Khursheed
ਖ਼ੁਰਸ਼ੀਦ

ਪੰਜਾਬੀ ਕਵੀ ਤੇ ਸਮਰੱਥ ਕਹਾਣੀਕਾਰ ਖ਼ੁਰਸ਼ੀਦ ਬੜਾ ਥੋੜਾ ਸਮਾਂ ਜੀਵਿਆ। ਉਸ ਦਾ ਜੱਦੀ ਪਿੰਡ ਸਾਰਚੂਰ ਸੀ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਵਿੱਚ ਅਲੀਵਾਲ ਨੇੜੇ। ਉਹ ਮੇਰੇ ਵੱਡੇ ਵੀਰ ਪ੍ਰੋ: ਸੁਖਵੰਤ ਸਿੰਘ ਗਿੱਲ ਤੇ ਪੰਜਾਬੀ ਕਵੀ ਪ੍ਰੋ: ਊਧਮ ਸਿੰਘ ਸ਼ਾਹੀ ਤੇ ਸੁਰਿੰਦਰ ਕਾਹਲੋਂ ਦਾ ਸਹਿਪਾਠੀ ਸੀ ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਵਿੱਚ। ਗਰੈਜੂਏਸ਼ਨ ਕਰਕੇ ਅੰਮ੍ਰਿਤਸਰ ਐੱਮ ਏ ਕਰਨ ਚਲਾ ਗਿਆ। ਬਾਦ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਨ ਤੇ ਪੰਜਾਬੀ ਵਿਭਾਗ 'ਚ ਰੀਸਰਚ ਫੈਲੋ ਬਣ ਗਿਆ।
ਕਾਵਿ ਸਿਰਜਣਾ ਵਿੱਚ ਉਸ ਦੀ ਵਧੇਰੇ ਪਛਾਣ ਅੰਮ੍ਰਿਤਾ ਪ੍ਰੀਤਮ ਦੇ ਮਾਸਿਕ ਪੱਤਰ ਨਾਗਮਣੀ ਚ ਛਪਣ ਕਰਕੇ ਬਣੀ। ਉਹ ਨਾਗਮਣੀ ਦਾ ਪੱਕਾ ਲੇਖਕ ਸੀ। ਕਵਿਤਾਵਾਂ ਤੇ ਕਹਾਣੀਆਂ ਲਿਖਦਾ ਸੀ ਉਹ। ਅੰਮ੍ਰਿਤਸਰ ਵਾਸ ਦੌਰਾਨ ਉਹ ਮੋਹਨਜੀਤ, ਨਿਰਮਲ ਅਰਪਨ,ਪ੍ਰਮਿੰਦਰਜੀਤ, ਸਬਿੰਦਰਜੀਤ ਸਾਗਰ,ਗੁਲ ਚੌਹਾਨ,ਲੋਕ ਨਾਥ ,ਮੁਖਤਾਰ ਗਿੱਲ ਤੇ ਹੋਰ ਸਥਾਨਕ ਲੇਖਕਾਂ ਦਾ ਵਿਸ਼ਵਾਸ ਪਾਤਰ ਬਣਿਆ। ਦਸੰਬਰ 1972 ਚ ਉਸ ਦੀ ਪਹਿਲੀ ਕਾਵਿ ਪੁਸਤਕ ਅੰਦਰਲੇ ਕਿਰਦਾਰ ਲੋਕ ਸਾਹਿੱਤ ਪ੍ਰਕਾਸ਼ਨ ਵਲੋਂ ਸ: ਕੁਲਵੰਤ ਸਿੰਘ ਸੂਰੀ ਜੀ ਨੇ ਛਾਪੀ।
ਉਸ ਦੇ ਕਹਾਣੀ ਸੰਗ੍ਰਹਿ ਰਾਤ ਕੋਹਰਾ ਤੇ ਮੈਂ ਦਾ ਵੀ ਜ਼ਿਕਰ ਮਿਲਦਾ ਹੈ। ਇਵੇਂ ਹੀ ਖੋਜ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਵਿੱਚ ਨਵੀਨ ਪ੍ਰਵਿਰਤੀਆਂ ਦਾ ਵੀ ਪਤਾ ਲੱਗਾ ਹੈ। ਕੁੱਲ 25 ਕਵਿਤਾਵਾਂ ਦਾ ਸੰਗ੍ਰਹਿ ਖ਼ੁਰਸ਼ੀਦ ਦੀ ਸਾਡੇ ਕੋਲ ਕਾਵਿ ਨਿਸ਼ਾਨੀ ਹੈ। ਦੋਸਤ ਦੱਸਦੇ ਹਨ ਕਿ ਡਾਕਟਰੇਟ ਕਰਦਿਆਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਨੂੰ ਥੀਸਿਸ ਲਿਖਣ ਦੇ ਬਾਵਜੂਦ ਡਿਗਰੀ ਵਿੱਚ ਹੀ ਛੱਡਣੀ ਪਈ। ਬਾਦ ਚ ਉਸ ਡਿਗਰੀ ਤਾਂ ਮੁਕੰਮਲ ਕਰ ਲਈ ਪਰ ਅੰਦਰੋਂ ਟੁੱਟ ਗਿਆ। ਚੰਗਾ ਪ੍ਰਬੁੱਧ ਕਵੀ, ਕਹਾਣੀਕਾਰ ਤੇ ਖੋਜਕਾਰ ਸੇਂਟ ਫਰਾਂਸਿਸ ਸਕੂਲ ਚ ਪੜ੍ਹਾਉਣ ਲੱਗ ਪਿਆ ਪਰ ਸਾਹਿੱਤਕ ਤੇ ਵਿਦਿਅਕ ਸਰਗਰਮੀਆਂ ਤੋਂ ਕਿਨਾਰਾ ਕਰ ਗਿਆ।
ਸਾਡੀ ਅਣਗਹਿਲੀ ਦਾ ਆਲਮ ਇਹ ਹੈ ਕਿ ਪੰਜਾਬੀ ਲੇਖਕ ਕੋਸ਼ ਵਿੱਚ ਵੀ ਉਸ ਦਾ ਨਾਮ ਪਤਾ ਨਹੀਂ ਹੈ। ਕਿੰਨੇ ਹੀ ਅਜਿਹੇ ਲੇਖਕ ਹੋਰ ਹਨ ਜਿੰਨ੍ਹਾਂ ਨੂੰ ਅਸੀਂ ਵਿਸਾਰ ਚੁਕੇ ਹਾਂ। ਮਿਸਾਲ ਵਜੋਂ ਸਿਰਫ਼ ਅੰਮ੍ਰਿਤਸਰ ਚੋਂ ਹੀ ਕਰਤਾਰ ਸਿੰਘ ਬਲੱਗਣ, ਵਿਧਾਤਾ ਸਿੰਘ ਤੀਰ, ਹਰਸਾ ਸਿੰਘ ਚਾਤਰ, ਧਨਵੰਤ ਸਿੰਘ ਸੀਤਲ,ਅਮਰ ਚਿਤਰਕਾਰ, ਵਰਿਆਮ ਅਸਰ, ਰਾਜਬੀਰ, ਖ਼ੁਸ਼ਵੰਤ ਕੰਵਲ, ਸੁਖਬੀਰ ਸੰਧੂ, ਬਚਨਜੀਤ ਕਦੇ ਚੇਤੇ ਨਹੀਂ ਆਉਂਦੇ। ਖ਼ੁਰਸ਼ੀਦ ਦੀਆਂ ਹੋਰ ਕਵਿਤਾਵਾਂ ਦੀ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਦੱਸਣਾ।-ਗੁਰਭਜਨ ਗਿੱਲ