ਪੰਜਾਬੀ ਗ਼ਜ਼ਲ ਜਗਤ ਵਿੱਚ ਖ਼ੁਸ਼ਵੰਤ ਕੰਵਲ ਦਾ ਪ੍ਰਮੁੱਖ ਸਥਾਨ ਹੈ। ਉਸ ਦੀ ਪੱਕੀ ਪੀਡੀ ਪੈਂਠ ਵਾਲੀ ਗ਼ਜ਼ਲ ਨੂੰ ਉਸਤਾਦ ਸ਼ਾਇਰ ਪ੍ਰਿੰਸੀਪਲ ਤਖ਼ਤ ਸਿੰਘ ਵੀ ਮੰਨਦੇ ਸਨ।
ਖ਼ੁਸ਼ਵੰਤ ਕੰਵਲ ਉਮਰ ਦਾ ਵੱਡਾ ਹਿੱਸਾ ਅੰਮ੍ਰਿਤਸਰ ਵਿੱਚ ਰਿਹਾ। ਉਹ ਪੋਸਟਲ ਵਿਭਾਗ ਦੇ “ਡੈੱਡ ਲੈਟਰ ਪੋਸਟ ਆਫਿਸ” ਵਿੱਚ ਲੰਮਾ ਸਮਾਂ ਰਿਹਾ। ਜਿਹੜੀਆਂ ਚਿੱਠੀਆਂ ਦੇ ਸਿਰਨਾਵੇਂ ਅਧੂਰੇ ਜਾਂ ਗਲਤ ਹੁੰਦੇ ਸਨ ਉਨ੍ਹਾਂ ਨੂੰ ਸਹੀ ਟਿਕਾਣੇ ਤੇ ਜਾਂ ਲਿਖਣ ਵਾਲੇ ਨੂੰ ਇਹ ਚਿੱਠੀਆਂ ਤੇ ਖ਼ਤ ਪਹੁੰਚਾਉਣ ਦੀ ਇਸ ਡਾਕਖ਼ਾਨੇ ਦੀ ਜ਼ਿੰਮੇਵਾਰੀ ਹੁੰਦੀ ਸੀ। ਕਈ ਸਾਲ ਪਹਿਲਾਂ ਮੈਨੂੰ ਲਿਖੀਆਂ ਚਿੱਠੀਆਂ ਵੀ ਦੋ ਤਿੰਨ ਵਾਰ ਇਸੇ ਦਫ਼ਤਰ ਵੱਲੋਂ ਹੀ ਪ੍ਰਾਪਤ ਹੋਈਆਂ।
ਖ਼ੁਸ਼ਵੰਤ ਕੰਵਲ ਮੇਰੀ ਪਸੰਦ ਦੇ ਸ਼ਾਇਰਾਂ ਵਿੱਚੋਂ ਇੱਕ ਸੀ। ਸੇਵਾਮੁਕਤੀ ਮਗਰੋਂ ਉਹ ਕੁਝ ਸਮਾਂ ਲੁਧਿਆਣੇ ਵੀ ਰਿਹਾ। ਅਕਸਰ ਮੁਲਾਕਾਤਾਂ ਹੁੰਦੀਆਂ ਰਹੀਆਂ। ਉਸ ਦੇ ਉਹ ਉਦਾਸ ਦਿਨ ਸਨ। ਥੋੜੇ ਜਹੇ ਉਤਸ਼ਾਹ ਨਾਲ ਹੀ ਉਹ ਥਾਂ ਸਿਰ ਹੋ ਗਿਆ ਪਰ ਜਲਦੀ ਵਿਛੋੜਾ ਦੇ ਗਿਆ।
ਪ੍ਰਬੁੱਧ ਸ਼ਾਇਰ ਸੁਲੱਖਣ ਸਿੰਘ ਸਰਹੱਦੀ ਨੇ ਖ਼ੁਸ਼ਵੰਤ ਕੰਵਲ ਦੀਆਂ ਚੋਣਵੀਆਂ ਗ਼ਜ਼ਲਾਂ “ਕਹਿ ਰਿਹਾ ਹਾਂ ਗ਼ਜ਼ਲ ਮੈਂ” ਨਾਮ ਹੇਠ ਉਨ੍ਹਾਂ ਦੇ ਜੀਵਨ ਕਾਲ ਵਿੱਚ ਸੰਪਾਦਿਤ ਕੀਤੀ ਜਿਸ ਨੂੰ ਯੂਨੀਸਟਾਰ ਨੇ 2010 ਵਿੱਚ ਸੰਪਾਦਿਤ ਕਰਕੇ ਛਪਵਾਈ। ਇਸ ਦੇ ਪ੍ਰਕਾਸ਼ਨ ਲਈ ਅੰਮ੍ਰਿਤਸਰ ਦੇ ਕਲਾ ਪ੍ਰਸਤ ਡਿਪਟੀ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਦੀ ਪ੍ਰੇਰਨਾ ਨਾਲ ਵਿਰਸਾ ਵਿਹਾਰ ਸੋਸਾਇਟੀ ਅੰਮ੍ਰਿਤਸਰ ਨੇ ਆਰਥਿਕ ਸਹਾਇਤਾ ਦਿੱਤੀ।
ਖ਼ੁਸ਼ਵੰਤ ਕੰਵਲ ਦਾ ਜਨਮ 28 ਅਪ੍ਰੈਲ 1939 ਵਿਚ ਸ: ਅਜੀਤ ਸਿੰਘ ਦੇ ਗ੍ਰਹਿ ਵਿਖੇ ਨਾਨਕੇ ਪਿੰਡ ਚੱਕ ਬਿਲਗਾ (ਨਵਾਂ ਸ਼ਹਿਰ) ਵਿਖੇ ਹੋਇਆ। ਉਸਦਾ ਅਸਲੀ ਪਿੰਡ ਬਿਲਗਾ (ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ) ਸੀ।
ਉਸ ਦਾ ਪਰਿਵਾਰ ਦੇਸ਼-ਵੰਡ ਤੋਂ ਚਾਰ ਕੁ ਸਾਲ ਪਹਿਲਾਂ ਹੀ ਦੁਆਬਾ ਛੱਡ ਕੇ ਅੰਮ੍ਰਿਤਸਰ ਆ ਵੱਸਿਆ ਸੀ। ਉਹ ਇਥੇ ਹੀ ਪੜ੍ਹ ਪ੍ਰਵਾਨ ਚੜ੍ਹ ਏਥੇ ਹੀ ਸਾਰੀ ਸਰਵਿਸ ਕਰ 1997 ਵਿਚ ਰਿਟਾਇਰ ਹੋ ਗਿਆ।
18 ਜੂਨ 2015 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
ਖ਼ੁਸ਼ਵੰਤ ਪੰਜਾਬੀ ਜ਼ੁਬਾਨ ਦਾ ਸ਼ਾਇਰ ਤੇ ਸਾਊ ਆਦਮੀ ਸੀ। ਜੁਗਾੜਾਂ ਦੀ ਦੁਨੀਆਂ ਤੋਂ ਕੋਹਾਂ ਦੂਰ, ਅਮਰ ਚਿਤਰਕਾਰ ਵਾਂਗ। ਮਸਤ ਮੌਲਾ , ਆਪਣੀ ਧੁਨ ਵਿੱਚ ਮਘਨ , ਗਹਿਰ ਗੰਭੀਰ ਸ਼ਬਦ ਦਾ ਸਾਧਕ।
ਚਾਟੀਵਿੰਡ ਗੇਟ ਦੇ ਗੁਰੂ ਰਾਮਦਾਸ ਸਕੂਲ ਤੋਂ ਉਸ ਦਸਵੀਂ ਪਾਸ ਕੀਤੀ। ਆਪ ਦੇ ਪਿਤਾ ਜੀ ਦੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਦੁਕਾਨ ਸੀ। ਇੱਕ ਵਾਰ ਸਰਾਂ ਵਿਚਲੀ ਗੁਰੂ ਰਾਮਦਾਸ ਲਾਇਬਰੇਰੀ ਵਿੱਚ ਉਹ ਗਿਆ ਤੇ ਫਿਰ ਉਹ ਉਸੇ ਲਾਇਬਰੇਰੀ ਦਾ ਹੀ ਹੋ ਕੇ ਰਹਿ ਗਿਆ। ਸ਼ਬਦ ਸੱਭਿਆਚਾਰ ਨਾਲ ਪਿਆਰ ਪੈ ਗਿਆ।
1959 ਵਿੱਚ ਉਹ ਡਾਕ ਮਹਿਕਮੇ ਵਿੱਚ ਨੌਕਰ ਹੋ ਗਿਆ।
ਉਸ ਦੀ ਸਮੁੱਚੀ ਸ਼ਾਇਰੀ ਵਿਚ ਦੁਆਬੀ ਸ਼ਬਦਾਵਲੀ ਦੇ ਆਮ ਦਰਸ਼ਨ ਹੁੰਦੇ ਹਨ। ਉਹ ਮਹਿਫਿਲਾਂ ਵਿਚ ਤਰੱਨਮ ਨਾਲ ਗਾ ਕੇ ਵੀ ਪੇਸ਼ ਕਰਦਾ ਸੀ।
ਖ਼ੁਸ਼ਵੰਤ ਕੰਵਲ ਦੀਆਂ 9 ਕਵਿਤਾ ਅਤੇ ਗ਼ਜ਼ਲ ਦੀਆਂ ਕਿਤਾਬਾਂ ਛਪੀਆਂ ‘ਸੋਚਾਂ ਅਤੇ ਸੁਪਨੇ' ਉਸਦੀ ਪਹਿਲੀ ਕਾਵਿ ਪੁਸਤਕ ਸੀ ਜੋ 1964 ਵਿਚ ਛਪੀ, ‘ਕਾਮਨਾ’ ਕਾਵਿ-ਸੰਗ੍ਰਹਿ 1966, 'ਆਪਣਾ ਸ਼ਹਿਰ ਪਰਾਈਆਂ ਰੁੱਤਾਂ’ 1974, ‘ਟੁਕੜੇ ਟੁਕੜੇ ਮੌਸਮ’ 1989, ‘ਅਲਵਿਦਾ ਤੋਂ ਪਹਿਲਾਂ' 1996 ਵਿਚ ਛਪੀ।
1981 ਵਿਚ ਉਸਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਧੁੱਪ ਦੀ ਕਾਤਰ' ਆਇਆ। 1999 ਵਿਚ 'ਮੈਂ ਤੇ ਮੇਰੇ ਹਾਦਸੇ', 2002 ਵਿੱਚ'ਨਕਸ਼ ਪੌਣਾਂ ਸੰਭਾਲੇ’ ਅਤੇ 2006 ਵਿੱਚ ‘ਕਿਉਂ ਨਾ ਉਦਾਸ ਹੋਵਾਂ' ਛਪਿਆ।
ਮੈਨੂੰ ਮਾਣ ਹੈ ਕਿ ਮੈਂ ਖ਼ੁਸ਼ਵੰਤ ਕੰਵਲ ਦਾ ਪਿਆਰ ਪਾਤਰ ਰਿਹਾ ਹਾਂ।
-ਗੁਰਭਜਨ ਗਿੱਲ।