Kudrat Dian Saughatan : Omkar Sood Bahona

ਕੁਦਰਤ ਦੀਆਂ ਸੌਗ਼ਾਤਾਂ (ਬਾਲ-ਕਵਿਤਾਵਾਂ) : ਓਮਕਾਰ ਸੂਦ ਬਹੋਨਾ

1. ਕੁਦਰਤ ਦੀਆਂ ਸੌਗ਼ਾਤਾਂ

ਚੰਨ-ਸਿਤਾਰੇ ਬੜੇ ਪਿਆਰੇ,
ਬੱਦਲ, ਰੁੱਖ, ਪ੍ਰਭਾਤਾਂ।
ਆਪਣੇ ਆਪ ਨੇ ਬਦਲੀ ਜਾਂਦੇ,
ਸੁੰਦਰ ਦਿਨ ਤੇ ਰਾਤਾਂ।
ਫੁੱਲ, ਤਿਤਲੀਆਂ, ਮਧੂ ਮੱਖੀਆਂ,
ਜੰਗਲ ਅਤੇ ਪਹਾੜ!
ਕਿਧਰੇ ਉੱਗੀ ਹਰਿਆਲੀ-
ਤੇ ਕਿਧਰੇ ਘੋਰ ਉਜਾੜ।
ਨਦੀਆਂ, ਪੰਛੀ, ਪਸ਼ੂ, ਪਰਿੰਦੇ,
ਬੜਾ ਵਿਸ਼ਾਲ ਸਮੁੰਦਰ!
ਕਿਧਰੇ ਨੇਰ੍ਹਾ, ਕਿਧਰੇ ਚਾਨਣ,
ਸੂਰਜ ਬੜਾ ਕਲੰਦਰ!
ਸੋਨ-ਸੁਨਹਿਰੀ ਕਿਰਨਾ ਲੈ ਕੇ,
ਇਹੇ ਆਉਂਦਾ ਜਾਂਦਾ!
ਨਾਚ ਕਰੇ ਫਿਰ ਸਾਰੀ ਦੁਨੀਆਂ,
ਜਿੱਦਾਂ ਉਹੋ ਨਚਾਂਦਾ।

ਹਵਨ ਕੁੰਡ ਦੇ ਵਿਚੋਂ ਨਿਕਲੇ,
ਜੀਕਣ ਗਹਿਰਾ ਧੂੰਆਂ!
ਉਵੇਂ ਹੀ ਧੁੰਦ ਸਰਦੀ ਦੇ ਵਿੱਚ,
ਮੱਲੇ ਆਣ ਬਰੂਹਾਂ।
ਗਰਮੀਂ-ਸਰਦੀ ਮੌਸਮ ਬਦਲੀ,
ਜਾਂਦੇ ਅੱਖ ਝਪੱਕੇ!
ਕੁਦਰਤ ਗੇੜੇ ਲਾਉਂਦੀ-ਲਾਉਂਦੀ,
ਨਾ ਅੱਕੇ, ਨਾ ਥੱਕੇ।
ਕਿਧਰੇ ਫੁੱਲਾਂ ਮਹਿਕਾਂ ਲਾਈਆਂ,
ਕਿਧਰੇ ਰੰਗ ਬਖੇਰੇ!
ਕਿਧਰੇ ਰੌਣਕ ਥੋੜ੍ਹੀ-ਥੋੜ੍ਹੀ,
ਕਿਧਰੇ ਰਤਾ ਵਧੇਰੇ।
ਅੱਖਾਂ ਖੋਲ੍ਹੋ-ਵੇਖੋ ਮਾਣੋ,
ਮਾਰ ਚੁਫੇਰੇ ਝਾਤਾਂ!
ਮਨ ਨੂੰ ਖੇੜਾ ਮਿਲ ਜਾਂਦਾ,
ਤੱਕ ਕੁਦਰਤ ਦੀਆਂ ਸੌਗ਼ਾਤਾਂ।

2. ਚੰਨ-ਸਿਤਾਰੇ (51 ਨਿੱਕੀਆਂ ਕਵਿਤਾਵਾਂ)

1
ਚੰਨ-ਸਿਤਾਰੇ ਅੰਬਰ ਉੱਤੇ,
ਰਾਤ ਪਈ ਤੋਂ ਚੜ੍ਹਦੇ।
ਦੂਈ-ਦਵੈਤ ਨਾ- ਤੂੰ-ਤੂੰ, ਮੈਂ-ਮੈਂ,
ਨਾ ਹੀ ਝਗੜਾ ਕਰਦੇ।
ਇੱਕ ਦੂਜੇ ਨੂੰ ਜਿੰਦ-ਜਾਨ ਤੋਂ-
ਕਰਦੇ ਵੱਧ ਮੁਹੱਬਤ,
ਦਿਲ ਦੇ, ਮਨ ਦੇ ਸੱਚੇ-ਸੁੱਚੇ,
ਪਿਆਰ ਦੀ ਹਾਮੀ ਭਰਦੇ।

2
ਚੰਨ-ਸਿਤਾਰੇ ਅੰਬਰ ਉੱਤੇ,
ਗਾਉਣ ਪਏ ਕਵਿਤਾਵਾਂ।
ਜੀ ਕਰਦੈ ਮੈਂ ਮਾਰ ਉਡਾਰੀ,
ਕੋਲ ਇਨ੍ਹਾਂ ਦੇ ਜਾਵਾਂ।
ਆਖਾਂ ਮੈਨੂੰ ਹੋਰ ਸੁਣਾਓ-
ਪਿਆਰ ਭਰੇ ਇਹ ਨਗ਼ਮੇਂ!
ਨਾਲ ਇਨ੍ਹਾਂ ਦੇ ਰਲਕੇ ਮੈਂ ਵੀ,
ਗੀਤ ਪਿਆਰ ਦੇ ਗਾਵਾਂ।

3
ਚੰਨ-ਸਿਤਾਰੇ ਅੰਬਰ ਉੱਤੇ,
ਖਿੜਦੇ ਵਾਕੁਰ ਫੁੱਲਾਂ।
ਹਾਸਾ ਹਰਦਮ ਟਿਕਿਆ ਰਹਿੰਦਾ,
ਸਦਾ ਇਨ੍ਹਾਂ ਦਿਆਂ ਬੁੱਲ੍ਹਾਂ।
ਰੋਣਾ ਤਾਂ ਇਹ ਮੂਲ ਨਾ ਜਾਨਣ,
ਨਾ ਇਹ ਜਾਨਣ ਲੜਨਾ!
ਨਾ ਇਹ ਚੋਰੀ-ਠੱਗੀ ਵਰਗੀਆਂ,
ਕਰਨ ਕਦੇ ਵੀ ਭੁੱਲਾਂ।

4
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਤੋਰਾ-ਫੇਰਾ।
ਸਭਨਾਂ ਦਾ ਸਾਡਾ ਅੰਬਰ ਸਾਂਝਾ!
ਨਾ ਤੇਰਾ, ਨਾ ਮੇਰਾ।
ਨਾ ਹੱਦਾਂ, ਨਾ ਵੱਟਾਂ ਬੰਨੇ,
ਨਾ ਨਫ਼ਰਤ ਦੀਆਂ ਕੰਧਾਂ!
ਫੁੱਲਾਂ ਵਰਗਾ ਪਿਆਰ ਇਨ੍ਹਾਂ ਦਾ,
ਪਰਬਤ ਵਰਗਾ ਜੇਰਾ।

5
ਚੰਨ-ਸਿਤਾਰੇ ਅੰਬਰ ਉੱਤੇ,
ਛੁਪਦੇ ਬੱਦਲਾਂ ਓਹਲੇ।
ਪਸਰ ਜਾਏ ਤਦ ਘੁੱਪ ਹਨ੍ਹੇਰਾ,
ਰਾਤੀਂ ਉੱਲੂ ਬੋਲੇ।
ਘੁੱਪ ਹਨ੍ਹੇਰਾ ਦੂਰ ਹੋਂਵਦਾ,
ਬੱਦਲ ਜਦ ਫਟ ਜਾਂਦੇ!
ਨਿੰਮ੍ਹਾ-ਨਿੰਮ੍ਹਾ ਚੌਹੀਂ ਪਾਸੀਂ,
ਚਾਨਣ ਅੱਖਾਂ ਖੋਲ੍ਹੇ।

6
ਚੰਨ-ਸਿਤਾਰੇ ਅੰਬਰ ਉੱਤੇ,
ਫ਼ੌਜ ਬਣਾ ਕੇ ਆਉਂਦੇ।
ਨਾ ਮਜ੍ਹਬੀ, ਨਾ ਧਰਮੀਂ-
ਇਹ ਤਾਂ ਚੰਨ-ਤਾਰੇ ਅਖਵਾਉਂਦੇ।
ਅਸੀਂ ਨਾ ਪਰ ਇਨ੍ਹਾਂ ਤੋਂ ਸਿਖਦੇ,
ਇੱਕ-ਮੁੱਠ ਹੋ ਕੇ ਰਹਿਣਾ!
ਅਸੀਂ ਤਾਂ ਹਿੰਦੂ-ਸਿੱਖ-ਈਸਾਈ,
ਮੁਸਲਿਮ ਸਭ ਸਦਾਉਂਦੇ।

7
ਚੰਨ-ਸਿਤਾਰੇ ਅੰਬਰ ਉੱਤੇ,
ਰਾਤੀਂ ਕਰਨ ਕਲੋਲਾਂ।
ਦਿਨ ਚੜ੍ਹਦੇ ਨੂੰ ਨਜ਼ਰ ਨਾ ਆਵਣ,
ਆਸੇ-ਪਾਸੇ ਟੋਲਾਂ।
ਸਾਨੂੰ ਮਹਿਕਾਂ ਵੰਡਣ ਰਾਤੀਂ,
ਚੰਨ-ਸਿਤਾਰੇ ਆਉਂਦੇ!
ਦਿਨ ਵੇਲੇ ਇਹ ਜਾ ਸੌਂਦੇ ਨੇ!
ਕੋਲ ਆਪਣੇ ਢੋਲਾਂ।

8
ਚੰਨ-ਸਿਤਾਰੇ ਅੰਬਰ ਉੱਤੇ,
ਲੱਗਣ ਬਹੁਤ ਪਿਆਰੇ।
ਭਿੰਨੀ-ਭਿੰਨੀ ਲੋਅ ਇਨ੍ਹਾਂ ਦੀ,
ਤਪੇ ਦਿਲਾਂ ਨੂੰ ਠਾਰੇ।
ਆਵੋ ਬਣੀਏ ਚੰਨ-ਸਿਤਾਰੇ,
ਭਾਰਤ ਦੀ ਧਰਤੀ 'ਤੇ!
ਮਹਿਕ ਪਿਆਰ ਦੀ ਸਭ ਨੂੰ ਵੰਡੀਏ,
ਕੱਢ ਦਿਲਾਂ 'ਚੋਂ ਸਾੜੇ।

9
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਨਹੀਂ ਖਰਾਬੀ।
ਨਿੱਕੇ-ਵੱਡੇ ਸਾਰੇ ਤਾਰੇ,
ਜਗਦੇ ਵਾਂਗ ਮਤਾਬੀ।
ਕਾਲੇ ਨੇਰ੍ਹੇ ਦੂਰ ਭਜਾਉਂਦੇ,
ਵੰਡ-ਵੰਡ ਕੇ ਲੋਆਂ!
ਆਪਣੇ ਪਿਆਰ ਦੀ ਮਸਤੀ ਅੰਦਰ,
ਹੋਏ ਰਹਿਣ ਸ਼ਰਾਬੀ।

10
ਚੰਨ-ਸਿਤਾਰੇ ਅੰਬਰ ਉੱਤੇ,
ਬਹਿ ਕੇ ਸਾਰੇ 'ਕੱਠੇ।
ਆਪਸ ਦੇ ਵਿੱਚ ਮਿੱਠੇ-ਮਿੱਠੇ,
ਕਰਦੇ ਹਾਸੇ-ਠੱਠੇ।
ਕਰਕੇ 'ਠੱਠਾ' ਨਿੱਕਾ ਤਾਰਾ,
ਭੱਜ ਜਾਵੇ ਚੰਨ ਵੰਨੀ!
ਵੱਡਾ ਤਾਰਾ 'ਖੜ੍ਹਜਾ' ਕਹਿ ਕੇ,
ਉਸ ਦੇ ਪਿੱਛੇ ਨੱਠੇ।

11
ਚੰਨ-ਸਿਤਾਰੇ ਅੰਬਰ ਉੱਤੇ,
ਫਿਰਦੇ ਨਹੀਂ ਅਵਾਰਾ।
ਚੰਦਾ-ਮਾਮਾ ਬਾਤਾਂ ਪਾਵੇ,
ਤਾਰੇ ਭਰਨ ਹੁੰਗਾਰਾ।
ਜੀ ਕਰਦੈ ਮੈਂ ਤਾਰਾ ਬਣਕੇ,
ਪਹੁੰਚਾਂ ਵਿੱਚ ਅਸਮਾਨੀ!
ਮੈਨੂੰ ਵੀ ਕੋਈ ਬਾਤ ਸੁਣਾਊ,
ਮਾਮਾ 'ਚੰਨ' ਪਿਆਰਾ।

12
ਚੰਨ-ਸਿਤਾਰੇ ਅੰਬਰ ਉੱਤੇ,
ਜਦੋਂ ਸਕੂਲੇ ਆਉਂਦੇ।
ਇੱਕ-ਦੂਜੇ ਦੀਆਂ ਭੁੱਲ ਕੇ ਵੀ ਨਾ,
ਕਦੇ ਸ਼ਿਕਾਇਤਾਂ ਲਾਉਂਦੇ।
ਚੰਦਾ-ਮਾਮਾ 'ਮਾਸਟਰ' ਬਣਕੇ-
ਤਾਰਿਆਂ ਤਾਈਂ ਪੜ੍ਹਾਵੇ!
ਬੀਬੇ ਤਾਰੇ ਚੰਨ ਮਾਸਟਰ ਨੂੰ,
ਉੱਕਾ ਨਹੀਂ ਸਤਾਉਂਦੇ।

13
ਚੰਨ-ਸਿਤਾਰੇ ਅੰਬਰ ਉੱਤੇ,
ਕਦੇ ਨਾ ਕਰਨ ਲੜਾਈਆਂ।
ਇੱਕ-ਦੂਜੇ ਦਾ ਦਰਦ ਵੰਡਾਉਂਦੇ,
ਰਹਿੰਦੇ ਵਾਕੁਰ ਭਾਈਆਂ।
ਰੱਬ-ਸਬੱਬੀਂ ਜੇ ਕੋਈ ਤਾਰਾ,
ਇਨ੍ਹਾਂ ਵਿੱਚੋਂ ਟੁੱਟੇ!
ਲੀਕ ਪਵੇ ਅੰਬਰ 'ਤੇ ਜਿੱਦਾਂ,
ਦਿੰਦੇ ਹੋਣ ਦੁਹਾਈਆਂ।

14
ਚੰਨ-ਸਿਤਾਰੇ ਅੰਬਰ ਉੱਤੇ,
ਬਹਿ ਕੇ ਕਰਨ ਵਿਚਾਰਾਂ।
ਧਰਤੀ ਉੱਤੇ ਕਿਹੜੀ ਗੱਲੋਂ,
ਚੱਲਣ ਛੁਰੇ-ਕਟਾਰਾਂ।
ਮਿੱਟੀ ਪਾਣੀ ਅੰਨ ਕੁਦਰਤ ਦਾ,
ਕੁਦਰਤ ਦੇ ਸਭ ਬੰਦੇ!
ਫਿਰ ਇਹ ਕਾਹਤੋਂ ਇੱਕ-ਦੂਜੇ ਲਈ,
ਲਿਹਰਾਵਣ ਤਲਵਾਰਾਂ ?

15
ਚੰਨ-ਸਿਤਾਰੇ ਅੰਬਰ ਉੱਤੇ,
ਕਰਨ ਡਿਉਟੀ ਆਉਂਦੇ।
ਹਨ ਪਾਬੰਦ ਸਮੇਂ ਦੇ ਸੁਹਣੇ,
ਸਭਨਾਂ ਦੇ ਮਨ ਭਾਉਂਦੇ।
ਨਾ ਅੱਕਦੇ, ਨਾ ਥੱਕਦੇ ਇਹ ਤਾਂ,
ਬੜੇ ਸਿਦਕ ਦੇ ਪੱਕੇ!
ਗਰਮੀ ਸਰਦੀ ਮੌਸਮ ਦੇ ਵਿੱਚ,
ਗੀਤ ਪਿਆਰ ਦੇ ਗਾਉਂਦੇ।

16
ਚੰਨ-ਸਿਤਾਰੇ ਅੰਬਰ ਉੱਤੇ,
ਗੱਲਾਂ ਬਾਤਾਂ ਕਰਦੇ।
ਭੋਰਾ ਨਾ ਇਹ ਸ਼ੋਰ ਮਚਾਉਂਦੇ,
ਨਾ ਹੀ ਬੀਬੇ ਲੜਦੇ।
ਨਿੱਕੇ-ਵੱਡੇ 'ਕੱਠੇ ਬਹਿ ਕੇ,
ਕਰਨ ਪਿਆਰ ਦੀਆਂ ਗੱਲਾਂ!
ਇੱਕ-ਦੂਜੇ ਨੂੰ ਵੇਖ-ਵੇਖ ਕੇ,
ਨਾ ਕੁੜ੍ਹਦੇ-ਨਾ ਸੜਦੇ।

17
ਚੰਨ-ਸਿਤਾਰੇ ਅੰਬਰ ਉੱਤੇ,
ਸੋਨ-ਸੁਨਹਿਰੀ ਜਾਪਣ।
ਆਸਮਾਨ ਦੀ ਛੱਤੜੀ ਵਿੱਚੋਂ,
ਗੰਗਾ ਦੇ ਵਿੱਚ ਝਾਕਣ।
ਗੰਗਾ ਮਾਂ ਦੇ ਗਰਭ ਕੁੰਡ ਵਿੱਚ,
ਸੌਂ ਕੇ ਚੰਨ-ਸਿਤਾਰੇ!
ਸੂਰਜ ਦੀ ਟਿੱਕੀ ਦੇ ਚੜ੍ਹਦੇ,
ਆਪਣਾ ਰਸਤਾ ਨਾਪਣ।

18
ਚੰਨ-ਸਿਤਾਰੇ ਅੰਬਰ ਉੱਤੇ,
ਝੁੰਡ ਬਣਾ ਕੇ ਰਹਿੰਦੇ।
ਇੱਕ-ਦੂਜੇ ਦਾ ਦਰਦ ਵੰਡਾਉਂਦੇ,
ਵਾਂਗ ਭਰਾਵਾਂ ਬਹਿੰਦੇ।
ਨਾਲ ਪਿਆਰ ਦੇ ਰਹਿਣਾ ਯਾਰੋ,
ਇਨ੍ਹਾਂ ਕੋਲੋਂ ਸਿੱਖੋ!
ਧਰਤੀ ਦੇ ਬੰਦਿਓ ਵੇ ਕਾਹਤੋਂ,
ਆਪਸ ਦੇ ਵਿੱਚ ਡਹਿੰਦੇ ?

19
ਚੰਨ-ਸਿਤਾਰੇ ਅੰਬਰ ਉੱਤੇ,
ਹੱਸਦੇ ਨਜ਼ਰੀਂ ਆਉਂਦੇ।
ਟਿਮਟਿਮਾਉਂਦੇ ਜੁਗਨੂੰਆਂ ਵਾਂਗੂੰ,
ਮੇਰੇ ਮਨ ਨੂੰ ਭਾਉਂਦੇ।
ਕਰਨੀਆਂ ਚਾਹਾਂ ਨਾਲ ਇਨ੍ਹਾਂ ਦੇ,
ਜਦ ਮੈਂ ਗੱਲਾਂ-ਬਾਤਾਂ!
ਝਿਲਮਿਲ-ਝਿਲਮਿਲ ਕਰਕੇ ਮੈਨੂੰ,
ਦਿਲ ਦੀ ਗੱਲ ਸਮਝਾਉਂਦੇ।

20
ਚੰਨ-ਸਿਤਾਰੇ ਅੰਬਰ ਉੱਤੇ,
ਹੁੰਦੇ ਨਹੀਂ ਉਦਾਸ।
ਚੰਦਾ-ਮਾਮਾ ਤੁਰ ਜਾਂਦਾ ਜਦ,
ਆਪਣੀ ਮਈਆ ਪਾਸ।
ਸਾਰੇ ਤਾਰੇ 'ਕੱਠੇ ਹੋ ਕੇ,
ਕਹਿੰਦੇ ਚੰਦਾ ਮਾਮਾ!
ਮੱਸਿਆ ਨਾਨੀ ਜੀ ਤੋਂ ਸਾਨੂੰ,
ਲਿਆ ਕੇ ਦੇਈਂ ਵਿਸ਼ਵਾਸ।

21
ਚੰਨ-ਸਿਤਾਰੇ ਅੰਬਰ ਉੱਤੇ,
ਮੋਤੀ ਬਹੁ ਅਣਮੁੱਲੇ।
ਆਸਮਾਨ ਵਿੱਚ ਘੁੰਮ ਰਹੇ ਨੇ,
ਸਾਰੇ ਖੁਲ੍ਹਮ-ਖੁਲ੍ਹੇ।
ਨਾ ਹੱਦਾਂ ਸਰਹੱਦਾਂ ਉੱਥੇ,
ਨਾ ਨਫ਼ਰਤ ਦੀਆਂ ਕੰਧਾਂ!
ਬੇ-ਖਬਰੇ ਬੇਬਾਕ ਪਿਆਰੇ,
ਲੁੱਟ ਰਹੇ ਨੇ ਬੁੱਲੇ।

22
ਚੰਨ-ਸਿਤਾਰੇ ਅੰਬਰ ਉੱਤੇ,
ਆਉਂਦੇ ਜਿੱਦਾਂ ਮੇਲੇ।
ਆਪਣੇ ਜੋਬਨ ਉੱਤੇ ਹੁੰਦੇ,
ਇਹ ਤਾਂ ਅੰਮ੍ਰਿਤ ਵੇਲੇ।
ਸੂਰਜ ਦੀ ਇੱਕ ਲਿਸ਼ਕ ਨਾਲ ਹੀ,
ਹਫ਼ੜਾ-ਦਫ਼ੜੀ ਪੈਂਦੀ!
ਸਾਰੇ ਘਰਾਂ ਨੂੰ ਭੱਜ ਜਾਂਦੇ ਨੇ,
ਚੰਨ-ਮਾਮੇਂ ਦੇ ਚੇਲੇ।

23
ਚੰਨ-ਸਿਤਾਰੇ ਅੰਬਰ ਉੱਤੇ,
ਬਹੁ ਭਾਂਤੀ, ਬਹੁ ਰੰਗੇ।
ਉੱਥੇ ਰਹਿੰਦੇ ਸਪਤ ਰਿਸ਼ੀ-
ਤੇ ਧਰੁਵ ਭਗਤ ਬਹੁ ਚੰਗੇ।
ਉੱਥੇ ਪੂਛਲ ਤਾਰੇ ਦੇ ਵੀ,
ਦਰਸ਼ਨ ਹੁੰਦੇ ਰਹਿੰਦੇ!
ਸਾਰੇ 'ਕੱਠੇ ਜਾਪਣ ਸਾਨੂੰ
ਜਿੱਦਾਂ ਹੋਣ ਪਤੰਗੇ।

24
ਚੰਨ-ਸਿਤਾਰੇ ਅੰਬਰ ਉੱਤੇ,
ਪਾਉਂਦੇ ਨਹੀਂ ਉਜਾੜਾ।
ਚੰਨ-ਮਾਮੇ ਤੋਂ ਲੈਣ ਸਿੱਖਿਆ,
ਕੰਮ ਕਰਨ ਨਾ ਮਾੜਾ।
ਅਲਖ ਨਿਰੰਜਣ ਕਹਿ ਕੇ ਰੱਬ ਤੋਂ,
ਭੀਖ ਪਿਆਰ ਦੀ ਮੰਗਣ!
ਕਹਿੰਦੇ ਰੱਬਾ ਪਿਆਰ ਹੀ ਦੇਵੀਂ,
ਦੇਈਂ ਕਦੇ ਨਾ ਸਾੜਾ।

25
ਚੰਨ-ਸਿਤਾਰੇ ਅੰਬਰ ਉੱਤੇ,
ਰਾਤਾਂ ਖੂਬ ਮਨਾਉਂਦੇ।
ਸੁਬਹ-ਸਵੇਰੇ ਮੁੜ ਜਾਂਦੇ ਨੇ,
ਜਦ ਸੂਰਜ ਜੀ ਆਉਂਦੇ।
ਸੂਰਜ ਦਿਨ ਭਰ ਗਸ਼ਤ ਲਗਾ ਕੇ,
ਮੁੜ ਆਪਣੇ ਘਰ ਜਾਂਦਾ!
ਚੰਨ-ਸਿਤਾਰੇ ਮੁੜ ਕੇ ਅੰਬਰੀਂ,
ਆਪਣੇ ਪੱਬ ਟਿਕਾਉਂਦੇ।

26
ਚੰਨ-ਸਿਤਾਰੇ ਅੰਬਰ ਉੱਤੇ,
ਵਦੀ-ਸੁਦੀ ਵਿੱਚ ਜੀਂਦੇ।
ਜੋ ਮਿਲ ਜਾਵੇ ਰੁੱਖਾ-ਮਿੱਸਾ,
ਉਹੀ ਖਾਂਦੇ ਪੀਦੇ।
ਨਾ ਚਾਹੁੰਦੇ ਇਹ ਮੀਟ-ਸ਼ਰਾਬਾਂ,
ਨਾ ਉੱਚੇ ਪਕਵਾਨ!
ਅੱਲਾ ਦਾ ਨਾਂ ਲੈਂਦੇ-
ਇਹ ਤਾਂ ਭੋਲੇ ਭਗਤ ਸਦੀਂਦੇ।

27
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਨਹੀਉਂ ਸਾੜਾ।
ਜਦੋਂ ਚੜ੍ਹੇ ਕੋਈ ਪੂਛਲ-ਤਾਰਾ,
ਮੰਨਦੇ ਨਹੀਉਂ ਮਾੜਾ।
ਧਰਤੀ 'ਤੇ ਤਾਂ ਪੂਛਲ-ਤਾਰਾ,
ਤੱਕ ਕੇ ਹੋਣ ਵਿਚਾਰਾਂ!
ਪਰ ਇਨ੍ਹਾਂ ਦੇ ਮਨ ਮੰਦਰ ਵਿੱਚ,
ਨਾ ਨਫ਼ਰਤ ਦਾ ਪਾੜਾ।

28
ਚੰਨ-ਸਿਤਾਰੇ ਅੰਬਰ ਉੱਤੇ,
ਬਾਲ-ਸਾਹਿਤ ਦੇ ਪਾਤਰ।
ਉੱਘੇ ਕਵੀ-ਲਿਖਾਰੀ ਸਾਰੇ,
ਕਰਨ ਇਨ੍ਹਾਂ ਦੀ ਖਾਤਿਰ।
ਇਹ ਤਾਂ ਭੋਲ-ਭੰਡਾਰੀ ਸਾਰੇ,
ਆਸਮਾਨ ਦੇ ਵਾਸੀ!
ਕੋਈ ਇਨ੍ਹਾਂ ਨੂੰ ਕਹਿ ਨਹੀਂ ਸਕਦਾ,
ਬੇ-ਗਰਜੇ, ਬਹੁ ਚਾਤਰ।

29
ਚੰਨ-ਸਿਤਾਰੇ ਅੰਬਰ ਉੱਤੇ,
ਦੀਪਾਵਲੀ ਮਨਾਉਂਦੇ।
ਇਧਰੋਂ ਛੱਡੀ ਆਤਸ਼ਬਾਜੀ,
ਉੱਪਰ ਗਈ ਬੁਝਾਉਂਦੇ।
ਕਹਿੰਦੇ ਯਾਰੋ ਨਾ ਚਲਾਓ,
ਬੰਬ-ਪਟਾਕੇ ਜ਼ਹਿਰੀ!
ਐਵੇਂ ਧਰਤੀ ਉੱਤੇ ਕਾਹਤੋਂ,
ਪ੍ਰਦੂਸ਼ਣ ਹੋਰ ਵਧਾਉਂਦੇ।

30
ਚੰਨ-ਸਿਤਾਰੇ ਅੰਬਰ ਉੱਤੇ,
ਬੇ-ਗਿਣਤੀ ਬੇ-ਥਾਹ।
ਤਾਰੇ ਝੁੰਡ ਬਣਾ ਕੇ ਤੁਰਦੇ,
ਚੰਦਾ ਦੱਸੇ ਰਾਹ।
ਨਿੱਕੇ ਤਾਰੇ ਚੰਨ ਦੇ ਮੋਢੀਂ-
ਚੜ੍ਹਦੇ ਮਾਰ ਪਲਾਕੀ!
ਚੰਨ ਪਿਆਰਾ ਹੱਸ ਕੇ ਕਹਿੰਦਾ-
'ਬੱਲੇ! ਵਾਹ ਬਈ ਵਾਹ!!!'

31
ਚੰਨ-ਸਿਤਾਰੇ ਅੰਬਰ ਉੱਤੇ,
ਮਿੱਤਰ ਬਹੁਤ ਪਿਆਰੇ।
ਪਾ ਗਲਵੱਕੜੀ ਹੱਸਦੇ ਰਹਿੰਦੇ,
ਇਹ ਸਾਰੇ ਦੇ ਸਾਰੇ।
ਆਪਣੇ ਮੱਥੇ ਵਿੱਚੋਂ ਇਹ ਤਾਂ,
ਚਮਕਾਂ ਸਭ ਨੂੰ ਦਿੰਦੇ!
ਸਭ ਨੂੰ ਲੈਦੇ ਮੋਹ ਮਹਿਕੀਲੇ,
ਸਭ ਦੇ ਰਾਜ ਦੁਲਾਰੇ।

32
ਚੰਨ-ਸਿਤਾਰੇ ਅੰਬਰ ਉੱਤੇ,
ਨਿੱਕੇ-ਵੱਡੇ ਮੋਤੀ।
ਆਸਮਾਨ ਦੀ ਗੋਦੀ ਅੰਦਰ,
ਜਗਦੇ ਵਾਂਗਰ ਜੋਤੀ।
ਲੱਖ ਹਨੇਰੀ ਝੱਖੜ ਝੁੱਲੇ,
ਲੱਖ ਆਫ਼ਤਾਂ ਆਈਆਂ!
ਪਰ ਇਹ ਨਿੱਡਰ ਫ਼ੌਜ ਅੰਬਰੀਂ,
ਜਿਉਂ ਦੀ ਤਿਉਂ ਖਲੋਤੀ।

33
ਚੰਨ-ਸਿਤਾਰੇ ਅੰਬਰ ਉੱਤੇ,
ਮਸਤੀ ਵੀ ਕੁਝ ਕਰਦੇ।
ਬੱਦਲਾਂ ਦੇ ਕੰਨੇੜੇ ਉੱਤੇ,
ਚੜ੍ਹਦੇ ਕਦੇ ਉੱਤਰਦੇ।
ਬੱਦਲ ਕਾਲ-ਕਲੂਟੇ ਭੈੜੇ,
ਖੁਦ ਸੁਹਣੇ ਬਣ ਜਾਂਦੇ!
ਜਦ ਉਹ ਚੰਨ ਤੇ ਤਾਰਿਆਂ ਮੂਹਰੇ,
ਪਾਣੀ ਵਾਂਗ ਵਿਚਰਦੇ।

34
ਚੰਨ-ਸਿਤਾਰੇ ਅੰਬਰ ਉੱਤੇ,
ਧਰਮੀ-ਕਰਮੀ ਰਾਜੇ।
ਦੁਨੀਆਂ ਸੁੰਦਰ-ਸੁੰਦਰ ਲੱਗੇ,
ਤਾਂ ਕੁਦਰਤ ਨੇ ਸਾਜੇ।
ਇਨ੍ਹਾਂ ਤਾਂਈ ਆਪ ਸਾਜ ਕੇ,
ਕੁਦਰਤ ਸੁਹਣੀ ਹੋਈ!
ਕੁਦਰਤ ਨੇ ਨਾ ਭੀੜੇ ਦਿਲ ਦੇ,
ਇਨ੍ਹਾਂ ਤੋਂ ਦਰਵਾਜੇ।

35
ਚੰਨ-ਸਿਤਾਰੇ ਅੰਬਰ ਉੱਤੇ,
ਉੱਪਰੋਂ ਝਾਤੀ ਮਾਰਨ।
ਧਰਤੀ ਦੇ ਦਰਿਆਵਾਂ ਅੰਦਰ,
ਆਪਣਾ ਅਕਸ ਨਿਹਾਰਨ।
ਦੁਨੀਆਂ ਭਰ ਦੇ ਨਦੀਆਂ, ਨਾਲੇ,
ਛੱਪੜ, ਟੋਭੇ, ਝਰਨੇ!
ਚੰਨ-ਤਾਰਿਆਂ ਨੂੰ ਖੁਸ਼ੀ-ਖੁਸ਼ੀ,
ਸਭ ਆਪਣੇ ਵਿੱਚ ਉਤਾਰਨ।

36
ਚੰਨ-ਸਿਤਾਰੇ ਅੰਬਰ ਉੱਤੇ,
ਦੰਗੇ ਮੂਲ ਨਾ ਕਰਦੇ।
ਧਰਤੀ ਦੇ ਦੰਗਈਆਂ ਵਾਂਗੂੰ,
ਬੇ-ਮੌਤੇ ਨਾ ਮਰਦੇ।
ਅਰਬਾਂ-ਖਰਬਾਂ ਦੀ ਗਿਣਤੀ ਵਿੱਚ,
ਹੋ ਜਾਂਦੇ ਨੇ 'ਕੱਠੇ!
ਇੱਕ-ਦੂਜੇ ਨੂੰ ਜੱਫ਼ੀਆਂ ਪਾਉਂਦੇ,
ਦਮ ਪਿਆਰ ਦਾ ਭਰਦੇ।

37
ਚੰਨ-ਸਿਤਾਰੇ ਅੰਬਰ ਉੱਤੇ,
ਬਾਲਕ ਬੀਬੇ ਰਾਣੇ।
ਆਸਮਾਨ ਦੀ ਹਿਕੜੀ ਉੱਤੇ,
ਉੱਗੇ ਫੁੱਲ ਸਿਆਣੇ।
ਨਿੱਕੇ-ਵੱਡੇ ਜੁਗਨੂੰਆਂ ਵਰਗੇ,
ਰਾਹ ਦੁਨੀਆਂ ਨੂੰ ਦੱਸਦੇ!
ਗਗਨ ਥਾਲ ਦੇ ਮੋਤੀ,
ਇਹ ਤਾਂ ਸੁੱਚੇ ਫੁੱਲ ਮਖ਼ਾਣੇ।

38
ਚੰਨ-ਸਿਤਾਰੇ ਅੰਬਰ ਉੱਤੇ,
ਪਿਆਰ ਮੁਹੱਬਤ ਪੀਂਦੇ।
ਇੱਕ-ਦੂਜੇ ਲਈ ਮਰਦੇ ਇਹ ਤਾਂ,
ਇੱਕ ਦੂਜੇ ਲਈ ਜੀਂਦੇ।
ਲੂਤੀ ਲਾ ਕੇ ਤੋੜ-ਵਿਛੋੜਾ,
ਇਹ ਮੂਲੋਂ ਨਾ ਕਰਦੇ!
ਨਫ਼ਰਤ, ਤੂੰ-ਤੂੰ, ਮੈਂ-ਮੈਂ ਸਾਰੀ,
ਟੋਇਆਂ ਵਿੱਚ ਦਬੀਂਦੇ।

39
ਚੰਨ-ਸਿਤਾਰੇ ਅੰਬਰ ਉੱਤੇ,
ਭੌਹਾਂ ਨਹੀਂ ਚੜਾਉਂਦੇ।
ਮਾਤ ਲੋਕ ਦੇ ਬੰਦਿਆਂ ਵਾਂਗੂੰ,
ਗੁੱਸਾ ਨਹੀਂ ਵਖਾਉਂਦੇ।
ਇਹ ਤਾਂ ਸਾਨੂੰ ਦਿਲ ਦੇ ਅੰਦਰ,
ਪਿਆਰ ਵਸਾਉਣਾ ਦੱਸਣ!
ਬੰਦਾ, ਬੰਦੇ ਦਾ ਹੈ ਦਾਰੂ,
ਇਹੋ ਗੱਲ ਸਮਝਾਉਂਦੇ।

40
ਚੰਨ-ਸਿਤਾਰੇ ਅੰਬਰ ਉੱਤੇ,
ਨਹੀਂ ਕਿਸੇ ਤੋਂ ਡਰਦੇ।
ਤਾਹੀਉਂ ਇਹ ਸਟਾਰ ਕਹਾਉਂਦੇ,
ਪਰੀਆਂ ਦੇ ਅੰਬਰ ਦੇ।
ਵਿਹਲੇ ਬਹਿ ਕੇ ਸਮਾਂ ਗਵਾਉਣਾ,
ਇਨ੍ਹਾਂ ਨੂੰ ਨਾ ਆਂਦਾ!
ਇੱਕ-ਦੂਜੇ ਤੋਂ ਕੰਮ ਕਰਾਉਂਦੇ,
ਇੱਕ-ਦੂਜੇ ਦਾ ਕਰਦੇ।

41
ਚੰਨ-ਸਿਤਾਰੇ ਅੰਬਰ ਉੱਤੇ,
ਉਲਟੇ ਲਟਕੀ ਜਾਂਦੇ।
ਧਰਤੀ ਵੱਲ ਨੂੰ ਭੁੱਲ ਕੇ ਵੀ-
ਇਹ ਨਹੀਓਂ ਪੈਰ ਉਠਾਂਦੇ।
ਇਨ੍ਹਾਂ ਨੂੰ ਹੈ ਦੇਸ ਆਪਣਾ,
ਜਾਨੋ ਵੱਧ ਪਿਆਰਾ!
ਇਸ ਲਈ ਆਪਣਾ ਦੇਸ ਛੱਡ ਕੇ,
ਧਰਤੀ 'ਤੇ ਨਾ ਆਂਦੇ।

42
ਚੰਨ-ਸਿਤਾਰੇ ਅੰਬਰ ਉੱਤੇ,
ਪਰੀ ਲੋਕ ਦੇ ਵਾਸੀ।
ਚਿਹਰੇ ਉੱਤੇ ਲੈ ਕੇ ਆਉਂਦੇ,
ਨਹੀਉਂ ਕਦੇ ਉਦਾਸੀ।
ਜਦ ਵੀ ਗ਼ਮ ਦੇ ਬੱਦਲ ਆਉਂਦੇ,
ਹੱਸ-ਹੱਸ ਕੇ ਸਹਿ ਜਾਂਦੇ!
ਹਰ ਮੱਸਿਆ ਦੇ ਪਿੱਛੋਂ ਆਉਂਦੀ,
ਸੁਹਣੀ ਪੂਰਨਮਾਸੀ।

43
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਨਹੀਂ ਗੁਸਤਾਖੀ।
ਸਦੀਆਂ ਤੋਂ ਇਹ ਆਸਮਾਨ ਦੀ,
ਕਰਨ ਵਿਚਾਰੇ ਰਾਖੀ।
ਆਪਣੀ ਲੌ ਦੇ ਨਾਲ ਅੰਬਰੋਂ,
ਕਿਰਨਾਂ ਨੂੰ ਲਟਕਾਂਦੇ!
ਕਿਰਨਾਂ ਰਾਹੀਂ ਕਹਿ ਜਾਂਦੇ ਨੇ,
ਉਲਫ਼ਤ ਵਾਲੀ ਸਾਖੀ।

44
ਚੰਨ-ਸਿਤਾਰੇ ਅੰਬਰ ਉੱਤੇ,
ਗਾਉਂਦੇ ਰਾਗ ਇਲਾਹੀ।
ਮਾਨਵਤਾ ਨੂੰ ਦੇਣ ਸੰਦੇਸ਼ਾ-
ਇਹ ਅੰਬਰਾਂ ਦੇ ਰਾਹੀ।
ਏਕੇ ਵਾਲੀ ਤਾਕਤ ਨੂੰ,
ਇਹ ਕਹਿੰਦੇ ਵੱਡੀ ਤਾਕਤ!
ਇਸ ਤਾਕਤ ਨੂੰ ਤੋੜ ਸਕੇ ਨਾ,
ਜ਼ਾਲਮ ਨਾਦਰਸ਼ਾਹੀ।

45
ਚੰਨ-ਸਿਤਾਰੇ ਅੰਬਰ ਉੱਤੇ,
ਪੜ੍ਹਦੇ ਊੜਾ-ਆੜਾ।
ਸਭਨਾ ਦੇ ਲਈ ਚੰਗਾ ਸੋਚਣ,
ਨਾ ਕਿਸੇ ਲਈ ਮਾੜਾ।
ਅੰਬਰ ਉੱਤੋਂ ਝਾਤੀ ਪਾਵਣ,
ਪੂਰੀ ਦੁਨੀਆਂ ਉੱਤੇ!
ਸਭਨਾ ਉੱਤੇ ਨਜ਼ਰ ਘੁਮਾਉਂਦੇ,
ਕੀ ਅਨਪੜ੍ਹ-ਕੀ ਪਾੜ੍ਹਾ।

46
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਝਿਲਮਿਲ-ਝਿਲਮਿਲ।
ਅੰਬਰ 'ਤੇ ਇਹ ਫੁੱਲ ਟਹਿਕਦੇ,
ਦਿਲ ਦੇ ਸਾਰੇ ਨਿਰਛਲ।
ਕੌਣ ਇਨ੍ਹਾਂ ਦੀ ਨਕਲ ਕਰੂਗਾ!
ਕੌਣ ਇਨ੍ਹਾਂ ਦੀਆਂ ਰੀਸਾਂ!
ਪਿਆਰ ਇਨ੍ਹਾਂ ਦਾ ਸੱਚਾ-ਸੁੱਚਾ,
ਅੰਮ੍ਰਿਤ ਵਰਗਾ ਨਿਰਮਲ।

47
ਚੰਨ-ਸਿਤਾਰੇ ਅੰਬਰ ਉੱਤੇ,
ਸਭ ਨੂੰ ਪਿਆਰ ਪਰੋਸਣ।
ਕੰਨਪਟੀ 'ਤੇ ਉਂਗਲੀ ਧਰਕੇ,
ਹਲਕਾ-ਹਲਕਾ ਸੋਚਣ।
ਸੋਚ-ਸਾਚ ਕੇ ਬੀਬੇ ਰਾਣੇ,
ਚੁੱਪ-ਚਾਪ ਬਹਿ ਜਾਂਦੇ!
ਦੁਨੀਆਂ ਦੇ ਵਿੱਚ ਚੰਗਾ ਹੋਵੇ,
ਇਹੀ ਦਿਲ 'ਚੋਂ ਲੋਚਣ।

48
ਚੰਨ-ਸਿਤਾਰੇ ਅੰਬਰ ਉੱਤੇ,
ਰਾਤ-ਰਾਤ ਨਹੀਂ ਸੌਂਦੇ।
ਆਸਮਾਨ ਦੇ ਉੱਤੇ ਇਹ ਤਾਂ,
ਫਿਰਨ ਵਿਚਾਰੇ ਭੌਂਦੇ।
ਦੁਨੀਆਂ ਭਰ ਦਾ ਚੌਕੀਂਦਾਰਾ,
ਕਰਦੇ ਬਿਨਾਂ ਰੁਪਈਉਂ!
ਦਿਲ ਵਿੱਚ ਰਤਾ ਮਲਾਲ ਨਾ ਰੱਖਣ,
ਡਾਢੀ ਖੁਸ਼ੀ ਮਨੌਂਦੇ।

49
ਚੰਨ-ਸਿਤਾਰੇ ਅੰਬਰ ਉੱਤੇ,
ਕੁਦਰਤ ਦਾ ਕ੍ਰਿਸ਼ਮਾ।
ਮੀਚ ਲਈਏ ਜੇ ਅੱਧੀਆਂ ਅੱਖਾਂ,
ਕੋਲ ਆਉਂਦੀਆਂ ਰਿਸ਼ਮਾਂ।
ਜੀ ਕਰਦੈ ਰਿਸ਼ਮਾਂ ਦਾ ਰੱਸਾ,
ਫੜ੍ਹ ਕੇ ਉੱਪਰ ਜਾਈਏ!
ਪੁੱਛ ਆਈਏ ਇਨ੍ਹਾਂ ਨੂੰ ਜਾ ਕੇ,
ਕੌਣ ਥੋਡੀਆਂ ਕਿਸਮਾਂ ?

50
ਚੰਨ-ਸਿਤਾਰੇ ਅੰਬਰ ਉੱਤੇ,
ਗੰਗਾ ਵਾਂਗ ਪਵਿੱਤਰ!
ਝਿਲਮਿਲ ਕਰਦਾ ਰੂਪ ਇਨ੍ਹਾਂ ਦਾ,
ਠੰਡਾ-ਠਾਰ ਚਰਿੱਤਰ!
ਦੁਸ਼ਮਣੀਆਂ ਦੇ ਰਾਹ ਨਾ ਚੱਲਣ,
ਸੱਚੇ ਅਮਨ ਪੁਜਾਰੀ,
ਝੁੰਡ ਬਣਾ ਕੇ ਗੱਲਾਂ ਕਰਦੇ,
ਇਹ ਪਿਆਰੇ ਜਿਹੇ ਮਿੱਤਰ!

51
ਚੰਨ-ਸਿਤਾਰੇ ਅੰਬਰ ਉੱਤੇ,
ਮਾਣੀਂ ਜਾਣ ਬਹਾਰਾਂ।
ਇਵੇਂ ਮੌਜ਼ਾਂ ਮਾਣਦਿਆਂ ਨੂੰ,
ਹੋ ਗਏ ਸਾਲ ਹਜ਼ਾਰਾਂ।
ਇਨ੍ਹਾਂ ਦਾ ਇਹ ਤਾਰਾ ਮੰਡਲ,
ਜਿਉਂ ਦਾ ਤਿਉਂ ਖਲੋਤਾ!
ਆਦਿ ਅੰਤ ਇਨ੍ਹਾਂ ਦਾ ਕੀ ਹੈ,
ਨਹੀਂ ਕਿਸੇ ਨੂੰ ਸਾਰਾਂ!!!

3. ਬੱਦਲ ਆਇਆ

ਮੌਸਮ ਰੰਗ ਵਟਾਇਆ ਹੈ।
ਬੱਦਲ ਚੜ੍ਹਕੇ ਆਇਆ ਹੈ।

ਛਮ-ਛਮ ਬੱਦਲ ਬਰਸ ਰਿਹਾ।
ਲਿਸ਼ਕ-ਲਿਸ਼ਕ ਕੇ ਗੜਕ ਰਿਹਾ।

ਠੰਡੀਆਂ 'ਵਾਵਾਂ ਵਗ ਰਹੀਆਂ।
ਚੰਗੀਆਂ ਸਾਨੂੰ ਲੱਗ ਰਹੀਆਂ।

ਵਰਖਾ ਵਿੱਚ ਨਹਾਉਂਦੇ ਹਾਂ।
ਵਰ੍ਹ-ਵਰ੍ਹ ਬੱਦਲਾ ਗਾਉਂਦੇ ਹਾਂ।

ਗਰਮੀ ਅੱਤ ਮਚਾਈ ਸੀ।
ਖ਼ਲਕਤ ਬਹੁਤ ਸਤਾਈ ਸੀ।

ਬੱਦਲਾਂ ਨੇ ਠੰਡ ਪਾ ਦਿੱਤੀ।
ਗਰਮੀ ਦੂਰ ਭਜਾ ਦਿੱਤੀ।

ਮੌਸਮ ਠੰਡਾ-ਠਾਰਾ ਹੈ।
ਬੱਦਲ ਦਾ ਕੰਮ ਸਾਰਾ ਹੈ।

4. ਬੱਦਲ ਆਏ

ਬੱਦਲ ਆਏ-ਬੱਦਲ ਆਏ।
ਚਿੱਟੇ ਕਾਲੇ ਬੱਦਲ ਆਏ।
ਸ਼ੇਰਾਂ ਵਾਂਗੂੰ ਗਰਜਣਗੇ।
ਛਮ-ਛਮ ਪਾਣੀ ਬਰਸਣਗੇ।
ਗਰਜਣ ਪਿੱਛੋਂ ਬਿਜਲੀ ਲਿਸ਼ਕੂ।
ਉਦੋਂ ਸਾਡੀ ਜਾਨ ਵੀ ਪਿਚਕੂ।
ਡਰ ਭੈਅ ਸਾਰਾ ਦੂਰ ਭਜਾ ਕੇ।
ਐਨੀ ਸਾਰੀ ਖੁਸ਼ੀ ਮਨਾ ਕੇ।
ਮੀਂਹ ਦੇ ਵਿੱਚ ਨਹਾਵਾਂਗੇ।
ਗਰਮੀ ਦੂਰ ਭਜਾਵਾਂਗੇ।
ਰੁੜ੍ਹਦੇ ਪਾਣੀ ਦੇ ਵਿੱਚ ਖੜ੍ਹਕੇ।
ਨਹਾ ਲੈਣਾ ਹੋ ਕੇ ਬੇ-ਧੜਕੇ।
ਲੈ ਕੇ ਕਾਗਜ ਦੀ ਇੱਕ ਕਿਸ਼ਤੀ।
ਚਿੱਟੀ-ਨੀਲੀ ਬਹੁਤ ਹੀ ਸਸਤੀ।
ਪਾਣੀ ਵਿੱਚ ਵਹਾ ਦੇਵਾਂਗੇ।
ਨਾਲੇ ਸ਼ੋਰ ਮਚਾ ਦੇਵਾਂਗੇ।
ਦੇਖੋ ਸਾਡੀ ਕਿਸ਼ਤੀ ਜਾਂਦੀ।
ਪਾਣੀ ਦੇ ਵਿੱਚ ਗੋਤੇ ਖਾਂਦੀ।
ਲਾਈਨਾ ਦੇ ਵਿੱਚ ਲੱਗੀ ਜਾਓ।
ਆ ਕੇ ਯਾਰੋ ਟਿਕਟ ਕਟਾਓ।
ਮਸਤੀ ਦੇ ਨਾਲ ਇਸ ਵਿੱਚ ਬਹਿ ਕੇ।
'ਹਿੱਪ-ਹਿੱਪ-ਹੁਰੇ' ਕਹਿ ਕੇ।
ਨਾਲੇ ਮੀਂਹ ਦੇ ਵਿੱਚ ਨਹਾਓ।
ਖੁਸ਼ੀਆਂ ਦੀ ਸੌਗਾਤ ਵੀ ਪਾਓ।
ਹੱਸੋ-ਟੱਪੋ ਖੁਸ਼ੀ ਮਨਾਓ।
ਏਕੇ ਵਾਲਾ ਗੀਤ ਸੁਣਾਓ।
ਪਿਆਰਾਂ ਵਾਲੀ ਰੀਤ ਚਲਾਓ।
ਨਫ਼ਰਤ ਕੋਲੋਂ ਬਚੋ ਬਚਾਓ।
ਕੱਢ ਕੇ ਸਾਰੀ ਮਨ ਦੀ ਗਰਮੀ।
ਬਣ 'ਜੋ ਸਾਰੇ ਮਾਨਵ ਧਰਮੀ।
ਕਣੀਆਂ ਦੇ ਵਿੱਚ ਖੂਬ ਨਹਾਓ।
ਨਾਲੇ ਮੀਂਹ ਦਾ ਸ਼ੁਕਰ ਮਨਾਓ।

5. ਬੱਦਲੋ!

ਬੱਦਲੋ ਆਓ ਵਰ੍ਹੋ!
ਸਾਨੂੰ ਗਰਮੀ ਲੱਗਦੀ।
ਬੱਦਲੋ ਠੰਡ ਕਰੋ,
ਸਾਨੂੰ ਗਰਮੀ ਲੱਗਦੀ……!

ਨਿੱਕੀ-ਨਿੱਕੀ ਕਣੀ ਦਾ
ਮੀਂਹ ਵਰਸਾਓ।
ਸੁਹਣੇ-ਸੁਹਣੇ ਬੱਦਲੋ ਵੇ
ਵਰ੍ਹ-ਵਰ੍ਹ ਜਾਓ।
ਹਾੜ੍ਹਾ ਛੇਤੀ ਆਓ-
ਹੁਣ ਦੇਰ ਨਾ ਕਰੋ……!

ਪਿੰਡਿਆਂ ਦੇ ਉੱਤੇ
ਪਿੱਤ ਸੂਈ ਵਾਂਗ ਚੁਭਦੀ।
ਤੁਸਾਂ ਤੋਂ ਬਗੈਰ
ਸਾਡੀ ਜਾਨ ਟੁੱਟਦੀ।
ਆਓ ਠੰਡ ਪਾਓ
ਸਾਡੇ ਦੁੱਖੜੇ ਹਰੋ……!

ਆਓ ਬੱਦਲੋ ਵਰ੍ਹੋ
ਸਾਨੂੰ ਗਰਮੀ ਲੱਗਦੀ!
ਬੱਦਲੋ ਠੰਡ ਕਰੋ,
ਸਾਨੂੰ ਗਰਮੀ ਲੱਗਦੀ……!

6. ਕਣੀਆਂ

ਕਿਣ-ਮਿਣ, ਕਿਣ-ਮਿਣ
ਵੱਸਣ ਕਣੀਆਂ!
ਡਿਗਦੀਆਂ-ਡਿਗਦੀਆਂ
ਹੱਸਣ ਕਣੀਆਂ!

ਬਿਜਲੀ ਚਮਕੇ ਬੱਦਲ ਗੱਜਣ।
'ਵਾ ਦੇ ਝੋਕੇ ਫਰ-ਫਰ ਵੱਜਣ।
ਸਾਵਣ ਆਇਆ-
ਦੱਸਣ ਕਣੀਆਂ!!!

ਬੱਚੇ ਕਣੀਆਂ ਵਿੱਚ ਨਹਾਉਂਦੇ।
ਉਮਲ੍ਹ-ਉਮਲ੍ਹਕੇ ਸ਼ੋਰ ਮਚਾਉਂਦੇ।
ਜਦ ਪਿੰਡਿਆਂ 'ਤੇ-
ਵੱਜਣ ਕਣੀਆਂ!!!

ਕੋਇਲਾਂ ਮਿੱਠੇ ਗੀਤ ਸੁਣਾਵਣ।
ਮੋਰ ਵੀ ਭੰਗੜੇ ਪੈਲ੍ਹਾਂ ਪਾਵਣ।
ਵੇਖ ਕੇ ਡੱਡੂ-
ਨੱਚਣ ਕਣੀਆਂ!!!

ਗਰਮੀ ਦੀ ਹੈ ਵਾਰੀ ਪੁੱਗੀ।
ਚਹੁੰ ਪਾਸੀਂ ਹਰਿਆਲੀ ਉੱਗੀ।
ਸਭ ਨੂੰ ਚੰਗੀਆਂ
ਲੱਗਣ ਕਣੀਆਂ!!!

'ਵਾ ਵੀ ਮਿੱਠੇ ਗੀਤ ਅਲਾਪੇ।
ਹਰਿਆਲੀ ਵੀ ਧੋਤੀ ਜਾਪੇ।
ਅਸਰ ਆਪਣਾ-
ਦੱਸਣ ਕਣੀਆਂ!!!

7. ਸਾਉਣ ਮਹੀਨਾ

ਚੜ੍ਹ ਕੇ ਬੱਦਲ ਆਏ,
ਬੇਲੀਓ ਸਾਉਣ ਮਹੀਨਾ!!!
ਵਾਹਵਾ ਮਨ ਨੂੰ ਭਾਏ,
ਬੇਲੀਓ ਸਾਉਣ ਮਹੀਨਾ!!!

ਗਰਮੀ ਭੱਜੇ ਦੂਰ-
ਠੰਡੜੀਆਂ ਵਗਣ ਹਵਾਵਾਂ।
ਆਉਂਦੈ ਬੜਾ ਸਰੂਰ-
ਜਾਂ ਦਿਲ ਨੂੰ ਠੱਗਣ ਹਵਾਵਾਂ।
ਕਿਣਮਿਣ ਰਾਗ ਸੁਣਾਏ,
ਬੇਲੀਓ ਸਾਉਣ ਮਹੀਨਾ!!!

ਘਰ ਘਰ ਰਿੱਝਣ ਖੀਰਾਂ,
ਨਾਲੇ ਪੂੜੇ ਪਕਦੇ।
ਬੱਚੇ ਘੱਤ ਵਹੀਰਾਂ,
ਘਰ ਘਰ ਜਾ ਕੇ ਛਕਦੇ।
ਸਭ ਨੂੰ ਖੁਸ਼ੀ ਪਹੁਚਾਏ,
ਬੇਲੀਓ ਸਾਉਣ ਮਹੀਨਾ!!!

ਬਾਗੀਂ ਆਈ ਬਹਾਰ,
ਕੋਇਲਾਂ ਗੀਤ ਸੁਣਾਵਣ।
ਉਮੜੇ ਡਾਢਾ ਪਿਆਰ,
ਜਾਂ ਚਿੜੀਆਂ ਨਗ਼ਮੇਂ ਗਾਵਣ।
ਡਾਢੀ ਖੁਸ਼ੀ ਲਿਆਏ,
ਬੇਲੀਓ ਸਾਉਣ ਮਹੀਨਾ!!!

ਡੱਡੂ ਟਰੈਂ-ਟਰੈਂ ਕਰਕੇ,
ਟੋਭੀਂ ਰੌਣਕ ਲਾਉਂਦੇ।
ਮੋਰ ਵੀ ਕੈਂ ਕੈਂ ਕਰਕੇ,
ਡਾਢਾ ਸ਼ੋਰ ਮਚਾਉਂਦੇ।
ਕੋਇਲੋਂ ਗੀਤ ਗਵਾਏ,
ਬੇਲੀਓ ਸਾਉਣ ਮਹੀਨਾ!!!

ਤੀਆਂ ਸਜਣ ਖੂਬ ,
ਜਾਂ ਕੁੜੀਆਂ ਪੇਕੇ ਆਵਣ।
ਬਦਲਾਂ ਵਾਂਗੂੰ ਗੱਜਣ,
ਰਲਕੇ ਗਿੱਧਾ ਪਾਵਣ।
ਸਖੀਆਂ ਤਾਈਂ ਮਿਲਾਏ,
ਬੇਲੀਓ ਸਾਉਣ ਮਹੀਨਾ!!!

ਚਾਰੇ ਪਾਸੇ ਵੇਖੋ ਜੀ,
ਹਰਿਆਲੀ ਆਈ।
ਘਰ ਘਰ ਅੰਦਰ ਅੱਜ,
ਕਿਵੇਂ ਖੁਸ਼ਹਾਲੀ ਛਾਈ।
ਮੁੜ ਕੇ ਹੁਣ ਨਾ ਜਾਏ,
ਬੇਲੀਓ ਸਾਉਣ ਮਹੀਨਾ!!!
ਵਾਹਵਾ ਨੂੰ ਭਾਏ,
ਬੇਲੀਓ ਸਾਉਣ ਮਹੀਨਾ!!!

8. ਚੰਨ-ਤਾਰੇ ਤੇ ਬੱਦਲ

ਨਿੱਕੇ-ਨਿੱਕੇ ਤਾਰੇ ਟਿਮਟਿਮਾਉਂਦੇ ਨੇ।
ਆਸਮਾਨ ਦੇ ਉੱਤੇ ਰੰਗ ਦਿਖਾਉਂਦੇ ਨੇ।

ਬੱਦਲਾਂ ਓਹਲੇ ਹੱਸਦੇ-ਹੱਸਦੇ ਲੁਕ ਜਾਂਦੇ,
ਬੱਦਲ ਹੁੰਦੇ ਪਾਸੇ ਜਗਮਗਾਉਂਦੇ ਨੇ।

ਚੰਨ ਦੁਆਲੇ ਘੇਰੀ ਜਿਹੀ ਬਣਾ ਬਹਿੰਦੇ,
ਚੰਨ ਮਾਮੇ ਦਾ ਡਾਢਾ ਪਿਆਰ ਹੰਢਾਉਂਦੇ ਨੇ।

ਚੰਨ-ਤਾਰੇ ਤੇ ਬੱਦਲ ਅੰਬਰ ਦੇ ਉੱਤੇ,
ਵਾਹਵਾ ਮਸਤੀ ਵਾਲਾ ਰੰਗ ਜਮਾਉਂਦੇ ਨੇ।

ਤੋੜੀ ਜਾਦੇ ਊਚ-ਨੀਚ ਦੇ ਭੇਦਾਂ ਨੂੰ,
ਮਾਨਵਤਾ ਨੂੰ ਰਸਤਾ ਨੇਕ ਦਿਖਾਉਂਦੇ ਨੇ।

ਕਾਲ-ਕਲੂਟੀ ਜਦ ਵੀ ਭੈੜੀ ਰਾਤ ਚੜ੍ਹੇ,
ਰਲਕੇ ਏਕੇ ਵਾਲਾ ਦੀਪ ਜਗਾਉਂਦੇ ਨੇ।

ਹਰ ਮੱਸਿਆ ਨੂੰ ਚੰਨ ਉਡਾਰੀ ਲਾ ਜਾਂਦਾ,
ਲਭਦੇ-ਲਭਦੇ ਤਾਰੇ ਦੁੱਖ ਮਨਾਉਂਦੇ ਨੇ।

ਪੂਰਨਮਾਸੀ ਆਉਂਦੀ ਚੜ੍ਹਦਾ ਚਾਅ ਸਭ ਨੂੰ,
ਚੰਨ ਦੁਆਲੇ ਤਾਰੇ ਭੰਗੜਾ ਪਾਉਂਦੇ ਨੇ।

ਚੰਨ-ਸਿਤਾਰੇ-ਬੱਦਲ ਰੱਬ ਦੇ ਬਰਦੇ ਹਨ,
ਰੱਬ ਦਾ ਸੱਚਾ-ਸੁੱਚਾ ਹੁਕਮ ਵਜਾਉਂਦੇ ਨੇ।

ਚੰਨ-ਸਿਤਾਰੇ ਸਭ ਨੂੰ ਦਿੰਦੇ ਰੌਸ਼ਨੀਆਂ,
ਬੱਦਲ ਪਾਣੀ ਦੇ ਕੇ ਪੁੰਨ ਕਮਾਉਂਦੇ ਨੇ।

ਕੁਦਰਤ ਨੇ ਇਹ ਮਾਨਵਤਾ ਲਈ ਸਾਜੇ ਹਨ,
ਮਾਨਵਤਾ ਦਾ ਬੇੜਾ ਪਾਰ ਲਗਾਉਂਦੇ ਨੇ।

9. ਤਾਰਿਆਂ ਨਾਲ ਗੱਲਾਂ

ਟਿਮ-ਟਿਮ ਤਾਰੇ ਬੜੇ ਪਿਆਰੇ।
ਟਿਮ-ਟਿਮਾਉਂਦੇ ਕਿੰਨੇ ਸਾਰੇ।
ਅੱਧੀ ਰਾਤੀਂ ਕਰਨ ਇਸ਼ਾਰੇ,
ਆਜੋ ਬੱਚਿਓ ਰਲਕੇ ਸਾਰੇ।
ਆਪਾਂ ਬਹਿਕੇ ਗੱਲਾਂ ਕਰੀਏ,
ਚਿੱਤਾਂ ਦੇ ਵਿੱਚ ਖੇੜਾ ਭਰੀਏ।
ਹਿੰਮਤ ਅਤੇ ਦਲੇਰੀ ਦੇ ਨਾਲ,
ਟਕਰਾਈਏ ਹਰ ਨੇਰ੍ਹੀ ਦੇ ਨਾਲ।
ਗੱਲ ਸਕੂਲੇ ਜਾਣ ਦੀ ਕਰੀਏ,
ਵਿੱਦਿਆ ਨੂੰ ਅਪਣਾਨ ਦੀ ਕਰੀਏ।
ਪੜ੍ਹਨਾ-ਲਿਖਣਾ ਅੱਛਾ ਕਰਮ,
ਇਹੀ ਬਾਲਕ ਹੋਣ ਦਾ ਧਰਮ।
ਅੱਛੀ ਗੱਲ ਦਿਮਾਗੇ ਪਾਓ,
ਐਂਵੇ ਨਾ ਹੁਣ ਸਮਾਂ ਗਵਾਓ।
ਤੜਕੇ ਉੱਠ ਸੈਰ ਨੂੰ ਜਾਓ,
ਕਸਰਤ ਦਾ ਇਹ ਨਿਯਮ ਬਣਾਓ।
ਸੈਰੋਂ ਆ ਕੇ ਖੂਬ ਨਹਾਓ,
ਉੱਜਲੇ ਧੋਤੇ ਵਸਤਰ ਪਾਓ।
ਫੇਰ ਮੰਮੀ ਤੋਂ ਖਾਣਾ ਮੰਗੋ,
ਕਰੋ ਨਾਸ਼ਤਾ ਨਾ ਹੀ ਸੰਗੋ।
ਇਸ ਤੋਂ ਪਿੱਛੋਂ ਭੁੱਖ ਮਿਟਾਓ,
ਨਾਲ ਤਸੱਲੀ ਭੋਜਨ ਖਾਓ।
ਸਬਜ਼ੀ ਨਾਲ ਸਲਾਦ ਵੀ ਖਾਓ,
ਫਿਰ ਸਕੂਲੇ ਪੜ੍ਹਨੇ ਜਾਓ।
ਮਸਤੀ ਦੇ ਨਾਲ ਕਰੋ ਪੜ੍ਹਾਈ,
ਜਿੰਦਗੀ ਦੀ ਇਹ ਨੇਕ ਕਮਾਈ।
ਪੜ੍ਹ-ਲਿਖ ਕੇ ਖੁਸ਼ਹਾਲ ਬਣੋ,
ਭਾਰਤ ਮਾਂ ਦੇ ਲਾਲ ਬਣੋਂ।
ਭੁੱਖ-ਗਰੀਬੀ ਦੂਰ ਭਜਾਓ,
ਪੜ੍ਹੇ-ਲਿਖੇ ਵਿਦਵਾਨ ਕਹਾਓ।

10. ਰੁੱਖਾਂ ਦਾ ਗੀਤ

ਰੁੱਖ ਧਰਤੀ ਦੇ ਜਾਏ ਓ ਲੋਕੋ,
ਦਿੰਦੇ ਠੰਡੀਆਂ ਛਾਵਾਂ।
ਸ਼ਾਂ-ਸ਼ਾਂ ਕਰਕੇ ਗਾਂਦੇ ਰਹਿੰਦੇ
ਲੋਰੀਆਂ ਵਾਕੁਰ ਮਾਵਾਂ!

ਰੁੱਖ ਧਰਤੀ ਦੇ ਜਾਏ ਬੇਲੀਓ
ਕੁਦਰਤ ਨੇ ਧੰਨ ਸਾਜੇ,
ਮਾਨਵਤਾ ਲਈ ਦਿੰਦੇ ਬਾਲਣ
ਨਾਲੇ ਦਰ ਦਰਵਾਜ਼ੇ!

ਰੁੱਖ ਧਰਤੀ ਦੇ ਜਾਏ ਹਾਣੀਓ
ਖੜ੍ਹੇ ਰਹਿਣ ਵਿੱਚ ਰਾਹਵਾਂ,
ਇਹ ਧਰਤੀ ਦੇ ਬੰਦਿਆਂ ਖਾਤਿਰ
ਲੱਖਾਂ ਦੇਣ ਦੁਆਵਾਂ!

ਰੁੱਖ ਧਰਤੀ ਦੇ ਜਾਏ ਮਿੱਤਰੋ
ਕਦੇ ਨਾ ਹੋਣ ਉਦਾਸ,
ਇਹ ਆਪਣੀ ਸ਼ਾਖੀਂ ਰੱਖਦੇ
ਹਨ ਜਾਨਵਰਾਂ ਦਾ ਵਾਸ!

ਰੁੱਖ ਧਰਤੀ ਦੇ ਜਾਏ ਸੁਹਣਿਓ
ਝੂਮ-ਝੂਮ ਕੇ ਗਾਣ,
ਹੱਸਣ ਤੇ ਮੁਸਕਾਣ ਦਾ
ਸਭ ਨੂੰ ਵੱਲ ਸਿਖਾਣ!

ਰੁੱਖ ਧਰਤੀ ਦੇ ਜਾਏ ਬੀਬਿਓ
ਉੱਗਣ ਦੇਸ਼-ਬਿਦੇਸ਼,
ਦੁਨੀਆਂ ਵਿੱਚੋਂ ਚਾਹੁੰਦੇ
ਬਈ ਹੋਵਣ ਦੂਰ ਕਲੇਸ਼!

ਰੁੱਖ ਧਰਤੀ ਦੇ ਜਾਏ ਸਾਥੀਓ
ਕਰਦੇ ਰਹਿਣ ਕਲੋਲ,
ਪਰ ਨਾ ਉੱਕਾ ਬੋਲਦੇ
ਇਹ ਮੁੱਖੋਂ ਬੋਲ-ਕਬੋਲ!

ਰੁੱਖ ਧਰਤੀ ਦੇ ਜਾਏ ਬੰਦਿਓ,
ਬੰਦਿਆਂ ਲਈ ਖ਼ੁਦਾ,
ਬੰਦਿਆਂ ਨੂੰ ਇਹ ਜਿਉਣ ਵਾਸਤੇ
ਦਿੰਦੇ ਸ਼ੁੱਧ ਹਵਾ!

ਰੁੱਖ ਧਰਤੀ ਦੇ ਜਾਏ ਆਪਾਂ
ਆਵੋ ਖੂਬ ਲਗਾਈਏ,
ਕੁਲ ਦੁਨੀਆਂ ਦੀ ਸਾਂਝੀ ਧਰਤੀ
ਰੁੱਖਾਂ ਨਾਲ ਸਜਾਈਏ ਬੇਲੀਓ,
ਰੁੱਖਾਂ ਨਾਲ ਸਜਾਈਏ........!!!

11. ਵਾਤਾਵਰਣ ਬਚਾਈਏ

ਰੁੱਖਾਂ ਬਾਝ ਨਹੀਂ ਸਰਨਾ ਮਿੱਤਰੋ,
ਆਵੋ ਰੁੱਖ ਲਗਾਈਏ।
ਵਾਤਾਵਰਣ ਪਲੀਤ ਹੋ ਰਿਹਾ,
ਇਸ ਨੂੰ ਸ਼ੁੱਧ ਬਣਾਈਏ।

ਵਾਤਾਵਰਣ ਨੂੰ ਗੰਦਾ ਕਰਦਾ,
ਫੈਕਟਰੀਆਂ ਦਾ ਧੂੰਆਂ!
ਗੱਡੀਆਂ-ਮੋਟਰਕਾਰਾਂ ਛੱਡਣ-
ਤੇਲ ਦੀਆਂ ਬਦਬੂਆਂ!
ਸਾਹ ਲੈਣਾ ਵੀ ਔਖਾ ਹੋਇਆ,
ਭੱਜ ਕੇ ਕਿੱਧਰ ਜਾਈਏ ?

ਭੱਜ ਕੇ ਜਾਣਾ ਕਿੱਥੇ ਯਾਰੋ,
ਇੱਥੇ ਈ ਪੈਣਾ ਰਹਿਣਾ!
ਭੈਣੋ ਅਤੇ ਭਰਾਵੋ ਸੁਣਲੌ,
ਸਭ ਨੂੰ ਇਹੇ ਕਹਿਣਾ!
ਆਵੋ 'ਕੱਠੇ ਹੋ ਕੇ ਆਪਾਂ,
ਵਾਤਾਵਰਣ ਬਚਾਈਏ।

ਕੈਂਸਰ, ਟੀ.ਵੀ., ਦਮਾ ਵਗੈਰਾ,
ਦੂਸ਼ਿਤ 'ਵਾ ਦੇ ਤੋਹਫੇ!
ਜੇਕਰ ਆਪਾਂ ਰੁੱਖ ਲਗਾਈਏ,
ਸ਼ੁੱਧ ਹਵਾ ਫਿਰ ਹੋਵੇ!
ਹਰ ਇੱਕ ਬੰਦਾ ਇੱਕ ਰੁੱਖ ਲਾਵੇ,
ਸਭਨਾਂ ਨੂੰ ਸਮਝਾਈਏ।

ਬਿਨਾਂ ਵਜ੍ਹਾ ਹੀ ਐਵੇਂ ਕਾਹਤੋਂ,
ਸਕੂਟਰ ਅਸੀਂ ਭਜਾਉਂਦੇ!
ਬਿਨਾਂ ਲੋੜ ਤੋਂ ਕਾਰਾਂ-ਜੀਪਾਂ,
ਐਵੇਂ ਕਿਉਂ ਚਲਾਉਂਦੇ!
ਜੇਕਰ ਲੋਕਲ ਜਾਣਾ ਹੋਵੇ,
ਸਾਈਕਲ ਉੱਤੇ ਜਾਈਏ!

ਪੌਲੀਥੀਨ ਲਿਫਾਫਿਆਂ ਦਾ ਗੰਦ,
ਜਦ ਨਾਲੀ ਵਿੱਚ ਅੜਦਾ!
ਛੱਡਣ ਲੱਗਦਾ ਬਦਬੂ ਪਾਣੀ,
ਨੱਕ ਸਭਨਾਂ ਦਾ ਸੜਦਾ!
ਆਵੋ ਇਹਦਾ ਸੋਚ ਸਮਝ ਕੇ,
ਕੋਈ ਇਲਾਜ ਬਣਾਈਏ!

ਸਭ ਤੋਂ ਮਾੜੀ ਬੀੜੀ-ਸਿਗਰਟ,
ਗੁੜ-ਗੁੜ ਕਰਦਾ ਹੁੱਕਾ!
ਜਿਸ ਨੂੰ ਇਹ 'ਜਿੰਨ' ਚੰਬੜ ਜਾਂਦੇ-
ਛੱਡਦੇ ਨਹੀਓਂ ਫੱਕਾ!
ਭੁੱਲ ਕੇ ਵੀ ਨਾ ਜੀਵਨ ਵਿੱਚ-
ਤੰਬਾਕੂ ਨੂੰ ਹੱਥ ਲਾਈਏ।

ਵਾਤਾਵਰਣ ਨੂੰ ਸ਼ੁੱਧ ਬਣਾਉਣਾ,
ਫਰਜ਼ ਅਸਾਂ ਦਾ ਭਾਰੀ!
ਇਸ ਪਾਸੇ ਸਭ ਹੱਲਾ ਕਰੀਏ,
ਛੱਡ ਕੇ ਮਾਰਾ-ਮਾਰੀ!
ਸਮਾਂ ਵਿਅਰਥ ਗੁਆਵਣ ਨਾਲੋਂ,
ਕਰਕੇ ਕੁਝ ਦਿਖਾਈਏ।

(ਆਸਮਾਨ ਵਿੱਚ 'ਠਾਹ-ਠਾਹ' ਕਰਕੇ
ਚੱਲਣ ਜੋ ਪਟਾਕੇ,
ਵਾਤਾਵਰਣ ਨੂੰ ਰੱਖ ਦਿੰਦੇ ਨੇ,
ਇੱਕਦਮ ਖੂੰਜੇ ਲਾ ਕੇ,
ਇਸ ਆਤਸ਼ ਦੇ ਧੂੰਏ ਕੋਲੋਂ
ਅੰਬਰ ਤਾਈਂ ਬਚਾਈਏ।)

12. ਤਿਤਲੀ

ਸੋਹਣੀ ਅਤੇ ਪਿਆਰੀ ਤਿਤਲੀ।
ਬਾਗਾਂ ਵਿੱਚ ਨਿਹਾਰੀ ਤਿਤਲੀ।
ਜਾਂਦੀ ਮਾਰ ਪਲਾਕੀ ਤਿਤਲੀ।
ਕਰਦੀ ਨਹੀਂ ਚਲਾਕੀ ਤਿਤਲੀ।
ਉੱਡਦੀ ਬੜੀ ਪਿਆਰੀ ਲੱਗੇ।
ਰੰਗ-ਬਰੰਗੀ ਨਿਆਰੀ ਲੱਗੇ।
ਫੁੱਲਾਂ ਉੱਤੇ ਬਹਿੰਦੀ ਤਿਤਲੀ।
ਬੱਚਿਆਂ ਤਾਈਂ ਕਹਿੰਦੀ ਤਿਤਲੀ।
ਮੈਨੂੰ ਫੜਿਓ ਨਾ ਬੱਚਿਓ।
ਮੈ ਫੜਿਆਂ ਮਰ ਜਾਂ ਬੱਚਿਓ।
ਮੈਨੂੰ ਵੇਖੀ ਜਾਓ ਬੱਸ।
ਦਿਲ ਆਪਣਾ ਪਰਚਾਓ ਬੱਸ।
ਖਿੱਚੋ ਨਾ ਮੇਰੇ ਪਰ ਬੱਚਿਓ।
ਮੈ ਜਾਵਾਂਗੀ ਮਰ ਬੱਚਿਓ।
ਜੱਗ ਵੇਖਣ ਦਾ ਚਾਅ ਮੇਰਾ।
ਪਰ ਛੋਟਾ ਜੀਵਨ ਰਾਹ ਮੇਰਾ।
ਚਿੜੀਆਂ ਕਾਂ ਵੀ ਖਾ ਜਾਂਦੇ।
ਮੇਰੀ ਉਮਰ ਮੁਕਾ ਜਾਂਦੇ।
ਕਿਸ ਨੂੰ ਮੈ ਫਰਿਆਦ ਕਰਾਂ।
ਰੱਬ ਮਾਲਕ ਨੂੰ ਯਾਦ ਕਰਾਂ।
ਫਰ-ਫਰ ਉੱਡਣ ਲਾਇਆ ਜਿਸ।
ਸੋਹਣੀ ਜਿਹੀ ਬਣਾਇਆ ਜਿਸ।
ਤਿਤਲੀ ਮੇਰਾ ਨਾਂ ਧਰਿਆ।
ਬਾਗਾਂ ਵਿੱਚ ਡੇਰਾ ਕਰਿਆ।
ਉਸ ਮਾਲਕ ਦੀ ਬਰਦੀ ਹਾਂ।
ਸ਼ੁਕਰ ਓਸ ਦਾ ਕਰਦੀ ਹਾਂ।
ਤੁਸੀਂ ਪਿਆਰ ਵਿਖਾਓ ਬੱਸ।
ਬਹੁਤਾ ਨਾ ਸਤਾਓ ਬੱਸ।
ਵਾਂਗਰ ਤੁਸੀਂ ਬਹੋਨੇ ਦੇ,
ਸੁਹਣੀ ਕਵਿਤਾ ਗਾਓ ਬੱਸ।

13. ਤਿਤਲੀ -2

ਰੰਗ-ਬਰੰਗੀ ਤਿਤਲੀ ਹੈ।
ਬਾਗ਼ਾਂ ਦੇ ਵਿੱਚ ਨਿਕਲੀ ਹੈ।
ਫੁੱਲਾਂ ਉੱਤੇ ਬੈਠੇਗੀ।
ਇੱਧਰ-ਉੱਧਰ ਦੇਖੇਗੀ।
ਰਸ ਫੁੱਲਾਂ ਦਾ ਪੀਵੇਗੀ।
ਰਸ ਪੀ ਪੀ ਕੇ ਜੀਵੇਗੀ।
ਫੁੱਲਾਂ 'ਤੇ ਬਹਿ ਹੱਸੇਗੀ।
ਮੈਂ ਬੈਠੀ ਹਾਂ ਦੱਸੇਗੀ।
ਸੁੰਦਰਤਾ ਦੀ ਰਾਣੀ ਹੈ।
ਤਿਤਲੀ ਬੜੀ ਸਿਆਣੀ ਹੈ।
ਬੜੇ ਦੁੜੰਗੇ ਲਾਉਂਦੀ ਹੈ।
ਪਰ ਨਾ ਸ਼ੋਰ ਮਚਾਉਂਦੀ ਹੈ।
ਚੁੱਪ-ਚੁੱਪ ਇਹ ਰਹਿੰਦੀ ਹੈ।
ਹਰਿਆਵਲ 'ਤੇ ਬਹਿੰਦੀ ਹੈ।
ਫੜੀਏ ਤਾਂ ਉੱਡ ਜਾਂਦੀ ਹੈ।
ਆਪਣਾ ਆਪ ਬਚਾਂਦੀ ਹੈ।
ਇਸ ਨੂੰ ਕਦੇ ਸਤਾਈਏ ਨਾ।
ਡਾਹਢਾ ਪਾਪ ਕਮਾਈਏ ਨਾ।

14. ਸਵੇਰ ਦੀ ਸੈਰ

ਉਠ ਪੀਤਿਆ ਸੁਬਹ-ਸਵੇਰੇ,
ਨਾਲ ਅਸਾਡੇ ਚੱਲ ਬਈ।
ਤੜਕੇ-ਤੜਕੇ ਸੈਰ ਕਰਨ ਲਈ,
ਜਾਣਾ ਚੰਗੀ ਗੱਲ ਬਈ

ਸੈਰ ਕਰਨ ਦੀ ਆਦਤ ਚੰਗੀ,
ਪਾ ਲੈਣੀ ਇਹ ਚਾਹੀਦੀ।
ਆਕਸੀਜਨ ਭਰਪੂਰ ਹਵਾ,
ਨਿਤ ਖਾ ਲੈਣੀ ਇਹ ਚਾਹੀਦੀ।
ਸੁਸਤੀ ਨੂੰ ਤੂੰ ਕਰਦੇ ਪਾਸੇ,
ਉਠ ਜਾ ਬਣ ਕੇ ਮੱਲ ਬਈ………!

ਮੁਖੜਾ ਧੋ ਕੇ, ਕੁਰਲਾ ਕਰਕੇ,
ਪੀ ਕੇ ਲੋਟਾ ਪਾਣੀ ਦਾ।
ਛੇਤੀ-ਛੇਤੀ ਆ ਕੇ ਮਿੱਤਰਾ,
ਹੱਥ ਪਕੜ ਲੈ ਹਾਣੀ ਦਾ।
ਪਾਰਕ ਦੇ ਵਿੱਚ ਜਾ ਕੇ ਆਪਾਂ,
ਘੁੰਮਾਂਗੇ ਕੁੱਝ ਪਲ ਬਈ………!

ਇਸ ਤੋਂ ਪਿੱਛੋਂ ਹਲਕੀ-ਹਲਕੀ,
ਦੌੜ ਵੀ ਆਪਾਂ ਲਾਵਾਂਗੇ।
ਤਾੜੀ ਲਾ-ਲਾ ਹੱਸਾਂਗੇ,
ਤੇ ਵਾਪਸ ਘਰ ਨੂੰ ਆਵਾਂਗੇ।
ਹੱਥ ਮਿਲਾ ਕੇ, ਟਾ-ਟਾ ਕਹਿ ਕੇ,
ਫਿਰ ਮਿਲਾਂਗੇ ਕੱਲ੍ਹ ਬਈ…………!

ਘਰੋ-ਘਰੀ ਫਿਰ ਵੜ ਕੇ ਆਪਾਂ,
ਦਾਤਣ ਕਰ ਕੇ ਨਾਵ੍ਹਾਂਗੇ।
ਨਾਲ ਦਹੀਂ ਦੇ ਖਾ ਕੇ ਫੁਲਕੇ,
ਮੋਢੇ ਬਸਤਾ ਪਾਵਾਂਗੇ।
ਮੰਮੀ ਜੀ ਨੇ ਹੱਸ ਕੇ ਕਹਿਣਾ,
ਚੱਲ ਬਹੋਨੇ ਚੱਲ ਬਈ…………!

15. ਚਿੜੀ ਨੂੰ ਪੁਕਾਰ

ਉੱਡੀ-ਉੱਡੀ ਆ ਨੀ ਚਿੜੀਏ।
ਸਾਡੇ ਫੇਰਾ ਪਾ ਨੀ ਚਿੜੀਏ।
ਕਿੱਧਰ ਨੂੰ ਤੂੰ ਗਈ ਰਕਾਨੇ,
ਆ ਕੇ ਦਾਣੇ ਖਾ ਨੀ ਚਿੜੀਏ।
ਸਾਡੇ ਬਚਪਨ ਦੀ ਤੂੰ ਸਾਥਣ
ਆ ਹੁਣ ਮਿਲ ਕੇ ਜਾ ਨੀ ਚਿੜੀਏ।
ਤੂੰ ਤਾਂ ਸਾਨੂੰ ਚੰਗੀ ਲੱਗੇਂ,
ਆ ਜਾ ਨਾ ਤੜਫਾ ਨੀ ਚਿੜੀਏ।
ਲਾ ਟੋਕਰੀ ਤੈਨੂੰ ਫੜਦੇ,
ਬਚਪਨ ਯਾਦ ਕਰਾ ਨੀ ਚਿੜੀਏ।
ਅੱਖਾਂ ਤੋਂ ਤੂੰ ਓਝਲ ਹੋ ਗਈ,
ਕਿੱਥੇ ਰਹੀ ਸੁਸਤਾ ਨੀ ਚਿੜੀਏ।
ਲੋਕਾਂ ਤੇਰੇ ਰੈਣ-ਬਸੇਰੇ,
ਸੱਚੀਂ ਦਿੱਤੇ ਢਾਹ ਨੀ ਚਿੜੀਏ।
ਆ ਜਾ ਨੀ ਤੂੰ ਰੂਪ ਸੁਹਾਣਾ,
ਅਪਣਾ ਜ਼ਰਾ ਵਿਖਾ ਨੀ ਚਿੜੀਏ।
ਪਾਵਾਂ ਤੈਨੂੰ ਦਾਣੇ-ਰੋਟੀ,
ਜਲਦੀ ਆ ਕੇ ਖਾ ਨੀ ਚਿੜੀਏ।
ਹੁਣ ਨਾ ਤੇਰੇ ਪੂੰਝੇ ਪੱਟੂੰ,
ਭੁੱਲਾਂ ਨੂੰ ਬਖਸ਼ਾ ਨੀ ਚਿੜੀਏ।
ਸਾਡੇ ਤੋਂ ਤੂੰ ਬੇਮੁਖ ਹੋ ਕੇ,
ਨਾ ਹੁਣ ਅੜੀਏ ਜਾ ਨੀ ਚਿੜੀਏ।
ਤਰਸ ਗਏ ਤੇਰੀ ਚੀਂ-ਚੀਂ ਸੁਣਨੋਂ,
ਆ ਕੇ ਸ਼ੋਰ ਮਚਾ ਨੀ ਚਿੜੀਏ।
ਬੀਬੀ ਰਾਣੀ ਬੜੀ ਸਿਆਣੀ,
ਮੁੜ ਆ, ਮੁੜ ਕੇ ਆ ਨੀ ਚਿੜੀਏ।
ਵੇਖ ਲਵਾਂ ਤੈਨੂੰ ਜੀ ਭਰਕੇ,
ਦੀਦੇ ਦਰਸ ਕਰਾ ਨੀ ਚਿੜੀਏ।
ਪੱਠਿਆਂ ਵਿੱਚੋਂ ਲੱਭ ਕੇ ਸੁੰਡੀ,
ਲੈਂਦੀ ਸੀ ਤੂੰ ਖਾ ਨੀ ਚਿੜੀਏ।
ਬੱਚਿਆਂ ਦੇ ਲਈ ਉਹੀਉ ਚੋਗਾ,
ਫਿਰ ਤੂੰ ਲੈ ਕੇ ਜਾ ਨੀ ਚਿੜੀਏ।

16. ਚਿੜੀਆਂ

ਚਿੜੀਆਂ ਨਾ ਹੁਣ ਸ਼ੋਰ ਮਚਾਉਣ,
ਚੀਂ-ਚੀਂ ਕਰ ਨਾ ਭੋਰ ਸਜਾਵਣ……………!

ਨਿੱਕੇ ਹੁੰਦੇ ਚਿੜੀਆਂ ਫੜਦੇ,
ਲਾ ਟੋਕਰੀ ਰੋਟੀ ਧਰਦੇ,
ਉਹ ਮੌਜ਼ਾਂ ਨਾ ਦਿਲ ਵਿੱਚ ਆਉਣ……………!

ਚਿੜੀਆਂ ਨੂੰ ਸੀ ਲਾਡ ਲਡਾਉਂਦੇ,
ਪਾਣੀ ਭਰ-ਭਰ ਖ਼ੂਬ ਪਿਲਾਉਂਦੇ,
ਹੁਣ ਨਾ ਪਾਣੀ ਹੋਰ ਮੰਗਾਵਣ……………!

ਨਾ ਰਹੀਆਂ ਖੇਤਾਂ ਵਿੱਚ ਕੁੱਲੀਆਂ,
ਰੁੱਖਾਂ ਦੇ ਸਿਰਨਾਵੇਂ ਭੁਲੀਆਂ,
ਬਹਿ ਕੇ ਕਿੱਥੇ ਟੌਹਰ ਵਿਖਾਵਣ…………!

'ਵਾਵਾਂ ਵਿੱਚ ਨੇ ਜ਼ਹਿਰਾਂ ਘੁਲੀਆਂ,
ਚੀਂ-ਚੀਂ ਕਰ ਕੇ ਥੱਕੀਆਂ ਬੁਲ੍ਹੀਆਂ,
ਕਿੱਦਾਂ ਮਸਤੀ ਹੋਰ ਮਚਾਵਣ…………!

17. ਚਿੜੀਆਂ -2

ਸਾਡੇ ਘਰ ਵਿੱਚ ਆਵਣ ਚਿੜੀਆਂ!
ਨੱਚਣ-ਟੱਪਣ-ਗਾਵਣ ਚਿੜੀਆਂ!

ਮੈਂ ਚਿੜੀਆਂ ਨੂੰ ਚੋਗਾ ਪਾਵਾਂ।
ਕੌਲੀ ਦੇ ਵਿੱਚ ਪਾਣੀ ਲਿਆਵਾਂ।
ਉੱਡੀਆਂ-ਉੱਡੀਆ ਆਵਣ ਚਿੜੀਆਂ!

ਕਣਕ, ਬਾਜਰਾ, ਚਾਵਲ ਪਾਵਾਂ।
ਭੋਰ-ਭੋਰ ਕੇ ਟੁੱਕ ਖੁਆਵਾਂ।
ਖੁਸ਼ੀ-ਖੁਸ਼ੀ ਨਾਲ ਖਾਵਣ ਚਿੜੀਆਂ!

ਉੱਡਾ-ਉੱਡਾ ਕਾਂ ਵੀ ਆਵੇ।
ਚਿੜੀਆਂ ਦੇ ਉਹ ਦਾਣੇ ਖਾਵੇ।
ਕਾਂ ਤੋਂ ਡਰ ਛੁਪ ਜਾਵਣ ਚਿੜੀਆਂ!

ਕਾਂ ਨੂੰ ਮਾਰ ਕੇ ਦੂਰ ਭਜਾਵਾਂ।
'ਖਾ ਲਓ ਚਿੜੀਓ' 'ਵਾਜ਼ ਲਗਾਵਾਂ।
ਝੱਟ-ਪੱਟ ਆ ਕੇ ਖਾਵਣ ਚਿੜੀਆਂ!

ਬੱਚਿਆਂ ਵਾਂਗੂੰ ਫੁਦਕਣ ਚਿੜੀਆਂ।
ਮੈਨੂੰ ਚੰਗੀਆਂ ਲੱਗਣ ਚਿੜੀਆਂ।
ਮੇਰਾ ਚਿੱਤ ਪਰਚਾਵਣ ਚਿੜੀਆਂ!

ਦਾਣਿਆਂ ਦੇ ਨਾਲ ਚੁੰਝ ਡੱਕ ਕੇ।
ਕੌਲੀ ਵਿੱਚੋਂ ਪਾਣੀ ਛਕ ਕੇ।
ਫੁਰ ਦੇਣੀ ਉੱਡ ਜਾਵਣ ਚਿੜੀਆਂ!

18. ਠੰਢ ਦਾ ਗੀਤ

ਠੁਰ-ਠੁਰ ਬੜਾ ਕੰਬਾਅ ਦਿੱਤਾ ਹੈ!
ਠੰਢ ਨੇ ਰੰਗ ਵਿਖਾ ਦਿੱਤਾ ਹੈ-
ਦੇਸ ਮੇਰੇ ਨੂੰ ਯਾਰ, ਠੰਢ ਨੇ ਕੰਬਣੀ ਛੇੜੀ……!

ਆਵੋ ਠੰਢ ਦਾ ਨਗ਼ਮਾ ਗਾਈਏ!
ਧੂਣੀ ਦੇ ਨਾਲ ਹੱਥ ਗਰਮਾਈਏ!
ਰਲਕੇ ਸਾਰੇ ਯਾਰ, ਠੰਢ ਨੇ ਕੰਬਣੀ ਛੇੜੀ……!

ਜਦੋਂ ਦਸੰਬਰ ਚੜ੍ਹ ਕੇ ਆਇਆ।
ਠੰਢ ਨੇ ਆਪਣਾ ਜ਼ੋਰ ਵਧਾਇਆ।
ਕੀਤਾ ਹੈ ਪ੍ਰਹਾਰ, ਠੰਢ ਨੇ ਕੰਬਣੀ ਛੇੜੀ……!

ਕੋਟੀਆਂ ਦੇ ਨਾਲ ਕੋਟ ਵੀ ਨਿਕਲੇ।
ਜੇਬ੍ਹਾਂ ਵਿੱਚੋਂ ਨੋਟ ਵੀ ਨਿਕਲੇ।
ਭਰਿਆ ਖੂਬ ਬਜ਼ਾਰ, ਠੰਢ ਨੇ ਕੰਬਣੀ ਛੇੜੀ……!

ਕਾਮੇਂ ਠੰਢ ਵਿੱਚ ਕਰਨ ਕਮਾਈਆਂ।
ਸਿਰੜੀ ਬੰਦਿਆਂ ਹਿੱਕਾਂ ਡਾਹੀਆਂ।
ਟੱਕਰ ਜ਼ੋਰਦਾਰ, ਠੰਢ ਨੇ ਕੰਬਣੀ ਛੇੜੀ……!

ਸਾਗ ਸਰ੍ਹੋਂ ਦਾ ਮੱਕੀ ਰੋਟੀ।
ਕਿਧਰੇ ਚਲਦੀ ਮੁਰਗਾ ਬੋਟੀ।
ਰੋਟੀ ਕਿਤੇ ਜਵਾਰ, ਠੰਢ ਨੇ ਕੰਬਣੀ ਛੇੜੀ……!

ਕੋਹਰੇ ਨੇ ਵੀ ਜ਼ੋਰ ਵਧਾਇਆ।
ਰੇਲਾਂ ਨੂੰ ਵਖਤਾਂ ਵਿੱਚ ਪਾਇਆ।
ਛਾਇਆ ਧੁੰਦ ਗੁਬਾਰ, ਠੰਢ ਨੇ ਕੰਬਣੀ ਛੇੜੀ……!

ਕਈ ਗ਼ਰੀਬਾਂ ਨੇ ਮਰਨਾ ਹੈ।
ਪਾਲ਼ੇ ਦੀ ਭੇਟਾ ਚੜਨ੍ਹਾਂ ਹੈ।
ਇਸ ਦਾ ਘਾਤਕ ਵਾਰ, ਠੰਢ ਨੇ ਕੰਬਣੀ ਛੇੜੀ……!

ਜੇ ਪੈ ਜਾਵਣ ਚੰਦ ਫੁਹਾਰਾਂ।
ਵੱਗ ਜਾਵਣ ਫਿਰ ਸ਼ੀਤਲ ਠਾਰਾਂ।
ਸਭ ਨੂੰ ਦਿੰਦੀਆਂ ਠਾਰ, ਠੰਢ ਨੇ ਕੰਬਣੀ ਛੇੜੀ……!

ਖੂਬ ਕੜਾਕੇ ਦੀ ਠੰਢ ਪੈਂਦੀ।
ਬੱਸ ਇਹ ਦੋ ਕੁ ਮਹੀਨੇ ਰਹਿੰਦੀ।
ਇਸ ਤੋਂ ਪਿੱਛੋਂ ਪਾਰ, ਠੰਢ ਨੇ ਕੰਬਣੀ ਛੇੜੀ……!

ਮੌਸਮ ਹਰ ਪਲ਼ ਚੰਗਾ ਲੋਚੇ।
ਯਾਰ ਬਹੋਨਾ ਬਹਿ ਕੇ ਸੋਚੇ।
ਹੁੰਦੇ ਮੌਸਮ ਚਾਰ, ਠੰਢ ਨੇ ਕੰਬਣੀ ਛੇੜੀ……!

19. ਗਰਮੀ

ਤੂੰ ਤਾਂ ਬੇ-ਸ਼ਰਮ ਗਰਮੀ!
ਇਸ ਵਿੱਚ ਨਾ ਭਰਮ ਗਰਮੀ!
ਸਾਹ ਵੀ ਨਾ ਲੈਣ ਦੇਵੇਂ,
ਟਿਕ ਕੇ ਨਾ ਬਹਿਣ ਦੇਵੇਂ,
ਕਿੰਨੀ ਤੂੰ ਗਰਮ ਗਰਮੀ!
ਪਿੰਡੇ ਘਮੋੜੀਆਂ ਨੇ,
ਪਿੱਤਾਂ ਕੀ ਥੋੜ੍ਹੀਆਂ ਨੇ ?
ਲਾਈਏ ਕੀ ਮਰਹਮ ਗਰਮੀ!
ਬੱਚਿਆਂ ਨੂੰ ਸਾੜਦੀ ਏਂ,
ਬੁੱਢਿਆਂ ਨੂੰ ਰਾੜ੍ਹਦੀ ਏਂ,
ਤੇਰਾ ਕੀ ਧਰਮ ਗਰਮੀ!
ਮੱਛਰ ਲਿਆਉਨੀ ਏਂ,
ਮੱਖੀਆਂ ਵਧਾਉਨੀ ਏਂ,
ਇਹ ਵੀ ਕੋਈ ਕਰਮ ਗਰਮੀ!
ਤਾਪ ਫੈਲਾਉਣ ਵਾਲੇ,
ਨਜ਼ਲਾ ਵਧਾਉਣ ਵਾਲੇ,
ਲੈ ਆਵੇਂ ਜਰਮ ਗਰਮੀ!

20. ਫੁੱਲ

ਫੁੱਲਾ ਵੇ ਤੇਰੀਆਂ ਪੱਤੀਆਂ,
ਪੱਤੀਆਂ ਰੰਗ-ਰੱਤੀਆਂ,
ਹਰ ਰੰਗ ਬਿਖਰਦਾ!

ਫੁੱਲਾ ਤੇਰੀ ਮਹਿਕ ਵੇ,
ਦਿਲ ਨੂੰ ਟਹਿਕ ਵੇ,
ਦਿਲ ਡਾਢਾ ਠਰਦਾ!

ਫੁੱਲਾ ਤੇਰੇ ਰੰਗ ਵੇ,
ਮਨ ਨੂੰ ਦੇਣ ਉਮੰਗ ਵੇ,
ਤੂੰ ਮੰਦਰੀਂ ਚੜ੍ਹਦਾ!

ਫੁੱਲਾ ਤੇਰਾ ਹੱਸਣਾ,
ਹੱਸ ਕੇ ਮਨ ਵਿੱਚ ਵੱਸਣਾ,
ਮਨ ਅਸ਼-ਅਸ਼ ਕਰਦਾ!

ਫੁੱਲਾ ਤੂੰ ਭਾਂਤ-ਸਭਾਂਤ ਦਾ,
ਵੱਖਰੀ-ਵੱਖਰੀ ਜਾਤ ਦਾ,
ਕਦੇ ਨਾ ਲੜਦਾ!

ਫੁੱਲਾ ਤੂੰ ਹੀ ਤੂੰ ਹੈਂ,
ਭੰਵਰੇ ਦੀ ਤੂੰ ਰੂਹ ਹੈਂ,
ਜੋ ਭਰਮਣ ਕਰਦਾ!

ਫੁੱਲਾ ਤੂੰ ਭਗਵਾਨ ਹੈਂ,
ਸਿਜਦਾ ਹਰ ਇਨਸਾਨ ਹੈ,
ਪਿਆ ਤੈਨੂੰ ਕਰਦਾ!

21. ਬੈਂਗਣ

ਆਇਰਨ ਦੇ ਨਾਲ ਭਰਿਆ ਬੈਂਗਣ।
ਰਹਿੰਦਾ ਡਰਿਆ-ਡਰਿਆ ਬੈਂਗਣ।
ਰੰਗ ਜਾਮਨੀ-ਟੋਪੀ ਹਰੀਅਲ,
ਗੁੱਦੇ ਦੇ ਨਾਲ ਭਰਿਆ ਬੈਂਗਣ।
ਪਤਾ ਨਹੀਂ ਕਦ ਭੁੜਤਾ ਬਣ ਜਾਏ,
ਅੱਜ ਮਰਿਆ ਕੱਲ ਮਰਿਆ ਬੈਂਗਣ।
ਸੈਆਂ ਇਸ ਦੀਆਂ ਦੇਸੀ ਨਸਲਾਂ,
ਨਸਲਾਂ ਦੇ ਨਾਲ ਭਰਿਆ ਬੈਂਗਣ।
ਪਿਓਂਦ ਚਾੜ੍ਹਕੇ ਬੀ.ਟੀ ਕੀਤਾ,
ਭਾਰਤ ਵੱਲ ਨੂੰ ਤੁਰਿਆ ਬੈਂਗਣ।
ਬੀ.ਟੀ. ਮਤਲਬ ਬਰੀਡ-ਟਰਾਂਸਲੇਟ,
ਸੁਘੜ ਵਿਗਿਆਨੀਆਂ ਕਰਿਆ ਬੈਗਣ।
ਕਹਿੰਦੇ ਨਾ ਹੀ ਆਵੇ ਬੀ.ਟੀ.,
ਔਗੁਣਾ ਦੇ ਨਾਲ ਭਰਿਆ ਬੈਂਗਣ।
ਨਿੱਕਾ-ਲੰਮਾਂ ਗੋਲ ਤੇ ਵੱਡਾ,
ਪਿਆ ਮੰਡੀਆਂ ਵਿੱਚ ਭਰਿਆ ਬੈਂਗਣ।
ਪੇਟਾਂ ਦੇ ਵਿੱਚ ਗੈਸ ਬਣਾਵੇ,
ਜਦ ਪੇਟਾਂ ਵਿੱਚ ਵੜਿਆ ਬੈਂਗਣ।
ਫਿਰ ਵੀ ਇਸ ਨੂੰ ਖਾਈ ਜਾਂਦੇ,
ਕਿਉਂਕਿ ਆਇਰਨ ਭਰਿਆ ਬੈਂਗਣ।

22. ਛਿਪਕਲੀ

ਕੰਧਾਂ ਉੱਤੇ ਆਵੇ ਛਿਪਕਲੀ।
ਲੱਕ ਬੜਾ ਮਟਕਾਵੇ ਛਿਪਕਲੀ।
ਜਾਤ ਦੀ ਇਹੇ ਕੋਹੜ ਕਿਰਲੀ,
ਕੀਟ-ਪਤੰਗੇ ਖਾਵੇ ਛਿਪਕਲੀ।
ਸੱਪ ਦੀ ਮਾਸੀ ਇਹਨੂੰ ਕਹਿੰਦੇ,
ਝੀਥਾਂ ਵਿੱਚ ਛੁਪ ਜਾਵੇ ਛਿਪਕਲੀ।
ਮੱਛਰ-ਮੱਖੀਆਂ ਵੀ ਖਾ ਜਾਂਦੀ,
ਮਾਸਾਹਾਰੀ ਕਹਿਲਾਵੇ ਛਿਪਕਲੀ।
ਚਿਪਕੋ ਰਾਣੀ ਚਿਪਕਣ ਵਾਲੀ,
ਸ਼ਤੀਰਾਂ ਨੂੰ ਜੱਫ਼ੇ ਪਾਵੇ ਛਿਪਕਲੀ।
ਬਣ ਆਈ ਤੋਂ ਰੇਲ ਬਣੇਂਦੀ,
ਫਿਰ ਨਾ ਹੱਥੀਂ ਆਵੇ ਛਿਪਕਲੀ।
ਮਰ ਜਾਣੀ ਕਚਿਆਣ ਭਰੀ ਜਿਹੀ,
ਨਾ ਹੀ ਚੇਤੇ ਆਵੇ ਛਿਪਕਲੀ।
ਤਰ੍ਹਾਂ-ਤਰ੍ਹਾਂ ਦੀਆਂ ਨਸਲਾਂ ਵਾਲੀ,
ਹਰ ਥਾਂ ਤੇ ਮਿਲ ਜਾਵੇ ਛਿਪਕਲੀ।

23. ਬਸੰਤ

ਰੁੱਤਾਂ ਦੀ ਰਾਣੀ ਬਸੰਤ।
ਹਰ ਕਿਸੇ ਮਾਣੀ ਬਸੰਤ।
ਪੀਲੇ-ਨੀਲੇ-ਲਾਲ ਫੁੱਲਾਂ-
ਦੀ ਰਹੀ ਹਾਣੀ ਬਸੰਤ।
ਰੁੱਤਾਂ 'ਚੋਂ ਇਹ ਰੁੱਤ ਸਾਡੇ,
ਮਨਾਂ ਨੂੰ ਭਾਣੀ ਬਸੰਤ।
ਪਿਆਰ ਦਾ ਸ਼ੰਦੇਸ ਦਿੰਦੀ,
ਪਿਆਰ ਦੀ ਕਹਾਣੀ ਬਸੰਤ।
ਪਾਲਾ ਜਦੇ ਹੀ ਘੱਟ ਜਾਂਦਾ,
ਜਦ ਸੁਣੇ ਆਣੀ ਬਸੰਤ।
ਉੱਡ-ਉੱਡ ਤਿਤਲੀਆਂ ਤੇ-
ਭੌਰਿਆਂ ਮਾਣੀ ਬਸੰਤ।
ਸਾਲ ਪਿੱਛੋਂ ਬਹੁੜ ਕੇ-
ਝੱਟ ਹੀ ਤੁਰ ਜਾਣੀ ਬਸੰਤ।
ਫਿਰ ਇਹ ਉਡੀਕ ਵਿੱਚ-
ਬਹੋਨਿਆ ਰਹਿ ਜਾਣੀ ਬਸੰਤ।

24. ਠੰਡ ਨੂੰ

ਮੁੜ-ਮੁੜ ਠੰਡੇ ਆ ਜਾਨੀ ਏਂ।
ਕੱਪੜੇ ਗਰਮ ਕਢਾਅ ਜਾਨੀ ਏਂ।
ਠਾਰੀ ਜਾਵੇਂ ਰੂਹਾਂ ਤੀਕਰ,
ਤਨ-ਮਨ ਤਾਈਂ ਡਰਾ ਜਾਨੀ ਏਂ।
ਪੋਹ-ਮਾਘ ਵਿੱਚ ਕਿੱਥੇ ਸੀ ਤੂੰ ?
ਫੱਗਣ-ਚੇਤ ਠਰਾਅ ਜਾਨੀ ਏਂ।
ਮੀਹਾਂ-ਝੱਖੜਾਂ ਨੂੰ ਸੰਗ ਲੈ ਕੇ,
ਹਨੇਰੀ ਰੂਪ ਵਟਾ ਜਾਨੀ ਏਂ।
ਘੁੰਮੇਂ ਵਾ-ਵਰੋਲੇ ਬਣਕੇ,
ਛੱਤਾਂ ਤੀਕਰ ਢਾਹ ਜਾਨੀ ਏਂ।
ਰੁੱਖਾਂ-ਫਸਲਾਂ ਤਾਈਂ ਲਿਤਾੜੇਂ,
ਪੀੜਾਂ ਪੱਲੇ ਪਾ ਜਾਨੀ ਏਂ।
ਖਾਂਸੀ ਅਤੇ ਜ਼ੁਕਾਮ ਲਿਆਵੇਂ,
ਭੈੜਾ ਰੂਪ ਵਟਾ ਜਾਨੀ ਏਂ।
ਸ਼ਾਂ-ਸ਼ਾਂ ਕਰਕੇ ਕੂੜ ਦਾ ਨਗ਼ਮਾਂ,
ਕਿਹੜੀ ਰੁੱਤੇ ਗਾ ਜਾਨੀ ਏਂ।
ਚੋਰਾਂ ਵਾਂਗੂੰ ਆਉਨੀ ਏਂ ਤੂੰ,
ਝੱਖੜ ਰੂਪ ਵਟਾ ਜਾਨੀ ਏਂ।
ਮੌਸਮ ਵਧੀਆ ਆਇਆ ਸੀ,
ਰੰਗ 'ਚ ਭੰਗ ਤੂੰ ਪਾ ਜਾਨੀ ਏਂ।
ਲੱਤਾਂ-ਗੋਡੇ ਦੁਖਣ ਲਗਾ'ਤੇ,
ਉਂਗਲਾਂ ਤਾਈਂ ਅਕੜਾ ਜਾਨੀ ਏਂ।
ਦੋ-ਪਹੀਏ ਜਦ ਵਾਹਨ ਚਲਾਈਏ,
ਕੰਨ ਤੂੰ ਬਰਫ 'ਚ ਲਾ ਜਾਨੀ ਏਂ।
ਵਾਲਾਂ ਦੀ ਤੂੰ ਦਿੱਖ ਵਿਗਾੜੇਂ,
ਟੋਪੇ ਜਿਹੇ ਪਵਾ ਜਾਨੀ ਏਂ।
ਬੱਚੇ-ਬੁੱਢੇ ਡਾਕਟਰਾਂ ਕੋਲੇ,
ਮੁੜ-ਘਿੜ ਫੇਰ ਪਹੁਚਾ ਜਾਨੀ ਏਂ।
ਹਾਏ ਨੀ ਠੰਡੇ!ਹਾਏ ਨੀ ਠੰਡੇ!!
ਕਾਹਤੋਂ ਤੂੰ ਖਪਾ ਜਾਨੀ ਏਂ।

25. ਨੀਰ ਬਚਾਓ

ਤੁਪਕਾ-ਤੁਪਕਾ ਨੀਰ ਬਚਾਓ।
ਦੁਨੀਆ ਦੀ ਤਕਦੀਰ ਬਚਾਓ।
ਪਾਣੀ ਦੇ ਬਿਨ ਨਹੀਓਂ ਸਰਨਾ,
ਇਸ ਨੂੰ ਬਣਕੇ ਵੀਰ ਬਚਾਓ।
ਰੁੱਖ ਲਗਾਓ ਫਲ-ਫੁੱਲ ਵਾਲੇ,
ਅੰਬ-ਜਾਮਨ-ਅੰਜ਼ੀਰ ਬਚਾਓ।
ਨਦੀਆਂ ਵਿੱਚ ਨਾ ਗੰਦ ਉਧੇਲੋ,
ਨਦੀਆਂ ਦੀ ਵਹੀਰ ਬਚਾਓ।
ਗੰਗਾ ਮਾਂ ਦਾ ਹੋਈ ਜਾਂਦੈ,
ਆਪਾ ਲੀਰੋ-ਲੀਰ ਬਚਾਓ।
ਫਿਰ ਪਛਤਾਇਆਂ ਕੁਝ ਨਹੀਂ ਹੋਣਾ,
ਇਹ ਮੌਕਾ ਅਖੀਰ ਬਚਾਓ।
ਡੱਡੂਆਂ-ਮੱਛੀਆਂ-ਕੱਛੂਆਂ ਜਿਹੇ,
ਜਲ ਜੀਵਾਂ ਲਈ ਨੀਰ ਬਚਾਓ।
ਝਰਨਿਆਂ ਰਾਹੀਂ ਝਰ-ਝਰ ਵਹਿੰਦਾ,
ਇਹ ਕੁਦਰਤ ਦਾ ਸ਼ੀਰ ਬਚਾਓ।
ਪਾਣੀ ਦੇ ਸੰਗ ਬਣਿਆਂ ਜਿਹੜਾ,
ਹਰ ਇੱਕ ਦਾ ਸ਼ਰੀਰ ਬਚਾਓ।
ਪਾਣੀ ਰਾਜਾ-ਧਰਤੀ ਰਾਣੀ,
ਸਭ ਜੰਗਲ ਵਜੀਰ ਬਚਾਓ।
ਕਰ ਪਛਤਾਵੇ ਵਹਿਣਾ ਅੱਖੀਓਂ,
ਅੱਖੀਆਂ ਦਾ ਇਹ ਨੀਰ ਬਚਾਓ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਓਮਕਾਰ ਸੂਦ ਬਹੋਨਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ