Keh Riha Haan Ghazal Main : Khushwant Kanwal
ਕਹਿ ਰਿਹਾ ਹਾਂ ਗ਼ਜ਼ਲ ਮੈਂ : ਖ਼ੁਸ਼ਵੰਤ ਕੰਵਲ
ਕੁਝ ਸ਼ਬਦ ਲੇਖਕ ਵੱਲੋਂ
ਮੈਂ ਪੰਜਾਬੀ ਗ਼ਜ਼ਲ ਦਾ ਇਕ ਯੁਗ ਹੰਢਾਇਆ ਹੈ। ਗ਼ਜ਼ਲ ਨੇ ਮੈਨੂੰ ਮਾਣ ਸਤਿਕਾਰ ਤੇ ਸਿੱਧੀ ਬਖਸ਼ੀ ਹੈ। ਮੈਂ ਗ਼ਜ਼ਲ ਦਾ ਹਮੇਸ਼ਾ ਦੇਣਦਾਰ ਰਹਾਂਗਾ ਕਿਉਂਕਿ ਗ਼ਜ਼ਲ ਨੇ ਮੈਨੂੰ ਵੱਡੇ ਤੋਂ ਵੱਡੇ ਦੁੱਖ ਵਿਚ ਵੀ ਮਾਂ, ਭੈਣ, ਮਹਿਬੂਬਾ ਤੇ ਪਤਨੀ ਵਾਂਗ ਅਪਣੱਤ ਭਰਿਆ ਆਸਰਾ ਦਿੱਤਾ ਹੈ। ਜੇ ਮੇਰੇ ਕੋਲ ਸ਼ਾਇਰੀ ਦੀ ਦੌਲਤ ਨਾ ਹੁੰਦੀ ਤਾਂ ਅੱਜ ਮੈਂ ਬਾਦਸ਼ਾਹ ਨਾ ਹੁੰਦਾ। ਕਿਹਾ ਜਾਂਦਾ ਹੈ ਕਿ ਸਰਸਵਤੀ ਅਤੇ ਲਛਮੀ ਆਪਸ ਵਿਚ ਸੌਂਕਣ ਵਿੱਢਾ ਪਾਈ ਰੱਖਦੀਆਂ ਹਨ ਜਿੱਥੇ ਲੱਛਮੀ ਹੈ ਓਥੇ ਸਰਸਵਤੀ ਨਹੀਂ ਵੜਦੀ ਤੇ ਜਿੱਥੇ ਸਰਸਵਤੀ ਹੋਵੇ ਓਸ ਘਰ ਨੂੰ ਲੱਛਮੀ ਸਰਾਪ ਦੇ ਜਾਂਦੀ ਹੈ। ਮੇਰੇ ਨਾਲ ਵੀ ਕੁਝ ਐਸਾ ਹੀ ਵਾਪਰਿਆ ਹੈ। ਮਾਂ ਸਰਸਵਤੀ ਨੇ ਮੈਨੂੰ ਸ਼ਿਅਰਾਂ ਨਾਲ ਤਾਂ ਮਾਲਾ ਮਾਲ ਕੀਤਾ ਪਰ ਲੱਛਮੀ ਤੋਂ ਮੈਂ ਵਾਂਝਾ ਰਹਿ ਗਿਆ।ਅੱਜ ਮੈਂ ਸੱਤਰ ਸਾਲਾਂ ਦਾ ਹੋ ਗਿਆ ਹਾਂ। ਜ਼ਿੰਦਗੀ ਦੇ ਐਨੇ ਵਰ੍ਹੇ ਮੈਂ ਖੁੱਲ੍ਹੀਆਂ ਅੱਖਾਂ ਨਾਲ ਤੇ ਹੋਸ਼ਮੰਦੀ ਨਾਲ ਵੇਖੇ ਹਨ। ਮੈਂ ਜ਼ਿੰਦਗੀ ਦੇ ਸਾਰੇ ਰੰਗ ਵੇਖੇ ਹਨ। ਮਹੱਲਾਂ ਦੀਆਂ ਅੱਯਾਸ਼ੀਆਂ ਤੇ ਕੁੱਲੀਆਂ ਦੀਆਂ ਉਦਾਸੀਆਂ ਮੈਨੂੰ ਸਦਾ ਝੰਜੋੜਦੀਆਂ ਰਹੀਆਂ ਹਨ। ਰਿਆਇਆ ਨਾਲ ਰਾਜਨੀਤਕ ਧਾਰਮਿਕ, ਆਰਥਿਕ ਤੇ ਸਮਾਜਿਕ ਵਿਤਕਰੇ ਮੇਰੇ ਦਿਲ ’ਤੇ ਛੁਰੀ ਚਲਾਉਂਦੇ ਰਹੇ ਹਨ। ਮੈਂ ਕੋਈ ਮਸੀਹਾ ਨਹੀਂ ਸਾਂ ਕਿ ਜ਼ਿੰਦਗੀ ਦੇ ਦੁੱਖਾਂ ਨੂੰ ਕੁੰਨ ਕਹਿ ਕੇ ਗਾਇਬ ਕਰ ਦੇਂਦਾ। ਪਰ ਮੇਰੇ ਕੋਲ ਗੁਰੂ ਬਾਬੇ ਨਾਨਕ ਦੀ ਸੋਚ ਵਿਚ ਰੰਗੀ ਕਾਨੀ ਹੈ ਸੀ।.... ਤੇ ਮੈਂ ਇਸ ਕਾਨੀ ਨੂੰ ਇਮਾਨਦਾਰੀ ਨਾਲ ਲੋਕਾਂ ਦੇ ਹੱਕ ਵਿਚ ਚਲਾਉਣ ਦਾ ਯਤਨ ਕੀਤਾ ਹੈ। ਮੁਹੱਬਤ ਤੇ ਜਿਨਸੀ ਚਰਚਾ ਬੜੀ ਦਿਲਕਸ਼ ਤੇ ਰੌਚਕ ਹੁੰਦੀ ਹੈ। ਮੈਂ ਵੀ ਇਹ ਕੀਤੀ ਹੈ। ਹੁਸਨ ਇਸ਼ਕ ਦੀ ਚਰਚਾ ਗ਼ਜ਼ਲ ਨੂੰ ਖੂਬਸੂਰਤ ਤੇ ਰਸਿਕ ਵੀ ਬਣਾਉਂਦੀ ਹੈ ਪਰ ਵਧੇਰੇ ਕਰਕੇ ਮੈਂ ਲੋਕਾਂ ਦੇ ਦੁੱਖਾਂ ਦਰਦਾਂ ਅਤੇ ਹਕੂਮਤੀ ਹਨ੍ਹੇਰਿਆਂ ਦੇ ਖਿਲਾਫ ਲਿਖ ਕੇ ਸਕੂਨ ਪ੍ਰਾਪਤ ਕਰਦਾ ਰਿਹਾ ਹਾਂ।
ਸ਼ਾਇਰ ਸੁਲੱਖਣ ਸਰਹੱਦੀ ਨੇ ਕਦੇ ਮੈਨੂੰ ਇਹ ਸੁਝਾਅ ਦਿੱਤਾ ਸੀ ਕਿ ਮੈਂ ਆਪਣੀਆਂ ਸਮੁੱਚੀਆਂ ਗ਼ਜ਼ਲਾਂ ਇਕ ਜਿਲਦ ਵਿੱਚ ਛਪਵਾਵਾਂ ਪਰ ਕੁਝ ਸੀਮਾਵਾਂ ਅਤੇ ਮਜ਼ਬੂਰੀਆਂ ਹੋਣ ਕਾਰਨ ਮੈਂ ਸਮੁੱਚੀਆਂ ਤਾਂ ਨਹੀਂ ਸਗੋਂ ਕੁਝ ਚੋਣਵੀਆਂ ਗ਼ਜ਼ਲਾਂ ਛਾਪਣ ਦਾ ਅਹਿਮ ਜ਼ਰੂਰ ਕਰ ਲਿਆ।ਚੋਣ ਕਰਨੀ ਮੇਰੇ ਲਈ ਤਾਂ ਅਸੰਭਵ ਹੀ ਸੀ ਕਿਉਂਕਿ ਮੈਨੂੰ ਤਾਂ ਆਪਣੀਆਂ ਸਾਰੀਆਂ ਹੀ ਗਜ਼ਲਾਂ ਪਿਆਰੀਆਂ ਲੱਗਦੀਆਂ ਹਨ। ਧੀਆਂ ਪੁੱਤਰਾਂ ਵਰਗਾ ਮੋਹ ਹੈ ਹਰ ਗ਼ਜ਼ਲ ਨਾਲ ਕਿਸ ਨਾਲ ਰੱਖਾਂ ਤੇ ਕਿਸ ਨਾਲ ਮੋਹ-ਭੰਗ ਕਰਾਂ। ਉਂਜ ਵੀ ਮਾੜਾ ਮੋਟਾ ਆਪਣਾ ਇਲਾਜ ਤਾਂ ਆਪ ਵੀ ਕੀਤਾ ਜਾ ਸਕਦਾ ਹੈ ਪਰ ਜਿੱਥੇ ਅਪ੍ਰੇਸ਼ਨ ਦੀ ਲੋੜ ਹੋਵੇ ਤਾਂ ਕੋਈ ਮਾਹਿਰ ਤੇ ਤਜ਼ਰਬੇਦਾਰ ਡਾਕਟਰ ਹੀ ਕਰ ਸਕਦਾ ਹੈ। ਸਰਹੱਦੀ ਹੁਣ ਤੱਕ ਅਜਿਹੇ ਕਈ ਸਾਹਿਤਕ ਰਚਨਾਤਮਿਕ ਅਪ੍ਰੇਸ਼ਨ ਸਫਲਤਾ ਸਹਿਤ ਕਰ ਚੁੱਕਾ ਹੈ ਤੇ ਮੈਂ ਆਪਣੇ ਗ਼ਜ਼ਲ-ਅਪ੍ਰੇਸ਼ਨ ਲਈ ਵੀ ਉਸ ਨੂੰ ਮਨਾ ਲਿਆ। ਉਸ ਮੇਰਾ ਮਾਣ ਰੱਖਿਆ ਹੈ ਤੇ ਮੇਰੀਆਂ ਹੁਣ ਤੱਕ ਲਿਖੀਆਂ ਸਮੁੱਚੀਆਂ ਛੇ ਕੁ ਸੌ ਵਿਚੋਂ ਸਵਾ ਚਾਰ ਕੁ ਸੌ ਗ਼ਜ਼ਲਾਂ ਦੀ ਚੋਣ ਅਤੇ ਸੰਪਾਦਨਾ ਕਰ ਕੇ ਨਾ ਕੇਵਲ ਮੈਨੂੰ ਹੀ ਧੰਨਵਾਦੀ ਬਣਾਇਆ ਹੈ ਸਗੋਂ ਇਸ ਖੇਤਰ ਵਿੱਚ ਆਪਣੀ ਚਤਮਕਾਰੀ ਸੂਝ ਅਤੇ ਸੁਹਿਰਦਤਾ ਦਾ ਭਰਪੂਰ ਪ੍ਰਗਟਾਵਾ ਵੀ ਕੀਤਾ ਹੈ।
ਧੰਨਵਾਦੀ ਹਾਂ ਉਨ੍ਹਾਂ ਸਭਨਾਂ ਸਨੇਹੀਆਂ ਅਤੇ ਸਾਹਿਤਕਾਰ ਦੋਸਤਾਂ ਦਾ ਜਿਨ੍ਹਾਂ ਦੀ ਮੁਹੱਬਤ ਮੇਰਾ ਸਰਮਾਇਆ ਹੈ। ਲੇਖਕ/ਸ਼ਾਇਰ ਵੀ ਇਕ ਆਮ ਮਨੁੱਖੀ ਜੂਨ ਹੰਢਾਉਂਦਾ ਵਿਅਕਤੀ ਹੁੰਦਾ ਹੈ। ਦੁੱਖਾਂ, ਸੁੱਖਾਂ, ਤੰਗੀਆਂ ਤੁਰਸ਼ੀਆਂ, ਸਫਲਤਾਵਾਂ, ਅਸਫਲਤਾਵਾਂ ਅਤੇ ਸਮਾਜਿਕ ਵਰਤਾਰਿਆਂ ਨਾਲ ਦੋ ਚਾਰ ਹੁੰਦਾ ਜੀਵ। ਕਦੇ ਹੁਲਾਸ ਵਿਚ, ਕਦੇ ਉਦਾਸ ਅਤੇ ਨਿਰਾਸ ਵੀ। ਮੈਂ ਖੁਸ਼-ਨਸੀਬ ਹਾਂ ਕਿ ਮੇਰੀਆਂ ਅਣਗਿਣਤ ਉਦਾਸੀਆਂ ਦੀ ਲੰਮੀ ਬਾਤ ਸਮੇਂ ਬਹੁਤ ਸਾਰੇ ਹੁੰਗਾਰੇ ਮੇਰੇ ਅੰਗ ਸੰਗ ਰਹੇ ਹਨ। ਮੈਂ ਇਹ ਚੋਣਵਾਂ ਗ਼ਜ਼ਲ ਸੰਗ੍ਰਹਿ ਛਪਵਾਣ ਦਾ ਸੰਕਲਪ ਕਦੇ ਵੀ ਸਾਕਾਰ ਨਾ ਕਰ ਸਕਦਾ ਜੇ ਕਰ ਮੈਨੂੰ ਖਾਸ ਕਰਕੇ, ਪ੍ਰੋ. ਨਿਰੰਜਣ ਤਸਨੀਮ, ਪ੍ਰੋ. ਗੁਰਭਜਨ ਗਿੱਲ, ਸ਼੍ਰੀ ਵਰਿੰਦਰ ਵਾਲੀਆ (ਸੰਪਾਦਕ ਪੰ..), ਪ੍ਰਮਿੰਦਰਜੀਤ, ਪ੍ਰੋ. ਬਲਬੀਰ ਸਿੰਘ ਅਨੰਦਪੁਰ ਸਾਹਿਬ, ਸੁਲੱਖਣ ਸਰਹੱਦੀ, ਜਗੀਰ ਸਿੰਘ ਪ੍ਰੀਤ ਅਤੇ ਸ਼੍ਰੀਮਤੀ ਦਵਿੰਦਰ ਪ੍ਰੀਤ ਵਲੋਂ ਭਰਪੂਰ ਸਹਿਯੋਗ ਨਾ ਮਿਲਿਆ ਹੁੰਦਾ।
ਲੇਖਕ ਇਸ ਪੁਸਤਕ ਦੀ ਪ੍ਰਕਾਸ਼ਨਾ ਲਈ ਦਿੱਤੇ ਗਏ ਮਾਇਕ ਸਹਿਯੋਗ ਲਈ ਸ੍ਰ. ਕਾਹਨ ਸਿੰਘ ਪੰਨੂ, ਡੀ. ਸੀ. ਅੰਮ੍ਰਿਤਸਰ, ਚੇਅਰਪਰਸਨ ਵਿਰਸਾ ਵਿਹਾਰ ਸੋਸਾਇਟੀ ਅਤੇ ਇਸ ਦੇ ਸਭਨਾਂ ਅਹੁਦੇਦਾਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।
—ਖ਼ੁਸ਼ਵੰਤ ਕੰਵਲ
ਅੰਮ੍ਰਿਤਸਰ 13 ਅਪ੍ਰੈਲ 2010
ਮੋ.98883-97635
ਦਸਮੇਸ਼ ਗੁਰੂ
ਇਕ ਪੈਗ਼ਾਮ ਇਲਾਹੀ ਸਨ ਦਸਮੇਸ਼ ਗੁਰੂ। ਸੱਚੇ ਸੰਤ ਸਿਪਾਹੀ ਸਨ ਦਰਵੇਸ਼ ਗੁਰੂ। ਮਾਨੁੱਖਤਾ ਨੂੰ ਬਖਸ਼ੀ ਸੀ ਜਿਸ ਗੌਰਵਤਾ, ਲੈ ਕੇ ਆਏ ਸੀ ਉਹ ਅਮਰ ਉਦੇਸ਼ ਗੁਰੂ। ਚਿੜੀਆਂ ਨੇ ਸੀ ਓਦੋਂ ਬਾਜ਼ਾਂ ਨੂੰ ਕੋਹਿਆ, ਦਿੱਤਾ ਸੀ ਜਦ ਚਿੜੀਆਂ ਨੂੰ ਆਦੇਸ਼ ਗੁਰੂ। ਨਾਲ ਅਣਖ ਦੇ ਜਿਉਣਾ ਦੱਸਿਆ ਲੋਕਾਂ ਨੂੰ, ਕੀਤਾ ਹਰ ਦੁੱਖ ਦੂਰ ਤੇ ਕਲ੍ਹਾ ਕਲੇਸ਼ ਗੁਰੂ। ਆਪ ਡਰੋ ਨਾ ਕਦੇ ਡਰਾਓ ਹੋਰਾਂ ਨੂੰ, ਇਹ ਦੁਨੀਆਂ ਨੂੰ ਦਿੱਤਾ ਸੀ ਸੰਦੇਸ਼ ਗੁਰੂ। ਕੂੜ ਕੁਸੱਤਾਂ ਨੂੰ ਦਿੱਤੀ ਸੀ ਬੇ-ਦਖਲੀ, ਦਿੱਤਾ ਸੀ ਸੱਚ ਸਿਦਕ ਤਾਈਂ ਪ੍ਰਵੇਸ਼ ਗੁਰੂ। ਪਹਿਲਾਂ ਬਣ ਕੇ ਆਪ ਗੁਰੂ ਸੀ ਖ਼ੁਦ ਆਏ, ਫਿਰ ਬਣ ਕੇ ਸੀ ਚੇਲੇ ਹੋਏ ਪੇਸ਼ ਗੁਰੂ। ਸੱਭੇ ਸਾਂਝੀਵਾਲ ਸਦਾਇਨ ਦੁਨੀਆਂ ਨੂੰ, ਦਿੱਤਾ ਸੀ ਇਹ ਸਰਬੋਤਮ ਉਪਦੇਸ਼ ਗੁਰੂ। ਸੰਤ ਸਿਪਾਹੀ ਬਣ ਵਰਿਆਮ ਅਕੇਲਾ ਵੀ, ਪੰਥ ਸਜਾਇਆ ਹੱਥੀਂ ਆਪ ਵਿਸ਼ੇਸ਼ ਗੁਰੂ। ਭੁਲ ਸਕਦਾ ਹੈ ਕੌਣ ਉਨ੍ਹਾਂ ਦੀ ਕੁਰਬਾਨੀ, ਗੁਣ ਗਾਉਂਦੇ ਸਭ ਰਾਜੇ ਰੰਕ ਨਰੇਸ਼ ਗੁਰੂ। ਤੋੜ ਕੇ ਵਹਿਮਾਂ ਭਰਮਾਂ ਫੋਕੀਆਂ ਰਸਮਾਂ ਨੂੰ, ਕੀਤਾ ਸੀ ਨਵਯੁਗ ਦਾ ਸ੍ਰੀ ਗਣੇਸ਼ ਗੁਰੂ। ਆਉਂਦੇ ਸਮਿਆਂ ਦੀ ਵੀ ਨਬਜ਼ ਪਛਾਣੀ ਸੀ, ਕਰਕੇ ਨਿਗ੍ਹਾ ਸਵੱਲੀ ਦੂਰ-ਅੰਦੇਸ਼ ਗੁਰੂ। ਪਾਪੀ ਹੈ ਸਨ ਤਾਰੇ ਮਿਹਰ ਨਜ਼ਰ ਕਰ ਕੇ, ਦੁਖ ਹਰਤੇ ਜਗਤਾਰਕ ਤੇ ਮੁਕਤੇਸ਼ ਗੁਰੂ। ਸਾਡੇ ਅੰਗ ਸੰਗ ਨਜ਼ਰਾਂ ਦੇ ਵਿਚ ਰਹਿਣ ਸਦਾ, ਸਾਨੂੰ ਦੇਂਦੇ ਰਹਿਣ ਸੁਮੱਤ ਹਮੇਸ਼ ਗੁਰੂ।
ਜ਼ਿੰਦਗੀ ਦਾ ਲਫ਼ਜ਼
ਜ਼ਿੰਦਗੀ ਦਾ ਲਫ਼ਜ਼ ਹਰ ਇਕ ਉਨਵਾਨ ਨਾਲੋਂ ਚੰਗਾ। ਜੇ ਹੈ ਬਸ਼ਰ ਬਸ਼ਰ ਤਾਂ ਭਗਵਾਨ ਨਾਲੋਂ ਚੰਗਾ। ਇਨਸਾਨ ਖ਼ੁਦ ਨੂੰ ਸਭ ਤੋਂ ਬੱਦਤਰ ਬਣਾ ਲਿਆ ਹੈ, ਰੱਬ ਨਾ ਸੀ ਕੁਝ ਬਣਾਇਆ ਇਨਸਾਨ ਨਾਲੋਂ ਚੰਗਾ। ਅਪਣਾ ਗਰਾਂ ਹੈ ਅਪਣਾ ਅਪਣਾ ਸ਼ਹਿਰ ਹੈ ਅਪਣਾ, ‘ਦਿੱਲੀ’, ‘ਲਹੌਰ’, ‘ਜੰਮੂ’, ‘ਮੁਲਤਾਨ’ ਨਾਲੋਂ ਚੰਗਾ। ਰੀਝਾਂ ਦਾ ਮੇਲ ਕੀ ਹੈ ਵਰਦਾਨ ਨਾਲ ਹੁੰਦਾ, ਹੁੰਦਾ ਨਾ ਕੁਝ ਵੀ ਦਿਲ ਦੇ ਅਰਮਾਨ ਨਾਲੋਂ ਚੰਗਾ। ਗਹਿਣੇ ਜ਼ਮੀਰ ਰੱਖ ਕੇ ਜੀਣਾ ਹੈ ਕਾਹਦਾ ਜੀਣਾ, ਮਰਨਾ ਹੈ ਇਸ ਤਰ੍ਹਾਂ ਦੇ ਅਪਮਾਨ ਨਾਲੋਂ ਚੰਗਾ। ਉਹ ਮਰਦ ਹੱਕ ਦਾ ਜੋ ਖਾਂਦਾ ਕਮਾਉਂਦਾ ਕਰਦਾ, ਹੁੰਦਾ ਉਹ ਮਰਦ ਫੱਕਰ ਸੁਲਤਾਨ ਨਾਲੋਂ ਚੰਗਾ। ਗ਼ਮ ਕੋਲ ਰੱਖ ਕੇ ਜੋ ਖੁਸ਼ੀਆਂ ਖਿਲਾਰਦਾ ਹੈ, ਹੁੰਦਾ ਗਰੀਬ ਉਹ ਤਾਂ ਧਨਵਾਨ ਨਾਲੋਂ ਚੰਗਾ। ਲੋਕਾਂ ਨੇ ਜਿਸ ਨੂੰ ਅਪਣੇ ਦਿਲ ਵਿਚ ਜਗ੍ਹਾ ਹੈ ਦਿੱਤੀ, ਉਹ ਪਿਆਰ ਹੁੰਦਾ ਹਰ ਇਕ ਸਨਮਾਨ ਨਾਲੋਂ ਚੰਗਾ । ਮਹਿਮਾਨ ਹੋ ਕੇ ਆਏ ਤੇ ਦੁਸ਼ਮਣੀ ਕਮਾਏ, ਦੁਸ਼ਮਣ ਹੈ ਇਸ ਤਰ੍ਹਾਂ ਦੇ ਮਹਿਮਾਨ ਨਾਲੋਂ ਚੰਗਾ। ਲਾ ਅੰਬਰੀਂ ਉਡਾਰੀ ਵੀ ਧਰਤ ਵਲ ਆਈਏ, ਏਦਾਂ ਦਾ ਧਰਤ-ਮੋਹ ਹੈ ਅਸਮਾਨ ਨਾਲੋਂ ਚੰਗਾ। ਮਿਟ ਜਾਣ ਆਤਮਾਵਾਂ ਦੇ ਭੇਦ ਭਾਵ ਜਿਸ ਥਾਂ, ਹੁੰਦਾ ਉਹ ਤੀਰਥਾਂ ਦੇ ਇਸ਼ਨਾਨ ਨਾਲੋਂ ਚੰਗਾ। ਜੇ ਯਾਰ ਹੁਕਮ ਦੇਵੇ, ਸਿਰ ਨੂੰ ਤਲੀ ਟਿਕਾਈਏ, ਏਦਾਂ ਦਾ ਹੁਕਮ ਰੱਬੀ ਫੁਰਮਾਨ ਨਾਲੋਂ ਚੰਗਾ। ਹੋਰਾਂ ਨੂੰ ਵੀ ਪਛਾਣੋ ਪਰ ਆਪ ਨੂੰ ਵੀ ਜਾਣੋ, ਕੁਝ ਵੀ ਨਹੀਂ ਹੈ ਅਪਣੀ ਪਹਿਚਾਨ ਨਾਲੋਂ ਚੰਗਾ । ਹਰ ਗ਼ਜ਼ਲ ਗ਼ਜ਼ਲ ਹੋਵੇ ਤੇ ਗੱਲ ਵੀ ਅਸਲ ਹੋਵੇ, ਏਦਾਂ ਦਾ ਗ਼ਜ਼ਲ-ਸੰਗ੍ਰਹਿ ਦੀਵਾਨ ਨਾਲੋਂ ਚੰਗਾ।
ਕਰ ਆਸ ਵੀ ਨਾ
ਕਰ ਆਸ ਵੀ ਨਾ ਮਿਲਿਆ ਕੁਝ ਆਸ ਨਾਲੋਂ ਚੰਗਾ। ਚੰਗਾ ਹੈ ਫਿਰ ਵੀ ਫੋਕੀ ਧਰਵਾਸ ਨਾਲੋਂ ਚੰਗਾ। ਘਰ ਆਪਣੇ ਹਾਂ ਫਿਰ ਵੀ ਘਰ ਘਰ ਨਹੀਂ ਹੈ ਲੱਗਦਾ, ਪਰ ਸੋਚਦਾ ਹਾਂ ਫਿਰ ਵੀ ਬਨਵਾਸ ਨਾਲੋਂ ਚੰਗਾ। ਖ਼ਤ ਆਉਣ, ਖ਼ਤ ਲਿਖਾਂ ਵੀ, ਉਹ ਆਉਣ, ਜਾਂ ਮਿਲਾਂ ਵੀ, ਇਹ ਜੋੜ ਮੇਲਾ ਯਾਰੋ ਸਨਿਆਸ ਨਾਲੋਂ ਚੰਗਾ। ਪ੍ਰਦੇਸ਼ ਜਾ ਕੇ ਝੱਲੀਏ ਕਿਉਂ ਗ਼ੈਰ ਦੀ ਗ਼ੁਲਾਮੀ, ਰਹਿਣਾ ਵਤਨ 'ਚ ਅਪਣੇ ਪ੍ਰਵਾਸ ਨਾਲੋਂ ਚੰਗਾ । ਹਰ ਸਾਹ ਸਵਾਸ ਤੈਨੂੰ ਹੀ ਨਾਲ ਸਮਝਦਾ ਹਾਂ, ਕੁਝ ਵੀ ਨਹੀਂ ਹੈ ਤੇਰੇ ਅਹਿਸਾਸ ਨਾਲੋਂ ਚੰਗਾ। ਜੇ ਵਰਤਮਾਨ ਵਿੱਚੋਂ ਜਾਂ ਮੂੰਹ ਭਵਿੱਖ 'ਚੋਂ ਤੱਕਣ, ਸ਼ੀਸ਼ਾ ਨਾ ਸਾਫ ਕੋਈ ਇਤਿਹਾਸ ਨਾਲੋਂ ਚੰਗਾ। ਦੇਂਦਾ ਜੇ ਕੁਝ ਨਹੀਂ ਤਾਂ ਮੰਗਦਾ ਵੀ ਕੁਝ ਨਹੀਂ ਹੈ, ਇਕ ਆਮ ਲੱਗਦਾ ਬੰਦਾ ਹੈ ਖਾਸ ਨਾਲੋਂ ਚੰਗਾ। ਅਪਣੇ ਹੀ ਨਾਲ ਜੇਕਰ ਸੰਵਾਦ ਕੁਝ ਰਚਾਉਣਾ, ਕੋਈ ਹੋਰ ਨਾ ਤਰੀਕਾ ਅਰਦਾਸ ਨਾਲੋਂ ਚੰਗਾ।
ਬਹੁਤ ਕੁਝ ਹੋ ਰਿਹਾ
ਬਹੁਤ ਕੁਝ ਹੋ ਰਿਹਾ ਅਣ-ਕਿਆਸਾ ਜਿਹਾ, ਬਹੁਤ ਰੁਕਿਆ ਪਿਆ ਅਣ-ਵਿਕਾਸਾ ਜਿਹਾ। ਜੋ ਗਿਆ ਤੁਰ ਗਿਆ ਓਸ ਆਉਣਾ ਨਹੀਂ, ਦੇ ਗਿਆ ਹੈ ਉਹ ਫੋਕਾ ਦਿਲਾਸਾ ਜਿਹਾ। ਜਾਮ ਜ਼ਿੰਦਗੀ 'ਚ ਕਿਹੜਾ ਹੈ ਪੀਤਾ ਨਹੀਂ, ਦਿਲ ਮਗਰ ਫੇਰ ਵੀ ਹੈ ਪਿਆਸਾ ਜਿਹਾ । ਸਮਝ ਪੱਥਰ ਕਰੇ ਮਾਣ, ਨਾ ਘੁਲਣ ਦਾ, ਬਸ਼ਰ ਪਾਣੀ 'ਚ ਡਿੱਗਿਆ ਪਤਾਸਾ ਜਿਹਾ। ਮਨ 'ਚ ਬੇ-ਚੈਨੀਆਂ ਰੂਹ 'ਚ ਹੈਰਾਨੀਆਂ, ਇਹ ਹੈ ਮੌਸਮ 'ਚ ਕੇਹਾ ਚੁਮਾਸਾ ਜਿਹਾ । ਨਫ਼ਰਤਾਂ ਮਿਲਦੀਆਂ ਨੇ ਮਣਾਂ ਮੂੰਹ ਲਓ, ਪਿਆਰ ਮਿਲਦਾ ਨਹੀਂ ਤੋਲ ਮਾਸਾ ਜਿਹਾ। ਉਮਰ ਭਰ ਜੋ ਰਿਹਾ ਵੰਡਦਾ ਹੈ ਖੁਸ਼ੀ, ਕਿਉਂ ‘ਕੰਵਲ’ ਫਿਰ ਰਿਹਾ ਹੈ ਉਦਾਸਾ ਜਿਹਾ।
ਗੱਲਾਂ ਬੜੀਆਂ ਕਰਦੈ
ਗੱਲਾਂ ਬੜੀਆਂ ਕਰਦੈ ਪਰ ਖ਼ੁਦ ਕਰਦਾ ਅਮਲ ਨਹੀਂ। ਨਕਲੀ ਹੈ ਕਿਰਦਾਰ ਉਹਦਾ ਉਹ ਬੰਦਾ ਅਸਲ ਨਹੀਂ। ਕੋਈ ਬੁਲਾਏ ਸੱਦੇ ਪੁੱਛੇ ਜੀ ਸਦਕੇ ਜਾਓ, ਨਹੀਂ ਤਾਂ ਗੱਲ ਵਿਚ ਦੇਣਾ ਚਾਹੀਦਾ ਹੈ ਦਖਲ ਨਹੀਂ। ਬੰਦੇ ਦੀ ਸ਼ਖ਼ਸੀਅਤ ਹੁੰਦੀ ਹੈ ਸੀਰਤ ਉਸ ਦੀ, ਹੁੰਦੀ ਹੈ ਸਿਰਨਾਵਾਂ ਉਸ ਦੀ ਸੂਰਤ ਸ਼ਕਲ ਨਹੀਂ। ਜ਼ਿੰਦਗੀ ਪਹਿਲਾਂ ਧਰਮ ਕਰਮ ਦੀਆਂ ਗੱਲਾਂ ਪਿੱਛੋਂ ਨੇ, ਜੋ ਨਾ ਇਹ ਗੱਲ ਸਮਝੇ ਉਹ ਹੈ ਬੰਦਾ ਸਫਲ ਨਹੀਂ। ਚੀਰ ਕੇ ਦੁਸ਼ਮਣ ਦੀ ਛਾਤੀ ਨੂੰ ਲਫ਼ਜ਼ ਮੇਰੇ ਲੰਘਣੇ, ਕਲਮ ਹੈ ਮੇਰੇ ਹੱਥਾਂ ਦੇ ਵਿਚ ਬੇਸ਼ਕ ਰਫਲ ਨਹੀਂ। ਬਹਿਰ, ਵਜ਼ਨ ਬਿਨ ਹੁੰਦੀਆਂ ਲਹਿਰਾਂ ਬਹਿਰਾਂ ਨਾ ਮਿੱਤਰੋ, ਖੂਨ ਜਿਗਰ ਦਾ ਪਾਉਣ ਬਿਨਾ ਪਰ ਹੁੰਦੀ ਗ਼ਜ਼ਲ ਨਹੀਂ। ਜਦ ਤੱਕ ਉਸ ਦੇ ਨਾਂ ਮੈਂ ਇਕ ਦੋ ਸ਼ਿਅਰ ਲਵਾਂ ਨਾ ਲਿਖ, ਹੁੰਦੀ ਓਦੋਂ ਤੱਕ ਹੈ ਮੇਰੀ ਗ਼ਜ਼ਲ ਮੁਕੰਮਲ ਨਹੀਂ। ਚੰਗੀ ਮੰਦੀ ਖ਼ੁਦ ਘੋਖੋ ਗੱਲ ਸੋਚ ਵਿਚਾਰ ਲਿਓ, ਮੰਨਣ ਲਈ ਮਜ਼ਬੂਰ ਕਿਸੇ ਨੂੰ ਕਰਦਾ ‘ਕੰਵਲ' ਨਹੀਂ।
ਮਨ ਮਸਤਿਕ ਵਿਚ
ਮਨ ਮਸਤਿਕ ਵਿਚ ਬੜੀਆਂ ਸੋਚਾਂ ਹੁੰਦੀਆਂ ਨੇ। ਸੋਚਾਂ ਦੇ ਵਿਚ ਗੁੰਦੀਆਂ ਲੋਚਾਂ ਹੁੰਦੀਆਂ ਨੇ। ਦੇਖਣ ਨੂੰ ਤਾਂ ਸਭ ਕੁਝ ਸਹੀ ਸਲਾਮਤ ਹੈ, ਐਪਰ ਅੱਗੇ ਪਿੱਛੇ ਤੋਟਾਂ ਹੁੰਦੀਆਂ ਨੇ। ਉੱਪਰੋਂ ਉੱਪਰੋਂ ਲੱਗਦੇ ਨੇ ਸਭ ਸ਼ੁਭਚਿੰਤਕ, ਐਪਰ ਮਨ ਵਿਚ ਰੱਖੀਆਂ ਖੋਟਾਂ ਹੁੰਦੀਆਂ ਨੇ। ਓਦੋਂ ਹਰ ਇਕ ਬੰਦਾ ਅਹਿਮ ਜਿਹਾ ਲੱਗਦਾ, ਪੈਣ ਵਾਲੀਆਂ ਜਦ ਵੀ ਵੋਟਾਂ ਹੁੰਦੀਆਂ ਨੇ । ਓਸੇ ਦਿਲ ਚੋਂ ਪੈਦਾ ਹੁੰਦੀ ਹਮਦਰਦੀ, ਸਹੀਆਂ ਜਿਹੜੇ ਦਿਲ ਨੇ ਚੋਟਾਂ ਹੁੰਦੀਆਂ ਨੇ। ਬਿਨ ਪੈਸੇ ਤੋਂ ਸੌ ਸੌ ਧੱਕੇ ਨੇ ਮਿਲਦੇ, ਨੋਟਾਂ ਵਾਲਿਆਂ ਨੂੰ ਸੌ ਛੋਟਾਂ ਹੁੰਦੀਆਂ ਨੇ। ਭੀੜਾਂ ਨਹੀਂ ਇਹ ਬਹੁਤ ਕੀਮਤੀ ਚੀਜ਼ਾਂ ਨੇ, ਇਹ ਤਾਂ ਤੁਰਦੀਆਂ ਫਿਰਦੀਆਂ ਵੋਟਾਂ ਹੁੰਦੀਆਂ ਨੇ। ਇਹ ਨਾ ਸਮਝੀਂ ‘ਕੰਵਲ' ਕਿ ਤੇਰਾ ਕੋਈ ਨਹੀਂ, ਤੇਰੇ ਜਿਹਿਆਂ ਨੂੰ ਰੱਬ ਦੀਆਂ ਓਟਾਂ ਹੁੰਦੀਆਂ ਨੇ।
ਬਹੁਤਾ ਹੈ ਧਿਆਨ
ਬਹੁਤਾ ਹੈ ਧਿਆਨ ਨੌਜਵਾਨੀ ਦਾ ਸ਼ਰਾਬਾਂ ਵਲ । ਸਿੱਧੇ ਛੱਡ ਤੁਰੀ ਮੱਤ ਪੁੱਠਿਆਂ ਹਿਸਾਬਾਂ ਵਲ। ਨੱਚ ਲੈਣ ਇੱਕ ਦਿਨ ਛੱਡ ਟੀ. ਵੀ., ਸੀ. ਡੀਆਂ ਨੂੰ, ਦੇਖ ਲੈਣਾ ਫੇਰ ਲੋਕੀਂ ਆਉਣਗੇ ਕਿਤਾਬਾਂ ਵੱਲ। ਕੰਡਿਆਂ ਦੇ ਨਾਲ ਤਨ ਮਨ ਪੜਵਾ ਕੇ ਅੰਤ, ਭਾਲਦਿਆਂ ਮਹਿਕਾਂ ਲੋਕਾਂ ਆਉਣਾ ਹੈ ਗੁਲਾਬਾਂ ਵੱਲ। ਕਰੀ ਜਾਂਦੇ ਜਿਹੜੇ ਨੇ ਸਵਾਲ ਤੇ ਸਵਾਲ ਹੁਣ, ਉਨ੍ਹਾਂ ਮੁੜ ਆਉਣਾ ਖੁਦ ਆਪ ਹੀ ਜਵਾਬਾਂ ਵਲ। ਪੰਜਾਂ ਦਰਿਆਵਾਂ ਦਿਆਂ ਪੁੱਤਰਾਂ 'ਚ ਪਿਆਰ ਵਧੇ, ਵਗੇ ਸਾਂਝੀ ਪੌਣ ਰੱਬਾ ਦੋਹਾਂ ਹੀ ਪੰਜਾਬਾਂ ਵੱਲ। ਲੋਕਾਂ ਨਾਲ ਲੋਕਾਂ ਦਾ ਹੈ ਵਾਹ ਪਿਆ ਜਦੋਂ ਦਾ, ਦੇਖਦਾ ਨਾ ਹੁਣ ਕੋਈ ਨੜਿਆਂ ਨਵਾਬਾਂ ਵੱਲ। ਸੀਰਤਾਂ ਪਛਾਣੇ ਕੋਈ ਦੇਖੇ ਨਾ ਸਿਆਣਪਾਂ ਨੂੰ, ਜਾਂਦਾ ਤਾਂ ਧਿਆਨ ਜਾਂਦਾ ਜਾਂਦਾ ਹੈ ਸ਼ਬਾਬਾਂ ਵੱਲ। ਤੂੰਬੀਆਂ ਤੇ ਢੋਲਾਂ ਦੀਆਂ ਕੰਨ-ਪਾੜ ਵਾਜਾਂ ਨੇ, ਦੇਖਦਾ ਨਾ ਅਜ ਕਲ ਕੋਈ ਹੈ ਰਬਾਬਾਂ ਵੱਲ। ਵੱਡਿਆਂ ਤੇ ਛੋਟਿਆਂ ਦਾ ਰਿਹਾ ਨਾ ਲਿਹਾਜ਼ ਕੋਈ, ਦੇਖਦਾ ਨਾ ਅੱਜ ਕੋਈ ਅਦਬਾਂ ਅਦਾਬਾਂ ਵੱਲ। ਉੱਚੇ ਨੀਵੇਂ ਪਾਣੀਆਂ ਦੀ ਟੇਕ ਹੈ ਸਮੁੰਦਰਾਂ ਤੇ ਪਾਣੀ ਨਾ ਸਮੁੰਦਰਾਂ ਦਾ ਆਉਂਦਾ ਹੈ ਤਲਾਬਾਂ ਵਲ।
ਜੇ ਮੈਂ ਬੋਲਾਂ
ਜੇ ਮੈਂ ਬੋਲਾਂ ਝੂਠ ਤਾਂ ਰੋਕ ਲਈਂ। ਗੱਲ ਕਰਦੇ ਨੂੰ ਬੇਸ਼ਕ ਟੋਕ ਦਈਂ। ਇਕ ਅੱਧੀ ਪ੍ਰਚੂਨ ਖੁਸ਼ੀ ਦੇ ਛੱਡ, ਬੇਸ਼ੱਕ ਗ਼ਮ ਦੁਨੀਆਂ ਦੇ ਥੋਕ ਦਈਂ। ਮੈਨੂੰ ਮੇਰੀਆਂ ਹਾਣੀ ਸੋਚਾਂ ਦਿਹ, ਮੈਨੂੰ ਮੇਰੇ ਹਾਣੀ ਲੋਕ ਦਈਂ। ਜੋ ਹੱਥ ਤੇਰਾ ਸਿੱਜਦਾ ਨਾ ਕਰਦੇ, ਓਹਨਾਂ ਦੇ ਵਿਚ ਮੇਖਾਂ ਠੋਕ ਦਈਂ। ਜੋ ਨਾ ਕਰਦੀ ਕਥਾ ਹਯਾਤੀ ਦੀ, ਉਸ ਪੁਸਤਕ ਨੂੰ ਭੱਠੀ ਝੋਕ ਦਈਂ। ਮੈਨੂੰ ਬਖ਼ਸ਼ ਮੁਹੱਬਤ ਧਰਤੀ ਦੀ, ਬੇਸ਼ਕ ਹੋਰਾਂ ਨੂੰ ਪ੍ਰਲੋਕ ਦਈਂ। ਸਰ ਜ਼ਿੰਦਗੀ ਦੇ ਮੱਛੀਆਂ ਤਰਨ ਸਦਾ, ਰੱਤ-ਪੀਣੀ ਨਾ ਕੋਈ ਜੋਕ ਦਈਂ। ਸ਼ਬਦ ਦਈਂ ਸ਼ਬਦਾਂ ਦੀ ਸਾਰ ਸਮੇਤ, ਗੀਤਾਂ, ਗ਼ਜ਼ਲਾਂ ਨਾਲ ਸਲੋਕ ਦਈਂ।
ਅਪਣੇ 'ਚ ਹੀ ਕਸੂਰ
ਅਪਣੇ 'ਚ ਹੀ ਨਾ ਹੁੰਦੇ ਜੇਕਰ ਕਸੂਰ ਕਿਧਰੇ। ਹੁਣ ਤੱਕ ਸੀ ਪਹੁੰਚ ਜਾਣਾ ਆਪਾਂ ਜ਼ਰੂਰ ਕਿਧਰੇ। ਚੜ੍ਹਿਆ ਕਿਸੇ ਨੂੰ ਅਪਣੀ ਰੂਹ ਦਾ ਸਰੂਰ ਕਿਧਰੇ, ਹੋਇਆ ਨਸ਼ੇ 'ਚ ਕੋਈ ਫਿਰਦਾ ਹੈ ਚੂਰ ਕਿਧਰੇ। ਏਨੀ ਵੀ ਭਟਕਣਾ ਤੇ ਹੁੰਦੀ ਨਾ ਦੌੜ ਅੰਨ੍ਹੀ, ਹੁੰਦਾ ਜੇ ਕੋਲ ਥੋੜ੍ਹਾ ਸਬਰੋ ਸਬੂਰ ਕਿਧਰੇ। ਆਪਾਂ ਵੀ ਰਾਹ 'ਚ ਮਿਲਦੇ ਜੁਲਦੇ ਤਪਾਕ ਦੇ ਨਾਲ, ਜੇ ਮਾਰਿਆ ਨਾ ਹੁੰਦਾ ਫੋਕੇ ਗ਼ਰੂਰ ਕਿਧਰੇ। ਇਹ ਸਫਰ ਜ਼ਿੰਦਗੀ ਦਾ ਏਦਾਂ ਰਵਾਂ ਹੀ ਰਹਿੰਦਾ, ਪੈਂਦੇ ਨੇ ਬੂਰ ਕਿਧਰੇ ਝੜ੍ਹਦੇ ਨੇ ਬੂਰ ਕਿਧਰੇ। ਇਸ ਨੂੰ ਕਹਾਂ ਚਲਾਕੀ ਜਾਂ ਕਿ ਤੇਰੀ ਨਦਾਨੀ, ਤੂੰ ਕੋਲ ਬੈਠਿਆਂ ਨੂੰ ਲੱਭਦਾ ਏਂ ਦੂਰ ਕਿਧਰੇ। ਕਰਦਾ ਹੈ ਗੱਲ ਕੋਈ ਨਪ ਤੋਲ ਕੇ ਹੈ ਕਰਦਾ, ਐਵੇਂ ਹੀ ਪਾਉਂਦਾ ਫਿਰਦਾ ਕੋਈ ਫਤੂਰ ਕਿਧਰੇ। ਸਾਥੋਂ ਹੀ ਛਿਪ ਛੁਪਾ ਕੇ ਖੁਦ ਨੂੰ ਛਿਪਾ ਰਹੇ ਹੋ, ਆਓ ਕਦੇ ਤਾਂ ਆਓ ਸਾਂਹਵੇ ਹਜ਼ੂਰ ਕਿਧਰੇ।
ਸਾਧ ਦੀ ਚੇਲੀ ਹਾਂ ਮੈਂ
ਬਾਂਦਰਾਂ ਦੇ ਹੱਥ ਆਈ ਗੁੜ ਦੀ ਇਕ ਭੇਲੀ ਹਾਂ ਮੈਂ। ਆ ਗਈ ਸਾਧਾਂ ਦੇ ਡੇਰੇ ਹੋ ਘਰੋਂ ਵਿਹਲੀ ਹਾਂ ਮੈਂ। ਰੂਪ ਦੇਖੋ ਰੰਗ ਦੇਖੋ ਅੱਖ ਮੇਰੀ ਦਾ ਸਰੂਰ, ਅੰਗ ਅੰਗ ਭਰਿਆ ਮਿਰਾ ਚੰਦਨ ਦੀ ਜਿਉਂ ਗੇਲੀ ਹਾਂ ਮੈਂ। ਸਾਧ ਨੇ ਤਾਂ ਗਲ 'ਚ ਹੈ ਮਾਲਾ ਬਣਾ ਕੇ ਪਾ ਲਿਆ, ਘਰਦਿਆਂ ਸੀ ਸਮਝਿਆ ਖੋਟੀ ਜਿਵੇਂ ਧੇਲੀ ਹਾਂ ਮੈਂ। ਵਿਹਲੜਾਂ, ਮਨਖੱਟੂਆਂ, ਪਾਖੰਡੀਆਂ ਦੇ ਨਾਲ ਹਾਂ, ਨਾ ਜਿਹਦਾ ਬੇਲੀ ਹੈ ਕੋਈ ਓਸ ਦੀ ਬੇਲੀ ਹਾਂ ਮੈਂ। ਮੈਂ ਜੜੇ ਜਤੀਆਂ ਨੂੰ ਦਿੱਤਾ ਵਾਂਗ ਨਿੰਬੂ ਦੇ ਨਿਚੋੜ, ਸਮਝਿਓ ਭੋਲੀ ਨਾ ਮੈਨੂੰ ਖੇਲ੍ਹ ਹਰ ਖੇਲ੍ਹੀ ਹਾਂ ਮੈਂ। ਸੁੰਘਦੇ ਪਿੰਡਾ ਮੇਰਾ ਬਘਿਆੜ ਵਾਂਗਰ ਸਾਧ ਸਭ, ਮੈਂ ਜਿਵੇਂ ਔਰਤ ਨਾ ਹੋਵਾਂ ਭੇਡ ਜਾਂ ਲੇਲੀ ਹਾਂ ਮੈਂ। ਰਾਤ ਭਰ ਪ੍ਰਵਚਨ ਕਰਦਾ ਸਾਧ ਮੇਰੇ ਨਾਲ ਹੀ, ਦਿਨ ਜੁੜੀ ਸੰਗਤ 'ਚ ਵੀ ਅੱਖ ਰੱਖਦੀ ਮੇਲੀ ਹਾਂ ਮੈਂ। ਫੂਕ ਦੇਵੇਗਾ ਉਹ ਮੰਤਰ ਮਾਰ ਕੇ ਇਹ ਸੋਚ ਲੈ, ਦੇਖ ਨਾ ਬੈਠੀਂ ਮੇਰੇ ਵਲ ਸਾਧ ਦੀ ਚੇਲੀ ਹਾਂ ਮੈਂ।
ਹੱਸਣਾ ਚਾਹਿਆ ਸੀ
ਹੱਸਣਾ ਚਾਹਿਆ ਸੀ, ਹਾਸੇ ਦਾ ਮੜ੍ਹਾਸਾ ਹੋ ਗਿਆ। ਇਕ ਨਿਗੂਣੀ ਗੱਲ ਤੋਂ ਹੀ, ਸ਼ੋਰ ਖਾਸਾ ਹੋ ਗਿਆ। ਇਸ ਤਰ੍ਹਾਂ ਵੀ ਪਿਆਸ ਦੀ ਨਾ, ਇੰਤਹਾ ਦੇਖੀ ਕਦੇ, ਦੇਖ ਮਾਰੂਥਲ ਨੂੰ, ਸਾਗਰ ਸੀ ਪਿਆਸਾ ਹੋ ਗਿਆ। ਹੋ ਗਿਆ ਉਹ ਕੁਝ ਨਾ ਕੁਝ ਤਾਂ, ਹੋ ਗਿਆ ਸੀ ਮਿਹਰਬਾਂ, ਮਿਹਰਬਾਨੀ ਓਸ ਦੀ, ਤੋਲੇ ਤੋਂ ਮਾਸਾ ਹੋ ਗਿਆ। ਮੈਂ ਉਹਦੀ ਹੀ ਅੱਖ ਦੇ, ਸ਼ੀਸ਼ੇ 'ਚੋਂ ਜਦ ਸੀ ਝਾਕਿਆ, ਦਿਲ 'ਚ ਉਸ ਦੇ ਜੋ ਸੀ, ਉਸ ਗੱਲ ਦਾ ਖ਼ੁਲਾਸਾ ਹੋ ਗਿਆ। ਘਰ 'ਚ ਇਹ ਗੱਲ ਸੋਚ ਹੀ, ਸ਼ਰਮਿੰਦਗੀ ਹੁੰਦੀ ਸੀ, ਪਰ, ਉਹ ਸ਼ਰੇ ਬਾਜ਼ਾਰ ਹੀ ਸੀ, ਬੇ-ਲਿਬਾਸਾ ਹੋ ਗਿਆ। ਸੋਚਿਆ ਸੀ ਮੈਂ ਵੀ ਉਸਦੇ, ਨਾਲ ਹੋ ਜਾਵਾਂਗਾ ਪਾਰ, ਪਰ ਉਹ ਠਿੱਲ੍ਹਦੇ ਸਾਰ ਪਾਣੀ ਵਿਚ ਪਤਾਸਾ ਹੋ ਗਿਆ।
ਪੈਂਦੀ ਜਿੱਥੇ ਬਾਤ
ਪੈਂਦੀ ਜਿੱਥੇ ਬਾਤ ਹੁੰਗਾਰੇ ਆ ਜਾਂਦੇ। ਗੁੰਗਿਆਂ ਦੇ ਵੀ ਗਲੀਂ ਗਰਾਰੇ ਆ ਜਾਂਦੇ। ਪੰਡ ਫ਼ਰਜ਼ਾਂ ਦੀ ਜਦ ਸਿਰ ਪਏ ਉਠਾਣੀ ਤਾਂ, ਕਰਨੇ ਅਪਣੇ ਆਪ ਗੁਜ਼ਾਰੇ ਆ ਜਾਂਦੇ। ਮੱਸਿਆ ਨੂੰ ਜੇ ਚੰਨ ਕੁਤਾਹੀ ਕਰ ਜਾਂਦਾ, ਆ ਜਾਂਦੇ ਅਣਗਿਣਤ ਸਿਤਾਰੇ ਆ ਜਾਂਦੇ। ਦੁਖ ਵਿਚ ਆਉਂਦਾ ਕੋਈ ਟਾਂਵਾਂ ਟਾਂਵਾਂ ਹੀ, ਸੁੱਖ ਵਿੱਚ ਹੁੰਮ ਹੁਮਾ ਕੇ ਸਾਰੇ ਆ ਜਾਂਦੇ। ਲੋਕ ਹਨੇਰੀ ਝੁੱਲਦੀ ਜਦੋਂ ਮਹੱਲਾਂ 'ਤੇ, ਧਰਤ ਬਰਾਬਰ ਉਦੋਂ ਚੁਬਾਰੇ ਆ ਜਾਂਦੇ।
ਮੈਨੂੰ ਮੇਟਣ ਵਾਸਤੇ
ਮੈਨੂੰ ਮੇਟਣ ਵਾਸਤੇ ਕਾਹਲੀ ਰਕੀਬਾਂ ਵਿਚ ਨਹੀਂ। ਪਰ ਅਜੇਹਾ ਸਬਰ ਕਿਉਂ ਮੇਰੇ ਹਬੀਬਾਂ ਵਿਚ ਨਹੀਂ। ਜਦ ਕੋਈ ਹੁੰਦਾ ਸਲੀਬਾਂ ਦੇ ਹਵਾਲੇ ਬੇਗੁਨਾਹ, ਫੇਰ ਕਿਉਂ ਕਾਂਬਾ ਜਿਹਾ ਛਿੜਦਾ ਸਲੀਬਾਂ ਵਿਚ ਨਹੀਂ। ਜਿਸ ਤਰ੍ਹਾਂ ਅੰਬਰ ਅਥ੍ਹਾ ਦੀ ਥ੍ਹਾ ਨਾ ਕੋਈ ਪਾ ਸਕੇ, ਦਰਦ ਦਿਲ ਦਾ ਵੀ ਕਿਸੇ ਮਿਣਿਆਂ ਜ਼ਰੀਬਾਂ ਵਿਚ ਨਹੀਂ। ਭੁੱਖਿਆਂ ਦੇ ਮੂੰਹ 'ਚੋਂ ਬੁਰਕੀ ਖੋਹ ਰਿਹਾ ਜ਼ਰਦਾਰ ਦੇਖ, ਇਸ ਤਰ੍ਹਾਂ ਦੀ ਬੇਹਯਾਈ ਪਰ ਗ਼ਰੀਬਾਂ ਵਿਚ ਨਹੀਂ। ਕਲਮ ਨੂੰ ਜੋ ਵੇਚਦਾ, ਉਹ ਗਿਰ ਗਿਆ ਇਖ਼ਲਾਕ ਤੋਂ, ਗਿਰ ਗਿਆ ਇਖ਼ਲਾਕ ਤੋਂ ਆਉਂਦਾ ਅਦੀਬਾਂ ਵਿਚ ਨਹੀਂ। ਰੋਗ ਜਿਸ ਲਾਇਆ, ਉਸੇ ਦੇ ਕੋਲ ਹੈ ਇਸ ਦੀ ਸ਼ਫ਼ਾ, ਉਹ ਮਗਰ ਸ਼ਾਮਿਲ ਅਜੇ ਮੇਰੇ ਤਬੀਬਾਂ ਵਿਚ ਨਹੀਂ। ਟੁਕੜਿਆਂ-ਦਰ-ਟੁਕੜਿਆਂ ਵਿਚ ਜਦ ਮਿਲੀ, ਬਿਖ਼ਰੀ ਮਿਲੀ, ਇਕ ਮੁਕੰਮਲ ਜ਼ਿੰਦਗੀ ਅਪਣੇ ਨਸੀਬਾਂ ਵਿਚ ਨਹੀਂ। ਕਹਿ ਲਵੋ ‘ਖ਼ੁਸ਼ਵੰਤ’ ਵੀ ਹਾਂ ਤੇ ‘ਕੰਵਲ’ ਵੀ ਹਾਂ ਹਜ਼ੂਰ, ਪਰ ਮੇਰੀ ਗਿਣਤੀ ਅਜਿਹਿਆਂ ਖ਼ੁਸ਼-ਨਸੀਬਾਂ ਵਿਚ ਨਹੀਂ।
ਹਰ ਕਦਮ
ਹਰ ਕਦਮ ਹਾਦਸੇ ਨੇ ਹਰ ਕਦਮ ਇਮਤਿਹਾਨ। ਹਰ ਕਦਮ ਛੱਡ ਜਾਂਦਾ ਹੈ ਆਪਣਾ ਨਿਸ਼ਾਨ। ਦੂਰੋਂ ਤਾਂ ਘਰ ਹੀ ਲੱਗਦਾ ਪਰ ਕੋਲ ਆ ਕੇ ਦੇਖ, ਘਰ ਦਾ ਹੈ ਨਕਸ਼ ਕਿਹੜਾ ਇਹ ਤਾਂ ਨਿਰਾ ਮਕਾਨ । ਸੁੱਖ ਤੇ ਸਹੂਲਤਾਂ ਦੇ ਸਾਧਨ ਅਨੇਕ ਹੁੰਦਿਆਂ, ਫਿਰ ਵੀ ਫਸੀ ਹੈ ਰਹਿੰਦੀ ਦੁੱਖਾਂ ਦੇ ਵਿੱਚ ਜਾਨ । ਉਸ ਦੀ ਹੈ ਤੋਰ ਬਦਲੀ ਮੇਰੇ ਵੀ ਪੈਰ ਥਿੜਕੇ, ਕੋਈ ਸਾਂਝ ਹੈ ਅਸਾਡੇ ਦੋਹਾਂ ਦੇ ਦਰਮਿਆਨ। ਅੱਜ ਦਾ ਹਰੇਕ ਚਿਹਰਾ ਲੱਗਦਾ ਹੈ ਇਸ ਤਰ੍ਹਾਂ, ਤਲਵਾਰ ਜਿਉਂ ਜ਼ੰਗਾਲੀ ਪਰ ਲਿਸ਼ਕਦਾ ਮਿਆਨ। ਕਿਰਦਾਰ ਨੂੰ ਕੀ ਕਰਨਾ ਇਹ ਕਿਸ ਬਲਾ ਦਾ ਨਾਂਅ, ਦੇਖੋ ਕਿ ਕਿੰਨਾ ਉੱਚਾ ਉਸ ਦਾ ਹੈ ਖਾਨਦਾਨ । ਔਖਾ ਹੈ ਰਾਹ ਬੜਾ ਹੀ ਜਿਊਣਾ ਕਿਸੇ ਦੀ ਖਾਤਰ, ਜਿਊਣਾ ਜੇ ਖੁਦ ਲਈ ਤਾਂ ਰਾਹ ਹੈ ਬੜਾ ਅਸਾਨ। ਮਿਲਿਆ ਮਨੁੱਖ ਨੂੰ ਤਾਂ ਪ੍ਰਵਾਸ ਹੈ ਸਦੀਵੀ, ਸਿਰ ’ਤੇ ਉਠਾਈ ਫਿਰਦਾ ਘਰ-ਬਾਰ ਦਾ ਸਮਾਨ। ਸ਼ੈਤਾਨ ਤੋਂ ਵੀ ਮਾੜੇ ਕਰਦਾ ਹੈ ਕੰਮ ਦੇਖੋ, ਫਿਰ ਵੀ ਕਹਾਉਂਦਾ ਖੁਦ ਨੂੰ ਇਨਸਾਨ ਹੈ ਮਹਾਨ। ਜਾਣਾ ਨਹੀਂ ਕਿਤੇ ਜੇ ਕਰਨਾ ਨਹੀਂ ਜੇ ਕੁਝ ਵੀ, ਘਰ ਬੈਠ ਜਾਓ ਲੈ ਕੇ ਬਾਬੇ ਤੋਂ ਨਾਮ ਦਾਨ।
ਚੰਦਰਾ ਮੌਸਮ
ਕੇਹਾ ਚੰਦਰਾ ਮੌਸਮ ਕਲੀਆਂ ਝਾੜੀ ਜਾਂਦੈ। ਅਪਣੇ ਘਰ ਦੀਆਂ ਨੂੰਹਾਂ ਧੀਆਂ ਸਾੜੀ ਜਾਂਦੈ। ਮੂਰਖ ਹੈ ਜੋ ਆਖੇ ਲੱਗ ਕੇ, ਹਮਸਾਇਆਂ ਦੇ, ਵੱਸਦੇ ਰਸਦੇ ਘਰ ਨੂੰ ਆਪ ਉਜਾੜੀ ਜਾਂਦੈ। ਰਾਜ਼ੀ ਉਸ ਕੀ ਹੋਣਾ ਮਰਿਆ ਕਿ ਮਰਿਆ, ਹਾਲਤ ਜਿਹਦੀ ਮਸੀਹਾ ਹੋਰ ਵਿਗਾੜੀ ਜਾਂਦੈ। ਪਿੰਜਰੇ ਡੱਕਿਆਂ ਨੂੰ ਅੰਬਰ ਦਾ ਲਾਰਾ ਲਾ ਉਹ, ਉੜਦੇ ਪੰਛੀ ਫੜ ਕੇ ਪਿੰਜਰੇ ਤਾੜੀ ਜਾਂਦੈ। ਇਸ ਬੰਦੇ ਦੀ ਫਿਤਰਤ ਹੈ ਖ਼ਰ ਵਰਗੀ ਲੱਗਦੀ, ਅੱਗੇ ਨੂੰ ਧੱਕਦੇ ਹਾਂ ਮਗਰ ਪਿਛਾੜੀ ਜਾਂਦੈ। ਚਿੜੀਆਂ ਦੀ ਹੈ ਮੌਤ ਗੁਆਰਾਂ ਦਾ ਹਾਸਾ, ਦੇਖੋ ਮੂਰਖ ਖੜ੍ਹ ਕੇ ਮਾਰੀ ਤਾੜੀ ਜਾਂਦੈ। ਸੋਚੋ ਉਸ ਦੀ ਹਾਲਤ ਬਾਰੇ ਸੋਚੋ, ਉਹ ਤਾਂ, ਆਪੇ ਲਿਖ ਲਿਖ ਚਿੱਠੀਆਂ ਆਪੇ ਪਾੜੀ ਜਾਂਦੈ।
ਮੇਰੇ ਹਲਾਤ ਨੇ
ਨਾ ਦਿਨ ਬਿਤਾਉਣ ਦਿੱਤਾ ਮੇਰੇ ਹਲਾਤ ਨੇ। ਨਾ ਰਾਤ ਸੌਣ ਦਿੱਤਾ ਮੇਰੇ ਹਲਾਤ ਨੇ। ਦਿਲ ਨੇ ਤਾਂ ਇਹ ਕਿਹਾ ਕਿ ਖ਼ੁਦ ਹੀ ਮਨਾ ਲਵਾਂ, ਪਰ ਨਾ ਮਨਾਉਣ ਦਿੱਤਾ ਮੇਰੇ ਹਲਾਤ ਨੇ। ਇਕ ਗੀਤ ਜੋ ਸੁਣਾਉਣਾ ਚਾਹੁੰਦਾ ਸਾਂ ਦੇਰ ਤੋਂ, ਉਹ ਨਾ ਸੁਣਾਉਣ ਦਿੱਤਾ ਮੇਰੇ ਹਲਾਤ ਨੇ। ਉਸ ਨੂੰ ਬਣਾ ਲਵਾਂ ਮੈਂ ਆਪਣਾ ਉਮੰਗ ਸੀ, ਪਰ ਨਾ ਬਣਾਉਣ ਦਿੱਤਾ ਮੇਰੇ ਹਲਾਤ ਨੇ। ਹੱਸਣਾ ਤਾਂ ਕੀ ਸੀ ਖੁੱਲ੍ਹ ਕੇ ਮੂੰਹ ਮੀਟ ਕੇ ਜ਼ਰਾ, ਨਾ ਮੁਸਕਰਾਉਣ ਦਿੱਤਾ ਮੇਰੇ ਹਲਾਤ ਨੇ। ਚਾਅ ਸੀ ਕਿ ਮੇਰੇ ਦਿਲ ਦੇ ਰਹਿ ਦਿਲ 'ਚ ਹੀ ਗਏ, ਬਾਹਰ ਨਾ ਆਉਣ ਦਿੱਤਾ ਮੇਰੇ ਹਲਾਤ ਨੇ। ਓਹਨਾਂ ਕਿਹਾ ‘ਕੰਵਲ' ਜੀ ਹੁਣ ਘਰ ਵਸਾ ਲਵੋ, ਪਰ ਨਾ ਵਸਾਉਣ ਦਿੱਤਾ ਮੇਰੇ ਹਲਾਤ ਨੇ।
ਬੀਤ ਚੱਲੀ ਜ਼ਿੰਦਗੀ
ਬੀਤ ਚੱਲੀ ਜ਼ਿੰਦਗੀ ਹੈ, ਉੱਠਦਿਆਂ ਤੇ ਬਹਿੰਦਿਆਂ। ਕੁਝ-ਚੁਪੀਤੇ ਰਹਿੰਦਿਆਂ, ਕੁਝ ਸੁਣਦਿਆਂ ਕੁਝ ਕਹਿੰਦਿਆਂ। ਯਾਰ ਲੋਕਾਂ ਗਾਹ ਲਏ, ਧਰਤੀ ਸਮੁੰਦਰ ਤੇ ਪਹਾੜ, ਪਰ ਅਸੀਂ ਬ੍ਰਹਿਮੰਡ ਗਾਹਿਆ, ਘਰ ਦੇ ਅੰਦਰ ਰਹਿੰਦਿਆਂ। ਨਾ ਰਹੀ ਹੁਣ ਚਾਹ, ਕੋਈ ਨਾ ਤੌਖ਼ਲਾ ਬਾਕੀ ਰਿਹਾ, ਹੋ ਗਏ ਪੱਥਰ ਅਸੀਂ ਹਰ, ਪੀੜ ਤਾਈਂ ਸਹਿੰਦਿਆਂ। ਨੀਰ ਸੀ ਗੰਧਲੇ ਅਸੀਂ, ਪ੍ਰਦੂਸ਼ਣਾਂ ਅੱਟੇ ਹੋਏ, ਹੋ ਗਏ ਨਿਰਮਲ, ਪਹਾੜਾਂ ਤੋਂ ਥਲਾਂ ਵਿਚ ਵਹਿੰਦਿਆਂ। ਰੰਗ ਕੱਚਾ ਸੀ, ਤੇ ਪਹਿਲੇ ਹੀ ਸ਼ਰਾਟੇ ਉਤਰਿਆ, ਦੇਰ ਨਾ ਲਾਈ ਸੀ ਤੇਰੇ, ਇਸ਼ਕ ਦੇ ਰੰਗ ਲਹਿੰਦਿਆਂ। ਸਾਫ ਹੈ ਕਿ ਓਸ ਦੇ ਪਹਿਲੇ ਹੀ ਮਨ ਵਿਚ ਚੋਰ ਸੀ, ਨਾ ਮਿਲਾਈ ਸੀ ਨਜ਼ਰ ਉਸ, ਬਾਤ ਆਪਣੀ ਕਹਿੰਦਿਆਂ। ਖ਼ੂਬਸੂਰਤ ਸੀ ਬੜਾ, ਪਰ ਮਹਿਲ ਸੀ ਉਹ ਰੇਤ ਦਾ, ਕਦੋਂ ਤੱਕ ਟਿਕਦਾ, ਲਗਾਈ ਦੇਰ ਨਾ ਇਸ ਢਹਿੰਦਿਆਂ। ਕੀ ਰਿਹਾ ਹੈ ‘ਕੰਵਲ' ਹੁਣ, ਸੰਸਾਰ ਇਹ ਉਸ ਦੇ ਬਿਨਾਂ, ਜੋ ਕਦੇ ਸੀ ਖ਼ੂਬਸਰਤ, ਨਾਲ ਉਸ ਦੇ ਰਹਿੰਦਿਆਂ।
ਕੀ ਕਿਸੇ ਦੀ
ਸੋਚ ਕੇ ਦੇਖੀਂ ਕਦੇ ਐਂ, ਜ਼ਿੰਦਗੀ ਦੇ ਕਾਤਲਾ ! ਕੀ ਮਿਟਾ ਸਕਿਆਂ ਤੂੰ ਜ਼ਿੰਦਗੀ ਮੌਤ ਵਿਚਲਾ ਫਾਸਲਾ। ਕੀ ਕਿਸੇ ਦੀ ਗੱਲ ਕਰਦੇ ਹੋ, ਤੁਸੀਂ ਅੱਜ ਕਲ ਜਨਾਬ, ਆਪਣੇ ਹੀ ਘਰ 'ਚ ਮੁਸ਼ਕਿਲ, ਹੋ ਗਿਆ ਹੈ ਦਾਖਲਾ। ਬੰਦ ਬੂਹੇ ਬਾਰੀਆਂ ਕਰ, ਢਕਣ ਰੌਸ਼ਨਦਾਨ ਵੀ, ਹੋ ਗਿਆ ਹੈ ਬਹੁਤ ਹੀ, ਸੰਗੀਨ ਅਜ ਕਲ੍ਹ ਮਾਮਲਾ। ਦੂਰ ਦੇ ਲੋਕਾਂ ਨੇ ਆ ਕੇ, ਹਾਲ ਹੈ ਕਦ ਪੁੱਛਣਾ, ਆਪਣੇ ਹੀ ਸ਼ਹਿਰ ਜਦ ਕਿ, ਪੁੱਛਦਾ ਨਾ ਲਾਗਲਾ। ਸੋਚ, ਕਰ, ਕੁੱਝ ਹੋਸ਼ ਕਰ, ਕੁਝ ਫੜ ਸਮੇਂ ਦੀ ਨਬਜ਼ ਨੂੰ, ਨਾ ਹੈ ਰੁਕਿਆ ਨਾ ਰੁਕੇਗਾ ਇਹ ਸਮੇਂ ਦਾ ਕਾਫਲਾ। ਕੀ ਕਿਸੇ ਨੂੰ ਹੈ ਕਿਸੇ ਦਾ ਜੋ ਹੈ ਕਰਨਾ ਆਪ ਕਰ, ਹੋਰਨਾਂ ਦੀ ਆਸ ਤੇ ਹੀ ਨਾ ਰਹੀ ਜਾ ਪਾਗਲਾ। ਇਹ ਨਹੀਂ ਕਿ ਜਦ ਵੀ ਚਾਹਿਆ ਆ ਗਏ ਤੇ ਬਹਿ ਗਏ, ਪਾਠਸ਼ਾਲਾ ਵਿਚ ਸਮੇਂ ਸਿਰ ਹੀ ਹੈ ਮਿਲਦਾ ਦਾਖ਼ਲਾ। ਜੇ ਨਿਭਾਈ ਹੈ ਵਫਾ ਇਸ ਪਾਰ ਦੇ ਨਾਲ ਦੋਸਤਾ, ਤਾਂ ਵਫਾ ਕਿਉਂ ਨਾ ਨਿਭਾਏਂਗਾ ਕਿਨਾਰਾ ਪਾਰਲਾ। ਜੇ ਇਰਾਦੇ ਹੋਣ ਕੀਤੇ ਬੈਠ ਕੇ ਅੰਦਰਲਿਆਂ, ਤਾਂ ਤੁਹਾਡਾ ਕੀ ਵਿਗਾੜੇਗਾ ਕੋਈ ਆ ਬਾਰ੍ਹਲਾ। ਜ਼ਿੰਦਗੀ ਹੈ ਆਉਣ ਦਾ ਤੇ ਮੌਤ ਹੈ ਤੁਰ ਜਾਣ ਦਾ, ਹੋਰ ਨਾ ਹੈ ਰਾਹ ਕੋਈ ਇਸ ਫਾਸਲੇ ਵਿਚਕਾਰਲਾ।
ਹੁਣ ਇਸ ਗੱਲ ’ਚੋਂ
ਹੁਣ ਇਸ ਗੱਲ 'ਚੋਂ ਕੀ ਮਿਲਣਾ ਹੈ। ਛੱਡ ਕਾਹਦਾ ਮਿਲਣਾ ਗਿਲਣਾ ਹੈ। ਬੀਤੇ ਦੀ ਗੱਲ ਕਰ ਕੇ ਤਾਂ ਬਸ, ਹੋਰ ਵੀ ਜ਼ਖ਼ਮਾਂ ਨੂੰ ਛਿੱਲਣਾ ਹੈ। ਕਰ ਇਕਰਾਰ ਨਿਭਾ ਨਾ ਸਕਣਾ, ਇਕ ਬੁਲੰਦੀ ਤੋਂ ਡਿੱਗਣਾ ਹੈ। ਸੋਚ ਰਿਹਾਂ ਜੋ ਪਾਉਣਾ ਤੈਨੂੰ, ਉਹ ਖ਼ਤ ਮੈਂ ਹਾਲੇ ਲਿਖਣਾ ਹੈ। ਫਿਰ ਹੀ ਉਹਨੂੰ ਖਰੀਦ ਸਕਾਂਗਾ, ਪ ਹਿਲਾਂ ਪੈਣਾ ਖ਼ੁਦ ਵਿਕਣਾ ਹੈ। ਮਰ ਕੇ ਕੀ ਹੈ ਕਰਨਾ ਪਿਆਰੇ, ਮੈਂ ਹਾਲੇ ਜਿਉਣਾ ਸਿਖਣਾ ਹੈ।
ਤੇਰੇ ਬਿਨਾ
ਤੇਰੇ ਬਿਨਾ ਸਹਾਰਾ ਮੇਰਾ ਕੋਈ ਨਹੀਂ। ਅੰਬਰ ਉੱਤੇ ਤਾਰਾ ਮੇਰਾ ਕੋਈ ਨਹੀਂ। ਥੋੜ੍ਹੇ ਥੋੜ੍ਹੇ ਕਰ ਕੇ ਕੁਝ ਕੁ ਮੇਰੇ ਨੇ, ਪਰ ਸਾਰੇ ਦਾ ਸਾਰਾ ਮੇਰਾ ਕੋਈ ਨਹੀਂ। ਪੱਥਰ ਨਾਲੋਂ ਭਾਰੇ ਤਾਂ ਨੇ ਬੜੇ ਬੜੇ, ਫੁੱਲਾਂ ਜਿੰਨਾ ਭਾਰਾ ਮੇਰਾ ਕੋਈ ਨਹੀਂ। ਪਾਈ ਸੀ ਮੈਂ ਬਾਤ ਹੁੰਗਾਰਾ ਤੇਰੇ ਬਿਨ, ਹੋਇਆ ਹੋਰ ਹੁੰਗਾਰਾ ਮੇਰਾ ਕੋਈ ਨਹੀਂ। ਰੋਜ਼ ਹਨੇਰੀ ਰਾਤ ਡਰਾਉਂਦੀ ਹੈ ਆ ਕੇ, ਚਾਨਣ ਦਾ ਲਿਸ਼ਕਾਰਾ ਮੇਰਾ ਕੋਈ ਨਹੀਂ। ਮੈਂ ਜਿਸ ਦਰਿਆ ਦੇ ਵਿਚ ਕਿਸ਼ਤੀ ਠੇਲ੍ਹ ਲਈ, ਉਸ ਦੇ ਕੋਲ ਕਿਨਾਰਾ ਮੇਰਾ ਕੋਈ ਨਹੀਂ। ਜੇ ਨਾ ਤੂੰ ਆਇਉਂ ਤਾਂ ਡੁੱਬੇ ਹੀ ਡੁੱਬੇ, ਹੋਣਾ ਪਾਰ ਉਤਾਰਾ ਮੇਰਾ ਕੋਈ ਨਹੀਂ। ਪ੍ਰਦੂਸ਼ਤ ਪੌਣਾਂ ਤਾਂ ਚਾਰ-ਚੁਫੇਰੇ ਨੇ, ਮਹਿਕੀ ਪੌਣ ਹੁਲਾਰਾ ਮੇਰਾ ਕੋਈ ਨਹੀਂ। ਲੋਕਾਂ ਲਈ ਤਾਂ ਹੋਣਗੇ ਹੋਰ ਨਜ਼ਾਰੇ ਵੀ, ਤੇਰੇ ਬਿਨਾ ਨਜ਼ਾਰਾ ਮੇਰਾ ਕੋਈ ਨਹੀਂ।
ਉਸ ਨੂੰ ਤੱਕਿਆਂ
ਉਸ ਨੂੰ ਤੱਕਿਆਂ ਗ਼ਜ਼ਲ ਕਹਿਣ ਨੂੰ ਜੀ ਕਰਦੈ। ਪਰ ਉਸ ਕਹਿਣਾ ਕਿ ਇਹ ਕਮਲਾ ਕੀ ਕਰਦੈ। ਕੁਝ ਮਿੱਤਰ ਪਿਆਰੇ ਤਾਂ ਰੂਹ ਦਾ ਖੇੜਾ ਨੇ, ਪਰ ਇਕ ਅੱਧਾ ਯਾਰ ‘ਅਲੱਰਜੀ’ ਵੀ ਕਰਦੈ । ਆਪੋ ਆਪਣੇ ਫ਼ਰਜ਼ਾਂ ਦੇ ਸਭ ਬੱਧੇ ਨੇ, ਕਰਦਾ ਜੋ ਤਰਖਾਣ ਨਹੀਂ ਦਰਜ਼ੀ ਕਰਦੈ। ਨਾ ਉਹ ਲੋਕ-ਹਿਤਾਇਸ਼ੀ ਜਾਣੇ ਅਸਲੀਅਤ, ਗੱਲ ਜੋ ਵੀ ਹੈ ਕਰਦਾ ਫਰਜ਼ੀ ਹੀ ਕਰਦੈ। ਆਪਣੇ ਬਾਰੇ ਤਾਂ ਸਭ ਕਰ ਲੈਂਦੇ ਗੱਲਾਂ, ਬੰਦਾ ਉਹ ਜੋ ਗੱਲ ਹੋਰਾਂ ਦੀ ਵੀ ਕਰਦੈ। ਸਮਝ ਨਾ ਆਏ ਉਸਦੇ ਸੋਚ-ਫਲਸਫੇ ਦੀ, ਜੋ ਹੈ ਖ਼ੁਦ ਨੂੰ ਲੋਕਾਂ ਤੋਂ ਮਨਫੀ ਕਰਦੈ । ਕੀ ਸੀ ਸ਼ਬਦ ਖੁਸ਼ਾਮਦ ਦੇ ਵੀ ਲਿਖ ਲੈਂਦਾ, ਪਰ ਇਹ ‘ਕੰਵਲ’ ਕੁਵੈੜਾ ਮਨ ਮਰਜ਼ੀ ਕਰਦੈ।
ਦੇਖਦੇ ਹੀ ਦੇਖਦੇ
ਦੇਖਦੇ ਹੀ ਦੇਖਦੇ ਕਾਲੇ ਤੋਂ ਚਿੱਟੇ ਹੋ ਗਏ । ਹੱਥ ਕੰਬਣ ਲੱਗ ਪਏ ਕਮਜ਼ੋਰ ਗਿੱਟੇ ਹੋ ਗਏ। ਹੱਥ ਮਿਲਾਉਂਦਾ ਸੀ ਕੋਈ ਆ ਕੋਲ ਢੁਕ ਢੁਕ ਬੈਠਦਾ, ਹੁਣ ਜਿਵੇਂ ਕਿ ਜ਼ਾਤ ਨੀਵੀਂ ਤੋਂ ਹਾਂ ਭਿੱਟੇ ਹੋ ਗਏ। ਰੱਖਦਾ ਸਾਨੂੰ ਸੀ ਉਹ ਅਨਮੋਲ ਵਸਤੂ ਸਮਝ ਕੇ, ਹੁਣ ਜਿਵੇਂ ਕੇਲੇ ਦੀ ਛਿੱਲੜ ਵਾਂਗ ਸਿੱਟ੍ਹੇ ਹੋ ਗਏ। ਉਹ ਤੁਰੇ ਤਾਂ ਰਾਹ ਉਨ੍ਹਾਂ ਦੇ ਫੁੱਲ ਹੀ ਫੁੱਲ ਸੀ ਵਿਛੇ, ਪਰ ਅਸਾਡੇ ਵਾਸਤੇ ਰੋੜੇ ਤੇ ਇੱਟੇ ਹੋ ਗਏ । ਇਕ ਸਵਾਂਤੀ ਬੂੰਦ ਵਾਂਗਰ ਵੀ ਤਾਂ ਹੁੰਦੇ ਸੀ ਕਦੇ, ਹੁਣ ਜਿਵੇਂ ਬੰਜ਼ਰ ਜ਼ਿੰਮੀਂ ਤੇ ਮੀਂਹ ਦੇ ਛਿੱਟੇ ਹੋ ਗਏ। ਉਹ ਜਿਹੜੇ ਚਿਹਰੇ ਕਦੇ ਸੀ ਮਹਿਕਦੇ ਰੰਗਲੇ ਗੁਲਾਬ, ਹੁਣ ਉਨ੍ਹਾਂ ਹੀ ਚਿਹਰਿਆਂ ਦੇ ਰੰਗ ਚਿੱਟੇ ਹੋ ਗਏ।
ਹੁਣ ਤਾਂ ਲੋਕ
ਹੁਣ ਤਾਂ ਲੋਕ ਇਕੱਠੇ ਹੋ ਕੇ ਸਾਰੇ ਮੰਗਦੇ ਨੇ। ਹੱਕੀਂ ਪਹੁੰਚਾਂ ਹਰ ਮਸਲੇ ਦੇ ਬਾਰੇ ਮੰਗਦੇ ਨੇ। ਹੁਣ ਨਾ ਝੂਠੇ ਵਾਅਦੇ ਝੂਠੇ ਲਾਰੇ ਕੰਮ ਆਉਣੇ, ਨਗ਼ਦੋ ਨਗ਼ਦੀ ਸੌਦਾ ਹੱਥ ਕਰਾਰੇ ਮੰਗਦੇ ਨੇ। ਪਹਿਲੋਂ ਜਿਹੜੇ ਭਜਾਏ ਮਿੰਨਤਾਂ ਕਰਦੇ ਢਾਰੇ ਲਈ, ਢਾਰਿਆਂ ਵਾਲੇ ਖਾਲੀ ਹੋਏ ਚੁਬਾਰੇ ਮੰਗਦੇ ਨੇ। ਮਾਣ ਮਿਲੇ ਸਤਕਾਰ ਮਿਲੇ ਜੋ ਸਭ ਦੇ ਸਾਂਝੇ ਨੇ, ਸਦੀਆਂ ਤੋਂ ਜੋ ਦਰੋਂ ਘਰੋਂ ਦੁਰਕਾਰੇ ਮੰਗਦੇ ਨੇ। ਹੱਥ ਫੈਲਾਈ ਮੰਗਦੇ ਸੀ ਜੋ ਅਪਣੇ ਹੱਕ ਹਕੂਕ, ਹੁਣ ਹੱਕ ਅਪਣੇ ਮਾਰ ਮਾਰ ਲਲਕਾਰੇ ਮੰਗਦੇ ਨੇ। ਸਾਡੀਆਂ ਛਾਵਾਂ ਸਾਡੀਆਂ ਧੁੱਪਾਂ ਜਿਹੜਾ ਕਤਲ ਕਰੇ, ਕਰੋ ਹਵਾਲੇ ਸਾਡੇ ਉਹ ਹਤਿਆਰੇ, ਮੰਗਦੇ ਨੇ। ਆਪਣਿਆਂ ਸਾਹਾਂ ਨੂੰ ਆਪ ਹੰਢਾਉਣਾ ਨੇ ਚਾਹੁੰਦੇ, ਆਪਣੀਆਂ ਪੀਂਘਾਂ ਦੇ ਆਪ ਹੁਲਾਰੇ ਮੰਗਦੇ ਨੇ। ਅਪਣੇ ਹੱਥੀਂ ਆਪ ਲਿਖਣ ਤਕਦੀਰਾਂ ਆਪਣੀਆਂ, ਅਪਣੇ ਤੋਂ ਨਾ ਵਧ ਕੇ ਹੋਰ ਸਹਾਰੇ ਮੰਗਦੇ ਨੇ। ਜਿਹੜਾ ਧਰਤੀ ਵਾਹੇ ਧਰਤੀ ਦਾ ਮਾਲਕ ਵੀ ਉਹ, ਘਰ ਬੈਠਾ ਕਿਉਂ ਖਾਏ ਕੋਈ ਮੁਜ਼ਾਰੇ ਮੰਗਦੇ ਨੇ। ਸਾਹ ਜਿਨ੍ਹਾਂ ਸੀ ਸੂਤੇ ਹੋਏ ਕਾਮੇ ਕਿਰਤੀ ਦੇ, ਉਹ ਹੁਣ ਇਕ ਦੋ ਸਾਹ ਕੁਝ ਹੋਰ ਉਧਾਰੇ ਮੰਗਦੇ ਨੇ। ਊਚ ਨੀਚ ਦੀ ਨੀਤੀ ਆਕੜ ਫਾਕੜ ਝੱਲਣੀ ਨਾ, ਹਰ ਗਲਿਆਰੇ ਸਾਂਝਾਂ ਦੇ ਵਰਤਾਰੇ ਮੰਗਦੇ ਨੇ। ਮਿਹਨਤ ਮੁੜ ਮੁਸਕਾਏ ਹੋਵਣ ਬੋਲਾਂ ਵਿਚ ਵਿਸ਼ਵਾਸ, ਰਲਕੇ ਨੱਚਣ ਸਾਰੇ ਢੋਲ ਨਗਾਰੇ ਮੰਗਦੇ ਨੇ।
ਜੇ ਤੂੰ ਸਹੀ ਸਿਰਨਾਵੇਂ ਉੱਤੇ
ਜੇ ਤੂੰ ਸਹੀ ਸਿਰਨਾਵੇਂ ਉੱਤੇ ਲਿਖਿਆ ਹੁੰਦਾ ਖ਼ਤ। ਹੁਣ ਤੱਕ ਤੈਨੂੰ ਆ ਜਾਣੇ ਸੀ ਉੱਧਰੋਂ ਵੀ ਛੇ ਸੱਤ । ਉੱਡੋ ਵਿੱਚ ਖ਼ਲਾਵਾਂ ਭਾਵੇਂ ਕਿੰਨਾ ਵੀ ਉੱਚਾ, ਪਰ ਉਤਰਨ ਲਈ ਇੱਕੋ ਇਕ ਹੈ ਮਾਂ ਧਰਤੀ ਦੀ ਛੱਤ। ਉੱਚੇ ਨੀਵੇਂ ਰੁੱਖ ਹੀ ਰਲ ਕੇ ਜੰਗਲ ਕਹਿਲਾਉਂਦੇ, ਹੁੰਦੇ ਨਾ ਮੈਦਾਨ ਤਾਂ ਰੱਖਦੇ ਹੋਂਦ ਕਿਵੇਂ ਪਰਬਤ। ਵਿਛੜਨ ਤੇ ਜੋ ਹੰਝੂ ਵਹਿੰਦੇ ਹੁੰਦੇ ਨੇ ਖ਼ਾਰੇ, ਓਹੀ ਵਸਲ 'ਚ ਹੋ ਜਾਂਦੇ ਨੇ ਖ਼ਾਰੇ ਵੀ ਸ਼ਰਬਤ। ਮੁੱਕਦੇ ਨਹੀਂ ਝਮੇਲੇ ਦੁਨੀਆਂ ਦਾਰੀ ਭਾਰੀ ਦੇ, ਪਰ ਯਾਰਾਂ ਨੂੰ ਮਿਲਣ ਲਈ ਤਾਂ ਕੱਢਿਆ ਕਰ ਫੁਰਸਤ। ਹੁੰਦੀ ਹੈ ਦੀਵਾਨ ਹਾਲ ਵਿਚ ਸੰਗਤ ਥੋੜ੍ਹੀ ਹੀ, ਬਹੁਤੀ ਅਕਸਰ ਲੰਗਰ ਹਾਲ 'ਚ ਹੁੰਦੀ ਹੈ ਸੰਗਤ। ਤੇਰੇ ਦਿਲ ਜੇ ਪਿਆਰ ਨਾ ਹੁੰਦਾ ਤੋਰ ਬਦਲਦੀ ਨਾ, ਨਾ ਹੀ ਰੰਗ ਵਟਾਉਂਦੀ ਤੇਰੇ ਚਿਹਰੇ ਦੀ ਰੰਗਤ। ਹਿੰਮਤ ਨੇ ਹੀ ਰੰਗ ਭਰੇ ਨੇ ਜ਼ਿੰਦਗੀ ਦੀ ‘ਕੈਨਵਸ’, ਕਿੱਥੇ ਹੈ ਉਹ ਹੋਣੀ ਜੋ ਅਖਵਾਉਂਦੀ ਹੈ ਕਿਸਮਤ। ਮੈਂ ਤਾਂ ਤੇਰੇ ਖ਼ਤ 'ਚੋਂ ਤੇਰੀ ਸੂਰਤ ਤੱਕਣੀ ਹੁੰਦੀ, ਲਿਖਿਆ ਕਰ ਪਰ ਹੋਰ ਜ਼ਰਾ ਖ਼ਤ ਲਿਖਿਆ ਕਰ ਖੁਸ਼ਕੱਤ। ਉਂਜ ਤਾਂ ਉਹ ਮਜ਼ਮੂਨ ਮੈਂ ਇੱਕੋ ਨਜ਼ਰੇ ਪੜ੍ਹ ਲੈਨਾਂ, ਜਿਸ ਦੇ ਹੇਠਾਂ ਮੋਹਰ ਲਗਾ ਦੇਂਦੇ ਤੇਰੇ ਦਸਖ਼ਤ ।
ਉੜਨੋਂ ਪਹਿਲਾਂ
ਉੜਨੋਂ ਪਹਿਲਾਂ ਪੰਛੀ ਵੀ ਪਰ ਤੋਲੇ । ਫਿਰ ਹੀ ਮਾਰ ਉਡਾਰੀ ਬੁੱਕਲ ਖੋਲ੍ਹੇ । ਉਹ ਆਵਾਰਾ ਲਘੂ ਸੋਚ ਦਾ ਮਾਲਕ, ਜਿਹੜਾ ਘਰ ਦੇ ਬਾਹਰ ਖੁਸ਼ੀਆਂ ਟੋਲ੍ਹੇ। ਕੰਬੀ ਜਾਨੈ ਦੂਰ ਖਲੋਤਾ ਐਵੇਂ, ਨਿੱਘਾ ਹੋ ਜਾ ਬਹਿ ਕੇ ਸਾਡੇ ਕੋਲੇ। ਉਹ ਦੂਜੇ ਦੇ ਦੁੱਖਾਂ ਨੂੰ ਕੀ ਜਾਣੇ, ਜੋ ਸੁਣਨੋਂ ਹੀ ਪਹਿਲਾਂ ਆਪਣੇ ਫੋਲੇ। ਦੁਸ਼ਮਣ ਕਰਦੇ ਵਾਰ ਖਲੋ ਕੇ ਸਾਂਹਵੇਂ, ਮਿੱਤਰ ਕਰਦੇ ਵਾਰ ਲਕੋ ਕੇ ਓਹਲੇ। ਮਹਿਕ ਖਿਲਾਰੇ ਸ਼ੌਕ ਚੁਫੇਰੇ ਉਸ ਦਾ, ਪਰ ਇਸ ਦਾ ਪੌਣੀਂ ਪ੍ਰਦੂਸ਼ਣ ਘੋਲੇ। ਜ਼ਿੰਦਗੀ ਵੀ ਕੁਝ ਏਦਾਂ ਦੀ ਹੈ ਗਾਥਾ, ਜਿਹੜਾ ਬੋਲੇ ਉਹੀਓ ਕੁੰਡਾ ਖੋਲ੍ਹੇ।
ਮੈਂ ਉਦੋਂ ਵੀ
ਮੈਂ ਉਦੋਂ ਵੀ ਖ਼ਬਰ ਹੁੰਦਾ ਰਹਿ ਗਿਆ। ਜਿਸਮ ਦੀ ਥਾਂ ਕਬਰ ਹੁੰਦਾ ਰਹਿ ਗਿਆ। ਪਾਰ ਜਾਂ ਉਰਵਾਰ ਕੀ ਸੀ ਰੱਖਿਆ, ਮੈਂ ਨਿਮਾਣਾ ਭੰਵਰ ਹੁੰਦਾ ਰਹਿ ਗਿਆ। ਫ਼ਾਸਲਾ ਕੀ ਜ਼ਿੰਦਗੀ ਤੇ ਮੌਤ ਦਾ, ਮੈਂ ਜ਼ਰਾ ਕੁ ਇਧਰ ਹੁੰਦਾ ਰਹਿ ਗਿਆ। ਬਾਤ ਮੇਰੀ ਰਹਿ ਗਈ ਫਿਰ ਅਣ-ਸੁਣੀ, ਫੇਰ ਮੈਥੋਂ ਸਬਰ ਹੁੰਦਾ ਰਹਿ ਗਿਆ। ਰਸਤਿਆਂ ਵਿਚ ਰਹਿ ਗਿਆ ਹੋ ਧੂੜ ਮੈਂ, ਫੇਰ ਮੇਰਾ ਸਫ਼ਰ ਹੁੰਦਾ ਰਹਿ ਗਿਆ। ਜ਼ਿਕਰ ਸੀ ਮਹਿਫਿਲ 'ਚ ਛਿੜਿਆ ਗ਼ੈਰ ਦਾ, ਫੇਰ ਮੇਰਾ ਜ਼ਿਕਰ ਹੁੰਦਾ ਰਹਿ ਗਿਆ। ਓਸ ਨੂੰ ਉਂਝ ਸੀ ਜ਼ਮਾਨੇ ਦਾ ਫ਼ਿਕਰ, ਪਰ ਮੇਰਾ ਹੀ ਫ਼ਿਕਰ ਹੁੰਦਾ ਰਹਿ ਗਿਆ। ਉਹ ਖਲੋਤਾ ਨਾਲ ਮੇਰੇ ਆਣ ਕੇ, ਹੋ ਗਿਆ ਕੁਝ, ਸਿਫਰ ਹੁੰਦਾ ਰਹਿ ਗਿਆ।
ਰੱਖੋ ਹਮਦਰਦੀ
ਰੱਖੋ ਹਮਦਰਦੀ ਇਨਸਾਨਾਂ ਨਾਲ। ਰੱਖੋ ਆਪਣਾ ਤੇ ਬੇਗਾਨਾ ਨਾਲ। ਚਾਹੀਏ ਨਾਲ ਬਹਾਰਾਂ ਤੁਰਨਾ, ਪਰ, ਤੁਰਦਾ ਪੱਤਝੜ ਤੇ ਵੀਰਾਨਾ ਨਾਲ। ਤੋਰਨ ਵਾਲਾ ਹੋਵੇ ਕੋਈ ਤਾਂ, ਤੁਰ ਪੈਂਦਾ ਹੈ ਫੇਰ ਜ਼ਮਾਨਾ ਨਾਲ। ਗੱਡੀ ਹੈ ਵਿਸ਼ਵਾਸ ਆਸਰੇ ਤੁਰਦੀ, ਤੁਰਦੇ ਕਾਰੋਬਾਰ ਜ਼ਬਾਨਾਂ ਨਾਲ। ਦੁੱਖਾਂ ਤੋਂ ਘਬਰਾਇਆਂ ਵੀ ਕੀ ਹੋਣਾ, ਸਭ ਕੁਝ ਝੱਲਣਾ ਪੈਂਦਾ ਜਾਨਾਂ ਨਾਲ। ਜੋ ਸ਼ਬਦਾਂ ਦੀ ਨੋਕ ਨਾਲ ਹੈ ਹੁੰਦੈ, ਹੁੰਦਾ ਨਾ ਉਹ ਤੀਰ ਕਮਾਨਾਂ ਨਾਲ। ਹੁੰਦੇ ਘਰ ਵੀ ਸਦਾ ਸਰਾਵਾਂ ਵਾਂਗ, ਮੋਹ ਨਾ ਬਹੁਤੇ ਪਾਲ ਮਕਾਨਾਂ ਨਾਲ। ਸੂਝ ਸਿਆਣਪ ਦਾ ਹੀ ਪੈਂਦਾ ਮੁੱਲ, ਤੁਰਦਾ ਨਾ ਕੋਈ ਨਾਦਾਨਾਂ ਨਾਲ। ਨੇਕੀ ਕਰਨੀ ਚਾਹੀਦੀ, ਪਰ ਨੇਕੀ ਦਾ, ਤੁਰ ਪੈਂਦਾ ਢੁਕਵਾਂ ਜ਼ੁਰਮਾਨਾ ਨਾਲ।
ਮਿਲਣ ਨਾ ਜੇ ਹੁੰਗਾਰੇ
ਮਿਲਣ ਨਾ ਜੇ ਹੁੰਗਾਰੇ ਬਾਤ ਨੂੰ ਤਾਂ ਬਾਤ ਕੀ ਹੋਈ। ਚੜ੍ਹੇ ਹੀ ਨਾ ਸਿਤਾਰੇ ਰਾਤ ਨੂੰ ਤਾਂ ਰਾਤ ਕੀ ਹੋਈ। ਬਿਨਾ ਆਦਰਸ਼ ਦੇ ਜਿਉਣਾ ਇਹ ਜਿਉਣਾ ਵੀ ਹੈ ਕੀ ਜਿਉਣਾ, ਬਿਨਾ ਲਾੜੇ ਢੁਕੀ ਬਾਰਾਤ ਜੇ ਬਾਰਾਤ ਕੀ ਹੋਈ। ਕਲੇਜਾ ਹੀ ਨਾ ਧੂ ਕੇ ਲੈ ਗਈ ਜੇ ਝਾਤ ਪਹਿਲੀ ਤਾਂ, ਅਜਿਹੀ ਝਾਤ ਕੀ ਕਰਨੀ ਅਜਿਹੀ ਝਾਤ ਕੀ ਹੋਈ। ਉਮਰ ਭਰ ਹੀ ਭੁਲਾਈ ਜਾ ਸਕੇ ਨਾ ਯਾਦ ਹੋਈ ਦੀ, ਹੋਈ ਬਰਸਾਤ ਨਾ ਏਦਾਂ ਤਾਂ ਫਿਰ ਬਰਸਾਤ ਕੀ ਹੋਈ। ਨਾ ਜਿਉਂਦਾ ਜੀ ਸਕੇ ਕੋਈ ਨਾ ਮਰਕੇ ਮਰ ਸਕੇ ਕੋਈ, ਅਜਿਹੀ ਚਾਹਤ ਨਾ ਹੋਈ ਤਾਂ ਫਿਰ ਇਹ ਚਾਹਤ ਕੀ ਹੋਈ। ਨਾ ਨਿਰਣਾ ਕਰ ਸਕੇ ਜਿਹੜੀ ਜਗਾ ਨਾ ਜੋ ਸਕੇ ਜਾਦੂ, ਹੋਈ ਗਲ ਬਾਤ ਜੇ ਕੋਈ ਤਾਂ ਇਹ-ਗੱਲ ਬਾਤ ਕੀ ਹੋਈ। ਹਨੇਰੀ ਰਾਤ ਪਿੱਛੋਂ ਬਣ ਸੰਵਰ ਕੇ ਆ ਸਕੀ ਨਾ ਜੇ, ਤਾਂ ਉਹ ਪ੍ਰਭਾਤ ਹੀ ਯਾਰੋ ਭਲਾ ਪ੍ਰਭਾਤ ਕੀ ਹੋਈ।
ਸ਼ਹਿਰ ਮੇਰੇ ਦੀਆਂ ਕੁੜੀਆਂ
ਸ਼ਹਿਰ ਮੇਰੇ ਦੀਆਂ ਕੁੜੀਆਂ ਵੀ ਕੀ ਕੁੜੀਆਂ ਨੇ। ਸਭ ਕੁਝ ਹੁੰਦਿਆਂ ਸੁੰਦਿਆਂ ਫਿਰ ਥੁੜੀਆਂ ਨੇ। ਕੁਝ ਨਿਰਦੋਸ਼ਾਂ ਕੁੱਖਾਂ ਵਿਚ ਕਤਲ ਹੋਈਆਂ, ਕੁਝ ਨਦੀਆਂ ਤੇ ਨਾਲਿਆਂ ਦੇ ਵਿਚ ਰੁੜ੍ਹੀਆਂ ਨੇ। ਕੁੜੀਆਂ ਦੀ ਹੁਣ ਨਸਲ ਮੁਕਾ ਹੀ ਛੱਡਦੇ ਹਾਂ, ਲੱਗਦੈ ਮਤਾ ਪਕਾਇਆ ਨਰਸਾਂ ਬੁੜ੍ਹੀਆਂ ਨੇ। ਫਿਰ ਕੋਈ ਕੰਜਕ ਲਗਦੀ ਹੈ ਕਿ ਹਾਰ ਗਈ, ਰੇਲ ਦੀਆਂ ਲੀਹਾਂ ਤੇ ਭੀੜਾਂ ਜੁੜੀਆਂ ਨੇ। ਕੁੜੀਆਂ ਤਾਂ ਜਿਉਂ ਰੁੱਖੀਂ ਬੈਠੀਆਂ ਨੇ ਚਿੜੀਆਂ, ਹੁਣ ਉੜੀਆਂ ਹੁਣ ਉੜੀਆਂ ਕਿ ਹੁਣ ਉੜੀਆਂ ਨੇ। ਆਲ੍ਹਣਿਆਂ ਵਿੱਚ ਬੋਟ ਰਹੇ ਰਾਹ ਤੱਕਦੇ ਹੀ, ਪਰ ਕੁਝ ਕੂੰਜਾਂ ਉੜੀਆਂ ਮੁੜ ਨਾ ਮੁੜੀਆਂ ਨੇ ।
ਤਿਤਲੀਆਂ
ਰੋਕ ਨਾ; ਨਾ ਰੋਕ ਉੜਨੋਂ ਤਿਤਲੀਆਂ। ਕੀ ਪਤਾ ਕੀ ਸੋਚ ਘਰ ਤੋਂ ਨਿਕਲੀਆਂ। ਕੀ ਪਤਾ ਕੀ ਖ਼ਾਬ ਲੈ ਲੈ ਉੜਦੀਆਂ, ਕੌਣ ਗੱਲਾਂ ਜਾਣ ਸਕਦੈ ਵਿਚਲੀਆਂ। ਉੜਦੀਆਂ ਪਹਿਨੀ ਪੁਸ਼ਾਕਾਂ ਰੰਗਲੀਆਂ, ਜਿਉਂ ਹਵਾ ਵਿਚ ਪਾਉਣ ਕੁੜੀਆਂ ਕਿਕਲੀਆਂ। ਜਾਪਦੈ ਮਹਿਬੂਬ ਆਪਣੇ ਨੂੰ ਮਿਲਣ, ਅਗਲੀਆਂ ਤੋਂ ਕਾਹਲੀਆਂ ਨੇ ਪਿਛਲੀਆਂ। ਬਾਗ ਦੇ ਵਿੱਚ ਹੋਰ ਹੋਈਆਂ ਰੌਣਕਾਂ, ਜਿਉਂ ਹਨੇਰੇ ਚਮਕੀਆਂ ਨੇ ਬਿਜਲੀਆਂ। ਦੇਖ ਫੁੱਲਾਂ ਦਾ ਸਿਦਕ ਲੰਮੀ ਉਡੀਕ, ਹੋਰ ਵੀ ਨੇ ਪਿਆਰ ਅੰਦਰ ਪਿਘਲੀਆਂ। ‘ਕੰਵਲ’ ਕਦ ਹੁੰਦੀਆਂ ਮੁਰਾਦਾਂ ਪੂਰੀਆਂ, ਮਹਿਕ ਮਾਨਣ ਵਸਲ ਮਾਨਣ ਵਿਰਲੀਆਂ।
ਕੁਫਰ ਕਮਾਉਂਦੇ
ਕੁਫਰ ਕਮਾਉਂਦੇ ਕਾਫਰ ਨੇ। ਹੁੰਦੇ ਥੋਕ ਸੁਦਾਗਰ ਨੇ । ਲੋਕਾਂ ਦਾ ਹੱਕ ਖੋਂਹਦੇ ਜੋ, ‘ਅਬਦਾਲੀ’ ਨੇ ‘ਨਾਦਰ' ਨੇ। ਮਾੜੇ ਦੀ ਜੋ ਧਿਰ ਬਣਦੇ, ਓਹੀ ਲੋਕ ਬਹਾਦਰ ਨੇ । ਮਰਦੇ ਨੇ ਜੋ ਲੋਕਾਂ ਲਈ, ਲੋਕ-ਦਿਲਾਂ ਵਿਚ ਹਾਜ਼ਰ ਨੇ। ਮੱਲ ਸਰਾਂਵਾਂ ਬਹਿੰਦੇ, ਪਰ ਹੁੰਦੇ ਲੋਕ ਮੁਸਾਫਰ ਨੇ ।
ਹੁੰਦੀ ਕਿਸੇ ਜੇ ਪਾਈ
ਹੁੰਦੀ ਕਿਸੇ ਜੇ ਪਾਈ, ਆਉਂਦੀ ਜ਼ਰੂਰ ਚਿੱਠੀ । ਜ਼ਖ਼ਮਾਂ ਤੇ ਆਣ ਦੇਂਦੀ, ਮਲ੍ਹਮਾਂ ਬਰੂਰ ਚਿੱਠੀ। ਗਾਉਂਦੀ ਉਨ੍ਹਾਂ ਦੇ ਸੋਹਲੇ, ਸਿਫ਼ਤਾਂ ਦੇ ਪੁਲ ਬੰਨ੍ਹਦੀ, ਕੱਢਦੀ ਕੋਈ ਨਾ ਕੋਈ, ਸਾਡਾ ਕਸੂਰ ਚਿੱਠੀ । ਕੀਕਰ ਅਸੀਂ ਨਾ ਦੇਂਦੇ, ਉੱਤਰ ਉਸੇ ਹੀ ਵੇਲੇ, ਪਾ ਕੇ ਤਾਂ ਵੇਖ ਲੈਂਦੇ, ਸਾਨੂੰ ਹਜ਼ੂਰ ਚਿੱਠੀ। ਚਿੱਠੀ ਉਨ੍ਹਾਂ ਦੀ ਤਨ ਤੇ, ਮਨ ਨੂੰ ਹੈ ਤਰਲ ਕਰਦੀ, ਦੇਂਦੀ ਹੈ ਰੂਹ ਮੇਰੀ ਨੂੰ, ਡਾਢਾ ਸਰੂਰ ਚਿੱਠੀ। ਅਕਸਰ ਉਡੀਕ ਰਹਿੰਦੀ, ਸੱਜਣਾ ਦੇ ਵਾਂਗ, ਐਪਰ, ਨਖ਼ਰੇ ਵਿਖਾਉਂਦੀ ਆਉਂਦੀ, ਕਰਦੀ ਗ਼ਰੂਰ ਚਿੱਠੀ। ਆਊ ਕਦੇ ਤਾਂ ਆਊ, ਆਊ ਜ਼ਰੂਰ ਆਊ, ਲੈ ਕੇ ਮੁਹੱਬਤਾਂ ਦੇ, ਪੂਰਾਂ ਦੇ ਪੂਰ ਚਿੱਠੀ। ਉਸ ਨੂੰ ਉਡੀਕਣਾ ਕੀ ਆਉਣਾ ‘ਕੰਵਲ’ ਅਚਾਨਕ, ਭੜਥੂ ਜਿਹਨੇ ਮਚਾਉਣਾ ਪਾਉਣਾ ਫ਼ਤੂਰ ਚਿੱਠੀ।
ਜੇ ਤੂੰ ਅਪਣਾ
ਜੇ ਤੂੰ ਅਪਣਾ ਬਣਾ ਲਿਆ ਹੁੰਦਾ। ਭੇਤ ਜ਼ਿੰਦਗੀ ਦਾ ਪਾ ਲਿਆ ਹੁੰਦਾ। ਨਾ ਸੀ ਰਾਹਾਂ 'ਚ ਇਸ ਤਰ੍ਹਾਂ ਰੁਲਣਾ, ਪੈਂਡਾ ਜੇਕਰ ਮੁਕਾ ਲਿਆ ਹੁੰਦਾ। ਹੋਰਨਾਂ ਵਲ ਖਿਆਲ ਹੈ ਤੇਰਾ, ਕਾਸ਼ ! ਖ਼ੁਦ ਨੂੰ ਖਿਆਲਿਆ ਹੁੰਦਾ। ਉਹਨਾਂ ਸਾਮਾਨ ਹੀ ਬਚਾ ਰੱਖਿਆ, ਕਾਸ਼ ! ਜ਼ਖ਼ਮੀ ਬਚਾ ਲਿਆ ਹੁੰਦਾ। ਹੁਣ ਨੂੰ ਗੱਲ ਨੇ ਸੀ ਕਹਿਰ ਕਰ ਦੇਣਾ, ਜੇ ਸੀ ਗੱਲ ਨੂੰ ਵਧਾ ਲਿਆ ਹੁੰਦਾ। ਜੇ ਉਹਦੇ ਦਿਲ 'ਚ ਪਾਪ ਨਾ ਹੁੰਦਾ, ਕਿਉਂ ਉਹਨੇ ਮੂੰਹ ਛੁਪਾ ਲਿਆ ਹੁੰਦਾ। ਹੋ ਗਏ ਯਾਦ ਕਰਦਿਆਂ ਪੱਥਰ, ਹੈ ਸੀ ਬਿਹਤਰ ਭੁਲਾ ਲਿਆ ਹੁੰਦਾ। ਰੋਜ਼ ਇਕ ਇੱਟ ਹੀ ਲਈ ਆਉਂਦੇ, ਹੁਣ ਨੂੰ ਘਰ ਵੀ ਬਣਾ ਲਿਆ ਹੁੰਦਾ। ਮੇਰੀ ‘ਪੇਂਟਿੰਗ’ ਸਜੀਵ ਹੋ ਉੱਠਦੀ, ਜੇ ਤੇਰਾ ਨਕਸ਼ ਵਾਹ ਲਿਆ ਹੁੰਦਾ।
ਕਰੇ ਕੋਈ ਜਾਨ ਆਪਣੀ ਤੋਂ
ਕਰੇ ਕੋਈ ਜਾਨ ਆਪਣੀ ਤੋਂ ਅਗੇਰੇ ਕੀ ਕਰੇ ਕੋਈ। ਕਿਸੇ ਦੇ ਵਾਸਤੇ ਇਸ ਤੋਂ ਵਧੇਰੇ ਕੀ ਕਰੇ ਕੋਈ। ਨਹੀਂ ਕੋਈ ਨਹੀਂ ਚਾਹੁੰਦਾ ਬਿਖਰਨਾ ਰੇਤ ਦੇ ਵਾਂਗਰ, ਜੇ ਪੈ ਹੀ ਜਾਣ ਏਦਾਂ ਦੇ ਖਲੇਰੇ ਕੀ ਕਰੇ ਕੋਈ। ਨਜ਼ਰ ਨੂੰ ਕਿਸ ਤਰ੍ਹਾਂ ਰੋਕੇ ਕੋਈ ਟੋਕੇ ਕਿਵੇਂ ਦਿਲ ਨੂੰ, ਬੁਲਾਏ ਜੇ ਕੋਈ ਖੜ੍ਹ ਕੇ ਬਨੇਰੇ ਕੀ ਕਰੇ ਕੋਈ । ਅਸੀਂ ਇਨਕਾਰ ਕੀ ਕਰੀਏ ਬਹਾਨੇ ਹੀ ਨਹੀਂ ਆਉਂਦੇ, ਉਹਨੂੰ ਆਉਂਦੇ ਬਹਾਨੇ ਨੇ ਬਥੇਰੇ ਕੀ ਕਰੇ ਕੋਈ। ਬੜਾ ਮਾਸੂਮ ਦਿਲ-ਪੰਛੀ ਇਹਨੇ ਫਸਣਾ ਹੀ ਫਸਣਾ ਸੀ, ਕੋਈ ਜੇ ਜਾਲ ਜ਼ੁਲਫ਼ਾਂ ਦਾ ਖਲੇਰੇ ਕੀ ਕਰੇ ਕੋਈ। ਬੜੇ ਖੱਡਾਂ ਤੇ ਖਾਈਆਂ ਨੇ ਤਬਾਹੀਆਂ ਹੀ ਤਬਾਹੀਆਂ ਨੇ, ਹੋਏ ਨੇ ਹੋਰ ਵੀ ਸੰਘਣੇ ਹਨੇਰੇ ਕੀ ਕਰੇ ਕੋਈ। ਕੋਈ ਰੰਗਦਾਰ ਪਾ ਪਿੜੀਆਂ ਖੁਸ਼ੀ ਦੇ ਖੇਸ ਬੁਣਦਾ ਹੈ, ਕੋਈ ਸੂਤਰ ਗ਼ਮਾਂ ਦਾ ਹੀ ਅਟੇਰੇ ਕੀ ਕਰੇ ਕੋਈ। ਕਿਹਨੇ ਸੱਪ ਕੀਲਣੇ ਨੇ ਆਪ ਜ਼ਹਿਰਾਂ ਚੂਸਣੀਆਂ ਨੇ, ਜਦੋਂ ਕਿ ਸੱਪ ਖ਼ੁਦ ਛੱਡਣ ਸਪੇਰੇ ਕੀ ਕਰੇ ਕੋਈ। ਲੁਟੇਰੇ ਗ਼ੈਰ ਹੋਵਣ ਤਾਂ ਬਚਾਅ ਦੇ ਢੰਗ ਬਥੇਰੇ ਨੇ, ਮਗਰ ਜੇ ਹੋਣ ਅਪਣੇ ਹੀ ਲੁਟੇਰੇ ਕੀ ਕਰੇ ਕੋਈ।
ਜੇਕਰ ਅੱਖੋਂ ਪੱਟੀ
ਜੇਕਰ ਅੱਖੋਂ ਪੱਟੀ ਤੁਸਾਂ ਉਤਾਰ ਲਈ ਹੁੰਦੀ। ਰੰਗਾਂ ਦੀ ਵਾਦੀ ਵਿੱਚ ਝਾਤੀ ਮਾਰ ਲਈ ਹੁੰਦੀ। ਜੇ ਤੋੜਨ ਦੀ ਥਾਂ ਤੇ ਜੋੜਨ ਦੀ ਗੱਲ ਕਰਦੇ ਤਾਂ, ਹੁਣ ਤੱਕ ਆਪਾਂ ਦੁਨੀਆਂ ਨਵੀਂ ਉਸਾਰ ਲਈ ਹੁੰਦੀ । ਕੀ ਘਟ ਜਾਂਦਾ ਕੁਝ ਨਾ ਕੁਝ ਤਾਂ ਵਧ ਹੀ ਜਾਣਾ ਸੀ, ਗੱਲ ਜੇ ਆਪਸ ਦੇ ਵਿੱਚ ਜ਼ਰਾ ਵਿਚਾਰ ਲਈ ਹੁੰਦੀ। ਓਨਾ ਹੀ ਤਾਂ ਮਾਣ ਸੀ ਵਧਣਾ ਅਪਣੀ ਹਸਤੀ ਦਾ, ਜੇਕਰ, ਹਊਮੈ ਅਪਣੀ ਅੰਦਰੋਂ ਮਾਰ ਲਈ ਹੁੰਦੀ। ਓਹਨਾਂ ਨੂੰ ਕੀ ਦੁਨੀਆਂ ਹੱਸੇ ਵੱਸੇ ਜਾ ਉੱਜੜੇ, ਜਿਹਨਾਂ ਰੂਹ ਦੀ ਕੁੰਡੀ ਅੰਦਰੋਂ ਮਾਰ ਲਈ ਹੁੰਦੀ । ਏਨਾ ਧੁੰਦ ਗ਼ੁਬਾਰ ਨਹੀਂ ਸੀ ਰਹਿਣਾ ਨਜ਼ਰਾਂ ਵਿੱਚ, ਜੇਕਰ ਅੱਖਾਂ ਖੋਲ੍ਹ ਕੇ ਪੜ੍ਹ ਅਖ਼ਬਾਰ ਲਈ ਹੁੰਦੀ। ਸਿਰ ਹੋਵੇ ਤਾਂ ਸਿਰ ਉਤੇ ਦਸਤਾਰਾਂ ਸ਼ੋਭਦੀਆਂ, ਸਿਰ ਦੀ ਕੀ ਕੀਮਤ ਪੁੱਛੋ ਸਿਰਦਾਰ ਲਈ ਹੁੰਦੀ। ਉਹ ਕੀ ਜਾਣਨ ਕੰਢੇ ਬਹਿ ਜੋ ਗਿਣਦੇ ਨੇ ਲਹਿਰਾਂ, ਕੰਢਿਆਂ ਨਾਲੋਂ ਬਹੁਤੀ ਖਿੱਚ ਮੰਝਧਾਰ ਲਈ ਹੁੰਦੀ। ਇਸ਼ਕ 'ਚ ਸ਼ਰ੍ਹਾ-ਸ਼ਰੀਅਤ ਦੀ ਨਾ ਓਨੀ ਅਹਿਮੀਅਤ, ਜਿੰਨੀ ਕਿ ਅਹਿਮੀਅਤ ਹੈ ਇਤਬਾਰ ਲਈ ਹੁੰਦੀ। ਹੁੰਦੇ ਨੇ ਉਹ ਲੋਕ ਨਗੀਨੇ ਧਾਰ ਲਈ ਜਿਹਨਾਂ, ਲੋਕ ਭਲਾਈ ਦਿਲ ਵਿਚ ਕੁਲ ਸੰਸਾਰ ਲਈ ਹੁੰਦੀ। ਓਹੀ ਤਾਂ ਹੁੰਦੀ ਹੈ ਜ਼ਿੰਦਗੀ ਅਸਲ ਹਕੀਕਤ ਵਿੱਚ, ਹੋਈ ਜਿਹੜੀ ਸਮਰਪਿਤ ਪਰ-ਉਪਕਾਰ ਲਈ ਹੁੰਦੀ।
ਮੌਸਮ
ਮਾਰਦੇ ਅਕਸਰ ਉਮੀਦਾਂ ਸਾਡੀਆਂ ਤੇ ਲੀਕ ਮੌਸਮ । ਨਾ ਉਨ੍ਹਾਂ ਦੇ ਨਾ ਅਸਾਡੇ ਹਾਲ ਦੇ ਪ੍ਰਤੀਕ ਮੌਸਮ। ਮੌਸਮਾਂ ਨੇ ਕਦ ਸਮੇਂ ਦੀ ਨਬਜ਼ ਪਹਿਚਾਣੀ ਹਜ਼ੂਰ, ਇਹ ਤਾਂ ਖੁਸ਼-ਫ਼ਹਿਮੀ ਅਸਾਡੀ ਕਦ ਰਹੇ ਨੇ ਠੀਕ ਮੌਸਮ। ਨਾ ਇਨ੍ਹਾਂ ਨੇ ਨਾਲ ਸਾਨੂੰ ਤੋਰਿਆ ਨਾ ਤੁਰਨ ਆਪ, ਧਾਰ ਕੇ ਬੈਠੇ ਰਵੱਈਆ ਨੇ ਇਹੋ ਅੱਜ ਤੀਕ ਮੌਸਮ। ਮੌਸਮਾਂ ਦੇ ਨਾਲ ਕਰਦੇ ਗੁਫ਼ਤਗੂ ਵੀ ਰੀਝ ਸੀ, ਪਰ ਬੜੀ ਸੀ ਦੂਰ ਸਾਥੋਂ ਜਾਪਦੇ ਨਜ਼ਦੀਕ ਮੌਸਮ। ਬਹੁਤ ਕੀਤੀ ਭਾਲ ਪੁੱਛਿਆ ਪੌਣ ਹਰ ਪੱਤੇ ਤੋਂ ਸੀ, ਕੀ ਪਤਾ ਕਿਸ ਨਗਰ ਦੇ ਨੇ ਹੋ ਗਏ ਵਸਨੀਕ ਮੌਸਮ। ਉਹ ਜਿਹੜੇ ਮੌਸਮ ਦਾ ਲਿਖਿਆ ਪੜ੍ਹ ਸਕਣ ਜਾਨਣ ਓਹੀ, ਕੀ ਅਸਾਡੇ ਵਾਸਤੇ ਨੇ ਕਰ ਗਏ ਤਖ਼ਲੀਕ ਮੌਸਮ । ਫਿਰ ਅਸੀਂ ਵੀ ਮੌਸਮਾਂ ਰੰਗ ਸੱਤੇ ਵੇਖੀਏ, ਜੇ ਕਿਤੇ ਸਾਨੂੰ ਵੀ ਕਿਧਰੇ ਦੇ ਸਕਣ ਤੌਫੀਕ ਮੌਸਮ। ਕੀ ਪਤਾ ਇਸ ਸ਼ਹਿਰ ਵਿਚਲੇ ਕਦ ਬਦਲ ਜਾਣੈ ਹਜ਼ੂਰ, ਆਉਣ ਤੋਂ ਪਹਿਲਾਂ ਹੈ ਬਿਹਤਰ ਕਰ ਲਿਓ ਤਸਦੀਕ ਮੌਸਮ।
ਕੁੜੀਆਂ ਚਿੜੀਆਂ
ਕੁਲ ਦੁਨੀਆਂ ਦੀ ਰੌਣਕ ਨੇ ਕੁੜੀਆਂ ਚਿੜੀਆਂ। ਹਾਸੇ ਵੰਡਦੀਆਂ ਨੇ ਜੀਕਰ ਫੁੱਲ-ਝੜੀਆਂ। ਇਹ ਕੁੜੀਆਂ ਚਾਅ ਮਲਹਾਰਾਂ ਦੀਆਂ ਪੋਟਲੀਆਂ, ਇਹ ਜ਼ਿੰਦਗੀ ਦੇ ਹਰ ਇੱਕ ਮੋੜ ਮਿਲਣ ਖੜ੍ਹੀਆਂ। ਇਹ ਮੋਹ ਮਮਤਾ ਦੀਆਂ ਅਨੂਪਮ ਬਾਲੜੀਆਂ, ਰੱਬ ਨੇ ਜੀਕਰ ਵਿਹਲੇ ਬਹਿ ਕੇ ਨੇ ਘੜੀਆਂ। ਕੁੜੀਆਂ ਤਾਂ ਫੁਲਵਾੜੀ ਵਾਂਗਰ ਮਹਿਕਦੀਆਂ, ਇਹ ਤਾਂ ਵੰਨ-ਸੁਵੰਨੇ ਫੁੱਲਾਂ ਦੀਆਂ ਲੜੀਆਂ। ਇਹ ਹੋਰਾਂ ਦੇ ਦੁੱਖ ਵੰਡਾਉਂਦੀਆਂ ਨੇ, ਫਿਰ ਵੀ, ਆਪ ਕਿਉਂ ਵਖ਼ਤਾਂ ਨੂੰ ਰਹਿੰਦੀਆਂ ਨੇ ਫੜੀਆਂ। ਕੁੜੀਆਂ ਬਾਝੋਂ ਨਾ ਜ਼ਿੰਦਗੀ ਦਾ ਗੀਤ ਤੁਰੇ, ਇਹ ਜ਼ਿੰਦਗੀ ਦੀਆਂ ਅਤਿ ਜ਼ਰੂਰੀ ਨੇ ਕੜੀਆਂ। ਇਹ ਤਾਂ ਜੀਕਰ ਲਾਜ ਵੰਤੀਆਂ ਸ਼ਰਮਾਕਲ, ਇਹ ਤਾਂ ਭੁਰ ਭੁਰ ਜਾਂਦੀਆਂ ਨਾਜ਼ੁਕ ਨੇ ਬੜੀਆਂ। ਕੁੜੀਆਂ ਦਾ ਕੀ ਵੈਰ ਕਿਸੇ ਨਾਲ ਹੋ ਸਕਦਾ, ਫਿਰ ਕਿਉਂ ਖੂਹੀਂ ਕੁੱਦਣ ਅੱਗਾਂ ਵਿਚ ਸੜੀਆਂ। ਜੋ ਕੁੜੀਆਂ ਨੂੰ ਮੜ੍ਹੀਆਂ ਦੇ ਰਾਹ ਪਾਉਂਦੇ ਨੇ, ਕਿਉਂ ਓਹਨਾਂ ਨੂੰ ਵੀ ਨਾ ਫੂਕਦੀਆਂ ਮੜ੍ਹੀਆਂ। ਉਹ ਹੱਥ ਜਿਹੜੇ ਇਹਨਾਂ ਕੰਜਕਾਂ ਤੇ ਉੱਠਣ, ਕਿਉਂ ਨਾ ਓਹਨੀਂ ਹੱਥੀਂ ਲੱਗਣ ਹੱਥ-ਕੜੀਆਂ।
ਹਰ ਕਹਾਣੀ ਵਾਸਤੇ
ਹਰ ਕਹਾਣੀ ਵਾਸਤੇ ਹਾਣੀ ਹੁੰਗਾਰੇ ਭਾਲਦਾਂ। ਪੀਂਘ ਹਰ ਫਰਸ਼ੀ ਲਈ ਅਰਸ਼ੀ ਹੁਲਾਰੇ ਭਾਲਦਾਂ। ਜਿੰਦ ਹੋ ਕੁਰਬਾਨ ਬਹਿ ਜਾਏ ਜਿਨ੍ਹਾਂ ਦੇ ਸਾਹਮਣੇ, ਮੈਂ ਨਿਗਾਹਾਂ ਤੇਰੀਆਂ 'ਚੋਂ ਉਹ ਨਜ਼ਾਰੇ ਭਾਲਦਾਂ। ਬਹੁਤ ਮੁਸ਼ਕਿਲ ਬਾਝ ਤੇਰੇ ਜ਼ਿੰਦਗੀ ਦਾ ਗੁਜ਼ਰ ਹੈ, ਮੈਂ ਤੇਰੇ ਤੋਂ ਜ਼ਿੰਦਗੀ ਭਰ ਦੇ ਗੁਜ਼ਾਰੇ ਭਾਲਦਾਂ। ਭੀੜ ਹੈ ਤੇ ਭੀੜ ਦੇ ਵਿਚ ਬਹੁਤ ਵਾਕਿਫ ਸੂਰਤਾਂ, ਮੈਂ ਤਾਂ ਆਪਣੇ ਹੀ ਪਿਆਰੇ ਦੇ ਇਸ਼ਾਰੇ ਭਾਲਦਾਂ। ਚਲ ਉਹ ਮੇਰੇ ਨਾਮ ਨਾਲ ਮਨਸੂਬ ਤਾਂ ਹੋ ਜਾਣਗੇ, ਆਪਣੇ ਡੁੱਬੇ ਹੋਏ ਚੰਨ ਤੇ ਸਿਤਾਰੇ ਭਾਲਦਾਂ। ਉਸ ‘ਗੜੀ ਚਮਕੌਰ ਤੇ ‘ਸਰਹਿੰਦ’ ਦੀ ਦੀਵਾਰ 'ਚੋਂ, ਮੈਂ ਗੁਰੂ ਦੇ ਲਾਡਲੇ ਚਾਰੇ ਦੁਲਾਰੇ ਭਾਲਦਾਂ।
ਰਸਤੇ ਹੁੰਦੇ ਰਾਹੀਆਂ ਨਾਲ
ਰਸਤੇ ਹੁੰਦੇ ਰਾਹੀਆਂ ਨਾਲ। ਖੇਤ ਨੇ ਹੁੰਦੇ ਵਾਹੀਆਂ ਨਾਲ। ਗੱਲਾਂ ਨਾਲ ਦਲੀਲਾਂ ਦੇ, ਕਲਮ ਦਵਾਤਾਂ ਸ਼ਾਹੀਆਂ ਨਾਲ। ਇਹ ਜੀਣਾ ਵੀ ਜੀਣਾ ਕੀ, ਜੀਣਾ ਸ਼ਰਮਾਂ ਲਾਹੀਆਂ ਨਾਲ। ਆਇਆ ਸੱਚ ਹੈ ਪੇਸ਼ੀ ਤੇ, ਲੈ ਕੇ ਆਪ ਗਵਾਹੀਆਂ ਨਾਲ। ਬੇ-ਦੀਦਾ ਹਰ ਮੌਸਮ ਹੈ, ਰੱਖੇ ਸਾਂਝ ਤਬਾਹੀਆਂ ਨਾਲ। ਇਸ਼ਕ 'ਚ ਇਹ ਵੀ ਹੋ ਸਕਦੈ, ਲੱਗਣ ਅੰਬ ਫ਼ਲਾਹੀਆਂ ਨਾਲ। ਵਾਰਦਾਤ ਤੋਂ ਪਹਿਲਾਂ ਮੁਜ਼ਰਮ, ਗੱਲ ਕਰ ਆਏ ਸਿਪਾਹੀਆਂ ਨਾਲ। ਜ਼ਿੰਦਗੀ ਤੁਰਦੀ ਤੋਰ ਰਹੇ ਕੁੱਝ, ਖੁੱਲ੍ਹਾਂ ਅਤੇ ਮਨਾਹੀਆਂ ਨਾਲ। ਪਲ ਪਲ ਸਾਡਾ ਪਏ ਵਾਸਤਾ, ਜੰਜ਼ੀਰਾਂ ਤੇ ਫ਼ਾਹੀਆਂ ਨਾਲ। ‘ਕੰਵਲ’ ਅਸੀਂ ਤਾਂ ਲੁੱਟੇ ਗਏ ਹਾਂ, ਤੇਰੀਆਂ ਬੇ-ਪ੍ਰਵਾਹੀਆਂ ਨਾਲ।
ਐਵੇਂ ਹੀ
ਐਵੇਂ ਹੀ ਗੱਲ ਗੱਲ ਤੇ ਗੁੱਸਾ ਕਰ ਬਹਿਨਾਂ। ਹਰ ਗ਼ਮ ਦੁਨੀਆਂ ਦਾ ਰੂਹ ਅਪਣੀ ਧਰ ਬਹਿਨਾਂ। ਦੁਖ ਸੁਖ ਆਉਂਦੇ ਰਹਿੰਦੇ ਧੁੱਪਾਂ ਛਾਵਾਂ ਵਾਂਗ, ਐਵੇਂ ਹੀ ਤੂੰ ਮਨ ਹੈ ਆਪਣਾ ਭਰ ਬਹਿਨਾਂ। ਲੋੜੀਂਦਾ ਨਿੱਘ ਵੀ ਰੱਖਿਆ ਕਰ ਦਿਲ ਜਿਗਰੇ, ਤੂੰ ਤਾਂ ਬਰਫ ਦੀ ਸਿੱਲ ਜਿਹਾ ਹੋ ਠਰ ਬਹਿਨਾਂ। ਜਿਹੜੀ ਗੱਲ ਤੂੰ ਕਰਨੀ ਹੁੰਦੀ ਕਰਦਾ ਨਹੀਂ, ਜਿਹੜੀ ਗੱਲ ਨਾ ਕਰਨੀ ਹੁੰਦੀ ਕਰ ਬਹਿਨਾਂ। ਹਿੰਮਤ ਅਤੇ ਦਲੇਰੀ ਜ਼ਿੰਦਗੀ ਦਾ ਗਹਿਣਾ, ਨਿਰ-ਉਤਸ਼ਾਹ ਹੋ ਕੇ ਤੂੰ ਕੰਡੇ ਵਰ ਬਹਿਨਾਂ। ਦੁਸ਼ਮਣ ਦੇ ਸੰਗ ਇੱਟ-ਖੜਿੱਕਾ ਰੁਖ ਬੇਸ਼ਕ, ਐਵੇਂ ਅਪਣੇ ਮਿੱਤਰਾਂ ਨਾਲ ਵਿਟਰ ਬਹਿਨਾਂ। ਦਿਲ ਦੀ ਦੌਲਤ ਰਖਿਆ ਕਰ ਸੰਭਾਲ ਕੇ ਤੂੰ, ਥਾਂ ਥਾਂ ਤੇ ਹੀ ਰੇਤੇ ਵਾਂਗ ਖਿਲਰ ਬਹਿਨਾਂ। ਦਿਲ ਦੀ ਗੱਲ ਰੱਖਿਆ ਕਰ ਅਪਣੇ ਦੋਹਾਂ ਵਿੱਚ, ਤੂੰ ਏਂ ਕਿ ਥਾਂ ਥਾਂ ਤੇ ਛੇੜ ਜ਼ਿਕਰ ਬਹਿਨਾਂ। ਦੀਵਾਨੇ ਤੈਨੂੰ ਦੀਵਾਨੀ ਹੀ ਮਾਫ਼ਿਕ, ਤੂੰ ਜਦ ਹੋਸ਼ 'ਚ ਰਹਿਨਾਂ ਕਰੀ ਫ਼ਿਕਰ ਬਹਿਨਾਂ।
ਐ ਦਿਲਾ ਢੇਰੀ ਨਾ ਢਾਹ
ਐ ਦਿਲਾ ਢੇਰੀ ਨਾ ਢਾਹ ਜੇ ਢਹਿ ਗਿਓਂ ਤਾਂ ਢਹਿ ਗਿਓਂ। ਚਲ ਤੁਰੀ ਚਲ ਚਲ ਤੁਰੀ ਚਲ ਬਹਿ ਗਿਓਂ ਤਾਂ ਬਹਿ ਗਿਓਂ। ਤੁਰ ਕਿ ਤੇਰੇ ਨਾਲ ਦੇ ਕਿੱਥੇ ਦੇ ਕਿੱਥੇ ਪੁੱਜ ਗਏ, ਨਾ ਉਡੀਕੇਗਾ ਕੋਈ ਵੀ ਰਹਿ ਗਿਓਂ ਤਾਂ ਰਹਿ ਗਿਓਂ। ਰੱਖ ਅਪਣੇ ਆਪ ਨੂੰ ਇੱਕ-ਸੁਰ ਸਮੇਂ ਦੇ ਨਾਲ ਤੂੰ, ਵਕਤ ਦੀ ਪਟੜੀ ਤੋਂ ਜੇਕਰ ਲਹਿ ਗਿਓਂ ਤਾਂ ਲਹਿ ਗਿਓਂ। ਬਰਫ ਹੈ ਤਾਂ ਪਿਘਲ ਜਾ ਪਿਘਲਿਐਂ ਤਾਂ ਹੋ ਰਵਾਂ, ਰੁਕ ਗਿਓਂ ਤਾਂ ਰੁਕ ਗਿਓਂ ਤੇ ਵਹਿ ਗਿਓਂ ਤਾਂ ਵਹਿ ਗਿਓਂ। ਜੇ ਹਨੇਰੀ ਵਾਂਗ ਚੜਿਓਂ ਹੂੰਝ ਦੇ ਸਭ ਕੱਖ ਕਾਨ, ਮੁਸ਼ਕਿਲਾਂ ਦੇ ਨਾਲ ਜੇਕਰ ਖਹਿ ਗਿਓਂ ਤਾਂ ਖਹਿ ਗਿਓਂ। ਵਕਤ ਤੇਰੀ ਬਾਤ ਸੁਣਨੀ ਚਾਹ ਰਿਹਾ ਹੈ ਦੇਰ ਤੋਂ, ਹੁਣ ਸਮਾਂ ਗੱਲ ਦਿਲ ਦੀ ਕਹਿ ਜੇ ਕਹਿ ਗਿਓਂ ਤਾਂ ਕਹਿ ਗਿਓਂ। ਨਾ ਕਦੇ ਰੁਕਦੇ ਮੁਸਾਫਿਰ ਤੁਰਦਿਆਂ ਮੁੱਕਦੇ ਸਫਰ, ਜੇ ਤੂੰ ਮੰਜੇ ਵਾਂਗ ਕਿਧਰੇ ਡਹਿ ਗਿਓਂ ਤਾਂ ਡਹਿ ਗਿਓਂ। ਆਉਣ ਲੱਗਿਆਂ ਜਸ਼ਨ ਹੁੰਦੇ ਮਹਿਫ਼ਿਲਾਂ ਹੁੰਦੀਆਂ ਰੰਗੀਨ, ਜਾਣ ਲੱਗਿਆਂ ਚੁੱਪ-ਚੁਪੀਤੇ ਅਹਿ ਗਿਓਂ ਤਾਂ ਅਹਿ ਗਿਓਂ। ਕੰਡਿਆਂ ਦੀ ਕਸਕ ਪਿੱਛੋਂ ਹੋਣਗੇ ਹਾਸਿਲ ਗੁਲਾਬ, ‘ਕੰਵਲ’ ਜੇ ਇਕ ਵਾਰ ਹੱਸ ਕੇ ਸਹਿ ਗਿਓਂ ਤਾਂ ਸਹਿ ਗਿਓਂ।
ਬਾਬਾ ਜੀ
ਮੱਥਾ ਟੇਕੋ ਸਾਡੇ ਪਿੰਡ ਪਧਾਰੇ ਬਾਬਾ ਜੀ। ਕਿੰਨੇ ਹੱਟੇ ਕੱਟੇ ਕਿੰਨੇ ਭਾਰੇ ਬਾਬਾ ਜੀ। ਦੁੱਧ ਚਿੱਟੇ ਪਾ ਵਸਤਰ ਲੱਗਦੇ ਬਗਲੇ ਵਰਗੇ ਨੇ, ਸਿੱਧੇ ਧੋਬੀ ਘਾਟ ਤੋਂ ਆਏ ਪਿਆਰੇ ਬਾਬਾ ਜੀ। ਕੰਨੀ ਮੁੰਦਰਾਂ, ਹੱਥੀਂ ਛੱਲੇ ਪਾ ਗਲ ਵਿੱਚ ਮਾਲਾ, ਜਿਉਂ ਸ਼ੂਟਿੰਗ ਤੇ ਆਏ ਫਿਲਮ ਸਿਤਾਰੇ ਬਾਬਾ ਜੀ। ਮੋਬਾਇਲ ਤੇ ਮੋਬਾਇਲ ਨੇ ਖੜਕੀ ਹੀ ਜਾਂਦੇ, ਗੱਲਾਂ ਕਰ ਕਰ ਕਰੀ ਜਾਣ ਨਿਸਤਾਰੇ ਬਾਬਾ ਜੀ। ਨਜ਼ਰ ਸਵੱਲੀ ਬੀਬੀਆਂ ਦੇ ਵਲ ਰੱਖਦੇ ਨੇ ਅਕਸਰ, ਜਾਂਦੇ ਨੇ ਇਹਨਾਂ ਤੋਂ ਅਕਸਰ ਵਾਰੇ ਬਾਬਾ ਜੀ। ਲੈ ਅਪਣੇ ਪ੍ਰਚਾਰ ਦੀ ਗੱਡੀ ਆ ਪਹੁੰਚੇ ਦੇਖੋ, ਕਰਨਗੇ ਲੋਕਾਂ ਦੇ ਹੁਣ ਪਾਰ ਉਤਾਰੇ ਬਾਬਾ ਜੀ। ਟੂਣੇ ਟੰਮਣ ਕਰ ਕੇ ਭੂਤ ਪ੍ਰੇਤ ਭਜਾਵਣਗੇ, ਹੱਥ ਹੌਲੀ ਵੀ ਕਰਨਗੇ ਪਉਪਕਾਰੇ ਬਾਬਾ ਜੀ। ਲੈਣਗੇ ਸਾਰੇ ਪਿੰਡ ਦਾ ਜਾਇਜਾ ਠੋਕ ਵਜਾ ਪਹਿਲਾਂ, ਭੇਤ ਲੈਣਗੇ ਫਿਰ ਸਾਰੇ ਦੇ ਸਾਰੇ ਬਾਬਾ ਜੀ। ਦਰਜਾ ਅਤੇ ਬਦਰਜਾ ਹਰ ਕਮਜ਼ੋਰੀ ਭਾਂਪਣਗੇ, ਸ਼ੋਭਾ ਫੇਰ ਕਰਾਉਣਗੇ ਇਨ੍ਹਾਂ ਸਹਾਰੇ ਬਾਬਾ ਜੀ। ਫਿਰ ਨਾ ਕੋਈ ਰੋਕ ਸਕੇ ਨਾ ਟੋਕ ਸਕੇ ਕੋਈ, ਜਦ ਨੇ ਪੱਤੇ ਪੂਰੀ ਤਰ੍ਹਾਂ ਖਿਲਾਰੇ ਬਾਬਾ ਜੀ। ਸੰਗਤਾਂ ਵਿਚੋਂ ਲੱਭਦੇ ਅਪਣੇ ਮਤਲਬ ਦੇ ਬੰਦੇ, ਲੱਭ ਲੈਂਦੇ ਨੇ ਆਪਣੇ ਕੁੱਝ ਪਿਆਰੇ ਬਾਬਾ ਜੀ। ਜਿਹੜੇ ਪਿੰਡ ਵਿੱਚ ਬੱਸ ਕੀ ਕਦੇ ਘੜੁੱਕਾ ਨਹੀਂ ਆਉਂਦਾ, ਉੱਥੇ ਕਾਰ 'ਚ ਆ ਕੇ ਕਰਨ ਉਤਾਰੇ ਬਾਬਾ ਜੀ। ਪਿੰਡ ਵੀ ਦੇਖੋ ਹੁੰਮ ਹੁਮਾ ਚਰਨੀ ਆ ਲੱਗਾ, ਕਿੰਨੀ ਛੇਤੀ ਆ ਕੇ ਖੰਭ ਖਲਾਰੇ ਬਾਬਾ ਜੀ। ਧੁੰਮਾਂ ਦੂਰ ਦੁਰਾਡੇ ਪਈਆਂ ਸੰਗਤਾਂ ਤੁਰ ਪਈਆਂ, ਸਿਖਰ ਦੁਪਹਿਰੇ ਅੰਬਰ ਚਾੜ੍ਹੇ ਤਾਰੇ ਬਾਬਾ ਜੀ। ਲੰਗਰ ਦੇ ਵਿੱਚ ਪੰਗਤਾਂ ਜੁੜੀਆਂ ਤੋਟ ਨਹੀਂ ਕੋਈ, ਖੁੱਲ੍ਹੇ ਡੁੱਲ੍ਹੇ ਲੱਗੇ ਕਰਨ ਗੁਜ਼ਾਰੇ ਬਾਬਾ ਜੀ।
ਕੰਮ ਲਿਆ ਕਰ ਅਕਲੋਂ
ਕੰਮ ਲਿਆ ਕਰ ਅਕਲੋਂ ਵੀ ਕੁਝ, ਕਮਲ ਜਿਹਾ ਕੀ ਕਰਦਾ ਰਹਿਨਾਂ। ਕਰਿਆ ਕਰ ਕੁਝ ਸੀਰਤ ਵਰਗਾ, ਸ਼ਕਲ ਜਿਹਾ ਕੀ ਕਰਦਾ ਰਹਿਨਾਂ। ਰੀਝਾਂ ਵੀ ਕੁਝ ਪਾਲ ਲਿਆ ਕਰ, ਕਤਲ ਜਿਹਾ ਕੀ ਕਰਦਾ ਰਹਿਨਾਂ। ਧੀਰਜ ਕਰ ਕੇ ਸੁਣ ਤੂੰ, ਗਲ ਵਿੱਚ, ਦਖਲ ਜਿਹਾ ਕੀ ਕਰਦਾ ਰਹਿਨਾਂ। ਤੁਰਿਆ ਕਰ ਇੱਕੋ ਹੀ ਰਸਤੇ, ਬਦਲ ਜਿਹਾ ਕੀ ਕਰਦਾ ਰਹਿਨਾਂ। ਛੇ ਫੁੱਟ ਧਰਤੀ ਤੇਰੀ ਬਹੁਤਾ, ਵਗਲ਼ ਜਿਹਾ ਕੀ ਕਰਦਾ ਰਹਿਨਾਂ। ਦੇਖ ਸੁਆਦ ਹਿਜ਼ਰ ਦਾ ਵੀ ਕੁਝ, ਵਗਲ ਜਿਹਾ ਕੀ ਕਰਦਾ ਰਹਿਨਾਂ। ਇਸ਼ਕ 'ਚ ਇਸ ਦੀ ਲੋੜ ਨਹੀਂ, ਕੰਮ, ਅਕਲ ਜਿਹਾ ਕੀ ਕਰਦਾ ਰਹਿਨਾਂ। ਹੋਇਆ ਕਦੇ ਸੰਜੀਦਾ ਵੀ ਕਰ, ਮਚਲ ਜਿਹਾ ਕੀ ਕਰਦਾ ਰਹਿਨਾਂ।
ਕੁੱਝ ਨਹੀਂ ਕਰਨਾ
ਕੁਝ ਨਹੀਂ ਕਰਨਾ ਹੈ ਬੁੱਲ੍ਹਾਂ ਸੀਤਿਆਂ। ਹੱਕ ਨਾ ਮਿਲਦੇ ਕਦੇ ਚੁੱਪ ਕੀਤਿਆਂ। ਗੱਲ ਤੁਰਦੀ ਨਾ ਕਦੇ ਸੰਗਰਾਮ ਬਿਨ, ਗੱਲ ਮੁੱਕਦੀ ਹੈ ਸਦਾ ਕੁਝ ਕੀਤਿਆਂ। ਗ਼ਮ ਨੇ ਲੋਕਾਂ ਦੇ ਲਮੇਰੇ ਇਸ ਕਦਰ, ਹੱਥ ਖੜੇ ਕੀਤੇ ਜ਼ਰੀਬਾਂ ਫੀਤਿਆਂ। ਕਦ ਤੁਹਾਡਾ ਮਾਸ ਹੈ ਚੁੰਡਿਆ ਨਹੀਂ, ਬਾਜ਼, ਬਘਿਆੜਾਂ ਤੇ ਸ਼ੇਰਾਂ, ਚੀਤਿਆਂ। ਗ਼ਮ ਕਿਸੇ ਦਾ ਗ਼ਮ ਵੀ ਅਪਣੇ ਵਾਂਗ ਹੈ, ਸਮਝ ਆਉਂਦੀ ਹੈ ਮਗਰ ਪ੍ਰਤੀਤਿਆਂ। ਬੋਤਲਾਂ ਵਿਚ ਬੂੰਦ ਮੈਅ ਹੁੰਦੀ ਮਸੂਮ, ਪਰ ਦਿਖਾਉਂਦੀ ਹੈ ਚਲਾਕੀ ਪੀਤਿਆਂ। ਗੱਲ ਸਿਆਣੇ ਦੀ ਨਾ ਜੇ ਗੌਲੀ ‘ਕੰਵਲ’, ਤਾਂ ਪਤਾ ਲੱਗੂ ਸਮੇਂ ਦੇ ਬੀਤਿਆਂ।
ਜੋ ਫ਼ਰਜ਼ਾਂ ਤੋਂ ਗ਼ਾਫ਼ਿਲ ਹੋਵੇ
ਜੋ ਫ਼ਰਜ਼ਾਂ ਤੋਂ ਗ਼ਾਫ਼ਿਲ ਹੋਵੇ । ਉਸ ਨੂੰ ਕੁਝ ਨਾ ਹਾਸਿਲ ਹੋਵੇ। ਅਮਲ ਨਹੀਂ ਤਾਂ ਕਿਸ ਕੰਮ ਬੰਦਾ, ਭਾਵੇਂ ਆਲਮ ਫਾਜ਼ਿਲ ਹੋਵੇ। ਸੋਚ ਜਿਹਦੀ ਬੀਮਾਰ ਉਹ ਜਾਕੇ, ਪਾਗਲਖਾਨੇ ਦਾਖਿਲ ਹੋਵੇ। ਚਾਹੀਦਾ ਹੈ ਰੁਤਬਾ ਉਸ ਨੂੰ, ਜੋ ਰੁਤਬੇ ਦੇ ਕਾਬਿਲ ਹੋਵੇ। ਬੰਦਾ ਕੀ ਜੋ ਇਕ ਦੂਜੇ ਦੇ, ਦੁਖ ਸੁਖ ਵਿਚ ਨਾ ਸ਼ਾਮਿਲ ਹੋਵੇ। ਤਨ ਹੀ ਨਹੀਂ ਰੀਝਾਂ ਦਾ ਕਾਤਿਲ ਵੀ ਤਾਂ ਯਾਰੋ ਕਾਤਿਲ ਹੋਵੇ। ਨੱਚਣਾ ਆਪਣੇ ਆਪ ਹੈ ਆਉਂਦਾ, ਪੈਰ ਪਈ ਜਦ ਪਾਇਲ ਹੋਵੇ।
ਕੀ ਇਸ਼ਕੇ ਦਾ ਰਿਸ਼ਤਾ
ਕੀ ਇਸ਼ਕੇ ਦਾ ਰਿਸ਼ਤਾ ਜ਼ਬਰਾਂ ਜ਼ੋਰਾਂ ਨਾਲ। ਕੀ ਫੁੱਲਾਂ ਦੀ ਸਾਂਝ ਹੈ ਥੋਰ੍ਹ ਕਠੋਰਾਂ ਨਾਲ। ਮੈਂ ਚਹੁੰ ਨਾਂ ਦਿਲ ਗੱਲਾਂ ਮੇਰੇ ਨਾਲ ਕਰੇ, ਪਰ ਇਹ ਗੱਲਾਂ ਕਰਦਾ ਰਹਿੰਦਾ ਹੋਰਾਂ ਨਾਲ। ਜ਼ੋਰਾਵਰ ਦੀ ਹੋ ਕੇ ਮਾਣ ਸਮਝਦੀ ਹੈ, ਦੁਨੀਆਂ ਖ਼ਾਰਾਂ ਖਾਂਦੀ ਹੈ ਕਮਜ਼ੋਰਾਂ ਨਾਲ। ਮਾਣ ਕਰੇ ਕਾਂਵਾਂ, ਗਿਰਝਾਂ, ਬਘਿਆੜਾਂ ਦਾ, ਰੱਜ ਕੇ ਵੈਰ ਕਮਾਉਂਦੀ ਦੁਨੀਆਂ ਮੋਰਾਂ ਨਾਲ। ਪ੍ਰਦੂਸ਼ਤ ਪੌਣਾ ਮਾਹੌਲ ਤਬਾਹ ਕੀਤਾ, ਜ਼ਿੰਦਗੀ ਹੋ ਖ਼ਾਮੋਸ਼ ਨਾ ਜਾਏ ਸ਼ੋਰਾਂ ਨਾਲ। ਓਹੀ ਪਿੱਛੋਂ ਥਾਣੇ ਜਾ ਇਤਲਾਹ ਦੇਂਦਾ, ਗੱਲ ਕਰ ਆਉਂਦਾ ਹੈ ਜੋ ਪਹਿਲਾਂ ਚੋਰਾਂ ਨਾਲ। ਓਦੋਂ ਅਸਲ ਹਕੀਕਤ ਹੈ ਸਾਂਹਵੇ ਆਉਂਦੀ, ਲਾਉਣੇ ਪੈਣ ਯਰਾਨੇ ਜਦ ਵੀ ਥੋਰ੍ਹਾਂ ਨਾਲ । ਚੰਨ ਨੂੰ ਕਿਹੜਾ ਬਖਸ਼ਣ ਲੱਗੇ ਹੁਣ ਲੋਕੀਂ, ਕੀਤੀ ਇਹਨਾਂ ਘਟ ਹੈ ਕਦੋਂ ਚਕੋਰਾਂ ਨਾਲ। ਤੈਨੂੰ ਲੱਗਦੈ ਯਾਰ ਪੁਰਾਣੇ ਭੁੱਲੇ ਨੇ, ਯਾਰੀ ਲਾ ਕੇ ਯਾਰਾਂ ਨਵੇਂ-ਨਕੋਰਾਂ ਨਾਲ। ਚੰਦ ਨੂੰ ਕੀ ਹੈ ਫਰਕ ਪਿਆ ਉਸ ਤੇ ਥੁੱਕਿਆਂ, ਕੀ ਇਸ਼ਕਾਂ ਨੂੰ ਮਿਹਣੇ ਫਰਕ ਟਕੋਰਾਂ ਨਾਲ।
ਉਸ ਘੜੀ ਤਾਂ
ਉਸ ਘੜੀ ਤਾਂ ਇਹ ਵੀ ਯਾਰੋ ਹੋ ਗਿਆ ਇਹ ਹਾਦਸਾ ਸੀ। ਜਦ ਕਿ ਅਪਣਾ ਆਪ ਉਸ ਨੂੰ ਅਜਨਬੀ ਹੀ ਜਾਪਦਾ ਸੀ। ਇਸ ਤਰ੍ਹਾਂ ਦੀ ਬੇ-ਨਿਆਜ਼ੀ ਫੇਰ ਵੀ ਦਿਲ ਭਾਲਦਾ ਸੀ, ਜਦ ਕਿ ਲਾਲਚ ਪੁੰਨ ਦਾ ਤੇ ਭੈਅ ਨਾ ਕੋਈ ਪਾਪ ਦਾ ਸੀ। ਫੇਰ ਵੀ ਪੁੱਛੀ ਹੀ ਜਾਂਦਾ ਹਾਲ ਮੇਰੇ ਹਾਲ ਦਾ ਸੀ, ਜਦ ਕਿ ਮੇਰੇ ਹਾਲ ਦਾ ਉਹ ਹਾਲ ਸਾਰਾ ਜਾਣਦਾ ਸੀ। ਜਦ ਮੁਸੀਬਤ ਸਿਰ ਪਈ ਤਾਂ ਲੱਭਿਆ ਨਾ ਨਾਲ ਦਾ ਸੀ, ਜੋ ਜ਼ਰਾ ਕੁ ਧੁੱਪ ਕਣੀ ਵਿਚ ਸਿਰ ਤੇ ਛਤਰੀ ਤਾਣਦਾ ਸੀ। ਫੈਸਲੇ ਦੀ ਉਸ ਘੜੀ ਨੂੰ ਕੋਲ ਸੀ ਦੋਂਹਵੇਂ ਖਲੋਤੇ, ਪਰ ਕਿਸੇ ਨੂੰ ਕੀ ਪਤਾ ਵਿਚਕਾਰ ਕਿੰਨਾ ਫਾਸਲਾ ਸੀ। ਰਾਤ ਬੀਤੀ ਵਸਲ ਦੀ ਸੀ ਪਰ ਰਿਹਾ ਨਾ ਯਾਦ ਸੀ, ਰਾਤ ਸੁੱਤਾ ਕੌਣ ਸੀ ਤੇ ਕੌਣ ਰਾਤੀਂ ਜਾਗਦਾ ਸੀ। ਉਸ ਬਸ਼ਰ ਦਾ ਹਾਲ ਹੁਲੀਆ ‘ਕੰਵਲ’ ਹੀ ਪਹਿਚਾਣਦਾ ਸੀ, ਜੋ ਖੁਸ਼ੀ ਨੂੰ ਝੱਲਦਾ ਸੀ ਪਰ ਮੁਸੀਬਤ ਮਾਣਦਾ ਸੀ।
ਜ਼ਮਾਨੇ ਤੋਂ ਖ਼ਫ਼ਾ ਹੋਇਆ
ਜ਼ਮਾਨੇ ਤੋਂ ਖਫਾ ਹੋਇਆ, ਕਿਤੇ ਪਾਗਿਲ ਨਾ ਹੋ ਜਾਵਾਂ। ਮੈਂ ਸਚਮੁੱਚ ਆਗਰੇ ਜਾਕੇ, ਕਿਤੇ ਦਾਖਿਲ ਨਾ ਹੋ ਜਾਵਾਂ। ਬੜਾ ਬਿਖੜਾ ਵਫਾ ਦਾ ਸਫ਼ਰ ਹੈ, ਦੁਸ਼ਵਾਰੀਆਂ ਭਰਿਆ, ਅਜਿਹੇ ਸਫ਼ਰ ਵਿਚ ਦੇਖੀਂ, ਕਿਤੇ ਸ਼ਾਮਿਲ ਨਾ ਹੋ ਜਾਵਾਂ। ਕਿਸੇ ਨੂੰ ਆਪਣੇ ਫ਼ਰਜ਼ਾਂ ਤੋਂ, ਚੇਤਨ ਕਰ ਰਿਹਾ ਯਾਰੋ, ਮੈਂ ਖ਼ੁਦ ਅਪਣੇ ਹੀ ਫ਼ਰਜ਼ਾਂ ਤੋਂ, ਕਿਤੇ ਗਾਫ਼ਿਲ ਨਾ ਹੋ ਜਾਵਾਂ। ਮਜ਼ਾ ਮੰਝਧਾਰ ਵਿਚ ਹੈ ਜੋ, ਨਹੀਂ ਮਿਲਦਾ ਕਿਨਾਰੇ ਤੇ, ਰਹਾਂ ਮੰਝਧਾਰ ਹੀ ਮੈਂ ਤਾਂ, ਕਿਤੇ ਸਾਹਿਲ ਨਾ ਹੋ ਜਾਵਾਂ। ਮੈਂ ਕੁਝ ਕਰਨਾ ਨਿਭਾਉਣਾ, ਫਰਜ਼ ਅਪਣਾ ਜਾਨ ਦੇ ਕੇ ਵੀ, ਖ਼ੁਦਾਇਆ ਰਹਿਮ ਕਰ ਮੈਂ ਵੀ, ਕਿਤੇ ਬਾਤਿਲ ਨਾ ਹੋ ਜਾਵਾਂ। ਕਹਾਂ ਮੂੰਹੋਂ ਨਿਭਾਵਾਂ ਨਾ, ਡਿੱਗਾਂ ਕਿਰਦਾਰ ਤੋਂ ਨਾ ਮੈਂ, ਮੈਂ ਖ਼ੁਦ ਇਤਬਾਰ ਆਪਣੇ ਦਾ, ਕਿਤੇ ਕਾਤਿਲ ਨਾ ਹੋ ਜਾਵਾਂ। ਜ਼ਮਾਨੇ ਦੇ ਨੇ ਗ਼ਮ ਮੇਰੇ, ਉਨ੍ਹਾਂ ਨੂੰ ਡਰ ਰਿਹਾ ਇਹੋ, ਮੈਂ ਇਸ ਗਲ ਨੂੰ ਹੀ ਸਮਝਣ ਦੇ, ਕਿਤੇ ਕਾਬਿਲ ਨਾ ਹੋ ਜਾਵਾਂ।
ਛੇੜੇ ਰਬਾਬ ਕੋਈ
ਗੱਲਾਂ 'ਚ ਕਰ ਗਿਆ ਹੈ ਆ ਲਾ-ਜਵਾਬ ਕੋਈ। ਦਿਨ ਹੀ ਦਿਖਾ ਗਿਆ ਹੈ ਆ ਕੇ ਖ਼ਵਾਬ ਕੋਈ। ਨਾਜ਼ਕ ਮੁਲਾਇਮ ਹੱਥੀਂ ਟੀ. ਵੀ. ਰਿਮੋਟ ਦੇ ਕੇ, ਬਾਲਾਂ ਤੋਂ ਲੈ ਗਿਆ ਹੈ ਖੋਹ ਕੇ ਕਿਤਾਬ ਕੋਈ। ਕਰ ਸੀ. ਡੀਆਂ ਹਵਾਲੇ ਬਾਲਾਂ ਦੀ ਮਾਨਸਿਕਤਾ, ਕੀ ਗੁਲ ਖਿੜਾ ਗਿਆ ਹੈ ਦੇਖੋ ਜਨਾਬ ਕੋਈ। ਮੁੱਕਿਆ ਹੈ ਮੋਹ ਮਨਾਂ 'ਚੋਂ ਦਿਲ 'ਚੋਂ ਹੈ ਸੀਰ ਮੁੱਕਿਆ, ਦੇਖੋ ਇਹ ਕਰ ਗਿਆ ਹੈ ਕੈਸਾ ਹਿਸਾਬ ਕੋਈ। ਬੱਚੇ ਤਾਂ ਘਰ 'ਚ ਭੁੱਖੇ ਖਾਣਾ ਉਡੀਕਦੇ ਨੇ, ਪਰ ਪੀ ਰਿਹਾ ਹੈ ਠੇਕੇ ਬੈਠਾ ਸ਼ਰਾਬ ਕੋਈ। ਬੱਚੇ ਤਾਂ ਖੂਬਸੂਰਤ ਹੁੰਦੇ ਨੇ ਫੁੱਲ ਨਾਜ਼ੁਕ, ਦੇਖੋ ਮਸਲ ਰਿਹਾ ਹੈ ਕੀਕਰ ਗੁਲਾਬ ਕੋਈ। ਹਰ ਤਰਫ ਦੇਖਦਾ ਹਾਂ ਪੁੱਛਦਾ ਹਰੇਕ ਤੋਂ ਹਾਂ, ਮਿਲਦਾ ਨਹੀਂ ਹੈ ਐਪਰ ਕਿਤਿਓਂ ਜਵਾਬ ਕੋਈ। ਵੰਡ ਕੇ ਮਨੁੱਖਤਾ ਨੂੰ ਨਫ਼ਰਤ ਦੇ ਘੇਰਿਆਂ ਵਿੱਚ, ਮਾਹੌਲ ਕਰ ਰਿਹਾ ਹੈ ਕਿੰਨਾ ਖਰਾਬ ਕੋਈ। ਮੁੜ ਗੀਤ ਜ਼ਿੰਦਗੀ ਦਾ ਸੁਣਨਾ ਮੈਂ ਚਾਹ ਰਿਹਾ ਹਾਂ, ਛੇੜੇ ਕੋਈ ਤਾਂ ਆ ਕੇ ਛੇੜੇ ਰਬਾਬ ਕੋਈ। ਮੁੱਦਤ ਹੋਈ ਹੈ ਚਿੜੀਆਂ ਦੀ ਚਹਿਚਹਾਟ ਸੁਣਿਆਂ, ਲੱਗਦੈ ਕਿ ਖਾ ਗਿਆ ਹੈ ਮੌਸਮ ਉਕਾਬ ਕੋਈ। ਕਿਸ ਨੂੰ ਕਹਾਂ ਸੁਣਾਵਾਂ ਮੈਂ ਵੇਦਨਾ ਇਹ ਮਨ ਦੀ, ਕਿ ਮੋੜ ਮੈਨੂੰ ਦੇਵੇ ਮੇਰਾ ਪੰਜਾਬ ਕੋਈ। ‘ਸਰਹਿੰਦ’ ਵਿਚ ਜ਼ਿੰਦਾ ਨੇ ‘ਸਾਹਿਬਜ਼ਾਦੇ ਅੱਜ ਵੀ, ਐਪਰ ਨਹੀਂ ਹੈ ਲੱਭਦਾ ਲੱਭਿਆ ਨਵਾਬ ਕੋਈ।
ਡਰ ਲੱਗਦਾ ਹੈ—1
ਹੁਣ ਤਾਂ ਅਪਣੇ ਹੀ ਘਰ ਤੋਂ ਡਰ ਲੱਗਦਾ ਹੈ। ਦੁਸ਼ਮਣ ਦੀ ਥਾਂ ਮਿੱਤਰ ਤੋਂ ਡਰ ਲੱਗਦਾ ਹੈ। ਬਾਹਰੋਂ ਤਾਂ ਬੱਸ ਅੱਖ ਬਚਾਈ ਗੁਜ਼ਰ ਗਏ, ਪਰ ਆਪਣੇ ਹੀ ਅੰਦਰ ਤੋਂ ਡਰ ਲੱਗਦਾ ਹੈ। ਉਸ ਤੋਂ ਡਰਨਾ ਤਾਂ ਇੰਝ ਲੱਗਦਾ ਹੈ ਡਰਨਾ, ਬੂੰਦ ਨੂੰ ਜਿਵੇਂ ਸਮੁੰਦਰ ਤੋਂ ਡਰ ਲੱਗਦਾ ਹੈ। ਦੁਸ਼ਮਣ ਦੇ ਲੱਖ ਪੱਥਰਾਂ ਨੂੰ ਹੈ; ਜੀ ਆਇਆਂ, ਯਾਰ ਦੇ ਪਰ ਇਕ ਕੰਕਰ ਤੋਂ ਡਰ ਲੱਗਦਾ ਹੈ। ਮੈਅ-ਖਾਨੇ ਜਾ ਵੜਦੇ ਹਾਂ ਬੇ-ਖੌਫ਼ ਜਿਹੇ, ਪਰ ਮਸਜਿਦ ਤੇ ਮੰਦਰ ਤੋਂ ਡਰ ਲੱਗਦਾ ਹੈ। ਲੋਕ ਰਾਜ ਦੇ ਨਾਂ 'ਤੇ ਵਿਕਦੀ ਦੇਖ ਜ਼ਮੀਰ, ਦੂਸ਼ਤ ਪਰਜਾਤੰਤਰ ਤੋਂ ਡਰ ਲੱਗਦਾ ਹੈ। ਅਪਣੀ ਹੋਸ਼ ਨਹੀਂ ਸੰਵਾਰੂ ਕੀ ਸਾਡਾ, ਯਾਰ ਅਜਿਹੇ ਫੱਕਰ ਤੋਂ ਡਰ ਲੱਗਦਾ ਹੈ। ਜੀਅ ਤਾਂ ਕਰਦੈ ਤੈਨੂੰ ਆਣ ਮਿਲਾਂ, ਐਪਰ, ਤੇਰੇ ਸ਼ਹਿਰ ਦੇ ਚੱਕਰ ਤੋਂ ਡਰ ਲੱਗਦਾ ਹੈ।
ਡਰ ਲੱਗਦਾ ਹੈ—2
ਅਪਣੀ ਹਾਲਤ ਉਸ ਦੀ ਬੇ-ਪ੍ਰਵਾਹੀ ਤੋਂ ਡਰ ਲੱਗਦਾ ਹੈ। ਇਸ ਦੂਹਰੀ ਬਰਬਾਦੀ ਘੋਰ ਤਬਾਹੀ ਤੋਂ ਡਰ ਲੱਗਦਾ ਹੈ। ਆਸ ਨਹੀਂ ਸੀ ਇਕ ਦਿਨ ਰਿਸ਼ਤੇ ਪਾਣੀ ਪਾਣੀ ਹੋ ਜਾਣੇ, ਹੁਣ ਤਾਂ ਮਾਂ ਜਾਏ ਭਾਈ ਨੂੰ ਭਾਈ ਤੋਂ ਡਰ ਲੱਗਦਾ ਹੈ। ਮੁਨਸਿਫ ਵੀ ਹੁਣ ਨੱਕ ਮੋਮ ਦਾ ਜਿਧਰ ਚਾਹੇ ਮੋੜ ਲਏ, ਬਿੱਲੀ ਬਾਂਦਰ ਵਰਗੀ ਇਸ ਚਤਰਾਈ ਤੋਂ ਡਰ ਲੱਗਦਾ ਹੈ। ਜਿਸ ਵੱਲ ਹੱਥ ਵਧਾਈਏ ਓਹੀ ਫੜ ਕੇ ਹੱਥ ਮਰੋੜ ਸੁੱਟੇ, ਏਦਾਂ ਦੇ ਹੱਥਾਂ ਨੂੰ ਹੱਥ-ਫੜਾਈ ਤੋਂ ਡਰ ਲੱਗਦਾ ਹੈ। ਕਦੇ ਕਦੇ ਦਿਲ ਅਣ-ਲਿਖੀਆਂ ਲਿਖਤਾਂ ਤੋਂ ਵੀ ਘਬਰਾ ਜਾਂਦੈ, ਕਦੇ ਕਦੇ ਪਰ ਆਪਣੀ ਲਿਖੀ ਲਿਖਾਈ ਤੋਂ ਡਰ ਲੱਗਦਾ ਹੈ। ਕਰਨ ਪ੍ਰਾਈਵੇਟ ਪ੍ਰੈਕਟਿਸ ਡਾਕਟਰ, ਟੀਚਰ, ਪੁਰਫੈੱਸਰ, ਏਨੀ ਹੱਕ-ਹਲਾਲੀ ਨੇਕ ਕਮਾਈ ਤੋਂ ਡਰ ਲੱਗਦਾ ਹੈ। ਆਪੇ ਅੱਗਾਂ ਲਾਉਣਾ ਆਪੇ ਫੂਕਾਂ ਮਾਰ ਬੁਝਾਉਣਾ ਵੀ, ਏਸ ਅਨੋਖੀ ਲਾਈ ਅਤੇ ਬੁਝਾਈ ਤੋਂ ਡਰ ਲੱਗਦਾ ਹੈ। ਪੈਸੇ ਖਾਤਰ ਕੁੱਖਾਂ ਵਿਚ ਕਰਦੇ ਜੋ ਧੀਆਂ ਦੀ ਹੱਤਿਆ, ਏਦਾਂ ਦੇ ਹਤਿਆਰੇ ਵੈਦ ਕਸਾਈ ਤੋਂ ਡਰ ਲੱਗਦਾ ਹੈ। ਰਾਤ, ਹਨੇਰੀ, ਝੱਖੜ, ਮਾਰੂਥਲ ਤੋਂ ਕੀ ਡਰਨਾ ਹੋਇਆ, ਆਪਣੇ ਸਖਣੇ-ਪਨ ਆਪਣੀ ਤਨਹਾਈ ਤੋਂ ਡਰ ਲੱਗਦਾ ਹੈ।
ਡਰ ਲੱਗਦਾ ਹੈ—3
ਅੱਜਕਲ੍ਹ ਤਾਂ ਹਰ ਅਫ਼ਸਰ ਤੋਂ, ਡਰ ਲੱਗਦਾ ਹੈ, ਅਫ਼ਸਰ ਕੀ ਹਰ ਦਫ਼ਤਰ ਤੋਂ, ਡਰ ਲੱਗਦਾ ਹੈ। ਦੋਂਹਵੇਂ ਇਕੋ ਜਿੱਡੇ ਪਰ, ਦੋਹਾਂ ਵਿਚਲੇ, ਪਰਬਤ ਜਿੱਡੇ ਅੰਤਰ ਤੋਂ, ਡਰ ਲੱਗਦਾ ਹੈ। ਜੋ ਬੰਦੇ ਨੂੰ ਹੋਰ ਵੀ ਕਰਦੀ, ਅਪਵਿੱਤਰ, ਉਸ ਥਾਂ ਪਾਕ-ਪਵਿੱਤਰ ਤੋਂ, ਡਰ ਲੱਗਦਾ ਹੈ। ਨਾਂ ਹੀ ਨਾਂ ਹੈ ਜਿਸ ਦੀ, ਕੋਈ ਹੋਂਦ ਨਹੀਂ, ਐਸੇ ਪਰਜਾਤੰਤਰ ਤੋਂ, ਡਰ ਲੱਗਦਾ ਹੈ। ਇੱਕ ਔਰਤ ਬਦਨਾਮ, ਪੁਆੜੇ ਹੱਥੀ ਦੇ, ਨਵਿਓਂ ਨਵੇਂ ਚਲਿੱਤਰ ਤੋਂ, ਡਰ ਲੱਗਦਾ ਹੈ। ਹੈਰਾਨੀ ਹੋਈ ਕਿ ਅੱਜਕਲ੍ਹ ‘ਪੋਰਸ’ ਨੂੰ, ਮੰਨ ਕੇ ਹਾਰ ‘ਸਕੰਦਰ' ਤੋਂ, ਡਰ ਲੱਗਦਾ ਹੈ। ਉਸ ਨੇ ਖ਼ਤ ਵਿਚ ਲਿਖਿਆ, ਕਿ ਅੱਜਕਲ੍ਹ ਉਸ ਨੂੰ, ਅਪਣੇ ਸ਼ਹਿਰ ‘ਜਲੰਧਰ' ਤੋਂ, ਡਰ ਲੱਗਦਾ ਹੈ। ਘਰ ਹੀ ਰਹਿੰਦਾ ਉਹ ਅੱਜਕਲ੍ਹ, ਕਿਉਂਕਿ, ਉਸ ਨੂੰ, ਬਾਹਰ ਦੇ ਹਰ ਮੰਜ਼ਰ ਤੋਂ, ਡਰ ਲੱਗਦਾ ਹੈ।
ਡਰ ਲੱਗਦਾ ਹੈ—4
ਖੁੰਬਾਂ ਵਾਂਗਰ ਫੁੱਟਦੀਆਂ ਸੋਚਾਂ, ਮੰਦੀਆਂ ਤੋਂ ਡਰ ਲੱਗਦਾ ਹੈ। ਪ੍ਰਦੂਸ਼ਣ ਫੈਲਾਉਂਦੀਆਂ ਪੌਣਾਂ, ਬੰਦੀਆਂ ਤੋਂ ਡਰ ਲੱਗਦਾ ਹੈ। ਯਾਰੋ ਕੀ ਕੀ ਰੰਗ ਵਿਖਾਏ, ਏਸ ਅਜੋਕੇ ਮੌਸਮ ਨੇ, ਗ਼ੈਰਾਂ ਤੋਂ ਕੀ ਆਪਣੇ ਸਕੇ, ਸਬੰਧੀਆਂ ਤੋਂ ਡਰ ਲੱਗਦਾ ਹੈ। ਸੋਚਾਂ ਉੱਤੇ ਪਹਿਰੇ ਬੁੱਲ੍ਹਾਂ, ਬੋਲ ਰਹਿਣ ਅਣ-ਬੋਲੇ ਹੀ, ਲੱਗੀਆਂ ਚਾਰ-ਚੁਫੇਰੇ ਸਖਤ, ਪਬੰਦੀਆਂ ਤੋਂ ਡਰ ਲੱਗਦਾ ਹੈ। ਤਨ ਹੁਣ ਰਾਤਾਂ ਦੀ ਥਾਂ, ਸਿਖਰ ਦੁਪਹਿਰੇ ਵੀ ਨੇ ਮੁੱਲ ਵਿਕਦੇ, ਰੂਹਾਂ ਨੇ ਕਿ ਸ਼ਰੇ-ਬਜ਼ਾਰ, ਵਿਕੰਦੀਆਂ ਤੋਂ ਡਰ ਲੱਗਦਾ ਹੈ। ਘਰ ਦੀ ਅੱਧੀ ਛੱਡ ਕੇ, ਪੂਰੀ ਖਾਣ ਲਈ ਪ੍ਰਦੇਸਾਂ ਨੂੰ, ਭੱਜੇ ਜਾਂਦੇ ਲੋਕਾਂ ਦੀਆਂ, ਪਸੰਦੀਆਂ ਤੋਂ ਡਰ ਲੱਗਦਾ ਹੈ।
ਡਰ ਲੱਗਦਾ ਹੈ—5
ਮੌਸਮ ਠੰਡਿਆਂ ਤੱਤਿਆਂ ਤੋਂ, ਡਰ ਲੱਗਦਾ ਹੈ। ਝੜ੍ਹਦੇ ਜਾਂਦੇ ਪੱਤਿਆਂ ਤੋਂ, ਡਰ ਲੱਗਦਾ ਹੈ। ਕੱਚੀ ਨੀਂਹੇ ਉਸਰੇ ਜੋ, ਢਹਿ ਜਾਵਣਗੇ, ਉਨ੍ਹਾਂ ਚੁਬਾਰੇ ਛੱਤਿਆਂ ਤੋਂ, ਡਰ ਲੱਗਦਾ ਹੈ। ਕੋਲ ਜਿਨ੍ਹਾਂ ਦੇ ਆ ਕੇ, ਲੰਘ ਬਹਾਰ ਗਈ, ਓਹਨਾਂ ਰੁੱਖ ਨਿ-ਪੱਤਿਆਂ ਤੋਂ, ਡਰ ਲੱਗਦਾ ਹੈ। ਤਨਖਾਹਾਂ ਹੀ ਮਾਣ ਨਹੀਂ, ਅਫਸਰਾਂ ਦੀਆਂ, ਉੱਤੋਂ ਮਿਲਦੇ ਭੱਤਿਆਂ ਤੋਂ, ਡਰ ਲੱਗਦਾ ਹੈ। ਗੱਲ ਗੱਲ ਤੇ ਜੋ, ਲੋਹੇ ਲਾਖੇ ਹੋ ਜਾਂਦੇ, ਓਹਨਾਂ ਤੱਤ-ਭੜੱਤਿਆਂ ਤੋਂ, ਡਰ ਲੱਗਦਾ ਹੈ। ਕਹਿੰਦੇ ਹੁਣੇ ਜਵਾਬ ਦਿਓ, ਹਾਂ-ਨਾਂਹ ਆਖੋ, ਬੰਦੇ ਉਨ੍ਹਾਂ ਕੁਪੱਤਿਆਂ ਤੋਂ, ਡਰ ਲੱਗਦਾ ਹੈ।
ਡਰ ਲੱਗਦਾ ਹੈ—6
ਅਜ ਕਲ ਦੇ ਰੁਜ਼ਗਾਰਾਂ ਕੰਮਾਂ, ਧੰਦਿਆਂ ਤੋਂ ਡਰ ਲੱਗਦਾ ਹੈ। ਬਦੋ-ਬਦੀ ਆ ਗਲ ਨੂੰ ਲੱਗਦੇ, ਫੰਧਿਆਂ ਤੋਂ ਡਰ ਲੱਗਦਾ ਹੈ। ਬੰਦੇ ਰਹਿਣ ਬਣੇ ਜੇ ਬੰਦੇ, ਇਸ ਤੋਂ ਵੱਡਾ ਕੀ ਰੁਤਬਾ, ਐਪਰ ਛੱਡ ਕੇ ਬੰਦਗੀ ਬਣੇ, ਕੁਬੰਦਿਆਂ ਤੋਂ ਡਰ ਲੱਗਦਾ ਹੈ। ਬਣ ਕੇ ਫਿਰਨ ਸਫੈਦ-ਪੋਸ਼ ਜਿਉਂ, ਉੱਤਰੇ ਅਰਸ਼ ਫਰਿਸ਼ਤੇ ਨੇ, ਪਰ ਕਿਰਦਾਰੋਂ ਕਾਲੇ ਮਨ ਦੇ, ਮੰਦਿਆਂ ਤੋਂ ਡਰ ਲੱਗਦਾ ਹੈ। ਕਤਲੋਗਾਰਤ, ਜ਼ੋਰ-ਜ਼ਬਰਦਸਤੀ, ਤੱਕਦੇ ਵੀ ਨਾ ਕੁਸਕਣ ਜੋ, ਮੂੰਹੀਂ ਲਾਈ ਫਿਰਦੇ ਚੁੱਪ ਦੇ, ਜੰਦਿਆਂ ਤੋਂ ਡਰ ਲੱਗਦਾ ਹੈ। ਢੰਗ ਤਰੀਕੇ ਰਿਸ਼ਵਤ ਨੇ ਵੀ ਨਾਂ ਬਦਲੇ ਥਾਂ ਬਦਲੇ ਨੇ, ਧੌਣ ਤੋਂ ਗੋਡਾ ਰੱਖ ਕੇ ਮੰਗਦੇ, ਚੰਦਿਆਂ ਤੋਂ ਡਰ ਲੱਗਦਾ ਹੈ। ਹੁਣ ਨਾ ਏਨਾ ਜੰਗਲਾਂ, ਜੰਗਲੀ ਜਾਨਵਰਾਂ ਦਾ ਖੌਫ ਰਿਹਾ, ਜਿੰਨਾ ਅਜਕਲ, ਸ਼ਹਿਰਾਂ ਸ਼ਹਿਰੀ, ਬੰਦਿਆਂ ਤੋਂ ਡਰ ਲੱਗਦਾ ਹੈ।
ਡਰ ਲੱਗਦਾ ਹੈ—7
ਮੌਸਮ ਇਨ੍ਹਾਂ ਕਰੁੱਤਿਆਂ ਤੋਂ, ਡਰ ਲੱਗਦਾ ਹੈ। ਸੂਲਾਂ ਨਾਲ ਪਰੁੱਤਿਆਂ ਤੋਂ, ਡਰ ਲੱਗਦਾ ਹੈ। ਕੁਫ਼ਰ ਕਮਾ ਕੰਮ ਕਰਨ, ਕੁਪੱਤੇ ਕੀ ਕਰੀਏ, ਕੰਮਾਂ ਕੂੜ ਕੁਸੱਤਿਆਂ ਤੋਂ, ਡਰ ਲੱਗਦਾ ਹੈ। ਕੁਤੇ ਚੱਟੀ ਜਾਂਦੇ, ਅੰਨ੍ਹੀ ਪੀਸ ਰਹੀ, ਲੋਕਾਂ ਨੀਂਦ ਵਿਰੁੱਤਿਆਂ ਤੋਂ, ਡਰ ਲੱਗਦਾ ਹੈ। ਚੋਰਾਂ ਜਾਗਦਿਆਂ ਤੋਂ, ਡਰਨਾ ਕੀ ਹੋਇਆ, ਪਹਿਰੇਦਾਰਾਂ ਸੁੱਤਿਆਂ ਤੋਂ, ਡਰ ਲੱਗਦਾ ਹੈ। ਪੁਛ ਹਿਲਾ ਜੋ ਕਰਨ, ਸੁਆਗਤ ਚੋਰਾਂ ਦਾ, ਤੇਰੇ ਸ਼ਹਿਰ ਦੇ ਕੁੱਤਿਆਂ ਤੋਂ, ਡਰ ਲੱਗਦਾ ਹੈ।
ਡਰ ਲੱਗਦਾ ਹੈ—8
ਜਿਨ੍ਹਾਂ ਘਰਾਂ ਦੇ ਪੁੱਤ ਪ੍ਰਦੇਸੀ, ਪਰਤ ਘਰੀਂ ਹੀ ਨਾ ਆਏ, ਲੱਗੇ ਓਹਨਾਂ ਘਰੀਂ ਜ਼ੰਗਾਲੇ, ਜਿੰਦਿਆਂ ਤੋਂ ਡਰ ਲੱਗਦਾ ਹੈ। ਹੁੰਦੇ ਬਰੀ ਅਦਾਲਤ ਵਿੱਚੋਂ, ਹੋਣ ਬਰੀ ਨਾ ਅੰਦਰੋਂ ਜੋ, ਅਪਣੇ ਆਪ ਨੂੰ ਆਪ ਸਜ਼ਾਵਾਂ, ਦਿੰਦਿਆਂ ਤੋਂ ਡਰ ਲੱਗਦਾ ਹੈ। ਕਹਿੰਦੇ ਕੁਝ ਤੇ ਕਰਦੇ ਕੁਝ ਨੇ, ਹੁੰਦੇ ਕੁਝ ਤੇ ਦੱਸਦੇ ਕੁਝ, ਕੂੜੋ ਕੂੜ ਕਮਾਉਂਦੇ ਇਨ੍ਹਾਂ, ਕਰਿੰਦਿਆਂ ਤੋਂ ਡਰ ਲੱਗਦਾ ਹੈ। ਮਹਾਂ-ਵਿਕਾਸ਼ ਦੀ ਥਾਂ ਤੇ, ਮਹਾਂ-ਵਿਨਾਸ਼ ਦੀਆਂ ਤਰਬਾਂ ਛੇੜਨ, ਏਸ ਸ਼ਹਿਰ ਦੀਆਂ ਸਾਜ਼ਾਂ ਤੇ, ਸਾਜ਼ਿੰਦਿਆਂ ਤੋਂ ਡਰ ਲੱਗਦਾ ਹੈ। ਹੁਣ ਕੀ ਡਰਨਾ ਚੋਰ ਲੁਟੇਰੇ, ਧਾੜਵੀਆਂ ਤੋਂ ਕੀ ਡਰਨਾ, ਹੁਣ ਤਾਂ ਅਪਣੇ ਸ਼ਹਿਰ ਦਿਆਂ, ਬਾਸ਼ਿੰਦਿਆਂ ਤੋਂ ਡਰ ਲੱਗਦਾ ਹੈ। ਚੰਗੇ ਮੰਦੇ ਝੂਠ ਸੱਚ ਦਾ, ਨਾ ਪ੍ਰਭਾਵ ਕਬੂਲਣ ਜੋ ਓਹਨਾਂ ਮੂੜ੍ਹ ਮਨੁੱਖਾਂ ਘੜਿਆਂ, ਥਿੰਦਿਆਂ ਤੋਂ ਡਰ ਲੱਗਦਾ ਹੈ। ਹੁਣ ਕੋਈ ਹੱਸ ਕੇ ਗੱਲ ਵੀ ਕਰਦੈ ਤਾਂ ਪੈ ਜਾਂਦੇ ਹਾਂ ਸੋਚੀਂ, ਇਹਨਾਂ ਸੋਚ ਦੇ ਪਲ ਪਲ ਡਰੇ, ਪਰਿੰਦਿਆਂ ਤੋਂ ਡਰ ਲੱਗਦਾ ਹੈ।
ਗੱਲਾਂ ਜਦ ਵੀ
ਗੱਲਾਂ ਜਦ ਮੈਂ ਆਵਾਂ ਹੁੰਦੀਆਂ। ਗੱਲਾਂ ਜਦ ਮੈ ਜਾਵਾਂ ਹੁੰਦੀਆਂ। ਗੱਲਾਂ ਤਾਂ ਹੁੰਦਿਆਂ ਹੀ ਰਹਿਣਾ, ਅਕਸਰ ਰਹਿਣ ਸਲ੍ਹਾਵਾਂ ਹੁੰਦੀਆਂ। ਜੋ ਮੈਂ ਚਾਹਵਾਂ ਹੋਣ ਕਦੇ ਨਾ, ਗੱਲਾਂ ਜੋ ਨਾ ਚਾਹਵਾਂ ਹੁੰਦੀਆਂ। ਭੁਗਤਦੀਆਂ ਨੇ ਕੋਇਲਾਂ ਅਕਸਰ, ਗੱਲਾਂ ਕੀਤੀਆਂ ਕਾਂਵਾਂ ਹੁੰਦੀਆਂ। ਪਿੰਜਰੇ ਡੱਕੀ ਜਾਏ ਨਾ ਧੁੱਪ, ਕਾਬੂ ਕਦੋਂ ਹਵਾਵਾਂ ਹੁੰਦੀਆਂ। ਹੌਲੀ ਗੱਲ ਕਰੋ ਸੁਣ ਰਹੀਆਂ, ਖੜੀਆਂ ਕੋਲ ਬਲਾਵਾਂ ਹੁੰਦੀਆਂ। ਗਲ਼ ਵਲ ਨੂੰ ਹੀ ਅਹੁਲਦੀਆਂ ਨੇ, ਭੱਜੀਆਂ ਹੋਈਆਂ ਬਾਹਵਾਂ ਹੁੰਦੀਆਂ।
ਕੌਣ ਕਿਸ ਨੂੰ
ਕੌਣ ਕਿਸ ਨੂੰ ਹਿਸਾਬ ਦੇਵੇਗਾ। ਸਾਡੀ ਗੱਲ ਦਾ ਜਵਾਬ ਦੇਵੇਗਾ। ਕੌਣ ਬੱਚਿਆਂ ਤੋਂ ਸੀ. ਡੀਆਂ ਲੈ ਕੇ, ਕੂਲੇ ਹੱਥੀਂ ਕਿਤਾਬ ਦੇਵੇਗਾ। ਕੌਣ ਲੱਭੇਗਾ ਗੀਤ ਗੁੰਮਿਆਂ ਨੂੰ, ਮੋੜ ਸਾਨੂੰ ਰਬਾਬ ਦੇਵੇਗਾ। ਇਸ਼ਕ ਕੀਤਾ ਪਤਾ ਨਹੀਂ ਸੀ ਕਿ, ਇਸ਼ਕ ਏਨੇ ਅਜ਼ਾਬ ਦੇਵੇਗਾ। ਮੈਨੂੰ ਸਾਗਰ ਤੋਂ ਬੇ-ਦਖ਼ਲ ਕਰਕੇ, ਕੀ ਪਤਾ ਸੀ ਤਲਾਬ ਦੇਵੇਗਾ। ਸੋਚੇ ਅਪਣੀ ਕਿ ਲੈ ਲਵਾਂਗਾ ਮੈਂ, ਮੈਨੂੰ ਉਹ ਜੋ ਖ਼ਿਤਾਬ ਦੇਵੇਗਾ। ਹੈ ਕੋਈ ਮਰਦ ਸੂਰਮਾ ਜਿਹੜਾ, ਜੋੜ ਮੁੜ ਕੇ ਪੰਜਾਬ ਦੇਵੇਗਾ ?
ਹੁੰਦਾ ਅਪਣਾ ਜੇ
ਹੁੰਦਾ ਅਪਣਾ ਜੇ ਕਿੱਧਰੇ ਕੋਈ। ਆਉਂਦਾ ਹਰ ਹਾਲ ਇੱਧਰੇ ਕੋਈ। ਮੇਰੇ ਦੁਖ ਦੀ ਦਵਾ ਕਰੇ ਕੋਈ, ਮੇਰੇ ਦਮ ਨਾਲ ਦਮ ਭਰੇ ਕੋਈ। ਜੇ ਅਸੀਂ ਆਪ ਹੀ ਨਾ ਵੱਖ ਹੁੰਦੇ, ਕਰ ਨਾ ਸਕਦਾ ਸੀ ਵੱਖਰੇ ਕੋਈ। ਹੋਈ ਮੁੱਦਤ ਹੈ ਲਭਦਿਆਂ ਜਿਸ ਨੂੰ, ਯਾਰੋ ਕਿੱਧਰੇ ਤਾਂ ਟੱਕਰੇ ਕੋਈ। ਅਪਣੇ ਦੁੱਖਾਂ ਤੋਂ ਹੀ ਨਾ ਵਿਹਲ ਮਿਲੇ, ਦੁਖ ਕਿਵੇਂ ਹੋਰ ਦੇ ਜਰੇ ਕੋਈ। ਰਹਿ ਇਕੱਠਿਆਂ ਪ੍ਰਾਪਤੀ ਸੰਭਵ, ਕੀ ਕਮਾਏਗਾ ਰਹਿ ਪਰੇ ਕੋਈ। ਹੁੰਦੇ ਮੇਲੇ ਜਿਊਂਦਿਆਂ ਦੇ ਹੀ, ਮਰ ਗਿਆਂ ਨਾਲ ਨਾ ਮਰੇ ਕੋਈ।
ਕੀ ਲੋਕਾਂ ਨੂੰ
ਕੀ ਲੋਕਾਂ ਨੂੰ ਕੰਮ ਦਿੱਤੇ ਨੇ। ਜਿਸ ਵੀ ਦਿੱਤੇ ਗ਼ਮ ਦਿੱਤੇ ਨੇ। ਖੁਸ਼ੀਆਂ ਮਿਲੀਆਂ ਟੁੱਟੀਆਂ ਭੱਜੀਆਂ, ਗ਼ਮ ਸਾਰੇ ਸਾਲਮ ਦਿੱਤੇ ਨੇ। ਜੋ ਸਾਡੇ ਦਮ ਦਮ ਦੇ ਦੋਖੀ, ਉਹ ਮਹਿਰਮ ਹਮਦਮ ਦਿੱਤੇ ਨੇ। ਸਾਨੂੰ ਦੇ ਕੇ ਪੱਤਝੜ ਉਸ ਨੂੰ, ਮਹਿਕ ਰਹੇ ਮੌਸਮ ਦਿੱਤੇ ਨੇ। ਏਦਾਂ ਨਾ ਸੀ ਕਦੇ ਸੋਚਿਆ, ਜਿੱਦਾਂ ਦੇ ਮਾਤਮ ਦਿੱਤੇ ਨੇ। ਧੀਆਂ ਦਿੱਤੀਆਂ ਘੁੱਗੀਆਂ ਜਿਹੀਆਂ, ਪਰ ਬੰਦੇ ਜ਼ਾਲਮ ਦਿੱਤੇ ਨੇ।
ਦਿਲ ਦੀਆਂ ਪਗਡੰਡੀਆਂ
ਦਿਲ ਦੀਆਂ ਪਗਡੰਡੀਆਂ ਜੇ ਸੌੜੀਆਂ। ਕੀ ਹੋਇਆ ਸੜਕਾਂ ਤਾਂ ਹੋਈਆਂ ਚੌੜੀਆਂ। ਇਸ ਕਦਰ ਨੇ ਲੋਕ ਬੌਣੇ ਹੋ ਗਏ, ਮੇਜ਼ ਤੇ ਚੜ੍ਹਦੇ ਲਗਾ ਕੇ ਪੌੜੀਆਂ। ਦਿਸ ਰਿਹਾ ਹੈ ਧੁੰਦ ਧੂੰਆਂ ਪਸਰਿਆ, ਦੂਰ ਜਿੱਥੋਂ ਤੱਕ ਨਿਗ੍ਹਾਵਾਂ ਦੌੜੀਆਂ। ਮੁੱਕਦੀ ਨਾ ਗੱਲ ਸੀ ਮੋਬਾਇਲ 'ਤੇ, ਰੂ-ਬ-ਰੂ ਹੋ ਕੇ ਨਾ ਗੱਲਾਂ ਔੜ੍ਹੀਆਂ। ਮਾਰੂ-ਥਲ ਵਿਚ ਆਪਣੀ ਛਾਂ ਤੋਂ ਬਿਨਾਂ, ਹੋਰ ਨਾ ਛਾਵਾਂ ਕਿਤੋਂ ਵੀ ਬੌੜ੍ਹੀਆਂ। ਧੁੱਪ ਛਾਂ ਜਾਈਆਂ ਨੇ ਇੱਕੋ ਮਾਂ ਦੀਆਂ, ਜੰਮੀਆਂ ਨੇ ਅਸਲ ਭੈਣਾਂ ਜੌੜੀਆਂ। ਕੌੜੀਆਂ ਗੱਲਾਂ ਨੂੰ ਛੱਡੋ ਹੁਣ ਜਨਾਬ, ਝੱਲਦਾ ਨਜ਼ਰਾਂ ਨਾ ਕੋਈ ਕੌੜੀਆਂ। ਨਕਸ਼ ਸਭ ਦੇ ਚਿਹਰਿਆਂ ਤੋਂ ਗਾਇਬ ਨੇ, ਫਿਰਨ ਸਭ ਮੌਰੀਂ ਟਿਕਾਈ ਤੌੜੀਆਂ। ਅੰਨ੍ਹਿਆਂ ਨੂੰ ਕੀ ਪਤਾ ਸਰਸਬਜ਼ ਦਾ, ਗੁੰਗਿਆਂ ਨੂੰ ਕੀ ਗਰਾਰੇ ਗੌੜੀਆਂ।
ਮੈਂ ਹਾਂ ਤੁਪਕਾ
ਮੈਂ ਹਾਂ ਤੁਪਕਾ ਪਰ ਮੇਰੇ ਵਿਚ ਇਕ ਸਮੁੰਦਰ ਕੈਦ ਹੈ। ਮੈਂ ਹਾਂ ਜਿਸ ਦੀ ਕੈਦ ਵਿਚ ਉਹ ਮੇਰੇ ਅੰਦਰ ਕੈਦ ਹੈ। ਕਾਇਮ ਹੁਣ ਵੀ, ਸੀ ਉਦੋਂ ਵੀ, ਰਾਜ ਪੋਰਸ ਦਾ ਚੁਫੇਰ, ਪਰ ਕਿਤੇ ਹੁਣ ਦੋ ਕੁ ਗ਼ਜ਼ ਥਾਂ ਵਿਚ ਸਕੰਦਰ ਕੈਦ ਹੈ। ਜੋ ਸੀ ਗੱਲਾਂ ਨਾਲ ਲਾਉਂਦਾ ਟਾਕੀਆਂ ਅਸਮਾਨ ਨੂੰ, ਹੁਣ ਕਿਸੇ ਅਖ਼ਬਾਰ ਵਿੱਚ ਸੁਣਿਆ ਜਲੰਧਰ ਕੈਦ ਹੈ। ਮੈਂ ਜਦੋਂ ਵੀ ਦੇਖਦਾ ਹਾਂ ਦੇਖਦਾਂ ਕੁੱਲ ਕਾਇਨਾਤ, ਇਕ ਅਨੋਖਾ ਮੇਰੀਆਂ ਅੱਖਾਂ 'ਚ ਮੰਜ਼ਰ ਕੈਦ ਹੈ। ਰੋ ਰਿਹਾ ਭਗਵਾਨ ਹੀ ਸ਼ਰਧਾਲੂਆਂ ਵਲ ਦੇਖ ਕੇ, ਰਾਜਸੀ ਮੋਹਰੇ ਦੀਆਂ ਚਾਲਾਂ 'ਚ ਮੰਦਰ ਕੈਦ ਹੈ।
ਸ਼ਬਦ ਤੁਸੀਂ
ਢੂੰਡੋ ਅਰਥ ਤੁਸੀਂ ਸ਼ਬਦਾਂ 'ਚੋਂ ਉਲਟੇ ਸਿੱਧੇ ਕਰ ਕੇ ਭਾ ਜੀ ! ਅੱਜ ਹਰ ਗੱਲ ਦਾ ਮਤਲਬ ਪੁੱਠਾ ਅਜ ਹਰ ਬਾਜ਼ੀ ਉਲਟੀ ਬਾਜ਼ੀ। ਐਵੇਂ ਇਸ਼ਕ ਮਾਮਲੇ ਦੇ ਵਿਚ ਡਾਹ ਬਹਿੰਦਾ ਹੈ ਕੋਈ ਅੜਿੱਕਾ, ਪਹਿਲਾਂ ਵੀ ਕੀ ਕਰ ਸਕਿਆ ਸੀ ਹੁਣ ਵੀ ਕੀ ਕਰ ਸਕਦੈ ਕਾਜ਼ੀ। ਤਕੜੇ ਦਾ ਸੌ ਸੱਤੀਂ ਵੀਹੀਂ ਮਾੜੇ ਦਾ ਪਰ ਸੌ ਵੀ ਸੱਤਰ, ਮਾੜੇ ਦੀ ਫੜ ਧੌਣ ਮਰੋੜੋ ਤਕੜੇ ਨਾਲ ਹੈ ਕੀ ਝਗੜਾ ਜੀ। ਦੜੀ ਦਲੀਲ ਹੈ ਕਿਹੜਾ ਪੁੱਛਦਾ ਡੰਡਾ ਹੀ ਕੱਢਦਾ ਹੈ ਕੰਡਾ, ਰਿਸ਼ਵਤ ਦੀ ਚੱਲਦੀ ਹੈ ਬਹੁਤੀ ਜਾਂ ਫਿਰ ਥੋੜ੍ਹੀ ਬਹੁਤ ਮੁਲ੍ਹਾਜੀ। ਨਵੇਂ ਕਾਫੀਏ ਅਤੇ ਰਦੀਫਾਂ ਲੱਭਣ ਹੀ ਨਾ ਲੱਭਦੇ ਹਾਰੇ, ਦਿਲ ਵਿਚ ਭਾਵ ਭਰੇ ਭਰ ਉਛਲਣ ਪਰ ਸ਼ਬਦਾਂ ਦੀ ਰਹੇ ਮੁਥਾਜੀ। ਕੰਮ ਕਿਸੇ ਦਾ ਹੁੰਦਾ ਹੈ ਤਾਂ ਹੋਣ ਦਿਓ ਅਟਕਾਓ ਨਾ, ਕੀਕਰ ਹੋਇਆ ਇਹ ਨਾ ਪੁੱਛੋ ਹੁੰਦੇ ਸਾਰੇ ਕੰਮ ਲਿਹਾਜ਼ੀ। ਏਸ ਤਰ੍ਹਾਂ ਦਾ ਕੋਈ ਸੌਦਾ ਕਰ ਨਾ ਬਹਿਣਾ ਭੁੱਲ-ਭੁਲੇਖੇ, ਕੁਝ ਘੜੀਆਂ ਦੀ ਖੁਸ਼ੀ ਲਈ ਜਿਉਂ ਕੁਲ ਉਮਰਾਂ ਦੀ ਪੀੜ ਵਿਹਾਜੀ।
ਤੇਰੇ ਖਿਆਲ ਨਾਲ
ਤੇਰੇ ਖਿਆਲ ਨਾਲ, ਕੁਝ ਆਪਣੇ ਕਿਆਸ ਨਾਲ। ਕਰ ਗੁਫ਼ਤਗੂ ਰਿਹਾ ਹਾਂ, ਆਪਣੀ ਪਿਆਸ ਨਾਲ। ਇਕ ਸ਼ਕਲ ਖ਼ੂਬਸੂਰਤ, ਝੀਤਾਂ 'ਚੋਂ ਝਾਕਦੀ, ਰਹਿੰਦੀ ਹੈ ਐਨ ਜਿਹੜੀ, ਮੇਰੇ ਨਿਵਾਸ ਨਾਲ। ਰਿਸ਼ਤਾ ਰਿਹਾ ਹੈ ਫੁੱਲ ਤੇ, ਕੰਡੇ ਦਾ ਮੁੱਢ ਤੋਂ, ਇਕ ਦਾ ਵਿਨਾਸ਼ ਨਾਲ ਤੇ, ਇਕ ਦਾ ਵਿਕਾਸ ਨਾਲ। ਤੈਨੂੰ ਮੈਂ ਰੂਹ 'ਚ ਆਪਣੇ ਏਦਾਂ ਲਿਆ ਵਸਾ, ਕਿ ਸਾਹ ਵੀ ਲੈ ਰਿਹਾ ਹਾਂ, ਤੇਰੇ ਸਵਾਸ ਨਾਲ। ਮੇਰੇ ਚੁਫੇਰ ਘੇਰਾ, ਇਕ ਚੁੰਬਕੀ ਜਿਹਾ, ਸੰਬੰਧ ਰੱਖਦਾ ਹਾਂ, ਕੁਝ ਆਸ ਪਾਸ ਨਾਲ। ਜ਼ਿੰਦਗੀ ਤੇ ਮੌਤ ਅੰਦਰ ਹੁਣ ਫਰਕ ਕੀ ਰਿਹਾ, ਮਰਨਾ ਹੁਲਾਸ ਨਾਲ ਤੇ ਜੀਣਾ ਹੁਲਾਸ ਨਾਲ। ਘਰ ਸੀ ਮੈਂ ਮਗਰ ਉਸ ਦਿਨ ਘੁੰਮਿਆ ਬਜ਼ਾਰ ਕੌਣ, ਮੇਰੀ ਹੀ ਸ਼ਕਲ ਲੈ ਕੇ, ਮੇਰੇ ਲਿਬਾਸ ਨਾਲ।
ਬੀਤ ਗਿਆ ਦਿਨ
ਬੀਤ ਗਿਆ ਦਿਨ ਬੀਤ ਗਿਆ। ਹੋ ਇਤਿਹਾਸ ਅਤੀਤ ਗਿਆ। ਖੁਸ਼ੀਆਂ ਹਾਸੇ ਲੈ ਕੇ ਉਹ, ਦੇ ਗ਼ਮ ਦੀ ਮਲਕੀਤ ਗਿਆ। ਪਿਆਰ 'ਚ ਕਬਜ਼ਾ ਚਾਹਿਆ ਮਨ, ਹੋ ਸੀ ਬੜਾ ਪਲੀਤ ਗਿਆ। ਇੱਕੋ ਝਾਤੀ ਮਾਰ ਕੇ ਉਹ, ਤਾੜ ਸੀ ਮੇਰੀ ਨੀਤ ਗਿਆ। ਮੈਨੂੰ ਮੇਰਾ ਕੱਲ੍ਹ ਡਰਾ ਕੇ, ਅੱਜ ਵੀ ਕਰ ਭੈਭੀਤ ਗਿਆ। ਅਧਵਾਟੇ ਹੀ ਛੱਡ ਕੇ ਸੀ, ਮੈਨੂੰ ਮੇਰਾ ਮੀਤ ਗਿਆ। ਜੋ ਸੀ ਭੇਤ ਲੁਕਾਇਆ ਉਸ, ਹੋ ਮੈਨੂੰ ਪ੍ਰਤੀਤ ਗਿਆ। ਕੱਲਾ ਨਹੀਂ ਜਾਂਦਾ ਹੋਇਆ, ਲੈ ਮੇਰਾ ਹਰ ਗੀਤ ਗਿਆ।
ਹਰ ਗ਼ਮ ਮੇਰਾ
ਹਰ ਗ਼ਮ ਮੇਰਾ ਸਕਾ ਸਕੇਤਰ ਲੱਗਦਾ ਹੈ। ਇਹ ਇਕ ਲੰਬਾ ਚੌੜਾ ਖੇਤਰ ਲੱਗਦਾ ਹੈ। ਲੋੜਾਂ, ਥੋੜਾਂ, ਹੋੜਾਂ, ਜੋੜਾਂ ਤੋੜਾਂ ਦਾ, ਘਰ ਘਰ ਛਿੜਿਆ ਕੁਰੂਕਸ਼ੇਤਰ ਲੱਗਦਾ ਹੈ। ਉਸ ਨੂੰ ਕੀ ਜੇ ਲੱਗਦਾ ਕੋਈ ਅਗੇਤਰ ਤਾਂ, ਉਹ ਤਾਂ ਪੂਛਲ ਵਾਂਗ ਪਛੇਤਰ ਲੱਗਦਾ ਹੈ। ਸਾਨੂੰ ਸਾਰਾ ਸਾਲ ਮਹੀਨੇ ਸਭ ਚੰਗੇ, ਉਸਨੂੰ ਇੱਕੋ ਚੰਗਾ ਚੇਤਰ ਲੱਗਦਾ ਹੈ। ਚੰਗੀ ਮੰਦੀ ਝੂਠੀ ਸੱਚੀ ਸਭ ਸਮਝਾਂ, ਖੁੱਲ੍ਹਿਆ ਮੇਰਾ ਤੀਜਾ ਨੇਤਰ ਲੱਗਦਾ ਹੈ। ਕੀ ਪੁੱਛਦੇ ਹੋ ਹਾਲ ਉਹਦਾ ਕੁਝ ਨਾ ਪੁੱਛੋ, ਪਰ ਕੁਝ ਪਹਿਲਾਂ ਨਾਲੋਂ ਬਿਹਤਰ ਲੱਗਦਾ ਹੈ।
ਕੱਜੋ ਧੀਆਂ ਦੇ ਪਰਦੇ
ਨਿਤ ਨਵੀਆਂ ਘਟਨਾਵਾਂ ਹੁੰਦੀਆਂ। ਬੇ-ਪੱਤ ਨੇ ਅਬਲਾਵਾਂ ਹੁੰਦੀਆਂ। ਚਿੱਟੇ ਦਿਨ ਵਿਚ ਕਾਲੇ ਕਾਰੇ, ਭਰੀਆਂ ਪਤੱਰਕਾਵਾਂ ਹੁੰਦੀਆਂ। ਦਫਤਰ, ਹੋਟਲ, ਪਾਠ-ਸ਼ਲਾਵਾਂ, ਨਿਤ ਬਦਨਾਮ ਸਰਾਂਵਾਂ ਹੁੰਦੀਆਂ। ਜਦ ਵੀ ਸੁਣੀਏ ਧੀਆਂ ਨੂੰ ਹੀ, ਮਾਰਨ ਦੀਆਂ ਸਲਾਹਵਾਂ ਹੁੰਦੀਆਂ। ਧੀਆਂ ਬਿਨ ਘਰ ਕੇਹੇ ਘਰ ਨੇ, ਸੁੰਞ-ਮਸਾਣ ਜਗ੍ਹਾਵਾਂ ਹੁੰਦੀਆਂ। ਜ਼ਿੰਦਗੀ ਦਾ ਨੇ ਮਾਣ ਹੁੰਦੀਆਂ, ਚਾਨਣ ਦਾ ਸਿਰਨਾਵਾਂ ਹੁੰਦੀਆਂ। ਉਹ ਘਰ ਸੁਖੀ ਕਦੇ ਨਾ ਹੁੰਦੇ, ਜਿਸ ਘਰ ਧੀ ਦੀਆਂ ਹਾਵਾਂ ਹੁੰਦੀਆਂ। ਜਿੱਥੇ ਮਾਣ ਧੀਆਂ ਦਾ ਹੁੰਦਾ, ਪੂਜਨੀਕ ਉਹ ਥਾਂਵਾਂ ਹੁੰਦੀਆਂ। ਥਾਂਵਾਂ ਨਹੀਂ ਅਜਿਹੀਆਂ ਥਾਂਵਾਂ, ਰੱਬ ਦੀਆਂ ਦੀਆਂ ਦਰਗ੍ਹਾਵਾਂ ਹੁੰਦੀਆਂ। ਕੱਜੋ ਹੁਣ ਧੀਆਂ ਦੇ ਪਰਦੇ, ਮੈਲੀਆਂ ਨਿੱਤ ਨਿਗ੍ਹਾਵਾਂ ਹੁੰਦੀਆਂ। ਇਹ ਘੁਗੀਆਂ ਮਾਸੂਮ ਗੁਟਾਰਾਂ, ਭੋਲੀਆਂ ਭਾਲੀਆਂ ਗਾਂਵਾਂ ਹੁੰਦੀਆਂ। ਨਾਲ ਉਹਦੇ ਚੁਪ ਚਾਪ ਤੁਰਦੀਆਂ, ਨਾਲ ਜਿਹਦੇ ਲੈ ਲਾਵਾਂ ਹੁੰਦੀਆਂ। ਧੀਆਂ ਦੇ ਨਾਲ ਵੈਰ ਕਮਾ ਕੇ, ਮਿਲਦੀਆਂ ਬਹੁਤ ਸਜ਼ਾਵਾਂ ਹੁੰਦੀਆਂ। ਨਾ ਇਸ ਲੋਕ 'ਚ ਢੋਈ ਮਿਲਦੀ, ਨਾ ਉਸ ਲੋਕ 'ਚ ਥਾਂਵਾਂ ਹੁੰਦੀਆਂ।
ਰੁੱਖਾਂ ਨਾਲ ਨੇ
ਰੁੱਖਾਂ ਨਾਲ ਨੇ ਛਾਂਵਾਂ ਦੀਆਂ ਦੋਸਤੀਆਂ। ਜਿਉਂ ਧੀਆਂ ਤੇ ਮਾਂਵਾਂ ਦੀਆਂ ਦੋਸਤੀਆਂ। ਦਰਿਆਵਾਂ ਦੇ ਕੰਢਿਆਂ ਵਾਂਗਰ ਖੁਰ ਗਈਆਂ, ਕੱਚੀਆਂ ਬੇ-ਪ੍ਰਵਾਵ੍ਹਾਂ ਦੀਆਂ ਦੋਸਤੀਆਂ। ਨਵੇਂ ਨਵੇਂ ਅਧਿਆਏ ਯਾਰੋ ਜੋੜਦੀਆਂ, ਕਦਮਾਂ ਦੇ ਨਾਲ ਰਾਹਵਾਂ ਦੀਆਂ ਦੋਸਤੀਆਂ। ਨਵੇਂ ਨਿਸ਼ਾਨੇ ਨਵੇਂ ਬਹਾਨੇ ਢੂੰਡਦੀਆਂ, ਨੈਣਾਂ ਨਾਲ ਨਿਗਾਹਵਾਂ ਦੀਆਂ ਦੋਸਤੀਆਂ। ਨਵੀਆਂ ਸੂਝਾਂ ਸੋਚਾਂ ਦਾ ਸੰਚਾਰ ਕਰਨ, ਨਵਿਆਂ ਨਵਿਆਂ ਥਾਂਵਾਂ ਦੀਆਂ ਦੋਸਤੀਆਂ। ਹੁੰਦੀਆਂ ਨੇ ਪਰ ਬਹੁਤਾ ਚਿਰ ਨਾ ਚੱਲਦੀਆਂ, ਹਾਸੇ ਖੁਸ਼ੀਆਂ ਚਾਵਾਂ ਦੀਆਂ ਦੋਸਤੀਆਂ। ਪੁੱਗਦੀਆਂ ਨਾ ਯਾਰ ਕਦੇ ਵੀ ਪੁੱਗਦੀਆਂ, ਹੰਸਾਂ ਦੇ ਨਾਲ ਕਾਂਵਾਂ ਦੀਆਂ ਦੋਸਤੀਆਂ। ਭੱਜੀਆਂ ਬਾਂਹਵਾਂ ਤੋਂ ਹੀ ਫੇਰ ਪਤਾ ਲੱਗਦੈ, ਕੀ ਹੁੰਦੀਆਂ ਗਲ ਬਾਂਹਵਾਂ ਦੀਆਂ ਦੋਸਤੀਆਂ। ਤਨ ਤੇ ਸਾਹ ਨਾ ਜਿਵੇਂ ਸਦੀਵੀਂ ਨਿਭਦੇ ਨੇ, ਵਕਤੀ ਹੁੰਦੀਆਂ ਨੇ ਨਾਂਵਾਂ ਦੀਆਂ ਦੋਸਤੀਆਂ।
ਜ਼ਹਿਰੀਲੀਆਂ ਪੌਣਾਂ ਨੇ
ਜ਼ਹਿਰੀਲੀਆਂ ਪੌਣਾਂ ਨੇ ਪ੍ਰਦੂਸ਼ਤ ‘ਗੰਗਾ’ ਹੈ। ਬੇ-ਰੰਗ ਨੇ ਸਭ ਚਿਹਰੇ ਝੰਡਾ ਹੀ ਤਿਰੰਗਾ ਹੈ। ਦਿੱਲੀ ਦੀ ਗੱਲ ਛੱਡੋ ਹੁਣ ਨਗਰ ਗਰਾਂ ਸਾਰੇ, ਹਰ ਗਲੀ ਮਹੱਲੇ ਵਿਚ ਹਰ ਸ਼ਹਿਰ ‘ਉਰੰਗਾ’ ਹੈ। ਇਨਸਾਫ ਫਿਰੇ ਲੁਕਿਆ ਝੁਕਿਆ ਹੈ ਤਰਾਜ਼ੂ ਵੀ, ਤਕ ਸ਼ਮ੍ਹਾਂ ਸਾਹਮਣੇ ਵੀ ਲੁੱਕ ਰਿਹਾ ਪਤੰਗਾ ਹੈ। ਹਰ ਕੰਮ ਕੁਚੱਜਾ ਹੈ ਹਰ ਪਹੁੰਚ ਅਪਾਹਜ ਹੈ, ਕੁਝ ਵੀ ਸੰਗ ਨਹੀਂ ਸਭ ਬੇ-ਪ੍ਰਸੰਗਾ ਹੈ। ਵੰਡੀਆਂ ਨੇ ਤਰੇੜਾਂ ਨੇ ਵਾਧੂ ਦੀਆਂ ਛੇੜਾਂ ਨੇ, ਹੋਇਆ ਹਰ ਹੋਣੀ ਦਾ ਮਨਹੂਸ ਮੁੜੰਗਾ ਹੈ। ਮਨ ਸਾਫ ਬੜਾ ਉਸ ਦਾ ਕਹਿੰਦੇ ਨੇ ‘ਕੰਵਲ’ ਜਿਸ ਨੂੰ, ਅਰਥਾਂ ਦਾ ਸ਼ੀਰੀਂ ਪਰ ਬੋਲਾਂ ਦਾ ਕੁੜ੍ਹੰਗਾ ਹੈ।
ਮੌਸਮ ਨਹੀਂ
ਕੁੱਝ ਕਿਸੇ ਨੂੰ ਕੁਝ ਕਹਿਣ ਦਾ ਮੌਸਮ ਨਹੀਂ। ਸੁਣ ਲਿਆ ਤਾਂ ਸਹਿਣ ਦਾ ਆਲਮ ਨਹੀਂ। ਝੂਠ ਮਿਲਦਾ ਹਰ ਜਗ੍ਹਾ ਹੀ ਸਾਬਤਾ, ਸੱਚ ਮਿਲਦਾ ਪਰ ਕਿਤੇ ਸਾਲਮ ਨਹੀਂ। ਹਰ ਲਿਖੇ ਪੱਤਰ ਦਾ ਉੱਤਰ ਵੀ ਮਿਲੇ, ਇਹ ਤਾਂ ਸੰਭਵ ਹੀ ਨਹੀਂ ਲਾਜ਼ਮ ਨਹੀਂ। ਦਿਲ ਹੀ ਕੀ ਜੇ ਦੁਖ 'ਚ ਵੀ ਨਾ ਪੰਘਰਿਆ, ਅੱਖ ਕੀ ਅੱਖ ਹੋਈ ਨਮ ਨਹੀਂ। ਗੀਤ ਕੀ ਜੇ ਗੀਤ ਵਿਚ ਨਾ ਦਰਦ ਹੈ, ਸੁਰ ਹੀ ਕੀ ਜੇ ਸੁਰ 'ਚ ਹੈ ਸਰਗਮ ਨਹੀਂ। ਤਨ ਮੇਰੇ ਦੇ ਤਾਂ ਵਪਾਰੀ ਨੇ ਬੜੇ, ਪਰ ਮੇਰੇ ਮਨ ਦਾ ਕਿਤੇ ਮਹਿਰਮ ਨਹੀਂ। ਸਹਿਜ ਪੱਕੇ ਮਿਲਦੀਆਂ ਨੇ ਐ ‘ਕੰਵਲ', ਮਿਲਦੀਆਂ ਮਸ਼ਹੂਰੀਆਂ ਇਕ ਦਮ ਨਹੀਂ।
ਜਾਣਾ ਕਿੱਥੇ ਹੈ
ਜਾਣਾ ਕਿੱਥੇ ਹੈ ਏਥੇ ਹੀ ਰਹਿਣਾ ਹੈ। ਭਾਵੇਂ ਕਿ ਇਹ ਰੂਪ ਬਦਲਣਾ ਪੈਣਾ ਹੈ। ਉੜ ਕੇ ਪਾਣੀ ਬਣੇ ਹਵਾੜ, ਬਣੇ ਬੱਦਲ, ਬੱਦਲ ਨੇ ਫਿਰ ਵਰਖਾ ਹੋ ਕੇ ਵਹਿਣਾ ਹੈ। ਉੜ ਕੇ ਮਿੱਟੀ ਘੱਟੇ ਝੱਖੜ ਹੋ ਜਾਣਾ, ਝੱਖੜ ਨੇ ਫਿਰ ਏਥੇ ਉੱਤਰ ਪੈਣਾ ਹੈ। ਇਹ ਚੱਕਰ ਹੈ ਸਾਰਾ ਛੂਣ੍ਹ-ਛੁਹਾਈ ਦਾ, ਚੱਕਰ ਇਹੋ ਸਦੀਵੀ ਚੱਲਦੇ ਰਹਿਣਾ ਹੈ । ਦਿਨ ਢਲਣਾ ਫਿਰ ਰਾਤ ਪਊ ਫਿਰ ਚੜ੍ਹੂ ਸਵੇਰ, ਫਿਰ ਏਥੇ ਚਾਨਣ ਦਾ ਘੇਰਾ ਰਹਿਣਾ ਹੈ। ਜਿਸ ਮਿੱਟੀ 'ਚੋਂ ਤਨ ਸਾਡੇ ਨੇ ਨਕਸ਼ ਲਏ, ਉਹ ਕਿੰਝ ਮਿੱਟੀ ਉਹ ਮਿੱਟੀ ਤਾਂ ਗਹਿਣਾ ਹੈ। ਆਉਣਾ ਜਾਣਾ ਤਾਂ ਨਿਰੀਆਂ ਅਫ਼ਵਾਹਾਂ ਨੇ, ਮੇਰੇ ਤਨ ਦੀ ਮਿੱਟੀ ਦਾ ਇਹ ਕਹਿਣਾ ਹੈ। ਇਹ ਧਰਤੀ ਹੀ ਮਾਂ ਹੈ ਸਾਡੀ, ਮਾਂ ਅਸਲੀ, ਸਦਾ ਸਦਾ ਇਸ ਦੀ ਗੋਦੀ ਵਿਚ ਬਹਿਣਾ ਹੈ। ਏਸੇ ਦਾ ਹੀ ਖਾਧਾ ਪੀਤਾ ਹੈ ਆਪਾਂ, ਇਸ ਦੀ ਪੌਣ 'ਚ ਹੀ ਆਪਾਂ ਸਾਹ ਲੈਣਾ ਹੈ। ਹੋਰ ਦੁਆਰਾ ਕਿਹੜਾ ਹੈ ਸਾਡਾ ਯਾਰੋ, ਜਿੱਥੇ ਆਪਾਂ ਜਾ ਆਖਰ ਨੂੰ ਢਹਿਣਾ ਹੈ। ਜੋ ਕੁਝ ਵੀ ਚਾਹੀਦਾ ਮਿਲਣਾ ਹੈ ਏਥੋਂ, ਏਸੇ ਤੋਂ ਹੀ ਆਪਾਂ ਸਭ ਕੁਝ ਲੈਣਾ ਹੈ।
ਸੂਈ ਦੇ ਡਿੱਗਣ ਜਿੰਨੇ
ਸੂਈ ਦੇ ਡਿਗਣ ਜਿੰਨੇ ਹੋਏ ਖੜਾਕ ਨਾਲ। ਹੈ ਅੱਖ ਖੁੱਲ੍ਹ ਜਾਂਦੀ ਮੇਰੀ ਤੜਾਕ ਨਾਲ। ਦੁਸ਼ਮਣ ਚਲਾਕ ਸੰਗ ਤਾਂ ਨਿਭਣਾ ਮੈਂ ਜਾਣਦਾਂ, ਮੁਸ਼ਕਿਲ ਬੜਾ ਹੈ ਨਿਭਣਾ ਮਿਤਰ ਚਲਾਕ ਨਾਲ। ਦੁਸ਼ਮਣ ਤਾਂ ਹੈ ਸੀ ਦੁਸ਼ਮਣ ਦੁਸ਼ਮਣ ਦੇ ਵਾਂਗ ਮਿਲਿਆ, ਮਿੱਤਰ ਨਾ ਹੋ ਕੇ ਮਿੱਤਰ ਮਿਲਿਆ ਤਪਾਕ ਨਾਲ। ਐਵੇਂ ਹੀ ਉਹ ਤਾਂ ਗੱਲ ਦਾ ਗੁੱਸਾ ਹੈ ਕਰ ਗਿਆ, ਮੈਂ ਤਾਂ ਸੀ ਗੱਲ ਕੀਤੀ ਐਵੇਂ ਮਜ਼ਾਕ ਨਾਲ। ਹੁੰਦੀਆਂ ਨੇ ਬਹੁਤ ਵਸਤਾਂ ਤਨ ਦੀ ਖੁਸ਼ੀ ਲਈ, ਬੰਦਾ ਅਸਲ 'ਚ ਜਿਉਂਦਾ ਰੂਹ ਦੀ ਖੁਰਾਕ ਨਾਲ । ਸੂਰਤ ਨਹੀਂ ਸਗੋਂ ਹੈ ਸੀਰਤ ਸਮੁੱਚਤਾ, ਹਸਤੀ ਦਾ ਕੀ ਹੈ ਰਿਸ਼ਤਾ ਯਾਰੋ ਪੁਸ਼ਾਕ ਨਾਲ। ਉਹ ਵੀ ਤਾਂ ਖ਼ਾਕ ਹੋ ਕੇ ਮਿੱਟੀ 'ਚ ਮਿਲ ਗਿਆ, ਮੈਨੂੰ ਜਿਹਨੇ ਮਿਲਾਇਆ ਇਕ ਦਿਨ ਸੀ ਖ਼ਾਕ ਨਾਲ । ਮੰਝਧਾਰ ਲੰਘ ਆਇਆ ਆ ਡੁੱਬਿਆ ਕਿਨਾਰੇ, ਅਕਸਰ ਰਹੀ ਹੈ ਹੁੰਦੀ ਇਹੋ ਤੈਰਾਕ ਨਾਲ । ਚਿਰ ਤੋਂ ਉਡੀਕਦਾ ਸੀ ਜਿਸ ਨੂੰ ਮੈਂ ਹੋ ਵਿਆਕੁਲ, ਆਇਆ ਤਾਂ ਤੁਰ ਗਿਆ ਉਹ ਕਿਸੇ ਹੋਰ ਗਾਹਕ ਨਾਲ।
ਡਰਦੇ ਫਿਰੀਏ
ਡਰੀਏ ਕਿਸ ਕੀਤੇ ਅਣਕੀਤੇ ਪਾਪ ਤੋਂ। ਜਾ ਕਿ ਡਰਦੇ ਫਿਰੀਏ ਅਪਣੇ ਆਪ ਤੋਂ। ਰਹਿੰਦੀ ਹੈ ਕੁਝ ਏਸ ਤਰ੍ਹਾਂ ਦੀ ਘਬਰਾਹਟ, ਡਰੇ ਜਿਉਂ ਨਿਰਦੇਸ਼ਕ ‘ਫਿਲਮ ਫਲਾਪ’ ਤੋਂ। ਮੁਕਦੀ ਹੈ ਹਰ ਗੱਲ ਆ ਕੇ ਸੰਤਾਪ ਤੇ, ਅਗਲੀ ਫੇਰ ਸ਼ੁਰੂ ਹੁੰਦੀ ਸੰਤਾਪ ਤੋਂ। ਗੱਲ ਸਦਾ ਹੀ ਤੁਰਦੀ ਰਹਿਣੀ ਚਾਹੀਦੀ, ਖੌਫ ਬੜਾ ਆਉਂਦਾ ਹੈ ‘ਫੁੱਲ ਸਟਾਪ’ ਤੋਂ। ਗੱਲ ਸ਼ੁਰੂ ਹੁੰਦੀ ਹੈ ਤਾਂ ਖੁਸ਼ ਹੁੰਦੇ ਹਾਂ, ਪਰ ਡਰਦੇ ਹਾਂ ਸੋਚ ਕੇ ‘ਸੀਨ ਡਰਾਪ’ ਤੋਂ। ਅਸੀਂ ਕਹਾਣੀ ਉਹ ਹਾਂ ਜੋ ਦਿਲਚਸਪ ਨਹੀਂ, ਨਗ਼ਮਾ ਉਹ ਹਾਂ ਜੋ ਹੈ ਬਿਨਾ ਅਲਾਪ ਤੋਂ। ਕਿਉਂ ਨਾ ਹਸਣ ਲੋਕੀਂ ਉਹਦੀ ਪੁਸ਼ਾਕੋਂ ਜੋ, ਪਾਈ ਫਿਰਦਾ ਵਡੀ ਛੋਟੀ ਨਾਪ ਤੋਂ। ਸਹਿਮੇ ਸਹਿਮੇ ਲੱਗਦੇ ਨੇ ਸਭ ਦੇ ਚਿਹਰੇ, ਖੌਰੇ ਸਹਿਮੇ ਹੋਏ ਕਿਹੜੇ ਸਰਾਪ ਤੋਂ। ਰੂਹ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੁੱਕ ਜਾਂਦੀ, ਗੱਲ ਅਗਾਂਹ ਨਾ ਤੁਰਦੀ ਛੱਲੇ ਛਾਪ ਤੋਂ। ਸੀਰਤ ਤਾਂ ਸੀ ਉਸ ਨੂੰ ਮਾਂ ਦੀ ਮਿਲੀ ਕਮਾਲ, ਸੂਰਤ ਮਿਲੀ ਕਰੂਪ ਸੀ ਬੇਸ਼ੱਕ ਬਾਪ ਤੋਂ।
ਰਹਿੰਦੀ ਸਦੀਵ ਮੇਰੇ
ਰਹਿੰਦੀ ਸਦੀਵ ਮੇਰੇ ਮੇਰੀ ਜਾਨ, ਨਾਲ ਨਾਲ। ਰਹਿੰਦੀ ਹੈ ਓਸ ਦੀ ਹੀ ਮੁਸਕਾਨ, ਨਾਲ ਨਾਲ। ਕਿਸ ਨੂੰ ਹੈ ਵਿਹਲ ਪਿੱਛੋਂ ਕਰਦਾ ਰਹੇ ਹਿਸਾਬ, ਨੇਕੀ ਬਦੀ ਦਾ ਹੁੰਦਾ ਭੁਗਤਾਨ, ਨਾਲ ਨਾਲ। ਧਰਤੀ ਨੂੰ ਪੂਜਦਾਂ ਮੈਂ ਮਾਂ ਆਪਣੀ ਤੋਂ ਵੱਧ ਕੇ, ਇਹ ਦੇਖ ਮੇਰੇ ਹੁੰਦਾ ਅਸਮਾਨ, ਨਾਲ ਨਾਲ। ਕੁਝ ਕੁ ਬਚਾ ਕੇ ਤੇਰੀ ਖਾਤਰ ਵੀ ਰੱਖ ਰਿਹਾਂ, ਕੁਝ ਕਰ ਰਿਹਾ ਹਾਂ ਜ਼ਿੰਦਗੀ ਕੁਰਬਾਨ, ਨਾਲ ਨਾਲ। ਲੱਗਦੈ ਜਦੋਂ ਕਿ ਮੁੱਕੀ ਹੈ ਹਰ ਸੰਭਾਵਨਾ, ਓਦੋਂ ਵੀ ਕੁਝ ਕੁ ਹੁੰਦੇ ਇਮਕਾਨ, ਨਾਲ ਨਾਲ। ਇਕ ਵਾਰ ਮੈਂ ਪਹਾੜਾਂ ਨੂੰ ਮਿਲਣ ਜਦ ਗਿਆ, ਸਾਰੇ ਹੀ ਚੱਲ ਪਏ ਸੀ ਮੈਦਾਨ, ਨਾਲ ਨਾਲ। ਕੀਤੇ ਗੁਨਾਹਾਂ ਦੀ ਮੈਂ ਪੰਡ ਬੰਨ੍ਹ ਕੇ ਤੁਰ ਪਿਆ, ਹਿੱਕ ਤਾਣ ਕੇ ਤੁਰੇ ਕੁਝ ਵਰਦਾਨ, ਨਾਲ ਨਾਲ। ਬੂਹੇ ਮਸੀਤ, ਮੰਦਰ, ਗਿਰਜੇ ਦੇ ਖੋਲ੍ਹ ਕੇ ਤੁਰਿਆ ਸੀ ਹਰ ਪ੍ਰਕਾਰ ਦਾ ਭਗਵਾਨ, ਨਾਲ ਨਾਲ। ਜ਼ਿੰਦਗੀ ਦੇ ਮਹਾਂਭਾਰਤ ਕੁੱਦਣੋਂ ਸਾਂ ਡਰ ਗਿਆ, ਤੁਰਿਆ ਤਾਂ ‘ਕ੍ਰਿਸ਼ਨ’ ਹੋ ਕੇ ਰਥਵਾਨ, ਨਾਲ ਨਾਲ।
ਰੁੱਖ ਹੁੰਦਾ ਸੀ
ਇਸ ਥਾਂ ਤੇ ਇਕ ਰੁੱਖ ਹੁੰਦਾ ਸੀ। ਜਿਸ ਦਾ ਸਭ ਨੂੰ ਸੁੱਖ ਹੁੰਦਾ ਸੀ। ਇਸ ਰੁੱਖ ਵੱਲ ਨੂੰ ਹਰ ਪੰਛੀ ਦਾ, ਹੋਇਆ ਅਕਸਰ ਰੁਖ਼ ਹੁੰਦਾ ਸੀ। ਉਹ ਵੀ ਦਿਨ ਸਨ ਉਸ ਦੀਆਂ ਨਜ਼ਰਾਂ, ਦੇ ਵਿਚ ਮੇਰਾ ਮੁੱਖ ਹੁੰਦਾ ਸੀ। ਹੁਣ ਫੋਲੋ ਇਤਿਹਾਸ ਤੇ ਲੱਭੋ, ਏਥੇ ਕਦੋਂ ਮਨੁੱਖ ਹੁੰਦਾ ਸੀ। ਹੁਣ ਖ਼ੁਦਗਰਜ਼ੀ ਸਭ ਦੇ ਸਨਮੁੱਖ, ਫਰਜ਼ ਕਦੇ ਪ੍ਰਮੁੱਖ ਹੁੰਦਾ ਸੀ। ਇਕ ਪਲ ਦਾ ਦਰਸ਼ਨ ਹੀ ਉਸ ਦਾ, ਲਾਹ ਦੇਂਦਾ ਹਰ ਭੁੱਖ ਹੁੰਦਾ ਸੀ। ਹੁਣ ਜੋ ਧੁਖ਼ਦੀ ਰਾਖ਼ ਜਿਹਾ ਹੈ, ਦੀਵਾ ਕਦੇ ਚ-ਮੁੱਖ ਹੁੰਦਾ ਸੀ।
ਤੂੰ ਮਿੱਤਰਾਂ ਨੂੰ ਰੋਨੈਂ
ਤੂੰ ਮਿੱਤਰਾਂ ਨੂੰ ਰੋਨੈਂ ਕੋਸੇਂ ਯਾਰਾਂ ਨੂੰ, ਕੀਤੀ ਤੇਰੇ ਨਾਲ ਕੀ ਤੇਰੇ ਭਰਾਵਾਂ ਦੇਖ। ਮੁੜ ਮੁੜ ਕਿਹੜਾ ਇਸ ਰਾਹੋਂ ਲੰਘਣਾ ਆਪਾਂ, ਕਿਉਂ ਨਾ ਜੋ ਕੁਝ ਦੇਖ ਸਕਾਂ ਉਹ ਜਾਵਾਂ ਦੇਖ। ਮੈਂ ਹੀ ਜਿਨ੍ਹਾਂ ਨਿਗਾਹਵਾਂ ਦਾ ਸੀ ਨੂਰ ਕਦੇ, ਓਹੀ ਬਦਲੀ ਫਿਰਦੇ ਕਿਵੇਂ ਨਿਗ੍ਹਾਵਾਂ ਦੇਖ। ਕੀ ਸੀ ਜੇ ਦੋ ਗੱਲਾਂ ਕਰ ਹੀ ਬੈਠੇ ਦੋ, ਕਿੰਨੀਆਂ ਮਿਲੀਆਂ ਸਾਨੂੰ ਸਖਤ ਸਜ਼ਾਵਾਂ ਦੇਖ। ਓਸ ਜਗ੍ਹਾ ਕਿਉਂ ਥੋਰ੍ਹਾਂ ਉਠ ਖਲੋਂਦੀਆਂ ਨੇ, ਫੁੱਲਾਂ ਦੀ ਜਿਸ ਜਗ੍ਹਾ ਪਨੀਰੀ ਲਾਵਾਂ ਦੇਖ। ਸੁੱਤਿਆਂ ਨੂੰ ਤਾਂ ਜਦ ਵੀ ਕਹੋ ਜਗਾ ਲਈਏ, ਐਪਰ ਜਾਗਦਿਆਂ ਨੂੰ ਕਿਵੇਂ ਜਗਾਵਾਂ ਦੇਖ। ਭੱਜੀਆਂ ਬਾਹਵਾਂ ਗਲ ਨੂੰ ਆਉਂਦੀਆਂ ਨੇ ਅਕਸਰ, ਗਲ ਪਰ ਸਾਬਤੀਆਂ ਤੋਂ ਕਿਵੇਂ ਬਚਾਵਾਂ ਦੇਖ। ਸ਼ਹਿਰ ਮੇਰੇ ਦੇ ਲੋਕੀ ਲੈਂਦੇ ਨੀਤਾਂ ਤਾੜ, ਆਉਂਦੇ ਜਾਂਦੇ ਬੰਦੇ ਦਾ ਪ੍ਰਛਾਵਾਂ ਦੇਖ। ਅਪਣੇ ਪੁੱਤਾਂ ਨੂੰ ਹੀ ਹੁੰਦੇ ਵੇਖ, ਕਪੁੱਤ, ਸੋਚਦੀਆਂ ਕੀ ਹੋਣਗੀਆਂ ਹੁਣ ਮਾਂਵਾਂ ਦੇਖ। ਯਾਰਾਂ ਦਾ ਤੇ ਛਾਂਵਾਂ ਦਾ ਦਸਤੂਰ ਇਹੋ, ਪਲ ਪਲ ਰਹਿਣ ਬਦਲਦੇ ਦੋਹਵੇਂ ਥਾਵਾਂ ਦੇਖ। ਲੱਗਦਾ ਸੀ ਕਿ ਬਾਂਝ ‘ਕੰਵਲ’ ਦੇ ਓਦਰੀਆਂ, ਭੱਜੀਆਂ ਆਈਆਂ ਦੇਖ ਕੇ ਕਿਵੇਂ ਬਲਾਵਾਂ ਦੇਖ।
ਮੁਸ਼ਕਿਲ ਬੜੀ
ਜ਼ਿੰਦਗੀ ਜਿਉਣੀ ਹੋਈ ਮੁਸ਼ਕਿਲ ਬੜੀ। ਹਰ ਘੜੀ ਜਾਪੇ ਜਿਵੇਂ ਅੰਤਮ ਘੜੀ। ਜ਼ੋਰ ਜ਼ਬਰਦਸਤੀਆਂ ਦੇ ਦੌਰ ਵਿਚ, ਸਹਿਮ ਕੇ ਨੁੱਕਰੇ ਮਨੁੱਖਤਾ ਹੈ ਖੜੀ। ਸੋਚ ਹੈ ਸਾਡੀ ਕਿਤੇ ਉਲਝੀ ਹੋਈ, ਜਿੰਦ ਹੈ ਸਾਡੀ ਜਿਵੇਂ ਵਖ਼ਤਾਂ ਫੜੀ। ਕੀ ਪਤਾ ਕਿਹੜੇ ਚੁਰਾਹੇ ਕਿਸ ਘੜੀ, ਰਹਿ ਜਾਏ ਗੱਡੀ ਅੜੀ ਦੀ ਹੀ ਅੜੀ। ਉਸ ਬਿਨਾਂ ਕੀ ਰੌਣਕਾਂ ਖੁਸ਼ਬੋਈਆਂ, ਉਸ ਬਿਨਾਂ ਕੀ ਸਾਉਣ ਦੀ ਲੱਗੀ ਝੜੀ। ਜ਼ਿੰਦਗੀ ਲੱਕੜ ਸਲ੍ਹਾਭੀ ਸੁਲਗਦੀ, ਜੋ ਕਦੇ ਬਲਦੀ ਸੀ ਵਾਂਗਰ ਫੁੱਲ-ਝੜੀ।
ਬੀਤ ਗਿਆ ਹੈ
ਬੀਤ ਗਿਆ ਹੈ ਵਕਤ ਬੜਾ। ਸਮਾਂ ਆ ਗਿਆ ਸਖਤ ਬੜਾ। ਇਹ ਤਾਂ ਪਤਾ ਵਰਤ ਹੀ ਲੱਗਾ, ਬੰਦਾ ਸੀ ਉਹ ਗ਼ਲਤ ਬੜਾ । ਹੋ ਸਕਦੈ ਸ਼ੈਤਾਨ ਹੀ ਹੋਵੇ, ਜੋ ਲੱਗਦਾ ਹੈ ਭਗਤ ਬੜਾ । ਲੋਕਾਂ ਦਾ ਕੀ ਸਕੂ ਸਵਾਰ, ਜੋ ਹੈ ਘਰ ਹੀ ਖਚਤ ਬੜਾ । ਰਹਿਣ ਦਿਉ ਨਾ ਛੇੜੋ, ਉਹ ਤਾਂ, ਅਪਣੇ ਆਪ 'ਚ ਮਸਤ ਬੜਾ। ਕਦਮ ਕਦਮ ਤੇ ਬੇ-ਜ਼ਬਤੀ ਹੈ, ਰੱਖਣਾ ਪੈਂਦਾ ਜ਼ਬਤ ਬੜਾ। ਇਨਸਾਨਾਂ ਵਿਚ ਫਰਕ ਕਰੇ ਜੋ, ਉਹ ਹੈ ਫਿਰਕਾ-ਪ੍ਰਸਤ ਬੜਾ। ਉਸ ਕੀ ਅੱਗੇ ਵਧਣਾ ਜੋ, ਮੁੜ ਮੁੜ ਦੇਖੇ ਪਰਤ ਬੜਾ।
ਦਿਨ ਭਾਗਾਂ
ਦਿਨ ਭਾਗਾਂ ਵਾਲਾ ਚੜ੍ਹਿਆ। ਹਰ ਭਰਮ ਭੁਲੇਖਾ ਝੜਿਆ। ਮੈਂ ਪਾਕ ਪਵਿੱਤਰ ਹੋਇਆ, ਮੈਂ ਸੱਚ ਦਾ ਪੱਲਾ ਫੜਿਆ। ਮੈਂ ਨੀਚ ਇਰਾਦਾ ਭੰਨਿਆ, ਹੈ ਉੱਚ ਇਰਾਦਾ ਘੜਿਆ। ਹੱਕ ਸੱਚ ਦਾ ਸੂਰਜ ਅਪਣੇ, ਮੈਂ ਮੱਥੇ ਉੱਤੇ ਜੜਿਆ। ਮੈਂ ਕੂੜ ਪੜ੍ਹਾਈ ਛੱਡੀ, ਮੈਂ ਸੱਚ ਦਾ ਅੱਖਰ ਪੜ੍ਹਿਆ। ਹੁਣ ਖ਼ਾਕ ਹੋਏਗਾ ਜੋ ਵੀ, ਆ ਮੇਰੇ ਅੱਗੇ ਅੜਿਆ। ਹੈ ਖੁਸ਼ੀ ਹੋਈ ਹਮਦਰਦਾਂ, ਦੋਖੀ ਦਾ ਮੱਥਾ ਸੜਿਆ। ਮੈਂ ਤਾਂ ਮਨ-ਮੰਥਨ ਕਰ ਕੇ, ਹਾਂ ਨਾਲ ਬੁਰਾਈ ਲੜਿਆ। ਤੂੰ ਸਾਥ ਨਿਭਾਈਂ ਮੇਰਾ, ਮੈਨੂੰ ਪਾਰ ਲਗਾਈਂ ਘੜਿਆ।
ਕੰਮ ਕਿਸੇ ਦੇ
ਕੰਮ ਕਿਸੇ ਦੇ ਆ ਨਾ ਸਕਿਆ। ਡਿੱਗਿਆਂ ਤਾਈਂ ਉਠਾ ਨਾ ਸਕਿਆ। ਓਹਨਾਂ ਫਿਰਜ਼ ਨਿਭਾਇਆ, ਪਰ ਮੈਂ, ਅਪਣਾ ਫਰਜ਼ ਨਿਭਾ ਨਾ ਸਕਿਆ। ਮੈਂ ਸੀ ਜਿਹੜਾ ਕਰਮ ਕਮਾਉਣਾ, ਮੈਂ ਉਹ ਕਰਮ ਕਮਾ ਨਾ ਸਕਿਆ। ਉਹ ਚਾਹੁੰਦੇ ਸੀ ਲਵਾਂ ਬੁਲਾ ਮੈਂ, ਝਕਦਾ ਰਿਹਾ ਬੁਲਾ ਨਾ ਸਕਿਆ। ਗੀਤ ਮੈਂ ਜਿਸ ਬਾਰੇ ਲਿਖਿਆ ਸੀ, ਓਸੇ ਤਾਈਂ ਸੁਣਾ ਨਾ ਸਕਿਆ। ਮੈਂ ਸਾਂ ਕੰਢੇ ਰਿਹਾ ਖਲੋਤਾ, ਡੁੱਬਦੇ ਤਾਈਂ ਬਚਾ ਨਾ ਸਕਿਆ। ਰਾਹ ਵਿਚ ਕਿਧਰੇ ਬੈਠ ਗਿਆ ਸੀ, ਮੈਂ ਮੰਜ਼ਿਲ ਨੂੰ ਪਾ ਨਾ ਸਕਿਆ। ਜਿਸ ਰੁੱਖ ਹੇਠਾਂ ਬਹਿਣਾ ਸੀ ਮੈਂ, ਮੈਂ ਉਹ ਰੁੱਖ ਹੀ ਲਾ ਨਾ ਸਕਿਆ। ਦੂਰ ਹਨੇਰਾ ਕਰ ਦੇਂਦਾ ਜੋ, ਮੈਂ ਉਹ ਦੀਪ ਜਗਾ ਨਾ ਸਕਿਆ। ਜੋ ਖ਼ਤ ਜ਼ਿੰਦਗੀ ਨੂੰ ਲਿਖਣਾ ਸੀ, ਮੈਂ ਉਹ ਖ਼ਤ ਲਿਖਵਾ ਨਹੀਂ ਸਕਿਆ। ਆਉਂਦਾ ਉਸ ਦਾ ਖ਼ਤ ਵੀ ਕੀਕਰ, ਜਦ ਕਿ ਮੈਂ ਵੀ ਪਾ ਨਾ ਸਕਿਆ। ਜਿਹਦੀ ਉਡੀਕ 'ਚ ਬਿਹਬਲ ਹਾਂ ਮੈਂ, ਉਹ ਮੇਰੇ ਤੱਕ ਆ ਨਾ ਸਕਿਆ। ਤੂੰ ਰੋ ਕੇ ਸਭ ਸਮਝਾ ਦਿੱਤਾ, ਮੈਂ ਪਰ ਕੁਝ ਸਮਝਾ ਨਾ ਸਕਿਆ। ਗਾਉਣ ਲਈ ਜੋ ਗੀਤ ਸੀ ਆਇਆ, ਮੈਂ ਉਹ ਹਾਲੇ ਗਾ ਨਾ ਸਕਿਆ।
ਜਾਂਦੀ ਤਾਂ
ਜਾਂਦੀ ਤਾਂ ਜਾਨ ਜਾਏ ! ਪਰ ਨਾ ਇਮਾਨ ਜਾਏ। ਜਾਏ ਨਾ ਯਾਰ ਰੁਸ ਕੇ, ਚਾਹੇ ਜਹਾਨ ਜਾਏ । ਤੁਰਿਆਂ ਹਰੇਕ ਪੈਂਡਾ, ਹੁੰਦਾ ਅਸਾਨ ਜਾਏ । ਹੁੰਦਾ ਹੈ ਸੂਰਮਾ ਜੋ, ਛੱਡ ਨਾ ਮੈਦਾਨ ਜਾਏ। ਉਸ ਕੁਫਰ ਤੋਲਦੇ ਦੀ, ਸੜ ਹੀ ਜ਼ਬਾਨ ਜਾਏ। ਸੁਖ ਸੋਚਦੇ ਹਾਂ ਹੋ ਪਰ, ਦੁੱਖ ਦਾ ਸਮਾਨ ਜਾਏ। ਜਦ ਤਿੜਕਦੇ ਨੇ ਰਿਸ਼ਤੇ, ਘਰ ਹੋ ਮਕਾਨ ਜਾਏ।
ਖੁਸ਼ੀਆਂ ਦੀ ਹੈ
ਖੁਸ਼ੀਆਂ ਦੀ ਹੈ ਘਟਤ ਬੜੀ । ਦੁੱਖਾਂ ਦੀ ਹੈ ਬੜ੍ਹਤ ਬੜੀ। ਦੇਖ ਦੇਖ ਕੰਮ ਇਨਸਾਨਾਂ ਦੇ, ਕੁਰਲਾਉਂਦੀ ਹੈ ਧਰਤ ਬੜੀ। ਝੂਠਾ ਹੈ ਉਹ ਤਾਹੀਓਂ ਤਾਂ, ਲਾਉਂਦਾ ਹੈ ਉਹ ਸ਼ਰਤ ਬੜੀ। ਬਾਹਰੋਂ ਸ਼ਾਂਤ ਸੁਭਾਅ ਲੱਗਦਾ ਜੋ, ਅੰਦਰ ਉਸ ਦੇ ਤਪਤ ਬੜੀ। ਗੱਲ ਕਰੇ ਥੋੜੀ ਬੇਸ਼ਕ, ਪਰ ਕਰਦੈ ਬਰ-ਵਕਤ ਬੜੀ। ਥੋੜ੍ਹੀ ਥੋੜ੍ਹੀ ਕਰ ਕੇ ਹੀ, ਹੋ ਜਾਂਦੀ ਹੈ ਬਚਤ ਬੜੀ। ਅੱਗਾਂ ਹੀ ਲਾ ਦੇਂਦਾ ਉਹ, ਗਲ ਕਰਦੈ ਕੰਬਖ਼ਤ ਬੜੀ। ਕਰੀਏ ਕੀ ਹੈ ਆਦਤ ਹੀ, ਗੱਲ ਕਰਦੈ ਉਹ ਗ਼ਲਤ ਬੜੀ।
ਗੁਜ਼ਰਿਆ ਹਾਂ ਮੈਂ
ਗੁਜ਼ਰਿਆ ਹਾਂ ਮੈਂ ਕਠਿਨ ਹਾਲਾਤ ਵਿੱਚੋਂ ਗੁਜ਼ਰਿਆਂ। ਕੱਲ-ਮੁ-ਕੱਲਾ ਸੰਘਣੇ ਜੰਗਲਾਤ ਵਿੱਚੋਂ ਗੁਜ਼ਰਿਆਂ। ਰਾਤ ਉਮਰਾਂ ਦੀ ਹਨੇਰੀ ਗੁਫਾ ਵਿੱਚ ਹੋਈ ਬਤੀਤ, ਇੱਕ ਜ਼ਮਾਨਾ ਹੋ ਗਿਆ ਪ੍ਰਭਾਤ ਵਿੱਚੋਂ ਗੁਜ਼ਰਿਆਂ। ਘਰ 'ਚ ਸਾਂ ਪਰ ਘਰ ਨਹੀਂ ਸੀ, ਬਾਰ੍ਹ ਵੀ ਸੀ ਲਾ-ਪਤਾ, ਇਸ ਤਰ੍ਹਾਂ ਦੇ ਅਜਨਬੀ ਲਮਹਾਤ ਵਿੱਚੋਂ ਗੁਜ਼ਰਿਆਂ। ਦਿਨ ਵੀ ਕੀ ਸੀ ਦਿਨ ਕਿਸੇ ਭਟਕੇ ਮੁਸਾਫਿਰ ਦੀ ਕਥਾ, ਰਾਤ ਵੀ ਕੀ ਰਾਤ ਸੀ ਜਿਸ ਰਾਤ ਵਿੱਚੋਂ ਗੁਜ਼ਰਿਆਂ। ਆਪਣੀ ਹਸਤੀ ਤੇ ਹੋਇਆ ਹੋਰ ਹੋਇਆ, ਨਾਜ਼ ਸੀ, ਹੱਸ ਕੇ ਜਦ ਗ਼ਮਾਂ ਦੀ ਬਹੁਤਾਤ ਵਿੱਚੋਂ ਗੁਜ਼ਰਿਆਂ। ਦੋਸਤੀ ਸੀ ਓਸਦੀ ਕੁਝ ਇਸ ਤਰ੍ਹਾਂ ਹੋਈ ਨਸੀਬ, ਔੜ ਦੀ ਰੁੱਤੇ ਜਿਵੇਂ ਬਰਸਾਤ ਵਿੱਚੋਂ ਗੁਜ਼ਰਿਆਂ। ਆਪਣੇ ਤੇ ਗ਼ੈਰ ਵਿਚਲੇ ਫਰਕ ਦਾ ਲੱਗਿਆ ਪਤਾ, ਮੈਂ ਸਾਂ ਜਿਸ ਪਲ ਆਪਣੀ ਔਕਾਤ ਵਿੱਚੋਂ ਗੁਜ਼ਰਿਆਂ। ਕੀ ਗਿਲਾ ਵੀ ਸੀ ਕਿਸੇ ਤੇ ਮਾਣ ਵੀ ਸੀ ਕੀ ‘ਕੰਵਲ, ਚੁੱਪ ਸਾਂ ਪਰ ਚੁੱਪ ਦੀ ਗੱਲਬਾਤ ਵਿੱਚੋਂ ਗੁਜ਼ਰਿਆਂ।
ਮੁੱਕਦਾ ਜਾਂਦਾ ਹੈ
ਮੁੱਕਦਾ ਜਾਂਦਾ ਹੈ ਉਹ ਹੌਲੀ ਹੌਲੀ। ਰੁਕਦਾ ਜਾਂਦਾ ਹੈ ਉਹ ਹੌਲੀ ਹੌਲੀ। ਹੁਣ ਤਾਂ ਵਾਅ ਦੇ ਬੁੱਲੇ ਨਾਲ ਹੀ ਯਾਰੋ, ਝੁੱਕਦਾ ਜਾਂਦਾ ਹੈ ਉਹ ਹੌਲੀ ਹੌਲੀ। ਵੱਤਰ, ਵਾਅ ਤੇ ਪਾਣੀ ਦੇ ਹੁੰਦਿਆਂ ਵੀ, ਸੁੱਕਦਾ ਜਾਂਦਾ ਹੈ ਉਹ ਹੌਲੀ ਹੌਲੀ। ਹੌਲੀ ਹੌਲੀ ਹੀ ਸੀ ਸਾਂਹਵੇਂ ਆਇਆ, ਲੁੱਕਦਾ ਜਾਂਦਾ ਹੈ ਉਹ ਹੌਲੀ ਹੌਲੀ। ਹੁਣ ਲੱਗਦਾ ਹੈ ਫਰਜ਼ਾਂ ਆਪਣਿਆਂ ਤੋਂ, ਉੱਕਦਾ ਜਾਂਦਾ ਹੈ ਉਹ ਹੌਲੀ ਹੌਲੀ। ਫੁੱਲ ਬੀਜੀ ਜਾਂਦੈ, ਰਾਹਾਂ 'ਚੋਂ ਕੰਡੇ, ਚੁੱਕਦਾ ਜਾਂਦਾ ਹੈ ਉਹ ਹੌਲੀ ਹੌਲੀ। ਹੁਣ ਲੱਗਦਾ ਹੈ ਮੰਜ਼ਿਲ ਦੇ ਨਜ਼ਦੀਕ, ਢੁੱਕਦਾ ਜਾਂਦਾ ਹੈ, ਉਹ ਹੌਲੀ ਹੌਲੀ।
ਲੁੱਟਦਾ ਜਾਂਦਾ ਹੈ
ਟੁੱਟਦਾ ਜਾਂਦੈ ਹੈ ਉਹ ਹੌਲੀ ਹੌਲੀ। ਲੁੱਟਦਾ ਜਾਂਦਾ ਹੈ ਉਹ ਹੌਲੀ ਹੌਲੀ। ਅਪਣੇ ਹੱਥੀਂ ਲਾਇਆ ਹੋਇਆ ਬੂਟਾ, ਪੁੱਟਦਾ ਜਾਂਦਾ ਹੈ ਉਹ ਹੌਲੀ ਹੌਲੀ। ਲਾ ਕੇ ਕਿਧਰੇ ਹੋਰਾਂ ਨਾਲ ਯਰਾਨੇ, ਛੁੱਟਦਾ ਜਾਂਦਾ ਹੈ ਉਹ ਹੌਲੀ ਹੌਲੀ। ਗਲ ਹੁਣ ਆਪਣਿਆਂ ਹੀ ਅਰਮਾਨਾਂ ਦਾ, ਘੁੱਟਦਾ ਜਾਂਦਾ ਹੈ ਉਹ ਹੌਲੀ ਹੌਲੀ। ਉਂਜ ਨਾ ਇਕ ਥਾਂ ਬੈਠਾ ਪੈਰ ਅਗੇਰੇ, ਪੁੱਟਦਾ ਜਾਂਦਾ ਹੈ ਉਹ ਹੌਲੀ ਹੌਲੀ। ਸੌਦਾ ਪੱਤਾ ਮੁੱਕਦਾ ਜਾਂਦਾ ਸਾਰਾ, ਲੁੱਟਦਾ ਜਾਂਦਾ ਹੈ ਉਹ ਹੌਲੀ ਹੌਲੀ। ਹੋਰ ਕਿਸੇ ਬੰਦਰਗਾਹ ਲੰਗਰ, ਅਪਣਾ, ਸੁੱਟਦਾ ਜਾਂਦਾ ਹੈ ਉਹ ਹੌਲੀ ਹੌਲੀ।
ਪੌਣਾਂ ਦਾ ਸਿਰਨਾਵਾਂ
ਜੀ ਕਰਦੈ ਕਿ ਪੌਣਾਂ ਦਾ ਸਿਰਨਾਂਵਾਂ ਹੋ ਜਾਵਾਂ। ਅਪਣੇ ਹੀ ਪ੍ਰਛਾਵੇਂ ਦਾ ਪ੍ਰਛਾਵਾਂ ਹੋ ਜਾਵਾਂ। ਬੇਸ਼ੱਕ ਮੈਨੂੰ ਸਾਲਮ ਅੱਖਰਾਂ ਦਾ ਨਾ ਦਿਹ ਤੂੰ ਮਾਣ, ਏਨਾ ਤਾਂ ਕਰ ਕੰਨੇ ਬਿੰਦੀਆਂ ਲਾਂਵਾਂ ਹੋ ਜਾਵਾਂ। ਪੱਥਰਾਂ ਨੂੰ ਪਿਘਲਾਵਾਂ ਦੇਵਾਂ ਸਾਗਰ ਤਾਈਂ ਉਬਾਲ, ਸਾਹ ਦੁਸ਼ਮਣ ਦਾ ਸੂਤਾਂ ਤਲਖ਼ ਨਿਗ੍ਹਾਵਾਂ ਹੋ ਜਾਵਾਂ। ਇਹ ਤਾਂ ਮੇਰੀ ਹੀ ਢਿਲ ਹੈ ਅਣ-ਗਹਿਲੀ ਹੈ ਮੇਰੀ, ਨਹੀਂ ਤਾਂ ਮੈਂ ਜਦ ਚਾਹਾਂ ਜੋ ਵੀ ਚਾਹਵਾਂ ਹੋ ਜਾਵਾਂ। ਢੂੰਡਾਂ ਨਵੇਂ ਨਿਸ਼ਾਨੇ, ਮੰਤਕ ਤੇ ਮੰਜ਼ਿਲਾਂ ਨਵੀਆਂ, ਜੋ ਨਾ ਗਾਹੀਆਂ ਗਈਆਂ ਨੇ ਉਹ ਰਾਹਵਾਂ ਹੋ ਜਾਵਾਂ। ਮੇਲੇ ਜੁੜਨ ਮੁਹੱਬਤਾਂ, ਕਿਰਤਾਂ, ਕਦਰਾਂ ਦੇ ਜਿੱਥੇ, ਮੈਂ ਉਹ ਪੂਜਣਯੋਗ ਮੁਬਾਰਕ ਥਾਂਵਾਂ ਹੋ ਜਾਵਾਂ। ਮੈਂ ਉਹ ਧੁੱਪਾਂ ਹੋ ਜਾਵਾਂ ਜੋ ਸਿੱਲ੍ਹਾਂ ਚੂਸਦੀਆਂ, ਠੰਡ ਕਲੇਜੇ ਪਾਉਂਦੀਆਂ ਠੰਡੀਆਂ ਛਾਂਵਾਂ ਹੋ ਜਾਵਾਂ, ਹੁਣ ਮੌਕਾ ਹੈ ਸਾਂਝੇ ਦੁਸ਼ਮਣ ਨੂੰ ਵੰਗਾਰਨ ਦਾ, ਅੱਗੇ ਵੱਧ ਕੇ ਸ਼ਾਮਿਲ ਨਾਲ ਭਰਾਵਾਂ ਹੋ ਜਾਵਾਂ। ਮੈਨੂੰ ਆਪਣੇ ਗ਼ਮ ਦੇ ਨਾਲ ਨਜਿੱਠਣ ਦੇ ਆਪੇ, ਅਪਣੇ ਆਪ ਨੂੰ ਦਿੱਤੀਆਂ ਆਪ ਸਜ਼ਾਵਾਂ ਹੋ ਜਾਵਾਂ।
ਮਾਰ ਸੁਟਿਆ
ਮੰਦੇ ਹਾਲ ਰੁਜ਼ਗਾਰ ਨੇ ਮਾਰ ਸੁੱਟਿਆ। ਉੱਤੋਂ ਚੁੱਕੇ ਉਧਾਰ ਨੇ ਮਾਰ ਸੁੱਟਿਆ। ਥੋੜ੍ਹਾ ਉਹਦੇ ਇਨਕਾਰ ਨੇ ਮਾਰ ਸੁੱਟਿਆ, ਬਹੁਤਾ ਉਹਦੇ ਇਕਰਾਰ ਨੇ ਮਾਰ ਸੁੱਟਿਆ। ਲੋੜਾਂ, ਥੋੜਾਂ ਨੇ ਮਾਰਿਆ ਘਰਾਂ ਅੰਦਰ, ਬੂਹਿਓਂ ਬਾਹਰ ਬਾਜ਼ਾਰ ਨੇ ਮਾਰ ਸੁੱਟਿਆ। ਪਹਿਲਾਂ ਖੰਘ ਲੱਗੀ ਫੇਰ ਗਲਾ ਫੜਿਆ, ਉਤੋਂ ਚੜ੍ਹੇ ਬੁਖਾਰ ਨੇ ਮਾਰ ਸੁੱਟਿਆ। ਗਏ ਲੈਣ ਦੁਆਈ ਤਾਂ ਡਾਕਟਰ ਦੇ, ਕੀਤੇ ਪਰਉਪਕਾਰ ਨੇ ਮਾਰ ਸੁੱਟਿਆ। ਮਾਰ ਸੁੱਟਿਆ ਹੈ ਜ਼ਿੰਮੇਵਾਰੀਆਂ ਨੇ, ਪਾਏ ਬਹੁਤੇ ਖਲਾਰ ਨੇ ਮਾਰ ਸੁੱਟਿਆ। ਬੱਚੇ ਜਾਣ ਸਕੂਲ ਨੂੰ ਕੁੱਲੀ ਬਣ ਕੇ, ਦੇਖ, ਬਸਤੇ ਦੇ ਭਾਰ ਨੇ ਮਾਰ ਸੁੱਟਿਆ। ਉਹਨੂੰ ਮਾਰਿਆ ਓਸ ਦੀ ਸੋਚ ਊਣੀ, ਸਾਨੂੰ ਬਹੁਤੀ ਵਿਚਾਰ ਨੇ ਮਾਰ ਸੁੱਟਿਆ। ਕੁਝ ਤਾਂ ਮਾਰ ਸੁੱਟਿਆ ਸਮਾਚਾਰ ਸਾਨੂੰ, ਬਹੁਤਾ ਨਾਮਾਨਿਗਾਰ ਨੇ ਮਾਰ ਸੁੱਟਿਆ। ਰਾਤੀਂ ਮਾਰਿਆ ਟੀ. ਵੀ. ਪ੍ਰੋਗਰਾਮਾਂ, ਦਿਨ ਚੜ੍ਹੇ ਅਖ਼ਬਾਰ ਨੇ ਮਾਰ ਸੁੱਟਿਆ। ਉਹਨੂੰ ਮਾਰਿਆ ਦੁਸ਼ਮਣਾਂ ਦੂਤੀਆਂ ਨੇ, ਮੈਨੂੰ ਮੇਰੇ ਹੀ ਯਾਰ ਨੇ ਮਾਰ ਸੁੱਟਿਆ। ‘ਹੈਲੋ’, ‘ਹੈਲੋ’ ਤੋਂ ਵਧ ਨਾ ਗੱਲ ਹੁੰਦੀ, ਉਹਦੀ ਤੇਜ਼ ਰਫ਼ਤਾਰ ਨੇ ਮਾਰ ਸੁੱਟਿਆ। ਉਹਨੂੰ ਮਾਰਿਆ ਵੋਟਰਾਂ ਵੋਟ ਦੇ ਨਾਲ, ਸਾਨੂੰ ਚੋਣ ਪ੍ਰਚਾਰ ਨੇ ਮਾਰ ਸੁੱਟਿਆ। ਅੱਧਾ ਮਾਰ ਸੁੱਟਿਆ ਭ੍ਰਿਸ਼ਟਾਚਾਰੀਆਂ ਨੇ, ਬਾਕੀ ਰਹਿੰਦਾ ਸਰਕਾਰ ਨੇ ਮਾਰ ਸੁੱਟਿਆ। ਸੋਹਣੇ ਲੰਘ ਜਾਣੇ ਦਿਨ ਸੀ ਜ਼ਿੰਦਗੀ ਦੇ, ਵਾਧੂ ਝੂਠੇ ਵੱਕਾਰ ਨੇ ਮਾਰ ਸੁੱਟਿਆ। ਕਵਿਤਾ ਲਿਖ ਛਪਵਾਉਣ ਦੀ ਗੱਲ ਵੱਖਰੀ, ਕਵਿਤਾ ਲਿਖਣ ਦੀ ਮਾਰ ਨੇ ਮਾਰ ਸੁੱਟਿਆ।
ਦਰ ਦਰਵਾਜ਼ੇ ਖੁੱਲ੍ਹੇ ਨੇ
ਦਰ ਦਰਵਾਜ਼ੇ ਖੁੱਲ੍ਹੇ ਨੇ । ਤਾਜ਼ੀ ਪੌਣ ਦੇ ਬੁੱਲੇ ਨੇ । ਧੁਖ਼ਦੇ ਨੇ ਤਾਂ ਸਿਵੇ ਸਮਾਨ, ਬਲਦੇ ਨੇ ਤਾਂ ਚੁੱਲ੍ਹੇ ਨੇ । ਸ਼ਬਦ ਨਹੀਂ ਇਹ ਸ਼ਬਦ ਨਿਰੇ, ਇਹ ਮੋਤੀ ਅਣ-ਮੁੱਲੇ ਨੇ । ਅਸੀਂ ਤਾਂ ਤੁੱਲੇ ਜਿਉਣ ਲਈ, ਉਹ ਮਾਰਨ ਨੂੰ ਤੁੱਲੇ ਨੇ। ਕਿਹੜਾ ਹੈ ਜੋ ਤੋਲ ਸਕੇ, ਜਜ਼ਬੇ ਇਹ ਅਣ-ਤੁੱਲੇ ਨੇ। ਆਪਾਂ ਸੱਚ ਪਛਾਣ ਲਿਆ, ਪਰ ਉਹ ਸੱਚ ਨੂੰ ਭੁੱਲੇ ਨੇ।
ਹਰ ਜਿੰਦਰੇ ਦੀ
ਹਰ ਜਿੰਦਰੇ ਦੀ ਆਪੋ ਅਪਣੀ ਚਾਬੀ ਹੁੰਦੀ ਹੈ। ਹਰ ਮਹਿਫ਼ਿਲ ਦੀ ਅਪਣੀ ਅਦਬ ਅਦਾਬੀ ਹੁੰਦੀ ਹੈ। ਆਪਣਿਆਂ ਦੀ ਅੱਖ ਵਿਚ ਹੁੰਦੀ ਮੋਹ ਮਮਤਾ ਦੀ ਭਾਅ, ਦੂਸਰਿਆਂ ਦੀ ਤਿੱਖੀ ਤਲਖ਼ ਤਿਜ਼ਾਬੀ ਹੁੰਦੀ ਹੈ। ਰੰਗਾਂ ਵਲ ਨਾ ਜਾਇਓ ਰੰਗਾਂ ਦਾ ਇਤਬਾਰ ਨਹੀਂ, ਕੰਮ ਹੁੰਦੇ ਨੇ ਕਾਲੇ ਸ਼ਕਲ ਗੁਲਾਬੀ ਹੁੰਦੀ ਹੈ। ਜੋ ਹੋਰਾਂ ਨੂੰ ਦੇਵੇ ਮੱਤਾਂ ਪਰ ਨਾ ਮੰਨੇ ਆਪ, ਸਮਝੋ ਉਸ ਬੰਦੇ ਦੀ ਸੋਚ ਸਲ੍ਹਾਬੀ ਹੁੰਦੀ ਹੈ। ਪੌਣਾਂ ਵਿਚ ਜੋ ਉੜਦਾ ਫਿਰਦਾ ਤੁਰਦਾ ਸਾਗਰ ਵੀ, ਸਮਝੋ ਉਸ ਦੀ ਰੂਹ ਦੇ ਵਿਚ ਮੁਰਗਾਬੀ ਹੁੰਦੀ ਹੈ। ਸਾਡੇ ਪੈਰਾਂ ਨੂੰ ਤਾਂ ਖੁੱਸੇ ਵੀ ਨਾ ਹੋਣ ਨਸੀਬ, ਓਹਨਾਂ ਪੈਰੀਂ ਨਿੱਤ ਨਵੀਂ ਗੁਰਗਾਬੀ ਹੁੰਦੀ ਹੈ। ਚਿੱਠੀ ਉਸ ਦੀ ਮਿਲਦੇ ਸਾਰ ਸ਼ਰਾਬੀ ਹੋ ਜਾਈਏ, ਕਿਉਂ ਨਾ ਹੋਈਏ ਉਹ ਤਾਂ ਆਪ ਸ਼ਰਾਬੀ ਹੁੰਦੀ ਹੈ। ਪੀਣ ਲਈ ਹੈ ਕਦੇ ਕਦਾਈਂ ਪੈੱਗ ਸ਼ੈੱਗ ਮਾਰ ਲਿਆ; ਬਹੁਤੀ ਪੀਓਗੇ ਤਾਂ ਬਹੁਤ ਖਰਾਬੀ ਹੁੰਦੀ ਹੈ।
ਕਮਾਲ ਸੀ ਪਿਆਰੇ
ਵਕਤ ਕਿੰਨਾ ਦਿਆਲ ਸੀ ਪਿਆਰੇ। ਤੂੰ ਸੀ ਤੇਰਾ ਕਮਾਲ ਸੀ ਪਿਆਰੇ। ਹੱਸ ਕੇ ਜੋ ਸੀ ਮਦਾਨ ਵਿਚ ਨਿੱਤਰੇ, ਕਲਗੀਧਰ ਦੇ ਉਹ ਲਾਲ ਸੀ ਪਿਆਰੇ। ਮੈਂ ਜਿਹਨੂੰ ਨਾਲ਼ ਸਮਝਿਆ ਅਪਣੇ, ਉਹ ਕਿਸੇ ਹੋਰ ਨਾਲ ਸੀ ਪਿਆਰੇ । ਐਵੇਂ ਗੱਲ ਦਾ ਬੁਰਾ ਮਨਾਈਂ ਨਾ, ਉਹ ਤਾਂ ਵਕਤੀ ਉਬਾਲ ਸੀ ਪਿਆਰੇ। ਮੈਂ ਤੇਰੇ ਨਾਲ ਸੀ ਕਦੋਂ ਗੁੱਸੇ, ਐਵੇਂ ਤੇਰਾ ਖਿਆਲ ਸੀ ਪਿਆਰੇ। ਮੈਂ ਸੀ ਅਪਣਾ ਖਿਆਲ ਕੀ ਕਰਨਾ, ਮੈਨੂੰ ਤੇਰਾ ਖਿਆਲ ਸੀ ਪਿਆਰੇ। ਯਾਰ ਹੁੰਦੇ ਨਾ ਓਸ ਦੇ ਕੀਕਰ ਉਹਦੇ ਬੋਝੇ 'ਚ ਮਾਲ ਸੀ ਪਿਆਰੇ।
ਸਾਹ ਦੇ ਰਿਸ਼ਤੇ
ਤਨ ਦੇ ਨਾਲ ਨੇ ਸਾਹ ਦੇ ਰਿਸ਼ਤੇ। ਨੈਣਾਂ ਨਾਲ ਨਿਗਾਹ ਦੇ ਰਿਸ਼ਤੇ। ਬੇੜੀ ਬੈਠ ਜਦੋਂ ਠਿੱਲ੍ਹਦੇ ਹਾਂ, ਜੁੜਦੇ ਨਾਲ ਮਲਾਹ ਦੇ ਰਿਸ਼ਤੇ। ਰਾਹ ਵਿਚ ਮਿਲੇ ਮੁਸਾਫਿਰ ਦੇ ਨਾਲ, ਹੋ ਜਾਂਦੇ ਨੇ ਰਾਹ ਦੇ ਰਿਸ਼ਤੇ। ਬੇ-ਪ੍ਰਵਾਹੀ ਵਿਚ ਰੁਲ਼ ਜਾਂਦੇ, ਹੁੰਦੇ ਨੇ ਪ੍ਰਵਾਹ ਦੇ ਰਿਸ਼ਤੇ। ਜੋ ਨੇ ਗਲ ਦੀ ਫ਼ਾਹੀ ਬਣਦੇ, ਗਲੋਂ ਅਜਿਹੇ ਲਾਹ ਦੇ ਰਿਸ਼ਤੇ। ਲੋੜ ਪਈ ਜੋ ਕੰਮ ਨਾ ਆਉਂਦੇ, ਉਹ ਰਿਸ਼ਤੇ ਵੀ ਕਾਹਦੇ ਰਿਸ਼ਤੇ। ਜੋ ਦੀਵਾਰਾਂ ਵਾਂਗ ਖਲੋਵਣ, ਏਦਾਂ ਦੇ ਸਭ ਢਾਹ ਦੇ ਰਿਸ਼ਤੇ।
ਬਿਨ ਹੁੰਗਾਰੇ ਬਾਤਾਂ ਕੀ
ਬਿਨ ਹੁੰਗਾਰੇ ਬਾਤਾਂ ਕੀ । ਤਾਰਿਆਂ ਬਾਝੋਂ ਰਾਤਾਂ ਕੀ । ਹੋਈਆਂ ਸਾਗਰ ਤਲ ਹੀ ਜੇ, ਹੋਈਆਂ ਤਦ ਬਰਸਾਤਾਂ ਕੀ। ਮੂੰਹੋਂ ਮੰਗ ਕੇ ਲਈਆਂ ਜੋ, ਲਈਆਂ ਫੇਰ ਸੁਗਾਤਾਂ ਕੀ। ਪੜ੍ਹੇ ਨਾ ਅੱਖਰ ਜ਼ਿੰਦਗੀ ਦੇ, ਪੜ੍ਹੀਆਂ ਚਾਰ ਜਮਾਤਾਂ ਕੀ। ਜੇ ਨਾ ਕੋਈ ਸਾਂਝ ਬਣੀ, ਹੋਈਆਂ ਗੱਲਾਂ ਬਾਤਾਂ ਕੀ। ਦਿਲ ਹੈ ਜੇ ਜਜ਼ਬਾਤ ਬਿਨਾ, ਲਾੜੇ ਬਿਨਾ ਬਰਾਤਾਂ ਕੀ। ਹੈ ਜੇਕਰ ਕਿਰਦਾਰ ਨਹੀਂ, ਤਾਂ ਫਿਰ ਉੱਚੀਆਂ ਜ਼ਾਤਾਂ ਕੀ।
ਕੁਝ ਸੋਚਾਂ ਕਮਜ਼ੋਰ
ਸੋਚਾਂ ਜੋ ਕਮਜ਼ੋਰ, ਸਹਾਰਾ ਲੋੜਦੀਆਂ। ਪਰ ਸੋਚਾਂ ਬਲਵਾਨ, ਦਿਵਾਰਾਂ ਤੋੜਦੀਆਂ। ਹੁੰਦੀਆਂ ਨੇ ਕੁੱਝ ਗੱਲਾਂ, ਸਭ ਕੁੱਝ ਤੋੜਦੀਆਂ, ਪਰ ਸ਼ਾਬਾਸ਼ੇ ਓਹਨਾਂ ਦੇ, ਜੋ ਜੋੜਦੀਆਂ। ਇਹ ਵਲ਼ੀਆਂ ਕੰਡਿਆਲੀਆਂ, ਤਾਰਾਂ ਕੀ ਜਾਨਣ, ਜੋ ਨੇ ਵੀਰਾਂ ਵੀਰਾਂ, ਤਾਈਂ ਵਿਛੋੜਦੀਆਂ। ਅਪਣੀ ਕਿੱਕਰ ਦੀ ਛਾਂ, ਸਕੀਆਂ ਮਾਂਵਾਂ ਵਾਂਗ, ਪਰ ਮਤਰੇਈਆਂ ਵਾਂਗ, ਬਿਗਾਨੇ ਬੋੜ੍ਹ ਦੀਆਂ। ਬੀਤੇ ਨੂੰ ਭੁੱਲ ਜਾਣਾ, ਚਾਹੀਦਾ ਬੇਸ਼ਕ, ਪਰ ਕੁਝ ਯਾਦਾਂ ਪਿੱਛਾ ਹੀ ਨਾ ਛੋੜਦੀਆਂ। ਕਿਉਂ ਤੇਰੀਆਂ ਗ਼ਜ਼ਲਾਂ ਵਿਚ ਏਨਾ ਦਰਦ ‘ਕੰਵਲ', ਕਿਉਂ ਤੇਰੀਆਂ ਗ਼ਜ਼ਲਾਂ ਏਨਾ ਝੰਜੋੜਦੀਆਂ। ‘ਕੰਵਲ’ ਪਿਆਰੇ ਭੋਰਾ ਕੋਈ ਮੁੱਲ ਨਹੀਂ, ਗੱਲਾਂ ਤੇਰੀਆਂ ਭਾਵੇਂ ਕਈ ਕਰੋੜ ਦੀਆਂ।
ਇਹ ਬਾਤ ਰਹੇ
ਜ਼ਿੰਦਗੀ ਦੀ ਰਵਾਂ ਇਹ ਬਾਤ ਰਹੇ ! ਦਿਨ ਚੜਦਾ ਛਿਪਦੀ ਰਾਤ ਰਹੇ ! ਹਰ ਸ਼ਾਮ ਅਲਵਿਦਾ ਜੇ ਆਖੇ, ਜੀ ਆਇਆਂ ਦੀ ਪ੍ਰਭਾਤ ਰਹੇ। ਫੁੱਲ ਦੋਸਤੀਆਂ ਦੇ ਰਹਿਣ ਖਿੜੇ, ਮਹਿਕੀ ਕੁੱਲ ਕਾਇਨਾਤ ਰਹੇ। ਰੁੱਖ, ਪੰਛੀ, ਪੌਣਾਂ ਨਾਲ ਛਿੜੀ, ਹਰ ਮੌਸਮ ਦੀ ਗੱਲ-ਬਾਤ ਰਹੇ। ਨਿਤ ਮਿਲਣ ਨਜ਼ਾਰੇ ਨਜ਼ਰਾਂ ਨੂੰ, ਹਰ ਸ਼ੌਕ ਜਵਾਂ ਜਜ਼ਬਾਤ ਰਹੇ। ਨਾ ਹੁਣ ਹੇਰਵੇ ਰਿਜ਼ਕਾਂ ਦੇ, ਆਟੇ ਨਾਲ ਭਰੀ ਪਰਾਤ ਰਹੇ। ਹੋਵਣ ਨਿੱਤ ਮੇਲ ਮੁਲਾਕਾਤਾਂ, ਖੁਸ਼ਖਬਰੀ ਚੜ੍ਹੀ ਬਰਾਤ ਰਹੇ। ਨਿਤ ਮੇਲੇ ਜੁੜਨ ਮੁਹੱਬਤਾਂ ਦੇ, ਸਾਵਣ ਦੀ ਘਟਾ ਬਰਸਾਤ ਰਹੇ। ਹਰ ਹਿਜਰ ਵਿਛੋੜੇ ਨੂੰ ਮਿਲਦੀ, ਸੱਜਣਾ ਤੋਂ ਵਸਲ ਸੁਗਾਤ ਰਹੇ। ਕੁਝ ਕਰੀਂ 'ਕੰਵਲ' ਕਿ ਵਿਸ਼ ਪੀਂਦਾ, ਹਰ ਵਾਰੀ ਨਾ ‘ਸੁਕਰਾਤ' ਰਹੇ।
ਉਹ ਤਾਂ
ਨੇਤਾ ਹਰ ਸੌਦੇ ਵਿਚ ਖੱਟੀ ਖੱਟੀ ਜਾਂਦੈ। ਏਧਰ ਬੀਜੀ ਜਾਂਦੇ ਓਧਰ ਕੱਟੀ ਜਾਂਦੈ। ਆਪੋ ਧਾਪੀ ਮਚੀ ਹੋਈ ਹੈ ਚਾਰ-ਚੁਫੇਰੇ, ਅੰਨ੍ਹੀ ਪੀਂਹਦੀ ਹੈ ਤੇ ਕੁੱਤਾ ਚੱਟੀ ਜਾਂਦੈ। ਜੋ ਮਿਲਦਾ ਹੈ ਸਾਂਭੀ ਚੱਲੋ ਨੱਪੀ ਚੱਲੋ, ਨੇਤਾ ਖੋਹੀ ਖਿੱਚੀ ਮਾਲ ਝਪੱਟੀ ਜਾਂਦੈ। ਹੁਣ ਨਾ ਕੋਈ ਲਿਹਾਜ ਰਿਹਾ, ਇੱਕ ਦੂਜੇ ਨੂੰ, ਛੱਜ ਵਿਚ ਪਾ ਕੇ ਸ਼ਰੇਆਮ ਹੈ ਛੱਟੀ ਜਾਂਦੈ। ਆਈਆਂ ‘ਰੀਫਿਲ', ਪੈੱਨ, ਪੈਂਸਲਾਂ ਗੱਤੇ ਕਾਗਜ, ਹੁਣ ਨਾ ਬਾਲ ਸਕੂਲੇ ਫੜ ਕੇ ਫੱਟੀ ਜਾਂਦੈ। ਭਾਂ ਭਾਂ ਕਰਨ ਦੁਕਾਨਾਂ ਸੱਚੇ ਸੌਦੇ ਦੀਆਂ, ਹਰ ਗਾਹਕ ਹੈ ਕੂੜ ਕਪਟ ਦੀ ਹੱਟੀ ਜਾਂਦੈ।
ਕਰੋ ਸਵਾਲ
ਕਰੋ ਸਵਾਲ ਜਵਾਬ ਦਿਆਂਗੇ। ਮੰਗੋ ਜਦੋਂ ਹਿਸਾਬ ਦਿਆਂਗੇ। ਸੋਚਾਂ ਨੂੰ ਦੇ ਸੂਰਜ ਸੂਹੇ, ਨੀਂਦਾ ਨੂੰ ਖ਼ੁਸ਼ ਖ਼ਾਬ ਦਿਆਂਗੇ। ਹੱਸ ਕੇ ਇਕ ਵਾਰੀ ਤਾਂ ਮੰਗੋ, ਦਿਲ ਸੌ ਵਾਰ ਜਨਾਬ ਦਿਆਂਗੇ। ਦਿਲ ਤਾਂ ਹੈ ਓਹਨਾਂ ਦਾ ਹੀ ਪਰ, ਕਰ ਕੇ ਜ਼ਰਾ ਖਰਾਬ ਦਿਆਂਗੇ। ਬਾਪੂ ਕੋਲੋਂ ਨਸ਼ਾ ਛੁਡਾ ਕੇ, ਬੱਚਿਆਂ ਹੱਥ ਕਿਤਾਬ ਦਿਆਂਗੇ। ਪ੍ਰਵਾਸੀ ਜਦ ਆ ਕੇ ਮੰਗੂ, ਕੁਝ ਬਚਿਆ ਪੰਜਾਬ ਦਿਆਂਗੇ।
ਨਾ ਸੀਰਤ ਨਾ ਸੂਰਤ
ਨਾ ਸੀਰਤ ਨਾ ਸੂਰਤ ਅਪਣੀ। ਹਸਤੀ ਜਿਵੇਂ ਅਮੂਰਤ ਅਪਣੀ। ਮੈਂ ਹੀ ਖੁਦ ਪਹਿਚਾਣ ਨਾ ਸਕਿਆ, ਜਦ ਸੀ ਤੱਕੀ ਸੂਰਤ ਅਪਣੀ। ਪੂਰੇ ਅਸੀਂ ਨਿਭੇ ਨਾ ਯਾਰੋ, ਜਦ ਸੀ ਪਈ ਜ਼ਰੂਰਤ ਅਪਣੀ। ਸਾਫ ਸਾਫ ਨਾ ਵੇਖਣ ਦੇਂਦੀ, ਸਾਨੂੰ ਕੂੜ ਕਦੂਰਤ ਅਪਣੀ। ਕੀ ਹੋਰਾਂ ਦੀ ਕਰਨੀ ਪੂਰੀ, ਜਦ ਕੇ ਖ਼ਾਸ੍ਹ ਅਪੂਰਤ ਅਪਣੀ। ਜ਼ਿੰਦਗੀ, ਖੌਰੇ ਕਦ ਹੈ ਹੋਣੀ, ਤੇਰੇ ਨਾਲ ਮਹੂਰਤ ਅਪਣੀ। ‘ਕੰਵਲ’ ਅਸਾਨੂੰ ਕਿਸ ਨੇ ਚਹੁੰਣਾ, ਸੂਰਤ ਹੈ ਬਦਸੂਰਤ ਅਪਣੀ।
ਪਛਾਣੇ ਜਾਂਦੇ ਨੇ
ਕੰਮਾਂ ਤੋਂ ਕਿਰਦਾਰ ਪਛਾਣੇ ਜਾਂਦੇ ਨੇ । ਫਨ ਹੋਵੇ ਫਨਕਾਰ ਪਛਾਣੇ ਜਾਂਦੇ ਨੇ। ਦੌਲਤ ਨੂੰ ਕੀ ਕਰਨਾ ਦਿਲ-ਦਰਿਆ ਲੋਕੀਂ, ਅਸਲੀ ਸ਼ਾਹੂਕਾਰ ਪਛਾਣੇ ਜਾਂਦੇ ਨੇ। ਸੁਹਜ, ਸਲੀਕੇ, ਹੱਕ, ਸੱਚ ਤੌਰ-ਤਰੀਕੇ ਤੋਂ, ਅਪਣੇ ਸਭਿਆਚਾਰ ਪਛਾਣੇ ਜਾਂਦੇ ਨੇ। ਓਦੋਂ ਸਮਝ ਲਓ ਕਿ ਜਨਤਾ ਜਾਗ ਪਈ, ਜਦ ਅਪਣੇ ਅਧਿਕਾਰ ਪਛਾਣੇ ਜਾਂਦੇ ਨੇ। ਕੰਢੇ ਬਹਿ ਕੇ ਤਾਂ ਲਹਿਰਾਂ ਹੀ ਗਿਣ ਹੁੰਦੀਆਂ, ਠਿਲ੍ਹਿਆਂ ਹੀ ਮੰਝਧਾਰ ਪਛਾਣੇ ਜਾਂਦੇ ਨੇ। ਮਰਦਾਂ ਵਿੱਚੋਂ ਮਰਦ ਮਦਾਨੀਂ ਨਿੱਤਰਦੇ, ਕਰਦੇ ਜਦ ਵੀ ਵਾਰ ਪਛਾਣੇ ਜਾਂਦੇ ਨੇ। ਪੱਗ ਦਾ ਕੀ ਹੈ ਬੰਨ੍ਹ ਹੀ ਲੈਂਦੇ ਸਾਰੇ, ਪਰ, ਸਿਰ ਦਿੱਤਿਆਂ ਸਰਦਾਰ ਪਛਾਣੇ ਜਾਂਦੇ ਨੇ।
ਰੱਖਾਂ ਨਜ਼ਰ
ਰੱਖਾਂ ਨਜ਼ਰ ਨਿਗਾਹ ਤੋਂ ਅੱਗੇ। ਜਾਨ ਹੈ ਮੇਰੀ ਸਾਹ ਤੋਂ ਅੱਗੇ। ਹੁੰਦੇ ਇਸ਼ਕ ਦੇ ਤੌਰ-ਤਰੀਕੇ, ਦੁਨੀਆਂ ਦੀ ਪ੍ਰਵਾਹ ਤੋਂ ਅੱਗੇ। ਸੱਚ ਕਦੇ ਨਾ ਪਿੱਛੇ ਹੁੰਦਾ, ਹੁੰਦਾ ਸਦਾ ਗੁਆਹ ਤੋਂ ਅੱਗੇ। ਬੇੜੀ ਵਿਚ ਮੰਝਧਾਰ ਫਸੇ ਤਾਂ, ਹਿੰਮਤ ਰਹੇ ਸਲਾਹ ਤੋਂ ਅੱਗੇ। ਦੋਸਤੀਆਂ ਵਿੱਚ ਹੋਰ ਪੜਾਅ ਨਾ, ਹੁੰਦਾ ਕੋਈ ਵਿਸਾਹ ਤੋਂ ਅੱਗੇ। ਮੇਰੇ ਲਈ ਤਾਂ ਹੋਰ ਨਹੀਂ ਕੁਝ, ਮੈਨੂੰ ਤੇਰੀ ਪਨਾਹ ਤੋਂ ਅੱਗੇ। ਆ ਚੁੱਕੇ ਹਾਂ ਜਾਣਾ ਕਿਥੇ, ਹੁਣ ਤੇਰੀ ਦਰਗਾਹ ਤੋਂ ਅੱਗੇ।
ਇਕ ਧਿਰ
ਇਕ ਧਿਰ ਲੋਟੂ ਜ਼ਾਬਰ ਨੇ। ਦੂਜੀ ਧਿਰ ਵਿਚ ਸਾਬਰ ਨੇ। ਇਕ ਧਿਰ ਰਾਖੇ ਅਮਨਾਂ ਦੇ, ਦੂਜੀ ਧਿਰ ਵਿਚ ਨਾਬਰ ਨੇ। ਇਕ ਧਿਰ ‘ਈਸਾ’ ‘ਬੁੱਧ’‘ਨਾਨਕ’ ਦੂਜੀ ‘ਨਾਦਰ’ ‘ਬਾਬਰ' ਨੇ। ਝੱਲਦੇ ਟਾਂਵੇਂ ਹੱਸ ਮੁਸੀਬਤ, ਬਹੁਤੇ ਜਾਂਦੇ ਘਾਬਰ ਨੇ। ਹੁਣ ਨੇ ਕੋਹੀਆਂ ਰਾਹਬਰੀਆਂ, ਹੁਣ ਰਾਹਜ਼ਨ ਹੀ ਰਾਹਬਰ ਨੇ। ਛੱਡੋ ਰੰਗਾਂ ਨਸਲਾਂ ਨੂੰ, ਸਾਰੇ ਲੋਕ ਬਰਾਬਰ ਨੇ ।
ਬੁੱਲ੍ਹੀਆਂ ਤਾਂ ਬੋਲਣ
ਬੁੱਲ੍ਹੀਆਂ ਤਾਂ ਬੋਲਣ ਪਰ ਅੱਖੀਆਂ ਵੀ ਨੇ ਬੋਲਦੀਆਂ। ਅਪਣੇ ਕਿਸੇ ਗੁਆਚੇ ਹੰਝੂ ਤਾਈਂ ਟੋਲ੍ਹਦੀਆਂ। ਨਜ਼ਰਾਂ ਹੋਣ ਨਿਹਾਲ ਤਾਂ ਚੁੱਕ ਅਸਮਾਨ ਚੜ੍ਹਾ ਦਿੰਦੀਆਂ, ਪਰ ਜੇ ਕਹਿਰ ਕਮਾਣ ਤਾਂ ਮਿੱਟੀ ਦੇ ਵਿੱਚ ਰੋਲ਼ਦੀਆਂ। ਨਜ਼ਰਾਂ ਵਾਲੇ ਹੀ ਨਜ਼ਰਾਂ ਦੇ ਭੇਤ ਸਮਝਦੇ ਨੇ, ਜਣੇ ਖਣੇ ਅੱਗੇ ਨਾ ਘੁੰਡੀ ਦਿਲ ਦੀ ਖੋਲ੍ਹਦੀਆਂ। ਕਹਿਰ ਕਮਾਵਣ ਰੋਲ ਦੇਂਦੀਆਂ ਤਖ਼ਤਾਂ ਤਾਜ਼ਾਂ ਨੂੰ, ਕਰਮ ਕਮਾਵਣ ਨਜ਼ਰਾਂ ਤਨ ਮਨ ਮਿਸ਼ਰੀ ਘੋਲਦੀਆਂ। ਦਿਲ ਦੇ ਸੌਦੇ ਹੋ ਜਾਂਦੇ ਜਦ ਦਿਲ ਦੀ ਦਿਲ ਜਾਨਣ, ਸੌਦਾ ਰੂਹ ਦੀਆਂ ਤੱਕੜੀਆਂ ਵੀ ਘੱਟ ਨਾ ਤੋਲਦੀਆਂ। ਐਵੇਂ ਦਾਖਿਲ ਦਫ਼ਤਰ ਯਾਦਾਂ ਫੋਲ, ਬਹੇ ‘ਖੁਸ਼ਵੰਤ’, ਖੋਲ੍ਹ ਕੇ ਪੰਡਾਂ ਬਹਿ ਜਾਂਦੈ ਦੁੱਖਾਂ ਦੇ ਬੋਲ੍ਹ ਦੀਆਂ।
ਰਿਸ਼ਤਿਆਂ 'ਚੋਂ
ਰਿਸ਼ਤਿਆਂ 'ਚੋਂ ਸੁੱਕ ਚੁੱਕੀ ਰਿਸ਼ਤਗੀ। ਮਿਲ ਰਹੀ ਹੈ ਹਰ ਜਗ੍ਹਾ ਬੇ-ਗਾਨਗੀ। ਤੰਗ, ਪ੍ਰਦੂਸ਼ਤ, ਬੁਸੇ ਮਾਹੌਲ ਤੋਂ, ਜ਼ਿੰਦਗੀ ਘੱਟ ਤਾਂਘਦੀ ਹੈ ਤਾਜ਼ਗੀ। ਭਟਕਣਾ ਰਹਿੰਦੀ ਹੈ ਮੇਰੇ ਅੰਗ ਸੰਗ, ਰੂਹ 'ਚ ਰਹਿੰਦੀ ਹੈ ਮੇਰੇ ਆਵਾਰਗੀ। ਇਹ ਉਨ੍ਹਾਂ ਨੂੰ ਨਾ ਕਦੇ ਵੀ ਭਾ ਸਕੀ, ਪਰ ਅਸਾਨੂੰ ਭਾਅ ਰਹੀ ਹੈ ਸਾਦਗੀ। ਲੱਖ ਭੀੜਾਂ ਮੁਸ਼ਕਿਲਾਂ ਦੇ ਬਾਵਜੂਦ, ਤੰਦ ਟੁੱਟਣੀ ਚਾਹੀਦੀ ਨਾ ਆਪਸੀ। ਜਾਓ ਜੇ ਜਾਣਾ ਜ਼ਰੂਰੀ, ਪਰ ਹਜ਼ੂਰ, ਹੋ ਸਕੇ ਤਾਂ ਦੱਸ ਜਾਇਓ ਵਾਪਸੀ। ਜੇ ਤੁਹਾਨੂੰ ਮਾਣ ਹੈ ਤੰਗ-ਦਿਲੀ ਤੇ, ਸਾਨੂੰ ਵੀ ਅਪਣੀ ਪਿਆਰੀ ਖੁੱਲ੍ਹ-ਦਿਲੀ। ਉਸ ਖੁਸ਼ੀ ਦੀ ਆਸ ਵੀ ਛੱਡੀਏ ਕਿਉਂ, ਜੋ ਖੁਸ਼ੀ ਸਾਨੂੰ ਨਹੀਂ ਆ ਕੇ ਮਿਲੀ। ਖ਼ਾਕ ਨੂੰ ਹਰ ਅੱਖ ਲੈਂਦੀ ਹੈ ਪਛਾਣ, ਹੀਰਿਆਂ ਨੂੰ ਅੱਖ ਟਾਂਵੀਂ ਪਰਖਦੀ। ਅਫਸਰੀ ਦਾ ਮਾਣ ਟਾਂਵੇਂ ਸਾਂਭਦੇ, ਬਹੁਤਿਆਂ ਦੇ ਸਿਰ ਤੇ ਚੜ੍ਹਦੀ ਅਫਸਰੀ। ਹੋ ਸਕੇ ਤਾਂ ਦੱਸ ਪਾ ਦੇਣੀ ਹਜ਼ੂਰ, ਮਿਲ ਸਕੇ ਕਿਤਿਓਂ ਵੀ ਜੇਕਰ ਦੋਸਤੀ। ਵਕਤ ਨੂੰ ਜੋ ਪੌਣ ਨੂੰ ਕਹਿੰਦਾ ਹੈ ਰੁਕ, ਓਸ ਨੂੰ ਆਖੋ ਕਰੇ ਗੱਲ ਹੋਸ਼ ਦੀ।
ਪ੍ਰੀਤ ਨੀਂਦ ਵਿੱਚ
ਪ੍ਰੀਤ ਨੀਂਦ ਵਿੱਚ ਸੁੱਤਿਆਂ ਤਾਈਂ ਜਗਾ ਕੇ ਛੱਡੇਗੀ। ਜਾਗਦਿਆਂ ਨੂੰ ਸੁਪਨੇ ਦਿਨੇ ਵਿਖਾ ਕੇ ਛੱਡੇਗੀ। ਲੱਖ ਨਿਕਲਣ ਦੀ ਕੋਸ਼ਿਸ਼ ਕਰਕੇ ਦੇਖ ਲਈਂ ਪ੍ਰੀਤੋਂ, ਤੋੜ ਸਕੇਂਗਾ ਨਾ ਜੋ ਘੇਰਾ ਪਾ ਕੇ ਛੱਡੇਗੀ। ਪ੍ਰੀਤ ਕਰੋਗੇ ਰੌਲੇ ਚਾਰ-ਚੁਫੇਰੇ ਪੈਣੇ ਨੇ, ਨਹੀਂ ਛਪੇ ਤਾਂ ਇਹ ਕਿਸੇ ਛਪਵਾ ਕੇ ਛੱਡੇਗੀ। ਪ੍ਰੀਤ ਤੇਰੀ ਮਸ਼ਹੂਰੀ ਦਾ ਹੁਣ ਕਾਰਣ ਹੈ ਜਿਹੜੀ, ਵੇਖੀਂ ਤੈਨੂੰ ਇਹ ਬਦਨਾਮ ਕਰਾ ਕੇ ਛੱਡੇਗੀ। ਆਉਣੀ ਕੋਈ ਸਿਆਣਪ ਨਾ ਚਾਲਾਕੀ ਤੇਰੇ ਕੰਮ, ਇਹ ਤੇਰੀ ਮੱਤ ਸਿੱਧੀ ਨੂੰ ਉਲਟਾ ਕੇ ਛੱਡੇਗੀ। ਹੋਰਾਂ ਦੀ ਤਾਂ ਗੱਲ ਹੀ ਛੱਡ ਦੇ ਅਪਣੇ ਬਾਰੇ ਸੋਚ, ਪ੍ਰੀਤ ਇਹ ਤੈਨੂੰ ਤੇਰੇ ਨਾਲ ਲੜਾ ਕੇ ਛੱਡੇਗੀ। ਜਿਹੜੀ ਮੁਸੀਬਤ ਤੂੰ ਨਾ ਝੱਲੀ ਦੇਖੀ ਹੋਏਗੀ, ਪ੍ਰੀਤ ਓਹੀ ਗਲ ਤੇਰੇ ਫਾਹੀ ਪਾ ਕੇ ਛੱਡੇਗੀ। ਬਿਨ ਬੱਦਲੋਂ ਬਰਸਾਤਾਂ ਕਰਦੀ ਮਾਰੂਥਲ ਵਿਚ ਪ੍ਰੀਤ, ਬਿਨ ਬੱਤੀ ਬਿਨ ਤੇਲੋਂ ਦੀਪ ਜਗਾ ਕੇ ਛੱਡੇਗੀ। ਚੰਗੇ ਭਲੇ ਸਰੀਫ ਕਹਾਉਂਦੇ ਭਲਿਆਂ ਲੋਕਾਂ ਨੂੰ, ਪ੍ਰੀਤ ਮਹੱਲੇ ਵਿੱਚੋਂ ਬਾਰ੍ਹ ਕਢਾ ਕੇ ਛੱਡੇਗੀ। ਖ਼ੈਰ ਮੰਗਾਉਂਦੀ ਧੂੜ ਚਟਾਉਂਦੀ ਮੱਝਾਂ ਚਰਵਾਉਂਦੀ, ਬੁੱਲ੍ਹੇ ਨੂੰ ਬਣ ਕੰਜਰੀ ਪ੍ਰੀਤ ਨਚਾ ਕੇ ਛੱਡੇਗੀ। ਪ੍ਰੀਤ ਰਹੇਗੀ ਲਾਂਭੇ ਚਾਂਭੇ ਇਹ ਖੇਖਨਹਾਰੀ, ਰਾਹ ਵਿਚ ਖੜ੍ਹਿਆਂ ਦੇ ਪਰ ਸਿਰ ਪੜਵਾ ਕੇ ਛੱਡੇਗੀ। ਇਕ ਦਿਨ ਛੱਡਣੀ ਚਾਹੇਂਗਾ ਪਰ ਇਹ ਨਾ ਛੱਡੇਗੀ, ਪੋਟਾ ਪੋਟਾ ਤੈਨੂੰ ਪ੍ਰੀਤ ਬਣਾ ਕੇ ਛੱਡੇਗੀ। ਲੱਖ ਵਾਰੀ ਸਮਝਾਇਆ ਸੀ ਇਹ ‘ਕੰਵਲ’ ਪਿਆਰੇ ਨੂੰ, ਪ੍ਰੀਤ ਨਾ ਕਿਸੇ ਕਿਨਾਰੇ ਤੈਨੂੰ ਲਾ ਕੇ ਛੱਡੇਗੀ। ਓਹੀ ਗੱਲ ਹੋਈ ਨਾ ਜਿਹੜੀ ਕਹਿੰਦੇ ਹੁੰਦੇ ਸੀ, ਕਿ ਇਹ ਤੈਨੂੰ ਇਕ ਦਿਨ ਸ਼ਾਇਰ ਬਣਾ ਕੇ ਛੱਡੇਗੀ।
ਮੁੱਕੀ ਰਾਤ
ਮੁੱਕੀ ਰਾਤ ਸਵੇਰੇ ਆਉਣਾ। ਯਾਰਾਂ ਨੇ ਘਰ ਮੇਰੇ ਆਉਣਾ। ਜੇ ਨਾ ਤੂੰ ਘਰ ਗਿਆ ਕਿਸੇ ਦੇ, ਤਾਂ ਕਿਸ ਨੇ ਘਰ ਤੇਰੇ ਆਉਣਾ। ਨੀਂਹਾਂ ਨੇ ਵੀ ਖੁਸ਼ੀ ਮਨਾਉਣੀ, ਚਾਨਣ ਜਦੋਂ ਬਨੇਰੇ ਆਉਣਾ। ਦੇਖੀਂ ਤਾਰੇ ਫਿੱਕੇ ਪੈਣੇ, ਰਾਤੀਂ ਉਸ ਚੰਨ-ਚਿਹਰੇ ਆਉਣਾ। ਤਿਲ੍ਹਕਣ ਹੁੰਦੀ ਰਾਹ ਇਸ਼ਕਾਂ ਦੇ, ਧਰ ਕੇ ਪੈਰ ਪਕੇਰੇ ਆਉਣਾ। ਆਉਣੇ ਯਾਰ ‘ਕੰਵਲ' ਦੇ ਮੋਇਆਂ, ਕਿਸੇ ਨਾ ਸਕੇ ਸਕੇਰੇ ਆਉਣਾ।
ਹਰ ਦਮ ਇੱਕੋ
ਹਰ ਦਮ ਇਕੋ ਚਾਲ ਨਾ ਰਹਿੰਦੀ, ਰੌਣਕ ਸਾਰਾ ਸਾਲ ਨਾ ਰਹਿੰਦੀ। ਯਾਰ ਜਦੋਂ ਵਸ ਜਾਂਦਾ ਅੰਦਰ, ਤਾਂ ਫਿਰ ਬਾਹਰੋਂ ਭਾਲ ਨਾ ਰਹਿੰਦੀ। ਘਰ ਦੀ ਕਲ੍ਹਾ ਮੁਕਾਏ ਆਟਾ, ਤੌੜੀ ਦੇ ਵਿਚ ਦਾਲ ਨਾ ਰਹਿੰਦੀ। ਜਾਨ ਹੈ ਕਿੰਨੀ ਅਪਣੀ ਦੇਖੋ, ਇਹ ਵੀ ਆਖਰ ਨਾਲ ਨਾ ਰਹਿੰਦੀ। ਕਾਲੇ ਕੂਲੇ ਵਾਲ ਨਾ ਰਹਿੰਦੇ, ਸ਼ਕਲ ਹਮੇਸ਼ਾ ਲਾਲ ਨਾ ਰਹਿੰਦੀ। ਕੌੜੇ ਮਿੱਠੇ ਰੰਗ ਵਿਖਾਉਂਦੀ, ਜ਼ਿੰਦਗੀ ਸਦਾ ਨਿਹਾਲ-ਨਾ ਰਹਿੰਦੀ। ਫੁੱਲ, ਫਲਾਂ ਦੇ ਨਾਲ ਸੰਜੋਈ, ਰੁੱਖਾਂ ਦੀ ਹਰ ਡਾਲ੍ਹ ਨਾ ਰਹਿੰਦੀ। ਜਦ ਹੋ ਜਾਈਏ ਆਂਹਵੇਂ ਸਾਂਹਵੇਂ, ਤਾਂ ਕੋਈ ਵਿਚ-ਵਿਚਾਲ ਨਾ ਰਹਿੰਦੀ। ਬਹੁਤ ਸੰਭਾਲਾਂ ਕਰੀਏ ਇਕ ਦਿਨ, ਅਪਣੀ ਹੀ ਸੰਭਾਲ ਨਾ ਰਹਿੰਦੀ।
ਮੇਰੀ ਗ਼ਜ਼ਲ
ਹੋ ਗਈ ਹੈ ਹੁਣ ਸਮੇਂ ਦੇ ਹਾਣ ਦੀ ਮੇਰੀ ਗ਼ਜ਼ਲ। ਹੁਣ ਹੈ ਸਭ ਕੁਝ ਸਮਝਦੀ ਤੇ ਜਾਣਦੀ ਮੇਰੀ ਗ਼ਜ਼ਲ। ਹੁਣ ਕਲਾ ਦੀ ਥਾਂ ਸਮਰਪਿਤ ਹੋ ਗਈ ਜ਼ਿੰਦਗੀ ਲਈ, ਹੁਣ ਨਾ ਬੰਧਿਸ਼ਾਂ ਬਹੁਤੀਆਂ ਪ੍ਰਵਾਣਦੀ ਮੇਰੀ ਗ਼ਜ਼ਲ। ਜ਼ਿੰਦਗੀ ਦੇ ਦੁਸ਼ਮਣਾਂ ਨੂੰ ਚੀਰ ਕੇ ਕਰਦੀ ਦੁਫਾੜ, ਹੁਣ ਬਣੀ ਆਰੀ ਕਿਸੇ ਤਰਖਾਣ ਦੀ ਮੇਰੀ ਗ਼ਜ਼ਲ। ਹੁਣ ਉਤਰ ਬਦਨਾਮ ਕੋਠੇ ਤੋਂ ਤੁਰੀ ਲੋਕਾਂ ਦੇ ਨਾਲ, ਹੁਣ ਕਥਾ ਹੈ ਛੇੜਦੀ ਸਵੈਮਾਣ ਦੀ ਮੇਰੀ ਗ਼ਜ਼ਲ। ਹੁਣ ਇਹਦੇ ਵਿਚ ਧੜਕਦੀ ਪੰਜਾਬ ਦੀ ਜ਼ਿੰਦਾ-ਦਿਲੀ, ਹੁਣ ਕੋਈ ਗਲ ਸਹਿ ਸਕੇ ਨਾ ਕਾਣ ਦੀ ਮੇਰੀ ਗ਼ਜ਼ਲ। ਹੁਣ ਇਹਦੇ ਸ਼ਿਅਰਾਂ 'ਚੋਂ ਮਿਹਨਤ ਕਿਰਤ ਦੀ ਗਾਥਾ ਤੁਰੇ, ਹੁਣ ਕਰੇ ਗਲ ਲੋਕਤਾ ਕਲਿਆਣ ਦੀ ਮੇਰੀ ਗ਼ਜ਼ਲ। ਹੀਰ ਵਰਗੀ ਮਟਕ ਰਾਂਝੇ ਵਾਂਗਰਾਂ ਹੋਇਆ ਸੁਭਾਅ, ਗਲ ਕਰੇ ਗਹਿਣੇ ਨਵੇਂ ਘੜਵਾਣ ਦੀ ਮੇਰੀ ਗ਼ਜ਼ਲ। ਇਹ ਅਸਾਡੀ ਹੋ ਗਈ ਹੈ ਹੋ ਗਏ ਇਸ ਦੇ ਅਸੀਂ, ਹੁਣ ਪੰਜਾਬੀ ਧਰਤ ਨੂੰ ਪਹਿਚਾਣਦੀ ਮੇਰੀ ਗ਼ਜ਼ਲ।
ਲੁਧਿਆਣੇ ਦੇ
ਲੰਬੀਆਂ ਸੜਕਾਂ ਪੁਲ ਲੰਬੇ ਲੁਧਿਆਣੇ ਦੇ। ਗਾਹ ਗਾਹ ਲੋਕੀਂ ਨੇ ਹੰਭੇ ਲੁਧਿਆਣੇ ਦੇ। ਤੂੜੀਆਂ ਬੱਸਾਂ, ਤੇਜ਼ ਟਰੱਕਾਂ, ਤਿੰਨ-ਪਹੀਆਂ, ਸਭ ਕਾਨੂੰਨ ਉਲੰਘੇ ਲੁਧਿਆਣੇ ਦੇ। ਅੱਧੀਆਂ ਅੰਦਰ ਅੱਧੀਆਂ ਬਾਹਰ ਦੁਕਾਨਾਂ ਨੇ, ਕੋਈ ਕਿੱਧਰ ਦੀ ਲੰਘੇ ਲੁਧਿਆਣੇ ਦੇ। ਫੈਕਟਰੀਆਂ ਦੇ ਧੂੰਏਂ ਵਿਚ ਲਿਪਟੇ ਲੋਕੀਂ, ਹੋਏ ਚਿਹਰੇ ਬਦਸ਼ਕਲੇ ਲੁਧਿਆਣੇ ਦੇ। ਹਾਲਤ ਦੇਖੋ ਜਾਂ ਬੱਸਾਂ ਦੇ ਅੱਡੇ ਦੀ, ਧੱਕੇ ਮਿਲਦੇ ਬਿਨ ਮੰਗੇ ਲੁਧਿਆਣੇ ਦੇ। ਦੇਖ ਦੇਖ ਏਥੋਂ ਦੇ ਲੋਕਾਂ ਦੀ ਹੋਣੀ, ਖੜੇ ਸੋਚਦੇ ਨੇ ਖੰਭੇ ਲੁਧਿਆਣੇ ਦੇ। ਗੰਦਗੀ ਦੇ ਢੇਰਾਂ ਤੇ ਟੋਏ ਟਿੱਬਿਆਂ ਰਲ, ਗਲੀ ਮਹੱਲੇ ਨੇ ਝੰਭੇ ਲੁਧਿਆਣੇ ਦੇ। ਸਾਹ ਲਈਏ ਤਾਂ ਰੂੰ ਸੰਘ ਦੇ ਵਿੱਚ ਫਸਦੀ ਹੈ, ਜੀਣੇ ਹੋਏ ਨੇ ਮਹਿੰਗੇ ਲੁਧਿਆਣੇ ਦੇ। ਵਸਤੂ ਦੀ ਰੱਬ ਜਾਣੇ ਐਪਰ ਮੋਹ ਲੈਂਦੇ, ਲੇਬਲ ਰੰਗ-ਬਰੰਗੇ ਲੁਧਿਆਣੇ ਦੇ। ਹਾਲਤ ਆਪਣੇ ਸ਼ਹਿਰ ਪਿਆਰੇ ਦੀ ਵਿਹੰਦੇ, ਘੰਟਾ ਘਰ ਟੇਸ਼ਨ ਕੰਬੇ ਲੁਧਿਆਣੇ ਦੇ। ਨਿੱਤ ਵਧਦੀ ਆਬਾਦੀ ਭੀੜ-ਭੜੱਕੇ ਨੇ, ਕਰ ਹੀ ਦਿੱਤੇ ਨੇ ਕੰਘੇ ਲੁਧਿਆਣੇ ਦੇ । ਏਦਾਂ ਦੀ ਹਾਲਤ ਦੇ ਵਿਚ ਵੀ ਰਹਿਣ ਖੜ੍ਹੇ ਫਿਰ ਵੀ ਲੋਕਾਂ ਨੇ ਚੰਗੇ ਲੁਧਿਆਣੇ ਦੇ। ਕਿਹੜਾ ਛੱਡਾਂ ਤੇ ਕਿਸ ਕਿਸ ਦਾ ਜ਼ਿਕਰ ਕਰਾਂ, ਇਕ ਨਹੀਂ ਸੌ ਸੌ ਪੰਗੇ ਲੁਧਿਆਣੇ ਦੇ। ਜੇ ਪੌਣਾ ਪ੍ਰਦੂਸ਼ਤ ਰਹੀਆਂ ਏਦਾਂ ਹੀ, ਲੱਭਣੇ ਨਾ ਚਿੜੀਆ ਚੰਬੇ ਲੁਧਿਆਣੇ ਦੇ। ਬਖ਼ਸ਼ੋ ਕੋਈ ਘੁੱਟ ਤਾਜ਼ਗੀ ਦਾ ਬਖ਼ਸੋ, ਉਤਰਨ ਹੇਠਾਂ ਸਾਹ ਟੰਗੇ ਲੁਧਿਆਣੇ ਦੇ।
ਅਰਥਾਂ ਦਾ ਲਿਬਾਸ
ਓੜ੍ਹਦੇ ਜਦ ਸ਼ਬਦ ਅਰਥਾਂ ਦਾ ਲਿਬਾਸ। ਫੇਰ ਹੀ ਕਰਦੇ ਨੇ ਹਿਰਦੇ ਵਿਚ ਨਿਵਾਸ। ਬਦਲਦੇ ਜੇ ਅਰਥ ਨੇ ਰਾਹ ਆਪਣੇ, ਸ਼ਬਦ ਦਰ ਨੇ ਸ਼ਬਦ ਵੀ ਕਰਦੇ ਵਿਕਾਸ। ਤੈਨੂੰ ਆਪਣੇ ਹਾਸਿਓਂ ਹੀ ਵਿਹਲ ਨਾ, ਤੈਨੂੰ ਮੇਰੀ ਪੀੜ ਦਾ ਫਿਰ ਕੀ ਕਿਆਸ। ਦਿਲ ਮੇਰਾ ਜਦ ਵੀ ਹੰਢਾਉਂਦਾ ਦਰਦ ਹੈ, ਸ਼ਬਦ ਵੀ ਮੇਰੇ ਨੇ ਹੋ ਜਾਂਦੇ ਨਿਰਾਸ। ਦੁਖ ਕਿਸੇ ਦਾ ਵੀ ਵੰਡਾਉਂਦੇ ਹਾਂ ਜਦੋਂ, ਆਪਣੇ ਦਰਦਾਂ ਦਾ ਹੀ ਕਰੀਏ ਨਿਕਾਸ। ਦਿਲ 'ਚ ਸਾਗਰ ਗ਼ਮ ਦੇ ਠਾਠਾਂ ਮਾਰਦੇ, ਵਗਣ ਅੱਖੋਂ ਹੋ ਕੇ ‘ਸਤਲੁਜ' ਤੇ 'ਬਿਆਸ’। ਹੈ ਤੇਰੀ ਤ੍ਰਿਪਤੀ ਤਾਂ ਇਕ ਘੁਟ ਦੀ ਮੁਥਾਜ਼, ਪਰ ਮੇਰੀ ਮਾਰੂਥਲੀ ਲੰਮੀ ਪਿਆਸ।
ਦੂਰ ਦੀਆਂ ਕੀ
ਦੂਰ ਦੀਆਂ ਕੀ ਸੁਣ ਨਾ ਹੁੰਦੀਆਂ ਗੱਲਾਂ ਆਂਢ-ਗੁਆਂਢ ਦੀਆਂ। ਕੌਣ ਕਰੇ ਬਰਦਾਸ਼ਤ ਗੱਲਾਂ ਤੇਰੀ ਮੇਰੀ ਸਾਂਝ ਦੀਆਂ। ਖੌਰੇ ਰੁੱਤਾਂ ਨੂੰ ਕੀ ਕੁੱਦਿਆ ਹੋਇਆ ਯਾਰ ਸ਼ੁਦਾ ਅੱਜ ਕੱਲ, ਸ਼ਾਖ਼ਾਂ ਸੰਘਣੀ ਛਾਂ ਵਾਲੇ ਹੀ ਰੁੱਖਾਂ ਦੀਆਂ ਛਾਂਗਦੀਆਂ। ਘੰਟੇ ਮਿੱਟੀ ਖ਼ਾਹਸ਼ਾਂ ਰੁਲੀਆਂ ਟੁੱਟੀਆਂ ਆਸ ਉਮੀਦਾਂ ਨੇ, ਕੌਣ ਸਵਾਰੇ ਮੀਢੀਆਂ ਗੁੰਦੇ ਇਸ ਜ਼ਿੰਦਗੀ ਦੀ ਮਾਂਗ ਦੀਆਂ। ਹੁਣ ਤਾਂ ਸ਼ਾਮ ਸਵੇਰੇ ਬੰਨਿਆਂ ਤੇ ਗਿਰਝਾਂ ਦੇ ਡੇਰੇ ਨੇ, ਹੁਣ ਨਾ ਆਉਣ ਪ੍ਰਾਹੁਣੇ ਤੇ ਨਾ ਸੁਣਨ ਅਵਾਜ਼ਾਂ ਕਾਂਗ ਦੀਆਂ। ਤੇਰੀਆਂ ਗੱਲਾਂ ਤੂਹੇਂ ਜਾਣੇ ਤੇਰੀਆਂ ਤੇਰੇ ਨਾਲ 'ਕੰਵਲ’, ਤੂੰ ਗ਼ਜ਼ਲਾਂ ਨੂੰ ਤਾਂਘ ਰਿਹਾਂ ਏਂ ਗ਼ਜ਼ਲਾਂ ਤੈਨੂੰ ਤਾਂਘਦੀਆਂ।
ਹੈ ਸ਼ੁਕਰ ਕਿ
ਹੈ ਸ਼ੁਕਰ ਕਿ ਕਿਸੇ ਦਾ ਇਤਬਾਰ ਹੋ ਗਿਆ ਹਾਂ। ਵਸਤੂ ਫਜ਼ੂਲ ਸੀ ਮੈਂ ਸ਼ਾਹਕਾਰ ਹੋ ਗਿਆ ਹਾਂ। ਖਾ ਖਾ ਕੇ ਠੋਕਰਾਂ ਮੈਂ ਹੁਸ਼ਿਆਰ ਹੋ ਗਿਆ ਹਾਂ, ਨਿਤ ਸਾਣ ਚੜ੍ਹਦਾ ਚੜ੍ਹਦਾ ਤਲਵਾਰ ਹੋ ਗਿਆ ਹਾਂ। ਉਡਿਆ ਸੀ ਮੈਂ ਇਕੱਲਾ ਹੁਣ ਡਾਰ ਹੋ ਗਿਆ ਹਾਂ, ਬਿੰਦੂ ਤੋਂ ਫੈਲ ਕੇ ਮੈਂ ਵਿਸਤਾਰ ਹੋ ਗਿਆ ਹਾਂ। ਮੈਂ ਆਪ ਬੇੜੀ ਆਪੇ ਪਤਵਾਰ ਹੋ ਗਿਆ ਹਾਂ, ਉਰਵਾਰ ਪਾਰ ਹੋ ਕੇ ਮੰਝਧਾਰ ਹੋ ਗਿਆ ਹਾਂ। ਮੈਂ ਰੁੱਖ ਛਾਂਗਿਆ ਸੀ ਛਾਂ-ਦਾਰ ਹੋ ਗਿਆ ਹਾਂ, ਕਿੰਨਾ ਕਮਾਲ ਦਾ ਮੈਂ ਕਿਰਦਾਰ ਹੋ ਗਿਆ ਹਾਂ। ਦੇਖੋ ਕਿ ਹੁਣ ਮੈਂ ਕਿੰਨਾ ਦਮਦਾਰ ਹੋ ਗਿਆ ਹਾਂ, ਹੁੰਦਾ ਪਿਆਰ ਸੀ ਮੈਂ ਵਾਪਾਰ ਹੋ ਗਿਆ ਹਾਂ। ਬੇੜੀ ਮਲਾਹ ਕੀ ਕਰਨਾ ਖ਼ੁਦ ਪਾਰ ਹੋ ਗਿਆ ਹਾਂ, ਚੱਲੋ ਜਿਧਰ ਨੂੰ ਚੱਲਣਾ ਤੱਈਆਰ ਹੋ ਗਿਆ ਹਾਂ। ਲੋਕਾਂ ਨੂੰ ਛੱਡ ਲੋਕਾਂ ਵਿਚਕਾਰ ਹੋ ਗਿਆ ਹਾਂ, ਮੈਂ ਲੋਕ ਜਜ਼ਬਿਆਂ ਦੀ ਗੁਫ਼ਤਾਰ ਹੋ ਗਿਆ ਹਾਂ। ਉਹ ਝੂਠ ਹਾਂ ਕਿ ਜਿਹੜਾ ਮਿਸਮਾਰ ਹੋ ਗਿਆ ਹਾਂ, ਉਹ ਸੋਚ ਹਾਂ ਕਿ ਜਿਹੜਾ ਸਾਕਾਰ ਹੋ ਗਿਆ ਹੈ। ਹਸਤੀ ਮੈਂ ਆਪਣੀ ਦਾ ਮੁਖ਼ਤਾਰ ਹੋ ਗਿਆ ਹਾਂ, ਪੱਤਝੜ ਕਦੇ ਸੀ ਹੁੰਦਾ ਗੁਲਜ਼ਾਰ ਹੋ ਗਿਆ ਹਾਂ। ਰਾਹਾਂ ਹਨੇਰਿਆਂ ਵਿਚ ਲਿਸ਼ਕਾਰ ਹੋ ਗਿਆ ਹਾਂ, ਅਪਣੇ ਪਿਆਰਿਆਂ ਦਾ ਗ਼ਮਖ਼ਾਰ ਹੋ ਗਿਆ ਹਾਂ। ਚਾਹਿਆ ਸੀ ਜਿਸ ਤਰ੍ਹਾਂ ਦਾ ਆਕਾਰ ਹੋ ਗਿਆ ਹਾਂ, ਜ਼ਿੰਦਗੀ ਨੂੰ ਜੀਣ ਦਾ ਮੈਂ ਇਕਰਾਰ ਹੋ ਗਿਆ ਹਾਂ। ਦੇਖਾਂਗਾ ਅਗਲੀ ਵਾਰੀ ਮੈਂ ਹੋਰ ਕੀ ਕੀ ਹੋਣਾ, ਬੱਸ ਹੋ ਗਿਆ ਜੋ ਹੋਣਾ ਇਸ ਵਾਰ ਹੋ ਗਿਆ ਹਾਂ।
ਹਰ ਬੰਦਾ ਬੇ-ਜ਼ਾਰ
ਹਰ ਬੰਦਾ ਬੇ-ਜ਼ਾਰ ਜਿਹਾ ਹੈ। ਦਾਇਰੇ ਤੋਂ ਕੁੱਝ ਬਾਰ੍ਹ ਜਿਹਾ ਹੈ। ਅਪਣੇ ਹੱਥੋਂ ਹੀ ਹਰ ਕੋਈ, ਹੋਇਆ ਫਿਰੇ ਲਚਾਰ ਜਿਹਾ ਹੈ। ਮਣਾ ਮੂੰਹੀ ਉਹ ਰੂਹ ਅਪਣੀ 'ਤੇ, ਚੁੱਕੀ ਫਿਰਦਾ ਭਾਰ ਜਿਹਾ ਹੈ। ਬਾਹਰੋਂ ਬੰਦਾ ਮਖ਼ਮਲ ਵਰਗਾ, ਅੰਦਰੋਂ ਖਰ੍ਹਵਾ, ਖ਼ਾਰ ਜਿਹਾ ਹੈ। ਅਤਾ ਪਤਾ ਨਾ ਚਿਹਰਾ ਉਸ ਦਾ, ਇਕ ਧੁੰਦਲਾ ਆਕਾਰ ਜਿਹਾ ਹੈ। ਨੰਗੀ ਤਾਰ ਹੈ ਬਿਜਲੀ ਦੀ ਉਹ, ਜੋ ਤਿੱਲੇ ਦੀ ਤਾਰ ਜਿਹਾ ਹੈ। ਚਾਰ-ਚੁਫੇਰੇ ਕੁਝ ਨਾ ਦਿਸੇ, ਹਰ ਪਾਸੇ ਅੰਧਕਾਰ ਜਿਹਾ ਹੈ। ਮੌਸਮ ਰਿਹਾ ਸੁਹਿਰਦ ਨਾ ਕੋਈ, ਹਰ ਮੌਸਮ ਮੱਕਾਰ ਜਿਹਾ ਹੈ। ਉਹ ਜੇ ਕੋਲ ਤਾਂ ਲੱਗਦਾ ਹੈ ਕਿ, ਹਰ ਦਿਨ ਹੀ ਤਿਉਹਾਰ ਜਿਹਾ ਹੈ। ਬਣੇ ‘ਸਿਕੰਦਰ’ ਫਿਰਦੇ, ਕੋਈ ਨਾ, ‘ਪੋਰਸ’ ਦੇ ਕਿਰਦਾਰ ਜਿਹਾ ਹੈ। ਧਰਮ ਕਰਮ ਦੀਆਂ ਗੱਲਾਂ ਛੱਡੋ, ਇਹ ਸਭ ਕਾਰੋਬਾਰ ਜਿਹਾ ਹੈ। ‘ਕੰਵਲ’ ਤਾਂ ਹੁਣ ਆਪਣੇ ਹੀ ਘਰ ਦਾ ਕੇਵਲ ਚੌਂਕੀਦਾਰ ਜਿਹਾ ਹੈ।
ਏਨਾ ਵੀ ਮੈਂ
ਏਨਾ ਵੀ ਮੈਂ ਸਖਤ ਨਹੀਂ ਕਿ ਪੱਥਰ ਹੋ ਜਾਵਾਂ। ਪਰ ਏਨਾ ਵੀ ਸੋਲ੍ਹ ਨਹੀਂ ਕਿ ਅੱਥਰ ਹੋ ਜਾਵਾਂ। ਏਨਾ ਵੀ ਮੈਂ ਕੌੜਾ ਨਹੀਂ ਕਿ ਜ਼ਹਿਰ ਹੀ ਸਮਝ ਲਏਂ, ਪਰ ਏਨਾ ਵੀ ਮਿੱਠਾ ਨਹੀਂ ਕਿ ਸ਼ੱਕਰ ਹੋ ਜਾਵਾਂ। ਜੀ ਕਰਦੈ ਤਦਬੀਰ ਕਰਾਂ ਮੁਖ-ਮਾਰਗ ਕਹਿਲਾਵਾਂ, ਨਾ ਕਿ ਚੱਕਰ ਹੋ ਕਿਸਮਤ ਦਾ ਚੱਕਰ ਹੋ ਜਾਵਾਂ । ਹੋਵਾਂ ਪੌਣ ਤਾਂ ਭਰੀ ਸੁਗੰਧਾਂ, ਤਾਜ਼ਗੀਆਂ ਵੰਡਦੀ, ਜਾਂ ਫਿਰ ਹਰ ਇਕ ਰੁੱਖ ਦਾ ਹਰਿਆ ਪੱਤਰ ਹੋ ਜਾਵਾਂ। ਮੇਰੇ ਦਿਲ ਦੀ ਬੰਜਰ ਧਰਤੀ ਮੁੜ ਮੁੜ ਅਰਜ਼ ਕਰੇ, ਯਾਦ ਤੇਰੀ ਦੇ ਫੁੱਲ ਉਗਾਵਾਂ ਵੱਤਰ ਹੋ ਜਾਵਾਂ। ਕਦੇ ਕਦੇ ਤਾਂ ਜੀਅ ਕਰਦੈ ਕੁੱਲ ਦੁਨੀਆਂ ਜ਼ੇਰ ਕਰਾਂ, ਕਦੇ ਕਦੇ ਪਰ ਕਰਦਾ ਹੈ ਕਿ ਫੱਕਰ ਹੋ ਜਾਵਾਂ। ਮੇਰੇ ਘਰ ਦੀ ਛੱਤ ਉੜੇ ਤਾਂ ਉੱਡੇ ਏਸ ਤਰ੍ਹਾਂ, ਕਿਸੇ ਅਲਾਣੇ ਘਰ ਦੇ ਸਿਰ ਤੇ ਛੱਪਰ ਹੋ ਜਾਵਾਂ। ਤੈਨੂੰ ਅਪਣੇ ਦਿਲ ਦੇ ਸਾਫ ਸਫ਼ੇ ਤੇ ਛਾਪ ਲਵਾਂ, ਤੇਰੇ ਹਰ ਇਕ ਬੋਲ ਦਾ ਅੱਖਰ ਅੱਖਰ ਹੋ ਜਾਵਾਂ। ਫਿਰ ਦੇਖੀਂ ਮੈਂ ਕਿੱਦਾਂ ਖ਼ੁਦ ਨੂੰ ਸਾਂਭ ਸਾਂਭ ਰੱਖਦਾ, ਤੇਰੇ ਹੱਥ ਦਾ ਲਿਖਿਆ ਜੇ ਮੈਂ ਪੱਤਰ ਹੋ ਜਾਵਾਂ। ਸੋਚ ਮੇਰੀ ਨੂੰ ਵਰ੍ਹਿਆਂ ਦੀ ਬੰਦਿਸ਼ ਤੋਂ ਮੁਕਤ ਕਰੀਂ, ਰਹੇ ਜਵਾਂ ਮੈਂ ਸੱਤਰ ਚਾਹੇ ਬਹੱਤਰ ਹੋ ਜਾਵਾਂ।
ਨਜ਼ਰਾਂ ਨਾਲ ਨਜ਼ਾਰੇ
ਨਜ਼ਰਾਂ ਨਾਲ ਨਜ਼ਾਰੇ ਮੇਰੇ ਚਲੇ ਗਏ। ਬਾਤਾਂ ਨਾਲ ਹੁੰਗਾਰੇ ਮੇਰੇ ਚਲੇ ਗਏ। ਰੁੱਤਾਂ ਨੇ ਕਦ ਟਿਕਣਾ ਸੀ ਤੇ ਤੁਰ ਗਈਆਂ, ਪੀਂਘਾਂ ਨਾਲ ਹੁਲਾਰੇ ਮੇਰੇ ਚਲੇ ਗਏ। ਤੇਰੇ ਬਾਝੋਂ ਅੰਬਰ ਹੋਇਆ ਹੈ ਸੱਖਣਾ, ਅੰਬਰ ਵਿਚੋਂ ਤਾਰੇ ਮੇਰੇ ਚਲੇ ਗਏ । ਤੂੰ ਸੀ ਤਾਂ ਕੁਝ ਹੁੰਦਾ ਸੀ ਧਰਵਾਸ ਜਿਹਾ, ਤੇਰੇ ਨਾਲ ਸਹਾਰੇ ਮੇਰੇ ਚਲੇ ਗਏ। ਇਕਰਾਰਾਂ ਦੀ ਗੱਲ ਤਾਂ ਗਈ ਗੁਆਚ ਕਿਤੇ, ਤੇਰੇ ਸੰਗ ਹੀ ਸਾਰੇ ਮੇਰੇ ਚੱਲੇ ਗਏ । ਮੈਨੂੰ ਤਾਂ ਸੀ ਮੋਹ ਮੁੱਢੋਂ ਮੰਝਧਾਰਾਂ ਦਾ, ਹੁੰਦੇ ਦੂਰ ਕਿਨਾਰੇ ਮੇਰੇ ਚਲੇ ਗਏ। ਮੇਰੇ ਪੁੱਤ ਹਜ਼ਾਰਾਂ ਨੇ ਜਿਉਂਦੇ ਜਦ ਕਿ, ਕੀ ਹੋਇਆ ਜੇ ਚਾਰੇ ਮੇਰੇ ਚਲੇ ਗਏ। ਮੈਂ ਕਾਇਮ ਪਰ ਮੈਨੂੰ ਮੇਟਣ ਵਾਲੇ ਸਭ, ਸਿਰੀਂ ਚਲਾਉਂਦੇ ਆਰੇ ਮੇਰੇ ਚਲੇ ਗਏ। ਹੁਣ ਰਹਿ ਆਪਾਂ ਏਸ ਮਹੱਲੇ ਕੀ ਕਰਨਾ, ਏਥੋਂ ਯਾਰ ਪਿਆਰੇ ਮੇਰੇ ਚਲੇ ਗਏ।
ਪੁੱਛਦਾ ਕੋਈ ਨਹੀਂ
ਮਚੀ ਹੈ ਹਫੜਾ ਦਫੜੀ ਪੁੱਛਦਾ ਕੋਈ ਨਹੀਂ। ਮਾੜੇ ਰਗੜਮ ਰਗੜੀ ਪੁੱਛਦਾ ਕੋਈ ਨਹੀਂ। ਕੁਰਲਾਉਂਦਾ ਸੀ ਜ਼ਖਮੀ ਕਿਸੇ ਬਚਾਇਆ ਨਾ, ਭੀੜ ਜੁੜੀ ਸੀ ਤਕੜੀ ਪੁੱਛਦਾ ਕੋਈ ਨਹੀਂ। ਚੁਪ ਸਨ ਸਾਰੇ ਪਰ ਇਕ ਪੱਥਰ ਦੇ ਬੁੱਤ ਦੀ, ਨਮ ਹੋਈ ਸੀ ਅੱਖੜੀ ਪੁੱਛਦਾ ਕੋਈ ਨਹੀਂ। ਅੱਖਾਂ ਵੀ ਨੇ ਨੀਂਦਾਂ ਵੀ ਨੇ ਪਰ ਯਾਰੋ, ਸੁਪਨੇ ਖੱਖੜੀ ਖੱਖੜੀ ਪੁੱਛਦਾ ਕੋਈ ਨਹੀਂ। ਅੱਗ ਦੇ ਭਾਂਬੜ ਨੂੰ ਇੱਕ ਗੇਲੀ ਬਰਫ ਜਿਹੀ, ਪਾ ਬੈਠੀ ਗਲਵੱਕੜੀ ਪੁੱਛਦਾ ਕੋਈ ਨਹੀਂ। ਇਸ ਪਾਸੇ ਖੂਹ ਭੁੱਬੀਂ ਰੋਇਆ, ਉਸ ਪਾਸੇ, ਇਕ ਕੁਰਲਾਈ ਛਪੜੀ ਪੁੱਛਦਾ ਕੋਈ ਨਹੀਂ। ਰਾਤ ਹਨੇਰੀ ਕੂੰਜ ਰਹੀ ਕੁਰਲਾਉਂਦੀ ਇਕ, ਜੋ ਡਾਰੋਂ ਸੀ ਵਿੱਛੜੀ ਪੁੱਛਦਾ ਕੋਈ ਨਹੀਂ। ਓਦੋਂ ਤੱਕ ਨਾ ਰਿਹਾ ਹੁੰਗਾਰਾ, ਬਾਤ ਬਚੀ, ਜਦ ਲੋਕਾਂ ਤੱਕ ਅੱਪੜੀ ਪੁੱਛਦਾ ਕੋਈ ਨਹੀਂ।
ਵਕਤ ਦੇਖ
ਰੰਗ ਕੀ ਦਿਖਲਾ ਰਿਹਾ ਹੈ, ਵਕਤ ਦੇਖ! ਵਕਤ ਕਿੰਨਾ ਆ ਗਿਆ ਹੈ, ਸਖਤ ਦੇਖ ! ਦੋਸਤੀ, ਇਖ਼ਲਾਕ, ਪੀਲੇ ਪੈ ਗਏ, ਫੜ ਗਏ ਸਭ ਦੇ ਸਫੈਦੀ, ਰਕਤ ਦੇਖ ! ਨਾ ਖੁਸ਼ੀ ਵਿਚ ਫੈਲਿਆ, ਗ਼ਮ ਪੰਘਰਿਆ, ਦੇਖ ਮੇਰਾ ਸਬਰ, ਮੇਰਾ ਜ਼ਬਤ ਦੇਖ। ਚਾਹ ਰਿਹਾ ਮਰਨਾ, ਤੇ ਮਰ ਕੇ ਜਿਉਣ ਨੂੰ, ਦੇਖ ਦੀਵਾਨੇ ਦਾ ਕੇਹਾ, ਖ਼ਬਤ ਦੇਖ। ਦੇਖ ਅੰਬਰ ਹੋ ਗਿਆ, ਨਿਰਮੋਹ ਕਿਵੇਂ, ਪਿਸ ਰਹੀ ਹੈ ਕਿਸ ਤਰ੍ਹਾਂ, ਇਹ ਧਰਤ ਦੇਖ। ਬਾਰ੍ਹਲੀ ਪੈਕਿੰਗ, ਛਲਾਵਾ ਹੈ ਨਿਰਾ, ਦੇਖਣੀ ਤਾਂ ਦੇਖ, ਵਿਚਲੀ ਵਸਤ ਦੇਖ। ਦੇਖ ਪੌਣਾਂ ਵਿਚਲੀਆਂ, ਸਰਗਰਮੀਆਂ, ਪੱਤਝੜਾਂ ਨੂੰ ਪੈ ਗਿਆ ਹੈ, ਵਖ਼ਤ ਦੇਖ। ਇਸ ਤਰ੍ਹਾਂ ਨਿਰਮੋਹ, ਨਹੀਂ ਹੋ ਜਾਈ ਦਾ, ਇਕ ਵਾਰੀ ਤਾਂ, ਪਿਛਾਂਹ ਨੂੰ ਪਰਤ ਦੇਖ । ਫੇਰ ਹੀ ਦੇਵੀਂ ਉਲ੍ਹਾਮਾ ਦੋਸ਼ ਤੂੰ, ਪਰ ‘ਕੰਵਲ’ ਦੇ ਨਾਲ ਪਹਿਲਾਂ ਵਰਤ ਦੇਖ।
ਇਕਰਾਰ ਹੈ ਹਮੇਸ਼ਾ
ਇਕਰਾਰ ਹੈ ਹਮੇਸ਼ਾ ਇਨਕਾਰ ਨਾਲੋਂ ਚੰਗਾ । ਹੁੰਦਾ ਪਿਆਰ ਜੀਕਰ ਤਕਰਾਰ ਨਾਲੋਂ ਚੰਗਾ। ਲੋਕਾਂ ਦੇ ਕੋਲ ਆਏ ਆ ਦਰਦ ਜੋ ਵੰਡਾਏ, ਹੁੰਦਾ ਹੈ ਓਹੀ ਨੇਤਾ ਸਰਕਾਰ ਨਾਲੋਂ ਚੰਗਾ। ਹੁੰਦਾ ਹੈ ਨਾਇਕ ਓਹੀ ਹੁੰਦਾ ਹੈ ਲਾਇਕ ਓਹੀ, ਜਨਤਾ ਨੂੰ ਸਮਝਦਾ ਜੋ ਪਰਿਵਾਰ ਨਾਲੋਂ ਚੰਗਾ। ਜੇ ਬਸ਼ਰ ਹੈ ਬਸ਼ਰ ਤਾਂ ਸਤਕਾਰ ਦਾ ਹੈ ਪਾਤਰ, ਹੁੰਦਾ ਨਹੀਂ ਹੈ ਕੁਝ ਵੀ ਕਿਰਦਾਰ ਨਾਲੋਂ ਚੰਗਾ। ਦਿਲਦਾਰ ਆਪਣੇ ਦੀ ਹੁੰਦੀ ਹੈ ਬਾਤ ਵੱਖਰੀ, ਲੱਗਦਾ ਨਹੀਂ ਹੈ ਕੁਝ ਵੀ ਦਿਲਦਾਰ ਨਾਲੋਂ ਚੰਗਾ। ਲੋਕੀਂ ਕਿਨਾਰਿਆਂ ਦੀ ਤਾਂ ਬਾਤ ਬਹੁਤ ਕਰਦੇ, ਹੁੰਦਾ ਮਗਰ ਨਾ ਕੁਝ ਵੀ ਮੰਝਧਾਰ ਨਾਲੋਂ ਚੰਗਾ। ਧੀਆਂ ਬਚਾ ਲਵੋ ਤਾਂ ਇਸ ਜ਼ਿੰਦਗੀ 'ਤੇ ਕੋਈ, ਉਪਕਾਰ ਨਾ ਅਜਿਹੇ ਉਪਕਾਰ ਨਾਲੋਂ ਚੰਗਾ।
ਤੇਰੇ ਦਿਲ ਦੀ ਗੱਲ
ਤੇਰੇ ਦਿਲ ਦੀ ਗੱਲ ਸਮੁੱਚੀ ਸਮਝ ਲਈ। ਤੇਰੇ ਮਨ ਦੀ ਮੌਜ ਤੇ ਰੁੱਚੀ ਸਮਝ ਲਈ। ਮੈਂ ਤੇਰੇ ਅੱਖਰਾਂ 'ਚੋਂ ਪੀੜ ਪਛਾਣੀ ਹੈ, ਪੀੜਾਂ ਦੇ ਵਿੱਚ ਪੀੜ ਪਰੁੱਚੀ ਸਮਝ ਲਈ। ਤੈਨੂੰ ਸ਼ਾਇਦ ਭੁਲੇਖਾ ਹੋਣੈ ਪਰ ਆਪਾਂ, ਤੇਰੀ ਹਰ ਗੱਲ ਜੂਠੀ ਸੁੱਚੀ ਸਮਝ ਲਈ। ਤੇਰੇ ਪਿਆਰ ਨੂੰ ਪਰਖ ਲਿਆ ਹਰ ਨੁਕਤੇ ਤੋਂ, ਝੂਠ ਨਹੀਂ ਹੈ ਸੱਚੀ ਮੁੱਚੀ ਸਮਝ ਲਈ। ਤੈਨੂੰ ਬਾਲ ਕੇ ਭਾਂਬੜ ਬਹੁਤ ਮਜ਼ਾ ਆਉਂਦੈ, ਆਪਾਂ ਤੇਰੀ ਲੋਚ ਇਹ ਲੁੱਚੀ ਸਮਝ ਲਈ। ਆਪਾਂ ਤੈਨੂੰ ਪੂਰਨ ਭਾਂਤ ਪਛਾਣ ਲਿਆ, ਕਿੰਨੀ ਤੇਰੀ ਸੋਚ ਹੈ ਉੱਚੀ ਸਮਝ ਲਿਆ।
ਕੱਚ ਦਾ ਸਰੀਰ
ਕੱਚ ਦਾ ਸਰੀਰ ਲੈ ਜੇ ਪੱਥਰਾਂ ਦੇ ਸ਼ਹਿਰ ਆਉਣਾ। ਇਸ ਤਿੜਕਣਾ ਜ਼ਰੂਰੀ ਫਿਰ ਸ਼ੋਰ ਨਾ ਮਚਾਉਣਾ। ਕਿੱਥੋਂ ਅਦਾ ਇਹ ਸਿੱਖੀ ਤੂੰ ਇਸ ਤਰ੍ਹਾਂ ਸਤਾਉਣਾ। ਗੱਲ ਦਾ ਜਵਾਬ ਦੇਣਾ ਪਰ ਨਜ਼ਰ ਨਾ ਮਿਲਾਉਣਾ। ਕੀ ਲੋੜ ਸੀ ਰੁਸਾਉਣਾ ਬਿਨ ਮਤਲਬੋਂ ਖਪਾਉਣਾ, ਪੈਣਾ ਸੀ ਸ਼ਾਮ ਤੀਕਰ ਜੇ ਆਪ ਹੀ ਮਨਾਉਣਾ। ਦੇ ਕੇ ਦਗ਼ਾ ਜੇ ਕੋਈ ਪਛਤਾ ਰਿਹਾ ਹੋਏ ਤਾਂ, ਫਿਰ ਜ਼ਿਦ ਨਹੀਂ ਕਰੀਦੀ ਚਾਹੀਦਾ ਗਲ ਲਗਾਉਣਾ। ਸੋਚਾਂ 'ਚ ਜੇ ਕਰੋਗੇ ਖ਼ਾਬੋ-ਖਿਆਲੀਆਂ ਹੀ, ਤਾਂ ਫਿਰ ਹਕੀਕਤਾਂ ਦਾ ਰਾਹ ਨਾ ਕਿਸੇ ਦਿਖਾਉਣਾ। ਰੁੱਖ ਦਾ ਉਜਾੜਨਾ ਕੀ ਜਾਵਾਂ ਉਜਾੜਨਾ ਕੀ, ਔਖਾ ਹੈ ਰੁੱਖ ਲਗਾਉਣਾ ਫਿਰ ਲਾ ਸਿਰੇ ਚੜ੍ਹਾਉਣਾ । ਪਹਿਲਾਂ ਹੀ ਜੇ ਨਾ ਕਰਦੋਂ ਦਿਲ ਤੋੜਵੀਆਂ ਗੱਲਾਂ, ਪੈਣਾ ‘ਕੰਵਲ’ ਨਹੀਂ ਸੀ ਮੂੰਹ ਇਸ ਤਰ੍ਹਾਂ ਲੁਕਾਉਣਾ।
ਮੈਂ ਤਾਂ ਜਦ ਵੀ ਸੋਚਾਂ
ਮੈਂ ਤਾਂ ਜਦ ਵੀ ਸੋਚਾਂ ਅਕਸਰ ਤੇਰੇ ਬਾਰੇ ਸੋਚਾਂ। ਐਪਰ ਤੇਰੀਆਂ ਕਿੱਥੇ ਗਈਆਂ ਮੇਰੇ ਬਾਰੇ ਸੋਚਾਂ। ਦੇਖ ਜ਼ਰਾ ਕੁ ਚਾਨਣ ਅਕਸਰ ਭੁੱਲ ਹੀ ਜਾਨਾਂ ਯਾਰੋ, ਕਿ ਮੈਂ ਬਾਕੀ ਬਚਦੇ ਹੋਏ ਹਨੇਰੇ ਬਾਰੇ ਸੋਚਾਂ। ਉਲਝ ਗਿਆ ਹਾਂ ਮੈਂ ਤਾਂ ਘਰ ਦੀ ਚਾਰ-ਦਿਵਾਰੀ ਵਿਚ ਹੀ, ਵਿਹਲ ਹੀ ਕਿੱਥੇ ਹੈ ਕਿ ਚਾਰ-ਚੁਫੇਰੇ ਬਾਰੇ ਸੋਚਾਂ। ਬੀਤੇ ਬਾਰੇ ਸੋਚਾਂ ਵੀ ਤਾਂ ਕੀ ਸੋਚਾਂ ਮੈਂ ਯਾਰੋ, ਇਸ ਤੋਂ ਬਿਹਤਰ ਹੈ ਕਿ ਵਕਤ ਅਗੇਰੇ ਬਾਰੇ ਸੋਚਾਂ। ਉਸ ਦੇ ਅੰਦਰ ਦੀ ਹਲਚਲ ਨੂੰ ਮਹਿਸੂਸਣ ਦੀ ਥਾਂ, ਮੈਂ ਕਮਲਾ ਤਾਂ ਕੇਵਲ ਉਸ ਦੇ ਚਿਹਰੇ ਬਾਰੇ ਸੋਚਾਂ। ਤਨ ਤੇ ਮਨ ਦੇ ਬਿਖਰੇ ਹੋਏ ਖਲੇਰੇ ਵੇਖਾਂ ਕਿ, ਜਾਂ ਕਿ ਖਿੱਲਰੇ ਚਾਰ-ਚੁਫੇਰ ਖਲੇਰੇ ਬਾਰੇ ਸੋਚਾਂ। ਘਰ ਬਾਰੇ ਤੇ ਘਰ ਦੀਆਂ ਕੱਚੀਆਂ ਨੀਹਾਂ ਨੂੰ ਛੱਡ ਕੇ, ਕਿੰਨਾ ਮੂਰਖ ਖੜ੍ਹ ਕੇ ਬਾਰ੍ਹ ਬਨੇਰੇ ਬਾਰੇ ਸੋਚਾਂ। ਜੋ ਕੁਝ ਕਰਨਾ ਹੋਵੇ ਕਰਨਾ ਸੋਚ ਸਮਝ ਕੇ ਹੁੰਦਾ, ਏਸ ਲਈ ਮੈਂ ਹਿੰਮਤ ਅਪਣੀ ਜੇਰੇ ਬਾਰੇ ਸੋਚਾਂ। ਤੁਰਿਆ ਤਾਂ ਫਿਰ ਮੰਜ਼ਿਲ ਕਿਹੜੀ ਸਰ ਨਾ ਹੋਏਗੀ, ਫਿਰ ਵੀ ਤੁਰਨੋਂ ਪਹਿਲਾਂ ਪੰਧ ਲਮੇਰੇ ਬਾਰੇ ਸੋਚਾਂ। ਰਾਤ ਢਲੇਗੀ ਆਖਰ ਢਲਣੀ ਹੀ ਹੈ ਉਮਰਾਂ ਵਾਂਗ, ਮੈਂ ਤਾਂ ਆਉਂਦੇ ਹੁੰਦੜਹੇਲ ਸਵੇਰੇ ਬਾਰੇ ਸੋਚਾਂ। ਘਰ ਤੋਂ, ਦਫਤਰ ਤੇ ਦਫਤਰ ਤੋਂ ਘਰ ਦਾ ਹੀ ਹੈ ਚੱਕਰ, ਏਨੇ ਸਿਮਟੇ ਹੋਏ ਅਪਣੇ ਘੇਰੇ ਬਾਰੇ ਸੋਚਾਂ।
ਚੰਨ ਚੜ੍ਹਿਆ
ਚੰਨ ਚੜ੍ਹਿਆ ਪਰ ਲੱਭਦੀ ਕਿਤੇ ਚਕੋਰ ਨਹੀਂ। ਸਾਉਣ ਝੜੀ ਵਿੱਚ ਨੱਚਦਾ ਕਿਧਰੇ ਮੋਰ ਨਹੀਂ। ਇਸ ਘਰ ਵਿਚ ਰਹਿੰਦਾ ਹੈ ਕੋਈ ਅਪਣਾ ਹੀ, ਐਵੇਂ ਹੀ ਤਾਂ ਬੂਹਾ ਲਿਆ ਠਕੋਰ ਨਹੀਂ। ਜੇ ਤੂੰ ਰਹਿਣਾ ਹੈ ਤਾਂ ਰਹਿ ਪੈ ਏਥੇ ਹੀ, ਜੇ ਤੂੰ ਜਾਣਾ ਹੈ ਤਾਂ ਆਪਣਾ ਜ਼ੋਰ ਨਹੀਂ। ਉਹ ਜਿਸ ਨੂੰ ਸੀ ਯਾਦ ਤੁਸੀਂ ਕਰਦੇ ਪਲ ਪਲ, ਉਹ ਮੈਂ ਹੀ ਸਾਂ ਪਿਆਰੇ ਕੋਈ ਹੋਰ ਨਹੀਂ। ਗੁੱਡੀ ਅਧ-ਅਸਮਾਨੇ ਅਸਾਂ ਚੜ੍ਹਾ ਤਾਂ ਲਈ, ਪਰ ਹੁਣ ਹੱਥ ਅਸਾਡੇ ਰਹੀ ਹੈ ਡੋਰ ਨਹੀਂ। ਮੈਂ ਤਾਂ ਤੈਨੂੰ ਲੱਖਾਂ ਵਿਚ ਪਛਾਣ ਲਵਾਂ, ਤੇਰੇ ਵਰਗਾ ਕਿਧਰੇ ਕੋਈ ਹੋਰ ਨਹੀਂ। ਹੁਣ ਤਾਂ ਸ਼ੋਰ ਬੜਾ ਸ਼ਮਸ਼ਾਨਾਂ ਦੇ ਵਿਚ ਵੀ, ਕਿੱਥੇ ਜਾਓਗੇ ਕਿ ਜਿੱਥੇ ਸ਼ੋਰ ਨਹੀਂ। ਮਿਲੀ-ਭੁਗਤ ਇਹ ਤੇਰੇ ਮੇਰੇ ਦਿਲ ਦੀ ਹੈ, ਮੈਂ ਹੀ ਦਿਲ ਤੇਰੇ ਦਾ 'ਕੱਲਾ ਚੋਰ ਨਹੀਂ। ਰਾਤੋ ਰਾਤ ਇਹ ਕੀ ਤੂੰ ਚੰਦ ਚੜ੍ਹਾ ਬੈਠੋਂ, ਤੇਰੀ ਤਾਂ ਹੁਣ ਕੱਲ੍ਹ ਵਰਗੀ ਹੈ ਤੋਰ ਨਹੀਂ। ਦੇਖ ਦੁਖੀ ਨੂੰ ਕੋਲੋਂ ਦੀ ਹੀ ਲੰਘ ਜਾਵੇ, ਨਾ ਨਾ ਸੱਜਣਾ ਏਨਾ ‘ਕੰਵਲ’ ਕਠੋਰ ਨਹੀਂ।
ਵਰਤੀ ਸੁੰਞ ਮਸਾਣ
ਵਰਤੀ ਸੁੰਞ-ਮਸਾਣ ਕਿ ਵੋਟਾਂ ਪੈ ਗਈਆਂ। ਮੁੱਕ ਗਿਆ ਘਮਸਾਣ ਕਿ ਵੋਟਾਂ ਪੈ ਗਈਆਂ। ਪੰਜ ਵਰ੍ਹੇ ਤੱਕ ਹੁਣ ਬੱਸ ਮੌਜਾਂ ਹੀ ਮੌਜਾਂ, ਹੋ ਜਾਣਾ ਕਲਿਆਣ ਕਿ ਵੋਟਾਂ ਪੈ ਗਈਆਂ। ਰਾਜ਼ੀ ਬਾਜ਼ੀ ਸੌਂਵੋ ਹੁਣ ਘਰ ਜਾ ਅਪਣੇ, ਆਊ ਨਾ ਕੋਈ ਜਗਾਣ ਕਿ ਵੋਟਾਂ ਪੈ ਗਈਆਂ। ਹੁਣ ਨਾ ਬੈਠ ਉਡੀਕੋ ਆਉਣਾ ਕਿਸੇ ਨਹੀਂ, ਸਭ ਭੁਲ ਗਈ ਪਛਾਣ ਕਿ ਵੋਟਾਂ ਪੈ ਗਈਆਂ। ਅੱਗੇ ਤਾਂ ਹਰ ਗੱਲ ਸੁਣਦੇ ਦਮ ਭਰਦੇ ਸਨ, ਹੁਣ ਪੈਂਦੇ ਨੇ ਖਾਣ ਕਿ ਵੋਟਾਂ ਪੈ ਗਈਆਂ। ਹੁਣ ਨੇਤਾਵਾਂ ਕੀ ਲੈਣਾ ਹੈ ਲੋਕਾਂ ਤੋਂ, ਹੁਣ ਕਿਉਂ ਸ਼ਕਲ ਵਿਖਾਣ ਕਿ ਵੋਟਾਂ ਪੈ ਗਈਆਂ। ਤੁਸਾਂ ਵੀ ਕੁਝ ਦਿਨ ਨੇਤਾ ਖੂਬ ਭਜਾਏ ਸਨ, ਉਹ ਨਾ ਕਿਉਂ ਭਜਾਣ ਕਿ ਵੋਟਾਂ ਪੈ ਗਈਆਂ। ਘਰ ਘਰ ਆ ਕੇ ਕਰਦਾ ਸੀ ਨੇਤਾ ਮਿੰਨਤਾਂ, ਹੁਣ ਕਰਦਾ ਫੁਰਮਾਣ ਕਿ ਵੋਟਾਂ ਪੈ ਗਈਆਂ। ਕਰਦਾ ਸੀ ਇਕਰਾਰ ਕਰਾਂਗਾ ਕੰਮ ਸਾਰੇ, ਹੁਣ ਲੱਗਾ ਟਰਕਾਣ ਕਿ ਵੋਟਾਂ ਪੈ ਗਈਆਂ। ਲੋਕੀਂ ਘਰ ਦੇ ਘਰ ਤੇ ਨੇਤਾ ਚੰਡੀਗੜ੍ਹ, ਹੁਣ ਨਾ ਫੋਨ ਉਠਾਣ ਕਿ ਵੋਟਾਂ ਪੈ ਗਈਆਂ।
ਪੀਤਾ ਜਾਮ
ਪੀਤਾ ਜਾਮ ਨਿਹਾਲ ਹੋ ਗਏ। ਸਾਰੇ ਹੱਲ ਸਵਾਲ ਹੋ ਗਏ । ਜਿਨ੍ਹਾਂ ਬਾਰੇ ਸੀ ਚਿਤ ਨਾ ਚੇਤਾ, ਉਹ ਵੀ ਸਾਡੇ ਨਾਲ ਹੋ ਗਏ। ਨਿਤ ਆਉਂਦੀ ਸੀ ਚਿੱਠੀ ਉਸ ਦੀ, ਹੁਣ ਆਇਆਂ ਕਈ ਸਾਲ ਹੋ ਗਏ। ਕੀ ਪੁੱਛਦੇ ਹੋ ਖ਼ੁਦ ਹੀ ਸਮਝੋ, ਜੋ ਨੇ ਸਾਡੇ ਹਾਲ ਹੋ ਗਏ। ਹੁੰਦਿਆਂ ਹੁੰਦਿਆਂ ਹੁੰਦਿਆਂ ਦੇਖੋ, ਦੇਖੋ ਕਿਵੇਂ ਕਮਾਲ ਹੋ ਗਏ। ਅਪਣੇ ਹੀ ਤਾਂ ਪਾਏ, ਔਖੇ, ਕਰਨੇ ਹਨ ਸਵਾਲ ਹੋ ਗਏ। ਖੁਸ਼ ਹਾਂ ਕਿ ਕੁਝ ਪਲ ਯਾਦਾਂ ਦੇ, ਗ਼ਜ਼ਲਾਂ ਵਿਚ ਸੰਭਾਲ ਹੋ ਗਏ।
ਹੁਣ ਨਾ ਕਿਧਰੇ ਜਾਣ
ਹੁਣ ਨਾ ਕਿਧਰੇ ਜਾਣ ਦਾ ਰਾਹ ਰਹਿ ਗਿਆ। ਨਾ ਕਿਸੇ ਨੂੰ ਮਿਲਣ ਦਾ ਵਾਹ ਰਹਿ ਗਿਆ। ਬਣ ਹੀ ਜਾਏ ਜੇ ਕਿਤੇ ਕੋਈ ਢੰਗ ਤਾਂ, ਜਾਣ ਜੋਗਾ ਪਰ ਨਹੀਂ ਸਾਹ ਰਹਿ ਗਿਆ। ਬੈਂਕ ਦਾ ਕਰਜ਼ਾ ਨਾ ਮੁੱਕਿਆ ਕੇਸ ਹੀ, ਬਹੁਤ ਲਾਹਿਆ ਫੇਰ ਵੀ ਫ਼ਾਹ ਰਹਿ ਗਿਆ। ਵੇਖ ਕੇ ਟੁੱਟਦੀ ਵਸੂਲੀ ਆਪਣੀ, ਜੀਣ ਜੋਗਾ ਆਪ ਨਾ ਸ਼ਾਹ ਰਹਿ ਗਿਆ। ਆਪਣੀ ਤਾਂ ਉਮਰ ਭਰ ਨਾ ਮਿਲ ਸਕੀ, ਪਰ ਉਹ ਪਾਉਂਦਾ ਰੱਬ ਦੀ ਥਾਹ ਰਹਿ ਗਿਆ। ਨਾ ਹੀ ਲੋੜਾਂ ਮੁੱਕੀਆਂ ਨਾ ਖ਼ਾਹਿਸ਼ਾਂ, ਬਸ਼ਰ ਕਰਦਾ ਆਖਰੀ ਚਾਹ ਰਹਿ ਗਿਆ। ਆਖਰੀ ਦਮ ਵੀ ਇਹੋ ਸੋਚੇ ‘ਕੰਵਲ’, ਕਰ ਲਿਆ ਔਹ ਕੰਮ ਤੇ ਆਹ ਰਹਿ ਗਿਆ।
ਅਰਥ ਹੀਣੇ ਬੋਲ
ਅਰਥ-ਹੀਣੇ ਬੋਲ ਜ਼ਿੰਦਗੀ ਦਾ ਯਥਾਰਥ ਹੋ ਗਏ। ਲੋਕ ਨਿਰ—ਜਿੰਦ ਲੋਹੇ, ਲੱਕੜ ਦੇ ਪਦਾਰਥ ਹੋ ਗਏ। ਇਕ ਪੜਾਅ ਸੀ ਕਿ ਘਰੋਂ ਚੱਲ ਕੇ ਕਹਾਏ 'ਬੁੱਧ' ਸੀ, ਪਰਤ ਕੇ ਆਏ ਘਰੀਂ ਮੁੜ ਕੇ ਸਿਧਾਰਥ ਹੋ ਗਏ। ਫੈਸਲੇ ਅਜ ਕਲ੍ਹ ਨੇ ਓਹੀ ਫੈਸਲੇ, ਉਹਨਾਂ ਲਈ, ਜੋ ਉਨ੍ਹਾਂ ਦੀ ਸੋਚ ਅਪਣੀ ਦੇ ਮੁਤਾਬਿਕ ਹੋ ਗਏ। ਦਿਲ ਰਹੇ ਨਾ ਦਿਲ, ਦਿਲਾਂ ਦੀ ਥਾਂ ਖ਼ਲਾਅ ਦਰ ਨੇ ਖ਼ਲਾਅ, ਘਰ ਰਹੇ ਨਾ ਘਰ, ਘਰਾਂ ਦੀ ਥਾਂ ਇਮਾਰਤ ਹੋ ਗਏ। ਹੁਣ ਮਸੀਹਾ ਕੀ ਕਰੇ, ਦਾਰੂ ਕਰੇ ਕਿਸ ਰੋਗ ਦਾ, ਰੋਗ ਵਧ ਕੇ ਹੋਰ ਨਵਿਆਂ ਦੀ ਅਲਾਮਤ ਹੋ ਗਏ। ਪਹੁੰਚ ਹੁੰਦੀ ਹੈ ਜਿਹਦੀ, ਉਹ ਮਿਲ ਮਿਲਾ ਕਰਵਾ ਲਵੇ, ਬਹੁਤ ਹੀ ਬਦਨਾਮ ਨੇ ਅਜ ਕਲ੍ਹ ਸਵਾਗਤ ਹੋ ਗਏ। ਹਾਦਸੇ ਹੁੰਦੇ ਰਹੇ ਨੇ ਹੋਣਗੇ ਨਿਤ ਹਾਦਸੇ, ਪਰ ਹੋਏ ਕੁਝ ਇਸ ਤਰ੍ਹਾਂ ਵੀ ਕਿ ਸ਼ਹਾਦਤ ਹੋ ਗਏ। ਉਹ ਜਿਨ੍ਹਾਂ ਰਸਤੇ ਬਣਾਉਣੇ ਸੀ ਨਵੇਂ ਰਾਹ ਢੂੰਡਣੇ, ਲੋਕ ਓਹੀ ਰਸਤਿਆਂ ਵਿਚਲੀ ਰੁਕਾਵਟ ਹੋ ਗਏ। ‘ਇਸ਼ਕ’ ਦੇ ਸ਼ਬਦਾਂ ਦਾ ਜੀਕਰ ਅਰਥ ਹੋਇਆ ‘ਬੇ-ਵਫ਼ਾ’, ਦੋਸਤੀ ਦੇ ਅਰਥ ਵੀ ਏਦਾਂ ਅਦਾਵਤ ਹੋ ਗਏ। ਬਹੁਤ ਸੀ ਕੀਤੇ ਉਪਾਅ ਪਰ ਸਫਲਤਾ ਨਾ ਮਿਲ ਸਕੀ, ਪਰ ਜਦੋਂ ਮਿਲਣਾ ਸੀ ਤਾਂ ਮੇਲੇ ਅਚਾਨਕ ਹੋ ਗਏ। ਪੈਂਤੀਆਂ ਅੱਖਰਾਂ 'ਚੋਂ ਜੋ ਸੀ ਬਚ ਬਚਾ ਰੱਖਦੇ ਰਹੇ, ਜ਼ਿੰਦਗੀ ਦੇ ਉਹ ਵੀ ਤਿੰਨ ਅੱਖਰ ਤਜ਼ਾਰਤ ਹੋ ਗਏ। ਲੋਕ ਨਾ ਸਮਝੇ ਨਾ ਸਮਝਣਗੇ ‘ਕੰਵਲ’ ਅਜ਼ਮਾ ਲਵੀਂ, ਬਹੁਤ ਸਮਝਾਉਂਦੇ ਤੇਰੇ ਵਰਗੇ ਸਮਾਪਤ ਹੋ ਗਏ।
ਮੈਨੂੰ ਲਾਰਿਆਂ 'ਚ ਹੀ
ਮੈਨੂੰ ਲਾਰਿਆਂ 'ਚ ਹੀ ਟਾਲ ਨਾ, ਮੈਨੂੰ ਖ਼ਾਬ ਹੀ ਤਾਂ ਵਿਖਾਲ ਨਾ। ਮੈਨੂੰ ਧਰਤ ਦਿਹ ਮੈਂ ਖਲੋਂ ਸਕਾਂ, ਮੈਨੂੰ ਅੰਬਰਾਂ 'ਚ ਉਛਾਲ ਨਾ। ਮੈਨੂੰ ਬੋਲ ਦੇ ਦਰ ਖੋਲ੍ਹ ਦੇ, ਮੈਨੂੰ ਪਿੰਜਰੇ 'ਚ ਨਾ ਕੈਦ ਕਰ, ਪਰ ਖੋਹ ਮੇਰੀ ਪ੍ਰਵਾਜ਼ ਤੂੰ, ਮੈਨੂੰ ਰੀਂਘਣਾ ਹੀ ਸਿਖਾਲ ਨਾ। ਮੈਂ ਜਿਵੇਂ ਮੁਖ਼ਾਲਿਫ ਪੌਣ ਹਾਂ, ਕੋਈ ਜਾਣਦਾ ਨਾ ਮੈਂ ਕੌਣ ਹਾਂ, ਕੋਈ ਨਾਲ ਹੀ ਤੁਰਿਆ ਨਹੀਂ, ਕੋਈ ਤੋਰਦਾ ਵੀ ਤਾਂ ਨਾਲ ਨਾ। ਮੈਨੂੰ ਚਾਨਣ ਨੇ ਹੈ ਝਿੜਕਿਆ, ਮੈਨੂੰ ਨ੍ਹੇਰਿਆਂ ਨੇ ਖਪਾ ਲਿਆ, ਮੇਰੀ ਸ਼ਾਮ ਹੈ ਨਾ ਸਵੇਰ ਹੈ, ਕੋਈ ਵਕਤ ਹੈ ਕੋਈ ਕਾਲ ਨਾ। ਕੀ ਹੈ ਰੋਸ ਕੋਈ ਵੀ ਦੋਸ਼ ਨਾ, ਉਹਨੂੰ ਆਪਣੀ ਹੀ ਤਾਂ ਹੋਸ਼ ਨਾ, ਕੀ ਮੇਰਾ ਖਿਆਲ ਕਰੇਗਾ ਉਹ, ਜਿਹਨੂੰ ਆਪਣਾ ਹੀ ਖ਼ਿਆਲ ਨਾ। ਮੇਰੇ ਦਿਲ 'ਚ ਹੈ ਤੇਰੀ ਜੁਸਤਜੂ, ਤੇਰੀ ਆਰਜ਼ੂ ਮੇਰੀ ਜ਼ਿੰਦਗੀ, ਤੇਰੇ ਦਰ ਤੇ ਆ ਕੇ ਹਾਂ ਢਹਿ ਪਿਆ, ਦਰ ਢਹਿ ਪਏ ਨੂੰ ਉਠਾਲ ਨਾ। ਮੈਂ ਜੋ ਗੁੰਮ ਗਿਆ ਉਹ ਗੀਤ ਹਾਂ, ਜੋ ਨਾ ਨਿਭ ਸਕੀ ਉਹ ਪ੍ਰੀਤ ਹਾਂ, ਉਹ ਹਾਂ ਖ਼ਤ ਜੋ ਬਿਨ ਸਿਰਨਾਵਿਓਂ, ਜਿਹਦੀ ਪਹੁੰਚ ਦਾ ਹੈ ਸਵਾਲ ਨਾ।
ਸੋਚ ਲੈ
ਮੌਸਮਾਂ ਦੀ ਬੇ-ਰੁਖ਼ੀ ਹੈ ਪੱਤਝੜਾਂ ਨੇ, ਸੋਚ ਲੈ। ਜਿਉਣ ਦੇ ਲਈ ਮੁਸ਼ਕਿਲਾਂ ਹੀ ਮੁਸ਼ਕਿਲਾਂ ਨੇ, ਸੋਚ ਲੈ। ਆਪ ਹੀ ਤਕਦੀਰ ਅਪਣੀ ਬਦਲਣੀ ਲੋਕਾਂ ਅਖੀਰ, ਨਾ ਹੈ ਕੁਝ ਕੀਤਾ ਨਾ ਕਰਨਾ ਰਹਿਬਰਾਂ ਨੇ, ਸੋਚ ਲੈ। ਸਮਝ ਨਾ ਨਾਦਾਨ ਮੈਨੂੰ ਹੈ ਨਿਗ੍ਹਾ ਮੇਰੀ ਉਕਾਬ, ਦੇਖੀਆਂ ਸਭ ਤੇਰੀਆਂ ਮੈਂ ਹਰਕਤਾਂ ਨੇ, ਸੋਚ ਲੈ। ਹੋਏਗਾ ਜੋ ਕੁਝ ਵੀ ਹੋਏਗਾ ਤਰੀਕੇ ਨਾਲ ਹੀ, ਕੁਝ ਨਹੀਂ ਅੱਜ ਤਕ ਬਣਾਇਆ ਨਫ਼ਰਤਾਂ ਨੇ, ਸੋਚ ਲੈ। ਮੈਂ ਹਾਂ ਉਹ ਕਿਸ਼ਤੀ ਸਰਾਪੀ ਜੋ ਡਬੋਈ ਭੰਵਰ ਵਿਚ, ਆਪ ਹੀ ਇਸ ਦੇ ਮਲਾਹਾਂ ਬਾਦਬਾਂ ਨੇ, ਸੋਚ ਲੈ। ਜ਼ਿੰਦਗੀ ਦੇ ਦੋਖੀਆਂ ਦੀ ਨੀਤ ਜੇ ਬਦਲੀ ਨਹੀਂ, ਹਾਰੀਆਂ ਨਾ ਹਿੰਮਤਾਂ ਵੀ ਆਸ਼ਕਾਂ ਨੇ, ਸੋਚ ਲੈ। ਤੁਰ ਗਏ ਕਿੰਝ ਆਉਣਗੇ ਫਿਰ ਪਰਤ ਕੇ ਅਪਣੇ ਘਰੀਂ, ਜੇ ਨਾ ਕੁਝ ਵੀ ਸੋਚਿਆ ਵੱਸਦੇ ਘਰਾਂ ਨੇ, ਸੋਚ ਲੈ।
ਕਹਾਣੀ ਇਹ ਯਾਰੋ
ਕਿਤੇ ਦੋਸਤੀ ਹੈ, ਕਿਤੇ ਦੁਸ਼ਮਣੀ ਹੈ। ਕਿਤੇ ਧੁੱਪ ਲੂੰਹਦੀ, ਹੈ ਛਾਂ ਸੰਘਣੀ ਹੈ। ਨਜ਼ਰ ਜੋ ਹੈ ਚਾਹੁੰਦੀ, ਮਿਲੇ ਨਾ ਨਜ਼ਾਰਾ, ਨਜ਼ਾਰੇ ਨਜ਼ਰ, ਉਂਝ ਬੜੇ ਦੇਖਦੀ ਹੈ। ਕਿਤੋਂ ਵੀ ਨਾ ਮਿਲਦੀ, ਅਨੂਠੀ ਖੁਸ਼ੀ ਉਹ, ਜੋ ਦਿਲ ਨੂੰ ਮੁਹੱਬਤ, ਤਿਰੀ ਬਖਸ਼ਦੀ ਹੈ। ਤੁਸੀਂ ਜਿਸ ਦੇ ਬਾਰੇ ਕਿਹਾ ਸੀ ਸੁਣਾਓ, ਕਹਾਣੀ ਇਹ ਯਾਰੋ, ਉਸੇ ਸਖਸ਼ ਦੀ ਹੈ। ਹੈ ਖਾਲੀ ਉਹ, ਕਿਰਦਾਰ ਤੋਂ ਸੱਖਣਾ ਹੈ, ਜਿਹਦੀ ਦਿੱਖ ਬਾਹਰੋਂ, ਬੜੀ ਦਰਸ਼ਣੀ ਹੈ। ਭਰੀ ਹੈ ਜੋ ਗੁਜ਼ਰੀ, ਪਿਆਸੇ ਥਲਾਂ ਤੋਂ, ਉਹ ਬੱਦਲੀ ਸਮੁੰਦਰ, ’ਤੇ ਜਾ ਬਰਸਣੀ ਹੈ। ਨਿਸ਼ਾਨਾ ਹੈ ਇੱਕੋ, ਮਗਰ ਸੋਚ ਵੱਖਰੀ, ਤਿਰੀ ਆਪਣੀ ਹੈ, ਮੇਰੀ ਆਪਣੀ ਹੈ।
ਵਿਰਾਸਤ ਆਪਣੀ ਤੋਂ
ਵਿਰਾਸਤ ਆਪਣੀ ਤੋਂ ਜੋ ਨੇ ਮੁਨਕਰ ਹੋ ਗਏ ਹੁੰਦੇ। ਅਜਿਹੇ ਲੋਕ ਹੀ ਜਿਉਂਦੇ ਨੇ ਪੱਥਰ ਹੋ ਗਏ ਹੁੰਦੇ। ਨਸੀਬਾਂ ਵਿਚ ਜਿਨ੍ਹਾਂ ਪੱਤਰਾਂ ਦੇ ਸਿਰਨਾਵਾਂ ਨਹੀਂ ਹੁੰਦਾ, ਉਹ ਪੱਤਰ ਪੱਤਝੜੇ ਰੁੱਖਾਂ ਦੇ ਪੱਤਰ ਹੋ ਗਏ ਹੁੰਦੇ। ਜਿਨ੍ਹਾਂ ਲਫ਼ਜ਼ਾਂ ਦੇ ਅੰਦਰ ਜ਼ਿੰਦਗੀ ਦਾ ਮੋਹ ਨਹੀਂ ਬਚਦਾ, ਲਫ਼ਜ਼ ਉਹ ਟੁੱਟ ਅਰਥਾਂ ਤੋਂ ਨੇ ਅੱਖਰ ਹੋ ਗਏ ਹੁੰਦੇ। ਜਦੋਂ ਦਿਲ ਦੀ ਗਵਾਹੀ ਅੱਖੀਆਂ ਦਾ ਫ਼ਰਜ਼ ਹੋ ਜਾਏ, ਪਿਘਲ ਕੇ ਸ਼ਬਦ ਅੱਖਾਂ 'ਚੋਂ ਨੇ ਅੱਥਰ ਹੋ ਗਏ ਹੁੰਦੇ। ਸ਼ਹਾਦਤ ਦਾ ਜਦੋਂ ਆਉਂਦਾ ਹੈ ਮੌਸਮ, ਖੂਨ ਡੁੱਲ੍ਹਦਾ ਹੈ, ਉਦੋਂ ਸਭ ਖੇਤ ਬੰਜਰ ਤੋਂ ਨੇ ਵੱਤਰ ਹੋ ਗਏ ਹੁੰਦੇ। ਹੈ ਅਰਥੀ ਨੂੰ ਫਿਕਰ ਕੇਹਾ ਕਿ ਕਿੰਨੇ ਲੋਕ ਨੇ ਪਿੱਛੇ, ਬੜੇ ਹੁੰਦੇ ਨੇ ਜਿੰਨੇ ਵੀ ਇਕੱਤਰ ਹੋ ਗਏ ਹੁੰਦੇ। ਅਦਰਸ਼ਾਂ ਨਾਲ ਪ੍ਰਣਾਏ ਕਦੇ ਥੱਕਦੇ ਨਹੀਂ ਯਾਰੋ, ਸਤਾਰਾਂ ਤੋਂ ਤੁਰੇ ਹੋਏ ਜੋ ਸੱਤਰ ਹੋ ਗਏ ਹੁੰਦੇ।
ਕੋਇਲਾਂ ਵਰਗੀ
ਤੁਸਾਂ ਕੀਤੀ ਹੈ ਗੱਲ ਜਦ ਵੀ ਤਾਂ ਕੀਤੀ ਬੁਜ਼ਦਿਲਾਂ ਵਰਗੀ। ਤਾਂ ਕਿਉਂ ਨਾ ਲੱਗਦੀ ਹਰ ਗੱਲ ਤੁਹਾਨੂੰ ਮੁਸ਼ਕਿਲਾਂ ਵਰਗੀ। ਤੁਸਾਂ ਜਦ ਕਰ ਲਿਆ ਸੀ ਰਸਤਿਆਂ ਦੇ ਨਾਲ ਸਮਝੌਤਾ, ਤੁਹਾਨੂੰ ਲੋੜ ਕੀ ਸੀ ਸੋਚਦੇ ਗੱਲ ਮੰਜ਼ਿਲਾਂ ਵਰਗੀ। ਤੁਸੀਂ ਤਾਂ ਸੋਚ ਮੁਚ ਅੰਦਰੋਂ ਤੇ ਬਾਹਰੋਂ ਇਕ ਮਿੱਕ ਨਿਕਲੇ, ਤੁਹਾਡੀ ਸ਼ਕਲ ਵੀ ਤੇ ਸੋਚ ਵੀ ਸੀ ਕਾਤਿਲਾਂ ਵਰਗੀ। ਅਸਾਡੀ ਜ਼ਿੰਦਗੀ ਦਾ ਫੈਸਲਾ ਹੁੰਦਾ ਤਾਂ ਕਿੰਝ ਹੁੰਦਾ, ਅਸਾਡੀ ਜ਼ਿੰਦਗੀ ਤਾਂ ਗੁੰਮ ਹੋਈਆਂ ਫਾਇਲਾਂ ਵਰਗੀ। ਅਸੀਂ ਠਿੱਲ੍ਹੇ ਹਾਂ ਜਿਸ ਅੰਦਰ ਸਮੁੰਦਰ ਹੈ ਹਨੇਰੇ ਦਾ, ਹਨੇਰੇ ਨੂੰ ਪਤਾ ਕੀ ਬਾਤ ਹੁੰਦੀ ਸਾਹਿਲਾਂ ਵਰਗੀ। ਉਨ੍ਹਾਂ ਜੇ ਕੰਮ ਵੀ ਕੀਤੇ ਤਾਂ ਕੀਤੇ ਬਿਨ ਸਿਰੋਂ ਪੈਰੋਂ, ਜੇ ਕੀਤੀ ਗੱਲ ਵੀ ਕੀਤੀ ਤਾਂ ਕੀਤੀ ਜ਼ਾਹਿਲਾਂ ਵਰਗੀ। ਅਸੀਂ ਤਾਂ ਸਮਝੀਆਂ ਕੋਇਲਾਂ ਜਦੋਂ ਬੋਲੇ ਤਾਂ ਕਾਂ ਨਿਕਲੇ, ਤੇ ਕਾਂ ਕਿੱਥੋਂ ਲਿਆਉਂਦੇ ਸੁਰ ਸੁਰੀਲੀ ਕੋਇਲਾਂ ਵਰਗੀ।
ਦੇਖ ਰਿਹਾ ਹਾਂ ਮੈਂ
ਜੋ ਤੂੰ ਕਰਦੈਂ ਦੇਖ ਰਿਹਾ ਹਾਂ, ਮੈਂ ਕੋਈ ਅਣਜਾਣ ਨਹੀਂ ਹਾਂ। ਧੁਨਸ਼-ਬਾਣ ਹਾਂ ਅਰਜੁਨ ਦਾ ਮੈਂ, ਨੇਤਾ ਦਾ ਵਖਿਆਣ ਨਹੀਂ ਹਾਂ। ਮੈਂ ਸ਼ਾਇਰ ਹਾਂ ਲੋਕਾਂ ਦਾ ਤੇ, ਮੈਂ ਲੋਕਾਂ ਦੀ ਹਾਂ ਆਵਾਜ਼, ਮੈਂ ਲੋਕਾਂ ਦੇ ਖ਼ਾਬ ਖ਼ਿਆਲਾਂ ਦਾ, ਕਰ ਸਕਦਾ ਘਾਣ ਨਹੀਂ ਹਾਂ। ਅਣਖ ਹੈ ਮੇਰੀ ਸਾਬਤ, ਤਿੜਕੀ ਤੇਰੇ ਵਾਂਗ ਜ਼ਮੀਰ ਨਹੀਂ, ਤੇਰੇ ਵਾਂਗਰ ਮੈਂ ਸ਼ਾਹਾਂ ਦਾ, ਕਰ ਸਕਦਾ ਗੁਣਗਾਣ ਨਹੀਂ ਹਾਂ। ਮੇਰਾ ਮਨ ਤਾਂ ਕੰਮੀਆਂ ਦੇ ਹੀ, ਵਿਹੜੇ ਵਿਚ ਨਿਵਾਸ ਕਰੇ, ਮੈਂ ਤਾਂ ਮਹਿਲਾਂ ਵਲ ਤੱਕਣਾ ਵੀ, ਕਰ ਸਕਦਾ ਪ੍ਰਵਾਣ ਨਹੀਂ ਹਾਂ। ਮੈਂ ਤਾਂ ਬੂਹੇ, ਬਾਰੀਆਂ, ਮੰਜੇ, ਪੀੜ੍ਹੇ, ਹਲ ਬਣਾਉਂਦਾ ਹਾਂ, ਰੱਥ ਬਣਾਵਾਂ, ਤਖਤ ਬਣਾਵਾਂ, ਮੈਂ ਐਸਾ ਤਰਖਾਣ ਨਹੀਂ ਹਾਂ। ਮੇਰੀ ਅਪਣੀ ਹਸਤੀ ਬਸਤੀ, ਨਾਇਕ ਹਾਂ ਇਤਿਹਾਸਾਂ ਦਾ ਮੈਂ, ਤੇਰੇ ਵਾਂਗਰ ਐਰਾ ਗ਼ੈਰਾ, ਮੈਂ ਕੋਈ ਕੱਖ-ਕਾਣ ਨਹੀਂ ਹਾਂ। ਮੈਂ ਅਪਣੇ ਸਵੈ-ਮਾਣ ਦਾ ਮਾਲਕ, ਮੰਨਾਂ ਤੇਰਾ ਰੋਸ ਕਿਉਂ ਮੈਂ, ਮਿਹਨਤ ਕਰਕੇ ਖਾਨਾਂ, ਤੇਰੇ ਘਰ ਮੈਂ ਜਾਂਦਾ ਖਾਣ ਨਹੀਂ ਹਾਂ।
ਮਿਲ ਕਿਤੇ
ਦਿਹ ਅਗਰ ਦੇ ਦਿਲ ਸਕੇਂ ਤਾਂ । ਇਸ਼ਕ-ਸਾਗਰ ਠਿੱਲ੍ਹ ਸਕੇਂ ਤਾਂ। ਸਫਰ ਹੋ ਜਾਊ ਸੁਹਾਣਾ, ਹੋ ਅਗਰ ਸ਼ਾਮਿਲ ਸਕੇਂ ਤਾਂ। ਮੈਂ ਦਿਵਾਨਾ ਹੋ ਲਵਾਂਗਾ, ਜੇ ਤੂੰ ਹੋ ਪਾਗਿਲ ਹੋ ਸਕੇ ਤਾਂ। ਹਾਂ ਤੇਰਾ ਕਾਇਲ, ਮਜ਼ਾ ਹੈ, ਤੂੰ ਵੀ ਹੋ ਕਾਇਲ ਸਕੇ ਤਾਂ। ਖ਼ਤ ਵੀ ਲਿਖ ਤੇ ਫ਼ੋਨ ਵੀ ਕਰ, ਮਿਲ ਕਿਤੇ ਜੇ ਮਿਲ ਸਕੇਂ ਤਾਂ । ਨਾਮ ਤੇਰੇ ਕਰ ਦਿਆਂਗਾ, ਆ ਮਿਰੀ ਮਹਿਫਿਲ ਸਕੇਂ ਤਾਂ। ਰੋਬ੍ਹ ਨਾ ਆਰੂਜ਼ ਦਾ ਪਾ, ਲਿਖ ਗ਼ਜ਼ਲ ਜੇ ਲਿਖ ਸਕੇਂ ਤਾਂ।
ਮੁਨਾਸਿਬ ਨਹੀਂ
ਲੈ ਕੇ ਤੁਰਨਾ ਸਹਾਰਾ ਮੁਨਾਸਿਬ ਨਹੀਂ। ਇਸ ਤਰ੍ਹਾਂ ਦਾ ਗੁਜ਼ਾਰਾ ਮੁਨਾਸਿਬ ਨਹੀਂ। ਬਾਜ਼ ਨੂੰ ਛੱਡ ਕੇ ਝੁੰਡ ਚਿੜੀਆਂ ਮਗਰ, ਫੇਰ ਤੱਕਣਾ ਨਜ਼ਾਰਾ ਮੁਨਾਸਿਬ ਨਹੀਂ। ਇਕ ਵਾਰੀ ਹਾਂ ਜਿਥੋਂ ਉਠਾਇਆ ਗਿਆਂ, ਜਾਣਾ ਓਥੇ ਦੁਬਾਰਾ ਮੁਨਾਸਿਬ ਨਹੀਂ। ਬਾਤ ਹੋਵੇ ਮੁਨਾਸਿਬ ਮੁਨਾਸਿਬ ਸਮੇਂ, ਨਾ-ਮੁਨਾਸਿਬ ਇਸ਼ਾਰਾ ਮੁਨਾਸਿਬ ਨਹੀਂ। ਛੱਡ ਕੇ ਜ਼ਿੰਮੇਵਾਰੀ ਫਰਜ਼ ਆਪਣੇ, ਹੋ ਕੇ ਫਿਰਨਾ ਅਵਾਰਾ ਮੁਨਾਸਿਬ ਨਹੀਂ। ਹੋ ਕੇ ਮੁਨਕਰ ਨਸੀਹਤਾਂ ਦਏ ਹੋਰ ਨੂੰ, ਇਸ ਤਰ੍ਹਾਂ ਦਾ ਬੁਲਾਰਾ ਮੁਨਾਸਿਬ ਨਹੀਂ। ਦਮ ਭਰੇ ਦੋਸਤੀ ਦਾ ਕਰੇ ਦੁਸ਼ਮਣੀ, ਪਰ ਕਹਾਵੇ ਪਿਆਰਾ ਮੁਨਾਸਿਬ ਨਹੀਂ।
ਸੁੱਤੀਆਂ ਅੱਖਾਂ
ਅੰਦਰ ਧੁਖ਼ਦੀ ਅੱਗ ਤੇ ਬਾਹਰ ਮੀਂਹ ਵਰ੍ਹਦਾ । ਦੇਖੋ ਅੱਗ ਬੁਝਾਵਣ ਵਾਲਾ ਕੀ ਕਰਦਾ। ਸੁੱਤੀਆਂ ਅੱਖਾਂ ਕੱਲ ਬ੍ਰਹਿਮੰਡ ਨੂੰ ਦੇਖਦੀਆਂ, ਜਾਗਦੀਆਂ ਅੱਗੇ ਦਿੱਸ-ਹੱਦੇ ਦਾ ਪਰਦਾ। ਤਨ ਦਾ ਕੀ ਸਿਰਨਾਵਾਂ ਬੰਦਾ ਆਪਣੇ ਹੀ, ਸਾਹਾਂ ਦੀ ਗਿਣਤੀ ਤੇ ਆਪਣਾ ਨਾਂ ਕਰਦਾ। ਅਣ-ਦਿੱਸਦੇ ਅਣ-ਗਿਣਤ ਨੇ ਰੂਹ ਅਣ-ਦਿੱਸਦੀ 'ਤੇ, ਦਿੱਸਦਾ ਤਨ ਕੁਝ ਦਿੱਸਦੇ ਜ਼ਖ਼ਮ ਰਿਹਾ ਜਰਦਾ । ਰੂਹ ਦੇ ਜ਼ਖ਼ਮਾਂ ਦਾ ਕੀ ਰਿੱਸਦੇ ਰਹਿਣ ਦਿਓ, ਤਨ ਦਾ ਸੋਚੋ ਭਰਦਾ ਹੈ ਕਿ ਨ੍ਹੀਂ ਭਰਦਾ। ਸੁੰਞੀ ਟਾਹਣੀ ਬਹਿ ਇਕ ਪੰਛੀ ਸੋਚਾਂ ਵਿੱਚ, ਖੌਰੇ ਬੈਠਾ ਕੀ ਗਿਣਤੀ ਮਿਣਤੀ ਕਰਦਾ। ਹੋਵਣ ਮਿੱਤਰ ਯਾਰ ਤਾਂ ਕੰਮ ਕੁੱਝ ਸਰ ਜਾਂਦੇ, ਦੁਸ਼ਮਣ ਵੀ ਨਾ ਹੋਣ ਤਾਂ ਕੰਮ ਨਹੀਂ ਸਰਦਾ।
ਲਾਲ ਹਵੇਲੀ
ਮੇਲਾ ਹੈ ਪਰ ਮਨ ਦਾ ਮੇਲੀ ਕਿੱਥੇ ਹੈ। ਜੇਲ੍ਹ ਤਾਂ ਹੈ ਪਰ ਪੈਸਾ ਧੇਲੀ ਕਿੱਥੇ ਹੈ। ਉਹ ਮਿਹਨਤ ਦੀ ਮੁੜ੍ਹਕੇ ਦੀ ਕਿੱਥੇ ਹੈ ਮਹਿਕ, ਉਹ ਰੀਝਾਂ ਦੀ ਨਾਰ-ਨਵੇਲੀ ਕਿੱਥੇ ਹੈ। ਹੋਇਆ ਬਾਗ ਵਿਰਾਨ ਹੈ ਸੁੰਨ-ਮਸਾਣ ਜਿਹੀ, ਮਾਲੀ ਨੇ ਜੋ ਮੁਸ਼ਕਿਲ ਝੇਲੀ ਕਿੱਥੇ ਹੈ। ਜੋ ਮੇਰੇ ਬਿਨ ਇਕ ਪਲ ਵੀ ਨਾ ਰਹਿੰਦਾ ਸੀ, ਹੁਣ ਉਹ ਮੇਰਾ ਮਿੱਤਰ-ਬੇਲੀ ਕਿੱਥੇ ਹੈ। ਜਿਸ ਦੇ ਬੋਲਾਂ ਵਿਚ ਸੀ ਸ਼ਹਿਦ ਘੁਲੇ ਹੁੰਦੇ, ਉਹ ਤਨ-ਸ਼ੀਰੀਂ ਗੁੜ ਦੀ ਭੇਲੀ ਕਿੱਥੇ ਹੈ। ਸਾਡੇ ਰਾਹ ਵਿਚ ਜਿਸ ਨੇ ਕੰਡੇ ਬੀਜੇ ਸਨ, ਹੁਣ ਉਹ ਮਾਰੂ-ਹੱਥ ਹਥੇਲੀ ਕਿੱਥੇ ਹੈ। ਝੁੱਗੀਆਂ ਵਿਚੋਂ ਉੱਠ ਕੇ ਅਣਖਾਂ ਨੇ ਪੁੱਛਿਆ, ‘ਚੌਧਰੀਆਂ ਦੀ ਲਾਲ ਹਵੇਲੀ ਕਿੱਥੇ ਹੈ।'
ਲੱਗਦਾ ਹੈ
ਬਦਲ ਗਿਆ ਉਹ ਸੱਚਮੁਚ ਸਾਰਾ ਲੱਗਦਾ ਹੈ। ਮਿਲਿਆ ਕੋਈ ਭਰਪੂਰ ਹੁੰਗਾਰਾ ਲੱਗਦਾ ਹੈ। ਉਹਦੀਆਂ ਨਜ਼ਰਾਂ ਦੇ ਵਿਚ ਜਿਹੜਾ ਤੱਕਿਆ ਹੈ, ਤੱਕਿਆ ਪਹਿਲੀ ਵਾਰ ਨਜ਼ਾਰਾ ਲੱਗਦਾ ਹੈ। ਹੁੰਦਾ ਹੈ ਉਹ ਪਲ ਇਤਿਹਾਸਿਕ ਹੈ ਹੁੰਦਾ, ਜਦ ਕੋਈ ਰੂਹ ਨੂੰ ਬੜਾ ਪਿਆਰਾ ਲੱਗਦਾ ਹੈ। ਅੰਬਰ ਦੀ ਥਾਂ ਜਦ ਮੈਂ ਧਰਤੀ ਵਲ ਤੱਕਦਾਂ, ਇਸ ਦਾ ਵੀ ਹਰ ਜ਼ੱਰਾ ਤਾਰਾ ਲੱਗਦਾ ਹੈ। ਬੀਤੇ ਵਲ ਜਦ ਤੱਕਿਆ ਤਾਂ ਇਉਂ ਸੋਚ ਤੁਰੀ, ਝੜਿਆ ਪੱਤਾ ਕਦੋਂ ਦੁਬਾਰਾ ਲੱਗਦਾ ਹੈ। ਦੇਖ ਕੇ ਬਦਲੇ ਹੋਏ ਤੇਵਰ ਮੌਸਮ ਦੇ, ਹੋਣਾ ਮੁਸ਼ਕਿਲ ਹੋਰ ਗੁਜ਼ਾਰਾ ਲੱਗਦਾ ਹੈ। ਠਿੱਲ੍ਹੇ ਸਾਂ ਉਸ ਪਾਰ ਉਤਰਨੈ ਪਰ ਇਹ ਕੀ, ਹੋਇਆ ਹੋਰ ਵੀ ਦੂਰ ਕਿਨਾਰਾ ਲੱਗਦਾ ਹੈ।
ਕਦਾਚਿਤ ਨਹੀਂ
ਕੁਫ਼ਰ ਦਾ ਦਮ ਭਰਾਂ ਮੈਂ ਕਦਾਚਿਤ ਨਹੀਂ। ਇਹ ਜ਼ਲਾਲਤ ਜ਼ਰਾਂ ਮੈਂ ਕਦਾਚਿਤ ਨਹੀਂ। ਏਸ ਦੁਨੀਆਂ ਤੋਂ ਸਨਿਆਸ ਹੀ ਲੈ ਲਵਾਂ, ਆਖ ਇਸ ਨੂੰ ਸਰਾਂ ਮੈਂ ਕਦਾਚਿਤ ਨਹੀਂ। ਦੋਸਤਾਂ ਤੋਂ ਡਰਾਂ ਹਰ ਤਰ੍ਹਾਂ ਕੀ ਕਰਾਂ, ਦੁਸ਼ਮਣਾਂ ਤੋਂ ਡਰਾਂ ਮੈਂ ਕਦਾਚਿਤ ਨਹੀਂ। ਹਾਰ ਕੇ ਹੌਂਸਲਾ ਢਾਹ ਲਵਾਂ ਢਹਿ ਪਵਾਂ, ਇਹ ਕਰਾਂ ਕਿਸ ਤਰ੍ਹਾਂ ਮੈਂ ਕਦਾਚਿਤ ਨਹੀਂ। ਜੋ ਨਾ ਮਹਿਫਲ ਮਿਰੀ ਸੋਚ ਦੇ ਹਾਣ ਦੀ, ਪੈਰ ਓਥੇ ਧਰਾਂ ਮੈਂ ਕਦਾਚਿਤ ਨਹੀਂ। ਬੀਤ ਚੁੱਕੇ ਨੂੰ ਰੋਵਾਂ ਕਰਾਂ ਹੇਰਵਾ, ਬੈਠ ਹੌਕੇ ਭਰਾਂ ਮੈਂ ਕਦਾਚਿਤ ਨਹੀਂ। ਜਾਨ ਜਾਏ ਤਾਂ ਜਾਏ ਮਗਰ ਛੱਡ ਦਿਆਂ, ਮਾਣ ਅਪਣੇ ਪਰਾਂ ਦਾ ਕਦਾਚਿਤ ਨਹੀਂ।
ਮਿਲਣਾ ਹੋਵੇ ਤਾਂ
ਦੇਖ ਲਈ ਹਰ ਚਾਲ ਅਸੀਂ ਹਰ ਤੋਰ ਜ਼ਮਾਨੇ ਦੀ । ਨਾ ਕੋਈ ਮੰਜ਼ਿਲ ਨੂੰ ਸਮਝੇ ਨਾ ਲੋੜ ਨਿਸ਼ਾਨੇ ਦੀ । ਮਾਰ ਕੇ ਧੁੱਪੇ ਸੁੱਟ ਦੇਂਦੇ ਨੇ ਲੋਕ ਦੁਪਹਿਰਾਂ ਨੂੰ, ਏਦਾਂ ਦੀ ਨਾ ਗੱਲ ਸੁਣੀ ਸੀ ਕਦੇ ਯਰਾਨੇ ਦੀ। ਕੋਲ ਨਾ ਜਿਸ ਦੇ ਦਿਲ ਨਾ ਬਾਕੀ ਬਚੀ ਜ਼ਮੀਰ ਜਿਹਦੇ, ਹੋਣੀ ਉਸ ਨੂੰ ਪੀੜ ਕੀ ਮੇਰੇ ਦਰਦ ਬਿਆਨੇ ਦੀ। ਬੋਲ ਬਹਾਰਾਂ ਦੇ ਸੁਣ ਲੈਂਦਾ ਬਹਿ ਕੇ ਹਰ ਕੋਈ, ਸੁਣਦਾ ਨਾ ਕੋਈ ਖੜਾ ਖੜੋਤਾ ਬਾਤ ਵਿਰਾਨੇ ਦੀ। ਦਾਨਿਸ਼ਵਰ ਦੀ ਝੂਠੀ ਨਿਕਲੀ ਐਪਰ ਸੱਚ ਹੋਈ, ਮਾਰ ਭਜਾਇਆ ਸੀ ਜਿਸ ਨੂੰ ਗੱਲ ਓਸ ਦਿਵਾਨੇ ਦੀ। ਜਿੱਥੇ ਜਾ ਕੇ ਪਾਗਲ ਹੋਰ ਵੀ ਪਾਗਲ ਹੋ ਜਾਂਦੇ, ਭੱਜੇ ਜਾਂਦੇ ਨੇ ਲੋਕੀਂ ਉਸ ਪਾਗਲਖਾਨੇ ਨੂੰ। ਆਉਣਾ ਹੋਵੇ ਤਾਂ ਕਿੰਨੀ ਕੁ ਦੂਰ ਹੈ ਅੰਬਰਸਰ, ਮਿਲਣਾ ਹੋਵੇ ਤਾਂ ਕੀ ਹੁੰਦੀ ਬਾਤ ਬਹਾਨੇ ਦੀ।
ਕਿੱਥੇ ਗਈ
ਬਾਤ ਕਹਿਣੀ ਚਾਹ ਰਿਹਾਂ ਜੋ ਉਹ ਅਸਲ ਕਿੱਥੇ ਗਈ। ਜੋ ਸੁਣਾਉਣੀ ਚਾਹ ਰਿਹਾ ਸਾਂ ਉਹ ਗ਼ਜ਼ਲ ਕਿੱਥੇ ਗਈ। ਸੋਚਦੈ ਸਭ ਕੁਝ ਲੁਟਾ ਕੇ ਜਦ ਰਿਹਾ ਨਾ ਕੋਲ ਕੁਝ, ਸ਼ਕਲ ਪਿੱਛੇ ਜਾਣ ਵਾਲੇ ਦੀ ਅਕਲ ਕਿੱਥੇ ਗਈ। ਖੇਤ ਵਿਚ ਲਹਿਰਾ ਰਹੀ ਸੀ ਸੋਨ ਝਲਕਾਂ ਮਾਰਦੀ, ਮੇਰੇ ਅਰਮਾਨਾਂ ਦੀ ਉਹ ਭਰਵੀਂ ਫਸਲ ਕਿੱਥੇ ਗਈ। ਉਹ ਜਿਹਨੂੰ ਦਿਲ ਵਿਚ ਵਸਾਇਆ ਸੀ ਬੜੇ ਹੀ ਨਾਜ਼ ਨਾਲ, ਕਰ ਅਸਾਨੂੰ ਸਾਰਿਆਂ ਨੂੰ ਬੇ-ਦਖ਼ਲ ਕਿੱਥੇ ਗਈ। ਉਹ ਨਜ਼ਰ ਜੋ ਸਾਰਿਆਂ ਦਾ ਚੈਨ ਲੁੱਟ ਕੇ ਲੈ ਗਈ, ਕਰ ਗਈ ਹੈ ਸਾਰਿਆਂ ਨੂੰ ਜੋ ਕਤਲ ਕਿੱਥੇ ਗਈ। ਉਹ ਜਿਹਦੀ ਇਕ ਝਲਕ ਹੀ ਫ਼ਿਤਨੇ ਜਗਾਉਂਦੀ ਸੀ ਨਵੇਂ, ਭਾਲਦਾ ਹੈ ਸ਼ਹਿਰ ਸਾਰਾ ਉਹ ਸ਼ਕਲ ਕਿੱਥੇ ਗਈ। ਤਨ ਤਾਂ ਰਾਜ਼ੀ ਕਰ ਗਈ ਹੈ ਮਨ ਨੂੰ ਲਾ ਕੇ ਰੋਗ ਹੋਰ, ਚੁਲਬਲੀ ਜਿਹੀ ਨਰਸ ਉਹ ਖੌਰੇ ਬਦਲ ਕਿੱਥੇ ਗਈ।
ਨਾ ਕਦਾਚਿਤ
ਬੋਲਦੇ ਬੰਨੇ ਜਿਹਦੇ 'ਤੇ ਬੈਠ ਚਿੜੀਆਂ ਕਾਂ ਨਹੀਂ। ਮੈਂ ਅਜਿਹੇ ਘਰ ਨੂੰ ਘਰ ਦਾ ਦੇ ਸਕਾਂਗਾ ਨਾਂ ਨਹੀਂ। ਉਸ ਰੁੱਖ ਨੂੰ ਰੁੱਖ ਕਹਿਣਾ ਰੁੱਖ ਦੀ ਤੌਹੀਨ ਹੈ, ਪਾਉਣ ਪੰਛੀ ਆਲ੍ਹਣੇ ਨਾ ਹੇਠ ਜਿਸ ਦੇ ਛਾਂ ਨਹੀਂ। ਯਾਰ ਦੇ ਹੀ ਸ਼ਹਿਰ ਆ ਕੇ ਯਾਰ ਨੂੰ ਮੈਂ ਨਾ ਮਿਲਾਂ, ਨਾ ਕਦਾਚਿਤ ਮੈਂ ਕਦੇ ਵੀ ਕਰ ਸਕਾਂ ਏਦਾਂ ਨਹੀਂ। ਨੱਚਦੀਆਂ ਨਾ ਤਿਤਲੀਆਂ ਜਿੱਥੇ ਨਾ ਪੰਛੀ ਚਹਿਕਦੇ, ਕਬਰ ਹੁੰਦੀ ਹੈ ਮਨੁੱਖਾਂ ਵਾਸਤੇ ਉਹ ਥਾਂ ਨਹੀਂ। ਦੋਸ਼ ਮੇਰਾ ਹੈ, ਮੈਂ ਦੋਸ਼ੀ ਹਾਂ, ਸਜ਼ਾ ਦਾ ਹੱਕਦਾਰ, ਦੋਸ਼ ਆਪਣਾ ਮੈਂ ਕਿਸੇ ਸਿਰ ਹੋਰ ਦੇ ਧਰਦਾਂ ਨਹੀਂ। ਜੇ ਬੁਲਾਓਗੇ ਹੁੰਗਾਰਾ ਦੇਣਗੇ ਹਰ ਬਾਤ ਦਾ, ਨਾ ਬੁਲਾਓਗੇ ਤਾਂ ਬਿਲਕੁਲ ਬੋਲਣਾ ਸ਼ਬਦਾਂ ਨਹੀਂ। ਮੈਂ ਜ਼ਮਾਨੇ ਨੂੰ ਭੁਲਾ ਸਕਦਾਂ ਭੁਲਾ ਸਕਦਾਂ ਖ਼ੁਦਾ, ਪਰ ਕਦਾਚਿਤ ਮੈਂ ਭੁਲਾ ਸਕਦਾ ਹਾਂ ਆਪਣੀ ਮਾਂ ਨਹੀਂ।
ਖ਼ਤਾਂ ਦਾ ਸਿਲਸਿਲਾ
ਖ਼ਤਾਂ ਦਾ ਸਿਲਸਿਲਾ ਤੁਰਿਆ ਰਹੇ ਤਾਂ ਠੀਕ ਰਹਿੰਦਾ ਹੈ। ਰਹੇ ਬੰਦਾ ਕਿਤੇ ਵੀ ਦਿਲ ਦੇ ਦਿਲ ਨਜ਼ਦੀਕ ਰਹਿੰਦਾ ਹੈ। ਕਰੇ ਧੂੰਆਂ ਨਾ ਪ੍ਰਦੂਸ਼ਿਤ ਇਹਨੂੰ, ਖ਼ੁਦਗਰਜ਼ੀਆਂ ਦਾ ਜੇ, ਤਾਂ ਮੌਸਮ ਦੋਸਤੀ ਦਾ ਵੀ ਬੜਾ ਰਮਣੀਕ ਰਹਿੰਦਾ ਹੈ। ਉਹਨੂੰ ਤਾਂ ਆਪਣੀ ਹੀ ਹੋਂਦ ਦਾ, ਹਿੰਦਸਾ ਨਹੀਂ ਮਿਲਿਆ, ਜਮ੍ਹਾਂ, ਜ਼ਰਬਾਂ ਤੇ ਜਾਂ ਕਰਦਾ ਕਦੇ ਤਫ਼ਰੀਕ ਰਹਿੰਦਾ ਹੈ। ਜ਼ਰੂਰੀ ਤਾਂ ਨਹੀਂ ਕਾਗ਼ਜ਼ ਤੇ ਸਭ ਕੁਝ ਹੀ ਉਤਰ ਆਏ, ਬੜਾ ਕੁਝ ਅਣ-ਲਿਖੇ ਹੁੰਦਾ ਸਦਾ ਤਖ਼ਲੀਕ ਰਹਿੰਦਾ ਹੈ। ਸਮਾਂ ਬੇਸ਼ੱਕ ਕਰੇ ਤਸਦੀਕ ਨਾ ਹਸਤੀ ਉਹਦੀ ਦਾ ਸੱਚ, ਉਹ ਕਰਦਾ ਪਰ ਸਮੇਂ ਦੇ ਸੱਚ ਦੀ ਤਸਦੀਕ ਰਹਿੰਦਾ ਹੈ। ਉਹ ਰੰਗ ਜਿਹੜਾ ਸ਼ਹਾਦਤ ਦੇ ਲਹੂ ਨਾਲ ਮੇਲ ਖਾ ਜਾਵੇ, ਉਹ ਰਹਿੰਦਾ ਹੈ ਸਦਾ ਗੂੜ੍ਹਾ ਸਥਿਰ ਜਦ ਤੀਕ ਰਹਿੰਦਾ ਹੈ। ਸਮਾਇਆ ਆਪਣੇ ਸ਼ਬਦਾਂ 'ਚ ਹਾਂ ਹਾਜ਼ਰ ਸਦਾ ਰਹਿੰਨਾਂ, ਕਦੇ ਮੈਂ ਆਪ ਤੇ ਜਾਂ ਫਿਰ ਮਿਰਾ ਪ੍ਰਤੀਕ ਰਹਿੰਦਾ ਹੈ।
ਕੁੱਟੀ ਚਲੋ
ਕੁੱਟੀ ਚੱਲੋ ਲੋਕਾਂ ਨੂੰ ਹੱਕ ਦੱਬ ਕੁੱਟੀ ਚੱਲੋ। ਦੋਹੀਂ ਹੱਥੀਂ ਲੁੱਟੀ ਚੱਲੋ ਲੁੱਟੀ ਚੱਲੋ । ਹੱਕ ਤੇ ਸੱਚ ਦੀ ਗੱਲ ਕਰਦੇ ਜੋ ਨਾਹਰੇ ਮਾਰਨ, ਡਾਂਗਾਂ ਮਾਰੋ ਮਾਰ ਮਾਰ ਕੇ ਸੁੱਟੀ ਚੱਲੋ। ਲੱਤਾਂ ਬਾਹਾਂ ਤੋੜੋ ਜੋੜ ਵਿਛੋੜ ਦਿਓ ਸਭ, ਫਿਰ ਵੀ ਕੁਸਕਣ ਤਾਂ ਫੜ ਸੰਘੀ ਘੁੱਟੀ ਚੱਲੋ। ਰੋਕਣ ਵਾਲਾ ਕਿਹੜਾ ਇਹ ਤਾਂ ਧਰਮ ਤੁਹਾਡਾ, ਕੂੜ ਨਿਖੁੱਟੇ ਦੀ ਥਾਂ ਸੱਚ ਨਿਖੁੱਟੀ ਚੱਲੋ। ਲਾਹੋ ਸਭ ਦੇ ਕੱਪੜੇ ਛੱਲੇ ਮੁੰਦਰੀਆਂ ਵੀ, ਕੰਨੋਂ, ਨੱਕੋਂ ਗਹਿਣੇ ਧੂਈ ਝਰੁੱਟੀ ਚੱਲੋ। ਕੌਣ ਤੁਹਾਨੂੰ ਰੋਕਣ ਵਾਲਾ ਟੋਕਣ ਵਾਲਾ, ਜਿੱਧਰੋਂ ਲੰਘਦੇ ਜਾਓ ਧੂੜਾਂ ਪੁੱਟੀ ਚੱਲੋ। ਕੋਈ ਮਰੇ ਤੇ ਕੋਈ ਜੀਵੇ ਡਰ ਕਿਸ ਦਾ ਹੈ, ਡਫ਼ ਸ਼ਰਾਬਾਂ ਮੂਧੇ ਮੂੰਹ ਹੋ ਗੁੱਟੀ ਚੱਲੋ।
ਐ ਖ਼ੁਦਾ !
ਬਖਸ਼ ਦੇ ਮੈਨੂੰ ਵੀ, ਇਕ ਵਾਰੀ ਵਜ਼ੀਰੀ, ਐ ਖ਼ੁਦਾ! ਹਾਂ ਹੰਢਾ ਚੁੱਕਾਂ ਬੜੀ, ਤੇਰੀ ਫ਼ਕੀਰੀ, ਐ ਖ਼ੁਦਾ! ਭੁੱਖ ਦੇ ਹੀ ਦੁੱਖ ਵਿੱਚ, ਮੈਂ ਕੀ ਦਾ ਕੀ ਹਾਂ ਹੋ ਗਿਆ, ਖਾ ਲਵਾਂ ਮੈਂ ਵੀ ਵਜ਼ੀਰੀ ਦੀ, ਪੰਜ਼ੀਰੀ, ਐ ਖ਼ੁਦਾ! ਮੈਂ ਕਿਹੜਾ ਮੁੜ ਜੰਮਣਾ, ਹੈ ਤੂੰ ਕਿਹੜਾ ਮੁੜ ਘੱਲਣਾ, ਆਪਣੀ ਫੇਰੀ ਤਾਂ ਇਹ ਲੱਗਦੀ, ਅਖੀਰੀ, ਐ ਖ਼ੁਦਾ! ਝੱਲੀਆਂ ਨੇ ਬਹੁਤ ਰਾਤਾਂ, ਮੁਫ਼ਲਸੀ ਦੀਆਂ ਹਨੇਰ, ਬਖ਼ਸ਼ ਚਾਨਣ ਦੌਲਤਾਂ ਦਾ, ਦਿਹ ਅਮੀਰੀ, ਐ ਖ਼ੁਦਾ! ਹੋਰਨਾਂ ਤੇ ਹੈ ਤੇਰੀ, ਜਦ ਕਿ ਸਵੱਲੀ ਹੀ ਨਜ਼ਰ, ਕਿਉਂ ਹੈ ਮੇਰੀ ਤਰਫ਼ ਤੇਰੀ, ਅੱਖ ਟੀਰੀ, ਐ ਖ਼ੁਦਾ ! ਤੂੰ ਖ਼ੁਦਾ ਏਂ, ਤੂੰ ਖ਼ੁਦਾ ਹੀ ਰਹੇਂਗਾ, ਨਿਸਚਿੰਤ ਰਹਿ, ਨਾਲ ਹੰਸਾਂ ਦੇ ਕਿਵੇਂ, ਰਲ ਜੂ ਟਟ੍ਹੀਰੀ, ਐ ਖ਼ੁਦਾ ! ਜੇ ਤੂੰ ਮੇਰੀ ਰੇਖ ਦੇ ਵਿਚ, ਮੇਖ ਸਕਦਾ ਮਾਰ ਨਹੀਂ, ਤਾਂ ਤੇਰੀ ਕਾਹਦੀ ਖ਼ੁਦਾਈ, ਜਾਂ ਹੈ ਪੀਰੀ, ਐ ਖ਼ੁਦਾ !
ਰੋਣ ਲੱਗ ਪੈਂਦੇ ਓ
ਅਜ ਕਲ ਕਿਨ੍ਹਾਂ ਨਾਲ ਉੱਠਦੇ ਓ ਬਹਿੰਦੇ ਓ। ਮਿਲਦੇ ਹੀ ਨਹੀਂ ਅੱਜ ਕਲ ਕਿੱਥੇ ਰਹਿੰਦੇ ਓ। ਰਹਿਣਾ ਹੈ ਜਨਾਬ ਕਿੱਥੇ ਮਿਲਣਾ ਵੀ ਹੋਇਆ ਕੀ, ਮਿਲ ਹੀ ਜੇ ਪਈਏ ਓਸੇ ਵੇਲੇ ਲੜ ਪੈਂਦੇ ਓ। ਚੜ੍ਹਦੇ ਓ ਝੱਖੜ ਹਨੇਰੀ ਵਾਂਗ ਚੜ੍ਹਦੇ ਓ, ਢਹਿੰਦੇ ਓ ਤਾਂ ਮੀਂਹ 'ਚ ਕੱਚੇ ਕੋਠੇ ਵਾਂਗ ਢਹਿੰਦੇ ਓ। ਏਨੀ ਵੀ ਨਾ ਨਾਜ਼ੁਕ ਤਬੀਤ ਹੋਣੀ ਚਾਹੀਦੀ ਹੈ, ਪੋਟਿਆਂ 'ਚ ਸੂਈ ਚੁੱਭੇ ਰੋਣ ਲੱਗ ਪੈਂਦੇ ਓ। ਖੌਰੇ ਇਹ ਕੀ ਰੋਗ ਹੈ ਲਗਾ ਕੇ ਬੈਠੇ ਜਿੰਦ ਨੂੰ, ਆਪਣੀ ਹੀ ਛਾਂ ਦੇ ਕੋਲੋਂ ਡਰਦੇ ਤ੍ਰਹਿੰਦੇ ਓ। ਗੱਲ ਕਰੀਏ ਤਾਂ ਕਿੰਝ ਕਰੀਏ ਤੁਹਾਡੇ ਨਾਲ, ਜ਼ਰਾ ਜਿੰਨੀ ਗੱਲੋਂ ਗੁੱਸੇ ਹੋਣ ਲੱਗ ਪੈਂਦੇ ਓ। ਕਰਦੇ ਓ ਤੁਸੀਂ ਗੱਲਾਂ ਅੱਖਾਂ ਨਾਲ ਬਹੁਤੀਆਂ, ਮੂੰਹੋਂ ਭਾਵੇਂ ਤੁਸੀਂ ਸਦਾ ਚੁੱਪ ਚੁੱਪ ਰਹਿੰਦੇ ਓ।
ਮਿਰੇ ਘਰ ਨੂੰ
ਹਰ ਰੋਜ਼ ਤੁਰੇ ਆਉਂਦੇ, ਇਲਜ਼ਾਮ ਮਿਰੇ ਘਰ ਨੂੰ । ਹਰ ਰੋਜ਼ ਕਰੀ ਜਾਂਦੇ, ਬਦਨਾਮ ਮਿਰੇ ਘਰ ਨੂੰ। ਉਹ ਆਪਣੀ ਸ਼ਨਾਖ਼ਤ ਦੀ, ਅਫ਼ਵਾਹ ਨੂੰ ਵੀ ਤਰਸਣਗੇ, ਕੀਤਾ ਹੈ ਜਿਨ੍ਹਾਂ ਯਾਰੋ, ਗੁਮਨਾਮ ਮਿਰੇ ਘਰ ਨੂੰ। ਮਤ ਸੋਚਣ ਉਹ ਮਿਰੀਆਂ, ਨਜ਼ਰਾਂ ਤੋਂ ਓਹਲੇ ਨੇ, ਜੋ ਸੋਚ ਰਹੇ ਕਰਨਾ, ਉਪਰਾਮ ਮਿਰੇ ਘਰ ਨੂੰ। ਹਰ ਸ਼ਾਮ ਮੁਕਾ ਪੈਂਡਾ, ਸੂਰਜ ਹੈ ਕਦੋਂ ਛਿਪਦਾ, ਹਰ ਰਾਤ ਕਰਨ ਆਉਂਦੈ, ਆਰਾਮ ਮਿਰੇ ਘਰ ਨੂੰ। ਹਰ ਰੋਜ਼ ਨਵਾਂ ਤੁਰਦੈ, ਚਾਨਣ ਹੈ ਮਿਰੇ ਘਰ ਤੋਂ, ਹਰ ਰੋਜ਼ ਨਵਾਂ ਮਿਲਦਾ, ਹੈ ਨਾਮ ਮਿਰੇ ਘਰ ਨੂੰ। ਹਰ ਰੋਜ਼ ਸੁਬ੍ਹਾ ਹੁੰਦਿਆਂ, ਤੁਰਦੇ ਨੇ ਜੋ ਪ੍ਰਛਾਵੇਂ, ਮੁੜ ਪਰਤ ਕੇ ਆਉਂਦੇ ਨੇ, ਹਰ ਸ਼ਾਮ ਮਿਰੇ ਘਰ ਨੂੰ। ਹਰ ਹਾਲ ਉਹਦਾ ਜਿਸ ਦੇ, ਕਦਮਾਂ 'ਚ ਬਿਜਲੀਆਂ ਨੇ, ਆਮਦ ਦਾ ਸੁਨੇਹਾ ਹੈ, ਇਲਹਾਮ ਮਿਰੇ ਘਰ ਨੂੰ।
ਸੋਚ ਰਿਹਾ ਸੀ ਉਹ
ਮੁੱਠੀ ਵਿਚ ਹਵਾ ਨੂੰ ਭਰਨਾ ਸੋਚ ਰਿਹਾ ਸੀ ਉਹ। ਕਿੰਨਾ ਔਖਾ ਕਾਰਜ ਕਰਨਾ ਸੋਚ ਰਿਹਾ ਸੀ ਉਹ। ਸੱਚ ਦੇ ਰਾਹ ਤੇ ਚੱਲਣ ਦਾ, ਉਸ ਨੇਕ ਇਰਾਦਾ ਕੀਤਾ, ਦੇਖੋ ਮਰਨੋਂ ਪਹਿਲਾਂ ਮਰਨਾ ਸੋਚ ਰਿਹਾ ਸੀ ਉਹ । ਨਹੀਂ ਸੀ ਹੋਰਾਂ ਕੋਲੋਂ ਡਰਦਾ ਪਰ ਏਦਾਂ ਲੱਗਦੈ, ਕੇਵਲ ਅਪਣੇ ਆਪ ਤੋਂ ਡਰਨਾ ਸੋਚ ਰਿਹਾ ਸੀ ਉਹ। ਝਰਨੇ ਤੋਂ ਦਰਿਆ ਹੋਇਆ ਉਹ ਦਰਿਆ ਤੋਂ ਸਾਗਰ, ਮੁੜ ਹੋਣਾ ਸਾਗਰ ਤੋਂ ਝਰਨਾ ਸੋਚ ਰਿਹਾ ਸੀ ਉਹ। ਲੱਭਣ ਲਈ ਗੁਆਚੀ ਸੂਈ ਜ਼ਿੰਦਗੀ ਦੀ ਚਿਰ ਤੋਂ, ਅੰਨੇ ਖੂਹ ਦੇ ਵਿਚ ਉਤਰਨਾ ਸੋਚ ਰਿਹਾ ਸੀ ਉਹ। ਲੋਕੀਂ ਆਪਣੀ ਪੀੜ ਹੀ ਜਰਦੇ ਬਿਹਬਲ ਹੋ ਜਾਂਦੇ, ਐਪਰ ਪੀੜ ਪਰਾਈ ਜਰਨਾ ਸੋਚ ਰਿਹਾ ਸੀ ਉਹ। ਬਲਦੇ ਦੀਵੇ ਵਾਂਗ ਤਲੀ ਤੇ ਸਿਰ ਧਰ ਕੇ ਦੇਖੋ, ਨੇਰ੍ਹੇ ਦੇ ਵਿੱਚ ਚਾਨਣ ਕਰਨਾ ਸੋਚ ਰਿਹਾ ਸੀ ਉਹ।
ਮਰਨ ਹੋਰਾਂ ਵਾਸਤੇ
ਇਸ ਤਰ੍ਹਾਂ ਹੋਇਆ ਤਾਂ ਹੋਇਆ ਗ਼ਲਤ ਹੈ। ਆਪ ਹੀ ਹੱਸਿਆ ਤੇ ਰੋਇਆ ਗ਼ਲਤ ਹੈ। ਬੀਜ ਤਾਂ ਬੋਣਾਂ ਹੀ ਚਾਹੀਦੈ ਹਜ਼ੂਰ, ਰੇਤ ਵਿਚ ਬੋਇਆ ਤਾਂ ਬੋਇਆ ਗ਼ਲਤ ਹੈ। ਖੁੱਲ੍ਹਿਆ ਬੂਹਾ ਰਿਹਾ ਸੀ ਰਾਤ ਭਰ, ਪਰ ਸੁਬ੍ਹਾ ਹੋਈ ਤਾਂ ਢੋਇਆ ਗ਼ਲਤ ਹੈ। ਮਰਨ ਹੋਰਾਂ ਵਾਸਤੇ ਤਾਂ ਠੀਕ ਹੈ, ਆਪਣੀ ਖਾਤਰ ਜੋ ਮੋਇਆ ਗ਼ਲਤ ਹੈ। ਭੇਤ ਗ਼ੈਰਾਂ ਤੋਂ ਲੁਕਾਣਾ ਠੀਕ ਹੈ, ਭੇਤ ਅਪਣੇ ਤੋਂ ਲੁਕਾਣਾ ਗ਼ਲਤ ਹੈ। ਜੇ ਤਿਰੀ ਗੱਲ ਸੁਣ ਕੇ ਤੁਰਿਆ ਬਹੁਤ ਖੂਬ, ਜੇ ਤੇਰੀ ਗੱਲ ਸੁਣ ਖਲੋਇਆ ਗ਼ਲਤ ਹੈ। ਮੁੱਕਦੀ ਜਿੱਥੇ ਮੁਕਾ ਦੇਵੋ ਗ਼ਜ਼ਲ, ਸ਼ੇਅਰ ਖਿੱਚ ਧੂ ਕੇ ਪ੍ਰੋਇਆ ਗ਼ਲਤ ਹੈ।
ਦੇਖਦੇ ਹਾਂ
ਦੇਖਦੇ ਹਾਂ ਰੋਜ਼ ਅਕਸਰ ਦੇਖਦੇ ਹਾਂ। ਖਿੱਲਰੇ ਰਾਹਾਂ 'ਚ ਪੱਥਰ ਦੇਖਦੇ ਹਾਂ। ਅਰਥ ਜ਼ਖਮੀ ਦੇਖਦੇ ਹਾਂ, ਤੜਫਦੇ ਨੇ, ਰੋ ਰਹੇ ਰਾਹਾਂ 'ਚ ਅੱਖਰ ਦੇਖਦੇ ਹਾਂ। ਜਾਣਦੇ ਵੀ ਹਾਂ ਇਹਦਾ ਅੰਜਾਮ ਕੀ ਹੈ, ਛੇੜ ਕੇ ਭੂੰਡਾਂ ਦੀ ਖੱਖਰ ਦੇਖਦੇ ਹਾਂ। ਦੇਖਦੇ ਹਾਂ ਹੋਰਨਾਂ ਦੀ ਦਾਗ਼ਦਾਰੀ, ਸਾਫ ਅਪਣੀ ਸਾਫ ਚੱਦਰ ਦੇਖਦੇ ਹਾਂ। ਵੰਡਣਾ ਚਾਹੁੰਦੇ ਹਾਂ ਜਦ ਵੀ ਨਿਹਮਤਾਂ ਨੂੰ, ਸਭ ਤੋਂ ਪਹਿਲਾਂ ਆਪਣਾ ਟੱਬਰ ਦੇਖਦੇ ਹਾਂ। ਦੂਜਿਆਂ ਲਈ ਕੌੜ ਹਾਂ ਰੱਖਦੇ ਸਦੀਵੀ, ਆਪਣੇ ਲਈ ਗੁੜ ਤੇ ਸ਼ੱਕਰ ਦੇਖਦੇ ਹਾਂ। ਦੇਖਦੇ ਹਾਂ ਗਗਨ-ਚੁੰਭੀ ਬਿਲਡਿੰਗਾਂ ਨੂੰ, ਪਰ ਨਾ ਘਰ ਦੇ ਕੋਲ ਛੱਪਰ ਦੇਖਦੇ ਹਾਂ।
ਗੱਲ ਜੋ ਅਸਲੀ
ਅਪਣਾ ਹੀ ਨਾਂ ਲਿਖ ਲਿਖ ਆਪ ਮਿਟਾਈ ਜਾਂਦੇ ਓ। ਕੁੱਝ ਤਾਂ ਦੱਸੋ ਕੀ ਭਾਣਾ ਵਰਤਾਈ ਜਾਂਦੇ ਓ। ਗੱਲ ਜੋ ਅਸਲੀ ਹੈ ਉਹ ਗੱਲ ਲੁਕਾਈ ਜਾਂਦੇ ਓ, ਝੂਠੀ ਮੂਠੀ ਗੱਲ ਵਿਚ ਹੀ ਉਲਝਾਈ ਜਾਂਦੇ ਓ। ਹੋਰਾਂ ਦੇ ਮਸਲੇ ਤਾਂ ਹੱਲ ਕਰਵਾਈ ਜਾਂਦੇ ਓ, ਸਾਡਾ ਮਸਲਾ ਮੁੱਢੋਂ ਹੀ ਲਟਕਾਈ ਜਾਂਦੇ ਓ। ਇਹ ਵੀ ਕੀ ਗੱਲ ਹੋਈ ਇਸ ਦਾ ਫਾਇਦਾ ਵੀ ਕੀ ਹੈ, ਕਿਧਰੇ ਲਾਈ ਜਾਂਦੇ ਕਿਤੇ ਬੁਝਾਈ ਜਾਂਦੇ ਓ। ਲੰਘ ਜਾਂਦੇ ਓ ਚੁੱਪ-ਚੁਪੀਤੇ ਕੋਲੋਂ ਦੀ ਅਕਸਰ, ਰਸਤੇ ਵਿਚ ਖੜ੍ਹਿਆਂ ਦੇ ਸਿਰ ਪੜਵਾਈ ਜਾਂਦੇ ਓ। ਗੱਲ ਦਾ ਕਰੋ ਨਬੇੜਾ ਇਕ ਨੂੰ ਆਖ ਦਿਓ ਅਪਣਾ, ਚੁਪ ਰਹਿ ਕੇ ਕਿਉਂ ਝਗੜਾ ਹੋਰ ਵਧਾਈ ਜਾਂਦੇ ਓ। ਹੱਕ ਵਾਲਿਆਂ ਦੇ ਹੱਕ ਨੱਪ ਕੇ ਜਾਂ ਦੇਰੀ ਕਰਕੇ, ਅਪਣੇ ਪੈਰੀਂ ਕੰਡੇ ਆਪ ਵਿਛਾਈ ਜਾਂਦੇ ਓ।
ਕਲਮ ਜਦ ਲਿਖਦੀ
ਆਲ੍ਹਣਾ ਵਿਸ਼ਰਾਮ ਹੁੰਦੈ, ਪੰਛੀਆਂ ਦਾ ਘਰ ਨਹੀਂ। ਮਾਰਦੇ ਪ੍ਰਵਾਜ਼ ਪੰਛੀ, ਪੰਛੀਆਂ ਦੇ ਪਰ ਨਹੀਂ। ਹਰ ਸਫਰ ਆਰੰਭ ਹੁੰਦਾ ਹੈ, ਮੁਸਾਫਿਰ ਵਾਸਤੇ, ਸਫਰ ਦੀ ਸ਼ੁਰੂਆਤ ਹੁੰਦੀ, ਅੰਤ ਮਧਿਆਂਤਰ ਨਹੀਂ। ਹੋਂਦ ਨਦੀਆਂ, ਨਾਲਿਆਂ, ਦਰਿਆ ਦੀ ਕੰਢਿਆਂ ਨਾਲ ਹੈ, ਪਰ ਮੁਥਾਜ਼ੀ ਕੰਢਿਆਂ ਦੀ, ਸਮਝਦੇ ਸਾਗਰ ਨਹੀਂ। ਇਹ ਤਾਂ ਹੁੰਦੇ ਨੇ ਵਸੀਲਾ, ਹੈ ਇਨ੍ਹਾਂ ਦੇ ਕੋਲ ਕੀ, ਬੋਲਦੇ ਜਜ਼ਬਾਤ ਹੁੰਦੇ, ਬੋਲਦੇ ਅੱਖਰ ਨਹੀਂ। ਹੱਸਦਾ, ਰੋਂਦਾ, ਪਿਗ਼ਲਦਾ, ਤੜਫਦਾ ਹਾਲਾਤ ਨਾਲ, ਦਿਲ ਤਾਂ ਆਖਰ ਦਿਲ ਹੈ ਯਾਰੋ, ਦਿਲ ਕੋਈ ਪੱਥਰ ਨਹੀਂ। ਜ਼ਿੰਦਗੀ ਇਕ ਜੁਸਤਜੂ ਹੈ, ਗੁਫ਼ਤਗੂ ਹੈ ਵਕਤ ਨਾਲ, ਸੇਜ ਕੰਡਿਆਂ ਦੀ ਨਹੀਂ, ਫੁੱਲਾਂ ਦਾ ਵੀ ਬਿਸਤਰ ਨਹੀਂ। ਕਲਮ ਜਦ ਲਿਖਦੀ ਤਾਂ ਲਿਖਦੀ, ਗੀਤ ਵੀ ਤੇ ਨਜ਼ਮ ਵੀ, ਜੂਝਦੀ ਜਦ ਕਲਮ ਇਸ ਦੇ, ਨਾਲ ਦਾ ਸ਼ਸ਼ਤਰ ਨਹੀਂ।
ਮਨ ਮਰਜ਼ੀ ਦੇ ਮੋਤੀ
ਹੁੰਦਾ ਕੋਈ ਕੋਲ ਨਹੀਂ ਤਾਂ ਕੋਲ ਕਿਤਾਬਾਂ ਹੁੰਦੀਆਂ ਨੇ। ਚੁੱਪ ਜਦ ਹੁੰਦੇ ਸਾਰੇ ਰਹੀਆਂ ਬੋਲ ਕਿਤਾਬਾਂ ਹੁੰਦੀਆਂ ਨੇ। ਹਰ ਪੰਨੇ ਤੇ ਮੋਤੀ ਬਿਖਰੇ ਹੁੰਦੇ ਹੀਰੇ ਪੰਨੇ ਵੀ, ਏਸੇ ਲਈ ਨੇ ਕਹਿੰਦੇ ਕਿ ਅਨਮੋਲ ਕਿਤਾਬਾਂ ਹੁੰਦੀਆਂ ਨੇ। ਲੱਭੇ ਨਾ ਜਦ ਕੋਈ ਗੱਲਾਂ ਕਰਨ ਹੁੰਗਾਰਾ ਭਰਨ ਲਈ, ਓਦੋਂ ਹੀ ਫਿਰ ਅੱਖਾਂ ਰਹੀਆਂ ਟੋਲ੍ਹ ਕਿਤਾਬਾਂ ਹੁੰਦੀਆਂ ਨੇ। ਉਸ ਨੂੰ ਜ਼ਿੰਦਗੀ ਦੇ ਸਾਰੇ ਹੀ ਅਰਥਾਂ ਦਾ ਅਹਿਸਾਸ ਮਿਲੇ, ਪਾਈਆਂ ਜਿਸ ਨੇ ਅਪਣੇ ਅੰਦਰ ਘੋਲ਼ ਕਿਤਾਬਾਂ ਹੁੰਦੀਆਂ ਨੇ। ਬੰਦਾ ਮੂੰਹ ਖੋਲ੍ਹੇ ਤੇ ਬੋਲੇ ਫੇਰ ਸੁਣਾਈ ਦੇਂਦੀ ਗੱਲ, ਬਿਨਾਂ ਬੋਲਿਆਂ ਬੋਲਦੀਆਂ ਜਦ ਫੋਲ ਕਿਤਾਬਾਂ ਹੁੰਦੀਆਂ ਨੇ। ਓਦੋਂ ਜਦ ਸਾਰਾ ਕੁਝ ਡਾਵਾਂ-ਡੋਲ ਜਿਹਾ ਹੋ ਜਾਂਦਾ ਹੈ, ਉਦੋਂ ਬਣਾਈ ਰੱਖਦੀਆਂ ਸਮ-ਤੋਲ ਕਿਤਾਬਾਂ ਹੁੰਦੀਆਂ ਨੇ। ਮਨ-ਮਰਜ਼ੀ ਦੇ ਮੋਤੀ ਮਿਲ ਸਕਦੇ ਨੇ ਏਸ ਖ਼ਜ਼ਾਨੇ 'ਚੋਂ, ਹਰ ਨੁਕਤੇ ਦੀ ਕਰ ਰਹੀਆਂ ਪੜਚੋਲ ਕਿਤਾਬਾਂ ਹੁੰਦੀਆਂ ਨੇ।
ਕੀਤਾ ਕੌਲ
ਹੁਣ ਤੱਕ ਉਸ ਨੂੰ ਆ ਜਾਣਾ ਸੀ ਚਾਹੀਦਾ। ਕੀਤਾ ਕੌਲ ਨਿਭਾ ਜਾਣਾ ਸੀ ਚਾਹੀਦਾ। ਰੁੱਸਿਆ ਯਾਰ ਮਨਾ ਜਾਣਾ ਸੀ ਚਾਹੀਦਾ, ਗੁੱਸਾ ਦਿਲੋਂ ਭੁਲਾ ਜਾਣਾ ਸੀ ਚਾਹੀਦਾ। ਗੱਲ ਨਾ ਇੰਝ ਵਧਾ ਜਾਣਾ ਸੀ ਚਾਹੀਦਾ, ਕਰ ਕੋਈ ਮੁੱਕ-ਮੁਕਾ ਜਾਣਾ ਸੀ ਚਾਹੀਦਾ। ਇੰਝ ਨਹੀਂ ਉਲਝਾ ਜਾਣਾ ਸੀ ਚਾਹੀਦਾ, ਭੇਤ ਜ਼ਰਾ ਸੁਲਝਾ ਜਾਣਾ ਸੀ ਚਾਹੀਦਾ। ਏਹੋ ਸੀ ਨਾ ਖ਼ਤ ਦਾ ਉੱਤਰ ਨਾ ਦੇਂਦੇ, ਜਾਂਦੇ ਪਤਾ ਲਿਖਾ ਜਾਣਾ ਸੀ ਚਾਹੀਦਾ। ਆਪਾਂ ਵੀ ਕੁਝ ਗਿਣਤੀ ਦੇ ਵਿਚ ਹੋ ਜਾਂਦੇ, ਕਰਮ ਜ਼ਰਾ ਫੁਰਮਾ ਜਾਣਾ ਸੀ ਚਾਹੀਦਾ। ਬੱਦਲ ਗੱਜਦਾ ਧੁੰਮਾਂ ਪਾਉਂਦਾ ਲੰਘ ਗਿਆ, ਕੁਝ ਕਣੀਆਂ ਬਰਸਾ ਜਾਣਾ ਸੀ ਚਾਹੀਦਾ।
ਇਕੱਲੇ ਡੁੱਬਣਾ ਹੀ ਸੀ
ਉਨ੍ਹਾਂ ਦੀ ਮਿਹਰਬਾਨੀ ਹੈ, ਉਨ੍ਹਾਂ ਇਤਬਾਰ ਦਿੱਤਾ ਹੈ। ਇਕੱਲੇ ਡੁੱਬਣਾ ਹੀ ਸੀ, ਉਨ੍ਹਾਂ ਨੇ ਤਾਰ ਦਿੱਤਾ ਹੈ। ਮੈਂ ਜੀਵਾਂ ਕਿ ਮਰਾਂ ਇਸ ਵਿਚ, ਨਹੀਂ ਕੋਈ ਦਖਲ ਮੇਰਾ, ਸਮੁੱਚਾ ਸੌਂਪ ਉਸ ਨੂੰ ਮੈਂ ਤਾਂ, ਇਹ ਅਧਿਕਾਰ ਦਿੱਤਾ ਹੈ। ਜੇ ਮੈਂ ਇਸ ਜ਼ਿੰਦਗੀ ਨੂੰ, ਜੀਣ ਦਾ ਅੰਦਾਜ਼ ਹੈ ਸਿੱਖਿਆ, ਤਾਂ ਇਹ ਅੰਦਾਜ਼ ਵੀ ਮੈਨੂੰ, ਮੇਰੀ ਸਰਕਾਰ ਦਿੱਤਾ ਹੈ। ਇਕੱਲੇ ਉਹ ਹੀ ਨੇ ਜਿਨ੍ਹਾਂ, ਜਦੋਂ ਬਖਸ਼ੇ ਨੇ ਫੁੱਲ ਬਖਸ਼ੇ, ਸਿਵਾਏ ਉਨ੍ਹਾਂ ਦੇ ਦਿੱਤਾ, ਜਿਨ੍ਹਾਂ ਵੀ ਖ਼ਾਰ ਦਿੱਤਾ ਹੈ। ਉਹਦੇ ਬੋਲਾਂ, ਉਹਦੇ ਹਾਸੇ, ਉਹਦੀ ਤੱਕਣੀ, ਅਦਾ ਉਸਦੀ, ਮੇਰੀ ਹਰ ਸੋਚ ਨੂੰ, ਹਰ ਲੋਚ ਨੂੰ, ਲਿਸ਼ਕਾਰ ਦਿੱਤਾ ਹੈ। ਜਿਨ੍ਹਾਂ ਦੇ ਕੋਲ ਸੀ ਨਫ਼ਰਤ, ਮੁਹੱਬਤ ਉਹ ਕਿਵੇਂ ਦੇਂਦੇ, ਜਿਹਦਾ ਕਿਰਦਾਰ ਸੀ ਜਿਹੜਾ, ਓਹੀ ਕਿਰਦਾਰ ਦਿੱਤਾ ਹੈ। ਮੈਂ ਬਿੰਦੂ ਸਾਂ, ਨਿਰਾ ਬਿੰਦੂ ਹੀ ਰਹਿਣਾ ਸੀ, ਬਿਨਾਂ ਉਸ ਦੇ, ਨਿਮਾਣੀ ਹੋਂਦ ਮੇਰੀ ਨੂੰ, ਉਹਨਾਂ ਵਿਸਤਾਰ ਦਿੱਤਾ ਹੈ।
ਫਿਕਰ ਨਾ ਕਰਿਓ
ਚਾਰ-ਚੁਫੇਰੇ ਹੱਲਾ ਗੁਲਾ ਜਾਂਚ ਹੀ ਜਾਂਚ। ਨਿੱਤ ਨਵੀਂ ਖੁੱਲ ਜਾਂਦੀ ਹੈ ਹਰ ਰੋਜ਼ ‘ਬਰਾਂਚ’। ਫਿਕਰ ਨਾ ਕਰਿਓ ਥੋੜ੍ਹ-ਚਿਰੀ ਹੈ ਇਹ ਘੜਮੱਸ, ਭੁੱਲਣੇ ਇਹ ‘ਪ੍ਰੋਜੈਕਟ’ ਨਵੇਂ ਹੋ ਜਾਣੇ ‘ਲਾਂਚ’। ਇਕ ਕਿੱਧਰੇ ਹੈ ਦੋ ਕਿੱਧਰੇ ਤੇ ਦੋ ਕਿੱਧਰੇ, ਦੇਖ ਲਿਓ ਫਿਰ ਇਹ ਸਾਰੇ ਰਲ ਬਹਿਣਗੇ ਪਾਂਚ। ਫਿਰ ਆ ਲੋਕਾਂ ਨੂੰ ਲੁੱਟਣਗੇ ਕੁੱਟਣਗੇ, ਆਪਣਿਆਂ ਨੂੰ ਆਉਣ ਦੇਣ ਨਾ ਭੋਰਾ ਆਂਚ। ਕੀਤੀ ਚੁਗ਼ਲੀ ਫਿਰ ਅਪਣੇ ਘਰ ਨੂੰ ਆਉਂਦੀ, ਸੁੱਟੇ ਅਪਣੇ ਪੈਰੀਂ ਹੀ ਪੁੜਦੇ ਨੇ ਕਾਂਚ। ਡਿਗਦਾ ਕੋਈ ਡਿਗਦਾ ਢਹਿੰਦਾ ਵੀ ਤੁਰਦਾ, ਅਕਸਰ ਏਦਾਂ ਹੁੰਦਾ ਰਹਿੰਦਾ ਹੈ ਸਫਰਾਂ 'ਚ। ‘ਕਿੱਥੇ ਰਹਿੰਦੇ ਹੋ ਅਜਕੱਲ ਦਰਸ਼ਨ ਦੁਰਲੱਭ’, ਬਾਜ਼ਾਂ ਨੂੰ ਅੱਜ ਚਿੜੀਆਂ ਨੇ ਕੀਤੀ ਹੈ ਟਾਂਚ।
ਅਪਣਾ ਖ਼ਿਆਲ ਰੱਖੀਂ
ਸਾਨੂੰ ਭੁਲਾ ਦਵੀਂ ਤੂੰ ਅਪਣਾ ਖ਼ਿਆਲ ਰੱਖੀਂ। ਅੱਖਾਂ 'ਚ ਖੂਬਸੂਰਤ ਸੁਪਨੇ ਸੰਭਾਲ ਰੱਖੀਂ। ਜਿਹਨਾਂ ਨੇ ਅੱਜ ਆਉਣੈ ਉਹਨਾਂ ਦੇ ਆਉਣ ਤੀਕਰ, ਗੂੜ੍ਹੇ ਮੁਹੱਬਤਾਂ ਦੇ ਅੱਖਰ ਉਠਾਲ ਰੱਖੀਂ। ਝੱਖੜਾਂ, ਹਨੇਰਿਆਂ ਦੇ ਵਿਚ ਬੁਝ ਸਕੇ ਨਾ ਜਿਹੜੀ, ਬਲਦੀ ਮੁਹੱਬਤਾਂ ਦੀ ਫੜ ਕੇ ਮਸ਼ਾਲ ਰੱਖੀਂ। ਖੌਰੇ ਕਦੋਂ ਉਹਨਾਂ ਨੇ ਹੋ ਮਿਹਰਬਾਨ ਜਾਣਾ, ਮੰਗਣੀ ਉਨ੍ਹਾਂ ਨਿਸ਼ਾਨੀ ਹੱਥ ਵਿਚ ਰੁਮਾਲ ਰੱਖੀਂ। ਮੁੜ ਜਾਣ ਨਾ ਦਈਂ ਤੂੰ ਇਕ ਵਾਰ ਆ ਗਏ ਨੂੰ, ਅੱਖਾਂ 'ਚ ਅੱਖਾਂ ਪਾ ਕੇ ਸਾਂਹਵੇਂ ਬਿਠਾਲ ਰੱਖੀਂ। ਦੇਖੀਂ ਕਿਤੇ ਇਹ ਹੰਝੂ ਮਿਲ ਜਾਣ ਖ਼ਾਕ ਵਿਚ ਨਾ, ਆਏ ਪ੍ਰਾਹੁਣਿਆਂ ਦੀ ਇੱਜ਼ਤ ਬਹਾਲ ਰੱਖੀਂ। ਦਰਿਆ ਦਿਲਾਂ ਦੇ ਹੁੰਦੇ ਡੂੰਘੇ ਸਮੁੰਦਰਾਂ ਤੋਂ, ਡੂੰਘੇ ਸਮੁੰਦਰਾਂ ਨੂੰ ਕਰ ਕੇ ਵਿਸ਼ਾਲ ਰੱਖੀਂ।
ਕੀ ਉਹਦੀ ਜ਼ਿੰਦਗੀ
ਜੋ ਨਜ਼ਰ ਨੇ ਕਦੇ ਵੀ ਵਿਸਾਰੀ ਨਹੀਂ। ਸ਼ਕਲ ਆਉਂਦੀ ਨਜ਼ਰ ਉਹ ਪਿਆਰੀ ਨਹੀਂ। ਦਿਲ ਨਹੀਂ ਓਸ ਨੂੰ ਦਿਲ ਨਾ ਹਰਗਿਜ਼ ਕਹੋ, ਜਿਸ 'ਚ ਤੜਫਣ ਨਹੀਂ ਬੇ-ਕਰਾਰੀ ਨਹੀਂ। ਮੈਂ ਰਿਹਾ ਆਖਦਾ ਆਖਦਾ ਹੀ ਰਿਹਾ, ਬਾਤ ਮੇਰੀ ਰਤਾ ਉਸ ਵਿਚਾਰੀ ਨਹੀਂ। ਹੱਥ ਜਿਸ ਦਾ ਨਾ ਲੋਕਾਂ ਦੀ ਨਬਜ਼ੇ ਰਿਹਾ, ਉਹ ਕਲਾਕਾਰ ਨਾ ਉਹ ਲਿਖਾਰੀ ਨਹੀਂ। ਓਸ ਪੰਛੀ ਨੂੰ ਪੰਛੀ ਕਹੋਗੇ ਕਿਵੇਂ, ਖੰਭ ਨੇ, ਮਾਰਦਾ ਪਰ ਉਡਾਰੀ ਨਹੀਂ। ਕੀ ਉਹਦੀ ਜ਼ਿੰਦਗੀ ਜਿਉਂਦਾ ਕੀ ਮਜ਼ਾ, ਹੱਸ ਕੇ ਜ਼ਿੰਦਗੀ ਜਿਸ ਗੁਜ਼ਾਰੀ ਨਹੀਂ। ਝੁੱਗੀਆਂ ਢਾਹੁਣ ਤੋਂ ਪਹਿਲਾਂ ਇਹ ਸੋਚ ਲੈ, ਰਹਿਣੀ ਤੇਰੀ ਵੀ ਉੱਚੀ ਅਟਾਰੀ ਨਹੀਂ।
ਬੜਾ ਹੀ ਭਟਕਣਾ ਪੈਂਦਾ
ਬੜਾ ਕੁਝ ਦੇਖਣਾ ਪੈਂਦਾ ਬੜਾ ਕੁਝ ਸਮਝਣਾ ਪੈਂਦਾ। ਪਰਾਇਆ ਤਾਂ ਪਰਾਇਆ ਆਪਣਾ ਵੀ ਪਰਖਣਾ ਪੈਂਦਾ। ਹਕੀਕਤ ਨੂੰ ਅਸੀਂ ਜਿਸ ਸ਼ਕਲ ਦੇ ਵਿਚ ਭਾਲਦੇ ਰਹੀਏ, ਨਹੀਂ ਉਹ ਹੂ-ਬ-ਹੂ ਮਿਲਦੀ ਬੜਾ ਕੁਝ ਕਲਪਣਾ ਪੈਂਦਾ। ਜਦੋਂ ਜ਼ਿੰਦਗੀ ਗੁਆ ਕੇ ਵੀ ਪ੍ਰਾਪਤ ਕੁਝ ਨਹੀਂ ਹੁੰਦਾ, ਤਾਂ ਘੁੱਗੂ-ਘੋੜਿਆਂ ਦੇ ਨਾਲ ਵੀ ਹੈ ਪਰਚਣਾ ਪੈਂਦਾ। ਸਮੇਂ ਦੀ ਲੋੜ ਹੁੰਦੀ ਹੈ ਸਮੇਂ ਦੀ ਅੱਖ ਦੇ ਅੰਦਰ, ਕਦੇ ਹੈ ਮਟਕਣਾ ਪੈਂਦਾ ਕਦੇ ਹੈ ਰੜਕਣਾ ਪੈਂਦਾ। ਅਚਾਨਕ ਖੂਬਸੂਰਤ ਲਹਿਮਿਆਂ ਦਾ ਮੇਲ ਜਦ ਹੁੰਦਾ, ਤਾਂ ਪੱਥਰ ਹੋ ਗਏ ਦਿਲ ਨੂੰ ਵੀ ਇਕ ਦਮ ਧੜਕਣਾ ਪੈਂਦਾ । ਕਦੇ ਏਦਾਂ ਵੀ ਹੁੰਦੈ ਚਿਰ-ਪ੍ਰੀਚਿਤ ਰਸਤਿਆਂ ਉੱਤੇ, ਅਸੀਂ ਰਾਹ ਭੁੱਲ ਜਾਂਦੇ ਹਾਂ ਬੜਾ ਹੀ ਭਟਕਣਾ ਪੈਂਦਾ। ਗ਼ੁਨਾਹ ਹੋਇਆ ਨਹੀਂ ਹੁੰਦਾ ਮਗਰ ਲੱਗਦੈ ਗੁਨਾਹ ਕੀਤਾ, ਉਦੋਂ ਅਪਣੀ ਹੀ ਸੂਲੀ ਤੇ ਅਸਾਨੂੰ ਲਟਕਣਾ ਪੈਂਦਾ।
ਕਿੱਥੋਂ ਆ ਗਿਆ
ਰੌਸ਼ਨੀ ਕਿੱਥੇ ਗਈ ਹੈ ਨੇਰ੍ਹ ਕਿੱਥੋਂ ਆ ਗਿਆ। ਘੋਰ ਨੇਰ੍ਹਾ ਫੇਰ ਹੋ ਕੇ ਸ਼ੇਰ ਕਿੱਥੋਂ ਆ ਗਿਆ। ਚੋਰ ਤਾਂ ਰਾਤੀਂ ਫੜਾਇਆ ਸੀ ਸਿਪਾਹੀਆਂ ਕੋਲ ਮੈਂ, ਉਹ ਸਵੇਰਾ ਹੁੰਦਿਆਂ ਹੀ ਫੇਰ ਕਿੱਥੋਂ ਆ ਗਿਆ। ਰਾਤ ਭਰ ਨਾ ਨੀਂਦ ਆਏ ਚੈਨ ਆਏ ਨਾ ਦਿਨੇ, ਇਹ ਖੁਆਰੀ ਇਹ ਦਿਨਾਂ ਦਾ ਫੇਰ ਕਿੱਥੋਂ ਆ ਗਿਆ। ਦੇਖ ਥਾਣੇ ਵਲ ਕਿਉਂ ਹੈ ਦਹਿਲਦਾ ਦਿਲ ਡੁੱਬਦਾ, ਮਾਰਦਾ ਮਜ਼ਲੂਮ ਦੱਸੋ ਲੇਰ ਕਿੱਥੋਂ ਆ ਗਿਆ। ਰਾਤ ਸੀ ਅਫ਼ਵਾਹ ਨੇ ਕੀਤਾ ਸ਼ਹਿਰ ਸਾਰੇ ਨੂੰ ਫ਼ਨਾਹ, ਫਿਰ ਕੋਈ ਅਫ਼ਵਾਹ ਲਈ ਮੂੰਹ ਨੇਰ੍ਹ ਕਿੱਥੋਂ ਆ ਗਿਆ। ਰੋਜ਼ ਚਿੜੀਆਂ ਤੇ ਕਬੂਤਰ ਘੁੱਗੀਆਂ ਸੀ ਗੁਟਕਦੇ, ਸ਼ੋਰ ਗਿਰਝਾਂ ਦਾ ਭਲਾ ਇਸ ਵੇਰ ਕਿੱਥੋਂ ਆ ਗਿਆ। ਹੋ ਗਈ ਮੁੱਦਤ ‘ਕੰਵਲ’ ਦਾ ਜ਼ਿਕਰ ਹੁੰਦਾ ਸੀ ਕਦੇ, ਨਾਮ ਉਸ ਦਾ ਹੈ ਜ਼ਬਾਂ ਤੇ ਫੇਰ ਕਿੱਥੋਂ ਆ ਗਿਆ।
ਹਾਦਸੇ ਦਰ ਹਾਦਸੇ
ਹਾਦਸੇ ਦਰ ਹਾਦਸੇ ਮੇਰੇ ਨਸੀਬ। ਪਲ ਨਹੀਂ ਕਰਦੇ ਵਿਸਾਹ ਰਹਿੰਦੇ ਕਰੀਬ। ਹੋ ਰਿਹਾ ਹੈਰਾਨ ਹੈ ਮੇਰਾ ਤਬੀਬ, ਦੇਖ ਇਸ ਬੀਮਾਰ ਦੇ ਲੱਛਣ ਅਜੀਬ। ਜੇ ਭੁਲਾਵਾਂ ਵੀ ਤਾਂ ਭੁੱਲ ਸਕਦੇ ਨਹੀਂ, ਕੁੱਝ ਮਿਰੇ ਦੁਸ਼ਮਣ ਤੇ ਕੁਝ ਮੇਰੇ ਹਬੀਬ। ਮੌਤ ਦਾ ਡਰ ਕੀ ਵਿਗਾੜੇਗਾ ਉਹਦਾ, ਜੋ ਸਦਾ ਚੁੱਕੀ ਫਿਰੇ ਮੋਢੇ ਸਲੀਬ। ਜ਼ਿੰਦਗੀ ਨੂੰ ਜਾਨ ਤੋਂ ਵੱਧ ਪਿਆਰਦੇ, ਪਿਆਰ ਤੋਂ ਕੋਰੇ ਹੀ ਰਹਿੰਦੇ ਨੇ ਅਦੀਬ।
ਮੁਕਾ ਚੁੱਕਾ ਹਾਂ ਮੈਂ
ਮਹਿਕਦੇ ਜੋ ਪਲ ਗੁਆ ਚੁੱਕਾ ਹਾਂ ਮੈਂ। ਪੈੜ ਓਹਨਾਂ ਦੀ ਮਿਟਾ ਚੁੱਕਾ ਹਾਂ ਮੈਂ। ਤੂੰ ਵੀ ਗ਼ਮ-ਸਾਗਰ ਨਹਾ ਤੇ ਮੌਜ ਕਰ, ਖੂਬ ਮਲ ਮਲ ਕੇ ਨਹਾ ਚੁੱਕਾ ਹਾਂ ਮੈਂ। ਮੈਂ ਅਵਾਰਾ, ਮੈਂ ਨਕਾਰਾ ਹੀ ਸਹੀ, ਇਸ਼ਕ ਵਿਚ ਸਭ ਕੁਝ ਕਹਾ ਚੁੱਕਾ ਹਾਂ ਮੈਂ। ਬਹੁਤ ਹੀ ਲੰਮਾ ਬੜਾ ਬਿਖੜਾ ਸਫਰ, ਜਿਸ ਤਰ੍ਹਾਂ ਹੋਇਆ ਮੁਕਾ ਚੁੱਕਾ ਹਾਂ ਮੈਂ। ਰਾਤ ਇਹ ਬੇ-ਖੌਫ਼ ਜਾਏਗੀ ਗੁਜ਼ਰ, ਧੂਣੀ ਜੰਗਲ ਵਿਚ ਰਮਾ ਚੁੱਕਾ ਹਾਂ ਮੈਂ। ਹੁਣ ਕਿਸੇ ਨੂੰ ਵੀ ਸੁਣਾਵਾਂਗਾ ਨਹੀਂ, ਜੋ ਗ਼ਜ਼ਲ ਤੈਨੂੰ ਸੁਣਾ ਚੁੱਕਾ ਹਾਂ ਮੈਂ।
ਬਣੇ ਜਿਹੜਾ ਮੇਰਾ
ਸੁਣੇ ਜਿਹੜਾ ਦਿਲ ਦੀ, ਸੁਣਾਵਾਂ ਮੈਂ ਉਸ ਨੂੰ । ਬਣੇ ਜਿਹੜਾ ਮੇਰਾ, ਬਣਾਵਾਂ ਮੈਂ ਉਸ ਨੂੰ। ਜਗਾਉਣਾ ਤਾਂ ਹੁੰਦਾ ਹੈ, ਸੁੱਤੇ ਕਿਸੇ ਨੂੰ, ਕਿਵੇਂ ਜਾਗਦੇ ਜੋ, ਜਗਾਵਾਂ ਮੈਂ ਉਸ ਨੂੰ। ਮਜ਼ਾ ਪੀਣ ਦਾ ਹੈ, ਅਸਲ ਵਿਚ ਉਦੋਂ ਹੀ, ਪਿਲਾਏ ਉਹ ਮੈਨੂੰ, ਪਿਲਾਵਾਂ ਮੈਂ ਉਸ ਨੂੰ। ਖ਼ਤਾਂ ਦਾ ਰਹੇ ਸਿਲਸਿਲਾ, ਕਾਇਮ ਏਦਾਂ, ਲਿਖੇ ਇੱਕ, ਦੋ ਲਿਖ ਕੇ, ਪਾਵਾਂ ਮੈਂ ਉਸ ਨੂੰ। ਜਦੋਂ ਰੁੱਸ ਬਹੀਏ, ਤਾਂ ਰੁੱਸੇ ਨਾ ਰਹੀਏ, ਮਨਾਏ ਉਹ ਮੈਨੂੰ, ਮਨਾਵਾਂ ਮੈਂ ਉਸ ਨੂੰ।
ਦੇਖਦਿਆਂ ਹੀ ਦੇਖਦਿਆਂ
ਉਹ ਵੀ ਕੁਝ ਨਾ ਕਰ ਸਕਿਆ ਤੇ ਮੈਂ ਵੀ ਕੁਝ ਨਾ ਕਰ ਸਕਿਆ। ਉਹ ਮਰਿਆ ਨਾ ਜਿਉਂ ਸਕਿਆ ਤੇ ਮੈਂ ਜਿਉਂਦਾ ਨਾ ਮਰ ਸਕਿਆ। ਮੈਂ ਸੰਸਾਰ ਅਸੀਮ ਸਮੁੰਦਰ ਤਰਦਾ ਵੀ ਤਾਂ ਕਿੰਝ ਤਰਦਾ, ਜਦ ਕਿ ਮੈਂ ਇਕ ਲਘੂ ਨਦੀ ਨਾ ਇੱਛਾਵਾਂ ਦੀ ਤਰ ਸਕਿਆ। ਪ੍ਰਸੰਸਾ ਦੀਆਂ ਪੌਣਾਂ ਵਿਚ ਸਾਂ ਮੰਤਰ ਮੁਗਧ ਹੋਇਆ ਏਨਾ, ਕਿ ਨਿੰਦਾ ਦਾ ਇਕ ਹਲਕਾ ਜਿਹਾ ਬੁੱਲਾ ਵੀ ਨਾ ਜਰ ਸਕਿਆ। ਦੇਖਦਿਆਂ ਹੀ ਦੇਖਦਿਆਂ ਉਹ ਲਹਿਰਾਂ ਦਾ ਹਿੱਸਾ ਹੋਇਆ, ਉਹਨੂੰ ਬਚਾਉਣਾ ਕੀ ਸੀ ਮੈਂ ਇਕ ਹੌਕਾ ਵੀ ਨਾ ਭਰ ਸਕਿਆ। ਉਸ ਦੇ ਵਗਦੇ ਜ਼ਖਮਾਂ ਤੇ ਸੀ ਮਰਹਮ ਅਸਾਂ ਲਗਾਉਣੀ ਕੀ, ਹੋਠਾਂ ਤੋਂ ਹਮਦਰਦੀ ਦਾ ਇਕ ਅੱਖਰ ਵੀ ਨਾ ਸਰ ਸਕਿਆ।
ਹੋ ਗ਼ਜ਼ਲ ਗਈ
ਹਰ ਬਾਤ ਹੋਈ ਇਲਜ਼ਾਮ ਜਿਹੀ। ਹਰ ਸੁਬ੍ਹਾ ਹੋਈ ਹੈ ਸ਼ਾਮ ਜਿਹੀ। ਲੱਗਦਾ ਹਰ ਦਿਨ ਖਚਰਾ ਖਚਰਾ, ਹਰ ਰਾਤ ਹੋਈ ਬਦਨਾਮ ਜਿਹੀ। ਹਰ ਸੋਚ ਜਿਵੇਂ ਹੈ ਉਧਲ ਗਈ, ਹਰ ਕੋਸ਼ਿਸ਼ ਹੈ ਨਾਕਾਮ ਜਿਹੀ। ਹੋਇਆ ਹਰ ਮੌਸਮ ਬੇਗਾਨਾ, ਹਰ ਬਸਤੀ ਹੈ ਗੁਮਨਾਮ ਜਿਹੀ। ਹਰ ਸ਼ਾਮ ਸਵੇਰੇ ਕੰਨਾਂ ਨੂੰ, ਆਵਾਜ਼ ਸੁਣੇ ਕੋਹਰਾਮ ਜਿਹੀ। ਜਦ ਪੀੜ ਪਰੋਈ ਸ਼ੇਅਰਾਂ ਵਿਚ, ਹੋ ਗ਼ਜ਼ਲ ਗਈ ਉਪਰਾਮ ਜਿਹੀ।
ਬੜੀ ਹੀ ਲੋੜ ਹੈ ਹਾਲੇ
ਹਵਾਵਾਂ ਤਾਜ਼ੀਆਂ ਵੱਗਣ, ਬੜੀ ਹੈ ਲੋੜ ਰੁੱਖਾਂ ਨੂੰ। ਬੜੀ ਹੀ ਲੋੜ ਹੈ ਹਾਲੇ, ਮਨੁੱਖਾਂ ਦੀ ਮਨੁੱਖਾਂ ਨੂੰ। ਜੋ ਬੀਜੇ ਬੀਜ ਖੇਤਾਂ ਵਿਚ, ਉਹ ਫਸਲਾਂ ਹੋ ਕੇ ਲਹਿਰਾਵਣ, ਅਜੇ ਤਾਂ ਲੋੜ ਰੋਟੀ ਦੀ, ਨਹੀਂ ਦਰਕਾਰ ਕੁੱਖਾਂ ਨੂੰ। ਕਿਸੇ ਨੂੰ ਆਪਣਾ ਦੁੱਖ ਦੱਸ ਕੇ, ਮਿਲਦੀ ਹੈ ਰਾਹਤ ਵੀ, ਪਨਾਹ ਚਾਹੀਦੀ ਹੁੰਦੀ ਹੈ, ਕਦੇ ਅਪਣੇ ਹੀ ਦੁੱਖਾਂ ਨੂੰ। ਬੜਾ ਚਿਰ ਘਰ ਡਰਾ ਸਾਨੂੰ, ਬਣੀ ਮਹਿਮਾਨ ਨੇ ਰਹੀਆਂ, ਚੱਲੋ ਹੁਣ ਕਰ ਦਫਾ ਦਈਏ, ਉਨ੍ਹਾਂ ਖੂੰਖਾਰ ਭੁੱਖਾਂ ਨੂੰ ਪ ਹਕੀਕਤ ਦਾ ਦਿਖਾ ਆਇਨਾ, ਲਿਆਈਏ ਮੋੜ ਕੇ ਘਰ ਨੂੰ, ਘਰੋਂ ਬੇ-ਮੁੱਖ ਜੋ ਹੋਏ, ਉਨ੍ਹਾਂ ਬੇ-ਜ਼ਾਰ ਮੁੱਖਾਂ ਨੂੰ।
ਮੁਸਕ੍ਰਾ ਹੋ ਗਿਆ
ਇਹ ਕੀ ਤੋਂ ਹੈ ਕੀ ਸਿਲਸਿਲਾ ਹੋ ਗਿਆ। ਇਕੱਲੇ ਤੁਰੇ ਕਾਫ਼ਿਲਾ ਹੋ ਗਿਆ। ਫਿਕਰ ਸੀ ਬੜੇ ਰਾਹ 'ਚ ਪਰਬਤ ਖੜ੍ਹੇ, ਤੁਰੇ ਸੀ ਜਦੋਂ ਰਾਸਤਾ ਹੋ ਗਿਆ। ਨਾ ਕੀਤੀ ਜਿਹਦੀ ਸੀ ਕਦੇ ਕਲਪਣਾ, ਉਹਦੇ ਨਾਲ ਹੀ ਰਾਬਤਾ ਹੋ ਗਿਆ। ਜਿਹਦੇ ਨਾਲ ਨਾ ਸੀ ਕੋਈ ਵਾਸਤਾ, ਉਹਦੇ ਨਾਲ ਹੀ ਵਾਸਤਾ ਹੋ ਗਿਆ। ਜਤਾਈ ਮੈਂ ਅਪਣੀ ਮੁਹੱਬਤ ਜਦੋਂ, ਕਿਹਾ ਓਸ, ‘ਤੈਨੂੰ ਸ਼ੁਦਾਅ ਹੋ ਗਿਆ।' ਸ਼ਫਾਅ ਏਸ ਦੀ ਹੈ ਉਹਦੇ ਕੋਲ ਹੀ, ਮੈਂ ਜਿਸ ਰੋਗ ਵਿਚ ਮੁਬਤਿਲਾ ਹੋ ਗਿਆ। ਨਾ ਮੇਰੀ ਖ਼ਤਾਅ ਹੈ ਨਾ ਉਸ ਦੀ ਖ਼ਤਾਅ, ਨਜ਼ਰ ਮਿਲ ਗਈ ਮੁਸਕ੍ਰਾ ਹੋ ਗਿਆ। ਉਹ ਹੋਏ ਸਰਾ-ਪਾ ਨਿਰਾ ਨੂਰ ਸੀ, ਮੈਂ ਸਾਰੇ ਦਾ ਸਾਰਾ ਵਫਾ ਹੋ ਗਿਆ। ਉਹ ਹੋਇਆ ਤਾਂ ਹੈ ਕੁਝ ਨਾ ਕੁਝ ਅੰਤ ਨੂੰ, ਜੇ ਦਰਿਆ ਨਹੀਂ ਬੁਲਬਲਾ ਹੋ ਗਿਆ। ਜੇ ਮੇਰੀ ਨਾ ਕੋਈ ਵੀ ਹਸਤੀ ਰਹੀ, ਤਾਂ ਓਹ ਵੀ ਹੈ ਕਿਹੜਾ ਖ਼ੁਦਾ ਹੋ ਗਿਆ।
ਅਜਨਬੀ ਮਾਹੌਲ ਵਿਚ
ਕੀ ਕਰਾਂ ਕੀ ਨਾ ਕਰਾਂ, ਕੁਝ ਵੀ ਪਤਾ ਲੱਗਦਾ ਨਹੀਂ। ਦੂਰ ਤੱਕ ਨ੍ਹੇਰਾ ਦਿਸੇ, ਦੀਵਾ ਕੋਈ ਜਗਦਾ ਨਹੀਂ । ਕੰਬਦੀ ਹਰ ਸ਼ਾਖ਼, ਪੱਤਾ, ਯੱਖ ਹੈ ਵਗਦੀ ਹਵਾ, ਸੁੰਨ ਹੋਇਆ ਤਨ ਬਦਨ, ਕੋਈ ਸ਼ੌਕ ਹੈ ਮਗਦਾ ਨਹੀਂ । ਅਜਨਬੀ ਮਾਹੌਲ ਵਿਚ, ਪੱਥਰ ਖ਼ਮੋਸ਼ੀ ਦਾ ਨਿਵਾਸ, ਸੋਚ ਸੂਹੀ ਦਾ ਦਿਸੇ, ਲਾਵਾ ਕੋਈ ਦਗ਼ਦਾ ਨਹੀਂ। ਹੈ ਨਿਰੀ ਵੀਰਾਨਗੀ ਹੀ, ਹੈ ਕਿਤੇ ਨਾ ਮਹਿਕ, ਰੰਗ, ਦਿਲ-ਨਸ਼ੀਂ ਹਾਸਾ ਕਿਸੇ, ਚਿਹਰੇ ਦਾ ਹੈ ਲਗਦਾ ਨਹੀਂ। ਖੁਸ਼ਕ ਚਿਹਰੇ, ਸੋਚ ਸੱਖਣੀ, ਖ਼ਾਬ ਖਿੱਲਰੇ, ਦਿਲ ਖ਼ਫਾ, ਸਿੰਜ ਸਕੇ ਕਣ ਕਣ ਨੂੰ ਜੋ, ਦਰਿਆ ਕਿਤੇ ਵਗਦਾ ਨਹੀਂ।
ਪੀ. ਏ. ਮਨਿਸਟਰ ਦਾ
ਮੂੰਹੋਂ ਅਕਸਰ ਝੱਗਾਂ ਸੁੱਟਦਾ ਪੀ. ਏ. ਮਨਿਸਟਰ ਦਾ। ਦੋਂਹ ਹੱਥੀਂ ਲੋਕਾਂ ਨੂੰ ਲੁੱਟਦਾ ਪੀ. ਏ. ਮਨਿਸਟਰ ਦਾ। ਉਸ ਬੰਦੇ ਦੀ ਸੂਰਤ ਵੇਖਣ ਵਾਲੀ ਹੁੰਦੀ ਹੈ, ਜਿਸ ਦੇ ਉੱਤੇ ਕਹਿਰ ਹੈ ਟੁੱਟਦਾ ਪੀ. ਏ. ਮਨਿਸਟਰ ਦਾ। ਕੰਮ ਦਾ ਹੋਣਾ ਜਾਂ ਨਾ ਹੋਣਾ ਇਹ ਗੱਲ ਵੱਖਰੀ ਹੈ, ਦੇਖੂ ਬੰਦਾ ਕਿਹੜੇ ਗੁੱਟ ਦਾ ਪੀ. ਏ. ਮਨਿਸਟਰ ਦਾ। ਬੱਝਾ ਹੋਇਆ ਮਨਿਸਟਰ ਦਾ ਤਾਂ ਛੁੱਟ ਵੀ ਸਕਦਾ ਹੈ, ਐਪਰ ਬੱਝਾ ਕਦੇ ਨਾ ਛੁੱਟਦਾ ਪੀ. ਏ. ਮਨਿਸਟਰ ਦਾ। ਸੌਦਾ ਤੈਅ ਹੋ ਜਾਵੇ ਤਾਂ ਫਿਰ ਤੇਜ਼ੀ ਫੜਦਾ ਹੈ, ਸੌਦੇ ਬਾਝੋਂ ਪੈਰ ਨਾ ਪੁੱਟਦਾ ਪੀ. ਏ. ਮਨਿਸਟਰ ਦਾ। ਬਹੁਤਾ ਕੰਮ ਤਾਂ ਆਪ ਮਨਿਸਟਰ ਹੀ ਕਰ ਲੈਂਦਾ ਹੈ, ਕਰਦਾ ਹੈ ਪਰ ਕੌੜੇ ਘੁੱਟ ਦਾ ਪੀ. ਏ. ਮਨਿਸਟਰ ਦਾ। ਡਾਂਗਾਂ, ਸੋਟੇ, ਛਿੱਤਰਾਂ ਨਾਲ ਸਿਪਾਹੀ ਕੁੱਟਦੇ ਨੇ, ਨਜ਼ਰਾਂ ਦੇ ਨਾਲ ਬੰਦੇ ਕੁੱਟਦਾ ਪੀ. ਏ. ਮਨਿਸਟਰ ਦਾ। ਟੁੱਟੇ ਜਦ ਸਰਕਾਰ ਹਨੇਰਾ ਘੁੱਪ ਹੋ ਜਾਂਦਾ ਹੈ, ਤਾਰਾ ਅੱਧ ਅਸਮਾਨੋਂ ਟੁੱਟਦਾ ਪੀ. ਏ. ਮਨਿਸਟਰ ਦਾ।
ਕਦੇ ਹੁੰਦਾ ਹੈ ਏਦਾਂ ਵੀ
ਕਦੇ ਹੈਰਾਨ ਮੈਂ ਹੋਵਾਂ, ਕਦੇ ਹੈਰਾਨ ਦਿਲ ਹੋਵੇ। ਕਦੇ ਸ਼ੈਤਾਨ ਮੈਂ ਹੋਵਾਂ, ਕਦੇ ਸ਼ੈਤਾਨ ਦਿਲ ਹੋਵੇ। ਪਤਾ ਲੱਗਦਾ ਨਹੀਂ, ਕੀ ਵੇਖ ਕਰਦੇ ਫੈਸਲਾ, ਉਸ ਨੂੰ ਕਦੇ ਪ੍ਰਵਾਨ ਮੈਂ ਹੋਵਾਂ, ਕਦੇ ਪ੍ਰਵਾਨ ਦਿਲ ਹੋਵੇ। ਮੈਂ ਰੁੱਖ ਦੇ ਵਾਂਗ ਡਿੱਗ ਪੈਂਦਾ, ਉਹ ਪੱਤਿਆਂ ਵਾਂਗ ਝੜ ਜਾਂਦੈ, ਕਦੇ ਤੂਫਾਨ ਮੈਂ ਹੋਵਾਂ, ਕਦੇ ਤੂਫਾਨ ਦਿਲ ਹੋਵੇ। ਕਹਾਣੀ ਇੱਕ ਹੁੰਦੀ ਹੈ, ਪਤਾ ਨਹੀਂ ਫਿਰ ਵੀ ਕਿਉਂ ਇਸਦਾ, ਕਦੇ ਅਨੁਵਾਨ ਮੈਂ ਹੋਵਾਂ, ਕਦੇ ਅਨੁਵਾਨ ਦਿਲ ਹੋਵੇ। ਅਸੀਂ ਸ਼ਬਦਾਂ ਅਤੇ ਭਾਵਾਂ ਦੀਆਂ, ਮੋਹਰਾਂ ਲੁਟਾਉਂਦੇ ਹਾਂ, ਕਦੇ ਸੁਲਤਾਨ ਮੈਂ ਹੋਵਾਂ, ਕਦੇ ਸੁਲਤਾਨ ਦਿਲ ਹੋਵੇ। ਅਸੀਂ ਇਕ ਘਰ 'ਚ ਰਹਿੰਦੇ ਵੀ, ਰਹੇ ਕੁਝ ਇਸ ਤਰ੍ਹਾਂ ਰਹਿੰਦੇ, ਕਦੇ ਮਹਿਮਾਨ ਮੈਂ ਹੋਵਾਂ, ਕਦੇ ਮਹਿਮਾਨ ਦਿਲ ਹੋਵੇ। ਪਤਾ ਲੱਗਦਾ ਨਹੀਂ ਕਿ, ਕੌਣ ਅੰਦਰ ਹੈ, ਮਗਰ ਬਾਹਰ, ਕਦੇ ਦਰਬਾਨ ਮੈਂ ਹੋਵਾਂ, ਕਦੇ ਦਰਬਾਨ ਦਿਲ ਹੋਵੇ। ਉਦੋਂ ਕੁਝ ਵੀ ਨਹੀਂ ਸੁੱਝਦਾ, ਕਿਸੇ ਲਈ ਕੀ ਕਿਵੇਂ ਮੰਗੀਏ, ਕਦੇ ਭਗਵਾਨ ਮੈਂ ਹੋਵਾਂ, ਕਦੇ ਭਗਵਾਨ ਦਿਲ ਹੋਵੇ। ਕਦੇ ਹੁੰਦਾ ਹੈ ਏਦਾਂ ਵੀ, ਕਿ ਅਪਣੀ ਹੀ ਗ਼ਜ਼ਲ ਸੁਣ ਕੇ, ਕਦੇ ਕੁਰਬਾਨ ਮੈਂ ਹੋਵਾਂ, ਕਦੇ ਕੁਰਬਾਨ ਦਿਲ ਹੋਵੇ ।
ਜੋ ਵੀ ਲਿਖਣੈ
ਖ਼ਤ ਲਿਖਣੈ ਤਾਂ ਇਕ-ਸੁਰ ਹੋ ਕੇ ਠੀਕ ਲਿਖੀਂ। ਤਨ ਤੋਂ ਹਟ ਕੇ ਰੂਹ ਦੇ ਹੋ ਨਜ਼ਦੀਕ ਲਿਖੀਂ। ਖ਼ਤ ਦਾ ਸੰਬੋਧਨ ਹੀ ਸਭ ਕੁਝ ਕਹਿ ਦੇਵੇ, ਪਤਾ ਟਿਕਾਣਾ ਲਿਖ ਕੇ ਨਾਲ ਤਰੀਕ ਲਿਖੀਂ। ਹਰ ਖ਼ਤ ਹੋਵੇ ਦਸਤਾਵੇਜ਼ ਮੁਹੱਬਤ ਦਾ, ਰਾਜ਼ੀ ਬਾਜ਼ੀ ਤੋਂ ਕੋਈ ਗੱਲ ਵਧੀਕ ਲਿਖੀਂ। ਕੌਣ ਹੈ ਤੇਰੇ ਸਾਹਾਂ ਦੇ ਵਿਚ ਸਾਹ ਹੋਇਆ, ਕੌਣ ਹੈ ਤੇਰੇ ਖ਼ਾਬਾਂ ਵਿਚ ਸ਼ਰੀਕ ਲਿਖੀਂ। ਹੁੰਦੀ ਹੈ ਕੀ ਹਾਲਤ ਖ਼ਤ ਲਿਖਣੋਂ ਪਹਿਲਾਂ, ਹੁੰਦੀ ਹੈ ਫਿਰ ਖ਼ਤ ਦੀ ਕਿਵੇਂ ਉਡੀਕ ਲਿਖੀਂ। ਉਸ ਦਾ ਹਾਲ ਹਵਾਲ ਲਿਖੀਂ ਕਿੱਥੇ ਕੁ ਹੈ, ਕਿ ਘਿਰਿਆ ਹੈ ਦਫਤਰ ਤੋਂ ਘਰ ਤੀਕ ਲਿਖੀਂ। ਕਿੰਝ ਦਿਨ ਲੰਘਦਾ ਹੈ ਕਿੰਝ ਰਾਤ ਗੁਜ਼ਰਦੀ ਹੈ, ਪਿਆਰ ੱਚ ਰੰਗਿਆ ਹਰ ਅਹਿਸਾਸ ਬਰੀਕ ਲਿਖੀਂ। ਜੋ ਵੀ ਲਿਖਣੈ ਲਿਖ ਇਹ ਤੇਰੀ ਮਰਜ਼ੀ ਹੈ, ਪਰ ਰੂਹ ਆਪਣੀ ਤੋਂ ਕਰਵਾ ਤਸਦੀਕ ਲਿਖੀਂ।
ਕੀ ਤੁਹਾਨੂੰ ਹੱਕ ਹੈ
ਜੇ ਇਰਾਦਾ ਨੇਕ ਹੈ ਤਾਂ ਕਰ ਹੋ ਕੀ ਸਕਦੇ ਨਹੀਂ। ਕਿਉਂਕਿ ਬਿਨ ਕੁਝ ਕੀਤਿਆਂ ਹੀ ਜੀ ਤੁਸੀਂ ਸਕਦੇ ਨਹੀਂ। ਕੀ ਤੁਹਾਨੂੰ ਹੱਕ ਹੈ ਗ਼ਮ ਦੇਣ ਦਾ ਵਰਤਾਉਣ ਦਾ, ਜੇ ਕਿਸੇ ਲਈ ਕਰ ਤੁਸੀਂ ਪੈਦਾ ਖੁਸ਼ੀ ਸਕਦੇ ਨਹੀਂ। ਜ਼ਿੰਦਗੀ ਖੋਹ ਲੈਣ ਦਾ, ਫਿਰ ਹੱਕ ਹੈ ਕਿੱਥੋਂ ਲਿਆ, ਦੇ ਕਿਸੇ ਜੇ ਮਰ ਰਹੇ ਨੂੰ ਜ਼ਿੰਦਗੀ ਸਕਦੇ ਨਹੀਂ। ਜੇ ਤੁਹਾਨੂੰ ਮਾਣ ਹੀ ਨਾ ਸਿਦਕ ਤੇ ਵਿਸ਼ਵਾਸ਼ ਤੇ, ਕਰ ਪ੍ਰਾਪਤ ਇਸ਼ਕ ਦੀ ਪ੍ਰਵਾਨਗੀ ਸਕਦੇ ਨਹੀਂ। ਕਿਉਂ ਕਿਸੇ ਦੀ ਜ਼ਿੰਦਗੀ ਵੀਰਾਨ ਕਰਨਾ ਸੋਚਦੇ ਹੋ, ਦੂਰ ਕਰ ਜੇ ਕਿਸੇ ਦੀ ਵੀਰਾਨਗੀ ਸਕਦੇ ਨਹੀਂ। ਉਹ ਮੁਹੱਬਤ ਵੀ ਕੀ ਹੋਈ ਜੇ ਨਾ ਰੁੱਸੇ ਯਾਰ ਦੀ, ਹੱਸ ਕੇ ਹੀ ਦੂਰ ਕਰ ਨਾਰਾਜ਼ਗੀ ਸਕਦੇ ਨਹੀਂ। ਜਦੋਂ ਤੱਕ ਨਜ਼ਰਾਂ ਦੇ ਸਾਂਹਵੇਂ ਹੋਏ ਨਾ ਸੂਰਤ ਹੁਸੀਨ, ਨਜ਼ਰ ਹੀ ਟਿਕਦੀ ਨਹੀਂ ਕਰ ਬੰਦਗੀ ਸਕਦੇ ਨਹੀਂ।
ਆਉਣਾ ਜਾਣਾ ਮੇਰਾ
ਹਰ ਮੁਸ਼ਕਿਲ ਵਿਚ ਨਾ ਘਬਰਾਣਾ ਮੇਰਾ। ਇੱਕੋ ਇੱਕ ਇਹ ਸ਼ੌਕ ਪੁਰਾਣਾ ਮੇਰਾ। ਗੁੱਸੇ ਹੋ ਉਸ ਨਹੀਂ ਬੁਲਾਇਆ ਤਾਂ ਕੀ, ਬਣਦਾ ਸੀ ਕੁਝ ਫਰਜ਼ ਬੁਲਾਣਾ ਮੇਰਾ। ਅਪਣਾ ਆਪ ਗੁਆਚਾ ਮੈਂ ਵੀ ਲੱਭਦਾ, ਹੁੰਦਾ ਜੇ ਕੋਈ ਪਤਾ ਟਿਕਾਣਾ ਮੇਰਾ। ਸ਼ਬਦ ਜੜਾਂ ਤੇ ਸ਼ਬਦਾਂ ਦੇ ਵਿਚ ਭਾਵ, ਸ਼ਾਇਰੀ ਜੀਕਰ ਕੰਮ ਤਰਖਾਣਾ ਮੇਰਾ। ਜੇ ਅਪਣਾ ਪ੍ਰਛਾਵਾਂ ਲੱਭਣ ਚੱਲੇ, ਮਿਲ ਜਾਏ ਤਾਂ ਮੋੜ ਲਿਆਣਾ ਮੇਰਾ। ਸੌ ਮੂਰਖ ਮਿੱਤਰਾਂ ਤੋਂ ਬਿਹਤਰ ਲੱਗਦੈ, ਦੁਸ਼ਮਣ ਹੈ ਇਕ ਬੜਾ ਸਿਆਣਾ ਮੇਰਾ। ਹੁੰਦਾ ਨਾ ਜੇ ਬੰਦ-ਗਲੀ ਘਰ ਤੇਰਾ, ਬਣਿਆ ਰਹਿੰਦਾ ਆਉਣਾ ਜਾਣਾ ਮੇਰਾ।
ਗਿਲਾ ਕਰਾਂ
ਰਿਸ਼ਤੇ ਢਲਦੇ ਉਮਰਾਂ ਵਾਂਗਰ ਢਲਦੇ ਢਲਦੇ ਢਲ ਜਾਂਦੇ ਨੇ। ਜੀਕਰ ਖ਼ਤ ਸੱਜਣਾਂ ਦੇ ਸਾਂਭੇ ਗ਼ਲਦੇ ਗਲਦੇ ਗ਼ਲ ਜਾਂਦੇ ਨੇ। ਹੱਸ ਕੇ ਜੇਕਰ ਇਕ ਦੂਜੇ ਨੂੰ ਕਦੇ ਬੁਲਾ ਹੀ ਲੈਂਦੇ ਹਾਂ ਤਾਂ, ਖੁਸ਼ ਕੀ ਹੋਣਾ ਦੇਖਣ ਵਾਲੇ ਬਿਨ ਅੱਗ ਦੇ ਹੀ ਜਲ ਜਾਂਦੇ ਨੇ। ਯਾਰਾਂ ਤੇ ਕੀ ਗਿਲਾ ਕਰਾਂ ਕੀ ਸ਼ਿਕਵਾ ਕਰਾਂ ਜ਼ਮਾਨੇ 'ਤੇ ਮੈਂ, ਜਦ ਕਿ ਅਪਣੇ ਹੀ ਪ੍ਰਛਾਵੇਂ ਰੋਜ਼ ਅਸਾਨੂੰ ਛਲ ਜਾਂਦੇ ਨੇ। ਮਤਲਬ ਨਾਲ ਨੇ ਮਤਲਬ ਰੱਖਦੇ ਮਤਲਬ ਪੂਰਾ ਹੋ ਜਾਏ ਤਾਂ, ਅਪਣੇ ਯਾਰ ਪਿਆਰੇ ਵੀ ਤਾਂ ਨਾਲ ਪਰਾਇਆਂ ਰਲ ਜਾਂਦੇ ਨੇ। ਓਦੋਂ ਹੀ ਕਿਰਤੀ ਦੇ ਮੱਥੇ ਲੱਗਦਾ ਹੈ ਕਿ ਸੂਰਜ ਚੜ੍ਹਿਆ, ਮਿਲ ਜਦ ਉਸਨੂੰ ਅਪਣੀ ਮਿਹਨਤ ਦੇ ਹੀ ਪੂਰੇ ਫਲ ਜਾਂਦੇ ਨੇ।
ਤੁਰਿਆ ਗਿਆ
ਮੈਂ ਉਹਦੇ ਹਰ ਹੁਕਮ ਨੂੰ ਹੀ ਪਾਲਦਾ ਤੁਰਿਆ ਗਿਆ। ਹਰ ਮੁਸੀਬਤ, ਹਰ ਜ਼ਫ਼ਰ ਨੂੰ, ਜਾਲਦਾ ਤੁਰਿਆ ਗਿਆ। ਉਹ ਜੋ ਮੇਰੀ ਰੂਹ ਦੇ ਧੁਰ ਅੰਦਰ ਸਮਾਇਆ ਦੇਰ 'ਤੋਂ, ਚਿਹਰਿਆਂ 'ਚੋਂ ਮੈਂ ਉਹ ਚਿਹਰਾ ਭਾਲਦਾ ਤੁਰਿਆ ਗਿਆ। ਬਲ ਰਹੇ ਦੀਵੇ ਬੁਝਾਉਣਾ ਹੈ ਅਕਲਮੰਦੀ ਨਹੀਂ, ਮੈਂ ਹਨੇਰੇ ਰਾਹ 'ਚ ਦੀਵੇ, ਬਾਲਦਾ ਤੁਰਿਆ ਗਿਆ। ਹੋਰਨਾਂ ਦੇ ਵਾਸਤੇ ਮੈਂ ਤਾਂ ਖੁਸ਼ੀ ਲੱਭਦਾ ਰਿਹਾ । ਮੈਂ ਖੁਸ਼ੀ ਹਰ ਆਪਣੀ ਨੂੰ ਟਾਲਦਾ ਤੁਰਿਆ ਗਿਆ। ਨਾ ਖੁਸ਼ੀ ਦੇ ਮੇਚ ਸੀ ਮੈਂ, ਨਾ ਸੀ ਮੇਰੇ ਮੇਚ ਉਹ, ਗ਼ਮ ਸੀ ਮੇਰੇ ਹਾਣ ਦਾ ਸੰਭਾਲਦਾ ਤੁਰਿਆ ਗਿਆ।
ਤੇਰਾ ਵੀ ਤੇ ਮੇਰਾ ਵੀ
ਜੀਕਰ ਸਾਂਝਾ ਆਸਮਾਨ ਹੈ ਤੇਰਾ ਵੀ ਤੇ ਮੇਰਾ ਵੀ। ਭੂਤ, ਭਵਿੱਖ ਤੇ ਵਰਤਮਾਨ ਹੈ ਤੇਰਾ ਵੀ ਤੇ ਮੇਰਾ ਵੀ। ਜੇਕਰ ਉਹ ਵੀ ਪ੍ਰੇਸ਼ਾਨ ਹੈ, ਹਾਲਾਤਾਂ ਦੇ ਵਿਚ ਘਿਰਿਆ, ਏਦਾਂ ਹੀ ਦਿਲ ਪ੍ਰੇਸ਼ਾਨ ਹੈ ਤੇਰਾ ਵੀ ਤੇ ਮੇਰਾ ਵੀ। ਵਕਤ ਅਜੇ ਮੂੰਹ ਵੱਟੀ ਫਿਰਦਾ ਮੌਸਮ ਹੈ ਬੇ-ਦਰਦ ਜਿਹਾ, ਭਾਵੇਂ ਕਿ ਦਿਲ ਮਿਹਰਵਾਨ ਹੈ ਤੇਰਾ ਵੀ ਤੇ ਮੇਰਾ ਵੀ। ਹੁਣ ਤੱਕ ਵੀ ਉਹ ਜ਼ਿੰਦਗੀ ਦੀਆਂ, ਗੁੱਝੀਆਂ ਰਮਜ਼ਾਂ ਨਾ ਸਮਝੇ, ਦਿਲ ਇਸ ਗੱਲੋਂ ਸੋਚਵਾਨ ਹੈ ਤੇਰਾ ਵੀ ਤੇ ਮੇਰਾ ਵੀ। ਪੌਣਾਂ ਤੇ ਖੁਸ਼ਬੋਆਂ ਹੱਥ ਜੋ ਰੋਜ਼ ਸੁਨੇਹੇ ਘੱਲਦਾ ਹੈ, ਕਿਧਰੇ ਕੋਈ ਕਦਰਦਾਨ ਹੈ ਤੇਰਾ ਵੀ ਤੇ ਮੇਰਾ ਵੀ। ਮੁੜ ਘਿੜ ਟਾਂਗਾ ਓਸੇ ਥਾਂ ਤੋਂ ਜਿਉਂ ਘੋੜਾ ਬੀਮਾਰ ਜਿਹਾ, ਜਾਂ ਫਿਰ ਖਚਰਾ ਕੋਚਵਾਨ ਹੈ ਤੇਰਾ ਵੀ ਤੇ ਮੇਰਾ ਵੀ।
ਜਵਾਬ ਦੇ ਦੇ
ਜੋ ਵੀ ਹਿਸਾਬ ਕਰਨੈ ਕਰ ਕੇ ਹਿਸਾਬ ਦੇ ਦੇ। ਖਾਲੀ ਨਾ ਜਾਮ ਮੋੜੀਂ ਭਰ ਕੇ ਜਨਾਬ ਦੇ ਦੇ। ਸਾਰੇ ਦਾ ਸਾਰਾ ਲੈ ਜਾ ਬੇਸ਼ੱਕ ਪਿਆਰ ਲੈ ਜਾ, ਸਾਰੇ ਦਾ ਸਾਰਾ ਐਪਰ ਅਪਣਾ ਸ਼ਬਾਬ ਦੇ ਦੇ। ਸੌਦੇ ਨੇ ਇਹ ਦਿਲਾਂ ਦੇ ਇਹ ਮਨ ਮਿਲੇ ਦੇ ਮੇਲੇ, ਮਨ ਜੇ ਕਰੇ ਤਾਂ ਕਰ ਲੈ ਨਹੀਂ ਤਾਂ ਜਵਾਬ ਦੇ ਦੇ। ਸੁਪਨੇ ਵੀ ਆਉਣ ਕੀਕਰ ਨੀਂਦਾਂ ਨੇ ਤੂੰ ਚੁਰਾਈਆਂ, ਨੀਂਦਾਂ ਚੁਰਾਉਣ ਵਾਲੇ ਮੇਰੇ ਖ਼ਵਾਬ ਦੇ ਦੇ। ਲੈ ਜਾ ਸਮੇਟ ਖੁਸ਼ੀਆਂ ਆਈਆਂ ਨਾ ਰਾਸ ਮੈਨੂੰ, ਗ਼ਮ ਰਾਸ ਆ ਗਏ ਨੇ ਗ਼ਮ ਬੇ-ਹਿਸਾਬ ਦੇ ਦੇ। ਕਮਲਾ ਕਹੀਂ ਜਾਂ ਰਮਲਾ ਇਹ ਮਾਣ ਬਖ਼ਸ਼ਣਾਂ ਤੂੰ, ਦੇਣਾ ਹੈ ਜੋ ਵੀ ਦੇ ਦੇ ਮੈਨੂੰ ਖ਼ਿਤਾਬ ਦੇ ਦੇ । ‘ਗੰਗਾ’ ਨੂੰ ਕੀ ਕਰਾਂ ਮੈਂ ‘ਜਮਨਾ’ ਸਵਾਰਨਾ ਕੀ, ਤਾਰੂ ਹਾਂ ਇਸ਼ਕ ਦਾ ਮੈਂ ਮੈਨੂੰ ‘ਚਨਾਭ’ ਦੇ ਦੇ। ‘ਹਾਂ’ ਲਿਖ ਤੇ ਚਾਹੇ ‘ਨਾਂਹ’ ਲਿਖ ਮਰਜ਼ੀ ਤੇਰੀ ਹੈ ਮਰਜ਼ੀ, ਕਾਫੀ ਹੈ ਸ਼ਬਦ ਇੱਕੋ ਖ਼ਤ ਦਾ ਜਵਾਬ ਦੇ ਦੇ। ਤੂੰ ਪਿਆਰ ਦੇ ਲਫ਼ਜ਼ ਨੂੰ ਹਰ ਥਾਂ ਲਕੀਰ ਮਾਰੀ, ਤੂੰ ਮਿਹਰਬਾਨੀ ਕਰ ਤੇ ਮੇਰੀ ਕਿਤਾਬ ਦੇ ਦੇ।
ਇਕੱਲਾ ਜਿਹਾ
ਜਿਉਣ ਹੀ ਨਾ ਦਏ ਦਿਲ ਇਹ ਝੱਲਾ ਜਿਹਾ। ਰੋਗ ਲਾ ਕੇ ਹੈ ਬੈਠਾ ਅਵੱਲਾ ਜਿਹਾ। ਭੀੜ ਮੇਰੇ ਚੁਫੇਰੇ ਹੈ ਬੇਸ਼ਕ ਜੁੜੀ, ਫੇਰ ਵੀ ਮੈਂ ਇਕੱਲਾ ਇਕੱਲਾ ਜਿਹਾ। ਤੂੰ ਨਹੀਂ ਕੋਲ ਜੇ ਬੋਲ ਤੇਰੇ ਨਹੀਂ, ਕੀ ਕਰਾਂ ਇਹ ਨਿਸ਼ਾਨੀ ਮੈਂ ਛੱਲਾ ਜਿਹਾ। ਜਾਨ ਦੇ ਕੇ ਵੀ ਜੇ ਮਿਲ ਸਕੇ ਇਸ਼ਕ ਤਾਂ, ਸਮਝਦਾਂ ਮੈਂ ਇਹ ਸੌਦਾ ਸਵੱਲਾ ਜਿਹਾ। ਨਾਲ ਤੇਰੇ ਸਮੁੱਚੀ ਹੈ ਦੁਨੀਆਂ ਜਿਵੇਂ, ਬਾਝ ਤੇਰੇ ਬਗਾਨਾ ਮਹੱਲਾ ਜਿਹਾ। ਇੱਕ ਹੱਥ ਨਾਲ ਤਾੜੀ ਹੈ ਵੱਜਦੀ ਨਹੀਂ, ਇਸ਼ਕ ਹੁੰਦਾ ਹੈ ਕਾਰਜ ਦੁਵੱਲਾ ਜਿਹਾ। ਸਾਹਾਂ ਮੁੱਕਣਾ ਹੈ ਰਾਹਾਂ ਨੇ ਮੁੱਕਣਾ ਨਹੀਂ, ਚੁਣ ਲਿਆ ਰਾਹ ਮੈਂ ਕਿੰਨਾ ਕੁਵੱਲਾ ਜਿਹਾ।
ਕਿਉਂ ਨਾ ਉਦਾਸ ਹੋਵਾਂ
ਹਰ ਕਦਮ ਤੇ ਕੁਤਾਹੀਆਂ ਕਿਉਂ ਨਾ ਉਦਾਸ ਹੋਵਾਂ। ਮਨ-ਮਰਜ਼ੀਆਂ, ਮਨਾਹੀਆਂ ਕਿਉਂ ਨਾ ਉਦਾਸ ਹੋਵਾਂ। ਸੱਚ ਨੂੰ ਜੇ ਸੱਚ ਸਾਬਤ ਕਰਨੈ ਤਾਂ ਚਾਹੀਦੀਆਂ, ਕੁਝ ਝੂਠੀਆਂ ਗਵਾਹੀਆਂ ਕਿਉਂ ਨਾ ਉਦਾਸ ਹੋਵਾਂ। ਦਿਸਦਾ ਨਾ ਦਿਲ-ਨਸ਼ੀਂ ਕੁਝ ਜਿੱਧਰ ਵੀ ਦੇਖਦਾ ਹਾਂ, ਹੋਈਆਂ ਦਿਸਣ ਤਬਾਹੀਆਂ ਕਿਉਂ ਨਾ ਉਦਾਸ ਹੋਵਾਂ। ਚੋਰਾਂ ਤੋਂ ਬਚ ਗਏ ਸੀ ਠੱਗਾਂ ਤੋਂ ਵੀ ਬਚਾਅ ਸੀ, ਪਰ ਲੁੱਟਿਆ ਸਿਪਾਹੀਆਂ ਕਿਉਂ ਨਾ ਉਦਾਸ ਹੋਵਾਂ। ਬੰਦੇ ਨੂੰ ਜ਼ਾਤ ਗੋਤੋਂ ਰੰਗੋਂ ਨਿਖੇੜਦੀਆਂ, ਲ੍ਹੀਕਾਂ ਇਹ ਦੇਖ ਵਾਹੀਆਂ ਕਿਉਂ ਨਾ ਉਦਾਸ ਹੋਵਾਂ। ਓਹਨਾਂ ਨੂੰ ਕੀ ਪਤਾ ਹੈ ਇਸ ਦੌਰ ਵਿਚ ਵਫ਼ਾਵਾਂ, ਜੇਕਰ ਅਸੀਂ ਨਿਭਾਹੀਆਂ ਕਿਉਂ ਨਾ ਉਦਾਸ ਹੋਵਾਂ। ਦਮ ਦੋਸਤੀ ਦਾ ਭਰਨਾ ਲੱਗਦੈ ਗ਼ੁਨਾਹ ਜਿਹਾ ਹੈ, ਇਹ ਦੇਖ ਬੇ-ਗੁਨਾਹੀਆਂ ਕਿਉਂ ਨਾ ਉਦਾਸ ਹੋਵਾਂ।
ਹੁੰਦਾ ਇਸ਼ਕ ਜਦ
ਮੈਨੂੰ ਆਪਣਾ ਤਾਂ ਫਿਕਰ ਨਹੀਂ, ਤੇਰੇ ਮਾਣ ਦਾ ਹੀ ਖ਼ਿਆਲ ਹੈ। ਮੈਨੂੰ ਕੁੱਝ ਵੀ ਕੋਈ ਕਹਿ ਲਵੇ, ਤੈਨੂੰ ਕਹਿ ਸਕੇ ਕੀ ਮਜ਼ਾਲ ਹੈ। ਤੈਨੂੰ ਕੀ ਪਤਾ ਹੁੰਦਾ ਇਸ਼ਕ ਕੀ, ਜਿਹਨੂੰ ਹੋ ਗਿਆ ਓਹੀ ਜਾਣਦਾ, ਇਹਨੂੰ ਸਮਝ ਨਾ ਬਹੀਂ ਦਿਲ-ਲਗੀ, ਮੇਰੀ ਜ਼ਿੰਦਗੀ ਦਾ ਸਵਾਲ ਹੈ। ਤੇਰੀ ਬੇ-ਰੁਖ਼ੀ ਦਾ ਗਿ਼ਲਾ ਨਹੀਂ, ਹੈ ਗ਼ਿਲਾ ਤਾਂ ਆਪਣੇ ਨਸੀਬ ਤੇ, ਚੁੱਪ ਹੈ ਜ਼ਬਾਂ, ਹੋਂਠੀਂ ਮਿੱਰੇ, ਸ਼ਿਕਵਾ ਨਾ ਕੋਈ ਮਲਾਲ ਹੈ। ਕਾਹਦਾ ਹੁਸਨ ਤੇ ਕਾਹਦਾ ਮਾਣ ਹੈ, ਢਲ ਜਾਏਗਾ ਢਲ ਜਾਏਗਾ, ਜੇ ਤੂੰ ਕਰ ਸਕੇਂ ਕਰੀਂ ਇਸ਼ਕ ਤੇ ਜੋ ਸਦਾ ਰਿਹਾ ਸਦਾ ਨਾਲ ਹੈ। ਤੇਰੇ ਨਾਲ ਹੈ ਜ਼ਿੰਦਗੀ ਰਵਾਂ, ਤੇਰੇ ਨਾਲ ਹੈ ਮਹਿਫਿਲ ਜਵਾਂ, ਤੈਨੂੰ ਕੀ ਪਤਾ ਤੇਰੇ ਬਿਨ ਕਿਵੇਂ, ਜੀਣੀ ਜ਼ਿੰਦਗੀ ਇਹ ਮੁਹਾਲ ਹੈ। ਹੁੰਦਾ ਇਸ਼ਕ ਜਦ ਮੂੰਹ ਜ਼ੋਰ ਹੈ, ਸੁੱਝਦਾ ਨਹੀਂ ਕੁਝ ਹੋਰ ਹੈ, ਉਦੋਂ ਕੁਝ ਪਤਾ ਲੱਗਦਾ ਨਹੀਂ, ਕਿਹੜਾ ਕੌਣ ਹੈ ਕਿਹੜੇ ਹਾਲ ਹੈ। ਮੇਰੇ ਦਰਦ ਨੂੰ ਉਹ ਕੀ ਜਾਣਦੇ, ਮੇਰੀ ਪੀੜ ਨੂੰ ਕੀ ਪਛਾਣਦੇ, ਉਹ ਜੋ ਸੁਣ ਗ਼ਜ਼ਲ ਮੇਰੀ ਕਹਿ ਗਏ, ਬੇ-ਮਿਸਾਲ ਹੈ ਬਾ-ਕਮਾਲ ਹੈ।
ਕਮਾਲ ਕਰੀ ਜਾਨੇਂ ਓਂ
ਕਿੰਨਾ ਤੁਸੀਂ ਸੋਹਣਿਓਂ, ਕਮਾਲ ਕਰੀ ਜਾਨੇਂ ਓਂ। ਮੰਗਿਆ ਜਵਾਬ ਸੀ, ਸਵਾਲ ਕਰੀ ਜਾਨੇਂ ਓਂ। ਆਪਣੇ ਹੀ ਲਾਭ ਦਾ, ਖਿਆਲ ਕਰੀ ਜਾਨੇਂ ਓਂ, ਹੋਰਨਾਂ ਦਾ ਜੀਣਾ ਹੀ, ਮੁਹਾਲ ਕਰੀ ਜਾਨੇਂ ਓਂ। ਉੱਤੋਂ ਮਿੱਠੀ ਮਿੱਠੀ ਬੋਲ-ਚਾਲ ਕਰੀਂ ਜਾਨੇਂ ਓਂ, ਹੇਠੋਂ ਮਾਰ ਛੁਰੀਆਂ ਹਲਾਲ ਕਰੀ ਜਾਨੇਂ ਓਂ। ਇਕ ਅੱਧੀ ਆਪ ਵੀ ਨਬੇੜ ਲਿਆ ਕਰੋ ਬਹਿ ਕੇ, ਗੱਲ ਗੱਲ ਉੱਤੇ ਹੀ, ਦਲਾਲ ਕਰੀ ਜਾਨੇਂ ਓਂ। ਅਸੀਂ ਰੁੱਖ-ਜ਼ਿੰਦਗੀ ਦੀ, ਖੈਰ ਸਦਾ ਮੰਗਦੇ ਹਾਂ, ਤੁਸੀਂ ਵੱਖ ਫੁੱਲ ਪੱਤੇ, ਡਾਲ੍ਹ ਕਰੀ ਜਾਨੇਂ ਓਂ। ਦੂਜਿਆਂ ਦਾ ਲਾਲ ਸੂਹਾ, ਦੇਖ ਤੁਸੀਂ ਆਪਣਾ ਵੀ, ਮਾਰ ਕੇ ਚਪੇੜਾਂ ਚਿਹਰਾ, ਲਾਲ ਕਰੀ ਜਾਨੇਂ ਓਂ। ਇਹ ਵੀ ਕੀ ਸਲੀਕਾ, ਗੱਲ ਕੀਤੀ ਸੀ ਤੁਹਾਡੇ ਨਾਲ, ਤੁਸੀਂ ਗੱਲ ਸਾਰਿਆਂ ਦੇ, ਨਾਲ ਕਰੀ ਜਾਨੇਂ ਓਂ। ਨਜ਼ਰਾਂ ਤੁਹਾਡੀਆਂ ਤਾਂ, ਹੋਰ ਕਿਤੇ ਭੌਂਦੀਆਂ ਨੇ, ਗੱਲਾਂ ਭਾਵੇਂ ਤੁਸੀਂ ਸਾਡੇ, ਨਾਲ ਕਰੀ ਜਾਨੇਂ ਓਂ। ਕੋਲ ਹੈ ਤੁਹਾਡੇ ਖੜ੍ਹਾ, ਰੂ-ਬ-ਰੂ ਤੁਹਾਡੇ ਹੈ, ਤੁਸੀਂ ਜਿਹਦੀ, ਹੋਰ ਕਿਤੇ ਭਾਲ ਕਰੀ ਜਾਨੇਂ ਓਂ।
ਪੀਂਦਾ ਸ਼ਰਾਬ ਨਾ ਉਹ
ਪੀਂਦਾ ਸ਼ਰਾਬ ਨਾ ਉਹ, ਪੀਂਦੀ ਸ਼ਰਾਬ ਉਸ ਨੂੰ। ਕਰਦਾ ਖਰਾਬ ਹੈ ਜੋ, ਕਰਦੀ ਖਰਾਬ ਉਸ ਨੂੰ। ਭੁੱਲਿਆ ਹੈ ਜਿਹੜਾ ਮਾਂ ਨੂੰ, ਪੱਤ ਜਿਸ ਪਿਉ ਦੀ ਰੋਲੀ, ਦੇਣਾ ਪਊਗਾ ਇਕ ਨਾ ਇਕ ਦਿਨ, ਹਿਸਾਬ ਉਸ ਨੂੰ। ਬੋਲੀ ਪੰਜਾਬੀਆਂ ਦੀ, ਜਿਸ ਨੇ ਜ਼ਿਬ੍ਹਾ ਹੈ ਕੀਤੀ, ਪੁੱਛੇਗਾ ਰਲ ਕੇ ਇਕ ਦਿਨ, ਸਾਰਾ ਪੰਜਾਬ ਉਸ ਨੂੰ। ਛੇੜੀ ਰਬਾਬ ਜਿਸ ਨੇ, ਕਰਦੇ ਨੇ ਯਾਦ ਹੁਣ ਤੱਕ, ਸਤਲੁਜ, ਬਿਆਸ, ਜਿਹਲਮ, ਰਾਵੀ, ਚਨਾਭ ਉਸ ਨੂੰ। ਏਧਰ ਵੀ ਸੀ ਤਬਾਹੀ, ਓਧਰ ਵੀ ਸੀ ਤਬਾਹੀ, ਏਧਰ ਸੀ ਇਸ਼ਕ ਲੁੱਟਿਆ, ਓਧਰ ਸ਼ਬਾਬ ਉਸ ਨੂੰ। ਮੂੰਹੋਂ ਨਾ ਕੁਝ ਵੀ ਬੋਲੇ, ਚੁਪ ਚਾਪ ਤੁਰ ਗਏ ਸੀ, ਸਭ ਕੁਝ ਹੀ ਕਹਿ ਗਏ ਉਹ, ਦੇ ਕੇ ਗੁਲਾਬ ਉਸ ਨੂੰ। ਇਹ ਸੋਚ ਨਾ ਕਿ ਉਸ ਨੂੰ, ਕੋਈ ਦੇਖਦਾ ਨਹੀਂ ਹੈ, ਬੁਰਕੀ ਬਣਾਉਣਗੇ ਆ, ਇਕ ਦਿਨ ਉਕਾਬ ਉਸ ਨੂੰ । ਵਰਕਾ ਵੀ ਪਰਤਿਆ ਨਾ, ਜਾ ‘ਸ਼ੈਲਫ’ ਤੇ ਟਿਕਾਈ, ਮੈਂ ਸੋਚਦਾਂ ਕੀ ਕੀਤਾ, ਦੇ ਕੇ ਕਿਤਾਬ ਉਸ ਨੂੰ। ਮਿਲ ਹੀ ਪਏ ਕਿਤੇ ਤਾਂ ਪੁੱਛਿਓ ਜਨਾਬ ਪੁੱਛਿਉ, ਮਿਲਿਆ ਕੀ ਕਰ ‘ਕੰਵਲ' ਦੀ ਜ਼ਿੰਦਗੀ ਖਰਾਬ ਉਸ ਨੂੰ ।
ਗੱਲ ਨਾ ਦੋਹਾਂ ਤੋਂ ਹੋਈ
ਹੈ ਜਿਵੇਂ ਹਰ ਬਾਤ ਦਰ, ਹਰ ਬਾਤ ਦਾ ਹੀ ਸਿਲਸਿਲਾ। ਹੈ ਉਵੇਂ ਦਾ ਹੀ ਉਵੇਂ, ਹਰ ਰਾਤ ਦਾ ਹੀ ਸਿਲਸਿਲਾ। ਰਾਤ ਪਿੱਛੇ ਦੌੜਦਾ ਦਿਨ, ਦਿਨ ਦੇ ਪਿੱਛੇ ਰਾਤ ਹੈ, ਜੋੜਦਾ ਦੋਹਾਂ ਨੂੰ ਪਰ, ਪ੍ਰਭਾਤ ਦਾ ਹੀ ਸਿਲਸਿਲਾ। ਕਿਸ ਤਰ੍ਹਾਂ ਇਹ ਗੱਲ, ਲੱਗੇਗੀ ਸਿਰੇ ਹੱਲ ਹੋਏਗੀ, ਨਾ ਸ਼ੁਰੂ ਹੋਇਆ ਅਜੇ, ਗੱਲ-ਬਾਤ ਦਾ ਹੀ ਸਿਲਸਿਲਾ। ਆਦਮੀ ਨੇ ਆਦਮੀ ਨੂੰ, ਸਮਝਣੈ ਖੌਰੇ ਕਦੋਂ, ਉਲਝਿਆ ਬੈਠਾ ਹੈ ਲੈ, ਔਕਾਤ ਦਾ ਹੀ ਸਿਲਸਿਲਾ। ਗੱਲ ਨਾ ਦੋਹਾਂ ਤੋਂ ਹੋਈ, ਹੋ ਵੀ ਸਕਦੀ ਸੀ ਕਿਵੇਂ, ਹੋ ਗਿਆ ਅੱਖੀਉਂ ਸ਼ੁਰੂ, ਬਰਸਾਤ ਦਾ ਹੀ ਸਿਲਸਿਲਾ। ਹੀਰਿਆਂ ਦਾ ਮੁੱਲ, ਕੌਡੀ ਨਾ ਰਿਹਾ ਅਫਸੋਸ ਹੈ, ਹਰ ਜਗ੍ਹਾ ਭਾਰੂ ਅਜੇ ਵੀ, ਜ਼ਾਤ ਦਾ ਹੈ ਸਿਲਸਿਲਾ। ਕੀ ਹੋਇਆ ਦੋ ਚਾਰ, ਘਰ ਆਬਾਦ ਵੀ ਜੇ ਹੋ ਗਏ, ਪਰ ਚੁਫ਼ੇਰੇ ਹੈ ਅਜੇ, ਜੰਗਲਾਤ ਦਾ ਹੀ ਸਿਲਸਿਲਾ। ਲੱਭਦੇ ਹਾਂ ਸ਼ਿਅਰ 'ਚੋਂ, ਗੱਲ ਦਾ ਧੁਰਾ ਗਿਆ, ਲੱਭਦੈ ਫ਼ਾਇਲਾਤ ਦਰ ਫ਼ਾਇਲਾਤ ਦਾ ਹੀ ਸਿਲਸਿਲਾ।
ਸਾਂਝੇ ਪੰਜ ਦਰਿਆ
(ਦੋਹਾਂ ਪੰਜਾਬਾਂ ਦੀ ਸੁੱਚੀ ਸਾਂਝ ਦੇ ਨਾਂ) ਇੱਕੋ ਨੂਰ ਦੇ ਜਾਏ ਵੱਸਦੇ, ਏਧਰ ਵੀ ਤੇ ਓਧਰ ਵੀ। ਦੁਖ ਸੁਖ ਦੇ ਵਿਚ ਰੋਂਦੇ ਹੱਸਦੇ, ਏਧਰ ਵੀ ਤੇ ਓਧਰ ਵੀ। ਇੱਕੋ ਪਾਕ ਮੁਹੱਬਤ ਦੇਖੀ, ਡਲ੍ਹਕ ਰਹੀ ਹੈ ਦੋਹਾਂ ਵਿਚ, ਭਰੇ ਭੰਡਾਰੇ ਮਾਖਿਓਂ ਰਸ ਦੇ, ਏਧਰ ਵੀ ਤੇ ਓਧਰ ਵੀ। ਪਿਆਰ 'ਚ ਭੰਗੜੇ ਪਾਉਂਦੇ, ਰਾਤਾਂ ਚਾਨਣੀਆਂ ਨੂੰ ਗਾਉਂਦੇ ਨੇ, ਘੁੱਟ ਘੁੱਟ ਜਫ਼ੀਆਂ ਦੇ ਵਿਚ ਕੱਸਦੇ, ਏਧਰ ਵੀ ਤੇ ਓਧਰ ਵੀ। ਭੋਲੇ ਲੋਕਾਂ ਨੂੰ ਨੇਤਾ ਗੁਮਰਾਹ ਕਰਦੇ ਨੇ ਹਰ ਵਾਰੀ, ਹਰ ਵਾਰੀ ਇਹ ਜਾਲ 'ਚ ਫਸਦੇ, ਏਧਰ ਵੀ ਤੇ ਓਧਰ ਵੀ। ਮਜ਼੍ਹਬਾਂ ਦਾ ਜਦ ਤੇਵਰ ਬਦਲੇ ਪਾਗਲ ਹੋ ਜਾਂਦੇ ਨੇ ਲੋਕ, ਸੱਪ ਉਦੋਂ ਦੋ-ਮੂੰਹੇਂ ਡੱਸਦੇ, ਏਧਰ ਵੀ ਤੇ ਓਧਰ ਵੀ। ਪੁੱਤ ਪੰਜਾਬੀ ਕੱਦ ਸਰੂ ਦੇ, ‘ਭਗਤ’ ‘ਸਰਾਭੇ’ ਦੇ ਇਹ ਵੀਰ, ਦੇਖ ਕੇ ਦੂਰੋਂ ਦੁਸ਼ਮਣ ਨੱਸਦੇ, ਏਧਰ ਵੀ ਤੇ ਓਧਰ ਵੀ। ਜਾਗ ਜਾਗ ਹੁਣ ਜਾਗ ਨੀਂਦ 'ਚੋਂ ਐ ਮੇਰੇ ਸਾਂਝੇ ਪੰਜਾਬ, ਸਾਂਝ ਪਕੇਰੀ ਸਭ ਨੂੰ ਦੱਸਦੇ, ਏਧਰ ਵੀ ਤੇ ਵੀ ਓਧਰ ਵੀ। ਐਨੀ ਖਿੱਚ ਪ੍ਰਸਪਰ ਹੋਵੇ, ਮੇਲੇ ਜੁੜਨ ਮੁਹੱਬਤਾਂ ਦੇ, ਰਹੀਏ ਗਾਉਂਦੇ ਹੱਸਦੇ, ਨੱਚਦੇ ਏਧਰ ਵੀ ਤੇ ਓਧਰ ਵੀ। ਸਾਂਝੇ ਨੇ ‘ਲਾਹੌਰ’ ਅਤੇ ‘ਮੁਲਤਾਨ’, ‘ਜਲੰਧਰ’, ‘ਅੰਮ੍ਰਿਤਸਰ’, ਸਾਂਝੇ ਪੰਜ ਦਰਿਆ ਨੇ ਵੱਗਦੇ, ਏਧਰ ਵੀ ਤੇ ਓਧਰ ਵੀ।
ਬੇ-ਦਰਦ ਜ਼ਮਾਨਾ ਕੀ ਜਾਣੇ
ਹੁੰਦਾ ਕੀ ਦਰਦ ਜੁਦਾਈ ਦਾ, ਬੇ-ਦਰਦ ਜ਼ਮਾਨਾ ਕੀ ਜਾਣੇ। ਕਿੰਝ ਖਾਈਦਾ, ਹੰਢਾਈ ਦਾ, ਬੇ-ਦਰਦ ਜ਼ਮਾਨਾ ਕੀ ਜਾਣੇ। ਹਰ ਰੋਕ ਰੁਕਾਵਟ ਨੂੰ ਭੰਨ ਕੇ, ਸਭ ਤੋੜ ਕੇ ਹੱਦਾਂ ਬੰਨਿਆਂ ਨੂੰ, ਕਿੰਝ ਗਲੀ ਯਾਰ ਦੀ ਜਾਈਦਾ, ਬੇ-ਦਰਦ ਜ਼ਮਾਨਾ ਕੀ ਜਾਣੇ। ਛੱਡ ਅਪਣੀ ਹਸਤੀ ਬਸਤੀ ਨੂੰ, ਜਾ ਕੇ ਹੈ ਅਲਖ ਜਗਾਈਦੀ, ਹੈ ਕੀਕਰ ਕੰਨ ਪੜਵਾਈਦਾ, ਬੇ-ਦਰਦ ਜ਼ਮਾਨਾ ਕੀ ਜਾਣੇ। ਕਿੰਝ ਲਹਿਰਾਂ ਦੇ ਵਿਚ ਠਿੱਲ੍ਹੀਦਾ, ਇਤਬਾਰ ਕਰੀਦਾ ਕੱਚਿਆਂ ਦਾ, ਕਿੰਝ ਪੱਟ ਦਾ ਮਾਸ ਖੁਆਈਦਾ, ਬੇ-ਦਰਦ ਜ਼ਮਾਨਾ ਕੀ ਜਾਣੇ। ਕਿੰਝ ਸ਼ਰਮ ਹਯਾ ਦੀ ਲਾਹ ਲੋਈ, ਹੈ ਯਾਰ ਮਨਾਈ ਦਾ ਬੁੱਲ੍ਹਿਆ, ਹੋ ਕੰਜਰੀ ਨਾਚ ਨਚਾਈਦਾ, ਬੇ-ਦਰਦ ਜ਼ਮਾਨਾ ਕੀ ਜਾਣੇ। ਨਾ ਕਰੀਏ ਤਾਨ੍ਹੇ ਮਿਹਣੇ ਨੇ, ਜੇ ਕਰੀਏ ਤਾਂ ਕੁਝ ਰਹਿੰਦਾ ਨਹੀਂ, ਹਰ ਹਾਲਤ ਹੈ ਪਛਤਾਈਦਾ, ਬੇ-ਦਰਦ ਜ਼ਮਾਨਾ ਕੀ ਜਾਣੇ। ਉਹ ਭੇਤ ਅਨੋਖਾ ਕੀ ਜਾਣੇ, ਕਿ ਫੂਕ ਕੇ ਆਪਣੇ ਹੀ ਘਰ ਨੂੰ, ਆਪੇ ਹੀ ਸ਼ੋਰ ਮਚਾਈਦਾ, ਬੇਦਰਦ ਜ਼ਮਾਨਾ ਕੀ ਜਾਣੇ। ਜਦ ਦਿਲ ਨੂੰ ਹੈ ਸਮਝਾਈਦਾ, ਦਿਲ ਲੱਗਦਾ ਸਾਨੂੰ ਸਮਝਾਵਣ, ਕੁਝ ਸਮਝ ਨਹੀਂ ਹੈ ਪਾਈਦਾ, ਬੇ-ਦਰਦ ਜ਼ਮਾਨਾ ਕੀ ਜਾਣੇ। ਉਹ ਖੁਦ ਨੂੰ ‘ਕੰਵਲ’ ਕਹਾਉਂਦਾ ਹੈ, ਪਰ ਹੈ ਕਮਲੇ ਦਾ ਕਮਲਾ ਹੀ, ਕਮਲੇ ਨੂੰ ਕਿੰਝ ਸਮਝਾਈਦਾ, ਬੇ-ਦਰਦ ਜ਼ਮਾਨਾ ਕੀ ਜਾਣੇ।
ਰਹਿਣਾ ਸੀ ਡਰਪੋਕ ਉਨ੍ਹਾਂ
ਸੋਚ ਰਿਹਾਂ ਕੀ ਹੁਣ ਤੱਕ ਕਰਦੇ ਲੋਕ ਰਹੇ। ਲੋਕ ਗਵਾ ਕੇ ਲੱਭਦੇ ਨੇ ਪ੍ਰਲੋਕ ਰਹੇ । ਜ਼ਿੰਦਗੀ ਪਾ ਨਾ ਸੱਕੇ, ਰੱਬ ਨੂੰ ਪਾਉਣ ਲਈ, ਸ਼ਾਮ ਸਵੇਰੇ ਪੜ੍ਹਦੇ ਸ਼ਬਦ ਸਲੋਕ ਰਹੇ। ਸੱਚ ਦਾ ਸੌਦਾ ਲੱਭਿਆਂ ਵੀ ਨਾ ਲੱਭਦਾ ਹੈ, ਕੂੜ ਕੁਫਰ ਦੇ ਸੌਦੇ ਵਿਕਦੇ ਥੋਕ ਰਹੇ। ਹੁਣ ਵੀ ਤਾਂ ਹਮਲਾਵਰ ਧਾਰੀ ਰੂਪ ਨਵਾਂ, ਆਉਂਦਾ ਜਾਂਦਾ ਬਸਤੀ ਵਿਚ ਬੇ-ਰੋਕ ਰਹੇ। ਪੁੱਤ ਫਕੀਰਾਂ ਦੇ ਕਾਰਾਂ ਵਿਚ ਘੁੰਮਦੇ ਨੇ, ਸ਼ਾਹਾਂ ਦੇ ਪੁੱਤ ਦੇਖੇ ਮੰਜੀਆਂ ਠੋਕ ਰਹੇ। ਆਪ ਜਿਨ੍ਹਾਂ ਨੂੰ ਗੱਲ ਵੀ ਕਰਨੀ ਨਹੀਂ ਆਉਂਦੀ, ਉਹ ਮਹਿਫਿਲ ਵਿਚ ਗੱਲ ਕਰਦੇ ਨੂੰ ਟੋਕ ਰਹੇ। ਲੋਕ ਜਿਨ੍ਹਾਂ ਨੇ ਮਾਣ ਵਧਾਇਆ ਜ਼ਿੰਦਗੀ ਦਾ, ਚੁੰਮਦੇ ਅਕਸਰ ਨੇ ਸੂਲੀ ਦੀ ਨੋਕ ਰਹੇ। ਬੰਬਾਂ, ਬੰਦੂਕਾਂ, ਤੀਰਾਂ, ਤਲਵਾਰਾਂ ਨਾਲ, ਮੂਰਖ ਜ਼ਿੰਦਗੀ ਦਾ ਰਸਤਾ ਨੇ ਰੋਕ ਰਹੇ। ਅਪਣੇ ਹੀ ਪ੍ਰਛਾਵੇਂ ਤੋਂ ਡਰ ਭੱਜੇ ਜੋ, ਰਹਿਣਾ ਸੀ ਡਰਪੋਕ ਉਨ੍ਹਾਂ ਡਰਪੋਕ ਰਹੇ।
ਉਹ ਕੀ ਜਾਣਦੇ ਨੇ
ਕਦੇ ਹੱਸਦੇ ਨਾ ਦੇਖੇ ਦਿਨੇ ਰਾਤ ਲੜੇ ਰਹਿੰਦੇ। ਖੌਰੇ ਕਿਹੜੀ ਗੱਲੋਂ ਭਰੇ ਪੀਤੇ ਖਿਝੇ ਸੜੇ ਰਹਿੰਦੇ। ਉਹ ਨੇ ਬਾਜ਼ ਕੇਹੇ ਬਾਜ਼ ਜਿਹੜੇ ਭੁੱਲ ਪ੍ਰਵਾਜ਼, ਖੁੱਡੇ ਕੁੱਕੜਾਂ, ਕਬੂਤਰਾਂ ਦੇ ਵਾਂਗ ਤੜੇ ਰਹਿੰਦੇ। ਹੁੰਦੇ ਪੁੱਜ ਕੇ ਮਨੁੱਖਤਾ ਦੇ ਵੈਰੀ ਉਹ ਮਨੁੱਖ, ਪਾ ਕੇ ਫੁੱਟ ਜੋ ਬਣਾ ਕੇ ਵੱਖ ਵੱਖ ਧੜੇ ਰਹਿੰਦੇ। ਉਨ੍ਹਾਂ ਆਲ੍ਹਣੇ ਦੇ ਬੋਟਾਂ ਨੇ ਜਵਾਨ ਕਦੋਂ ਹੋਣਾ, ਨਿਤ ਬਿਜਲੀਆਂ, ਜਿਨ੍ਹਾਂ ਤੇ ਨੇ ਪਏ ਗੜੇ ਰਹਿੰਦੇ। ਉਹ ਕੀ ਜਾਣਦੇ ਨੇ ਜੱਗ ਤੇ ਜਹਾਨ ਦੀਆਂ ਗੱਲਾਂ, ਬੂਹੇ ਮਾਰ ਕੇ ਜੋ ਆਪਣੇ ਹੀ ਘਰੀਂ ਵੜੇ ਰਹਿੰਦੇ। ਜਿਨ੍ਹਾਂ ਮੌਸਮਾਂ ਦਾ ਰੰਗ ਢੰਗ ਰੌਂਅ ਨਾ ਦੇਖਿਆ, ਉਹੀ ਲੋਕ ਸੁੱਕੇ ਪੱਤਿਆਂ ਦੇ ਵਾਂਗ ਝੜੇ ਰਹਿੰਦੇ। ਜਿਨ੍ਹਾਂ ਮੰਜ਼ਿਲਾਂ ਤੇ ਪਹੁੰਚਣਾ ਉਹ ਰਹਿੰਦੇ ਨੇ ਰਵਾਂ, ਬਹੁਤੇ ਸੋਚਦੇ ਚੁਰਾਹਿਆਂ ਵਿਚ ਲੋਕ ਖੜ੍ਹੇ ਰਹਿੰਦੇ। ਜੋ ਨੇ ਸੂਰਮੇ ਮੁਸੀਬਤਾਂ ਤੇ ਕਾਠੀਆਂ ਨੇ ਪਾਉਂਦੇ, ਹੁੰਦੇ ਕਾਇਰ ਜੋ ਮੁਸੀਬਤਾਂ ਦੇ ਢਹੇ ਚੜ੍ਹੇ ਰਹਿੰਦੇ। ਲੱਗੀ ਅੱਗ ਸਾਡੇ ਘਰ ਆਇਆ ਕੋਈ ਨਾ ਬੁਝਾਉਣ, ਉਂਜ ਆਖਦੇ ਸੀ ਸ਼ਹਿਰ ਵਿਚ ਲੋਕ ਬੜੇ ਰਹਿੰਦੇ।
ਕੀ ਇਨ੍ਹਾਂ ਦੇ ਦਿਲ 'ਚ ਹੈ
ਕੀ ਪਤਾ ਹੈ ਮੌਸਮਾਂ ਦਾ, ਕੀ ਇਨ੍ਹਾਂ ਦੇ ਦਿਲ 'ਚ ਹੈ। ਦੇਰ ਹੋਈ ਗੁੰਮ ਗਿਆਂ ਦਾ, ਕੀ ਇਨ੍ਹਾਂ ਦੇ ਦਿਲ 'ਚ ਹੈ। ਦੁਸ਼ਮਣਾਂ ਦਾ ਤਾਂ ਪਤਾ ਹੈ, ਦੁਸ਼ਮਣੀ ਹੀ ਕਰਨਗੇ, ਕੀ ਪਤਾ ਹੈ ਦੋਸਤਾਂ ਦਾ, ਕੀ ਇਨ੍ਹਾਂ ਦੇ ਦਿਲ 'ਚ ਹੈ। ਮੰਦਰਾਂ ਤੇ ਮਸਜਿਦਾਂ ਵਿਚ, ਬੈਠ ਕਰਦੇ ਮਸ਼ਵਰੇ, ਕੀ ਪਤਾ ਸ਼ਰਧਾਲੂਆਂ ਦਾ, ਕੀ ਇਨ੍ਹਾਂ ਦੇ ਦਿਲ 'ਚ ਹੈ। ਰਾਤ ਨੰਗੇ ਮੂੰਹ ਫਿਰਨ ਤੇ, ਦਿਨ ਚੜ੍ਹੇ ਲੈਂਦੇ ਛੁਪਾ, ਕੀ ਪਤਾ ਹੈ ਬੁਜ਼ਦਿਲਾਂ ਦਾ, ਕੀ ਇਨ੍ਹਾਂ ਦੇ ਦਿਲ 'ਚ ਹੈ। ਵਰ੍ਹਦੀਆਂ ਮਾਰੂਥਲੀਂ, ਜਾਂ ਵਰ੍ਹਦੀਆਂ ਸਾਗਰ ਤਲੀਂ, ਕੀ ਪਤਾ ਹੈ ਬਾਰਸ਼ਾਂ ਦਾ, ਕੀ ਇਨ੍ਹਾਂ ਦੇ ਦਿਲ 'ਚ ਹੈ। ਦਿਲ ਦੀ ਗੱਲ, ਨਾ ਦਿਲ 'ਚ ਹੈ, ਨਾ ਘਰ 'ਚ ਹੈ ਨਾ ਬਾਹਰ ਹੈ, ਕੀ ਪਤਾ ਯਾਰੋ ਇਨ੍ਹਾਂ ਦਾ, ਕੀ ਇਨ੍ਹਾਂ ਦੇ ਦਿਲ 'ਚ ਹੈ। ਡਿਗਣੀਆਂ ਨੇ ਝੌਂਪੜੀ 'ਤੇ ਕਿ ਮਹੱਲੀਂ ਡਿੱਗਣੀਆਂ, ਕੀ ਪਤਾ ਹੈ ਬਿਜਲੀਆਂ ਦਾ, ਕੀ ਇਨ੍ਹਾਂ ਦੇ ਦਿਲ 'ਚ ਹੈ। ਮਕਤਲੀਂ ਚੁੱਪ ਨੇ, ਚੁਰਾਹਿਆਂ ਵਿਚ ਖੜੇ ਖਾਮੋਸ਼ ਨੇ, ਕੀ ਪਤਾ ਹੈ ਕਾਤਲਾਂ ਦਾ ਕੀ ਇਨ੍ਹਾਂ ਦੇ ਦਿਲ 'ਚ ਹੈ। ਲੋਕ ਤਾਂ ਹੁਣ ਦੇਖਦੇ, ਸੁਣਦੇ ਹੀ ਨੇ, ਨੱਚਦੇ ਹੀ ਨੇ, ਕੀ ਪਤਾ ਹੈ ਪੁਸਤਕਾਂ ਦਾ, ਕੀ ਇਨ੍ਹਾਂ ਦੇ ਦਿਲ 'ਚ ਹੈ।
ਮਖ਼ਮਲ ਵਰਗੇ ਲੋਕਾਂ ਨੂੰ
ਪੀਓ ਏਨੀ ਕਿ ਪੀ ਕੇ ਕੁਝ ਹੋਸ਼ ਰਹੇ। ਕੀ ਪੀਤੀ ਜੇ ਪੀ ਕੇ ਹੀ ਬੇ-ਹੋਸ਼ ਰਹੇ। ਗੱਲ ਕਰ ਕੇ ਜੋ ਦੇਂਦਾ ਗੋਲ ਗੁਆ ਅਪਣੀ, ਇਸ ਤੋਂ ਚੰਗਾ ਹੈ ਕਿ ਉਹ ਖਾਮੋਸ਼ ਰਹੇ। ਖੁਸ਼ਬੋਆਂ ਨੂੰ ਬੋ ਬਣਵਾ ਕੇ ਪੌਣਾਂ ਵਿਚ, ਪੌਣਾਂ ਦੂਸ਼ਿਤ ਕਰਦੇ ਸਿਗਰਟ-ਨੋਸ਼ ਰਹੇ। ਸ਼ਬਦਾਂ ਦੇ ਅਰਥਾਂ ਵਿੱਚ ਹੁੰਦੀ ਹਿਲਜੁਲ ਦੇਖ, ਮੂੰਹ ਵਿੱਚ ਉਂਗਲਾਂ ਪਾਈ ਬੈਠੇ ਕੋਸ਼ ਰਹੇ। ਮਖ਼ਮਲ ਵਰਗੇ ਲੋਕਾਂ ਨੂੰ ਗ਼ੁਮਰਾਹ ਕਰਦੇ, ਥੋਰ੍ਹਾਂ ਵਰਗੇ ਲੋਕੀਂ ਖੱਦਰ-ਪੋਸ਼ ਰਹੇ।
ਸਮਝ ਸਕੇ ਨਾ
ਕਰਦੇ ਰਹਿੰਦੇ ਜੇਕਰ ਤਿਰੀ ਉਡੀਕ ਅਸੀਂ। ਮਰ ਮੁੱਕ ਚੁੱਕੇ ਹੋਣਾ ਸੀ ਅਜ ਤੀਕ ਅਸੀਂ। ਇਸ਼ਕ ਦੇ ਅੱਖਰ ਕੀ ਪਾਉਣੇ ਸਨ ਹੋਰ ਸਗੋਂ, ਲੰਮੀ ਖਿੱਚੀ ਨਫ਼ਰਤ ਦੀ ਹੀ ਲੀਕ ਅਸੀਂ। ਦੂਜੇ ਨੂੰ ਹੈ ਗ਼ਲਤ ਸਮਝਿਆ ਅਕਸਰ ਹੀ, ਅਪਣੇ ਆਪ ਨੂੰ ਸਦਾ ਸਮਝਿਆ ਠੀਕ ਅਸੀਂ। ਓਹਨਾਂ ਦੀ ਤਾਂ ਦੂਰੀ ਹੀ ਨਾ ਮਿਣੀ ਗਈ, ਸਮਝ ਰਹੇ ਸੀ ਜਿਹਨਾਂ ਨੂੰ ਨਜ਼ਦੀਕ ਅਸੀਂ। ਚਾਹੀਦਾ ਸੀ ਰਿਸ਼ਤਾ ਫੁੱਲ ਖੁਸ਼ਬੂ ਵਰਗਾ, ਪਰ ਇਹ ਕਿੱਥੋਂ ਲੈ ਆਉਂਦੇ ਤੌਫੀਕ ਅਸੀਂ। ਬੰਦੇ ਹਾਂ ਪਰ ਬੰਦਿਆਂ ਵਾਲੀ ਗੱਲ ਨਹੀਂ, ਦੁਸ਼ਮਣ ਇਕ ਦੂਜੇ ਦੇ ਹੋਏ ਸ਼ਰੀਕ ਅਸੀਂ। ਏਸ ਪਰਾਏ ਮੌਸਮ ਦੀ ਬੱਦ-ਮਜ਼ਗੀ ਵਿਚ, ਭੁੱਲ ਚੁੱਕੇ ਹਾਂ ਅਪਣੀ ਹੀ ਤਸਦੀਕ ਅਸੀਂ। ਦਿਨ ਤਾਂ ਛੱਡੋ ਰਾਤਾਂ ਵੀ ਨੇ ਡੰਗਦੀਆਂ, ਅੱਧੀ ਰਾਤੇ ਉਠ ਕੇ ਮਾਰੀ ਚੀਕ ਅਸੀਂ। ਇਕ ਦੂਜੇ ਨੂੰ ਕਰਦੇ ਹਾਂ ਬਦਨਾਮ ਰਹੇ, ਸਮਝ ਸਕੇ ਨਾ ਵਿਚਲੀ ਗੱਲ ਬਰੀਕ ਅਸੀਂ।
ਮਿਲਣ ਤੋਂ ਵੱਟਦੇ ਪਾਸਾ
ਕਦੇ ਉਹ ਕੋਸਦੇ ਸਾਨੂੰ ਕਦੇ ਸਮਝਾਉਣ ਲੱਗਦੇ ਨੇ। ਉਦੋਂ ਹਾਂ ਸੋਚਦੇ ਕਿ ਉਹ ਅਸਾਡੇ ਕੌਣ ਲੱਗਦੇ ਨੇ। ਜਦੋਂ ਨਜ਼ਦੀਕ ਹੁੰਦੇ ਨੇ ਮਿਲਣ ਤੋਂ ਵੱਟਦੇ ਪਾਸਾ, ਜਦੋਂ ਉਹ ਦੂਰ ਹੁੰਦੇ ਨੇ ਤਾਂ ਚਿੱਠੀਆਂ ਪਾਉਣ ਲੱਗਦੇ ਨੇ। ਉਨ੍ਹਾਂ ਨੇ ਜ਼ਿੰਦਗੀ ਨੂੰ ਰੇਤ ਦੇ ਘਰ ਵਾਂਗ ਹੈ ਜਾਤਾ, ਉਸਾਰਨ ਲੱਗਦੇ ਆਪੇ ਤੇ ਆਪੇ ਢਾਉਣ ਲੱਗਦੇ ਨੇ। ਕਦੇ ਤਾਂ ਦੇਖਦੇ ਹੀ ਮੂੰਹ ਭੁਆਂ ਅੰਦਰ ਚਲੇ ਜਾਂਦੇ, ਕਦੇ ਬੈਠਣ ਨੂੰ ਕੁਰਸੀ ਅੰਦਰੋਂ ਮੰਗਵਾਉਣ ਲੱਗਦੇ ਨੇ। ਉਨ੍ਹਾਂ ਦੀ ਹਰ ਅਦਾ ਦੇ ਵਿਚ ਨਜ਼ਾਕਤ ਦਾ ਦਖਲ ਹੁੰਦੈ, ਕਦੇ ਉਹ ਬੋਲਦੇ ਹੁੰਦੇ ਕਦੇ ਫੁਰਮਾਉਣ ਲੱਗਦੇ ਨੇ। ਅਸਾਨੂੰ ਹੌਸਲਾ ਦੇਂਦੇ ਬਨ੍ਹਾਉਂਦੇ ਧੀਰ ਨੇ ਸਾਡੀ, ਜ਼ਰਾ ਕੁ ਗੱਲ ਹੁੰਦੀ ਹੈ ਤਾਂ ਖ਼ੁਦ ਘਬਰਾਉਣ ਲੱਗਦੇ ਨੇ।
ਤੱਕਿਆ ਖੁਸ਼ੀ ਦਾ ਮੂੰਹ ਨਾ
ਹਰ ਦੋਸ਼ ਤੇਰਾ ਨਾਂ ਮਿਰੇ, ਗਰਦਾਣਿਆ ਗਿਆ। ਛੱਟਿਆ ਗਿਆ ਸੀ ਛੱਟ ਵਿਚ ਪਾ, ਛਾਣਿਆ ਗਿਆ। ਹੈ ਮਾਣ ਕੁੱਝ ਨਾ ਕੁੱਝ ਤਾਂ, ਹੱਸਤੀ ਮਿਰੀ 'ਚ ਖਾਸ, ਹਰ ਤੀਰ ਮੇਰੀ ਹਿੱਕ ਵਲ ਹੀ, ਤਾਣਿਆ ਗਿਆ। ਆਉਂਦਾ ਕਿਵੇਂ ਨਾ ਆਇਆ, ਉਹ ਦਿਨ ਅਖੀਰ ਸੀ, ਕਰਕੇ ਇਰਾਦਾ ਨੇਕ ਸੀ ਜੋ, ਠਾਣਿਆ ਗਿਆ। ਉਹ ਸੱਚ ਜਿਸ ਤੋਂ, ਲੋਕ ਸੀ ਇਨਕਾਰ ਕਰ ਗਏ, ਸੂਲੀ ਤੇ ਚੜ੍ਹ ਗਿਆ ਤਾਂ, ਪ੍ਰਵਾਣਿਆ ਗਿਆ। ਤੱਕਿਆ ਖ਼ੁਸ਼ੀ ਦਾ ਮੂੰਹ ਨਾ, ਜਿਸ ਨੇ ਸੀ ਉਮਰ ਭਰ, ਉਸ ਸਖਸ਼ ਨੂੰ 'ਖੁਸ਼ਵੰਤ' ਕਰ ਕੇ ਜਾਣਿਆ ਗਿਆ।
ਸੁਰ-ਬੰਧ ਕਰ ਕੇ ਲੈ ਗਿਆ
ਕੀ ਪਤਾ ਉਹ ਕਿਸ ਤਰ੍ਹਾਂ, ਪ੍ਰਬੰਧ ਕਰ ਕੇ ਲੈ ਗਿਆ। ਆਪਣੇ ਸੰਬੰਧ ਜਾਂ ਕਿ, ਫੰਧ ਕਰ ਕੇ ਲੈ ਗਿਆ। ਫਿਰ ਰਹੀ ਖੁੱਲ੍ਹੀ ਪਹਾੜਾਂ ਦੀ, ਫਿਜ਼ਾ ਵਿਚ ਉਹ ਕੁੜੀ, ਲੈ ਗਿਆ ਕੁਈ ਕੈਮਰੇ ਵਿਚ, ਬੰਦ ਕਰ ਕੇ ਲੈ ਗਿਆ। ਧੁੱਪ, ਛਾਂ ਦੀ ਪੈੜ ਹੀ ਨੱਪਦੀ ਰਹੀ, ਲੱਭਦੀ ਰਹੀ, ਪਰ ਕੋਈ ਰੁੱਖ ਸੰਘਣਾ, ਪਾਬੰਦ ਕਰ ਕੇ ਲੈ ਗਿਆ। ਇਕ ਹਨੇਰੀ ਗ਼ਾਰ ਦੇ ਵਿਚ, ਬੈਠ ਕੇ ਵੀ ਉਹ ਬਸ਼ਰ, ਬਾਤ ਨੂੰ ਸੀ ਹੋਰ ਲੰਮਿਆਂ, ਚੰਦ ਕਰ ਕੇ ਲੈ ਗਿਆ। ਸ਼ਬਦ ਉਸ ਦੇ ਕੋਲ ਸਨ, ਤੇ ਬੰਸਰੀ ਦੇ ਕੋਲ ਸੁਰ, ਇਕ ਅਛੂਤਾ ਗੀਤ ਉਹ, ਸੁਰ-ਬੰਧ ਕਰਕੇ ਲੈ ਗਿਆ।
ਕੰਬਦਾ ਹਰ ਕਦਮ ਮੈਂ
ਚਿਹਰਿਆਂ ਦਰ ਚਿਹਰਿਆਂ ਨੂੰ, ਦੇਖਦਾ ਤੁਰਿਆ ਗਿਆ। ਦੇਖਦਾ ਕਿਰਦਾਰ ਮੈਂ, ਹਰ ਭੇਖ ਦਾ ਤੁਰਿਆ ਗਿਆ। ਰਿਸ਼ਤਿਆਂ ’ਚੋਂ ਨਿੱਘ ਲੱਭਦਾ, ਕੰਬਦਾ ਹਰ ਕਦਮ ਮੈਂ, ਆਪਣੇ ਹੱਡਾਂ ਦਾ ਬਾਲਣ, ਸੇਕਦਾ ਤੁਰਿਆ ਗਿਆ। ਜਦ ਰਿਹਾ ਨਾ ਹੋਰ ਕੁਝ ਤਾਂ, ਓਸ ਤੋਂ ਮੰਗਣ ਦੀ ਥਾਂ, ਮਾਸ ਅਪਣੇ ਜਿਸਮ ਦਾ ਹੀ, ਵੇਚਦਾ ਤੁਰਿਆ ਗਿਆ। ਭੀੜ ਵਿਚ ਦਿਸਿਆ ਨਹੀਂ, ਚਿਹਰਾ ਕੋਈ ਤੇਰੇ ਜਿਹਾ, ਚਿਹਰਿਆਂ ਦੇ ਨਾਲ ਚਿਹਰਾ, ਮੇਲਦਾ ਤੁਰਿਆ ਗਿਆ। ਉਹ ਉਨ੍ਹਾਂ ਦੀ ਸੋਚ ਸੀ, ਉਹ ਵਲਗਣਾਂ ਵਲਦੇ ਗਏ, ਮੈਂ ਸੀ ਵਲੀਆਂ ਵਲਗਣਾਂ ਨੂੰ, ਮੇਟਦਾ ਤੁਰਿਆ ਗਿਆ।
ਜੋ ਮੇਰੀ ਹਾਲਤ ਰਹੀ
ਦਿਲ 'ਚ ਨਾ ਕੋਈ ਬਾਤ ਬਾਕੀ ਨਾ ਕੋਈ ਚਾਹਤ ਰਹੀ। ਤਿੜਕ ਚੁੱਕੀ ਹਰ ਖ਼ਵਾਹਿਸ਼ ਨਾ ਕੋਈ ਸਾਬਤ ਰਹੀ। ਆਪਣੀ ਹਾਲਤ ਦੇ ਬਾਰੇ ਤੂੰ ਹੈ ਕਰ ਦਿੱਤਾ ਬਿਆਨ, ਪਰ ਕਿਵੇਂ ਦੱਸਾਂ ਤੇਰੇ ਬਿਨ ਜੋ ਮਿਰੀ ਹਾਲਤ ਰਹੀ। ਮੀਂਹ ਪਏ, ਝੱਖੜ ਵਗੇ ਜਾਂ ਧੁੱਪ ਚਮਕੇ ਕੜਕਵੀਂ, ਰੁੱਖ ਦੀ ਹਰ ਹਾਲ ਆਈ ਪਰ ਸਦਾ ਸ਼ਾਮਤ ਰਹੀ। ਹੁਣ ਕੁਈ ਸ਼ਿਕਵਾ ਸ਼ਿਕਾਇਤ ਨਾ ਰਹੀ ਤੇਰੇ ਪ੍ਰਤੀ, ਭੁੱਲ-ਭੁਲੇਖੇ ਦੀ ਕਣੀ ਨਾ ਆਪਣੀ ਬਾਬਤ ਰਹੀ। ਆਪਣੇ ਗ਼ਮ ਆਪਣੇ ਹੀ ਕੋਲ ਰੱਖਦਾ ਹਾਂ ਸਦਾ, ਪਰ ਖੁਸ਼ੀ ਨੂੰ ਕੋਲ ਰੱਖਣਾ ਇਹ ਨਹੀਂ ਆਦਤ ਰਹੀ।
ਬਲਦੀ ਮਿਸ਼ਾਲ ਰੱਖੀਂ
ਸਾਡਾ ਖਿਆਲ ਛੱਡ ਕੇ ਅਪਣਾ ਖਿਆਲ ਰੱਖੀਂ। ਦਿਲ ਹੈ ਮਿਰੀ ਅਮਾਨਤ ਦਿਲ ਨੂੰ ਸੰਭਾਲ ਰੱਖੀਂ। ਦੇਖੀਂ ਸਿਮਟ ਕੇ ਐਵੇਂ ਦਰਿਆ ਨਦੀ ਨਾ ਹੋਈਂ, ਤੂੰ ਏਂ ਅਥਾਹ ਸਮੁੰਦਰ ਲਹਿਰਾਂ ਉਛਾਲ ਰੱਖੀਂ। ਦੇਖੀਂ ਕਿ ਸਰਦ ਪੌਣਾਂ ਵਿਚ ਯੱਖ ਹੋ ਬਹੀਂ ਨਾ, ਰੱਖੀਂ ਤੂੰ ਸ਼ੌਕ ਮਗ੍ਹਦੇ ਦਿਲ ਵਿਚ ਉਬਾਲ ਰੱਖੀਂ। ਹਾਲੇ ਹਨੇਰੇ ਸੰਘਣੇ ਭਟਕੇ ਹੋਏ ਨੇ ਰਾਹੀ, ਰਾਤਾਂ ਹਨੇਰੀਆਂ ਵਿਚ ਬਲਦੀ ਮਸ਼ਾਲ ਰੱਖੀਂ। ਪਹਿਲਾਂ ਮਹੌਲ ਦੇਖੀਂ ਫਿਰ ਰੌਂਅ ਉਹਦਾ ਪਛਾਣੀਂ, ਫਿਰ ਹੀ ਜਵਾਬ ਮੰਗੀਂ ਅਪਣਾ ਸਵਾਲ ਰੱਖੀਂ। ਏਨੀ ਵੀ ਦੁਸ਼ਮਣੀ ਕੀ ਅੱਖਾਂ ਹੀ ਫੇਰ ਲੈਣਾ, ਕੁੱਝ ਰਾਬਤਾ ਜ਼ਰੂਰੀ ਉਹਨਾਂ ਦੇ ਨਾਲ ਰੱਖੀਂ।
ਉਸ ਆਸ ਦਾ ਹੈ ਪਿੰਡਾ
ਕਦੇ ਤੈਨੂੰ ਕੁੱਟ ਕਦੇ ਪੈਂਦੀ ਮੈਨੂੰ ਕੁੱਟ ਪੈਂਦੀ। ਕਦੇ ਏਥੇ ਲੁੱਟ ਪੈਂਦੀ ਕਦੇ ਓਥੇ ਲੁੱਟ ਪੈਂਦੀ। ਮੁਸ਼ਕਿਲ ਦਾ ਕੀ ਪਤਾ ਇਹ ਤਾਂ ਓਹੀ ਜਾਣਦੀ ਏ, ਕਦੇ ਏਥੇ ਟੁੱਟ ਪੈਂਦੀ ਕਦੇ ਓਥੇ ਟੁੱਟ ਪੈਂਦੀ। ਭੀੜ ਕਿਸੇ ਉੱਤੇ ਪਈ ਤਾਂ ਮਜ਼ਾਕ ਵਿਚ ਲਈ, ਜਦੋਂ ਸਾਨੂੰ ਆ ਕੇ ਪਏ ਤਾਂ ਤਰੇਲੀ ਛੁੱਟ ਪੈਂਦੀ। ਉਸ ਆਸ ਦਾ ਹੈ ਪਿੰਡਾ ਬਦਰੰਗ ਜਿਹਾ ਹੁੰਦਾ, ਜਿਹਦੇ ਪਿੰਡੇ ਫੁਲਬਹਿਰੀ ਦੀ ਹੈ ਫੁੱਟ ਫੁੱਟ ਪੈਂਦੀ। ਕੌਮ ਡਿਗ ਕੇ ਵੀ ਫੇਰ ਉਹ ਖਲੋਂਦੀ ਪੈਰਾਂ ਉੱਤੇ, ਜਿਹੜੀ ਮਿਹਨਤਾਂ ਮੁਸ਼ੱਕਤਾਂ ’ਚ ਫੇਰ ਜੁੱਟ ਪੈਂਦੀ।
ਕਦੇ ਕੋਈ ਕਦੇ ਕੋਈ
ਸਦਾ ਗ਼ਮ ਘੇਰ ਰੱਖਦਾ ਹੈ, ਕਦੇ ਕੋਈ ਕਦੇ ਕੋਈ। ਮਚਾਈ ਨੇਰ੍ਹ ਰੱਖਦਾ ਹੈ, ਕਦੇ ਕੋਈ ਕਦੇ ਕੋਈ। ਕਿਤੇ ਲੁਕ ਛਿਪ ਕੇ ਹੀ ਦੋ ਦਿਲ, ਰਚਾ ਸੰਵਾਦ ਨਾ ਬੈਠਣ, ਨਜ਼ਰ ਚੌਫੇਰ ਰੱਖਦਾ ਹੈ, ਕਦੇ ਕੋਈ ਕਦੇ ਕੋਈ। ਨਾ ਰੁੱਸੇ ਐ ਖ਼ੁਦਾ ਕੋਈ, ਬੜੇ ਹੀ ਯਤਨ ਕਰਦਾ ਹਾਂ, ਮਗਰ ਮੂੰਹ ਫੇਰ ਰੱਖਦਾ ਹੈ, ਕਦੇ ਕੋਈ ਕਦੇ ਕੋਈ। ਅਸੀਂ ਤਾਂ ਪਿਆਰ ਹੀ ਕੀਤਾ, ਅਦਾਵਤ ਨਾਲ ਸਾਡੇ, ਪਰ, ਰਿਹਾ ਹਰ ਵੇਰ ਹੀ ਰੱਖਦਾ, ਕਦੇ ਕੋਈ ਕਦੇ ਕੋਈ। ਜਿਉਂਦੇ ਜੀ ਮਿਲੇ ਕੰਡੇ, ਮਗਰ ਮੋਇਆਂ ਮੜ੍ਹੀ ਮੇਰੀ, ਭਰੀ ਚੰਗੇਰ ਰੱਖਦਾ ਹੈ, ਕਦੇ ਕੋਈ ਕਦੇ ਕੋਈ।
ਢੂੰਡਦੇ ਹੋ ਜੋ ਸਿਤਾਰਾ
ਬਾਤ ਪਾਓ ਤਾਂ, ਹੁੰਗਾਰਾ ਵੀ ਮਿਲੇਗਾ ਲਾਜ਼ਮੀ । ਪਿਆਰ ਹੋਇਆ ਤਾਂ, ਪਿਆਰਾ ਵੀ ਮਿਲੇਗਾ ਲਾਜ਼ਮੀ। ਕੀ ਹੋਇਆ ਪੂਰਾ, ਨਹੀਂ ਮਿਲਿਆ ਮਗਰ ਰੱਖੋ ਯਕੀਨ, ਹੱਕ ਤੁਹਾਡਾ ਹੈ ਤਾਂ, ਸਾਰਾ ਵੀ ਮਿਲੇਗਾ ਲਾਜ਼ਮੀ। ਗੱਲ ਕੁਝ ਇੱਧਰੋਂ, ਤੇ ਕੁੱਝ ਉੱਧਰੋਂ ਤੁਰੀ ਹੈ ਦੋਸਤੋ, ਪਿਆਰ ਤੱਕ ਪੁੱਜੀ, ਇਸ਼ਾਰਾ ਵੀ ਮਿਲੇਗਾ ਲਾਜ਼ਮੀ। ਨੀਂਦ ਵਿਚ ਖ਼ਾਬਾਂ ਲਈ ਥਾਂ ਰੱਖ ਲੈਣਾ ਰਾਖਵੀਂ, ਨਜ਼ਰ ਹੋਈ ਤਾਂ, ਨਜ਼ਾਰਾ ਵੀ ਮਿਲੇਗਾ ਲਾਜ਼ਮੀ। ਉਹ ਜਿਹੜਾ ਮੰਝਧਾਰ ਤੀਕਰ ਪਹੁੰਚਿਆ, ਹੋਏਗਾ ਪਾਰ, ਆਣ ਕੇ ਉਸ ਨੂੰ, ਕਿਨਾਰਾ ਵੀ ਮਿਲੇਗਾ ਲਾਜ਼ਮੀ । ਸਿਦਕ ਜੇ ਸਾਬਤ ਰਿਹਾ ਤਾਂ, ਸ਼ੱਕ ਨਹੀਂ, ਸ਼ੰਕਾ ਨਹੀਂ, ਢੂੰਡਦੇ ਹੋ ਜੋ, ਸਿਤਾਰਾ ਵੀ ਮਿਲੇਗਾ ਲਾਜ਼ਮੀ ।
ਤਾਂ ਕੀ ਕਰੇ ਕੋਈ
ਮਿਲੇ ਮਿੱਤਰ ਪਿਆਰਾ ਹੀ ਨਹੀਂ, ਤਾਂ ਕੀ ਕਰੇ ਕੋਈ। ਬਿਨਾਂ ਉਸ ਦੇ ਗੁਜ਼ਾਰਾ ਹੀ ਨਹੀਂ, ਤਾਂ ਕੀ ਕਰੇ ਕੋਈ। ਅਸੀਂ ਤਨ ਮਨ ਤੋਂ ਸਾਰੇ ਦੇ ਹੀ ਸਾਰੇ, ਹੋ ਗਏ ਜਿਸ ਦੇ, ਹੋਇਆ ਉਹ ਆਪ ਸਾਰਾ ਹੀ ਨਹੀਂ, ਤਾਂ ਕੀ ਕਰੇ ਕੋਈ। ਬੜੇ ਅਸਮਾਨ ਵਿਚ ਤਾਰੇ, ਚਮੱਕਦੇ ਨੇ ਦਮੱਕਦੇ ਨੇ, ਕਿਤੇ ਅਪਣਾ ਸਿਤਾਰਾ ਹੀ ਨਹੀਂ, ਤਾਂ ਕੀ ਕਰੇ ਕੋਈ। ਨਜ਼ਰ ਨੂੰ ਦੋਸ਼ ਕੀ ਦੇਣਾ, ਨਜ਼ਰ ਦੇ ਹਾਣ ਦਾ ਹੀ ਜੇ, ਕਿਤੇ ਕੋਈ ਨਜ਼ਾਰਾ ਹੀ ਨਹੀਂ, ਤਾਂ ਕੀ ਕਰੇ ਕੋਈ। ਹੁੰਗਾਰੇ ਨਾਲ ਤੁਰਦੀ ਬਾਤ ਹੈ ਪਰ, ਬਾਤ ਪਾਈ ਦਾ, ਕਿਤੋਂ ਮਿਲਦਾ ਹੁੰਗਾਰਾ ਹੀ ਨਹੀਂ, ਤਾਂ ਕੀ ਕਰੇ ਕੋਈ। ਉਸ ਜਿਸ ਨੂੰ ਯਾਦ ਕਰ ਕਰ ਕੇ, ਹਯਾਤੀ ਰੋਲ ਦਿੱਤੀ ਹੈ, ਉਹਨੂੰ ਮਿਲਣਾ ਗੁਆਰਾ ਹੀ ਨਹੀਂ, ਤਾਂ ਕੀ ਕਰੇ ਕੋਈ। ਬੜਾ ਸੀ ਮਾਣ ਉਸ ਉੱਤੇ, ਉਹਦੇ ਇਕਰਾਰ ਤੇ, ਐਪਰ, ਉਹਦਾ ਮਿਲਿਆ ਹੈ ਲਾਰਾ ਹੀ ਨਹੀਂ, ਤਾਂ ਕੀ ਕਰੇ ਕੋਈ। ਭਲਾ ਇਹ ਜ਼ਿੰਦਗੀ ਕੀ ਹੈ, ਮਿਲੇ ਤੇ ਵਿਛੜ ਵੀ ਚੱਲੇ, ਕਦੇ ਮਿਲਣਾ ਦੁਬਾਰਾ ਹੀ ਨਹੀਂ, ਤਾਂ ਕੀ ਕਰੇ ਕੋਈ। ਤਿਰੇ ਇਸ ਸ਼ਹਿਰ ਤੋਂ, ਤੁਰ ਜਾਣ ਦਾ ਅਫਸੋਸ ਤਾਂ ਹੈ, ਪਰ, ਰਿਹਾ ਕੋਈ ਹੋਰ ਚਾਰਾ ਹੀ ਨਹੀਂ, ਤਾਂ ਕੀ ਕਰੇ ਕੋਈ।
ਬਾਗ ਹੈ ਬਾਗ ਕੀਕਰ
ਬਾਗ ਹੈ ਬਾਗ ਕੀਕਰ ਗੁਲਾਬਾਂ ਬਿਨਾਂ। ਸਿਲਸਿਲਾ ਕੀ ਖ਼ਤਾਂ ਦਾ ਜਵਾਬਾਂ ਬਿਨਾਂ । ਕਾਇਮ ਏਦਾਂ ਹੀ ਰਹੀਆਂ ਜੇ ਗੁਸਤਾਖ਼ੀਆਂ, ਕੀ ਬਣੂ ਮਹਿਫਿਲਾਂ ਦਾ ਅਦਾਬਾਂ ਬਿਨਾਂ। ਜੇ ਹੈ ਚਿੜੀਆਂ ਤੇ ਘੁੱਗੀਆਂ ਦਾ ਮੋਹ ਪਾਲਣਾ, ਕੋਈ ਅੰਬਰ ਉਸਾਰੋ ਉਕਾਬਾਂ ਬਿਨਾਂ। ਬਿਨ ਖਵਾਬਾਂ ਦੇ ਹੈ ਨੀਂਦ ਦਾ ਕੀ ਮਜ਼ਾ, ਕੀ ਮਜ਼ਾ ਨੀਂਦ ਦਾ ਹੈ ਖ਼ਵਾਬਾਂ ਬਿਨਾਂ। ਨੱਚ ਲੈ ਕੁੱਦ ਲੈ ਯਾਦ ਰੱਖੀਂ ਮਗਰ, ਗੱਲ ਤੁਰਨੀ ਨਹੀਂ ਹੈ ਕਿਤਾਬਾਂ ਬਿਨਾਂ। ਉਹਨੂੰ ਕੀ ਹੈ ਭਲਾ ਮੰਜ਼ਿਲਾਂ ਦਾ ਪਤਾ, ਪੈਰ ਪੁੱਟੇ ਨਾ ਜਿਹੜਾ ਜੁਰਾਬਾਂ ਬਿਨਾਂ । ਕੁਝ ਵੀ ਹੋਣਾ ਨਹੀਂ ਕੁੱਝ ਵੀ ਹੋਣਾ ਨਹੀਂ, ਕੁਝ ਵੀ ਹੋਣਾ ਨਹੀਂ ਇਨਕਲਾਬਾਂ ਬਿਨਾਂ। ਬੇ-ਹਿਸਾਬੀ ਹੈ ਕਰਦੀ ਖਰਾਬੀ ਬੜੀ, ਗੱਲ ਮੁੱਕਦੀ ਨਾ ਕੀਤੇ ਹਿਸਾਬਾਂ ਬਿਨਾਂ । ਇਹ ਤਿਰੀ ਸੋਚ ਹੈ ਸੋਚ ਤੂੰ ਆਪਣੀ, ਮੇਰਾ ਸਰਦਾ ਨਹੀਂ ਦੋਂਹ ਪੰਜਾਬਾਂ ਬਿਨਾਂ।
ਪਤਾ ਲੱਗਦੈ
ਮਿਲੇ ਜਦ ਦੁਸ਼ਮਣੀ ਤਾਂ, ਦੋਸਤੀ ਦਾ ਹੈ ਪਤਾ ਲੱਗਦੈ। ਹਨੇਰੇ ਸੰਘਣੇ ਵਿਚ, ਰੌਸ਼ਨੀ ਦਾ ਹੈ ਪਤਾ ਲੱਗਦੈ। ਖੁਸ਼ੀ ਖਾਤਰ ਘਰੋਂ ਨਿਕਲੇ, ਮਿਲੇ ਸੀ ਗ਼ਮ ਤੁਰੇ ਆਉਂਦੇ, ਲਈ ਕੀ ਕੀ ਸੀ ਬੈਠੀ, ਜ਼ਿੰਦਗੀ ਦਾ ਹੈ ਪਤਾ ਲੱਗਦੈ। ਜਦੋਂ ਮਨ ਆਪਣਾ ਹੀ, ਅਜਨਬੀ ਹੋ ਕੇ ਭਟਕਦਾ ਹੈ, ਹੋਏ ਮਾਹੌਲ ਸਾਰੇ, ਅਜਨਬੀ ਦਾ ਹੈ ਪਤਾ ਲੱਗਦੈ। ਪਏ ਜਦ ਭੀੜ ਤਾਂ, ਅਪਣੇ ਪਰਾਏ ਦਾ ਇਲਮ ਹੁੰਦੈ, ਉਦੋਂ ਕਿਰਦਾਰ ਹਰ ਇਕ, ਆਦਮੀ ਦਾ ਹੈ ਪਤਾ ਲੱਗਦੈ। ਮਿਲੇ ਜਦ ਖ਼ੁਦਕਸ਼ੀ ਤਾਂ, ਹੋਂਦ ਦਾ ਅਹਿਸਾਸ ਹੈ ਹੁੰਦਾ, ਕਿਸੇ ਦੇ ਜਾਣ ਤੇ ਹੀ, ਵਾਪਸੀ ਦਾ ਹੈ ਪਤਾ ਲੱਗਦੈ। ਕਿਸੇ ਨੂੰ ਡੋਬ ਦੇਂਦੀ ਹੈ, ਕਿਸੇ ਨੂੰ ਤਾਰ ਦੇਂਦੀ ਹੈ, ਨਜ਼ਰ ਓਦੋਂ ਪਰਾਈ, ਆਪਣੀ ਦਾ ਹੈ ਪਤਾ ਲੱਗਦੈ। ਇਹ ਤਾਰੂ ਸਮਝਦੇ, ਜਾਂ ਸਿਰਫ ਲਹਿਰਾਂ ਸਮਝਦੀਆਂ ਨੇ, ਕਿਨਾਰੇ 'ਤੇ ਖਲੋ ਕੀ, ਵਾਪਰੀ ਦਾ ਹੈ ਪਤਾ ਲੱਗਦੈ। ਮਸ਼ੀਨਾਂ ਵਾਂਗ ਨੇ ਚਿਹਰੇ, ਮਸ਼ੀਨੀ ਹਰਕਤਾਂ ਕਰਦੇ, ਇਨ੍ਹਾਂ ਤੋਂ ਗ਼ਮ ਅਤੇ ਨਾ ਹੀ, ਖੁਸ਼ੀ ਦਾ ਹੈ ਪਤਾ ਲੱਗਦੈ। ਇਹ ਕੀ ਕਹਿੰਦੇ, ਕਿਹਨੂੰ ਕਹਿੰਦੇ, ਕਿਉਂ ਕਹਿੰਦੇ, ਕਿਵੇਂ ਕਹਿੰਦੇ, ਨਾ ਪਹਿਲੀ ਗੱਲ ਦਾ ਨਾ, ਆਖਰੀ ਦਾ ਹੈ ਪਤਾ ਲੱਗਦੈ।
ਚੁਰੱਸਤੇ ਵਿਚ ਖੜ੍ਹਾ ਸੋਚਾਂ
ਬੜਾ ਸੰਭਾਲਦਾਂ ਖ਼ੁਦ ਨੂੰ, ਨਾ ਐਵੇਂ ਹੀ ਬਿਖ਼ਰ ਜਾਵਾਂ। ਜੇ ਬਿਖ਼ਰਾਂ ਤਾਂ ਹਵਾ ਅੰਦਰ, ਮੈਂ ਖੁਸ਼ਬੂ ਹੋ ਖਿਲਰ ਜਾਵਾਂ। ਭੁਲਾਵਾਂ ਯਾਦ ਮੈਂ ਤੇਰੀ, ਨਹੀਂ ਸੰਭਵ, ਨਹੀਂ ਮੁਮਕਿਨ, ਇਹਦੇ ਨਾਲੋਂ ਤਾਂ ਮੈਂ, ਅਪਣੇ ਹੀ ਚੇਤੇ 'ਚੋਂ ਵਿਸਰ ਜਾਵਾਂ। ਕਿਸੇ ਪਾਸੇ ਵੀ ਕੁੱਝ ਦਿੱਸਦਾ ਨਹੀਂ, ਜੋ ਮੋਹ ਲਵੇ ਮਨ ਨੂੰ, ਚੁਰੱਸਤੇ ਵਿਚ ਖੜ੍ਹਾ ਸੋਚਾਂ, ਮੈਂ ਜਾਵਾਂ ਤਾਂ ਕਿਧਰ ਜਾਵਾਂ। ਕਿਸੇ ਹਿੰਦਸੇ ਨੂੰ ਵੀ, ਗੁਮਰਾਹ ਕਰਾਂ ਤੌਬਾ ਮਿਰੀ ਤੌਬਾ, ਇਹਦੇ ਨਾਲੋਂ ਤਾਂ ਮਿਟ ਜਾਵਾਂ, ਨਹੀਂ ਤਾਂ ਹੋ ਸਿਫ਼ਰ ਜਾਵਾਂ। ਨਜ਼ਰ ਸਾਂਹਵੇਂ ਅਨੇਕਾਂ ਹੀ, ਨੇ ਚਿਹਰੇ ਦਿਲ-ਨਸ਼ੀਂ ਘੁੰਮਦੇ, ਕਰਾਂ ਕੋਸ਼ਿਸ਼ ਕਿਸੇ ਨੂੰ ਤਾਂ, ਮੈਂ ਸ਼ਬਦਾਂ ਵਿਚ ਚਿਤਰ ਜਾਵਾਂ। ਹਮੇਸ਼ਾ ਕੌਣ ਚਾਹੁੰਦਾ, ਕੰਬਣਾ ਤੇ ਥਿਰਕਦੇ ਰਹਿਣਾ, ਕਦੇ ਤਾਂ ਸੋਚਦਾ, ਪਾਰਾ ਵੀ ਹੋਣੈ ਹੋ ਸਿਥਰ ਜਾਵਾਂ। ਤਿਰੀ ਤਸਵੀਰ ਨਾ ਚਿਤਰਾਂ, ਨਾ ਦੱਸਾਂ ਥਾਂ ਟਿਕਾਣਾ ਹੀ, ਲਿਖਾਂ ਨਾ ਨਾਂ ਤਿਰਾ ਫਿਰ ਵੀ, ਮੈਂ ਤੇਰਾ ਕਰ ਜ਼ਿਕਰ ਜਾਵਾਂ। ਕਿਸੇ ਬੇ-ਫ਼ਿਕਰ ਦਾ ਹੀ, ਫ਼ਿਕਰ ਕੀਤਾ ਹੈ ਉਮਰ ਸਾਰੀ, ਬੜੀ ਸੀ ਤਾਂਘ ਕਿ ਮੈਂ ਵੀ, ਕਿਸੇ ਦਾ ਹੋ ਫ਼ਿਕਰ ਹੋ ਜਾਵਾਂ।
ਸ਼ੀਸ਼ੇ ਦੇ ਘਰ
ਉਹ ਜੋ ਹਰ ਮੁਸ਼ਕਿਲ ਨੂੰ ਜਰਦੇ ਹੁੰਦੇ ਨੇ। ਬੰਦੇ ਨਹੀਂ ਉਹ ਲੋਕ ਫਰਿਸ਼ਤੇ ਹੁੰਦੇ ਨੇ। ਮਨ ਦੀ ਆਲੀਸ਼ਾਨ ਇਮਾਰਤ ਕਿਤੇ ਕਿਤੇ, ਬਹੁਤੇ ਖੰਡਰ, ਖੋਲੇ, ਮਲਬੇ ਹੁੰਦੇ ਨੇ। ਹਰ ਪਲ ਓਦੋਂ ਜ਼ਖਮੀ ਹੋਇਆ ਲੱਗਦਾ ਹੈ, ਜਦ ਖੁਸ਼ੀਆਂ ਤੇ ਗ਼ਮ ਦੇ ਗਲਬੇ ਹੁੰਦੇ ਨੇ। ਅੱਖਾਂ ਉਹ ਜੋ ਬਿਹਬਲ ਹੁੰਦੀਆਂ ਯਾਰ ਲਈ, ਬੁੱਲ੍ਹ ਨੇ ਉਹ ਜੋ ਸਦਾ ਪਿਆਸੇ ਹੁੰਦੇ ਨੇ। ਰਿਸ਼ਤੇ ਅਗਰ ਨਿਭਾ ਲਈਏ ਤਾਂ ਰਿਸ਼ਤੇ ਨੇ, ਨਹੀਂ ਤਾਂ ਰਿਸ਼ਤੇ ਕਾਹਦੇ ਰਿਸ਼ਤੇ ਹੁੰਦੇ ਨੇ। ਉਹੀ ਯਾਰੋ ਖ਼ਾਬ ਸੁਨਹਿਰੀ ਨੇ ਹੁੰਦੇ, ਉਹ ਜੋ ਅਸਲ ਹਕੀਕਤ ਵਰਗੇ ਹੁੰਦੇ ਨੇ। ਸ਼ੀਸ਼ੇ ਦੇ ਘਰ ਹੁੰਦੇ ਨੇ ਨਾ ਤੋੜ ਬਹਿਓ, ਹਰ ਇਕ ਅੱਖ ਦੇ ਅਪਣੇ ਸੁਪਨੇ ਹੁੰਦੇ ਨੇ। ਇਸ਼ਕ-ਮੁਰੱਬੇ ਸਾਂਝੀ ਦੌਲਤ ਦੁਨੀਆਂ ਦੀ, ਪਰ ਕੁਝ ਲੋਕਾਂ ਕੀਤੇ ਕਬਜ਼ੇ ਹੁੰਦੇ ਨੇ। ਨਦੀਆਂ ਨਾਲੇ ਕੰਢਿਆਂ ਦੇ ਹੁੰਦੇ ਮੁਹਤਾਜ਼, ਦਰਿਆ ਕੰਢੇ ਤੋੜ ਕੇ ਵੱਗਦੇ ਹੁੰਦੇ ਨੇ ।
ਗ਼ਿਲਾ ਕੇਹਾ
ਗ਼ਿਲਾ ਤਾਂ ਆਪਣੇ ਤੇ ਹੈ, ਜ਼ਮਾਨੇ ਤੇ ਗ਼ਿਲਾ ਕੇਹਾ। ਕੋਈ ਆਪਣਾ ਨਹੀਂ ਬਣਿਆ, ਬਗਾਨੇ ਤੇ ਗ਼ਿਲਾ ਕੇਹਾ। ਜੇ ਕਰ ਇਕਰਾਰ ਹਾਲੇ ਤੀਕ ਵੀ, ਨਾ ਪਰਤੀਆਂ ਯਾਰੋ। ਕਰੋ ਸ਼ਿਕਵਾ ਬਹਾਰਾਂ ਤੇ, ਵਿਰਾਨੇ 'ਤੇ ਗ਼ਿਲਾ ਕੇਹਾ। ਉਹਨੇ ਕੀਤਾ ਹੈ ਜੋ ਕੁਝ ਵੀ, ਹੈ ਉਸ ਦੀ ਸੋਚ ਦਾ ਸਿੱਟਾ, ਗ਼ਿਲਾ ਹੈ ਸੋਚ 'ਤੇ ਉਸ ਦੇ, ਘਰਾਨੇ ਤੇ ਗ਼ਿਲਾ ਕੇਹਾ। ਹਨੇਰੀ ਇਸ ਤਰ੍ਹਾਂ ਵੱਗੇ, ਨਾ ਲੱਗੇ ਪੈਰ ਧਰਤੀ ਤੇ, ਗ਼ਿਲਾ ਬੇ-ਦਰਦ ਮੌਸਮ ਦਾ, ਯਰਾਨੇ ਤੇ ਗ਼ਿਲਾ ਕੇਹਾ। ਗ਼ਿਲਾ ਕੀ ਓਸ ਤੇ ਕਰਨਾ, ਨਹੀਂ ਉਸ ਨੂੰ ਕਦਰ ਕੋਈ, ਮੁਹੱਬਤ ਤਾਂ ਮੁਹੱਬਤ ਹੈ, ਫ਼ਸਾਨੇ ਤੇ ਗ਼ਿਲਾ ਕੇਹਾ। ਉਹਨੇ ਤਾਂ ਛੇੜਿਆ ਸੀ, ਪਰ ਨਹੀਂ ਸੀ ਹਾਣ ਦਾ ਉਸਦੇ, ਗ਼ਿਲਾ ਉਸ ਦੀ ਨਦਾਨੀ ਤੇ, ਤਰਾਨੇ ਤੇ ਗ਼ਿਲਾ ਕੇਹਾ। ਨਜ਼ਰ ਵਿਚ ਖੋਟ ਸੀ ਉਸ ਦੇ, ਇਹਨੂੰ ਭਰਵਾਂ ਉਹਨੂੰ ਊਣਾ, ਸ਼ਰਾਰਤ ਹੈ ਇਹ ਸਾਕੀ ਦੀ, ਪੈਮਾਨੇ ਤੇ ਗ਼ਿਲਾ ਕੇਹਾ। ਬੜੀ ਮੂੰਹ ਜ਼ੋਰ ਸੀ ਤੇ ਲੈ ਉੜੀ, ਸੀ ਨਾਲ ਅਪਣੇ ਹੀ, ਹਵਾ ਦਾ ਸ਼ੁਗਲ ਹੈ ਇਹੋ, ਭੁਕਾਨੇ ਤੇ ਗ਼ਿਲਾ ਕੇਹਾ। ਉਹਨੇ ਮਦਹੋਸ਼ ਹੋ ਦੋ ਬੋਲ, ਕੌੜੇ ਬੋਲ ਦਿੱਤੇ ਤਾਂ, ਇਹ ਸੀ ਦੀਵਾਨਗੀ ਉਸਦੀ, ਦਿਵਾਨੇ ਤੇ ਗ਼ਿਲਾ ਕੇਹਾ।
ਤੇਰੀ ਅਕਲ
ਇਹ ਦਿਲ ਕੁਝ ਹੋਰ ਕਹਿੰਦਾ ਹੈ, ਅਕਲ ਕੁਝ ਹੋਰ ਕਹਿੰਦੀ ਹੈ। ਹੈ ਕਹਿੰਦੀ ਹੋਰ ਕੁਝ ਸੀਰਤ, ਸ਼ਕਲ ਕੁਝ ਹੋਰ ਕਹਿੰਦੀ ਹੈ। ਦਿਓ ਨਾ ਦੋਸ਼ ਇਹ ਦਿਲ ਨੂੰ, ਸ਼ਰਾਰਤ ਜੀਭ ਹੈ ਕਰਦੀ, ਇਹ ਅਸਲੀ ਗਲ ਨੂੰ ਅਕਸਰ, ਬਦਲ ਕੁਝ ਹੋਰ ਕਹਿੰਦੀ ਹੈ। ਅਸੀਂ ਸੱਚ, ਸਿਦਕ, ਮਿਹਨਤ, ਹੌਂਸਲੇ ਦੀ ਗੱਲ ਹਾਂ ਕਰਦੇ, ਨਹੀਂ ਮੰਨਦੀ ਮਗਰ ਅੱਜ ਦੀ, ਨਸਲ ਕੁਝ ਹੋਰ ਕਹਿੰਦੀ ਹੈ। ਇਹਨੂੰ ਇਕ ਹਾਦਸਾ ਕਹਿ ਕੇ, ਨਾ ਅੱਖਾਂ ਬੰਦ ਕਰ ਲੈਣਾ, ਇਹ ਨੰਗੀ ਲਾਸ਼ ਔਰਤ ਦੀ, ਅਸਲ ਕੁਝ ਹੋਰ ਕਹਿੰਦੀ ਹੈ। ਨਿਤਾਰਾ ਗੱਲ ਦਾ ਕਰਨਾ, ‘ਕੰਵਲ’ ਕੁਝ ਹੋ ਗਿਆ ਮੁਸ਼ਕਿਲ, ਉਹਦੀ ਕੁਝ ਹੋਰ ਪਰ, ਤੇਰੀ ਗ਼ਜ਼ਲ ਕੁਝ ਹੋਰ ਕਹਿੰਦੀ ਹੈ।
ਕੀਤਾ ਕਿਸੇ ਕਸੂਰ
ਨੂਰ ਨਿਰਾ ਹੀ ਨੂਰ ਜਿਹਾ ਲੱਗਦਾ ਹੈ। ਜਲਵਾ ਤੇਰਾ ਤੂਰ ਜਿਹਾ ਲੱਗਦਾ ਹੈ। ਨਜ਼ਰਾਂ ਵਿਚ ਸਰੂਰ ਜਿਹਾ ਲੱਗਦਾ ਹੈ, ਹੋਇਆ ਕੁੱਝ ਜ਼ਰੂਰ ਜਿਹਾ ਲੱਗਦਾ ਹੈ। ਤੇਰੀਆਂ ਨਜ਼ਰਾਂ ਨਾਲ ਮਿਲਾ ਕੇ ਨਜ਼ਰਾਂ, ਕੀਤਾ ਕਿਸੇ ਕਸੂਰ ਜਿਹਾ ਲੱਗਦਾ ਹੈ। ਦੱਸੇ ਤੇਰਾ ਚਿਹਰਾ ਤੌਰ ਤਰੀਕਾ, ਹੋਇਆ ਕੁਝ ਹਜ਼ੂਰ ਜਿਹਾ ਲੱਗਦਾ ਹੈ। ਉੱਤੋਂ ਉੱਤੋਂ ਹੀ ਗੁੱਸੇ ਹੋ ਲੱਗਦੇ, ਵਿੱਚੋਂ ਦਿਲ ਮਸਰੂਰ ਜਿਹਾ ਲੱਗਦਾ ਹੈ। ਦਿਲ ਦਾ ਸੌਦਾ ਕਰ ਬੈਠੇ ਹੋ ਕਿਧਰੇ, ਲੁੱਟਿਆ ਸਾਰਾ ਪੂਰ ਜਿਹਾ ਲੱਗਦਾ ਹੈ।
ਰਿਸ਼ਤਿਆਂ ਦੀ ਨੀਂਹ
ਸੁਣਦੀਆਂ ਹਰ ਗੱਲ ਦਿਵਾਰਾਂ ਰਹਿੰਦੀਆਂ। ਫੇਰ ਵੀ ਕੁਝ ਨਾ ਕਿਸੇ ਨੂੰ ਕਹਿੰਦੀਆਂ। ਆਪ ਘਰ ਦੇ ਜੀਅ ਤਾਂ ਖਹਿ ਪੈਂਦੇ ਜ਼ਰੂਰ, ਪਰ ਦਿਵਾਰਾਂ ਤਾਂ ਕਦੇ ਨਾ ਖਹਿੰਦੀਆਂ। ਉਹ ਸਮਾਂ ਹੁੰਦਾ ਭਿਆਨਕ ਘਰ ਲਈ, ਜਦ ਦਿਲਾਂ ਦੇ ਵਿਚ ਦਿਵਾਰਾਂ ਪੈਂਦੀਆਂ। ਕਾਇਮ ਕੰਧਾਂ ਘਰ ਦੇ ਜੀਆਂ ਨਾਲ ਹੀ, ਢਹਿਣ ਘਰ ਦੇ ਜੀਅ ਦਿਵਾਰਾਂ ਢਹਿੰਦੀਆਂ। ਰਿਸ਼ਤਿਆਂ ਦੀ ਨੀਂਹ ਜਦੋਂ ਉੱਖੜੇ ‘ਕੰਵਲ’, ਨਾ ਰਹੇ ਘਰ, ਨਾ ਦਿਵਾਰਾਂ ਰਹਿੰਦੀਆਂ।
ਪੰਛੀ ਤਾਂ ਉਡ ਗਏ ਸੀ
ਉਸ ਦਿਨ ਜੋ ਬਾਤ ਹੋਈ, ਉਸ ਬਾਤ ਦਾ ਕੀ ਬਣਿਆ। ਦਿਨ ਦਾ ਭੁਲੇਖਾ ਪਾਉਂਦੀ, ਉਸ ਰਾਤ ਦਾ ਕੀ ਬਣਿਆ। ਮਿਲਿਆਂ ਤੇ ਜਾਣ ਲੱਗਿਆਂ, ਬਿਨ ਬੱਦਲੋਂ ਜੋ ਹੋਈ, ਅੱਖਾਂ ਅਸਾਡੀਆਂ 'ਚੋਂ, ਬਰਸਾਤ ਦਾ ਕੀ ਬਣਿਆ। ਉਹ ਰਾਤ, ਰਾਤ ਹੀ ਸੀ, ਗੁਜ਼ਰੀ ਜਿਵੇਂ ਗੁਜ਼ਾਰੀ, ਪਰ ਜੋ ਉਡੀਕਦੇ ਸਾਂ, ਪ੍ਰਭਾਤ ਦਾ ਕੀ ਬਣਿਆ। ਪੰਛੀ ਤਾਂ ਉਡ ਗਏ ਸੀ ਭੋਰਾ ਕੁ ਸੇਕ ਲੱਗਿਆਂ, ਲਟ ਲਟ ਬਲੇ ਜੋ ਰੁੱਖਾਂ ਦੀ ਜ਼ਾਤ ਦਾ ਕੀ ਬਣਿਆ। ਨਾ ਸੀ ਮਿਰੇ ਮੁਆਫ਼ਿਕ, ਨਾ ਸੀ ਤਿਰੇ ਮੁਆਫ਼ਿਕ, ਬੇਦਰਦ ਮੌਸਮਾਂ ਦੇ, ਹਾਲਾਤ ਦਾ ਕੀ ਬਣਿਆ।
ਪਤਾ ਟਿਕਾਣਾ
ਜੋ ਜੋ ਗੱਲਾਂ ਕੀਤੀਆਂ ਓਹਨਾਂ ਕੱਲ੍ਹ ਸੀ ਤੇਰੇ ਨਾਲ। ਓਹੀ ਗੱਲਾਂ ਕੀਤੀਆਂ ਓਹਨਾਂ ਅੱਜ ਨੇ ਮੇਰੇ ਨਾਲ। ਅਪਣੇ ਆਪ ਤੋਂ ਹੀ ਓਦੋਂ ਤੱਕ ਬੇ-ਸੁਰ ਹੋਇਆ ਰਹਿੰਦਾ, ਜਦ ਤੱਕ ਬੰਦਾ ਸੁਰ ਨਾ ਹੋਵੇ ਚਾਰ-ਚੁਫੇਰੇ ਨਾਲ। ਸ਼ਾਮਾਂ ਦੇ ਪ੍ਰਛਾਵੇਂ ਸੰਘਣੇ ਹੁੰਦੇ ਬੜੇ ਡਰਾਉਣੇ, ਉਠੋ ਤੇ ਸੰਵਾਦ ਰਚਾਓ ਸੋਨ-ਸਵੇਰੇ ਨਾਲ। ਜਿੰਨਾ ਕੁ ਸੰਬੰਧ ਹੈ ਹੁੰਦਾ ਨੀਹਾਂ ਦਾ ਘਰ ਨਾਲ, ਉਸ ਤੋਂ ਵਧ ਕੇ ਹੁੰਦਾ ਹੈ ਸੰਬੰਧ ਬਨੇਰੇ ਨਾਲ। ਕੀ ਪੰਛੀ ਦਾ ਪਤਾ ਟਿਕਾਣਾ ਅੱਜ ਏਥੇ ਕੱਲ੍ਹ ਓਥੇ, ਚੋਗ ਚੁਗ਼ੇ, ਨਾ ਰੱਖੇ ਬਹੁਤਾ ਪਿਆਰ ਬਸੇਰੇ ਨਾਲ। ਧੁੱਪਾਂ ਵਿਚ ਨਾ ਕੋਈ ਬਣਦਾ ਪਰ ਛਾਂਵਾਂ ਦੇ ਹੁੰਦਿਆਂ, ਏਧਰੋਂ ਓਧਰੋਂ ਚੱਲ ਪੈਂਦੇ ਨੇ ਯਾਰ ਬਥੇਰੇ ਨਾਲ।
ਫਿਰਾਂਗੇ ਕਾਫੀਏ ਲੱਭਦੇ
ਨਹੀਂ ਸੀ ਸੋਚਿਆ ਏਦਾਂ ਫਿਰਾਂਗੇ ਕਾਫੀਏ ਲੱਭਦੇ, ਗੁਨਾਹਾਂ ਨੂੰ ਜਿਵੇਂ ਹੁੰਦੇ ਹਮੇਸ਼ਾ ਮਾਫੀਏ ਲੱਭਦੇ। ਅਸੀਂ ਤਾਂ ਸੋਚਦੇ ਸੀ ਸੁਰਖ਼ੀਆਂ ਵਿਚ ਹੀ ਸਦਾ ਰਹਿਣਾ, ਹੋਈ ਹਾਲਤ ਅਜਿਹੀ ਕਿ ਹਾਂ ਫਿਰਦੇ ਹਾਸ਼ੀਏ ਲੱਭਦੇ। ਬਗਾਨੇ ਮੌਸਮਾਂ, ਝੱਖੜਾਂ, ਤੂਫਾਨਾਂ ਰੋਲਿਆ ਏਦਾਂ, ਗੁਆਚੇ ਆਪਣੇ ਹੀ ਸ਼ਹਿਰ ਦੇ ਜੁਗਰਾਫ਼ੀਏ ਲੱਭਦੇ। ਰਹੀ ਨਾ ਜਾਨ ਸ਼ਬਦਾਂ ਵਿਚ ਹੋਏ ਨੇ ਬੋਲ ਵੀ ਗੁੰਗੇ, ਜੋ ਕਰਦੇ ਪੀੜ ਦਾ ਅਨੁਵਾਦ ਨਾ ਦੋ-ਭਾਸ਼ੀਏ ਲੱਭਦੇ। ਕਰੇ ਕੀ ਜ਼ਿੰਦਗੀ ਯਾਰੋ ਨਿਭਾਵੇ ਸਾਥ ਨਾ ਕੋਈ, ਮਿਲਣ ਨਾ ਦਾਵੀਏ ਕਿਤਿਓਂ ਬੜੇ ਬੇ-ਦਾਵੀਏ ਲੱਭਦੇ।
ਬੜੇ ਖ਼ਾਰ ਮਿਲੇ ਨੇ
ਗ਼ਮ ਹੀ ਨੇ ਮਿਲੇ ਰਾਹ 'ਚ ਬੜੇ ਖ਼ਾਰ ਮਿਲੇ ਨੇ। ਖੁਸ਼ ਹਾਂ ਕਿ ਮਿਲੇ ਜਿਉਣ ਦੇ ਉਪਹਾਰ ਮਿਲੇ ਨੇ। ਇਸ ਪਾਰ ਮਿਲੇ ਯਾਰ ਜਾਂ ਉਸ ਪਾਰ ਮਿਲੇ ਨੇ, ਪਰ ਪਹੁੰਚ ਕਦੇ ਯਾਰ ਨਾ ਮੰਝਧਾਰ ਮਿਲੇ ਨੇ। ਦੁਸ਼ਮਣ ਨੇ ਮਿਲੇ ਜਦ ਵੀ ਤਾਂ ਲਲਕਾਰ ਮਿਲੇ ਨੇ, ਲੁਕ ਛਿਪ ਕੇ ਮਿਲੇ ਜਦ ਵੀ ਮਿਲੇ ਯਾਰ ਮਿਲੇ ਨੇ। ਲਿਖ ਚਿੱਠੀਆਂ ਕਦੇ ਸਾਨੂੰ ਸੀ ਜੋ ਧੀਰ ਬਨ੍ਹਾਉਂਦੇ, ਖ਼ੁਦ ਆ ਕੇ ਮਿਲੇ ਉਹ ਵੀ ਤਾਂ ਬੇ-ਜ਼ਾਰ ਮਿਲੇ ਨੇ। ਡਿਗਿਆਂ ਨੂੰ ਉਠਾਵਣ ਦੀ ਥਾਂ ਪੈਰਾਂ 'ਚ ਮਧੋਲਣ, ਇਸ ਦੌਰ ਦੇ ਆਦਮ ਨੂੰ ਇਹ ਕਿਰਦਾਰ ਮਿਲੇ ਨੇ। ਆਈ ਜੇ ਖੁਸ਼ੀ ਵੀ ਤਾਂ ਦਗ਼ਾ ਦੇਣ ਹੈ ਆਈ, ਪਰ ਗ਼ਮ ਨੇ ਸਦੀਵੀ ਜੋ ਵਫ਼ਾਦਾਰ ਮਿਲੇ ਨੇ। ਉਹ ਵੀ ਨੇ ਜਿਨ੍ਹਾਂ ਨੂੰ ਕਿ ਹੈ ਕੁਝ ਵੀ ਨਹੀਂ ਮਿਲਿਆ, ਸਾਨੂੰ ਤਾਂ ਮਿਲੇ ਫੇਰ ਵੀ ਇਨਕਾਰ ਮਿਲੇ ਨੇ। ਪੌਣਾਂ 'ਚ ਹੈ ਸੜਿਹਾਂਦ ਕਿਸੇ ਸੜਦੇ ਸਿਵੇ ਦੀ, ਰੱਤ ਨਾਲ ਭਰੇ ਜਦ ਮਿਲੇ ਅਖ਼ਬਾਰ ਮਿਲੇ ਨੇ। ਲੱਭਦੇ ਹੀ ਰਹੇ ਹਾਂ ਕਿ ਮਿਲੇ ਬਸ਼ਰ ਕੋਈ ਤਾਂ, ਪਰ ਜਦ ਵੀ ਮਿਲੇ ਨੇ ਤਾਂ ਅਦਾਕਾਰ ਮਿਲੇ ਨੇ। ਇਹ ਮਿਲਣਾ ਵੀ ਕੀ ਹੈ ਜੇ ਮਿਲਣ ਵਾਂਗ ਮਿਲੇ ਨਾ, ਏਦਾਂ ਤਾਂ ਮਿਲਣ ਨੂੰ ਉਹ ਕਈ ਵਾਰ ਮਿਲੇ ਨੇ। ਮਿਲ ਕੇ ਵੀ ਜੇ ਮੁੜ ਮਿਲਣ ਨੂੰ ਜੀਅ ਹੀ ਨਾ ਕਰੇ ਤਾਂ, ਸਮਝੋ ਉਹ ਮਿਲੇ ਵੀ ਨੇ ਤਾਂ ਬੇ-ਕਾਰ ਮਿਲੇ ਨੇ। ਕੀ ਗ਼ਮ ਹੈ ਉਨ੍ਹਾਂ ਦੇਖ ਬੁਲਾਇਆ ਹੀ ਨਹੀਂ ਤਾਂ, ਹੈ ਸ਼ੁਕਰ ਮਿਲੇ ਯਾਰ ਦੇ ਦੀਦਾਰ ਮਿਲੇ ਨੇ। ਬਿਨ ਤੇਰੇ ਮੈਂ ਕੁਝ ਵੀ ਤਾਂ ਨਹੀਂ ਕੁਝ ਵੀ ਨਹੀਂ ਹਾਂ, ਮਿਲ ਨਾਲ ਤੇਰੇ ਹੋਂਦ ਨੂੰ ਵਿਸਤਾਰ ਮਿਲੇ ਨੇ। ਬੀਮਾਰ ਹੈ ਜੇ ਸ਼ਹਿਰ ਤਾਂ ਹੈਰਾਨ ਵੀ ਕਿਉਂ ਹੋ, ਇਸ ਸ਼ਹਿਰ ਮਸੀਹੇ ਵੀ ਤਾਂ ਬੀਮਾਰ ਮਿਲੇ ਨੇ। ਸੂਲੀ ਦਾ ਨਾ ਡਰ ਉਸ ਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ, ਇਸ ਜੇਲ੍ਹ 'ਚ ਕਮਰੇ ਤਾਂ ਹਵਾਦਾਰ ਮਿਲੇ ਨੇ।
ਤੇਰੀਆਂ ਰਮਜ਼ਾਂ ਬਾਬਾ
ਸਮਝ ਸਕੇ ਨਾ ਤੇਰੀਆਂ ਰਮਜ਼ਾਂ ਬਾਬਾ! ਬਹੁਤ ਛੋਟੀਆਂ ਸਾਡੀਆਂ ਸਮਝਾਂ ਬਾਬਾ! ਮਨ ਉੱਧਰ ਨੂੰ ਮੁੜ ਮੁੜ ਕੇ ਹੈ ਭੱਜਦਾ, ਮੈਂ ਜਿੱਧਰ ਨੂੰ ਜਾਣੋਂ ਵਰਜਾਂ ਬਾਬਾ ! ਔੜ-ਤਰੇੜੀ ਧਰਤੀ ਰੁੱਖ ਨਿਪੱਤੇ, ਨਜ਼ਰ ਕਿਤੇ ਨਾ ਆਉਂਦੀਆਂ ਸਬਜ਼ਾਂ ਬਾਬਾ ! ਨਾ ਰੂਹਾਂ ਵਿਚ ਚਾਨਣ ਸ਼ੌਕ ਦਿਲਾਂ ਵਿਚ, ਡਰੀਆਂ ਡਰੀਆਂ ਚੱਲਣ ਨਬਜ਼ਾਂ ਬਾਬਾ ! ਕਿਹੜਾ ਬੁੱਝੇ ਕਰੇ ਇਲਾਜ ਇਨ੍ਹਾਂ ਦਾ, ਲਾ-ਇਲਾਜ ਨੇ ਸਾਡੀਆਂ ਮਰਜ਼ਾਂ ਬਾਬਾ ! ਨਾ ਕਥਨੀ ਨਾ ਕਰਨੀ ਦੇ ਹਾਂ ਪੂਰੇ, ਫ਼ਾਹਿਆ ਕੂੜ ਕੁਪੱਤੇ ਲਫ਼ਜ਼ਾਂ ਬਾਬਾ! ਬਾਹਰੋਂ ਪੂਰੇ ਪਰ ਘੁਣ ਵਾਂਗਰ ਅੰਦਰੋਂ, ਖਾਧਾ ਸਾਨੂੰ ਸਾਡੀਆਂ ਗ਼ਰਜ਼ਾਂ ਬਾਬਾ ! ਤੇਰੇ ਸ਼ਬਦਾਂ ਦੇ ਭਾਵਾਂ ਦੀ ਥਾਂ ਤੇ, ਝੂਮ ਰਹੇ ਹਾਂ ਸੁਣ ਸੁਣ ਤਰਜ਼ਾਂ ਬਾਬਾ ! ਮਾਰ ਉਡਾਰੀ ਉੜੇ ਪਰਿੰਦੇ ਪਿੱਛੋਂ, ਰੁੱਖ ਦੀ ਟਾਹਣੀ ਵਾਂਗਰ ਲਰਜ਼ਾਂ ਬਾਬਾ !
ਟੁੱਟੇ ਚਰਖ਼ੇ ਵਾਂਗਰ
ਟੁੱਟੇ ਚਰਖ਼ੇ ਵਾਂਗਰ ਜਾਂ ਫਿਰ ਵਿਗੜੇ ਸਾਜ਼ਾਂ ਵਾਂਗ। ਹੱਥਲ ਹੋ ਬੈਠੇ ਹਾਂ ਛੇਕੇ ਹੋਏ ਰਿਵਾਜ਼ਾਂ ਵਾਂਗ। ਗੁੰਗੀ ਬਹਿਰੀ ਲਿੱਪੀ ਦੀ ਹਾਂ ਦਸਤਾਵੇਜ਼ ਬਣੇ, ਬੀਤੇ ਦੀ ਇਕ ਯਾਦ ਪੁਰਾਣੀ ਤਖਤਾਂ ਤਾਜ਼ਾਂ ਵਾਂਗ। ਆਪਾਂ ਓਹਨਾਂ ਫ਼ਾਇਲਾਂ ਵਾਂਗਰ ਜੋ ਮੁੱਦਤਾਂ ਹੋਈਆਂ, ਦਾਖਿਲ ਦਫ਼ਤਰ ਹੋ ਚੁੱਕੀਆਂ ਨੇ ਬੰਦ ਦਰਾਜ਼ਾਂ ਵਾਂਗ। ਵਾਯੂ-ਅਨਕੂਲਿਤ ਕਮਰੇ ਵਿਚ ਲੈ ਟੀ. ਵੀ., ਮੋਬਾਇਲ, ਸੀਤ-ਭੰਡਾਰਾਂ ਵਿਚ ਹਾਂ ਰੱਖੇ ਗਏ ਅਨਾਜ਼ਾਂ ਵਾਂਗ। ਵਕਤੋਂ ਖੁੰਝੇ ਘੋਰ ਹਨੇਰੇ ਵਿਚ ਹਾਂ ਭਟਕ ਰਹੇ, ਦਸਤਕ ਹੈ ਬੇ-ਕਾਰ ਕੁਵੇਲੇ ਦੀਆਂ ਨਿਮਾਜ਼ਾਂ ਵਾਂਗ। ਮੌਸਮ ਦੀ ਨਾ ਨਬਜ਼ ਪਛਾਣੀ ਨਾ ਲਹਿਰਾਂ ਦੀ ਚਾਲ, ਡੁਬਕੂੰ ਡੁਬਕੂੰ ਕਰੀਏ ਡੁੱਬਦੇ ਹੋਏ ਜਹਾਜ਼ਾਂ ਵਾਂਗ। ਗੀਤ ਸੁਰੀਲਾ ਛੇੜਨ ਦੀ ਥਾਂ ਛੇੜ ਬਹੇ ਹਾਂ ਕੀ, ਰੋਗੀ ਕੰਨ ਵਿਚ ਸ਼ੂਕਦੀਆਂ ਬੇ-ਕਾਰ ਅਵਾਜ਼ਾਂ ਵਾਂਗ। ਨਾ ਤਾਂ ਕੋਈ ਮੰਜ਼ਿਲ ਹੈ ਨਾ ਸੋਚ ਸੁਨੱਖੀ ਕੋਈ, ਇਕ ਦੂਜੇ ਦੇ ਸਾਂਹਵੇਂ ਹਾਂ ਵਿਪਰੀਤ ਮੁਹਾਜ਼ਾਂ ਵਾਂਗ।
ਅੱਖਾਂ ’ਚ ਮਟਕਣੈ ਤਾਂ
ਜਾਂ ਤਾਂ ਯਕੀਨ ਹੋ ਜਾ, ਜਾਂ ਬੇ-ਯਕੀਨ ਹੋ ਜਾ । ਦਿਲ ਧੜਕਦਾ ਨਹੀਂ ਤਾਂ, ਮੁਰਦਾ ਮਸ਼ੀਨ ਹੋ ਜਾ। ਜੇ ਰਹਿ ਗਿਉਂ ਖ਼ਲਾਅ ਵਿਚ, ਤਾਂ ਭਟਕਦਾ ਰਹੇਂਗਾ, ਜਾਂ ਆਸਮਾਨ ਹੋ ਜਾ, ਜਾਂ ਫਿਰ ਜ਼ਮੀਨ ਹੋ ਜਾ । ਹੋਣਾ ਹੈ ਜੋ ਤੂੰ ਹੋਣਾ, ਤੇਰੀ ਸੋਚ ਨੇ ਬਣਾਉਣਾ, ਜਾਂ ਬੱਦ-ਤਰੀਨ ਹੋ ਜਾ, ਜਾਂ ਬਿਹਤਰੀਨ ਹੋ ਜਾ। ਜਾਂ ਹੂਕ ਹੋ ਕਿਸੇ ਵੀ, ਉੱਜੜੇ ਹੋਏ ਚਮਨ ਦੀ, ਜਾਂ ਫਿਰ ਕਲਾਮ ਕੋਈ, ਤਾਜ਼ਾ-ਤਰੀਨ ਹੋ ਜਾ। ਤਾਸੀਰ ਓਹੀ ਰਹਿਣੀ, ਕਿੱਦਾਂ ਬਦਲ ਲਏਂਗਾ, ਹੋ ‘ਰਾਮ ਦਾਸ’ ਭਾਵੇਂ, ਜਾਂ ‘ਰਾਮ ਦੀਨ’ ਹੋ ਜਾ। ਅੱਖਾਂ 'ਚ ਰੜਕਣੈ ਤਾਂ, ਰਹਿ ਇਸ ਤਰ੍ਹਾਂ ਪਿਆ ਰਹਿ, ਅੱਖਾਂ 'ਚ ਮਟਕਣੈ ਤਾਂ, ਥੋੜਾ ਮਹੀਨ ਹੋ ਜਾ। ਜੇ ਦਿਲ 'ਚ ਮੌਜ ਦੇ ਨੇ, ਦਰਿਆ ਤਾਂ ਲਿਖ ਗ਼ਜ਼ਲ, ਪਾਣੀ ਨੇ ਜੇ ਖਲੋਤੇ ਤਾਂ ਨੁਕਤਾ-ਚੀਨ ਹੋ ਜਾ। ਛੱਡ ਲੁਕਣਮੀਟੀਆਂ ਨੂੰ, ਕਰ ਫ਼ੈਸਲਾ ਪਿਆਰੇ, ਪਰਦਾ ਹਟਾ ਦੇ ਜਾਂ ਫਿਰ, ਪਰਦਾ-ਨਸ਼ੀਨ ਹੋ ਜਾ।
ਹੋਰ ਬੜੇ ਕੰਮ ਕਰਨੇ ਹਾਲੇ
ਆਪੇ ਬੁਣ ਕੇ ਆਪੇ ਅਸੀਂ ਉਧੇੜ ਰਹੇ ਹਾਂ। ਅਪਣੇ ਹੀ ਜ਼ਖ਼ਮਾਂ ਨੂੰ ਛੇੜ-ਉਚੇੜ ਰਹੇ ਹਾਂ। ਉਮਰਾ ਬੀਤੀ ਫੱਟੀਆਂ ਲਿਖ ਲਿਖ ਪੋਚਦਿਆਂ ਹੀ, ਹਾਲੇ ਵੀ ਕੁਝ ਫਿੱਕੇ ਹਰਫ ਉਘੇੜ ਰਹੇ ਹਾਂ। ਹੋਰ ਬੜੇ ਕੰਮ ਕਰਨੇ ਹਾਲੇ, ਇਸ ਕਾਰਣ ਹੀ, ਹੱਥੀਂ ਫੜਿਆ ਜਲਦੀ ਕੰਮ ਨਿਬੇੜ ਰਹੇ ਹਾਂ। ਇਕ ਅੱਧ ਖੁਸ਼ੀ ਮਿਲੀ ਵੀ ਹੈ ਤਾਂ ਕੀ ਮਿਲਿਆ ਹੈ, ਜਦ ਕਿ ਗ਼ਮ ਨਿੱਤ ਨਵਿਓਂ ਨਵੇਂ ਸਹੇੜ ਰਹੇ ਹਾਂ। ਨਿੰਦਾ ਚੁਗ਼ਲੀ ਦਾ ਚਿੱਕੜ ਹੋਰਾਂ ਤੇ ਸੁੱਟ ਰਹੇ, ਪਹਿਲਾਂ ਹੀ ਹੱਥ ਅਪਣੇ ਅਸੀਂ ਲਬੇੜ ਰਹੇ ਹਾਂ। ਮਿਲਣਾ ਸੀ ਇਕ ਦੂਜੇ ਨੂੰ ਪਰ ਕਿੰਝ ਮਿਲਦੇ, ਹਰ ਵਾਰੀ ਹੀ ਪੈਂਦੇ ਲੰਮੇ ਗੇੜ ਰਹੇ ਹਾਂ। ਟਿੰਡਾਂ ਸਨ ਜਦ ਖਾਲੀ ਸੁੱਕਦੇ ਖੇਤ ਕਿਉਂ ਨਾ, ਜਦ ਕਿ ਖ਼ੂਹ ਖ਼ਾਹਿਸ਼ਾਂ ਦਾ ਪੁੱਠਾ ਗੇੜ ਰਹੇ ਹਾਂ। ਹੰਸਾਂ ਨੇ ਹੁਣ ਇਹ ਕੰਮ ਕਰਨਾ ਛੱਡ ਦਿੱਤਾ ਹੈ, ਹੁਣ ਦੁੱਧ ਪਾਣੀ ਕਲਮਾਂ ਨਾਲ ਨਿਖੇੜ ਰਹੇ ਹਾਂ।
ਕਿੰਨੇ ਕਰਜ਼ੇ ਲਾਹੇ
ਗੱਲਾਂ ਕਰ ਕਰ ਕਿਹੜੇ ਕੋਟ ਉਸਾਰ ਲਏ ਨੇ। ਜਾਂ ਫਿਰ ਕਿਹੜੇ ਸੂਰਜ ਚੰਦ ਉਤਾਰ ਲਏ ਨੇ। ਗੱਲਾਂ ਦਾ ਕੀ ਹੈ ਗੱਲਾਂ ਤਾਂ ਗੱਲਾਂ ਹੁੰਦੀਆਂ, ਤੱਕਣਾ ਕਿੰਨੇ ਮਸਲੇ ਅਸਾਂ ਵਿਚਾਰ ਲਏ ਨੇ। ਕਿੰਨੀਆਂ ਦੁਸ਼ਮਣੀਆਂ ਨੂੰ ਹੋਰ ਹਵਾ ਦਿੱਤੀ ਹੈ, ਕਿੰਨੀਆਂ ਦੋਸਤੀਆਂ ਦੇ ਰੰਗ ਨਿਖ਼ਾਰ ਲਏ ਨੇ। ਕਿੰਨੀਆਂ ਯਾਦਾਂ ਚੇਤੇ ਵਿਚ ਸਮਾ ਨੇ ਲਈਆਂ, ਕਿੰਨੇ ਨਗ਼ਮੇਂ ਨੇ ਜੋ ਦਿਲੋਂ ਵਿਸਾਰ ਲਏ ਨੇ। ਕੰਮਾਂ ਦੀ ਫਹਿਰਿਸ਼ਤ ਵਾਚ ਕੇ ਸਮਝਾਓ, ਕਿੰਨੇ ਕੰਮ ਨਿਭਾਏ ਕਿੰਨੇ ਸਾਰ ਲਏ ਨੇ। ਹੱਕਾਂ ਵਾਲੇ ਹੱਕ ਲੈ ਕੇ ਖੁਸ਼ ਨੇ ਜਾਂ ਫਿਰ, ਖੁਸ਼ ਨੇ ਹੱਕ ਜਿਨ੍ਹਾਂ ਲੋਕਾਂ ਦੇ ਮਾਰ ਲਏ ਨੇ। ਕਿੰਨੇ ਕਰਜ਼ੇ ਲਾਹੇ ਬੋਝ ਉਤਾਰੇ ਕਿੰਨੇ, ਜਾਂ ਕਿ ਭਾਰ ਚੜ੍ਹਾਏ ਹੋਰ ਉਧਾਰ ਲਏ ਨੇ। ਕੀ ਕੋਈ ਕੰਮ ਵੀ ਕੀਤਾ ਹੈ ਲੋਕਾਈ ਲਈ, ਜਾਂ ਕਿ ਅਪਣੇ ਪਾਲ ਪੋਸ ਪਰਿਵਾਰ ਲਏ ਨੇ।
ਜਾਂ ਮੈਂ ਤਾਰਾ ਹੋ ਜਾਂਦਾ
ਬਾਤਾਂ ਨੂੰ ਹਾਸਿਲ ਹੁੰਗਾਰਾ ਹੋ ਜਾਂਦਾ। ਤਾਂ ਕਿੰਨਾ ਦਿਲਚਸਪ ਨਜ਼ਾਰਾ ਹੋ ਜਾਂਦਾ। ਏਧਰ ਤਾਂ ਇਕ ਪਲ ਵੀ ਔਖਾ ਲੰਘਦਾ ਹੈ, ਓਧਰ ਖੌਰੇ ਕਿਵੇਂ ਗੁਜ਼ਾਰਾ ਹੋ ਜਾਂਦਾ। ਇਸ਼ਕ 'ਚ ਬੰਦਾ ਬਣ ਜਾਂਦਾ ਹੈ ਕੁਝ ਨਾ ਕੁਝ, ਨਹੀਂ ਤਾਂ ਰੁਲ ਜਾਂਦੈ ਆਵਾਰਾ ਹੋ ਜਾਂਦਾ। ਗੱਲ ਨੂੰ ਸਾਂਭੋ, ਜੇਕਰ ਸਾਂਭ ਸਕੋਗੇ ਨਾ, ਗੱਲਾਂ ਦਾ ਹੈ ਬੜਾ ਖਲਾਰਾ ਹੋ ਜਾਂਦਾ। ਦਿਲ ਦਾ ਕੀ ਇਤਬਾਰ ਬੜਾ ਬੇ-ਇਤਬਾਰਾ, ਇਕ ਪਲ ਪੱਥਰ ਇਕ ਪਲ ਪਾਰਾ ਹੋ ਜਾਂਦਾ। ਤਪਦੇ ਥਲ ਵਿਚ ਯਾਰ ਜਦੋਂ ਆ ਮਿਲ ਪੈਂਦਾ, ਮਾਰੂ-ਥਲ ਵੀ ਬਲਖ਼-ਬੁਖ਼ਾਰਾ ਹੋ ਜਾਂਦਾ। ਓਦੋਂ ਅਪਣਾ ਆਪ ਹੀ ਹੁੰਦਾ ਹੈ ਅਪਣਾ, ਦੁਸ਼ਮਣ ਜਦੋਂ ਜ਼ਮਾਨਾ ਸਾਰਾ ਹੋ ਜਾਂਦਾ। ਦੱਸ ਦੇਂਦੇ ਕਿ ਆਉਣਾ ਮੱਸਿਆ ਦੀ ਰਾਤੇ, ਤਾਂ ਫਿਰ ਜੁਗਨੂੰ ਜਾਂ ਮੈਂ ਤਾਰਾ ਹੋ ਜਾਂਦਾ।
ਕੀ ਪੁੱਛਦੇ ਹੋ ਪਤਾ
ਭੁੱਲ ਨਾ ਸਕਦਾ ਚੇਤਾ ਓਹਨਾਂ ਰਾਹਵਾਂ ਦਾ। ਕੀਤਾ ਜਿੱਥੇ ਘਾਣ ਸੀ ਰੁੱਖਾਂ ਛਾਂਵਾਂ ਦਾ। ਦਿਨ ਭਰ ਜਿਹੜੇ ਭਟਕੇ ਸੀ ਫੁੱਟ-ਪਾਥਾਂ ਤੇ, ਰਾਤੀਂ ਪੁੱਛਦੇ ਫਿਰਦੇ ਪਤਾ ਸਰਾਂਵਾਂ ਦਾ। ਬਿਨ-ਮੰਗਿਆਂ ਦੇਵੋ ਤਾਂ ਕੌਡੀ ਮੁੱਲ ਨਹੀਂ, ਮੰਗਿਆਂ ਦੇਵੋ ਮਿਲਦਾ ਮਾਣ ਸਲਾਹਵਾਂ ਦਾ। ਜਿਉਣਾ ਔਖਾ ਚਿੜੀਆਂ ਅਤੇ ਗੁਟਾਰਾਂ ਦਾ, ਅੰਬਰ ਮੱਲਿਆ ਹੋਇਆ ਗਿਰਝਾਂ ਕਾਂਵਾਂ ਦਾ। ਦਾਨਿਸ਼ਵਰ ਤਾਂ ਮਾਣ ਨੇ ਕਰਦੇ ਕਲਮਾਂ ਤੇ, ਮੂਰਖ ਕਰਦੇ ਮਾਣ ਸਦਾ ਹੀ ਬਾਂਹਵਾਂ ਦਾ। ਨਦੀਆਂ, ਝਰਨੇ, ਝੀਲਾਂ ਹੋਣ ਇਕੱਠੀਆਂ ਜਦ, ਰੂਪ ਉਦੋਂ ਹੀ ਧਾਰਦੀਆਂ ਦਰਿਆਵਾਂ ਦਾ। ਕੀਤੇ ਯਤਨ ਹਜ਼ਾਰਾਂ ਤਰਦੇ ਵੀ ਕੀਕਰ, ਬਹੁਤ ਲੰਮੇਰਾ ਸਾਗਰ ਸੀ ਇੱਛਾਵਾਂ ਦਾ। ਕੀ ਪੁੱਛਦੇ ਹੋ ਪਤਾ ਫਕੀਰਾਂ ਫੱਕਰਾਂ ਦਾ, ਹੁੰਦਾ ਨਾ ਸਿਰਨਾਵਾਂ ਕੋਈ ਹਵਾਵਾਂ ਦਾ।
ਬੜਾ ਹੀ ਖੌਫ ਮੈਨੂੰ
ਜਦੋਂ ਮੈਂ ਗੀਤ ਗਾਉਂਦਾ ਸੀ, ਜ਼ਮਾਨਾ ਨਾਲ ਗਾਉਂਦਾ ਸੀ। ਮੈਂ ਜਾਂਦਾ ਸੀ ਜਿਧਰ ਮੇਰੇ, ਜ਼ਮਾਨਾ ਨਾਲ ਆਉਂਦਾ ਸੀ। ਬੁਲਾਉਂਦਾ ਸੀ ਜਿਹਨੂੰ ਇਕ ਵਾਰ, ਉਹ ਕਈ ਵਾਰ ਸੀ ਆਉਂਦਾ, ਮੈਂ ਇਕ ਖ਼ਤ ਸੀ ਜਿਹਨੂੰ ਲਿਖਦਾ, ਉਹ ਲਿਖ ਕੇ ਚਾਰ ਪਾਉਂਦਾ ਸੀ। ਮਿਰੇ ਕੰਡਾ ਵੀ ਚੁੱਭਦਾ ਸੀ, ਤਾਂ ਹੁੰਦੀ ਪੀੜ ਸੀ ਉਸ ਨੂੰ, ਜ਼ਰਾ ਗ਼ਮਗੀਨ ਚਿਹਰਾ ਵੀ, ਬੜਾ ਉਸਨੂੰ ਰੁਆਉਂਦਾ ਸੀ। ਪਤਾ ਨਹੀਂ ਹੁਣ ਉਹ ਕਿਹੜੀ ਥਾਂ, ਤੇ ਜਾ ਨਿਸਚਿੰਤ ਸੁੱਤਾ ਹੈ, ਜੋ ਆ ਕੇ ਕੋਲ ਮੇਰੇ, ਰਾਤ ਭਰ ਮੈਨੂੰ ਜਗਾਉਂਦਾ ਸੀ। ਮੈਂ ਰੋਂਦਾ ਸੀ ਤਾਂ ਰੋ ਪੈਂਦਾ, ਮੈਂ ਹੱਸਦਾ ਸੀ ਤਾਂ ਹੱਸਦਾ ਸੀ, ਗਲੇ ਉਹ ਲੱਗ ਜਾਂਦਾ ਸੀ, ਗਲੇ ਮੈਨੂੰ ਲਗਾਉਂਦਾ ਸੀ। ਜ਼ਰਾ ਗੁੱਸੇ ਵੀ ਹੁੰਦਾ ਸੀ, ਤਾਂ ਕਹਿੰਦਾ ਸੀ ਕਿ ਮਰ ਜਾਣਾ, ਬੜਾ ਹੀ ਖੌਫ ਮੈਨੂੰ, ਏਸ ਧਮਕੀ ਦਾ ਡਰਾਉਂਦਾ ਸੀ। ਨਹੀਂ ਹੁਣ ਖ਼ਤ ਉਹਦਾ ਆਉਂਦਾ, ਸੁਨੇਹਾ ਨਾ ਖ਼ਬਰ ਕੋਈ, ਜੋ ਸਾਹ ਤੋਂ ਸਾਹ ਦੇ ਵਿਚਲਾ, ਫਾਸਲਾ ਵੀ ਨਾ ਘਟਾਉਂਦਾ ਸੀ। ਸਮਾਂ ਦੇਖੋ ਨਜ਼ਰ ਹੀ ਨਾ ਹਟਾਉਂਦਾ ਸੀ ਨਜ਼ਰ ਤੋਂ ਜੋ, ਅਚਾਨਕ ਮਿਲ ਪਿਆ ਤਾਂ ਉਹ ਨਜ਼ਰ ਹੀ ਨਾ ਮਿਲਾਉਂਦਾ ਸੀ।
ਕਿੱਥੇ ਐਨੇ ਸਾਲ ਰਿਹਾਂ
ਦਿਲ ਅਪਣਾ ਸੰਭਾਲ ਰਿਹਾਂ ਮੈਂ ਖ਼ੁਦ ਨੂੰ ਵੀ ਸੰਭਾਲ ਰਿਹਾਂ। ਕਿੰਨੀ ਪਤਲੀ ਜ਼ਿੰਦਗੀ, ਕਿੰਨੇ ਸੰਘਣੇ ਦੁੱਖੜੇ ਜਾਲ ਰਿਹਾਂ ਅਪਣਾ ਸ਼ਹਿਰ, ਹਵਾ ਵੀ ਅਪਣੀ, ਤੇ ਮੌਸਮ ਵੀ ਅਪਣਾ ਹੈ, ਫਿਰ ਵੀ ਅਪਣੇ ਸ਼ਹਿਰ ਗੁਆਚਾ ਅਪਣਾ ਆਪਾ ਭਾਲ ਰਿਹਾਂ। ਓਸ ਬੁਝਾਏ ਬਲਦੇ ਦੀਵੇ ਰਾਹੀਆਂ ਨੂੰ ਗੁਮਰਾਹ ਕੀਤਾ, ਮੈਂ ਪਰ ਸਦਾ ਹਨੇਰੇ ਰਾਹੀਂ ਧਰਦਾ ਦੀਵੇ ਬਾਲ ਰਿਹਾਂ। ਤੂੰ ਹੀ ਬਾਤ ਸੁਣਾ ਖੁਸ਼ੀਆਂ ਦੀ, ਜਿੱਤਾਂ ਦੀ ਤੇ ਜਸ਼ਨਾਂ ਦੀ, ਪੁੱਛ ਨਾ ਮੈਨੂੰ ਕਿ ਮੈਂ ਕਿੱਥੇ ਹਾਂ, ਤੇ ਕਿਹੜੇ ਹਾਲ ਰਿਹਾਂ। ਮਿਲਣਾ ਹੈ ਤਾਂ ਫੇਰ ਵਿਛੜਨਾ, ਵੀ ਪੈਣਾ ਹੈ, ਏਸ ਲਈ, ਹਰ ਇਕ ਅਵਸਰ ਮੇਲ ਤਿਰੇ ਦਾ, ਸੋਚ ਸਮਝ ਕੇ ਟਾਲ ਰਿਹਾਂ। ਹੋਇਆ ਸੀ ਇਕ ਮੇਲ, ਛਲਾਵੇ ਵਾਂਗਰ ਵੀ ਪਰ ਯਾਦ ਨਹੀਂ, ਉਹ ਸੀ ਮੇਰੇ ਨਾਲ ਉਦੋਂ ਕਿ ਮੈਂ ਸੀ ਉਹਦੇ ਨਾਲ ਰਿਹਾਂ। ਉਹ ਉੱਤਰ ਵੀ ਦੇਂਦਾ ਤਾਂ, ਕੀ ਦੇ ਸਕਦਾ ਸੀ ਉੱਤਰ ਉਹ, ਓਹੀ ਤਾਂ ਸੀ ਉੱਤਰ ਉਹਦਾ ਕਰ ਮੈਂ ਜਿਹੜਾ ਸਵਾਲ ਰਿਹਾਂ। ਇਕ ਦਿਨ ਉਹਦੇ ਦੁਆਰੇ ਆਖਰ ਜਾਣਾ ਹੀ ਤਾਂ ਪੈਣਾ ਸੀ, ਸਹਿਜ ਸੁਭਾਅ ਉਸ ਪੁੱਛਿਆ, ‘ਪਿਆਰੇ ਕਿੱਥੇ ਐਨੇ ਸਾਲ ਰਿਹਾਂ ?
ਝੋਲੀ-ਚੁੱਕਾਂ ਦੇ ਸਿਰਨਾਵੇਂ
ਪੱਤਝੜ ਦੇ ਪੱਤਿਆਂ ਤੋਂ ਪੁੱਛੋ ਰੁੱਤਾਂ ਦੇ ਸਿਰਨਾਵੇਂ। ਪੁੱਛੋ ਮਾਂਵਾਂ ਤੋਂ ਪ੍ਰਦੇਸੀ ਪੁੱਤਾਂ ਦੇ ਸਿਰਨਾਵੇਂ। ਹਾਕਮ ਨੂੰ ਕੀ ਲੋੜ ਪਈ ਹੈ ਏਦਾਂ ਦੀ ਗੱਲ ਦੱਸੇ, ਲੋਕਾਂ ਤੋਂ ਪੁੱਛੋ ਲੋਕਾਂ ਦਿਆਂ ਦੁੱਖਾਂ ਦੇ ਸਿਰਨਾਵੇਂ। ਜਿਸ ਨੂੰ ਲੱਖਾਂ ਦੁਖਾਂ ਪਿੱਛੋਂ ਇਕ ਅੱਧਾ ਸੁੱਖ ਮਿਲਿਆ, ਪੁੱਛੋ ਓਸ ਹਯਾਤੀ ਕੋਲੋਂ ਸੁੱਖਾਂ ਦੇ ਸਿਰਨਾਵੇਂ। ਪੁੱਛੋ ਬੀਤੇ ਵਕਤਾਂ ਕਾਲੀਆਂ ਰਾਤਾਂ ਕੋਲੋਂ ਪੁੱਛੋ, ਤੁਰ ਗਏ ਨੇ ਜੋ ਏਥੋਂ ਉਨ੍ਹਾਂ ਮਨੁੱਖਾਂ ਦੇ ਸਿਰਨਾਵੇਂ। ਜਿਹਨਾਂ ਬਰਫਾਂ ਦੀ ਨਗਰੀ ਵਿਚ ਸੂਰਜ ਪੁੱਤ ਨੇ ਜੰਮੇਂ, ਸਾਂਭੇ ਨੇ ਇਤਿਹਾਸਾਂ ਓਹਨਾਂ ਕੁੱਖਾਂ ਦੇ ਸਿਰਨਾਵੇਂ । ਚਿੱਟੇ ਦਿਨ ਕੀਤੇ ਇਕਰਾਰਾਂ ਨੂੰ ਭੁੱਲ ਜਾਂਦੇ ਲੋਕੀਂ, ਕਿਹੜਾ ਲੱਭਦਾ ਏਥੇ ਭੁੱਲਾਂ-ਚੁੱਕਾਂ ਦੇ ਸਿਰਨਾਵੇਂ। ਟਾਂਵੇਂ ਟਾਂਵੇਂ ਮਿਲਦੇ ਨੇ ਸਿਰਨਾਵੇਂ ਅਣਖਾਂ ਮੱਤੇ, ਮਿਲ ਜਾਂਦੇ ਨੇ ਥੋਕ 'ਚ ਝੋਲੀ-ਚੁੱਕਾਂ ਦੇ ਸਿਰਨਾਵੇਂ। ਪਿੰਜਰੇ ਡੱਕੇ ਪੰਛੀ ਤੋਂ ਪੁੱਛੋ ਪ੍ਰਵਾਜ਼ਾਂ ਬਾਰੇ, ਪੱਥਰਾਂ ਤੋਂ ਪੁੱਛੋ ਪੱਥਰੀਲੀਆਂ ਚੁੱਪਾਂ ਦੇ ਸਿਰਨਾਵੇਂ।
ਰੁੱਖ ਜੜ੍ਹੋਂ ਜਦ ਉੱਖੜ ਜਾਂਦੇ
ਰੁੱਖ ਜੜ੍ਹੋਂ ਜਦ ਉੱਖੜ ਜਾਂਦੇ ਨਾਂ ਭੁੱਲ ਜਾਂਦੇ ਛਾਂਵਾਂ ਦੇ। ਕੋਇਲਾਂ ਦੇ ਘਰ ਉੱਜੜ ਜਾਂਦੇ ਘਰ ਬਣ ਜਾਂਦੇ ਕਾਂਵਾਂ ਦੇ। ਮੁੱਕਦੇ ਮੁੱਕਦੇ ਮੁੱਕ ਜਾਂਦੇ ਨੇ ਬੋਲ੍ਹ ਕਮਾਏ ਸਾਹਵਾਂ ਦੇ, ਘਰ ਦੇ ਅੱਗੇ ਬੋਰਡ ਲੱਗੇ ਰਹਿ ਜਾਂਦੇ ਨੇ ਨਾਂਵਾਂ ਦੇ। ਉੜ ਜਾਂਦੇ ਨੇ ਪੱਤੇ ਤੇਜ ਹਵਾ ਵਿਚ ਭੁੱਲਦੇ ਰੁੱਖਾਂ ਨੂੰ, ਪਰ ਪੱਤਿਆਂ ਨੂੰ ਕਿਵੇਂ ਭੁਲਾਵਣ ਘਣ-ਛਾਂਵੇਂ ਰੁੱਖ ਮਾਂਵਾਂ ਦੇ। ਇਹ ਕੀ ਅੱਧੇ ਅਤੇ ਅਧੂਰੇ ਖ਼ਾਬਾਂ ਦੀ ਗੱਲ ਕਰਦੇ ਹੋ, ਢਿੱਡ ਭਰ ਕੇ ਤਾਂ ਹੰਸਾਂ ਨੂੰ ਵੀ ਚੋਗ ਮਿਲੇ ਨਾ ਚਾਹਵਾਂ ਦੇ। ਖੱਡਾਂ, ਖਾਈਆਂ, ਕੰਡਿਆਂ, ਪਾਟੇ ਪੈਰ, ਬਿਆਈਆਂ ਨੂੰ ਪੁੱਛੋ, ਮੰਜ਼ਿਲ ਕੀ ਜਾਣੇ ਕਿ ਕਿੰਨੇ ਬਿਖੜੇ ਪੈਂਡੇ ਰਾਹਵਾਂ ਦੇ। ਕੁਝ ਨਜ਼ਰਾਂ ਕੁਝ ਚਿਹਰੇ ਜਿਸ ਥਾਂ ਰੰਗ ਸੀ ਅਜਬ ਪਸਾਰ ਗਏ, ਭੁੱਲਦੇ ਹੀ ਨਾ ਬੜੇ ਭੁਲਾਏ ਚੇਤੇ ਓਹਨਾਂ ਥਾਂਵਾਂ ਦੇ। ਬਾਹਾਂ ਖੜ੍ਹੀਆਂ ਕਰਕੇ ਬਹੁਤ ਨੇ ਦੋਸਤੀਆਂ ਦਾ ਦਮ ਭਰਦੇ, ਪਰ ਆਖਰ ਕੰਮ ਆਉਣ ਸਹਾਰੇ ਆਪਣੀਆਂ ਹੀ ਬਾਹਵਾਂ ਦੇ। ਬਹੁਤੇ ਦੇਖਦਿਆਂ ਹੀ ਛੁਪਦੇ ਅੱਗੇ ਪਿੱਛੇ ਹੋ ਜਾਂਦੇ, ਪਰ ਇਕ ਸਖਸ਼ ਅਨੋਖਾ ਪੁੱਛਦਾ ਫਿਰਦਾ ਪਤੇ ਬਲਾਵਾਂ ਦੇ।
ਦੋਸਤੀਆਂ ਦੇ ਨਾਲ
ਦੋਸਤੀਆਂ ਦੇ ਨਾਲ ਨਾਲ ਕੁੱਝ ਦੁਸ਼ਮਣੀਆਂ ਵੀ ਹੁੰਦੀਆਂ ਨੇ। ਕੁੱਝ ਇਹਨਾਂ 'ਚੋਂ ਰੱਖਣੀਆਂ ਕੁੱਝ ਛੱਡਣੀਆਂ ਵੀ ਹੁੰਦੀਆਂ ਨੇ। ਗੱਲਾਂ ਬਾਝ ਨਾ ਗੱਲ ਤੁਰਦੀ ਹੈ, ਗੱਲਾਂ ਸਾਰੀ ਗੱਲ ਹੁੰਦੀਆਂ, ਇਕ ਦੂਜੇ ਨੂੰ ਪੁੱਛਣੀਆਂ ਤੇ ਦੱਸਣੀਆਂ ਵੀ ਹੁੰਦੀਆਂ ਨੇ। ਮੋੜ ਦਿਓ ਨਾ ਸਗਲ ਸੁਗਾਤਾਂ ਗੁੱਸੇ ਹੋ ਕੇ ਮਹਿਰਮ ਨਾਲ, ਕੁੱਝ ਇਹਨਾਂ 'ਚੋਂ ਮੋੜਨੀਆਂ ਕੁੱਝ ਰੱਖਣੀਆਂ ਵੀ ਹੁੰਦੀਆਂ ਨੇ। ਉੱਪਰੋਂ ਤਾਂ ਸਭ ਠੀਕ ਠਾਕ ਹੀ ਜਾਪਦੀਆਂ ਨੇ ਦੋਸਤੀਆਂ, ਸਮਝਣੀਆਂ ਕੁਝ ਡੂੰਘੀ ਨਜ਼ਰੇ ਪਰਖਣੀਆਂ ਵੀ ਹੁੰਦੀਆਂ ਨੇ। ਇਹ ਤਾਂ ਰਾਹੀ ਨੇ ਤੱਕਣੈ ਕਿ ਤੁਰਨਾ ਹੈ ਕਿਸ ਚਾਲ ਦੇ ਨਾਲ, ਜੇ ਰਾਹਾਂ ਕੁਝ ਪੱਧਰੀਆਂ ਤਾਂ ਤਿਲ੍ਹਕਣੀਆਂ ਵੀ ਹੁੰਦੀਆਂ ਨੇ। ਹੁੰਦੇ ਨੇ ਕੁਝ ਲੋਕਾਂ ਦੇ ਕਿਰਦਾਰ ਹਨੇਰੀ ਮੱਸਿਆ ਵਾਂਗ, ਸ਼ਕਲਾਂ ਬੇਸ਼ੱਕ ਮਨਮੋਹਕ ਤੇ ਲਿਸ਼ਕਣੀਆਂ ਵੀ ਹੁੰਦੀਆਂ ਨੇ। ਚੁੱਕੀ ਜਾਵਾਂਗੇ ਜੇ ਪੰਡਾਂ ਤੁਰਨਾ ਮੁਸ਼ਕਿਲ ਹੋ ਜਾਏਗਾ, ਪਰ ਕੁਝ ਭਾਰੀਆਂ ਪੰਡਾਂ ਯਾਰੋ ਚੁੱਕਣੀਆਂ ਵੀ ਹੁੰਦੀਆਂ ਨੇ। ਕੁਝ ਰਾਹਾਂ, ਕੁਝ ਬਾਹਾਂ, ਸੁੰਦਰ ਸ਼ਕਲਾਂ ਮੁੜ ਮੁੜ ਘੇਰਦੀਆਂ, ਪਰ ਅਗਲੇਰੇ ਸਫ਼ਰ ਲਈ ਉਹ ਭੁੱਲਣੀਆਂ ਵੀ ਹੁੰਦੀਆਂ ਨੇ। ਕਿੰਨਾ ਚਿਰ ਕੋਈ ਭੇਤ ਲੁਕਾ ਕੇ ਰੱਖ ਸਕਦਾ ਹੈ ਸੀਨੇ ਵਿੱਚ, ਉਲਝੀ ਤਾਣੀ, ਪੀਚੀਆਂ ਗੰਢਾਂ ਖੁੱਲ੍ਹਣੀਆਂ ਵੀ ਹੁੰਦੀਆਂ ਨੇ। ਉਹ ਅਵਸਰ ਜਿਨ੍ਹਾਂ ਲਈ ਅੱਖਾਂ ਤਾਂਘਦੀਆਂ ਨੇ ਹਰ ਪਲ ਹੀ, ਹੋਣ ਨਜ਼ਰ ਦੇ ਸਾਂਹਵੇਂ ਅੱਖਾਂ ਡੁੱਲ੍ਹਣੀਆਂ ਵੀ ਹੁੰਦੀਆਂ ਨੇ। ਕਿੰਨਾ ਚਿਰ ਕੋਈ ਜਜ਼ਬਾਤਾਂ ਨੂੰ ਦੱਬ ਕੇ ਨੱਪ ਕੇ ਰੱਖੇਗਾ, ਕੱਖਾਂ ਹੇਠ ਸੁਲ੍ਹਗਦੀਆਂ ਅੱਗਾਂ ਭੜਕਣੀਆਂ ਵੀ ਹੁੰਦੀਆਂ ਨੇ। ਸਦਾ ਨਾ ਪੰਛੀ ਉੱਡਣ ਅਕਾਸ਼ੀਂ ਧੁੱਪਾਂ ਛਾਵਾਂ ਰਹਿਣ ਸਦਾ, ਚੜ੍ਹੀਆਂ ਹੋਈਆਂ ਸਿਖਰ ਪਤੰਗਾਂ ਉੱਤਰਣੀਆਂ ਵੀ ਹੁੰਦੀਆਂ ਨੇ। ਹਰ ਗੱਲ ਹੀ ਸਮਝਾਵੇ ਕੋਈ ਇਹ ਕੋਈ ਦਸਤੂਰ ਨਹੀਂ, ਅਪਣੇ ਆਪ ਹੀ ਕੁੱਝ ਗੱਲਾਂ ਤਾਂ ਸਮਝਣੀਆਂ ਵੀ ਹੁੰਦੀਆਂ ਨੇ। ਅਣਖਾਂ ਨੂੰ ਜਦ ਸੱਟ ਵੱਜੇ ਤਾਂ ਸਮਝੋ ਮੌਸਮ ਆ ਪਹੁੰਚਾ, ਤੇਗਾਂ ਜਦ ਕਿ ਨਿਕਲ ਮਿਆਨੋਂ ਖੜਕਣੀਆਂ ਵੀ ਹੁੰਦੀਆਂ ਨੇ। ਠੀਕ ਹੈ ਕਿ ਮੱਸਿਆ ਦੀ ਰਾਤੇ ਨੇਰ੍ਹੇ ਝੁੰਮਰ ਪਾਉਂਦੇ ਨੇ, ਦੀਵਾਲੀ ਦੀ ਰਾਤੇ ਐਪਰ ਰੌਸ਼ਨੀਆਂ ਵੀ ਹੁੰਦੀਆਂ ਨੇ। ਭੱਜੀਆਂ ਬਾਹਾਂ ਗਲ ਨੂੰ ਆਵਣ ਪਰ ਜੋ ਗਲ ਹੀ ਘੁੱਟਦੀਆਂ, ਏਦਾਂ ਦੀਆਂ ਨਿਕੰਮੀਆਂ ਬਾਹਾਂ ਕੱਟਣੀਆਂ ਵੀ ਹੁੰਦੀਆਂ ਨੇ। ਵਕਤ ਪਏ ਤਾਂ ਹੋਰਾਂ ਦੇ ਹਾਂ ਸਿਰ 'ਤੇ ਤਾਜ ਟਿਕਾਉਂਦੇ ਵੀ, ਵਕਤ ਪਏ ਅਪਣੇ ਲਈ ਕਬਰਾਂ ਖੋਦਣੀਆਂ ਵੀ ਹੁੰਦੀਆਂ ਨੇ। ਪਾ ਕੇ ਆਪਣਾ ਖ਼ੂਨ ਜਿਗਰ ਦਾ ਦੀਵੇ ਜਗਦੇ ਵੀ ਰੱਖਣੇ, ਅਪਣੀ ਜਿੰਦ ਨੂੰ ਕੋਹ ਕੋਹ ਵੱਟੀਆਂ ਵੱਟਣੀਆਂ ਵੀ ਹੁੰਦੀਆਂ ਨੇ। ਝਿੜਕਾਂ, ਝੰਬਾਂ ਸਹਿੰਦੇ, ਮਾਰਾਂ ਖਾਂਦੇ, ਪੇਚੇ ਲਾਉਂਦੇ ਨੇ, ਬੱਚੇ ਨੇ ਤੇ ਬੱਚਿਆਂ ਗੁੱਡੀਆਂ ਲੁੱਟਣੀਆਂ ਵੀ ਹੁੰਦੀਆਂ ਨੇ। ਨਵੇਂ ਕਲੰਡਰ ਲਾਉਣੇ, ਲਾਹੁਣੇ ਪਿਛਲੇ ਇਹ ਦਸਤੂਰ ਰਿਹਾ, ਹੂੰਝ ਸਵਾਰ ਹੰਢਾਈਆਂ ਵਸਤਾਂ ਸੁੱਟਣੀਆਂ ਵੀ ਹੁੰਦੀਆਂ ਨੇ। ਕੁੱਝ ਭੀੜੇ ਹੋਏ ਦਰ ਖੁੱਲ੍ਹਦੇ ਨੇ ਤੇ ਖੁੱਲ੍ਹਦੇ ਨੇ ਰੌਸ਼ਨਦਾਨ, ਪੌਣਾਂ ਤੇ ਖੁਸ਼ਬੋਆਂ ਮੌਜਾਂ ਲੁੱਟਣੀਆਂ ਵੀ ਹੁੰਦੀਆਂ ਨੇ। ਕੀ ਹੋਇਆ ਜੇ ਰੁੱਖ ਤੋਂ ਪੰਛੀ ਉੱਡ ਗਏ ਨੇ ਸਾਰੇ ਹੀ, ਦੂਰ ਕਿਤੋਂ ਫਿਰ ਨਵੀਂਆਂ ਡਾਰਾਂ ਪਹੁੰਚਣੀਆਂ ਵੀ ਹੁੰਦੀਆਂ ਨੇ। ਲਹਿਰਾਂ ਨੂੰ ਕੀ ਸਰੋਕਾਰ ਹੈ ਤਰਿਆ ਕੌਣ ਤੇ ਡੁੱਬਿਆ ਕੌਣ, ਲਹਿਰਾਂ ਜੇਕਰ ਲਹਿਰਾਂ ਨੇ ਤਾਂ ਉੱਠਣੀਆਂ ਵੀ ਹੁੰਦੀਆਂ ਨੇ। ਹਰ ਮਹਿਫ਼ਿਲ ਸਾਰੀ ਦੀ ਸਾਰੀ ਹੁੰਦੀ ਤਾਂ ਬੇ-ਹੋਸ਼ ਨਹੀਂ, ਕੁਝ ਚੇਤਨ ਜ਼ਿਹਨਾਂ ਵਿਚ ਗੱਲਾਂ ਹੋਸ਼ ਦੀਆਂ ਵੀ ਹੁੰਦੀਆਂ ਨੇ। ਚੰਗੀ ਮੰਦੀ ਗੱਲ ਨੂੰ ਤੋਲਣ ਲੱਗਿਆਂ ਤੱਕੜੀ ਠੀਕ ਫੜੋ, ਕਾਣਾਂ ਦਿਲ ਵਿਚ ਅਪਣੇ ਦ੍ਰਿਸ਼ਟੀ-ਕੋਣ ਦੀਆਂ ਵੀ ਹੁੰਦੀਆਂ ਨੇ। ਖ਼ੁਸ਼ੀਆਂ ਦੀ ਗੱਲ ਇਕ ਅੱਧੀ ਵੀ ਮਨ ਮੋਹ ਲੈਂਦੀ ਹੈ ਕਿਉਂਕਿ, ਸੁਣੀਆਂ ਗੱਲਾਂ ਬਹੁਤ ਅਸੀਂ ਅਫ਼ਸੋਸ ਦੀਆਂ ਵੀ ਹੁੰਦੀਆਂ ਨੇ। ਹਾਸੇ-ਖ਼ੁਸ਼ੀਆਂ, ਤੋੜ-ਵਿਛੋੜੇ ਰੁੱਸਣਾ ਆਪੇ ਮਨ ਜਾਣਾ, ਇਸ਼ਕ ਦੇ ਰਾਹ ਵਿਚ ਆਉਂਦੀਆਂ ਅਕਸਰ ਇਹ ਘੜੀਆਂ ਵੀ ਹੁੰਦੀਆਂ ਨੇ। ਸ਼ਹਿਰ ਦੀ ਹਰ ਮਹਿਫ਼ਿਲ ਵਿਚ ਰੌਣਕ ਜਲਵੇ, ਹੁਸਨ, ਸ਼ਬਾਬਾਂ ਦੇ, ਸ਼ਹਿਰੋਂ ਬਾਰ੍ਹ ਡਰਾਉਣੀਆਂ ਚੁੱਪਾਂ ਤੇ ਮੜ੍ਹੀਆਂ ਵੀ ਹੁੰਦੀਆਂ ਨੇ। ਰਾਹਾਂ ਦੇ ਵਿਚ ਕਾਫ਼ੀ ਕੁੱਝ ਹੈ ਡਿੱਗਿਆ ਹੁੰਦਾ ਲੋਕਾਂ ਦਾ, ਪਰ ਟੁੱਟੇ ਦਿਲ, ਟੁੱਟੀਆਂ ਵੰਗਾਂ ਚੁੱਕਣੀਆਂ ਵੀ ਹੁੰਦੀਆਂ ਨੇ। ਗ਼ਮ ਦਾ ਬੱਦਲ ਭਾਵੇਂ ਜਿੰਨਾ ਮਰਜ਼ੀ ਗਾੜ੍ਹਾ ਹੋ ਜਾਏ, ਐਨ ਤੁਹਾਡੇ ਕੋਲ ਜਿਹੇ ਖੁਸ਼ੀਆਂ ਖ਼ੜ੍ਹੀਆਂ ਵੀ ਹੁੰਦੀਆਂ ਨੇ। ਸ਼ਿਅਰ ਕਹੋਗੇ ਸ਼ਿਅਰ ਲਈ ਤਾਂ ਕੱਚਾ ਪਿੱਲਾ ਹੋਏਗਾ, ਸ਼ਿਅਰ ਕਹੋ ਲੋਕਾਂ ਲਈ ਪੂਰਨ ਪੁਖ਼ਤਗੀਆਂ ਵੀ ਹੁੰਦੀਆਂ ਨੇ। ਦਿਨ ਹੈ ਤਾਂ ਕੁਝ ਪੰਧ ਮੁਕਾਓ ਛਿਪ ਨਾ ਜਾਏ ਐਵੇਂ ਦਿਨ, ਘਬਰਾਓ ਨਾ ਰਾਤਾਂ ਤੋਂ ਇਹ ਮੁੱਕਣੀਆਂ ਵੀ ਹੁੰਦੀਆਂ ਨੇ । ਸ਼ਕਲਾਂ ਦੇਖ ਕੇ ਦਿਲ ਦਾ ਜਾਣਾ ਡੋਲ ਸੁਭਾਵਕ ਲੱਗਦਾ ਹੈ, ਐਪਰ ਅਕਲਾਂ ਦੇਖ ਕੇ ਸ਼ਕਲਾਂ ਸੋਚਦੀਆਂ ਵੀ ਹੁੰਦੀਆਂ ਨੇ। ਇਹ ਤਾਂ ਪੈਰਾਂ ਦਾ ਮਸਲਾ ਹੈ ਕਿ ਤੁਰਨੈ ਹਰ ਹਾਲਤ ਵਿਚ, ਰਾਹਾਂ ਦਾ ਕੀ ਹੈ ਰਾਹਾਂ ਤਾਂ ਰੋਕਦੀਆਂ ਵੀ ਹੁੰਦੀਆਂ ਨੇ। ਨੀਂਦਾਂ ਜੋ ਖ਼ਾਬਾਂ ਵਿਚ ਰਲੀਆਂ ਉਹ ਤਾਂ ਸੁੰਦਰ ਖ਼ਾਬ ਬਣੇ, ਜੋ ਅੱਖਾਂ ਵਿਚ ਰਹੀਆਂ ਨੀਂਦਾਂ ਰੜਕਣੀਆਂ ਵੀ ਹੁੰਦੀਆਂ ਨੇ। ਦੌਲਤ, ਇਲਮ, ਅਕਲ ਦੀਆਂ ਪੰਡਾਂ ਬੰਨ੍ਹ ਬੰਨ੍ਹ ਰੱਖਣ ਦਾ ਕੀ ਲਾਭ, ਵਰਤਣ ਵਾਲੀਆਂ ਵਸਤਾਂ ਨੇ ਇਹ ਵਰਤਣੀਆਂ ਵੀ ਹੁੰਦੀਆਂ ਨੇ। ਮਰਨਾ ਹੀ ਤਾਂ ਲੇਖਕ ਨੂੰ ਹੈ ਅਮਰ ਬਣਾਉਂਦਾ ਯਾਰ ‘ਕੰਵਲ', ਪੇਪਰ ਜਾਂਦੇ ਪੜ੍ਹੇ ਤੇ ਥਾਂ ਥਾਂ ਗੋਸ਼ਟੀਆਂ ਵੀ ਹੁੰਦੀਆਂ ਨੇ।
ਗਰੀਬੀ ਰਿਸ਼ਤੇ
ਕਰਦੀ ਕਤਲ ਗ਼ਰੀਬੀ ਰਿਸ਼ਤੇ। ਹੁੰਦੇ ਦੂਰ ਕਰੀਬੀ ਰਿਸ਼ਤੇ। ਟਾਂਵੇਂ ਟਾਵੇਂ ਰੂਹ ਤੱਕ ਜਾਂਦੇ, ਬਹੁਤੇ ਹੁੰਦੇ ਜੀਭੀ ਰਿਸ਼ਤੇ। ਦੁਸ਼ਮਣ ਦਾ ਤਾਂ ਹੱਕ ਬਣਦੈ, ਪਰ ਰੱਖਣ ਯਾਰ ਰਕੀਬੀ ਰਿਸ਼ਤੇ। ਤਕਦੀਰਾਂ ਦਾ ਮਾਣ ਨਾ ਕਰਦੇ, ਹੁੰਦੇ ਜੋ ਤਰਕੀਬੀ ਰਿਸ਼ਤੇ। ਸੌ ਦੁੱਖਾਂ ਦੇ ਦਾਰੂ ਹੁੰਦੇ, ਮੁਸ਼ਕਿਲ ਮਿਲਣ ਤਬੀਬੀ ਰਿਸ਼ਤੇ। ਉਹ ਰਿਸ਼ਤੇ ਵੀ ਕੀ ਨੇ ਰਿਸ਼ਤੇ, ਜੋ ਨਾ ਹੋਣ ਹਬੀਬੀ ਰਿਸ਼ਤੇ।
ਬੜਾ ਕੁਝ ਕਹਿ ਲਿਆ
ਬੜਾ ਕੁਝ ਕਹਿ ਲਿਆ ਹੁਣ ਕਹਿਣ ਨੂੰ ਬਾਕੀ ਰਿਹਾ ਕੀ ਹੈ। ਮਗਰ ਫਿਰ ਵੀ ਇਹ ਲੱਗਦਾ ਹੈ ਕਿਹਾ ਜੋ ਮੈਂ ਕਿਹਾ ਕੀ ਹੈ। ਹੈ ਤੂੰ ਵੀ ਮੋੜਿਆ ਮੁੱਖ ਸੋਹਣਿਆ ਕੀ ਹੈ ਖ਼ਤਾਅ ਮੇਰੀ, ਮੇਰੇ ਲਈ ਏਸ ਦੁਨੀਆਂ ਵਿਚ ਰਿਹਾ ਤੇਰੇ ਸਿਵਾ ਕੀ ਹੈ। ਨਾ ਦਿਨ ਨੂੰ ਚੈਨ ਹੈ ਕਿੱਧਰੇ ਨਾ ਰਾਤੀਂ ਨੀਂਦ ਨੈਣਾਂ ਨੂੰ, ਮਚਾਉਂਦਾ ਸ਼ੋਰ ਜੋ ਦਿਲ ਵਿਚ ਇਹ ਆਫਤ ਦੇ ਜਿਹਾ ਕੀ ਹੈ। ਤੇਰਾ ਹੀ ਨਾਮ ਜਪਦਾ ਹਾਂ ਸੁਬ੍ਹਾ ਸ਼ਾਮੀਂ ਦਿਨੇ ਰਾਤੀਂ, ਪਤਾ ਨਹੀਂ ਇਸ ਤਰ੍ਹਾਂ ਦਾ ਕੁਝ ਤੇਰੇ ਨਾਂ ਵਿਚ ਪਿਆ ਕੀ ਹੈ। ਮੁਹੱਬਤ ਕਰਕੇ ਵੀ ਮਰਨਾ ਮੁਹੱਬਤ ਬਾਝ ਵੀ ਮਰਨਾ, ਕੋਈ ਦੱਸੇ ਬਿਨਾਂ ਇਸ ਦੇ ਮੁਹੱਬਤ ਦਾ ਸਿਲਾ ਕੀ ਹੈ। ਨਾ ਜਿਉਂਦੇ ਹਾਂ ਨਾ ਮਰਦੇ ਹਾਂ ਮੁਹੱਬਤ ਦੇ ਮਗਰ ਲੱਗ ਕੇ, ਉਨ੍ਹਾਂ ਨੇ ਫੇਰ ਵੀ ਪੁੱਛਿਆ ਕਿ ਤੇਰਾ ਵਿਗੜਿਆ ਕੀ ਹੈ। ਕਦੇ ਰੁੱਸਦੈਂ, ਕਦੇ ਮੰਨਦੈਂ, ਕਦੇ ਹੱਸਦੈਂ, ਕਦੇ ਰੋਨੈਂ, ਜ਼ਰਾ ਗੱਲ ਖੋਲ੍ਹ ਕੇ ਦੱਸੀਂ ਅਜਬ ਇਹ ਮਾਜਰਾ ਕੀ ਹੈ । ਬੜੇ ਗ਼ਮ ਨੇ ਮੁਹੱਬਤ ਦੇ ਸਿਵਾ ਐ ‘ਕੰਵਲ’ ਦੁਨੀਆਂ ਵਿਚ, ਤੂੰ ਗ਼ਮ ਜੋ ਆਪਣਾ ਹੀ ਲਿਖ ਲਿਆ ਤਾਂ ਲਿਖ ਲਿਆ ਕੀ ਹੈ।
ਚਾਨਣ ਚਾਰ ਚੁਫੇਰਾ
ਚਾਨਣ ਚਾਰ-ਚੁਫੇਰਾ ਮੇਰਾ ਹੁੰਦਾ ਜਾਂਦਾ ਹੈ। ਢਲ ਚੱਲੀ ਹੈ ਰਾਤ ਸਵੇਰਾ ਹੁੰਦਾ ਜਾਂਦਾ ਹੈ। ਦਿਲ ਹੀ ਸੀ ਇਕ ਅਪਣਾ ਲੱਗਦਾ ਹੈ ਕਿ ਉਹ ਵੀ ਹੁਣ, ਮੈਨੂੰ ਛੱਡਦਾ ਜਾਂਦਾ ਤੇਰਾ ਹੁੰਦਾ ਜਾਂਦਾ ਹੈ। ਝੁੱਗੀਆਂ ਦੇ ਵਿਚ ਚਾਨਣ ਫੁੱਟੇ ਹੱਕ ਹੱਕਦਾਰਾਂ ਦੇ, ਮਹਿਲਾਂ ਦੇ ਵਿਚ ਘੋਰ ਹਨੇਰਾ ਹੁੰਦਾ ਜਾਂਦਾ ਹੈ। ਸੁੱਤਾ ਹੋਇਐਂ ਜਾਗ ਜ਼ਰਾ ਕੁਝ ਸੋਮਨ ਹੋ ਤੇ ਸੋਚ, ਤੁਰ ਪਈਏ ਹੁਣ ਹੋਰ ਅਵੇਰਾ ਹੁੰਦਾ ਜਾਂਦਾ ਹੈ। ਬੀਨ ਵਜਾਉਂਦਾ ਸੱਪ ਕੀਲਦਾ ਵਿੰਗਾ-ਟੇਢਾ ਹੋ, ਸੱਪ ਦੇ ਵਾਂਗਰ ਆਪ ਸਪੇਰਾ ਹੁੰਦਾ ਜਾਂਦਾ ਹੈ। ਕਰ ਕੁਝ ਤੋਰ ਤਿਖੇਰੀ ਬਸਤੀ ਵਿਚ ਤਾਂ ਜਾ ਪੁੱਜੀਏ, ਪਲ ਪਲ ਸੰਘਣਾ ਹੋਰ ਹਨੇਰਾ ਹੁੰਦਾ ਜਾਂਦਾ ਹੈ। ਹੱਕ ਹਿਫ਼ਾਜ਼ਿਤ ਰੱਖਿਆ ਦੀ ਤਾਂ ਗੱਲ ਸੁਪਨਾ ਹੋਈ, ਆਗੂ ਅਜਕਲ ਚੋਰ ਲੁਟੇਰਾ ਹੁੰਦਾ ਜਾਂਦਾ ਹੈ। ਜਿੰਨਾ ਨੇ ਉਹ ਜ਼ੋਰ ਲਗਾਉਂਦੇ ਹੋਰ ਝੁਕਾਵਣ ਲਈ, ਸੱਚ ਦਾ ਪਰਚਮ ਹੋਰ ਉਚੇਰਾ ਹੁੰਦਾ ਜਾਂਦਾ ਹੈ।
ਹੋਸ਼ ਦੀ ਥਾਂ
ਹੋਸ਼ ਦੀ ਥਾਂ ਹੋਰ ਵੀ ਦੀਵਾਨਗੀ ਹੁੰਦੀ ਗਈ। ਆਪ ਅਪਣੇ ਆਪ ਤੋਂ ਬੇਗਾਨਗੀ ਹੁੰਦੀ ਗਈ। ਮਾਰ ਕੇ ਮਾਸੂਮ ਘੁੱਗੀਆਂ ਮਸਲ ਕੇ ਹਰ ਮੁਸਕ੍ਰਾਹਟ, ਨਜ਼ਰ ਉਸ ਦੀ ਹੋਰ ਵੀ ਮਰਦਾਨਗੀ ਹੁੰਦੀ ਗਈ। ਸੋਚਿਆ ਸੀ ਰੋਣਕਾਂ ਦੇ ਰੂ-ਬ-ਰੂ ਹੋ ਕੇ ਤੁਰਾਂ, ਪਰ ਸਦਾ ਹੀ ਰੂ-ਬ-ਰੂ ਵੀਰਾਨਗੀ ਹੁੰਦੀ ਗਈ। ਦੇਖ ਕੇ ਇਸ ਦੌਰ ਦੀ ਮੈਂ ਬੇਬਸੀ ਹੈਰਾਨ ਹਾਂ, ਕਿਉਂ ਕੁਫ਼ਰ ਦੀ ਹਰ ਜਗ੍ਹਾ ਪ੍ਰਧਾਨਗੀ ਹੁੰਦੀ ਗਈ। ਮੈਂ ਜਿਵੇਂ ਉਸ ਨੂੰ ਮਨਾਵਣ ਦਾ ਯਤਨ ਕਰਦਾ ਗਿਆ, ਹੋਰ ਵੀ ਗੂੜ੍ਹੀ ਉਹਦੀ ਨਾਰਾਜ਼ਗੀ ਹੁੰਦੀ ਗਈ। ਲੋਕਤਾ ਦੀ ਲਹਿਰ ਹੁੰਦੀ ਦੇਖ ਕੇ ਮਜ਼ਬੂਤ ਹੋਰ, ਖੁਸ਼ਕ ਹਾਲਤ ਹੋਰ ਵੀ ਸਰਕਾਰ ਦੀ ਹੁੰਦੀ ਗਈ। ਹਰ ਸਫ਼ਰ ਲਾਚਾਰੀਆਂ, ਦੁਸ਼ਵਾਰੀਆਂ ਨੇ ਐ ‘ਕੰਵਲ’, ਹਰ ਸਫਰ ਵਿਚ ਬੇ-ਸਰੋ-ਸਾਮਾਨਗੀ ਹੁੰਦੀ ਗਈ।
ਸਹਾਰੇ ਢੂੰਡਦਾ
ਸਹਾਰੇ ਚੂੰਡਦਾ ਸਾਂ ਬੇ-ਸਹਾਰਾ ਹੋ ਗਿਆ ਹਾਂ ਮੈਂ। ਇਹ ਕੀ ਤੋਂ ਕੀ ਭਲਾ ਮੇਰੇ ਖ਼ੁਦਾਰਾ ਹੋ ਗਿਆ ਹਾਂ ਮੈਂ। ਮੈਂ ਤੰਦਾਂ ਬਿਖ਼ਰੀਆਂ ਨੂੰ ਸੀ ਸਮੇਟਣ ਦਾ ਯਤਨ ਕੀਤਾ, ਬਿਖ਼ਰ ਕੇ ਹੋਰ ਵੀ ਇਸ ਤੋਂ ਖਲਾਰਾ ਹੋ ਗਿਆ ਹਾਂ ਮੈਂ। ਉਹਦੇ ਖ਼ਤ ਦਾ ਅਜੇ ਮੈਥੋਂ ਹੀ ਉੱਤਰ ਦੇ ਨਹੀਂ ਹੋਇਆ, ਬੜਾ ਅਹਿਸਾਸ ਹੀਣਾ ਤੇ ਨਕਾਰਾ ਹੋ ਗਿਆ ਹਾਂ ਮੈਂ। ਮੈਂ ਬਿੰਦੂ ਸੀ ਕਿਸੇ ਬਿੰਦੂ ਦੀ ਹੁੰਦੀ ਹੈ ਸ਼ਨਾਖਤ ਕੀ, ਉਹਦੀ ਇਕ ਛੋਹ ਦੇ ਸਦਕਾ ਹੀ ਪਸਾਰਾ ਹੋ ਗਿਆ ਹਾਂ ਮੈਂ। ਕਿਸੇ ਸੂਰਜ ਦੁਆਲੇ ਮੈਂ ਵੀ ਧਰਤੀ ਵਾਂਗ ਘੁੰਮਦਾ ਹਾਂ, ਜ਼ਮਾਨਾ ਕਹਿ ਰਿਹਾ ਹੈ ਕਿ ਅਵਾਰਾ ਹੋ ਗਿਆ ਹਾਂ ਮੈਂ। ਪਤਾ ਨਹੀਂ ਕਿਸ ਘੜੀ ਕੌਤਕ ਅਜੇਹਾ ਵਰਤਿਆ ਯਾਰੋ, ਕਿਸੇ ਦੀ ਬਾਤ ਪਾਈ ਦਾ ਹੁੰਗਾਰਾ ਹੋ ਗਿਆ ਹਾਂ ਮੈਂ। ਨਜ਼ਾਰੇ ਢੂੰਡਦਾ ਸੀ ਮੈਂ ਤੇ ਹੁਣ ਉਹ ਢੂੰਡਦੇ ਮੈਨੂੰ, ਬੜਾ ਹੈਰਾਨ ਹਾਂ ਖ਼ੁਦ ਹੀ ਨਜ਼ਾਰਾ ਹੋ ਗਿਆ ਹਾਂ ਮੈਂ।
ਨਾ ਮੁਨਾਸਬ ਲੋਕ
ਨਾ-ਮੁਨਾਸਬ ਲੋਕ ਹਰ ਥਾਂ ਰੋਕਦੇ ਨੇ। ਗੱਲ ਮੁਨਾਸਬ ਕਰਦਿਆਂ ਨੂੰ ਟੋਕਦੇ ਨੇ। ਮੂਰਖਾਂ ਦੀ ਗੱਲ ਕੀ ਐਪਰ ਸਿਆਣੇ, ਸੌ ਦਫ਼ਾ ਗੱਲ ਕਰਨ ਲੱਗੇ ਸੋਚਦੇ ਨੇ। ਫੁੱਲ ਪੈਰਾਂ ਹੇਠ ਜਾਂਦੇ ਨੇ ਮਧੋਲੇ, ਖ਼ਾਰ ਹੱਥਾਂ ਨਾਲ ਲੋਕੀਂ ਬੋਚਦੇ ਨੇ। ਮਾਸ ਅਪਣਾ ਮਖ਼ਮਲੀ ਰਖਦੇ ਸਜਾਈ, ਹੋਰਨਾਂ ਦਾ ਮਾਸ ਐਪਰ ਨੋਚਦੇ ਨੇ। ਰਾਜਿਆਂ ਰਜਵਾੜਿਆਂ ਕੀ ਸੋਚਣਾ ਹੈ, ਲੋਕ ਲੋਕਾਂ ਦਾ ਭਲਾ ਹੀ ਸੋਚਦੇ ਨੇ । ਹੁਣ ਲਿਆਕਤ ਜਾਂ ਸ਼ਰਾਫ਼ਤ ਦੇ ਨਹੀਂ, ਹੁਣ ਤਾਂ ਸਾਰੇ ਮਾਮਲੇ ‘ਅਪ੍ਰੋਚ’ ਦੇ ਨੇ। ਹੋਰਨਾਂ ਨੂੰ ਡੇਗ ਕੇ ਲੰਘਣਾ ਅਗਾਂਹ ਨੂੰ, ‘ਮਾਡਰਨ’ ਢੰਗ ਇਹ ਅਜੋਕੀ ਪੋਚ ਦੇ ਨੇ।
ਹੱਸ ਕੇ ਫਰਜ਼ ਅਦਾ
ਹਸ ਕੇ ਫ਼ਰਜ਼ ਅਦਾ ਕਰਿਆ ਕਰ। ਲੋਕਾਂ ਲਈ ਦੁਆ ਕਰਿਆ ਕਰ। ਅਫ਼ਵਾਹਾਂ ਫੈਲਾਅ ਨਾ ਐਵੇਂ, ਲੋਕਾਂ ਨੂੰ ਗੁਮਰਾਹ ਕਰਿਆ ਕਰ। ਬਾਤ ਬੁਰੀ ਬੁਰਿਆਈ ਕਰਨਾ, ਇਹ ਨਾ ਘੋਰ ਗ਼ੁਨਾਹ ਕਰਿਆ ਕਰ। ਉਸ ਘਰ ਦੀਵਾ ਕਿਉਂ ਨਹੀਂ ਬਲਦਾ, ਜਾ ਕੇ ਯਾਰ ਪਤਾ ਕਰਿਆ ਕਰ। ਨਦੀਆਂ ਨਾਲੇ ਛੱਪੜ ਕੀ ਨੇ ? ਦਿਲ ਅਪਣਾ ਦਰਿਆ ਕਰਿਆ ਕਰ। ਜੋ ਆਪਣੇ ਲਈ ਚਾਹੁੰਨਾਂ ਏਂ ਤੂੰ, ਸਭ ਨਾਲ ਉਹ ਵਰਤਾ ਕਰਿਆ ਕਰ। ਲੰਮੇ ਰੋਸੇ ਕੀ ਕਰਨੇ ਨੇ, ਜਲਦੀ ਨਾਲ ਸੁਲਾਹ ਕਰਿਆ ਕਰ।
ਚੁੱਪ ਕਰ ਕੇ ਹੁਣ
ਚੁੱਪ ਕਰ ਕੇ ਹੁਣ ਬਹਿ ਨਹੀਂ ਹੋਣਾ। ਸਾਥੋਂ ਏਦਾਂ ਰਹਿ ਨਹੀਂ ਹੋਣਾ। ਜਿੰਨਾ ਥੱਲੇ ਲਹਿ ਚੁੱਕੈਂ ਤੂੰ, ਏਨਾ ਸਾਥੋਂ ਲਹਿ ਨਹੀਂ ਹੋਣਾ। ਇਹ ਤਾਂ ਹੁੰਦੀ ਮਨ ਦੀ ਢੁੱਚਰ, ਅਹਿ ਹੋਵੇਗਾ ਅਹਿ ਨਹੀਂ ਹੋਣਾ। ਹਾਸਾ ਤੇਰਾ ਤਨ ਮਨ ਠਾਰੇ, ਰੋਸਾ ਤੇਰਾ ਸਹਿ ਨਹੀਂ ਹੋਣਾ। ਜੋ ਨਹੀਂ ਕਹਿਣਾ ਕਹਿ ਹੋ ਜਾਂਦਾ, ਜੋ ਕਹਿਣਾ ਹੈ ਕਹਿ ਨਹੀਂ ਹੋਣਾ। ਵਗਣਾ ਤਾਂ ਦਰਿਆ ਬਣ ਵਗਣਾ, ਬਣ ਪਰਨਾਲਾ ਵਹਿ ਨਹੀਂ ਹੋਣਾ। ਹਰ ਮੁਸ਼ਕਿਲ ਉਸ ਹੱਲ ਕਰ ਲੈਣੀ, ਦਿਲ ਵਿਚ ਜਿਸ ਦੇ ਭੈਅ ਨਹੀਂ ਹੋਣਾ।
ਬੋਲ ਮੇਰੇ
ਬੋਲ ਮੇਰੇ ਮਗਰ ਨੇ ਜ਼ਬਾਨੀ ਤੇਰੀ। ਗੀਤ ਮੈਂ ਗਾ ਰਿਹਾ ਹਾਂ ਰਵਾਨੀ ਤੇਰੀ। ਬਾਤ ਮੇਰੀ ਨੂੰ ਭਰਿਆ ਹੁੰਗਾਰਾ ਹੈ ਤੂੰ, ਮਿਹਰਬਾਨੀ ਤੇਰੀ ਮਿਹਰਬਾਨੀ ਤੇਰੀ। ਤੇਰੀ ਤੱਕਣੀ ਅਜਬ ਕਰ ਗਈ ਹੈ ਗ਼ਜ਼ਬ, ਹੋ ਗਈ ਸਾਰੀ ਹੀ ਜ਼ਿੰਦਗਾਨੀ ਤੇਰੀ। ਹੋਈ ਮੇਰੇ ਤੇ ਤੇਰੀ ਸਵੱਲੀ ਨਜ਼ਰ, ਹੈ ਨਿਵਾਜ਼ਿਸ਼ ਤੇਰੀ ਕਦਰਦਾਨੀ ਤੇਰੀ। ਪਿਆਰ ਤੇਰਾ ਹੈ ਮੁੰਦਰੀ 'ਚ ਨਗ਼ ਵਾਂਗਰਾ, ਲਾ ਕੇ ਸੀਨੇ ਮੈਂ ਰੱਖੀ ਨਿਸ਼ਾਨੀ ਤੇਰੀ। ਧਰਤ ਨੂੰ ਸੋਚ ਚਾਹੀਦੀ ਹੈ ਧਰਤ ਦੀ, ਕੀ ਕਰਾਂ ਸੋਚ ਮੈਂ ਆਸਮਾਨੀ ਤੇਰੀ। ਮਾਣ ਕਰਨੈਂ ਤਾਂ ਕਰ ਇਸ਼ਕ ਤੇ ਮਾਣ ਕਰ, ਹੁਸਨ ਤੇ ਮਾਣ ਤਾਂ ਹੈ ਨਦਾਨੀ ਤੇਰੀ।
ਕਦੇ ਮੌਸਮ
ਕਦੇ ਮੌਸਮ ਕਦੇ ਰੁੱਖਾਂ ਦੇ ਸੰਗ ਹੈ ਗ਼ੁਫ਼ਤਗੂ ਕਰਦੈ। ਉਹ ਹਰ ਪਲ ਜ਼ਿੰਦਗੀ ਨੂੰ ਜੀਣ ਦੀ ਹੈ ਜੁਸਤਜੂ ਕਰਦੈ। ਸਮਾਂ ਆਏ ਤਲੀ ਤੇ ਸਿਰ ਟਿਕਾ ਕੇ ਹੈ ਰਵਾਂ ਹੁੰਦਾ, ਲਏ ਲੋਹਾ ਤਾਂ ਦੁਸ਼ਮਣ ਨਾਲ ਨਿਰਣਾ ਦੂ-ਬ-ਦੂ ਕਰਦੈ। ਉਹਨੇ ਲਿਖਿਆ ਹੈ ਪੌਣਾਂ ਤੇ ਸਦਾ ਹੀ ਗੀਤ ਜ਼ਿੰਦਗੀ ਦਾ, ਉਹ ਇਸ ਦੇ ਦੋਖੀਆਂ ਦੀ ਨਸ਼ਰ ਅਕਸਰ ਆਬਰੂ ਕਰਦੈ। ਉਹਦੀ ਚੁਗਲੀ ਉਹਦੀ ਨਿੰਦਾ ਨਹੀਂ ਉਸਦਾ ਸੁਭਾਅ ਯਾਰੋ, ਉਹ ਕਰਦਾ ਗੱਲ ਜਿਸ ਦੀ ਵੀ ਹੈ ਹੋ ਕੇ ਰੂ-ਬ-ਰੂ ਕਰਦੈ। ਮਿਲੇ ਗ਼ਮ ਹੀ ਨੇ ਗ਼ਮ ਬੇਸ਼ਕ ਪਤਾ ਨਹੀਂ ਫੇਰ ਵੀ ਕਿਉਂ ਦਿਲ, ਹਮੇਸ਼ਾ ਜ਼ਿੰਦਗੀ ਨੂੰ ਜੀਣ ਦੀ ਹੈ ਆਰਜ਼ੂ ਕਰਦੈ। ਉਹਦੀ ਜ਼ਿੰਦਗੀ ਹੈ ਬਸ ਏਨੀ ਘਰੋਂ ਦਫ਼ਤਰ ਤੇ ਵਾਪਸ ਘਰ, ਬਸਰ ਜਿਉਂ ਜ਼ਿੰਦਗੀ ਹੈ ਜਾਨਵਰ ਕੋਈ ਪਾਲਤੂ ਕਰਦੈ। ‘ਕੰਵਲ’ ਤਾਂ ਆਪਣੇ ਹੀ ਦਿਲ ਦੀ ਹਾਲਤ ਸੀ ਬਿਆਂ ਕੀਤੀ, ਮਗਰ ਲੱਗਦੈ ਬਿਆਂ ਹਰ ਦਿਲ ਦੀ ਹਾਲਤ ਹੂ-ਬ-ਹੂ ਕਰਦੈ।
ਖ਼ਤ ਲਿਖਦੇ ਵੀ ਰੋਂਦੇ
ਖ਼ਤ ਲਿਖਦੇ ਵੀ ਰੋਂਦੇ ਰਹਿੰਦੇ, ਪੜ੍ਹਦੇ ਵੀ ਰੋਂਦੇ। ਨੈਣ—ਸਰਾਂ ਦੇ ਨੀਰ 'ਚ ਰੂਹ ਦੇ ਵਸਤਰ ਨੇ ਧੋਂਦੇ। ਓਹਨਾਂ ਦੇ ਤਨ, ਮਨ, ਬੋਲਾਂ ਵਿਚ ਛਿੜੀ ਰਹੇ ਕੰਬਣੀ, ਹਰ ਗੱਲ ਛੱਡ ਅਧੂਰੀ ਦੇਂਦੇ ਜਿਹੜੀ ਵੀ ਛੋਂਹਦੇ। ਪੀੜਾਂ ਨੇ ਜਿਉਂ ਮਿਲ ਕੇ ਰੂਹ ਨੂੰ ਚੈਨ ਜਿਹਾ ਮਿਲਦੈ, ਖੌਰੇ ਕਿਉਂ ਇਸ ਰੂਹ ਕਮਲੀ ਨੂੰ ਹਾਸੇ ਨਾ ਪੋਂਹਦੇ। ਜਾਂ ਤਾਂ ਦੂਰ ਖ਼ਲਾਅ ਵਲ ਝਾਕੇ ਜਾਂ ਛੱਤਾਂ ਵਲ ਨੂੰ, ਖੌਰੇ ਕਿਹੜੇ ਖ਼ਾਅਬ ਗੁਆਚੇ ਨੈਣ ਉਹਦੇ ਟੋਂਹਦੇ। ਇਲਮ ਨਹੀਂ ਕਿਉਂ ਹਰ ਦਿਨ ਸਾਡਾ ਚੈਨ ਚੁਰਾ ਲੈਂਦਾ, ਖੌਰੇ ਕਿਉਂ ਹਰ ਰਾਤ ਹਨੇਰੇ ਨੀਂਦਰ ਆ ਖੋਂਹਦੇ। ਰਾਤੀਂ ਉਸ ਦਾ ਬੂਹਾ ਖੁੱਲ੍ਹਾ ਰਹਿੰਦਾ ਚੌੜ-ਚੁਪੱਟ, ਦਿਨ ਚੜ੍ਹਦੇ ਪਰ ਮਾਰ ਕੇ ਕੁੰਡੀ ਬੂਹਾ ਨੇ ਢੋਂਦੇ। ਕੱਜਲ ਵਾਲੇ ਨੈਣ ਚੁਬਾਰੇ ਚੜ੍ਹ ਸੀ ਜਦ ਦੇਖੇ, ਹੰਝੂਆਂ ਦੀ ਥਾਂ ਲਹੂ ਦੇ ਤੁਪਕੇ ਤਿਪ ਤਿਪ ਸਨ ਚੋਂਦੇ ।
ਕਤਰਾ ਕਤਰਾ ਕਰਕੇ
ਕਤਰਾ ਕਤਰਾ ਕਰਕੇ ਵਗਦੇ ਪਾਣੀ ਹੋਏ । ਪਹਿਲਾਂ ਹੋਈ ਚਰਚਾ ਫੇਰ ਕਹਾਣੀ ਹੋਏ। ਓਹੀ ਮੇਰੀ ਰੂਹ ਦਾ ਚਾਨਣ ਰੂਹ ਦੀ ਦੌਲਤ, ਜਿਸ ਨੇ ਮੇਰੀ ਰੂਹ ਦੀ ਨਬਜ਼ ਪਛਾਣੀ ਹੋਏ। ਓਹੀ ਜ਼ਿੰਦਗੀ ਦੀ ਅਸਲੀਅਤ ਜਾਣ ਸਕੇਗਾ, ਜਿਸ ਨੇ ਕਿ ਥਾਂ ਥਾਂ ਦੀ ਮਿੱਟੀ ਛਾਣੀ ਹੋਏ। ਉਹ ਕੀਕਰ ਧੁੱਪਾਂ ਦੀ ਰਮਜ਼ ਪਛਾਣ ਸਕੇਗਾ, ਜਿਸ ਨੇ ਅਪਣੇ ਸਿਰ ਤੇ ਛਤਰੀ ਤਾਣੀ ਹੋਏ। ਗੱਲ ਨੂੰ ਸਿਰੇ ਲਗਾਉਣਾ ਦਾਨਸ਼ਮੰਦੀ ਹੈ, ਵਧ ਸਕਦੀ ਹੈ ਜਿੰਨੀ ਗੱਲ ਵਧਾਣੀ ਹੋਏ। ਟੋਏ ਤਾਂ ਥਾਂ ਥਾਂ ਤੇ ਪੁੱਟੇ ਜਾ ਸਕਦੇ, ਪਰ, ਮੁਸ਼ਕਿਲ ਹੁੰਦੀ ਜਦ ਧਰਤੀ ਪਧਰਾਣੀ ਹੋਏ।
ਡਿੱਗੇ ਤਾਈਂ ਉਠਾ
ਕਿਸੇ ਨੂੰ ਹਰ ਡਿੱਗੇ ਤਾਈਂ ਉਠਾ ਕੇ ਹੈ ਮਜ਼ਾ ਆਉਂਦਾ। ਬਸ਼ਰ ਰੁਲਦੇ ਕਿਸੇ ਨੂੰ ਗਲ ਲਗਾ ਕੇ ਹੈ ਮਜ਼ਾ ਆਉਂਦਾ। ਕਿਸੇ ਨੂੰ ਰੁੱਖ, ਫੁੱਲ, ਬੂਟੇ ਉਜਾੜਨ ਵਿਚ ਖ਼ੁਸ਼ੀ ਮਿਲਦੀ, ਕਿਸੇ ਨੂੰ ਰੁੱਖ, ਫੁੱਲ, ਬੂਟੇ ਉਗਾ ਕੇ ਹੈ ਮਜ਼ਾ ਆਉਂਦਾ। ਬੜੇ ਘੱਟ ਨੇ ਜੋ ਸੁਣਦੇ ਨੇ ਕਿਸੇ ਦੀ ਗੱਲ ਖੁਸ਼ ਹੋ ਕੇ, ਨਹੀਂ ਤਾਂ ਬਹੁਤਿਆਂ ਤਾਈਂ ਸੁਣਾ ਕੇ ਹੈ ਮਜ਼ਾ ਆਉਂਦਾ। ਕਈ ਪਾਣੀ 'ਚ ਪਾ ਐਵੇਂ ਮਧਾਣੀ ਬੈਠ ਜਾਂਦੇ ਨੇ, ਕਿਸੇ ਨੂੰ ਗੱਲ ਪਰ ਜਲਦੀ ਮੁਕਾ ਕੇ ਹੈ ਮਜ਼ਾ ਆਉਂਦਾ। ਲਹੂ ਦਾ ਲਾਲ ਰੰਗ ਹੀ ਦੇਖ ਕੇ ਜੋ ਸਹਿਮ ਜਾਂਦੇ ਨੇ, ਉਨ੍ਹਾਂ ਨੂੰ ਕੀ ਪਤਾ ਕੀ ਸਿਰ ਕਟਾ ਕੇ ਹੈ ਮਜ਼ਾ ਆਉਂਦਾ। ਕਿਸੇ ਨੂੰ ਦੁੱਖ ਲੋਕਾਂ ਦੇ ਘਟਾ ਕੇ ਹੈ ਖੁਸ਼ੀ ਮਿਲਦੀ, ਅਜਿਹੇ ਵੀ ਨੇ ਜਿਨ੍ਹਾਂ ਨੂੰ ਵਧਾ ਕੇ ਹੈ ਮਜ਼ਾ ਆਉਂਦਾ । ਕੋਈ ਤਾਂ ਰੱਖਦਾ ਹੈ ਰਾਖਵਾਂ ਹਰ ਬੋਲ ਅਪਣੇ ਨੂੰ, ਕਿਸੇ ਨੂੰ ਹਰ ਕਿਸੇ ਤਾਈਂ ਬੁਲਾ ਕੇ ਹੈ ਮਜ਼ਾ ਆਉਂਦਾ। ਕੋਈ ਕਰਦੈ ਦਿਲਾਂ ਨੂੰ ਪੇਸ਼ ਨਜ਼ਰਾਨੇ ਮੁਹੱਬਤ ਦੇ, ਕਿਸੇ ਨੂੰ ਪਰ ਕਿਸੇ ਦਾ ਦਿਲ ਜਲਾ ਕੇ ਹੈ ਮਜ਼ਾ ਆਉਂਦਾ। ਇਹ ਅਪਣੀ ਅਪਣੀ ਤਰਬੀਅਤ ਤਬੀਅਤ ਦਾ ਅਸਰ ਹੁੰਦੈ, ਉਜਾੜਨ ਵਿਚ ਕਿਸੇ ਨੂੰ ਪਰ ਵਸਾ ਕੇ ਹੈ ਮਜ਼ਾ ਆਉਂਦਾ। ਬਹੁਤ ਜੋ ਪੀ ਕਿਸੇ ਕੋਲੋਂ ਹੀ ਅਕਸਰ ਮਾਰਦੇ ਬੜ੍ਹਕਾਂ, ਕਿਸੇ ਟਾਂਵੇਂ ਨੂੰ ਪਰ ਕੋਲੋਂ ਪਿਆ ਕੇ ਹੈ ਮਜ਼ਾ ਆਉਂਦਾ। ਰੁਸਾ ਕੇ ਵੈਰ ਪਾ ਕੇ ਕੀ ਕਿਸੇ ਨੂੰ ਹੈ ਖ਼ੁਸ਼ੀ ਮਿਲਣੀ, ਬੜਾ ਪਰ ਰੁੱਸਿਆਂ ਤਾਈਂ ਮਨਾ ਕੇ ਹੈ ਮਜ਼ਾ ਆਉਂਦਾ। ਕਿਸੇ ਨੂੰ ਵੰਨ-ਸੁਵੰਨੇ ਫੁੱਲ ਮਹਿਕਾਂ ਮੋਂਹਦੀਆਂ ਐਪਰ, ਕਿਸੇ ਨੂੰ ਫੁੱਲ ‘ਕੈਕਟਸ’ ਦੇ ਲਗਾ ਕੇ ਹੈ ਮਜ਼ਾ ਆਉਂਦਾ। ਪਤਾ ਨਹੀਂ ਦੁਸ਼ਮਣੀ ਵਿਚ ਕੀ ਕਿਸੇ ਨੂੰ ਹੈ ਖ਼ੁਸ਼ੀ ਮਿਲਦੀ, ਕਿਸੇ ਨੂੰ ਦੋਸਤੀ ਦਾ ਫੁੱਲ ਉਗਾ ਕੇ ਹੈ ਮਜ਼ਾ ਆਉਂਦਾ। ਕਿਸੇ ਨੂੰ ਗ਼ੈਰ ਜਾਂ ਕਹਿ ਕੇ ਪਰਾਇਆ ਕੀ ਮਿਲੇ ਯਾਰੋ, ਕਿਸੇ ਨੂੰ ਆਪਣਾ ਜਦ ਕਿ ਬਣਾ ਕੇ ਹੈ ਮਜ਼ਾ ਆਉਂਦਾ। ਚੁਰਾ ਕੇ ਨਜ਼ਰ ਜੋ ਲੰਘਦੇ ਉਨ੍ਹਾਂ ਨੂੰ ਕੀ ਪਤਾ ਹੋਣਾ, ਜੋ ਨਜ਼ਰਾਂ ਨਾਲ ਨਜ਼ਰਾਂ ਨੂੰ ਮਿਲਾ ਕੇ ਹੈ ਮਜ਼ਾ ਆਉਂਦਾ। ਕਿਸੇ ਦਾ ਹੱਕ ਜੋ ਖਾਂਦੇ ਕਿਵੇਂ ਉਹ ਜਾਣ ਸਕਦੇ ਨੇ, ਕਮਾਈ ਜੋ ਦਸਾਂ ਨਹੁੰਆਂ ਦੀ ਖਾ ਕੇ ਹੈ ਮਜ਼ਾ ਆਉਂਦਾ। ਕਰੋਗੇ ਨਫ਼ਰਤਾਂ ਤਾਂ ਨਫ਼ਰਤਾਂ ਹੀ ਮਿਲਣੀਆਂ ਅੱਗੋਂ, ਮਿਲੇਗਾ ਪਿਆਰ ਹੀ ਤੇ ਪਿਆਰ ਪਾ ਕੇ ਮਜ਼ਾ ਆਉਂਦਾ। ਮਜ਼ਾ ਆਉਂਦੈ ਇਸ਼ਕ ਦੀ ਬਾਤ ਜੇ ਲੰਮੀ ਤੁਰੀ ਜਾਏ, ਨਿਰੰਤਰ, ਇਸ ਕਥਾ ਨੂੰ ਕੀ ਮੁਕਾ ਹੈ ਮਜ਼ਾ ਆਉਂਦਾ। ਹਨੇਰੇ ਦੇ ਵਣਜ ਕਰਕੇ ਵਪਾਰੀ ਸੋਚਦੇ ਨੇ ਕੀ, ਜ਼ਰਾ ਦੇਖੋ ਕਿਵੇਂ ਦੀਵੇ ਜਗਾ ਕੇ ਹੈ ਮਜ਼ਾ ਆਉਂਦਾ। ਅਨੋਖਾ ਵਣਜ ਇਹ ਯਾਰੋ ਅਜਬ ਅੰਦਾਜ ਨੇ ਇਸਦੇ, ਵਫ਼ਾ ਵਿਚ ਤਾਂ ਮਿਲਣ ਦੀ ਥਾਂ ਗੁਆ ਕੇ ਹੈ ਮਜ਼ਾ ਆਉਂਦਾ। ਕਿਸੇ ਨੂੰ ਪਾ ਕੇ ਗਲਵੱਕੜੀ ਖੁਸ਼ੀ ਦੀ ਇੰਤਹਾ ਦੇਖੋ, ਤਰੰਗਾਂ ਛਿੜਦੀਆਂ ਨੇ ਹੱਥ ਮਿਲਾ ਕੇ ਹੈ ਮਜ਼ਾ ਆਉਂਦਾ। ਕਰਾਂ ਸਿਜਦਾ ਕਿਸੇ ਸ਼ਾਹ ਨੂੰ ਨਹੀਂ ਮੁਮਕਿਨ ‘ਕੰਵਲ’ ਨੂੰ ਤਾਂ, ਗਰੀਬਾਂ ਦੀ ਦਲ੍ਹੀਜੇ ਸਿਰ ਝੁਕਾ ਕੇ ਹੈ ਮਜ਼ਾ ਆਉਂਦਾ।
ਯਾਰਾਂ ਨਾਲ ਬਹਾਰਾਂ
ਯਾਰਾਂ ਨਾਲ ਬਹਾਰਾਂ ਹੁੰਦੀਆਂ ਨੇ ਯਾਰੋ । ਮਹਿਕਦੀਆਂ ਗੁਲਜ਼ਾਰਾਂ ਹੁੰਦੀਆਂ ਨੇ ਯਾਰੋ । ਜਿਸ ਹਿੰਮਤ ਵਿਚ ਨਾ ਤਦਬੀਰ ਘੁਲੀ ਹੋਵੇ, ਉਸ ਹਿੰਮਤ ਨੂੰ ਹਾਰਾਂ ਹੁੰਦੀਆਂ ਨੇ ਯਾਰੋ। ਝੁੱਗੀਆਂ ਦੇ ਵਿਚ ਲੱਗਦੈ ਸੂਰਜ ਵਰਗਾ ਕੁੱਝ, ਗੱਲਾਂ ਘਰ ਸਰਦਾਰਾਂ ਹੁੰਦੀਆਂ ਨੇ ਯਾਰੋ। ਉਸ ਘਰ ਨੇ ਢਹਿਣਾ ਹੀ ਢਹਿਣਾ ਜਿਸ ਘਰ ਵਿਚ, ਡੋਲਦੀਆਂ ਦੀਵਾਰਾਂ ਹੁੰਦੀਆਂ ਨੇ ਯਾਰੋ । ਜ਼ੋਰਾਵਰ ਦਾ ਸੱਤੀਂ ਵੀਹੀਂ ਸੌ ਹੁੰਦੈ, ਉਸ ਨੂੰ ਰੱਬ ਦੀਆਂ ਮਾਰਾਂ ਹੁੰਦੀਆਂ ਨੇ ਯਾਰੋ। ਜਦ ਵੀ ਅਣਖਾਂ ਨੂੰ ਕੋਈ ਵੰਗਾਰ ਬਹੇ, ਖੜਕਦੀਆਂ ਤਲਵਾਰਾਂ ਹੁੰਦੀਆਂ ਨੇ ਯਾਰੋ । ਨਾਲ ਸਿਰਾਂ ਦੇ ਸ਼ੋਭਦੀਆਂ ਪਰ ਬਾਝ ਸਿਰਾਂ, ਰੁਲ ਰਹੀਆਂ ਦਸਤਾਰਾਂ ਹੁੰਦੀਆਂ ਨੇ ਯਾਰੋ । ਬੂਹਾ ਜਦ ਵੀ ਖੋਹਲਾਂ ਪੀੜਾਂ ਬੂਹੇ 'ਤੇ, ਖੜ੍ਹੀਆਂ ਬੰਨ੍ਹ ਕਤਾਰਾਂ ਹੁੰਦੀਆਂ ਨੇ ਯਾਰੋ। ਅਪਣਾ ਪ੍ਰਛਾਵਾਂ ਵੀ ਗੁੰਮ ਹੋ ਜਾਂਦਾ ਹੈ, ਸਿਰ ਜਦ ਸਿਖਰ ਦੁਪਹਿਰਾਂ ਹੁੰਦੀਆਂ ਨੇ ਯਾਰੋ। ਬੁਜ਼ਦਿਲ ਬੁੱਲ੍ਹੀਂ ਹੁੰਦੇ ਤਰਲੇ ਮਿੰਨਤਾਂ ਨੇ, ਮਰਦਾਂ ਮੂੰਹ ਲਲਕਾਰਾਂ ਹੁੰਦੀਆਂ ਨੇ ਯਾਰੋ। ਲੋਕਾਂ ਦੀ ਥਾਂ ਪੂਜਣ ਜੋਕਾਂ ਓਹਨਾਂ ਲਈ, ਧਿਰਕਾਰਾਂ ਧਿਰਕਾਰਾਂ ਹੁੰਦੀਆਂ ਨੇ ਯਾਰੋ।
ਦੀਵੇ ਜਗਾ
ਦੀਵੇ ਜਗਾ ਕੇ ਰੱਖਿਓ, ਨੇਰ੍ਹੇ ਖਿੰਡਾ ਕੇ ਰੱਖਿਓ। ਰੁੱਸੇ ਮਨਾ ਕੇ ਰੱਖਿਓ, ਮਿੱਤਰ ਬਣਾ ਕੇ ਰੱਖਿਓ। ਗ਼ਮ ਨੂੰ ਹੈ ਕੀ ਬੁਲਾਣਾ, ਖ਼ੁਸ਼ੀਆਂ ਬੁਲਾ ਕੇ ਰੱਖਿਓ। ਹਰ ਹਾਲ ਜ਼ਿੰਦਗੀ ਨੂੰ, ਜ਼ਿੰਦਗੀ ਬਣਾ ਕੇ ਰੱਖਿਓ। ਗੱਲਾਂ ਪੁਰਾਣੀਆਂ ਨੂੰ, ਦਿਲ 'ਚੋਂ ਭੁਲਾ ਕੇ ਰੱਖਿਓ। ਰੀਝਾਂ ਕੁਆਰੀਆਂ ਨੂੰ, ਰੱਖਿਓ ਬਚਾ ਕੇ ਰੱਖਿਓ। ਜੋ ਜੀ ਕਰੇ ਲਵਾਂਗੇ, ਸਭ ਕੁਝ ਲਿਆ ਕੇ ਰੱਖਿਓ। ਝੋਲੀ ਪੁਆ ਲਵਾਂਗੇ, ਸੌਦੇ ਤੁਲਾ ਕੇ ਰੱਖਿਓ। ਲਾਉਣੇ ਨਵੇਂ ਕਲੰਡਰ, ਪਿਛਲੇ ਲੁਹਾ ਕੇ ਰੱਖਿਓ।
ਜੀ ਤਾਂ ਕਰਦੈ
ਜੀ ਤਾਂ ਕਰਦੈ ਰੋਜ਼ ਤੈਨੂੰ ਖ਼ਤ ਲਿਖਾਂ। ਕਰਕੇ ਆਪਣੇ ਖੂਨ ਦੇ ਦਸਖ਼ਤ ਲਿਖਾਂ। ਖ਼ਤ ਮੇਰਾ ਦੱਸੇਗਾ ਅਪਣੇ ਆਪ ਹੀ, ਆਪ ਕੀ ਮੈਂ ਆਪਣੀ ਬਾਬਤ ਲਿਖਾਂ। ਅੱਤ ਘਿਨਾਉਣਾ ਕਰਮ ਜੇ ਪੁੱਛੋ ਤੁਸੀਂ, ਉਹ ਮਨੁੱਖਾਂ ਨਾਲ ਹੈ ਨਫ਼ਰਤ ਲਿਖਾਂ। ਬੇ-ਵਫ਼ਾਈ, ਝੂਠ, ਨਿੰਦਾ, ਚੁਗਲੀਆਂ, ਦੋਸਤਾਂ ਦੀ ਹੈ ਇਹੋ ਖ਼ਸਲਤ ਲਿਖਾਂ। ਮੇਰਿਆਂ ਜ਼ਖ਼ਮਾਂ ਨੂੰ ਰਾਜ਼ੀ ਕਰਨ ਦੀ, ਸਿਰਫ ਤੇਰੇ ਕੋਲ ਹੈ ਸ਼ਫ਼ਕਤ ਲਿਖਾਂ। ਜੋ ਸਮੇਂ ਦਾ ਸੱਚ ਕਹਿਣੋਂ ਵਰਜਦੀ, ਉਹ ਕਲਮ ਨਾਪਾਕ ਬੇ-ਗ਼ੈਰਤ ਲਿਖਾਂ। ਸੋਚ ਨਾ ਕਿ ਦੇਖਦਾ ਕੋਈ ਨਹੀਂ, ਮੈਂ ਤੇਰੀ ਹਰ ਸੋਚ ਹਰ ਹਰਕਤ ਲਿਖਾਂ। ਮਾਣ ਤੇ ਸਨਮਾਨ ਸਭ ਨੇਤਾ ਲਈ, ਸਹਿ ਰਹੀ ਸ਼ਰਮਿੰਦਗੀ ਖ਼ਲਕਤ ਲਿਖਾਂ। ਦਿਲ 'ਚ ਕੋਈ ਚਾਅ ਨਹੀਂ ਉਤਸ਼ਾਹ ਨਹੀਂ, ਕੀ ਕਿਸੇ ਨੂੰ ਚਾਅ ਲਿਖਾਂ ਚਾਹਤ ਲਿਖਾਂ। ਹੋਰਨਾਂ ਹੱਥਾਂ ਦੇ ਵਲ ਹੀ ਦੇਖ ਨਾ, ਤੇਰਿਆਂ ਹੱਥਾਂ 'ਚ ਹੈ ਬਰਕਤ ਲਿਖਾਂ। ਪੀੜ ਅਰਥਾਂ ਦੀ ਉਘੜ ਹੀ ਆਏਗੀ, ਖ਼ਤ ਚਾਹੇ ਕਿੰਨਾ ਵੀ ਮੈਂ ਖ਼ੁਸ਼ਕਤ ਲਿਖਾਂ। ਕਲਮ ਫੜ ਕੇ ਹੱਥ ਵਿਚ ਤਦਬੀਰ ਦੀ, ਆਪਣੀ ਮੈਂ ਆਪ ਹੀ ਕਿਸਮਤ ਲਿਖਾਂ। ਕਰਮ ਮੇਰਾ ਧਰਮ ਮੇਰਾ ਕਹਿ ਰਿਹਾ, ਆਉਣ ਵਾਲੀ ਹੈ ਤੇਰੀ ਸ਼ਾਮਤ ਲਿਖਾਂ। ਤੇਰੀ ਆਦਤ ਕੁਫਰ ਹੈ ਤੂੰ ਕੁਫਰ ਲਿਖ, ਪਰ ਮੇਰੀ ਸੱਚ ਲਿਖਣ ਦੀ ਆਦਤ ਲਿਖਾਂ। ਤਿੜਕਿਆ ਹੁੰਦਾ ਹੈ ਤੇਰਾ ਸੱਚ ਹਮੇਸ਼, ਮੈਂ ਜਦੋਂ ਵੀ ਸੱਚ ਲਿਖਾਂ ਸਾਬਤ ਲਿਖਾਂ। ਮੈਂ ਲਿਖਾਂ ਜੋ ਵੀ ਲਿਖਾਂ ਪੂਰੀ ਤਰ੍ਹਾਂ, ਕਰਕੇ ਅਪਣੀ ਰੂਹ ਤੋਂ ਦਰਿਆਫ਼ਤ ਲਿਖਾਂ। ਜੇ ਤੂੰ ਦੌਲਤਮੰਦ ਹੋਣਾ ਲੋਚਨੈਂ, ਆ ਤੇਰੇ ਨਾਂ ਦਰਦ ਦੀ ਦੌਲਤ ਲਿਖਾਂ। ਲੈ ਗਿਆ ਜੋ ਖ਼ਾਬ ਸਾਡੇ ਵਰਗਲਾ, ਹੋਏਗੀ ਲਾਜ਼ਮ ਉਹਦੀ ਦੁਰਗਤ ਲਿਖਾਂ। ਜ਼ਹਿਰ ਤਾਂ ਹੁੰਦੀ ਹੈ ਬੇਸ਼ਕ ਜ਼ਹਿਰ ਹੀ, ਜੇ ਤੇਰੇ ਹੱਥੋਂ ਮਿਲੇ ਅੰਮ੍ਰਿਤ ਲਿਖਾਂ। ਹਰ ਖ਼ੁਸ਼ੀ ਹਰ ਜਸ਼ਨ ਵਿਚ ਸ਼ਾਮਿਲ ਤੁਸੀਂ, ਹੈ ਮੇਰੀ ਹਰ ਗ਼ਮ ਦੇ ਵਿਚ ਸ਼ਿਰਕਤ ਲਿਖਾਂ। ਜ਼ਿੰਦਗੀ ਦਾ ਸਾਫ਼ ਮਤਲਬ ਹੌਂਸਲਾ, ਹੋਰ ਵੀ ਇਕ ਅਰਥ ਹੈ ਮਿਹਨਤ ਲਿਖਾਂ। ਪੈਰ ਹੇਠਾਂ ਹੈ ਮੇਰੇ ਗਿਰਵੀ ਜ਼ਮੀਨ, ਸਿਰ ਮੇਰੇ ਤੇ ਹੈ ਪਰਾਈ ਛੱਤ ਲਿਖਾਂ। ਹਰ ਕਦਮ ਤੇ ਹੈ ਸਤਾਇਆ ਜ਼ਿੰਦਗੀ, ਜ਼ਿੰਦਗੀ ਲਈ ਫੇਰ ਵੀ ਉਸਤਤ ਲਿਖਾਂ।
ਦਰਿਆਵਾਂ ਨੂੰ ਮਿਲਣ ਸਮੁੰਦਰ
ਦਰਿਆਵਾਂ ਨੂੰ ਮਿਲਣ ਸਮੁੰਦਰ ਲਹਿਰ ਲਹਿਰ ਨੂੰ ਮਚਲ ਮਿਲੇ। ਇਕ ਦੂਜੇ ਨੂੰ ਹੱਸ ਮੁਸਾਫਿਰ ਕਰ ਕੇ ਪੈਂਡਾ ਸਫਲ ਮਿਲੇ। ਰੂਹ ਦੀ ਰੁੱਤ ਵਿਚ ਕੋਸੀ ਧੁੱਪ ਵਿਚ ਪੜ੍ਹੀਏ ਡੂੰਘੀ ਚੁੱਪ ਵਿਚ ਬਹਿ, ਸਾਦੇ ਸ਼ਬਦਾਂ ਡੂੰਘੇ ਅਰਥਾਂ ਵਾਲੀ ਜੇਕਰ ਗ਼ਜ਼ਲ ਮਿਲੇ। ਉਸ ਨੂੰ ਅਪਣੀ ਸੀਰਤ ਵਿਚ ਸਮੋ ਲਾਂ ਨੈਣੀਂ ਜੜ ਲਾਂ ਮੈਂ, ਜੁਗਨੂੰ ਵਾਂਗਰ ਝਿਲਮਿਲ ਕਰਦੀ ਜੇ ਉਹ ਸੁੰਦਰ ਸ਼ਕਲ ਮਿਲੇ। ਆਪਾ-ਧਾਪੀ ਖੋਹਾ-ਖਿੱਚੀ ਤੇ ਬੇ-ਮੰਤਵ ਸੋਚਾਂ ਨੂੰ, ਭਟਕੇ ਕਦਮਾਂ ਨੂੰ ਰਾਹ ਲੱਭਣ ਬੇ-ਵਸਲਾਂ ਨੂੰ ਵਸਲ ਮਿਲੇ। ਕੋਸੀਆਂ ਧੁੱਪਾਂ, ਠੰਡੀਆਂ ਛਾਵਾਂ, ਮਹਿਕੀਆਂ ਪੌਣਾਂ, ਕਿੱਥੇ ਨੇ ? ਅਸਲੀ ਰੂਹਾਂ, ਅਸਲੀ ਹਾਸੇ ਦੀ ਥਾਂ ਹਰ ਥਾਂ ਨਕਲ ਮਿਲੇ। ਬੋਲ ਪਿਆਰੇ ਸੁਪਨ ਸ਼ੰਗਾਰੇ, ਹਥ ਵਿਚ ਤਾਰੇ ਸਭ ਲਾਰੇ, ਕੂੜ ਲਫਾਫੇ ਗੱਲਾਂ ਬਾਤਾਂ ਸੱਖਣੇ ਸਭ ਬੇ-ਅਮਲ ਮਿਲੇ। ਨੇਰ੍ਹ ਨੂੰ ਚਾਨਣ ਰਾਹ ਨੂੰ ਮੰਜ਼ਿਲ ਤੇ ਖ਼ਾਬਾਂ ਨੂੰ ਅਸਲੀਅਤ, ਫੁੱਲਾਂ ਨੂੰ ਹਰ ਰੰਗ ਮਿਲੇ ਤੇ ਧਰਤੀ ਨੂੰ ਹਰ ਫਸਲ ਮਿਲੇ। ਆਖੀਂ ਤੇਰੇ ਯਾਰ ਪਰੋ ਕੇ ਖ਼ਾਰ, ਲਈ ਨੇ ਹਾਰ ਖੜੇ, ਆਉਂਦਾ ਜਾਂਦਾ ਰਾਹ ਵਿਚ ਜੇ ‘ਖੁਸ਼ਵੰਤ’ ਮਿਲੇ ਜਾਂ ‘ਕੰਵਲ’ ਮਿਲੇ।
ਕਦੇ ਦੁੱਖ ਕਿਸੇ ਦਾ ਵੰਡਾ
ਕਦੇ ਦੁਖ ਕਿਸੇ ਦਾ ਵੰਡਾ ਕੇ ਤਾਂ ਦੇਖੀਂ। ਹੈ ਮਿਲਦੀ ਖੁਸ਼ੀ ਜੋ ਕਮਾ ਕੇ ਤਾਂ ਦੇਖੀਂ। ਰੁਆ ਕੇ ਕਿਸੇ ਨੂੰ ਕੀ ਮਿਲਣਾ ਹੈ ਤੈਨੂੰ, ਤੂੰ ਰੋਂਦੇ ਕਿਸੇ ਨੂੰ ਹਸਾ ਕੇ ਤਾਂ ਦੇਖੀਂ। ਬਣਾਇਆ ਜੇ ਦੁਸ਼ਮਣ ਤਾਂ ਕੀ ਹੈ ਬਣਾਇਆ, ਤੂੰ ਅਪਣਾ ਕਿਸੇ ਨੂੰ ਬਣਾ ਕੇ ਤਾਂ ਦੇਖੀਂ। ਜੇ ਦਿਲ ਦੀ ਵੀਰਾਨੀ ਨੂੰ ਆਬਾਦ ਕਰਨੈਂ, ਤੂੰ ਇਸ ਵਿਚ ਕਿਸੇ ਨੂੰ ਵਸਾ ਕੇ ਤਾਂ ਦੇਖੀਂ। ਤੇਰੇ ਨਾਲ ਨੱਚਦਾ ਹੈ ਮਾਹੌਲ ਕੀਕਰ, ਤੂੰ ਮਨ ਮੋਰ ਅਪਣਾ ਨਚਾ ਕੇ ਤਾਂ ਦੇਖੀਂ। ਤੂੰ ਮੱਥੇ 'ਤੇ ਪਾ ਤਿਊੜੀਆਂ ਲੰਘ ਜਾਨੈਂ, ਜ਼ਰਾ ਇਸ ਤਰਫ਼ ਮੁਸਕਰਾ ਕੇ ਤਾਂ ਦੇਖੀਂ। ਕਿਵੇਂ ਜਿੰਦ ਮਿੱਟੀ ਤੋਂ ਸੋਨਾ ਹੈ ਹੁੰਦੀ, ਤੂੰ ਪਾਰਸ ਮੁਹੱਬਤ ਛੁਹਾ ਕੇ ਤਾਂ ਦੇਖੀਂ। ਕਿਵੇਂ ਤਿਤਲੀਆਂ ਨੱਚਦੀਆਂ ਆਉਂਦੀਆਂ ਨੇ, ਤੂੰ ਫੁੱਲ ਗਮਲਿਆਂ ਵਿਚ ਉਗਾ ਕੇ ਤਾਂ ਦੇਖੀਂ। ਨਜ਼ਰ ਮਿਲਦਿਆਂ ਦਿਲ ਨੂੰ ਹੋ ਕੀ ਹੈ ਜਾਂਦਾ, ਇਹ ਨਜ਼ਰਾਂ ਕਿਸੇ ਨਾਲ ਮਿਲਾ ਕੇ ਤਾਂ ਦੇਖੀਂ। ਇਹ ਰਾਹ ਵਿਚ ਪਿਆ ਜੋ ਮੁਹੱਬਤ 'ਚ ਮੋਇਆ, ਇਹ ਮੈਂ ਹੀ ਨਾ ਹੋਵਾਂ ਹਿਲਾ ਕੇ ਤਾਂ ਦੇਖੀਂ। ਵਗਾਏ ਜੇ ਅਪਣੀ ਹੀ ਖਾਤਰ ਤਾਂ ਕੀ ਹੈ, ਤੂੰ ਹੰਝੂ ਕਿਸੇ ਲਈ ਵਗਾ ਕੇ ਤਾਂ ਦੇਖੀਂ। ਤੂੰ ਕਹਿਨਾਂ ਬੁਰੀ ਹੈ ਬੁਰੀ ਮੈਅ ਬੁਰੀ ਹੈ, ਜ਼ਰਾ ਜਾਮ ਹੋਂਠੀਂ ਛੁਹਾ ਕੇ ਤਾਂ ਦੇਖੀਂ। ਇਹ ਉਹ ਤਾਂ ਨਹੀਂ ਜੋ ਤੇਰੇ ਦਿਲ 'ਚ ਵਸਦਾ, ਤੂੰ ਦੇਖੀਂ ਨਜ਼ਰ ਨੂੰ ਘੁਮਾ ਕੇ ਤਾਂ ਦੇਖੀਂ। ਫੜਾਵਾਂਗੇ ਤੈਨੂੰ ਅਸੀਂ ਜਾਨ ਆਪਣੀ, ਜ਼ਰਾ ਹੱਥ ਅਪਣਾ ਫੜਾ ਕੇ ਤਾਂ ਦੇਖੀਂ। ਚੜ੍ਹੀ ਪੀਂਘ ਜੇ ਕੱਲਿਆਂ ਹੀ ਤਾਂ ਕੀ ਹੈ, ਕਦੇ ਨਾਲ ਸਾਡੇ ਚੜ੍ਹਾ ਕੇ ਤਾਂ ਦੇਖੀਂ। ਤੂੰ ਦੇਖੀਂ ਕਿਵੇਂ ਤਾਰੇ ਚੜ੍ਹਦੇ ਦਿਨੇ ਹੀ, ‘ਕੰਵਲ’ ਨੂੰ ‘ਕੰਵਲ’ ਕਹਿ ਬੁਲਾ ਕੇ ਤਾਂ ਦੇਖੀਂ।
ਜ਼ਿੰਦਗੀ ਦੇ ਰਾਹ
ਜ਼ਿੰਦਗੀ ਦੇ ਰਾਹ 'ਚ ਅਕਸਰ ਮਿਲਦੀਆਂ, ਠੋਕਰਾਂ, ਲਾਚਾਰੀਆਂ, ਤੰਗ-ਦਸਤੀਆਂ। ਗ਼ਮ ਅਸਾਡੇ ਤਾਂ ਅਸਾਂ ਨੂੰ ਆ ਮਿਲੇ, ਸਾਡੀਆਂ ਖੁਸ਼ੀਆਂ ਨੇ ਕਿੱਥੇ ਘੱਲ 'ਤੀਆਂ। ਹੁਣ ਤੁਹਾਡਾ ਹੱਕ ਬਣਦੈ ਲਾ ਲਵੋ, ਲਾਹ ਦਿਓ ਸਭ ਨਾਂ ਮੇਰੇ ਦੀਆਂ ਤਖ਼ਤੀਆਂ। ਹੋਰ ਮੇਰਾ ਹੌਂਸਲਾ ਹੁੰਦੈ ਬੁਲੰਦ, ਜਿੰਨੀਆਂ ਵਧ ਕੇ ਤੂੰ ਕਰਦੈਂ ਸਖ਼ਤੀਆਂ। ਜਾਣਦੈ ਤੂਫ਼ਾਨ ਹੀ ਬੱਸ ਜਾਣਦੈ, ਕਿਸ ਤਰਫ਼ ਲੈ ਜਾਣੀਆਂ ਨੇ ਕਸ਼ਤੀਆਂ। ਵਜ ਰਹੇ ਵਾਜੇ ਖ਼ੁਸ਼ੀ ਦੇ ਇਸ ਤਰਫ਼, ਓਸ ਪਾਸੇ ਉੱਠਦੀਆਂ ਨੇ ਅਰਥੀਆਂ। ਜਿਉਂਦਿਆਂ ਨੂੰ ਨਾ ਕਿਸੇ ਨੇ ਗੌਲਿਆ, ਮਰ ਗਏ ਤਾਂ ਫੋਲਦੇ ਨੇ ਅਸਤੀਆਂ। ਜਦ ਕਦੇ ਵੀ ਨੇ ਨਿਗਾਹਾਂ ਭਟਕੀਆਂ। ਆਣ ਕੇ ਚਿਹਰੇ ਤੇਰੇ ਤੇ ਅਟਕੀਆਂ। ਨੇਰ੍ਹੀਆਂ ਲੱਖ ਬਿਜਲੀਆਂ ਸੀ ਕੜਕੀਆਂ, ਪਰ ਮੁਸਾਫ਼ਿਰ ਸਮਝਦੇ ਕੀ ਧਮਕੀਆਂ। ਲੈ ਲਵੋ ਜੇ ਲੈਣੀਆਂ ਕੁਝ ਬਚਦੀਆਂ, ਭਟਕਣਾ, ਵੀਰਾਨੀਆਂ, ਕੁਝ ਤਲਖ਼ੀਆਂ। ਮੂੰਹ-ਮੁਲਾਹਜੇ, ਚੁਗਲੀਆਂ, ਚਾਲਾਕੀਆਂ, ਖੋਟੀਆਂ ਨੇ ਧੇਲੀਆਂ ਪਰ ਚਲਦੀਆਂ। ਇਸ਼ਕ ਨੂੰ ਹੈ ਮਾਰਿਆ ਲਾਚਾਰੀਆਂ, ਹੁਸਨ ਨੂੰ ਹੈ ਮਾਰਿਆ ਖ਼ੁਦਗ਼ਰਜ਼ੀਆਂ। ਮਿਲਦੀਆਂ ਨਜ਼ਰਾਂ ਜਦੋਂ ਨਜ਼ਰਾਂ ਦੇ ਨਾਲ, ਫਿਰ ਜ਼ਮਾਨਾ ਜਾਣਦੈ ਕੀ ਕਰਦੀਆਂ। ਮੁੱਲ ਤਾਰੋ ਲੈ ਲਵੋ ਸਭ ਕੁਝ ਮਿਲੇ, ਏਸ ਥਾਂ ਨੇ ਸਭ ਸੁਗਾਤਾਂ ਮਿਲਦੀਆਂ। ਤਖ਼ਤ ਏਥੇ ਤਾਜ ਵੀ ਏਥੇ ਰਹੇ, ਕੀ ਕਰੋਂਗੇ ਸਿਰ ਸਜਾ ਕੇ ਕਲਗੀਆਂ।
ਬੇ-ਰਹਿਮ ਮੌਸਮ
ਹੈ ਬੇ-ਰਹਿਮ ਮੌਸਮ ਹਵਾ ਬੇ-ਯਕੀਨੀ। ਚੁਫੇਰੇ ਉਗੀ ਹਰ ਫਸਲ ਹੈ ਨਦੀਨੀ। ਬੜੀ ਸੋਚ ਹੈ ਓਸ ਦੀ ਆਫ਼ਰੀਨੀ, ਉਹ ਕਿੱਕਰ ਦੇ ਸੱਕ ਨੂੰ ਕਹੇ ਦਾਲਚੀਨੀ। ਉਹ ਮੋਹ ਤੋਂ ਹੈ ਕੋਰਾ ਸਖ਼ਾਵਤ ਤੋਂ ਸੱਖਣਾ, ਨਹੀਂ ਆਦਮੀ ਹੈ ਉਹ ਯੰਤਰ ਮਸ਼ੀਨੀ। ਨਹੀਂ ਸਮਝਦਾ ਉਹ ਦਿਲੀ ਜਜ਼ਬਿਆਂ ਨੂੰ, ਵਫਾ ਦੀ ਮੁਹੱਬਤ ਦੀ ਬਾਰੀਕ-ਬੀਨੀ। ਉਹ ਅਪਣੀ ਹੀ ਭਾਸ਼ਾ ਤੋਂ ਮੁਨਕਰ ਹੈ ਹੋਇਆ, ਪੜ੍ਹੇ ਫ਼ਾਰਸੀ ਬੋਲਦਾ ਹੈ ਲਤੀਨੀ। ਉਹ ਧਰਮਾਂ ਤੇ ਕਰਮਾਂ ਤੋਂ ਰਹਿੰਦਾ ਪਰੇ ਹੈ, ਉਹਦਾ ਧਰਮ ਪੀਣਾ ਪਿਲਾਉਣਾ, ਰੰਗੀਨੀ। ਉਹ ਹੱਕ ਮਾਰ ਕੇ ਹੋਰਨਾਂ ਦਾ ਹੀ ਖ਼ੁਸ਼ ਹੈ, ਤੇ ਰਹਿੰਦਾ ਹੈ ਅਕਸਰ ਪਸੀਨੋਂ ਪਸੀਨੀ ।
ਦਿਲ ਅਕਸਰ ਹੀ
ਦਿਲ ਅਕਸਰ ਹੀ ਰੋਣ ਜਿਹੇ ਨੂੰ ਕਰਦਾ ਹੈ। ਧੁਰ ਅੰਦਰ ਕੁਝ ਹੋਣ ਜਿਹੇ ਨੂੰ ਕਰਦਾ ਹੈ। ਪਹਿਲਾਂ ਹੱਸ ਰਹੇ ਸੀ ਫੇਰ ਅਚਾਨਕ ਹੀ, ਹੰਝੂ ਅੱਖ 'ਚੋਂ ਚੋਣ ਜਿਹੇ ਨੂੰ ਕਰਦਾ ਹੈ। ਫੁੱਲਾਂ ਨੂੰ ਤਾਂ ਦੂਰੋਂ ਹੀ ਤਕ ਲੈਂਦੇ ਨੈਣ, ਦਿਲ ਪਰ ਮਹਿਕਾਂ ਛੋਹਣ ਜਿਹੇ ਨੂੰ ਕਰਦਾ ਹੈ। ਉਸ ਦਾ ਦਿਲ ਕੀ ਮਿਲਿਆ ਹੈ ਕਿ ਪੁੱਛ ਹੀ ਨਾ, ਅਪਣਾ ਹੀ ਦਿਲ ਖੋਣ ਜਿਹੇ ਨੂੰ ਕਰਦਾ ਹੈ। ਥਾਂ ਥਾਂ ਤੇ ਖਿੱਲਰੇ ਚੁਣ ਮੋਤੀ ਸੱਧਰਾਂ ਦੇ, ਮਾਲਾ ਵਿਚ ਪ੍ਰੋਣ ਜਿਹੇ ਨੂੰ ਕਰਦਾ ਹੈ। ਫੁੱਲਾਂ ਕੋਲੋਂ ਲੰਘਦਿਆਂ ਦਿਲ ਅਕਸਰ ਹੀ, ਫੁੱਲਾਂ ਵਰਗਾ ਹੋਣ ਜਿਹੇ ਨੂੰ ਕਰਦਾ ਹੈ।
ਬਹੁਤੀ ਦਿਲਚਸਪੀ
ਉਸ ਦੀ ਬਹੁਤੀ ਦਿਲਚਸਪੀ ਤਾਂ ਕਬਰਾਂ ਬਾਰੇ ਸੀ। ਜਾਂ ਫਿਰ ਉਸ ਦੀ ਚਿੰਤਾ ਕੱਲ੍ਹ ਦੀਆਂ ਖ਼ਬਰਾਂ ਬਾਰੇ ਸੀ। ਟੁੱਟੇ ਤਾਰੇ ਜਿਹੀਆਂ ਗੱਲਾਂ ਉਹਦੇ, ਜਨੂੰਨ ਦੀਆਂ, ਸੂਰਜ ਵਰਗੀਆਂ ਗੱਲਾਂ ਸਾਡੀਆਂ ਸਬਰਾਂ ਬਾਰੇ ਸੀ। ਉਹ ਤਾਂ ਗੱਲ ਦਾ ਗੁੱਸਾ ਕਰਕੇ ਐਵੇਂ ਬੈਠ ਗਏ, ਸਾਡੀ ਗੱਲ ਤਾਂ ਜਗਦੇ ਜ਼ਿਹਨ ਮੁਦੱਬਰਾਂ ਬਾਰੇ ਸੀ। ਓਹਨਾਂ ਨੂੰ ਸੋਧਣ ਬਾਰੇ ਤਾਂ ਸ਼ੱਕ ਨਹੀਂ ਸੀ, ਪਰ, ਸੋਧਣ ਦੀ ਤਾਂ ਪਹਿਲੀ ਗੱਲ ਮੁਖ਼ਬਰਾਂ ਬਾਰੇ ਸੀ। ਉਹਨਾਂ ਦੀ ਕੁਰਬਾਨੀ ਚਰਚੇ ਖੂਬ ਛਿੜੇ, ਐਪਰ, ਦੱਬੀ ਦੱਬੀ ਗੱਲ ਉਨ੍ਹਾਂ ਦੇ ਟੱਬਰਾਂ ਬਾਰੇ ਸੀ। ਭੀੜ 'ਚ ਲੋਕਾਂ ਦੇ ਜ਼ਿਹਨਾਂ ਵਿਚ ਦੀਵੇ ਜਗ ਉਠੇ, ਰੋਹ ਵਿਚ ਆਏ ਗੱਲਾਂ ਕਰਦੇ ਜ਼ਬਰਾਂ ਬਾਰੇ ਸੀ।
ਦੇ ਰਿਹਾਂ ਆਵਾਜ਼
ਦੇ ਰਿਹਾਂ ਆਵਾਜ਼ ਚਿਰ ਤੋਂ ਬੋਲਦਾ ਕੋਈ ਨਹੀਂ। ਮੈਂ ਖੜ੍ਹਾ ਹਾਂ ਬਾਰ੍ਹ ਬੂਹਾ ਖੋਲ੍ਹਦਾ ਕੋਈ ਨਹੀਂ। ਸਹਿਮੀਆਂ ਧੁੱਪਾਂ ਤੇ ਛਾਂਵਾਂ ਰੁੱਖ, ਪੌਣਾਂ ਨੇ ਉਦਾਸ, ਪਰ ਕਿਤੇ ਪੰਛੀ ਹਵਾ ਵਿਚ ਤੋਲਦਾ ਕੋਈ ਨਹੀਂ। ਹੋਈ ਮੁੱਦਤ ਕੰਨ ਮੇਰੇ ਸਹਿਕਦੇ ਜਿਸ ਗੀਤ ਨੂੰ, ਬੋਲ ਉਸ ਦੇ ਕੰਨ 'ਚ ਮੇਰੇ ਘੋਲਦਾ ਕੋਈ ਨਹੀਂ। ਮੈਂ ਗੁਆਚੀ ਵਸਤ ਵਾਂਗਰ ਕੀ ਪਤਾ ਕਿੱਥੇ ਪਿਆਂ, ਪੱਤਝੜਾਂ ਦੇ ਪੱਤਿਆਂ ਨੂੰ ਟੋਲ੍ਹਦਾ ਕੋਈ ਨਹੀਂ। ਸ਼ਹਿਰ ਹੈ ਤੇ ਸ਼ਹਿਰ ਵਿਚ ਹੈ ਵਾਕਫ਼ਾਂ ਦੀ ਭੀੜ, ਪਰ, ਤਨ ਦੇ ਨੇੜੇ ਬਹੁਤ ਦਿਲ ਦੇ ਕੋਲ ਦਾ ਕੋਈ ਨਹੀਂ। ਜੇ ਕਿਤੇ ਦਿਲਦਾਰ ਹੋਵੇ ਤਾਂ ਦਿਲਾਂ ਦੀ ਦੱਸੀਏ, ਯਾਰ ਬਾਝੋਂ ਦਿਲ ਦੇ ਦੁੱਖੜੇ ਫੋਲਦਾ ਕੋਈ ਨਹੀਂ। ਦੋਸਤੀ ਲਈ ਖੂਨ ਡੋਲ੍ਹਣ ਦੀ ਕਿਹਨੇ ਕੀਤੀ ਹੈ ਗੱਲ, ਦੋਸਤੀ ਲਈ ਹੁਣ ਤਾਂ ਪਾਣੀ ਡੋਲ੍ਹਦਾ ਕੋਈ ਨਹੀਂ। ਬੇ-ਕਸਾਂ, ਮਜ਼ਲੂਮ ਲੋਕਾਂ ਦਾ ਨਾ ਕੋਈ ਇਸ ਤਰ੍ਹਾਂ, ਜਿਸ ਤਰ੍ਹਾਂ ਹੈ ਖੂਹ 'ਚ ਡਿੱਗੇ ਡੋਲ ਦਾ ਕੋਈ ਨਹੀਂ।
ਕਿੰਝ ਭਾਉਂਦੀਆਂ
ਕਿੰਝ ਭਾਉਂਦੀਆਂ ਕੰਨਾਂ ਨੂੰ ਤਕਦੀਰ ਦੀਆਂ ਗੱਲਾਂ। ਸੁਣ ਲਈਆਂ ਨੇ ਜਦੋਂ ਦੀਆਂ ਤਦਬੀਰ ਦੀਆਂ ਗੱਲਾਂ। ਸੂਰਤ ਤਾਂ ਬੇਸ਼ੱਕ ਹੈ ਉਸ ਦੀ ਵਿਸਰ ਗਈ ਸਾਨੂੰ, ਰਹੀਆਂ ਐਪਰ ਯਾਦ ਉਹਦੀ ਤਾਸੀਰ ਦੀਆਂ ਗੱਲਾਂ। ਦਾਨਿਸ਼ਵਰ ਤਾਂ ਕਰਦੇ ਕਲਮਾਂ ਅੱਖਰਾਂ ਦੀ ਅਕਸਰ, ਮੂਰਖ ਅਕਸਰ ਕਰਦੇ ਨੇ ਸ਼ਮਸ਼ੀਰ ਦੀਆਂ ਗੱਲਾਂ। ਦਿਲ ਵਾਲੇ ਹੀ ਬੁੱਝਣਗੇ ਗੱਲ ਦਿਲ ਦਿਲਦਾਰਾਂ ਦੀ, ਕਰਨਗੇ ਜਦ ਵੀ ਕਰਨਗੇ ਰਾਂਝੇ ਹੀਰ ਦੀਆਂ ਗੱਲਾਂ। ‘ਮਾਛੀਵਾੜੇ’ ਤੇ ‘ਚਮਕੌਰ’ ਦਾ ਚੱਪਾ ਚੱਪਾ ਹੀ, ਕਰਦਾ ‘ਕਲਗੀਧਰ’ ਦੇ ਇਕ ਇਕ ਤੀਰ ਦੀਆਂ ਗੱਲਾਂ। ਜਦ ਵੀ ਕੋਈ ਗੱਲ ਕਰੇ ਫੁੱਲਾਂ ਤੇ ਮਹਿਕਾਂ ਦੀ, ਯਾਦ ਆਉਂਦੀਆਂ ਮੋਹ ਭਰੀਆਂ ਕਸ਼ਮੀਰ ਦੀਆਂ ਗੱਲਾਂ। ਗੱਲਾਂ ਠੋਸ ਹਕੀਕਤ ਬਣ ਜਦ ਸਾਹਵੇਂ ਆ ਖੜੀਆਂ, ਯਾਦ ਕਰੋਗੇ ਕਹੀਆਂ ਏਸ ਫਕੀਰ ਦੀਆਂ ਗੱਲਾਂ।
ਜ਼ਮਾਨਾ ਯਾਦ ਆਉਂਦਾ ਹੈ
ਬੜਾ ਉਹ ਗੁਜ਼ਰਿਆ ਹੋਇਆ ਜ਼ਮਾਨਾ ਯਾਦ ਆਉਂਦਾ ਹੈ। ਜੋ ਮੌਸਮ ਸੀ ਮੁਹੱਬਤ ਦਾ ਸ਼ਹਾਨਾ ਯਾਦ ਆਉਂਦਾ ਹੈ। ਉਹਦੇ ਇਕਰਾਰ ਤੇ ਇਨਕਾਰ ਦੀ ਤਾਂ ਗੱਲ ਕੀ ਕਰਨੀ, ਉਹਦਾ ਲਾਉਣਾ ਬਹਾਨੇ ਤੇ ਬਹਾਨਾ ਯਾਦ ਆਉਂਦਾ ਹੈ। ਪਤਾ ਨਹੀਂ ਮੈਂ ਸੀ ਕੋਈ ਹੋਰ ਸੀ ਜਾਣੇ ਖ਼ੁਦਾ ਜਾਣੇ, ਮੇਰੀ ਹੀ ਸ਼ਕਲ ਵਰਗਾ ਇਕ ਦੀਵਾਨਾ ਯਾਦ ਆਉਂਦਾ ਹੈ। ਇਹ ਗੱਲ ਤਾਂ ਠੀਕ ਸੀ ਪੂਰੇ ਨਹੀਂ ਉਤਰੇ ਮਗਰ ਫਿਰ ਵੀ, ਤੁਰੇ ਸਾਂ ਧਾਰ ਕੇ ਜਿਹੜਾ ਨਿਸ਼ਾਨਾ ਯਾਦ ਆਉਂਦਾ ਹੈ। ਅਸੀਂ ਨਾਦਾਨੀਆਂ, ਬੱਚਗਾਨੀਆਂ, ਬੇ-ਕਦਰੀਆਂ ਕਰ ਕੇ, ਲੁਟਾ ਆਏ ਜੋ ਉਮਰਾਂ ਦਾ ਖ਼ਜ਼ਾਨਾ ਯਾਦ ਆਉਂਦਾ ਹੈ। ਦਿਖਾਈ ਬੇ-ਰੁਖੀ ਭੋਰਾ ਉਹ ਮਹਿਰਮ ਯਾਦ ਨਾ ਆਇਆ, ਕਿਸੇ ਦੁਸ਼ਮਣ ਦਾ ਭੋਰਾ ਕੁ ਯਰਾਨਾ ਯਾਦ ਆਉਂਦਾ ਹੈ। ਜਿਨ੍ਹਾਂ ਸੁੱਤੇ ਹੋਏ ਜਜ਼ਬੇ ਜਗਾਏ ਝੂਣ ਕੇ ਮੇਰੇ, ਮੁਹੱਜ਼ਬ ਉਹ ਮੁਹੱਬਤ ਦਾ ਤਰਾਨਾ ਯਾਦ ਆਉਂਦਾ ਹੈ।
ਜੇ ਮੁਸੀਬਤ ਨਾਲ ਰੱਖਿਆ
ਜੇ ਮੁਸੀਬਤ ਨਾਲ ਰੱਖਿਆ, ਰਾਬਤਾ ਹੁੰਦਾ, ਨਾ ਮੈਂ । ਤਿੜਕ ਜਾਣਾ ਸੀ ਕਦੇ ਦਾ, ਸਾਬਤਾ ਹੁੰਦਾ ਨਾ ਮੈਂ। ਮੈਂ ਉਨ੍ਹਾਂ ਦੇ ਕਦਮ ਚੁੰਮਣ, ਦੀ ਖੁਸ਼ੀ ਲੈਂਦਾ ਕਿਵੇਂ, ਜੇ ਗ਼ਲੀਚੇ ਵਾਂਗ ਵਿਛਿਆ, ਹਰ ਜਗ੍ਹਾ ਹੁੰਦਾ ਨਾ ਮੈਂ। ਰਾਤ ਦੀ ਰੋਟੀ ਮਿਰੀ ਨਾ, ਇਸ ਤਰ੍ਹਾਂ ਹੁੰਦੀ ਲਜ਼ੀਜ਼, ਜੇ ਮੁਸੀਬਤ ਨਾਲ ਕੀਤਾ, ਨਾਸ਼ਤਾ ਹੁੰਦਾ ਨਾ ਮੈਂ। ਇਸ਼ਕ ਦੇ ਇਹ ਖੂਬਸੂਰਤ, ਹਾਦਸੇ ਹੁੰਦੇ ਕਿਵੇਂ, ਕਰ ਰਿਹਾ ਜੇ ਖ਼ੂਬਸੂਰਤ, ਇਹ ਖ਼ਤਾ ਹੁੰਦਾ ਨਾ ਮੈਂ। ਰਹਿਨੁਮਾਈ ਇਸ਼ਕ ਦੀ ਜੇ, ਹਰ ਕਦਮ ਹੁੰਦੀ ਨਸੀਬ, ਬੇ-ਸਲੀਕਾ, ਬੇ-ਵਜ਼ਨ, ਬੇ-ਜ਼ਾਬਤਾ ਹੁੰਦਾ ਨਾ ਮੈਂ। ਸੋਚਦਾ ਉਸ ਦਾ ਕੀ ਬਣਦਾ, ਖ਼ਾਕ ਹੋ ਜਾਣਾ ਸੀ ਉਸ, ਜੇ ਕਿਤੇ ਉਸ ਲਾਪਤਾ ਖ਼ਤ, ਦਾ ਪਤਾ ਹੁੰਦਾ ਨਾ ਮੈਂ। ਕੀ ਪਤਾ ਲੱਗਦਾ ਕਿਸੇ ਨੂੰ ‘ਕੰਵਲ’ ਕਿ ‘ਖੁਸ਼ਵੰਤ’ ਹਾਂ, ਜੇ ਕਿਤੇ ਹਰ ਸ਼ਿਅਰ ਵਿਚ, ਖ਼ੁਦ-ਸਾਖ਼ਤਾ ਹੁੰਦਾ ਨਾ ਮੈਂ।
ਕੁਰਸੀ ਬਣਾ ਦਿਓ
ਕੁਰਸੀ ਬਣਾ ਦਿਓ ਜਾਂ, ਕਿਸ਼ਤੀ ਬਣਾ ਦਿਓ। ਰੁੱਖ ਨੇ ਕੀ ਆਖਣਾ ਹੈ, ਕੁਝ ਵੀ ਬਣਾ ਦਿਓ। ਨਾ ਵਕਤ ਨੂੰ ਉਡੀਕੋ, ਕਰਨਾ ਹੈ ਜੋ ਕਰੋ, ਜੋ ਵੀ ਬਣਾ ਰਹੇ ਹੋ, ਜਲਦੀ ਬਣਾ ਦਿਓ। ਖ਼ੁਦ ਹੀ ਤੁਸਾਂ ਨੇ ਢਾਹੁਣਾ, ਖ਼ੁਦ ਹੀ ਉਸਾਰਨਾ, ਜੋ ਵੀ ਹਜ਼ੂਰ ਦੀ ਹੈ, ਮਰਜ਼ੀ ਬਣਾ ਦਿਓ। ਰੁਜ਼ਗਾਰ ਮਗਰ ਭੱਜੀ, ਫਿਰਦੀ ਜੇ ਫੌਜ ਹੈ, ਇਸ ਫੌਜ ਦੀ ਵੀ ਕੋਈ, ਵਰਦੀ ਬਣਾ ਦਿਓ। ਕਾਨੂੰਨ ਹੱਥ ਤੁਹਾਡੇ, ਜੋ ਜੀ ਕਰੇ ਕਰੋ, ਬੇਸ਼ੱਕ ਮੁਕਾਬਲਾ ਹੀ, ਫ਼ਰਜ਼ੀ ਬਣਾ ਦਿਓ। ਕੀ ਹੱਥ ਨਹੀਂ ਤੁਹਾਡੇ, ਉਸਤਾਦ ਹੋ ਤੁਸੀਂ, ਫੁੱਲ ਕਾਗ਼ਜ਼ਾਂ ਦੇ ਨਕਲੀ, ਅਸਲੀ ਬਣਾ ਦਿਓ। ਜੇਕਰ ਬਣਾ ਸਕੋ ਤਾਂ, ਯਾਰੋ ਯਤਨ ਕਰੋ, ਉੱਜੜੀ ਕਿਸੇ ਦੀ ਹੱਸਤੀ, ਬਸਤੀ ਬਣਾ ਦਿਓ।
ਕੀ ਪਤਾ
ਕੀ ਪਤਾ ਉਸ ਨੂੰ ਹਵਾ ਸੀ, ਕੀ ਸਿਖਾ ਕੇ ਲੈ ਗਈ। ਦੂਰ ਤੱਕ ਪੱਤਝੜ ਦੇ ਪੱਤੇ, ਨੂੰ ਉਡਾ ਕੇ ਲੈ ਗਈ। ਉਹ ਕੁੜੀ ਖ਼ੌਰੇ ਉਨ੍ਹਾਂ ਦੇ, ਕੋਲ ਹੋ ਕੀ ਕਹਿ ਗਈ, ਜਾਗਦੇ ਛੱਡ ਸੁੱਤਆਂ ਨੂੰ, ਵੀ ਜਗਾ ਕੇ ਲੈ ਗਈ। ਇਸ ਅਨੋਖੀ ਸਭਿਅਤਾ ਨੂੰ, ਮਾਰ ਹੈ ਕੇਹੀ ਵਗੀ, ਵਿਹੜਿਆਂ 'ਚੋਂ ਰੌਣਕਾਂ ਸਭ, ਦੇ ਚੁਰਾ ਕੇ ਲੈ ਗਈ। ਰੁੱਖ ਵਿਚਾਰਾ ਝੜ ਗਏ ਪੱਤਿਆਂ, ਦਾ ਗ਼ਮ ਕਰਦਾ ਰਿਹਾ, ਸੋਚ ਉਸ ਦੀ ਕੀ ਪਤਾ, ਕਿੱਧਰ ਬੁਲਾ ਕੇ ਲੈ ਗਈ। ਰਾਹ ਹਨੇਰਾ ਸੀ ਬੜਾ ਇਹ, ਸੋਚ ਕੇ ਮਸਤਿਕ 'ਚ ਸੀ, ਸੂਝ ਦੇ ਅਣਗਿਣਤ ਉਹ, ਦੀਵੇ ਜਗਾ ਕੇ ਲੈ ਗਈ। ਮੈਂ ਕਿਵੇਂ ਨਾ ਮੰਨਦਾ, ਖੁਸ਼ਕਿਸਮਤੀ ਮੇਰੀ ਸੀ ਇਹ, ਉਹ ਅਸਾਨੂੰ ਘਰ ਅਸਾਡੇ, ਆਪ ਆ ਕੇ ਲੈ ਗਈ। ਮਨ ਅਜੇ ਮੰਨਦਾ ਨਹੀਂ ਸੀ, ਰੌਣਕਾਂ ਛੱਡ ਜਾਣ ਨੂੰ, ਕੀ ਪਤਾ ਉਹ ਕੀ ਵਿਖਾ ਕੇ, ਕਿੰਝ ਮਨਾ ਕੇ ਲੈ ਗਈ।
ਕਿੰਝ ਹਾਲ ਸੁਣਾਵਾਂ
ਕਿੰਝ ਹਾਲ ਸੁਣਾਵਾਂ ਮੈਂ ਦਿਲ ਦਾ, ਮੁਸ਼ਕਿਲ ਹੈ ਸੁਣਾਇਆ ਨਹੀਂ ਜਾਣਾਂ। ਤੂੰ ਹਾਲ ਮਿਰਾ ਸੁਣ ਰੋ ਪੈਣਾ, ਮੈਥੋਂ ਹੈ ਵਰਾਇਆ ਨਹੀਂ ਜਾਣਾਂ। ਜੋ ਪਾਕ ਮੁਹੱਬਤ ਅਪਣੀ ਦਾ, ਵੀ ਹੁੰਦਾ ਕਦੇ ਜ਼ਮਾਨਾ ਸੀ, ਤੈਥੋਂ ਵੀ ਭੁਲਾਇਆ ਨਹੀਂ ਜਾਣਾ, ਮੈਥੋਂ ਵੀ ਭੁਲਾਇਆ ਨਹੀਂ ਜਾਣਾਂ । ਇਕਰਾਰ ਦਾ ਕੀ ਹੈ ਕਰ ਲੈਨਾਂ, ਪਰ ਇਸ ਬੇ-ਗਾਨੇ ਮੌਸਮ ਵਿਚ ਤੈਥੋਂ ਵੀ ਨਿਭਾਇਆ ਨਹੀਂ ਜਾਣਾ, ਮੈਥੋਂ ਵੀ ਨਿਭਾਇਆ ਨਹੀਂ ਜਾਣਾਂ। ਇਹ ਇਸ਼ਕ ਦੇ ਮਸਲੇ ਡਾਢੇ ਨੇ, ਕੁੱਝ ਸਮਝ ਇਨ੍ਹਾਂ ਦੀ ਆਉਂਦੀ ਨਾ, ਕੋਈ ਅਜ ਤਕ ਸਮਝ ਨਹੀਂ ਸਕਿਆ, ਫਿਰ ਵੀ ਸਮਝਾਇਆ ਨਹੀਂ ਜਾਣਾਂ। ਹੋ ਸਕਦੈ ਕਿਤੇ ਅਚਾਨਕ ਹੀ, ਜੇ ਮਿਲ ਪਈਏ ਤਾਂ ਮਿਲ ਪਈਏ, ਪਰ ਨਿਸਚਿਤ ਸਮੇਂ ‘ਸਥਾਨਾਂ 'ਤੇ, ਹਰਗਿਜ਼ ਹੈ ਆਇਆ ਨਹੀਂ ਜਾਣਾਂ। ਨਾ ਮੌਸਮ ਨਾ ਹਾਲਾਤਾਂ ਨੂੰ, ਮਿਲ ਬਹਿਣਾ ਸਾਡਾ ਭਾਇਆ ਨਹੀਂ, ਖ਼ਬਰੇ ਕੀ ਹੋਣੀ ਦੀ ਮਰਜ਼ੀ, ਇਹ ਭੇਤ ਹੈ ਪਾਇਆ ਨਹੀਂ ਜਾਣਾਂ। ਜੇ ਦੂਰੀ ਹੈ ਤਾਂ ਬਿਹਤਰ ਹੈ, ਇਕ ਤੜਪ ਤਾਂ ਰਹੂ ਸਦੀਵੀ ਹੀ, ਮਿਲ ਵੀ ਜੇ ਪਏ ਅਚਾਨਕ ਤਾਂ, ਦੋਹਾਂ ਤੋਂ ਬੁਲਾਇਆ ਨਹੀਂ ਜਾਣਾਂ। ਮੈਂ ਤਾਂ ਹੁਣ ਅਪਣੇ ਸ਼ਬਦਾਂ ਨੂੰ, ਲੋਕਾਂ ਦੇ ਹਵਾਲੇ ਕਰ ਚੱਲਿਆ, ਲੋਕਾਂ ਦੀ ਖਾਤਰ ਲਿਖਿਆ ਸੀ, ਜੋਕਾਂ ਨੂੰ ਸੁਣਾਇਆ ਨਹੀਂ ਜਾਣਾਂ। ਜਿਸ ਰਾਹੋਂ ਮੈਂ ਲੰਘ ਚੱਲਿਆ ਹਾਂ, ਮੰਜ਼ਿਲ-ਦਰ-ਮੰਜ਼ਿਲ ਆਉਂਦੀ ਹੈ, ਇਸ ਰਾਹ ਮੈਂ ਫੇਰ ਨਹੀਂ ਆਉਣਾ, ਇਹ ਮੁੜ ਮੁੜ ਗਾਹਿਆ ਨਹੀਂ ਜਾਣਾਂ।
ਖ਼ਿਮਾਂ ਕਰਿਓ
ਕਿਸੇ ਖਾਤਰ ਮੈਂ ਜ਼ਿੰਦਗੀ ਆਪਣੀ ਨੂੰ ਰੋਲ ਜਾਵਾਂ ਤਾਂ ਖ਼ਿਮਾਂ ਕਰਿਓ। ਜਿਹਦੀ ਇਹ ਜ਼ਿੰਦਗੀ ਹੈ ਲੈ ਕੇ ਉਸ ਦੇ ਕੋਲ ਜਾਵਾਂ ਤਾਂ ਖ਼ਿਮਾਂ ਕਰਿਓ। ਪਤਾ ਵੀ ਹੈ ਕਿ ਲੋਕਾਂ ਨੂੰ ਨਹੀਂ ਸੱਚ ਸੁਣਨ ਦੀ ਆਦਤ, ਜੇ ਫਿਰ ਵੀ ਮੈਂ ਕਿਤੇ ਕੁਝ ਬੋਲ ਜਾਵਾਂ ਤਾਂ ਖ਼ਿਮਾਂ ਕਰਿਓ। ਜ਼ਮਾਨੇ ਭਰ ਦੇ ਗ਼ਮ ਮੇਰੇ ਤੇ ਏਸੇ ਹੀ ਬਹਾਨੇ ਜੇ, ਮੈਂ ਗ਼ਮ ਕੁੱਝ ਆਪਣੇ ਵੀ ਫੋਲ ਜਾਵਾਂ ਤਾਂ ਖ਼ਿਮਾਂ ਕਰਿਓ। ਬਿਨਾ ਵਲ ਪਾਉਣ ਦੇ ਅਜ ਕਲ ਕੋਈ ਸੁਣਦਾ ਨਹੀਂ ਯਾਰੋ, ਜੇ ਗੱਲ ਨੂੰ ਮੈਂ ਵੀ ਕਰ ਕੁਝ ਗੋਲ ਜਾਵਾਂ ਤਾਂ ਖ਼ਿਮਾਂ ਕਰਿਓ। ਬੜਾ ਲੱਗਦਾ ਹੈ ਜੋ ਭੋਲਾ ਲਬਾਦਾ ਪਾ ਸ਼ਰਾਫਤ ਦਾ, ਮੈਂ ਉਸ ਦੇ ਪੋਲ ਜੇਕਰ ਖੋਲ੍ਹ ਜਾਵਾਂ ਤਾਂ ਖ਼ਿਮਾਂ ਕਰਿਓ। ਤੁਹਾਡਾ ਹੈ ਤੁਹਾਨੂੰ ਹੀ ਸਮਰਪਿਤ ਹੈ ਲਹੂ ਮੇਰਾ, ਜੇ ਕਤਰਾ ਆਖਰੀ ਵੀ ਡੋਲ੍ਹ ਜਾਵਾਂ ਤਾਂ ਖ਼ਿਮਾਂ ਕਰਿਓ। ‘ਮਨੀ ਸਿੰਘ’ ਜਾਂ ਭਾਈ ‘ਤਾਰੂ’ ਜਿਹਾ ਕਿਰਦਾਰ ਹੈ ਕਿੱਥੇ, ਸਿਦਕ ਤੋਂ ਥਿੜਕ ਜਾਵਾਂ ਡੋਲ ਜਾਵਾਂ ਤਾਂ ਖ਼ਿਮਾਂ ਕਰਿਓ। ਨਫ਼ਾ ਹੈ ਮਾਣ ਹੈ ਸਤਿਕਾਰ ਹੈ ਘਟ ਤੋਲ ਕੇ ਮਿਲਦਾ, ਜੇ ਫਿਰ ਵੀ ਤੋਲ ਪੂਰਾ ਤੋਲ ਜਾਵਾਂ ਤਾਂ ਖ਼ਮਾਂ ਕਰਿਓ। ਬੜੀ ਔਖੀ ‘ਕੰਵਲ’ ਸੁਣਨੀ ਤੇ ਸਹਿਣੀ ਕੌਣ ਸੁਣਦਾ ਹੈ, ਜੇ ਫਿਰ ਵੀ ਕਰ ਕਿਤੇ ਪੜਚੋਲ ਜਾਵਾਂ ਤਾਂ ਖ਼ਿਮਾਂ ਕਰਿਓ।
ਇਹ ਖ਼ਤਾ
ਇਹ ਖ਼ਤਾ ਤੇਰੀ ਨਹੀਂ ਹੈ ਇਹ ਖ਼ਤਾ ਮੌਸਮ ਦੀ ਹੈ। ਜੋ ਮਿਲੀ ਮੈਨੂੰ ਸਜ਼ਾ ਹੈ ਇਹ ਸਜ਼ਾ ਮੌਸਮ ਦੀ ਹੈ। ਕੁਸਕਿਓ ਨਾ ਆਲ੍ਹਣੇ 'ਚੋਂ ਫੜਫੜਾਇਓ ਪੰਖ ਨਾ, ਏਸ ਰੁੱਖ ਦੇ ਪੰਛੀਆਂ ਨੂੰ ਬਦ-ਦੁਆ ਮੌਸਮ ਦੀ ਹੈ। ਚੁੱਪ ਰਹੋ ਤੇ ਜਗ ਰਹੇ ਦੀਵੇ ਬੁਝਾਓ ਆਸ ਦੇ, ਫੇਰ ਗਾਓ ਮੁਸਕਰਾਓ ਇਹ ਸਦਾ ਮੌਸਮ ਦੀ ਹੈ। ਅੱਕ ਨੂੰ ਤਾਂ ਅੰਬ ਲੱਗਣ ਅੰਬ ਨੂੰ ਅੱਕ-ਡੋਡੀਆਂ, ਸੋਚਦਾ ਹਾਂ ਕੀ ਅਨੋਖੀ ਇਹ ਸਦਾ ਮੌਸਮ ਦੀ ਹੈ। ਖੁਸ਼ਨਸੀਬੀ ਹੈ ਤਿਰੀ ਜੇ ਪਿਆਰ ਹੈ ਤੇਰਾ ਨਸੀਬ, ਇਹ ਰਜ਼ਾ ਤੇਰੀ ਨਹੀਂ ਹੈ ਇਹ ਰਜ਼ਾ ਮੌਸਮ ਦੀ ਹੈ। ‘ਕਾਰਬਨ ਪੇਪਰ’ ਨੂੰ ਕੋਰੀ ਕੰਧ ਤੇ ਚਿਪਕਾ ਕੇ ਉਹ, ਹੱਸ ਕੇ ਤਸਵੀਰ ਇਸ ਨੂੰ ਆਖਦਾ ਮੌਸਮ ਦੀ ਹੈ।
ਮੁਸ਼ਕਿਲ ਨਾਲ ਜਗਾਏ ਦੀਵੇ
ਮੁਸ਼ਕਿਲ ਨਾਲ ਜਗਾਏ ਜੋ, ਦੀਵੇ ਬਲਦੇ ਵੀ ਰੱਖਿਓ। ਬੀ ਹਰ ਥਾਂ ਚਾਨਣ ਦੇ ਬੋ, ਦੀਵੇ ਬਲਦੇ ਵੀ ਰੱਖਿਓ। ਝੱਖੜਾਂ ਤੂਫਾਨਾਂ ਵਿਚ ਵੀ, ਅਪਣਾ ਆਪ ਮਿਟਾ ਜਿਨ੍ਹਾਂ, ਕੀਤੀ ਚਾਰ-ਚੁਫੇਰੇ ਲੋਅ, ਦੀਵੇ ਬਲਦੇ ਵੀ ਰੱਖਿਓ। ਰਲ ਮਿਲ ਸਭ ਕੁੱਝ ਹੋ ਸਕਦੈ, ਏਸੇ ਵਿਚ ਕ੍ਰਿਸ਼ਮੇ ਨੇ, ਇਸ ਗੱਲ ਵਿਚ ਹੈ ਕੇਹਾ ਲਕੋ, ਦੀਵੇ ਬਲਦੇ ਵੀ ਰੱਖਿਓ। ਪਾਇਆ ਘੋਰ ਹਨੇਰ ਜਿਨ੍ਹਾਂ, ਦੁਸ਼ਮਣ ਜੋ ਹਰ ਜੁਗਨੂੰ ਦੇ, ਕਰ ਨਾ ਜਾਣ ਉਹ ਫੇਰ ਧ੍ਰੋਹ, ਦੀਵੇ ਬਲਦੇ ਵੀ ਰੱਖਿਓ। ਉਹ ਗੱਲ ਦਸਤਾਵੇਜ਼ ਕਹਾਉਂਦੀ, ਹਾਣੀ ਦੇ ਜੋ ਹੋ ਸਨਮੁਖ, ਜਾਂ ਹੋ ਸਕਦੀ ਕੋਲ ਖਲੋ, ਦੀਵੇ ਬਲਦੇ ਵੀ ਰੱਖਿਓ। ਤਨ ਦਾ ਥੋਰ੍ਹ, ਮਗਰ ਹੈ ਮਨ ਦਾ, ਮਖ਼ਮਲ ਵਰਗਾ ਯਾਰ ‘ਕੰਵਲ', ਚਾਹੋ ਤਾਂ ਪਹਿਚਾਣ ਲਿਓ, ਦੀਵੇ ਬਲਦੇ ਵੀ ਰੱਖਿਓ।
ਜੀਓ ਹੱਸਦਿਆਂ
ਜੀਓ ਹੱਸਦਿਆਂ ਮੁਸਕਾਂਦਿਆਂ, ਰੋਈ ਜਾਣ ਦਾ ਕੀ ਅਸੂਲ ਹੈ। ਜੀਓ ਹੱਸਦਿਆਂ ਤਾਂ ਗੁਲਾਬ ਹੈ, ਰਹੋ ਰੋਂਦਿਆਂ ਤਾਂ ਇਹ ਸੂਲ ਹੈ। ਇਹ ਤਾਂ ਜ਼ਿੰਦਗੀ ਤੇਰੇ ਵਾਸਤੇ, ਤੇਰੇ ਵਾਸਤੇ, ਤੇਰੇ ਵਾਸਤੇ, ਜੋ ਨਾ ਕੁਝ ਕਿਸੇ ਦਾ ਸੁਆਰਦੀ, ਉਹ ਤਾਂ ਜ਼ਿੰਦਗੀ ਹੀ ਫਜ਼ੂਲ ਹੈ। ਚਾਹੇ ਦਿਹ ਖੁਸ਼ੀ ਚਾਹੇ ਦਿਹ ਗ਼ਮੀ, ਤੇਰੀ ਮਿਹਰਬਾਨੀ ਹੈ ਕਰਮ ਹੈ, ਮੈਨੂੰ ਏਸ ਕਾਬਿਲ ਸਮਝਿਆ, ਤੇਰੀ ਹਰ ਅਦਾ ਹੀ ਕਬੂਲ ਹੈ। ਜੇ ਨਾ ਜਿਊਂਦਿਆਂ ਅਸੀਂ ਮਿਲ ਸਕੇ, ਮਿਲਣਾ ਹੈ ਫਿਰ ਹੋ ਖ਼ਾਕ ਕੀ, ਲੈ ਕੇ ਤਨ ਤੇ ਮਨ ਦਾ ਵਜੂਦ ਆ, ਮੌਸਮ ਇਹੋ ਮਾਕੂਲ ਹੈ। ਤੈਨੂੰ ਹੁਸਨ ਤੇ ਬੜਾ ਮਾਣ ਜੇ, ਸਾਨੂੰ ਇਸ ਤੋਂ ਵੱਧ ਕੇ ਹੈ ਇਸ਼ਕ 'ਤੇ, ਤੇਰਾ ਹੁਸਨ ਜ਼ਾਤ ਖ਼ੁਦਾ ਦੀ ਜੇ, ਸਾਡਾ ਇਸ਼ਕ ਵੀ ਤਾਂ ਰਸੂਲ ਹੈ। ਇਸ ਇਸ਼ਕ ਦੇ ਵਿਉਪਾਰ ਚੋਂ, ਕਿਸੇ ਖੱਟਣਾ ਕੀ ਕਮਾਵਣਾ, ਏਥੋਂ ਸੋਚ ਨਾ ਤੂੰ ਵਿਆਜ਼ ਦੀ, ਹੋਣਾ ਮੂਲ ਵੀ ਨਾ ਵਸੂਲ ਹੈ। ਇਹ ਤਾਂ 'ਕੁਰਖਸ਼ੇਤਰ' ਦੀ ਜ਼ਮੀਂ ਏਥੇ ਫਲਸਫਾ ਤੁਰੇ ਕਰਮ ਦਾ, ਹੁੰਦਾ ਪਾਸ ਕੋਈ ਫੇਲ੍ਹ ਵੀ ਇਹ ਤਾਂ ਜ਼ਿੰਦਗੀ ਦਾ ਸਕੂਲ ਹੈ।
ਪੱਤਝੜ ਵਿਚ ਵੀ
ਪੱਤਝੜ ਵਿਚ ਵੀ ਮਹਿਕ ਰਿਹਾ ਵੀਰਾਨਾ ਲੱਗਦਾ ਹੈ। ਜੀਣਾਂ ਵਾਂਗ ਫ਼ਕੀਰਾਂ ਵੀ ਸ਼ਾਹਾਨਾ ਲੱਗਦਾ ਹੈ। ਇਕ ਪਲ ਤਾਂ ਲੱਗਦਾ ਹੈ ਸਾਰਾ ਆਲਮ ਅਪਣਾ ਹੀ, ਦੂਜੇ ਪਲ ਘਰ ਅਪਣਾ ਵੀ ਬੇਗਾਨਾ ਲੱਗਦਾ ਹੈ। ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ, ਹਰ ਮੁਸ਼ਕਿਲ ਦਾ ਮੇਰੇ ਨਾਲ ਯਰਾਨਾ ਲੱਗਦਾ ਹੈ। ਸੱਚ ਨੂੰ ਸੱਚ ਹੀ ਕਹਿੰਦਾ ਹੈ ਇਹ ਝੂਠ ਨੂੰ ਕਹਿੰਦਾ ਝੂਠ, ਇਹ ਬੰਦਾ ਕੁਝ ਪਾਗਲ ਜਾਂ ਦੀਵਾਨਾ ਲੱਗਦਾ ਹੈ। ਮੇਰੀ ਹਰ ਗੱਲ ਸੁਣ ਲੋਕੀਂ ਹੈਰਾਨ ਜਿਹੇ ਹੁੰਦੇ, ਮੇਰੀ ਹਰ ਗੱਲ ਓਹਨਾਂ ਨੂੰ ਅਫ਼ਸਾਨਾ ਲੱਗਦਾ ਹੈ। ਮੈਅ-ਖਾਨੇ ਵਿਚ ਹਰ ਚਿਹਰੇ ਤੇ ਰੋਸ ਜਿਹਾ ਝਲਕੇ, ਉਹ ਊਣੇ ਜਾਂ ਫਿਰ ਊਣਾ ਪੈਮਾਨਾ ਲੱਗਦਾ ਹੈ। ਹਾਰ ਗਿਆ ਤਾਂ ਕੀ ਹੋਇਆ ਜਿੱਤ ਹਾਰ ਤਾਂ ਸੀ ਐਪਰ, ਹਾਰ ਕੇ ਵੀ ਅੰਦਾਜ਼ ਉਹਦਾ ਮਰਦਾਨਾ ਲੱਗਦਾ ਹੈ। ਦਿਲ ਦੀ ਦੌਲਤ ਕੋਲ ਹੈ ਮੇਰੇ ਐਪਰ ਹੁਸਨਾਂ ਦਾ, ਤੇਰੇ ਕੋਲ ਵੀ ਇਕ ਅਨਮੋਲ ਖ਼ਜ਼ਾਨਾ ਲੱਗਦਾ ਹੈ। ਝੂਠ ਕਹੋ ਤਾਂ ਮਾਣ ਮਿਲੇ ਸਨਮਾਨ ਦੇ ਪਾਤਰ ਹੋ, ਸੱਚ ਬੋਲੋ ਸੱਚ ਬੋਲਣ ਦਾ ਜ਼ੁਰਮਾਨਾ ਲੱਗਦਾ ਹੈ।
ਕੁੱਝ ਨਾ ਕੁੱਝ ਤਾਂ
ਕੁੱਝ ਨਾ ਕੁੱਝ ਤਾਂ ਕਰਨਾ ਪੈਣਾਂ ਤੈਨੂੰ ਵੀ ਤੇ ਮੈਨੂੰ ਵੀ। ਜੀਣਾ ਹੈ ਤਾਂ ਮਰਨਾ ਪੈਣਾਂ ਤੈਨੂੰ ਵੀ ਤੇ ਮੈਨੂੰ ਵੀ। ਅਪਣਾ ਦੁਖ ਤਾਂ ਜਰਨਾ ਹੀ ਹੈ ਪਰ ਹੋਰਾਂ ਦਾ ਵੀ ਹਰ ਗ਼ਮ, ਅਪਣਾ ਕਰਕੇ ਜਰਨਾ ਪੈਣਾਂ ਤੈਨੂੰ ਵੀ ਤੇ ਮੈਨੂੰ ਵੀ। ਰਾਹ ਦੇ ਵਿਚ ਖਲਾਰ ਕੇ ਕੰਡੇ ਰੋੜ ਵਿਛਾ ਕੇ ਖ਼ੁਸ਼ ਨਾ ਹੋ, ਏਸੇ ਰਾਹ ਗੁਜ਼ਰਨਾ ਪੈਣਾਂ ਤੈਨੂੰ ਵੀ ਤੇ ਮੈਨੂੰ ਵੀ। ਹੱਕ ਤੇ ਸੱਚ ਦਾ ਸਿਰਨਾਵਾਂ ਹਰ ਹਾਲਤ ਦੇ ਵਿਚ ਪੌਣਾਂ 'ਤੇ, ਏਕੇ ਨਾਲ ਉਕਰਨਾ ਪੈਣਾਂ ਤੈਨੂੰ ਵੀ ਤੇ ਮੈਨੂੰ ਵੀ। ਬਿਹਤਰ ਹੈ ਕਿ ਪਹਿਲਾਂ ਹੀ ਉਸ ਗੱਲ ਤੋਂ ਤੌਬਾ ਕਰ ਲਈਏ, ਜਿਸ ਤੋਂ ਫੇਰ ਮੁਕਰਨਾ ਪੈਣਾਂ ਤੈਨੂੰ ਵੀ ਤੇ ਮੈਨੂੰ ਵੀ। ਮੂੰਹ ਲੁਕਾ ਕੇ ਲੁਕ ਛਿਪ ਕੇ ਦਿਨ ਕੱਟਣੇ ਮਿਹਣਾ ਮਰਦਾਂ ਨੂੰ, ਵਿਚ ਮੈਦਾਨ ਨਿਤਰਨਾ ਪੈਣਾਂ ਤੈਨੂੰ ਵੀ ਤੇ ਮੈਨੂੰ ਵੀ। ਜੇ ਤੂੰ ਫੁੱਲਾਂ ਤੇ ਖ਼ੁਸ਼ਬੋਆਂ ਨਾਲ ਨਿਭਾਉਣੀ ਹੈ ਯਾਰੀ, ਤਿਤਲੀ ਵਾਂਗ ਵਿਚਰਨਾ ਪੈਣਾਂ ਤੈਨੂੰ ਵੀ ਤੇ ਮੈਨੂੰ ਵੀ। ਜੇ ਤੂੰ ਚਾਹੇਂ ਫੁੱਲਾਂ ਵਰਗੀ ਗੱਲ ਤੁਰੇ ਕੋਈ ਪੌਣਾਂ ਵਿਚ, ਖ਼ੁਸ਼ਬੂ ਵਾਂਗ ਖਿਲਰਨਾ ਪੈਣਾਂ ਤੈਨੂੰ ਵੀ ਤੇ ਮੈਨੂੰ ਵੀ।
ਬਸਤੀ ਬਸਤੀ
ਬਸਤੀ ਬਸਤੀ ਜੰਗਲ ਜੰਗਲ ਚੀਕ ਰਿਹਾ। ਨਾ ਏਧਰ ਨਾ ਓਧਰ ਮੌਸਮ ਠੀਕ ਰਿਹਾ। ਗ਼ੈਰਾਂ ਨੂੰ ਕੀ ਕਹਿੰਦਾ ਤੇ ਕੀ ਕਰਦਾ ਰੋਸ, ਮੇਰਾ ਹੀ ਹਮਸਾਇਆ ਮੇਰਾ ਸ਼ਰੀਕ ਰਿਹਾ। ਰਾਤੋ ਰਾਤ ਹੀ ਦੁਸ਼ਮਣ ਮੇਰਾ ਹੋਇਆ ਕਿਉਂ, ਮਿੱਤਰ ਮੇਰਾ ਸੀ ਜਿਹੜਾ ਕੱਲ੍ਹ ਤੀਕ ਰਿਹਾ। ਹੁਣ ਤਾਂ ਉਸ ਦੀ ਦੂਰੀ ਦਾ ਹੀ ਅੰਤ ਨਹੀਂ, ਜੋ ਸੀ ਰੂਹ ਦੇ ਧੁਰ ਅੰਦਰ ਨਜ਼ਦੀਕ ਰਿਹਾ। ਓਹਨਾਂ ਨੂੰ ਉਸ ਪਹਿਲੀ ਪੇਸ਼ੀ ਭੁਗਤਾਇਆ, ਸਾਨੂੰ ਅਕਸਰ ਦੇਂਦਾ ਰੋਜ਼ ਤਰੀਕ ਰਿਹਾ। ਉਸ ਦਾ ਖ਼ਤ ਹੈ ਆਇਆ ਜਦ ਵੀ ਮੇਰੇ ਨਾਂ, ਹੋਂਦ ਮੇਰੀ ਦੀ ਕਰ ਦੇਂਦਾ ਤਸਦੀਕ ਰਿਹਾ। ਦਿਲ ਵਿਚ ਅਕਸਰ ਕੁੱਝ ਕੁੱਝ ਹੁੰਦਾ ਹੈ ਯਾਰੋ, ਜੀਕਰ ਸਾਨੂੰ ਕਿਧਰੇ ਕੋਈ ਉਡੀਕ ਰਿਹਾ।
ਨਾ ਲੋਕ ਨਾ ਪ੍ਰਲੋਕ
ਨਾ ਲੋਕ ਦੇ ਤੇ ਨਾ ਅਸੀਂ ਪ੍ਰਲੋਕ ਦੇ ਰਹੇ। ਨਾ ਓਸ ਦੇ ਤੇ ਨਾ ਅਸੀਂ ਇਸ ਪੋਚ ਦੇ ਰਹੇ। ਸੂਲੀ ਤੇ ਚਾੜ੍ਹਨੈਂ ਕਿ ਕੱਟਣਾ ਹੈ ਬੰਦ ਬੰਦ, ਕਰ ਨਾ ਸਕੇ ਉਹ ਫੈਸਲਾ ਤੇ ਸੋਚਦੇ ਰਹੇ। ਦੇਂਦੇ ਰਹੇ ਉਹ ਦੁਸ਼ਮਣਾਂ ਨੂੰ ਹੌਸਲਾ ਤੇ ਮਾਣ, ਸਾਡੇ ਸਿਰੀਂ ਇਲਜ਼ਾਮ ਹੀ ਨੇ ਥੋਪਦੇ ਰਹੇ। ਝੱਖੜ ਰਹੇ ਜੇ ਝੁੱਲਦੇ ਓਹਨਾਂ ਦੇ ਕਹਿਰ ਦੇ, ਸਾਡੇ ਜਵਾਨ ਹੌਸਲੇ ਵੀ ਰੋਕਦੇ ਰਹੇ। ਉਸ ਜਿਸਮ ਦੇ ਹੀ ਹੱਡ ਹੁਣ ਹਥਿਆਰ ਬਣਨਗੇ, ਅਕਸਰ ਜਿਨ੍ਹਾਂ ਦਾ ਮਾਸ ਨੇ ਉਹ ਨੋਚਦੇ ਰਹੇ। ਕਿੰਨਾ ਹੈ ਯਾਰ ਦੇਖੋ ਇਹ ਸਿਲਸਿਲਾ ਅਜੀਬ, ਖ਼ੁਦ ਕਤਲ ਕਰਕੇ ਹੋਰਨਾਂ ਨੂੰ ਦੋਸ਼ ਦੇ ਰਹੇ। ਓਹਨਾਂ ਦੇ ਸਿਤਮ ਦੀ ਵੀ ਜੇ ਇੰਤਹਾ ਰਹੀ, ਸਾਡੇ ਸਿਰਾਂ ਦੇ ਸੌਦੇ ਵੀ ਥੋਕ ਦੇ ਰਹੇ।
ਉਹ ਸੀ ਮੇਰਾ ਮੱਕਾ
ਉਹ ਸੀ ਮੇਰਾਂ ‘ਮੱਕਾ’ ਮਿਹਰ ‘ਮਦੀਨਾ’। ਜਿੱਥੇ ਮੇਰੀ ਇਬਾਦਤ ਪਹੁੰਚ ਸਕੀ ਨਾ। ਕੰਢੇ ਸਾਂ ਮੈਂ ਬੇ-ਬੱਸ ਰਿਹਾ ਖਲੋਤਾ, ਡੁੱਬਿਆ ਮੇਰੇ ਸਾਂਹਵੇਂ ਮੇਰਾ ਸਫ਼ੀਨਾ। ਵਗਦੇ ਪਾਣੀ ਦੇ ਵਿਚ ਓਹਨਾਂ ਸੁੱਟਿਆ, ਇਸ਼ਕ ਮੇਰੇ ਦਾ ਇਕ ਅਨਮੋਲ ਨਗੀਨਾ। ਸੁੱਚੇ ਮੋਤੀਆਂ ਨਾਲੋਂ ਵੀ ਉਹ ਸੁੱਚਾ, ਵਗਦਾ ਹੈ ਜੋ ਮਿਹਨਤ ਨਾਲ ਪਸੀਨਾ। ਆਪ ਸਖੀ ਸਰਵਰ ਨੇ ਪਏ ਕਹਾਉਂਦੇ, ਪਰ ਦੂਜੇ ਨੂੰ ਕਹਿੰਦੇ ਫਿਰਨ ਕਮੀਨਾ। ਜਿਸ ਚਾਨਣ ਵਿਚ ਅੱਧੀ ਉਮਰ ਬਿਤਾਈ, ਓਸ ਸ਼ਮ੍ਹਾਂ ਦਾ ਪਿੰਡ ਸੀ ‘ਜੌਹਲ ਬਲੀਨਾ’। ਜੋ ਕੁਝ ਕੀਤਾ ਸੀ ਤਦਬੀਰ ਨੇ ਕੀਤਾ, ਐਪਰ ਕਰ ਤਕਦੀਰ ਸਕੀ ਕੁਝ ਵੀ ਨਾ।
ਮੋਹ ਤੇ ਲੋਅ
ਜ਼ਿੰਦਗੀ ਦੇ ਮੋਹ ਦੀਆਂ ਤੇ ਲੋਅ ਦੀਆਂ। ਬੈਠ ਕੇ ਬਾਤਾਂ ਕਰੋ ਖੁਸ਼ਬੋ ਦੀਆਂ। ਉਹ ਕਰੇ ਜਾਂ ਨਾ ਕਰੇ ਮਰਜ਼ੀ ਉਹਦੀ, ਮੈਂ ਤਾਂ ਗੱਲਾਂ ਕਰਨੀਆਂ ਨੇ ਓਹਦੀਆਂ। ਸ਼ਕਲ ਭੁੱਲੀ ਯਾਦ ਪਰ ਸੀਰਤ ਉਹਦੀ, ਆਉਣ ਗੱਲਾਂ ਯਾਦ ਉਸ ਨਿਰਮੋਹ ਦੀਆਂ। ਰੂਹ ਦੇ ਆਲੇ-ਦੁਆਲੇ ਘੁੰਮਦੀਆਂ, ਕੁਝ ਤਰੰਗਾਂ ਉਸ ਅਗੰਮੀ ਛੋਹ ਦੀਆਂ। ਰੁਕਣੀਆਂ ਨਾ ਨ੍ਹੇਰੀਆਂ ਜਦ ਉੱਠੀਆਂ, ਲੋਕਤਾ ਦੀ ਏਕਤਾ ਤੇ ਰੋਹ ਦੀਆਂ। ‘ਕੰਵਲ’ ਵਰਗੇ ਯਾਰ ਦੀ ਗੱਲ ਕੀ ਕਰਾਂ ? ਭਰ ਕੇ ਵਗਦੇ ਇਤਰ ਦੇ ਉਸ ਚੋਅ ਦੀਆਂ। ਗੱਲ ‘ਸਰਹੱਦੀ’ ਹੈ ਸਿਰ ਮੱਥੇ ਤੇਰੀ, ਜੇਠ ਵਿਚ ਕਰਦੈ ਤੂੰ ਗੱਲਾਂ ਪੋਹ ਦੀਆਂ।
ਦਿਲਾਂ ਦੇ ਨਾਲ ਰਿਸ਼ਤਾ
ਦਿਲਾਂ ਦੇ ਨਾਲ ਰਿਸ਼ਤਾ ਦੌਲਤਾਂ ਦਾ ਜੁੜ ਨਹੀਂ ਸਕਦਾ। ਕਿ ਲੋਹਾ ਤੁਰ ਨਹੀਂ ਸਕਦਾ ਤੇ ਪੱਥਰ ਉੜ ਨਹੀਂ ਸਕਦਾ। ਮਜ਼ਾ ਹੈ ਇਸ਼ਕ ਦਾ ਅਪਣਾ ਇਹਦੀ ਤੌਫੀਕ ਅਪਣੀ ਹੈ, ਮੁਕਾਬਲ ਏਸ ਦੇ ਹੋ ਸ਼ਹਿਦ ਸ਼ੱਕਰ ਗੁੜ ਨਹੀਂ ਸਕਦਾ। ਸਿਆਣਪ ਏਸ ਗੱਲ ਵਿਚ ਹੈ ਕਿ ਸੋਚੋ ਸੌ ਦਫ਼ਾ ਸੋਚੋ, ਜ਼ੁਬਾਨੋਂ ਨਿਕਲਿਆ ਹੋਇਆ ਸ਼ਬਦ ਹੈ ਮੁੜ ਨਹੀਂ ਸਕਦਾ। ਜਿਦ੍ਹੇ ਦਿਲ ਵਿਚ ਹੈ ਅਪਣਾ ਦਿਲ ਉਹ ਸਮਝੋ ਸ਼ਾਹ ਜ਼ਮਾਨੇ ਦਾ, ਉਹ ਭਰ ਭਰ ਦੌਲਤਾਂ ਵੰਡੇ ਕਦੇ ਵੀ ਥੁੜ ਨਹੀਂ ਸਕਦਾ। ਘਰੋਂ ਹੀ ਨਾ ਤੁਰੇ ਜਿਹੜਾ ਉਹਨੂੰ ਮੰਜ਼ਿਲ ਕਿਵੇਂ ਮਿਲ ਜੂ, ਕਿਵੇਂ ਮਾਣੇ ਗੁਲਾਬਾਂ ਨੂੰ ਜੋ ਕੰਡਾ ਪੁੜ ਨਹੀਂ ਸਕਦਾ। ਬਹਾਦਰ ਢੂੰਡਦਾ ਹੱਸ ਕੇ ਵਜ੍ਹਾ ਆਪਣੀ ਨਕਾਮੀ ਦੀ, ਉਹ ਬੁਜ਼ਦਿਲ ਵਾਂਗ ਬੂਹਾ ਢੋ ਇਕੱਲਾ ਕੁੜ੍ਹ ਨਹੀਂ ਸਕਦਾ। ਉਹਨੂੰ ਤੂਫਾਨ ਕੀ ਡੋਬਣਗੇ ਜਿਸਦੇ ਕੋਲ ਹੈ ਜੇਰਾ, ਨਹੀਂ ਤਾਰੂ ਤਾਂ ਕੀ ਹੋਇਆ ਕਦੇ ਉਹ ਰੁੜ੍ਹ ਨਹੀਂ ਸਕਦਾ।
ਦਿਲ ਦਰਵਾਜ਼ੇ
ਦਰ ਦਰਵਾਜ਼ੇ ਖੁੱਲ੍ਹੇ ਨੇ। ਮਹਿਕੀ ਪੌਣ ਦੇ ਬੁੱਲੇ ਨੇ। ਤੇਰੇ ਨਾਲ ਬਿਤਾਏ ਜੋ, ਓਹੀ ਦਿਨ ਵਡਮੁੱਲੇ ਨੇ। ਤਪੀਆਂ ਹੋਈਆਂ ਕੁੱਖਾਂ ਨੇ, ਬੁਝੇ ਹੋਏ ਪਰ ਚੁੱਲ੍ਹੇ ਨੇ। ਯਾਰੀ ਦੀ ਗੱਲ ਕਰਦੇ, ਪਰ, ਦੁਸ਼ਮਣੀਆਂ ਤੇ ਤੁੱਲੇ ਨੇ। ਹੰਝੂ ਯਾਰ ਬੜੇ ਸਾਂਭੇ, ਡੁੱਲ੍ਹਦੇ ਡੁੱਲ੍ਹਦੇ ਡੁੱਲ੍ਹੇ ਨੇ। ਹਾਰਾਂ ਉੱਤੇ ਸਿਮਟੇ ਉਹ, ਜਿੱਤਾਂ ਉੱਤੇ ਫੁੱਲੇ ਨੇ। ਓਸ ਭੁਲਾ ਦਿੱਤੈ ਬੇਸ਼ਕ, ਉਹ ਨਾ ਸਾਨੂੰ ਭੁੱਲੇ ਨੇ।
ਜਾਮ ਜਿਸ ਪੀਤਾ
ਜਾਮ ਜਿਸ ਪੀਤਾ ਸ਼ਹਾਦਤ ਜਾਂ ਹੋਇਆ ਘਾਇਲ ਨਹੀਂ। ਮਰਦ ਉਹ ਤਾਂ ਮਰਦ ਹੀ ਕਹਿਲਾਉਣ ਦੇ ਕਾਬਿਲ ਨਹੀਂ। ਵਾਕਫ਼ਾਂ ਦੀ ਭੀੜ ਵਿਚ ਵੱਖਰਾ ਖਲੋਤਾ ਦਿੱਸ ਰਿਹੈ, ਉਹ ਜੋ ਮੇਰੇ ਦੋਸਤਾਂ ਦੀ ਭੀੜ ਵਿਚ ਸ਼ਾਮਿਲ ਨਹੀਂ। ਜਾਗਦੀ ਹੈ ਜਾਗਦੀ ਰਹਿਣੀ ਸਦਾ ਮੇਰੀ ਜ਼ਮੀਰ, ਇਹ ਨਹੀਂ ਗਿਰਵੀ ਕਿਸੇ ਦੇ ਪੈਰ ਦੀ ਪਾਇਲ ਨਹੀਂ। ਜ਼ਿੰਦਗੀ ਦਾ ਹਰ ਲਫ਼ਜ਼ ਲਿਖਿਆ ਅਕੀਦਤ ਨਾਲ ਮੈਂ, ਇਹ ਕਿਸੇ ਨੇਤਾ ਦੀ ਹੈ ਤਕਰੀਰ ਜਾਂ ਫ਼ਾਇਲ ਨਹੀਂ। ਇਹ ਤਾਂ ਅਪਣੀ ਪਹੁੰਚ ਦੀ ਅਪਣੀ ਹੀ ਸੀਮਾ ਦੀ ਹੈ ਬਾਤ, ਬਸ਼ਰ ਜੇ ਚਾਹੇ ਤਾਂ ਕਰ ਸਕਦਾ ਹੈ ਕੀ ਹਾਸਿਲ ਨਹੀਂ। ਜੇ ਮੁਹੱਬਤ ਆ ਮਿਲੇ ਤਾਂ ਕਿਉਂ ਸਵਾਗਤ ਨਾ ਕਰਾਂ, ਮੈਂ ਘਰੋਂ ਸੂਰਜ ਨੂੰ ਮੋੜਾਂ ਮੈਂ ਕੋਈ ਪਾਗਿਲ ਨਹੀਂ। ਸੱਚ ਜੋ ਬੰਦ ਬੰਦ ਕਟਾ ਸਕਦਾ ਨਹੀਂ ਸੱਚ ਵਾਸਤੇ, ਮੈਂ ਅਜਿਹੇ ਸੱਚ ਦਾ ਹੁੰਦਾ ਕਦੇ ਕਾਇਲ ਨਹੀਂ। ਮਰ ਨਹੀਂ ਸਕਿਆ ਰਿਹਾ ਮੈਂ ਜੀਣ ਜੋਗਾ ਵੀ ਕਦੋਂ, ਇਸ ਤਰ੍ਹਾਂ ਤਾਂ ਕਤਲ ਹੈ ਕਰਦਾ ਕੋਈ ਕਾਤਿਲ ਨਹੀਂ। ਖੂਨ ਅਪਣੇ ਦਾ ਮੈਂ ਲਿਖਦਾਂ ਕਰਕੇ ਹਰ ਕਤਰਾ ਕਸ਼ੀਦ, ਸ਼ਿਅਰ ਵਿਚ ਮੁੜ੍ਹਕੇ ਦੀ ਖ਼ੁਸ਼ਬੋ ਅੰਬਰੋ ਨਾਜ਼ਿਲ ਨਹੀਂ।
ਖਤ ਮੈਂ ਤੈਨੂੰ
ਖ਼ਤ ਮੈਂ ਤੈਨੂੰ ਜਦ ਲਿਖਦਾਂ ਉਹ ਖ਼ਤ ਅਕਸਰ । ਘੁੰਮ ਫਿਰ ਕੇ ਫਿਰ ਆ ਜਾਂਦੇ ਮੇਰੇ ਹੀ ਘਰ। ਕੀਕਰ ਰੂਹ ਦਾ ਕੋਝ ਲੁਕਾਓਗੇ ਮਿੱਤਰੋ, ਤਨ ਤਾਂ ਕੱਜ ਲਓਗੇ ਪਾ ਉੱਜਲੇ ਵਸਤਰ। ਚੋਰਾਂ ਨੂੰ ਫੜ ਲੋਕ ਬੜੇ ਖ਼ੁਸ਼ ਹੋਏ ਸਨ, ਪਰ ਘਬਰਾਏ ਦੂਰੋਂ ਦੇਖ ਪੁਲਸ ਅਫ਼ਸਰ। ਚੋਰ ਤਾਂ ਅਸਲੀ ਸਨ ਪਰ ਨਿਕਲੇ ਨਕਲੀ ਸਾਧ, ਏਸ ਸਚਾਈ ਤੋਂ ਪਰ ਦੋਂਹਵੇਂ ਹੀ ਮੁਨਕਰ। ਮੰਦਰ, ਮਸਜਿਦ, ਗਿਰਜੇ ਬਹੁਤ ਲੜਾ ਚੁੱਕੇ, ਬੰਦ ਕਰੋ ਹੁਣ ਬੰਦ ਕਰੋ ਇਹ ਛੜਯੰਤਰ। ਇਕ ਨਾ ਇਕ ਦਿਨ ਜ਼ੁਲਮ ਹਨੇਰੀ ਠੱਲ੍ਹੇਗੀ, ਭਰ ਉਛਲਗੇ ਮਾਣ ਮੁਹੱਬਤਾਂ ਦੇ ਸਰਵਰ। ਹੱਕ, ਸੱਚ ਤੇ ਇਨਸਾਫ਼ ਕਦੇ ਵੀ ਦੱਬਦੇ ਨਹੀਂ, ਮਰ ਕੇ ਵੀ ਜਿਉਂਦੇ ਨੇ ‘ਊਧਮ ਸਿੰਘ’, ‘ਸਫਦਰ’।
ਅੱਖਾਂ ਤੇਰੀਆਂ
ਅੱਖਾਂ ਤੇਰੀਆਂ ਦੱਸ ਰਹੀਆਂ ਨੇ ਰਾਤੀਂ ਰੱਜ ਕੇ ਰੋਇਆ ਏਂ ਤੂੰ। ਰੋ ਰੋ ਕੇ ਖੁਦ ਅੱਥਰੂ ਹੋ ਕੇ ਅਪਣੀ ਅੱਖ 'ਚੋਂ ਚੋਇਆ ਏਂ ਤੂੰ। ਇਸ਼ਕ 'ਚ ਗਿਣਤੀ ਮਿਣਤੀ ਕਾਹਦੀ ਇਹ ਸੌਦਾ ਅਣ-ਤੁੱਲਿਆ ਹੁੰਦਾ, ਕਿਹੜੀ ਗੱਲ ਦੀ ਸੋਚ ਹੈ ਤੈਨੂੰ ਕਿੰਨ੍ਹੀਂ ਖਿਆਲੀ ਖੋਇਆ ਏਂ ਤੂੰ। ਜਿੰਦ ਮੇਰੀ ਦਾ ਹਿੱਸਾ ਹੋ ਜਾ ਤੇ ਅੱਖੀਆਂ ਦਾ ਚਾਨਣ ਹੋ ਜਾ, ਸਾਡੇ ਕੋਲੋਂ ਰੁੱਸ ਕੇ ਕਿੰਨਾ ਜਾ ਕੇ ਦੂਰ ਖਲੋਇਆ ਏਂ ਤੂੰ। ਲੱਸੀ ਤਾਂ ਕੀ ਹੁਣ ਤਾਂ ਪਾਣੀ ਨੂੰ ਵੀ ਫੂਕਾਂ ਮਾਰ ਰਿਹੈਂ ਤੂੰ, ਇਕ ਵਾਰੀ ਹੀ ਦੁੱਧ ਦਾ ਸੜਿਆ ਕਿੰਨਾ ਡਰਿਆ ਹੋਇਆ ਏਂ ਤੂੰ। ਜੇ ਦੋ ਨੈਣਾਂ ਦੇ ਸਾਗਰ ਵੀ ਤਰ ਕੇ ਦਸੇਂ ਤਾਂ ਜਾਣਾਂ, ਸਮਝਾਂਗਾ ਦੁਨੀਆਂ ਦੇ ਸਾਰੇ ਸਾਗਰ ਤਰਿਆ ਹੋਇਆ ਏਂ ਤੂੰ। ਲੋੜ ਭਲਾ ਕੀ ਦੱਸਣ ਦੀ ਹੈ ਨਹੀਂ ਅਹਿਸਾਸ ਤਾਂ ਹੋ ਜਾਏਗਾ, ਇਸ਼ਕ ਜਦੋਂ ਸਿਰ ਚੜ੍ਹ ਬੋਲੇਗਾ ਨਾ ਜਿਉਂਦਾ ਨਾ ਮੋਇਆ ਏਂ ਤੂੰ। ਅਪਣੀ ਹੱਸਤੀ ਨੂੰ ਵੀ ਸਮਝੀਂ ਸਮਝ ਝਰੋਖੇ ਬੈਠ ਕਦੇ, ਇਕ ਬਹੁ-ਮੁੱਲਾ ਹੀਰਾ ਜਿਹੜਾ ਲੀਰਾਂ ਵਿਚ ਲਕੋਇਆ ਏਂ ਤੂੰ।
ਯਾਰੋ ਦਿਲ ਮੇਰਾ ਕੀ ਕਰਦੈ
ਦੇਖੋ ਯਾਰੋ ਦਿਲ ਇਹ ਮੇਰਾ ਕੀ ਕਰਦੈ। ਹੁਣ ਹੱਸਿਆ ਹੁਣ ਫੁੱਟ ਫੁੱਟ ਰੋਣ ਨੂੰ ਵੀ ਕਰਦੈ। ਲੱਗਦੈ ਇਸ ਦਾ ਦਾਣਾ ਪਾਣੀ ਮੁੱਕ ਚੱਲਿਆ, ਝੁੱਗੀਆਂ ਵਿਚ ਵੀ ਮੌਜ ਮਹੱਲਾਂ ਦੀ ਕਰਦੈ। ਕੌਣ ਕਿਸੇ ਦੀ ਸੁਣਦਾ ਏਥੇ ਹਰ ਕੋਈ, ਸੌ ਵਲ ਪਾ ਕੇ ਗੱਲ ਹੈ ਅਪਣੀ ਹੀ ਕਰਦੈ। ਹੋਰ ਵੀ ਸਿਦਕ 'ਚ ਪੱਕੇ ਸੱਚੇ ਹੋਵਾਂਗੇ, ਜਿੰਨੀ ਵੀ ਉਹ ਸਾਡੇ ਤੇ ਸਖਤੀ ਕਰਦੈ। ਸਮਝ ਰਿਹਾ ਜੋ ਅਪਣੇ ਆਪ ਨੂੰ ਅਹਿਮ ਜਿਹਾ, ਕਰਦੈ ਜਦ ਵੀ ਬਾਤ ਬੜੀ ਸਸਤੀ ਕਰਦੈ। ਅਪਣੇ ਵਲ ਤੱਕਿਆਂ ਜੀ ਕਰਦੈ ਮਰ ਜਾਵਾਂ, ਤੇਰੇ ਵਲ ਤੱਕਿਆਂ ਪਰ ਜੀਣ ਨੂੰ ਜੀ ਕਰਦੈ। ਬੋਝੇ ਵਲ ਦੇਖਾਂ ਤਾਂ ਤੌਬਾ ਕਰ ਲੈਨਾਂ, ਬੋਤਲ ਵਲ ਦੇਖਾਂ ਤਾਂ ਪੀਣ ਨੂੰ ਜੀ ਕਰਦੈ।
ਅਸੀਂ ਕੰਡਿਆਂ 'ਚ ਖਿੜੇ
ਅਸੀਂ ਕੰਡਿਆਂ 'ਚ ਖਿੜੇ ਹਾਂ ਗੁਲਾਬ ਵਾਂਗਰਾਂ। ਅਸੀਂ ਨੀਂਦਾਂ ਵਿਚ ਘੁਲੇ ਹਾਂ ਖ਼ਵਾਬ ਵਾਂਗਰਾਂ। ਭਾਵੇਂ ਪੜ੍ਹੀ ਜਾਂ ਨਾ ਪੜ੍ਹੀ ਇਹ ਹੈ ਤੇਰੀ ਮਰਜ਼ੀ, ਤੇਰੇ ਸਾਂਹਵੇਂ ਅਸੀਂ ਖੁੱਲ੍ਹੇ ਹਾਂ ਕਿਤਾਬ ਵਾਂਗਰਾਂ। ਸਾਨੂੰ ਮਹਿਕ ਵਾਂਗ ਮਾਣ ਜਾਨ ਆਪਣੀ ਸਮਾਨ, ਅੰਗ ਅੰਗ 'ਚ ਉਤਾਰ ਲੈ ਸ਼ਰਾਬ ਵਾਂਗਰਾਂ। ਉਹ ਜੋ ਮਿਲਦੇ ਸੀ ਨਿਤ ਬਣ ਬਿਖੜਾ ਸਵਾਲ, ਹੁਣ ਮਿਲਦੇ ਉਹ ਪੇਸ਼ਗੀ ਜਵਾਬ ਵਾਂਗਰਾਂ। ਅਸੀਂ ਇਸ਼ਕਾਂ ਦੇ ਰਾਹੀਂ ਤੁਰ ਹੋਏ ਹਾਂ ਫਕੀਰ, ਤੁਰੇ ਹੁਸਨਾਂ ਦੀ ਰਾਹੇ ਉਹ ਨਵਾਬ ਵਾਂਗਰਾਂ। ਆਈਆਂ ਖੁਸ਼ੀਆਂ ਤਾ ਕੋਈ ਸੀ ਹਿਸਾਬ ਉਨ੍ਹਾਂ ਦਾ, ਆਏ ਗ਼ਮ ਨਾ ਸੀ ਕਿਸੇ ਵੀ ਹਿਸਾਬ ਵਾਂਗਰਾਂ। ਅਸੀਂ ਘੁੱਗੀਆਂ ਗੁਟਾਰਾਂ ਦੀ ਹਾਂ ਖ਼ੈਰ ਮੰਗਦੇ, ਕੋਈ ਉੱਤਰੇ ਨਾ ਅੰਬਰੋਂ ਉਕਾਬ ਵਾਂਗਰਾਂ। ਅਸਾਂ ਪੰਜਾਂ ਦਰਿਆਵਾਂ ਦੀ ਨਾ ਛੋਹੀ ਕਦੇ ਗੱਲ, ਅਸਾਂ ਸੋਚਿਆ ਨਾ ਕਦੇ ਵੀ ਪੰਜਾਬ ਵਾਂਗਰਾਂ।
ਕਰੋਗੇ ਯਾਦ ਕਰਕੇ ਕੀ
ਕਰੋਗੇ ਯਾਦ ਕਰਕੇ ਕੀ ਅਸਾਨੂੰ ਯਾਦ ਨਾ ਕਰਿਓ। ਸਮਾਂ ਮੁੜ ਕੇ ਨਹੀਂ ਆਉਂਦਾ ਸਮਾਂ ਬਰਬਾਦ ਨਾ ਕਰਿਓ। ਇਸ਼ਾਰੇ ਜਾਂ ਕਿਸੇ ਦੀ ਮੁਸਕਰਾਹਟ ਦੇ ਮਗਰ ਲੱਗ ਕੇ, ਲੁਟਾ ਕੇ ਚੈਨ ਦਿਲ ਦਾ ਜ਼ਿੰਦਗੀ ਨਾਸ਼ਾਦ ਨਾ ਕਰਿਓ। ਵਸਾ ਕੇ ਹੋਰਨਾਂ ਨੂੰ ਜੋ ਅਥਾਹ ਮਿਲਦੀ ਖੁਸ਼ੀ ਮਾਣੋ, ਤਬਾਹ ਕਰਕੇ ਕਿਸੇ ਨੂੰ ਜ਼ਿੰਦਗੀ ਆਬਾਦ ਨਾ ਕਰਿਓ। ਇਨ੍ਹਾਂ ਦੀ ਪੈੜ ਨੱਪਦੇ ਆਪ ਹੀ ਨਾ ਗੁੰਮ ਹੋ ਜਾਣਾ, ਦਿਲਾਂ ਦੇ ਜਜ਼ਬਿਆਂ ਨੂੰ ਇਸ ਤਰ੍ਹਾਂ ਆਜ਼ਾਦ ਨਾ ਕਰਿਓ। ਕ੍ਰਿਸ਼ਮੇ ਹਰ ਕਦਮ ਤੇ ਨੇ ਨਜ਼ਾਰੇ ਹਰ ਚੁਰਾਹੇ ਨੇ, ਘਰਾਂ ਵਿਚ ਮਾਰਿਓ ਝਾਤੀ ਨਜ਼ਰ ‘ਬਗਦਾਦ' ਨਾ ਕਰਿਓ।
ਹੁਣ ਜੋ ਭੁੱਖਣ ਭਾਣੇ
ਹੁਣ ਜੋ ਭੁੱਖਣ-ਭਾਣੇ ਮੰਦੀ ਹਾਲਤ ਬੈਠੇ ਨੇ। ਵੋਟਾਂ ਵੇਲੇ ਖਾ ਪੀ ਦਾਰੂ ਦਾਅਵਤ ਬੈਠੇ ਨੇ । ਤੇਰੀ ਨਾ ਇਹ ਮੇਰੀ ਸਭ ਦੀ ਏਹੋ ਹਾਲਤ ਹੈ, ਅੰਦਰੋਂ ਤਿੜਕੇ ਹੋਏ ਬਾਹਰੋਂ ਸਾਬਤ ਬੈਠੇ ਨੇ । ਹੱਥ ਬੰਨ੍ਹੀ ਸਰਕਾਰ ਖੜ੍ਹੀ ਪਰ ਕੁਝ ਸਰਮਾਏਦਾਰ, ਲੈ ਕੇ ਹੱਥ ਵਿਚ ਜਦ ਕਿ ਸਾਰੀ ਤਾਕਤ ਬੈਠੇ ਨੇ। ਕੌਣ ਹੈ ਕਿਸ ਨੂੰ ਮਾਰ ਗਿਆ ਇਹ ਸੋਚਣ ਦੀ ਨਾ ਵਿਹਲ, ਸੋਚਣ ਸਾਰੇ ਹਲਵੇ ਮੰਡੇ ਬਾਬਤ ਬੈਠੇ ਨੇ । ਇਲ੍ਹ ਦਾ ਨਾਮ ਨਾ ਕੋਕੋ ਜਾਨਣ, ਇੰਟਰਵਿਊ ਦੇ ਵਿਚ, ਪਰਖਣ ਦੇ ਲਈ ਓਹੀ ਮੇਰੀ ਲਿਆਕਤ ਬੈਠੇ ਨੇ । ਇਹਨਾਂ ਹੀ ਹਰ ਚੌਂਕ 'ਚ ਬੀਜੇ ਲੁੱਚਪੁਣੇ ਦੇ ਬੀਜ, ਚਿਹਰਿਆਂ ਤੇ ਜੋ ਨਕਲੀ ਓੜ੍ਹ ਸ਼ਰਾਫ਼ਤ ਬੈਠੇ ਨੇ। ਸਾਰੀ ਉਮਰ ਹੀ ਜਿੰਨ੍ਹਾਂ ਮੈਨੂੰ ਸੂਲੀ ਟੰਗ ਰੱਖਿਆ, ਵੇਖੋ ਓਹੀ ਮੇਰਾ ਕਰਨ ਸਵਾਗਤ ਬੈਠੇ ਨੇ ।
ਸੋ ਕੀਤਾ ਸੱਚੇ ਮਨ ਕੀਤਾ
ਸੋ ਕੀਤਾ ਸੱਚੇ ਮਨ ਕੀਤਾ ਕੀਤਾ ਮਰਜ਼ੀ ਨਾਲ। ਐਪਰ ਜੋ ਕੁਝ ਕੀਤਾ ਉਸ ਕੀਤਾ ਖ਼ੁਦ-ਗ਼ਰਜ਼ੀ ਨਾਲ। ਕਿਸ ਲਿਖਿਆ ਸੀ ਮੈਂ ਤਾਂ ਸ਼ਬਦਾਂ ਤੋਂ ਪਹਿਚਾਣ ਲਿਆ, ਭਾਵੇਂ ਉਸ ਨੇ ਲਿਖਿਆ ਹੈਸੀ ਖ਼ਤ ਨਾਂ ਫਰਜ਼ੀ ਨਾਲ। ਖ਼ੁਸ਼ੀਆਂ ਨੂੰ ਜੇ ਦਾਅਵਤ ਦਿੱਤੀ ਮੈਂ ਘਰ ਆਵਣ ਦੀ, ਪੀੜ ਪ੍ਰਾਹੁਣੀ ਨੂੰ ਵੀ ਹੱਸ ਕੇ ਰੋਟੀ ਵਰਜ਼ੀ ਨਾਲ । ਅੜਿਆ ਤਾਂ ਕਿੰਝ ਅੜਿਆ ਰਹਿੰਦਾ ਹੁੰਦਾ ਕੰਮ ਕਿਉਂ ਨਾ, ਇਕ ਦੋ ਰੱਖੇ ਨੋਟ ਹਰੇ ਸੀ ਜਦ ਮੈਂ ਅਰਜ਼ੀ ਨਾਲ। ਮੁੜ ਕੇ ਇਸ ਟਾਹਣੀ ਇਹ ਪੰਛੀ ਆਵੇ ਨਾ ਆਵੇ, ਮਾਰੀ ਓਸ ਉਡਾਰੀ ਟਾਹਣੀ ਡੋਲੀ ਲਰਜ਼ੀ ਨਾਲ।
ਕਿਸ ਨੂੰ ਦਰਦ ਸੁਣਾਵਾਂ
ਕਿਸ ਨੂੰ ਦਰਦ ਸੁਣਾਵਾਂ ਦਿਲ ਦਾ ਕਿਸ ਅੱਗੇ ਫ਼ਰਿਆਦ ਕਰਾਂ। ਕਿਸ ਦੀ ਯਾਦ ਭੁਲਾਵਾਂ ਦਿਲ 'ਚੋਂ ਕਿਸ ਕਿਸ ਨੂੰ ਮੈਂ ਯਾਦ ਕਰਾਂ। ਯਾਦਾਂ ਦੇ ਪੰਛੀ ਨੇ ਡੱਕੇ ਮੇਰੀ ਰੂਹ ਦੇ ਪਿੰਜ਼ਰੇ ਵਿਚ, ਡਕ ਕੇ ਵੀ ਨਾ ਰੱਖਣਾ ਚਾਹਵਾਂ ਪਰ ਕਿੱਦਾਂ ਆਜ਼ਾਦ ਕਰਾਂ। ਕੌਣ ਸੁਣੇਗਾ ਮੇਰੀਆਂ ਗੱਲਾਂ ਬਹੁਤ ਰੁਝੇਵੇਂ ਰੱਖਦੇ ਲੋਕ, ਮੈਂ ਤਾਂ ਅਪਣੇ ਨਾਲ ਹੀ ਯਾਰੋ ਦਿਨ ਰਾਤੀਂ ਸੰਵਾਦ ਕਰਾਂ। ਮੈਂ ਕੀ ਹੋਰਾਂ ਦੇ ਕੰਮ ਆਉਣਾ ਮੈਂ ਕੀ ਦਰਦ ਵੰਡਾਉਣੇ ਨੇ, ਅਪਣੇ ਹੀ ਗ਼ਮ ਗੋਤੇ ਖਾ ਖਾ ਜ਼ਿੰਦਗੀ ਨੂੰ ਬਰਬਾਦ ਕਰਾਂ ! ਗਿਲਿਆਂ ਤੇ ਫ਼ਰਿਆਦਾਂ ਦੀ ਪੰਡ ਬੰਨ੍ਹ ਕੇ ਵੀ ਕੀ ਜੀਣਾ ਹੈ, ਮੁੜ ਮੁੜ ਕਹਿੰਦਾ ਹੈ ਦਿਲ ਮੇਰਾ ਜਿਗਰੇ ਨੂੰ ਫ਼ੌਲਾਦ ਕਰਾਂ।
ਜਿਸ ਨੂੰ ਅਪਣਾ ਜਾਣ ਲਿਆ
ਜਿਸ ਨੂੰ ਅਪਣਾ ਬਿਲਕੁਲ ਅਪਣਾ ਜਾਣ ਲਿਆ ਹੁੰਦੈ। ਉਹ ਅਪਣਾ ਹੀ ਅਕਸਰ ਠੱਗੀ ਮਾਰ ਗਿਆ ਹੁੰਦੈ। ਕੁੱਝ ਅਪਣਾ ਹੁੰਦਾ ਹੈ ਤੇ ਕੁਝ ਦੋਸ਼-ਦ੍ਰਿਸ਼ਟੀ ਦਾ, ਨਜ਼ਰ ਨਹੀਂ ਆਉਂਦਾ ਪਰ ਹੀਰਾ ਕੋਲ ਪਿਆ ਹੁੰਦੈ। ਆਪੇ ਅਪਣੀ ਮਤ ਹੁੰਦੀ ਜਾਂ ਗੱਲ ਸਿਦਕਾਂ ਦੀ, ਇਕ ਮੰਜ਼ਿਲ ਪਾਉਂਦਾ ਇਕ ਰਾਹ ਵਿਚ ਰੋਣ ਡਿਹਾ ਹੁੰਦੈ ਙ ਵਕਤ ਵਕਤ ਦੀ ਗੱਲ ਹੁੰਦੀ ਹੈ ਵਕਤੋਂ ਖੁੰਝਿਆ ਪਰ, ਪਾਣੀ ਵਿਚ ਤਲਵਾਰਾਂ ਜਿਹੀਆਂ ਮਾਰ ਰਿਹਾ ਹੁੰਦੈ। ਮੈਂ ਤਾਂ ਸੀ ਸੌ ਵਾਰ ਕਿਹਾ ਇਕ ਵਾਰ ਨਾ ਆਏ ਉਹ, ਮੈਂ ਆਉਂਦਾ ਸੌ ਵਾਰ ਜੇ ਉਸ ਇਕ ਵਾਰ ਕਿਹਾ ਹੁੰਦੈ। ਮੈਂ ਹਾਂ ਤੇ ਬਸ ਮੇਰੇ ਵਰਗਾ ਹੋਰ ਨਹੀਂ ਕੋਈ, ਹੁੰਦਾ ਵੀ ਤਾਂ ਵਾਂਗ ਮਿਰੇ ਬੇ-ਜ਼ਾਰ ਜਿਹਾ ਹੁੰਦੈ।
ਵਾਹ ਹੈ ਮੇਰਾ
ਕੀ ਦੱਸਾਂ ਕੀ ਵਾਹ ਹੈ ਮੇਰਾ ਤੇਰੇ ਨਾਲ। ਸੱਜਣਾ ਹਰ ਇਕ ਸਾਹ ਹੈ ਮੇਰਾ ਤੇਰੇ ਨਾਲ। ਵਿੰਗਾ ਟੇਢਾ ਸਿੱਧਾ ਘੁੰਮ ਘੁਮਾ ਕੇ ਵੀ, ਮਿਲ ਜਾਂਦਾ ਹਰ ਰਾਹ ਹੈ ਮੇਰਾ ਤੇਰੇ ਨਾਲ। ਮੈਨੂੰ ਨਹੀਂ ਤਾਂ ਦਿਲ ਅਪਣੇ ਤੋਂ ਪੁੱਛ ਲਈਂ, ਇਕੋ ਇਕ ਗਵਾਹ ਹੈ ਮੇਰਾ ਤੇਰੇ ਨਾਲ। ਤੇਰੇ ਦਿਲ ਵਿਚ ਧੜਕ ਰਿਹਾ ਹੈ ਮੇਰਾ ਦਿਲ, ਰਹਿੰਦਾ ਖ਼ੈਰ-ਖਵਾਹ ਹੈ ਮੇਰਾ ਤੇਰੇ ਨਾਲ। ਤੇਰੇ ਬਿਨ ਹੈ ਨਿਰੀ ਜ਼ਹਾਲਤ ਗੁਰਬਤ ਹੈ, ਤੂੰ ਏਂ ਤਾਂ ਦਿਲ ਸ਼ਾਹ ਹੈ ਮੇਰਾ ਤੇਰੇ ਨਾਲ। ਤੇਰੇ ਬਿਨ ਦਸ ਬਿੰਦੂ ਕੀ ਬਿੰਦੂ ਦੀ ਹੋਂਦ, ਇਕ ਅੰਬਰ ਅਸਗਾਹ ਹੈ ਮੇਰਾ ਤੇਰੇ ਨਾਲ। ਮੇਰੇ ਨਾਲ ਕਦੇ ਨਾ ਕਰਦਾ ਐਪਰ ਦਿਲ, ਕਰਦਾ ਰੋਜ਼ ਸਲਾਹ ਹੈ ਮੇਰਾ ਤੇਰੇ ਨਾਲ।
ਕਾਫ਼ਲੇ ਤਾਂ ਤੁਰੇ ਨੇ
ਕਾਫ਼ਲੇ ਤਾਂ ਤੁਰੇ ਨੇ ਬੜੀ ਦੇਰ ਦੇ, ਪਹੁੰਚੇ ਕਿੱਥੇ ਕੁ ਨੇ ਇਹ ਖ਼ਬਰ ਹੀ ਨਹੀਂ। ਜਾਂ ਤਾਂ ਰਾਹਾਂ 'ਚ ਕਿਧਰੇ ਰੁਕੇ ਰਹਿ ਗਏ, ਸਮਝਿਆ ਹੈ ਸਫ਼ਰ ਨੂੰ ਸਫ਼ਰ ਹੀ ਨਹੀਂ। ਰਾਤ ਦਿਨ ਦੁੱਖ ਤੇ ਸੁੱਖ ਛਾਂਵਾਂ ਧੁੱਪਾਂ ਵੀ ਨੇ, ਲੱਖ ਪੌਣਾਂ ਤੇ ਝੱਖੜ ਹਨੇਰੀ ਵੀ ਹੈ, ਤੁਰਨ ਦਾ ਕੀ ਮਜ਼ਾ ਹੈ ਮਿਰੇ ਦੋਸਤੋ, ਰਾਹ ਜੇ ਬਿਖੜੇ ਬੜੇ ਪੁਰ-ਖ਼ਤਰ ਹੀ ਨਹੀਂ। ਰਹਿਣ ਪਰਬਤ ਟਿਕੇ ਟਿਕਣ ਸਾਗਰ ਕਿਵੇਂ ਰਹਿਣਾ ਸਰਗਰਮ ਹੀ ਜਿੰਦਗੀ ਦੋਸਤ, ਉਹ ਸਮੁੰਦਰ ਨਹੀਂ ਮਾਰੂਥਲ ਸਮਝਿਓ, ਜਿਸ ਸਮੁੰਦਰ 'ਚ ਕੋਈ ਲਹਿਰ ਹੀ ਨਹੀਂ। ਜਿਉਣ ਦੀ ਵੀ ਅਦਾ ਹੈ ਸਲੀਕਾ ਹੈ ਯਾਰ, ਤਾਣ ਕੇ ਹਿੱਕ ਖਲੋਣਾ ਸਦਾ ਚਾਹੀਦੈ, ਓਸ ਮਹਿਫਿਲ 'ਚ ਜਾਣਾ ਨਹੀਂ ਸ਼ੋਭਦਾ, ਜਿਹੜੀ ਮਹਿਫਿਲ 'ਚ ਕੋਈ ਕਦਰ ਹੀ ਨਹੀਂ। ਜ਼ਿੰਦਗੀ 'ਤੇ ਕਮਾਇਆ ਕਰਮ ਓਸ ਨੇ, ਦੇ ਸ਼ਹਾਦਤ ਭਰੇ ਰੰਗ ਜੀਵਨ 'ਚ ਉਸ, ਉਹ ਤਾਂ ਵੱਸਦਾ ਹੈ ਸਾਡੇ ਦਿਲਾਂ ਵਿਚ ਉਹਦੀ ਕੀ ਹੋਇਆ ਜੇ ਨਿਸ਼ਾਨੀ ਕਬਰ ਹੀ ਨਹੀਂ। ਉਹ ਤਾਂ ਲੋਕਾਂ ਲਈ ਲੋਕ ਨੇ ਓਸ ਦੇ, ਉਹ ਤਾਂ ਜਿਉਂਦਾ ਹੈ ਲੋਕਾਂ ਲਈ ਦਮ-ਬ-ਦਮ, ਲੋਚ ਉਸਦੀ ਕਿ ਲਿਖਣਾ ਹੈ ਲੋਕਾਂ ਲਈ, ਮਾਣ ਸਨਮਾਨ ਦੀ ਹੈ ਫਿਕਰ ਹੀ ਨਹੀਂ। ਬੋਲ ਉਸ ਦੇ ਨੇ ਮਾਹੌਲ ਦੀ ਤਾਜ਼ਗੀ, ਪੌਣ ਪੱਤਿਆਂ 'ਚ ਚਰਚਾ ਉਹਦੇ ਨਾਮ ਦੀ, ਨਕਸ਼ ਪੌਣਾਂ ਸੰਭਾਲੇ ਉਹਦੇ ਕੀ ਹੋਇਆ, ਜੇ ਕਿਤਾਬਾਂ 'ਚ ਉਸ ਦਾ ਜ਼ਿਕਰ ਹੀ ਨਹੀਂ।
ਦਿਲ ਦੀ ਕੀ ਹਾਲਤ ਹੈ
ਦਿਲ ਅਪਣੇ ਦੀ ਕੀ ਹਾਲਤ ਹੈ ਇਹ ਦਿਲ ਜਾਣੇ ਜਾਂ ਮੈਂ ਜਾਣਾਂ। ਦਿਲ ਟੁੱਟਿਆ ਹੈ ਕਿ ਸਾਬਤ ਹੈ ਇਹ ਦਿਲ ਜਾਣੇ ਜਾਂ ਮੈਂ ਜਾਣਾਂ। ਗ਼ਮ ਵੀ ਤਾਂ ਕਦੋਂ ਪਰਾਏ ਨੇ ਤੇ ਖ਼ੁਸ਼ੀਆਂ ਵੀ ਕਦ ਆਪਣੀਆਂ, ਕਿਉਂ ਕਰਾਂ ਸਵਾਗਤ ਦੋਹਾਂ ਦਾ ਇਹ ਦਿਲ ਜਾਣੇ ਜਾਂ ਮੈਂ ਜਾਣਾਂ। ਜਦ ਦਿਲ ਹਾਰੇ ਤਾਂ ਮੈਂ ਜਿੱਤਾਂ ਜਦ ਮੈਂ ਹਾਰਾਂ ਤਾਂ ਦਿਲ ਜਿੱਤੇ, ਕਿਸ ਦੀ ਕਿਸ ਨਾਲ ਅਦਾਵਤ ਹੈ ਇਹ ਦਿਲ ਜਾਣੇ ਜਾਂ ਮੈਂ ਜਾਣਾਂ। ਤਕਦੀਰ ਕਦੇ ਤਦਬੀਰ ਕਦੇ ਆ ਆ ਕੇ ਬਾਤਾਂ ਛੇੜਦੀਆਂ, ਪਰ ਕਿਸ ਦੀ ਕਿੰਨੀ ਤਾਕਤ ਹੈ ਇਹ ਦਿਲ ਜਾਣੇ ਜਾਂ ਮੈਂ ਜਾਣਾਂ। ਚਰਚਾ ਹੈ ਇਸ਼ਕ ਦਾ ਇਸ ਥਾਂ ਤੇ ਉਸ ਥਾਂ ਤੇ ਹੁਸਨ ਦਾ ਚਰਚਾ ਹੈ, ਜੋ ਚਰਚਾ ਤੇਰੀ ਬਾਬਤ ਹੈ ਇਹ ਦਿਲ ਜਾਣੇ ਜਾਂ ਮੈਂ ਜਾਣਾਂ। ਕੀ ਹੁਸਨ ਦੀ ਮਰਜ਼ੀ ਉਹ ਜਾਣੇ ਜੋ ਕਰਨਾ ਕਰ ਕੇ ਦੇਖ ਲਏ, ਕੀ ਲਿਖਣੀ ਇਸ਼ਕ਼ ਇਬਾਰਤ ਹੈ ਇਹ ਦਿਲ ਜਾਣੇ ਜਾਂ ਮੈਂ ਜਾਣਾਂ। ਤੂੰ ਦੇਖ ਨਾ ਬਾਹਰੋਂ ਬਾਹਰੋਂ ਹੀ ਇਸ ਦਿਲ ਵਿਚ ਵਸ ਕੇ ਦੇਖ ਜ਼ਰਾ, ਕਿੰਨੀ ਮਜ਼ਬੂਤ ਇਮਾਰਤ ਹੈ ਇਹ ਦਿਲ ਜਾਣੇ ਜਾਂ ਮੈਂ ਜਾਣਾ। ਤੁਲ ਸਕਦੀ ਹੈ ਤਾਂ ਤੋਲ ਹੀ ਲੈ ਮਿਣ ਸਕਦੀ ਹੈ ਤਾਂ ਮਿਣ ਵੀ ਲੈ, ਕਿੰਨੀ ਇਸ ਦਿਲ ਵਿਚ ਚਾਹਤ ਹੈ ਇਹ ਦਿਲ ਜਾਣੇ ਜਾਂ ਮੈਂ ਜਾਣਾਂ ਉਹ ਸਾਥੋਂ ਰਹਿੰਦੇ ਪਰੇ ਪਰੇ ਗ਼ੈਰਾਂ ਦੇ ਰਹਿੰਦੇ ਨਾਲ ਖੜੇ, ਕੀ ਇਸ ਦੇ ਵਿਚ ਸਿਆਸਤ ਹੈ ਇਹ ਦਿਲ ਜਾਣੇ ਜਾਂ ਮੈਂ ਜਾਣਾਂ।
ਹਵਾ ਵਿਚ ਲਹਿਰੀਆਂ ਗੱਲਾਂ
ਹਵਾ ਵਿਚ ਲਹਿਰੀਆਂ ਗੱਲਾਂ ਲਹਿਰ ਬਣ ਤੇਰੀਆਂ ਗੱਲਾਂ। ਸ਼ਹਾਦਤ ਦੇ ਲਹੂ ਰੰਗੀਆਂ ਕਦੇ ਨਾ ਠਹਿਰੀਆਂ ਗੱਲਾਂ। ਉਨ੍ਹਾਂ ਤਾਂ ਕੀਤੀਆਂ ਨੇ ਬਹੁਤ ਹੀ ਬੇ-ਬਹਿਰੀਆਂ ਗੱਲਾਂ, ਉਨ੍ਹਾਂ ਤਾਂ ਕਰਨੀਆਂ ਸੀ ਕੀਤੀਆਂ ਨੇ ਵੈਰੀਆਂ ਗੱਲਾਂ। ਉਨ੍ਹਾਂ ਗੱਲਾਂ ਦਾ ਕੀ ਹੋਇਆ ਤੂੰ ਪਾ ਜੋ ਗਲ ਮੇਰੇ ਬਾਂਹਾਂ, ਕਦੇ ਸੀ ਕੀਤੀਆਂ ਬਹਿ ਗੂੜ੍ਹੀਆਂ ਤੇ ਗਹਿਰੀਆਂ ਗੱਲਾਂ। ਬੜਾ ਹੈਰਾਨ ਹਾਂ ਕਿ ਹੋ ਗਿਆ ਹੈ ਕੀ ਜ਼ਮਾਨੇ ਨੂੰ, ਜਿਹਨੇ ਵੀ ਕੀਤੀਆਂ ਨੇ ਕੀਤੀਆਂ ਨੇ ਜ਼ਹਿਰੀਆਂ ਗੱਲਾਂ। ਤੇਰੇ ਤੁਰ ਜਾਣ ਦੇ ਪਿੱਛੋਂ ਉਨ੍ਹਾਂ ਨੂੰ ਕਿਸ ਤਰ੍ਹਾਂ ਰੋਕਾਂ, ਜੋ ਹੋ ਕੇ ਰੂਹ ਦੀਆਂ ਮਹਿਮਾਨ ਦਿਲ ਵਿਚ ਠਹਿਰੀਆਂ ਗੱਲਾਂ। ਜਿਨ੍ਹਾਂ ਵੀ ਕੀਤੀਆਂ ਗੱਲਾਂ ਬਣਾ ਕੇ ਕੀਤੀਆਂ ਪੱਥਰ, ਕਿਸੇ ਵੀ ਕੀਤੀਆਂ ਨਾ ਕੂਲੀਆਂ ਤੇ ਲੈਰੀਆਂ ਗੱਲਾਂ। ਕੁਫ਼ਰ ਨੇ ਗਰਕ ਹੋਣਾ ਹੈ ਤੇ ਡੁੱਬਣਗੇ ਭਰੇ ਬੇੜੇ, ਹਕੀਕਤ ਦਾ ਨਕਸ਼ ਹੋ ਕੇ ਸਦਾ ਨੇ ਤੈਰੀਆਂ ਗੱਲਾਂ। ਸੁਬ੍ਹਾ ਦੀ ਪੌਣ ਜਿਹੀਆਂ ਦਿਲ 'ਚ ਗੱਲਾਂ ਧਾਰ ਕੇ ਰੱਖੋ, ਦਿਲਾਂ 'ਚੋਂ ਕਰ ਦਿਓ ਮਨਫੀ ਸਿਖਰ ਦੋ-ਪਹਿਰੀਆਂ ਗੱਲਾਂ।
ਰਹਿਣ ਦੇ ਇਹ
ਰਹਿਣ ਦਿਹ ਇਹ ਗਜ਼ਲ ਇੱਥੋਂ ਤੀਕ ਹੀ। ਰਹਿ ਗਈ ਹੈ ਜੋ ਨਿਰਾ ਪ੍ਰਤੀਕ ਹੀ। ਗੱਲ ਮੇਰੀ ਸੁਣ ਜ਼ਰਾ ਕੁ ਗੌਰ ਨਾਲ, ਮੈਂ ਕਦੋਂ ਕਹਿੰਨਾਂ ਕਿ ਹੈ ਇਹ ਠੀਕ ਹੀ! ਏਸ ਨਗਰੀ ਰੌਣਕਾਂ ਕਿੰਝ ਆਉਂਦੀਆਂ, ਛੱਡ ਤੁਰੇ ਜਿਸ ਨੂੰ ਉਹਦੇ ਵਸਨੀਕ ਹੀ। ਜੋੜ ਜਾਂ ਜ਼ਰਬਾਂ ਅਸਾਂ ਕੀ ਕਰਨੀਆਂ, ਰਾਸ ਜਦ ਕਿ ਆ ਗਈ ਤਫ਼ਰੀਕ ਹੀ। ਸੱਚ ਦੀ ਹੋ ਗੱਲ ਕੇਹੀ ਪੁੱਛਦੇ, ਭਾਲਦੈ ਜੋ ਆਪਣੀ ਤਸਦੀਕ ਹੀ। ਹੈ ਬੜਾ ਨਾਜ਼ੁਕ ਇਹ ਰਿਸ਼ਤਾ ਸੋਚ ਲੈ, ਲਾ ਨਾ ਬੈਠੀ ਦੋਸਤੀ ਨੂੰ ਲੀਕ ਹੀ।
ਰਾਤ ਸੁੱਤੀ
ਰਾਤ ਸੁੱਤੀ, ਜਾਗਦੇ ਪਰ, ਮੈਂ ਤੇ ਮੇਰੇ ਹਾਦਸੇ । ਕਿਸ ਤਰ੍ਹਾਂ ਸੌਂਦੇ ਅਸੀਂ ਸੌਂਦੇ ਵੀ ਕਾਹਦੇ ਵਾਸਤੇ। ਆਉਣਗੇ ਇਕ ਦਿਨ ਕਦੇ ਤਾਂ ਚਾਨਣਾਂ ਦੇ ਪੂਰ ਵੀ, ਮੈਂ ਹਨੇਰੇ ਹੀ ਰਿਹਾ ਹਾਂ ਚੀਰਦਾ ਇਸ ਆਸ ਤੇ। ਹੈ ਅਚੰਭਾ ਮੈਂ ਜਿੰਨ੍ਹਾਂ ਦੇ ਵਾਸਤੇ ਲਾਏ ਸੀ ਫੁੱਲ, ਕਿਉਂ ਉਨ੍ਹਾਂ ਕੰਡੇ ਖਲਾਰੇ ਰਾਹ 'ਚ ਮੇਰੇ ਵਾਸਤੇ। ਓਧਰੋਂ ਉਹ ਸਨ ਤੁਰੇ ਤੇ ਏਧਰੋਂ ਆਪਾਂ ਤੁਰੇ, ਫੇਰ ਵੀ ਓਨੇ ਦੇ ਓਨੇ ਹੀ ਰਹੇ ਨੇ ਫ਼ਾਸਲੇ। ਆਦਮੀ ਦੀ ਜ਼ਿੰਦਗੀ ਹੈ ਆਦਮੀ ਦੇ ਨਾਲ ਹੀ, ਆਦਮੀ ਦਾ ਕੀ ਜਿਊਣਾ ਆਦਮੀ ਨੂੰ ਮਾਰ ਕੇ। ਵਕਤ ਹਾਲੇ ਵੀ ਖੜਾ ਹੈਰਾਨ ਹੋਇਆ ਸੋਚਦਾ, ਹੱਸਿਆ ਕੀਕਰ ਸੀ ਕੋਈ ਚਾਰ ਪੁੱਤਰ ਵਾਰ ਕੇ।
ਭੁੱਲ ਜਾ ਗੱਲ ਪੁਰਾਣੀ ਹੁਣ
ਭੁੱਲ ਜਾ ਗੱਲ ਪੁਰਾਣੀ ਹੁਣ, ਖੁਸ਼ਵੰਤ ਕੰਵਲ ! ਐਵੇਂ ਰਿੜਕ ਨਾ ਪਾਣੀ ਹੁਣ, ਖੁਸ਼ਵੰਤ ਕੰਵਲ ! ਗ਼ੁਮਨਾਮੀ ਦਾ ਗੀਤ ਵੀ, ਸੁਣ ਕੇ ਵੇਖ ਜ਼ਰਾ, ਸ਼ੋਹਰਤ ਛੱਡ ਕਮਾਣੀ ਹੁਣ, ਖੁਸ਼ਵੰਤ ਕੰਵਲ ! ਅੱਗੇ ਤਾਂ ਗੱਲ ਗੱਲ ਤੇ ਗੱਲ ਵਧਾਉਂਦਾ ਸੈਂ, ਚਾਹੇ ਗੱਲ ਮੁਕਾਣੀ ਹੁਣ, ਖੁਸ਼ਵੰਤ ਕੰਵਲ ! ਹੁਣ ਨਾ ਚੋਪੜੀਆਂ ਵੱਲ ਬਹੁਤ ਤੱਕਿਆ ਕਰ, ਸਿੱਖ ਲੈ ਸਾਦੀ ਖਾਣੀ ਹੁਣ, ਖੁਸ਼ਵੰਤ ਕੰਵਲ ! ਸਾਰੀ ਉਮਰੇ ਝੱਲ-ਵਲੱਲੀਆਂ ਮਾਰ ਗਿਓਂ, ਕੀਤੀ ਗੱਲ ਸਿਆਣੀ ਹੁਣ, ਖੁਸ਼ਵੰਤ ਕੰਵਲ! ਛੱਡ ਕਵਿਤਾਵਾਂ ਗ਼ਜ਼ਲਾਂ, ਲਿਖਣੇ ਲੰਬੇ ਖ਼ਤ, ਉੱਠ ਪੜ੍ਹਿਆ ਕਰ ਬਾਣੀ ਹੁਣ, ਖੁਸ਼ਵੰਤ ਕੰਵਲ!
ਜੁਗਨੂੰਆਂ ਸੰਗ
ਇਸ਼ਾਰੇ ਜੁਗਨੂੰਆਂ ਸੰਗ ਵੀ ਹਨੇਰੇ ਨਾਲ ਵੀ ਗੱਲਾਂ। ਉਹ ਨੀਹਾਂ ਨਾਲ ਵੀ ਕਰਦੇ ਬਨੇਰੇ ਨਾਲ ਵੀ ਗੱਲਾਂ। ਜਦੋਂ ਵੀ ਦੇਖਿਆ ਉਹ ਹੱਸ ਹੱਸ ਕੇ ਹੀ ਰਹੇ ਕਰਦੇ, ਉਨ੍ਹਾਂ ਦੇ ਨਾਲ ਵੀ ਗੱਲਾਂ ਤੇ ਮੇਰੇ ਨਾਲ ਵੀ ਗੱਲਾਂ। ਉਨ੍ਹਾਂ ਦੀ ਹਰ ਅਦਾ ਹੀ ਗੁਟਕਦੀ ਸੀ ਗੁਫ਼ਤਗੂ ਕਰਦੀ, ਉਹ ਅੱਖਾਂ ਨਾਲ ਵੀ ਕਰਦੇ ਤੇ ਚਿਹਰੇ ਨਾਲ ਵੀ ਗੱਲਾਂ। ਰਹੇ ਸੱਪਾਂ ਨੂੰ ਵੀ ਉਹ ਦੁੱਧ ਪਿਆਉਂਦੇ ਲਾਡ ਲਡਿਆਉਂਦੇ, ਉਧਰ ਕਰਦੇ ਰਹੇ ਅਕਸਰ ਸਪੇਰੇ ਨਾਲ ਵੀ ਗੱਲਾਂ। ਬੜਾ ਹੈਰਾਨ ਹਾਂ ਉਸ ਦੇ ਵਤੀਰੇ ਤੋਂ, ਰਹੇ ਕਰਦੇ, ਉਹ ਢਲਦੀ ਸ਼ਾਮ ਤੇ ਚੜ੍ਹਦੇ ਸਵੇਰੇ ਨਾਲ ਵੀ ਗੱਲਾਂ।
ਰੌਸ਼ਨੀ ਤਾਂ ਹੈ
ਹਨੇਰੇ ਰਾਹ ’ਚ ਜੁਗਨੂੰ ਹੀ ਸਹੀ ਕੁੱਝ ਰੌਸ਼ਨੀ ਤਾਂ ਹੈ। ਜ਼ਿਹਨ ਦੇ ਸ਼ੀਸ਼ਿਆਂ ਥਾਣੀਂ ਨਜ਼ਰ ਕੁਝ ਦੇਖਦੀ ਤਾਂ ਹੈ। ਵਰ੍ਹੇ ਨਾ ਘਰ ਮਿਰੇ ਬੱਦਲੀ ਭਰੀ ਹੀ ਲੰਘ ਲੰਘ ਜਾਂਦੀ ਹੈ, ਚਲੋ ਏਥੇ ਨਹੀਂ ਜਾ ਕੇ ਕਿਤੇ ਉਹ ਬਰਸਦੀ ਤਾਂ ਹੈ। ਉਹ ਜਿਸ ਦੇ ਨਾਲ ਕਰ ਕੇ ਦੁਸ਼ਮਣੀ ਖੁਸ਼ ਹੋ ਰਹੇ ਏਨੇ, ਬੜਾ ਹੈ ਮਾਣ ਮੇਰੇ ਕੋਲ ਉਸ ਦੀ ਦੋਸਤੀ ਤਾਂ ਹੈ। ਉਹਦਾ ਖ਼ਤ ਮਿਲਣ ਤੇ ਹਰ ਵਾਰ ਇਸ ਅਹਿਸਾਸ 'ਚੋਂ ਗੁਜ਼ਰਾਂ, ਮਿਰੀ ਜ਼ਿੰਦਗੀ ਦੇ ਵਿਚ ਹਾਲੇ ਕਿਤੇ ਕੋਈ ਖੁਸ਼ੀ ਤਾਂ ਹੈ। ਕਿਤੇ ਕੋਈ ਕਿਤੇ ਕੋਈ ਹੈ ਰੁੱਕ ਜਾਂਦਾ ਰਿਹਾ ਅਕਸਰ, ਬੜੀ ਬਲਵਾਨ ਪਰ ਤੁਰਦੀ ਰਹੀ ਇਹ ਜ਼ਿੰਦਗੀ ਤਾਂ ਹੈ।
ਚਲੋ ਇਕ ਵਾਰ
ਚਲੋ ਇਕ ਵਾਰ ਮਰ ਕੇ ਦੇਖੀਏ ਹੁੰਦਾ ਭਲਾ ਕੀ ਹੈ। ਜੋ ਕੀਤਾ ਨਾ ਉਹ ਕਰਕੇ ਦੇਖੀਏ ਹੁੰਦਾ ਭਲਾ ਕੀ ਹੈ। ਅਸੀਂ ਕੰਢੇ ਖਲੋਤੇ ਹੀ ਕਿਉਂ ਡਰਦੇ ਤੇ ਝਕਦੇ ਹਾਂ, ਚਲੋ ਡੁੱਬ ਕੇ ਜਾਂ ਤਰ ਕੇ ਦੇਖੀਏ ਹੁੰਦਾ ਭਲਾ ਕੀ ਹੈ। ਸਦਾ ਹੀ ਆਪਣੇ ਗ਼ਮ ਵਿਚ ਰਹੇ ਢਹਿੰਦੇ ਉਸਰਦੇ ਹਾਂ, ਕਿਸੇ ਦਾ ਗ਼ਮ ਵੀ ਜਰ ਕੇ ਦੇਖੀਏ ਹੁੰਦਾ ਭਲਾ ਕੀ ਹੈ। ਸਦਾ ਹੀ ਸਿਰ ਸਜਾ ਕੇ ਮੁਕਟ ਤੁਰਨਾ ਲੋਚਦੇ ਹਾਂ ਕਿਉਂ, ਤਲੀ ਤੇ ਸੀਸ ਧਰ ਕੇ ਦੇਖੀਏ ਹੁੰਦਾ ਭਲਾ ਕੀ ਹੈ। ਕਦੇ ਯਾਰਾਂ ਤੋਂ ਡਰਦੇ ਹਾਂ ਕਦੇ ਹਾਰਾਂ ਤੋਂ ਡਰਦੇ ਹਾਂ, ਚਲੋ ਖ਼ੁਦ ਤੋਂ ਵੀ ਡਰ ਕੇ ਦੇਖੀਏ ਹੁੰਦਾ ਭਲਾ ਕੀ ਹੈ। ਸਦਾ ਹੀ ਆਪਣੇ ਲਈ ਰੱਖਦੇ ਹਾਂ ਰਾਖਵਾਂ ਅੰਮ੍ਰਿਤ, ਜ਼ਹਿਰ ਵੀ ਘੁੱਟ ਭਰ ਕੇ ਦੇਖੀਏ ਹੁੰਦਾ ਭਲਾ ਕੀ ਹੈ। ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਣੈ ਅਸਾਡੇ ਵਾਂਗ, ਅਸੀਂ ਵੀ ਭਰਮ ਕਰਕੇ ਦੇਖੀਏ ਹੁੰਦਾ ਭਲਾ ਕੀ ਹੈ।
ਜਦੋਂ ਉਹ ਕੋਲ ਹੁੰਦੇ ਸੀ
ਜਦੋਂ ਉਹ ਕੋਲ ਹੁੰਦੇ ਸੀ ਜ਼ਮਾਨਾ ਹੋਰ ਹੁੰਦਾ ਸੀ। ਮਿਰੀ ਬੁੱਕਲ 'ਚ ਹੀ ਲੁਕਿਆ ਮਿਰਾ ਚਿੱਤ-ਚੋਰ ਹੁੰਦਾ ਸੀ। ਦਿਲਾਂ ਨੂੰ ਸੀ ਦਿਲਾਂ ਦੀ ਰਾਹ ਤੇ ਨਜ਼ਰੀਂ ਖ਼ੁਆਬ ਜੱਨਤ ਦੇ, ਉਹ ਸਾਵਣ ਦੀ ਘਟਾ ਹੁੰਦੇ ਮੈਂ ਨੱਚਦਾ ਮੋਰ ਹੁੰਦਾ ਸੀ। ਪਹਾੜਾਂ, ਸਾਗਰਾਂ, ਝੱਖੜਾਂ, ਤੂਫਾਨਾ ਨਾਲ ਸੀ ਖਹਿੰਦੇ, ਹੁਸਨ ਸੀ ਮਾਰਦਾ ਠਾਠਾਂ ਵਫ਼ਾ ਦਾ ਜ਼ੋਰ ਹੁੰਦਾ ਸੀ। ਉਨ੍ਹਾਂ ਦਾ ਸਾਥ ਹੁੰਦਾ ਸੀ ਸਮਾਂ ਸੀ ਰੁਕ ਗਿਆ ਹੁੰਦਾ, ਅਸਾਡੇ ਕਹਿਣ ਤੇ ਹੀ ਤਾਂ ਉਹ ਤੁਰਦਾ ਤੋਰ ਹੁੰਦਾ ਸੀ। ਉਚੇਰੇ ਹੀ ਉਚੇਰੇ ਚੜ੍ਹਨ ਦਾ ਆਲਮ ਅਨੂਠਾ ਸੀ, ਉਹ ਹੁੰਦੇ ਸੀ ਪਤੰਗ ਤੇ ਮੈਂ ਉਨ੍ਹਾਂ ਦੀ ਡੋਰ ਹੁੰਦਾ ਸੀ। ਉਹ ਸੀ ਦਰਿਆ, ਸਮੁੰਦਰ ਸੀ, ਉਹਦੀ ਹਰ ਤਹਿ 'ਚ ਮੋਤੀ ਸਨ, ਸਦਾ ਮੋਤੀ ਲਿਆਉਂਦਾ ਸਾਂ ਮੈਂ ਗ਼ੋਤਾ-ਖ਼ੋਰ ਹੁੰਦਾ ਸੀ। ਵਿਛੋੜੇ ਦਾ ਸਮਾਂ ਤਾਂ ਲੰਘਦਾ ਸੀ ਵਾਂਗ ਜੁੱਗਾਂ ਦੇ, ਸਮਾਂ ਪਰ ਮੇਲ ਦਾ ਇੱਕ ਅੱਖ ਦੇ ਹੀ ਫੋਰ ਹੁੰਦਾ ਸੀ।
ਦਿਲਾਂ ਦੀ ਸਾਂਝ ਹੋਵੇ ਤਾਂ
ਦਿਲਾਂ ਦੀ ਸਾਂਝ ਹੋਵੇ ਤਾਂ ਪਿਆਰੇ ਮਿਲਣ ਆਉਂਦੇ ਨੇ। ਹਨੇਰੀ ਰਾਤ ਹੋਵੇ ਤਾਂ ਸਿਤਾਰੇ ਮਿਲਣ ਆਉਂਦੇ ਨੇ। ਇਰਾਦਾ ਨੇਕ ਕਰਕੇ ਠਿੱਲ੍ਹ ਪੈਂਦਾ ਹੈ ਜਦੋਂ ਕੋਈ, ਉਦੋਂ ਮਜਬੂਰ ਹੋ ਪਰਲੇ ਕਿਨਾਰੇ ਮਿਲਣ ਆਉਂਦੇ ਨੇ। ਨਹੀਂ ਜੇ ਮੈਲ ਨਜ਼ਰਾਂ ਵਿਚ ਨਹੀਂ ਜੇ ਸਾੜ ਦਿਲ ਦੇ ਵਿੱਚ, ਉਦੋਂ ਸ਼ਾਹਕਾਰ ਜ਼ਿੰਦਗੀ ਦੇ ਨਜ਼ਾਰੇ ਮਿਲਣ ਆਉਂਦੇ ਨੇ। ਕਹਾਣੀ ਵਿਚ ਕੋਸ਼ਿਸ਼ ਹੋਵੇ ਤਾਂ ਰਾਹੀ ਵੀ ਨੇ ਰੁਕ ਜਾਂਦੇ, ਹਜ਼ਾਰਾਂ ਰਾਹ ਵਲਾ ਕੇ ਵੀ ਹੁੰਗਾਰੇ ਮਿਲਣ ਆਉਂਦੇ ਨੇ। ਜਦੋਂ ਝੁੱਗੀਆਂ 'ਚ ਗ਼ੈਰਤ ਜਾਗਦੀ ਤਾਰੀਖ ਬਣਦੀ ਹੈ, ਮਹੱਲਾਂ ਨੂੰ ਸੁਨੇਹੇ ਦੇ ਚੁਬਾਰੇ ਮਿਲਣ ਆਉਂਦੇ ਨੇ । ਹੁਸਨ ਤੇ ਇਸ਼ਕ ਜਦ ਰਲ ਕੇ ਕਦੀ ਇਕਰਾਰ ਕਰ ਲੈਂਦੇ, ਉਦੋਂ ਗੁੰਗੀ ਮੁਹੱਬਤ ਨੂੰ ਨਜ਼ਾਰੇ ਮਿਲਣ ਆਉਂਦੇ ਨੇ। ਗ਼ਮਾਂ ਵਿਚ ਕੌਣ ਆਉਂਦਾ ਹੈ ਕਿਸੇ ਨੂੰ ਮਿਲਣ ਦੀ ਖਾਤਰ, ਖੁਸ਼ੀ ਦੀ ਭਿਣਕ ਜਦ ਪੈਂਦੀ ਤਾਂ ਸਾਰੇ ਮਿਲਣ ਆਉਂਦੇ ਨੇ।
ਅੰਦਰ ਹੈ ਜੇ ਹਨੇਰਾ
ਅੰਦਰ ਹੈ ਜੇ ਹਨੇਰਾ ਤਾਂ ਬਾਹਰ ਵੀ ਬਥੇਰਾ। ਏਧਰ ਵੀ ਹੈ ਹਨੇਰਾ ਓਧਰ ਵੀ ਹੈ ਹਨੇਰਾ। ਆਉਣਾ ਤਾਂ ਚਾਹੀਦਾ ਸੀ ਆਇਆ ਨਹੀਂ ਸਵੇਰਾ, ਮੁਮਕਿਨ ਨਹੀਂ ਸੀ ਕਿਉਂਕਿ ਦੁਸ਼ਮਣ ਸੀ ਰਾਹ-ਦਸੇਰਾ। ਘੱਟਦੇ ਗਏ ਨੇ ਚਾਨਣ ਵੱਧਦਾ ਗਿਆ ਹਨੇਰਾ, ਉਹ ਸਿਮਟਦਾ ਹੀ ਜਾਂਦਾ ਜੋ ਫੈਲਣਾ ਸੀ ਘੇਰਾ। ਦਿਲ ਹੀ ਨਹੀਂ ਸੀ ਰੁਕਿਆ ਮੈਂ ਰੋਕਿਆ ਬਥੇਰਾ, ਛੱਡਦਾ ਗਿਆ ਇਹ ਮੈਨੂੰ ਹੁੰਦਾ ਗਿਆ ਇਹ ਤੇਰਾ। ਸਾਇਆ ਮਿਰਾ ਛਲੇਰਾ ਠਿੰਗਣਾ ਕਦੇ ਲੰਮੇਰਾ, ਸਾਹ ਸੀ ਅਖੀਰ ਮੁੱਕੇ ਪਰ ਮੁੱਕਿਆ ਨਾ ਜੇਰਾ। ਪੁੱਛਿਆ ਸੀ ਓਸ ਮੈਨੂੰ, ‘ਕੀ ਹਾਲ ਚਾਲ ਤੇਰਾ', ਅੱਗੋਂ ਮੈਂ ਹੱਸ ਕਿਹਾ ਸੀ ‘ਵਧੀਆ ਸਵਾਲ ਤੇਰਾ'। ਸੂਰਤ ਜਾਂ ਸੀਰਤੋਂ ਤੂੰ ਏਨਾ ਨਹੀਂ ਉਚੇਰਾ, ਜਿੰਨਾ ਹੈ ਨਾਂ ਉਚੇਰਾ ‘ਖੁਸ਼ਵੰਤ ਕੰਵਲ’ ਤੇਰਾ ।
ਮੈਂ ਗੀਤ ਲਿਖਾਂ
ਮੈਂ ਗੀਤ ਲਿਖਾਂ ਜਾਂ ਗ਼ਜ਼ਲ ਲਿਖਾਂ। ਗੱਲ ਦਿਲ ਅਪਣੇ ਦੀ ਅਸਲ ਲਿਖਾਂ। ਗੱਲ ਇੱਕ ਇਸ਼ਕ ਦੀ ਦੁਨੀਆ 'ਤੇ, ਹਰ ਰੋਜ਼ ਇਸੇ ਨੂੰ ਬਦਲ ਲਿਖਾਂ। ਕਿਰਤੀ ਦੇ ਖੂਨ-ਪਸੀਨੇ ਨੂੰ, ਮੈਂ ਖੇਤ ਲਿਖਾਂ ਕਿ ਫ਼ਸਲ ਲਿਖਾਂ। ਮੈਂ ਅਪਣਾ ਦੋਸਤ ਦੁਸ਼ਮਣ ਵੀ, ਕਿਸ ਕੀਤਾ ਮੈਨੂੰ ਕਤਲ ਲਿਖਾਂ। ਤੇਰੀ ਕਿਸ ਗੱਲ ਨੇ ਮੋਹਿਆ ਹੈ, ਸੀਰਤ ਨੂੰ ਲਿਖਾਂ ਕਿ ਸ਼ਕਲ ਲਿਖਾਂ। ਖ਼ਤ ਮਿਲਿਆ ਮੁੱਦਤ ਬਾਅਦ ਤਿਰਾ, ਦੱਸ ਹਿਜ਼ਰ ਲਿਖਾਂ ਕਿ ਵਸਲ ਲਿਖਾਂ। ਆਖਾਂ ਤਾਂ ਆਖਾਂ ਕੀ ਖ਼ੁਦ ਨੂੰ, ਦੱਸ ਖ਼ਾਰ ਲਿਖਾਂ ਕਿ ‘ਕੰਵਲ’ ਲਿਖਾਂ।
ਉਹ ਕੀ ਯਾਰੋ ਫੁੱਲ ਹੈ
ਉਹ ਕੀ ਯਾਰੋ ਫੁੱਲ ਹੈ ਫੁੱਲ, ਜਿਸ ਦੇ ਵਿਚ ਖੁਸ਼ਬੋਈ ਨਹੀਂ। ਦਿਲ ਹੀ ਕੀ ਜੋ ਤੜਫੇ ਨਾ, ਅੱਖ ਹੀ ਕੀ ਜੋ ਰੋਈ ਨਹੀਂ। ਤੂੰ ਪਹਿਲਾਂ ਹੀ ਊਂਘ ਪਿਐਂ, ਬਾਤ ਅਜੇ ਮੈਂ ਛ੍ਹੋਈ ਨਹੀਂ। ਤੂੰ ਨਾ ਦਿਲ ਦੀ ਦੱਸੀ, ਪਰ, ਆਪਾਂ ਕਦੇ ਲੁਕੋਈ ਨਹੀਂ। ਫੁੱਲਾਂ ਵਰਗੇ ਮਿੱਤਰਾਂ ਨੇ, ਕਿਹੜੀ ਸੂਲ ਚੁਭੋਈ ਨਹੀਂ। ਉਂਜ ਤਾਂ ਸਾਰੇ ਚੰਗੇ, ਪਰ, ਤੇਰੇ ਵਰਗਾ ਕੋਈ ਨਹੀਂ। ਮੋਤੀ ਹਾਂ ਪਰ ਖ਼ਾਕ ਰੁਲੇ, ਮਾਲਾ ਕਿਸੇ ਪਰੋਈ ਨਹੀਂ।
ਹੌਲੀ ਹਾਂ ਪਰ ਰੁੱਕਦਾ ਨਹੀਂ
ਹੌਲੀ ਹਾਂ ਪਰ ਰੁਕਦਾ ਨਹੀਂ ਹਾਂ। ਰਾਹ ਅਪਣੇ ਤੋਂ ਉੱਕਦਾ ਨਹੀਂ ਹਾਂ। ਮੈਂ ਹਾਂ ਲਿਸ਼ ਲਿਸ਼ ਕਰਦਾ ਚਾਨਣ, ਕੋਲਾ ਕੋਈ ਧੁੱਖ਼ਦਾ ਨਹੀਂ ਹਾਂ। ਹਾਂ ਸਾਗਰ ਇਕ ਛਲ ਛਲ ਕਰਦਾ, ਧੁੱਪਾਂ ਦੇ ਵਿਚ ਸੁੱਕਦਾ ਨਹੀਂ ਹਾਂ। ਜ਼ਿੰਦਗੀ ਦੇ ਰਾਹ ਤੁਰਿਆਂ ਜੇਕਰ, ਮੌਤ ਮਿਲੇ ਤਾਂ ਲੁੱਕਦਾ ਨਹੀਂ ਹਾਂ। ਲੱਕੜ ਵਾਂਗਰ ਟੁੱਟ ਤਾਂ ਸਕਦਾਂ, ਵਾਂਸ ਦੇ ਵਾਂਗਰ ਝੁੱਕਦਾ ਨਹੀਂ ਹਾਂ। ਹੱਸਦਾ ਰਹਿੰਨਾਂ ਰੋਵਾਂ ਕਿਉਂ ਮੈਂ, ਫੋੜਾ ਕੋਈ ਦੁੱਖਦਾ ਨਹੀਂ ਹਾਂ। ਹਰ ਅੱਖ ਸੁਪਨਾ ਬਣ ਕੇ ਤੈਰਾਂ, ਕਿੱਲ ਬਣ ਮੱਥੇ ਠੁੱਕਦਾ ਨਹੀਂ ਹਾਂ। ਜੋ ਜ਼ਿੰਦਗੀ ਦੇ ਹਾਣ ਨਾ ਹੋਵੇ, ਮੈਂ ਸ਼ਾਇਰ ਉਸ ਤੁੱਕ ਦਾ ਨਹੀਂ ਹਾਂ।
ਇਕ ਕਦਮ ਅੱਗੇ ਗਏ
ਇਕ ਕਦਮ ਅੱਗੇ ਗਏ ਤਾਂ ਦੋ ਕਦਮ ਪਿੱਛੇ ਗਏ। ਪਹੁੰਚਣਾ ਕਿੱਥੇ ਸੀ ਯਾਰੋ ਪਹੁੰਚ ਹਾਂ ਕਿੱਥੇ ਗਏ । ਦੌਰ ਇਹ ਮਾਯੂਸੀਆਂ ਦਾ ਦੌਰ ਖਿਝਣ ਖਪਣ ਦਾ, ਆਪਣੀ ਹੀ ਖਿਝ 'ਚ ਅਪਣੇ ਹੋਂਠ ਨੇ ਚਿੱਥੇ ਗਏ। ਕੀ ਪਤਾ ਹੋਣੀ ਨੇ ਕੀ ਇਹ ਧਾਰਿਆ ਸੰਕਲਪ ਸੀ, ਹਾਦਸੇ ਹੀ ਹਾਦਸੇ ਹਰ ਥਾਂ ਮਿਲੇ ਜਿੱਥੇ ਗਏ । ਹੁਸਨ ਦਾ ਤੇ ਇਸ਼ਕ ਦਾ ਇਹ ਰਾਬਤਾ ਅਕਸਰ ਰਿਹਾ, ਵਾਂਗ ਚੁੰਭਕ ਨੇ ਪ੍ਰਸਪਰ ਖਿੱਚ ਵਿਚ ਖਿੱਚੇ ਗਏ। ਖੁਸ਼ਨਸੀਬੀ ਹੈ ਉਨ੍ਹਾਂ ਦੀ ਉਹ ਪ੍ਰਾਪਤ ਕਰ ਗਏ, ਜੋ ਨਿਸ਼ਾਨੇ ਜ਼ਿੰਦਗੀ ਦੇ ਵਿਚ ਨੇ ਮਿੱਥੇ ਗਏ। ਰੀਝ, ਇੱਛਾਵਾਂ, ਉਮੰਗਾਂ, ਖ਼ਾਹਿਸ਼ਾਂ ਹੀ ਜ਼ਿੰਦਗੀ, ਕੀ ਉਨ੍ਹਾਂ ਦੀ ਜ਼ਿੰਦਗੀ ਜੋ ਆਣ ਅਣ-ਇੱਛੇ ਗਏ। ਕੀ ਉਨ੍ਹਾਂ ਦੇ ਦਿਲ 'ਚ ਸੀ ਉਹ ਲੋਕ ਜੋ ਬਿਨ-ਪੂਰਤੀ, ਭੀੜ ਦੇ ਵਿਚ ਭੀੜਿਆਂ ਰਾਹਾਂ 'ਚ ਨੇ ਮਿੱਧੇ ਗਏ। ਵਿੰਗਿਆਂ ਰਾਹਾਂ ਤੇ ਤੁਰ ਕੇ ਪਹੁੰਚਣਾ ਓਹਨਾਂ ਸੀ ਕਿੰਝ, ਪਰ ਬੜਾ ਅਫਸੋਸ ਪਹੁੰਚੇ ਨਾ ਜੋ ਰਾਹ ਸਿੱਧੇ ਗਏ।
ਬਾਤ ਕਰਾਂ ਮੈਂ ਸਭ ਦੀ
ਬਾਤ ਕਰਾਂ ਨਾ ਅਪਣੀ ਹੀ ਮੈਂ ਬਾਤ ਕਰਾਂ ਮੈਂ ਸਭ ਦੀ। ਦੁੱਖ ਦੀ, ਭੁੱਖ ਦੀ, ਤਨ ਦੀ, ਮਨ ਦੀ, ਹਰ ਸਾਗਰ, ਹਰ ਥੱਲ ਦੀ। ਹਰ ਕੋਸ਼ਿਸ਼, ਹਰ ਸੋਚ ਅਪਣੀ, ਜ਼ਿੰਦਗੀ ਦੇ ਰਾਹ ਪਾਈਏ, ਤਾਂ ਕਿ ਜਗ ਮਗ ਕਰਦੀ ਜੋਤ-ਰਹੇ ਇਹ ਜਗਦੀ। ਕਿਰਤੀ ਦੇ ਮੁੜ੍ਹਕੇ ਨਾ ਓਦੋਂ ਤੱਕ ਕਹਾਣੈ ਮੋਤੀ, ਜੈ ਜੈ ਕਾਰ ਹੋਈ ਨਾ ਜਦ ਤੱਕ ਧਰਤੀ 'ਤੇ ਮਿਹਨਤ ਦੀ। ਪੌਣ ਪਰਾਈ ਹੋਈ ਜਦ ਇਹ ਸਾਹ ਹੀ ਰਹੇ ਨਾ ਅਪਣੇ, ਕਿੱਥੋਂ ਫੇਰ ਮੁਹੱਬਤ ਮਿਲਣੀ ਮਿਲਣੇ ਦਿਲ ਦੇ ਦਰਦੀ। ਰੁੜ੍ਹ ਚੱਲਿਆ ਵਿਸ਼ਵਾਸ, ਆਸ ਹਰ ਅੰਨ੍ਹੇ ਖੂਹ ਵਲ ਭੱਜੀ, ਐ ਜ਼ਿੰਦਗੀ ਦੇ ਰਾਜਕੁਮਾਰੋ ਸੋਚ ਕਰੋ ਇਸ ਗੱਲ ਦੀ। ਦੋਸਤੀਆਂ ਦੇ ਸ਼ਹਿਰ 'ਚ ਗੂੰਜਣ ਬੋਲ ਬੰਸਰੀ ਵਰਗੇ, ਵੰਨ-ਸੁਵੰਨੀਆਂ ਮਹਿਕਾਂ ਵੰਡਦੀ ਪੌਣ ਰਹੇ ਇਹ ਵਗਦੀ। ਪਹਿਲਾਂ ਘਰ ਦੀਆਂ ਬੰਦ ਬਾਰੀਆਂ ਖੋਹਲੋ ਰੌਸ਼ਨਦਾਨ, ਫਿਰ ਕਿਉਂ ਤਾਜ਼ੀ ਪੌਣ ਨਾ ਅੰਦਰ ਆਏਗੀ ਭੱਜਦੀ। ਮਿਹਨਤ ਦੇ ਹਰ ਵਿਹੜੇ ਅੰਦਰ ਏਦਾਂ ਫੁੱਲ ਉਗਾਈਏ, ਜਿੱਥੇ ਭੱਜੇ ਭੌਰ ਆਉਣ ਤੇ ਹਰ ਤਿੱਤਲੀ ਨੱਚਦੀ।
ਅੱਖ 'ਚੋਂ ਅੱਥਰੂ ਚੋਇਆ
ਅੱਖ 'ਚੋਂ ਅੱਥਰੂ ਚੋਇਆ ਲੱਗਦੈ। ਕੁੱਝ ਨਾ ਕੁੱਝ ਤਾਂ ਹੋਇਆ ਲੱਗਦੈ। ਬਾਹਰੋਂ ਬੇਸ਼ਕ ਹੱਸਦਾ ਹੈ ਉਹ, ਅੰਦਰੋਂ ਰੋਇਆ ਰੋਇਆ ਲੱਗਦੈ। ਦੇਖਣ ਨੂੰ ਤਾਂ ਦਿਸੇ ਰਵਾਂ ਉਹ, ਐਪਰ ਕਿਤੇ ਖਲੋਇਆ ਲੱਗਦੈ। ਏਸ ਸ਼ਹਿਰ ਦੇ ਹਰ ਘਰ ਦਾ ਹੀ, ਦਰ ਹੈ ਢੋਇਆ ਢੋਇਆ ਲੱਗਦੈ। ਵਿੰਨ੍ਹਿਆ ਹੈ ਉਹ ਪੋਟੇ ਪੋਟੇ, ਸੂਈ ਵਿਚ ਪਰੋਇਆ ਲੱਗਦੈ।
ਅੱਖ ਨੱਚਦੀ ਹੈ
ਅੱਖ ਨੱਚਦੀ ਹੈ ਰਾਂਗਲੇ ਨਜ਼ਾਰਿਆਂ ਦੇ ਨਾਲ । ਇਵੇਂ ਬਾਤ ਨੱਚ ਪੈਂਦੀ ਹੈ ਹੁੰਗਾਰਿਆਂ ਦੇ ਨਾਲ। ਉਹ ਗੱਲ ਕਿਸੇ ਹੋਰ ਨਾਲ ਹੋ ਨਾ ਸਕਦੀ, ਹੁੰਦੀ ਗੱਲ ਜਿਹੜੀ ਆਪਣੇ ਪਿਆਰਿਆਂ ਦੇ ਨਾਲ। ਓਸ ਬੇੜੀ ਨੇ ਹੈ ਕਦੋਂ ਜਾ ਕੇ ਪਾਰ ਲੱਗਣਾ, ਜਿਹੜੀ ਤੁਰਦੀ ਹੈ ਸਦਾ ਹੀ ਸਹਾਰਿਆਂ ਦੇ ਨਾਲ। ਗੱਲ ਇਕ ਨਾਲ ਕੀਤੀ ਕਾਹਦੀ ਗੱਲ ਦੋਸਤੋ, ਗੱਲ ਓਹੀ ਜਿਹੜੀ ਕੀਤੀ ਜਾਏ ਸਾਰਿਆਂ ਦੇ ਨਾਲ। ਜਿਨ੍ਹਾਂ ਕੁੱਲੀਆਂ 'ਚੋਂ ਮਿਹਨਤਾਂ ਜਵਾਨ ਹੋਣੀਆਂ, ਰਾਹ ਉਨ੍ਹਾਂ ਦਾ ਹੈ ਲੰਘਦਾ ਚੁਬਾਰਿਆਂ ਦੇ ਨਾਲ। ਜਿਨ੍ਹਾਂ ਚੰਨ ਦੀਆਂ ਮਹਿਫ਼ਲਾਂ 'ਚ ਹੋਣਾ ਹੈ ਸ਼ਰੀਕ, ਉਨ੍ਹਾਂ ਕਰਨਾ ਸੰਵਾਦ ਹੈ ਸਿਤਾਰਿਆਂ ਦੇ ਨਾਲ। ਗੱਲ ਹੱਕ ਵਾਲੀ ਚੋਰੀ ਯਾਰੀ ਵਾਂਗ ਨਾ ਲੁਕੇ, ਸਦਾ ਤੁਰਦੀ ਹੈ ਨਾਅਰਿਆਂ ਨਗਾਰਿਆਂ ਦੇ ਨਾਲ।
ਢਿੱਡ ਮੰਗਦਾ ਹੈ ਰੋਟੀ
ਢਿੱਡ ਮੰਗਦਾ ਹੈ ਰੋਟੀ ਰੂਹ ਨਜ਼ਾਰੇ ਮੰਗਦੀ। ਬੇੜੀ ਜਿੰਦ ਦੀ ਹੈ ਡੋਲਦੀ ਕਿਨਾਰੇ ਮੰਗਦੀ। ਜਾਂ ਤਾਂ ਪਹਿਲਾਂ ਹੀ ਨਾ ਪੀਂਘ ਵਾਲੀ ਗੱਲ ਛੇੜਿਓ, ਗੱਲ ਛੇੜੋਗੇ ਤਾਂ ਪੀਂਘ ਹੈ ਹੁਲਾਰੇ ਮੰਗਦੀ। ਗੀਤ ਗਾਓਗੇ ਤਾਂ ਗੀਤ 'ਚ ਸੰਗੀਤ ਚਾਹੀਦਾ, ਬਾਤ ਪਾਓਗੇ ਤਾਂ ਬਾਤ ਹੈ ਹੁੰਗਾਰੇ ਮੰਗਦੀ। ਭਾਵੇਂ ਦਏ ਨਾ ਦੀਦਾਰ ਬੂਹਾ ਖੋਲ੍ਹ, ਪਰ ਜਿੰਦ, ਇਕ ਵਾਰ ਜਾਣਾ ਯਾਰ ਦੇ ਦੁਆਰੇ ਮੰਗਦੀ। ਪੈਂਦੀ ਪ੍ਰੀਤ ਹੈ ਤਾਂ ਕਿਸੇ ਨੂੰ ਕੀ ਪਤਾ ਲੱਗਦਾ, ਜਦੋਂ ਟੁੱਟਦੀ ਹੈ ਢੋਲ ਤੇ ਨਗਾਰੇ ਮੰਗਦੀ। ਗੱਲ ਰੂਪ ਵਾਲੀ ਸੋਚਦੀ ਹੈ ਨਫ਼ਾ ਹੀ ਹਮੇਸ਼, ਗੱਲ ਪ੍ਰੀਤ ਵਾਲੀ ਸਦਾ ਹੈ ਕਸਾਰੇ ਮੰਗਦੀ। ਨਾ ਇਹ ਤਨ ਮੇਰਾ ਤਨ ਨਾ ਇਹ ਜਿੰਦ ਮੇਰੀ ਜਿੰਦ, ਵਾਰਾਂ ਯਾਰ ਤੋਂ ਇਹ ਯਾਰ ਦੇ ਇਸ਼ਾਰੇ ਮੰਗਦੀ।
ਕੱਲ੍ਹ ਤੇ ਅੱਜ
ਕੱਲ੍ਹ ਹੋਰ ਨਾਲ ਅੱਜ ਕਿਸੇ ਹੋਰ ਨਾਲ ਨੇ। ਕੱਲ੍ਹ ਸਾਧ ਨਾਲ ਅੱਜ ਕਿਸੇ ਚੋਰ ਨਾਲ ਨੇ। ਗੱਲਾਂ ਇਨ੍ਹਾਂ ਦੀਆਂ ਵੱਖ ਨੇ ਜਹਾਨ ਜੱਗ ਤੋਂ, ਤੁਰੇ ਫਿਰਦੇ ਇਹ ਹਿੱਕ ਦੇ ਹੀ ਜ਼ੋਰ ਨਾਲ ਨੇ ਗੱਲ ਪੈਰਾਂ ਦੀ ਤੁਰੇ ਤਾਂ ਤੁਰੇ ਹਾਥੀਆਂ ਦੇ ਸੰਗ, ਗੱਲ ਰੂਪ ਦੀ ਤੁਰੇ ਤਾਂ ਹੁੰਦੇ ਮੋਰਾਂ ਨਾਲ ਨੇ। ਇਨ੍ਹਾਂ ਸੋਹਣਿਆਂ ਨੇ ਸੂਰਮੇ ਨੇ ਢਾਹੇ ਬੜੇ ਬੜੇ, ਕਦੇ ਅੱਖ ਨਾਲ ਕਦੇ ਸੋਹਣੀ ਤੋਰ ਨਾਲ ਨੇ। ਚਾੜ੍ਹ ਅੰਬਰੀਂ ਪਤੰਗਾਂ ਪੇਚੇ ਖਾਣ ਲੱਗਦੇ, ਪੇਚਾ ਪੈਂਦਿਆਂ ਹੀ ਲੜ ਪੈਂਦੇ ਡੋਰ ਨਾਲ ਨੇ। ਛੱਡ ਗਈਆਂ ਜਦ ਖੁਸ਼ੀਆਂ ਤਾਂ ਹੋਏ ਸੀ ਉਦਾਸ, ਕੁੱਝ ਹੌਸਲਾ ਵੀ ਸੀ ਕਿ ਗ਼ਮ ਘੋਰ ਨਾਲ ਨੇ। ਹੋ ਕੇ ਚੁੱਪ ਦਿਆਂ ਦਾਇਰਿਆਂ ਤੋਂ ਦੂਰ ਦੇਖਿਆ, ਤੁਰੇ ਸਾਰੇ ਹੀ ਜਹਾਨ ਵਾਲੇ ਸ਼ੋਰ ਨਾਲ ਨੇ।
ਦੇਖਦੇ ਉਹ ਵੀ ਰਹੇ
ਦੇਖਦੇ ਉਹ ਵੀ ਰਹੇ ਤੇ ਦੇਖਦਾ ਮੈਂ ਵੀ ਰਿਹਾ। ਓਸ ਵੀ ਨਾ ਕੁੱਝ ਕਿਹਾ ਤੇ ਮੈਂ ਵੀ ਨਾ ਕੁੱਝ ਸੀ ਕਿਹਾ। ਘੁੱਟ ਕੁ ਪੀ ਕੇ ਮੈਂ ਸਿਕੰਦਰ ਸਮਝ ਬੈਠਾ ਆਪ ਨੂੰ, ਮੈਂ ਕਲੰਦਰ ਵੀ ਰਿਹਾ ਨਾ ਜਦ ਨਸ਼ਾ ਸੀ ਉਤਰਿਆ। ਵਾਂਗ ਮੇਰੇ ਉਹ ਵੀ ਸੀ ਖੁਸ਼-ਫ਼ਹਿਮੀਆਂ ਵਿਚ ਮੁਬਤਿਲਾ, ਵੇਖਿਆ ਮੈਂ ਭੀੜ ਦੇ ਵਿਚ ਸਖ਼ਸ਼ ਇਕ ਅਪਣੇ ਜਿਹਾ। ਉਹ ਵੀ ਸੀ ਪੁੱਛਦਾ ਪੁਛਾਂਦਾ ਆ ਗਿਆ ਮੇਰਾ ਪਤਾ, ਰਹਿ ਗਿਆ ਪਿੱਛੇ ਸੀ ਜਿਹੜਾ ਗ਼ਮ ਕਿਤੇ ਬਾਕੀ ਪਿਆ। ਧਰਤ ਨੇ ਸੀ ਸਮਝ ਮੋਤੀ ਸਾਂਭਿਆ ਓਸੇ ਹੀ ਪਲ, ਅੱਖ 'ਚੋਂ ਜਦ ਵੀ ਸੀ ਪਸਚਾਤਾਪ ਦਾ ਹੰਝੂ ਵਿਹਾ । ਮੈਂ ਨਾ ਚੰਗਾ ਸੀ ਨਾ ਮੰਦਾ ਸੀ ਨਹੀਂ ਸਾਂ ਕੁਝ ਵੀ ਮੈਂ, ਪਰ ਕਿਸੇ ਚੰਗਾ ਕਿਸੇ ਮੰਦਾ ਸੀ ਮੈਨੂੰ ਸਮਝਿਆ। ਉਹ ਮਿਰੀ ਇਕ ਵੀ ਖੁਸ਼ੀ ਨਾ ਹੱਸ ਕੇ ਸੀ ਸਹਿ ਸਕੇ, ਮੈਂ ਨਾ ਕਿਹੜਾ ਗ਼ਮ ਸੀ ਉਸ ਦਾ ਹੱਸਦਿਆਂ ਯਾਰੋ ਸਿਹਾ।
ਬਾਤ ਹੁੰਗਾਰੇ ਮੰਗਦੀ
ਹਰ ਬਾਤ ਹੁੰਗਾਰੇ ਮੰਗਦੀ ਹੈ। ਹਰ ਰਾਤ ਸਿਤਾਰੇ ਮੰਗਦੀ ਹੈ। ਹਰ ਤਾਂਘ ਹੈ ਲੱਭਦੀ ਪੂਰਣਤਾ, ਹਰ ਪੀਂਘ ਹੁਲਾਰੇ ਮੰਗਦੀ ਹੈ। ਹਰ ਸੁਪਨਾ ਅੱਖ ਵਿਚ ਉੱਤਰਨਾ, ਹਰ ਅੱਖ ਨਜ਼ਾਰੇ ਮੰਗਦੀ ਹੈ। ਹਰ ਹੁਸਨ ਪ੍ਰੀਤਾਂ ਭਾਲ ਰਿਹਾ, ਹਰ ਪ੍ਰੀਤ ਪਿਆਰੇ ਮੰਗਦੀ ਹੈ। ਇਕਰਾਰ ਨਹੀਂ ਤਾਂ ਘੱਟ ਤੋਂ ਘੱਟ, ਜਿੰਦ ਇਕ ਦੋ ਲਾਰੇ ਮੰਗਦੀ ਹੈ। ਜਿੰਦ ਮੇਲੇ ਆ ਕੇ ਲਲਚਾਈ, ਰੰਗਦਾਰ ਗ਼ੁਬਾਰੇ ਮੰਗਦੀ ਹੈ। ਜਿੰਦ ਖ਼ੁਸ਼ਬੂ ਤੇਰੇ ਸਾਹਾਂ ਦੀ, ਦੋ ਬੋਲ ਉਧਾਰੇ ਮੰਗਦੀ ਹੈ।
ਅਪਣੇ ਖ਼ਤ ਵਿਚ
ਅਪਣੇ ਹਰ ਖ਼ਤ ਵਿਚ ਉਹ ਅਕਸਰ ਏਦਾਂ ਲਿਖਦੀ ਹੈ। ਸ਼ੀਸ਼ਾ ਵੇਖਾਂ ਮੈਂ ਪਰ ਸੂਰਤ ਤੇਰੀ ਦਿੱਸਦੀ ਹੈ। ਖ਼ਤ ਦੀ ਟੇਢੀ ਮੇਢੀ ਲਿਖੀ ਇਬਾਰਤ ਤੋਂ ਲੱਗਦੈ, ਲੰਘ ਰਹੀ ਉਹ ਇਸ਼ਕ ਦੇ ਬਿੱਖੜੇ ਪੈਂਡੇ ਵਿੱਚਦੀ ਹੈ। ਮੇਰੇ ਦਿਲ ਦੀ ਹਾਲਤ ਓਹੀ ਜਾਣੇ ਤਾਂ ਜਾਣੇ, ਮਿਰੀਆਂ ਨਜ਼ਰਾਂ ਅੰਦਰ ਵੱਸਦੀ ਸੂਰਤ ਜਿਸਦੀ ਹੈ। ਆਦਿ ਅੰਤ ਵਿਚ ਇਸ਼ਕ ਦੇ ਹੁੰਦਾ ਅਕਸਰ ਏਦਾਂ ਹੈ, ਫਟਦੇ ਬੱਦਲ ਜਾਂ ਫਿਰ ਪਹਿਲਾਂ ਬਿਜਲੀ ਡਿੱਗਦੀ ਹੈ। ਜੋ ਲੋਕਾਂ ਦੀ ਹੁੰਦੀ ਹੈ ਉਹ ਮੁੱਲ ਪੁਆ ਲੈਂਦੀ, ਜੋ ਲੋਕਾਂ ਦੀ ਹੁੰਦੀ ਹੈ ਉਹ ਕਲਮ ਨਾ ਵਿੱਕਦੀ ਹੈ।
ਠੀਕ ਹੋਇਆ ਮਰ ਗਿਆ
ਬਹੁਤ ਹੀ ਸੱਚ ਬੋਲਦਾ ਸੀ, ਠੀਕ ਹੋਇਆ ਮਰ ਗਿਆ। ਮੌਤ ਅਪਣੀ ਟੋਲ੍ਹਦਾ ਸੀ, ਠੀਕ ਹੋਇਆ ਮਰ ਗਿਆ। ਐਬ ਅਪਣੇ ਹੀ ਜੇ ਰਹਿੰਦਾ ਫੋਲਦਾ ਤਾਂ ਠੀਕ ਸੀ, ਐਬ ਸਭ ਦੇ ਫੋਲਦਾ ਸੀ, ਠੀਕ ਹੋਇਆ ਮਰ ਗਿਆ। ਸੱਚ ਹੋਇਆ ਝੂਠ ਹੋਇਆ ਕੀ ਇਨ੍ਹਾਂ ਵਿਚ ਫਰਕ ਸੀ, ਉਹ ਇਨ੍ਹਾਂ ਨੂੰ ਤੋਲਦਾ ਸੀ, ਠੀਕ ਹੋਇਆ ਮਰ ਗਿਆ। ਜ਼ੁਲਮ ਹੁੰਦਾ ਦੇਖ ਅਕਸਰ ਹੋਂਠ ਸੀ ਲੈਂਦੇ ਨੇ ਲੋਕ, ਉਹ ਤਾਂ ਅੱਗੋਂ ਬੋਲਦਾ ਸੀ, ਠੀਕ ਹੋਇਆ ਮਰ ਗਿਆ। ਜ਼ਾਬਰਾਂ ਜ਼ਰਵਾਣਿਆਂ ਦੇ ਮਾਣ ਨੂੰ ਸੀ ਤੋੜਦਾ, ਖ਼ਾਕ ਦੇ ਵਿਚ ਰੋਲਦਾ ਸੀ, ਠੀਕ ਹੋਇਆ ਮਰ ਗਿਆ। ਹੱਕ ਦੇ ਇਨਸਾਫ ਖਾਤਰ ਜੂਝਦਾ ਸੀ ਹਰ ਕਦਮ, ਖੂਨ ਅਪਣਾ ਡੋਲ੍ਹਦਾ ਸੀ, ਠੀਕ ਹੋਇਆ ਮਰ ਗਿਆ। ਹੁਕਮ ਉਹ ਸਰਕਾਰ ਦਾ ਨਾ ਮੰਨਦਾ ਸੀ ਸਿਰ ਝੁਕਾ, ਹੁਕਮ ਹਰ ਪੜਚੋਲਦਾ ਸੀ, ਠੀਕ ਹੋਇਆ ਮਰ ਗਿਆ। ਡੋਲ ਜਾਂਦੇ ਨੇ ਮੁਸੀਬਤ ਦੇਖ ਲੋਕਾਂ ਸਾਹਮਣੇ ਉਹ ਕਦੇ ਨਾ ਡੋਲਦਾ ਸੀ, ਠੀਕ ਹੋਇਆ ਮਰ ਗਿਆ।
ਕਾਲੀ ਰਾਤ
ਕੁੱਝ ਪਲ ਯਾਰੋ ਕਾਲੀ ਰਾਤ ਹੁੰਦੇ। ਨਿਰੇ ਨੂਰ ਨੇ ਕੁਝ ਸੁਗਾਤ ਹੁੰਦੇ। ਗਏ ਦੂਰ ਪ੍ਰਦੇਸੀਆਂ ਸੱਜਣਾਂ ਦੇ, ਲਿਖੇ ਖ਼ਤ ਹੀ ਨੇ ਮੁਲਾਕਾਤ ਹੁੰਦੇ। ਹੁੰਦੇ ਔੜ ਦੇ ਵਾਂਗਰਾਂ ਕੁਝ ਬੁੱਲੇ, ਕੁਝ ਬੁੱਲੇ ਨੇ ਨਿਰੀ ਬਰਸਾਤ ਹੁੰਦੇ। ਕੁਝ ਹੋਰਨਾਂ ਵਾਸਤੇ ਵਕਫ ਹੁੰਦੇ, ਕੁਝ ਆਪਣੀ ਆਪ ਔਕਾਤ ਹੁੰਦੇ। ਹੁੰਦੇ ਹਿਜਰ ਤੇ ਵਸਲ ਵਿਚਕਾਰ ਕਿਧਰੇ, ਓਹੀ ਪਲ ਜਿਹੜੇ ਕਰਾਮਾਤ ਹੁੰਦੇ। ਚਿਹਰਾ ਨਹੀਂ ਪਛਾਣ ਹੈ ਆਦਮੀ ਦੀ, ਹੁੰਦੇ ਆਦਮੀ ਦੇ ਖਿਆਲਾਤ ਹੁੰਦੇ। ਦੁੱਧ ਪੀਣ ਵਾਲੇ ਬੜੇ ਤੁਰੇ ਫਿਰਦੇ ਵਿਰਲੇ ਟਾਂਵੇਂ ਹੀ ਕਿਤੇ ‘ਸੁਕਰਾਤ’ ਹੁੰਦੇ। ਹੁੰਦਾ ਹੱਡ ਤੇ ਮਾਸ ਹੀ ਨਹੀਂ ਸਭ ਕੁੱਝ, ਮਗ੍ਹਦੇ ਸ਼ੌਕ ਤੇ ਡੂੰਘੇ ਜਜ਼ਬਾਤ ਹੁੰਦੇ। ਮੁਰਦਾ ਜਿੱਥੋਂ ਦੀ ਹੋ ਤਹਿਜ਼ੀਬ ਜਾਏ, ਸ਼ਹਿਰ ਨਹੀਂ ਉਹ ਤਾਂ ਜੰਗਲਾਤ ਹੁੰਦੇ। ਭਾਰੂ ਇਕ ਨਾ ਇਕ ਤਾਂ ਰਹੇ ਹੋਇਆ, ਕਦੇ ਉਹ ਤੇ ਕਦੇ ਹਾਲਾਤ ਹੁੰਦੇ।
ਮਰਹਲੇ-ਦਰ-ਮਰਹਲੇ
ਜ਼ਿੰਦਗੀ ਕਿੰਨੇ ਤਿਰੇ ਮੁਸ਼ਕਿਲ ਜਿਹੇ ਨੇ ਮਰਹਲੇ। ਮਰਹਲੇ-ਦਰ-ਮਰਹਲੇ ਮਰਹਲੇ-ਦਰ-ਮਰਹਲੇ। ਸੀ ਨਜ਼ਰ ਕਿੱਥੇ ਕਿਸੇ ਦੀ ਬਾਅਦ ਵਿਚ ਲੱਗੇ ਪਤਾ, ਮੋੜ ਦਰ ਨੇ ਮੋੜ ਲਾ ਕੇ ਦਾਅ ਖਲੋਤੇ ਮੰਚਲੇ। ਕੀ ਤੁਸਾਂ ਕੀਤਾ ਤੇ ਕੀ ਕੀਤਾ ਨਹੀਂ, ਸੋਚੋ ਤੁਸੀਂ, ਜੋ ਅਸਾਂ ਕੀਤਾ ਤੇ ਕਰਨਾ ਸੀ ਅਸੀਂ ਉਹ ਕਰ ਚਲੇ । ਸੀ ਜਿਨ੍ਹਾਂ ਚਾਹੇ ਮੁਕਾਣੇ ਆਪ ਹੀ ਮੁੱਕੇ ਨੇ ਉਹ, ਜ਼ਿੰਦਗੀ ਤੇਰੇ ਰਵਾਂ ਨੇ ਸਿਲਸਿਲੇ-ਦਰ-ਸਿਲਸਿਲੇ। ਬਦਲਦੇ ਹਾਲਾਤ ਵਿਚ ਹੀ ਬਦਲਦੇ ਚਿਹਰੇ ਗਏ, ਅਜਨਬੀ ਬਣ ਕੇ ਮਿਲੇ ਨੇ ਆਪਣੇ ਵੀ ਜਦ ਮਿਲੇ। ਵਕਤ ਜੇ ਮਿਲਿਆ ਤਾਂ ਵੇਖੀਂ ਆਣ ਕੇ ਇਹ ਦੌਰ ਵੀ, ਓਸ ਥਾਂ ਤੇ ਝੌਂਪੜੀ ਜਿੱਥੇ ਉਸਾਰੇ ਸੀ ਕਿਲੇ। ਉਹ ਭਲਾ ਕੀ ਜਾਣਦੇ ਕੀ ਹੁੰਦੀਆਂ ਨਜ਼ਦੀਕੀਆਂ, ਆਪ ਹੀ ਰੱਖੇ ਜਿਨ੍ਹਾਂ ਨੇ ਆਪਣੇ ਤੋਂ ਫਾਸਲੇ।
ਹੋਰ ਕਿੰਨੀ ਦੇਰ
ਇਸ ਤਰ੍ਹਾਂ ਚੱਲਦਾ ਰਹੇਗਾ ਹੋਰ ਕਿੰਨੀ ਦੇਰ ਤੱਕ ! ਦੌਰ ਜੰਗਲ ਦਾ ਰਹੇਗਾ ਹੋਰ ਕਿੰਨੀ ਦੇਰ ਤੱਕ ! ਅੱਜ ਤਾਂ ਧਮਕਾ ਰਿਹਾ ਹੈ ਕੱਲ੍ਹ ਜਾਏਗਾ ਨਿਗ਼ਲ, ਫਿਕਰ ਅੱਜ ਕੱਲ੍ਹ ਦਾ ਰਹੇਗਾ ਹੋਰ ਕਿੰਨੀ ਦੇਰ ਤੱਕ ! ਕੱਟ ਰਿਹਾ ਹੈ ਵਕਤ ਸਾਡਾ ਬੰਦ ਬੰਦ ਮੁਸ਼ਕਿਲ ਬਣੀ, ਮਰਨ ਪਲ ਪਲ ਦਾ ਰਹੇਗਾ ਹੋਰ ਕਿੰਨੀ ਦੇਰ ਤੱਕ ! ਅੱਗ ਜੰਗਲ ਦੀ ਬੁਝਾਓ ਸੜ ਰਹੇ ਰੁੱਖ, ਆਲ੍ਹਣੇ, ਇਸ ਤਰ੍ਹਾਂ ਜਲਦੇ ਰਹਿਣਗੇ ਹੋਰ ਕਿੰਨੀ ਦੇਰ ਤੱਕ ! ਆਪ ਤਾਂ ਆਉਂਦੈ ਸੁਨੇਹੇ ਆਉਣ ਦੇ ਹਰ ਰੋਜ਼ ਹੀ, ਇਸ ਤਰ੍ਹਾਂ ਘੱਲਦਾ ਰਹੇਗਾ ਹੋਰ ਕਿੰਨੀ ਦੇਰ ਤੱਕ । ਪਿਆਰ ਕਰਕੇ ਬੱਸ ਮਰੇ ਹੁਣ ਵੀ ਮਰੇ ਹੁਣ ਵੀ ਮਰੇ, ਫ਼ਿਕਰ ਇਸ ਗੱਲ ਦਾ ਰਹੇਗਾ ਹੋਰ ਕਿੰਨੀ ਦੇਰ ਤੱਕ ! ਜ਼ਿੰਦਗੀ ਦਾ ਦੀਪ ਵੀ ਜੇ ਤੇਲ ਹੈ ਤਾਂ ਬਲੇਗਾ, ਖ਼ੁਦ-ਬ-ਖ਼ੁਦ ਬਲਦਾ ਰਹੇਗਾ ਹੋਰ ਕਿੰਨੀ ਦੇਰ ਤੱਕ।
ਰਾਤਾਂ ਦੀ ਤਨਹਾਈ
ਦਰਦ ਪਲੇ ਜੋ ਰਾਤਾਂ ਦੀ ਤਨਹਾਈ ਵਿਚ। ਓਹੀ ਬਣ ਕੇ ਗੀਤ ਤੁਰੇ ਰੁਸ਼ਨਾਈ ਵਿਚ। ਰੁੰਡ-ਮਰੁੰਡ ਉਦਾਸੇ ਰੁੱਖਾਂ ਦੀ ਵਿਥਿਆ, ਯਾਦ ਹੈ ਕਿਸ ਨੂੰ ਰੁਤ ਬਸੰਤੀ ਆਈ ਵਿਚ। ਇਕ ਸੂਰਤ ਹੈ ਹਰਕਤ ਕਰਦੀ ਰਾਤ ਦਿਨੇ, ਤਰਲ ਜਿਹੀ ਹੋ ਅੱਖ ਮਿਰੀ ਪਥਰਾਈ ਵਿਚ। ਮੌਸਮ ਦੀ ਮੈਂ ਕਿਸ ਕਿਸ ਗੱਲ ਦਾ ਜ਼ਿਕਰ ਕਰਾਂ, ਜੋ ਵੀ ਕੀਤੀ ਕੀਤੀ ਇਸ ਚਤਰਾਈ ਵਿਚ । ਮਹਿਫਿਲ ਦੇ ਵਿਚ ਹਰ ਇਕ ਅੱਖ ਸੀ ਨਮ ਹੋਈ, ਦਰਦ ਕਿਸੇ ਉਹ ਭਰਿਆ ਸੀ ਸ਼ਹਿਨਾਈ ਵਿਚ। ਪੱਤਿਆਂ ਨੇ ਗੱਲ ਪੌਣ ਦੀ ਸੁਣ ਤਾੜੀ ਮਾਰੀ, ਰੁੱਖ ਨੇ ਘੂਰੀ ਵੱਟੀ ਪਰ ਦਾਨਾਈ ਵਿਚ।
ਸੂਰਜ ਜਿਹਾ ਸਿਤਾਰਾ
ਤਿਰੇ ਜਿੰਨਾ ਕੁਈ ਮੈਨੂੰ ਪਿਆਰਾ ਹੋ ਨਹੀਂ ਸਕਦਾ। ਜਿਵੇਂ ਸੂਰਜ ਜਿਹਾ ਕੋਈ ਸਿਤਾਰਾ ਹੋ ਨਹੀਂ ਸਕਦਾ। ਨਜ਼ਾਰੇ ਅਰਸ਼ 'ਤੇ ਵੀ ਨੇ ਨਜ਼ਾਰੇ ਫਰਸ਼ 'ਤੇ ਵੀ ਨੇ, ਤਿਰੀ ਸੂਰਤ ਜਿਹਾ ਦਿਲਕਸ਼ ਨਜ਼ਾਰਾ ਹੋ ਨਹੀਂ ਸਕਦਾ। ਬਿਨਾ ਤੇਰੇ ਮਿਰੇ ਲਈ ਹੇਚ ਹੈ ਸਾਰਾ ਜ਼ਮਾਨਾ ਹੀ, ਨਹੀਂ ਤੇਰੇ ਬਿਨਾ ਮੇਰਾ ਗੁਜ਼ਾਰਾ ਹੋ ਨਹੀਂ ਸਕਦਾ। ਜਿਹਨੇ ਹਰ ਲਹਿਰ ਦੇ ਮੱਥੇ ’ਤੇ ਅਪਣਾ ਨਾਮ ਲਿਖਣਾ ਹੈ, ਪਿਆਰਾ ਓਸ ਨੂੰ ਕੋਈ ਕਿਨਾਰਾ ਹੋ ਨਹੀਂ ਸਕਦਾ। ਦਿਲਾਂ ਦੇ ਨਾਲ ਰਿਸ਼ਤਾ ਦੌਲਤਾਂ ਦਾ ਹੇਚ ਹੈ ਯਾਰੋ, ਜੁ ਝੁੱਗੀ ਯਾਰ ਦੀ ਹੁੰਦੀ ਚੁਬਾਰਾ ਹੋ ਨਹੀਂ ਸਕਦਾ। ਕਹੇ ਜੇ ਰੱਬ ਵੀ 'ਬੈਠੋ ‘ਕੰਵਲ’ ਜੀ ਕੋਲ ਆ ਮੇਰੇ', ਮੈਂ ਦੂਰੋਂ ਹੀ ਕਹਾਂਗਾ ਕਿ ‘ਖ਼ੁਦਾਰਾ ਹੋ ਨਹੀਂ ਸਕਦਾ'।
ਕੋਈ ਨਾ ਕੋਈ
ਕੋਈ ਨਾ ਕੋਈ ਬਹਾਨਾ ਕਰ ਆ ਜਾਇਆ ਕਰਦੇ ਸਨ। ਹਾਲ ਚਾਲ ਪੁੱਛ ਗੱਲਾਂ ਕਰ ਮੁਸਕਾਇਆ ਕਰਦੇ ਸਨ। ਚਾਰ-ਚੁਫੇਰੇ ਚਾਨਣ ਦਾ ਇਕ ਹੜ੍ਹ ਆ ਜਾਂਦਾ ਸੀ, ਹੱਸਦੇ ਹੱਸਦੇ ਆ ਉਹ ਜਦੋਂ ਬੁਲਾਇਆ ਕਰਦੇ ਸਨ। ਨਜ਼ਰਾਂ ਨਾਲ ਮਿਲਾ ਕੇ ਨਜ਼ਰਾਂ ਰੂਹ ਵਿਚ ਉੱਤਰਦੇ, ਕੋਲ ਅਸਾਡੇ ਬਹਿੰਦੇ ਕੋਲ ਬਿਠਾਇਆ ਕਰਦੇ ਸਨ। ਪਰੀਆਂ ਵਾਂਗਰ ਉੱਤਰ ਜਿਉਂ ਅਸਮਾਨੋਂ ਆ ਜਾਂਦੇ, ਸੁਪਨੇ ਸਾਡੀਆਂ ਅੱਖਾਂ ਵਿਚ ਸਜਾਇਆ ਕਰਦੇ ਸਨ। ਗੱਲ ਆਪਣੀ ਕਰਦੇ ਮੂਲ ਨਾ ਝਕਦੇ ਹੁੰਦੇ ਸਨ, ਗੱਲ ਅਸਾਡੀ ਸੁਣ ਪਰ ਕੁਝ ਸ਼ਰਮਾਇਆ ਕਰਦੇ ਸਨ। ਗੱਲਾਂ ਕਰਦੇ ਸੀ ਕਿ ਤਾਰੇ ਫੜਦੇ ਹੁੰਦੇ ਸਨ, ਗੱਲ ਗੱਲ ਨਾਲ ਅਚੰਭੇ ਦੇ ਵਿਚ ਪਾਇਆ ਕਰਦੇ ਸਨ।
ਫੈਕਟਰੀਆਂ ਵਿਚ
ਫੈਕਟਰੀਆਂ ਵਿਚ ਕਿਰਤੀ ਦਾ ਤਨ ਬਲਦਾ ਹੈ। ਤਨ ਬਲ਼ਦਾ ਹੈ ਤਾਂ ਹੀ ਲੋਹਾ ਪਿਘਲਦਾ ਹੈ। ਲੋਹਾ ਜਦੋਂ ਪਿਘਲਦਾ ਹੈ ਤਾਂ ਸੱਚਿਆਂ ਵਿੱਚ, ਰੂਪ ਨਵਾਂ ਹੀ ਜ਼ਿੰਦਗੀ ਦਾ ਇਕ ਢਲਦਾ ਹੈ। ਢਲਦਾ ਹੈ ਇਕ ਰੂਪ ਨਵਾਂ ਹੀ ਜ਼ਿੰਦਗੀ ਦਾ, ਮਿਹਨਤ ਦਾ ਇਕ ਰੁੱਖ ਸੁਨਹਿਰੀ ਫਲਦਾ ਹੈ। ਫਲਦਾ ਹੈ ਇਕ ਰੁੱਖ ਸੁਨਹਿਰੀ ਵਿਹੜੇ ਵਿਚ, ਛਾਂਵਾਂ ਦਾ ਇਕ ਦੌਰ ਮੁਸੱਲਸਲ ਚਲਦਾ ਹੈ। ਏਸ ਮੁਸੱਲਸਲ ਸਿਲਸਿਲਿਆਂ ਦੀ ਰੌਣਕ ਵਿਚ, ਪੱਤਾ ਪੱਤਾ ਨਵਾਂ ਸੁਨੇਹਾ ਘੱਲਦਾ ਹੈ।
ਲਹਿਰਾਂ ਦੀ ਹਲਚਲ
ਲਹਿਰਾਂ ਦੀ ਹਲ ਚਲ ਵਿਚ ਬਾਤ ਸਮੁੰਦਰ ਦੀ। ਬਾਰ੍ਹ ਸਤ੍ਹਾ ਤੇ ਆਈ ਗੱਲ ਜੋ ਅੰਦਰ ਦੀ। ਮੈਂ ਕੀਤੀ ਗੱਲ ਅਕਸਰ ਕਲਮਾਂ ਅੱਖਰਾਂ ਦੀ, ਕੀਤੀ ਉਸ ਨੇ ਜਦ ਵੀ ਕੀਤੀ ਖੰਜਰ ਦੀ। ਬਾਂਗ ਕਹੇ ਮਸਜਿਦ 'ਚੋਂ ‘ਆ ਏਧਰ ਨੂੰ ਆ' ‘ਆ ਏਧਰ ਨੂੰ’ ਕਹਿੰਦੀ ਘੰਟੀ ਮੰਦਰ ਦੀ। ਫੁੱਲ ਖੁਸ਼ਬੋ ਨੂੰ ਵੱਖ ਕਰਨ ਦੀ ਸੋਚ ਰਿਹਾ, ਗਿੱਟਿਆਂ ਦੇ ਵਿਚ ਮੱਤ ਹੈ ਓਸ ਪਤੰਦਰ ਦੀ। ਉਹ ਬੀਤੇ ਦਿਨ ਨਜ਼ਰਾਂ ਨੂੰ ਨਮ ਕਰ ਜਾਂਦੇ, ਛਾਉਣੀ ਲੰਘ ਕੇ ਜਾਵਾਂ ਜਦੋਂ ਜਲੰਧਰ ਦੀ।
ਦੀਵਾਰਾਂ ਹਰ ਘਰ
ਦੀਵਾਰਾਂ ਹਰ ਘਰ ਵਿਚ ਹੋਰ ਵੀ ਉੱਚੀਆਂ ਹੋਈਆਂ ਨੇ। ਕਿਉਂਕਿ ਚਾਰ-ਚੁਫੇਰੇ ਨਜ਼ਰਾਂ ਲੁੱਚੀਆਂ ਹੋਈਆਂ ਨੇ। ਏਥੇ ਸਬਜ਼ ਬਹਾਰਾਂ ਦੀ ਥਾਂ ਮਾਰੂ-ਥਲ ਦੀਆਂ ਮਾਰਾਂ, ਦਿਲ 'ਚੋਂ ਪਿਆਰ ਮੁਹੱਬਤਾਂ ਏਥੇ ਮੁੱਕੀਆਂ ਹੋਈਆਂ ਨੇ। ਦੋਸਤੀਆਂ ਦੇ ਮਹਿਕੇ ਫੁੱਲਾਂ ਦੀ ਥਾਂ ਅੱਜ ਕਲ ਯਾਰਾਂ, ਤੇਜ ਕਟਾਰਾਂ, ਛੁਰੀਆਂ ਹੱਥ ਵਿਚ ਚੁੱਕੀਆਂ ਹੋਈਆਂ ਨੇ। ਕੰਡਿਆਂ ਵਾਲੇ ਰੁੱਖ ਉਤਾਂਹ ਨੂੰ ਮੂੰਹ ਚੁੱਕੀ ਰੱਖਦੇ, ਫੁੱਲਾਂ ਲੱਦੀਆਂ ਸ਼ਾਖਾਵਾਂ ਪਰ ਝੁੱਕੀਆਂ ਹੋਈਆਂ ਨੇ। ਮਹਿਕਾਂ ਕੈਦੀ ਹੋਈਆਂ ਸੂਲੀ ਲਟਕ ਰਹੇ ਨਗ਼ਮੇ, ਹਰ ਕੋਇਲ ਦੀ ਜੀਭ 'ਚ ਕਿੱਲੀਆਂ ਠੁੱਕੀਆਂ ਹੋਈਆਂ ਨੇ।
ਗੱਲ ਆਉ ਭਾਗਤ ਦੀ
ਗੱਲ ਜਦੋਂ ਵੀ ਆਓ-ਭਾਗਤ ਦੀ ਹੋਵੇ। ਜ਼ਿੰਦਗੀ ਦੇ ਮੋਹ-ਮਾਣ ਸਵਾਗਤ ਦੀ ਹੋਵੇ। ਮਰਦਾਂ ਨੂੰ ਹਿੱਕ ਤਾਣ ਖਲੋਣਾ ਚਾਹੀਦਾ, ਗੱਲ ਜਦੋਂ ਵੀ ਹੱਕ-ਹਿਫ਼ਾਜ਼ਤ ਦੀ ਹੋਵੇ । ਉਸ ਨੂੰ ਮਿੱਤਰ ਕਹਿਣਾ ਕੀਕਰ ਹੈ ਮੁਮਕਿੰਨ, ਕਰਦਾ ਜਿਹੜਾ ਗੱਲ ਅਦਾਵਤ ਦੀ ਹੋਵੇ। ਅਪਣੀ ਰੂਹ ਦੇ ਸਨਮੁਖ ਜਿਹੜਾ ਸੱਚਾ ਹੈ, ਲੋੜ ਨਾ ਉਸ ਨੂੰ ਹੋਰ ਹਿਮਾਇਤ ਦੀ ਹੋਵੇ। ਜ਼ਿੰਦਗੀ ਨੂੰ ਕੁਝ ਏਦਾਂ ਯਾਰੋ ਢਾਲ ਲਵੋ, ਪੁਸ਼ਟੀ ਹਰ ਇਕ ਕਦਮ ਹਿਕਾਇਤ ਦੀ ਹੋਵੇ। ਲੁੱਟਣਾ ਲੋਕਾਂ ਨੂੰ ਕੁਝ ਸੌਖਾ ਹੋ ਜਾਂਦੈ, ਚਿਹਰੇ ਤੇ ਜੇ ਮੋਹਰ ਸ਼ਰਾਫ਼ਤ ਦੀ ਹੋਵੇ। ਹਾਕਮ ਨੂੰ ਜੋ ਗੱਲ ਪਸੰਦ ਨਹੀਂ ਆਉਂਦੀ, ਓਸ ਲਈ ਉਹ ਗੱਲ ਬਗ਼ਾਵਤ ਦੀ ਹੋਵੇ। ਆਵੋ ਜਾਵੋ ਜੀ ਸਦਕੇ ਘਰ ਕਿਸਦਾ ਹੈ, ਅਪਣੇ ਘਰ ਨਾ ਲੋੜ ਇਜਾਜ਼ਤ ਦੀ ਹੋਵੇ । ਜਿਗਰਾ ਤਾਂ ਹੋਣਾ ਹੀ ਚਾਹੀਦੈ ਫ਼ੌਲਾਦ, ਬੇੜੀ ਬੇਸ਼ਕ ਗੱਤੇ ਕਾਗ਼ਤ ਦੀ ਹੋਵੇ ।
ਇਹ ਚਮਕਦੀਆਂ ਚੀਜ਼ਾਂ
ਇਹ ਚਮਕਦੀਆਂ ਚੀਜ਼ਾਂ ਹੁੰਦੇ ਹੀ ਧੋਖੇ ਨੇ। ਇਕ ਵਾਰ ਨਹੀਂ ਇਹ ਤਾਂ ਹਰ ਵਾਰੀ ਘੋਖੇ ਨੇ । ਬਾਹਰੋਂ ਤਾਂ ਦਿਸਦੇ ਸੀ ਜੋ ਸ਼ੀਸ਼-ਮਹਿਲ ਵਾਂਗਰ, ਜਾ ਅੰਦਰ ਤੱਕਿਆ ਤਾਂ ਖੋਲੇ ਤੇ ਖੋਖੇ ਨੇ। ਇਖ਼ਲਾਕ ਦੀ ਮੰਡੀ ਵੀ ਹਰ ਸੌਦਾ ਮਹਿੰਗਾ ਹੈ, ਭੋਰਾ ਕੁ ਨੇਕੀ ਦੇ ਮੁੱਲ ਮੰਗਦੇ ਚੋਖੇ ਨੇ। ਹਰ ਵਾਰ ਇਨ੍ਹਾਂ ਅੰਦਰ ਹੈ ਕਾਣ ਦਿਸੀ ਯਾਰੋ, ਇਹ ਰਿਸ਼ਤੇ ਜਦ ਕਦ ਵੀ ਤੋਲੇ ਤੇ ਜੋਖੇ ਨੇ। ਚਿਹਰੇ ਤੇ ਸੰਤੁਸ਼ਟੀ ਪਹਿਰਾਵੇ ਉੱਜਲਾ-ਪੱਨ, ਪਰ ਅੰਦਰੋਂ ਸੀ ਕਾਲੋਂ ਰੂਹਾਂ ਵਿਚ ਭੋਖੇ ਨੇ। ਇੱਕੋ ਹੀ ਰਹੀ ਅਦਾ ਹੁਸਨਾਂ ਦੀ ਹਰ ਵਾਰੀ, ਪਰ ਤੌਰ ਇਸ਼ਕ ਦੇ ਤਾਂ ਹਰ ਵਾਰ ਅਨੋਖੇ ਨੇ। ਇਕ ਬੂਹਾ ਬੰਦ ਹੁੰਦਿਆਂ ਸੌ ਬੂਹੇ ਖੁੱਲ੍ਹ ਜਾਂਦੇ, ਇਕ ਛੁਪਿਆ ਤਾਂ ਖੁੱਲ੍ਹੇ ਅਣ-ਗਿਣਤ ਝਰੋਖੇ ਨੇ।
ਦੀਵੇ ਬਾਲ ਬਨੇਰੇ ਰੱਖੀਏ
ਆਓ ਦੀਵੇ ਬਾਲ ਬਨੇਰੇ ਤੇ ਰੱਖੀਏ। ਚਾਨਣ ਦੀ ਲਿਸ਼ਕਾਰ ਹਨੇਰੇ ਤੇ ਰੱਖੀਏ। ਪੈਰ ਜਦੋਂ ਵੀ ਪੰਧ ਲੰਮੇਰੇ ਤੇ ਰੱਖੀਏ, ਟੇਕ ਉਦੋਂ ਫਿਰ ਅਪਣੇ ਜੇਰੇ ਤੇ ਰੱਖੀਏ। ਹੋਏ ਹਨੇਰਾ ਸੰਘਣਾ ਚਾਹੇ ਕਿੰਨਾਂ ਵੀ, ਸੇਧ ਸਦਾ ਚਾਨਣ ਦੇ ਘੇਰੇ ਤੇ ਰੱਖੀਏ। ਅਪਣਾ ਮਨ ਬੁੱਧ, ਸੁਰਤੀ, ਜੁਗਤੀ ਵੀ ਵਰਤੋ, ਟੇਕ ਨਾ ਬਹੁਤੀ ਰਾਹ-ਦਸੇਰੇ ਤੇ ਰੱਖੀਏ। ਸੂਰਜ ਅਪਣਾ ਚੰਨ, ਸਿਤਾਰੇ, ਜੁਗਨੂੰ ਵੀ, ਫਿਰ ਕਿਉਂ ਆਸਾਂ ਹੋਰ ਖਲੇਰੇ ਤੇ ਰੱਖੀਏ। ਸਫਰ ਸ਼ੁਰੂ ਕਰੀਏ ਇਕ ਰੂਹ ਤੋਂ ਰੂਹ ਤੱਕ ਦਾ, ਨਜ਼ਰਾਂ ਇਕ ਦੂਜੇ ਦੇ ਚਿਹਰੇ ਤੇ ਰੱਖੀਏ। ਸੱਜਣਾ ਨਾਲ ਪੁਗਾਈਏ ਜਿਹੜੀ ਪੁੱਗਦੀ ਗੱਲ, ਜ਼ੋਰ ਨਾ ਐਵੇਂ ਤੋਰੇ ਫੇਰੇ ਤੇ ਰੱਖੀਏ। ਕਿਰਤਾਂ ਨੂੰ ਹੱਥਾਂ ਦੀ ਬਰਕਤ ਕਰਨਾ ਹੈ, ਰੂਹ ਬੇਸ਼ਕ ਸੱਜਣਾ ਦੇ ਡੇਰੇ ਤੇ ਰੱਖੀਏ। ਰਾਤੀਂ ਹੀ ਨਾ ਸਾਰੀ ਗੱਲ ਮੁਕਾ ਸੌਂਵੋ, ਇਕ ਅੱਧੀ ਕੋਈ ਗੱਲ ਸਵੇਰੇ ਤੇ ਰੱਖੀਏ।
ਹੁੰਗਾਰੇ ਮਿਲਣਗੇ
ਬਾਤ ਜੇ ਦਿਲਚਸਪ ਹੋਈ ਤਾਂ ਹੁੰਗਾਰੇ ਮਿਲਣਗੇ। ਅੰਬਰਾਂ ਵਲ ਨੂੰ ਤੁਰੋਗੇ ਤਾਂ ਸਿਤਾਰੇ ਮਿਲਣਗੇ। ਹਾਦਸੇ, ਦੁੱਖ, ਸੁੱਖ, ਮੁਹੱਬਤ, ਦੋਸਤੀ ਤੇ ਦੁਸ਼ਮਣੀ, ਜ਼ਿੰਦਗੀ ਦੇ ਰਾਹ ੱਚ ਇਹ ਸਾਰੇ ਦੇ ਸਾਰੇ ਮਿਲਣਗੇ। ਅਮਲ ਤੇ ਕਿਰਦਾਰ ਦਾ ਮਾਲਕ ਮਿਲੇ ਟਾਂਵਾਂ ਕਿਤੇ, ਪਰ ਸਟੇਜਾਂ ਭੰਨਦੇ ਅਕਸਰ ਬੁਲਾਰੇ ਮਿਲਣਗੇ। ਦੇਖਣਾ ਕਿਹੜਾ ਅਸਾਨੂੰ ਜ਼ਿੰਦਗੀ ਵਲ ਤੋਰਦਾ, ਮਿਲਣਗੇ ਅਣਗਿਣਤ ਹੀ ਰਾਹ ਵਿਚ ਇਸ਼ਾਰੇ ਮਿਲਣਗੇ। ਆਪਣਾ ਜੋ ਆਪਣਾ ਉਸ ਨੂੰ ਪਛਾਨਣ ਦੀ ਹੈ ਲੋੜ, ਉਂਝ ਤਾਂ ਹਰ ਰਾਹ ਖਲੋਤੇ ਹੀ ਪਿਆਰੇ ਮਿਲਣਗੇ।
ਇਹ ਕਹਾਣੀ ਕਦੋਂ ਤੱਕ
ਇਸ ਤਰ੍ਹਾਂ ਤੁਰਦੀ ਰਹੇਗੀ ਇਹ ਕਹਾਣੀ ਕਦੋਂ ਤੱਕ । ਰਿੜਕਦੀ ਪਾਣੀ ਰਹੇਗੀ ਇਹ ਮਧਾਣੀ ਕਦੋਂ ਤੱਕ ! ਦੇਖਣਾ ਹੈ ਹੋਰਨਾਂ ਹੱਥਾਂ ਦੇ ਵਲ ਕਿੰਨਾ ਕੁ ਚਿਰ, ਹੈ ਹਥੇਲੀ ਤੇ ਸਰ੍ਹੋਂ ਆਪਣੇ ਜਮਾਣੀ ਕਦੋਂ ਤੱਕ ! ਜ਼ਿੰਦਗੀ ਦਾ ਹੱਸ ਰਿਹਾ ਮੂੰਹ ਦੇਖਣਾ ਕਿਸ ਦਿਨ ਅਸੀਂ, ਮੁਸ਼ਕਿਲਾਂ ਵਿਚ ਪਿੱਸਦਿਆਂ ਜ਼ਿੰਦਗੀ ਲੰਘਾਣੀ ਕਦੋਂ ਤੱਕ ! ਟਾਹਣੀਆਂ ਤੋਂ ਝੜ ਰਹੇ ਪੱਤੇ ਨੇ ਅਕਸਰ ਸੋਚਦੇ, ਬਦਲਣੀ ਹੈ ਬੇ-ਰਹਿਮ ਰੁੱਤ ਇਹ ਪੁਰਾਣੀ ਕਦੋਂ ਤੱਕ ! ਮਿਹਨਤਾਂ ਦੇ ਫੁੱਲ ਮਾਰੂਥਲ 'ਚ ਕਦ ਨੇ ਟਹਿਕਣੇ, ਹੁਨਰ ਨੇ ਕਾਰੀਗਰੀ ਹੱਥ ਦੀ ਵਖਾਣੀ ਕਦੋਂ ਤੱਕ ! ਆਪਣੀ ਵੀ ਕਹਿ ਸਕੋ ਤੇ ਓਸਦੀ ਵੀ ਸੁਣ ਸਕੋ, ਇਸ ਤਰ੍ਹਾਂ ਦੀ ਆਪਣੀ ਦੁਨੀਆਂ ਵਸਾਣੀ ਕਦੋਂ ਤੱਕ ! ਧੁਖ਼ਦੀਆਂ ਹੀ ਰਹਿਣੀਆਂ ਇਹ ਧੂਣੀਆਂ ਕਿੰਨਾ ਕੁ ਚਿਰ, ਜ਼ਿੰਦਗੀ ਦੀ ਲਾਟ ਹੈ ਲਟ ਲਟ ਜਗਾਣੀ ਕਦੋਂ ਤੱਕ । ਧਰਤ ਇੱਕੋ ਲੋਕ ਇੱਕੋ ਸਭ ਦੇ ਦੁਖ ਸੁਖ ਨੇ ਸਮਾਨ ਸਮਝਣੀ ਇਹ ਗੱਲ ਲੋਕਾਂ ਨੇ ਸਿਆਣੀ ਕਦੋਂ ਤੱਕ !
ਅਪਣਾ ਖਿਆਲ ਕਰ
ਮੇਰਾ ਖ਼ਿਆਲ ਨਹੀਂ ਤਾਂ ਅਪਣਾ ਖ਼ਿਆਲ ਕਰ । ਇਕ ਦੁਸ਼ਮਣੀ ਜਿਹੀ ਨਾ ਦੋਹਾਂ ਦੇ ਨਾਲ ਕਰ। ਤੈਨੂੰ ਮਿਲੇਗਾ ਤੇਰੇ ਅੰਦਰੋਂ ਤਿਰਾ ਜਵਾਬ, ਹੋਰਾਂ ਨੂੰ ਕਰਨ ਦੀ ਥਾਂ ਖੁਦ ਨੂੰ ਸਵਾਲ ਕਰ। ਪੈਰਾਂ ਦੀ ਪੈੜ ਛੱਡ ਕੇ ਖੜ੍ਹ ਕੇ ਖ਼ਲਾਅ 'ਚ ਦੇਖ, ਪੈਦਾ ਹੁਨਰ 'ਚ ਅਪਣੇ ਕੋਈ ਕਮਾਲ ਕਰ। ਮੁਮਕਿਨ ਨਹੀਂ ਕਿ ਉੱਠੇ ਉਂਗਲ ਨਾ ਤੇਰੇ ਵਲ, ਪਰ ਏਸ ਗੱਲ ਦਾ ਨਾ ਕੋਈ ਮਲਾਲ ਕਰ । ਜਗਣਾ ਤਾਂ ਲਾਟ ਬਣ ਕੇ ਸੂਰਜ ਦੇ ਵਾਂਗ ਜਗ, ਨਾ ਸੁਲ੍ਹਗ ਵਾਂਗ ਸਿਗਰਟ ਜੀਣਾ ਮੁਹਾਲ ਕਰ।
ਕਾਮਯਾਬੀ ਦਾ ਧੁਰਾ
ਮੁਸ਼ਕਿਲਾਂ ਨੇ ਜ਼ਿੰਦਗੀ ਦੀ ਕਾਮਯਾਬੀ ਦਾ ਧੁਰਾ । ਸਮਝ ਲੈਂਦੇ ਨੇ ਮਗਰ ਨਾਦਾਨ ਇਹਨਾਂ ਨੂੰ ਬੁਰਾ। ਮਖ਼ਮਲੀ ਸੇਜਾਂ ਤੇ ਆਉਂਦੀ ਨੀਂਦ ਸੁਖਦਾਈ ਬੜੀ, ਕੰਡਿਆਂ ਦੀ ਸੇਜ 'ਤੇ ਵੀ ਸੌਣ ਦਾ ਆਪਣਾ ਮਜ਼ਾ। ਆਪ ਮਰਜ਼ੀ ਨਾਲ ਬੇਸ਼ੱਕ ਜ਼ਿੰਦਗੀ ਨੂੰ ਜੀ ਲਵੋ, ਪਰ ਅਨੋਖਾ ਹੀ ਮਜ਼ਾ ਹੈ ਯਾਰ ਦੀ ਹੈ ਜੋ ਰਜ਼ਾ। ਹੋਰ ਉਹ ਜਾਵੇ ਤਾਂ ਜਾਵੇ ਦੋਸਤੋ ਕਿਸ ਦੇ ਦੁਆਰ, ਰੋਜ਼ ਹੀ ਬੂਹੇ ਮਿਰੇ ਤੇ ਆਣ ਬਹਿੰਦੀ ਹੈ ਕਜ਼ਾ। ਰੋਗ ਆਪੋ ਆਪਣਾ ਤੇ ਆਪਣਾ ਅਪਣਾ ਇਲਾਜ, ਕਿਸੇ ਨੂੰ ਪੋਂਹਦੀ ਦਵਾ ਤੇ ਕਿਸੇ ਨੂੰ ਪੋਂਹਦੀ ਦੁਆ।
ਜ਼ਿੰਦਗੀ ਦੇ ਵਾਸਤੇ
ਜ਼ਿੰਦਗੀ ਦੇ ਵਾਸਤੇ ਹੈ ਸੋਚਦਾ ਕੋਈ ਨਹੀਂ। ਵਾਰ ਮਾਰੂ ਹੋ ਰਹੇ ਨੇ ਰੋਕਦਾ ਕੋਈ ਨਹੀਂ। ਜ਼ਿੰਦਗੀ ਦਾ ਘਾਣ ਕਰਦੇ ਧਾੜਵੀ ਰਹੇ ਦਨ-ਦਨਾ, ਮੂੰਹ ਇਹਨਾਂ ਜਰਵਾਣਿਆਂ ਦੇ ਨੋਚਦਾ ਕੋਈ ਨਹੀਂ। ਜ਼ਿੰਦਗੀ ਦਾ ਹੋ ਰਿਹਾ ਅਪਮਾਨ ਸਾਂਹਵੇਂ ਦੇਖਕੇ, ਸ਼ਰਮ ਆਉਂਦੀ ਹੈ ਕਿ ਯਾਰੋ ਟੋਕਦਾ ਕੋਈ ਨਹੀਂ। ਆਪਣੇ ਹੀ ਦਾਇਰਿਆਂ ਵਿਚ ਰਹਿ ਗਏ ਸਾਰੇ ਸਿਮਟ, ਦੂਜਿਆਂ ਦੇ ਕੰਮ ਆਉਣਾ ਲੋਚਦਾ ਕੋਈ ਨਹੀਂ। ਬਾਜ਼, ਬਘਿਆੜਾਂ ਤੇ ਸ਼ੇਰਾਂ, ਸ਼ਿਕਰਿਆਂ ਦੇ ਯਾਰ ਸਭ, ਏਸ ਘੁੱਗੀ ਦਾ ਤੇ ਉਸ ਖ਼ਰਗੋਸ਼ ਦਾ ਕੋਈ ਨਹੀਂ।
ਸਾਰੀਆਂ ਰੀਝਾਂ
ਸਾਰੀਆਂ ਰੀਝਾਂ ਪੁਗਾਵਾਂ ਕਿਸ ਦਾ ਜੀ ਕਰਦਾ ਨਹੀਂ। ਜ਼ਿੰਦਗੀ ਹੱਸ ਕੇ ਬਿਤਾਵਾਂ ਕਿਸ ਦਾ ਜੀ ਕਰਦਾ ਨਹੀਂ। ਬਹੁਤ ਕੁਝ ਦਿੱਸਦਾ ਰਹੇ ਤੇ ਬਹੁਤ ਕੁਝ ਛਿਪਿਆ ਰਹੇ, ਏਸ ਗੱਲ ਦਾ ਭੇਤ ਪਾਵਾਂ ਕਿਸ ਦਾ ਜੀ ਕਰਦਾ ਨਹੀਂ। ਧਰਤ ਵਲ ਵੇਖਾਂ ਤਾਂ ਕਰਦੈ ਵਿਚ ਕਲਾਵੇ ਦੇ ਭਰਾਂ, ਅੰਬਰਾਂ ਵਿਚ ਫੈਲ ਜਾਵਾਂ ਕਿਸ ਦਾ ਜੀ ਕਰਦਾ ਨਹੀਂ। ਗ਼ਮ ਨੂੰ ਭੁੱਲ ਜਾਏ ਪਤਾ ਸਾਡੇ ਘਰਾਂ ਦਾ ਦੋਸਤੋ, ਮੋੜ ਕੇ ਖੁਸ਼ੀਆਂ ਲਿਆਵਾਂ ਕਿਸ ਦਾ ਜੀ ਕਰਦਾ ਨਹੀਂ। ਜੀ ਕਰੇ ਉਹ ਕੋਲ ਸਾਡੇ ਨਾਲ ਸਾਡੇ ਹੀ ਰਹੇ, ਰਾਹ ਉਹਦੇ ਨਜ਼ਰਾਂ ਵਿਛਾਵਾਂ ਕਿਸ ਦਾ ਜੀ ਕਰਦਾ ਨਹੀਂ।
ਇਸ ਤਰ੍ਹਾਂ ਦੀ ਜ਼ਿੰਦਗੀ
ਇਸ ਤਰ੍ਹਾਂ ਦੀ ਜ਼ਿੰਦਗੀ ਨੂੰ ਜੀਣ ਦਾ ਕੀ ਹੱਜ ਹੈ। ਨਾ ਅਸਾਡਾ ‘ਕੱਲ੍ਹ’ ਜਿੱਥੇ ਨਾ ਅਸਾਡਾ ‘ਅੱਜ' ਹੈ। ਏਸ ਦੇ ਹਰ ਫ਼ੈਸਲੇ ਨੂੰ ਹੱਸ ਕੇ ਕਰਨਾ ਕਬੂਲ, ਅੱਜ ਜਨਤਾ ਦੀ ਕਚਹਿਰੀ ਵਿਚ ਜਨਤਾ ਜੱਜ ਹੈ। ਓਸ ਦੇ ਨਾਲ ਗੱਲ ਕੀ ਕੀਤੀ ਕਿ ਛੱਟੇ ਹੀ ਗਏ, ਓਸ ਦੀ ਹੱਸਤੀ ਸਮੁੱਚੀ ਦੀ ਸਮੁੱਚੀ ਛੱਜ ਹੈ। ਓਸ ਤਾਂ ਬੱਸ ਰੋਣ ਦਾ ਠੇਕਾ ਹੈ ਜੇਕਰ ਲੈ ਲਿਆ, ਇਕ ਨਹੀਂ ਉਸ ਕੋਲ ਧੂੰਏਂ ਵਾਂਗਰਾਂ ਸੌ ਪੱਜ ਹੈ। ਤੂੰ ਕਿਸੇ ਦੇ ਕੱਜ ਹੀ ਕਿਉਂ ਦੇਖਦੈਂ ਅਕਸਰ ‘ਕੰਵਲ', ਜਾਪਦੈ ਜਿਉਂ ਤੇਰੇ ਅਪਣੇ ਵਿਚ ਹੀ ਕੋਈ ਕੱਜ ਹੈ।
ਗੱਲ ਕਰਦਾ ਕਰਦਾ ਤੂੰ
ਗੱਲ ਕਰਦਾ ਕਰਦਾ ਤੂੰ ਅਕਸਰ ਹੀ ਸੰਗ ਜਾਨੈਂ। ਮੰਗਣਾ ਹੈ ਕੁਝ ਹੁੰਦੈ ਕੁਝ ਹੋਰ ਹੀ ਮੰਗ ਜਾਨੈਂ। ਅਕਸਰ ਤੂੰ ਕੋਲੋਂ ਦੀ ਚੁੱਪ ਚਾਪ ਏ ਲੰਘ ਜਾਨੈਂ, ਪਰ ਸਾਨੂੰ ਪਲ ਪਲ ਦੀ ਸੂਲੀ ਤੇ ਟੰਗ ਜਾਨੈਂ। ਤੇਰੇ ਹੀ ਭਲੇ ਦੀਆਂ ਕਰਦੇ ਹਾਂ ਅਰਦਾਸਾਂ, ਪਰ ਸਾਨੂੰ ਹਰ ਵਾਰੀ ਤੂੰ ਮਾਰੀ ਡੰਗ ਜਾਨੈਂ। ਤੇਰੇ ਤੇ ਸਾਡਾ ਨਾ ਅੱਜ ਤੀਕਰ ਰੰਗ ਚੜ੍ਹਿਆ, ਪਰ ਸਾਨੂੰ ਤੂੰ ਅਪਣੇ ਹੀ ਰੰਗ ਵਿਚ ਰੰਗ ਜਾਨੈਂ। 'ਵਾਵਾਂ ਨੂੰ ਬੰਨ੍ਹ ਰਿਹੈਂ ਧੁੱਪਾਂ ਨੂੰ ਜਕੜ ਰਿਹੈਂ, ਉਡਦੀਆਂ ਗੁਟਾਰਾਂ ਦੇ ਕਿਉਂ ਖੋਹੀ ਖੰਭ ਜਾਨੈਂ। ਇਹ ਕੰਮ ਹੁਣ ਤੇਰਾ ਹੈ ਕਰ ਸੋਚ ਨਿਤਾਰਾ ਕਰ, ਤੂੰ ਕਿਹੜੇ ਢੰਗ ਆਉਨੈਂ ਤੇ ਕਿਹੜੇ ਢੰਗ ਜਾਨੈਂ। ਕਦਮਾਂ ਵਿਚ ਮੰਜ਼ਿਲਾਂ ਨੇ ਸੋਚਾਂ ਵਿਚ ਅੰਬਰ ਲੈ, ‘ਖੁਸ਼ਵੰਤ’ ਜ਼ਮਾਨੇ ਨੂੰ ਕਰਦਾ ਏ ਦੰਗ ਜਾਨੈਂ।
ਕਦੇ ਤਿਰਛੀ ਕਦੇ ਲੰਬੀ
ਕਦੇ ਤਿਰਛੀ, ਕਦੇ ਲੰਬੀ, ਕਦੇ ਬੌਣੀ ਨਜ਼ਰ ਚਾਹੀਏ। ਮਗਰ ਹਰ ਹਾਲ ਵਿਚ ਸੂਰਤ ਤਿਰੀ ਔਣੀ ਨਜ਼ਰ ਚਾਹੀਏ। ਮਹੱਲਾਂ ਦੇ ਹੀ ਚਾਨਣ ਵਿਚ ਨਾ ਮਖਮੂਰ ਹੋ ਰਹੀਏ, ਕਦੇ ਝੁੱਗੀਆਂ ਦੇ ਨ੍ਹੇਰੇ ਵਿਚ ਵੀ ਪੌਣੀ ਨਜ਼ਰ ਚਾਹੀਏ। ਵਿਰਾਨੇ ਪੱਤਝੜਾਂ ਵਿਚ ਵੀ ਤਮੰਨਾ ਜ਼ਿੰਦਗੀ ਹੁੰਦੀ, ਜੁੜੇ ਜ਼ਿੰਦਗੀ ਦੇ ਮੇਲੇ ਨੂੰ ਨਹੀਂ ਲੌਣੀ ਨਜ਼ਰ ਚਾਹੀਏ। ਕਿ ਮਿੱਟੀ ਵਿਚ ਵੀ ਰੁਲਦੇ ਹੋਏ ਹੀਰੇ ਪਛਾਣੇ ਜੋ, ਪਛਾਣੇ ਦੁੱਧ ਤੇ ਪਾਣੀ, ਅਜਬ ਦੌਣੀ ਨਜ਼ਰ ਚਾਹੀਏ। ਨਜ਼ਰ ਹੋਵੇ ਤਾਂ ਬੰਦਾ ਤਾਰ ਦੇਵੇ ਨਾਲ ਨਜ਼ਰਾਂ ਹੀ, ਨਾ ਹੋਵੇ ਅੱਖ ਕਦੇ ਕੈਰੀ ਨਾ ਦਿਲ-ਚੌਣੀ ਨਜ਼ਰ ਚਾਹੀਏ। ਨਾ ਅੱਗੇ ਹੀ ਸਗੋਂ ਭੀੜਾਂ ਦੇ ਪਿੱਛੇ ਵੀ ਪਛਾਣੇ ਜੋ, ਹੰਗਾਮੇ ਚੀਰਦੀ ਹੋਈ ਅਜਬ ਭੌਣੀ ਨਜ਼ਰ ਚਾਹੀਏ। ਨਜ਼ਾਰੇ ਦਿਲ-ਨਸ਼ੀ ਜੇ ਰੰਗ ਅਨੋਖੇ ਦੇਖਣੇ ਚਾਹੋ, ਨਜ਼ਰ ਦੀ ਆਮ ਸੀਮਾ ਤੋਂ ਪਰੇ ਪੌਣੀ ਨਜ਼ਰ ਚਾਹੀਏ।
ਨਿਰੀ ਪੱਥਰ ਉਦਾਸੀ ਹੈ
ਨਿਰੀ ਪੱਥਰ ਉਦਾਸੀ ਹੈ ਅਸਾਡੇ ਵਿਹੜਿਆਂ ਅੰਦਰ। ਨਿਰੀ ਨਾਗਾਂ ਨਿਵਾਸੀ ਹੈ ਅਸਾਡੇ ਵਿਹੜਿਆਂ ਅੰਦਰ। ਗਟਾ ਗਟ ਦੁੱਧ ਪੀ ਜਾਂਦੀ ਗਟਾ ਗਟ ਜ਼ਹਿਰ ਪੀ ਲੈਂਦੀ, ਇਹ ਕਿਸ ਦੀ ਰੂਹ ਪਿਆਸੀ ਹੈ ਅਸਾਡੇ ਵਿਹੜਿਆਂ ਅੰਦਰ। ਹੋਏ ਆਪਸ 'ਚ ਹੀ ਵੈਰੀ ਇਹ ਕੰਧ, ਕੌਲੇ, ਸਿਹਨ, ਕਮਰੇ, ਜਿਵੇਂ ਚੜ੍ਹਿਆ ਚੁਰਾਸੀ ਹੈ ਅਸਾਡੇ ਵਿਹੜਿਆਂ ਅੰਦਰ। ਸਦਾਕਤ, ਹੱਕ ਤੇ ਕਾਨੂੰਨ ਨੇ ਸਾਰੇ ਵਿਦਾ ਹੋਏ, ਹੋਈ ਹਰ ਗੱਲ ਸਿਆਸੀ ਹੈ ਅਸਾਡੇ ਵਿਹੜਿਆਂ ਅੰਦਰ। ਅਸੀਂ ਘਰ ਰਹਿ ਰਹੇ ਵੀ ਤਾਂ ਨਹੀਂ ਘਰ ਰਹਿ ਰਹੇ ਹੁੰਦੇ, ਸਦਾ ਹੁੰਦੀ ਤਲਾਸ਼ੀ ਹੈ ਅਸਾਡੇ ਵਿਹੜਿਆਂ ਅੰਦਰ।
ਮੁਹੱਬਤ ਆ ਮਿਲੀ
ਇਕੱਲਾ ਸੀ ਮੁਹੱਬਤ ਆ ਮਿਲੀ ਹੁਣ ਕੀ ਕਰਾਂ ਯਾਰੋ। ਮਰਾਂ ਵੀ ਤਾਂ ਜਿਊਂਦਾ ਹਾਂ ਤੇ ਜੀ ਕੇ ਵੀ ਮਰਾਂ ਯਾਰੋ। ਜ਼ਮਾਨੇ ਪੱਥਰਾਂ ਨਾਲ ਬੰਨ੍ਹਿਆ ਦਰਿਆ 'ਚ ਸੀ ਸੁੱਟਿਆ, ਮੁਹੱਬਤ ਨਾਲ ਸੀ ਮੇਰੇ ਮੈਂ ਡੁਬ ਕੇ ਵੀ ਤਰਾਂ ਯਾਰੋ। ਮੁਹੱਬਤ ਨਾਲ ਮੈਂ ਮਸ਼ਹੂਰ ਹੋਇਆ ਸਾਰੀ ਦੁਨੀਆਂ ਤੇ, ਅਜਨਬੀ ਕਹਿ ਲਿਆ ਮੈਨੂੰ ਮਿਰੇ ਅਪਣੇ ਘਰਾਂ ਯਾਰੋ। ਮਿਰੇ ਸਾਹਵੇਂ ਉਹ ਬੈਠੇ ਨੇ ਮਿਰੀ ਰੂਹੇ-ਰਵਾਂ ਹੋ ਕੇ, ਗ਼ਜ਼ਲ ਦੇ ਸ਼ਿਅਰ ਹੁਣ ਪੂਰੇ ਕਰਾਂ ਮੈਂ ਕਿਸ ਤਰ੍ਹਾਂ ਯਾਰੋ। ਡਰਾਂ ਪ੍ਰਛਾਵਿਆਂ ਤੋਂ ਆਪਣੇ ਤੋਂ ਦੋਸਤਾਂ ਤੋਂ ਵੀ, ਬੜਾ ਡਰਪੋਕ ਹਾਂ ਮੈਂ ਗੱਲ ਗੱਲ ਉੱਤੇ ਡਰਾਂ ਯਾਰੋ। ਕੁਫਰ ਤੋਂ ਹੈ ਮਿਰੀ ਤੌਬਾ ਬਗ਼ਾਵਤ ਹੈ ਬਗ਼ਾਵਤ ਹੈ, ਜ਼ਬਰ ਨੂੰ ਹੋਰ ਕਿੰਨਾ ਚਿਰ ਮੈਂ ਪਿੰਡੇ ਤੇ ਜਰਾਂ ਯਾਰੋ। ਮੁਹੱਬਤ ਆਪ ਕੀਤੀ ਹੈ ਇਹਨੂੰ ਹੱਸ ਕੇ ਬੁਲਾਇਆ ਮੈਂ, ਮਿਰਾ ਹੀ ਦੋਸ਼ ਹੈ ਇਹ ਦੋਸ਼ ਮੈਂ ਕਿਸ ਤੇ ਧਰਾਂ ਯਾਰੋ।
ਉਹੀ ਹਾਣੀ ਸਮੇਂ ਦੇ
ਉਹੀ ਹਾਣੀ ਸਮੇਂ ਦੇ ਵਕਤ ਵੀ ਲਿਸ਼ਕੋਰ ਹੁੰਦੇ ਨੇ। ਘਟਾ ਘਨਘੋਰ ਵਿਚ ਬਣ ਕੇ ਜੋ ਨੱਚਦੇ ਮੋਰ ਹੁੰਦੇ ਨੇ। ਸਦਾਅ ਜੋ ਹੱਕ ਦੀ ਦੇਂਦੇ ਉਹ ਹੁੰਦੇ ਨੇ ਮਹਾਂ-ਮਾਨਵ, ਕਿਸੇ ਦਾ ਹੱਕ ਜੋ ਖੋਂਹਦੇ ਉਹ ਆਦਮ-ਖੋਰ ਹੁੰਦੇ ਨੇ । ਉਨ੍ਹਾਂ ਨੂੰ ਦੇਖ ਬਾਹਰੋਂ ਹੀ ਨਾ ਕਰ ਕੁੱਝ ਫੈਸਲਾ ਬਹਿਣਾ, ਉਹ ਬਾਹਰੋਂ ਹੋਰ ਹੁੰਦੇ ਨੇ ਤੇ ਅੰਦਰੋਂ ਹੋਰ ਹੁੰਦੇ ਨੇ। ਚੜ੍ਹਾਅ ਕੇ ਆਸਮਾਨੀ ਉਹ ਬੜੇ ਨੇ ਮਾਰਦੇ ਤੁਣਕੇ, ਚੜ੍ਹੀ ਜਦ ਸਿਖਰ ਹੁੰਦੀ ਹੈ ਤਾਂ ਖਿੱਚਦੇ ਡੋਰ ਹੁੰਦੇ ਨੇ। ਜਿਨ੍ਹਾਂ ਦਾ ਇਸ਼ਕ ਕਾਮਲ ਹੈ ਟਿਕੀ ਉਹ ਝੀਲ ਨੇ ਹੁੰਦੇ, ਘੜੇ ਊਣੇ ਹੀ ਦਰਿਆ ਵਾਂਗ ਪਾਉਂਦੇ ਸ਼ੋਰ ਹੁੰਦੇ ਨੇ। ਜਿਨ੍ਹਾਂ ਨੂੰ ਤਾਂਘ ਹੁੰਦੀ ਹੈ ਉਹ ਸਾਗਰ ਚੀਰ ਆ ਮਿਲਦੇ, ਖ਼ਤਾਂ ਦਾ ਆਸਰਾ ਜੋ ਭਾਲਦੇ ਕਮਜ਼ੋਰ ਹੁੰਦੇ ਨੇ। ਪਤਾ ਨਹੀਂ ਕਿਸ ਸਮੇਂ ਓਹਨਾਂ ਤੁਹਾਡਾ ਦਿਲ ਚੁਰਾ ਲੈਣਾ, ਵਸਾਹ ਦਿਲ ਦਾ ਨਾ ਕਰਿਓ ਹਰ ਜਗ੍ਹਾ ਇਹ ਚੋਰ ਹੁੰਦੇ ਨੇ।
ਨਹੀਂ ਮੈਂ ਉਹ ਨਹੀਂ
ਨਹੀਂ ਮੈਂ ਉਹ ਨਹੀਂ ਹਾਂ ਜੋ ਕਦੇ ਸਰਕਾਰ ਹੁੰਦਾ ਸੀ। ਮਿਰਾ ਵੀ ਜ਼ਿਕਰ ਅਕਸਰ ਮਹਿਫਲੀਂ ਹਰ ਵਾਰ ਹੁੰਦਾ ਸੀ। ਮਿਰੀ ਹਸਤੀ ਵੀ ਹਸਤੀ ਸੀ ਅਦਾ ਸੀ ਆਸ਼ਨਾਈ ਸੀ, ਮਿਰੇ ਹਰ ਕਰਮ 'ਚੋਂ ਫੁੱਟਦਾ ਮਿਰਾ ਕਿਰਦਾਰ ਹੁੰਦਾ ਸੀ। ਮਿਰੇ ਕਮਰੇ 'ਚ ਵੀ ਮਹਿਕੇ ਕਦੇ ਸੁੱਚੀ ਵਫਾ ਦੇ ਫੁੱਲ, ਮਿਰਾ ਵੀ ਸੀ ਕੁਈ ਅਪਣਾ ਕੁਈ ਦਿਲਦਾਰ ਹੁੰਦਾ ਸੀ। ਮੁਹੱਬਤ ਨੇ ਅਸਾਨੂੰ ਵੀ ਅਨੋਖੇ ਰੰਗ ਦਿਖਲਾਏ, ਕਿਸੇ ਲਈ ਤੜਪਦਾ ਦਿਲ ਲੁੱਛਦਾ ਬੇ-ਜ਼ਾਰ ਹੁੰਦਾ ਸੀ। ਸਮਾਂ ਦੇਖੋ ਘਰੋਂ ਹੁਣ ਪੈਰ ਉਹ ਬਾਹਰ ਨਹੀਂ ਕੱਢਦਾ, ਕਦੇ ਜੋ ‘ਕੰਵਲ’ ਹਾਜ਼ਰ ਹਰ ਜਗ੍ਹਾ ਸਾਕਾਰ ਹੁੰਦਾ ਸੀ।
ਅਜੇ ਜਾਈਂ ਨਾ ਤੂੰ ਮਹਿਰਮ
ਅਜੇ ਜਾਈਂ ਨਾ ਤੂੰ ਮਹਿਰਮ ਅਜੇ ਤਾਂ ਰਾਤ ਬਾਕੀ ਹੈ। ਮਿਰੇ ਜੋ ਸ਼ੌਕ ਨੇ ਛੋਹਣੀ ਅਜੇ ਉਹ ਬਾਤ ਬਾਕੀ ਹੈ। ਹੁਸਨ ਦੀ ਝਾਤ ਬਾਕੀ ਹੈ ਇਸ਼ਕ ਦੀ ਚਾਹਤ ਬਾਕੀ ਹੈ, ਮਿਰੇ ਅਰਮਾਨ ਦੀ ਆਉਣੀ ਅਜੇ ਪ੍ਰਭਾਤ ਬਾਕੀ ਹੈ। ਅਜੇ ਮੈਂ ਰਾਤ ਦਿਨ ਹੈ ਜਾਗਣਾ ਤੇ ਸ਼ੌਕ ਉਮਰਾਂ ਦੇ, ਮਿਰੀ ਝੋਲੀ 'ਚ ਪੈਣੀ ਜੋ ਅਜੇ ਉਹ ਦਾਤ ਬਾਕੀ ਹੈ। ਛਿੜੀ ਸੰਗਰਾਮ ਦੀ ਗਾਥਾ ਰਹੇਗੀ ਇਹ ਜਦੋਂ ਤੱਕ ਕਿ, ਤਿਰੀ ਔਕਾਤ ਬਾਕੀ ਹੈ ਤੇ ਮੇਰੀ ਜ਼ਾਤ ਬਾਕੀ ਹੈ। ਅਜੇ ਤਾਂ ਮੈਂ ਵਫ਼ਾ ਦੇ ਰੰਗ ਤੱਕਣੇ ਨੇ ਅਨੋਖੇ ਹੀ, ਅਜੇ ਤਾਂ ਇਸ਼ਕ ਨੇ ਦੇਣੀ ਹੁਸਨ ਨੂੰ ਮਾਤ ਬਾਕੀ ਹੈ। ਅਜੇ ਖ਼ਤ ਹੀ ਮਿਲੇ ਨੇ ਜਾਂ ਨਿਸ਼ਾਨੀ ਕੁਝ ਰੁਮਾਲਾਂ ਦੀ, ਉਹਦੀ ਮੁਸਕਾਨ ਦੀ ਮਿਲਣੀ ਅਜੇ ਸੌਗਾਤ ਬਾਕੀ ਹੈ। ਕਹਾਣੀ ਜ਼ੁਲਮ ਦੀ ਓਵੇਂ ਸ਼ਹਾਦਤ-ਦਰ-ਸ਼ਹਾਦਤ ਵੀ, ਪਿਆਲਾ ਜ਼ਹਿਰ ਦਾ ਪੀਣਾ ਅਜੇ ‘ਸੁੱਕਰਾਤ’ ਬਾਕੀ ਹੈ।
ਸਮੇਂ ਸੰਗ
ਸਮੇਂ ਸੰਗ ਸਾਰੀਆਂ ਸਾਂਝਾਂ ਸਹਾਰੇ ਬਦਲ ਜਾਂਦੇ ਨੇ। ਨਜ਼ਰ ਹੁੰਦੀ ਹੈ ਓਹੀ ਪਰ ਨਜ਼ਾਰੇ ਬਦਲ ਜਾਂਦੇ ਨੇ। ਟਿਕੇ ਮੌਸਮ 'ਚ ਤਾਂ ਮੰਝਧਾਰ ਵੀ ਅਠਖੇਲੀਆਂ ਕਰਦੇ, ਜਦੋਂ ਤੂਫਾਨ ਉੱਠਦੇ ਨੇ ਕਿਨਾਰੇ ਬਦਲ ਜਾਂਦੇ ਨੇ। ਜਦੋਂ ਇਕ ਆਪਣਾ ਹੁੰਦੈ ਤਾਂ ਲੱਗਦੇ ਆਪਣੇ ਸਾਰੇ, ਉਹੀ ਜੇ ਨਾ ਰਹੇ ਅਪਣਾ ਤਾਂ ਸਾਰੇ ਬਦਲ ਜਾਂਦੇ ਨੇ। ਜਦੋਂ ਹੋ ਰੂ-ਬ-ਰੂ ਸੋਚ ਦੇ ਹੈ ਯਾਰੋ ਜੂਝਣਾ ਪੈਂਦਾ, ਉਦੋਂ ਜ਼ਿੰਦਗੀ ਦੇ ਚਾਅ ਸਾਰੇ ਕੁਆਰੇ ਬਦਲ ਜਾਂਦੇ ਨੇ। ਸੁਖਾਂ ਵਿਚ ਭੀੜ ਇਕ ਭਾਰੀ ਤੁਹਾਡੇ ਨਾਲ ਹੋਵੇਗੀ, ਜਦੋਂ ਸਿਰ ਭੀੜ ਪੈਂਦੀ ਹੈ ਪਿਆਰੇ ਬਦਲ ਜਾਂਦੇ ਨੇ।
ਮੇਰੀ ਹੁਣ ਦੀ ਹਾਲਤ
ਮੇਰੀ ਹੁਣ ਦੀ ਹਾਲਤ ਵੇਖਣ ਵਾਲੀ ਹੈ। ਆਪ ਚਿਖ਼ਾ ਮੈਂ ਆਪਣੀ ਯਾਰੇ ਬਾਲੀ ਹੈ। ਲੋਕਾਂ ਦੀ ਬਸ ਮੇਰੇ ਵਲ ਹੀ ਉਂਗਲ ਹੈ, ਇਹ ਨਾ ਸੋਚਣ ਦੋ ਹੱਥ ਵੱਜਦੀ ਤਾਲੀ ਹੈ। ਮੇਰੇ ਸ਼ਬਦਾਂ ਵਿਚ ਭਰੋਸਾ ਸਿਦਕ-ਦਿਲੀ, ਤੇਰੇ ਸ਼ਬਦਾਂ ਦਾ ਅੰਦਾਜ਼ ਸਵਾਲੀ ਹੈ। ਸਭ ਕੁਝ ਆਪ ਲੁਟਾਇਆ ਜਾਂ ਲੋਕਾਂ ਲੁੱਟਿਆ, ਪਰ ਸੰਭਾਲੀ ਤੇਰੀ ਪ੍ਰੀਤ ਸੰਭਾਲੀ ਹੈ। ਮੇਰੀ ਹਾਲਤ ਵਿਚ 'ਗਰ ਆ ਕੇ ਸੋਚੋਗੇ, ਸੋਚੋਗੇ ਕਿ ਸੱਚਮੁਚ ਸੋਚਣ ਵਾਲੀ ਹੈ।
ਕੁੱਝ ਨਾ ਕੁੱਝ
ਕੁੱਝ ਨਾ ਕੁੱਝ ਤਾਂ ਕਰਨਾ ਪੈਂਦਾ ਹੈ ਪਿਆਰੇ। ਜੀਣਾ ਹੈ ਤਾਂ ਮਰਨਾ ਪੈਂਦਾ ਹੈ ਪਿਆਰੇ। ਸਾਗਰ ਦੇ ਵਿਚ ਠਿਲ੍ਹਣਾ ਹੈ ਤਾਂ ਸੋਚ ਲਵੋ, ਡੁੱਬਣਾ ਜਾਂ ਫਿਰ ਤਰਨਾ ਪੈਂਦਾ ਹੈ ਪਿਆਰੇ। ਜਿਸ ਵਰਿਆਮ ਤੋਂ ਦੁਨੀਆਂ ਡਰਦੀ ਓਸੇ ਨੂੰ, ਇਕ ਦਿਨ ਇਸ ਤੋਂ ਡਰਨਾ ਪੈਂਦਾ ਹੈ ਪਿਆਰੇ। ਜਿਸ ਕੰਮ ਤੋਂ ਸਾਰੀ ਉਮਰਾ ਬਚਦੇ ਰਹੀਏ, ਇਕ ਦਿਨ ਉਹ ਕੰਮ ਕਰਨਾ ਪੈਂਦਾ ਹੈ ਪਿਆਰੇ। ਜੋ ਗ਼ਮ ਹੋਰਾਂ ਨੂੰ ਦੇ ਖੁਸ਼ ਹਾਂ ਹੁੰਦੇ ਰਹੇ, ਇਕ ਦਿਨ ਉਹ ਖੁਦ ਜਰਨਾ ਪੈਂਦਾ ਹੈ ਪਿਆਰੇ। ਗਲੀ ਯਾਰ ਦੀ ਜਾਣ ਲਈ ਇਹ ਲਾਜ਼ਮ ਹੈ, ਸੀਸ ਤਲੀ ਤੇ ਧਰਨਾ ਪੈਂਦਾ ਹੈ ਪਿਆਰੇ। ਦੁਨੀਆਂ ਦੇ ਹਰ ਪੱਥਰ ਅੱਗੇ ਪੱਥਰ ਹੈ, ਦਿਲ ਨੂੰ ਪੱਥਰ ਕਰਨਾ ਪੈਂਦਾ ਹੈ ਪਿਆਰੇ।
ਦਰਦ ਤੇਰਾ
ਦਰਦ ਤੇਰਾ ਤੇ ਪਿੰਡ ਹੰਢਾਉਂਦਾ ਹਾਂ ਮੈਂ । ਬੋਲ ਤੇਰੇ ਨੇ ਪਰ ਗੁਣ-ਗੁਣਾਉਂਦਾ ਹਾਂ ਮੈਂ। ਸੁਣ ਰਹੇ ਲੋਕ ਨੇ ਬਹੁਤ ਦਿਲਚਸਪ ਹੈ, ਬਾਤ ਤੇਰੀ ਕਿ ਜਿਸ ਨੂੰ ਸੁਣਾਉਂਦਾ ਹਾਂ ਮੈਂ। ਬਿਨ ਬੁਲਾਏ ਕਈ ਆਣ ਕੇ ਤੁਰ ਗਏ, ਉਹ ਨਾ ਆਏ ਜਿਨ੍ਹਾਂ ਨੂੰ ਬੁਲਾਉਂਦਾ ਹਾਂ ਮੈਂ। ਕੋਲ ਆਉਂਦੇ ਨਹੀਂ ਦੂਰ ਮੁਸਕਾ ਰਹੇ, ਜਾਣਦੇ ਉਹ ਕਿ ਓਹਨਾਂ ਨੂੰ ਚਾਹੁੰਦਾ ਹਾਂ ਮੈਂ। ਭੇਤ ਨੇ ਏਸ ਗੱਲ ਦਾ ਉਹੀ ਜਾਣਦੇ। ਕਿਉਂ ਇਹ 'ਕੈਕਟਸ' ਤੇ ਥੋਰ੍ਹਾਂ ਉਗਾਉਂਦਾ ਹਾਂ ਮੈਂ। ਫਾਸਲਾ ਸਾਡੇ ਦੋਹਾਂ 'ਚ ਕੁਝ ਕਦਮ ਦਾ, ਇਹ ਨਾ ਮੁੱਕਦਾ ਬੜਾ ਹੀ ਮੁਕਾਉਂਦਾ ਹਾਂ ਮੈਂ । ਲੋਕ ਪੁੱਛਦੇ ਨੇ ਕੀ ਚੀਜ਼ ਹੈ ਇਹ ‘ਕੰਵਲ', ਮੈਂ ਕਹਾਂ ਕੀ ਕਿ ਬਸ ਮੁਸਕ੍ਰਾਉਂਦਾ ਹਾਂ ਮੈਂ ।
ਬਾਅਦ ਵਿਚ
ਲੋਕ ਕਰਦੇ ਤਾਂ ਨੇ ਯਾਦ ਪਰ ਬਾਅਦ ਵਿਚ। ਦੇ ਵੀ ਦੇਂਦੇ ਨੇ ਕੁਝ ਦਾਦ ਪਰ ਬਾਅਦ ਵਿਚ । ਓਸ ਨੂੰ ਮਿਲ ਕੇ ਦਿਲ ਹੋ ਗਿਆ ਸ਼ਾਦ ਸੀ, ਹੋ ਗਿਆ ਭਾਵੇਂ ਨਾ-ਸ਼ਾਦ ਪਰ ਬਾਅਦ ਵਿਚ। ਜਦ ਉਹ ਤੁਰਿਆ ਸਫ਼ਰ ਤੇ ਇਕੱਲਾ ਹੀ ਸੀ, ਵਧ ਗਈ ਫੇਰ ਤਾਦਾਦ ਪਰ ਬਾਅਦ ਵਿਚ। ਆਪ ਸੀ ਉਹ ਉਜਾੜੀਂ ਰਿਹਾ ਭਟਕਦਾ, ਹੋਈ ਦੁਨੀਆਂ ਸੀ ਆਬਾਦ ਪਰ ਬਾਅਦ ਵਿਚ। ਸ਼ਿਅਰ ਕਹਿ ਕੇ ਕਦੇ ਦਾ ‘ਕੰਵਲ’ ਤੁਰ ਗਿਆ, ਹੋਈ ‘ਇਰਸ਼ਾਦ’ ‘ਇਰਸ਼ਾਦ' ਪਰ ਬਾਅਦ ਵਿਚ।
ਇਕ ਵਾਰ ਜਦੋਂ ਰਿਸ਼ਤੇ
ਇਕ ਵਾਰ ਜਦੋਂ ਰਿਸ਼ਤੇ ਤਿੜਕਣ ਤੇ ਟੁੱਟ ਜਾਵਣ। ਜੁੜ ਜਾਣ ਵੀ ਤਾਂ ਫਿਰ ਇਹ ਹਮਵਾਰ ਨਹੀਂ ਰਹਿੰਦੇ। ਜੇ ਨੇਕ ਇਰਾਦਾ ਹੈ ਮੰਜ਼ਿਲ ਜੇ ਮਨ-ਚਾਹੀ, ਉਹ ਸਫ਼ਰ ਸੁਹਾਣੇ ਨੇ ਦੁਸ਼ਵਾਰ ਨਹੀਂ ਰਹਿੰਦੇ। ਸੱਚ ਸੰਗ ਜੋ ਪ੍ਰਣਾਏ ਅੰਗ ਸੰਗ ਜੋ ਲੋਕਾਂ ਦੇ, ਉਹ ਮਾਣ ਮਨੁੱਖਤਾ ਦਾ ਅਖ਼ਬਾਰ ਨਹੀਂ ਰਹਿੰਦੇ। ਇਕ ਵਾਰ ਦਗ਼ਾ ਦੇ ਕੇ ਸੌ ਵਾਰ ਵਫਾ ਦੱਸਣ, ਮੁੜ ਓਸ ਯਰਾਨੇ ਦੇ ਇਤਬਾਰ ਨਹੀਂ ਰਹਿੰਦੇ। ਰਲ ਬਹਿਣ ਸਦਾ ਪੰਛੀ ਰੁੱਖਾਂ ਤੇ ਰੰਗ ਰੰਗ ਦੇ, ਪਰ ਏਸ ਤਰ੍ਹਾਂ ਲੋਕੀਂ ਕਿਉਂ ਯਾਰ ਨਹੀਂ ਰਹਿੰਦੇ। ‘ਖੁਸ਼ਵੰਤ ਕੰਵਲ’ ਚੁਪ ਕਰ ਜੇ ਜ਼ਿੰਦਗੀ ਲੰਘਾਣੀ ਤੂੰ, ਜਾਂ ਸਮਝ ਕਿ ਤੇਰੇ ਵੀ ਦਿਨ ਚਾਰ ਨਹੀਂ ਰਹਿੰਦੇ।
ਘੁੱਗੀਆਂ ਕਿਤੇ ਕਿਤੇ
ਇੱਲ੍ਹਾਂ, ਗਿਰਝਾਂ, ਕਾਂ ਬਥੇਰੇ ਘੁੱਗੀਆਂ ਨੇ ਪਰ ਕਿਤੇ ਕਿਤੇ। ਬਾਤਾਂ ਇਸ਼ਕ ਮੁਹੱਬਤ ਦੀਆਂ ਪੁੱਗੀਆਂ ਨੇ ਪਰ ਕਿਤੇ ਕਿਤੇ । ਸਾਜ਼ਿਸ਼ ਦਰ ਸਾਜ਼ਿਸ਼ ਹੰਗਾਮੇ ਮਾਰਾਂ-ਧਾੜਾਂ ਲੁੱਟ-ਖਸੁੱਟ, ਸ਼ਹਿਦ ਭਰੇ ਫੁੱਲਾਂ ਦੀਆਂ ਵੇਲਾਂ ਉੱਗੀਆਂ ਨੇ ਪਰ ਕਿਤੇ ਕਿਤੇ। ਹਾਰੀ ਹਿੰਮਤ, ਟੁੱਟੇ ਜਿਗਰੇ, ਤਿੜਕੇ ਸਿਦਕਾਂ ਦੀ ਦਲਦਲ, ਰਾਹਾਂ ਪੀੜਾਂ ਪੈਰਾਂ ਦੀਆਂ ਚੁੱਗੀਆਂ ਨੇ ਪਰ ਕਿਤੇ ਕਿਤੇ। ਕਰਨ ਹਨੇਰੇ ਦੀ ਪ੍ਰਕਰਮਾ ਮਹਿਲ, ਮਮਟੀਆਂ, ਤਾਜ, ਤਖਤ, ਚਾਨਣ ਜਿਨ੍ਹਾਂ 'ਚੋਂ ਫੁੱਟਦਾ ਉਹ ਝੁੱਗੀਆਂ ਨੇ ਪਰ ਕਿਤੇ ਕਿਤੇ । ਮਹਿਕਦੀਆਂ ਰੁੱਤਾਂ ਦੇ ਮੇਲੇ ਸੱਧਰਾਂ ਦੇ ਸਧਰਾਏ ਖੇਤ, ਹਰੀਆਂ ਨੀਮ-ਪਿਆਜ਼ੀ ਫਸਲਾਂ ਉੱਗੀਆਂ ਨੇ ਪਰ ਕਿਤੇ ਕਿਤੇ।
ਅੱਧੀ ਸੁੱਤਿਆਂ ਬੀਤ ਗਈ
ਅੱਧੀ ਸੁੱਤਿਆਂ ਬੀਤ ਗਈ ਤੇ ਅੱਧੀ ਬੀਤੀ ਜਾਗਦਿਆਂ । ਪਰ ਜੇ ਪੁੱਛੇ ਸਾਰੀ ਬੀਤੀ ਇਸ਼ਕ ਤੇਰੇ ਨੂੰ ਪਾਲਦਿਆਂ। ਏਨਾ ਵੀ ਬੇਗਾਨਾ-ਪੱਨ ਕੀ ਦਿਨੇ-ਦਿਹਾੜੇ ਲੁੱਟ ਗਿਆਂ, ਐਪਰ ਕਿਸ ਨੇ, ਕੀਕਰ ਲੁੱਟਿਆ ਕੁੱਝ ਨਾ ਦੱਸਿਆ ਨਾਲ ਦਿਆਂ। ਇਹ ਤਾਂ ਘਰ ਦੇ ਚੁੱਲ੍ਹੇ ਵਿਚਲੇ ਗਿੱਲੇ ਗੋਹੇ ਦੀ ਬਰਕਤ, ਵਹਿਮ ਹੈ ਤੈਨੂੰ ਅੱਖਾਂ ਸੁੱਜੀਆਂ ਰਾਤ ਉਨੀਂਦੇ ਝਾਗਦਿਆਂ। ਯਾਰਾਂ ਨਾਲੋਂ ਦੁਸ਼ਮਣ ਚੰਗੇ ਸਾਂਹਵੇਂ ਕਰਦੇ ਜੋ ਕਰਦੇ, ਪਰ ਯਾਰੀ ਦੇ ਓਹਲੇ ਯਾਰਾਂ ਢਿੱਲ ਨਾ ਕੀਤੀ ਮਾਰਦਿਆਂ। ਨ੍ਹੇਰੇ ਦੀ ਥਾਂ ਚਾਨਣ ਕਰਦਾਂ ਸਾਹਾਂ ਵਿੱਚੋਂ ਸਾਹ ਦੇਨਾਂ, ਖੋਹਾਂ ਨਾ ਮੈਂ ਖੰਭ ਕਿਸੇ ਦੇ ਦੇਵਾਂ ਤਾਂ ਪ੍ਰਵਾਜ਼ ਦਿਆਂ। ਪੈਰਾਂ ਵਿਚ ਜੰਜ਼ੀਰਾਂ ਹੱਥੀਂ ਹੱਥ-ਕੜੀਆਂ ਤੇ ਪਹਿਰੇ ਨੇ, ਜੀਭਾਂ ਉੱਤੇ ਕਿੱਲ ਠੁਕੇ ਨੇ ਕੀਕਰ ਮੈਂ ਆਵਾਜ਼ ਦਿਆਂ। ਦਰਦ ਨਹੀਂ ਇਹ ਮੇਰਾ ਇਹ ਤਾਂ ਦਰਦ ਜ਼ਮਾਨੇ ਦਾ ਯਾਰੋ, ਮੈਂ ਤਾਂ ਬੱਸ ਇਹਨਾਂ ਨੂੰ ਕੋਲੋਂ ਕੁੱਝ ਢੁੱਕਵੇਂ ਅਲਫ਼ਾਜ਼ ਦਿਆਂ।
ਮਹਿਫ਼ਿਲ ਦੇ ਵਿਚ
ਮਹਿਫ਼ਿਲ ਦੇ ਵਿਚ ਗੱਲ ਕਰਨ ਦਾ ਢੰਗ ਨਾ ਸਾਨੂੰ ਆਇਆ। ਕੀਕਰ ਬੰਨ੍ਹਣਾ ਮਹਿਫਿਲ ਦੇ ਵਿਚ ਰੰਗ ਨਾ ਸਾਨੂੰ ਆਇਆ। ਖੇਡੀ ਜਿਹੜੀ ਖੇਡ ਵੀ ਖੇਡੀ ਮਨ ਦੇ ਸੁੱਚਮ ਨਾਲ, ਖੇਡ 'ਚ ਸੁੱਟਣਾ ਪਰ ਪੱਤਾ ਬਦਰੰਗ ਨਾ ਸਾਨੂੰ ਆਇਆ। ਸਾਦ-ਮੁਰਾਦੇ ਵੇਸ 'ਚ ਆਪਾਂ ਕਰ ਲੀਤਾ ਗੁਜ਼ਰਾਨ, ਸਾਹ-ਘੁੱਟਵਾਂ ਪਰ ਕੁੜਤਾ ਯਾਰੋ ਤੰਗ ਨਾ ਸਾਨੂੰ ਆਇਆ। ਕੁਫ਼ਰ ਤੋਲਣਾ ਸੱਚ ਤੋਂ ਮੁਨਕਰ ਹੋ ਨਾ ਸਾਥੋਂ ਹੋਇਆ, ਦੁਨੀਆਂ ਇਸ ਨੂੰ ਚੰਗ ਕਹੇ ਇਹ ਚੰਗ ਨਾ ਸਾਨੂੰ ਆਇਆ। ਜਿੱਥੇ ਸਾਡੀ ਲੋੜ ਨਹੀਂ ਸੀ ਪੁੱਛ-ਪ੍ਰਤੀਤ ਨਹੀਂ ਸੀ, ਓਥੇ ਜੁੜ ਜੁੜ ਬੈਠਣ ਦਾ ਪ੍ਰਸੰਗ ਨਾ ਸਾਨੂੰ ਆਇਆ। ਰਾਹ ਵਿਚ ਆਏ ‘ਰੰਗਪੁਰ ਖੇੜ੍ਹੇ’ ਹਰ ਇਕ ਮੋੜ ਤੇ ‘ਕੈਦੋਂ', ਪੈਂਡੇ ਮੁੱਕੇ ਉਮਰਾਂ ਪੁੱਗੀ ‘ਝੰਗ’ ਨਾ ਸਾਨੂੰ ਆਇਆ। ਚੰਗੀ ਚਾਹੇ ਮੰਦੀ ਲੱਗੀ ਗੱਲ ਕੀਤੀ ਮੰਤਕ ਦੀ, ਜਾਦੂਗਰ ਦੇ ਵਾਂਗਰ ਕਰਨਾ ਦੰਗ ਨਾ ਸਾਨੂੰ ਆਇਆ।
ਮੈਂ ਤਾਂ ਅਕਸਰ
ਮੈਂ ਤਾਂ ਅਕਸਰ ਹਰ ਇਕ ਦਾ ਇਤਬਾਰ ਜਿਹਾ ਕਰ ਲੈਨਾਂ। ਉਸ ਦਾ ਦਾਮਨ ਸੀ ਅਪਣਾ ਲੰਗਾਰ ਜਿਹਾ ਕਰ ਲੈਨਾਂ। ਮੈਂ ਮਹਿਫਿਲ ਵਿਚ ਉੱਚਾ ਬੋਲਾਂ, ਫਿੱਕਾ ਬੋਲਾਂ, ਮੁਸ਼ਕਿਲ, ਏਦਾਂ ਦੀ ਗੁਫ਼ਤਾਰ ਤੋਂ ਮੈਂ ਇਨਕਾਰ ਜਿਹਾ ਕਰ ਲੈਨਾਂ। ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ, ਮੈਂ ਤਾਂ ਉਪਰੋਂ ਉਪਰੋਂ ਹੀ ਇਜ਼ਹਾਰ ਜਿਹਾ ਕਰ ਲੈਨਾਂ। ਅਕਸਰ ਉਸ ਦੇ ਖ਼ਤ ਵਾਂਗਰ ਮੈਂ ਅਪਣਾ ਆਪ ਲੁਕਾਵਾਂ, ਕਦੇ ਕਦੇ ਪਰ ਆਪੇ ਨੂੰ ਅਖ਼ਬਾਰ ਜਿਹਾ ਕਰ ਲੈਨਾਂ। ਰੂਹ ਦਾ ਰੰਗ ਤੇ ਭਾਵਾਂ ਦੀ ਖੁਸ਼ਬੂ ਹਰ ਅੱਖਰ ਭਰ ਕੇ, ਮੈਂ ਸ਼ੇਅਰਾਂ ਨੂੰ ਮਹਿਕ ਰਹੀ ਗੁਲਜ਼ਾਰ ਜਿਹਾ ਕਰ ਲੈਨਾਂ। ਲੋਕਾਂ ਦੇ ਦਿਲ ਦੀ ਗੱਲ ਕਰ ਕੇ ਨਾਲ ਉਨ੍ਹਾਂ ਦੇ ਖੜ੍ਹ ਕੇ। ਹੋਂਦ ਨਿਮਾਣੀ ਅਪਣੀ ਦਾ ਵਿਸਤਾਰ ਜਿਹਾ ਕਰ ਲੈਨਾਂ। ਖੋਹਲ ਕੇ ਆਪਣੇ ਦਿਲ ਦੀ ਬਾਰੀ ਖ਼ਾਬਾਂ ਤੋਂ ਵੀ ਸੋਹਣੇ, ਦੂਰ ਵਸੇਂਦੇ ਸੱਜਣਾਂ ਦਾ ਦੀਦਾਰ ਜਿਹਾ ਕਰ ਲੈਨਾਂ। ਹਰ ਕੋਈ ਮੈਨੂੰ ਅਪਣੇ ਨਾਲੋਂ ਚੰਗਾ ਚੰਗਾ ਲੱਗਦਾ, ਜਦ ਵੀ ਹਸਤੀ ਅਪਣੀ ਨੂੰ ਮਿਸਮਾਰ ਜਿਹਾ ਕਰ ਲੈਨਾਂ।
ਜੇ ਇਵੇਂ ਹੀ
ਜੇ ਇਵੇਂ ਹੀ ਇਹ ਮੌਸਮ ਰਹੇ ਅਜਨਬੀ, ਫੁੱਲ ਬਾਗਾਂ 'ਚ ਰੰਗਲੇ ਕਿਵੇਂ ਖਿੜਨਗੇ। ਜੀਭ ਤੇ ਇਸ ਤਰ੍ਹਾਂ ਹੀ ਜੇ ਤਾਲੇ ਰਹੇ, ਗੀਤ ਮਰਦਾਨਗੀ ਦੇ ਕਿਵੇਂ ਛਿੜਨਗੇ। ਮਾਣ ਮੋਹ ਜ਼ਿੰਦਗੀ ਦਾ ਰਹੇਗਾ ਕਿਵੇਂ, ਹੋਣਗੇ ਫਿਰ ਮੁਸਾਫਿਰ ਰਵਾਂ ਕਿਸ ਤਰ੍ਹਾਂ ਜੇ ਨਾ ਮਸਤਿਕ 'ਚ ਸੂਰਜ ਚੜ੍ਹੇ ਦੋਸਤੋ, ਪਰਬਤਾਂ ਸੰਗ ਇਰਾਦੇ ਕਿਵੇਂ ਭਿੜਨਗੇ। ਹਿੰਮਤਾਂ ਦੀ ਤੁਰੇਗੀ ਇਹ ਗਾਥਾ ਕਿਵੇਂ, ਸਾਗਰਾਂ ਨੂੰ ਹੰਗਾਲਣ ਕਿਵੇਂ ਸੂਰਮੇ, ਜੇ ਨਾ ਬਾਂਹਵਾਂ ਦੀ ਜੁੰਬਸ਼ ਜਵਾਲਾ ਬਣੀ, ਰਹਿਮਤਾਂ ਦੇ ਭਰੇ ਖੂਹ ਕਿਵੇਂ ਗਿੜਨਗੇ। ਰੰਗ, ਫੁੱਲ, ਮਹਿਫਲਾਂ, ਰੁੱਤ ਨਾਜ਼ਾਂ ਭਰੀ, ਮਹਿਕ, ਹਰ ਸ਼ਾਖ਼ ਹੀ ਜੇ ਪ੍ਰੇਸ਼ਾਂ ਰਹੀ, ਰਹਿਣਗੇ ਪੰਛੀਆਂ ਦੇ ਕਿਵੇਂ ਆਲ੍ਹਣੇ, ਰੁੱਖ ਆਪਸ 'ਚ ਜੇ ਖਹਿਣਗੇ ਭਿੜਨਗੇ। ਫ਼ਰਜ਼ ਦਾ ਹੀ ਨਾ ਕੀਤਾ ਹੈ ਅਹਿਸਾਸ ਜਿਸ, ਕਰਜ਼ ਉਹ ਜ਼ਿੰਦਗੀ ਦਾ ਉਤਾਰੂ ਕਿਵੇਂ, ਤੋਰਨਾ ਹੈ ਉਨ੍ਹਾਂ ਹੋਰਨਾਂ ਨੂੰ ਕਿਵੇਂ, ਆਪ ਹੀ ਜੋ ਸਹਾਰੇ ਲਈ ਰਿੜ੍ਹਨਗੇ।
ਲੱਭੀਆਂ ਕਿਧਰੇ ਵੀ
ਲੱਭੀਆਂ ਕਿਧਰੇ ਵੀ ਸਾਨੂੰ ਐਸੀਆਂ ਥਾਂਵਾਂ ਨਹੀਂ। ਸ਼ੋਰ ਹੈ ਪਾਇਆ ਕਿ ਜਿੱਥੇ ਕਾਲਿਆਂ ਕਾਂਵਾਂ ਨਹੀਂ। ਬਾਹਰ ਨਿਕਲਾਂ ਤਾਂ ਸਿਵੇ ਬਲਦੇ ਚੁਫੇਰੇ ਦਿਸ ਰਹੇ, ਘਰ ਭਲਾ ਕਿਹੜਾ ਕਿ ਜਿੱਥੇ ਰੋਂਦੀਆਂ ਮਾਂਵਾਂ ਨਹੀਂ। ਅਜਨਬੀ ਵਾਦੀ 'ਚ ਯਾਰੋ ਭਟਕਿਆ ਇਹ ਸੋਚਦਾਂ, ਖ਼ਤ ਕਿਸੇ ਨੂੰ ਕੀ ਲਿਖਾਂ ਕੋਈ ਕੋਲ ਸਿਰਨਾਵਾਂ ਨਹੀਂ। ਯਾਰ ਏਧਰ ਆਉਣ ਵੀ ਤਾਂ ਆਉਣ ਕਿਸ ਮਤਲਬ ਲਈ ਕੋਲ ਹੈ ਠੇਕਾ ਮਿਰੇ ਪਰ ਕੋਲ ਹੈ ਨਾਂਵਾਂ ਨਹੀਂ। ਘਰ 'ਚ ਵੀ ਬੇ-ਗਾਨਿਆਂ ਦੇ ਵਾਂਗ ਬੀਤੇ ਜ਼ਿੰਦਗੀ, ਜਾਣ ਕਿਸ ਮੰਜ਼ਿਲ ਨੂੰ ਯਾਰੋ ਦੱਸਦੀਆਂ ਰਾਹਵਾਂ ਨਹੀਂ। ਦੁੱਖ ਨੇ ਦੁੱਖਾਂ ਦੀ ਕੋਈ ਸਾਰ ਲੈਂਦਾ ਹੈ ਕਦੋਂ, ਰੁੱਖ ਨੇ ਰੁੱਖਾਂ ਦੇ ਹੇਠਾਂ ਦੋਸਤੋ ਛਾਂਵਾਂ ਨਹੀਂ। ਜ਼ਿੰਦਗੀ ਦੇ ਗ਼ਮਾਂ ਦੀ ਹੈ ਉਪਜ ਮੇਰੀ ਹਰ ਗ਼ਜ਼ਲ, ਏਸ ਬਾਰੇ ਤਾਂ ਕਿਸੇ ਮਹਿਫ਼ਿਲ 'ਚ ਦੋ ਰਾਵਾਂ ਨਹੀਂ।
ਦਿਲ ਤਾਂ ਕਰਦਾ ਹੈ
ਦਿਲ ਤਾਂ ਕਰਦਾ ਹੈ ਨਵੀਂ ਹਰ ਰੋਜ਼ ਖੁਸ਼ਖਬਰੀ ਮਿਲੇ। ਪਰ ਸਦਾ ਦਿਨ ਚੜ੍ਹਦਿਆਂ ਹੀ ਸੂਹ ਕਿਸੇ ਗ਼ਮ ਦੀ ਮਿਲੇ। ਸੋਚ ਜਿਉਂ ਟੁੱਟਿਆ ਪਿਆਲਾ, ਸ਼ਕਲ ਜਿਉਂ ਟੁੱਟਿਆ ਘੜਾ, ਏਸ ਬਸਤੀ ਵਿਚ ਨਾ ਕੋਈ ਸਾਬਤੀ ਹੱਸਤੀ ਮਿਲੇ। ਬਾਜ਼, ਸ਼ਿਕਰੇ, ਗਿਰਝ, ਕਾਂ ਹੀ ਨੇ ਚੁਫੇਰੇ ਝਪਟਦੇ, ਜੀ ਕਰੇ ਘੁੱਗੀਆਂ ਗੁਟਾਰਾਂ ਦੀ ਕਿਤੇ ਬਸਤੀ ਮਿਲੇ। ਓਸ ਦਾ ਕੀ ਜਾਏਗਾ ਹੋਰਾਂ ਦਾ ਜਾਏਗਾ ਸੰਵਰ, ਜੇ ਕਿਤੇ ਸ਼ਾਮੀਂ ਸਵੇਰੇ ਸ਼ਕਲ ਉਹ ਹੱਸਦੀ ਮਿਲੇ। ਦਿਨ ਸੁਹਾਣੇ, ਰੁਤ ਰੰਗਲੀ, ਕਹਿਕਸ਼ਾਂ, ਖੁਸ਼ਬੋਈਆਂ, ਮਿਲਦੀਆਂ ਨਾ, ਬਸ ਚੁਫੇਰੇ ਧੁੰਦ ਹੀ ਪਸਰੀ ਮਿਲੇ। ਦੇਖਣਾ ਚਾਹੋ ਤਾਂ ਦੇਖੋ ਇਸ਼ਕ ਯਾਰੋ ਧਰਤ ਦਾ, ਮੈਂ ਜਦੋਂ ਵੀ ਦੇਖਦਾਂ ਸੂਰਜ ਮਗਰ ਭੱਜਦੀ ਮਿਲੇ। ਸੋਚ ਸਿੱਲ੍ਹੀ, ਲੋਚ ਲਿੱਸੀ, ਰੌਸ਼ਨੀ ਰੋਗੀ ਜਿਹੀ, ਰੱਬ ਕਰੇ ਮਾਹੌਲ ਸਾਰੇ ਨੂੰ ਹੀ ਤੰਦਰੁਸਤੀ ਮਿਲੇ।
ਅੰਤ ਵੀ ਹੁੰਦਾ ਰਹੇ
ਅੰਤ ਵੀ ਹੁੰਦਾ ਰਹੇ ਕੁਝ ਆਦਿ ਵੀ ਹੁੰਦਾ ਰਹੇ। ਹੋਂਦ ਮੇਰੀ ਨਾਲ ਵੀ ਤੇ ਬਾਅਦ ਵੀ ਹੁੰਦਾ ਰਹੇ। ਦੁਸ਼ਮਣਾਂ ਦੇ ਨਾਲ ਲੰਮਾ ਕਰ ਰਿਹਾ ਸੰਘਰਸ਼ ਹਾਂ, ਦੋਸਤਾਂ ਦੇ ਨਾਲ ਪਰ ਸੰਵਾਦ ਵੀ ਹੁੰਦਾ ਰਹੇ। ਹੋਰ ਪੀਡੇ ਹੋਈ ਜਾਂਦੇ ਫਰਜ਼ ਤੇ ਮੰਤਕ ਮੁਸੱਲਸਲ, ਆਦਮੀ ਹਰ ਪਲ ਮਗਰ ਆਜ਼ਾਦ ਵੀ ਹੁੰਦਾ ਰਹੇ। ਘਰ ਦੀ ਵੀਰਾਨੀ ਦੇ ਸੰਗ ਵੀ ਦੂ-ਬ-ਦੂ ਹੋਏ ਰਹੋ, ਮਹਿਫਲਾਂ ਵਿਚ ਸ਼ਿਅਰ ਪਰ ਇਰਸ਼ਾਦ ਵੀ ਹੁੰਦਾ ਰਹੇ। ਨਿੱਤ ਕਰੂੰਬਲ ਫੁੱਟਦੀ ਧੂੰਏਂ ਸ਼ਹਿਰ ਤੋਂ ਬਾਹਰਵਾਰ, ਕੁੱਝ ਨਾ ਕੁੱਝ ਢਹਿੰਦਾ ਰਹੇ ਆਬਾਦ ਵੀ ਹੁੰਦਾ ਰਹੇ। ਯਾਰ ਕਹਿੰਦੇ ਗ਼ਜ਼ਲ ਆਖਾਂ ਮੈਂ ਕਹਾਂ ਜੋ ਵੀ ਕਹਾਂ, ਜ਼ਿਹਨ ਨੂੰ ਟੁੰਭਦਾ ਸਦਾ ਲਈ ਯਾਦ ਵੀ ਹੁੰਦਾ ਰਹੇ। ਮੁਸ਼ਕਿਲਾਂ ਬਾਹਰੋਂ ਤਾਂ ਬੇਸ਼ੱਕ ਹੈ ਹਿਲਾਇਆ ਤਨ-ਬਦਨ, ਅੰਦਰੋਂ ‘ਖੁਸ਼ਵੰਤ’ ਪਰ ਫ਼ੌਲਾਦ ਵੀ ਹੁੰਦਾ ਰਹੇ।
ਝੂਠ ਦੀ ਤਲਵਾਰ
ਝੂਠ ਦੀ ਤਲਵਾਰ ਜ਼ਖ਼ਮੀ ਕਰ ਰਹੀ ਹਰ ਇਕ ਦਲੀਲ । ਨਾ ਕੋਈ ਰਸਤਾ ਦਿਖਾਏ ਨਾ ਕੁਈ ਦੱਸੇ ਸਬੀਲ। ਮੈਂ ਕਰਾਂ ਸ਼ਾਹੀ ਸਫੈਦੀ ਮੈਂ ਕਿਸੇ ਤੋਂ ਕਿਉਂ ਡਰਾਂ, ਇਕ ਭਰਾ ਮੁਨਸਿਫ ਮਿਰਾ ਤੇ ਇਕ ਭਰਾ ਮੇਰਾ ਵਕੀਲ। ਉਮਰ ਦੇ ਮਾਰੂ-ਥਲੀਂ ਵਗੀਆਂ ਹਵਾਵਾਂ ਤੱਤੀਆਂ, ਤੇਰਿਆਂ ਨੈਣਾਂ ਦੀ ਇਕੋ ਰਾਹ 'ਚ ਸੀ ਠੰਡੀ ਛਬੀਲ। ਮੋੜ, ਮੰਜ਼ਿਲ, ਮੌਸਮਾਂ ਤੇ ਮੁਸ਼ਕਿਲਾਂ ਵੱਲ ਦੇਖਦਾ, ਮੈਂ ਕਦੇ ਪੈਰਾਂ ਨੂੰ ਦੇਖਾਂ ਤੇ ਕਦੇ ਪੈਰਾਂ 'ਚ ਨੀਲ । ਇਕ ਇਕ ਸਾਹ ਹੈ ਸਰਾਪੇ ਬੋਲ ਵਾਂਗਰ ਨਿਕਲਿਆ, ਜਿਸਮ ਤੇ ਕਿੱਲ ਬਣ ਚੁਕੇ ਨੇ ਉਮਰ ਦੇ ਸਭ ਸੰਗ-ਮੀਲ। ਜੇ ਕਿਲੇ ਆਪਾਂ ਉਮੀਦਾਂ ਦੇ ਲਏ ਕੁਝ ਕੁ ਉਸਾਰ, ਕਾਇਮ ਕਦ ਤਕ ਰਹਿਣਗੇ ਇਹ ਜੇ ਰਹੀ ਕੱਚੀ ਫ਼ਸੀਲ। ਆਪਣੇ ਐਮਾਲ ਹੀ ਨੇ ਨੇਕ-ਨਾਮੀ ਬਖ਼ਸ਼ਦੇ, ਆਪਣੇ ਐਮਾਲ ਹੀ ਕਰ ਦੇਣ ਬੰਦੇ ਨੂੰ ਜ਼ਲੀਲ।
ਜ਼ਿੰਦਗੀ ਵਿਚ ਹਾਦਸੇ
ਜ਼ਿੰਦਗੀ ਵਿਚ ਹਾਦਸੇ ਕੁਝ ਇਸ ਤਰ੍ਹਾਂ ਦੇ ਵੀ ਘਟੇ। ਆਪਣੇ ਸਿਰਨਾਵਿਆਂ ਦੇ ਸੀ ਜਦੋਂ ਅੱਖਰ ਵਟੇ। ਆਪਣੇ ਹੀ ਚੋਗਿਆਂ ਦੀ ਫਿਕਰ ਵਿਚ ਨੇ ਜੋ ਉਦਾਸ, ਚਿੱਠੀਆਂ ਉਹ ਕੀ ਪੁਚਾਵਣਗੇ ਕਬੂਤਰ ਪਰ-ਕਟੇ। ਡੋਬਦੇ ਨੇ ਉਹੀ ਬੇੜੇ ਅੰਤ ਨੂੰ ਮੰਝਧਾਰ ਵਿਚ, ਫੈਸਲੇ ਹੁੰਦੇ ਨੇ ਜਿਹੜੇ ਆਰਜ਼ੀ ਤੇ ਝਟ-ਪਟੇ। ਉਤਰ ਕੇ ਚਿੰਤਨ ਦੇ ਡੂੰਘੇ ਸਾਗਰੀਂ ਮੋਤੀ ਮਿਲਣ, ਘੋਗਿਆਂ ਦੇ ਹੀ ਭੰਡਾਰੇ ਮਿਲਣਗੇ ਅੱਟੇ-ਸਟੇ। ਉਮਰ ਦੇ ਵਾਂਗਰ ਹੈ ਹੁੰਦੀ ਹਰਿਕ ਵਸਤੂ ਦੀ ਮਿਆਦ, ਖ਼ਤ ਤੇਰੇ ਸਾਂਭੇ ਬੜੇ ਪਰ ਜ਼ਰਜ਼ਰੇ ਹੋ ਕੇ ਫਟੇ। ਉਮਰ ਭਰ ਦਿੱਤਾ ਉਨ੍ਹਾਂ ਨੇ ਹਰ ਕਦਮ ਤੇ ਹੀ ਦਗ਼ਾ, ਪਰ ਇਹ ਅੱਥਰਾ ਦਿਲ ਉਨ੍ਹਾਂ ਦੀ ਤਾਂਘ ਕਰਨੋਂ ਨਾ ਹਟੇ। ਹੈ ਜਿਨ੍ਹਾਂ ਨੂੰ ਖਾਹ-ਮਖਾਹ ਵੱਢਣ ਦੀ ਹੀ ਆਦਤ ਪਈ, ਕੱਸ ਕੇ ਪਾਓ ਅਜੇਹੇ ਕੁੱਤਿਆਂ ਦੇ ਗਲ ਪਟੇ। ਚਾਨਣਾ ਦੇ ਅਣ-ਗਿਣਤ ਦੀਵੇ ਨੇ ਚੌ-ਮੁਖੀਏ ਬਲੇ, ਸੋਚਣਾ ਬਣਦਾ ਹੈ ਫਿਰ ਕਿਉਂ ਨੇਰ੍ਹ ਦਾ ਭੋਰਾ ਘਟੇ।
ਜਿਹੜੇ ਲੋਕ
ਜਿਹੜੇ ਲੋਕ ਏਥੋਂ ਚਲੇ ਗਏ ਚੰਗੇ ਰਹਿ ਗਏ। ਪਿੱਛੇ ਰਹਿਣ ਵਾਲੇ ਸੂਲੀਆਂ ਤੇ ਟੰਗੇ ਰਹਿ ਗਏ। ਖੰਭ ਲਾ ਕੇ ਉਡ ਗਏ ਕਿਤੇ ਚੈਨ ਤੇ ਖ਼ਲੂਸ, ਬਾਕੀ ਝਗੜੇ ਲੜਾਈਆਂ ਦੁੱਖ, ਦੰਗੇ ਰਹਿ ਗਏ। ਲਾਹੁੰਦੇ ਤਨ ਦਾ ਜੋ ਮਾਸ ਸੂਟ ਬੂਟ ਪਹਿਨਦੇ, ਜਿਨ੍ਹਾਂ ਸ਼ਰਮਾਂ ਬਚਾਈਆਂ ਸੀ ਉਹ ਨੰਗੇ ਰਹਿ ਗਏ। ਕੰਮ ਦੂਜਿਆਂ ਦੇ ਆਉਣ ਵਾਲੀ ਰੀਤ ਮੁੱਕ ਗਈ, ਰਾਹੀ ਰਾਹੋਂ ਭਟਕਉਣੇ ਪੌਣੇ ਪੰਗੇ ਰਹਿ ਗਏ। ਦਿਲੋਂ ਉੱਡੀਆਂ ਮੁਹੱਬਤਾਂ ਤੇ ਵਤਨਾ ਦੇ ਮੋਹ, ਬੁੱਲ੍ਹੀਂ ਨਾਹਰੇ ਹੱਥੀਂ ਝੂਲਦੇ ਤਰੰਗੇ ਰਹਿ ਗਏ। ਟੁੱਟੀ ਭੱਜੀ ਜਿਹੀ ਆਸ ਡੋਲੇ ਡੋਲੇ ਵਿਸ਼ਵਾਸ, ਬਿੰਨ ਮੰਜ਼ਿਲਾਂ ਦੇ ਪੰਧ ਬੋਲ ਡੰਗੇ ਰਹਿ ਗਏ। ਅਸੀਂ ਹੋਏ ਕੁਰਬਾਨ ਪੂਰੀ ਕੀਤੀ ਹੈ ਜ਼ਬਾਨ, ਤੇਰੇ ਹੱਥ ਸਾਡੇ ਖੂਨ ਨਾਲ ਰੰਗੇ ਰਹਿ ਗਏ।
ਆਪਸੀ ਸਬੰਧਾਂ ਵਾਲੀ ਤੰਦ
ਜੁੜੀ ਆਪਸੀ ਸਬੰਧਾਂ ਵਾਲੀ ਤੰਦ ਰਹਿਣ ਦੇ । ਸਾਂਝੇ ਗੀਤ ਗਿੱਧੇ ਭੰਗੜੇ ਤੇ ਛੰਦ ਰਹਿਣ ਦੇ। ਸਾਨੂੰ ਇਸ਼ਕਾਂ ਦੇ ਪੰਧ ਤੁਰ ਲੈਣ ਦੇ ਨਿਸ਼ੰਗ, ਕਿਸੇ ਰੰਗ-ਰੱਤੇ ਰੂਪ ਦੇ ਪਬੰਦ ਰਹਿਣ ਦੇ। ਟੁੱਟ ਜਾਣ ਭਾਵੇਂ ਤਨ ਵਾਲੇ ਮਾਣ ਤਾਣ ਸਾਰੇ, ਤੰਦ ਹੌਸਲੇ ਦੀ ਫੇਰ ਵੀ ਬੁਲੰਦ ਰਹਿਣ ਦੇ। ਗੱਲ ਆਪਣੇ ਹੀ ਕਾਇਦਿਆਂ ਕਨੂੰਨਾਂ ਦੀ ਨਾ ਕਰ, ਕਿਸੇ ਗੱਲ ਵਿਚ ਸਾਡੀ ਵੀ ਪਸੰਦ ਰਹਿਣ ਦੇ । ਜੁੜੇ ਰਹਿਣ ਬਿਨਾ ਰੋਕ ਟੋਕ ਹੁਸਨਾਂ ਦੇ ਮੇਲੇ, ਮੇਲ ਜੋਲ ਦੇ ਇਹ ਹੁੰਦੇ ਪ੍ਰਬੰਧ ਰਹਿਣ ਦੇ। ਸਾਡੇ ਜੋੜ ਨਾ ਵਿਛੋੜ ਖਿੱਚ ਖੋਹ ਨਾ ਤਰੋੜ, ਸਾਡੇ ਸਦੀਆਂ ਦੇ ਜੁੜੇ ਇਹ ਸਬੰਧ ਰਹਿਣ ਦੇ। ਜ਼ਿਹਨ ਵਿਚ ਖਿੜੇ ਰਹਿਣ ਮੋਹ-ਮੁਹੱਬਤਾਂ ਦੇ ਫੁੱਲ, ਸਾਡੇ ਵਿਹੜਿਆਂ ਦੇ ਵਿਚ ਸੁੱਖ-ਸੰਦ ਰਹਿਣ ਦੇ।
ਓਹਨਾਂ ਦਾ ਹਾਲ ਹੋਰ ਹੈ
ਓਹਨਾਂ ਦਾ ਹਾਲ ਹੋਰ ਹੈ ਮੇਰਾ ਹੈ ਹਾਲ ਹੋਰ। ਓਹਨਾਂ ਦੀ ਚਾਲ ਹੋਰ ਹੈ ਮੇਰੀ ਹੈ ਚਾਲ ਹੋਰ। ਹੁੰਦੀ ਹੈ ਸੋਚ ਇੱਕੋ ਪਰ ਜ਼ਾਵੀਏ ਅਲੱਗ, ਤੇਰਾ ਖ਼ਿਆਲ ਹੋਰ ਹੈ ਮੇਰਾ ਖ਼ਿਆਲ ਹੋਰ। ਸਾਡੇ ਜਵਾਬ ਕੀਕਰ ਗੱਲ ਤੋਰਦੇ ਅਗਾਂਹ, ਤੇਰਾ ਸਵਾਲ ਹੋਰ ਹੈ ਮੇਰਾ ਸਵਾਲ ਹੋਰ । ਮਿਟਿਆ ਨਹੀਂ ਹਨੇਰਾ ਘਟਿਆ ਜ਼ਰੂਰ ਕੁਝ, ਰਾਹਾਂ 'ਚ ਬਾਲ ਦੀਵੇ ਰਾਹਾਂ 'ਚ ਬਾਲ ਹੋਰ। ਚਿੰਤਨ ਦੇ ਕਾਫਲੇ ਨੇ ਗਾਹੇ ਕਮਾਲ ਪੈਂਡੇ, ਕਰਨਾ ਕਮਾਲ ਹੋਰ ਹੈ ਕਰਨਾ ਕਮਾਲ ਹੋਰ। ਆਪਾਂ ਤੁਰੇ ਸੀ ਦੋਂਹਵੇਂ ਰਸਤੇ ਨਿਖੜ ਗਏ, ਕੋਈ ਹੋਰ ਤੇਰੇ ਨਾਲ ਸੀ ਮੇਰੇ ਸੀ ਨਾਲ ਹੋਰ। ਹੁੰਦਾ ਹੈ ਸਫਰ ਇਕੋ ਪਰ ਹਰ ਸ਼ਮੂਲੀਅਤ, ਰੱਖਦੀ ਮਿਸਾਲ ਹੋਰ ਹੈ ਰੱਖਦੀ ਮਿਸਾਲ ਹੋਰ।
ਕੱਲ੍ਹ ਆਏ ਸੀ ਜੋ
ਕੱਲ੍ਹ ਆਏ ਸੀ ਜੋ ਸਾਡੀ ਹੀ ਰਜ਼ਾ ਬਣ ਕੇ। ਅੱਜ ਦੱਸਦੇ ਨੇ ਸਾਨੂੰ ਉਹ ਖ਼ੁਦਾ ਬਣ ਕੇ। ਉਨ੍ਹਾਂ ਕੱਟੇ ਜਿਹੜੇ ਦਿਨ ਬੜੇ ਸ਼ੌਕ ਨਾਲ ਸੀ, ਓਹੀ ਦਿਨ ਅਸਾਂ ਕੱਟੇ ਨੇ ਸਜ਼ਾ ਬਣ ਕੇ। ਉਨ੍ਹਾਂ ਲਹਿਰਾਂ ਸਾਨੂੰ ਡੋਬਿਆ, ਹੈਰਾਨ ਹਾਂ ਬੜੇ, ਜਿਨ੍ਹਾਂ ਲਹਿਰਾਂ ਉਹਨੂੰ ਤਾਰਿਆ ਮਲਾਹ ਬਣ ਕੇ। ਜੇ ਉਹ ਬਿੱਖਰੇ ਚੁਫੇਰੇ ਸਨ ਮਹਿਕ ਵਾਂਗਰਾਂ, ਫੈਲੇ ਅਸੀਂ ਵੀ ਹਾਂ ਰੰਗਲੀ ਫਿਜ਼ਾ ਬਣ ਕੇ। ਉਨ੍ਹਾਂ ਮੁੱਢ ਤੋਂ ਹੀ ਧਾਰੀ ਬੇ-ਵਫ਼ਾਈ ਮਨ ਵਿਚ, ਅਸੀਂ ਮੁੱਢ ਤੋਂ ਹੀ ਤੁਰੇ ਹਾਂ ਵਫਾ ਬਣ ਕੇ। ਉਹਦੇ ਰੂਪ ਦੀ ਨਦੀ ਸੀ ਜਦੋਂ ਆਈ ਸ਼ੂਕਦੀ, ਲਾਈ ਹਿੱਕ ਨਾਲ ਅਸਾਂ ਦਰਿਆ ਬਣ ਕੇ। ਲਾਜ਼ ਦੋਸਤੀ ਦੀ ਰੱਖੀ ਪੂਰੀ ਦੋਸਤੀ ਨਿਭਾਈ, ਜਦੋਂ ਮਾਰਨਾ ਸੀ ਮਾਰਿਆ ਭਰਾ ਬਣ ਕੇ ।
ਰੰਗ ਦੇਖੇ ਢੰਗ ਦੇਖੇ
ਰੰਗ ਦੇਖੇ ਢੰਗ ਦੇਖੇ ਜ਼ਿੰਦਗੀ ਦੇ ਬੇ-ਸ਼ੁਮਾਰ। ਅੰਗ ਦੇਖੇ ਸੰਗ ਦੇਖੇ ਜ਼ਿੰਦਗੀ ਦੇ ਬੇ-ਸ਼ੁਮਾਰ। ਇਕ ਵੀ ਨਾ ਸੀ ਅਸਾਡੀ ਵਿੱਥਿਆ ਦੇ ਹਾਣ ਦਾ, ਬਦਲਦੇ ਪ੍ਰਸੰਗ ਦੇਖੇ ਜ਼ਿੰਦਗੀ ਦੇ ਬੇ-ਸ਼ੁਮਾਰ । ਕੌਣ ਕਿਧਰ ਨੂੰ ਤੁਰੇ ਧੁੱਪਾਂ ਸਹੇ ਨੰਗੇ ਬਦਨ, ਕਾਫੀਏ ਨੇ ਤੰਗ ਦੇਖੇ ਜ਼ਿੰਦਗੀ ਦੇ ਬੇ-ਸ਼ੁਮਾਰ। ਇਹ ਨਿਰੰਤਰ ਹੀ ਰਹੀ ਤੁਰਦੀ ਰਹੀ ਤੁਰਦੀ ਰਹੀ, ਵੇਗ ਸੂਲੀ ਟੰਗ ਦੇਖੇ ਜ਼ਿੰਦਗੀ ਦੇ ਬੇ-ਸ਼ੁਮਾਰ। ਨਾ ਰੁਕੀ ਪ੍ਰਵਾਜ਼ ਬਲਕਿ ਤੇਜ਼ਤਰ ਹੁੰਦੀ ਗਈ, ਰੋਜ਼ ਕੁਤਰੇ ਰੰਗ ਦੇਖੇ ਜ਼ਿੰਦਗੀ ਦੇ ਬੇ-ਸ਼ੁਮਾਰ।
ਮਨ ਦੀ ਢੁੱਪੀ ਬਾਰੀ
ਮਨ ਦੀ ਢੁੱਪੀ ਬਾਰੀ ਖੋਹਲੋ ਬਹੁਤ ਜ਼ਰੂਰੀ ਹੈ। ਅੱਧੀ ਕਿਉਂ ਇਹ ਸਾਰੀ ਖੋਹਲੋ ਬਹੁਤ ਜ਼ਰੂਰੀ ਹੈ। ਜੇ ਹੈ ਅੱਜ ਦੇ ਹਾਣ ਖਲੋਣਾ ਚਾਨਣ ਮੂਹਰੇ ਹੋਣਾ, ਹਰ ਵਰਕਾ ਅਖ਼ਬਾਰੀ ਖੋਹਲੋ ਬਹੁਤ ਜ਼ਰੂਰੀ ਹੈ। ਇਕ ਵਾਰੀ ਜਾਂ ਦੋ ਵਾਰੀ ਕਿਉਂ ਆਏ ਪ੍ਰਾਹੁਣੇ ਲਈ, ਦਰਵਾਜ਼ਾ ਹਰ ਵਾਰੀ ਖੋਹਲੋ ਬਹੁਤ ਜ਼ਰੂਰੀ ਹੈ। ਸੋਹਜਾਂ, ਵਿਗਿਆਨਾ ਦੇ ਪੰਛੀ ਡੱਕ ਡੱਕ ਕੇ ਨਾ ਰੱਖੋ, ਹਰ ਪੁਸਤਕ-ਅਲਮਾਰੀ ਖੋਹਲੋ ਬਹੁਤ ਜ਼ਰੂਰੀ ਹੈ। ਉਹ ਜਿਸ ਲੋਕਾਂ ਦੀ ਹੋਣੀ ਦਾ ਲਿਖਣਾ ਹੈ ਸਿਰਨਾਵਾਂ, ਭੇਤ ਭਾਵੇਂ ਸਰਕਾਰੀ ਖੋਹਲੋ ਬਹੁਤ ਜ਼ਰੂਰੀ ਹੈ। ਜਿਸ ਥੀਂ ਆਉਂਦਾ ਜਾਂਦਾ ਦਿੱਸਦਾ ਅਸਲੀ ਨਕਲੀ ਚਿਹਰਾ, ਉਹ ਬਾਰੀ ਬਾਜ਼ਾਰੀ ਖੋਹਲੋ ਬਹੁਤ ਜ਼ਰੂਰੀ ਹੈ। ਖਬਰੇ ਕਿੱਥੋਂ ਬਦਬੂਆਂ ਦਾ ਝੁਰਮਟ ਹੈ ਆ ਵੜਿਆ, ਖੋਹਲੋ ਮਹਿਕ ਪਟਾਰੀ ਖੋਹਲੋ ਬਹੁਤ ਜ਼ਰੂਰੀ ਹੈ।
ਮੈਂ ਖ਼ਾਬ ਨਹੀਂ
ਮੈਂ ਖ਼ਾਬ ਨਹੀਂ ਅਸਲੀਅਤ ਹਾਂ। ਇਕ ਹੱਸਤੀ ਹਾਂ ਹੈਸੀਅਤ ਹਾਂ। ਜੋ ਫੁੱਲ ਚਮਨ ਵਿਚ ਕੱਲ੍ਹ ਖਿੜਨੇ, ਮੈਂ ਓਹਨਾਂ ਦੀ ਵਲਦੀਅਤ ਹਾਂ। ਸਿਰਨਾਵਾਂ ਜਿਸ 'ਤੇ ਜ਼ਿੰਦਗੀ ਦਾ, ਉਹ ਖੁਸ਼ੀਆਂ ਭਰੀ ਵਸੀਅਤ ਹਾਂ। ਮੈਂ ਖੌਅ ਹਾਂ ਪਰਲੇ ਪਾਸੇ ਦਾ, ਏਧਰ ਦੀ ਖ਼ੈਰ-ਖ਼ਰੀਅਤ ਹਾਂ। ਹਰ ਸੁੱਖ ਵਿਚ ਮੇਰਾ ਹੱਕ ਬਣਦੈ, ਹਰ ਗ਼ਮ ਦੀ ਮੈਂ ਮਲਕੀਅਤ ਹਾਂ। ਮੈਂ ਦੁੱਧ ਲਹੂ ਦਾ ਰੰਗ ਪਰਖਾਂ, ਬਸ ਏਹੋ ਸ਼ਰ੍ਹਾ-ਸ਼ਰੀਅਤ ਹਾਂ। ਕੀ ਦੇਖ ਰਹੇ ਹੋ ਮੇਰੇ ਵਲ, ਮੈਂ ਚਿਹਰਾ ਨਹੀਂ ਤਬੀਅਤ ਹਾਂ।
ਪੈਰਾਂ ਹੇਠਾਂ ਮਿੱਧੇ ਜਾਂਦੇ
ਪੈਰਾਂ ਹੇਠਾਂ ਮਿੱਧੇ ਜਾਂਦੇ ਜਿਉਂ ਕਕਰੋਚ। ਏਦਾਂ ਉਸ ਲੋਕਾਂ ਸੰਗ ਕੀਤੀ ਨਿਰ-ਸੰਕੋਚ। ਚੋਰ ਝਕਾਨੀ ਦੇ ਭੱਜਾ ਪਰ ਭੋਲੇ ਲੋਕ, ਆਪਸ ਵਿਚ ਹੀ ਗੁੱਥਮ-ਗੁੱਥਾ ਗ਼ਾਲ੍ਹ-ਗਲੋਚ। ਕਿਸ ਨੇ ਘਰ ਦੇ ਦੀਵਿਆਂ ਦੀ ਚੱਟੀ ਹੈ ਲੋਅ, ਕਿਸ ਨੇ ਸਾਡੇ ਬੱਚਿਆਂ ਦਾ ਮੂੰਹ ਲੀਤੈ ਨੋਚ। ਬਾਪ ਦਾਦਿਆਂ ਦੀ ਦਾਹੜੀ ਨੂੰ ਕਿਸ ਖੋਹਿਆ, ਕਿਉਂ ਘਬਰਾਇਆ ਫਿਰਦਾ ਸਾਡਾ ਅਗਲਾ ਪੋਚ। ਚੁੱਪ ਰਹੋਗੇ ਤਾਂ ਸ਼ਾਇਦ ਬੱਚ ਜਾਓਗੇ, ਕਿੰਨੇ ਹੋ ਨਾਦਾਨ ਹੈ ਕਿੰਨੀ ਸੱਖਣੀ ਸੋਚ।
ਹੋਂਦ ਆਪਣੀ
ਹੋਂਦ ਆਪਣੀ ਹੋਂਦ ਨਾਲੋਂ ਵੱਖ ਕਰਕੇ ਦੇਖ । ਲੱਖ ਕਰਕੇ ਦੇਖਿਆ ਹੈ ਕੱਖ ਕਰਕੇ ਦੇਖ। ਨ੍ਹੇਰਿਆਂ ਦੇ ਨਾਲ ਰਹਿਣੀ ਦੋਸਤੀ ਕਿੰਨਾ ਕੁ ਚਿਰ, ਦੇਖ ਚੜ੍ਹਦੇ ਸੂਰਜਾਂ ਦਾ ਪੱਖ ਕਰਕੇ ਦੇਖ। ਨਜ਼ਰ ਸੁੱਟੀ ਧਰਤ ਵਲ ਹੀ ਦੇਖਦਾ ਨਾ ਰਿਹਾ ਕਰ, ਮੋਢਿਆਂ ਨੂੰ ਛੱਡ ਉੱਚੀ ਅੱਖ ਕਰਕੇ ਦੇਖ। ਦੇਖ ਛਾਇਆ ਹੈ ਮਹੱਲਾਂ ਵਿਚ ਹਨੇਰਾ ਹੋਰ ਵੀ, ਦੇਖ ਝੁੱਗੀਆਂ ਨੂੰ ਅਨੋਖੀ ਦੱਖ ਕਰਕੇ ਦੇਖ। ਸਮਝ ਲੈਣਾ, ਸੋਚ ਲੈਣਾ, ਕਲਪਣਾ ਹੈ ਹੋਰ ਗੱਲ, ਸੱਚ ਇਹ ਹੈ ਸੱਚ ਨੂੰ ਪ੍ਰਤੱਖ ਕਰਕੇ ਦੇਖ ।
ਮੁਹੱਬਤ ਜ਼ਿੰਦਗੀ ਹੈ
ਮੁਹੱਬਤ ਜ਼ਿੰਦਗੀ ਹੈ ਬੰਦਗੀ ਹੈ ਆਸ ਵੀ ਯਾਰੋ ! ਮੁਹੱਬਤ ਕਦ ਨਹੀਂ ਸੀ ਹਰ ਸਮੇਂ ਹਾਜ਼ਰ ਰਹੀ ਯਾਰੋ ! ਮੁਹੱਬਤ ਦੇ ਦੁਆਰੇ ਹੁਸਨ ਨੂੰ ਸਿਜਦਾ ਪਿਆ ਕਰਨਾ, ਮੁਹੱਬਤ ਦੇ ਹੀ ਰਾਹ ਟਹਿਕੀ ਉਮੀਦਾਂ ਦੀ ਕਲੀ ਯਾਰੋ। ਜ਼ਮਾਨੇ ਜ਼ਿੰਦਗੀ ਪਾਈ ਅਮਰ ਹੋਵਣ ਦਾ ਵਰ ਚਾਹਿਆ, ਸਦਾਅ ਸੁਣ ਕੇ ਮੁਹੱਬਤ ਦੀ ਹੈ ਨੱਚੀ ਹਰ ਗਲੀ ਯਾਰੋ। ਦਿਲਾਂ 'ਚੋਂ ਹੂਕ ਉੱਠਦੀ ਹੈ ਜ਼ਖਮ ਨੇ ਹੋਰ ਵੀ ਉੱਚੜੇ, ਜ਼ਮਾਨੇ ਦੇ ਇਹ ਕੀ ਚਾਲੇ ਹਵਾ ਕੈਸੀ ਚਲੀ ਯਾਰੋ। ਮੁਹੱਬਤ ਮਰ ਨਹੀਂ ਸਕਦੀ ਖ਼ੁਦਾ ਦਾ ਰੂਪ ਹੈ ਇਹ ਤਾਂ, ਖ਼ੁਦਾ ਹੀ ਖ਼ੁਦ ਮੁਹੱਬਤ ਹੈ ਖ਼ੁਦਾ ਦੀ ਹੀ ਖੁਸ਼ੀ ਯਾਰੀ। ਇਹ ਰਿਸ਼ਤੇ ਵੀ ਨੇ ਕੀ ਰਿਸ਼ਤੇ ਨਾ ਕੋਈ ਮਹਿਕ ਹੈ ਨਿੱਘ ਹੈ, ਇਹ ਦੂਰੋਂ ਹੀ ਸੁਹਾਣੇ ਨੇ ਇਹ ਫੁੱਲ ਨੇ ਕਾਗਜ਼ੀ ਯਾਰੋ। ਸੁਖਾਵੇਂ ਮੋੜ ਤੇ ਆਓ ਕਿਤੇ ਕਹਿਣਾ ਨਾ ਪੈ ਜਾਏ, ਇਹ ਮਹਿਫ਼ਿਲ ਆਖਰੀ ਮੇਰੀ ਗ਼ਜ਼ਲ ਹੈ ਆਖਰੀ ਯਾਰੋ।
ਜੋ ਜ਼ਿੰਦਗੀ ਦੇ ਚਾਨਣ
ਜੋ ਜ਼ਿੰਦਗੀ ਦੇ ਚਾਨਣ ਵਿਚੋਂ ਨੱਸਣਗੇ। ਨੇਰ੍ਹੇ ਦੀ ਦਲਦਲ ਵਿਚ ਜਾ ਕੇ ਧੱਸਣਗੇ। ਦੁਸ਼ਮਣ ਨੱਚਦੇ ਅੱਖ ਮੇਰੀ ਦੀ ਪੁਤਲੀ ਤੇ, ਯਾਰ ਤਾਂ ਮੇਰੇ ਦਿਲ ਦੇ ਅੰਦਰ ਵੱਸਣਗੇ। ਰੋਵਣਗੇ ਉਹ ਰੁਖ਼ਸਤ ਹੋ ਕੇ ਆਖਰ ਨੂੰ, ਮਹਿਫ਼ਿਲ ਵਿਚ ਜੋ ਬੇ-ਤਰਤੀਬਾ ਹੱਸਣਗੇ। ਤੈਨੂੰ ਤੇਰੀ ਰੌਣਕ ਨੇ ਹੈ ਖਾ ਜਾਣਾ, ਸਾਨੂੰ ਸਾਡੀ ਚੁੱਪ ਦੇ ਫਨੀਅਰ ਡੱਸਣਗੇ। ਤੇਰੇ ਬਾਰੇ ਦੱਸਿਆ ਮੈਨੂੰ ਕੱਲ੍ਹ ਜਿਨ੍ਹਾਂ, ਅੱਜ ਉਹ ਤੈਨੂੰ ਮੇਰੇ ਬਾਰੇ ਦੱਸਣਗੇ।
ਇਹਨਾਂ ਹੁਸਨਾਂ ਨੇ
ਇਹਨਾਂ ਹੁਸਨਾਂ ਨੇ ਲਾਏ ਲੋਕ ਚਾਟੇ ਕਿਹੋ ਜਿਹੇ। ਖਾਧੇ ਇਸ਼ਕਾਂ ਦੇ ਵਿਚ ਦੇਖੋ ਘਾਟੇ ਕਿਹੋ ਜਿਹੇ। ਜਿੱਥੇ ਜਿਸਮਾਂ ਤੇ ਪੈਣ ਉੱਥੇ ਛਾਲੇ ਉੱਠ ਪੈਂਦੇ, ਠੰਡੀ ਪੌਣ ਦੇ ਨੇ ਯਾਰੋ ਇਹ ਸ਼ਰਾਟੇ ਕਿਹੋ ਜਿਹੇ। ਜਿੰਨਾ ਜਿੰਨਾ ਅਸੀਂ ਖਾਈਏ ਓਨੇ ਨਿੱਘਰਦੇ ਜਾਈਏ, ਏਸ ਸ਼ਹਿਰ ਦੀਆਂ ਡਿੱਪੂਆਂ 'ਤੇ ਆਟੇ ਕਿਹੋ ਜਿਹੇ । ਨਾ ਹਾਂ ਜੀਂਦਿਆਂ ਦੇ ਵਿਚ ਨਾ ਹੀ ਮੋਇਆਂ ਵਿੱਚ ਕਿਤੇ, ਸਾਡੇ ਨਾਂਵਾਂ ਅੱਗੇ ਲਾਏ ਲੋਕਾਂ ਕਾਟ੍ਹੇ ਕਿਹੋ ਜਿਹੇ। ਵੇਖ ਸਹਿਮ ਜਿਹੇ ਜਾਈਏ ਰਾਹ ਦੂਰੋਂ ਹੀ ਵਲਾਈਏ, ਸਾਡੇ ਇੱਜ਼ਤਾਂ ਦੇ ਰਾਖੇ ਇਹ ਸਪ੍ਹਾਟੇ ਕਿਹੋ ਜਿਹੇ। ਭਰੇ ਸ਼ਹਿਰ ਦੀਆਂ ਰੌਣਕਾਂ ਖ੍ਰੀਦੀਆਂ ਸੀ ਜਿਨ੍ਹਾਂ, ਉੜੇ ਫ਼ੀਤਾ ਫ਼ੀਤਾ ਹੋ ਕੇ ਨੋਟ ਪਾਟੇ ਕਿਹੋ ਜਿਹੇ। ਯਾਰ ਅਸਾਂ ਅਜ਼ਮਾਏ ਜਿਹੜੇ ‘ਵੇਰਕੇ’ ਦੇ ਵਾਸੀ ਖੂਬ ਜਾਣ ਗਏ ਹੋਣਗੇ ‘ਛਿਅ੍ਹਾਟੇ’ ਕਿਹੋ ਜਿਹੇ ।
ਸੋਚਿਆ ਨਾ ਸੀ
ਸੋਚਿਆ ਨਾ ਸੀ ਕਦੇ ਇਹ ਵੀ ਦਿਹਾੜੇ ਆਉਣਗੇ। ਸੱਚ ਨੂੰ ਛੁਟਿਆਣ ਲੋਕੀਂ ਝੂਠ ਨੂੰ ਵਡਿਆਉਣਗੇ। ਸੋਚਿਆ ਨਾ ਸੀ ਕਿ ਜਿਹੜੇ ਜਿੰਦ ਦਾ ਹਿੱਸਾ ਬਣੇ, ਗ਼ੈਰ ਦੀ ਮਹਿਫ਼ਲ ਨੂੰ ਜਾ ਕੇ ਇਸ ਤਰ੍ਹਾਂ ਗਰਮਾਉਣਗੇ। ਜ਼ਿੰਦਗੀ ਜੋ ਖ਼ਤਮ ਕਰਨਾ ਲੋਚਦੇ; ਇਕ ਦਿਨ ਜ਼ਰੂਰ, ਆਪਣੇ ਇਸ ਫੈਸਲੇ ਤੇ ਬੈਠ ਕੇ ਪਛਤਾਉਣਗੇ। ਪੁਲਸ, ਕਾਤਿਲ, ਕਤਲ, ਕਰਫੂ, ਖੂੰਨ, ਗੋਲੀ ਦੇ ਸ਼ਬਦ, ਕੱਲ੍ਹ ਦੀ ਅਖ਼ਬਾਰ ਵਿਚ ਵੀ ਇਸ ਤਰ੍ਹਾਂ ਹੀ ਆਉਣਗੇ। ਮਾਰ ਕੇ ਮਾਸੂਮ ਘੁੱਗੀਆਂ ਜੋ ਮਨਾਉਂਦੇ ਨੇ ਜਸ਼ਨ, ‘ਕੰਵਲ’ ਇਕ ਦਿਨ ਆਪਣੇ ਇਸ ਕਰਮ 'ਤੇ ਸ਼ਰਮਾਉਣਗੇ।
ਠੀਕ ਹੈ ਕਿ
ਠੀਕ ਹੈ ਕਿ ਦੋਸਤੀ ਦੀ ਲਾਜ ਨਾ ਪਾਲੀ ਤੁਸਾਂ । ਦੁਸ਼ਮਣੀ ਦੀ ਅੱਗ ਤਾਂ ਹੈ ਥਾਂ-ਕੁਥਾਂ ਬਾਲੀ ਤੁਸਾਂ । ਮੈਂ ਤੁਹਾਡਾ ਕੀ ਗਵਾਇਆ ਖੋਹ ਲਿਆ ਕੀ ਮੁਸ਼ਕਿਲੋ, ਖਾ ਲਏ ਕਿਉਂ ਉਮਰ ਮੇਰੀ ਦੇ ਵਰ੍ਹੇ ਚਾਲੀ ਤੁਸਾਂ। ਮੈਂ ਤੁਹਾਡਾ ਘਰ ਬਚਾਇਆ ਧੁੱਪ, ਝੱਖੜ ਨ੍ਹੇਰੀਓਂ, ਛਾਂਗ ਦਿੱਤੀ ਜਿਸ ਤੇ ਮੇਰਾ ਆਲ੍ਹਣਾ ਡਾਲ੍ਹੀ ਤੁਸਾਂ । ਥੁੱਕ ਕੇ ਸੂਰਜ 'ਤੇ ਆਪਣੇ ਆਪ ਉੱਤੇ ਥੁੱਕਿਆ, ਇਹ ਭਲਾ ਕੀ ਕਰ ਲਈ ਕਰਤੂਤ ਹੈ ਕਾਲੀ ਤੁਸਾਂ। ਨਾ ਕਿਤੇ ਅਰਮਾਨ ਮਗਦੇ ਨਾ ਕਿਸੇ ਚਿਹਰੇ ਜਲੌਅ, ਕਿਸ ਤਰ੍ਹਾਂ ਦੇ ਚੌਖਟੇ ਵਿਚ ਜ਼ਿੰਦਗੀ ਢਾਲੀ ਤੁਸਾਂ। ਮੌਤ ਦੇ ਵਿਚ ਜ਼ਿੰਦਗੀ ਹੈ ਜ਼ਿੰਦਗੀ ਵਿਚ ਮੌਤ ਹੈ, ਕਿਸ ਤਰ੍ਹਾਂ ਦੀ ਮੌਤ ਹੈ ਮੇਰੇ ਲਈ ਭਾਲੀ ਤੁਸਾਂ । ਜ਼ਿੰਦਗੀ ਦੇ ਖੂਬਸੂਰਤ ਖ਼ਾਬ ਸਿਰਜਣ ਵਾਲਿਓ, ਕੌਣ ਭੁੱਲੇਗਾ ਭਲਾ ਜੋ ਘਾਲ ਹੈ ਘਾਲੀ ਤੁਸਾਂ।
ਚੜ੍ਹ ਪਿਆ ਹੈ ਦਿਨ
ਚੜ੍ਹ ਪਿਆ ਹੈ ਦਿਨ ਨਵਾਂ ਹੁਣ ਉੱਠ ਹੋ ਹੁਸ਼ਿਆਰ ਦੇਖ। ਰੁੱਖ ਮੌਲੇ ਪਸ਼ੂ, ਪੰਛੀ ਗੁਟਕਦੇ ਤਈਆਰ ਦੇਖ। ਛੱਡ ਤੂੰ ਪਰਬਤ ਗੁਫ਼ਾਵਾਂ ਜੰਗਲਾਂ ਦਾ ਫ਼ਿਕਰ ਹੁਣ, ਕਹਿ ਰਹੀ ਹੈ ਕੂਕ ਤੈਨੂੰ ਅੱਜ ਦੀ ਅਖ਼ਬਾਰ ਦੇਖ। ਨਾ ਮਨੁੱਖਾਂ ਨਾ ਮਨੁੱਖੀ ਬੱਸਤੀਆਂ ਵਿਚ ਫਰਕ ਰੱਖ, ਇਕ ਨਜ਼ਰ ਦੇ ਨਾਲ ਸਾਰਾ ਵੱਸ ਰਿਹਾ ਸੰਸਾਰ ਦੇਖ। ਛੱਡ ਸ਼ਕਲਾਂ ਬਦਨ ਮੋਹਕ ਵਸਤਰਾਂ ਦਾ ਬਾਂਕਪਨ, ਵਸਤੂਆਂ ਨੂੰ ਦੇਖ ਵਿਚੋਂ ਉਭਰਦਾ ਕਿਰਦਾਰ ਦੇਖ। ਦੇਖ ਨਾ ਸੂਰਜ ਦੀ ਦੂਰੀ ਨਾ ਉਹਦਾ ਭਖ਼ਦਾ ਬਦਨ, ਦੇਖ ਹੁੰਦੀ ਵਿਹੜਿਆਂ ਵਿਚ ਓਸਦੀ ਲਿਸ਼ਕਾਰ ਦੇਖ । ਹੀਣਤਾ ਤੇ ਸੰਗ ਸੰਗਾਂ ਦੇ ਖੋਲ ਵਿੱਚੋਂ ਬਾਹਰ ਆ, ਸਮਝ ਅਪਣੀ ਹੋਂਦ ਨਾਲੇ ਹੋਂਦ ਦਾ ਆਕਾਰ ਦੇਖ। ਦੇਖ ਕਿੰਨੇ ਰੰਗ ਬਿਹਬਲ ਸਾਗਰੀ ਨੇ ਕਲਵਲਾਂ, ਦੇਖ ਤੂੰ ਸੀਮਤ ਨਿਗ਼ਾਹ ਦੇ ਦਾਇਰਿਆਂ ਤੋਂ ਪਾਰ ਦੇਖ ।
ਰੁੱਤ ਕਲੀਆਂ ਗੁਲਾਬਾਂ ਦੀ
ਰੁੱਤ ਕਲੀਆਂ ਗੁਲਾਬਾਂ ਦੀ ਕਿੱਧਰ ਗਈ। ਸ਼ੌਕ ਹੁਸਨਾਂ-ਸ਼ਬਾਬਾਂ ਦੀ ਕਿੱਧਰ ਗਈ। ਰੰਗ ਕਿੱਧਰ ਗਏ ਮੋਹ ਤੇ ਮਮਤਾ ਭਰੇ, ਰੁੱਤ ਰੰਗਲੇ ਖ਼ਵਾਬਾਂ ਦੀ ਕਿੱਧਰ ਗਈ। ਭਾਲਦਾ ਫਿਰ ਰਿਹੈ ਝੁੰਡ ਚਿੜੀਆਂ ਦਾ ਹੁਣ, ਡਾਰ ਖੌਰੇ ਉਕਾਬਾਂ ਦੀ ਕਿੱਧਰ ਗਈ। ਹੱਟ ਰੱਦੀ ਦਾ ਹੈ ਖੁੱਲ੍ਹਿਆ, ਸੋਚਦਾਂ, ਹੱਟ ਹੁਣ ਉਹ ਕਿਤਾਬਾਂ ਦੀ ਕਿੱਧਰ ਗਈ। ਹਰ ਕਦਮ ਹੈ ਨਮੋਸ਼ੀ ਤੇ ਗ਼ੁਸਤਾਖ਼ੀਆਂ, ਰੁੱਤ ਅਦਬਾਂ-ਅਦਾਬਾਂ ਦੀ ਕਿੱਧਰ ਗਈ। ਹੁਣ ਜਦੋਂ ਹਰ ਬਸ਼ਰ ਬਾਦਸ਼ਾਹ ਹੋ ਗਿਆ, ਜੁੰਡਲੀ ਉਹ ਨਵਾਬਾਂ ਦੀ ਕਿੱਧਰ ਗਈ। ਭਟਕਦੀ ਹੈ ਖ਼ਲਾਵਾਂ 'ਚ ਮੇਰੀ ਨਿਗਾਹ, ਰੂਹ ਰਵਾਂ ਆਫ਼ਤਾਬਾਂ ਦੀ ਕਿਧਰ ਗਈ।
ਉਮਰ ਭਰ
ਉਮਰ ਭਰ ਕਰਦੇ ਵਫ਼ਾਵਾਂ ਆੜੀਆਂ ਲਾਉਂਦੇ ਰਹੇ। ਆਪ ਤੁਰ ਕੰਡਿਆਂ ਦੇ ਰਾਹ ਫੁਲਵਾੜੀਆਂ ਲਾਉਂਦੇ ਰਹੇ। ਟੁੱਟੀਆਂ ਜਦ ਅੰਤ ਨੂੰ ਤਾਂ ਘੋਰ ਸੀ ਮੁਸ਼ਕਿਲ ਬਣੀ, ਸੋਚਿਆ ਨਾ ਸੀ ਪ੍ਰੀਤਾਂ ਗਾਹੜੀਆਂ ਲਾਉਂਦੇ ਰਹੇ। ਆਪ ਜਦ ਡੁੱਬੇ ਬੜਾ ਚੀਕੇ ਬੜਾ ਰੋਏ ਅਸੀਂ, ਦੂਜਿਆਂ ਦੇ ਡੁਬਦਿਆਂ ਪਰ ਤਾੜੀਆਂ ਲਾਉਂਦੇ ਰਹੇ। ਮੋਹ ਲਿਆ ਸੀ ਸਾਦਗੀ ਨੇ ਪਰ ਰਤਾ ਨਾ ਭਾਅ ਸਕੇ, ਵੰਨ-ਸੁਵੰਨੀਆ ਜੋ ਹਮੇਸ਼ਾਂ ਸਾੜ੍ਹੀਆਂ ਲਾਉਂਦੇ ਰਹੇ। ਸਮਝਿਆ ‘ਖੁਸ਼ਵੰਤ’ ਜਦ ਕਿ ਸੰਭਲਣਾ ਮੁਮਕਿਨ ਨਾ ਸੀ, ਹਰ ਪੜਾ ਤੇ ਆਦਤਾਂ ਉਹ ਮਾੜੀਆਂ ਲਾਉਂਦੇ ਰਹੇ।
ਜੋ ਕਹਿੰਦਾ ਸੋ ਕਰਦਾ
ਜੋ ਕਹਿੰਦਾ ਸੋ ਕਰਦਾ ਹੈ, ਖ਼ੁਸ਼ਵੰਤ ਕੰਵਲ । ਅਪਣਾ ਕੀਤਾ ਭਰਦਾ ਹੈ, ਖ਼ੁਸ਼ਵੰਤ ਕੰਵਲ। ਦੇਖੋ ਪਿਆਰ ਵਫ਼ਾ ਦੀਆਂ ਗੱਲਾਂ ਕਰਦਾ ਹੈ, ਰੇਤੇ ਦੇ ਵਿਚ ਤਰਦਾ ਹੈ, ਖ਼ੁਸ਼ਵੰਤ ਕੰਵਲ। ਲੋਕਾਂ ਨੇ ਲੱਖ ਜ਼ੋਰ ਲਗਾਇਆ ਡਰਿਆ ਨਾ, ਅਪਣੇ ਆਪ ਤੋਂ ਡਰਦਾ ਹੈ, ਖ਼ੁਸ਼ਵੰਤ ਕੰਵਲ। ਯਾਰਾਂ ਨੂੰ ਨਾ ਲੂਅ ਲੱਗੇ ਨਾ ਲੱਗੇ ਠੇਸ, ਯਾਰਾਂ ਖਾਤਰ ਮਰਦਾ ਹੈ, ਖ਼ੁਸ਼ਵੰਤ ਕੰਵਲ। ਤੇਰਾ ਹੈ ਬੱਸ ਤੇਰਾ ਕੇਵਲ ਤੇਰਾ ਹੈ, ਕੂਕਰ ਤੇਰੇ ਦਰ ਦਾ ਹੈ, ਖੁਸ਼ਵੰਤ ਕੰਵਲ। ਨਾਇਕ ਖਲ-ਨਾਇਕ ਤੇ ਸੂਤਰਧਾਰ ਵੀ ਹੈ, ਰੰਗ ਮੰਚ ਹੈ ਪਰਦਾ ਹੈ, ਖ਼ੁਸ਼ਵੰਤ ਕੰਵਲ। ਕਿਉਂ ਲੁਕ ਲੁਕ ਕੇ ਬਹਿੰਦੇ ਹੋ ਸ਼ਰਮਾਉਂਦੇ ਹੋ, ਬੰਦਾ ਅਪਣੇ ਘਰ ਦਾ ਹੈ, ਖ਼ੁਸ਼ਵੰਤ ਕੰਵਲ।
ਛਾਵੇਂ ਛਾਵੇਂ ਤੁਰਿਆ
ਝਗੜੇ ਨਾਲ ਉਡਾਰੂ ਜਾਂ ਫਿਰ 'ਵਾਵਾਂ ਨਾਲ। ਗੁੱਡੀ ਦਾ ਕੀ ਝਗੜਾ ਰੋਸ ਹਵਾਵਾਂ ਨਾਲ। ਛਾਵੇਂ ਛਾਵੇਂ ਤੁਰਿਆ ਭੀੜ ਚੁਫੇਰੇ ਸੀ, ਧੁੱਪੇ ਤੁਰਿਆ ਤਾਂ ਤੁਰਿਆ ਸੀ ਟਾਂਵਾਂ ਨਾਲ। ਕੀ ਭਰਵਾਸਾ ਪੱਤਣਾ ਦਾ ਪਤਵਾਰਾਂ ਦਾ, ਕੀ ਰਹਿ ਗਈਆਂ ਦੋਸਤੀਆਂ ਦਰਿਆਵਾਂ ਨਾਲ। ਕੱਚੇ ਰਿਸ਼ਤੇ ਟੁੱਟਣਾ ਹੀ ਸੀ ਆਖਰ ਨੂੰ, ਕੋਇਲਾਂ ਦੀ ਕਦ ਨਿਭ ਸਕਦੀ ਹੈ ਕਾਂਵਾਂ ਨਾਲ। ਹਰ ਮੌਸਮ ਬੇ-ਗਾਨਗੀਆਂ ਦੇ ਰਾਹ ਤੁਰਿਆ, ਧੁੱਪਾਂ ਦੀ ਕੋਈ ਬਾਤ ਰਹੀ ਨਾ ਛਾਂਵਾਂ ਨਾਲ। ਪੰਧ ਲਮੇਰਾ, ਬਿਖੜਾ ਪੈਂਡਾ ਔਝੜ ਰਾਹ, ਜੇਕਰ ਤੂੰ ਆਖੇਂ ਤਾਂ ਮੈਂ ਵੀ ਆਵਾਂ ਨਾਲ। ਲਾਜ਼ਮ ਹੈ ਹੱਥ ਜੋੜ ਕੇ ਯਾਰ ਦੁਆ ਕਰੀਏ, ਹੋਵੇ ਨਾ ਜੋ ਰੋਗੀ ਠੀਕ ਦਵਾਵਾਂ ਨਾਲ । ਆਪਣੇ ਆਪ ਤੋਂ ਬੇ-ਵਾਹ ਹੋ ਬੈਠੇ ਹਾਂ, ਯਾਰੀ ਲਾ ਕੇ ਓਹਨਾਂ ਬੇ-ਪ੍ਰਵ੍ਹਾਵਾਂ ਨਾਲ। ਗਾਉਂਦੀ ਬੁਲਬੁਲ ਨੱਚਦੇ ਫੁੱਲਾਂ ਨੂੰ ਤੱਕ ਕੇ, ਜੀ ਕਰਦਾ ਹੈ ਨੱਚਾਂ ਮੈਂ ਵੀ ਗਾਂਵਾਂ ਨਾਲ। ਗ਼ੈਰਾਂ ਸਾਂਝ ਨਿਭਾਈ ਮਰਦੇ ਦਮ ਤੀਕਰ, ਕੋਹ ਭਰ ਤੁਰ ਨਾ ਹੋਇਆ ਸਕੇ ਭਰਾਵਾਂ ਨਾਲ। ਮਹਿਕੀਆਂ ਰੁੱਤਾਂ ਰੰਗ ਮਜੀਠੀ ਮਾਣ ਲਏ, ਦੇਖੋ ਕੀ ਹੁਣ ਤੁਰਦਾ ਬਾਕੀ ਸਾਹਵਾਂ ਨਾਲ। ਨੇਕ ਇਰਾਦਾ ਧਾਰੋਗੇ ਹੋਵੋਗੇ ਪਾਰ, ਅੱਧ 'ਚ ਨਾ ਰਹਿ ਜਾਇਓ ਕੂੜ ਸੁਲ੍ਹਾਵਾਂ ਨਾਲ।
ਬਦਲੇ ਨੇ ਜਿਸ ਤਰ੍ਹਾਂ
ਬਦਲੇ ਨੇ ਜਿਸ ਤਰ੍ਹਾਂ ਇਹ ਹਾਲਾਤ ਕੀ ਕਹੋਗੇ। ਕਿੱਧਰ ਨੂੰ ਜਾ ਰਹੀ ਹੈ ਇਹ ਬਾਤ ਕੀ ਕਹੋਗੇ। ਕੀ ਅੰਤ ਏਸ ਗੱਲ ਦਾ ਏਨਾ ਤਾਂ ਸੋਚ ਦੇਖੋ, ਹੈ ਸਾਹਮਣੇ ਤੁਹਾਡੇ ਸ਼ੁਰੂਆਤ ਕੀ ਕਹੋਗੇ। ਦੇਵੋਗੇ ਦੋਸ਼ ਕਿਸ ਨੂੰ ਕਿਸ ਨੂੰ ਬਰੀ ਕਰੋਗੇ, ਮਾਰੋਗੇ ਆਪਣੇ ਵਲ ਜਦ ਝਾਤ ਕੀ ਕਹੋਗੇ। ਜੋ ਵੀ ਕਦਮ ਉਠਾਇਆ ਵਧਿਆ ਹਨੇਰ ਵਲ ਨੂੰ, ਕਿੱਧਰ ਗਈ ਸੁਹਾਣੀ ਪ੍ਰਭਾਤ ਕੀ ਕਹੋਗੇ। ਸਾਇਆ ਨਾ ਜ਼ੁਲਫ ਦਾ ਹੈ ਨਾ ਨੈਣ ਹੀ ਨਸ਼ੀਲੇ, ਸੱਜਣ ਦੇ ਸਾਥ ਬਾਝੋਂ ਬਰਸਾਤ ਕੀ ਕਹੋਗੇ । ਜਿੱਧਰ ਵੀ ਹੱਥ ਮਾਰੋ ਪੋਹਲੀ ਹੈ ਭੱਖੜਾ ਹੈ, ਉੱਗੇ ਨੇ ਦਿਲ 'ਚ ਸੰਘਣੇ ਜੰਗਲਾਤ ਕੀ ਕਹੋਗੇ। ਜ਼ਿੰਦਗੀ ਤੇ ਮੌਤ ਦਾ ਜੇ ਅੰਤਰ ਹੀ ਨਾ ਰਿਹਾ ਤਾਂ, ਕਿਹੜਾ ਹੈ ਦੋਹਾਂ ਵਿੱਚੋਂ ਸੌਗਾਤ ਕੀ ਕਹੋਗੇ।
ਸੋਚਿਆ ਨਾ ਸੀ
ਸੋਚਿਆ ਨਾ ਸੀ ਕਿ ਇਹ ਵੀ ਹਾਦਸਾ ਹੋ ਜਾਏਗਾ। ਆਪਣੇ ਹੀ ਦਰਮਿਆਂ ਇਕ ਫ਼ਾਸਲਾ ਹੋ ਜਾਏਗਾ। ਜੀ ਲਿਆ ਜੇ ਇਸ਼ਕ ਨੂੰ ਤਾਂ ਹੋਰ ਹੈ ਕੇਹੀ ਖੁਸ਼ੀ, ਮਰ ਗਏ ਤਾਂ ਫੇਰ ਵੀ ਇਕ ਮਰਤਬਾ ਹੋ ਜਾਏਗਾ। ਕੋਲ ਜੇਕਰ ਸੱਚ ਹੋਇਆ ਤਾਂ ਜਿੱਧਰ ਵੀ ਜਾਓਗੇ, ਲੋਕ ਰਲਦੇ ਜਾਣਗੇ ਤੇ ਕਾਫਲਾ ਹੋ ਜਾਏਗਾ। ਗੱਲ ਸੀ ਸਾਦਾ ਜਿਹੀ ਹੈਰਾਨ ਹਾਂ ਪਰ ਸੋਚ ਕੇ, ਇਸ ਤਰ੍ਹਾਂ ਸੰਗੀਨ ਸਾਰਾ ਮਾਮਲਾ ਹੋ ਜਾਏਗਾ। ਮੈਂ ਤਾਂ ਦੁਸ਼ਮਣ ਨੂੰ ਵੀ ‘ਜੀ ਆਇਆਂ’ ਕਿਹਾ, ਨਾ ਸੋਚਿਆ, ਘਰ ਮਿਰੇ ਮੁਸ਼ਕਿਲ ਮਿਰਾ ਹੀ ਦਾਖਲਾ ਹੋ ਜਾਏਗਾ।
ਸਾੜ ਫੂਕ ਦੇ ਮਸਾਲੇ
ਸਾੜ ਫੂਕ ਦੇ ਮਸਾਲੇ ਭੰਨ ਤੋੜ ਦੀਆਂ ਗੱਲਾਂ। ਇਹ ਤਾਂ ਜ਼ਿੰਦਗੀ ਦੀ ਲਹਿਰ ਤਾਈਂ ਹੋੜਦੀਆਂ ਗੱਲਾਂ। ਅਸੀਂ ਮੰਗਦੇ ਹਾਂ ਕੁੱਝ ਸਾਨੂੰ ਮਿਲੇ ਕੁੱਝ ਹੋਰ, ਕੱਚ ਜਮ੍ਹਾਂ ਤਕਸੀਮਾਂ ਕੱਚੇ ਜੋੜ ਦੀਆਂ ਗੱਲਾਂ। ਬੀਤੇ ਵਕਤਾਂ ਦੀ ਗੱਲ ਜਜ਼ਬਾਤੀ ਜਿਹੀ ਝੱਲ, ਮੈਨੂੰ ਯਾਦ ਨਾ ਕਰਾ ਤੂੰ ਉਸ ਮੋੜ ਦੀਆਂ ਗੱਲਾਂ। ਜਿਹਦੀ ਛਾਂ ਚੂਸ ਲੈਂਦੀ ਹੈ ਮੁਸਾਫ਼ਿਰਾਂ ਦਾ ਖ਼ੂਨ, ਸਾਨੂੰ ਹੋਰ ਨਾ ਸੁਣਾਓ ਉਸ ਬੋਹੜ ਦੀਆਂ ਗੱਲਾਂ। ਅਸੀਂ ਤੁਸੀਂ ਰਲ ਬੈਠੇ ਬਣ ਗਿਆ ਹੈ ਸਬੱਬ, ਹੱਥ ਆਉਂਦੀਆਂ ਨਾ ਲੱਖ ਤੇ ਕਰੋੜ ਦੀਆਂ ਗੱਲਾਂ । ਬੋਲੋ ਮਿੱਠੇ ਮਿੱਠੇ ਬੋਲ ਬੈਠ ਇਕ ਦੂਜੇ ਕੋਲ, ਇਹੋ ਜ਼ਿੰਦਗੀ ਦਾ ਭੇਤ ਨੇ ਨਚੋੜ ਦੀਆਂ ਗੱਲਾਂ। ਇਕ ਦੂਜੇ ਦੀਆਂ ਰਾਹਾਂ ਵਿਚ ਵਿਛ ਵਿਛ ਜਾਈਏ, ਇਹੋ ਸੂਰਜਾਂ ਦੇ ਪੰਧ ਪਹਿਲੇ ਤੋੜ ਦੀਆਂ ਗੱਲਾਂ।
ਤੇਰੇ ਤੱਕ ਨਾ ਪੁੱਜੀ
ਤੇਰੇ ਤੱਕ ਨਾ ਪੁੱਜੀ ਜੇ ਕੋਈ ਤਲਖ਼ ਹਵਾ। ਇਹ ਨਾ ਸਮਝ ਨਹੀਂ ਕਿ ਮੌਸਮ ਬਦਲ ਗਿਆ। ਓਦੋਂ ਹੀ ਡਰ ਉਡਣ ਪੰਖੇਰੂ ਕੰਬਣ ਰੁੱਖ, ਜਦ ਵੀ ਕਿਧਰੇ ਕੋਈ ਹਾਦਸਾ ਵਾਪਰਿਆ। ਜੋ ਸੜਕਾਂ ਤੇ ਚੱਲਣ ਦਾ ਢੰਗ ਦੱਸਦਾ ਸੀ, ਓਹੀ ਮਰਿਆ ਸੀ ਰਾਹ ਦੇ ਵਿਚਕਾਰ ਪਿਆ। ਓਹੀ ਦੇਖੋ ਪਰਦੇ ਦਾ ਪ੍ਰਚਾਰ ਕਰੇ, ਜਿਸ ਨੇ ਕੀਤਾ ਸਾਨੂੰ ਹਰ ਥਾਂ ਬੇ-ਪਰਦਾ। ਕੰਧਾਂ ਦਾ ਚਿੰਤਤ ਹੋ ਜਾਣਾ ਲਾਜ਼ਮ ਹੈ, ਘਰ ਦਾ ਇਕ ਵੀ ਜੀਅ ਜਦੋਂ ਹੈ ਰੁੱਸ ਬਹਿੰਦਾ। ਖ਼ਾਮੋਸ਼ੀ ਦਾ ਗੀਤ ਅਨੂਪਮ ਨਗਮਾ ਜੇ, ਫਿਰ ਕਿਉਂ ਧੂ ਹੈ ਪਾਉਂਦਾ ਨਗ਼ਮਾਂ ਕੋਇਲ ਦਾ। ਲੂਆਂ ਝੱਖੜਾਂ ਦੇ ਮੌਸਮ ਵਿਚ ਮਿਲਿਆ ਜੋ, ਉਹ ਚੇਤਰ ਦੇ ਮੌਸਮ ਸਾਥੋਂ ਵਿੱਛੜਿਆ।
ਮਿਲ ਮਿਲਾ ਕੇ ਤੁਰੋਗੇ
ਮਿਲ ਮਿਲਾ ਕੇ ਰੋਗੇ ਤਾਂ ਤਰ ਜਾਉਗੇ। ਦਿਲ ਜਲਾ ਕੇ ਤੁਰੋਗੇ ਕਿਧਰ ਜਾਉਗੇ। ਘਰ ਕਿਵੇਂ ਰਹਿਣਗੇ ਜੇ ਸ਼ਹਿਰ ਨਾ ਰਿਹਾ, ਘਰ ਕਿਹੜੇ ਜਾਉਗੇ ਕਿਹੜੇ ਦਰ ਜਾਉਗੇ। ਖ਼ੁਸ਼ ਰਹੋਗੇ ਤੁਰੇ ਜੇ ਬਣਾ ਕਾਫ਼ਲਾ, ਜੇ ਇਕੱਲੇ ਤੁਰੋਗੇ ਤਾਂ ਡਰ ਜਾਉਗੇ। ਕਾਇਮ ਰਹਿੰਦਾ ਹੈ ਮਾਹੌਲ ਵਿਚ ਦੇਰ ਤੱਕ, ਜੋ ਵੀ ਕਹਿ ਜਾਉਗੇ ਜੋ ਵੀ ਕਰ ਜਾਉਗੇ। ਘਰ ਤਾਂ ਹੈ ਬੱਸ ਨਿਰਾ ਰਿਸ਼ਤਿਆਂ ਦਾ ਵਜੂਦ, ਸ਼ਾਮ ਬਹਿ ਸੋਚਣਾ ਜਦ ਵੀ ਘਰ ਜਾਉਗੇ। ਸ਼ਹਿਰ ਅਗਲੇ ਉਹ ਜਾ ਕੇ ਨੇ ਵਰਤਾਉਂਦੀਆਂ, ਜੋ ਵੀ ਪੌਣਾਂ ਦੇ ਹੱਥਾਂ ਤੇ ਧਰ ਜਾਉਗੇ। ਖਾਲੀ ਹੋ ਜਾਉਗੇ ਨਾ ਕਰੋ ਨਫ਼ਰਤਾਂ, ਪਿਆਰ ਜਦ ਵੀ ਕਰੋਗੇ ਤਾਂ ਭਰ ਜਾਉਗੇ।
ਇਸ ਦੀ ਖਾਤਰ
ਇਸ ਦੀ ਖਾਤਰ ਉਸਦੀ ਖਾਤਰ ਲੱਭਦੇ ਫਿਰਦੇ ਹਾਂ। ਧਰਤ ਗੁਆਚੀ ਧੁੱਪ ਦੀ ਕਾਤਰ ਲੱਭਦੇ ਫਿਰਦੇ ਹਾਂ। ਚਾਹੀਦਾ ਸੀ ਘੁੱਟ ਘੁੱਟ ਜੱਫ਼ੀਆਂ ਪਾਉਂਦੇ ਰਲ ਮਿਲ ਕੇ, ਪਰ ਇਹ ਕੀ ਬੇ-ਸ਼ਰਮੀ ਦਾਤਰ ਲੱਭਦੇ ਫਿਰਦੇ ਹਾਂ। ਸਾਨੂੰ ਆਪਸ ਵਿਚ ਲੜਾਇਆ ਤੇ ਮੂਰਖ ਸਦਵਾਇਆ, ਬਣਿਆ ਫਿਰਦਾ ਹੈ ਜੋ ਚਾਤਰ ਲੱਭਦੇ ਫਿਰਦੇ ਹਾਂ। ਸਾੜੇ, ਕੀਨੇ, ਨਫ਼ਰਤ, ਅਤੇ ਤੁਫਰਕੇ ਦੇ ਵਿਚ ਵੀ, ਪਿਆਰ ਕਿਤੇ ਬਚਿਆ ਨਾ-ਮਾਤਰ ਲੱਭਦੇ ਫਿਰਦੇ ਹਾਂ। ਜ਼ਿੰਦਗੀ ਮਾਰ ਮੁਕਾਣ ਦੀਆਂ ਨੇ ਜਿਨ੍ਹਾਂ ਵਿਚ ਤਜਵੀਜ਼ਾਂ, ਉਹ ਹਰ ‘ਫਾਇਲ’ ਸਮੇਤ ਮਤਵਾਤਰ ਲੱਭਦੇ ਫਿਰਦੇ ਹਾਂ। ਉਹ ਜੋ ਸਾਨੂੰ ਅੰਨ੍ਹੇ ਖੂਹ ਵਿਚ ਧੱਕਾ ਦੇ ਭੱਜਾ, ਛੱਡੀਏ ਕਿਉਂ ਉਸਨੂੰ ਮਤਵਾਤਰ ਲੱਭਦੇ ਫਿਰਦੇ ਹਾਂ। ਓਸ ਨਿਭਾਈ ਹੱਸ ਭੂਮਿਕਾ ਜੋ ਸੀ ਹਿੱਸੇ ਆਈ, ਏਦਾਂ ਦੇ ਕੁੱਝ ਹੋਰ ਵੀ ਪਾਤਰ ਲੱਭਦੇ ਫਿਰਦੇ ਹਾਂ।
ਮੇਰੇ ਅੰਦਾਜ਼ ਨੂੰ ਦੇਖੋ
ਮੇਰੀ ਸੂਰਤ ਤੇ ਨਾ ਜਾਓ ਮਿਰੇ ਅੰਦਾਜ਼ ਨੂੰ ਦੇਖੋ। ਮਿਰਾ ਅੰਜਾਮ ਨਾ ਸੋਚੋ ਮਿਰੇ ਆਗ਼ਾਜ਼ ਨੂੰ ਦੇਖੋ। ਇਨ੍ਹਾਂ ਬੇ-ਰੰਗ ਖੰਭਾਂ ਦੇ ਨਾ ਖ਼ਸਤਾ ਹਾਲ ਵਲ ਜਾਣਾ, ਮਿਰੀ ਆਵਾਰਗੀ ਛੱਡ ਕੇ ਮਿਰੀ ਪ੍ਰਵਾਜ਼ ਨੂੰ ਦੇਖੋ। ਮਿਰੀ ਪੁਸਤਕ ਦਾ ਬਾਹਰੀ ਰੂਪ ਵੀ ਬੇਸ਼ਕ ਮਿਰਾ ਅਪਣਾ, ਮਿਰੀ ਜੇ ਆਤਮਾ ਤੱਕਣੀ ਇਹਦੇ ਅਲਫਾਜ਼ ਨੂੰ ਦੇਖੋ । ਤਰੀਕੇ ਜਾਂ ਸਲੀਕੇ ਜ਼ਿੰਦਗੀ ਦੇ ਢੰਗ ਨੂੰ ਛੱਡ ਕੇ, ਜ਼ਿੱਦੀ ਖਾਤਰ ਮੈਂ ਜ਼ਿੰਦਾ ਹਾਂ ਮਿਰੇ ਉਸ ਕਾਜ਼ ਨੂੰ ਦੇਖੋ। ਅਸਾਨੂੰ ਸਮਝਣਾ ਹੈ ਤਾਂ ਅਸਾਡੇ ਸਿਦਕ ਨੂੰ ਸਮਝੋ, ਉਨ੍ਹਾਂ ਨੂੰ ਸਮਝਣਾ ਹੈ ਤਾਂ ਉਨ੍ਹਾਂ ਦੇ ਨਾਜ਼ ਨੂੰ ਦੇਖੋ। ਇਨ੍ਹਾਂ ਵੀਰਾਨੀਆਂ, ਸੁੰਨ-ਮਾਨੀਆਂ, ਖ਼ਾਮੋਸ਼ੀਆਂ ਪਿੱਛੇ, ਮਿਰੇ ਜੋ ਰੂਹ ਦੀ ਸਰਗਮ ਹੈ ਮਿਰੇ ਉਸ ਸਾਜ਼ ਨੂੰ ਦੇਖੋ। ਇਹ ਰੁੱਤਾਂ, ਰੰਗ, ਸ਼ਕਲਾਂ, ਦੋਸਤਾਂ ਦੀ ਭੀੜ ਖਿੰਡ ਜਾਣੀ, ਗਿਆ ਨਾ ਜੋ ਕਦੇ ਪਾਇਆ ਅਜਿਹੇ ਰਾਜ਼ ਨੂੰ ਦੇਖੋ।
ਜੇ ਚਾਹਾਂ ਤਾਂ
ਜੇ ਚਾਹਾਂ ਤਾਂ ਕਰਨ ਵਾਲੀਆਂ ਗੱਲਾਂ ਦਿਲ ਵਿਚ ਬੜੀਆਂ ਨੇ । ਤੇਰੇ ਮੇਰੇ ਵਿਹੜੇ ਵਿਚ ਜੋ ਕੰਧ ਉਸਾਰੀ ਖੜ੍ਹੀਆਂ ਨੇ। ਓਸ ਮਹਿਲ ਦੀਆਂ ਕੰਧਾਂ ਕਲਸ-ਗ਼ੁਲਾਈਆਂ ਜਾਨਣ, (ਜਾਂ) ਸਾਰਾ ਕੁਝ ਤੱਕਿਆ ਹੈਸੀ ਘੰਟਾ ਘਰ ਦੀਆਂ ਘੜੀਆਂ ਨੇ। ਜ਼ਖ਼ਮੀ ਪੌਣਾਂ ਹਰ ਵਿਹੜੇ ਦੇ ਸੁੱਤੇ ਜ਼ਖ਼ਮ ਜਗਾ ਦਿੱਤੇ, ਜ਼ਖ਼ਮੀ ਸੋਚਾਂ ਰੂਹਾਂ ਉੱਤੇ ਡੇਮੂੰ ਬਣ ਕੇ ਲੜੀਆਂ ਨੇ। ‘ਗਿਰਦੇ ਗਰਦ, ਗੁਬਾਰਾਂ, ਮਲਬਾਂ ਜਾਂ ਭਟਕੇ ਪੈਰਾਂ ਦੀ ਪੈੜ, ਕੰਧਾਂ ਉੱਤੇ ਖੂਨ ਦੇ ਪੋਚੇ ਥਾਂ ਥਾਂ ਲਾਸ਼ਾਂ ਸੜੀਆਂ ਨੇ। ਘਰ ਘਰ ਖਾਲ਼ੀ ਗਮਲੇ ਰੋਂਦੇ ਚੇਤੇ ਕਰ ਕਰ ਫੁੱਲਾਂ ਨੂੰ, ਰੂਹਾਂ ਉੱਤੇ ਜ਼ਖ਼ਮ ਲਖੂਖਾਂ ਤੇ ਨੈਣਾਂ ਵਿਚ ਝੜੀਆਂ ਨੇ। ਬਾਹਰ ਕੋਈ ਪਰਿੰਦਾ ਵੀ ਤਾਂ ਪਰ ਫੜਕਾਉਂਦਾ ਦਿੱਸਦਾ ਨਾ, ਹਰ ਘਰ ਏਦਾਂ ਜਾਪ ਰਿਹੈ ਜਿਉਂ ਮੌਨ ਮਕਬਰੇ ਮੜ੍ਹੀਆਂ ਨੇ। ਅੱਖਾਂ ਖੋਹਲੋ ਦੇਖੋ ਚਾਰ-ਚੁਫੇਰੇ ਕਿੱਧਰ ਚੱਲੇ ਹੋ, ਕਿਸ ਲਈ ਕਿਸ ਨੂੰ ਮਾਰ ਰਹੇ ਹੋ ਕਿਉਂ ਤਲਵਾਰਾਂ ਫੜੀਆਂ ਨੇ।
ਉਸ ਨੂੰ ਕਹੋ ਕਿ ਹਾਲੇ
ਉਸ ਨੂੰ ਕਹੋ ਕਿ ਹਾਲੇ ਉਹ ਜਾਣ ਦੀ ਨਾ ਸੋਚੇ। ਹਾਲੇ ਮਕਾਨ ਅਪਣਾ ਬਦਲਾਣ ਦੀ ਨਾ ਸੋਚੇ। ਚਾਨਣ ਰਹੇ ਨਾ ਜੇਕਰ ਨਾ ਰਹਿਣਗੇ ਹਨੇਰੇ, ਉਹ ਦੇਖ ਕਾਲਖ਼ਾਂ ਨੂੰ ਘਬਰਾਣ ਦੀ ਨਾ ਸੋਚੇ। ਵਿਸ਼ਵਾਸ ਸਾਡੇ ਜਿਸ ਨੂੰ ਚੋਟੀ ਤੇ ਹੈ ਪੁਚਾਇਆ, ਉਹ ਲਾਰਿਆਂ 'ਚ ਸਾਨੂੰ ਲਟਕਾਣ ਦੀ ਨਾ ਸੋਚੇ। ਕੁੱਝ ਕੁ ਖੁਸ਼ੀ ਦੀ ਖ਼ਾਤਰ ਚਾਨਣ ਦਾ ਮੁੱਲ ਵੱਟ ਕੇ, ਸਾਨੂੰ ਹਨੇਰਿਆਂ ਵਿਚ ਭਟਕਾਣ ਦੀ ਨਾ ਸੋਚੇ। ਰੱਖੀਏ ਫ਼ੌਲਾਦ ਜਿਗਰਾ ਸਾਥੀ ਹਾਂ ਸੂਰਜਾਂ ਦੇ, ਕਰ ਨਾ ਬਹੇ ਨਦਾਨੀ ਅਜ਼ਮਾਣ ਦੀ ਨਾ ਸੋਚੇ। ਵੀਰਾਨਿਆਂ 'ਚ ਜਿਹੜਾ ਧੜਕਾ ਸਕੇ ਨਾ ਜ਼ਿੰਦਗੀ, ਉਹ ਰੌਣਕਾਂ ਦੀ ਮਹਿਫ਼ਿਲ ਕਤਲਾਣ ਦੀ ਨਾ ਸੋਚੇ। ਉਹ ਪਾਸ਼ ਪਾਸ਼ ਹੋ ਕੇ ਹਸਤੀ ਗੁਆ ਲਏਗੀ, ਮੁਸ਼ਕਿਲ ਨੂੰ ਕਹਿ ਦਿਉ ਕਿ ਟਕਰਾਣ ਦੀ ਨਾ ਸੋਚੇ।
ਹੈ ਸ਼ੁਕਰ ਅਜੇ
ਹੈ ਸ਼ੁਕਰ ਅਜੇ ਕਿ ਜ਼ਿੰਦਾ ਹਾਂ ਦਿਲ ਹੈ ਦਿਲ ਵਿਚ ਅਰਮਾਨ ਵੀ ਨੇ । ਪੈਰਾਂ ਵਿਚ ਮਾਣ ਹੈ ਧਰਤੀ ਦਾ ਤੇ ਸਿਰ ਸੋਂਹਦੇ ਅਸਮਾਨ ਵੀ ਨੇ। ਜਿਉਂਦੇ ਜੀ ਕਦੇ ਨਹੀਂ ਆਉਂਦੇ ਅਕਸਰ ਮਜ਼ਬੂਰੀ ਦੱਸਦੇ ਨੇ, ਪਰ ਮਰਿਆਂ ਹੁੰਮ ਹੁੰਮਾ ਆਉਂਦੇ ਕੁਝ ਮਿੱਤਰ ਮੇਹਰਬਾਨ ਵੀ ਨੇ। ਉਹ ਆਏ ਰੌਣਕ ਆਈ ਹੈ ਤੇ ਮਹਿਕਾਂ ਵਰਗੀ ਗੱਲ ਤੁਰੀ, ਉਹ ਚਲੇ ਗਏ ਸੁੰਨ ਵਰਤ ਗਈ ਏਦਾਂ ਦੇ ਕਬਰਸਤਾਨ ਵੀ ਨੇ। ਦਿਲ ਵਾਦੀ ਦੇ ਵਿਚ ਸਭ ਕੁਝ ਹੈ ਗ਼ਮ, , ਖਾਈਆਂ ਸਿਖਰਾਂ ਖੁਸ਼ੀ ਦੀਆਂ, ਬਿਰਛਾਂ ਤੇ ਪੰਛੀ ਆਸਾਂ ਦੇ ਝੀਲਾਂ, ਪਰਬਤ, ਮੈਦਾਨ ਵੀ ਨੇ। ਜੋ ਆਉਂਦੇ ਆ ਪਲ ਨਾ ਰੁੱਕਦੇ ਉਹ ਲੱਭਦੇ ਨਾ ਮਹਿਮਾਨ ਕਿਤੋਂ, ਜੋ ਆ ਕੇ ਘਰ ਹੀ ਮੱਲ ਬਹਿੰਦੇ ਉਹ ਗ਼ਮ ਦੇ ਕੁੱਝ ਮਹਿਮਾਨ ਵੀ ਨੇ। ਹੈ ਸਾਬਤ ਸੂਰਤ ਦੇਖਣ ਨੂੰ ਤੇ ਸ਼ਾਂਤ ਸਮੁੰਦਰ ਚਿਹਰੇ ਤੋਂ, ਪਰ ਅੰਦਰੋਂ ਖੌਰੇ ਕਿਸ ਵੇਲੇ ਉੱਠ ਤੁਰਨੇ ਕੁਝ ਤੂਫਾਨ ਵੀ ਨੇ। ਹੈ ਠੀਕ ਕਿ ਕੋਈ ਵੀ ਵਸਤੂ ਪੂਰੀ ਦੀ ਪੂਰੀ ਮਿਟਦੀ ਨਾ, ਜੇ ਜਤਨ ਕਰੋ ਜੇ ਚਾਹੋ ਤਾਂ ਮਿਲ ਜਾਂਦੇ ਕੁਝ ਇਨਸਾਨ ਵੀ ਨੇ।
ਖ਼ੂਬਸੂਰਤ ਚਿਹਰਿਆਂ ਦਾ
ਖ਼ੂਬਸੂਰਤ ਚਿਹਰਿਆਂ ਦਾ ਜ਼ੋਰ ਹੈ ਇਸ ਸ਼ਹਿਰ ਵਿਚ। ਇਸ਼ਕ ਦੀ ਪਰ ਹਰ ਅਦਾ ਕਮਜ਼ੋਰ ਹੈ ਇਸ ਸ਼ਹਿਰ ਵਿਚ। ਛੱਤ, ਰੌਸ਼ਨਦਾਨ, ਬੂਹੇ-ਬਾਰੀਆਂ ਦੇ ਹੁੰਦਿਆਂ, ਹਰ ਇਮਾਰਤ ਜਾਪਦੀ ਜਿਉਂ ਗ਼ੋਰ ਹੈ ਇਸ ਸ਼ਹਿਰ ਵਿਚ । ਦੂਸਰੇ ਦੇ ਔਗਣਾ ਵਲ ਹੀ ਉਠਾਂਦੇ ਉਂਗਲਾਂ, ਜਾਪਦੈ ਸਭਨਾਂ ਦਿਲਾਂ ਵਿਚ ਚੋਰ ਹੈ ਇਸ ਸ਼ਹਿਰ ਵਿਚ। ਸ਼ੌਕ ਸੂਹਾ, ਗੀਤ ਕੋਈ, ਤਾਂਘ ਮੰਜ਼ਿਲ ਦੀ ਨਹੀਂ, ਇਕ ਉਦਾਸੀ ਤੋਰ ਤੁਰਦੀ ਤੋਰ ਹੈ ਇਸ ਸ਼ਹਿਰ ਵਿਚ। ਉਡਣ ਤੋਂ ਪਹਿਲਾਂ ਪਤੰਗਾਂ ਨੂੰ ਵੀ ਤੱਕਣਾ ਚਾਹੀਦੈ, ਕੌਣ, ਜਿਸ ਦੇ ਹੱਥ ਅਸਾਡੀ ਡੋਰ ਹੈ ਇਸ ਸ਼ਹਿਰ ਵਿਚ। ਸ਼ਹਿਰ ਦੀ ਹਰ ਸੜਕ ਉੱਤੇ ਚਾਨਣਾਂ ਦੇ ਜਸ਼ਨ, ਪਰ, ਮਨ ਦੀ ਹਰ ਨੁੱਕਰ 'ਚ ਨ੍ਹੇਰਾ ਘੋਰ ਹੈ ਇਸ ਸ਼ਹਿਰ ਵਿਚ। ਘਰ ਮਿਰੇ ਮੈਨੂੰ ਹੀ ਮਿਲ ਕੇ ਜਾਣ ਲੱਗੇ ਸੋਚਦੇ, ਇਹ ਨਹੀਂ ‘ਖੁਸ਼ਵੰਤ’ ਕੋਈ ਹੋਰ ਹੈ ਇਸ ਸ਼ਹਿਰ ਵਿਚ।
ਮਹਿਫਿਲ 'ਚ ਕੋਈ ਰੌਣਕ
ਮਹਿਫ਼ਲ 'ਚ ਕੋਈ ਰੌਣਕ ਲਾ ਕੇ ਚਲੇ ਗਿਆ। ਇਕ ਨੂਰ ਦਾ ਪਿਅੰਬਰ ਆ ਕੇ ਚਲੇ ਗਿਆ। ਦਿੱਤੀ ਜ਼ਬਾਨ ਜਿਸ ਨੇ ਹਰ ਦਰਦ ਬੇ-ਜ਼ਬਾਂ ਨੂੰ, ਕਣ ਕਣ ਨੂੰ ਕੋਈ ਚੇਟਕ ਲਾ ਕੇ ਚਲੇ ਗਿਆ। ਚਾਨਣ ਦਾ ਰੁੱਖ ਸਿੰਜ ਕੇ ਅਪਣੇ ਲਹੂ ਦੇ ਨਾਲ, ਉਹ ਫਰਜ਼ ਆਪਣੇ ਨੂੰ ਨਿਭਾ ਕੇ ਚਲੇ ਗਿਆ। ਬੁਰਕੀ ਉਹ ਆਪ ਬਣਿਆ ਬੇਸ਼ਕ ਹਨੇਰ ਦੀ, ਰੁੱਖ ਰੌਸ਼ਨੀ ਦੇ ਐਪਰ ਲਾ ਕੇ ਚਲੇ ਗਿਆ। ਜੋ ਸੀ ਸੁਣੀ ਜ਼ਮਾਨੇ ਪਾ ਮੂੰਹ 'ਚ ਉਂਗਲੀਆਂ, ਉਹ ਬਾਤ ਇਕ ਅਨੋਖੀ ਪਾ ਕੇ ਚਲੇ ਗਿਆ। ਉਸ ਝੂਣ ਕੇ ਜਗਾਈ ਸੁੱਤੀ ਹੋਈ ਜ਼ਮੀਰ, ਫ਼ੌਲਾਦ ਅਣਖ਼ ਦਾ ਉਹ ਤਾਅ ਕੇ ਚਲੇ ਗਿਆ। ਮੁੜ ਓਸ ਨੂੰ ਸੁਣਨ ਲਈ ਬੇ-ਤਾਬ ਹੈ ਜ਼ਮਾਨਾ, ਜੋ ਗੀਤ ਉਹ ਅਨੋਖਾ ਗਾ ਕੇ ਚਲੇ ਗਿਆ। ਪੱਥਰ ਦਿਲਾਂ 'ਚ ਉਸਨੇ ਆ ਪ੍ਰੀਤ ਸੀ ਜਗਾਈ, ਮੇਲੇ ਮੁਹੱਬਤਾਂ ਦੇ ਲਾ ਕੇ ਚਲੇ ਗਿਆ।
ਲਾਲ ਨੀਹਾਂ 'ਚ
ਲਾਲ ਨੀਹਾਂ 'ਚ ਸੀ ਉਹ ਚਿਣਾਉਂਦਾ ਰਿਹਾ। ਮਹਿਲ ਮਜ਼ਬੂਤ ਕੌਮੀ ਬਣਾਉਂਦਾ ਰਿਹਾ। ਜ਼ਿੰਦਗੀ ਹੈ ਕਿਵੇਂ ਜੀਵੀਦੀ ਦੋਸਤੋ, ਤੇ ਮਰੀਦਾ ਕਿਵੇਂ ਇਹ ਸਿਖਾਉਂਦਾ ਰਿਹਾ। ਤੂੰ ਬੁਲਾਏਂ ਨਾ ਆਵਾਂ ਇਹ ਮੁਮਕਿਨ ਨਹੀਂ, ਤੂੰ ਜਦੋਂ ਵੀ ਬੁਲਾਇਆ ਮੈਂ ਆਉਂਦਾ ਰਿਹਾ। ਆਪ ਬੇ-ਸ਼ੱਕ ਹਨੇਰੇ 'ਚ ਮੈਂ ਭਟਕਿਆ, ਰੁੱਖ ਪਰ ਰੌਸ਼ਨੀ ਦੇ ਹਾਂ ਲਾਉਂਦਾ ਰਿਹਾ। ਚਾਹੇ ਮੇਰੇ ਨਸੀਬਾਂ 'ਚ ਘੁੱਟ ਵੀ ਨਾ ਸੀ, ਜਾਮ ਭਰ ਭਰ ਮੈਂ ਸਭ ਨੂੰ ਪਿਲਾਉਂਦਾ ਰਿਹਾ। ਪੌਣ ਤੇ ਮੇਰੀ ਹਰਦਮ ਸਵਾਰੀ ਰਹੀ, ਪੀਂਘ ਮੈਂ ਬਿਜਲੀਆਂ ਨੂੰ ਬੁਣਾਉਂਦਾ ਰਿਹਾ। ਗ਼ਜ਼ਲ ਮੇਰੀ 'ਚ ਲੋਕਾਂ ਦਾ ਹੀ ਦਰਦ ਸੀ, ਲੋਕ ਸੁਣਦੇ ਰਹੇ ਮੈਂ ਸੁਣਾਉਂਦਾ ਰਿਹਾ।
ਬਿਜਲੀਆਂ ਨੇ ਸਾੜ ਸੁੱਟਿਆ
ਬਿਜਲੀਆਂ ਨੇ ਸਾੜ ਸੁਟਿਆ ਆਲ੍ਹਣਾ ਮੇਰਾ ਜ਼ਰੂਰ, ਪਰ ਰਤਾ ਵੀ, ਤੋੜ ਨਾ ਸਕੀਆਂ ਸੀ ਉਹ ਮੇਰਾ ਗਰੂਰ। ਦਿਲ ਅਸਾਡਾ ਦਿਲ ਕੋਈ ਮਹਿਫਿਲ ਨਹੀਂ ਹੈ ਗ਼ੈਰ ਦੀ, ਆਣ ਕੇ ਫਿਰ ਜਾ ਸਕੋਗੇ ਹੋ ਨਹੀਂ ਸਕਦਾ ਹਜ਼ੂਰ। ਕਿਉਂ ਜ਼ਮਾਨਾ ਹੱਥ ਧੋ ਕੇ ਮਗਰ ਸਾਡੇ ਪੈ ਗਿਆ, ਹੁਸਨ ਹੈ ਤੇਰੀ ਖ਼ਤਾ ਤੇ ਇਸ਼ਕ ਹੈ ਮੇਰਾ ਕਸੂਰ। ਫੇਰ ਛਿੱਲਣ ਦੀ ਤਿਆਰੀ ਹੋ ਰਹੀ ਹੈ ਜ਼ਖ਼ਮ ਨੂੰ, ਫੇਰ ਕੋਈ ਚਾਹ ਰਿਹਾ ਹੈ ਜ਼ਖ਼ਮ ਹੋ ਜਾਏ ਨਸੂਰ। ਫਿਰ ਸ਼ਹਾਦਤ ਦਾ ਕੋਈ ਮੌਸਮ ਹੈ ਯਾਰੋ ਆ ਰਿਹਾ, ਫੇਰ ਤਿੱਖੇ ਕਰ ਰਿਹਾ ਹੈ ਵਕਤ ਹੁਣ ਖੁੰਢੇ ਜ਼ਮੂਰ।
ਜਿੰਨੀ ਵੀ ਜ਼ਿੰਦਗੀ ਮੈਂ
ਜਿੰਨੀ ਵੀ ਜ਼ਿੰਦਗੀ ਮੈਂ ਜੀਣੀ ਸੀ ਜੀ ਲਈ। ਹਿੱਸੇ 'ਚ ਜ਼ਹਿਰ ਆਉਂਦੀ ਪੀਣੀ ਸੀ ਪੀ ਲਈ। ਗ਼ਮ ਦਾ ਪਹਾੜ ਯਾਰਾ ਛਾਤੀ ਤੇ ਧਰ ਲਿਆ, ਦਰਿਆ ਅਗਨ ਦੇ ਤਰੀਏ ਤੇਰੀ ਖ਼ੁਸ਼ੀ ਲਈ। ਮਹਿਮਾਨ ਉਮਰ ਭਰ ਦੇ ਹੌਕੇ ਨੇ ਹੋ ਗਏ, ਜਾਂ ਬੇ-ਕਸੀ ਮਿਲੀ ਹੈ ਜਾਂ ਬੇ-ਬਸੀ ਲਈ। ਸੱਜਣ ਦੇ ਮੇਲ ਦੀ ਜੋ ਆਈ ਸੀ ਸੱਜ ਸਜਾ, ਰੂਹ ਤੜਫਦੀ ਹੈ ਯਾਰੋ ਓਸੇ ਘੜੀ ਲਈ। ਮੰਦਰ, ਮਸੀਤ ਗਾਹ ਕੇ ਸਾਰੇ ਮੈਂ ਆ ਗਿਆ, ਇਕ ਵੀ ਜਗ੍ਹਾ ਨਾ ਢੁੱਕਵੀਂ ਤੇਰੀ ਬੰਦਗੀ ਲਈ। ਕਮਰੇ ਦੇ ਬੰਦ ਬੂਹੇ ਢੁਪੀਆਂ ਨੇ ਬਾਰੀਆਂ, ਯਾਰੋ ਤਰਸ ਰਹੇ ਹਾਂ ਘੁੱਟ ਤਾਜ਼ਗੀ ਲਈ।
ਜੇ ਅੰਬਰ ਨਾ ਹੁੰਦਾ
ਜੇ ਅੰਬਰ ਨਾ ਹੁੰਦਾ ਤਾਂ ਤਾਰੇ ਕੀ ਕਰਦੇ । ਜੇ ਵਾਹਦੇ ਨਾ ਹੁੰਦੇ ਤਾਂ ਲਾਰੇ ਕੀ ਕਰਦੇ। ਮਿਲਦਾ ਨਾ ਚੋਗਾ ਜੇ ਧਰਤੀ ਤੇ ਪ੍ਰੀਤਾਂ ਦਾ, ਤਾਂ ਪੰਛੀ ਨਜ਼ਰਾਂ ਦੇ ਇਹ ਚਾਰੇ ਕੀ ਕਰਦੇ । ਆਸ਼ਕ ਜੇ ਵਤਨਾਂ ਦੇ ਤੁਰਦੇ ਨਾ ਕਫ਼ਨ ਬੰਨ੍ਹ ਕੇ, ਤਾਂ ਦੱਸ ਨੀ ਵਕਤ ਦੀਏ ਸਰਕਾਰੇ ਕੀ ਕਰਦੇ। ਅਣਖਾਂ ਦੀ ਵਾਦੀ ਵਿਚ ਸੂਹੇ ਫੁੱਲ ਕਿੰਝ ਖਿੜਦੇ, ਜੇ ਸਿਰ ਹੀ ਨਾ ਹੁੰਦੇ ਤਾਂ ਆਰੇ ਕੀ ਕਰਦੇ। ਪੈਰਾਂ ਵਿਚ ਹਿੰਮਤ ਨਾ ਜ਼ਿਹਨਾਂ ਵਿਚ ਚਾਨਣ ਨਾ, ਮੰਜ਼ਿਲ ਦੀ ਭਾਲ ਲਈ ਦੋ ਨਾਹਰੇ ਕੀ ਕਰਦੇ । ਆਗੂ ਤੇ ਅਧਿਆਪਕ ਮੁਨਸਿਫ ਤੇ ਮਲਾਹ ਰਲ ਕੇ, ਮੈਂ ਦੇਖ ਰਿਹਾ ਸਭ ਕੁਝ ਇਹ ਸਾਰੇ ਕੀ ਕਰਦੇ। ਜੇ ਰੌਸ਼ਨ ਨਾ ਹੁੰਦੇ ਪੰਨੇ ਇਤਿਹਾਸਾਂ ਦੇ, ਤਾਂ ਸੂਰਜ ਅਣਖਾਂ ਦੇ ਉਜਿਆਰੇ ਕੀ ਕਰਦੇ। ਇਨਸਾਨਾਂ ਵਾਂਗਰ ਜੇ ਇਨਸਾਨ ਵਸੀ ਜਾਂਦੇ, ਤਾਂ ਫਿਰ ਮੰਦਿਰ, ਮਸਜਿਦ, ਗੁਰਦੁਆਰੇ ਕੀ ਕਰਦੇ।
ਕੌਣ ਇਨ੍ਹਾਂ ਰਾਹਾਂ ’ਚੋਂ ਲੰਘਿਆ
ਕੌਣ ਇਨ੍ਹਾਂ ਰਾਹਾਂ 'ਚੋਂ ਲੰਘਿਆ। ਮਹਿਕੀ ਪੌਣ ਤੇ ਕਣ ਕਣ ਰੰਗਿਆ। ਪਿਆਰ ਦੋਸ਼ ਤਾਂ ਦਿਲ ਦਾ ਹੈਸੀ, ਜਿੰਦ ਨੂੰ ਕਿਉਂ ਸੂਲੀ ਤੇ ਟੰਗਿਆ। ਉਸ ਦਾ ਮੰਤਰ ਕੋਲ ਹੈ ਤੇਰੇ, ਦਿਲ ਨੂੰ ਜਿਹੜੇ ਨਾਗ਼ ਨੇ ਡੰਗਿਆ। ਦਿਲ ਜਦ ਹੋਇਆ ਵੱਸੋਂ ਬਾਹਰਾ, ਤੂੰ ਵੀ ਓਦੋਂ ਦਿਲ ਹੈ ਮੰਗਿਆ। ਨਾ ਗੱਲ ਕੀਤੀ ਨਾ ਅੱਖ ਮੇਲੀ, ਯਾਰ ਏ ਲਾਗੋਂ ਲੰਘਦਾ ਖੰਘਿਆ। ਸਾਡੀ ਸਿਦਕ ਦਿਲੀ ਦੇ ਉੱਤੇ, ਜ਼ਾਬਰ ਦਾ ਈਮਾਨ ਵੀ ਕੰਬਿਆ। ਹੋਰਾਂ ਨੂੰ ਤੂੰ ਭੈੜਾ ਆਖੇਂ, ਤੂੰ ਕਿਥੋਂ ਦਾ ਚੰਗਾ ਚੰਗਿਆ। ਸਾਡੇ ਕੱਚਿਆਂ ਵੱਲ ਵੀ ਤੱਕੀਂ, ‘ਲਾਲ ਕਿਲੇ’ ’ਤੇ ਝੁਲੇ ਤਰੰਗਿਆ।
ਦਿਲ ਕਤਰਾ ਵੀ ਦਰਿਆ ਵੀ
ਦਿਲ ਕਤਰਾ ਵੀ ਦਰਿਆ ਵੀ ਹੈ। ਪੱਥਰ ਵੀ ਹੈ ਪਾਰਾ ਵੀ ਹੈ। ਸੌਗਾਤ ਹੈ ਜ਼ਿੰਦਗੀ, ਨਗ਼ਮਾ ਵੀ, ਪਰ ਕੁੱਝ ਕੁੱਝ ਮਿਲੀ ਸਜ਼ਾ ਵੀ ਹੈ। ਦੇਖਣ ਨੂੰ ਸਫ਼ਰ ਸੁਹਾਣਾ, ਪਰ, ਹਰ ਮੋੜ ਤੇ ਖੜੀ ਕਜ਼ਾ ਵੀ ਹੈ। ਦੁਖ ਸੁਖ ਦੋ ਪਹਿਲੂ ਜ਼ਿੰਦਗੀ ਦੇ, ਇਉਂ ਜੀਣ 'ਚ ਬੜਾ ਮਜ਼ਾ ਵੀ ਹੈ। ਹੱਥ ਜਾਮ, ਸੁਰਾਹੀ, ਸਾਕੀ ਵੀ, ਤੇ ਮਹਿਕੀ ਹੋਈ ਫ਼ਿਜ਼ਾ ਵੀ ਹੈ। ਇਸ ਜੀਣ ਅਜੀਣ ਦੇ ਚੱਕਰ ਵਿਚ, ਸ਼ਾਮਿਲ ਕੁਝ ਤੇਰੀ ਰਜ਼ਾ ਵੀ ਹੈ। ਕੁੱਝ ਦੋਸਤੀਆਂ ਦੇ ਫੁੱਲ ਖਿੜੇ, ਕੁੱਝ ਹੁਸਨੋ ਇਸ਼ਕ ਵਫ਼ਾ ਵੀ ਹੈ। ਉਹ ਰੋਗ ਅਨੋਖਾ ਲਾ ਬੈਠੇ, ਜੋ ਅਪਣੇ ਆਪ ਸ਼ਫ਼ਾ ਵੀ ਹੈ। ਕੁੱਝ ਰੋਸੇ ਗ਼ਿਲੇ ਗੁਜ਼ਾਰੀ ਵੀ, ਕੁੱਝ ਤੇਰੇ ਨਾਲ ਲਗਾਅ ਵੀ ਹੈ।
ਕੱਲ੍ਹ ਜੋ ਸੂਰਤ ਤੱਕੀ
ਕੱਲ੍ਹ ਜੋ ਸੂਰਤ ਤੱਕੀ ਪਿਆਰੀ ਬੱਸ ਦੇ ਵਿਚ। ਉਹ ਨਾ ਤੱਕੀ ਉਮਰਾਂ ਸਾਰੀ ਬੱਸ ਦੇ ਵਿਚ। ਉਸ ਦਿਨ ਸਫ਼ਰ ਸੀ ਕੋਈ ਬੱਸ ਜੀ ਜਲਵਾ ਸੀ, ਅਕਸਰ ਹੁੰਦੀ ਰਹੇ ਖੁਆਰੀ ਬੱਸ ਦੇ ਵਿਚ। ਸੁੰਞ-ਮਸਾਣ ਜਿਹੀ ਵਰਤੀ ਸੀ ਸਾਰੇ ਹੀ, ਮਹਿਕੀ ਹੋਈ ਸੀ ਇਕ ਬਾਰੀ ਬੱਸ ਦੇ ਵਿਚ। ਬੱਸ ਡਰਾਇਵਰ ਮੁੜ ਮੁੜ ਝਾਕੇ ਸ਼ੀਸ਼ੇ 'ਚੋਂ, ਇਹ ਕਿਸ ਨੇ ਹੈ ਮਹਿਕ ਖਿਲਾਰੀ ਬੱਸ ਦੇ ਵਿਚ । ਸਾਰੀ ਬੱਸ ਦਾ ਹੀ ਜੋ ਕੇਂਦਰ-ਬਿੰਦੂ ਸੀ, ਬੈਠੀ ਮੇਰੇ ਨਾਲ ਸਵਾਰੀ ਬੱਸ ਦੇ ਵਿਚ। ਕਦੇ ਕਦੇ ਉਮਰਾਂ ਦਾ ਦਰਦ ਜਗਾ ਜਾਂਦੀ, ਕੁੱਝ ਕੁ ਮਿੰਟਾਂ ਦੀ ਹੀ ਯਾਰੀ ਬੱਸ ਦੇ ਵਿਚ। ਬੱਸ 'ਚ ਬੈਠਾ ਵੀ ਘਰ ਬਾਰੇ ਸੋਚ ਰਿਹਾਂ, ਸਫ਼ਰ ਸਫ਼ਰ ਦੇ ਵਿਚ ਹੈ ਜਾਰੀ ਬੱਸ ਦੇ ਵਿਚ। ਬਸੋਂ ਜਦ ਉਹ ਉੱਤਰੇ ਤਾਂ ਸੀ ਇਉਂ ਲੱਗਿਆ, ਬੱਸ ਕਿਸੇ ਜਿਉਂ ਲਿਆ ਕੇ ਮਾਰੀ ਬੱਸ ਦੇ ਵਿਚ। ਸਾਰੇ ਕੰਮ ਮੁਕਾਓ ਬੀਮਾ ਕਰਵਾਓ, ਫੇਰ ਚੜ੍ਹੋ, ਬੇਸ਼ਕ ਸਰਕਾਰੀ ਬੱਸ ਦੇ ਵਿਚ।
ਪੈਰ ਪੈਰ ਤੇ ਕਮਾਲ
ਪੈਰ ਪੈਰ ਤੇ ਹੈ ਜੇ ਕਮਾਲ ਚਾਹੀਦਾ। ਬੋਝੇ ਵਿਚ ਸਾਰਾ ਸਾਲ ਮਾਲ ਚਾਹੀਦਾ। ਬਹੁਤ ਚਿਰ ਹਿਜ਼ਰਾਂ ਦੇ ਥੱਲ ਭਟਕੇ, ਹੁਣ ਜ਼ਰਾ ਘੁੱਟ ਕੁ ਵਸਾਲ ਚਾਹੀਦਾ। ਆਪਣਾ ਹੀ ਰਖ ਨਾ ਖ਼ਿਆਲ ਸੋਹਣਿਆਂ, ਤੈਨੂੰ ਜ਼ਰਾ ਸਾਡਾ ਵੀ ਖਿਆਲ ਚਾਹੀਦਾ। ਰੱਖ ਇਹਨੂੰ ਕੋਲ ਤੇਰੇ ਕੰਮ ਆਊਗਾ, ਖਾਲੀ ਤੇਰਾ ਸਾਨੂੰ ਨਾ ਰੁਮਾਲ ਚਾਹੀਦਾ। ਦੂਰ ਦੀਆਂ ਗੱਲਾਂ ਹੁਣ ਪੁੱਗਦੀਆਂ ਨਾ, ਯਾਰ ਸਦਾ ਅੰਗ ਸੰਗ ਨਾਲ ਚਾਹੀਦਾ। ਹਰ ਵਰ੍ਹਾ ਬੀਤਿਆ ਬਿਗਾਨਿਆਂ ਦੇ ਵਾਂਗ, ਸਾਨੂੰ ਕੋਈ ਆਪਣਾ ਵੀ ਸਾਲ ਚਾਹੀਦਾ। ਦੂਰ ਕਿੰਝ ਹੋਣਗੇ ਹਨੇਰ ਜੱਗ ਤੋਂ, ਜ਼ਰਾ ਇਹ ਵੀ ਸੋਚਣਾ ਸਵਾਲ ਚਾਹੀਦਾ। ਮਨ ਵਿਚ ਚਾਹੀਦੀ ਨਾ ਮੈਲ ਰੱਖਣੀ, ਬੰਦਾ ਹੋਣਾ ਬੰਦੇ 'ਤੇ ਨਿਹਾਲ ਚਾਹੀਦਾ। ਰੰਗ ਤੇ ਸੁਗੰਧ ਵਾਲਾ ਹੱਟ ਖੁੱਲ੍ਹਿਆ, ਹਰ ਵਿਹੜੇ ਹਰ ਫੁੱਲ ਡਾਲ਼ ਚਾਹੀਦਾ। ਦੁੱਖਾਂ ਤੇ ਮੁਸੀਬਤਾਂ ਨੂੰ ਹੱਸ ਝੱਲਣਾ, ਚਿਹਰੇ ਉੱਤੇ ਰਤਾ ਨਾ ਮਲਾਲ ਚਾਹੀਦਾ। ਸੂਝਾਂ ਵਿਚ ਸੂਰਜਾਂ ਦੇ ਵਾਂਗ ਚਾਨਣਾ, ਦਿਲ ਵਾਂਗ ਅੰਬਰਾਂ ਵਿਸ਼ਾਲ ਚਾਹੀਦਾ।
ਦੋਸਤੀ ਦੇ ਭੇਸ ਵਿਚ
ਦੋਸਤੀ ਦੇ ਭੇਸ ਵਿਚ ਜਦ ਵੀ ਮਿਲੇ ਦੁਸ਼ਮਨ ਮਿਲੇ। ਸੱਜਣਾਂ ਦਾ ਰੂਪ ਧਾਰੀ ਰਾਹ ਦੇ ਵਿਚ ਰਾਹਜ਼ਨ ਮਿਲੇ। ਸੋਚਦੇ ਸਾਂ ਦੇਸ਼ ਹੈ ਆਜ਼ਾਦ ਹੁਣ ਰਾਸ਼ਨ ਮਿਲੂ, ਪਰ ਬੜਾ ਅਫ਼ਸੋਸ ਰਾਸ਼ਨ ਦੀ ਜਗ੍ਹਾ ਭਾਸ਼ਨ ਮਿਲੇ। ਯਾਰ ਉਹ ਬਚਪਨ ਦੇ ਮਿੱਠੇ ਮੁੜ ਕਦੇ ਨਾ ਮਿਲ ਸਕੇ। ਲੱਭੀਏ ਉਹ ਯਾਰ ਕਿਤਿਓਂ ਜੇ ਕਿਤੋਂ ਬਚਪਨ ਮਿਲੇ। ਰੇਤ ਵਾਂਗਰ ਨ੍ਹੇਰਿਆਂ ਨੂੰ ਛਾਣਦੇ ਹਾਂ ਸੋਚਦੇ, ਸ਼ਾਇਦ ਕਿਤਿਓਂ ਉਹ ਗੁਆਚੀ ਧੁੱਪ ਦੀ ਕਤਰਨ ਮਿਲੇ। ਪੈਰ ਚਹੁੰਦੇ ਮੰਜ਼ਿਲਾਂ ਨਵ-ਸੂਝ ਦੇ ਸਾਗਰ ਵਿਸ਼ਾਲ, ਪੈਰ ਪਰ ਪਈਆਂ ਜੰਜ਼ੀਰਾਂ ਸੂਝ ਨੂੰ ਜਕੜਨ ਮਿਲੇ।
ਦੀਵਾਰਾਂ ਦੀ ਗੱਲ
ਦੀਵਾਰਾਂ ਦੀ ਗੱਲ ਤੁਰੇ ਜਾਂ ਰੁੱਖਾਂ ਦੀ। ਛੱਡ ਨਾ ਹੁੰਦੀ ਗੱਲ ਕਦੇ ਵੀ ਭੁੱਖਾਂ ਦੀ। ਜੋ ਝੁੱਗੀਆਂ 'ਚੋਂ ਉਠ ਬਣੇ ਖੌਅ ਮਹਿਲਾਂ ਦਾ, ਆਓ ਪੂਜਾ ਕਰੀਏ ਉਨ੍ਹਾਂ ਮਨੁੱਖਾਂ ਦੀ। ਕਿਸ ਦੀ ਕਰੀਏ ਗੱਲ ਤੇ ਕਿਸ ਦੀ ਨਾ ਕਰੀਏ, ਸੀਮਾ ਹੀ ਨਾ ਕੋਈ ਦਰਦਾਂ, ਦੁੱਖਾਂ ਦੀ। ਦੁੱਖ ਦੀ ਘੋਰ ਘਟਾ ਨੇ ਘੇਰਾ ਘੱਤ ਲਿਆ, ਗੱਲ ਜਦੋਂ ਵੀ ਛੇੜ ਬਹੇ ਹਾਂ ਸੁੱਖਾਂ ਦੀ। ਜੋ ਮਨਮੁੱਖਾਂ ਨਾਲ ਲੜਾਈ ਲੜਦੇ ਰਹੇ, ਧੰਨ ਕਮਾਈ ਹੈ ਉਨ੍ਹਾਂ ਗੁਰਮੁੱਖਾਂ ਦੀ।
ਕਾਫਲੇ ਮੰਜ਼ਿਲਾਂ ਵਲ
ਕਾਫ਼ਲੇ ਮੰਜ਼ਿਲਾਂ ਵਲ ਤੁਰੇ ਰਹਿਣਗੇ। ਪਹੁੰਚ ਕੇ ਅੰਤ ਨੂੰ ਉਹ ਧੁਰੇ ਰਹਿਣਗੇ। ਜਿਹੜੇ ਠਿੱਲ੍ਹ ਪੈਣਗੇ ਪਾਰ ਹੋ ਜਾਣਗੇ, ਜੋ ਡਰੇ ਉਹ ਉਰੇ ਦੇ ਉਰੇ ਰਹਿਣਗੇ। ਲੋਕ ਸਭ ਦੇਖਦੇ ਲੋਕ ਸਭ ਸਮਝਦੇ, ਬਗਲ ਤੇਰੀ ੱਚ ਕਦ ਤਕ ਛੁਰੇ ਰਹਿਣਗੇ। ਰੌਸ਼ਨੀ ਸ਼ਹਿਰ ਵਿਚ ਆ ਸਕੇਗੀ ਕਿਵੇਂ, ਜ਼ਿਹਨ ਵਿਚ ਜੇ ਹਨੇਰੇ ਫੁਰੇ ਰਹਿਣਗੇ। ਜੋ ਵੀ ਕਿਸਮਤ ਦੇ ਬੂਹੇ ਤੇ ਬੈਠੇ ਰਹੇ, ਦਿਨ ਉਨ੍ਹਾਂ 'ਤੇ ਬੁਰੇ ਦੇ ਬੁਰੇ ਰਹਿਣਗੇ। ਇਸ਼ਕ ਤੇ ਹੁਸਨ ਹੈ ਅੰਤ ਰਲ ਬੈਠਣਾ, ਵੱਖ ਕਦ ਤਕ ਇਹ ਦੋਵੇਂ ਧੁਰੇ ਰਹਿਣਗੇ।
ਸਾਗਰ ਵਿਚ ਠਿੱਲ੍ਹਦਿਆਂ
ਸਾਗਰ ਦੇ ਵਿੱਚ ਠਿੱਲ੍ਹਦਿਆਂ ਹੀ ਲਹਿਰਾਂ ਮੈਨੂੰ ਬੋਚ ਲਿਆ, ਕੁੱਝ ਆਖਣ ਕਿ ਡੁੱਬ ਗਿਆ ਹਾਂ ਕੁੱਝ ਆਖਣ ਕਿ ਤਰ ਗਿਆ ਹਾਂ। ਮੈਨੂੰ ਉਹ ਮੁੱਸਕਾਨਾਂ ਮਿਲੀਆਂ ਜਿਨ੍ਹਾਂ ਮਗਰ ਦੁਕਾਨਾਂ ਸਨ, ਮੈਂ ਨਿਰਛਲ ਮੁੱਸਕਾਨਾਂ ਲੱਭਦਾ ਹਰ ਬੂਹੇ ਹਰ ਦਰ ਗਿਆ ਹਾਂ। ਕੁੱਝ ਮੈਂ ਕੀਤਾ ਆਪ ਤੇ ਕੁੱਝ ਹਾਲਾਤਾਂ ਨੇ ਕਰਵਾ ਦਿੱਤਾ, ਮੈਨੂੰ ਜ਼ਰਾ ਨਹੀਂ ਪਛਤਾਵਾ ਜੋ ਕੁੱਝ ਵੀ ਮੈਂ ਕਰ ਗਿਆ ਹਾਂ। ਮੇਰੀ ਥਾਂ ਤੇ ਉਹ ਹੁੰਦੇ ਤਾਂ ਉਹ ਹੀ ਜਾਨਣ ਕੀ ਕਰਦੇ, ਮੈਂ ਤਾਂ ਏਹੋ ਆਖਾਂ ਕਿ ਇਹ ਮੈਂ ਹੀ ਸਾਂ ਜੋ ਜਰ ਗਿਆ ਹਾਂ। ਮੇਰੇ ਮਰਿਆਂ ਯਾਰਾਂ ਦੀ ਹੈ ਮਹਿਫਿਲ ਭਲਾ ਉਦਾਸ ਕਿਉਂ, ਮੈਂ ਤਾਂ ਸੁਬ੍ਹਾ ਦਾ ਭੁੱਲਿਆ ਹੋਇਆ ਸ਼ਾਮੀਂ ਅਪਣੇ ਘਰ ਗਿਆ ਹਾਂ। ਚੁਗ ਚੁਗ ਕੇ ਕੁਝ ਬਿਖਰੇ ਤੀਲੇ ਰਚਿਆ ਸੀ ਜੋ ਘਰ ਅਪਣਾ, ਸ਼ੁਕਰ ਹੈ ਕਿ ਮੈਂ ਮੋੜਿਆ ਕਰਜ਼ਾ ਤੀਲ੍ਹੋ ਤੀਲ੍ਹ ਬਿਖਰ ਗਿਆ ਹਾਂ। ਮੇਰੀ ਪੁਸਤਕ ਦੇ ਪੰਨਿਆਂ 'ਚੋਂ ਤੋੜ ਫੋੜ ਕੇ ਨਾ ਕੱਢਿਓ, ਮੈਂ ਜੋ ਕੁੱਝ ਵੀ ਕਹਿਣਾ ਸੀ ਉਹ ਪੌਣਾਂ ਉੱਤੇ ਧਰ ਗਿਆ ਹਾਂ।
ਮੁਕਦੀ ਹੀ ਨਾ ਜਾਪੇ
ਮੁਕਦੀ ਹੀ ਨਾ ਜਾਪੇ ਯਾਰੋ ਅੱਜ ਦੀ ਰਾਤ। ਕਿਸ ਨੇ ਨ੍ਹੇਰ ਸਰਾਪੇ ਯਾਰੋ ਅੱਜ ਦੀ ਰਾਤ। ਜਜ਼ਬੇ ਮੋਏ ਰੀਝਾਂ ਸੜੀਆਂ ਵਣ ਕੰਬੇ, ਮਾਰੂ ਰਾਗ ਅਲਾਪੇ ਯਾਰੋ ਅੱਜ ਦੀ ਰਾਤ। ਭੁੱਬਾਂ ਮਾਰ ਕੇ ਰੋਏ ਯਾਰ ਵਰਾਏ ਕੌਣ, ਮਰ ਗਏ ਜੀਕਣ ਮਾਪੇ ਯਾਰੋ ਅੱਜ ਦੀ ਰਾਤ। ਤੁਰੇ ਨੜੋਏ ਰੀਝਾਂ ਦੇ ਤੇ ਬਲੇ ਮਸਾਣ, ਹਰ ਇਕ ਮੋੜ ਸਿਆਪੇ ਯਾਰੋ ਅੱਜ ਦੀ ਰਾਤ। ਚਾਨਣ ਨੂੰ ਬੇਦਾਵਾ ਦੇ ਪਛਤਾਏਗੀ, ਰੋਏਗੀ ਬਹਿ ਆਪੇ ਯਾਰੋ ਅੱਜ ਦੀ ਰਾਤ।
ਪਰਬਤ ਹੈ ਮੈਦਾਨ ਹੈ
ਪਰਬਤ ਹੈ ਮੈਦਾਨ ਹੈ ਚਾਹੇ ਰੱਕੜ ਚਾਹੇ ਰੋਹੀ ਹੈ, ਹਰ ਥਾਂ ਤੇ ਘੜਮੱਸ ਮਚੀ ਹੈ ਹਰ ਥਾਂ ਕੁੱਕੜਖੋਹੀ ਹੈ। ਰਾਹ ਹੈ ਪੁੱਛਦਾ ਤੁਰਦੇ ਜਾਂਦੇ ਰਾਹੀ ਨੂੰ ਦੱਸੀਂ ਯਾਰਾ, ਤੈਨੂੰ ਮੇਰਾ ਕਿਹੜਾ ਨਖ਼ਰਾ ਕਿਹੜੀ ਨਜ਼ਾਕਤ ਪੋਹੀ ਹੈ। ਅਸੀਂ ਨਹੀਂ ਹਾਂ ਮੁੱਦਤ ਹੋਈ ਉਹ ਇਸ ਸ਼ਹਿਰੋਂ ਚਲੇ ਗਏ, ਸਾਨੂੰ ਤਾਂ ਸੂਰਤ ਦੀ ਥਾਂ ਤੇ ਤੇਰੀ ਸੀਰਤ ਮੋਹੀ ਹੈ। ਸਾਗਰ ਸਾਗਰ ਪਰਬਤ ਪਰਬਤ ਜੰਗਲ ਜੰਗਲ ਸ਼ਹਿਰ ਸ਼ਹਿਰ, ਲੱਭ ਰਹੇ ਹਾਂ ਜਿਸ ਨੇ ਸਾਡੇ ਘਰ ਦੀ ਰੌਣਕ ਖੋਹੀ ਹੈ। ਜੇ ਤੂੰ ਸਾਹਵੇਂ ਆ ਬੈਠੇਂ ਤਾਂ ਸ਼ਾਇਦ ਪੂਰੀ ਹੋ ਜਾਏ, ਮੁੱਦਤ ਹੋਈ ਤੇਰੇ ਨਾਂ ਦੀ ਗ਼ਜ਼ਲ ਮੁਸੱਲਸਲ ਛੋਹੀ ਹੈ।
ਜ਼ਖ਼ਮੀ ਚਿਹਰੇ
ਜ਼ਖ਼ਮੀ ਚਿਹਰੇ ਨਿਰ-ਜਿੰਦ ਹਾਸੇ ਨਗਰ ਨਗਰ। ਟੁੱਟੀਆਂ ਆਸਾਂ ਹੋਂਠ ਪਿਆਸੇ ਨਗਰ ਨਗਰ। ਸੁੰਝ ਮਹਿਫਲਾਂ ਫਿੱਟਿਆਂ ਰੰਗਾਂ ਦੇ ਘੇਰੇ, ਧੁਖ਼ਦੀਆਂ ਛਾਂਵਾਂ ਰੁੱਖ ਉਦਾਸੇ ਨਗਰ ਨਗਰ। ਖੰਡਰ, ਖੋਲੇ, ਕਬਰਾਂ, ਪੱਤਝੜ, ਵੀਰਾਨੀ, ਏਧਰ ਓਧਰ ਆਸੇ ਪਾਸੇ ਨਗਰ ਨਗਰ। ਡੂੰਘੀਆਂ ਸ਼ਾਮਾਂ ਘੋਰ ਉਦਾਸੀ ਸੱਖਣਾਪਨ, ਨੇਰ੍ਹੀ ਧਰਤੀ ਧੁੰਦ ਅਕਾਸ਼ੇ ਨਗਰ ਨਗਰ। ਛਿੱਕੀਆਂ ਗੱਲਾਂ ਝੂਠੀਆਂ ਪ੍ਰੀਤਾਂ ਦੇ ਲਾਰੇ। ਕੱਚ ਸਹਾਰੇ ਕੂੜ ਦਿਲਾਸੇ ਨਗਰ ਨਗਰ। ਤੰਗਦਸਤੀਆਂ, ਊਰਾਂ, ਝੋਰੇ, ਬੇ-ਚੈਨੀ, ਸੱਖਣੇ ਵਿਹੜੇ ਨੈਣ ਨਿਰਾਸੇ ਨਗਰ ਨਗਰ। ਰਾਤ ਡਰਾਉਣੀ ਕਬਰੇ ਦੀਵਾ ਬਲਦਾ ਹੈ, ਬੁਝਦੀ ਬੁਝਦੀ ਹੋਂਦ ਦੇ ਵਾਸੇ ਨਗਰ ਨਗਰ। ਕਹੀਏ ਕਿਸ ਨੂੰ ਹਾਲ ਮੁਰੀਦਾਂ ਦਾ ਯਾਰੋ, ਹਰ ਥਾਂ ਸੱਥਰ ਨਾਲ਼ ਨਿਵਾਸੇ ਨਗਰ ਨਗਰ।
ਬੁਝਦੇ ਬੁਝਦੇ ਦੀਪਕ ਨੇ
ਬੁਝਦੇ ਬੁਝਦੇ ਦੀਪਕ ਨੇ ਅਰਮਾਨਾਂ ਦੇ । ਨਕਸ਼ ਗੁਆਚੇ ਨੇ ਕਿਧਰੇ ਪਹਿਚਾਨਾਂ ਦੇ । ਜਜ਼ਬਾਤਾਂ ਦੇ ਪੰਛੀ ਸਹਿਣ ਜਲਾਵਤਨੀ, ਹੌਕੇ ਹਾਣੀ ਹੋਏ ਨੇ ਅਸਮਾਨਾਂ ਦੇ। ਇਹ ਕਿੱਦਾਂ ਦੀ ਮੌਸਮ ਵਿਚ ਬੇ-ਜ਼ਾਰੀ ਹੈ, ਉੱਤਰੇ ਉੱਤਰੇ ਮੂੰਹ ਮਿੱਤਰਾਂ, ਮਹਿਮਾਨਾਂ ਦੇ । ਸ਼ਹਿਰ ਦੇ ਮੂੰਹ ਤੇ ਛਾਈ ਮੁਰਦੇ-ਹਾਣੀ ਹੈ, ਲਿਸ਼ਕੇ ਲਿਸ਼ਕੇ ਮੂੰਹ ਸਾਰੇ ਸ਼ਮਸ਼ਾਨਾਂ ਦੇ। ਆਪਣੇ ਹੀ ਲਹੂ ਵਰਗੀ ਕੋਈ ਗੱਲ ਕਰੋ, ਤੋੜ ਦਿਓ ਮੂੰਹ ਕੁਫ਼ਰ ਦਿਆਂ ਫੁਰਮਾਨਾਂ ਦੇ । ਅਣਖ ਜਵਾਨੀ ਦੀ ਸਹੁੰ ਖਾ ਕੇ ਕਹਿੰਦੇ ਹਾਂ, ਦਰ ਖੋਲ੍ਹਾਂਗੇ ਅਸੀਂ ਮਹਾਂ-ਵਰਦਾਨਾਂ ਦੇ । ਅੱਥਰਿਆਂ ਦਰਿਆਵਾਂ ਦੇ ਮੂੰਹ ਭੰਨਾਂਗੇ, ਮੋੜਾਂਗੇ ਰੁਖ਼ ਸ਼ੂਕਦਿਆਂ ਤੂਫ਼ਾਨਾਂ ਦੇ।
ਘਟ ਰਹੀਆਂ ਨੇ ਰੌਸ਼ਨੀਆਂ
ਘਟ ਰਹੀਆਂ ਨੇ ਰੌਸ਼ਨੀਆਂ ਤੇ ਵਧਦੇ ਜਾਂਦੇ ਨ੍ਹੇਰ। ਅਪਣਾ ਹੱਥ ਹੀ ਨਜ਼ਰ ਨਾ ਆਏ ਤੱਕਿਆ ਚਾਰ-ਚੁਫੇਰ। ਦੂਰੋਂ ਦੇਖ ਫੁੱਲਾਂ ਦੀ ਵਾਦੀ ਕੋਲ ਅਸੀਂ ਜਦ ਆਏ, ਸੁੱਕੇ ਸੜੇ ਝੜੇ ਪੱਤਿਆਂ ਦਾ ਲੱਗਾ ਹੈਸੀ ਢੇਰ। ਦੇਖੀ ਸ਼ਾਮ ਦੁਪਹਿਰ ਵੀ ਦੇਖੀ ਵਧਦੀਆਂ ਘਟਦੀਆਂ ਛਾਂਵਾਂ, ਦੇਖਾਂਗੇ ਹੁਣ ਕੀ ਕਰਦੀ ਹੈ ਸਾਡੇ ਨਾਲ ਸਵੇਰ। ਇਹ ਕੀ ਤੇਰਾ ਵਣਜ ਵਣਜੀਆ ਤੇਰੀਆਂ ਤੂੰਹੇਂ ਜਾਣੇ, ਤੇਰੇ ਏਸ ਵਣਜ ਤੋਂ ਹਾਰੇ ਲੱਖਾਂ ਧਨੀ ਕੁਬੇਰ। ਰੁੱਖਾਂ ਨਾਲੋਂ ਛਾਂਵਾਂ ਟੁੱਟੀਆਂ ਛਾਂਵਾਂ ਨਾਲੋਂ ਨਾਤੇ, ਅਪਣੇ ਆਪ ਨੂੰ ਅਪਣੇ ਹੀ ਪਰਛਾਵੇਂ ਲੈਂਦੇ ਘੇਰ। ਫੁੱਲਾਂ ਨਾਲ ਨੇ ਕੰਡੇ ਜਾਂ ਕਿ ਕੰਡਿਆਂ ਦੇ ਨਾਲ ਫੁੱਲ, ਜੋ ਇਸ ਭੇਦ ਨੂੰ ਸਮਝ ਲਏਗਾ ਓਹੀ ਮਰਦ ਦਲੇਰ । ਨਾ ਤੂੰ ਉਹ ਹੈਂ ਨਾ ਮੈਂ ਉਹ ਹਾਂ ਨਾ ਉਹ ਯੁੱਗ ਦਾ ਪਹਿਰਾ, ਖੌਰੇ ਕਿਹੜੇ ਜੰਗਲ ਅੰਦਰ ਭਟਕੇ ਹਾਂ ਇਸ ਵੇਰ। ਇਸ ਜੀਵਨ ਵਿਚ ਮੇਲ ਨਹੀਂ ਤਾਂ ਖ਼ਤਮ ਕਹਾਣੀ ਹੋਈ, ਦਿਲ 'ਚੋਂ ਇਹ ਗੱਲ ਕੱਢ ਦੇ ਸੱਜਣਾ ਕਦੇ ਮਿਲਾਂਗੇ ਫੇਰ।
ਰੁੱਖਾਂ ਨਾਲ ਯਰਾਨੇ ਲਾ ਕੇ
ਰੁੱਖਾਂ ਨਾਲ ਯਰਾਨੇ ਲਾ ਕੇ ਕੀ ਕਰੀਏ। ਛਾਂਵਾਂ ਨਾਲ ਬਹਾਨੇ ਲਾ ਕੇ ਕੀ ਕਰੀਏ। ਚਿਪਕੇ ਚਿਹਰੇ ਖ਼ਾਬਾਂ ਤੋਂ ਨੇ ਖਾਲੀ ਨੈਣ, ਪਿੱਠਾਂ ਤੇ ਅਫ਼ਸਾਨੇ ਲਾ ਕੇ ਕੀ ਕਰੀਏ। ਰੂਹਾਂ ਪੱਥਰ ਕੰਨੀ ਪਰਤਾਂ ਲੋਹੇ ਦੀਆਂ, ਕਿਹੜਾ ਸੁਣੇ ਤਰਾਨੇ ਲਾ ਕੇ ਕੀ ਕਰੀਏ। ਰੂਹਾਂ ਵਿੱਚ ਕੋਈ ਰਾਗ ਨਹੀਂ ਕੋਈ ਜਾਗ ਨਹੀਂ, ਮੱਥੇ ਨਾਲ ਨਿਸ਼ਾਨੇ ਲਾ ਕੇ ਕੀ ਕਰੀਏ। ਧੁਰ ਖੱਡਾਂ ਵਿਚ ਜ਼ਿੰਦਗੀ ਜਦ ਕਿ ਤੜਪ ਰਹੀ, ਨਜ਼ਰਾਂ ਨੂੰ ਅਸਮਾਨੇ ਲਾ ਕੇ ਕੀ ਕਰੀਏ। ਇਸ ਬੇਦਰਦ ਅਵਾਰਾ ਬੁਜ਼ਦਿਲ ਮੌਸਮ ਵਿਚ, ਖ਼ੁਦ ਨੂੰ ਹੀ ਜ਼ੁਰਮਾਨੇ ਲਾ ਕੇ ਕੀ ਕਰੀਏ। ਅਪਣੇ ਦਰਦਾਂ ਦੀ ਹੀ ਬਾਤ ਨਹੀਂ ਮੁੱਕਦੀ, ਰੂਹ ਨੂੰ ਦਰਦ ਬਿਗਾਨੇ ਲਾ ਕੇ ਕੀ ਕਰੀਏ।
ਅਪਣੀ ਹਾਲਤ
ਅਪਣੀ ਹਾਲਤ ਦੇਖ ਮੇਰਾ ਗਚ ਭਰ ਆਇਆ। ਇਕ ਦਿਨ ਮੈਨੂੰ ਆਪਣੇ ਆਪ ਤੋਂ ਡਰ ਆਇਆ। ਕੇਹੀ ਕਿਸਮਤ ਕੰਢੇ ਆ ਕੇ ਟੁੱਟਿਆ ਦਮ, ਤਾਰੂ ਉਂਜ ਸੀ ਸਾਗਰ ਸਾਰਾ ਤਰ ਆਇਆ। ਖੁਦ ਹੀ ਡਰੀਏ ਘਰ ਦਾ ਬੂਹਾ ਖੋਲ੍ਹਣ ਤੋਂ, ਕਦੋਂ ਨਹੀਂ ਹੈ ਸੂਰਜ ਸਾਡੇ ਘਰ ਆਇਆ। ਮੱਥਾ ਠਣਕੇ ਓਦੋਂ ਹੀ ਹਰ ਹੋਣੀ ਦਾ, ਮੌਸਮ ਨਾਲ ਮੈਂ ਗੱਲਾਂ ਜਦ ਵੀ ਕਰ ਆਇਆ। ਤਨ ਦੇ ਮਹਿਰਮ ਹਰ ਇਕ ਮੋੜ ਮਿਲੇ ਮੁੜ ਮੁੜ, ਮਨ ਦਾ ਮਹਿਰਮ ਪਰ ਨਾ ਕੋਈ ਨਜ਼ਰ ਆਇਆ। ਜਨਮ ਮੇਰੇ ਦੀ ਖ਼ਬਰ ਸੁਣਾਈ ਸੀ ਜਿਸਨੇ, ਕਹਿੰਦੇ ਫਿਰ ਉਹ ਪਰਤ ਨਾ ਏਸ ਨਗਰ ਆਇਆ।
ਕੱਲ੍ਹ ਦੀ ਜਿਸ
ਕੱਲ੍ਹ ਦੀ ਜਿਸ ਚੋਰੀ ਦੀ ਚਰਚਾ ਅੱਜ ਦੀਆਂ ਅਖ਼ਬਾਰਾਂ ਵਿਚ। ਕਹਿੰਦੇ ਓਹੀਓ ਮਾਲ ਗਿਆ ਵਰਤਾਇਆ ਪਹਿਰੇਦਾਰਾਂ ਵਿਚ। ਪੀਲੇ ਬੱਗੇ ਮੂੰਹ ਹੋਏ ਨੇ ਮੁੜ ਮੁੜ ਟੋਂਹਦੇ ਨੋਟਾਂ ਨੂੰ, ਖ਼ਬਰੇ ਕਿਹੜੀ ਗੱਲ ਤੁਰੀ ਹੈ ਸ਼ਹਿਰ ਦੇ ਸ਼ਾਹੂਕਾਰਾਂ ਵਿਚ । ਡਿੱਗਣ ਵਾਲੇ ਡਿੱਗ ਪੈਂਦੇ ਨੇ ਨਰਮ ਮਖ਼ਮਲੀ ਰਾਹਾਂ ਤੇ, ਚੱਲਣ ਵਾਲੇ ਝੂੰਮ ਕੇ ਚੱਲਦੇ ਦਹਿਕਦਿਆਂ ਅੰਗਾਰਾਂ ਵਿਚ। ਕੁੱਝ ਲੋਕਾਂ ਨੂੰ ਨੀਂਦ ਨਾ ਦੇਵਣ ਫੁੱਲਾਂ ਲੱਦੀਆਂ ਸੇਜ਼ਾਂ ਵੀ, ਕੁੱਝ ਲੋਕੀਂ ਕਹਿ ਯਾਰ ਦਾ ਸੱਥਰ ਸੌਂ ਜਾਂਦੇ ਨੇ ਖ਼ਾਰਾਂ ਵਿਚ । ਕੱਲ੍ਹ ਜੋ ਆਪਣੇ ਪੈਰਾਂ ਉਤੇ ਆਪ ਖਲੋ ਨਾ ਸਕਦੇ ਸਨ, ਵਕਤ ਬੜਾ ਬਲਵਾਨ ਹੋਏ ਅਜ ਸ਼ਾਮਿਲ ਸ਼ਾਹ ਅਸਵਾਰਾਂ ਵਿਚ। ਸ਼ਹਿਰਾਂ ਦੇ ਮਾਹੌਲ 'ਚ ਹੈ ਸੜਿਹਾਂਦ ਅਤੇ ਸੰਕੀਰਣਤਾ, ਆਓ ਚੱਲੀਏ ਪਰਤ ਪਿਛਾਂਹਾਂ ਸੰਘਣੇ ਜੰਗਲ ਗ਼ਾਰਾਂ ਵਿਚ। ਹੱਸਣ ਤੇ ਆਵੇ ਤਾਂ ਹੱਸਦੈ ਦਿਲ ਪੱਤਝੜ ਸੁੰਨਸਾਨੀ ਵੀ, ਰੋਵਣ ਤੇ ਜਦ ਆਉਂਦਾ ਹੈ ਦਿਲ ਰੋਂਦਾ ਰਹੇ ਬਹਾਰਾਂ ਵਿਚ । ਰਾਤੀਂ ਯਾਰੋ ਜਿਸ ਬੰਦੇ ਨੂੰ ਸੂਲੀ ਤੇ ਸੀ ਲਟਕਾਇਆ, ਦਿਨ ਚੜ੍ਹਦੇ ਨੂੰ ਉਹੀਓ ਫਿਰਦਾ ਤੱਕਿਆ ਗਿਆ ਬਜ਼ਾਰਾਂ ਵਿਚ।
ਕੋਈ ਸ਼ਿਕਵਾ ਨਾ
ਕੋਈ ਸ਼ਿਕਵਾ ਨਾ ਕੋਈ ਸ਼ਿਕਾਇਤ ਰਹੀ। ਦੋਸਤਾਂ ਦੀ ਮੇਰੇ ਤੇ ਇਨਾਇਤ ਰਹੀ। ਨਾ ਕਦੇ ਡੋਲਿਆ ਨਾ ਕਦੇ ਥਿੜਕਿਆ, ਸ਼ੌਕ ਮੇਰੇ ਦੀ ਏਹੋ ਰਿਵਾਇਤ ਰਹੀ। ਜ਼ਿੰਦਗੀ ਨੇ ਸਤਾਇਆ ਹੈ ਚਾਹੇ ਬੜਾ, ਪਾਕ ਫਿਰ ਵੀ ਮੇਰੇ ਲਈ ਇਹ ਆਇਤ ਰਹੀ । ਉਮਰ ਭਰ ਦਰਦ ਬਹੁਤਾਤ ਵਿਚ ਨੇ ਰਹੇ, ਸੰਗ ਸਰਫ਼ਾ ਸੁਖਾਂ ਦੀ ਕਿਫ਼ਾਇਤ ਰਹੀ। ਮਨ ਸਦਾ ਵਤਨ ਦੀਆਂ ਹਵਾਵਾਂ 'ਚ ਹੈ, ਤਨ ਦੀ ਮਜ਼ਬੂਰੀ ਚਾਹੇ ਵਿਲਾਇਤ ਰਹੀ। ਰਾਹ 'ਚ ਕੰਡੇ ਖਿਲਾਰੇ ਉਨ੍ਹਾਂ ਨੇ ਬੜੇ, ਮਿਹਰਬਾਨੀ ਉਨ੍ਹਾਂ ਦੀ ਨਿਹਾਇਤ ਰਹੀ। ਸੱਚ ਨੂੰ ਝੂਠ ਸਾਬਤ ਕਰੇ ਹਰ ਤਰ੍ਹਾਂ, ਓਸ ਨੂੰ ‘ਬੌਸ’ ਦੀ ਇਹ ਹਿਦਾਇਤ ਰਹੀ। ਜੀ ਸਕੇ ਨਾ ਅਸੀਂ ਮਰ ਸਕੇ ਨਾ ਅਸੀਂ, ਇਹ ਸੀ ਥੋੜੀ ਜਿਹੀ ਜੋ ਰਿਆਇਤ ਰਹੀ।
ਖੁੱਲ੍ਹਾ ਵੀ ਕਰਲਾਏ
ਕੀ ਲੈਂਦਾ ਕੀ ਦਿੰਦਾ ਹੈ, ਖੁਸ਼ਵੰਤ ਕੰਵਲ। ਕਰਮ-ਹੀਣ ਕਾਰਿੰਦਾ ਹੈ, ਖੁਸ਼ਵੰਤ ਕੰਵਲ। ਓਥੇ ਹੀ ਪ੍ਰਦੇਸੀ ਹੋਇਆ ਫਿਰਦਾ ਹੈ। ਜਿੱਥੋਂ ਦਾ ਬਾਸ਼ਿੰਦਾ ਹੈ, ਖੁਸ਼ਵੰਤ ਕੰਵਲ। ਖੁੱਲ੍ਹਾ ਵੀ ਕੁਰਲਾਏ ਤੜਫ਼ੇ ਪਿੰਜਰੇ ਵੀ, ਯਾਰੋ ਅਜਬ ਪਰਿੰਦਾ ਹੈ, ਖੁਸ਼ਵੰਤ ਕੰਵਲ। ਗ਼ਮ ਖਾਂਦਾ ਗ਼ਮ ਪੀਂਦਾ ਦਰਦ ਹੰਢਾਉਂਦਾ ਹੈ, ਖ਼ਬਰੇ ਕੀਕਰ ਜ਼ਿੰਦਾ ਹੈ, ਖੁਸ਼ਵੰਤ ਕੰਵਲ। ਨਿੰਦਾ ਸ਼ੋਭਾ ਕਰਦੀ ਜਿਸ ਦੇ ਅਸਰ ਨਹੀਂ, ਘੜਾ ਅਜਿਹਾ ਥਿੰਦਾ ਹੈ, ਖੁਸ਼ਵੰਤ ਕੰਵਲ। ਜਿੱਥੇ ਕੋਈ ਆਇਆ ਨਾ ਹੀ ਆਏਗਾ, ਬੰਦ ਕਮਰੇ ਦਾ ਜ਼ਿੰਦਾ ਹੈ, ਖੁਸ਼ਵੰਤ ਕੰਵਲ। ਇੱਕੋ ਇੱਕ ਹੈ ਦੋਸ਼ ਕਿ ਝੁਕਣਾ ਸਿੱਖਿਆ ਨਾ, ਵੈਸੇ ਬੰਦਾ ਛਿੰਦਾ ਹੈ, ਖੁਸ਼ਵੰਤ ਕੰਵਲ। ਪਰ ਘਰ ਦੇ ਨਾ ਬਾਹਰ ਦੇ ਕੰਮ ਆ ਸਕਿਆ। ਇਸ ਗੱਲੋਂ ਸ਼ਰਮਿੰਦਾ ਹੈ, ਖੁਸ਼ਵੰਤ ਕੰਵਲ।
ਕਿਹੜੀ ਹੈ ਜੋ ਬੁਰਾਈ
ਕਿਹੜੀ ਹੈ ਜੋ ਬੁਰਾਈ ਮੇਰੇ ਵਿਚ ਨਹੀਂ। ਆਦਮੀ ਹਾਂ ਖ਼ੁਦਾਈ ਮੇਰੇ ਵਿਚ ਨਹੀਂ। ਮੈਂ ਤਾਂ ਪੁਤਲਾ ਗ਼ੁਨਾਹਾਂ ਦਾ ਹਾਂ ਦੋਸਤੋ, ਪਰਦਾਪੋਸ਼ੀ ਸਫ਼ਾਈ ਮੇਰੇ ਵਿਚ ਨਹੀਂ। ਸੋਚ ਨੂੰ ਕੁਫਰ ਕਹਿ ਕਹਿਕਹਾ ਮਾਰਨਾ, ਇਹ ਨਿਰੀ ਬੇ-ਹਯਾਈ ਮੇਰੇ ਵਿਚ ਨਹੀਂ। ਬੇ-ਵਫ਼ਾਈ ਜਿਹਾ ਸ਼ਬਦ ਕੋਰਾ ਕੋਈ, ਮੇਰੀ ਤੌਬਾ ਦੁਹਾਈ ਮੇਰੇ ਵਿਚ ਨਹੀਂ। ਹਿੰਮਤਾਂ ਦੇ ਸਦਾ ਸੂਹੇ ਫੁੱਲ ਮੈਂ ਚੁਣੇ, ਕਿਸਮਤਾਂ ਦੀ ਕਮਾਈ ਮੇਰੇ ਵਿਚ ਨਹੀਂ। ਪੰਧ ਮੈਂ ਇਸ਼ਕ ਦੇ ਹਾਂ ਰਵਾ ਹੋ ਗਿਆ, ਲੋਕ ਕਹਿੰਦੇ ਦਨਾਈ ਮੇਰੇ ਵਿਚ ਨਹੀਂ। ਦਰਦ ਕਿਹੜਾ ਜੋ ਮੇਰਾ ਨਹੀਂ ਹਮਸਫ਼ਰ, ਪੀੜ ਕਿਹੜੀ ਪਰਾਈ ਮੇਰੇ ਵਿਚ ਨਹੀਂ।
ਇਹ ਦਿਨ ਕੇਹਾ
ਇਹ ਦਿਨ ਕੇਹਾ ਦਿਨ ਹੈ ਯਾਰੋ ਸੋਚ ਰਿਹਾਂ। ਕਿਉਂ ਤੜਫੇ ਹਰ ਛਿਨ ਹੈ ਯਾਰੋ ਸੋਚ ਰਿਹਾਂ। ਕੱਲ੍ਹ ਵੀ ਸੂਰਜ ਚੜ੍ਹਿਆ ਅੱਜ ਵੀ ਚੜ੍ਹਿਆ ਹੈ, ਪਰ ਮੌਸਮ ਕਿਉਂ ਭਿਨ ਹੈ ਯਾਰੋ ਸੋਚ ਰਿਹਾਂ। ਜੰਗਲ ਦੇ ਵਿਚ ਮੈਂ ਮੇਰਾ ਪਰਛਾਵਾਂ ਸੀ, ਫਿਰ ਇਹ ਲੁਟਿਆ ਕਿਨ ਹੈ ਯਾਰੋ ਸੋਚ ਰਿਹਾਂ। ਮੈਂ ਜਿਸ ਨੂੰ ਫੁੱਲ ਭੇਜਾਂ ਭੇਜੇ ਉਹ ‘ਕੈਕਟਸ’, ਇਹ ਗੱਲ ਕਿੰਝ ਮੁਮਕਿਨ ਹੈ ਯਾਰੋ ਸੋਚ ਰਿਹਾਂ। ਦਿਨ ਤਾਂ ਲੰਮਾ ਯੁੱਗ ਹੈ ਇਕ ਪਲ ਕੱਟਣਾ ਵੀ, ਮੁਸ਼ਕਿਲ ਜਿਸ ਦੇ ਬਿਨ ਹੈ ਯਾਰੋ ਸੋਚ ਰਿਹਾਂ। ਚੁੱਪ ਹਵਾ, ਚੁੱਪ ਸਾਗਰ ਤੇ ਚੁੱਪ ਅੰਬਰ ਵੀ, ਕਿਸ ਹੋਣੀ ਦਾ ਚਿੰਨ੍ਹ ਹੈ ਯਾਰੋ ਸੋਚ ਰਿਹਾਂ। ਅਪਣੇ ਆਪ ਤੋਂ ਭੱਜ ਕੇ ਜਾਈਏ ਕਿੱਧਰ ਨੂੰ, ਇਹ ਕੇਹੀ ਜਕੜਨ ਹੈ ਯਾਰੋ ਸੋਚ ਰਿਹਾਂ।
ਬੋਲਦੀਆਂ ਦੀਵਾਰਾਂ
ਚੁੱਪ ਨਹੀਂ ਕੁੱਝ ਬੋਲਦੀਆਂ ਨੇ ਦੀਵਾਰਾਂ। ਬੰਦ ਨਹੀਂ ਕੁੱਝ ਖੋਲ੍ਹਦੀਆਂ ਨੇ ਦੀਵਾਰਾਂ। ਛੱਤਾਂ, ਫ਼ਰਸ਼ਾਂ ਤੇ ਨੁੱਕਰਾਂ ਦੇ ਗਲ ਲੱਗ ਕੇ, ਅਪਣੇ ਦੁੱਖੜੇ ਫ਼ੋਲਦੀਆਂ ਨੇ ਦੀਵਾਰਾਂ। ਕਦ ਤੱਕ ਕੋਈ ਖ਼ੈਰ ਮਨਾਊ ਉਸ ਘਰ ਦੀ, ਜਿਸ ਘਰ ਦੀਆਂ ਡੋਲਦੀਆਂ ਨੇ ਦੀਵਾਰਾਂ । ਛੱਤਾਂ ਓਦੋਂ ਫ਼ਰਸ਼ਾਂ ਦੇ ਵਲ ਝਾਕਦੀਆਂ, ਜਦ ਜਦ ਵੀ ਪਰ ਤੋਲਦੀਆਂ ਨੇ ਦੀਵਾਰਾਂ। ਖੰਡਰਾਂ ਦੇ ਵਿਚ ਰਾਤ ਬਰਾਤੇ ਘੁੰਮਦੀਆਂ, ਮਨ ਦਾ ਮਹਿਰਮ ਟੋਲ੍ਹਦੀਆਂ ਨੇ ਦੀਵਾਰਾਂ। ਕੰਧਾਂ ਨੂੰ ਜੋ ਟੇਕ ਬਣਾ ਕੇ ਤੁਰਦੇ ਨੇ, ਪੈਰਾਂ ਥੱਲੇ ਰੋਲਦੀਆਂ ਨੇ ਦੀਵਾਰਾਂ। ਘਰ ਨੂੰ ਇਹ ਗੱਲ ਭੁੱਲਣੀ ਕਦੇ ਨਾ ਚਾਹੀਦੀ, ਹਰ ਗੱਲ ਨੂੰ ਪੜਚੋਲਦੀਆਂ ਨੇ ਦੀਵਾਰਾਂ।
ਜੂਝਣਾ ਯਾਰੋ ਸਦਾ
ਜੂਝਣਾ ਯਾਰੋ ਸਦਾ ਹੀ ਜ਼ਿੰਦਗੀ ਦੇ ਵਾਸਤੇ। ਜ਼ਿੰਦਗੀ ਦੀ ਹਰ ਖੁਸ਼ੀ ਹਰ ਬਿਹਤਰੀ ਦੇ ਵਾਸਤੇ। ਹੈ ਨਿਰੀ ਸੜਿਹਾਂਦ ਚਿੱਕੜ ਹੀ ਅਸਾਡੇ ਆਸ ਪਾਸ, ਹਰ ਜ਼ੋਰਾ ਹੀ ਤਰਸਦਾ ਹੈ ਤਾਜ਼ਗੀ ਦੇ ਵਾਸਤੇ। ਆਦਮੀ ਦੇ ਵਾਸਤੇ ਪੈਗੰਬਰੀ ਜਾਇਜ਼ ਨਹੀਂ, ਆਦਮੀਅਤ ਹੀ ਬੜੀ ਹੈ ਆਦਮੀ ਦੇ ਵਾਸਤੇ। ਦੇਖਦਾਂ ਤੇਰਾ ਹੀ ਜਲਵਾ ਰੂਪ ਤੇਰਾ ਰੂਬਰੂ, ਨਜ਼ਰ ਜਦ ਵੀ ਉੱਠਦੀ ਹੈ ਬੰਦਗੀ ਦੇ ਵਾਸਤੇ। ਨ੍ਹੇਰਿਆਂ ਨੂੰ ਸੂਲੀਆਂ ਤੇ ਚਾੜ੍ਹਨਾ ਹੈ ਦਮ-ਬ-ਦਮ, ਆਓ ਕੁਝ ਆਪਾਂ ਵੀ ਕਰੀਏ ਰੌਸ਼ਨੀ ਦੇ ਵਾਸਤੇ। ਚਾਹ ਰਿਹਾ ਅਸਮਾਨ ਹੈ ਧਰਤੀ ਦੇ ਕੰਨ ਵੀ ਸਹਿਕਦੇ, ਛੇੜੀਏ ਗਾਥਾ ਕੋਈ ਮਰਦਾਨਗੀ ਦੇ ਵਾਸਤੇ। ਮੈਂ ਲਿਖੇ ਉਸ ਨੇ ਲਿਖਾਏ ਗ਼ਜ਼ਲ ਦੇ ਅਸ਼ਿਆਰ ਇਹ, ਪੇਸ਼ ਲੋਕਾਂ ਸਾਹਮਣੇ ਪ੍ਰਵਾਨਗੀ ਦੇ ਵਾਸਤੇ।
ਹਾਦਸਾ-ਦਰ-ਹਾਦਸਾ
ਹਾਦਸਾ ਦਰ ਹਾਦਸਾ ਹੈ ਜ਼ਿੰਦਗੀ। ਖ਼ੂਬਸੂਰਤ ਕਰਬਲਾ ਹੈ ਜ਼ਿੰਦਗੀ। ਟੁੱਟਦੇ ਜੁੜਦੇ ਤੇ ਪਲ ਪਲ ਬਦਲਦੇ, ਰਿਸ਼ਤਿਆਂ ਦਾ ਸਿਲਸਿਲਾ ਹੈ ਜ਼ਿੰਦਗੀ। ਆਪਣੇ ਸਾਏ ਤੋਂ ਹੀ ਡਰਦਾ ਫਿਰੇਂ, ਇਹ ਵੀ ਕੋਈ ਪਾਗਲਾ ਹੈ ਜ਼ਿੰਦਗੀ। ਪਾ ਲਵੇ ਜੋ ਖੁਸ਼ਨਸੀਬੀ ਓਸ ਦੀ, ਇਕ ਨਿਰਾਲਾ ਮਰਤਬਾ ਹੈ ਜ਼ਿੰਦਗੀ। ਨਾ ਜਿਹਦਾ ਕੋਈ ਅੰਤ ਹੈ ਨਾ ਆਦਿ ਹੈ, ਉਹ ਮੁਸਲਸਲ ਵਾਰਤਾ ਹੈ ਜ਼ਿੰਦਗੀ। ਓਸ ਨੂੰ ਆਖੋ ਕਿ ਬਦਲੇ ਐਨਕਾਂ, ਫਿਰ ਰਿਹਾ ਜੋ ਭਾਲਦਾ ਹੈ ਜ਼ਿੰਦਗੀ। ਰੰਗ ਆਪੋ ਆਪਣੀ ਹੀ ਸੋਚ ਦਾ, ਆਪਣੀ ਆਪਣੀ ਨਿਗ੍ਹਾ ਹੈ ਜ਼ਿੰਦਗੀ। ਸੂਝ ਦੇ ਭਿਤ ਨਿਤ ਭਿੜੇ ਹੈ ਖੋਲ੍ਹਦਾ, ਇਕ ਨਿਰਾਲਾ ਫਲਸਫਾ ਹੈ ਜ਼ਿੰਦਗੀ। ਏਸ ਦਾ ਕੁਝ ਓਸ ਕੱਲ੍ਹ ਦਾ ਜ਼ਿਕਰ ਵੀ, ਕੁਝ ਹਾਲਾਤੇ-ਹਾਜ਼ਰਾ ਹੈ ਜ਼ਿੰਦਗੀ।
ਤੇਰੀ ਜਿੱਦਾਂ ਮਰਜ਼ੀ
ਤੇਰੀ ਜਿੱਦਾਂ ਮਰਜ਼ੀ ਓਦਾਂ ਹੋਣਾ ਨਹੀਂ। ਤੇਰੀ ਆਦਤ ਰੋਣਾ ਆਪਾਂ ਰੋਣਾ ਨਹੀਂ। ਜੇ ਤੂੰ ਤੁਰਨਾ ਤੁਰ ਸਾਡੇ ਸੰਗ ਜੀ ਸਦਕੇ, ਜੇ ਤੂੰ ਕਹੇਂ ਖਲੋ ਜਾ ਅਸਾਂ ਖਲੋਣਾ ਨਹੀਂ। ਹੱਕਾਂ ਵਾਲੇ ਹੱਕ ਦੀ ਖਾਤਰ ਜੂਝ ਰਹੇ, ਹੱਕ ਆਪਣਾ ਲੈਣਾ ਤੇਰਾ ਖੋਹਣਾ ਨਹੀਂ। ਚਿੱਟੇ ਦਿਨ ਹੀ ਨਸ਼ਰ ਅਸਾਂ ਤਾਂ ਕਰਨਾ ਹੈ, ਪੜਦੇ ਹੇਠ ਗੁਨਾਹ ਕੋਈ ਅਸਾਂ ਲੁਕੋਣਾ ਨਹੀਂ। ਚਾਨਣ ਦੇ ਵਿਚ ਦੇਖਾਂ ਪਰਖਾਂ ਜਾਣਾਗੇ, ਨ੍ਹੇਰੇ ਦੇ ਵਿਚ ਹੱਥ ਕਿਸੇ ਦਾ ਟੋਹਣਾ ਨਹੀਂ। ਜਿੱਥੇ ਤੇਰੀ ਯਾਦ ਜਾਂ ਤੇਰਾ ਵਾਸਾ ਨਹੀਂ, ਸਾਡੇ ਦਿਲ ਵਿਚ ਐਸਾ ਕੋਈ ਕੋਣਾ ਨਹੀਂ। ਮੂੰਹ ਭੰਨਾਂਗੇ ਅੱਥਰਿਆਂ ਤੂਫਾਨਾਂ ਦਾ, ਅਸਾਂ ਸਫ਼ੀਨਾ ਅਪਣਾ ਹੋਰ ਡਬੋਣਾ ਨਹੀਂ। ਅਸੀਂ ਸਰੂ ਹਾਂ ਵਾਂਸ ਨਹੀਂ ਇਹ ਜਾਣ ਲਓ, ਟੁੱਟ ਸਕਦੇ ਹਾਂ ਐਪਰ ਅਸਾਂ ਨਿਓਣਾ ਨਹੀਂ। ਦਿਲ ਆਇਆ ਤਾਂ ਆਊ ਤੇਰੀ ਸੀਰਤ ਤੇ, ਕੇਵਲ ਸੋਹਣੀ ਸੂਰਤ ਸਾਨੂੰ ਮੋਹਣਾ ਨਹੀਂ।
ਨਜ਼ਰਾਂ ਨਾਲ ਨਜ਼ਾਰੇ
ਨਜ਼ਰਾਂ ਨਾਲ ਨਜ਼ਾਰੇ ਹੁੰਦੇ ਨੇ ਯਾਰੋ। ਬਾਤਾਂ ਨਾਲ ਹੁੰਗਾਰੇ ਹੁੰਦੇ ਨੇ ਯਾਰੋ। ਜੰਗਲ ਨਾ ਇਹ ਬਸਤੀ ਹੈ ਤੇ ਬਸਤੀ ਵਿਚ, ਦੋਸਤ ਦੁਸ਼ਮਣ ਸਾਰੇ ਹੁੰਦੇ ਨੇ ਯਾਰੋ। ਰਾਹ ਇਸ਼ਕਾਂ ਦੇ ਸੌਖੇ ਦੱਸਦੇ ਨੇ ਐਪਰ, ਪੈਂਡੇ ਡਾਢੇ ਭਾਰੇ ਹੁੰਦੇ ਨੇ ਯਾਰੋ । ਓਹੀ ਤਾਂ ਜ਼ਿੰਦਗੀ ਦੇ ਦੁਸ਼ਮਣ ਹੁੰਦੇ ਨੇ, ਜੋ ਜ਼ਿੰਦਗੀ ਤੋਂ ਹਾਰੇ ਹੁੰਦੇ ਨੇ ਯਾਰੋ। ਉਹ ਮੰਜ਼ਿਲ ਤੇ ਪੁੱਜ ਕੇ ਹੀ ਦਮ ਲੈਂਦੇ ਨੇ, ਜਿਨ੍ਹਾਂ ਇਰਾਦੇ ਧਾਰੇ ਹੁੰਦੇ ਨੇ ਯਾਰੋ। ਓਹੀ ਛਾਵਾਂ ਦਾ ਮੁੱਲ ਪਾਉਂਦੇ ਜਿਨ੍ਹਾਂ ਨੇ, ਧੁੱਪੇ ਦਿਵਸ ਗੁਜ਼ਾਰੇ ਹੁੰਦੇ ਨੇ ਯਾਰੋ। ਆਪ ਹਨੇਰੇ ਰਹਿ ਕੇ ਚਾਨਣ ਵੰਡਣ ਜੇ, ਉਹ ਅੰਬਰ ਦੇ ਤਾਰੇ ਹੁੰਦੇ ਨੇ ਯਾਰੋ। ਅਕਸਰ ਭੰਗੀਆਂ ਨਾਲ ਮਜ਼ਾਕਾਂ ਕਰਦੇ ਨੇ, ਪਾਏ ਜਿਨ੍ਹਾਂ ਚੁਬਾਰੇ ਹੁੰਦੇ ਨੇ ਯਾਰੋ। ਕਰਨ ਉਹੀ ‘ਖ਼ੁਸ਼ਵੰਤ’ ਭਰੋਸਾ ਕਿਸਮਤ ਤੇ, ਬੰਦੇ ਜਿਹੜੇ ਨਕਾਰੇ ਹੁੰਦੇ ਨੇ ਯਾਰੋ।
ਸ਼ਹਿਰ ਦੇ
ਸਾਦ-ਮੁਰਾਦੇ ਤਨ ਦੀ ਬੱਸਤੀ ਸਾਦ-ਮੁਰਾਦਾ ਹੀ ਦਿਲ ਹੈ। ਰੰਗਾਂ ਦੇ ਇਸ ਸ਼ਹਿਰ 'ਚ ਯਾਰੋ ਏਹੋ ਮੇਰੀ ਮੁਸਕਿਲ ਹੈ। ਲੋਕੀਂ ਯਾਰੋ ਤੁਰਦੇ ਤੁਰਦੇ ਕੀ ਦੇ ਕੀ ਨੇ ਹੋ ਚੁੱਕੇ, ਮੈਂ ਪਰ ਜਦ ਦੀ ਹੋਸ਼ ਸੰਭਾਲੀ ਉਹ ਹਾਂ ਓਹੀ ਸਾਇਕਿਲ ਹੈ। ਮੈਂ ਤਾਂ ਮੁੱਦਤ ਹੋਈ ਆ ਕੇ ਮਕਤਲ ਦੇ ਵਿਚ ਬੈਠ ਗਿਆ, ਖਬਰੇ ਕਿੱਥੋਂ ਲੱਭਦਾ ਫਿਰਦਾ ਮੈਨੂੰ ਮੇਰਾ ਕਾਤਿਲ ਹੈ। ਏਸ ਸ਼ਹਿਰ 'ਚੋਂ ਬੰਦਾ ਲੱਭਣਾ ਮੁਸ਼ਕਿਲ ਹੋਇਆ ਹੈ ਯਾਰੋ, ਏਥੇ ਹਰ ਕੋਈ ‘ਸਰਮਾ', ‘ਸੰਧੂ', ‘ਬੇਦੀੱ, ‘ਬਾਲੀ’ ਜਾਂ ‘ਗਿੱਲ” ਹੈ। ਸੁਣਿਆ ਰਾਤੀਂ ਚੋਰਾਂ ਨੇ ਹੀ ਕੱਪੜੇ ਲਾਹੇ ਚੋਰਾਂ ਦੇ, ਏਸ ਸ਼ਹਿਰ ਪਰ ਸਿਖਰ ਦੁਪਹਿਰੇ ਲਹਿੰਦੀ ਲੋਕਾਂ ਦੀ ਛਿੱਲ ਹੈ। ਨ੍ਹੇਰੇ ਦੇ ਵਿਚ ਇਕ ਦੂਜੇ ਨੂੰ ਟੋਂਹਦੇ ਤੁਰਦੇ ਪੁੱਛਦੇ ਹਾਂ, ਕੀ ਦੱਸੇ ਕੋਈ ਯਾਰੋ ਦੱਸੋ ਕਿੱਥੇ ਕਿਹੜੀ ਮੰਜ਼ਿਲ ਹੈ। ਵਿਧਵਾ ਦਾ ਇਕਲੌਤਾ ਪੁੱਤਰ ਵੀ ਕਰ ਆਤਮਘਾਤ ਗਿਆ, ਉਸਦੇ ਏਸ ਕਰਮ ਵਿਚ ਓਸਦਾ ਬਾਪੂ ਵੀ ਤਾਂ ਸ਼ਾਮਿਲ ਹੈ। ਸ਼ਹਿਰ ਦੇ ਅਤਿ ਸਨਮਾਨਿਤ ਵਿਅਕਤੀ ਦੇ ਘਰ ਘੋਰ ਉਦਾਸੀ ਸੀ, ਐਪਰ ਅਤਿ ਬਦਨਾਮ ਵਿਅੱਕਤੀ ਦੇ ਘਰ ਰੌਣਕ ਮਹਿਫਿਲ ਹੈ। ਮੁੱਦਤ ਹੋਈ ਇਕ 'ਸਿਧਾਰਥ' ਘਰ ਤੋਂ ਯਾਰ ਸਿਧਾਇਆ ਸੀ, ਅੱਜ ਵੀ ਐਪਰ ਕੌਣ ਸਿਧਾਰਥ ਦਹਿਲੀਜ਼ਾਂ ਵਿਚ ਦਾਖਿਲ ਹੈ। ਮੁੱਢੋਂ ਉਖੜੇ ਹੋਏ ਰੁੱਖ ਨੂੰ ਤੱਕ ਕੇ ਕਿਹਾ ਹਵਾਵਾਂ ਨੇ, ਇਹ ਬੁੱਢਾ ਹੱਡੀਆਂ ਦੀ ਮੁੱਠੀ ਹੁਣ ਏਸੇ ਦੇ ਕਾਬਿਲ ਹੈ। ਵਰ੍ਹੇ ਉਮਰ ਦੇ ਚਾਲੀ ਬੀਤੇ ਖਾਤਾ ਵੇਖਾਂ ਜ਼ਿੰਦਗੀ ਦਾ, ਜ਼ਮ੍ਹਾਂ, ਜ਼ਰਬ, ਤਕਸੀਮਾਂ, ਸਿਫ਼ਰਾਂ, ਸਿਫ਼ਰਾਂ ਦਾ ਹੀ ਹਾਸਿਲ ਹੈ। ਨਾ ਸਾਗਰ ਨਾ ਛੱਲਾਂ ਕਿਧਰੇ ਨਾ ਨੱਈਆ ਪੱਤਵਾਰ ਕਿਤੇ, ਨਾ ਅਪਣਾ ਮੰਝਧਾਰ ਹੈ ਕਿਧਰੇ ਨਾ ਹੀ ਕਿਧਰੇ ਸਾਹਿਲ ਹੈ। ਚੌਰਾਹੇ ਵਿਚ ਖੜ੍ਹ ਕੇ ਯਾਰ ਹੱਸ ਰਿਹਾ ਹੈ ਦੁਨੀਆਂ 'ਤੇ, ਇਹ ਪਾਗਿਲ ਵੀ ਦੇਖੋ ਯਾਰੋ ਦੇਖੋ ਕਿੰਨਾ ਪਾਗਿਲ ਹੈ।
ਸ਼ਹਿਰ ਪਰਾਏ ਅੱਧੀ ਰਾਤੀਂ
ਸ਼ਹਿਰ ਪਰਾਏ ਅੱਧੀ ਰਾਤੇ ਸੜਕਾਂ ਉੱਤੇ ਭਰਮਣ ਹੈ। ਸੁੱਕੇ ਪੱਤਿਆਂ ਵਾਂਗ ਉਡਾਈ ਫਿਰਦੀ ਸਾਨੂੰ ਭਟਕਣ ਹੈ। ਅਪਣੇ ਆਪ ਪਛਾਨਣ ਦੀ ਹੈ ਬਾਹਰੋਂ ਯਾਰੋ ਨਿਸਫਲ ਖੋਜ, ਅਪਣੇ ਮਨ ਦੇ ਸ਼ੀਸ਼-ਮਹੱਲੀਂ ਮਨ ਦਾ ਸੁੱਚਾ ਦਰਪਣ ਹੈ। ਅਪਣੀ ਖਾਤਰ ਮਰਨਾ ਤਾਂ ਬੱਸ ਅੰਧਕਾਰ ਵਿਚ ਰਲ ਜਾਣਾ, ਦੂਸਰਿਆਂ ਦੀ ਖਾਤਰ ਮਰਨਾ ਤਾਰਿਆਂ ਵਾਂਗੂੰ ਡਲ੍ਹਕਣ ਹੈ। ਪਤਨੀ ਦੀ ਆਗੋਸ਼ 'ਚ ਰਾਤੀਂ ਮੋਇਆਂ ਵਾਂਗਰ ਆ ਡਿੱਗੀਏ, ਦਿਨ ਤਾਂ ਜਿਵੇਂ ਚੁਰਾਹੇ ਅੰਦਰ ਸੂਲੀ ਉੱਤੇ ਲਟਕਣ ਹੈ। ਸਾਰੀ ਉਮਰਾਂ ਢਿੱਡ ਦੀ ਕੱਕਰੀ ਰੁੱਤ ਹੀ ਪਿੱਛਾ ਨਾ ਛੱਡੇ, ਕੰਬਦੀ ਰਹੇ ਜਵਾਨੀ ਯਾਰੋ ਠੁਰ ਠੁਰ ਕਰਦਾ ਬਚਪਣ ਹੈ। ਬਾਹਰੋਂ ਫਿਰ ਵੀ ਦੇਖਣ ਨੂੰ ਹਾਂ ਮੂੰਹ ਮੱਥੇ ਨੂੰ ਲੱਗਦੇ ਕੁੱਝ, ਅੰਦਰੋਂ ਜਿਵੇਂ ਫ਼ਕੀਰ ਦਾ ਸੱਖਣਾ ਠੂਠਾ ਹੈ ਜਾਂ ਬਰਤਣ ਹੈ। ਵਧੀਆ ਵਸਤ ਸਮਝ ਕੇ ਯਾਰੋ ਆਏ ਦੌੜ ਵਫ਼ਾ ਦੇ ਵਲ, ਕੁੰਡੀ ਵਿਚ ਫਸੀ ਹੋਈ ਮੱਛੀ ਵਾਂਗਰ ਐਪਰ ਤੜਫਣ ਹੈ। ਕੋਹਲੂ-ਬੌਲਦ ਵਰਗਾ ਸਾਡਾ ਜੀਵਨ ਯਾਰੋ ਕੀ ਜੀਵਨ, ਸੁਬ੍ਹਾ ਰਵਾਨਾ ਘਰ ਤੋਂ ਹੋਣਾ ਤੇ ਸ਼ਾਮਾਂ ਨੂੰ ਪਰਤਣ ਹੈ । ਹੁਸਨ ਇਸ਼ਕ ਦੀ ਗਾਥਾ ਛੋਹਣੀ ਪਾਕ ਵਫਾ ਦੀ ਗੱਲ ਕਰਨੀ, ਰੰਗ-ਵਿਹੂਣੇ ਮਹਿਕੋਂ ਸੱਖਣੇ ਫੁੱਲਾਂ ਦੇ ਸੰਗ ਪਰਚਣ ਹੈ। ਨਾ ਮੈਂ ਅਪਣੇ ਸ਼ਬਦਾਂ ਵਿਚ ਤੇ, ਨਾ ਮੈਂ ਅਪਣੇ ਸਾਹਾਂ ਵਿਚ, ਛਾਤੀ ਦੇ ਵਿਚ ਖ਼ਬਰੇ ਕੀ ਹੈ ਖ਼ਬਰੇ ਕਿਸ ਦੀ ਧੜਕਣ ਹੈ। ਨਾ ਪੈਰਾਂ ਵਿਚ ਧਰਤੀ ਸਾਡੇ ਨਾ ਸਿਰ ਤੇ ਅਸਮਾਨ ਰਿਹਾ, ਤ੍ਰਿਸ਼ੰਕੂ ਦੇ ਵਾਂਗ ਖ਼ਿਲਾਅ ਵਿਚ ਸਾਡੀ ਨਿਸਫਲ ਲਟਕਣ ਹੈ।
ਪਹਿਨ ਮਖੌਟੇ
ਪਹਿਨ ਮਖੌਟੇ ਗੱਲਾਂ ਕਰਦੇ ਤੋਤਲੀਆਂ। ਯਾਰਾਂ ਨੂੰ ਇਹ ਗੱਲਾਂ ਨਾ ਸੀ ਸ਼ੋਭਦੀਆਂ। ਮਖ਼ਮਲ ਵਰਗੇ ਲੋਕੀਂ ਫਿਰਦੇ ਨੰਗੇ ਤਨ, ਥੋਹਰਾਂ ਵਰਗੇ ਲੋਕੀਂ ਪਹਿਨਣ ਬੋਸਕੀਆਂ। ਮੈਂ ਓਹਨਾਂ ਦੀ ਨਾਦਾਨੀ ਨੂੰ ਕੋਸ ਰਿਹਾਂ, ਲੋਕੀਂ ਜਿਹੜੇ ਲੱਭਦੇ ਫਿਰਦੇ ਦੋਸਤੀਆਂ। ਕਾਂਵਾਂ ਦੀ ਇਹ ਚੁੱਪ ਵੀ ਸਾਜ਼ਿਸ਼ ਲੱਗਦੀ ਹੈ, ਚਿੜੀਆਂ ਬੈਠ ਬਨੇਰੇ ਮੇਰੇ ਸੋਚਦੀਆਂ। ਡੋਲਦੀਆਂ ਤਾਂ ਤੱਕੜੀਆਂ ਇਨਸਾਫ਼ ਦੀਆਂ, ਮੂੰਹ ਅਪਣੇ ਜਦ ਖੋਲ੍ਹਦੀਆਂ ਨੇ ਪੋਟਲੀਆਂ। ਓਦੋਂ ਆਪਣਾ ਪੰਧ ਭੁਲਾਵਣ ਭਟਕਣ ਨਾ, ਮਹਿਲਾਂ ਵਲ ਜਦ ਹੋਣ ਰਵਾਨਾ ਝੌਂਪੜੀਆਂ। ਮੌਤ ਮੇਰੀ ਤੇ ਯਾਰ ਮੇਰੇ ਖ਼ੁਸ਼ ਹੋਵਣਗੇ, ਰੋਣਗੀਆਂ ਮੇਰੇ ਘਰ ਦੀਆਂ ਕੰਧਾਂ ਰੋਣਗੀਆਂ। ਹਰ ਵਿਹੜੇ ਵਿਚ ਉੱਗਿਆ ਰੁੱਖ ਉਦਾਸੀ ਦਾ, ਕੀ ਵਿਹੜੇ ਦਾ ਹਾਲ ਬਣਾਇਆ ਪੋਸਤੀਆਂ। ਨ੍ਹੇਰੇ ਲਾਗੇ ਹੋਰ ਵੀ ਲਾਗੇ ਹੋਏ ਨੇ, ਦੂਰ ਹੋਰ ਵੀ ਦੂਰ ਨੇ ਹੋਈਆਂ ਰੌਸ਼ਨੀਆਂ। ਰਾਜ਼ੀ ਹੋ ਜਦ ਇਹ ਰੋਗੀ ਤੁਰ ਜਾਏਗਾ, ਰੋਣਗੀਆਂ ਕੁਝ ਨਰਸਾਂ ਬਹਿ ਕੇ ਰੋਣਗੀਆਂ।
ਇਹ ਕੇਹੇ ਨੇ ਮੌਸਮ
ਇਹ ਕੇਹੇ ਨੇ ਮੌਸਮ ਬੇ-ਦਸਤੂਰੇ। ਫੁੱਲ ਗ਼ਮਲੇ ਵਿਚ ਲਾਏ ਉੱਗਣ ਧਤੂਰੇ। ਝੱਈਆਂ ਲੈ ਲੈ ਪੈਂਦੀ ਹੈ ਮਾਯੂਸੀ, ਨ੍ਹੇਰੇ ਸਾਨੂੰ ਵੱਟ ਵੱਟ ਪੈਂਦੇ ਹੂਰੇ। ਘਰ ਦਾ ਅਗਲਾ ਪਾਸਾ ਜੇ ਮੁਸਕਾਏ, ਘਰ ਦਾ ਪਿਛਲਾ ਪਾਸਾ ਸਾਨੂੰ ਘੂਰੇ। ਮੈਂ ਜਿਸ ਸਾਏ ਨੂੰ ਛੱਡ ਆਇਆ ਪਿੱਛੇ, ਨੱਚਿਆ ਓਹੀ ਆ ਕੇ ਮੇਰੇ ਮੂਹਰੇ। ਸ਼ੈਲਫਾਂ ਤੇ ਨੇ ਅਣ-ਤਰਤੀਬ ਕਿਤਾਬਾਂ, ਕੰਧਾਂ ਉਤੇ ਲਟਕਣ ਚਿੱਤਰ ਅਧੂਰੇ। ਜਾਪ ਰਿਹੈ ਜਿਉਂ ਅੰਕਾਂ ਨੇ ਥਾਂ ਬਦਲੀ, ਉਂਜ ਤਾਂ ਹੋਈ ਉਮਰ ਅਠੱਤੀ ਪੂਰੇ। ਇਕ ਬੁਰਕੀ ਦੀ ਖ਼ਾਤਰ ਮਰਿਆ ‘ਹੀਰੋ’, ‘ਇੰਟਰਵਲ’ ਵਿਚ ਖਾਧੇ ਅਸਾਂ ਭਟੂਰੇ। ਇਕ ਪਾਸੇ ਤਾਂ ਸੋਫ਼ਿਆਂ ਉਤੇ ਨੱਚਦੇ, ਦੂਜੇ ਪਾਸੇ ਢਿੱਡਾਂ ਵਿੱਚ ਕਤੂਰੇ । ਮੈਂ ਸਰਕਸ ਦੇ ਜੌਕਰ ਨੂੰ ਤੱਕ ਰੋਇਆ, ਲੋਕੀਂ ਐਪਰ ਹੱਸ ਹੱਸ ਹੋਏ ਦੂਹਰੇ।
ਮੇਰੇ ਵੱਲੋਂ
ਮੇਰੇ ਵੱਲੋਂ ਉਨ੍ਹਾਂ ਨੂੰ ਮੇਰਾ ਸਲਾਮ ਕਹਿਣਾ। ਕਰਦਾ ਹੈ ਯਾਦ ਹਰਦਮ ਤੇਰਾ ਗ਼ੁਲਾਮ ਕਹਿਣਾ। ਉਹ ਬਸ਼ਰ ਉਮਰ ਭਰ ਜੋ ਕਰਦਾ ਰਿਹਾ ਕਰਮ ਸੀ, ਹੁਣ ਓਸ ਕਬਰ ਵਿਚ ਹੈ ਕਰਦਾ ਅਰਾਮ ਕਹਿਣਾ। ਅੱਜ ਮੈਂ ਨਹੀਂ ਤਾਂ ਕੱਲ੍ਹ ਨੂੰ ਤੂੰ ਵੀ ਨਹੀਂ ਹੋਏਂਗਾ, ਦਸਤੂਰ ਦਾ ਹੈ ਕਾਇਲ ਸਾਰਾ ਨਿਜ਼ਾਮ ਕਹਿਣਾ। ਤੂੰ ਸੋਚ ਨਾ ਕਿ ਤੇਰੇ ਬਾਹਦ 'ਚ ਕੀ ਹੋਏਗਾ, ਤੁਰਨਾ ਹੀ ਜ਼ਿੰਦਗੀ ਹੈ ਰੁਕਣਾ ਹਰਾਮ ਕਹਿਣਾ। ਮੌਸਮ ਦੀ ਬੇਰੁਖੀ ਤੇ ਕਹਿਣਾ ਗਿ਼ਲਾ ਕਰੇ ਨਾ, ਪੌਣਾ 'ਚ ਕਾਇਮ ਉਹਦਾ ਹੈ ਇਹਤਰਾਮ ਕਹਿਣਾ। ਜੋ ਜ਼ਿੰਦਗੀ ਦੇ ਰਾਹੀਂ ਕੰਡੇ ਖਿਲਾਰਦੇ ਨੇ, ਇਜ਼ਤ ਉਨ੍ਹਾਂ ਦੀ ਹੋਣੀ ਆਖਰ ਨਿਲਾਮ ਕਹਿਣਾ। ਕਹਿਣਾ ਬਿਮਾਰ ਤੇਰਾ ਨਾ ਮਰ ਰਿਹਾ ਨਾ ਜ਼ਿੰਦਾ, ਜੇ ਹੋ ਸਕੇ ਤਾਂ ਉਸ ਦੀ ਹਾਲਤ ਤਮਾਮ ਕਹਿਣਾ। ਅਣਖਾਂ ਦੇ ਸੂਹੇ ਫੁੱਲਾਂ ਦੀ ਮਹਿਕ ਮਾਨਣੀ ਤਾਂ, 'ਖਟਕੜ ਕਲਾਂ’ ਤੋਂ ਹੋ ਕੇ ਜਾਵੇ ‘ਸੁਨਾਮ’ ਕਹਿਣਾ। ਕਰਦਾ ਸੀ ਗੱਲ ਜਿਹੜਾ ਲੋਕਾਂ ਦੇ ਦਰਦ ਦੀ ਹੀ, ਪੜ੍ਹਦੇ ਨੇ ਲੋਕ ਹੁਣ ਵੀ ਓਹਦਾ ਕਲਾਮ ਕਹਿਣਾ।
ਇਹ ਕਿੱਦਾਂ ਦਾ ਮੌਸਮ
ਇਹ ਕਿੱਦਾਂ ਦਾ ਮੌਸਮ ਯਾਰੋ ਆਇਆ ਹੈ। ਟਾਹਣੀ ਉਤੇ ਲੱਗਾ ਫੁੱਲ ਕੁਮਲਾਇਆ ਹੈ। ਬਰਸਾਤਾਂ ਦੀ ਰੁੱਤ ਹੋਏ ਜਾਂ ਔੜਾਂ ਦੀ, ਮਨ ਦਾ ਪੰਛੀ ਹਰ ਰੁੱਤੇ ਕੁਰਲਾਇਆ ਹੈ। ‘ਜੀ ਆਇਆਂ’ ਨੂੰ ਲਿਖਿਆ ਹੈ ਹਰ ਬੂਹੇ ਤੇ, ਅੰਦਰ ਨਾ ਕੋਈ ਜੀਵ ਜੰਤ ਨਾ ਸਾਇਆ ਹੈ। ਖ਼ਬਰੇ ਕਿਹੜੇ ਵੇਲੇ ਇਸ ਦੀ ਲੋੜ ਪਏ, ਉਹ ਤਾਂ ਅਪਣੇ ਸੰਗ ਸਲੀਬ ਲਿਆਇਆ ਹੈ। ਸਾਥੋਂ ਤਾਂ ਸਭ ਖੁਸ਼ੀਆਂ ਮੋੜ ਕੇ ਮੂੰਹ ਤੁਰੀਆਂ, ਸਾਡੇ ਵਲ ਹਰ ਗ਼ਮ ਦੁਨੀਆਂ ਦਾ ਧਾਇਆ ਹੈ। ਸੋਚਾਂ, ਸੰਸੇ, ਚਿੰਤਾਵਾਂ ਗ਼ਮ ਰੋਟੀ ਦਾ, ਇਹੋ ਅਜੋਕੀ ਜ਼ਿੰਦਗੀ ਦਾ ਸਰਮਾਇਆ ਹੈ। ਧੁੱਪਾਂ ਦੇ ਵਿਚ ਕੰਬਦੇ ਫਿਰਦੇ ਹਾਂ ਯਾਰੋ, ਛਾਂਵਾਂ ਸਾਨੂੰ ਫੜ ਕੇ ਸੁੱਕਣੇ ਪਾਇਆ ਹੈ। ਹਾਰੀ ਸਾਰੀ ਦੇ ਹਿੱਸੇ ਨਾ ਆਇਆ ਉਹ, ਲਹਿਰਾਂ ਨੇ ਜੋ ਸਾਨੂੰ ਗੀਤ ਸੁਣਾਇਆ ਹੈ। ਮੈਂ ਤਾਂ ਆਪਣੇ ਸਾਏ ਪਿੱਛੇ ਭਟਕ ਰਿਹਾਂ, ਮੈਨੂੰ ਲੱਭਦਾ ਫਿਰਦਾ ਮੇਰਾ ਸਾਇਆ ਹੈ। ਓਹਨੇ ਜ਼ਿੰਦਗੀ ਜੀਵੀ ਓਹਨੇ ਹੀ ਮਾਣੀ, ਜਿਸ ਨੇ ਅਪਣਾ ਹਰ ਇਕ ਬੋਲ ਵਿਆਹਿਆ ਹੈ। ਜ਼ਿੰਦਗੀ ਜੀਕਰ ਸੱਦਿਆ ਯਾਰ ਦੁਪਹਿਰਾਂ ਨੂੰ, ਮੌਤ ਇਵੇਂ ਜਿਉਂ ਰਾਤੀਂ ਓਸ ਬੁਲਾਇਆ ਹੈ।
ਰੁਖ ਬਦਲਦੇ ਰਹਿੰਦੇ ਨੇ
ਰੁਖ ਬਦਲਦੇ ਰਹਿੰਦੇ ਨੇ ਦਰਿਆਵਾਂ ਦੇ। ਰਾਹ ਨਾ ਹੁੰਦੇ ਨਿਸ਼ਚਿਤ ਸ਼ੋਖ ਹਵਾਵਾਂ ਦੇ। ਰੁੱਖ ਉਨ੍ਹਾਂ ਦੀ ਕਿਸਮਤ ਉੱਤੇ ਹੱਸਦੇ ਨੇ, ਬੈਠੇ ਨੇ ਜੋ ਲੋਕ ਭਰੋਸੇ ਛਾਂਵਾਂ ਦੇ। ਇਕ ਦਿਨ ਇਹ ਮੰਝਧਾਰ 'ਚ ਡੋਬਾ ਦੇਂਦੇ ਨੇ, ਹੁੰਦੇ ਨੇ ਜੋ ਮਾਣ ਪਰਾਈਆਂ ਬਾਂਹਵਾਂ ਦੇ। ਓਹਨਾਂ ਯਾਰੋ ਪਾਣੀ ਮੁੜ ਨਾ ਮੰਗਿਆ ਹੈ, ਜ਼ਖ਼ਮੀ ਜਿਹੜੇ ਪੰਛੀ ਹੋਣੇ ਨਿਗਾਹਵਾਂ ਦੇ। ਮੁੱਦਤ ਬਾਹਦ ਹੀ ਕੋਈ ਕੋਇਲ ਕੂਕ ਸੁਣੇ, ਚਾਰ-ਚੁਫੇਰੇ ਸ਼ੋਰ-ਸ਼ਰਾਬੇ ਕਾਂਵਾਂ ਦੇ। ਕੱਲ੍ਹ ਆਗੂ ਨੇ ਲੋਕਾਂ ਬਾਰੇ ਇੰਝ ਕਿਹਾ- “ਹੱਕੋ ਜਿੱਧਰ ਚਾਹੋ ਵੱਗ ਇਹ ਗਾਂਵਾਂ ਦੇ।” ਅਪਣੇ ਘਰ ਹੀ ਹੋਏ ਅਜਨਬੀ ਫਿਰਦੇ ਨੇ, ਚਾਰ-ਚੁਫੇਰੇ ਚਰਚੇ ਭਾਵੇਂ ਨਾਂਵਾਂ ਦੇ। ਕੁੱਝ ਅਪ੍ਰੀਚਤ ਚਿਹਰੇ ਸਾਂਹਵੇਂ ਆਉਂਦੇ ਨੇ, ਚੇਤੇ ਜਦ ਵੀ ਆਉਣ ਪ੍ਰੀਚਤ ਥਾਂਵਾਂ ਦੇ।
ਏਦਾਂ ਵੀ
ਏਦਾਂ ਵੀ ਨਾਲ ਮੇਰੇ ਹੋਇਆ ਕਦੇ ਕਦੇ, ਬਹਿ ਕੇ ਬਹਾਰ ਵਿਚ ਹਾਂ ਰੋਇਆ ਕਦੇ ਕਦੇ। ਖੁੱਲ੍ਹੇ ਕਵਾੜ ਰੱਖੇ ਅਕਸਰ ਜਿਨ੍ਹਾਂ ਲਈ, ਆਏ ਤਾਂ ਆਪ ਬੂਹਾ ਢੋਇਆ ਕਦੇ ਕਦੇ। ਮੈਂ ਫ਼ਰਜ਼ ਆਪਣੇ ਤੋਂ ਕੀਤੀ ਜਦੋਂ ਕੁਤਾਹੀ, ਹਾਂ ਮੁਰਦਿਆਂ 'ਚ ਸ਼ਾਮਿਲ ਹੋਇਆ ਕਦੇ ਕਦੇ। ਏਦਾਂ ਦੇ ਵੀ ਆਏ ਨੇ ਕੁਝ ਹਾਦਸੇ ਹਜ਼ੂਰ, ਬਹਿ ਕਬਰ ਆਪਣੀ ਤੇ ਰੋਇਆ ਕਦੇ ਕਦੇ ਕਦੇ। ਫਲ ਦੀ ਤਾਂ ਆਸ ਛੱਡੋ ਛਾਂ ਨਾ ਜਿਹਦੀ ਨਸੀਬ, ਬੀ ਓਸ ਰੁੱਖ ਦਾ ਹੈ ਬੋਇਆ ਕਦੇ ਕਦੇ। ਅਰਥੀ ਮੇਰੀ ਨੇ ਯਾਰੋ ਜਿੱਥੋਂ ਦੀ ਗੁਜ਼ਰਨੈ, ਮੈਂ ਤੇਲ ਉਸ ਦਲੀਜੇ ਚੋਇਆ ਕਦੇ ਕਦੇ। ਜੇ ਜੀਂਦਿਆਂ ਨਹੀਂ ਤਾਂ ਮਰ ਜਾਣ ਬਾਅਦ ਤਾਂ, ਆਏਗੀ ਯਾਦ ਮੇਰੀ ਗੋਇਆ ਕਦੇ ਕਦੇ।
ਸੂਹੇ ਸੁਰਖ਼ ਸਵੇਰੇ
ਸੂਹੇ ਸੁਰਖ਼ ਸਵੇਰੇ ਯਾਰੋ ਕੀ ਕਰੀਏ ! ਰੂਹਾਂ ਰਹਿਣ ਹਨੇਰੇ ਯਾਰੋ ਕੀ ਕਰੀਏ ! ਸਾਡੇ ਵਿਹੜੇ ਵਿਚਰੇ ਦੈਂਤ ਖ਼ਾਮੋਸ਼ੀ ਦਾ, ਰੌਣਕ ਉਹਦੇ ਬਨੇਰੇ ਯਾਰੋ ਕੀ ਕਰੀਏ ! ਕਿਤਿਉਂ ਵੀ ਹੈ ਚਾਨਣ ਨਜ਼ਰ ਨਹੀਂ ਆਉਂਦਾ, ਅੰਦਰ ਬਾਹਰ ਹਨੇਰੇ ਯਾਰੋ ਕੀ ਕਰੀਏ ! ਮਨ ਦਾ ਚੈਨ ਸਦਾ ਹੀ ਲੁਟਦੇ ਰਹਿੰਦੇ ਨੇ, ਝਗੜੇ ਤੇਰੇ ਮੇਰੇ ਯਾਰੋ ਕੀ ਕਰੀਏ ! ਪਰਬਤ ਨ੍ਹੇਰੇ ਦਾ ਹੈ ਸਿਰ ਤੇ ਝੂਲ ਰਿਹਾ, ਕੁਝ ਚਾਨਣ ਦੇ ਘੇਰੇ ਯਾਰੋ ਕੀ ਕਰੀਏ ! ਮਾਯੂਸੀ ਦੇ ਜੰਗਲ ਵਿਚ ਹਾਂ ਭਟਕ ਰਹੇ, ਇਕ ਦੋ ਹੱਸਦੇ ਚਿਹਰੇ ਯਾਰੋ ਕੀ ਕਰੀਏ ! ਜਨਤਾ ਦੀ ਮਾਯੂਸੀ ਹੋਰ ਵਧੀ ਯਾਰੋ, ਨੇਤਾ ਦੇ ਸਿਰ ਸਿਹਰੇ ਯਾਰੋ ਕੀ ਕਰੀਏ !
ਬਾਤ ਮੇਰੀ ਹੁੰਗਾਰੇ ਤੇਰੇ
ਬਾਤ ਮੇਰੀ ਹੁੰਗਾਰੇ ਤੇਰੇ ਹੋਣਗੇ। ਨਜ਼ਰ ਮੇਰੀ ਨਜ਼ਾਰੇ ਤੇਰੇ ਹੋਣਗੇ। ਹੋਣਗੇ ਖ਼ਾਰ ਸਾਰੇ ਦੇ ਸਾਰੇ ਮੇਰੇ, ਫੁੱਲ ਸਾਰੇ ਦੇ ਸਾਰੇ ਤੇਰੇ ਹੋਣਗੇ। ਹੁਸਨ ਤੇਰੇ ਵਫ਼ਾ ਨੂੰ ਜੇ ਪਹਿਚਾਣਿਆ, ਪੀਂਘ ਮੇਰੀ ਹੁਲਾਰੇ ਤੇਰੇ ਹੋਣਗੇ। ਹੋਣਗੇ ਪੈਰ ਮੇਰੇ ਤੂੰ ਅਜ਼ਮਾ ਲਈਂ, ਰਾਹ 'ਚ ਕੰਡੇ ਖਿਲਾਰੇ ਤੇਰੇ ਹੋਣਗੇ। ਉਹ ਵੀ ਮਹਿਫਿਲ ਜੁੜੇਗੀ ਕਦੇ ਨਾ ਕਦੇ, ਤੂੰ ਹੋਏਗਾ ਪਿਆਰੇ ਤੇਰੇ ਹੋਣਗੇ। ਜਦ ਵੀ ਚਾਹੇਂ ਤੂੰ ਨਜ਼ਰਾਂ ਮਿਲਾ ਦੇਖ 'ਲੀਂ, ਨਕਸ਼ ਨੈਣੀ ਉਤਾਰੇ ਤੇਰੇ ਹੋਣਗੇ। ਤੁਰ ਗਏ ਤਾਂ ਭੁਲਾ ਨਾ ਸਕੇਂਗਾ ਕਦੇ, ਅਸ਼ਕ ਨੈਣਾਂ ‘ਚ ਖ਼ਾਰੇ ਤੇਰੇ ਹੋਣਗੇ। ਰੌਣਕਾਂ ਅੰਤ ਨੂੰ ਘਰ ਮੇਰੇ ਆਉਣੀਆਂ, ਸਾਰੇ ਸੁੰਞੇ ਚੁਬਾਰੇ ਤੇਰੇ ਹੋਣਗੇ। ਸਿਦਕ ਮੇਰੇ ਨੂੰ ਕਿਹੜਾ ਡੁਲਾ ਜੋ ਸਕੇ, ਜਿਸਮ ਮੇਰੇ ਤੇ ਆਰੇ ਤੇਰੇ ਹੋਣਗੇ। ਨੇਰ੍ਹਿਆਂ ਸੰਗ ਜੇ ਜੰਗ ਜਾਰੀ ਰਹੀ, ਚੰਦ ਸੂਰਜ ਸਿਤਾਰੇ ਤੇਰੇ ਹੋਣਗੇ। ਜਿੱਤ ਲਾਂਗਾ ਜਮੀਂ ਪਾ ਲਵਾਂ ਆਸਮਾਂ, ਕੋਲ ਜੇਕਰ ਸਹਾਰੇ ਤੇਰੇ ਹੋਣਗੇ।
ਪਹਿਲਾਂ ਹੈ ਇਨਸਾਨ
ਪਹਿਲਾਂ ਹੈ ਇਨਸਾਨ ਦੀ ਗੱਲ। ਫੇਰ ਤੁਰੇ ਭਗਵਾਨ ਦੀ ਗੱਲ। ਧਰਤੀ ਦੀ ਜੇ ਗੱਲ ਨਹੀਂ ਤਾਂ, ਫੋਕੀ ਹੈ ਅਸਮਾਨ ਦੀ ਗੱਲ। ਸਭ ਤੋਂ ਵੱਧ ਕੇ ਹੁੰਦੀ ਜਾਨ, ਇਸ ਤੋਂ ਵਧ ਕੇ ਆਨ ਦੀ ਗੱਲ। ਅਕਲਾਂ ਵਾਲੇ ਸਹਿਮਤ ਨੇ, ਵੱਖਰੀ ਪਰ ਨਾਦਾਨ ਦੀ ਗੱਲ। ਮਰਦ ਨਿਭਾਂਦੇ ਜੀਂਦੇ ਜੀਅ, ਕੱਢੀ ਹੋਈ ਜ਼ਬਾਨ ਦੀ ਗੱਲ। ਤੀਰ ਤਾਂ ਐਵੇਂ ਦੋਸ਼ੀ ਹੈ, ਹੈਸੀ ਕੁੱਲ ਕਮਾਨ ਦੀ ਗੱਲ। ਹਰ ਇਕ ਚਿਹਰਾ ਖਿੜ ਉੱਠਿਆ, ਜਦ ਹੋਈ ਮਹਿਮਾਨ ਦੀ ਗੱਲ।
ਇਸ ਤਰ੍ਹਾਂ ਹੀ
ਇਸ ਤਰ੍ਹਾਂ ਹੀ ਵਹਿਣ ਵਹਿੰਦੇ ਰਹਿਣਗੇ। ਕੰਢਿਆਂ ਦੇ ਨਾਲ ਖਹਿੰਦੇ ਰਹਿਣਗੇ। ਪੱਥਰਾਂ ਦਾ ਕੰਮ ਚੋਟਾਂ ਲਾਉਣੀਆਂ, ਦਿਲ ਵਿਚਾਰੇ ਪੀੜ ਸਹਿੰਦੇ ਰਹਿਣਗੇ। ਜਿਨ੍ਹਾਂ ਕਦਮਾਂ ਨੂੰ ਕਿਹਾ ‘ਵਧਦੇ ਚਲੋ', ਮੰਜ਼ਿਲਾਂ ਦੇ ਕੋਲ ਬਹਿੰਦੇ ਰਹਿਣਗੇ। ਮਰ ਗਿਆਂ ਵੀ ਮੇਰੀ ਮਿੱਟੀ ਦੇ ਜ਼ਰੇ, ਜ਼ਿੰਦਗੀ ਦੀ ਬਾਤ ਕਹਿੰਦੇ ਰਹਿਣਗੇ। ਚੜ੍ਹਨਗੇ ਜੋ ਹੋਰ ਉੱਚਾ ਚੜ੍ਹਨਗੇ, ਲਹਿਣਗੇ ਜੋ ਹੋਰ ਲਹਿੰਦੇ ਰਹਿਣਗੇ। ਮਾਨਣਾ ਕੀ ਮੰਜ਼ਿਲਾਂ ਦੇ ਹੁਸਨ ਨੂੰ, ਜੋ ਪੜਾ ਇਕੋ ਤੇ ਰਹਿੰਦੇ ਰਹਿਣਗੇ। ਚਾਨਣਾ ਦੇ ਆਸ਼ਕਾਂ ਦਾ ਗੀਤ ਸੁਣ। ਕਾਲਖ਼ਾਂ ਦੇ ਵਗ ਤ੍ਰਹਿੰਦੇ ਰਹਿਣਗੇ।
ਅਸੀਂ ਤਾਂ
ਅਸੀਂ ਤਾਂ ਮੁਹੱਬਤ 'ਚ ਮੁੱਕਦੇ ਰਹੇ। ਜਿਗਰ ਸਾੜਦੇ ਖ਼ੂਨ ਸੁੱਕਦੇ ਰਹੇ। ਮਰਦ ਮੌਤ ਨੂੰ ਮੂੰਹ ਤੇ ਵੰਗਾਰਦੇ, ਸਦਾ ਕਾਇਰ ਕੰਬਦੇ ਤੇ ਲੁੱਕਦੇ ਰਹੇ। ਬਿ-ਅਣਖੇ ਬਿ-ਗ਼ੈਰਤ ਦੀ ਗੱਲ ਨਾ ਕਰੋ, ਮਰਦ ਤਾਂ ਮੈਦਾਨਾਂ 'ਚ ਬੁੱਕਦੇ ਰਹੇ। ਅਸਾਂ ਉਮਰ ਭਰ ਕੰਮ ਕੀਤਾ ਇਹੋ, ਕਿ ਡਿੱਗੇ ਉਠਾਂਦੇ ਤੇ ਚੁੱਕਦੇ ਰਹੇ। ਅਜ਼ਲ ਤੋਂ ਹੀ ਆਸ਼ਕ ਨੇ ਸੂਲੀ ਚੜ੍ਹੇ, ਸਦਾ ਸੇਲੇ ਹੱਥਾਂ 'ਚ ਚੁੱਕਦੇ ਰਹੇ। ਮੰਜ਼ਿਲ ਤਾਂ ਹੱਸ ਕੇ ਬੁਲਾਂਦੀ ਰਹੀ, ਅਸੀਂ ਹੀ ਨਿਸ਼ਾਨੇ ਤੋਂ ਉੱਕਦੇ ਰਹੇ। ਅਸੀਂ ਤਾਜ਼ਦਾਰਾਂ ਨੂੰ ਕੀ ਜਾਣਦੇ, ਦਲੀਜੇ ਗਰੀਬਾਂ ਦੀ ਝੁਕਦੇ ਰਹੇ।
ਮਿਲੇ ਜਿਸ ਰਾਤ
ਮਿਲੇ ਜਿਸ ਰਾਤ ਡਾਢੀ ਖ਼ੂਬਸੂਰਤ ਸੀ ਸੁਹਾਣੀ ਸੀ। ਉਨ੍ਹਾਂ ਵੀ ਖ਼ੂਬ ਮਾਣੀ ਸੀ ਅਸਾਂ ਵੀ ਖ਼ੂਬ ਮਾਣੀ ਸੀ। ਅਧੂਰੀ ਹੈ ਅਜੇ ਵੀ ਉਹ ਅਧੂਰੀ ਹੀ ਰਹੂ ਸ਼ਾਇਦ, ਉਨ੍ਹਾਂ ਦੇ ਆਉਣ ਤੇ ਯਾਰੋ ਗ਼ਜ਼ਲ ਮੈਂ ਜੋ ਸੁਨਾਣੀ ਸੀ। ਲਹਿਰ ਉੱਠੀ ਤਾਂ ਸਾਗਰ ਨੂੰ ਵੀ ਇਹ ਅਹਿਸਾਸ ਸੀ ਹੋਇਆ, ਮੇਰੀ ਵੀ ਹੋਂਦ ਹੈ ਮੈਂ ਤਾਂ ਨਿਰਾ ਪਾਣੀ ਹੀ ਪਾਣੀ ਸੀ। ਖਿੜੇ ਜੇ ਰੁੱਖ ਦੀ ਚੋਟੀ ਤਾਂ ਤੱਤੀ ਪੌਣ ਨੇ ਝੁਲਸੇ, ਚੁਪਾਇਆਂ ਨੇ ਚਬਾ ਲੀਤੈ ਜ਼ਰਾ ਜੇ ਝੁਕੀ ਟਾਹਣੀ ਸੀ। ਸਮੇਂ ਦੇ ਗੰਧਲੇ ਪਾਣੀ ਜਦੋਂ ਨਿੱਤਰੇ ਪਤਾ ਲੱਗਿਆ, ਕਿਹੜੀ ਸੀ ਆਪਣੀ ਢਾਣੀ ਕਿਹੜੀ ਗ਼ੈਰਾਂ ਦੀ ਢਾਣੀ ਸੀ। ਅਸੀਂ ਕਿਰਦਾਰ ਤੋਂ ਹੀਣੇ ਹਨੇਰੇ ਛਾਣਦੇ ਫਿਰਦੇ, ਅਸਾਡੇ ਬੋਲ ਕਵਿਤਾ ਨੇ ਉਨ੍ਹਾਂ ਦੇ ਬੋਲ ਬਾਣੀ ਸੀ। ਝੁਕਾਇਆਂ ਵੀ ਨਹੀਂ ਝੁਕਿਆ ‘ਕੰਵਲ’ ਝੁਕਦਾ ਕਿਵੇਂ ਯਾਰੋ, ਉਹਦੀ ਆਦਤ ਤਾਂ ਉਹਦੀ ਸੀ ਉਹਦੇ ਹੀ ਨਾਲ ਜਾਣੀ ਸੀ।
ਖੁੱਲ੍ਹੇ ਵਿਚਾਰ
ਖੁੱਲ੍ਹੇ ਵਿਚਾਰ ਵਾਂਗਰ ਖੁੱਲ੍ਹੀ ਕਿਤਾਬ ਦਿਨ। ਸੁੱਚੇ ਮਿਰੇ ਅਮਲ ਦਾ ਸਾਕਾਰ ਖ਼ਾਬ ਦਿਨ। ਰਾਤੀਂ ਮੈਂ ਕੀ ਗਵਾਇਆ ਖੱਟਿਆ ਮੈਂ ਰਾਤ ਕੀ, ਯਾਰੋ ਹਰੇਕ ਪਲ ਦਾ ਰੱਖਦਾ ਹਿਸਾਬ ਦਿਨ। ਇਹ ਖੂਹ ਦੀਆਂ ਨੇ ਟਿੰਡਾਂ ਚੱਕਰ ਲਗਾਉਂਦੀਆਂ, ਆਉਂਦੇ ਤੇ ਜਾਂਦੇ ਰਹਿੰਦੇ ਚੰਗੇ ਖ਼ਰਾਬ ਦਿਨ । ਮੱਸਿਆ ਦੀ ਰਾਤ ਉਸ ਦੀਆਂ ਜ਼ੁਲਫ਼ਾਂ ਦਾ ਹੀ ਖਿਲਾਰ, ਉਸਦੇ ਹੀ ਰੂਪ ਵਰਗਾ ਸੁੱਚਾ ਸ਼ਬਾਬ ਦਿਨ। ਜਿਸ ਰਾਤ ਦੇ ਹਨੇਰੇ ਰੂਹਾਂ ਦਾ ਹੈ ਮਿਲਨ, ਉਸ ਰਾਤ ਦੀ ਅਦਾ ਨੂੰ ਕਰਦਾ ਅਦਾਬ ਦਿਨ। ਜੋ ਵਸਲ ਬਾਝ ਬੀਤੇ ਉਹ ਰਾਤ, ਨਰਕ ਹੈ, ਜੋ ਦੀਦ ਬਾਝ ਬੀਤੇ ਉਹ ਦਿਨ ਅਜ਼ਾਬ ਦਿਨ। ਮੁੱਦਤ, ਹੋਈ ਕਿ ਢਲਿਆ ਹੈ ਰਾਤ ਦਾ ਪਹਿਰ, ਜਾਗੋ ਜਨਾਬ ਜਾਗੋ ਚੜ੍ਹਿਆ ਜਨਾਬ ਦਿਨ।
ਅੰਬਰਸਰ
ਜਿਸ ਨੂੰ ਵੀ ਦਿਖਲਾਈਦਾ ਹੈ ਅੰਬਰਸਰ। ਬਹੁਤਾ ਕੁਝ ਛੁਪਾਈ ਦਾ ਹੈ ਅੰਬਰਸਰ। ਸਾਬਤ ਵੀ, ਕੁਝ ਢੱਕੇ ਵੀ ਤੇ ਗਾਇਬ ਵੀ, ਹਰ ਇਕ ਗੇਟ ਵਿਖਾਈਦਾ ਹੈ ਅੰਬਰਸਰ। ਢੋਲ ਸੁਹਾਣੇ ਲੱਗਦੇ ਨੇ ਸਭ ਦੂਰੋਂ ਹੀ, ਲੱਗਦਾ ਪਤਾ ਸਚਾਈ ਦਾ ਹੈ ਅੰਬਰਸਰ। ‘ਜੱਲ੍ਹਿਆਂ ਵਾਲਾ ਬਾਗ’ ਸ਼ਹੀਦਾਂ ਦੇ ਸਨਮੁਖ, ਹੋ ਸਰਮਿੰਦੇ ਜਾਈਦਾ ਹੈ ਅੰਬਰਸਰ। ਭੋਲੇਪਣ ਦਾ ਕੰਮ ਨਹੀਂ ਨਾ ਸ਼ਰਧਾ ਦਾ, ਬਹੁਤਾ ਕੰਮ ਚਤਰਾਈਦਾ ਹੈ ਅੰਬਰਸਰ । ਦੋਸਤ ਮਿੱਤਰ ਫਿਰ ਵੀ ਦਰਦ ਵੰਡਾ ਜਾਂਦੇ, ਪਰ ਨਾ ਭਾਈ, ਭਾਈ ਦਾ ਹੈ ਅੰਬਰਸਰ। ਭੁੱਲ ਜਾਈਏ ਤਾਂ ਰਾਹ ਨਾ ਕੋਈ ਦੱਸਦਾ ਹੈ, ਰਾਹ ਪੁੱਛ ਕੇ ਪਛਤਾਈ ਦਾ ਹੈ ਅੰਬਰਸਰ। ਮਤਲਬ ਹੋਵੇ ਅੱਖ ਮਿਲਾਈਦੀ, ਨਹੀਂ ਤਾਂ, ਨਜ਼ਰ ਭੁਆਂ ਲੰਘ ਜਾਈਦਾ ਹੈ ਅੰਬਰਸਰ। ਆਪਣੇ ਰੋਣੇ ਧੋਣੇ ਤੋਂ ਹੀ ਵਿਹਲ ਨਹੀਂ, ਕਿਹੜਾ ਪੀੜ ਪਰਾਈਦਾ ਹੈ ਅੰਬਰਸਰ। ਉਹ ਅੱਗੋਂ ਦੀ ਹੱਸ ਕੇ ਟਿਚਕਰ ਹੈ ਕਰਦਾ, ਜਿਸ ਨੂੰ ਦਰਦ ਸੁਣਾਈਦਾ ਹੈ ਅੰਬਰਸਰ। ਓਹੀ ਪੱਕਾ ਦੁਸ਼ਮਣ ਹੋ ਕੇ ਨਿੱਤਰਦਾ, ਜਿਸ ਨੂੰ ਯਾਰ ਬਣਾਈ ਦਾ ਹੈ ਅੰਬਰਸਰ। ਸ਼ਾਮੀਂ ਜੇ ਘਰ ਸਹੀ ਸਲਾਮਤ ਆ ਜਾਈਏ, ਲੱਖ ਲੱਖ ਸ਼ੁਕਰ ਮਨਾਈ ਦਾ ਹੈ ਅੰਬਰਸਰ। ਹੁਣ ਨਾ ਪਹਿਲੇ ਜਿਹੀਆਂ ਗੱਲਾਂ ਰਹੀਆਂ ਨੇ, ਹੁਣ ਤਾਂ ਵਕਤ ਟਪਾਈਦਾ ਹੈ ਅੰਬਰਸਰ। ਧਰਮ ਸਥਾਨਾਂ ਤੋਂ ਵੀ ਬਹੁਤ ਠੇਕੇ ਨੇ, ਦੋਂਹਵੇਂ ਥਾਂ ਜਾ ਆਈ ਦਾ ਹੈ ਅੰਬਰਸਰ। ਆਪਣਾ ਆਪ ਸੰਭਾਲ ਕੇ ਤੁਰਨਾ ਪੈਂਦਾ ਹੈ, ਨਹੀਂ ਤਾਂ ਖਿੱਲਰ ਜਾਈਦਾ ਹੈ ਅੰਬਰਸਰ। ਕਰ ਕਰ ਗੱਲਾਂ ਯਾਦ ਪੁਰਾਣੇ ਵੇਲੇ ਨੂੰ, ਮੁੜ ਮੁੜ ਕੇ ਦੁਹਰਾਈਦਾ ਹੈ ਅੰਬਰਸਰ।
ਮੈਂ ਤਾਂ ਬੇ-ਖ਼ਬਰ ਸੀ
ਜਾ ਰਿਹਾ ਜੋ ਸੁਨੇਹਾ ਬਸ਼ਰ ਦੇ ਗਿਆ। ਇਕ ਨਵਾਂ ਹੀ ਸੀ ਨੁਕਤਾ-ਨਜ਼ਰ ਦੇ ਗਿਆ। ਮੈਂ ਤਾਂ ਬੇ-ਖ਼ਬਰ ਸੀ ਹੋਂਦ ਅਪਣੀ ਤੋਂ ਹੀ, ਪਰ ਕੋਈ ਬੇ-ਖ਼ਬਰ ਸੀ ਖ਼ਬਰ ਦੇ ਗਿਆ। ਮੈਥੋਂ ਅਣਗਿਣਤ ਅੱਖਰ ਨੇ ਲਿਖ ਹੋ ਗਏ, ਉਹ ਤਾਂ ਜਾਂਦਾ ਸੀ ਇੱਕੋ ਅੱਖਰ ਦੇ ਗਿਆ। ਮੈਂ ਤਾਂ ਚਾਹਿਆ ਸੀ ਉਡਣਾ ਜਿਹਦੇ ਵਾਂਗਰਾਂ, ਉਸ ਪਰਿੰਦੇ ਦੇ ਹੀ ਪਰ ਕਤਰ ਦੇ ਗਿਆ। ਆਪ ਫੁੱਲਾਂ ਤੋਂ ਪੱਲਾ ਬਚਾਉਂਦਾ ਰਿਹਾ, ਕੰਡਿਆਂ ਦਾ ਮੇਰੇ ਸਿਰ ਛਤਰ ਦੇ ਗਿਆ। ਹਰ ਲਫ਼ਜ਼ ਮੇਰਾ ਹੁੰਦਾ ਕਹਾਣੀ ਗਿਆ, ਖੌਰੇ ਕੀ ਸੀ ਇਨ੍ਹਾਂ ਨੂੰ ਅਸਰ ਦੇ ਗਿਆ। ਜੋ ਨਾ ਸੁਣਿਆ ਸੀ ਨਾ ਦੇਖਿਆ ਸੀ ਕਦੇ, ਜੋ ਨਾ ਸੀ ਸੋਚਿਆ ਉਹ ਹਸ਼ਰ ਦੇ ਗਿਆ। ਸੋਚਿਆ ਸੀ ਅਲੋਚਕ ਨਿਤਾਰਾ ਕਰੂ, ਜਾਂਦਾ ਉਹ ਵੀ ਅਗਰ ਤੇ ਮਗਰ ਦੇ ਗਿਆ। ਹੁਣ ਤਾਂ ਕਰਨਾ ਨਿਤਾਰਾ ਹੈ ਲੋਕਾਂ ‘ਕੰਵਲ’ ਬਾਤ ਲੰਬੀ ਉਹ ਕਰ ਮੁਖ਼ਤਸਰ ਦੇ ਗਿਆ। -ਸਮਾਪਤ-