੀਆਂ !

ਕਣਕਾਂ ਉੱਗੀਆਂ
ਖੇਡੇਗੀ ਜਿੱਤ ਮੇਰੀ
ਖੇਡੇਗੀ ਹਾਰ ਮੇਰੀ
ਦੇਈਂ ਦੇਈਂ ਮੀਟੀ ਜਿੱਤੇ ! ਹਾਰਾਂ ਨੇ ਪੁੱਗੀਆਂ।
ਹੋ ਕਣਕਾਂ ਉਗੀਆਂ !

ਹੋ ਕਣਕਾਂ ਸਾਵੀਆਂ
ਰੋਂਦੇ ਨੇ ਮਾਂਹੀਵਾਲ
ਰੋਂਦੀਆਂ ਨੇ ਸੋਹਣੀਆਂ
ਰੋਂਦੀਆਂ ਝਨਾਵਾਂ ਅਜ ਰੋਂਦੀਆਂ ਨੇ ਰਾਵੀਆਂ ।
ਹੋ ਕਣਕਾਂ ਸਾਵੀਆਂ !

ਹੋ ਕਣਕਾਂ ਪੀਲੀਆਂ
ਕਾਲੇ ਨਾਗਾਂ ਦੇ ਡੰਗ
ਕਾਲੇ ਹੋ ਗਏ ਨੇ ਰੰਗ
ਪ੍ਰੀਤ ਦੀਆਂ ਨਾੜੀਆਂ ਹੋ ਗਈਆਂ ਨੇ ਨੀਲੀਆਂ ।
ਹੋ ਕਣਕਾਂ ਪੀਲੀਆਂ !

ਹੋ ਕਣਕਾਂ ਛੰਡੀਆਂ
ਅਸਾਂ ਕੱਠਿਆਂ ਸੀ ਗੋਡੀਆਂ
ਇਕੱਠਿਆਂ ਸੀ ਬੀਜੀਆਂ
ਓਏ ਕਿਨ੍ਹੇ ਆਕੇ ਸਿੱਟਾ ਸਿੱਟਾ ਦਾਣਾ ਦਾਣਾ ਵੰਡੀਆਂ ।
ਹੋ ਕਣਕਾਂ ਛੰਡੀਆਂ !

ਕਣਕਾਂ ਦੇ ਕੱਖ ਕਾਣ
ਲਹੂ ਲਹੂ ਪੀਤੇ ਅਸਾਂ
ਲਹੂਆਂ ਨੂੰ ਛਾਣ ਛਾਣ ।
ਕਣਕਾਂ ਦਾ ਨਿੱਕ ਸੁੱਕ
ਨਾਲੇ ਅਸਾਂ ਵੰਡ ਲਏ ਨੇ
ਹੰਝੂਆਂ ਦੇ ਬੁੱਕ ਬੁੱਕ ।
ਕਣਕਾਂ ਦੀ ਧੂੜ ਧਾੜ
ਸਾਡੀ ਦੇਸ਼ ਭਗਤੀ ਦੇ
ਕਾਰਨਾਮੇ ਮਾਰ ਧਾੜ ।
ਕਣਕਾਂ ਦੇ ਰੋੜ ਰਾੜ
"ਰਾਖ਼-ਰਾਖ਼" ਖੇਡੀ ਅਸਾਂ
ਮਹਿਲਾਂ ਨੂੰ ਸਾੜ ਸਾੜ ।

ਹੋ ਕਣਕਾਂ ਸਿੱਲ੍ਹੀਆਂ
ਲੋਕ-ਪੀੜਾਂ ਤੇ ਰੋਣ
ਕਦੇ ਬਣਦੇ ਨਾ ਗੌਣ
ਅਜੇ ਮੇਰੇ ਦੇਸ ਦੀਆਂ ਅੱਖੀਆਂ ਨੇ ਗਿੱਲੀਆਂ।
ਹੋ ਕਣਕਾਂ ਸਿੱਲ੍ਹੀਆਂ !

ਸਾਨੂੰ ਮਿਲੀ ਜਾਣਾ ਹੋ !

ਚੰਨਾਂ ਤਾਰਿਆਂ ਦੀ ਰਾਤ ਸਾਨੂੰ ਮਿਲੀ ਜਾਣਾ ਹੋ !

ਸਾਂਝੀ ਧਰਤੀ ਦੇ ਗੀਤ
ਸਾਂਝੇ ਪਾਣੀਆਂ ਦੀ ਪ੍ਰੀਤ
ਹੀਰ ਰਾਂਝੇ ਦੀ ਸਹੁੰ - ਲਾਜ ਰੱਖਣੀ ਜੇ ਉਹ !
ਸਾਨੂੰ ਮਿਲੀ ਜਾਣਾ ਹੋ !

ਵੇ ਕੀ ਕਹਿੰਦੀਆਂ ਨੇ ਉਹ
ਰੁੱਤਾਂ ਫਿਰੀਆਂ ਨੇ ਜੋ
ਮੇਰੇ ਊਣੇ ਨੇ ਹਾੜ - ਮੇਰੇ ਸੱਖਣੇ ਨੇ ਪੋਹ !
ਸਾਨੂੰ ਮਿਲੀ ਜਾਣਾ ਹੋ !

ਆਈ ਮਜ਼ਹਬਾਂ ਦੀ ਕਾਂਗ
ਕੱਚੇ ਘੜਿਆਂ ਦੇ ਵਾਂਗ
ਟੁੱਟਾ ਸੋਹਣੀ ਦਾ ਦੇਸ - ਅੱਖਾਂ ਪਈਆਂ ਨੇ ਰੋ !
ਸਾਨੂੰ ਮਿਲੀ ਜਾਣਾ ਹੋ !

ਟੁੱਟਣ ਦੇਸਾਂ ਦੇ ਤਾਰ
ਟੁੱਟਣ ਕੌਮਾਂ ਦੇ ਹਾਰ
ਪਾਟੇ ਧਰਤੀ ਦੀ ਲੀਰ - ਉੱਡਣ ਕਣਕਾਂ ਦੇ ਤੋਹ !
ਸਾਨੂੰ ਮਿਲੀ ਜਾਣਾ ਹੋ !

ਪਰ ਮਨੁਖ ਨੂੰ ਇੱਕ ਵਾਰ
ਇਸ ਮਨੁਖਤਾ ਦੇ ਨਾਲ
ਇਸ਼ਕ ਲੱਗਾ ਸੀ ਜੋ - ਕੀਕਣ ਟੁੱਟੇਗਾ ਉਹ ?
ਸਾਨੂੰ ਮਿਲੀ ਜਾਣਾ ਹੋ !

ਨਫ਼ਰਤ

ਸੁੱਚੇ ਲਾਲ ਮਨੁੱਖ ਦੇ ਲਹੂ ਵਿਚ
ਕਾਲੀ ਵਿਹੁਲੀ ਨਫ਼ਰਤ ਦੇ
ਅਜ ਕੀੜੇ ਸੁਰ ਸੁਰ ਕਰਦੇ
ਜਿਵੇਂ ਤਰੱਕੇ ਛਪੜਾਂ ਉੱਤੇ
ਮੱਖੀਆਂ ਮੱਛਰ ਤਰਦੇ ।

ਅਰਸ਼ਾਂ ਤੋਂ ਮੀਂਹ ਵਰ੍ਹਦੇ
ਸਭ ਸੱਪਾਂ ਦੀਆਂ ਮਣੀਆਂ ਵਿਚ
ਅਜ ਕੁੱਟ ਕੁੱਟ ਵਿਹੁ ਭਰਦੇ

ਗੰਦੇ ਲਹੂ ਦੀ ਲਾਗ
ਪਤਾ ਨਹੀਂ ਖਬਰੇ ਕਿੰਨੀਆਂ ਕੁ
ਅੱਜ ਪ੍ਰੀਤਾਂ ਦੇ ਅੰਗਾਂ ਉੱਤੇ
ਨਫ਼ਰਤ ਰਹੀ ਏ ਜਾਗ
ਪ੍ਰੀਤ ਦੇ ਕੂਲੇ ਮੂੰਹ ਉੱਤੇ ਨੇ
ਨਫ਼ਰਤ ਦੇ ਅਜ ਦਾਗ਼ ।

ਅਜ ਮਨੁੱਖ ਦੀ ਨਾੜ ਨਾੜ ਵਿਚ
ਫੈਲ ਰਿਹਾ ਏ ਜ਼ਹਿਰ
ਧਰਤੀ ਉੱਤੇ ਮੱਚ ਰਿਹਾ ਕਹਿਰ

ਰੱਬ ਦੀ ਜੋਤ, ਮਨੁੱਖ ਦੀ ਜ਼ਾਤ
ਕੋਮਲ ਅੰਗੀਂ ਪੱਥਰ ਜਜ਼ਬੀਂ
ਕਰੇ ਮਨੁਖ ਦਾ ਘਾਤ

ਹੱਡੀਆਂ ਤਕ ਘੁਣਾਂਦਾ
ਅਜ ਰੱਬ ਦੇ ਪੁਤ੍ਰ ਨੂੰ ਪਿਆ
ਅੰਦਰੇ ਅੰਦਰ ਖਾਂਦਾ ।

ਪਏ ਸੁੱਚੇ ਲਹੂ ਤਰੱਕਦੇ
ਕੀੜੇ ਪਏ ਸੁਰਕਦੇ
ਈਕਣ ਦਾ ਕੁਛ ਹੋਏ :
ਜਿਵੇ ਹੁੰਮ ਦੇ ਅੰਗਾਂ ਵਿਚੋਂ
ਸੂ ਸੂ ਪੈਣ ਗੰਢੋਏ।

ਕੌਣ ਧੋਏਗਾ ਖ਼ੂਨ

ਓਸ ਮਜ਼ਹਬ ਦੇ ਮੱਥੇ ਉਤੋਂ
ਕੌਣ ਧੋਏਗਾ ਖ਼ੂਨ ?

ਜਿਸਦੇ ਆਸ਼ਕ ਹਰ ਇਕ ਪਾਪ
ਮਜ਼ਹਬ ਦੇ ਮੱਥੇ ਲਾਈ ਜਾਨ
ਹਰ ਇਕ ਬੋਲ ਕਸੈਲਾ
ਹਰ ਇਕ ਸੋਚ ਅਵੈੜੀ
ਹਰ ਪੱਲੇ ਕੰਡਿਆਲੇ
ਰਾਹ ਰਾਹ ਜਾਂਦਿਆਂ ਖਹਿਸਰ ਜਾਨ
ਪਾੜਨ ਹਿਕਾਂ ਕੂਲੀਆਂ
ਡੋਲ੍ਹਣ ਲਹੂ ਜੁਆਨ
ਤੇ ਲਹੂ ਗੜੁੱਚੇ ਹੱਥ
ਮਜ਼ਹਬ ਦੀ ਬੁੱਕਲ ਵਿਚ ਛੁਪਾਨ

ਥਰ ਥਰ ਕੰਬੇ ਧਰਤ ਆਕਾਸ਼
ਸਰੇ ਬਾਜ਼ਾਰੀਂ ਰੁਲਦੀ ਫਿਰਦੀ
ਸਭਯਤਾ ਦੀ ਲਾਸ਼

ਜਿਸਦੇ ਆਸ਼ਕ ਹਰ ਇਕ ਪਾਪ
ਮਜ਼ਹਬ ਦੇ ਮੱਥੇ ਲਾਈ ਜਾਨ
ਜੋ ਇੰਜ ਦਾ ਇਸ਼ਕ ਕਮਾਨ
ਜਿਸ ਰਾਹੋਂ ਲੰਘ ਜਾਨ
ਪੀੜਾਂ ਵੰਡਦੇ ਜਾਨ

ਜਿਨ੍ਹਾਂ ਦਾ.......ਕਤਲੋ ਖ਼ੂਨ, ਜਨੂੰਨ ।
ਓਸ ਮਜ਼ਹਬ ਦੇ ਮੱਥੇ ਉਤੋਂ
ਕੌਣ ਧੋਏਗਾ ਖ਼ੂਨ ?

ਜਨੂੰਨ

ਜਦ ਮਜ਼ਹਬੀ ਇਸ਼ਕ ਜਨੂੰਨ ਬਣ
ਸਿਰ ਨੂੰ ਚੜ੍ਹਦੇ ਜਾਨ.....

ਤਦ ਲੋਹਾ ਚੜ੍ਹਦਾ ਸਾਨ
ਬੰਦਿਆਂ ਦੇ ਮੂੰਹ ਤ੍ਰਿੱਖੇ
ਪ੍ਰੀਤਾਂ ਦੇ ਮੂੰਹ ਖੁੰਢੇ
ਸੂਹੀਆਂ ਰੱਤ ਦੀਆਂ ਨਾੜਾਂ
ਕਾਲੇ ਨਾਗ਼ੀਂ ਡੰਗੀਆਂ
ਨੀਲੀਆਂ ਪੈਂਦੀਆਂ ਜਾਨ

ਕਿੱਸੇ ਬਰੂਟੀ ਓਹਲਿਓਂ
ਜ਼ਹਿਰੀ ਵਲਿੱਸੀਆਂ ਨਾਗ਼ਨਾਂ
ਰਾਹ ਰਾਹ ਜਾਂਦਿਆਂ ਰਾਹੀਆਂ ਦੇ
ਜਿਉਂ ਰਾਹ ਵਲ੍ਹਿੰਗਦੀਆਂ ਜਾਨ
ਵਿਹੁਲੇ ਡੰਗ ਚਲਾਨ
ਤੇ ਚੁੰਮਣ ਜੋਗੇ ਹੋਠ ਕਿਜੇ ਦੇ
ਝੱਗੋ ਝੱਗ ਹੋ ਜਾਨ

ਜਾਂ ਜੀਕਣ ਰਣ ਦੀਆਂ ਜੋਗਨਾਂ
ਭਰ ਖੱਪਰ ਪੀਂਦੀਆਂ ਜਾਨ
ਮਾਸ ਦੀਆਂ ਮਹਿਮਾਨ

ਜਾਂ ਜਿਉ ਗਿਰਝਾਂ ਦੀਆਂ ਚੁੰਝਾਂ
ਜੀਉਂਦੇ ਮੋਏ ਹੱਡ ਕਿਸੇ ਦੇ
ਚੂੰਡ ਚੂੰਡ ਕੇ ਖਾਨ
ਬਹੂ ਬੇਟੀ ਦੀ ਭੁਲ ਜਾਏ ੫ਹਿਚਾਨ।

ਹਰ ਵਾੜੇ ਦੀਆਂ ਭੇਡਾਂ
ਜਿਥੇ ਵੇਖਣ ਜੱਤ ਓਪਰੀ
ਮਾਸ ਦੀ ਬੋਟੀ ਮੂੰਹ ਨਾਲ ਲਾ ਕੇ
ਜਾਂ ਗਲ ਵਿਚ ਇਕ ਧਾਗਾ ਪਾ ਕੇ
ਖਿੱਚ ਧਰੂਹ ਕੇ ਆਪਣੇ ਆਪਣੇ
ਵਾੜੇ ਵਿਚ ਰਲਾਣ ।

ਖਟਦੇ ਜਾਨ ਸਵਾਬ
ਪੁੰਨ ਦੇ ਭਾਗ ਬਣਦੇ ਜਾਨ
ਮਜ਼ਹਬ ਦੀ ਸੇਵਾ ਪਏ ਕਮਾਨ
ਧਰਮ ਦਾ ਝੰਡਾ ਪਏ ਝੁਲਾਨ
ਚਿੱਟੀ ਦਿਨੀਂ
ਤੇ ਕਾਲੀ ਰਾਤੀਂ
ਲੋਹਾ ਚੜ੍ਹਦਾ ਸਾਨ
ਬਾਲ ਅਲੂੰਏਂ
ਕੋਮਲ ਅੰਗੀਆਂ
ਕੜੀਆਂ ਜਹੇ ਜਵਾਨ
ਇਸ਼ਕ ਦੀ ਬਲੀ ਚਾੜ੍ਹਦੇ ਜਾਨ

ਜਦ ਮਜ਼ਹਬੀ ਇਸ਼ਕ ਜਨੂੰਨ ਬਣ
ਸਿਰ ਨੂੰ ਚੜ੍ਹਦੇ ਜਾਨ........

ਬੇ-ਨਿਆਜ਼

ਮਨੁਖਤਾ ਦੇ ਲਹੂ ਭਿੱਜੇ ਵਰਕਿਆਂ ਦੀ ਕਸਮ
ਮੇਰਾ ਇਸ਼ਕ ਅਜ ਬੇ-ਨਿਆਜ਼ ਹੈ !

ਮਸਾਂ ਮਸਾਂ ਲੰਘਦੇ ਨੇ
ਵਰ੍ਹਿਆਂ ਦੇ ਕੁਛ ਦ੍ਹਾਕੇ
ਤੇ ਨੁਚੜ ਪੈਂਦਾ ਏ ਲਹੂ ਨਾਲ
ਮਨੁਖ ਦਾ ਇਤਹਾਸ
ਖੰਡਰਾਂ ਦੀ ਧੂੜ ਹੇਠਾਂ ਜੀਣ ਦਾ ਅਹਿਸਾਸ

ਧਰਤੀਆਂ ਦੇ ਆਲ੍ਹਣੇ ਚੋਂ
ਢੈ ਰਹੇ ਲੇ ਬੋਟ
ਇਸ ਬੇਵਸਾਹੇ ਜੀਣ ਨੇ
ਖੋਲ੍ਹ ਲਈ ਬਾਹਵਾਂ ਦੀ ਕੱਸ
ਤ੍ਰੋੜ ਲਏ ਹੋਠਾਂ ਤੋਂ ਹੋਠ

ਇਸ ਸੁਲਗਦੀ ਹਵਾ ਦੇ ਵਿਚ
ਸੰਦਲੀ ਸਾਹਾਂ ਨੂੰ ਰਲਣ ਦੀ
ਅਜੇ ਤਾਂ ਗੁੰਜਾਇਸ਼ ਨਹੀਂ
ਫੇਰ ਕਦੇ ਸਹੀ

ਜੇ ਬੇੜੀ ਦਾ ਰੁਖ਼
ਨਿਰੀ ਪੌਣ ਦਾ ਮੁਹਤਾਜ ਹੈ
ਤਾਂ ਮਨੁਖਤਾ ਦੇ ਲਹੂ ਭਿਜੇ ਵਰਕਿਆਂ ਦੀ ਕਸਮ
ਮੇਰਾ ਇਸ਼ਕ ਅਜ ਬੇ-ਨਿਆਜ਼ ਹੈ !

ਇਕ ਗੀਤ

ਮੀਹਾਂ ਦੀ ਭਿੱਜੀ ਰਾਤ ਵੇ !

ਧੁੱਪਾਂ ਦੇ ਲੂਸੇ ਦਿਨਾਂ ਨੂੰ ਲੱਗੀ
ਮੀਹਾਂ ਦੀ ਭਿੱਜੀ ਰਾਤ ਵੇ !

ਸ਼ਾਹ ਹਨੇਰਿਆਂ ਅਗੇ ਹੋ ਗਏ
ਪਹੁ ਫੁਟਾਲੇ ਮਾਤ ਵੇ !

ਹੋਸ਼ ਗੁਆਚੇ ਹੋਏ ਨਾ ਲੱਭਣ
ਤੇ ਸੌਣ ਵਲ੍ਹੇਟਿਆਂ ਅੰਗਾਂ ਨੂੰ
ਅਜ ਜਾਗਣ ਦੀ ਨਾ ਗਿਆਤ ਵੇ !

ਉੱਚੇ ਅਰਸ਼ਾਂ ਦੇ ਕੰਨ ਤਰਸਣ
ਨੀਵੀਂ ਜਹੀ ਧਰਤੀ ਦੀ ਕੋਈ
ਸੁਣਨ ਲਈ ਅਜ ਬਾਤ ਵੇ !

ਚੰਦ੍ਰ ਲੋਕ ਵਿਚ ਜਹੇ ਬੇਹੋਸ਼ੇ
ਸੂਰਜ ਲੋਕ ਦੀ ਜਾਕੇ ਚੰਨਾ !
ਕੌਣ ਪੁਛੇ ਹੁਣ ਵਾਤ ਵੇ !

ਅਸੀ ਨਾਂ ਦੇਵ ਲੋਕ ਦੇ ਯਾਚਕ
ਅਸੀ ਤਾਂ ਰਜ ਰਜ ਕੇ ਵਰੋਸਾਏ
ਮਾਤ ਲੋਕ ਦੀ ਵਾਤ ਵੇ !

ਮੀਹਾਂ ਦੀ ਭਿੱਜੀ ਰਾਤ ਵੇ !

ਦੇਵਤਾ

ਤੂੰ ਪੱਥਰ ਦਾ ਦੇਵਤਾ
ਠੰਢੇ ਕੱਕਰ ਭਾਵ ਤੇਰੇ ਨਾ
ਅਜੇ ਤੀਕ ਗਰਮਾਣ।
ਜੁਗਾਂ ਜੁਗਾਂ ਦੀ ਨੀਂਦਰ ਸੁੱਤੇ
ਅਜੇ ਤੀਕ ਵੀ ਜਜ਼ਬੇ ਤੇਰੇ
ਜਾਗਣ ਵਿਚ ਨਾ ਆਣ।

ਬਾਲ ਬਾਲ ਕੇ ਹੁਸਨ ਆਪਣੇ
ਲੱਖ ਸੁੰਦਰੀਆਂ ਆਣ
ਤੇਰੇ ਸੌਲੇ ਜੜ੍ਹ ਅੰਗਾਂ 'ਤੇ
ਚੇਤਨ ਅੰਗ ਨਿਵਾਣ

ਪੀਡੇ ਪੱਥਰ ਚਰਨਾਂ ਉੱਤੇ
ਲੂਏਂ ਲੂਏਂ ਪੋਟੇ ਛੋਹ ਕੇ
ਮਾਸ ਦੀ ਗੰਧ ਵਿਚ ਮੱਤੇ, ਮੱਥੇ
ਪੈਰਾਂ ਤੱਕ ਝੁਕਾਣ।

ਨਿੱਘੇ ਸਾਹ ਦੀਆਂ ਗਰਮ ਹਵਾੜਾਂ
ਪੂਜਾ ਦੀ ਸਾਮਿਗਰੀ ਵਿਚੋਂ
ਉਠਦੇ ਲੰਬੇ ਧੂੰਏਂ,
ਤੇਰੇ ਭਾਵ ਨਾ ਅਜੇ ਭਖ਼ਾਣ।

ਵੱਲਾਂ ਵਰਗੇ ਕੱਦ ਉਨ੍ਹਾਂ ਦੇ
ਨਿਉਂ ਨਿਉਂ ਲਿਫਦੇ ਜਾਣ
ਚੰਨੋਂ ਚਿੱਟੀਆਂ ਲੱਖ ਗੋਰੀਆਂ
ਕਾਲੇ ਭੌਰੇ ਨੈਣ ਉਨ੍ਹਾਂ ਦੇ
ਤੇਰੇ ਸੌਲੇ ਸੌਲੇ ਬੁੱਤ ਤੇ
ਰੋਮ ਰੋਮ ਲਿਪਟਾਣ
ਜਿਵੇਂ ਮਲੱਠੀ ਦੀ ਖ਼ੁਸ਼ਬੂ ਤੇ
ਨਾਗ ਲਿਪਟਦੇ ਜਾਣ।

ਜੁਗਾਂ ਜੁਗਾਂ ਦੀ ਪੂਜਾ ਪੀ ਕੇ
ਹੋਠ ਤੇਰੇ ਤਰਿਹਾਏ
ਲੱਖ ਜਵਾਨੀਆਂ ਸੁਕ ਸੁਕ ਗਈਆਂ
ਨੀਲੀਆਂ ਪਈਆਂ ਬਾਹਾਂ ਗੋਰੀਆਂ
ਸੱਖਣੇ ਹੋ ਗਏ ਜੋਬਨ ਪਿਆਲੇ
ਅਜੇ ਵੀ ਤੇਰੇ ਬੁੱਲ੍ਹ ਤਰਿਹਾਏ
ਭਰ ਭਰ ਪੀਂਦੇ ਜਾਣ।

ਹਵਨ ਕੁੰਡ ਦੀ ਵਸਤੁ ਵਾਂਗਣ
ਮੈਂ ਵੀ ਹਾਂ ਇਕ ਸ਼ੈ
ਧੁਖਦੀ ਧੁਖਦੀ ਬਲ ਜਾਏਗੀ
ਬੁੱਝ ਜਾਏਗੀ
ਇਹ ਸਾਮਿਗਰੀ,
ਤੇ ਸਾਮਿਗਰੀ ਦਾ ਇਕ ਭਾਗ :
ਤੇਰੀ ਪੁਜਾਰਣ, ਮੈਂ ਵੀ....

ਪੂਜਾ ਕਰਦੀ ਪਈ ਪੁਜਾਰਣ
ਭਰੇ ਥਾਲ ਵਿਚ ਨਿਕਾ ਜਿੰਨਾ
ਹਿੱਸਾ ਹੀ ਤਾਂ ਹੈ
ਹਵਨ ਕੁੰਡ ਦੀ ਵਸਤੁ ਵਾਂਗਣ
ਮੈਂ ਵੀ ਹਾਂ ਇੱਕ ਸ਼ੈ।

ਕਿੰਨੀਆਂ ਕੁ ਤਲੀਆਂ ਦੀ ਛੋਹ
ਤੇਰੇ ਪੈਰਾਂ ਉੱਤੇ ਜੰਮੀ?
ਕਿੰਨੇ ਕੁ ਹੋਠਾਂ ਦੇ ਰਸ
ਤੇਰੇ ਚਰਨਾਂ ਉੱਤੇ ਸੁੱਕੇ?

ਹਾਰੇ ਸੱਜਣ ਅਸੀਂ ਹਾਰੇ !
ਪੱਥਰ ਦੇ ਜੂਠੇ ਪੈਰਾਂ ਨੂੰ
ਪੂਜਣ ਭਾਵ ਕੰਵਾਰੇ ।

ਜਾਣ ਵਾਲੇ !

ਮੁਹੱਬਤ ਕੋਈ ਆਦਤ ਤਾਂ ਨਹੀਂ
ਜੋ ਨਵੀਂ ਪੈ ਸਕਦੀ ਹੈ
ਕੀ ਕਹਿ ਸਕਦੀ ਹਾਂ ਏਸ ਤੋਂ ਸਿਵਾ !
ਜਾਣ ਵਾਲੇ ! ਇੰਜ ਨਾ ਜਾ

"ਤੂੰ ਮੇਰੇ ਜੀਵਣ ਵੀ ਲੋੜ ਏਂ"
ਇਹ ਇਕ ਅੰਨ ਖਾਣ ਜਿਤਨੀ ਸਚਾਈ ਹੈ
ਪਰ ਇਹ ਗੱਲ ਮੈਂ ਆਖਾਂ
ਤੇ ਫੇਰ ਤੂੰ ਮੰਨੇਗਾ ਇਸਨੂੰ ?
ਇਤਨੀ ਵੱਡੀ ਸਚਾਈ ਨੂੰ
ਚਾਰ ਹਰਫ਼ਾਂ ਦੀ ਗ਼ੁਲਾਮ ਨਾ ਬਣਾ !
ਜਾਣ ਵਾਲੇ ! ਇੰਜ ਨਾ ਜਾ !

"ਮੈਂ ਤੈਨੂੰ ਪਿਆਰ ਕਰਦੀ ਹਾਂ"
ਕਿਉਂ ਤੇਰਾ ਵਿਸ਼ਵਾਸ ਮੰਗਦੈ
ਮੇਰੇ ਇਨ੍ਹਾਂ ਲਫਜ਼ਾਂ ਦਾ ਸਹਾਰਾ?
ਵਿਸ਼ਵਾਸ ਦੀ ਤਲੀ 'ਤੇ ਉਮਰ ਦੀ ਲਕੀਰ
ਕਿਉਂ ਥਾਂ ਥਾਂ ਤੋਂ ਇੰਜ ਟੁੱਟ ਰਿਹੈ ਕਿਨਾਰਾ ?
ਮੁਹੱਬਤ ਇਕ ਮੌਸਮ ਨਹੀਂ
ਜੋ ਆ ਕੇ ਗੁਜ਼ਰ ਜਾਏਗਾ !
ਜਾਣ ਵਾਲੇ ! ਇੰਜ ਨਾ ਜਾ !

ਮੇਰੀ ਟੁੱਟ ਰਹੀ ਆਵਾਜ਼
ਕਿਉਂ ਹੈ ਤੇਰੀ ਮਿਹਰ ਮੇਰੀ ਮਿੰਨਤ ਦੀ ਮੁਹਤਾਜ ?
ਵਫ਼ਾਂ ਨੂੰ ਕੀ ਅਜ ਵਾਸਤਾ ਪਾਣਾ ਪਵੇਗਾ ?
ਸ਼ਾਇਦ 'ਮੁਸ਼ਕਲ' ਹੀ ਮਿਲਦਾ ਹੈ ਵਫ਼ਾ ਦਾ ਸਿਲਾ ।
ਕਿਤਨੇ ਅਰਗ਼ਵਾਨੀ ਸਾਲ
ਮੈਂ ਅਣ-ਜਾਣਿਆਂ ਹੰਗਾਲ ਸੁੱਟੇ
ਕਰ ਦਿੱਤੇ ਨੇ ਸਿਆਹ
ਅਰਮਾਨ ਉਨ੍ਹਾਂ ਦਾ
ਤੇਰੇ ਤੇ ਤਾਂ ਮੈਨੂੰ ਕੋਈ ਨਹੀਂ ਗਿਲਾ
ਮੇਰੀ ਖ਼ਤਾ
ਪਰ ਹੁਣ ਤੇਰੀ ਪਨਾਹ !
ਮੇਰੇ ਔਣ ਵਾਲੇ ! ਇੰਜ ਨਾ ਜਾ !

ਚੜ੍ਹਦੇ ਢਲਦੇ ਦਿਹੁੰ ਵੇ !

ਚੜ੍ਹਦੇ ਢਲਦੇ ਦਿਹੁੰ ਵੇ
ਮੇਰ ਹੜ੍ਹਦੇ ਜਾਂਦੇ ਸਾਲ
ਭਰ ਭਰ ਲਥਦੇ
ਲਥ ਲਥ ਭਰਦੇ
ਪਾਣੀ ਸ਼ਹੁ ਦਰਿਆਂ ਦੇ
ਕੰਢਿਆਂ ਨੂੰ ਵੀ ਖੋਰ ਖੋਰ ਕੇ
ਖੜਦੇ ਜਾਂਦੇ ਨਾਲ ।

ਹੰਢਣ ਦਿਹੁੰ ਤੇ ਰਾਤ ਵੇ
ਹੰਢਣ ਪਏ ਤ੍ਰੈਕਾਲ ।
ਹੰਢਦੇ ਛਿਜਦੇ ਜਾਣ ਵੇ
ਮੇਰੇ ਸ੍ਵਾਸ ਇਨ੍ਹਾਂ ਦੇ ਨਾਲ ।
ਇਹ ਸ੍ਵਾਸਾਂ ਦੇ ਗੇੜ ਹੁਣ
ਗਿੜਨੇ ਹੋਏ ਮੁਹਾਲ ।
ਅਜ ਆਖਾਂ ਆਪਣੇ ਪਿਆਰ ਨੂੰ
ਇਕ ਭੋਰੀ ਦਰਸ ਦਿਖਾਲ !
ਨਿੱਤ ਤਰਕਾਲਾਂ ਸੌਂਦੀਆਂ
ਕਿਸੇ ਉਸ਼ਾ ਦੇ ਨੂਰ ਨੂੰ
ਘੁੱਟ ਕਲੇਜੇ ਨਾਲ ।
ਸੁੱਤੀਆਂ ਉੱਠਣ ਸਰਘੀਆਂ
ਕੰਨਾਂ ਤੀਕਣ ਲਾਲ ।

ਕੀ ਸੂਰਜ ਕੀ ਚੰਦ ਵੇ
ਕੀ ਦਿਹੁੰ ਕੀ ਰੈਣ
ਕੀ ਸੁਤੇ ਕੀ ਜਾਗਦੇ
ਕੀ ਕੋਈ ਦੋ ਨੈਣ
ਔਣ ਸਵੇਰਾਂ ਜਾਣ ਸਵੇਰਾਂ
ਔਂਦੀਆਂ ਜਾਂਦੀਆਂ ਰਹਿਣ
ਪਰ ਸਵੇਰਾਂ ਕੀ ਕਹਿਣ ਵੇ
ਅਜ ਨਸੀਬ ਹੀ ਇਸ਼ਕ ਦੇ
ਸੁੱਤੇ ਪਏ ਜਦ ਹੈਣ ।

ਮੋੜ ਦਿਆਂ ਮੈਂ ਅੱਥਰਾਂ
ਹੰਝੂ ਦੇਵਾਂ ਹੋੜ
ਇਸ਼ਕ ਨੂੰ ਪਾਲਣ ਵਾਸਤੇ
ਮੈਨੂੰ ਏਹਨਾਂ ਦੀ ਨਾ ਲੋੜ ।

ਮਿੱਟੀ ਖੁਰਦੀ ਖੁਰਣ ਦੇ
ਇਸ਼ਕ ਨਾ ਖੁਰੇ ਰਵਾਲ
ਚੜ੍ਹਦੇ ਢਲਦੇ ਦਿਹੁੰ ਵੇ
ਮੇਰੇ ਹੜ੍ਹਦੇ ਜਾਂਦੇ ਸਾਲ।

ਹਾੜ੍ਹ ਦਾ ਅਸਮਾਨ

ਹਾੜ੍ਹ ਦਾ ਅਸਮਾਨ ਬਲ ਰਿਹੈ,
ਲਾਲ ਬੱਜਰੀ ਦੇ ਫ਼ਰਸ਼ ਵਾਂਗ
ਮੇਰਾ ਮੱਥਾ ਜਲ ਰਿਹੈ ।

ਭੁਖ ਦੁਨੀਆਂ ਦੀ ਸਭ ਤੋਂ ਵੱਡੀ ਸਚਾਈ ਹੈ :
ਧਰ੍ਰਤੀ ਦਾ ਤਨ
ਅਨ-ਗਿਣਤ ਮਣ
ਜੰਮਦਾ ਏ ਅੰਨ
ਫਿਰ ਵੀ ਅੰਨ ਦਾ ਨਵਾਂ ਬੱਚਾ
ਨਿੱਤ ਧਰਤੀ ਦੀ ਕੁੱਖੇ,
ਚੱਬ ਜਾਂਦੇ ਨੇ
ਚੂਸ਼ ਜਾਂਦੇ ਨੇ
ਚੁੰਘ ਜਂਦੇ ਨੇ
ਅਜ਼ਲਾਂ ਦੇ ਭੁੱਖੇ ।

ਅੰਨ ਦੇ ਅੰਬਾਰ
ਤਨ ਦੇ ਅੰਦਰ ਲਹੀ ਜਾਂਦੇ
"ਬਹੁਤਾ ਅਨਾਜ ਬੀਜੋ"
ਫਿਰ ਵੀ ਇਹ ਕਹੀ ਜਾਂਦੇ
ਚੌਲਾਂ ਦੇ ਹੁਦਾਰ
ਫਿਰ ਵੀ ਕਿਸੇ ਗਵਾਂਢੀ -
ਮੁਲਕ ਤੋਂ ਲਈ ਜਾਂਦੇ ।
ਮਾਸ ਦੀ ਸੁਗੰਧ
ਨਿਤ ਲੈਂਦੀ ਏ ਅੰਨ ਤੋਂ ਖ਼ੁਸ਼ਬੂ
ਸੰਗ ਮਰਮਰੀ ਅੰਗਾਂ ਦਾ ਉਭਾਰ
ਯਾਕੂਤ ਬੁੱਲ੍ਹਾਂ ਦਾ ਲਾਲ ਲਹੂ
ਧੁਆਂਖਿਆ ਜਾਏ ਹੁਸਨ
ਅੰਨ ਦੇ ਭੋਰੇ ਬਿਨਾਂ
ਸੌਂਦਰ੍ਯ ਦਾ ਰਗ਼ੋ ਰੇਸ਼ਾ
ਇਕ ਅੰਨ ਤੇ ਤਾਂ ਪਲ ਰਿਹੈ ।
ਪੂਰੀ ਗਲ ਤਾਂ ਕਹਿ ਨਹੀਂ ਸਕਦੀ
ਸੱਭ੍ਯਤਾ ਦਾ ਜੁਗ
ਚਹੁੰ ਪਾਸਿਆਂ ਤੋਂ ਵਲ ਰਿਹੈ
ਪਰ ਉਹ ਜੋ ਕੰਬਖ਼ਤ ਆਤਮਾ
ਇਕ ਜੋਤੀ ਸਰੂਪ ਹੈ

ਕੌਣ ਆਖੇ ਕਿ ਉਸਦਾ ਵੀ ਕੋਈ ਅੰਨ ਹੁੰਦਾ ਹੈ !
ਇਹ ਇਕ ਤੱਤਾ ਜਿਹਾ
ਖ਼ਿਆਲ ਚੱਲ ਰਿਹੈ ।
ਹਾੜ੍ਹ ਦਾ ਅਸਮਾਨ ਬਲ ਰਿਹੈ,
ਲਾਲ ਬੱਜਰੀ ਦੇ ਫ਼ਰਸ਼ ਵਾਂਗ
ਮੇਰਾ ਮੱਥਾ ਜਲ ਰਿਹੈ ।

ਦੇਰ

ਹੁਣ ਤਾਂ ਦੇਰ ਹੋ ਚੁਕੀ ਏ !

ਸ਼ਾਇਦ ਇਤਨੀ ਕੁ ਦੇਰ
ਜੋ ਰਾਤ ਦੇ ਗਰਭ ਵਿਚ ਬੈਠੇ ਬਗ਼ੈਰ
ਜੋ ਸਿਆਹੀਆਂ ਦੀ ਕੁੱਖ ਨੂੰ ਚੀਰੇ ਬਿਨਾਂ
ਬਣ ਨਹੀਂ ਸਕਦੀ ਸਵੇਰ।

ਇਹ ਦੇਰ ਸ਼ਾਇਦ ਦੇਰ ਹੀ ਰਹੇਗੀ ।
ਇਸ਼ਕ ਦੇ ਸੌਦੇ ਸਦਾ-
ਸਮੇਂ ਦਾ ਸ਼ੁਗਲ ਹੁੰਦੇ ਨੇ,
ਉਹ ਪਹਿਲੀ ਝਨਾਂ ਦੀ ਕੀਮਤ
ਵੀ ਤਾਂ ਵਧ ਚੁਕੀ ਏ ਹੁਣ,
ਹੁਣ ਤਾਂ ਆਕਾਸ਼ ਗੰਗਾ ਹੀ ਚੀਰਨੀ ਪਵੇਗੀ ।
ਇਹ ਦੇਰ ਸ਼ਾਇਦ ਦੇਰ ਹੀ ਰਹੇਗੀ ।

ਦੇਖਦਾ ਨਹੀਂ ਹੱਥ ਮੇਰੇ ਨੂੜੇ ਪਏ ਨੇ ਕੀਕਣ !
ਕੱਸਾਂ ਵੀ ਪੀਚ ਗਈਆਂ
ਖੁਭ ਗਏ ਨੇ ਵੱਢੇ
ਆਂਗਸ ਵੀ ਹਿੱਸ ਗਈ ਏ
ਆਪਣੇ ਹੀ ਅੰਗ ਹੁਣ ਤਾਂ ਅੰਗਾਂ ਨੂੰ ਵਲਿੱਸਣ
ਕੱਸਾਂ ਨੂ ਹੋਰ ਕੱਸਣ
ਤੇ ਸ਼ਾਇਦ ਇੰਜੇ ਹੀ ਲਿਖਿਆ ਹੋਇਆ ਏ ਹਸ਼ਰ ਤੀਕਣ
ਦੇਖਦਾ ਨਹੀਂ ਹੱਥ ਮੇਰੇ ਨੂੜੇ ਪਏ ਨੇ ਕੀਕਣ !

ਇਸ ਨਰੋਏ ਜਜ਼ਬੇ ਨੂੰ ਖੜ੍ਹਨ ਲਈ ਨਾ ਥਾਂ
ਧਰਤੀ ਦੀ ਹਿਕ ਵੀ ਤਾਂ ਸੁਕੜ ਗਈ ਏ ਈਕਣ
ਜ਼ਖ਼ਮਾਂ ਦੇ ਮੂੰਹ ਵੀ ਤਾਂ ਨੁਚੜੇ ਪਏ ਨੇ ਇਉਂ
ਤੇ ਸਾਡੀ ਬੋਲੀ ਦੇ ਲਫ਼ਜ਼ ਵੀ ਸੁੰਗੜ ਗਏ ਨੇ ਇੰਜ
ਹਿਰਾਸੇ ਹੋਏ ਹੋਠ ਵੀ ਲੈ ਸਕਦੇ ਨਾ ਤੇਰਾ ਨਾਂ
ਇਸ ਨਰੋਏ ਜਜ਼ਬੇ ਨੂੰ ਖੜ੍ਹਣ ਲਈ ਨਾ ਥਾਂ ।

ਕੀ ਹੋਇਆ ਜੇ ਰੂਹ ਨੂੰ ਅਜ ਰੂਹ ਦੀ ਸਿੰਝਾਣ
ਮੂੰਹ ਦੀ ਪਛਾਣ ਵਾਲੇ ਤਾਂ ਇਹ ਕੁਛ ਨਹੀਂ ਸੁਣਦੇ
ਬੀਤ ਜਾਏਗੀ ਇੰਜੇ ਅਰਮਾਨਾਂ ਦੀ ਖ਼ਾਕ ਛਾਣ

ਆਕਾਸ਼ ਦੀ ਚੁੜਿੱਤਣ ਬੇਹਿਸਾਬ ਹੀ ਸਹੀ
ਪਰ ਕੀ ਕਰੇ ਕੋਈ ਜੇ ਖੰਭ ਹੀ ਨਾ ਪਹੁੰਚ ਪਾਣ !
ਹੁਣ ਤਾਂ ਦੇਰ ਹੋ ਚੁਕੀ ਏ ਮੇਰੀ ਜਾਨ !

ਕੰਢਿਆ ਵੇ !

ਕੰਢਿਆ ਵੇ ! ਖੋਲੀਂ ਗਲਵੱਕੜੀ
ਅਸਾਂ ਭਰ ਲਹਿਰਾਂ ਵਿਚ ਜਾਣਾ
ਪੌਣਾਂ ਦੇ ਪੈਰਾਂ ਵਿਚ ਚੱਕਰ
ਭਾਲਣ ਕਿਵੇਂ ਟਿਕਾਣਾ ।

ਰਾਹ ਮ੍ਹੋਕਲੇ ਰਿਸ਼ਤੇ ਭੀੜੇ
ਹੁਸੜਿਆ ਹੁਸੜਿਆ ਜੀਅ
ਰਸ ਉਕਤਾਈਆਂ ਬੁਲ੍ਹੀਆਂ ਨੇ
ਕੋਈ ਕੌੜਾਪਨ ਮੂੰਹ ਲਾਣਾ ।

ਨਿੱਘ ਨਿੰਦਰਾਇਆਂ ਨੈਣਾਂ ਦੀ
ਕੋਈ ਰੋਕ ਸਕੇ ਨਾ ਜਾਗ
ਰੂਪ ਤੇਰੇ ਦੀ ਲੋਰੀ ਨੇ
ਸਾਨੂੰ ਕਦ ਤਕ ਥਪਕ ਸੁਲਾਣਾ !
ਸੁਥਰੇ ਨੀਲੇ ਅੰਬਰਾਂ ਉੱਤੇ
ਕਦ ਤਕ ਟੰਗਿਆਂ ਰਹੀਏ !
ਅਸੀਂ ਤਾਂ ਕਣੀਆਂ ਵੱਸ ਜ਼ਿਮੀ ਤੇ
ਧੂੜ ਧੂੜ ਹੋ ਜਾਣਾ !

ਮਮਤਾ ਦੀ ਗੋਦੀ ਚੋਂ ਤਰੁਟੀਆਂ (ਰੱਬ ਤ੍ਰੋੜੀਆਂ)
ਹੁਣ ਭਾਲਾਂ ਨਾ ਕੋਈ ਛਾਂ,
ਮੂੰਹ ਗੁਆਚੇ ਹੋਏ ਨਾ ਲੱਭਣ
ਧੂੜ ਸਮੇਂ ਦੀ ਛਾਣਾਂ !

ਨਵੇਂ ਮੂੰਹ ਦੇ ਨਵੇਂ ਮੋਹ ਵਿਚ
ਅੰਗ ਅਲਸਾਂਦੇ ਜਾਣ
ਪਲ ਨਵੀਆਂ ਪੱਟੀਆਂ ਦੀ ਕੱਸ ਹੇਠਾਂ
ਰਿਸਦਾ ਜ਼ਖ਼ਮ ਪੁਰਾਣਾ ।

ਵਫ਼ਾ ਦੀ ਲਕੀਰ

ਵਫ਼ਾ ਦੀ ਲਕੀਰ !
ਕਿਹੜਾ ਮਿਆਰ ਆ ਕੇ
ਮਿਣੇ ਇਸ ਦਾ ਚੀਰ ?
ਜੋ ਸਾਬਤ ਜਹੀ ਤਲੀ 'ਤੇ
ਖਿੱਲਰ ਰਹੀ ਹੈ ਇੰਜ
ਵਫ਼ਾ ਦੀ ਲਕੀਰ !

ਕਿਥੋਂ ਕੁ ਕਿਨਾਰਾ ਹੁੰਦਾ ਹੈ ਡੋਬੂ ?
ਕੌਣ ਸੋਚ ਨਾਪੇ
ਤੇ ਕੌਣ ਕੋਈ ਆਖੇ
ਕਿ ਖ਼ਿਆਲਾਂ ਦੇ ਵਰਤਣ ਦੀ ਕਿਹੜੀ ਕੁ ਹੱਦ ?
ਇਸਨੂੰ ਲੁੰਘੇ ਨਾ ਕਿਥੋਂ ਕੁ ਤਕ ਰਾਹਗੀਰ ?
ਵਫ਼ਾ ਦੀ ਲਕੀਰ !

ਕਿੰਨੇ ਕੁ ਨੈਣ ਨੇੜੇ ?
ਕਿੰਨੀ ਕੁ ਜ਼ਬਾਨ ਸਾਂਝੀ ?
ਤੇ ਕਿੰਨੀ ਕੁ ਹੱਥਾਂ ਦੇ ਭਖ਼ਾ ਦੀ ਹਰਾਰਤ
ਬਦਲ ਦੇਂਦੀ ਹੈ ਤਾਸੀਰ ?
ਵਫ਼ਾ ਦੀ ਲਕੀਰ !

ਕਿਵੇਂ ਇਸਦੇ ਵੱਢੇ ਨੂੰ
ਹੋਰ ਕਰਨ ਗੂੜ੍ਹਾ
ਅਸੰਖ ਕੌਲ ਨਿਕਲਣ
ਹੋਠਾਂ ਦੀ ਹਿੱਕ ਚੀਰ ।
ਜਿਵੇਂ ਲਫ਼ਜ਼ਾਂ ਦੇ ਪੋਟੇ ਵੀ
ਇਸਦਾ ਨਾਪ ਸਕਦੇ ਨੇ ਸਰੀਰ !
ਵਫ਼ਾ ਦੀ ਲਕੀਰ !

ਤੇ ਹੁਣੇ ਕਸਮ ਖਾਣ ਲੱਗੀ ਹੈ
ਜੀਕਣ ਇਹ ਹੀਰ
ਦੇਣ ਲੱਗੀ ਹੈ ਪਾਕ ਦਾਮਨ
ਮੁਹੱਬਤ ਦਾ ਸਬੂਤ
ਉਤਾਂਹ ਨੂੰ ਮੂੰਹ ਚੁੱਕ ਕੇ
ਨਿਕੀ ਜਹੀ ਤਲੀ ਤੇ
ਇੰਜ ਹੈ ਖਲੋਤੀ – ਵਫਾ ਦੀ ਲਕੀਰ !

ਤੇ ਕੋਲ ਜਿਵੇਂ ਜ਼ਾਮਨ ਨੇ ਪੰਜ ਉਂਗਲਾਂ
ਪੰਜ ਪੀਰ ।
ਵਫ਼ਾ ਦੀ ਲਕੀਰ !

ਸੰਸਕਾਰ

ਤੇਰਾ ਇਸ਼ਕ, ਸੰਸਕਾਰਾਂ ਦਾ
ਮੁਹਤਾਜ ਬਣ ਕੇ ਰਹਿ ਗਿਆ!

ਸੰਸਕਾਰਾਂ ਦੀ ਧੂੜ ਬੜੀ ਗਾੜ੍ਹੀ ਜਹੀ ਹੁੰਦੀ ਏ
ਮੈ ਹੋਰ ਕੁਝ ਨਹੀਂ ਆਖਦੀ
ਧੂੜ ਦਾ ਜਾਦੂ ਤੇਰੀ ਉਸ ਮੁਹੱਬਤ ਤੇ ਪੈ ਗਿਆ !
ਇਸ਼ਕ, ਸੰਸਕਾਰਾਂ ਦਾ
ਮੁਹਤਾਜ ਬਣ ਕੇ ਰਹਿ ਗਿਆ !

ਨਿਰੋਲ ਇਥ ਮੁਹੱਬਤ ਤਾਂ ਜੰਮੀ ਸੀ ਜ਼ਰੂਰ
ਸੰਸਕਾਰਾਂ ਦੇ ਕੰਡੇ ਬੜੇ ਤਿੱਖੇ ਜਹੇ ਹੁੰਦੇ ਨੇ
ਬਣ ਚੁਕੇ ਨੇ ਨਾਲੇ ਤਾਰੀਖ਼ੀ ਤਅੱਸਬ
ਮੁਹੱਬਤ ਦਾ ਦਾਮਨ
ਅਜ ਕੰਡਿਆਂ ਨਾਲ ਖਹਿ ਗਿਆ
ਉਲਝ ਕੇ ਰਹਿ ਗਿਆ ।

ਮੁਹੱਬਤ ਦਾ ਰੰਗ ਸੀ, 'ਕਰਾਰਾਂ ਦਾ ਗ਼ੁਲਾਮ
ਲੈਂਦਾ ਸੀ ਤਸੱਲੀ ਮੇਰੇ ਕੌਲਾਂ ਤੋਂ ਹੁਦਾਰੀ
ਮਾਂਗਵੀਂ ਉਡਾਰੀ
ਉਡਾਰੀਆਂ ਦਾ ਪੰਛੀ
ਅਜ ਆਲ੍ਹਣੇ 'ਚ ਬਹਿ ਗਿਆ ।
ਇਸ਼ਕ ਸੰਸਕਾਰਾਂ ਦਾ
ਮੁਹਤਾਜ ਬਣ ਕੇ ਰਹਿ ਗਿਆ !

ਪੁਲ ਕਦੇ ਵੀ ਪਾਣੀਆਂ ਦੀ ਰੰਗਤ ਨਹੀਂ ਪਰਖਦੇ
ਗੰਧਲਾਪਣਾ ਨਿਰਮਲਪਣਾ ਪੈਰਾਂ, ਚੋਂ ਲੰਘ ਜਾਂਦੈ
ਮੈਨੂੰ ਤਰਸ ਆਉਂਦਾ ਹੈ ਤੇਰੇ ਇਸ਼ਕ ਤੇ
ਜੋ ਪਾਣੀਆਂ ਦੀ ਰੰਗਤ ਤੇ
ਸਵਾਲਾਂ ਵਿਚ ਪੈ ਗਿਆ
ਇਸ਼ਕ, ਸੰਸਕਾਰਾਂ ਦਾ,
ਮੁਹਤਾਜ ਬਣ ਕੇ ਰਹਿ ਗਿਆ।

ਕੁਰਬਾਨੀਆਂ ਦੇ ਰਾਹ ਬੜੇ ਵਿੰਗੇ ਜਹੇ ਹੁੰਦੇ ਨੇ
ਝਨਾਂ ਦਾ ਗੋਤਾ ਵੀ ਕਦੇ ਆ ਸਕਦਾ ਹੈ
ਕਿਤਨੀ ਹਿਫ਼ਾਜ਼ਤ ਹੈ ਦੁਨੀਆਂ ਦੀ ਲੀਹ ਤੇ
ਪਿਆਰਾਂ ਦੀ ਪਰਖ ਵਿਚ ਪੈਣ ਕੋਲੋਂ ਪਹਿਲਾਂ ਹੀ
ਚੰਗਾ ਹੈ ਪੈਰ ਤੇਰਾ ਉਸ ਲੀਹ ਤੇ ਪੈ ਗਿਆ।
ਇਸ਼ਕ, ਸੰਸਕਾਰਾਂ ਦਾ,
ਮੁਹਤਾਜ ਬਣ ਕੇ ਰਹਿ ਗਿਆ!

ਵਿਉਪਾਰ

ਜਿਸਮਾਂ ਦਾ ਵਿਉਪਾਰ
ਤੱਕੜੀ ਦੇ ਦੋ ਛਾਬਿਆਂ ਵਾਕੁਰ
ਇੱਕ ਮਰਦ ਇੱਕ ਨਾਰ
ਰੋਜ਼ ਤੋਲਦੇ ਮਾਸ
ਰੋਜ਼ ਵੇਚਦੇ ਲਹੂ
ਤੇ ਆਖ਼ਰ ਕਾਰੇ ਵੱਟ ਲੈਂਦੇ ਨੇ
ਲਹੂ-ਮਿੱਟੀ ਦੇ ਨਿੱਕੇ ਨਿੱਕੇ
ਸਿੱਕੇ ਦੋ ... ਤ੍ਰੈ...ਚਾਰ ।

ਮਹਿੰਗੇ ਮਹਿੰਗੇ ਨਕਸ਼ਾਂ ਪਿੱਛੇ
ਕਦੇ ਕਦੇ ਕੋਈ ਕਦਰਦਾਨ ਆ
ਲੰਬੀ ਚੌੜੀ 'ਦਾਜ' 'ਵਰੀ' ਦੀ
ਬੋਲੀ ਦੇਂਦੇ ਤਾਰ।

ਜਿਸਮਾਂ ਦਾ ਵਿਉਪਾਰ
ਇਸ ਦੇ ਕਈ ਬਾਜ਼ਾਰ:

ਇਕ ਬਾਜ਼ਾਰ ਤਾਂ ਗਾ ਵਜਾ ਕੇ
ਜ਼ਰਾ ਕੁ ਰੌਲਾ ਰੱਪਾ ਪਾ ਕੇ
ਇਸ਼ਟ ਦੇਵ ਦੀ ਮੁਠ ਤਾਰ ਕੇ
ਸੌਦੇ 'ਤੇ ਇਕ ਮੁਹਰ ਲੁਆ ਕੇ
ਦਿਨ ਦਿਹਾੜੇ ਵੇਚਣ ਦੇ ਵੀ
ਹੋ ਜਾਂਦੇ ਹੱਕਦਾਰ।

ਤੇ ਇਕ ਬਾਜ਼ਾਰ ਵਿੱਚ ਹੌਲੇ ਹੌਲੇ
ਰਾਤ ਦੀਆਂ ਸ਼ਾਹੀਆਂ ਦੇ ਓਹਲੇ
ਓਹੋ ਸੌਦਾ
ਓਹੋ ਪੱਤਾ
ਔਂਦੇ ਨੇ ਖ਼ਰੀਦਾਰ
ਜਿਸਮਾਂ ਦਾ ਵਿਉਪਾਰ।
ਜਿਸਮਾਂ ਦੀ ਕੂਲੀ ਜਹੀ ਰੁੱਤੇ
ਮਮਤਾ ਆ ਕੇ
ਮਾਸ ਪਲੋਸੇ

ਜਿਸਮਾਂ ਦੀ ਖਰਵੀ ਜਹੀ ਰੁੱਤੇ
ਮੋਹ ਪਿਆ
ਅੰਗਾਂ ਨੂੰ ਚੰਬੜੇ

ਸ਼ਾਇਦ ਹੱਡ
ਹੱਡਾਂ ਦੇ ਵਿਚੋਂ
ਅੰਤਾਂ ਤੀਕਣ ਖ਼ੁਰਚ ਖ਼ੁਰਚ ਕੇ
ਰੂਹ ਗੁਆਚੀ ਹੋਈ ਨੂੰ ਲਭਣ
ਲੱਭ ਲੱਭ ਜਾਂਦੇ ਹਾਰ ।

ਫੇਰ ਰੋਜ਼ ਤੋਲਦੇ ਮਾਸ
ਰੋਜ਼ ਵੇਚਦੇ ਲਹੂ
ਤੱਕੜੀ ਦੇ ਦੋ ਛਾਬਿਆਂ ਵਾਕੁਰ
ਇੱਕ ਮਰਦ ਇੱਕ ਨਾਰ

  • ਮੁੱਖ ਪੰਨਾ : ਕਾਵਿ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ