Lalkaar : Jarnail Singh Arshi

ਲਲਕਾਰ : ਜਰਨੈਲ ਸਿੰਘ ਅਰਸ਼ੀ1. ਲਲਕਾਰ

ਰੋਮ ਰੋਮ ਵਿਚ ਰਚਿਆ ਹੋਵੇ, ਜਿਨਾਂ ਦੇ ਦੇਸ਼-ਪਿਆਰ । ਖੱਫਣ ਬੰਨ੍ਹ ਸਿਰਾਂ ਦੇ ਉਤੇ ਮਿਟਣ ਲਈ, ਜੋ ਹੋਣ ਤਿਆਰ । ਦੁਖੀ ਦੇਸ਼ ਨੂੰ ਦੇਖ ਦੇਖ ਕੇ, ਅਣਖ ਜਿਨਾਂ ਦੀ ਮੱਚੇ- ਉਹਨਾਂ ਜੀਉਂਦੇ ਦਿਲਾਂ ਲਈ ਹੈ, ਮੇਰੀ ਇਹ “ਲਲਕਾਰ”।

2. ਨਵ-ਯੁਗ

ਸ਼ਹਿਨਸ਼ਾਹੀਅਤ ਖ਼ਤਮ ਹੋ ਰਹੀ, ਯੁਗ ਨਵਾਂ ਹੈ ਆ ਰਿਹਾ । ਦੁਨੀਆਂ ਦੇ ਨ੍ਹੇਰੇ ਕੋਨਿਆਂ ਤੇ, ਨੂਰ ਹੈ ਹੁਣ ਛਾ ਰਿਹਾ । ਆਪਣੇ ਹੀ ਡੋਲ੍ਹੇ ਖ਼ੂਨ ਵਿਚ, ਹੁਣ ਡੁੱਬਣਾ ਜੱਲਾਦ ਨੇ । ਆਪਣੇ ਬਣਾਏ ਕਫਸ ਵਿਚ, ਹੁਣ ਫੱਸਣਾ ਸੱਯਾਦ ਨੇ । ਨਾ ਧੜਕਦੀ ਛਾਤੀ ਦੇ ਵਲ, ਬੰਦੂਕ ਸਿੰਨ੍ਹੀ ਜਾਏਗੀ । ਸੁਹਣੇ ਤੇ ਹਸਦੇ ਫੁੱਲ ਦੀ, ਨਾ ਹਿੱਕ, ਵਿੰਨ੍ਹੀ ਜਾਏਗੀ । ਕੱਚੇ ਤੇ ਠਿਲ੍ਹਣਾ ਪਏਗਾ, ਨਾ ਹੁਣ ਕਿਸੇ ਵੀ ਹੂਰ ਨੂੰ । ਸੂਲੀ ਚੜ੍ਹਾਇਆ ਜਾਏਗਾ, ਨਾ ਹੁਣ ਕਿਸੇ ਮਨਸੂਰ ਨੂੰ । ਇਸ਼ਕ ਦੇ ਮੂੰਹ ਤੋਂ ਗੁਨਾਹ ਦੇ, ਦਾਗ ਧੋਤੇ ਜਾਣਗੇ । ਪ੍ਰੀਤ ਦੇ ਧਾਗੇ ਦੇ ਵਿਚ, ਹੁਣ ਦਿਲ ਪ੍ਰੋਤੇ ਜਾਣਗੇ । ਜ਼ੁਲਮ ਤੇ ਅਨਿਆਂ ਦੀ, ਨਾ ਕਾਂਗ ਕਿਧਰੇ ਚੜ੍ਹੇਗੀ । “ਦਰਿਆ” ਦੇ ਕੰਢੇ ਕਿਸੇ ਦੀ, ਨਾ ਹੁਣ ਜਵਾਨੀ ਸੜੇਗੀ । ਮਜ਼ਦੂਰ ਤੇ ਕ੍ਰਿਸਾਣ ਆਪਣੇ, ਹੱਕ ਹੁਣ ਲੈ ਲੈਣਗੇ । ਤਖ਼ਤਾਂ ਨੂੰ ਝੂਟੇ ਆ ਰਹੇ ਨੇ, ਤਾਜ ਸਭ ਡਿਗ ਪੈਣਗੇ । ਨਾ ਦਿਲ ਕਿਸੇ ਦੇ ਹੁਣ ਕਦੀ, ਅਰਮਾਨ ਕੁਚਲੇ ਜਾਣਗੇ । ਪੂੰਜੀ ਦੇ ਪੈਰਾਂ ਹੇਠ ਨਾ, ਇਨਸਾਨ ਕੁਚਲੇ ਜਾਣਗੇ । ਮਾਲੀ ਦੇ ਸਾਹਵੇਂ, ਅਧ-ਖਿੜੇ, ਗੁੰਚੇ ਨਾ ਤੋੜੇ ਜਾਣਗੇ । ਹਸਰਤਾਂ ਦੀ ਯਾਦ ਵਿਚ, ਹੰਝੂ ਨਾ ਰੋੜ੍ਹੇ ਜਾਣਗੇ । ਨਾ ਆੜ ਲੈ ਕੇ ਮਜ਼੍ਹਬ ਦੀ, ਹੁਣ ਦਿਲ ਦੁਖਾਇਆ ਜਾਇਗਾ । ਨਾ ਰੌਸ਼ਨੀ ਦੇ ਨਾਮ ਥੱਲੇ, ਨ੍ਹੇਰ ਪਾਇਆ ਜਾਇਗਾ । ਸਾਗਰ ਬਦਲਦਾ ਜਾ ਰਿਹਾ, ਪਰਬਤ ਬਦਲਦਾ ਜਾ ਰਿਹਾ । ਪੂਰਬ ਬਦਲਦਾ ਜਾ ਰਿਹਾ, ਪੱਛਮ ਬਦਲਦਾ ਜਾ ਰਿਹਾ । ਔਹ ਵੀ ਬਦਲਦਾ ਜਾ ਰਿਹਾ, ਆਹ ਵੀ ਬਦਲਦਾ ਜਾ ਰਿਹਾ । ਇਸ ਬੁੱਢੇ ਸੰਸਾਰ ਦਾ, ਸਭ ਕੁਝ ਬਦਲਦਾ ਜਾ ਰਿਹਾ । ਬਦਲਦੇ ਸੰਸਾਰ ਵਿਚ, ਤੇ ਬਦਲਦੇ ਇਨਸਾਨ ਵਿਚ । ਬਦਲਦੀ ਇਸ ਧਰਤ ਵਿਚ, ਤੇ ਬਦਲਦੇ ਅਸਮਾਨ ਵਿਚ । ਤੱਕ ਰਿਹਾ ਹਾਂ ਬਣ ਰਹੀ, ਤਸਵੀਰ ਮੇਰੇ ਦੇਸ਼ ਦੀ । ਮਿਟ ਮਿਟ ਕੇ ਬਣਦੀ ਜਾ ਰਹੀ, ਤਕਦੀਰ ਮੇਰੇ ਦੇਸ਼ ਦੀ । ਆ ਰਿਹਾ ਹੈ ਹੋਸ਼ ਮੇਰੇ, ਦੇਸ਼ ਦੇ ਨੌ-ਜੁਆਨ ਨੂੰ । ਬਦਲ ਦੇਗਾ ਪਲਾਂ ਵਿਚ, ਜੋ ਧਰਤ ਤੇ ਅਸਮਾਨ ਨੂੰ । ਗੋਲ ਬਿਸਤਰ ਹੋ ਰਿਹਾ, ਅੰਗਰੇਜ਼ ਦੀ ਸਰਕਾਰ ਦਾ । ਲੇਖਾ ਚੁਕਾਇਆ ਜਾਇਗਾ, ਹੁਣ ਦੇਸ਼ ਦੇ ਗ਼ੱਦਾਰ ਦਾ । ਪੂੰਜੀ-ਪਤੀ, ਧਨਵਾਨ ਦੀ, ਗੋਗੜ, ਨਿਚੋੜੀ ਜਾਏਗੀ । ਅਨਿਆਈ, ਵੇਹਲੜ, ਹੈਂਕੜੀ ਦੀ, ਧੌਣ ਤੋੜੀ ਜਾਏਗੀ । ਵੇਖਾਂਗੇ ! ਰੋਕ ਕੌਣ ਹੁਣ ? ਇਸ ਆ ਰਹੇ ਸੈਲਾਬ ਨੂੰ । ਉੱਠੋ ! ‘ਜੀ ਆਇਆਂ ਕਹੋ’, ਇਸ ਆ ਰਹੇ ਇਨਕਲਾਬ ਨੂੰ ।

3. ਸੱਯਾਦ ਨੂੰ

ਐ ਸੱਯਾਦ ! ਮੈਂ ਵੀ ਤਾਂ, ਹੈ ਜ਼ਮਾਨਾ ਦੇਖਿਆ । ਪਲਾਂ ਵਿਚ ਸਭ ਹੋ ਰਿਹਾ, ਆਪਣਾ ਬੇਗਾਨਾ ਦੇਖਿਆ । ਬਿਜਲੀਆਂ ਬੇਤਾਬ ਸਨ, ਜਿਨ੍ਹਾਂ ਨੂੰ ਜਾਲਣ ਦੇ ਲਈ, ਉਨ੍ਹਾਂ ਤਿਣਕਿਆਂ ਦਾ ਮੈਂ ਬਣਾ ਕੇ ਅਸ਼ਿਆਨਾ ਦੇਖਿਆ । ਸੁਣਕੇ ਜਿਸ ਨੂੰ “ਮੁਸ਼ਕਲਾਂ” ਮੇਰੇ ਤੇ ਆਸ਼ਕ ਹੋ ਗਈਆਂ, ਇਹੋ ਜਿਹਾ ਕਈ ਵਾਰ ਗਾ ਕੇ, ਮੈਂ ਤਰਾਨਾ ਦੇਖਿਆ । ਸੀਖਾਂ ਦੀਆਂ ਮਜਬੂਤੀਆਂ ਤੋਂ, ਤੂੰ ਡਰਾਉਨਾਂ ਏਂ ਪਿਆ, ਜਿੱਥੇ ਇਹ ਬਣਿਆ ਪਿੰਜਰਾ, ਮੈਂ ਕਾਰਖ਼ਾਨਾ ਦੇਖਿਆ । ਤੂੰ ਤਾਂ ਇਸ ਗੁਲੇਲ ਦੇ ਮੈਨੂੰ ਡਰਾਵੇ ਦੇ ਰਿਹੈਂ, ਮੈਂ ਤੀਰ ਤੇ ਬੰਦੂਕ ਦਾ ਹੋ ਕੇ ਨਿਸ਼ਾਨਾ ਦੇਖਿਆ । ਇਸ ਜ਼ਿੰਦਗੀ ਦੇ ਹੁੰਦਿਆਂ, ਦੱਸ ਕਿਸ ਤਰਾਂ ਮੈਂ ਝੁਕ ਸਕਾਂ, ਕਈਆਂ ਦਾ ਮਰਨੋ ਬਾਅਦ ਵੀ ਮੈਂ ਅਕੜਜਾਨਾ ਦੇਖਿਆ । ਮੇਰੀ ਬਰਬਾਦੀ ਮੇਰੇ ਲਈ, ਕੋਈ ਅਨੋਖੀ ਸ਼ੈ ਨਹੀਂ, ਹਰ ਸਾਲ ਹੁੰਦਾ ਆਪ ਮੈਂ ਗੁਲਸ਼ਨ ਵੀਰਾਨਾ ਦੇਖਿਆ । ਬੇ-ਹੋਸ਼ੀ ਤੋਂ ਪਿਛੋਂ ਕੀ ਹੋਊ ? ਇਹਦੀ ਕੋਈ ਪ੍ਰਵਾਹ ਨਹੀਂ, ਹੋਸ਼ ਦੇ ਹੁੰਦਿਆਂ ਵੀ ਮੈਂ, ਬਣਕੇ ਦੀਵਾਨਾ ਦੇਖਿਆ । ਕੀ ਹੋਇਆ ? ਜੇ ਪੀ ਕੇ ਮੈਂ ਦੋ ਕੁ ਝੂਟੇ ਖਾ ਗਿਆ, ਏਥੇ ਮੈਂ ਕਈ ਸੋਫ਼ੀਆਂ ਦਾ, ਲੜ-ਖੜਾਨਾ ਦੇਖਿਆ । ਮਸਤੀ ਮਿਰੀ ਦੀ ਆਪ ਵੀ, ਮੈਨੂੰ ਕੋਈ ਵੀ ਥਾਹ ਨਹੀਂ, ਜਿਧਰ ਵੀ ਨਜ਼ਰਾਂ ਭੌਂ ਗਈਆਂ, ਓਧਰ ਮੈ-ਖਾਨਾ ਦੇਖਿਆ।

4. ਮਿੱਤ੍ਰ ਹਾਂ ਮੈਂ

ਮਿੱਤ੍ਰ ਹਾਂ ਮੈਂ, ਮਜ਼ਦੂਰ ਦਾ, ਹਾਮੀ ਹਾਂ ਮੈਂ ਕਿਰਸਾਣ ਦਾ । ਦੁਨੀਆਂ 'ਚ ਦੋ ਹਕੀਕਤਾਂ, ਏਨ੍ਹਾਂ ਨੂੰ ਹਾਂ ਮੈਂ ਜਾਣਦਾ । ਲਹੂ ਪੀ ਕੇ ਕਿਸੇ ਦਾ, ਗੋਗੜ ਵਧਾਏ, ਕਿਉਂ ਕੋਈ ? ਦੁਨੀਆਂ 'ਚ ‘ਬਰਦਾ’ ਬਣੇ ਕਿਉਂ ਇਨਸਾਨ ਹੀ ਇਨਸਾਨ ਦਾ ? ਆੜ ਲੈ ਕੇ ਮਜ਼੍ਹਬ ਦੀ ਕੋਈ, ਦਿਲ ਫਿਰੇ ਕਿਉਂ ਤੋੜਦਾ ? ਕੱਲਾ ਹੀ ਠੇਕਾ ਲੈ ਲਵੇ, ਕਿਉਂ ਧਰਮ ਤੇ ਈਮਾਨ ਦਾ ? ਸਮਝ ਨਹੀਂ ਸਕਿਆ ਮੈਂ ਹੁਣ ਤੱਕ, ਰੱਬ ਦੇ ਇਸ ਰਾਜ਼ ਨੂੰ, “ਓਸ ਦੀ ਮੌਜਦੂਗੀ ਵਿਚ, ਕੰਮ ਕੀ ਸ਼ੈਤਾਨ ਦਾ ?” ਕਹਿੰਦੇ ਨੇ ਸਭ ਦੀ ਆਪ ਹੀ, ਉਹ ਲਿਖ ਰਿਹਾ ਤਕਦੀਰ ਹੈ, ਫਿਰ ਫਰਕ ਕਿਉਂ ਹੈ ਪੈ ਗਿਆ, ਇਸ ਧਰਤ ਤੇ ਅਸਮਾਨ ਦਾ ? ਸਦੀਆਂ ਤੋਂ ਇਸ ਅਨਿਆਏ ਨੂੰ, ਇਸੇ ਲਈ ਜਰਦਾ ਰਿਹਾ, ਸ਼ਾਇਦ ਏਸੇ ਤਰ੍ਹਾਂ ਹੀ, ਮਨਸ਼ਾ ਹੈ ਉਸ ਭਗਵਾਨ ਦਾ । ਪਰ ਹਕੀਕਤ ਦਾ ਪਤਾ, ਮੈਨੂੰ ਵੀ ਕਿਧਰੋਂ ਮਿਲ ਗਿਆ, ਭਗਵਾਨ ਦਾ ਕੁਝ ਹੋਰ ਸੀ, ਮਨਸ਼ਾ ਹੈ ਇਹ ਸ਼ੈਤਾਨ ਦਾ। ਮੱਥੇ ਕਿਸੇ ਦੇ ਦਰਾਂ ਤੇ, ਹੁਣ ਨਾਂ ਘਸਾਓ ਮਿੱਤਰੋ ! ਢੰਗ ਮੈਨੂੰ ਆ ਗਿਐ, ਤਕਦੀਰ ਨੂੰ ਪਲਟਾਣ ਦਾ । ਅੱਗਾ ਕਿਸੇ ਨੇ ਕਿਸੇ ਦਾ, ਅਗੋਂ ਕਦੇ ਨਹੀਂ ਰੋਕਿਆ, ਜਿਨ੍ਹਾਂ ਇਰਾਦਾ ਕਰ ਲਿਆ ਹੈ, ਪਰਬਤਾਂ ਨੂੰ ਢਾਣ ਦਾ ।

5. ਕਸਵੱਟੀ

ਕਰੀਏ ਜਿਉਂਦਿਆਂ ਵਿਚ ਸ਼ੁਮਾਰ ਕਿੱਥੋਂ, ਜਿਹੜੇ ਬੁੱਤ ਅੰਦਰ ਜਿਊਂਦੀ ਜਾਨ ਹੀ ਨਹੀਂ । ਭੁੱਲੇ ਭਟਕਿਆਂ ਨੂੰ ਕਿਵੇਂ ਰਾਹ ਪਾਊ, ਜਿਹਨੂੰ ਆਪਣੇ ਆਪ ਦਾ ਗਿਆਨ ਹੀ ਨਹੀਂ । ਉਹਨੇ ਪਹੁੰਚਣਾ ਦਸਮ-ਦੁਆਰ ਕਿੱਥੋਂ, ਜਿਹਨੇ ਤੱਕਿਆ ਕਦੇ ਅਸਮਾਨ ਹੀ ਨਹੀਂ। ਕੀ ਉਹ ਬੁਲਬੁਲ ਅਜ਼ਾਦੀ ਦੀ ਕਦਰ ਜਾਣੇ, ਜੀਹਨੇ ਕਦੇ ਡਿੱਠਾ ਗੁਲਿਸਤਾਨ ਹੀ ਨਹੀਂ। ਖ਼ੂਨ ਫਰਕਦਾ ਨਹੀਂ ਜੀਹਦੇ ਡੌਲਿਆਂ ਦਾ, ਕਿੰਨੀ ਉਮਰ ਹੋਵੇ , ਉਹ ਜਵਾਨ ਹੀ ਨਹੀਂ । ਦੇਸ਼, ਕੌਮ ਦਾ ਦਿਲ 'ਚ ਨਹੀਂ ਦਰਦ ਜੀਹਦੇ, ਮੈਂ ਤਾਂ ਸਮਝਨਾ ਉਹ ਇਨਸਾਨ ਹੀ ਨਹੀਂ। ਦੇਖ ਦੁਖੀ, ਮਜ਼ਲੂਮ ਨੂੰ ਤੜਫਦਾ ਨਹੀਂ, ਓਸ ਦਿਲ ਨਾਲੋਂ ਚੰਗਾ ਨਾਂ ਹੋਵੇ । ਕਾਹਦਾ ਜੰਮਿਆ ਯਾਰ ਇਨਸਾਨ ਹੈ ਉਹ, ਜਿਸ ਨਾ ਫੜੀ ਮਜਲੂਮ ਦੀ ਬਾਂਹ ਹੋਵੇ । ਓਸ ‘ਦੁੱਲੇ’ ਦੀ ਅਣਖ ਕੀ ਆਖਦੀ ਏ, ਬਾਂਦਾਂ ਵਿਚ ਬੰਨ੍ਹੀ, ਜੀਹਦੀ ਮਾਂ ਹੋਵੇ । ਮਰਦ ਕਦੇ ਅਗੇ ਵਧਣੋ ਰੁਕਦੇ ਨਹੀਂ, ਭਾਵੇ ਸਿਰ ਤਲਵਾਰ ਦੀ ਛਾਂ ਹੋਵੇ । ਜੋ ਮਜ਼ਲੂਮਾਂ ਦੀ ਨਹੀਂ ਹਮਾਇਤ ਕਰਦੀ, ਐਵੇ ਸੇਰ ਲੋਹਾ, ਉਹ ਕ੍ਰਿਪਾਨ ਹੀ ਨਹੀਂ । ਦੇਖ ਦੁਖੀ ਨੂੰ ਦੁਖੀ ਜੋ ਹੋਂਵਦਾ ਨਹੀਂ, ਮੈਂ ਤਾਂ ਸਮਝਨਾ ਉਹ ਇਨਸਾਨ ਹੀ ਨਹੀਂ। ਲੰਮੀ ਕੈਦ ਪਹਿਲਾਂ ਸਿੱਪੀ ਵਿਚ ਕੱਟਦਾ ਮੋਤੀ ਜ਼ੁਲਫ ਦਾ ਫ਼ੇਰ ਸ਼ਿੰਗਾਰ ਬਣਦੈ । ਫੁੱਲ ਆਪਣੀ ਹਿੱਕ ਚਿਰਵਾਉਣ ਪਹਿਲਾਂ, ਪਿਛੋਂ ਕਿਸੇ ਦੀ ਹਿੱਕ ਦਾ ਹਾਰ ਬਣਦੈ । ਸੁਰਮਾ ਆਪਣਾ ਆਪ ਪਿਸਵਾ ਲੈਂਦਾ, ਫੇਰ ਕਿਸੇ ਦੇ ਨੈਣਾਂ ਦੀ ਧਾਰ ਬਣਦੈ । ਏਥੇ ਜੜੀ ਜਗੀਰਾਂ ਦੀ ਪੁੱਛ ਨਾਹੀਂ, ਸਿਰ ਦੇਣ ਵਾਲਾ ‘ਸਿਰਦਾਰ’ ਬਣਦੈ । ਵਿਚ ਮੌਤ ਦੇ ਜ਼ਿੰਦਗੀ ਲੱਭਦੀ ਏ, ਇਸ ਪ੍ਰਤੱਖ ਨੂੰ ਕੋਈ ਪ੍ਰਮਾਣ ਹੀ ਨਹੀਂ। ਜਿਹੜਾ ਹੋਰ ਪਾਸੇ ਜੀਵਨ ਭਾਲਦਾ ਏ, ਮੈਂ ਤਾਂ ਸਮਝਨਾ, ਉਹ ਇਨਸਾਨ ਹੀ ਨਹੀਂ । ਦੇਸ਼ ਸੇਵਾ ਦੀ ਜਿਨ੍ਹਾਂ ਨੂੰ ਲਗਨ ਹੁੰਦੀ, ਮੌਤ ਰਾਣੀ ਦੇ ਘੁੰਡ ਨੂੰ ਉਤਾਰ ਦੇਂਦੇ । ਆਪਣੇ ਆਪ ਦੀ ਕੁਝ ਪ੍ਰਵਾਹ ਨਾਹੀਂ, ਸਭ ਕੁਝ ਦੇਸ਼ ਲਈ ਹੱਸ ਕੇ ਵਾਰ ਦੇਂਦੇ। ਆਪਣੀ ਸੁਆਹ ਭਾਵੇਂ, ਸਤਲੁਜ ਵਿਚ ਡੁੱਬੇ, ਐਪਰ ਕੌਮਾਂ ਨੂੰ ਪਾਰ ਉਤਾਰ ਦੇਂਦੇ । ਪਿਆਰੇ ਦੇਸ਼ ਲਈ ਡੋਹਲਕੇ ਖ਼ੂਨ ਆਪਣਾ, ਕਿਸਮਤ, ‘ਹੋਣੀਆਂ’ ਨੂੰ ਸਿਰ ਤੋਂ ਵਾਰ ਦੇਂਦੇ । ‘ਅਰਸ਼ੀ’ ਦੇਸ਼ ਤੇ ਕੌਮ ਦੇ ਭਲੇ ਬਦਲੇ, ਆਪਣਾ ਸੋਚਦੇ ਨਫ਼ਾ ਨੁਕਸਾਨ ਹੀ ਨਹੀਂ । ਉਹਨਾਂ ਸੇਵਕਾਂ ਦੀ ਜੀਹਨੂੰ ਕਦਰ ਹੈ ਨਹੀਂ, ਮੈਂ ਤਾਂ ਸਮਝਨਾ, ਉਹ ਇਨਸਾਨ ਹੀ ਨਹੀਂ।

6. ਇਹ ਦੇਸ਼ ਮੇਰੇ ਦੇ ਜੁਆਨ

ਚੌੜੀਆਂ ਚੌੜੀਆਂ ਹਿੱਕਾਂ ਵਾਲੇ, ਮੋਟੇ ਮੋਟੇ ਪੱਟਾਂ ਵਾਲੇ, ਵੱਡੇ ਵੱਡੇ ਡੇਲਿਆਂ ਵਾਲੇ, ਛਲੀਆਂ ਵਾਲੇ ਡੌਲਿਆਂ ਵਾਲੇ, ਤੁਰੇ ਜਾਣ ਇਹ ਮੂੰਹ ਧਿਆਨ, ਇਹ ਦੇਸ਼ ਮੇਰੇ ਦੇ ਜੁਆਨ । ਬੜਾ ਜੋਸ਼ ਹੈ ਏਹਨਾਂ ਅੰਦਰ, ਬੜੀ ਅਣਖ ਹੈ ਏਹਨਾਂ ਅੰਦਰ, ਤੋੜ ਸੁੱਟਣ ਕਈਆਂ ਦੀਆਂ ਧੌਣਾਂ, ਇਕ ‘ਸਰ੍ਹੋਂ ਦੇ ਫੁੱਲ’ ਦੇ ਬਦਲੇ । ਕਰਨ ਕਈਆਂ ਦਾ ਧਰਤ ਵਿਛਾਉਣਾ, ਇਕ ‘ਮੱਕੀ ਦੇ ਗੁੱਲ’ ਦੇ ਬਦਲੇ । ਗੱਲ ਗੱਲ ਤੇ ਇਹ ਲੜ ਪੈਂਦੇ ਨੇ, ਬੇਸਮਝੀਆਂ ‘ਬਾਂਗਾਂ’ ਉੱਤੇ । ਵੀਰਾਂ ਦੇ ਸਿਰ ਚਿੱਪਣ ਖਾਤਰ, ਸੱਮ ਚੜ੍ਹਾਉਂਦੇ ਡਾਂਗਾਂ ਉੱਤੇ । ‘ਰੱਬ’ ‘ਧਰਮ’ ਲਈ ਕਿੰਨੇ ਚਿਰ ਤੋਂ, ਇਹ ਸੂਰਮੇ ਲੜਦੇ ਆਏ । ਕਾਫ਼ਰ ਕਹਿ ਕੇ ਸਕੇ ਭਰਾ ਨੂੰ, ਮਾਰ ਸੂਲੀਏਂ ਚੜ੍ਹਦੇ ਆਏ । ਦੂਜੇ ਫਿਰਕੇ ਵਾਲਾ ਕੋਈ, ਇਨ੍ਹਾਂ ਦੇ ਕੋਲੋਂ ਲੰਘ ਜਾਵੇ ਜੇ, ਖੌਲ ਉਠਦਾ ਖੂਨ ਇਨ੍ਹਾਂ ਦਾ, ਤੱਕ ਇਨ੍ਹਾਂ ਨੂੰ ਖੰਘ ਜਾਵੇ ਜੇ, ਝੁਲ ਪੈਣ ਇਹ ਵਾਂਗ ਤੂਫ਼ਾਨ, ਇਹ ਦੇਸ਼ ਮੇਰੇ ਦੇ ਜੁਆਨ । ਬੜਾ ਜੋਸ਼ ਹੈ ਏਨਾਂ ਅੰਦਰ, ਬੜੀ ਅਣਖ ਹੈ ਇਨ੍ਹਾਂ ਅੰਦਰ, ਪਰ ਜਦੋਂ ਕੋਈ, ‘ਗ਼ੈਰ', ਜਿਹੜਾ ਇਨ੍ਹਾਂ ਦਾ ਦੇਸ਼ ਭਰਾ ਨਹੀਂ। ਜੀਹਦਾ ਇਨ੍ਹਾਂ ਨਾਲ ਰੰਗ ਨਹੀਂ ਮਿਲਦਾ, ਜੀਹਦੀ ਇਨ੍ਹਾਂ ਨਾਲ ਜਾਤ ਨਹੀਂ ਮਿਲਦੀ। ਜੀਹਦਾ ਇਨ੍ਹਾਂ ਨਾਲ ਖ਼ੂਨ ਨਹੀਂ ਮਿਲਦਾ, ਜੀਹਦੀ ਇਨ੍ਹਾਂ ਨਾਲ ਬਾਤ ਨਹੀਂ ਮਿਲਦੀ । ਮੱਥੇ ਉਤੇ ਘੂਰੀ ਪਾ ਕੇ, ਜਦੋਂ ਇਨ੍ਹਾਂ ਵਲ ਤੱਕੇ । ਇਹ ‘ਆਦਮ-ਖਾਣੀ’ ਅੱਖ ਇਨ੍ਹਾਂ ਦੀ, ਓਦੋਂ ਉਸ ਵਲ ਉਠ ਨਾ ਸੱਕੇ । ਬੜਾ ਜੋਸ਼ ਹੈ ਏਨਾਂ ਅੰਦਰ, ਬੜੀ ਅਣਖ ਹੈ ਇਨ੍ਹਾਂ ਅੰਦਰ । ਉਹ ਦੇਸ਼, ਕਿ ਜਿਸ ਦੀ ਮਿੱਟੀ ਵਿਚੋਂ, ਏਨ੍ਹਾਂ ਨੂੰ ਇਹ ਮਿਲੀ ਜੁਆਨੀ । ਖਾ ਖਾ ਕੇ ਪ੍ਰਵਾਨ ਚੜ੍ਹੇ ਨੇ, ਜਿਸ ਦਾ ਅੰਨ, ਹਵਾ ਤੇ ਪਾਣੀ । ਓਸ ਦੇਸ਼ ਦੀ ਰਾਖੀ ਖਾਤਰ, ਪੜ੍ਹ ਸੁਣ ਕੇ ਤੇ ਕੋਈ ਅਪੀਲ, ਖੂਨ ਇਨ੍ਹਾਂ ਦਾ ਖੌਲੇ ਨਾਹੀਂ। ਫੜਕਣ ਲਗਦੇ ਡੌਲੇ ਨਾਹੀਂ। ਅੱਖ ਇਨ੍ਹਾਂ ਦੀ ਫੜਕੇ ਨਾਹੀਂ ਹਿੱਕ ਇਨ੍ਹਾਂ ਦੀ ਧੜਕੇ ਨਾਹੀਂ। ਹੋ ਜਾਂਦੇ ਨੇ ਪੱਥਰ ਵਾਙੂੰ, ਜਿੱਦਾਂ ਵਿਚ ਨਹੀਂ ਹੁੰਦੀ ਜਾਨ, ਨੂੰ ਇਹ ਦੇਸ਼ ਮੇਰੇ ਦੇ ਜੁਆਨ । ਤੁਰੇ ਜਾਣ ਇਹ ਮਸਤੀ ਅੰਦਰ, ਜਿਵੇਂ ਇਨ੍ਹਾਂ ਦਾ ਦੇਸ਼ ਨਹੀਂ ਹੁੰਦਾ। “ਕੁੱਲੀ, ਗੁਲਾਮ, ਨਿਕੰਮੇ” ਸੁਣ ਸੁਣ, ਇਨ੍ਹਾਂ ਨੂੰ ਕੋਈ ਕਲੇਸ਼ ਨਹੀਂ ਹੁੰਦਾ । ਦੇਸ਼ ਦੇ ਉਤੇ ਬਿਜਲੀ ਕੜਕੇ, ਲੋਹੇ ਦੇ ਨਾਲ ਲੋਹਾ ਖੜਕੇ । ਕਟਕ ਸਿਰਾਂ ਤੇ ਚੜ੍ਹਦਾ ਤੱਕ ਕੇ, ਸੌਂ ਜਾਂਦੇ ਨੇ ਪੱਟਾਂ ਉਤੇ, ਹੋ ਕੇ ਬੇ-ਧਿਆਨ। ਇਹ ਦੇਸ਼ ਮੇਰੇ ਦੇ ਜੁਆਨ । ਦੂਰੋਂ ਕਿਤੋਂ ਸਮੁੰਦਰ ਪਾਰੋਂ, ਜਿਨ੍ਹਾਂ ਦਾ ਇਹ ਦੇਸ਼ ਨਹੀਂ ਹੈ । ਏਸ ਦੇਸ਼ ਦੀ ਧਰਤੀ ਦੇ ਨਾਲ, ਜਿਨ੍ਹਾਂ ਨੂੰ ਕੋਈ ਲੇਸ਼ ਨਹੀਂ ਹੈ । ਜਿਨ੍ਹਾਂ ਦਾ ਇਹ ਇਤਿਹਾਸ ਕੋਈ ਨਹੀਂ, ਜਿਨਾਂ ਨੂੰ ਇਸ ਤੇ ਆਸ ਕੋਈ ਨਹੀ, ਜਿਨ੍ਹਾਂ ਨੂੰ ਇਸ ਤੇ ਮਾਨ ਕੋਈ ਨਹੀਂ। ਇਸ ਮਿੱਟੀ ਦਾ ਗਿਆਨ ਕੋਈ ਨਹੀਂ; ਏਡੀ ਦੂਰੋ ਚੱਲ ਕੇ ਆਏ, ਉਹ ਇਨ੍ਹਾਂ ਦਾ ਦੇਸ਼ ਬਚਾਨ । ਇਹ ਦੇਸ਼ ਮੇਰੇ ਦੇ ਜੁਆਨ ।

7. ਇਕ ਸਵਾਲ ?

ਮੈਨੂੰ ਪਤਾ ਤੂੰ ਹੈਂ ਧਨਾਢ ਵੱਡਾ, ਇਹ ਵੀ ਪਤਾ ਪੁੱਤਰ ਖਾਨਦਾਨ ਦਾ ਏਂ। ਇਹ ਵੀ ਮੰਨਿਆ ਕੋਮਲ ਸਰੀਰ ਤੇਰਾ, ਵੱਡਾ ਐਸ਼ ਆਰਾਮ ਵੀ ਮਾਣਦਾ ਏਂ ਮੈਨੂੰ ਪਤਾ ਹੈ ਬੀ. ਏ. ਤਾਲੀਮ ਤੇਰੀ, ਇਹ ਵੀ ਪਤਾ ਤੂੰ ਕਿੱਡੀ-ਕੁ ਸ਼ਾਨ ਦਾ ਏਂ? ਮੇਰਾ ਇਕੋ ਹੀ ਇਕ ਸਵਾਲ ਸੱਜਣਾ ! ਕੀ ਕੁਝ ਦੇਸ਼ ਲਈ ਵੀ ਕਰਨਾ ਜਾਣਦਾ ਏਂ ? ਮੈਨੂੰ ਪਤਾ ਜੁਆਨੀ ਦਾ ਜੋਸ਼ ਤੈਨੂੰ, ਏਸ ਜੋਸ਼ ਨੂੰ ਐਵੇਂ ਗਵਾ ਨਾ ਬਹੀਂ । ਏਸ ਉਮਰ ਨੇ ਫੇਰ ਨਹੀਂ ਹੱਥ ਆਉਣਾ, ਗਲੀਆਂ ਵਿਚ ਇਹ ਐਵੇਂ ਰੁਲਾ ਨਾ ਬਹੀਂ।

8. ਨੌਜਵਾਨ ਨੂੰ

ਸਦੀਆਂ ਤੋਂ ਆਲਸ ਦੀ ਨੀਂਦ ਵਿਚ ਸੁਤਿਆ ਉਇ, ਉਠ ਜਾਗ ਮੱਲਾ ਗੂਹੜੀ ਨੀਂਦ ਨੂੰ ਵਿਸਾਰ ਦੇ । ਓਹੀ ਹੈਂ ਤੂੰ ਭੋਲਿਆ ! ਸਮਝ ਜ਼ਰਾ ਆਪ ਤਾਂਈਂ, ਝਕਦੇ ਨੇ ਦਾਨੇ, ਜੀਹਤੋਂ ਸਾਰੇ ਸੰਸਾਰ ਦੇ । ਸਾਰੇ ਦੇਸ਼ ਦੀਆਂ ਅੱਖਾਂ, ਤੇਰੇ ਤੇ ਲਗੀਆਂ ਨੇ, ਸਾਰਿਆਂ ਦੇ ਦਿਲ ਭੁੱਖੇ, ਤੇਰੇ ਹੀ ਪਿਆਰ ਦੇ । ਏਸੇ ਲਈ ਤੂੰ ਜੰਮਿਆ ਏਂ, ਇਹੋ ਹੈ ਫ਼ਰਜ਼ ਤੇਰਾ, ਆਪਣੀ ਤੂੰ ਜਿੰਦ, ਮਜ਼ਲੂਮਾਂ ਲਈ ਵਾਰ ਦੇ । ਚੁੰਮ ਚੁੰਮ ਹੰਝੂ ਤੂੰ, ਮਾਸੂਮਾਂ ਦੇ ਸੁਕਾਈ ਚੱਲ, ਦੁਖੀਆਂ ਦੇ ਦੁਖ, ਬਣ ਮਹਿਰਮ ਨਿਵਾਰਦੇ । ਹਿਰਸ ਦੀਆਂ ਜੋਤਾਂ, ਤੇਰੀ ਜ਼ਿੰਦਗੀ ਤੇ ਜਗੀਆਂ ਨੇ, ਉਠ ਚੰਨਾਂ ਚੜ੍ਹਦਿਆ ! ਲਿਸ਼ਕ ਇਕ ਮਾਰ ਦੇ । ਜੰਮੇ ਹੋਏ ਖ਼ੂਨ ਵਿਚ, ਭਰ ਦੇ ਉਬਾਲ ਕੋਈ, ਦਿਲਾਂ ਵਿਚ ਮਰ ਚੁੱਕੇ, ਜਜ਼ਬੇ ਉਭਾਰ ਦੇ । ਲੁੱਸੇ ਹੋਏ ਦਿਲਾਂ ਵਿਚ, ਸੁਹਜ ਕੋਈ ਲਿਆਣ ਲਈ, ਆਪਣਾ ਆਰਾਮ ਸਾਰਾ, ਦੁਖੀਆਂ ਤੋਂ ਵਾਰ ਦੇ । ਜ਼ੱਰੇ ਜ਼ੱਰੇ ਵਿਚੋਂ ਸਾਂਝੀ-ਪ੍ਰੀਤ ਦੀ ਝਲਕ ਪਵੇ, ਇਹੋ ਜਿਹੇ ਏਕਤਾ ਦੇ ਮਹਿਲ ਤੂੰ ਉਸਾਰ ਦੇ । ਮੇਘ ਵਾਂਗ ਵੱਸ, ਹਮਦਰਦੀ ਦੀ ਫੁਹਾਰ ਬਣ, ਤਪ ਰਹੇ ਦਿਲਾਂ ਨੂੰ ਬਰਫ ਵਾਂਗੂ ਠਾਰ ਦੇ । ਭੁੱਲ ਕੇ ਵਿਤਕਰੇ ਨੂੰ, ਸਾਰਿਆਂ ਦੀ ਸਾਂਝ ਪੈ ਜੇ, ਬਣ ਕੇ ਤੇ ਖਾਰ ਨੂੰ ਦਿਲਾਂ ਦੀ ਖਾਰ ਖਾਰ ਦੇ । ਸ਼ਾਨ ਚਮਕਾਉਣ ਲਈ ਆਪਣੇ ਵਤਨ ਸੰਦੀ- ਤਨ, ਮਨ, ਧਨ ਤਿੰਨੇ ਦੇਸ਼ ਉਤੋਂ ਵਾਰ ਦੇ । ਉਠ ! ਇਹ ਸੰਦੇਸ਼ ਨੂੰ, ਪਹੁੰਚਾ ਦੇ ਸਾਰੇ ਦੇਸ਼ ਵਿਚ, “ਨੌਜੁਆਨ ਠੁੱਡੇ ਨਹੀਂ, ਕਿਸੇ ਦੇ ਸਹਾਰਦੇ ।” ਮੌਤ ਦਾ ਨਾ ਦਿਲ ਵਿਚ, ਰੱਖ ਸ਼ੇਰਾ ! ਡਰ ਕੋਈ, ਪਲਦੇ ਨੇ ਮਰਦ ਸਦਾ ਹੇਠ ਤਲਵਾਰ ਦੇ । ‘ਰਾਜ ਗੁਰੂ’ ‘ਸੁਖ-ਦੇਵ’ ‘ਭਗਤ’ ਕਹਾਵਣਾਂ ਜੇ, ਹੱਸ ਹੱਸ ਦੇਸ਼ ਲਈ ਚੜ੍ਹ ਉਤੇ ਦਾਰ ਦੇ । ‘ਅਰਸ਼ੀ’ ਸਿਤਾਰੇ ਬਣ, ਅਰਸ਼ ਉਤੇ ਡਲ੍ਹਕਦੇ ਨੇ, ਦੇਸ਼, ਕੌਮ ਉਤੋਂ ਜਿੰਦ ਆਪਣੀ ਜੋ ਵਾਰ ਦੇ ।

9. ਲਲਕਾਰ : ਆਜ਼ਾਦ ਹਿੰਦ ਫੌਜ

(ਜੁਲਾਈ 1943 ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਸਿੰਘਾਪੁਰ ਵਿਚ ਹਿੰਦੀ ਸਿਪਾਹੀਆਂ ਨੂੰ ਸੰਬੋਧਨ ਕਰਦਿਆਂ ਕਿਹਾ :-) ਨੇਤਾ ਜੀ ਦੀ ਅਪੀਲ :- ਸਾਡੇ ਨੇਤਾ ਜੀ ਇਕ ਅਪੀਲ ਕੀਤੀ, “ਆਓ ਦੇਸ਼ ਦੀ ਖਾਤਰਾਂ ਮਰਨ ਵਾਲੇ । ਆਪਣੀ ਕੌਮ ਤੇ ਦੇਸ਼ ਦੇ ਨਾਮ ਬਦਲੇ, ਦੁਖ, ਭੁੱਖ, ਮੁਸੀਬਤਾਂ ਜਰਨ ਵਾਲੇ । ਜਿਹੜੇ ਪਰਬਤਾਂ ਨਾਲ ਟਕਰਾ ਜਾਵਣ, ਹੋਣ ਮੌਤ ਦੇ ਕੋਲੋਂ ਨਾ ਡਰਨ ਵਾਲੇ । ਇਨ੍ਹਾਂ ਬੰਬਾਂ, ਬੰਦੂਕਾਂ ਦੀ ਛਾਂ ਥੱਲੇ, ਕਦਮ ਸਾਬਤੀ ਦੇ ਨਾਲ ਧਰਨ ਵਾਲੇ । ਆਓ ਨਿੱਤਰੋ ਅਜ ਮੈਦਾਨ ਅੰਦਰ, ਜਾਨ ਜਿਨਾਂ ਨੇ ਦੇਸ਼ ਤੋਂ ਵਾਰਨੀ ਏਂ । ਆਪਣੇ ਖ਼ੂਨ ਦੀ ਨਦੀ ਵਹਾ ਕੇ ਤੇ, ਬੇੜੀ ਦੇਸ਼ ਦੀ ਜਿਨ੍ਹਾਂ ਨੇ ਤਾਰਨੀ ਏਂ । ਤਖਤ, ਤਾਜ, ਤਰੱਕੀ, ਤਨਖ਼ਾਹ ਕੋਈ ਨਹੀਂ, ਧੋਖਾ ਕਿਸੇ ਨੇ ਸੱਜਣੋਂ ! ਖਾਵਣਾ ਨਹੀਂ । ਏਥੇ ਲਾਲਚ ਨਹੀਂ ਕੋਈ ਮੁਰੱਬਿਆਂ ਦਾ, ਦਿਲ ਆਪਣਾ ਕਿਸੇ ਭਰਮਾਵਣਾ ਨਹੀਂ। ਫੁੱਲਾਂ, ਸਿਹਰਿਆਂ ਦੀ ਗੱਲ ਤਾਂ ਰਹੀ ਪਾਸੇ, ਸਾਡਾ ਵੈਣ ਵੀ ਕਿਸੇ ਨੇ ਪਾਵਣਾ ਨਹੀਂ । ਜੀਹਨੂੰ ਦੇਸ਼ ਦੇ ਨਾਲੋਂ ਹੈ ਜਾਨ ਪਿਆਰੀ, ਲੀਕ ਟੱਪ ਕੇ ਓਸ ਨੇ ਆਵਣਾ, ਨਹੀਂ । ਓਹੀ ਹੋਏ ਅੱਗੇ, ਜੀਹਨੇ ਦੇਸ਼ ਖ਼ਾਤਰ, ਖ਼ੂਨ ਆਪਣੇ ਜਿਗਰ ਦਾ ਪਾ ਦੇਣੈ । ਰੋਸ਼ਨ ਕਰਨ ਲਈ ਦੇਸ਼ ਦੇ ਕੋਨਿਆਂ ਨੂੰ, ਜੀਹਨੇ ਲਾਂਬੂ ਜੁਆਨੀ, ਨੂੰ ਲਾ ਦੇਣੈ । ਇਹ ਓਹ ਜੁਆਨ ਨੇ ਦੇਸ਼ ਗੁਲਾਮ ਤੱਕ ਕੇ, ਜਿਨ੍ਹਾਂ ਸੂਰਿਆਂ ਦੀ ਛਾਤੀ,ਧੜਕ ਉੱਠੀ । ਸੁਣ ਕੇ, ‘‘ਕੁੱਲੀ, ਨਿਕੰਮੇ, ਗ਼ੁਲਾਮ ਹਿੰਦੀ,” ਰਗ ਜਿਨ੍ਹਾਂ ਦੀ ਅਣਖ ਦੀ ਫੜਕ ਉੱਠੀ । ਦੱਬੀ ਪਈ ਚੰਗਿਆੜੀ, ਸੀ ਮੁੱਦਤਾਂ ਤੋਂ, ਫੂਕ ਕਿਸੇ ਦੀ ਨਾਲ ਇਹ ਭੜਕ ਉਠੀ । ਜਦੋਂ ਅੰਦਰ ਆਜ਼ਾਦੀ ਦਾ ਨੂਰ ਝਰਿਆ, ਬਿਜਲੀ ਅੱਖੀਆਂ ਦੇ ਵਿਚੋਂ ਕੜਕ ਉੱਠੀ । ਇਹ ਉਹ ਜੁਆਨ ਨੇ ਬੂਟਾਂ ਦੇ ਠੁੱਡਿਆਂ ਤੇ, ਓਇ ! ਕਪਤਾਨੀਆਂ ਜਿਨ੍ਹਾਂ ਠੁਕਰਾ ਦਿੱਤੀਆਂ । ਆਪਣਾ ਦੇਸ਼ ਆਜ਼ਾਦ ਕਰੌਣ ਬਦਲੇ, ਇਹ ਜੁਆਨੀਆਂ ਜਿਨ੍ਹਾਂ ਨੇ ਲਾ ਦਿੱਤੀਆਂ । ਇਹ ਉਹ ਜੁਆਨ ਨੇ ਮੌਤ ਨਾਲ ਲਾ ਮੱਥਾ, ਜਿਨ੍ਹਾਂ ਡਿੱਠਾ ਨਹੀਂ ਸਜਿਆਂ ਖੱਬਿਆਂ ਨੂੰ । ਆਪਣੇ ਦੇਸ਼ ਦੀ ਕੱਚ ਦੀ ਮੁੰਦਰੀ ਲਈ, ਥੁੱਕਤਾ ਗੈਰ ਦੇ ਸੋਨੇ ਦੇ ਛੱਬਿਆਂ ਨੂੰ । ਆਪਣੇ ਵਤਨ ਦੀ ਮਿੱਟੀ ਦੀ ਮੁੱਠ ਬਦਲੇ, ਲੱਤ ਮਾਰਤੀ ਜਿਨ੍ਹਾਂ ਮੁਰੱਬਿਆਂ ਨੂੰ । ਮੰਨ ਲਿਆ ਦੇਸ਼ ਦੇ ਲਈ ਫ਼ਕੀਰ ਹੋਣਾ, ਤੇ ਠੁਕਰਾਤਾ ਨੋਟਾਂ ਦੇ ਥੱਬਿਆਂ ਨੂੰ । ਜਿੰਨਾ ਮਾਣ ਕਰੀਏ, ਓਨਾ ਹੀ ਮਾਣ ਥੋੜ੍ਹਾ, ਇਨ੍ਹਾਂ ਆਪਣੇ ਵਤਨ ਦੇ ਜਾਨੀਆਂ ਤੇ । ਜਿਉਣਾ ਗੈਰ, ਖ਼ਾਤਰ, ਮਰਨਾ ਗੈਰ, ਖ਼ਾਤਰ, ਹਰਦੂੰ ਲਾਹਨਤ ਹੈ ਉਨ੍ਹਾਂ ਜੁਆਨੀਆਂ ਤੇ । ਦੇਸ਼ ਵਾਸੀਓ ! ਜ਼ਰਾ ਧਿਆਨ ਦੇਣਾ, ਕਰ ਸਕਦੇ ਸੀ ਐਸ਼ ਬਹਾਰ ਇਹ ਵੀ । ਇਹ ਵੀ “ਵੀ-ਕਰਾਸ” ਸੀ ਲੈ ਸਕਦੇ, ਬਣ ਸਕਦੇ ਸੀ ‘ਮੇਜਰ’ ‘ਸਰਦਾਰ’ ਇਹ ਵੀ । ਕਿਸੇ ਬਾਪ ਦੇ ਇਹ ਵੀ ਲਾਡਲੇ ਨੇ, ਕਿਸੇ ਮਾਂ ਦਾ ਹੈਨ ਸੰਸਾਰ ਇਹ ਵੀ । ਕਿਸੇ ਭੈਣ ਦੇ ਹੈਨ ਇਹ ਵੀਰ ਬਾਂਕੇ, ਕਿਸੇ ਜੀਵਨ ਦਾ ਹੈਨ ਅਧਾਰ ਇਹ ਵੀ । ਓਸ ਮਾਂ ਦੇ ਦਿਲ ਵਿਚ ਝਾਤ ਪਾਵੇ, ਦਿਲ, ਦਿੱਲੀ ਦੇ ਕਿਲੇ ’ਚ ਬੰਦ ਜੀਹਦਾ । ਜ਼ਰਾ ਓਸ “ਚਕੋਰੀ” ਦੀ ਸੱਧਰ ਤੱਕੋ, ਤਕਣੋਂ ਪਹਿਲਾਂ ਹੀ ਡੁੱਬ ਗਿਆ ਚੰਦ ਜੀਹਦਾ । ਆਓ ! ਪ੍ਰਣ ਕਰੀਏ, ਕੱਠੇ ਹੋ ਸਾਰੇ, ਸ਼ਾਨ ਇਨ੍ਹਾਂ ਦੀ ਅਸੀਂ ਚਮਕਾ ਦਿਆਂਗੇ । ਸਾਡੀ ਜਾਨ ਲਈ ਜਿਨ੍ਹਾਂ ਨੇ ਜਾਨ ਵਾਰੀ, ਜਾਨ, ਉਨ੍ਹਾਂ ਲਈ ਅਸੀਂ ਲੜਾ ਦਿਆਂਗੇ । ਭਾਰਤ ਵਰਸ਼ ਦੇ, ਸੱਚੇ ਸਪੁਤਰਾਂ ਲਈ, ਜਿੰਨੀ ਵਾਹ ਲੱਗੂ ਸਾਰੀ ਲਾ ਦਿਆਂਗੇ ! ਇਨ੍ਹਾਂ ਨਾਲ ਇਨਸਾਫ਼ ਕਰਾਉਣ ਖ਼ਾਤਰ, ਪਈ ਲੋੜ ਤਾਂ ‘ਜਵਾਹਰ’ ਲੁਟਾ ਦਿਆਂਗੇ । ਅਸੀਂ ਝੁਲਸ ਜਾਈਏ, ਨਹੀਂ ਪ੍ਰਵਾਹ ਕੋਈ, ਤੱਤੀ ਵਾਅ ਨਾ ਲੱਗੇ ਪਿਆਰਿਆਂ ਨੂੰ। ਸਾਨੂੰ ਚੰਨ ਵੀ ਵਾਰਨੇ ਪੈਣ ਬੇ-ਸ਼ਕ, ਜਗਦੇ ਰਖਾਂਗੇ ‘ਅਰਸ਼ੀ-ਸਿਤਾਰਿਆਂ’ ਨੂੰ।

10. ਸ਼ਹੀਦ

ਮਰਨ ਦੇਸ਼ ਦੇ ਲਈ ਗੁਮਨਾਮ ਹੋ ਕੇ, ਰੌਸ਼ਨ ਹੁੰਦੇ ਪਰ ਵਿਚ ਜਹਾਨ ਦੇ ਨੇ । ਰਹਿੰਦੇ ਸਦਾ ਇਤਿਹਾਸ ਦੇ ਵਿਚ ਜ਼ਿੰਦਾ, ਕਿਉਂਕਿ ਦੇਸ਼ ਲਈ ਮਰਨਾ ਉਹ ਜਾਣਦੇ ਨੇ । ਪ੍ਰਾਧੀਨਤਾ ਤੋਂ ਚੰਗੀ ਮੌਤ ਸਮਝਣ, ਅਸਲੀ ਹੁੰਦੇ ਉਹ ਮਰਦ ਮੈਦਾਨ ਦੇ ਨੇ । ਕਾਲਾ ਦਾਗ਼ ਗ਼ੁਲਾਮੀ ਦਾ ਲਾਹੁਣ ਖ਼ਾਤਰ, ਹਿੱਕਾਂ ਗੋਲੀਆਂ ਦੇ ਅੱਗੇ ਤਾਣਦੇ ਨੇ । ਸਿੰਜਣ ਲਈ ਆਜ਼ਾਦੀ ਦੇ ਬੂਟਿਆਂ ਨੂੰ, ਖ਼ੂਨ ਆਪਣੇ ਜਿਸਮ ਦਾ ਪਾ ਜਾਂਦੇ । ਭਾਵੇਂ ਨਾਮ ਨਿਸ਼ਾਨ ਮਿਟ ਜਾਏ ਆਪਣਾ, ਐਪਰ ਦੇਸ਼ ਦੀ ਸ਼ਾਨ ਚਮਕਾ ਜਾਂਦੇ ।

11. ਬੇ-ਵਸੀ

ਮੈਂ ਉਹ ਸ਼ਾਇਰ ਹਾਂ ਦੁਨੀਆਂ ਅਨ੍ਹੇਰ ਹੋ ਜਾਏ, ਨਵੇਂ ਚਾੜ੍ਹਨੇ ਚੰਨ ਜੇ ਭੁੱਲ ਜਾਂ ਮੈਂ । ਹਜ਼ਰਤ ਨੂਹ ਦਾ ਮਾਤ ਤੂਫ਼ਾਨ ਪੈ ਜਾਏ, ਝੱਖੜ ਬਣ ਕੇ ਕਦੇ ਜੇ ਭੁੱਲ ਜਾਂ ਮੈਂ । ਸਾੜ ਸੁੱਟਾਂ ਇਹ ਧਰਤੀ ਦਾ ਤਲ ਸਾਰਾ, ਕਿਤੇ ਬਣ ਹੰਝੂ ਜੇ ਕਰ ਡੁੱਲ੍ਹ ਜਾਂ ਮੈਂ । ਦੁਨੀਆਂ ਨਾਂ ਮਨਸੂਰ' ਦਾ ਭੁਲ ਜਾਵੇ, ਜੇਕਰ ਕਲਮ ਦੀ ਨੋਕ ਤੇ ਤੁੱਲ ਜਾਂ ਮੈਂ । ਪਰ ਕੀ ਕਰਾਂ ? ਗੁਲਾਮਾਂ ਦਾ ਸ਼ਾਇਰ ਹਾਂ ਮੈਂ, ਗੱਲਾਂ ਦਿਲ ਦੀਆਂ ਨਹੀਂ ਹਾਂ ਕਹਿ ਸਕਦਾ । ਫਿਰ ਵੀ ਆਦਤ ਤੋਂ ਜ਼ਰਾ ਮਜਬੂਰ ਹਾਂ ਮੈਂ, ਦੜ ਵੱਟ ਕੇ ਚੁੱਪ ਨਹੀਂ ਰਹਿ ਸਕਦਾ ।

12. ਖ਼ੁਦ-ਦਾਰੀ

ਮੈਂ ਠੋਕਰ ਤੋਂ ਖ਼ੁਦ ਨੂੰ ਨਹੀਂ ਰਖਦਾ ਬਚਾ ਕੇ । ਹੈ ਕੀ ? ਇਹੋ ਜਿਹਾ, ਜੋ ਰੱਖਾਂ ਲੁਕਾ ਕੇ । ਉਨ੍ਹਾਂ ਬਿਜਲੀਆਂ ਦਾ ਮੈਂ ਸਤਕਾਰ ਕਰਦਾਂ, ਜੋ ਕਰ ਦੇਣ ਰਾਖ਼ ਮੇਰੇ ਘਰ ਨੂੰ ਜਲਾ ਕੇ । ਉਹਨਾਂ ਤੂਫ਼ਾਨਾਂ ਨੂੰ 'ਜੀ ਆਇਆਂ' ਕਹਿਨਾਂ, ਚਲੇ ਜਾਣ ਮੈਨੂੰ ਜੋ ਰਸਤਾ ਭੁਲਾ ਕੇ । 'ਕੱਚੇ' ਤੇ ਠਿਲ੍ਹਿਆਂ ਦੇ ਰਾਹ ਵਿਚ ਹੀ ਮਿਲਦਾ, ਕੀ ਪੱਕੇ ਨੂੰ ਲੈਣਾ ਕਿਨਾਰੇ ਤੇ ਲਾ ਕੇ । ਸਮੁੰਦਰ ਦੀ ਛਾਤੀ ਤੇ ਤੁਰ ਕੇ ਕੀ ਲੈਣਾ ? ਮੋਤੀ ਤਾਂ, ਮਿਲਦੇ ਨੇ ਟੁੱਭੀ ਲਗਾ ਕੇ । 'ਕੱਚੇ ਤੰਦਾਂ' ਬਦਲੇ ਹੁਸਨ ਜੇ ਲੁਟਾਣੈ, ਕੀ ਲੈਣਾ ? ਮਿਸਰ ਦੇ ਬਜ਼ਾਰਾਂ 'ਚ ਜਾ ਕੇ । ਮੇਰੀ ਖ਼ੁਦ-ਦਾਰੀ ਤੇ ਹੈ ਨਾਜ਼ ਮੈਨੂੰ, ਇਸੇ ਲਈ ਮੈਂ ਚਲਦਾ ਹਾਂ ਗਰਦਨ ਉਠਾ ਕੇ । ਮੈਂ ਅੰਬਰ ਨੂੰ ਤੱਕਾਂ, ਨਹੀਂ ਸ਼ਾਨ ਮੇਰੀ, ਉਹ ਖ਼ੁਦ ਮੈਨੂੰ ਤਕਦਾ ਹੈ ਗਰਦਨ ਝੁਕਾ ਕੇ । ਮਰ ਮਰ ਕੇ ਆਪਣੀ ਬਣਾਈ ਮੈਂ ਹਸਤੀ, ਕਿਉਂ ਲੱਭਾਂ ? ਖ਼ੁਦਾ ਨੂੰ ਮੈਂ ਇਸ ਨੂੰ ਮਿਟਾ ਕੇ । ਜ਼ਾਹਿਦ ! ਤੂੰ ਮੈਨੂੰ ਇਸ਼ਕ ਤੋਂ ਹਟਾਉਨੈਂ, ਤੈਨੂੰ ਕੀ ਮਿਲੂ ? ਮੈਨੂੰ ਕਾਫ਼ਰ ਬਣਾ ਕੇ । ਕਿਸੇ ਦੀ ਬਣਾਈ ਮੈਂ ਜੰਨਤ ਨਹੀਂ ਚਾਹੁੰਦਾ, ਚਾਹੇ ਆਪ ਦੇਵੇ ਖ਼ੁਦਾ ਹੀ ਬਣਾ ਕੇ । ਹੋਊ ਲੋੜ ਮੈਨੂੰ ਮੈਂ ਆਪੇ ਬਣਾ ਲਊਂ, ਕੁਝ ‘ਏਸ’ ਵਿਚ ਹੀ ਵਧਾ ਕੇ, ਘਟਾ ਕੇ । ਭਗਤੀ ਕਰਾਂ, ਫੇਰ ਜੰਨਤ ਮਿਲੂਗੀ, ‘ਭਾੜੇ ਦੇ, ਮਕਾਨਾਂ’ ਚ ਕੀ ਲੈਣਾ ਜਾ ਕੇ । (ਸਾਕੀ) ਜੇ ਮਿਣ ਕੇ ਪਲਾਉਨੈਂ ਕੋਈ ਹੋਰ ਪੀ ਲਊ, ਮੈਂ ਤਾਂ ਨਹੀਂ ਪੀਂਦਾ ਪੈਮਾਨੇ 'ਚ ਪਾ ਕੇ । ਜੇ ਚਾਹੰਨਾ ਹੈਂ ਬਣ ਜਾਂ ਤੇਰਾ ਗਾਹਕ ਮੈਂ ਵੀ, ਪਿਲਾ ਛੱਡ ਤਾਂ ਮੂੰਹ ਨੂੰ ਸੁਰਾਹੀ ਲਗਾ ਕੇ । ਸ਼ਮਾਂ ਵਾਂਗ ਚਾਹੁੰਨਾ ਮੈਂ ਜੀਵਨ ਬਿਤਾਉਣਾ, ਜੋ ਰਸਤਾ ਵਿਖਾਂਦੀ ਏ, ਆਪਾ ਜਲਾ ਕੇ। ਪਤੰਗੇ ਦੇ ਵਾਂਗ ਮੈਂ ਝੱਲਾ ਨਹੀਂ ਹਾਂ, ਕਿਸੇ ਦੀ ਜੋ ਅਗਨੀ ਤੇ ਸੜਦਾ ਹੈ ਜਾ ਕੇ । ਕੋਸ਼ਸ਼ ਕਰਾਂਗਾ ਮੈਂ ਜੁਗਨੂੰ ਬਣਨ ਦੀ, ਸ਼ਮ੍ਹਾਂ ਆਪ ਆਵੇਗੀ ਘੁੰਗਟ ਉਠਾ ਕੇ । ਆਖਿਰ ਵੀ ਪਤੰਗਾ ਹੀ ਬਣਨਾ ਪਿਆ ਜੇ, ਮੈਂ ਸੜ ਜਾਂਗਾ ਆਪੇ ਹੀ ਆਪੇ ਨੂੰ ਲਾ ਕੇ ।

13. ਮੇਰਾ ਪ੍ਰਣ

ਐ ਦੇਸ਼ ਮੇਰੇ ! ਤੇਰੀ ਕਸਮ ਖਾ ਕੇ, ਮੈਂ ਚਲਿਆ ਹਾਂ, ਝੰਡਾ ਆਜ਼ਾਦੀ ਉਠਾ ਕੇ, ਤੇਰੇ ਮੈਂ ਦੁਖੜੇ ਮਿਟਾ ਕੇ ਰਹਾਂਗਾ । ਮੈਂ ਤੈਨੂੰ ਆਜ਼ਾਦੀ ਦਿਵਾ ਕੇ ਰਹਾਂਗਾ । ਮੈਂ ਝੁਕ ਝੁਕ ਕੇ ਜੀਣੇ ਦਾ ਆਦੀ ਨਹੀਂ, ਮੈਨੂੰ ਜੀ, ਜੀ, ਵੀ ਕਰਨੇ ਦੀ ਵਾਦੀ ਨਹੀਂ, ਮੇਰੀ ਇਹ ਜੁਆਨੀ ਹੈ ਤੇਰੀ ਅਮਾਨਤ । ਇਹਦੇ ’ਚ ਬਿਲਕੁਲ ਨਹੀਂ ਕਰਦਾ ਖਿਆਨਤ। ਤੇਰੀ ਹੀ ਮਿੱਟੀ ਚੋਂ ਲੱਭੀ ਜਵਾਨੀ, ਹੈ ਤੇਰੇ ਪਿਆਰਾਂ ਦੀ ਉੱਤਮ ਨਿਸ਼ਾਨੀ, ਤੇਰੇ ਲਈ ਹੀ ਤੇਰੀ ਇਹ ਬਰਬਾਦ ਕਰਦੂੰ। ਸੁੱਕਾ ਚਮਨ ਫਿਰ ਮੈਂ ਆਬਾਦ ਕਰਦੂੰ। ਗੈਰਾਂ ਦੀਆਂ ਛੱਟਾਂ ਤੇਰੇ ਸਿਰੋਂ ਲਾਹ ਦੂੰ। ਉਡ ਰਹੇ ਦੇਸ਼ਾਂ 'ਚ ਤੈਨੂੰ ਰਲਾ ਦੂੰ । ਮੇਰੇ ਵਿਚ ਕਵਿਤਾ ਦੀ ਸ਼ਕਤੀ ਭਰੀ ਏ । ਮੇਰਾ ਦਿਲ ਗੁਲਾਮੀ ਤੋਂ ਬਿਲਕੁਲ ਬਰੀ ਏ । ਮੇਰਾ ਦਿਲ ਨਹੀਂ ਚਾਂਹਦਾ, ਬਹਿਸ਼ਤਾਂ 'ਚ ਜਾਣਾ । ਮੈਂ ਤੈਨੂੰ ਹੀ ਚਾਂਹਦਾ ਹਾਂ ਜੰਨਤ ਬਨਾਣਾ । ਗੁਲਾਮੀ ਦੀ ਦਲਦਲ 'ਚ ਖੁਭਾ ਪਿਆ ਤੂੰ । ਆਪਣੇ ਹੀ ਖ਼ੂਨਾਂ `ਚ ਡੁੱਬਾ ਪਿਆ ਤੂੰ । ਪਤਾ ਮੈਨੂੰ ਡਾਢੇ ਨਾਲ ਟੱਕਰ ਹੈ ਮੇਰੀ । ਮੇਰੀ ਇਹ ਮੰਜ਼ਲ ਹੈ ਡਾਢੀ ਉਖੇਰੀ । ਨਵਾਂ ਖ਼ੂਨ ਇਹਨਾਂ ਭੁਜਾਂ ਵਿਚ ਫਰਕਦਾ ਮੇਰਾ ਇਹ ਦਿਲ ਨਹੀਂ ਕਿਸੇ ਤੋਂ ਯਰਕਦਾ । ਅੱਜ ਤੋਂ ਜੁਆਨੀ ਦੀ ਸਹੁੰ ਹਾਂ ਮੈਂ ਖਾਂਦਾ। ਆਜ਼ਾਦੀ ਦੇ ਨਗਮੇਂ ਰਹੂੰਗਾ ਮੈਂ ਗਾਂਦਾ। ਅਰਸ਼ਾਂ ਦਾ ਤਾਰਾ ਮੈਂ ਤੈਨੂੰ ਬਣਾਊਂ। ਤੇਰੇ ’ਚ ਰਹਿ ਕੇ ਤੇ 'ਅਰਸ਼ੀ' ਕਹਾਊਂ।

14. ਸਿਤਮਗਰ ਨੂੰ

ਮਿਟਾ ਹੋਰ, ਮੇਰੀ ਹਸਤੀ, ਦਾ ਅਜੇ ਨਿਸ਼ਾਨ ਬਾਕੀ ਹੈ । ਇਨ੍ਹਾਂ ਮਿੱਟੀ ਦੇ ਜ਼ੱਰਿਆਂ ਵਿਚ ਅਜੇ ਤਕ ਜਾਨ ਬਾਕੀ ਹੈ । ਚੜ੍ਹ ਚੁੱਕਾ ਹਾਂ ਦਾਰ ਤੇ, ਚਰਖੀ ਤੇ ਤੁੰਬਿਆ ਵੀ ਗਿਆ, ਇਨਤਹਾ ਦੇਖਣ ਦਾ ਪਰ, ਅਰਮਾਨ ਬਾਕੀ ਹੈ। ਕਈ ਵਾਰੀ ਬਿਜਲੀਆਂ ਨੇ ਆਸ਼ਿਆਨਾ ਸਾੜਿਆ, ਅਜੇ ਵੀ ਜਾਲਣ ਦੇ ਲਈ ਕਾਫ਼ੀ ਸਾਮਾਨ, ਬਾਕੀ ਹੈ । ਟੁੱਟ ਗਈ ਤਲਵਾਰ ਜਿਹੜੀ ਵਾਰ ਕਰਦੀ ਸੀ ਕਦੇ, ਪਰ ਬਗ਼ਾਵਤ ਮਿਰੀ ਦਾ, ਅਜੇ ਐਲਾਨ ਬਾਕੀ ਹੈ । ਠੀਕ ਹੈ, ਕਿ ਸੜ ਗਈ ਚੜ੍ਹਦੀ ਜੁਆਨੀ ਕਿਸੇ ਦੀ, ਸਤਲੁਜ ਦੇ ਕੰਢੇ ਦੀ ਅਜੇ ਤਕ ਸ਼ਾਨ ਬਾਕੀ ਹੈ । ਤੱਕ ਕੇ ਪਿਆਲਾ ਗੈਰ ਦਾ ਮੈਂ ਰਾਲ ਟਪਕਾਂਦਾ ਨਹੀਂ, ਏਨਾ ਕੁ’ ਮੇਰੇ ਵਿਚ ਅਜੇ ਈਮਾਨ ਬਾਕੀ ਹੈ । ਲਗੇਗੀ ਕਿਨਾਰੇ ਮਿਰੀ ਕਿਸ਼ਤੀ ਤੇ ਇਤਬਾਰ ਹੈ ਮੈਨੂੰ, ਪਰ ਜਾਣਦਾ ਹਾਂ ਮੈਂ ਅਜੇ ਤੂਫ਼ਾਨ ਬਾਕੀ ਹੈ ।

15. ਕਿਰਸਾਨ

ਉਠ ਆ ਕਲਮੇਂ ! ਜ਼ਰਾ ਗੌਰ ਕਰੀਏ, ਇੰਨਾ ਹਿੰਦ ਦਾ ਦੁਖੀ ਕਿਰਸਾਨ ਕਿਉਂ ਹੈ ? ਸਾਰੇ ਜੱਗ ਦੇ ਮਹਿਲ ਆਬਾਦ ਦਿੱਸਣ, ਝੁਗੀ ਏਸ ਦੀ ਪਈ ਵੀਰਾਨ ਕਿਉਂ ਹੈ ? ਕਿਸਮਤ ਹੋਰਨਾਂ ਦੀ ਚੰਗੀ ਲਿਖਣ ਵਾਲਾ, ਰੱਬ ਏਸ ਉਤੇ ਕਹਿਰਵਾਨ ਕਿਉਂ ਹੈ ? ਸਾਰੇ ਜੱਗ ਦਾ ਹੋਇਕੇ ਅੰਨ-ਦਾਤਾ, ਆਪ ਫਾਕਿਆਂ ਵਿਚ ਗਲਤਾਨ ਕਿਉਂ ਹੈ ? ਮਰ ਮਰ ਹੋਰਨਾਂ ਦੇ ਮਹਿਲ ਪਾਈ ਜਾਂਦੈ, ਆਪ ਰਹਿਣ ਦੇ ਲਈ ਮਕਾਨ ਵੀ ਨਹੀਂ। ਉਂਝ ਤਾਂ ਕਹਿਣ ਨੂੰ ਨਾਮ ਵੀ ‘ਮੱਲ-ਸਿੰਘ’ ਏ, ਜੁੱਸੇ ਵਿਚ ਪਰ ਲੱਭਦੀ ਜਾਨ ਵੀ ਨਹੀਂ ॥1॥ ਮਹੀਨਾ ਜੇਠ ਜਨੌਰਾਂ ਦੇ ਖੰਭ ਸੜਦੇ, ਇਹ ਓਦੋਂ ਵੀ ਹਲ ਚਲਾਈ ਜਾਂਦੈ। ਪਤਾ ਨਹੀਂ ਕੀ ਦੱਬ ਕੇ ਭੁਲਿਆ ਏ, ਪਟ ਪਟ ਮਿੱਟੀ ਨੂੰ ਭਰਮ ਗਵਾਈ ਜਾਂਦੈ । ਲੋਕੀ ਬੈਠੇ ਨੇ ਹੇਠ ਫੁਹਾਰਿਆਂ ਦੇ, ਇਹਨੂੰ ਮੁੜ੍ਹਕਾ ਇਸ਼ਨਾਨ ਕਰਾਈ ਜਾਂਦੈ । ‘ਹਾਲਾ’ ਲਾਗਿਆ ‘ਹਾਲ’ ਦੇ ਵਾਂਙ ਇਹਨੂੰ, ਪਹੀਏ ਵਾਂਗ ਇਹ ਜਿਸਮ ਘੁਮਾਈ ਜਾਂਦੈ । ਇਹਦੇ ਸਿਰੋਂ ਜੋ ਕੱਖ ਤੋਂ ਲੱਖ ਬਣਿਆ, ਉਹ ਵੀ ਏਸਨੂੰ ਅੱਜ ਸਿਆਣਦਾ ਨਹੀਂ । ਜਿਹਦੇ ਪਾਣੀ ਨੂੰ ਖ਼ੂਨ ਇਹ ਸਮਝਦਾ ਏ, ਇਹਦੇ ਖੂਨ ਨੂੰ ਪਾਣੀ ਉਹ ਜਾਣਦਾ ਨਹੀਂ ॥2॥ ਜਿਹੜਾ ਦੁਨੀਆਂ ਨੂੰ ਐਸ਼ ਆਰਾਮ ਦਿੰਦਾ, ਅੱਜ ਦੁਖੀ ਕੋਈ ਓਸ ਦੇ ਨਾਲ ਦਾ ਨਹੀਂ। ਜਿਹੜਾ ਸਾਰਿਆਂ ਦੀ ਰੱਖਦਾ ਖਬਰਦਾਰੀ, ਮਹਿਰਮ ਕੋਈ ਭੀ ਓਸਦੇ ਹਾਲ ਦਾ ਨਹੀਂ। ਮਰ ਮਰ ਮਿੱਟੀ 'ਚ ਮਿੱਟੀ ਹੀ ਹੋ ਗਿਆ ਏ, ਇਹਨੂੰ ਪਤਾ ਕੋਈ ਹਾੜ੍ਹ ਸਿਆਲ ਦਾ ਨਹੀਂ। ਰਾਤਾਂ ਝਾਗ ਕੇ ਪੈਲੀਆਂ ਪਾਲਦਾ ਏ, ਫਿਰ ਭੀ ਮੁਲ ਪੈਂਦਾ ਇਹਦੀ ਘਾਲ ਦਾ ਨਹੀਂ । “ਅਰਸ਼ੀ” ਲਿਖਾਂ ਕੀ ਏਸ ਦੀ ਹੱਡ ਬੀਤੀ, ਇਹਦੀਆਂ ਦਰਦ ਕਹਾਣੀਆਂ ਲੰਮੀਆਂ ਨੇ, ਜਿਹੜੇ ਏਸਦੀ ਝੁੱਗੀ ਨੂੰ ਢਾ ਲਾਉਂਦੇ, ਉਹੀ ਗੈਰ ਦੇ ਮਹਿਲ ਦੀਆਂ ਥੰਮ੍ਹੀਆਂ ਨੇ ॥3॥

16. ਉਹ ਦੇਸ਼

ਜਿੱਥੇ ਫੁੱਲਾਂ ਦੀ ਸਧਰ ਨਾ ਹੋਏ ਪੂਰੀ, ਉਹ ਚਮਨ ਨਾ ਕਦੇ ਅਬਾਦ ਹੋਵੇ । ਉਥੇ ਬੁਲਬੁਲਾਂ ਨੇ ਗੀਤ ਗਾਉਣੇ ਕੀ, ਜਿਹੜੇ ਬਾਗ਼ ਵਿਚ ਜ਼ਾਲਮ ਸੱਯਾਦ ਹੋਵੇ । ਉਹੋ ਕੌਮ ਸੰਸਾਰ ਤੋਂ ਮਿਟ ਜਾਂਦੀ, ਆਪਸ ਵਿਚ ਨਾ ਜੀਹਦਾ ਇਤਹਾਦ ਹੋਵੇ । ਦਵੈਤ, ਈਰਖਾ ਦਾ ਹੋਵੇ ਰਾਜ ਜਿੱਥੇ, ਮੈਨੂੰ ਕਸਮ ਉਹ ਦੇਸ਼ ਬਰਬਾਦ ਹੋਵੇ । ਕੌਮ-ਘਾਤੀਆਂ ਨੂੰ ਉੱਚੇ ਮਿਲਣ ਦਰਜੇ, ਦੇਸ਼ ਸੇਵਕਾਂ ਨੂੰ ਡੰਨ ਫਾਸੀਆਂ ਦਾ । ਅਨਪੜ੍ਹਤਾ ਦੇ ਜਹਾਲਤ ਹੋਏ ਜਿੱਥੇ, ਮਿਤਰੋ ! ਰੱਬ-ਰਾਖਾ ਦੇਸ਼ ਵਾਸੀਆਂ ਦਾ ।

17. ਸ਼ਾਇਰ

ਮਾਂ ! ਨੀ ਮਾਂ ! ਗੱਲ ਸੁਣ ਖਾਂ ! ਨੀ ! ਆਹ ਉਹ ਸ਼ਾਇਰ ਏ ਜੀਹਦਾ ਮੈਂ, ਲੈਂਦੀ ਸੀ ਨਾਂ । ਉੱਡਦਾ ਅਕਾਸ਼ੀਂ ਇਹ ਖੰਭਾਂ ਬਿਨਾਂ, ਅਰਸ਼ਾਂ ਦੇ ਉਤੇ ਹੈ ਇਹਦੀ ਥਾਂ ਹਿੱਕ ’ਚ ਇਹਦੇ ਹੈ ਸਾਰੀ ਹੀ ਕੁਦਰਤ, ਨੈਣਾਂ ’ਚ ਇਹਦੇ ਕੰਬਣ ਬਿਜਲੀਆਂ । ਦੇਸ਼਼ਾਂ ਤੇ ਕੌਮਾਂ ਦੇ ਝੇੜੇ ਨਾ ਜਾਣੇ, ਸਾਰੀ ਹੀ ਦੁਨੀਆਂ ਹੈ ਇਹਦਾ ਗਿਰਾਂ । ਇਹਦੇ ਜਿਹਾ ਹੀ ਚੌੜਾ ਇਹਦਾ ਮਜ਼੍ਹਬ ਸੁਣਿਆ, ‘ਇਨਸਾਨੀਅਤ’ ਹੈ ਉਹਦਾ ਨਾਂ । ‘ਅਨੰਤ-ਕੁਖ’ ਦਾ ਇਹ ਜਾਇਆ ਕਹੌਂਦਾ, ਧਰਤੀ ਦੀ ਮਿੱਟੀ ਨੂੰ ਕਹਿੰਦਾ ਹੈ ਮਾਂ । ਦਿੰਦੀਆਂ ਨੇ ਕੋਈ ਸੁਨੇਹਾ ਅਗੰਮ ਦਾ ਇਹਦੇ ਦਿਲ ਦੀਆਂ ਸਾਰੀਆਂ ਧੜਕਣਾਂ । ਰਹਿੰਦਾ ਸਦਾ ਇਹ ਭਰੀ-ਅੱਖ ਵਾਂਗੂ, ਜੀ ਵਿਚ ਹੈ ਕਹਿੰਦਾ ਸਦਾ ‘ਡੁਲ੍ਹ ਜਾਂ ਡੁਲ੍ਹ ਜਾਂ’ । ਨੈਣਾਂ ’ਚ ਤੱਕ ਇਹਦੇ ਲਿਖਿਆ ਹੈ ਕੀ ? ਅਗਾਂਹ ਹੀ ਅਗਾਂਹ, ਪਰ੍ਹਾਂ ਹੀ ਪਰ੍ਹਾਂ, ਜਿਥੇ ਨਹੀਂ, ਜਾਤਾਂ ਤੇ ਮਜ਼੍ਹਬਾਂ ਦਾ ਨਾਂ, ਉਸ ‘ਅਗੰਮ’ ਦੀ ਗੋਦੀ ਵਿਚ ਮੈਂ ਗੁੰਮ ਜਾਂ । ਰਹੇ ਇਹਦਾ ਓਥੇ ਸਦਾ ਸਾਹ ਘੁੱਟਦਾ, ਹੋਵਣ ਨਾ ਜਿੱਥੇ ਤੂਫ਼ਾਨੀ ਹਵਾਵਾਂ । ਮਾਂ ! ਨੀ ਮਾਂ ! ਕਹਿੰਦਾ ਏ ਦਿਲ ਹੁਣ ਤਾਂ ਜਿਨ੍ਹਾਂ ਰੰਗਾਂ ‘ਚ ਹੈ ਇਹ ਵਿਚਰਦਾ, ਮੈਂ ਵੀ ਉਨ੍ਹਾਂ ਦੀ ਹੀ ਵਾਸਣ ਬਣਾਂ ! ਅਨੰਤ ਧੜਕਣ ਵਿਚ ਸਾਰੀ ਹੀ ਖੋ ਜਾਂ । ਇਹਦੇ ਜਿਹੀ ਮੈਂ ਵੀ ਹੋ ਜਾਂ ।

18. ਇਸ਼ਕ ਹਕੀਕੀ

ਪੁੱਛ- ਕਿਸੇ ਪੁਛਿਆ ਇਕ ਚਕੋਰ ਤਾਈਂ, ਤੂੰ ਨਿਰਦਈ ਨਾਲ ਅੱਖੀਆਂ ਲਾਵਦੈਂ ਕਿਉਂ ? ਤੇਰੀ ਏਸ ਬੇ-ਕਦਰ ਕੀ ਕਦਰ ਪਾਉਣੀ, ਐਵੇਂ ਆਪਣੀ ਜਾਨ ਗੁਆਵਦੈਂ ਕਿਉਂ ? ਤੈਨੂੰ ਹੱਸਦਾ ਵੇਖ ਜੋ ਹੱਸਦਾ ਨਹੀਂ, ਉਹਨੂੰ ਰੋਇਕੇ ਹਾਲ ਸੁਣਾਵਦੈਂ ਕਿਉਂ ? ਕੁਝ ਸਮੇਂ ਦੀ ਖ਼ੁਸ਼ੀ-ਬਹਾਰ ਬਦਲੇ, ਆਪਣੀ ਜਾਨ ਤੂੰ ਦੁਖਾਂ ਵਿਚ ਪਾਂਵਦੈ ਕਿਉਂ ? ਘੜੀ-ਬਿੰਦ ਦਾ ਇਹ ਮਹਿਬੂਬ ਤੇਰਾ, ਤੈਥੋਂ ਅੰਤ ਇਹਨੇ ਮੁਖ ਮੋੜ ਜਾਣੈ । ਤੂੰ ਤਾਂ ਮਿਲਣ ਦੀ ਕਰ ਰਿਹਾਂ ਇੰਤਜ਼ਾਰੀ, ਇਹਨੇ ਸਦਾ ਲਈ ਤੈਨੂੰ ਵਿਛੋੜ ਜਾਣੈ । ਉੱਤਰ- ਅਗੋਂ ਕਿਹਾ ਚਕੋਰ ਨੇ ਹੋ ਗੁੱਸੇ, ਸਿਰੜ ਪ੍ਰੇਮ ਦਾ ਏਵੇਂ ਕਮਾਈਦਾ ਏ । ਇਹ ਕਿਸੇ ਦੇ ਸਿਰ ਅਹਿਸਾਨ ਨਹੀਂਓਂ, ਸਗੋਂ ਆਪਣਾ ਫਰਜ਼ ਨਿਭਾਈ ਦਾ ਏ । ਏਸ ਪ੍ਰੇਮ ਦੀ ਗਲੀ ਵਿਚ ਪੈਰ ਪਾ ਕੇ, ਲੋਕ-ਲਾਜ ਤੋਂ ਨਹੀਂ ਸ਼਼ਰਮਾਈ ਦਾ ਏ । ਰੂਹ ਯਾਰ ਦੀ ਸ਼ਮ੍ਹਾਂ 'ਚ ਨਜ਼ਰ ਆਵੇ, ਤਾਂ ਵੀ ਹੱਸ ਕੇ ਤੇ ਜਲ ਜਾਈਦਾ ਏ । ਉਹਨੂੰ ਕਦਰ ਹੋਵੇ, ਭਾਵੇਂ ਨਾ ਹੋਵੇ, ਅਸੀਂ ਆਪਣਾ ਪ੍ਰੇਮ ਜਤਾਈ ਜਾਣੈ । ‘ਅਰਸ਼਼ੀ’ ਸੁਣਨ ਵਾਲਾ ਭਾਵੇਂ ਨਾ ਹੋਵੇ, ਅਸੀਂ ਰਾਗ ਪ੍ਰੇਮ ਦਾ ਗਾਈ ਜਾਣੈ ।

19. ਪ੍ਰੀਤ-ਰੀਤ

ਕਿਸੇ ਪੁੱਛਿਆ ਪ੍ਰੇਮ-ਦੀਵਾਨੜੇ ਨੂੰ, ਯਾਰਾ ! ਐਵੇਂ ਕਿਉਂ ਚੀਕ ਪੁਕਾਰ ਕਰਦੈਂ ? ਜੀਹਦੇ ਵਿਚ ਘਾਟਾ ਸਾਫ਼ ਨਜ਼ਰ ਆਉਂਦਾ, ਜਾਣ ਬੁੱਝ ਕਿਉਂ ਉਹ ਵਪਾਰ ਕਰਦੈਂ ? ਜੀਹਨੂੰ ਕਦਰ ਹੀ ਨਹੀਂ ਮਰਨ ਵਾਲਿਆਂ ਦੀ, ਕਿਉਂ ਤੂੰ ਓਸ ਤੋਂ ਜਾਨ ਨਿਸਾਰ ਕਰਦੈਂ ? ਤੈਨੂੰ ਵੇਖ ਕੇ ਤੇ ਨੱਕ ਚਾੜ੍ਹਦੈ ਜੋ, ਉਲਟਾ ਉਸ ਦੇ ਨਾਲ ਤੂੰ ਪਿਆਰ ਕਰਦੈਂ । ਛੱਡ ਪਰੇ ਬੇ-ਕਦਰ ਦੀ ਦੋਸਤੀ ਨੂੰ, ਐਵੇਂ ਕਸ਼ਟ ਸਰੀਰ ਤੇ ਜਰੀਦਾ ਨਹੀਂ । ਉਤੋਂ ਦੇਖ ਕੇ ਕਿਸੇ ਨੂੰ ਸਾਫ਼ ਸੁਥਰਾ, ਦਿਲ ਫੋਲ ਕੇ ਤੇ ਅਗੇ ਧਰੀਦਾ ਨਹੀਂ । ਉੱਤਰ- ਕਿਹਾ ਪ੍ਰੇਮ ਪੁਜਾਰੀ ਨੇ ਹਰਖ ਅਗੋਂ, ਤੈਨੂੰ ਪ੍ਰੇਮ ਦੀ ਨਹੀਂ ਹੈ ਸਾਰ ਕੋਈ । ਜੇ ਨਾ ਸਜਣਾਂ ਏਸ ਵਿਚ ਨਫਾ ਹੁੰਦਾ, ਚੌਧਰ ਛੱਡ ਕਿਉਂ ਹੁੰਦਾ ਖਵਾਰ ਕੋਈ ? ਘਾਟਾ ਹੁੰਦਾ ਜੋ ਏਸ ਵਪਾਰ ਅੰਦਰ, ਥਲਾਂ ਵਿਚ ਕਿਉਂ ਭਾਲਦੀ ਯਾਰ ਕੋਈ ? ਜੇਕਰ ਏਸ ਵਿਚ ਕੁਝ ਵੀ ਲਾਭ ਨਾ ਸੀ, ਬਣਿਆ ਮੁਗਲ ਤੋਂ ਕਾਹਨੂੰ ਘੁਮਿਆਰ ਕੋਈ । ਸਾਡੇ ਖੱਡੀਆਂ ਦੇ ਬੰਨ੍ਹਣ ਵਾਲਿਆਂ ਨੂੰ, ਦੱਸ ਦੋਸਤਾ ਸਾਰ ਕੀ ਚੀਰਿਆਂ ਦੀ ? ਜੀਹਨੇ ਕੌਡੀਆਂ ਕਦੇ ਖਰੀਦੀਆਂ ਨਹੀਂ, ਉਹਨੂੰ ਦੱਸ ਕੀ ਪਰਖ ਹੈ ਹੀਰਿਆਂ ਦੀ ? ਲਗਨ ਪ੍ਰੇਮ ਦੀ ਜਿਨ੍ਹਾਂ ਨੂੰ ਲਗ ਜਾਂਦੀ, ਓਹੀ ਜਾਣਦੇ ਏਸ ਦੇ ਚਾਲਿਆਂ ਨੂੰ । ਉਹ ਨਹੀਂ ਆਬਿ-ਹਿਯਾਤ ਦੀ ਮੰਗ ਕਰਦੇ, ਜਿਨ੍ਹਾਂ ਪੀਲਿਆ ਪ੍ਰੇਮ ਪਿਆਲਿਆਂ ਨੂੰ । ਆਪਣੇ ਪੱਟ ਦਾ ਕਿੱਦਾਂ ਕਬਾਬ ਕਰਕੇ, ਕਿੱਦਾਂ ਲਾਈ ਦਾ ਮਿਰਚ ਮਸਾਲਿਆਂ ਨੂੰ । ਸੂਲੀ ਕਿਵੇਂ ਹੈ ਫੁੱਲਾਂ ਦੀ ਸੇਜ ਬਣਦੀ, ਜਾ ਕੇ ਪੁੱਛ ਲੈ ਲਗੀਆਂ ਵਾਲਿਆਂ ਨੂੰ । “ਅਰਸ਼ੀ-ਦੁਨੀਆਂ” ਤੋਂ ਵਧ ਸੁਆਦ ਆਉਂਦਾ, ਕੱਚੇ ਘੜੇ ਤੇ ਕਿਸੇ ਲਈ ਤਰਨ ਦੇ ਵਿਚ । ਆਪਣੇ ਆਪ ਦੇ ਲਈ ਜਿਉਣ ਨਾਲੋਂ, ਬਹੁਤਾ ਸੁਆਦ ਹੈ ਕਿਸੇ ਲਈ ਮਰਨ ਦੇ ਵਿਚ ।

20. ਇਹ ਦੇਸ਼ ਮੇਰੇ ਦੀਆਂ ਕੁੜੀਆਂ

ਇਹ ਦੇਸ਼ ਮੇਰੇ ਦੀਆਂ ਕੁੜੀਆਂ, ਨਰਗਸ ਵਰਗੇ ਨੈਣ ਜਿਨ੍ਹਾਂ ਦੇ, ਗੀਤਾਂ ਵਰਗੇ ਵੈਣ ਜਿਨ੍ਹਾਂ ਦੇ, ਮੱਖਣ ਦੇ ਨਾਲ ਪਲੀਆਂ ਹੋਈਆਂ, ਨੂਰੀ ਸੰਚੇ ਢਲੀਆਂ ਹੋਈਆਂ, ਕੱਚੇ ਘੜੇ ਝਨਾਂ ਵਿਚ ਲੈ ਕੇ, ਕਈ ਵਾਰ ਇਹ ਰੁੜ੍ਹੀਆਂ, ਇਹ ਦੇਸ਼ ਮੇਰੇ ਦੀਆਂ ਕੁੜੀਆਂ । ਨਿਰਾ ਹੁਸਨ ਨਹੀਂ ਏਨ੍ਹਾਂ ਅੰਦਰ, ਨਿਰਾ ਇਸ਼ਕ ਨਹੀਂ ਏਨ੍ਹਾਂ ਅੰਦਰ, ਬੀਰ-ਰਸ ਦੀ ਵਾਰ ਇਨ੍ਹਾਂ ਨੇ, ਕਈ ਵਾਰ ਜੇ ਹੈ ਛੇੜੀ । ‘ਚੰਦੜ ਖਾਨ’ ਜਿਨ੍ਹਾਂ ਦੀ ਏਨ੍ਹਾਂ, ਡੋਬ ਦਿਤੀ ਸੀ ਬੇੜੀ । ਹੁਸਨ, ਬੀਰਤਾ, ਇਸ਼ਕ ਦੀਆਂ, ਇਹ ਮੁਸ਼ਕ-ਲਿਪਟੀਆਂ ਪੁੜੀਆਂ । ਇਹ ਦੇਸ਼ ਮੇਰੇ ਦੀਆਂ ਕੁੜੀਆਂ । ਭਾਵੇਂ ਬੁੱਢੇ ਸਮਾਜ ਨੂੰ ਰੋਸਾ, ਇਨ੍ਹਾਂ ਦੀਆਂ ਕੁਝ “ਸ਼ਕਾਇਤਾਂ” ਉਤੇ । ਪਰ ਸ਼ਾਇਰਾਂ ਨੂੰ ਮਾਣ ਬੜਾ ਹੈ, ਇਨ੍ਹਾਂ ਦੀਆਂ ਉਚ ਰਵਾਇਤਾਂ ਉਤੇ । ਸ਼ਾਨਦਾਰ ਤਾਰੀਖ ਇਨ੍ਹਾਂ ਦੀ, ਇਸ ਵਿਚ ਸ਼ੱਕ ਨਾਂ ਕਾਈ । ਪਰ ਮੁਦੱਤ ਤੋਂ ਏਨ੍ਹਾਂ ਨੇ ਉਹ, ਫੇਰ ਨਹੀਂ ਦੁਹਰਾਈ । ਇਹ ਤਾਰੀਖ ਨੂੰ ਬਾਣ ਚਿਰੋਕੀ, ਜੇ ਨਹੀਂ ਇਹ ਦੁਹਰਾਈ ਜਾਂਦੀ । ਕੁਝ ਸਮੇਂ, ਦੇ ਪਿਛੋਂ ਹੀ ਇਹ, ਸੱਚੀ ਵੀ ਝੁਠਲਾਈ ਜਾਂਦੀ । ਆਪਣੀ ਆਪੇ ਮੇਟ ਲੈਣ ਨਾ, ਮੈਂ ਡਰਦਾਂ ਏਸੇ ਗਲੋਂ । ਪਰ ਭਵਿਖ ਮਾਯੂਸ ਨਹੀਂ ਹੋਇਆ, ਅਜੇ ਇਨ੍ਹਾਂ ਦੇ ਵਲੋਂ । ਦੁੱਖ ਦਲਿੱਦਰ ਰੁੜ੍ਹ ਜਾਵੇਗਾ, ਗੜੀ ਗੁਲਾਮੀ ਗਲ ਜਾਵੇਗੀ । ਵਟਦੀ ਵਟਦੀ ਦੇਸ਼ ਦੀ ਹੋਣੀ, ਨਵੇਂ ਹੀ ਸੰਚੇ ਢਲ ਜਾਵੇਗੀ । ‘ਰਾਣੀ ਝਾਂਸੀ’ ਦੀ ਸਹੁੰ ਖਾ ਕੇ, ਜਦੋਂ ਕਦੇ ਇਹ ਜੁੜੀਆਂ । ਇਹ ਦੇਸ਼ ਮੇਰੇ ਦੀਆਂ ਕੁੜੀਆਂ ।

21. ਕਿਵੇਂ ਸੁਧਾਰ ਹੋਵੇ ?

ਉਥੇ ਸੱਚ ਦੀ ਜਾਣਦਾ ਕਦਰ ਕਿਹੜਾ, ਜਿਥੇ ਝੂਠ ਦਾ ਵਣਜ ਵਪਾਰ ਹੋਵੇ ? ਜਿਥੇ ਗਲੇ ਮਜਲੂਮਾਂ ਦੇ ਕੱਟਣੇ ਲਈ, ਹੱਥੀਂ ਜ਼ਾਲਮਾਂ ਫੜੀ ਤਲਵਾਰ ਹੋਵੇ । ਜਿਥੇ ਆਪਣਿਆਂ ਦੀ ਕਰੇ ਪੁਛ ਕੋਈ ਨਾ, ਅਤੇ ‘ਗੈਰਾਂ’ ਦੇ ਨਾਲ ਪਿਆਰ ਹੋਵੇ । ਉਥੇ ਦੱਸੋ ਅਹਿੰਸਾ ਦੀ ਕਦਰ ਕੀ ਏ, ਜਿਥੇ ਖ਼ੂਨ ਦਾ ਗਰਮ ਬਾਜ਼ਾਰ ਹੋਵੇ । ਸੁਰ-ਤਾਲ ਦੱਸੋ ਉਥੇ ਮਿਲੇ ਕਿੱਦਾਂ, ਵਜਦੀ ਫੁਟ ਦੀ ਜਿਥੇ ਸਤਾਰ ਹੋਵੇ ? ਜਿਥੇ ਰਸਮਾਂ ਦੇ ਪਏ ਜੰਜਾਲ ਹੋਵਨ, ਉਸ ਦੇਸ਼ ਦਾ ਕਿਵੇਂ ਸੁਧਾਰ ਹੋਵੇ ? ਉਥੇ ਦਸ ਖਾਂ ਸੇਵਾ ਦੀ ਕਦਰ ਕੀ ਏ, ਜਿਥੇ ਚੌਧਰ ਲਈ ਚਲਦੀ ਡਾਂਗ ਹੋਵੇ ? ਉਤੋਂ ਦੇਖੀਏ ਦੇਸ਼ ਦੇ ਮਹਾਂ ਦਰਦੀ, ਦਿਲ ਵਿਚ ਖੁਦਗਰਜ਼ੀ ਦੀ ਕਾਂਗ ਹੋਵੇ । ਉਤੋਂ ਜਾਪਦੇ ਨੇ ਸੇਵਾਦਾਰ ਬਹੁਤੇ, ਐਪਰ ਲੀਡਰੀ ਦੀ ਦਿਲ ਵਿਚ ਤਾਂਘ ਹੋਵੇ । ਉਸ ਦੇਸ਼ ਵਿਚ ਮੇਲ ਮਿਲਾਪ ਕਿਥੇ, ਜਿਹੜੇ ਦੇਸ਼ ਵਿਚ 'ਸੰਖ’ ਤੇ ‘ਬਾਂਗ’ ਹੋਵੇ ? ਜਿਥੇ ਦੇਸ਼ ਦੀ ਸੇਵਾ ਕਮੌਣ ਬਦਲੇ, ਅੱਗੇ ਨਜ਼ਰ ਆਉਂਦਾ ਤਖਤਾਦਾਰ ਹੋਵੇ । ਦੇਸ਼ ਘਾਤੀਆਂ ਨੂੰ ਮਿਲਣ ਉਚ ਦਰਜੇ, ਉਸ ਦੇਸ਼ ਦਾ ਕਿਵੇਂ ਸੁਧਾਰ ਹੋਵੇ ? ਜਿਹੜੇ ਦੇਸ਼ ਵਿਚ ਮਜ਼੍ਹਬ ਦੇ ਨਾਂ ਉਤੇ, ਰੋਜ਼ ਲੱਖਾਂ ਨਿਰਦੋਸ਼ ਲੜਾਏ ਜਾਵਨ । ਪੱਕੇ ਕਰਨ ਲਈ ਰੱਸੇ ਗੁਲਾਮੀਆਂ ਦੇ, ਰੋਜ਼ ਨੋਟਾਂ ਦੇ ਨੋਟ ਰੜ੍ਹਾਏ ਜਾਵਨ । ਜਿਹੜੇ ਦੇਸ਼ ਅੰਦਰ ਖਾਤਰ ਛਿਲੜਾਂ ਦੀ, ਆਪਣੀ ਅਣਖ ਨੂੰ ਦਾਗ ਲਗਾਏ ਜਾਵਨ । ਦੇਸ਼ ਕੌਮ ਖ਼ਾਤਰ ਮਰਨ ਵਾਲਿਆਂ ਤੇ, ਫਤਵੇ ਕਾਫਰਾਂ ਦੇ ਜਿਥੇ ਲਾਏ ਜਾਵਨ । ਜਿਹੜੇ ਦੇਸ਼ ਵਿਚ ਧਰਮ ਦੇ ਨਾਂ ਉਤੇ, ਆਪਣੇ ਪੇਟ ਦੇ ਲਈ ਪ੍ਰਚਾਰ ਹੋਵੇ । ਵਿਹਲੜ, ਕਿਰਤੀਆਂ ਨੂੰ ਲੁਟ ਲੁਟ ਖਾਣ ਜਿਥੇ, ਉਸ ਦੇਸ਼ ਦਾ ਕਿਵੇਂ : ਸੁਧਾਰ ਹੋਵੇ ? ਉਸ ਦੇਸ਼ ਦੇ ਖੁਸ਼ ਵਸਨੀਕ ਕਿਥੇ, ਜਿਹੜੇ ਦੇਸ਼ ਵਿਚ ਭੁਖ ਤੇ ਨੰਗ ਹੋਵੇ ? ਆਂਡੇ, ਕੇਕ, ਬਿਸਕੁਟ, ਵਿਹਲੜ ਖਾਣ ਜਿਥੇ, ਕਿਰਤੀ ਰੋਟੀ ਦੇ ਲਈ ਭੀ ਤੰਗ ਹੋਵੇ । ਉਥੇ ਦਸੋ ਆਜ਼ਾਦੀ ਦਾ ਪਤਾ ਕੀ ਏ, ਜਿਥੇ ਗੂੜ੍ਹਾ ਗੁਲਾਮੀ ਦਾ ਰੰਗ ਹੋਵੇ । ਜਿਥੇ ਇਹੋ ਜਿਹੇ ਬਣੇ ਕਾਨੂੰਨ ਹੋਵਣ, ਸੱਚ ਕਹਿਣ ਉਤੇ ਅਮਨ ਭੰਗ ਹੋਵੇ । ਜਿਹੜੇ ਦੇਸ਼ ਵਿਚ ਮਿਹਨਤੀ ਮਰੇ ਭੁਖਾ, ਵਿਹਲੜ ਕਰ ਰਿਹਾ ਐਸ਼ ਬਹਾਰ ਹੋਵੇ । ਅਰਸ਼ੀ ਪ੍ਰੀਤ ਦੀ ਜਿਥੇ ਨਾ ਰੀਤ ਹੋਵੇ, ਉਸ ਦੇਸ਼ ਦਾ ਕਿਵੇਂ ਸੁਧਾਰ ਹੋਵੇ ?

22. ਹੋਲੀਆਂ

ਐ ਆਜ਼ਾਦੀ ਦੇਵੀਏ ਨੀ ! ਤੁਧ ਦੇ ਰੀਝਾਨ ਲਈ, ਵੇਖ ਖਾਂ ਤੂੰ ਸਹੀ ਜਿੰਦਾਂ ਕੇਤਿਆਂ ਨੇ ਘੋਲੀਆਂ ! ਹੱਸ ਹੱਸ ਦਾਰ ਉਤੇ ਚੜ੍ਹੇ ਕਈ ਬੀਰ ਬਾਂਕੇ, ਜੇਲ੍ਹਾਂ ਵਿਚ ਜਿੰਦਾਂ ਵੇਖ ਕਿੰਨਿਆਂ ਨੇ ਰੋਲੀਆਂ । ਭੁਖ ਹੜਤਾਲਾਂ ਕਰ ਕਿੰਨੇ ਹੀ ਸ਼ਹੀਦ ਹੋਏ, ਤੇਰੇ ਲਈ ਕਿੰਨਿਆਂ ਨੇ ਖਾਧੀਆਂ ਨੇ ਗੋਲੀਆਂ । ਜਿੰਨਾ ਚਿਰ ਹੁੰਦਾ ਨਹੀਂ ਅਰਸ਼ੀ ਦੀਦਾਰ ਤੇਰਾ, ਉਨਾ ਚਿਰ ਸਾਡੀਆਂ ਕੀ ਆਂਹਦੀਆਂ ਨੇ ਹੋਲੀਆਂ ? ਜਿਹੜੀ ਨੰਗ ਭੁੱਖ ਨਾਲ ਦੇਸ਼ ਸਾਡਾ ਘੁਲਦਾ ਏ, ਦੁਖਾਂ ਦੀਆਂ ਗੱਲਾਂ ਮੈਥੋਂ ਜਾਂਦੀਆਂ ਨਹੀਂ ਫੋਲੀਆਂ । ਮਰੇ ਮਜ਼ਦੂਰ ਭੁਖਾ ਕਲਾਂ ਨੂੰ ਚਲੌਣ ਵਾਲਾ, ਪੂੰਜੀਦਾਰ ਵਿਹਲਾ ਬੈਠਾ ਭਰੀ ਜਾਂਦਾ ਝੋਲੀਆਂ । ਵਿਸਕੀਆਂ ਬਰਾਂਡੀਆਂ ਦੇ ਦੌਰ ਕਿਤੇ ਚਲਦੇ ਨੇ, ਬੈਠ ਕੇ ਕਲੱਬਾਂ ਵਿਚ ਗਾਉਣ ਕਿਤੇ ਢੋਲੀਆਂ । ਜੁਲੀ, ਕੁਲੀ, ਗੁਲੀ ਭੀ ਨਹੀਂ ਰੱਜ ਕੇ ਨਸੀਬ ਜਿਹਨੂੰ, ਉਸ ਤਾਈਂ ਦਸੋ ਭਲਾ ਕਹਿੰਦੀਆਂ ਕੀ ਹੋਲੀਆਂ ? ਮਿਹਨਤ ਕਰਨ ਵਾਲਾ ਲੱਸੀ ਨੂੰ ਵੀ ਤਰਸਦਾ ਏ, ਵਿਹਲਿਆਂ ਦੇ ਚਾਰ ਚਾਰ ਖੜੀਆਂ ਨੇ ਖੋਲੀਆਂ ! ਸਾਲ ਭਰ ਪਿਛੋਂ ਭੀ ਨਾ ਦਾਣਾ ਘਰ ਆਂਵਦਾ ਏ, ਪਿੜ ਵਿਚੋਂ ਸ਼ਾਹ ਤਾਈਂ ਧੜੀਆਂ ਨੇ ਤੋਲੀਆਂ ! ਕਿਰਤੀ ਕਿਸਾਨ ਜੀਹਦੇ ਸਿਰ ਤੇ ਜਹਾਨ ਪਲੇ, ਆਪ ਖਾਲੀ ਹੱਥ ਬੈਠਾ ਝਾੜਦਾ ਏ ਢੋਲੀਆਂ ! ਚਵੀ ਘੰਟੇ ਕੰਮ ਕਰੇ ਫੇਰ ਭੀ ਨਾ ਪੇਟ ਭਰੇ, ਏਸ ਲਈ ਦੱਸੋ ਭਲਾ ਕਾਹਦੀਆਂ ਨੇ ਹੋਲੀਆਂ ? ਪਰ ਅਫਸੋਸ ਮੈਨੂੰ ਵੱਡਾ ਹਿੰਦ ਵਾਸੀਆਂ ਤੇ, ਐਨਾ ਚਿਰ ਹੋਇਆ ਅੱਖਾਂ ਅਜੇ ਭੀ ਨਹੀਂ ਖੋਲ੍ਹੀਆਂ । ਆਓ ਖਾਂ ਭਰਾਵੋ ਛਡੋ ਦਿਲਾਂ ਦੇ ਪੁਆੜੇ ਸਾਰੇ, ਦੇਸ਼ ਦੀ ਆਜ਼ਾਦੀ ਲਈ ਬੰਨ੍ਹ ਲਈਏ ਟੋਲੀਆਂ । ਕਾਹਦੀ ਖ਼ਾਨਦਾਨੀ ਜਿੰਨਾ ਚਿਰ ਹਾਂ ਗੁਲਾਮ ਅਸੀਂ, ਦੇਸ਼ ਜੋ ਅਜ਼ਾਦ ਸਾਨੂੰ ਮਾਰਦੇ ਨੇ ਬੋਲੀਆਂ ? ਗਲ ਵਿਚੋਂ ਤੌਕ “ਅਰਸ਼ੀ” ਲਾਹ ਦਿਓ ਗੁਲਾਮੀ, ਦੇ; ਹੋ ਕੇ ਤੇ ਅਜ਼ਾਦ ਜੀ ਮਨਾਵੋ ਫੇਰ ਹੋਲੀਆਂ !!

23. ਬਸੰਤੀ ਹੰਝੂ

ਕਦੇ ਆਪਣੀ ਆਪ ਮਸਾਲ ਸੀ ਮੈਂ, ਨਹੀਂ ਸੀ ਜੱਗ ਤੇ ਹੋਰ ਕੋਈ ਤੁਲ ਮੇਰੇ ! ਉਸ ਸਮੇਂ ਦੀ ਆਂਦੀ ਏ ਯਾਦ ਜਿਸ ਦਮ, ਪੈਂਦੇ ਅੱਖੀਓਂ ਅਥਰੂ ਡੁਲ੍ਹ ਮੇਰੇ ! ਹੋਰ ਕਿਸੇ ਤੇ ਰੱਖਣੀ ਆਸ ਹੀ ਕੀ, ? ਜਦੋਂ ਮੈਨੂੰ ਹੀ ਗਏ ਨੇ ਭੁਲ ਮੇਰੇ ! ਫੁੱਲਾਂ ਵਾਲੀ ਪਰ ਇਹਨਾਂ 'ਚ ਮਹਿਕ ਹੈ ਨਹੀਂ, ਉਂਝ ਤੇ ਚਾਲੀ ਕਰੋੜ ਨੇ ਫੁਲ ਮੇਰੇ ! ਕੇਹੀ ਮੌਤ ਵੀ ਬਸੰਤ ਦੀ ਰੁੱਤ ਆਈ, ਮੇਰੇ ਲਈ ਪਰ ਕਹਿਰਾਂ ਦੀ ਘੜੀ ਹੈ ਇਹ, ਅਗਲੀ ਵਿਚ ਕਰ ਦਊ ਇਹ ਹੋਰ ਵਾਧਾ, ਕਿਸੇ ਗੈਰ ਜੰਜ਼ੀਰ ਦੀ ਕੁੜੀ ਹੈ ਇਹ ! ਮੁੜ ਨਹੀਂ ਫੇਰ ਬਸੰਤ ਦੀ ਰੁਤ ਆਈ, ਮੇਰੇ ਜਦੋਂ ਦੇ ਨੇ ਬਾਗਬਾਨ ਬਦਲੇ ! ਐਸੀ ਬੂਟਿਆਂ ਨੂੰ ਆ ਕੇ ਪਿਊਂਦ ਚਾੜ੍ਹੀ, ਭੁਲੇ ਫਲ ਦੇਣੇ ਇੱਟਾਂ ਖਾਣ ਬਦਲੇ । ਪਤਾ ਨਹੀਂ ਕੀ ਪੈ ਗਈ ਚਾਲ ਪੁਠੀ, ਗਿਣ ਗਿਣ ਲਏ ਮੈਥੋਂ ਐਸੇ ਆਣ ਬਦਲੇ । ਕਾਲੇ ਭੌਰਾਂ ਨੂੰ ਗੂੰਜਣੋਂ ਬੰਦ ਕੀਤਾ, ਦਿੱਤੀ ਕਲੀ ਨੂੰ ਮੌਤ ਮੁਸਕਾਣ ਬਦਲੇ । ਜਿਹੜੇ ਮਹਿਕ ਵਾਲੇ ਫੁਲ ਦਿਸਦੇ ਸੀ, ਬਿਨਾਂ ਖਿੜੇ ਤੋਂ ਉਹਨਾਂ ਨੂੰ ਝਾੜ ਦਿੱਤਾ । ਜੇਕਰ ਬੁਲਬੁਲ ਨੇ ਫੁਲ ਦਾ ਗਿਲਾ ਕੀਤਾ, ਫੜ ਕੇ ਉਸ ਨੂੰ ਪਿੰਜਰੇ ਵਾੜ ਦਿੱਤਾ । ਇਨ੍ਹੀਂ ਦਿਨੀਂ ਜੋ ਆਣ ਕੇ ਪੈਂਦੀਆਂ ਨੇ, ਚੀਸਾਂ ਅਜ ਦੀਆਂ ਨਹੀਂ ਇਹ ਚਿਰ ਦੀਆਂ ਨੇ । ਪਿਘਲ ਗਿਆ ਹਿਮਾਲਾ ਭੀ ਵੈਣ ਸੁਣ ਕੇ, ਇੰਜਾਂ ਉਹਦੇ ਭੀ ਅੱਖਾਂ 'ਚੋਂ ਕਿਰਦੀਆਂ ਨੇ । ਉਹਨਾਂ ਇੰਜਾਂ ਦੇ ਜਦੋਂ ਦਰਿਆ ਬਣਦੇ, ਮੇਰੇ ਜਿਗਰ ਤੇ ਆਰੀਆਂ ਫਿਰਦੀਆਂ ਨੇ । ਮੈਨੂੰ ਵੇਖ ਸਮੁੰਦਰ ਨੂੰ ਡੋਬ ਪੈਂਦੇ, ਤੜਫ ਤੜਫ ਕੇ ਬਿਜਲੀਆਂ ਗਿਰਦੀਆਂ ਨੇ । ਐਪਰ ਸ਼ਕ ! ਹੈ ਜਿਨ੍ਹਾਂ ਤੇ ਮਾਣ ਮੈਨੂੰ, ਲੈਂਦੇ ਸਾਰ ਨਹੀਉਂ ਮੇਰੇ ਪੁਤ ਮੇਰੀ । ਇਹਨਾਂ ਚਾਲੀ ਕਰੋੜ ਦੇ ਜੀਉਂਦਿਆਂ ਤੋਂ, ਗੈਰ ਪੁਟਦੇ ਆਣ ਕੇ ਗੁਤ ਮੇਰੀ । ਮੇਰੇ ਰੋਂਦੀ ਦੇ ਅਥਰੂ ਖੁਸ਼ਕ ਹੋ ਗਏ, ਇਹਨਾਂ ਅੱਖੀਆਂ ਅਜੇ ਉਘੇੜੀਆਂ ਨਾ । ਜਿਹਨੂੰ ਗੌਣ ਵਾਲੇ ਕਈ ਗੁੰਮ ਹੋ ਗਏ, ਰਮਜ਼ਾਂ ਇਹਨਾਂ ਨੇ ਅਜੇ ਉਹ ਛੇੜੀਆਂ ਨਾ । ਅਗੇ ਵੜਿਆ ਸੀ ਇਕ ਤੂਫ਼ਾਨ ਜਿਥੋਂ, ਅਜੇ ਤਕ ਉਹ ਤਾਕੀਆਂ ਭੇੜੀਆਂ ਨਾ। ਅੱਧੀ ਸਦੀ ਹੋ ਗਈ ਘਾਸੇ ਪਾਉਂਦਿਆਂ ਨੂੰ, ਹਾਲੀ ਤਕ ਭੀ ਟੁਟੀਆਂ ਬੇੜੀਆਂ ਨਾ । ਖਬਰੇ ਕਿਉਂ ਐਨੇ ਅਣਖ-ਹੀਣ ਹੋ ਗਏ ? ਬੂਟ ਗੈਰਾਂ ਦੇ ਜਾ ਕੇ, ਚੱਟਦੇ ਨੇ । ਮਿੰਨਤਾਂ ਕਰਦਿਆਂ ਨੂੰ ਅੱਗੋਂ ਪੈਣ ਝਿੜਕਾਂ, ‘ਅਰਸ਼ੀ’ ਫੇਰ ਭੀ ਨੱਕ ਨਾ ਵਟਦੇ ਨੇ ।

24. ਗੁਲਾਮਾਂ ਦੀ ਦੁਨੀਆਂ

ਗੁਲਾਮਾਂ ਦੀ ਦੁਨੀਆਂ ਦਾ ਕਹਿਣਾ ਹੀ ਕੀ ਹੈ ? ਗੁਲਾਮਾਂ ਦਾ ਨਾਂ ਯਾਰ ਲੈਣਾ ਹੀ ਕੀ ਹੈ ! ਗੁਲਾਮਾਂ ਨੂੰ ਦੁਨੀਆਂ ਤੇ ਪੁਛਦਾ ਕੋਈ ਨਾ । ਗੁਲਾਮਾਂ ਨੂੰ ਦਰਗਾਹ ’ਚ ਮਿਲਦੀ ਢੋਈ ਨਾ । ਗੁਲਾਮਾਂ ਦੀ ਦੁਨੀਆਂ 'ਚ ਹੱਸਣਾ ਮਨ੍ਹਾਂ ਹੈ । ਗੁਲਾਮਾਂ ਦੀ ਦੁਨੀਆਂ 'ਚ ਰੋਣਾ ਮਨਾਂ ਹੈ । ਗੁਲਾਮਾਂ ਦੀ ਦੁਨੀਆਂ ਖੁਆਰੀ ਦਾ ਘਰ ਏ । ਗੁਲਾਮਾਂ ਦੀ ਦੁਨੀਆਂ 'ਚ ਗੈਰਾਂ ਦਾ ਡਰ ਏ । ਗੁਲਾਮਾਂ ਦੀ ਦੁਨੀਆਂ ਹੈ ਦੁਖਾਂ ਦਾ ਵਾਸਾ ! ਸਦਾ ਤੰਗਦਸਤੀ ਤੇ ਰਹਿੰਦੀ ਨਿਰਾਸ਼ਾ ! ਪੁਛਦਾ ਨਾ ਕੋਈ ਮੁਸੀਬਤ ਹੈ ਦਿਲ ਦੀ । ਗੁਲਾਮਾਂ ਨੂੰ ਦੱਸਣ ਦੀ ਖੁਲ੍ਹ ਭੀ ਨਾ ਮਿਲਦੀ । ਨਿਕਲ ਜਾਣ ਦੇਸੋਂ ਫਾਕੇ ਦੇ ਮਾਰੇ ! ਆਜ਼ਾਦੀ ਦੀ ਦੁਨੀਆਂ ਨੂੰ ਲਗਦੇ ਨੇ ਭਾਰੇ । ਹੋਟਲ ਦੇ ਵਿਚ ਨਾ ਕੋਈ ਖੜਨ ਦੇਂਦਾ । ਕਲੱਬਾਂ ਦੇ ਵਿਚ ਨਾ ਕੋਈ ਵੜਨ ਦੇਂਦਾ । ਗੁਲਾਮਾਂ ਦੀ ਦੁਨੀਆਂ 'ਚ ‘ਸਰ’ ਜੋ ਕਹਾਵਨ । ਅਜ਼ਾਦੀ ਦੀ ਦੁਨੀਆਂ 'ਚ ਧਕੇ ਉਹ ਖਾਵਨ । ਐਸੀ ਗੁਲਾਮੀ ਦੀ ਚੜ੍ਹਦੀ ਖੁਮਾਰੀ । ਗੈਰਾਂ ਦੇ ਠੁਡੇ ਭੀ ਜਾਂਦੇ ਸਹਾਰੀ । ਉਠੋ ਸ਼ੇਰ ਮਰਦੋਂ ਗੁਲਾਮੀ ਉਡਾ ਦਿਓ ! ਅਜ਼ਾਦੀ ਦਾ ਭਾਰਤ ਤੇ ਝੰਡਾ ਝੁਲਾ ਦਿਓ ।

25. ਮੁਟਿਆਰ ਵਲਵਲੇ

ਮੈਂ ਪੰਜਾਬ ਦੀ ਮੁਟਿਆਰ ਹਾਂ, ਤੇ ਭੈਣ ਹਾਂ ਉਹਨਾਂ ਵੀਰਾਂ ਦੀ । ਜਿਨ੍ਹਾਂ ਨੇ ਘਲੂਘਾਰਿਆਂ ਦੇ ਵਿਚ, ਮਾਰ ਹੈ ਖਾਧੀ ਤੀਰਾਂ ਦੀ । ਮੈਂ ਬੇਟੀ ਹਾਂ ਉਸ ਪਿਤਾ ਦੀ, ਜਿਨ ਚਿੜੀ ਤੋਂ ਬਾਜ਼ ਤੁੜਾਇਆ ਸੀ । ਅਮਰਤ ਦੀ ਸ਼ਕਤੀ ਦੇ ਕੇ ਤੇ, ਇਕ ਲੱਖ ਦੇ ਨਾਲ ਲੜਾਇਆ ਸੀ । ਮੈਂ ਪੋਤੀ ਹਾਂ ਉਸ ਬਾਬੇ ਦੀ, ਜਿਹੜਾ ਧਰਮ ਦੀ ਚਿੱਟੀ ਚਾਦਰ ਸੀ । ਜਿਹਨੇ ਦੂਜਿਆਂ ਲਈ ਸਿਰ ਵਾਰ ਦਿੱਤਾ, ਉਹਦਾ ਨਾਂ ਗੁਰੂ ਤੇਗ ਬਹਾਦਰ ਸੀ । ਭਾਵੇਂ ਮੈਂ ਇਕ ਔਰਤ ਹਾਂ, ਪਰ ਮਰਦਾਂ ਤੋਂ ਅੱਗੇ ਹੋਵਾਂਗੀ । ਸ਼ਾਹਰਗ ਦਾ ਖ਼ੂਨ ਨਚੋੜ ਕੇ, ਮੈਂ ਦਾਗ ਗੁਲਾਮੀ ਧੋਵਾਂਗੀ । ਭਾਵੇਂ ਇਹ ਕੋਮਲ ਕੂਲੀਆਂ ਨੇ, ਪਰ ਰੱਬੀ ਤਾਕਤ ਇਹਨਾਂ ਬਾਹਾਂ ਵਿਚ । ਜਦ ਦੇਸ਼ ਲਈ ਮਰਨਾ ਆਵੇਗਾ, ਮੈਂ ਪਊਂ ਨਾ ਕਦੇ ਸਲਾਹਾਂ ਵਿਚ । ਜਦ ਕੌਮ ਤੇ ਡਿਗੂ ਪਹਾੜ ਕੋਈ, ਮੈਂ ਸਭ ਤੋਂ ਅਗੇ ਜਾਵਾਂਗੀ । ਭਾਵੇਂ ਅੱਗੇ ਸੂਲੀ ਚਾੜ੍ਹਨ, ਪੈਰ ਨਾ ਪਿਛਾਂਹ ਭੁਆਵਾਂਗੀ । ਮੈਂ ਕੌਮ ਲਈ ਦਿਲ ਰਖਦੀ ਹਾਂ, ਤੇ ਦੇਸ਼ ਦੀ ਸੇਵਾਦਾਰ ਹਾਂ । ਮੈਂ ਫੇਰ ਤੁਹਾਨੂੰ ਦਸਦੀ ਹਾਂ, ਕਿ ਮੈਂ ਪੰਜਾਬ ਦੀ ਮੁਟਿਆਰ ਹਾਂ । ਜਿੰਨਾ ਚਿਰ ਜਿੰਦਗਾਨੀ ਹੈ, ਜੀਵਾਂਗੀ ਕੌਮੀ ਸ਼ਾਨ ਲਈ । ‘ਅਰਸ਼ੀ’ ਮੈਂ ਸੱਚ ਕਹਿੰਦੀ ਹਾਂ, ਮਰ ਮਿਟਾਂਗੀ ਹਿੰਦੁਸਤਾਨ ਲਈ ।

26. ਦੇਸ਼ ਭਗਤ ਦਾ ਸੁਪਨਾ

ਨਹਾ ਧੋ ਪ੍ਰਭਾਤ ਨੂੰ ਬੈਠਿਆ ਮੈਂ, ਸੁਪਨਾ ਰਾਤ ਵਾਲਾ ਯਾਦ ਆਉਣ ਲੱਗਾ । ਦੱਸ ਦੱਸ ਕੇ ਹੇਰਾ ਫੇਰੀਆਂ ਨੂੰ, ਮੈਨੂੰ ਆਪਣਾ ਆਪ ਭਲਾਉਣ ਲੱਗਾ । ਜਿਹੜੀ ਮੰਜ਼ਲ ਦਾ ਅਸਲ ਮੈਂ ਹਾਂ ਪਾਂਧੀ । ਮੈਨੂੰ ਮੰਜ਼ਲ ਉਹ ਮੇਰੀ ਦਖਾਉਣ ਲੱਗਾ । ਮੈਂ ਭੀ ਸਮਝਿਆ ਨਾ ਇਹ ਹਈ ਸੁਪਨਾ, ਸੱਚ ਜਾਣ ਕੇ ਖ਼ੁਸ਼ੀ ਮਨਾਉਣ ਲੱਗਾ । ਸੁਪਨਾ ਨਹੀਂ ਇਹ ਕੋਈ ਅਰਮਾਨ ਹੀ ਸੀ, ਜਾਂ ਭਵਿਖਤ ਦੀ ਸੀ ਤਸਵੀਰ ਕੋਈ । ਜਿਹੜਾ ਥਾਨ ਬੁਣਨਾ ਅਸੀਂ ਚਾਂਹਵਦੇ ਹਾਂ, ਉਸ ਨਾਲੋਂ ਸੀ ਪਾਟੀ ਹੋਈ ਲੀਰ ਕੋਈ । ਸੁਪਨੇ ਵਿਚ ਅਜੀਬ ਹੀ ਖੇਲ੍ਹ ਡਿਠੀ, ਜਾਣੀ ਹਿੰਦੁਸਤਾਨ ਆਜ਼ਾਦ ਹੋ ਗਿਆ । ਸਾਂਝੀਵਾਲ ਦਾ ਝੰਡਾ ਬੁਲੰਦ ਹੋ ਗਿਆ, ਪੂੰਜੀਦਾਰ ਦਾ ਬੇੜਾ ਬਰਬਾਦ ਹੋ ਗਿਆ । ਸੰਖ ਬਾਂਗ ਉਤੇ ਜਿਹੜੇ ਝਗੜਦੇ ਸੀ, ਅੱਜ ਉਨ੍ਹਾਂ ਦਾ ਭੀ ਇਤਹਾਦ ਹੋ ਗਿਆ । ਜਿਹੜਾ ਖ਼ਿਜ਼ਾਂ ਨੇ ਬਾਗ਼ ਉਜਾੜਿਆ ਸੀ, ਮੁੜ ਅਜ ਉਹ ਫੇਰ ਅਬਾਦ ਹੋ ਗਿਆ । ਜਿਹੜੇ ਬੁਲ੍ਹਾਂ ਤੇ ਕਦੇ ਨਿਰਾਸਤਾ ਸੀ, ਅੱਜ ਖ਼ੁਸ਼ੀ ਪਈ ਲਾਡ ਨਾਲ ਨੱਚ ਰਹੀ ਸੀ । ਜਿਹਦੀ ਮੁੱਦਤਾਂ ਤੋਂ ਭੇਟਾ ਚਾੜ੍ਹਦੇ ਸਾਂ, ਦੇਵੀ ਖੁਸ਼ ਹੋਈ ਅਜ ਹੱਸ ਰਹੀ ਸੀ । ਜਦੋਂ ਵਲ ਹਿਮਾਲਾ ਦੇ ਤਕਿਆ ਮੈਂ, ਤਿੰਨ ਰੰਗ ਦਾ ਝੰਡਾ ਲਹਿਰਾ ਰਿਹਾ ਸੀ । ਸਤਲੁਜ ਦਰਿਆ ਦੀ ਲਹਿਰ ਅੰਦਰ, ਕੋਈ ਗੀਤ ਆਜ਼ਾਦੀ ਦੇ ਗਾ ਰਿਹਾ ਸੀ । ਕੰਮ ਕਰ ਜਿਹੜਾ ਢਿੱਡ ਭਰੂ ਸੋਈ, ਉੱਚੀ ਉੱਚੀ ਕੋਈ ਨਾਹਰਾ ਲਗਾ ਰਿਹਾ ਸੀ । ਉਸ ਪਿਆਰੀ ਆਜ਼ਾਦੀ ਦੀ ਖੁਸ਼ੀ ਅੰਦਰ, ਜ਼ਰਾ ਜ਼ੱਰਾ ਖੁਸ਼ੀ ਮਨਾ ਰਿਹਾ ਸੀ । ਹਰ ਕੋਈ ਕਹਿੰਦਾ ਸੀ ਇਹੀ ਜ਼ਬਾਨ ਵਿਚੋਂ, ਸਭ ਤੋਂ ਵੱਡਾ ਏ ਦੀਨ ਈਮਾਨ ਸਾਡਾ । ਇਕ ਵਾਰ ਨਾ ਕਹਿੰਦੇ ਸੀ ਦੋ ਵਾਰੀ, ਹਿੰਦੋਸਤਾਨ ਸਾਡਾ ਹਿੰਦੋਸਤਾਨ ਸਾਡਾ । ਦੇਸ਼ ਘਾਤੀਆਂ ਦੀ ਭੈੜੀ ਦਸ਼ਾ ਤੱਕੀ, ਮੂੰਹ ਹੱਥਾਂ ਦੇ ਨਾਲ ਲੁਕੋ ਰਹੇ ਸਨ । ਆਪਣੇ ਆਪ ਨੂੰ ਬੁਰਾ ਉਹ ਸਮਝਦੇ ਸੀ, ਜਿਹੜੇ ਅਸਾਂ ਨੂੰ ਕਲ ਬਗੋ ਰਹੇ ਸਨ । ਕੇਰ ਕੇਰ ਕੇ ਅੱਖਾਂ ਚੋਂ ਹੰਝੂਆਂ ਨੂੰ, ਚਾਦਰ ਕੀਤੀ ਕਰਤੂਤ ਦੀ ਧੋ ਰਹੇ ਸਨ । ਜਿਹੜੇ ਕਲ ਖ਼ਿਤਾਬਾਂ ਨਾਲ ਸੀ ਭਾਰੇ, ਹੌਲੇ ਗਲੀ ਦੇ ਕੱਖਾਂ ਤੋਂ ਹੋ ਰਹੇ ਸਨ । ਘੂਰ ਘੂਰ ਕੇ ਦਿਲ ਨੂੰ ਆਖਦੇ ਸੀ, ਐਵੇਂ ਕਿਸੇ ਦੀਆਂ ਬੁੱਤੀਆਂ ਸਾਰੀਆਂ ਉਇ । ਗਲ ਦਾਨਿਆਂ ਦੀ ਅੱਜ ਸਿਧ ਹੋਈ, ਨਹੀਂ ਨਿਭਦੀਆਂ ਗੈਰ ਦੀਆਂ ਯਾਰੀਆਂ ਉਇ । ਕੰਮ ਅੱਠ ਘੰਟੇ ਪਊ ਰੋਜ਼ ਕਰਨਾ, ਫਿਕਰ ਲੱਗ ਗਿਆ ਕਿਧਰੇ ਵੇਹਲਿਆਂ ਨੂੰ । “ਸਤਿਨਾਮ” ਕਹਿ ਵਕਤ ਸੀ ਟਪ ਜਾਂਦਾ, ਪਏ ਝੂਰਦੇ ਨੇ ਉਨ੍ਹਾਂ ਵੇਲਿਆਂ ਨੂੰ । ਉਸ ਸਮੇਂ ਦੇ ਲਗ ਪਏ ਆਉਣ ਸੁਪਨੇ, ਬੁਲ੍ਹ ਮਾਰਦੇ ਸੀ ਜਦੋਂ ਕੇਲਿਆਂ ਨੂੰ । ਕਿਧਰੇ ਬਣੀ ਭਾ ਦੀ ਭੂਰੀ ਵਾਲਿਆਂ ਦੀ, ਹੁਣ ਕੀ ਕਰਾਂਗੇ ? ਪੁੱਛਦੇ ਚੇਲਿਆਂ ਨੂੰ । ਕਲ੍ਹ ਦੁਧ ਨਾ ਸਾਂਭਿਆ ਜਾਂਵਦਾ ਸੀ, ਅੱਜ ਸੁੱਕੇ ਕੁਮੰਡਲ ਹੀ ਖੜਕਦੇ ਜੀ । ਅੱਜ ਰੋਟੀਆਂ ਤੋਂ ਆਵਾਜ਼ਾਰ ਬੈਠੇ, ਕਲ੍ਹ ਦੁਧ ਪੀ ਕੇ ਜਿਹੜੇ ਬੜ੍ਹਕਦੇ ਸੀ । ਦੇਸ਼ ਲਈ ਸੀ ਜਿਹੜੇ ਸ਼ਹੀਦ ਹੋ ਗਏ, ਗੀਤ ਉਨਾਂ ਦੇ ਹੀ ਗਾਏ ਜਾ ਰਹੇ ਸਨ । ਕਿਧਰੇ ਬਣਦੀਆਂ ਸੀ ਪਈਆਂ ਯਾਦਗਾਰਾਂ, ਪਈਆਂ ਬਰਸੀਆਂ ਕਿਤੇ ਮਨਾ ਰਹੇ ਸਨ। ਸੰਗਮਰਮਰ ਦੇ ਬੁਤ ਬਣਾ ਦੇ ਸੋਹਣੇ, ਹਾਰ ਮੋਤੀਆਂ ਦੇ ਗਲੀਂ ਪਾ ਰਹੇ ਸਨ । ਉਹਨਾਂ ਕੌਮੀ ਪ੍ਰਵਾਨਿਆਂ ਦੀ ਕਬਰ ਉਤੇ ਲੋਕੀ ਘਿਓ ਦੇ ਦੀਵੇ ਜਗਾ ਰਹੇ ਸਨ । “ਅਰਸ਼ੀ” ਹਿੰਦੁਸਤਾਨ ਨੂੰ ਦੇਖ ਕੇ ਤੇ, ਮੇਰਾ ਸਵਰਗ ਦਾ ਮਾਤ ਖੁਆਬ ਹੋ ਗਿਆ । ਅਚਨਚੇਤ ਜਦ ਖੁਲ੍ਹ ਗਈ ਅੱਖ ਮੇਰੀ, ਉਲਟਾ ਉਸ ਵਿਚ ਇਨਕਲਾਬ ਹੋ ਗਿਆ ।

27. ਹਕੀਕਤ

ਮੈਂ ਝੱਖੜਾਂ ਦੇ ਨਾਲ ਟਕਰਾ ਕੇ ਦੇਖਿਆ । ਤੁਰੀ ਜਾਂਦੀ ਮੌਤ ਨੂੰ ਬੁਲਾ ਕੇ ਦੇਖਿਆ । ਗਮਾਂ ਕੋਲੋਂ ਫੇਰ ਵੀ ਨਹੀਂ ਪੱਲਾ ਛੁਟਿਆ, ਆਪਣਾ ਜਹਾਨ ਵੀ ਵਸਾ ਕੇ ਦੇਖਿਆ । ਇਸ਼ਕ ਤੋਂ ਗੁਨਾਹ ਦਾ ਦਾਗ਼ ਦੂਰ ਹੋਇਆ ਨਾ, ‘ਚੰਨ’ ਨਾਲ ਵੀ ਮੈਂ ਨੇਹੁੰ ਲਾ ਕੇ ਦੇਖਿਆ । ਇਸ਼ਕ ਦੇ ਅਨ੍ਹੇਰੇ ਵਿਚ ਕੁਝ ਨਾ ਦਿੱਸੇ, ਅੱਖਾਂ ਵਿਚ ਤਾਰਿਆਂ ਨੂੰ ਪਾ ਕੇ ਦੇਖਿਆ । ਓਥੇ ਮਹਿਬੂਬ ਦਾ ਨਾਂ ਸਾਇਆ ਦਿੱਸਿਆ । ਥਲਾਂ, ਬੀਆਬਾਨਾਂ ਨੂੰ ਮੈਂ ਗਾਹ ਕੇ ਦੇਖਿਆ । ਮਹਿਰਮ ਦਿਲਾਂ ਦਾ ਦਿਲ ਵਿਚੋਂ ਬੋਲਿਆ, ਜਦੋਂ ਜ਼ਰਾ ਧੌਣ ਨੂੰ ਝੁਕਾ ਕੇ ਦੇਖਿਆ । ਕਿਸੇ ਪ੍ਰਭਾਤ ਦੀ ਉਡੀਕ ਵਿਚ ਹੀ, ਅੱਖਾਂ ਵਿਚੋਂ ਰਾਤ ਨੂੰ ਲੰਘਾ ਕੇ ਦੇਖਿਆ । ਆਖ਼ਰ ਜਨੂੰਨ ਤਾਂ ਜਨੂੰਨ ਹੀ ਰਿਹੈ, ਅਕਲ ਨੂੰ ਖੈਰ ਅਜ਼ਮਾ ਕੇ ਦੇਖਿਆ । ਆਪਣੀਆਂ ਈ ਮਸਤੀਆਂ ਦੇ ਲੋਰ ਵਿਚ ਮੈਂ, ਜਾਮ ਵਿਚ ਖ਼ੂਨ ਛਲਕਾ ਕੇ ਦੇਖਿਆ । ਲਹਿਰਾਂ ਵਿਚ ਹੁੰਦਾ ਹੈ ਕਿਨਾਰਾ ਲਿਪਟਿਆ, ਭੰਵਰ ਤਕ ਬੇੜੀ ਨੂੰ ਲਿਜਾ ਕੇ ਦੇਖਿਆ । ਮੇਰੇ ਨਾਲੋਂ ਵਖ ਓਥੇ ਕੋਈ ਚੀਜ਼ ਨਹੀਂ, ਕਈ ਵਾਰੀ ਤੂਰ ਤੇ ਮੈਂ ਜਾ ਕੇ ਦੇਖਿਆ। ਜ਼ਿੰਦਗੀ ਦਾ ਨੂਰ ਝੱਟ ਮੁਸਕਰਾ ਪਿਆ, ਮੌਤ ਦਾ ਜਾਂ ਘੁੰਡ ਉਲਟਾ ਕੇ ਦੇਖਿਆ । ਆਪਣੀ ਆਈ ਤੇ ਜਦੋਂ ਕਦੇ ਆ ਗਿਆ, ਪੱਥਰਾਂ ਚੋਂ ਹੁਸਨ ਪ੍ਰਗਟਾ ਕੇ ਦੇਖਿਆ । ਮੱਥੇ ਦੀ ਲਿਖੀ ਤੋਂ ਬੇਨਿਆਜ਼ ਹੋ ਗਿਆ, ਇਹੋ ਜਿਹੀ ਲੋੜ ਹੈ ਬਣਾ ਕੇ ਦੇਖਿਆ । ਇਕ ਵਾਰੀ ਪੀ ਕੇ ਫੇਰ ਲੋੜ ਨਾ ਰਹੇ, ਇਹੋ ਜਿਹਾ ਨਸ਼ਾ ਮੈਂ ਚੜਾ ਕੇ ਦੇਖਿਆ । ਪੈਰਾਂ ਵਿਚ ਆ ਕੇ ਮੰਜ਼ਲਾਂ ਖਲੋ ਗਈਆਂ, ਹੋਣੀ ਨਾਲ ਅੱਖ ਜਾਂ ਮਿਲਾ ਕੇ ਦੇਖਿਆ ।

28. ਜੰਗ ਬਾਜ਼ ਨੂੰ !

ਰਿਸ਼ਮਾਂ ਨੂਰ ਦੀਆਂ ਵਿਚੋਂ ਛਣਦੀਆਂ ਨੇ, ਪਾਟ ਗਈ ਹੈ ਹਿੱਕ ਹਨੇਰਿਆਂ ਦੀ । ਲਾਲੀ ਪੂਰਬ ਦੇ ਮੂੰਹ ਤੇ ਭਖ਼ ਰਹੀ ਹੈ, ਆਮਦ ਦਿਸਦੀ ਸੁਰਖ ਸਵੇਰਿਆਂ ਦੀ । ਜਾਗ ਪਈ ਏ ਜ਼ਿੰਦਗੀ ਕਾਮਿਆਂ ਦੀ, ਨੇੜੇ ਜਾਪਦੀ ਮੌਤ ਲੁਟੇਰਿਆਂ ਦੀ । ਕੋਇਲਾਂ ਕੁਮਰੀਆਂ ਨੇ ਮਲੇ ਫੁਲ ਬੂਟੇ, ਆਈ ਘੰਡੀ ਵਿਚ ਜਾਨ ਫੁਲੇਰਿਆਂ ਦੀ । ਤਿੜਕ ਗਈ ਏ ਅਜ ਬੁਨਿਆਦ ਮੁਢੋਂ, ਇਹਨਾਂ ਮਹਿਲਾਂ ਦੇ ਉਚੇ ਬਨੇਰਿਆਂ ਦੀ । ਆਇਆ ਨੂਰ ਕੰਗਾਲਾਂ ਦੇ ਮੱਥਿਆਂ ਤੇ, ਉਡੀ ਆਬ ਧਨਾਢਾਂ ਦੇ ਚਿਹਰਿਆਂ ਦੀ । ਜਿਹੜੇ ਕੁਦ ਪਏ ਅਮਨ ਸੰਗਰਾਮ ਅੰਦਰ, ਦੀ ਧਾਂਕ ਪੈ ਗਈ ਉਹਨਾਂ ਦੇ ਜੇਰਿਆਂ ਦੀ । ਖ਼ੂਨੀ ਬਾਜ਼ਾਂ ਤੇ ਝਪਟਣਾ ਲੋੜਦੀ ਏ, ਫੌਜ ਘੁਗੀਆਂ ਅਤੇ ਬਟੇਰਿਆਂ ਦੀ । ਅਜੇ ਸਮਾਂ ਈ ਸਮਝ ਜਾ ਜੰਗ-ਬਾਜ਼ਾ ! ਸਾਨੂੰ ਖ਼ਬਰ ਇਰਾਦਿਆਂ ਤੇਰਿਆਂ ਦੀ । ਆਉਂਦਾ ਨਹੀਂ ਮਾਸੂਮਾਂ 'ਤੇ ਤਰਸ ਤੈਨੂੰ, ਤੈਨੂੰ ਸ਼ਰਮ ਨਹੀਂ ਬੁਢਿਆਂ ਠੇਰਿਆਂ ਦੀ । ਐਵੇਂ ਕਾਜ਼ੀਆ ਕਹਿਰ ਗੁਜ਼ਾਰਨਾ ਏਂ, ਬਣਨੀ ਕਦੇ ਵੀ ਹੀਰ ਨਹੀਂ ਖੇੜਿਆਂ ਦੀ । ਹੀਰੋਸ਼ੀਮਾਂ ਹੁਣ ਹੋਰ ਨਹੀਂ ਹੋ ਸਕੇਗਾ, ਸੁਖ ਭਾਲ ਤੂੰ ਆਪਣੇ ਡੇਰਿਆਂ ਦੀ । ਐਟਮ ਸੁਟਣ ਲਈ ਰੰਗਲੀਆਂ ਧਰਤੀਆਂ ਤੇ, ਜੁਰਤ ਪੈਣੀ, ਨਹੀਂ ਤੇਰੇ ਵਡੇਰਿਆਂ ਦੀ । ਮਿਲੂ ਲੋਕ ਕਚਹਿਰੀ ਵਿਚ ਸਜ਼ਾ ਤੈਨੂੰ, ਵਿਚ ਕੋਰੀਆ ਦੇ ਬੰਬ ਕੇਰਿਆਂ ਦੀ । ਜਾਗੇ ਅਸੀਂ ਤੇ ਜਾਗ ਪਈ ਮੌਤ ਤੇਰੀ, ਆਸ ਛਡ ਦੇ ਦਿਨਾਂ ਭਲੇਰਿਆਂ ਦੀ । ਮਹਿੰਦੀ ਖ਼ੂਨ ਦੇ ਵਿਚ ਨਹੀਂ ਵਟਣ ਦੇਣੀ, ਰਾਖੀ ਕਰਾਂਗੇ ਰੰਗਲੇ ਸਿਹਰਿਆਂ ਦੀ । ਕਾਲੇ ਪੀਲਿਆਂ ਨੇ ਮੂੰਹ ਦੀ ਖਾ ਬਹਿਣਾ, ਜਿੱਤ ਹੋਵੇਗੀ ਲੋਕ ਫਰੇਰਿਆਂ ਦੀ ।

29. ਅੱਜ ਇਨਸਾਨ ਭਗਵਾਨ ਹੋ ਰਿਹਾ

ਲਾਲ ਲਾਲ ਅੱਜ ਅਸਮਾਨ ਹੋ ਰਿਹਾ । ਕਿਆਮਤ ਦਾ ਕੋਈ ਹੈ ਸਾਮਾਨ ਹੋ ਰਿਹਾ । ਮਿੱਲ ਨਾਲ ਸਾਂਝ ਪੈ ਰਹੀ ਮਜੂਰ ਦੀ, ਧਰਤੀ ਦਾ ਮਾਲਕ ਕਿਸਾਨ ਹੋ ਰਿਹਾ । ਹੁਸਨਾਂ ਦੇ ਵਿਚ ਐਸੀ ਵਫਾ ਜਾਗ ਪਈ, ਤੱਕ ਕੇ ਇਸ਼ਕ ਵੀ ਹੈਰਾਨ ਹੋ ਰਿਹਾ । ਅੱਜ ਨਹੀਂ ਕਿਨਾਰਿਆਂ ਦੀ ਖੈਰ ਦਿਸਦੀ, ਕੱਲਾ ਕੱਲਾ ਕਤਰਾ ਤੂਫ਼ਾਨ ਹੋ ਰਿਹਾ । ਝੂਲਦੇ ਛਤਰ ਕਾਮਿਆਂ ਦੇ ਸਿਰਾਂ ਤੇ, ਅੱਜ ਰੜੇ ਰਾਜਿਆਂ ਦਾ ਘਾਣ ਹੋ ਰਿਹਾ । ਚੁੰਮਦਾ ਸੀ ਜਿਹੜਾ ਧੌਲਰ ਆਕਾਸ਼ਾਂ ਨੂੰ, ਅੱਜ ਬਿਲਕੁਲ ਬੇ-ਨਿਸ਼ਾਨ ਹੋ ਰਿਹਾ । ਕਹਿ ਦਿਓ ਅਕਲ ਨੂੰ ਕਿਨਾਰੇ ਹੋ ਜਾਵੇ, ਜਜ਼ਬਾ ਜਨੂੰਨ ਦਾ ਜਵਾਨ ਹੋ ਰਿਹਾ । ਕਰੇਗਾ ਜੋ ਕੰਮ ਉਹੀ ਪੇਟ ਭਰੇਗਾ, ਅਜ ਨਵੇਂ ਯੁਗਾਂ ਦਾ ਐਲਾਨ ਹੋ ਰਿਹਾ। ਆਕੜੀਆਂ ਧੌਣਾਂ ਅੱਜ ਟੁਟ ਜਾਣੀਆਂ, ਝੁਕਿਆ ਸੀ ਜਿਹੜਾ ਸਾਵਧਾਨ ਹੋ ਰਿਹਾ । ਮਿਟ ਜਾਊਗੀ ਧੁੰਦ ਢੇਰ ਹੋਊ ਚਾਨਣਾ, ਦੁਨੀਆਂ ’ਚ ਸੱਚ ਪ੍ਰਧਾਨ ਹੋ ਰਿਹਾ । ਚੰਦ ਲੁਚੇ ਲੰਡੇ ਇਕ ਪਾਸੇ ਹੋ ਗਏ, ਦੂਜੇ ਪਾਸੇ ਸਾਰਾ ਹੀ ਜਹਾਨ ਹੋ ਰਿਹਾ । ਐਟਮਾਂ ਦਾ ਜ਼ੋਰ ਉਕਾ ਮੁਕ ਜਾਏਗਾ, ਇਹੋ ਜਿਹਾ ਅਮਨ ਅਮਾਨ ਹੋ ਰਿਹਾ । ਪਿੰਜਰੇ 'ਚ ਬੰਦ ਹੋ ਰਹੇ ਸੱਯਾਦ ਨੇ, ਬੁਲਬੁਲਾਂ ਦਾ ਅੱਜ ਗੁਲਸਤਾਨ ਹੋ ਰਿਹਾ । ਸਾਗਰਾਂ ਤੋਂ ਵੱਖ ਲਹਿਰਾਂ ਦਾ ਵਜੂਦ ਨਹੀਂ, ਮੈਨੂੰ ਇਸ ਗੱਲ ਦਾ ਗਿਆਨ ਹੋ ਰਿਹਾ । ਖ਼ਤਰੇ 'ਚ ਪੈ ਗਈ ਵਡਿਆਈ ਰੱਬ ਦੀ, ਅੱਜ ਇਨਸਾਨ ਭਗਵਾਨ ਹੋ ਰਿਹਾ।

30. ਹਨੇਰਾ ਤੇ ਚਾਨਣ

ਸਦੀਆਂ ਦੇ ਸੁੱਤਿਓ ! ਜਾਗੋ ਹੁਣ ਕੋਈ ਨਵਾਂ ਸਵੇਰਾ ਆਇਆ ਏ । ਨ੍ਹੇਰੇ ਦੇ ਪਰਦੇ ਪਾਟ ਗਏ, ਚਾਨਣ ਨੇ ਡੇਰਾ ਲਾਇਆ ਏ । ਨ੍ਹੇਰੇ ਵਿਚ ਬੜੇ ਭੁਲੇਖੇ ਸੀ, ਅਸੀਂ ਜਾਣ ਨਾ ਸਕੇ ਚਲਾਕੀ ਨੂੰ । ਖਾ ਕੇ ਪੁੜੀ ਧਤੂਰੇ ਦੀ, ਰਹੇ ਗਾਲ੍ਹਾਂ ਕੱਢਦੇ ਸਾਕੀ ਨੂੰ । ਨ੍ਹੇਰੇ ਦੀ ਸਾਰੀ ਬਰਕਤ ਸੀ, ਪਹਿਚਾਣ ਸਕੇ ਨਾ ਵੀਰਾਂ ਨੂੰ । ਚਾਨਣ ਦਾ ਭੁਲੇਖਾ ਖਾਂਦੇ ਰਹੇ, ਤਕ ਲਿਸ਼ਕਦੀਆਂ ਸ਼ਮਸ਼ੀਰਾਂ ਨੂੰ । ਨ੍ਹੇਰੇ ਵਿਚ ਆ ਕੇ ਅੰਨ੍ਹਿਆਂ ਨੇ, ਆਪਣੀਆਂ ਬਾਂਹਾਂ ਭੰਨ ਲਈਆਂ । ਦੁਸ਼ਮਣ ਨੇ ਮੂੰਹੋਂ ਕਹੀਆਂ ਜੋ, ਸਤਿ-ਬਚਨ ਆਖ ਕੇ ਮੰਨ ਲਈਆਂ । ਨ੍ਹੇਰੇ ਵਿਚ ਸਭ ਕੁਝ ਹੋ ਚੁੱਕਾ, ਹੁਣ ਚਾਨਣ ਦੇ ਵਿਚ ਹੋਣਾ ਨਹੀਂ । ਇਸ ਨਵੇਂ ਯੁਗ ਦੇ ਰਥ ਅਗੇ, ਅੜ ਕੇ ਤੇ ਕਿਸੇ ਖਲੋਣਾ ਨਹੀਂ । ਪਰ ਮੈਂ ਅਜ ਵੀ ਵੇਂਹਦਾ ਹਾਂ, ਕਈ ਆਪਸ ਦੇ ਵਿਚ ਖੈਂਹਦੇ ਨੇ । ਉਹ ਮੀਟ ਮੀਟ ਕੇ ਅੱਖਾਂ ਨੂੰ, ‘ਚੜ੍ਹਿਆ ਨਹੀਂ ਸੂਰਜ’ ਕਹਿੰਦੇ ਨੇ । ਕਈ ਅਜੇ ਵੀ ਚਾਨਣ ਕਹਿ ਕਹਿ ਕੇ, ਹਨੇਰ ਫੈਲਾਈ ਜਾਂਦੇ ਨੇ । ਕਈ ਮਜ਼੍ਹਬ ਦਾ ਲਾਰਾ ਲਾ ਲਾ ਕੇ, ਜਜ਼ਬੇ ਭੜਕਾਈ ਜਾਂਦੇ ਨੇ । ਕਈ ਅਜੇ ਵੀ ਕੋਸ਼ਿਸ਼ ਕਰਦੇ ਨੇ, ਮਜ਼ਦੂਰ ਦੀ ਰੱਤ ਨਚੋੜਨ ਦੀ । ਕਈ ਅਜੇ ਵੀ ਸਲਾਹਾਂ ਕਰਦੇ ਨੇ, ਕ੍ਰਿਸਾਨ ਦੀ ਗਰਦਨ ਤੋੜਨ ਦੀ । ਪਰ ਭੋਲਿਆਂ ਨੂੰ ਕੁਝ ਪਤਾ ਨਹੀਂ, ਕ੍ਰਿਸਾਨ ਦਿਆਂ ਵਲ ਵਿੰਗਾਂ ਦਾ। ਇਕ ਸਿੰਗ ਤੇ ਧਰਤ ਖਲੋਤੀ ਹੈ, ਇਹ ਮਾਲਕ ਹੈ ਚਹੁੰ ਸਿੰਗਾਂ ਦਾ । ਕਈ ਅਜੇ ਵੀ ਚਾਨਣ ਲਭਦੇ ਨੇ, ਮੂਰਖ ਬਣ ਰਹੇ ਚਰਾਗਾਂ ਤੋਂ। ਕਈ ਖਾਣ ਭੁਲੇਖੇ ਹੁਸਨਾਂ ਦੇ, ਚਿਹਰੇ ਦੇ ਕਾਲੇ ਦਾਗਾਂ ਤੋਂ। ਝੁਗੀਆਂ ਚੋਂ ਝੱਖੜ ਝੁਲੇ ਨੇ, ਮਹਿਲਾਂ ਦੇ ਬਨੇਰੇ ਕੰਬਣੇ ਨੇ । ਝੁਗੀਆਂ ਦੇ ਜਾਲੇ ਲੱਥ ਗਏ ਨੇ, ਮਹਿਲਾਂ ਦੇ ਲਾਟੂ ਝੰਮਣੇ ਨੇ । ਕਈ ਪਾਵੇ ਫੜ ਫੜ ਤਖਤਾਂ ਦੇ, ਡਿੱਗਣ ਤੋਂ ਵੇਚਣ ਤਾਜਾਂ ਨੂੰ । ਕਈ ਅਜੇ ਵੀ ਸਾਂਭੀ ਬੈਠੇ ਨੇ, ਇਹ ਬੋਦੇ ਸ਼ਖਸੀ ਰਾਜਾਂ ਨੂੰ । ਨ੍ਹੇਰੇ ਵਿਚ ਕਿਸੇ ਨੇ ਗੌਲਿਆ ਨਾ, ਇਹ ਮਨ ਆਈਆਂ ਹੀ ਕਰਦੇ ਰਹੇ । ਤਦਬੀਰ ਕਿਸੇ ਨੂੰ ਸੁਝੀ ਨਾ, ਤਕਦੀਰ ਆਖ ਕੇ ਜਰਦੇ ਰਹੇ । ਚਾਨਣ ਦੀਆਂ ਕਿਰਨਾਂ ਤਕ ਕੇ ਤੇ, ਮਜ਼ਦੂਰ ਦੇ ਡੌਲੇ ਤਣ ਗਏ ਨੇ । ਕਤਰੇ ਸੀ ਜਿਹੜੇ ਪਸੀਨੇ ਦੇ, ਤੂਫ਼ਾਨ ਅਨੋਖਾ ਬਣ ਗਏ ਨੇ । ਹੁਣ ਗਲ ਇਹ ਬਿਲਕੁਲ ਸਾਬਤ ਹੈ, ਕਿ ਪੂੰਜੀਦਾਰੀ ਰਹਿਣੀ ਨਹੀਂ । ਹੁਣ ਧੌਂਸ ਬੰਦੇ ਨੇ ਬੰਦੇ ਦੀ, ਚੁਪ ਕਰਕੇ ਮਿੱਤਰੋ ! ਸਹਿਣੀ ਨਹੀਂ । ਟਾਟੇ, ਬਾਟੇ, ਬਿਰਲਿਆਂ ਦੀ, ਤੇ ਜੈਨਾਂ ਅਤੇ ਬਜਾਜਾਂ ਦੀ। ਇਹ ਨੜੇ ਨਵਾਬਾਂ ਚੌਧਰੀਆਂ ਦੀ, ਰਾਜੇ ਤੇ ਅਧਿਰਾਜਾਂ ਦੀ। ਹੁਣ ਇਸ ਯੁਗ ਵਿਚ ਥਾਂ ਨਹੀਂ, ਇਹ ਜਾਣ ਜਿਧਰ ਨੂੰ ਜਾਣਾ ਏ । ਹੁਣ ਰਾਜ ਸਿੰਘਾਸਣ ਮੱਲਣੇ ਨੇ, ਮਜ਼ਦੂਰਾਂ ਤੇ ਕ੍ਰਿਸਾਨਾਂ ਨੇ।

31. ਪਿਆਰ-ਭੁੱਖ

ਮੇਰੀਏ ਚੰਨੀਏਂ ! ਅੱਜ ਮੈਂ ਤੈਨੂੰ, ਹਾਂ ਇਕ ਗੱਲ ਸੁਨਾਣੀ ਚਾਹੁੰਦਾ । ਫੋਲ ਕੇ ਦਿਲ ਦੀ ਨੁੱਕਰ ਨੁੱਕਰ, ਤੈਨੂੰ ਅੱਜ ਵਿਖਾਣੀ ਚਾਹੁੰਦਾ । ਮੈਂ ਹਾਂ ਭੁੱਖਾ ਅਤ ਗ਼ਰੀਬ, ਮੇਰੀ ਕੋਈ ਜਾਇਦਾਦ ਵੀ ਨਾਹੀਂ। ਇਹ ਵੀ ਪਤਾ ਨਹੀਂ ਕੁਦਰਤ ਵਲੋਂ, ਭੁਖਿਆਂ ਅਤੇ ਗ਼ਰੀਬਾਂ ਤਾਈਂ- ਪਿਆਰ ਕਰਨ ਦਾ ਹੱਕ ਵੀ ਮਿਲਿਆ, ਜਾਂ ਹੈ ਹੋਈ ਮਨਾਹੀ । ਅਜ ਤੀਕਰਾਂ ਏਸ ਰਾਹ ਤੇ, ਜਿੰਨੇ ਵੀ ਹਨ ਚੱਲੇ । ਬੜੀਆਂ ਇਜ਼ਤਾਂ ਅਤੇ ਦੌਲਤਾਂ, ਹੈਸਨ ਸਭ ਦੇ ਪੱਲੇ । ਚੌਧਰੀਆਂ ਦੇ ਪੁੱਤ, ਪੋਤਰੇ, ਜਾਂ ਸਨ ਸਾਰੇ ਰਾਜ-ਕੁਮਾਰ । ਪੈਰਾਂ ਹੇਠ ਜਿਨ੍ਹਾਂ ਦੇ ਰੁਲਦੇ, ਹੀਰੇ ਅਤੇ ਜਵਾਹਰ । ਵੱਖਰੀ ਗੱਲ ਹੈ, ਨਾਲ ਖੁਸ਼ੀ ਦੇ, ਬਣ ਗਏ ਉਹ ਘੁਮਿਆਰ । ਜੋ ਪਰ ਚਾਂਹਦੇ, ਸਭ ਕੁਝ ਛੱਡ ਕੇ, ਲਾ ਸਕਦੇ ਸਨ ਉਹ ਦਰਬਾਰ । ਪਰ ਮੈਂ ਤੇਰੇ ਕੋਲੋਂ ਚੰਨੀਏ ! ਜਾ ਕੇ ਕਿਤੇ ਵੀ ਰਹਿ ਨਹੀਂ ਸਕਦਾ । ਤਾਜ ਮੈਨੂੰ ਕੋਈ ਮਿਲਣਾ ਨਾਹੀਂ, ਤਖਤ ਕਿਸੇ ਤੇ ਬਹਿ ਨਹੀਂ ਸਕਦਾ। ਮੈਂ ਹਾਂ ਭੁੱਖਾ ਅਤ ਗਰੀਬ, ਮੇਰੀ ਕੋਈ ਜਾਇਦਾਦ ਵੀ ਨਾਹੀਂ। ਇਹ ਵੀ ਪਤਾ ਨਹੀਂ ਕੁਦਰਤ ਵਲੋਂ, ਭੁਖਿਆਂ ਅਤੇ ਗਰੀਬਾਂ ਤਾਈਂ, ਪਿਆਰ ਕਰਨ ਦਾ ਹੱਕ ਵੀ ਮਿਲਿਆ, ਜਾਂ ਹੈ ਕਰੀ ਮਨਾਹੀ । ਏਸ ਲਈ ਮੈਂ ਤੈਨੂੰ ਚੰਨੀਏਂ ! ਸੋਨੇ ਵਿਚ ਮੜ੍ਹਾ ਨਹੀਂ ਸਕਣਾ । ਤੇਰੀ ਮੋਈ ਦੀ ਕਬਰ ਦੇ ਉਤੇ, ‘ਰੌਜ਼ਾ’ ਕੋਈ ਬਣਾ ਨਹੀਂ ਸਕਣਾ । ਤੇਲ ਪਾਣ ਲਈ ਹੈ ਨਹੀਂ ਪੈਸੇ, ਦੀਵਾ ਕੋਈ ਜਲਾ ਨਹੀਂ ਸਕਣਾ । ਫੁੱਲ ਵੀ ਏਥੇ ਮੁੱਲ ਵਿਕਦੇ ਨੇ, ਉਹ ਵੀ ਕੋਈ ਚੜ੍ਹਾ ਨਹੀਂ ਸਕਣਾ । ਮੈਂ ਹਾਂ ਭੁਖਾ ਅਤੇ ਗਰੀਬ ... ... ... ... ... ... ਅਜੇ ਤੀਕਰਾਂ ਪਿਆਰ ਚੰਨੀਏਂ ! ਚਾਂਦੀ ਦੇ ਨਾਲ ਤੋਲਿਆ ਜਾਂਦੈ । ਜਿਹੜਾ ਇਸ ਤੇ ਘਟ ਉਤਰਦਾ, ਪੈਰਾਂ ਹੇਠਾਂ ਰੋਲਿਆ ਜਾਂਦੈ । ਅਜੇ ਪਿਆਰ ਨੂੰ ਕੀਲਿਆ ਜਾਂਦੈ, ਏਸ ‘ਰੁਪਏ’ ਦੀਆਂ ਜੂਹਾਂ ਅੰਦਰ, ਅਜੇ ਏਸ ਦੀ ਛਣ ਛਣ ਚੰਨੀਏ ! ਭੈਜਲ ਲਿਆਉਂਦੀ ਰੂਹਾਂ ਅੰਦਰ, ਏਸ ਲਈ ਤੂੰ ਸੋਚ ਸਮਝ ਕੇ, ਏਧਰ ਕਦਮ ਉਠਾਈਂ । ਮੈਂ ਹਾਂ ਭੁਖਾ ਅਤ ਗਰੀਬ, ਮੇਰੀ ਕੋਈ ਜਾਇਦਾਦ ਵੀ ਨਾਹੀਂ। ਇਹ ਵੀ ਪਤਾ ਨਹੀਂ ਕੁਦਰਤ ਵਲੋਂ, ਭੁਖਿਆਂ ਅਤੇ ਗਰੀਬਾਂ ਤਾਈਂ, ਪਿਆਰ ਕਰਨ ਦਾ ਹੱਕ ਵੀ ਮਿਲਿਆ ਜਾਂ ਹੈ ਕਰੀ ਮਨਾਹੀ ।

32. ਪ੍ਰਸੰਸਾ-ਖੁਸ਼ਾਮਦ

ਓ ਲਾਲ ਗੁਲਾਬੀ ਫੁੱਲਾ ! ਮੈਂ ਤੇਰੇ ਸਾਹਵੇਂ ਬਹਿ ਕੇ, ਕੁਝ ਕਰਨੀਆਂ ਚਾਹੁੰਨਾਂ ਗੱਲਾਂ । ਤੂੰ ਹੁਸਨ ਦੀ ਮੂਰਤ, ਤੂੰ ਪਿਆਰ ਦੀ ਸੂਰਤ । ਤੂੰ ਰੱਬ ਦਾ ਦਿਲ ਹੈਂ, ਕੁਦਰਤ ਦਾ ਘਰ ਹੈਂ । ਦੁਨੀਆਂ ਦੀਆਂ ਸਭ ਚੰਗਿਆਈਆਂ, ਤੇਰੇ ਵਿਚ ਸਿਮਟ ਕੇ ਆਈਆਂ ਤੂੰ ਚੰਗਾ ਲਗਦੈਂ ਮੈਨੂੰ, ਤੂੰ ਖਿਚਾਂ ਪਾਉਨੈਂ ਮੈਨੂੰ । ਤੂੰ ਤੁਣਕੇ ਲਾਉਨੈਂ ਮੈਨੂੰ । ਤੂੰ ਧੂਹਾਂ ਪਾਉਨੈਂ ਮੈਨੂੰ । ਓ ਲਾਲ ਗੁਲਾਬੀ ਫੁੱਲਾ ! ਜੇ ਤੂੰ ਖਿਲ ਜਾਵੇਂ, ਤਾਂ ਮੈਂ ਖਿਲ ਜਾਵਾਂ । ਜੀ ਕਰਦਾ ਏ ਤੱਕੀ ਜਾਵਾਂ, ਤੱਕੀ ਜਾਵਾਂ । ਤੇਰੇ ਹੁਸਨ ਨੂੰ ਵੇਚਾਂ, ਮੈਂ ਨਹੀਂ ਵਪਾਰੀ । ਤੇਰੇ ਖ਼ੂਨ ਚ ਨਾਹਵਾਂ, ਮੈਂ ਨਹੀਂ ਪਸਾਰੀ । ਤੇਰੀ ਛਾਤੀ ਵਿੰਨ੍ਹਾਂ, ਨਹੀਂ ਕੱਚੀ ਯਾਰੀ । ਓ ਲਾਲ ਗੁਲਾਬੀ ਫੁੱਲਾ ! ਬਸ ! ਤੈਥੋਂ ਏਨਾ ਹੀ ਚਾਹਵਾਂ ! ਵੇਖੀ ਜਾਵਾਂ, ਹਾਂ ਵੇਖੀ ਜਾਵਾਂ । ਬੱਸ, ਇਹ ਸਨ ਗੱਲਾਂ, ਚੋ ਕਿੰਨੇ ਚਿਰ ਤੋਂ, ਸਾਂ ਕਹਿਣੀਆਂ ਚਾਹੁੰਦਾ, ਡਰਦਾ ਸਾਂ ਇੱਕੇ ਗਲੋਂ, ਕਿ ਇਹ ਮੇਰੀ ਪ੍ਰਸੰਸਾ, ਨਾ ਕਿਤੇ ਖੁਸ਼ਾਮਦ ਦੇ ਬਣ ਜਾਏ । ਇਹ ਸੋਹਲ ਜਿਹੀ, ਮਲੂਕ ਜਿਹੀ ਜਿੰਦੜੀ, ਖ਼ੁਦਗਰਜ਼ੀ ਦੀ ਤੱਤੀ ਲੂਅ ਨਾਲ ਕਿਤੇ ਲੂਹੀ ਨਾ ਜਾਏ ।

33. ਲੇਕ ਦੀਆਂ ਲਹਿਰਾਂ

(ਇਹ ਕਵਿਤਾ ਕਲਕੱਤੇ ਦੀ ਪ੍ਰਸਿਧ ਲੇਕ (ਝੀਲ) ਦੇ ਕਿਨਾਰੇ ਬਣ ਕੇ ਨੱਚਦੀਆਂ ਲਹਿਰਾਂ ਨੂੰ ਤੱਕ ਕੇ ਲਿਖੀ ਗਈ) ਇਸ ਸ਼ਾਂਤ ਲੇਕ ਦੀ ਹਿੱਕ ਵਿਚੋਂ, ਕੀ ਉਠਦੀ ਏ ਘਬਰਾਹਟ ਜਿਹੀ । ਜਦ ਉਤੇ ਤਹਿ ਦੇ ਆਉਂਦੀ ਏ, ਛਿੜ ਪੈਂਦੀ ਇਕ ਝਰਨਾਟ ਜਿਹੀ । ਸੱਜ-ਵਿਆਹੀ ਹੂਰ ਵਾਂਗ, ਇਹ ਮਚਲ ਮਚਲ ਕੇ ਤੁਰਦੀ ਏ । ਪਈ ਲਿਟਦੀ ਲੇਕ ਦੀ ਛਾਤੀ ਤੇ, ਕੋਈ ਸਾਂਝ ਏਸ ਨਾਲ ਧੁਰ ਦੀ ਏ । ਉਸ ! ਇਕ ਨਹੀਂ ਇਹ ਕਿੰਨੀਆਂ ਹੀ, ਰਲਕੇ ਤੇ ਗਿੱਧਾ ਪਾ ਰਹੀਆਂ । ਇਹ ਚੁਲਬੁਲ ਚੁਲਬੁਲ ਕਰ ਕੇ ਤੇ, ਕੋਈ ਗੀਤ ਇਲਾਹੀ ਗਾ ਰਹੀਆਂ । ਇਹ ਕਿਸੇ ਦੀ ਯਾਦ ’ਚ ਔਸੀਆਂ ਨੇ, ਜੋ ਪੈ ਪੈ ਕੇ ਤੇ ਮਿਟਦੀਆਂ ਨੇ । ਯਾ ਨਵੇਂ ਮੇਲੇ ਵਿਚ ਹੋ ਪਾਗਲ, ਇਹ ਖੁਸ਼ੀਆਂ ਕਿਧਰੇ ਲਿਟਦੀਆਂ ਨੇ । ਇਹ ਕਵਿਤਾ ਦੀਆਂ ਸਤਰਾਂ ਨੇ, ਜਾਂ ਸੱਧਰਾਂ ਕਿਸੇ ਕੁਆਰੀ ਦੀਆਂ । ਜਾਂ ਹੱਡ-ਬੀਤੀ ਦੀਆਂ ਲਿਖਤਾਂ ਨੇ, ਤੇ ਇਹ ਕਿਸੇ ਬ੍ਰਿਹੋਂ ਦੀ ਮਾਰੀ ਦੀਆਂ । ਕਵਿਤਾ ਦੀ ਹਿੱਕ ਤੇ ਵਲ ਪਾਏ, ਕਿਸੇ ਕਵੀ ਦੀ ਨਾਜ਼ਕ ਖਿਆਲੀ ਨੇ । ਜਾਂ ਵਾਹ ਸੁੱਟੇ ਇਹ ਵਾਲ ਘੁੰਗਰੇ, ਕਿਸੇ ਅਦਾਵਾਂ ਵਾਲੀ ਨੇ । ਚੜ੍ਹਦੀ ਉਮਰ, ਜੁਆਨੀ ਦੀਆਂ, ਇਹ ਤਾਂਘਾਂ ਭਰੀਆਂ ਆਸਾਂ ਨੇ । ਜਾਂ ‘ਆਉਣ ਵਾਲੇ’ ਦੇ ਸੁਪਨੇ ਨੇ, ਜਾਂ ‘ਬੀਤ ਗਏ’ ਦੀਆਂ ਲਾਸ਼ਾਂ ਨੇ । ਇਹ ਜ਼ੁਲਫ਼ਾਂ ਕਿਸੇ ਹੁਸੀਨ ਦੀਆਂ, ਵਿਚ ਪਾਈ ਚਮਕ ਪਿਆਰਾਂ ਨੇ । ਜਾਂ ਮਸਤ ਕਿਸੇ ਦੇ ਨੈਣਾਂ ਵਿਚ, ਇਹ ਕੱਜਲ ਦੀਆਂ ਧਾਰਾਂ ਨੇ ! ਕੀ ਇਨ੍ਹਾਂ ਨੂੰ ਲਹਿਰਾਂ ਆਖਾਂ ਮੈਂ, ਜਾਂ ਕਹਾਂ ਉਮੰਗਾਂ ਲੇਕ ਦੀਆਂ । ਜਾਂ ਕੁੜੀਆਂ ‘ਢਾਕ ਬੰਗਾਲ’ ਦੀਆਂ, ਲੁਕ ਲੁਕ ਕੇ ਮੈਨੂੰ ਵੇਖਦੀਆਂ । ਜਦ, ਲੇਕ ਦੇ ਕੰਢੇ ਬਹਿ ਕੇ ਤੇ, ਤੱਕਾਂ ਇਨ੍ਹਾਂ ਨਾਜ਼ਾਂ ਭਰੀਆਂ ਨੂੰ । ਮੈਂ ਦਿਲ ਇਨ੍ਹਾਂ ਨੂੰ ਦੇ ਬਹਿਨਾਂ, ਭੁੱਲ ਜਾਨਾਂ ਹੂਰਾਂ ਪਰੀਆਂ ਨੂੰ । ਇਹ ਉਛਲ ਉਛਲ ਕੇ ਦਸਦੀਆਂ ਨੇ, ਵਧਣਾ ਤੇ ਫੁਲਣਾ, ਜੀਵਨ ਹੈ। ਤੇ ਰਹਿ ਰਹਿ ਕੇ ਦਰਸਾਂਦੀਆਂ ਨੇ, ‘ਆਪਾ’ ਨਾ ਭੁਲਣਾ, ਜੀਵਨ ਹੈ । ਕਿਉਂ ਭਜ ਭਜ ਕਮਲੀਆਂ ਹੁੰਦੀਆਂ ਨੇ, ਤੇ ਹੋਰ ਢੁੰਡਾਊ ਕਿਸ ਦੀਆਂ ਨੇ । ਇਹ ‘ਸੋਹਣੀਆਂ’ ‘ਹੀਰਾਂ’ ਰਲ ਕੇ ਤੇ, ਚਾਕਾਂ ਦੀ ਭਾਲ 'ਚ ਦਿਸਦੀਆਂ ਨੇ । ਹਟ ਜੋ, ਵੇ ਕੰਢਿਓ ਬੇ-ਦਰਦੋ ! ਕਿਉਂ ਘੁਟਦੇ ਹੋ ਅਰਮਾਨਾਂ ਨੂੰ । ਜਿਧਰ ਇਹ ਜਾਣਾ ਚਾਹੁੰਦੀਆਂ ਨੇ, ਜਾਣ ਦਿਉ ਇਨ੍ਹਾਂ ਰਕਾਨਾਂ ਨੂੰ ।

34. ਸ਼ਿਕਵਾ

ਤੇਰੇ ਆਗਮਨ ਦੀ ਨਾਨਕ ! ਸੋਅ ਸੁਣ ਕੇ, ਜ਼ੱਰਾ ਜ਼ੱਰਾ ਅਜ ਖ਼ੁਸ਼ੀ ਮਨਾਉਂਦਾ ਏ । ਚਾਅ ਚੁਕਿਆ ਜਾਂਦਾ ਨਹੀਂ ਸੇਵਕਾਂ ਦਾ, ਜਾਮੇ ਵਿਚ ਨਾ ਕੋਈ ਸਮਾਉਂਦਾ ਏ । ਕੋਈ ਤੇਰੀ ਤਸਵੀਰ ਨੂੰ ਫੁੱਲ ਚਾੜ੍ਹੇ, ਕੋਈ ਅੱਖਾਂ ਦੇ ਮੋਤੀ ਲੁਟਾਉਂਦਾ ਏ । ਤੇਰੇ ਨਾਮ ਤੇ ਕੋਈ ਨਿਆਜ਼ ਵੰਡੇ, ਕੋਈ ਸੋਨੇ ਦੇ ਕਲਸ ਚੜ੍ਹਾਉਂਦਾ ਏ । ਮੈਂ ਭੀ ਸੋਚਦਾ ਹਾਂ ਅਜ ਕੀ ਦੇਵਾਂ ? ਇਕ ਅਤ ਗਰੀਬ ਮਜ਼ਦੂਰ ਹਾਂ ਮੈਂ । ਖਿਮਾ ਕਰੀਂ ਜੇ ਅੱਜ ਕੁਝ ਆਖ ਬੈਠਾ, ਅਜ ਕੁਝ ਕਹਿਣ ਦੇ ਲਈ ਮਜਬੂਰ ਹਾਂ ਮੈਂ ! ‘ਜੇ ਕਰ ਹੁੰਦਾ ਮੈਂ ਮਾਲਕ ਮੁਰੱਬਿਆਂ ਦਾ, ਮੈਂ ਵੀ ਸੋਨੇ ਦੇ ਛੱਬੇ ਚੜ੍ਹਾ ਦੇਂਦਾ । ਖ਼ੂਨ ਕਿਸੇ ਭਰਾ ਦਾ ਚੂਸ ਲੈਂਦਾ, ਅਜ ਪਾਣੀ ਦੇ ਵਾਂਗ ਵਹਾ ਦੇਂਦਾ । ਕੀ ਕਰਾਂ ਇਹ ਪਿੰਜਰ ਵੀ ਸੁੱਕ ਗਿਆ ਏ, ਚਰਬੀ ਨਾਲ ਹੀ ਜੋਤ ਜਗਾ ਦੇਂਦਾ । ਮੈਂਨੂੰ ਜਿਉਂਦਿਆਂ ‘ਫੁੱਲ’ ਵੀ ਨਹੀਂ ਮਿਲਦੇ, ਨਹੀਂ ਤਾਂ ਉਹੋ ਹੀ ਭੇਟ ਚੜ੍ਹਾ ਦੇਂਦਾ । ਮੈਂ ਤਾਂ ਆਪਣੇ ਲਾਲ ਲੁਟਾ ਚੁੱਕਾਂ, ਤੇਰੀਆਂ ਬਖਸ਼ੀਆਂ ਹੋਈਆਂ ਕੰਗਾਲੀਆਂ ਤੋਂ । ਮੇਰੇ ਕੋਲ ਨਹੀਂ ਚੌਲਾਂ ਦੇ ਭਰੇ ਕੋਠੇ, ਦੱਬ ਕੇ ਰੱਖੇ ਹੋਏ ਭੁੱਖੇ ਬੰਗਾਲੀਆਂ ਤੋਂ। ਪੂੰਜੀਦਾਰੀ ਦੇ ਝੱਖੜਾਂ ਵਿਚ ਆ ਕੇ, ਸਾਰੇ ਗਏ ਨੇ ਬੁੱਝ ਚਰਾਗ ਮੇਰੇ । ਮੇਰੇ ਜੀਵਨ ਤੇ ਮੱਸਿਆ-ਰਾਤ ਪੈ ਗਈ, ਉਠਣੋਂ ਪਹਿਲਾਂ ਹੀ ਸੌਂ ਗਏ ਭਾਗ ਮੇਰੇ । ਐਸੀ ਬਿਜਲੀ ਮਾਯੂਸੀ ਦੀ ਆਣ ਕੜਕੀ, ਸਾਰੇ ਆਸਾਂ ਦੇ ਉੱਜੜ ਗਏ ਬਾਗ ਮੇਰੇ । ਮੇਰੇ ਕੋਲ ਰਹਿ ਗਈ ਰਾਸ ਹਉਕਿਆਂ ਦੀ, ਜਾਂ ਇਹ ਪੂੰਜੀ ਹੈ ਦਿਲ ਦੇ ਦਾਗ ਮੇਰੇ । ਮੇਰੇ ਨੈਣਾਂ ਵਿਚ ਤੇਰੇ ਲਈ ਬੜੀ ਸ਼ਰਧਾ, ਪਰ ਉਹ ਹੰਝੂਆਂ ਦੇ ਵਿਚ ਘੁਲ ਗਈ ਏ । ਤੇਰੀ ਜੋਦੜੀ ਮੈਂ ਵੀ ਸੀ ਕਰਨ ਲੱਗਾ, ਉਹ ਵੀ ਆਹਾਂ ਦੇ ਵਿਚ ਹੀ ਰੁਲ ਗਈ ਏ । ਤੇਰੇ ਸਬਕ ਨੂੰ ਛਿੱਕੇ ਤੇ ਟੰਗ ਕੇ ਤੇ, ‘ਸੱਜਨ’ ਫੇਰ ਅਜ ਠੱਗੀ ਕਮਾਈ ਜਾਂਦੈ । ਨੱਕ-ਜਿੰਦ ‘ਮਰਦਾਨੇ’ ਦੇ ਆਈ ਹੋਈ ਏ, ‘ਕੌਡਾ’ ਫੇਰ ਕੜਾਹੇ ਤਪਾਈ ਜਾਂਦੈ । ਭੁੱਲ ਗਈ ਹੈ ਸਾਂਝ ਮਨੁੱਖਤਾ ਦੀ, ਤਕੜਾ ਮਾੜਿਆਂ ਨੂੰ ਫੇਰ ਢਾਈ ਜਾਂਦੈ । ਅੱਵਲ ਅੱਲਾ ਦੇ ਨੂਰ ਨੂੰ ਪਿੱਠ ਦੇ ਕੇ, ਬਾਬਰ ਫੇਰ ਅਨ੍ਹੇਰ ਮਚਾਈ ਜਾਂਦੈ । ਸੱਚ ਚੰਦ੍ਰਮਾ ਕਿਤੇ ਨਾ ਨਜ਼ਰ ਆਵੇ , ਕੂੜ ਦਿਸਦਾ ਏ ਫੇਰ ਪ੍ਰਧਾਨ ਹੋਇਆ । ਗੁੱਡੀ ‘ਮਲਕ’ ਦੀ ਫੇਰ ਅਜ ਚੜ੍ਹੀ ਹੋਈ ਏ, ‘ਲਾਲੋ’ ਫਿਰਦਾ ਏ ਅਜ ਹੈਰਾਨ ਹੋਇਆ । ਆਪੇ ਚੱਲਣ ਦੀ ਜਿਨ੍ਹਾਂ ਨੂੰ ਜਾਚ ਦੱਸੀ, ਅਜੇ ਤੀਕ ਉਹ ਚੱਕੀਆਂ ਚਲਦੀਆਂ ਨੇ । ਸਿਰਫ ਫਰਕ ਏਨਾ, ਆਟਾ ਪੀਹਣ ਦੀ ਥਾਂ, ਅਜ ਉਹ ਹੱਡ ਮਜ਼ਦੂਰਾਂ ਦੇ ਦਲਦੀਆਂ ਨੇ । ਜਿਨ੍ਹਾਂ ਖੇਤੀਆਂ ਨੂੰ ਹਰੀਆਂ ਕਰ ਗਿਉਂ ਤੂੰ, ਵਧ ਓਸ ਤੋਂ ਫੁਲਦੀਆਂ ਫਲਦੀਆਂ ਨੇ । ਪਰ ਦਾਣਾ ਇਕ ਨਹੀਂ ਉਨ੍ਹਾਂ ਦੇ ਹੱਥ ਆਉਂਦਾ, ਲਹੂ ਪੀ ਕੇ ਜਿਨ੍ਹਾਂ ਦਾ ਪਲਦੀਆਂ ਨੇ । ਸੱਚੀ ਗੱਲ ਹੈ, ਕਦੇ ਤਾਂ ਫੁਰੇ ਸ਼ੰਕਾ, ਬਣ ਗਿਆ ਉਨ੍ਹਾਂ ਦਾ ਹੀ ਤਰਫਦਾਰ ਨਾਨਕ । ਫਿਰ ਖ਼ਿਆਲ ਆਉਂਦੈ, ‘ਲਾਲੋ’ ਛੱਡ ਕੇ ਤੇ, ਬਣਦਾ ‘ਮਲਕ’ ਦਾ ਕਦੇ ਨਹੀਂ ਯਾਰ ਨਾਨਕ । ਜੇ ਇਹ ਸੱਚ ਹੈ ਤਾਂ ਇਕ ਅਰਜ਼ ਮੇਰੀ, ਤੇਰੇ ਵਲੋਂ ਇਹ ਇਕ ਐਲਾਨ ਹੋਵੇ । ਜਿਹੜਾ ਰੱਤ ਗਰੀਬਾਂ ਦੀ ਚੂਸਦਾ ਏ, ਤੂੰ ਨਹੀਂ ਓਸਦਾ, ਸਾਫ਼ ਬਿਆਨ ਹੋਵੇ । ਠੁਰ ਠੁਰ ਕਰੇ ਨਾ ਕੋਈ ਮਜ਼ਦੂਰ ਬੱਚਾ, ਢਿੱਡੋਂ ਭੁੱਖਾ ਨਾ ਕੋਈ ਕਿਸਾਨ ਹੋਵੇ । ਸਾਰੇ , ਅੱਲਾ ਦਾ ਨੂਰ ਪ੍ਰਤੱਖ ਹੋਵੇ, ਇਹ, ਆਜ਼ਾਦ ਮੇਰਾ ਹਿੰਦੁਸਤਾਨ ਹੋਵੇ । ਨਹੀਂ ਤਾਂ ਵਾਂਗ ਮਰਦਾਨੇ ਦੇ ਕਹਿ ਦਿਆਂਗਾਂ, ‘ਇਸ ਤੋਂ ਕਰ ਲਾਂਗਾ ਹੋਰ ਹੀ ਕਾਰ ਅਪਣੀ । ਮੈਥੋਂ ਭੁੱਖੇ ਤੋਂ ਗੀਤ ਨਹੀਂ ਗਾਏ ਜਾਂਦੇ, ਆਹ ਲੈ ਸਾਂਭ ਲੈ ਬਾਬਾ ਸਿਤਾਰ ਅਪਣੀ ।”

35. ਸ਼ਹੀਦਾਂ ਦੇ ਸਿਰਤਾਜ ਨੂੰ

ਤੇਰੇ ਮੈਂ ਜੀਵਨ ਆਸ਼ੇ ਨੂੰ, ਜਦ ਕਵੀ-ਅਖਾਂ ਨਾਲ ਤੱਕਦਾ ਹਾਂ । ਦਿਲ ਵਲਵਲਿਆਂ ਨਾਲ ਭਰ ਜਾਂਦਾ, ਪਰ ਬੋਲ ਮੈਂ ਕੁਝ ਨਾ ਸਕਦਾ ਹਾਂ । ਜਦ ਤਕਦਾ ਹਾਂ ਅੱਗ ਭੱਠੀ ਦੀ, ਦਿਲ ਬਾਲਣ ਬਣਕੇ ਸੜ ਜਾਂਦਾ । ਜਦ ਲਾਲ ਤਵੀ ਵਲ ਵੇਂਹਦਾ ਹਾਂ, ਸੀਨੇ ਨੂੰ ਕਾਂਬਾ ਚੜ੍ਹ ਜਾਂਦਾ । ਕਲ ਹਸ ਹਸ ਗਲਾਂ ਕਰਦੇ ਸੀ, ਉਨਾਂ ਫੁੱਲਾਂ ਨੂੰ ਕੁਮਲਾ ਸਿਟਿਆ । ਕਈ ਅਲ੍ਹੜ ਸੋਹਲ ਮਿਜਾਜ਼ਾ ਨੂੰ, ਇਸ ਭੈੜੀ ਨੇ ਧੁੰਦਲਾ ਸਿਟਿਆ । ਕਈਆਂ ਨੂੰ ਹੇਠਾਂ ਪੱਖੇ ਦੇ, ਮੁੜ੍ਹਕੇ ਤੇ ਮੁੜ੍ਹਕਾ ਆਉਂਦਾ ਏ । ਕਈ ਪਾਤਲੀਆਂ ਤੇ ਤਲੀਆਂ ਨੂੰ, ਪੀਹ ਪੀਹ ਕੇ ਮਹਿੰਦੀ ਲਾਉਂਦਾ ਏ । ਜੋਬਨ ਦੀ ਤੇਜ਼ੀ ਤੱਕ ਕੇ ਤੇ, ਪੱਥਰ ਭੀ ਪਿਘਲਣ ਲੱਗ ਪਏ ਨੇ । ਇਸ ਦੇ ਹੀ ਇਕ ਇਸ਼ਾਰੇ ਤੇ, ਕਈ ਸੁੰਦਰ ਨਾਲੇ ਵਗ ਪਏ ਨੇ । ਇਹੋ ਜਿਹੇ ਜ਼ੁਲਮੀਂ ਮਹੀਨੇ ਵਿਚ, ਜਦ ਤੇਰਾ ਸਾਕਾ ਪੜ੍ਹਦਾ ਹਾਂ । ਝਟ ਦਿਲ ਤੇ ਛਾਲੇ ਪੈ ਜਾਂਦੇ, ਖ਼ਿਆਲਾਂ ਦੀ ਅੱਗ ਤੇ ਸੜਦਾ ਹਾਂ । ਪਰ ਐ ਸਿਰਤਾਜ ! ਸ਼ਹੀਦਾਂ ਦੇ, ਤੈਨੂੰ ਲਾਲ ਤਵੀ ਨਾ ਪੋਹ ਸੱਕੀ । ਅੱਗ ਮਚ ਮਚ ਕਮਲੀ ਹੋ ਗਈ ਏ, ਤੇਰੀ ਸ਼ਾਂਤੀ ਨਾ ਇਹ ਖੋਹ ਸੱਕੀ । ਜਿਸ ਸਿਰ ਤੇ ਚੌਰੀ ਝੁਲਦੀ ਸੀ, ਅੱਜ ਤੱਤੇ ਰੇਤੇ ਪੈਂਦੇ ਨੇ । ਸਾਧ ਸੰਗਤ ਦੀ ਸ਼ਾਨ ਲਈ, ਕਿੰਨੀਆਂ ਤਕਲੀਫਾਂ ਸਹਿੰਦੇ ਨੇ । ਦੁਨੀਆਂ ਤੇ ਠੰਢ ਵਰਤਾਣ ਲਈ, ਤਵੀਆਂ ਤੇ ਆਸਣ ਲਾਏ ਨੇ । ਛਾਲੇ ਨਹੀਂ, ਸ਼ਾਂਤ ਸਰੋਵਰ ਤੇ, ਇਹ ਪਏ ਬੁਲਬੁਲੇ ਆਏ ਨੇ । ਤੇਰੀ ਇਹ ਉਚ ਕੁਰਬਾਨੀ ਜੋ, ਮੈਨੂੰ ਇਕ ਸਬਕ ਸਿਖਾਂਦੀ ਏ । “ਮੋਰੀ ਦੀ ਇਟ ਚੁਬਾਰੇ ਨੂੰ, ਸ਼ਾਂਤੀ ਦੇ ਨਾਲ ਗਿਰਾਂਦੀ ਏ ।” ਪਰ ਸ਼ੋਕ ! ਜਿਨ੍ਹਾਂ ਤੈਂ ਸਿੱਖਾਂ ਲਈ, ਐਨੀ ਤਕਲੀਫ ਉਠਾਈ ਏ । ਤੇਰੀ ਇਸ ਉਚ ਕੁਰਬਾਨੀ ਦੀ, ਇਨ੍ਹਾਂ ਨੇ ਕਦਰ ਨਾ ਪਾਈ ਏ । ਤੈਂ ਦਸਿਆ ਸੀ ਇਹ ਸਿੱਖਾਂ ਨੂੰ, ਗੈਰਾਂ ਦੀ ਈਨ ਭਰੀਦੀ ਨਹੀਂ । ਸਿਰ ਦੁਖ ਤਕਲੀਫ਼ਾਂ ਜਰ ਲਈਏ, ਜ਼ਾਬਰ ਦੀ ਧੌਂਸ ਜਰੀਦੀ ਨਹੀਂ । ਲੱਖਾਂ ਹੀ ਝੱਖੜ ਝੁੱਲਣ ਪਏ, ਨਹੀਂ ਦਿਲੋਂ ਕਦੇ ਵੀ ਡੋਲੀਦਾ। ਲਾ ਚੇਟਕ ਇਸ਼ਕ ਹਕੀਕੀ ਦੀ, ਨਹੀਂ ਭੇਦ ਕਿਸੇ ਕੋਲ ਖੋਲ੍ਹੀਦਾ । ਲਖ ਜ਼ੋਰ ਹੁੰਦਿਆਂ ਜੁੱਸੇ ਵਿਚ, ਕਮਜ਼ੋਰਾ ਹੀ ਅਖਵਾਈ ਦਾ । ਜੜ੍ਹ ਜ਼ਬਰ ਜ਼ੁਲਮ ਦੀ ਪੁੱਟਣ ਲਈ, ਕਰ ਸ਼ਾਂਤੀ ਕਸ਼ਟ ਉਠਾਈਦਾ । ਪਰ ਐ ਸ਼ਾਂਤੀ ਪੰਜ ਸਤਿਗੁਰ ਜੀ ! ਅਜ ਦੇਖ ਕੀ ਹੋ ਰਹੀ ਹਾਲਤ ਇਹ । ਛਡ ਆਪਣੇ ਭੈਣ ਭਰਾਵਾਂ ਨੂੰ, ਗੈਰਾਂ ਦੀ ਕਰਨ ਵਕਾਲਤ ਇਹ । ਪਏ ਦਿੰਦੇ ਝੂਠ ਗਵਾਹੀ ਨੇ, ਭਾਈਆਂ ਨੂੰ ਜੇਲ੍ਹ ਕਰਾਵਣ ਲਈ । ਇਜ਼ਤ ਭੀ ਆਪਣੀ ਛੱਡਦੇ ਨੇ, ਗੈਰਾਂ ਦਾ ਮੰਨ ਭਰਮਾਵਣ ਲਈ । ਪਏ ਖਾਂਦੇ ਠੁੱਡੇ ਗੈਰਾਂ ਦੇ, ਪਈ ਵਾਦੀ ਜੀ ਹਜ਼ੂਰੀ ਦੀ, ਜਾਂ ਲੱਕ ਮੰਗਣ ਤੇ ਬੰਨ੍ਹ ਲਿਆ, ਕਸ ਕੇ ਤੇ ਗਿਲਤੀ ਭੂਰੀ ਦੀ । ਨਾ ਚਾਹ ਹੈ ਕੌਮ ਦੀ ਉੱਨਤੀ ਦੀ, ਨਾ ਦਿਲ ਵਿਚ ਦੇਸ਼-ਪਿਆਰ ਕੋਈ । ਬਣ ਬਹਿੰਦੇ ਨੇ ਝਟ ਓਸੇ ਦੇ, ਛਿਲੜ ਜੋ ਦਿੰਦਾ ਚਾਰ ਕੋਈ । ਤਕ ਹਾਲਤ ਆਪਣੇ ਸਿੱਖਾਂ ਦੀ, ਇਕ ਵਾਰੀ ਫਿਰ ਤੂੰ ਆ ਜਾਵੀਂ । ਇਨ੍ਹਾਂ ਭੁੱਲੜ ਦੇਸ਼ ਧ੍ਰੋਹੀਆਂ ਨੂੰ, ਕੋਈ ਚੱਜ ਦੀ ਮੱਤ ਸਿਖਾ ਜਾਵੀਂ । ਆ ਭਰਦੇ ਦੇਸ਼ ਪ੍ਰੇਮ ਦਿਲੀਂ, ਸ਼ਾਂਤੀ ਦਾ ਸਬਕ ਸਿਖਾ ਕੇ ਤੇ । ਕਰ ਰੌਸ਼ਨ ਚਾਹ ਆਜ਼ਾਦੀ ਦੀ, ਉਹ ‘ਅਰਸ਼ੀ’ ਨੂਰ ਦਿਖਾ ਕੇ ਤੇ ।

36. ਤੈਥੋਂ ਸਿੱਖਿਆ ਸਬਕ ਪਰਵਾਨਿਆਂ ਨੇ

ਪੁੰਜ ਸ਼ਾਂਤੀ ਦੇ ਪੰਚਮ ਪਾਤਸ਼ਾਹਾ ! ਤੇਰੀ ਸ਼ਾਨ ਵਿਚ ਕੀ ਨਜ਼ੀਰ ਆਖਾਂ । ਜਵਾਲਾ-ਮੁਖੀ, ਬਗਾਵਤ ਦਾ ਮੁਢ ਆਖਾਂ, ਜਾਂ ਫਿਰ ਸ਼ਾਂਤੀ ਦੀ ਤਸਵੀਰ ਆਖਾਂ । ਸ਼ਖਸੀ-ਰਾਜ ਦੇ ਸੜੇ ਹੋਏ ਭਾਗ ਆਖਾਂ, ਯਾ ਮਜ਼ਲੂਮਾਂ ਦੀ ਬਣੀ ਤਕਦੀਰ ਆਖਾਂ । ਹਿੰਦੂ ਸਿਖ ਕਹਿੰਦੇ ਤੈਨੂੰ ਗੁਰੂ ਆਖਾਂ, ਮੀਆਂ ‘ਮੀਰ' ਕਹਿੰਦੈ ਤੈਨੂੰ ਪੀਰ ਆਖਾਂ । ਭਰ ਤੀ ਜ਼ਿੰਦਗੀ ਮੁਰਦਿਆਂ ਦਿਲਾਂ ਅੰਦਰ, ਤੇਰੇ ਪ੍ਰੇਮ ਦੇ ਮਿੱਠੇ ਤਰਾਨਿਆਂ ਨੇ । ਆਸ਼ਕ ਸਿਖਦੇ ਨੇ ਸਬਕ ਪਰਵਾਨਿਆਂ ਤੋਂ (ਪਰ) ਤੈਥੋਂ ਸਿਖਿਆ ਸਬਕ ਪਰਵਾਨਿਆਂ ਨੇ । ਕੁਦਰਤ ਰਾਣੀ ਦੇ ਸ਼ਾਹ ਨੂੰ ਅੱਗ ਲੱਗੀ, ਸੀਨੇ ਧਰਤ ਆਕਾਸ਼ ਦੇ ਕੰਬ ਗਏ ਨੇ । ਬੈਠੇ ਫੁੱਲਾਂ ਤੇ ਗਏ ਹੋ ਗਏ ਭੌਰ ਕਾਲੇ, ਸਾਰੇ ਸੜ ਜਨੌਰਾਂ ਦੇ ਖੰਬ ਗਏ ਨੇ । ਤੇਰੀ ਚੌਕੜੀ ਨੇ ਪਾਸਾ ਪਰਤਿਆ ਨਾ, ਲਾਲ ਤਵੀ ਦੇ ਵੀ ਪਾਸੇ ਅੰਬ ਗਏ ਨੇ । ਤੇਰੇ ਸੱਚ ਨੂੰ ਕਿਤੇ ਨਾਂ ਆਂਚ ਆਈ, ਜ਼ਾਲਮ ਅੱਗ ਵੀ ਲਾਉਂਦੇ ਹੰਭ ਗਏ ਨੇ । ਤੈਨੂੰ ਪਿਆਰ ਦੇ ਪੰਧ ਤੇ ਪਿਆ ਤਕ ਕੇ, ਪਾਈਆਂ ਮੰਜ਼ਲ ਨੂੰ ਧੂਹਾਂ ਨਿਸ਼ਾਂਨਿਆਂ ਨੇ । ਸ਼ਮ੍ਹਾਂ ਡੋਲ ਜਾਏ ਆਪ ਅਡੋਲ ਰਹਿਣਾ, ਤੈਥੋਂ ਸਿਖਿਆ ਸਬਕ ਪਰਵਾਨਿਆਂ ਨੇ । ਤੇਰੇ ਜੀਵਨ ਦਾ ਇਕ ਅਸੂਲ ਸੀ ਇਹ, ਏਦਾਂ ਚੜ੍ਹਦੀਆਂ ਕਲਾਂ ’ਚ ਰਹੀ ਜਾਣਾ । ਤਪਦੇ ਜੱਗ ਤੇ ਠੰਢ ਵਰਤਾਣ ਖਾਤਰ, ਤਵੀਆਂ ਤੱਤੀਆਂ ਤੇ ਆਪ ਬਹੀ ਜਾਣਾ । ਨਵਾਂ ਢੰਗ ਹੈ ਜ਼ੁਲਮ ਦੇ ਨਾਲ ਲੜਨਾ, ਜ਼ਾਲਮ ਜ਼ੁਲਮ ਕਰਦੈ ਆਪ ਸਹੀ ਜਾਣਾ । ਰਹਿਣਾ ਉਹਦੀ ਰਜ਼ਾ ਦੇ ਵਿਚ ਰਾਜ਼ੀ, ਭਾਣਾ ਮਿੱਠਾ ਪਿਆਰੇ ਦਾ ਕਹੀ ਜਾਣਾ । ਨਵੇਂ ਢੰਗ ਦੀ ਦੇਗ 'ਚੋਂ ਉਬਲੀ ਜਾਂ, ਛੱਡ ਦਿੱਤੇ ਤਾਂ ਗੁਮਾਨ ਮੈ-ਖਾਨਿਆਂ ਨੇ । ਨਿਰੇ ਖੰਭ ਨਹੀਂ ਸਭ ਕੁਝ ਸਾੜ ਦੇਣਾ, ਤੈਥੋਂ ਸਿਖਿਆ ਸਬਕ ਪਰਵਾਨਿਆਂ ਨੇ । ਮਰ ਗਏ ਸ਼ਾਂਤੀ ਨਾਲ ਟਕਰਾ ਕੇ ਤੇ, ਝਖੜ ਜ਼ੁਲਮ ਦੇ ਪਏ ਸੀ ਝੁਲ ਜਿਹੜੇ । ਬੂਟਾ ਸਿੱਖੀ ਦਾ ਉਥੇ ਹੀ ਪੁੰਗਰਿਆ ਏ, ਟੇਪੇ ਇਕ ਦੋ ਪਏ ਸੀ ਡੁਲ੍ਹ ਜਿਹੜੇ । ‘ਜੀਵਨ-ਕਣੀ’ ਸੀ ਤੇਰੀ ਹੀ ਉਨ੍ਹਾਂ ਅੰਦਰ, ਗਏ ਤੇਗ ਦੀ ਨੋਕ ਤੇ, ਤੁਲ ਜਿਹੜੇ । ਤੇਰੇ ਹੀ ਖੂਨ ਦੀ ਉਨ੍ਹਾਂ ਤੇ ਭਾਅ ਹੈ ਸੀ, ਸੜੇ ਗਏ ਭੱਠੀਆਂ ਦੇ ਵਿਚ ਫੁੱਲ ਜਿਹੜੇ । ਸਾਰੇ ਬਦਲਤੇ ਨਵੇਂ ਸਿਰਲੇਖ ਆਪਣੇ, ਏਸ ਜ਼ਿੰਦਗੀ ਦੇ ਅਫਸਾਨਿਆਂ ਨੇ । ਚਰਬੀ ਢਾਲਕੇ ਸ਼ਮ੍ਹਾਂ ਜਗਾਈ ਦੀ ਏ, ਤੈਥੋਂ ਸਿਖਿਆ ਸਬਕੇ ਪਰਵਾਨਿਆਂ ਨੇ । ਕੋਈ ਨਹੀਂ ਆਤਮਾ ਤਾਈਂ ਸਤਾ ਸਕਦਾ, ਇਕ ਕੋਲੋਂ ਨਹੀਂ ਸੁਣਿਆਂ ਏ ਦੂੰਹ ਕੋਲੋਂ । ਵਗਦੇ ਝੱਖੜਾਂ ਵਿਚ ਅਡੋਲ ਰਹਿਣਾ, ਅਸੀਂ ਸੁਣਿਆਂ ਏ ‘ਜੈਤੋ’, ਦੀ ਜੂਹ ਕੋਲੋਂ । ਸ਼ਾਂਤੀ ਰੱਖਣੀ ਮੌਤ ਦੀ ਛਾਂ ਥੱਲੇ, ਸੁਣਿਆਂ ਅਸੀਂ ਸਰਹੰਦ ਦੇ ਖੂਹ ਕੋਲੋਂ । ਸਾਡਾ ਹੋਰ ਵੀ ਦ੍ਰਿੜ੍ਹ ਵਿਸ਼ਵਾਸ਼ ਹੋਇਆ, ਜਦ ਦਾ ਸੁਣਿਆਂ ਏ ਚੰਦੂ ਦੀ ਨੂੰਹ ਕੋਲ। ਰਹਿੰਦੀ ਦੁਨੀਆਂ ਤੱਕ ਰਹੇਗਾ ਸਬਕ ਤੇਰਾ, ਪਾਇਆ ਫਰਕ ਨਹੀਂ ਕੋਈ ਜ਼ਮਾਨਿਆਂ ਨੇ, ਸ਼ਾਂਤੀ ਪ੍ਰੀਤਮ ਦੀ ਛੋਹ ਚੋਂ ਲਭਦੀ ਏ, ਤੈਥੋਂ ਸਿਖਿਆ ਸਬਕ ਪਰਵਾਨਿਆਂ ਨੇ । ਪਾਠਕ ਹੋਰ ਵੀ ਕਈ ਨੇ ਯਾਦ ਮੈਨੂੰ ਤੇਰਾ ਦਸਿਆ ਸਬਕ ਪਕਾਣ ਵਾਲੇ । ਤੇਗਾਂ ਹੇਠ ਸਮਾਧੀਆਂ ਲਾਣ ਵਾਲੇ, ਦੇਗਾਂ ਵਿਚ ਉਬਾਲੀਆਂ ਖਾਣ ਵਾਲੇ । ਤਨ ਆਰਿਆਂ ਨਾਲ ਚਰਵਾਣ ਵਾਲੇ, ਖੋਪਰੀ ਰੰਬੀਆਂ ਨਾਲ ਲੁਹਾਣ ਵਾਲੇ । ਹੱਸ ਹੱਸ ਕੇ ਅੰਗ ਕਟਾਣ ਵਾਲੇ, ਹੇਠਾਂ ਇੰਜਨਾਂ ਦੇ ਦਰੜੇ ਜਾਣ ਵਾਲੇ । ਕਦੇ ਤੇਰਿਆਂ ‘ਬਾਗਾਂ’ ਨੇ ਸਬਕ ਸੁਣਿਆਂ, ਪਰਖਿਆ ਇਨ੍ਹਾਂ ਨੂੰ ਕਦੇ ਨਨਕਾਣਿਆਂ ਨੇ । ਐਪਰ ਪਰਖ ਵੇਲੇ ਸਦਾ ਸ਼ਾਂਤ ਰਹਿਣਾ, ਤੈਥੋਂ ਸਿਖਿਆ ਸਬਕ ਪਰਵਾਨਿਆਂ ਨੇ । ਤੇਰੀ ਜ਼ਿੰਦਗੀ ਚੋਂ ਇਕ ਸਬਕ ਮਿਲਿਆ, ਉਹ ਮੈਂ ਦਸਣਾ ਚਾਂਹਵਦਾਂ ਸਾਰਿਆਂ ਨੂੰ । ਜਿਚਰ ਜ਼ਿੰਦਗੀ ਦੀ ਜੋਤ ਰਹੇ ਜਗਦੀ, ਰੁਕਣਾ ਪੈਂਦਾ ਏ ਮੌਤ ਹਲਕਾਰਿਆਂ ਨੂੰ । ਜਦੋਂ ਚੰਨ ਕੁਰਬਾਨੀ ਦਾ ਚਮਕਦਾ ਏ, ਹੋਣਾ ਪੈਂਦਾ ਏ ਨਿੰਮ੍ਹਾਂ ਸਿਤਾਰਿਆਂ ਨੂੰ । ਚੰਗੀ ਤਰ੍ਹਾਂ ਜੇ ਭੱਠੀ ’ਚ ਪੱਕ ਜਾਵੇ, ਢਾ ਦਿੰਦੀ ਏ ਇੱਟ ਚੁਬਾਰਿਆਂ ਨੂੰ । ‘ਅਰਸ਼ੀ’ ਬਿਜਲੀਆਂ ਜਿਨ੍ਹਾਂ ਤੇ ਡਿਗੀਆਂ ਨੇ, ਲੈ ਲਈ ਅਮਰ-ਪਦਵੀ ਆਸ਼ਿਆਨਿਆਂ ਨੇ । ਰੂਹ ਯਾਰ ਦੀ ਸ਼ਮ੍ਹਾਂ ਚੋਂ ਲਭ ਲਈਏ, ਤੈਥੋਂ ਸਿਖਿਆਂ ਸਬਕ ਪਰਵਾਨਿਆਂ ਨੇ ।

37. ਪਟਨੇ ਸ਼ਹਿਰ ਦੀ ਧਰਤੀ ਨੂੰ

ਪਟਨੇ ਸ਼ਹਿਰ ਦੀ ਧਰਤੀਏ ! ਵੰਡ ਮੋਤੀ, ਨੀਂ ! ਅੱਜ ਮੋਤੀਆਂ ਵਾਲੀ ਸਰਕਾਰ ਆਈ। ਫੁੱਲ ਫੁੱਲ ਤੂੰ ਫੁੱਲ ਦੇ ਵਾਂਗ ਅੜੀਏ ! ਤੇਰੇ ਫੁੱਲਾਂ ਤੇ ਅੱਜ ਬਹਾਰ ਆਈ । ਨੂਰ ਚਮਕਦਾ ਏ ਤੇਰੇ ਜ਼ਰਿਆਂ ਵਿਚ, ਨਿਰੇ ਨੂਰ ਦੀ ਕੋਈ ਨੁਹਾਰ ਆਈ । ਜਿਹੜੀ ਬਣੂੰਗੀ ਢਾਲ ਨਿਮਾਣਿਆਂ ਦੀ, ਨੀਂ! ਉਹ ਅਰਸ਼ਾਂ ਤੋਂ ਅਜ ਤਲਵਾਰ ਆਈ । ਨੀਂ! ਇਹ ਉਹ ਹੈ ਕਹੇ ਜ਼ਬਾਨ ਵਿਚੋਂ, ਜਿਹੜੇ ਸੂਰਮੇ ਨੇ ਬੋਲ ਪਾਲਣੇ ਨੇ । ‘ਪੁਰੀਆਂ’ ਅਪਣੀਆਂ ਸੁੰਨ ਮਸਾਨ ਕਰਕੇ, ਇਹਨੇ ਝੁਗੀਆਂ ’ਚ ਦੀਵੇ ਬਾਲਣੇ ਨੇ । ਪੁੱਤਰ ‘ਤੇਗ' ਦਾ ਹੱਥ ਵਿਚ ਤੇਗ ਲੈ ਕੇ, ਕੱਲੀ ਜਾਨ ਨਾਲ ਜੰਗ ਮਚਾ ਦਇਗਾ । ‘ਜਾਨ’ ਜਾਨ ਬਚਾਇ ਕੇ ਨੱਸ ਜਾਸੀ, ਮੱਥਾ ਮੌਤ ਨਾਲ ਜਦੋਂ ਇਹ ਲਾ ਦਇਗਾ । ਅੰਮ੍ਰਿਤ ਡੋਲ੍ਹ ਕੇ ਤੇਗ ਦੀ ਧਾਰ ਵਿਚੋਂ, ਨੀ ! ਇਹ ਮੌਤ ਵਿਚ ਜ਼ਿੰਦਗੀ ਪਾ ਦਇਗਾ। ਬੁਝਦੀ ਕੌਮ ਦੀ ਸ਼ਮਾਂ ਜਗਾਉਣ ਖਾਤਰ, ਰੱਖ ਦਇਗਾ ਨੂਰ ਨੂੰ ਨਾਰ ਉਤੇ । ਰੁਤਬਾ ਰੱਬ ਦਾ ਬਖਸ਼ ਕੇ ਇਸ਼ਕ ਤਾਂਈ, ਤੋਰ ਦੇਉ ਤਲਵਾਰ ਦੀ ਧਾਰ ਉਤੇ । ਕਿੰਨਾ ਫਰਕ ਹੈ ਮੌਤ ਤੇ ਜ਼ਿੰਦਗੀ ਦਾ, ਇਹ ਤਲਵਾਰ ਦੀ ਨੋਕ ਤੇ ਹਾੜ ਲਇਗਾ । ਇਹਨੇ ਦੁਨੀਆਂ ਦੇ ਦਿਲ ਆਬਾਦ ਕਰਨੇ, ਝੁੱਗੇ ਆਪਣੇ ਆਪ ਉਜਾੜ ਲਇਗਾ । ਰਾਖਾ ਬਣੂੰ ਗਰੀਬਾਂ ਦੇ ਢਾਰਿਆਂ ਦਾ, ਲੰਕਾ ਸੋਨੇ ਦੀ ਆਪਣੀ ਸਾੜ ਲਇਗਾ । ‘ਮਹੀਵਾਲ’ ਨਹੀਂ ਪੱਟ ਤੇ ਸਬਰ ਕਰ ਲਉ, ਇਹ ਤਾਂ ਕੌਮ ਲਈ ਕਾਲਜਾ ਪਾੜ ਲਇਗਾ । ਸੱਸੀ ਵਾਂਗ ਜ਼ਾਲਮ ਜ਼ਾਬਰ ਭੁੱਜ ਜਾਸਣ, ਇਹਦੇ ਤੀਰਾਂ ਦੀ ਸੰਘਣੀ ਛਾਂ ਅੰਦਰ । ਘੜੇ ਕੀ ਪਹਾੜ ਵੀ ਰੁੜ੍ਹ ਜਾਣੇ, ਇਹਦੀ ‘ਤੇਗ’ ਚੋਂ ਫੁੱਟ ਝਨਾਂ ਅੰਦਰ । ਓਦੋਂ ਦਿੱਲੀ ਦਾ ਵੀ ਦਿਲ ਹਿੱਲ ਜਾਸੀ, ਜਦੋਂ ਚੋਟ ਨਗਾਰੇ ਤੇ ਲਾਏਗਾ ਇਹ । ਮਿਲੂ ਆਸਰਾ ਢਠਿਆਂ ਦਿਲਾਂ ਤਾਈਂ, ਜਦੋਂ ਜ਼ੁਲਮ ਦੀ ਕੰਧ ਨੂੰ ਢਾਏਗਾ ਇਹ । ਰਹਿਣੀ ਲੋੜ ਨਹੀਂ ਆਬਿ-ਹਿਯਾਤ ਦੀ ਵੀ, ਜਿਹਨੂੰ ਖੰਡੇ ਦਾ ਪਾਣੀ ਪਿਲਾਏਗਾ ਇਹ । ਜਿਉਂਦੀ ਮਰ ਜਾਵੇ, ਮਰਕੇ ਫੇਰ ਜੀਵੇ, ਕੋਈ ਇਹੋ ਜਿਹੀ ਫੌਜ ਬਣਾਏਗਾ ਇਹ । ਏਸ ਪ੍ਰੇਮ ਦੇ ਪੰਧ ਤੇ ਪਿਆ ਹੋਇਆ, ਮਾਰ ਮਾਰ ਜਾਂ ਮੰਜ਼ਲਾਂ ਝੌਂ ਜਾਊ। ਸੁੰਝੀ ਸੇਜ ਰਹਿ ਜਾਊ ਪਈ ਖੇੜਿਆਂ ਦੀ, ਇਹ ‘ਯਾਰ ਦੇ ਸੱਥਰ’ ਤੇ ਸੌਂ ਜਾਊ । ਪਟਨੇ ਸ਼ਹਿਰ ਦੀ ਧਰਤੀਏ ! ਏਸ ਜੇਹਾ, ਸੂਰਾ ਹੋਣਾ ਨਹੀਂ ਕੋਈ ਸੰਸਾਰ ਦੇ ਵਿਚ । ਚਮਨ ਦੇਸ਼ ਦਾ ਉਜੜਿਆ ਦੇਖ ਕੇ ਤੇ, ਅੱਗ ਲਾ ਲਊ ਆਪਣੀ ਗੁਲਜ਼ਾਰ ਦੇ ਵਿਚ । ਜਾਨ ਸੁੱਕਣੀ ਪਾ ਦਊ ਕੰਡਿਆਂ ਤੇ, ਰੱਖ ਦੇਊਗਾ ‘ਦਿਲ’ ਦੀਵਾਰ ਦੇ ਵਿਚ । ਕਦੇ ਰੋਊ ਤਾਂ ਦੁਖੀ ਨੂੰ ਦੇਖ ਰੋਊ, ਖੁਸ਼ ਹੋਊ ਤਾਂ ਹੱਸੂ ਤਲਵਾਰ ਦੇ ਵਿਚ । ‘ਅਰਸ਼ੀ’ ਤੁਰੂਗਾ ਤੇਰੀ ਜਾਂ ਹਿੱਕ ਉਤੇ, ਰੁਤਬਾ ਅਰਸ਼ ਦਾ ਧਰਤੀਏ ! ਪਾਏਂਗੀ ਤੂੰ । ਪੂਜਾ ਕਰੀਂ ਤੂੰ ਓਸਦੀ ਮਨ ਲਾ ਕੇ, ਰਹਿੰਦੇ ਜਗ ਤੀਕਰ ਪੂਜੀ ਜਾਏਂਗੀ ਤੂੰ ।

38. ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ

ਦਾਤਾ ਅੰਮ੍ਰਿਤ ਦਾ ਪੁੰਜ ਕੁਰਬਾਨੀਆਂ ਦਾ, ਸਦਾ ਚੜ੍ਹਦੀਆਂ ਕਲਾ ਵਿਚ ਰਹਿਣ ਵਾਲਾ । ਬੀਰ ਮਰਦ, ਤਲਵਾਰ ਦਾ ਧਨੀ ਸੂਰਾ, ਨਹੀਂ ਸੀ ਹੌਂਸਲਾ ਓਸ ਦਾ ਢਹਿਣ ਵਾਲਾ । ਦਰਦੀ ਦਿਲ ਸੀ, ਦੁਖੀ ਨੂੰ ਦੇਖ ਕੇ ਤੇ, ਪਾਣੀ ਪਾਣੀ ਹੋ ਸਾਰਾ ਹੀ ਵਹਿਣ ਵਾਲਾ । ਲਾ ਲੈਂਦਾ ਸੀ ਪ੍ਰਬਤਾਂ ਨਾਲ ਮੱਥਾ, ਨਾਲ ਜ਼ੁਲਮ ਦੀ ਤੇਗ ਦੇ ਖਹਿਣ ਵਾਲਾ । ਸੋਹਣਾ ‘ਸਦਾ-ਗੁਲਾਬ’ ਦਾ ਫੁੱਲ ਸੀ ਉਹ, ਸਦਾ ਕੰਡਿਆਂ ਦੇ ਵਿਚ ਰਹਿਣ ਵਾਲਾ । ਭੱਠ ਪੈਣ ਖੇੜੇ ਬਿਨਾਂ ਪਿਆਰ ਜਿਹੜੇ, ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ । ਉਹਦੀ ਤੇਗ ਵਿਚ ਬਰਕਤਾਂ ਵਸਦੀਆਂ ਸੀ, ਨਾਲੇ ਮਾਰਦਾ ਸੀ ਨਾਲੇ ਤਾਰਦਾ ਸੀ । ਡੇਗਣ ਲਈ ਸੀ ਵਿਚ ਮੈਦਾਨ ਲੜਦਾ, ਜੇਕਰ ਡਿਗ ਪਵੇ ਕੋਈ ਤਾਂ ਪਿਆਰਦਾ ਸੀ । ਚੌੜੀ ਛਾਤੀ 'ਚ ਧੜਕਦਾ ਦਿਲ ਸੀਗਾ, ਵਿਚ ਵੱਸਦਾ ਦਰਦ ਸੰਸਾਰ ਦਾ ਸੀ। ਜੇਕਰ ਦੁਖੀ ਦੀ ਹਿੱਕ ਚੋਂ ਹੂਕ ਉਠੇ; ਦਿਲ ਉਸਦਾ ਸਰਲੀਆਂ ਮਾਰਦਾ ਸੀ । ਹਿੱਕ ਨਾਲ ਮਜ਼ਲੂਮ ਸੀ ਲਾ ਲੈਂਦਾ, ਸਦਾ ਜ਼ਾਲਮਾਂ ਦੀ ਹਿੱਕ ਦਹਿਣ ਵਾਲਾ । ਸਾੜ ਦਿੰਦਾ ਸੀ ਜ਼ੁਲਮ ਦੇ ਮਹਿਲ ਸਾਰੇ, ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ । ਜਦੋਂ ਕੌਮ ਨੇ ਇਕ ਹੀ ਕਰੀ ਸੈਨਤ, ਛੱਡ ਸਣੇ ਪੁਰੀਆਂ ਘਰ ਦਰ ਦਿਤੇ । ਐਡੇ ਕੀਮਤੀ ਦਿਲ ਦੇ ਕੌਮ ਖਾਤਰ, ‘ਚਾਰ ਟੁਕੜੇ’ ਓਸ ਨੇ ਕਰ ਦਿੱਤੇ । ਭੇਟਾ ਜਦੋਂ ਚਮਕੌਰ ਦੀ ਗੜ੍ਹੀ ਮੰਗੀ, ਦੋ ਸ਼ੁਕਰ ਵਜੋਂ ਉਥੇ ਭਰ ਦਿਤੇ। ਜਦੋਂ ਕੌਮ ਦਾ ਬਣਨ ਮਹੱਲ ਲਗਾ, ਦੋ ਕੱਢ ਕੇ ਨੀਹਾਂ ’ਚ ਧਰ ਦਿਤੇ । ਸੀ ਅਨੋਖਾ ਆਜ਼ਾਦੀ ਦਾ ਉਹ ਰਾਂਝਾ, ਸਦਾ ਸੂਲਾਂ ਦੀ ਸੇਜ ਤੇ ਬਹਿਣ ਵਾਲਾ । ਭੱਠ ਪੈਣ ਖੇੜੇ ਬਿਨਾਂ ਪਿਆਰ ਜਿਹੜੇ, ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ । ਓਹਦੀ ਤੇਗ ਦੀ ਧਾਰ ਜਾਂ ਵਗਦੀ ਸੀ, ‘ਬਾਈ ਧਾਰਾਂ’ ਹੀ ਉਹਦੇ 'ਚ ਹੜ੍ਹਦੀਆਂ ਸੀ । ਜਦੋਂ ਖੰਡੇ ਨੂੰ ਜ਼ਰਾ ਉਲਾਰਦਾ ਸੀ, ਕੰਬ ਬਿਜਲੀਆਂ ਬਦਲੀਂ ਵੜਦੀਆਂ ਸੀ । ਤੇਗ ਨਾਲ ਸੀ ਹੱਥ ਦੋ ਹੱਥ ਕਰਦੇ, ਅੱਖਾਂ ਬਿਨਾਂ ਹਥਿਆਰੋਂ ਹੀ ਲੜਦੀਆਂ ਸੀ । ਵਾਰ ਕਰਨ ਆਇਆਂ ਜਾਂਦਾ ਵਾਰਿਆ ਸੀ, ਫੌਜਾਂ ਅੱਖਾਂ ਦੀਆਂ ਜਿਹਦੇ ਤੇ ਚੜ੍ਹਦੀਆਂ ਸੀ । ਰੰਗ ਇਹੋ ਜਿਹਾ ਕੋਈ ਉਹ ਰੰਗਦਾ ਸੀ । ਮਰਦੇ ਦਮ ਦੇ ਤੀਕ ਨਾਂ-ਲਹਿਣ ਵਾਲਾ । ਦੁਖ ਦੂਜਿਆਂ ਦੇ ਲਈ ਸਹਿਣ ਵਾਲਾ, ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ । ‘ਅਰਸ਼ੀ’ ਸੀ, ਪਰ ਧਰਤੀ ਦੀ ਛੋਹ ਵਾਲਾ, ਵਿਸ਼ਵ-ਵੇਦਨਾ ਤੋਂ ਅਨਜਾਣ ਨਾ ਸੀ । ਬੇਸ਼ਕ ਸੁੰਨ ਸਮਾਧੀਆਂ ਜੋੜਦਾ ਸੀ, ਐਪਰ ਜ਼ਿੰਦਗੀ ਤੋਂ ਬੇ-ਧਿਆਨ ਨਾ ਸੀ । ਜ਼ਾਤ ਮਾਨਸ ਦੀ ਇਕ ਪਹਿਚਾਣਦਾ ਸੀ, ਓਹਦੇ ਕੋਲ ਹਿੰਦੂ ਮੁਸਲਮਾਨ ਨਾ ਸੀ । ਜਿਹੜਾ ਦੂਜੇ ਦਾ ਹੱਕ ਲਿਤਾੜਦਾ ਸੀ, ਉਹਨੂੰ ਸਮਝਦਾ ਉਹ ਇਨਸਾਨ ਨਾ ਸੀ । ਖਿੜੇ ਮੱਥੇ ਸੀ ਹੋਣੀ ਨੂੰ ਸਦਾ ਮਿਲਦਾ, ਨਹੀਂ ਸੀ ਦੇਖ ਮੁਸੀਬਤਾਂ ਛਹਿਣ ਵਾਲਾ । ਹਰ ਹਾਲ ਹਰ ਘੜੀ ਸੀ ਖੁਸ਼ ਰਹਿੰਦਾ, ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ ।

39. ਪ੍ਰੇਮ-ਨੇਮ

ਕਲਗੀ ਵਾਲਿਆ ! ਚਿਹਰੇ ਦਾ ਨੂਰ ਤੇਰਾ, ਰੱਬੀ ਬਰਕਤਾਂ ਦੀ ਸਾਖੀ ਦੱਸਦਾ ਸੀ । ਸੂਰਜ ਨੂਰ ਲਈ ਤੇਰਾ ਮੁਹਤਾਜ ਸੀਗਾ, ਚੰਨ ‘ਪਦਮ’ ਬਣ ਪਾਤਲੀ ਝੱਸਦਾ ਸੀ । ਫੁੱਲ ਕਈਆਂ ਦੀ ਆਸ ਦੇ ਖਿਲ ਪੈਂਦੇ, ਜਦੋਂ ਅੱਖੀਆਂ ਦੇ ਵਿਚ ਹੱਸਦਾ ਸੀ । ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਸੈਂ ਫਿਰ ਵੀ, ਦਿਲ 'ਚ ਦਰਦ ਗਰੀਬਾਂ ਦਾ ਵੱਸਦਾ ਸੀ । ਭੁੱਖ ਕਿਸੇ ਦੇ ਢਿੱਡ ਵਿਚ ਕੜਕਦੀ ਸੀ, ਐਪਰ ਆਂਦਰਾਂ ਤੇਰੀਆਂ ਟੁਟਦੀਆਂ ਸਨ । ਸੀ ਬੇ-ਆਸਰਾ ਕੋਈ ਯਤੀਮ ਰੋਂਦਾ, ਹੰਝੂ ਅਖੀਆਂ ਤੇਰੀਆਂ ਸੁਟਦੀਆਂ ਸਨ । ਬਾਗ਼ੀ ਹੋ ਜਾਂ ਨਗਾਰੇ ਤੇ ਚੋਟ ਲਾਈ, ਜ਼ੁਲਮੀ ਰਾਜ ਦਾ ਤਖ਼ਤ ਪਲਟਾਣ ਦੇ ਲਈ । ਵੇਖ ਕਿਸੇ ਨਿਹੱਥੇ ਤੇ ਜ਼ੁਲਮ ਹੁੰਦਾ, ਤੇਗ ਚੁੱਕ ਲਈ ਜ਼ੁਲਮ ਮਿਟਾਣ ਦੇ ਲਈ । ਟੋਟੇ ਜਿਗਰ ਦੇ ਨੀਹਾਂ ਦੇ ਵਿਚ ਚਿਣਤੇ, ਨੀਂਹ ਜ਼ੁਲਮ ਦੀ ਜੜ੍ਹੋਂ ਪੁਟਾਣ ਦੇ ਲਈ । ਦੁਨੀਆਂ ਵਾਸਤੇ ਐਸ਼ ਆਰਾਮ ਛੱਡੇ, ਆਪ ਉਜੜਿਆ ਲੋਕ ਵਸਾਣ ਦੇ ਲਈ । ਦੇਖ ਦੁਖੀਆਂ ਨੂੰ ਦੁਖੀ ਹੋਣ ਵਾਲੇ, ਪਰ-ਉਪਕਾਰ ਕਰਨਾ ਹੈਸੀ ਨੇਮ ਤੇਰਾ । ਜੀਹਨੂੰ ਕੀਰ ਤੋਂ ਕੀ ਖਰੀਦ ਸਕਦੇ, ਕੇਵਲ ਮੁੱਲ ਸੀ ਇਕ ‘ਪ੍ਰੇਮ’ ਤੇਰਾ । ਸਿਰ ਦੇ ਪਹਿਲਾਂ ਪਿਛੋਂ ਕਰਨ ਸਿਜਦਾ, ਤੈਥੋਂ ਸਿਖਿਆ ਤੇਰੇ ਸਿਪਾਹੀਆਂ ਨੇ । ਤੇਰੇ ਪ੍ਰੇਮ ਦਾ ਜਿਨ੍ਹਾਂ ਨੂੰ ਠਰਕ ਲਗਾ, ਜਾਨਾਂ ਤਲੀ ਤੇ ਉਹਨਾਂ ਟਿਕਾਈਆਂ ਨੇ । ਤੇਰੇ ਪ੍ਰੇਮ ਦੀ ਰੇਲ ਲੰਘਾਉਣ ਖਾਤਰ, ਹਿੱਕਾਂ ਪਟੜੀਆਂ ਵਾਂਗ ਵਿਛਾਈਆਂ ਨੇ । ਸੀਸ ਫੀਸ ਦੇਹ ਪ੍ਰੇਮ ਝਨਾਂ ਅੰਦਰ, ‘ਤਾਰੂ’ ਬਣ ਫੇਰ ਤਾਰੀਆਂ ਲਾਈਆਂ ਨੇ । ਸਵਾ ਲੱਖ ਦੇ ਇਕ ਹੀ ਤੁਲ ਹੋਇਆ, ਨਾਲ ਤੇਰੀ ਕਸੌਟੀ ਦੇ ਛੋਹ ਗਿਆ ਜੋ । ਕਿਸੇ ਪਾਰਖੂ ‘ਕੰਡੇ’ ਤੇ ਘਟਿਆ ਨਾ, ਤੇਰੀ ਤੱਕੜੀ ਤੇ ਪੂਰਾ ਹੋ ਗਿਆ ਜੋ । ਤੇਰੇ ਅੰਮ੍ਰਿਤ ਦੀ ਜਿਨ੍ਹਾਂ ਤੇ, ਬੂੰਦ ਪੈ ਗਈ, ਭੱਠ ਵਾਂਗ ਤਪਦੇ ਦਿਲ ਠਰਨ ਲਗੇ । ਤੈਥੋਂ ਸਿਖ ਲਈ ਜੀਣ ਦੀ ਜਾਚ ਜਿਨ੍ਹਾਂ, ਮਲਕੁਲ ਮੌਤ ਨੂੰ ਟਿਚਕਰਾਂ ਕਰਨ ਲੱਗੇ । ਸੀਸ ਤਲੀ ਧਰਕੇ ਤੇਰੀ ਗਲੀ ਅੰਦਰ, ਕਦਮ ਸਾਬਤੀ ਦੇ ਨਾਲ ਧਰਨ ਲੱਗੇ । ਬਲਦੀ ਦੇਖ ਕੇ ਸ਼ਮ੍ਹਾਂ ਕੁਰਬਾਨੀਆਂ ਦੀ, ਭੰਵਟ ਵਾਂਗ ਨਿਸ਼ੰਗ ਹੋ ਮਰਨ ਲਗੇ । ‘ਅਰਸ਼ੀ ‘ਗੋਲਿਆਂ ਦੇ ਅਗੇ ਡਾਹ ਛਾਤੀ । ਮੂੰਹ ਤੋਪਾਂ ਦੇ ਅਗਿਓਂ ਫੇਰ ਦਿਤੇ। ਤੇਰੇ ‘ਪੰਜਾਂ’ ਦੀ ‘ਆਬ’ ਬਨਾਣ ਖਾਤਰ, ‘ਪੰਜ ਹੰਝੂ’ ਹਿਮਾਲਾ ਨੇ ਕੇਰ ਦਿਤੇ।

40. ਖਾਲਸਾ ਪੰਥ ਨੂੰ

ਐ ਖਾਲਸਾ ਪੰਥ ! ਤੱਕ ਹਾਲ ਤੇਰਾ, ਮੇਰੀ ਅੱਖੀਆਂ ਚੋਂ ਹੰਝੂ ਕਿਰਨ ਲਗ ਪਏ । ਤੈਨੂੰ ਕਿਸੇ ਦੇ ਆਸਰੇ ਵੇਖ ਜੀਂਦਾ, ਚੜ੍ਹੇ ਹੌਸਲੇ ਵੀ ਸਗੋਂ ਗਿਰਨ ਲਗ ਪਏ । ਤੇਰੀ ਫੁੱਟ ਦੀਆਂ ਘੁੰਮਣ ਘੇਰੀਆਂ ਵਿਚ, ਮੇਰੇ ਦਿਲ ਦੇ ਵਲਵਲੇ ਘਿਰਨ ਲਗ ਪਏ । ਪਿੱਛਾ ਤੱਕਿਆ ਤਾਂ ਤੇਰੇ ਕਾਰਨਾਮੇ, ਬਣ ਕੇ ਫਿਲਮ ਅੱਖਾਂ ਅੱਗੇ ਫਿਰਨ ਲਗ ਪਏ । ਪਿਉ ਪੁੱਤ ‘ਸ਼ਾਹਬਾਜ਼’ ‘ਸੁਬੇਗ’ ਦੋਵੇਂ, ਜਦੋਂ ਚੜ੍ਹ ਗਏ ਸੀ ਤਖਤ-ਦਾਰ ਉਤੇ । ਦੁਨੀਆਂ ਆਖਿਆ ਇਕ ਜ਼ਬਾਨ ਹੋ ਕੇ, ਤੇਰੇ ਜਿਹਾ ਨਹੀਂ ਕੋਈ ਸੰਸਾਰ ਉਤੇ । ਤੇਰੀ ਸ਼ਾਨ ਲਈ ਚਰਖੜੀ ਲਏ ਝੂਟੇ, ਹੱਸ ਹੱਸ ਕੇ ਤੇਰੇ ਸਿਪਾਹੀਆਂ ਨੇ । ਜਿਥੇ ਧਰਮ ਤੇ ਅਣਖ ਦੀ ਗੱਲ ਆਈ, ਹਿੱਕਾਂ ਗੋਲੀਆਂ ਦੇ ਅੱਗੇ ਡਾਹੀਆਂ ਨੇ । ਤੇਰੀ ਚਮਕਦੀ ਸ਼ਾਨ ਦੇ ਚੰਨ ਉਤੇ, ਜਿਨ੍ਹਾਂ ਜਿਨ੍ਹਾਂ ਵੀ ਅਖਾਂ ਲਗਾਈਆਂ ਨੇ । ਲੋਟ ਪੋਟ ਹੋ ਗਏ ਚਕੋਰ ਵਾਂਗ, ਐਪਰ ਅਖੀਆਂ ਨਹੀਂ ਭਵਾਈਆਂ ਨੇ। ਸਿਦਕ ਵੇਖ ਕੇ ਤੇ ਤੇਰੇ ਸਿਦਕੀਆਂ ਦਾ, ਵਹਿੰਦੇ ਵਹਿਣ ਦਰਿਆਵਾਂ ਦੇ ਰੁੱਕਦੇ ਸਨ । ਤੇਰੇ ਰੋਅਬ ਦੀ ਜੁੱਤੀ ਦੀ ਨੋਕ ਉਤੇ, ਹੈਂਕੜ ਵਾਲਿਆਂ ਦੇ ਸਿਰ ਝੁਕਦੇ ਸਨ । ਬੰਦ ਬੰਦ, ਜਾਂ ਕਿਸੇ ਦੇ ਕੱਟਦੇ ਸੀ, ‘ਸਿੱਖੀ ਧੰਨ ਹੈ’ ਵੈਰੀ ਵੀ ਕਹਿ ਰਹੇ ਸੀ । ਹੇਠਾਂ ਤੇਗ ਦੀ ਧਾਰ ਦੇ ਕੋਈ ਹੱਸਦਾ, ਹੰਝੂ ਅੱਖ ਜਲਾਦ ਦੀ ਵਹਿ ਰਹੇ ਸੀ । ਆਰਾ ਰੱਖ ਕੇ ਕਿਸੇ ਦੇ ਸੀਸ ਉਤੇ, ਦਰੜ ਦਰੜ ਜਦੋਂ ਚੀਰਨ ਡਹਿ ਰਹੇ ਸੀ। ਅੱਗੋਂ ਵੇਖ ਕੇ ਸਿੱਖ ਦਾ ਸਿਦਕ ਪੱਕਾ, ਦੰਦੇ ਆਰੇ ਦੀ ਧਾਰ ਨੂੰ ਪੈ ਰਹੇ ਸੀ । ਪਾ ਕੇ ਉਬਲਦੀ ਦੇਗ ਦੇ ਵਿਚ ਕੋਈ, ਅਰਕ ਖਿੱਚਦਾ ਕਿਸੇ ਗੁਲਾਬ ਦਾ ਸੀ । ਸਦਕੇ ਇਨ੍ਹਾਂ ਹੀ ਬੀਰ ਬਹਾਦਰਾਂ ਦੇ, ਮਾਲਕ ਬਣ ਗਿਆ ਤੂੰ ਪੰਜਾਬ ਦਾ ਸੀ । ਇਕ ਅੱਖ ਪੰਜਾਬ ਦੀ ਚਮਕਦੀ ਸੀ, ਅਗੋਂ ਅੱਖੀਆਂ ਦੋ ਚੁੰਧਿਆਉਂਦੀਆਂ ਸਨ । ਆ ਕੇ ਸੱਤ ਸਮੁੰਦਰੋਂ ਪਾਰ ਕੌਮਾਂ, ਤੈਨੂੰ ਸ਼ਰਧਾ ਦੇ ਫੁੱਲ ਚੜ੍ਹਾਉਂਦੀਆਂ ਸਨ । ਕਿਸਮਤ ਬਰਕਤਾਂ ਤੇਰੇ ਸੁਆਗਤਾਂ ਨੂੰ, ਦੂਰ ਦੂਰ ਤੋਂ ਭੱਜੀਆਂ ਆਉਂਦੀਆਂ ਸਨ । ਫ਼ੌਜਾਂ ਤੇਰੀਆਂ ਕਾਲੀਆਂ ਘਟਾ ਵਾਂਗੂ, ਜਿਧਰ ਜਾਂਦੀਆਂ ਸਨ ਫਤਿਹ ਪਾਉਂਦੀਆਂ ਸਨ । ਕਿਤੇ ਰੱਬ ਸਬੱਬੀ ਜੇ ਹੱਥ ਜੁੜ ਗਏ, ਫ਼ੌਜਾਂ ਸੰਦਲੇ ਬੰਨ ਖਲੋਂਦੀਆਂ ਸਨ । ਏਧਰ ਮੌਤ ਨੂੰ ਵਧਦੇ ਤੋਂ ਸੀ ਬੀਰ ਤੇਰੇ, ‘ਪਰੀਆਂ’ ਰੰਡੀਆਂ ਕਿਧਰੇ ਹੋਂਦੀਆਂ ਸਨ। ਗੱਦੀ-ਦਾਰੀ ਦੀ ਨਹੀਂ ਸੀ, ਚਾਹ ਤੈਨੂੰ, ਸਿਰ ਦੇਣ ਵਾਲੇ ਸਨ ਸਿਰਦਾਰ ਤੇਰੇ । ਅਗੇ ਫੌਜ ਦੇ ਹੋਇ ਕੇ ਮਰਨ ਜਿਹੜੇ, ਓਹੀ ਬਣਦੇ ਸੀ ਸਿਪਾਹ-ਸਾਲਾਰ ਤੇਰੇ । ਲੋਕੀ ਪੂੰਜੀਆਂ ਦੇ ਨਾਲ ਕਰਨੇ ਸੌਦੇ, ਸਿਰਾਂ ਨਾਲ ਓ ਸੀ ਹੁੰਦੇ ਵਪਾਰ ਤੇਰੇ । ਥਾਂ ਇੱਟਾਂ ਦੀ ਆਪਣੇ ਸੀਸ ਲਾ ਕੇ, ਗਏ ਸ਼ਾਨ ਦੇ ਮਹਿਲ ਉਸਾਰ ਤੇਰੇ । ਤੇਰੀ ਬੇੜੀ ਦੇ ਬਣੇ ਮਲਾਹ ‘ਤਾਰੂ’ ਖੱਲਾਂ ਰੰਬੀਆਂ ਨਾਲ ਲੁਹਾਣ ਵਾਲੇ । ਜਥੇਦਾਰ ਉਹ ਵੀ ਤੇਰੇ ਕਹਾਂਵਦੇ ਸੀ, ਹੇਠਾਂ ਤੋਂ ਇੰਜਣਾਂ ਦੇ ਦਰੜੇ ਜਾਣ ਵਾਲੇ । ਐਪਰ ਅਜ ਬਹੁਤੇ ਜਥੇਦਾਰ ਤੇਰੇ, ਚੌਧਰ ਲਈ ਨੇ ਫੁੱਟ ਵਧਾਈ ਫਿਰਦੇ । ਪਤਾ ਨਹੀਂ ਪਰਧਾਨ ‘ਪਰ-ਧਾਨ’ ਹੁੰਦੇ, ਐਵੇਂ ਲੇਬਲ ਪ੍ਰਧਾਨ ਦਾ ਲਾਈ ਫਿਰਦੇ । ਚੌਧਰ ਆਪਣੀ ਨੂੰ ਕਾਇਮ ਰੱਖਣੇ ਲਈ, ਭਾਈ ਭਾਈ ਦੇ ਨਾਲ ਲੜਾਈ ਫਿਰਦੇ । ਰਗੜ ਰਗੜ ਕੇ ਗ਼ੈਰਾਂ ਦੇ ਬੂਟ ਉੱਤੇ, ਮੱਥੇ ਆਪਣੇ ਵੇਖ ਘਸਾਈ ਫਿਰਦੇ । ਵੱਡੇ ਯੋਧਿਆਂ ਨੂੰ ਭਾਜੜ ਪਾਉਣ ਵਾਲੇ, ਪਿੱਛਾ ਛੁੱਟਦਾ ਨਹੀਂ ਘਰ ਦੀ ਫੁੱਟ ਕੋਲੋਂ । ਕਦੇ ਪੰਜਾਂ ਦਰਿਆਵਾਂ ਦੇਸੀ ਮਾਲਕ, ਅਜ ਆਹਜੀ ਨੇ ਪਾਣੀ ਦੇ ਘੁੱਟ ਕੋਲੋਂ । ਆ ਅੱਜ ਵੀ ਅੱਖੀਆਂ ਦੇ ਖੋਲ੍ਹ ਪੰਥਾ, ਪਿਛਲਾ ਫੇਰ ਇਤਿਹਾਸ ਦੁਹਰਾ ਦੇਈਏ । ਅਸੀਂ ਸਿੰਘ ਹਾਂ, ਗੱਜਕੇ, ਇਕ ਵੇਰਾਂ, ਭਾਜੜ ਗਿੱਦੜਾਂ ਦੇ ਤਾਈਂ ਪਾ ਦਈਏ । ਕੱਠੇ ਕਰਨ ਲਈ ਕੋਈ ਪਤੰਗਿਆਂ ਨੂੰ, ਸਾਂਝ-ਪ੍ਰੀਤ ਦੀ ਸ਼ਮ੍ਹਾਂ ਜਗਾ ਦਈਦੇ । ਜਥੇਦਾਰੀਆਂ ਵੀ ਫੇਰ ਸਾਂਭ ਲਾਂਗੇ, ਪਹਿਲਾਂ ਗੈਰ ਦੀ ਛੱਟ, ਤਾਂ ਲਾਹ ਦਈਏ । ‘ਅਰਸ਼ੀ’ ਦਾਤੇ ਦੇ ਉੱਚੇ ਸਕੂਲ ਵਿਚੋਂ, ਸਬਕ ਸਾਂਝ ਦਾ ਪ੍ਰੇਮ ਦਾ ਸਿਖ ਲਾ ਲਈਏ । ‘ਗੈਰ ਕੱਢ ਕੇ ਹਿੰਦ ਆਜ਼ਾਦ ਕਰਨਾ’ ਏਸ ਸਤਰ ਨੂੰ ਦਿਲਾਂ ਤੇ ਲਿਖ ਲਈਏ ।

41. ਗੁਰੂ-ਸਿੱਖ ਨੂੰ !

ਓ, ਮੇਰੇ ਬਹਾਦਰ, ਸੇਵਾਦਾਰ ਸਿੱਖਾ ! ਓ ਦੁਖੀਆਂ ਦੇ, ਸੱਚੇ, ਗ਼ਮ-ਖ਼ਵਾਰ ਸਿੱਖਾ ! ਅਜ਼ਾਦੀ ਤੇ ਸੱਚ ਦੇ, ਰਵਾਦਾਰ ਸਿੱਖਾ ! ਓ ਮੇਰੇ ਪਿਆਰੇ, ਪੈਰੋਕਾਰ ਸਿੱਖਾ ! ਦੱਸ ਅਜ ਮੈਨੂੰ, ਤੂੰ ਕੀ ਕਰ ਰਿਹਾ ਏਂ ? ਮੇਰਾ ਸਿੱਖ ਹੋ ਕੇ ਕਿਉ ਦੁਖ ਭਰ ਰਿਹਾ ਏਂ ? ਮੇਰੀ ਤੂੰ ਸਿਖਿਆ ਨੂੰ ਅਜ ਭੁੱਲ ਗਿਆਂ ਏਂ। ਧਾਮਾਂ ਦੇ ਪੈਸੇ ਤੇ ਤੂੰ ਡੁਲ੍ਹ ਗਿਆਂ ਏਂ । ਫੋਕੀ ਜਿਹੀ ਚੌਧਰ 'ਚ ਜੇ ਫੁੱਲ ਗਿਆਂ ਏਂ । ਗ਼ੈਰਾਂ ਦੇ ਪੈਰੀਂ ਤਾਂਹੀ ਰੁਲ ਗਿਆਂ ਏਂ। ਕਿਹਾ ਸੀ ਮੈਂ ਤੈਨੂੰ ਬਣੀ ਨਾ ਪੁਜਾਰੀ । ਰੱਬ ਦੀ ਕਰੀਂ ਨਾ ਕਦੇ ਠੇਕੇਦਾਰੀ । ਕਿਹਾ ਸੀ ਮੈਂ ਤੈਨੂੰ ਪਖੰਡਾਂ 'ਚ ਪਈਂ ਨਾ । ਪੂਜਾ ਦਾ ਪੈਸਾ ਕਿਤੋਂ ਵੀ ਲਈਂ ਨਾ । ਸਦਾ ਸੱਚ ਬੋਲੀਂ, ਕਦੀ ਝੂਠ ਕਹੀਂ ਨਾ । ਜਾਬਰ ਦੇ ਠੁੱਡੇ ਕਦੇ ਵੀ ਸਹੀਂ ਨਾ । ਕਿਹਾ ਸੀ ਮੈਂ ਤੈਨੂੰ ਬੀਰ-ਰਸ ਪੀਵੀਂ । ਇਜ਼ਤ ਨਾਲ ਮਰਜੀ ਅਣਖ ਨਾਲ ਜੀਵੀਂ। ਕਿਹਾ ਸੀ ਗਰੀਬਾਂ ਦੇ ਸਦਾ ਕੰਮ ਆਈਂ। ਨਿਰ-ਧਨ ਤੇ ਨਿਰ-ਬਲ ਨੂੰ ਉੱਤੇ ਉਠਾਈਂ । ਸਿਪਾਹੀ ਬਣੀਂ ਨਾ ਤੂੰ ਲੀਡਰ ਕਹਾਈਂ । ਕਰੀਂ ਆਪ ਸੇਵਾ, ਨਾ ਆਪਣੀ ਕਰਾਈਂ। ਮੇਰੀ ਕਹੀ ਇਹ ਤੂੰ ਦਿਲ ਤੋਂ ਵਿਸਾਰੀ । ਸੇਵਾ ਤੋਂ ਜਿੰਦੜੀ ਤੂੰ ਕਰ ਲਈ ਪਿਆਰੀ । ਸਿੱਖੀ ਦਾ ਕਮੌਣਾ ਤਾਂ ਔਖਾ ਹੈ ਬਾਹਲਾ । ਪਰ ਸਿੱਖ ਹੋ ਕੇ ਤੂੰ ਹੋਇਐਂ ਸੁਖਾਲਾ । ਮੁਖ ਵਿਚ ਵਾਹਿਗੁਰੂ ਤੇ ਹੱਥ ਵਿਚ ਮਾਲਾ । ਉਤੋਂ ਲੀੜੇ ਚਿੱਟੇ ਤੇ ਦਿਲ ਵਿਚੋਂ ਕਾਲਾ । ਆਪਣੇ ਤੈਂ ਜੀਵਨ ਦੀ ਕਰ ਲਈ ਤਬਾਹੀ । ਚਾਹ ਦੀ ਪਿਆਲੀ ਤੇ ਦੇਵੇਂ ਗਵਾਹੀ । ਭੁਲ ਗਿਐਂ ਸਿਖਾ ! ਅਜ਼ਾਦੀ ਤਰਾਨੇ । ਗੁਲਾਮੀ ਦੇ ਜੀਵਨ ਨੂੰ ‘ਜੀਵਨ’ ਤੂੰ ਜਾਨੇ । ਪਾਏ ਨਾਲ ਗੈਰਾਂ ਦੇ ਤੂੰ ਨੇ ਯਰਾਨੇ । ਯਾਦ ਰੱਖ, ਆਪਣੇ ਨਹੀਂ ਬਣਦੇ ਬਿਗਾਨੇ । ਸੇਵਾ ਕਰਨ ਨੂੰ ਸਮਝਨੈਂ, ਤੂੰ ਹੇਠੀ । ਪੂਜਾ ਦੇ ਪੈਸਾ ਤੇ ਕਰਦਾ ਹੈਂ ਸੇਠੀ । ਪਤਾ ਤੈਨੂੰ ਸਿੱਖ ਮੈਂ ਬਣਾਇਆ ਸੀ ਕਾਹਤੋਂ ? ਤੇਗ ਨਾਲ ਪਹਿਲਾਂ ਪਰਤਾਇਆ ਸੀ ਕਾਹਤੋਂ ? ਮਾਰ ਆਪ ਹਥੀਂ ਜਿਵਾਇਆ ਸੀ ਕਾਹਤੋਂ ? ਖੰਡੇ ਦਾ ਅੰਮ੍ਰਿਤ ਛਕਾਇਆ ਸੀ ਕਾਹਤੋਂ ? ਇਸ ਲਈ ਕਿ ਕਲ੍ਹ ਨੂੰ ਨਾ ਖੰਡੇ ਤੋਂ ਡਰਜੀਂ । ਦੇਸ਼ ਕੌਮ ਖ਼ਾਤਰ, ਬੇਸ਼ਕ ਤੂੰ ਮਰਜੀਂ । ਪਰ ਸਿੱਖਾ ! ਗੰਗਾ ਤੈਂ ਉਲਟੀ ਵਗਾਈ । ਬਣਨਾ ਸੀ ਰਹਿਬਰ ਤੈਂ ਦੁਨੀਆਂ ਭੁਲਾਈ ।

42. ਗੁਰੂ ਨਾਨਕ ਨੂੰ

ਤੇਰੇ ਜਨਮ ਦਿਹਾੜੇ ਉਤੇ, ਲੋਕੀ ਕਹਿੰਦੇ ਆ ਜਾ ਨਾਨਕ, ਦੀਦ ਪਿਆਸੇ ਨੈਣਾਂ ਤਾਈ, ਮੁੜ ਕੇ ਦਰਸ ਦਿਖਾ ਜਾ ਨਾਨਕ । ਫਸ ਗਈ ਬੇੜੀ ਵਿਚ ਭੰਵਰ ਦੇ, ਦਿਸਦਾ ਨਹੀਂ ਕਿਨਾਰਾ ਨਾਨਕ । ਆਪਣੀ ਮਿਹਰ ਦਾ ਚੱਪੂ ਲਾ ਕੇ, ਕੰਢੇ ਇਹਨੂੰ ਲਾ ਜਾ ਨਾਨਕ । ਪਰ ਮੈਂ ਕਹਿਨਾ ਏਸ ਦੇਸ਼ ਵਿਚ, ਮੁੜ ਕੇ ਨਾ ਤੂੰ ਆਈਂ ਬਾਬਾ । ਇਸ ਬੇੜੀ ਨੂੰ ਡੁਬ ਜਾਣ ਦੇਹ, ਬੰਨੇ ਨਾ ਤੂੰ ਲਾਈਂ ਬਾਬਾ । ਕੀ ਕਰੇਂਗਾ ਏਥੇ ਆ ਕੇ, ਏਥੇ ਕੋਈ ਇਨਸਾਨ ਨੇ ਵਸਦੇ ? ਏਥੇ ਹਿੰਦ ਸਿੱਖ ਇਸਾਈ, ਏਥੇ ਮੁਸਲਮਾਨ ਨੇ ਵਸਦੇ । ‘ਤੇਰਾਂ ਤੇਰਾਂ’ ਵਾਲੀਆਂ ਗੱਲਾਂ, ਤੇਰੇ ਨਾਲ ਹੀ ਚਲੀਆਂ ਗਈਆਂ, ਝੂਠ ਵੀ ਬੋਲਣ ਘਟ ਵੀ ਤੋਲਣ, ਏਥੇ ਹੁਣ ਸ਼ੈਤਾਨ ਨੇ ਵਸਦੇ। ਪੰਜਾ ਸੀ ਤੂੰ ਲਾਇਆ ਜਿਥੇ, ਹੋ ਗਏ ਉਸ ਪੰਜਾਬ ਦੇ ਟੁਕੜੇ । ਜਿਥੇ ਹੁਸਨ ਇਸ਼ਕ ਦੀ ਗਲ ਸੀ, ਹੋ ਗਏ ਉਸ ਕਿਤਾਬ ਦੇ ਟੁਕੜੇ । ਸਹਿਮੀ ਫਿਰੇ ਲੁਕਾਈ ਸਾਰੀ, ਬੁਚੜਖ਼ਾਨੇ ਥਾਂ ਥਾਂ ਖੁਲ੍ਹੇ; ਨਗ਼ਮਾ ਅਜ ਖਾਮੋਸ਼ ਹੋ ਗਿਆ, ਹੋ ਗਏ ਅਜ ਰਬਾਬ ਦੇ ਟੁਕੜੇ । ਭਾਅ ਚਮਕੀਲੀ ਮਾਰਨ ਲਗੀਆਂ, ਕਾਲੀਆਂ ਹੋ ਕੇ ਕੁਲ ਜਮੀਰਾਂ । ਅਗੇ ਨਾਲੋਂ ਬਹੁਤੀਆਂ ਚਮਕਣ, ਹੋ ਗਈਆਂ ਨੇ ਨਿਕਲ ਜੰਜ਼ੀਰਾਂ । ਏਸ ਤਰ੍ਹਾਂ ਆਜ਼ਾਦੀ ਆਈ, ਏਸ ਤਰ੍ਹਾਂ ਤਬਦੀਲੀ ਹੋਈ, ਭੁਖ ਮਿਲੀ ਜਜਮਾਨਾਂ ਤਾਈ, ਪੰਡਤ ਲੈ ਗਏ ਖੰਡਾਂ ਖੀਰਾਂ । ਅੱਗੇ ਭਾਗੋ ਕੱਲਾ ਹੈਸੀ, ਹੁਣ ਭਾਗੋ ਦੀ ਬਣ ਗਈ ਢਾਣੀ । ਟਾਟੇ, ਬਾਟੇ, ਬਿਰਲੇ ਸਾਰੇ, ਇਹ ਭਾਗੋ ਦੇ ਬਣ ਗਏ ਹਾਣੀ । ਧਰਮ ਛਡ ਗਏ, ਠੱਗੀ ਠੱਲ ਲਈ, ਸ਼ਰਮ ਛੱਡ ਗਏ ਵੱਢੀ ਫੜ ਲਈ, ਬਾਬੇ ਏਥੇ ਇਕ ਸਿਆਪਾ ? ਚਾਰੇ ਪਾਸੇ ਉਲਝੀ ਤਾਣੀ । ਪੰਜੀ ਲੈ ਕੇ ਪੱਚੀਏ ਵੇਚਣ, ਇਹੋ ਜਿਹੇ ਵਿਉਪਾਰੀ ਬੀਬੇ । ਕੜੀਆਂ ਲਾਹ ਕੇ ਖਾ ਜਾਂਦੇ ਨੇ, ਹਾਥੀ ਨੇ ਸਰਕਾਰੀ ਬੀਬੇ । ਕੀ ਕੀ ਗੁਣ ਇਨ੍ਹਾਂ ਦਾ ਦੱਸਾਂ, ਇਹ ਗੁਣਾਂ ਦੇ ਗੁਥਲੇ ਭਾਰੇ, ਲੁੱਕ ਸੜਾਕਣ, ਬੱਜਰੀ ਚੱਬਣ, ਆਪਣੇ ਪਾਨ ਸਿਪਾਰੀ ਬੀਬੇ । ਸੱਜਣ ਜਿਹੜੇ ਬਣ ਨਾ ਸਕਣ, ਇਥੇ ਹੁਣ ਉਹ ਚੋਰ ਹੋਣਗੇ । ਤੁਰਦੇ ਫਿਰਦੇ ਬੰਦੇ ਖਾਣੇ, ਐਸੇ ਆਦਮਖ਼ਰ ਹੋਣਗੇ । ਇਹੋ ਜਿਹੇ ਹੁਣ ਸੱਪ ਨੇ ਏਥੇ, ਡੰਗ, ਮਾਰ ਕੇ ਧੁਪੇ ਸੁਟਦੇ, ਸੁਤਿਆਂ ਨੂੰ ਜੋ ਛਾਂ ਸੀ ਕਰਦੇ, ਉਹ ਸੱਪ ਕੋਈ ਹੋਰ ਹੋਣਗੇ । ਬੁਲ੍ਹ ਸ਼ਾਇਰ ਦੇ ਖੁਲ੍ਹ ਨਹੀਂ ਸਕਦੇ, ਐਸੇ ਤਾਲੇ ਜੜੇ ਹੋਏ ਨੇ । ਏਥੇ ਕਈ ਕਾਨੂੰਨੀ ਚਾਕੂ, ਕਲਮ ਦੇ ਸੰਘ ’ਚ ਅੜੇ ਹੋਏ ਨੇ । ਲੋਕਾਂ ਵਲ ਦੀ ਗੱਲ ਜੋ ਆਖੇ, ਦੇਸ਼ ਦਾ ਵੈਰੀ ਸਮਝਿਆ ਜਾਂਦੈ, ਝੱਟ ਜੇਲ੍ਹ ਦੇ ਅੰਦਰ ਠੋਸਣ, ਰੂਲ ਇਹੋ ਜਿਹੇ ਘੜੇ ਹੋਏ ਨੇ । ਸੱਚੇ ਸੌਦੇ ਉਂਜ ਨਹੀਂ ਹੋਣੇ, ਚੋਰ ਬਜ਼ਾਰੀ ਕਰ ਨਹੀਂ ਸਕਣਾ । ਸਚ ਕਹਿਣ ਦੀ ਆਦਤ ਤੈਨੂੰ, ਝੂਠੀ ਹਾਮੀ ਭਰ ਨਹੀਂ ਸਕਣਾ । ਪਬਲਿਕ ਸੇਫਟੀ ਐਕਟ ਨੇ ਫਿਰ, ਹਰਕਤ ਵਿਚ ਮਜਬੂਰਨ ਆਉਣੈਂ, ਤੈਨੂੰ ਜੇਲ੍ਹ 'ਚ ਡੱਕਣ ਬਾਝੋਂ, ਇਸ ਸਰਕਾਰ ਦਾ ਸਰ ਨਹੀਂ ਸਕਣਾ । ਏਸ ਲਈ ਮੈਂ ਕਹਿਨਾ ਤੈਨੂੰ ਏਥੇ ਨਾ ਤੂੰ ਆਈਂ ਬਾਬਾ । ਇਸ ਬੇੜੀ ਨੂੰ ਡੁੱਬ ਜਾਣ ਦੇਹ, ਬੰਨੇ, ਨਾ ਤੂੰ ਲਾਈਂ ਬਾਬਾ ।

43. ਜਲਾਵਤਨ ਦੇ ਜਜ਼ਬਾਤ

(ਇਹ ਕਵਿਤਾ 1942 ਵਿਚ ਬੰਗਾਲ ਵਿਚੋਂ ਜਲਾਵਤਨ ਹੋਣ ਸਮੇਂ ‘ਪੰਜਾਬ ਨੌਜੁਆਨ ਸਭਾ’ ਤੇ ‘ਅਕਾਲੀ ਦਲ ਬੰਗਾਲ’ ਵਲੋਂ ਦਿੱਤੀ ਗਈ ਵਿਦਾਇਗੀ ਪਾਰਟੀ ਵਿਚ ਪੜ੍ਹੀ ਗਈ ।) ਜਲਾਵਤਨੀਆਂ ਦੇ ਡਰ ਦੇਣ ਵਾਲੇ ! ਜ਼ਰਾ ਸੋਚ, ਕੇ ਕਰੀਂ ਕਿਆਸ ਸਾਡਾ । ਦੇਸ਼ ਕੌਮ ਲਈ ਸਿਰਾਂ ਤੇ ਦੁਖ ਜਰਨੇ, ਇਹ ਤਾਂ ਮੁਢ ਤੋਂ ਹਈ ਅਭਿਆਸ ਸਾਡਾ । ਦੁਨੀਆਂ ਹੋਰ ਪਾਸੇ ਜੀਵਨ ਭਾਲਦੀ ਏ, ਹੋਇਆ ਮੌਤ ਦੇ ਵਿਚੋਂ ਵਿਕਾਸ ਸਾਡਾ । ਪੰਨੇ ਪੰਨੇ ਤੇ ਖ਼ੂਨ ਦੇ ਚਿੰਨ੍ਹ ਲੱਗੇ, ਜ਼ਰਾ ਫੋਲ ਕੇ ਦੇਖ ਇਤਿਹਾਸ ਸਾਡਾ । ਸਾਡੇ ਨਾਲ ਭਲਿਆ ਕਾਹਨੂੰ ਕਰੇਂ ਸੌਦੇ, ਘਾਟਾ ਪਾਏਂਗਾ, ਏਸ ਵਪਾਰ ਵਿਚੋਂ । ਉਹਨੂੰ ਤੇਗ ਦੀ ਧਾਰ ਕੀ ਆਖਦੀ ਏ, ਜੀਹਦਾ ਜਨਮ ਹੀ ਤੇਗ ਦੀ ਧਾਰ ਵਿਚੋਂ । ਅਸੀਂ ਉਹੀ ਹਾਂ ‘ਮਨੂੰ’ ਤੋਂ ਅੱਜ ਤੀਕਰ, ਜ਼ੁਲਮ ਜ਼ੋਰ ਅਗੇ ਜਿਹੜੇ ਅੜੇ ਹੋਏ ਹਾਂ । ਦੁਨੀਆਂ ਆਖਦੀ ਏ ਕਤਲਗਾਹ ਜਿਹਨੂੰ, ਅਸੀਂ ਓਸ ਸਕੂਲ ਵਿਚ ਪੜ੍ਹੇ ਹੋਏ ਹਾਂ । ਦੁਖੀ ਦੇਸ਼ ਦੀ ਆਨ ਤੇ ਸ਼ਾਨ ਬਦਲੇ, ਹੱਸ ਕੇ ਸੂਲੀਆਂ ਤੇ ਅਸੀਂ ਚੜ੍ਹੇ ਹੋਏ ਹਾਂ । ਬੰਦ ਦਿਲ ਦੀਆਂ ਹਸਰਤਾਂ ਬੰਦ ਲੈ ਕੇ, ਕਈ ਵਾਰ ਅਧ-ਖਿੜੇ ਹੀ ਝੜੇ ਹੋਏ ਹਾਂ । ਐਪਰ ਹਸਰਤਾਂ ਬੰਦ ਹੁਣ ਰਹਿਣੀਆਂ ਨਹੀਂ, ਖ਼ੂਨ ਉਠਿਆ ਏ ਜੋਸ਼ ਮਾਰ ਸਾਡਾ । ਦੇਸ਼ ਕੌਮ ਦੇ ਦਰਦ ਦੇ ਨਾਲ ਭਰਿਆ, ਡੁਲ੍ਹਦਾ ਅੱਖੀਆਂ ਥਾਣੀ ਪਿਆਰ ਸਾਡਾ। ਅਸੀਂ ਮੁਢੋਂ ਆਜ਼ਾਦੀ ਦੇ ਰਹੇ ਆਸ਼ਕ, ਈਨ ਕਿਸੇ ਦੀ ਵਿਚ ਨਹੀਂ ਆਉਣ ਵਾਲੇ । ਖਾਦ ਹੱਡੀਆਂ ਦੀ ਪਾ ਕੇ ਲਹੂ ਪਾਣੀ, ਬੂਟਾ ਪਿਆਰੀ ਆਜ਼ਾਦੀ ਦਾ ਲਾਉਣ ਵਾਲੇ । ਅਸੀਂ ਫੁਲ ਹਾਂ ਭੱਠੀਆਂ ਵਿਚ ਪੈ ਕੇ, ਸਾਰੇ ਜਗ ਤੇ ਮਹਿਕ ਖਿੰਡਾਉਣ ਵਾਲੇ । ਹੇਠਾਂ ਗਰਜ ਕੇ ਧਰਤ ਕੰਬਾ ਦਈਏ, ਉਤੇ ਬਿਜਲੀਆਂ ਤਾਈਂ ਤੜਫਾਉਣ ਵਾਲੇ । ਮੁਚਨ ਵਾਲੇ ਨਹੀਂ ਸੋਹਲ ਸਰੀਰ ਸਾਡੇ, ਤੇ ਟੁਟ ਜਾਣ ਭਾਵੇਂ ਨਹੀਂ ਪਰਵਾਹ ਸਾਨੂੰ । ਸਾਰੀ ਦੁਨੀਆ ਦੀ ਤਾਕਤ ਜੇ ਹੋਏ ਕੱਠੀ, ਤਾਂ ਭੀ ਸਕਦੀ ਨਹੀਂ ਹਿਲਾ ਸਾਨੂੰ । ਨੌਜਵਾਨ ਹਾਂ ਨਵਾਂ ਹੈ ਜੋਸ਼ ਸਾਡਾ, ਨਕਸ਼ਾ ਦੇਸ਼ ਦਾ ਨਵਾਂ ਪਲਟਾ ਦਿਆਂਗੇ । ਪਾਉਣਾ ਪੈ ਜਾਵੇ ਰਗਾਂ ਦਾ ਖੂਨ ਭਾਵੇਂ, ਰੰਗ ਦੇਸ਼ ਤੇ ਨਵਾਂ ਚੜ੍ਹਾ ਦਿਆਂਗੇ । ਏਸ ਭਾਰਤ ਦੇ ਉਜੜੇ ਬਾਗ ਅੰਦਰ, ਬੁਲਬੁਲ ਫੇਰ ਆਜ਼ਾਦ ਚਹਿਕਾ ਦਿਆਂਗੇ । ਸਾਡੇ ਦਿਲਾਂ ਵਿਚ ਮਚਲਦੀ ਰੀਝ ਇਹੋ, ਛੱਟ ਗੈਰ ਦੀ ਸਿਰਾਂ ਤੋਂ ਲਾਹ ਦਿਆਂਗੇ । ਇਹ ਮਚਲਦੀ ਰੀਝ ਨਹੀਂ ਬੰਦ ਹੋਣੀ, ਭਾਵੇਂ ਦਿਲਾਂ ਦੀਆਂ ਧੜਕਣਾਂ ਬੰਦ ਹੋਵਨ । ‘ਭਾਰਤ ਦੇਸ਼ ਸਾਡਾ’ “ਅਰਸ਼ੀ” ਕਹਾਂਗੇ ਇਹ, ਭਾਵੇਂ ਫਾਂਸੀਆਂ ਦੇ ਗਲੀਂ ਤੰਦ ਹੋਵਣ। (ਇਹ ਨਜ਼ਮ ਉਨ੍ਹਾਂ ੧੯੪੨ ਵਿਚ ਬੰਗਾਲ ਤੋਂ ਜਲਾਵਤਨ ਕੀਤੇ ਜਾਣ ਵੇਲੇ ਲਿਖੀ)

44. ਟੈਗੋਰ ਦੀ ਯਾਦ

ਓ ! ਭਾਰਤ ਦੀ ਅੱਖਾਂ ਦੇ ਤਾਰੇ ਰਬਿੰਦਰ ! ਓ ! ਢੱਠੇ ਦਿਲਾਂ ਦੇ ਸਹਾਰੇ ਰਬਿੰਦਰ ! ਕਵੀਆਂ ਦੇ ਰੋਸ਼ਨ ਮੁਨਾਰੇ ਰਬਿੰਦਰ ! ਸਾਹਿਤ-ਸ਼ਰੇਣੀ ਦੇ ਪਿਆਰੇ ਰਬਿੰਦਰ ! ਤੇਰੀ ਯਾਦ ਮੈਨੂੰ ਸਤਾਂਦੀ ਪਈ ਏ । ਕਲਮ ਕਾਲੇ ਹੰਝੂ ਵਗਾਂਦੀ ਪਈ ਏ । ਦੇਖਣ ਨੂੰ ਬੁੱਢੇ ਤੇ ਦਿਲ ਦੇ ਜੁਆਨਾ । ਆਜ਼ਾਦੀ ਤੇ ਏਕਾ ਸੀ ਤੇਰਾ ਨਿਸ਼ਾਨਾ । ਯਾਦ ਕਰਕੇ ਤੇਰਾ ਉਹ ਕੌਮੀ ਤਰਾਨਾ । ਰੋਂਦਾ ਏ ਤੈਨੂੰ ਇਹ ਸਾਰਾ ਜ਼ਮਾਨਾ ! ਤੇਰੀ ਜੁਦਾਈ ਚ ਹੰਝੂ ਜੋ ਡੋਲ੍ਹੇ । ਕੰਡੇ ਤੇ ਧਰੀਏ ਜੇ ਹੋਵੇਂ ਤੂੰ ਕੋਲੇ । ਮਕਸਦ ਸੀ ਤੇਰਾ ਜੋ ਡਿਗੇ ਉਠਾਣਾ । ਉਠੇ ਹੋਇਆਂ ਨੂੰ ਵੀ ਅੱਗੇ ਵਧਾਣਾ । ਵਧਦਿਆਂ ਨੂੰ ਮੰਜ਼ਲ ਦੇ ਉੱਤੇ ਪੁਚਾਣਾ । ਮੰਜ਼ਲ ਤੇ ਝੰਡਾ, ਆਜ਼ਾਦੀ ਝੁਲਾਣਾ । ਤੇਰੇ ਲਈ ਸੀ ਹਿੰਦੂ ਮੁਸਲਮਾਨ ਇਕੋ । ਗੰਗਾ ਤੇ ਜ਼ਮਜ਼ਮ ਦਾ ਇਸ਼ਨਾਨ ਇਕੋ । ਹੈਸੀ ਸ਼ਾਨ ਹਿੰਦ ਦੀ ਜੋ ਸੀ ਸ਼ਾਨ ਤੇਰੀ । ਚਮਕਦਾ ਜੋ ਸਾਹਿਤ, ਹੈ ਉਸ 'ਚ ਜਾਨ ਤੇਰੀ । ਤੇਰੀ ਸੌਂਹ ਰਿਣੀ ਹੈ, ਸਾਹਿਤ-ਜਹਾਨ ਤੇਰੀ । ਮੰਗਦੀ ਸੀ ਛੋਹ ਇਕ ਹਰ ਜ਼ਬਾਨ ਤੇਰੀ । ਅਰਸ਼ਾਂ ਦਾ ਤਾਰਾ ਸੈਂ ਫਰਸ਼ਾਂ ਤੇ ਆਇਆ । ਨ੍ਹੇਰੇ ਦਿਲਾਂ ਨੂੰ ਤੂੰ ਰੌਸ਼ਨ ਬਣਾਇਆ । ਭਾਰਤ ਦੀ ਬੇੜੀ ਦਾ ਸੈਂ ਨਾ-ਖ਼ੁਦਾ । ਚੜ੍ਹਦੀ ਉਮਰ ਦਾ ਕੋਈ, ਵਲਵਲਾ । ਯਾ ਬੱਝੀ ਹੋਈ, ਇਨਕਲਾਬੀ ਹਵਾ । ਸੀ ਵਹਿਣ ਤੇਰਾ ਜੋ ਕੋਈ ਬੇ-ਰੁਕਾ । ਸਾਡੇ ਦਿਲਾਂ ਦੀ ਤੂੰ ਧੜਕਣ ਸੈਂ ਕਵੀਆ । ਪਰ ‘ਗ਼ੈਰ’ ਅੱਖਾਂ ਦਾ ਰੜਕਣ ਸੈਂ ਕਵੀਆ। ਅਣਖੀਲਾ ਜੀਵਨ ਸੈਂ ਜੀਉਣਾ ਸਿਖਾਉਂਦਾ। ਲਗੇ ਦਾਗ ਕਾਲੇ ਸੈਂ ਕਲਮ ਨਾਲ ਲਾਹੁੰਦਾ । ਲਾ-ਜਵਾਬ ਐਸਾ, ਸੈਂ ਉੱਤਰ ਸੁਣਾਉਂਦਾ । ‘ਰਾਇਥਬੋਨ’ ਜਹੀਆਂ ਨੂੰ, ਭਾਜੜ ਮੈਂ ਪਾਉਂਦਾ । ਨਵਾਂ ਖ਼ੂਨ ਭਰ ਗਈ ਏ ਤਹਿਰੀਰ ਤੇਰੀ। ਰਹੂ ਸਾਡੇ ਦਿਲ ਤੇ, ਜੋ ਤਸਵੀਰ ਤੇਰੀ । ਰੋਂਦਾ ਏ ਭਾਰਤ, ਤੇਰੇ ਵੈਣ ਪਾ ਕੇ । ਛਡ ਗਿਐਂ ਤੂੰ ਜੀਹਨੂੰ ਕਲੇਜਾ ਫੜਾ ਕੇ । ਜੇ ਜਾਣਾ ਸੀ ਅੜਿਆ ! ਤੂੰ ਇਉਂ ਚੁਪ ਚੁਪਾ ਕੇ । ਇਹਨੂੰ ਕਿਨਾਰੇ ਤਾਂ ਜਾਂਦਾ ਲਗਾ ਕੇ । ਅੱਖਾਂ ’ਚ ਪਾਏ ਮੈਂ “ਅਰਸ਼ੀ” ਸਿਤਾਰੇ । ਹਾਏ ! ਤੇਰੇ, ਫਿਰ ਵੀ ਨਾ ਹੁੰਦੇ ਦੀਦਾਰੇ ।

45. ਸਮੇਂ ਦੀ ਰੌ

ਕਿਸੇ ਚੰਗੇਰੀ ਦੁਨੀਆਂ ਵਲ, ਬਦਲੀ ਹੈ ਰੌ ਜ਼ਮਾਨੇ ਨੇ । ਮੰਜ਼ਲ ਨੂੰ ਧੂਹਾਂ ਪਾਈਆਂ ਨੇ, ਅੱਜ ਆਪਣੇ ਆਪ ਨਿਸ਼ਾਨੇ ਨੇ । ਬੁਲਬੁਲ ਨੇ ਛਡ ਕੇ ਵੈਣਾਂ ਨੂੰ ਅੱਜ ਛੋਹੇ ਪ੍ਰੀਤ ਤ੍ਰਾਨੇ ਨੇ । ਸਾਕੀ ਦੀ ਤੱਕ ਸਖਾਵਤ ਨੂੰ, ਮਿਣਤੀ ਛੱਡੀ ਪੈਮਾਨੇ ਨੇ । ਅਨਵਾਨ ਨਵੇਂ ਹੀ ਬਦਲੇ ਨੇ, ਇਸ ਜ਼ਿੰਦਗੀ ਦੇ ਅਫਸਾਨੇ ਨੇ । ਨਵੀਆਂ ਹੀ ਤਾਰਾਂ ਸੁਰ ਹੋਈਆਂ, ਸਭ ਬਦਲੇ ਸਾਜ਼ ਪੁਰਾਣੇ ਨੇ । ਕਲੀਆਂ ਨੇ ਘੁੰਗਟ ਲਾਹ ਦਿੱਤੇ, ਗੁਲਜ਼ਾਰ ਬਣੇ ਵੀਰਾਨੇ ਨੇ । ਨਰਗਸ ਦੀ ਇਕ ਇਕ ਅੱਖ ਅੰਦਰ, ਆਬਾਦ ਹੋਏ ਮੈਖ਼ਾਨੇ ਨੇ । ਮਾਨੁਖਤਾ ਦੀ ਆਜ਼ਾਦੀ ਲਈ, ਬਝ ਗਏ ਸ਼ਹੀਦੀ ਗਾਨੇ ਨੇ । ਸ਼ਮ੍ਹਾਂ ਤੋਂ ਜੀਵਨ ਲੈਣ ਲਈ, ਅੱਜ ਚਲ, ਪਏ ਪ੍ਰਵਾਨੇ ਨੇ । ਜਨਤਾ ਦੀਆਂ ਉਠਦੀਆਂ ਲਹਿਰਾਂ ਤਕ, ਕਈ ਸੋਚੀਂ ਪਏ ਸਿਆਣੇ ਨੇ । ਰੱਬ ਬੰਦਿਆਂ ਕੋਲ ਹੈ, ਚਲ ਆਇਆ, ਤਕਦੇ ਰਹਿ ਗਏ ਮੌਲਾਣੇ ਨੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਜਰਨੈਲ ਸਿੰਘ ਅਰਸ਼ੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ