Lajwanti : Shiv Kumar Batalvi
ਲਾਜਵੰਤੀ : ਸ਼ਿਵ ਕੁਮਾਰ ਬਟਾਲਵੀ
ਮੇਰੇ ਗੀਤਾਂ ਦੀ ਲਾਜਵੰਤੀ ਨੂੰ,
ਤੇਰੇ ਬਿਰਹੇ ਨੇ ਹੱਥ ਲਾਇਐ ।
ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ,
ਤੇਰੀ ਸਰਦਲ 'ਤੇ ਸਿਰ ਨਿਵਾਇਐ ।
ਇਹ ਕੌਣ ਮਾਲੀ ਹੈ ਦਿਲ ਮੇਰੇ ਦਾ
ਚਮਨ ਜੋ ਫੱਗਣ 'ਚ ਵੇਚ ਚੱਲਿਐ,
ਇਹ ਕੌਣ ਭੌਰਾ ਹੈ ਜਿਸ ਨਿਖੱਤੇ ਨੇ
ਮੇਰੇ ਗ਼ਮ ਦੀ ਕਲੀ ਨੂੰ ਤਾਇਐ ।
ਉਹ ਕਿਹੜੀ ਕੰਜਕ ਸੀ ਪੀੜ ਮੇਰੀ ਦੀ
ਜਿਸ ਨੇ ਦੁਨੀਆਂ ਦੇ ਪੈਰ ਧੋਤੇ,
ਇਹ ਕਿਹੜੀ ਹਸਰਤ ਹੈ ਜਿਸ ਨੇ ਦਿਲ ਦੇ
ਵੀਰਾਨ ਵਿਹੜੇ 'ਚ ਚੌਕ ਵਾਹਿਐ ?
ਮੇਰੇ ਸਾਹਾਂ ਦੀ ਪੌਣ ਤੱਤੀ ਦਾ
ਕਿਹੜਾ ਬੁੱਲਾ ਖਲਾ 'ਚ ਘੁਲਿਐ,
ਇਹ ਕਿਹੜਾ ਹੰਝੂ ਹੈ ਮੇਰੇ ਨੈਣਾਂ ਦਾ
ਸ਼ਹਿਰ ਛੱਡ ਕੇ ਜੋ ਮੁਸਕਰਾਇਐ ?
ਮੇਰੀ ਉਮਰਾ ਦੀ ਲਾਜਵੰਤੀ ਨੂੰ,
ਤੇਰੇ ਬਿਰਹੇ ਨੇ ਹੱਥ ਲਾਇਐ ।
ਮੇਰੇ ਸਾਹਾਂ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ 'ਤੇ ਸਿਰ ਨਿਵਾਇਐ ।
ਮੇਲ ਤੇਰੇ ਦੇ ਮੁੱਖ ਸੰਧੂਰੀ 'ਤੇ
ਪੈ ਗਈਆਂ ਨੇ ਵੇ ਹੋਰ ਛਾਹੀਆਂ,
ਹੋਰ ਗ਼ਮ ਦੇ ਹੁਸੀਨ ਮੁੱਖ 'ਤੇ
ਵੇ ਕਿੱਲ ਫੁਰਕਤ ਦਾ ਨਿਕਲ ਆਇਐ ।
ਟੁਰ ਚੱਲੀ ਹੈ ਬਾਹਰ ਜੋਗਣ
ਵੇ ਕਰਨ ਪੱਤਝੜ ਦਾ ਪਾਕ ਤੀਰਥ,
ਤਿਤਲੀਆਂ ਨੇ ਮਲੂਕ ਮੰਜਰੀ ਦਾ
ਪੀਠ ਮੱਥੇ 'ਤੇ ਤਿਲਕ ਲਾਇਐ ।
ਨੰਗੇ ਪੌਣਾਂ ਦੇ ਸੁਹਲ ਪੈਰਾਂ 'ਚ
ਕਿਰਨ ਚਾਨਣ ਦੀ ਚੁਭ ਗਈ ਹੈ,
ਬੀਮਾਰ ਬੱਦਲਾਂ ਦੇ ਗਲ 'ਚ ਰਾਤਾਂ
ਕਰਾ ਕੇ ਚੰਨ ਦਾ ਤਵੀਤ ਪਾਇਐ ।
ਯਾਦ ਮੇਰੀ ਦੀ ਲਾਜਵੰਤੀ ਨੂੰ
ਤੇਰੇ ਬਿਰਹੇ ਨੇ ਹੱਥ ਲਾਇਐ ।
ਪੀੜ ਮੇਰੀ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ 'ਤੇ ਸਿਰ ਨਿਵਾਇਐ ।
ਬੀਤੇ ਵਰ੍ਹਿਆਂ ਦੇ ਗਹਿਰੇ ਸਾਗਰ 'ਚ
ਫੇਰ ਆਇਐ ਜਵਾਰ-ਭਾਟਾ,
ਸਿਦਕ ਮੇਰੇ ਦੇ ਸੰਖ, ਘੋਗੇ
ਮਲਾਹ ਸਮਿਆਂ ਦਾ ਚੁਗ ਲਿਆਇਐ ।
ਰਾਤੜੀ ਦੇ ਸਿਆਹ ਮੇਰੇ 'ਚ
ਖੂਹ ਚਾਨਣ ਦਾ ਗਿੜ ਰਿਹਾ ਹੈ,
ਚੁੱਪ ਦੀ ਮੈਂ ਮੁਲੈਮ ਗਾਧੀ 'ਤੇ
ਹਿਜਰ ਤੇਰੇ ਦਾ ਗ਼ਮ ਬਿਠਾਇਐ ।
ਹੰਝੂਆਂ ਦੀ ਝਲਾਰ ਨਿੱਤਰੀ 'ਚ
ਦੀਦ ਤੇਰੀ ਦਾ ਸੋਹਲ ਸੁਪਨਾ
ਵੇ ਸ਼ੌਕ ਮੇਰੇ ਨੇ ਮੁੜ ਨੁਹਾਇਐ ।
ਆਸ ਮੇਰੀ ਦੀ ਲਾਜਵੰਤੀ ਨੂੰ
ਤੇਰੇ ਬਿਰਹੇ ਨੇ ਹੱਥ ਲਾਇਐ ।
ਸਬਰ ਮੇਰੇ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ 'ਤੇ ਸਿਰ ਨਿਵਾਇਐ ।
ਅੱਜ ਉਮੀਦਾਂ ਨੇ ਅੰਬਰਾਂ ਥੀਂ
ਹੈ ਸੋਨ-ਰਿਸ਼ਮਾਂ ਦੀ ਲਾਬ ਲਾਈ,
ਅੱਜ ਹਯਾਤੀ ਦੇ ਕਾਲੇ ਖੇਤਾਂ 'ਚ
ਤਾਰਿਆਂ ਦਾ ਮੈਂ ਕਣ ਬਿਜਾਇਐ ।
ਆਪਣੀ ਉਮਰਾ ਤੇ ਤੇਰੇ ਸਾਹਾਂ ਦੀ
ਮਹਿਕ ਨੂੰ ਹੈ ਮੈਂ ਜ਼ਰਬ ਦਿੱਤੀ,
ਯਾਦ ਤੇਰੀ ਦਾ ਇਕ ਹਾਸਿਲ…
ਤੇ ਸਿਫ਼ਰ ਬਾਕੀ ਜਵਾਬ ਆਇਐ ।
ਮੇਰੇ ਗੀਤਾਂ ਨੇ ਦਰਦ ਤੇਰੇ ਦੀ
ਖ਼ਾਨਗਾਹ 'ਤੇ ਵੇ ਪੜ੍ਹ ਕੇ ਕਲਮਾ,
ਸ਼ੁਹਰਤਾਂ ਦਾ ਵੇ ਮੁਰਗ਼ ਕਾਲਾ
ਹਲਾਲ ਕਰ ਕੇ ਨਜ਼ਰ ਚੜ੍ਹਾਇਐ ।