Kiya Nere Kiya Door (Punjabi Prose) : Bhushan Dhianpuri

ਕਿਆ ਨੇੜੇ ਕਿਆ ਦੂਰ : ਭੂਸ਼ਨ ਧਿਆਨਪੁਰੀ (ਸੰਪਾਦਕ ਸੁਰਿੰਦਰ ਭੂਸ਼ਨ ਅਤੇ ਬਲੀਜੀਤ)

ਭੂਮਿਕਾ

ਭੂਸ਼ਨ (ਧਿਆਨਪੁਰੀ) ਦੀ ਨਿੱਤਰੀ ਹੋਈ ਕਲਮ ਨਾਲ ਰਚੀ ਗਈ ਇਹ ਪੋਥੀ ਧਰਮ, ਦਰਸ਼ਨ, ਸਾਹਿਤ, ਕਲਾ, ਵਿਗਿਆਨ ਦਾ ਅਨੂਠਾ ਸੁਮੇਲ ਹੈ ।ਜਿਥੇ ਲੇਖਕ ਨੇਗੂੜ੍ਹ ਗਿਆਨ ਨੂੰ ਲੋਕ-ਵੇਦ ਦੀ ਸਾਦਗੀ ਨਾਲ ਬਿਆਨਿਆ ਹੈ ਉਥੇ ਉਸ ਦੇ ਫਿਕਰਿਆਂ ਦੀ ਪ੍ਰਿਸ਼ਟਭੂਮੀ ਵਿਚ ਕਬੀਰ ਦੇ ਕਟਾਕਸ਼ ਦੀ ਚਮਕ ਕੌਂਦਦੀ ਰਹਿੰਦੀ ਹੈ।ਜਿਸ ਨਾਲ ਸਧਾਰਨ ਪਾਠਕ ਅਨੰਦਤ ਹੁੰਦਾ ਹੈਤੇ ਗੰਭੀਰ ਪਾਠਕ ਊਰਜਤ। ਅਸਲ ਵਿਚ ਭੂਸ਼ਨ ਕਬੀਰ ਦੇ ਕਟਾਕਸ਼ ਦਾ ਪੁਜਾਰੀ ਤੇ ਹਿੰਦੀ ਦੇ ਧੁਰੰਤਰ ਵਿਅੰਗਕਾਰ ਹਰੀ ਸ਼ੰਕਰ ਪਾਰਸਾਈ ਦਾ ਕ੍ਰੀਏਟਿਵ ਸਹਿ ਯਾਤਰੀ ਸੀ। ਫਿਕਰ ਤੌਂਸਵੀ ਉਸ ਦੀ ਸਿਮਰਤੀ ਵਿਚ ਅਕਸਰ ‘ਪਿਆਜ਼ ਕੇ ਛਿਲਕੇ’ ਉਤਾਰਦਾ ਰਹਿੰਦਾ ਸੀ।ਪਰ ਪੰਜਾਬੀ ਲੋਕਯਾਨ ਦੀ ਜੋਤ ਹਮੇਸ਼ਾਂ ਉਸਦੀ ਕਲਮਨਜ਼ਦੀਕ ਜਗਦੀ ਰਹਿੰਦੀ ਸੀ, ਮਸਲਨ : ‘ ਪੂਰਨ ਦੀ ਇਕੱਲ ਗਰਭ ’ਚ ਬੋਲਦੀ ਹੈ। ਭੋਰੇ ’ਚ ਬੋਲਦੀ ਹੈ। ਖੂਹ ’ਚ ਬੋਲਦੀ ਹੈ। ਧਿਆਨ ’ਚ ਬੋਲਦੀ ਹੈ। ਸਮਾਧੀ ’ਚ ਬੋਲਦੀ ਹੈ। ਨਿਰਵਾਣ ’ਚ ਬੋਲਦੀ ਹੈ। ਇੱਛਰਾਂ ਦੀ ਇਕੱਲ/ ਲੂਣਾ ਦੀ ਇਕੱਲ/ ਸੁੰਦਰਾਂ ਦੀ ਇਕੱਲ ਪੂਰਨ ’ਚ ਬੋਲਦੀ ਹੈ’।

ਭੂਸ਼ਨ ਪੰਜਾਬੀ ਸਾਹਿਤਕ ਸੰਸਾਰ ਵਿਚ ਸਭ ਤੋਂ ਨਿਖੜਵਾਂ ਸੀ-ਦਿੱਖ ਪਖੋਂ ਹੀ ਨਹੀਂ; ਰਚਨਾਤਮਿਕਤਾ ਪੱਖੋਂ ਵੀ। ਅਜਿਹਾ ਦਾਨਸ਼ਵਰ ਜਿਸਦੇ ਲਿਖੇ/ਬੋਲੇ ਦੇ ਹਵਾਲੇ ਉਸ ਦੇ ਸਮਕਾਲੀਆਂ ਮੁਕਾਬਲੇ ਸਭ ਤੋਂ ਵੱਧ ਦਿੱਤੇ ਜਾਂਦੇ ਰਹੇ ਹਨ। ਉਸ ਦੇ ਸਾਹਿਤਕ ਕਥਨ, ਚਿੰਤਨੀ ਟਿੱਪਣੀਆਂ, ਵਿਅੰਗ ਤੇ ਸ਼ੇਅਰ ਪੰਜਾਬੀ ਲੇਖਕਾਂ/ਪਾਠਕਾਂ ਦੀ ਵਰਤਮਾਨ ਪੀੜ੍ਹੀ ਵੀ ਉਵੇਂ ਹੀ ਸੁਣਦੀ ਤੇ ਸੁਣਾਉਂਦੀ ਆ ਰਹੀ ਹੈ ਜਿਵੇਂ ਉਸ ਦੇ ਸਮਕਾਲੀ ਸੁਣਦੇ-ਸੁਣਾਉਂਦੇ ਰਹੇ ਹਨ।

ਭੂਸ਼ਨ ਦੇ ਦੇਹਾਂਤ ਪਿਛੋਂ ਪ੍ਰਕਾਸ਼ਤ ਹੋ ਰਿਹਾ ਇਹ ਸੰਗ੍ਰਹਿ ਭੂਸ਼ਨ ਦੀ ਰਚਨਾ ਸ਼ੈਲੀ ਦੀ ਸਿੱਖਰ ਛੋਹਦਾਂਹੈ ਤੇ ਪੰਜਾਬੀ ਸਾਹਿਤ ਵਿਚ ਆਪਣੇ ਨਿਵੇਕਲੇਪਣ ਦਾ ਮੀਲ-ਪੱਥਰ ਲਾਉਂਦਾ ਹੈ।ਲੇਖਕ ਅੰਦਰਲੇ ਦਾਨਸ਼ਵਰ ਦੇਇਹ ਦਰਸ਼ਨ ਕਰਵਾਉਂਦਾ ਹੈ। ਉਸ ਵਲੋਂ ਗੱਦ ਤੇ ਪਦ ਦੇ ਸੁਮੇਲ ਰਾਹੀਂ ਸਿਰਜੇ ਗਏ

ਮੌਲਿਕ ਸਾਹਿਤਕ ਰੂਪਾਕਾਰ ਰਾਹੀਂ ਪੰਜਾਬੀ ਭਾਸ਼ਾ ਦੀ ਤਾਕਤ ਦੀ ਮਸ਼ਾਲ ਬਾਲਦਾ ਹੈ।

ਇਸ ਪੋਥੀ ਦੇ ਕਿਤਾਬੀ ਰੂਪ ਵਿਚ ਆਉਣ ਤੋਂ ਪਹਿਲਾਂ ‘ਸੰਖ’ ਵਿਚ ਉਜਾਗਰ ਹੋਈਆਂ ਇਸਵਿਚਲੀਆਂ ਰਚਨਾਵਾਂ ਦਾ ਪਹਿਲਾ ਪਾਠ ਕਰਨ ਦਾ ਮੈਨੂੰ ਮਾਣ ਮਿਲਦਾ ਰਿਹਾ ਹੈ।ਯਕੀਨ ਨਾਲ ਕਹਿ ਸਕਦਾ ਹਾਂ ਕਿ ਮੇਰੇ ਵਾਂਗ ਹੀ ਪਾਠਕ ਦੀ ਸੋਚ ਦੀ ਜੀਭ ਮੁੜ-ਮੁੜ ਇਨ੍ਹਾਂ ਦਾ ਜ਼ਾਇਕਾ ਚੱਖੇਗੀ ਤੇ ਵਿਵੇਕੀ ਬੰਦਾ ਵਿਸਮਾਦੀ ਸੰਗਤ ਮਾਣੇਗਾ।

ਭੂਸ਼ਨ ਦੀ ਕਲਮ ਪੰਜਾਬੀ ਸਾਹਿਤ ਦੀ ਇਕ ਅਜਿਹੀ ਕੂੰਟ ਦੀ ਯਾਤਰਾ ਕਰਦੀ ਹੈ ਜਿਸ ਦਾ ਉਹ ‘ਕੱਲਾ ਹੀ ਯਾਤਰੀ ਹੈ । ਅਲੋਚਕ ਉਸ ਦੀ ਲਿਖਤ ਨੂੰ ਕਿਸੇ ਇਕ ਰਵਾਇਤੀ ਕੈਟੇਗਰੀ ਵਿਚ ਬੰਨ੍ਹਣੋਂ ਇਸੇ ਲਈ ਅਸਮੱਰਥ ਰਹਿੰਦੇ ਆਏ ਹਨ ਕਿਉਂਕਿ ਉਹ ਪ੍ਰਚਲਤ ਰੂਪਾਂ ਨੂੰ ਤਿਲਾਂਜਲੀ ਦੇ ਕੇ ਚਲਦਾ ਹੈ। ਆਪਣਾ ਰੂਪਾਕਾਰ ਸਿਰਜਦਾ ਹੈ।ਸਾਹਿਤ ਦੇ ਵਲਗਣਾ ਵਾਲੇ ਰਵਾਇਤੀ ਰੂਪਾਂ ਦੇ ਉਲਟ ਉਸ ਦੀ ਲਿਖਤ ਏਨੀ ਸਹਿਜਤਾ ਨਾਲ ਪ੍ਰਚੱਲਤ ਰੂਪਾਂ ਵਿਚਕਾਰ ‘ਫੇਡ ਇੰਨ’ ਤੇ ‘ਫੇਡ ਆਊਟ’ ਹੁੰਦੀ ਹੈ ਕਿ ਗਿਆਨ ਦੀ ਬਹੁਰੰਗੀ ਨਦੀ ਵੱਗਣ ਲਗਦੀ ਹੈ। ਅਸਲ ਵਿਚ ਭੂਸ਼ਨ ਦੀ ਬਹੁੱਤੀ ਰਚਨਾ ਪੰਜਾਬ ਦੀ ਖੇਤੀ ਦੇ ਕਣਕ- ਝੋਨੇ ਦੇ ਫ਼ੳਮਪ;ਸਲੀ ਚੱਕਰ ਵਿਚ ਫਸਣ ਵਾਂਗ ਕਵਿਤਾ-ਕਹਾਣੀ-ਨਾਵਲ ਦੇ ਚੱਕਰ ਵਿਚ ਫਸੇ ਪੰਜਾਬੀ ਸਾਹਿਤ ਨੂੰ ਬਾਹਰ ਕਢਣ ਦਾ ਇਕ ਕਰਤਾਰੀ ਯਤਨ ਹੈ।ਹਥਲੀ ਪੋਥੀ ਵਿਚਲੀਆਂ ਉੱਨੀ ਦੀਆਂ ਉੱਨੀ ਰਚਨਾਵਾਂ ਇਸ ਦੀਆਂ ਸਾਹਿਤਕ ਗਵਾਹ ਹਨ।

ਭੂਸ਼ਨ ਲਈ ਸਹਿਤਕਾਰੀ ਕਦੇ ਵੀ ਸ਼ੌਕੀਆਜਾਂ ਵਕਤੀ ਸ਼ੋਹਰਤ ਬਟੋਰਨ ਵਾਲਾ ਕਾਰਜ ਨਹੀਂ ਸੀ।ਸਗੋਂ ਵਰਾਸਤ ਵਿਚ ਮਿਲੀ ਅਦਬੀ ਰੋਸ਼ਨੀ ਦੀ ਇਮਾਨਤ ਨੂੰ ਸੀਖ ਕੇ ਅਗਲੀ ਪੁਸ਼ਤ ਤਕ ਅੱਪੜਦੀ ਕਰਨ ਦਾ ਅਤਿ ਜਿਮੇਵਾਰੀ ਵਾਲਾ ਤੇ ਗੰਭੀਰ ਕਾਰਜ਼ ਸੀ।ਅਸਲ ਵਿਚ ‘ਕਯਾ ਨੇੜੇ ਕਯਾ ਦੂਰ’ ਦੀ ਪੋਟਲੀ ਵਿਚ ਭੂਸ਼ਨ ਵਲੋਂ ਇਸੇ ਅਦਬੀ ਰੋਸ਼ਨੀ ਦੀ ਇਮਾਨਤ ਨੂੰ ਅਗਲੀਆਂ ਪੁਸ਼ਤਾਂ ਲਈ ਸਾਂਭਿਆ ਗਿਆ ਹੈ।

-ਸਿੱਧੂ ਦਮਦਮੀ

1. ਕੀ ਦੱਸਾਂ ਆਪਣੀ ਵਡਿਆਈ

ਉਹ ਇਕੱਲਾ ਸੀ । ਉਹਨੇ ਸ੍ਰਿਸ਼ਟੀ ਸਾਜੀ ਤੇ ਆਪ ਓਹਲੇ ਹੋ ਗਿਆ । ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਸਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ । ਕੋਈ ਉਸ ਨੂੰ ਕੁਦਰਤ ਵਸਿਆ ਆਖ ਕੇ ਬਲਿਹਾਰੀ ਜਾਂਦਾ ਹੈ । ਕੋਈ ਪਦਾਰਥ ਨਾਲ ਮੱਥਾ ਮਾਰੀ ਜਾਂਦਾ ਹੈ । ਕੋਈ ਪਿਆਜ਼ ਦੇ ਛਿਲਕੇ ਉਤਾਰੀ ਜਾਂਦਾ ਹੈ । ਸਭ ਨੂੰ ਸੱਚ ਦੀ ਚਾਹ ਹੈ, ਪਰ ਵੱਖਰਾ ਵੱਖਰਾ ਰਾਹ ਹੈ । ਸਾਰੇ ਇੱਕੋ ਮੰਜ਼ਲ ਦੇ ਰਾਹੀ ਨੇ, ਉਦਮੀ ਨੇ, ਉਤਸ਼ਾਹੀ ਨੇ । ਉਸ ਲੇਖ ਨੂੰ ਪੜ੍ਹਨਾ ਚਾਹੁੰਦੇ ਨੇ ਜੋ ਲਿਖਿਆ ਗੁਪਤ ਸਿਪਾਹੀ ਨੇ । ਝੋਲੀ ਪਾਟ ਜਾਂਦੀ ਹੈ, ਦਾਣੇ ਮੁੱਕ ਜਾਂਦੇ ਨੇ, ਤੱਕੜੀ ਟੁੱਟ ਜਾਂਦੀ ਹੈ, ਤੋਲਾ ਕਾਇਮ ਰਹਿੰਦਾ ਹੈ । ਜਿਸਮ ਥੱਕ ਜਾਂਦਾ ਹੈ, ਸਿਦਕ ਡੋਲ ਜਾਂਦਾ ਹੈ, ਉਮਰ ਮੁੱਕ ਜਾਂਦੀ ਹੈ, ਓਹਲਾ ਕਾਇਮ ਰਹਿੰਦਾ ਹੈ । ਰੱਬ ਦੀ ਤੇ ਸੱਚ ਦੀ ਇਸ ਆਦਿ- ਜੁਗਾਦੀ ਖੋਜ ਵਿੱਚ ਬੰਦਾ ਹੋਇਆ ਝੱਲਾ ਹੈ ।

ਪਰ ਓਹਲਿਆ ਦੀ ਭੀੜ ਵਿੱਚ ਰੱਬ ਵਾਂਗ,
ਸੱਚ ਵਾਂਗ ਆਦਮੀ ਇਕੱਲਾ ਹੈ ।
ਇੱਕ ਓਅੰਕਾਰ ਹੈ । ਬਾਕੀ ਅਹੰਕਾਰ ਹੈ ।
ਇਕੱਲੇ ਨੂੰ ਓਹਲੇ ਦੀ ਲੋੜ ਨਹੀਂ ਪੈਂਦੀ
ਓਹਲਾ ਤਾਂ ਦੂਜੇ ਤੋਂ ਕਰੀਦਾ ਹੈ ।
ਆਪਣੇ ਬਚਾਅ ਖ਼ਾਤਰ ਦੂਜਿਆਂ ਤੋਂ ਡਰੀਦਾ ਹੈ ।
ਬਾਹਰੋਂ ਡਰ ਕੇ ਆ ਵੜਦੇ ਹਾਂ ਘਰ ਦੇ ਵਿੱਚ ।
ਘਰ ਦੇ ਵਿੱਚ ਵੀ ਕੰਮ ਕਰਦੇ ਹਾਂ ਪਰਦੇ ਵਿੱਚ ।
ਚਾਨਣ ਵਿੱਚ ਜੋ ਸੱਚ ਛੁਪਾ ਕੇ ਰੱਖਦੇ ਹਾਂ ।
ਨ੍ਹੇਰੇ ਦੇ ਵਿੱਚ ਸਵਾਦ ਉਸੇ ਦਾ ਚੱਖਦੇ ਹਾਂ ।
ਖੁੱਲ੍ਹੇ ਬੂਹਿਆਂ ਵੱਲ ਤਾਂ ਪਿੱਠ ਕਰ ਬਹਿੰਦੇ ਹਾਂ ।
ਝੀਥਾਂ ਥਾਣੀਂ ਝਾਤ ਮਾਰਦੇ ਰਹਿੰਦੇ ਹਾਂ ।
ਪੜ੍ਹਿਆ ਸੁਣਿਆ ਨਹੀਂ ਸੀ ਅੱਖੀਂ ਡਿੱਠਾ ਹੈ ।
ਕਿਸੇ ਵੀ ਸ਼ੈਅ ਤੋਂ ਚੋਰੀ ਦਾ ਗੁੜ ਮਿੱਠਾ ਹੈ ।
ਰਾਜ਼ ਅਤੇ ਰਹੱਸ ਦੇ ਮਗਰ ਲੱਗੇ,
ਓਭੜ ਪਾਣੀ 'ਤੇ ਬੇੜੀਆਂ ਤਾਰਦੇ ਹਾਂ ।
ਵਿਰਸੇ ਵਿੱਚ ਜੋ ਭੇਤ ਸੰਦੂਕ ਮਿਲਿਆ,
ਉਸਨੂੰ ਜਿੰਦ ਦਾ ਜਿੰਦਰਾ ਮਾਰਦੇ ਹਾਂ ।
ਅਕਲ ਆਪਣੀ ਤੇ ਜੇਬ ਦੂਸਰੇ ਦੀ,
ਅਸੀਂ ਦੱਬ ਜਾਂਦੇ ਹੇਠਾਂ ਭਾਰ ਦੇ ਹਾਂ ।
ਭੇਤ ਕਲਮ ਦਾ ਪਾ ਲਿਆ ਅਮ੍ਰਿਤਾ ਨੇ,
ਆਪਾਂ ਵਾਲ ਦੀ ਖੱਲ ਉਤਾਰਦੇ ਹਾਂ ।
ਮਾਂ ਬੋਲੀ ਵਿੱਚ ਜਿਹੜੀਆਂ ਬੋਲੀਆਂ ਪਾਈ ਜਾਨੈ ।
ਹਰ ਇੱਕ ਬੋਲ ਜਿਉਂ ਕਿਸੇ ਨਿਹੰਗ ਦਾ ਬੋਲਾ ਹੈ ।
ਸਿੱਧੀ ਸਾਦੀ ਗੱਲ ਵੀ ਟੇਢੀ ਲੱਗਦੀ ਏ ।
ਕਿਤੇ ਸ਼ਬਦ ਦਾ, ਕਿਤੇ ਅਰਥ ਦਾ ਓਹਲਾ ਹੈ ।

ਸਿਧਾਂਤ ਵਿੱਚ ਅਸੀਂ ਇਕੱਲੇ ਇਕੱਲੇ ਹਾਂ ਪਰ ਵਿਹਾਰ ਵਿੱਚ ਭੀੜ ਦਾ ਹਿੱਸਾ ਹਾਂ । ਅਸੀਂ ਆਪਣਾ ਬਹੁਤ ਕੁਝ ਭੀੜ ਤੋਂ ਬਚਾ ਕੇ ਰੱਖਦੇ ਹਾਂ, ਲੁਕਾ ਕੇ ਰੱਖਦੇ ਹਾਂ ।
ਅਸੀਂ ਕੁਝ ਹੋਰ ਹੁੰਦੇ ਹਾਂ ਪ੍ਰੰਤੂ ਕੁਝ ਹੋਰ ਦਿਸਣਾ ਚਾਹੁੰਦੇ ਹਾਂ ।
ਜੁੱਤੀ-ਚੋਰ ਹੁੰਦੇ ਹਾਂ, ਪਰ ਮਾਖਣ-ਚੋਰ ਦਿਸਣਾ ਚਾਹੁੰਦੇ ਹਾਂ ।
ਹਮੇਸ਼ਾਂ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਸੱਚ ਦੀ ਹਨੇਰੀ ਨਾ ਝੁੱਲ ਜਾਏ ।
ਸਾਡੀ ਅਕਲ ਦਾ, ਸਾਡੇ ਰੁਤਬੇ ਦਾ ਕਿਤੇ ਪਾਜ ਨਾ ਖੁੱਲ੍ਹ ਜਾਏ ।
ਹਾਜ਼ਰ ਜੁਆਬ ਬਣੇ ਫਿਰਦੇ ਹਾਂ, ਕਿਤੇ ਲਾਜਵਾਬ ਨਾ ਹੋ ਜਾਈਏ ।
ਕਿਤੇ ਭਾਂਡਾ ਨਾ ਭੱਜ ਜਾਏ, ਕਿਤੇ ਬੇ-ਨਕਾਬ ਨਾ ਹੋ ਜਾਈਏ ।
ਅਸੀਂ ਤਾਂ ਚਾਹੁੰਦੇ ਹਾਂ ਕਿ ਚਾਨਣੀਆਂ ਲੱਗੀਆਂ ਰਹਿਣ, ਚੰਦੋਆ ਤਣਿਆ ਰਹੇ ।
ਸਾਡਾ ਧੰਦਾ ਚਲਦਾ ਰਹੇ ਤੁਹਾਡਾ ਭਰਮ ਬਣਿਆ ਰਹੇ ।
ਅੰਦਰ ਤਾਂ ਲੀਰਾਂ ਨੇ, ਉੱਪਰ ਪਟੋਲਾ ਹੈ ।
ਖਿੱਦੋ ਤਾਂ ਖਿੱਦੋ ਹੈ, ਪਿੜੀਆਂ ਦਾ ਓਹਲਾ ਹੈ ।

ਸੱਚ ਦੇ ਬਿਰਤਾਂਤ ਨਾਲ, ਪਤਾ ਨਹੀਂ ਕਿਉਂ ਪਹੁੰਚਦੀ ਸਾਡੇ ਅਹੰ ਨੂੰ ਚੋਟ ਹੈ ।
ਸੱਚ ਓਹਲੇ ਖੇਡਣ ਦੀ ਹਰ ਕਿਸੇ ਨੂੰ ਛੋਟ ਹੈ ।
ਓਹਲਾ ਤਾਂ ਆਸਰਾ ਹੈ, ਓਹਲਾ ਤਾਂ ਓਟ ਹੈ!
ਵੇਖੋ ਵਾਰਿਸ਼ ਸ਼ਾਹ ਕੀ ਆਂਹਦਾ ਹੈ:
ਉਹ ਤਾਂ ਆਪਣਾ ਗੁੜ ਵੀ ਜੱਗ ਤੋਂ ਲੁਕਾ ਕੇ ਖਾਂਦਾ ਹੈ ।
ਮੋਰ ਪੈਲ ਪਾੳਣ ਲਈ ਮੰਚ ਦੀ ਖ਼ਾਹਿਸ਼ ਨਹੀਂ ਕਰਦਾ ।
ਪ੍ਰੇਮੀ ਪ੍ਰੇਮ ਕਰਦਾ ਹੈ, ਨੁਮਾਇਸ਼ ਨਹੀਂ ਕਰਦਾ ।
ਤੁਮ ਪੂਛਤੇ ਹੋ ਓਹਲਾ ਕਿਆ ਹੈ?
ਯਹ ਲਾਜ ਹੈ, ਸ਼ਰਮ ਹੈ, ਹਯਾ ਹੈ ।
ਦੁਨੀਆਂ ਕੀ ਨਜ਼ਰ ਤੋਂ ਮੈਲੀ ਹੈ,
ਓਹਲਾ ਹੀ ਜੀਵਨ ਸ਼ੈਲੀ ਹੈ ।

ਸ਼ੈਲੀ ਕੀ ਹੈ?

ਪਾਠਕ ਨੂੰ ਉਲਝਾਉਣ ਦੀ ਲੇਖਕ ਦੁਆਰਾ ਅਪਣਾਈ ਗਈ ਚਾਲ ਹੈ ।
ਦੁਸ਼ਿਅੰਤ ਦੁਆਰਾ ਸ਼ੰਕੁਤਲਾ ਨੂੰ ਦਿੱਤੀ ਗਈ ਮੁੰਦਰੀ ਹੈ ।
ਸ਼ੰਕੁਤਲਾ ਦੁਆਰਾ ਹਵਾ ਵਿੱਚ ਹਿਲਾਇਆ ਗਿਆ ਰੁਮਾਲ ਹੈ ।
ਕਈਆਂ ਲਈ ਇਹ ਜਿਉਣ-ਸ਼ੈਲੀ ਹੁਨਰ ਦਾ ਕਮਾਲ ਹੈ ।
ਕਈਆਂ ਲਈ ਇਹ ਵਿਅਰਥ, ਐਂਵੇ ਜਿੰਦ ਦਾ ਜੰਜਾਲ ਹੈ ।
ਇਹ ਜੋ ਸੁਰ, ਛੰਦ, ਗਤੀ, ਲੈਅ, ਬਹਿਰ, ਤਾਲ ਹੈ ।
ਸੱਚ ਨੂੰ ਲੁਕਾਉਣ ਦੇ ਲਈ ਓਹਲਿਆ ਦਾ ਜਾਲ ਹੈ ।
ਵੱਡੇ ਵੀਰ! ਇਹ ਤਾਂ ਆਪੋ-ਆਪਣਾ ਖਿਆਲ ਹੈ ।
ਮੇਰੇ ਲਈ ਸ਼ਲੋਕ ਹੈ ਜੋ ਤੇਰੇ ਲਈ ਉਹ ਗਾਲ੍ਹ ਹੈ ।
ਮਨ ਨਾ ਮਿਲੇ ਤਾਂ ਕਦੇ ਗਲਦੀ ਨਾ ਦਾਲ ਹੈ ।
ਕਿਸੇ 'ਤੇ ਜਲਾਲ ਕਿਸੇ ਚਿਹਰੇ 'ਤੇ ਮਲਾਲ ਹੈ ।
ਭਿੱਖੂਆਂ ਦੇ ਭੇਖ ਵਿੱਚ ਗੌਤਮਾਂ ਦਾ ਟੋਲਾ ਹੈ ।
ਤੈਨੂੰ ਤਾਂ ਦਿਗੰਬਰਾ! ਦਿਸ਼ਾਵਾਂ ਦਾ ਹੀ ਓਹਲਾ ਹੈ ।
ਜਿਸਦੇ ਜਿਸਮ ਦਾ ਜਿੰਨਾ ਹਿੱਸਾ ਨੰਗਾ ਹੈ ।
ਉਸਦੇ ਜਿਸਮ ਦਾ ਉਨ੍ਹਾਂ ਹਿੱਸਾ ਚੰਗਾ ਹੈ ।
ਉਸੇ ਦੀ ਉਮੀਦ 'ਤੇ ਫਿਰਦਾ ਹੈ ਪਾਣੀ ।
ਜਿਸਦੇ ਵਿਹੜੇ ਦੇ ਵਿੱਚ ਵਗਦੀ ਗੰਗਾ ਹੈ ।
ਉੱਪਰ-ਹੇਠਾਂ ਤਿੰਨ ਟਾਕੀਆਂ ਲਾਈਆਂ ਨੇ,
ਇਹ ਨਾ ਸਮਝਿਉ ਮੇਰਾ ਇਸ਼ਟ ਤਿਰੰਗਾ ਹੈ ।
ਨੰਗੀ ਨਹਾ ਕੇ ਕਿਹੜੀ ਚੀਜ਼ ਨਿਚੋੜੇਗੀ ।
ਇਹ ਤਾਂ ਵਸਤਰਵਾਨਾਂ ਦੇ ਲਈ ਪੰਗਾਂ ਹੈ ।
ਪਰਮ ਹੰਸ ਜਿਹੀ ਪਦਵੀ ਹੁੰਦੀ ਬਾਲਕ ਦੀ,
ਹੱਸਦਾ ਨੱਚਦਾ ਫਿਰਦਾ ਨੰਗ-ਮੁਨੰਗਾ ਹੈ ।

ਨੰਗ-ਮੁਨੰਗੇ ਬੱਚੇ ਦੀ ਸਿਰਜਨਹਾਰ ਮਾਂ, ਲੱਗਦੀ ਵਾਹੇ, ਉਹਨੂੰ ਕਦੇ ਤੱਤੀ-ਠੰਡੀ ਵਾ ਨਹੀਂ ਲੱਗਣ ਦੇਦੀਂ । ਆਫ਼ਤਾਂ ਤੋਂ ਬਚਾਉਂਦੀ ਹੈ । ਅਸੀਂ ਪ੍ਰਕਿਰਤੀ ਤੋਂ ਸੰਸਕਿਰਤੀ ਵੱਲ ਤੁਰਦੇ ਹਾਂ । ਪਰ ਵਿਕਰਤੀ ਵੱਲ ਮੁੜ ਪੈਂਦੇ ਹਾਂ । ਜਿੱਧਰ ਦਾ ਵਹਿਣ ਹੁੰਦਾ ਹੈ ਉੱਧਰ ਨੂੰ ਰੁੜ੍ਹ ਜਾਂਦੇ ਹਾਂ । ਇਹ ਜੋ ਕਣਕ ਹੈ, ਸੇਬ ਹੈ, ਜਾਂ ਗਿਆਨ ਹੈ । ਇਹ ਸਾਡੇ ਅਸਤਿੱਤਵ ਦਾ ਇਮਤਿਹਾਨ ਹੈ । ਜਦੋਂ ਬਾਬੇ ਆਦਮ ਤੇ ਮਾਈ ਹਵਾ ਨੇ ਪਹਿਲੀ ਵਾਰ ਵਰਜਿਤ ਫ਼ਲ ਚੱਖਿਆ ਸੀ, ਉਦੋਂ ਇਸ ਕਰਮ ਦਾ ਉਨ੍ਹਾਂ ਨੇ ਓਹਲਾ ਨਾਮ ਰੱਖਿਆ ਸੀ । ਇਹ ਇਕੱਲੀ ਕਿਰਿਆ ਦੋ ਆਜ਼ਾਦੀਆਂ ਨੂੰ ਬੰਧਨ ਵਿੱਚ ਜੋੜ ਗਈ ਸੀ । ਉਦੋਂ ਹੀ ਹਯਾ ਦਾ ਜਨਮ ਹੋਇਆ ਸੀ ਤੇ ਓਹਲੇ ਦੀ ਲੋੜ ਪਈ ਸੀ । ਕੋਈ ਸੱਭਿਅਤਾ ਆਧੁਨਿਕ ਹੈ ਜਾਂ ਜਮਾਂ ਪੁਰਾਣੀ ਹੈ । ਸਭ ਦੀ ਇਹੋ ਕਹਾਣੀ ਹੈ । ਕੁੱਤੇ ਕੰਮ ਤੋਂ ਸ਼ਾਦੀ ਤੱਕ । ਸੰਭੋਗ ਤੋਂ ਸਮਾਧੀ ਤੱਕ ।

ਤੂੰ ਮੇਰਾ ਮੈਂ ਤੇਰਾ ਓਹਲਾ ।
ਦੋਹਾਂ ਕੋਲ ਬਥੇਰਾ ਓਹਲਾ ।
ਘਰ ਦੇ ਕੋਲ ਨੇ ਕੰਧਾਂ ਕੌਲੇ ।
ਛੱਤਾਂ ਕੋਲ ਬਨੇਰਾ ਓਹਲਾ ।
ਜਦ ਤੋਂ ਅੱਖੀਆਂ ਚਾਰ ਹੋ ਗਈਆਂ,
ਕਰ ਨਾ ਸਕੇ ਹਨੇਰਾ ਓਹਲਾ ।
ਕੀ ਦੱਸਾਂ ਆਪਣੀ ਵਡਿਆਈ,
ਮੈਥੋਂ ਕਿਤੇ ਵਡੇਰਾ ਓਹਲਾ ।

-ਤਾਂ ਇਹ ਸੱਚ ਹੈ ਕਿ ਓਹਲਿਆਂ ਦੇ ਮੁਕਾਬਲੇ ਆਦਮੀ ਬਹੁਤ ਛੋਟਾ ਹੋ ਗਿਆ ਹੈ । ਨਾਮ, ਰੂਪ ਤੇ ਅਕਾਰ ਦੇ ਓਹਲਿਆਂ ਤੋਂ ਇਲਾਵਾ ਅਸੀਂ ਹੋਰ ਵੀ ਅਨੇਕ ਦੀਵਾਰਾਂ ਉਸਾਰ ਲਈਆਂ ਹਨ । ਦਾਇਰੇ ਵਾਹ ਲਏ ਹਨ, ਲੀਕਾਂ ਮਾਰ ਲਈਆਂ ਹਨ । ਦੇਸ਼ਾਂ, ਕੌਮਾਂ, ਰੰਗਾਂ, ਨਸਲਾਂ ਦੀ ਆੜ ਵਿੱਚ ਅਸੀਂ ਮਨੁੱਖਤਾ ਦਾ ਘਾਣ ਕਰ ਰਹੇ ਹਾਂ! ਨਾਅਰਾ ਸਭ ਦੇ ਮੂੰਹ ਚਿੜਾਏ । ਖ਼ਬਰ ਉਹੀ ਜੋ ਸੱਚ ਵਿਖਾਏ! ਤੁਸੀਂ ਘਰ ਵਿੱਚ ਹੋ, ਦਫ਼ਤਰ ਵਿੱਚ ਹੋ, ਜਾਂ ਕਿਸੇ ਸੰਤ ਦੇ ਡੇਰੇ ਵਿੱਚ ਹੋ । ਖ਼ਬਰਦਾਰ! ਤੁਸੀਂ ਕੈਮਰੇ ਦੇ ਘੇਰੇ ਵਿੱਚ ਹੋ! ਮੀਡੀਏ ਦੀ ਇਹ ਨਵੀਂ ਜੈਨਰੇਸ਼ਨ ਹੈ । ਇਹ ਗੁਡੀ-ਗੁਡੀ ਇੰਟਰਵਿਊ ਨਹੀਂ, ਸਟਿੰਗ ਓਪਰੇਸ਼ਨ ਹੈ । ਇਹ ਪਹਿਲ ਕੀਤੀ ਜਾ ਰਹੀ ਹੈ, ਬਾਜੀ ਮਾਰੀ ਜਾ ਰਹੀ ਹੈ । ਤੁਹਾਡੀ ਆਰਤੀ ਨਹੀਂ, ਫਿਲਮ ਉਤਾਰੀ ਜਾ ਰਹੀ ਹੈ । ਕੱਲ੍ਹ ਤੋਂ ਇਹ ਫਿਲਮ ਲਗਾਤਾਰ ਚਲਾਈ ਜਾਵੇਗੀ । ਤੁਹਾਡੀ ਭੋਲੀ- ਭਾਲੀ ਤਸਵੀਰ ਜ਼ਮਾਨੇ ਨੂੰ ਵਿਖਾਈ ਜਾਏਗੀ । ਕੈਮਰੇ ਦਾ ਇਹ ਕਰਮ, ਤੁਹਾਡੇ ਧੁਰ ਅੰਦਰ ਦੀ ਬਾਤ ਕਹੇਗਾ । ਪਰ ਤਹਿਲਕਾ ਮਚਾਉਣ ਵਾਲਾ ਇਹ ਕੈਮਰਾ ਖ਼ੁਦ ਓਹਲੇ ਵਿੱਚ ਰਹੇਗਾ । ਇਹ ਕੈਮਰਾ ਕਿਸੇ ਜ਼ਮ ਦਾ ਦੂਤ ਨਹੀਂ । ਖੁਦ ਜ਼ਮ ਹੈ । ਛੁਪਾ.. ਛੁਪਾ.. ਛੁਪਾ ਰੁਸਤਮ ਹੈ!

ਜੁਰਮ ਨੂੰ ਨੰਗਾ ਕਰਨਾ ਅਤੇ ਮੁਜ਼ਰਿਮ ਨਾਲ ਪੰਗਾ ਲੈਣਾ ਕੋਈ ਮਜ਼ਾਕ ਨਹੀਂ ਹੁੰਦਾ । ਪਰ ਖ਼ਤਰਿਆਂ ਨਾਲ ਖੇਡਣਾ ਕਈਆਂ ਦਾ ਸ਼ੌਕ ਹੁੰਦਾ ਹੈ, ਕਈਆਂ ਲਈ ਮਜਬੂਰੀ । ਕੁਝ ਲੋਕ ਝੂਠ ਤੋਂ ਪਰਦਾ ਲਾਹੁਣਾ ਚਾਹੁੰਦੇ ਹਨ । ਬਹੁਤੇ ਲੋਕ ਸੱਚ 'ਤੇ ਪਰਦਾ ਪਾਉਣਾ ਚਾਹੁੰਦੇ ਨੇ । ਸਿਆਸੀ ਲੋਕ ਦੋਹਾਂ ਤੋਂ ਫਾਈਦਾ ਉਠਾਉਣਾ ਚਾਹੁੰਦੇ ਨੇ ।

ਓਹਲੇ ਦੀਆਂ ਅਨੇਕ ਕਿਸਮਾਂ ਨੇ, ਪਰ ਸਭ ਤੋਂ ਪਿਆਰੀ ਵੰਨਗੀ ਉਹ ਹੈ ਜਦੋਂ ਕੋਈ ਤੁਹਾਡੇ ਤੋਂ ਓਹਲਾ ਤਾਂ ਕਰੇ ਪਰ ਜ਼ਾਹਿਰ ਵੀ ਕਰ ਦਏ ਕਿ ਉਹ ਓਹਲਾ ਕਰ ਰਿਹਾ ਹੈ । ਉਹਦਾ ਓਹਲਾ ਉਹਨੂੰ ਹੋਰ ਵੀ ਉਜਾਗਰ ਕਰ ਦਏ । ਘੁੰਡ ਕੱਢਣ ਵੇਲੇ ਵੀ ਕਲਿੱਪ ਵਾਲਾ ਪਾਸਾ ਨੰਗਾ ਹੀ ਰਹੇ! ਇਸ ਤੋਂ ਵੱਧ ਬੰਦਾ ਹੋਰ ਓਹਲਾ ਬਾਰੇ ਕੀ ਕਹੇ:

ਮੈਂ ਕਿਸੇ ਫੈਸ਼ਨ ਕਿਸੇ ਪੋਸ਼ਾਕ ਦਾ ਨਿੰਦਕ ਨਹੀਂ,
ਮੈਂ ਸਗੋਂ ਕਹਿਨਾਂ ਕਿ ਬਸਤਰ ਪਹਿਨ ਕੇ ਨੰਗੇ ਰਹੋ ।
ਇੰਝ ਨਾ ਹੋਵੇ ਤੁਹਾਨੂੰ ਇਸ਼ਟ ਮੰਨ ਬੈਠੇ ਸਮਾਂ,
ਤੇ ਤੁਸੀਂ ਸਾਰੀ ਉਮਰ ਦੀਵਾਰ 'ਤੇ ਟੰਗੇ ਰਹੋ ।

2. ਕ੍ਰਿਸ਼ਨਾਮੂਰਤੀ ਦੀ 'ਮਾੱਰਨਿੰਗ ਗਲੋਰੀ'

ਮੌਤ ਅਟਲ ਹੈ, ਨਿਸਚਿਤ ਹੈ, ਲਾਜ਼ਮੀ ਹੈ । ਮੌਤ ਬੁਝਾਰਤ ਹੈ, ਰਹਸ ਹੈ, ਰੋਮਾਂਸ ਹੈ । ਮੌਤ ਖੇਡ ਹੈ, ਕ੍ਰੀੜਾ ਹੈ, ਜੂਆ ਹੈ । ਮੌਤ ਸਭ ਕੁਝ ਹੈ । ਮੌਤ ਕੁਝ ਵੀ ਨਹੀਂ ਹੈ । ਪਾਣੀ, ਅੱਗ ਮੌਤ ਦੇ ਕਰੋੜਾਂ ਪ੍ਰਤੀਕ ਹੋ ਸਕਦੇ ਹਨ, ਬਿੰਬ ਹੋ ਸਕਦੇ ਹਨ, ਸੰਕਲਪ ਹੋ ਸਕਦੇ ਹਨ । ਜੀਵਨ ਦਾ ਇਹ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ । ਜੀਵਨ ਲਈ ਇਹ ਸਭ ਤੋਂ ਵੱਧ ਦਿਲਚਸਪੀ ਵਾਲਾ ਪਾਤਰ ਹੈ । ਕਲਾ ਲਈ ਇਸ ਤੋਂ ਵਿਸ਼ਾਲ, ਠੋਸ ਅਤੇ ਨਿੱਤ-ਨਵਾਂ ਵਿਸ਼ਾ ਕੋਈ ਹੋਰ ਹੈ ਹੀ ਨਹੀਂ ।

ਧਰਮ, ਦਰਸ਼ਨ, ਸਾਹਿਤ, ਕਲਾ, ਵਿਗਿਆਨ ਸਭ ਆਪੋ ਆਪਣੀ ਪਹੁੰਚ ਅਨੁਸਾਰ ਮੌਤ ਬਾਰੇ ਚਰਚਾ ਕਰਦੇ ਆ ਰਹੇ ਹਨ । ਭਾਸ਼ਾ, ਰੰਗ, ਧੁਨੀਆਂ ਅਤੇ ਮੁਦ੍ਰਾਵਾਂ ਮੌਤ ਨੂੰ ਰਚਨਾਤਮਿਕ ਅਭਿਵਿਅਕਤੀ ਦੇਣ ਲਈ ਜਤਨਸ਼ੀਲ ਹਨ । ਮੌਤ ਦੀ ਭਿਆਨਕਤਾ ਬੰਦੇ ਦੇ ਮਨ ਵਿੱਚ ਡਰ ਪੈਦਾ ਕਰਦੀ ਹੈ । ਡਰ 'ਚੋਂ ਦੁਖ ਪੈਦਾ ਹੁੰਦਾ ਹੈ । ਦੁਖੀ ਬੰਦਾ ਪਲਾਇਨ ਭਾਲਦਾ ਹੈ । ਪਲਾਇਨ ਲਈ ਖ਼ੂਬਸੂਰਤ ਬਹਾਨਾ ਚਾਹੁੰਦਾ ਹੈ । ਬੱਸ ਇੱਥੋਂ ਹੀ ਕਿਤੇ ਮੌਤ ਤਿਲਕ ਜਾਂਦੀ ਹੈ ਅਤੇ ਰੋਮਾਂਸ ਹਾਵੀ ਹੋ ਜਾਂਦਾ ਹੈ । ਅਸੀਂ ਮੋਤ ਬਾਰੇ ਨਹੀਂ ਸਗੋਂ ਸਿਰਫ਼ ਉਸ ਤੋਂ ਬਚਣ ਦੇ ਤਰਲਿਆਂ ਵਿੱਚ ਉਲਝ ਜਾਂਦੇ ਹਾਂ । ਇਹ ਉਲਝਣ ਵਕਤ ਨਾਲ ਵੱਧਦੀ ਜਾਂਦੀ ਹੈ ।

ਜ਼ਾਹਿਰ ਹੈ ਕਿ ਮੌਤ ਬਾਰੇ ਜਗਿਆਸਾ ਆਦਿ ਕਾਲ ਤੋਂ ਚਲੀ ਆ ਰਹੀ ਹੈ । ਜਨਮ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ ਬਾਰੇ ਸੋਚਦਿਆਂ ਬੰਦੇ ਦੀ ਉਮਰ ਬੀਤ ਜਾਂਦੀ ਹੈ । ਮੌਤ ਬਾਰੇ ਗੱਲਾਂ ਲਗਾਤਾਰ ਹੋ ਰਹੀਆਂ ਹਨ ਪਰ ਮੌਤ ਦਾ ਤਜ਼ੁਰਬਾ ਕਿਸੇ ਨੂੰ ਨਹੀਂ ਹੋਇਆ । ਹੋ ਵੀ ਨਹੀਂ ਸਕਦਾ । ਤਜ਼ੁਰਬਾ ਤਾਂ ਅਤੀਤ ਦਾ ਨਾਂ ਹੈ । ਮੌਤ ਸਦਾ ਵਰਤਮਾਨ ਹੈ । ਇਹ ਇਸ ਦੀ ਸ਼ਾਨ ਹੈ! ਜਿਹੜੇ ਲੋਕ ਇਸ ਦੀ ਸ਼ਾਨ ਤੋਂ ਵਾਕਿਫ਼ ਹਨ ਉਹ ਵੀ ਇਸ ਦੀ ਅਸਲੀਅਤ ਤੋਂ ਕਤਰਉਂਦੇ ਹਨ । ਇਸਦਾ ਸੋਗ ਨਹੀਂ, ਜਸ਼ਨ ਮਨਾਉਂਦੇ ਹਨ । ਪਰ ਇਹ ਸੋਗ ਅਤੇ ਜਸ਼ਨ, ਦੋਵੇਂ ਹੀ, ਰੁਮਾਂਸ ਦੀ ਕੋਟੀ ਵਿੱਚ ਆਉਂਦੇ ਹਨ ।

ਮੌਤ ਨੂੰ ਜਾਨਣ ਦੇ ਸਾਡੇ ਕੋਲ ਦੋ ਹੀ ਰਾਹ ਹਨ । ਇੱਕ ਰਾਹ ਮੜ੍ਹੀਆਂ ਵੱਲ ਜਾਂਦਾ ਹੈ ਅਤੇ ਦੂਜਾ ਦਹਿਸ਼ਤ ਦੀ ਡੂੰਘੀ ਖਾਈ ਵੱਲ, ਇੱਕ ਭੂਤ ਵੱਲ, ਦੂਜਾ ਭਵਿੱਖ ਵੱਲ । ਅਸੀਂ ਮੋਇਆਂ ਨੂੰ ਰੋਂਦੇ ਹਾਂ । ਮਰਨ ਤੋਂ ਡਰਦੇ ਹਾਂ । ਜਿੰਨੀ ਦੇਰ ਜਿਉਂਦੇ ਹਾਂ, ਇਹੀ ਕੁਝ ਕਰਦੇ ਹਾਂ । ਵਾਸਤਵਿਕ ਸਮੇਂ ਦੀ ਥਾਂ ਮਨੋਵਿਗਿਆਨਕ ਸਮੇਂ ਵਿੱਚ ਵਿਚਰਦੇ ਹਾਂ । ਇੱਕ ਪਾਸੇ ਵਿਯੋਗ ਹੈ, ਵਿਗੋਚਾ ਹੈ, ਹੇਰਵਾ ਹੈ, ਬਿਰਹਾ ਹੈ ਅਤੇ ਦੂਜੇ ਪਾਸੇ ਸੁਪਨੇ ਹੀ ਸੁਪਨੇ ਨੇ । ਜਾਂ ਅਸੀਂ ਮਰਸੀਏ ਪੜ੍ਹਦੇ ਹਾਂ ਜਾਂ ਫਿਰ ਖਾਬ ਬੁਣਦੇ ਹਾਂ । ਮੌਤ ਨਾਲ ਨਜ਼ਰਾਂ ਨਹੀਂ ਮਿਲਾਉਂਦੇ ਸਗੋਂ ਏਧਰ ਓਧਰ ਦਾ ਰਾਹ ਚੁਣਦੇ ਹਾਂ । ਇਹੋ ਭਟਕਣਾ ਸਾਨੂੰ ਕਿਸੇ ਥਾਂ ਜੋਗਾ ਨਹੀਂ ਰਹਿਣ ਦਿੰਦੀ । ਟਿਕ ਕੇ ਨਹੀਂ ਬਹਿਣ ਦਿੰਦੀ । ਕੁਰਾਹੇ ਪਾਈ ਰੱਖਦੀ ਹੈ, ਹਕੀਕਤ ਨਾਲ ਸਿੱਧਾ ਵਾਹ ਨਹੀਂ ਪੈਣ ਦਿੰਦੀ । ਇਸ ਤਰ੍ਹਾਂ ਬੀਤਿਆ ਹੋਇਆ ਵਕਤ ਸਾਡੇ ਲਈ ਇਤਿਹਾਸ ਬਣ ਜਾਂਦਾ ਹੈ । ਤੇ ਹੌਲੀ ਹੌਲੀ ਬਹਾਨੇਬਾਜ਼ੀ ਨਾਲ ਪ੍ਰਵਾਨ ਚੜ੍ਹਿਆ ਰੋਮਾਂਸ ਵੀ ਇੱਕ ਦਿਨ ਵਾਦ ਬਣ ਜਾਂਦਾ ਏ । ਵਾਦਾਂ ਦੀ ਵਾਦੀ 'ਚੋਂ ਕਦੇ ਕੋਈ ਜਿਉਂਦਾ ਨਹੀਂ ਮੁੜਿਆ । ਇਸ ਆਦਿ ਜੁਗਾਦੀ ਵਹਿਣ ਨੂੰ ਮੋੜਨ ਵਾਲੇ ਦੇ ਤੇਸੇ ਦਾ ਘੰਡ ਮੁੜ ਜਾਂਦਾ ਏ । ਤੇ ਜ਼ਿੰਦਗੀ ਦੀ ਕੋਈ ਵੁੱਕਤ ਹੀ ਨਹੀਂ ਰਹਿੰਦੀ ਜਦੋਂ ਰੋਮਾਂਸ ਦਾ ਲਕਬ ਮੌਤ ਨਾਲ ਜੁੜ ਜਾਂਦਾ ਏ । ਅਸਾਂ ਬੜਾ ਕੁਝ ਪੜ੍ਹਿਆ ਹੈ, ਸੁਣਿਆ ਹੈ, ਕਲਪਿਆ ਹੈ । ਸਾਡੇ ਵਿੰਹਦਿਆਂ ਵਿੰਹਦਿਆਂ ਬੜਾ ਕੁਝ ਬਦਲਿਆ ਹੈ । ਪੁਰਾਣਾ ਝੜ ਗਿਆ ਹੈ, ਨਵਾਂ ਆ ਗਿਆ ਹੈ । ਅਸੀਂ ਇਸ ਸਾਰੇ ਵਰਤਾਰੇ ਨੂੰ ਵੇਖ ਰਹੇ ਹਾਂ, ਭੋਗ ਰਹੇ ਹਾਂ । ਆਦਤ ਵਾਂਗ, ਸੁੱਤੇ ਸੁੱਤੇ । ਕਦੇ ਕਦਾਈਾ ਝਟਕਾ ਲੱਗਦਾ ਹੈ । ਝੁਣਝੁਣੀ ਜਿਹੀ ਆਉਂਦੀ ਹੈ । ਪਰ ਛੇਤੀ ਹੀ ਮੁੜ ਪਹਿਲਾਂ ਵਾਲੀ ਹਾਲਤ ਤਾਰੀ ਹੋ ਜਾਂਦੀ ਹੈ । ਇਸ ਨੀਮ-ਬੇਹੋਸ਼ੀ ਵਾਲੀ ਹਾਲਤ ਨੇ ਗ਼ਲਬਾ ਪਾਈ ਰੱਖਿਆ ਹੈ । ਪੈਂਡਲੂਮ ਨੂੰ ਕੇਂਦਰ ਤੋਂ ਹਟਾਈ ਰੱਖਿਆ ਹੈ । ਟਿਕਟਿਕ ਵੀ ਹੁੰਦੀ ਹੈ, ਅਲਾਰਮ ਵੀ ਵੱਜਦਾ ਹੈ । ਸੂਈਆਂ ਵੀ ਮੌਜੂਦ ਹਨ ਪਰ ਵਕਤ ਖੁੰਝ ਗਿਆ ਹੈ । ਵਕਤ ਕਦੇ ਵੀ ਸਾਡੇ ਕੋਲ ਮੌਜੂਦ ਨਹੀਂ ਹੁੰਦਾ ਕਿਉਂਕਿ ਅਸੀਂ ਉਸਨੂੰ ਭੂਤ ਜਾਂ ਭਵਿੱਖ ਵੱਲ ਭਜਾਇਆ ਹੁੰਦਾ ਹੈ । ਦੁੱਖ ਨੂੰ ਦੇਵਤਾ ਬਣਾ ਕੇ ਉੱਚੀ ਥਾਂ 'ਤੇ ਟਿਕਾਇਆ ਹੁੰਦਾ ਹੈ । ਉਸਦੀ ਉਸਤਤ ਵਿੱਚ ਮਿੱਠੇ ਬਚਨ ਉਚਾਰਦੇ ਹਾਂ । ਉਸਨੂੰ ਹੋਰ ਉੱਚਾ ਚੁੱਕਣ ਲਈ ਉਸਦੀ ਆਰਤੀ ਉਤਾਰਦੇ ਹਾਂ । ਆਪਣੀ ਸਹੂਲਤ ਅਨੁਸਾਰ ਖ਼ੁਦਕੁਸ਼ੀ ਲਈ ਆਪਣੀ ਅੱਖ ਨੂੰ ਹੀ ਝੀਲ ਕਰ ਲੈਂਦੇ ਹਾਂ । ਮੌਤ ਨੂੰ ਜਿਉਂ ਦਾ ਤਿਉਂ ਜਾਨਣ ਦੀ ਥਾਂ ਉਸਨੂੰ ਦੁੱਖ ਵਿੱਚ ਤਬਦੀਲ ਕਰ ਲੈਂਦੇ ਹਾਂ ।

ਦੁੱਖ ਦੇ ਵੈਣ ਪਾਏ ਜਾ ਸਕਦੇ ਹਨ । ਗੀਤ ਗਾਏ ਜਾ ਸਕਦੇ ਹਨ । ਕਰੁਣਾ ਪੈਦਾ ਕੀਤੀ ਜਾਂ ਸਕਦੀ ਹੈ । ਤਰਸ ਮੰਗਿਆ ਜਾ ਸਕਦਾ ਹੈ । ਹਮਦਰਦੀ ਲਈ ਜਾ ਸਕਦੀ ਹੈ । ...ਪਰ ਦੁੱਖ ਦਾ ਕੋਈ ਦਾਰੂ ਨਹੀਂ ਹੁੰਦਾ, ਦੁੱਖ ਖ਼ੁਦ ਹੀ ਦਾਰੂ ਹੁੰਦਾ ਹੈ । ਤ੍ਰਾਸਦੀ ਇਹ ਹੈ ਕਿ ਮੌਤ ਜਦੋਂ ਤੱਕ ਲੁਕੀ ਰਹਿੰਦੀ ਹੈ, ਦੁੱਖ ਜ਼ਿੰਦਗੀ 'ਤੇ ਭਾਰੂ ਰਹਿੰਦਾ ਹੈ । ਅਸੀਂ ਦੁੱਖ ਨਾਲ ਪਰਚ ਜਾਂਦੇ ਹਾਂ । ਦੁੱਖ ਸਰਬ ਵਿਆਪਕ ਹੈ । ਦੂਜੇ ਨੂੰ ਦੁੱਖ ਦਾ ਅਹਿਸਾਸ ਕਰਵਾਉਣ ਲਈ ਸੰਚਾਰ ਦੀ ਸਮੱਸਿਆ ਪੇਸ਼ ਨਹੀਂ ਆਉਂਦੀ । ਕੋਈ ਭੂਮਿਕਾ ਬੰਨਣ ਦੀ ਲੋੜ ਨਹੀਂ । ਕਣਕਾਂ ਜੰਮੀਆਂ ਵੇ ਹੋ! ਦੁੱਖਾਂ ਦੀਆਂ ਕਹਾਣੀਆਂ ਨੇ ਦੁੱਖਾਂ ਨਾਲੋਂ ਲੰਮੀਆਂ ਵੇ ਹੋ! ।

ਦੁੱਖ ਦੀ ਗੱਲ ਇਹ ਹੈ ਕਿ ਅਸੀਂ ਮੌਤ ਦੇ ਦੁੱਖ ਵਿੱਚ ਵਲ੍ਹੇਟੇ ਹੋਏ ਹਾਂ ਪਰ ਦੁੱਖਾਂ ਦੀਆਂ ਕਹਾਣੀਆਂ ਛੇੜਕੇ ਮੌਤ ਨੂੰ ਭਲਾਉਣਾ ਚਾਹੁੰਦੇ ਹਾਂ । ਦੁੱਖ ਸਹਿੰਦੇ ਹਾਂ । ਏਸੇ ਨੂੰ ਜ਼ਿੰਦਗੀ ਕਹਿੰਦੇ ਹਾਂ ।

ਸਾਡੇ ਸਮਿਆਂ ਵਿੱਚ ਵੀ ਇਹ ਭਾਣਾ ਵਾਪਰਿਆ ਹੈ । ਵੱਡੀ ਪੱਧਰ 'ਤੇ ਵਾਪਰਿਆ ਹੈ । ਮੌਤ ਨੂੰ ਮਖੌਲਾਂ ਕਰਨ ਵਾਲੇ ਤਾਂ ਯੋਧੇ ਅਖਵਾਉਂਦੇ ਹਨ ਪਰ ਮੌਤ ਨੂੰ ਮਾਸੀ ਦੀ ਥਾਂ ਮਾਂ ਕਹਿਣ ਵਾਲਿਆਂ ਦਾ ਕੀ ਕਹਿਣਾ! ਨੀ ਜਿੰਦੇ, ਮੈਂ ਕੱਲ੍ਹ ਨਹੀਂ ਰਹਿਣਾ! ਜੋਬਨ ਰੁੱਤੇ ਮਰ ਕੇ ਫ਼ੁੱਲ ਜਾਂ ਤਾਰਾ ਬਣਨ ਦਾ ਸੁਪਨਾ ਲੈਣਾ ਅਤੇ ਖ਼ੁਦ ਨੂੰ ਬੇਖ਼ੁਦੀ ਵਿੱਚ ਆਸ਼ਕ ਜਾਂ ਕਰਮਾਂ ਵਾਲਾ ਕਹਿਣਾ ਕਿਸੇ ਸ਼ਿਵ ਕੁਮਾਰ ਦਾ ਕ੍ਰਿਸ਼ਮਾ ਹੀ ਹੋ ਸਕਦਾ ਹੈ । ਉਹ ਦੁੱਖ ਦੇ ਸਾਬਣ ਨਾਲ ਜ਼ਿੰਦਗੀ ਦੇ ਧੋਣੇ ਧੋ ਸਕਦਾ ਹੈ । ਜਿਸ ਵਿੱਚ ਸਾਰੇ ਨੰਗੇ ਨੇ, ਮੌਤ ਦਾ ਰੋਮਾਂਸ ਐਸਾ ਹਮਾਮ ਹੈ । ਕੁਮਾਰ ਵਿਕਲ ਹੈ, ਅਮਰ ਸਿੰਘ ਆਨੰਦ ਹੈ, ਹਰਿਨਾਮ ਹੈ । ਗੁਲਵਾਸ਼ ਹੈ, ਤ੍ਰੈਲੋਚਨ ਹੈ, ਗੁਰਦੀਪ ਗਰੇਵਾਲ ਹੈ । ਪ੍ਰੇਮ ਬਾਰਬਟਨੀ ਵੀ ਨੰਗਿਆਂ ਦੇ ਨਾਲ ਹੈ । ਸੁਰਜੀਤ ਸ਼ਾਹੀ ਹੈ, ਮ੍ਰਿਤਯੂਬੋਧ ਹੈ, ਸਵਿਤੋਜ ਹੈ । ਲੰਮੀਆਂ ਗੱਲਾਂ ਛੱਡੋ, ਸਾਡੇ ਕੋਲ ਜਿਉਂਦਾ ਜਾਗਦਾ ਅਮਿਤੋਜ ਹੈ! ਅਮਿਤੋਜ ਜੋ ਦੂਰਦਰਸ਼ਨ ਐਨਕਲੇਵ ਵਿੱਚ ਹਰਜੀਤ ਦੇ ਗੁਆਂਢ ਵਿੱਚ ਰਹਿੰਦਾ ਹੈ ।

ਤੁਹਾਨੂੰ ਪਤਾ ਹਰਜੀਤ ਕਿੱਥੇ ਰਹਿੰਦਾ ਹੈ?

ਮਰਨ ਵਾਲੇ ਮਰ ਗਏ । ਮੌਤ ਦੇ ਰੋਮਾਂਸ ਨਾਲ ਰਿਮਾਂ ਦੇ ਰਿਮ ਭਰ ਗਏ । ਕਿਤਾਬਾਂ ਛਪਵਾ ਗਏ । ਕੋਰਸਾਂ ਵਿੱਚ ਲਗਵਾ ਗਏ । ਜੀਣ ਜੋਗਿਆਂ ਨੂੰ ਰੁਆ ਗਏ । ਜਿੰਨੀ ਦੇਰ ਜੀਏ, ਉਹ ਮੌਤ ਨੂੰ ਵਾਜਾਂ ਮਾਰਦੇ ਰਹੇ । ਦੁੱਖਾ ਦੇ ਸ਼ਹੁ ਸਾਗਰ ਵਿੱਚ ਕਾਗ਼ਜ਼ ਦੀ ਬੇੜੀ ਤਾਰਦੇ ਰਹੇ । ਪਰ ਉਹਨਾਂ ਨੂੰ ਮਰਨ ਤੋਂ ਮਗਰੋਂ ਜ਼ਿੰਦਗੀ ਦੀ ਆਸ ਸੀ । ਵਰਤਮਾਨ ਵਿੱਚ ਨਹੀਂ, ਉਹਨਾਂ ਦਾ ਭਵਿੱਖ ਵਿੱਚ ਵਿਸ਼ਵਾਸ ਸੀ ।

ਭਵਿੱਖ ਜੋ ਕਿ ਸੁਪਨਾ ਹੁੰਦਾ ਹੈ!
ਸੁਪਨਾ ਜੋ ਕਿ ਸੁਪਨਾ ਹੁੰਦਾ ਹੈ!!

ਸੁਪਨਸਾਜ਼ਾਂ ਨੂੰ ਨੀਂਦ ਪਿਆਰੀ ਹੁੰਦੀ ਹੈ ਕਿਉਂਕਿ ਨੀਂਦ ਵੀ ਮੌਤ ਦੀ ਆਰਜ਼ੀ ਰਿਹਰਸਲ ਹੈ । ਬੀਤਿਆ ਹੋਇਆ ਕੱਲ੍ਹ ਹੈ ਜਾਂ ਆਉਣ ਵਾਲਾ ਕੱਲ੍ਹ ਹੈ । ਕਈ ਸੁਪਨਸਾਜ਼ ਤਾਂ ਆਪਣੇ ਸੁਰਜੀਤ ਪਾਤਰ ਦੇ ਵੀ ਯਾਰ ਸਨ ਅਤੇ ਉਹ ਵਿਚਾਰੇ ਸਿਰਫ਼ ਇਸੇ ਆਸ 'ਤੇ ਮਰ ਗਏ ਕਿ ਪਾਤਰ ਉਹਨਾਂ ਦੇ ਦੁੱਖਾਂ ਦੇ ਗੀਤ ਬਣਾਏਗਾ । ਹੁਣ ਪਾਤਰ ਵਿਚਾਰਾ ਫਸਿਆ ਹੈ ਕਿ ਜੇ ਉਸ ਤੋਂ ਇਹ ਕੰਮ ਨਾ ਹੋਇਆ ਤਾਂ ਮੋਏ ਸੁਪਨਸਾਜ਼ਾਂ ਦੀ ਗਤੀ ਨਹੀਂ ਹੋਣੀ । ਕੁਝ ਸੁਪਨਸਾਜ਼ ਸਰਹੱਦਾਂ ਉੱਤੇ ਮਜ਼ਬੂਰੀ ਦੀ ਵਰਦੀ ਪਾਈ ਫਿਰਦੇ ਹਨ । ਕਈਆਂ ਉੱਤੇ ਵਤਨਪ੍ਰਸਤੀ ਜਾਂ ਫ਼ਿਰਕਾਪ੍ਰਸਤੀ ਭਾਰੂ ਹੈ । ਹਰ ਸੁਪਨਸਾਜ਼ ਸੁੱਤਾ ਪਿਆ ਵੀ ਮਰਨ ਮਾਰਨ 'ਤੇ ਉਤਾਰੂ ਹੈ । ਸੁਪਨਸਾਜ਼ ਮਖ਼ਮੂਰ ਹੈ । ਸੁਤ-ਉਨੀਂਦੀ ਭਾਵਨਾ ਨਾਲ ਭਰਪੂਰ ਹੈ । ਮੌਤ ਦੀ ਵਾਦੀ ਵਿੱਚ ਵਿਚਰਦਾ ਹੋਇਆ ਵੀ ਮੌਤ ਦੀ ਸੱਚਾਈ ਤੋਂ ਦੂਰ ਹੈ । ਸੰਸਾਰ ਦੀ ਇਸ ਹਾਲਤ ਉੱਤੇ ਕ੍ਰਿਸ਼ਨਾਮੂਰਤੀ ਹੱਸਦਾ ਹੈ । ਭੇਤ ਦੀ ਗੱਲ ਦੱਸਦਾ ਹੈ:

ਗਲਤੀ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਉਮਰ ਨੂੰ ਅਸੀਂ ਇੱਕ ਰੇਖਾ ਮੰਨ ਕੇ ਇੱਕ ਸਿਰੇ ਉੱਤੇ ਜਨਮ ਅਤੇ ਦੂਸਰੇ ਸਿਰੇ ਉੱਤੇ ਮੌਤ ਬਿਠਾ ਦੇਂਦੇ ਹਾਂ । ਉਮਰ ਨੂੰ ਵਰਿ੍ਹਆਂ ਵਿੱਚ ਵੰਡ ਕੇ ਮੌਤ ਵਾਲੇ ਸਿਰੇ ਨੂੰ ਕੁਝ ਜ਼ਿਆਦਾ ਹੀ ਦੂਰ ਕਰੀ ਜਾਂਦੇ ਹਾਂ । ਆਪਣੇ ਖੋਖਲੇਪਨ ਨੂੰ ਇਸ ਫਾਰਮੂਲੇ ਨਾਲ ਭਰੀ ਜਾਂਦੇ ਹਨ । ਸੁੱਤੇ ਸੁੱਤੇ ਸਮੁੰਦਰ ਤਰੀ ਜਾਂਦੇ ਹਾਂ । ਸਾਡੇ ਕੋਲ ਸਿਰਫ਼ ਦੁੱਖ ਹੁੰਦਾ ਹੈ ਜਾਂ ਮੌਤ ਦਾ ਡਰ ਹੁੰਦਾ ਹੈ । ਦੇਵੀ ਦੇਵਤਿਆਂ, ਦਵਾਈਆਂ ਅਤੇ ਦਕੀਆਨੂਸੀ ਮਨੌਤਾਂ ਨਾਲ ਭਰਿਆ ਸਾਡਾ ਘਰ ਹੁੰਦਾ ਹੈ । ਅਸੀਂ ਸ਼ਬਦਾਂ, ਵਿਚਾਰਾਂ ਅਤੇ ਸੰਕਲਪਾਂ ਨਾਲ ਖੇਡਦੇ ਹਾਂ । ਸੱਚਾਈ ਨੂੰ ਪਰੇ ਧੱਕਦੇ ਹਾਂ । ਇਸ ਅਗਿਆਨ ਦੇ ਮਹਾਂ ਸਰਾਪ ਨੂੰ ਅਸੀਂ ਆਪਣਾ ਵਰ ਬਣਾਇਆ ਹੋਇਆ ਹੈ । ਘਰ ਘਰ ਕਰਕੇ ਪੂਰੀ ਦੁਨੀਆਂ ਨੂੰ ਦੁੱਖਾਂ ਦਾ ਘਰ ਬਣਾਇਆ ਹੋਇਆ ਹੈ । ਜ਼ਿੰਦਗੀ ਰੇਖਾ ਨਹੀਂ, ਬਿੰਦੂਆਂ ਦਾ ਜੋੜ ਨਹੀਂ ਹੈ । ਹਰ ਬਿੰਦੂ ਦੀ ਅਲੱਗ ਹੋਂਦ ਹੈ । ਹੋਂਦ ਅਣਹੋਂਦ ਵਿੱਚ ਬਦਲਦੀ ਜਾਂਦੀ ਹੈ । ਮੌਤ ਕੋਈ ਕਿਸੇ ਖ਼ਾਸ ਮੁਕਾਮ ਉੱਤੇ ਹੋਣ ਵਾਲਾ ਧਮਾਕਾ ਨਹੀਂ, ਲਗਾਤਾਰ ਪ੍ਰਕਿਰਿਆ ਹੈ । ਹੁਣੇ ਉਮਰ ਦੀ ਪੋਟਲੀ 'ਚੋਂ ਇੱਕ ਸਾਹ ਕਿਰਿਆ ਹੈ!

ਜਾਨਣ ਵਾਲੇ ਜਾਣਦੇ ਨੇ ਇਹ ਡਰ ਹਾਸੋਹੀਣਾ ਹੈ । ਮੋਤ ਤੋਂ ਡਰ ਕੇ ਨਹੀਂ, ਭੱਜ ਕੇ ਨਹੀਂ, ਉਹਦੇ ਨਾਲ ਜੀਣਾ ਹੈ । ਮਾੱਰਨਿੰਗ ਗਲੋਰੀ ਨਾਂ ਦਾ ਫੁੱਲ ਥੋੜੀ ਦੇਰ ਖਿਲਦਾ ਹੈ । ਮਹਿਕਦਾ ਹੈ, ਝੂਮਦਾ ਹੈ, ਮਸਤੀ ਵਿੱਚ ਹਿੱਲਦਾ ਹੈ । ਜਦੋਂ ਧੁੱਪ ਚੜ੍ਹਦੀ ਹੈ, ਤੇਜ਼ ਹਵਾ ਚੱਲਦੀ ਹੈ ਫੁੱਲ ਪੁੱਗ ਜਾਂਦਾ ਹੈ । ਪਰ ਮਰੇ ਹੋਏ ਫੁੱਲ ਦਾ ਜਿਉਂਦਾ ਜਾਗਦਾ ਬਿੰਬ ਵਕਤ ਦੀਆਂ ਅੱਖਾਂ 'ਚ ਉੱਗ ਜਾਂਦਾ ਹੈ ।

ਅਸੀਂ ਰੋਂਦੇ ਰੋਂਦੇ ਜੀਉਂਦੇ ਹਾਂ । ਰੋਂਦੇ ਰੋਂਦੇ ਮਰਦੇ ਹਾਂ । ਮੌਤ ਨੂੰ ਸਮਝਣ ਦੀ ਥਾਂ ਦੁੱਖਾਂ ਦੀ ਖੇਤੀ ਕਰਦੇ ਹਾਂ । ਪੀੜਾਂ ਦੀਆਂ ਫ਼ਸਲਾਂ ਉੱਗਦੀਆਂ ਨੇ । ਉਦਾਸ ਨਸਲਾਂ ਜੰਮਦੀਆਂ ਨੇ । ਇਹ ਚੀਜ਼ਾਂ ਕਿਹੜੇ ਕੰਮ ਦੀਆਂ ਨੇ? ਸੰਕਲਪਾਂ ਵਿਕਲਪਾਂ ਦਾ ਖਹਿੜਾ ਛੱਡ ਕੇ ਜੇ ਅਸੀਂ ਇੱਕ ਵਾਰ ਮੌਤ ਨੂੰ ਮਿਲ ਲਈਏ ਤਾਂ ਨਿਰਭਓ ਨਿਰਵੈਰ ਹੋ ਜਾਵਾਂਗੇ । ਪਰਮ-ਆਨੰਦ ਦੀ ਅਨੁਭੂਤੀ ਨੂੰ ਉਪਲਬਧ ਹੋ ਜਾਵਾਂਗੇ । ਰੋਮਾਂਸ ਦੀ ਨੀਂਦ ਤਿਆਗ ਕੇ ਮੌਤ ਨੂੰ ਜਾਗਦੀਆਂ ਅੱਖਾਂ ਨਾਲ ਵੇਖ ਲਈਏ ਤਾਂ ਜ਼ਿੰਦਗੀ ਸਾਹਿਤ ਦੀ ਮੁਥਾਜ ਨਹੀਂ ਰਹੇਗੀ ਸਗੋਂ ਸਾਹਿਤ ਜ਼ਿੰਦਗੀ ਨਾਲ ਭਰਪੂਰ ਹੋ ਜਾਵੇਗਾ ।

3. ਅਸਤਿੱਤਵ, ਸੱਤਾ ਅਤੇ ਸਾਹਿਤ

ਅੱਜ ਸਾਹਿਤ ਨੂੰ ਲਿਟਰੇਚਰ ਦੀ ਤਰਜ਼ 'ਤੇ ਬਹੁਤ ਹੀ ਵਸੀਹ ਅਰਥਾਂ ਵਿੱਚ ਵਰਤਿਆ ਜਾ ਰਿਹਾ ਹੈ ਪਰੰਤੂ ਸਾਡਾ ਸਰੋਕਾਰ ਇਸ ਖਿਲਾਰੇ ਨਾਲ ਨਹੀਂ ਸਗੋਂ ਸਿਰਫ਼ ਅਜਿਹੇ ਲਫ਼ਜ਼ੀ ਹੁਨਰ ਨਾਲ ਹੈ ਜਿਹੜਾ ਅਦਬ ਦੇ ਘੇਰੇ ਵਿੱਚ ਆਉਂਦਾ ਹੈ । ਹਰਫ਼ਾਂ ਦਾ ਇਹ ਹੁਨਰ ਵਕਤ ਦਾ ਸਦੀਵੀ ਹਰਕਾਰਾ ਹੈ । ਵਿਸ਼ਵ-ਵਰਤਾਰਾ ਹੈ । ਸਾਹਿਤ ਵਿਅਕਤੀਗਤ ਅੰਤਰ-ਆਤਮਾ ਦਾ ਸਹਿਜ ਪ੍ਰਗਟਾਵਾ ਹੈ । ਅੰਦਰ ਦਾ ਬਾਹਰਮੁਖੀ ਭੁਲਾਵਾ ਹੈ । ਭਾਸ਼ਾ ਦਾ ਵਰਦਾਨੀ ਅਤੇ ਵਿਰਸੇ ਨਾਲ ਵਰੋਸਾਇਆ ਹੋਇਆ ਵਿਅਕਤੀ ਜਦੋਂ ਅਸਤਿੱਤਵੀ ਸੱਚ ਨੂੰ ਆਪਣੀ ਅਨੁਭੂਤੀ 'ਤੇ ਉਤਾਰ ਕੇ ਸ਼ਬਦਾਂ ਰਾਹੀਂ ਵਿਅਕਤ ਕਰਦਾ ਹੈ ਤਾਂ ਮਨੁੱਖ ਦੀ ਦੁਨੀਆਂ ਵਿੱਚ ਇੱਕ ਚਮਤਕਾਰ ਵਾਪਰਦਾ ਹੈ । ਇਸ ਕਰਤਾਰੀ ਕੌਤਕ ਨਾਲ ਕੁਝ ਰੂਹਾਂ ਨਸ਼ਿਆ ਜਾਂਦੀਆਂ ਹਨ । ਆਪੇ ਦੀ ਸੋਝੀ ਪਾ ਜਾਂਦੀਆਂ ਹਨ । ਜਿਸਮਾਂ ਤੋਂ ਉਚਿਆ ਜਾਂਦੀਆਂ ਹਨ ।

ਸਾਹਿਤ ਨੂੰ ਰਚਣ ਵਾਲਾ, ਸਾਹਿਤ ਨੂੰ ਰਚਣ ਵੇਲੇ, ਮਾਤਰ ਵਸੀਲਾ ਹੁੰਦਾ ਹੈ । ਸਾਹਿਤ, ਵਿਅਕਤੀ ਰਾਹੀਂ ਪਰਗਟ ਹੋਈ, ਸੱਚ ਦੀ ਲੀਲਾ ਹੁੰਦਾ ਹੈ । ਇਹ ਲੀਲਾ ਹੀ ਸੱਚ ਦੀ ਰਾਸ ਹੁੰਦੀ ਹੈ । ਇਸ ਰਾਸ ਦਾ ਰਸ ਮਾਨਣ ਵਾਲੇ ਰਸਿਕ ਲੋਕਾਂ ਲਈ ਸਹਿਤ ਸੰਜੀਵਨੀ ਹੈ । ਸਾਹਿਤ ਜੀਵਨ ਨੂੰ ਜਾਨਣ ਅਤੇ ਮਾਨਣ ਲਈ ਮਨੁੱਖ ਦੁਆਰਾ ਸਿਰਜਿਆ ਗਿਆ ਮਹਾਂ-ਮਾਰਗ ਹੈ । ਧਰਮ, ਦਰਸ਼ਨ, ਵਿਗਿਆਨ ਵਗ਼ੈਰਾ ਨੂੰ ਸਮਝਣ-ਸਮਝਾਉਣ ਲਈ (ਆਮ ਆਦਮੀ ਲਈ) ਇਹੋ ਮਾਰਗ ਉਪਯੋਗੀ ਹੈ । ਇਤਿਹਾਸ ਤੇ ਮਿਥਿਹਾਸ ਨੂੰ ਆਪਣੇ ਮੋਢਿਆਂ 'ਤੇ ਢੋਣ ਵਾਲਾ ਇਹੋ ਰਮਤਾ ਜੋਗੀ ਹੈ । ਇਸ ਨੂੰ ਪੜ੍ਹਿਆ ਜਾ ਸਕਦਾ ਹੈ । ਇਸ ਨੂੰ ਸੁਣਿਆ ਜਾ ਸਕਦਾ ਹੈ । ਇਸ ਨੂੰ ਖੇਡਿਆ ਜਾ ਸਕਦਾ ਹੈ । ਇਸ ਨੂੰ ਗਾਇਆ ਜਾ ਸਕਦਾ ਹੈ । ਗਿਆਨ ਪ੍ਰਾਪਤੀ ਦੇ ਨਾਲ ਨਾਲ ਜੀਅ ਵੀ ਪਰਚਾਇਆ ਜਾ ਸਕਦਾ ਹੈ । ਹਾਂ, ਹੁਣ ਸਿਆਸਤ ਵੱਲ ਆਇਆ ਜਾ ਸਕਦਾ ਹੈ ।

ਸਿਆਸਤ ਬਾਰੇ ਗੱਲ ਕਰਨ ਦਾ ਮੈਂ ਅਧਿਕਾਰੀ ਨਹੀਂ ਕਿਉਂਕਿ ਇਸ ਵਿਸ਼ੇ ਦਾ ਕਦੇ ਵੀ ਮੈਂ ਗਹਿਨ ਅਧਿਐਨ ਨਹੀਂ ਕੀਤਾ । ਸਿਆਸਤਦਾਨਾਂ ਨਾਲ ਕਦੇ ਦੂਰ ਦਾ ਵਾਸਤਾ ਵੀ ਨਹੀਂ ਰਿਹਾ । ਫਿਰ ਵੀ ਮੀਡੀਆ ਦੇ ਇਸ ਯੁੱਗ ਵਿੱਚ ਪਰਿਵੇਸ਼ ਤੋਂ ਅਭਿੱਜ ਰਹਿਣਾ ਅਸੰਭਵ ਹੈ । ਪੂਰੀ ਪਰਹੇਜ਼ਗਾਰੀ ਦੇ ਬਾਵਜੂਦ ਵੀ ਆਦਮੀ ਸਿਆਸਤ ਦਾ ਸ਼ਿਕਾਰ ਹੋ ਸਕਦਾ ਹੈ । ਸਿਆਸਤ ਅਜਿਹਾ ਦੀਰਘ ਰੋਗ ਹੈ, ਜਿਸ ਦਾ ਦਾਰੂ ਵੀ ਇਸ ਦੇ ਵਿੱਚ ਹੈ । ਆਮ ਆਦਮੀ ਲਈ ਇਸ ਵਿੱਚ ਬੜੀ ਖਿੱਚ ਹੈ । ਇਹ ਪੁੰਨ ਵਰਗਾ ਪਾਪ ਹੈ ਜਾਂ ਪਾਪ ਵਰਗਾ ਪੁੰਨ ਹੈ । ਇਹ ਘਸੁੰਨ ਵਰਗਾ ਰੱਬ ਹੈ ਜਾਂ ਰੱਬ ਵਰਗਾ ਘਸੁੰਨ ਹੈ । ਇਹ ਫੁੱਲ ਹੈ ਜਾਂ ਕੰਡਾ ਹੈ, ਸਭ ਆਦਮੀ ਦੇ ਵਿਹੜੇ ਹੈ । ਪਰ ਮੰਨਣ ਲਈ ਕੋਈ ਹਰਜ਼ ਨਹੀਂ ਕਿ ਸਾਹਿਤ ਦੇ ਮੁਕਾਬਲੇ ਸਿਆਸਤ ਆਦਮੀ ਦੇ ਵੱਧ ਨੇੜੇ ਹੈ । ਸਿਆਸਤ ਆਦਮੀ ਨੂੰ ਵਧੇਰੇ ਭਾਉਂਦੀ ਹੈ । ਕਿਉਂਕਿ ਸਾਹਿਤ ਕੋਲ ਤਾਂ ਚੱਲ ਕੇ ਜਾਣਾ ਪੈਂਦਾ ਹੈ, ਸਿਆਸਤ ਆਪ ਚੱਲ ਕੇ ਆਉਂਦੀ ਹੈ । ਬੰਦੇ ਦੀ ਹਊਮੈ ਨੂੰ ਜਗਾਉਂਦੀ ਹੈ । ਤਾਕਤ ਨਾਲ ਨਸ਼ਿਆਉਂਦੀ ਹੈ । ਸਬਜ਼ਬਾਗ਼ ਵਿਖਾਉਂਦੀ ਹੈ । ਰਾਜ ਭਾਗ ਦਿਵਾਉਂਦੀ ਹੈ ।

ਰਾਜ ਕਰਨ ਦੀ ਇੱਛਾ ਮਨੁੱਖ ਅੰਦਰ ਜਮਾਂਦਰੂ ਹੁੰਦੀ ਹੈ । ਉਹ ਦੂਜਿਆਂ ਤੋਂ ਵੱਖਰਾ ਤੇ ਤਗੜਾ ਦਿਸਣਾ ਚਾਹੁੰਦਾ ਹੈ । ਇਸ ਮਨੋਰਥ ਲਈ ਸੱਤਾਧਾਰੀਆਂ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ । ਪਹਿਲਾਂ ਅਹਿਰਨ ਬਣਕੇ ਬਰਦਾਸ਼ਤ ਕਰਨਾ ਪੈਂਦਾ ਹੈ, ਫੇਰ ਹਥੌੜਾ ਬਣ ਕੇ ਵੱਜਣ ਦੀ ਵਾਰੀ ਆਉਂਦੀ ਹੈ । ਹਥੌੜੇ ਲਈ ਸਭ ਕੁਝ ਜਾਇਜ਼ ਹੁੰਦੀ ਹੈ! ਨਜਾਇਜ਼ ਤਰੀਕੇ ਨਾਲ ਹਥਿਆਈ ਗਈ ਸੱਤਾ ਵੀ ਜਾਇਜ਼ ਹੁੰਦੀ ਹੈ! ਸੱਤਾ ਨਾਲ ਮਿਲਾਪ ਤੇ ਵਿਛੋੜਾ ਵੀ ਆਸ਼ਕਾਂ ਦੀ ਤਰਜ਼ 'ਤੇ ਹੁੰਦਾ ਹੈ :

ਕੋਈ ਮਿਲੇ ਤਾਂ ਕਦਮਾਂ ਨੂੰ ਚੁੰਮਾ ।
ਮਿਲ ਕੇ ਵਿੱਛੜੇ ਤਾਂ ਫੇਰ ਮੇਰਾ ਜੁੰਮਾ¨

ਸੱਤਾ ਦਾ ਅਨੁਵਾਦ ਕਈਆਂ ਨੇ ਕੁਰਸੀ ਵਿੱਚ ਕੀਤਾ ਹੈ । ਕੁਰਸੀ ਦੇ ਪ੍ਰਤੀਕ ਨਾਲ ਇਸ ਪ੍ਰਸੰਗ ਨੂੰ ਵਧੇਰੇ ਸਪੱਸ਼ਟ ਰੂਪ ਵਿੱਚ ਸਮਝਿਆ ਜਾ ਸਕਦਾ ਹੈ । ਇਹ ਕੁਰਸੀ ਪਤਾ ਨਹੀਂ ਅਤਰ ਸਿੰਘ ਦੀ ਹੈ ਕਿ ਸੂਬਾ ਸਿੰਘ ਦੀ ।

ਸਾਰੀ ਉਮਰ ਘਸੀਟਿਆ ਬੁਰਸ਼ ਐਪਰ,
ਬਣੀ ਅੰਤ ਦੇ ਵਿੱਚ ਤਸਵੀਰ ਕੁਰਸੀ ।
ਤੀਰ ਸਿਰਫ਼ ਸਰੀਰ ਦਾ ਵਿੰਨ੍ਹਦਾ ਏ,
ਯਾਰੋ ਜਾਏ ਜ਼ਮੀਰ ਨੂੰ ਚੀਰ ਕੁਰਸੀ ।
ਰਾਂਝਾ ਫਿਰੇ ਬਾਜ਼ਾਰ ਵਿੱਚ ਭਾਅ ਪੁੱਛਦਾ,
ਥਾਂ ਇਸ਼ਕ ਦੇ ਮੰਨਦੀ ਹੀਰ, ਕੁਰਸੀ ।
ਮੇਹਰ ਸ਼ੇਖ਼ ਫ਼ਰੀਦ ਦੀ ਹੋਈ, ਸਾਹਿਬਾ!
ਵੈਦਰਾਜ ਨੂੰ ਮਿਲੀ ਅਖ਼ੀਰ ਕੁਰਸੀ ।

ਖ਼ੈਰ ਕੁਰਸੀ ਸੱਤਾ ਦਾ ਪ੍ਰਤੀਕ ਹੈ ਜੋ ਕਿ ਸੱਤਾ ਦੇ ਕੇਂਦਰਾਂ ਵਿੱਚ ਸੁਸ਼ੋਭਿਤ ਹੁੰਦੀ ਹੈ । ਸੱਤਾ ਦੇ ਕੇਂਦਰ ਅਨੇਕ ਹਨ । ਕੁਰਸੀਆਂ ਦਾ ਵੀ ਅੰਤ ਨਹੀਂ । ਪਰ ਅਸੀਂ ਤਾਂ ਸਿਰਫ਼ ਸਾਹਿਤ ਨਾਲ ਸੰਬੰਧਿਤ ਕੇਂਦਰਾਂ ਅਤੇ ਕੁਰਸੀਆਂ ਦੀ ਹੀ ਗੱਲ ਕਰਨੀ ਹੈ ।

ਸਾਹਿਤ ਦਾ ਦੋ ਤਰ੍ਹਾਂ ਦੀ ਸਿਆਸਤ ਨਾਲ ਵਾਹ ਪੈਂਦਾ ਹੈ ਅਰਥਾਤ ਇਸ ਵਿਚਾਰੇ ਨੂੰ ਦੂਸਰੀ ਸਿਆਸਤ ਦਾ ਸ਼ਿਕਾਰ ਹੋਣਾ ਪੈਂਦਾ ਹੈ । ਇੱਕ ਪਾਸੇ ਇਹਨੂੰ ਆਪਣੇ ਸਿਆਸੀ ਪ੍ਰਭੂਆਂ ਦਾ ਪਾਣੀ ਭਰਨਾ ਪੈਂਦਾ ਹੈ ਅਤੇ ਦੂਜੇ ਪਾਸੇ ਅੰਦਰੂਨੀ ਖਿੱਚੋਤਾਣ ਦਾ ਸੰਤਾਪ ਜਰਨਾ ਪੈਂਦਾ ਹੈ । ਮਰ ਮਰ ਕੇ ਜੀਣਾ ਪੈਂਦਾ ਹੈ, ਸਿਆਸੀ ਤੌਰ 'ਤੇ ਜਿੰਦਾ ਰਹਿਣ ਲਈ ਸਾਹਿਤਕ ਤੌਰ 'ਤੇ ਮਰਨਾ ਪੈਂਦਾ ਹੈ । ਜਿਹੜੇ ਸਾਹਿਤ ਦੀ ਕਿਸਮਤ ਵਿੱਚ ਜੀ-ਹਜ਼ੂਰੀ ਹੈ । ਸਿਆਸਤ ਦੀ ਅਰਦਲ ਵਿੱਚ ਰਹਿਣਾ ਉਸ ਦੀ ਮਜ਼ਬੂਰੀ ਹੈ । ਉਸ ਦੀ ਮਜ਼ਬੂਰੀ ਵੀ ਮਗ਼ਰੂਰੀ ਹੈ । ਪਰ ਸਾਹਿਤ ਲਈ ਸੁਤੰਤਰਤਾ ਜ਼ਰੂਰੀ ਹੈ । ਇਸ ਦਾ ਭਜਨ ਸੰਤੋਖ, ਭੋਜਨ ਸਬਰ ਅਤੇ ਭਾਜਨ ਸਬੂਰੀ ਹੈ । ਇਹ ਤਾਂ ਬੱਸ ਪਿਆਰ ਦੀ ਮਜ਼ਦੂਰੀ ਹੈ ।

ਆਪੇ ਦੀ ਪਛਾਣ ਵਾਲਾ ਵਿਅਕਤੀ, ਆਪੇ 'ਚੋਂ ਬ੍ਰਹਿਮੰਡ ਪਛਾਣ ਕੇ, ਸਰਬੱਤ ਦੇ ਭਲੇ ਲਈ, ਲੇਖਨ-ਕਾਰਜ ਕਰਦਾ ਹੈ । ਢਿੱਡ ਭਰਨ ਤੇ ਟੱਬਰ ਪਾਲਣ ਲਈ, ਕਬੀਰ ਵਰਗਿਆਂ ਵਾਂਗ, ਵੱਖਰਾ ਕਰਮ ਕਮਾਉਂਦਾ ਹੈ । ਉਸ ਨੂੰ ਆਪਣੇ ਆਸਰੇ, ਆਪਣੇ ਆਪ ਜੀਣਾ ਆਉਂਦਾ ਹੈ । ਨਾ ਡਰਦਾ ਹੈ ਨਾ ਡਰਾਉਂਦਾ ਹੈ । ਨਾ ਕਿਸੇ ਦੇ ਪਿੱਛੇ ਲੱਗਦਾ ਹੈ, ਨਾ ਕਿਸੇ ਨੂੰ ਪਿੱਛੇ ਲਾਉਂਦਾ ਹੈ । ਨਾ ਇਕੱਠ ਕਰਦਾ ਹੈ, ਨਾ ਮੱਠ ਬਣਾਉਂਦਾ ਹੈ । ਏਕਲਾ ਚਲੋ ਰੇ ਦਾ ਮਹਾਂਗੀਤ ਗਾਉਂਦਾ ਹੈ । ਸਾਹਿਤ ਦਾ ਏਹੋ ਚਰਿੱਤਰ ਹੈ । ਇਸ ਨੂੰ ਸੁਣਨ ਵਾਲਾ ਪੁਨੀਤ ਅਤੇ ਕਹਿਣ ਵਾਲਾ ਪਵਿੱਤਰ ਹੈ । ਪਰ ਸਿਆਸਤ ਦੀ ਕਥਾ ਵਚਿੱਤਰ ਹੈ ।

ਸਿਆਸਤ ਦਾ ਜਨਮ ਸੰਗਠਨ 'ਚੋਂ ਹੁੰਦਾ ਹੈ ਅਤੇ ਸੰਗਠਨ ਦਾ ਸਿਆਸਤ 'ਚੋਂ । ਭੀੜ ਅਨੁਸ਼ਾਸਨ-ਸਹਿਤ ਹੋਵੇ ਜਾਂ ਅਨੁਸ਼ਾਸਨ- ਰਹਿਤ, ਹੁੰਦੀ ਭੀੜ ਹੀ ਹੈ । ਭੀੜਾਂ ਦੇ ਚਿਹਰੇ ਨਹੀਂ ਹੁੰਦੇ । ਬੇ-ਚਿਹਰਾ ਅਸਤਿੱਤਵ ਕੋਲ ਤਾਕਤ ਤਾਂ ਹੁੰਦੀ ਹੈ, ਨਿੱਜਤਾ ਨਹੀਂ ਰਹਿੰਦੀ । ਨਿੱਜਤਾ-ਵਿਹੀਨ ਵਿਅਕਤੀ ਦਾ ਉੱਥਾਨ ਨਹੀਂ ਹੋ ਸਕਦਾ । ਤੱਥਾਂ ਦਾ ਬੋਹਲ ਲਾ ਕੇ ਵੀ ਸੱਚ ਬਿਆਨ ਨਹੀਂ ਹੋ ਸਕਦਾ । ਉਂਜ ਸੰਗਠਨ ਦਾ ਆਪਣਾ ਵੱਖਰਾ ਅਸਤਿੱਤਵ ਹੈ । ਪਰ ਉਸਦਾ ਸਾਹਿਤਕ ਨਹੀਂ ਸਮਾਜਕ ਮਹੱਤਵ ਹੈ । ਸਾਹਿਤ ਦਾ ਸਮਾਜਕ ਮਹੱਤਤ ਵੀ ਹੁੰਦਾ ਹੈ ਪਰ ਸਮਾਜ ਦਾ ਸਾਹਿਤਕ ਮਹੱਤਵ ਹੋ ਹੀ ਨਹੀਂ ਸਕਦਾ । ਸਮਾਜ ਤਾਂ ਟੁਕੜਾ ਹੈ, ਅੰਸ਼ ਹੈ, ਸੰਪਰਦਾਇ ਹੈ । ਸਮਾਜ ਵੰਡੀਆਂ ਪਾਉਂਦਾ ਹੈ । ਧੜੇ ਬਣਾਉਂਦਾ ਹੈ । ਪਰ ਸਾਹਿਤ ਤਾਂ ਪੂਰਨਤਾ ਦੀ ਬਾਤ ਪਾਉਂਦਾ ਹੈ । ਮਣਕਿਆਂ ਨੂੰ ਧਾਗੇ ਦੀ ਦੱਸ ਪਾਉਂਦਾ ਹੈ । ਅਨੇਕਤਾ ਨੂੰ ਏਕਤਾ ਸਿਖਾਉਂਦਾ ਹੈ । ਇਲਮ ਵਾਲੇ ਦੀ ਬੱਸ ਕਰਾਉਂਦਾ ਹੈ । ਇੱਕੋ ਨੁਕਤੇ 'ਤੇ ਗੱਲ ਮੁਕਾਉਂਦਾ ਹੈ । ਏਹੋ ਏਕਾ ਹੀ ਮੂਲ ਮੰਤਰ ਹੈ । ਏਹੋ ਵੇਦਾਂਤ ਹੈ, ਅਦਵੈਤ ਤੰਤਰ ਹੈ । ਸਾਹਿਤ ਪਿਆਰ ਵਿੱਚ ਜੀਅ ਰਹੇ ਮੌਜੀ ਬੰਦਿਆਂ ਦਾ ਸਹਿਜ ਬਚਨ ਹੈ । ਹਾਂ ਹਜ਼ੂਰ! ਇਹ ਸਿਆਸਤ ਦਾ ਪਾਠ ਨਹੀਂ, ਸਾਹਿਤ ਦਾ ਪ੍ਰਵਚਨ ਹੈ ।

ਬਾਹਰਲੀ ਸਿਆਸਤ ਦਾ ਨਾਂ ਸੱਤਾਧਾਰੀ ਦਲ ਅਥਵਾ ਸਰਕਾਰ ਦੀ ਸਰਪ੍ਰਸਤੀ ਹੈ । ਪਦ, ਪਦਕ ਅਥਵਾ ਪੁਰਸਕਾਰ ਦੀ ਖਰਮਸਤੀ ਹੈ । ਆਤਮਾ ਨਾਲ ਜਬਰ-ਜਨਾਹ ਹੈ, ਕਲਮ ਨਾਲ ਜ਼ਬਰਦਸਤੀ ਹੈ । ਸਿਆਸਤ ਦੇ ਨਕਾਰਖਾਨੇ ਵਿੱਚ, ਵਿਚਾਰੇ ਸਾਹਿਤ ਦੀ ਕੀ ਹਸਤੀ ਹੈ! ਸਾਹਿਤ ਦੇ ਨਾਂ 'ਤੇ ਅਕਾਦਮੀਆਂ ਹਨ, ਕੌਂਸਲਾਂ ਹਨ, ਵਿਭਾਗ ਹਨ । ਅਹੁਦੇਦਾਰਾਂ ਦੇ ਨਾਂ 'ਤੇ ਚਾਨਣ-ਚਿਰਾਗ ਹਨ । ਇਹ ਸਾਹਿਤ ਨੂੰ ਲੱਗੇ ਹੋਏ ਸਿਆਸਤ ਦੇ ਭਾਗ ਹਨ! ਸਾਹਿਤ ਦੀ ਡਫਲੀ ਉੱਤੇ ਸਿਆਸਤ ਦੇ ਰਾਗ ਹਨ!! ਸਾਹਿਤ ਦੇ ਚੰਦਨ ਉੱਤੇ ਸਿਆਸਤ ਦੇ ਨਾਗ ਹਨ!!! ਅਕਾਦਮੀਆਂ, ਕੌਂਸਲਾਂ ਤੇ ਵਿਭਾਗਾਂ ਦੀਆਂ ਹਾਈ-ਪਾਵਰ ਕਮੇਟੀਆਂ ਹਨ, ਕਹਿਣ ਨੂੰ ਸਾਹਿਤ ਦੀਆਂ ਬਹੂ-ਬੇਟੀਆਂ ਹਨ ।

ਸਾਹਿਤ ਦੇ ਨਾਂ ਉੱਤੇ ਬਣੀਆਂ ਨਿੱਕੀਆਂ ਵੱਡੀਆਂ ਸਭਾਵਾਂ ਹਨ । ਚੌਧਰਾਂ ਚਮਕਾਉਣ ਲਈ ਚੰਗੀਆਂ ਸੰਸਥਾਵਾਂ ਹਨ । ਧਰਨਾ- ਛਾਪ ਯੋਧਿਆਂ ਦਾ ਲੇਖਕੀ ਸਿਰਨਾਵਾਂ ਹਨ । ਸਾਹਿਤ ਦੇ ਨਕਸ਼ਾਂ 'ਤੇ ਸਿਆਸੀ ਪਰਛਾਵਾਂ ਹਨ । ਸਾਹਿਤ ਦੇ ਨਾਂ ਉੱਤੇ ਵਿਸ਼ਵ- ਵਿਦਿਆਲੇ ਹਨ । ਦਿੱਲੀ, ਜੰਮੂ, ਕੁਰੂਕਸ਼ੇਤਰ, ਚੰਡੀਗੜ੍ਹ, ਅੰਬਰਸਰ, ਲੁਧਿਆਣੇ ਤੇ ਪਟਿਆਲੇ ਹਨ । ਇਨ੍ਹਾਂ ਵਿੱਚ ਸਾਹਿਤ ਦੇ ਸਿਲੇਬਸ ਤੈਅ ਕੀਤੇ ਜਾਂਦੇ ਹਨ । ਸਿਲੇਬਸਾਂ ਲਈ ਲੇਖਕ ਤੈਅ ਕੀਤੇ ਜਾਂਦੇ ਹਨ । ਸਾਹਿਤ ਦੇ ਇਤਿਹਾਸ ਲਿਖਾਏ ਜਾਂਦੇ ਹਨ । ਹਰ ਥਾਂ 'ਤੇ ਸਿਆਸਤ ਦਾ ਪਸਾਰਾ ਹੁੰਦਾ ਹੈ । ਧਰਮ ਨਾਲੋਂ ਬੜਾ ਪਿਆਰਾ ਹੁੰਦਾ ਹੈ । ਕੌਣ ਕੀਹਦਾ ਖ਼ੁਦਾ ਹੈ? ਸਭ ਤੈਅ-ਸ਼ੁਦਾ ਹੈ!

ਸਾਹਿਤ ਦੇ ਨਾਂ 'ਤੇ ਵਿਸ਼ਵ ਕਾਂਗਰਸਾਂ ਹਨ, ਕਾਨਫਰੰਸਾਂ ਹਨ । ਕਾਨਫਰੰਸਾਂ ਵਿੱਚ ਦਲਾਲੀ ਹੈ, ਜਾਲਸਾਜ਼ੀ ਹੈ । ਕਾਲੀ ਚਿੱਟੀ ਕਬੂਤਰਬਾਜ਼ੀ ਹੈ । ਏਥੇ ਵੀ ਸਿਆਸਤ ਦਾ ਬੋਲਬਾਲਾ ਹੈ । ਸਾਹਿਤ ਦੀ ਦਲਾਲੀ ਵਿੱਚ ਸੱਤਾ ਦਾ ਸਿਰ ਕਾਲਾ ਹੈ । ਸਿਰਜਕ ਠੱਗੇ ਪਏ ਹਨ । ਤਿਗੜਮਬਾਜ਼ਾਂ ਨੂੰ ਰੰਗ ਲੱਗੇ ਪਏ ਹਨ । ਲੇਖਕ ਹੋਣਾ ਤਾਂ ਤਾਅਨਾ ਹੈ । ਜੀ ਹਾਂ, ਇਹ ਸਿਆਸਤ ਦਾ ਜ਼ਮਾਨਾ ਹੈ!

ਮੁਆਫ਼ ਕਰਨਾ, ਸਿਆਸਤ ਉੱਤੇ ਕੁਝ ਜਿਆਦਾ ਹੀ ਤਵਾ ਲੱਗ ਗਿਆ ਹੈ ਪਰ ਇਹ ਮੇਰੀ ਇਕੱਲੇ ਦੀ ਰਾਇ ਨਹੀਂ । ਮੇਰੀ ਨਿੱਜੀ ਰਾਇ ਤਾਂ ਬਿਲਕੁੱਲ ਹੀ ਨਹੀਂ । ਇਹ ਤਵਾ ਤਾਂ ਲੱਗ ਲੱਗ ਕੇ ਘਸਿਆ ਪਿਆ ਹੈ । ਲਗਾਤਾਰ ਵੱਜਦਾ ਰਹਿੰਦਾ ਹੈ ਪਰ ਸਿਆਸਤ ਨੂੰ ਇਸ ਨਾਲ ਕੀ ਫ਼ਰਕ ਪੈਂਦਾ ਹੈ । ਸਿਆਸਤ ਵਾਲੇ ਤਾਂ ਸਾਹਿਤ ਦੇ ਲਾਗੇ ਚਾਗੇ ਖੜ੍ਹਦੇ ਹੀ ਨਹੀਂ । ਪਦਾਂ, ਪਦਕਾਂ ਅਤੇ ਪੁਰਸਕਾਰਾਂ ਦੇ ਚਾਹਵਾਨ ਸੱਜਣ/ਸੱਜਣੀਆਂ ਦੀ ਉਨ੍ਹਾਂ ਕੋਲ ਭਰਮਾਰ ਰਹਿੰਦੀ ਹੈ । ਇਸੇ ਲਈ ਹਰ ਸਮੇਂ ਵੱਡੀ ਮਿਕਦਾਰ ਵਿੱਚ ਅਖਾਉਤੀ ਲੇਖਕਾਂ ਨੂੰ ਸਿਆਸਤ ਦੀ ਮਾਰ ਰਹਿੰਦੀ ਹੈ ।

ਸਾਹਿਤ ਦੀ ਅੰਦਰੂਨੀ ਸਿਆਸਤ ਦਾ ਕੁੰਡਾ ਆਲੋਚਕਾਂ ਦੇ ਹੱਥ ਹੈ । ਵਾਲਮੀਕ ਦਾ ਕਰੌਂਚ-ਜੋੜਾ ਲੱਥ-ਪੱਥ ਹੈ । ਵਿਆਸ ਉਦਾਸ ਹੈ । ਚਿੰਤਿਤ ਤੁਲਸੀਦਾਸ ਹੈ । ਸੁਕਰਾਤ ਨੂੰ ਅਫਲਾਤੂਨ ਢਾਹੀ ਫਿਰਦਾ ਹੈ । ਸਿਆਸਤਦਾਨ ਧੂੜ ਉਡਾਈ ਫਿਰਦਾ ਹੈ । ਆਲੋਚਕ ਆਪਣਾ ਟੱਟੂ ਭਜਾਈ ਫਿਰਦਾ ਹੈ! ਜਿਸ ਦੇ ਮੂੰਹ ਨੂੰ ਸੱਤਾ ਦਾ ਲਹੂ ਲੱਗ ਗਿਆ, ਸਮਝੋ ਉਹ ਸਿਆਸਤ ਦੇ ਚਰਨੀਂ ਲੱਗ ਗਿਆ । ਪਹਿਲਾਂ ਸੱਤਾ ਹਥਿਆਉਣ ਲਈ ਸਿਆਸਤ ਚਾਹੀਦੀ ਹੈ । ਫੇਰ ਸੱਤਾ ਬਚਾਉਣ ਲਈ ਸਿਆਸਤ ਦੀ ਲੋੜ ਪੈਂਦੀ ਹੈ । ਪਿੱਛੋਂ ਸੱਤਾ ਨੂੰ ਲਗਾਤਾਰ ਵਧਾਉਣ ਲਈ ਸਿਆਸਤ ਦੀ ਕ੍ਰਿਪਾ-ਦਿ੍ਸ਼ਟੀ ਦਰਕਾਰ ਹੈ । ਸਾਹਿਤ ਵੀ ਅਤੇ ਸਾਹਿਤਕਾਰ ਵੀ ਇਸ ਦਾ ਤਲਬਗ਼ਾਰ ਹੈ । ਦੌੜ ਹੈ, ਮੁਕਾਬਲਾ ਹੈ, ਮੰਡੀ ਹੈ । ਸਾਹਿਤ ਦੀ ਕਾਰ ਉੱਤੇ ਸਿਆਸਤ ਦੀ ਝੰਡੀ ਹੈ! ਦਰਅਸਲ ਸਿਆਸਤ ਕਦੇ ਪੈਦਲ ਨਹੀਂ ਚਲਦੀ, ਕਿਉਂਕਿ ਉਹਦੇ ਪੈਰ ਹੁੰਦੇ ਹੀ ਨਹੀਂ । ਉਹ ਹਮੇਸ਼ਾ ਸਵਾਰੀ ਕਰਦੀ ਹੈ । ਸਵਾਰ ਰਹਿੰਦੀ ਹੈ, ਕਿਸੇ ਦੇ ਸਿਰ 'ਤੇ, ਕਿਸੇ ਦੇ ਦਿਲ 'ਤੇ । ਕਦੇ ਧਰਮ ਦੇ ਮੋਢਿਆਂ ਉੱਤੇ ਚੜ੍ਹ ਜਾਂਦੀ ਹੈ ਅਤੇ ਕਦੇ ਵਰਣ- ਆਸ਼ਰਮ ਦੇ ਚੱਕਰ-ਵਿਊਹ ਵਿੱਚ ਵੜ ਜਾਂਦੀ ਹੈ । ਇਸ ਸਭ ਨੂੰ ਵਰਤ ਜਾਂਦੀ ਹੈ ਅਤੇ ਖ਼ੁਦ ਸਾਬਤ-ਸਬੂਤੀ ਪਰਤ ਜਾਂਦੀ ਹੈ ।

ਪ੍ਰਕਿਰਤੀ ਦਾ ਨੇਮ ਹੈ ਕਿ ਰਚਨਾ ਪਹਿਲਾਂ ਹੋਂਦ ਵਿੱਚ ਆਉਂਦੀ ਹੈ ਅਤੇ ਆਲੋਚਨਾ ਦਾ ਜਨਮ ਬਹੁਤ ਬਾਦ ਵਿੱਚ ਹੁੰਦਾ ਹੈ । ਵਾਦ-ਵਿਵਾਦ ਤਾਂ ਹੋਰ ਵੀ ਬਾਦ ਵਿੱਚ ਜੰਮਦਾ ਹੈ । ਨਾਥਾਂ ਜੋਗੀਆਂ ਨੇ ਰਚਨਾ ਕੀਤੀ, ਸੂਫ਼ੀਆਂ ਨੇ ਬਚਨ ਕਹੇ, ਗੁਰੂਆਂ ਨੇ ਬਾਣੀ ਰਚੀ, ਕਿੱਸਾ ਕਾਰਾਂ ਨੇ ਕਹਾਣੀਆਂ ਪਾਈਆਂ, ਭੱਟਾਂ ਨੇ ਵਾਰਾਂ ਗਾਈਆਂ । ਸੁਣਨ ਵਾਲਿਆਂ ਨੇ ਸਲਾਹੀਆਂ । ਕਿਸੇ ਯਾਦ-ਖ਼ਾਤੇ ਪਾਈਆਂ, ਕਿਸੇ ਕਾਗ਼ਜ਼ਾਂ 'ਤੇ ਲਾਹੀਆਂ । ਸਹਿਜੇ-ਸਹਿਜੇ, ਮਟਕ ਮਟਕ, ਸਾਡੇ ਤੀਕ ਆਈਆਂ । ਸੁਹਿਰਦ ਖੋਜੀਆਂ ਨੇ ਸਾਡੀ ਸਹੂਲਤ ਲਈ ਵਰਗੀਕਰਨ ਕੀਤਾ, ਨਾਮਕਰਨ ਕੀਤਾ । ਸੁਹਿਰਦ ਆਲੋਚਨਾ ਰਾਹੀਂ ਰਚਨਾ ਦੇ ਗੁਣ ਉਜਾਗਰ ਕੀਤੇ । ਸਾਹਿਤ ਸਾਧਨਾ ਕਰਦਿਆਂ ਕਈ ਕਈ ਜਨਮ ਬੀਤੇ । ਧੁਨੀ, ਰਸ, ਅਲੰਕਾਰ, ਵਕ੍ਰੋਕਤੀ ਅਤੇ ਔਚਿੱਤਯ ਸੰਪਰਦਾਵਾਂ ਦੀ ਸਾਡੇ ਕੋਲ ਵਿਰਾਸਤ ਹੈ । ਪਰ ਅੱਜ ਦਾ ਆਲੋਚਕ ਕਹਿੰਦਾ ਹੈ ਕਿ ਇਹ ਸਭ ਅਤੀਤ ਦੀ ਸਿਆਸਤ ਹੈ ।

ਹੁਣ ਆਲੋਚਕ ਦੇ ਇਸ਼ਾਰੇ ਅਨੁਸਾਰ ਸਾਹਿਤ ਤੁਰਦਾ ਹੈ । ਨੇਮ ਪਹਿਲਾਂ ਐਲਾਨੇ ਜਾਂਦੇ ਹਨ, ਰਚਨਾ ਪਿੱਛੋਂ ਹੁੰਦੀ ਹੈ । ਵਾਦ ਪਹਿਲਾਂ ਜੰਮਦਾ ਹੈ, ਉਸ ਦੇ ਘੇਰੇ ਵਿੱਚ ਆਉਣ ਵਾਲੀਆਂ ਲਿਖਤਾਂ ਬਾਦ ਵਿੱਚ ਘੜੀਆਂ ਜਾਂਦੀਆਂ ਹਨ । ਆਪੋ ਆਪਣੇ ਪ੍ਰਾਈਵੇਟ ਪਾਣੀਆਂ 'ਚੋਂ ਸਾਹਿਤ ਦੀਆਂ ਮੱਛੀਆਂ ਫੜੀਆਂ ਜਾਂਦੀਆਂ ਹਨ ।

ਇਨ੍ਹਾਂ ਦੀਆਂ ਆਪਣੀਆਂ ਸੰਪਰਦਾਵਾਂ ਹਨ । ਪ੍ਰਗਤੀਵਾਦੀ ਸੰਪਰਦਾਇ ਹੈ । ਪ੍ਰਯੋਗਸ਼ੀਲ ਸੰਪਰਦਾਇ ਹੈ । ਨਵ-ਪ੍ਰਗਤੀਵਾਦ, ਆਧੁਨਿਕ ਅਤੇ ਉੱਤਰ-ਆਧੁਨਿਕ ਸੰਪਰਦਾਇ ਹੈ । ਦਲਿਤ ਸੰਪਰਦਾਇ ਹੈ । ਪਰਵਾਸੀ ਸੰਪਰਦਾਇ ਹੈ । ਸਾਰੇ ਪਾਸੇ ਸੰਪਰਦਾਇਕਤਾ ਦੀ ਹਾਇ-ਹਾਇ ਹੈ । ਜਨਾਬ ਦੀ ਕੀ ਰਾਇ ਹੈ?

ਰਾਇ ਦਾ ਪ੍ਰਗਟਾਵਾ ਤਾਂ ਵੋਟਾਂ ਨਾਲ ਹੁੰਦਾ ਹੈ । ਅਦਬੀ ਅਦਾਰਿਆਂ ਦੇ ਅਹੁਦੇਦਾਰਾਂ ਦੀਆਂ ਚੋਣਾਂ ਵੇਲੇ ਨਜ਼ਾਰਾ ਕਮਾਲ ਦਾ ਹੁੰਦਾ ਹੈ । ਸਿਆਸਤ ਦੀ ਛੁਰੀ ਨਾਲ ਸਾਹਿਤ ਹਲਾਲ ਹੁੰਦਾ ਹੈ ।

ਤਹਿ ਕੇ ਊਪਰ ਹਾਲ ।
ਮਛਲੀ ਬਚ ਕਰ ਜਾਏਗੀ ਕਹਾਂ,
ਜਬ ਜਲ ਹੀ ਸਾਰਾ ਜਾਲ

4. ਆਤਮ-ਸੰਵਾਦ

ਕਦੇ ਮੈਂ ਖ਼ੁਸ਼ ਹੋ ਕੇ ਲਿਖਦਾ ਸਾਂ
ਲਿਖਕੇ ਖ਼ੁਸ਼ੀ ਹੁੰਦੀ ਸੀ
ਹੁਣ ਮੈਂ ਖ਼ੁਸ਼ ਹੋ ਕੇ ਪੜ੍ਹਦਾ ਹਾਂ
ਹੁਣ ਮੈਂ ਖ਼ੁਸ਼ ਹੋ ਕੇ ਸੁਣਦਾ ਹਾਂ
ਹੁਣ ਮੈਂ ਪੜ੍ਹ ਕੇ ਖ਼ੁਸ਼ ਹੁੰਦਾ ਹਾਂ
ਹੁਣ ਮੈਂ ਸੁਣ ਕੇ ਖ਼ੁਸ਼ ਹੁੰਦਾ ਹਾਂ
ਮੈਂ ਖ਼ੁਸ਼ ਹਾਂ ਕਿ
ਹੁਣ ਮੈਂ ਅਧਿਆਪਕ ਨਹੀਂ
ਖੋਜਾਰਥੀ ਨਹੀਂ
ਵਿਦਿਆਰਥੀ ਨਹੀਂ
ਲੇਖਕ?
ਉਹ ਤਾਂ ਮੈਂ ਕਦੇ ਵੀ ਨਹੀਂ ਸਾਂ
ਲੇਖਕ ਤਾਂ ਪੈਗ਼ੰਬਰ ਹੁੰਦਾ ਹੈ
ਰਿਸ਼ੀ ਹੁੰਦਾ ਹੈ
ਗੁਰੂ ਹੁੰਦਾ ਹੈ
ਲੇਖਕ ਤਾਂ ਉਹ ਹੁੰਦਾ ਹੈ
ਜਿਸਨੂੰ ਅਸੀਂ ਲੋਕ ਪੜ੍ਹਦੇ ਹਾਂ, ਪੜ੍ਹਾਉਂਦੇ ਹਾਂ
ਸੁਣਦੇ ਹਾਂ, ਸੁਣਾਉਂਦੇ ਹਾਂ
ਜਿਸ ਬਾਰੇ ਅਸੀਂ ਲੋਕ ਲਿਖਦੇ ਹਾਂ, ਲਿਖਾਉਂਦੇ ਹਾਂ
ਜਿਸ ਦੇ ਨਾਂ 'ਤੇ ਕਾਰੋਬਾਰ ਚਲਾਉਂਦੇ ਹਾਂ
ਅਖਾਉਤੀ ਪ੍ਰਤਿਭਾ ਦੇ ਜੌਹਰ ਵਿਖਾਉਂਦੇ ਹਾਂ
ਜਿਸਦੇ ਬਹਾਨੇ ਖ਼ੁਦ ਨੂੰ ਵਡਿਆਉਂਦੇ ਹਾਂ
ਜਿਸਦਾ ਨਾਂ ਲੈ ਕੇ ਆਪਣਾ ਜਸ ਗਾਉਂਦੇ ਹਾਂ
ਜਿਸਦੇ ਢੋਲ 'ਤੇ ਆਪਣਾ ਡਗਾ ਲਾਉਂਦੇ ਹਾਂ
ਜਿਸਦੇ ਮੋਢਿਆਂ 'ਤੇ ਚੜ੍ਹਕੇ ਆਪਣਾ ਕੱਦ ਵਧਾਉਂਦੇ ਹਾਂ ।
ਹਾਂ, ਲੇਖਕ ਤਾਂ ਮੈਂ ਕਦੇ ਵੀ ਨਹੀਂ ਸਾਂ ।
ਬਸ, ਜੋ ਹਾਂ ਸੋ ਹਾਂ ।
ਆਖਰ ਮੈਂ ਹਾਂ ਕੀ?
ਉਹੀ ਹੈ ਜੋ ਕਰਦਾ ਹਾਂ ।
ਕਰਦਾ ਕੀ ਹਾਂ?
ਕੁਝ ਵੀ ਨਹੀਂ ।
ਸੱਚ, ਮੈਂ ਕੁਝ ਵੀ ਨਹੀਂ ।
ਇਹ ਹੋ ਕੀ ਰਿਹਾ ਹੈ?
ਜੋ ਹੋ ਰਿਹਾ ਹੈ ਸੋ ਹੋ ਰਿਹਾ ਹੈ
ਚਿੱਤਰਕੂਟ ਦੇ ਘਾਟ 'ਤੇ ਸੰਤਾਂ ਦਾ ਜਮਘਟ ਹੈ
ਤੁਲਸੀ ਚੰਦਨ ਘਸਾ ਰਿਹਾ ਹੈ
ਰਘੂਬੀਰ ਤਿਲਕ ਲਗਾ ਰਿਹਾ ਹੈ
ਨਾ ਮੇਰੀ ਖ਼ੁਸ਼ੀ ਲਈ ਕੁਝ ਹੋ ਰਿਹਾ ਹੈ
ਨਾ ਕਿਸੇ ਦੀ ਖ਼ੁਸ਼ੀ ਲਈ ਮੈਂ ਕੁਝ ਕਰ ਰਿਹਾ ਹਾਂ
ਬੰਧਨ ਟੁੱਟਦੇ ਜਾ ਰਹੇ ਨੇ
ਰਿਸ਼ਤੇ ਛੁੱਟਦੇ ਜਾ ਰਹੇ ਨੇ
ਕਾਫ਼ਲੇ ਵਾਲੇ ਤੰਬੂ ਪੁੱਟਦੇ ਜਾ ਰਹੇ ਨੇ
ਬੱਚੇ ਖਿਡਾਉਣੇ ਸੁੱਟਦੇ ਜਾ ਰਹੇ ਨੇ
ਰੇਤੇ ਵਿੱਚ ਅੰਕੁਰ ਫੁੱਟਦੇ ਜਾ ਰਹੇ ਨੇ
ਮੈਂ ਵੇਖ ਰਿਹਾ ਹਾ
ਖ਼ੁਸ਼ ਹੋ ਕੇ ਵੇਖ ਰਿਹਾ ਹਾਂ
ਵੇਖਕੇ ਖ਼ੁਸ਼ ਹੋ ਰਿਹਾ ਹਾਂ
ਅਸ਼ਬਦਾ ਸ਼ਬਦ ਹੈ
ਅਜਪਾ ਜਾਪ ਹੈ
ਆਪ ਹੀ ਆਪ ਹੈ
ਏਹੋ ਸਵ-ਧਰਮ ਹੈ
ਅਕਰਮਾ ਕਰਮ ਹੈ
ਦੁਬਿਧਾ ਦੀ ਮੌਤ ਹੈ, ਅਦਵੈਤ ਦਾ ਜਨਮ ਹੈ ।
ਨਾ ਕੁਝ ਖੁੱਲ੍ਹਾ ਹੈ, ਨਾ ਕੁਝ ਬੰਦ ਹੈ ।
ਅਨੰਦ ਹੀ ਅਨੰਦ ਹੈ ।
ਮੈਂ ਜਿਸ ਹਾਲ ਵਿੱਚ ਹਾਂ, ਰਹਿਣ ਦਿਉ ।
ਪਲੀਜ਼! ਟੋਕੋ ਨਾ, ਕਹਿਣ ਦਿਉ ।
ਅਨੰਦ ਲਉ, ਅਨੰਦ ਲੈਣ ਦਿਉ ।
ਇਸ ਪਿਆਰੀ ਅਵਸਥਾ ਨੂੰ ਸਸਤੀ ਨਾ ਕਰੋ ।
ਪਲੀਜ਼! ਜ਼ਬਰਦਸਤੀ ਨਾ ਕਰੋ ।
ਕਲਮ ਦੀ ਅਜ਼ਮਾਇਸ਼ ਨਾ ਕਰੋ ।
ਬੈਠੋ, ਵੇਖੋ ਮਾਣੋ-ਫ਼ਰਮਾਇਸ਼ ਨਾ ਕਰੋ ।
ਨਜ਼ਮ ਬਸ ਨਜ਼ਮ ਹੁੰਦੀ ਹੈ,
ਲਫ਼ਜ਼ਾਂ ਦੀ ਹੇਰਾਫੇਰੀ ਨਹੀਂ ਹੁੰਦੀ ।
ਖ਼ੁਸ਼ੀ ਬਸ ਖ਼ੁਸ਼ੀ ਹੁੰਦੀ ਹੈ,
ਤੇਰੀ ਜਾਂ ਮੇਰੀ ਨਹੀਂ ਹੁੰਦੀ ।
ਮਹਿਜ਼ ਕਰਤਬ ਦਿਖਾਉਣ ਲਈ ਫ਼ਿਕਰੇਬਾਜ਼ੀ ਨਾ ਕਰੀਏ ।
ਸਾਕਸ਼ੀ ਬਣੀਏ, ਦਖ਼ਲਅੰਦਾਜ਼ੀ ਨਾ ਕਰੀਏ ।
ਲਿਖਣਾ ਮਜ਼ਬੂਰੀ ਨਹੀਂ
ਲਿਖਣਾ ਜ਼ਰੂਰੀ ਵੀ ਨਹੀਂ
ਆਉ ਖ਼ੁਸ਼ ਹੋ ਕੇ ਪੜ੍ਹੀਏ
ਖ਼ੁਸ਼ ਹੋ ਕੇ ਸੁਣੀਏ
ਸੁਣ ਕੇ ਖ਼ੁਸ਼ ਹੋਈਏ
ਪੜ੍ਹ ਕੇ ਖ਼ੁਸ਼ ਹੋਈਏ
ਗਰਵ ਸੇ ਕਹੋ: ਹਮ ਪਾਠਕ ਹੈਂ
ਗਰਵ ਸੇ ਕਹੋ: ਹਮ ਸਰੋਤਾ ਹੈਂ
ਇਹੋ ਜੀਣ ਦੀ ਕਲਾ ਹੈ ।
ਏਸੇ ਕਲਾ ਵਿੱਚ ਸਰਬੱਤ ਦਾ ਭਲਾ ਹੈ ।
ਇੱਕ ਓਅੰਕਾਰ ਹੈ! ਸ਼ੇਸ਼ ਅਹੰਕਾਰ ਹੈ!!
ਪਾਣੀ 'ਚ ਪਾਣੀ ਹੋ ਜਾ । ਅੱਗ 'ਚ ਅੱਗ ਹੋ ਜਾ ।
ਅਰਜੁਨ! ਕੁਛ ਨਾ ਕਰ, ਬਸ ਸਥਿੱਤਪ੍ਰੱਗ ਹੋ ਜਾ ।
ਕੁਝ ਵੀ ਖੋਹਣ-ਖਿੱਚਣ ਦੀ ਹੋੜ ਨਹੀਂ
ਕੁਝ ਵੀ ਸਿੱਧ ਕਰਨ ਦੀ ਲੋੜ ਨਹੀਂ ।
ਸ਼ੌਕੀਆ ਸਵਾਲ-ਜਵਾਬ ਨਾ ਕਰ ।
ਵਕਤ ਵੇਖਣ ਵਿੱਚ ਵਕਤ ਖ਼ਰਾਬ ਨਾ ਕਰ ।
ਇਹੋ ਜਿਹੀ ਘੜੀ ਮੁਸ਼ਕਿਲ ਨਾਲ ਆਉਂਦੀ ਹੈ
ਘੜੀ-ਮੁੜੀ ਨਹੀਂ ਆਉਂਦੀ
ਵਕਤ ਵਰਦਾਨ ਲੈ ਕੇ ਬਹੁੜਿਆ ਹੈ
ਗ਼ੁਲਾਮੀ ਦੀ ਛੱਟ ਲਾਹ ਸੁੱਟ ।
ਦੁਬਿਧਾ ਦੀ ਜੜ੍ਹ ਪੁੱਟ ।
ਨਾ ਕਲਮ ਦਾ ਮਜ਼ਦੂਰ ਬਣ ।
ਨਾ ਕਲਮ ਦਾ ਸਿਪਾਹੀ ਬਣ ।
ਆਪੇ ਰਾਹ ਬਣ, ਆਪੇ ਰਾਹੀ ਬਣ ।
ਨਾ ਗਰੰਥਾਂ ਕੁਝ ਸਾਰਨਾ, ਨਾ ਕੰਮ ਆਉਣਾ ਭੇਖ ।
ਜੇ ਜੀਵਨ ਨੂੰ ਜਾਨਣਾ, ਮੁਰਦਾ ਬਣ ਕੇ ਵੇਖ ।
ਅਧਿਆਪਕ ਨਾ ਬਣ ।
ਵਿਦਿਆਰਥੀ ਨਾ ਬਣ ।
ਖੋਜਾਰਥੀ ਨਾ ਬਣ ।
ਖੋਤਾ ਬਣ ਨਾ ਤੋਤਾ ਬਣ ।
ਪਾਠਕ ਬਣ, ਸਰੋਤਾ ਬਣ
ਨਾ ਭੁੱਲਣ ਦੀ ਲੋੜ ਹੈ, ਨਾ ਕੁਝ ਰੱਖਣਾ ਯਾਦ ।
ਨਾ ਸਿਧਾਂਤ ਦਾ ਵਾਦ ਇਹ, ਇਹ ਆਤਮ-ਸੰਵਾਦ ।

ਜਦੋਂ ਨਾ ਲਿਖਿਆ ਜਾਏ ਤਾਂ ਨਹੀਂ ਲਿਖਣਾ ਚਾਹੀਦਾ । ਲਿਖਣ ਤੋਂ ਇਲਾਵਾ ਵੀ ਸਾਹਿਤ ਨਾਲ ਜੁੜੇ ਰਹਿਣ ਦੇ ਕਈ ਹੋਰ ਢੰਗ ਹਨ । ਪਿਆਰਿਉ! ਲਿਖੋ । ਖ਼ੂਬ ਲਿਖੋ । ਛਪੋ । ਖ਼ੂਬ ਛਪੋ । ਮੈਂ ਤੁਹਾਡਾ ਪਾਠਕ ਹਾਂ । ਸਰੋਤਾ ਹਾਂ । ਤੁਹਾਡੀ ਲਿਖਤ ਦੀ ਉਡੀਕ ਵਿੱਚ ਖਲੋਤਾ ਹਾਂ । ਮੈਂ ਖ਼ੁਸ਼ ਹਾਂ ਅਤੇ ਤੁਹਾਡੀ ਖ਼ੁਸ਼ੀ ਮਾਈ ਸੁਰੱਸਤੀ ਤੋਂ ਹਮੇਸ਼ਾ ਚਾਹੁੰਦਾ ਹਾਂ । ਬਸ, ਇਹੀ ਚਾਹੁੰਦਾ ਹਾਂ-

5. ਕੱਚ ਸੱਚ ਦੀ ਖੇਤੀ

ਸੱਚ ਇੱਕ ਹੈ । ਸੰਸਾਰ ਦਾ ਕਾਰੋਬਾਰ ਚੱਲਦਾ ਰੱਖਣ ਲਈ ਜੋੜੇ ਦੀ ਜ਼ਰੂਰਤ ਹੁੰਦੀ ਹੈ । ਜੋੜਾ ਵਿਰੋਧ ਹੈ, ਵਿਪਰੀਤ ਹੈ, ਵਿਕਾਰ ਹੈ, ਪੂਰਕ ਵੀ ਹੈ । ਦਵੈਤ ਹੀ ਦੁਨੀਆਂ ਹੈ । ਦੁਨੀਆਂ ਨੂੰ ਸਮਝਣ ਲਈ ਇਸ ਸੱਚ ਨੂੰ ਜਾਣਨਾ ਜ਼ਰੂਰੀ ਹੈ । ਜਿਸਨੇ ਜਾਣ ਲਿਆ, ਉਸਨੇ ਪਾ ਲਿਆ ।

ਪ੍ਰੋ. ਮੋਹਨ ਸਿੰਘ ਦਾ ਕੱਚ ਸੱਚ, ਮੀਸ਼ੇ ਦੇ ਕੱਚ ਦੇ ਵਸਤਰ, ਪ੍ਰੇਮ ਪ੍ਰਕਾਸ਼ ਦੇ ਕਚਕੜੇ... ਸਭ ਸੱਚ ਦੇ ਕੰਨਾਂ ਵਿੱਚ ਪਈਆਂ ਹੋਈਆਂ ਕੱਚ ਦੀਆਂ ਮੁੰਦਰਾਂ ਹਨ । ਨਾ ਸ਼ੀਸ਼ਾ ਸੱਚ ਹੈ, ਨਾ ਅਕਸ । ਦੋਵੇਂ ਸੰਕੇਤ ਹਨ । ਸੰਕੇਤ ਨੂੰ ਅਮਲ ਰਾਹੀਂ ਸਮਝਿਆ ਜਾ ਸਕਦਾ ਹੈ, ਸ਼ਬਦਾਂ ਰਾਹੀਂ ਨਹੀਂ ।

ਸਾਹਿਤ ਸ਼ਬਦਾਂ ਦੀ ਖੇਤੀ ਹੈ । ਸਿੱਟੇ ਬਹੁਤ ਬਾਅਦ ਵਿੱਚ ਨਿੱਕਲਦੇ ਹਨ, ਪਹਿਲਾਂ ਅਮਲ ਦੀ ਪ੍ਰਕਿਰਿਆ 'ਚੋਂ ਗੁਜ਼ਰਨਾ ਪੈਂਦਾ ਹੈ । ਸ਼ਬਦ ਅਨੇਕ ਭਰਮ ਸਿਰਜਦੇ ਹਨ । ਪੱਖ ਪਾਲਦੇ ਹਨ । ਪੱਖ ਪੂਰਦੇ ਹਨ । ਪੱਖ-ਪਾਤੀ ਪ੍ਰਾਣੀ ਇੱਕ ਖੰਭ ਨਾਲ ਉੱਡਣ ਦੀ ਜ਼ਿੱਦ ਵਿੱਚ ਹੰਭ ਜਾਂਦਾ ਹੈ । ਬਹੁਤ ਸਾਰਾ ਸਾਹਿਤ ਏਸੇ ਅਹੁਰ ਦੀ ਜਕੜ ਵਿੱਚ ਹੈ । ਏਸੇ ਲਈ ਪਾਠਕ ਗੁਆਚਿਆ ਹੋਇਆ । ਕੱਚ ਖਿੱਲਰਿਆ ਹੋਇਆ ਹੈ । ਸੱਚ ਦੀ ਸੁਰੱਸਤੀ ਲੁਪਤ ਹੈ ।

ਸੱਚਾਈ ਇਹ ਹੈ ਕਿ ਅੱਖਾਂ ਸਿਰਫ਼ ਬਾਹਰ ਵੱਲ ਵੇਖ ਸਕਦੀਆਂ ਹਨ । ਬਾਹਰ ਸਿਰਫ਼ ਦੂਸਰੇ ਹਨ । ਸਾਨੂੰ ਸਿਰਫ਼ ਦੂਸਰਿਆਂ ਦਾ ਕੱਚ ਦਿਸਦਾ ਹੈ, ਜਿਸਨੂੰ ਅਸੀਂ ਆਪਣਾ ਸੱਚ ਮੰਨ ਬਹਿੰਦੇ ਹਾਂ । ਦੂਸਰੇ ਵੀ ਸਾਡੇ ਵਰਗੇ ਹੀ ਹਨ ਅਤੇ ਸਾਡੇ ਵਾਂਗ ਕੱਚ- ਸੱਚ ਦਾ ਸ਼ਿਕਾਰ ਹਨ ।

ਹੰਸ ਰਾਜ ਰਹਿਬਰ ਕਦੇ ਗ਼ਾਲਿਬ ਨੂੰ ਬੇਨਕਾਬ ਕਰਦਾ ਰਿਹਾ, ਕਦੇ ਨਹਿਰੂ ਨੂੰ , ਕਦੇ ਗਾਂਧੀ ਨੂੰ । ਨਿੰਦਿਆ ਰਸ ਦੇ ਗਾਹਕ ਹਰ ਯੁੱਗ ਵਿੱਚ ਵੱਡੀ ਗਿਣਤੀ ਵਿੱਚ ਹੁੰਦੇ ਹਨ । ਸਾਡਾ ਗੁਰਬਚਨ ਵੀ ਗੁਰਬਖ਼ਸ਼ ਸਿੰਘ ਤੋਂ ਲੈ ਕੇ ਸੁਰਜੀਤ ਪਾਤਰ ਤੱਕ ਸਭ ਦੇ ਮਖੌਟੇ ਉਤਾਰਨ ਦਾ ਅਦਬੀ ਉੱਦਮ ਕਰ ਰਿਹਾ ਹੈ । ਉਹਦੀ ਸਿਕੰਦਰੀ ਸ਼ਾਨ ਵੀ ਹੁੰਗਾਰੇ ਨਾਲ ਮਾਲਾਮਾਲ ਹੈ । ਪ੍ਰੀਤਮ ਸਿੰਘ ਹੋਰਾਂ ਕੋਲ ਵੀ ਇਸ ਕਿਸਮ ਦਾ ਖ਼ਾਸਾ ਮਾਲ ਹੈ ।

ਇਹ ਖੁੱਲ੍ਹੀਆਂ ਅੱਖਾਂ ਦਾ ਕ੍ਰਿਸ਼ਮਾ, ਦਰਅਸਲ, ਅੱਖਾਂ ਬੰਦ ਹੋਣ ਪਿੱਛੋਂ ਆਉਂਦਾ ਹੈ । ਅੰਦਰ ਦੀ ਝਾਤ ਮਨੁੱਖ ਨੂੰ ਸੱਚ ਦੇ ਦਰਸ਼ਨ ਕਰਵਾਉਂਦੀ ਹੈ । ਸੱਚ ਇੱਕ ਹੈ, ਇਕੱਲਾ ਹੈ । ਤਮਾਸ਼ਬੀਨ ਨੂੰ ਇਕੱਲ ਚੰਗੀ ਨਹੀਂ ਲੱਗਦੀ । ਉਹ ਭੀੜ ਵੱਲ ਭੱਜਦਾ ਹੈ । ਖੜ੍ਹਿਆਂ ਨੂੰ ਡੇਗਦਾ ਹੈ,ਬੈਠਿਆਂ ਵਿੱਚ ਵੱਜਦਾ ਹੈ । ਉਸਦੀ ਦਿਲਚਸਪੀ ਰੁੱਖਾਂ ਵਿੱਚ ਨਹੀਂ, ਆਰੀਆਂ ਵਿੱਚ ਹੁੰਦੀ ਹੈ । ਸਿਹਤ ਵਿੱਚ ਨਹੀਂ, ਬੀਮਾਰੀਆਂ ਵਿੱਚ ਹੁੰਦੀ ਹੈ । ਇੰਜ ਉਹਦਾ ਕਾਰੋਬਾਰ ਚਲਦਾ ਹੈ, ਉਹਦੇ ਸਿਰ 'ਤੇ ਹੀ ਸੰਸਾਰ ਚਲਦਾ ਹੈ ।

ਸੰਸਾਰ ਨੂੰ ਸਾਕਸ਼ੀ ਬਣ ਕੇ ਜਾਨਣਾ ਹੀ ਗਿਆਨ ਹੈ । ਅਜਿਹਾ ਗਿਆਨ ਕਿ ਜਿਸਨੂੰ ਪਾ ਲੈਣ ਪਿੱਛੋਂ ਕੁਝ ਹੋਰ ਜਾਨਣ ਲਈ ਬਚਦਾ ਹੀ ਨਹੀਂ । ਕੁਝ ਵੀ ਬਦਲਦਾ ਨਹੀਂ, ਸਭ ਕੁਝ ਪਕੜ ਵਿੱਚ ਆ ਜਾਂਦਾ ਹੈ । ਭਰਮ ਦਾ ਪਰਦਾ ਲਹਿ ਜਾਂਦਾ ਹੈ । ਜੋੜੇ ਮਿਟ ਜਾਂਦੇ ਹਨ, ਇੱਕੋ ਰਹਿ ਜਾਂਦਾ ਹੈ । ਵਿਅਕਤੀ ਭੀੜ ਵਿੱਚ ਵੀ ਵਿਅਕਤੀ ਹੁੰਦਾ ਹੈ । ਠੰਡ, ਗਰਮੀ ਤੇ ਮੀਂਹ-ਕਣੀ ਵਿੱਚ ਵੀ ਵਿਅਕਤੀ ਹੁੰਦਾ ਹੈ । ਸਮਾਜ ਸੰਪਰਦਾਇ ਅਤੇ ਸਰਕਾਰ ਦੇ ਹਮਲਿਆਂ ਤੋਂ ਮਨੁੱਖ ਆਪਣੇ ਵਿਅਕਤੀ ਨੂੰ ਬਚਾਈ ਰੱਖਦਾ ਹੈ, ਜਿਵੇਂ ਮੌਸਮ ਦੀ ਮਾਰ ਤੋਂ ਉਹ ਆਪਣੇ ਸਰੀਰ ਨੂੰ ਬਚਾਉਂਦਾ ਹੈ । ਜਲ ਵਿੱਚ ਰਹਿ ਕੇ ਵੀ ਉਹ ਅਲੇਪ ਰਹਿਣ ਦੀ ਕੋਸ਼ਿਸ਼ ਕਰਦਾ ਹੈ । ਆਪਣੇ ਇਸ ਕਰਮ ਨੂੰ ਜਦੋਂ ਇਨਸਾਨ ਖ਼ੁਦ ਵੇਖ ਲੈਂਦਾ ਹੈ ਤਾਂ ਉਹ ਆਪਣਾ ਦੀਪਕ ਖ਼ੁਦ ਬਣ ਜਾਂਦਾ ਹੈ । ਹਨੇਰੇ ਵਿੱਚ ਹਨੇਰੇ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦੇਂਦਾ । ਚਾਨਣ ਵਿੱਚ ਚਾਨਣ ਦੇ ਨਾਲ ਨਾਲ ਬਾਕੀ ਸਭ ਕੁਝ ਵੀ ਦਿਸਣ ਲੱਗ ਪੈਂਦਾ ਹੈ । ਨਿੰਦਿਆ ਰਸ ਦੀ ਥਾਂ ਸ਼ਾਂਤ ਰਸ ਤਾਰੀ ਹੋ ਜਾਂਦਾ ਹੈ ।

ਸ਼ਾਂਤ, ਸਹਿਜ ਅਤੇ ਸਰਲ ਵਿਅਕਤੀ ਹੀ ਸੱਚ ਦਾ ਧੁਰਾ ਹੈ । ਉਸ ਲਈ ਨਾ ਕੁਝ ਚੰਗਾ ਹੈ, ਨਾ ਬੁਰਾ ਹੈ । ਉਹ ਸਿਹਤ ਹੈ, ਬੀਮਾਰੀ ਨਹੀਂ ਹੈ । ਸੰਸਾਰ ਵਿੱਚ ਰਹਿੰਦਾ ਹੈ, ਪਰ ਸੰਸਾਰੀ ਨਹੀਂ ਹੈ ।

ਸੱਚ ਨੂੰ ਫੜਿਆ ਨਹੀਂ ਜਾ ਸਕਦਾ । ਸੱਚ ਨੂੰ ਉਪਲਭਦ ਹੋਇਆ ਜਾ ਸਕਦਾ ਹੈ । ਕਈ ਰਸਤੇ ਹਨ । ਇੱਕ ਰਾਹ ਸਾਹਿਤ 'ਚੋਂ ਹੋ ਕੇ ਜਾਂਦਾ ਹੈ । ਇਸ ਰਾਹ ਵਿੱਚ ਸ਼ਬਦਾਂ ਨਾਲ ਖੇਡਣਾ ਪੈਂਦਾ ਹੈ, ਸ਼ਬਦਾਂ ਨਾਲ ਵਾਹ ਪੈਂਦਾ ਹੈ । ਰਾਹ ਦਾ ਪਤਾ ਵੀ ਪੈਣ ਨਾਲ ਲੱਗਦਾ ਹੈ ਤੇ ਵਾਹ ਦਾ ਪਤਾ ਵੀ ਪੈਣ ਨਾਲ । ਬਸ ਜਾਗਦੇ ਰਹੋ! ਕੱਚ ਅਤੇ ਸੱਚ ਵੀ ਬਸ ਸ਼ਬਦਾਂ ਦੀ ਖੇਡ ਹੈ । ਸੰਘਰਸ਼ ਹੈ । ਜੱਦੋ-ਜਹਿਦ ਹੈ । ਕੁਝ ਨਾ ਕੁਝ ਸਿੱਧ ਕਰਨ ਦੀ ਜ਼ਿਦ ਹੈ । ਵਿਵਾਦ ਹੈ । ਉਂਜ ਜਾਣਦੇ ਅਸੀਂ ਸਾਰੇ ਹਾਂ ਕਿ ਅਸੀਂ ਕੁਝ ਵੀ ਨਹੀਂ ਜਾਣਦੇ । ਫਰੀ ਟਾਕ-ਟਾਈਮ ਦਾ ਫ਼ਾਇਦਾ ਉਠਾ ਰਹੇ ਹਾਂ । ਆਪਣੀ ਹੋਂਦ ਜਤਲਾਉਣ ਲਈ ਕੁਝ ਨਾ ਕੁਝ ਬੋਲੀ ਜਾ ਰਹੇ ਹਾਂ । ਆਉ ਥੋੜੀ ਦੇਰ ਸ਼ਬਦਾਂ ਨੂੰ ਆਰਾਮ ਦੇਈਏ । ਆਪਣੇ ਅੰਦਰ ਲਹੀਏ । ਡੂੰਘੇ ਮੌਨ ਵਿੱਚ ਹੀ ਸੱਚ ਦਾ ਸੰਗੀਤ ਸੰਭਵ ਹੈ । ਕੀ ਇਹ ਸੰਭਵ ਹੈ?

6. ਦਫ਼ਤਰ ਦੀ ਵਰਣ-ਵਿਵਸਥਾ

ਚਾਹੇ-ਅਣਚਾਹੇ, ਜਾਣੇ-ਅਣਜਾਣੇ ਦਫ਼ਤਰ ਨਾਲ ਵਾਹ ਸਭ ਦਾ ਪੈਂਦਾ ਹੈ । ਪੈਂਦਾ ਰਹਿੰਦਾ ਹੈ । ਸੰਸਾਰ ਦਾ ਕਾਰ ਵਿਹਾਰ ਚਲਾਉਣ ਲਈ ਨਿਯਮ ਜ਼ਰੂਰੀ ਹਨ । ਨਿਯਮਾਂ ਨੂੰ ਲਾਗੂ ਕਰਨ ਲਈ ਅਮਲਾ ਲੋੜੀਂਦਾ ਹੈ । ਅਮਲੇ ਨੂੰ ਸੁਚਾਰੂ ਰੱਖਣ ਲਈ ਅਨੁਸ਼ਾਸਨ ਲਾਜ਼ਮੀ ਹੈ । ਅਨੁਸ਼ਾਸਨ ਬਣਾਈ ਰੱਖਣ ਹਿਤ ਪ੍ਰਸ਼ਾਸਨ ਅਵੱਸ਼ਕ ਹੈ । ...ਪ੍ਰਸ਼ਾਸਨ ਦੇ ਸਹਾਰੇ ਹੀ ਸ਼ਾਸਨ ਚੱਲਦਾ ਹੈ । ਤੇ ਇਹ ਜੋ ਸਮੁੱਚਾ ਸ਼ਾਸਨ-ਤੰਤਰ ਹੈ, ਇਸਦਾ ਅਸਲੀ ਬੀਜ਼ ਮੰਤਰ ਹੈ: ਦਫ਼ਤਰ । ਪਿੰਡ ਪੱਧਰ ਤੋਂ ਲੈ ਕੇ ਕੌਮੀ-ਕੌਮਾਂਤਰੀ ਪੱਧਰ ਤੱਕ ਦਫ਼ਤਰ ਦਾ ਬੋਲਬਾਲਾ ਹੈ । ਇਸਦਾ ਜਲਵਾ ਵੇਖਣ ਹੀ ਵਾਲਾ ਹੈ । ਇਹ ਸੱਭਿਅਤਾ ਅਤੇ ਸੱਭਿਆਚਾਰ ਦਾ ਕਦੀਮੀ ਰਖਵਾਲਾ ਹੈ । ਇਹਦੇ ਉਜਲੇ ਭਵਿੱਖ ਦਾ ਵਰਤਮਾਨ ਸਬੂਤ ਹੈ । ਵਿਅਕਤੀ ਕਮਜ਼ੋਰ ਹੈ, ਦਫ਼ਤਰ ਮਜ਼ਬੂਤ ਹੈ!

ਦਫ਼ਤਰ ਸਾਡੇ ਲੋਕਤੰਤਰ ਦੀ ਜਾਨ ਹੈ । ਜਾਨ ਨਾਲ ਜਹਾਨ ਹੈ । ਜਹਾਨ ਜਾਣਦਾ ਹੈ ਕਿ ਸਾਡਾ ਸੰਵਿਧਾਨ ਮਹਾਨ ਹੈ । ਇਸਦੀ ਹਰ ਲਗ-ਮਾਤਰ ਦੀ ਅਲੌਕਿਕ ਸ਼ਾਨ ਹੈ! ਇਸਦੀ ਅਹਿਮੀਅਤ ਹਰ ਸ਼ਹਿਰੀ ਲਈ ਖ਼ਾਸ ਹੈ । ਇਹ ਸਾਡੇ ਸਾਹਾਂ ਦੀ ਡੋਰ ਹੈ, ਜੀਵਨ ਦੀ ਆਸ ਹੈ । ਇਸ ਵਿੱਚ ਸਾਡੀਆਂ ਪੀੜ੍ਹੀਆਂ ਲਈ ਸੁਰੱਖਿਅਤ ਧਰਵਾਸ ਹੈ! ਸ਼ਹਿਰੀ ਦੇ ਨਾਲ ਨਾਲ ਹਰ ਪੇਂਡੂ ਵੀ ਇਹ ਵਿਸ਼ਵਾਸ ਕਰਦਾ ਹੈ; ਕਿ ਜਿਲਦ ਅੰਦਰ ਤਾਂ ਕੇਵਲ ਦੇਹ ਹੈ ਅਸਲੀ ਸੰਵਿਧਾਨ ਤਾਂ ਦਫ਼ਤਰ ਵਿੱਚ ਨਿਵਾਸ ਕਰਦਾ ਹੈ । ਸੰਵਿਧਾਨ ਵਾਂਗ ਦਫ਼ਤਰ ਵੀ ਸਾਡੇ ਲਈ ਪਵਿੱਤਰ ਹੈ । ਇਸਦਾ ਚਰਿੱਤਰ ਹੀ ਕੌਮ ਦਾ ਚਰਿੱਤਰ ਹੈ¨

ਆਉ ਜ਼ਰਾ ਇਹਦੀ ਪਰਿਕਰਮਾ ਕਰੀਏ । ਇਸ ਦੀ ਕਰਮ-ਭੂਮੀ 'ਤੇ ਕਦਮ ਧਰੀਏ । ਟੋਏ ਟਿੱਬੇ ਲਾਹ ਕੇ ਤੇ ਮਨ ਨੂੰ ਮੈਦਾਨ ਵਰਗਾ ਕਰਕੇ ਇਸਦੇ ਦਰਬਾਰ ਵਿੱਚ ਹਾਜ਼ਰੀ ਭਰੀਏ ।

ਪਰ, ਜ਼ਰਾ ਸਾਵਧਾਨ! ਇਹ ਪੈਂਡੇ ਬਿਖੜੇ ਨੇ, ਔਖੇ ਨੇ, ਭਾਰੀ ਨੇ । ਏਥੇ ਮਨੁੱਖ ਨਹੀਂ ਮੁਲਾਜ਼ਮ ਨੇ, ਅਹਿਲਕਾਰ ਨੇ, ਅਧਿਕਾਰੀ ਨੇ । ਤੁਸੀਂ ਕਦਮ ਕਦਮ 'ਤੇ ਖਬਰਦਾਰ ਰਹਿਣਾ ਹੈ । ਤੁਹਾਡਾ ਅਜੀਬੋ ਗ਼ਰੀਬ ਮਸ਼ੀਨਾਂ ਨਾਲ ਵਾਹ ਪੈਣਾ ਹੈ । ਆਉ! ਹਿੰਮਤ ਕਰਕੇ ਇਸਦਾ ਅਸਲ ਸਰੂਪ ਨੂੰ ਪਛਾਣੀਏ! ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ।

ਮੈਂ ਦਫ਼ਤਰ ਦੇ ਰਾਹ ਵੀ ਪਿਆ ਹਾਂ ਅਤੇ ਦਫ਼ਤਰ ਨਾਲ ਮੇਰਾ ਅਕਸਰ ਵਾਹ ਵੀ ਪਿਆ ਹੈ । ਪਰ ਆਪਣਾ ਕੋਈ ਦਫ਼ਤਰ ਨਹੀਂ ਅਤੇ ਆਪਣੀ ਖ਼ੁਸ਼ੀ ਨਾਲ ਮੈਂ ਕਦੇ ਕਿਸੇ ਦਫ਼ਤਰ ਨਹੀਂ ਗਿਆ । ਜਦੋਂ ਜਾਣਾ ਪਿਆ ਹੈ ਮਜ਼ਬੂਰੀ ਵਿਚ ਗਿਆ ਹਾਂ ਅਤੇ ਲੱਗਦੀ ਵਾਹੇ ਓਥੇ ਘੱਟ ਤੋਂ ਘੱਟ ਸਮਾਂ ਰਿਹਾ ਹਾਂ । ਫੇਰ ਵੀ ਉਮਰ ਦਾ ਬਹੁਤ ਵੱਡਾ ਹਿੱਸਾ ਦਫ਼ਤਰ ਦੇ ਖ਼ਾਤੇ ਪਿਆ ਹੈ । ਭੰਗ ਦੇ ਭਾੜੇ ਗਿਆ ਹੈ? ...ਨਹੀਂ, ਵਕਤ ਬੇਕਾਰ ਨਹੀਂ ਗਿਆ । ਇਸਨੇ ਬਹੁਤ ਕੁਝ ਸਿਖਾਇਆ ਹੈ । ਕੰਮ ਆਇਆ ਹੈ ।

ਦਫ਼ਤਰ ਮੇਰੀ ਰੋਜ਼ੀ ਰੋਟੀ ਦਾ ਵਸੀਲਾ ਬਣਿਆ । ਪਿੰਡੋਂ ਨਿਕਲ ਕੇ ਚੰਡੀਗੜ੍ਹ ਆਉਣ ਦਾ ਵਸੀਲਾ ਬਣਿਆ । ਓਦੋਂ ਅਜੇ ਪਿੰਡਾਂ ਨੂੰ ਸੜਕਾਂ 'ਤੇ ਪਿਘਲਾਇਆ ਜਾ ਰਿਹਾ ਸੀ । ਰਾਜਧਾਨੀ ਦੇ ਨੈਣ ਨਕਸ਼ਾਂ ਵਾਲਾ ਸ਼ਹਿਰ ਵਸਾਇਆ ਜਾ ਰਿਹਾ ਸੀ । ਰਾਜਧਾਨੀ ਦਾ ਸੰਕਲਪ ਸਰਕਾਰੀ ਸੀ । ਸਰਕਾਰ ਮਤਲਬ ਦਫ਼ਤਰ । ਦਫ਼ਤਰ ਮਤਲਬ ਬਾਬੂ । ...ਸੀਮਿੰਟ, ਸਰੀਆ, ਬੱਜਰੀ, ਰੇਤ । ਅਸੈਂਬਲੀ, ਹਾਈ ਕੋਰਟ, ਸਿਵਿਲ ਸਕੱਤਰੇਤ!

ਆਜ਼ਾਦੀ ਤੋਂ ਬਾਅਦ ਇੱਕ ਹੋਰ ਸੁਪਨੇ ਨੂੰ ਸਾਕਾਰ ਬਣਾਇਆ ਜਾ ਰਿਹਾ ਸੀ । ਖ਼ੂਬਸੂਰਤੀ ਦੇ ਸੰਕਲਪ ਨੂੰ ਕੰਕਰੀਟ ਵਿੱਚ ਬਿਠਾਇਆ ਜਾ ਰਿਹਾ ਸੀ । ਬਾਬੂਆਂ ਦੁਆਰਾ, ਬਾਬੂਆਂ ਲਈ,ਬਾਬੂਆਂ ਦਾ ਸ਼ਹਿਰ ਵਸਾਇਆ ਜਾ ਰਿਹਾ ਸੀ । ਤੇ ਅੱਜ ਜੋ ਇਹ ਚੰਡੀਗੜ੍ਹ ਨਾਂ ਦਾ ਨਗਰ ਹੈ । ਅਸਲ ਵਿੱਚ ਨਗਰ ਨਹੀਂ, ਵਿਆਪਕ ਦਫ਼ਤਰ ਹੈ । ਇਸਦੀ ਖ਼ਾਸੀਅਤ ਦੀ ਪਛਾਣ ਇਹੋ ਖ਼ਾਸ ਹੈ ਕਿ ਇਹ ਸ਼ਹਿਰ ਨਹੀਂ, ਸਰਕਾਰੀ ਨਿਵਾਸ ਹੈ । ਏਥੋਂ ਦੇ ਨਿਵਾਸੀ ਵੀ ਹਾਲਾਤ ਦੇ ਕਾਬੂ ਨੇ । ਇਹ 'ਸਾਬ੍ਹ' ਕਹਾਉਂਦੇ ਨੇ ਪਰ ਬਾਬੂ ਨੇ । ਮਿੱਟੀ ਤਾਂ ਇੱਕੋ ਹੈ, ਆਕਾਰ ਜੁਦਾ ਜੁਦਾ ਹੈ । ਕੋਈ ਤਨਖ਼ਾਹ-ਯਾਫ਼ਤਾ ਹੈ, ਕੋਈ ਪੈਨਸ਼ਨ-ਸ਼ੁਦਾ ਹੈ! ਇਤਫਾਕ ਦੀ ਬਾਤ ਹੈ ਕਿ ਬੰਦਾ ਇੱਕ ਥਾਂ ਤੋਂ ਟੁੱਟ ਕੇ ਦੂਜੀ ਥਾਂ ਦਾ 'ਅਟੁੱਟ' ਹਿੱਸਾ ਬਣ ਜਾਂਦਾ ਹੈ । ਨਿੱਕੀਆਂ ਨਿੱਕੀਆਂ ਕਹਾਣੀਆਂ ਜੁੜ ਕੇ ਵੱਡਾ ਕਿੱਸਾ ਬਣ ਜਾਂਦਾ ਹੈ । ਸ਼ਬਦਾਂ ਦੀ ਤਰਤੀਬ ਬਦਲ ਜਾਏ ਤਾਂ ਲੱਗਦਾ ਹੈ ਕਿ ਵਿਚਾਰ ਨਵਾਂ ਹੈ । ਵਣ ਵਣ ਦੀ ਲੱਕੜੀ ਵਿੱਚੋਂ ਹੀ ਜੰਮਦਾ ਸੱਭਿਆਚਾਰ ਨਵਾਂ ਹੈ । ਪਰ ਨਵਾਂ ਸਦਾ ਪੁਰਾਣੇ ਤੋਂ ਜੂਨੀਅਰ ਹੁੰਦਾ ਹੈ । ਸੀਨੀਅਰ ਪੂਰੇ ਹੱਕ ਨਾਲ ਕਹਿੰਦਾ ਹੈ, 'ਚੁੱਪ ਕਰ! ਤੇਰੀ ਓਨੀ ਉਮਰ ਨਹੀਂ ਜਿੰਨੀ ਮੈਂ ਕੈਜ਼ੂਅਲ ਲੀਵ ਲੈ ਚੁੱਕਿਆਂ ।' ਤੇ ਨਵਾਂ ਆਪਣੇ ਢੰਗ ਨਾਲ ਬਦਲਾ ਲੈਂਦਾ ਹੈ । ਉਹ ਬੁੱਢੇ ਨੂੰ ਸੀਨੀਅਰ ਸਿਟੀਜ਼ਨ ਕਹਿੰਦਾ ਹੈ ।

ਮਾੜਾ ਮਿਸਤਰੀ ਹਰ ਵੇਲੇ ਆਪਣੇ ਸੰਦਾਂ ਨਾਲ ਲੜਦਾ ਰਹਿੰਦਾ ਹੈ । ਪਰੰਤੂ ਕੁਸ਼ਲ ਕਾਰੀਗਰ ਪ੍ਰਾਪਤ ਸਮੱਗਰੀ ਨੂੰ ਮਨ ਮੁਤਾਬਕ ਘੜਦਾ ਰਹਿੰਦਾ ਹੈ । ਜੀਣ ਦਾ ਹੁਨਰ ਸਭ ਤੋਂ ਉੱਪਰ ਹੈ ।, ਬਾਕੀ ਸਭ ਕਲਾਵਾਂ ਤਾਂ ਇਸ ਦੀਆਂ ਸ਼ਾਖਾਵਾਂ ਹਨ । ਜਿਹੜਾ ਇਸ ਭੇਤ ਨੂੰ ਪਾ ਗਿਆ, ਉਸਨੂੰ ਹਰ ਹਾਲ 'ਚ ਜੀਣਾ ਆ ਗਿਆ । ਜਿੰਨੀ ਦੇਰ ਜਿੱਥੇ ਹੋ, ਉਥੋਂ ਦੇ ਹੋ ਕੇ ਰਹੋ । ਮੌਕੇ ਦੀ ਮਹਾਨਤਾ ਨੂੰ ਮੰਨੋ । ਸਥਿਤੀ ਦੀ ਸਾਰਥਕਤਾ ਨੂੰ ਸਵੀਕਾਰੋ । ਇਹ ਤਾਂ ਅਸਤਿਤਵ ਦੁਆਰਾ ਲਿਆ ਗਿਆ ਇਮਤਿਹਾਨ ਹੈ । ਸਾਕਸ਼ੀ ਨੂੰ ਸਭ ਪ੍ਰਵਾਨ ਹੈ । ਮਾੜਾ ਮਿਸਤਰੀ ਪਰੇਸ਼ਾਨ ਹੈ । ਕੁਸ਼ਲ ਕਾਰੀਗਰ ਹੈਰਾਨ ਹੈ । ਉਸਨੂੰ ਪੂਰਾ ਇਤਮਿਨਾਨ ਹੈ: ਭੂਤ ਹੈ ਨਾ ਭਵਿੱਖ ਹੈ, ਵਰਤਮਾਨ ਹੀ ਵਰਤਮਾਨ ਹੈ! ਏਹੋ ਵਿਧੀ ਦਾ ਵਿਧਾਨ ਹੈ! ਇਹ ਸਹਿਜਤਾ ਹੈ । ਪਰ ਸਦਾ ਸਹਿਜਤਾ ਸੰਭਵ ਨਹੀਂ । ਦੂਸਰੇ ਨਾਲ ਸੰਪਰਕ ਵਿਕਾਰ ਪੈਦਾ ਕਰਦਾ ਹੈ । ਇਹ ਵਿਕਾਰ ਹੀ ਸੰਸਾਰ ਪੈਦਾ ਕਰਦਾ ਹੈ । ਸੰਸਾਰ ਸਿਰਜਣ ਵਾਲੇ ਨੂੰ ਇਸ ਦਾ ਸੰਚਾਲਨ ਵੀ ਕਰਨਾ ਪੈਂਦਾ ਹੈ । ਇਸ ਕੰਮ ਲਈ ਦਫ਼ਤਰ ਜ਼ਰੂਰੀ ਹੈ । 'ਜਿਵ ਜਿਵ ਹੁਕਮ ਤਿਵ ਤਿਵ ਕਾਰ ।' ਉਸਦੇ ਹੁਕਮ ਬਾਝੋਂ ਪੱਤਾ ਨਹੀਂ ਹਿੱਲਦਾ । ਬ੍ਰਹਮਾ, ਬਿਸ਼ਨ, ਮਹੇਸ਼, ਇੰਦਰ, ਨਾਰਦ, ਧਰਮਰਾਜ... ਸਭ ਉਸ ਦੇ ਕਰਿੰਦੇ ਨੇ । ਸਾਡੇ ਕਰਮਾਂ ਦਾ ਹਿਸਾਬ ਰੱਖਦੇ ਨੇ, ਆਪਣੇ ਕਰਮਾਂ ਦਾ ਫਲ ਪਾਉਂਦੇ ਨੇ । ਸਾਡੇ ਵਾਂਗ ਹੀ ਭਟਕਦੇ ਭੌਂਦੇ ਨੇ । ਮੁਕਤੀ ਚਾਹੁੰਦੇ ਨੇ ।

ਮੁਲਾਜ਼ਮ ਦਾ ਸੇਵਾ-ਮੁਕਤ ਹੋ ਕੇ ਵੀ ਦਫ਼ਤਰ ਤੋਂ ਖਹਿੜਾ ਨਹੀਂ ਛੁੱਟਦਾ । ਕਹਿੰਦੇ ਨੇ ਕਿ ਭੁੱਜਿਆ ਹੋਇਆ ਦਾਣਾ ਮੁੜ ਨਹੀਂ ਫੁੱਟਦਾ, ਪਰ ਭੁੱਜਣਾ ਕੌਣ ਚਾਹੁੰਦਾ ਹੈ? ਭੁੱਜ ਕੇ ਤਾਂ ਸੱਤਾ ਖੁੱਸ ਜਾਂਦੀ ਹੈ । ਸ਼ਖਸੀਅਤ ਬੁੱਸ ਜਾਂਦੀ ਹੈ । ਪੁੱਛ ਪ੍ਰਤੀਤ ਨਹੀਂ ਰਹਿੰਦੀ । ਘਰ, ਬਾਹਰ- ਕਿਤੇ ਵੀ ਕੀਮਤ ਨਹੀਂ ਪੈਂਦੀ । ਸੱਤਾ ਦਾ ਸਵਾਦ ਤੰਗ ਕਰਦਾ ਹੈ । ਚਿੱਤ ਬਾਰ ਬਾਰ ਕੁਰਸੀ ਦੀ ਮੰਗ ਕਰਦਾ ਹੈ । ਤਿੱਖੇ ਜਬਾੜੇ ਵਾਲਾ ਭੂਤ ਬਿਨਾਂ ਦੰਦਾਂ ਵਾਲੇ ਵਰਤਮਾਨ 'ਤੇ ਹੱਸਦਾ ਹੈ । ਉਸਦੇ ਕੰਨਾਂ ਵਿੱਚ ਕੂਕ ਕੇ ਦੱਸਦਾ ਹੈ ਕਿ 'ਹੁਣ ਜਗ੍ਹਾ ਬਦਲ ਗਈ ਹੈ, ਦਫ਼ਤਰ ਤੇਰੇ ਮਨ ਵਿੱਚ ਵੱਸਦਾ ਹੈ ।'

ਇਹ ਗੱਲ ਬਿਲਕੁਲ ਠੀਕ ਹੈ । ਦਫ਼ਤਰ ਸੱਤਾ ਦਾ ਪ੍ਰਤੀਕ ਹੁੰਦਾ ਹੈ । ਹਰ ਕੋਈ ਰਾਜ ਕਰਨਾ ਚਾਹੁੰਦਾ ਹੈ । ਗ਼ਲਾਮ ਰਹਿਣਾ ਕਿਸ ਨੂੰ ਭਾਉਂਦਾ ਹੈ!

ਦਫ਼ਤਰ ਉੱਤੇ ਅਫ਼ਸਰ ਦਾ ਕਬਜ਼ਾ ਹੁੰਦਾ ਹੈ । ਅਫ਼ਸਰ ਦੀ ਨੱਥ ਦਫ਼ਤਰ ਦੇ ਹੱਥ ਹੁੰਦੀ ਹੈ । ਉੱਪਰ ਤੋਂ ਹੇਠਾਂ ਤੱਕ ਰਿਸ਼ਵਤ ਚੱਲਦੀ ਹੈ । ਹੇਠਾਂ ਤੋਂ ਉੱਪਰ ਤੱਕ ਖੁਸ਼ਾਮਦ ਚੱਲਦੀ ਹੈ । ਇਹ ਦਫ਼ਤਰ ਦਾ ਚਲਨ ਹੈ । ਅਪਵਾਦ ਹਰ ਥਾਂ ਮੌਜੂਦ ਹੁੰਦੇ ਨੇ, ਪਰ ਅਪਵਾਦ ਕਦੇ ਨਿਯਮ ਨਹੀਂ ਬਣਦੇ । ਵੋਟਾਂ ਦੇ ਤੰਤਰ ਵਿੱਚ ਸਿਰਾਂ ਦੀ ਗਿਣਤੀ ਹੁੰਦੀ ਹੈ । ਗਿਣਤੀ ਨਾਲ ਨਿਯਮ ਬਣਦੇ ਨੇ । ਗਿਣਤੀ ਨਾਲ ਸਰਕਾਰਾਂ ਬਣਦੀਆਂ ਨੇ । ਗਿਣਤੀ ਨਾਲ ਫ਼ੈਸਲੇ ਹੁੰਦੇ ਨੇ । ਫ਼ੈਸਲਾ ਲੈਣ ਦੇ ਅਧਿਕਾਰ ਨੂੰ ਹੀ ਸੱਤਾ ਕਹਿੰਦੇ ਨੇ । ਸੱਤਾ ਦੇ ਭਾਗੀਦਾਰ ਬਣਨ ਲਈ ਲੋਕ ਤਰਲੋਮੱਛੀ ਹੁੰਦੇ ਰਹਿੰਦੇ ਨੇ । ਬੱਸ ਵਿੱਚ ਚੜ੍ਹ ਗਿਆ ਬੰਦਾ ਖਿੜਕੀ ਰੋਕ ਕੇ ਖੜ੍ਹ ਜਾਂਦਾ ਹੈ । ਬਾਕੀਆਂ ਨੂੰ 'ਸੀਟ ਹੈ ਨਹੀਂ' ਕਹਿ ਕੇ ਪਰੇ੍ਹ ਧੱਕਦਾ ਹੈ । ਕੁਰਸੀ 'ਤੇ ਬੈਠਾ ਵਿਅਕਤੀ ਖ਼ੁਦ ਨੂੰ ਡਿਕਟੇਟਰ ਸਮਝਦਾ ਹੈ । ਅਰਜ਼ੀਆਂ ਚੁੱਕੀ ਫਿਰਦੇ ਵਿਅਕਤੀ ਉਸ ਲਈ ਕੀੜੇ ਮਕੌੜੇ ਹੁੰਦੇ ਨੇ । ਦਫ਼ਤਰ ਦਾ ਸਭ ਸਾਜ-ਸਮਾਨ, ਸਹੂਲਤੀ ਸਾਧਨ ਅਤੇ ਵਾਹਨ ਅਫ਼ਸਰਾਂ ਦੇ ਘਰਾਂ ਲਈ ਹੁੰਦੇ ਨੇ । ਕਲਾ ਕਲਾ ਲਈ ਨਹੀਂ ਹੁੰਦੀ ਪਰ ਦਫ਼ਤਰ ਦਫ਼ਤਰਾਂ ਲਈ ਹੁੰਦੇ ਨੇ ।

ਮਨੂ ਸਿਮਰਤੀ ਤਾਂ ਐਵੇਂ ਪ੍ਰਾਚੀਨ ਹੋਣ ਦਾ ਭਰਮ ਪਾਲਦੀ ਹੈ । ਦਫ਼ਤਰਾਂ ਦੀ ਵਰਣ-ਵੰਡ ਕਮਾਲ ਦੀ ਹੈ । ਵਰਣ ਦਾ ਨਾਂ ਨਹੀਂ, ਨੰਬਰ ਹੈ । ਸਿੱਕੇਬੰਦ ਅਡੰਬਰ ਹੈ । ਦਰਜਾ ਇੱਕ ਹੈ । ਦੋ ਹੈ, ਤਿੰਨ ਹੈ, ਚਾਰ ਹੈ । ਦਰਜਾ-ਬ-ਦਰਜਾ ਧੜਕਦੀ ਸਰਕਾਰ ਹੈ । ਹਰ ਦਰਜੇ ਵਿੱਚ ਵੱਖੋ ਵੱਖਰੀ ਕੋਟੀ ਹੈ । ਕੋਈ ਸਿੱਧਾ ਭਰਤੀ ਹੋਇਆ ਹੈ, ਕੋਈ ਪਰਮੋਟੀ ਹੈ । ਇੱਕੋ ਦਰਜੇ ਵਿੱਚ ਵੀ ਵੱਡਾ ਛੋਟਾ ਹੈ । ਭਿੰਨ ਭਿੰਨ ਵਰਗ ਦਾ ਆਪਣਾ ਕੋਟਾ ਹੈ । ਉੱਤੋਂ ਖਰਬੂਜ਼ਾ ਹੈ, ਅੰਦਰੋਂ ਖੱਖੜੀ ਹੈ । ਉੱਤੋਂ ਸੈਕੂਲਰ, ਮਨ ਵਿੱਚ ਨਫ਼ਰਤ ਪਾਲਦੇ ਨੇ । ਜੋ ਕੋਈ ਇਸ ਸਿਸਟਮ ਨਾਲ ਵਾਬਸਤਾ ਹੈ । ਜਾਣਦਾ ਹੈ ਕਿ ਦਫ਼ਤਰ ਦੀ ਕੈਸੀ ਪੱਕੀ ਪੀਢੀ ਵਰਣ-ਵਵਸਥਾ ਹੈ ।

7. ਭੂਮਿਕਾ ਪਿਆਰ ਦੀ

ਮੇਰੀ ਇੱਕ ਸਮੱਸਿਆ ਹੈ । ਇਸ ਬਾਰੇ ਦੋਸਤਾਂ ਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਹੈ । ਜਦੋਂ ਕਿਸੇ ਸੰਕਲਪ (ਟਾਪਿਕ, ਵਿਸ਼ੇ ਅਥਵਾ ਥੀਮ) ਬਾਰੇ ਮੈਨੂੰ ਪੁੱਛਿਆ ਜਾਂਦਾ ਹੈ ਤਾਂ ਮੈਂ ਗੰਭੀਰ ਹੋ ਜਾਂਦਾ ਹਾਂ । ਪਹਿਲਾਂ ਕਦੇ ਉਸ ਬਾਰੇ ਨਿੱਠ ਕੇ ਸੋਚਿਆ ਹੀ ਨਹੀਂ ਹੁੰਦਾ । ਸਹਿਜੇ ਹੀ ਸਰੀ ਜਾਂਦਾ ਹੈ । ਕੁਦਰਤ ਦਾ ਨੇਮ ਆਪਣਾ ਕਾਰਜ ਕਰੀ ਜਾਂਦਾ ਹੈ । ਉਚੇਤ ਵੇਲੇ ਬਿਰਤੀਆਂ ਇਕੱਤਰ ਕਰਕੇ ਮਨ-ਮੰਥਨ ਕਰਨਾ ਪੈਂਦਾ ਹੈ ।

ਹੁਣ ਜੇ ਪਿਆਰ ਬਾਰੇ ਗੱਲ ਕਰਨੀ ਹੈ ਤਾਂ ਪਹਿਲ ਪਤਾ ਤਾਂ ਹੋਵੇ ਕਿ ਇਹ ਹੈ ਕੀ? ਜਾਂ ਫਿਰ ਪਾਠਕਾਂ ਨੂੰ ਗਿਆਤ ਤਾਂ ਹੋਵੇ ਕਿ ਮੇਰੀ ਅਕਲ ਮੁਤਾਬਕ ਇਹ ਕੀ ਹੈ । ਉਂਜ ਤਾਂ 'ਪ੍ਰੇਮ' ਦੇ ਢਾਈ ਅੱਖਰ ਸ਼ੇਸ਼ ਅੱਖਰਾਵਲੀ ਉੱਤੇ ਹਾਵੀ ਦੱਸੇ ਜਾਂਦੇ ਹਨ, ਪਰ ਫਿਰ ਵੀ ਸ਼ਬਦਾਂ ਦੇ ਝੁੰਡ ਦੇ ਝੁੰਡ ਕਿਸੇ ਹੋਰ ਹੀ ਪਾਸੇ ਨੂੰ ਪਤਾ ਨਹੀਂ ਕਿਉਂ ਨੱਸੇ ਜਾਂਦੇ ਹਨ । ਗਿਆਨ ਵਾਂਗੂੰ 'ਪ੍ਰੇਮ' ਦੇ ਗਲ਼ ਵਿੱਚ ਵੀ ਲੋਕਾਂ ਦੇ ਰੱਸਾ ਪਾਇਆ ਹੋਇਆ ਹੈ । ਹਰ ਕੋਈ 'ਹੰਢਾਇਆ ਹੋਇਆ ਅਨੁਭਵ' ਚੁੱਕੀ ਫਿਰਦਾ ਹੈ । ਪਰਿਭਾਸ਼ਾ ਦੇਂਦਾ ਹੈ । ਤਰਕ ਦੇਂਦਾ ਹੈ । ਸਿੱਧ ਕਰਦਾ ਹੈ । ਬਿਨਾਂ ਸੁਣਿਆ ਭਰਮ ਪਾਲਦਾ ਹੈ ਕਿ ਸੁਣਨ ਵਾਲਾ ਉਹਦੇ 'ਸੱਚ' ਦੀ ਹਾਮੀ ਭਰਦਾ ਹੈ ।

ਸ਼ੁਰੂ ਵਿੱਚ ਹੀ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਨੂੰ ਸਿੱਕੇਬੰਦ 'ਪਿਆਰ' ਦਾ ਕੋਈ ਅਨੁਭਵ ਨਹੀਂ । ਪਾਠਕ, ਵਿਦਿਆਰਥੀ ਅਤੇ ਅਧਿਆਪਕ ਹੋਣ ਦੇ ਨਾਤੇ ਵਿਦਵਾਨਾਂ, ਰਹੱਸ ਦਰਸ਼ੀਆਂ ਅਤੇ ਸਾਹਿਤਕਾਰਾਂ ਦੇ ਵਿਚਾਰ ਪੜ੍ਹਨ/ਜਾਨਣ ਦਾ ਅਵਸਰ ਮਿਲਦਾ ਆ ਰਿਹਾ ਹੈ । ਸਭ ਨੇ ਬਹੁਤ ਕੁਝ ਕਿਹਾ ਹੈ । ਪਰ ਲੱਗਦਾ ਹੈ ਕਿ ਭਾਵੇਂ ਕਹਿਣ ਵਾਲਾ ਤਾਂ ਆਪਣੀ ਜਾਣੇ ਸਭ ਕੁਝ ਕਹਿ ਗਿਆ ਹੈ, ਫੇਰ ਵੀ ਬੜਾ ਕੁਝ ਬਾਕੀ ਰਹਿ ਗਿਆ ਹੈ । ਦੁਬਿਧਾ ਦੇ ਦੋ ਪੱਖ ਹੁੰਦੇ ਹਨ : ਆਕਰਸ਼ਣ ਤੇ ਵਿਕਰਸ਼ਣ । ਅਨੁਕੂਲ ਨੂੰ ਆਪਣੇ ਵੱਲ ਖਿੱਚਣਾ ਤੇ ਪ੍ਰਤਿਕੂਲ ਨੂੰ ਪਰੇ ਧੱਕਣਾ । ਇਹ ਕਰਮ/ਪ੍ਰਤਿਕਰਮ ਮਨੁੱਖ ਦੀ ਸਥਿਤੀ, ਪਰਿਸਥਿਤੀ ਜਾਂ ਮਨੋਸਥਿਤੀ ਅਨੁਸਾਰ ਬਦਲਦਾ ਰਹਿੰਦਾ ਹੈ । ਅਨੁਕੂਲ ਨੂੰ ਜ਼ਮਾਨਾ 'ਪਿਆਰ' ਅਤੇ ਪ੍ਰਤਿਕੂਲ ਨੂੰ 'ਨਫ਼ਰਤ' ਕਹਿੰਦਾ ਹੈ । ਦੁਬਿਧਾ ਦਾ ਇਹ ਰਿਸ਼ਤਾ ਹਰ ਜੋੜੇ ਵਿੱਚ ਹੈ । ਵਿਰੋਧੀ ਿਲੰਗਾਂ ਦਰਮਿਆਨ ਕੁਦਰਤੀ ਖਿੱਚ ਹੈ । ਇਹ ਖਿੱਚ ਕਿਸੇ ਲਈ ਪ੍ਰੇਰਨਾ ਹੈ, ਕਿਸੇ ਲਈ ਬਿਮਾਰੀ ਹੈ । ਕਿਸੇ ਲਈ 'ਅਫ਼ੀਮ' ਹੈ ਕਿਸੇ ਲਈ 'ਖ਼ੁਮਾਰੀ' ਹੈ । ਇਸੇ ਲਈ ਆਦਿ ਕਾਲ ਤੋਂ ਹੀ ਵਿਚਾਰੇ 'ਪਿਆਰ' ਦੀ ਖਿੱਚ-ਧੂਹ ਜਾਰੀ ਹੈ । ਕੋਈ ਇਸ ਤੋਂ ਡਰ ਕੇ ਨੱਸਿਆ ਹੈ । ਕੋਈ ਇਸ ਵਿੱਚ ਗਲ਼ ਗਲ਼ ਧੱਸਿਆ ਹੈ । ਪਤਾ ਨਹੀਂ ਇਹ ਕਿਹੋ ਜੇਹੀ ਸਮੱਸਿਆ ਹੈ?

ਪਿਆਰ ਦਾ ਆਪਣਾ ਕੋਈ ਵਿਸ਼ੇਸ਼ ਰੰਗ ਨਹੀਂ । ਹਰ ਸੰਪਰਕ ਵਿੱਚ ਆਉਣ ਵਾਲੇ ਨੂੰ ਇਸ ਦੇ ਕਿਸੇ ਨਾ ਕਿਸੇ ਰੰਗ ਦੀ ਕੋਈ ਵੱਖਰੀ ਹੀ ਭਾਹ ਭਾਸਦੀ ਹੈ । ਬਜ਼ਾਤੇ ਖ਼ੁਦ ਇਹ ਰੰਗਹੀਨ ਹੈ, ਕਿਰਨ ਵਾਂਗ । ਪਰ ਇਸ ਵਿੱਚ ਸੱਤ ਨਹੀਂ, ਸੱਤਰ ਵੀ ਨਹੀਂ, ਸੱਤ ਸੌ ਵੀ ਨਹੀਂ... ਅਨੇਕ ਵੀ ਨਹੀਂ... ਸਗੋਂ ਅਨੰਤ ਰੰਗ ਹਨ । ਇਸ ਨੂੰ ਦਰਪਣ ਦੀ ਉਦਾਹਰਣ ਰਾਹੀਂ ਸੌਖਿਆ ਸਮਝਿਆ ਜਾ ਸਕਦਾ ਹੈ । ਜਿੰਨੀਆਂ ਸੂਰਤਾਂ, ਓਨੀਆਂ ਮੂਰਤਾਂ । ...ਜਾ ਕੀ ਰਹੀ ਭਾਵਨਾ ਜੈਸੀ । ਪ੍ਰਭੂ ਮੂਰਤਿ ਦੇਖੀ ਤਿਨ ਤੈਸੀ¨ 'ਪਿਆਰ' ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਧ ਚਿੱਥਿਆ- ਚਗਲਿਆ ਸ਼ਬਦ ਹੈ । ਜ਼ਿੰਦਗੀ ਦੇ ਹਰ ਚੰਗੇ-ਮਾੜੇ ਖੇਤਰ ਵਿੱਚ ਇਸ ਦੀ ਅੰਨ੍ਹੇਵਾਹ ਵਰਤੋਂ ਹੁੰਦੀ ਆ ਰਹੀ ਹੈ । ਹਰ ਕੋਈ ਇਸ ਦੀ ਦੁਹਾਈ ਦੇਂਦਾ ਹੈ । ਵਾਸਤਾ ਪਾਉਂਦਾ ਹੈ । ਮੰਗਦਾ ਫਿਰਦਾ ਹੈ ।...ਨਹੀਂ ਮਿਲਦਾ ਤਾਂ ਗਾਲ੍ਹਾਂ ਕੱਢਦਾ ਹੈ । ਭੰਡੀ ਕਰਦਾ ਹੈ । ਦੂਜੇ ਨੂੰ ਦੰਭੀ-ਦਗ਼ਾਬਾਜ਼ ਕਹਿੰਦਾ ਹੈ । ...ਇਹ ਤਮਾਸ਼ਾ ਲਗਾਤਾਰ ਹੁੰਦਾ ਰਹਿੰਦਾ ਹੈ । ਹੁੰਦਾ ਆਇਆ ਹੈ । ਸਾਰਾ ਸ਼ਬਦ ਸੱਭਿਆਚਾਰਕ ਏਸੇ ਪ੍ਰਕਿਰਿਆ ਦਾ ਜਾਇਆ ਹੈ । ...ਇਹ ਸਭ 'ਸ਼ਬਦ-ਬ੍ਰਹਮ' ਦੀ ਮਾਇਆ ਹੈ ।

ਦੁਨੀਆਂ ਵਿੱਚ ਬੜੀ ਕਿਸਮ ਦੇ ਧੰਦੇ ਹਨ । ਹਰ ਧੰਦੇ ਦਾ ਕੋਈ ਨਾ ਕੋਈ ਨਾਂ ਹੈ । ਪਰ ਜੇਕਰ ਸਿਰਫ਼ 'ਧੰਦਾ' ਬੋਲਿਆ ਜਾਏ ਤਾਂ ਇਸ ਦਾ ਭਾਵ 'ਜ਼ਿਸਮ-ਫ਼ਰੋਸ਼ੀ' ਹੀ ਲਿਆ ਜਾਵੇਗਾ । ਸਭ ਤੋਂ ਪੁਰਾਣਾ ਤੇ ਬਦਨਾਮ ਧੰਦਾ ।

ਦੁਨੀਆਂ ਵਿੱਚ ਬੜੀ ਕਿਸਮ ਦੇ ਪੀਣ ਵਾਲਾ ਪਦਾਰਥ ਹਨ : ਪਾਣੀ, ਲੱਸੀ, ਚਾਹ, ਕਾਫ਼ੀ.... । ਪਰ ਜੇ ਗੱਲ ਸਿਰਫ਼ 'ਪੀਣ' ਦੀ ਹੀ ਕੀਤੀ ਜਾਏ ਤਾਂ ਧਿਆਨ 'ਸ਼ਰਾਬ' ਵੱਲ ਹੀ ਜਾਏਗਾ । ਸਭ ਤੋਂ ਪੁਰਾਣਾ ਤੇ ਬਦਨਾਮ ਪੇਯ-ਪਦਾਰਥ । ਦੁਨੀਆਂ ਸ਼ਬਦਾਵਲੀ ਵਿੱਚ 'ਅਪਣੱਤ' ਜ਼ਾਹਿਰ ਕਰਨ ਵਾਲੇ ਕਿਸਮ-ਕਿਸਮ ਦੇ ਸ਼ਬਦ ਹਨ : ਮੋਹ, ਮੁਹੱਬਤ, ਦੋਸਤੀ, ਮਮਤਾ.... । ਪਰ ਜੇ ਕੇਵਲ 'ਪਿਆਰ ਕਰਨ' ਦੀ ਪੇਸ਼ਕਸ਼ ਕੀਤੀ ਜਾਏ ਤਾਂ ਉਂਗਲ ਸਿਰਫ਼ 'ਕਾਮ' ਕੰਨੀਂ ਉਠੇਗੀ । ਜਾਇਜ਼-ਨਜਾਇਜ਼ ਸਰੀਰਕ ਸੰਬੰਧ । ...ਸਭ ਤੋਂ ਪੁਰਾਣਾ ਤੇ ਸਭ ਤੋਂ ਵੱਧ ਚਿੱਥਿਆ-ਚਗਲਿਆ ਹੋਇਆ ਸ਼ਬਦ । ਕਿਸੇ ਲਈ ਦੇਵਤਾ ਹੈ, ਕਿਸੇ ਲਈ ਗੰਦ ਹੈ । ਆਪੋ ਆਪਣੀ ਪਸੰਦ ਹੈ । ਆਪੋ ਆਪਣਾ ਆਨੰਦ ਹੈ ।

.............

ਕੀਟ ਪਤੰਗ ਤੋਂ ਲੈ ਕੇ ਹਰ ਪੀਰ-ਪੈਗ਼ੰਬਰ ਵਾਂਗ ਮੇਰੀ ਜ਼ਿੰਦਗੀ ਦਾ ਅਸਲ ਮਕਸਦ ਵੀ 'ਆਨੰਦ' ਹੀ ਹੈ । ਆਨੰਦ ਯਾਨੀ ਅਜਿਹੀ ਖੁਸ਼ੀ ਜੋ ਸਦਾ ਕਾਇਮ ਰਹੇ, ਕਦੇ ਘਟੇ ਨਾ, ਸਦਾ ਵਧਦੀ ਰਹੇ । ਇਸ ਮੰਜ਼ਿਲ ਨੂੰ ਆਉਣ ਦਾ ਇੱਕੋ-ਇੱਕ ਮਾਰਗ ਹੈ : ਪਿਆਰ । ...ਪਿਆਰ, ਜੋ ਬੰਧਨ ਨਹੀਂ, ਮੁਕਤੀ ਪ੍ਰਦਾਨ ਕਰਦਾ ਹੈ । ਸਭ ਦੀ ਸੁਤੰਤਰਤਾ ਦਾ ਸਨਮਾਨ ਕਰਦਾ ਹੈ । ...ਇਹ ਗੱਲਾਂ ਮੈਨੂੰ ਕਦੇ ਕਿਤਾਬੀ ਜਿਹੀਆਂ ਲੱਗਦੀਆਂ ਹੁੰਦੀਆਂ ਸਨ । ਹੁਣ ਇਹ ਟਾਪਿਕ ਮਨ-ਭਾਉਂਦਾ ਹੈ । ਡਿਸਕਸ ਕਰਕੇ ਆਨੰਦ ਆਉਂਦਾ ਹੈ । ਆਓ ਜ਼ਰਾ ਪਿਆਰ ਦਾ ਪੁੱਠਾ ਪਾਸਾ ਵੀ ਵੇਖੀਏ । ਇਹ ਨਫ਼ਰਤ ਹੈ । ਮੈਨੂੰ ਬੱਸ ਏਸੇ ਤੋਂ ਨਫ਼ਰਤ ਹੈ । ਨਫ਼ਰਤ ਦਾ ਸਿੱਧਾ ਪਾਸਾ ਵੀ ਬੇਲੋੜਾ ਲੱਗਦਾ ਹੈ । ਪਿਆਰ ਕਿੰਨਾ ਵੀ ਹੋਵੇ, ਥੋੜ੍ਹਾ ਲੱਗਦਾ ਹੈ । ਫੇਰ ਵੀ ਕਹਿਣ ਤੋਂ ਡਰਦਾ ਹਾਂ ਕਿ... ਮੈਂ ਕਿਸੇ ਨੂੰ ਪਿਆਰ ਕਰਦਾ ਹਾਂ ।

ਪਿਆਰ ਤਾਂ ਮੇਰਾ ਸੁਭਾਅ ਹੈ । ਜੋ 'ਹੁੰਦਾ' ਹੈ, ਕੀਤਾ ਨਹੀਂ ਜਾਂਦਾ । ਪਿਆਰ ਕਰਮ ਨਹੀਂ, ਕਰਮ ਕਰਨ ਦਾ ਸਲੀਕਾ ਹੈ । ਸਾਹ ਲੈਣ ਦਾ ਤਰੀਕਾ ਹੈ । ਪਿਆਰ ਤਾਂ ਪ੍ਰਾਣ ਹੈ । ਪਿਆਰ ਬਿਨਾਂ ਦੇਹ ਮਸਾਣ ਹੈ । ਬੇਪਛਾਣ ਹੈ ।

ਮੈਂ ਪਿਆਰ ਵਿੱਚ ਮੋਏ ਹੋਏ ਬੰਦਿਆਂ ਦੇ ਮਿੱਠੇ ਬਚਨਾਂ ਨੂੰ ਕਵਿਤਾ ਵਾਂਗ ਪੜ੍ਹਿਆ ਹੈ । ਮੈਂ ਪਿਆਰ ਵਿਚ ਜੀਅ ਰਹੇ ਪਿਆਰਿਆਂ ਸਚਿਆਰਿਆਂ ਦਾ ਅਨੇਕਾਂ ਵਾਰ ਧਿਆਨ ਧਰਿਆ ਹੈ । ਉਹ ਸਿਰਫ ਵਿਚਰਦੇ ਨੇ, ਲਿਬੜਦੇ ਜਾਂ ਲਿਬੇੜਦੇ ਨਹੀਂ ।

ਉਹ ਨਿਰਭਰ ਨਹੀਂ, ਨਿਰਭਾਰ ਹੁੰਦੇ ਨੇ । ਛਿੜਦੇ ਜਾਂ ਛੇੜਦੇ ਨਹੀਂ । ਮੈਂ ਉਹਨਾਂ ਦਾ ਬਹੁਤ ਕੁਝ ਲਿਆ ਹੈ । ਆਪਣਾ ਬਹੁਤ ਕੁਝ ਛੱਡਿਆ ਹੈ । ਮਨ ਛੱਡਣ ਲਈ ਤਿਆਰ ਹੈ ਤਾਂ ਸਮਝ ਲਓ ਪਿਆਰ ਹੀ ਪਿਆਰ ਹੈ ।

ਕਾਵਿ-ਸ਼ਾਸਤਰੀਆਂ ਦੇ ਨੌਂ ਰਸਾਂ ਵਿੱਚੋਂ ਇੱਕ 'ਸ਼ਾਂਤ ਰਸ' ਵੀ ਹੁੰਦਾ ਹੈ । ਅਸਲ ਵਿੱਚ ਇਹ ਰਸ ਹੀ ਨਹੀਂ ਹੁੰਦਾ । ਇਸ ਦਾ ਆਪਣਾ ਕੋਈ ਰਸ ਨਹੀਂ ਹੁੰਦਾ । ਬਾਕੀ ਅੱਠੇ ਰਸ ਇਸ 'ਚੋਂ ਪੈਦਾ ਹੁੰਦੇ ਹਨ ਅਤੇ ਕਿਰਿਆ-ਕਲਪ ਕਰਕੇ ਇਸ ਵਿੱਚ ਸਮਾ ਜਾਂਦੇ ਹਨ । ਪਿਆਰ ਵੀ ਮੇਰੇ ਲਈ ਇਸੇ ਤਰ੍ਹਾਂ ਦਾ ਭਾਵ ਹੈ । ਸਭ ਬਿਰਤੀਆਂ-ਪਰਵਿਰਤੀਆਂ ਇਸੇ 'ਚੋਂ ਉਪਜਦੀਆਂ ਹਨ ਤੇ ਇਸ ਵਿੱਚ ਬਿਸਰਾਮ ਪਾਉਂਦੀਆਂ ਹਨ । ਜੋ ਸਭ ਕਾਸੇ ਦਾ ਅਧਾਰ ਹੈ, ਬਸ ਓਨੀ ਪਿਆਰ ਹੈ ।

.........

ਮੈਂ ਸਮੁੰਦਰ ਨੂੰ ਕੁੱਜੀ ਵਿੱਚ ਬੰਦ ਕਰਨ ਦੀ ਕੋਸ਼ਿਸ਼ ਵਿੱਚ ਵਿਚਾਰਾ ਜਿਹਾ ਬਣ ਕੇ ਰਹਿ ਗਿਆ ਹਾਂ । ਥੱਕ ਕੇ ਬਹਿ ਗਿਆ ਹਾਂ । ਹੁਣ ਇਸ ਵਿਚ ਹੀ ਭਲਾ ਹੈ ਕਿ ਕੁੱਜੀ ਨੂੰ ਸਮੁੰਦਰ ਦੇ ਹਵਾਲੇ ਕਰ ਦਿਆਂ । ਸਭ ਵਾਦਾਂ-ਪ੍ਰਤਿਵਾਦਾਂ ਨੂੰ ਇੱਕ ਪਾਸੇ ਧਰ ਦਿਆਂ । ਸਭ ਪੂਰਵ-ਧਾਰਨਾਵਾਂ ਅਤੇ ਪੂਰਵ-ਆਗਿ੍ਹਾਂ ਤੋਂ ਖਾਲੀ ਹੋ ਜਾਵਾਂ । ਬਿਲਕੁੱਲ ਖਾਲੀ ਹੱਥ ਪਿਆਰ ਦੇ ਦਰ 'ਤੇ ਸਵਾਲੀ ਹੋ ਜਾਵਾਂ ।

ਇਸ ਕਾਰਜ ਲਈ ਖ਼ੁਦ ਨੂੰ ਕਿਵੇਂ ਤਿਆਰ ਕਰਾਂ? । ਪਿਆਰ ਬਾਰੇ ਗੱਲਾਂ ਨਾ ਕਰਾਂ, ਬੱਸ ਪਿਆਰ ਕਰਾਂ¨ ਇਸ ਸੰਖੇਪ ਜਿਹੇ ਅੰਤਰਾਲ ਲਈ ਮੈਂ ਤੁਹਾਡੇ ਤੋਂ ਖਿਮਾ ਚਾਹੁੰਦਾ ਹਾਂ । ਤੁਸੀਂ ਜ਼ਰਾ ਪਹਿਲੇ ਪੜ੍ਹੇ ਨੂੰ ਵਿਚਾਰੋ, ਮੈਂ ਹੁਣੇ ਆਉਂਦਾ ਹਾਂ ।

.........

ਪਿਆਰ ਨੂੰ ਸਿਰਫ਼ ਉਹਦੇ 'ਰੁਖ' ਤੋਂ ਜਾਣਿਆ ਜਾ ਸਕਦਾ ਹੈ, ਹਵਾਂ ਵਾਂਗ ।
ਪਿਆਰ ਨੂੰ ਸਿਰਫ਼ ਉਹਦੇ 'ਵਹਾਅ' ਤੋਂ ਜਾਣਿਆ ਜਾ ਸਕਦਾ ਹੈ, ਪਾਣੀ ਵਾਂਗ ।
ਪਿਆਰ ਨੂੰ ਸਿਰਫ਼ ਉਹਦੀ 'ਤਪਸ਼' ਤੋਂ ਜਾਣਿਆ ਜਾ ਸਕਦਾ ਹੈ, ਅਗਨੀ ਵਾਂਗ ।
ਪਿਆਰ ਨੂੰ ਸਿਰਫ਼ ਉਹਦੀ 'ਸਿਰਜਕ ਸ਼ਕਤੀ' ਤੋਂ ਜਾਣਿਆ ਜਾ ਸਕਦਾ ਹੈ, ਧਰਤੀ ਵਾਂਗ ।
ਪਿਆਰ ਨੂੰ ਸਿਰਫ਼ ਉਹਦੀ 'ਵਿਸ਼ਾਲਤਾ' ਤੋਂ ਜਾਣਿਆ ਜਾ ਸਕਦਾ ਹੈ, ਆਕਾਸ਼ ਵਾਂਗ ।
ਹਰ ਤੱਤ ਪਿਆਰ ਦਾ ਤੱਤ ਹੈ । ਬਸ ਏਹੋ 'ਪਿਆਰ' ਦਾ ਤੱਤ ਹੈ ।
ਜੋ ਦੱਸਿਆ ਨਹੀਂ ਜਾ ਸਕਦਾ ਸਿਰਫ਼ ਜਾਣਿਆ ਜਾ ਸਕਦਾ ਹੈ ।
ਅਤੇ ਜਾਨਣ ਦੀ ਵਿਧੀ 'ਸੰਘਰਸ਼' ਨਹੀਂ, 'ਸਮਰਪਣ' ਹੈ ।

ਪਿਆਰ ਵਿੱਚੋਂ ਜਦੋਂ ਤੱਕ ਰਿਸ਼ਤੇ ਨਜ਼ਰ ਆਉਂਦੇ ਰਹੇ,
ਪਿਆਰ ਅਧੂਰਾ ਰਿਹਾ ।
ਜਦੋਂ ਤੋਂ ਰਿਸ਼ਤਿਆਂ 'ਚੋਂ ਪਿਆਰ ਨਜ਼ਰ ਆਉਣ ਲੱਗਾ ਹੈ, ਦ੍ਰਿਸ਼ਟੀ ਬਦਲ ਗਈ ਹੈ ।
ਹੁਣ ਮੈਂ ਕਿਸੇ ਦੇ ਪ੍ਰਤੀ ਬੇਧਿਆਨ ਤਾਂ ਹੋ ਸਕਦਾ ਹਾਂ, ਉਸ ਨੂੰ ਨਫ਼ਰਤ ਨਹੀਂ ਕਰ ਸਕਦਾ ।
ਕਿਸੇ ਨਾਲ ਰੁੱਸ ਸਕਦਾ ਹਾਂ, ਉਸ ਦਾ ਅਪਮਾਨ ਨਹੀਂ ਕਰ ਸਕਦਾ ।
ਖ਼ਾਮੋਸ਼ ਰਹਿ ਸਕਦਾ ਹਾਂ, ਮੰਦਾ ਨਹੀਂ ਬੋਲ ਸਕਦਾ ।
ਹਾਂ, ਇਸ ਘੜੀ ਮੇਰੀ ਏਹੋ ਦਸ਼ਾ ਹੈ ।
ਸ਼ਾਇਦ ਇਹ 'ਪਿਆਰ' ਦਾ ਨਸ਼ਾ ਹੈ ।
ਸਵਰਗ ਜਾਣਾ ਹੈ ਤਾਂ ਖ਼ੁਦ ਮਰ ਕੇ ਵੇਖੋ ।
ਪਿਆਰ ਮੰਗੋ ਨਾ, ਕਰਕੇ ਵੇਖੋ ।

.............

ਪਿਆਰ ਦੀ ਖੇਡ ਚੱਲਦੀ ਰਹਿੰਦੀ ਹੈ । ਪਹਿਲਾਂ ਦੂਸਰੇ ਨੂੰ ਲੱਭਦੀ ਰਹਿੰਦੀ ਹੈ । ਫੇਰ ਦੂਸਰੇ ਨੂੰ ਦੱਬਦੀ ਰਹਿੰਦੀ ਹੈ । ਹੈ ਇਹ ਖੇਡ ਹੀ । ਜਿੱਤ-ਹਾਰ ਵੀ ਖੇਡ ਵਰਗੀ ਹੀ ਹੁੰਦੀ ਹੈ । ਕਦੇ ਢਾਲ । ਕਦੇ ਤਲਵਾਰ । ਇੱਕ ਪਾਰੀ ਮੁੱਕੀ ਦੂਜੀ ਤਿਆਰ । ਮੈਂ ਪਿਆਰ ਦੇ ਕੋਈ 'ਪ੍ਰਯੋਗ' ਨਹੀਂ ਕੀਤੇ । ਵਾਹ ਲੱਗਦੇ, ਜਾਣ-ਬੁੱਝ ਕੇ ਕਦੇ ਵੀ ਕੁਝ ਨਹੀਂ ਕੀਤਾ । ਵਾਹ ਪਿਆ ਤਾਂ ਰਾਹ ਵੀ ਮਿਲ ਗਿਆ । ਦੂਜਾ ਰਾਹ ਖੁੱਲ੍ਹ ਜਾਂਦਾ ਹੈ, ਜਦੋਂ ਇੱਕ ਬੰਦ ਹੁੰਦਾ ਹੈ । ਸ਼ੌਕ ਦਾ, ਇੰਤਜ਼ਾਰ ਦਾ ਵੱਖਰਾ ਹੀ ਆਨੰਦ ਹੁੰਦਾ ਹੈ ।

ਦੱਸਿਆ ਹੈ ਨਾ ਕਿ ਕਿਸੇ ਇੱਕ ਵਿਅਕਤੀ, ਵਸਤੂ ਅਥਵਾ ਸਥਾਨ ਨਾਲ ਉਲਾਰ ਕਿਸਮ ਦਾ ਮੋਹ ਕਦੇ ਪਨਪਣ ਨਹੀਂ ਦਿੱਤਾ । 'ਮੈਂ' ਅਤੇ 'ਮੇਰਾ' ਨੇ ਕਦੇ ਬਹੁਤਾ ਘੇਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ । ਸੰਸਕਾਰ ਵਜੋਂ ਪ੍ਰਾਪਤ ਹੋਏ, 'ਸੰਤੋਖ ਧਨ' ਅਤੇ ਵਿਰਾਸਤੀ ਅਧਿਆਤਮਕਤਾ ਨੇ ਉਲਾਰਪੁਣੇ ਦੀਆਂ ਸਾਰੀਆਂ ਨੁੱਕਰਾਂ, ਹੌਲੀ-ਹੌਲੀ ਭੋਰ ਦਿੱਤੀਆਂ ਹਨ । ਏਸੇ ਲਈ ਅੱਜ ਦੀ ਇਸ ਉੱਤਰ-ਆਧੁਨਿਕ ਸਭਾ ਵਿੱਚ ਮੇਰੇ ਕਹੇ ਹੋਏ ਫ਼ਿਕਰੇ ਬਹੁਤਿਆਂ ਨੂੰ ਗੋਲ-ਮੋਲ ਲੱਗਣਗੇ, ਜਾਂ ਫਿਰ ਓਪਰੇ ਬੋਲ ਲੱਗਣਗੇ । ...ਪਰ ਜ਼ਰੂਰੀ ਨਹੀਂ ਕਿ ਮੇਰੇ ਪੱਖ ਅਤੇ ਤੁਹਾਡੀ ਅੱਖ ਵਿੱਚ ਸਹਿਮਤੀ ਹੋਏ ।

ਪ੍ਰੇਮ-ਕੀੜਾ ਮਹਿਜ਼ ਕਾਮ ਕ੍ਰੀੜਾ ਨਹੀਂ, ਜਿਸ ਨੂੰ ਪਰਦਿਆਂ ਦੀ ਲੋੜ ਪਵੇ । ਇਹ ਤਾਂ ਸਹਿਜ ਕਿਰਿਆ ਹੈ । ਸਰਬ-ਵਿਆਪਕ ਹੈ । ਕੰਧਾਂ ਢਾਹੁੰਦੀ ਹੈ । ਪਰਦੇ ਲਾਹੁੰਦੀ ਹੈ । ਜ਼ਿੰਦਗੀ ਨੂੰ ਜੀਣ-ਯੋਗ ਬਣਾਉਂਦੀ ਹੈ ।

ਇਹ ਰੂਪਾਂਤਰਣ ਦਾ ਮਾਧਿਅਮ ਹੈ । ਫੈਸਲਾਕੁੰਨ ਮੋੜ ਹੈ । ਆਦਿ-ਜੁਗਦੀ ਅਜ਼ਮੂਦਾ ਨੁਸਖਾ ਹੈ, ਬੇਜੋੜ ਹੈ । ਬੱਸ, ਧਿਆਨ ਨੂੰ 'ਓਧਰੋਂ' ਪੁੱਟ ਕੇ 'ਏਧਰ' ਲਾਉਣ ਦੀ ਲੋੜ ਹੈ ।

ਸ਼ੁਕਰੀਆ ਦੋਸਤੋ! ਤੁਸੀਂ ਪਿਆਰ ਦੀ ਆੜ ਵਿੱਚ ਮੇਰੀਆਂ ਵਧੀਕੀਆਂ ਜ਼ਰ ਲਈਆਂ । ਅੱਜ ਮੈਂ 'ਤੁਹਾਡੇ' ਬਹਾਨੇ ਖ਼ੁਦ ਨਾਲ ਕੁਝ ਗੱਲਾਂ ਕਰ ਲਈਆਂ ।

8. ਆਨੰਦ ਬੇ-ਸਬੱਬ ਹੁੰਦਾ ਏ

ਜੇ ਸਬੱਬ ਬਣਿਆ ਹੀ ਏ ਤਾਂ ਪਹਿਲਾਂ ਆਨੰਦ ਦੀ ਗੱਲ ਕਰਨੀ ਬਣਦੀ ਏ ।

...ਪਰ 'ਆਨੰਦ' ਤਾਂ ਸੁਪਨਾ; ਸੰਕਲਪ ਏ । ਇਹਦੇ ਬਾਰੇ ਕੋਈ ਕੀ ਬੋਲੇ, ਕੀ ਲਿਖੇ । ਨਿੱਜੀ ਅਨੁਭਵ ਕਦੇ ਹੋਇਆ ਨਹੀਂ ਤੇ ਕਿਤਾਬੀਂ ਗੱਲਾਂ ਨੇ ਤਾਂ ਅੱਗੇ ਈ ਪ੍ਰਦੂਸ਼ਣ ਫੈਲਾਇਆ ਹੋਇਆ ਏ । ਮੰਡੀ ਵਿੱਚ ਹੜ੍ਹ ਆਇਆ ਹੋਇਆ ਏ । ਮੀਡੀਆ ਨੇ ਤੂਫ਼ਾਨ ਮਚਾਇਆ ਹੋਇਆ ਏ!

ਸਾਡੇ ਸੰਸਕਾਰ, ਸਮਾਜਕ ਸਿਖਲਾਈ ਅਤੇ ਸਿੱਖਿਆ ਸਿਲੇਬਸ ਸਾਨੂੰ ਆਨੰਦ ਵਾਲੇ ਪਾਸੇ ਮੂੰਹ ਹੀ ਨਹੀਂ ਕਰਨ ਦੇਂਦੇ । ਨਾ ਆਪਣੇ ਆਕਾਸ਼ ਵਿੱਚ ਉੱਡਣ ਦੇਂਦੇ, ਨਾ ਆਪਣੇ ਪਾਣੀਆਂ 'ਚ ਤਰਨ ਦੇਂਦੇ । ਨਿਸ਼ਚਿਤ ਚੌਖਟੇ ਤੋਂ ਏਧਰ ਓਧਰ ਕਦਮ ਨਹੀਂ ਧਰਨ ਦੇਂਦੇ । ਬਣੇ-ਬਣਾਏ ਖਾਕੇ ਵਿੱਚ ਨਵਾਂ ਰੰਗ ਵੀ ਨਹੀਂ ਭਰਨ ਦੇਂਦੇ... ਆਪਣੇ ਤੱਕ ਪੁੱਜਣ ਦੇ ਸਾਰੇ ਰਸਤੇ ਬੰਦ । ਕੀ ਕਰੇ ਆਨੰਦ!

ਆਨੰਦ ਮਨੁੱਖ ਦੀ ਹੀ ਨਹੀਂ, ਪ੍ਰਾਣੀ ਮਾਤਰ ਦੀ ਲੋੜ ਏ, ਮੰਗ ਏ, ਮੰਜ਼ਿਲ ਏ । ਸਭ ਨੂੰ ਚਾਹੀਦਾ ਏ । ਕੋਈ ਕੁਝ ਵੀ ਕਰ ਰਿਹਾ ਹੋਵੇ, ਆਨੰਦ ਹੀ ਮਕਸਦ ਏ । ਦੁੱਖ ਨੂੰ ਪਰੇ ਧੱਕਣਾ ਚਾਹੁੰਦਾ ਏ, ਸੁੱਖ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਏ । ਇਹ ਕਰਮ ਵਾਹੋਦਾਹੀ ਕਰਦਾ, ਸਾਹੋ-ਸਾਹੀ ਹੋਇਆ ਰਹਿੰਦਾ ਏ । ਸ਼ਾਂਤੀ ਦੀ ਭਾਲ ਵਿੱਚ ਭਟਕਦਾ ਏ । ਆਰਾਮ ਦੀ ਤਲਾਸ਼ ਵਿੱਚ ਬੇਆਰਾਮ ਹੋਇਆ ਪਿਆ ਏ । ਸੁੱਖ ਲੱਭਣ ਨਿਕਲਿਆ ਸੀ, ਦੁੱਖ ਵਿਹਾਜੀ ਜਾਂਦਾ ਏ । ਇੰਦਰੀਆਂ ਜਿਸ ਨੂੰ ਆਨੰਦ ਕਹਿੰਦੀਆਂ ਨੇ, ਬਸ, ਕਹਿ ਕੇ ਪਛਤਾਉਂਦੀਆਂ ਰਹਿੰਦੀਆਂ ਨੇ । ਸੁਣਵਾਈ ਕਤੱਈ ਨਹੀਂ ਹੁੰਦੀ, ਸਿਰਫ਼ ਤਰੀਕਾਂ ਭੁਗਤਣੀਆਂ ਪੈਂਦੀਆਂ ਨੇ ।

ਪਰਮ-ਆਨੰਦ ਦੀ ਅਵਸਥਾ ਤਾਂ ਸਤਿ-ਚਿਤ-ਆਨੰਦ ਦੀ ਅਨੁਭੂਤੀ 'ਚ ਉਤਰਨ ਨਾਲ ਹੀ ਪਤਾ ਚੱਲ ਸਕਦੀ ਏ । ਉਸ ਹਾਲਤ ਵਿੱਚ ਅੰਸ਼ ਤੇ ਅੰਸ਼ੀ ਦਾ ਸਮਾਵੇਸ਼ ਹੋ ਜਾਂਦਾ ਏ । ਦੱਸਣ ਲਈ ਬਚਦਾ ਹੀ ਕੋਈ ਨਹੀਂ । ਦੱਸਣ ਲਈ ਰਹਿੰਦਾ ਹੀ ਕੁਝ ਨਹੀਂ । ਇਹ ਟਾੱਪਿਕ ਹੀ ਅਜਿਹਾ ਹੈ ਕਿ ਸੌਖੇ ਹੋਣ ਲਈ ਪਹਿਲਾਂ ਔਖੇ ਹੋਣਾ ਪਏਗਾ । ਇਹ ਔਖ ਪਿੱਛੋਂ ਜਾ ਕੇ ਚੰਗੀ ਲੱਗ ਸਕਦੀ ਏ । ਇਸ ਲਈ ਹਾਲ ਦੀ ਘੜੀ ਕੰਨਾਂ ਨੂੰ ਸੁਚੇਤ ਰਪੂ ਵਿੱਚ ਜਾਗਣਾ ਪਏਗਾ ।

ਆਨੰਦ ਦੇ ਜਿੰਨੇ ਵੀ ਰੂਪਾਂ ਦਾ ਸਾਨੂੰ ਅਨੁਭਵ ਹੈ, ਉਹ ਸਾਰੇ ਥੋੜ੍ਹ-ਚਿਰੇ ਨੇ; ਲਗਾਤਾਰ ਘਟਦੇ ਰਹਿੰਦੇ ਨੇ; ਰਸ ਬਰਾਬਰ ਨਹੀਂ ਬਣਿਅ ਰਹਿੰਦਾ । ਆਨੰਦ ਅਜਿਹਾ ਚਾਹੁੰਦੇ ਹਾਂ ਜਿਹੜਾ ਸਦਾ ਕਾਇਮ ਰਹੇ; ਲਗਾਤਾਰ ਵਧਦਾ ਰਹੇ; ਰਸ ਬਰਾਬਰ ਬਣਿਆ ਰਹੇ । ਸਾਡੇ ਬਜ਼ੁਰਗਾਂ ਨੇ ਸਾਡੀ ਹੋਂਦ ਪੰਜ ਕੋਸ਼ਾਂ ਦੇ ਰੂਪ ਵਿੱਚ ਪਛਾਣੀ ਹੈ । ਇਸ ਵੰਡ ਰਾਹੀਂ ਉਹਨਾਂ ਨੇ ਜੀਵਨ ਦੀ ਸਚਾਈ ਜਾਣੀ ਹੈ । ਅਸੀਂ ਸਨਾਤਨ-ਗਿਆਨ ਨੂੰ ਅਜੋਕੇ ਮੁਹਾਵਰੇ ਰਾਹੀਂ ਸਮਝਣ ਦਾ ਯਤਨ ਕਰਾਂਗੇ । ਪੰਜਾਂ ਕੋਸ਼ਾਂ ਨੂੰ ਅਕਲ ਦੀਆਂ ਪੰਜਾਂ ਪਹੁੰਚ- ਵਿਧੀਆ ਦੇ ਸਮਾਨੰਤਰ ਧਰਾਂਗੇ । ਵੇਖੋ ਕੀ ਵਾਪਰਦਾ ਏ!

-ਨੰਬਰ ਇੱਕ ਹੈ: ਅੰਨਮਈ ਕੋਸ਼ । ਅੰਨ ਹੀ ਬ੍ਰਹਮ ਹੈ । ਇਹ ਆਧਾਰ ਤੱਤ ਹੈ । ਸਾਕਾਰ ਬ੍ਰਹਮ । ਭੌਤਿਕਵਾਦੀ ਦਰਸ਼ਨ ਰਾਹੀਂ ਇਸ ਨੂੰ ਜਾਣਿਆ ਜਾ ਸਕਦਾ ਹੈ । ਅਗਲੇ ਚਹੁੰ ਕੋਸ਼ਾਂ ਨੂੰ ਜਾਨਣ ਲਈ ਇਹ ਮੁਨਾਸਬ ਜ਼ਮੀਨ ਹੈ । ਮਹਾਂਰਿਸ਼ੀ ਚਾਰਵਾਕ ਅਤੇ ਕਾਰਲ ਮਾਰਕਸ ਸਾਡੀ ਅਗਵਾਈ ਕਰਨਗੇ ।

-ਨੰਬਰ ਦੋ ਹੈ: ਪ੍ਰਾਣ-ਮਈ ਕੋਸ਼ । ਮਿੱਟੀ 'ਚ ਸਾਹ ਪਾਉਣ ਲਈ ਪ੍ਰਾਣ ਵਾਯੂ ਲੋੜੀਂਦੀ ਹੈ, ਇਹ ਮਾਰਕਸਵਾਦੀ ਜ਼ਮੀਨ ਦੀ ਐਕਸਟੈਂਸ਼ਨ ਹੈ । ਇਸ ਨੂੰ ਸਮਝਣ ਲਈ ਅਸਤਿੱਤਤਵ-ਵਾਦੀ ਪਹੁੰਚ ਦਾ ਡੂੰਘਾ ਚਿੰਤਨ ਕਰਨਾ ਪਏਗਾ ।

-ਨੰਬਰ ਤਿੰਨ ਹੈ: ਮਨੋ-ਮਈ ਕੋਸ਼ । ਮਿੱਟੀ ਨੂੰ ਸਾਹ ਆਉਣ ਲੱਗ ਪਏ ਤਾਂ ਮਨ ਜੰਮ ਪੈਂਦਾ ਹੈ । ਬਾਹਰਲੇ ਸੰਸਾਰ ਦੇ ਸਮਾਨੰਤਰ ਮਨ ਦਾ ਸੰਸਾਰ ਪ੍ਰਗਟ ਹੋ ਜਾਂਦਾ ਹੈ । ਭਾਵ ਤੇ ਵਿਚਾਰ ਤਰੰਗਿਤ ਹੋਣ ਲੱਗਦੇ ਨੇ । ਇਸ ਵਰਤਾਰੇ ਨੂੰ ਸਮਝਣ ਲਈ ਸਿਗਮੰਡ ਫਰਾਇਡ ਐਂਡ ਪਾਰਟੀ ਦੇ ਬੈਂਡ ਦੀ ਧੁਨ ਕੰਮ ਆਇਗੀ ।

-ਨੰਬਰ ਚਾਰ ਹੈ: ਵਿਗਿਆਨ-ਮਈ ਕੋਸ਼ । ਸਾਡੇ ਬਜ਼ੁਰਗ ਲੋਕ 'ਵਿਗਿਆਨ' ਦੀ ਵਰਤੋਂ 'ਆਤਮਾ' ਦੇ ਅਰਥਾਂ 'ਚ ਕਰਦੇ ਸਨ । ਵਿਸ਼ੁੱਧ-ਗਿਆਨ । ਗਿਆਨ ਰਾਹੀਂ ਜਾਣਿਆ ਗਿਆ ਪਰਮ ਤੱਤ । ਇਹ ਜ਼ਰਾ ਅਜਨਬੀ ਖੇਤਰ ਹੈ । ਇਸ ਅਧਿਆਤਮਕ ਯਾਤਰਾ ਲਈ ਕਿਸੇ ਰਹੱਸ਼ਦਰਸ਼ੀ ਦੀ ਸੰਗਤ ਕਰਨੀ ਪਏਗੀ ।

-ਨੰਬਰ ਪੰਜ ਹੈ: ਆਨੰਦ-ਮਈ ਕੋਸ਼ । ਰਹੱਸ ਵਾਲਾ ਕੋਸ਼ ਖੁੱਲ੍ਹਣ ਨਾਲ ਕੰਵਲ ਪੂਰਾ ਖਿੜ ਜਾਂਦਾ ਏ । ਸਾਰੇ ਕੋਸ਼ਾਂ ਦੀ ਹੋਂਦ ਮਿਟ ਜਾਂਦੀ ਏ । ਸਿਰਫ਼ ਆਨੰਦ ਬਚਦਾ ਏ । ਵੇਖਣ ਵਾਲਾ ਨਹੀਂ ਬਚਦਾ । ਦੱਸਣ ਵਾਲਾ ਨਹੀਂ ਬਚਦਾਂ । ਆਨੰਦ ਖ਼ੁਦ ਹੀ ਆਪਣਾ ਸਾਕਸ਼ੀ ਹੁੰਦਾ ਏ । ਏਹੋ ਸਾਕਸ਼ੀ ਕਦੇ ਕਦਾਈਾ ਕਲਾ-ਕਿਰਤਾਂ 'ਚ ਪ੍ਰਗਟ ਹੁੰਦਾ ਏ । ਕੁਦਰਤ ਰਾਹੀਂ ਤਾਂ ਸਦਾ ਹੀ ਕਾਇਮ-ਦਾਇਮ ਏ ।

ਮਜਬੂਰੀ 'ਚ ਪ੍ਰਵਚਨ-ਸ਼ੈਲੀ ਵਰਤਣੀ ਪੈ ਰਹੀ ਹੈ । ਵਿਸ਼ੇ ਦੀ ਲੋੜ ਹੈ । ਏਥੇ ਇਹ ਵੀ ਦੱਸਣ ਦੀ ਲੋੜ ਹੈ ਕਿ ਆਨੰਦ ਲੱਭਣ ਵਾਲੀ ਨਹੀਂ, ਪਛਾਨਣ ਵਾਲੀ ਸ਼ੈਅ ਏ । ਇਹਦੇ ਲਈ ਭਟਕਣ ਦੀ ਨਹੀਂ, ਜਾਗਣ ਦੀ ਜ਼ਰੂਰਤ ਏ । ਇਸ ਨੂੰ ਦਿੱਤਾ ਨਹੀਂ ਜਾ ਸਕਦਾ, ਸਿਰਫ਼ ਲਿਆ ਜਾ ਸਕਦਾ ਏ । ਇਸਦਾ ਅਨੁਭਵ ਭੀੜ ਨੂੰ ਨਹੀਂ, ਸਿਰਫ਼ ਵਿਅਕਤੀ ਨੂੰ ਹੁੰਦਾ ਏ । ਇਸ ਨੂੰ ਰੱਬ ਕਹੋ, ਭਗਤੀ ਕਹੋ, ਪ੍ਰੇਮ ਕਹੋ, ਇਸ਼ਕ ਕਹੋ, ਕਿਰਤ ਕਹੋ, ਕੁਦਰਤ ਕਹੋ... ਜਾਂ ਕੁਝ ਵੀ ਨਾ ਕਹੋ... ਆਨੰਦ ਤਾਂ ਆਨੰਦ ਹੀ ਰਹੇਗਾ । ਸੂਰਜ ਕਿਵੇਂ ਦਿਸੇਗਾ, ਜੇ ਸਾਡਾ ਬੂਹਾ ਬੰਦ ਰਹੇਗਾ ?

ਸੰਸਾਰ ਦਾ ਹਰ ਸੁਖ ਮਾਨਣ ਲਈ ਕੋਈ ਨਾ ਕੋਈ ਸਬੱਬ ਬਣ ਸਕਦਾ ਏ; ਬਣਾਇਆ ਜਾ ਸਕਦਾ ਏ । ਪਰ ਆਨੰਦ ਬੇ-ਸਬੱਬ ਹੁੰਦਾ ਏ ।

9. ਅਥ : ਚੋਰੀ/ਜਾਰੀ ਪ੍ਰਕਰਣ

ਦਬਾਅ ਵਧਦਾ ਗਿਆ । ਬਾਹਰੋਂ ਵੀ; ਅੰਦਰੋਂ ਵੀ । ਤਣਾਅ ਵਿਚ ਵਕਤ ਗ਼ੁਜ਼ਾਰਿਆ । ਅਪਣਾ ਪੜ੍ਹਿਆ ਵਿਚਾਰਿਆ ।

ਚਿੰਤਨ–ਮੰਥਨ–ਵਿਸ਼ਲੇਸ਼ਣ ਕੀਤਾ । ਗੁਰਮੁਖ ਹਾਰ ਚਲੇ ਜਗ ਜੀਤਾ ।
ਪਾਣੀ ਭਾਫ਼ ਹੋਇਆ । ਅਕਾਸ਼ ਸਾਫ਼ ਹੋਇਆ:
ਇਹ ਕੰਮ ਤੇਰੇ ਵੱਸ ਦਾ ਨਹੀਂ ।
ਤੈਨੂੰ ਕੋਈ ਸੱਚੀ ਗੱਲ ਦੱਸਦਾ ਨਹੀਂ?
ਹਰ ਪ੍ਰਾਣੀ ਦਾ ਨਿਰੋਲ
ਨਿੱਜੀ ਆਤਮ–ਧਰਮ ਹੁੰਦਾ ਹੈ
ਉਸਦੇ ਅਨੁਸਾਰ ਹੀ ਉਚਿਤ ਕਰਮ ਹੁੰਦਾ ਹੈ ।
ਧਰਮ–ਭ੍ਰਸ਼ਟ ਪ੍ਰਾਣੀ ਹੀ ਭ੍ਰਸ਼ਟ ਕਰਮ ਕਰਦਾ ਹੈ ।
ਡਰਦਾ ਡਰਦਾ ਕਰਦਾ ਹੈ
ਕਰਦਾ ਕਰਦਾ ਡਰਦਾ ਹੈ ।
ਤੈਨੂੰ ਕਿਹੜਾ ਸੰਕਟ ਹੈ?
ਤੇਰਾ ਸੋਹਣਾ ਸਰਦਾ ਹੈ!
ਬਿਨਾਂ ਉਚਿਤ ਪ੍ਰਯੋਜਨ ਦੇ ਅੱਖਰ ਨਹੀਂ ਵਾਹੀਦਾ
ਧਰਮ? ਅਰਥ? ਕਾਮ? ਮੋਕਸ਼?–
ਤੈਨੂੰ ਕੀ ਚਾਹੀਦਾ??
ਪਹਿਲਾਂ ਖ਼ੁਦ ਤਾਂ ਸਪੱਸ਼ਟ ਹੋ,
ਪਹਿਲਾਂ ਮਨ ਤਾਂ ਸਾਫ਼ ਕਰ ।
ਨਹੀਂ ਤਾਂ ਤੈਨੂੰ ਮਾਂ ਸੁਰੱਸਤੀ ਆਖ
ਦਏਗੀ: 'ਮਾਫ਼ ਕਰ' ।

ਸੋਚਿਆ ਸੀ ...ਬੜਾ ਕੁਝ ਸੋਚਿਆ ਸੀ । ਸਭ ਧਰਿਆ ਧਰਾਇਆ ਰਹਿ ਗਿਆ । ਟਾਈਪ ਰਾਈਟਰ ਦਾ ਰਿਬਨ ਲਹਿ ਗਿਆ । ਕੰਪਿਊਟਰ ਮੂਹਰੇ ਬਹਿ ਗਿਆ । ਚਾਰ ਵਰਕੇ ਹੀ ਤਾਂ ਟਾਈਪ ਕਰਨੇ ਨੇ । ਮਾਲ ਮੰਡੀ 'ਚ ਖਪ ਜਾਏਗਾ । ਬਹੁਤ ਕਿੱਲਿ੍ਹਆ । ਬੜਾ ਜ਼ੋਰ ਲਾਇਆ । ਮੂਰਖ ਮਨ ਨੂੰ ਬੜਾ ਸਮਝਾਇਆ । ਆਪਣੇ ਆਪ ਨਾਲ ਬਹੁਤ ਬਹਿਸ ਕੀਤੀ । ਬਹੁਤ ਦੇਰ ਸੁੱਤਾ, ਬੜੀ ਚਾਹ ਪੀਤੀ । ਕਈ ਫ਼ੋਨ ਆਏ, ਕਈ ਮਿਲਣ ਆਏ । ਬੱਸ ਇਹੋ ਸੀ ਨਿਰਣਾ, ਕੋਈ ਨਾ ਜਗਾਏ । ਨਾ ਕੋਈ ਬੇਧਿਆਨੀ । ਨਾ ਕੋਈ ਬੇ–ਇਮਾਨੀ । ਪਰ ਲਿਖਣਾ ਕਿਉਂ ਲੱਗਦਾ ਹੈ ਫਿਰ ਵੀ ਬੇ–ਮਾਅਨੀ!?

ਚੋਰੀ/ਯਾਰੀ ਬਾਰੇ ਲਿਖਾਂ । ਪਰ ਮੈਨੂੰ ਇਨ੍ਹਾਂ ਦੋਹਾਂ ਸੰਕਲਪਾਂ ਵਿਚ ਕੋਈ ਸਾਰਥਕ ਸਾਂਝ ਨਜ਼ਰ ਨਹੀਂ ਆਉਂਦੀ । ਪਤਾ ਨਹੀਂ ਆਵਾਮ ਦੇ ਮੂੰਹ 'ਤੇ ਇਹ ਸੁਰ–ਸੰਯੋਗ ਏਨਾ ਆਮ ਕਿਉਂ ਹੋ ਗਿਆ ਹੈ । ਯਾਰੀ ਵਿਚ ਚੋਰੀ ਗ਼ੁਨਾਹ ਹੈ ਅਤੇ ਚੋਰਾਂ ਦੀ ਯਾਰੀ ਸਵਾਰਥੀ ਹੁੰਦੀ ਹੈ । ਵਾਰਿਸ ਸ਼ਾਹ ਯਾਰੀ ਨੂੰ ਇਸ਼ਕ ਦਾ ਦਰਜਾ ਦੇਂਦਾ ਹੈ ਅਤੇ ਇਸ ਪਾਕ ਰਿਸ਼ਤੇ ਨੂੰ ਚੋਰੀ/ਉਧਾਲੇ ਨਾਲ ਬਦਨਾਮ ਕਰਨ ਤੋਂ ਮੁਨਕਰ ਹੈ:

ਹੀਰੇ ਇਸ਼ਕ ਨਾ ਕਦੇ ਸੋਭਦੇ ਨੇ
ਨਾਲ ਚੋਰੀਆਂ ਅਤੇ ਉਧਾਲਿਆਂ ਦੇ ।

ਉਧਾਲੇ ਤੋਂ ਭਾਵ ਹੈ: ਪਰ–ਇਸਤਰੀ ਨਾਲ ਅਨੈਤਿਕ ਸੰਬੰਧ । ਇੰਜ ਵਾਰਿਸ ਨੇ ਇਨ੍ਹਾਂ ਦੋਹਾਂ ਕਰਮਾਂ ਨੂੰ ਅਨੈਤਿਕਾ ਦੀ ਕੋਟੀ ਵਿਚ ਰੱਖਿਆ ਹੈ । ਪਰ ਪੰਜਾਬ ਵਿਚ ਵਿਚਾਰੀ 'ਯਾਰੀ' ਵੀ ਲਿਬੜ ਗਈ ਹੈ 'ਚੋਰੀ' ਦੀ ਕੁਸੰਗਤ ਕਰਕੇ! ਅਸਲੀਅਤ ਕੀ ਹੈ? ਇਹ ਜਾਨਣ ਲਈ ਨਾਭੇ ਵਾਲੇ ਭਾਈ ਸਾਹਿਬ ਤੋਂ ਦਰਿਆਫ਼ਤ ਕੀਤਾ ਤਾਂ ਉਹਨਾਂ ਦੇ ਬਚਨ ਸਨ: 'ਜਾਰ' ਸੰਸਕ੍ਰਿਤ ਦਾ ਸ਼ਬਦ ਹੈ: ਜਿਸਦਾ ਅਰਥ ਹੈ: ਪਰ–ਇਸਤ੍ਰੀਗਾਮੀ ਅਥਵਾ ਵਿਭਚਾਰੀ । ...ਕਈ ਅਨਜਾਣ ਪੰਜਾਬੀ ਲੇਖਕ 'ਜਾਰ' ਦੀ ਥਾਂ ਫ਼ਾਰਸੀ ਸ਼ਬਦ 'ਯਾਰ' ਵਰਤਦੇ ਹਨ, ਜੋ ਠੀਕ ਨਹੀਂ । ਇਸੇ ਤਰ੍ਹਾਂ ਯਾਰ ਦੀ ਥਾਂ 'ਜਾਰ' ਲਿਖਣਾ ਅਯੋਗ ਹੈ ।

''ਚੋਰ ਜਾਰ ਜੂਆਰ ਪੀੜ ਘਾਣੀਐ'' (ਵਾਰ ਮਲਾ: ਮ:1)
'ਜਾਰੀ' ਤੋਂ ਭਾਵ ਹੈ 'ਜਾਰ–ਕਿਰਿਆ' ਅਰਥਾਤ
'ਕਾਮ–ਕ੍ਰੀੜਾ'

''ਕਾਨ੍ਹ ਕਹਯੋ ਹਮ ਖੇਲਹਿੰ ਜਾਰੀ ।'' (ਕ੍ਰਿਸ਼ਨਾਵ)

ਵਾਰਸ ਦੀ ਇਸਲਾਮੀ ਨੈਤਿਕਤਾ ਦੇ ਘੇਰੇ ਨੂੰ ਭਾਈ ਕਾਨ੍ਹ ਸਿੰਘ ਦੀ ਗੁਰਮੁਖ ਨੈਤਿਕਤਾ ਨੇ, 'ਜੂਆਰੀ' ਨੂੰ ਵੀ ਨਾਲ ਜੋੜ ਕੇ, ਹੋਰ ਵਿਸ਼ਾਲ ਤੇ ਸਪੱਸ਼ਟ ਕਰ ਦਿੱਤਾ । ਗੱਲ ਕੁਝ ਤੁਰਦੀ ਜਾਪੀ ਹੈ । ਪਰ ਕੰਪਿਊਟਰ ਅਤੇ ਹਵਾਲਾ– ਗਰੰਥਾਂ ਦੇ ਬੋਝ ਨਾਲ ਇਹ ਸਫ਼ਰ ਸੁਖਾਵਾਂ ਨਹੀਂ ਲੱਗ ਰਿਹਾ । ਇੱਕ ਵੇਲੇ ਇਕੋ ਕੰਮ ਹੋ ਸਕਦਾ ਹੈ । ਹਾਲ ਦੀ ਘੜੀ ਦੁਬਿਧਾ ਤਿਆਗ ਕੇ ਇਨ੍ਹਾਂ ਸੰਕਲਪਾਂ ਦੀਆਂ ਜੜਾਂ ਵੱਲ ਜਾਣ ਲਈ ਪੌਰਾਣਿਕ ਯਾਤਰਾ ਦਾ ਮਨ ਬਣਾਇਆ ਹੈ । ਸ਼੍ਰੀਮਦ ਭਾਗਵਤ ਮਹਾਂਪੁਰਾਣ, ਯੋਗ ਵਸ਼ਿਸਟ ਅਰਥਾਤ ਮਹਾਂ–ਰਾਮਾਇਣ ਅਤੇ ਮਾਰਕੰਡੇਯ ਪੁਰਾਣ ਦੇ ਰੇਖਾਂਕਿਤ ਪੰਨਿਆਂ ਦਾ ਪੁਨਰ–ਅਵਲੋਕਨ ਪ੍ਰਾਰੰਭ ਕੀਤਾ ਹੈ । ਇਹ ਯਾਤਰਾ ਵੱਖਰੀ ਕਿਸਮ ਦੀ ਹੈ । ਤੁਸੀਂ ਓਨੀ ਦੇਰ ਕੋਈ ਹੋਰ ਜ਼ਰੂਰੀ ਕੰਮ ਕਰ ਲਉ । ਏਕਲ–ਯਾਤਰਾ ਪਿਛੋਂ ਜੇ ਕੁਝ ਸਾਂਝਾ ਕਰਨ–ਯੋਗ ਹੋਇਆ ਤਾਂ ਕਰਾਂਗੇ । ਨਹੀਂ ਤਾਂ ਗੱਲ ਦਾ ਰੁਖ ਕਿਸੇ ਹੋਰ ਦਿਸ਼ਾ ਵੱਲ ਮੋੜ ਲਵਾਂਗੇ । ਪਹਿਲਾਂ ਬਿਸਰਾਮ¨

ਪਿਉ ਦਾਦੇ ਦਾ ਖ਼ਜ਼ਾਨਾ ਅਤੁੱਟ ਹੈ । ਅਕਲ ਦੰਗ ਰਹਿ ਜਾਂਦੀ ਹੈ । 'ਕੰਮ ਆਉਣ ਵਾਲੀਆਂ ਟੂਕਾਂ' ਨੋਟ ਕਰਨ ਲੱਗਦਾ ਹਾਂ । ਡਰ ਜਾਂਦਾ ਹਾਂ: ਇਹ ਤਾਂ ਫੁਟ ਫੁਟ ਲੰਬੇ ਫੁਟ–ਨੋਟ ਬਣ ਜਾਣਗੇ ਅਤੇ ਇਹ ਲਿਖਤ ਇਕ 'ਸਿੱਕੇ ਬੰਦ ਖੋਜ–ਪੱਤਰ' ਬਣ ਕੇ ਰਹਿ ਜਾਏਗਾ । ਅੰਦਰ ਵੱਲ ਮੁੜਦਾ ਹਾਂ ਕਿਤੋਂ ਆਵਾਜ਼ ਆ ਰਹੀ ਹੈ: ਜੇ ਇਹ ਕੁਝ ਕਰਨਾ ਸੀ ਤਾਂ ਏਨੀ ਦੇਰ ਕਿਉਂ ਲਾਈ? ਪਹਿਲਾਂ ਅਕਲ ਨਾ ਆਈ? ਇਹ ਤਾਂ ਮਹਿਜ਼ ਮੈਥੋਡਾਲੋਜੀ ਹੈ । ਪਰਿਸ਼ਰਮ ਹੈ । ਇੰਜ ਕਰਨਾ ਸੀ ਤਾਂ ਅਕਾਦਮਿਕ ਨਿਬੰਧ ਲਿਖਦੋਂ । ਖੋਜ–ਪ੍ਰਬੰਧ ਲਿਖਦੋਂ । ਉਪਾਧੀ ਮਿਲਦੀ । ਤਰੱਕੀ ਮਿਲਦੀ । ਤੇਰਾ ਵਿਦਵਾਨਾਂ ਵਿਚ ਨਾਂ ਹੁੰਦਾ । ਬੁੱਧੀਜੀਵੀਆਂ ਵਿਚ ਥਾਂ ਹੁੰਦਾ । ਪਰ ਤੂੰ ਤਾਂ ਇਹ ਕੁਝ ਨਹੀਂ ਕਹਾਉਣਾ ਚਾਹੁੰਦਾ । ਕਿਸੇ ਪਸ਼ਚਾਤਾਪ ਵਿਚ ਇਹ ਨਹੀਂ ਦੁਹਰਾਉਣਾ ਚਾਹੁੰਦਾ :

''ਸੋਚ ਨਾ ਭਜਨਿਆ! ਸੋਚ ਨਾ ।
ਰੱਬ ਤੈਨੂੰ ਸਿਰਜਣਹਾਰ ਬਣਾਇਆ,
ਤੂੰ ਪਿਆ ਕਰੇਂ ਆਲੋਚਨਾ¨''

ਅੱਜਕੱਲ੍ਹ ਇਸ ਤਰ੍ਹਾਂ ਦੀਆਂ ਆਵਾਜ਼ਾਂ ਨਾਲ ਅਕਸਰ ਵਾਹ ਪੈਂਦਾ ਹੈ । ਪਰ ਬਹੁਤਾ ਵਾਹ ਅਜਿਹੀ ਸਾਮੱਗਰੀ ਨਾਲ ਪੈਂਦਾ ਹੈ ਜੋ ਸੁਣੇ–ਸੁਣਾਏ 'ਤੇ ਆਧਾਰਿਤ ਹੁੰਦੀ ਹੈ । ਜਦੋਂ ਕਦੇ 'ਪਿਉ ਦਾਦੇ ਦਾ ਖ਼ਜ਼ਾਨਾ' ਹੱਥ ਲੱਗਦਾ ਹੈ ਤਾਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਘਰ ਵਿਚ ਚੋਰੀ ਕਰਨੋਂ ਵੀ ਬਾਜ਼ ਨਹੀਂ ਆਉਂਦੇ । ਇਸ 'ਸਾਹਿਤਕ ਚੋਰੀ' ਦਾ ਪਟਿਆਲਾ ਯੂਨੀਵਰਸਿਟੀ ਦੇ 'ਸਾਹਿੱਤ ਕੋਸ਼' ਵਿਚ ਇੰਦਰਾਜ਼ ਇਉਂ ਹੈ:

''ਸੁਚੇਤ ਅਤੇ ਬਿਨਾਂ ਹਵਾਲਾ ਦਿੱਤੇ ਕਿਸੇ ਸਾਹਿੱਤਕ ਰਚਨਾ ਦੀ ਨਕਲ ਨੂੰ ਸਾਹਿੱਤਕ ਚੋਰੀ ਜਾਂ ਸਾਹਿੱਤਕ ਡਕੈਤੀ ਦਾ ਨਾਉਂ ਦਿੱਤਾ ਜਾਂਦਾ ਹੈ । ...ਹੋਰੇਸ ਸਮਿਥ ਨੇ ਤਾਂ ਮੌਲਿਕਤਾ ਨੂੰ ਅਚੇਤ ਅਤੇ ਨਾ ਫੜੀ ਜਾਣ ਵਾਲੀ ਨਕਲ ਆਖਿਆ ਹੈ । ...ਅਰਬੀ ਫ਼ਾਰਸੀ ਤੇ ਉਰਦੂ ਵਿਚ ਇਸਨੂੰ ਸਰਕਾ ਕਹਿੰਦੇ ਹਨ ।'' ਯਾਰ ਲੋਕਾਂ ਨੇ ਪੰਜਾਬੀ ਵਿਚ ਲਿਖਣ ਵਾਲਿਆਂ ਬਾਰੇ ਕਈ ਵਾਰ ਰੱਹਸ–ਉਦਘਾਟਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜਾ ਮਹਾਨ ਲੇਖਕ ਕਿਹੜੀ ਭਾਸ਼ਾ 'ਚੋਂ ਚੋਰੀ ਕਰਕੇ ਮਾਤ–ਭਾਸ਼ਾ ਦੀ ਝੋਲੀ ਮੌਲਿਕਤਾ ਨਾਲ ਭਰਦਾ ਹੈ । ਪਰ ਕਿਸੇ 'ਤੇ ਕਦੇ ਅਸਰ ਨਹੀਂ ਹੋਇਆ । ਕਈ ਵਾਰ ਮਨ ਬਹੁਤ ਉਪਰਾਮ ਹੋ ਜਾਂਦਾ ਹੈ ਅਤੇ ਹਿਰਦੇ ਵਿਚ ਕਸ਼ਟ ਹੁੰਦਾ ਹੈ ਕਿ ਸਾਡੇ 'ਮਹਾਨੁਭਾਵ' ਗਿਆਨਬੰਧੂ ਸਾਹਿਬਾਨ ਪੂਰਬਲੇ ਮਹਾਂਰਥੀਆਂ ਬਾਰੇ ਪੁਸਤਕਾਂ ਤਾਂ ਲਿਖਦੇ ਹਨ ਪਰ ਉਨ੍ਹਾਂ ਤੋਂ ਸਿਖਦੇ ਕੁਝ ਨਹੀਂ । ਹੋਰਨਾਂ ਨੂੰ ਸਮਝਾਉਂਦੇ ਹਨ ਪਰ ਆਪਣਾ ਮਨ ਡਾਵਾਂਡੋਲ ਹੀ ਰਹਿੰਦਾ ਹੈ । ਇਸ ਉਲਝਣ 'ਚੋਂ ਕਬੀਰ ਸਾਹਿਬ ਤੋਂ ਇਲਾਵਾ ਹੋਰ ਕੌਣ ਕੱਢ ਸਕਦਾ ਹੈ:

''ਪੜ੍ਹ ਔਰਨ ਸਮਝਾਵਈ, ਮਨ ਨਹਿੰ ਬਾਂਧੇ ਧੀਰ ।
ਰੋਟੀ ਕਾ ਸੰਸਾ ਪੜਾ, ਯੋਂ ਕਹਿ ਦਾਸ ਕਬੀਰ¨''

ਚਲੋ ਇਹ ਤਾਂ ਹੋਇਆ ਕਲਮ ਦੇ ਬੁਰਜੁਆ ਮਜ਼ਦੂਰਾਂ ਦਾ ਕਿੱਸਾ ਪਰ ਸਿਰਜਣਾਰੇ ਕਹਾਉਣ ਵਾਲੇ ਵੀ ਏਧਰੋਂ–ਉਧਰੋਂ ਚੁਰਾਉਣ ਵਿਚ ਸਿੱਧ–ਹਸਤ ਹੋ ਜਾਂਦੇ ਹਨ ਫੇਰ ਮਠਾਧੀਸ਼ ਬਣਕੇ ਸਾਹਿੱਤਕ ਸਫ਼ਲਤਾ ਦੇ ਮੌਲਿਕ ਨੁਸਖੇ ਵੰਡਦੇ ਹਨ ਤਾਂ ਅਜਿਹੇ ਜੂਠੇ ਤੇ ਝੂਠੇ ਦੰਭੀਆਂ ਲਈ ਕੀ ਕਹੀਏ:

''ਲਾਯਾ ਸਾਖਿ ਬਨਾਇ ਕਰ, ਇਤ ਉਤ ਅੱਛਰ ਕਾਟ ।
ਕਹਿ ਕਬੀਰ ਕਬ ਲਗ ਜੀਏ, ਜੂਠੀ ਪੱਤਲ ਚਾਟ¨''

ਥੋੜਾ ਹੌਸਲਾ ਹੋਇਆ ਕਿ ਸਿਰਫ਼ ਸਾਡੇ ਜ਼ਮਾਨੇ ਵਿਚ ਹੀ ਨਹੀਂ ਸਗੋਂ ਕਬੀਰ ਸਾਹਿਬ ਦੇ ਯੁਗ ਵਿਚ ਵੀ ਅਜਿਹੇ ਕਲਮ–ਧਾਰੀਆਂ ਦਾ ਬੋਲਬਾਲਾ ਸੀ । ਗੱਲ ਵਰਤਾਰੇ ਦੀ ਹੋ ਰਹੀ ਹੈ, ਜਜਮੈਂਟ ਦੀ ਨਹੀਂ । ਇਹ ਮੰਚ ਸੰਵਾਦ ਵਾਸਤੇ ਹੈ: ਵਿਵਾਦ ਵਾਸਤੇ ਬਿਲਕੁਲ ਨਹੀਂ । ਟਿਪਣੀਆਂ ਦੀ ਭਾਵਨਾ ਸ਼ਿਵਮ ਵਾਲੀ ਹੀ ਰਹੇ ਤਾਂ ਸੁੰਦਰਮ ਤਕ ਪਹੁੰਚ ਸਕਾਂਗੇ । ਏਹੋ ਸੱਚ ਹੈ । ਇਹ ਸੱਚ ਬਹੁਤ ਵਾਰ ਦੱਸਿਆ ਜਾ ਚੁੱਕਾ ਹੈ । ਚੋਰੀ ਨੂੰ ਸੂਫ਼ੀਆਂ ਤੱਕ ਹੀ ਰਹਿਣ ਦੇਈਏ ਤਾਂ ਵਧੀਆ, ਕਿਉਂਕਿ ਉਨ੍ਹਾਂ ਦੀ ਬੁੱਕਲ ਨਿੱਘੀ ਹੁੰਦੀ ਹੈ । ਅਮ੍ਰਿਤਾ ਨੂੰ ਪੁੱਛਿਆ ਤਾਂ ਉਹਨੇ ਸਾਰਿਆਂ ਨੂੰ ਹੁਸਨ ਦੇ ਚੋਰ ਆਖ ਕੇ ਹੂੰਝਾ ਹੀ ਫੇਰ ਦਿੱਤਾ । ਮੋਹਨ ਸਿੰਘ ਦਾ ਫ਼ਤਵਾ ਸੀ ਕਿ ਰੱਬ ਸਾਰੇ ਗ਼ੁਨਾਹੀਆਂ ਨੂੰ ਬਖ਼ਸ਼ ਦੇਂਦਾ ਪਰ ਨਾ ਸਖ਼ਸ਼ਦਾ ਇਸ਼ਕ ਦੇ ਚੋਰ ਤਾਈਾ । ਪਰ ਸ਼ਿਵ ਕੁਮਾਰ ਦਾ ਇਲਜ਼ਾਮ ਬਾਹਲਾ ਖ਼ਤਰਨਾਕ ਸੀ ਜੋ ਬਾਅਦ ਵਿਚ ਉਹਨੂੰ ਵਾਪਿਸ ਲੈਣਾ ਪਿਆ:

ਤੂੰ ਜੋ ਸੂਰਜ ਚੋਰੀ ਕੀਤਾ, ਮੇਰਾ ਸੀ ।
ਤੂੰ ਜਿਸ ਘਰ ਵਿਚ ਨ੍ਹੇਰਾ ਕੀਤਾ, ਮੇਰਾ ਸੀ ।
ਤੂੰ ਜੋ ਸੂਰਜ ਚੋਰੀ ਕੀਤਾ, ਤੇਰਾ ਸੀ ।
ਮੇਰਾ ਘਰ ਤਾਂ ਜਨਮ ਦਿਵਸ ਤੋਂ ਨ੍ਹੇਰਾ ਸੀ¨

(ਦੂਸਰਾ ਬਿਸਰਾਮ)

ਸੱਭਿਆਚਾਰਕ ਵਰਤਾਰੇ ਵੱਲ ਖੁੱਲ੍ਹਦੀ ਬੰਦ ਖਿੜਕੀ ਦੀ ਚਿਟਕਣੀ ਹਿੱਲ ਗਈ ਹੈ । ਸਾਰੇ ਚੋਰ ਉਚੱਕੇ ਤੇ ਗੁੰਡੀਆਂ ਰੰਨਾਂ ਰੌਲਾ ਪਾ ਰਹੇ ਹਨ ਕਿ ਅਸੀਂ ਚੌਧਰੀ ਤੇ ਪ੍ਰਧਾਨ ਹਾਂ । ਤੁਹਾਡੀ ਸੰਸਕ੍ਰਿਤੀ ਦੀ ਜਾਨ ਹਾਂ । ਮੰਨਣ ਵਿਚ ਕੀ ਨੁਕਸਾਨ ਹੈ? ਜਾਨ ਹੈ ਤਾਂ ਜਹਾਨ ਹੈ! ਚਿਟਕਣੀ ਘੁੱਟ ਕੇ ਬੰਦ ਕਰ ਦਿੱਤੀ ਹੈ । ਪਰਦਾ ਖਿੱਚ ਦਿੱਤਾ ਹੈ । ਉਹਲਾ ਕਰ ਲਿਆ ਹੈ । ਹੋਰ ਕੀ ਚਾਰਾ ਹੈ? ਉਹਲੇ ਵਿਚ ਹੀ ਉਜਿਆਰਾ ਹੈ । ਦਰਵਾਜ਼ਾ, ਕੁੰਡੀ... ਬੱਸ ...ਬੱਸ ਫੜੀ ਗਈ ਘੁੰਡੀ । ਮਹਿਲ ਦੇ ਸ਼ਮ੍ਹਾਦਾਨ ਗੁਲ ਕਰ ਦਿਉ । ਬੱਤੀਆਂ ਬੁਝਾ ਦਿਉ । ਹੁਣ ਸਮਝ ਵਿਚ ਆਇਆ ਹੈ । ਏਹੋ ਤਾਂ ਮਾਇਆ ਹੈ । ਇਹ ਮਾਇਆ ਦਵੈਤ 'ਚੋਂ ਜੰਮੀ ਹੈ । ਜੰਮੀ ਕੀ ਹੈ, ਜੰਮਦੀ ਹੀ ਗਈ ਹੈ; ਚੋਰਾਂ ਨੂੰ; ਜਾਰਾਂ ਨੂੰ । ਉਨ੍ਹਾਂ ਦੇ ਯਾਰਾਂ ਨੂੰ !...

ਕਹਿੰਦੇ ਨੇ ਬ੍ਰਹਮਾ ਨੇ ਜਗਤ ਦੀ ਰਚਨਾ ਵੇਲੇ ਸਭ ਤੋਂ ਪਹਿਲਾਂ ਅਗਿਆਨ ਦੀਆਂ ਪੰਜ ਬਿਰਤੀਆਂ ਨੂੰ ਹੋਂਦ ਪ੍ਰਦਾਨ ਕੀਤੀ: ਅਵਿੱਦਿਆ, ਮੋਹ, ਮਹਾਂਮੋਹ, ਦਵੇਸ਼ ਤੇ ਮਹਾਂਦਵੇਸ਼ । ਇਸ ਪਾਪਮਈ ਸ੍ਰਿਸ਼ਟੀ ਨਾਲ ਬ੍ਰਹਮਾ ਨੂੰ ਪ੍ਰਸੰਨਤਾ ਨਾ ਹੋਈ ਤੇ ਉਹਨੇ ਪਰਮਾਤਮਾ ਦੇ ਧਿਆਨ ਨਾਲ ਆਪਣਾ ਮਨ ਪਵਿੱਤਰ ਕਰਕੇ ਦੂਸਰੀ ਸ੍ਰਿਸ਼ਟੀ ਰਚੀ । ਹੁਣ ਉਹਨੇ ਚਾਰ ਮੁਨੀ ਪੈਦਾ ਕੀਤੇ: ਸਨਕ, ਸਨੰਦਨ, ਸਨਾਤਨ ਤੇ ਸਨਤਕੁਮਾਰ । ਇਨ੍ਹਾਂ ਚੌਹਾਂ ਨੇ ਅੱਗੋਂ ਸੰਤਾਨ ਪੈਦਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਬ੍ਰਹਮਾ ਨੂੰ ਬੜਾ ਕ੍ਰੋਧ ਆਇਆ । ਉਹਨੇ ਗੁੱਸੇ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਗੁੱਸਾ ਬ੍ਰਹਮਾ ਦੀਆਂ ਭਵਾਂ ਵਿਚਕਾਰੋਂ ਨੀਲੇ ਤੇ ਲਾਲ ਰੰਗ ਦੇ ਬਾਲਕ ਦੇ ਰੂਪ ਵਿਚ ਪੈਦਾ ਹੋ ਗਿਆ । ਇਹ ਰੌਦਰ ਸੀ, ਜਿਸਦਾ ਪ੍ਰਸਿੱਧ ਨਾਂ ਸ਼ਿਵ ਹੈ ਅਤੇ ਤਮੋਗੁਣ ਦਾ ਦੇਵਤਾ ਹੈ । ਰੌਦਰ ਨੂੰ ਗਿਆਰਾਂ ਰੂਪ ਅਤੇ ਗਿਆਰਾਂ ਪਤਨੀਆਂ ਦੇ ਕੇ ਦਬਾਦਬ ਸੰਤਾਨ ਪੈਦਾ ਕਰਨ ਲਈ ਕਿਹਾ । ਜਦੋਂ ਸ੍ਰਿਸ਼ਟੀ ਦਾ ਇਹ ਰੂਪ ਪੂਰੀ ਭਿਆਨਕਤਾ ਨਾਲ ਫੁੱਲਣ ਲੱਗਾ ਤਾਂ ਬ੍ਰਹਮਾ ਨੂੰ ਹੱਥਾਂ ਪੈਰਾਂ ਦੀ ਪੈ ਗਈ । ਉਹਨੇ ਸ਼ਿਵ ਅੱਗੇ ਹੱਥ ਪੈਰ ਜੋੜੇ । ਆਖਣ ਲੱਗੇ ਤੁਹਾਡੀ ਇਹ ਸੰਤਾਨ ਤਾਂ ਮੇਰੇ ਸਮੇਤ ਸਾਰੀਆਂ ਦਿਸ਼ਾਵਾਂ ਨੂੰ ਭਸਮ ਕਰ ਦਏਗੀ । ਕਿਰਪਾ ਕਰਕੇ ਪੂਰਨ ਵਿਰਾਮ ਲਾ ਦਿਉ ਤੇ ਪ੍ਰਾਣੀਆਂ ਨੂੰ ਸੁਖ ਦੇਣ ਦੇ ਮਨੋਰਥ ਨਾਲ ਤਪ ਕਰੋ । ਰੌਦਰ ਨੂੰ ਤਪ ਵਿਚ ਲਾ ਕੇ ਬ੍ਰਹਮਾ ਨੇ ਸ੍ਰਿਸ਼ਟੀ ਦਾ ਅਗਲਾ ਕਾਂਡ ਆਪਣੇ ਦਸਾਂ ਪੁੱਤਰਾਂ ਨਾਲ ਆਰੰਭ ਕੀਤਾ । ਬ੍ਰਹਮਾ ਦੇ ਇਨ੍ਹਾਂ ਦਸ ਮਾਨਸ ਪੁੱਤਰਾਂ ਵਿਚ ਭਿ੍ਗੂ, ਵਸ਼ਿਸ਼ਟ ਤੇ ਨਾਰਦ ਵੀ ਸਨ । ...ਬ੍ਰਹਮਾ ਦੀਆਂ ਭਵਾਂ 'ਚੋਂ ਕਰੋਧ, ਹਿਰਦੇ 'ਚੋਂ ਕਾਮ, ਹੇਠਲੇ ਹੋਠ 'ਚੋਂ ਲੋਭ, ਮੁਖ 'ਚੋਂ ਸਰਸਵਤੀ, ਿਲੰਗ 'ਚੋਂ ਸਮੁੰਦਰ, ਗੁਦਾ 'ਚੋਂ ਪਾਪ–ਨਿਵਾਸ ਪੈਦਾ ਹੋਏ ।

ਬ੍ਰਹਮਾ ਦੀ ਬੇਟੀ ਸਰਸਵਤੀ ਬਹੁਤ ਹੀ ਸੁਕੁਮਾਰੀ ਅਤੇ ਮਨੋਹਰ ਸੀ । ਉਹ ਵਿਚਾਰੀ ਤਾਂ ਵਾਸਨਾਹੀਨ ਸੀ ਪਰ ਬ੍ਰਹਮਾ ਉਸ ਵਿਚਾਰੀ 'ਤੇ ਕਾਮ ਮੋਹਿਤ ਹੋ ਗਏ । ਉਹਦੇ ਦਸਾਂ ਮਾਨਸ ਪੁੱਤਰਾਂ ਨੇ ਬੜਾ ਸਮਝਾਇਆ ਅਤੇ ਕਿਹਾ, ''ਪਿਤਾ ਜੀ, ਤੁਸੀਂ ਸਮਰੱਥ ਹੋ, ਫਿਰ ਵੀ ਕਾਮ ਦੇ ਅਧੀਨ ਹੋ ਕੇ ਪੁੱਤਰੀ–ਗਮਨ ਵਰਗਾ ਨੀਚ ਪਾਪ ਕਰਨ ਦਾ ਸੰਕਲਪ ਕਰ ਰਹੇ ਹੋ । ਤੁਸੀਂ ਇਸ ਜੱਗ ਲਈ ਕਿਹੋ ਜਿਹਾ ਆਦਰਸ਼ ਸਿਰਜ ਰਹੇ ਹੋ ।'' ਪੁੱਤਰਾਂ ਦੇ ਸਮਝਾਉਣ 'ਤੇ ਬ੍ਰਹਮਾ ਨੂੰ ਜਦੋਂ ਹੋਸ਼ ਆਈ ਤਾਂ ਉਹ ਬਹੁਤ ਸ਼ਰਮਸਾਰ ਹੋਇਆ ਤੇ ਉਸਨੇ ਆਪਣੇ ਉਸ ਸਰੀਰ ਨੂੰ ਉਸੇ ਵੇਲੇ ਤਿਆਗ ਦਿੱਤਾ । ਉਸ ਪਾਪੀ ਸਰੀਰ ਨੂੰ ਦਿਸ਼ਾਵਾਂ ਨੇ ਆਪਣਾ ਲਿਆ । ਉਹ ਪਿੱਛੋਂ ਜਾ ਕੇ ਅੰਧਕਾਰ ਦੇ ਰੂਪ ਵਿਚ ਪ੍ਰਸਿੱਧ ਹੋਇਆ । ਅਸਲ ਵਿਚ ਇਹ ਹਨੇਰਾ ਹੀ ਅੱਜ ਤੱਕ ਚੋਰ ਅਤੇ ਜਾਰ ਪੁਰਸ਼ਾਂ ਦੀ ਪਨਾਹ–ਗ਼ਾਹ ਬਣਿਆ ਹੋਇਆ ਹੈ । ਫੇਰ ਬ੍ਰਹਮਾ ਨੇ ਆਪਣੀ ਗ਼ਲਤੀ ਸੁਧਾਰਨ ਲਈ ਆਪਣੇ ਚਾਰੇ ਮੂੰਹਾਂ ਤੋਂ ਚਾਰ ਵੇਦ ਉਚਾਰੇ । ਇਨ੍ਹਾਂ ਵੇਦਾਂ ਬਾਰੇ ਵੀ ਇਕ ਚੋਰ–ਪ੍ਰਸੰਗ ਯਾਦ ਆ ਰਿਹਾ ਹੈ ।

ਸੁਣਿਆ ਹੈ ਕਿ ਮਹਾਪਰਲੈ ਤੋਂ ਬਾਅਦ ਸ੍ਰਿਸ਼ਟੀ ਨੂੰ ਆਪਣੇ ਵਿਚ ਸਮੇਟ ਕੇ ਜਦੋਂ ਵਿਧਾਤਾ ਨਿਸ਼ਚਿੰਤ ਹੋ ਕੇ ਸੌਂ ਰਿਹਾ ਸੀ ਤਾਂ ਅਤਿ ਸੂਖਮ ਰੂਪ ਵਿਚ ਉਸ ਸਮੇਂ ਸਿਰਫ਼ ਵੇਦ ਹੀ ਬਚੇ ਸਨ । ਵਿਧਾਤਾ ਨੂੰ ਇਸ ਲਾਪ੍ਰਵਾਹੀ ਦੇ ਆਲਮ ਵਿਚ ਵੇਖ ਕੇ ਹਯਗ੍ਰੀਵ ਨਾਮ ਦੇ ਪ੍ਰਾਣੀ ਨੇ, ਜਿਸ ਦਾ ਪ੍ਰਸਿੱਧ ਨਾਂ 'ਸੰਖ' ਹੈ, ਉਹਦੇ ਵੇਦ ਚੁਰਾ ਲਏ ਅਤੇ ਸਮੁੰਦਰ ਵਿਚ ਡੂੰਘਾ ਉਤਰ ਗਿਆ । ਕਹਿੰਦੇ ਨੇ ਪਿੱਛੋਂ ਮੱਛ–ਅਵਤਾਰ ਧਾਰ ਕੇ ਵਿਧਾਤਾ ਨੇ ਉਸ ਕੋਲੋਂ ਵੇਦਾਂ ਨੂੰ ਛੁਡਾਇਆ । ਪਰ ਵੇਦਾਂ ਦਾ ਸਪੱਰਸ਼ ਅੱਜ ਤੱਕ ਵੀ ਸੰਖ ਨੂੰ ਉਸ ਆਦਿ–ਪ੍ਰਸੰਗ ਨਾਲੋਂ ਤੋੜ ਨਹੀਂ ਸਕਿਆ । ਸੰਖ ਅੱਜ ਵੀ ਵੱਜਦਾ ਹੈ ।

ਨਰਕਾਂ ਦਾ ਵਰਨਣ ਕਰਦੇ ਪੁਰਾਣਕਾਰਾਂ ਨੇ ਚੋਰ/ਜਾਰ ਪੁਰਸ਼ਾਂ ਲਈ ਦੰਡ ਦਾ ਇਸ ਪ੍ਰਕਾਰ ਵੇਰਵਾ ਦਿੱਤਾ ਹੈ:

''ਜੋ ਨੀਚ ਮਨੁਖ ਕਾਮਨਾ ਅਤੇ ਲੋਭ ਦੇ ਵਸੀਭੂਤ ਹੋ ਕੇ ਦੂਸ਼ਿਤ ਦ੍ਰਿਸ਼ਟੀ ਅਤੇ ਘਟੀਆ ਸੋਚ ਨਾਲ ਪਰਾਈ ਇਸਤਰੀ ਜਾਂ ਪਰਾਏ ਧਨ ਉੱਤੇ ਨਜ਼ਰਾਂ ਗੱਡਦੇ ਹਨ, ਉਨ੍ਹਾਂ ਦੀਆਂ ਦੋਂਹਾਂ ਅੱਖਾਂ ਨੂੰ ਵੱਜਰ ਵਰਗੀ ਚੁੰਝ ਵਾਲੇ ਪੰਛੀ ਕੱਢ ਲੈਂਦੇ ਹਨ ਤੇ ਉਹ ਅੱਖਾਂ ਮੁੜ ਉਗ ਆਂਉਦੀਆਂ ਹਨ । ਇਨ੍ਹਾਂ ਪਾਪੀ ਮਨੁਖਾਂ ਨੇ ਜਿੰਨੇ ਨਿਮਖ ਤਕ ਪਾਪ ਪੂਰਨ ਦ੍ਰਿਸ਼ਟੀਪਾਤ ਕੀਤਾ ਹੁੰਦਾ ਹੈ: ਓਨੇ ਹਜ਼ਾਰ ਸਾਲ ਉਹ ਨੇਤਰ ਪੀੜਾ ਭੋਗਦੇ ਹਨ ।''

ਉਂਜ ਨਰਕਾਂ ਦੇ ਵਿਸਤ੍ਰਿਤ ਵੇਰਵੇ ਵਿਚ, ਮਾਰਕੰਡੇਯ ਪੁਰਾਣਕਾਰ ਨੇ, ਕੇਵਲ ਪੁਰਸ਼ਾਂ ਦਾ ਹੀ ਜ਼ਿਕਰ ਕੀਤਾ ਹੈ । ਕਿਸੇ ਨਰਕ ਵਿਚ ਵੀ ਸਜ਼ਾ ਭੁਗਤਦੀ ਔਰਤ ਨਜ਼ਰ ਨਹੀਂ ਆਉਂਦੀ । ਪੁਰਾਣਕਾਰ ਨਾਰੀ ਨੂੰ ਕੇਵਲ ਭੋਗ ਸਮਝਦਾ ਹੈ ਭੋਗੀ ਨਹੀਂ । ਜਾਂ ਫਿਰ ਨਾਰੀ ਨੂੰ ਨਰਕ ਦੇ ਬਾਹਰ ਮਰਦਾਂ ਲਈ ਨਰਕ ਦੀਆਂ ਪਰਚੀਆਂ ਕੱਟਣ ਲਈ ਛੱਡਿਆ ਗਿਆ ਹੈ । ਚੋਰੀ ਤੇ ਜਾਰੀ ਦੀਆਂ ਵੱਖ ਵੱਖ ਡਿਗਰੀਆਂ ਅਨੁਸਾਰ ਜੂਨੀਆਂ ਦਾ ਅੱਪ–ਟੂ–ਡੇਟ ਖ਼ਾਤਾ ਵਾਚਣ ਲਈ ਗੀਤਾ ਪ੍ਰੈਸ ਵਾਲਿਆਂ ਨਾਲ ਗੋਰਖਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ।

(ਤੀਸਰਾ ਬਿਸਰਾਮ)

ਤਮੋਗੁਣ ਦੇ ਪ੍ਰਭਾਵ ਦੀ ਬਹੁਲਤਾ ਦੇ ਕਾਰਨ ਸਾਡੀਆਂ ਗਿਆਨ ਇੰਦਰੀਆਂ ਸਾਡੀਆਂ ਕਰਮ ਇੰਦਰੀਆਂ ਨੂੰ ਆਪਣੇ ਅਧੀਨ ਕਰਕੇ ਵਾਸਨਾ ਅਤੇ ਭੋਗ ਵਿਚ ਸਰੀਰ ਦਾ ਸਾਮਰਾਜ ਪੈਦਾ ਕਰ ਦੇਂਦੀਆਂ ਹਨ । ਸੱਚ ਦੀ ਵਿਸਮ੍ਰਿਤੀ ਹੋ ਜਾਂਦੀ ਹੈ ਅਤੇ ਜਨਮ–ਵਿਯੋਗ ਦਾ ਕ੍ਰਮ ਆਰੰਭ ਹੋ ਜਾਂਦਾ ਹੈ । ਸਾਡੇ ਮਹਾਪੁਰਖਾਂ ਅਤੇ ਸ਼ਾਸਤਰਾਂ ਨੇ ਵੱਖ ਵੱਖ ਵਿਧੀਆਂ ਰਾਹੀਂ (ਸਾਮ, ਦਾਨ, ਦੰਡ, ਭੇਦ) ਮਨ ਨੂੰ ਬੁੱਧੀ ਦੇ ਅਧੀਨ ਰੱਖਣ ਅਰਥਾਤ ਮਨ ਨੀਵਾਂ ਤੇ ਮੱਤ ਉੱਚੀ ਰੱਖਣ ਦੀ ਗੱਲ ਸਿੱਧਾਂਤਾਂ, ਦ੍ਰਿਸ਼ਟਾਂਤਾਂ ਅਤੇ ਪ੍ਰਮਾਣਾਂ ਰਾਹੀਂ ਅਨੇਕ ਵਾਰ ਦੁਹਰਾਈ ਹੈ । ਪਰਾ–ਸਾਹਿੱਤ ਅਥਵਾ ਆਧਿਆਤਮਕ (ਰਹੱਸਦਰਸ਼ੀ) ਸਾਹਿਤ ਦਾ ਦਰਜਾ ਇਸੇ ਲਈ ਵਿਸ਼ਵ–ਸਾਹਿਤ ਵਿਚ ਉੱਚਾ ਅਤੇ ਸਦੀਵੀ ਹੈ । ਵਿਹਾਰ ਦੇ ਪੱਖੋਂ ਅਸੀਂ ਸਧਾਰਨ ਤੌਰ ਤੇ ਰਚੇ ਜਾ ਰਹੇ ਸਾਹਿਤ ਦੀ ਨਿਰਖ ਪਰਖ ਕਰਕੇ ਵੇਖੀਏ ਤਾਂ ਇਹ ਕੇਵਲ ਗਿਆਨ ਇੰਦਰੀਆਂ ਨੂੰ ਸੰਤੁਸ਼ਟ ਕਰਨ ਦਾ ਵਕਤੀ ਸਾਧਨ ਮਾਤਰ ਜਾਪਦਾ ਹੈ ਅਤੇ ਕਿਸੇ ਵੀ ਵਾਦ ਨਾਲ ਜੁੜੇ ਸਾਹਿਤ 'ਚੋਂ ਸਾਨੂੰ ਸੈਕਸ ਤੇ ਸਰਮਾਏ ਤੋਂ ਬਿਨਾਂ ਕੁਝ ਨਹੀਂ ਲੱਭਦਾ । ਇਨ੍ਹਾਂ ਦੋਹਾਂ ਦੇ ਵੱਧ ਤੋਂ ਵੱਧ ਭੋਗ ਦੀ ਲੋੜ 'ਚੋਂ ਹੀ ਨਵੀਆਂ ਵਿਧਾਵਾਂ ਤੇ ਵਿਧੀਆਂ ਪੈਦਾ ਹੁੰਦੀਆਂ ਹਨ । ਚੋਰੀ ਦਾ ਗੁੜ ਤਾਂ ਮਿੱਠਾ ਹੁੰਦਾ ਹੀ ਹੈ ਪਰ ਆਪਣਾ ਗੁੜ ਵੀ ਲੁਕਾ ਕੇ ਹੀ ਖਾਣ ਵਿਚ ਸਿਆਣਪ ਸਮਝੀ ਜਾਂਦੀ ਹੈ ।

ਲੁੱਟ–ਖੋਹ ਇਸ ਹੱਦ ਤੱਕ ਮੱਚੀ ਹੋਈ ਹੈ ਕਿ ਵੱਡੇ ਤੋਂ ਵੱਡਾ ਕੰਮ ਕਢਵਾਉਣ ਲਈ 'ਅਪਸਰਾ–ਨੀਤੀ' ਦਾ ਪ੍ਰਯੋਗ ਕਰਕੇ ਤਹਿਲਕਾ ਮਚਾਉਣਾ ਉੱਤਰ–ਆਧੁਨਿਕਤਾ ਦਾ ਪ੍ਰਮੁਖ ਲੱਛਣ ਬਣ ਗਿਆ ਹੈ । ਇੰਦਰ ਵਰਗਾ ਐਸ਼ਵਰਯ ਦਾ ਮਾਲਕ ਵੀ ਗੌਤਮ ਰਿਸ਼ੀ ਦੀ ਨਾਰੀ ਨੂੰ ਭੋਗਣ ਵਾਸਤੇ ਵਿਚਾਰੇ ਚੰਦਰਮਾ ਨੂੰ ਮੁਰਗਾ ਬਣਾ ਦੇਂਦਾ ਹੈ । ਆਪਣੇ ਬਾਪੂ ਮਹਾਰਾਜਾ ਸ਼ਾਂਤਨੂ ਦੀ ਕਾਮ ਤ੍ਰਿਪਤੀ ਲਈ ਭਵਿੱਖ ਦੇ ਮਹਾਰਥੀ ਭੀਸ਼ਮ ਨੂੰ ਮਿਥਿਹਾਸਕ ਪ੍ਰਤਿਗਿਆ ਕਰਕੇ ਪਿਤਰ–ਰਿਣ ਉਤਾਰਨੋਂ ਅਸਮਰਥ ਰਹਿਣਾ ਪੈਂਦਾ ਹੈ । ਸੱਚ ਪੁੱਛੋ ਤਾ ਸਾਹਿਤ–ਸ਼ਾਸਤਰ ਵਿਚ ਮਾਣ ਨਾਲ ਵਰਤੇ ਜਾਂਦੇ 'ਕਲਾ' ਸੰਕਲਪ ਦਾ ਉਦੈ ਵੀ ਕਾਮ-ਸੂਤਰ 'ਚੋਂ ਹੀ ਹੋਇਆ ਹੈ.....

ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਅਤੇ ਜਸਵੰਤ ਦੀਦ ਦੀਆਂ ਕਵਿਤਾਵਾਂ ਜਾਰ–ਬਿਰਤੀ ਦੀਆਂ ਉਤੁਕ੍ਰਸ਼ਟ ਉਦਾਹਰਨਾਂ ਹਨ । ਸਾਰੇ ਦਾ ਸਾਰਾ 'ਪ੍ਰਗਤੀਵਾਦੀ' ਸਾਹਿੱਤ (ਇਦ੍ਹੀ ਬਾਈ–ਪ੍ਰੋਡਕਟ ਨਵ–ਪ੍ਰਗਤੀਵਾਦੀ ਅਤੇ ਜੁਝਾਰਵਾਦੀ ਵੀ) 'ਕੱਠੇ ਹੋਕੇ ਖੋਹ ਲੈਣ ਦੀ ਦੁਹਾਈ ਦੇਂਦਾ ਹੈ । ਨਫ਼ਰਤ ਅਤੇ ਈਰਖਾ ਦਾ ਪ੍ਰਚਾਰ ਕਰਦਾ ਹੈ । ਅਸਤਿੱਤਵ–ਵਾਦੀ/ਉੱਤਰ–ਆਧੁਨਿਕੀ ਵਿਚਾਰਧਾਰਾ ਵਿਚ ਨੈਤਿਕਤਾ ਦੇ ਵਿਰੋਧ ਤੋਂ ਸਿਵਾਏ ਹੈ ਹੀ ਕੁਝ ਨਹੀਂ । ਸਰੀਰ ਅਤੇ ਸੰਸਾਰ ਨਾਲ ਸੰਬੰਧਿਤ ਹਰ ਲਹਿਰ ਨੇ ਦਿਨ–ਰਾਤ ਚੜ੍ਹੀ ਰਹਿਣ ਵਾਲੀ ਨਾਮ–ਖ਼ੁਮਾਰੀ ਦੀ ਥਾਂ ਵਕਤੀ ਨਸ਼ੇ ਨੂੰ ਤਰਜੀਹ ਦਿੱਤੀ ਹੈ । ਸਾਹਿੱਤ ਵਿਚ ਇਹੋ ਵਰਤਾਰਾ ਭੇਸ ਬਦਲ ਬਦਲ ਕੇ ਆਉਂਦਾ ਹੈ ।

ਭੁਲੇਖਾ ਲੱਗ ਸਕਦਾ ਹੈ ਕਿ ਇਨ੍ਹਾਂ ਪੰਨਿਆ ਵਿਚ ਸਮੁੱਚੇ ਅਜੋਕੇ ਸਾਹਿਤ ਦਾ ਨਿਖੇਧ ਕੀਤਾ ਜਾ ਰਿਹਾ ਹੈ । ਅਸਲ ਵਿਚ ਤੱਥ ਇਸਦੇ ਉਲਟ ਹੈ । ਸਾਹਿਤ ਵਿਚ ਚੋਰੀ/ਜਾਰੀ ਰੋਗਾਂ ਦੇ ਜੋ ਵਿਆਪਕ ਲੱਛਣ ਦ੍ਰਿਸ਼ਟੀਗਤ ਹੋ ਰਹੇ ਹਨ, ਅਕਲਾਂ ਵਾਲਿਆਂ ਨੂੰ ਇਸ ਪੱਖੋਂ ਚਿੰਤਾਵਾਨ ਹੋਣ ਦੀ ਜ਼ਰੂਰਤ ਹੈ । ਇਹ ਠੀਕ ਹੈ ਕਿ ਨੇਕ ਔਰਤ ਦੀ ਕਹਾਣੀ ਲਿਖਣ/ਸੁਣਨ ਵਿਚ ਐਂਦਰਿਕ ਰਸ ਨਹੀਂ ਹੁੰਦਾ ਪਰ ਕਹਾਣੀ ਨਾ ਲਿਖੀ ਜਾਣ ਕਰਕੇ ਉਹ ਔਰਤ ਬਦ ਨਹੀਂ ਹੋ ਜਾਂਦੀ । ਕਹਿੰਦੇ ਨੇ: ਕੋਈ ਵੀ ਖ਼ਬਰ ਚੰਗੀ ਖ਼ਬਰ ਨਹੀਂ ਹੁੰਦੀ । ਇਸੇ ਤਰ੍ਹਾਂ ਅਵਾਮ ਦੀ ਰੁਚੀ ਨੂੰ ਮੁੱਖ ਰੱਖ ਕੇ ਲਿਖੀ ਗਈ ਕੋਈ ਵੀ ਲਿਖਤ ਸ਼ਿਵਮ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ......

(ਇਤਿ ਸ਼ੁਭਮ)

10. ਅੰਤਰ ਸੋਹਜ ਦੀ ਸਹਿਜ ਯਾਤਰਾ

'ਯਾਤਰਾ' ਕਹਿੰਦਿਆਂ ਹੀ ਤੀਰਥ ਯਾਦ ਆਉਂਦਾ ਹੈ, ਇਸ ਲਈ ਮੰਗਲਾਚਰਨ ਵੱਜੋਂ ਪੜ੍ਹਦੇ ਹਾਂ ਸਵਾਮੀ ਰਾਮ ਤੀਰਥ ਦੀ ਇਕ ਕੋਲਾਜ ਨਜ਼ਮ:

ਮੈਂ ਸ਼ਿਵ ਹਾਂ
ਮਾਲਾਬਾਰ ਤੇ ਕੰਨਿਆਕੁਮਾਰੀ ਮੇਰੀਆਂ ਲੱਤਾਂ ਹਨ
ਰਾਜਪੁਤਾਨੇ ਦਾ ਮਾਰੂਥਲ ਮੇਰਾ ਸੀਨਾ ਹੈ
ਵਿਧਿੰਆਚਲ ਪਰਬਤ–ਮਾਲਾ ਮੇਰੀ ਕਮਰ ਹੈ
ਮੈਂ ਪੂਰਬ ਤੇ ਪੱਛਮ ਵਿਚ ਆਪਣੀਆਂ ਬਾਹਾਂ ਪਸਾਰ ਰਿਹਾ ਹਾਂ
ਹਿਮਾਲਾ ਮੇਰੇ ਕੇਸਾਂ ਦੀਆਂ ਜਟਾਂ ਹਨ–
ਇਹਨਾਂ ਵਿਚੋਂ ਪਵਿੱਤਰ ਚਾਂਦੀ ਰੰਗੀ ਗੰਗਾ ਵਹਿੰਦੀ ਹੈ
ਮੈਂ ਭਾਰਤ ਹਾਂ
ਮੈਂ ਮਨੁੱਖ ਹਾਂ
ਮੈਂ ਪੰਛੀ ਹਾਂ
ਮੈਂ ਪਸ਼ੂ ਹਾਂ
ਮੈਂ ਪ੍ਰਭੂ ਹਾਂ
......... ਦੁਨੀਆਂ ਮੇਰੀਆਂ ਖ਼ੁਸ਼ੀਆਂ ਦੀ ਭਾਈਵਾਲ ਤਾਂ ਬਣਨਾਂ ਚਾਹੁੰਦੀ ਹੈ ਪਰ ਉਹ ਇਹਨਾਂ ਦੀਆਂ ਪ੍ਰਸੂਤ ਪੀੜਾਂ ਤੋਂ ਜਾਣੂ ਨਹੀਂ ਹੋਣਾ ਚਾਹੁੰਦੀ
.........
ਮੇਰੇ ਤੋਂ ਪਹਿਲਾਂ ਕੋਈ ਸੰਸਾਰ ਨਹੀਂ ਸੀ
ਇਹ ਮੇਰੀ ਸਿਰਜਣਾ ਹੈ
ਮੈਂ ਹੀ ਸੂਰਜ ਨੂੰ ਸਾਗਰ ਤੋਂ ਉੱਪਰ ਲਿਆਂਦਾ
ਤੇ ਚੰਦਰਮਾ ਨੇ ਆਪਣਾ ਸਦਾ ਪਰਿਵਰਤਨਸ਼ੀਲ ਮਾਰਗ ਵੀ
'ਮੇਰੇ' ਨਾਲ ਹੀ ਆਰੰਭ ਕੀਤਾ
.........
ਮੌਤੇ! ਜੇ ਤੂੰ ਚਾਹੁੰਦੀ ਹੈ ਤਾਂ ਮੇਰੇ ਇਸ ਸਰੀਰ ਨੂੰ ਲੈ ਜਾ,
ਮੈਨੂੰ ਕੋਈ ਪ੍ਰਵਾਹ ਨਹੀਂ
ਮੇਰੇ ਕੋਲ ਵਰਤਣ ਲਈ ਕਾਫੀ ਸਰੀਰ ਹਨ,
ਮੈਂ ਉਹਨਾਂ ਚਾਂਦੀ ਦੀਆਂ ਤਾਰਾਂ ਨੂੰ ਪਹਿਨ ਸਕਦਾ ਹਾਂ
ਜਿਹੜੀਆਂ ਚੰਨ ਦੀਆਂ ਰਿਸ਼ਮਾਂ ਵਿਚ ਪਸਰੀਆਂ ਹੋਈਆਂ ਹਨ
ਮੈਂ ਦੈਵੀ ਗਾਇਕਾਂ ਦੀ ਤਰ੍ਹਾਂ ਭਰਮਣ ਕਰ ਸਕਦਾ ਹਾਂ
ਅਤੇ
ਇਹਨਾਂ ਪਰਬਤੀ ਨਦੀ–ਨਾਲਿਆਂ ਦੇ ਬਸਤਰ ਪਹਿਨ ਸਕਦਾ ਹਾਂ
ਮੈਂ ਸਾਗਰ ਦੀਆਂ ਲਹਿਰਾਂ ਵਿਚ ਨੱਚ ਸਕਦਾ ਹਾਂ ।
ਮੈਂ ਉਹ ਪਵਨ ਹਾਂ ਜੋ ਮਾਣਮੱਤੀ ਰੁਮਕ ਰਹੀ ਹੈ ।
ਮੈਂ ਉਹ ਰਿਵੀ ਹਾਂ ਜੋ ਮਸਤਾਨੀ ਚਾਲ ਚੱਲ ਰਹੀ ਹੈ ।
ਮੇਰੇ ਸਾਰੇ ਆਕਾਰ ਨਿੱਤ ਬਦਲਦੇ ਹਨ
ਤੇ ਭਰਮਣ ਕਰਦੇ ਰਹਿੰਦੇ ਹਨ ।
ਮੈਂ ਉਹਨਾਂ ਪਾਰਲੇ ਪਹਾੜਾਂ ਤੋਂ ਹੇਠਾਂ ਆਇਆ
ਮੁਰਦਿਆਂ ਨੂੰ ਸੁਰਜੀਤ ਕੀਤਾ
ਸੁੱਤਿਆਂ ਨੂੰ ਜਗਾਇਆ
ਕਈਆਂ ਦੇ ਸੁੰਦਰ ਮੁਖੜਿਆਂ ਤੋਂ ਘੁੰਡ ਲਾਹੇ
ਕਈਆਂ ਰੋਂਦਿਆਂ ਦੇ ਹੰਝੂ ਪੂੰਛੇ ।
ਮੈਂ ਬੁਲਬੁਲ ਤੇ ਗੁਲਾਬ–ਦੋਹਾਂ ਨੂੰ ਤੱਕਿਆ,
ਤੇ ਦੋਹਾਂ ਦਾ ਹੀ ਧੀਰਜ ਬੰਨ੍ਹਾਇਆ ।
ਮੈਂ ਇਸ ਨੂੰ ਛੋਹਿਆ
ਮੈਂ ਉਸ ਨੂੰ ਛੋਹਿਆ
ਮੈਂ ਆਪਣੀ ਟੋਪੀ ਉਤਾਰੀ ਤੇ ਚਲਾ ਗਿਆ ।
ਮੈਂ ਏਥੇ ਜਾਂਦਾ ਹਾਂ
ਮੈਂ ਓਥੇ ਜਾਂਦਾ ਹਾਂ
ਮੈਨੂੰ ਕੋਈ ਲੱਭ ਨਹੀਂ ਸਕਦਾ!
.........
ਮਿੱਤਰੋ! ਅਲਵਿਦਾ – ਮੈ ਜਾਂਦਾ ਹਾਂ
ਇਹ ਵਿਸ਼ਵ ਮਹਿਲ ਮੇਰੇ ਲਈ ਬੜਾ ਸੌੜਾ ਹੈ
ਮੈਂ ਤੇ ਮੇਰਾ ਪ੍ਰੀਤਮ ਹੀ ਏਥੇ ਖੇਡ ਸਕਦੇ ਹਾਂ
ਉਸ ਨਾਲ ਇਕੱਠੇ ਰਲ ਕੇ ਤੁਰਨ ਦਾ ਕਿੰਨਾ ਸੁਆਦ ਹੈ
.........
ਆਉ ਸਵਾਨੋ, ਆਉ ਮਛਲੀਓ
ਆਉ ਜਿਸਦੀ ਖ਼ੁਸ਼ੀ ਹੈ ਆਉ
ਕੁਦਰਤ ਦੀਓ ਸਭ ਸ਼ਕਤੀਓ ਏਥੇ ਆਉ
ਕੁੱਝ ਚਰਿੰਦਿਆਂ ਤੇ ਪਰਿੰਦਿਆਂ ਨੂੰ ਬੁਲਾਓ
ਮੈਂ ਰਚਿਆ ਹੈ ਵਿਆਹ ਦਾ ਪ੍ਰੀਤੀ–ਭੇਜ
ਮੇਰੇ ਲਹੂ ਮਾਸ ਨੂੰ ਆ ਕੇ ਰੱਜ–ਰੱਜ ਖਾਓ
ਖ਼ੁਸ਼ੀ ਮਨਾਓ – ਨੱਚੋ ਗਾਓ!!

(ਪ੍ਰੋ. ਪੂਰਨ ਸਿੰਘ ਦੁਆਰਾ ਲਿਖੀ ਸਵਾਮੀ ਰਾਮਤੀਰਥ ਦੀ ਜੀਵਨੀ 'ਤੇ ਆਧਾਰਿਤ)

ਘੁਮੱਕੜਨਾਮਾ

ਕੇਦਾਰ ਨਾਥ ਪਾਂਡੇ ਉਰਫ਼ ਰਾਮ ਉਦਾਸ ਦਾਸ ਉਰਫ਼ ਰਾਹੁਲ ਸਾਂਕਤ੍ਰਾਇਅਨ ਦੀ ਸਮੁੱਚੀ ਜੀਵਨ–ਯਾਤਰਾ ਸਹੀ ਅਰਥਾਂ ਵਿਚ 'ਯਾਤਰਾ' ਸੀ ਕਿਉਂਕਿ ਉਸਨੇ ਸਾਰੀ ਉਮਰ ਯਾਤਰਾ ਕੀਤੀ ਅਤੇ ਬਾਕੀ ਜੋ ਕੁਝ ਕੀਤਾ ਉਹ ਯਾਤਰਾ ਦੇ ਸੰਦਰਭ ਵਿਚ ਹੀ ਕੀਤਾ, ਯਾਤਰਾ ਉਸ ਮਹਾਂਪੰਡਿਤ ਲਈ ਕਾਵਿ–ਰਸ ਅਥਵਾ ਬ੍ਰਹਮ–ਅਨੁਭਵ ਤੋਂ ਘੱਟ ਨਹੀਂ ਸੀ, ਅਨੇਕ ਦਸਤਾਵੇਜ਼ੀ ਗਰੰਥਾਂ ਤੋਂ ਇਲਾਵਾ ਉਸਨੇ 'ਘੁਮੱਕੜ ਸ਼ਾਸਤਰ' ਵੀ ਲਿਖਿਆ ਹੈ ਜਿਸ ਵਿਚੋਂ ਕੁਝ ਕੰਮ ਦੀਆਂ ਗੱਲਾਂ ਦੁਹਰਾਉਣ ਨੂੰ ਦਿਲ ਕਰਦਾ ਹੈ:

– ਧਨ, ਸੰਪਤੀ ਘੁਮੱਕੜ ਦੇ ਰਾਹ ਦਾ ਰੋੜਾ ਬਣ ਸਕਦੀ ਹੈ । ... ਇਹ ਰੇਲ, ਜਹਾਜ਼ ਅਤੇ ਵਿਮਾਨ ਤੱਕ ਪੁਚਾ ਸਕਦੀ ਹੈ; ਵਿਲਾਸ ਹੋਟਲਾਂ ਤੇ ਕਾਫੀ ਹਾਊਸਾਂ ਦੀ ਸੈਰ ਕਰਵਾ ਸਕਦੀ ਹੈ । ਪਰ ਜੇਕਰ ਘੁਮੱਕੜ ਦ੍ਰਿੜ–ਸੰਕਲਪੀ ਨਾ ਹੋਏ ਤਾਂ ਅਜਿਹੀਆਂ ਥਾਵਾਂ 'ਤੇ ਉਸਦੇ ਮਨੋਬਲ ਨੂੰ ਹਾਨੀ ਪਹੁੰਚ ਸਕਦੀ ਹੈ, ਇਸ ਲਈ ਪਾਠਕਾਂ ਵਿਚੋਂ ਜੇਕਰ ਕੋਈ ਜਵਾਨ ਤੇ ਅਮੀਰ ਮੁੰਡਾ, ਕੁੜੀ ਘੁਮੱਕੜ ਧਰਮ ਗ੍ਰਹਿਣ ਕਰਨਾ ਚਾਹੇ ਤਾਂ ਉਸਨੂੰ ਆਪਣੀ ਧਨ–ਸੰਪਤੀ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ ਅਰਥਾਤ ਸਮੇਂ ਸਮੇਂ ਆਪਣੀ ਜੇਬ ਵਿਚ ਸਿਰਫ਼ ਓਨਾ ਕੁ ਹੀ ਪੈਸਾ ਲੈ ਕੇ ਘੁੰਮਣਾ ਚਾਹੀਦਾ ਹੈ ਜਿਸ ਨਾਲ ਭਿਖਾਰੀ ਬਣਨ ਦੀ ਨੌਬਤ ਨਾ ਆਏ ਅਤੇ ਨਾ ਹੀ ਵੱਡੇ ਵੱਡੇ ਹੋਟਲਾਂ ਜਾਂ ਗੈਸਟ ਹਾਊਸਾਂ ਵਿਚ ਟਿਕਣ ਦਾ ਪ੍ਰਬੰਧ ਹੋ ਸਕੇ । ਮਤਲਬ ਇਹ ਕਿ ਵੱਖ ਵੱਖ ਵਰਗਾਂ ਵਿਚ ਉਤਪੰਨ ਘੁਮੱਕੜਾਂ ਨੂੰ ਇਕ ਹੀ ਪੱਧਰ 'ਤੇ ਵਿਚਰਨ ਦਾ ਅਵਸਰ ਮਿਲਣਾ ਚਾਹੀਦਾ ਹੈ ।

– ਘੁਮੱਕੜ ਚਾਪਲੂਸੀ ਨੂੰ ਨਫ਼ਰਤ ਕਰਦਾ ਹੈ ਪਰ ਇਸਦਾ ਅਰਥ ਅੱਖੜ ਜਾਂ ਉਜੱਡ ਹੋਣਾ ਨਹੀਂ; ਅਤੇ ਨਾ ਹੀ ਸਾਊਪੁਣੇ ਨੂੰ ਤਿਲਾਂਜਲੀ ਦੇਂਦਾ ਹੈ । ਦਰਅਸਲ ਘੁਮੱਕੜ ਆਪਣੇ ਆਚਰਣ ਅਤੇ ਸੁਭਾਅ ਨੂੰ ਅਜਿਹਾ ਬਣਾ ਲਏ ਕਿ ਉਹ ਸੰਸਾਰ ਵਿਚ ਕਿਸੇ ਨੂੰ ਆਪਣੇ ਤੋਂ ਉੱਪਰ ਨਾ ਸਮਝੇ; ਲੇਕਿਨ ਨਾਲ ਹੀ ਕਿਸੇ ਨੂੰ ਨੀਵਾਂ ਨਾ ਸਮਝੇ । ਸਮਦਰਸ਼ਰਤਾ ਘੁਮੱਕੜ ਦਾ ਇੱਕੋ ਇਕ ਦ੍ਰਿਸ਼ਟੀਕੋਣ ਹੈ ਅਤੇ ਅਪਣੱਤ ਉਸਦੇ ਸਮੁੱਚੇ ਵਿਹਾਰ ਦਾ ਸਾਰ ਹੈ ।

– ਸਾਧਾਰਨ ਸ਼ੇ੍ਰਣੀ ਦੇ ਮਜ਼ਦੂਰਾਂ ਵਾਲੇ ਕੰਮ ਕਰਨ ਦੀ ਸਮਰੱਥਾ ਅਤੇ ਉਤਸਾਹ ਉੱਚੀ ਸ਼ੇ੍ਰਣੀ ਦਾ ਘੁਮੱਕੜ ਬਣਨ ਲਈ ਬਹੁਤ ਲਾਭਕਾਰੀ ਹੋ ਸਕਦਾ ਹੈ ।

– ਯਾਤਰਾ–ਕਥਾ ਲਿਖਣ ਵਾਲਿਆਂ ਲਈ ਕੈਮਰਾ ਓਨਾ ਹੀ ਲੋੜੀਂਦਾ ਹੈ ਜਿੰਨੀ ਕਿ ਕਲਮ । ਫੋਟੋ ਅਤੇ ਕਲਮ ਮਿਲਕੇ ਤੁਹਾਡੇ ਲੇਖ ਨੂੰ ਜ਼ਿਆਦਾ ਪੈਸੇ ਦਿਵਾ ਸਕਦੇ ਹਨ । ਯਾਤਰਾ ਬਨਾਮ ਚੂਹਾ-ਦੌੜ

– ਇਨਾਮਾਂ ਦੇ ਉਮੀਦਵਾਰਾਂ ਦੀ ਕਤਾਰਾਂ ਵਿਚ ਸਿੱਧੇ ਜਾਂ ਟੇਢੇ ਰੂਪ ਵਿਚ ਖੜ੍ਹੇ ਹੋ ਕੇ (ਅਥਵਾ ਬੈਠ ਕੇ) ਤੁਸੀਂ ਇਨਾਮਾਂ ਦੀ ਬੇਈਮਾਨੀ ਬਾਰੇ ਇਮਾਨਦਾਰਾਨਾ ਟਿੱਪਣੀ ਨਹੀਂ ਕਰ ਸਕਦੇ; ਸਗੋਂ ਤੁਹਾਡੀ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਆਪਣੀ ਪ੍ਰਮਾਣਿਕਤਾ, ਭਰੋਸੇਯੋਗਤਾ ਅਤੇ ਪ੍ਰਸੰਗਤਾ ਪੂਰੀ ਤਰ੍ਹਾਂ ਗੁਆ ਦੇਂਦਾ ਹੈ ।

– ਜਿਹੜੇ ਲੋਕ ਭਾਰਤੀ ਸਾਹਿੱਤ ਅਕਾਦਮੀ ਪੁਰਸਕਾਰ ਦੇ ਕਿਸੇ ਤਰ੍ਹਾਂ ਵੀ ਯੋਗ ਨਹੀਂ ਅਤੇ ਅਨੈਤਕਿਤਾ ਅਥਵਾ ਘਟੀਆਤਰੀਨ ਸਿਆਸੀ ਹਥਕੰਡੇ ਵਰਤ ਕੇ ਵੀ ਜਿਨ੍ਹਾਂ ਨੂੰ ਇਹ ਪੁਰਸਕਾਰ ਮਰਨ–ਉਪਰੰਤ ਮਿਲਣ ਦੀ ਧੁੰਦਲੀ ਜਿਹੀ ਵੀ ਉਮੀਦ ਨਹੀਂ; ਉਹ ਲੋਕ ਜੇਕਰ ਸਰਬ–ਉਚ ਨਿਰਣਾਇਕ ਮੰਡਲ ਵਿਚ ਸ਼ਾਮਿਲ ਹੋ ਕੇ ਇਸ ਪੁਰਸਕਾਰ ਦੀ ਸਥਾਪਤੀ ਵੇਲੇ ਚਿਤਵੀ ਗਈ ਵਿਚਾਰੀ ਭਾਵਨਾ ਨਾਲ ਦਿਨ–ਦਿਹਾੜੇ; ਗੱਜ–ਵੱਜ ਕੇ; ਰਾਜ–ਪੱਥ ਦੇ ਪਰਮੁੱਖ ਚੌਰਾਹੇ ਵਿਚ ਸਮੂਹਿਕ ਬਲਾਤਕਾਰ ਕਰਨ ਤਾਂ ਸਮਾਚਾਰ ਕੀ ਅਹਿਮੀਅਤ ਰੱਖੇਗਾ! ਕਿਸ ਅਖ਼ਬਾਰ ਵਿਚ ਛਪੇਗਾ?

– ਸਾਹਿੱਤ–ਸਭਾਵਾਂ ਦੀ ਮੈਂਬਰਸ਼ਿਪ ਲਈ ਥੋਕ ਦੇ ਹਿਸਾਬ ਨਾਲ ਲੇਖਾਂ ਦੀ ਪਰਿਭਾਸ਼ਾ ਵਿਚ ਅਜਿਹੇ ਲੋਕਾਂ ਨੂੰ ਸ਼ਾਮਿਲ ਕਰਨ ਦਾ ਖ਼ਤਰਨਾਕ ਰੁਝਾਨ ਉਭਰਿਆ ਹੈ, ਜਿਹੜੇ ਕਿਸੇ ਇਮਤਿਹਾਨ ਜਾਂ ਡਿਗਰੀ ਲਈ ਮਜਬੂਰੀ–ਵੱਸ 'ਖੋਜ–ਪੱਤਰ' ਜਾਂ 'ਸ਼ੋਧ–ਪੱਤਰ' ਜਾਂ 'ਸ਼ੋਧ–ਪ੍ਰਬੰਧ' ਲਿਖਣ ਲਈ ਆਪਣੇ 'ਗਾਈਡਾਂ' ਦੀ 'ਬੰਧੂਆ ਜਮਾਤ' ਬਣੇ ਹੋਏ ਹਨ ਅਤੇ ਚੋਣਾਂ ਤੋਂ ਬਿਨਾਂ ਜਿਨ੍ਹਾਂ ਦਾ ਹੋਰ ਕਿਸੇ ਅਦਬੀ ਸਰਗਰਮੀ ਵਿਚ ਕੋਈ ਦਖ਼ਲ ਨਹੀਂ ਹੁੰਦਾ । ਇਹ ਹੀ ਹੌਲੀ ਹੌਲੀ 'ਆਲੋਚਨਾ' ਨੂੰ ਸਿਰਜਨਾਤਮਕ ਸਾਹਿੱਤ ਦੀ ਪਰਿਭਾਸ਼ਾ ਦੇ ਘੇਰੇ ਵਿਚ ਘਸੋੜਨ ਲਈ ਇਸ ਕਰਕੇ ਤਰਲੋਮੱਛੀ ਹੋ ਰਹੇ ਹਨ ਤਾਂ ਕਿ ਸਾਹਿੱਤਕ–ਪੁਰਸਕਾਰਾਂ ਨੂੰ ਵਿਚਾਰੇ 'ਅਨਪੜ੍ਹ ਜਾਂ ਅੱਧਪੜ੍ਹ' ਲੇਖਕਾਂ ਦੀ ਪਹੁੰਚ ਤੋਂ ਪਰੇ ਕਰਕੇ ਯੂਨੀਵਰਸਿਟੀਆਂ ਵਿਚ ਪਲ ਰਹੇ 'ਕੋਰੇ ਬੁੱਧੀਜੀਵੀਆਂ' ਲਈ ਰਾਖਵਾਂ ਕੀਤਾ ਜਾ ਸਕੇ । ਹੋਸ਼ਿਆਰ! ਖ਼ਬਰਦਾਰ!!

- ਪੁਰਸਕਾਰ ਦੇ ਨਾਲ 'ਜੇਤੂ' ਜਾਂ 'ਵਿਜੇਤਾ' ਲਿਖਕੇ ਮਾਣ ਮਹਿਸੂਸ ਕਰਨ ਵਾਲਿਆਂ ਲਈ ਖ਼ਬਰ ਹੈ ਕਿ ਪਾਠਕਾਂ ਨੂੰ ਉਹਨਾਂ ਦੀ ਅਸਲੀਅਤ ਦਾ ਪਤਾ ਲੱਗ ਚੁੱਕਾ ਹੈ । ਉਹ ਸਮਝ ਗਏ ਹਨ ਕਿ 'ਚੂਹਾ-ਦੌੜ' ਵਿੱਚ ਜਿਹੜਾ ਸ਼ਾਮਲ ਹੋਵੇਗਾ ਓਹੀ ਦੋੜੇਗਾ ਓਹੀ ਜਿੱਤੇਗਾ । ਜ਼ਾਹਿਰ ਹੈ ਕਿ ਜਿੱਤਣ ਵਾਲਾ ਕੋਈ ਚੂਹਾ ਹੀ ਹੋਵੇਗਾ । ਖੋਦਿਆ ਪਹਾੜ ਨਿੱਕਲਿਆ........

11. ਸੰਕਟ ਮਿੱਤਰਾਂ ਦਾ

ਕਿਤਾਬਾਂ ਛਪਦੀਆਂ ਰਹਿੰਦੀਆਂ ਨੇ । ਕਿਤਾਬਾਂ ਆਉਂਦੀਆਂ ਰਹਿੰਦੀਆਂ ਨੇ । ਕੁਝ ਕਿਤਾਬਾਂ ਮਿੱਤਰ ਬਣ ਜਾਂਦੀਆਂ ਨੇ । ਕੁਝ ਕਿਤਾਬਾਂ ਮਿੱਤਰਾਂ ਦੀਆਂ ਹੁੰਦੀਆਂ ਨੇ । ਮਿੱਤਰ ਵਧੀਆ ਹੁੰਦੇ ਨੇ । ਕਿਤਾਬਾਂ ਵਧੀਆ ਹੁੰਦੀਆਂ ਨੇ । ਮਿਲਣ ਨੂੰ ਦਿਲ ਕਰਦਾ ਰਹਿੰਦਾ ਹੈ । ਪੜ੍ਹਨ ਨੂੰ ਦਿਲ ਕਰਦਾ ਰਹਿੰਦਾ ਹੈ । ਦੋਹਾਂ ਨੂੰ ਸਾਂਭ ਸਾਂਭ ਰੱਖੀਦਾ ਹੈ । ਪਰ ਸੰਕਟ ਉਦੋਂ ਪੈਦਾ ਹੁੰਦਾ ਹੈ ਜਦੋਂ ਕਿਤਾਬਾਂ ਕੁਝ ਕਹਿੰਦੀਆਂ ਨੇ । ਮਿੱਤਰ ਕੁਝ ਹੋਰ ਚਾਹੁੰਦੇ ਨੇ । ਅਤੇ ਸੰਕਟ ਉਦੋਂ ਹੋਰ ਵੀ ਗੰਭੀਰ ਹੋ ਜਾਂਦਾ ਹੈ ਜਦੋਂ ਕਿਤਾਬਾਂ ਕੁਝ ਵੀ ਨਹੀਂ ਕਹਿੰਦੀਆਂ ਪਰ ਮਿੱਤਰ ਬੜਾ ਕੁਝ ਚਾਹੁੰਦੇ ਨੇ । ਅਸਲ ਵਿੱਚ ਇਹ ਸੰਕਟ ਮਿੱਤਰ ਅਤੇ ਲੇਖਕ ਦੀ ਦਵੈਤ 'ਚੋਂ ਪੈਦਾ ਹੁੰਦਾ ਹੈ । ਲੇਖਕ ਦੀ ਤਵੱਕੋ ਮਿੱਤਰਾਂ ਵਾਲੀ ਹੁੰਦੀ ਹੈ । ਮਿੱਤਰਾਂ ਲਈ ਇਹ ਸੰਕਟ ਦੀ ਘੰਟੀ ਹੁੰਦੀ ਹੈ । ਘੰਟੀ ਨੇ ਵੱਜਣਾ ਹੀ ਹੁੰਦਾ ਹੈ । ......ਵੱਜ ਜਾਂਦੀ ਹੈ ।

ਕਿਤਾਬਾਂ ਦੀ ਕਿਸਮਤ ਲੇਖਕ ਨਾਲ ਨਹੀਂ, ਪਾਠਕਾਂ ਨਾਲ ਜੁੜੀ ਹੁੰਦੀ ਹੈ । ਲੇਖਕ ਤਾਂ ਜੰਮ ਜੰਮ ਸੁੱਟੀ ਜਾਂਦੇ ਨੇ, ਸਾਂਭਣਾ ਪਾਠਕਾਂ ਨੇ ਹੁੰਦਾ ਹੈ । ਪਾਠਕ ਹੀ ਅਸਲੀ ਮਿੱਤਰ ਹੁੰਦੇ ਨੇ ਤੇ ਪਾਠਕਾਂ ਦਾ ਸੁਭਾਅ ਛੱਜ ਵਰਗਾ ਹੁੰਦਾ ਹੈ । ਛੱਜ ਲਿਹਾਜ਼ ਨਹੀਂ ਕਰਦਾ; ਛੱਟਦਾ ਹੈ । ਛੱਟਣ ਨਾਲ ਥੋਥਾ ਤੇ ਬੋਦਾ ਉੱਡ ਜਾਂਦਾ ਹੈ; ਭਾਰਾ-ਗੌਰਾ ਟਿਕਿਆ ਰਹਿੰਦਾ ਹੈ ।

ਸਾਧੂ (ਪਾਠਕ) ਐਸਾ ਚਾਹੀਏ, ਜੈਸਾ ਸੂਪ (ਛੱਜ) ਸੁਭਾਇ ।
ਸਾਰ ਸਾਰ ਕੋ ਗਹਿ ਰਹੇ, ਥੋਥਾ ਦੇਇ ਉੜਾਇ¨
ਪਹਿਲੇ ਫਟਕੇ ਛਾਂਟਿ ਕੇ, ਥੋਥਾ ਸਭ ਉੱਡ ਜਾਇ ।
ਉੱਤਮ ਭਾਂਡੇ ਪਾਇਆ, ਜੋ ਫਟਕੇ ਠਹਿਰਾਇ¨

ਜ਼ਾਹਿਰ ਹੈ ਇਹ ਸੰਕਟ ਕਬੀਰ ਦੇ ਵੇਲੇ ਤੋਂ ਚੱਲਿਆ ਆ ਰਿਹਾ ਹੈ । ਉਂਜ ਸਾਡਾ ਤੇ ਕਬੀਰ ਦਾ ਥੋੜਾ ਜਿਹਾ ਫਰਕ ਹੈ; ਉਹਨੂੰ ਰੀਵਿਊ ਨਹੀਂ ਸੀ ਕਰਨਾ ਪੈਂਦਾ, ਲਿਖ ਕੇ ਰਾਏ ਨਹੀਂ ਸੀ ਦੇਣੀ ਪੈਂਦੀ, ਕਾਲਮ ਨਹੀਂ ਸੀ ਲਿਖਣਾ ਪੈਂਦਾ । ਲਿਖੇ ਸ਼ਬਦ ਨੂੰ ਸਬੂਤ ਵਜੋਂ ਕਿਤੇ ਵੀ ਪੇਸ਼ ਕੀਤਾ ਜਾ ਸਕਦਾ ਹੈ; ਉਸਦੇ ਕੋਈ ਵੀ ਅਰਥ ਕੱਢੇ ਜਾ ਸਕਦੇ ਹਨ । ਵਿਵਾਦ ਖੜ੍ਹਾ ਹੋ ਸਕਦਾ ਹੈ:

ਬਾਦ-ਬਿਬਾਦੇ ਬਿਖ ਘਣਾ, ਬੋਲੇ ਬਹੁਤ ਉਪਾਧ ।
ਮੌਨਿ ਗਹੈ ਸਭ ਕੀ ਸਹੈ, ਸੁਮਿਰੈ ਨਾਮ ਅਗਾਧ¨

ਕਬੀਰ ਨੂੰ ਇਹ ਬੇਰੁਖੀ ਵਾਰਾ ਖਾ ਸਕਦੀ ਸੀ; ਸਾਡੇ ਲਈ ਸੰਕਟ ਬਣੀ ਪਈ ਹੈ । ਯਾਰਾਂ ਦੀਆਂ ਕਿਤਾਬਾਂ ਆਤਮਾ 'ਤੇ ਭਾਰ ਬਣ ਗਈਆਂ ਹਨ । ਬੋਲਣਾ ਪੈ ਰਿਹਾ ਹੈ । ਯਾਰ ਤਾਂ ਯਾਰ ਹੁੰਦੇ ਹਨ; ਜੁਆਰੀਆਂ ਦੇ ਜੁਆਰੀ; ਵਪਾਰੀਆਂ ਦੇ ਵਪਾਰੀ; ਖਿਡਾਰੀਆਂ ਦੇ ਖਿਡਾਰੀ; ਤੇ ਲਿਖਾਰੀਆਂ ਦੇ ਲਿਖਾਰੀ । ਇਹ ਬਿਰਾਦਰੀ ਹੁੰਦੀ ਹੈ; ਭਾਈਚਾਰਾ ਹੁੰਦਾ ਹੈ; ਭਾਈਚਾਰੇ ਵਿੱਚ ਬਹੁਤ ਕੁਝ ਰਸਮੀਂ ਹੁੰਦਾ ਹੈ । ਕਈ ਗੱਲਾਂ, ਦਿਲੋਂ ਨਾ ਚਾਹੁੰਦਿਆਂ ਵੀ, ਸਿਰਫ਼ ਮੂੰਹ ਰੱਖਣ ਲਈ ਕੀਤੀਆਂ ਜਾਂਦੀਆਂ ਨੇ । ਇੰਜ ਕਈ ਗਲਤਫ਼ਹਿਮੀਆਂ ਵੀ ਪੈਦਾ ਹੁੰਦੀਆ ਨੇ ਜਿਹੜੀਆਂ ਕਈ 'ਯੁਵਾ' ਲੇਖਕਾਂ ਲਈ ਖ਼ੁਸ਼ਫ਼ਹਿਮੀਆਂ ਬਣ ਜਾਂਦੀਆਂ ਨੇ । ਜ਼ਰਾ ਸੋਚੋ; ਜੀਵਨ ਦੀਆਂ ਕਿਹੜੀਆਂ ਉੱਚੀਆਂ- ਸੁੱਚੀਆਂ ਕਦਰਾਂ-ਕੀਮਤਾਂ ਲਈ ਲੇਖਕ ਆਪਣੇ ਕੱਦ ਨਾਲੋਂ ਕਈ ਗੁਣਾ ਵੱਡਾ ਝੰਡਾ ਚੁੱਕੀ ਫਿਰਦਾ ਹੈ, ਉਹਨਾਂ ਹੀ ਕਦਰਾਂ-ਕੀਮਤਾਂ ਦੀਆਂ ਬੇ-ਦਰੇਗ ਹੋ ਕੇ ਉਦੋਂ ਧੱਜੀਆਂ ਕਿਉਂ ਉਡਾਉਂਦਾ ਹੈ ਜਦੋਂ ਉਸਨੇ ਆਪਣੀ ਕਿਤਾਬ 'ਤੇ ਰੀਵਿਊ ਜਾਂ ਪਰਚਾ ਲਿਖਵਾਉਣਾ ਹੁੰਦਾ ਹੈ; ਘੁੰਡ-ਚੁਕਾਈ ਜਾਂ 'ਸਨਮਾਨ' ਲਈ ਸਮਾਗਮ ਰਚਾਉਣਾ ਹੁੰਦਾ ਹੈ । ਕੋਈ ਪੁਰਸਕਾਰ ਹਥਿਆਉਣ ਦੇ ਲਈ ਜਾਲ ਵਿਛਾਉਣਾ ਹੁੰਦਾ ਹੈ! ਅਜਿਹੀਆਂ ਖ਼ਬਰਾਂ ਪੜ੍ਹਕੇ ਪਾਠਕਾਂ ਦੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ; ਉਹਨਾਂ ਲਈ ਲੇਖਕ ਅਤੇ ਘਸਿਆਰੇ ਵਿੱਚ ਕੋਈ ਫ਼ਰਕ ਨਹੀਂ ਰਹਿੰਦਾ । ਸੁਹਜ ਸਦਾ ਸਹਿਜ 'ਚੋਂ ਪੈਦਾ ਹੁੰਦਾ ਹੈ । ਸਹਿਜ ਬਿਨਾਂ ਸਾਹਿਤ ਦੀ ਹੋਂਦ ਨਹੀਂ ਹੁੰਦੀ ਅਤੇ ਸਹਿਜ ਅਵਸਥਾ ਮਨੁੱਖੀ ਗੌਰਵ ਦੀ ਸਰਬੋਤਮ ਉਪਲਭਦੀ ਹੈ । ਇਸ ਅਵਸਥਾ ਨੂੰ ਕੋਈ 'ਮੰਗਤਾ' ਅਥਵਾ 'ਲੁਟੇਰਾ' ਉਪਲਭਦ ਨਹੀਂ ਹੋ ਸਕਦਾ:

ਸਹਿਜ ਮਿਲੇ ਸੋ ਦੂਧ ਹੈ, ਮਾਂਗ ਲੀਆ ਸੋ ਪਾਨੀ ।
ਕਹਿਤ ਕਬੀਰ ਹੈ ਰਕਤ ਬਰਾਬਰ, ਮਿਲੇ ਜੋ ਖੀਂਚਾਤਾਨੀ¨

ਅੱਜ ਜਦੋਂ ਰੇਡੀਓ/ ਦੂਰਦਰਸ਼ਨ ਤੋਂ ਪ੍ਰੋਗਰਾਮ ਲੈਣ ਲਈ 'ਲੇਖਕ' ਧਰਨੇ ਮਾਰਦੇ ਹਨ; ਵਿਭਾਗਾਂ ਅਥਵਾ ਅਕਾਦਮੀਆਂ ਤੋਂ ਸਹਾਇਤਾ ਲੈਣ ਲਈ 'ਸੰਘਰਸ਼' ਕਰਦੇ ਹਨ; ਕਿਸੇ ਨਾਮ- ਨਿਹਾਦ ਅਦਬੀ ਅਦਾਰੇ ਦਾ ਅਹੁਦੇਦਾਰ ਬਣਨ ਲਈ ਅਨੈਤਿਕਤਾ ਦੇ ਸਭ ਹੱਦ ਬੰਨੇ ਪਾਰ ਕਰ ਜਾਂਦੇ ਹਨ ਤਾਂ ਉਹਨਾਂ ਨੂੰ ਸਵਾਰਥ ਦੇ ਅੰਧਰਾਤੇ ਵਿੱਚ ਆਪਣੀ ਕਲਮ ਦੀ ਇੱਜ਼ਤ ਦਾ ਖਿਆਲ ਵੀ ਨਹੀਂ ਰਹਿੰਦਾ ਅਤੇ ਇਹ ਵੀ ਧਿਆਨ ਨਹੀਂ ਰਹਿੰਦਾ ਕਿ ਪਾਠਕ ਉਹਨਾਂ ਨੂੰ ਗਹੁ ਨਾਲ ਵੇਖ ਰਹੇ ਹਨ । ਤੇਲੀ ਦੇ ਬੈਲ ਵਰਗੀ ਉਹਨਾਂ ਦੀ ਸਾਹਿਤਕ ਯਾਤਰਾ ਨੂੰ ਅੱਜ ਦਾ ਚੇਤੰਨ ਪਾਠਕ ਮੋਟੇ ਪਾਖੰਡੀ ਪਰਚੰਮ ਵਿੱਚੋਂ ਵੀ ਤਾੜ ਜਾਂਦਾ ਹੈ:

ਆਸਣ ਮਾਰੇ ਕਯਾ ਭਯਾ, ਮੋਏ ਨਾ ਮਨ ਕੀ ਆਸ ।
ਜਿਉਂ ਤੇਲੀ ਕੇ ਬੈਲ ਕੋ, ਘਰ ਹੀ ਕੋਸ ਪਚਾਸ¨

ਪਰ ਇਸ ਵੇਲੇ ਗੱਲ ਸ਼ੀਸ਼ੇ ਮੂਹਰੇ ਪਰੇਡ ਕਰਨ ਵਾਲੇ ਯਾਤਰੂਆਂ ਦੀ ਨਹੀਂ ਸਗੋਂ ਆਪਣੇ ਮਿੱਤਰ ਲੇਖਕਾਂ ਦੀ ਹੋ ਰਹੀ ਹੈ ਜਿਨ੍ਹਾਂ ਦੀਆਂ ਕਿਤਾਬਾਂ ਬਾਰੇ ਲਿਖਣ ਨੂੰ ਬੜੀ ਵਾਰ ਚਿੱਤ ਕੀਤਾ ਹੈ ਪਰ ਹਰ ਵਾਰ 'ਸੰਕਟ' ਨਹੀਂ ਸਗੋਂ 'ਧਰਮ ਸੰਕਟ' ਸਾਹਮਣੇ ਆਣ ਖਲੋਂਦਾ ਹੈ । ਸਿਫ਼ਤ ਕਰੀਏ ਤਾਂ ਲੋਕ 'ਸਤਰਾਂ ਦੇ ਵਿਚਕਾਰ' ਕੁਝ ਹੋਰ ਪੜ੍ਹਨ ਲੱਗ ਪੈਂਦੇ ਹਨ ਅਤੇ ਜੇਕਰ ਮਾੜੀ ਮੋਟੀ 'ਸਲਾਹ ਵਰਗੀ ਆਲੋਚਨਾ' ਕਰ ਦਈਏ ਤਾਂ 'ਯਾਰ ਮਾਰ' ਵਰਗੇ ਮਿਹਣੇ ਵੱਜਣ ਦਾ ਡਰ ਰਹਿੰਦਾ ਹੈ । ਕੋਈ ਮਿੱਤਰ ਲੇਖਕ ਦਵਾ-ਦਾਰੂ ਵਾਲਾ ਡਾਕਟਰ ਹੈ; ਕੋਈ ਅਫ਼ਸਰ ਹੈ; ਕੋਈ ਦੂਰਦਰਸ਼ਨ ਨਾਲ ਜੁੜਿਆ ਹੋਇਆ ਹੈ; ਕੋਈ ਕਿਸੇ ਅਖ਼ਬਾਰ-ਰਸਾਲੇ ਦਾ ਸੰਪਾਦਕ ਹੈ; ਕੋਈ ਰਿਸ਼ਤੇਦਾਰ ਜਾਂ ਇਲਾਕੇ ਦਾ ਹੈ; ਕਿਸੇ ਨੇ ਪਹਿਲਾਂ ਸਾਡੇ ਬਾਰੇ ਕੁਝ ਲਿਖਿਆ ਹੋਇਆ ਹੈ । ਇੰਜ ਸਿੱਧੇ ਜਾਂ ਅਸਿੱਧੇ ਤੌਰ 'ਤੇ ਲਾਭ ਲੈਣ ਜਾਂ ਪੱਖ ਪੂਰਨ ਦੀਆਂ ਕਹਾਣੀਆਂ ਜੁੜ ਸਕਦੀਆਂ ਹਨ । ਇਸ ਲਈ ਅਜਿਹੇ ਸੰਭਾਵੀ ਖ਼ਤਰੇ ਕਾਰਨ ਇਹਤਿਆਤ ਵਰਤੀ ਜਾਂਦੀ ਹੈ । ਉਂਜ ਮਿੱਤਰ ਜਾਣਦੇ ਨੇ ਕਿ ਸਾਹਿਤ ਦੇ ਖੇਤਰ ਵਿੱਚ ਮਿੱਤਰਤਾ ਦੇ ਅਰਥ 'ਬਿਰਾਦਰੀ' ਵਾਲੇ ਨਹੀਂ ਹੁੰਦੇ ਅਤੇ ਮਿੱਤਰਤਾ 'ਲੈਣ-ਦੇਣ' ਦੇ ਰਸਮੀਂ ਸ਼ੁਗਲ ਤੋਂ ਬਹੁਤ ਵੱਡੀ ਸ਼ੈਅ ਹੈ । ਨਾਲੇ ਚੰਗੀ ਕਿਤਾਬ ਨੂੰ ਕਿਸੇ 'ਪ੍ਰਮਾਣ ਪੱਤਰ' ਦੀ ਲੋੜ ਨਹੀਂ ਹੁੰਦੀ:

ਲਿਖਾ-ਲਿਖੀ ਕੀ ਹੈ ਨਹੀਂ, ਦੇਖਾ-ਦੇਖੀ ਕੀ ਬਾਤ ।
ਦੁਲਹਾ ਦੁਲਹਨ ਮਿਲ ਗਏ, ਫ਼ੀਕੀ ਪੜੀ ਬਰਾਤ¨

12. ਕਹੇ ਦਿਗੰਬਰ ਸੁਣੇ ਸੁਰੱਸਤੀ

ਜੁਗਾਂ ਪੁਰਾਣੀ ਕਥਾ ਹੈ । ਕਿਸੇ ਰਹੱਸ-ਦਰਸ਼ੀ ਨੇ ਕਿਸੇ ਗਲ-ਪਏ ਜਗਿਆਸੂ ਨੂੰ ਸੱਚ ਦੀ ਪਰਿਭਾਸ਼ਾ ਸੌਖੀ ਕਰਕੇ ਸਮਝਾਉਣ ਲਈ ਅਲਜਬਰੇ ਦੀ ਜੁਗਤ ਵਰਤਦਿਆਂ ਆਪਣਾ ਪ੍ਰਵਚਨ ਇਸ ਵਾਕ ਨਾਲ ਸ਼ੁਰੂ ਕੀਤਾ ਸੀ: ''ਮੰਨ ਲਉ ਕਿ ਸੱਚ ਬਰਾਬਰ ਹੈ ਊੜਾ ।'' ਪ੍ਰਵਚਨ ਕਿੰਨੀ ਦੇਰ ਚੱਲਿਆ ਤੇ ਕਿੱਥੇ ਪੁੱਜਾ; ਕੋਈ ਗਵਾਹੀ ਨਹੀਂ ਮਿਲਦੀ ਪਰ 'ਜਗਿਆਸੂ' ਦਾ ਸਿਰਜਿਆ ਹੋਇਆ ਪਾਠ ਪੀੜ੍ਹੀ-ਦਰ-ਪੀੜ੍ਹੀ, ਪੂਰੀ ਤਰ੍ਹਾਂ ਸੁਰੱਖਿਅਤ, ਸਾਡੇ ਕੋਲ ਬਕਾਇਦਾ ਪੁੱਜ ਰਿਹਾ ਹੈ, ਜਿਸਦਾ ਪ੍ਰਮਾਣੀਕ ਅਰਥ ਕੁਝ ਇਉਂ ਬਣਦਾ ਹੈ: ''ਇਹ ਆਦਿ ਜੁਗਾਦੀ ਹੁਕਮ ਹੈ ਕਿ ਊੜਾ ਹੀ ਸੱਚ ਹੈ, ਇਸ ਲਈ ਮੰਨ ਲੈਣਾ ਚਾਹੀਦਾ ਹੈ ਕਿ ਊੜੇ ਤੋਂ ਬਿਨਾਂ ਬਾਕੀ ਸਭ ਝੂਠ ਹੈ ।''

ਦਰਸ਼ਨ-ਵੇਤਾ ਆਖਦੇ ਨੇ ਕਿ ਝੂਠ ਦਾ ਵੀ ਆਪਣਾ ਇੱਕ ਸੱਚ ਹੁੰਦਾ ਹੈ; ਜਿਵੇਂ ਕਿ ਸੁਪਨੇ ਦਾ ਵੀ ਯਥਾਰਥ ਹੁੰਦਾ ਹੈ । ਯਾਤਰਾ ਜਿੱਥੋਂ ਮਰਜ਼ੀ ਆਰੰਭ ਕਰ ਲਓ; ਪੁੱਜੋਂਗੇ ਤੁਸੀਂ ਉੱਥੇ ਹੀ ਜਿੱਥੇ ਚਾਹੁੰਦੇ ਹੋ । ਕੋਈ ਕੁਝ ਵੀ ਕਹਿੰਦਾ ਰਹੇ; ਸੁਣੋਗੇ ਤੁਸੀਂ ਉਹੀ ਜੋ ਸੁਣਨਾ ਚਾਹੁੰਦੇ ਹੋ ।

ਅਭਿਵਿਅਕਤੀ ਦਾ ਸਫ਼ਰ ਪਰ-ਪਸ਼ਯੰਤੀ-ਮੱਧਯਮਾ ਰਾਹੀਂ ਵੈਖਰੀ ਤੱਕ ਪੁੱਜਦਾ ਹੈ । ਸ਼ਬਦਾਂ ਦੀ ਮਾਇਆ ਅਪਰੰਪਰ ਹੈ । ਤੁਹਾਨੂੰ ਮਨ- ਮਰਜ਼ੀ ਦੇ ਅਰਥ ਕੱਢਣ ਦੀ ਪੂਰੀ ਖੁੱਲ੍ਹ ਹੈ । ਕੋਈ ਚਾਰਾ ਨਹੀਂ । ਸ਼ਬਦਾਂ ਬਿਨਾਂ ਗੁਜ਼ਾਰਾ ਨਹੀਂ । ਇਹ ਸ਼ਬਦ ਰੰਜਨ ਕਰਦੇ ਨੇ: ਮਨ ਦਾ; ਬੁੱਧੀ ਦਾ; ਆਤਮਾ ਦਾ । 'ਮਨੋਰੰਜਨ' ਸਭ ਤੋਂ ਨਿਮਨ ਪੱਧਰ ਦਾ ਸ਼ਬਦ-ਵਿਲਾਸ ਹੈ । ਇਸੇ ਲਈ ਇਹ ਜੁਗਤ ਭੀੜ ਦੀ ਮਾਨਸਿਕਤਾ ਨੂੰ ਸੂਤ ਬੈਠਦੀ ਹੈ । ਇਕੱਲ ਤੋਂ ਡਰੇ ਹੋਏ ਜਿਸਮ ਆਪਣੇ ਸਹਿਮ ਨੂੰ ਸਾਂਝਾ ਕਰਨ ਲਈ ਇਸ ਪਾਸੇ ਸਹਿਜੇ ਹੀ ਉਲਾਰ ਹੋ ਜਾਂਦੇ ਹਨ, ਬਹੁ-ਗਿਣਤੀ ਦਾ ਬਹੁ-ਮਤ ਹੁੰਦਾ ਹੈ । ਬਹੁ-ਮਤ ਨਾਲ ਸਿਧਾਂਤ ਬਣਦੇ ਹਨ । ਸਿਧਾਂਤ ਲਚਕ-ਹੀਨ ਹੁੰਦੇ ਹਨ । ਚੁਭਦੇ ਹਨ । ਸਿਧਾਂਤਕਾਰ ਆਕੜੇ ਫਿਰਦੇ ਹਨ । ਬਾਹਰ ਰੌਲਾ ਹੈ । ਮੰਡੀ ਹੈ । ਭੀੜ ਹੈ । ਮਨ ਲੱਗਾ ਹੋਇਆ ਹੈ । ਅੰਦਰ ਝਾਕਣ ਤੋਂ ਡਰ ਲੱਗਦਾ ਹੈ । ਇਕੱਲ ਹੋਣ ਨੂੰ ਸਰਾਪ ਸਮਝਿਆ ਜਾਂਦਾ ਹੈ । ਇਕਲਾਪੇ ਨੂੰ ਰੋਗ ਗਰਦਾਨਿਆ ਜਾਂਦਾ ਹੈ । ਅੰਤਰ-ਮੁੱਖਤਾ ਨੂੰ ਪਲਾਇਨ ਕਹਿ ਕੇ ਭੰਡਿਆ ਜਾਂਦਾ ਹੈ । ਵੋਟਾਂ ਦੀ ਸਿਆਸਤ ਵਿੱਚ ਇਕੱਲਤਾ ਦੀ ਕੀ ਪੁੱਛ?!

ਜੁਗਾਂ ਪੁਰਾਣੇ ਰਹੱਸਦਰਸ਼ੀ ਨੂੰ ਪੁੱਛ ਕੇ ਵੇਖੋ! ਸ਼ਿਸ਼ਟੀ ਤੋਂ ਪਹਿਲਾਂ ਸਿਰਜਕ ਹੈ; ਜੋ ਇਕੱਲਾ ਹੈ । ਸਿਰਜਣਾ ਇਕੱਲ ਵਿੱਚ ਹੀ ਹੁੰਦੀ ਹੈ । ਸਿਰਜਕ ਜਾਣਿਆ ਹੀ ਸਿਰਜਣਾ ਕਰਕੇ ਜਾਂਦਾ ਹੈ । ਬ੍ਰਹਮਾ ਸਿਰਜਕ ਨਹੀਂ, ਸਿਰਜਨਾ ਦਾ ਮਾਧਿਅਮ ਹੈ । ਸਭ ਤੋਂ ਪਹਿਲਾਂ ਇਕੱਲ ਦਾ ਅਨੁਭਵ ਉਸੇ ਨੂੰ ਹੋਇਆ, ਅਗਿਆਨ ਦਾ ਵੀ । ਵੇਦਾਂ ਦਾ ਉਹ ਰਚੇਤਾ ਨਹੀਂ ਸੀ, ਮਾਧਿਅਮ ਸੀ- ਨਾਭੀ ਤੇ ਕੰਵਲ ਵਾਂਗ । ਨਾ ਖ਼ੁਸ਼ਬੂ ਉਸਦੀ, ਨਾ ਅਰਥ । ਉਹ ਤਾਂ ਬੱਸ ਇਕੱਲ ਦੇ ਟੋਟੇ ਕਰਦਾ ਗਿਆ; ਰੂਪ ਦੇਂਦਾ ਗਿਆ; ਨਾਮ ਰੱਖਦਾ ਗਿਆ । ਨਾਮ ਤੇ ਰੂਪ ਦੀ ਵੱਖਰਤਾ ਵਿੱਚ ਉਹਨੂੰ ਏਨੀ ਮੁਹਾਰਤ ਹੋ ਗਈ ਕਿ ਇਕੱਲ ਦੀ ਮੌਲਿਕਤਾ ਕਦੇ ਵੀ ਭੰਗ ਨਾ ਹੋ ਸਕੀ । ਇਹ ਕਰਤਾਰੀ ਖੇਡ ਹੈ । ਲੀਲਾ ਹੈ । ਮਾਯਾ ਹੈ । ਇਹ ਜਗਤ ਇਸੇ ਦਾ ਜਾਇਆ ਹੈ । ਆਪਣਾ ਹੁੰਦਿਆਂ ਵੀ ਪਰਾਇਆ ਹੈ ।

ਇਕੱਲ ਦੀ ਪ੍ਰਮਾਣਿਕ ਇਕਾਈ 'ਮੈਂ' ਹੈ । ਇਸ ਨੂੰ 'ਅਮੈਂ' ਵਿੱਚ ਬਦਲਣ ਦੇ ਅਨੇਕ ਹਠ-ਜੋਗੀਆਂ ਨੇ ਸਾਰੀ ਉਮਰ ਸੁਹਿਰਦ ਯਤਨ ਕੀਤੇ; ਸੁਆਮੀ ਰਾਮ ਤੀਰਥ ਅਤੇ ਕਵੀ ਪੂਰਨ ਸਿੰਘ ਵਾਂਗ । ਪਰ ਯਤਨ, ਯਤਨ ਹੀ ਰਹੇ । ਇਹ 'ਮੈਂ' ਬੜੀ 'ਕੁੱਤੀ ਸ਼ੈਅ' ਹੈ । ਲਗਾਤਾਰ ਭੌਂਕਦੀ ਰਹਿੰਦੀ ਹੈ । ਨਾ ਚੱਜ ਨਾਲ ਕੁਝ ਸੁਣਨ ਦੇਂਦੀ ਹੈ, ਨਾ ਕਹਿਣ ਦੇਂਦੀ ਹੈ । ਅੰਮ੍ਰਿਤਾ, ਸਿਵ ਜਾਂ ਪਾਤਰ ਦੀ 'ਮੈਂ' ਨੂੰ ਛੱਡੋ ਅਸੀਂ ਤਾਂ ਬੁੱਧ, ਵਿਆਸ ਤੇ ਈਸਾ ਦੀ 'ਮੈਂ' ਨੂੰ ਵੀ ਬੱਕਰੀ ਬਣਾ ਕੇ ਰੱਖ ਦਿੱਤਾ ਹੈ । ਇਸ ਵਿਚਾਰੀ ਦਾ ਏਨਾ ਦੁਰ-ਉਪਯੋਗ ਅਤੇ ਦੁਰ-ਪ੍ਰਗਟਾਅ ਕਿ ਹੁਣ ਉੱਤਮ ਪੁਰਖ ਦੀ ਕਲਪਨਾ 'ਚੋਂ ਹੀ ਕਚਿਆਣ ਆਉਣ ਲੱਗ ਪਈ ਹੈ । ਜੇ ਤੁਹਾਡੇ ਕੋਲ ਥੋੜੀ ਜਿਹੀ ਵਿਹਲ ਅਤੇ ਬਹੁਤ ਸਾਰਾ ਸਬਰ ਹੋਵੇ ਤਾਂ ਆਓ ਇਸ ਜੁਗਾਂ-ਸਰਾਪੀ ਮੈਂ ਨੂੰ ਸਾਕਸ਼ੀ ਅਥਵਾ ਦ੍ਰਸ਼ਟਾ ਬਣਕੇ ਈਮਾਨਦਾਰੀ ਨਾਲ, ਬਿਨਾਂ ਕਿਸੇ ਛੇੜ-ਛਾੜ ਤੋਂ, ਨੇੜਿਉਂ ਨਿਹਾਰਨ ਦੀ ਕੋਸ਼ਿਸ਼ ਕਰੀਏ!

..........

...ਤੇ ਮਿਲਦੇ ਹਾਂ ਇੱਕ ਨਿੱਕੀ ਜਿਹੀ ਅਦਬੀ ਬਰੇਕ ਤੋਂ ਬਾਅਦ
ਅਮ੍ਰਿਤ-ਛਿਣ
ਤਰਦਿਆਂ ਤਰਦਿਆਂ
ਕਈ ਵਾਰ ਬੰਦਾ ਉਕਤਾ ਜਾਂਦਾ ਏ!
ਤੇ ਉਸਨੂੰ
ਪਾਣੀ ਪਾਣੀ ਮਾਹੌਲ ਵਿੱਚ
ਡੁੱਬਣ ਦੇ ਸਿਵਾਇ ਕੁਝ ਨਹੀਂ ਸੁੱਝਦਾ
ਇਹ ਘੜੀ ਡੁੱਬਣ ਦੀ ਹੁੰਦੀ ਏ ।
ਉਭਰਨ ਦੀ ਵੀ ।
ਅਧਿਅਨ, ਚਿੰਤਨ ਤੇ ਮਨਨ ਅੰਦਰ-
ਹੋਰ ਡੂੰਘਾ ਉਤਰਨ ਦੀ ਵੀ ।
ਸਹੂਲਤੀ ਸੁਭਾਅ ਤਿਆਗ ।
ਉੱਠ ਜਾਗ ।
ਧਾਗੇ ਨੂੰ ਘੁੱਟ ਕੇ ਫੜੀ ਰੱਖ
ਭਾਵੇਂ ਮਣਕੇ ਵੀ ਗਿਣ!
ਏਹੋ ਹੈ ਤੇਰਾ ਅਮ੍ਰਿਤ-ਛਿਣ!!
.............
'ਜਾਣਿਆ ਜਿਸਨੇ ਆਪਣੇ ਆਪ ਨੂੰ ।
ਪਛਾਣਿਆ ਉਸਨੇ ਆਪਣੇ ਈਸ਼ਵਰ ਨੂੰ !!'

ਜਾਣ-ਪਛਾਣ ਸੰਬੰਧੀ ਇਹ ਮਹਾਂਵਾਕ ਅੱਧਿਆਂ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਬਾਕੀ ਅੱਧਿਆਂ ਨੂੰ ਇਸ ਵਿੱਚ ਭਰੋਸਾ ਹੀ ਨਹੀਂ । ਕਾਰਨ ਇਹ ਕਿ ਅੱਧੇ ਤਾਂ ਸਮਝਦੇ ਹਨ ਕਿ ਆਪਣੇ ਆਪ ਨੂੰ ਜਾਨਣ ਦਾ ਕੀ ਹੈ; ਜਦੋਂ ਜ਼ਰਾ ਫੁਰਸਤ ਮਿਲੀ ਜਾਣ ਲਵਾਂਗੇ । ਤੇ ਬਾਕੀ ਅੱਧੇ ਸਿਰਫ਼ ਦੂਜਿਆਂ ਨੂੰ ਜਾਨਣ ਵਿੱਚ ਹੀ ਸਿਆਣਪ ਸਮਝਦੇ ਹਨ । ਮੈਂ ਕੌਣ ਹਾਂ? ਇਸ ਸਵਾਲ ਦਾ ਜਵਾਬ ਤਾਂ ਸਾਈਾ ਬੁੱਲ੍ਹੇ ਸ਼ਾਹ ਨੇ 'ਕੀ ਜਾਣਾ ਮੈਂ ਕੌਣ' ਕਹਿ ਉੱਚੇ ਸੁਰ ਵਿੱਚ ਸਪਸ਼ਟ ਕਰ ਦਿੱਤਾ ਸੀ । ਨਾਵਾਂ ਤੇ ਰੂਪਾਂ ਦੇ ਸਾਰੇ ਛਿਲਕੇ, ਇੱਕ ਇੱਕ ਕਰਕੇ, ਉਤਾਰੀ ਜਾਈਏ ਤਾਂ ਅੰਤ ਵਿੱਚ ਕੀ ਬਚਦਾ ਏ? ਜਿੰਨੇ ਵੀ ਰਿਸ਼ਤੇ ਅਥਵਾ ਸੰਬੋਧਨ ਸਾਡੇ ਨਾਲ ਜੁੜੇ ਹੋਏ ਨੇ; ਉਹ ਬੱਸ ਜੁੜੇ ਹੀ ਹੋਏ ਨੇ । ਗਲਤੀ ਦੀ ਸ਼ੁਰੂਆਤ ਓਦੋਂ ਹੁੰਦੀ ਹੈ ਜਦੋਂ ਅਸੀਂ ਖ਼ੁਦ ਨੂੰ ਸਰੀਰ ਸਮਝ ਲੈਂਦੇ ਹਾਂ । ਮੈਂ ਸਰੀਰ ਹਾਂ । ਸਾਰੇ ਰਿਸ਼ਤੇ ਸਰੀਰ ਦੇ ਹਨ । 'ਮੈਂ' ਦਾ ਵਿਸਥਾਰ 'ਮੇਰਾ ਮੇਰਾ' ਵਿੱਚ ਹੋਈ ਜਾਂਦਾ ਹੈ । ਏਥੇ ਥੋੜਾ ਜਿਹਾ ਰੁਕ ਕੇ ਸੋਚਣ ਦੀ ਲੋੜ ਹੈ । 'ਸਰੀਰ ਮੇਰਾ ਹੈ ਪਰ ਮੈਂ ਸਰੀਰ ਨਹੀਂ ।' ਜਦੋਂ ਇਹ ਨੁਕਤਾ ਅਨੁਭਵ ਵਿਚ ਆ ਗਿਆ ਤਾਂ ਅਗਲੀ ਖੋਜ ਸ਼ੁਰੂ ਹੋ ਜਾਵੇਗੀ । 'ਜੇ ਮੈਂ ਸਰੀਰ ਨਹੀਂ ਤਾਂ ਫੇਰ ਕੀ ਹਾਂ?' 'ਕੌਣ ਹਾਂ?' ਤੋਂ ਅਸੀਂ 'ਕੀ ਹਾਂ?' ਤੱਕ ਪੁੱਜ ਗਏ ਹਾਂ । ਇਕੱਠੇ । ਅਗਲਾ ਸਫ਼ਰ ਇਕੱਲਿਆਂ ਹੀ ਕਰਨਾ ਪਵੇਗਾ ।

ਇਕੱਲਾ, ਨਿਤਾਂਤ ਇਕੱਲਾ । ਨਿਪਟ ਇਕੱਲਾ । ਏਕਲਾ । ਏਕਲ । 'ਏਕਾ' ਬੜਾ ਚੋਜੀ ਹੈ । ਪੂਰੇ ਬ੍ਰਹਿਮੰਡ ਨੂੰ ਆਪਣੇ ਵਿਰੋਧ ਵਿਚ ਸਥਿਤ ਕਰਕੇ ਆਪਣੇ ਅਸਤਿੱਤਵ ਨੂੰ ਹੋਰ ਵੀ ਉਜਾਗਰ ਕਰ ਦੇਂਦਾ ਹੈ । ਇਹ ਮਾਯਾ ਦਾ ਪ੍ਰਗਾੜ੍ਹ ਸਰੂਪ ਹੈ । ਇਸੇ 'ਚੋਂ ਅਵਿੱਦਿਆ ਜਨਮ ਲੈਂਦੀ ਹੈ । ਅਵਿੱਦਿਆ ਹੀ ਅਧਿਆਸ ਦੀ ਜਨਨੀ ਹੈ । ਅਧਿਆਸ ਦਾ ਅੰਤ ਅਭਿਆਸ ਨਾਲ ਹੁੰਦਾ ਹੈ । ਅਭਿਆਸ ਲਈ ਸਿਮਰਨ ਜ਼ਰੂਰੀ ਹੈ ਅਤੇ ਸਿਮਰਨ ਲਈ ਸਿਮਰਤੀ । ਸਾਰਾ ਪੁਆੜਾ ਵਿਸਿਮਰਤੀ ਦਾ ਹੈ । ਮਣਕੇ ਗਿਣੀ ਜਾਂਦੇ ਹਾਂ । ਧਾਗਾ ਛੁੱਟ ਜਾਂਦਾ ਹੈ । ਅਮ੍ਰਿਤ ਛਿਣ ਖੁੰਝ ਜਾਂਦਾ ਹੈ ।

ਘੜੇ ਜਾਣ ਵੇਲੇ ਬੁੱਤ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ ।
ਪੱਥਰ ਦਾ ਰੂਪਾਂਤਰਣ ਸਹਿਜ ਹੁੰਦਾ ਹੈ, ਮਨੁੱਖ ਦਾ ਨਹੀਂ ।
ਮਨੁੱਖ ਦੀ ਆਪਣੀ ਵੀ ਮਰਜ਼ੀ ਹੁੰਦੀ ਹੈ, ਜਿਹੜੀ ਕਿ 'ਕਲਾਕਾਰ' ਦੀ ਸਿਰਜਣ-ਪ੍ਰਕਿਰਿਆ ਵਿਚ ਵਿਘਨ ਬਣਦੀ ਹੈ ।
ਰੱਬ ਦੀ ਸਥਿਤੀ ਬੁੱਤਘਾੜੇ ਤੇ ਰੂਪਾਂਤਰਕਾਰ ਦੇ ਵਿਚ- ਵਿਚਲੇ ਦੀ ਹੈ । 'ਉਹ' ਘੜਨ ਵੇਲੇ ਮਰਜ਼ੀ ਨਹੀਂ ਪੁੱਛਦਾ ਪਰ ਘੜਨ ਪਿੱਛੋਂ ਮਰਜ਼ੀ ਨਹੀਂ ਠੋਸਦਾ ਸਗੋਂ ਉਸਦੀ ਵੱਖਰੀ ਹੋਂਦ ਐਲਾਨ ਦੇਂਦਾ ਹੈ ਅਤੇ ਉਸਨੂੰ ਕਿਰਿਆਸ਼ੀਲ ਸੁਤੰਤਰਤਾ ਦਾ ਵਰਦਾਨ ਦੇਂਦਾ ਹੈ ।
ਰੱਬ ਹੋਣ ਲਈ 'ਦੂਈ' ਦਾ ਤਿਆਗ ਲਾਜ਼ਮੀ ਹੈ ਕਿਉਂਕਿ ਦੂਈ ਅਤੇ ਸੁਤੰਤਰਤਾ ਦੀ ਸਹਿ-ਹੋਂਦ ਸੰਭਵ ਨਹੀਂ । ਸੁਤੰਤਰਤਾ ਦਾ ਆਖ਼ਰੀ ਸਿਰਾ 'ਕੈਵਲਯ' ਹੈ ਜੋ ਕਿ ਗਿਆਨ-ਮਾਰਗੀਆਂ ਦਾ ਹਠ-ਯੋਗ ਬਣ ਕੇ ਅਤਿ ਉੱਚੇ ਪਰਬਤ ਉੱਤੇ ਸਥਿਤ, ਕਦੇ ਨਾ ਪਿਘਲਣ ਵਾਲੀ, ਬਰਫ਼ ਵਰਗੀ ਇਕੱਲ ਦਾ ਨਾਂ ਹੈ । ਪਰਮ ਸਮਾਧੀ! ਪਰਮ ਧਿਆਨ!!

ਆਵਾਜ਼ ਆਈ ਹੈ; ਕੁੱਝ ਵੀ ਪੱਲੇ ਨਹੀਂ ਪੈ ਰਿਹਾ । ਇਹ ਸੱਚ ਹੈ । ਕਿਸੇ ਦੇ ਪੱਲੇ ਵੀ ਕੁੱਝ ਨਹੀਂ । ਸੱਚ ਤਾਂ ਇਹ ਵੀ ਹੈ ਕਿ ਪੱਲਾ ਹੀ ਭਰਮ ਹੈ । 'ਜੱਟ ਕੀ ਜਾਣੇ ਲੌਂਗਾਂ ਦਾ ਭਾਅ । ਦੇ ਕੇ ਆਨਾ ਬੈਠਾ ਭੂਰਾ ਵਿਛਾ । ਕਹਿੰਦਾ: ਇਹਦੇ ਵਿਚ ਤਾਂ ਪਾ; ਫਿਰ ਲੱਕੇ ਦੀ ਵੀ ਲਾਹ ਲੈਨਾ ।' ਅਸੀਂ ਹਰ ਜਗ੍ਹਾ ਬਾਜ਼ਾਰ ਸਿਰਜ ਲੈਂਦੇ ਹਾਂ । ਪਹਿਲਾਂ ਜੰਗਲਾਂ ਪਹਾੜਾਂ ਨੂੰ ਭੱਜਦੇ ਸਾਂ । ਆਪਣੇ ਆਪ ਨੂੰ ਜਾਨਣ ਲਈ । ਇਕੱਲਾ ਹੋਣ ਲਈ । ਦੂਈ ਤਿਆਗਣ ਲਈ । ਖਾਲੀ ਹੋਣ ਲਈ ਜਾਂਦੇ ਸਾਂ । ਲੱਦੇ ਹੋਏ ਆਉਂਦੇ ਸਾਂ । ਭੀੜ ਸਾਡੇ ਅੰਦਰ ਵਸ ਜਾਂਦੀ ਸੀ । ਹੁਣ ਅਸੀਂ ਭੀੜ ਵਿੱਚ ਇਕੱਲਾ ਦਿਸਣ ਦੀ ਕੋਸ਼ਿਸ਼ ਕਰਦੇ ਹਾਂ । ਖੁਸ਼ਕ ਕਲਮ ਨਾਲ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ।

ਉਸਨੇ ਕਿਹਾ:
ਮਾਂ! ਮੈਨੂੰ ਪਰੇਸ਼ਾਨ ਨਾ ਕਰ
ਹੁਣ ਮੈਂ ਸਾਧਾਰਨ ਪੁੱਤਰ ਨਹੀਂ; ਕਵੀ ਹਾਂ
ਹੁਣ ਮੈਂ ਖ਼ਤ ਨਹੀਂ; ਕਵਿਤਾ ਲਿਖਾਂਗਾ!
ਮਾਂ ਨੇ ਕਿਹਾ:
ਚੱਲ ਪੁੱਤ ਠੀਕ ਹੈ
ਪੁੱਤ ਨਾ ਸਹੀ; ਕਵੀ ਹੀ ਸਹੀ
ਜਿਉਂਦਾ ਰਹੁ
ਲਿਖਦਾ ਰਹੁ
ਉਹ ਜਦੋਂ ਪੁੱਤਰ ਸੀ
ਖ਼ਤ ਵੀ ਲਿਖਦਾ ਸੀ; ਕਵਿਤਾ ਵੀ
ਉਹ ਜਦੋਂ ਕਵੀ ਹੈ
ਨਾ ਖ਼ਤ ਲਿਖਦਾ ਹੈ; ਨਾ ਕਵਿਤਾ
ਅਜੇ ਵੀ
ਲੋਕ ਉਹਨੂੰ ਕਵੀ ਸਮਝਦੇ ਨੇ
ਮਾਂ ਉਹਨੂੰ ਪੁੱਤ ਸਮਝਦੀ ਹੈ¨

ਬੀਜ ਇਕੱਲਾ ਹੈ । ਬਿਰਖ ਇਕੱਲਾ ਹੈ । ਜੰਗਲ ਇਕੱਲਾ ਹੈ । ਨਾ ਕਿਸੇ ਕੋਲ ਕੁਝ ਦੇਣ ਨੂੰ ਹੈ; ਨਾ ਕਿਸੇ ਦਾ ਕੋਈ ਪੱਲਾ ਹੈ । ਪਰ ਅਸੀਂ ਆਪਣੀ ਉੱਤਰ-ਆਧੁਨਿਕਤਾ ਦਾ ਕੀ ਕਰੀਏ? ਸਾਡੀ ਮਜ਼ਬੂਰੀ ਇਹ ਹੈ ਕਿ ਅਸੀਂ ਪਹਿਲਾਂ ਕਿਸੇ ਨੂੰ ਗੱਜ-ਵੱਜ ਕੇ ਭਗਵਾਨ ਬਣਾਉਣ ਵਿੱਚ ਲੱਗੇ ਰਹਿੰਦੇ ਹਾਂ ਅਤੇ ਫੇਰ ਉਹਦੇ ਫੇਲ ਹੋਣ ਦੀ ਉਡੀਕ ਕਰਦੇ ਰਹਿੰਦੇ ਹਾਂ ਤਾਂ ਕਿ 'ਭਗਵਾਨ' ਦੇ ਫੇਲ ਹੋਣ ਦਾ 'ਰੱਬ' ਦੀ ਮੌਤ ਵਾਗ ਐਲਾਨ ਕਰਕੇ ਕੋਈ ਅਖ਼ਬਾਰੀ ਕਿਤਾਬ ਲਿਖ ਸਕੀਏ । ਭਗਵਾਨ ਵਿਚਾਰਾ ਕ੍ਰਿਸ਼ਨਾ ਮੂਰਤੀ ਹੋ ਸਕਦਾ ਹੈ; ਓਸ਼ੋ ਰਜਨੀਸ ਵੀ; ਤੇ ਸੋਵੀਅਤ ਦੇਸ ਵੀ । ਅਸੀਂ ਤਬਦੀਲੀ ਵਿਚ ਵਿਸ਼ਵਾਸ਼ ਰੱਖਦੇ ਹਾਂ ਪਰ ਖ਼ੁਦ ਤਬਦੀਲ ਹੋਣਾ ਨਹੀਂ ਚਾਹੁੰਦੇ । ਨਵੇਂ ਸਾਲ ਵਿਚ ਵੀ ਪੁਰਾਣੀ ਕੁੰਜ ਨਹੀਂ ਲਾਹੁੰਦੇ ।

ਗੱਲ ਲਮਕ ਰਹੀ ਹੈ । ਸ਼ਾਰਟ-ਕੱਟ ਕੋਈ ਹੈ ਨਹੀਂ ।
ਇਕੱਲ ਦਾ ਸ਼ਾਰਟ-ਕੱਟ ਮੌਤ ਹੈ । ਮੌਤ ਦਾ ਖ਼ੁਦਕੁਸ਼ੀ ।
ਇਨਸਟੈਂਟ । ਰੈਡੀਮੇਡ । ਬਣੀ-ਬਣਾਈ । ਤਿਆਰ-ਬਰ-ਤਿਆਰ ।
.............
ਕਿਤਾਬ ਖਰੀਦਦਾ ਹਾਂ ਤਾਂ ਤਸੱਲੀ ਹੁੰਦੀ ਹੈ ।
ਪੜ੍ਹਨੀ ਸ਼ੁਰੂ ਕਰਦਾ ਹਾਂ ਤਾਂ ਜਗਿਆਸਾ ਜਾਗਦੀ ਹੈ ।
ਵਿੱਚੋਂ ਵਿੱਚੋਂ ਪੜ੍ਹਦਾ ਹਾਂ ਤਾਂ ਭਾਵਨਾ ਬਣਦੀ ਹੈ ।
ਪੂਰੀ ਪੜ੍ਹਨ ਦਾ ਮਨ ਬਣਾਉਂਦਾ ਹਾਂ ਤਾਂ ਸੰਕਲਪ ਜੰਮਦਾ ਹੈ ।
ਲਗਾਤਾਰ ਜੁੜਿਆ ਰਹਿੰਦਾ ਹਾਂ ਤਾਂ ਸੁੱਖ ਮਿਲਦਾ ਹੈ ।
ਵਿਘਨ ਪੈਂਦਾ ਹੈ ਤਾਂ ਤਕਲੀਫ਼ ਹੁੰਦੀ ਹੈ ।
ਕਿਤਾਬ ਮੁੱਕਣ 'ਤੇ ਆਉਂਦੀ ਹੈ ਤਾਂ ਦਿਲ ਘਟਣ ਲੱਗਦਾ ਹੈ ।
ਕਿਤਾਬ ਮੁੱਕ ਜਾਂਦੀ ਹੈ ਤਾਂ ਮਨ ਉਦਾਸ ਹੋ ਜਾਂਦਾ ਹੈ ।
ਖਾਲੀ ਖਾਲੀ ।
ਸੁੰਞਾ ਸੁੰਞਾ¨
ਜਿਵੇਂ ਕੋਈ ਤੁਰ ਗਿਆ ਹੋਵੇ!
ਜਿਵੇਂ ਕੋਈ ਮਰ ਗਿਆ ਹੋਵੇ!!
ਕੌਣ ਚਾਹੁੰਦਾ ਹੈ ਕਿ ਕੋਈ ਜਾਵੇ?!
ਪਰ ਇਸ ਇਕੱਲ ਦਾ ਕੋਈ ਕੀ ਕਰੇ!

ਪੂਰਨ ਦੀ ਇਕੱਲ ਗਰਭ 'ਚੋਂ ਬੋਲਦੀ ਹੈ । ਭੋਰੇ 'ਚੋਂ ਬੋਲਦੀ ਹੈ । ਖੂਹ 'ਚੋਂ ਬੋਲਦੀ ਹੈ । ਧਿਆਨ 'ਚੋਂ ਬੋਲਦੀ ਹੈ । ਸਮਾਧੀ 'ਚੋਂ ਬੋਲਦੀ ਹੈ । ਨਿਰਵਾਣ 'ਚੋਂ ਬੋਲਦੀ ਹੈ । ਇੱਛਰਾਂ ਦੀ ਇਕੱਲ/ ਲੂਣਾ ਦੀ ਇਕੱਲ/ ਸੁੰਦਰਾਂ ਦੀ ਇਕੱਲ ਪੂਰਨ 'ਚੋਂ ਬੋਲਦੀ ਹੈ । ਇਹ ਸਭ ਗੋਰਖ ਦਾ ਧੰਦਾ ਹੈ ਜਿਹੜਾ ਕਦੇ ਕਾਦਰਯਾਰ ਨੂੰ ਪਿੱਟਣਾ ਪੈਂਦਾ ਹੈ; ਕਦੇ ਕਾਲੀਦਾਸ ਨੂੰ ; ਕਦੇ ਬਿ੍ਜਲਾਲ ਸ਼ਾਸਤਰੀ ਨੂੰ ; ਕਦੇ ਹਜ਼ਾਰਾ ਸਿੰਘ ਗੁਰਦਾਸਪੁਰੀ ਨੂੰ ; ਕਦੇ ਦੀਦਾਰ ਸਿੰਘ ਨੂੰ ... ਤੇ ਝੱਗਾ ਚੁੱਕ ਕੇ ਸ਼ਿਵ ਕੁਮਾਰ ਬਟਾਲਵੀ ਨੂੰ । ਇੱਛਰਾਂ ਦੀ ਮਹਾਨਤਾ ਸਿੱਧ ਕਰਨ ਲਈ ਲੂਣਾ ਨੂੰ ਗਾਲ੍ਹਾਂ ਕੱਢਦਿਆਂ, ਖੁੱਲ੍ਹੇ-ਡੁੱਲ੍ਹੇ ਪੂਰਨ ਸਿੰਘ ਦੀ ਜੀਭ ਗੰਦੀ ਹੋ ਜਾਂਦੀ ਹੈ । ਲੇਖਾਂ, ਮੈਦਾਨਾਂ ਤੇ ਅਸਮਾਨੀ ਰੰਗਾਂ ਦੀ ਸੈਲਾਨੀ ਖੁੱਲ੍ਹ ਮਾਨਣ ਮਗਰੋਂ ਇੱਕ ਅੱਥਰੇ ਪੰਜਾਬੀ ਦੀ ਮੁੜ-ਦਸਤਾਰਬੰਦੀ ਹੋ ਜਾਂਦੀ ਹੈ । 'ਵਿਅੱਸ਼ਟੀ' ਦੁਆਰਾ 'ਸਮੱਸ਼ਟੀ' ਅਤੇ 'ਪਰਮ' ਦੁਆਰਾ 'ਵਿਰਾਟ' ਦਾ ਗਿਆਨ ਸੰਭਵ ਨਹੀਂ; ਅਭੇਦਤਾ ਸੰਭਵ ਹੈ । ਅਭੇਦਤਾ ਤਾਂ ਹੈ ਹੀ; ਕੇਵਲ ਪਰਦਾ ਹਟਣਾ ਹੈ: ਅਗਿਆਨ ਦਾ, ਅਵਿੱਦਿਆ ਦਾ, ਮਾਯਾ ਦਾ, ਅਧਿਆਸ ਦਾ, ਭਰਮ ਦਾ । ਬੱਸ; ਇੱਕ ਸਹਿਜ ਵਿਸਫੋਟ... ਤੇ ਟੋਏ ਟਿੱਬੇ ਲਹਿ ਜਾਣੇ ਹਨ; ਮਨ ਮੈਦਾਨ ਹੋ ਜਾਣਾ ਹੈ । ਫਰੀਦ ਤੇ ਮਿਰਜ਼ੇ ਵਿੱਚ ਫ਼ਰਕ ਨਹੀਂ ਰਹਿਣਾ ।
.............

ਵੱਖਰਾ, ਨਾਅਰਾ, ਅਨੋਖਾ, ਵਿਰਲਾ, ਟਾਵਾਂ, ਅਦੁੱਤੀ, ਬੇਮਿਸਾਲ...ਸਾਰੇ ਹੀ ਵਿਸ਼ੇਸ਼ਣ ਇਕੱਲ ਨੂੰ ਤੋੜਨ ਵਾਲੇ ਹਨ । ਚੁੱਪ ਹੀ ਭਲੀ । ਸ਼ੁਨਯ: ਸਿਫ਼ਰ: ਜ਼ੀਰੋ: ਅੰਡਾ! ਅੰਡਾ ਤਾਂ ਅੰਡਾ ਹੈ: ਦੇਸੀ ਹੋਵੇ ਜਾਂ ਫਾਰਮੀ । ਸਵਾ ਲੱਖ ਦੀ ਆਰਮੀ! ਅਸੀਂ ਬਹੁਤ ਅੱਗੇ ਵਧ ਗਏ ਹਾਂ, ਹਨੇਰੇ ਵਿੱਚ । ਖ਼ੁਸ਼ ਹਾਂ ਕਿ ਸਾਨੂੰ ਕੋਈ ਦੇਖ ਨਹੀਂ ਰਿਹਾ ।
ਜੋ ਮਰਜ਼ੀ ਕਰੀਏ ।
ਸੁਰੱਖਿਅਤ ਹਾਂ ।
ਅਸੀਂ ਜੋ ਬਹੁਤ ਸਾਰੇ ਹਾਂ
ਅਸੀਂ ਇੰਜ ਹੀ ਸੋਚਦੇ ਹਾਂ
'ਕੋਈ' ਆਵਾਜ਼ ਦੇਂਦਾ ਹੈ
ਸਿਰਫ਼ ਦਿਸ਼ਾ ਬਦਲਣ ਲਈ ਕਹਿੰਦਾ ਹੈ
ਅਸੀਂ- ਬਹੁਤ ਸਾਰੇ- ਨਹੀਂ ਸੁਣਦੇ ।
'ਕੋਈ ਇੱਕ' ਮੁੜਕੇ ਦੇਖਦਾ ਹੈ
ਦੇਖਦਾ ਹੈ ਬਸ... ਤੇ ਪਰਤਣ ਦੀ ਪ੍ਰਕਿਰਿਆ ਸ਼ੁਰੂ ।
ਅਸੀਂ ਹਨੇਰੇ ਵਿੱਚ ਕਿੰਨਾ ਵੀ ਅੱਗੇ ਵਧ ਗਏ ਹੋਈਏ-
ਮੁੜਕੇ ਦੇਖਣ ਸਾਰ ਹੀ ਨਵੀਂ ਯਾਤਰਾ ਸ਼ੁਰੂ!
ਹਨੇਰਾ ਸਿਰਫ਼ ਕਦਮਾਂ ਵਿੱਚ ਰਹਿ ਗਿਆ
ਅੱਖਾਂ ਵਿੱਚ ਤਾਂ ਰੋਸ਼ਨੀ ਹੈ
ਹਨੇਰਾ ਪਿੱਠਾਂ ਲਈ ਹੁੰਦਾ ਹੈ!
ਰੋਸ਼ਨੀ ਅੱਖਾਂ ਲਈ!!

ਵੇਦਾਂ ਪਿੱਛੋਂ ਉਪਨਿਸ਼ਦ । ਪੁਰਾਣਾਂ ਪਿੱਛੋਂ ਮਹਾਂਕਾਵਿ । ਇਹੀ ਤਾਂ ਪਰੰਪਰਾ ਹੈ । ਇਹੀ ਤਾਂ ਆਧੁਨਿਕਤਾ ਦਾ ਸਦਾ- ਵਿਗਾਸ ਹੈ । ਬੂੰਦ ਤੇ ਸਮੁੰਦਰ; ਕਪਾਹ ਤੇ ਕੱਪੜਾ; ਸੋਨਾ ਤੇ ਗਹਿਣਾ; ਮਿੱਟੀ ਤੇ ਭਾਂਡਾ-ਰਿਸ਼ਤੇਦਾਰ ਨਹੀਂ, ਇੱਕ ਹੀ ਨੇ । ਬਾਹਰ ਪਦਾਰਥ ਅੰਦਰ ਤੱਤ! ਤੱਤ ਹੀ ਤੱਤ!! ਤੱਤ ਹੀ ਚਿੱਤ!! ਤੱਤ ਹੀ ਆਨੰਦ!!... ਤੇ ਬਾਕੀ ਝੂਠ? ਨਹੀਂ, ਬਾਕੀ ਕੁਝ ਹੈ ਹੀ ਨਹੀਂ! ਮਾਯਾ ਦੀ ਕੰਧ ਹੈ ਜਿਸ ਉੱਤੇ ਤ੍ਰੈਗੁਣੀ ਧੁੱਪ ਦ੍ਰਿਸ਼ਟਮਾਨ ਹੋ ਰਹੀ ਹੈ । ਕ੍ਰਿਸ਼ਨ ਨੂੰ ਗੀਤਾ ਵਿੱਚ, ਪੂਰਾ ਜ਼ੋਰ ਲਾ ਕੇ ਵੀ ਸਮਝਾਉਣ ਵਿੱਚ ਅਸਫ਼ਲ ਰਹਿਣ ਪਿੱਛੋਂ, ਅਰਜੁਨ ਲਈ 'ਦਿੱਬ ਦਿਸ਼ਟੀ' ਦਾ ਜੁਗਾੜ ਕਰਨਾ ਪਿਆ ਸੀ, ਜੋ 'ਸੰਜਯ' ਨੂੰ ਮੁਫ਼ਤ ਵਿੱਚ ਹੀ ਮਿਲ ਗਈ । ਵੱਡਾ ਭਾਰਾ 'ਮਹਾਭਾਰਤ' ਵੀ ਗੀਤਾ ਦਾ ਸੰਚਾਰ ਨਹੀਂ ਕਰ ਸਕਿਆ । ਇਹ ਜੁੱਗਾਂ ਪੁਰਾਣੀ ਗੱਲ ਅੱਜ ਵੀ ਪ੍ਰਸੰਗਕ ਹੈ । ਰਹੱਸ-ਦਰਸ਼ੀ ਅੱਜ ਵੀ ਪ੍ਰਵਚਨ ਦੀ ਮੁੱਦਰਾ 'ਚ ਹੈ । ਜਗਿਆਸੂ ਅੱਜ ਵੀ ਸੱਚ ਦੀ ਥਾਂ 'ਊੜਾ' ਫੜੀ ਬੈਠਾ ਹੈ ਅਤੇ ਹੋਰਾਂ ਨੂੰ ਵੀ ਕਹਿੰਦਾ ਹੈ ਕਿ ਮੰਨ ਲਉ... ¨ ਮੰਨਣ ਵਿੱਚ ਕੋਈ ਹਰਜ਼ ਵੀ ਤਾਂ ਨਹੀਂ¨

13. 'ਸੁਣਤੇ' ਪੁਨੀਤ 'ਕਹਿਤੇ' ਪਵਿਤੁ

ਹਰ ਕੋਈ ਕਹਿਣ ਲਈ ਕਾਹਲਾ ਹੈ । ਨੱਕੋ ਨੱਕ ਭਰਿਆ ਪਿਆ ਹੈ । ਅੰਦਰ ਕੁਰਬਲ-ਕਰਬਲ ਹੋ ਰਹੀ ਹੈ । ਝਈਆਂ ਲੈ ਰਿਹਾ ਹੈ । ਇੰਦਰੀਆਂ ਬੇਚੈਨ ਹਨ । ਮਨ ਨਿਹਬਲ ਹੈ । ਬੁੱਧੀ ਭਟਕ ਰਹੀ ਹੈ । ਸਰੀਰ ਦੀ ਸੁੱਕੀ ਹੋਈ ਟਾਹਣੀ 'ਤੇ ਆਤਮਾ ਚਮਗਿੱਦੜ ਵਾਂਗ ਲਟਕ ਰਹੀ ਹੈ!

'ਕਹਿਣਾ' ਆਤਮ-ਅਭਿਵਿਅਕਤੀ ਹੈ । ਆਤਮਾ ਦੀ ਸ਼ਕਤੀ ਹੈ । ਸ਼ਕਤੀ ਹੀ ਸ਼ਿਵ ਦਾ ਪ੍ਰਗਟਾਵਾ ਹੈ । ਸੱਚ ਦਾ ਸੁੰਦਰ ਨਾਲ ਮਿਲਾਵਾ ਹੈ । ਧੁਨੀ ਹੈ । ਸ਼ਬਦ ਹੈ । ਬਾਣੀ ਹੈ । ਸਨਾਤਨ ਕਹਾਣੀ ਹੈ । ਕੋਈ ਨੱਚ ਰਿਹਾ ਹੈ । ਕੋਈ ਰੋ ਰਿਹਾ ਹੈੇ । ਬੜਾ ਕੁਝ ਹੋ ਰਿਹਾ ਹੈ:

ਕੋਈ ਖਿੜ ਰਿਹਾ ਹੈ; ਕੋਈ ਚਿੜ ਰਿਹਾ ਹੈ ।
ਕੋਈ ਗਉਂ ਰਿਹਾ ਹੈ; ਕੋਈ ਸਉਂ ਰਿਹਾ ਹੈ ।
ਕੋਈ ਘੜ ਰਿਹਾ ਹੈ; ਕੋਈ ਲੜ ਰਿਹਾ ਹੈ ।
ਕੋਈ ਉੱਗ ਰਿਹਾ ਹੈ; ਕੋਈ ਚੜ੍ਹ ਰਿਹਾ ਹੈ ।
ਕੋਈ ਜਗ ਰਿਹਾ ਹੈ; ਕੋਈ ਸੜ੍ਹ ਰਿਹਾ ਹੈ ।
ਕੋਈ ਵਗ ਰਿਹਾ ਹੈ; ਕੋਈ ਰੁੜ੍ਹ ਰਿਹਾ ਹੈ ।
ਕੋਈ ਪੱਥਰ ਚੱਟ ਕੇ ਮੁੜ ਰਿਹਾ ਹੈ ।

ਅਦ੍ਰਿਸ਼ਟ ਨੂੰ ਦ੍ਰਿਸ਼ਟਮਾਨ ਹੋਣ ਲਈ; ਅਪ੍ਰਗਟ ਨੂੰ ਪ੍ਰਗਟ ਹੋਣ ਲਈ; ਅਵਿਅਕਤ ਨੂੰ ਵਿਅਕਤ ਹੋਣ ਲਈ; ਨਿਰਾਕਾਰ ਨੂੰ ਸਾਕਾਰ ਹੋਣ ਲਈ; ਸੂਖਮ ਨੂੰ ਸਥੂਲ ਹੋਣ ਲਈ- ਲੋੜ ਪੈਂਦੀ ਹੈ ਚੋਟ ਦੀ । ਮਹਾਂ-ਵਿਸਫ਼ੋਟ ਦੀ । ਜਲਚਰ । ਥਲਚਰ । ਵਣਚਰ । ਨਭਚਰ । ਬਕ ਬਕ ਮਤ ਕਰ ।

..............

ਹਾਂ, ਮੈਂ ਬਕ ਬਕ ਕਰਦਾ ਹਾਂ । ਝਖ ਮਾਰਦਾ ਹਾਂ । ਗੱਲ ਨੂੰ ਬਿਨਾਂ ਮਤਲਬ ਲਮਕਾਉਂਦਾ ਹਾਂ । ਬਾਤ ਦਾ ਬਤੰਗੜ ਬਦਾਉਂਦਾ ਹਾਂ । ਤੁਹਾਡੀ ਸ਼ਰਾਫ਼ਤ ਦਾ ਨਾਜਾਇਜ਼ ਫਾਇਦਾ ਉਠਾਉਂਦਾ ਹਾਂ । ਮੂੰਹ ਮਿਲਿਆ ਹੈ; ਤਾਂ ਖੋਲ੍ਹਾਂਗਾ । ਮੈਂ ਤਾਂ ਬੋਲਾਂਗਾ । ਬੋਲਣਾ ਮੇਰੀ ਲੋੜ ਨਹੀਂ; ਵਾਦੀ ਹੈ । ਆਦਿ-ਜੁਗਾਦੀ ਹੈ । ਪਹਿਲਾਂ ਸ਼ਬਦਾਂ ਦੇ ਸਹਾਰੇ ਢਿੱਡ ਭਰਦਾ ਹਾਂ । ਫਿਰ ਲਗਾਤਾਰ ਸ਼ਬਦਾਂ ਦੀ ਜੁਗਾਲੀ ਕਰਦਾ ਹਾਂ । ਕੁਝ ਸ਼ਬਦ ਮੇਰੀ ਸੁਰੱਖਿਆ ਲਈ ਖੋਲ ਬਣਦੇ ਨੇ । ਕੁਝ ਸ਼ਬਦ ਮੇਰੀ ਹਉਮੈ ਲਈ ਬੋਲ ਬਣਦੇ ਨੇ । ਕੁਝ ਸ਼ਬਦ ਮੇਰੀ ਖਿਆਤੀ ਲਈ ਢੋਲ ਬਣਦੇ ਨੇ । ਮੈਂ ਆਪਣੇ ਗੰਦ ਨੂੰ ਢੱਕਦਾ ਹਾਂ; ਹੋਰਾਂ ਦੇ ਪੋਤੜੇ ਫੋਲਦਾ ਹਾਂ । ਲੋਕਾਂ ਨੂੰ ਚੁੱਪ ਕਰਾਉਂਦਾ ਹਾਂ; ਖ਼ੁਦ ਸੁੱਤਾ ਪਿਆ ਬੋਲਦਾ ਹਾਂ ।

ਇਹ ਮਜ਼ਬੂਰੀ ਦਾ ਭਾਸ਼ਣ ਹੈ,
ਇਹ ਭਾਸ਼ਾ ਦਾ ਪ੍ਰਦੂਸ਼ਣ ਹੈ ।
ਇਸ ਹੁਨਰ ਨੂੰ ਕਈ ਕੁਝ ਕਹਿੰਦੇ ਨੇ,
ਇਸਦਾ ਇੱਕ ਨਾ ਭੂਸ਼ਣ ਹੈ ।

ਬੋਲ ਬੜੇ ਕੌਤਕੀ ਹੁੰਦੇ ਨੇ, ਜਦੋਂ ਆਉਂਦੇ ਨੇ ਬੱਸ ਆਈ ਜਾਂਦੇ ਨੇ । ਪੂਛਾਂ ਫੜੀ ਜਾਂਦੇ ਨੇ, ਜੱਫੀਆਂ ਪਾਈ ਜਾਂਦੇ ਨੇ । ਘੁਮੇਰਾਂ ਪਾਈ ਜਾਂਦੇ ਨੇ । ਧੂੰਏਂ ਵਾਂਗੂੰ ਉੱਠ ਕੇ ਧੁੰਦ ਵਾਂਗੂੰ ਛਾਈ ਜਾਂਦੇ ਨੇ । ਵਕਤ ਲੰਘਾਈ ਜਾਂਦੇ ਨੇ । ਤੇ ਫਿਰ ਇੱਕ ਵਕਤ ਆਉਂਦਾ ਹੈ ਜਦੋਂ ਇਸ ਧੁੰਦ ਨੂੰ 'ਕੁਝ ਲੋਕ' ਡਿੱਬਾ-ਬੰਦ ਕਰਦੇ ਤੇ ਮੋਹਰਾਂ ਲਾਈ ਜਾਂਦੇ ਨੇ । ਇਹਨਾਂ ਬੋਲਾਂ 'ਚ ਮਨ-ਮਰਜ਼ੀ ਦੇ ਮਾਅਨੇ ਪਾਈ ਜਾਂਦੇ ਨੇ । ਜਦੋਂ ਦਾਅ ਲੱਗਦਾ ਹੈ ਕੋਰਸਾਂ ਵਿੱਚ ਲਾਈ ਜਾਂਦੇ ਨੇ । ਆਪਣੀ ਧੁੰਦ ਅਗਲੇ ਦੌਰ ਤੱਕ ਪਹੁੰਚਾਈ ਜਾਂਦੇ ਨੇ । ਤੇ ਮਾੜੀ ਨੀਂਦ ਵਿੱਚ ਇਸ ਅਮਲ ਨੂੰ ਦੁਹਰਾਈ ਜਾਂਦੇ ਨੇ । ਇਹਨਾਂ 'ਕੁਝ ਲੋਕਾਂ' ਵਿੱਚ ਮੈਂ ਵੀ ਸ਼ਾਮਿਲ ਰਿਹਾ ਹਾਂ । ਏਸੇ ਲਈ ਤਾਂ ਕਹਿੰਦਾ ਹਾਂ:

ਸਾਡੇ ਬੱਗੇ ਨੂੰ ਜੇਕਰ ਉਹ ਕਹਿਣ ਲਾਖਾ,
ਅਸੀਂ ਲਾਖਿਆ ਲਾਖਿਆ ਕਹੀ ਜਾਈਏ ।
ਭਾਵੇਂ ਸਾਨੂੰ ਪ੍ਰਸੰਗ ਦਾ ਪਤਾ ਕਿ ਨਾ,
ਫਿਰ ਵੀ ਅਸੀਂ ਵਿਆਖਿਆ ਕਰੀ ਜਾਈਏ ।

ਅਧਿਆਪਨ ਦਾ ਕਿੱਤਾ ਬੜਾ ਮਹੱਤਵਪੂਰਨ ਅਤੇ ਆਦਰਯੋਗ ਮੰਨਿਆ ਜਾਂਦਾ ਹੈ । ਪਰ ਇਸ ਦੀ ਆੜ ਵਿੱਚ ਸਿਰਫ਼ ਬੀਤੇ ਦੀ ਮੂਰਖ਼ਤਾ ਨੂੰ ਅਕਾਦਮਿਕ ਲੇਬਲ ਲਾ ਕੇ ਡਿਗਰੀਆਂ ਨਾਲ ਚਿਪਕਾਇਆ ਜਾ ਰਿਹਾ ਹੈ । ਡਿਗਰੀਆਂ ਨੂੰ ਗਿਆਨ ਦਾ ਬਦਲ ਬਣਾਇਆ ਜਾ ਰਿਹਾ ਹੈ । ਕਿਤਾਬੀ 'ਖੋਜ' ਨੂੰ ਤਾਜ ਪਹਿਨਾਇਆ ਜਾ ਰਿਹਾ ਹੈ । ਮੌਲਿਕ ਪ੍ਰਤਿਭਾ ਨੂੰ ਜ਼ਿੰਦਾ ਦਫ਼ਨਾਇਆ ਜਾ ਰਿਹਾ ਹੈ । ਯੂ.ਜੀ.ਸੀ. ਦੇ ਪੈਸੇ ਨਾਲ ਆਯੋਜਿਤ ਕੀਤੇ ਜਾ ਰਹੇ ਅਖਾਉਤੀ ਤਾਜ਼ਗੀ ਪ੍ਰਦਾਨ ਕਰਨ ਵਾਲੇ ਕੋਰਸਾਂ ਵਿੱਚ ਸਰੋਤ-ਵਿਅਕਤੀਆਂ ਦਾ ਚੱਕਰ ਚਲਾਇਆ ਜਾ ਰਿਹਾ ਹੈ । ਗਰਾਂਟਾਂ ਖ਼ਤਮ ਕਰਨ ਲਈ, ਵਾਰੀ –ਵੱਟੇ ਦੇ ਨਿਯਮ ਅਨੁਸਾਰ, 'ਵਿਦਵਾਨਾਂ' ਨੂੰ ਬੁਲਾ ਕੇ ਅੰਤਰ-ਅਨੁਸ਼ਾਸਨੀ ਸੈਮੀਨਾਰਾਂ ਦੀ ਰਸਮ ਨੂੰ ਪ੍ਰਤੀਕ ਰੂਪ ਵਿੱਚ ਨਿਭਾਇਆ ਜਾ ਰਿਹਾ ਹੈ । ਸਾਹਿਤ ਅਤੇ ਭਾਸ਼ਾ ਦੇ ਨਾਲ ਨਾਲ ਸੱਭਿਆਚਾਰ ਦਾ ਨਾਂ ਲੈ ਕੇ ਕੰਨ-ਪਾੜਵਾਂ ਸ਼ੋਰ ਮਚਾਇਆ ਜਾ ਰਿਹਾ ਹੈ । ਪ੍ਰੀਤਮ ਸਿੰਘ ਦੀ ਲੰਬੀ-ਸੁਹਿਰਦ ਘਾਲਣਾ ਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ । ਹੰਸਾਂ ਤੇ ਘੁੱਗੀਆਂ ਨੂੰ ਹੀਰੋ ਬਣਾਇਆ ਜਾ ਰਿਹਾ ਹੈ । ਇਹ ਸਭ ਕੁਝ ਗੀਤਾ 'ਤੇ ਹੱਥ ਰੱਖ ਕੇ ਕਸਮ ਖਾਣ ਵਰਗਾ ਹੈ ਜਾ ਫਿਰ ਮੰਤਰੀ ਦਾ ਪਦ ਸੰਭਾਲਣ ਤੋਂ ਪਹਿਲਾਂ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਵਰਗਾ ਹੈ । ਨੇਤਾ, ਵਕੀਲ ਤੇ ਅਧਿਆਪਕ ਬਹੁਤ ਬੋਲਦੇ ਨੇ ਪਰ ਕਹਿੰਦੇ ਕੁਝ ਨਹੀਂ । ਬੋਲਣਾ ਇਹਨਾਂ ਦਾ ਕਿੱਤਾ ਹੈ । ਕਿੱਤਾ ਆਦਤ ਬਣ ਜਾਂਦੀ ਹੈ । ਆਦਤ ਬੋਰੀਅਤ ਪੈਦਾ ਕਰਦੀ ਹੈ । ਮਸ਼ੀਨਾਂ 'ਚੋਂ ਮਾਨਵੀ-ਛੋਹ ਗ਼ਾਇਬ ਹੋ ਜਾਂਦੀ ਹੈ । ਉਸਤਾਦੀ, ਅਦਬ ਦਾ ਬੁਰਾ ਹਸ਼ਰ ਕਰਦੀ ਹੈ:

ਕੋਸ਼ਿਸ਼ ਕਰੀਂ ਕਿ ਪੁਸਤਕ ਤੇਰੀ
ਕੋਰਸ ਦੇ ਵਿੱਚ ਲੱਗੇ ਨਾ-
ਰੂਹ ਤੇਰੀ ਤੋਂ ਸਹਿ ਨਹੀਂ ਹੋਣਾ
ਜੋ ਹਾਲਤ ਉਸਤਾਦ ਕਰਨਗੇ ।

..............

'ਕਹਿਣ' ਦਾ ਦੂਜਾ ਸਿਰਾ 'ਸੁਣਨ' ਨਾਲ ਜੁੜਿਆ ਹੋਇਆ ਹੈ । ਬਿਨਾਂ ਸਰੋਤੇ ਦੇ ਬੋਲਣ ਵਾਲੇ ਨੂੰ ਕੀ ਕਹੋਗੇ? ਬਹੁਤੇ ਲੋਕਾਂ ਨੂੰ ਸ਼ਿਕਾਇਤ ਹੈ ਕਿ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ । ਉਹ ਐਬਨਾਰਮਲ ਹੋਏ ਪਏ ਹਨ । ਸੰਘ ਪਾੜ ਕੇ ਨਾਅਰੇ ਲਾਉਂਦੇ ਹਨ ਜਾਂ ਦੱਬੀ ਆਵਾਜ਼ ਵਿੱਚ ਗਾਲ੍ਹਾਂ ਕੱਢਦੇ ਹਨ । ਬੁੜ ਬੁੜ ਕਰਦੇ ਹਨ ਜਾਂ ਗੁੜ-ਗੁੜ ਕਰਦੇ ਹਨ । ਅਸਲ ਵਿੱਚ ਸਾਰੇ ਸਰੋਤੇ ਧਾਰਮਿਕ ਜਾਂ ਸੰਪਰਦਾਇਕਾਂ ਦੇ ਲੜੀ-ਵਾਰ ਪ੍ਰਵਚਨ ਸੁਣਨ ਵੱਲ ਰੁਚਿਤ ਹੋ ਗਏ ਹਨ । ਨਿੱਕੇ-ਵੱਡੇ ਸਿਆਸੀ ਲੀਡਰਾਂ ਦੇ ਖੁਸ਼ਾਮਦੀ ਸਮਾਗਮਾਂ ਦਾ ਜਬਰੀ ਸ਼ਿੰਗਾਰ ਬਣ ਗਏ ਹਨ ਜਾਂ ਫਿਰ ਅਧਿਆਪਕਾਂ ਦੀ ਸਿਲੇਬਸੀ ਬਰਬਰਤਾ ਦਾ ਸ਼ਿਕਾਰ ਹੋ ਗਏ ਹਨ । ਸਾਡੇ ਕੰਨਾਂ ਵਿੱਚ ਆਦਤ ਦਾ ਸਿੱਕਾ ਢਲ ਗਿਆ ਹੈ । ਸੁਣਨ ਵਾਲਾ ਹਿੱਸਾ ਵੀ ਬੋਲਣ ਵਾਲੇ ਨਾਲ ਰਲ ਗਿਆ ਹੈ । ਬਹੁ-ਗਿਣਤੀ ਦਾ ਜਾਦੂ ਚਲ ਗਿਆ ਹੈ । ਆਰਜ਼ੀ ਤੌਰ 'ਤੇ ਹੀ ਸਹੀ, ਵਕਤੇ ਦਾ ਸੰਕਟ ਟਲ ਗਿਆ ਹੈ । ਕਾਲਮਨਵੀਸ ਡਿੱਗਦਾ ਡਿੱਗਦਾ ਸੰਭਲ ਗਿਆ ਹੈ ।

.........

ਵਕਤੇ ਨੂੰ ਸਰੋਤਾ ਅਤੇ ਲੇਖਕ ਨੂੰ ਪਾਠਕ ਚਾਹੀਏ ਹੀ ਚਾਹੀਏ । ਸੁਣਨਾ ਬਹੁਤ ਕਠਿਨ ਕਰਮ ਹੈ, ਪੜ੍ਹਨਾ ਵੀ । ਬੱਧਿਆਂ ਲਹੌਰ ਵੇਖਣ ਵਾਲਾ ਆਦਮੀ ਯਾਤਰੀ ਨਹੀਂ ਹੁੰਦਾ । ਗਿਆਨ- ਇੰਦਰੀਆਂ ਦਾ ਸਮਿਅਕ ਪ੍ਰਯੋਗ ਸਹਿਜ ਨਹੀਂ ਹੁੰਦਾ । ਜੇ ਹੁੰਦਾ ਹੈ ਤਾਂ 'ਸਹਿਜ' ਨੂੰ 'ਯੋਗ' ਦੀ ਸੰਗਿਆ ਕਦੇ ਨਾ ਦਿੱਤੀ ਜਾਂਦੀ । ਸੁਹਜ-ਸੁਆਦ ਦਾ ਉੱਦਾਤੀਕਰਣ ਕੋਈ ਫਾਰਮੂਲਾ ਨਹੀਂ, ਲਗਾਤਾਰ ਪ੍ਰਕਿਰਿਆ ਹੈ । ਅਸਲ ਵਿੱਚ ਇੱਕ ਸਮੇਂ ਪੂਰਾ 'ਸਰੀਰ-ਮਨ-ਬੁੱਧੀ' ਇੱਕ ਇੰਦਰੀ ਵਿੱਚ ਹੀ ਰੂਪਾਂਤਰਿਤ ਹੋ ਜਾਏ , ਤਾਂ ਗੱਲ ਬਣਦੀ ਹੈ । ਖਿੱਲਰੀ ਹੋਈ ਸ਼ਖ਼ਸੀਅਤ ਕੁਝ ਵੀ ਸੁਣਨ/ ਸਮਝਣ/ ਮਹਿਸੂਸਣ ਦੇ ਕਾਬਿਲ ਨਹੀਂ ਹੁੰਦੀ । ਅੰਦਰਲੀ ਪਿਆਸ ਅਥਵਾ ਜਗਿਆਸਾ ਦੀ ਤੀਬਰਤਾ ਉੱਤੇ ਹੀ ਤ੍ਰਿਪਤੀ ਦੀ ਅਨੁਪਾਤ ਨਿਰਭਰ ਕਰਦੀ ਹੈ । ਸ਼ਰੁਤੀ ਅਤੇ ਸਿਮਰਤੀ ਦੀ ਪਰੰਪਰਾ ਪਾਠ ਅਤੇ ਪ੍ਰਵਚਨ ਦੇ ਸਮਾਨੰਤਰ ਹੀ ਚੱਲਦੀ ਆਈ ਹੈ । ਕਹਿਣ ਵਾਲੇ ਕੋਲ ਕਹਿਣ ਵਾਲੀ ਗੱਲ ਹੋਵੇ; ਕਹਿਣ ਦਾ ਵੱਲ ਹੋਵੇ; ਕਹਿਣ ਦਾ ਝੱਲ ਹੋਵੇ- ਤਾਂ ਸੁਣਨ ਵਾਲੇ ਲੱਭਣੇ ਨਹੀਂ ਪੈਂਦੇ ਸਗੋਂ ਉਹ ਤਾਂ ਲੱਭ ਲੱਭ ਸੁਣਦੇ ਹਨ । ਸੁਣਦੇ ਹੀ ਨਹੀਂ ਹੋਰਨਾਂ ਨੂੰ ਸੁਣਾਉਂਦੇ ਵੀ ਹਨ । ਇਹੋ ਤਾਂ ਰਾਬਤਾ ਹੈ । ਇਹੋ ਤਾਂ ਸੰਚਾਰ ਹੈ । ਏਹੋ ਹੀ ਸੰਸਾਰ ਹੈ । ਏਹੋ ਬ੍ਰਹਮ ਵਿਚਾਰ ਹੈ । ਕਹਿਣ ਦੀ ਪਵਿੱਤਰਤਾ ਤੇ ਸੁਣਨ ਦੀ ਸਾਧਨਾ ਹੀ ਸੂਝ ਦਾ ਆਧਾਰ ਹੈ । ਲਿਖੇ-ਬੋਲੇ ਸ਼ਬਦ ਦਾ ਏਹੋ ਤੱਤ-ਸਾਰ ਹੈ ।

14. ਉੱਚੇ ਚੜ੍ਹ ਕੇ ਵੇਖਿਆ

...ਜਦੋਂ ਬਹੁਤ ਡੂੰਘਾ ਉਤਰਿਆ ਤਾਂ ਪਤਾ ਲੱਗਾ ਕਿ ਨਜ਼ਰੀਆਂ ਆਪਣਾ ਹੁੰਦਾ ਹੀ ਨਹੀਂ; ਹਮੇਸ਼ਾ ਦੂਸਰਿਆਂ ਦਾ ਹੁੰਦਾ ਹੈ ਸਾਡੇ ਬਾਰੇ । ਉਹ ਅੰਦਾਜ਼ਾ ਲਾਉਂਦੇ ਰਹਿੰਦੇ ਨੇ ਸਾਡੇ ਵਿਹਾਰ ਤੋਂ; ਸਾਡੀ ਬੋਲਚਾਲ ਤੋਂ ਸਾਡੀ ਪਸੰਦ-ਨਾ-ਪਸੰਦ ਤੋਂ । ਸਾਡੇ ਵਿਚਾਰ ਨੂੰ ਉਹ ਸਾਡਾ ਨਜ਼ਰੀਆਂ ਕਹਿ ਕੇ 'ਛੁੱਟਿਆ' ਦੇਂਦੇ ਨੇ ਤਾਂ ਕਿ ਆਪਣੇ ਵਿਚਾਰ ਦੀ ਪ੍ਰਭੁਤਾ ਦਰਸਾ ਸਕਣ । ਲੋਕ-ਵੇਦ ਵਿੱਚ ਇਹਦੇ ਕਈ ਹਵਾਲੇ ਮਿਲਦੇ ਨੇ:

-ਆਪਣੀ ਅਕਲ ਤੇ ਦੂਜੇ ਦੀ ਜੇਬ ਸਭ ਤੋਂ ਭਾਰੀ ਲੱਗਦੀ ਏ;

-ਦੂਜੇ ਦੀ ਥਾਲੀ ਵਾਲਾ ਲੱਡੂ ਹਮੇਸ਼ਾ ਵੱਡਾ ਲੱਗਦਾ ਏ;

-ਪਹੁੰਚ ਤੋਂ ਪਰੇਡੇ ਅੰਗੂਰ ਲੂਮੜੀ ਲਈ ਖੱਟੇ ਹੋ ਜਾਂਦੇ ਨੇ;

-ਬੜ੍ਹਕਾਂ ਮਾਰਨ ਵਾਲੇ ਸਾਨ੍ਹ ਨੂੰ ਅਚਾਨਕ ਗਊ ਦਾ ਜਾਇਆ ਬਣਨਾ ਪੈ ਸਕਦਾ ਏ;

-ਗਧੇ ਨੂੰ ਬਾਪ ਅਤੇ ਬਾਪ ਨੂੰ ਗਧਾ ਬਣਦਿਆਂ ਦੇਰ ਨਹੀਂ ਲੱਗਦੀ ਹੈ । ਪਰ ਨਜ਼ਰ ਨੂੰ ਨਜ਼ਰੀਆ ਬਣਦਿਆਂ ਦੇਰ ਲੱਗਦੀ ਹੈ । ਅਸੀਂ ਸਾਰੇ, ਜਾਣੇ-ਅਣਜਾਣੇ, ਜੀਵਨ ਨੂੰ ਸਮਝਣ ਲਈ ਯਤਨਸ਼ੀਲ ਰਹਿੰਦੇ ਹਾਂ । ਲਾਜ਼ਮੀ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਜੀਵਨ ਦੇ ਰਹੱਸਾਂ ਵਿੱਚ ਬੰਦੇ ਦੀ ਦਿਲਚਸਪੀ ਵਧਦੀ ਰਹਿੰਦੀ ਹੈ । ਧਰਮ, ਸਮਾਜ, ਸੱਭਿਆਚਾਰ ਸਾਨੂੰ ਕਈ ਕਿਸਮ ਦੇ ਘੜੇ-ਘੜਾਏ ਫਾਰਮੂਲੇ ਪੇਸ਼ ਕਰਦੇ ਹਨ । ਬਹੁਤਿਆਂ ਦੀ ਤਸੱਲੀ ਹੋ ਜਾਂਦੀ ਹੈ । ਥੋੜਿਆਂ ਦੀ ਤਲਾਸ਼ ਜਾਰੀ ਰਹਿੰਦੀ ਹੈ ।

ਲਾਈਲੱਗ ਮੋਮਨ ਦੇ ਨਾਲੋਂ ਖੋਜ਼ੀ ਕਾਫ਼ਿਰ ਨੂੰ ਚੰਗਾ ਸਮਝਿਆ ਜਾਂਦਾ ਹੈ । ਸੰਦੇਹਮਈ ਨਜ਼ਰ ਪਹਿਲਾਂ ਭਟਕਦੀ ਹੈ; ਫੇਰ ਕਿਤੇ ਟਿਕ ਜਾਂਦੀ ਹਾਂ; ਟਿਕੀ ਹੋਈ ਨਜ਼ਰ ਅੰਤ ਨੂੰ ਪਾਟ ਜਾਂਦੀ ਹੈ ਤਾਂ ਨਜ਼ਰੀਆ ਪ੍ਰਗਟ ਹੁੰਦਾ ਹੈ । ਕਈ ਹਲਕਿਆਂ ਵਿੱਚ ਇਹਨੂੰ ਨਜ਼ਰ ਦਾ ਜ਼ਾਵੀਆ ਜਾਂ ਦ੍ਰਿਸ਼ਟੀਕੋਣ ਵੀ ਆਖ ਲੈਂਦੇ ਹਨ । ਇਹ ਕਿਸੇ ਧਾਰਨਾ ਅਥਵਾ ਦਰਸ਼ਨ ਦੇ ਸਹਾਰੇ ਟਿਕਿਆ ਹੁੰਦਾ ਹੈ । ਅਸਲ ਵਿੱਚ ਇਹ ਜ਼ਿੰਦਗੀ ਅਥਵਾ ਸੱਚ ਪ੍ਰਤਿ ਪਹੁੰਚ ਦਾ ਵੀ ਦੂਜਾ ਤੀਜਾ ਜਾਂ ਚੌਥਾ ਪੰਜਵਾਂ ਨਾਂ ਹੁੰਦਾ ਹੈ ।

ਮੋਟੇ ਤੌਰ 'ਤੇ ਦ੍ਰਿਸ਼ਟੀਕੋਣ ਦੋ ਪ੍ਰਕਾਰ ਦਾ ਹੁੰਦਾ ਹੈ: ਸ਼ੁਕਰ ਵਾਲਾ ਅਤੇ ਸ਼ਿਕਾਇਤ ਵਾਲਾ । ਕਿਸੇ ਲਈ ਅੱਧਾ ਗਿਲਾਸ ਭਰਿਆ ਹੋਇਆ; ਕਿਸੇ ਲਈ ਅੱਧਾ ਗਿਲਾਸ ਖਾਲੀ । ਦ੍ਰਿਸ਼ਟੀਕੋਣ ਬਦਲਣ ਨਾਲ ਤੱਥ ਨਹੀਂ ਬਦਲਦਾ । ਸਿਰਹਾਣੇ ਪਉ ਭਾਵੇਂ ਪੁਆਂਦੀ ਪਉ, ਲੱਕ ਤਾਂ ਵਿਚਕਾਰ ਈ ਆਉਣੈ । ਜਾਭਾਂ ਦਾ ਭੇੜ ਜਿੰਨਾਂ ਮਰਜ਼ੀ ਕਰ-ਕਰਵਾ ਲਉ, ਸੱਚ ਦਾ ਦੀਦਾਰ ਤਾਂ ਓਦੋਂ ਹੀ ਹੋਊ ਜਦੋਂ ਆਪਾਂ ਚੁੱਪ ਕਰਾਂਗੇ । ਸ਼ਬਦ ਬੜੀ ਗੁੰਝਲਦਾਰ ਲੀਲਾ ਰਚਾਉਂਦੇ ਨੇ । ਸੱਚ ਤੋਂ ਨਜ਼ਰ ਹਟਾ ਕੇ ਵਿਚਾਰਾਂ, ਪ੍ਰਤੀਕਾਂ ਤੇ ਚਿੰਨ੍ਹਾਂ ਦੇ ਪੰਛੀ ਉਡਾਉਂਦੇ ਨੇ । ਸੱਚ ਤੋਂ ਭੱਜਣ ਦੇ ਅਨੇਕ ਰਾਹ ਸੁਝਾਉਂਦੇ ਨੇ । ਕਦੇ ਅਤੀਤ ਦੀ 'ਅਮੀਰੀ' ਉਘਾੜਦੇ ਨੇ । ਕਦੇ ਭਵਿੱਖ ਦੇ ਖਾਬ ਵਿਖਾਉਂਦੇ ਨੇ । ਵਰਤਮਾਨ ਤੋਂ ਭਟਕਾਉਂਦੇ ਨੇ । ਸ਼ਬਦ ਬਹੁਤ ਹੀ ਮਨਮੋਹਣਾ ਜਾਲ ਵਿਛਾਉਂਦੇ ਨੇ । 'ਸੂਰਮਿਆਂ' ਨੂੰ ਗਜਰਾਜ ਦੇ ਦਰਸ਼ਨ ਕਰਾਉਂਦੇ ਨੇ । ਆਪੇ ਪਾਠ ਸਿਰਜਦੇ ਨੇ, ਆਪੇ ਪ੍ਰਵਚਨ ਰਚਾਉਂਦੇ ਨੇ ।

...........

ਦ੍ਰਿਸ਼ਟੀਕੋਣ ਦਾ ਵਜੂਦ ਤਾਂ ਆਦਿ-ਜੁਗਾਦੀ ਹੈ ਪਰ ਇਸ ਦਾ ਵਰਤਮਾਨ ਸਰੂਪ ਸ਼ਬਦ-ਸੱਭਿਆਚਾਰ ਦੀ ਪੈਦਾਇਸ਼ ਹੈ । ਅਸਾਂ ਸੂਚਨਾ ਇਕੱਠੀ ਕੀਤੀ । ਸੂਚਨਾ ਨੂੰ ਗਿਆਨ ਸਮਝ ਕੇ ਸਾਂਭਿਆ ਤੇ ਉਸਦਾ ਵਰਗੀਕਰਨ ਕੀਤਾ । ਫਿਰ ਇਸ ਵਰਗੀਕ੍ਰਿਤ ਗਿਆਨ ਨੂੰ ਭਾਂਡਿਆਂ 'ਚ ਵਾੜਿਆ ਅਤੇ ਭਾਂਡਿਆ ਦੇ ਔਖੇ ਔਖੇ ਨਾਮ ਰੱਖ ਦਿੱਤੇ । ਪੜ੍ਹੇ-ਲਿਖੇ ਲੋਕ ਜੀਵਨ ਨੂੰ ਜਿਉਣ ਦੀ ਥਾਂ ਉਹਦੇ ਅਰਥ ਲੱਭਣ ਵੱਲ ਰੁਚਿਤ ਹੁੰਦੇ ਗਏ । ਗਿਆਨ ਦੀ ਮਹਿਮਾ ਨੂੰ ਜਾਨਣ ਲਈ ਨਾਵਾਂ-ਕੁਨਾਵਾਂ ਦੇ ਚੱਕਰ ਵਿੱਚ ਪੈ ਗਏ ਅਤੇ ਇੱਕ ਦੂਜੇ ਦੇ ਮਗਰ ਲੱਗ ਕੇ ਕਿਸੇ ਨਾ ਕਿਸੇ ਭਾਂਡੇ ਵਿੱਚ ਵੜਦੇ ਗਏ । ਡੰਡੇ ਤੋੜਦੇ ਗਏ, ਪੌੜੀ ਚੜ੍ਹਦੇ ਗਏ । ਧਰਤੀ ਤੋਂ ਦੂਰ ਹੁੰਦੇ ਗਏ । ਨਜ਼ਰ ਦੀ ਹੱਦ ਆਕਾਸ਼ ਬਣ ਗਈ । ਜ਼ਿੰਦਗੀ ਲੈਬਾਟਰੀ ਦੀ ਲਾਸ਼ ਬਣ ਗਈ । ਪੋਸਟ-ਮਾਰਟਮ ਹੀ ਸੱਚ ਦੀ ਤਾਲਾਸ਼ ਬਣ ਗਈ । ਕਰਮ ਤੋਂ ਗਿਆਨ ਵੱਲ ਅਤੇ ਗਿਆਨ ਤੋਂ ਉਪਾਸਨਾ ਵੱਲ ਦੌੜ ਭੱਜ ਹੁੰਦੀ ਰਹੀ । ਇਸ ਮ੍ਰਿਗ ਤ੍ਰਿਸ਼ਨਾ ਵਾਲੇ ਮਾਹੌਲ ਵਿੱਚ ਜ਼ਿੰਦਗੀ ਵਿਚਾਰੀ ਕਿਸੇ ਸ਼ਰਾਬੀ ਦੇ ਝੁੱਗੇ ਵਾਂਗੂੰ ਚੌੜੀ ਹੁੰਦੀ ਰਹੀ ।

ਖ਼ੈਰ, ਇਹ ਤਾਂ ਪ੍ਰਕਿਰਿਆ ਹੈ । ਇਸ 'ਚੋਂ ਤਾਂ ਗੁਜ਼ਰਨਾ ਹੀ ਪਵੇਗਾ । ਗੁਜ਼ਰਨਾ ਹੈ; ਚਿੰਬੜਨਾ ਨਹੀਂ । ਦ੍ਰਿਸ਼ ਹਰ ਦ੍ਰਿਸ਼ ਵਿੱਚ ਹੈ ਪਰ ਦ੍ਰਿਸ਼ਟੀ ਦਾ ਖੇਤਰ ਸੀਮਿਤ ਹੈ । ਇਹ ਸੀਮਿਤ ਖੇਤਰ ਸਥਿਤੀ ਅਨੁਸਾਰ ਬਦਲਦਾ ਅਤੇ ਵਧਦਾ ਘਟਦਾ ਰਹਿੰਦਾ ਹੈ । ਇਸੇ ਵਾਧੇ ਘਾਟੇ ਦੇ ਥਪੇੜਿਆਂ ਨਾਲ ਦ੍ਰਿਸ਼ਟੀ ਦਰਸ਼ਨ ਵਿੱਚ ਤਬਦੀਲ ਹੋ ਜਾਂਦੀ ਹੈ । ਇਸ ਸਥਿਤੀ ਵਿੱਚ ਅੱਖਾਂ ਬੰਦ ਕਰਕੇ ਵੀ ਦ੍ਰਿਸ਼ ਮਾਣਿਆ ਜਾ ਸਕਦਾ ਹੈ ਅਤੇ ਉਸਨੂੰ ਮਹਾਂਦ੍ਰਿਸ਼ ਦੇ ਸੰਦਰਭ ਵਿੱਚ ਪਛਾਣਿਆ ਜਾ ਸਕਦਾ ਹੈ । ਇਹ ਆਤਮ-ਕੇਂਦ੍ਰਿਤ ਅਵਸਥਾ ਅਲਪਕਾਲੀ ਹੁੰਦੀ ਹੈ । ਇਸ ਨੂੰ ਲਮਕਾਉਣ ਨਾਲ ਜ਼ਿੰਦਗੀ 'ਲਮਕਾਅ ਅਵਸਥਾ' ਵਿੱਚ ਪਈ ਰਹਿੰਦੀ ਹੈ ਅਤੇ ਓਦੋਂ ਤੱਕ ਉਸ ਉੱਤੇ ਕਿਸੇ ਕਿਸਮ ਦੀ ਕਾਰਵਾਈ ਕਰਨ ਦੀ ਲੋੜ ਨਹੀਂ ਸਮਝੀ ਜਾਂਦੀ ਜਦੋਂ ਤੱਕ ਕੋਈ ਨਵੀਂ ਚਣੌਤੀ ਖ਼ਤਰਾ ਬਣ ਕੇ ਸਿਰ ਉੱਤੇ ਆ ਨਾ ਲਟਕੇ । ਝਟਕੇ ਨਾਲ ਸੁਪਨਾ ਟੁੱਟ ਜਾਂਦਾ ਹੈ । ਬੰਦਾ ਰੱਸੀ ਵਿੱਚ ਦਿਸਦੇ ਸੱਪ ਦੇ ਭੈਅ ਤੋਂ ਛੁੱਟ ਜਾਂਦਾ ਹੈ । 'ਇਹ ਵੀ ਨਹੀਂ', 'ਇਹ ਵੀ ਨਹੀਂ' ਕਰਦਿਆਂ ਜਦੋਂ ਕੁਝ ਵੀ ਨਹੀਂ ਬਚਦਾ ਤਾਂ ਦ੍ਰਿਸ਼ ਅਤੇ ਦ੍ਰਸ਼ਟਾ ਵਾਲੀ ਦਵੈਤ ਦਾ ਅੰਤ ਹੋ ਜਾਂਦਾ ਹੈ:

ਨਾ ਵਿਸ਼ਲੇਸ਼ਣ ਬਚ ਰਿਹਾ,
ਨਾ ਪ੍ਰਸੰਗ ਨਾ ਚੋਣ ।
ਪਰਮ ਹੰਸ ਦੀ ਦ੍ਰਿਸ਼ਟਿ 'ਚੋਂ,
ਲੁਪਤ ਹੋ ਗਿਆ ਕੋਣ¨

ਅਸੀਂ ਜੋ ਖ਼ੁਦ ਨੂੰ ਇਨਸਾਨ ਸਮਝਦੇ ਹਾਂ; ਬ੍ਰਹਿਮੰਡ ਦੀ ਹਰ ਵਸਤੂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਵੇਖਦੇ ਹਾਂ । ਦਰਜਾਬੰਦੀ ਕਰਦੇ ਹਾਂ । ਨਾਂ ਰੱਖਦੇ ਹਾਂ । ਆਉ ਕਦੇ ਕਦੇ ਖ਼ੁਦ ਨੂੰ ਦੂਸਰਿਆਂ ਦੀ ਥਾਂ 'ਤੇ ਖੜ੍ਹ ਕੇ ਦੇਖਣ ਦਾ ਅਭਿਆਸ ਕਰੀਏ । ਜਾਣੀਏ ਕਿ ਕੁੱਤੇ ਦਾ, ਖੋਤੇ ਦਾ, ਮੁਰਗੇ ਦਾ, ਤਿਤਲੀ ਦਾ.... ਸਾਡੇ ਬਾਰੇ ਕੀ ਦ੍ਰਿਸ਼ਟੀਕੋਣ ਹੈ । ਸਾਡੇ ਤੋਂ ਛੋਟੇ, ਸਾਡੇ 'ਤੇ ਨਿਰਭਰ, ਸਾਡੇ ਤੋਂ ਕਮਜ਼ੋਰ, ਸਾਡੇ ਤੋਂ ਗਰੀਬ, ਸਾਡੇ ਤੋਂ ਜੂਨੀਅਰ.... ਸਾਡੇ ਬਾਰੇ ਕੀ ਨਜ਼ਰੀਆ ਰੱਖਦੇ ਹਨ । ਆਉ ਆਪਣੇ ਆਪਣੇ ਭਾਂਡੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੀਏ ।

...........

ਕਹਿੰਦੇ ਨੇ ਕਿ ਇੱਕ ਦਿਨ ਵੇਦ ਵਿਆਸ ਬਹੁਤ ਹੀ ਬੇਚੈਨੀ ਦੀ ਹਾਲਤ ਵਿੱਚ ਸੀ । ਜ਼ਿੰਦਗੀ ਉਸਨੂੰ ਰਸਹੀਨ ਹੀ ਨਹੀਂ, ਉਦੇਸ਼ਹੀਨ ਵੀ ਲੱਗ ਰਹੀ ਸੀ । ਮਨ ਵਿੱਚ ਟਿਕਾਊ ਨਹੀਂ ਸੀ । ਆਤਮਾ ਵਿੱਚ ਸ਼ਾਂਤੀ ਨਹੀਂ ਸੀ । ਸਰੀਰ ਵਾਧੂ ਭਾਰ ਜਾਪ ਰਿਹਾ ਸੀ । ਵੇਦ, ਉਪਨਿਸ਼ਦ, ਬ੍ਰਹਮ ਸੂਤਰ, ਮਹਾਭਾਰਤ, ਗੀਤਾ ਅਤੇ ਸਤਾਰਾਂ ਪੁਰਾਣਾਂ ਦੀ ਰਚਨਾ ਤੋਂ ਬਾਅਦ ਵੀ ਵੇਦ ਵਿਆਸ ਨੂੰ ਸਭ ਕੁਝ ਖਾਲੀ ਖਾਲੀ ਜਾਪ ਰਿਹਾ ਸੀ । ਇਸ ਤੋਂ ਅੱਗ ਕੀ ਹੈ? ਕਰਮ ਕਾਂਡ, ਗਿਆਨ ਕਾਂਡ, ਉਪਾਸਨਾ ਕਾਂਡ ਦੀ ਸਿਧਾਂਤਕ ਅਤੇ ਵਿਹਾਰਕ ਵਿਆਖਿਆ ਉਹ ਚਰਮ ਸੀਮਾਂ ਤੱਕ ਕਰ ਚੁੱਕਾ ਸੀ । ਉਸ ਦਾ ਸਰੀਰ ਥੱਕ ਚੁੱਕਾ ਸੀ; ਮਨ ਭਰ ਚੁੱਕਾ ਸੀ । ਆਪਣੇ ਹੀ ਗਰੰਥਾਂ ਦੇ ਭਾਰ ਤੋਂ ਉਹ ਧੁਰ ਅੰਦਰਲੀ ਤਹਿ ਤੱਕ ਡਰ ਚੁੱਕਾ ਸੀ । ਉਸਦਾ ਪੜ੍ਹਿਆ ਅਨੇਕਾਂ ਵਾਰ ਵਿਚਾਰ ਚੁੱਕਾ ਸੀ । ਆਪਣੀ ਅਕਲ ਤੋਂ ਹਾਰ ਚੁੱਕਾ ਸੀ । ਉਸ ਕੋਲ ਸ਼ੋਭਾ ਸੀ; ਖਿਆਤੀ ਸੀ; ਸਤਿਕਾਰ ਸੀ । ਸਭ ਕੁਝ ਦਿਨ ਵਾਂਗ ਉੱਜਲ ਸੀ, ਉਜਿਆਰ ਸੀ । ਕਰਮ ਨਿਸ਼ਕਾਮ ਸੀ, ਅਤਹਿਕਰਨ ਸਚਿਆਰ ਸੀ । ਪੂਰੇ ਵਿਸ਼ਵ ਵਿੱਚ ਹੀ ਉਸਦੀ ਨਿਸ਼ਕਲੰਕ ਕੀਰਤੀ ਧੁੰਮ ਰਹੀ ਸੀ । ਕੋਈ ਉਸਦੇ ਕਦਮ ਚੁੰਮ ਰਿਹਾ ਸੀ । ਕੋਈ ਉਸਦੀ ਕਲਮ ਚੁੰਮ ਰਹੀ ਸੀ । ਪਰ... ਉਸਦੀ ਟੇਬਲ ਲੈਂਪ ਦੁਆਲੇ ਲਗਾਤਾਰ ਕੋਈ ਭਰਿੰਡ ਘੁੰਮ ਰਹੀ ਸੀ ।

ਕਹਿੰਦੇ ਨੇ: ਉਸਦੇ ਸਿਰਜੇ ਪਾਤਰ ਵਾਰੀ ਵਾਰੀ ਆਏ – ਵਾਰ ਵਾਰ ਆਏ । ਵੇਦ ਵਿਆਸ ਨੂੰ ਕੋਈ ਕੀ ਸਮਝਾਏ! ਸਨਕ- ਸਨੰਦਨ ਤੋਂ ਲੇ ਕੇ ਜਸ਼ੋਧਾ ਨੰਦਨ ਤੱਕ ਸਮਝਾਉਂਦੇ ਰਹੇ । ਉਸਦੇ ਨੁਸਖੇ ਉਸੇ 'ਤੇ ਅਜ਼ਮਾਉਂਦੇ ਰਹੇ । ਜਮੂਦ ਤੋੜਨ ਲਈ ਜੌਹਰ ਵਿਖਾਉਂਦੇ ਰਹੇ । ਪਰ ਵਿਆਸ ਦੇ ਪਰਿਵੇਸ਼ ਵਿੱਚ ਉਦਾਸੀ ਅਤੇ ਨੈਣਾਂ ਵਿੱਚ ਨਮੀ ਰਹੀ । ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਕਿੱਥੇ ਕੀ ਕਮੀ ਰਹੀ! ਕਹਿੰਦੇ ਨੇ:

ਵਿਆਸ ਬਹੁਤ ਰੋਇਆ ।
ਉਸਦੇ ਅੱਥਰੂਆਂ 'ਚੋਂ ਨਾਰਦ ਪ੍ਰਗਟ ਹੋਇਆ ।
ਹੁਣ ਬੱਸ ਨਾਰਦ ਸੀ; ਨਾਰਦ ਦੀ ਵੀਣਾ ਸੀ ।
ਜਮੂਦ ਦਾ ਵਜੂਦ ਚੀਣਾ ਚੀਣਾ ਸੀ ।
ਜਮਨਾ ਦਾ ਜਲ ਪੂਰੇ ਵਜਦ ਵਿੱਚ ਵਹਿ ਰਿਹਾ ਸੀ ।
ਨਾ ਕੋਈ ਸੁਣ ਰਿਹਾ ਸੀ, ਨਾ ਕੋਈ ਕਹਿ ਰਿਹਾ ਸੀ ।
ਮਿਰਗ ਦਾ ਬੱਚਾ ਚੁੰਗੀਆਂ ਭਰਨਾ ਸਿੱਖ ਰਿਹਾ ਸੀ ।
ਵੇਦ ਵਿਆਸ ਸ਼੍ਰੀਮਦ ਭਾਗਵਤ ਲਿਖ ਰਿਹਾ ਸੀ!
'ਸਤਿ' ਅਤੇ 'ਚਿਤ' ਵਾਲਾ ਮੁੱਕਿਆ ਦਵੰਦ ਸੀ ।
ਰਸ, ਰਾਸ, ਰਸੀਆ- ਆਨੰਦ ਹੀ ਆਨੰਦ ਸੀ ।

ਕਹਿੰਦੇ ਨੇ: ਆਨੰਦ-ਵਿਭੋਰ ਵਿਆਸ ਦਾ ਜੀ ਕੀਤਾ ਕਿ ਉਹ ਆਪਣੀ ਰਚਾਈ ਰਾਸ ਦਾ ਨਰੀਖਣ ਕਰੇ । ਉਹ ਆਪਣੇ ਪੁੱਤਰ ਸ਼ੁਕਦੇਵ ਨੂੰ ਲੈ ਕੇ ਤੁਰ ਪਿਆ । ਆਪਣੀ ਸਾਜੀ ਸਲਤਨਤ ਨੂੰ ਨਿਹਾਰ ਰਿਹਾ ਸੀ । ਆਪਣੇ ਹੀ ਨਜ਼ਰੀਏ ਦੀ ਨਜ਼ਰ ਉਤਾਰ ਰਿਹਾ ਸੀ । ਹਿਰਦੇ ਵਿੱਚ ਆਨੰਦ, ਕਦਮਾਂ ਵਿੱਚ ਵਿਸ਼ਵਾਸ । ਅੱਗੇ ਅੱਗੇ ਸ਼ੁਕਦੇਵ, ਪਿੱਛੇ ਪਿੱਛੇ ਵਿਆਸ । ਜਮਨਾ ਵਿੱਚ ਜਲ-ਕ੍ਰੀੜਾ ਕਰ ਰਹੀਆਂ ਗੋਪੀਆਂ ਨੇ ਵੇਦ ਵਿਆਸ ਦੇ ਆਉਣ ਸਾਰ ਆਪਣੇ ਸਰੀਰ ਢੱਕ ਲਏ ਤਾਂ ਉਸ ਨੇ ਹੈਰਾਨ ਹੋ ਕੇ ਪ੍ਰਸ਼ਨ ਕੀਤਾ ਕਿ ਇਹ ਕੀ ਮਾਜ਼ਰਾ ਹੈ? ਨੌਜਵਾਨ ਸ਼ੁਕਦੇਵ ਦੇ ਲੰਘਣ ਸਮੇਂ ਤਾਂ ਤੁਸੀਂ ਅਠਖੇਲੀਆਂ ਕਰਦੀਆਂ, ਨਿਰ-ਵਿਚਲਿਤ, ਨਿਰ-ਵਸਤਰ ਨਹਾਉਂਦੀਆਂ ਰਹੀਆਂ ਪਰ ਮੇਰੇ ਵਰਗੇ ਬਿਰਧ ਵਿਅਕਤੀ ਦੀਆਂ ਨਿਸਤੇਜ ਅੱਖਾਂ ਦੀ ਅਲਪ-ਦ੍ਰਿਸ਼ਟੀ ਤੋਂ ਪਰਦਾ ਕਰ ਰਹੀਆਂ ਹੋ

... ਉੱਤਰ ਮਿਲਿਆ ਕਿ ਸ਼ੁਕਦੇਵ ਦੀ ਦ੍ਰਿਸ਼ਟੀ ਪਰਮ ਹੰਸਾਂ ਵਾਲੀ ਸੀ । ਉਸਦੀ ਦ੍ਰਿਸ਼ਟੀ ਸਾਡੇ ਉੱਤੇ ਵੀ ਉਵੇਂ ਹੀ ਪੈ ਰਹੀ ਸੀ ਜਿਵੇਂ ਪਾਣੀ ਜਾਂ ਬਿਰਖ਼ਾਂ ਉੱਤੇ । ਪਰ ਤੁਹਾਡਾ ਕੋਣ ਹੰਸ

–ਦ੍ਰਿਸ਼ਟੀ ਵਾਲਾ ਹੈ । ਤੁਹਾਡਾ ਵਿਵੇਕ ਸਾਡੇ ਨੰਗੇਜ ਨੂੰ ਘੂਰਦਾ ਹੈ । ਤੁਹਾਡੀ ਹਸਤੀ ਸਾਡੇ ਲਈ ਪੂਜ ਹੈ । ਪਰ ਤੁਹਾਡੀ ਬਿਰਤੀ ਵਿੱਚ ਦੂਜ ਹੈ । ਤੁਸੀਂ ਮਾਨਣਾ ਨਹੀਂ ਮਾਨਣਾ ਚਾਹੁੰਦੇ ਹੋ । ਜਾਣ ਕੇ, ਬਿਆਨਣਾ ਚਾਹੁੰਦੇ ਹੋ । ਤੁਹਾਡੀ ਦ੍ਰਿਸ਼ਟੀ ਦ੍ਰਿਸ਼ ਤੋਂ ਭਿੰਨ ਹੈ । ਸ਼ੁਕਦੇਵ ਅਨਿੰਨ ਹੈ । ਸ਼ੁਕਦੇਵ ਸਵੀਕਾਰ ਹੈ । ਤੁਹਾਨੂੰ ਦੂਰ ਤੋਂ ਨਮਸਕਾਰ ਹੈ ।

.........

ਉਪਰਲੀ ਮੰਜ਼ਿਲ ਦੀ ਬਾਲਕੋਨੀ ਵਿੱਚ ਖੜ੍ਹਾ ਬੱਚਾ ਹੇਠਾਂ ਵਿਹੜੇ ਵਿੱਚ ਬੈਠੇ ਆਪਣੇ ਪਿਤਾ ਸ਼੍ਰੀ ਨੂੰ ਦੱਸ ਰਿਹਾ ਸੀ ਕਿ ਸਾਹਮਣੇ ਵਾਲੇ ਮਕਾਨ ਵਿੱਚ ਕੋਈ ਨੰਗਾ ਖੜ੍ਹਾ ਹੈ । ਆਦਮੀ ਹੈ ਕਿ ਤੀਵੀਂ? ਦੇ ਜਵਾਬ ਵਿੱਚ ਬੱਚੇ ਦੇ ਸ਼ਬਦ ਸਨ: ਮੈਨੂੰ ਨਹੀਂ ਪਤਾ ਲੱਗਦਾ ਕਿਉਂਕਿ ਉਸਨੇ ਕੱਪੜੇ ਨਹੀਂ ਪਾਏ ਹੋਏ ।

.............

ਜਿਸ ਆਦਮੀ ਕੋਲ ਕੱਲ੍ਹ ਤੱਕ ਟੁੱਟੀ ਹੋਈ ਸਾਈਕਲ ਸੀ, ਅੱਜ ਉਸ ਨੂੰ ਨਵੀਂ ਕਾਰ ਵਿੱਚ ਵੇਖ ਕੇ ਮਿੱਤਰ ਨੇ ਰਾਤੋ ਰਾਤ ਆਏ ਇਨਕਲਾਬ ਦਾ ਕਾਰਨ ਪੁੱਛਣ 'ਤੇ ਉਹਨੇ ਦੱਸਿਆ:

- ਕੱਲ੍ਹ ਇਸ ਕਾਰ ਉੱਤੇ ਇੱਕ ਸੁੰਦਰੀ ਸਵਾਰ ਸੀ । ਮੇਰੇ ਲਾਗੇ ਕਾਰ ਰੋਕੀ ਤੇ ਮੈਨੂੰ ਬਿਠਾ ਲਿਆ । ਦੂਰ ਉਜਾੜ ਵਿੱਚ ਜਾ ਕੇ ਕਾਰ ਪਾਰਕ ਕੀਤੀ । ਕੱਪੜੇ ਉਤਾਰ ਕੇ ਘਾਹ ਉੱਤੇ ਬੈਠ ਗਈ । ਪਿਆਰ ਨਾਲ ਕਹਿਣ ਲੱਗੀ: ਸਭ ਕੁਝ ਹਾਜ਼ਰ ਹੈ । ਜੋ ਮਰਜ਼ੀ ਲੈ ਲੈ । ਮੈਂ ਕਾਰ ਲੈ ਕੇ ਭੱਜ ਆਇਆ ।

- ਚੰਗਾ ਕੀਤਾ । ਤੂੰ ਸਾਲੀ ਦੇ ਕੱਪੜੇ ਕੀ ਕਰਨੇ ਸਨ । ਮਿੱਤਰ ਨੇ ਪਿੱਠ-ਠੋਕਵਾਂ ਹੁੰਗਾਰਾ ਭਰਿਆ ।

............. ਇੱਕ ਆਲੋਚਕ ਨਦੀ ਦੇ ਕੰਢੇ ਖੜ੍ਹਾ ਹੋ ਰਿਹਾ ਸੀ । ਕਿਸੇ ਨੇ ਕਾਰਨ ਪੁੱਛਿਆ ਤਾਂ ਕਹਿੰਦਾ: ਪਿਆਸ ਲੱਗੀ ਹੈ । ਜਦੋਂ ਇਹ ਸੁਝਾਓ ਦਿੱਤਾ ਗਿਆ ਕਿ ਨਦੀ ਭਰੀ ਹੋਈ ਵਗ ਰਹੀ ਹੈ । ਜਿੰਨਾ ਮਰਜ਼ੀ ਪਾਣੀ ਪੀ ਤੇ ਆਪਣੀ ਪਿਆਸ ਬੁਝਾ । ਮੌਜਾਂ ਕਰ । ...ਤਾਂ ਆਲੋਚਕ ਨੇ ਠੰਡਾ ਹਾਉਕਾ ਭਰ ਕੇ ਆਖਿਆ ਕਿ ਇਹੋ ਤਾਂ ਸਮੱਸਿਆ ਹੈ । ਸਵੇਰ ਦਾ ਖੜ੍ਹਾਂ ਹਾਂ । ਸ਼ਾਮ ਪੈਣ ਲੱਗੀ ਹੈ । ਮੈਨੂੰ ਸਮਝ ਨਹੀਂ ਆ ਰਹੀ ਕਿ ਆਖ਼ਰ ਏਨਾ ਸਾਰਾ ਪਾਣੀ ਪੀਵਾਂ ਤਾਂ ਕਿਵੇਂ ਪੀਵਾਂ?

..........

ਮੇਰਾ ਪੋਤਾ ਹੈ ਆਯੁਸ਼ । ਅੱਪੂ । ਇੱਕ ਦਿਨ ਗਲ ਨਾਲ ਚਿੰਬੜ ਕੇ, ਛਾਤੀ ਉੱਤੇ ਲੇਟ ਕੇ ਕਹਿੰਦਾ: ਦਾਦਾ ਜੀ! ਮੈਨੇ ਆਪ ਕੋ ਕਭੀ ਜਵਾਨ ਨਹੀਂ ਦੇਖਾ । ਇਸ ਅਕਸਮਾਤ ਰਹੱਸ- ਉਦਘਾਟਨ ਨਾਲ ਮੈਨੂੰ ਠਠੰਬਰ ਗਿਆ ਦੇਖ ਕੇ ਪਿਆਰ ਨਾਲ ਬੋਲਿਆ: ਲੇਕਿਨ ਦਾਦਾ ਜੀ ਆਪ ਸਿਰਫ਼ ਦਾੜ੍ਹੀ ਸੇ ਹੀ ਬੂੜ੍ਹੇ ਹੈਂ; ਸਿਰ ਸੇ ਤੋਂ ਜਵਾਨ ਹੈਂ ।

ਅਗਲੇ ਦਿਨ ਉਹ ਟੀ.ਵੀ. ਉੱਤੇ ਨੈਸ਼ਨਲ ਜੌਗਰਾਫ਼ੀਕਲ ਚੈਨਲ ਉੱਤੇ ਮੇਰੇ ਨਾਲ ਬੈਠਾ ਫਿਲਮ ਦੇਖ ਰਿਹਾ ਸੀ ' ਦ ਸਿੰਗਿੰਗ ਡਾਗ' । ਇੱਕ ਕੁੱਤੇ ਨੂੰ ਸ਼ਿੰਗਾਰਿਆ ਹੋਇਆ ਸੀ । ਨੁਹਾ ਧੁਆ ਕੇ ਉਹਨੂੰ ਸਟੇਜ ਉੱਤੇ ਕੁਰਸੀਅ 'ਤੇ ਬਿਠਾਇਆ ਗਿਆ ਸੀ । ਇੱਕ ਵਿਅਕਤੀ ਉਹਦੀ ਜਾਣ ਪਛਾਣ ਕਰਵਾ ਰਿਹਾ ਸੀ । ਉਹਦੀ ਪ੍ਰਸੰਸਾ ਕਰਕੇ ਜ਼ੋਰਦਾਰ ਤਾੜੀਆਂ ਦੀ ਮੰਗ ਕਰ ਰਿਹਾ ਸੀ । ਦਰਸ਼ਕ/ਸਰੋਤੇ ਤਾੜੀਆਂ ਮਾਰ ਰਹੇ ਸਨ । ਕੁੱਤਾ ਮਾਇਕ ਸਾਹਮਣੇ ਮੂੰਹ ਕਰਕੇ 'ਗਾ' ਰਿਹਾ ਸੀ ।

ਤਾੜੀਆਂ ਵੱਜ ਰਹੀਆਂ ਸਨ । ਲੋਕ ਕੁੱਤੇ ਨੂੰ ਹਾਰ ਪਾ ਰਹੇ ਸਨ । ...ਅੱਪੂ ਇਸ ਸਾਰੇ ਦ੍ਰਿਸ਼ ਨੂੰ ਬਿਨਾਂ ਅੱਖ ਝਪਕੇ, ਸਾਹ ਰੋਕ ਕੇ ਵੇਖ ਰਿਹਾ ਸੀ । ਅਚਾਨਕ ਉਸਨੇ ਜਗਿਆਸਾ ਜ਼ਾਹਿਰ ਕੀਤੀ: ਦਾਦਾ ਜੀ, ਇਸ ਡਾਗੀ ਕੀ ਰਿਟਾਇਰਮੈਂਟ ਹੋ ਰਹੀ ਹੈ? ਅਜੇ ਦੋ ਦਿਨ ਪਹਿਲਾਂ ਉਹ ਮੇਰੀ ਰਿਟਾਇਰਮੈਂਟ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ ।

..........

'ਸੰਖ' ਦੁਆਰਾ ਨਿਰਧਾਰਿਤ ਥੀਮ ਮੈਨੂੰ ਕਈ ਹਫ਼ਤਿਆਂ ਤੋਂ ਤੰਗ ਕਰ ਰਿਹਾ ਸੀ । ਪਹਿਲਾਂ ਕਿਤਾਬਾਂ ਫਰੋਲੀਆਂ । ਫਿਰ ਉੱਚੇ ਚੜ੍ਹਕੇ ਵੇਖਿਆ । ਪਰ... ਜਦੋਂ ਬਹੁਤ ਡੂੰਘਾ ਉਤਰਿਆ ਤਾਂ ਪਤਾ ਲੱਗਾ ਕਿ ਨਜ਼ਰੀਆਂ ਅਥਵਾ ਦ੍ਰਿਸ਼ਟੀਕੋਣ ਦੂਸਰਿਆਂ ਦਾ ਹੁੰਦਾ ਹੈ ਸਾਡੇ ਬਾਰੇ, ਤੇ ਉਹ ਵੀ ਉਦੋਂ ਤੱਕ ਜਦੋਂ ਤੱਕ ਦੂਈ ਹੁੰਦੀ ਹੈ, ਦਵੈਤ ਹੁੰਦੀ ਹੈ, ਦਵੰਦ ਹੁੰਦਾ ਹੈ । ਜਦੋਂ ਇਹ ਤੱਥ ਅਨੁਭਵ ਵਿੱਚ ਆ ਜਾਏ ਤਾਂ ਆਨੰਦ ਹੀ ਆਨੰਦ ਹੁੰਦਾ ਹੈ¨ ਸ਼ਾਂਤੀ¨

15. ਉਮਰ ਬਨਾਮ ਸਾਹਿੱਤ

ਅਮਿਤੋਜ ਮਜ਼ਾਕ ਨਾਲ ਕਹਿੰਦਾ ਹੁੰਦਾ ਸੀ ਕਿ ਮੈਂ ਫ਼ਰੀਦ ਨਾਲੋਂ ਫ਼ਾਇਦੇ 'ਚ ਹਾਂ ਕਿਉਂਕਿ ਮੈਂ ਫ਼ਰੀਦ ਨੂੰ ਪੜ੍ਹਿਆ ਹੈ, ਫ਼ਰੀਦ ਨੇ ਮੈਨੂੰ ਨਹੀਂ ਸੀ ਪੜ੍ਹਿਆ । ਵਿਹਾਰਕ ਜੀਵਨ ਵਿੱਚ ਅੱਗੋਂ ਪਿੱਛੋਂ ਜੰਮਣ ਦਾ ਬੜਾ ਮਹੱਤਵ ਹੈ, ਸੀਨੀਅਰ- ਜੂਨੀਅਰ ਦਾ ਰੌਲਾ ਦਫ਼ਤਰਾਂ ਵਿੱਚ ਹੀ ਨਹੀਂ, ਸਾਹਿਤ ਵਿੱਚ ਵੀ ਹੈ । ਇਤਿਹਾਸ ਦੇ ਅਹਾਤੇ ਵਿੱਚ ਪੀੜ੍ਹੀਆਂ ਨੂੰ ਨੰਬਰਵਾਰ ਡਾਹਿਆ ਜਾਂਦਾ ਹੈ । ਲੇਖਕਾਂ ਨੂੰ ਨੰਬਰਵਾਰ ਬਿਠਾਇਆ ਜਾਂਦਾ ਹੈ । ਉਮਰ ਦੇ ਲਿਹਾਜ਼ ਨਾਲ ।

ਉਮਰ ਵਕਤ ਦੇ ਘੇਰੇ ਵਿੱਚ ਆਉਂਦੀ ਹੈ, ਜਿਸ ਦਾ ਆਦਿ ਹੁੰਦਾ ਹੈ, ਮੱਧ ਹੁੰਦਾ ਹੈ ਅਤੇ ਅੰਤ ਵੀ ਹੁੰਦਾ ਹੈ । ਕੋਈ ਕਿੰਨੀ ਲਿਖਾ ਕੇ ਆਉਂਦਾ ਹੈ; ਇਹ ਲਿਖਣ ਵਾਲਾ ਹੀ ਜਾਣਦਾ ਹੈ । ਉਮਰ ਦੇ ਦੌਰਾਨ ਕੋਈ ਕੀ ਲਿਖਦਾ ਹੈ; ਇਹ ਸਾਰੇ ਜਾਣਦੇ ਹਨ । ਉਮਰ ਦਾ ਨਾਂ ਦੇ ਕੇ ਅਸੀਂ ਆਪਣੀ ਸਹੂਲਤ ਲਈ ਜ਼ਿੰਦਗੀ ਦਾ ਸੰਕਲਪ ਚਿਤਵਦੇ ਹਾਂ । ਮੌਤ ਵੱਲ ਵਧਦੇ ਕਦਮਾਂ ਨੂੰ ਅਮਰ-ਪਦ ਵੱਲ ਯਾਤਰਾ ਦਾ ਦਸਤਾਵੇਜ਼ ਸਾਬਿਤ ਕਰਨ ਲਈ ਹਰ ਵਕਤ ਮਨਸੂਬੇ ਘੜਦੇ ਰਹਿੰਦੇ ਹਾਂ । ਅੱਖਰਾਂ ਦੇ ਆਕਾਸ਼ 'ਤੇ ਉੱਡਦੇ ਰਹਿੰਦੇ ਹਾਂ, ਕਲਪਨਾ ਦੇ ਕਿੱਲਿਆਂ ਸੰਗ ਅੜਦੇ ਰਹਿੰਦੇ ਹਾਂ । ਆਪਣੇ ਹੀ ਸਿਰਜੇ ਝੂਠ-ਮੂਠ ਪੁਤਲਿਆਂ ਨਾਲ ਸੱਚਮੁੱਚ ਲੜਦੇ ਰਹਿੰਦੇ ਹਾਂ । ਸੌਂਦੇ ਜਾਗਦੇ; ਉੱਠਦੇ ਬਹਿੰਦੇ । ਬਿਨਾਂ ਖੰਘ ਤੋਂ ਖੰਘਦੇ; ਬਿਨਾਂ ਕੰਧ ਤੋਂ ਖਹਿੰਦੇ । ਦੂਜੇ ਦੇ ਬਾਜ ਨੂੰ ਕੁੱਕੜ ਅਤੇ ਆਪਣੇ ਕੁੱਕੜ ਨੂੰ ਬਾਜ ਕਹਿੰਦੇ । ...ਪਰ ਤਿੜਕੇ ਘੜਿਆਂ 'ਚੋਂ ਲਗਾਤਾਰ ਪਾਣੀ ਰਿਸਦਾ । ਘੱਟ ਵੱਧ ਹੀ ਦਿਸਦਾ! ਜ਼ਿੰਦਗੀ ਅੰਮ੍ਰਿਤ । ਉਮਰ ਮਹਿਜ਼ ਪਾਤਰ । ਨੇਰ੍ਹੇ ਘਰ ਵਿਚ ਧੁੱਪ ਦੀ ਕਾਤਰ । ਲੇਖੇ ਲੱਗੇ ਸਾਹ, ਜ਼ਿੰਦਗੀ ਦੀ ਦਾਤ । ਉਮਰ ਵਿਚਾਰੀ ਤਾਂ ਵਿਲੰਬਤ ਆਤਮਘਾਤ । ਜਨਮ ਤੋਂ ਪਿੱਛੋਂ, ਮਰਨ ਤੋਂ ਬਾਅਦ । ਮੁਰਦਾਬਾਦ; ਜਿੰਦਾਬਾਦ!

ਆਮ ਲੋਕਾਂ ਨੂੰ ਆਪਣੇ ਜਨਮ ਦਿਨ ਮਨਾਉਣੇ ਚੰਗੇ ਲੱਗਦੇ ਹਨ ਅਤੇ ਖ਼ਾਸ ਲੋਕਾਂ ਦੇ ਉਹ ਮਰਨ ਦਿਨ ਮਨਾਉਂਦੇ ਹਨ । ਜੰਮਣ ਵੇਲੇ ਮੁਬਾਰਕਾਂ ਰਾਹ ਜਾਂਦੇ ਵੀ ਦੇਂਦੇ ਹਨ ਪਰ ਮਰਨ ਪਿੱਛੋਂ ਕਿਸੇ ਵਿਰਲੇ ਦਾ ਨਾਮ ਹੀ ਮੁਬਾਰਕ ਹੁੰਦਾ ਹੈ । ਲੇਖਕ ਦੀ ਉਮਰ ਤਾਂ ਅਸਲ ਵਿੱਚ ਸਰੀਰ ਛੱਡਣ ਤੋਂ ਪਿੱਛੋਂ ਹੀ ਸ਼ੁਰੂ ਹੁੰਦੀ ਹੈ ।

ਕਹਿੰਦੇ ਨੇ ਔਰਤ ਨੂੰ ਉਸਦੀ ਉਮਰ ਅਤੇ ਆਦਮੀ ਨੂੰ ਉਸਦੀ ਤਨਖ਼ਾਹ ਨਹੀਂ ਪੁੱਛਣੀ ਚਾਹੀਦੀ । ਦੱਸਣ ਲੱਗਿਆਂ ਵੇਲਾ- ਮਹੂਰਤ ਵੇਖਣਾ ਪੈਂਦਾ ਹੈ । ਇੱਕ ਵਾਰ ਮੈਂ ਆਪਣੀ ਨਾਨੀ ਨੂੰ ਉਹਦੀ ਉਮਰ ਪੁੱਛੀ ਤਾਂ ਉਹ ਕਿੰਨੀ ਦੇਰ ਪੋਟੇ ਭੰਨਣ ਪਿੱਛੋਂ ਸੋਚ ਸੋਚ ਕੇ ਕਹਿੰਦੀ: ਮੇਰੀ ਉਮਰ... ਮੇਰੀ ਉਮਰ ਪੁੱਤ... ਚਾਲੀਆਂ ਤੋਂ ਉੱਤੇ ਉੱਤੇ ਈ ਹੋਣੀ ਐ । ਉਦੋਂ ਚਾਲੀਆਂ ਦੇ ਲਾਗੇ ਚਾਗੇ ਤਾਂ ਮੈਂ ਵੀ ਹੋਵਾਂਗਾ । ਦੇਹ ਦੀ ਉਮਰ ਦਾ ਹਿਸਾਬ ਰੱਖਿਆ ਜਾ ਸਕਦਾ ਹੈ । ਚੀਜ਼ਾਂ ਵਸਤਾਂ ਦੀ ਉਮਰ ਦਾ ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ । ਪਰ ਸਾਹਿਤ ਦੀ ਉਮਰ ਬਾਰੇ ਕੁਝ ਕਹਿਣਾ ਖ਼ਤਰਨਾਕ ਹੋ ਸਕਦਾ ਹੈ । ਕਵੀਆਂ ਨੂੰ ਆਪਣੀ ਨਾਸ਼ਮਾਨਤਾ ਅਤੇ ਆਪਣੀ ਰਚਨਾ ਦੀ ਅਮਰਤਾ ਦਾ ਜ਼ਿਕਰ ਕਰਨਾ ਚੰਗਾ ਲੰਗਦਾ ਹੈ:

ਮੈਂ ਤਾਂ ਨਹੀਂ ਰਹਾਂਗਾ,
ਮੇਰੇ ਗੀਤ ਰਹਿਣਗੇ-
ਪਾਣੀ ਨੇ ਮੇਰੇ ਗੀਤ,
ਮੈਂ ਪਾਣੀ 'ਤੇ ਲੀਕ ਹਾਂ ।
(ਪਾਤਰ)

ਉਮਰਾਂ ਦੇ ਸਰਵਰ,
ਸਾਹਾਂ ਦੇ ਪਾਣੀ,
ਗੀਤਾ ਵੇ! ਚੁੰਝ ਭਰੀਂ ।
(ਸ਼ਿਵ)

ਇਹ ਨਜ਼ਮਾਂ ਮੇਰੀਆਂ
ਕਿ ਜਾਪਦਾ ਮੈਨੂੰ
ਸਮੇਂ ਦੀ ਮੁੱਠੀ 'ਚੋਂ ਰੇਤ ਜਿਵੇਂ
ਕਿਰ ਨਹੀਂ ਜਾਵਾਂਗਾ ਮੈਂ
ਸ਼ਿਲਾਲੇਖ ਜਿਹਾ ਕਿਤੇ
ਬਚਿਆ ਰਹਾਂਗਾ ।
(ਅੰਬਰੀਸ਼)

ਕਵਿਤਾ ਮੈਨੂੰ ਸਿਰਜਦੀ ਏ
ਜਦੋਂ ਮੈਂ ਸਿਰਜ ਰਿਹਾ ਹੁੰਨਾ ਕਵਿਤਾ
(ਮਨਮੋਹਨ)

ਆਪਣੀਆਂ ਕਵਿਤਾਵਾਂ ਦੀ ਕਿਤਾਬ
ਵਰਕੇ ਲੈਂਦੇ ਸਾਹ
ਅੱਖਰ ਧੜਕਦੇ
ਇਹਨਾਂ ਵਿੱਚ ਜਾਨ ਹੈ
ਤੂੰ ਹੈਂ ।
(ਦੀਦ)

ਮੀਤ ਬਿਨਾਂ ਜਿੰਦ ਜੀਣਾ ਸਿੱਖਿਆ
ਗੀਤ ਬਿਨਾਂ ਨਾ ਜੀਵੇ ।
ਗੀਤ ਗਵਾ ਕੇ ਜੇ ਜਿੰਦ ਜੀਵੇ,
ਘੋਲ ਹਲਾ-ਹਲ ਪੀਵੇ ।
(ਹਰਿਭਜਨ ਸਿੰਘ)

ਮੈਂ ਜੋ ਕੁੱਝ ਵੀ ਹਾਂ
ਸ਼ਾਇਰ ਜਾਂ ਸਿਕਲੀਗਰ
ਮੇਰਾ ਨਾਂ ਕਈਆਂ ਰਹਿਤਲਾਂ ਦੀ ਜਮ੍ਹਾਂ ਤੇ ਜਲਾਵਤਨੀ
ਮੇਰੇ ਨਾਂ 'ਚ ਉਦਾਸੀ ਦੀਆਂ
ਸਲੇਟੀ ਤਰਜ਼ਾਂ ਨੇ
ਰਚਨਾ ਲਹੂ ਦੇ ਚਵੱਚਿਆਂ 'ਚੋਂ
ਲੰਘ ਕੇ ਆਉਂਦੀ ਹੈ
ਮੈਂ ਜੋ ਕੁਝ ਵੀ ਹਾਂ
ਰਚਨਾ ਰਹਿਤਲਾਂ ਤੇ ਉਮੀਦ ਦੇ ਵਿਚਕਾਰ
ਇੱਕ ਪੁਲ ਤੋਂ ਸਿਵਾ ਕੁਝ ਵੀ ਨਹੀਂ ।
(ਦੇਵ)

ਏਸ ਉਮਰ ਦੀਆਂ ਗੱਲਾਂ ਹਾਲੇ
ਹੋਈਆਂ ਨਾ ਯਕੀਨੀ-
ਹੋਰ ਉਮਰ ਦਾ ਲਾਰਾ ਕਿੱਦਾਂ
ਇਸ ਜਿੰਦ ਨੂੰ ਪਰਚਾਵੇ ।
ਪੀੜ-ਪਰੁੱਚੇ ਰਾਹਾਂ ਤਾਈਾ
ਕੀ ਕੋਈ ਦਿਲ ਦੀਆਂ ਆਖੇ-
ਆਪ-ਮੁਹਾਰੇ ਗੀਤਾਂ ਕੋਲੋਂ,
ਕੀ ਕੋਈ ਦਰਦ ਲੁਕਾਵੇ ।
(ਸੁਰਜੀਤ ਬੈਂਸ)

ਹਜ਼ੂਰ ਇਹ ਕਵਿਤਾ ਨਹੀਂ
ਦੁੱਖਾਂ ਦੇ ਪਹਾੜ ਤੋਂ ਬਰਫ਼ ਪਿਘਲੀ ਹੈ ।
ਇਹ ਕਵਿਤਾ ਨਹੀਂ
ਸਬਰ ਦੇ ਸਮੁੰਦਰ ਦਾ ਜਵਾਰਭਾਟਾ ਹੈ ।
ਹਜ਼ੂਰ! ਇਹ ਕਵਿਤਾ ਨਹੀਂ
ਇਹ ਮੇਰੀ ਸਾਰੀ ਦੀ ਸਾਰੀ
ਪੈਂਤੀ ਅੱਖਰੀ ਹੈ ।

(ਗੁਰਮੇਲ ਸਰਾ)

ਇਹਨਾਂ ਸਮਿਆਂ 'ਚ
ਕੇ ਕੋਈ ਖ਼ੂਬਸੂਰਤ ਪਲ ਨਾ ਵੀ ਬਣ ਸਕੀਆਂ
ਤਾਂ ਤੁਹਾਡੇ ਤੇ ਮੇਰੇ ਵਿਚਕਾਰ
ਪੁਲ ਤਾਂ ਜ਼ਰੂਰ ਬਣਨਗੀਆਂ-ਮੇਰੀਆਂ ਲਜ਼ਮਾਂ ।
(ਭੁਪਿੰਦਰਪ੍ਰੀਤ)

ਲਹਿਰ ਦਰ ਲਹਿਰ
ਮੇਰੇ ਨਾਲ ਵਹਿ ਰਹੀ ਕਵਿਤਾ
ਲੋਕ ਵੇਖ ਰਹੇ ਉਸਨੂੰ
ਮੇਰੇ ਅੰਗ ਸੰਗ ਵਿਚਰਦਿਆਂ
(ਗੁਰਿੰਦਰ ਕਲਸੀ)

ਯਾ ਮੇਰੇ ਮਾਲਕ!
ਅੱਜ ਕੋਈ ਐਸੀ ਨਜ਼ਮ
ਕੋਈ ਐਸਾ ਗੀਤ ਕਰਾਂ!
ਬਚੀ ਖੁਚੀ ਇਸ ਉਮਰ ਦੇ ਵਰਕੇ
ਸਹੀ ਕਰਾਂ ਜਾਂ ਲੀਕ ਕਰਾਂ ।
ਵੇਖੀ ਜਾਊ ਆਪੇ ਮਰਕੇ
ਗ਼ਲਤ ਕਰਾਂ ਜਾਂ ਠੀਕ ਕਰਾਂ
(ਅਮਿਤੋਜ)

ਕਵਿਤਾ ਦੀਆਂ ਇਹ ਕੁਝ ਕਾਤਰਾਂ ਇਕੱਤਰ ਕਰਨ ਵਿੱਚ ਮੈਨੂੰ ਬਹੁਤੀ ਖੇਚਲ ਨਹੀਂ ਕਰਨੀ ਪਈ । ਥੋੜੀ ਜਿਹੀ ਖੇਚਲ ਹੋਰ ਕਰਦਾ ਤਾਂ ਸ਼ਾਇਦ ਬਾਕੀ ਕਵੀਆਂ ਦਾ ਜ਼ਿਕਰ ਵੀ ਹੋ ਜਾਂਦਾ । ਇਹ ਤਾਂ ਬੋਹਲ 'ਚੋਂ ਇੱਕ ਮੁੱਠੀ ਭਰੀ ਹੈ ਅਤੇ ਜ਼ਾਹਿਰ ਹੈ ਕਿ ਮੁੱਠੀ ਭਰੀ-ਭਕੁੰਨੀ ਲੱਗਦੀ ਹੈ । ਰੱਜੀ ਪੁੱਜੀ ।

ਕਵੀ ਮਿੱਤਰ ਆਪਣੇ ਸਾਹਾਂ ਨੂੰ ਕਵਿਤਾ ਰਾਹੀਂ ਬੀਜਦੇ ਜਾਪਦੇ ਹਨ । ਆਪਣੀ ਉਮਰ ਨੂੰ ਕਵਿਤਾ ਦੇ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਸੋਚਦੇ ਹਨ ਕਿ ਇਹ ਸਾਡੇ ਮਰਨ ਪਿੱਛੋਂ ਦਿਨ ਦੂਣੀ ਤੇ ਰਾਤ ਚੌਗੁਣੀ ਤਰੱਕੀ ਕਰੇਗੀ ।

ਇਕੱਲੇ ਕਵੀ ਹੀ ਨਹੀਂ, ਬਾਕੀ ਸਾਰੇ ਲੇਖਕ ਵੀ ਆਪਣੀ ਕਬਰ ਉੱਤੇ ਦੀਵਾ ਜਗਣ ਦਾ ਭਰਮ ਪਾਲਦੇ ਹਨ । ਚਿੱਤ੍ਰਕਾਰ ਅਤੇ ਹੋਰ ਹੁਨਰਾਂ ਵਾਲਿਆਂ ਦੀ ਵੀ ਮਰਦੇ ਦਮ ਤੱਕ ਅਮਰ ਹੋ ਜਾਣ ਦੀ ਕੋਸ਼ਿਸ਼ ਹੁੰਦੀ ਹੈ । ਪਿਤਰ-ਰਿਣ ਚੁਕਾਉਣਾ ਅਰਥਾਤ ਸੰਤਾਨ ਪੈਦਾ ਕਰਨਾ ਵੀ ਆਪਣੀ ਉਮਰ ਨੂੰ ਤੋਰੀ ਰੱਖਣ ਦਾ ਤਰਲਾ ਹੈ ।

ਪਿੱਛੇ ਜਿਹੇ ਮੈਂ ਪ੍ਰੇਮ ਪ੍ਰਕਾਸ਼ ਨਾਲ ਆਪਣੀ ਰੇਖਾ- ਚਿੱਤਰਾਂ ਦੀ ਕਿਤਾਬ ਛਪਵਾਉਣ ਦਾ ਜ਼ਿਕਰ ਕੀਤਾ ਤਾਂ ਉਹਨੇ ਸ਼ਾਮਿਲ ਲੇਖਕਾਂ ਦੇ ਨਾਂ ਜਾਨਣ ਪਿੱਛੋਂ ਭਵਿੱਖਬਾਣੀ ਕੀਤੀ ਕਿ ਇਹਨਾਂ 'ਚੋਂ ਜਿਹੜੇ ਮਰ ਗਏ, ਉਹਨਾਂ ਨੂੰ ਅੱਜ ਲੋਕ ਭੁੱਲ ਗਏ । ਜਿਹੜੇ ਹਾਲੇ ਜੀਂਦੇ ਨੇ, ਉਹਨਾਂ ਨੂੰ ਲੋਕਾਂ ਭੁੱਲ ਜਾਣਾ ਹੈ । ਇਹਨਾਂ ਬਾਰੇ ਲਿਖੀਆਂ ਗੱਲਾਂ 'ਚ ਕਿਸੇ ਨੂੰ ਕੀ ਦਿਲਚਸਪੀ ਹੋ ਸਕਦੀ ਹੈ! ਗੱਲ ਪ੍ਰੇਮ ਦੀ ਬਿਲਕੁਲ ਸਹੀ ਹੈ । ਪਰ ਮੇਰੀ ਅਰਜ਼ ਏਨੀ ਹੈ ਕਿ ਸਾਡੇ ਸਿਰਾਂ 'ਤੇ ਸਮੇਂ ਦਾ ਕੋਈ ਰਿਣ ਹੈ । ਕੁਝ ਅਜਿਹੇ ਭਾਣੇ ਹਨ ਜਿਹੜੇ ਸਿਰਫ਼ ਸਾਡੇ ਨਾਲ ਹੀ ਵਾਪਰੇ ਹਨ । ਕੁਝ ਵਾਕਿਆਤ ਅਜਿਹੇ ਹਨ ਜਿਹਨਾਂ ਦੇ ਅਸੀਂ ਇਕਲੌਤੇ ਗਵਾਹ ਹਾਂ । ਉਮਰਾਂ ਖ਼ਤਮ ਹੁੰਦੀਆਂ ਹਨ, ਜੀਵਨ ਜਾਰੀ ਰਹਿੰਦਾ ਹੈ । ਸ਼ਾਇਦ ਏਸੇ ਲਈ ਕਲਮਾਂ ਵਾਲਿਆਂ 'ਤੇ ਭਰਮ ਦਾ ਆਲਮ ਤਾਰੀ ਰਹਿੰਦਾ ਹੈ । ਦਿਮਾਗ਼ ਨਾਲੋਂ ਦਿਲ ਵਾਲਾ ਪਲੜਾ ਭਾਰੀ ਰਹਿੰਦਾ ਹੈ ।

ਜੋ ਜੰਮਿਆ ਉਹ ਤਾਂ ਮਰੇਗਾ ਪਰ ਜੋ ਸਿਰਜਿਆ ਗਿਆ ਉਹ ਤਾਂ ਮਹਿਜ਼ ਪਰਗਟ ਹੋਇਆ ਹੈ । ਪੌਰਾਣਾਂ ਦੇ ਪਾਤਰ ਕਦੇ ਨਹੀਂ ਮਰਦੇ: ਰਾਮ ਨਾ ਰਾਵਣ । ਕ੍ਰਿਸ਼ਨ ਨਾ ਕੰਸ । ਪਵਿੱਤਰ ਪਾਪੀ ਵਾਲਾ ਕੇਦਾਰ ਅਤੇ ਮੜ੍ਹੀ ਦੇ ਦੀਵੇ ਵਿਚਲਾ ਜਗਸੀਰ ਉਮਰ ਦੇ ਗੇੜ 'ਚ ਨਹੀਂ ਆ ਸਕਦਾ; ਅਵਾਰਾ ਮਸੀਹੇ ਦੇ ਦੇਵਦਾਸ ਵਾਂਗ । ਉਮਰ ਨਾਲ ਕਦੇ ਕੋਈ ਰੱਜਿਆ ਨਹੀਂ । ਉਰਦੂ ਵਾਲਿਆਂ ਨੂੰ ਸਿਕਵਾ ਹੀ ਰਿਹਾ ਹੈ:

ਇੱਕ ਫ਼ੁਰਸਤ-ਏ-ਗ਼ੁਨਾਹ ਮਿਲੀ-
ਵਹੁ ਭੀ ਚਾਰ ਦਿਨ,
ਦੇਖੇ ਹੈਂ ਹਮ ਨੇ ਹੌਸਲੇ,
ਪਰਵਰਦਿਗ਼ਾਰ ਕੇ¨
ਉਮਰੇ ਦਰਾਜ਼ ਮਾਂਗ ਕਰ-
ਲਾਏ ਥੇ ਚਾਰ ਦਿਨ,
ਦੋ ਆਰਜੂ ਮੈਂ ਕਟ ਗਏ-
ਦੋ ਇੰਤਜ਼ਾਰ ਮੈਂ¨

16. ਥੀਮ ਦੀ ਮਰਿਯਾਦਾ

ਸੋਚਿਆ ਸੀ ਐਤਕੀਂ ਕੋਈ ਔਖੀ ਗੱਲ ਨਹੀਂ ਕਰਨੀ । ਕਰੀਦੀ ਤਾਂ ਪਹਿਲਾਂ ਵੀ ਨਹੀਂ ਪਰ ਸੁਣਿਆ ਹੈ ਕਿ ਹੋ ਜਾਂਦੀ ਹੈ । ਇਹ ਗੱਲ ਵੱਖਰੀ ਹੈ ਕਿ ਵੱਖਰੀ ਗੱਲ ਹੀ ਪਛਾਣੀ ਜਾਂਦੀ ਹੈ । ਆਪਣੀ ਪਛਾਣ ਤੋਂ ਵੀ ਹਰ ਵਸਤ ਜਾਣੀ ਜਾਂਦੀ ਹੈ ।

ਕੋਈ ਨਾਮ ਕਰਕੇ ਵੱਖ ਹੈ
ਕੋਈ ਰੂਪ ਕਰਕੇ ਵੱਖ ਹੈ
ਅਨਾਮ ਤੇ ਅਰੂਪ ਨੂੰ ਵੇਖਣ ਵਾਲੀ,
ਸੁਣਿਆ ਹੈ ਕਿ, ਕੋਈ ਤੀਸਰੀ ਅੱਖ ਹੈ
ਤੀਸਰੀ ਤਾਂ ਸਾਕਸ਼ੀ ਹੈ, ਕੇਵਲ ਆਨੰਦ ਹੈ ।
ਦੋ ਦਾ ਨਾਮ ਹੀ ਦਵੈਤ ਹੈ, ਦਵੰਦ ਹੈ ।
ਹਰ ਕਿਸੇ ਦੀ ਵੱਖਰੀ ਹੀ ਚੋਣ ਹੈ, ਪਸੰਦ ਹੈ ।
ਇਹ ਜੋ ਬ੍ਰਹਿਮੰਡ ਹੈ
ਸਾਰਾ ਖੰਡ-ਖੰਡ ਹੈ
ਕਿਤੇ ਵਰਣ-ਵੰਡ ਹੈ
ਕਿਤੇ ਵਰਗ ਵੰਡ ਹੈ

ਪਰ ਵੰਡ ਤਾਂ ਆਖਰ ਵੰਡ ਹੁੰਦੀ ਹੈ ਕਾਣੀ ਹੋਵੇ । ਅੰਨ੍ਹੀ ਹੋਵੇ, ਭਾਵੇਂ ਹੋਏ ਸੁਜਾਖੀ । ਸਤਿਗੁਰੂ ਸਾਖੀ¨ ਮੈਂ ਜੋ ਵੀ ਕਹਾਂਗਾ, ਤੁਸੀਂ ਜੋ ਵੀ ਸੁਣੋਗੇ, ਕੋਈ ਜੋ ਵੀ ਸਮਝੇਗਾ ਸਿਰਫ਼ ਵਿਤਕਰਾ ਹੋਵੇਗਾ । ਅਸੀਂ ਜੋ ਵੀ ਬੋਲਦੇ ਹਾਂ, ਜੋ ਵੀ ਸੁਣਦੇ ਹਾਂ, ਜੋ ਵੀ ਸਮਝਦੇ ਹਾਂ ਸਾਡੀ ਸਮਝ 'ਤੇ ਨਿਰਭਰ ਹੈ । ਸਾਡੀ ਸਮਰੱਥਾ 'ਤੇ ਨਿਰਭਰ ਹੈ । ਸਾਡੀ ਭਾਸ਼ਾ 'ਤੇ ਨਿਰਭਰ ਹੈ । ਸਾਡੀ ਭਾਸ਼ਾ ਅੱਗੋਂ ਸ਼ਕਤੀ 'ਤੇ ਨਿਰਭਰ ਹੈ । ਸ਼ਬਦ-ਸ਼ਕਤੀ ਅਭਿਧਾ ਹੈ, ਲਕਸ਼ਣਾ ਹੈ, ਵਿਅੰਜਨਾ ਹੈ । ਏਹੋ ਤਾਂ ਵਿਡੰਬਨਾ ਹੈ ।

ਵਿਤਕਰਾ ਤ੍ਰੈਲੋਕ ਤੇ ਤ੍ਰਿਕਾਲ 'ਚ ਵਿਚਰਨ-ਹਾਰਾ ਹੈ
ਵਿਚਾਰ ਕੀ ਵਿਚਾਰਾ ਹੈ!
ਵਿਚਾਰ ਆਉਂਦੇ ਜਾਂਦੇ ਨੇ ਪਰ ਵਿਤਕਰਾ ਆਦਿ-ਜੁਗਾਦੀ ਹੈ
ਆਧੀ ਹੈ, ਵਿਆਧੀ ਹੈ, ਉਪਾਧੀ ਹੈ
ਵਿਘਨ ਪਾਉਣਾ ਇਸ ਦੀ ਵਾਦੀ ਹੈ
ਇਹ ਜਨਮ ਤੋਂ ਵਿਵਾਦੀ ਹੈ
ਸਿੱਧੀ ਸਾਦੀ ਜਿਹੀ ਉਲਟਬਾਜ਼ੀ ਹੈ
ਕੋਈ ਆਖੇ ਰਾਮ ਰਾਮ, ਕਿਸੇ ਲਈ ਮਰਾ ਮਰਾ ਹੈ
ਏਥੇ ਵੀ ਵਿਤਕਰਾ ਹੈ, ਓਥੇ ਵੀ ਵਿਤਕਰਾ ਹੈ ।

.........

ਵਿਤਕਰਾ ਮਾਇਆ ਹੈ
ਵਿਤਕਰਾ ਸ਼ਕਤੀ ਹੈ
ਵਿਤਕਰਾ 'ਅਵਿਅਕਤ' ਦੀ ਅਭਿਵਿਅਕਤੀ ਹੈ
ਅਭਿਵਿਅਕਤੀ ਜਗਤ ਦਾ ਮੂਲ ਹੈ
ਕੀ ਸੂਖਮ, ਕੀ ਸਥੂਲ ਹੈ
ਇਹ ਪਰਤ-ਦਰ-ਪਰਤ 'ਤਰ' ਤੋਂ 'ਤਮ' ਹੋਈ ਜਾਂਦੀ ਹੈ
ਸਤਿਅਮ ਸ਼ਿਵਮ ਸੁੰਦਰਮ ਹੋਈ ਜਾਂਦੀ ਹੈ
ਕਦੇ ਸਰਲ ਕਦੇ ਵਿਸ਼ਮ ਹੋਈ ਜਾਂਦੀ ਹੈ
ਵੈਖਰੀ ਹੈ,
ਮੱਧਯਮਾ ਹੈ,
ਪਰਾ ਹੈ ।
'ਵਿੱਦਿਆ-ਮਾਇਆ' ਪਰਾ ਹੈ
'ਅਵਿੱਦਿਆ-ਮਾਇਆ' ਅਪਰਾ ਹੈ
ਏਹੋ ਵਿਤਕਰਾ ਹੈ¨
ਵਿਤਕਰਾ ਵੇਦ ਹੈ
ਵਿਵੇਕ ਹੈ
ਵਿਵੇਚਨ ਹੈ
ਵਿਆਖਿਆ ਹੈ
ਕਿਸੇ ਨੇ ਜੋ ਵੀ ਵੇਖਿਆ ਜਾਂ ਆਖਿਆ ਹੈ
ਕਿਸੇ ਨੇ ਜੋ ਵੀ ਸੋਚਿਆ ਹੈ, ਜਾਂ
ਕਿਸੇ ਤੋਂ ਜੋ ਵੀ ਹੋਇਆ ਹੈ
ਵਿਤਕਰਾ ਹੈ ।
ਵਿਤਕਰਾ ਸਿਰਫ਼ ਹੁੰਦਾ ਹੈ, ਇਸਨੂੰ ਕੋਈ ਕਰਦਾ ਨਹੀਂ
ਵਿਤਕਰਾ ਅਜੇਹੀ ਕਿਰਿਆ ਹੈ
ਜਿਸਦਾ ਕੋਈ ਕਰਤਾ ਨਹੀਂ, ਕਰਤਾ-ਪੂਰਕ ਨਹੀਂ, ਵਿਸ਼ੇਸ਼ਣ ਨਹੀਂ ।
ਕੋਈ ਚਾਹੇ ਨਾ ਚਾਹੇ, ਇਹ ਹੁੰਦਾ ਹੀ ਰਹਿੰਦਾ ਹੈ
ਤੇ ਹੁੰਦਾ ਵੀ ਕਿਸੇ ਨਾ ਕਿਸੇ ਦੇ ਨਾਲ ਹੀ ਏ
ਦੂਜੇ ਦੇ ਬਿਨਾਂ ਇਹ ਰਹਿ ਈ ਨਹੀਂ ਸਕਦਾ
ਦੂਜੇ ਤੋਂ ਬਿਨਾਂ ਇਹ ਹੋ ਈ ਨਹੀਂ ਸਕਦਾ
ਵਿਤਕਰਾ ਵਿਸ਼ਵ ਦਾ ਆਧਾਰ ਹੈ
ਵਿਸਤਾਰ ਹੈ
ਸੰਸਥਾਪਕ ਹੈ
ਵਿਤਕਰਾ ਵਿਸ਼ਵ-ਵਿਆਪਕ ਹੈ
ਵਿਤਕਰਾ ਅਣਕੀਤਾ ਕਰਮ ਹੈ
ਵਿਅਕਤੀ ਦਾ ਜਨਮ-ਜਾਤ ਧਰਮ ਹੈ
ਬੱਸ ਏਹੀ ਵਿਸ਼ਵ ਦਾ ਮਰਮ ਹੈ¨

.......

ਇਸ ਪੜਾਅ 'ਤੇ ਆ ਕੇ ਮੈਨੂੰ ਲੱਗਿਆ ਹੈ
ਹਰ ਪ੍ਰਾਣੀ ਸਮਝਦੈ ਉਹ ਵਿਤਕਰੇ ਦਾ ਠੱਗਿਆ ਹੈ
ਵਿਤਕਰੇ ਦੇ ਉਹਲੇ ਮਣਾਂ-ਮੂੰਹੀ ਲਹੂ ਵੱਗਿਆ ਹੈ
ਹਾਕਮਾਂ ਦੇ ਵੱਸ ਹੁੰਦੀ ਹੁਕਮ ਦੀ ਅਵੱਗਿਆ ਹੈ
ਵਿਤਕਰੇ ਦੀ ਜੋਗ-ਜੁਗਤ ਨਾਲ ਦੀਪ ਜੱਗਿਆ ਹੈ
ਵਿਤਕਰੇ ਨੂੰ ਵੇਖਣਾ ਹੀ ਗਿਆਨ ਹੈ, ਪ੍ਰੱਗਿਆ ਹੈ
ਵਿਤਕਰਾ ਤਾਂ ਬਿੰਦੂ ਤੋਂ ਵਿਰਾਟ ਦਾ ਕ੍ਰਿਸ਼ਮਾ ਹੈ,
ਵਿਤਕਰਾ ਹੀ ਦੇਵ-ਦੈਂਤ ਪ੍ਰਥਾ ਵਾਲੀ ਲਹਿਰ ਹੈ ।
ਸਤੋਗੁਣੀ ਰਜੋਗੁਣੀ ਤਮੋਗੁਣੀ ਵਿਤਕਰਾ ਹੈ,
ਗੁਣਾਂ ਦੇ ਅਤੀਤ ਕਿਹੜਾ ਛੰਦ, ਕਿਹੜੀ ਬਹਿਰ ਹੈ?!
ਵਿਤਕਰੇ ਦਾ ਕਿਹੜਾ ਕਿਹੜਾ ਰੂਪ ਗਿਣਾਂ,
ਵਿਤਕਰੇ ਨੂੰ ਕਿਹੜਾ ਕਿਹੜਾ ਨਾਮ ਦਿਆਂ?
ਵਕਤ ਆ ਗਿਆ ਹੈ ਕਿ ਮੈਂ
ਕਲਮ ਦੀ ਜ਼ੁਬਾਨ ਨੂੰ ਲਗਾਮ ਦਿਆਂ!
ਵਾਣੀ ਨੂੰ ਵਿਸ਼ਰਾਮ ਦਿਆਂ!!
ਦਿਆਂ?

..........

ਨਹੀਂ ਅਜੇ ਨਹੀਂ । ਥੋੜੀ ਦੇਰ ਹੋਰ । ਪਲੀਜ਼! ਬਸ, ਏਹੋ ਮੁਕਾਮ ਹੈ, ਜਿੱਥੋਂ ਵਿਤਕਰੇ ਦਾ ਠੀਕ ਠਾਕ ਦੀਦਾਰ ਕੀਤਾ ਜਾ ਸਕਦਾ ਹੈ । ...ਹਰ ਘਰ, ਹਰ ਦਰ ਵਿਤਕਰੇ ਨਾਲ ਨੱਕੋ-ਨੱਕ ਭਰਿਆ ਪਿਆ ਹੈ । ਪ੍ਰਾਣੀ ਡੁੱਬਿਆ ਪਿਆ ਹੈ ਵਿਤਕਰਾ ਤਰਦਾ ਹੈ । ਡੁੱਲ੍ਹਣ ਡੁੱਲ੍ਹਣ ਕਰਦਾ ਹੈ । ਵਿੱਸ ਘੋਲਦਾ ਹੈ, ਫਿੱਸ ਫਿੱਸ ਪੈਂਦਾ ਹੈ । ਹਜ਼ਾਰ ਪਰਦਿਆਂ-ਮਖੌਟਿਆਂ ਦੇ ਵਿੱਚੋਂ ਦੀ ਦਿੱਸ ਵੀ ਪੈਂਦਾ ਹੈ । ਹਰ ਲਿਖਤ ਕਿਸੇ ਕਮਜ਼ੋਰ ਦੀ ਆਤਮਕਥਾ ਹੈ । ਸਤਰਾਂ ਦੇ ਆਰ ਪਾਰ ਵਿਤਕਰਾ ਹੀ ਵਿਤਕਰਾ ਹੈ । ਹਰ ਬੰਦਾ ਦੂਜੇ ਦਾ ਹਾਸਾ ਉਡਾਈ ਜਾ ਰਿਹਾ ਹੈ, ਆਪਣਾ ਰੋਣਾ ਰੋਈ ਜਾ ਰਿਹਾ ਹੈ । ਹਾਸੇ-ਰੋਣੇ ਦੀ ਆਪਾਧਾਪੀ ਵਿੱਚ ਵਿਤਕਰਾ ਹੋਈ ਜਾ ਰਿਹਾ ਹੈ । ਰਾਮ ਤੇ ਕੈਕੇਈ ਦੇ ਵਿਚਾਲੇ ਕਿਤੇ ਮੰਥਰਾ ਹੈ । ਮੰਥਰਾ ਹੀ ਵਿਤਕਰਾ ਹੈ!

ਵਾਲਮੀਕ ਨੇ ਇਸ ਦੀ ਰਮਜ਼ ਪਛਾਣੀ ਹੈ ।
ਇੱਕ ਪੁਸਤਕ 'ਚੋਂ ਸਕਲ ਸ੍ਰਿਸ਼ਟੀ ਛਾਣੀ ਹੈ¨
ਇੱਕੋ ਤੰਦ ਨੇ ਸੁਲਝਾ ਦਿੱਤੀ ਤਾਣੀ ਹੈ ।
ਸਭ ਦੀ ਆਪੋ ਆਪਣੀ ਰਾਮ ਕਹਾਣੀ ਹੈ¨
ਸੁਲਝਣ ਤੋਂ ਪਹਿਲਾਂ ਹੀ ਉਲਝਣ ਹੁੰਦੀ ਹੈ,
ਹਰ ਇੱਕ ਥੀਮ ਦੀ ਆਪਣੀ ਇੱਕ ਮਰਿਯਾਦਾ ਹੈ ।
ਅਹੰਕਾਰ ਦੀ ਕਾਰ ਜੇ ਆਪਾਂ ਟੱਪ ਗਏ,
ਜੱਫ਼ੀਆਂ ਪਾ ਮਿਲਾਂਗੇ ਆਪਣਾ ਵਾਅਦਾ ਹੈ ।

ਜ਼ਰੂਰੀ ਨੋਟ:

ਥੀਮ ਦੀ ਮਰਿਯਾਦਾ ਵਿੱਚ ਰਹਿ ਕੇ ਲਿਖਣਾ ਔਖਾ ਹੁੰਦਾ ਹੈ । ਲਿਖਣ ਵਾਲਾ ਵੀ ਔਖਾ ਹੁੰਦਾ ਹੈ । ਪੜ੍ਹਨ ਵਾਲਾ ਵੀ ਔਖਾ ਹੁੰਦਾ ਹੈ । ਪਰੰਤੂ ਪੱਤਰਕਾਰੀ ਵਿੱਚ ਇੰਜ ਹੁੰਦਾ ਹੁੰਦਾ ਹੈ । ਉਪਰਲਾ ਹਿੱਸਾ ਪੜ੍ਹਕੇ ਜਿੰਨਾ ਦੇ ਹਿਰਦੇ ਦੁਖੀ ਹੋਏ ਨੇ ਉਹਨਾਂ ਤੋਂ ਖਿਮਾ ਮੰਗਦਿਆਂ ਹੋਇਆਂ ਉਨ੍ਹਾਂ ਦਾ ਧੰਨਵਾਦ ਕਰਨ ਨੂੰ ਜੀ ਕਰਦਾ ਹੈ ਜਿੰਨ੍ਹਾਂ ਨੇ ਇਹ ਪੋਰਸ਼ਨ ਬਿਨਾਂ ਪੜ੍ਹਿਆਂ ਹੀ ਸਮਝ ਲਿਆ ਹੈ । ਅਸਲ ਵਿੱਚ ਕਈ ਲਿਖਤਾਂ ਦੀ ਵਰਤੋਂ ਥੀਮ ਦਾ ਪੈਰਾਡਾਈਮ ਉਸਾਰਨ ਲਈ ਇੱਕ ਜੁਗਤ ਵਜੋਂ ਵਰਤੀ ਜਾਂਦੀ ਹੈ ।

ਉੱਤਰ-ਆਧੁਨਿਕਤਾ ਦੇ ਦੌਰ ਵਿੱਚ ਇਹ ਜੁਗਤ ਅਨਿਵਾਰੀ ਹੋ ਗਈ ਹੈ ।

17. ਰੂ-ਬਰੂ ਇੱਕ ਮਸਖ਼ਰੇ ਦਾ

ਆਦਿ-ਬਚਨ

ਪਿਛਲੇ ਕੁਝ ਅਰਸੇ ਤੋਂ ਆਪਣੀ ਹਾਲਤ ਅਜੀਬ ਜਿਹੀ ਹੋ ਗਈ ਹੈ । ਗੱਲ ਹੁੰਦੀ ਹੈ; ਕਹਿਣ ਦਾ ਵੇਲਾ ਹੁੰਦਾ ਹੈ; ਫੁਰਸਤ ਹੁੰਦੀ ਹੈ; ਰਉਂ ਹੁੰਦਾ ਹੈ; ਹੁੰਗਾਰਾ ਹੁੰਦਾ ਹੈ.... ਪਰ ਗੱਲ ਤੁਰਨ ਦਾ ਨਾਂ ਹੀ ਨਹੀਂ ਲੈਂਦੀ । ਕਾਗ਼ਜ਼ ਉੱਤੇ ਲਗਾਤਾਰ ਕਲਮ ਦਾ ਦਬਾਅ ਰਹਿੰਦਾ ਹੈ; ਸੋਚ ਬਿਨਾਂ-ਗਾਲੇ-ਦੀ-ਚੱਕੀ ਵਾਂਗ ਚਲਦੀ ਰਹਿੰਦੀ ਹੈ; ਵਿਚਾਰਾਂ ਦੀ ਭੀੜ ਰੌਲੇ ਵਿੱਚ ਬਦਲ ਜਾਂਦੀ ਹੈ; ਸਿਰ ਫਟਣ 'ਤੇ ਆ ਜਾਂਦਾ ਹੈ; ਵਿਚਾਰਾ ਕਾਗ਼ਜ਼ ਫਟ ਜਾਂਦਾ ਹੈ ।

...ਇੰਜ ਵਾਰ ਵਾਰ ਹੁੰਦਾ ਹੈ । ਮੈਂ ਬੇਵੱਸ ਹੁੰਦਾ ਹਾਂ; ਕੁਝ ਵੀ ਕਰਨ ਦੀ ਹਰਕਤ ਵਿੱਚ ਨਹੀਂ ਹੁੰਦਾ; ਬਿਟ ਬਿਟ ਝਾਕਦਾ ਰਹਿੰਦਾ ਹਾਂ: ਚੱਲ ਰਹੀ ਚੱਕੀ ਵੱਲ; ਫਟਣ 'ਤੇ ਆਏ ਸਿਰ ਵੱਲ; ਪਾਟ ਰਹੇ ਕਾਗ਼ਜ਼ ਵੱਲ ।

ਅਸਲ 'ਚ ਗੱਲ ਇਹ ਹੈ ਕਿ 'ਮੈਂ' ਪਾਟ ਗਿਆ ਹਾਂ; ਅਨੇਕ ਹੋ ਗਿਆ ਹਾਂ; ਬਿਖ਼ਰ ਗਿਆ ਹਾਂ; ਫੈਲ ਗਿਆ ਹਾਂ; ਸੁੰਗੜ ਗਿਆ ਹਾਂ । ਮੇਰਾ ਵੱਖਰਾ ਵਜੂਦ ਨਹੀਂ ਰਿਹਾ; ਬ੍ਰਹਮ ਹੋ ਗਿਆ ਹਾਂ । ਇਸੇ ਲਈ ਹਾਲਤ ਅਜੀਬ ਜਿਹੀ ਹੋ ਗਈ ਹੈ । ਜ਼ੁਮੇਵਾਰੀ ਵਧ ਗਈ ਹੈ । ਸ਼ਬਦ ਛੋਟੇ ਪੈ ਗਏ ਹਨ । ਸਰੀਰ ਦੀ ਮਜਬੂਰੀ ਹੈ ਕਿ ਉਸ ਨੂੰ ਸੰਸਾਰ ਦੀ ਭਾਸ਼ਾ ਬੋਲਣੀ ਪੈਂਦੀ ਹੈ । ਇਹ ਤਾਂ ਗੰਢ ਹੈ :

ਜੋ ਕਦੇ ਮਾਰਨੀ ਪੈਂਦੀ ਹੈ; ਕਦੇ ਖੋਹਲਣੀ ਪੈਂਦੀ ਹੈ ।
ਏਸੇ ਲਈ ਤਣਾਅ ਹੈ; ਸਭ ਕੁਝ ਕੱਸਿਆ ਕੱਸਿਆ ਹੈ
ਪਿਛਲੇ ਕੁਝ ਅਰਸੇ ਤੋਂ ਏਹੋ ਤਾਂ ਸਮੱਸਿਆ ਹੈ
ਇਹ ਭੇਤ ਮੈਂ ਪਹਿਲੀ ਵਾਰ ਦੱਸਿਆ ਹੈ
ਘਰ ਦਾ ਭੇਤੀ ਹੱਸਿਆ ਹੈ
ਘਰ ਦਾ ਭੇਤੀ 'ਸਾਕਸ਼ੀ' ਹੈ; ਕਿਸੇ ਤੋਂ ਨਾ ਡਰਦਾ ਹੈ ।
ਬ੍ਰਹਮ ਨੂੰ ਵੀ ਮਸ਼ਕਰੀਆਂ ਕਰਦਾ ਹੈ ।
...... ....... ........
ਲੋਕ ਬਹੁਤ ਕੁਝ ਪੁੱਛਦੇ ਨੇ
ਪਰ ਕਿਸੇ ਨੇ ਕਦੇ ਉਹ ਨਹੀਂ ਪੁੱਛਿਆ ਜੋ ਮੈਂ ਦੱਸਣਾ ਚਾਹੁੰਨਾਂ ।
ਏਸੇ ਲਈ ਮੈਂ ਬੋਲਣ ਦੀ ਥਾਂ ਹੱਸਣਾ ਚਾਹੁੰਨਾਂ!
ਕੌਣ ਹਾਂ ਮੈਂ?-
ਬੇ-ਤੁਕਾ ਹਾਂ
ਬੇ-ਸਿਰਾ ਹਾਂ
ਬੇ-ਘਰਾ ਹਾਂ
ਅਦਬੀਆਂ ਬੇ-ਅਦਬੀਆਂ ਦਾ ਮੂਕ ਦਰਸ਼ਕ
ਮਸਖ਼ਰਾ ਹਾਂ!!

ਪ੍ਰਸ਼ਨ ਕਾਲ

? ਕੁਝ ਆਪਣੇ ਬਾਰੇ ਦੱਸ । ਕੋਈ ਬਾਇਓ-ਡੈਟਾ ਫੋਲ ।

- ਕਿਹੜੀ ਹਉਂ 'ਤੇ ਮੈਂ ਪੈਡ ਛਪਾਵਾਂ, ਨਾਂ ਮੇਰਾ ਨਿੱਕਾ ਜਿਹਾ ।

? ਮਸਖ਼ਰੇ ਵਿਅਕਤੀ ਦੀ ਪਛਾਣ ਕੀ ਹੈ ।

- ਮਸਖ਼ਰਾ 'ਵਿਅਕਤੀ' ਨਹੀਂ 'ਮਨ' ਹੁੰਦਾ ਹੈ । ਉਹਦੇ ਕੋਲ ਅੰਗਰੇਜ਼ੀ ਵਾਲਾ ਹੀ ਨਹੀਂ ਉਰਦੂ ਵਾਲਾ ਵੀ ਫ਼ਨ ਹੁੰਦਾ ਹੈ ।

? ਕੁਝ ਵਿਅੰਗ ਵਿਚਲੇ ਢੰਗ ਬਾਰੇ ਦੱਸ ।

- ਫ਼ਨ ਸੱਪ ਕੋਲ ਵੀ ਹੁੰਦਾ ਹੈ ਫ਼ਨਕਾਰ ਕੋਲ ਵੀ । ਫ਼ਰਕ ਨੁਕਤੇ ਦਾ ਹੈ । ਇਹੋ ਨੁਕਤਾ ਹੈ ਸਮਝਣ ਵਾਲਾ ।

? ਮਸਖ਼ਰੇ ਤੇ ਮੁਸ਼ਟੰਡੇ ਦੀ ਮਸਖ਼ਰੀ ਵਿੱਚ ਕੀ ਫ਼ਰਕ ਹੁੰਦਾ ਹੈ ।

- ਏਧਰ ਹੁਨਰ ਹੁੰਦਾ ਹੈ, ਓਧਰ ਠਰਕ ਹੁੰਦਾ ਹੈ ।

? ਕੋਈ ਮਿਸਾਲ ਦੇ ।

- ਜਿਵੇਂ ਭੱਠੇ ਤੇ ਬੇੜੇ ਵਿੱਚ ਬੱਸ ਏਨਾ ਫ਼ਰਕ ਹੁੰਦਾ ਹੈ । ਭੱਠਾ ਬੈਠ ਜਾਂਦਾ ਹੈ ਤੇ ਬੇੜਾ ਗ਼ਰਕ ਹੁੰਦਾ ਹੈ ।

? ਮਸਖ਼ਰੇ ਦਾ ਥਹੁ-ਪਤਾ, ਕੋਈ ਥਾਂ ਟਿਕਾਣਾ ।

- ਲੁਕਦਾ ਨਾ ਲੱਭਦਾ ਉਹ ਦਿਸਦਾ ਨਾ ਦੱਸਦਾ । ਵੱਧ-ਘੱਟ ਘੱਟ- ਵੱਧ ਸਾਰਿਆਂ 'ਚ ਵੱਸਦਾ ।

? ਕੋਈ ਪਛਾਣ-ਚਿੰਨ੍ਹ ।

- ਮਾਰਕੇ ਉਹ ਚੌਕੜੀ, ਤੇ ਬਹਿੰਦਾ ਹੈ ਪਹਾੜ ਵਾਂਗੂ, ਸੱਚ ਵਾਂਗੂ ਉਜੜੇ ਉਹ, ਮੀਂਹ ਵਾਂਗੂ ਵੱਸਦਾ । ਰੁੰਡ-ਮੁੰਡ ਰੁੱਖਾਂ ਉੱਤੇ ਪੱਤੇ ਆਉਣ ਕੂਲੇ-ਕੂਲੇ, ਕੱਲਾ ਕੋਈ ਜਦੋਂ ਹੈ ਗ਼ਰੀਬੂ ਵਾਂਗ ਹੱਸਦਾ ।

? ਚੌਕੜੀ ਨਾਲ ਹਾਸੇ ਦਾ ਕੀ ਸਬੰਧ ।

- ਜੀਹਨੇ ਰੋਂਦਿਆਂ ਚੌਕੜੀ ਮਾਰੀ, ਉਹਦਾ ਕੀ ਧਿਆਨ ਜੰਮਣਾ!

? ਇਹ ਗਰੀਬੂ ਕੌਣ ਹੋਇਆ ।

- ਭੱਤਾ ਪੁੱਛੇ ਲਾਡ ਨਾਲ : ਗੱਲ ਦੱਸ ਜੱਸਿਆ ।
ਦੁਤੀਏ ਤੋਂ ਪਹਿਲਾਂ ਹੈ ਕਿ ਬਾਦ ਆਉਂਦੀ ਮੱਸਿਆ ।
ਬਾਗ਼ 'ਚ ਗ਼ਰੀਬੂ ਹੈ ਠਹਾਕਾ ਮਾਰ ਹੱਸਿਆ:
ਪੀਣੀਆਂ ਭੰਗਾਂ, ਸੌਣਾ ਬਾਗ਼ੀਂ ।
ਪਿਛਲੇ ਜੀਣ ਆਪਣੇ ਭਾਗੀਂ¨
ਕੋਈ ਮਰੇ ਕੋਈ ਜੀਵੇ ।
ਸੁਥਰਾ ਘੋਲ ਪਤਾਸੇ ਪੀਵੇ¨
ਰੋਜ਼ ਦੀਵਾਲੀ ਸਾਧ ਕੀ,
ਅੱਠੇ ਪਹਿਰ ਬਸੰਤ ।
ਹੱਥ ਦੀ ਹੱਥ ਵਿੱਚ ਰਹਿ ਗਈ, ਮੂੰਹ ਵਿੱਚ ਰਿਹਾ ਗਰਾਹ ।
ਲੱਖ ਲਾਹਨਤ ਓਏ ਸੁਥਰਿਆ, ਜੇ ਦਮ ਦਾ ਕਰੇਂ ਵਸਾਹ¨
ਜਿੰਨਾ ਚਿਰ ਜੀਓ, ਮੌਜ ਨਾਲ ਜੀਓ ।
ਉਧਾਰ ਲੈ ਕੇ ਵੀ ਘਿਓ ਪੀਓ¨

? ਇਹ ਕੈਸਾ ਅਣਸਮਾਜਕ ਵਿਹਾਰ ਹੈ ।

- ਕਿਸੇ ਲਈ ਦਰਸ਼ਨ ਹੈ, ਕਿਸੇ ਲਈ ਵਿਹਾਰ ਹੈ ।
ਅੱਖ ਦੇ ਲਈ ਐਨਕ ਹੈ, ਨੱਕ ਦੇ ਲਈ ਭਾਰ ਹੈ ।

? ਗੱਲ ਸਪੱਸ਼ਟ ਹੋਣ ਦੀ ਥਾਂ ਉਲਝਦੀ ਜਾ ਰਹੀ ਹੈ- ਪ੍ਰਸ਼ਨ ਸੰਕਟ 'ਚ ਹੈ ।

- ਤੈਨੂੰ ਵੇਖ ਕੇ ਸਾਰੇ ਫੁੱਲ ਬੂਟੇ ਹੱਸਦੇ ਨੇ,
ਤੂੰ ਵੀ ਹੱਸ ਤੇਰਾ ਬੂਥਾ ਕਾਸਦੇ ਲਈ ਸੁੱਜਾ ਏ ।
ਕੋਈ ਕੁਝ ਕਹੀ ਜਾਵੇ, ਸੂਰਜ ਤਾਂ ਸੂਰਜ ਏ-
ਚੜ੍ਹਿਆ ਤਾਂ ਚੜ੍ਹਿਆ ਏ, ਡੁੱਬਾ ਏ ਤਾਂ ਡੁੱਬਾ ਏ ।
ਮੁੱਕ ਜੂ ਤਮਾਸ਼ਾ ਬਿੱਲੀ ਬਾਹਰ ਆਜੂ ਥੈਲੇ ਵਿੱਚੋਂ,
ਗੁੱਝਾ ਹੈ ਤਾਂ ਭੇਤ, ਨਹੀਂ ਤਾਂ ਭੇਤ ਕਾਹਦਾ ਗੁੱਝਾ ਏ ।
ਬਾਗ਼ ਵਿੱਚ ਜਾ ਕੇ ਖ਼ੁਦ ਪੁੱਛ ਲੈ ਗ਼ਰੀਬੂ ਕੋਲੋਂ,
ਕੁੱਜੇ 'ਚ ਸਮੁੰਦਰ, ਸਮੁੰਦਰ 'ਚ ਕੁੱਜਾ ਏ ।

? ਮਜ਼ਾਕ ਛੱਡ, ਕੰਮ ਦੀ ਗੱਲ ਕਰ ।

- ਖ਼ਾਕ ਵਿੱਚ ਆਦਮੀ ਹੈ, ਆਦਮੀ 'ਚ ਖ਼ਾਕ ਹੈ ।
ਕਿਸੇ ਲਈ ਹੈ ਮਾਰਫ਼ਤ, ਕਿਸੇ ਲਈ ਮਜ਼ਾਕ ਹੈ ।

? ਜਵਾਬ ਦੇਣ ਦੀ ਥਾਂ ਤੂੰ ਮਜ਼ਾਕ ਉਡਾਉਣ 'ਤੇ ਉਤਰ ਆਇਐਂ ।

- ਮਜ਼ਾਕ ਵੀ ਮੁਰਗੇ ਵਾਂਗ ਦੋ ਤਰ੍ਹਾਂ ਦਾ ਹੁੰਦੈ: ਇੱਕ ਬਾਂਗ ਦੇਣ ਵਾਲਾ ਤੇ ਦੂਜਾ ਤੰਦੂਰੀ ।

? ਤੰਦੂਰੀ ਮਜ਼ਾਕ ਬਾਰੇ ਖੁੱਲ੍ਹ ਕੇ ਦੱਸ ।

- ਬੱਸ ਇਹ ਉੱਡ ਨਹੀਂ ਸਕਦਾ ।
ਇਸਨੂੰ ਚੂੰਡਿਆ ਜਾ ਸਕਦਾ ਏ;
ਚਿੱਥਿਆ ਜਾ ਸਕਦਾ ਏ ।
ਇਹਦੇ ਸ਼ੌਕੀਨ ਠੇਕਿਆਂ/ ਅਹਾਤਿਆਂ ਦੇ ਆਸ-ਪਾਸ ਰਹਿੰਦੇ ਨੇ ।
ਇਸ ਮਜ਼ਾਕ ਨੂੰ 'ਨਾਨ-ਵੈੱਜ' ਕਹਿੰਦੇ ਨੇ ।

? ਕੋਈ ਮਿਸਾਲ ।

- ਜਦੋਂ ਡਾਂਗ ਉਲਟਾ ਕੇ ਮਾਰੀ, ਚੀਕਾਂ ਨਿੱਕਲ ਗਈਆਂ ।

? ਕਾਫੀ ਖੋਜ ਕੀਤੀ ਲੱਗਦੀ ਐ ਇਸ ਵਿਸ਼ੇ 'ਤੇ । ਕੋਈ ਨਿਸ਼ਕਰਸ਼ ।

- ਇੱਕੋ ਗੱਲ ਸਿੱਧ ਕੀਤੀ ਲੰਬੀ ਚੌੜੀ ਖੋਜ ਨੇ । ਇੱਕੋ ਹੈ ਇਕੱਲਾ ਉਹੀਓ, ਬਾਕੀ ਉਹਦੇ ਚੋਜ ਨੇ¨

? ਮਸਖ਼ਰੇ ਦੀ ਪੂੰਜੀ ਕੀ ਹੈ ।

- ਬੋਝੇ 'ਚ ਕਬੀਰ ਵਾਲੇ, ਅੱਖਰ ਤਾਂ ਢਾਈ ਨੇ । ਲੈ ਲਿਆ ਹੈ ਠੇਕਾ ਸਾਰੇ ਜੱਗ ਦਾ ਸ਼ੁਦਾਈ ਨੇ¨

? ਤੂੰ ਗਰੀਬੂ ਬਾਰੇ ਤਾਂ ਦੱਸਿਆ ਈ ਨਹੀਂ- ਕੌਣ ਹੈ ਉਹ

- ਉਹਦੇ ਬਾਰੇ ਬਾਬਾ ਬਖ਼ਤੌਰਾ ਵਧੇਰੇ ਚੰਗੀ ਤਰ੍ਹਾਂ ਦੱਸ ਸਕਦਾ ਹੈ ।

? ਇਹ ਬਾਬਾ ਬਖ਼ਤੌਰਾ ਵਿੱਚ ਕਿੱਥੋਂ ਆ ਵੜਿਆ ।

- ਸੱਚ ਕਿਤੋਂ ਨਿਕਲਦਾ ਵੜਦਾ ਨਹੀਂ । ਹਰ ਥਾਂ ਮੌਜੂਦ ਹੀ ਹੁੰਦੈ!

ਸੱਚ ਨਿ-ਵਸਤਰ ਆਤਮਾ, ਉਹਲਾ ਨਾ ਛੌਰਾ ।
ਖੰਭਾਂ ਦੇ ਵਿੱਚ ਭਟਕਣਾ, ਮਨ ਬਉਰਾ ਬਉਰਾ ।
ਗੂੰਜ ਸੁਣਾਈ ਦੇ ਰਹੀ, ਦਿਸਦਾ ਨਾ ਭੌਰਾ ।
ਨਾ ਦੁੱਗਣਾ ਨਾ ਚੌਗਣਾ ਨਾ ਦੂਹਰਾ ਚਹੁਰਾ ।
ਨਾ ਇਹ ਕੌੜਾ ਸੱਚ ਹੈ ਨਾ ਮਿੱਠਾ ਮਹੁਰਾ ।
ਕੱਖੋਂ ਹੌਲਾ ਆਪ ਹੀ ਉਹ ਭਾਰਾ ਗੌਰਾ ।
ਪੱਗ ਨੂੰ ਰੱਖੇ ਬੰਨਕੇ, ਛੱਡ ਰੱਖੇ ਟੌਰਾ ।
ਗੱਲਾਂ ਲੁਚ-ਗੁੜੱਚੀਆ ਵੇਖਣ ਨੂੰ ਚੌਰਾ ।
ਗੋਲ ਮਸ਼ਕਰੀ ਕਰ ਗਿਆ ਬਾਬਾ ਬਖ਼ਤੌਰਾ¨

? ਪਰ ਉਹ ਕੌਣ ਹੈ ।

- ਤੁਕ ਹੈ ਤੁਕਾਂਤ ਹੈ ਉਹ
ਦੁੱਖ ਹੈ ਦੁਖਾਂਤ ਹੈ ਉਹ
ਸੁੱਖ ਹੈ ਸੁਖਾਂਤ ਹੈ ਉਹ
ਇੱਕੋ ਹੈ ਇਕਾਂਤ ਹੈ ਉਹ
ਰੰਗ ਭਾਂਤ ਭਾਂਤ ਹੈ ਉਹ
ਵੇਦ ਹੈ ਵੇਦਾਂਤ ਹੈ ਉਹ
ਸਹਿਜ ਸੁੰਨ ਸ਼ਾਂਤ ਹੈ ਉਹ

? ਮਾਹੌਲ ਆਸਮਾਨੀ ਹੁੰਦਾ ਜਾ ਰਿਹੈ । ਧਰਤੀ 'ਤੇ ਆ ਕੇ ਕੋਈ ਦੇਸ਼ ਬਾਰੇ ਟਿੱਪਣੀ ਕਰ ।

- ਏਸ ਦੇਸ ਦਾ ਰਾਜਾ ਭੁੱਖਾ,
ਭੁੱਖੀ ਜਨਤਾ ਰੋਏ ਵਿਚਾਰੀ ।
ਦੋਹਾਂ ਨੂੰ ਗਸ਼ ਪੈ ਗਈ, ਜਿਸ ਦਮ-
ਭੁੱਖੇ ਡਾਂਗ ਭੁੱਖੇ ਨੂੰ ਮਾਰੀ¨

? ਬੜੀ ਬਚਕਾਨਾ ਜੇਹੀ ਤੁਕਬੰਦੀ ਹੈ-

- ਬੱਚੇ ਤੇ ਮਸਖ਼ਰੇ ਵਿੱਚ ਡੂੰਘੀ ਸਾਂਝ ਹੁੰਦੀ ਹੈ । ਬੱਚਾ ਰਾਜੇ ਨੂੰ ਭਰੇ ਦਰਬਾਰ ਵਿੱਚ 'ਨੰਗਾ' ਕਹਿ ਸਕਦਾ ਹੈ ਅਤੇ ਰਾਣੀ ਨੂੰ ਅੱਗਾ ਢਕਣ ਲਈ ਬੱਚਾ ਵੀ ਨਹੀਂ ਕਹਿ ਸਕਦਾ: ਰਾਣੀ ਨੰਗੀ, ਵੇਖਿਆ ਸਭ ਨੇ ਬੇਸ਼ੱਕ । ਕੌਣ ਕਹੇ, ਪਰ ਰਾਣੀਏ! ਤੂੰ ਅੱਗਾ ਢੱਕ?!

? ਤੇਰੇ 'ਤੇ ਅਸ਼ਲੀਲਤਾ ਦਾ ਦੋਸ਼ ਲੱਗ ਸਕਦਾ ਹੈ ।

- ਗੁਣ ਨਾ ਕੋਈ ਦੋਸ਼ ਕਿਉਂਕਿ ਉਸੇ ਦਾ ਹੈ ਕਾਵਿ ਸਾਰਾ, ਉਸੇ ਦਾ ਹੈ ਬਹਿਰ; ਤਾਲ, ਉਸੇ ਦਾ ਹੀ ਛੰਦ ਹੈ । ਇਹ ਤਾਂ ਹੈ ਆਨੰਦ ਇਹਨੂੰ ਸਾਕਸ਼ੀ ਦੇ ਵਾਂਗ ਮਾਣੋ, ਸ਼ਬਦਾਂ ਦੇ ਨਾਲ ਏਥੇ ਛੇੜ-ਛਾੜ ਬੰਦ ਹੈ¨

? ਇਸ ਭੰਬਲਭੂਸੇ ਵਰਗੇ ਰੂ-ਬਰੂ ਦੇ ਅੰਤ ਵਿੱਚ ਕੀ ਕਹਿਣਾ ਚਾਹੇਂਗਾ ।

ਪ੍ਰਕਿਰਤੀ ਦੇ ਅਵਿਅਕਤ ਗੁਣਾਂ ਵਾਂਗ ਮਸਖ਼ਰੇ ਵੀ ਤਿੰਨ ਤਰ੍ਹਾਂ ਦੇ ਹੁੰਦੇ ਹਨ । ਤਮੋਗਣੀ ਮਸਖ਼ਰੇ, ਰਜੋ ਗੁਣੀ ਮਸਖ਼ਰੇ, ਅਤੇ ਸਤੋਗੁਣੀ ਮਸਖ਼ਰੇ । ਜਿਹੜੇ ਮੂਰਖਾਂ ਦੀ ਮੂਰਖਤਾ ਵਿੱਚ ਵਾਧਾ ਕਰਕੇ ਖ਼ੁਸ਼ ਹੁੰਦੇ ਹਨ । ਉਹ ਤਗੋਮਣੀ ਸਮਝੋ । ਜਿਹੜੇ ਪ੍ਰੋਫੈਸ਼ਨਲ ਮਸਖ਼ਰੇ ਹਨ ਉਹ ਰਜੋਗੁਣੀ ਸਮਝੋ । ਅਤੇ ਕ੍ਰਿਸ਼ਨ, ਨਾਰਦ, ਅਸ਼ਟਵਕ੍ਰ, ਚਾਰਵਾਕ, ਕਬੀਰ, ਗਾਂਧੀ, ਓਸ਼ ਵਰਗੇ ਲੋਕ ਸਤੋਗੁਣੀ ਕੈਟਾਗਿਰੀ ਵਿੱਚ ਆਉਂਦੇ ਨੇ । ਕੁਝ ਮਸਖ਼ਰੇ ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਹੁੰਦੇ ਹਨ ਉਹਨਾਂ ਨੂੰ ਤ੍ਰੈ-ਗੁਣ-ਅਤੀਤ ਮਸਖ਼ਰੇ ਕਿਹਾ ਜਾ ਸਕਦਾ ਹੈ । ਇਹ ਸਰੀਰ ਅਤੇ ਪ੍ਰਕਿਰਤੀ ਤੋਂ ਪਾਰ ਦਾ ਖੇਤਰ ਹੈ¨ ਸ਼ਾਂਤੀ¨

18. ਕਿਤਾਬ ਕਦੇ ਪੂਰੀ ਨਹੀਂ ਹੁੰਦੀ

ਕਿਤਾਬਾਂ ਨਾਲ ਵਾਹ ਦੀ ਵਾਰਤਾ ਬੜੀ ਦਿਲਚਸਪ ਹੈ, ਸਭ ਤੋਂ ਪਹਿਲਾਂ ਕੋਰਸ ਦੀਆਂ ਕਿਤਾਬਾਂ ਨਾਲ ਵਾਹ ਪਿਆ? ਜਿੰਨੇ ਵਿਸ਼ੇ ਓਨੀਆਂ ਕਿਤਾਬਾਂ, ਜਮਾਤਾਂ ਤੁਰਦੀਆਂ ਗਈਆਂ, ਕਿਤਾਬਾਂ ਵਧਦੀਆਂ ਗਈਆਂ, ਸ਼ੁਰੂ ਵਾਲੀ ਉਤਸੁਕਤਾ ਮਜਬੂਰੀ ਵਿੱਚ ਬਦਲਦੀ ਗਈ, ਲਾਇਬਰੇਰੀ ਦੀਆਂ ਕਿਤਾਬਾਂ ਵੱਲ ਮਨ ਭੱਜਣ ਲੱਗਾ, ਪਾਠ ਪੁਸਤਕਾਂ ਭਾਰ ਜਾਪਣ ਲੱਗੀਆਂ :

''ਤੂੰ ਮੇਰੇ ਕੋਰਸ ਦੇ ਵਿੱਚ ਲੱਗੀ ਕਿਤਾਬ
ਮੈਂ ਤੇਰਾ ਵਿਦਿਆਰਥੀ ਹਾਂ
ਯਾਦ ਰੱਖ
ਵਿਦਿਆਰਥੀ ਪਾਠਕ ਨਹੀਂ ਹੁੰਦਾ''

..............

ਪਾਠਕਪੁਣੇ ਵਿੱਚ ਕਿਤਾਬਾਂ ਦੀ ਸਨਕ ਸ਼ੁਰੂ ਹੋ ਗਈ, ਘਰ ਵਿੱਚ ਪਏ ਹੋਏ ਧਾਰਮਿਕ ਗਰੰਥ ਅਤੇ ਕਿੱਸੇ ਵਾਚਣੇ ਸ਼ੁਰੂ ਕੀਤੇ । ਹੱਥ ਲਿਖਤਾਂ 'ਚੋਂ ਗੁਜ਼ਰਨ ਦੀ ਕੋਸ਼ਿਸ਼ ਕੀਤੀ, ਥੋੜਾ ਥੋੜਾ ਲਿਖਣਾ ਸ਼ੁਰੂ ਹੋ ਗਿਆ, ਕਿਤਾਬਾਂ ਜਮ੍ਹਾਂ ਹੋਣ ਲੱਗੀਆਂ, ਮਰਜ਼ੀ ਦੀਆਂ ਕਿਤਾਬਾਂ :

ਲੇਖਕ ਦਾ ਕਿਰਦਾਰ ਕਿਤਾਬਾਂ ਪਿੱਛੇ ਹੈ ।
ਸਾਰਾ ਝਗੜਾ ਯਾਰ ਕਿਤਾਬਾਂ ਪਿੱਛੇ ਹੈ ।
ਬਿਨਾਂ ਕਿਤਾਬਾਂ ਤੋਂ ਕੁੱਝ ਨਜ਼ਰ ਨਹੀਂ ਆਉਂਦਾ
ਕਿੱਥੇ ਹੈ ਬੀਮਾਰ? ਕਿਤਾਬਾਂ ਪਿੱਛੇ ਹੈ ।
ਕੋਈ ਕਿਸੇ ਤੋਂ ਚਾਰ ਕਮੀਜ਼ਾਂ ਅੱਗੇ ਹੈ
ਕੋਈ ਕਿਸੇ ਤੋਂ ਚਾਰ ਕਿਤਾਬਾਂ ਪਿੱਛੇ ਹੈ
ਨਾਂ ਰੱਦੀ ਅਖਬਾਰ ਦਾ ਲੈਂਦਾ ਹੈ ਭਾਵੇਂ
ਫਿਰਦਾ ਗਲੀ ਬਜ਼ਾਰ ਕਿਤਾਬਾਂ ਪਿੱਛੇ ਹੈ ।
ਘਰਦੀ ਦਾਰੂ ਵਾਂਗ ਲੁਕਾਉਂਦੇ ਫਿਰਦੇ ਹਾਂ
ਇੰਜ ਪਈ ਸਰਕਾਰ ਕਿਤਾਬਾਂ ਪਿੱਛੇ ਹੈ
ਕੀ ਲੈਣੈ ਭੂਸ਼ਨ ਨੇ ਜੀ ਕੇ ਦੁਨੀਆਂ ਤੋਂ
ਚੁੱਕੀ ਫਿਰਦਾ ਭਾਰ ਕਿਤਾਬਾਂ ਪਿੱਛੇ ਹੈ ।

..........

ਮਾੜਾ ਮੋਟਾ ਲੇਖਕ ਬਣਿਆ, ਕਿਤਾਬਾਂ ਛਪੀਆਂ, ਕਿਤਾਬਾਂ ਭੇਂਟ ਹੋਈਆਂ, ਕਿਤਾਬਾਂ ਕਬਾੜੀਏ ਨੂੰ ਵੇਚੀਆਂ, ਕਿਤਾਬਾਂ ਕਬਾੜੀਏ ਤੋਂ ਖਰੀਦੀਆਂ ।

ਕਾਲਜ ਦੀ ਨੌਕਰੀ ਵੇਲੇ ਕਿਤਾਬਾਂ ਪੜ੍ਹਾਉਣ ਦਾ ਮੌਕਾ ਮਿਲਿਆ, ਉਸਤਾਦਾਂ ਨਾਲ ਵਾਹ ਪਿਆ, ਕਿਤਾਬਾਂ ਨਾਲ ਜਬਰ ਜਨਾਹ ਹੁੰਦਾ ਵੇਖਿਆ;

ਕੋਸ਼ਿਸ਼ ਕਰੀਂ ਕਿ ਪੁਸਤਕ ਤੇਰੀ
ਕੋਰਸ ਦੇ ਵਿੱਚ ਲੱਗੇ ਨਾ
ਰੂਹ ਤੇਰੀ ਤੋਂ ਸਹਿ ਨਹੀਂ ਹੋਣਾ
ਜੋ ਹਾਲਤ ਉਸਤਾਦ ਕਰਨਗੇ,

ਕਿਤਾਬਾਂ ਨੂੰ ਸੰਭਾਲਣਾ ਮੁਸ਼ਕਿਲ ਕੰਮ ਹੈ, ਇੱਕ ਵਾਰ ਸਿਓਂਕ ਲੱਗ ਗਈ, ਸਿਓਂਕੀਆਂ ਕਿਤਾਬਾਂ ਛਾਂਟ ਕੇ ਪਿੱਛਲੇ ਵਿਹੜੇ ਵਿੱਚ ਢੇਰੀ ਕੀਤੀਆਂ, ਸਾੜਨੀਆਂ ਪਈਆਂ, ਉਹ ਲਪਟਾਂ, ਸੇਕ ਧੂੰਆਂ, ਅਜੇ ਤੱਕ ਅਸਰ ਵਿਖਾ ਰਿਹਾ ਹੈ, ਇਹ ਉਹ ਦਿਨ ਸਨ ਜਦੋਂ ਪੰਜਾਬ ਦੇ ਮਾਹੌਲ ਵਿੱਚ ਵੀ ਲਪਟਾਂ, ਸੇਕ 'ਤੇ ਧੂੰਆਂ ਬਹੁਤ ਤੰਗ ਕਰ ਰਿਹਾ ਸੀ, ਕੁੱਝ ਬਚੀਆਂ ਖੁਚੀਆਂ ਝਾੜ ਝੂੜ ਕੇ ਧੁੱਪ ਵਿੱਚ ਰੱਖੀਆਂ ਹੋਈਆਂ ਸਨ, ਖੁਦ ਪਤਾ ਨਹੀਂ ਕਿੱਥੇ ਗੁੰਮ ਸਾਂ, ਤੇਜ਼ ਹਵਾ ਨਾਲ ਕਿਤਾਬਾਂ ਦੇ ਵਰਕੇ ਖੜਕ ਰਹੇ ਸਨ :

ਧੁੱਪੇ ਪਏ ਹਾਂ ਖੁੱਲ੍ਹੀ ਕਿਤਾਬ ਵਾਂਗੂੰ
ਹਵਾ ਚੱਲਦੀ ਏ, ਵਰਕੇ ਉੱਡਦੇ ਨੇ

ਬ੍ਰਿਜਲਾਲ ਸ਼ਾਸਤਰੀ ਜੀ ਨੇ ਕਿਤਾਬਾਂ ਦਿਖਾਈਆਂ ਜਿਹੜੀਆਂ ਨਿੰਮ ਦੇ ਪੱਤਿਆਂ ਦੇ ਬਾਵਜੂਦ ਖਰਾਬ ਹੋ ਰਹੀਆਂ ਸਨ । ਉਨ੍ਹਾਂ ਨੇ ਕੁੱਝ ਕਿਤਾਬਾਂ ਮੈਨੂੰ 'ਸੰਭਾਲਣ' ਲਈ ਦੇ ਦਿੱਤੀਆਂ ਜਿੰਨ੍ਹਾਂ 'ਚੋਂ ਇੱਕ ਚਰਨ ਸਿੰਘ 'ਸ਼ਹੀਦ' ਦੀ 'ਬਾਦਸ਼ਾਹੀਆਂ' ਹੈ ਜਿਹੜੀ ਅੰਗਰੇਜ਼ੀ ਵਿੱਚ ਭੇਂਟ ਕੀਤੀ ਹੋਈ ਹੈ, ਸੱਤਰ੍ਹ ਵਰ੍ਹੇ ਪਹਿਲਾਂ ਦੇ ਡੰਕ ਨਾਲ ਕੀਤੇ ਸ਼ਹੀਦ ਦੇ ਦਸਖਤ ਇਸ ਕਿਤਾਬ ਨੂੰ ਕੀਮਤੀ ਬਣਾਉਂਦੇ ਹਨ ।

................

ਅਮ੍ਰਿਤਾ ਹੁਰਾਂ ਨੇ ਪੌੜੀਆਂ ਉਪਰਲੀ ਮਮਟੀ ਵਿੱਚ ਭੇਟਸ਼ੁਦਾ ਕਿਤਾਬਾਂ ਦਾ ਢੇਰ ਲਾਇਆ ਹੋਇਆ ਸੀ, ਉਸ ਢੇਰ 'ਚੋਂ ਮੈਂ ਵੀ ਗਾਰਗੀ, ਦੁੱਗਲ ਅਤੇ ਵਾਜਪੇਈ ਦੀਆਂ ਕੁੱਝ ਕਿਤਾਬਾਂ ਲੈ ਆਇਆ ਸਾਂ । ਅੰਮ੍ਰਿਤਾ ਹੁਰੀਂ ਉਨ੍ਹਾਂ ਨੂੰ ਰੱਦੀ 'ਚ ਵੇਚਣਾ ਨਹੀਂ ਸੀ ਚਾਹੁੰਦੇ ਅਤੇ ਸਾਂਭ ਕੇ ਰੱਖਣ ਲਈ ਜਗ੍ਹਾ ਦੀ ਘਾਟ ਸੀ ।

.............

ਕਿਤਾਬਾਂ ਦੇ ਜੰਗਲ ਵਿੱਚ ਕਲਮਾਂ ਵਾਲਿਆਂ ਨਾਲ ਵਾਹ ਪਿਆ, ਪਿਆਰੀਆਂ ਰੂਹਾਂ ਦਾ ਸਾਥ ਮਿਲਿਆ । ਅਦੁੱਤੀ ਖਜ਼ਾਨੇ ਦੀ ਚਾਬੀ ਲੱਭ ਗਈ, ਜੀਵਨ ਦਾ ਮਕਸਦ ਮਿਲ ਗਿਆ, ਕਿਤਾਬਾਂ ਦੀ ਪਛਾਣ ਹੋਣ ਲੱਗੀ, ਸਵਾਲਾਂ ਦੇ ਜਵਾਬ ਮਿਲਣ ਲੱਗੇ, ਬਿਨ ਮੰਗਿਆਂ ਮੋਤੀ ਮਿਲਣ ਲੱਗੇ, ਆਪਣੀ ਅਮੀਰੀ 'ਤੇ ਮਾਣ ਹੋਣ ਲੱਗਾ । ਸ਼ਿਵ ਜਦੋਂ ਚੰਡੀਗੜ੍ਹ ਛੱਡਣ ਲੱਗਾ ਤਾਂ ਕਹਿੰਦਾ : ''ਮੇਰੀਆਂ ਕਿਤਾਬਾਂ ਤੂੰ ਰੱਖ ਲੈ । ਪਹਿਲਾਂ ਜਦੋਂ ਬਟਾਲੇ ਤੋਂ ਆਇਆ ਸਾਂ ਤਾਂ ਬਹੁਤ ਸਾਰੀਆਂ ਕਿਤਾਬਾਂ ਓਥੇ ਛੱਡ ਆਇਆ ਸਾਂ । ਤਬਾਹ ਹੋ ਗਈਆਂ । ਕਿਸੇ ਨੂੰ ਕਦਰ ਹੀ ਨਹੀਂ । ਕੋਈ ਸੰਭਾਲਦਾ ਹੀ ਨਹੀਂ । ...ਹੁਣ ਚੰਡੀਗੜ੍ਹੋਂ ਜਾਵਾਂਗਾ ਤਾਂ ਪਤਾ ਨਹੀਂ ਇਹਨਾਂ ਕਿਤਾਬਾਂ ਵਿਚਾਰੀਆਂ ਦਾ ਕੀ ਬਣੇਗਾ...ਤੂੰ ਰੱਖ ਲੈ ।'' ਮੈਂ ਬੜੇ ਤਰੀਕੇ ਨਾਲ ਨਾਂਹ ਕਰ ਦਿੱਤੀ । ਆਖਿਆ ਕਿ ਤੁਹਾਡੀਆਂ ਕਿਤਾਬਾਂ ਤੁਹਾਡੇ ਕੋਲ ਹੀ ਰਹਿਣੀਆਂ ਚਾਹੀਦੀਆਂ ਨੇ । ਉਹਨੇ ਭਰੇ ਮਨ ਨਾਲ ਹਊਕਾ ਲੈ ਕੇ ਕਿਹਾ, ''ਚੱਲ ਤੇਰੀ ਮਰਜ਼ੀ । ਮੈਂ ਕਿਹੜਾ ਤੇਰੇ ਕੋਲੋਂ ਪੈਸੇ ਲੈਣੇ ਸਨ ।'' ਅਸਲ ਵਿੱਚ ਉਹ ਆਪਣੇ ਲੰਬੇ ਸਫਰ ਦੀ ਤਿਆਰੀ ਕਰ ਰਿਹਾ ਸੀ...ਨਹੀਂ ਤਾਂ ਕਿਤਾਬਾਂ ਤੋਂ ਲੇਖਕ ਕਦੇ ਵੱਖ ਹੋਣ ਦੀ ਸੋਚ ਸਕਦਾ ਹੈ ਭਲਾ!

...............

ਸਾਡੇ ਕਿਸੇ ਬਜ਼ੁਰਗ ਨੂੰ , ਕਹਿੰਦੇ ਨੇ, ਕੈਦਬਾਮੁਸ਼ੱਕਤ ਹੋਈ ਸੀ । ਕਿਤਾਬ ਲਿਖਣ ਦਾ ਹੁਕਮ ਹੋਇਆ ਸੀ । ਵਕਤ ਨੇ ਵਫਾ ਨਾ ਕੀਤੀ । ਕਿਤਾਬ ਅਧੂਰੀ ਰਹਿ ਗਈ । ਉਹ ਦਿਨ 'ਤੇ ਆਹ ਦਿਨ । ਉਹੀਓ ਸਜ਼ਾ, ਪੀੜ੍ਹੀ-ਦਰ-ਪੀੜ੍ਹੀ ਵਿਰਸੇ ਵਿੱਚ ਮਿਲਦੀ ਆ ਰਹੀ ਹੈ ।

ਸਜ਼ਾ ਕਦੇ ਪੂਰੀ ਨਹੀਂ ਹੁੰਦੀ
ਕਿਤਾਬ ਕਦੇ ਪੂਰੀ ਨਹੀਂ ਹੁੰਦੀ ।''

19. ਅਥ ਪਿਤਾ-ਪੁਰਾਣ ਲਿਖਯਤੇ

ਪਿਛਲੇ ਕਈ ਦਿਨਾਂ ਤੋਂ, ਚੌਵੀ ਘੰਟੇ, ਮਨ ਦੀ ਹਾਲਤ ਇਹ ਹੈ ਕਿ ਖ਼ੁਦ ਨੂੰ ਪਰੀਖਿਆ ਕੇਂਦਰ ਵਿੱਚ ਬੈਠਾ ਮਹਿਸੂਸ ਕਰ ਰਿਹਾ ਹਾਂ । ਇੱਕ-ਸ਼ਬਦ ਪ੍ਰਸ਼ਨ ਹੈ: ''ਪਿਤਾ?'' ਉੱਤਰ ਦੇਣ ਦੀ ਮੋਹਲਤ ਵਿੱਚ ਕਈ ਵਾਰ ਵਾਧਾ ਕਰਵਾ ਚੁੱਕਾ ਹਾਂ । ਥੀਮ ਆਪਣਾ- ਆਪਣਾ ਹੈ । ਦਿਲ ਦੇ ਨੇੜੇ ਹੈ । ਸਤਿਕਾਰਯੋਗ ਹੈ । ਸੋਚ ਦੀ ਚੱਕੀ ਚੱਲ ਰਹੀ ਹੈ । ਨਿਕਲ ਕੁਛ ਨਹੀਂ ਰਿਹਾ । ਸਿਰਫ਼ ਪੁੜ ਘਸ ਰਹੇ ਨੇ । ਗਾਲਾ ਕਿੱਥੇ ਹੈ?

ਗਊ, ਕੁਰਸੀ ਅਤੇ ਮਹਾਤਮਾ ਗਾਂਧੀ ਵਾਂਗ ਪਿਤਾ 'ਤੇ ਪ੍ਰਸਤਾਵ ਲਿਖ-ਲਿਖ ਕਈ ਵਰਕੇ ਪਾੜ ਚੁੱਕਾ ਹਾਂ । ਸਮਝ ਨਹੀਂ ਆ ਰਹੀ ਕਿ ਜੇਕਰ ਰਾਸ਼ਟਰਪਿਤਾ ਬਾਰੇ ਬਿਨਾਂ ਸੋਚੇ ਸਮਝੇ ਲਿਖਿਆ ਜਾ ਸਕਦਾ ਹੈ ਤਾਂ ਪਿਤਾ ਬਾਰੇ ਲਿਖਦਿਆਂ ਕਲਮ ਨੂੰ ਕੀ ਹੋ ਜਾਂਦਾ ਹੈ? ਕਿਸੇ ਬਾਰੇ ਲਿਖਣ ਤੋਂ ਪਹਿਲਾਂ ਉਸ ਨੂੰ ਵੇਖਣਾ ਪੈਂਦਾ ਹੈ । ਵੇਖਣ ਲਈ ਦੂਰੀ ਜ਼ਰੂਰੀ ਹੈ । ਪਿਤਾ ਤੋਂ ਦੂਰੀ, ਮੇਰੇ ਲਈ ਮੁਮਕਿਨ ਹੀ ਨਹੀਂ । ਸਾਡੀ ਦੋਹਾਂ ਦੀ ਹੋਂਦ ਘੁਲੀ-ਮਿਲੀ ਹੈ । ਪਿਤਾ ਨੂੰ ਖ਼ੁਦ ਤੋਂ ਵੱਖ ਕਰਕੇ ਕਿਵੇਂ ਵੇਖਾਂ? ਉਸ ਤੋਂ ਵੱਖ ਹੋ ਕੇ ਕਿਵੇਂ ਖਲੋਵਾਂ? ਇੱਕ ਤੋਂ ਦੋ ਕਿਵੇਂ ਹੋਵਾਂ?

ਪਿਤਾ ਨੇ ਸਦਾ ਏਕੇ ਦਾ ਸਬਕ ਦਿੱਤਾ ਹੈ । ਅਦਵੈਤ ਦਾ ਪਾਠ ਪੜ੍ਹਾਇਆ ਹੈ । ਦੂਈ ਦਾ ਬੀਜ ਬੋਇਆ ਹੀ ਨਹੀਂ । ਦੂਰੀ ਦਾ ਬੋਧ ਹੋਇਆ ਹੀ ਨਹੀਂ । ਅੰਦਰੋਂ ਆਵਾਜ਼ ਆਉਂਦੀ ਹੈ:

''ਪੁੱਤਰ! ਸਫ਼ਰ ਓਥੋਂ ਹੀ ਸ਼ੁਰੂ ਹੋਣਾ ਹੈ, ਜਿੱਥੇ ਪੈਰ ਹਨ ।'' ...ਮੈਂ ਪੈਰਾਂ ਦੇ ਸਹਾਰੇ ਤੁਰਨ ਦੀ ਕੋਸ਼ਿਸ਼ ਕਰਦਾ ਹਾਂ । ਅਜੀਬ ਸਥਿਤੀ ਹੈ: ਪਿਤਾ ਦੀ ਉਂਗਲ ਫੜ ਕੇ, ਪਿਤਾ ਦੇ ਪੈਰਾਂ ਨਾਲ, ਪਿਤਾ ਦੇ ਪੂਰਨਿਆਂ ਉੱਤੇ ਚੱਲ ਰਿਹਾ ਹਾਂ । ਉਹਨਾਂ ਦਾ ਬਿੰਬ ਸੂਰਜ ਵਾਂਗੂੰ ਦਗ ਦਗ ਕਰਦਾ ਹੈ: ਮੈਂ ਮੋਮਬੱਤੀ ਵਾਂਗੂੰ ਢਲ ਰਿਹਾ ਹਾਂ । ਪਿਤਾ ਦਾ ਸਰੀਰ ਚਿਤਾ ਦੇ ਹਵਾਲੇ ਹੋਇਆ ਡੇਢ ਦਹਾਕਾ ਬੀਤ ਗਿਆ ਹੈ । ਇਕੱਤੀ ਵਰ੍ਹੇ ਪਹਿਲਾਂ ਮੈਂ ਖ਼ੁਦ ਪਿਤਾ ਬਣ ਗਿਆ ਸਾਂ । ਸੱਤ ਸਾਲ ਹੋ ਗਏ ਨੇ ਮੇਰੇ ਪੁੱਤਰ ਨੂੰ ਪਿਤਾ ਬਣਿਆਂ । ...ਆਦਿ ਕਾਲ ਤੋਂ ਪਿਤਾ ਲਗਾਤਾਰ ਪੈਦਾ ਹੋ ਰਿਹਾ ਹੈ, ਪੈਦਾ ਕਰ ਰਿਹਾ ਹੈ । ਭਵਿੱਖ ਨੂੰ ਡਰਾ ਰਿਹਾ ਹੈ: ਭੂਤ ਤੋਂ ਡਰ ਰਿਹਾ ਹੈ । ਪਰਮ-ਪਿਤਾ ਹੀ ਪਿਤਾ ਬਣਕੇ ਲੀਲਾ ਕਰ ਰਿਹਾ ਹੈ । ਭਟਕਿਆ ਹੋਇਆ ਬਾਲ ਘਰ ਪਰਤ ਆਇਆ ਹੈ । ਪਿਤਾ ਨੇ ਛਾਤੀ ਨਾਲ ਲਾਇਆ ਹੈ । ਪਹਿਲਾਂ ਹਨੇਰ ਛਾਇਆ ਹੋਇਆ ਸੀ, ਹੁਣ ਕਈ ਕੁਝ ਯਾਦ ਆ ਰਿਹਾ ਹੈ । ਪਹਿਲਾਂ ਕੁਝ ਸੁੱਝਦਾ ਹੀ ਨਹੀਂ ਸੀ, ਹੁਣ ਲਿਖਣ ਵਿੱਚ ਸਵਾਦ ਆ ਰਿਹਾ ਹੈ ।

ਤੁਰਨ ਵਾਂਗ ਲਿਖਣ ਵੀ ਪਿਤਾ ਨੇ ਲਾਇਆ ਸੀ: ਪੂਰਨੇ ਪਾ ਕੇ, ਕਲਮ ਘੜ ਕੇ, ਹੱਥ ਫੜ ਕੇ । ਲਿਖਾਈ ਤੋਂ ਲਿਖਤ ਤੱਕ ਦਾ ਸਫ਼ਰ ਵੀ ਇਹੋ ਜਿਹਾ ਹੀ ਹੈ । ਉਹ ਕਵੀ ਸਨ । ਪੜ੍ਹਦੇ ਸਨ । ਲਿਖਦੇ ਸਨ । ਸੁਣਾਉਂਦੇ ਸਨ । ਸਮਝਾਉਂਦੇ ਸਨ । ਕਾਗਜ਼ ਨੂੰ ਪੱਤਰਾ ਤੇ ਕਿਤਾਬ ਨੂੰ ਗਰੰਥ ਕਹਿੰਦੇ ਸਨ । ਕਿਤਾਬਾਂ ਨੂੰ ਸਾਫ਼ ਕੱਪੜੇ 'ਚ ਬੰਨ੍ਹ ਕੇ ਉੱਚੇ ਥਾਂ ਰੱਖਦੇ ਸਨ । ਕਿਤਾਬ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਪਵਿੱਤਰ ਕਰਦੇ ਸਨ । ਪੰਜ ਗਰੰਥੀ, ਦਸ-ਗੁਰਦਰਸ਼ਨ, ਕਲਗੀਧਰ ਚਮਤਕਾਰ, ਗੀਤਾ, ਤੁਲਸੀ ਰਮਾਇਣ, ਜਸਵੰਤ ਸਿੰਘ ਟੋਹਾਵਣੀ ਦੀ ਰਮਾਇਣ, ਪੰਡਤ ਰਾਧੇ ਸ਼ਾਮ ਦੀ ਰਮਾਇਣ, ਕਾਲੀਦਾਸ ਦਾ ਪੂਰਨ ਭਗਤ ਤੇ ਗੋਪੀ ਚੰਦ, ਭਰਥਰੀ ਹਰੀ ਸੰਤ ਬਾਣੀ, ਸਾਰ, ਬਚਨ, ਸਾਰੀ ਦੁਨੀਆਂ, ਸਤਿਜੁਗ... ਵਰਗੀਆ ਪੁਸਤਕਾਂ ਤੇ ਪੱਤਰਕਾਵਾਂ ਸਾਡੇ ਘਰੇਲੂ ਸਿਲੇਬਸ ਵਿੱਚ ਲੱਗੀਆਂ ਹੋਈਆਂ ਸਨ । ਪੜ੍ਹਦਾ-ਸੁਣਦਾ ਪਤਾ ਨਹੀਂ, ਕਦੋਂ, ਮੈਂ ਤੁਕਾਂ ਜੋੜਨ ਲੱਗ ਪਿਆ । ਕਬੀਰ, ਨਾਮਦੇਵ,ਰਵੀਦਾਸ,ਪਲਟੂ, ਦਾਦੂ, ਮੀਰਾ ਬਾਈ...ਸਾਡੇ ਟੱਬਰ ਦੇ ਜੀਆਂ ਵਰਗੇ ਸਨ । ...ਹੁਣ ਤਕ ਦੀ ਕਲਮ- ਘਸਾਈ ਦਾ ਜੋ ਕਿਰਿਆ-ਕਲਾਪ ਹੈ । ਸਭ ਪਿਤਾ ਦਾ ਪ੍ਰਤਾਪ ਹੈ । ਉਹਨਾਂ ਦੀਆਂ ਪੜ੍ਹੀਆਂ ਕਿਤਾਬਾਂ ਪੜ੍ਹਦਿਆਂ, ਪੜ੍ਹਨ ਦੀ ਜਾਚ ਆਈ । ਹਾਸ਼ੀਏ ਵਿੱਚ ਲਿਖੀਆਂ ਟਿੱਪਣੀਆਂ ਅਤੇ ਗਲਤ ਛਾਪੇ ਦੀ ਸੁਧਾਈ ਦੀ ਆਦਤ ਹੁਣ ਤੱਕ ਕਾਇਮ ਹੈ । ਫਾਰਸੀ ਜਾਂ ਦੇਵਨਾਗਰੀ ਤੋਂ ਗਰੁਮੁਖੀ ਵਿੱਚ ਲਿਪਾਂਤਰ ਹੋਣ ਵਾਲੀਆਂ ਉਕਾਈਆਂ ਦਾ ਪਤਾ ਉਸੇ ਸਿਖਲਾਈ ਦਾ ਨਤੀਜਾ ਹੈ ।

ਪਿਤਾ ਬਾਰੇ ਲਿਖਣਾ ਹੁਣ ਆਤਮ ਕਥਾ ਲਿਖਣ ਵਾਂਗ ਜਾਪ ਰਿਹਾ ਹੈ । ਇਹ ਵੱਡਾ ਅਤੇ ਜ਼ੁੰਮੇਵਾਰੀ ਵਾਲਾ ਕੰਮ ਹੈ । ਹਾਲ ਦੀ ਘੜੀ ਇਸ ਕੰਮ ਨੂੰ ਅੱਗੇ ਪਾਇਆ ਜਾ ਸਕਦਾ ਹੈ । ਵਕਤੀ ਲੋੜ ਵੱਲ ਆਇਆ ਜਾ ਸਕਦਾ ਹੈ । ਉਹਨਾਂ ਦੇ ਕੁਝ ਬੋਲਾਂ ਨਾਲ ਪ੍ਰਥਮ ਅਧਿਆਇ ਮੁਕਾਇਆ ਜਾ ਸਕਦਾ ਹੈ ।

? ਬੇਟਾ! ਬਹਿਸ ਤੋਂ ਬਚੋ । ਅਖਬਾਰ ਦੀ ਥਾਂ ਗਰੰਥ ਪੜ੍ਹਿਆ ਕਰੋ ।

? ਕਰਜ਼ਾ ਕੋਹੜ ਹੁੰਦਾ ਹੈ । ਜੇਕਰ ਐਤਵਾਰ ਨੂੰ ਉਤਰਦਾ ਹੋਏ ਤਾਂ ਸੋਮਵਾਰ ਨਹੀਂ ਉਡੀਕੀਦਾ ।

? ਕਿਸੇ ਹੋਰ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਰੋਜ਼ੀ- ਦਹਿੰਦ, ਬਖ਼ਸ਼ਿੰਦ ਅਤੇ ਮੁਸ਼ਕਿਲ-ਕੁਸ਼ਾ ਸਿਰਫ਼ 'ਉਹੀ' ਹੈ । 'ਉਸ' ਨੂੰ ਯਾਦ ਰੱਖੋ ।

ਅੰਤ ਵਿੱਚ ਉਨ੍ਹਾਂ ਦਾ ਇੱਕ ਸ਼ੇਅਰ:

ਲਾਖ਼ ਤੋ ਫ਼ਾਨੂਸ ਰੋਸ਼ਨ ਗ਼ਰ ਸ਼ਬੇ ਦੀਜੂਰ ਮੇਂ,
ਦਿਨ ਨ ਕਹਿਲਾਏਗੀ ਵੋ ਸੂਰਜ ਕੀ ਹਸਤੀ ਕੇ ਬਗ਼ੈਰ ।
ਦਾਨਾ ਹੈ ਤੋਂ ਸੋਚ ਲੇ ਦਾਨਾ ਭੀ ਗਿਰ ਕਰ ਹੀ ਬੜ੍ਹੇ,
ਬੜ੍ਹਨਾ ਆ ਸਕਤਾ ਨਹੀਂ 'ਸ਼ਾਦਾਬ' ਪਸਤੀ ਕੇ ਬਗ਼ੈਰ ।

ਅਥ ਪਿਤਾ ਪ੍ਰਕਰਣ

ਪਿਤਾ ਇੱਕ ਸ਼ਬਦ ਹੈ, ਸੰਕਲਪ ਹੈ, ਸੰਬੋਧਨ ਹੈ ।
ਪਿਤਾ ਧਿਰਤਰਾਸ਼ਟਰ ਹੈ, ਬੇਟਾ ਦੁਰਯੋਜਨ ਹੈ¨
ਕੈਸੋ ਵਿਰੋਧਾਭਾਸ ਹੈ ਇਹ ਕੈਸਾ ਅਪਵਾਦ ਹੈ ।
ਪਿਤਾ ਹਰਨਾਖ਼ਸ਼ ਹੈ, ਬੇਟਾ ਪ੍ਰਹਿਲਾਦ ਹੈ¨
ਰਾਮ ਮਰਿਯਾਦਾ ਹੈ, ਦਸ਼ਰਥ ਸਿਧਾਂਤ ਹੈ ।
ਪਿਤਾ –ਪੁਰਖੀ ਨਾਟਕ ਦਾ ਇਹੋ ਹੀ ਦੁਖਾਂਤ ਹੈ¨
ਕਸ਼ਯਪ ਨਿਜ-ਬੀਜ ਕੋ ਹੈਰਾਨ ਹੋ ਕੇ ਦੇਖਤੇ ।
'ਦਿੱਤੀ' ਜੰਮੇ ਦੈਂਤ ਤੇ 'ਅਦਿੱਤੀ' ਜੰਮੇ ਦੇਵਤੇ¨
ਇੱਕ ਖੁਸ਼ ਹੁੰਦਾ ਏਥੇ ਦੂਸਰੇ ਨੂੰ ਮਾਰਕੇ ।
ਭਾਵੇਂ ਏਕ ਪਿਤਾ ਸਭ ਏਕਸ ਕੇ ਬਾਰਕੇ¨
ਆਦਮੀ ਦੀ ਬੋਲੀ ਵਿੱਚ ਪਿਤਾ ਇੱਕ ਰਿਸ਼ਤਾ ਹੈ ।
ਕਿਸੇ ਲਈ ਜਮ-ਦੂਤ, ਕਿਸੇ ਲਈ ਫਰਿਸ਼ਤਾ ਹੈ¨
ਦ੍ਰਿਸ਼ਟੀ ਦਾ ਭਰਮ ਸਭ ਸ੍ਰਿਸ਼ਟੀ ਦੀ ਲੀਲਾ ਹੈ ।
ਜੀਵਨ ਸਨਾਤਨ ਹੈ, ਪਿਤਾ ਤਾਂ ਵਸੀਲਾ ਹੈ¨
ਆਪਣੇ ਵਜੂਦ ਰਾਹੀਂ ਪਿਤਾ ਨੂੰ ਜੇ ਜਾਣਾਂਗੇ ।
ਤਾਂ ਹੀ ਪਰਮ ਸੱਚ, ਪਰਮ-ਪਿਤਾ ਨੂੰ ਪਛਾਣਾਂਗੇ¨

''ਇਤਿ ਪਿਤਾ ਪ੍ਰਕਰਣ''

  • ਮੁੱਖ ਪੰਨਾ : ਭੂਸ਼ਨ ਧਿਆਨਪੁਰੀ - ਪੰਜਾਬੀ ਕਵਿਤਾਵਾਂ ਤੇ ਵਾਰਤਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ