Andarle Kirdar : Khursheed

ਅੰਦਰਲੇ ਕਿਰਦਾਰ : ਖ਼ੁਰਸ਼ੀਦ




ਇਹ ਕਿਦਾਂ ਦੇ ਮੌਸਮ ਆਏ

ਇਹ ਕਿਦਾਂ ਦੇ ਮੌਸਮ ਆਏ । ਸਾਗਰ ਵਿਚ ਵੀ ਅਸੀਂ ਤਿਹਾਏ । ਸ਼ਾਮ ਸਵੇਰੇ ਸੂਰਜ ਤਕੀਏ, ਨਜ਼ਰ ਨਾ ਆਵਣ ਆਪਣੇ ਸਾਏ ।

ਪ੍ਰਦਰਸ਼ਨੀ

ਡੀਂਗ ਮਾਰਦੇ ਹੋ ! ਮੁੱਠੀ ਵਿਚ ਘੁੱਟ ਸਕਦੇ ਹੋ ਬਲਦੇ ਸਟੋਵ ਦਾ ਸੇਕ ? ਤੁਹਾਡੇ ਵਿਚ ਜੁਰਅਤ ਹੀ ਨਹੀਂ । ਸਭ ਦਿਨ ਇਕੋ ਜਹੇ ਨਹੀਂ ਹੁੰਦੇ ਕੁਝ ਕਤਲ ਕਰਨੇ ਪੈਂਦੇ ਹਨ ਕਤਲ ਕੀਤੇ ਦਿਨ ਹੀ ਸਾਡੇ ਅੰਦਰ ਚੀਖ਼ਦੇ ਹਨ, ਜ਼ਿੰਦਗੀ ਨਹੀਂ, ਮੈਨੂੰ ਛਿਣ ਚਾਹੀਦਾ ਬੀਤ ਰਿਹਾ ਛਿਣ । ਸੋਚਦਾ ਹਾਂ, ਮੇਜ਼ ਤੇ ਪਿਆ ਗਲੋਬ ਚਿੱਪਰ ਚਿੱਪਰ ਕਰ ਕੇ ਭੰਨ ਦੇਵਾਂ ਫਿਰ ਸਿਰਜਕੇ ਇਕੋ ਰੰਗ ਨਾਲ ਪੇਂਟ ਕਰਾਂ, ਮੈਂ ਮੁਨਕਰ ਹੀ ਸਹੀ ਅਹਿੰਸਾਵਾਦ ਤੋਂ, ਤੁਸੀਂ ਕਿਹੜੇ ਵਾਦ ਦਾ ਕਤਲ ਨਹੀਂ ਕੀਤਾ ? ਉਂਗਲੀ ਹੀ ਨਹੀਂ, ਤੁਹਾਡੀ ਜ਼ਮੀਰ ਵੀ ਕੰਬੇਗੀ ਜਦੋਂ ਮੇਰੇ ਉਤੇ ਦੋਸ਼ ਲਾਉਗੇ । ਮੈਂ ਜਾਣਦਾ ਹਾਂ, ਤੁਹਾਡਾ ਨਸ਼ਾ ਹੁੱਕੇ ਦੀ ਗੁੜ ਗੁੜ 'ਚੋਂ ਖਿੱੜਦਾ ਹੈ ਸਿਗਰਟ ਦੀ ਰਾਖ਼ ਤੁਸੀਂ ਜ਼ਿਹਨ 'ਚ ਝਾੜਦੇ ਹੋ ਤੁਹਾਡੇ ਮੂੰਹਾਂ ਵਿਚ ਪੇਸ਼ਾਵਰ ਔਰਤ ਦੀ ਜੀਭ । ਕਲ ਸੁਬ੍ਹਾ ਜਿਹੜਾ ਅਰਥ ਤੁਸੀਂ ਮੈਨੂੰ ਪਹਿਨਾਉਣਾ ਹੈ ਉਹ ਤੁਹਾਡੇ ਮੂੰਹਾਂ ਤੇ ਚਿਪਕਾ ਦੇਵਾਂਗਾ ਜਾਂ ਗਲਾਂ ਵਿਚ ਲਟਕਾ ਦੇਵਾਂਗਾ ਜੋ ਤੁਹਾਡੀ ਸੋਚ ਦੀ ਪ੍ਰਦਰਸ਼ਨੀ ਕਰੇਗਾ ।

ਵਿਸ਼ਵਾਸ

ਆਪਣੀ ਹੋਂਦ ਮਿਟਾ ਦੇਣ ਲਈ ਜਦ ਵੀ ਮੈਂ ਸੋਚਿਆ ਪਕੜਿਆ ਗਿਆ । ਮੇਰੇ ਵਿਸ਼ਵਾਸ ਨੇ ਦੋਸ਼ੀ ਠਹਿਰਾ ਕੇ ਮੈਨੂੰ ਜੀਊਣ ਦੀ ਸਜ਼ਾ ਦਿੱਤੀ । ਜ਼ਿੰਦਗੀ ਦਾ ਜਦ ਵੀ ਅਗੇਰਾ ਪੜਾਅ ਲੰਘਿਆ ਜਿੱਤ ਦਾ ਅਹਿਸਾਸ ਹੋਇਆ ਪਰ ਜਿੱਤ ਦੀ ਚਰਚਾ ਕਰਨ ਲਗਿਆਂ ਜੀਭ ਮੇਰੀ ਕੰਡਿਆ ਜਾਂਦੀ ਹੈ ਦੇਹ ਮੇਰੀ ਪਥਰਾ ਜਾਂਦੀ ਹੈ । ਜਿਸ ਨੇ ਮੈਨੂੰ ਸੂਲੀ ਤੇ ਟੰਗਿਆ ਉਸ ਹਾਰ ਦੇ ਦਰ ਤੇ ਨਿੱਤ ਦਸਤਕ ਦੇਣ ਜਾਂਦਾ ਹਾਂ, ਇਹ ਮੇਰੀ ਖ਼ੁਦੀ ਹੈ ਵਿਸ਼ਵਾਸ ਹੈ ਜਾਂ ਜਿੱਤ ਮੇਰੀ ਦੀ ਆਸ ਹੈ ਮੈਂ ਜਿੱਤ ਕੇ ਵੀ ਸਭ ਕੁਝ ਹਾਰ ਜਾਂਦਾ ਹਾਂ । ਤਦ ਹੀ ਸੋਚਦਾ ਹਾਂ ਆਪਣੀ ਹੋਂਦ ਮਿਟਾ ਦੇਣ ਲਈ ਪਰ ਪਕੜਿਆ ਜਾਂਦਾ ਹਾਂ ਮੇਰੇ ਵਿਸ਼ਵਾਸ ਕੋਲੋਂ ਮੈਨੂੰ ਜੀਊਣ ਦੀ ਸਜ਼ਾ ਮਿਲ ਜਾਂਦੀ ਹੈ

ਇਕ ਸ਼ਹਿਰ ਦੀ ਗਲ

ਮੈਂ ਉਸ ਦਿਨ ਵੀ ਚੀਖ਼ਿਆ ਜਿਸ ਦਿਹਾੜੇ ਜ਼ਿੰਦਗੀ ਦਾ ਇਕ ਟੋਟਾ ਇਸ ਸ਼ਹਿਰ ਦੀਆਂ ਸੜਕਾਂ ਉਤੇ ਬੇ-ਅਰਥ ਹੋ ਡਿਗ ਪਿਆ, ਖਿਲਰ ਗਿਆ । ਜਿਉਂ ਜਿਉਂ ਮੈਂ ਚੀਖ਼ਿਆ ਚੁਗਿਰਦੇ ਦੀ ਚੁੱਪ ਹੋਰ ਸੰਘਣੀ ਹੋ ਗਈ 'ਨ੍ਹੇਰਾ ਪਸਰਦਾ ਗਿਆ ਕੁੱਤੇ ਭੌਂਕਦੇ ਗਏ ਕੋਈ ਚੁਣ ਕੇ ਰਖ ਦਏਗਾ ਤਲੀ ਮੇਰੀ ਤੇ ਪਰ ਇਹ ਨਾ ਹੋਇਆ। ਹੋਂਦ ਅਧੂਰੀ ਮੋਢੇ ਚੁਕੀ ਜਿਸ ਦੇ ਖਿਲਰ ਜਾਣ ਦਾ ਡਰ ’ਨ੍ਹੇਰੇ ਮਿੱਧਦਾ ਇਸ ਸ਼ਹਿਰ ਦੇ ਸੜਕਾਂ ਦੇ ਵਿਚ ਤੁਰਦਾ ਤੁਰਦਾ ਗਲ ਗਲ ਧੱਸ ਗਿਆ ਹਾਂ । ਸ਼ਹਿਰ ਵਾਲਿਉ ! ਜੇ ਤੁਸੀਂ ਸੁਣ ਨਹੀਂ ਸਕਦੇ ਇਸ ਵਿਚ ਮੇਰਾ ਕੀ ਦੋਸ਼ ਮੈਂ ਤਾਂ ਅੱਜ ਵੀ ਚੀਖ਼ਦਾ ਜਿਥੇ ਬੋਲ ਚੀਖ਼ ਚੀਖ਼ ਮਰ ਜਾਵਣ ਭੌਂਕਣ ਕੁੱਤੇ ’ਨ੍ਹੇਰਾ ਉੱਗੇ ਖਿਲਰ ਗਈ ਹੋਂਦ ਕਿਸੇ ਦੀ ਕੋਈ ਨਾ ਚੁਗੇ ਸੜਕਾਂ ਦੇ ਵਿਚ ਤੁਰਦਾ ਤੁਰਦਾ ਗਲ ਗਲ ਧਸੇ ਕੋਈ ਰਾਹ ਨਾ ਦਸੇ ਇਹ ਬਿਗਾਨੀ ਥਾਂ ਹੈ ਕੋਈ ਮੈਨੂੰ ਆਪਣਾ ਸ਼ਹਿਰ ਨਹੀਂ ਲਗਦਾ ।

ਕ੍ਰਿਸਮਸ ਡੇ

ਮੈਂ ਰੋ ਰਿਹਾ ਹਾਂ ਕ੍ਰਿਸਮਸ ਡੇ ਵਿਸ਼ਵ ਦਾ ਤਿਉਹਾਰ ਹੈ, ਮੇਰੀ ਪਤਨੀ ਨਿਰੀ ਮੱਛਲੀ ਸ਼ੀਸ਼ੇ ਦੇ ਮਰਤਬਾਨ 'ਚ ਤਰਦੀ ਕਿਸੀ ਜਿੱਤ ਦੇ ਅਹਿਸਾਸ ਦਾ ਹਾਸਾ ਹੱਸ ਰਹੀ ਹੈ । ਮਰਤਬਾਨ ਤੋੜ ਕੇ ਬਾਹਰ ਸੜਕਾਂ ਉਪਰ ਅੱਜ ਆਪਣਾ ਅੰਗ ਅੰਗ ਖਿਲਾਰੇਗੀ ਕਿਸੇ ਪੁਰਾਣੇ ਦੋਸਤ ਦੇ ਸੰਗ ਬਾਹਾਂ ਦੇ ਵਿਚ ਬਾਹਾਂ ਪਾ ਕੇ ਸਿਨਮਾ - ਘਰ ਕਾਫ਼ੀ - ਹਾਊਸ ਜਾਂ ਨਾਚ - ਘਰ ਵਿਚ ਅੱਜ ਦੀ ਰਾਤ ਗੁਜ਼ਾਰੇਗੀ, ਮੇਰੀਆਂ ਅੱਖੀਆਂ ਦੇ ਵਿਚ ਝਾਕਣ ਦੀ ਉਸ ਨੂੰ ਫੁਰਸਤ ਨਹੀਂ । ਸੂਲੀ ਤੇ ਲਟਕੇ ਈਸਾ ਦਾ ਅਕਸ ਮੇਰੇ ਅੱਬਰੂਆਂ ’ਚੋਂ ਕਹਿ ਰਿਹਾ ਹੈ ਹੇ ਸਵਰਗੀ ਪਿਤਾ ! ਜਿੱਨਾ ਮੈਨੂੰ ਸੂਲੀ ਤੇ ਟੰਗਿਆ ਸਭ ਅਨਜਾਣ ਹਨ ਨਹੀਂ ਜਾਣਦੇ ਮੇਰੇ ਨਾਲ ਕਿਦਾਂ ਦਾ ਸਲੂਕ ਕਰਨ ਇਨ੍ਹਾਂ ਨੂੰ ਮਾਫ਼ ਕਰਦੇ ।

ਐਸ਼ਟਰੇ

ਗਿਰਜੇ ਦੀ ਘੰਟੀ ਖੜਕਣ ਦਾ ਵੀ ਕੋਈ ਅਰਥ ਹੋ ਸਕਦਾ ਹੈ ? ਮੈਨੂੰ ਇਹ ਜਾਨਣ ਦੀ ਲੋੜ ਨਹੀਂ ਮੇਰੇ ਕਮਰੇ ਵਿਚ ਸਿਗਰਟਾਂ ਦੇ ਟੋਟੇ ਅਤੇ ਸੁਆਹ ਐਸ਼ਟਰੇ ਵਿਚ ਅਜੇ ਤਕ ਸਾਂਭੇ ਪਏ ਹਨ । ਸਾਰਾ ਸ਼ਹਿਰ ਧੂੰਏਂ ਦੀ ਮਾਰ ਥੱਲੇ ਹੈ ਐਨਕ ਲਾਉਣ ਨਾਲ ਵੀ ਕੀ ਬਣੇਗਾ ਦੁਰਘਟਨਾਵਾਂ ਦਾ ਚਰਚਾ ਹਰ ਥਾਂ ਹੈ । ਕਾਲੀ ਕਾਰ ਥੱਲੇ ਆਏ ਆਦਮੀ ਦੀ ਹਾਲਤ ਬੜੀ ਖਤਰਨਾਕ ਹੈ ਚਿਹਰੇ ਤੋਂ ਪਹਿਚਾਨ ਨਹੀਂ ਹੁੰਦਾ ਖੋਪਰੀ 'ਚ ਖੁੱਭੇ ਕਿੱਲਾਂ ਦੇ ਨਿਸ਼ਾਨ, ਵਿੱਸ ਚੁਕੀਆਂ ਲੱਤਾਂ ਉਠਣ ਦਾ ਯਤਨ ਕਰ ਰਹੀਆਂ ਨੇ ਪਰ ਉਹ ਮਰ ਚੁਕੇ ਅੰਗਾਂ ਨੂੰ ਵੀ ਕੱਠੇ ਕਰਨ ਵਿਚ ਰੁੱਝਿਆ ਹੈ । ਸੜਕਾਂ ਉਤੇ ਮੰਗਤੇ ਮੇਰੇ ਮੂੰਹ ਤੇ ਥੁੱਕਦੇ ਆਪਣੀਆਂ ਲੀਰਾਂ ਮੇਰੇ ਗਲ ਲਮਕਾ ਦਿੰਦੇ ਹਨ ਉਸ ਪਲ ਮੈਂ ਸੋਚਦਾ ਆਪਣੇ ਕਮਰੇ ਵਿਚੋਂ ਸਿਗਰਟਾਂ ਦੇ ਟੋਟੇ ਅਤੇ ਸੁਆਹ ਐਸ਼ਟਰੇ ਵਿਚ ਅਜੇ ਤਕ ਜੋ ਸਾਂਭੇ ਪਏ ਹਨ ਅੱਜ ਬਾਹਰ ਸੁਟ ਦਿਆਂਗਾ ।

ਦੋ ਕਵਿਤਾਵਾਂ

1. ਮੇਰੇ ਘਰ ਵਿਚ ਅਜਗਰਾਂ ਦਾ ਵਾਸ ਹੈ ਤੇ ਮੈਂ ਧੱਸਦਾ ਜਾ ਰਿਹਾ ਪਾਤਾਲ ਵਿਚ ਮੇਰੀ ਮਹਿਬੂਬਾ ਦੀ ਤਸਵੀਰ ਹਰ ਦੋਸਤ ਨੂੰ ਮੋਹ ਲੈਂਦੀ ਹੈ, ਅਸਮਾਨ ਬਾਰੇ ਕਰਨ ਲਈ ਕੋਈ ਗਲ ਨਹੀਂ ਧਰਤੀ ਦਾ ਚੱਪਾ ਚੱਪਾ ਖੁਰਚਿਆ ਹੈ ਪਰ ਮੇਰੀ ਗਲ ਕਿਸੇ ਨੇ ਗੌਲੀ ਨਹੀਂ। 2. ਤੇਰੀ ਚੁੱਪ ਵੀ ਯੁੱਗਾਂ ਦੀ ਮੌਤ ਹੁੰਦੀ ਹੈ ਤੇ ਮੈਂ ਕੋਈ ਤੱਪਸਵੀ ਨਹੀਂ ਜੋ ਹੱਠ ਕਰਾਂ ਤੇਰੇ ਘਰ ਦੀਆਂ ਕੰਧਾਂ ਉਪਰ ਲਟਕਦੇ ਜਰਾਕੀਨ ਦੇ ਪਰਦੇ ਤੇ ਸੰਦਲੀ ਬੂਹੇ ਸਭ ਠਰੇ ਪਏ ਹਨ ਹੋਸ਼ ਬਰਫ਼ ਦੇ ਤੋਦਿਆਂ ਵਾ ਜੰਮ ਚੁਕੀ ਹੈ ਸੂਰਜ ਵੀ ਸ਼ਰਮਿੰਦਾ ਹੈ ਜਿਸ ਦੀ ਕੋਈ ਤੇਜਸਵੀ ਕਿਰਨ ਘਰ ਅੰਦਰ ਤੂੰ ਵੜਨ ਨਹੀਂ ਦਿਤੀ ਜਿਸ ਨਾਲ ਲੱਹੂ ਗਿੜੇ ।

ਸਮੇਂ ਦਾ ਨਾਇਕ

ਜਿਸ ਪਲ ਮੈਂ ਸਮੇਂ ਦਾ ਨਾਇਕ ਬਣਨਾ ਸੀ ਉਹ ਪਲ ਤੇਰੇ ਕੋਲ ਸੀ ਕਦੀ ਕਦੀ ਪੀੜ ਨਾਲ ਮੁਸਕਾਂਦਾ ਹਾਂ ਕੌਣ ਆਪਣੇ ਹਾਣ ਨਾਲ ਮਸ਼ਕਰੀ ਨਹੀਂ ਕਰਦਾ ? ਪਲ ਜੋ ਤੇਰੇ ਸ਼ਹਿਰ 'ਚ ਦਫ਼ਨ ਹੋਏ ਨੇ । ਇਤਿਹਾਸ ਬਣ ਸਕਦੇ ਸਨ । ਚੁਰੱਸਤੇ ਦੇ ਵਿਚ ਆਣ ਖਲੋਤਾ ਹਾਂ ਕਿਸ ਦਿਸ਼ਾ ਦਾ ਰੁਖ ਕਰਾਂ ! ਮੈਂ ਕਿਸੇ ਦਿਸ਼ਾ ਨਾਲੋਂ ਵੀ ਟੁਟਣਾ ਨਹੀਂ ਚਾਹੁੰਦਾ, ਕਿਸ ਕਿਸ ਬੋਲ ਨਾਲੋਂ ਨਾਤਾ ਤੋੜਾਂ ! ਹਰ ਦਿਸ਼ਾ 'ਚ ਮੇਰੇ ਬੋਲਾਂ ਨੇ ਜਨਮ ਲਿਆ ਹੈ । ਦਿਲ ਦੀ ਹਰ ਧੜਕਣ ਤੇ ਮੈਂ ਨਜ਼ਰ ਟਿਕਾਈ ਹੈ ਚਹੁੰ-ਰਾਹਾਂ ਵਲ ਝਾਕ ਰਿਹਾ ਹਾਂ ਜਿਸ ਪਲ ਮੇਰੇ ਬੋਲਾਂ ਦੀ ਅਵਾਜ਼ ਚੁਰੱਸਤੇ ਦੇ ਵਿਚ ਆਣ ਜੁੜੇਗੀ ਉਸ ਪਲ ਮੈਂ ਸਮੇਂ ਦਾ ਨਾਇਕ ਬਣਾਂਗਾ।

ਪੋਸਟਰ

ਮੇਰੇ ਕੋਲ ਬੈਠੀ ਕੁੜੀ ਮੇਰੇ ਵਿਚ ਦੀ ਲੰਘ ਜਾਣ ਦੀ ਸੋਚੇ ਪਰ ਕੁੜੀ ਵਲ ਦੀ ਅੱਖ ਮੇਰੀ ਪੱਥਰ ਦੀ । ਕੰਧਾਂ ਉਤੇ ਪੋਸਟਰ ਨੰਗੀ ਕੁੜੀ ਦੇ ਕਪੜੇ ਦੀ ਮਿੱਲ ਕਿਸੇ ਮਸ਼ਹੂਰੀ ਲਈ ਲਾਏ ਮੇਰੇ ਜ਼ਿਹਨ 'ਚ ਧਸਦੇ ਜਾਂਦੇ । ਜਦ ਅੱਖ ਮੇਰੀ ਇਕ ਮਾਸ ਦੀ (ਕਿਉਂਕਿ ਦੂਜੀ ਪੱਥਰ ਦੀ ਹੈ) ਪਿੱਠ ਮੇਰੀ ਤੇ ਜਾ ਲਗਦੀ ਹੈ ਮੇਰੇ ਘਰ ਦਾ ਨੰਗੇਜ਼ ਤਕਦੀ ਮੇਰੇ ਤੇ ਹੱਸਦੀ ਹੈ ।

ਆਖਰੀ ਹਿੱਚਕੀ ਤਕ

“ਸੰਘਣੀ ਸੀ ਛਾਂ ਕਿੰਨੀ ਘਰ ਦੇ ਰੁੱਖ ਦੀ ।" ਕਥਨ ਇਹ ਮੇਰੇ ਨਾਲ ਜਿਉਂ ਸ਼ਬਦਾਂ ਨਾਲ ਅਰਥ ਤੁਰੇ । ਘਰ ਨੂੰ ਜਿਸਮ ਨਾਲੋਂ ਤੋੜ ਕੇ ਕੀ ਸੁਟਿਆ ਰੁੱਖਾਂ ਨੂੰ ਗਿੱਠ ਗਿੱਠ ਜੀਭਾਂ ਲਗੀਆਂ ਪਿੱਠ ਮੇਰੀ ਤੇ ਉੱਗੇ ਸ਼ਹਿਰ ਜੰਗਲ ਇਮਾਰਤਾਂ ਦੇ ਹੁਣ ਉਹ ਜੰਗਲ ਮੇਰੇ ਅੰਦਰ ਮੈਂ ਜਿਧਰ ਦਾ ਰੁਖ ਕਰਦਾ । ਜੰਗਲ ਨਾਲ ਨਾਲ ਚਲਦਾ । ਮੈਂ ਕਿਸ ਦੇ ਕੰਨਾਂ ਨਾਲ ਸੁਣਦਾ ਹਾਂ ਮਾਂ ਦਾ ਸੁਨੇਹਾ ਅਣਸੁਣਿਆਂ ਕਰ ਛਡਿਆ ਹੈ ਸੰਘ 'ਚ ਅਟਕੀ ਉਸ ਦੀ ਆਖਰੀ ਹਿੱਚਕੀ ਲੋਕਾਂ ਦੇ ਬੁੱਲਾਂ ਤੇ ਚਿਪਕ ਗਈ ਹੈ, ਮੇਰੇ ਮੱਥੇ 'ਚ ਕਿਸ ਦੀ ਸੋਚ ਤੁਰਦੀ ਹੈ ਬੋਲ ਮਾਂ ਦੇ ਸਰਕਦੇ ਨਹੀਂ ਜ਼ਿਹਨ 'ਚ ਬਾਪ ਤੇਰਾ ਜਦ ਬਾਹਰ ਜਾਇਆ ਕਰਦਾ ਅੱਖਾਂ ਗੁਆ ਆਇਆ ਕਰਦਾ ਤੇ ਮੈਂ ਕਦੀ ਉਜਰ ਨਾ ਕੀਤਾ। ਸਭ ਜੀਭਾਂ ਹੁਣ ਪਲਮ ਪਈਆਂ ਹਨ ਜਿਸਮ ਮੇਰੇ ਤੇ ।

ਸਿਫ਼ਰਾਂ ਅਤੇ ਮੈਂ

ਮੇਰੀ ਗਲ ਸੁਣੋ ! ਮੈਂ ਅਜੇ ਸੂਰਜ ਦੇ ਸਿਰ ਤੇ ਪੈਰ ਧਰਨਾ ਹੈ । ਮੰਜੀ ਤੇ ਬੈਠੀ ਮਾਂ ਰੱਸੀਆਂ ਭੋਰਦੀ ਮੈਨੂੰ ਮੇਰੀ ’ਵਾਜ਼ ਤੋਂ ਪਹਿਚਾਨਦੀ ’ਵਾਜ਼ ਜੋ ਕਦੇ ਕਦੇ ਮੇਰੀ ਨਹੀਂ ਹੁੰਦੀ । ਮੇਰੇ ਹੱਥ ਦੀ ਤਲੀ 'ਚ ਕੋਈ ਗਰਮ ਰੌਅ ਨਹੀਂ ਚਲਦੀ ਕਿਸ਼ਤ-ਦਰ-ਕਿਸ਼ਤ ਮੈਂ ਤੁਹਾਡਾ ਸਭ ਕੁਝ ਮੋੜ ਦੇਵਾਂਗਾ, ਰਾਹ ਬੇ-ਮੇਚਾ ਜੋ ਤੁਸਾਂ ਮੇਰੇ ਪੈਰੀਂ ਪਾਏ, ਉਹ ਸਭ ਸਿਫ਼ਰਾਂ ਜੋ ਤੁਸੀਂ ਮੈਨੂੰ ਦਿੱਤੀਆਂ ਉਨ੍ਹਾਂ 'ਚ 'ਮੈਂ' ਦਾ ਹਿੰਦਸਾ ਲਿਖਣ ਵਾਸਤੇ, ਤੇ ਉਹ ਮੌਸਮ ਵੀ ਜਿਨ੍ਹਾਂ ਵਲ ਪਿੱਠ ਕਰਕੇ ਸਫ਼ਰ ਕਰਨਾ ਪੈਂਦਾ ਹੈ । ਮੇਰੀ ਗਲ ਸੁਣੋ ! ਕਿਸ਼ਤ-ਦਰ-ਕਿਸ਼ਤ ਮੈਂ ਤੁਹਾਡਾ ਸਭ ਕੁਝ ਮੋੜ ਦੇਵਾਂਗਾ ਮੈਂ ਅਜੇ ਸੂਰਜ ਦੇ ਸਿਰ ਤੇ ਪੈਰ ਧਰਨਾ ਹੈ ।

ਦੋਸਤ ਅਤੇ ਦਾਇਰੇ

ਮੈਂ ਸਿਮਟ ਨਹੀਂ ਸਕਦਾ ਆਪਣੇ ਤੇ ਉਠਾਈਆਂ ਉਂਗਲੀਆਂ ਦੇ ਦਾਇਰਿਆਂ ਵਿਚ ਪਰ ਇਹ ਵੱਖਰੀ ਗੱਲ ਹੈ ਜਦ ਬੋਲਦਾ ਹਾਂ ਦੋਸਤ ਮੂੰਹ ਵਿਚ ਰੇਤ ਤੁੰਨਦੇ ਨੇ, ਖਿਲਾਅ 'ਚ ਲਟਕਦੇ ਚਮਗਿਦੜ ਅਤੇ ਥਾਵਾਂ ਸੁੰਘਦੇ ਕੁੱਤਿਆਂ ਦੀ ਮੈਂ ਮੌਤ ਨਹੀਂ ਮਰਨਾ ਮੇਰੇ ਸਿਰ ਤੇ ਰੌਸ਼ਨੀਆਂ ਦੀ ਸਫ਼ ਪੈਰਾਂ ਥੱਲੇ ਸੜਕ ਦੌੜਦੀ ਹੈ ਹਨੇਰੇ ਦੀ ਤਿਲਕਣ ’ਚ, ਸ਼ੀਸ਼ੇ ਦਾ ਵੇਸ ਪਾਈ ਸਮਾਂ ਸੜਕਾਂ ਉਤੇ ਘੁੰਮਦਾ ਹੈ ਚਾਨਣੀ ਵਿਚ ਤੁਰਨਾ ਬਦਨਾਮੀ ਵਾਲੀ ਗਲ ਹੈ, ਸੂਰਜ ਮੂੰਹ ਵਿਚ ਪੈ ਨਹੀਂ ਸਕਦਾ।

ਬਦਲਦੇ ਮੌਸਮ ਦੀ ਗੱਲ

ਮਹਾਂ-ਨਗਰ ਦੇ ਕਲਾਕ-ਟਾਵਰ ਦੀਆਂ ਸੂਈਆਂ ਘੋੜੇ ਦੀ ਚਾਬਕ ਨਾਲ ਮੈਂ ਅੱਗੇ ਵਲ ਦੌੜਾਈਆਂ ਨਗਰ ਦਾ ਹਰ ਇਕ ਨਾਗਰਿਕ ਸਟੀਲ ਦੇ ਕੈਪਸੂਲਾਂ ਵਿਚ ਲੁਕ ਗਿਆ ਤੇ ਮੈਂ ਕੈਪਸੂਲਾਂ ਤੇ ਜੀਅ ਭਰ ਕੇ ਥੁੱਕਿਆ । ਮੇਰੀ ਬੇ-ਅਸੂਲੀ ਜ਼ਿੰਦਗੀ 'ਚ (ਬੇ-ਅਸੂਲੀ ਮੈਂ ਇਸ ਲਈ ਕਹਿੰਦਾ ਹਾਂ ਅਸੂਲ 'ਚ ਜੀਊਣਾ ਅਠਮਾਹੇਂ ਬੱਚੇ ਦੀ ਤਰ੍ਹਾਂ ਜੰਮਦਿਆਂ ਮਰ ਜਾਣਾ ਹੈ) ਇਬਾਦਤ ਵਾਲੀ ਥਾਂ ਜੇ ਖੁੱਲੀ ਮਿਲ ਜਾਵੇ ਰੱਬ ਨੂੰ ਕੰਨੋਂ ਫੜ ਕੇ ਉਠਾਵਾਂ ਕਿਸੇ ਦਿਮਾਗੀ ਹਸਪਤਾਲ 'ਚ ਖੜਾਂ, ਤੇ ਕਹਾਂ- ਦੇਖ, ਆਪਣੇ ਖਲੀਫ਼ਿਆਂ ਦੇ ਗਾਊਨਾ ਦੇ ਰੰਗ ਤੇ ਏਨਾ ਪੱਥਰਾਂ, ਖੇਤਾਂ ਤੇ ਸੜਕਾਂ ਦਾ ਜਿਥੇ ਮੇਰੇ ਜ਼ਖ਼ਮ ਰਿਸਦੇ ਹਨ । ਮਹਾਂ-ਨਗਰ ਦੇ ਟਿਪਣੇ ਦੇ ਹੁਕਮ ਨਾਲ ਸੜਕਾਂ ਤੇ ਫੰਦੇ ਲਾਏ ਗਏ ਤੇ ਕੁੱਤੇ ਛਡੇ ਗਏ ਹਨ ਮੈਨੂੰ ਪਕੜਨ ਲਈ । ਟਿਪਣੇ ਨੇ ਐਲਾਨ ਕੀਤਾ ਹੈ- “ਜਿਸ ਨੇ ਕਲਾਕ-ਟਾਵਰ ਦੀਆਂ ਸੂਈਆਂ ਘੋੜੇ ਦੀ ਚਾਬਕ ਨਾਲ ਅੱਗੇ ਵਲ ਦੌੜਾਈਆਂ ਹਨ ਉਸ ਦੀ ਖੋਪਰੀ 'ਚ ਬਰਫ਼ ਲੱਦਿਆ ਪਹਾੜ ਰਖ ਦਿਉ ਤੱਤੀਆਂ ਸੀਖਾਂ ਨਾਲ ਉਸ ਦੀ ਪਿੱਠ ਦਾਗੋ ਜੀਭ 'ਚ ਮੇਖਾਂ ਗਡੋ ਤਾਂ ਕਿ ਉਹ ਫਿਰ ਕਦੇ, ਕਦੇ ਵੀ ਮੌਸਮ ਦੀ ਤਬਦੀਲੀ ਦੀ ਗਲ ਨਾ ਕਰ ਸਕੇ ।

ਸ਼ਹਿਰ ਖੁਦਕਸ਼ੀ ਕਰ ਬੈਠਾ ਹੈ

ਉਸ ਪਲ ਦਾ ਦੁਖਾਂਤ ਬਾਤ ਸੁਣਾਉਂਦਾ ਹੈ ਖਿਲਾਅ ’ਚ ਲਟਕਿਆ ਸੂਰਜ ਛੱਪੜੀ 'ਚ ਡਿੱਗ ਪਿਆ ਮੱਛੀ ਨਿਗਲ ਲਿਆ । ਮੇਰੀ ਪਤਨੀ ਮੇਰੇ ਪੈਰੋਂ ਖੁੱਭੀਆਂ ਸੜਕਾਂ ਨਹੀਂ ਪੁੱਟ ਸਕੀ । ਮੇਰੇ ਦੋਸਤ ਮੇਰੇ ਘਰ ਦੀ ਛਾਂ ’ਚ ਬੈਠੇ ਮੇਰੇ ਘਰ ਦੀ ਬਾਰੀ ਨੂੰ ਝਾਕਦੇ ਤੇ ਆਖਦੇ- ਮੈਂ ਆਦਮੀ ਦੀ ਨਸਲ 'ਚੋਂ ਨਹੀਂ । ਸ਼ਹਿਰ ਵਾਲਿਉ ! ਮੈਨੂੰ ਕੱਜਣ ਨਾ ਦਿਉ ਆਪਣੀ ਅਧਰੰਗੀ ਸੋਚ ਵਾਂਗ ਨਿਰ-ਵਸਤਰ ਰਹਿਣ ਦਿਉ ਮੇਰੇ ਚਿਹਰੇ ਤੋਂ ਮੇਰੀ ਸ਼ਕਲ ਨੋਚ ਲਉ ਮੇਰੇ ਜਿਸਮ ਤੋਂ ਮਾਸ ਦੀਆਂ ਪਰਤਾਂ ਉਧੇੜੋ ਚੁਰਾਹੇ 'ਚ ਟੰਗ ਦਿਉ ਤੇ ਪੁਚਕਾਰੋ ਆਪਣੇ ਸ਼ਹਿਰ ਦੇ ਭੁੱਖੜ ਕੁੱਤਿਆਂ ਨੂੰ । ਸ਼ਹਿਰ ਜੋ ਰੰਗਾਂ ਦੀ ਚਾਸ਼ਨੀ 'ਚ ਡੁੱਬਾ ਮੇਰਾ ਮੂੰਹ ਚਿੜ੍ਹਾਉਂਦਾ ਹੈ ਇਸ ਦੀਆਂ ਨੰਗੀਆਂ ਰੌਸ਼ਨੀਆਂ ਦੇ ਜਿਸਮਾਂ ਤੇ ਮੈਂ ਥੁੱਕਦਾ ਹਾਂ । ਸ਼ਹਿਰ ਵਾਲਿਉ ! ਮੈਨੂੰ ਕੱਜਣ ਨਾ ਦਿਉ ਸਭ ਅਰਥਾਂ ਲਈ ਸ਼ਬਦਾਂ ਦੇ ਕੱਜਣ ਨਹੀਂ ਹੁੰਦੇ । ਕਲ ਤਕ ਮੈਂ ਇਸ ਸ਼ਹਿਰ ਦਾ ਚਰਚਾ ਕਰਦਾ ਸਾਂ ਸ਼ਹਿਰ ਕਿ ਜਿਸ ਵਿਚ 'ਮੈਂ' ਦਾ ਜ਼ਿਕਰ ਮੈਂ ਜੋ ਇਸ ਦੀ ਖੱਲ ’ਚ ਮੜ੍ਹਿਆ । ਮੇਰਾ ਜੁਰਮ ਬਸ ਏਨਾ ਸੀ ਮੈਂ ਲੋਕਾਂ ਨੂੰ ਕਿਹਾ- ਸ਼ਹਿਰ ਵਾਲਿਉ ! ਸੜਕਾਂ ਤੇ ਖਿਲਰੀਆਂ ਰੋਸ਼ਨੀਆਂ ਨੂੰ ਹੂੰਝ ਲਉ ਬੇ-ਪਰਦ ਸੜਕਾਂ ਨੂੰ ਓਹਲਾ ਦਿਉ, ਗਲ ਇਥੇ ਹੀ ਖਤਮ ਨਹੀਂ ਹੁੰਦੀ ਮੈਂ ਉਨ੍ਹਾਂ ਨੂੰ ਫਿਰ ਕਿਹਾ ਸੀ- ਸ਼ਹਿਰ ਵਾਲਿਉ ! ਸ਼ਹਿਰ ਚੁਕ ਕੇ ਮੇਰੇ ਨਾਲ ਨਾਲ ਚਲੋ ਇਸ ਦੀ ਸਜ਼ਾ ਮੈਂ ਸਿਰ ਦੇ ਭਾਰ ਚਲਦਾ ਰਿਹਾ । ਮਗਜ਼ ਬਲਦਾ ਰਿਹਾ । ਮੈਨੂੰ ਜੋ ਸਜ਼ਾ ਮਿਲੀ, ਭੁਗਤ ਚੁਕਾ ਹਾਂ ਅੱਜ ਜਦ ਇਸ ਸ਼ਹਿਰ ਬਾਰੇ ਸੋਚਦਾਂ ਮੋਈ ਮੱਛੀ ਦੀ ਬਦਬੂ ਆਉਂਦੀ ਹੈ ਕਲ ਤਕ ਜੋ ਇਸ ਸ਼ਹਿਰ ਦਾ ਚਰਚਾ ਜ਼ਿਹਨ 'ਚ ਸੀ ਅੱਜ ਧੋ ਦਿਤਾ ਹੈ ਇਸ ਦਾ ਜੋ ਕੁਝ ਮੇਰੇ ਜਿਸਮ 'ਚ ਖੁੱਭਿਆ ਸੀ ਅੱਜ ਪੁਟ ਦਿਤਾ ਹੈ ਮੈਂ ਜਾਣਦਾ ਹਾਂ, ਸ਼ੀਸ਼ਿਆਂ ਤੇ ਕਿਵੇਂ ਤੁਰਨਾ ਹੈ ਰਾਤਾਂ 'ਚ ਵੀ ਕਿਹੜਾ ਰਾਹ ਮੇਰਾ ਆਪਣਾ ਹੈ ਸ਼ਹਿਰ ਜੋ ਸ਼ੀਸ਼ਿਆਂ ਤੇ ਮੇਰੇ ਨਾਲ ਨਾ ਤੁਰ ਸਕਿਆ ਖ਼ੁਦਕਸ਼ੀ ਕਰ ਬੈਠਾ ਹੈ

ਮਾਂ

(ਜੋ 4.12.1969 ਨੂੰ ਮੇਰੀ ਗੈਰ-ਹਾਜ਼ਰੀ ਵਿਚ ਹੀ ਫੌਤ ਹੋ ਗਈ 'ਤੇ ਦਫ਼ਨਾ ਦਿਤੀ ਗਈ) ਤੇਰੇ ਦੁੱਧ ਦੀ ਸਹੁੰ ਮੈਂ ਅਜੇ ਵੀ ਦੌੜਦਾ ਹਾਂ ਸੜਕਾਂ ਤੇ ਮੌਰਾਂ ਉਤੇ ਛਾਂਟੇ ਖਾਈ, ਜਦ ਦਿਲ ਦਾ ਕੜ੍ਹ ਪਾਟਦਾ ਹੈ ਇਕ ਅਵਾਜ਼ ਚੀਖਦੀ ਹੈ “ਘੋੜੇ ਦੇ ਸੁੰਬ ਨਹੀਂ ਆਦਮ ਦੇ ਪੈਰ ਦਿਉ ਪੈਰ ਜੋ ਘਰ ਦੀ ਮੁਹਾਠ ਢੂੰਡਦੇ ਹਨ ।” ਪੈਰ ਜੋ ਹਵਾ ਵਿਚ ਲਟਕਦੇ ਰਹੇ ਉਹਨਾ ਤੇ ਕਿਸ ਜ਼ਮਾਨੇ ਦੀ ਫਿਟਕਾਰ ਸੀ । ਤੇਰਾ ਉਲਾਹਮਾ ਹੈ- ਇਕ ਮੁੱਠ ਮਿੱਟੀ ਬਾਝੋਂ ਤੇਰੀ ਕੱਬਰ ਊਣੀ ਹੈ ਮਿੱਟੀ ਦੀ ਮੁੱਠ ਮੇਰੇ ਹੱਥਾਂ ਵਿਚ ਨਹੀਂ, ਪੈਰਾਂ 'ਚ ਸੀ ਪੈਰ, ਜਿੰਨ੍ਹਾਂ ਨੂੰ ਪਹਿਲੀ ਰਾਤ ਦਾ ਨਿੱਘ ਨਹੀਂ ਤੇਰੇ ਖੜਕਦੇ ਸਾਹਾਂ ਦੀ ਚਿੰਤਾ ਸੀ । ਮੇਰੇ ਰਾਹਾਂ 'ਚ ਕੋਈ ਪਾਇਲ ਦੀ ਝਨਕਾਰ ਨਹੀਂ ਅਤੇ ਨਾ ਹੀ ਲਹਿਲਹਾਂਦਾ ਗੀਤ ਸਿਰਫ਼ ਇਕ ਅਵਾਜ਼ ਹੈ । “ਸੂਰਜ ਦੇ ਕਦ ਪੈਰ ਥੱਕੇ ਨੇ” ਅਵਾਜ਼ ਸਫ਼ਰ 'ਚ ਅਜੇ ਵੀ ਮੇਰੇ ਨਾਲ ਤੁਰਦੀ ਸਫ਼ਰ ਜੋ ਦਲਦਲ ਦਾ।

ਇਸ਼ਟ

ਰੋਜ਼ ਨਿਕਲਦੇ ਹਨ ਲੋਕ ਮਰੇ ਹੋਏ ਕੁੱਤਿਆਂ ਦੇ ਪੇਟ ’ਚੋਂ ਬਾਹਰ ਤੇ ਉਠਾਂਦੇ ਹਨ ਮਿਉਂਸਪਲਟੀ ਦੇ ਢੇਰਾਂ ਤੋਂ ਆਪਣੀਆਂ ਆਪਣੀਆਂ ਜੀਭਾਂ ਤੁਰ ਪੈਂਦੇ ਹਨ ਧੀਆਂ ਸਮੇਤ ਗਿਰਜਾ, ਮੰਦਰ, ਮਸੀਤ ਵਲ ਤਾਂ ਕਿ ਉਹ ਰੁੱਝੀਆਂ ਰਹਿਣ ਤੇ ਵੇਖ ਨਾ ਸਕਣ ਆਪਣੀ ਯੋਨੀ ਤੇ ਉੱਗੀਆਂ ਅੱਖਾਂ ਨੂੰ ਪਰ ਉਹ ਦੁਆ 'ਚ ਵੀ ਮਾਣਦੀਆਂ ਹਨ ਲਿੰਗ ਦੀ ਛੁਹ । ਕੌਣ ਕਹਿੰਦਾ ਹੈ ਮੈਂ ਗੁਨਾਹਗਾਰ ਹਾਂ ਮਨ ਨੂੰ ਕਿਵੇਂ ਕਹਾਂ ਕਿ ਤਨ ਦਾ ਨੰਗੇਜ਼ ਨਾ ਮੰਗੇ ਅੱਖਾਂ ਤੇ ਪੱਟੀ ਵੀ ਬੰਨ ਲਵਾਂ ਪਰ ਮਨ ਦਾ ਨੰਗੇਜ਼ ਕਿਵੇਂ ਕੱਜਾਂ, ਮੇਰੇ ਤੋਂ ਡਰ ਕੇ ਆਪਣੀਆਂ ਧੀਆਂ ਰੱਬ ਦੇ ਸਪੁਰਦ ਕਰਦੇ ਹੋ ! ਜਦ ਅਦਨ 'ਚ ਔਰਤ ਨੇ ਤਨ ਦਾ ਨੰਗੇਜ਼ ਨਾ ਦਿਤਾ ਉਹ ਸਰਾਪੀ ਗਈ, ਧਰਤੀ ਤੇ ਸੁਟੀ ਗਈ ! ਤੁਹਾਡੀਆਂ ਧੀਆਂ ਕਿਸ ਧਰਤੀ ਤੇ ਸੁਟੀਆਂ ਜਾਣਗੀਆਂ ?

ਅੰਦਰਲੇ ਕਿਰਦਾਰ

ਉਹ ਕੁੜੀ ਜੋ ਆਪਣੇ ਅੰਦਰ ਪਾਲ ਰਹੀ ਹੈ ਮਾਦਾਮ ਬਵਾਰੀ ਦਾ ਕਿਰਦਾਰ ਮੇਰੇ ਨਾਲ ਤਨ ਦਾ ਰਿਸ਼ਤਾ ਜੋੜਦੀ ਹੈ ਜੇ ਉਹ ਮਨ ਦਾ ਰਿਸ਼ਤਾ ਜੋੜੇ ਤਾਂ ਉਸ ਦਾ ਬੁੱਤ ਟੁਟਦਾ ਹੈ, ਮੈਂ ਨਿੱਤ ਉਤਾਰਦਾ ਹਾਂ ਆਪਣੀਆਂ ਮੌਰਾਂ ਤੋਂ ਇਕ ਹੋਰ ਨਵੀਂ ਬਣੀ ਹੋਈ ਸੜਕ ਮੈਨੂੰ ਇੰਜ ਕਰਦਿਆਂ ਵੇਖ ਉਹ ਅਕਸਰ ਕਹਿੰਦੀ ਹੈ- ਜੀਅ ਕਰਦਾ ਹੈ ਤੁਹਾਡੇ ਪੈਰਾਂ ਥੱਲੇ ਤੁਹਾਡਾ ਨਾਂਅ ਲਿਖ ਦੇਵਾਂ, ਉਹ ਮਲਾਹ ਤਾਂ ਬੇਵਕੂਫ਼ ਸੀ ਜੋ ਪਤਨ ਤੇ ਖਲੋਤੀ ਬੇੜੀ ਵਿਚ ਹੀ ਡੁੱਬ ਮਰਿਆ, ਉਸ ਬੁੱਢੇ ਨਾਲ ਤੁਹਾਡਾ ਕੀ ਰਿਸ਼ਤਾ ਹੈ ? ਜੋ ਸਮੁੰਦਰ ਵਿਚ ਚਾਰ ਦਿਨ ਮੱਛੀ ਨਾਲ ਜੰਗ ਕਰਦਾ ਰਿਹਾ ਉਹ ਤੁਹਾਡਾ ਵਡ-ਵਡੇਰਾ ਹੈ ਜਾਂ ਤੁਹਾਡੇ ਪੁੱਤ-ਪੋਤਰਿਆਂ ਦੇ ਹਾਣ ਦਾ ?

ਅੱਗ ਦਾ ਸਫ਼ਰ

ਗਿੱਦੜ ਜੋ ਨੀਲ ਦੇ ਮੱਟ ਵਿਚ ਡਿੱਗਾ ਸੀ ਥਾਪ ਦਿਤਾ ਗਿਆ ਹੈ ਜੰਗਲ ਦਾ ਬਾਦਸ਼ਾਹ ਤੇ ਨਿਆਂ ਜਾ ਬੈਠਾ ਹੈ ਦੱਰਖਤ ਦੀ ਉਤਲੀ ਟੀਸੀ ਤੇ ਇਹ ਸਭ ਕੁਝ ਇਸ ਲਈ ਹੈ ਤੁਸੀਂ ਆਦੀ ਹੋ ਭਾਸ਼ਣਾ ਦੇ ਪਰ ਮੈਂ ਕੋਈ ਨੇਤਾ ਨਹੀਂ ਜਿਸ ਦੇ ਸ਼ਬਦ ਫਿਰਨਗੇ ਸੜਕਾਂ ਉਤੇ ਅਵਾਰਾ ਕੁੱਤਿਆਂ ਵਾਂਗ ਭੁੱਖੇ ਢਿੱਡ, ਵਿਸ਼ਵ-ਵਿਦਿਆਲੇ ਵਿਚੋਂ ਨਿਕਲਕੇ ਮੈਂ ਬਾਹਰ ਸੜਕਾਂ ਉਤੇ ਆ ਗਿਆ ਹਾਂ ਮੇਰੇ ਨਾਲ ਵਗਦਾ ਇਕ ਹਜੂਮ ਮਜਲਸ ਵਿਚ ਪਾਸ ਕੀਤੇ ਮਤੇ ਅਨੁਸਾਰ ਮੰਦਰਾਂ ਤੋਂ ਚਕਲਿਆਂ ਤਕ ਡੌਂਡੀ ਪਿੱਟੀ ਗਈ ਹੈ- ‘ਕਲ ਚੁਰਾਹੇ ਵਿਚ ਡੁਗਡੁਗੀ ਵਜੇਗੀ ਮਜ਼ਮਾਂ ਲਗੇਗਾ ਸਭ ਕੁੱਕੜਾਂ ਦੇ ਖੰਭ ਖੋਹ ਦਿਤੇ ਜਾਣਗੇ ਕਪ ਦਿਤੀਆਂ ਜਾਣਗੀਆਂ ਰੰਬਿਆਂ ਨਾਲ ਧੌਣਾਂ ਇਨ੍ਹਾਂ ਦੀਆਂ ਬਾਂਗਾਂ ਸੁਣ ਕੇ, ਚੋਬਰਾਂ ਦੇ ਫਰਲਿਆਂ ਦੇ ਪੇਚ ਢਿੱਲੇ ਹੁੰਦੇ ਹਨ । ਗਲ ਇਥੇ ਹੀ ਖਤਮ ਨਹੀਂ ਹੋਵੇਗੀ ਸਾਡੀਆਂ ਡੱਬਾਂ ਫੋਲੀਆਂ ਜਾਣਗੀਆਂ ਡਾਈਸੈਕਟ ਕੀਤੇ ਜਾਣਗੇ ਦਿਮਾਗ ਅਸਲੇ ਦੀ ਭਾਲ ਵਿਚ, ਸਾਡੇ ਪਾਸ ਸਿਰਫ਼ ਤੇਜ਼ ਨਹੁੰਦਰਾਂ ਹਨ ਤੇ ਮਜਬੂਤ ਜਬਾੜੇ ਡੱਬਾਂ ਫੋਲਣ ਵਾਲੇ ਨਹੀਂ ਜਾਣਦੇ ਜਾਂ ਜਾਨਣਾ ਨਹੀਂ ਚਾਹੁੰਦੇ ਉਹ ਥਾਂ ਜੋ ਸਾਡੇ ਪੇਟ ਵਿਚ ਹੈ ਕਿ ਕਿੰਨਾ ਬਰੂਦ ਹਜ਼ਮ ਹੋ ਸਕਦਾ ਹੈ ਉਸ ਵਿਚ । ਤੁਸੀਂ ਸਾਡੇ ਉਪਰ ਹੱਸਦੇ ਅਤੇ ਸਾਡਾ ਕੱਦ ਬਾਂਸਾਂ ਨਾਲ ਮਿਣਦੇ ਹੋ ਆਪਣੀਆਂ ਐਨਕਾਂ ਕੰਨਾਂ ਦੀ ਥਾਂ ਅੱਖਾਂ ਉਪਰ ਲਾਉ ਤੇ ਵੇਖੋ ਸਾਡੇ ਮੱਥੇ ਵਿਚ ਚਲ ਰਹੇ ਹਨ ਬਰੂਦ ਦੇ ਅਨਾਰ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੋਰ ਤਿੱਖੇ ਹੋ ਰਹੇ ਹਨ ਤੇ ਉਨ੍ਹਾਂ ਦੇ ਕਦਮਾਂ ਵਿਚ ਭਰਦੀ ਜਾ ਰਹੀ ਹੈ ਰਾਕਟ ਦੀ ਰਫ਼ਤਾਰ ਜਹੀ ਤੇਜ਼ੀ, ਸੜਕਾਂ ਨੂੰ ਅੱਗ ਲਗ ਚੁਕੀ ਹੈ ਇਨ੍ਹਾਂ ਦੀ ਦਫ਼ਨ ਮਿੱਟੀ ਵੀ ਬਲੇਗੀ ਮਿਸ਼ਾਲ ਵਾਂਗ, ਇਨ੍ਹਾਂ ਸੜਕਾਂ ਤੇ ਤੁਰਨ ਦੀ ਜਾਚ ਸਿਖੋ ਤੇ ਜਾਣੋ ਕਿ ਦਰਦ ਦੀ ਛੁਹ ਕਿਸ ਤਰਾਂ ਦੀ ਹੁੰਦੀ ਹੈ ਡਰੋ ਨਾ ਹੱਥਕੜੀਆਂ ਦੇ ਹਿੱਲਣ ਤੇ ਵੀ ਛਿੜ ਸਕਦੀ ਹੈ ਕੋਈ ਇਲਾਹੀ ਸੁਰ ।

ਕੁੜੀ, ਸਮੁੰਦਰ ਤੇ ਮਾਰੂਥਲ

ਗਲ ਕੁੜੀ ਨਾਲ ਸਬੰਧਤ ਹੈ ਇਸ ਲਈ ਰੁਮਾਂਟਿਕ ਵੀ ਸਮਝੀ ਜਾ ਸਕਦੀ ਹੈ । ਮਹਾਂ-ਵਿਦਿਆਲੇ ਵਿਚ ਉਹ ਕੁੜੀ ਜਦ ਵੀ ਮਿਲਦੀ ਪੈਰਾਂ ਨਾਲ ਜ਼ਮੀਨ ਤੇ ਲਕੀਰਾਂ ਖਿੱਚਦੀ ਤੇ ਮੈਂ ਉਸ ਦੀਆਂ ਅੱਖਾਂ ਵਿਚ ਵੇਖਦਾ ਰਹਿੰਦਾ ਅੱਖਾਂ, ਜਿਨ੍ਹਾਂ ਵਿਚ ਰੇਤ ਉਡਦੀ ਤਪਦੇ ਮਾਰੂਥਲ ਦੀ । ਪੈਰਾਂ ਨਾਲ ਜ਼ਮੀਨ ਤੇ ਲਕੀਰਾਂ ਖਿੱਚਦੀ ਇਕ ਦਿਨ ਉਹ ਮੈਨੂੰ ਪੁੱਛਦੀ- ਤੁਸੀਂ ਉਡ ਸਕਦੇ ਹੋ, ਗੁਟਕ ਸਕਦੇ ਹੋ ਅਸਮਾਨ ਵਿਚ ਬਾਜ਼ੀ ਪਾਉਂਦੇ ਕਬੂਤਰ ਵਾਂਗ ? ਫਿਰ ਉਹ ਆਪ ਹੀ ਬੋਲਦੀ- ਤੁਸੀਂ ਉੱਡ ਸਕਦੇ ਹੋ ਉਸ ਦਿਨ ਜਦ ਤੁਸੀਂ ਬਰਫ਼ ਉਤੇ ਤੁਰੇ ਸੀ ਤੁਹਾਡੇ ਪੈਰਾਂ ਵਿਚੋਂ ਅੰਗਿਆਰ ਝਰਦੇ ਸਨ ਮੈਂ ਤੁਹਾਡਾ ਉਮਰ ਦਾ ਸਾਥ ਚਾਹੁੰਦੀ ਹਾਂ ਉਸ ਪਲ ਮੈਂ ਸੋਚਣ ਲਗਾ ਕਿੰਨੀ ਤੇਜ਼ੀ ਨਾਲ ਭੱਜਿਆ ਹੋਵੇਗਾ ਆਦਮੀ ਅੱਜ ਆਪਣੀ ਮੌਤ ਵਲ, ਫਿਰ ਮੈਂ ਉਸ ਨੂੰ ਕਿਹਾ- ਆ ! ਜਰਾ ਜੀਸਸ ਨੂੰ ਕਰਾਸ ਤੋਂ ਉਤਾਰ ਦਈਏ ਥੱਕ ਚੁਕਿਆ ਹੋਵੇਗਾ ਵਿਚਾਰਾ ਮੁੱਦਤਾਂ ਤੋਂ ਲਟਕਿਆ ਉਸ ਵਕਤ ਉਸ ਨੇ ਆਪਣੀ ਛਾਤੀ ਤੇ ਕਰਾਸ ਦਾ ਚਿੰਨ ਬਣਾਇਆ। ਮੈਂ ਧਰਮ-ਪੋਥੀਆਂ ਨੂੰ ਬਿਜਲੀ ਦੀਆਂ ਤਾਰਾਂ ਨਾਲ ਟੰਗ ਕੇ ਮੁੜਿਆਂ ਹੀ ਸਾਂ ਕਿ ਮਹਾਂ-ਵਿਦਿਆਲੇ ਦੇ ਅਧਿਅਕਸ਼ ਦੇ ਦਿਮਾਗ ਦਾ ਵਿਸਫੋਟ ਹੋਇਆ ਉਸ ਦੀ ਜੀਭ ਤੋਤੇ ਵਾਂਗ ਪਟਾਕੀ- ਤੁਲਾਂ ਡਾਹ ਕੇ ਚੁਰਾਹੇ ਤੋਂ ਇਕ ਸੜਕ ਉਖੇੜ ਲਿਆਉ ਚਰਚ ਦੇ ਸਾਹਮਣੇ ਖੜੀ ਕਰ ਦਿਉ ਟੰਗ ਦਿਉ ਇਸ ਉਤੇ ਉਸ ਦਾ ਨੰਗਾ ਬਦਨ ਵਗਾ ਦਿਉ ਉਸ ਦੀ ਖੋਪਰੀ ਵਿਚੋਂ ਜ਼ਾਇਆ, ਉਦਾਸ, ਡੂੰਘਾ, ਖੌਲਦਾ ਹੋਇਆ ਖਾਰਾ ਸਮੁੰਦਰ । ਹੁਣੇ ਹੀ ਅਗਲੇ ਪਲ ਮੇਰੀ ਮਾਂ ਅਤੇ ਉਹ ਕੁੜੀ, ਮੇਰੇ ਜਿਸਮ ਦੀ ਛਾਂ ਹੇਠਾਂ ਮੇਰੇ ਖੂਨ ਦਾ ਰੰਗ ਵੇਖਣਗੀਆਂ ਅਤੇ ਉਡੀਕਣਗੀਆਂ ਕਿ ਮੈਂ ਮੁਰਦਿਆਂ 'ਚੋਂ ਤੀਜੇ ਦਿਨ ਜੀਅ ਉਠਾਂਗਾ, ਪਰ ਜਦ ਲਟਕਿਆ ਸਾਂ ਸਲੀਬ ਉਤੇ ਐਨ ਈਸਾ ਦੇ ਸਾਹਮਣੇ ਉਥੇ ਨਾ ਮੇਰੀ ਮਾਂ ਸੀ ਅਤੇ ਨਾਂ ਹੀ ਉਹ ਕੁੜੀ ਉਹ ਬਰਫ਼ਈ ਪਹਾੜਾਂ ਵਲ ਚਲੀ ਗਈ ਸੀ ਜਾਂ ਮਾਰੂਥਲ ਦੇ ਰਾਹ ਤੇ ਹੁਣ ਉਹ ਮਾਰੂਥਲ ਉਸ ਕੁੜੀ ਦੇ ਪੈਰਾਂ ਨਾਲੋਂ ਲੱਥ ਕੇ ਪਸਰਦਾ ਜਾ ਰਿਹਾ ਹੈ ਮੇਰੇ ਜ਼ਿਹਨ ਵਿਚ ।

ਦੀ ਨੇਕਡ

“ਗਲ ਰਿਸ਼ਤੇ ਦੀ ਨਹੀਂ ਸੁਹਿਰਦ ਹੋਣ ਦੀ ਹੈ ਉਹ ਜੋ ਆਪਣੇ ਸ਼ਬਦਾਂ ਵਿਚ ਲਪੇਟ ਕੇ ਪਟਾਖ਼ੇ ਅਤੇ ਛੁਰਲੀਆਂ ਬਾਹਰ ਸੜਕਾਂ ਉਤੇ ਸੁਟ ਕੇ ਛਿੱਪ ਜਾਂਦੇ ਹਨ ਘਰ ਦੇ ਦਰਵਾਜ਼ਿਆਂ ਪਿੱਛੇ ਅਤੇ ਸੋਚਦੇ ਹਨ ਇਸ ਦੀ ਅੱਗ ਵਿਚ ਮਹਾਂ-ਨਗਰ ਹੁਣੇ ਹੀ ਭਸਮ ਹੋ ਜਾਵੇਗਾ । ਇਹ ਗਲ ਮੈਂ ਨਹੀਂ ਉਸ ਕੁੜੀ ਨੇ ਕਹੀ ਹੈ ਜੋ ਖੜੀ ਹੈ ਚੁਰਾਹੇ ਵਿਚ ਭੀੜ ਦੇ ਵਿਚਕਾਰ ਕੌਣ ਫੜ ਸਕਦਾ ਹੈ ਕਿਸੇ ਦੀ ਜ਼ਬਾਨ । “ਮਰਦ ਕਿੰਨੇ ਬੁਜ਼ਦਿਲ ਹੁੰਦੇ ਹਨ ਮੈਂ ਇਨ੍ਹਾਂ ਦਾ ਹਰ ਥਾਂ ਸਾਥ ਦਿਤਾ ਹੈ ਕਪੜੇ ਉਤਾਰ ਕੇ, ਤਨ ਦੇ ਵੀ, ਮਨ ਦੇ ਵੀ ।'' ਭੀੜ ਵਿਚੋਂ ਅਵਾਜ਼ਾਂ ਉਠੀਆਂ ਹਨ- ਇਹ ਝੂਠ ਹੈ, ਬਕਵਾਸ ਹੈ ਮਰਦ ਕਦੀ ਬੁਜ਼ਦਿਲ ਨਹੀਂ ਹੁੰਦਾ, ਉਸ ਵਕਤ ਉਸ ਕੁੜੀ ਨੇ ਆਪਣੇ ਜਿਸਮ ਦੇ ਹਰ ਇਕ ਅੰਗ ਤੋਂ ਇਕ ਇਕ ਕਰਕੇ ਸਾਰੇ ਕੱਪੜੇ ਉਤਾਰ ਦਿਤੇ ਤੇ ਆਪਣੇ ਜਿਸਮ ਨੂੰ ਲੁਕ ਨਾਲ ਪੇਂਟ ਕਰ ਲਿਆ “ਗਲ ਰਿਸ਼ਤੇ ਦੀ ਨਹੀਂ ਸੁਹਿਰਦ ਹੋਣ ਦੀ ਹੈ ਮੈਂ ਹੁਣ ਮਹਾਂ-ਨਗਰ ਦਾ ਗੁੰਬਦ ਫੋੜਾਂਗੀ ਤੁਸੀਂ ਮੇਰੇ ਨਾਲ ਹੋਵੋਗੇ ।” ਪਰ ਉਹ ਇਕੱਲੀ ਹੀ ਸੀ ਜਦ ਡਿਗੀ ਸੀ ਐਨ ਸੜਕ ਦੇ ਵਿਚਕਾਰ, ਸ਼ਬਦਾਂ ਵਿਚ ਲਪੇਟ ਕੇ ਪਟਾਖੇ ਅਤੇ ਛੁਰਲੀਆਂ ਬਾਹਰ ਸੜਕਾਂ ਉਤੇ ਸੁਟਕੇ ਘਰ ਦੇ ਦਰਵਾਜ਼ਿਆਂ ਪਿੱਛੇ ਛਪਣ ਵਾਲੇ ਸਾਰੇ ਬਾਹਰ ਸੜਕਾਂ ਉਤੇ ਆ ਗਏ ਤੇ ਉਸ ਕੁੜੀ ਦੇ ਜਿਸਮ ਉਤੋਂ ਜੀਭਾਂ ਨਾਲ ਲੁਕ ਚਟਣ ਲਗੇ ।

ਪਿਉ, ਦਾਦੇ ਤੇ ਖੇਤ

ਕੀ ਹੋਇਆ ਜੇ ਅੱਜ ਮੈਂ ਆਪਣੀ ਛਾਂ ਤੋਂ ਵਾਂਝਾ ਹਾਂ ਉਹ ਵੀ ਦਿਨ ਸਨ ਜਦ ਮੈਂ ਲਹਿਰਾਂਦਾ ਸਾਂ ਸ਼ਹਿਤੂਤ ਦੀ ਲਗਰ ਵਾਂਗ ਜਿਥੇ ਮੇਰ ਪੈਰ ਅਟਕੇ ਹਨ ਮੈਂ ਸਿਰ ਦੇ ਭਾਰ ਤੁਰਿਆ ਹਾਂ ਮੇਰੇ ਪੈਰਾਂ ਵਿਚ ਅਜੇ ਵੀ ਢੋਲ ਦੇ ਡਗੇ ਜਿਹਾ ਤਾਲ ਹੈ ਜੋ ਰੋਜ਼ ਤੇਜ਼ ਹੁੰਦਾ ਹੈ । ਪਿੱਛੇ, ਬਹੁਤ ਪਿੱਛੇ ਛਡ ਆਇਆ ਹਾਂ ਦੋ ਅੱਖਾਂ ਅਤੇ ਇਕ ਤੋਤਲੀ ਜੀਭ, ਟੀਊਬ-ਲਾਈਟਾਂ ਤਾਂ ਸਿਰਫ਼ ਸੜਕਾਂ ਤੇ ਖੜੀਆਂ ਹੱਸ ਸਕਦੀਆਂ ਹਨ ਵੇਸਵਾਵਾਂ ਵਾਂਗ, ਕਦ ਤਕ ਪਰਾਈ ਲੋਅ 'ਚ ਚਲਾਂਗਾ ਮੈਂ ਖੇਤਾਂ ਵਿਚ ਦੀ ਲੰਘਣਾ ਹੈ, ਖੇਤ, ਜਿਨ੍ਹਾਂ ਦੀ ਮਿੱਟੀ ਵਿਚੋਂ ਆਉਂਦੀ ਹੈ ਮਨੁੱਖ ਦੇ ਸਾਹਾਂ ਦੀ ਮਹਿਕ ਅਤੇ ਦਸਦੀ ਹੈ ਉਨ੍ਹਾਂ ਦੇ ਰਿਸ਼ਤੇ ਦਾ ਇਤਿਹਾਸ ਖੇਤ ਜਿਨ੍ਹਾਂ ਦੇ ਸਿਆੜਾਂ ਵਿਚ ਕਿਰਦਾ ਹੈ ਦਾਣਿਆਂ ਵਾਂਗ ਟੇਪਾ ਪਾ ਕਰਕੇ ਪਸੀਨਾ ਅਤੇ ਲਹਿਰਾਂਦਾ ਹੈ ਜੋਬਨ ਦੀ ਰੁੱਤੇ ਹਵਾਵਾਂ ਦੀ ਲੈਅ ਵਿਚ ਖੇਤ, ਜਿਥੇ ਅਜੇ ਵੀ ਚਲਦੀਆਂ ਹਨ ਕਹੀਆਂ ਅਤੇ ਦਾਤਰੀਆਂ ਮੇਰੇ ਪਿਉ ਦਾਦੇ ਦੇ ਬਿਆਈਆਂ ਪਾਟੇ ਹੱਥਾਂ ਵਿਚ ਉਨ੍ਹਾਂ ਦੇ ਸਿਰਾਂ ਤੋਂ ਕਿਰਦਾ ਹੈ ਪੋਹ ਦੇ ਮਹੀਨੇ ਦਾ ਕੱਕਰ ਅਤੇ ਚਿਰਕਦਾ ਹੈ ਸੁੰਨ ਹੋਏ ਨੰਗੇ ਪੈਰਾਂ ਥੱਲੇ, ਸਵੇਰ ਤੋਂ ਸ਼ਾਮ ਤਕ ਕਮਾਨ ਵਾਂਗ ਝੁਕੇ ਹੋਏ ਮਿਣਦੇ ਹਨ ਧਰਤੀ ਦਾ ਚੱਪਾ ਚੱਪਾ ਸਮਾਂ ਉਨ੍ਹਾਂ ਦੇ ਸਿਰਾਂ ਉਤੋਂ ਦੀ ਠੱਠੇ ਕਰਦਾ ਲੰਘ ਜਾਂਦਾ ਹੈ ਕੰਜਾਂ ਦੀ ਡਾਰ ਵਾਂਗ ਉਹ ਤਾਂ ਸਿਰਫ ਏਨਾ ਜਾਣਦੇ ਹਨ ਸੂਰਜ ਚੜ੍ਹਦਾ ਹੈ ਅਤੇ ਡੁੱਬ ਜਾਂਦਾ ਹੈ ਖੇਤਾਂ ਦੇ ਵਿਚਕਾਰ, ਖੇਤ, ਜਿਨ੍ਹਾਂ ਵਿਚੋਂ ਸੂਰਜ ਦੀ ਪਹਿਲੀ ਟਿੱਕੀ ਵਰਗੇ ਨਿਕਲਦੇ ਹਨ ਚਿਹਰੇ ਅਤੇ ਟੁੱਟ ਜਾਂਦੇ ਹਨ ਕੱਚ ਦੀਆਂ ਵੰਗਾਂ ਦੇ ਵਾਂਗ ਪਰ ਉਹ ਧੁਰ ਅੰਦਰੋਂ ਟਟ ਕੇ ਵੀ ਜੁੜੇ ਹੋਏ ਹਨ ਖੇਤਾਂ ਦੇ ਨਾਲ ਖੇਤ ਜੋ ਮਾਂ ਹਨ ਖੇਤ ਜੋ ਪਿਉ ਦਾਦਿਆਂ ਵਾਂਗ ਹਨ ਖੇਤ, ਜੋ ਹੁਣ ਹੱਥਾਂ ਵਿੱਚ ਉਲਾਰ ਕੇ ਸਾਂਗੇ ਅਤੇ ਤੰਗਲੀਆ ਰੋਜ਼ ਪਹਾੜਾਂ ਵਾਂਗ ਉਠਦੇ ਇਸ ਟੁਟ ਦਾ ਕਾਰਨ ਪੁਛਦੇ ਹਨ ।

ਬੁੱਢਾ ਤੇ ਅਵਾਜ਼ਾਂ

ਉਹ ਬਚਪਨ ਵਿਚ ਹੀ ਇਸ ਸ਼ਹਿਰ ਵਿਚ ਆਇਆ ਸੀ ਅਤੇ ਸਿਖਿਆ ਸੀ ਹਿਰਨਾਂ ਵਾਂਗ ਚੁੰਘੀਆਂ ਭਰਨਾ ਉਸ ਦਾ ਲੱਕ ਹੁਣ ਕਮਾਨ ਵਾਂਗ ਮੁੜ ਗਿਆ ਹੈ ਇਸ ਦੌਰਾਨ ਉਹ ਆਪਣੇ ਬੂਟਾਂ ਦੇ ਤਲੇ ਸਣੇ ਕਿੱਲਾਂ ਚੱਬ ਚੁਕਾ ਹੈ ਅਤੇ ਹੁਣ ਰੋਜ਼ ਚੱਬਦਾ ਹੈ ਆਪਣੀ ਪਾਟੀ ਕਮੀਜ਼ ਦੀਆਂ ਲੀਰਾਂ ਜੋ ਸਿਰਫ਼ ਰਹਿ ਗਈ ਹੈ ਧੌਣ ਦੁਆਲੇ; ਉਹ ਬਾਹਰ ਨਿਕਲਦਾ ਹੈ ਮੋਢਿਆਂ ਤੇ ਚੁਕ ਕੇ ਬੀਤ ਰਹੇ ਦਿਨ ਦਾ ਭਾਰ ਮਿਣਦਾ ਹੈ ਨੀਹਾਂ ਤੋਂ ਮੰਮਟੀਆਂ ਦਾ ਫਾਸਲਾ ਅਤੇ ਸੁਣਦਾ ਹੈ ਅਵਾਜ਼ਾਂ- ਚੁੱਪ ਟੁੱਟ ਚੁਕੀ ਹੈ ਧਰਤੀ ਹੁਣ ਕਰਵੱਟ ਬਦਲੇਗੀ ਸਾਡੇ ਹੱਥਾਂ ਵਿਚੋਂ ਦੌੜੇਗਾ ਤੀਰਾਂ ਵਾਂਗ ਬਰੂਦ ਭਾਵੇਂ ਨਚਾਏ ਜਾਣਗੇ ਸਾਡੀਆਂ ਹਿੱਕਾਂ ਤੇ ਅੱਥਰ ਘੜੇ ਪਰ ਮਰ ਨਹੀਂ ਸਕੇਗਾ ਸਾਡੀਆਂ ਅੱਖਾਂ ਵਿਚੋਂ ਗੁੱਸਾ । ਇਹ ਸੁਣ ਬੁੱਢੇ ਦੇ ਮਨ ਵਿਚ ਕੋਕਿਆਂ ਵਾਂਗ ਛਣਕਦੀ ਹੈ ਖ਼ੁਸ਼ੀ ਪਰ ਸਭ ਅਵਾਜ਼ਾਂ ਘਿਰ ਗਈਆਂ ਹਨ ਨਾਚ-ਘਰ ਵਿਚ ਜਿਥੇ ਥਰਕਦਾ ਹੈ ਸੰਗੀਤ ਤੂਫ਼ਾਨੀ ਲਹਿਰਾਂ ਦੇ ਰੂਪ ਵਿਚ ਅਤੇ ਉਹ ਕੁੜੀ ਨੱਚ ਰਹੀ ਹੈ ਪੱਬਾਂ ਦੇ ਭਾਰ ਉਸ ਦੇ ਪੇਟ ਨੂੰ ਪੈਂਦੇ ਹਨ ਸਤ ਵਲ; ਸ਼ਰਾਬ ਵਿਚ ਭਿੱਜੀਆਂ ਅਵਾਜ਼ਾਂ ਲੱਛੇਦਾਰ ਗਲਾਂ ਕਰਦੀਆਂ ਉਸ ਕੁੜੀ ਦੇ ਪੇਟ ਦੇ ਸੱਤਾਂ ਵਲਾਂ ਵਿਚ ਸਿਮਟ ਜਾਣਾ ਲੋਚਦੀਆਂ ਸਿਗਰਟ ਦੇ ਧੂੰਏਂ ਵਿਚ ਰਲੀ ਖਿਲਾਅ ਵਿਚ ਤੈਰਦੀ ਹੈ ਇਕ ਅਵਾਜ਼ ਆਇਉ ! ਕਲ ਫਿਰ ਕਰਾਂਗੇ ਇਨਕਲਾਬ ਦੀ ਗਲ; ਸ਼ਹਿਰ ਦੀਆਂ ਸਭ ਬੱਤੀਆਂ ਬੁੱਝ ਜਾਂਦੀਆਂ ਹਨ ਬੁੱਢੇ ਦੇ ਦੋਵੇਂ ਪੈਰ ਸੁੰਨ ਹੋ ਜਾਂਦੇ ਹਨ ਉਹ ਸੋਚਦਾ ਹੈ ਉਸ ਵੇਲੇ ਲੀਰਾਂ ਵਾਂਗ ਚੱਬਿਆ ਜਾ ਸਕਦਾ ਹੈ ਜਿਸਮ ਦਾ ਮਾਸ ਵੀ ?

ਖ਼ਮੋਸ਼ੀ

ਰੋਜ਼ ਸੁਪਨੇ ਵਿਚ ਉੱਗਦਾ ਹੈ ਇਕ ਰੁੱਖ ਅਤੇ ਟੁੱਟ ਜਾਂਦਾ ਹੈ ਕਾਅੜ ਕਰਕੇ ਚੁਪ-ਚਾਪ ਅੱਧ-ਵਿਚਕਾਰੋਂ ਉਸ ਵੇਲੇ ਚਹੁੰ-ਦਿਸ਼ਾਵਾਂ ਵਿਚੋਂ ਗੂੰਜਦਾ ਹੈ ਹਾਸਾ ਵਿੱਛ ਜਾਂਦੀ ਹੈ ਦੂਰ ਤਕ ਰਾਹਾਂ ਵਿਚ ਰੇਤ, ਮੇਰੀ ਪਤਨੀ ਸੋਚਦੀ ਹੈ ਉਸ ਵੇਲੇ ਫਿਰ ਕਦੇ ਬਹਾਰ ਆਏਗੀ, ਮੈਂ ਉਸ ਦੇ ਰਾਹਾਂ ਵਿਚੋਂ ਪਲਕਾਂ ਨਾਲ ਕੰਡੇ ਚੁਗ ਲਵਾਂਗਾ, ਰੁੱਤ ਫਿਰਦੀ ਹੈ ਹਵਾਵਾਂ ਵਿਚੋਂ ਆਉਂਦੀ ਹੈ ਕਚਨਾਰ ਦੇ ਫੁੱਲਾਂ ਦੀ ਮਹਿਕ ਟਿੱਬੇ ਤੋਂ ਛੇੜਦਾ ਹੈ ਕੋਈ ਆਯਾਲੀ ਬੰਸਰੀ ਦੀ ਸੁਰ ਪਰ ਮੇਰੀ ਪਤਨੀ ਗੁਣਗੁਣਾਉਂਦੀ ਨਹੀਂ ਹੁਣ ਪੰਛੀਆਂ ਦਾ, ਅਸਭਿਯ ਪੰਛੀਆਂ ਦਾ ਗੀਤ ਜੋ ਸਰਹੱਦਾਂ ਤੇ ਤਣੀਆਂ ਸੰਗੀਨਾਂ ਨੂੰ ਟਿਚਰਾਂ ਕਰਦੇ ਲੰਘ ਜਾਂਦੇ ਹਨ ਸੀਮਾਵਾਂ ਚੀਰਦੇ; ਉਹ ਜਾਣ ਗਈ ਹੈ ਕਿ ਕੋਇਲ ਦਾ ਹਲਕ ਸੁਕ ਚੁਕਾ ਹੈ । ਮੈਂ ਆਪਣੇ ਗਿੱਟਿਆਂ ਤੋਂ ਰਾਹਾਂ ਦੀ ਗਰਦ ਝਾੜਦਾ ਉਸ ਦੀਆਂ ਅੱਖਾਂ ਵਿਚ ਯੁੱਗਾਂ ਦੀ ਮੌਤ ਹੁੰਦੀ ਵੇਖਦਾ ਉਹ ਆਪਣੀ ਚੁੱਪ ਤੋੜਦੀ ਤੇ ਬੋਲਦੀ- ਆਦਮੀ ਦੇ ਵੀ ਖੰਭ ਹੁੰਦੇ ਹਨ ਪਰ ਕਿਸਤਰ੍ਹਾਂ ਡਿੱਗ ਪੈਂਦਾ ਹੈ ਉਹ ਧਰਤੀ ਉਤੇ ਮੂੰਹ ਦੇ ਭਾਰ । ਮੈਂ ਇਕ ਖੋਲ ਵਰਗੀ ਹਾਸੀ ਹੱਸਦਾ ਤੇ ਦਸਦਾ- ਅਸੀਂ ਸਾਰੇ ਧਰਤੀ ਦੇ ਜਾਏ ਜਾਈਆਂ ਹਾਂ ਤੇ ਧਰਤੀ ਦੇ ਜਾਏ ਜਾਈਆਂ ਦਾ ਧਰਤੀ ਜਿੱਡਾ ਦੁੱਖ ਹੁੰਦਾ ਹੈ ਦਰਿਆ ਜੋ ਕਦੀ ਵਗਦਾ ਸੀ ਦੋਹਾਂ ਕੰਢਿਆਂ ਤੋਂ ਪਾਰ ਹੁਣ ਖਲੋਤਾ ਹੈ ਆਪਣੇ ਵਿਚ ਉੱਗ ਆਏ ਜਾਲੇ ਦੀ ਬਦਬੂ ਵਿਚ ਬੇੜੀ ਖੁੱਭੀ ਹੋਈ ਹੈ ਤਪਦੀ ਰੇਤ ਵਿਚ ਹਿੱਕ ਦੇ ਭਾਰ, ਤੂੰ ਅੱਗ ਦਾ ਰੰਗ ਪਹਿਚਾਨਦੀ ਹੈਂ ? ਹਾਂ-ਉਸ ਕਿਹਾ- ਉਸ ਅੱਗ ਦਾ ਵੀ ਜੋ ਚੁੱਲ੍ਹੇ ਵਿਚ ਬਲਦੀ ਹੈ ਅਤੇ ਉਸ ਦਾ ਵੀ ਜੋ ਮਨੁੱਖ ਦੇ ਅੰਦਰ ਹੈ ਪਰ ਮਨੁੱਖ ਵਿਚਲੀ ਅੱਗ ਦਾ ਰੰਗ ਉਸ ਦੇ ਲੱਹੂ ਨਾਲੋਂ ਵੀ ਗੂੜਾ ਹੁੰਦਾ ਹੈ !

ਬਦ

ਬਹੁਤ ਅਨਜਾਣ ਸਾਂ ਉਦੋਂ ਮੈਂ ਤੁਰਨਾ ਨਹੀਂ ਸੀ ਜਾਣਦਾ (ਤਰਦੀ ਤਾਂ ਕੁਰਸੀ ਹੈ ਜਾਂ ਸਦੀਆਂ ਬਾਦ ਕੋਈ ਮਨੁੱਖ) ਮਾਂ ਕਿਹਾ ਕਰਦੀ ਸੀ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਸੱਪਾਂ ਨਾਲ ਖੇਡਣੋ ਵੀ ਨਹੀਂ ਡਰਦੇ । ਹਰ ਕੁੜੀ ਘੁਟ ਲੈਂਦੀ ਮੈਨੂੰ ਆਪਣੀਆਂ ਲਗਰਾਂ ਜਹੀਆਂ ਬਾਹਾਂ ਵਿਚ ਸੱਪ ਵਾਂਗ ਵਲ ਲੈਂਦੀ ਆਪਣੀਆਂ ਬਾਹਾਂ ਮੇਰੇ ਲੱਕ ਦੁਆਲੇ, ਕੁੜੀਆਂ ਮੇਰੇ ਨਾਲ ਇੰਜ ਖੇਡਦੀਆਂ ਜਿਵੇਂ ਗੁੱਡੀਆਂ ਪਟੋਲਿਆਂ ਨਾਲ । ਮੇਰੇ ਲਈ ਪੱਥਰ ਵਾਂਗ ਸੀ ਉਦੋਂ ਜਿਸਮਾਂ ਦੀ ਦਿਵਾਰ । ਫਿਰ ਸਮਾਂ ਸੱਪ ਵਾਂਗ ਰੀਂਗਿਆ ਘੜੀ ਦੀਆਂ ਸੂਈਆਂ ਵਿਚ ਸਰਕਿਆ ਰਾਤ ਅਤੇ ਦਿਨ ਬਣ ਕੇ ਤੁਰਿਆ ਬਾਲ ਵਾਂਗ ਰਿੜਿਆ ਕੁਝ ਪਤਾ ਨਹੀਂ, ਆਪਣੇ ਅੰਦਰਲੀ ਛੰਨੇ ਜਹੀ ਟੁਣਕਾਰ ਜਾਂ ਕਬੂਤਰ ਜਹੀ ਗੁਟਰਗੂੰ ਤੋਂ ਵਿਹਲ ਮਿਲਦਾ ਤਾਂ ਪਤਾ ਕਰਦੇ ਫਿਰ ਉਹ ਕੁੜੀ ਅੱਖਾਂ 'ਚ ਅੱਥਰੂ ਲੈ ਕੇ ਮਿਲਦੀ ਤੇ ਕਹਿੰਦੀ- ਅੱਖਾਂ 'ਚ ਅੱਥਰੂ ਤਾਂ ਇਸ ਲਈ ਨੇ ਤੂੰ ਇਨ੍ਹਾਂ ਵਿਚ ਹੰਸ ਬਣਕੇ ਤਰਦਾ ਰਹੇਂ ਉਹ ਮੁਸਕਰਾਉਂਦੀ ਤਾਂ ਘੁੱਗੀ ਵਰਗੀ ਲਗਦੀ ਮੈਂ ਉਸ ਨੂੰ ਆਖਦਾ- ਤੂੰ ਜਦ ਮੁਸਕਰਾਉਂਦੀ ਏਂ ਤੇਰਿਆਂ ਬੁੱਲਾਂ ਤੋਂ ਵੱਤਰੀ ਮਿੱਟੀ ਕਿਰਦੀ ਏ ਹੱਸਦੀ ਏਂ ਤਾਂ ਦਰਿਆ ਜਹੀਆਂ ਛੱਲਾਂ ਉਠਦੀਆਂ ਨੇ ਤੂੰ ਇਨ੍ਹਾਂ ਵਿਚ ਤਰਦੀ ਮੁਰਗਾਈ ਲਗਦੀ ਏਂ ਅੱਜ ਸੋਚਦਾ ਹਾਂ ਇਹ ਵੀ ਕੀ ਆਦਤ ਸੀ ਕਿਲੇ ਦੀ ਕੰਧ ਬਣ ਜਾਂਦਾ ਰਿਹਾ ਜਾਂ ਰਾਹ ਬਣ ਕੇ ਪੈਰਾਂ ਥੱਲੇ ਵਿਛ ਜਾਂਦਾ ਰਿਹਾ । ਹੁਣ ਮੇਰੇ ਲਈ ਜਿਸਮਾਂ ਦੀ ਦਿਵਾਰ ਸਿਰਫ ਜਿਸਮ ਹਨ ਤੇ ਹੋਰ ਕੁਝ ਵੀ ਨਾਂਹ, ਹੁਣ ਮੈਂ ਉਸ ਅੱਗ ਨੂੰ ਜਾਨਣ ਲਗ ਪਿਆ ਹਾਂ ਜੋ ਜਿਸਮਾਂ ਦੇ ਫਾਸਲੇ ਵਿਚ ਵੀ ਹੁੰਦੀ ਹੈ ਅਤੇ ਛੂਹ ਵਿਚ ਵੀ ਮੈਂ ਬਰਫਾਂ ਤੇ ਲੇਟਦਾ ਸੀਤ ਲਹਿਰਾਂ ਫੜਦਾ ਰਾਤਾਂ ਨੂੰ ਹਨੇਰਿਆਂ ਵਿਚ ਖਲੋਂਦਾ ਹੱਥਾਂ ਭਾਰ ਚਲਕੇ, ਗੁਆਂਢੀਆਂ ਦੀਆਂ ਮੰਜੀਆਂ ਟੁੰਹਦਾ ਹਾਂ ਮੇਰੇ ਜਿਸਮ ਵਿਚ ਨਸ਼ਤਰ ਚਲਦੇ ਹਨ ਸੋਚਦਾ ਹਾਂ, ਕਾਸ਼ ! ਮੇਰੇ ਜਿਸਮ ਦਾ ਵਿਸਫੋਟ ਹੋ ਜਾਏ ਤੇ ਮੈਂ ਬਰੂਦ ਵਾਂਗ ਹਰ ਜਿਸਮ ਵਿਚ ਖੁੱਭ ਜਾਵਾਂ ਮੈਂ ਹੁਣ ਗੁਡੀਆਂ ਪਟੋਲੇ ਨਹੀਂ ਰਿਹਾ ਜਿਸ ਨਾਲ ਕੁੜੀਆਂ ਖੇਡਣ ਇਸੇ ਲਈ ਆਪਣੀ ਹੋਂਦ ਨੂੰ ਤਲੀ ਤੇ ਰੱਖ ਕੇ ਨਿੰਬੂ ਵਾਂਗ ਨਿਚੋੜ ਦੇਂਦਾ ਹਾਂ ।

ਖੱਤ

ਅੱਜ ਫੇਰ ਦੋਸਤ ਦਾ ਖੱਤ ਆਇਆ ਹੈ ਲਿਖਿਆ ਹੈ ਰੋਜ਼ ਆਪਣੀ ਮਰਜ਼ੀ ਦੇ ਖ਼ਿਲਾਫ਼ ਵਿਸ਼ਵ-ਵਿਦਿਆਲੇ ਜਾਂਦਾ ਹਾਂ ਹਰ ਦਿਨ ਈਦ ਦੇ ਬੱਕਰੇ ਵਾਂਗ ਝਟਕਾ ਆਉਂਦਾ ਹਾਂ, ਸੱਚ ਸੋਨਾ ਹੁੰਦਾ ਹੈ ਪਰ ਇਸ ਦਾ ਗਹਿਣਾ ਨਹੀਂ ਬਣਦਾ ਗਹਿਣਾ ਤਾਂ ਖੋਟ ਨਾਲ ਬਣਦਾ ਹੈ ਸੁਣਿਆ ਹੈ ਤੇਰਾ ਦੋਸਤ ਅੱਜ ਕਲ੍ਹ ਚੁੱਪ ਰਹਿੰਦਾ ਹੈ ਸਾਗਰ ਦੀ ਖਮੋਸ਼ੀ ਵਿਚ ਵੀ ਕੁਝ ਟੁਟਦਾ ਭੱਜਦਾ ਰਹਿੰਦਾ ਹੈ ਤੇਰੇ ਉਸ ਦੋਸਤ ਦਾ ਕੀ ਬਣਿਆ ਜੋ ਖ਼ੁਦਕਸ਼ੀ ਕਰਨ ਲਈ ਸੋਚਦਾ ਰਹਿੰਦਾ ਸੀ ਪਰ ਹਰ ਦਰਿਆ ਉਸ ਨਾਲੋਂ ਊਣਾ ਵਗਦਾ ਸੀ ਬੜਾ ਲਚਕੀਲਾ ਸੀ ਆਪਣੀ ਹਰ ਗਲ ਵਿਚ ਹੀ ਉਹ । ਮਾਂ ਇਕ ਅਸਾਧ ਰੋਗ ਨਾਲ ਪੀੜਤ ਹੈ ਮੈਂ ਨਿਕੰਮਾ ਚਾਰ ਰਾਤਾਂ ਤੋਂ ਸੌਂ ਨਹੀਂ ਸਕਿਆ ਬਾਪੂ ਮੇਰਾ ਸਾਰੀ ਉਮਰ ਬੁਜ਼ਦਿਲ ਹੀ ਰਿਹਾ ਅੱਧੀ ਸਦੀ ਮਾਂ ਕੋਲੋਂ ਰੋਟੀਆਂ ਹੀ ਪਕਵਾਉਂਦਾ ਰਿਹਾ ਉਸ ਨੇ ਨੇੜਿਉਂ ਹੋ ਕੇ ਕਦੀ ਮਾਂ ਨੂੰ ਤਕਿਆ ਹੀ ਨਹੀਂ ਫਿਰ ਵੀ ਹਵਾ 'ਚ ਹੱਥ ਮਾਰਦਾ ਹਾਂ ਕਿ ਨਿਸ਼ਾਨ ਪੈ ਜਾਏ ਬੋਝਲ ਪੈਰਾਂ ਨੂੰ ਹਿੰਮਤ ਕਰ ਕੇ ਅਗਾਂਹ ਧਰਦਾ ਹਾਂ ਕਿ ਰਸਤਾ ਬਣ ਜਾਏ ਚਲੋ ਛਡੋ ... ... .. ਇਹ ਵੀ ਭਲਾ ਕੀ ਗੱਲਾਂ ਹੋਈਆਂ । ਤਵੇ ਤੇ ਰੋਟੀ ਪਾਉਂਦੀ ਮੇਰੀ ਵਹੁਟੀ ਪੁਛਦੀ ਹੈ- ਖੱਤ ਦੇ ਵਿਚ ਕੀ ਕੁਝ ਲਿਖਿਆ ਮੈਂ ਉਸ ਦੀਆਂ ਅੱਖਾਂ ਦੇ ਵਿਚ ਝਾਕਦਾ ਤੇ ਆਖਦਾ- ਖੱਤ ਵਿਚ ਕੋਈ ਖਾਸ ਗਲ ਤਾਂ ਲਿਖੀ ਨਹੀਂ ਹੈ ।

ਚੁਰਾਹੇ ਦਾ ਚੌਕ

ਏਨਾ ਸ਼ੋਹਦਾ ਵੀ ਕੀ ਆਖ ਲੋਕ ਉਸ ਦੇ ਸਿਰ ਤੇ ਪਟੋਕੀਆਂ ਮਾਰਦੇ ਤੇ ਆਖਦੇ- ਕਮੀਨੀਆਂ ਹਰਕਤਾਂ ਨਾ ਕਰਿਆ ਕਰ ਲੋਕ ਕੀ ਕਹਿਣਗੇ ਉਹ ਟੀਨੋਪਾਲ ਵਿਚ ਨਿੱਖਰੀਆਂ ਦਾਹੜੀਆਂ ਹਵਾ ਵਿਚ ਉੱਡਦੀਆਂ ਵੇਖਦਾ ਖਿਲਾਅ ਵਿਚ ਜ਼ੋਰ ਦੀ ਇਕ ਠਹਾਕਾ ਛਡਦਾ ਸਗੋਂ ਹੋਰ ਚੌੜਾ ਹੋਕੇ ਸੜਕ ਦੇ ਵਿਚਕਾਰ ਤੁਰਦਾ ਤੇ ਸੋਚਦਾ- ਕਿਉਂ ਨਾ ਸੜਕ ਨੂੰ ਪੈਰਾਂ ਹੇਠ ਲਿਤਾੜ ਕੇ ਮਾਰ ਦੇਵਾਂ । ਘਰ ਦੀਆਂ ਕੰਧਾਂ ਨੂੰ ਵੀ ਕਿਤੇ ਮੁਆਤਾ ਨਹੀਂ ਲਗਦਾ ਨਿੱਤ ਉਸਰਦੀਆਂ ਹਨ ਧਰੇਕਾਂ ਵਾਂਗ ਫੁਟ ਫੁਟ ਕਿਤੇ ਪਿਘਲ ਦੀਆਂ ਵੀ ਨਹੀਂ ਬਰਫ ਵਾਂਗ ਅੰਦਰ ਦੇ ਸੇਕ ਨਾਲ ਚੰਦਰੀਆਂ ਸੜਕਾਂ ਤਕ ਪਿੱਛਾ ਕਰਦੀਆਂ ਨੇ । ਮਨ ਵੀ ਕਿੰਨਾ ਨਿੱਚਲਾ ਹੈ ਰਾਤ ਨੂੰ ਜਗਦੀਆਂ ਟੀਊਬ-ਲਾਈਟਾਂ ਫੜਨ ਲਈ ਬੁੜਕਦਾ ਹੈ ਜਾਣਦਾ ਨਹੀਂ ਵਿਚਾਰਾ ਇਸ ਨਾਲ ਹੱਥ ਹੀ ਸੜਣਗੇ ਸਦੀਆਂ ਤੋਂ ਮਨੁੱਖ ਇਵੇਂ ਹੀ ਸੋਚਦਾ ਆਇਆ ਹੈ ਜੇ ਕੁਝ ਕਰਨ ਜੋਗਾ ਹੋਵਾਂ ਤਾਂ ਠਾਹ ਕਰਕੇ ਠੀਪਾ ਮਾਰਾਂ ਕਿਸੇ ਦੇ ਮੱਥੇ ਵਿਚ ? ਕਿੰਨਾ ਛੋਟਾ ਹੋ ਗਿਆ ਮਨੁੱਖ ਅੱਜ ਕਿੰਨੀ ਲੰਮੀ ਹੋ ਗਈ ਸੰਗੀਨ । ਉਹ ਤੁਰਦਾ ਹੈ ਤਾਂ ਦਰਿਆ ਦਾ ਵਹਿਣ ਬਣਦਾ ਹੈ ਠਹਿਰਦਾ ਹੈ ਤਾਂ ਬਣਦਾ ਹੈ ਕਿਸੇ ਚੁਰਾਹੇ ਦਾ ਚੌਂਕ ਲੋਕ ਉਸ ਦੇ ਸਿਰ ਤੇ ਪਟੋਕੀਆਂ ਮਾਰਦੇ ਤੇ ਆਖਦੇ- ਕਮੀਨੀਆਂ ਹਰਕਤਾਂ ਨਾ ਕਰਿਆ ਕਰ ਲੋਕ ਕੀ ਕਹਿਣਗੇ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ