ਕੀ ਹੋਇਆ ਜੇ ਪੱਤਿਆਂ ’ਤੇ ਮੇਰਾ ਨਾਮ ਨਹੀਂ ਹੈ : ਗੁਲਜ਼ਾਰ ਸਿੰਘ ਸੰਧੂ

ਮੇਰੇ ਲਈ ਸੁਰਜੀਤ ਪਾਤਰ ਦੀ ਗੱਲ ਕਰਨਾ ਸਮੁੱਚੇ ਪੰਜਾਬ ਦੀ ਆਤਮਾ ਵਿੱਚੋਂ ਲੰਘ ਕੇ ਨਿੱਜ ਤੱਕ ਦਾ ਸਫ਼ਰ ਤੈਅ ਕਰਨਾ ਹੈ।

ਕੋਈ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਮੇਰੀ ਭੂਆ ਦਾ ਪੁੱਤ ਰਾਮਚਰਨ ਸਿੰਘ ਨੌਂ ਸਾਲ ਬਰਮਿੰਘਮ (ਯੂਕੇ) ਰਹਿ ਕੇ ਆਪਣੇ ਦੇਸ਼ ਪਰਤਿਆ ਸੀ। ਮੈਂ ਉਸ ਨੂੰ ਨਵੀਂ ਦਿੱਲੀ ਦੇ ਹਵਾਈ ਅੱਡੇ ਤੋਂ ਲੈ ਕੇ ਉਸ ਦੇ ਪਿੰਡ ਕੰਗ ਜਗੀਰ (ਨੇੜੇ ਫਿਲੌਰ) ਲੈ ਕੇ ਜਾਣਾ ਸੀ। ਅੰਬਾਲਾ ਲੰਘਦਿਆਂ ਪਤਾ ਲੱਗਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਕਵੀ ਦਰਬਾਰ ਹੈ। ਰਾਮਚਰਨ ਦੀ ਮੰਗ ਉੱਤੇ ਮੈਂ ਰਾਜਪੁਰਾ ਤੋਂ ਕਾਰ ਪਟਿਆਲਾ ਮਾਰਗ ਉੱਤੇ ਪਾ ਲਈ। ਅਸੀਂ ਖਚਾਖਚ ਭਰੇ ਹਾਲ ਵਿੱਚ ਸੀਟਾਂ ਮੱਲ ਲਈਆਂ। ਮੈਨੂੰ ਇੱਕ ਮਲੂਕੜੇ ਜਿਹੇ ਮੁੰਡੇ ਦੇ ਹੇਠ ਲਿਖੇ ਬੋਲਾਂ ਨੇ ਪ੍ਰਭਾਵਤ ਕੀਤਾ:

ਇਹ ਕੀ ਘੱਟ ਹੈ ਕਿ ਇਸ ਰੁੱਖ ਨੂੰ ਹੈ ਮੇਰੇ ਖ਼ੂਨ ਨੇ ਸਿੰਜਿਆ
ਕੀ ਹੋਇਆ ਜੇ ਪੱਤਿਆਂ ’ਤੇ ਮੇਰਾ ਨਾਮ ਨਹੀਂ ਹੈ

ਪਤਾ ਲੱਗਿਆ ਕਿ ਇਸ ਮੁੰਡੇ ਦਾ ਨਾਂ ਸੁਰਜੀਤ ਪਾਤਰ ਸੀ। ਜਿਸ ਦਿਨ ਰਾਮਚਰਨ ਨੇ ਵਾਪਸੀ ਉਡਾਣ ਫੜਨੀ ਸੀ ਤਾਂ ਉਸ ਨੂੰ ਹਵਾਈ ਅੱਡੇ ’ਤੇ ਲਿਜਾਣ ਵਾਲਾ ਵੀ ਮੈਂ ਹੀ ਸਾਂ। ਉਸ ਨੇ ਅਲਵਿਦਾ ਕਹਿਣ ਤੋਂ ਪਹਿਲਾਂ ਮੇਰਾ ਧੰਨਵਾਦ ਕਰਦਿਆਂ ਆਪਣੀ ਪਟਿਆਲਾ ਵਾਲੀ ਫੇਰੀ ਦਾ ਜ਼ਿਕਰ ਕਰਕੇ ਕਿਹਾ ਸੀ, ‘‘ਪੰਜਾਬੀ ਬੰਦੇ ਵਲਾਇਤ ਦੇ ਰੁੱਖਾਂ ਨੂੰ ਆਪਣੇ ਖ਼ੂਨ ਪਸੀਨੇ ਨਾਲ ਸਿੰਜ ਕੇ ਵੱਡੇ ਕਰਦੇ ਹਨ।’’

ਜਦ 1978 ਵਿੱਚ ਮੈਂ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਕੇਂਦਰ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਮੇਰਾ ਸਵਾਗਤ ਕਰਨ ਵਾਲਿਆਂ ਵਿੱਚ ਸੁਰਜੀਤ ਪਾਤਰ ਪ੍ਰਮੁੱਖ ਸੀ। ਉਦੋਂ ਤੱਕ ਉਹ ਪੰਜਾਬੀ ਕਾਵਿ ਜਗਤ ਵਿੱਚ ਸ਼ਿਵ ਬਟਾਲਵੀ ਵਾਂਗ ਛਾ ਚੁੱਕਿਆ ਸੀ। ਜਿਵੇਂ ਕਹਿ ਰਿਹਾ ਹੋਵੇ:

ਮੈਂ ਰਾਹਾਂ ’ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।
ਸਦਾ ਤੋਂ ਕਾਫ਼ਲੇ ਆਏ
ਇਹ ਗੱਲ ਦੇ ਗਵਾਹ ਬਣਦੇ।

ਮੈਂ ਲੁਧਿਆਣਾ ਸ਼ਹਿਰ ਵਿੱਚ ਉਸ ਵੇਲੇ ਦੀਆਂ ਮਹਿਫ਼ਿਲਾਂ ਦਾ ਰੱਜ ਕੇ ਸੁਆਦ ਮਾਣਿਆ। ਇਹ ਮਹਿਫ਼ਿਲਾਂ ਕੈਂਪਸ ਵਿੱਚ ਲਗਦੀਆਂ ਸਨ, ਸ਼ਹਿਰ ਦੇ ਜਨਤਕ ਸਥਾਨਾਂ ਉੱਤੇ ਵੀ ਤੇ ਲੁਧਿਆਣਾ-ਦੋਰਾਹਾ ਮਾਰਗ ’ਤੇ ਪੈਂਦੇ ਜਗਜੀਤ ਸਿੰਘ ਹਾਰਾ ਦੇ ਫਾਰਮ ਉੱਤੇ ਵੀ। ਉਸ ਦੇ ਫਾਰਮ ਉੱਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਮੇਤ ਸ਼ਹਿਰ ਦੇ ਪਤਵੰਤੇ ਹਾਜ਼ਰ ਹੁੰਦੇ ਸਨ। ਉਨ੍ਹਾਂ ਸਭਨਾਂ ਦੇ ਮਨਾਂ ਵਿੱਚ ਫਾਰਮ ਦਾ ਆਨੰਦ ਮਾਣਨ ਨਾਲੋਂ ਸੁਰਜੀਤ ਪਾਤਰ ਦੇ ਬੋਲ ਮਾਣਨਾ ਪ੍ਰਮੁੱਖ ਹੁੰਦਾ ਸੀ।

ਮੈਂ ਸੁਭਾਗਾ ਹਾਂ ਕਿ ਮੈਨੂੰ ਆਪਣੇ ਜੀਵਨ ਵਿੱਚ ਉਨ੍ਹਾਂ ਦੋ ਕਵੀਆਂ ਦੀ ਸੰਗਤ ਮਾਣਨ ਦਾ ਅਵਸਰ ਮਿਲਿਆ ਹੈ ਜਿਹੜੇ ਆਪਣੀ ਮਿਸਾਲ ਆਪ ਸਨ। ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ। ਜਿੱਥੇ ਸ਼ਿਵ ਦੇ ਬੋਲਾਂ ਵਿੱਚ ਉਦਾਸੀ ਹੁੰਦੀ ਸੀ, ਪਾਤਰ ਆਸ਼ਾਵਾਦੀ ਵੀ ਸੀ ਤੇ ਉੱਤਮ ਵੀ। ਜੇ ਉਹ ਪੰਜਾਬ ਦੇ ਕਾਲੇ ਦਿਨਾਂ ਵਿੱਚ:

ਮਾਤਮ
ਹਿੰਸਾ
ਖ਼ੌਫ਼
ਬੇਬਸੀ ਤੇ ਅਨਿਆਂ
ਇਹ ਨੇ ਅੱਜਕਲ੍ਹ
ਮੇਰੇ ਪੰਜ ਦਰਿਆਵਾਂ ਦੇ ਨਾਂ

ਲਿਖਦਾ ਸੀ ਤਾਂ ਛੇਤੀ ਹੀ ਸੰਭਲ ਵੀ ਜਾਂਦਾ ਸੀ। ਉਸ ਦੇ ਬੋਲਾਂ ਵਿੱਚ ਆਸ ਭਰ ਜਾਂਦੀ ਸੀ:

ਇਹ ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ,
ਇਹ ਇਕ ਰੀਤ, ਇਕ ਗੀਤ, ਇਤਿਹਾਸ ਵੀ ਹੈ।
ਗੁਰੂਆਂ, ਰਿਸ਼ੀਆਂ ਤੇ ਸੂਫ਼ੀਆਂ ਸਿਰਜਿਆ ਏ,
ਇਹ ਇਕ ਫਲਸਫ਼ਾ, ਸੋਚ, ਅਹਿਸਾਸ ਵੀ ਹੈ।
ਕਿੰਨੇ ਝੱਖੜਾਂ, ਤੂਫ਼ਾਨਾਂ ’ਚੋਂ ਲੰਘਿਆ ਏ,
ਇਹਦਾ ਮੁੱਖੜਾ ਕੁਝ ਕੁਝ ਉਦਾਸ ਵੀ ਹੈ।
ਮੁੜ ਕੇ ਸ਼ਾਨ ਇਸਦੀ ਸੂਰਜ ਵਾਂਗ ਚਮਕੂ,
ਮੇਰੀ ਆਸ ਵੀ ਹੈ, ਅਰਦਾਸ ਵੀ ਹੈ।

ਉਸ ਦੀ ਉਦਾਸੀ ਵਿੱਚ ਵੀ ਉੱਤਮਤਾ ਸੀ। ਕਿਸੇ ਜਾਣੇ-ਪਛਾਣੇ ਚਿਹਰੇ ਦੀ ਤਸਵੀਰ ਤੱਕ ਕੇ ਹੇਠ ਲਿਖੇ ਸ਼ਬਦ ਲਿਖਣ ਵਾਂਗ:

ਤੇਰੀ ਕਿੱਥੇ ਮੈਂ ਕੱਲ੍ਹ ਤਸਵੀਰ ਦੇਖੀ
ਕਲੇਜੇ ਆਪਣੇ ਜਿਉਂ ਸ਼ਮਸ਼ੀਰ ਦੇਖੀ
ਏਨਾ ਨੇੜਿਉਂ ਤੱਕਿਆ ਪਾਣੀ ਨੂੰ ਮੈਂ
ਕਿ ਹਰ ਕਤਰੇ ਦੇ ਦਿਲ ’ਚ ਲਕੀਰ ਦੇਖੀ
ਨਵੇਂ ਦੁੱਖ ਵਿੱਚ ਪੁਰਾਣੇ ਲਫ਼ਜ਼ ਤੜਪੇ
ਨਵੇਂ ਵਾਕਾਂ ਦੀ ਇਉਂ ਤਾਮੀਰ ਦੇਖੀ

ਇੱਥੇ ਉਸ ਦੇ ਬੋਲਾਂ ਵਿੱਚ ਕਾਵਿਕ ਉੱਤਮਤਾ ਹੀ ਨਹੀਂ, ਕਾਵਿਕ ਸਿਰਜਣਾ ਦਾ ਅਹਿਸਾਸ ਵੀ ਹੈ। ਉਸ ਦੇ ਇੱਕ ਹੋਰ ਸ਼ਿਅਰ ਵਾਂਗ:

ਕੱਲ੍ਹ ਰਾਤੀਂ ਕੁਝ ਲੱਕੜਹਾਰੇ ਕਾਲੇ ਵਣ ’ਚੋਂ ਲੰਘ ਰਹੇ ਸਨ,
ਸਾਵੇ ਸਾਵੇ ਬਿਰਖਾਂ ਕੋਲੋਂ, ਬਲਦਾ ਚੁੱਲ੍ਹਾ ਮੰਗ ਰਹੇ ਸਨ।
ਲੋਹੇ ਨੂੰ ਹਥਿਆਰ ਬਣਾ ਕੇ, ਬੰਦੇ ਭੁੱਖ ਪਿਆਸ ਮਿਟਾ ਕੇ,
ਆਪੇ ਘੜੀਆਂ ਮੂਰਤੀਆਂ ਤੋਂ, ਰੋ ਰੋ ਮਾਫ਼ੀ ਮੰਗ ਰਹੇ ਸਨ।

ਸੱਚਮੁੱਚ ਹੀ ਪਾਤਰ ਦੇ ਬੋਲਾਂ ਵਿੱਚ ਠਰੰਮਾ ਵੀ ਸੀ, ਆਸ ਵੀ ਤੇ ਅਰਦਾਸ ਵੀ।

ਐਵੇਂ ਤਾਂ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਵਿਹੜੇ ਆਈ ਉਸ ਦੀ ਪੁਸਤਕ ਉੱਤੇ ਹੇਠ ਲਿਖੇ ਬੋਲ ਪੜ੍ਹ ਕੇ

ਲਿਖਤੁਮ ਨੀਲੀ ਬੰਸਰੀ ਅੱਗੇ ਸੂਹੀ ਅੱਗ
ਅਹਿ ਲੈ ਦੀਪਕ ਰਾਗ ਸੁਣ, ਹੋਂਦ ਮੇਰੀ ਨੂੰ ਲੱਗ

ਪਾਤਰ ਦੇ ਬੋਲਾਂ ਵਿੱਚ ਕਬੀਰ ਤੇ ਕ੍ਰਿਸ਼ਨ ਦੀ ਆਤਮਾ ਦਾ ਨਜ਼ਾਰਾ ਦੇਖਿਆ ਸੀ। ਪਾਤਰ ਦੇ ਸਮਕਾਲੀ ਪਾਸ਼ ਵੱਲੋਂ ਉਸ ਨੂੰ ਲਿਖੇ ਇੱਕ ਖ਼ਤ ਦੇ ਹੇਠ ਲਿਖੇ ਸ਼ਬਦ ਵੀ ਨੋਟ ਕਰਨ ਵਾਲੇ ਹਨ:

‘‘ਨਿਰਸੰਦੇਹ ਤੂੰ ਸਾਡੇ ਸਮਿਆਂ ਦਾ ਬਹੁਤ ਵੱਡਾ ਕਵੀ ਹੈਂ। ਇਹ ਤੇਰੀ ਸ਼ਕਤੀ ਹੀ ਹੈ ਜੋ ਮੇਰੇ ਵਰਗੇ ਤੈਥੋਂ ਅਲੱਗ ਵਿਚਾਰਧਾਰਾ ਵਾਲੇ ਬੰਦੇ ਨੂੰ ਵੀ ਇਹ ਕਹਿਣ ’ਤੇ ਮਜਬੂਰ ਕਰਦੀ ਹੈ। ਅਹਿਸਾਸ ਦੀ ਧਾਰਾ ਵਿੱਚ ਤੇਰਾ ਕੱਦ ਬਹੁਤ ਉੱਚਾ ਹੈ, ਸਭ ਤੋਂ ਉੱਚਾ।’’

ਏਥੇ ਮੇਰਾ ਇਹ ਦੱਸਣ ਨੂੰ ਵੀ ਜੀਅ ਕਰਦਾ ਹੈ ਕਿ ਅੰਮ੍ਰਿਤਾ ਪ੍ਰੀਤਮ ਤੇ ਪਾਸ਼ ਦੀ ਉਪਰੋਕਤ ਟਿੱਪਣੀ ਮੈਂ ‘ਸੁਰਤਿ’ ਨਾਂ ਦੇ ਨਵੇਂ ਪੰਜਾਬੀ ਰਸਾਲੇ ਦੇ ਪ੍ਰਥਮ ਅੰਕ ਵਿੱਚੋਂ ਲਈ ਹੈ ਜਿਸ ਨੇ ਪਾਤਰ ਦੀਆਂ ਨਜ਼ਮਾਂ ਨੂੰ ਧਰੋਹਰ ਕਹਿ ਕੇ ਮੁਖਬੰਦ ਵਰਗਾ ਸਥਾਨ ਦਿੱਤਾ ਹੈ। 256 ਪੰਨਿਆਂ ਦੇ ਇਸ ਰਸਾਲੇ ਦਾ ਕਵਿਤਾ ਭਾਗ ਸੁਖਵਿੰਦਰ ਅੰਮ੍ਰਿਤ ਦੇ ਬੋਲਾਂ

‘ਹਨੇਰੇ ਨੂੰ ਤਾਂ ਉਸ ਦੀ ਹਰ ਅਦਾ ਹੀ ਜ਼ਹਿਰ ਲਗਦੀ ਸੀ
ਜਲੇ ਹੋਏ ਵਰਕਿਆਂ ’ਤੇ ਉਹ ਇਬਾਰਤ ਵਾਂਗ ਜਗਦੀ ਸੀ’

ਨਾਲ ਪੰਨਾ 46 ਤੋਂ ਸ਼ੁਰੂ ਹੁੰਦਾ ਹੈ ਤੇ 71 ਪੰਨੇ ਉੱਤੇ ਪਾਕਿਸਤਾਨੀ ਸ਼ਾਇਰ ਅਜਮਲ ਕਲੀਮ ਦੇ ਇਨ੍ਹਾਂ ਸ਼ਬਦਾਂ ਨਾਲ ਖ਼ਤਮ ਹੁੰਦਾ ਹੈ:

ਪਹਿਲਾਂ ਸਾਰੇ ਵਿਹਲੇ ਬੈਠੇ ਹੁੰਦੇ ਸੀ,
ਉਸ ਦੇ ਰੂਪ ਨੇ ਸ਼ਹਿਰ ਨੂੰ ਆਹਰੇ ਲਾ ਦਿੱਤਾ।
ਯਾਰ ਕਲੀਮਾ ਪਾਣੀ ਰੁਕਿਆ ਹੋਇਆ ਸੀ,
ਉਹਦੇ ਪੈਰਾਂ ਨਹਿਰ ਨੂੰ ਆਹਰੇ ਲਾ ਦਿੱਤਾ।

ਮੈਂ ਕਵਿਤਾ ਭਾਗ ਦੇ 46 ਤੋਂ 71 ਪੰਨੇ ਏਸ ਲਈ ਗਿਣੇ ਹਨ ਕਿ ‘ਸੁਰਤਿ’ ਵਾਲਿਆਂ ਨੇ ਪਾਤਰ ਲਈ 8 ਤੋਂ 11 ਪੰਨੇ ਰਾਖਵੇਂ ਰੱਖੇ ਹਨ। ਇਨ੍ਹਾਂ ਪੰਨਿਆਂ ਤੋਂ 35 ਪੰਨੇ ਪਹਿਲਾਂ।

ਪਾਤਰ ਤੇ ਉਸ ਦੇ ਪਿਆਰੇ ਪੰਜਾਬ ਦੀਆਂ ਮੋਟੀਆਂ ਮੋਟੀਆਂ ਗੱਲਾਂ ਤੋਂ ਪਿੱਛੋਂ ਮੈਂ ਉਹਦੇ ਵੱਲੋਂ ਆਪਣੇ ਲਈ ਵਰਤੀਆਂ ਟਿੱਪਣੀਆਂ ਵੀ ਦੱਸ ਹੀ ਦਿਆਂ। ਇਸ ਲਈ ਕਿ ਉਸ ਨੇ ਮੇਰੇ ਵਰਗੇ ਆਪਣੇ ਤੋਂ ਗਿਆਰਾਂ ਸਾਲ ਵੱਡੇ ਆਪਣੇ ਮਿੱਤਰ ਨੂੰ ਠਿੱਬੀ ਦੇ ਕੇ ਆਪਣਾ ਕੱਦ ਹੋਰ ਵੀ ਉੱਚਾ ਕਰ ਲਿਆ ਹੈ। ਇਹ ਸਤਰਾਂ ਲਿਖਦਿਆਂ ਮੈਨੂੰ ਉਹਦੇ ਵੱਲੋਂ 43 ਸਾਲ ਪਹਿਲਾਂ ਮੇਰੇ ਖੇਤੀ ਯੂਨੀਵਰਸਿਟੀ ਦੀ ਨੌਕਰੀ ਛੱਡਣ ਸਮੇਂ ਵਰਤੇ ਗਏ ਬੋਲ ਇੱਕ ਤਰ੍ਹਾਂ ਦਾ ਸਰਟੀਫਿਕੇਟ ਜਾਪਦੇ ਹਨ। ‘ਤੂਤਾਂ ਦੀ ਛਾਂ’ ਸਿਰਲੇਖ ਦੇ ਕੇ ਉਸ ਨੇ ਲਿਖਿਆ ਸੀ:

‘‘ਗੁਲਜ਼ਾਰ ਸਿੰਘ ਸੰਧੂ ਦਾ ਰੰਗ ਸੰਧੂਰੀ ਹੈ। ਉਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ‘ਸੰਧੂ’ ਸ਼ਬਦ ‘ਸੰਧੂਰੀ’ ਤੋਂ ਬਣਿਆ ਹੋਵੇ। ਉਹ ਭਾਵੇਂ ਨਵੀਂ ਦਿੱਲੀ ਦੀ ਕਨਾਟ ਪਲੇਸ ਵਿਖੇ ਰੈਂਬਲ ਰੈਸਤਰਾਂ ਵਿੱਚ ਕਿਸੇ ਮੇਮ ਨਾਲ ਚਾਹ ਪੀ ਰਿਹਾ ਹੋਵੇ, ਭਾਵੇਂ ਆਪਣੇ ਦਫ਼ਤਰ ਵਿੱਚ ਡਿਕਟੇਸ਼ਨ ਦੇ ਰਿਹਾ ਹੋਵੇ ਜਾਂ ਦਿੱਲੀ ਦੀਆਂ ਸੜਕਾਂ ’ਤੇ ਕਾਰ ਚਲਾ ਰਿਹਾ ਹੋਵੇ। ਉਸ ਦੇ ਕੋਲ ਬੈਠਿਆਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਹਰੇ ਕਚੂਰ ਤੂਤਾਂ ਦੀ ਸੰਘਣੀ ਛਾਵੇਂ ਠੰਢੇ ਪਾਣੀ ਵਾਲਾ ਖੂਹ ਵਗ ਰਿਹਾ ਹੋਵੇ ਤੇ ਨਾਲ ਹੀ ਵਗ ਰਹੀ ਹੋਵੇ ਹਲਕੀ ਠੰਢੀ ਹਵਾ ਤੇ ਚਲ੍ਹੇ ਦੇ ਚਾਂਦੀ ਰੰਗੇ ਪਾਣੀ ਵਿੱਚ ਸ਼ਰਬਤੀ ਖਰਬੂਜ਼ੇ ਠੰਢੇ ਹੋ ਰਹੇ ਹੋਣ।’’

ਉਪਰੋਕਤ ਸ਼ਬਦ ਤਾਂ ਬਹੁਤ ਪੁਰਾਣੇ ਹਨ। ਬੁੱਧਵਾਰ 8 ਮਈ 2024 ਵਾਲੇ ਦਿਨ ਪੰਜਾਬ ਆਰਟਸ ਕਾਊਂਸਲ, ਚੰਡੀਗੜ੍ਹ ਵਿਖੇ ਇੱਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਤਾਂ ਉਸ ਨੇ ਮੈਨੂੰ ਸੰਤ ਸਿੰਘ ਸੇਖੋਂ ਤੇ ਕੁਲਵੰਤ ਸਿੰਘ ਵਿਰਕ ਦੇ ਬਰਾਬਰ ਗਰਦਾਨਿਆ ਸੀ। ਉਸ ਨੇ ਜਿਹੜਾ ਮੈਥੋਂ 11 ਸਾਲ ਛੋਟਾ ਸੀ। ਕਾਸ਼! ਮੈਂ ਉਸ ਤੋਂ ਪਹਿਲਾਂ ਅਲਵਿਦਾ ਕਹਿੰਦਾ ਤੇ ਮੇਰੀ ਥਾਂ ਉਹ ਮੇਰੇ ਬਾਰੇ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਕਰਦਾ।

ਆਪਣੇ ਇਸ ਬਹੁਤ ਹੀ ਪਿਆਰੇ ਤੇ ਸੁਹਿਰਦ ਮਿੱਤਰ ਦੀ ਗੱਲ ਸਮੇਟਣ ਲਈ ਮੈਨੂੰ ਉਸ ਦੇ ਹੀ ਇੱਕ ਸ਼ਿਅਰ ਦੀ ਸ਼ਰਨ ਲੈਣੀ ਪੈ ਰਹੀ ਹੈ:

ਜਦੋਂ ਮਿਲਿਆ ਸੀ, ਹਾਣ ਦਾ ਸੀ, ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ, ਤੁਰ ਗਿਆ ਖ਼ੁਦਾ ਬਣ ਕੇ

ਉਸ ਦਾ ਅਚਾਨਕ ਤੁਰ ਜਾਣਾ ਮਹਿੰਦਰ ਸਿੰਘ ਰੰਧਾਵਾ ਵਰਗਾ ਸੀ। 78 ਸਾਲ ਦੇ ਜੀਵਨ ਵਿੱਚ ਏਨਾ ਕੁਝ ਕਮਾ ਕੇ ਤੇ ਹੰਢਾ ਕੇ। ਇਹ ਵੀ ਚੰਗੀ ਗੱਲ ਹੈ ਕਿ ਉਹ ਆਪਣੀ ਸੁਰੀਲੀ ਆਵਾਜ਼ ਆਪਣੇ ਬੇਟੇ ਮਨਰਾਜ ਨੂੰ ਦੇ ਗਿਆ ਹੈ।

ਸੁਰਜੀਤ ਪਾਤਰ ਜ਼ਿੰਦਾਬਾਦ!

ਸੰਪਰਕ: 98157-78469

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਰਜੀਤ ਪਾਤਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ