Kissa Tara Singh Tara
ਤਾਰਾ ਸਿੰਘ ਤਾਰਾ ਹੋਰਾਂ ਦਾ ਦਿਲਚਸਪ ਕਿੱਸਾ
ਤਾਰਾ ਸਿੰਘ ਹੋਰਾਂ ਦਾ ਦਿਲਚਸਪ ਕਿੱਸਾ : ਪ੍ਰੋ : ਮੋਹਨ ਸਿੰਘ ਹੋਰਾਂ ਦੀ ਜ਼ੁਬਾਨੀ
ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਮੋਰਚਿਆਂ ਵੇਲੇ ਕਵੀ ਦਰਬਾਰਾਂ ਦਾ ਬੜਾ ਰਿਵਾਜ਼ ਹੋ ਗਿਆ ਸੀ। ਬਹੁਤ ਸਾਰੇ ਸਥਾਨਕ ਕਵੀ ਹੋਏ ਜਿਹਨਾਂ ਨੇ ਅੰਗ੍ਰੇਜ਼ਾਂ ਦੇ ਖ਼ਿਲਾਫ਼ ਕਾਫ਼ੀ ਜੋਸ਼ੀਲੀਆਂ ਨਜ਼ਮਾਂ ਪੜ੍ਹ ਕੇ ਪ੍ਰਸਿੱਧੀ ਪ੍ਰਾਪਤ ਕੀਤੀ। ਲੋਕਾਂ ਦੀ ਮਦਦ ਨਾਲ ਉਹ ਅੰਗ੍ਰੇਜ਼ਾਂ ਦੀ ਪੁਲਿਸ ਨੂੰ ਚਕਮਾ ਦੇ ਕੇ ਤਿੱਤਰ ਹੋ ਜਾਂਦੇ ਸਨ। ਇਕ ਵਾਰ ਪ੍ਰੋ. ਸਾਹਿਬ ਨੇ ਇਕ ਬੜੀ ਹਾਸੇ ਵਾਲੀ ਗੱਲ ਸੁਣਾਈ। ਕਹਿਣ ਲੱਗੇ “ਅੰਮ੍ਰਿਤਸਰ ਦਾ ਇਕ ਕਵੀ ਤਾਰਾ ਸਿੰਘ ਸੀ ਜੋ ਹਸਾਉਣੀਆਂ ਕਵਿਤਾਵਾਂ ਲਿਖਦਾ ਸੀ। ਲੋਕਾਂ ਨੇ ਮਖੌਲ ਨਾਲ ਉਸ ਨੂੰ ਤਾਰਾ ਸਿੰਘ ਤਾਰਾ ਤੇ ਕੁਝ ਲੋਕਾਂ ਨੇ ਉਹਦੀ ਪਿੱਠ ਪਿੱਛੇ ਤਾਰਾ ਸਿੰਘ ਬੋਦੀ ਵਾਲਾ ਤਾਰਾ ਕਹਿਣਾ ਸ਼ੁਰੂ ਕਰ ਦਿੱਤਾ। ਉਸ ਨੂੰ ਵੀ ਪਤਾ ਲੱਗ ਗਿਆ ਤੇ ਉਹ ਮਨੋਂ ਬੜਾ ਹੀ ਔਖਾ ਸੀ। ਇਕ ਦਿਨ ਕਵੀ ਦਰਬਾਰ ਹੋ ਰਿਹਾ ਸੀ। ਸਟੇਜ ਸਕੱਤਰ ਨੇ ਲੋਕਾਂ ਨੂੰ ਬੜੇ ਮਜ਼ਾਕੀਆ ਲਹਿਜੇ ਵਿਚ ਕਿਹਾ “ਸਾਧ ਸੰਗਤ ਜੀ। ਹੁਣ ਤੁਹਾਡੇ ਪਿਆਰੇ ਕਵੀ ਤਾਰਾ ਸਿੰਘ ਬੋਦੀ ਵਾਲਾ ਤਾਰਾ ਆਪਣੀ ਕਵਿਤਾ ਸੁਣਾਉਣਗੇ।” ਤਾਰਾ ਸਿੰਘ ਲੋਹਾ ਲਾਖਾ ਹੋਇਆ ਉੱਠਿਆ। ਲੋਕ ਹੱਸ ਰਹੇ ਸਨ। ਉਸ ਨੇ ਸਭ ਨੂੰ ਚੁੱਪ ਰਹਿ ਕੇ ਕਵਿਤਾ ਸੁਣਨ ਲਈ ਅਪੀਲ ਕੀਤੀ। ਲੋਕ ਚੁੱਪ ਹੋਏ ਤਾਂ ਕਹਿਣ ਲੱਗਾ, “ਆਪਣੀ ਕਵਿਤਾ ਸੁਣਾਉਣ ਤੋਂ ਪਹਿਲਾਂ ਇਕ ਕੁੰਡਲੀਆ ਸਕੱਤਰ ਸਾਹਿਬ ਨੂੰ ਨਜ਼ਰ ਕਰਦਾ ਹਾਂ। ਸਕੱਤਰ ਸਾਹਿਬ ਜੀਓ ਜ਼ਰਾ ਧਿਆਨ ਨਾਲ ਸੁਣੋ। ਨਾਲੇ ਇਸ ’ਤੇ ਅਮਲ ਵੀ ਕਰਨਾ । ਕੁੰਡਲੀਆ ਪੇਸ਼ ਹੈ ਜੀ:-
“ਬੋਦੀ ਵਾਲਾ ਮੱਤ ਕਹੋ ਸੁਣੋ ਖਾਲਸਾ ਬਾਤ,
ਵਹੁ ਜੋ ਤਾਰਾ ਤੁਮ ਕਹੋ ਵਹੁ ਤੋ ਚੜ੍ਹ ਹੈ ਰਾਤ,
ਵਹੁ ਤੋ ਚੜ੍ਹ ਹੈ ਰਾਤ ਇਸੀ ਕੋ ਘਰ ਲੈ ਜਾਓ,
ਉਸ ਉਪਰ ਚੜ੍ਹ ਜਾਇ ਜਿਸ ਪੈ ਮੁੱਖਓਂ ਅਲਾਓ,
ਉਤਰੇਗਾ ਫਿਰ ਤਬੀ ਬਾਲ ਕੋ ਦੇ ਕਰ ਗੋਦੀ,
ਭਾਵੇਂ ਰੱਖੋ ਕੇਸ ਓਸ ਦੇ ਭਾਵੇਂ ਰੱਖੋ ਬੋਦੀ।”
ਮੈਂ ਇਹ ਵਾਰਤਾ ਸੁਣ ਕੇ ਹੱਸ ਹੱਸ ਲੋਟ ਪੋਟ ਹੋ ਗਿਆ।