Lachhi Kuri : Shiv Kumar Batalvi
ਲੱਛੀ ਕੁੜੀ : ਸ਼ਿਵ ਕੁਮਾਰ ਬਟਾਲਵੀ
ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆਂ ਕਰੇ
ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ
ਤੇ ਕੰਨਾਂ ਵਿਚ ਕੋਕਲੇ ਹਰੇ ।
ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ
ਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀ
ਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ
ਪੈਲਾਂ ਪਾਉਣੋਂ ਮੋਰ ਵੀ ਡਰੇ
ਕਾਲੀ ਦਾਤਰੀ…।
ਰੰਗ ਦੀ ਪਿਆਰੀ ਤੇ ਸ਼ਰਾਬੀ ਉਹਦੀ ਟੋਰ ਨੀ
ਬਾਗ਼ਾਂ ਵਿਚੋਂ ਲੰਘਦੀ ਨੂੰ ਲੜ ਜਾਂਦੇ ਭੌਰ ਨੀ
ਉਹਦੇ ਵਾਲਾਂ ਵਿਚ ਮੱਸਿਆ ਨੂੰ ਵੇਖ ਕੇ
ਕਿੰਨੇ ਚੰਨ ਡੁੱਬ ਕੇ ਮਰੇ
ਕਾਲੀ ਦਾਤਰੀ…।
ਗੋਰੇ ਹੱਥੀਂ ਦਾਤਰੀ ਨੂੰ ਪਾਇਆ ਏ ਹਨੇਰ ਨੀ
ਵੱਢ ਵੱਢ ਲਾਈ ਜਾਵੇ ਕਣਕਾਂ ਦੇ ਢੇਰ ਨੀ
ਉਹਨੂੰ ਧੁੱਪ ਵਿਚ ਭਖਦੀ ਨੂੰ ਵੇਖ ਕੇ
ਬੱਦਲਾਂ ਦੇ ਨੈਣ ਨੇ ਭਰੇ
ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆਂ ਕਰੇ…।