Khulhe Maidan : Prof. Puran Singh

ਖੁਲ੍ਹੇ ਮੈਦਾਨ : ਪ੍ਰੋਫੈਸਰ ਪੂਰਨ ਸਿੰਘ

ਭੂਮਿਕਾ

ਕਾਦਰਯਾਰ ਦੇ ਬੈਂਤਾਂ ਦੀ ਤਬੀਅਤ ਨੂੰ ਉਕਸਾਹਟ ਦੇਣ
ਦੀ ਕਥਾ ਸੱਜਰੀ ਤੇ ਵਚਿੱਤ੍ਰ ਹੈ ।ਕਿੱਸਾ ਸਾਦਾ
ਜਿਹਾ ਹੈ, ਪਰ ਉਹ ਸਾਦਗੀ ਉਨ੍ਹਾਂ ਬੈਂਤਾਂ ਵਿਚ ਹੈ
ਜਿਹੜੀ ਸਦਾ ਸਿੱਟਾ ਹੁੰਦੀ ਹੈ, ਕਿਸੀ ਸਹਿਜ ਸੁਭਾ ਦੈਵੀ
ਅਵੇਸ਼ ਦਾ-ਤੇ ਉਹ ਆਵੇਸ਼ ਜਿਹੜਾ ਹਰ ਕੋਮਲ ਉਨਰ
ਦੇ ਕਮਾਲ ਹਾਸਲ ਹੋਣ ਉਤੇ ਗਲੇ ਤੇ ਹੱਥ ਤੇ ਦਿਲ ਵਿਚ
ਕਦੀ ਅਚਨਚੇਤ ਹੀ ਕਵੀਆਂ ਨੂੰ ਆਉਂਦਾ ਹੈ ।
ਕਾਦਰਯਾਰ ਦੇ ਪੂਰਨ ਨੂੰ ਪੜ੍ਹ ਕੇ ਜੋ ਵਲਵਲੇ ਮੇਰੇ ਦਿਲ
ਵਿਚ ਝੁਰਮਟ ਪਾ ਆਏ ; ਉਹ ਇਕ ਦਿਨ ਵਿਚ ਅੰਕਤ
ਕੀਤੇ ਮੁੜ ਪਿਆਰੇ ਪੰਜਾਬ ਨੂੰ ਦੇਂਦਾ ਹਾਂ-ਤੇਰੇ ਥੀਂ ਲੈ
ਕੇ ਤੈਨੂੰ ਦੇਂਦਾ ਹਾਂ ।

---ਪੂਰਨ ਸਿੰਘ

ਭਾਗ ੧

ਪੂਰਨ ਨਾਥ ਜੋਗੀ

ਪੂਰਨ ਭਗਤ ਦੇ ਜੀਵਨ ਦੇ ਝਾਕੇ

੧. ਇੱਛਰਾਂ ਮਾਂ, ਪੂਰਨ ਦਾ ਭੋਰੇ ਪੈਣਾ, ਮਾਂ ਦਾ ਧਿਆਨ

ਪੂਰਨ ਦਾ ਮਾਂ ਥੀਂ ਵਿਛੋੜਾ

ਸੂਰਜ ਇੱਛਰਾਂ ਦੀ ਗੋਦ ਚੜ੍ਹਦੇ ਸਾਰ,
ਜੋਤਸ਼ ਦੇ ਵਹਿਮ ਨੇ ਖਾ ਲੀਤਾ,
ਕਈ ਬਰਸਾਂ ਦਾ ਸੂਰਜ ਗ੍ਰਹਿਣ ਲੱਗਾ, ਰਾਜੇ ਸਾਲਵਾਹਨ ਨੇ ਪੁੱਤ ਭੋਰਿਆਂ ਚਾ ਦਿਤਾ,
ਮੂੰਹ ਤੱਕਣਾ ਪੁੱਤਰ ਦਾ ਤਦ ਰਾਜੇ,
ਜਦ ਉਹ ਜਵਾਨ ਹੋਸੀ ਮਾਲਕ ਤਖ਼ਤ ਤਾਜ ਦਾ ।
ਮਾਂ ਇੱਛਰਾਂ ਸਬਰ ਕਰ ਖ਼ੈਰ ਪੁੱਤ ਦਾ ਮਨਾਉਂਦੀ ਸੀ,
ਆਖੇ ਮੈਨੂੰ ਠੰਡੀ ਵਾ ਆਵੇ ਪੁੱਤਰ ਰਹੇ ਭੋਰੇ,
ਮੈਥੀਂ ਵਧ, ਰੱਬ ਸੱਚਾ ਉਹਨੂੰ ਸੰਭਾਲਦਾ ਏ,
ਰਾਜਾ ਪੰਡਤਾਂ ਦੇ ਆਖੇ ਲੱਗ ਕੇ ਤੇ,
ਮਾਸੂਮ ਬੱਚੇ ਨੂੰ ਹਨੇਰੀਆਂ ਕੋਠੜੀਆਂ ਪਾ ਦਿੱਤਾ;
ਗਊ ਪਾਸਂੋ ਵੱਛਾ ਵਿਛੋੜਿਆ ਸੂ!
ਇੱਛਰਾਂ ਸ਼ੁਕਰ ਸ਼ੁਕਰ ਕਰਦੀ,
ਲੈਂਦੀ ਲੱਖ ਲੱਖ ਮੁਬਾਰਕਾਂ, ਹਰ ਘੜੀ,
ਤੇ ਦਮ-ਬਦਮ ਪੁੱਤ ਆਪਣਾ ਮਾਂ ਪਾਲਦੀ ਸੀ,
ਮਾਂ ਪੁੱਤ ਨੂੰ ਭਲਾ ਕੌਣ ਵਿਛੋੜੇ ?

੨. ਵਾਤਸਲ ਪਿਆਰ ਦਾ ਯੋਗ

ਪੂਰਨ ਇਕ ਪਿਆ ਭੋਰੇ, ਦੂਜਾ ਉਹੋ ਜਿਹਾ ਪੂਰਨ ਮਾਂ ਦੇ
ਪਿਆਰ ਨੇ, ਧਿਆਨ-ਜੰਮ ਮਾਂ ਨੇ ਆਪਣੀ ਝੋਲੀ ਪਾ ਲਿਆ ।
ਪੁੱਤਰ ਪਾ ਝੋਲੀ, ਮਾਂ ਦਿਨ-ਰਾਤ ਥਬੋਕਦੀ, ਸਵਾਲਦੀ ਬੱਚੇ ਨੂੰ,
ਦੇਂਦੀ ਲੋਰੀਆਂ, ਮਾਂ-ਇੱਛਰਾਂ ਬੱਚਾ ਦਿਨ ਰਾਤ ਧਿਆਨ ਵਿਚ ਪਾਲਦੀ ਏ ।
ਪੰਘੂੜੇ ਦਾ ਪੂਰਨ, ਮਾਂ ਝੂਟੇ ਝੁਲਾਂਵਦੀ ਏ ।
ਕੱਪੜੇ ਬੱਚੇ ਦੇ ਬਣਾ ਬਣਾ, ਨਾਮ ਲੈ ਲੈ ਪੂਰਨ ਪਹਿਨਾਂਵਦੀ ਏ ।
ਕਦੀ ਪਾ ਝੋਲੀ ਸਵਾਲਦੀ ਏ, ਪੱਖਾ ਕਰੇ, ਡੋਲਦੇ ਨੂੰ ।
ਚਾ ਕੁੱਛੜ, ਮਹੱਲਾਂ ਵਿਚ ਉਹ ਟਹਿਲਾਉਂਦੀ ਏ ।
ਮਾਂ ਇੱਛਰਾਂ ਦਮ-ਬਦਮ ਸਦਕੇ, ਪੂਰਨ-ਪੁੱਤ ਥੀਂ ਸਦਕੇ ਜਾਂਉਂਦੀ ਏ ।
ਘੜੀ ਘੜੀ ਰੱਖਾਂ ਤੇ ਲੱਖਾਂ ਸ਼ਗਨ ਮਨਾਉਂਦੀ ਏ ।
ਦਿਨ ਰਾਤ ਪੂਰਨ ਪੂਰਨ ਕਰਦੀ, ਰੱਬ ਨੂੰ ਕੂਕਦੀ ਪੁਕਾਰਦੀ ਏ ।
ਉਠਾ ਪੱਲਾ ਆਪਣਾ, ਕੁੜਤੇ ਨੂੰ ਚੱਕ ਉਤੇ
ਪੁੱਤ ਪਾ ਝੋਲੀ, ਮੁੜ ਕੱਜ ਢੱਕ ਕੇ ਬੱਚੇ ਨੂੰ ਲਾ ਛਾਤੀ ਦੁੱਧ ਭਰੀ, ਮਾਂ ਦੁੱਧ
ਪਿਆਲਦੀ ਏ ।
ਦੁੱਧ ਪੀ ਕੇ ਬੱਚਾ ਰੱਜ ਮਸਤ ਹੁੰਦਾ,
ਨਿੱਸਲ ਹੋ ਮਾਂ ਦੀ ਝੋਲ ਵਿਚ ਲੇਟਦਾ ਸ਼ਾਹਜ਼ਾਦਾ ।
ਖ਼ੁਸ਼ੀ ਬੱਚਾ ਹੱਸ ਕੇ ਮਾਂ ਵਲ ਵੇਖਦਾ ਹੈ,
ਦੇਖ ਖ਼ੁਸ਼ੀ ਬੱਚਾ ਮਾਂ ਚੱਕ ਦੋਹਾਂ ਬਾਹਾਂ ਵਿਚ ਉਲਾਰਦੀ ਏ ।
ਉਲਾਰ ਉਲਾਰ ਉਹਨੂੰ ਹਸਾਂਦੀ ਤੇ ਨਾਲੇ ਆਪ ਉਹ ਹੱਸਦੀ ਏ ।
ਪੀ ਦੁੱਧ ਬੱਚਾ ਨਿੱਸਲ ਹੋ ਝੋਲੀ ਵਿਚ ਜਦ ਸੌਂਦਾ
ਮਾਂ ਆਪਣੇ ਸਿਰ ਨੂੰ ਇਕ ਪਾਸੇ ਚਰਨ ਰੱਬ ਤੇ ਸੁਟ ਕੇ
ਅੱਖਾਂ ਨੀਵੀਆਂ ਕਰ, ਯੋਗ ਨੀਂਦਰ ਜਿਹੀ ਵਿਚ ਨੀਝ ਲਾ,
ਵਾਤਸਲ ਪਿਆਰ ਵਿਚ ਡੁੱਬੀ ਮਾਂ, ਬੱਚੇ ਨੂੰ ਦੇਖਦੀ ਹੈ,
ਅੱਖਾਂ ਖੁੱਲ੍ਹੀਆਂ ਅੱਧੀਆਂ ਜਿਹੀਆਂ, ਖਿੱਚੀਆਂ ਕਿਸੀ ਉਚਾਈ ਵਲ,
ਨਰਗਸੀ, ਨਰਮ, ਨਦਰਾਂ ਜੀਵਨ ਫੁਹਾਰ ਬੱਚੇ ਸੁੱਤੇ ਦੇ,
ਅੰਗ ਅੰਗ ਉਹ ਆਪਣਾ ਰੂਹ ਭਰਦੀ ਹੈ !
ਇਸ ਝੋਲ ਵਿਚ ਇਕ ਪਿਆਰ-ਪ੍ਰਕਾਸ਼ ਦੀ ਝੜੀ ਲਗੀ,
ਮਾਂ-ਸੁਰਤਿ ਇaਂ ਬੱਚਾ ਪਾਲਦੀ ਹੈ
ਇੱਛਰਾਂ-ਮਾਂ ਬੱਚਾ ਪਾਲਦੀ ਹੈ
ਕਿ ਸਾਧਦੀ ਹੈ ਇਕ ਯੋਗ ਪੂਰਾ ?
ਉਹਦੇ ਸਵਾਸ ਵਿਚ ਪੂਰਨ, ਉਹਦੀ ਅੱਖ ਵਿਚ ਪੂਰਨ,
ਸੂਰਤ ਵਿਚ ਪੂਰਨ, ਦਿਲ ਵਿਚ ਪੂਰਨ, ਪੂਰਨ, ਪੂਰਨ ਗਾਉਂਦੀ ਹੈ ।
ਭੋਰਿਆਂ ਵਿਚ ਪਿਆ ਪੂਰਨ, ਇੱਛਰਾਂ ਮਾਂ ਦਾ ਧਿਆਨ ਪਾਲਦਾ,
ਮਾਂ ਰੱਬ ਦਾ ਰੂਪ ਹੁੰਦੀ, ਪਾਲਦੀ, ਜਫਰ ਜਾਲਦੀ, ਜਾਗਦੀ ਦਿਨ ਰਾਤ ।
ਸ਼ੁਕਰ ਸ਼ੁਕਰ ਕਰਦੀ ਦਿਨ ਰਾਤ, ਮੇਰਾ ਬੱਚਾ, ਤੇਰਾ ਬੱਚਾ ਆਖਦੀ ਹੈ ।

੩. ਮਾਂ-ਦਿਲ

'ਮਾਂ-ਦਿਲ' ਵਿਚ ਪਿਆਰ ਹੁੰਦਾ ਸਦਾ ਇਕ ਬੱਚੇ ਦਾ ਆਪਣੇ ।
ਪਰ 'ਮਾਂ-ਦਿਲ' ਸਭ ਬੱਚਿਆਂ ਨੂੰ ਦੁੱਧ ਪਿਆਣ ਵਾਲਾ ।
ਜੀਵਣ ਸਭ ਬੱਚੇ, ਮਾਵਾਂ ਦੇ, ਹਰ ਮਾਂ ਆਖਦੀ,
ਤੱਤੀ ਵਾ ਨਾਂਹ ਲੱਗੇ ਕਿਸੇ ਨੂੰ, ਇਹ ਜਗ-ਦਿਲ ਮਾਂ ਦਾ,
ਇਕ ਨਿੱਕਾ ਜਿਹਾ ਦਿਲ ਜਿਹੜਾ ਕੁਲ ਆਲਮ ਨੂੰ ਠਾਰਦਾ,
ਸਮਾਧੀ ਮਾਂ ਦੇ ਵਾਤਸਲ-ਪਿਆਰ ਦੀ ਸਦਾ ਪੂਰਨ ।
ਨਿਰਵਿਕਲਪ 'ਨਿਰਚਾਹ' ਬੇਗਰਜ਼, ਉੱਚਾ, ਵੱਡਾ ਵਿਸ਼ਾਲ ਮਾਂ-ਦਿਲ ਹੈ ।
ਪਿਆਰ ਦੀ ਕੁੱਠੀ ਪਿਆਰਦੀ ਦਿਨ-ਰਾਤ, ਮੈਲ ਸਾਰੀ ਧੋਂਦੀ, ਨਿੱਤ ਨਵਾਂ ਰੂਪ ਦਿੰਦੀ ਬਾਲ ਨੂੰ ।

੪. ਮਾਂ ਦਾ ਹੁਨਰ

ਭਾਰੀ ਚਿੱਤਰਕਾਰ ਇਹ !
ਮਾਂ ਦਾ ਧਿਆਨ ਕਰਨਾ ਪਿਆ ਹੈ ਬੱਚੇ ਦੇ ਅਨੇਕ ਮੂਰਤਾਂ ਤੇ ਛਬੀਆਂ ਨਾਲ ।
ਉਹ ਬੱਚੇ ਦੇ ਨਕਸ਼ ਤੇ ਰੂਪ ਦਮ-ਬਦਮ ਘੜਦੀ, ਸੰਵਾਰਦੀ, ਬਣਾਂਦੀ, ਜਿਵਾਂਦੀ ।
ਪਰ ਉਹ ਬੁੱਤ ਇਸ ਥਾਂ ਦਾ ਹੈ ਕਿਹਾ ਕਮਾਲ ਹੈ ?
ਜਦ ਮਾਂ ਟਕ ਬੰਨ੍ਹ ਕੇ ਬੱਚੇ ਨੂੰ ਝੋਲੀ ਆਪਣੀ ਵਿਚ ਦੇਖਦੀ,
ਇਹ ਅਰਸ਼ਾਂ ਦੀ ਕੋਈ ਮੂਰਤ,
ਉਤੋਂ ਉਪਰੋਂ ਉਤਰਦੀ ਮਾਂ ਦੀ ਅੱਖ ਵਿਚ,
ਉਹ ਮੂਰਤ ਨਿਰੰਕਾਰ ਦੀ ਮਾਂ-ਜੋਤ ਵਿਚ ਜਾਗਦੀ,
ਮਾਂ ਦੇ ਸਮੁੰਦਰਾਂ ਵਰਗੇ ਦਿਲ ਤੇ,
ਇਕ ਰੱਬ ਵਰਗੀ ਅੱਖ ਦਾ ਝਲਕਾਰ ਹੈ ।

੫. ਮਾਂ ਇੱਛਰਾਂ

ਇੱਛਰਾਂ ਰਾਣੀ-ਮਾਂ, ਉੱਚੀ, ਲੰਮੀ, ਰਾਣੀ ਧੁਰ ਦੀ, ਦੈਵੀ ਸੁਭਾ, ਦੈਵੀ ਸੁਹੱਪਣ,
ਅੱਛੇ, ਸੁਬਕ, ਅਰਸ਼ੀ ਨਕਸ਼, ਕੰਵਲ ਨੈਣੀ, ਕੋਮਲ ਬਚਨੀ, ਰਾਣੀ ਪੂਰੀ,
ਮਾਂ ਪੂਰੀ, ਤੇਜ ਦਾ ਮਿੱਠਾ, ਉੱਚਾ, ਦਾਤਾ ਪ੍ਰਭਾਵ ਹੈ ।
ਗੰਭੀਰਤਾ, ਸੀਤਲਤਾ, ਉਦਾਰਤਾ ਬਖ਼ਸ਼ਣਾ ਸੁਭਾ ਹੈ,
ਉੱਚੀ ਹੋਰ ਹੋਈ ਮਾਂ ਬਣ ਕੇ ਸਹਿਜ ਸੁਭਾ ਪੁੱਤਰ ਥੀਂ ਵਿੱਛੜ ਕੇ ਸਿੱਖੀ,
ਅੰਦਰੋਂ ਆਪਣਿਉਂ ਯੋਗ ਸਾਰਾ, ਧਾਰਨਾ, ਧਿਆਨ ਤੇ ਸਮਾਧੀਆਂ ।
ਕੁਝ ਆਈ ਧੁੰਧਲੀ, ਧੁੰਧਲੀ ਆਪੇ ਦੇ ਵੱਸ ਨਾਂਹ, ਪਿਆਰ ਦੀ ਪਿਆਰ ਖੇਡ ਸੀ,
ਇਕ ਸਰਬੱਗਯਤਾ ਦਾ ਪੁੱਤਰ ਦੇ ਹਾਲ ਦੀ ।
ਬਿਨ ਦੇਖੇ ਜਾਣਦੀ, ਵੱਲ ਹੈ, ਬੀਮਾਰ ਹੈ, ਬਿਨ ਦੇਖੇ ਦੇਖਦੀ, ਖ਼ੁਸ਼ ਹੈ ਕਿ ਰੋਂਦਾ
ਇਸ ਘੜੀ
ਇੱਛਰਾਂ ਰਾਣੀ, ਦੇਵੀ, ਮਾਂ ਯੋਗਣੀ, ਭਗਤ, ਸੂਰਮਤ ਹੈ ।

੬. ਮਾਂ ਦਾ ਪਿਆਰ, ਯੋਗ ਤੇ ਚਿਤ ਦੇ ਟਿਕਾਣ ਦੇ ਸਾਧਨ

ਠੀਕ ! ਮਾਂ ਦਾ ਪਿਆਰ-ਯੋਗ ਇਕ ਸਹਿਜ-ਯੋਗ ਹੈ ।
ਮਨ ਨੂੰ ਟਿਕਾਣਾ, ਚਿੱਤ ਨੂੰ ਸੰਭਾਲਣਾ, ਇਹ ਕੰਮ ਤਾਂ ਬੱਸ ਮਨੁੱਖ ਹੋਣ, ਸੱਭਯ
ਅਸੱਭਯ ਦਾ ਫ਼ਰਕ ਹੈ, ਇਹ ਕੋਈ ਕਰਾਮਾਤ ਨਹੀਂ ।
ਕਰਾਮਾਤ ਇਕ ਬੱਸ ਪਿਆਰ ਹੈ !
ਜਿਹੜਾ ਦਿਲ ਦੀ ਟੋਹ ਨਾਲ ਸਭ ਕੁਝ ਜਾਣਦਾ ।
ਪਿਆਰ ਵਿਚ ਡੁੱਲ੍ਹਣਾ ਮਾਂ ਵਾਂਗ, ਹਾਂ ! ਇੱਛਰਾਂ-ਮਾਂ ਵਾਂਗ ਹੋਣਾ ਯੋਗ ਦਾ
ਅੰਦਰਲਾ ਰਹੱਸ ਹੈ,
ਘੁਲ ਘੁਲ ਘੁਲਣਾ ਪਿਆਰ ਵਿਚ, ਵਿੱਛੜ ਵਿੱਛੜ
ਮਿਲਣਾ ਪਿਆਰ ਵਿਚ ।
ਤੇ ਭੰਨ-ਭੰਨ ਆਪਾ, ਬਨਾਣਾ, ਮੁੜ ਮੁੜ ਪਿਆਰ ਵਿਚ ।
ਤੇ ਪੈਦਾ ਕਰਨਾ ਆਪਣੇ ਧਿਆਨ ਦਵਾਰਾ, ਸਮਾਧੀਆਂ ਦੀ ਨੀਂਦਰ ਦਾ ਪੁਤਲਾ
ਇਕ ਬੰਦਾ ਰੱਬ ਦੇ ਪਿਆਰ ਵਾਲਾ, ਟਿਕਾਉ ਵਾਲਾ, ਦਿਲ ਵਾਲਾ,
ਸੂਰਮਾ; ਉੱਚੀ ਜਿਹੀ, ਤਹਿਲਦਾਰ ਹੀਰੇ ਵਰਗੀ ਕਣੀ ਤੇ ਚਮਤਕਾਰ
ਸਫ਼ਟਕ ਮਣੀ ਜਿਹੀ ਰੂਹ ਕੋਈ ।
ਇਹ ਤਾਂ ਯੋਗ ਕੁਝ ਕੰਮ ਕਰਦਾ, ਸੰਵਾਰਦਾ, ਪਰ ਮੂਧੇ ਮੱਥੇ ਪੈ ਬੇਹੋਸ਼ ਜਿਹਾ,
ਸੁਧ ਬੁਧ ਵਿਸਾਰ; ਹੋਂਦ ਨੂੰ ਗਵਾਣਾ, ਹੀਰੇ ਨੂੰ ਕੁਟ ਕੁਟ ਖੋਹ ਜਿਹੀ
ਵਿਚ ਰੁਲਾਣਾ, ਮੁੜ ਜਿਥੋਂ ਜਤਨਾਂ ਨਾਲ ਲੱਭਿਆ, ਇਹ ਕੁਝ ਯੋਗ
ਨਹੀਂ ? ਹੋਸੀ, ਸਾਨੂੰ ਹਾਲ ਉਹ ਦੂਜੇ ਜੋਗ ਦੀ ਲੋੜ ਨਾਂਹ,
ਮਾਂ ਦੇ ਦਿਲ ਦਾ ਯੋਗ ਦੇਖੋ ਕਿਹਾ ਠੀਕ ਉਤਰਦਾ,
ਹਾਂ ! ਮਾਂ ਦੀ ਨਦਰ ਵਿਚ ਡੂੰਘਾ ਕੋਈ ਅਸਰਾਰ ਹੈ !
ਰੱਬ ਆਪ ਉਤਰਦਾ ਮਾਂ ਦੇ ਦਿਲ ਵਿਚ, ਉਹਦੀ ਬਾਹਾਂ ਵਿਚ ਝੋਲ ਵਿਚ,
ਰੱਬ ਆਪ ਮਾਂ ਦੀ ਨਦਰ ਉੱਚੀ ਕਰਦਾ-ਸਿੱਧੀ,
ਮਾਂ ਰੱਬ ਦਾ ਕੋਈ ਡਾਢਾ ਸੋਹਣਾ ਆਵੇਸ਼ ਹੈ ।
ਮਾਂ ਸਹਿਜ ਸੁਭਾ ਯੋਗੀ ਪਿਆਰ ਦੀ,
ਰੱਬ ਦੇ ਰਚਾਏ ਜੱਗ ਦੀ ਪੂਰਣਤਾ,
ਮਾਂ ਵਿਚ ਰੱਬ ਆਪ, ਹਰ ਬਾਲ ਲਈ ਨਿੱਤ-ਅਵਤਾਰ ਹੁੰਦਾ,
ਮਾਂ ਦਾ ਦਿਲ ਇਉਂ ਬੱਸ ਰੱਬ ਹੈ ।
ਮਾਂ ਦੀ ਲੋਰੀ ਬਾਣੀ ਆਕਾਸ਼ ਦੀ ।
ਮਾਂ-ਦਿਲ, ਮਾਂ-ਪਿਆਰ, ਮਾਂ ਦੀਆਂ ਛਾਵਾਂ, ਮਾਂ ਦੀ ਅਸੀਸ,
ਇਹ ਗੱਲਾਂ ਉੱਚੀਆਂ, ਬੇ-ਕੀਮਤੀਆਂ, ਇਹ ਮਾਂ ਹੋਣ ਦੀ ਕਲਾਮ ਕਮਾਈ ਹੈ ।
ਕਿਸੇ ਦੀ ਗੀਹਲ ਹੋਣਾ ਇਹ ਤਪ ਹੈ, ਪਰ 'ਮਾਂ ਹੋਣਾ' ਜੀਊਂਦੀ ਹੈ ਪੂਰੀ
ਪੂਰਣਤਾ, ਸਿੱਧੀ ਸਫ਼ਲ ਹੈ ।
ਮਾਂ ਹੋਣਾ ਉੱਚਾ ਸਭ ਥੀਂ ਵੱਧ ਹੈ ।
ਮਾਂ ਹੋਣ ਨੂੰ ਲੋਚਣਾ ਇਹ ਉੱਚੀ ਅਰਦਾਸ ਹੈ, ਉੱਚਾ ਕਰਦੀ ।
ਠੀਕ, ਰੱਬ ਵੀ ਮਾਂ-ਕੁੱਖ ਆਉਂਦਾ, ਪੁੱਤਰ ਰੱਬ ਦਾ ਜੱਗ ਵਿਚ ਆਉਂਦਾ,
ਇਹ ਉਹ ਵੇਦੀ ਹੈ ਜਿੱਥੋਂ ਜਗਤ ਸਾਰਾ, ਰੂਪ ਰੰਗ ਵਿਚ ਬਣ ਬਣ ਨਿਖਰਦਾ,
ਮਾਂ ਹੋਣਾ ਧੀ-ਭੈਣ ਦਾ ਇਕ ਦੇਵੀ ਰਾਜ ਹੈ,
ਇਹੋ ਦੇਵੀ, ਇਹੋ ਕੰਨਿਆਂ, ਇਹੋ ਭਵਾਨੀ, ਇਹੋ ਦੁਰਗਾ, ਇਹੋ ਮਾਂ ਹੈ ।

੭. ਰਾਣੀ ਇੱਛਰਾਂ

ਹਾਂ, ਰਾਣੀ ਇੱਛਰਾਂ ਮਾਂ ਸੀ, ਦੇਵੀ, ਭਵਾਨੀ,ਦੁਰਗਾ, ਤਪੱਸਵਨੀ, ਯੋਗਨੀ ਸਭ ਸੀ।
ਰੱਬ-ਉਹ ਵਿਰਲੀ ਅਮੋਲਕ-ਮਾਂ ਸੀ,
ਰੱਬ ਵਾਂਗੂੰ ਅਣਠਿੱਡੇ ਪੂਰਨ ਨੂੰ ਪਾਲਦੀ,
ਸੁਹਣੀ ਕੇਹੀ ਗੱਲ ਹੈ ।
ਰੱਬ ਤਾਂ ਦਿੱਸਦਾ, ਪਾਲਦਾ, ਰੱਖਦਾ,
ਤੇ ਬੰਦਾ ਜਿਹੜਾ ਪਾਲਦਾ ਉਸ ਦੀ ਝੋਲ ਵਿਚ ਅੱਜ ਉਹ ਅਣਡਿੱਠ ਹੈ,
ਰੱਬ ਸਾਹਮਣੇ ਦਿੱਸਦਾ ।

੮. ਸਾਲਵਾਹਨ ਰਾਜਾ ਤੇ ਲੂਣਾਂ ਰਾਣੀ

ਰਾਜਾ ਸਾਲਵਾਹਨ ਲੱਗਾ ਸੀ ਇਸ ਸਮੇਂ,
ਰਾਣੀ ਇੱਛਰਾਂ ਪੂਰਨ ਦੀ ਮਾਂ ਨੂੰ ਛੱਡ,
ਛੱਡ ਰਾਣੀ ਦੀ ਉੱਚੀ ਚਮਕਦੀ ਹੀਰੇ ਵਰਗੀ ਸ਼ਾਨ ਨੂੰ
ਕੰਡ ਦੇ ਸੂਰਜ ਵਰਗੀ ਰਾਣੀਅਤ ਨੂੰ,
ਇਕ ਨਵੀਂ ਵਿਆਹੀ ਦਾ ਮਹੱਲ ਬਣਾਉਂਦਾ !
ਲੂਣਾਂ ਨਾਮ ਸੀ ਓਸ ਅੱਗ ਦੀ ਪੁਤਲੀ ਦਾ ਸ਼ੋਖ, ਚੰਚਲ,
ਰਾਜਾ ਓਸ ਬੁੱਤ ਦਾ ਸਦਾ ਬੁੱਤਖ਼ਾਨਾ ਟੋਲਦਾ !
ਰਹਿੰਦਾ ਸਦਾ ਉਹ, ਓਸ ਛਲ ਦੇ ਬੁੱਤ ਪਾਸ, ਉਹਦੀ ਪੂਜਾ ਦਿਨ ਰਾਤ ਕਰਦਾ,
ਨਿੱਕੇ ਨਿੱਕੇ ਦੀਵੇ ਬਾਲਦਾ ਤੇ ਦੀਵੇ ਦੀ ਲਾਟ ਵਿਚ ਦੇਖਦਾ
ਓਸ ਪੱਥਰ ਦੇ ਬੁੱਤ ਨੂੰ;
ਪੱਥਰ ਪੂਜ ਪੂਜ, ਹੌਲੇ ਹੌਲੇ, ਸਾਲਵਾਹਨ ਦੀ ਹੋਸ਼ ਗੁੰਮਦੀ ।
ਸੱਚੀ ਸੁਹੱਪਣ, ਦੈਵੀ ਬਰਕਤ ਨੂੰ ਕੰਡ ਦੇ ਸਾਲਵਾਹਨ ਬੁੱਤ ਵਿਚ ਰੀਝਦਾ !
ਦਿਨ ਬਦਿਨ ਜਾਂਦਾ ਸੀ ਮਰਦਾ, ਦਿਲ ਹਿਸ ਰਿਹਾ ਸੀ, ਦਿਮਾਗ਼ ਵੀ ।
ਰੂਹ ਸਾਲਵਾਹਨ ਦੇ ਪੈਂਦੀ ਪਈ ਸੀ ਅੱਗ, ਹੱਡੀਆਂ ਨੂੰ ਸਾੜਦੀ ।
ਸਾਲਵਾਹਨ ਭੁੱਲਿਆ ਕਿ ਨਵੀਂ ਜਿੰਦ ਮੁੜ ਆਉਂਦੀ ਬੁੱਤ ਦੀ ਪੂਜਾ ਥੀਂ ।

੯. ਲੂਣਾਂ

ਲੂਣਾਂ, ਬੱਸ ਪੱਥਰ ਦਾ ਬੁੱਤ, ਨਿਰਜਿੰਦ, ਨਿਰਦਿਲ, ਹੋਣੀ ਦਾ ਬੁੱਤ ਸੀ,
ਛਲ ਸੀ ਜਿਹੜਾ ਰਾਜੇ ਘਰ ਪਾਇਆ, ਇਕ ਹੈਵਾਨ ਸੀ ਆਪ ਮਤੀ,
ਖਾਣ ਜਾਣਦੀ, ਦੂਜਿਆਂ ਨੂੰ ਮਾਰਨਾ, ਜਿੰਦਾਂ ਵੀਟਣੀਆਂ ਆਪਣੀ ਖ਼ੁਸ਼ੀ ਲਈ,
ਰੱਬ ਦਾ ਨਾ ਡਰ, ਨਾ ਭੈ ਕਿਸੇ ਦਾ, ਆਪਣੀ ਹੈਵਾਨੀ ਜਵਾਨੀ ਵਿਚ,
ਬੱਜਰ ਦਿਲ, ਬੱਜਰ-ਦਿਮਾਗ, ਬੱਜਰ-ਅੰਗ, ਆਪਣਾ ਮਤਲਬ ਸਾਧਦੀ,
ਅੰਦਰ ਦੀ ਜੋਤ ਬੁਝੀ ਹੋਈ ਲੂਣਾਂ ਦੀ, ਮਿੱਟੀ ਦਾ ਕੀੜਾ,
ਰੂਹ ਸੈਲ ਪੱਥਰ ਹੋਇਆ ਹੋਇਆ,
ਇੰਨੀ ਆਪ ਮੁਹਾਰੀ, ਖ਼ੁਦ ਗਰਜ਼, ਮਾਂ ਹੋਣ ਦੀ ਚਾਹ ਕਦੀ ਉਸ ਨੂੰ ਉਠ
ਨਹੀਂ ਸੀ ਸਕਦੀ ।
ਨੈਣਾਂ, ਬੈਨਾਂ, ਅੰਗਾਂ ਦੀ ਚਤੁਰਤਾ, ਸੁਹਣੀ ਵਾਂਗ ਸੱਪ ਸੀ,
ਕਹਿਰ ਸੀ, ਤਿੱ੍ਰਖੀ ਵਾਂਗ ਤਲਵਾਰ ਸੀ,
ਭਵਾਂ ਚਾੜ੍ਹ, ਸੁਰਮਾਂ ਪਾ, ਅੱਖਾਂ ਵਿਚ ਜਦ ਬਹਿੰਦੀ ।
ਕਮਰ ਪਤਲੀ, ਉੱਚੀ ਉਭਰੀ ਭਰੀ ਛਾਤੀ,
ਉਹ ਵਗਦੀ ਸੀ ਦਿਨ ਰਾਤ ਵਾਂਗ ਬਰਛੀਆਂ,
ਮਾਸ ਖਾਣੀ ਜਾਨਵਰ, ਬੇਤਰਸ, ਬੇਰਹਿਮ, ਸਵਾਰਥ ਦੀ ਪੁਤਲੀ,
ਹੁਣੇ ਬਣੀ ਬੁੱਤ-ਇਨਸਾਨ ਸੀ, ਜਾਨ ਇਨਸਾਨੀ ਨਹੀਂ ਹਾਲੇ ਜਾਗੀ ਸੀ ।
ਬੱਸ ਆਪਣੇ ਨੈਣਾਂ 'ਤੇ ਵਾਰਦੀ ਲੱਖਾਂ ਜਾਨਾਂ,
ਆਪਣੇ ਅੰਗਾਂ ਦੇ ਚਾਅ ਵਿਚ ਸਦਕੇ ਕਰਦੀ ਸਭ ਕੁਝ ਸੀ,
ਆਪਣੇ ਮੂੰਹ ਤੁੱਲ ਨਾ ਸਮਝਦੀ ਚੰਨ ਸੂਰਜ ਨੂਰ ਵੀ,
ਰੱਖ ਸ਼ੀਸ਼ਾ ਸਾਹਮਣੇ ਪਹਿਲਾਂ ਇਹ ਮੰਤਰ ਉਚਾਰਦੀ,
ਮੇਰਾ ਜਿਹਾ ਸੁਹਣਾ ਹੋਰ ਕੋਈ ਨਾਂਹ ਜੱਗ ਤੇ;
ਸਹਾਰ ਨਾ ਸਕਦੀ ਕੋਈ ਮੁਕਾਬਲਾ, ਰੀਸ ਜਿਹੜਾ ਕਰੇ ਉਹਦੀ ਉਹ ਵੈਰੀ,
ਸਾੜ ਦੀਲ ਵਿਚ ਭਰੀ,
ਕਦੀ ਅਲਸ, ਅਲਸ ! ਬਾਹਾਂ ਚੁੱਕ ਚੁੱਕ ਇਕਾਂਤ ਵਿਚ,
ਅੱਧ ਕੱਜੀ, ਅੱਧ ਨੰਗੀ, ਆਪੇ ਨੂੰ ਸ਼ੀਸ਼ੇ ਵਿਚ ਦੇਖਦੀ,
ਕਦੀ ਲੇਟ ਜਾਂਦੀ ਸ਼ੀਸ਼ੇ ਸਾਹਮਣੇ, ਇਕ ਪਾਸੇ ਸਿਰ ਰੱਖ
ਆਪਣੀ ਬਾਹਾਂ ਦੀਆਂ ਵੰਗਾਂ ਤੇ ਚੂੜੀਆਂ ਤੇ,
ਇਕ ਲੂਣਾਂ ਦੀ ਲੱਖ ਲੂਣਾਂ ਹੁੰਦੀ, ਵੰਨ ਵੰਨ ਦੇ ਕਪੜੇ ਪਾਂਦੀ,
ਵੰਨ ਵੰਨ ਦੀ ਤਰਜ਼ਾਂ ਬਦਲਦੀ, ਬੈਠਣ, ਉੱਠਣ, ਖਲੋਣ ਤੇ ਚੱਲਣ ਦੀਆਂ
ਮੁੜ ਮੁੜ ਛਣਕਾਂਦੀ ਵੰਗਾਂ, ਮੁੜ ਮੁੜ ਆਪਣੀਆਂ ਵੀਣੀਆਂ ਨੂੰ ਤੱਕਦੀ,
ਕਦੀ ਹੱਸਦੀ ਤੇ ਸ਼ਰਮਾਂਦੀ, ਨਟੀ ਵਾਂਗ, ਦੇਖੇ ਮਿਲਦੀਆਂ ਲਾਲੀਆਂ, ਹੋਠਾਂ
ਤੇ ਮੂੰਹ ਤੇ ਅੱਖਾਂ ਦੀਆਂ ਆਪਣੀਆਂ ।
ਸ਼ੰਗਾਰਦੀ, ਸੰਵਾਰਦੀ ਵਾਲ ਆਪਣੇ, ਖੋਲ੍ਹ ਖੋਲ੍ਹ, ਗੁੰਦ ਗੁੰਦ, ਸੁਟਦੀ ਇਧਰ
ਉਧਰ ਜ਼ੁਲਫ਼ਾਂ ਆਪਣੀਆਂ ਕਾਲੀਆਂ,
ਅਕੱਜੀ ਹੋ ਹੋ ਬਹਿੰਦੀ ਘੜੀ ਘੜੀ, ਪੁਸ਼ਾਕਾਂ ਬਦਲਦੀ ਹਜ਼ਾਰ, ਇਕ ਦਿਨ ਵਿਚ
ਚੁਣਦੀ ਲਾ ਘੰਟੇ ਰੰਗ ਆਪਣੇ ਦੁਪੱਟਿਆਂ ਦਾ,
ਤੇ ਮੁੜ ਮੁੜ ਦੇਖਦੀ ਲੰਹਿਗੇ ਦੀਆਂ ਫਬਣਾਂ,
ਬੱਸ ਗਹਿਣੇ, ਕੱਪੜੇ, ਮੁੜ ਮੁੜ ਬੰਨਣਾਂ, ਇਹ ਸਰੋਕਾਰ ਹੈ,
ਸੌ ਸੌ ਗੋਲੀਆਂ ਪਾਸ ਲੂਣਾਂ ਦੇ, ਸਭ ਤੇ ਜ਼ਾਲਮ, ਸਭ ਨੂੰ ਤੰਗ ਕਰਦੀ ਆਪਣੇ
ਸੁੱਖ ਲਈ; ਬੇਸਬਰ; ਚੰਚਲ ਹਰ ਘੜੀ,
ਕਦੀ ਨਾਚ ਹੋ ਰਿਹਾ ਹੈ ਨਾਲ ਗੋਲੀਆਂ,
ਦਿਨ ਰਾਤ ਲੂਣਾਂ ਨੂੰ ਇਕ ਅੱਗ ਜਿਹੀ ਲੱਗੀ, ਨੱਸਦੀ, ਭੱਜਦੀ,
ਤੇ ਚਾਹੇ ਅੰਗ ਅੰਗ ਨੂੰ ਕਿਸੇ ਵਧੇਰੀ ਅੱਗ ਨਾਲ ਠਾਰਨਾ,
ਅੱਗ ਖਾਂਦੀ, ਅੱਗ ਪੀਂਦੀ, ਪਾਣੀ ਨਾ ਲੋਚਦੀ, ਠੰਢ ਦੀ
ਉਹਨੂੰ ਲੋੜ ਨਾਂਹ,
ਤੇ ਖਾ ਖਾ ਅੱਗ ਦੇ ਅੰਗਾਰੇ ਖਵਾਹਸ਼ਾਂ ਹੋਰ ਹੋਰ ਵਧਦੀਆਂ
ਦਿਨ ਰਾਤ ਦਿਲ ਓਸ ਦਾ ਬਲਦਾ ਇਕ ਉੱਚੀ ਉੱਚੀ ਭਾਂਬੜ,
ਮੁੜ ਹੋਰ ਅੱਗ ਖਾਣ ਨੂੰ ਮੰਗਦਾ,
ਲੂਣਾਂ ਅੱਗ ਦੀ ਨਾਰ, ਖਾ ਖਾ ਸ਼ੂਕਦੀ, ਸ਼ੋਖਦੀ ਹੱਦ ਨਾਂਹ,
ਤੇ ਛਲ ਬਲ ਕਰਦੀ ਲੱਖਾਂ ਉਹ ਘੜੀ ਘੜੀ,
ਕੂੜ ਕਰਦੀ ਕੂੜ ਸੋਚਦੀ, ਕੂੜ ਕਲਜੁਗ ਦੀ ਪੁਤਲੀ !

੧੦. ਰਾਜਾ ਸਾਲਵਾਹਨ ਦੀ ਇਖ਼ਲਾਕੀ ਮੌਤ

ਜਿਉਂ ਜਿਉਂ ਲੂਣਾਂ ਬਦਲੀ, ਤਿਉਂ ਤਿਉਂ ਰਾਜਾ ਸਾਲਵਾਹਨ ਇਕ ਅੱਗ ਜਿਹੀ
ਸੇਕਦਾ, ਉੁਮਰ ਦੇ ਸਿਆਲੇ ਦਾ ਠਰਿਆ, ਕੰਿਹੰਦਾ ਕਿਹਾ ਆਰਾਮ ਹੈ ।
ਲੂਣਾਂ ਰਾਜੇ ਥੀਂ ਵੱਧ ਕੁਝ, ਉਹਨੂੰ ਹੋਰ ਹੋਰ ਕਾਬੂ ਕਰਦੀ,
ਆਪਣੇ ਮੂੰਹ ਤੇ ਜੁੱਸੇ ਦੇ ਲਾਲਚ ਜਿਹੇ ਵਿਚ ਕੈਦ ਰੱਖਿਆ ਸੀ
ਸਾਲਵਾਹਨ ਨੂੰ ਇਕ ਜਾਦੂ ਜਿਹੇ ਵਿਚ,
ਆਦਮੀ ਦਾ ਲੇਲਾ, ਲੇਲੇ ਦਾ ਖੋਤਾ, ਮਰਦ ਥੀਂ ਨੀਵਾਂ ਨੀਵਾਂ ਰੋਜ਼ ਹੈਵਾਨ
ਉਹਨੂੰ ਬਣਾਉਂਦੀ, ਆਪੇ ਜਿਹਾ ਕਰਦੀ,
ਫ਼ਰੇਬ ਲੱਖਾਂ ਕਰਦੀ, ਵਫ਼ਾਦਾਰੀ ਦੀਆਂ ਗੱਲਾਂ, ਅਨੇਕ ਮੁੜ ਮੁੜ ਦਿਲ ਨੰਗਾ
ਖਰ ਕਰ ਦੱਸਦੀ, 'ਮੈਂ ਤੇਰੀ' ਆਖਦੀ ।
ਲੂਣਾਂ ਨੇ ਰਾਜੇ ਨੂੰ ਪੂਰਾ ਕਾਬੂ ਕੀਤਾ,
ਰਾਜੇ ਦੇ ਨੈਣ ਨਾ ਰਹੇ, ਨਾ ਦਿਲ ਰਿਹਾ, ਨਾ ਸਿਰ ਰਿਹਾ ਆਪਣਾ,
ਲੂਣਾਂ ਬੈਠੀ ਰਾਜ ਕਰਦੀ, ਸਾਲਵਾਹਨੀ ਤਖ਼ਤ ਤੇ,
ਲੂਣਾਂ ਜ਼ਹਿਰ ਸੀ ਮਿੱਠਾ, ਮਾਸ, ਹੱਡੀ ਰਾਜੇ ਦਾ ਥੋਥਾ ਕਰ ਰਹੀ ਸੀ,
ਰਾਜਾ ਸਾਲਵਾਹਨ ਭੁਲੇਖੇ ਵਿਚ ਮਰ ਗਿਆ, ਧਰਮ, ਕਰਮ, ਇਨਸਾਫ਼, ਕਾਨੂੰਨ
ਕੰਮ, ਰਾਜ, ਰਾਜਨੀਤੀ ਹੁਕਮ ਸਭ, ਇਕ ਲੂਣਾਂ ਲੂਣਾਂ ਹੋ ਰਹਿਆ !!

੧੧. ਪੂਰਨ ਦਾ ਜਵਾਨ ਹੋ ਭੋਰਿਓਂ ਬਾਹਰ ਆਉਣਾ

ਪੂਰਨ, ਸੂਰਜ ਇੱਛਰਾਂ ਮਾਂ ਦੀ ਗੋਦ ਦਾ,
ਪੂਰਾ ਲਸਦਾ ਡਲ੍ਹਕਦਾ, ਭੋਰਿਓਂ ਬਾਹਰ ਨਿਕਲ, ਉਹ ਚੜ੍ਹ ਆਇਆ ।
ਸਭ ਨੂੰ ਉੱਚਾ ਦਿੱਸੇ, ਹੱਥ ਦੀ ਛੋਹ ਥੀਂ ਗਗਨਾਂ ਉੱਚਾ,
ਤੇ ਉਹਦੀ ਪੂਰਨ ਜਵਾਨੀ ਦੀ ਭਖਦੀ ਲੋਅ ਸਭ ਨੂੰ ਲਗਦੀ,
ਖ਼ਲਕ ਦਾ ਦਿਲ ਖ਼ਸ਼ੀ ਹੋਇਆ, ਸਭ ਸਿਰ ਪੂਰਨ ਨੂੰ ਨਿੰਵਦੇ,
ਬਨਾਣ ਵਾਲੇ ਕਾਦਰ ਦਾ ਜਲਵਾ ਬਣਤ ਵਿਚ ਦਿੱਸੇ,
ਅੱਖਾਂ ਚਕਾਚੂੰਧ ਹੋਣ, ਪੂਰਨ ਦੀ ਜਵਾਨੀ ਪੂਰੀ ਲਸਦੀ,
ਕਈ ਵਰ੍ਹਿਆਂ ਦੇ ਜਿਹੜੇ ਮਹਿਲ ਇੱਛਰਾਂ ਦੇ ਯੋਗ ਦੀਆਂ ਕੰਦਰਾਂ ਬਣੇ ਸਨ,
ਉਹ ਅੱਜ ਖ਼ਸ਼ੀ ਦੇ ਅਰਸ਼ ਵਿਚ ਉੱਠ ਚੜ੍ਹੇ,
ਇੱਛਰਾਂ-ਮਹਿਲ ਦੇ ਕੰਧ ਕੋਠੇ, ਬੂਹੇ ਤੇ ਬਾਰੀਆਂ, ਵਾਂਗ ਜੀਂਦੇ ਬੰਦਿਆਂ ਦੇ
ਖ਼ੁਸ਼ੀ ਦੀਆਂ ਹੇਕਾਂ ਲਾਉਂਦੇ ।
ਨਿੱਕਾ ਜਿਹਾ ਸਾਵਾ ਘਾਹ ਵੀ ਆਪਣੀ ਨਿੱਕੀ ਨਿੱਕੀ ਜੰਘਾਂ 'ਤੇ ਖਲੋ ਕੇ, ਸਿਰ
ਚੁੱਕ ਚੁੱਕ ਦੇਖਦਾ
ਕੱਖ ਗਲੀਆਂ ਨੂੰ ਅੱਜ ਪਰ ਲੱਗੇ, ਉੱਡ ਉੱਡ ਦੇਖਦੇ,
ਪੂਰਨ ਦਾ ਪ੍ਰਭਾਵ ਕੋਈ ਕਲਾਵਾਨ ਸੀ,
ਖ਼ਸ਼ੀਆਂ ਆਪ ਮੁਹਾਰੀਆਂ, ਥਾਂ ਥਾਂ, ਘਰ-ਘਰ, ਝੁੱਗੀ-ਝੁੱਗੀ ਫੁੱਟਦੀਆਂ ਸਨ,
ਰੱਬ ਯਾਦ ਆਉਂਦਾ ਸੀ, ਰੱਬ ਚੰਗਾ ਲੱਗਦਾ ਸੀ, ਪਿਆਰ ਦੀਆਂ ਕਚੀਚਆਂ
ਖ਼ਲਕ ਵਟਦੀ,
ਪੂਰਨ ਦੇਖ ਦੇਖ ਨਿਗਾਹਾਂ ਖ਼ਲਕ ਦੀਆਂ ਨਾ ਰਜਦੀਆਂ,
ਉਹਦਾ ਦਰਸ਼ਨ ਮੁੜ ਮੁੜ ਭੁੱਖ ਲਾਂਦਾ ਸੀ;
ਖ਼ਲਕ ਟੁੱਟ ਟੁੱਟ ਪੈਂਦੀ ਵਲ ਮਹਿਲਾਂ;
ਪਰ ਕੋਈ ਕੋਈ ਬੁੱਢਾ ਆਖਦਾ ਰੱਬ ਮਿਹਰ ਕਰੇ,
ਖ਼ਸ਼ੀ ਅਤਿ ਦੀ ਹੈ, ਇਹੋ ਜਿਹੀ ਖ਼ੁਸ਼ੀ ਰਹਿੰਦੀ ਏ ਥੋੜਾ ਚਿਰ,
ਇਹੋ ਜਿਹੇ ਸੁਹੱਪਣ ਤੇ ਚਾਅ ਨੂੰ ਧਰਤ 'ਤੇ ਹੈ ਥਾਂ ਘੱਟ,
ਵੇਲਾ ਮੰਗਲ ਦਾ, ਅਕੱਥਨੀਯ ਅੱਜ, ਮੁੜ ਹੱਥ ਨਹੀਂ ਆਉਣਾ,
ਰੱਬ ਮਿਹਰ ਕਰੇ, ਕੋਈ ਵਿਘਨ ਨਾ ਪਵੇ, ਪੂਰਨ ਦੇ ਰਾਜ ਤਿਲਕ ਲੈਣ ਵਿਚ ।

੧੨. ਰਾਜਾ ਸਾਲਵਾਹਨ ਤੇ ਪੂਰਨ ਪੁੱਤ ਰਾਜਾ

ਬੈਠ ਇੱਛਰਾਂ ਦੇ ਮਹਿਲ, ਮਾਂ, ਪਿਉ, ਪੁੱਤ ਤਿੰਨੇਂ,
ਮਿੱਠੀਆਂ ਗੱਲਾਂ ਵਿਚ ਲੱਗੇ ਹੀ ਸਨ,
ਕਿ ਰਾਜਾ ਸਾਲਵਾਹਨ ਪੁੱਤ ਨੂੰ ਝੋਲੀ ਲੈ ਆਖਦਾ,
ਮਾਂ ਆਪਣੀ ਦਾ ਪੁੱਤ ਤੂੰ ਬੱਚਾ, ਇਹ ਰਾਣੀ, ਦੇਵੀ ਇੱਛਰਾਂ ਮਾਂ ਤੇਰੀ, ਪਰ
ਪਹਿਲੇ ਦੇਰ ਨਾ ਲਾ, ਜਾਹ ਮਿਲ ਪੁੱਤਰਾ ! ਲੂਣਾਂ ਮਾਂ ਮਤੇਈ ਨੂੰ ਤੂੰ,
ਜਿਸ ਦੀ ਗੋਦ ਹਾਲੇ ਸੱਖਣੀ, ਬੱਚਾ ਉਹ ਆਖਦੀ ਪੂਰਨ ਪੁੱਤ ਮੇਰਾ,
ਇਹ ਮੇਰੇ ਦਿਲ ਦੀ ਚਾਹ ਪੁੱਤਰਾ, ਉਠ, ਜਾਹ ਲੂਣਾਂ ਰਾਣੀ ਦੇ ਮਹਿਲ ਨੂੰ ।

੧੩. ਇੱਛਰਾ ਰਾਣੀ ਦਾ ਤੌਖ਼ਲਾ ਤੇ ਡਰ ਅੰਦਰ ਹੀ ਅੰਦਰ

ਇੱਛਰਾਂ ਮਾਂ ਆਖੇ ਦਿਲ ਆਪਣੇ ਵਿਚ, ਇਹ ਰਾਜਾ ਕੀ ਪਿਆ ਆਖਦਾ,
ਦਿਲ ਮੇਰਾ ਡਰਦਾ,
ਕੰਵਲ ਫੁੱਲਾਂ ਨੂੰ ਆਖਦਾ ਟੁਰ ਜਾਓ, ਵੜੋ ਅੱਗ ਬਲਦੀ ਵਿਚ,
ਅੰਗੂਰਾਂ ਪੱਕਿਆਂ ਨੂੰ ਭੇਜਦਾ ਵਾਂਗ ਦਾਣਿਆਂ ਮੱਕ ਤੇ ਬਾਜਰਾ,
ਭੁੰਨਦੀ ਸੜਦੀ ਰੇਤ ਉਸ ਭੱਠ ਦੀ ਵਿਚ,
ਪੰਛੀਆਂ ਨੂੰ ਭੇਜਦਾ ਬੁਲਾਰਾ ਦੇ ਕੇ, ਜਾਲਾਂ ਤਣਿਆਂ ਵਿਚ,
ਇਹ ਰਾਜਾ ਕੀ ਪਿਆ ਆਖਦਾ ਹੈ,
ਮੇਰਾ ਦਿਲ ਸਹਿਮਦਾ, ਘੁਟਦਾ, ਮੈਂ ਔਖੀ ਜਿਹੀ ਹੋ ਗਈ ।
ਪਰ ਇੱਛਰਾਂ ਮਾਂ ਸੀ, ਵੱਡੇ ਦਿਲ ਵਾਲੀ,
ਉਥੇ ਸਮੁੰਦਰਾਂ ਦੇ ਸਮੁੰਦਰ ਭਰੇ ਪਏ ਸਨ,
ਵਚਨ ਮੋੜਨਾ ਓਸ ਵੇਲੇ ਕੁਝ ਅਯੋਗ ਦਿੱਸੇ,
ਪਰ ਰਾਜੇ ਦਾ ਆਖਣਾ ਲੱਗਾ ਬਹੂੰ ਮਾੜਾ,
ਆਖਦੀ ਇਸ ਵਿਚ ਲੂਣਾਂ ਦੀ ਹੀ ਕੁਝ ਚਾਲ ਹੈ,
ਇਹ ਰਾਜਾ ਬੋਲਦਾ ਵਾਂਗ ਤੋਤੇ, ਸਿੱਖਿਆ ਸਿਖਾਇਆ ਲੂਣਾਂ ਦਾ !
ਰਾਣੀ ਮਾਂ ਆਖਦੀ, ਜਾਹ ਬੱਚਾ, ਰੱਬ ਕਡੀ,
ਮਿਲ ਲੂਣਾਂ, ਉਹ ਤੇਰੀ ਮਹਿਤਾਰੀ ਹੈ ।

੧੪. ਪੂਰਨ ਜਾਂਦਾ ਹੈ ਮਹਿਲ ਲੂਣਾਂ ਨੂੰ

ਬਚਨ ਪਾਲਦਾ ਮਾਂ ਤੇ ਬਾਪ ਦਾ ਪੂਰਨ,
ਪੂਰਨ ਉੱਠ ਗਿਆ ਵੱਲ ਮਹਿਲ ਲੂਣਾਂ
ਜਿਵੇਂ ਜਿਵੇਂ ਖਿੜਿਆ ਇਕ ਫ਼ਕੀਰ ਹੋਵੇ ।
ਜਵਾਨੀ ਇਕ ਅਜਿਹੀ ਰੱਬ ਦਾ ਪਿਆਰ ਹੈ !
ਜਵਾਨੀ ਤੇ ਫੇਰ ਪੂਰਨ, ਸੋਨੇ ਨੂੰ ਸੁਹਾਗਾ ਸੀ ।
ਮੌਜ ਆਪਣੀ ਵਿਚ ਭਰਿਆ ਰੱਬ ਤੇ ਡਰ ਤੇ ਯਾਦ ਵਿਚ,
ਖ਼ੁਸ਼ੀ ਖ਼ਸ਼ੀ ਚੜ੍ਹਦਾ ਪੌੜੀਆਂ ਲੂਣਾਂ ਦੇ ਮਹਿਲ ਦੀਆਂ,
ਪੂਰਨ ਜਾਂਵਦਾ ਚੜ੍ਹਿਆ, ਜਾਂਦਾ ਵਾਂਗ ਖੁਸ਼ਬੋ ਦੇ ਸੀ ।

੧੫. ਪੂਰਨ ਦੇ ਦਿਲ ਨੂੰ ਮਹਿਲਾਂ ਚੜ੍ਹਦੇ ਸਾਰ ਕੁਝ ਹੁੰਦਾ

ਪਰ ਜਿਵੇਂ ਜਿਵੇਂ ਚੜ੍ਹਦਾ ਜਾਏ ਜ਼ੀਨਾ,
ਪੂਰਨ ਦਾ ਚਾਅ ਮਰਦਾ, ਦਿਲ ਕਮਲਾਉਂਦਾ,
ਵਾਂਗ ਫੁੱਲ ਦੇ ਧੁੱਪ ਲੱਗਿਆਂ, ਆਪਣੀ ਡੰਡੀ 'ਤੇ ਆਪ ਮੁਹਾਰਾ,
ਕਾਂਬਾ ਅੰਗਾਂ ਨੂੰ ਆਂਉਂਦਾ, ਮੂੰਹ ਪੀਲਾ ਜਿਹਾ ਪੈਂਦਾ, ਹੋਂਠ ਚਿੱਟੇ,
ਤੇ ਆਖਦਾ ਇਹ ਕੀ ਹੈ, ਮਹਿਲ ਮਾਂ ਦਾ, ਮਾਂ ਬੁਲਾਉਂਦੀ, ਉਡੀਕਦੀ ਦੇਖਣਾ
ਮੈਨੂੰ ਕਈ ਸਾਲਾਂ ਦੀ ।
ਪਰ ਮੇਰੇ ਦਿਲ 'ਤੇ ਇਉਂ ਦਿੱਸਦਾ ਜਿਉਂ ਦੋ ਪਰਬਤ ਕਾਲੇ ਦੋਹਾਂ
ਪਾਸੂੰ ਟੁਰ ਆ ਕੇ ਮੈਨੂੰ ਵਿਚ ਦੱਬਣ ਲੱਗੇ ਹਨ, ਤੇ ਹੁਣੇ ਜੀਂਦਿਆਂ
ਇਨ੍ਹਾਂ ਮੈਨੂੰ ਘੁੱਟ ਮਾਰਨਾ ।
ਇਹ ਕੀ ਪਿਆ ਹੋਂਵਦਾ, ਦਿਲ ਮੇਰਾ ਸੜਦਾ, ਅੱਗ ਜਿਹੀ ਲੱਗਦੀ, ਸਿਰ
ਦੁਖਦਾ, ਦਿਲ ਪਿਆ ਹਿਸਦਾ, ਜੀ ਮਰਨ ਨੂੰ ਕਰਦਾ ਹੈ,
ਚੱਲ ਪੂਰਨਾ ! ਮੁੜ ਚੱਲੀਏ ਇੱਛਰਾਂ ਮਾਂ ਦੇ ਦਿਲ ਦੇ ਬਾਗ਼ ਨੂੰ, ਉਹ
ਕਿਹਾ ਠੰਡਾ, ਕਿਹਾ ਚੰਗਾ, ਹਲਕਾ, ਖ਼ੁਸ਼ੀ ਦੇਣਾ ਵਾਲਾ ।
ਇਉਂ ਗੱਲਾਂ ਜਿਹੀਆਂ ਕਰਦਾ, ਆਪ ਨਾਲ ਘੁੱਟਿਆ ਜਿਹਾ, ਬਉਰਾਨਾ ਜਿਹਾ
ਪੂਰਨ ਮਹਿਲਾਂ ਉੱਪਰ ਜਾ ਚੜ੍ਹਿਆ ।

੧੬. ਲੂਣਾਂ ਤੇ ਪੂਰਨ

ਪੂਰਨ ਦੇਖ ਲੂਣਾਂ ਨੂੰ ਸੱਟ ਵੱਜੀ,
ਪਹਿਲੀ ਵਾਰ ਉਹਦਾ ਦਿਲ ਕੀਤਾ ਸੁਹਣੀ ਚੀਜ਼ ਕਿਸੇ 'ਤੇ ਕੁਰਬਾਨ ਹੋਣ ਨੂੰ ।
ਪਹਿਲੀ ਵਾਰ ਆਇਆ ਇਕ ਕਿਣਕਾ ਪਿਆਰ ਦਾ ਤੇ ਲੂਣਾਂ ਹੈਵਾਨ
ਮੋਈ-ਜੀਵੀ ਕੁਝ ਅੱਧ ਵਿਚਕਾਰ ਜਿਹੇ ਵਿਚ, ਅੱਧੀ ਅਜ ਇਨਸਾਨ ਹੋਈ,
ਪੂਰਨ ਨੂੰ ਤੱਕਦੀ ਏ, ਕੰਬਦੀ ਏ, ਆਪਾ ਵਾਰਦੀ ਏ,
ਪਰ ਚੁੱਪ ਖੜੀ, ਉਹਦੀ ਚੁੱਪ ਮੁੜ ਮੁੜ ਪੁਕਾਰਦੀ ਏ,
ਬੋਲਦੀ ਮੂੰਹੋਂ ਕੁਝ ਨਹੀ, ਜਿਵੇਂ ਪਿਆਰ ਵਿਚ ਅੱਜ ਮਰ ਗਈ ਹੈ, ਆਪਾ
ਜ਼ਾਲਮ ਉਹ ਭੁੱਲ ਗਈ ਏ, ਪਰ ਉਹਦੇ ਦਿਲ ਵਿਚੋਂ ਚੀਰ ਚੀਰ, ਸੁਨੇਹੇ
ਮਰਦ ਤੀਵੀਂ ਦੇ ਆਪੇ ਵਿਚ ਪਿਆਰ ਦੇ ਨਿਕਲਦੇ ਦਿਸਦੇ ਹਨ ।
ਮਹਿਲ ਵਿਚ ਦੋਵੇਂ ਕੱਲੇ ਖੜੋ, ਰਾਣੀ ਲੂਣਾਂ ਤੇ ਪੂਰਨ; ਉਹਦੇ ਸਾਹਮਣੇ, ਪੂਰਨ
ਦੀਆਂ ਅੱਖਾਂ ਹਿਠਾਹਾਂ ਤੱਕਣ, ਲੂਣਾਂ ਕੁਝ ਸ਼ਰਮਾਉਂਦੀ ਹੈ, ਕੁਝ ਜ਼ੋਰ
ਨਾਲ ਅੱਖਾਂ ਚੱਕ ਚੱਕ ਪੂਰਨ ਨੂੰ ਦੇਖਦੀ ਏ, ਵੇਲਾ ਇਉਂ ਹੈ ਦਿਲ ਦੀਆਂ
ਦੱਸਣ ਦਾ, ਇਹ ਸ਼ਰਮਾਂ ਕਿਉਂ ਮੌਕਾ ਵੰਞਾਂਦੀਆਂ ਹਨ ।
ਪਰ ਹਿੰਮਤ ਪੈਂਦੀ ਨਹੀਂ, ਪੂਰਨ ਇਕ ਰੱਬ ਦੀ ਜੋਤ ਵਾਂਗ ਬਲਦਾ ।
ਨੇੜੇ ਆ ਨਾ ਸਕੇ ਕੋਈ ਨੀਵਾਂ ਪਿਆਰ ਉਥੇ,
ਉਸ ਦੇ ਜਿਸਮ ਵਿਚ ਸੀ ਇਕ ਗਗਨੀ ਉਚਾਈ,
ਡਰਦੀ ਸੀ ਲੂਣਾਂ ਅਦਬ ਉਸ ਸੁਹੱਪਣ ਦੇ ਤੋੜਨੇ ਥੀਂ,
ਰਹਿ ਰਹਿ ਤਰਸੇ ਆਖਣ ਨੂੰ, ਪਰ ਆਖ ਕੁਝ ਨਾ ਸਕਦੀ ਸੀ ।
ਚੁੱਪ ਖੜੇ ਦੁਵਲਿਉਂ ਕੋਈ ਘੜੀਆਂ ਬੀਤੀਆਂ,
ਲੂਣਾਂ ਅੱਧੀ ਛੁਪਾਂਦੀ ਗੱਲ ਸਾਰੀ, ਅਧੀ ਦਸਦੀ ਏ ।

੧੭. ਲੂਣਾਂ ਦੇ ਅੱਧੇ ਛੁਪਾਏ, ਅੱਧੇ ਲੁਕਾਏ ਵਲਵਲੇ

ਲੂਣਾਂ ਮੂੰਹੋਂ ਤਾਂ ਚੁੱਪ ਸੀ, ਕਦੀ ਕੋਈ ਕੋਈ ਅੱਖਰ ਬੋਲਦਾ, ਪਰ ਉਹਦੇ
ਜਿਸਮ ਦਾ ਪੁਰਜ਼ਾ, ਪੁਰਜ਼ਾ ਪੁਕਾਰਦਾ ਸੀ,
ਇਹ ਵਲਵਲੇ ਲੁਕਾ ਕੇ ਸਾਰੇ ਉਸ ਨੇ, ਪਰ ਇਕ ਵਿਚਲਾ ਜਦ ਬੋਲੇ, ਸਾਰਾ
ਮਤਲਬ ਉਹ ਆਪਣਾ ਲੁਕਾ ਲੁਕਾ ਦਸਦੀ ਸੀ, ਬਾਣੀ ਬਤਾਵਿਆਂ ਦੀ ਸੀ,
ਹੱਥ ਪੈਰ ਉਹਦੇ, ਨੈਣ, ਮੱਥਾ ਸਭ ਇਉਂ ਬੋਲਦੇ ਸੀ :
ਮੈਂ ਤੇਰੀ ਮੈਨੂੰ ਕਰ-ਚੇਰੀ, ਮੈਂ ਤਾਂ ਤੇਰੇ ਰੂਪ ਨੇ ਆਣ ਜਿਵਾਈ ਆਂ ਵੇ ।
ਮੈਨੂੰ ਪਾ ਡੋਲੀ, ਲਾਡ ਲਡਾ, ਮੈਂ ਸਾਰੀ, ਮੈਨੂੰ ਪਾ ਬਾਹੀਂ,
ਖਿੱਚ ਸਾਰੀ ਆਪਣੇ ਵਲ ਵਾਰੀ ਤੇ ਖਿਡਾ ਉਮਰਾਂ ਸਾਰੀਆਂ ਵੇ !
ਮੇਰੇ ਮੱਥੇ ਨੁੰ ਤੱਕ, ਇਹ ਧੜਕਦਾ ਹੈ, ਲੋਚੇ ਲੇਟਣਾ ਛਾਤੀਆਂ ਵੇ !
ਉਤੇ ਢਵ੍ਹਾਂ ਮੈਂ ਬੇਹੋਸ਼ ਹੋ, ਫੈਲਾਈ ਬਾਹਾਂ ਤੂੰ ਆਪਣੀਆਂ, ਮੈਨੂੰ ਮੁੜ ਮੁੜ
ਸੰਭਾਲ ਵਾਰੀ ।
ਮੈਨੂੰ ਰੱਜ ਕੇ ਗਲ ਲੱਗ ਲੈਣ ਦੇਵੀਂ,
ਮੈਨੂੰ ਮੁੜ ਮੁੜ ਮਿਲ ਬਾਹੀਂ ਪਸਾਰ ਵਾਰੀ ।
ਉੱਚਾ ਕਰ ਓ ਉੱਚਿਆ ਮਸਤ ਜਵਾਨਾ,
ਮੈਂ ਖਲੀ ਹਿਠਾਹਾਂ, ਉਡੀਕਾਂ ਤੇਰੀਆਂ ਵੇ ।
ਮੈਨੂੰ ਪੀਣ ਦੇਵੀਂ ਡੀਕ ਲਾ ਕੇ ਆਪਣਾ ਮੁਖ ਚੰਦ ਵਾਰੀ ।
ਘੁਟ, ਗਲ ਲਾ, ਚਾ ਮੈਨੂੰ, ਸੰਭਾਲ ਮੈਨੂੰ,
ਮੈਂ ਤਾਂ ਢੱਠੀਆਂ ਢੱਠੀਆਂ ਨਿਕਾਰਿਆ ਵੇ ।
ਪੂਰਨਾ ! ਰੱਖ ਲਾਜ ਮੇਰੀ, ਕਰ ਪਿਆਰ ਜੋਰੀ, ਪਾ ਪਾ ਠੰਢੀਆਂ ਵੇ ।
ਚੋਰੀ ਪਿਆਰ ਦਾ ਡੂਘਾ ਕੋਈ ਸਵਾਦ ਹੈ ਵੇ, ਜਿਹੜਾਮੈਂ ਸਿਖਾਸਾਂ,
ਤੂੰ ਅੱਜ ਖ਼ੈਰ ਪਾ ਸੁਹਣਿਆਂ, ਦਾਨਿਆ, ਮੌਲਿਆ ਵੇ ।
ਮੈਂ ਤਾਂ ਖੜੀ ਖ਼ੈਰ ਮੰਗਦੀ, ਬਰਦੀ, ਨਿਕਾਰੀਆਂ, ਹਾਰੀਆਂ ਵੇ ।

੧੮. ਪੂਰਨ ਦਾ ਪਹਿਲਾ ਬਚਨ ਲੂਣਾਂ ਨੂੰ

ਪੂਰਨ ਘੂਰਦਾ, ਮੱਥੇ ਡਾਢੇ ਕਰੜੇ ਵਟ ਪਾ ਕੇ,
ਧੀਰਜ ਧਾਰ ਕੇ ਬੋਲਦਾ ਬਚਨ ਕਰੜੇ,
ਮੈਂ ਪੁੱਤ ਤੇਰਾ, ਪੁੱਤ ਪਾ ਝੋਲੀ, ਦਿਲ ਆਪਣਾ ਤੂੰ ਰੰਜ ਰਿਝਾ ਮਾਏ ।
ਕਰ ਪਿਆਰ ਮੈਨੂੰ, ਪਿਆਰ ਰੱਬ ਮਾਏ, ਝੋਲ ਆਪਣੀ ਨਾ ਸਮਝ ਤੂੰ ਖ਼ਾਲੀ,
ਇਹ ਅੱਖਾਂ ਹੱਥਾਂ ਆਪਣਿਆਂ ਨਾਲ ਮੈਂ ਕੱਢ ਦੇਸਾਂ,
ਇਹ ਜਿਸਮ ਹੱਥੀਂ ਆਪਣੇ ਨਾਲ ਮੈਂ ਟੁਕ ਦੇਸਾਂ,
ਜੇ ਕਦੀ ਮੈਂ ਤੇਰੇ ਤੇ ਇੱਛਰਾਂ ਵਿਚ ਭੇਤ ਜਾਣਾਂ,
ਦੇਖ ! ਮੈਂ ਪੁੱਤ ਮਾਏ, ਤੂੰ ਮਾਂ ਮੇਰੀ, ਧਿਆਨ ਕਿਧਰ ਨੱਸਿਆ ਅਜ ਮਾਏ ?
ਕਰ ਜੇ ਲੋੜ ਤੈਨੂੰ ਇੱਛਰਾਂ ਮਾਂ ਦੀ ਗੋਦ ਸਖਣੀ,
ਸਾਰਾ, ਸਾਰਾ ਤੂੰ ਬਣਾ ਆਪਣਾ ਪੁੱਤ ਮੈਨੂੰ, ਰੱਖ ਮਹਿਲੀਂ ਸਦਾ ਮੈਨੂੰ ਤੂੰ ਆਪਣੇ,
ਮੈਂ ਪੁੱਤ ਤੇਰਾ, ਤੂੰ ਸਦਾ ਮੇਰੀ ਮਾਂ ਮਾਏ ।

ਇਹ ਪਿਆਰ ਜਿਹੜਾ ਜਾਗਿਆ ਈ,
ਇਹਨੂੰ ਦਿਲ ਲਾ ਦੇਖ ਮਾਏ, ਇਹ ਅਰਸ਼ ਦੀ ਦਾਤ ਬੂਹਾ ਤੇਰਾ ਖਟਖਟਾਉਂਦੀ ਹੈ,
ਬੂਹਾ ਖੋਲ੍ਹ ਮਾਏ, ਬਰਕਤ ਰੱਬ ਦੀ ਕੂਕਦੀ ਆਉਂਦੀ ਏ ।
ਕਿਹੜੇ ਪਾਸੇ ਹੋਸ਼ ਪਿਆਰ ਤੇਜ ਦਾ ਇਕ ਚੱਕਰ ਖਾ ਕੇ, ਗਏ ਉੱਡ ਅੱਜ ਮਾਏ ।
ਮੋੜ ਵਾਗਾਂ ਮਨ ਦੀਆਂ ਨੂੰ, ਦੇਖ ਪਿਆਰ ਸੁੱਚਾ, ਰੱਬ ਇਨਸਾਨੀ ਖੜ੍ਹਾ ਸਾਹਮਣੇ।
ਅੱਖਾਂ ਖੋਲ੍ਹ, ਪਛਾਣ ਮਾਏ, ਵੇਲਾ, ਘੜੀ ਦੇਖ ਸਿਞਾਂਣ ਮਾਏ ।

੧੯. ਲੂਣਾਂ ਮੁੜ ਉਹੋ ਸੁਰ ਛੇੜਦੀ ਹੈ

ਕੁਝ ਬੇਹੋਸ਼ ਹੋਈ, ਬੇਬਸ ਹੋਈ, ਲਾਚਾਰ ਜਿਹੀ, ਮਾੜੇ ਕਰਮਾਂ ਦੀ ਘੁੰਮਣ
ਘੇਰੀਆਂ ਵਿਚ :
ਪੂਰਨਾ ! ਛੱਡ ਗੱਲਾਂ, ਘੁੱਟ ਪਾ ਗੱਲ ਵੰਗਣੀਆਂ ਵੇ ।
ਹੋਣ ਹੋਠਾਂ ਵਿਚ ਹੋਂਠ ਗੱਡੇ ਤੇਰੇ, ਮੇਰੇ,
ਤੇ ਨੈਣਾਂ ਵਿਚ ਨੈਣ ਗੱਡੀਆਂ ਵੇ,
ਇਹ ਲੱਛਦੀ ਛਾਤੀਆਂ ਮੇਰੀਆਂ ਵੇ, ਘੁੱਟ ਲਾ ਛਾਈ ਆਪਣੀਆਂ ਵੇ ।
ਤੇ ਰੱਖ ਖੜ੍ਹੀ ਖੜ੍ਹੀ, ਬੱਧੀ ਬਧਾਈ ਸਦਾ ਆਪਣੀਆਂ ਜੱਫੀਆਂ ਵੇ ।
ਜਕੜੀਂ ਜਕੜੀਂ, ਮੇਰੀਆਂ ਕਲਾਈਆਂ ਵੇ, ਬੰਦੀਆਂ, ਬੰਦੀਆਂ ਤੇਰੀਆਂ ਵੇ ।

ਦੇਖ ! ਇਹ ਰੰਗੀਲੜੀਆਂ ਪਲੰਘੜੀਆਂ ਮੇਰੀਆਂ ਵੇ ।
ਬਹਿ ਏਥੇ, ਤੂੰ, ਏਥੇ, ਹੁੱਬਾਂ ਮੇਰੀਆਂ ਤੇਰੀਆਂ ਵੇ ।
ਹੱਥ ਮੇਰੇ ਹੱਥ ਦੇਵੀਂ, ਮੈਂ ਠੰਢੀਆਂ ਕਰਨੀਆਂ ਇਹ ਛਾਤੀਆਂ ਤੱਤੀਆਂ ਵੇ ।

ਪੂਰਨਾ ! ਨਾ ਜੀਣ ਜੋਗੀ ਰਹੀ ਹੁਣ ਮੈਂ
ਤੇਰੇ ਰੂਪ ਨੇ ਮੈਨੂੰ ਮਾਰਿਆ ਈ,
ਕਰ ਬਾਹੁੜੀਂ, ਵੈਦਾ ਤੂੰ ! ਛੱਡ ਗੱਲਾਂ
ਸੰਭਾਲ ਮੈਂ ਨਾਰ, ਨਾਜ਼ਕ, ਕਮਜ਼ੋਰ ਤੇ ਪਤਲੀਆਂ ਵੇ ।

੨੦. ਪੂਰਨ ਦਾ ਦੂਜਾ ਬਚਨ

ਆ ਦੇਖ ਮਾਏ ! ਮੈਂ ਪੁੱਤ ਖੜ੍ਹਾ,
ਲੋਚਦਾ ਚਰਨਾਂ 'ਤੇ ਸੀਸ ਰੱਖਣਾ
ਤੇ ਮੰਗਦਾ ਮੈਂ ਅਸੀਸ ਤੇਰੀ,
ਦੇਖ ! ਸੂਰਜ ਡੁੱਬਸੀ ਮਾਰ ਇਕ ਢਾਹ ਮਾਏ,
ਢਹਿਸੀਂ ਛੱਤ ਆਕਾਸ਼ ਦਾ ਕਾੜ ਕਾੜ ਮਾਏ,
ਪਰਲੋ ਆਣ ਨਾ ਜਾਣ ਕੇ ਤੂੰ,
ਮਰਸੀ ਸਾਰਾ ਜੱਗ ਛੁਰੀਆਂ ਖਾ ਮਾਏ,
ਖ਼ਿਆਲ ਸਿਧਾ ਕਰ ਮਾਏ, ਸਿੱਧਾ ਰਾਮ ਰਾਮ ਮਾਏ ।
ਡਿੰਗਾ ਉਹੋ ਹੀ ਮਾਰਦਾ ਡੰਗ ਮਾਏ ।
ਅੰਮ੍ਰਿਤ ਅਜ ਰੱਬ ਪਾਂਦਾ ਤੇਰੇ ਪਿਆਲੇ,
ਜ਼ਹਿਰ ਬਣਾ ਕੇ ਨਾ ਤੂੰ ਘੁੱਟ ਭਰ ਮਾਏ !

੨੧. ਲੂਣਾਂ ਦਾ ਪਾਗ਼ਲਪਨ

ਲੂਣਾਂ ਕਦੀ ਪੈਰ ਪਕੜੇ, ਮੁੜ ਮੁੜ ਡਿੱਗੇ,
ਕਦੀ ਨਿਰਾਸ ਹੋਵੇ, ਕਦੀ ਗੁੱਸਾ, ਕਦੀ ਤਲਵਾਰ ਦਾ ਤੇਜ ਦਿਖਾਉਂਦੀ ਏ,
ਪਰ ਪਾਣੀ ਉੱਬਲਦੇ ਦੀਆਂ ਛਿਣਕਾਂ ਠੰਢੇ, ਉੱਚੇ ਬਰਫ਼ ਦੇ ਪਰਬਤਾਂ ਦਾ ਨਾ
ਕੁਝ ਵਿਗਾੜ ਸਕਣ ।

ਆਖ਼ਰ ਜਦੋਂ ਉਹ ਪੂਰੀ ਬੇਹੋਸ਼ ਹੋਈ,
ਰਤਾ ਰਹੀ ਨਾ ਉਸ ਨੂੰ ਖ਼ਬਰ ਕਾਈ,
ਦੌੜੀ ਦੰਦ ਨਪੀੜ ਉਹ ਵਲ ਪੂਰਨ,
ਲਿਆ ਪਕੜ ਬਾਹਾਂ ਆਪਣੀਆਂ ਵਿਚ,
ਤੇ ਪਾਗਲ ਜਿਹੇ ਜ਼ੋਰ ਵਿਚ ਸੁੱਟਿਆ,
ਪੂਰਨ ਕੋਲ ਵਿਛੇ ਇਕ ਪਲੰਘ 'ਤੇ ।
ਤਦੋਂ ਨੱਸਿਆ ਨੱਸਿਆ ਪੂਰਨ ਮਸੇਂ ਹੱਥ ਛੁਡਾ,
ਪਿੱਛੇ ਤੱਕਿਆ ਨਾਂਹ, ਗਿਆ ਦੌੜ ਪੂਰਨ,
ਆਖਦਾ, ਮਾਂ ਅਜ ਕੇਹੀ ਪਾਗਲ ।

ਲੂਣਾਂ ਪੂਰਨ ਪੂਰਨ, ਆਖਦੀ ਰਹਿ ਗਈ,
ਪਿਆਰ ਦਾ ਕਿਣਕਾ ਦਿਲ ਵਿਚੋਂ ਖਿਸਕਿਆ,
ਉਸ ਵੇਲੇ ਜਿਸ ਵੇਲੇ ਗਿਆ ਪੂਰਨ,
ਪਿਆਰ ਜਿੰਨਾ ਉਠਿਆ ਸੀ, ਉਹ ਵੈਰ ਵਿਚ ਬਦਲਿਆ ।
ਬਦਲਾ ਤੇ ਈਰਖਾ ਤੇ ਹਸਦ ਦੀ ਅੱਗ ਬਲ ਉਠੀ,
ਆਖਦੀ ਮਾਰਾਂਗੀ ਪੁੱਤ ਇੱਛਰਾਂ ਦਾ ਉਸ ਮੌਤੇ ਜਿਹੜੀ ਮੌਤ ਕਿਸੇ ਕਦੇ ਨਾ
ਸੁਣੀ ਅੱਜ ਤੱਕ ।

੨੨. ਲੂਣਾਂ ਦਾ ਮਨਸੂਬਾ

ਆਖ਼ਰ ਕੌਣ ਜਾਣੇ ਗੱਲ ਉਹ ਜਿਹੜੀਆਂ,ਲੂਣਾਂ ਕੀਤੀਆਂ ਦੀਵਿਆਂ ਹਿੱਸਿਆਂ ਵਿਚ,
ਲੂਣਾਂ ਮਨਸੂਬਾ ਪਕਾਇਆ ਕੁੰਜ ਗੋਸ਼ੇ; ਦਿਤਾ ਸਬੂਤ ਸਾਰਾ,
ਆਖੇ ਪੁੱਤ ਤੇਰਾ ਕਾਮ ਦਾ ਪੁਤਲਾ ਬਘਿਆੜ ਭਾਰਾ,
ਮੇਰਾ ਸਤ ਓਸ ਕੱਲ੍ਹ ਭੰਨਣ ਕਰਨ ਦੀ ਕੀਤੀ,
ਮੱਸੇਂ ਲੜ ਮੈਂ ਆਪਣਾ ਆਪ ਬਚਾਇਆ,
ਆਪਣੀ ਛਾਤੀ 'ਤੇ ਲੱਗੇ ਨਖ ਦਸੇ, ਮੂੰਹ ਦਸਿਆ ਨਹੁੰਦਰਾਂ ਨਾਲ ਭਰਿਆ,
ਵਾਲ ਭਰਿਆ, ਵਾਲ ਖਲੇਰ ਦਸੇ,
ਰਾਜੇ ਸਾਲਵਾਹਨ ਨੂੰ ਪੂਰਾ ਯਕੀਨ ਕਰਾਇਆ ।
ਸਬਰ ਹੋਇਆ ਰਾਜੇ ਸਾਲਵਾਹਨ ਨੂੰ ਤਦੋਂ,
ਮਸੇਂ ਮਸੇਂ ਰੋਂਦਿਆਂ, ਭਬਕਦਿਆਂ ਰਾਤ ਬੀਤੀ,
ਤੇ ਸਵੇਰ ਸਾਰ ਬੁਲਾਇਆ ਪੁੱਤ ਪੂਰਨ ਵਾਂਗ ਭਾਰਿਆ ਮੁਲਜ਼ਮਾਂ ਦੇ ।
ਆਖੇ ਡੱਕਰੇ ਕਰਾਂਗਾ ਪੁੱਤਰਾ ! ਅਜ ਤੇਰੇ,
ਜਿਸ ਬਾਹਰ ਨਿਕਲਦਿਆਂ ਹੀ ਜੱਗ ਸਾਰੇ ਨੂੰ ਦਾਗ਼ ਲਾਇਆ ।

੨੩. ਪੂਰਨ ਮੁਲਜ਼ਮ

ਪੂਰਨ ਚੁੱਪ ਖੜਾ ਜਿਵੇਂ ਪਰਬਤ ਭਾਰਾ,
ਕੱਲ੍ਹ ਮਾਂ ਸੀ ਪਾਗਲ, ਅੱਜ ਪਿਉ ਪਾਗਲ, ਗੱਲ ਕਰਨ ਦਾ ਨਾ ਥਾਂ ਸੀ ਕੋਈ,
ਮਾੜਾ ਜਿਹਾ ਉਹ ਫ਼ਿਕਰ ਕਰਦਾ, ਮਾਂ ਆਪਣੀ ਦਾ,
ਉਹਦਾ ਕੀ ਹਵਾਲ ਹੋਸੀ, ਕਹਿੰਦਾ ਨਿਜ ਮੈਂ ਜੰਮਦਾ, ਨਾ ਦੁੱਖ ਹੁੰਦਾ, ਇਹ ਮਾਂ
ਨਾਲ ਕੀ ਜ਼ੁਲਮ ਹੋਣ ਲੱਗਾ ?
ਸਾਲਵਾਹਨ ਨੇ ਹੁਕਮ ਦਿੱਤਾ, ਲੈ ਜਾਉ ਇਹਨੂੰ ਉਹ ਹਲਾਲ ਖ਼ੋਰੋ, ਅੰਗ ਅੰਗ
ਪੱਛੋ ਇਹਦੇ, ਮਾਰੋ ਇਹਨੂੰ ਇਸ ਮੌਤੇ ।

੨੪. ਮਾਂ ਇੱਛਰਾਂ ਦੀ ਕੂਕ ਕਚਹਿਰੀ ਰਾਜਾ ਸਾਲਵਾਹਨ ਵਿਚ

ਮਾਂ-ਇੱਛਰਾਂ, ਕਹਿਰ ਭਰੀ, ਕੁਰਲਾਉਂਦੀ ਆਈ; ਚੀਰ, ਫਾੜ, ਰਾਜ ਦੇ ਸਤਰ ਸਾਰੇ,
ਤੇ ਖੁੱਲ੍ਹੇ ਦਰਬਾਰ ਵਿਚ ਵਾਂਗ ਦੇਵੀ ਕੋਪਵਾਨ ਹੋ, ਇਉਂ ਕੜਕਦੀ ਵਾਂਗ
ਬਿਜਲੀਆਂ ਦੇ :
ਸੜਨ ਕੋਠੜੇ ਸਾਲਵਾਹਨਾ!
ਸੜਨ ਤਖ਼ਤ ਤੇ ਤਾਜ ਮਹਿਲ ਸਾਰੇ,
ਸੜੇ ਰਾਜ ਤੇਰਾ, ਹੁਕਮ ਤੇਰਾ, ਸੜਨ ਤੇਰੀਆਂ ਇਹ ਮਹਿਫ਼ਲਾਂ ਵੇ ।
ਮਾਰੇਂ ਗਊ ਵਰਗਾ ਚਿੱਟਾ ਦੁੱਧ ਪੁੱਤ ਮੇਰਾ, ਬੇਦੋਸ਼ ਬੇਲੋਸ, ਬੇਜ਼ੁਬਾਨ ਬੱਚਾ,
ਜ਼ਾਲਮਾਂ ! ਤਖ਼ਤ 'ਤੇ ਬਹਿ ਤੂੰ ਜ਼ੁਲਮ ਕਮਾਵੇਂ, ਯਾਦ ਨਹੀਂ ਤੈਨੂੰ, ਇਹ ਤਖ਼ਤ
ਰੱਬ ਸੱਚੇ ਦਾ, ਕਦੀ ਨਾਂਹ ਤੇਰਾ,
ਤੂੰ ਉਹਦਾ ਚਾਕਰ ਤੱਕੜੀ ਤੋਲਣ ਵਾਲਾ, ਤੋਲੇਂ ਬਹਿ ਇਸ ਉੱਚੀ ਥਾਂ 'ਤੇ ਕੂੜ,
ਕਪਟ ਸਾਰਾ,
ਹੁਕਮ ਲੂਣਾਂ ਉਸ ਤੱਤੜੀ ਦਾ ਮੰਨੇਂ, ਤੱਕੇ ਉਤੇ ਨਾਂਹ ਅੱਖ ਖੋਲ੍ਹ ਕੇ-ਰੱਬ
ਕੀ ਆਖਦਾ !

ਤੇਰਾ ਕੀ ਅਹਿਵਾਲ ਹੋਸੀ, ਮਰ ਕੇ ਸਾਲਵਾਹਨਾ?
ਕੀ ਮੌਤ ਥੀਂ ਪਾਰ ਦੇ ਦੇਸ ਦਾ ਜੀਣਾ ਤੈਨੂੰ ਭੁੱਲ ਗਿਆ ?
ਰੱਬ ਭੁੱਲ ਗਿਉਂ ਜਿਹਾ ਵਿਹਲਾ, ਜਿਸ ਇਹ ਤਖ਼ਤ, ਤਾਜ ਤੇ
ਰਾਜ ਤੇ ਹੁਕਮ ਦਿੱਤਾ ?
ਤੈਨੂੰ ਕੇਹੀ ਵਾ ਵੱਗੀ, ਕੀ ਹੋ ਗਿਆ ਸੁਦਾਅ ਰਾਜਾ ।
ਸੱਚੇ ਰਾਜੇ ਤੂੰ ਭੁੱਲ ਗਿਉਂ, ਬਣਿਉਂ ਆਪ ਤੂੰ ਹੁਕਮ ਦੇਣ ਵਾਲਾ,
ਤੱਕ ਤੱਕ ਰੱਬ ਵਲ, ਉੱਠ ਜਾਗ ਸਾਲਵਾਹਨਾ ।
ਪੁੱਤ ਬੇਲੋਸ, ਬੇਦੋਸ਼, ਬੇਜ਼ੁਬਾਨ ਹੈ ਵੇ,
ਤੇਰੇ ਭਾਗ ਹਿਰ ਗਏ ।

ਇਹ ਵਜ਼ੀਰ ਅਮੀਰ ਤੇਰੇ, ਕਿਹੇ ਚੁਣੇ ਤੂੰ ਹਨ,
ਤਰੀ ਭੈੜੀ ਹਾਂ ਨੂੰ ਹਾਂ ਆਖਣ, ਤੇਰੀ ਨਾਂਹ ਇਨ੍ਹਾਂ ਦੀ ਆਖ਼ਰ ਨਾਂਹ ਹੈ,
ਵਜ਼ੀਰ, ਅਮੀਰ ਉਹ ਜਿਹੜੇ ਯਾਦ ਕਰਾਉਣ ਵਕਤ ਕਹਿਰ ਦੇ,
ਰੱਬ ਹੈ, ਤੇ ਇਹ ਤਖ਼ਤ ਰਾਜ ਉਸ ਦਾ,
ਇਹ ਤਖ਼ਤ 'ਤੇ ਸਦਾ ਵਰਤੇ ਹੁਕਮ ਰੱਬ ਦਾ,
ਇਥੇ ਕਾਨੂੰਨ ਨ ਚੱਲਣ ਬੰਦਿਆਂ ਗੰਦਿਆਂ ਦੇ ।

ਕੇਹੀ ਮਾਰ ਵੱਗੀ ਤੈਨੂੰ ਸਾਲਵਾਹਨਾ !
ਇਹ ਰਾਜ ਗਿਆ, ਗਿਆ ਡੁੱਬਿਆ, ਮੁੱਕਿਆ ਅੱਜ ਥੀਂ ਓ ਸਾਲਵਾਹਨਾ ।
ਇਸ ਰਾਜ ਅੱਜ ਰੱਬ ਭੁਲਾਇਆ ਹੈ,
ਇਹ ਰਾਜ ਰੁੜ੍ਹ ਗਿਆ ਸਾਰਾ,
ਵਾਗਾਂ ਸੌਂਪੀਆਂ ਨਾਰ ਨੂੰ ਸਾਲਵਾਹਨਾ ।

ਕੇਹੀ ਅੱਗ ਬਾਲੀ ਇਸ ਤੱਤੜੀ ਨੇ,
ਲੂਣਾਂ ਸਾੜਿਆ ਹੈ ਚੁਕ ਰਾਜ ਸਾਰਾ,
ਓ ਭੁੱਲਿਆ ਭੁੱਲਿਆ ਸਾਲਵਾਹਨਾ !
ਰੋਵੇਂਗਾ ਇਹ ਵਖਤ ਵਿਹਾ ਕੇ ਤੇ,
ਵੱਸ ਪੈ ਭੂਤਾਂ ਪਿਆ ਗਰਜਨਾ ਏਂ,
ਤੈਨੂੰ ਹੋਸ਼ ਨਾਹੀਂ, ਤੂੰ ਮਰ ਗਿਆ ਹੈਂ ਵੇ ।

੨੫. ਪੂਰਨ ਨੂੰ ਲੈ ਗਏ ਮਾਰਨੇ ਨੂੰ

ਕੂਕ ਇੱਛਰਾਂ ਦੀ ਦਾ ਕੁਝ ਅਸਰ ਨਾ ਹੋਇਆ,
ਬੱਚਾ ਉਹਦਾ ਗਿਆ ਫੜਿਆ, ਗਏ ਲੈ ਉਹਨੂੰ ਮਾਰਨੇ ਨੂੰ
ਮਾਂ-ਇੱਛਰਾਂ ਗਈ ਨਾਲੇ, ਆਖੇ, ਕੋਹੋ ਮੈਨੂੰ ਪਹਿਲੇ ਓ ਜ਼ਾਲਮੋਂ ਜ਼ਾਲਮੋਂ ਵੇ ।
ਮਿੱਟੀ ਜ਼ਮੀਨ ਸਿਆਲਕੋਟ ਦੀ ਜ਼ਾਰੋ ਜ਼ਾਰ ਰੋਵੇ,
ਰੋਵਣ ਖ਼ਲਕਤਾਂ ਸਾਰੀਆਂ ਲਹੂ ਅੱਥਰੂ,
ਤੇ ਜਦੋਂ ਪੂਰਨ ਲੱਗ ਇੱਛਰਾਂ ਦੇ ਗਲ ਰੋਇਆ,
ਉਥੇ ਟੁੱਟਿਆ ਕੜ ਸਭ ਪਥਰਾਂ ਦਾ,
ਜ਼ਮੀਨ ਆਸਮਾਨ ਰੋਇਆ ਉਸ ਵੇਲੇ, ਮਾਂ, ਪੁੱਤ ਨੂੰ ਵਿਛੜਦਿਆਂ ਦੇਖ ਕੇ ।

ਪੁੱਤ ਖੋਹ ਕੇ ਲੈ ਗਏ ਜ਼ਾਲਮ ਮਾਂ ਪਾਸੋਂ,
ਮਾਂ ਖੋਹ ਕੇ ਲੈ ਗਏ ਦੂਜੇ ਪਾਸੇ ਜ਼ਾਲਮ ਪੁੱਤ ਪਾਸੋਂ,
ਇੱਛਰਾਂ ਮਹਿਲਾਂ ਵਿਚ ਕੈਦ ਕੀਤੀ ਰਾਜੇ,
ਹਨੇਰੇ ਜਿਹੇ ਵਿਚ ਪੂਰਨ ਡੁੱਬਿਆ ਵਾਂਗ ਸੂਰਜ,
ਮਾਂ ਰਹਿ ਗਈ ਧਰਤ ਤੇ ਹਨੇਰੇ ਵਿਚ ਪਕੜੀ,
ਹੱਥਾਂ ਪੈਰਾਂ ਜਕੜੀ, ਰੂਹ ਨੂੰ ਰਾਹ ਮਿਲਿਆ ਨਾ ਨਾਲ ਜਾਣ ਦਾ ।
ਬੱਚਾ ਗਿਆ, ਉਹ ਗਿਆ, ਇੱਛਰਾਂ ਦੀ ਕਰਦਾ ਝੋਲ ਖ਼ਾਲੀ,
ਇੱਛਰਾਂ ਕੁਰਲਾਉਂਦੀ, ਮਾਰ ਹੱਥ ਛਾਤੀ, ਆਪਣੀ ਛਾਤੀ
ਮੁੜ ਪੁੱਟਦੀ ਖਿਨੋਤ੍ਰਦੀ ਹੈ ।

੨੬. ਪੂਰਨ ਦਾ ਖੂਹ ਵਿਚ ਸੁੱਟਣਾ

ਆਖ਼ਕਾਰ ਹਲਾਲ ਖ਼ੋਰਾਂ ਨੂੰ ਵੀ ਤਰਸ ਆਇਆ,
ਦਿਲ ਉਨ੍ਹਾਂ ਦਾ ਕੰਬਆਿ ਮਾਰਨੇਂ ਥੀਂ
ਆਖ਼ਰ ਪੁੱਤ ਪੂਰਨ ਮੁਲਕ ਦੇ ਬਾਦਸ਼ਾਹ ਦਾ ਸੀ
ਬੇਦੋਸ਼ ਇਹ ਬੱਚਾ ਕੋਮਲ, ਕੰਵਰ ਸਾਡਾ, ਆਖ਼ਰ ਉਨ੍ਹਾਂ ਵੀ ਦਿਲ ਦੀਆਂ ਅੱਖਾਂ
ਨਾਲ ਤੱਕਿਓ ਨੇ ।
ਪੂਰਨ ਮੂੰਹੋਂ ਕੁਝ ਨਾ ਬੋਲਦਾ ਸੀ ਕੁਝ, ਕਿਧਰੇ, ਕਿਸੇ ਨਾਲ,
ਪਰ ਉਹਦਾ ਅੰਗ, ਅੰਗ, ਸਾਰਾ ਜੁੱਸਾ ਆਖੇ,
ਸੱਚ ਸੱਚ ਹੈ, ਕੂੜ ਕੂੜ ਹੈ, ਰੱਬ ਸੱਚ ਹੈ, ਜਿੰਦ ਰੂਹ ਜਿਸ ਦੀ ਧੁਰੋਂ ਅੰਦਰੋਂ
ਸੱਚੀ, ਹੋਰ ਸਭ ਮੌਤ, ਹਨੇਰਾ, ਇਕ ਨਾਂਹ ਹੈ, ਸੱਚ ਜਿੱਤਸੀ ਭੋਲਿਆਂ
ਭਾਲਿਆਂ ਦਾ ਸਦਾ ਰੱਬ ਹੈ ।
ਸੁੱਟ ਖੂਹ ਵਿਚ ਗਏ ਜੀਂਦੇ ਜਾਗਦੇ ਨੂੰ,
ਪੰਜਾਬ ਦਾ ਯੂਸਫ਼ ਅੱਜ ਖੂਹ ਵਿਚ ਪਾ ਗਏ
ਤੇ ਜਾ ਦੱਸਿਆ ਪੂਰਨ ਨੂੰ ਮਾਰ ਆਏ,
ਰਲ ਮਿਲ ਸਾਰਿਆਂ ਗਵਾਹੀ ਦਿੱਤੀ, ਕਪੜੇ ਲਹੂ ਨਾਲ ਭਰੇ ਨਾਲ ਲੈ ਗਏ,
ਕੁਝ ਹੋਰ ਚਿੰਨ੍ਹ ਉਹਨੂੰ ਮਾਰਨੇ ਦੇ ।

੨੭. ਪੂਰਨ ਦੇ ਦੋ ਬਾਗ਼ਾਂ ਸਿਆਲਕੋਟ ਵਾਲਿਆਂ ਦਾ ਹਾਲ

ਬਾਗ ਪੂਰਨ ਦਾ ਵਿਛੜ ਸੜ ਸੁੱਕ ਗਿਆ,
ਨਹਿਰਾਂ ਬਾਗ਼ ਦੀਆਂ ਤ੍ਰਿਹਾਈਆਂ ਵਾਂਗ ਮੱਛੀਆਂ, ਬਿਨ ਪਾਣੀ ਮੂੰਹ ਅੱਡਦੀਆਂ
ਸਨ, ਦਿੱਸਣ ਸਭ ਲੁੱਛਦੀਆਂ ਤੜਫਦੀਆਂ ।
ਖੱਬਲ ਘਾਹ ਤੇ ਸਾਵਲ ਹਰਿਆਵਲਾ ਸੜ, ਮਨੂਰ ਸਭ ਖ਼ਾਕੋ ਖ਼ਾਕ ਹੋਈਆਂ,
ਅੰਗੂਰ ਵੇਲਾਂ ਤੇ ਹੋਰ ਸ਼ਗੂਫੇ, ਫੁੱਲਾਂ ਫਲਾਂ ਤੇ ਬਿਰਖ ਸਾਰੇ ਖੜੇ ਵਾਂਗ ਸੁੱਕੀਆਂ
ਹੱਡੀਆਂ ਪਿੰਜਰੇ ਹੋਏ ਜਿਵੇਂ ਤਪੱਸਵੀਆਂ ਦੇ,
ਮੁੱਦਤ ਲੰਘ ਗਈ ਤਪਦਿਆਂ ਦੀ, ਨਿਰੇ ਪਿੰਜਰੇ ਖੜੇ ਕਿੜਿੰਗ ਹੋ, ਹਵਾਵਾਂ
ਵਗਦੀਆਂ ਨਾਲ ਲੱਗ ਉਹ ਖੜਖੜਾਂਦੇ ।
ਪਰ ਕਿਸੇ ਕਿਸੇ ਡਾਲ ਦੇ ਮੁੱਢ ਵਿੱਚੋਂ, ਕੋਈ ਕੋਈ ਕੌਂਪਲ ਮੂੰਹ ਕੱਢਦੀ ਸੀ,
ਤੇ ਕਿਸੇ ਕਿਸੇ ਡਾਲੀ ਨਾਲ ਕੋਈ ਕੋਈ ਫੁੱਲ, ਵਾਂਗ ਆਸਾਂ ਦੀਆਂ ਅੱਖਾਂ ਦੇ ਨਿਕਲਦੇ,
ਰਾਹ ਤੱਕਦੇ ਨਾਲ ਨਾਉਮੈਦੀਆਂ ਦੇ, ਆਹਾਂ ਭਰ ਆਖਣ, ਕੀ ਕਦੀ ਮੁੜ
ਉਹ ਮਾਲਕ ਬਾਦਸ਼ਾਹ ਸਾਡਾ, ਕਦੀ ਕਰਸੀ ਆਣ ਫੇਰਾ ।
ਤੇ ਬਾਗਾਂ ਥੀਂ ਵਧ ਇਕ ਹੋਰ ਸੋਕਾ, ਪੂਰਨ ਦੇ ਵਿਛੋੜੇ ਨੇ ਪਾਇਆ ਸੀ,
ਮਾਂ ਦੇ ਦਿਲ ਦਾ ਪਿਆਰ ਬਾਗ ਵੀ ਭਾਂ ਭਾਂ ਕਰਦਾ,
ਤੇ ਜ਼ਾਲਮ ਸੱਟ ਪੁੱਤ ਦੇ ਕੋਹੇ ਜਾਣ ਨੇ ਬੇਗੁਨਾਹ ਦੀ ਛਾਤੀ ਦੇ ਬਾਗਾਂ ਨੂੰ
ਜੜ੍ਹਾਂ ਥੀਂ ਸੀ ਪੁੱਟਿਆ,
ਖਿੱਚ ਖਿੱਚ, ਧਰੂ ਧਰੂ, ਧ੍ਰੀਕ ਧ੍ਰੀਕ ਆਦਰਾਂ ਨੂੰ, ਇਕ ਇਕ ਕਰ ਸਾਰਾ ਬਾਗ਼ ਸੀ ਪੁੱਟਿਆ,
ਮਾਂ ਦੀ ਛਾਤੀ ਦੇ ਨਿੱਕੇ ਨਿੱਕੇ ਖਿੜੇ ਕੰਵਲਾਂ ਨੂੰ, ਚੀਰ ਚੀਰ, ਚੁਣਿਆ,
ਪਿਆਰ ਦੀਆਂ ਕੁੱਲ ਬੂਟੀਆਂ, ਚੰਬਾ ਤੇ ਗੁਲਾਬ ਸਾਰਾ, ਖੁਣ ਖੁਣ ਜੜ੍ਹ ਥੀਂ
ਕੱਢ ਕੱਢ ਮੁਕਾਇਆ ਜ਼ਾਲਮ ਸੱਟ ਨੇ ।
ਮਾਂ ਦੇ ਪਿਆਰ ਦੀ ਡੂੰਘੀ, ਘਣੀ ਛਾਵਾਂ ਵਿਚੋਂ, ਨਾਣਕ ਬਨੱਫਸੇ ਵਾਂਗ
ਕੋਮਲ ਫੁੱਲਾਂ ਤੇ ਕਲੀਆਂ ਨੂੰ ਖਹੁਰੇ ਖੁੰਢੇ ਚਾਕੂਆਂ ਨਾਲ, ਕੱਟ ਕੱਟ ਧੁੱਪੇ ਚੱਕ
ਮਾਰਿਆ ।
ਜੰਗਲਾਂ ਵਰਗਾ ਭਰਿਆ ਬਾਗ਼ ਮਾਂ ਦੇ ਦਿਲ ਦਾ, ਜਿੱਥੇ ਲੱਖਾਂ ਸਾਏ ਤੇ
ਆਸਰੇ ਰਹਿਣ ਦੇ, ਜੀਣ ਦੇ, ਵੱਡੇ ਤੇ ਘਣੇ, ਬਰਕਤੀਲੇ,
ਜਿਹੜੇ ਇਕ ਨੂੰ ਨਹੀਂ, ਦੋ ਨੂੰ ਨਹੀਂ, ਸਾਰੇ ਜਗਤ ਨੂੰ ਠਾਰਨ ਦੇ ਸਮਰੱਥ ਸਨ,
ਜਿਥੇ ਖੁਲ੍ਹੇ ਮੈਦਾਨ ਸਨ ਸਾਵੇ ਪੰਨੇ ਦੀ ਝਾਲ ਵਾਲੇ, ਵਿਚ ਪਾਣੀ ਵਾਂਗ
ਹੀਰਿਆਂ ਦੀਆਂ ਲੜੀਆਂ ਖੇਡਦੇ,
ਜਿੱਥੇ ਥਾਂ ਥਾਂ ਘੁਲੀ ਚਾਂਦੀ ਦੇ ਚਸ਼ਮੇਂ ਖੁਲ੍ਹੇ ਮਲ੍ਹਾਰ ਸਨ ਗਾਉਂਦੇ,
ਜਿੱਥੇ ਨਾਚ ਸੀ ਚੰਨੇ ਦੀ ਚਾਨਣੀ ਦਾ ਨਾਲ ਨੱਚਦਿਆਂ ਪਾਣੀਆਂ,
ਥਾਈਂ ਥਾਈਂ ਫੁਹਾਰਾਂ ਦੀ ਨਿੱਕੀ ਨਿੱਕੀ ਕਿਣ ਮਿਣ, ਉੱਤੇ ਖਿੜੇ ਕੌਲਾਂ ਦੇ ਪੈਂਦੀਆਂ,
ਉਥੇ ਅੱਜ ਇਕ ਅੱਗ ਪਈ ਬਲਦੀ, ਰੜਾ ਪਿਆ ਤਪਦਾ, ਧੁਖਦਾ ਵਾਂਗ ਮਾਰੂਥਲ ਦੇ,
ਤੇ ਪਾੜ ਪਾੜ ਦਿਲ ਦੀ ਛਾਇਆ ਤੇ ਸਾਇਆ ਸਾਰੀ, ਤੇ ਤੋੜ ਤੋੜ ਤਿਣਕੇ
ਸਾਰੀ ਆਸ ਦੇ, ਮਾਤਾ ਇੱਛਰਾਂ ਦਾ ਦਿਲ ਸੀ ਮੁੜ ਮੁੜ, ਰੋਜ਼ ਰੋਜ਼,
ਨਵੀਂ ਤੇ ਸੱਜਰੀ ਇਕ ਮੌਤ ਮਰਦਾ ।

੨੮. ਗੋਰਖ ਨਾਥ ਜੋਗੀ ਦਾ ਆਉਣਾ ਪੂਰਨ ਦੇ ਖੂਹ ਤੇ

ਉਨ੍ਹਾਂ ਦਿਨਾਂ ਵਿਚ, ਉਸੇ ਖੂਹ ਤੇ ਲੱਥਾ ਆਣ ਉਥੇ ਇਕ ਝੁੰਡ ਜੋਗੀਆਂ ਦਾ ।
ਆਖੇ ਖੜ੍ਹਾ ਖੂਹ ਤੇ ਗੋਰਖ ਨਾਥ ਜੋਗੀ, ਖੂਹ ਵਿਚ ਕੌਣ ਬੋਲਦਾ ਤੂੰ ਹੈਂ ;
ਭੂਤ ਹੈਂ ਪ੍ਰੇਤ ਹੈਂ ?
ਤੇ ਗੋਰਖ ਮਗਰ ਖੜ੍ਹੇ ਕੁਲ ਚੇਲੇ ਚਾਟਕੜੇ, ਕਈ ਮੁੰਦਰਾਂ ਵਾਲੇ ਕੁਝ ਸਹਿਮ ਤੇ
ਕੁਝ ਅਚਰਜ ਭਰੇ ।
ਪੂਰਨ ਆਖਦਾ ਮੈਂ ਇਕ ਮਾਂ ਦਾ ਪੁੱਤ ਹਾਂ, ਨਾ ਭੂਤ, ਨਾ ਪ੍ਰੇਤ ਸੱਜਣਾਂ,
ਮੈਨੂੰ ਜ਼ਾਲਮ ਖੂਹ ਵਿਚ ਸੁੱਟ ਗਏ, ਅੰਗ ਮੇਰੇ ਪੱਛ ਕੇ,
ਮੈਂ ਤਾਂ ਜੀਂਦਾ ਜਾਗਦਾ ਆਦਮੀ ।
ਗੋਰਖ ਨੇ ਕੱਢਿਆ ਖੂਹ ਵਿਚੋਂ ਪੂਰਨ, ਜ਼ਖਮ ਕੁਝ ਕੁਝ ਆਠਰੇ, ਪਾਣੀ
ਠੰਢੇ ਦੀ ਮਲ੍ਹਮ ਨਾਲ,
ਨਾਤਾਕਤ ਸੀ ਪੂਰਨ, ਪੀਲਾ, ਚਿੱਟਾ ਨੀਲਾ, ਕੱਢ ਗੋਰਖ ਨੇ ਸੰਭਾਲ ਲੀਤਾ,
ਦਾਰੂ ਦਿੱਤਾ, ਅਸੀਸ ਦਿੱਤੀ, ਪੂਰਨ ਸਾਵਧਾਨ ਕੀਤਾ ।
ਕੁਝ ਦਿਨਾਂ ਮਗਰੋਂ ਗੋਰਖ ਪੂਰਨ ਨੂੰ ਆਖਦਾ, ਜਾਹ ਬੱਚਾ ! ਹੁਣ ਅਸਾਂ ਇੱਥੋਂ ਕੂਚ ਕਰਨਾ,
ਅਜ ਅਸਾਂ ਧਿਆਨ ਆਪਣੇ ਵਿਚ ਤੱਕੀ ਮਾਂ ਤੇਰੀ, ਲੰਮੀ ਡੀਲ ਤੇ ਦੇਵੀ ਕੁਲ
ਨੁਹਾਰ ਉਸ ਦੀ, ਧੁਰ ਦੀ ਰਾਣੀ ਮਾਂ ਤੇਰੀ, ਹੁਣ ਅੱਖਾਂ ਉਹਦੀਆਂ ਵਿਚ ਬਸ
ਲੋਅ ਘਟਦੀ,
ਰੋ ਰੋ ਵੰਜਾਉਂਦੀ ਦੀ ਕੁਲ ਹਾਲ ਆਪਣਾ, ਤੇਰੀ ਮਾਂ ਦਿਨੋ ਦਿਨ ਸੁਕਦੀ ਹੈ ।
ਪੂਰਨ, ਪੂਰਨ ਕਰਦੀ, ਸਾਹ ਲੈਂਦੀ, ਆਹਾਂ ਭਰਦੀ, ਹਾਲਤ ਅਜਬ ਉਹਦੀ ਤਰਸਦੀ ਹੈ,
ਜਾਹ ਬੱਚਾ, ਮਿਲ ਮਾਂ ਨੂੰ ਹਰਾ ਕਰ ਮੁੜ ਮਾਂ ਨੂੰ, ਮਾਂ ਤੇਰੀ, ਤੇਰੇ ਬਿਨਾਂ ਵਾਂਗ
ਮੱਛੀ ਇਕ, ਬਿਨ ਪਾਣੀ ਤੜਫਦੀ ਹੈ ।
ਪਰ ਆਖਦਾ ਪੂਰਨ : ਨਾਥ ਜੀ ! ਤੁਸੀਂ ਜਾਣਦੇ ਹੋ, ਮੋਇਆ ਦਾ ਮੁੜ
ਆਉਣਾ ਕਈਆਂ ਨੂੰ ਮੁੜ ਮਾਰੇ ਤੇ ਆਪ ਵੀ ਨਾ ਚਿਰਕਾਲ ਜੀਵਣਾ
ਮਿਲੇ, ਮੌਤ ਆਪਣੀ ਤੇ ਮਾਂ ਦੀ ਮੁੱਢੋਂ ਸੁੱਢੋਂ ਫਿਰ ਆਣਨੀ ਹੈ ।
ਹੁਣ ਮਿਲਣਾ ਮਾਂ ਨੂੰ ਨਹੀਂ ਵੜ ਉਸ ਮਹਿਲ ਅੰਦਰ, ਮਿਲਾਂਗੇ ਮਾਂ ਨੂੰ ਉਸ
ਮੁਲਕ ਜਿੱਥੇ ਵਿਛੋੜਾ ਮੂਲ ਮੁੜ ਨਹੀਂ ਹੈ, ਜਿੱਥੇ ਨਹੀਂ ਕੋਈ ਬੇ-ਨਿਆਂ,
ਜ਼ਾਲਮ, ਜਿਥੇ ਮਿਹਰ ਪਿਆਰ ਹੀ ਪਿਆਰ ਨੂੰ ਤੋਲਦੀ ਹੈ ।
ਇੱਥੇ ਹੁਣ ਮੁੜ ਉਂਜ ਨਹੀਂ ਜੀਣਾ, ਜਿਸ ਵਿਚ ਰਾਜਿਆਂ ਦੇ ਹੱਥ ਹੇਠ ਰਹਿਣ
ਦੀ ਲੋੜ ਹੁੰਦੀ ।
ਜਿਥੇ ਬੇਗੁਨਾਹਾਂ, ਬੇਦੋਸਿਆਂ ਨੂੰ ਦੋਸ਼ ਦੇਣ, ਅੱਖਾਂ ਦੇਖਣ ਵਾਲੀਆਂ ਥੀਂ ਹੋਣ
ਹੀਣੇ, ਜਿੱਥੇ ਜਾਣਨ ਲੋਕੀਂ ਰੱਬ ਸੱਚਾ, ਸੱਚਾ ਰੱਬ ਹੈ, ਨਿਆਂ ਰੱਬ ਹੈ, ਪਿਆਰ
ਰੱਬ ਹੈ, ਨਾ ਭੈ ਖਾਣ, ਨਾ ਤਰਸ ਆਵੇ ।
ਜਿੱਥੇ ਭਰਮਾਂ, ਵਹਿਮਾਂ, ਵਿੱਥਾਂ, ਪੁਲਾੜਾਂ ਦੇ ਸਖਣੇਪਣ ਵਿਚ ਕੁਲ ਉਮਰ ਗੁਜ਼ਰੇ,
ਖਾਣ, ਪੀਣ, ਸੈਂਣ, ਰਹਿਣ ਵਾਂਗ ਪਸ਼ੂਆਂ ਦੇ ਤੇ ਕਹਿਣ ਅਸੀਂ ਆਦਮੀ
ਇਨਸਾਨ ਤੇ ਪਾ ਪਾ ਬਹਿਣ ਕੱਪੜੇ ਇਨਸਾਨ ਦੇ ਤੇ ਮਾਣ ਕਰਨ
ਇਨਸਾਨ ਹੋਣ ਦਾ, ਪਸ਼ੂਆਂ ਥੀਂ ਵੀ ਘੱਟ ਉਨ੍ਹਾਂ ਦੀ ਰਹਿਣੀ ।
ਜਿੱਥੇ ਵਾਂਗ ਚੌਪਾਇਆਂ ਮਨੁੱਖ ਦਾ ਕੰਮ, ਦਿਨ ਰਾਤ ਖੁਰਲੀ ਵਿਚ ਘਾਹ ਪੱਠਾ
ਖਾਣਾ, ਖਾਣਾ ਤੇ ਸੈਂਣਾ, ਮੁੜ ਖਾਣਾ, ਖਾ ਖਾ ਬਲਨਾ ਜਿਵੇਂ ਘਾਹਾਂ ਦਾ ਢੇਰ ।
ਮੈਨੂੰ ਤਾਂ ਡਰ ਲਗਦਾ, ਦਿਸਦੇ ਇਨ੍ਹਾਂ ਮਨੁੱਖਾਂ ਦੇ ਘਰ ਵਾਂਗ ਹਨੇਰੀ ਕਬਰਾਂ
ਮੁਰਦੇ ਵਿਚ ਰਹਿੰਦੇ ਇਕ ਭਿਆਨਕ ਜਿਹੇ ਸੁਫਨੇ, ਦੁੱਖ ਵਿਚ ਬੁੜ੍ਹਕਦੇ,
ਸਿਸਕਦੇ, ਅੱਧੇ ਮੋਏ, ਅੱਧੇ ਜੀਂਦੇ, ਬੇਹੋਸ਼, ਸਭ ਕੈਦੀ ।
ਅੇਸੀ ਦੁਨੀਆਂ ਵਿਚ ਜਾ, ਮੁੜ ਕੀ ਲੈਣਾ ਨਾਥ ਜੀ ।
ਮੈਨੂੰ ਤਾਂ ਦਿਲ ਦੇ ਹਨੇਰਿਆਂ ਥੀਂ ਖ਼ੌਫ਼ ਆਵੇ, ਘਬਰਾਹਟ ਪਵੇ,
ਮੈਨੂੰ ਤਾਂ ਲੋਅ ਕਿਤੇ ਨਹੀਂ ਦਿਸਦੀ, ਇਸ ਬੇਹੋਸ਼ ਜਿਹੀ ਹੈਵਾਨ ਦੁਨੀਆਂ ਵਿਚ ।
ਦਸੋ ਤੁਸੀਂ ਮੈਨੂੰ, ਰੱਬ ਮਿਲਾਏ ਤੁਸੀਂ ਜੋਗ ਆਪਣੇ ਦਾ ਰਾਹ ਤੇ ਭੇਤ ਸਾਈਂ ?
ਉਹ ਲੋਅ ਦੱਸੋ ਕਿੰਜ ਤੇ ਕਿਥੇ ਫੁੱਟਦੀ, ਜਿਸ ਲਗਿਆਂ ਮੋਏ ਵੀ ਉਠ ਜੀਂਦੇ ?
ਜਿਸ ਆਸਰੇ ਦਿਸੇ ਸੱਚ ਰੱਬ ਵਾਲਾ, ਦੋਵੇਂ ਕਿਸਦਾ ਪਿਸਦਾ ਤੇ ਅਣਦਿਸਦਾ
ਜਿਥੇ ਭਲਕਾ, ਅੱਜ ਤੇ ਕੱਲ੍ਹ ਬਸ ਇਕ ਹੁਣ ਹੋਣ, ਤ੍ਰੈਕਾਲ ਦਰਸ਼ੀ ਜੋਗੀ
ਆਣ ਹੁੰਦੇ, ਜਿੱਥੇ ਮੌਤ ਜੋਗੀ ਜਦ ਚਾਹੁਣ ਮਰਦੇ, ਫਿਰ ਉਸੇ
ਸਰੀਰ ਵਿਚ ਆਣ ਵੜਦੇ, ਮੁੜ ਜੀਂਦੇ, ਮੁੜ ਉਡਦੇ, ਇੱਛਿਆਧਾਰੀ ਹੋਣ ।
ਜਿਸ ਲੋਅ ਵਿਚ ਦਿਸਦੇ ਰੂਹ, ਦੇਵੀ ਦੇਵਤਿਆਂ ਦੇ, ਅਣ-ਦਿਸਦੇ ਪ੍ਰਭਾਵ
ਸਿਝਾਂਣਨ ਵੱਖੋ ਵੱਖ ਵਾਂਗ ਰਾਗ ਦੀਆਂ ਸੁਰਾਂ ਦੇ, ਵਾਂਗ ਬੋਲਾਂ, ਛੋਹਾਂ, ਠੰਢਾਂ,
ਮਿਹਰਾਂ ਦੇ ।
ਜੋਤ ਬਸ ਉਹ ਅਗੰਮ ਵਾਲੀ ਮੇਰੇ ਅੰਦਰ ਜਗਾ ਦਿਉ ਨਾਥ ਜੀ ।
ਦਿਖਲਾ ਮੇਰੇ ਅੰਦਰ, ਅਗਲਾ ਪਿਛਲਾ ਦੇਵੀਂ,
ਮੋਏ ਦਿਖਾ ਹਾਲ ਜਿਉਂਦੇ ਜਾਗਦੇ, ਆਉਣ ਵਾਲੇ ਦਿਖਾ ਜਿਹੜੇ ਨਹੀਂ ਹੋਏ
ਅਜੇ; ਅੱਜ ਕੱਲ੍ਹ ਭਲਕੇ ਦੀ ਨਾ ਵਿਥ ਰਵ੍ਹੇ, ਮੁਲਕ ਅਣਦਿਸਦੇ
ਦਿਖਾ ਮੌਤ ਦੇ ਪਾਰਲੇ ਕੰਢੇ ਦੇ ।
ਤੇ ਹੱਥ ਮੇਰੇ ਦੇਵੀਂ ਜ਼ੋਰ ਉਹ, ਜਿਹੜਾ ਮੋਏ ਜ਼ਿੰਦਾ ਕਰੇ, ਕੱਟੇ ਕੈਦ ਰੂਹਾਂ ਦੀਆਂ ਬੇੜੀਆਂ ।

੨੯. ਗੋਰਖ ਨਾਥ ਦਾ ਝੁੰਡ ਉਤਰਿਆ ਦੇਸ ਸੁੰਦਰਾਂ ਦੇ

ਗਿਆ ਨਿਕਲ ਝੁੰਡ ਉਥੋਂ ਜੋਗੀਆਂ ਦਾ, ਬਗਲੀ ਪਾ ਪੂਰਨ ਉਸ ਦੇਸ਼ ਦਾ
ਅਣ ਵਿੰਨ੍ਹਿਆ ਮੋਤੀ ।
ਗੋਰਖ ਨਾਥ ਨੇ ਮੋਤੀ ਇਕ ਦਿਨ ਉਹ ਵਿੰਨ੍ਹ ਦਿੱਤਾ, ਕੰਨ ਪਾੜੇ,
ਮੁੰਦਰਾਂ ਕੰਨ ਪਾਈਆਂ, ਬਿਭੂਤ ਰਮਾਈ, ਜੋਗੀ ਪੂਰਾ ਪੂਰਨ ਨੂੰ ਬਣਾ ਦਿੱਤਾ ।
ਪੂਰਨ ਦਾ ਹੁਸਨ ਲਸਿਆ ਵਾਂਗ ਪ੍ਰਭਾਤ ਦੇ ਜੀ, ਕੁਝ ਕੱਜਿਆ, ਕੱਜਿਆ,
ਨੀਲੀ ਧੂਣੀ ਦੀ ਬਿਭੂਤ ਜਿਹੀ ਵਿਚ, ਭਭਕਾਂ ਮਾਰਦਾ, ਡਲ੍ਹਕਦਾ,
ਇਕ ਨੂਰ ਚੜ੍ਹਿਆ ਵੈਰਾਗਿਆ ਤੇ ਗਿਆਨ ਦਾ ਮਿਲਿਆ ਮਿਲਿਆ,
ਉਹਦੇ ਜੋਗੀ ਰੂਪ ਤੇ ਤਿਲ੍ਹਕੇ ਰੋਸ਼ਨੀ ।
ਪੂਰਨ ਜੋਗੀ ਸੀ ਵਾਂਗ ਮੋਤੀਆਂ, ਹੀਰਿਆਂ, ਚੂਨੀਆਂ, ਤਾਰਿਆਂ, ਇਕ ਹੁਸਨ ਰੱਬੀ, ਇਕ
ਲਿਸ਼ਕ ਧਿਆਨ ਸਿੱਧ ਫਕੀਰ ਦੀ ਸੀ ।

੩੦. ਸੁੰਦਰਾਂ ਰਾਣੀ ਦੇ ਦੇਸ ਦਾ ਇਕ ਟਿੱਲਾ ਵਸ ਪਿਆ

ਝੁੰਡ ਜੋਗੀਆਂ ਦਾ ਰਮਦਾ ਰਮਦਾ, ਜਾ ਪਹੁੰਚਿਆ ਦੇਸ ਰਾਣੀ ਸੁੰਦਰਾਂ ਦੇ ।
ਇਕ ਨਿੱਕੇ ਜਿਹੇ ਟਿੱਲੇ, ਸ਼ਹਿਰ ਥੀਂ ਥੋੜ੍ਹੀ ਵਾਟ ਤੇ, ਝੰਡੇ ਲੱਗੇ ਲਹਿਰਾਨ ।
ਉਨ੍ਹਾਂ ਜੋਗੀਆਂ ਦੇ, ਕਿੰਗਣੀ ਵੱਜਦੀ, ਸਿੰਗਨੀ ਵਜਦੀ, ਵੱਜਣ ਨਾਥਾਂ
ਦੇ ਸੰਖ ਤੇ ਧੁਤੇ;
ਧੂੰਮਾਂ ਧੂੰਮ, ਗਹਿਮਾ ਗਹਿਮ ਹੋਇਆ ਟਿੱਲਾ ਜੋਗੀਆਂ ਦਾ ।

੩੧. ਪੂਰਨ ਦੀ ਪਹਿਲੀ ਭਿੱਛਿਆ

ਪਹਿਲੀ ਵਾਰ ਚੱਲਿਆ ਪੂਰਨ ਭਿੱਛਿਆ ਨੂੰ ਪਰ ਗਲੀਆਂ ਵਿਚ ਮੰਗਣਾ,
ਵਰਤਣਾਂ ਨਾਲ ਤੀਵੀਆਂ ਦਾਤੀਆਂ ਦੇ ਉਹਨੂੰ ਅਜੇ ਸਨ ਨਹੀਂ ਆਏ ।
ਪਰ ਪੂਰਨ ਦਾ ਇਹ ਭਿੱਛਿਆ ਮੰਗਣ ਨੂੰ ਚੜ੍ਹਨਾ, ਜੋਗ ਮਾਰਗ ਤਿਆਗ ਦੀ
ਸੀ ਇਕ ਸੁਹੱਪਣ ਡਾਢੀ, ਇਕ ਰੰਗ ਸੀ ਸ਼ੋਖ ਦਾ,ਜਿਹੜਾ ਮੰਗ
ਮੰਗ, ਦੂਜਿਆਂ, ਨਾਲ ਦੇ ਜੋਗੀਆਂ ਵਿਚ, ਪਿਆ ਫਿੱਕਾ, ਦੇਹ ਧੂੜ ਪੈ
ਪੈ ਉਹ ਰੰਗ ਸੀ ਉਨ੍ਹਾਂ ਦੇ ਚਿਹਰਿਆਂ ਦਾ ਹਿਸਿਆ, ਮਲਿਆ ਘਸਿਆ ।
ਪੂਰਨ ਜਾਂਦਾ ਦੌੜਦਾ ਕਿਸੇ ਜੋਗ ਵੈਰਾਗ ਤਿਆਗ ਦੇ ਆਦਰਸ਼ ਜੋਸ਼ ਵਿਚ,
ਲਾਪ੍ਰਵਾਹ ਮਸਤ ਅਲਮਸਤ ਆਲੱਖ ਆਲੱਖ ਕਰਦਾ ਜੋਗੀ ਜਾਂਵਦਾ ਭਿੱਛਿਆ ਨੂੰ ।
ਠਹਿਰਦਾ ਨਹੀਂ ਮੂਲ ਜੋਗੀ ਸਿੱਧਾ ਤੀਰ ਵਗਿਆ ਜਾਉਂਦਾ, ਮਗਰ ਵਗਦੀ
ਤੀਵੀਆਂ ਦੀ ਇਕ ਸਾਰੀ ਗਲੀ, ਇਕ ਜੋਗੀ ਨਵਾਂ ਆਇਆ ਹੈ ।
ਮੰਗਣ ਦਾ ਵੱਲ ਨਾ ਇਸ ਨੂੰ ਆਉਂਦਾ ਨੀਂ ਅੜੀਓ, ਇਹ ਤਾਂ ਪਾਤਸ਼ਾਹ
ਕਿਸੇ ਦਾ ਪੁੱਤ ਨਵਾਂ ਜੋਗੀ ਬਣ ਆਇਆ ਹੈ ।
ਠਹਿਰੇ ਨਾਂਹ ਇਹ ਜੋਗੀ, ਭਿੱਛਿਆ ਪਾਵੇ ਕੌਣ ?
ਮਗਰ ਨੱਸਦਾ ਸਾਰਾ ਸ਼ਹਿਰ ਸੁੰਦਰਾਂ ਦਾ ਨਿਕਲ ਟੁਰਿਆ, ਕੁੜੀਆਂ ਚਿੜੀਆਂ,
ਸਜ-ਵਿਆਹੀਆਂ, ਨੱਸ ਨੱਸ ਮਗਰ ਜਾਂਦੀਆਂ, ਨਿੱਕੇ ਨਿੱਕੇ ਬੱਚੇ
ਆਖਣ ਖਲੋ ਜੋਗੀਆ, ਠਹਿਰ ਜੋਗੀਆ, ਦੇ ਦਰਸ਼ਨ ਜੋਗੀਆ ।
ਮਾਵਾਂ ਆਖਣ ਦਿਲ ਸੜੇ ਸਾਡਾ, ਦੇਖੋ ਇਹ ਜੋਗੀ, ਕਿਹਾ ਸੁਹਣਾ ਪੁੱਤ ਕਿਸੇ
ਮਾਂ ਦਾ, ਇਹਨੂੰ ਕਿਉਂ ਵੈਰਾਗ ਆਇਆ, ਵਹੁਟੀ ਚੰਗੀ ਨਾ ਮਿਲੀ,
ਜਾਂ ਬਾਪ ਮਾਰਿਆ, ਇਹ ਬਿਭੂਤਾਂ ਵਿਚ ਆਣ ਕਿਉਂ ਰੁਲਿਆ, ਇਹ ਪੁੱਤ
ਕਿਸੇ ਪਾਤਸ਼ਾਹ ਦਾ ?
ਉਹ ਮਾਂ ਕੀ ਕਰਦੀ ਜਿਸ ਦਾ ਇਹ ਜਵਾਨ ਪੁੱਤਰ ਜੋਗੀ ਜਾ ਬਣਿਆ ?

੩੨. ਸੁੰਦਰਾਂ ਰਾਣੀ ਦੇ ਮਹਿਲ ਤੇ ਪੂਰਨ ਖੜ੍ਹਾ

ਅਜਬ ਜੋਗੀ ਦੀ ਲਟਕ ਸੀ,ਅੱਖਾਂ ਹਿਠਾਹਾਂ ਨੂੰ, ਦਿਲ ਅਸਮਾਨਾਂ ਵਿਚ
ਫਿਰਦਾ, ਜੋਗੀ ਖੜ੍ਹਾ ਸੁੰਦਰਾਂ ਰਾਣੀ ਦੇ ਮਹਿਲ ਤੇ ।
ਸੁੰਦਰਾਂ ਖੋਲ੍ਹ ਆਪਣੀਆਂ ਬਾਰੀਆਂ, ਦੇਖ ਪੂਰਨ, ਬੇਹੋਸ਼ ਹੋਈ ।
ਇਹ ਕੰਵਾਰੀ, ਨੱਢੀ, ਰਾਣੀ ਦੇਸ ਦੀ ਉਡੀਕਦੀ ਜਿਸ ਨੂੰ ਸੀ, ਉਹ ਆਇਆ,
ਇਕ ਪਲਕਾਰੇ ਵਿਚ ਕੁਝ ਹੋਇਆ ਜਿਵੇਂ ਸਦੀਆਂ ਦੀ ਵਿਛੜੀ ਮਿਲੀ ਸੀ ।
ਕੱਢ ਮੋਤੀਆਂ ਦਾ ਥਾਲ ਭਰਿਆ, ਪਾਇਆ ਜਾ ਪੂਰਨ ਦੀ ਬਗਲੀਆਂ,
ਲੈ ਕੇ ਭਿੱਛਿਆ ਰਾਣੀ ਸੁੰਦਰਾਂ ਦੀ, ਪੂਰਨ ਟੁਰ ਗਿਆ ਟਿੱਲੇ ਨੂੰ,
ਤੇ ਜਾ ਗੋਰਖ ਨਾਥ ਅੱਗੇ ਮੋਤੀਆਂ ਦਾ ਢੇਰ ਲਾਇਆ ।
ਗੋਰਖ ਨਾਥ ਆਖੇ, ਪੂਰਨ ਨਾਥ ਜੀ ! ਇਹ ਕੀ ਲਿਆਏ ਹੋ ? ਮੋਤੀ ਨਾ ਭਿੱਖ ਸਾਡਾ,
ਮੋਤੀ ਭੁੱਖ ਲਾਹੁਣ ਅੱਖੀਆਂ ਦੀ, ਮੋਤੀ ਨਾ ਭਰਨ ਪੇਟ ਸੱਖਣੇ ਜੀ ।
ਸਾਧਾਂ ਨੂੰ ਕੀ ਲੋੜ ਅੱਖੀਆਂ ਦੇ ਭੋਗ ਦੀ, ਨਾਥਾ ! ਅਸਾਂ ਤਾਂ ਸੁੱਕਾ ਮਿਸਾ ਖਾ,
ਠੰਢਾ ਪਾਣੀ ਪੀ ਜੀਣਾ, ਜੋਗੀਆਂ ਦਾ ਅਲਪ ਅਹਾਰ ਬਸ ਮੰਗਣਾ ਸੀ ।
ਗਿਆ ਪੂਰਨ ਪਿੱਛੇ ਉਹਨੀਂ ਪੈਰੀਂ, ਦਿੱਤੇ ਮੋੜ ਮੋਤੀ, ਇਹ ਨਹੀਂ ਜੋਗੀ ਖਾ
ਸਕਦੇ ਰਾਣੀਏ ! ਦੇਹ ਭਿੱਛਿਆ,
ਸੁੱਕੀ ਮਿੱਸੀ ਰੋਟੀ ਪਹੁੰਚਾ, ਬੈਠੇ ਜੋਗੀ ਕੁੱਲ ਭੁੱਖੇ ।

੩੩. ਸੁੰਦਰਾਂ ਰਾਣੀ ਆਉਂਦੀ ਦਰਸ਼ਨਾਂ ਨੂੰ

ਪੂਰਨ ਨਾਲ ਚੱਲ,ਰਾਣੀ ਸੁੰਦਰਾਂ ਆਪ ਆਈ, ਪਕਵਾ ਸਭ ਪਕਵਾਨ, ਜੋਗੀਆਂ
ਤੇ ਰੱਜ ਰੱਜ ਭੋਗ ਲਗਾਏ ਮੰਡਲੀਆਂ ।
ਦੇਖ ਹੁਸਨ ਪਰੀ ਰਾਣੀ ਸੁੰਦਰਾਂ ਦਾ ਜੋਗ ਭੁੱਲੇ ਟਿੱਲੇ ਤੇ ਬੈਠੇ ਜਿੰਨੇ ਜੋਗੀ,
ਮੰਤ੍ਰ ਦੀ ਥਾਂ ਮੁੜ ਮੁੜ ਉਚਾਰਨ 'ਸੁੰਦਰਾਂ' 'ਸੁੰਦਰਾਂ', ਡੋਲਿਆ ਇਕ
ਨਾਂਹ ਗੋਰਖ ਨਾਥ ਪੱਕਾ ਤੇ ਇਕ ਪੂਰਨ ਨਾਥ ਨਵਾਂ ਜੋਗੀ ।
ਪਰ ਰਾਣੀ ਦਾ ਪਿਆਰ, ਚਾਅ, ਤੇ ਅਰਦਾਸ ਸੱਚੀ ਰਾਣੀ ਦਾ ਰੂਹ ਮੰਗਦਾ
ਪੂਰਨ ਦਾ ਸਾਇਆ ।
ਰਾਣੀ ਦੀ ਅਰਦਾਸ ਸੱਚੀ ਦਾ ਪ੍ਰਭਾਵ ਪਿਆ ਸੱਚਾ, ਗੋਰਖ ਨਾਥ ਖੁਸ਼ੀ ਹੋ
ਆਖਦਾ, ਤਰੁੱਠਾ ! ਮੰਗ ਰਾਣੀਏ ! ਜੋ ਵਰ ਮੰਗਣਾ ?
ਸੁੰਦਰਾਂ-ਜੇ ਤਰੁੱਠੇ ਤੁਸੀਂ ਨਾਥ ਭਾਰੇ, ਤਦ ਦਿਓ ਚੀਜ਼ ਜਿਹੜੀ ਮੇਰਾ ਰੂਹ ਟੋਲਦਾ,
ਟੋਲਦਾ ਆਇਆ ਰਾਹੀਂ ਲੰਮੀ, ਲੰਮੀ ਉਮਰਾਂ, ਜਨਮਾਂ, ਮੈਂ ਤਾਂ ਮੰਗਤੀ
ਸੱਚੇ ਪਿਆਰ ਦੀ ਹਾਂ ।
ਇਹ ਜਗਤ ਸਾਰਾ ਮੈਨੂੰ ਖਾਣ ਦੌੜਦਾ, ਮੈਂ ਇਕੱਲੀ ਹਾਂ, ਮੈਂ ਆਪਣਾ ਰੱਬ
ਮੰਗਦੀ ਹਾਂ, ਆਪਣੇ ਸਿਦਕ ਈਮਾਨ, ਪਿਆਰ ਸੱਚਾ, ਮੈਨੂੰ ਮੇਰੇ ਦਿਲ ਵਿਚ
ਪੂਜਾ ਦੀ ਥਾਂ ਬਖਸ਼ੋ, ਮੈਨੂੰ ਇਕ ਮੰਦਰ ਉਸਾਰ ਦਿਓ ।
ਦਿਓ ਇਕ ਦੇਵਤਾ ਸਥਾਪ ਤੁਸੀਂ, ਰੱਬ ਮੇਰਾ, ਮੇਰੀਆਂ ਭੁੱਲਾਂ ਬਖਸ਼ਣ ਵਾਲਾ,
ਮੇਰੀਆਂ ਨਿੱਕੀਆਂ ਨਿੱਕੀਆਂ ਫੁੱਲ ਪੱਤਰ ਦੀਆਂ ਭੇਟਾਂ ਲੈਣ ਵਾਲਾ !
ਰਾਣੀਏ ! ਇਹ ਤੂੰ ਕੀ ਮੰਗਿਆ ਹੈ ? ਰੱਬ ਦਾ ਮਿਲਣ ਕਠਨ ਧੀਆ !
ਜੋਗ ਖੇਡ ਕਈ ਜਨਮਾਂ ਲੰਮਿਆਂ ਦੀ ਧੀਆ, ਔਖਾ ਰੱਬ ਦਾ ਪਾਣ ਧੀਆ,
ਜੋਗ ਨਹੀਂ ਜ਼ਨਾਨੀ ਜਾਤ ਦੀ ਕਮਾਣ ਦੀ ਚੀਜ਼ ਧੀਆ,
ਇਹ ਰਾਹ ਕਠਨ ਹੈ ਰਾਣੀਏ ਨੀ ।
ਜੋਗ ਦੀ ਧਾਰਨਾ ਬਹੁਤ ਔਖੀ, ਇਹ ਚੀਜ਼ ਨਹੀਂ ਦੇਣ ਦੀ ਧੀਆ;
ਇਹ ਤਾਂ ਕਰਨੀ ਕਰਮ ਦੀ ਖੇਡ ਧੀਆ; ਜਿਹੜਾ ਕਰੇ ਸੋ ਲਏ ਧੀਆ ।
ਅਸਮਰਥ ਹਾਂ, ਬੱਚਾ ! ਬਿਨ ਕਮਾਈ ਕਰੜੀ ਦੇ ਜੋਗ ਦੇਣ ਦੇ,
ਤੂੰ ਮੰਗ ਉਹ ਚੀਜ਼ ਜਿਹੜੀ ਦੇਣ ਜੋਗੀ ਤੇ ਮੈਂ ਦੇਣ ਜੋਗਾ ।

੩੪. ਰਾਣੀ ਸੁੰਦਰਾਂ ਵਰ ਮੰਗਦੀ

ਨਾਥ ਜੀ !ਜੋਗ ਦੀ ਮੈਂ ਭੁੱਖੀ ਨਾਂਹ, ਭੋਗ ਦੀ ਵੀ ਬਸ ਨਾ ਲੋੜ ਮੈਨੂੰ,
ਦੁਨੀਆਂ ਰੱਜ ਦੇਖੀ,
ਮੈਂ ਤਾਂ ਟੇਕ ਇਕ ਆਪਣੇ ਸਿਦਕ ਦੀ ਟੋਲਦੀ ਹਾਂ, ਮੈਂ ਤਾਂ ਇਕ ਬਾਂਸਰੀ ਦੀ
ਧੁਨੀ ਦੀ ਚਾਹ ਵਾਲੀ, ਜਿਸ ਨਾਲ ਮੇਰੀ ਸੁਰ ਮਿਲੇ ਤੇ ਮੈਂ ਰੂਹ ਦਾ ਗੀਤ
ਗਾਵਾਂ ।
ਮੈਂ ਆਪ ਵਾਲਾ, ਜੋਗ ਵਾਲਾ, ਧਰਮ ਤੇ ਕਰਮ, ਤੇ ਰੱਬ ਨਾਂਹ ਚਾਹੁੰਦੀ ਹਾਂ,
ਉਹ ਰੱਬ ਮਰਦਾਂ ਦਾ, ਅਸਾਂ ਤੀਵੀਆਂ ਨੂੰ ਨਾ ਕਾਈ ਲੋੜ ਉਹਦੀ;
ਮੈਂ ਤਾਂ ਇਸ ਅਨੰਤ ਪੁਲਾੜ ਦੀ ਡਰਾਵਣੀ ਇਕੱਲ ਵਿਚਆਪਣੇ ਜਿਹਾ ਚਾਹਾਂ
ਬਸ ਇਕ ਸਾਥੀ;
ਜਿਹੜਾ ਮੇਰੇ ਨਾਲ ਗੱਲਾਂ ਕਰੇ, ਜਿਹੜਾ ਹੱਸੇ ਮੇਰੇ ਨਾਲ,ਮੈਂ ਹੱਸਾਂ ਜਿਸ ਨਾਲ,
ਖੇਡ ਖਿਡਾਵੇ, ਮੈਂ ਤਾਂ ਬਾਦਸ਼ਾਹ ਟੋਲਦੀ ਆਪਣੇ ਦਿਲ ਦੇ ਤਖਤ ਦਾ ।
ਮੈਂ ਤਾਂ ਉਹ ਰੱਬ ਟੋਲਦੀ ਜਿਸ ਨੂੰ ਦੇਖਾਂ, ਸੁੰਘਾਂ, ਹੱਥ ਲਾਵਾਂ, ਪੀਵਾਂ ਖਾਵਾਂ,
ਜੀਵਾਂ, ਥੀਵਾਂ ਜਿਸ ਨਾਲ ਨਾਲ;
ਜਿਸ ਨੂੰ ਪੂਜਾਂ, ਪਿਆਰਾਂ, ਸਤਿਕਾਰਾਂ ਤੇ ਜਿਹੜਾ ਰੱਬ ਵਾਂਗੂ ਕਬੂਲੇ ਮੇਰੇ ਦਿਲ
ਦੇ ਵਾਰਨੇ ਤੇ ਕੈੜ ਲਵੇ ਮੇਰੀ ਹਰ ਦੁੱਖ ਸੁਖ ਵਿਚ, ਮੇਰੀ ਰੂਹ ਦੀਆਂ
ਤਰੁਟੀਆਂ ਸਬੂਤੀਆਂ ਨੂੰ ਜਾਣਨ ਵਾਲਾ,
ਮੌਤ ਵੇਲੇ, ਮੌਤ ਥੀਂ ਪਰੇ, ਜਿਸ ਦੀ ਬਾਹਾਂ ਦੀ ਲਮਕ ਪਹੁੰਚੇ ਮੈਨੂੰ ਸੰਭਾਲਦੀ ।
ਤੇ ਜੀਂਦੀ ਨੂੰ ਜਗਾਂਦਾ ਰੱਬ ਰੱਬੀ ਲੋਅ ਨੂੰ ਆਪੇ ਵਿਚ ਦਸਾਂਦਾ,
ਦੁਨੀਆਂ ਵਾਲੇ ਖਸਮ ਨਿਰਾ ਨਾ ਟੋਲਾਂ ਮੈਂ, ਉਹ ਲੱਖਾਂ ਆਣ ਮੇਰੇ ਕਦਮਾਂ ਦੀ
ਮਿੱਟੀ ਚੁੰਮਦੇ, ਚਾਹੁਣ ਮੈਂਨੂੰ ਮੇਰੇ ਤਖਤ ਤੇ ਤਾਜ ਲਈ;
ਮੈਂ ਲੋਚਾਂ ਆਪਣਾ ਸਾਹਿਬ, ਮੈਂ ਤਾਂ ਮੰਗਦੀ ਅਜ਼ਲ ਥੀਂ ਬੱਝੇ ਜਿਸ ਨਾਲ ਸੰਜੋਗ ਮੇਰੇ,
ਜਿਸ ਨੂੰ ਮੇਰਾ ਦਿਲ ਜਾਣਦਾ ।
ਨਾਥ ਜੀ ! ਕਿਸੇ ਸ਼ਾਸਤਰ ਦਾ ਘੜਿਆ ਘਵਾਇਆ ਬੁੱਤ ਮੈਂ ਨਾ ਮੰਗਦੀ, ਨਾ ਮੰਗਾਂ
ਆਪ ਵਾਲੀਆਂ ਉੱਚੀਆਂ ਸਮਾਧੀਆਂ-
ਜੇ ਤਰੁਠੇ ਹੋ ਨਾਥ ਜੀ ! ਦਿਉ ਪੂਰਨ ਇਹ ਸਾਹਮਣੇ ਬੈਠਾ,
ਇਹ ਮੇਰਾ ਹੈ ਧੁਰ ਥੀਂ ਤੇ ਮੈਂ ਇਸ ਦੀ, ਉਡੀਕਦੀ ਹੁਣ ਤਕ ਸਾਂ ਮੈਂ ਪੂਰਨ ਨੂੰ,
ਪੂਰਨ ਮੇਰਾ ਰੱਬ ਹੈ, ਮੇਰਾ ਸਿਦਕ ਜਾਣਦਾ ।
ਨਾਥ ਜੀ ! ਲਾਹ ਦਿਉ ਚੰਨ ਤੁਸੀਂ ਹੁਣ ਆਪਣੇ ਗਗਨ ਵਾਲਾ,
ਦਿਉ ਮੈਂਨੂੰ ਰੱਖ ਮੇਰੇ ਸਿਰ ਤੇ,
ਜੇ ਮੈਂ ਵੀ ਰਾਤ ਚਾਨਣੀ, ਪਾਗਲ ਜਿਹੀ ਫਿਰਾਂ ਝੁਮਦੀ, ਇਲਾਹੀ ਜਿਹੇ
ਪਿਆਰ ਵਿਚ, ਜੋਗ ਥੀਂ ਉੱਚੀ, ਮੈਂ ਜਾਣਾ ਨਾਥ ਜੀ, ਭੋਗ ਥੀਂ ਉੱਚੀ
ਖੁਸ਼ੀ ਰਸ ਰੂਹ ਦਾ, ਰੂਹ ਨੂੰ ਰੂਹ ਮਿਲਦਾ, ਜਿਵੇਂ ਦੋ ਦੀਵਿਆਂ ਦੀ
ਰੋਸ਼ਨੀ ਸੂਖਮ ਜਿਹੀ ਮਿਲਦੀ ।
ਮੈਂ ਟੁਰਾਂ, ਫਿਰਾਂ ਵਾਂਗ ਰਾਤ ਦੇ, ਚੁਕੀ ਚੁਕੀ ਚੰਨ ਆਪਣੇ ਨੂੰ ਸਦਾ ਈਦ ਜਿਹੀ
ਮਨਾਂਦੀ, ਵਾਰਨੇ ਜਾਂਦੀ, ਪਾਣੀ ਵਾਰ ਵਾਰ ਪੀਂਦੀ, ਸਭ ਚੀਜਾਂ
ਨਾਲ ਉੱਚੀ ਖੁਸ਼ੀ ਝਾਤ ਝਾਤ ਕਰਦੀ ।

੩੫. ਗੋਰਖ ਨਾਥ ਤਰੁਠਦਾ

ਸੁੰਦਰਾਂ ! ਠੀਕ ਹੈ, ਪਿਆਰ ਦਾ ਵੀ ਜੋਗ ਹੈ, ਪ੍ਰਣੀਧਾਨ-ਪਰਣੇ ਧਿਆਨ ਹੋਣਾ ।
ਜਾਹ ! ਦਿੱਤਾ ਪੂਰਨ, ਤੇਰਾ ਪਿਆਰ ਪੂਰਬਲੇ ਕਰਮ ਦਾ, ਜਾਹ, ਲੈ ਜਾ ਤੂੰ
ਪੂਰਨ ਅੱਜ ਥੀਂ ਤੇਰਾ,
ਪੂਰਨ ਅਜ ਥੀਂ ਤੇਰਾ, ਪੂਰਨ ਨਾਥ ਜੀ ! ਉੱਠੋ ਬੇਟਾ !
ਜਾਉ ਸੁੰਦਰਾਂ ਨਾਲ, ਇਹ ਪੂਰਬਲੇ ਕਰਮ ਦੇ ਭੋਗ ਬੇਟਾ,
ਤੁਸਾਂ ਇਹ ਭੋਗਣੇਂ, ਇਹ ਵਚਨ ਸਾਡਾ ਤੁਸਾਂ ਪਾਲਣਾ ।

੩੬. ਸੁੰਦਰਾਂ ਲੈ ਚੱਲੀ ਪੂਰਨ ਨੂੰ ਖਾਰੇ ਪਾ

ਚੱਲੀ ਸੁੰਦਰਾਂ ਲੈ ਪੂਰਨ, ਪਾ ਆਕਾਸ਼ ਭਾਗ ਵਾਲੀ ਟੋਕਰੀ,
ਸਿਰ ਰੱਖ ਚੱਲੀ, ਉਹ ਖਾਰੇ ਵਿਚ ਪਾ ਪੂਰਨ,
ਸਿਰ ਤੇ ਚੁਕਿਆ ਪੂਰਨ, ਮੱਥਾ ਨਿਵਾਇਆ ਗੋਰਖ ਨਾਥ ਨੂੰ, ਧੂੜ ਮਲੀ ਟਿੱਲੇ
ਦੀ ਮੱਥੇ ਤੇ, ਬਰਦੀ ਪੂਰਨ ਦੀ ਬਣ ਰਾਣੀ ਸੁੰਦਰਾਂ, ਲੱਖ ਸ਼ੁਕਰ ਮਨਾਉਂਦੀ
ਚਲੀ ।
ਪੂਰਨ ਹੈਰਾਨ ਜਿਹਾ ਦੇਖਦਾ ਇਹ ਕੀ ਖੇਡ ਕਰਮਾਂ ਦੀ, ਕਿਹਾ ਚੱਕਰ ਆਣ ਵੱਜਿਆ ?
ਮੈਂ ਬਣਿਆ ਨਿਰੀ ਇਕ ਜੜ੍ਹ ਜਿਹੀ ਪ੍ਰਤਿਮਾ, ਖਾਰਿਆਂ ਵਿਚ ਪਿਆ,
ਚੌਂਕੀਆਂ ਤੇ ਰੱਖਿਆ, ਦੂਜੇ ਦੇ ਹੱਥ ਵਿਚ, ਪੂਜਾ ਕਰਾਂਦਾ, ਖੜਕਦੀਆਂ
ਟੱਲੀਆਂ ਸੁਣਦਾ;
ਬੇਵੱਸ, ਬੇਮਰਜ਼ੀ, ਦੂਜੇ ਦਾ ਪੂਜਯ ਹੋਣਾ ਵੀ ਕਿਹੀ ਇਕ ਕੈਦ ਜਿਹੀ ਹੈ ।
ਪਰ ਦਲ ਵਿਚ ਮੰਨਦਾ ਕਿ ਸੁੰਦਰਾਂ ਦਾ ਪਿਆਰ ਪ੍ਰਬਲ ਹੈ,
ਨਾਥ ਜੀ, ਨਹੀਂ ਤਾਂ, ਕਦੀ ਮੈਨੂੰ ਵਾਂਗ ਇਕ ਨਿਰਜਿੰਦ ਜਿਹੀ ਚੀਜ਼ ਦੇ ਇਉਂ ਕਿਉਂ
ਦਿੰਦੇ ?
ਪੂਰਨ ਦੇ ਦਿਲ ਨੂੰ ਵੀ ਸੁੰਦਰਾਂ ਦਾ ਪਿਆਰ ਛੁੰਹਦਾ ਸਵਾਦਲਦਾ, ਰਸਾਂਦਾ,
ਠਾਰਦਾ, ਇਕ ਖਿੱਚ ਜਿਹੀ ਪੈਂਦੀ, ਦਿਲ ਸੁੰਦਰਾਂ ਦਾ ਹੋਣ ਨੂੰ ਕਰਦਾ,
ਪਰ ਵੈਰਾਗ ਤੀਬਰ ਸੀ, ਰੂਹ ਖੁਲ੍ਹਾਂ ਟੋਲਦਾ, ਮਹਿਲ ਬੰਧਨ ਦਿਸਦੇ;
ਖਿੱਚਾਂ ਵੀ ਜ਼ੰਜੀਰਾਂ ਦਿਸਦੀਆਂ, ਆਜ਼ਾਦੀ ਲੋਚਦਾ ।

੩੭. ਸੁੰਦਰਾਂ ਤੇ ਪੂਰਨ ਦੀ ਵਾਰਤਾਲਾਪ

ਸੁੰਦਰਾਂ ! ਰਾਣੀਏ, ਉੱਚੇ ਪਿਆਰ ਵਾਲੀਏ ਉੱਚੀਏ ।
ਇਹ ਕੀ ? ਜੀਂਦੇ ਨੂੰ ਮਾਰਨਾ, ਆਪਣਾ ਬਨਾਣ ਲਈ,
ਜੀਂਦੇ ਨੂੰ ਬੁੱਤ ਜਿਹਾ ਬਣਾ ਕੇ ਪੂਜਣ ਨੂੰ ਲੋਚਣਾ ।

ਪਿਆਰ ਪਾਣੇ ਪੰਛੀਆਂ ਉੱਡਦਿਆਂ ਨਾਲ, ਆਪ ਮੁਹਾਰੇ,
ਤੇ ਚਾਹਣਾ ਉਨ੍ਹਾਂ ਨੂੰ ਪਿਆਰਨਾ ਪਿੰਜਰਿਆਂ ਵਿਚ ਪਾ ਕੇ,
ਦੱਸ ਨਾ ਸੁੰਦਰਾਂ ! ਇਹ ਕੀ ਤੇ ਕਿਥਾਈਂ ਦਾ ਪਿਆਰ ਹੈ ?

ਪੰਛੀ ! ਸੁਹਣੀਏਂ ! ਜੰਗਲਾਂ ਵਿਚ ਰਹਿ ਖੁਸ਼ੀ, ਖੁੱਲ੍ਹ ਵਿਚ ਉੱਡਦੇ, ਦਰਿਆਵਾਂ
ਦੇ ਜਲ ਪੀਂਦੇ ਠੰਢੇ, ਉਡਾਰੀਆਂ ਲੈਂਦੇ, ਹਵਾ ਦੀਆਂ ਤਾਰੀਆਂ,
ਇਹ ਖੁੱਲ੍ਹ ਪੰਛੀਆਂ ਦੀ ਜਿੰਦ ਹੈ, ਪਿੰਜਰੇ ਪਾ ਮਰ ਜਾਂਦੇ ।
ਸੁੰਦਰਾਂ ! ਇਹੋ ਜਿਹਿਆਂ ਨੂੰ ਪਿਆਰ ਕਰੇਂ, ਜਿਗਰ ਕਰੇਂ ਇੰਨਾ ਵੱਡਾ ਤੇ
ਉੱਚਾ ਤੇ ਤਬੀਅਤ ਰੱਖੇਂ ਇੰਨੀ ਸੁਹਣੀਏਂ ਸਿੱਧੀ ।
ਤੇ ਚਾਹੇਂ ਆਪਣਿਆਂ ਨੂੰ ਪਿੰਜਰਿਆਂ ਪਾਣ ਨੂੰ,
ਸੁੰਦਰਾਂ ! ਇਹ ਕੀ ਹੈ ? ਪਾ, ਤੇਰੀ ਮਰਜ਼ੀ, ਰੱਖ ਸਾਨੂੰ ਮਹਿਲੀਂ, ਅਸੀਂ ਹੁਣ
ਬੋਲ ਨਾ ਸਕਦੇ;
ਪਰ ਨਾ ਇਹ ਬੋਲ ਹੋਸਣ ਅਸਾਡੇ, ਨਾ ਇਹ ਸੁਹੱਣਪ ਹੋਸੀ, ਨਾ ਇਹ ਮਿੱਠਤ
ਮੇਰੀ ਨਾ ਇਹ ਲਸ਼ਕਾ ਦੈਵੀ, ਨਾ ਜਿੰਦ ਰਹਿਸੀ ਸੱਜਨੀਏ ।
ਇਉਂ ਮਾਰਸੋਂ ਪੂਰਨ ਆਪਣਾ, ਆਪਣੀਂ ਹੱਥੀਂ ਆਪ ਤੂੰ ਸੱਜਨੀਏਂ ।
ਪੰਛੀਆਂ ਨੂੰ ਪਿੰਜਰਿਆਂ ਪਾ ਕੇ ।
ਦੱਸ ਤੂੰਹੀਂ ਸੁੰਦਰਾਂ, ਖੁੱਲ੍ਹ ਨੂੰ ਖੋਹਣਾ, ਕੀ ਇਹ ਪਿਆਰ ਹੈ ? ਮਰਜ਼ੀ ਕਿਸੇ ਦੀ
ਨੂੰ ਥਲੇ ਜਿਹੀ ਦਬਾ ਕੇ, ਕਰਨਾ ਆਪਣੀ, ਇਹ ਕੇਹੀ ਪੂਜਾ ਸੁਹਣੀਏਂ ?
ਤੂੰ ਆਪ ਦੱਸ ਖਾਂ, ਕਿਹਾ ਕਰੂਪ ਜਿਹਾ, ਤੰਗ ਜਿਹਾ, ਨੀਵਾਂ ਜਿਹਾ ਢੱਠਾ ਢੱਠਾ
ਜਿਹਾ ਨਿਵਾਣ ਹੈ ?
ਸੁੰਦਰਾਂ ਆਖਦੀ, ਮੈਂ ਚਾਹੁੰਦੀ ਤੂੰ ਹੋ ਨਾ ਕਦੀ ਉਹਲੇ ਮੇਰੀ ਅੱਖ ਥੀਂ,
ਮੈਂ ਚਾਹੁੰਦੀ ਰੱਖਣਾ ਆਪ ਨੂੰ ਸਦਾ ਆਪਣੇ ਸਾਹਮਣੇ, ਪਰ ਠਕਿ ਆਪ
ਆਖਦੇ ਪਿਆਰ ਇਹ ਨਹੀਂ ਜੇ, ਮੈਂ ਹੋੜਾਂ ਮਰਜ਼ੀ ਆਪ ਦੀ,
ਆਪਦੀ ਮਰਜ਼ੀ ਵਿਚ ਰਹਿਣਾ ਮੇਰਾ ਉਹ ਪਿਆਰ ਹੈ ਜਿਹੜਾ ਮੈਂ ਲੋਚਦੀ ।
ਤੇ ਜੇ ਪਿਆਰ ਮੇਰਾ ਸੱਚਾ, ਮੈਂ ਹੋਵਸਾਂ, ਥਵਿਸਾਂ, ਚੱਲਸਾਂ, ਰਹਿਸਾਂ ਆਪ ਦੀ ਮਰਜ਼ੀ
ਵਿਚ ।
ਖ਼ੁਸ਼ ਖੁਸ਼ਾਨ ਰਹਿਸੀ ਹਮੇਸ਼ ਬਾਗ਼ ਆਪ ਦਾ ਖਿੜਿਆ, ਮੈਂ ਕਰਸਾਂ, ਕਮਾਵਸਾਂ,
ਕਿੰਜ ਆਪ ਆਖਸੋ, ਪਰ ਸਦਕੇ, ਹੋਵੋ ਨਾਂਹ ਮੇਰੀ ਅੱਖਾਂ ਥੀਂ ਉਹਲੇ, ਨਹੀਂ ਤਾਂ
ਮੈਂ ਮਰਸਾਂ ।
ਠੀਕ ਹੈ ਸੁੰਦਰਾਂ, ਪਰ ਘਰ ਮੈਨੂੰ ਕਬਰ ਦਿਸਦੀ, ਮੇਰਾ ਜੀ ਜੰਗਲਾਂ ਵਿਚ ਲਗਦਾ,
ਖੁੱਲ੍ਹ ਮੈਨੂੰ ਭਾਂਦੀ, ਖੁੱਲ੍ਹਾ ਛੋੜ ਮੈਨੂੰ ਆਪਣੀ ਹੱਥੀਂ ਆਪ ਤੋਂ ਸੁੰਦਰਾਂ ।
ਲੰਮੀ ਨਦਰ ਕਰ ਦੇਖ ਸੁੰਦਰੇ ! ਮਹਿਲੀਂ ਰੱਖ ਆਖ਼ਰ ਤੂੰ ਮੈਨੂੰ ਗ਼ੁਲਾਮ ਕਰਸੇਂ,
ਅਜ ਨਹੀਂ ਤਾਂ ਕੱਲ੍ਹ ਜ਼ਰੂਰ ਸੁੰਦਰਾਂ ।
ਖੋਹ ਨਾ ਖੁੱਲ੍ਹ ਮੇਰੀ, ਪਿਆਰ ਤੇਰਾ ਸੱਚਾ, ਮੈਂ ਮੰਨਦਾ, ਪਰ ਜੀਅ
ਘਬਰਾਉਂਦਾ, ਆਕਾਸ਼ ਦੀ ਬਾਹਾਂ ਨੂੰ ਛੱਡ ਕੇ ਤੇਰੀ ਬਾਹੀਂ ਪੈਣਾ,
ਕੁਝ ਮੈਨੂੰ ਕੈਦ ਜਿਹੀ ਦਿਸਦੀ, ਭੁੱਲ ਹੋਸੀ ਮੇਰੀ, ਪਰ ਸੁਭਾ ਮੇਰਾ ਸਾਥ ਖੁੱਲ੍ਹੇ
ਮੈਦਾਨਾਂ ਦੇ, ਆਕਾਸ਼ਾਂ ਦੇ, ਸਮੁੰਦਰਾਂ ਦੇ, ਅਨੰਤ ਜਿਹਾ ਹੋਣ ਨੂੰ ਜੀਅ ਮੇਰਾ
ਕਰਦਾ ।
ਹਾਰੀ ਸੋਹਣੇ ਜੋਗੀਆ ! ਮੈਂ ਹਾਰੀ, ਤੇਰੀ ਸੁੰਦਰਾਂ,
ਜੋਗੀ ਜਿਹੜੇ ਇਕ ਵੇਰੀ ਹੋਏ, ਉਨ੍ਹਾਂ ਨੂੰ ਪਿਆਰ ਅਨੰਤ ਦਿਸਦਾ ਔਖਾ,
ਇਹ ਠੀਕ ਹੈ, ਜੋਗ ਦਿਲ ਨੂੰ ਅਨੰਤ ਕਰ ਮਾਰਦਾ, ਸਾਈਂ ਪਿਆਰ ਬਚਾਂਦਾ,
ਨੀਵਿਆਂ ਦਾ ਪਿਆਰ ਠੀਕ ਮਾੜਾ, ਪਰ ਜੋਗ ਨਾਲ ਮਰ ਗਿਆਂ ਨੂੰ ਪਿਆਰ
ਉੱਚਿਆਂ ਦਾ ਆਣ ਬਚਾਉਂਦਾ ।
ਠੀਕ, ਮੇਰੇ ਸਿਰ ਦੇ ਸਾਹਿਬਾ ! ਮੇਰੇ ਰੂਹ ਦੇ ਮਾਲਕਾ ! ਸੁਹਣੱਪ ਕਦ ਕਿਸੇ ਦੇ ਖਾਰੇ
ਪੈਂਦੀ ਉਹ ਜਿਹੜੀ ਗਗਨਾਂ ਵਿਚ ਵੀ ਘੁਟਦੀ, ਖੁੱਲ੍ਹ ਪੂਰੀ ਨਾ ਹੋਣ ਕਰਕੇ ।
ਠੀਕ ! ਸੁਗੰਧੀ ਫੁੱਲਾਂ ਨੂੰ ਕੌਣ ਬੰਦ ਰੱਖੇ ਤੇ ਉਹ ਕਿਹੜੀਆਂ ਰੱਸੀਆਂ ।
ਆਪ ਸੁਹਣੱਪ ਪੂਰੀ, ਸਹਿਜ ਪੂਰੀ ਰੱਬੀ, ਆਪ ਪਿਆਰ ਰੂਪ, ਮੈਂ ਕੌਣ ਨਿਕਾਰੀ
ਨਾਚੀਜ਼, ਜਿਹੜੀ ਤੇਰੀ ਮਰਜ਼ੀ ਥੀਂ ਵੱਖ ਹੋ ਹੀਆ ਕਰਾਂ ਤੈਨੂੰ ਮਹਿਲਾਂ ਵਿਚ
ਪਾਣ ਦਾ,
ਤੁਸੀਂ ਮੇਰੇ ਸੱਚੇ ਸਾਹਿਬ, ਜਾਉ ਜਿੱਥੇ ਮਰਜ਼ੀ, ਮੈਂ ਆਖਾਂ ਸਦਾ ਤੇਰੀ ਆਂ ।
ਪਰ ਜਾਣ ਲੱਗੇ ਹੋ ਹੁਣ ਇਹ ਵੀ ਯਾਦ ਰੱਖਣਾ, ਤੁਸੀਂ ਖੁੱਲ੍ਹ ਚਾਹੁੰਦੇ,
ਮੈਂ ਖੁੱਲ੍ਹ ਪਿਆਰਦੀ, ਮਹਿਲ ਤੁਸਾਂ ਨੂੰ ਕਬਰਾਂ ਦਿਸਣ, ਮੈਨੂੰ ਤਾਂ ਇਹ
ਆਪਣਾ ਸਰੀਰ ਆਪ ਬਿਨਾਂ ਹਨੇਰੀ ਇਕ ਕਬਰ ਦਿਸਦੀ ।
ਵਿਛੜ ਆਪ ਥੀਂ ਜਿੰਦ ਜਿਹੜੀ ਪਿਆਰ ਕੁੱਠੀ ਤੜਫਦੀ, ਕਦੀ ਨਾਂਹ,
ਕਦੀ ਨਾਂਹ, ਕਦੀ ਨਾਂਹ, ਇਸ ਜਿਸਮ ਵਿਚ ਕੈਦ ਰਹਿਸੀ ।
ਜਾਓ ! ਤੁਸੀਂ ਆਜ਼ਾਦ, ਜਿੱਥੇ ਤੁਸਾਂ ਦੀ ਮਰਜ਼ੀ, ਜਾਓ ! ਜਿਥੇ ਤੁਸੀਂ ਸੁਖੀ,
ਪਰ ਮੇਰਾ ਜੀਅ ਨਾਲ ਨਾਲ ਆਵਸੀ, ਘੁੰਮਸੀ ਆਪ ਦੇ ਚਾਰ ਚੁਫੇਰਿਆਂ,
ਵਾਂਗ ਕੂਕਦੀ ਕੋਇਲ ਪਿਆਰ ਦੀ ਜੀ ।

੩੮. ਪੂਰਨ ਦਾ ਮੁੜਨਾ ਗੋਰਖ ਨਾਥ ਪਾਸ

ਮੁੜ ਆਇਆ ਪੂਰਨ ਗੋਰਖ ਨਾਥ ਪਾਸ,
ਜਿਸ ਨੂੰ ਦੇਖ ਗੋਰਖ ਕੋਪਵਾਨ ਹੋਇਆ ਤੇ ਕੜਾ ਕੜਾ, ਕੁਝ ਕਾੜ ਕਾੜ ਬੋਲਿਆ ।
ਤੇਰੇ ਟੁਰ ਆਇਆਂ ਪੂਰਨ ਨਾਥਾ, ਸੁੰਦਰਾਂ ਦੇ ਸਵਾਸ ਨਿਕਲੇ, ਅਹੁ ਦੇਖ ਤੇਰੇ
ਨਾਲ ਨਾਲ ਆਉਂਦੀ, ਵਾਂਗ ਚਿੱਟੀ ਘੁੱਗੀ, ਮੂੰਹ ਵਿਚ ਤੇਰਾ ਨਾਮ ਫੜਿਆ ।
ਸੁੰਦਰਾਂ ਮੈਂ ਸੀ ਦਿੱਤੀ ਤੈਨੂੰ, ਤੈਨੂੰ ਦਿੱਤਾ ਸੀ ਸੁੰਦਰਾਂ ਨੂੰ, ਤੁਸੀਂ ਦੋ ਮਿਲ ਕੇ
ਇਕ ਪੂਰਾ ਰੂਪ ਹੁੰਦੇ ।
ਅੱਛਾ ! ਜੋ ਹੋਣਾ ਸੀ ਸੋ ਹੋਇਆ ਗਿਲੇ ਦਾ ਕੋਈ ਥਾਂ ਨਹੀਂ,
ਹੁਣ ਜਾਓ ਦੇਖੋ ਮਾਂ ਆਪਣੀ ਨੂੰ, ਉਹਦਾ ਸਰੀਰ ਸੁੱਕਿਆ, ਨੈਣ ਸੁੱਕੇ, ਦਿਲ ਸੁੱਕਿਆ,
ਮਨ ਸੁੱਕਾ ਸੀ ਯਾਦ ਕਰ ਤੈਨੂੰ, ਹੁਣ ਉਹਦਾ ਰੂਹ ਹੈ ਸੁੱਕਣ ਲੱਗਾ ।
ਜਾਹ ਬੱਚਾ ! ਮਿਲ ਮਾਂ ਨੂੰ ਤੇ ਕਰ ਰੂਹ ਉਹਦਾ ਤੂੰ ਸੱਜਰਾ,
ਰੱਖੀਂ ਯਾਦ ਤੂੰ ਵੀ ਨਾਮ ਉਸ ਤੀਬਰ ਪਿਆਰ ਦਾ : 'ਸੁੰਦਰਾਂ'
ਮੈਂ ਦਿਤੀ ਅਦ੍ਰਿਸ਼, ਅਰੂਪ 'ਸੁੰਦਰਾਂ' ਹੁਣ ਕਰਾਮਾਤ ਤੈਨੂੰ,
ਜੋ ਆਖਸੇਂ, ਪੂਰਾ ਹੋਸੀ, ਸੁੱਕੇ ਹਰੇ ਹੋਸਨ, ਵਾਕ ਤੇਰਾ ਸਦਾ ਸਿੱਧ, ਤੇਰੀ ਅੱਖ
ਦੀਆਂ ਸੈਨਤਾਂ ਸਭ ਮੰਨਸਨ ਬੱਦਲ ਕਾਲੇ ਤੇ ਦਰਿਆ, ਪਰਬਤ;
ਜਿੱਧਰ ਜਾਵਸੇਂ ਖ਼ਲਕ, ਮੁਲਕ ਸਾਰੇ ਹਰੇ ਹੋਸਨ, ਦੁੱਧ ਦਹੀਂ ਪੁੱਤਰ ਤੇ ਬਰਕਤਾਂ
ਪਰਛਾਵੇਂ ਤੇਰੇ ਨਾਲ ਨਾਲ ਟੁਰਸਨ,
ਜਾਹ ਕੀਤਾ ਬਖ਼ਸ਼ਸ਼ਾਂ ਬਖ਼ਸ਼ ਕੇ ਵੱਡੇ ਨਾਥ ਨੇ ਪੂਰਨ ਜੋਗੀ, ਰਿਧੀ ਸਿਧੀ ਕਰਾਮਾਤ
ਵਾਲਾ ।
ਜੋਗੀਆਂ ਦੇ ਝੁੰਡ ਨਾਲ ਨਾ ਫਿਰੀਂ ਪੂਰਨ ਨਾਥ ਜੀ !
ਜੋਗੀ ਹੋਰ ਹੁੰਦੇ, ਆਪ ਦਾ ਰੂਹ ਕੁਝ ਹੋਰ ਹੋਵੇ;
ਪਿਆਰ-ਅੰਸ਼ ਇਕ ਹੋਰ ਚਮਕਦੀ, ਜਿਹੜੀ ਜੋਗੀਆਂ ਨੂੰ ਨਾ ਪਸੰਦ ਵਾਰੀ,
ਯਾਦ ਰੱਖੀਂ, ਇਹ ਚਮਕ ਪਿਆਰ ਦੀ, ਦਿਲ ਵਿਚ ਦੇਖ ਦੇਖ ਤੂੰ ਸਦਾ ਸਾਂਭ ਰੱਖੀਂ,
ਇਹ ਨਾਲ ਹੈ ਤੇਰੇ ਦਿਲ ਵਿਚ ਧੁਰੋਂ ਆਇਆ ।
ਕਦੀ ਦਿਲ ਤੇ ਝੋਲੜੀ ਤੇਰੀ ਨਾ ਰੱਖੇ ਖ਼ਾਲੀ,
ਇਹ ਰੱਖ ਰੱਬ ਨੇ ਦਿਤੀ ਹੈ ਤੈਨੂੰ !

੩੯. ਪੂਰਨ ਜੋਗੀ

ਮੁੜ ਟੁਰ ਪਿਆ, ਬੱਧਾ ਹੁਕਮ ਆਪਣੇ ਨਾਥ ਦਾ, ਪੂਰਨ ਜੋਗ ਦਾ ਪੂਰਾ ਭਾਂਡਾ,
ਤੇ ਅਣਡਿੱਠੇ ਨਾਲ ਟੁਰੇ ਕਈ ਹੋਰ ਰਾਖੇ, ਕਈ ਦੇਵੀ ਦੇਵਤਿਆਂ ਦਾ
ਉਸ ਤੇ
ਸਾਇਆ ।
ਪੂਰਨ ਇਕ ਟੁਰੇ ਤਾਂ ਦਿਸੇ ਜਿਵੇਂ ਟੁਰਦੇ ਲੱਖਾਂ ਜੋਗੀ, ਜਿੱਥੇ ਜਾ ਬਹੇ, ਉਹ ਜਾ ਲੱਸੇ ।
ਇਕ ਪ੍ਰਭਾਵ ਪੂਰਨ ਦਾ ਆਪਣਾ ਸੀ, ਕੁਝ ਯੋਗ ਦਾ ਸੀ, ਕੁਝ ਵੈਰਾਗ ਦਾ ਸੀ,
ਕੁਝ ਗੁੱਝੇ, ਅਣਪਛਾਤੇ ਕਿਸੇ ਪਿਆਰ ਦਾ ਸੀ ।
ਪੂਰਨ ਜੋਗ ਪੰਥ ਨੂੰ ਕਈ ਗਹਿਣੇ ਪਾਉਂਦਾ ਸੀ ਤੇ ਆਪ ਇਕ ਓਪਰਾ, ਅਣੋਖਾ,
ਪਿਆਰ ਵਾਲਾ, ਨਰਮ ਬਾਲ ਜਿਹਾ, ਸੀ ਜੋਗੀ ਪੂਰਾ,
ਬਖ਼ਸ਼ਿਆ ਹੋਇਆ, ਬਖਸ਼ਸ਼ਾਂ ਕਰਨ ਵਾਲਾ ।
ਬੱਦਲ ਆਏ, ਝੁਕੇ, ਵੱਸਣ ਲੱਗੇ, ਫੱਟ ਜਾਣ ਵਾਲੇ, ਜੇ ਪੂਰਨ ਹੱਸ ਆਖੇ,
ਖੁੱਲ੍ਹ ਜਾਉ ਸਜਨੋਂ ! ਧੁੱਪ ਦੀ ਲੋੜ ਸਾਨੂੰ ।
ਤੇ ਤਪਦੀ ਦੁਪਹਿਰ ਜੇ ਰਾਹ ਪਵੇ ਜੋਗੀ, ਤਦ ਬੱਦਲ ਕਾਲੇ ਤੇ ਚਿੱਟੇ ਫਿਰਨ ਨੱਸਦੇ,
ਹੋ ਕਮਲੇ ਫੜ ਫੜ ਛਤਰੀਆਂ ਛਾਵਾਂ ਦੀਆਂ, ਪੂਰਨ ਜੋਗੀ ਦੇ ਪੰਧ ਨੂੰ ਠਾਰਦੇ ।
ਭੈਣ ਜੋਗੀ ਦੀ ਸੀ ਪ੍ਰਕਿਰਤੀ ਹੋਈ, ਰੱਖੜੀ ਬੰਨ੍ਹੀਂ ਸੀ ਪੂਰਨ ਦੇ ਹੱਥ ਉਸ ਆਪ
ਆ ਤੇ ਭੇਤ ਅਗੰਮ ਵਾਲੇ ਦੋਹਾਂ ਦੇ ਸੀਨਿਆਂ ਦੇ ਖੁੱਲ੍ਹੇ ਭੈਣ ਭਰਾ ਵਿਚ ਸਨ ।

੪੦. ਪੂਰਨ ਜੋਗੀ ਦਾ ਮੁੜ ਸਿਆਲਕੋਟ ਆਉਣਾ

ਪੂਰਨ ਮੁੜ ਆਇਆ ਸਿਆਲਕੋਟ ਅੰਦਰ, ਵਾਂਗ ਬਸੰਤ ਆਇਆ
ਉਹ ਇਕ ਉਡਾਰੂ ਜਿਹਾ ਖੇੜਾ, ਜਿਹੜਾ ਸਭ ਨੂੰ ਲਗਦਾ ਰਹਿ ਰਹਿ ਕੇ ਛੁਹ ਨਾਲ ।
ਸੁੱਕੇ ਹਰੇ ਹੋਏ, ਮੁੜ ਪੁਰਾਣੇ ਬਾਗ਼ ਨਿਕਲ ਆਏ ਸਣ ਪੱਤਿਆ, ਸ਼ਗੂਫ਼ਿਆਂ, ਫੁੱਲਾਂ,
ਫਲਾਂ, ਜਿਵੇਂ ਡੁੱਬੇ ਜਜ਼ੀਰੇ ਝਟਾਪਟੀ ਸਮੁੰਦਰ ਥੀਂ ਨਿਕਲ ਆਣ;
ਨਹਿਰਾਂ ਫਿਰ ਵੱਗੀਆਂ, ਬੂਟਾ ਬੂਟਾ ਕੰਬਿਆ ਪਿਆਰ ਛੁਹ ਪਾ ਕੇ, ਬਾਗ਼ ਪੂਰਨ
ਦਾ ਮੁੜ ਗਾਉਂਦਾ ਗਲਾ ਆਪਣਾ ਸੰਵਾਰ ਸੰਵਾਰ ਕੇ ।
ਲੋਕੀਂ ਕਹਿਣ ਲੱਗੇ; ਇਕ ਜੋਗੀ ਕਮਾਲ ਦਾ ਕੋਈ ਆਇਆ ਹੈ, ਜੋਗੀਆਂ ਫਿਰਦਿਆਂ
ਜਿਹਾ ਉਹ ਨਹੀਂ ਜੋਗੀ, ਉਹ ਨਵਾਂ, ਕੋਈ ਵੱਖਰਾ, ਅਦਭੁਤ ਆਦਮੀ ਹੈ ।
ਦੇਖੋ ਜ਼ਾਹਰ ਕਰਾਮਾਤ ਉਸ ਦੀ ਬਾਗ਼ ਵੀ ਚਰਨ-ਛੁਹ ਪਾ ਕੇ ਸਾਰਾ ਹਰਾ ਹੋ ਆਇਆ
ਹੈ ।
ਫਲਾਂ ਨਾਲ ਡਾਲੀ ਡਾਲੀ ਆਣ ਲਿਫੀ ।
ਸੁਣ ਸੁਣ ਭੱਜੇ ਸਾਰੇ ਜੋਗੀ ਦੇ ਦਰਸ਼ਨਾਂ ਨੂੰ ਲੋਕਾਈ ਟੁੱਟੀ ਉਥੇ ਜਿਵੇਂ ਮਖੋਰੀਆਂ
ਆਣ ਸੁਗੰਧੀਆਂ ਤੇ ।
ਠੀਕ ! ਇਹ ਜ਼ਰੂਰ ਹੈ, ਸਦਾ ਮਖੋਰੀ-ਖ਼ਲਕ ਪਛਾਣੇ ਸਾਧਾਂ ਸੱਚਿਆਂ ਨੂੰ ।
ਲੋਕਾਂ ਦਾ ਦਿਲ ਦੱਸਦਾ ਅਮਦਰਲੀ ਲੋਅ ਫਕੀਰਾਂ ਦੀ, ਭਾਵੇਂ ਉਹ ਅੱਖਾਂ ਨਾਲ
ਤੱਕਣ ਨਾ ਤੱਕਣ, ਭਾਵੇਂ ਉਨ੍ਹਾਂ ਦੀ ਅਕਲ ਜਾਣੇਂ ਤੇ ਚਾਹੇ ਨਾ ਜਾਣੇਂ,
ਜਿਵੇਂ ਪੰਖੇਰੂ ਪਛਾਣਦੇ ਸਭ ਥੀਂ ਪਹਿਲਾਂ ਪਹੁ-ਫੁਟਾਲੇ ਨੂੰ ।
ਝੁਰਮੁਟ ਆਣ ਪਾਇਆ ਜੋਗੀ ਪਾਸ ਨਰਾਂ ਤੇ ਨਾਰੀਆਂ ਨੇ,
ਥੱਕੇ ਦੁਨੀਆਂ ਤੇ ਘਰ ਦੇ ਦੁੱਖਾਂ ਥੀਂ ਲੋਕੀਂ ਹਰ ਤਰ੍ਹਾਂ ਦੀ ਠੰਢ ਲੈਣ ਆਉਂਦੇ,
ਆਪਣੀਆਂ ਲੋੜਾਂ ਪੂਰੀਆਂ ਕਰਾਣ ਆਦੇ, ਥੋੜਾਂ ਸਾਰੀਆਂ ਦਾ ਚਾਹੇ ਭੋਗ ਪਾਣ
ਆਦੇ ।
ਜੋਗੀ ਵੀ ਦਿੰਦਾ ਸੀ ਹੁੱਬ ਨਾਲ, ਵਾਂਗ ਇਕ ਡੂੰਘੇ, ਤ੍ਰਿਖੇ ਦਰਿਆ ਵਗਦੇ ਦੇ,
ਕਦਮ ਕਦਮ ਤੇ ਲੋਕਾਂ ਨੂੰ ਕਰਾਮਾਤ ਦਿੱਸੇ, ਉਨ੍ਹਾਂ ਸਾਰਿਆਂ ਨੂੰ ਉਹ ਆਪਣੇ
ਥੀਂ ਕਿਸੇ ਉੱਚੀ ਸ਼ਰੇਣੀ ਦਾ ਲੋਕ ਦਿੱਸੇ ।
ਬਾਗ਼ ਪੂਰਨ ਦਾ ਭਰਿਆ, ਕੰਢੇ ਕੰਢੇ ਖ਼ੁਸ਼ਬੋ ਜੋਗੀ ਦੀ ਉੱਡਦੀ ਮਾਰ ਛਾਲਾਂ,
ਕੰਧਾਂ ਤ੍ਰੱਪਦੀ ਜਾਂਦੀ ਉੱਡਦੀ ਮਿਲਖਾਂ ਮੁਲਖਾਂ ਤੇ ।

੪੧. ਲੂਣਾਂ ਤੇ ਰਾਜੇ ਸਾਲਵਾਹਨ ਦਾ ਆਉਣਾ

ਲੂਣਾਂ ਆਖਦੀ ਸੁਣ ਖ਼ਬਰਾਂ, ਰਾਜੇ ਸਾਲਵਾਹਨ ਨੂੰ; ਚਲੋ ਅਸੀਂ ਵੀ ਪੁੱਤ ਲਈ
ਅਰਜ਼ ਕਰੀਏ, ਮਤੇ ਰੇਖ ਵਿਚ ਮੇਖ ਕੋਈ ਵੱਜਦੀ ਹੋਵੇ !
ਵਾਂਗ ਮੰਗਤਿਆਂ ਹੋ ਨਿਮਾਣੇ ਦੋਵੇਂ, ਰਾਜਾ ਤੇ ਰਾਣੀ ਨੰਗੇ ਪੈਰ ਆਂਦੇ ।
ਦੂਰੋਂ ਆਉਂਦਾ ਦੇਖ ਰਾਜਾ ਤੇ ਰਾਣੀ, ਪੂਰਨ ਉਠਿਆ ਆਪ ਮੁਹਾਰਾ ਛੱਡ ਆਸਣ,
ਆਦਰ ਦਾ ਭਾ ਆਇਆ, ਕੁਝ ਪਿਤਾ ਹੋਣ ਦਾ, ਕੁਝ ਉਨ੍ਹਾਂ ਦੇ ਮੁਲਕ ਦੇ
ਰਾਜਾ ਹੋਣ ਦਾ, ਮਿਲੇ ਜੁਲੇ ਆਦਰ ਤੇ ਭਾਵ ਸਨ-ਜਿਨ੍ਹਾਂ ਨੂੰ ਪੂਰਨ ਨੇ
ਗਿਣਿਆਂ ਨਹੀਂ ਸੀ, ਨਾ ਤੋਲਿਆ, ਸਹਿਜ ਸੁਭਾ ਵਧਿਆ, ਅੱਗੇ ਲੈਣ ਨੂੰ !
ਰਾਜਾ ਸਾਲਵਾਹਨ ਆਉਂਦਾ, ਕੋਈ ਸ਼ਾਨ ਤੇ ਸੁਹਣੱਪ ਉਹਦੇ ਆਉਣ ਦੀ ਦਿੱਸ ਰਹੀ,
ਵੱਡੀ ਚੀਜ਼ ਦਾ ਡਿੱਗਣਾ ਵੀ ਵੱਡਾ ਤੇ ਸੁਹਣੱਪ ਭਰਿਆ, ਸੂਰਬੀਰ ਵੱਡਾ ਰਾਜਾ
ਸਾਲਵਾਹਨ, ਢਲ ਰਿਹਾ ਵੀ ਢਲਦਾ ਸੀ ਵਾਂਗ ਸੂਰਜ,
ਉਹਦਾ ਢਹਿਣ ਵੀ ਸੀ ਆਕਾਸ਼ ਉੱਚਾ ।
ਤੇਜ ਨਾਲ ਚਮਕੇ ਮੱਥਾ, ਬੜਾ ਪ੍ਰਾਕ੍ਰਮ ਵਾਲਾ, ਉਥੇ ਮਾਰ ਨਾ ਝੱਲਦਾ ਹਾਲੇ ਵੀ ਕੋਈ,
ਰੱਬੀ, ਦੈਵੀ ਨਿਸ਼ਾਨੀਆਂ ।
ਰਾਜਾ ਸਦਾ ਰੱਬ ਦੀ ਮੂਰਤ ਇਹ ਗੱਲ ਠੀਕ, ਸੱਚ ਹੈ ।
ਕੁਝ ਆਵੇਸ਼ ਰੱਬੀ ਰਾਜੇ ਵਿਚ ਸਦਾ ਵੱਸਦਾ ਹੈ, ਰਾਜਾ ਉਹ ਜੋ ਰਈਅੱਤ ਦਾ ਦਿਲ
ਜਿੱਤਦਾ ਤੇ ਰਈਅੱਤ ਜਿਸ ਪਰ ਮਰਦੀ ਹੈ, ਜਿਸ ਨੂੰ ਖਲਕ ਮੰਨਦੀ,
ਸਤਿਕਾਰਦੀ ਹੈ, ਜਿਸ ਵਿਚ ਬੱਝੀ ਰੌ ਵਗਦੀ ਹੈ ।
ਐਸੇ ਰਾਜੇ ਵਿਚ ਜ਼ਰੂਰ ਫ਼ਕੀਰੀ ਕੋਈ ਅੰਸ਼ ਹੁੰਦਾ, ਉਹ ਹੁੰਦਾ ਜ਼ਰੂਰ ਇਕ ਤਰ੍ਹਾਂ ਫ਼ਕੀਰ,
ਕੁਝ ਔਲੀਆ ਵੀ ।
ਪੂਰਨ ਆਖਦਾ, ਆਓ ਰਾਜਾ ! ਅਸੀਂ ਆ ਵੜੇ ਆਪ ਦੇ ਦੇਸ ਜੀ,
ਦੱਸੋ ਕਿਹੜੀ ਲੋੜ ਨੂੰ ਆਏ ਆਪ ਦੋਨੋਂ, ਅਸੀਂ ਤੁਸਾਂ ਦਾ ਆਉਣਾ ਮੰਨਦੇ ਹਾਂ !

੪੨. ਸਾਲਵਾਹਨ ਰਾਜੇ ਦਾ ਪੂਰਨ ਜੋਗੀ ਨੂੰ ਸਤਿਕਾਰ ਦੇਣਾ

ਸਾਲਵਾਹਨ ਕਹੇ, ਤੁਸੀਂ ਨਾਥ ਭਾਰੇ, ਤੁਸਾਂ ਉੱਠ ਅਸਾਂ ਤੇ ਭਾਰ ਚਾੜ੍ਹੇ, ਅਸੀਂ ਗ਼ਰੀਬ
ਮੰਗਤੇ ਆਪ ਦੇ ਦਰਾਂ ਦੇ ਹਾਂ ।
ਤੁਸੀਂ ਰੱਬ ਵਾਲੇ ਸਾਈਂ ਸੱਚੇ, ਅਸੀਂ ਕੂੜ ਕਪਟ ਸਭ ਕਮਾਉਂਦੇ ਹਾਂ ।
ਕੋਈ ਹੁਕਮ ਕਰੋ, ਇਹ ਦੇਸ ਤੁਸਾਡਾ, ਇਹ ਤਖ਼ਤ, ਤਾਜ ਸਭ ਆਪ ਦਾ,
ਜਾਣੋਂ ਮੈਂ ਇਕ ਗੁਮਾਸ਼ਤਾ ਆਪ ਦਾ ਬੈਠਾ, ਕੋਈ ਕਰੋ ਹੁਕਮ, ਅਸੀਂ ਦੋਵੇਂ
ਖੜ੍ਹੇ ਆਣ ਹਾਜ਼ਰ ਆਪ ਦੇ ਦਰ ਤੇ ਹਾਂ ।

੪੩. ਪੂਰਨ ਦਾ ਜਵਾਬ ਰਾਜੇ ਸਾਲਵਾਹਨ ਨੂੰ

ਜੋਗੀ ਆਖਦਾ ਰਾਜਿਆ !
ਨਾਥ ਆਪਣੇ ਦੇ ਅਸੀਂ ਬਾਲੜੇ ਹਾਂ ।
ਚਾਹ ਮੁੱਕੀ ਮਨ ਟਿਕ ਗਿਆ,
ਅਸੀਂ ਗਗਨ ਹੇਠ ਰਹਿਣ ਵਾਲੜੇ ਹਾਂ ।
ਬੇਲ ਬੂਟੇ ਸਾਡੇ ਹਨ ਭੈਣ ਭਾਈ,
ਅਸੀਂ ਜੰਗਲਾਂ ਦੇ ਰਹਿਣ ਵਾਲੜੇ ਹਾਂ ।
ਬਾਹਾਂ ਆਪਣੀ ਤੇ ਅਸੀਂ ਸਿਰ ਰਖਦੇ,
ਨੰਗੇ ਪੱਥਰਾਂ ਤੇ ਸੈਣ ਵਾਲੜੇ ਹਾਂ ।
ਘੁੱਟ ਦੇ ਪਾਣੀ ਨਦੀ ਨਹਿਰ ਦੇਵੇ;
ਅਸੀਂ ਕੰਦ ਮੂਲ ਖਾਣ ਵਾਲੜੇ ਹਾਂ ।

੪੪. ਸਾਲਵਾਹਨ ਲੂਣਾਂ ਵੱਲੋਂ ਅਰਜ਼ ਕਰ ਪੁੱਤ ਮੰਗਦਾ

ਆਖ਼ਰ ਹੱਥ ਵਲ ਕਰ ਲੂਣਾਂ, ਰਾਜਾ ਸਾਲਵਾਹਨ ਆਪਣੀ ਅਰਜ਼ ਕਰਦਾ,
ਦੇਵੋ ਇਕ ਦੀਵਾ, ਜਿਹੜਾ ਕਰੇ ਰੌਸ਼ਨ, ਵਿਹੜਾ ਆਪ ਦੇ ਗ਼ੁਲਾਮ ਦਾ ਜੀ
ਲੂਣਾਂ ਰਾਣੀ ਮੇਰੀ ਦਿਨ ਰਾਤ ਹੌਕੇ ਲੈਂਦੀ, ਆਖਦੀ, ਲੋਚਦੀ ਤਰਸਦੀ,
ਮਾਂ ਹੋਵਾਂ, ਬੱਚਾ ਖਿਡਾਵਾਂ ਗੋਦ ਆਪਣੀ ਜੀ ।
ਕਰੋ ਮਿਹਰ, ਤੇ ਕਰੋ ਬਖਸ਼ਸ਼ ਆਪਣੇ ਭਰੇ ਭੰਡਾਰ ਥੀਂ ਜੀ ।

੪੫. ਪੂਰਨ ਜੋਗੀ ਦਾ ਜਵਾਬ ਰਾਜੇ ਨੂੰ

ਰਾਜਾ ! ਜੋ ਆਖੇਂ ਕਰਾਮਾਤ ਕਰੀਏ, ਬੇਵੱਸ ਅਸੀਂ, ਮਰਜ਼ੀ ਕਿਸੇ ਹੋਰ ਦੀ
ਅਸੀਂ ਪਾਲਦੇ ਹਾਂ,
ਭਾਰ ਲੋਕਾਂ ਦੇ, ਅਰਜ਼ ਸਾਡੀ, ਹੁਕਮ ਨਾਥ ਦਾ ਹਰ ਥਾਂ ਵਰਤਦੇ ਹਾਂ,
ਜਿਹੜਾ ਆਸ ਧਾਰ ਆਵੇ, ਉਹਦਾ ਨਿਹਚਾ ਤਾਰੇ,
ਰਾਜਾ ! ਹੋਂਵਦਾ ਸਦਾ ਉਹ ਹੈ ਜੋ ਨਾਥ ਮਰਜ਼ੀ ।
ਤੁਸਾਂ ਦੋਹਾਂ ਨੂੰ ਦੇਖ ਇਕ ਧਿਆਨ ਵਜਦਾ,
ਬੱਚਾ ਇਕ ਹੋਇਆ, ਤੁਸਾਂ ਖ਼ੁਦ ਦੋਹਾਂ ਕੋਹਿਆ ਸੀ ।
ਦੱਸੋ ਖਾਂ ਹੋਈ ਸੀ ਕੁਝ ਇਹੋ ਜਿਹੀ ਘਟਨਾ ?
ਸੱਚ ਦੱਸੀਂ ਰਾਜਾ, ਦਰ ਦਰਵੇਸ਼ ਤੇ ਲੁਕਾਅ ਨਹੀਂ ਫੱਬਦਾ ਹੈ,
ਫ਼ਕੀਰਾਂ ਅੱਗੇ ਮੰਤਰ ਸੱਚ ਦਾ ਬੱਸ ਚਲਦਾ ਹੈ ।

੪੬. ਲੂਣਾਂ ਦਾ ਪਸਚਾਤਾਪ ਤੇ ਰੁਦਨ

ਲੂਣਾਂ ਦਾ ਕੜ ਟੁੱਟਾ, ਹੱਥ ਜੋੜ ਟੁੱਟੀ ਧਰਤੀ ਵਾਂਗ ਫਟੀ, ਬਰਸਾਂ ਦੀ ਬੱਝੀ ਉਹ
ਟੁੱਟੀ, ਢਹਿ ਪਈ ਜੋਗੀ ਦੇ ਚਰਨਾਂ ।
ਛਾਤੀ ਫਟੀ ਰਾਣੀ ਦੀ, ਕਾੜ ਕਾੜ ਹੋਈ, ਮਾਂ ਜਾਗੀ ਲੂਣਾਂ ਵਿਚ,
ਪੂਰਨ ਪਸਚਾਤਾਪ ਵਿਚ ਚੀਖੀ ਵਾਂਗ ਕਿਸੇ ਦੇਵੀ ਦੇ, ਇਕ ਚੀਖ ਨਾਲ ਉਹ
ਹੈਵਾਨ ਥੀਂ ਇਨਸਾਨ ਹੋਈ, ਜੋਗੀ ਦੇ ਗੁਪਤ ਪ੍ਰਭਾਵ ਨਾਲ ।
ਲੂਣਾਂ ਆਪਾ ਲਾਹ ਲਾਹ ਸੁੱਟਦੀ, ਪਰਦੇ ਫਾੜਦੀ, ਪਾੜ ਪਾੜ ਚੀਰਦੀ ਸੀ ।
ਆਪਣਾ ਦਿਲ ਕਰ ਨੰਗਾ, ਰੂਹ ਕਰ ਨੰਗਾ ਦੱਸਦੀ ਹੈ,
ਸਦੀਆਂ ਦੀ ਮੈਲ ਰੂਹ ਤੇ ਚੜ੍ਹੀ ਇਕ ਪਲਕ ਵਿਚ ਉਤਰਦੀ ਹੈ, ਜੋਗੀ ਦੇ ਪ੍ਰਭਾਵ
ਨਾਲ ।
ਕਹਿੰਦੀ ਕੂਕਦੀ ਵਾਂਗ ਇਕ ਬਿਜਲੀ ਦੇ, ਸਾੜਦੀ ਆਪ-ਮੁਹਾਰੀ ਅੰਦਰੋਂ ਉੱਠੀ
ਬਿਜਲੀ ਨਾਲ, ਸਭ ਮਾੜੇ ਖਿਆਲਾਂ ਨੂੰ ਇਕ ਪਲਕ ਵਿਚ ਗੰਗਾ
ਨੁਹਾਂਵਦੀ ਹੈ, ਪਾ ਪ੍ਰਭਾਵ ਯੋਗੀ ਪੂਰਨ ਦਾ ।
ਕਹਿੰਦੀ, ਮੈਂ ਹਤਿਆਰੀ, ਰੜੇ ਮੈਦਾਨ ਮੈਂ ਮਾੜੀ,
ਗਲੀਆਂ ਦੇ ਕੱਖ ਚੰਗੇ, ਚੂਹੜੇ ਚੰਡਾਲ ਚੰਗੇ,
ਮੈਂ ਮਾੜੇ ਖ਼ਿਆਲਾਂ, ਖ਼ਾਹਸ਼ਾਂ ਦੀ ਮਾਰੀ ਹਾਂ ।
ਬਖ਼ਸ਼ੋ ਜੋਗੀ-ਰਾਜ ਸੱਚੇ, ਮੈਂ ਹਤਿਆਰੀ ਹਾਂ ।
ਬੱਚਾ ਪੂਰਨ ਮੇਰਾ, ਮੈਂ ਮਾਂ ਉਸ ਦੀ, ਕੁਹਾਇਆ ਮੈਂ ਉਸ ਨੂੰ,
ਮੈਂ ਪਾਪਣ ਹਤਿਆਰੀ ਹਾਂ ।
ਪੂਰਨ ਪੁੱਤ ਮੇਰਾ, ਸਦਾ ਨਿਰਦੋਸ਼, ਬੇਲੋਸ, ਮਾਸੂਮ, ਦੁੱਧ ਵਰਗਾ ਚਿੱਟਾ ਬਛੜਾ
ਗਊ ਦਾ ਸੀ ,
ਮੈਂ ਆਪ ਜਾਣ ਬੁੱਝ ਕੇ ਤੇ ਚੰਨ ਨੂੰ ਦਾਗ਼ ਲਾਇਆ;
ਉਹ ਪੁੱਤ ਮੇਰਾ, ਸੱਚਾ ਡਾਢਾ, ਉੱਚਾ, ਬਲੀ, ਜੋਧਾ, ਦਾਤਾ, ਸੂਰ, ਭਗਤ, ਸੱਚਾ,
ਮੈਂ ਆਪ ਤੱਕੇ ਉਹਦੇ ਬਲਵਾਨ ਫੰਘ ਕਿਸੇ ਉੱਚੇ ਚਿੱਟੇ ਬਾਜ਼ ਦੇ ਸਨ;
aਹ ਬਾਜ਼ ਕਦੀ ਨਾ ਸਹਿੰਦਾ ਛਿਟ ਛਿਣਕ ਕੋਈ ।
ਉਹ ਸੁੱਚਾ ਵਾਂਗ ਪਰਬਤਾਂ, ਹਾਇ ! ਮੈਨੂੰ ਕੌਣ ਬਖ਼ਸ਼ੇ ? ਨਾਥ ਜੀ ਪੂਰਨ ਨੂੰ ਭੁੱਲਣਾ
ਔਖਾ ।
ਜਦ ਯਾਦ ਆਵੇ, ਨਾਲ ਭੁੱਲ ਆਪਣੀ, ਆਪਣੀ ਹੱਤਿਆ ਯਾਦ ਆਉਂਦੀ,
ਦਿੱਸਦਾ ਹੁਣ ਵੀ ਉਹ ਆਪਣੇ ਚਿੱਟੇ ਬਾਜ਼ ਫੰਘ ਫੜਕਾਂਦਾ, ਛਿਣਕਾਂ ਆਪੇ
ਉੱਤੇ ਮਾੜੇ ਖ਼ਿਆਲ ਦੀਆਂ ਨਾ ਪੈਣ ਦਿੰਦਾ, ਉਹ ਸਦਾ ਅਣਭਿੱਜਾ ।
ਦਿੱਸੇ ਹੁਣ ਵੀ ਸਾਹਮਣੇ ਖੜਾ, ਗੂੰਜੇ ਉਹਦੀ ਬਿੱਜਲੀਲੀ ਕੜੀ ਅਵਾਜ਼ ਮੇਰੇ
ਕੰਨ ਵਿਚ, 'ਮਾਂ ! ਮੈਂ ਪੁੱਤ ਤੇਰਾ, ਸਦਾ ਝੋਲੀ ਆਪਣੀ ਵਿਚ ਪਾ ਮੈਨੂੰ' ।
ਪਰ ਹੁਣ ਪੂਰਨ ਇਕ ਸੁਫਨਾ ਹੈ ਤੇ ਮਹਿਲ ਮੇਰਾ ਸੱਖਣਾ ਹੈ,
ਮੈਂ ਆਖਦੀ ਮੁੜ ਆ ਬੱਚਾ ! ਮੈਨੂੰ ਬਖਸ਼ ਬੱਚਾ, ਮੈਨੂੰ ਆਪਣੇ ਅੰਦਰ ਦੇ ਪਸਚਾਤਾਪ
ਥੀਂ ਤੂੰ ਬਖ਼ਸ਼ਵਾ ਬੱਚਾ,
ਹਰੀ ਕਰ ਤੂੰ ਸਦਾ ਲਈ ਝੋਲ ਮੇਰੀ, ਤੂੰ ਤਾਂ ਆਖਦਾ ਸੈਂ, ਮੈਂ ਸਦਾ ਭਰਸਾਂ,
ਹੁਣ ਆ ਨਾ, ਹੁਣ ਆ ਬੱਚਾ, ਮੈਨੂੰ ਬਖ਼ਸ਼, ਬਖ਼ਸ਼ਵਾ ਬੱਚਾ !

੪੭. ਪੂਰਨ ਰਾਣੀ ਲੂਣਾਂ ਨੂੰ ਵਰ ਦਿੰਦਾ

ਪੂਰਨ ਰਾਣੀ ਲੂਣਾਂ ਦਾ ਸਿਰ ਚੁੱਕ ਕੇ ਆਪਣੇ ਹੱਥਾਂ ਤੇ ਸੰਭਾਲਦਾ,
ਤੇ ਹੱਥ ਲੱਗਿਆਂ, ਰਾਣੀ ਪਛਤਾਂਦੀ ਨੂੰ ਅੰਦਰੋਂ ਲੋਅ ਦਿੰਦਾ, ਬਖ਼ਸ਼ਦਾ, ਰੱਬ ਦੀ
ਬਰਕਤ ਭਰਦਾ, ਛੁਹ ਨਾਲ ਚੁੱਪ ਚੁੱਪ ਰੂਹ ਦੇ ਦੁੱਖ ਥੀਂ ਆਰਾਮ ਦਿੰਦਾ
ਰਾਜ਼ੀ ਕਰਦਾ, ਰਾਣੀ ਦੀ ਰੂਹ ਪਲਟਦਾ, ਸ਼ੇਖ਼ ਦਾ, ਚਮਕਦਾ ।
ਰਾਣੀ ! ਸੱਚ ਆਖੇਂ, ਪੂਰਨ ਪੁੱਤ ਤੇਰਾ, ਤਦ ਤੇਰਾ ਹੁਣ ਤੇਰਾ,
ਉਹ ਹੁਣ ਵੀ ਭਾਵੇਂ ਮਰ ਗਿਆ ਇਸ ਆਪ ਦੀ ਦੁਨੀਆਂ ਥੀਂ, ਆਖੇ ਪੁੱਤ ਤੇਰਾ,
ਮੋਇਆਂ ਜੀਉਂਦਿਆਂ ਦਾ ਬਸ ਫ਼ਰਕ ਰੱਤੀ, ਵਿਚ ਇਕ ਪਰਦਾ, ਮੋਇਆਂ
ਜੀਉਂਦਿਆਂ ਦਾ ਸੁਫਨਾ ਤੇ ਜੀਉਂਦੇ ਮੋਇਆਂ ਦਾ ਸੁਫਨਾ ।
ਜੋ ਹੋਵਣਾ ਸੀ ਸੋ ਹੋਇਆ ਮਾਈ, ਹੁਣ ਪੂਰਨ ਉਹ ਨਹੀਂ ਮਿਲਣਾ ਹੈ,
ਹਾਂ ! ਪਰ ਲੈ ਇਹ ਬਿਭੂਤੀ ਚੁਟਕੀ ਨਾਥ ਦੀ ਤੇ ਖਾਵੀਂ ਇਹਨੂੰ ਰੱਖ ਸਿਦਕ,
ਤੇਰੀ ਕੁੱਖ ਥੀਂ ਹੋਵੇਗਾ ਇਕ ਬੜਾ ਬੀਰ ਬੱਚਾ ।
ਹੁਣ ਭੁੱਲ ਪੂਰਨ, ਪੂਰਨ ਭੁੱਲਣੇ ਵਿਚ ਹੁਣ ਸੁਖ ਤੁਸਾਡਾ ।
ਜਾਓ ! ਰਾਜਾ ਘਰ ਆਪਣੇ ਤੁਸੀਂ
ਇਸ ਦੁਨੀਆਂ ਵਿਚ ਕਹਿਰ, ਗੁੱਸੇ ਦੀ ਕੋਈ ਥਾਂ ਨਹੀਂ, ਕਿਧਰੇ, ਕਦੀ, ਸਦਾ ਗੁੱਸੇ
ਕਹਿਰ ਥੀਂ ਬਚਣਾ-ਬੱਸ, ਇਕ ਇਹ ਹੈਵਾਨ ਹੈ ਛੁਪਿਆ ਇਨਸਾਨ ਅੰਦਰ ।
ਇਕ ਗੁੱਸੇ ਨੇ ਮਰਵਾਇਆ ਪੁੱਤ ਤੇਰਾ, ਦੂਜੇ ਨਾਲ ਨਾ ਮਾਰੀਂ ਰਾਣੀ ਆਪਣੀ ਨੂੰ
ਦੇਖੀਂ, ਨੀਝ ਲਾ, ਨਿਆਏ ਰੱਬ ਦੇ ਉੱਚੇ ਆਦਰਸ਼ ਸੱਚ ਥੀਂ, ਇਥੇ ਕਿਸੇ ਦਾ,
ਕਦੀ ਕੁਝ ਵੀ ਕਸੂਰ ਨਾਂਹ, ਇਹ ਜੀਣ-ਖੇਤਰ ਅਣਦਿਸਦੇ ਅਨੇਕ ਖੇਤਰਾਂ ਦਾ
ਇਕ ਸੂਈ ਦੇ ਨੱਕੇ ਥੀਂ ਵੱਧ ਨਾ ਫੈਲਾਉ ਵਿਚ, ਜਿੱਥੇ ਨਾ ਪਿੱਛਾ ਨਾ
ਅੱਗਾ, ਕਿਸੇ ਨੂੰ ਦਿੱਸੇ, ਕਈ ਕਰਮਾਂ ਖ਼ਿਆਲਾਂ ਬੇਵਸੀਆਂ, ਲਾਚਾਰੀਆਂ, ਰੂਹਾਂ-
ਰਸੀਆਂ, ਦਿਲਾਂ ਲੱਗਿਆ ਦੀ ਆਪ ਮੁਹਾਰੀ ਕੁਝ ਗਡ ਵੱਡ ਹੁੰਦੀ, ਕਦੀ ਕਦੀ
ਆਪਣੇ ਨਹੀਂ ਦੂਜੇ ਦੇ ਕਰਮ ਵੀ ਆਣ ਮਾਰਨ ।
ਲੂਣਾਂ ਮਾਈ ਦਾ ਨਾ ਕੋਈ ਕਸੂਰ ਜਾਣੀ, ਰਾਜਿਆ ! ਨਿਆਏ ਮਨੁੱਖ ਦੇ ਹੱਥ ਨਾਂਹ,
ਨਿਆਏ ਸੱਚਾ, ਸੱਚਾ ਰੱਬ ਕਰਦਾ ਤੇ ਸੱਚ ਜਾਣੀ, ਉਹ ਇੰਨਾ ਵੱਡਾ,
ਉੱਚਾ ਅਨੰਤ ਹੈ ਵੇ ਕਿ ਉਹਦਾ ਨਿਆਏ ਬਸ ਮਾਫੀ ਤੇ ਪਿਆਰ ਤੇ ਬਰਕਤ ਹੈ ।
ਵੈਰ ! ਉਹ ਤਾਂ ਸਦਾ ਅਮਰਤਾ ਨਾਲ ਪਾਲਦਾ ਪਾਪੀ, ਪੁੰਨੀ, ਧਰਮੀ, ਅਦਰਮੀ,
ਉਥੇ ਕਦੀ, ਕਿਸੇ ਹਾਲਤ ਨਾ ਹੁੰਦੀ ਵੰਡ ਕਾਣੀ-ਪਾਪ ਬਸ ਇਕ ਹੈ ਉਹਨੂੰ ਨਾ
ਪਿਆਰ ਕਰਦਾ ।ਉਹ ਕਰਮ ਸਾਡਾ, ਸਾਡੇ ਹੱਥ ਛੁਰੀ, ਅਸੀਂ ਆਪਣੇ ਪੇਟ ਹਾਂ
ਆਪ ਮਾਰਦੇ, ਬਾਕੀ ਇਕ ਹੋਰ ਪਾਪ ਘੋਰ ਹੈ, ਉਹਦੇ ਪਿਆਰਿਆਂ ਨੂੰ ਦੁੱਖ
ਦੇਣਾ, ਹੋਰ ਇਸ ਦੁਨੀਆਂ ਤੇ ਨਾ ਕੋਈ ਪੁੰਨ, ਨਾ ਪਾਪ ਹੋਵੇ, ਇਹ ਵਾਸਤਵ
(ਸਚਮੁਚ) ਯਥਾਰਥ ਰਾਜਾ ! ਤੁਸਾਂ ਕਦੀ ਨਾ ਕਹਿਰ ਕਰਾਵਣਾ ਜੀ ।

੪੮. ਮਾਂ-ਇੱਛਰਾਂ ਦਾ ਆਵਣਾ

ਦੂਰੋਂ ਦੇਖਿਆ ਇਕ ਹੋਰ ਆਉਂਦੀ, ਇਸ ਵੇਰੀ ਮਾਂ-ਰਾਣੀ ਇੱਛਰਾਂ ਸੀ, ਉਹਦੇ
ਕੇਸ ਖਿੱਲਰੇ, ਵਿਚੋਂ ਘਟਾ ਉੱਡੇ, ਉਹਦੇ ਕੱਪੜੇ ਫੱਟੇ : ਪੁਰਾਣੇ, ਕੁਝ
ਪਾਗਲ ਜਿਹੀ ਵਾਂਗ ਫ਼ਕੀਰਨੀ ਦੇ ।
ਨੈਣ ਨਾ ਦੇਖਣ ਉਸ ਦੇ, ਪੈਰ ਵਸ ਨਾਂਹ, ਕਦਮ ਲੜਖੜਾਂਦੇ, ਡਿੱਗਦੀ,
ਢਹਿੰਦੀ ਆਉਂਦੀ ਸੀ ।
ਸੈ ਗੋਲੀਆਂ,ਬਾਂਦੀਆਂ ਦੀ ਮਾਲਕ ਅੱਜ ਵਾਂਗ ਗਲੀਆਂ ਦੇ ਕੱਖਾਂ ਦੇ,
ਆਪਣੇ ਆਪ ਦੇ ਜੰਮੇ ਦੁੱਖ ਵਿਚ ਰੁਲਦੀ ਹੈ ।
ਆਈ ਇੱਛਰਾਂ ਵਾਂਗ ਇਕ ਕੱਖ ਦੇ, ਸੁਣ ਜੋਗੀ ਦੀਆਂ ਕਰਾਮਾਤਾਂ ਤੇ ਕੁਝ
ਅਗੰਮ ਦੀ ਧੂਹ ਖਾ ਕੇ, ਆਦਰਾਂ ਦੀਆਂ ਰੱਸੀਆਂ ਖਿੱਚ ਆਣਦੀਆਂ ਹਨ ।
ਆਈ ਪੁੱਛਣ ਦੁੱਖ ਸੁਖ ਆਪਣੇ, ਕੋਈ ਪਤਾ ਦੱਸੇ ਪੂਰਨ ਹੁਣ ਕਿੱਥੇ ?
ਮੋਇਆਂ ਦਾ ਦੇਸ਼ ਕਿਹੜਾ ? ਜੀਉਂਦੇ ਕਿਉਂ ਰਹਿਣ ਪਿੱਛੇ ?
ਲੋਕੀਂ ਆਖਦੇ, ਪੂਰਨ ਬੱਚੇ ਦਾ, ਬਾਗ਼ ਮੁੜ ਹਰਾ ਹੋਇਆ, ਪੂਰਨ ਕਦ ਮਿਲਸੀ,
ਨੈਣ ਕਦ ਖੁਲ੍ਹਸਨ ਹੁਣ ਮੇਰੇ, ਮੈਂ ਤੱਕਸਾਂ ਕਦ ਬੱਚੇ ਆਪਣੇ ਦੇ ਬਾਗ਼ ਮੁੜ,
ਬੱਚਾ ਬੈਠਾ ਵਿਚ ਹੋਵੇ ।

੪੯. ਰਾਣੀ ਇੱਛਰਾਂ ਦਾ ਉੱਚਾ ਗ਼ਮ

ਰਾਣੀ ਇੱਛਰਾਂ ਭਾਵੇਂ ਬੇਲੋੜ ਸੀ, ਨਾ ਮੰਗਦੀ ਕੁਝ ਸੀ ਉਹ ਰੱਬ ਪਾਸੋਂ,
ਆਖੇ ਸਦਾ ਉਹ ਮਾਂ, ਦਰਸ ਕੋਈ ਦਿਖਾ ਦੇਵੇ, ਪੂਰਨ ਦਾ ਇਕ ਵੇਰੀ,
ਲਵੇ ਉਹ ਮੇਰੀਆਂ ਲੱਖਾਂ ਜਾਨਾਂ, ਜਨਮਾਂ ਦੇ ਜਨਮ ਮੈਂ ਵਾਰਸਾਂ ਓਸ ਘੜੀ
ਇਕ ਤੇ ਪਰ ਕਿੱਥੇ ? ਪੂਰਨ ਤਾਂ ਗਿਆ ਗਵਾਚ, ਫੁੱਲ ਖਿੜ ਕੇ ਹਿਸ ਗਿਆ,
ਦੀਵੇ ਦੀ ਲਾਟ ਉਹ ਮੇਰੀ ਬੱਸ ਬੁੱਝ ਗਈ, ਹੁਣ ਕਦ ਜਗੇ, ਪੂਰਨ ਕਦ
ਮਿਲਦਾ ।
ਮਾਂ ਇੱਛਰਾਂ ਦਾ ਸੀ ਦੁੱਖ ਵੱਡਾ, ਦੁੱਖ ਸੀ ਮਹਾਨ ਉੱਚਾ, ਤ੍ਰਿਖਾ, ਸੱਚ ਭਰਿਆ,
ਸੱਚ ਮਨੁੱਖਾਂ ਵਾਲਾ, ਇਨਸਾਨੀ,
ਉਸ ਦੁੱਖ ਨੂੰ ਦੇਖ ਕੇ ਹਰ ਨੇਕ ਬੰਦਾ ਮੱਥਾ ਉਸ ਦੁੱਖ ਨੂੰ ਟੇਕਦਾ,
ਸਾਧੂ ਸੰਤ ਸਾਰੇ ਉਸ ਨੂੰ ਜਾਣਦੇ ਸਨ,
ਮਾਂ-ਇੱਛਰਾਂ ਨੂੰ ਨਾ ਲੋੜ ਕਾਈ ਇਕ ਪੂਰਨ ਪੁੱਤ ਦਾ ਦਰਸ ਉਹ ਚਾਹੁੰਦੀ ਸੀ…
ਅੰਨ੍ਹੀ ਢਹਿੰਦੀ, ਡਿਗਦੀ ਲੜਖੜਾਉਂਦੀ ਆਉਂਦੀ ਨੂੰ,
ਉੱਠ ਪੂਰਨ ਨਾਲ ਪਿਆਰ ਭਰੇ ਸਤਿਕਾਰ ਦੇ, ਨਾਲ ਮੋਹ ਦੇ ਸੰਭਾਲਦਾ ਹੈ ।

੫੦. ਪੂਰਨ ਤੇ ਮਾਂ ਇੱਛਰਾਂ ਦਾ ਮਿਲਾਪ

ਨਾਲ ਲਗਦੇ ਹੀ ਮਾਂ ਚੀਕ ਉੱਠੀ ।
ਨੈਣ ਖੁੱਲ੍ਹ ਗਏ, ਅਕਥਨੀਯ ਖ਼ੁਸ਼ੀ ਦਾਰੂ ਸੀ ਉਹਦੀ ਅੱਖਾਂ ਦਾ ।
ਛਾਤੀ ਮਾਂ ਦੀ ਦੁੱਧ ਨਾਲ ਭਰ ਉੱਠੀ, ਫਰਕੀ, ਕੰਬੀ,
ਆਖੇ ! ਹੈਰਾਨ ਹੋ, ਸੂਰਜ ਚਾਨਣਾ ਤੱਕ ਬਾਰਾਂ ਵਰ੍ਹਿਆਂ ਬਾਅਦ,
ਹੈਂ ! ਕੀ ਮੈਂ ਜੀਉਂਦੀ, ਕੀ ਮੈਂ ਮੋਈ, ਇਸ ਘੜੀ, ਇਹ ਜਿਸਮ ਮੇਰਾ ਹੈ ਕਿ
ਰੂਹ ਨਿਕਲਿਆ ਸਰੀਰ ਵਿਚੋਂ ਮਰ ਕੇ, ਇਹ ਸਮਾਂ ਕੀ ਹੈ, ਇਹ ਦੇਸ਼ ਕੀ ਹੈ ?
ਹੈਂ ! ਇਹ ਮਰ ਗਿਆਂ ਦਾ ਦੇਸ਼ ਆਇਆ, ਕਿ ਅੱਜ ਇਥੇ ਮੇਰੇ ਪੂਰਨ ਦਾ
ਮੈਨੂੰ ਹੱਥ ਲਗਦਾ ਹੈ ।
ਹੈਂ ! ਕੀ ਇਹ ਸਮਾਂ ਮੌਤ ਥੀਂ ਇਧਰ ਦਾ ਹੈ ਕਿ ਉਧਰ ਦਾ ਹੈ ? ਮੈਂ ਸੁਗੰਧੀ
ਖ਼ੁਸ਼ਬੋ ਆਪਣੇ ਮੋਏ ਬੱਚੇ ਦੀ ਹੁਣ ।
ਹੈਂ ! ਕੀ ਮਰ ਕੇ ਮੇਲੇ ਇੰਜ ਹੁੰਦੇ ? ਕੀ ਰੱਬ ਦੇ ਇਸ ਦੇਸ਼ ਵਿਚ ਮੋਏ ਪੁੱਤ
ਤੇ ਮੋਈ ਮਾਂ ਦੇ ਮਿਲਣ ਮੁੜ ਹੁੰਦੇ ।

੫੧. ਪੂਰਨ ਪੁੱਤ ਤੇ ਇੱਛਰਾਂ ਮਾਂ ਦੀ ਜੱਫੀ

ਜੋਗੀ ਆਖਦਾ :
ਮਾਤਾ ਤੇਰਾ ਪਿਆਰ ਵੱਡਾ, ਤੇਰੇ ਪਿਆਰ ਨੇ ਮੈਨੂੰ ਜਿਵਾਲਿਆ ਹੈ ।
ਅਸਾਂ ਜੋਗੀ ਰਮਤੇ, ਨਾਥ ਦੇ ਬਾਲੜੇ ਹਾਂ,
ਤੈਨੂੰ ਭੁੱਲ ਲੱਗੀ,
ਪੂਰਨ ਦੇ ਮੇਲੇ ਦਾ ਤੈਨੂੰ ਪਿਆਰ-ਸੁਫ਼ਨਾ ਆਇਆ ਮਾਤਾ ।
ਦੇਖ ਸਾਨੂੰ ਜੋਗੀਆਂ ਨੂੰ, ਇਹ ਤੇਰੇ ਚਿਤ ਦੀ ਮਾਇਆ ਹੈ ।
ਜਦੋਂ ਵਾਜ ਸੁਣਿਆ, ਮਾਂ-ਇੱਛਰਾਂ ਕੂਕ ਉੱਠੀ, ਕੂਕ ਜਿਹੜੀ ਚੀਰ ਨੀਲਾਣ
ਜਾ ਵੱਜੀ ਰੱਬ ਦੇ ਤਖ਼ਤ ਦੇ ਚਰਨ ਨਾਲ ।
ਆਖੇ ! ਜੋਗੀ ਹੋ ਕੇ ਝੂਠ ਵਚਨ ਪਿਆ ਆਖਨਾਂ ਹੈਂ ?
ਸਦਕੇ, ਸਦਕੇ, ਸ਼ੁਕਰ, ਸ਼ੁਕਰ, ਰੱਬਾ ! ਸ਼ੁਕਰ, ਸ਼ੁਕਰ, ਦਾਤਾ ! ਸ਼ੁਕਰ, ਸ਼ੁਕਰ,
ਸਦਕੇ, ਸਦਕੇ, ਵਾਰੀ, ਵਾਰੀ ਬੱਚਾ ।
ਬੱਚਾ ! ਤੂੰ ਮੇਰਾ, ਤੂੰ ਪੂਰਨ, ਦੌੜ, ਘੁੱਟ, ਪਾ ਠੰਢੀ,
ਮੈਂ ਰੱਬ ਤੇਰੀ, ਮੈਂ ਗੁਰੂ ਤੇਰਾ, ਮੈਂ ਤੈਨੂੰ ਜਾਇਆ, ਮੈਂ ਪੰਘੂੜੇ ਪਾ ਤੈਨੂੰ ਰੱਖਿਆ, ਬੀਬਾ ।
ਬੱਚਾ ! ਮੇਰਾ, ਤੂੰ ਪੂਰਨ, ਤੂੰ ਪੂਰਨ, ਤੂੰ ਪੂਰਨ ।
ਧਾ ਕੇ, ਘੁੱਟ ਕੇ, ਨਪੀੜ ਕੇ ਵਾਂਗ ਇਕ ਬਾਲ ਪੰਜਾਂ ਵਰ੍ਹਿਆਂ ਦੇ, ਮਾਂ-ਇੱਛਰਾਂ ਪੂਰਨ
ਗਲ ਲਾਇਆ,
ਪੂਰਨ ਲੱਗਾ ਗਲੇ ਆਖ਼ਰ ਮਾਂ-ਇੱਛਰਾਂ ਦੇ,
ਚਾਰੋਂ ਨੈਣ ਤ੍ਰਿਮ ਤ੍ਰਿਮ ਕਰਦੇ, ਦੋਏ ਦਿਲ ਹਿੱਲਣ ਇਕ ਸ਼ੁਕਰਾਨੇ ਵਿਚ ਤੇ ਬਾਹਾਂ ਚਾਰੇ
ਵਾਂਗ ਖੰਭਾਂ ਪੰਖੇਰੂਆਂ ਦੇ ਕੰਬਦੀਆਂ ਸਨ ।
ਮਾਂ-ਇੱਛਰਾਂ ਦੇ ਹੋਠ ਜਾ ਸੁੱਤੇ ਪੂਰਨ ਜੋਗੀ ਦੀ ਬਿਭੂਤਾਂ ਹੇਠ, ਆਪਣੇ ਪੁੱਤਰ ਦੇ ਮੂੰਹ
ਅੰਦਰੇ ।
ਬਾਹਾਂ ਪਸਾਰ ਦੋਵੇਂ ਮਿਲੇ, ਤੇ ਵੇਲਾ ਵਕਤ ਸਭ ਭੁੱਲੇ,
ਉਥੇ ਹੀ ਖੜ੍ਹੇ ਖੜ੍ਹੇ, ਪਿਆਰ ਸਮਾਧੀ ਅਖੰਡ ਵਿਚ ਸੁੱਤੇ, ਸ਼ੁਕਰ ਵਿਚ ਸੁੱਤੇ, ਰੱਬ ਦੇ
ਦਿਲ ਵਿਚ ਸੁੱਤੇ ।
ਪੁੱਤ ਜੋਗ ਭੁੱਲਿਆ , ਮਾਂ ਦੁੱਖ ਦਰਦ ਸਭ ਭੁੱਲੀ,
ਉਹ ਗਭਰੂ ਜਵਾਨ ਪੁੱਤਰ ਮਾਂ ਦੀ ਜੱਫੀ ਵਿਚ ਸੁੱਤਾ,
ਬੁੱਢੀ ਮਾਂ ਪਈ ਮੁੜ ਪੁੱਤਰ ਆਪਣੇ ਦੀ ਝੋਲੀ ।

ਯੋਗੀ-ਮਾਂ ਦਾ ਬੱਚਾ, ਯੋਗੀ ਰਾਜ ਧਿਆਨੀ,
ਯੋਗ ਦੀ ਤਸਵੀਰ, ਇਕ ਦੂਜੇ ਦੀ ਜੱਫੀ ਵਿਚ, ਪੂਰਨ ਯੋਗ ਦੀ, ਇਕ ਬੁੱਤ ਸਮਾਧੀ
ਦਾ ਜਿਹੜਾ ਅਮਰ ਹੋਇਆ ।
ਇਉਂ ਮਿਲੇ ਆਖ਼ਰ :
ਰੱਬ ਹੈ ਵਿਛੁੜੇ ਮਿਲਾਣ ਵਾਲਾ ।

ਭਾਗ ੨

ਝਨਾਂ ਦੀਆਂ ਲਹਿਰਾਂ

੧. ਮੇਰਾ ਟੁੱਟਾ ਜਿਹਾ ਗੀਤ


ਅੱਖਰਾਂ ਦੇ ਅੱਖਰ ਮੇਰੇ, ਨਿੱਕੇ ਨਿੱਕੇ ਹੱਥਾਂ ਵਿਚੋਂ ਡਿਗ ਡਿਗ ਪੈਂਦੇ,
ਮੇਰੇ ਨਿੱਕੇ ਨਿੱਕੇ ਹੱਥ, ਦਾਤਾਂ ਵੱਡੀਆਂ, ਝਨਾਂ ਦੇ ਝਨਾਂ ਪਏ ਵਗਦੇ ।
ਸਾਰੇ ਗੁੰਮ ਗੁੰਮ ਜਾਂਦੇ ਮੈਂ ਥੀਂ,
ਸਾਰੇ ਮੁੜ ਲੱਭਦੇ ਨਾਂਹ,
ਮੇਰੇ ਬਾਲ-ਨੈਣ ਭੋਲੇ ਭਾਲੇ ਢੂੰਡ ਨ ਸਕਦੇ, ਭਾਵੇਂ ਭਾਲਣ ਚਾਰ ਚੁਫੇਰੀਆਂ ।
ਰੇਤਾਂ ਵਿਚ ਡੁੱਲ੍ਹੇ ਚਮਕਦੇ, ਫੜਨ ਨਹੀਂ ਹੁੰਦੇ,
ਮੇਰੇ ਅੱਖਰਾਂ ਦੇ ਦਰਿਆ ਨੱਸਦੇ ਜਾਂਦੇ,
ਮੋਤੀਆਂਦੇ ਹੜ੍ਹ ।

ਮੈਨੂੰ ਰੰਗ ਬੰਨ੍ਹਣਾ ਨਹੀਂ ਆਉਂਦਾ ਹਾਲੀਂ,
ਉਹ ਰੰਗ ਜਿਹੜਾ ਕਦੀ ਕਦੀ,
ਮੇਰੇ ਅੰਦਰ ਕਣੀਂ ਕਣੀਂ, ਅਚਨਚੇਤ ਵਰ੍ਹਦਾ !
ਮਾੜਾ ਮਾੜਾ ਰੰਗ ਕੁਝ ਘੁਲ ਘੁਲ ਸਿੰਮਦਾ ।
ਰਮਜ਼ਾਂ ਉੱਚੀਆਂ, ਨਦਾਨ ਮੈਂਡੀ ਉਮਰ ਹਾਲੀਂ ।
ਅਲਾਪ ਮੇਰਾ ਠੀਕ ਹੈ, ਧੁਰ ਅੰਦਰ,
ਪਰ ਦੂਰ ਦੂਰ ਦਿੱਸਦਾ ਵਾਂਗ ਅਸਮਾਨ ਦੇ,
ਖੜ੍ਹਾ ਨਿੱਕਾ ਬੱਚਾ ਧਵਾਗੀ ਜਿਹੀ ਪਾਈ ਮੈਂ,
ਪਰ ਚਾਰ ਚੁਫੇਰੀਆਂ ਕਮਾਲ ਦਾ ਕੋਈ ਰਾਗ,
ਜਲਾਂ ਤੇ ਥਲਾਂ ਤੇ ਅਸਮਾਨੀ ਪਿਆ ਗੱਜਦਾ ।

ਮੇਰੇ ਹੱਥ ਦੇ ਬਣਾਏ ਘਰ, ਟੁੱਟੇ, ਭੱਜੇ,
ਨਿੱਕੇ ਨਿੱਕੇ ਹਾਰ ਮੇਰੇ ਬਾਲ-ਪਿਆਰੇ ਦੇ,
ਮੇਰਾ ਗੀਤ ਗੁੰਮਿਆਂ ਗੁੰਮਿਆਂ, ਘੁੱਥਾ ਘੁੱਥਾ, ਦਿੱਸਦਾ ।
ਇਕ ਇਕ ਸਤਰ ਵਿਚ, ਗੁੰਮੇ ਕਈ ਦਾਣੇ,
ਪਰ ਮੋਤੀਆਂ ਦੇ ਟੁੱਟੇ ਟੁੱਟੇ ਹਾਰ ਇਹ,
ਤੋੜ ਤੋੜ, ਕੇਰ ਕੇਰ, ਖਲੇਰ ਖਲੇਰ,
ਪਿਆਰ-ਦੇਸ਼ ਨੂੰ ਦੇਂਵਦਾ ।
ਜ਼ਮੀਨ ਥੀਂ ਅਕਾਸ਼ ਵੱਲ ਭੇਜਦਾ ।

ਪੰਛੀ ਹਾਂ ਮਾਨਸਰੋਵਰ ਨੂੰ ਜਾਣ ਵਾਲਾ,
ਰਾਹ ਵਿਚ, ਫੰਘ ਆਪਣੇ ਸੇੜ ਸੇੜ,
ਮੈਂ ਕਣੀਆਂ ਉਡਾਂਵਦਾ, ਫੰਘ ਫਟਕਾਉਂਦਾ,
ਘਾਹਾਂ ਤੇ ਫੁੱਲਾਂ ਤੇ, ਤ੍ਰੇਲ-ਮਣੀਆਂ ਸਜਾਉਂਦਾ,
ਫੱਟੇ ਫੁੱਲਾਂ ਤੇ ਪਾਵਾਂ ਤ੍ਰੇਲ ਦੀਆਂ ਡਲੀਆਂ,
ਝੋਲ ਬਾਗ਼ਾਂ ਦੀ ਮਣੀਆਂ ਦੇ ਭਾਰ ਨਾਲ ਤੋੜਦਾ ।
ਇਹ ਖੁੱਲ੍ਹ ਜਿਹੀ ਮੇਰੀ ਹੁੱਬ ਦੀਆਂ ਘੜੀਆਂ,
ਗੋਂਦਾਂ ਤੋੜ ਤੋੜ ਸਾਰੀਆਂ ਮੈਂ ਮੌਜਾਂ ਮਾਣਦਾ,
ਮੇਰੀ ਬੇਇਲਮੀ ਦੀ ਵਿਹਲ ਦੀ ਪੂਰੀ ਖ਼ੁਸ਼ੀ ਇਹ,
ਅੱਥਰੂਆਂ ਦੀ ਮਾਲਾ ਅਨੇਕ ਮੇਰੇ ਗਲ ਵਿਚ,
ਜਾਂਦਾ ਜਾਂਦਾ ਪੰਖੇਰੂ-ਨੈਣਾਂ ਵਿਚ ਲਟਕਾਉਂਦਾ ।

ਦੁਨੀਆਂ ਰੰਗਾਂ ਦਾ ਇਕ ਅਚੰਭਾ-ਛੰਭ ਦਿੱਸਦਾ,
ਬਾਗ਼ ਤੇ ਬੀਆਬਾਨ ਜੰਗਲ ਸਾਰੇ ਮੇਰੇ ਖਿਡਾਉਣੇ ।
ਧੰਧੂਕਾਰਾਂ ਵਿਚ ਮਾਂ ਪਾਇਆ ਮੇਰਾ ਪੰਘੂੜਾ
ਤੇ ਤਾਰੇ ਸਾਰੇ ਮੈਨੂੰ ਝਾਤ ਝਾਤ ਕਰਦੇ,
ਮਾਂ ਹੱਥ ਆਪਣੇ ਨਾਲ ਹਿਲਾਂਦੀ ਪੰਘੂੜਾ ਮੇਰਾ,
ਦੇਂਦੀ ਅਸਗਾਹ ਨੀਲਾਣ ਵਿਚ ਮਿੱਠੀਆਂ ਮਿੱਠੀਆਂ ਲੋਰੀਆਂ ।
ਉਥੋਂ ਦੇ ਸੁਫਨਿਆਂ ਦੇ ਗੀਤ ਮੈਨੂੰ ਕੁਝ ਕੁਝ ਯਾਦ ਜਿਹੇ,
ਉਹ ਅਸਮਾਨਾਂ ਥੀਂ ਖੋਹ ਖੋਹ,
ਮੈਂ ਖੇਡ ਵਿਚ ਤਾਰਿਆਂ ਦਾ ਇਕ ਮੀਂਹ ਜਿਹਾ ਪਾਉਂਦਾ ।
ਕਣੀ ਕਣੀ, ਵਖਰੀ ਵਖਰੀ, ਮਣੀ ਮਣੀ
ਤ੍ਰੇਲ ਤ੍ਰੇਲ, ਮੈਂ ਜੇ, ਗੁੰਮ ਗੁੰਮ ਜਾਉਂਦਾ ।
ਬਰਖਾ ਦੀ ਠੰਢ,
ਇਕ ਰੰਗ ਬਸ ਇਕ ਰਾਗ ਮੇਰਾ,
ਇਹ ਅਣੋਖੀਆਂ ਜਿਹੀਆਂ ਟੁੱਟੀਆਂ ਭੱਜੀਆਂ ਸੁਰਾਂ,
ਬਾਲ-ਦਿਲ ਸਬੂਤ ਮੇਰਾ,
ਮੈਂ ਆਪ ਇਕ ਗੀਤ ਹਾਂ,
ਬੋਲੀ ਮੇਰੀ ਟੁੱਟੀ ਭੱਜੀ,
ਬੇਇਲਮ ਜਿਹਾ ਮੈਂ,
ਪਿਆਰ ਦੇਸ ਸਾਰਾ ਕਬੂਲ ਕਰਸੀ ਮੇਰਾ ਚਾ,
ਇਹ ਵੀ ਇਕ ਪਾਗਲ ਜਿਹਾ ਸੁਆਦ ਹੈ ।
ਇਕ ਅੱਗ ਦੇ ਕਿਣਕਿਆਂ ਦੀ ਫੁੱਲਝੜੀ ਹੈ ।

੨. ਦਿਲ ਮੇਰਾ ਖਿਚੀਂਦਾ

ਮੈਂ ਪਤੰਗ ਕਿਸੇ ਦੀ
ਡੋਰਾਂ ਵਾਲਾ ਖਿੱਚਦਾ,
ਪਤੰਗ ਪਈ ਚੜ੍ਹਦੀ,
ਉੱਚੀ ਹਵਾ ਵਿਚ,
ਇਹ ਲਹਿਰੇ, ਇਹ ਠਹਿਰੇ,
ਠਹਿਰ ਠਹਿਰ ਚੜ੍ਹਦੀ,
ਨੀਲਾਣਾਂ ਵਿਚ ਟੁੱਭੀ ਲਾਂਦੀ,
ਫੜਫੜਾਂਦੀ, ਸਿਰ ਚੱਕਦੀ,
ਉੱਡਦੀ, ਉੱਚੀ ਉੱਚੀ,
ਸ਼ੂਕਦੀ ਅੱਧ ਅਸਮਾਨ ਵਿਚ-
ਮੁੜ ਮੁੜ ਖਿੱਚ ਪਈ ਪੈਂਦੀ ਹੈ,
ਛਾਤੀ ਮੇਰੀ ਮੁੜ ਮੁੜ ਗੁਦ-ਗੁਦਾਂਦੀ,
ਜਿਵੇਂ ਕੋਈ ਪਿਆਰਾ ਆਣ ਕਲੇਜੇ ਲੱਗਦਾ,
ਪਰ ਪਤਾ ਨਹੀਂ ਲੱਗਦਾ ਕੌਣ ਹੈ ?
ਦਿਲ ਮੇਰਾ ਵੱਜਦਾ ਧੱਕ ਧੱਕ,
ਪਿਆਰਾਂ ਪਈਆਂ ਮਿਲਦੀਆਂ,
ਹਰ ਘੜੀ ਸਾਹ ਮੇਰਾ ਬਲਦਾ, ਕਿਸੇ ਦੀ ਯਾਦ ਵਿਚ,
ਪਰ ਪਤਾ ਨਹੀਂ ਲੱਗਦਾ ਕੌਣ ਹੈ ?

ਆਪਣਾ ਆਪ ਮੈਨੂੰ ਮਿੱਠਾ ਖੰਡ ਲੱਗਦਾ,
ਚਾਰ ਚੁਫੇਰੀਂ ਕੋਈ ਰੌਣਕ ਕਮਾਲ ਹੈ ।
ਦਿਨ ਨੂੰ ਨੂਰ ਦੇ ਫੁੱਲ ਪਏ ਵਰ੍ਹਦੇ ।
ਰਾਤ ਆਪਣੇ ਕਾਲੇ ਕੇਸਾਂ ਵਿਚ
ਜੁਗਨੂੰ ਅਨੇਕ ਲਟਕਾਏ ਆਉਂਦੀ ।
ਦਿਨ ਮੇਰਾ ਸੰਗੀ,
ਰਾਤ ਮੇਰੀ ਸਹੇਲੀ,
ਦੂਰੋਂ ਦੂਰੋਂ ਚੱਲ ਮੈਨੂੰ ਮਿਲਣ ਆਉਂਦੇ ।
ਜੀਣਾਂ ਚੰਗਾ ਚੰਗਾ ਲਗਦਾ ।
ਮੌਤ ਓਪਰੀ ਨਾਂਹ, ਇਕ ਮਿੱਠੀ ਨੀਂਦਰ ।
ਨਾ ਅੱਕਦਾ, ਨਾ ਥੱਕਦਾ, ਖਿੱਚ ਪਈ ਪੈਂਦੀ ।
ਅੱਖਾਂ ਨੂੰ ਡੋਰ ਪਾ ਉੱਤੇ ਨੂੰ ਕੋਈ ਖਿੱਚਦਾ,
ਇਕ ਬੋਲਦਾ ਜਿਹਾ ਸੁਆਦ ਪਿਆ ਆਉਂਦਾ,
ਪਰ ਪਤਾ ਨਹੀਂ ਲੱਗਦਾ ਕੌਣ ਹੈ ?
ਮੇਰਾ ਰੂਹ ਜਾਣਦਾ,
ਮੈਂ ਕਿਸੇ ਦਾ,
ਜਿਸ ਹੱਥ ਡੋਰਾਂ,
ਉਹ ਆਪਣੀ ਪਤੰਗ ਪਿਆ ਚਾੜ੍ਹਦਾ ।

੩. ਪ੍ਰਭਾਤ ਅਕਾਸ਼ ਵਿਚ


ਪ੍ਰਭਾਤ ਨੂੰ ਸੂਰਜ ਦੀ ਟਿੱਕੀ,
ਅਸਮਾਨ ਵਿਚ ਸੁਹਾਗ-ਤਿਲਕ ਲਾਉਂਦੀ,
ਕਿਹਾ ਸੁਹਣਾ ਸੰਧੂਰ ਦਾ ਟਿੱਕਾ ਚਮਕਦਾ !
ਤੇ ਸ਼ਾਮ ਵੇਲੇ ਸੁਹਣੀ ਪ੍ਰਭਾਤ ਦੇ ਪੈਰਾਂ ਨੂੰ,
ਸੁਹਾਗ-ਮਹਿੰਦੀ ਲਾਂਦੀ ਦਿੱਸਦੀ,
ਤੇ ਜਾਂਦੀ ਲੁੜ੍ਹਕਦੀ ਹਿਠਾਹਾਂ ਨੂੰ,
ਚੁੰਨੀਂ ਕਿਰਮਚੀ ਹਵਾਵਾਂ ਵਿਚ ਉੱਡਦੀ ।
ਤੇ ਚਾ, ਤੇ ਰੰਗ ਸਭ ਮੰਗਲਾਚਾਰ ਦਾ,
ਕੋਈ ਭਾਗਾਂ ਦੀ ਬਰਖਾ ਪਈ ਪੈਂਦੀ ।
ਭਾਵੇਂ ਪਤਾ ਨਹੀਂ ਲੱਗਦਾ,
ਰੂਹ ਵਿਚ ਖ਼ੁਸ਼ੀ ਪਈ ਭਰਦੀ,
ਆਪ ਮੁਹਾਰਾ ਦਿਲ ਪਿਆ ਨੱਚਦਾ,
ਇਉਂ ਪ੍ਰਭਾਵ ਪੈਂਦਾ,
ਜਿਵੇਂ ਕੋਈ ਗਾ ਰਿਹਾ ਹੈ,
ਕੋਈ ਖੜ੍ਹਾ ਖੁਸ਼ੀਆਂ ਲੁਟਾ ਰਿਹਾ ਹੈ ।
ਭਾਵੇਂ ਪਤਾ ਨਹੀਂ ਲੱਗਦਾ ।

ਪ੍ਰਭਾਤ ਚੁੱਕੀ ਤਾਰਿਆਂ ਦਾ ਨੀਲਾ ਨੀਲਾ ਖਾਰਾ
ਉਹ ਪਈ ਆਉਂਦੀ,
ਫੁੱਲ ਪਏ ਕਿਰਦੇ, ਸੁਹਣੀ ਹੰਸ-ਚਾਲ ਚਲਦੀ,
ਇਕ ਪੈਰ ਪੁੱਟਦੀ ਹਨ੍ਹੇਰੇ ਥੀਂ ਚਾਨਣਾਂ,
ਦੂਜੇ ਵਿਚ ਹਨੇਰ ਪਈ ਪਾਉਂਦੀ,
ਉਹ ਪ੍ਰਭਾ ਜੋਤ ਸੁਹਣੀ ਆਉਂਦੀ,
ਅਪਣੇ ਦੁਪੱਟੇ ਨeਲ ਢੱਕਿਆ ਸੋਨੇ ਦਾ ਸੂਰਜ,
ਤੇ ਉਨ੍ਹਾਂ ਬਰਫ਼ਾਂ ਤੇ ਮਲਕੜੇ ਉਤਰਦੀ,
ਸੋਨਾ ਖਲੇਰਦੀ, ਡੋਲ੍ਹਦੀ ਬੇਹੱਦ,
ਰੌਸ਼ਨੀ ਦੇ ਸਮੁੰਦਰਾਂ ਨੂੰ ਪੈਰਾਂ ਨਾਲ ਰੇੜ੍ਹਦੀ,
ਉਹ ਆਈ, ਉਹ ਗਈ,
ਇਹ ਅੰਮ੍ਰਿਤਾਂ ਦੀ ਪੁਤਲੀ ।

੪. ਪਸ਼ੂ ਚਰਦੇ

ਸਾਵੇ ਸਾਵੇ ਘਾਹ ਉੱਤੇ,
ਗਊੂਆਂ ਤੇ ਮੱਝੀਆਂ ਦਾ ਚਰਨਾ ।
ਸਿਰ ਆਪਣੇ ਨੀਵੇਂ ਕੀਤੇ,
ਪਸ਼ੂਆਂ ਦਾ ਚੁੱਪ ਚੁਪੀਤੇ,
ਚੁਗਣਾ ਤੇ ਰੱਜਣਾ ਤੇ ਨੱਸਣਾ ।
ਦੇਖ ਦੇਖ ਮੁੜ ਮੁੜ ਲੋਚਾਂ,
ਮੈਂ ਮੁੜ ਪਸ਼ੂ ਥੀਂਣ ਨੂੰ,
ਆਦਮੀ ਬਣ ਬਣ ਥੱਕਿਆ ।
ਇਨ੍ਹਾਂ ਪਸ਼ੂਆਂ ਦੇ ਕਿਹੇ ਨਿੱਕੇ ਨਿੱਕੇ ਕੰਮ ਸਾਰੇ,
ਤੇ ਸੁਹਣੀਆਂ ਬੇ-ਜ਼ਿੰਮੇਵਾਰੀਆਂ,
ਘਾਹ ਖਾਣਾ, ਤੇ ਦੁੱਧ ਦੇਣਾ,
ਕਿਹਾ ਕੋਮਲ ਜਿਹਾ ਹੁਨਰ ਇਨ੍ਹਾਂ ਚੁਪਾਇਆਂ ਦਾ ।
ਤੇ ਖ਼ੁਸ਼ੀ ਵਿਚ ਨੱਸਣਾ,
ਦੁਮ ਉੱਪਰ ਨੂੰ ਮੋੜ ਕੇ,
ਖ਼ੁਸ਼ੀ ਦੇ ਚੱਕਰ ਦੇ, ਉਤਾਹਾਂ ਨੂੰ ਕੁੱਦਦੇ,
ਤੇ ਨੱਸਣਾ ਬੇਤਹਾਸ਼ਾ ਅਗਾਹਾਂ ਨੂੰ ।
ਸਿੰਙਾਂ ਉੱਤੇ ਉਲਾਰਨਾ ਜਿਹੜਾ ਅੱਗੇ ਆਏ ਕੋਈ ।
ਬਸ ! ਇਨ੍ਹਾਂ ਹੀ ਕੰਮਾਂ ਲਈ
ਮਾਲਕ ਦੇ ਹੱਥ ਦੀਆਂ ਥਾਪੜੀਆਂ
ਤੇ ਵੱਡੀਆਂ ਵੱਡੀਆਂ ਖ਼ੁਸ਼ੀਆਂ,
ਲੂੰ ਕੰਡੇ ਕਰਨ ਵਾਲੇ ਪਿਆਰ ਦੀਆਂ ।
ਮੁੜ ਮੁੜ ਲੋਚਾਂ ਪਸ਼ੂ ਥੀਂਣ ਨੂੰ,
ਮੈਂ ਆਦਮੀ ਬਣ ਬਣ ਥੱਕਿਆ ।

੫. ਤੜਫਦੀ ਘੁੱਗੀ

ਆਪ ਮੁਹਾਰੀ ਜਾਨ ਮੇਰੀ ਤੜਫਦੀ ਜੇ ।
ਤੜਫ, ਤੜਫ, ਮੈਂ ਰਹਿ ਗਈ ਜੇ ! ਦਿਨ ਰਾਤ ਤੜਫਦੀ !
ਅੰਗ ਅੰਗ ਫਰਕਦਾ,
ਰੋਮ ਰੋਮ ਕੰਬਦਾ,
ਖੰਭ ਮੇਰੇ ਫੜਕਦੇ,
ਦਿਲ ਮੇਰਾ ਧੜਕਦਾ,
ਕੁਝ ਅਮਲੀ ਅਮਲੀ, ਪੀੜ ਕਮਾਲ ਨੀਂ ।
ਨਾ ਤੀਰ ਆਉਂਦਾ ਦਿੱਸਿਆ,
ਨਾ ਗੋਲੀ ਦੇ ਸੱਟ ਦੀ ਵਾਜ ਨੀਂ,
ਆਪ ਮੁਹਾਰੀ ਮੇਰੀ ਜਿੰਦ ਤੜਫਦੀ,
ਪੁੱਛ ਮੈਨੂੰ ਸਹੇਲੀਏ, ਮੇਰਾ ਹਾਲ ਨੀਂ !

ਤੜਫ ਤੜਫ ਮੈਂ ਮੋਈ ਨੀਂ, ਮੁੜ ਮੁੜ ਫੰਘਾਂ ਦੀ ਫਰ ਫਰਾਹਟ ।
ਥਰ ਥਰ ਕੰਬਦਾ ਆਕਾਸ਼ ਦਿੱਸੇ
ਕਿਸ ਦੀ ਸੱਦ ਦੇ ਰਾਗ ਨੀਂ
ਧਰਤ ਸਾਰੀ ਕੰਬਦੀ,
ਪੱਥਰਾਂ ਵਿਚ ਥ੍ਰਰਾਹਟ ਜਾਂਦੀ ਦਿੱਸਦੀ,
ਦਰਿਆਵਾਂ ਵਿਚ ਉਹੋ ਖੜਾਕ ਨੀਂ ।
ਇਕ ਜੀਵਨ-ਕੰਬਾਹਟ ਨੀਂ
ਮੇਰਾ ਦਿਲ ਜਾਣਦਾ,
ਸੰਸਾਰ ਸਾਰਾ ਤੜਫਦਾ,
ਜਿੰਦ ਤੜਫਦੀ,
ਇਹ ਕਿੰਨੀਆਂ ਗੁੱਝੀਆਂ ਤੜਫਾਂ ਦੀ ਪੂਰੀ ਕੰਬਾਹਟ ਨੀਂ ।
ਰੂਪ ਨਹੀਂ ਓ, ਰੰਗ ਮੇਰਾ,
ਨਿਮਾਣੀ ਨਚੀਜ਼ ਜੰਗਲ ਦੀ ਮੈਂ ਘੁੱਗੀ,
'ਹੂ' 'ਹੂ' ਬਸ ਕਰਨ ਮੈਂ ਇਕ ਸਿੱਖਿਆ,
ਮੈਂ ਕਿੱਕਰ ਕਿੱਕਰ ਉੱਡਦੀ ਕਮਲੀ ।
ਪਰ ਦੇਖ ਸਹੇਲੀਏ,
ਉਹ ਕਿਹਾ ਸਾਈਂ ਅਣਡਿੱਠਾ ਕੋਈ,
ਉਸ ਦਾ ਪਿਆਰ, ਕਿਆ ਕੁਝ ਕਮਾਲ ਨੀਂ
ਆਪ ਮੁਹਾਰਾ ਪਿਆਰ ਦਾ ।
ਗਾਨੀ ਇਹ ਤੱਕੀ ਆ, ਗਲ ਮੇਰੇ ਵਿਚ,
ਇਹ ਗਾਨੀ ਆ, ਉਸ ਉੱਚੀ ਸਰਕਾਰ ਦੀ,
ਉਹ ਸਾਈਂ ਮੈਨੂੰ ਦਿੱਸੇ ਨਾਂਹ,
ਮੇਰੀ ਗਾਨੀ ਪਈ ਦਸਦੀ ਦਿਲ ਨੂੰ,
ਮੈਂ ਵੀ ਸੁਹਾਗਣ ਨਾਰ ਨੀਂ ।

ਆਪ ਮੁਹਾਰੀ ਜਾਨ ਮੇਰੀ ਤੜਫਦੀ,
ਚੰਨ ਨੂੰ ਵੇਖ ਚੀਕਾਂ ਨਿਕਲ ਜਾਣ ਮੇਰੀਆਂ,
ਤੇ ਰੇਤ ਦਰਿਆਵਾਂ ਉੱਤੇ, ਚੰਨੇ ਦੀਆਂ ਚਾਨਣੀਆਂ,
ਫੁਲਾਹੀਆਂ ਦੇ ਫੁੱਲ ਪੀਲੇ ਪੀਲੇ, ਵੇਖ ਸਹੇਲੀਏ,
ਮੇਰੀਆਂ ਫਰਕਨ ਕਲਾਈਆਂ ।
ਰੂਪ ਰੰਗ ਜੰਗਲਾਂ ਦੇ ਦੇਖ ਮੰਗਲ, ਸਹੇਲੀਏ,
ਮੈਂ ਤਾਂ ਮਰ ਮਰ ਗਈਆਂ ।
ਨਿੱਕੀ ਮੇਰੀ ਜਿੰਦ,
ਪਰ ਦੇਖ ਸਹੇਲੀਏ ।
ਦੋਵੇਂ ਫੁੱਲ ਤੇ ਕੰਡੇ ਸਭ ਸੱਟ ਮਾਰਦੇ,
ਅੱਗ ਤੇ ਹਵਾ ਸਾੜੇ,
ਲਹਿਰ ਮੈਨੂੰ ਡੋਬਦੀ,
ਗੋਲੀ ਚੱਲੇ, ਤੀਰ ਮਾਰੇ,
ਮੈਂ ਸਭ ਤਰ੍ਹਾਂ ਸਭ ਤਰਫੋਂ ਹਲਾਲ ਨੀਂ ।
ਨਿੱਕੇ ਨਿੱਕੇ ਬੱਚੇ ਮਾਰਨ,
ਨਿੱਕੀਆਂ ਨਿੱਕੀਆਂ ਪ੍ਰੀਤ ਦੀਆਂ ਠੀਕਰੀਆਂ,
ਚੰਨ ਮਾਰੇ, ਸੂਰ ਮਾਰੇ,
ਗਗਨ ਮਾਰਨ ਨਿੱਕੇ ਨਿੱਕੇ ਤੀਰ ਨੀਂ,
'ਟੰਨ'-ਦਿਲ ਮੇਰੇ ਦੀ ਆਵਾਜ਼ ਹੁੰਦੀ,
ਜਿਵੇਂ ਵੱਜਦੇ ਸੱਟ ਖਾ ਖਾ ਘੜਿਆਲ ਨੀਂ,
ਵਾਂਗ ਵਜਦੇ ਘੜਿਆਲ ਨੀਂ
ਮੇਰਾ ਰੋਮ ਰੋਮ ਕੰਬੇ, ਇਹ ਮੇਰਾ ਹਾਲ ਨੀਂ ।
ਦਮ ਬਦਮ ਵੱਜੇ ਸੱਟ, ਸਹੇਲੀਏ
ਦਮ ਬਦਮ ਉਹੋ ਵਾਜ ਨੀਂ,
ਜਾਨ ਮੇਰੀ ਆਪ ਮੁਹਾਰੀ ਤੜਫਦੀ,
ਤੜਫ ਤੜਫ, ਮੈਂ ਮਰ ਗਈਆਂ ਨੀਂ
ਅੰਗ ਅੰਗ ਫਰਕਦਾ,
ਰੋਮ ਰੋਮ ਕੰਬਦਾ, ਵਾਂਗ ਵਜਦੇ ਘੜਿਆਲ ਨੀਂ ।

੬. ਸੱਸੀ ਦੀ ਨੀਂਦ

ਪਿਆਰ ਦੀਆਂ ਬਾਹਾਂ ਵਿਚ
ਸੱਸੀ ਸੁੱਤੀ ਬੇਖ਼ਬਰ ਹੋ,
ਉਹਦਾ ਰੂਹ ਜਾਣਦਾ,
ਪਿਆਰ ਛੱਡ ਜਾਏ ਨਾਂਹ ।
ਇਹ ਮੁੱਢ ਕਦੀਮ ਦੀ ਖ਼ਬਰ
ਉਹਦੇ ਰੂਹ ਨੂੰ,
ਉਹ ਜਾਣੇ ਸੂਰਜ ਭਾਵੇਂ ਠੰਢਾ ਠਾਰ ਹੋ ਜਾਏ,
ਪਿਆਰ ਛੱਡ ਜਾਏ ਨਾਂਹ ।
ਸੱਸੀ ਸੁੱਟਿਆ ਆਪਣੇ ਆਪ ਨੂੰ,
ਪਿਆਰ ਦੀਆਂ ਬਾਹੀਂ ਵਿਚ,
ਪਿਆਰ-ਬਾਹਾਂ ਨੇ ਘੁੱਟਿਆ ਸੱਸੀ ਨੂੰ,
ਠੰਢ ਸੀ ਪਈ ਜੇਹੀ,
ਸੱਸੀ ਨੂੰ ਨੀਂਦਰ ਆ ਗਈ ।
ਸਦੀਆਂ ਦੀ ਟੁਰਦੀ ਮੰਜ਼ਲ ਤੇ ਅਪੜੀ,
ਉਹਦਾ ਰੂਹ ਜਾਣਦਾ-
ਪਿਆਰ ਛੱਡ ਜਾਏ ਨਾਂਹ ।
ਸੱਸੀ ਨੂੰ ਪਿਆਰ-ਬਾਹੀਂ ਲੱਗੀਆਂ,
ਛੋਹ ਉਹ ਸਿੰਞਾਣ ਗਈ,
ਸੁਆਦ ਉਹੀ ਆਇਆ, ਜਿਹੜਾ ਅਜ਼ਲ ਥੀਂ ਸੀ ਚੱਖਿਆ,
ਸਿੰਞਾਣ ਕੇ ਸੱਸੀ ਸੈਂ ਗਈ
ਪਾ ਬਾਹੀਂ ਗਲੇ ਪਿਆਰ ਦੇ ।
ਪਿਆਰ-ਬਾਹਾਂ ਨੇ ਨੱਪਿਆ, ਘੁੱਟਿਆ, ਸੰਭਾਲਿਆ,
ਸਿਦਕ ਵਿਚ ਸੈਂ ਗਈ,
ਉਹਦਾ ਰੂਹ ਜਾਣਦਾ-
ਪਿਆਰ ਛੱਡ ਜਾਏ ਨਾਂਹ ।
ਇਹ ਭੈੜਾ ਜਿਹਾ ਸੁਫਨਾ,
ਸੁੱਤੀ ਸੱਸੀ ਨੂੰ ਆਇਆ,
ਮੁੜ ਸਫ਼ਰ ਦਾ, ਮੁੜ ਟੁਰ ਪੈਣ ਦਾ,
ਟੁਰਦੀ ਜੂ ਆਈ ਸੀ ।

੭. 'ਸੁਫਨਾ'

ਸੁੱਤੀ ਸੱਸੀ ਨੂੰ ਦਿਲ ਆਪਣਾ ਸੱਖਣਾ ਜਿਹਾ ਦਿੱਸਿਆ,
ਤੇ ਵੇਖਦੀ ਕੀਹ ਹੈ ?
ਡਾਚੀ ਉੱਚੀ ਕਿਸੇ ਦੇ ਕਚਾਵੇ
ਪਾ ਲੈ ਗਏ, ਕੋਈ ਪੁੰਨੂੰ ਨੂੰ ਉਡਾ ।
ਤੱਕੀਆਂ ਇਹ ਜ਼ਾਲਮ ਜਿਹੀਆਂ ਡਾਚੀਆਂ,
ਆਕਾਸ਼ ਵਿਚ ਉੱਡਦੀਆਂ ।
ਉੱਡਦੀਆਂ ਡਾਚੀਆਂ ਵੇਖ ਸੱਸੀ ਉੱਡ ਪਈ,
ਉਹਨੂੰ ਤਾਰਿਆਂ ਵਿਚ ਦਿਸਣ ਉਹ ਡਾਚੀਆਂ ਜਾਂਦੀਆਂ,
ਤੇ ਮੁਹਾਰਾਂ ਹੱਥ ਬਲੋਚਾਂ ਜ਼ਾਲਮਾਂ ਦੇ,
ਤੇ ਕੁਰਲਾਉਂਦੀਆਂ ਉਹ ਉੱਡਦੀਆਂ ਡਾਚੀਆਂ,
ਤੇ ਰੋਂਦੀਆਂ ਅੱਡੀਆਂ ਦੀ ਮਾਰ ਤੋਂ ।
ਸੱਸੀ ਪੁੱਛਦੀ ਆਪਣੇ ਦਿਲ ਕੋਲੋਂ,
ਕੀ ਮੰਜ਼ਲ ਪਿਆਰ ਦੀ ਹਾਲੇ ਦੂਰ ਹੈ ?
ਪਰ ਉੱਥੇ ਜਿੱਥੇ ਜਾ ਰਹੀਆਂ ਉਹ ਡਾਚੀਆਂ,
ਕੀ ਇਹ ਰਾਹ ਦੀ ਸਰਾਂ ਸੀ ਬੱਸ,
ਜਿੱਥੇ ਪੁੰਨੂੰ ਮਿਲਿਆ ?
ਨੀਂਦਰ ਸੁਫ਼ਨੇ ਵਿਚ ਲੰਘਦੀ ਦੀ ਰੁਲ੍ਹ ਗਈ,
'ਪੁੰਨੂੰ' 'ਪੁੰਨੂੰ' ਕੁਰਲਾਂਦੀ,
ਸੱਸੀ ਉੱਡੀ ਨੀਂਦਰ ਵਿਚ ਜਾਗ ਕੇ,
ਨੀਲੇ ਸੁੱਕੇ ਥਲ ਅਸਮਾਨ ਵਿਚ
ਪਿਆਸੀ, ਭੁੱਖੀ ਪੁੰਨੂੰ ਦੀ,
ਪੁੰਨੂੰ ਪੁੰਨੂੰ ਕੂਕਦੀ ਅਸਮਾਨਾਂ ਵਿਚ,
ਪੈਰ ਨੰਗੇ; ਸਿਰ ਨੰਗੇ ਉੱਡੀ ਉੱਡੀ ਜਾਉਂਦੀ,
ਤੇ ਅੱਗੇ ਅੱਗੇ ਜਾਂਦੀਆਂ ਦਿੱਸਣ,
ਉਹ ਪੁੰਨੂੰ ਦੀਆਂ ਡਾਚੀਆਂ,
ਉੱਡਦੀਆਂ ਜਿਵੇਂ ਫੰਘਾਂ ਵਾਲੀਆਂ ਪਰੀਆਂ,
ਤਾਰਿਆਂ ਵਿਚ ਦਿੱਸਣ, ਡਾਚੀਆਂ ਉਹ ਜਾਂਦੀਆਂ ।
ਹੱਫ ਹੱਫ ਦੌੜਦੀ ਢਹਿ ਪਈ,
ਢੱਠਿਆਂ ਸੁਪਨੇਂ ਨੂੰ ਠੋਕਰ ਵੱਜੀ
ਜਾਗ ਪਈ, ਨੀਂਦਰ ਵਿਚ ਜਾਗ ਦੇ ਸੁਫਨੇ ਥੀਂ,
ਤੱਕਿਆ ਤੇ ਸੁੱਤੀ ਪਈ ਸੀ, ਪਿਆਰ ਬਾਹੀਂ ਪਾ ਕੇ,
ਤੇ ਪਿਆਰ ਬਾਹਾਂ ਸੀ ਘੁੱਟਿਆ, ਨੱਪਿਆ,
ਟੋਹ ਕੇ ਪਿਆਰ, ਸੁੱਤੀ ਸੁੱਤੀ ਸਿੰਞਾਣ ਕੇ,
ਤੇ ਮੁੜ ਪ੍ਰਤੀਤ ਇਹ ਜਾਣ ਕੇ,
ਠੀਕ ਪਹੁੰਚੀ ਆਣ ਮੰਜ਼ਲ ਪਿਆਰ ਤੇ,
ਉਹਦਾ ਰੂਹ ਜਾਣਦਾ-
ਪਿਆਰ ਛੱਡ ਜਾਏ ਨਾਂਹ ।
ਮੁੜ ਪਿਆਰ ਨੂੰ ਡਾਢੀ ਜੱਫੀ ਪਾ ਕੇ,
ਘੁੱਟ ਕੇ ਨੱਪ ਕੇ, ਤਹਕੀਕ ਮੁੜ ਕਰ ਕੇ,
ਸੱਸੀ ਪਿਆਰ-ਬਾਹਾਂ ਵਿਚ,
ਮੁੜ ਸੈਂ ਗਈ ।

੮. ਪਿੱਪਲ ਹੇਠ

ਪਿੱਪਲ ਹੇਠ ਇਹ ਧੂਣੀ ਪਈ ਰਸਦੀ,
ਊਦਾ ਧੂਆਂ ਪਿਆ ਨਿਕਲਦਾ,
ਅੱਗ ਪਈ ਮੱਘਦੀ ।
ਬਾਵਰੀਆਂ ਵਾਲਾ ਬੈਰਾਗੀ ਇਕ ਬੈਠਾ
ਬਦਨ ਤੇ ਸਵਾਹ ਜਿਹੀ ਮਲੀ ਹੋਈ,
'ਰਾਮ' 'ਰਾਮ' ਕਰਦਾ,
ਹੱਥ ਵਿਚ ਰੁਦਰਾਖ ਦੀ ਮਾਲਾ ।
ਮੈਂ ਸਾਹਮਣੇ ਖਲੋ ਗਿਆ,
ਸਿਰ ਹਵਾ ਵਿਚ ਸੁੱਟ ਕੇ, ਕੁਝ ਹੈਰਾਨੀ ਜਿਹੀ ਗੁਸਤਾਖੀ ਵਿਚ,
ਤੇ ਟੱਕ ਬੰਂਨ੍ਹ ਕੇ ਤੱਕਣ ਲੱਗ ਪਿਆ,
ਮੇਰੇ ਨੈਣ ਪੁੱਛਦੇ-
ਕੀ ਇਸ ਨੇ ਪਿਆਰ ਦੇ ਦਰਸ ਨਹੀਂ ਪਾਏ, ਹਾਲੇ ?
ਨਹੀਂ ਤਾਂ ਤਪ ਕਿਉਂ ਕਰਦਾ ਇਹ ਆਦਮੀ ?
ਖ਼ਾਕ ਸਿਰ ਤੇ ਕਿਉਂ ਪਾਈ ਹੈ ?
ਤੇ ਆਪਾ ਕਿਉਂ ਸਾੜਦਾ-
ਮੈਂ ਬੋਲਿਆ ਕੁਝ ਨਾਂਹ,
ਬੱਸ ਦੇਖ ਦੇਖ ਪੁੱਛਦਾ।
ਉਹ ਬੈਰਾਗੀ ਬੁਲਾਉਂਦਾ ਰਹਿ ਗਿਆ,
'ਆਓ ਬੈਠੋ' ਆਖਦਾ,
ਮੈਂ ਨੱਸ ਖਲੋਤਾ,
'ਆਇਆ' 'ਆਇਆ' ਆਖਦਾ ।

੯. ਕੁਮਿਹਾਰ ਤੇ ਕੁਮਿਹਾਰਨ

ਅੱਗੇ ਇਕ ਪਾਸੇ ਤੱਕਿਆ ਗਿਰਾਂ ਵਿਚ,
ਬੈਠਾ ਕੁਮਿਹਾਰ ਤੇ ਕੋਲ ਬੈਠੀ ਉਸ ਦੀ ਕੁਮਿਹਾਰਨ,
ਕੁਮਿਹਾਰ ਚੱਕ ਉੱਤੇ ਕਾਸੇ ਪਿਆ ਘੜਦਾ,
ਤੇ ਕੁਮਿਹਾਰਨ ਮਿੱਟੀ ਪਈ ਗੁੰਨ੍ਹਦੀ,
ਮੈਂ ਜਾਂਦਾ ਜਾਂਦਾ ਰਹਿ ਗਿਆ ।
ਅਟਕ ਗਿਆ ਮੈਂ ਦੋਹਾਂ ਦੀ ਮੇਲਵੀਂ ਮਜੂਰੀ ਵਿਚ,
ਮਿੱਟੀ ਬੇਸ਼ਕਲੀ ਤੱਕੀ
ਤੇ ਦੇਖੀਆਂ ਉਸ ਵਿਚ ਮੂਰਤਾਂ ਨਿਕਲਦੀਆਂ,
ਮੂੰਹ ਬੋਲਦੇ ਭਾਂਡੇ, ਖੜ੍ਹੇ ਕਤਾਰਾਂ ਦੀਆਂ ਕਤਾਰਾਂ,
ਕੁਮਿਹਾਰ ਦੇ ਹੱਥ ਦੀ ਛੋਹ ਨਾਲ,
ਬਾਹਰ ਆਣ ਮਿੱਟੀ ਥੀਂ ਹਜ਼ਾਰ ਰੂਪ ।
ਸਿਰ ਨੰਗਾ ਕੁਮਿਹਾਰ ਬੈਠਾ,
ਖੱਦਰੇ ਦੇ ਝੱਗੇ ਵਿਚ
ਪੈਰ ਪਿਆ ਮਾਰਦਾ, ਹੱਥ ਪਿਆ ਫੇਰਦਾ,
ਤੇ ਠੱਪਦਾ, ਸੁਧਾਰਦਾ ਰੂਪ ਨੂੰ,
ਕੋਈ ਕਵੀ ਜਿਵੇਂ ਰਚਨਾ ਰਾਗ ਦੀ ਘੜਦਾ ।

ਕੁਮਿਹਾਰਾਂ ਦਾ ਮਨ ਅਡੋਲ ਜੁੜਿਆ,
ਪਿਆਲੀਆਂ ਦੇ ਹੋਠਾਂ ਦੀਆਂ ਰੇਖਾਂ ਵਿਚ,
ਭਾਡਿਆਂ ਦੇ ਮੂੰਹਾਂ ਨੂੰ ਤੱਕਦਾ, ਬਣਾਂਦਾ, ਬੁਲਾਂਦਾ,
ਰੂਪ ਮੂੰਹੋਂ ਬੋਲਦਾ ਕੁਮਿਹਾਰ ਆਖੇ ।
ਕੁਮਿਹਾਰ ਕਿਸੇ ਰੰਗ ਵਿਚ ਜੁੜਿਆ,
ਬੈਠਾ ਇਕ ਸਮਾਧੀ ਵਿਚ,
ਤੇ ਸਮਾਧੀ ਮਨੂਰ ਦੀ ਰੂਪ ਪਈ ਪੈਦਾ ਕਰਦੀ ।
ਮੈਨੂੰ ਡੁਲ੍ਹਦੇ ਨੂੰ ਵੇਖ ਕੇ,
ਕੁਮਿਹਾਰਨ ਸੋਹਣੀ ਹੱਸ ਪਈ,
ਉਹਨੂੰ ਦੇਖ ਮੇਰੇ ਉਹ ਕੁਮਿਹਾਰ ਯਾਦ ਆਇਆ,
ਜਿਸ ਇਹ ਹੱਸਦਾ ਬਰਤਨ ਬਣਾਇਆ ।

੧੦. ਪੰਜਾਬ ਦੇ ਮਜੂਰ

ਓਏ ! ਮਜੂਰ ਚੰਗੇ ਲੱਗਦੇ !
ਨਿੱਕੇ ਨਿੱਕੇ ਖ਼ਿਆਲ ਇਨ੍ਹਾਂ ਦੇ,
ਉਨ੍ਹਾਂ ਵਿਚ ਢਲੀਆਂ ਇਨ੍ਹਾਂ ਦੀਆਂ ਜ਼ਿੰਦਗੀਆਂ,
ਸਾਦੇ ਸਾਦੇ ਚਿਹਰੇ, ਬੇਨਿਕਾਬ ਜਿਹੇ,
ਨ ਛੁਪਦੇ ਨ ਛੁਪਾਂਦੇ ਕੁਝ ਆਪਣਾ ।
ਨੰਗੇ ਨੰਗੇ ਦਿਲ ਇਨ੍ਹਾਂ ਦੇ,
ਭੋਲੇ ਭਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ ।
ਇਨ੍ਹਾਂ ਦੀ ਗ਼ਰੀਬੀ ਨਿੱਕੀ,
ਇਨ੍ਹਾਂ ਦਾ ਸੰਤੋਖ ਵੱਡਾ,
ਇਹ ਠੰਢੇ ਪਾਣੀ ਵਾਂਗ
ਮੇਰੇ ਜੀ ਨੂੰ ਠਾਰਦੇ ।

੧੧. ਹਲ਼ ਵਾਹੁਣ ਵਾਲੇ

ਓਏ ! ਮੈਂ ਪੜ੍ਹਨ ਪੜ੍ਹਾਨ ਸਾਰਾ ਛੱਡਿਆ,
ਦਿਲ ਮੇਰਾ ਆਣ ਵਾਹੀਆਂ ਵਿਚ ਖੁੱਭਿਆ,
ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ,
ਜੱਟ ਬੂਟ ਮੇਰੇ ਯਾਰ ਵੋ ।
ਲੱਸੀ ਦਾ ਛੰਨਾ ਦਿੰਦੇ,
ਬਾਜਰੇ ਦੀ ਰੋਟੀ,
ਮੱਖਣ ਦੀ ਪਿੰਨੀਂ ਦਿੰਦੇ,
ਦੁੱਧ ਦੀਆਂ ਕਟੋਰੀਆਂ ।
ਸਾਗ ਦਿੰਦੇ, ਦਾਣੇ ਦਿੰਦੇ ਭੁੰਨੇ;
ਮੱਕੀ, ਜਵਾਰ ਤੇ ਛੋਲਿਆਂ ।
ਪਾਣੀ ਠੰਢਾ ਖੂਹਾਂ ਦਾ ਦਿੰਦੇ,
ਖੁਸ਼ੀ ਦਿੰਦੇ ਪੀਣ ਨੂੰ, ਜੀਣ ਨੂੰ,
ਟਿੱਬੇ ਢੇਰ ਸਾਰੇ ਢਾਹ ਮਦਾਨ ਕਰਨ,
ਇਹ ਲੋਕੀਂ ਹਨ ਮੇਰੇ ਰੱਬ ਦੀਆਂ ਪੈਲੀਆਂ ।
ਬੀਜ ਬੀਜਣ ਇਹ ਹਲ਼ ਚਲਾਣ,
ਘਾਲਾਂ ਘਾਲਣ ਪੂਰੀਆਂ ।
ਖਾਣ ਥੋੜ੍ਹਾ, ਪਹਿਨਣ ਮੋਟਾ ਸੋਟਾ,
ਵੇਖਣ ਮੁੜ ਮੁੜ ਵੱਲ ਬੱਦਲਾਂ,
ਇਹ ਹਨ ਜੱਗ ਦੇ ਭਮਡਾਰੀ,
ਰਾਜੇ ਹੱਥ ਅੱਡ ਅੱਡ ਮੰਗਦੇ ਇਥੋਂ ਰੋਟੀਆਂ ।

੧੨. ਸੋਹਣੀ ਦੀ ਝੁੱਗੀ

ਮੈਨੂੰ ਦਿਸਦੀ ਝਨਾਂ ਦੇ ਪਾਰਲੇ ਕੰਢੇ,
ਦੂਰ ਨੂਰ ਵਿਚ ਡੁੱਬੀ ਨਿੱਕੀ ਜਿਹੀ ਝੁੱਗੀ,
ਸਿਰਫ਼ ਉਹ ਥਾਂ ਚਮਕਦੀ,
ਹੋਰ ਸਭ ਝਨਾਂ ਦਾ ਪਾਣੀ ਤੇ ਕੰਢਾ ਹਨੇਰਾ ਹਨੇਰਾ,
ਤੇ ਹਨੇਰੇ ਵਿਚ ਚਮਕਦੀ, ਉਹ ਇਕ ਤਾਰਾ,
ਇਕ ਖਿੱਤੀ ਨੂਰ ਦੀ,
ਇਹ ਸੋਹਣੀ ਦਾ ਦਿਲ ਹੈ ।
ਇੱਥੇ ਵੱਸਦੀ ਸਦਾ ਦੀ ਜ਼ਿੰਦਗੀ,
ਪੰਜਾਬ ਦੀ ਭਕਦੀ, ਕੂਕਦੀ ਜਵਾਨੀ ।

ਇਸ ਝੁੱਗੀ ਥੀਂ ਵਾਰੇ ਲੱਖ ਲੱਖ ਸਲਤਨਤਾਂ,
ਝਨਾਂ ਰੋਹੜ ਵਾਰਦਾ ਲੱਖ ਵੇਰੀ,
ਤੇ ਰੱਖਦਾ ਜ਼ੰਜੀਰਾਂ ਪਾ ਆਪਣੇ ਕੰਢੇ ਤੇ ਇਹ ਝੁੱਗੀ,
ਇਹ ਝੁੱਗੀ ਸਦਾ ਵੱਸਦੀ,
ਦੀਵਾ ਅੰਦਰ ਪਿਆ ਬਲਦਾ,
ਸੋਹਣੀ ਦਾ ਫ਼ਕੀਰ-ਪਾਤਸ਼ਾਹ ਇੱਥੇ ਵੱਸਦਾ ।

੧੩. ਖੂਹ ਉੱਤੇ


ਕੋਲ ਇਹ ਪਿੱਪਲ ਹੇਠ
ਨਿੱਕੀ ਵੱਡੀ ਘੱਗਰੀਆਂ,
ਨਿੱਕੀਆਂ ਨਿੱਕੀਆਂ ਬਾਹਾਂ,
ਵੱਡੀਆਂ ਵੱਡੀਆਂ ਲੱਜਾਂ,
ਕੁੜੀਆਂ ਪੰਜਾਬ ਦੀਆਂ !
ਪਾਣੀ ਪਈਆਂ ਭਰਦੀਆਂ ।
ਪਾਣੀ ਖੂਹ ਵਿਚੋਂ ਕੱਢਦੀਆਂ,
ਕੁਝ ਡੋਲ੍ਹਦੀਆਂ ਕੁਝ ਭਰਦੀਆਂ,
ਕੁਝ ਛੱਟੇ ਮਾਰ ਮਾਰ ਵੰਞਾਂਦੀਆਂ,
ਮੂੰਹ ਤੇ ਪਾਂਦੀਆਂ ਡੁਹਲ ਡੁਹਲ ਹੱਥਾਂ ਨਾਲ,
ਪੈਰਾਂ ਨੂੰ ਨੁਹਾਲਦੀਆਂ ।
ਆਏ ਗਏ ਕਦੀ ਕਵੀਸ਼ਰ ਨੂੰ
ਪਾਣੀ ਬੁੱਕਾਂ ਨਾਲ ਪਿਆਲਦੀਆਂ ।
ਖੂਹ ਤੇ ਵੀ ਇਕ ਜੀਵਨ ਰੰਗ-ਬਰੰਗੀ ਹੈ,
ਦੋ ਗੱਲਾਂ ਕਰਨੀਆਂ ਕਰਾਣੀਆਂ
ਦੋ ਸੁਣਨੀਆਂ ਸੁਣਾਉਣੀਆਂ,
ਉਹ ਇਕ ਦੂਜੇ ਦਾ ਹੱਥ ਹਟਾਉਣਾ,
ਘੜੇ ਭਰੇ ਭਰੇ ਚੁੱਕਣੇ ਚੁਕਾਉਣੇ,
ਰਲ ਮਿਲ ਗਾਉਣਾ, ਹੇਕਾਂ ਲਾਉਣੀਆਂ ।


ਫਟਾ ਫਟ ਇਕ ਝੱਗਾ ਜੋਬਨਾਂ ਨੂੰ ਕੱਜਦਾ,
ਅਰਕਾਂ ਨੰਗੀਆਂ ਪਈਆਂ ਹੁੰਦੀਆਂ,
ਤੇ ਛਾਤੀ ਦੀਆਂ ਲੀਰਾਂ ਹਵਾ ਪਈ ਚੁੱਕਦੀ ;
ਇਹ ਭੈੜੀ ਹਵਾ ਕੇਹੀ ਪਈ ਵੱਗਦੀ,
ਖ਼ਾਹ ਮਖ਼ਾਹ ਛੇੜਦੀ, ਤੰਗ ਪਈ ਕਰਦੀ,
ਮੁੜ ਮੁੜ ਦੱਸਦੀ ਲੀਰਾਂ ਵਿਚੋਂ ਨੰਗੇ ਨੰਗੇ ਅੰਗ ਮੇਰੇ ।

ਸੁੱਥਣ ਸੂਸੀ ਦੀ ਮੇਰੀ ਵਿਚ
ਲਾਲ, ਲਾਲ ਧਾਰੀਆਂ,
ਇਹ ਪਾਣੀ ਦੀਆਂ ਲਹਿਰਾਂ ਮੇਰੀ ਸੁੱਥਣ ਦੇ ਪੱਲੇ,
ਲਹਿਰ ਲਹਿਰ ਹੋ ਮੇਰੀਆਂ ਜੰਘਾਂ ਪਈ ਕੱਜਦੀ ।
ਪੈਰ ਨੰਗੇ ਮੇਰੇ, ਚਿੱਟੀ ਦੁੱਧ ਮੇਰੀ ਪਿੰਨੀਆਂ ।
ਚੁੰਨੀਂ ਨਿੱਕੀ ਜਿਹੀ ਮੇਰੀ ਸਿਰ ਤੇ
ਵਾਲ ਮੇਰੇ ਸਿੰਜੇ ਖੂਹ ਦੇ ਪਾਣੀਆਂ ।
ਵੀਣੀ ਮੇਰੀ ਵਿਚ ਕੱਚ ਦੀਆਂ ਵੰਗਾਂ,
ਕੰਨਾਂ ਵਿਚ ਪਾਂਦੀ ਸੋਨੇ ਦੇ ਮੱਛਰਿਆਲੇ,
ਰਲ ਮਿਲ, ਰਲ ਮਿਲ ਗਹਿਣੇ ਸਾਰੇ
ਮੇਰੀ ਸਿਫ਼ਤ ਪਏ ਕਰਦੇ ।


ਖੂਹ ਉਤੇ ਵਸਦਾ,
ਗਿਰਾਂ ਵੀ ਇਕ ਸ਼ਹਿਰ ਹੋ ਦਿੱਸਦਾ,
ਫ਼ਕੀਰ ਸਾਈਂ ਲੋਕ ਇੱਥੇ ਮਿਲਦੇ,
ਤੇ ਇਨ੍ਹਾਂ ਕੁੜੀਆਂ ਦੀਆਂ ਅੱਖਾਂ ਵਿਚ
ਲੱਜਾਂ ਸੁੱਟ ਸੁੱਟ ਪਾਣੀ ਉਹ ਭਰਦੇ,
ਇਹ ਮੇਲਾ ਸੰਜੋਗੀ ਹੁੰਦਾ ।

ਤੱਕ ਤੱਕ ਉਹ ਖੂਹ ਦੀ ਰੌਣਕ ਤੇ ਰੰਗ ਸਾਰਾ
ਮੁੜ ਮੁੜ ਤੱਕਣਾ ।
ਮੇਲੇ ਦੀ ਖ਼ੁਸ਼ੀ ਕੁੱਟ ਕੁੱਟ ਦਿਲ ਵਿਚ ਭਰਨਾ ;
ਉਛਾਲਣਾਂ ਤੇ ਕੁੱਦਣਾਂ, ਹੱਸਣਾ ਤੇ ਖੇਡਣਾ,
ਅਨਵਾਹੀਆਂ ਵਿਚ ਨੱਸਣਾ, ਤੇ ਦੌੜਨਾ,
ਹਫੀ ਹਫੀ ਆਣਾ, ਮੁੜ ਮੁੜ ਜਾਣਾ,
ਪਾਣੀ ਖੂਹਾਂ ਤੇ ਪੀਣਾ ਬੁੱਕ ਬੁੱਕ ਭਰ ਕੇ ।
ਕਰਨਾ ਕੰਮ ਕੋਈ ਨਾਂਹ,
ਪਰ ਵਿਹਲ ਵੀ ਨਾ ਲੱਗਣੀ,
ਕੰਮ ਸਾਰੇ ਭਾਰੇ ਵੱਡੇ ਵੱਡੇ ।

੧੪. ਦਰਿਆ ਕਿਨਾਰੇ


ਦਰਿਆ ਕਿਨਾਰੇ ਰੇਤਾਂ ਚਿੱਟੀਆਂ ਵਿਚ ਲਿਟਣਾ ।
ਨੰਗੇ ਹੋ ਧੁੱਪਾਂ ਵਿਚ ਲੇਟਣਾ,
ਤੇ ਮਾਰ ਛਾਲਾਂ ਦਰਿਆ ਵਿਚ ਨ੍ਹਾਣਾ,
ਤਰਨਾ ਤੇ ਡੁੱਬਣਾ ਤੇ ਧਾਰ ਵਿਚ ਬਹਿਣਾ ;
ਹੱਥ ਪੈਰ ਮਾਰਨਾ, ਪਾਣੀ ਉਛਾਲਣਾ,
ਤੇ ਛੱਟਿਆਂ ਵਿਚ ਕਿਰਨਾਂ ਨੂੰ ਪਕੜਨਾ ।
ਮੱਛੀਆਂ ਉਡੱਦੀਆਂ ਨੂੰ ਤੱਕਣਾ,
ਤੇ ਤਰਦੀਆਂ ਨੂੰ ਹੱਥਾਂ ਨਾਲ ਫੜ ਫੜ ਨਸਾਣਾ ।
ਨ੍ਹਾ ਧੋ ਆਖਣਾ-'ਮੇਰੇ ਜਿਹਾ ਕੌਣ ਹੈ ?'


ਮੁੜ ਮੁੜ ਦਰਿਆਵਾਂ ਦੀ ਛਾਤੀ ਵਿਚ,
ਖ਼ੁਸ਼ੀਆਂ ਦਾ ਮੂੰਹ ਤੱਕਣਾ,
ਨਿੱਕੇ ਨਿੱਕੇ, ਚਿੱਟੇ ਚਿੱਟੇ, ਧੋਤੇ ਧਾਤੇ ਪੱਥਰਾਂ ਨੂੰ ਚੁਣਨਾ,
ਪੱਥਰਾਂ ਨੂੰ ਪੂਜਣਾ, ਚੁੰਮਣਾ, ਹੀਰੇ ਮੋਤੀ ਖ਼ੁਸ਼ੀ ਦੇ ।
ਲੰਮੇਂ ਲੰਮੇਂ ਘਾਹਾਂ ਦੇ ਚਿੱਟੇ ਚਿੱਟੇ ਬੁੰਬਲਾਂ ਨੂੰ ਖੋਹ ਕੇ
ਆਪਣੀ ਪਗੜੀ ਵਿਚ ਟੁੰਗਣਾ ।
ਕਦੀ ਕਸੁੰਭੇ ਦਾ ਸਿਹਰਾ ਪਾਈ ਫਿਰਨਾ ਦਰਿਆ ਕਿਨਾਰੇ,
ਕਦੀ ਢਾਕ ਦੀ ਲਾਲ ਲਾਲ ਅੱਗ ਨੂੰ ਚਾ ਗਲੇ ਲਾਉਣਾ,
ਕਦੀ ਤੂਤਾਂ ਦੀਆਂ ਟਾਹਣੀਆਂ ਨੂੰ ਵਾਜ ਦੇ ਬੁਲਾਉਣਾ,
ਉਹਨ੍ਹਾਂ ਨੂੰ ਝੁਣਨਾ, ਜਗਾਉਣਾ, ਜਿਲਾਉਣਾ !
ਕਦੀ ਪਿੱਪਲਾਂ ਤੇ ਬੋਹੜਾਂ ਨਾਲ ਗਿੱਝਣਾ ।
ਮੁੜ ਮੁੜ ਖ਼ੁਸ਼ੀਆਂ ਦੇ ਮੂੰਹ ਚੁੰਮਣੇ,
ਚੁੰਮ ਚੁੰਮ ਘੁੱਟ ਜਿਹੇ ਭਰਨੇ,
'ਇਹ ਮਿੱਠਾ, ਇਹ ਖੱਟਾ' ਇਹੋ ਪਏ ਕਰਨਾ ।
ਦੌੜ ਦੌੜ ਬਿਰਛਾਂ ਨੂੰ ਪਲੰਬਣਾ ।
ਪੱਥਰਾਂ ਨੂੰ ਚੱਕ ਮਾਰਦੇ ਫਿਰਨਾ,
ਇਕ ਵਹਿਸ਼ੀ ਜਿਹੇ ਜੋਸ਼ ਪਿਆਰ ਵਿਚ,
ਘਾਹ ਨਾਲ ਮਿਲ ਮਿਲ ਰੋਣਾ ।


ਨੇਮਾਂ ਵਾਲੀ ਗੱਲ ਨਾ ਕਰਨੀ ਕਾਈ,
ਧਰਮਾਂ ਕਰਮਾਂ ਥੀਂ ਨੱਸਣਾ,
ਅਨੇਮੀ ਰਹਿਣਾ, ਸੋਚ ਸਾਰੀ ਡੋਬਣਾ,
ਹੱਸਣਾ ਤੇ ਰੋਣਾ, ਤੇ ਚੀਖਣਾ,
ਤੇ ਦਰਿਆਵਾਂ ਕਿਨਾਰੇ ਦੌੜਦੇ ਫਿਰਨਾ ;
ਪਾਗਲ ਜਿਹਾ, ਵਹਿਸ਼ੀ ਇਹ ਚਾਅ ਮੇਰਾ ;
ਆਖੇ ਨਹੀਂ ਲੱਗਦਾ, ਨੇਮ ਵਿਚ ਨਾ ਬੱਝਦਾ ।
ਸਦਕੇ ! ਤੁਸੀਂ ਜaਓ, ਜਿਧਰ ਜਾਣਾ,
ਮੈਨੂੰ ਰਾਹ ਦੀ ਲੋੜ ਨਾਹੀਂ,
ਮੈਨੂੰ ਤਾਂ ਪਤਾ ਨਹੀਂ ਮੈਂ ਕੀ ਪਿਆ ਕਰਦਾ ।

੧੫. ਹਨੂਮਾਨ

ਭਖਦੀ ਇਕ ਮਾਲਾ ਲਾਲਾਂ ਦੀ,
ਹਨੂਮਾਨ ਨੂੰ ਲੰਕਾ ਦੇ ਰਾਜੇ ਨੇ ਭੇਟ ਕੀਤੀ,
ਲੱਖਾਂ ਕਰੋੜਾਂ ਦੀ ਉਹ ਮਾਲਾ,
ਪਾਣੀ ਡਲ੍ਹਕਣ ਕਮਾਲ ਦੇ ਡਲੀ ਡਲੀ,
ਕਿਹੀਆਂ ਚਮਕਦੀਆਂ ਚੁੰਨੀਆਂ !
ਪਰ ਹਨੂਮਾਨ ਨੂੰ ਤਾਂ ਖਾਣ ਦਾ ਸੁਆਦ ਸੀ,
ਭੰਨ ਭੰਨ ਤੱਕਦਾ, ਇਨ੍ਹਾਂ ਵਿਚੋਂ ਕੋਈ ਗਿਰੀਆਂ ?
ਗਿਰੀ ਨਾ ਨਿਕਲੀ ਕੋਈ,
ਤੋੜ ਤੋੜ ਵੇਖਦਾ,
ਇਹ ਕੀ ? ਇਨ੍ਹਾਂ ਦੇ ਦਿਲ ਨਾਂਹ ?
ਚਿਹਰੇ ਇਨ੍ਹਾਂ ਦੇ ਕਿਹੇ ਸਨ ਭਖਦੇ !
ਅੰਦਰ ਇਨ੍ਹਾਂ ਦੇ ਕਿਧਰੇ ਰਾਮ ਨਾਮ ਨਾਂਹ ?
ਇਹ ਲਾਲੀ ਕਿਹੀ ਚੜ੍ਹੀ ਸੀ !
ਦੰਗ ਹੋ ਹੋ ਭੰਨਦਾ ਤੇ ਸੁੱਟਦਾ,
ਮਣੀਆਂ ਨਿਰਜਿੰਦ ਸਨ ।

੧੬. ਸਾਧਣੀ ਦੀ ਢੋਕ


ਨਿੱਕੀ ਜਿਹੀ ਢੋਕ ਮੇਰੀ,
ਮੈਰਿਓਂ ਪਾਰ, ਇਕ ਵਗਦੇ ਕੱਸ ਦੇ ਕੰਢੇ,
ਗੋਹੇ ਦਾ ਲਿੱਪਿਆ ਸਾਫ਼ ਸੁਥਰਾ ਵਿਹੜਾ,
ਵਿਚ ਖੜ੍ਹਾ ਸਿੱਧਾ ਧਰੇਕ ਦਾ ਬੂਟਾ ।
ਵੇਲੇ ਸਿਰ ਧਰੇਕ ਮੇਰੀ ਫੁੱਲਦੀ,
ਊਦੇ ਊਦੇ ਫੁੱਲ ਨਾਜ਼ਕ ਜਿਹੀ ਖ਼ੁਸ਼ਬੋ ਦਿੰਦੇ,
ਮੇਰੇ ਵਿਹੜੇ ਦੀ ਛਾਂ ਪਈ ਮਹਿਕਦੀ ।


ਕੰਧਾਂ ਮੇਰੀਆਂ ਮਿੱਟੀ ਨਾਲ ਲਿੰਬੀਆਂ,
ਜਿਨ੍ਹਾਂ ਰਾਹੀਂ ਸਭ ਬੂਹੇ ਬੰਦ ਵੀ,
ਹਵਾ ਆ ਜਾ ਸਕਦੀ,
ਪੁਰਾਣਾ ਕਾਠ ਕਾਲਖ ਨਾਲ ਗਲੇਫ਼ਿਆ,
ਤੇ ਬੂਹੇ ਤੇ ਥੰਮ੍ਹ ਇਕ ਉਮਰ ਦੇ ਥਿੰਧੇ ਨਾਲ ਪੋਚੇ ।


ਚਾਨਣੀ ਰਾਤ ਵਿਚ ਕੱਸ ਦੀ ਨਿੱਕੀ ਨਿੱਤ੍ਰੇ ਸਾਫ਼ ਪਾਣੀ ਦੀ ਰੌਂਅ
ਕਿੰਜ ਮੇਰੇ ਸਾਹਮਣੇ ਰੰਗ ਬਰੰਗੀ ਰੇਤ ਦੇ ਕਿਣਕਿਆਂ 'ਤੇ ਵਗਦੀ
ਇਕ ਪਿੰਘਰੀ ਚਾਂਦੀ ਦੀ ਧਾਰ ਜਾਣ ਪੈਂਦੀ,
ਪਾਣੀਆਂ ਤੇ ਕਿੱਕਰਾਂ ਤੇ ਰੇਤਾਂ ਦੀ ਛੋਹ ਦੀ ਮਿੱਠੀ ਮਿੱਠੀ ਛਾਣ ਆਉਂਦੀ,
ਤੇ ਮੈਂ ਬਹਿ ਬਹਿ, ਉਠ ਉਠ, ਟਹਿਲ ਟਹਿਲ ਤੱਕਦੀ,
ਚਾਨਣੀ ਤੇ ਘੁਲੀ ਚਾਂਦੀ ਦੀ ਰੌਅ ਦਾ ਆਪੇ ਵਿਚ ਖੇਡਣਾ ।
ਤੇ ਉਸ ਵਿਚ ਉਹ ਮੱਛੀਆਂ ਦੇ ਪੂੰਗਰਾਂ ਦਾ ਤਰਨਾ,
ਤੇ ਉਹ ਸੂਖਮ ਬਰੀਕ ਵਾਲ ਵਾਂਗੂੰ ਲਹਿਰਦੇ ਕੇਸ ਉਸ ਵਗਦੀ ਰੌਅ ਦੇ ।


ਮੇਰੀ ਢੋਕ ਦੇ ਕੋਠੇ ਉੱਤੇ,
ਨੀਲਾ ਤਾਰਿਆਂ ਵਾਲਾ ਪਰ ਕੋਠੜਾ,
ਰਾਤੀਂ ਮੈਂ ਉੱਤੇ, ਅਨੰਤ ਹੇਠ,
ਡਾਹ ਸੱਥਰ ਆਪਣਾ ਲੇਟਦੀ,
ਰਾਣੀ ਜਿਵੇਂ ਜੱਗ ਦੀ ।
ਪਾਣੀ ਪੀਣ ਨੂੰ ਨਾਲ ਇਕ ਮਿੱਟੀ ਦਾ ਘੜਾ,
ਕਾਂਸੀ ਦੇ ਛੰਨੇ ਨਾਲ ਕੱਜਿਆ,
ਦਿਲ ਮੇਰਾ ਚੰਗਾ, ਇਕੱਲ ਵਿਚ,
ਜਿੱਥੇ ਘਸਮਾਨ ਪਿਆ ਅਜਬ ਪ੍ਰਕਾਸ਼ ਦਾ ।


ਮੈਂ ਕਿਸੇ ਨੂੰ ਬੂਹਾ ਨਹੀਂ ਖੋਹਲਦੀ,
ਲੋਕੀਂ ਚਾਈਂ ਚਾਈਂ ਦਿਲ ਮੇਰੇ ਵਿਚ ਆ ਵੜਦੇ,
ਤੇ ਇਕ ਉਡਾਰੂ ਜਿਹਾ ਨਸ਼ਾ,
ਮੇਰੇ ਸਿਰ ਦੀ ਝੂਮ ਜਿਹੀ,
ਮੇਰੇ ਦਿਲ ਦਾ ਸੁਆਦ ਜਿਹਾ,
ਮੈਨੂੰ ਛੱਡ, ਨੱਸ, ਉੱਡ ਟੁਰਦਾ,
ਬਹੂੰ ਪੈਰਾਂ ਦਾ ਆਣਾ ਜਾਣਾ
ਦਿਲ ਮੇਰੇ ਵਿਚ ਧੂੜ ਜਿਹੀ ਪਾਂਦਾ,
ਮੈਂ ਬੂਹਾ ਤਾਹੀਂ ਨਾ ਖੋਹਲਾਂ,
ਲੋਕੀਂ ਨਹੀਂ ਜਾਣਦੇ,
ਮੈਂ ਜੀਂਦੀ ਇਕ ਅਮਲ ਜਿਹੇ 'ਤੇ,
ਲੋਕੀਂ ਮੇਰਾ ਅਮਲ ਆਣ ਤੋੜਦੇ ।


ਜਦ ਮਿੱਟੀ ਫੱਕਦੀ ਦੁਨੀਆਂ ਸਾਰੀ ਸੈਂਦੀ,
ਸ਼ਹਿਰਾਂ ਦੇ ਸ਼ਹਿਰ ਡਿੱਗਦੇ ਨੀਂਦਰ ਵਿਚ,
ਵਾਂਗ ਕਿਸੇ ਗੜਗੜਾਂਦੇ ਸ਼ਰਾਬੀਏ ਦੇ ਵਿਚ ਕਿਸੇ ਸ਼ਹਿਰ ਦੀ ਮੋਰੀ,
ਉਸ ਵੇਲੇ ਮੈਂ ਆਪਣੀ ਢੋਕ ਦਾ ਜਾਦੂ ਇਕ ਵੇਖਦੀ,
ਮੇਰੀ ਢੋਕ ਜ਼ਮੀਨ ਥੀਂ ਉੱਠਦੀ,
ਚਾਈ ਜਿਵੇਂ ਪਰੀਆਂ ਨੇ ਆਣ ਇਹ,
ਇਉਂ ਉਠਦੀ ਜਿਵੇਂ ਫੰਘਾਂ ਵਾਲੀ ਜੀਂਦੀ ਇਹ ਚੀਜ਼ ਕੋਈ,
ਨਾਲੇ ਮੈਂ ਉਠਦੀ ਸੁੱਤੀ ਸੁਤਾਈ ਢੋਕ ਦੇ ਛੱਤ ਉੱਤੇ,
ਨਾਲੇ ਮੇਰਾ ਕੱਖਾਂ ਦਾ ਸੱਥਰ ।
ਇਉਂ ਸਾਰੀ ਢੋਕ ਮੇਰੀ ਇਕ ਜਾਦੂ ਜਿਹਾ ਉਠਦੀ,
ਸ਼ਹਿਰਾਂ ਥੀਂ ਉੱਚੀ ਉੱਡਦੀ ਜਿਵੇਂ ਇਹ ਇੱਕ ਬਲਦਾ ਤਾਰਾ,
ਉੱਚਾ ਉੱਚਾ ਮੈਨੂੰ ਖੜਦੀ,
ਸ਼ਹਿਰਾਂ ਦੇ ਸ਼ਹਿਰ ਸੱਥਰ ਸਾਰੇ,
ਵਿਛੇ ਨਿਰਜਿੰਦ ਜਿਹੇ ਦੋ ਸਿੰਮਤਾਂ ਦੇ ਨਕਸ਼ੇ,
ਬਾਦਸ਼ਾਹਾਂ ਦੇ ਮਹਿਲਾਂ ਤੇ ਮੀਨਾਰਾਂ ਥੀਂ ਉੱਪਰ ਮੇਰੀ ਢੋਕ ਵਗਦੀ,
ਮੇਰੀ ਢੋਕ ਉੱਡਦੀ
ਮੇਰਾ ਪਰਾਂ ਵਾਲਾ ਤਾਰਾ !

੧੭. ਘਰ ਕੀ ਗਹਲ ਚੰਗੀ


ਪਾਣੀ ਕਾਂਸੀ ਦੇ ਛੰਨੇ ਵਿਚ ਪਾ,
ਲਿਆ ਮੈਨੂੰ ਪਿਲਾਂਦੀ,
ਮੇਰੀ ਘਰ ਕੀ ਚੰਗੀ ਗਹਲ !
ਇਸ ਪਾਣੀ ਦਾ ਕੁਝ ਰੰਗ ਅੱਜ ਹੋਰ,
ਚਮਕ ਅਣੋਖੀ, ਇਸ ਛੰਨੇ ਵਿਚੋਂ ਖ਼ੁਸ਼ਬੂ ਪਈ ਆਉਂਦੀ ।

ਉਹ ਚੱਲ, ਜਾ, ਦੂਰ ਹੋ ਇਹ ਪਾਣੀ ਘੜਾ ਭਰ ਆਣਦੀ,
ਚਾਂਦੀ ਚਸ਼ਮਿਆਂ ਨੱਚਦਿਆਂ ਦਾ ਇਹ ਪਾਣੀ,
ਉਹ ਚਾਈਂ ਚਾਈਂ, ਭਰ ਭਰ ਆਣਦੀ,
ਲਾਲ ਲਾਲ, ਮਿੱਟੀ ਦਾ ਘੜਾ ਡਬੋਂਦੀ,
ਤੇ ਸੋਮਿਆਂ ਵਿਚ ਡੁਬੋ ਰਖਦੀ,
ਬੇਹੋਸ਼ ਜਿਹਾ ਘੜਾ ਹੁੰਦਾ ਜਾਂਦਾ,
ਹਾਂ ਚੁੱਪ ਚੁੱਪ, ਨੱਕੋ ਨੱਕ ਭਰਿਆ, ਡੁੱਬਿਆ ਘੜਾ, ਮਸਤ, ਔਲੀਆ ਜਿਹਾ,
ਗਹਲ ਮੇਰੀ ਚੱਕ ਉਹਨੂੰ ਘਰ ਲੈ ਆਉਂਦੀ,
ਤੇ ਰਾਹ ਸਾਰਾ ਗਾਉਂਦੀ ਜਪੁ ਸਾਹਿਬ ਸਾਰਾ ਤੇ ਘਰ ਮੇਰੇ ਆਉਂਦੀ,
ਜਿਵੇਂ ਇਕ ਦੇਵੀਆਂ ਦਾ ਝੁੰਡ ਗਾਂਦਾ ਆਂਦਾ,
ਢੱਕੀਆਂ ਤੇ ਟਿੱਬਿਆਂ 'ਤੇ ਚੜ੍ਹ,
ਠੰਢੇ ਚਸ਼ਮਿਆਂ ਪਾਣੀਆਂ ਦੇ ਸੁਆਦ ਵਿਚ,
ਪਾਣੀ ਭਰ, ਗਹਲ ਮੇਰੀ ਆਉਂਦੀ ।


ਸਵੇਰ ਵੇਲੇ,ਪੰਛੀਆਂ ਦੇ ਕੀਰਤਨ ਦੀ ਧੁਨੀ ਸੁਣ,
ਸੁਹਣੀ, ਜਵਾਨ, ਮਹਿੰਦੀ ਨਾਲ ਹੱਥ ਪੈਰ ਰੰਗੀ,
ਦੰਦ ਖੰਡ ਦੇ ਚੂੜੇ ਵਾਲੀ ਪਿਆਰੀ ਜਾਗਦੀ,
ਸਾਲੂ ਸੂਹੇ ਵਾਲੀ ਦੁੱਧ ਚੋਣ ਜਾਂਵਦੀ,
ਧਾਰ ਨੀਲੀ ਗਊ ਕੱਢਦੀ ।
ਆਟਾ ਜਦ ਛਾਣਦੀ,
ਤੇ ਉਚਾਰਦੀ ਲੈਅ ਨਾਲ ਸੁਖਮਨੀ ਸਾਹਿਬ ਸਾਰੀ,
ਉਹਦੀ ਛਾਨਣੀ ਵਿਚੋਂ,
ਵਾਂਗ ਕਿਰਨਾਂ ਦੇ ਮੀਂਹ ਦੇ ਧਾਰਾਂ ਜਿਹੀਆਂ ਪੈਂਦੀਆਂ
ਆਟਾ ਨਿਕਲ ਨਿਕਲ ਢਹਿੰਦਾ,
ਮੇਰਾ ਦਿਲ ਪਈ ਠਾਰਦੀ,
ਇਕ ਚਾਨਣ ਜਿਹਾ ਘਰ ਵਿਚ ।
ਇਕ ਤਾਂ ਭੋਰ ਉਹ ਪੂਰਬ ਵਾਲੀ ਜ਼ੋਰੋ ਜ਼ੋਰ, ਸ਼ੋਰੋ ਸ਼ੋਰ ਆਉਂਦੀ,
ਪਰ ਇਕ ਇਹ ਦੇਵੀ ਆਉਂਦੀ ਸਵੇਰ ਸਾਰ,
ਆਟੇ ਦੀ ਟੋਕਰੀ ਚੂੜੇ ਵਾਲੀ ਦੇ ਇਕ ਹੱਥ ਉੱਤੇ ਧਰੀ,
ਮੱਖਣ ਦੀ ਟਿੱਕੀ ਕਾਲੇ ਕਟੋਰੇ ਵਿਚ ਇਕ ਦੂਜੇ ਹੱਥ 'ਤੇ,
ਦੁੱਧ ਦਾ ਕਟੋਰਾ ਇਕ ਹੋਰ ਹੱਥ 'ਤੇ,
ਛਾਹ ਦੀ ਚਾਟੀ ਸਿਰ 'ਤੇ ਰੱਖੀ,
ਇਉਂ ਕਈ ਹੱਥਾਂ ਵਾਲੀ ਕਈ ਬਾਹਾਂ ਵਾਲੀ ਦੇਵੀ ਅਣਪਛਾਤੀ
ਹਰ ਰੋਜ਼ ਨਵੀਂ ਜਿਹੀ ਆਉਂਦੀ,
ਮੇਰੇ ਵਿਹੜੇ ਵਿਚ ਇਉਂ ਵੜਦੀ ਇਹ ਗਹਲ ਮੇਰੀ,
ਦੇਵੀ ਕਿਸੇ ਅਰਸ਼ ਦੀ, ਮੈਂ ਗਹਲ ਗਹਲ ਆਖਾਂ,
ਇਹ ਤਾਂ ਇਕ ਪ੍ਰਭਾਤ ਸਾਰੀ ਦੀ ਸਾਰੀ ਮੇਰੇ ਛੱਤ ਹੇਠ ਫੁੱਟਦੀ ।
ਅੱਗ ਚੁੱਲ੍ਹੇ ਮੇਰੇ ਵਿਚ,
ਪੂਰਬ ਦੀ ਲਾਲੀ ਥੀਂ ਵੱਧ ਲਾਲ ਪਈ ਮਘਦੀ ।


ਇਸ ਪਾਣੀ ਦਾ ਪੀਣਾ, ਇਸ ਰੋਟੀ ਦਾ ਖਾਣਾ,
ਭੋਗ ਥੀਂ, ਯੋਗ ਥੀਂ ਵੱਧ,
ਵੱਧ ਖਾਣ ਪੀਣ ਥੀਂ,
ਭਾਰੀ ਕੋਈ ਪਵਿੱਤਰ, ਦੈਵੀ ਇਹ ਚੀਜ਼ ਹੈ,
ਸੱਚ ਸਾਹਿਬਾਂ ਆਖਿਆ-
ਅੰਨ ਦਾ ਸੁਆਦ ਵੀ ਇਕ ਨਾਮ ਦਾ ਸੁਆਦ ਹੈ !
ਇਹ ਗੁਰਾਂ ਦੇ ਗੀਤਾਂ ਦੇ ਟੁਕੜੇ,
ਮੰਗ ਮੰਗ, ਖੋਹ ਖੋਹ, ਲੜ ਲੜ,
ਪ੍ਰੀਤ-ਰਸ ਵਿਚ ਡਬੋ ਖਾਵਣੇ !


ਮੇਰੇ ਘਰ ਵਿਚ ਪੈਂਦਾ,
ਹੁਣ ਗਗਨਾਂ ਦਾ ਝਾਵਲਾ,
ਇਹ ਕੇਹੀ ਚੰਗੀ ਰੱਬ ਦਿੱਤੀ ਗਹਲ ਹੈ !
ਸੂਰਜ ਦੀ ਟਿੱਕੀ ਉੱਤੇ ਪਕਾਵੇ ਇਹ ਰੋਟੀਆਂ,
ਦੁੱਧ ਚੋਵੇ ਉਸ ਨੀਲੀ ਨੀਲੀ ਗਾਂ ਦਾ,
ਉਸ ਗਊ ਦੇ ਗਲੇ ਵਿਚ ਲੱਖ ਲੱਖ ਟੱਲੀਆਂ,
ਮੇਰੀ ਗਹਲ ਕੀ ਪਈ ਕਰਦੀ ਇਹ,
ਮੇਰੇ ਨਿੱਕੇ ਜਿਹੇ ਛੱਤ ਹੇਠ,
ਦੇਵੀ ਦੇਵਤਿਆਂ ਦਾ ਇਕੱਠ ਹੈ !

੧੮. ਹਿਮਾਲਾ ਦੀਆਂ ਬਲਦੀਆਂ ਜੋਤਾਂ


ਜੋਤਾਂ ਹਿਮਾਲੇ ਦੀਆਂ
ਬਰਫ਼ਾਂ ਨਾਲ ਲੱਦੀਆਂ,
ਸਹੰਸ ਪਹਿਲਦਾਰ ਹੀਰੇ,
ਉਸ ਰੰਗੀਲੀ ਸਰਕਾਰ ਦੇ !
ਇਹ ਬਲਦੀਆਂ ਮਸ਼ਾਲਾਂ,
ਇਹ ਜੋਤਾਂ ਨਿਰੰਕਾਰ ਦੀਆਂ
ਫੜੀਆਂ ਬਲੀ-ਬੀਰਾਂ ਹੱਥ, ਪਰਉਪਕਾਰ,
ਯਾਤਰੂਆਂ ਨੂੰ ਤੋੜ ਪਹੁੰਚਾਣ ਲਈ ।
ਇਨ੍ਹਾਂ ਜੋਤਾਂ ਦੀਆਂ ਲਾਟਾਂ ਹੇਠ,
ਇਕ ਜੀਅਦਾਨ ਦੇਣ ਵਾਲੀ ਠੰਢ ਕਮਾਲ ਹੈ ।
ਸੁੱਕੀ ਮੋਈ ਲੱਕੜਾਂ ਨੂੰ ਹਰੇ ਬਿਰਖ ਕਰਨ,
ਇਹ ਬਲਦੀਆਂ ਲਾਟਾਂ ਪਲ ਛਿਣ ਵਿਚ,
ਪੱਥਰਾਂ ਥੀਂ ਫਾੜੇ ਇਹ ਜਵਾਲਾ,
ਠੰਢੇ ਠਾਰ ਚਸ਼ਮੇ ਬੁੰਬ ਦੇ ਦੇ ਉਛਲਣ ਬਾਹਰ ਨੂੰ ।
ਦੇਣ ਮੋਇਆਂ ਨੂੰ ਜਿੰਦ ਇਹ,
ਜੀਂਦਿਆਂ ਨੂੰ ਸੱਜਰਾਪਨ ਨਿਰਾਲਾ,
ਫੁੱਲਾਂ ਦੇ ਜੰਗਲਾਂ ਦੇ ਜੰਗਲ ਭਰ ਭਰ ਢਹਿੰਦੇ,
ਮੁਲਕ ਸਾਰਾ, ਖ਼ਲਕ ਸਾਰੀ, ਭਰਦੇ ਹਰਾਪਨ ਨਾਲ,
ਦਿਲ ਤੇ ਜੀ ਠਾਰਦੇ, ਰੂਹ ਭਰਦੇ ਰੱਬ ਨਾਲ ।


ਇਨ੍ਹਾਂ ਲਾਟਾਂ ਹੇਠ ਸਵਰਗ ਹੈ,
ਨਹੀਂ, ਇਹ ਸਵਰਗ ਇਹ ਆਪ ਲਾਟ ਲਾਟ ਹੋ ਜਗ-ਮਗ ਰਿਹਾ,
ਸੁਹਣੱਪ ਰਬਾਨੀ ਸਾਰੀ ਫਟਦੀ ਇੱਥੇ,
ਵਾਂਗ ਇਕ ਸਹੰਸਰ ਦਲ ਕੰਵਲ ਫੁੱਲ ਦੇ,
ਤੇ ਡੁੱਲ੍ਹ ਡੁੱਲ੍ਹ ਵਗਦੀ ਸੁਹਜ ਸਾਰੀ ਆਪੇ ਥੀਂ ਬਾਹਰ ਬੇਵੱਸ ਹੋ,
ਖ਼ੁਸ਼ ਹੋ ਸੁਹਣੱਪ ਪੂਰੀ, ਸਾਰੀ, ਆਪੇ ਥੀਂ ਬਾਹਰ ਹੋ,
ਬੇ-ਲਿਬਾਸ, ਬੇ-ਨਿਕਾਬ ਖੜ੍ਹੀ ਸਭ ਉਹ ਆਪ ਹੋ ।


ਹੋਰ ਕੋਈ ਧਰਤ 'ਤੇ ਥਾਂ ਨਾਂਹ,
ਜਿਹੜਾ ਸਹਾਰੇ ਅਸਮਾਨ ਦੇ ਪ੍ਰਤਾਪ ਨੂੰ,
ਇਹ ਹਿਮਾਲੇ ਦੀਆਂ ਜੋਤਾਂ ਸਹਾਰਨ,
ਉਸ ਦੇ ਪੂਰਨ ਕਲਾ ਅਵਤਾਰ ਨੂੰ ।
ਉੱਚੇ ਇਨ੍ਹਾਂ ਦੇ ਸ਼ੁਅਲੇ ਉੱਠਣ,
ਜਾ ਚੁੰਮਣ ਸਥੂਲ ਰੂਪ ਵਿਚ,
ਉਸ ਅਰੂਪ ਰੱਬ ਦੇ ਚਰਨ, ਇਹ ਰੌਸ਼ਨੀਆਂ ।


ਇਨ੍ਹਾਂ ਜੋਤਾਂ ਦਾ ਜੁਟ ਸਾਰਾ,
ਗੌਰੀ ਸ਼ੰਕਰ ਥੀਂ ਲੈ, ਬੰਦਰ ਪੂਛ ਤੇ ਜਮਨੋਤਰੀ,
ਕਸ਼ਮੀਰ ਦੇ ਪੀਰ ਚਿੱਟੇ ਕੇਸਾਂ ਵਾਲੇ,
ਤੇ ਕੁੱਲੂ ਕਾਗਾਨ ਦੀਆਂ ਧੌਲੀਆਂ ਜੋਤਾਂ,
ਇਹ ਸਭ ਇਕ ਡਿੱਗੀ ਪਈ ਆਕਾਸ਼ ਵਿਚ,
ਹੈ ਤਲਵਾਰ ਕਿਸੇ ਵਰਿਆਮ ਦੀ ।
ਹਿਮਾਲਾ ਸਾਰਾ ਬਸ ਚਿੰਨ੍ਹ ਹੈ
ਪੂਰੇ ਇਕ ਮਰਦ ਦੇ ਦਿਲ ਦਾ,
ਮੁਕੰਮਲ ਇਨਸਾਨ ਦਾ ਖਿੱਚਿਆ ਇਹ ਚਿੰਨ੍ਹ ਹੈ,
ਸੁੱਚੇ ਆਦਮੀ ਪੂਰੇ ਦਾ ਆਕਾਸ਼ ਵਿਚ ।

ਆਦਮੀ ਪੂਰੇ ਦਾ ਦਿਲ,
ਉੱਚਾ, ਸਿੱਧਾ, ਸਦਾ ਬੇਛੱਤ ਹੈ,
ਖਲੋਂਦਾ ਟਿਕ ਕੇ ਸਮਾਧੀ ਅਣਟੁੱਟ ਵਿਚ,
ਬਜਰਾਂ ਦਾ ਬਣਿਆਂ ਉਹ,
ਬਿਜਲੀਆਂ ਸਹਾਰਦਾ ।
ਪਰ ਉਹਦੇ ਆਸਨ ਦੀ ਧਰਤ ਹੇਠੋਂ,
ਗੰਗਾ ਅਨੇਕ ਵਗਦੀਆਂ,
ਕੁੰਡ ਅੰਮ੍ਰਿਤਾਂ ਦੇ ਸ਼ੋਰ ਜ਼ੋਰ ਕਰਦੇ ।
ਜ਼ੋਰੋ ਜ਼ੋਰ, ਮੱਲੋ ਮੱਲੀ, ਅੰਮ੍ਰਿਤ ਵਗਦੇ
ਨਰਮ ਉਹ ਅਤਿ ਦਾ,
ਲਿਫਾਣ ਅਨੰਤ ਸਾਰਾ,
ਕਰੜਾ ਉਹ, ਕਦੀ ਨ ਮੁਰਦਾ ।


ਉੱਠ ਪੰਜਾਬ ਦੇ ਗੱਭਰੂਆ, ਉੱਠ ।
ਧਾਰ ਇਹ ਖੰਡਾ ਅਕਾਲ ਦਾ,
ਹਿਮਾਲਾ ਸਾਰਾ ਅੰਗਣ ਆਪਣੇ ਵਿਚ ਸਥਾਪ ਤੂੰ,
ਇਹ ਜੋਤਾਂ ਬਲਣ ਲਟ ਲਟ,
ਤੇਰੇ ਵਿਹੜੇ ਦਾ ਸੁਹਾਗ ਹੋ,
ਹਾਂ ! ਦਿਲ ਉੱਚੇ ਦੀਆਂ ਰੌਣਕਾਂ, ਠੰਢਕਾਂ, ਅਮੀਰੀਆਂ, ਬੇਅੰਤ ਓ ।
ਗੌਰਵ ਸੰਭਾਲ ਸਭ ਓ ਲੰਡਿਆ !
ਵੰਡ ਨਾਂਹ ਇਹ ਕਿਸੇ ਨਾਲ,
ਬੈਠ ਤੂੰ ਇਸ ਉਚਾਈ ਘਰ ਆਈ 'ਤੇ,
ਬਲਦੀਆਂ ਮਿਸ਼ਾਲਾਂ ! ਚੱਕ, ਹੱਥ ਲਾ ਤੂੰ ।
ਵਧ, ਉੱਠ, ਜਾਗ, ਟੁਰ, ਜਾ, ਤੂੰ,
ਖਲੋਈਂ ਨਾਂਹ, ਖਲੋਈਂ ਨਾਂਹ,
ਮਿਸ਼ਾਲਚੀਆਂ ਸਦਾ ਜੰਞ ਨਾਲ ਟੁਰਨਾ,
ਸੰਭਾਲ ਇਹ ਮਿਸ਼ਾਲ ਤੂੰ ।

ਧਾਰ ਇਹ ਜੋਤਾਂ,
ਕਰ ਇਹ ਪਿਆਰ ਤੂੰ,
ਖਲੋਈਂ ਨਾਂਹ, ਖਲੋਈਂ ਨਾਂਹ,
ਵਧ, ਉੱਠ, ਜਾਗ, ਟੁਰ, ਜਾਹ ਤੂੰ,
ਨਾ ਢਿੱਲ ਲਾ ਤੂੰ, ਨਾ ਢਿੱਲ ਲਾ ਤੂੰ ।

੧੯. ਗਾਰਗੀ


ਵਿਸਮਾਦੁ ਨਾਗੇ ਫਿਰਹਿ ਜੰਤ ॥ (ਆਸਾ ਦੀ ਵਾਰ)
ਦੁਨੀਆਂ ਵਿਚ ਕੌਣ
ਜਿਹੜਾ ਅੱਖ ਉਘਾੜ,
ਮੇਰੇ ਵੱਲ ਦੇਖ ਸਕੇ,
ਮੈਂ ਨੰਗਾ ਜਲਾਲ ਹਾਂ ।
ਸੂਰਜ ਦੇਖ ਮੈਨੂੰ,
ਚੰਨ ਵਾਂਗ ਪੀਲਾ ਪੈਂਦਾ,
ਮੈਂ ਉਹ ਪ੍ਰਕਾਸ਼ ਹਾਂ
ਜਿਸ ਦਾ ਇਕੋ ਟੁੱਟਾ ਜਿਹਾ ਫੰਘ ਇਹ ਪ੍ਰਭਾਤ ਹੈ ।

ਮੈਂ ਤਾਂ ਰੱਬ ਬਣਾਈ ਹਾਂ,
ਨੰਗਾ ਚਾਨਣ ਸਾਰੇ ਰੂਪ ਦਾ ।
ਮੇਰਾ ਸੁਹਣੱਪ ਨਹੀਂ ਕੈਦ ਹੈ,
ਨੱਕ, ਮੂੰਹ ਤੇ ਅੱਖੀਆਂ,
ਹੱਥਾਂ, ਪੈਰਾਂ, ਬਾਹਾਂ ਵਿਚ ;
ਮੇਰਾ ਅਨੰਤ ਸੁਹਣੱਪ
ਇਨ੍ਹਾਂ ਹੱਦਾਂ ਥੀਂ ਪਾਰ ਹੈ ।
ਕੌਣ ਆਖੇ ਮੈਂ ਨਿਰਾ
ਇਸਤ੍ਰੀ ਦਾ ਜਾਮਾ,
ਟੁੱਟਣ ਭੱਜਣ ਵਾਲਾ ਵਾਂਗ ਕੱਚ ਦੇ ;
ਜਾਮੇ ਫਾੜੇ ਸਾਰੇ ਮੈਂ,
ਤੋੜੀਆਂ ਸਭ ਨੁਹਾਰਾਂ,
ਮੈਂ ਤਾਂ ਨਿਰੋਲ ਰੂਹ ਹਾਂ ਸਣਦੇਹੀ,
ਮੈਂ ਹੀਰਾ ਜਿਹੜਾ ਕਦੀ ਨਾ ਟੁੱਟਦਾ ।
ਮੈਂ ਨੰਗੀ,
ਚਾਨਣ ਨੂੰ ਕਿਹੜਾ ਪਰਦਾ,
ਮੈਂਨੂੰ ਕੰਧ ਕੋਠੇ ਦੀ ਲੋੜ ਨਹੀਂ,
ਮੈਂ ਕੁਲ ਹਨੇਰੇ ਚੀਰਦੀ ।
'ਇਹ ਮਰਦ ਹੈ' ਇਹ ਤੀਮੀਂ,
ਇਹ ਕੀ ਕਮੀਨਾ ਹਨ੍ਹੇਰਾ ਹੈ ਦੁਵੱਲੀ ਦਾ,
ਮੈਂ ਆਈ ਸਭ ਹਨੇਰਾ ਭੱਜਿਆ ।
ਮੈਂ ਦੋਵੇਂ ਮਰਦ ਤੇ ਤੀਮੀਂ ਹਾਂ,
ਦਿਲ ਵਿਚ ਬੈਠੀ ਹਾਂ, ਜੀਅ ਜਿਹਾ ਹੋ ਕੇ ।
ਤੀਮੀਂ ਵਿਚ ਮੈਂ ਮਰਦ ਪੂਰਾ,
ਮਰਦ ਵਿਚ ਮੈਂ ਤੀਮੀਂ ਪੂਰੀ ਹਾਂ ।
ਮੈਂ ਹਾਂ ਦੋਹਾਂ ਵਿਚ 'ਨੰਗੀ-ਇਨਸਾਨੀਅਤ'
ਮੈਂ ਹਾਂ ਦੋਹਾਂ ਵਿਚ "ਇਕ-ਰੱਬਾਨੀਅਤ'


ਮੈਨੂੰ ਆਖਣ ਮੈਂ ਨੰਗੀ ਹਾਂ,
ਜਨਕ ਦੀ ਸਭਾ ਦੇ ਸਾਰੇ 'ਬ੍ਰਹਮਵੇਤੇ' ;
ਝੱਲੇ ਸਾਰੇ ਦੇਖਣ ਨਾਂਹ,
ਮੈਂ ਸਦਾ ਨੰਗਾ ਸੱਚ ਹਾਂ ।

ਕੂੜ ਕੱਪੜੇ ਪਾਂਦਾ,
ਸਭ ਕੱਪੜਾ ਕੂੜ ਕੂੜ ਹੈ,
ਤੀਮੀਂ ਕੱਪੜਾ, ਮਰਦ ਕੱਪੜਾ,
ਅੱਗੇ ਬ੍ਰਹਮ ਦੇ ਦੇਸ਼ ਵੀ,
ਰੂਹ ਹੀ ਨੰਗਾ ਜਾਉਂਦਾ,
ਜਾਣਨ ਨਾਂਹ, ਮੈਂ ਮੌਤ ਦੀ ਦੀਵਾਰ ਦੇ ਪਿੱਛੇ ਦੀ ਸਵੇਰ ਹਾਂ,
ਮੈਂ ਕੱਲ੍ਹ ਆਣ ਵਾਲੀ ਹਾਂ, ਅੱਜ ਦਾ ਘੁੰਡ ਲਾਹ ਆਈ ਹਾਂ ।
ਜਨਕ ਦੀ ਸਾਰੀ ਸਭਾ ਹੱਸਦੀ,
ਉਹ ਆਖਣ ਮੈਂ ਝੱਲੀ,
ਮੈਂ ਆਖਾਂ-ਝੱਲੇ ।
ਸਰ ਦੇ ਕੰਢੇ ਵਾਂਗ ਧੁੱਪ ਦੇ,
ਖੜ੍ਹੀ ਹੋ ਨੰਗ ਮਨੰਗੀ ਮੈਂ ਪੁਕਾਰਦੀ :
"ਆ ਕੰਵਲ ! ਨਿਕਲ ਪਰਦਿਓਂ ਬਾਹਰ ਆ,
ਥਲ ਜਲਾਂ ਦੇ ਪਰਦੇ ਕਰ ਲੀਰਾਂ,
ਉੱਤੇ ਆ ਕੰਵਲਾ !
ਉੱਤੇ ਤਰ ਕੰਵਲਾ !
ਚਿੱਕੜਾਂ ਨੂੰ ਚੀਰ ਕੰਵਲਾ !
ਲਹਿਰਾਂ ਨੂੰ ਫਾੜ ਕੰਵਲਾ !
ਬੈਠਾ ਡੰਡੀ ਆਪਣੀ 'ਤੇ,
ਆ ! ਸੋਹਣਿਆਂ ! ਆ !
ਨੰਗੇ ਅਕਾਸ਼ ਤਲੇ,
ਨੰਗੀ ਮੈਂ ਤੈਨੂੰ ਉਡੀਕਦੀ,
ਪਰਦਿਓਂ ਬਾਹਰ ਆਵੀਂ,
ਫਾੜੀਂ ਬਾਹਰ ਅਨੰਤ ਨੂੰ, ਇਹ ਵੀ ਪਰਦਾ,
ਚੀਰੀਂ ਅੰਦਰ ਅਨੰਤ ਨੂੰ, ਇਹ ਹੋਰ ਘਣੇਂ ਕਾਲੇ,
ਤੇ ਫਟ, ਬਾਹਰ ਆ,
ਨੰਗੀ ਮੁਨੰਗੀ 'ਮੈਂ' ਹੋ ਕੰਵਲਾ !
'ਮੈਂ' ਸਾਰੀ ਤੈਨੂੰ ਉਡੀਕਦੀ ।"

ਕੰਵਲ ਨੰਗੀ, ਧੁੱਪ ਨੰਗੀ, ਜਲ ਨੰਗਾ,
ਮੈਂ ਨੰਗੀ, ਅਕਾਸ਼ ਨੰਗਾ,
ਇਹ ਰੂਹਾਂ ਦਾ ਦੇਸ਼ ਹੈ,
ਇੱਥੇ ਨੰਗਾ ਹੋਣਾ ਹੀ ਸੋਭਦਾ ।
ਨੰਗਾ ਸੁਹਣੱਪ ਸਾਰ, ਨੰਗਾ ਰੱਬ ਇਕੱਲਾ,
ਕਿਸ ਪਾਸੋਂ ਕੱਜਣਾ, ਇਕ ਪੂਰਾ ਨੱਕੋ ਨੱਕ ਭਰਿਆ,
ਨੰਗਾ ਸਾਰਾ ਸੱਚ ਮੈਂ,
ਅੱਗ ਦਾ ਇਕ ਹੜ੍ਹ ਇਹ ।

੨੦. ਕ੍ਰਿਸ਼ਨ ਜੀ

ਉੱਛਲ, ਉੱਛਲ, ਚਾਅ ਭਰੇ ਭਰੇ ਵਿਚ,
ਨਾਚ ਜਿਹੀ ਕਰਦੀ ਨੀਲੀ ਜਮਨਾ ਵਗਦੀ,
ਸਜੀ, ਸ਼ੰਗਾਰੀ, ਵਾਂਗ ਇਕ ਅਪੱਛਰਾਂ ਦੇ ।

ਕਦੰਬ ਦਾ ਬੂਟਾ ਨਾਲ ਕਿਨਾਰੇ ਦੇ ਝੂਮਦਾ,
ਪਾ ਉਸੇ ਜਮਨਾ ਦੇ ਰਾਗ ਤੇ ਨਾਦ-ਤਾਲ ਨੂੰ,
ਨਾਲ ਨਾਲ ਤਾਲ ਦੇ ਸੁਰ ਭਰਦਾ,
ਕਦੰਬ ਹੇਠਾਂ ਦੀ ਛਾਂ ਵੀ ਨੱਚਦੀ,
ਨਿੱਕੀ ਨਿੱਕੀ ਹਵਾ ਛੇੜਦੀ ਉਹਦੇ ਪੱਤਿਆਂ ।

ਚਾਅ ਸੀ ਸਭ ਨੂੰ ਰਾਗ ਦੇ ਅਨੰਤ ਜਿਹੇ ਹੋਣ ਦਾ,
ਹਵਾ ਤੇ ਬੂਟੇ ਤੇ ਪਹਾੜ ਨਾਲ ਨੱਚ ਪਏ,
ਸਮਾਂ ਸੀ ਤਾਲ ਦੇ ਭਰਨ ਦਾ,
ਮੈਂ ਤੱਕਿਆ ਥੰਮ੍ਹ ਸਭ ਨੱਚ ਪਿਆ,
ਖਲੋਤਾ ਦਿੱਸਿਆ ਕ੍ਰਿਸ਼ਨ ਕਦੰਬ ਹੇਠ,
ਤੇ ਇਕ ਦਮ ਲਈ ਚੁੱਪ ਹੋਈ ਕ੍ਰਿਸ਼ਨ ਦੀ ਬਾਂਸਰੀ ।
ਟੇਢੀ ਜਿਹੀ ਛਬਿ ਸੀ, ਸੱਜਾ ਪੈਰ ਖੱਬੇ ਤੇ ਰੱਖਿਆ ਤਾਲ ਤੇ ਸੁਰ ਵਿਚ
ਤੇ ਮੁਕਟ ਹੋਇਆ ਜ਼ਰਾ ਇਕ ਪਾਸੇ,
ਤੇ ਮੈਂ ਤੱਕੇ ਹਿੱਲੇ ਮੁਕਟ ਵਿਚ ਲਟਕਦੇ ਹੀਰੇ,
ਅਚੰਭਾ ਮੈਂ ਤੱਕਿਆ, ਨਾਲ ਹਿੱਲੇ ਤਾਰੇ ਅਕਾਸ਼ ਦੇ ।
ਹੀਰੇ ਤਲੇ ਹਿੱਲੇ,
ਹੀਰੇ ਉਪਰ ਹਿੱਲ ਗਏ
ਇਹ ਕਿਹਾ ਮਨੁੱਖ ਹੈ ?
ਨਿੱਕਾ ਜਿਹਾ, ਕਾਲਾ ਜਿਹਾ,
ਵਿੰਦਰਾਵਨ ਵਿਚ ਗਊਆਂ ਚਰਾਨ ਵਾਲਾ ।
ਜਮਨਾ ਨੂੰ ਛੇੜਦਾ,
ਰੱਖ ਮੂੰਹ ਆਪਣੇ 'ਤੇ ਬਾਂਸਰੀ ;
ਅਵਾਜ਼ 'ਤੇ ਨੱਚਦੀ ਲਹਿਰ ਲਹਿਰ ਜਮਨਾ,
ਕਦੰਬ ਦਾ ਬੂਟਾ ਤੇ ਨਾਲੇ ਛਾਇਆ ਨੱਚਦੀ,
ਝਾੜੀ ਝਾੜੀ, ਕਿਣਕਾ ਹਿਲਦਾ ।
ਮੁਕਟ ਜਦ ਹਿੱਲਿਆ,
ਤਾਰੇ ਸਾਰੇ ਅਕਾਸ਼ ਦੇ ਹਿੱਲ ਗਏ,
ਸੁਹਣਾ ਕੋਈ ਭੇਤ ਹੈ ਰੱਬ ਦਾ ।

੨੧. ਮੁੱਲ ਪਾ ਤੂੰ ਆਪਣਾ


ਸੁਹਣਿਆਂ ! ਮੁੱਲ ਪਾ ਤੂੰ ਆਪਣਾ,
ਵੱਧ ਥੀਂ ਵੱਧ ਹੋਰ ਹਾਲੀਂ ਬਹੁੰ ਸਾਰਾ,
ਹੋਰ ਹਾਲੀਂ ਬਹੁੰ ਸਾਰਾ,ਹੋਰ ਵੀ ਹੋਰ,
ਤੇਰਾ ਮੁੱਲ ਕੋਈ ਨਾਂਹ,
ਤੂੰ ਕੀਮਤਾਂ ਥੀਂ ਪਰੇ,
ਓ ਯੂਸਫਾਂ ਦੇ ਯੂਸਫਾ !


ਹੁਣੇ ਆਇਆ ਹੈਂ ਤੂੰ,
ਉਤੋਂ ਹਿਠਾਹਾਂ ਨੂੰ,
ਲਾਲ ਲਾਲ ਕੰਵਾਰੇ
ਤੇਰੇ ਹੋਠ ਹਾਲੇ,
ਕੰਵਾਰਾ ਤੇਰਾ ਦਿਲ,
ਸੱਜਰਾ ਦਿਮਾਗ਼ ਵੇ,
ਨਾ ਵੱਟ ਦਿਲ 'ਤੇ,
ਨਾ ਲੀਕ ਦਿਮਾਗ਼ 'ਤੇ,
ਜੁੱਸਾ ਤੇਰਾ ਵਾਂਗ ਨਵੇਂ ਫੁੱਟੇ ਫੁੱਲ ਦੇ,
ਹਾਲੇ ਨਾ ਘੁਣ ਲੱਗਾ,
ਨਾ ਕੀੜਾ ਨੇੜੇ ਢੁੱਕਾ,
ਜਿਹੜਾ ਮਨੁੱਖਤਾ ਨੂੰ ਚੱਟ ਜਾਂਦਾ,
ਹਾਲੀਂ ਹੱਡੀਆਂ ਤੇਰੀਆਂ ਵਿਚ ਚਿੱਟਾ ਨੂਰ ਅਸਮਾਨ ਵਾਲਾ,
ਖ਼ੁਸ਼ਬੋ ਕਾਦਰ ਦੇ ਹੱਥ ਦੀ ਨਵੀਂ ਹਾਲੀਂ ਸੱਜਰੀ ।
ਮਿੱਟੀ ਗਿੱਲੀ ਗਿੱਲੀ, ਜੀਵਨ ਦੀ ਸੇਜਲ,
ਤੇਰੇ ਮੂੰਹ ਦੀ ਰੌਣਕ ਉਹ ਉਤਾਹਾਂ ਦੀ,
ਇਹ ਅੰਗਾਰ ਵਾਂਗ ਭਖਦਾ,
ਇਹ ਭਖਾਂ, ਇਹ ਲਾਲੀਆਂ,
ਲਾਲਾ ! ਸਭ ਤੇਰੀਆਂ,
ਸਭ ਤੂੰ ਤੂੰ, ਇਕ ਨਵਾਂ ਰੂਹ ਹੈ :
ਅਣਵੰਡਿਆ, ਅਣਭੱਜਿਆ, ਅਣਟੁੱਟਾ ਸਬੂਤ ਤੂੰ ।
ਸਸਤੇ ਮੁੱਲ ਨਾ ਵਿਕੀਂ ਲਾਲਾ !
ਧੂੜਾਂ ਵਿਚ ਨਾ ਰੁਲਾਈਂ ਆਪਾ,
ਦਿਲ ਨੂੰ ਸਬੂਤ ਰੱਖੀਂ,
ਖੰਡ ਖੰਡ ਵੰਡ ਨਾ ਆਪਣਾ ਆਪ ਤੂੰ,
ਸੁਹਣਿਆਂ ! ਮੁੱਲ ਪਾ ਤੂੰ ਆਪਣਾ ।


ਸਰੂ ਵਾਂਗ ਖਲੋ ਤੂੰ,
ਪੈਰਾਂ ਆਪਣਿਆਂ 'ਤੇ,
ਤੇ ਪਕਾ ਜੜ੍ਹੀਂ ਆਪਣੀਆਂ,
ਦਿਲ ਦੇ ਕਿੰਗਰੇ 'ਤੇ ਦੇਖ ਤਾਰੇ ਲਟਕਦੇ,
ਚੰਦ ਛੁਪ, ਖੇਡਦਾ ਪਿਛੇ ਤੇਰੇ ਕੱਦ ਦੇ,
ਤੇ ਜਗਤ ਦੀ ਸੁਹੱਪਣ ਤੇਰੇ ਦਿਲ ਵਿਚ
ਟੁੱਭੀਆਂ ਲਾ ਲਾ, ਨਿੱਖਰ ਨਿੱਖਰ, ਆਉਂਦੀ ।
ਤੇਰੇ ਵਿਛੇ ਅਕਾਸ਼ ਸਾਰੇ,
ਤੇਰੇ ਵਿਚ ਲੰਘ ਗਿਆ ਕਾਲ 'ਕੱਠਾ ਜਿਹਾ ਹੁੰਦਾ,
ਸੁਕੜਦਾ ਇਤਿਹਾਸ ਸਾਰਾ,
ਤੇਰੇ ਸੰਕਲਪ ਦੇ ਜ਼ੋਰ ਨਾਲ,
ਹੋਰ ਹੋ ਟੁਰਦਾ, ਪਲਟਦਾ ਜਿਵੇਂ ਤੂੰ ਆਖੇਂ ।
ਤੇਰੀ ਨਿਗਾਹ ਦੇ ਸਦਕੇ ਲਾਲਾ !
ਜਿਹੜੀ ਸਮੁੰਦਰਾਂ ਨੂੰ ਇਕ ਚੁਲੀ ਕਰ ਪੀਂਦੀ,
ਘੋਲ ਘੋਲ ਪੀ ਜਾਵੇ, ਪਿਆਲੇ ਅਜ਼ਲ ਦੇ ਸੱਖਣੇ ।
ਤੇਰੀ ਇਕ ਇਕ ਹਸੀ ਲਈ,
ਲੱਖ ਲੱਖ ਹੁਸਨ ਨਿਕਲਣ ਪਾੜ ਪਾੜ ਪਰਦੇ,
ਸੁਹਣਿਆਂ ! ਮੁੱਲ ਪਾ ਤੂੰ ਆਪਣਾ ।


ਛੋੜ ਨੱਸਣਾ ਤੇ ਭੱਜਣਾ,
ਛੋੜ ਪਤੰਗਾਂ ਦਾ ਚਾੜ੍ਹਨਾ,
ਖੋਲ੍ਹ ਤੂੰ ਆਪਣੇ ਦਿਲ ਦੀ ਬਾਰੀ
ਬੈਠ ਉਸ ਝਰੋਖੇ ਤੱਕਣਾ,
ਓ ਉੱਚੀ ਬਾਰੀ ਵਾਲਿਆ !
ਝੂਮ ਅੱਖ ਆਪਣੀ ਵਿਚ,
ਤੇ ਅਡੋਲ ਰਹੁ ਛੁਪਿਆ,
ਜੀਵਨ-ਸਰੋਵਰ ਵਿਚ ਕਮਲ ਵਾਂਗ ਖਿੜਿਆ,
ਅੰਗ ਸਾਰੇ ਸਾਂਭ ਰੱਖ ;
ਖੰਡ ਖੰਡ ਹੋ ਨਾਂਹ,
ਢਹਿ ਢਹਿ ਖੋ ਨਾਂਹ,
ਸਿੱਧਾ ਖਲੋ ਤੂੰ ਨਾਲ ਰੱਬ-ਥੰਮ੍ਹ ਦੇ,
ਚਾਹ ਨਾਂਹ, ਚਾਹਣ ਨੂੰ ਛੱਡ,
ਵਾਂਗ ਡੋਰ ਟੁੱਟੀ ਪਤੰਗ ਦੇ,
ਸੁਹਣਿਆਂ ! ਮੁੱਲ ਪਾ ਤੂੰ ਆਪਣਾ ।


ਨਿੰਮੋਝੂਣ ਤੇਰੀ ਬਲਾ ਹੋਵੇ,
ਮਾਯੂਸ ਤੇਰੀ ਜੁੱਤੀ,
ਨਿਰਾਸ ਤੇਰੇ ਵੈਰੀ ਹੋਣ,
ਚਸ਼ਮਾਂ ਫੁੱਟਿਆ ਤੂੰ ਹਮੇਸ਼ ਦੀ ਜਵਾਨੀ ਦਾ
ਸਦਾ ਦੀ ਬਸੰਤ ਤੇਰੇ ਪ੍ਰਾਣ ਸੁਹਣਿਆਂ ।
ਤੂੰ ਫੁੱਲ ਜਿਹੜਾ ਕਦੀ ਨਾ ਹਿੱਸਦਾ,
ਵਾਹਿਗੁਰੂ ਦੇ ਬਾਗ਼ ਵਿਚ,
ਰੱਬ ਆਪਣੀ ਹੱਥੀਂ ਆਣ ਲਾਇਆ,
ਪਾਣੀ ਬੇਅੰਤ ਦਾ,
ਰਸ ਦੀਆਂ ਕਣੀਆਂ,
ਇਹ ਸ਼ਹਿਦ ਦੀਆਂ ਬੂੰਦਾਂ ਪੈਂਦੀਆਂ
ਸੁਹਣਿਆਂ ! ਮੁੱਲ ਪਾ ਤੂੰ ਆਪਣਾ ।


ਗੰਦਲ ਪਾਣੀ 'ਤੇ ਬੈਠਾ ਝੂਮ,
ਪਾਣੀ ਜੀਣ ਦਾ ਖਿੱਚ ਧਰਤ, ਅਕਾਸ਼ ਥੀਂ,
ਰੋਟੀ ਪੁੱਟ ਮਿੱਟੀ ਦੇ ਢੇਲੇ ਥੀਂ ;
ਫੋੜ ਫੋੜ ਧਰਤੀ ਨੂੰ ਖਾਹ ਤੂੰ,
ਜੀ ਤੂੰ ਸਦਕੇ, ਕੁਲ ਜਹਾਨ ਤੇਰੇ ਵਾਸਤੇ ;
ਹੱਸ ਤੂੰ ਫੁੱਲਾ
ਬੈਠ ਤੂੰ ਤਖ਼ਤ ਸੁਲੇਮਾਨ 'ਤੇ,
ਬੁਲਾ ਦੇਵ ਨੂੰ ਤੇ ਪਰੀਆਂ ਨੂੰ,
ਕਰ ਅੱਖ ਦੇ ਇਸ਼ਾਰੇ,
ਹਵਾਵਾਂ ਤੇਰੇ ਹੁਕਮ ਚੱਕ ਲੈ ਜਾਂਦੀਆਂ ।

ਤੂੰ ਕੀ ਚਾਹਣਾ ਤੇ ਮੰਗਣਾ ਕੀ ?
ਬਸ ਖਿਲਣਾ ਆਪਣੀ ਡੰਨੀਂ 'ਤੇ ਖਲੋ ਕੇ,
ਇਉਂ ਰਸ ਵਿਚ ਭਰਿਆ ਰਹੁ ਤੂੰ,
ਰੱਬ ਵਿਚ, ਰੱਬ ਨਾਲ, ਰੱਬ ਤੇਰੇ ਬਾਹਰ ਵੀ,
ਇਉਂ ਤੁਰ, ਫਿਰ, ਹਿਲ ਜੁਲ, ਜੀ ।
ਸਭ ਕੁਝ ਠੀਕ ਹੈ ।
ਹੱਸ, ਖੇਡ ਤੂੰ,
ਤੈਨੂੰ ਕਾਹਦੀ ਲੋੜ ? ਛੋੜ ਚਿੰਤਾ ।

ਸੁਣ ਮੈਂ ਤੇਰੇ ਕੰਨ ਵਿਚ ਆਖਦਾ-
ਖਿੜ ਤੂੰ, ਭੱਖ ਤੂੰ,
ਪਰ ਪੱਤੀਆਂ ਨਾ ਆਪਣੀਆਂ ਤੋੜ ਤੂੰ,
ਤੋੜ ਤੋੜ ਨਾ ਆਪਾ ਖਲੇਰ ਤੂੰ
ਤੇਰੀ ਨਾਜ਼ੁਕ ਪੰਖੜੀਆਂ ਨੇ ਕੀ ਕੰਮ ਸਵਾਰਨੇ ?
ਕਿਹੜੇ ਤਾਰੇ ਨੂੰ ਤੂੰ ਥੰਮ੍ਹ ਕੇ ਰੱਖਣਾ ?
ਡਿੱਗਦੇ ਲੱਖਾਂ ਤਾਰੇ ਇਕ ਪਲਕ ਵਿਚ,
ਦੱਸ ਤੂੰ ਕੀ ਕਰਨਾ ?
ਬੈਠ ਨਜਿੱਠ ਕੇ,
ਸੌਂ ਤੇ ਜਾਗ ਤੇ ਜੀ ਹੱਸ ਹੱਸ ਕੇ,
ਸਾਰੇ ਰੱਬ ਪਿਆ ਵੱਸਣਾ ।
ਸੁਹਣਿਆਂ ! ਮੁੱਲ ਪਾ ਤੂੰ ਆਪਣਾ ।


ਵੱਡਿਆਂ ਦੀ ਰੀਤ ਨਹੀਂ,
ਕਿਸੇ ਪਾਸੋਂ ਮੰਗਣਾ ;
ਦਾਤਾ ਤੇਰਾ ਤੇਰੇ ਸਿਰ 'ਤੇ,
ਭੁੱਖ, ਪਿਆਸ ਤੂੰ ਸਹਾਰੀਂ,
ਸੁਹਣੱਪ ਦੇਖ ਰੱਜ ਤੂੰ,
ਹੱਥ ਨਾ ਲਾਈਂ ਗ਼ਰਜ਼ ਦੀ ਅੱਗ ਨੂੰ,
ਅੱਖ ਪੱਟ ਕੇ ਨਾ ਤੱਕੀਂ ਕਿਸੇ ਲੋੜ ਨੂੰ,
ਮਮਤਾ ਦੇ ਮਾਰੇ ਫਿਰਦੇ ਲੱਖ ਕਰੋੜਾਂ,
ਆਦਮੀ ਦੇ ਲੇਲੇ ਇਹ ਮਮਤਾ ਬਣਾਉਂਦੀ,
ਮਨੁੱਖਾਂ ਥੀਂ ਜਾਨਵਰ ਬਣਾ ਗੱਡੇ ਅੱਗੇ ਵਾਹੁੰਦੀ ।
ਸਭ ਦੀਆਂ ਛਾਤੀਆਂ ਤੱਤੀਆਂ,
ਦਿਲ ਅੱਧ ਜਲੇ ਭੁੰਨੇ ਫਿਰਦੇ,
ਕੋਈ ਵੀ ਇੱਥੇ ਸਬੂਤ ਨਾਂਹ,
ਖਿੜੇ ਫੁੱਲ ਆਪਣੇ ਨੂੰ ਤੁੜਾ ਨਾਂਹ,
ਤੇ ਨਾ ਕੋਈ ਫੁੱਲ ਕਿਸੇ ਦਾ ਤੋੜ ਤੂੰ ਸਕਦਾ ।
ਨਿਰਾਲਮ, ਨਿਰਸੰਕਲਪ ਹੋ ਜੀ ਤੂੰ,
ਖੁਲ੍ਹਾ ਖਿੜ ਤੇ ਹੱਸ,
ਤੇ ਆਪਾ ਦੱਸ ਦੱਸ,
ਖੇੜਾ ਖਿੜਾ ਥਾਈਂ ਥਾਈਂ ਤੂੰ,
ਓ ਸੁਹਣਿਆਂ ! ਮੁੱਲ ਪਾ ਤੂੰ ਆਪਣਾ ।


ਇਕ ਹੋਣ ਦਾ ਨਾ ਲਾਈਂ ਚਾ ਤੂੰ,
ਇਕ ਹੋਣ ਥੀਂ ਦੁਨੀਆਂ ਆਪ ਹੁਣ ਤੰਗ ਹੈ !
ਇਹ ਤਾਰੇ ਅਨੇਕ ਸਾਰੇ,
ਬਾਗ਼ ਬਾਗ਼, ਫੁੱਲ ਫਲ ਵੰਨ ਵੰਨ ਦੇ,
ਇਕ ਹੋਣ ਵਿਚ ਦੱਸ ਤੂੰ ਕੀ ਸਵਾਦ ਹੈ ?
ਬਹੁੰ ਬਹੁੰ, ਹੋ ਹੋ,
ਕਿਹਾ ਸੁਹਣੱਪ ਰੱਬੀ ਪਿਆ ਨਿੱਖਰਦਾ,
ਮੋਤੀਆਂ ਦੇ ਕਿਣਕੇ,
ਸਮੁੰਦਰਾਂ ਥੀਂ ਵੱਧ ਦਿਸਣ,
ਚਮਕ ਇਨ੍ਹਾਂ ਦੀ ਹੋਰ ਹੈ,
ਡਲੀਆਂ ਹੀਰਿਆਂ ਦੀ,
ਆਬ ਆਪੋ ਆਪਣੀ,
ਓ ਸੁਹਣਿਆਂ ! ਮੁੱਲ ਪਾ ਤੂੰ ਆਪਣਾ ।

੨੨. ਕੰਵਾਰੀ ਪਦਮਨੀ


ਮਾਏ !
ਡੂੰਘਾ ਸਤਰ ਘੱਤ ਮੇਰ ਰੂਹ ਲਈ,
ਮੇਰਾ ਜੁੱਸਾ ਨਹੀਂ, ਇਹ ਰੂਹ ਪੂਰਾ ।
ਗਡਵਡ ਹੋਇਆ ਸਰੂਪ ਮੇਰਾ,
ਇਹ ਬਾਹਾਂ ਇਹ ਕਲਾਈਆਂ
ਇਹ ਲੁਕੇ, ਛੁਪੇ ਜੋਬਨਾਂ ।
ਓ ਪਲਕੋ ਮੇਰੀਓ, ਦੋ ਸੂਰਜ ਮੇਰੇ ਕੱਜ ਦਿਓ ।
ਓ ਚੋਲੀਏ ! ਫਟ ਨਾਂਹ, ਉੱਠ ਨਾਂਹ, ਹਟ ਨਾਂਹ, ਬੱਝੀ ਸੱਝੀ, ਘੁੱਟੀ ਦੀ
ਘੁਟੀਂਦੀ ਰਹੁ ਤੂੰ ।
ਸਭ ਕੁਝ ਗੋਪ ਦੇ,
ਰੂਹ ਸਭ ਕੱਜਣਾ,
ਦਿਲ ਨੂੰ ਛੁਪਾ ਦੇ,
ਅੰਗਾਂ ਨੂੰ ਲੁਕਾ ਦੇ,
ਇਸ ਫੁੱਲ ਨੂੰ ਕਦੇ ਨਹੀਂ ਖੋਲ੍ਹਣਾ,
ਕਲੀਏ ! ਛੁਪ ਜਾ ਛੁਪ ਜਾ,
ਸਾਵੇ ਘੁੰਘਟਾਂ ਹੇਠ ਸਦਾ, ਸਦਾ,
ਨਹੀਂਓਂ ਇਹ ਕਦੀ ਦੱਸਣਾ,
ਕਾਹਨੂੰ ਪਿਆ ਦਿੱਸਣਾ ?


ਮੇਰੇ ਮੱਥੇ ਦੇ ਚੰਨ ਨੇ,
ਇਸ ਗਗਨ ਨਹੀਂਓਂ ਚੜ੍ਹਨਾ,
ਮਾਏ ! ਕਿਸੇ ਅਣਡਿੱਠੇ ਦੇ ਨੈਣਾਂ ਦੇ ਗਗਨਾਂ ਦਾ ਇਹ ਚੰਨ ਨੀਂ !
ਮੈਂ ਮੱਥੇ ਕਿਸੇ ਦੇ ਨਹੀਂਓਂ ਲੱਗਣਾ,
ਕੱਜ ਦੇ, ਕੱਜ ਦੇ, ਕੱਜ ਢੱਕ ਰੱਖਣਾ ।
ਦਿਲ ਮੇਰਾ ਕਰਦਾ ਲੁੱਕ ਲੁੱਕ ਰਹਿਣ ਨੂੰ,
ਦਿਲ ਮੇਰਾ ਕਰਦਾ ਚੁੱਪ ਚੁੱਪ ਬਹਿਣ ਨੂੰ ।
ਮਾਏ ! ਮੈਂ ਕਲੀ ਬਰਫ਼ਾਂ ਦੀ ਛਾਇਆ ਦੀ,
ਖਿੜਾਂ ਮੈਂ ਪਿਆਰ ਰੱਬੀ ਛਾਵਾਂ ਹੇਠ,
ਮੈਂ ਚਾਨਣਾ ਇਹ ਕਦੀ ਨਹੀਂ ਸਹਾਰਦੀ,
ਬਾਹਰ ਨਾ ਕੱਢਣਾ, ਛਾਵਾਂ ਦੀ ਕਲੀ ਨੂੰ,
ਮੈਨ ਉਹ ਫੁੱਲ ਜਿਹੜਾ ਭਾਂਬੜ ਬਲ ਉੱਠਸੀ ।


ਤਾਰਿਆਂ ਥੀਂ ਪਿਆਰ ਆਪਣਾ ਮੈਂ ਲੁਕਾਂਦੀ ਮਾਏ !
ਚੰਨ ਥੀਂ ਉਹਲੇ, ਛਾਵਾਂ ਇਸ ਦਿਲ ਨੂੰ ਰੱਖਦੀ,
ਇਨ੍ਹਾਂ ਸਜੀਆਂ ਧੁੱਪਾਂ ਦੀ ਤਾਬ ਨਹੀਂ,
ਮੈਂ ਤਾਂ ਸੁਗੰਧ ਥੀਂ ਵੀ ਪਤਲੀ ਆਂ,
ਚੰਨ ਦੀ ਧੁੱਪ ਵੀ ਨਾ ਦਿਖਾਈਂ ਮੈਨੂੰ,
ਮੈਨੂੰ ਜ਼ਿੰਦਾ ਚੁੱਕ ਨਾ ਬਾਲਣਾ !


ਮੈਂ ਤਾਂ ਟਿੱਕੀ ਕਿਸੇ ਅਸਮਾਨ ਦੀ,
ਜਿਹੜਾ ਨਦਰ ਥੀਂ ਸਦਾ ਉਹਲੇ ।
ਮੈਂ ਤਾਂ ਕੱਜੀ ਸਦਾ ਅਸਗਾਹ ਦੀ,
ਮੈਂ ਤਾਂ ਢੱਕੀ ਅਥਾਹ ਦੀ,
ਮੇਰਾ ਸਤਰ ਅਨੰਤ ਦਾ,
ਰੱਬ ਆਪੇ ਪਰਦੇ ਪਾਉਂਦਾ ।
ਮੈਂ ਰੱਬ ਦੇ ਦਿਲ ਦੀ ਚੀਜ਼ ਕੋਈ,
ਮੈਨੂੰ ਛੁਪਾ ਛੁਪਾ ਰੱਖਦਾ ਆਪੇ,
ਉਹ ਸਾਈਂ ਸਾਰੇ ਜੱਗ ਦਾ ।
ਲੱਖਾਂ ਵਰ੍ਹਿਆਂ ਦੀ ਰੱਬ ਦੀ ਕਮਾਈ ਮੈਂ,
ਰੱਬ ਦੀ ਬਣਾਈ ਮੈਂ, ਮੇਰੀ ਆਪ ਓਪਰੀ ।
ਮੈਨੂੰ ਕੱਜ ਕੱਜ ਰੱਖਦਾ,
ਮੈਂ ਉਸ ਕਮਾਲ ਦੀ ਕਰਾਮਾਤ ਹਾਂ,
ਮੈਨੂੰ ਮੇਰੀ ਢੱਕੀ ਲੁਕੀ ਚਮਕ ਪਈ ਦੱਸਦੀ ।


ਮੈਂ ਉਸ ਸੋਹਣੇ ਸੁਲਤਾਨ ਘੜਨਹਾਰ ਦਾ ਬੁੱਤ।
ਮੈਂ ਉਹਦੇ ਸਵਾਸਾਂ ਨਾਲ ਜੀਉਂਦੀ,
ਜਿੰਦ ਮੇਰੀ ਉਸ ਦੀ ਉਸ ਪਾਈ ਆਪ
ਕੱਜੀ, ਢੱਕੀ ਮੂਰਤ ਮੈਂ ਉਸ ਆਲੀਸ਼ਾਨ ਚਿੱਤ੍ਰਕਾਰ ਦੀ ।
ਮੈਨੂੰ ਸਦਾ ਓਹਲੇ ਓਹਲੇ ਕੱਜ, ਢੱਕ ਰੱਖਦਾ,
ਹੋਰਨਾਂ ਨੂੰ ਸਭ ਖੋਲ੍ਹ ਖੋਲ੍ਹ ਰੱਖਦਾ,
ਮੇਰੇ 'ਤੇ ਲੀਰਾਂ ਜਿਹੀਆਂ ਪਾ ਪਾ ਕੱਜਦਾ !
ਇਕੱਲਾ ਜਦ ਉਹ ਹੋਵੇ ਆਪ,
ਮੇਰੇ ਮੂੰਹ ਦੇ ਵੇਖਣ ਦੀ ਲੋੜ ਨੂੰ,
ਸਭ ਜਗਤ ਹਨੇਰਾ ਘੁੱਪ ਕਰਦਾ,
ਚੁਤਰਫੇ, ਮੁੜ ਮੁੜ ਦੇਖ ਦੇਖ, ਹੋਰ ਨਾ ਕੋਈ ਹੋਵੇ,
ਕਿਰਨ ਇਕ ਮੂਲ ਨਾ ਅੰਦਰ ਆਵੇ,
ਤਦ ਮੇਰਾ ਮੂੰਹ ਖੋਲ੍ਹਦਾ ।
ਆਪਣੀ ਹੱਥੀਂ ਮੇਰਾ ਘੁੰਘਟ ਉਹ ਰੱਬ ਚੱਕਦਾ,
ਘੁੰਘਟ, ਸੁੱਟ ਸੁੱਟ, ਚੱਕ ਚੱਕ ਤੱਕਦਾ ।
ਆਪਣੇ ਅੰਦਰ ਦੀ ਜੋਤੀ ਪਾ ਪਾ ਤੱਕਦਾ,
ਮੇਰੇ ਨਾਲ ਝਾਤੀਆਂ ਲੈਂਦਾ,
ਕਦੀ ਟੱਕ ਬੰਨ੍ਹ ਤੱਕਦਾ ਪਿਆਰ ਉਹ,
ਤੇ ਮੁੜ ਅਨੇਕਾਂ ਨਿਗਾਹਾਂ ਨਾਲ ਤੱਕਦਾ,
ਬਹਿ ਬਹਿ ਉੱਠ ਉੱਠ ਖਲੋ ਖਲੋ ਨੱਸ ਨੱਸ ਤੱਕਦਾ,
ਪੂਰਬੋਂ ਤੱਕਦਾ, ਪੱਛਮੋਂ ਤੱਕਦਾ,
ਪ੍ਰਕਾਸ਼ ਆਪਣਾ ਮੇਰੇ ਅੰਗ ਅੰਗ ਸੁੱਟ ਕੇ,
ਉਹ ਆਪ ਦੇਖਦਾ ।


ਮਾਏ ! ਇਹ ਫੁੱਲ ਨਹੀਂਓਂ ਖੋਲ੍ਹਣਾ,
ਖੁਲਿਆਂ ਮੈਂ ਬਲ ਉੱਠਸਾਂ,
ਬਲ ਉੱਠਸਾਂ ਨੀ ਮਾਏ ! ਹਵਾ ਦੇ ਲਗਦਿਆਂ
ਇਕ ਭਾਂਬੜ ਜਿਹੀ ਮੱਚਦੀ ਮੇਰੀ ਜਵਾਨੀ,
ਮੈਨੂੰ ਕੱਜ ਕੱਜ ਰੱਖਣਾ ।

ਭਾਗ ੩

ਦੇਸ਼ ਪਿਆਰ ਪੰਜਾਬ ਮੇਰਾ

੧. ਪੰਜਾਬ ਦੇ ਦਰਿਆ

ਰਾਵੀ ਸੁਹਣੀ ਪਈ ਵਗਦੀ ।
ਮੈਨੂੰ ਸਤਲੁਜ ਪਿਆਰਾ ਹੈ,
ਮੈਨੂੰ ਬਿਆਸ ਪਈ ਖਿੱਚਦੀ,
ਮੈਨੂੰ ਝਨਾਂ 'ਵਾਜ਼ਾਂ ਮਾਰਦੀ,
ਮੈਨੂੰ ਜੇਹਲਮ ਪਿਆਰਦਾ,
ਅਟਕ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ 'ਤੇ ਵੱਜਦੀ ।
ਖਾੜ ਖਾੜ ਚਲਣ ਵਿਚ ਮੇਰੇ ਸੁਫ਼ਨਿਆਂ,
ਪੰਜਾਬ ਦੇ ਦਰਿਆ,
ਪਿਆਰ ਅੱਗ ਇਨ੍ਹਾਂ ਨੂੰ ਲੱਗੀ ਹੋਈ,
ਪਿਆਰਾ ਜਪੁ ਸਾਹਿਬ ਗਾਉਂਦੇ, ਠੰਢੇ 'ਤੇ ਠਾਰਦੇ, ਪਿਆਰਦੇ ।

੨. ਦੇਸ ਨੂੰ ਅਸੀਸ ਸਾਡੀ ਗ਼ਰੀਬਾਂ ਦੀ


ਵੱਸਣ ਤੇਰੇ ਮਹਿਲ ਤੇ ਮਾੜੀਆਂ,
ਵੱਸਣ ਹੋਰ ਵੱਧ ਖੁਸ਼ ਤੇਰੀਆਂ ਨਿੱਕੀਆਂ ਨਿੱਕੀਆਂ ਝੁੱਗੀਆਂ ।
ਵੱਸਣ ਤੇਰੇ ਦੇਸ ਪ੍ਰਦੇਸ ਸਾਰੇ,
ਸੁਖੀ ਸੁਖੀ ਤੇਰੇ ਜਾਏ ਤੇ ਜਾਈਆਂ ।
ਵੱਸਣ ਤੇਰੇ ਬਾਗ਼, ਤੇਰੀਆਂ ਬਹਾਰਾਂ,
ਫੁੱਲਣ ਤੇ ਫਲਣ ਤੇਰੀਆਂ ਪੈਲੀਆਂ ।
ਜੀਣ ਤੇਰੇ ਪਿੱਪਲ ਤੇ ਅੰਬ ਪਿਆਰੇ,
ਜੀਣ ਤੇਰੀਆਂ ਸਦਾ ਸਾਵੀਆਂ ਬੋਹੜਾਂ,
ਜੀਣ ਤੇਰੇ ਤੂਤ ਸ਼ਹਤੂਤ ਸਾਰੇ,
ਜੀਣ ਤੇਰੀਆਂ ਬੇਰੀਆਂ,
ਫਲਾਹੀਆਂ ਜੀਣ, ਕਿੱਕਰ ਜੀਣ, ਜੀਣ ਤੇਰੇ ਝਾੜ ਤੇ ਝਾੜੀਆਂ ।
ਮਿੱਠੇ ਮਿੱਠੇ ਬੇਰ ਤੇਰੇ,
ਮਿੱਠੇ ਤੇਰੇ ਚਸ਼ਮਿਆਂ ਦੇ ਹੀਰੇ ਡਲ੍ਹਕਦੇ ਪਾਣੀ,
ਉੱਚੇ ਉੱਚੇ ਪਰਬਤ ਤੇਰੇ,
ਤੇਰੇ ਜੰਗਲ ਦਿਓਦਾਰ ਦੇ ਸੁਹਾਵਣੇ ।
ਜੀਣ ਲੱਖਾਂ ਰੰਗ ਤੇਰੇ ਧਰਤ ਅਕਾਸ਼ ਦੇ,
ਜੀਣ ਤੇਰੀਆਂ ਸੁਆਣੀਆਂ ।
ਜੀਣ ਤੇਰੇ ਮਾਲ ਡੰਗਰ,
ਜੀਣ ਜੱਟੀਆਂ ਦੁੱਧ ਚੋਣ ਵਾਲੀਆਂ,
ਜੀਣ ਤੇਰੇ ਬਾਲ ਸਾਰੇ, ਮੁਸ ਮੁਸ ਰੋਣ ਵਾਲੇ ;
ਭਰੀਆਂ ਰਹਿਣ ਤੇਰੀਆਂ ਲੱਸੀ ਦੀਆਂ ਚਾਟੀਆਂ,
ਉੱਪਰ ਤਰਦੇ ਉਨ੍ਹਾਂ 'ਤੇ ਮੱਖਣਾਂ ਦੇ ਪਿੰਨੇ ;
ਫਿਰਨ ਘੁੰਮ ਘੁੰਮ, ਸਵੇਰ ਸਾਰ, ਲਾਲ ਲਾਲ ਮਧਾਣੀਆਂ,
ਦੁੱਧ ਦਹੀਂ ਆਮ ਹੋਵੇ, ਠੰਢ ਠੰਢ ਪਾਂਦੀਆਂ ।
ਜੀਣ ਤੇਰੇ ਮਜੂਰ ਤੇ ਮਜੂਰਨੀਆਂ,
ਜੀਣ ਸਾਰੇ ਕੰਮ ਕਰਨ ਵਾਲੇ,
ਜੀਣ ਤੇਰੇ ਮਹਿਲ ਉਸਾਰਨ ਵਾਲੇ,
ਨਾਲੇ ਉਹ ਜਿਹੜੇ ਇੱਟਾਂ ਫੜਾਨ ਸਿਰ 'ਤੇ ਰੱਖ ਰੱਖ ਕੇ,
ਗਾਰਾ ਉਲਾਰਨ ਵਾਲੇ ਉੱਚੀ ਉੱਚੀ ਗੋਹਾਂ 'ਤੇ ।
ਥਣਿ ਲੰਮੇ ਹੋਰ ਲੰਮੇ, ਤੇਰੇ ਸੁਹਣੇ ਸੁਹਣੇ ਸੁਫ਼ਨੇ,
ਤੇ ਲੰਮੀਆਂ ਸਿਆਲ ਦੀਆਂ ਰਾਤਾਂ ਪਿਆਰ ਵਾਲੀਆਂ ।
ਵੱਡੇ ਵੱਡੇ ਕੰਮ ਕਰੀਂ ਛੋਟੇ ਛੋਟੇ ਹੱਥਾਂ ਨਾਲ,
ਬਾਨ੍ਹਣੂੰ ਬੰਨ੍ਹੀਂ ਅਸਰਾਰ ਵਾਲੇ,
ਚੰਨ ਈਦ ਦਾ ਹੋਵੇ ਸਦਕੇ, ਇਕ ਸਾਰੀ ਦੁਨੀਆਂ ਵਾਸਤੇ ।
ਕਦਮ-ਕਦਮ ਮੈਂ ਦੇਵਾਂ ਤੈਨੂੰ,
ਓ ਦੇਸ ਪਿਆਰੇ ! ਲੱਖ ਲੱਖ ਮੁਬਾਰਕਾਂ ।


ਮਾਣੀਂ ਮਾਣੀਂ ਤੂੰ ਸੁਹਣਿਆਂ,
ਪੀਲੀ ਪੀਲੀ ਖਿਲੀ ਸਰ੍ਹੋਂ ਦੀ ਪੈਲੀਆਂ
ਮਾਣੀਂ ਤੂੰ ਖਿੜਕੇ ਆਪਣੀ ਬਸੰਤ ਸਾਰੀ,
ਮਾਣੀਂ ਤੂੰ ਚਿੱਟੀ ਦੁੱਧ ਗਰਮੀਆਂ ।
ਮਾਣੀਂ ਅਸਮਾਨਾਂ ਆਪਣਿਆਂ ਵਿਚ,
ਉਹ ਗੱਜ ਗੱਜ ਆਣ ਘਣਘੋਰ ਕਾਲੇ ਬੱਦਲ ;
ਮਾਣੀਂ ਤੂੰੰ ਸਾਵਣ ਆਪਣਾ,
ਸੁਣੀਂ ਕਣੀਆਂ ਦਾ ਸ਼ੋਰ ਤੇ ਉਹ ਸੁਨੇਹੇ ਜਿਹੜੇ ਅਸਮ ਨਾਂ ਵਾਲੇ ਘੱਲਣ ਤੈਨੂੰ
ਮੀਂਹ ਪੈਂਦੇ ਵਿਚ ।
ਦੌੜ ਦੌੜ ਫੜੀਂ ਬੱਦਲਾਂ ਦੀਆਂ ਸ਼ਾਲਾਂ ਤੂੰ,
ਤੇ ਫੜ ਫੜ ਰੱਖੀਂ ਇਹ ਸੁਹਣੀਆਂ ਘਨਘੋਰਾਂ,
ਸੇਜਲਾਂ ਤੇ ਰਾਹ ਟੁਰਦੇ ਜਾਂਦੇ ਯਕਾ ਯਕ ਭਿੱਜਣਾ ।
ਮਾਣੀਂ ਤੂੰ ਮੀਂਹ ਵਸਦੇ ਵਿਚ,
ਸਿੱਜੇ ਘੁਲੇ, ਅੰਬਾਂ ਟਪਕਦਿਆਂ ਦਾ ਚੂਸਣਾ ।
ਮਾਣੀਂ ਚਾਈਂ ਚਾਈਂ, ਪੁੱਤਰਾਂ ਦੇ ਰੰਗ ਤੂੰ,
ਤੂਤਾਂ ਦੇ ਪੀਲੇ ਹੋਏ ਪੱਤਰਾਂ ਦੀਆਂ ਰੌਣਕਾਂ ।

ਮਾਣੀਂ ਮਾਣੀਂ ਤੁੰ ਆਪਣਾ ਸਿਦਕ ਤੇ ਸਿੱਖੀ,
ਮਾਣੀਂ ਤੂੰ ਆਪਣਾ ਪਿਆਰ ਉੱਚਾ ਉਹ ਗੁਰਾਂ ਵਾਲਾ ਸਦਕੇ ।
ਗੰਢ ਪਾਈਂ ਇਹ ਤੂੰ ਪੀਡੀ,
ਰੱਖੀਂ ਟੇਕ ਤੂੰ ਸਾਰੀ ਆਪਣੀ ਸੱਚੀ ਸਰਕਾਰ 'ਤੇ ।
ਜਗਾਈਂ ਜਗਾਈਂ ਉਹ ਲਾਟ, ਵੇ ਲਾਲਾ ।
ਬੁੱਝਣ ਦੇਈਂ ਨਾ ਜੋਤ ਜਿਹੜੀ ਗੁਰਾਂ ਆਣ ਸਥਾਪੀ ਤੇਰੇ ਵਿਚ,
ਦੇਖ ਜਿਹੜੀ ਬਲ ਰਹੀ ਤੇਰੇ ਦਰਿਆਵਾਂ ਦੇ ਦਿਲ ਵਿਚ,
ਉਹ ਦੇਖ ਜਿਹੜੀ ਚਮਕ ਰਹੀ ਹਿਮਾਲਾ ਦੀਆਂ ਜੋਤਾਂ ਵਿਚ,
ਉਹ ਦੇਖ, ਖੋਲ੍ਹ ਦਿਲ ਦਾ ਬੂਹਾ,
ਜਿਹੜੀ ਗੁਰਾਂ ਦੀ ਮਿਹਰ ਨਾਲ,
ਲਟ ਲਟ, ਬਲ ਰਹੀ ਤੇਰੇ ਆਪਣੇ ਅੰਦਰ ।


ਬੰਨ੍ਹੀਂ ਆਪਣਾ ਆਪ ਤੂੰ ਚਰਨ ਕਮਲਾਂ ਨਾਲ ਪਿਆਰੇ,
ਮਰਕਸ਼ ਆਪਣੇ ਵਿਚ ਸਦਾ ਖਲੋਵੀਂ ਨਾਲ ਪਿਆਰੇ,
ਵੇ ਸੁਹਣਿਆਂ !
ਖੜ੍ਹਾ ਹੋ ਉੱਥੇ, ਮੋਢੇ ਧਰ ਡਾਂਗ,
ਬੇ-ਡਰ ਹੋ ਵੜੀਂ ਜੰਗ-ਘਮਸਾਨ ਵੇ ਦੂਲਿਆ ।
ਜਿੱਤ ਬਾਜੀ ਆਸੇਂ ਸਦਾ ਬੇ-ਖੌਫ਼, ਵੇ ਦੂਲਿਆ ।
ਸਤਿਗੁਰੂ ਜੀ ਸਦਾ ਤੇਰੀ ਕੰਡੀ ।

੩. ਪੰਜਾਬ ਦੀ ਅਹੀਰਨ ਇਕ ਗੋਹੇ ਥੱਪਦੀ

ਓਏ ! ਕਿਧਰੇ ਨਹੀਂ ਲੱਗਦੀ ਹਵਾ ਠੰਢੀ ਪੰਜਾਬ ਵਾਲੀ ।
ਕਿਧਰੇ ਦਾ ਪਾਣੀ ਮੈਨੂੰ ਨਾ ਇਹੋ ਜਿਹਾ ਮਿੱਠਾ ਤੇ ਮਾਫ਼ਕ ।
ਇੱਥੇ ਪ੍ਰਦੇਸ ਝਾਗ ਜਦ ਕਦੀ ਮੈਂ ਮੁੜਿਆ,
ਫੈਲਿਆ ਮੈਂ ਅਸਮਾਨ ਵਾਂਗ,
ਟੁਰਿਆ ਸਦੀਵ ਬਾਹਾਂ ਉਲਾਰਦਾ, ਖਿਲਾਰਦਾ,
ਆਪ ਮੁਹਾਰਾ ਚਾਅ ਪਿਆ ਚੜ੍ਹਦਾ,
ਦਿਲ ਕਰਦਾ ਖੁਸ਼ੀ ਆ ਕੱਪੜੇ ਫਾੜਨ ਨੂੰ,
ਜੁੱਸਾ ਤੱਤਾ ਤੱਤਾ ਹੁੰਦਾ,
ਮੈਂ ਪੈਰ ਨ ਰੱਖਾਂ ਜ਼ਮੀਨ, ਅਸਮਾਨ 'ਤੇ ।
ਇਕ ਵੇਰੀ ਆਇਆ ਪ੍ਰਦੇਸ ਥੀਂ,
ਦੋ ਯਾਰ ਮੇਰੇ, ਇਕ ਸੱਜੇ ਇਕ ਖੱਬੇ ਨਾਲ ਸਨ,
ਤੇ ਅਸੀਂ ਬੇਪਰਵਾਹ, ਦੁਨੀਆਂ ਥੀਂ ਬੇਖ਼ਬਰੇ ਹੋਏ,
ਬੇਹੋਸ਼ ਜੇਹੇ ਖੁਸ਼ੀਆਂ ਵਿਚ ;
ਖੁਸ਼ੀ ਕੌਣ ਦਿੰਦਾ ? ਇਹ ਪਤਾ ਨਾਂਹ ਕਿਸੇ ਨੂੰ ;
ਇਕ ਦੂਜੇ ਨੂੰ ਜੱਫੀਆਂ ਪਾਂਦੇ,
ਅਸੀਂ ਤਿੰਨੇ ਗਏ ਲੰਘਦੇ ਗਲੀ ਲਾਹੌਰ ਦੀ ।

ਸਾਹਮਣੇ ਇਕ ਧੁੱਪ ਵਿਚ ਡੱਬੀ, ਕੰਧ ਨਾਲ,
ਖੜ੍ਹੀ ਸੀ ਇਕ ਜਵਾਨ ਕੁੜੀ, ਲੰਮੀ, ਅਹੀਰਨ ਥਾਪੀਆਂ ਗੋਹੇ ਦੀਆਂ ਥੱਪਦੀ,
ਸਿਰ ਥੀਂ ਪੱਲਾ ਮਲਮਲ ਦਾ ਪਿਆ ਉੱਡਦਾ ਹਵਾ ਵਿਚ,
ਲਹਿੰਗਾ ਸਾਵੀ ਸੂਸੀ ਦਾ, ਮੱਧਮ ਜਿਹਾ ਸਾਵਾ,
ਕੁਝ ਜ਼ਰਾ ਜ਼ਰਾ, ਕਿਧਰੋਂ ਕਿਧਰੋਂ ਫਟਿਆ, ਗੰਢਿਆ ਹੋਇਆ,
ਪਰ ਰੰਗ ਪੁਰਾਣਾ ਵੀ ਪੱਕਾ ਸੁਹਣਾ,
ਕੱਪੜਾ ਘਸ ਜਾਣ ਨਾਲ ਹੋਰ ਹੋਰ ਸ਼ੋਖਦਾ ।
ਵਿਚ ਪੀਲੀ ਪੀਲੀ ਪਿੜੀਆਂ, ਰੰਗ ਗੂਹੜਾ ਪੀਲਾ ।
ਕਿਨਾਰਾ ਲਾਲ ਰੱਤਾ ਕਿਰਮਚੀ, ਅੱਧੀ ਅੱਧੀ ਗਿਰਾਹ ਦਾ,
ਇਹ ਲਹਿੰਗਾ, ਛਲ ਛਲੇ ਹੋ ਉਸ ਅਹੀਰਨ ਦੇ ਲੱਕ ਥੀਂ ਢਹਿੰਦਾ ਸੀ,
ਵਾਂਗ ਇਕ ਵਗਦੇ ਛੰਭ ਦੇ,
ਤੇ ਵਿਚ ਛੰਭ ਦੇ ਸੂਰਜ ਦੀ ਸੋਨੇ ਦੀਆਂ ਕਿਰਨਾਂ ਦੇ ਰੰਗ ਖੇਡਦੇ ।
ਉਤੇ ਲਹਿੰਗੇ ਦੇ ਝੱਗਾ ਕੁਝ ਮੈਲਾ ਮੈਲਾ, ਮਲਮਲ ਦਾ ਪਤਲਾ,
ਜਨਾਨੀ ਦੇ ਗਲ ਸੀ,
ਤੇ ਬੈਠੀ ਸੀ ਥਾਪੀਆਂ ਥੱਪਦੀ ।
ਤੇ ਬੱਸ ਹੁਣੇ ਉਠੀ ਕੰਧ ਉੱਤੇ ਥਾਪੀ ਲਾਣ ਨੂੰ ;
ਬਾਹਾਂ ਉਲਾਰਦੀ ਉਤਾਹਾਂ ਨੂੰ, ਹੱਥ ਸੱਜੇ ਉੱਤੇ ਥਾਪੀ,
ਅੱਡੀਆਂ ਚੁੱਕ ਚੁੱਕ ਕੇ ਉੱਠਦੀ ਕੰਧ ਨਾਲ, ਥਾਪੀ ਸੰਭਾਲਦੀ,
ਪੱਲਾ ਹਵਾ ਉਡਾ ਕੇ ਲੈ ਗਈ,
ਤੇ ਝੱਗਾ ਵੀ ਬਾਹਾਂ ਉਲਾਰਨ ਸਮੇਂ, ਖਿੱਚ ਖਾ ਨਾਲੇ ਪਿਆ ਉੱਡਦਾ,
ਨਾਲੇ ਉਹਦੇ ਜੋਬਨਾਂ,
ਤੇ ਉੱਛਲਦੀ ਉਹ ਮਜੂਰੀ ਦੇ ਜ਼ੋਸ਼ ਵਿਚ,
ਮਜੂਰਨ ਉਹ ਕਿਸੇ ਅਣਡਿੱਠੇ ਪਿਆਰ ਦੀ,
ਮਾਂ ਬਾਲ ਬੱਚਿਆਂ ਦੀ,
ਬੱਚਿਆਂ ਦੀ ਖ਼ੁਸ਼ੀ ਖ਼ਾਤਰ ਗੋਹੇ ਪਈ ਥੱਪਦੀ ।
ਦੇਖ ਇਸ ਅਹੀਰਨ ਦੇ ਬਾਹਾਂ ਦਾ ਉਲਾਰ,
ਮੇਰੀ ਤਬੀਅਤ ਉੱਛਲੀ, ਉੱਲਰੀ, ਉਤਾਹਾਂ ਨੂੰ ਜਿਵੇਂ
ਬੱਲੇ ਨਾਲ ਮਾਰ ਕੋਈ ਗੇਂਦ ਉਛਾਲਦਾ;
ਮੈਂ ਆਪ ਮੁਹਾਰਾ ਉੱਠਿਆ
ਲੰਘ ਗਿਆ ਲਟਕਦਾ ਦੋਹਾਂ ਯਾਰਾਂ ਦੀ ਬਾਹਾਂ 'ਤੇ,
ਆਪ ਮੁਹਾਰਾ ਕੂੰਦਾ, ਕੁਝ ਚੀਖਦਾ, ਕੁਝ ਗਾਉਂਦਾ ।


ਮੈਂ ਤੱਕੀ ਫ਼ੀਤਿਆ ਕਿੰਗਰੀਆਂ ਤੇ ਗੋਟਿਆਂ,
ਤੇ ਸਾੜ੍ਹੀਆਂ ਤੇ ਚੋਲੀਆਂ ਵਿਚ ਲੱਦੀ, ਸਜੀ, ਫਬੀ ਬੰਬਈ ਸਾਰੀ,
ਪਰ ਜੀ ਮੇਰਾ ਘੁਟਦਾ ਘੁਟਦਾ, ਸੁਕਦਾ ਸੁਕਦਾ ਗਿਆ ਓਥੇ,
ਨਿੱਕਾ ਨਿੱਕਾ ਹੋਂਵਦਾ ।
ਮਹਾਰਾਸ਼ਟਰ ਵਿਚ,
ਮੈਂ ਤੱਕੀਆਂ ਸੁਹਣੀਆਂ ਸੁਹਾਗਣਾਂ ;
ਮੱਥੇ ਲਾਲ ਲਾਲ ਟਿੱਕੇ ਸੁਹਾਗ ਦੇ ;
ਬੜੀਆਂ ਝੋਲੀੜੀਆਂ ਸਾੜ੍ਹੀਆਂ; ਬਰਕਤੀਲੀਆਂ,
ਪੈਰ ਨੰਗੇ ਟੁਰਦੀਆਂ,
ਕੇਸਾਂ ਦਾ ਜੂੜਾ ਸੁਹਣਾ, ਫਿਰ ਫੁਲ ਟੁੰਗੇ ਕੇਵੜੇ ਦੇ ।
ਗੁਜਰਾਤ ਦੀਆਂ ਸੁਆਣੀਆਂ ਤੱਕੀਆਂ,
ਸੁਹਣੇ ਗੋਰੇ ਰੰਗ, ਨਕਸ਼ ਕਮਾਲ ਦੇ,
ਖਿੱਚਵੀਂ, ਭਰਵੀਂ ਸੁਹਜ ਕਮਾਲ ਦੀ,
ਮਿੱਠਾ ਮਿੱਠਾ ਪ੍ਰਭਾਵ ਉਹਨਾਂ ਦਾ,
ਬੜੀਆਂ ਹੀ ਨਰਮ ਨਰਮ ਨਾਰੀਆਂ ।

ਮਦਰਾਸ ਵਿਚ ਦੇਖੇ ਉੱਚੇ ਉੱਚੇ ਤਾੜ ਤੇ ਨਾਰੀਅਲ ਦੇ ਲੰਮੇ ਲੰਮੇ ਬਿਰਛ,
ਤੇ ਹੇਠ ਬੈਠੇ ਲੋਕ ਤੱਕੇ ਤਾਂਬੇ ਦੇ ਰੰਗ ਦੇ,
ਸੁਹਣੇ ਜ਼ਰੂਰ ਲੱਗੇ, ਨੈਣ ਉਹਨਾਂ ਦੇ ਮਸਤ ਸਨ,
ਪਰ ਮੈਂ ਕੁਝ ਵਹਿਸ਼ੀ ਜਿਹਾ,
ਓਥੂੰ ਹਿਰਨ ਵਾਂਗੂੰ ਨੱਸਿਆ ।

ਬੰਗਾਲ ਵਿਚ, ਮੈਂ ਦੇਖਿਆ, ਜਵਾਹਰਾਤ ਦੀਆਂ ਗਾਨੀਆਂ,
ਵੱਡੇ ਵੱਡੇ ਲੋਕ ਤੱਕੇ, ਕਈ ਮਿਰਗ ਨੈਨੀਆਂ,
ਗਹਿਮਾਂ ਗਹਿਮ ਸੀ, ਨਾਟਕ ਚੇਟਕ ਸੀ,
ਚਿੱਤ੍ਰ ਬਨਾਣ ਦਾ ਸਾਮਾਨ ਸਾਰਾ,
ਘਰ ਘਰ ਰੰਗ ਸਨ, ਰਸਾਂ ਦੇ ਪਾਰਖੂ,
ਪੜ੍ਹੇ ਤੱਕੇ ਪੰਡਤ ਗਿਆਨੀ ਸਨ,
ਚਤੁਰ ਸਨ, ਧਨਵਾਨ, ਵੱਡੇ ਡੂੰਘੇ ਲੋਕ ਸਨ ;
ਮੈਂ ਉਥੇ ਵੀ ਦੱਬਦਾ ਦੱਬਦਾ ਗਿਆ ਸਾਂ ।
ਤੇ ਮੁੜ ਮੁੜ ਰੂਹ ਮੇਰਾ ਆਖੇ ਕਿੱਥੇ ਆ ਫਸਿਆ,
ਮੱਛੀਆਂ ਫੜਨ ਵਾਲੇ ਦੇਸ਼ ਮੈਂ !

ਅੰਗ੍ਰੇਜ ਤੱਕੇ, ਅਮਰੀਕਨ ਤੇ ਜਾਪਾਨੀ ਤੱਕੇ ;
ਸਭ ਖ਼ੁਸ਼ੀ ਖ਼ੁਸ਼ੀ ਵੱਸਦੇ ;
ਪਰ ਉੱਥੇ ਕੋਈ ਨ ਬਿਰਧ ਦਿਲ ਵਾਲਾ,
ਵਿਰਲਾ ਜ਼ਰੂਰ ਕੋਈ ਹੋਵੇ, ਆਮ ਕਥਾਈਂ ਨਾਂਹ ।
ਘਰ ਘਰ ਕੋਈ ਡੂੰਘੀ ਜਿਹੀ ਖਾਈ ਸੀ,
ਇਹ ਖਾਈ, ਮਾਂ-ਪੁੱਤ ਵਿਚ ਤੱਕੀ, ਉੱਥੇ,
ਜਨਾਨੀ-ਮਰਦ ਵਿਚ ਸੀ,
ਕੋਈ ਤ੍ਰੱਪ ਨਾਂਹ ਸਕਦਾ ਉਹ ਖਾਈ ਅਣਦਿਸਦੀ,
ਕੁਝ ਤਿਆਗ ਤਿਆਗ ਸੀ 'ਦੂਏ' ਦਾ,
ਹੱਭਾ ਕੁਝ, ਕੁਝ ਆਪਣਾ ਆਪ ਗਰਜੀ ਸੀ, ਨਿੱਕੀ ਮੈਂ ਦਾ ਪੁਆੜਾ
ਪਿਆ ਘਰ ਘਰ,
ਮੇਰਾ ਜੀ ਕੁਝ ਘਬਰਾ ਗਿਆ,
ਇਹ ਕਿਹੇ ਲੋਕੀਂ ? ਪੈਸਾ ਸਭ ਥੀਂ ਵੱਧ ਸੰਭਾਲਦੇ ।
ਪ੍ਰਦੇਸ ਸੀ ਸਾਰਾ,
ਸੱਚੀਂ, ਇਹ ਗੱਲ ਸੀ,
ਦਿਲ ਮੇਰਾ ਸੀ ਦੇਸ਼ ਆਪਣਾ ਪੰਜਾਬ ਨੂੰ ਲੋਚਦਾ ।
ਇਉਂ ਗਾਂਦਾ ਜਾਂਦਾ ਸਾਂ ਲਾਹੌਰ ਵਿਚ,
ਦੋਹਾਂ ਯਾਰਾਂ ਦੇ ਮੋਢਿਆਂ 'ਤੇ ਗਲੀ ਗਲੀ ਉਲ੍ਹਰਦਾ ;
ਆਖਾਂ, ਹੇਕਾਂ ਲਾਵਾਂ ਉੱਚੀਆਂ ;

ਓਏ ! ਮੈਂ ਤੱਕਿਆ ਸਾਰਾ ਜਹਾਨ ਵੇ,
ਮੈਂ ਫਿਰ ਫਿਰ ਆਇਆ ਬੇਗਾਨੇ ਦੇਸ਼ਾਂ ਵਿਚ
ਦੇਖਦਾ ਮੈਂ ਫਿਰਿਆ ਸੁਹਣੱਪ, ਮਿੱਠਤ ਤੇ ਮਿਲਾਪ ਸਾਰਾ,
ਪਰ ਕਿਧਰੇ ਨਹੀਂ ਤੱਕੀ ਮੈਂ,
ਇਹ ਨਿਮਾਣੀ ਜਿਹੀ ਅਹੀਰਨ ਪੰਜਾਬ ਦੀ ।

ਜਿਸ ਨੂੰ ਤੱਕ ਕੇ ਮੈਂ ਦਰਿਆ ਜਿਹਾ ਹੋ ਗਿਆ,
ਮੈਂ ਵਿਚ ਹੜ੍ਹ ਆਏ ਖੁੱਲ੍ਹ ਦੇ,
ਖ਼ੁਸ਼ੀ ਦੀ ਕਾਂਗ ਆਈ ਅਗੰਮ ਦੇ ਦੇਸ਼ ਥੀਂ,
ਛੱਲ ਆਈ ਕੋਈ ਡਾਢੀ, ਮੈਂ ਵਿਚ ਰੁੜ੍ਹ ਗਿਆ ।
ਓਏ ! ਮੈਂ ਸਮੁੰਦਰ ਇਕ ਵੱਗਦਾ,
ਠਾਠਾਂ ਮਾਰਦਾ, ਮਿਲਦਾ ਹਰ ਇਕ ਨੂੰ,
ਡੁੱਬਦਾ ਡੁਬਾਂਦਾ ਵਿਚ ਰੰਗ ਆਪਣੇ,
ਮੈਂ ਜਾਂਦਾ, ਹਾਂ, ਮੈਂ ਇਕ ਸਮੁੰਦਰ ਚਾਅ ਦਾ ।


ਇੱਥੇ ਬਾਬੇ ਦੇ ਸ਼ਬਦ ਨੇ
ਪੱਥਰਾਂ ਨੂੰ ਪਿਘਾਲਿਆ,
ਮਰਦਾਨੇ ਦੀ ਰਬਾਬ ਵੱਜੀ,
ਪਰਬਤਾਂ ਸਲਾਮ ਕੀਤਾ,
ਬੂਟਾ ਬੂਟਾ ਵਜਦ ਵਿਚ ਨੱਚਿਆ,
ਪੰਜਾਬ ਦੀ ਮਿੱਟੀ ਦਾ ਜ਼ੱਰਾ ਜ਼ੱਰਾ ਕੰਬਿਆ ਪਿਆਰ ਵਿਚ,
ਉਸੇ ਇਲਾਹੀ ਸੁਰ ਵਿਚ ਦਰਿਆ ਪਏ ਵਗਦੇ ।
ਇਹ ਨਵੇਂ ਸੱਜਰੇ ਬਰਫਾਨੀ ਦਰਿਆਵਾਂ ਦਾ ਦੇਸ ਹੈ ।
ਦਰਿਆ ਹੋ ਰਹਿਣਾ, ਦਰਿਆ ਹੋ ਜੀਣਾ, ਇੱਥੇ ਇਹ ਸਤਿਗੁਰਾਂ ਦਾ ਆਦੇਸ਼ ਹੈ ।
ਦਰਿਆਵਾਂ ਦੇ ਮੇਲੇ ਇੱਥੇ,
ਦਰਿਆਵਾਂ ਵਾਲੇ ਵਿਛੋੜੇ,
ਡੂੰਘੇ ਤੇ ਲੰਮੇ ਸਾਰੇ,
ਵੱਡੇ ਵੱਡੇ ਦਰਦ ਓ ।

ਇੱਥੇ ਖੁਲ੍ਹ ਦਾ ਮੈਦਾਨ ਹੈ,
ਇੱਥੇ ਪਿਆਰ ਤੇ ਹੜ੍ਹਾਂ ਦਾ ਅਵੇਸ਼ ਹੈ,
ਇੱਥੇ ਪਹਾੜ ਪਿਆਰ ਵਿਚ ਪਿਘਲਦੇ ।
ਇੱਥੇ ਕੋਈ ਅਣਪਛਾਤਾ ਜਿਹਾ ਇਲਾਹੀ ਸੁਆਦ ਹੈ ।

ਮੈਨੂੰ ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ ਦਿੱਸਦਾ,
ਵੱਸਦਾ ਤੇ ਹੱਸਦਾ ਖੇਡਦਾ, ਮਜੂਰੀ ਕਰਦਾ ਪਿਆਰ ਦੀ,
ਤੇ ਖੇਡਦਾ, ਤੇ ਖੁੱਲ੍ਹਾ ਖੁੱਲ੍ਹਾ ਕੋਲਾ ਮੋਲਾ, ਅਜਬ ਫ਼ਕੀਰਾਂ ਦਾ ਘਰ ਹੈ
ਇੱਥੇ ਖੁੱਲ੍ਹਾ ਪਿਆ ਵੱਸਦਾ ।
ਇਹ ਗੁਰਾਂ ਵਾਲੀ ਧਰਤੀ ਹੈ,
ਇੱਥੇ ਸੱਚਾ ਦਰਬਾਰ ਹੈ,
ਇੱਥੇ ਦਿਲ ਪਿਆ ਝੁਕਦਾ,
ਸਿਰ ਪਿਆ ਨਿੰਵਦਾ,
ਇੱਥੇ ਪਿਆਰਾਂ ਮੱਲੋ ਮੱਲੀ ਪੈਂਦੀਆਂ,
ਇੱਥੇ ਹੁਸਨ ਦੀ ਸਰਕਾਰ ਦੇ ਤੰਬੂ ਆਣ ਲੱਗਦੇ,
ਇੱਥੇ ਗੋਬਿੰਦ ਸਿੰਘ ਪਿਆਰਾ ਰਾਖਾ ਸਾਡਾ ;
ਇਹ ਥਾਂ ਸੱਚੇ ਪਾਤਸ਼ਾਹ ਦੀ,
ਇੱਥੇ ਉਸ ਪਿਆਰੇ ਦਾ ਮਿੱਠਾ ਮਿੱਠਾ ਆਸਰਾ ।

੪. ਹੀਰ ਤੇ ਰਾਂਝਾ


ਆ-ਵੀਰਾ ਰਾਂਝਿਆ ।
ਆ- ਭੈਣੇ ਹੀਰੇ ।
ਸਾਨੂੰ ਛੋੜ ਨਾ ਜਾਵੋ,
ਬਿਨ ਤੁਸਾਂ ਅਸੀਂ ਸੱਖਣੇ ।

ਤੇ ਦੇਖਾਂ ਮੁੜ ਇਸ਼ਕ ਦਾ ਬੀਅ ਅੰਗੂਰਦਾ,
ਵੇਖਾਂ ਨਵੀਆਂ ਕੋਂਪਲਾਂ ਨਾਲ ਲਾਲ ਵੋ,
ਤੇਰੇ ਅੰਦਰ ਦੇ ਲੱਖ ਸੁਹਣੱਪ ਵੇਖਾਂ,
ਤੇਰੇ ਦਿਲ ਦੀਆਂ ਤੜਪਾਂ ਬੇਸ਼ੁਮਾਰ ਵੋ ।

ਇਕ ਹੀਰ ਅੱਖਰ ਤੇਰੀ ਕੰਨੀਂ ਪਿਆ,
ਤੂੰ ਹੋ ਗਿਆ ਵੀਰਾ ! ਸ਼ਹੁ ਦਰਿਆ ਵੋ,
ਜਿਹਦਾ ਨਾ ਆਰ ਨਾ ਪਾਰ ਵੋ ।

ਤੇਰਾ ਕਦਮ ਮਿੱਟੀ ਪੰਜਾਬ 'ਤੇ ਮੁੜ ਪੈਂਦਾ ਦੇਖਾਂ,
ਤੇਰੇ ਦਿਲ ਦਾ ਉਛਾਲਾ ਸੁਣਾਂ ।
"ਮੈਂ ਲਿਆਸਾਂ ਚੰਨ ਸਿਆਲ ਨੂੰ !"


ਝਨਾਂ ਦੇ ਕੰਢੇ ਖੜਾ ਵੇਖਾਂ ਤੈਨੂੰ,
ਮੋਢੇ ਤੇਰੇ ਕਮਲੀ ਤੇ ਜੱਟਾਂ ਵਾਲੀ ਡਾਂਗ,
ਹੱਥ ਵਿਚ ਬਾਂਸਰੀ,
ਤੇ 'ਹੀਰ' 'ਹੀਰ' ਬੋਲੇ ਤੇਰੀ ਬਾਂਸਰੀ,
ਟੁੱਟੇ ਸੁਣ ਤੇਰੀ ਬਾਂਸਰੀ ਜ਼ਮੀਨ ਅਸਮਾਨ ਵੋ !

ਤੇਰੀ ਬਾਂਸਰੀ ਦੀ ਸੱਦ ਉੱਠੇ,
ਹਿੱਲੇ ਸਾਰਾ ਜਹਾਨ ਵੋ,
ਦਰਿਆ ਦੌੜ ਆਵਣ ਤੇ ਠਹਿਰ ਪੁੱਛਦੇ ਤੈਨੂੰ,
'ਕੀ ਬੁਲਾਇਆ ਸਾਨੂੰ ਤੇਰੀ ਬਾਂਸਰੀ ?'
ਪੰਖੇਰੂ ਝੁੰਡਾਂ ਦੇ ਝੁੰਡ ਆਵਣ ਉੱਡਦੇ,
ਨੈਣਾਂ ਨਾਲ ਸੁਣਨਾ ਚਾਹਵਾਨ ਤੇਰੀ ਸੱਦ,
ਧਰੂੰਦੀ ਸਭ ਨੂੰ ਇਉਂ ਤੇਰੀ ਬਾਂਸਰੀ ।

ਸ਼ੇਰ ਆਵਣ ਦੌੜਦੇ, ਪੈਰ ਤੇਰੇ ਚੁੰਮਣ,
ਭੇਡ ਤੇ ਬਘਿਆੜ ਸਾਰੇ ਭੁੱਲ ਆਪਣੇ ਵੈਰ ਆਂਵਦੇ ।
ਪਹਾੜ ਉੱਠੇ, ਨੱਚੇ, ਉੱਛਲੇ,
ਆਖਣ ਕੂਕਦੇ-"ਕੀ ਲੋੜ ਪਈ ਸਾਡੀ ਤੈਨੂੰ ?
ਦੱਸ ਟੁਰ ਚੱਲੀਏ ਜਿਥੇ ਤੇਰੀ ਮਰਜ਼ੀ ।"

ਵਾਹ ! ਵਾਹ ! ਮਸਤ ਪੰਜਾਬੀਆ !
ਬਾਂਸਰੀ ਆਪਣੀ ਵਿਚ ਮਸਤ ਤੂੰ,
'ਹੀਰ' 'ਹੀਰ' ਬੋਲੇ ਤੇਰੀ ਬਾਂਸਰੀ ।

ਲੋਕਾਈਆਂ ਆਈਆਂ ਦਿਸਦੀਆਂ, ਅਣਦਿਸਦੀਆਂ,
ਬਾਂਸਰੀ ਤੇਰੀ ਸੁਣ ਰੱਜ ਰੱਜ ਗਈਆਂ,
ਜਿਵੇਂ ਆਣ ਲੱਖ ਹਜ਼ਾਰ ਘੜੇ ਵਾਲੀਆਂ,
ਭਰ ਭਰ ਜਾਵਣ ਸਾਰੀਆਂ ਦਰਿਆ ਝਨਾਂ ਦਾ ਪਾਣੀ ।
ਸੁਫ਼ਨੇ ਵਿਚ ਬੱਧਾ ਰਾਂਝਾ ਕਿੱਥੇ ਬੋਲਦਾ,
ਸਭ ਵੇਖ ਵੇਖ ਅਸੀਸਾਂ ਦਿੰਦੀਆਂ ਗਈਆਂ ਤੈਨੂੰ ।

ਤੇਰੀ ਬਾਂਸਰੀ ਦੀ ਸੱਦ,
ਅੱਗ ਪਈ ਲਾਉਂਦੀ ਹਵਾਵਾਂ ਨੂੰ, ਛਾਵਾਂ ਨੂੰ,
ਦਰੱਖਤ ਵੀ ਉਠ ਸਾਰੇ ਨੱਚਦੇ,
ਤੇਰੀ ਬਾਂਸਰੀ, ਇਕ ਮਨ ਸਾਰਾ, 'ਹੀਰ' 'ਹੀਰ' ਬੋਲਦੀ ।
ਆ ਹੀਰੇ ! ਦੇਖ ਤੇਰੇ ਪੱਤਣ ਆਣ ਅੱਜ ਉਤਰਿਆ,
ਇਕ ਪਾਤਸ਼ਾਹ ਦਿਲ ਦਾ ;
ਜੋਗੀਆਂ ਵਾਲੇ ਰੇਖ ਉਸ ਦੇ,
ਕੁਝ ਅਗੰਮ ਦੇ ਲੇਖ ਉਸ ਦੇ,
ਇਕ ਸੁਹਣਾ ਰੱਬ ਜਿਹਾ ਆਦਮੀ ।

ਆ, ਧੀਏ ਸਿਆਲਾਂ ਦੀਏ !
ਪੈਰਾਂ ਵਿਚ ਪੰਜੇਬਾਂ ਤੇਰੇ,
ਸੁੱਥਣ ਤੇਰੀ ਊਦੀ, ਗੁਲਬਦਨ ਬੁਖ਼ਾਰੇ ਦੀ,
ਝੱਗਾ ਤੇਰਾ ਨੀਲਾ, ਅਸਮਾਨ ਸਾਰਾ,
ਜਿਸ ਉੱਤੇ ਗੋਟਾ ਕਿਨਾਰੀ ਚਮਕੇ ਵਾਂਗ ਬਿਜਲੀਆਂ,
ਗਲੇ ਵਿਚ ਤੇਰੇ ਕੋਈ ਮਾਂ-ਦਿਤੀ ਸੁਹਣੀ ਮੋਤੀਆਂ ਦੀ ਗਾਨੀ
ਤੇ ਕਲਾਈਆਂ ਵਿਚ ਕਿਰਕਿਟੀਆਂ ਵਾਂਗ ਚਮਕਣ ਜਵਾਹਰਾਤ ਦੀਆਂ ਪੌਂਚੀਆਂ ।

ਕੁਵਾਰੀਏ, ਸਾਰਾ ਸੁਹਜ ਸ਼ਿੰਗਾਰ ਹੋਵੇ,
ਤੇ ਸ਼ੋਭਾ ਪਾਵੇ ਤੇਰੀ ਬੇਖ਼ਬਰੀ ਦੀਆਂ ਜਵਾਨੀਆਂ ।

ਆ, ਝਨਾਂ ਦੇ ਪੱਤਣ ਮੁੜ ਬਹਾਰ ਖੇਡਦੀ,
ਤੈਨੂੰ ਦਮ ਬਦਮ ਰਾਂਝਾ ਕੂਕਦਾ,
ਰਾਂਝੇ ਦੀ ਬਾਂਸਰੀ 'ਹੀਰ' 'ਹੀਰ' ਬੋਲਦੀ,
ਰਾਂਝੇ ਦੀ ਹੱਡੀ ਹੱਡੀ 'ਹੀਰ' 'ਹੀਰ' ਖਵਕਦੀ ।
ਆ ਹੀਰੇ ਓਹੋ ਤੇਰਾ ਚਿਹਰਾ ਹੋਵੇ ।
ਚੰਨਾ ਕੋਲੋਂ ਸੁਥਰਾ,
ਤਾਰਿਆਂ ਕੋਲੋਂ ਤ੍ਰਿਖਾ,
ਚੜ੍ਹੇ ਓਹੋ ਮੁੜ ਇਕ ਵੇਰ ਪੰਜਾਬ 'ਤੇ,
ਸਿਆਲਾਂ ਵਾਲਾ ਓਹੋ ਸੁਹਣੱਪ ਦਾ ਸੂਰਜ,
ਜਿਸ ਦੀ ਝਨਾਂ ਦੀ ਛਾਤੀ ਹਾਲੇ ਤਕ ਮੂਰਤ ਲਟਕਦੀ ।
ਤੇ ਮੁੜ ਉਹ ਸੂਰਜ ਖਿੱਚੇ ਕੁਲ ਪਾਣੀਆਂ,
ਸਭ ਨੂੰ ਸੁਕਾਵੇ, ਲੋਕਾਈ ਸਾਰੀ ਤਰਸਾਵੇ,
ਉੱਚਾ ਹੋਵੇ ਗਗਨੀ !
ਤੂੰ ਧੀ ਪਾਤਸ਼ਾਹਾਂ ਦੀ,
ਇਕ ਅਸਗਾਹ ਨੀਲਾਣ ਹੋਵੇ,
ਇਕ ਹੋਵੇ ਅਸਮਾਨ 'ਤੇ ਤੇਰਾ ਝੱਗਾ,
ਅਰਸ਼ ਤੇ ਜ਼ਮੀਨ ਇਕੱਠੇ ਇਕ ਥਾਂ ਤੇਰੇ ਰੂਪ ਵਿਚ
ਤੇ ਖਿੱਚੀ ਤੇਰੇ ਰੂਪ ਵਿਚ, ਜਿੰਦ ਸਾਰੀ ਜਾਨ ਹੋਵੇ ;
ਦੁਨੀਆਂ ਸਾਰੀ ਸੁੱਟੀ, ਪਰ ਪਿੱਛੇ ਇਕ ਕਾਲਖ਼ ਸਿਆਹ ਹੋਵੇ ;
ਹੋਵੇ ਨਿਰੋਲ ਤੇਰੇ ਮੁਖੜੇ 'ਤੇ ਚਾਨਣ ਬੇਅੰਤ ।
ਹੀਰ ਹੋਵੇ ਸਾਡੇ ਪੰਜਾਬ ਦੀ,
ਰੱਬ ਦੀ ਸ਼ਾਨ ਸਾਰੀ ਆਨ ਉਥੇ ਉਤਰੇ,
ਇਕ ਵੇਰੀ ਫਿਰ ਮੁੜ ਮੁੱਢੋਂ ਸੁੱਢੋਂ ਉਹੋ ਦੀਦਾਰ ਹੋਵੇ,
ਤੇਰਾ ਚਿਹਰਾ ਸਾਰਾ ਨੂਰ-ਪੁਰ-ਨੂਰ ਹੋਵੇ,
ਨਿਸ਼ਾਨੀਆਂ ਸਭ ਮਿਲਣ ਰਾਂਝੇ ਨੂੰ ਹੀਰ ਦੀਆਂ !

ਉਧਰ ਰਾਂਝੇ ਜਿਹਾ ਆਦਮੀ,
ਸੱਤਾਂ ਪੱਤਣਾਂ ਦਾ ਤਾਰੂ,
ਸੁੱਤਾ ਹੋਵੇ ਬਿਨ ਪੁੱਛੇ ਆਣ ਤੇਰੀ ਕਿਸ਼ਤੀ,
ਜਿਥੇ ਕੋਈ ਨਹੀਂ ਉਹਨੂੰ ਜਾਣਦਾ,
ਬੇਨਿਸ਼ਾਨ ਜਿਹ, ਬੇ ਨਾਮ ਜਿਹਾ ਇਕ ਆਦਮੀ
ਝਨਾਂ ਦੀ ਰੁਮਕਦੀ ਹਵਾ ਆਵੇ,
ਪਟਿਆਂ ਨੂੰ ਰਾਂਝੇ ਦੇ ਨਰਮ ਨਰਮ ਹੱਥਾਂ ਨਾਲ ਛੇੜੇ,
ਖੋਹਲੇ ਤੇ ਮੋੜੇ, ਜੋੜੇ ਤੇ ਘੁੰਘਰਾਂ ਨੂੰ ਨਿਖੇੜੇ,
ਕਦੀ ਸੁੱਟੇ ਮੱਥੇ 'ਤੇ, ਕਦੀ ਸੁੱਤੇ ਹੋਏ ਰਾਂਝੇ ਦੀਆਂ ਅੱਖੀਆਂ ਉੱਤੇ,
ਕਦੀ ਚੁੱਕ ਚੁੱਕ ਕੇ ਰੱਖੇ ਅੰਦਾਜ਼ ਨਾਲ ਲਾਲ ਲਾਲ ਭਖ਼ਦੀਆਂ ਗਲ੍ਹਾਂ 'ਤੇ
ਤੇ ਉਹ ਨਸ਼ੀਲੀ ਜਿਹੀ ਮਸਤ ਹਵਾ ਖਲੋ ਖਲੋ ਤੱਕੇ,
ਤੇ ਨੈਣ ਬੰਦ ਕਰ ਕਰ ਤੱਕੇ, ਮੂਰਤ ਹੋਇਆ ਆਦਮੀ,
ਪੁੱਛੇ ਕਿੰਜ ਕਾਦਰ ਦੀ ਤਸਵੀਰ ਚੰਗੀ ਲੱਗਦੀ !

ਉਧਰੋਂ ਹੀਰ ਆਵੇ, ਤੱਕੇ ਖਲੋਵੇ ;
ਦੰਦ ਪੀੜੇ ਆਪਣੇ, ਗੁੱਸੇ ਨਾਲ ਬਾਹਰੋਂ ਪਿਆਰ ਨਾਲ ਅੰਦਰੋਂ,

ਆਹਾ ! ਅੰਦਰ ਤੇ ਬਾਹਰ ਉਸ ਦੇ,
ਬਾਗ਼ ਖਿੜਿਆ ਹਮੇਸ਼ ਵਾਲਾ,
ਫੁੱਲਾਂ ਦੇ ਫੱਲ ਵੇਖਣ ਟੁਰਦੇ,
ਫੁੱਲ ਫੁੱਲ ਅੰਦਰ ਕਿਰਦੇ ਹੀਰ ਦੇ,
ਫੁੱਲਾਂ ਦੇ ਮੀਂਹ ਵਿਚ ਸੋਹਣੀ ਘਿਰ ਗਈ ।

ਹਵਾ ਨੂੰ ਜੀਭਾਂ ਲੱਗੀਆਂ,
ਦਿਨ ਦਿਹਾੜੀਂ ਤਾਰੇ ਬੋਲਦੇ,
ਝਨਾਂ ਦੀ ਲਹਿਰ ਛਾਲ ਮਾਰ ਆਈ aੁਹਦੀ ਝੋਲ ਵਿਚ,
ਵੱਟਾ ਵੱਟ, ਬੂਟਾ ਬੂਟਾ ਕੂਕਿਆ,
ਬਨ ਪੰਖੇਰੂ ਉਹਦਾ ਨਾਮ ਲੈਂਦੇ ।
ਜਿਸ ਹੀਰ ਦਾ ਰੂਹ ਭਰਿਆ ਆਪੇ ਨਾਲ,
ਸਦੀਆਂ ਦੀ ਚੁੱਪ ਟੁੱਟੀ,
ਬੋਲਿਆ ਉਹ ਬੇਬਸ ਹੋ,
ਰਗ ਰਗ ਹੀਰ ਦੀ ਚੀਖ਼ਦੀ, ਪੀੜ ਜਿਹੀ ਖ਼ੁਸ਼ੀ ਵਿਚ !

ਹੀਰ ਨੂੰ ਹੋਰ ਕੁਝ ਨਾ ਸੁੱਝਿਆ,
ਬੱਸ ਆਪਣੀ ਸੁਹਣੱਪ ਉਹ ਤੋੜ ਤੋੜ ਵਾਰਦੀ,
ਆਪਣੇ ਹੋਠਾਂ 'ਤੇ ਆਪ ਬੈਠ ਲੀਰਾਂ ਲੀਰਾਂ ਹੋ ਉਹ,
ਰਾਂਝੇ ਦੇ ਸੁਹਣੱਪ ਨੂੰ ਕੱਜਦੀ,
ਹਾਏ ! ਆਖਦ,ਿ ਇਹ ਮਾਲ ਰੱਬ ਨਾਂਹ ਚੁਰਾ ਲਏ ।

ਹੀਰ ਮੂੰਹੋਂ ਬੋਲਦੀ-
ਜਾਗ ਵੇ ਦਿਲਾ ਜਾਗ !
ਇਥੇ ਗੁਸਤਾਖ਼ਾਂ ਨੂੰ ਸੂਲੀਆਂ,
ਇਹ ਅੰਨਿਆਂ ਦਾ ਦੇਸ਼ ਹੈ,
ਨੱਸ, ਉੱਠ, ਓ ਲਾਲ ਵੇ ।
ਕਿੱਥੇ ਤੇਰਾ ਘਰ ਵੇ ?
ਇਥੇ ਕਿੰਜ ਆ ਗਿਉਂ ਵੇ ?
ਜਾਗ ਵੇ ਜਾਗ ਰੱਬ ਜਿਹਾ ।
ਦੱਸ ਤੂੰ ਕੌਣ ਹੈਂ ?
ਆ ਮੋੜ ਭੇਜਾਂ ਤੈਨੂੰ ਉਸ ਅਮੀਰ ਮਾਂ-ਝੋਲ ਵੇ, ਜਿੱਥੇ ਤੂੰ ਪਲ ਰਿਹੋਂ !
ਲਾਲ ਵੇ, ਲਾਲ ! ਇਹ ਕਿਹੀਆਂ ਬੇਪਰਵਾਹੀਆਂ ।
ਕਿਸ ਦੇਵੀ ਜਾਇਆ, ਪੂਰਾ ਕਮਾਲ ਤੇਰੇ ਜਿਹਾ ?
ਉਹ ਕਿਹੜੀ ਆਲੀਸ਼ਾਨ ਕੁੱਖ ਵੇ ?

ਸੁੱਤਾ ਰਾਂਝਾ ਜਾਗਿਆ,
ਅੱਖ ਖੋਹਲ ਜੂ ਵੇਖਿਆ, ਹੀਰ ਸੀ ।
ਹੀਰ ਬੇਹਦ ਬੇਹਾਲ ਖੜੀ ਸੀ,
ਰੂਹ ਟੁਕੜੇ ਟੁਕੜੇ ਕਰ ਵਾਰ ਚੁਕੀ ਸੀ,
ਲੀੜੇ ਸਭ ਪਿਆਰ ਦੀ ਕਚੀਚ ਵਿਚ ਲੀਰ ਲੀਰ ਕਰ ਚੁਕੀ ਸੀ ।
ਅਮੀਰਜ਼ਾਦੀ ਸਿਆਲਾਂ ਦੀ ਗ਼ਰੀਬ ਹੋ ਖੜੀ ਸੀ,
ਕੰਗਾਲ ਜਿਹੀ ਖੜੀ ਸੀ ਕਿਸੇ ਉੱਚੇ ਮਹਿਲ ਦੇ ਦਰੇ 'ਤੇ ।
ਖ਼ੈਰ ਮੰਗਦੀ ਸੀ ਕਿਸੇ ਪਾਸੋਂ, ਚੁੱਪ ਸੀ,
ਝੋਲੀ ਅੱਡੀ, ਭੁੱਖੀ ਭਾਣੀ ਖੜੀ ਸੀ,
ਖੜੀ, ਖੜੀ ਬੁੱਤ ਹੋ ।
ਚੁੱਪ ਉਹਦੀ ਇਉਂ ਅਰਜ਼ ਕਰੇ :-
ਸੁੱਤਾ ਜੇ ਹੈਂ, ਤਾਂ ਹੋਰ ਸੈਂ,
ਜੇ ਜਾਗਿਆ ਹੈਂ, ਤਾਂ ਉੱਠ ਨਾਂਹ,
ਉੱਠਿਆ ਹੈਂ, ਤਾਂ ਹਿੱਲ ਨਾਂਹ,
ਹਿੱਲਿਆ ਹੈਂ, ਤਾਂ ਬਹਿ ਨਾਂਹ,
ਬੈਠਿਆ ਹੈਂ, ਤਾਂ ਖਲੋ ਨਾਂਹ,
ਖਲੋਤਾ ਹੈਂ, ਤਾਂ ਹੱਲ ਨਾਂਹ, ਚੱਲ ਨਾਂਹ,
ਬਹੁ ਸਦੀਵ ਮੇਰੇ ਸਾਹਮਣੇ ।
ਨੈਣਾਂ ਮੇਰੀ ਅਜ਼ਲ ਥੀਂ ਭੁੱਖੀਆਂ,
ਤੂੰ ਮੇਰੀ ਰੋਟੀ,
ਓ ਪਿਆਰ ਦੇ ਚਮਕਦੇ, ਡੁੱਲ੍ਹਦੇ ਸੋਮਿਆਂ !
ਮੈਂ ਹੋਵਾਂ ਤੂੰ ਹੋਵੇਂ,
ਹੋਰ ਨਾਂਹ ਕੋਈ ਜਹਾਨ ਹੋਵੇ ।
ਨੈਨ-ਬੱਧੀ, ਦਿਲ ਬੱਧੀ, ਜਿਸਮ ਤੇ ਜਾਨ-ਬੱਧੀ,
ਤੱਕਾਂ ਮੈਂ ਤੈਨੂੰ ਸਾਹਮਣੇ ।
ਅੱਖਾਂ ਨਾ ਝਮਕਣ ਮੂਲੋਂ,
ਦਿਲ ਦੀ ਚਾਲ ਬੇਮਲੂੰਮ, ਮੱਧਮ,
ਸਾਹ ਦਾ ਪਤਾ ਨਾਂਹ, ਆਵਾਜ਼ ਹੋਵੇ,
ਇਉਂ ਖੜੀ ਹੋਵਾਂ ਤੇਰੇ ਸਾਹਮਣੇ ।
ਮੈਂ ਤੇਰੇ ਸਾਹਮਣੇ,
ਤੇ ਚਾਰੇ ਨੈਣ ਗਾਂਦੇ ਪਿਆਰ ਹੋਵਨ ।

ਓਧਰ ਰਾਂਝਾ ਵੇਖਦੇ ਸਾਰ ਆਖਦਾ-
ਹੀਰ ਇਹ ਹੈ, ਇਸ ਵਿਚ ਸ਼ੱਕ ਨਹੀਂ,
ਅਣਡਿੱਠੀ ਨੂੰ ਪਛਾਣਦਾ, ਦਿਲ ਦੀ ਢੋ ਨਾਲ ।
ਰੂਪ ਤੱਕੇ ਹੀਰ ਦਾ ਖੜਾ ਨੰਗਾ,
ਤੇ ਬਿਜਲੀਆਂ ਦੇ ਫ਼ੀਤਿਆਂ ਦੇ ਫਟੇ ਜਿਹੇ ਕਪੜੇ,
ਲੀਰਾਂ ਲੀਰਾਂ, ਛੱਜ ਛੱਜ, ਨੂਰ ਦੀਆਂ ਲਮਕਦੀਆਂ ।
ਹਵਾ ਝਨਾਂ ਦੇ ਮਸਤ ਅਲਮਸਤ ਝੋਂਕਿਆਂ ਨਾਲ,
ਮੁੜ ਮੁੜ ਹਿਲਦੀਆਂ ਉਹ ਸਾਰੀਆਂ,
ਕਦੀ ਕੋਈ ਹਿੱਸਾ ਨੰਗਾ ਕਰਨ ਜ਼ਰਾ ਜ਼ਰਾ,
ਅੱਧਾ ਦੱਸਣ, ਅੱਧਾ ਕੱਜਣ ਵਾਂਗ ਮੌਜ ਦਰਿਆਵਾਂ,
ਇਸ ਅਗੰਮ ਸਤੋਗੁਣੀ ਸੁਹਣੱਪ ਨੂੰ ।

ਖੇੜੇ ਲੈ ਗਏ,
ਕੁਰਲਾਉਂਦੀ ਹੀਰ ਸਿਆਲ ਨੂੰ,
ਵਿਛੜੀ ਹੰਸਣੀ ਹੰਸ ਥੀਂ
ਦੋਵੇਂ ਕੂਕਦੇ ਕੁਰਲਾਉਂਦੇ, ਅਸਗਾਹ ਬਣੀ ਅਕਲ ਵਿਚ,
ਹਨੇਰਾ ਹੋਇਆ ਜਗਤ ਸਾਰਾ,
ਸੂਰਜ ਡੁੱਬਿਆ ਦੋਹਾਂ ਲਈ,
ਤਾਰੇ ਹਿੱਸੇ, ਚੰਨ ਢਹਿ ਪਿਆ,
ਹਨੇਰੇ ਦੇ ਦੋ ਪਾਟ ਹੋਏ,
ਇਕ ਵਿਚ ਢੱਠੀ ਹੀਰ, ਹੱਥ ਪੈਰ ਮਾਰਦੀ,
ਦੂਜੇ ਵਿਚ ਡੁੱਬਾ ਰਾਂਝਾ ਤਰਨ ਦੀ ਕਰਦਾ,
ਪਿਆਰ ਨਾਲ ਜਹਾਨ ਵੋ,
ਪਿਆਰ ਥੀਂ ਵਿੱਛੜ ਮੌਤ ਏ ਜਹਾਨ ਵੋ,
ਆਸ ਬਚਾਉਂਦੀ ਦਿਲ ਨੂੰ ਧੜਕਾਉਂਦੀ ਚਲਾਉਂਦੀ,
ਨਹੀਂ ਦਿਲ ਜ਼ਰੂਰ ਖਲੋਂਦਾ ਇਸ ਥਾਂ,
ਉਸ ਘੜੀ ਹੀ ਜਦੋਂ ਵਿਛੋੜਾ ਲੁਹਾਰ-ਸੱਟ ਮਾਰਦਾ ।

ਜਗਤ ਸਾਰਾ ਖ਼ਾਲੀ,
ਹਨੇਰਾ ਇਕ ਸਾਗਰ ਜਿਹਾ ਅਨੰਤ ਹੈ,
ਡੂੰਘਾ ਤੇ ਕਾਲਾ ਹੜ੍ਹਾਂ ਦੇ ਹੜ੍ਹ ਵੋ ।
ਕਿਰਨ ਇਕ ਨਾ ਦਿੱਸਦੀ, ਜਗਤ ਸਾਰੇ ਦੀ ਮੱਸਿਆ ।
ਹੱਥ ਪੈਰ ਕੋਲਾ ਕੋਲਾ ਜਾਪਦੇ,
ਜੁੱਸਾ ਇਕ ਕਾਲਖ਼ ਦਾ ਸਾਇਆ ਜਿਹਾ ਹਿੱਲਦਾ, ਜੁੱਲਦਾ, ਕੰਬਦਾ ।
ਤੇ ਇਸ ਪਰਲੇ ਬੇਅੰਤ ਵਿਚ,
ਦੋ ਬਿਰਹੋਂ ਦੀਆਂ ਕੂਕਾਂ,
ਪੁਲਾੜਾਂ ਨੂੰ ਫਾੜਦੀਆਂ ।
ਮਤੇ ਕਿਧਰੇ ਪ੍ਰਕਾਸ਼ ਫਟੇ,
ਵਿਛੜੀਆਂ ਡਾਰ ਦੀਆਂ ਕੂੰਜਾਂ ਨੂੰ ।

ਹੀਰ ਆਖਦੀ :
ਰਾਂਝਿਆ ! ਤੇਰੀਆਂ,
ਦਿੱਸੇ ਹੋਰ ਨਾ ਕੋਈ, ਮੈਨੂੰ,
ਨੈਨ ਮੇਰੇ ਕਮਲੇ,
ਬਾਹਾਂ ਤੇਰੀਆਂ, ਵੀਣੀਆਂ, ਉਂਗਲਾਂ,
ਹੱਥ ਤੇਰੇ ਤੇ ਅਰਕਾਂ ਮੋਢੇ ਤੇਰੇ, ਤੇਰੀਆਂ,
ਗਰਦਨ ਤੇਰੀ, ਮੁੜ ਮੁੜ ਚੱਕੇ ਸਿਰ ਇਹ,
ਉਠਾ ਕਰ ਉੱਤੇ ਪਾਣੀਆਂ ਦੇਖੇ, ਕਿਧਰੇ ਦਿੱਸੇਂ ਤੂੰ ਰਾਂਝਣਾਂ ।
ਮੁੜ ਧੋਣ ਡਿੱਗੇ ਕਾਲੇ ਜਲਾਂ 'ਤੇ, ਹਨੇਰਿਆਂ ਉੱਪਰ ਤਰਦੀਆਂ,
ਧੌਣ ਇਹ ਤੇਰੀ ਕੂੰਜ ਦੀ, ਸਦਕੇ ਤੇਰੀਆਂ,
ਨੈਣ ਵਿਛਦੇ ਇਹ ਮੁੜ ਮੁੜ,ਆਖਣ ਅਸੀਂ ਰਾਹ ਤੇਰੇ,
ਸਿਰ ਪਿਆ ਆਖਦਾ, ਫ਼ਰਸ਼ ਤੇਰਾ, ਸਦਕੇ ਤੇਰੀਆਂ,
ਸਿਰ ਤੇਰਾ, ਧੌਣ ਤੇਰੀ, ਨੈਨ ਤੇਰੇ, ਭਰਵੱਟਿਆਂ,
ਇਹ ਰੁਖ਼ਸਾਰ ਤੇਰੇ, ਹੋਠ ਤੇਰੇ, ਕੰਨ ਤੇ ਵਾਲੀਆਂ,
ਮੱਥਾ ਤੇਰਾ, ਛਾਤੀ ਤੇਰੀ, ਤੇਰਾ ਇਹ ਜੋਬਨਾ ;
ਪੈਰ ਤੇਰੇ, ਗੋਡੇ ਤੇਰੇ, ਤੇਰੀਆਂ ਇਹ ਵੀਣੀਆਂ,
ਤੇਰੇ ਇਹ ਗਿੱਟੇ ਤੇ ਪੱਸਲੀਆਂ ਤੇਰੀਆਂ ਕਮਰੀਆਂ,
ਤੇਰੀ ਇਹ ਕੰਡ ਸਾਰੀ, ਸਦਕੇ, ਸਦਕੇ ਤੇਰੀਆਂ ।
ਵੱਖ ਵੱਖ ਤੇਰੀ, ਭੋਰੀ ਭੋਰੀ, ਜ਼ਰਾ ਜ਼ਰਾ, ਪੁਰਜ਼ਾ ਪੁਰਜ਼ਾ ਤੇਰੀਆਂ,
ਵਾਲ ਵਾਲ ਤੇਰੀ, ਕਤਰਾ ਕਤਰਾ, ਹਰ ਪਾਸਿਓਂ ਤੇਰੀਆਂ ;
ਦਿਲ ਤੇਰਾ, ਰੂਹ ਤੇਰਾ, ਜਾਨ ਤੇਰੀ ਜਿੰਦੜੀਆਂ,
ਹੀਰ ਤੇਰੀ, ਸਦਾ ਤੇਰੀ, ਸਾਰੀ ਤੇਰੀਆਂ ਤੇਰੀ, ਤੇਰੀ, ਸੱਜਨੀਆਂ ।
ਰੋਜ਼ ਇਹ ਨਮਾਜ਼ ਹੀਰ ਦੇ,
ਖੇੜਿਆਂ ਦੀ ਮਸੀਤ ਵਿਚ,
ਬਿਰਹਾ ਦੀ ਕੂਕ ਇਹ,
ਵਾਰ ਵਾਰ ਸੁੱਟਦੀ,
ਮੁੜ ਮੁੜ ਗਿਣਦੀ ਸਵਾਸ ਰਾਂਝੇਟੜੇ ਵਾਲੇ,
ਮੁੜ ਮੁੜ ਫੁਕਦੀ ਪਿਆਰ ਨੂੰ ।

ਆ,ਮੇਰੇ ਰਾਂਝਾ ! ਹੱਥ ਪਾ ਕੰਙਣਾਂ,
ਹਾਲੇ ਨਿਕਾਹ ਹੱਕ ਹੋਣਾ ਜ਼ਰੂਰ ਹੈ ।
ਰੱਬ ਨੂੰ ਪੁਕਾਰਦੀ,
ਕਦੀ ਰੋਂਦੀ, ਕਦੀ ਹੱਸਦੀ,
ਕਦੀ ਕੱਪੜੇ ਉਹ ਫਾੜਦੀ,
ਕਦੀ ਪਹਿਨਦੀ ਬਾਦਲਾ ਜ਼ਰੀ,
ਤੇ ਲਾ ਲਾ ਗਹਿਣੇ ਆਪ ਨੂੰ ਸਵਾਰਦੀ,
ਆਪ ਮੁਹਾਰੀ ਹੋਠਾਂ ਵਿਚ ਗੱਲਾਂ ਪਈ ਕਰਦੀ,
ਫੂਕ ਫੂਕ ਹੋਠਾਂ ਦੀ ਅੱਗ ਬਾਲਦੀ,
ਹੋਠ ਪਏ ਭਕਦੇ, ਹਿਲਦੇ ਪਾਗਲ ਜਿਹੀ ਹੀਰ ਉਹ ।
ਕਦੀ ਸੌਂਵਦੀ, ਜਾਗਦੀ,
ਠੰਢੇ ਸਵਾਸ ਆਣ,
ਕਦੀ ਲੱਖ ਲੱਖ ਸ਼ੁਕਰ ਗੁਜ਼ਾਰਦੀ,
ਕਦੀ ਗਾਲ੍ਹੀਆਂ ਕੱਢੇ ਉਹ ਸਭ ਨੂੰ,
ਕਦੀ ਅਸੀਸਾਂ ਦੇਵੇ ਵਿਛੁੜ ਜਾਣ ਨੂੰ,
ਕਦਮ ਕਦਮ ਚੁੰਮਦੀ,
ਰੂਹ ਪਈ ਪੱਕਦੀ,
ਪਿਆਰ ਨਾੜਾਂ ਪਈਆਂ ਖਿਚੀਂਦਆਂ,
ਪਿਆਰ-ਅਲਾਪ ਹੋਣ ਨੂੰ ।

ਜਿਧਰੋਂ ਰਾਂਝੇ ਦਾ ਝਾਂਵਲਾ ਦਿੱਸੇ,
ਉਧਰੋਂ ਜੇ ਵਗੇ ਹਵਾ ਸੁਹਣੀ ਖ਼ਾਸ ਕੋਈ ਹਵਾ ਨਾਮ ਭਰੀ,
ਹੀਰ ਦੀ ਰਗ ਰਗ, ਨਾੜ ਨਾੜ ਵੱਜਦੀ,
ਦਿਲ ਵਿਚ ਆਪ ਮੁਹਾਰਾ ਰਾਗ ਹੋਂਵਦਾ,
ਹੀਰ ਉਸ ਵੇਲੇ ਭਖਦੀ, ਅੱਗ ਦੀ ਦੇਵੀ ਦਿਸਦੀ ।

ਪਰ ਜੇ ਉਹ ਸਵਾਂਤੀ ਨਛੱਤਰ ਦਾ ਪੁਰਾ ਬੰਦ ਹੋਵੇ,
ਤੇ ਹਵਾ ਕੋਈ ਚਲੇ ਕਿਸੇ ਹੋਰ ਤਰਫ ਦੀ,
ਪਿੰਡੇ ਲਗਦੇ ਹੀ ਉਹਦੇ, ਹੀਰ ਚੀਖ਼ਦੀ,
ਬੇਵੱਸ ਇਹ ਪੁਕਾਰਦੀ, ਇਹ ਸੁਰ ਉਹ ਨਹੀਂ,
ਬੰਦ ਹੋ, ਠਹਿਰ ਜਾ, ਇਹ ਮੇਰੀ ਹਵਾ ਨਹੀਂ,
ਤੇ ਕੂਕਦੀ :
ਮੁੜ ਆ ਇਕ ਵੇਰ, ਫਿਰ ਸਦਕੇ,
ਤੂੰ ਹੇ ਹਵਾਵਾਂ ਦੀਏ ਸਿਰਦਾਰੇ ।
ਚਰਨ ਉਸ ਦੇ ਧੂੜ ਦੀ ਭਰੀ,
ਆ ਲੱਗ ਮੱਥੇ ਮੇਰੇ,
ਪਾ ਜੱਫੀਆਂ ।
ਇਹੋ ਛੁਹ ਤੇਰੀ,
ਇਸ ਰਾਤ ਦੀ ਸਵੇਰ ਮੇਰੀ,
ਇਹੋ ਇਸ ਹਨੇਰ ਦਾ ਚਾਨਣ ਮੇਰਾ,
ਆ ਲੱਗ ਪਿੰਡੇ ਤੱਤੇ ਨੂੰ,
ਆ ਅੰਗ ਲਾ ਮੈਨੂੰ,
ਛੇੜ ਉਹ ਸੁਰ ਤੂੰ ਇਸੇ ਪਿਆਰ ਵਾਲੀ,
ਹੋਰ ਛੇੜ ਨਾ ਕੋਈ ਸੁਰ ਤੂੰ, ਦਰਦ ਅਪਾਰ ਨੀ ਸਹੇਲੀਏ ।

ਮਿੱਠੀ ਤੇਰੀ ਛੁਹ ਸਦਕੇ,
ਮਿੱਠਾ ਉਹ ਬੋਲ ਜਿਹੜਾ ਤੂੰ ਛੇੜਦੀ,
ਨਿੱਕੀ ਨਿੱਕੀ, ਰੁਮਕਦੀ ਆ ਤੂੰ,
ਦਿਲ ਵਿਚ ਲਿਆ ਤੂੰ ਰਾਂਝੇ ਵਾਲਾ ਝਾਂਵਲਾ,
ਬਿਨ ਤੇਰੇ ਮੈਂ ਕੁਸਦੀ ਦਾ ਈਮਾਨ ਠੀਕ ਨਹੀਂ ਬੱਝਦਾ,
ਵੱਗੀ ਆ, ਤੂੰ, ਸਿੱਧੀ ਆ,
ਡਰ ਨਾਂਹ, ਝੁਲਦੀ ਆ,
ਖੁੱਲ੍ਹੀ ਆ, ਤੂੰ ਲੱਗ ਛਾਤੀ ਮੇਰੀਆਂ,
ਮੈਂ ਫੁੱਲੀ ਸਰਸੋਂ ਦੀ ਵਾੜੀ,
ਸਦਾ ਉਡੀਕਦੀ ਤੇਰੀ ਛੇੜ ਨੂੰ ।

ਮੈਂ ਵਿਛੜੀ ਉਡੀਕਦੀ,
ਨਿੱਕੀਆਂ ਨਿੱਕੀਆਂ ਨਿਸ਼ਾਨੀਆਂ,
ਰਾਂਝੇ ਦੇ ਓੜਕ ਪਿਆਰ ਦੀਆਂ ।
ਮੈਂ ਸ਼ਗਨ ਮਨਾਉਂਦੀ,
ਮੈਂ ਬਨੇਰੇ 'ਤੇ ਬੈਠੇ ਕਾਂ ਨੂੰ ਮੁੜ ਮੁੜ ਆਖਾਂ,
ਉਡ ਕਾਵਾਂ, ਤੈਨੂੰ ਚੂਰੀਆਂ ਪਾਵਾਂ ;
ਦੱਸ ਨਾ ਅੱਜ ਕੌਣ ਮੇਰੇ ਦਿਲ-ਵੇਹੜੇ ਆਵਸੀ ।

ਮੈਂ ਸੁਨੇਹੇ ਦੇਂਦੀ ਵਗਦੇ ਝਨਾਂ ਨੂੰ,
ਮੈਂ ਕਬੂਤਰਾਂ ਦੇ ਗਲ ਦੀਆਂ ਗਾਨੀਆਂ ਵਿਚ, ਲਿਖ ਲਿਖ ਚਿੱਠੀਆਂ ਲਟਕਾਉਂਦੀ,
ਤੇ ਆਖਦੀ-ਜਾਹ ਉੱਠ ਸੱਜਣਾ ।
ਦੂਰ ਜਾਈਂ, ਜਿੱਥੇ ਸਾਈਂ,
ਦੇਵੀਂ ਜਾ ਇਹ ਪਾਤੀਆਂ ।

ਕਬੂਤਰਾਂ ਦੀ ਉਡਾਰੀ ਮੰਗਾਂ,
ਹਿਰਨਾਂ ਥੀਂ ਚੌਂਕੜੀਆਂ,
ਖੁੱਲ੍ਹ ਮੰਗਾਂ, ਖੰਭ ਮੰਗਾਂ ਰੱਬ ਥੀਂ,
ਪੈਰਾਂ ਥੀਂ ਜਕੜੀਆਂ ।

ਬਾਹਾਂ ਨਾਲ ਮੁੜ ਮੁੜ ਹਟਾਵਾਂ ਮੈਂ,
ਇਹ ਅੰਨ੍ਹੀ ਹਨੇਰੀਆਂ,
ਪਛਾੜਾਂ ਮੈਂ ਕਾਲਖ ਦੀਆਂ ਲਹਿਰਾਂ ਭਰ ਭਰ ਕਲਾਵੇ,
ਦੰਦਾਂ ਨਾਲ ਪਾੜਾਂ ਇਹ ਪੁਲਾੜ ਸਾਰਾ,
ਤੇ ਗੰਢਾਂ ਤੋੜਾਂ ਕਿਸਮਤ ਵਾਲੀਆਂ ਚੁਫੇਰੀਆਂ ।
ਲੋਚਾਂ ਦਿਲ ਆਪਣੇ ਦੇ ਤਖ਼ਤ 'ਤੇ,
ਉਸ ਪਾਤਸ਼ਾਹ ਦੀਆਂ ਸਵਾਰੀਆਂ ।


ਹੀਰ ਜਦ ਖੇੜਿਆਂ ਨੂੰ ਵਿਆਹੀ ਗਈ,
ਰਾਂਝਾ ਮਹੀਆਂ ਹੀਰ ਦੀਆਂ ਦੇ ਗਲ ਲੱਗ ਰੋਂਵਦਾ ।
ਜਾਨਵਰ ਜਾਣਦੇ ਰਾਂਝੇ ਦੇ ਦਿਲ ਨੂੰ,
ਜਿਹੜਾ ਆਦਮੀ ਬਣ ਮਨੁੱਖ ਨਾ ਪਛਾਣ ਸਕੇ ।
ਮੱਝਾਂ ਦੀਆਂ ਅੱਖਾਂ ਵਿਚ ਅੱਥਰੂ ਆਏ,
ਸਿਰ ਸਾਰੇ ਆਪਣੇ ਮੁੜ ਮੁੜ ਉਹ,
ਰਾਂਝੇ ਦੀਆਂ ਬਾਹਾਂ ਵਿਚ ਸੁੱਟਦੀਆਂ,
ਚੁਪ ਬੇਜ਼ਬਾਨ ਉਹ ਦਿਲ ਦੀਆਂ ਦੱਸਦੀਆਂ :

ਬੇਲੇ ਸਿਆਲਾਂ ਦੇ ਸੱਖਣੇ ਅੱਜ ਥੀਂ ਮਾਲਕਾ ।
ਘਰੀਂ ਦੁੱਧ ਦਹੀਂ ਸੁੱਕਿਆ ਇਨ੍ਹਾਂ ਸਿਆਲਾਂ ਦੇ,
ਕੁਰਲਾਵਣਗੇ ਰਾਹ ਬਾਰ ਦੇ,
ਸਭ ਬੂਟੇ ਰੋਵਸਣ ਜ਼ਾਰ ਜ਼ਾਰ,
ਰਾਂਝੇ-ਪਿਆਰ ਦੀ ਛੋਹ ਨੂੰ ਤਰਸਦਿਆਂ ।

ਗੱਲਾਂ ਕੁਝ ਮਹੀਆਂ ਨਾਲ ਕਰ,
ਇਸ ਤਰ੍ਹਾਂ ਬੇਜ਼ਬਾਨ ਜਿਹੀਆਂ,
ਪਤਾ ਨਹੀਂ ਕਿੱਥੇ ਟੁਰ ਗਿਆ ਰਾਂਝਾ,
ਮਹੀਆਂ ਕੁਰਲਾਉਂਦੀਆਂ ਆਉਂਦੀਆਂ,
ਅੜਾਂਦੀਆਂ ਪਿੱਛੇ ਪਿਆਰ ਦੇ ।
ਰਾਂਝਾ ਆਖਦਾ ਵੜਾਂਗੇ ਮੁੜ ਮੁਲਕ ਖੇੜਿਆਂ ;
ਤੇ ਚੰਗੇ ਚੜ੍ਹੇ ਦਿਨ ਕੱਢ ਆਣਸਾਂ ਹੀਰ ਆਪਣੀ ਏ,
ਅਜੇ ਖੁੱਲ੍ਹੀ ਪਿਆਰੀ ਦੀ ਮੇਂਹਡੜੀ ਏ ।
ਧੜੀ ਲਾਹ ਸੁੱਟੀ, ਮੇਂਹਡੀ ਖੋਹਲ ਦਿੱਤੀ,
ਹਰਿ ਸਦਾ ਮੈਂਡੜੀ ਮੈਂਡੜੀ ਮੈਂਡੜੀ ਏ ।

ਜਿਹੜਾ ਹੱਥ ਲਾਏ ਉਹਦਾ ਹੱਥ ਸੜਸੀ,
ਉਹ ਸਾਲੂ ਪਿਆਰ ਦਾ-ਅੱਗ ਇਕ ਭੜਕਦੀ ਏ
ਸ਼ੁਅਲਾ ਪਿਆਰੀ ਦੇ ਹੱਥ ਵਿਚ, ਮਹਿੰਦੀ ਨਾਂਹ,
ਪੈਰ ਵਿਚ ਸ਼ੁਅਲਾ ਬਲਦਾ ਹੀਰ ਦੇ
ਅੱਗ ਬਾਲ ਚੁਫੇਰੇ ਅੰਦਰ ਸਤਰ ਘੱਤ ਬੈਠੀ,
ਹੀਰ ਪਿਆਰੜੀ ਏ ।
ਗ਼ਮ ਲੀਕ ਚੁਗਿਰਦੇ, ਰੱਖ ਰੱਬ ਦੀ ਉਹਨੂੰ,
ਕੰਡੀ ਪੀਰ, ਫ਼ਕੀਰ, ਗੁਰੂ ਸੱਚਾ,
ਹੀਰ ਅਰਸ਼ ਥੀਂ ਲੱਥੀ ਕੋਈ ਤਪਸਵਨੀ ਏ ।

ਕੌੜੇ ਘੁੱਟ ਵਾਂਗ ਵਕਤ ਲੰਘ ਜਾਸੀ,
ਖੇੜੇ ਪੈਰੀਂ ਪੈਸਨ, ਡੋਲਾ ਭੱਜ ਜਾਸੀ,
ਸਿਆਲਾਂ ਦੀ ਧੀ ਹੈ ਹੀਰ ਮੇਰੀ,
ਖੇੜਿਆਂ ਦੀ ਭੈਣ, ਹੁਣ ਉਹ ਫ਼ਕੀਰਨੀ ਏ ।

ਜੰਞ ਚਾੜ੍ਹ ਕੇ,
ਕੰਙਣਾ ਬੰਨ੍ਹ ਕੇ, ਮੈਂ ਜਾਸਾਂ
ਗੱਜ ਵੱਜ ਕੇ, ਸਜ ਧਜ ਨਾਲ,
ਪਿਆਰ-ਡੋਲੀ ਵਿਚ ਪਾ ਮੈਂ ਲਿਆਸਾਂ,
ਇਹ ਧੁਰਾਂ ਦੇ ਸੰਜੋਗ ਕਿਸ ਮੋੜਨੇ ਨੀ ?
'ਹੀਰ' 'ਹੀਰ' ਮੇਰੀ ਚਾਰ ਚੁਫੇਰੇ ਮੈਨੂੰ ਦਿੱਸਦੀ ਏ,
ਮੇਰੇ ਦਿਲ ਵਿਚ ਹਿਲਦੇ ਦਿਲ ਨੂੰ ਛੋਹ ਛੋਹ ਕੇ,
ਉਸ ਕੰਵਾਰੀ ਦੇ ਕੰਨਾਂ ਦੇ ਹਿਲਦੇ ਝੁਮਕੇ ।
ਪੰਜੇਬਾਂ ਦੀ ਛਣ ਛਣ ਪੈਂਦੀ ਮੇਰੀ ਰੂਹ ਵਿਚ,
ਉਹਦੇ ਕੱਪੜਿਆਂ ਦੀ ਖੜਾਕ ਲੱਗਦੀ ਮੇਰੇ ਦਿਲ ਦੀਆਂ ਕਿੰਗਰੀਂ ।
ਉਹਦੇ ਹੱਥ ਪੈਰ ਦਾ ਪਿਆਰ-ਨਾਚ ਮੈਂ ਵਿਚ ਥੰਮ ਥੰਮ, ਧਮ ਧਮ ਹੋਂਵਦਾ ।
ਮੈਂ ਕੰਬ ਕੰਬ ਕੰਬਦਾ,
ਉਹਦੀ ਬਾਹਾਂ ਦੀ ਉਲਾਰ,
ਉਹਦੀਆਂ ਵੰਙਾਂ ਦੀ ਛਣਕਾਰ,
ਉਹਦੀ ਚਾਲ, ਉਹਦੇ ਸਿਰ ਦੀ ਸੁਹਣੀ ਝੂਮ ਝੂਮ,
ਉਹਦੇ ਨੈਣਾਂ ਦਾ ਰਾਗ ਮੈਂ ਵਿਚ ਸਾਰਾ ਗੂੰਜਦਾ ।

ਕਦੀ ਹੱਥ ਮੇਰੇ ਹੀਰ ਦੇ ਹੱਥ ਨਾਲ ਵੱਟਦੇ ।
ਕਦੀ ਪੈਰ ਮੇਰੇ ਉਹਦੇ ਪੈਰ ਹੋਂਵਦੇ,
ਕਦੀ ਮੁੱਖ ਮੇਰੇ ਵਿਚ ਹੀਰ ਦਾ ਮੁੱਖ ਦਿੱਸਦਾ,
ਮੈਂ ਮੁੜ ਮੁੜ ਹੀਰ ਹੀਰ ਹੋਂਵਦਾ,
ਉਹਦੇ ਗਹਿਣੇ ਮੇਰੇ ਹੱਥਾਂ ਪੈਰਾਂ ਵਿਚ ਪਏ ਦਿੱਸਦੇ ।

ਦੂਰ ਗਈ ਹੀਰ ਖੇੜਿਆਂ ਦੇ ਕੋਲ,
ਪਰ ਕਦੀ ਨੇੜੇ ਨੇੜੇ ਦਿੱਸਦੀ,
ਭੁਲੇਖਾ ਪਿਆ ਪੈਂਦਾ,
ਹੀਰ ਗਈ ਖੇੜਿਆਂ ਪਾਸ,
ਜਾਂ ਮੈਂ ਉੱਠ ਗਿਆ ਉੱਥੇ,
ਮੈਂ ਤਾਂ ਹੀਰ ਹੀਰ ਹੋਂਵਦਾ ।

ਕਦੀ ਕਦੀ ਸਭ ਕੁਝ ਹੀਰ ਦਾ,
ਮਨ, ਤਨ, ਜਾਨ ਵੀ, ਜਿਸਮ ਮੇਰਾ
ਹੀਰ ਦਾ ਬਣ ਜਿਉਂਦਾ,
ਮੈਂ ਪਤਾ ਨਹੀਂ ਕਿੱਥੇ ਗੁਆਚਾ ਜਿਹਾ ਹੋਂਵਦਾ ;
ਇਹ ਕੀ ਪਿਆਰ ਦਾ ਗਡਵਡ ਹੋਂਵਦਾ ?
ਮਾਸ, ਕਿੰਜ ਤੇ ਹੱਡੀਆਂ ਵੀ ਅਦਲ ਬਦਲ ਹੋਂਵਦੀਆਂ,
ਹੀਰ ਦੀਆਂ ਹੱਡੀਆਂ ਮੇਰੀਆਂ ਹੱਡੀਆਂ ਨੂੰ ਵੱਜਦੀਆਂ,
ਖੜਕ ਹੁੰਦੀ ਰਲ ਮਿਲ ਜਾਂਦੀਆਂ,
ਇਹ ਰੂਹਾਨੀ ਖੜਾਕ ਪਿਆਰ ਦਾ ਆਉਂਦਾ ।

੫. ਜਵਾਨ ਪੰਜਾਬ ਦੇ


ਇਹ ਬੇਪ੍ਰਵਾਹ ਜਵਾਨ ਪੰਜਾਬ ਦੇ,
ਮੌਤ ਨੂੰ ਮਖ਼ੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ ।

ਪਿਆਰ ਨਾਲ ਇਹ ਕਰਨ ਗ਼ੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ :
ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ 'ਤੇ ਉਲਾਰਦੇ ।
ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ
ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ 'ਤੇ ।
ਜਵਾਨ ਖੁੱਲ੍ਹੇ ਖੋਲ੍ਹੇ ਪਿਆਰਿਆਂ,
ਆਜ਼ਾਦੀ ਦੇ ਪਿਆਰ ਵਿਚ,
ਦੁਨੀਆਂ ਥੀਂ ਵਿਹਲੇ,
ਦੀਨ ਥੀਂ ਵੀ ਵਿਹਲੇ,
ਰਲੇ ਨਾ ਰਲੀਂਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ ।
ਮੰਨੇ ਨਾ ਮਨੀਂਦੇ ਕਦੀ, ਕੁੱਦ ਕੁੱਦ, ਉੱਛਲਦੇ ਡੁਲ੍ਹਦੇ,
ਮਰਜ਼ੀ ਦੇ ਮਾਲਕ ਇਹ,
ਦਿਲ ਦੇ ਚਾਅ ਉੱਤੇ ਉੱਲਰਦੇ ।
ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ 'ਤੇ ਰੀਝਣ ਤੇ ਪਸੀਜਣ ਸਾਰੇ,
ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ ।
ਇਨ੍ਹਾਂ ਦਾ ਕੁਝ ਥਹੁ ਨਹੀਂ ਲੱਗਦਾ ।
ਹੱਥਾਂ ਵਿਚ ਗੋਹਲੇ ਕੀਤੀ ਕਿਸੇ ਵੀ ਪਾਤਸ਼ਾਹ ਨੇ,
ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿਚ ।
ਪਿਆਰ ਦਾ ਨਾਮ ਇਨ੍ਹਾਂ ਸਿੱਖਿਆ,
ਦਿਲ ਜਾਨ ਵਾਰਨ ਇਹ ਪਿਆਰ 'ਤੇ,
ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ,
ਰਾਂਝੇਟੜੇ ਦੇ ਨਿੱਕੇ ਵੱਡੇ ਭਰਾ ਸਾਰੇ,
ਬੇਲਿਆਂ ਤੇ ਰੱਖਾਂ ਵਿਚ ਕੂਕਾਂ ਮਾਰਦੇ ।
ਬਾਲ ਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ ,
ਸਤਿਗੁਰਾਂ ਦੇ ਸਿੱਖ ਨੂੰ ਪਾ ਹੱਥ ਰੋਇਆ ।
ਇਸ ਜੱਟ-ਮੱਤ ਵਿਚ ਯੋਰਾਂ ਦਾ ਜੋਗ ਸੀ,
ਦੇਖ ਹੈਰਾਨ ਪਸ਼ੇਮਾਨ ਹੋਇਆ, ਬਖ਼ਸ਼ਿਆ,
ਟੋਰਿਆ, ਟਿੱਲੇ ਥੀਂ ਅਸੀਸ ਦੇ, ਹਾਰਿਆ,
ਤੇ ਮਚਲਾ ਜੱਟ ਆਖੇ-
ਮੁੰਦਰਾਂ ਲੈ ਆਪਣੀਆਂ ਮੋੜ ਬਾਵਾ !
ਤੇ ਕੰਨ ਮੇਰੇ ਮੁੜ ਸਬੂਤ ਕਰ ਤੂੰ ਭਲੇ ਮਾਣਸਾ
ਕੰਨਾਂ ਨੂੰ ਕਾਹਨੂੰ ਚਾ ਪਾੜਿਆ ?
ਜੋਗ ਦੀ ਮੈਨੂੰ ਕੀ ਲੋੜ ਸੀ ? ਨਾਥਾ ਦੱਸ ਖਾਂ ?
ਮੈਂ ਸਿੱਖਿਆ ਸੀ ਨਾਮ ਪਿਆਰ ਦਾ
ਤੇ ਹੱਡਾਂ ਵਿਚ ਪਿਆਰ ਪਿਆ ਖੜਕਦਾ,
ਨਾਮ ਪਿਆ ਵੱਜਦਾ,
ਜੋਗ ਤੇਰਾ ਹੋੜਦਾ ਇਸ਼ਕ ਥੀਂ ਕਮਲਿਆ ।
ਮੋੜ ਮੇਰੇ ਕੰਨ, ਲੈ ਮੋੜ ਆਪਣੀਆਂ ਮੁੰਦਰਾਂ ।

ਇਹੋ ਜਿਹੀ ਜਿੰਦ ਤੇ ਖੁੱਲ੍ਹ ਦਾ ਸੁਭਾ,
ਜਿਹੜਾ ਚਾਬਕ ਨਹੀਂ ਸਹਾਰਦਾ,
ਕੋਤਲ ਘੋੜੇ ਵਾਂਗ ਸੰਵਾਰੇ ਕੋਈ ਨਿੱਤ ਨਵਾਂ,
ਤੇ ਵਹੇ ਇਨ੍ਹਾਂ ਜਵਾਨਾਂ ਦੀ ਮੌਜ ਨਾਲ,
ਤਦ ਤਾਂ ਪਲ ਛਿਣ, ਰੁਮਕ ਰੁਮਕ ਤੁਰਨ ਇਹ,
ਪਰ ਫਿਰ ਵੀ ਖ਼ਤਰਾ ਇਨ੍ਹਾਂ ਦੇ ਅੱਥਰੇਪਨ ਦਾ ਹਰਦਮ ਰਹਿੰਦਾ ।
ਬਾਂਕੇ ਛਬੀਲੇ ਪੰਜਾਬ-ਪਿਆਰ ਦੇ ਰਹਿਣ ਵਾਲੇ,
ਪੰਜਾਬੀ ਮਾਵਾਂ ਦੇ ਪੁੱਤਰ,
ਰੱਖਣ ਨਾ ਜਾਨ ਸੰਭਾਲ ਇਹ,
ਜਾਨ ਵਾਰਨ ਨੂੰ ਇਹ ਜਾਣਦੇ,
ਲਹੂ ਵੀਟਣ ਥੀਂ ਨਾ ਡਰਨ ਇਹ,
ਤੇ ਜੰਗ ਮੈਦਾਨ ਵਿਚ ਨੱਸਣਾ ਨਾ ਇਹ ਪਛਾਣਦੇ ।
ਕਰਨ ਕੀ ਇਹ ?
ਓੜਕ ਦਾ ਰੂਹ ਜ਼ੋਰ ਆਇਆ ਪੰਜਾਬ ਵਿਚ,
ਸਤਿਗੁਰਾਂ ਦੇ ਕਦਮਾਂ ਤੇ ਰਾਹਾਂ ਦੇ ਸਦਕੇ,
ਹੜ੍ਹ ਆਏ ਰੱਬ ਦੇ ਪ੍ਰਕਾਸ਼ ਦੇ,
ਤੇ ਠਿਲ੍ਹਣ ਨਾ ਇਹ ਪੰਜਾਬੀ, ਇਹ ਵੱਸ ਕਿਸ ਦੇ ?
ਇਹ ਜੀਣ, ਥੀਣ ਜ਼ੋਰ ਲਾ ਲਾ, ਕੁਝ ਵੱਸ ਨਾਂਹ ਕਿਸੇ ਦੇ,
ਪੰਜਾਬ ਵਿਚ ਸਤਿਗੁਰਾਂ ਦੀ ਨਿਗਾਹ ਵਿਚੋਂ
ਜੀਵਨ-ਬਿਜਲੀਆਂ ਦੇ ਅਸਗਾਹ ਦਰਿਆ ਵਗ ਉੱਠੇ,
ਝਨਾਂ ਤੇ ਰਾਵੀ ਤੇ ਸਤਲੁਜ ਤੇ ਬਿਆਸ ਤੇ
ਜੇਹਲਮ ਤੇ ਅਟਕ ਸਭ ਬਲ ਉੱਠੇ ;
ਗੁਰੂ ਦਾ ਜਪੁ ਸਾਹਿਬ ਗਾਉਂਦੇ ।
ਇਉਂ ਅਥਾਹ ਪ੍ਰਵਾਹ ਹੋਇਆ,
ਸੁੱਕਾ ਨਾਂਹ ਰਿਹਾ ਕੋਈ ਥਾਂ ।
ਹਿੰਦੂ, ਮੁਸਲਮਾਨ, ਪੰਛੀ, ਪਸ਼ੂ, ਆਦਮੀ ਸਭ ਭਿੱਜਿਆ,
ਡੁੱਬਿਆ ਅੰਮ੍ਰਿਤ ਉਸ ਨਿਗਾਹ ਵਿਚ ।
ਇੱਥੇ ਜਾਨ ਆਈ, ਰੂਹ ਆਇਆ, ਰੱਬ ਆਇਆ,
ਗੀਤ ਅਸਮਾਨੀ ਆਇਆ, ਦਿਲ ਆਇਆ ਬਖ਼ਸ਼ ਦਾ ;
ਇੱਥੇ ਚਾਅ ਦੇ ਅਸਮਾਨ ਟੁੱਟੇ,
ਇੱਥੇ ਹੁਸਨ ਖ਼ੁਦਾਈ ਦਾ ਅਵਤਾਰ ਆਇਆ,
ਇੱਥੇ ਦਿਲ ਚੁਭਵੀਆਂ ਮੂਰਤਾਂ,
ਨਿਗਾਹਾਂ ਦੇ ਤੀਰਾਂ ਦੇ ਮੀਂਹ ।

ਇੱਥੇ ਦਾਤੇ ਬਲਕਾਰ ਆਏ,
ਇੱਥੇ ਸਾਈਂ ਦੇ ਪਿਆਰੇ ਆਏ,
ਇਸ ਧਰਤੀ ਵਿਚ ਕਲਗੀ ਵਾਲੇ ਦੇ ਘੋੜੇ ਦੇ ਸੁੰਮਾਂ ਦੀ ਟਾਪ ਲੱਗੀ,
ਇਥੇ ਸਤਿਗੁਰਾਂ, ਸੱਚੇ ਪਾਤਸ਼ਾਹਾਂ ਦਾ ਨਿਵਾਸ ਹੈ ।


ਗਾਓ ਢੋਲੇ ਯਾਰੋ ਖੁੱਲ੍ਹ ਵਿਚ ਬੇਸ਼ੱਕ ਹੁਣ,
ਵਜਾਓ ਅਲਗੋਜ਼ੇ ਪੋਠੋਹਾਰ ਦੇ ।
ਬਣਨ ਬੈਂਤ, ਉੱਡਣ ਰੰਗ ਗੁਲਾਬ ਦੇ,
ਦਿਲ ਦੀਆਂ ਮੌਜਾਂ ਰੱਬੀ ਜਵਾਨੀਆਂ, ਪੀੜਾਂ ਮੁੱਢ ਕਦੀਮ ਦੀਆਂ ।
ਹਾਂ ! ਐਵੇਂ ਜਦ ਦਿਲ ਅੱਕੇ,
ਉੱਠ ਡਾਂਗਾਂ ਵਰਸਾਓ ਵਾਂਗ ਆਂਧੀਆਂ,
ਇਹ ਤੁਸਾਂ ਦੇ ਡੌਲਿਆਂ ਨੂੰ ਵਰਜ਼ਸ਼ ਜ਼ਰੂਰ ਹੈ ।
ਖੁੱਲ੍ਹੇ ਖੇਤ ਤੇ ਹਵਾਵਾਂ,
ਵਾਟਾਂ ਲੰਮੀਆਂ ਦੇ ਸੈਰ,
ਪੈਰ ਵਾਹਣਿਆਂ ਟੁਰਨਾ,
ਸ਼ਾਮ ਵੇਲੇ ਘਰ ਆਵਣਾ, ਪੰਜਾਹ ਕੋਹ ਮਾਰ ਕੇ ।
ਵਾਹ ਸ਼ੇਰ ਜਵਾਨੀਏ ! ਕੰਮ ਕੁਝ ਨਾਂਹ,
ਪੈਂਡਾ ਮਾਰਨਾ, ਜ਼ਰਾ ਲੱਤਾਂ ਹਿਲਾਣ ਨੂੰ ।

੬. ਰੌਣਕ ਬਜ਼ਾਰ ਦੀ

(ਅੰਮ੍ਰਿਤਸਰ ਹਾਲ ਬਜ਼ਾਰ ਦਾ ਇਕ ਝਾਕਾ )

ਰੂਪ ਰੰਗ ਵੰਨ ਵੰਨ ਦਾ ਮੈਨੂੰ ਹਲਾਲ ਪਿਆ ਕਰਦਾ,
ਮਿੱਠੀ ਮਿੱਠੀ ਗੱਲ ਮੈਨੂੰ ਰੱਸੇ ਪਈ ਪਾਉਂਦੀ,
ਨਿੱਕੀ ਨਿੱਕੀ ਰੁਮਕਦੀ ਹੱਸੀ ਕਿਸੇ ਦੀ ਜ਼ੰਜੀਰਾਂ ਪਈ ਸੱਟਦੀ,
ਸੱਚੀਂ ਉਹ ਜ਼ੰਜੀਰਾਂ ਦਾ ਖੜਾਕ ਪਿਆ ਆਉਂਦਾ,
ਮੇਰੇ ਬੰਨ੍ਹਣ ਦਾ ਸਾਮਾਨ ਹੈ ।
ਪਰ ਮੈਨੂੰ ਮੇਰੀ ਖੁੱਲ੍ਹ ਦਾ ਸ਼ੌਕ ਪਿਆ ਬਚਾਉਂਦਾ,
ਜਿਸ ਨੂੰ ਰੱਖੇ ਸਾਹਿਬ ਸੱਚਾ, ਉਹਨੂੰ ਕੌਣ ਬੰਨ੍ਹੇ ?


ਰੌਣਕ ਬਜ਼ਾਰ ਦੀ ਧਰੂੰਦੀ ਮੈਨੂੰ ।
ਆਦਮੀਆਂ ਦੇ ਇਕੱਠ ਵਿਚ ਇਕ ਖੁਸ਼ੀ,
ਇਕੱਠ ਵਿਚ ਇਕ ਜਿੰਦ ਜਿਹੀ ਦਿੱਸਦੀ,
ਆਦਮੀਆਂ ਦਾ ਦੌੜਦਾ ਹੜ੍ਹ ਪਿਆ ਵੱਗਦਾ ਬਜ਼ਾਰ ਵਿਚ,
ਰੰਗਾਂ ਦਾ ਜਲੌ ਪਿਆ ਆਉਂਦਾ,
ਚਿਹਰਿਆਂ, ਸਿਰਾਂ, ਹੱਥਾਂ, ਪੈਰਾਂ, ਲੱਤਾਂ ਦਾ ਇਕ ਝੁਰਮਟ ਪਿਆ ਪੈਂਦਾ ।
ਇਹ ਕਿਸ ਫੁੱਲ ਉੱਤੇ ਇਨ੍ਹਾਂ ਮਖੋਰੀਆਂ ਦੀ ਡਾਰ ਹੈ ?

ਕਿਸੇ ਰੂਮੀ ਟੋਪੀ ਲਾਲ ਬੁੰਬਲ ਕਾਲੇ ਵਾਲੀ ਪਾਈ ਹੈ,
ਇਹ ਕੋਈ ਈਰਾਨ ਦਾ, ਟਰਕੀ ਦਾ ਫ਼ੌਜ਼ ਵਾਲਾ ।
ਕਿਸੇ ਮਲਮਲ ਦਾ ਸਾਰਾ ਥਾਨ, ਵਾਂਗ ਚਿੱਟੀਆਂ ਲਹਿਰਾਂ ਸਿਰ 'ਤੇ ਲਪੇਟਿਆ,
ਇਹ ਕੋਈ ਪੁਰਾਣੇ ਵੇਲੇ ਦਾ ਸ਼ਰੀਫ ਮੁਸਲਮਾਨ ਜ਼ਿਮੀਂਦਾਰ ਹੈ !
ਕਿਸੇ ਦਾ ਬਨਾਰਸੀ ਦੁਪੱਟਾ ਮਾਰੇ ਗੋਟੇ ਦੀ ਝਲਕ,
ਨਵਾਂ ਮਾਹਰਾਜ ਚਲਿਆ ਮੱਥਾ ਟੇਕਨ ਸਤਿਗੁਰੂ ਰਾਮਦਾਸ ਨੂੰ, ਧੰਨ ਗੁਰੂ ਰਾਮਦਾਸ ਨੂੰ !
ਕਿਧਰੇ ਸੁਹਣੀ ਸਿੱਖ ਪਗੜੀ ਸਿੱਧੀ ਬੱਧੀ ਦਿੱਸ ਆਉਂਦੀ ।


ਨਵੀਆਂ ਨਵੀਆਂ ਕੁਤਰੀਆਂ ਤੇ ਮੁੰਨੀਆਂ ਦਾਹੜੀਆਂ ਦਿੱਸਦੀਆਂ ।
ਹਿੰਦੂਆਂ ਤੇ ਮੁਸਲਮਾਨਾਂ ਦੇ ਸ਼ਰੀਫ਼ ਚਿਹਰੇ, ਬੁੱਢੇ ਤੇ ਜਵਾਨ ਤੇ ਅੱਧਖੜ ਜਿਹੇ ।
ਬਜ਼ਾਰ ਵਿਚ ਗਡਵਡ ਆਪੇ ਵਿਚ ਛੋਂਹਦੇ, ਖੜਕਦੇ, ਲੱਗਦੇ ।
ਸੁਹਣੇ ਨੱਕ, ਕਾਬਲੀ ਤੇ ਚੀਨੀ, ਤੇ ਹੁਨੀ ਤੇ ਈਰਾਨੀ ਯੂਨਾਨੀਂ ਸਾਰੇ ਮਿਲੇ ਜੁਲੇ,
ਸਭ ਗਡਵਡ ਹੁੰਦੇ ਇਸ ਚਲਦੇ ਸਮਾਜ ਵਿਚ ।

ਤਹਿਮਤਾਂ ਤੇ ਪਜਾਮੇਂ ਸਾਰੇ ਰੰਗ ਰੰਗ ਦੇ, ਵੱਖਰੇ, ਵੱਖਰੇ ਢੰਗ ਦੇ ।
ਪੈਰ ਨੰਗੇ, ਜਾਂ ਗਾਮੇਂ ਸਾਹੀ ਲਾਲ ਲਾਲ ਜੁੱਤੀਆਂ,
ਨਵੀਆਂ ਤਿੱਲੇ ਵਾਲੀਆਂ ਹੋਰ ਹੋਰ ਦਿੱਸਦੀਆਂ,
ਝੱਗੇ ਮੈਲੇ ਤੇ ਕੋਰੇ, ਦੁੱਧ ਚਿੱਟੇ ਨੈਨ ਸੁਖ ਮਾਇਆ ਲੱਗੀ ਹੁਣੇ ਪਏ ਖੜਕਦੇ,
ਜਿੰਦ ਜੁੱਸਿਆਂ ਅਨੇਕਾਂ ਵਿਚ ਆਈ, ਵਾਂਗ ਜਾਨਵਰਾਂ ਨੱਸਦੀ ਤੇ ਸ਼ੂਕਦੀ ।
ਉਹ ਤੁਰੀ ਜਾਂਦੀ ਇਸ ਇਕੱਠ ਵਿਚ,
ਨਵੀਂ ਵਿਆਹੀ ਨੂੰਹ ਧੀ, ਭੈਣ ਕਿਸੇ ਦੀ,
ਰੇਸ਼ਮ ਦੇ ਕੱਪੜੇ, ਗੋਟੇ ਨਾਲ ਚਮਕਦੇ,
ਸੱਸ ਨਾਲ ਚੱਲੀ ਹੈ ਜ਼ਮੀਨਦਾਰ ਤੱਕਦੀ,
ਹਰੀ ਮੰਦਰ ਨੂੰ ਸੀਸ ਨਿਵਾਣ ਨੂੰ, ਸ਼ਗਨ ਮਨਾਣ ਨੂੰ ।


ਟੁਰਨ ਤੇ ਟਹਿਲਣ ਤੇ ਦੌੜਨ ਕਿਸੇ ਕਾਹਲ ਵਿਚ ਸਭ ਤਰਜ਼ਾਂ ਵਿਚ,
ਸਭ ਵੇਸ, ਭੇਸ ਵਿਚ, ਇਕ ਮਸਤ ਅਲਗਰਜ਼ੀ, ਬੇ-ਪਰਵਾਹੀ ਟਪਕਦੀ ।
ਮੈਲੇ ਵੀ ਸੋਭਦੇ ਗ਼ਰੀਬ, ਚਿੱਟੇ ਵੀ ਸੋਭਦੇ ਅਮੀਰ ਗ਼ਰੀਬਾਂ ਨਾਲ ।
ਮੁਸਲਮਾਨ, ਸਿੱਖ, ਹਿੰਦੂ, ਕੋਈ ਹੋਵੇ,
ਪੰਜਾਬ-ਬਲੀ ਦੀ ਸੱਚੀ ਸਜ ਸਾਰੀ, ਇਹ ਰਲੀ ਮਿਲੀ, ਮਿਲੀ ਜੁਲੀ ।


ਪੰਜਾਬ ਦਾ ਮੁੱਢ ਕਦੀਮੀ ਸੁਭਾ,
ਤੇ ਚੀਜ਼ਾਂ ਵੇਖਣ ਦਾ ਚਾਅ,
ਇਹ ਇਨ੍ਹਾਂ ਦਾ ਪੁਰਾਣਾ, ਖੁੱਲ੍ਹਾ ਦਿਲ ਦਰਿਆ,
ਲੁਟਾਂਦੇ ਤੇ ਗਾਂਦੇ ਜਾਂਦੇ ਇਹ ।
ਲਾ ਦਿੱਤੇ, ਲਾ ਦਿੱਤੇ, ਪੈਸੇ ਦੇ ਸੇਰ,
ਧੇਲੇ ਦੇ ਢੇਰ, ਪਸ਼ੌਰ ਦੇ ਪੇੜੇ ।
ਲਾ ਦਿੱਤੇ ਦੋ ਆਨੇ ਸੇਰ,
ਪੈਸੇ ਦੇ ਢੇਰ ।
ਕਾਬਲ ਦੇ ਸਰਧੇ,
ਚੀਰ ਚੀਰ ਧਰੇ, ਬਰਫ਼ ਦੀਆਂ ਡਲੀਆਂ ।
ਆ ਗਿਆ ਜੇ ਕਾਬਲ ਤੇ ਕੰਧਾਰ,
ਪੈਰਾਂ ਭਾਰ ਚਲ ਅੰਮ੍ਰਿਤਸਰ ਵਿਚ ;
ਕੋਇਟਾ ਤੇ ਨਾਗਪੁਰ ਬੂਹੇ ਆਇਆ ਅੱਜ,
ਸੰਗਤਰੇ, ਸੰਗਤਰੇ,
ਲਾਲ ਭਖਦੇ ।
ਗੁੱਛੇ ਕਾਬਲੀ ਅੰਗੂਰਾਂ ਦੇ ਲਟਕਨ ਬੂਹੇ ਮਹਾਰਾਜ ਤੇਰੇ !
ਗੁਲਾਬੀ ਗੰਡੇਰੀਆਂ,
ਬਰਫ਼ ਦੀਆਂ ਡਲੀਆਂ,
ਧੁੱਪ ਦੀਆਂ ਪਲੀਆਂ,
ਪੈਸੇ ਦੀਆਂ ਚਾਰ ਚਾਰ,
ਲੁੱਟ ਪਾ ਦਿੱਤੇ ਜੇ,
ਲਾ ਦਿੱਤੇ ਜੇ ਢੇਰ,
ਢੇਰਾਂ ਦੇ ਢੇਰ, ਗੁਲਾਬੀ ਗੰਡੇਰੀਆਂ ।
ਅੱਧੀ ਰਾਤ ਜਵਾਨ ਖੜ੍ਹੇ,
ਛਾਬੜੀ ਵਿਚ ਅੰਗੂਰ ਧਰੇ,
ਮੁੜ ਮੁੜ ਦਾਣੇ ਚੱਕ ਚੱਕ, ਆਪਣੇ ਮੂੰਹ ਪਾ ਪਾ ਵੇਖਦੇ,
ਚੱਖਦੇ ਤੇ ਆਖਦੇ, ਮਿੱਠੀ ਖੰਡ ਸ਼ਰਾਬ ਦੇ ਪਿਆਲੇ,
ਹੋਕਾ ਦਿੰਦੇ ਤੇ ਖਾਂਦੇ ਆਪ ਉਹ ਜਾਂਦੇ ਜਵਾਨ ਵੇਚਦੇ ।


ਓਏ ਦੀਨਿਆਂ ! ਓਏ ਦੀਨਿਆਂ ।
ਉੱਠ ਚਲੀਏ ਘਰ, ਅੱਜ ਨਹੀਉਂ ਕੁਝ ਵਿਕਣਾ ।
ਠਹਿਰੀਂ ਭਰਾਵੋ ਜਾਦੂ ਮਾਰੀਏ,
ਲੁੱਟ ਪਾ ਗਾਵੀਏ, ਅਸਾਂ ਵੇਚ ਕੇ ਜਾਣਾ,
ਦੇਖੀਂ ਹੁਣ ਲੋਕੀਂ ਕਿੰਜ ਆਣ ਡਿੱਗਦੇ ;
ਗੰਨੇ ਸਹਾਰਨੀ, ਪੌਂਡੇ ਤੇ ਖਸਤੇ ਚੂਪਣ ਲੋਕੀਂ ਰੱਜ ਰੱਜ :
ਕਾਹਨੂੰ ਘਰ ਮੋੜ ਲੈ ਜਾਵਣੇ ?
ਪੈਸੇ ਦੇ ਲੱਖ ਲੱਖ,
ਲਾ ਦਿੱਤੇ ਜੇ,
ਗੰਨੇ ਸਹਾਰਨੀ ।
ਅਹੁ ਗਏ ਲੋਕੀਂ ਹੱਥੋ ਹੱਥ ਲੈ ।
ਵਹੁਟੀਆਂ ਨੂੰ ਕਹਿੰਦੇ ਕਿਹੇ ਸਸਤੇ ਅੱਜ ਗੰਨੇ ਹਾਲ ਬਜ਼ਾਰ ਵਿਕਦੇ ।
ਜ਼ਰੂਰ ਮਾਲ ਆਪਣਾ ਨਹੀਂ ਸੂ,
ਸ਼ਰਾਬੀ ਹੋਸੀ, ਟੋਟ ਵਿਚ ਵੇਚ ਗਿਆ ;
ਹੱਥ ਲੱਝ ਗਏ ਗੰਨੇ ਸਹਾਰਨੀ ਅੱਜ ਪੈਸੇ ਦੇ ਲੱਖ ਲੱਖ ।

ਦੋਵੇਂ ਭਰਾ ਟੁਰ ਗਰੇ ਮੌਜਾਂ ਮਾਣਦੇ,
ਡੌਲਿਆਂ ਵਿਚ ਜ਼ੋਰ, ਕੀ ਘਾਟੇ ਨੂੰ ਗਿਣਦੇ ?
ਜੁੱਸੇ ਵਿਚ ਖ਼ੂਨ ਗੇੜੇ ਲਾਉਂਦਾ, ਹੱਥ ਸੱਜਣਾਂ ਦੇ ਕਮਾਉਂਦੇ ।
ਰੱਬ ਦਿੰਦਾ ਉਨਾਂ ਹੋਰ ਜਿੰਨੇ ਦੇਂਦੇ, ਹੱਥ ਖ਼ਾਲੀ ਹੁੰਦੇ ।
ਕਮਾਊ ਹੱਥ, ਹਲ ਵਾਹੂ ਹੱਥ, ਦੇਣ ਦੇਣ ਸਿੱਖੇ ਪੰਜਾਬ ਦੇ ।
ਦਰਿਆ ਮਜੂਰੀ ਮਿਹਨਤ ਦਾ ਵਗਦਾ,
ਸਭ ਦੁਨੀਆਂ ਇੱਥੇ ਹੱਥ ਪੈਰ ਧੋਂਵਦੀ ।
ਮਿਹਨਤ ਆਪਣੀ ਦਾ ਫ਼ਖਰ ਇਨ੍ਹਾਂ ਨੂੰ,
ਰੁਪਏ ਦੱਬੇ, ਰੁਪਏ ਰਾਤ ਰੱਖਿਆਂ ਦਾ ਨਾ ਜ਼ੋਸ਼ ਇਹ,
ਜਵਾਨ ਆਪਣੇ ਤਣੇ ਪੱਠਿਆਂ ਨੂੰ ਹੱਥ ਲਾ ਲਾ ਜੋਖਦੇ,
ਮਿਲਦੇ ਤੇ ਘੁਲਦੇ, ਜੱਫੀਆਂ ਪਾਂਦੇ ਗਏ ਘਰ ਅੱਧੀ ਰਾਤ ਨੂੰ ।

੭. ਪੁਰਾਣੇ ਪੰਜਾਬ ਨੂੰ ਅਵਾਜ਼ਾਂ

ਉਹ ਪੁਰਾਣਾ ਅਦਬ ਤੇ ਹਿਰਸ ਨਾਂਹ !
ਉਹ ਪ੍ਰੀਤ ਦੀਆਂ ਪੀਡੀਆਂ ਗੰਢਾਂ ।
ਉਹ ਕੁੜੀਆਂ ਦੇ ਚਾਅ, ਤ੍ਰਿੰਞਣਾਂ ਦੇ ਗਾਵਨ ਕਿੱਥੇ,
ਉਹ ਸ਼ਰੀਕਾਂ ਦੀ ਆਬ ਵਾਲੀ ਗੱਲ ਸਾਰੀ ਗਈ ਆਈ,
ਉਹ ਖ਼ਾਤਰਾਂ ਤੇ ਸੇਵਾਵਾਂ, ਕੁਰਬਾਨੀਆਂ ਤੇ ਜਰਨੇ, ਜਿਗਰੇ ਤੇ ਹੌਂਸਲੇ,
ਉਹ ਰੋਟੀਆਂ ਤੇ ਮਹਿਫ਼ਲਾਂ, ਉਹ ਡੂੰਘੀ ਡੂੰਘੀ ਸ਼ਰਮਾਂ, ਸ਼ਰਾਫ਼ਤਾਂ,
ਉਹ ਕਿੱਥੇ ?

ਇਕ ਪੜ੍ਹੇ ਨੌਜਵਾਨ ਨੂੰ ਮੈਂ ਪੁੱਛਿਆ,
ਉਹ ਸਾਡੇ ਅਨਪੜ੍ਹਾਂ ਦਾ ਪੁਰਾਣਾ, ਗਠੀਲਾ, ਅਣਟੁੱਟ ਜਿਹਾ ਭਾਈਚਾਰਾ ਕਿੱਥੇ ?
ਹਿਤ ਕਿੱਥੇ ? ਪਿਆਰ ਕਿੱਥੇ ? ਉਹ ਸਾਡਾ ਹੱਸ ਬੋਲਣਾ ਗੁਆਚ ਗਿਆ ਕਿੱਥੇ ?
ਦਿਲ, ਜ਼ੋਰ, ਮਿੱਠਤ ਕਿੱਥੇ ? ਉਹ ਬਾਹਾਂ ਦਾ ਮਾਣ, ਜ਼ੋਰ ਸਾਰਾ ?
ਸੱਸਾਂ ਦੇ ਉਹ ਸਮੁੰਦਰਾਂ ਵਰਗੇ ਦਿਲ ਕਿੱਥੇ ?
ਨੂੰਹਾਂ, ਧੀਆਂ ਦੀ ਉਹ ਲਿਹਾਜ਼ ਦੀ ਸਭਿਅਤਾ,
ਜਵਾਈਆਂ ਦੀ ਪੁਰਾਣੀ ਮੋਤੀਆਂ ਵਰਗੀ ਆਬ ਕਿੱਥੇ ?
ਸਜ-ਵਿਆਹੀਆਂ ਦਾ ਉਹ ਆਦਰ, ਭਾ, ਸ਼ਿੰਗਾਰ ਤੇ ਸੰਭਾਰ ਕਿੱਥੇ,
ਲਾਡ ਤੇ ਮੁਰਾਦਾਂ ?
ਸਾਲੂ ਕਿੱਥੇ, ਬਾਗ਼ ਤੇ ਫੁਲਕਾਰੀਆਂ,
ਉਹ ਮਹਿੰਦੀ ਦਾ ਰੰਗ ਸੁਹਾਗ ਦਾ,
ਉਹ ਹੱਥ ਪੈਰ ਰੰਗੇ, ਉਹ ਤਿੱਲੇਦਾਰ ਜੁੱਤੀਆਂ ।

ਭਰਾਵਾ ! ਇਹ ਪੁਰਾਣੀ ਬੁੱਢੀ ਜਿਹੀ ਸਾਡੀ ਸਭਿਅਤਾ,
ਦਰਿਆਵਾਂ ਝਨਾਵਾਂ ਦੇ ਫੇਰ ਵਾਲੀ, ਦੂਰੋਂ ਆਈ, ਦੂਰ ਜਾਂਦੀ ;
ਬਿਰਾਦਰੀਆਂ ਮਿਲ ਮਿਲ ਜੀਣਾ ਕਿੱਥੇ ?
ਉਹ ਸਦੀਆਂ ਦੀ ਬੋਹੜ ਕਿਸ ਵੱਢੀ ,
ਉਹ ਪੁਰਾਣਾ ਪਿੱਪਲ ਕਿੱਥੇ ਉੱਡ ਗਿਆ ?
ਹਵਾ ਆਈ, ਝੱਖੜ ਆਇਆ ਉਹ ਕਿਸ ਗੇਰਿਆ ?
ਉਹ ਜੰਗਲ ਜ਼ਰੂਰ ਸੀ, ਪੁਰਾਣਾ ਦਦ-ਕੱਢਿਆ, ਗੰਭੀਰ ਸੀ,
ਮੰਨਿਆਂ ਭਾਂਤ ਭਾਂਤ ਬੋਲੀਆਂ ਤੇ ਖ਼ਿਆਲ ਸੀ, ਅਸੀਂ ਅਨਜਾਣ ਸੀ,
ਇਕੋ ਜਿਹੇ ਸਿੱਧੇ ਸਾਦੇ, ਕੰਮ ਕਰਨ ਵਾਲੇ ਹੱਡ ਸੀ,
ਤੇ ਇਕ ਅੱਧ ਖ਼ਿਆਲ ਕੋਈ ਸੁਣਿਆਂ, ਮੰਨਿਆਂ ਅਸਾਂ ਲਈ ਬੱਸ ਸੀ,
ਉਸੇ ਵਿਚ ਬਹਿੰਦੇ, ਉੱਠਦੇ, ਜੀਂਦੇ, ਜਾਗਦੇ, ਉਹੋ, ਇਕ ਖ਼ਿਆਲ
ਸਾਡੀ ਜੰਦ ਜਾਨ ਸੀ ।

ਵਪਾਰ ਅਸੀਂ ਕਰਦੇ ਸੀ ਸੁੱਚਾ ਸੁਥਰਾ,
ਕਾਹਲੀ ਵਿਚ ਅਮੀਰ ਹੋਣ ਨੂੰ ਨਿੰਦਦੇ,
ਇਕ ਰੱਬੀ ਜੋੜ ਮੇਲ ਜਾਣ ਕੁੱਲ ਦੁਨੀਆਂ ਦੀ ਸੇਵਾ ਕਰਦੇ
ਇਹ ਚਾਂਦੀ ਦੀਆਂ ਠੀਕਰਾਂ ਕਦੀ ਨਾਂਹ ਸਾਡਾ ਰੱਬ ਸੀ ।
ਵਲਾਇਤਾਂ ਜਾਂਦੇ, ਕਾਬਲ, ਕੰਧਾਰ, ਬੁਖ਼ਾਰੇ,
ਸਫ਼ਰ ਝਾਗਦੇ, ਜਫ਼ਰ ਜਾਲਦੇ, ਸਫ਼ਰ ਸਾਡਾ ਦਿਨ ਰਾਤ ਸੀ,
ਸੁਹਣੇ ਉੇਨਰਾਂ ਦੇ ਕੰਮ ਬਣੇ ਦੇਸ ਆਪਣੇ ਨੂੰ ਆਉਣ ਦੇ ।
ਪਹਿਨਣ ਵਾਲਿਆਂ ਤੇ ਬਣਾਨ ਵਾਲਿਆਂ, ਦੋਹਾਂ ਦੇ ਸ਼ਗਨ ਮਨਾਂਦੇ ;
ਦੋਏ ਧਿਰਾਂ ਜੀਂਣ, ਵਧਣ ਤੇ ਥੀਂਣ, ਅਸੀਂ ਰੋਟੀਆਂ ਪਏ ਖਾਂਵਦੇ,
ਲੱਦੇ ਜਾਂਦੇ ਲੱਦੇ ਆਉਂਦੇ, ਕਿਹਾ ਸੁਹਣਾ ਉਹ ਵਪਾਰ ਸੀ ?

ਸੁਹਣਿਆਂ ! ਤੂੰ ਦੱਸ ਨਾ, ਉਹ ਵੇਲੇ ਕਿਉਂ ਲੱਦ ਗਏ ?
ਵਹਿਮ ਸਨ ਸਾਡੇ ਠੀਕ, ਪਰ ਤੁਸਾਡੇ ਕੀ ਘੱਟ ਹਨ ?
ਨਾਮ ਬਦਲੇ, ਰੂਪ ਬਦਲੇ, ਤੱਕੇ ਨੀਝ ਲਾ, ਹੈਨ ਸਭ ਉਹੋ ਜਿਹੇ
ਵਹਿਮ ਅੱਜ ਵੀ ?
ਆਦਮੀ ਦੀ ਪੂਜਾ ਛੱਡੀ, ਮੰਨਿਆਂ ਗੁਨਾਹ ਸੀ,
ਪਰ ਠੀਕਰੀਆਂ ਦੀ ਪੂਜਾ ਅੱਜ ਦੀ ਕਥਾਈਂ ਦਾ ਪੁੰਨ ਹੈ ?
ਸੇਵਾ ਕਰਨੀ, ਮਜੂਰੀ-ਮੰਗਣੀ ਨਾਂਹ ; ਕੁਝ ਜਹਲ ਸੀ ;
ਪਰ ਮੁਰਦਿਆਂ ਦੇ ਜੇਬੇ ਫੋਲਣੇ ਖਾਣ ਪੀਣ ਨੂੰ, ਕਿਹੜਾ ਇਲਮ ਹੈ ?
ਅਸੀਂ ਗ਼ਰੀਬ ਸਾਂ, ਸੰਤੋਖ ਸਾਡਾ ਕਾਤਲ ਜ਼ਹਿਰ ਸੀ,
ਕੂੜਾ ਪਾਪ ਕਰ ਅਮੀਰ ਹੋਣਾ, ਵਿਹੁਲਾ ਵਿਹੁਲਾ, ਇਹ ਬੇਸਬਰੀ ਕਦ
ਅੰਮ੍ਰਤ ਬਣੀ ਸੀ ?

ਸੁਹਣਿਆਂ ! ਦੱਸ ਨਾ, ਉਹ ਵੇਲੇ ਕਿਧਰੇ ਲੰਘ ਗਏ ?
ਉਹ ਪਿੱਪਲਾਂ ਦੇ ਪੱਤਿਆਂ ਦੀ ਝੂਮ ਝੂਮ,
ਜਿਹੜੀ ਸਾਡੇ ਗੁੰਗੇ ਦਿਲਾਂ ਨੂੰ ਵਲੂੰਦਰਦੀ ਸੀ ;
ਉਹ ਖੜਕਦੇ ਕਿਉਂ ਨਿੰਮੋਝੂਣ ਹੋ ਅੱਜ,
ਕੋਈ ਨਾਚ ਉਨ੍ਹਾਂ ਦਾ ਨਾਂਹ ਹੁਣ ਦੇਖਣੇ ਆਉਂਦਾ,
ਕੀ ਅੰਦਰ ਦੀ ਖ਼ੁਸ਼ੀ ਸਾਰੀ ਮਰ ਗਈ ?
ਭੱਠ ਪਈ ਅੱਜ ਦੀ ਸੱਭਿਅਤਾ,
ਜਿਹੜੀ ਦੌੜਦੀ, ਹਫਦੀ, ਦੌੜ ਦੌੜ ਆਰਾਮ ਚਾਹੇ ਲੈਣਾ ;
ਇਕੋ ਵਾਰੀ, ਇਕੋ ਦਿਨ ਦੋਹਾਂ ਹੱਥਾਂ ਨਾਲ ।

ਅੰਬਾਂ ਦੇ ਬੂਰ ਪਏ ਕਿਰਦੇ ਬੇਵੱਸ ਹੋ,
ਕੋਈ ਸੁਹਣੀਆਂ ਪੀਂਘਾਂ ਹੁਣ ਨਾ ਝੂਟਦੀਆਂ,
ਇਹ ਕੀ ਹੈ ਮੁਰਦਿਹਾਣ ਜਿਹੀ ?
ਉਹ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ, ਢੰਗ ਨਹੀਂ,
ਕੁਝ ਉਧਲਣ ਉਧਾਲਣ ਜਿਹਾ ਬਸ ਲੱਗਦਾ ।
ਉਹ ਜੰਞਾਂ ਕਿੱਥੇ ? ਉਹ ਵਿਹਲ, ਉਹ ਖੁੱਲ੍ਹ, ਉਹ ਚਾਅ,
ਦੱਸੋ ਨਾ ਕਿੱਥੇ ਟੁਰ ਗਿਆ ਸਾਰਾ ?
ਉਹ ਸ਼ਗਨ ਮਨਾਵਣੇ,
ਉਹ ਢੋਲਕੀਆਂ ਦੇ ਗੀਤ ਜਿਹੜੇ ਰਾਤ ਦੀ ਰਗ ਰਗ ਛੇੜਦੇ,
ਉਹ ਕੁੜੀਆਂ ਕੰਵਾਰੀਆਂ ਦੇ ਮਨ ਦੇ ਚਾਅ ਦੇ ਟੱਪੇ,
ਨਿੱਕੇ ਨਿੱਕੇ ਕੋਇਲਾਂ ਦੀਆਂ ਭਾਂਤ ਭਾਂਤ ਬੋਲੀਆਂ ;
ਉਹ ਰਾਗ ਨਵੇਂ ਨਵੇਂ, ਸੱਜਰੇ, ਸਿੱਜੇ ਸਿੱਜੇ, ਭਿੱਜੇ ਭਿੱਜੇ, ਰੂਹਾਂ ਵਿਚ
ਜਿਹੜੇ ਨਿਕਲਦੇ,
ਉਹ ਘੋੜੀਆਂ, ਉਹ ਸੁਹਾਗ,
ਉਹ ਦੋ ਦੋ ਗੱਲਾਂ ਤੇ ਹਾਸੇ,
ਉਹ ਮਖ਼ੌਲੀ ਤਬੀਅਤਾਂ ਖੁਸ਼ੀ ਭਰਨ ਵਾਲੀਆਂ,
ਉਹ ਦਾਤੇ, ਉਹ ਭੰਡਾਰੀ : ਉਹ ਜਾਂਞੀ, ਉਹ ਮਾਂਞੀ ;
ਉਹ ਜੰਞਾਂ ਜਗਮਗ ਕਿੱਥੇ, ਕੇਸਰ ਦੀਆ ਰੰਗੀਆਂ ?
ਉਹ ਲਾੜੇ ਦਾ ਘੋੜੀ 'ਤੇ ਚੜ੍ਹਨਾ,
ਉਹ ਭੈਣਾਂ ਲਾੜੇ ਦੀਆਂ ਦਾ ਗਾ ਗਾ, ਵਾਗਾਂ ਦਾ ਗੁੰਦਣਾਂ,
ਉਹ ਘੋੜੀ ਚਿੱਟੀ ਦਾ ਨਾਜ਼ ਤੇ ਚਾਅ ਵਿਚ
ਲਾੜੇ ਨੂੰ ਚੱਕ ਮੋਢੇ ਖ਼ੁਸ਼ੀ ਥੀਣਾਂ,
ਉਹਦੇ ਗਲ ਦੀਆਂ ਗਾਨੀਆਂ ਦਾ ਭੈਣਾਂ ਨਾਲ ਰਲ ਮਿਲ ਗਾਵਣਾ ।

ਉਹ ਨੇਜ਼ੇ-ਬਾਜ਼ੀਆਂ ਵਿਆਹਾਂ 'ਤੇ,
ਉਹ ਰੰਗ ਬਰੰਗ ਦੀਆਂ ਚੋਚਲਾਂ,
ਉਹ ਖੇਡਾਂ ਉਹ ਕੌਡੀਆਂ, ਉਹ ਖੁੱਲ੍ਹੇ ਖੇਤਾਂ ਵਿਚ ਦੌੜਾਂ ਖ਼ੁਸ਼ੀ ਦੀਆਂ ।
ਉਹ ਦਰਿਆਵਾਂ ਦਾ ਨਹਾਣ ਜਾਣਾ ਢੋਲਕੀਆਂ ਵੱਜਦੇ,
ਉਹ ਸੈਂਚੀਆਂ ਉਹ ਕੁਸ਼ਤੀਆਂ ਅਖਾੜੇ ਤੇ ਕਬੱਡੀਆਂ ।

ਸਭ ਜੀਣ ਦਾ ਚਾਅ ਹੋਣ ਦਾ ਮਾਣ, ਥੀਂਣ ਦਾ ਨਸ਼ਾ ਕਿੱਥੇ ?
ਉਹ ਪਿਆਰੀ ਬਸੰਤ ਦੀਆਂ ਫੁੱਲਾਂ ਦੀਆਂ ਹੋਲੀਆਂ,
ਬਾਗ਼, ਬਾਗ਼, ਭਰ ਪਿਚਕਾਰੀਆਂ, ਰੂਪਾਂ ਦਾ ਖੇਡਣਾ ।
ਉਹ ਲੋਹੜੀਆਂ ਦੀ ਲੱਕੜਾਂ ਦੀ ਮੰਗ ਬੂਹੇ ਬੂਹੇ,
ਉਹ ਕੁੜੀਆਂ ਦਾ ਜੁੜਨਾ ਅੱਗ ਦੇ ਚੁਫੇਰੇ ਤੇ ਗਿੱਧੇ ਪਾ ਪਾ ਗਾਉਣਾ ।

ਵਹਿਮ ਜੇ ਉੱਡੇ ਤਾਂ ਉੱਡੇ ਸਦਕੇ,
ਵਹਿਮਾਂ ਦਾ ਉੱਡਣਾ ਜ਼ਰੂਰ ਸੀ,
ਪਰ ਸਾਡੀਆਂ ਸਾਰੀਆਂ ਖ਼ੁਸ਼ੀਆਂ ਨਾਲੇ ਗਈਆਂ,
ਜਿੰਦ ਕਿੱਥੇ ਟੁਰ ਗਈ, ਨਾਲੇ ਰੂਹ ਕਿੱਥੇ ਟੁਰ ਗਿਆ ?
ਔਖਾ ਹੋ ਜਿੰਦਾਂ ਫਸਣੀਆਂ ਨੂੰ ਕੱਢਣਾ ;
ਕੰਡੇ ਨਾਲੋਂ ਫੁੱਲ ਨੂੰ ਤੋੜਨਾ, ਫੁੱਲ ਨੂੰ ਮਾਰਨਾ ਹੈ ।

ਦੱਸ ਨਾ, ਇਹ ਕੀ ਹੋਇਆ ?
ਕਿਸ ਲਈ ਸਭ ਕੁਝ ਖੋਇਆ ?
ਦਵਾਈ ਖਾ ਮਰੀਜ਼ ਹੀ ਮੋਇਆ, ਸਾਡੇ ਹੱਥ ਕੀ ਆਇਆ ?
ਦਿਲ ਸਾਡੇ ਸੱਖਣੇ, ਲਾਟ ਬੁਝ ਗਈ ਹੈ ।

੮. ਪੰਜਾਬ ਨੂੰ ਕੂਕਾਂ ਮੈਂ

ਆ ਪੰਜਾਬ-ਪਿਆਰ ਤੂੰ ਮੁੜ ਆ !
ਆ ਸਿੱਖ-ਪੰਜਾਬ ਤੂੰ ਘਰ ਆ !
ਤੇਰੇ ਤੂਤ ਦਿਸਣ ਮੁੜ ਸਾਵੇ,
ਮੁੜ ਆਵਣ ਬੂਟਿਆ ਨਾਲ ਤੇਰੀਆਂ ਦੋਸਤੀਆਂ ।
ਤੇਰੇ ਪਿੱਪਲਾਂ ਹੇਠ ਹੋਣ ਮੁੜ ਮੇਲੇ,
ਤੇਰੇ ਅੰਬਾਂ 'ਤੇ ਪੀਂਘਾਂ ਉੱਲਰਦੀਆਂ ।
ਕੁੜੀਆਂ, ਨੱਢੇ ਮੁੜ ਖੇਡਣ ਅਝੱਕ ਹੋ ਕੇ,
ਰਲ ਮਿਲ ਉਨ੍ਹਾਂ ਚੰਨੇ ਦੀਆਂ ਚਾਨਣੀਆਂ,
ਕਿਰਕਿਲੀਆਂ ਪਾਣ ਰਲ ਮਿਲ ਕੇ, ਖੇਡਣ ਛੁਪਣ ਲੁਕੀਆਂ ।
ਉਹੋ ਰਾਤਾਂ ਮੁੜ ਆਵਣ, ਨਿਰਵੈਰ, ਨਿਰਦਵੈਖ, ਪਵਿੱਤਰ, ਅਬੋਝ, ਬਾਇਲਮ,
ਨਿਸ਼ਪਾਪ ਸੁਹਣੀਆਂ ਸਵਾਦਲੀਆਂ ;
ਉਹੋ ਗਿੱਧੇ ਉਹ ਧੂੜਾਂ ਦਾ ਉਠਾਉਣਾ ਰਲ ਮਿਲ,
ਉੱਪਰ ਚੰਨ, ਹੇਠ ਚੰਨੀਆਂ, ਬੰਨੇ ਤੇ ਬੰਨੀਆਂ,
ਨੱਚ ਨੱਚ, ਧਮ ਧਮ, ਥੰਮ ਥੰਮ, ਆਖ਼ਰ ਆਵਨ ਮੁੜ ਉਹੋ ।
ਖਿੱਚਾਂ ਖਿਲੀਆਂ ਪੁਰਾਣੀਆਂ ।
ਤ੍ਰਿੰਞਣਾਂ ਵਿਚ ਮੁੜ ਗਾਣ ਕੁੜੀਆਂ,
ਆਪੇ ਜਿਹੀਆਂ ਸਭ ਇਕ ਥਾਂ ਇਕੱਠੀਆਂ,
ਇਕ ਚਾਹ ਵਾਲੀਆਂ, ਦਿਲਾਂ ਦੇ ਭੇਤ ਸਾਂਝੇ ਵਾਲੀਆਂ,
ਤੇ ਮੁੜ ਬਾਗ਼ ਗੂੰਜਣ ਇਨ੍ਹਾਂ ਕੋਇਲਾਂ ਦੀਆਂ ਤੀਖਣ ਬੋਲੀਆਂ,
ਤੇ ਤੋਤਿਆਂ ਪਿੱਛੇ ਨੱਸਣ, ਤਾੜੀ ਮਾਰਦੀਆਂ ਉਨ੍ਹਾਂ ਨੂੰ ਟਹਿਣੀ ਟਹਿਣੀ
ਉਡਾਂਵਦੀਆਂ ।
ਸੁਹਣੀਆਂ ਛਾਤੀਆਂ ਮੁੜ ਉਭਰਨ, ਧੜਕਣ, ਕੰਬਣ, ਉਨ੍ਹਾਂ ਗੁਝੇ ਪਿਆਰਾਂ ਅਣਦੱਸਿਆਂ ।
ਕੰਧਾਂ ਸਾਰੀਆਂ ਢਾਹਵੋ ਹੁਣ, ਬੂਹੇ ਸਾਰੇ ਖੋਹਲ ਦੇਵੋ,
ਮਿਲੋ ਬਸੰਤ ਨੂੰ ਪਾ ਪਾ ਜੱਫੀਆਂ ।

ਬੋਲਣਾ ਤਾਂ ਘੱਟ ਹੋਵੇ, ਨੱਸਣਾ ਹੱਦੋਂ ਵੱਧ ਹੋਵੇ
ਭਾਅ ਹੋਣ, ਚਾਅ ਹੋਣ, ਮੁੜ ਉਹੋ ਪੁਰਾਣੇ,
ਖੁੱਲ੍ਹ ਹੋਵੇ, ਡੁੱਲ੍ਹ ਹੋਵੇ,
ਇਕ ਦੂਜੇ ਪਿੱਛੇ ਮਰਨਾ,
ਘਰ, ਘਰ ਇਕੱਠ ਹੋਵੇ,
ਉਹੋ ਪੁਰਾਣੀਆਂ ਮਿੱਲਤਾਂ,
ਗਹਿਮ ਗਹਿਮ ਹੋਵੇ, ਚਹਿਲ ਬਹਿਲ, ਗੁਰੂ ਦੀਆਂ ਬਰਕਤਾਂ ।
ਸੁਹਾਗ, ਭਾਗ, ਜਰਨਾ, ਨਿਵ ਚੱਲਣਾ, ਉਹੋ ਪੁਰਾਣੀ ਧਾਰਣਾ ।
ਦੁੱਧ ਦਹੀਂ ਅਮਿੱਤ ਹੋਣ,
ਸਭ ਕੱਜ ਕੱਜ, ਢੱਕ ਢੱਕ, ਰੱਖਣਾ ।
ਮਰਨ ਜੀਣ ਸਭ ਸਾਂਝੇ ਹੋਣ,
ਦਰਦ ਜੀਅ ਦਾ ਹੋਵੇ ਦਿਲ ਵਿਚ,
ਦਰਦ, ਦੁੱਖ ਸਭ ਕਿਸੇ ਦੇ, ਹੋਣ ਆਪਣੇ ;
ਜਾਤ ਪਾਤ ਛੱਡਣਾ ।
ਦਿਲ ਦਰਿਆ ਹੋਣ ਰੱਬ ਦੀ ਜੋਤ ਵਾਲੇ,
ਰੱਬ ਵਾਲੀ ਦਇਆ ਹੋਵੇ, ਰੱਬ ਵਰਗਾ ਬਖ਼ਸ਼ਣਾ
ਭੁੱਲ ਚੁਕ ਬੁਰਦ ਦਰਿਆ ਸਭ ਦੀ,
ਰੱਬ ਪਾਸੋਂ ਡਰਨਾ,
ਸਭ ਦੇ ਕਰਮ ਖੋਟੇ ਖਰੇ, ਜਾਣ ਆਪਣੇ ।
ਭੁੱਲਣਾ, ਬਖ਼ਸ਼ਣਾ, ਯਾਦ ਕਰਨਾ ਰੱਬ ਦੀਆਂ ਮਿਹਰਾਂ ।
ਕੋਈ ਨਾ ਹਿਸਾਬ ਹੋਵੇ,
ਪਿਆਰ ਹੀ ਪਿਆਰ ਚੱਖਣਾ,
ਰੂਪ ਹੀ ਰੂਪ ਤੱਕਣਾ,
ਸੁਗੰਧੀ ਜਿਹੀ ਲਖਣਾ ਹਰ ਥਾਂ ਉੱਚੀ,
ਉੱਚੀ ਸਦਾ ਹੋਵੇ ; ਪਿਆਰ-ਗਗਨਾ ਉੱਡਣਾ ।

ਧੀ ਭੈਣ ਦਾ ਆਦਰ ਹੋਵੇ,
ਨਾਲ ਮੁਹੱਬਤਾਂ ਪਾਲਣਾ ।
ਬੱਚੇ ਬੱਚੀ ਦੀ ਗ਼ੌਰ ਹੋਵੇ,
ਗੁਰਾਂ ਵਾਲੇ ਸਾਂਚੇ ਢਾਲਣਾ ।
ਦਿਨ ਦਿਨ, ਰਾਤ ਰਾਤ, ਜਾਗ ਜਾਗ,
'ਅਗੇ' ਉੱਪਰ ਆਪਾ ਗਾਲਣਾ ।
ਨੈਣਾਂ ਵਿਚ ਜਲ ਹੋਵੇ, ਸਦਾ ਸੇਜਲ ਜਿਹੀ,
ਹੱਸ ਮਿਲਣਾ, ਮਿਲਾਉਣਾ ।
ਦਿਲ ਵਿਚ ਦਰਦ ਹੋਵੇ,
ਇਕ ਪੀੜ ਜਿਹੀ ਵਿਚ ਜੀਵਣਾ ।

ਲਹਿਰਾਂ ਵਾਂਗ ਗੁੱਛੇ ਹੋਈਏ,
ਤੇ ਲਹਿਰਾਂ ਵਾਂਗ ਆਵੀਏ ;
ਮਿਲੀਏ, ਲੜੀਏ, ਪਛਾੜੀਏ,
ਉਠੀਏ, ਜਿੱਤੀਏ, ਹਾਰੀਏ, ਘੁਲੀਏ, ਲਤਾੜੀਏ,
ਪਰ ਘੜੀ ਘੜੀ, ਸਦਾ ਸਦਾ, ਪਾਣੀ ਪਾਣੀ ਹੋਵੀਏ,
ਮੁੜ ਆਪੇ ਵਿਚ ਪਿਆਰ ਪਿਆਰ, ਠੰਢ ਠੰਢ ਢੋਵੀਏ,
ਇਕ ਦੂਜੇ ਦੇ ਬਾਲ ਵਿਚ ।

ਆ ! ਪੰਜਾਬ, ਤੂੰ ਮੁੜ ਆ ! ਖਿੜੇ ਖਿੜੇ ਮੱਥੇ ਲਾ,
ਕਰੋੜਾਂ ਪੰਜਾਬ ਆ ! ਇਕ ਆ, ਹਜ਼ਾਰ ਆ ।
ਦਿਲ ਦੇ ਵਿਚਕਾਰ ਆ ! ਰੂਹ ਦੀ ਖੁੱਲ੍ਹੀ ਟੰਕਾਰ ਆ ।
ਭੌਰਿਆਂ ਦੀ ਗੁੰਜਾਰ ਆ ! ਫੁੱਲਾਂ ਦੀ ਗੁਲਜ਼ਾਰ ਆ ।
ਧੁਰ ਦੀ ਫੰਕਾਰ ਆ ! ਆ ਪਿਆਰ ਪੰਜਾਬ ਸਦਕੇ,
ਤੂੰ ਮੁੜ, ਫਿਰ ਆ ।

੯. ਸੋਹਣੀ ਦਾ ਬੁੱਤ


ਆ-ਪਿਆਰ- ਪੰਜਾਬ ਤੂੰ ਮੁੜ ਆ ।
ਸੋਹਣੀ ਜਿਹੀ ਮੁੜ ਕੱਢ ਇਕ ਹੋਰ ਤੂੰ ।
ਕਰੀ ਬੁਖ਼ਾਰੇ ਦੇ ਦੇਸ ਦੇ ਮੁੜ ਚਾਕਰ,
ਪਿਆਰ ਆਪਣੇ ਦਾ ਮੁੜ ਇਕ ਵਾਰੀ ਮੁੱਲ ਦੱਸੀਂ ।
ਸਲਤਨਤਾਂ ਨੂੰ ਤੂੰ ਵਾਰ ਦੱਸ ਪਿਆਰ ਦੀ ਛਣਕਾਰ ਤੂੰ ।
ਦੁਨੀਆਂ ਦੀਆਂ ਵਡਿਆਈਆਂ ਸਾੜ ਤੂੰ,
ਸਾਦੇ ਮਿਲਦੇ ਸੁਹਣੇ ਸ਼ਿੰਗਾਰ ਤੂੰ ।
ਦੀਨ ਨੂੰ ਵੀ ਤੂੰ ਸੁੱਟ ਪਰੇ, ਦਇਆ ਪਿਆਰ ਵਾਲੀ ਧਾਰ ਤੂੰ ।
ਆਪਾ ਮੁੜ ਮੁੜ ਵਾਰ ਤੂੰ,
ਨੰਗਾ ਹੋ ਤੂੰ ਕੰਗਾਲ ਭਾਵੇਂ,
ਭਰੋਸਾ ਰੱਖ ਤੂੰ ਮੁੜ ਓਸ ਪਿਆਰ ਤੂੰ ।
ਲੁਟਾ ਗੱਜ ਵੱਜ ਕੇ ਘਰ ਬਾਰ ਤੂੰ ।
ਹਾਰ, ਜਾਣ ਜਾਣ ਤੂੰ,
ਸੋਹਣੀ ਮੁੜ ਆਈ ਤੇਰੀ, ਦੇਖ ਛਾਣ ਛਾਣ ਤੂੰ ।

ਮੁੜ ਆ ! ਪਿਆਰ-ਪੰਜਾਬ ਤੂੰ,
ਤੇਰੀ ਗਲੀ ਮੁੜ ਆਏ ਕੋਈ ਡਾਢੇ ਬਨਜਾਰੇ ਪਿਆਰ ਦੇ ।
ਸੋਹਣੀ ਤੇਰੀ ਨੂੰ ਦੇਖਣ ਉਹ ਗਲੀ ਗਲੀ ਪੁਕਾਰਦੇ,
ਬਿਨ ਦੇਖੇ ਤੇਰੀ ਸੋਹਣੀ, ਉਨ੍ਹਾਂ ਦਾ ਹਾਲ ਹੁਣੇ ਹੁਣੇ ਹੀ ਮਹੀਂਵਾਲ ਵਾਲਾ,
ਕੰਢੀ ਝਨਾਂ 'ਤੇ ਮੁੜ ਉਹ ਫੇਰੇ ਪਾਂਦੇ,
ਤੇਰੇ ਮੁੜ ਆਉਣ ਦੀ ਆਸ ਵਿਚ ।

ਕੱਢ ਮੁੜ ਤੂੰ ਜੀਂਦਾ, ਜਾਗਦਾ, ਹਿੱਲਦਾ, ਚਲਦਾ, ਬੋਲਦਾ,
ਬੁੱਤ ਉਸੇ ਪਿਆਰ ਦਾ,
ਦੱਸ ਮੁੜ ਤੂੰ ਝਲਕਾ ਓਸ ਗੁਜਰਾਤ ਦਾ
ਆਪਣੇ ਬੁੱਤਖ਼ਾਨੇ ਨੂੰ ਤੂੰ ਹੁਣ ।
ਹੱਭ ਕਿਸੇ ਨੂੰ ਪਿਆਰ ਦੇ ਦੇ ਸੱਦਿਆ,
ਸਭ ਆਣ ਵੱਸੇ ਇੱਥੇ, ਚੀਨ, ਈਰਾਨ ਥੀਂ,
ਸਭ ਨੂੰ ਪਿਆਰਿਆ ਤੇ ਬਖਸ਼ਿਆ,
ਅੰਮ੍ਰਤ ਉਹ ਰੂਪ ਵਾਲੇ ਪਿਲਾ ਪਿਲਾ ਕੇ ।

ਸੋਹਣੀ-ਬੁੱਤ ਤੇਰਾ ਕੌਮੀ ਨਿਸ਼ਾਨ ਹੈ,
ਅਸਾਂ ਲੀਰਾਂ ਤੇ ਚੀਥੜਿਆਂ ਦੇ ਵਹਿਮਾਂ ਨੂੰ ਕਦ ਸਲਾਮ ਕਰਨਾ ?
ਸੋਹਣੀ ਮੁੜ ਕੱਢ ਤੂੰ, ਦੱਸ ਖਾਂ ਇਕ ਵਾਰੀ,
ਤੇ ਦੇਖ ਮੁੜ ਤੂੰ ਸਾਡੀ ਫਿਰ ਆਈ ਸ਼ਾਨ ਨੂੰ ।
ਧੌਣ ਨੀਵੀਂ ਸਾਡੀ,
ਦਿਲ ਵਿਚ,
ਮਹੀਂ ਮੁੜ ਚਾਰਾਂਗੇ ਤੇਰੀਆਂ,
ਭਾਵੇਂ ਪਾਤਸ਼ਾਹਾਂ ਦੇ ਪੁੱਤ ਅਸੀਂ,
ਫਿਰਾਂਗੇ ਬੇਲਿਆਂ ਤੇਰਿਆਂ ਵਿਚ,
ਵਾਜਾਂ ਮਾਰਦੇ ਉਸੇ ਕਲਗੀਆਂ ਵਾਲੇ ਸਰਦਾਰ ਨੂੰ ਅਸੀਂ ।

ਧੂੜ ਬੇਸ਼ਕ ਪਵੇ ਮੂੰਹ 'ਤੇ,
ਪਾਣੀ ਵੱਗੇ ਬੇਸ਼ਕ ਫਟੀ ਜੁੱਤੀ ਮੇਰੀ ਵਿਚ,
ਪਰ ਤਾਰੇ ਲਟਕਣਗੇ ਮੇਰੇ ਸਿਰ ਵਿਚ,
ਇਕ ਮਿੱਠੀ ਸਦਾ ਦੀ ਲੋਅ ਮੈਨੂੰ ਦੇਂਵਦੇ ।

ਸੁਹਣੇ ਉੱਚੇ ਪਿਆਰ ਵਿਚ ਆ,
ਸੰਭਾਲਈਏ ਮੁੜ ਪੁਰਾਣੀਆਂ ਕਮਾਈਆਂ ਨੂੰ,
ਦਿਲ ਭੇਟ ਕਰੀਏ, ਮੁੜ ਤੇਰੀਆਂ ਜਾਈਆਂ ਨੂੰ ।

ਆਣ ਇੱਥੇ ਤੇਰੇ ਸੋਹਣੀ-ਬੁੱਤ ਨੂੰ ਜਿਹੜਾ ਨਾਂਹ ਪੂਜੇ,
ਵੱਡਾ ਕਾਫ਼ਰ ਉਹ, ਭਾਵੇਂ ਮੁਸਲਮਾਨ ਹੋਵੇ,
ਗਵਾਹੀ ਦਿਵਾਸਾਂ ਮੈਂ ਉਹਨੂੰ ਹਜ਼ਰਤ ਬੱਕਮਾਲ ਦੀ ।

ਇਉਂ ਬਣ ਤਣ ਕੇ ਨਿਕਲ ਮੁੜ ਤੂੰ,
ਚਾਰ ਚਾਰ ਸੂਰਜਾਂ ਅੱਠ ਅੱਠ ਚੰਨਾਂ ਨਾਲ ਜੜਿਆ,
ਉਹ ਜੰਗਲਾਂ ਤੇ ਬਾਗ਼ਾਂ ਤੇ ਬੇਲਿਆਂ ਦਿਆ ਮਾਲਕਾ
ਸੋਹਣੀ ਤੇ ਹੀਰ ਜਿਹੀਆਂ ਦਿਆ ਖ਼ਾਲਕਾ ।

ਤੇਰੇ ਦਰਸ਼ਨਾਂ ਨੂੰ ਜਹਾਨ ਆਉਣਾ,
ਤੂੰ ਸਾਨੂੰ ਛੱਡ ਕੇ ਕਿਹੜੇ ਰਾਹ ਗਿਆ ?
ਮੁੜ ਆ ! ਪੰਜਾਬ ਤੂੰ ਮੁੜ ਆ,
ਤੇਰੇ ਰੂਪ ਪਿਆਰ ਨੂੰ ਉਡੀਕਦੇ ਮੁਲਕ ਸਾਰੇ,
ਤੇਰੇ ਵੱਖਰੇਪਨ, ਤੇਰੇ ਅੱਥਰੇਪਨ ਦੀ ਚਾਹ ਹਾਰੇ ।

ਤੂੰ ਦੌੜਦਾ ਦੌੜਦਾ ਆਈਂ ਪਿਆਰਾ ।
ਹਨੇਰਾ ਘੁੱਪ ਸਾਰਾ ਤੂੰ ਹਟਾਈਂ ਪਿਆਰਾ ।
ਕਰੀਂ ਸੁਥਰਾ ਪਿੜ ਪਿਆਰਾਂ ਵਾਲਾ,
ਵੱਜਣ ਮੁੜ ਦਿਲ ਦੀਆਂ ਢੁੰਬਕ ਢੇਰੀਆਂ ।

ਗਗਨਾਂ ਦੀ ਡਾਚੀ 'ਤੇ ਚੜ੍ਹ ਆ ਪਿਆਰਾ ।
ਟੱਲੀਆਂ ਤੇ ਡਾਚੀ ਦੇ ਗਲ ਲਟਕਦੀਆਂ ।
ਆ ਟੱਲੀਆਂ ਦੇ ਰੰਗ ਵਿਚ ਗਾਉਂਦਾ ।

ਆ ਚਾਨਣੀ ਦੀ ਨੀਲੀ ਘੋੜੀ 'ਚੜ੍ਹ ਆ,
ਸੁਹਣਿਆਂ ! ਰਵਾਲ ਨਾਲ ਚਲਦੀ ਤੁਰੀ ਤੇਰੀ ।
ਆ, ਇਕ ਇਕਬਾਲ ਦਾ ਰੂਪ ਤੂੰ ।
ਆ, ਤਾਰੇ ਖਿਲਾਰਦਾ, ਅੱਧੀ ਅੱਧੀ ਰਾਤ ਨੂੰ ।
ਬੂਹੇ ਠਕੋਰ ਸਾਡੇ ਮੁੜ ਤੂੰ, ਆ, ਵਾਜਾਂ ਮਾਰਦਾ ।

ਭਾਗ ੪

ਮੈਂ ਤੇ ਉਹ

੧. ਇਹ ਸੁਨੇਹਾ ਕਿਹਾ ਪਿਆਰ ਦਾ

"ਉਹ ਤੈਨੂੰ ਪਿਆਰ ਕਰਦਾ"
ਮੁੜ ਆਖੀਂ ਵੀਰਾ !
ਮੁੜ ਆਖੀਂ ਇਕ ਵੇਰੀ ਹੋਰ,
ਮੁੜ ਮੁੜ ਕੰਨੀਂ ਮੇਰੇ ਪਾ ਵੀਰਾ-
ਉਹ ਤੈਨੂੰ ਪਿਆਰ ਕਰਦਾ"

ਮੈਂ ਤਾਂ ਬੂਹੇ ਬਾਰੀਆਂ ਖੋਲ੍ਹ ਖੜ੍ਹੀ,
ਸਾਰੇ ਰੂਹ ਦੀਆਂ,ਲੱਖਾਂ ਬਾਰੀਆਂ ਵਾਲਾ ਰੂਹ ਮੇਰਾ,
ਤੇ ਰੱਖ ਸਿਰ ਆਪਣਾ ਹਰ ਬਾਰੀ ਵਿਚ,
ਕੰਨ ਬਾਹਰ ਨੂੰ ਲਾ,
ਲੱਖਾਂ ਕੰਨਾਂ ਨਾਲ ਮੈਂ ਸੁਣਨਾ ਚਾਹਾਂ-
"ਉਹ ਤੈਨੂੰ ਪਿਆਰ ਕਰਦਾ"

ਜਾਵੀਂ ਨਾ ਤਾਵਲਾ ਲੰਘ ਵੀਰਾ ।
ਖਲੋਵੀਂ ਇਸ ਗਲੀਂ, ਇੱਥੇ ਮੈਂ ਸੁਣਨ ਦੀ ਚਾਹ ਰਹਿੰਦੀ,
ਚੱਲੀਂ ਨਾ ਚੱਲਣ ਵਾਂਗ, ਹੌਲੀ ਹੌਲੀ ਗਾਂਦਾ ਜਾਵੀਂ,
ਮੁੜ ਮੁੜ ਉਹ ਤੂੰ ਆਪਣਾ ਮਿੱਠਾ ਬੋਲ-
"ਉਹ ਤੈਨੂੰ ਪਿਆਰ ਕਰਦਾ"

ਗਾਵੀਂ ਨਾ ਹੋਰ ਗੀਤ ਕੋਈ,
ਛੇੜੀਂ ਨਾ ਹੋਰ ਸੁਰ ਕੋਈ,
ਬੱਸ ! ਇਹੋ ਇਕਾ,
ਮੁੜ ਮੁੜ ਕੰਨੀਂ ਪਾ ਮੇਰੀ-
"ਉਹ ਤੈਨੂੰ ਪਿਆਰ ਕਰਦਾ"
ਤੂੰ ਆਖੇਂ-"ਉਹ ਤੈਨੂੰ ਪਿਆਰ ਕਰਦਾ"
ਉਹ ਆਖਦਾ-"ਕਦੀ ਨਾਂਹ" ।

ਸਦੀਆਂ ਪਿਛੇ ਆਵੇ ਇਕ ਦਿਨ, ਇਕ ਘੜੀ ਕਦੀ,
ਪਲ ਦੀ ਪਲ, ਖਲੋਵੇ ਸਾਹਮਣੇ,
ਹੱਸੇ ਇਕ ਡੂੰਘੇ ਅਰਥ ਵਾਲੀ ਹੱਸੀ ਨਿੱਕੀ ਜਿਹੀ ;
ਹੱਸੇ, ਆਖੇ ਕੁਝ ਨਾਂਹ,
ਤੱਕੇ ਉਹ, ਮੈਂ ਤੱਕਾਂ ਉਤੋਂ,
ਮੈਂ ਸ਼ਰਮਾਂ ਦੀ ਮਾਰੀ,
ਮੂੰਹ ਆਪਣਾ ਹੇਠਾਂ ਨੂੰ ਕਰ,
ਤੇ ਨੈਨਾਂ ਨੂੰ ਉੱਚਾ ਜਿਹਾ ਖਿੱਚ ਮੈਂ ਦੇਖਾਂ ਇਸ ਵੱਲ,
ਉਹ ਟੁਰ ਜਾਂਦਾ ਹੱਸੀ ਦੀ ਛੋਹ ਦਾ ਪ੍ਰਕਾਸ਼ ਜਿਹਾ ਸੁੱਟ ਕੇ,
ਉਹ ਜਾਂਦਾ ਪਲਕ ਦੀ ਪਲਕ ਵਿਚ,
ਪਿਛੇ ਮੁੜ ਤੱਕਦਾ ਮੈਨੂੰ ਖਿੜਿਆ,
ਮੈਂ ਖੜ੍ਹੀ, ਅੱਖਾਂ ਮੇਰੀਆਂ ਦੌੜਦੀਆਂ,
ਖੜ੍ਹੀ ਸਿੱਜੀ, ਘੁਲੀ, ਰੰਗੀ,
ਮੈਂ ਚੁੱਪ, ਅੰਦਰ ਨਾਚ ਕਰੇ, ਇਕ ਮਾਣ ਮੈਂ ਵਿਚ-
"ਉਹ ਤੈਨੂੰ ਪਿਆਰ ਕਰਦਾ"
ਪਰ ਉਹ ਕਦੀ ਨਾ ਆਖਦਾ ।

ਓ ਕੁੜੀਓ ! ਸਹੇਲੀਓ ! ਆਉ ਨਾ,
ਮੁੜ ਮੁੜ, ਦੌੜ ਦੌੜ ਆਵੋ,
ਆਖੋ ਘੜੀ ਘੜੀ, ਪਲ ਪਲ, ਛਿਣ ਛਿਣ-
"ਉਹ ਤੈਨੂੰ ਪਿਆਰ ਕਰਦਾ"

ਮੇਰਾ ਦਿਲ ਨਿੱਕਾ ਜਿਹਾ,
ਇਹ ਮੁੜ ਮੁੜ ਬੇਸਬਰਾ ਧੜਕੇ, ਸਿਸਕੇ ;
ਜਦ ਇਹ ਆਸਾਂ ਬੰਨ੍ਹਣ ਵਾਲਾ ਅਵਾਜ਼ ਆਦਾ,
ਇਹ ਦਿਲ ਸੀ ਜਾਂਦਾ, ਹੁੰਦਾ ਝੱਟ ਦੇ ਝੱਟ ਅਕਾਸ਼ ਵਿਚ ;
ਸਹੇਲੀਓ ! ਮੈਨੂੰ ਤੜਫਦੀ ਜਿੰਦ ਨੂੰ ਨਾ ਛੱਡੀਓ, ਅੜੀਓ ।
ਮੈਨੂੰ ਘੜੀ ਘੜੀ ਖ਼ਬਰ ਦੇਣੀ ਜੇ-
"ਉਹ ਤੈਨੂੰ ਪਿਆਰ ਕਰਦਾ"

ਇਹ ਖ਼ਬਰ ਹੀ ਮੇਰੀ ਜਿੰਦ ਜੇ,
ਇਹ ਖ਼ਬਰ ਹੀ ਮੇਰੇ ਦਿਨ ਤੇ ਰਾਤ ਦੀ ਰੌਸ਼ਨੀ,
ਇਹ ਆਸ ਮੇਰੀ, ਇਹ ਮੇਰੀ ਮੁਰਾਦ ਜੇ,
ਇਹੋ ਖ਼ਬਰ ਸੁਖ ਦੀ ਸੁਨਾਣੀ,
ਤੇ ਜੀਂਦੋ ਨੂੰ ਇਸ ਸਹੇਲਪੁਣੇ ਨਾਲ ਪਾਲਣਾ-
"ਉਹ ਤੈਨੂੰ ਪਿਆਰ ਕਰਦਾ"

ਓ ਪੰਡਤੋ ! ਓ ਪ੍ਰੋਹਤੋ ! ਮੁੱਲਾਂ ਮੁਲਾਣਿਓਂ !
ਦੀਨ ਈਮਾਨ ਦਾ ਹੋਰ ਭੇਦ ਨਾ ਸਿੱਖਣਾ ਮੈਂ,
ਨਾ ਤੁਸਾਂ ਮੈਨੂੰ ਵਹਜ਼ ਕਰ ਕਰ ਦੱਸਣਾ,
ਚੋਰੀ ਚੋਰੀ ਮੈਨੂੰ ਤੁਸਾਂ ਆਣ ਦੱਸਣਾ-
"ਉਹ ਤੈਨੂੰ ਪਿਆਰ ਕਰਦਾ"

੨. ਆਵੀਂ ਤੂੰ ਰੱਬਾ ਮੇਰਿਆ

ਆਵੀਂ ਤੂੰ ਰੱਬਾ ਮੇਰਿਆ,
ਵਹਿਲਾ ਵਹਿਲਾ ਆਵੀਂ,
ਤਾਵਲਾ ਤਾਵਲਾ,

ਤੇ ਸਟੀਂ ਪਰੇ ਹੱਥ ਮੇਰੇ ਵਿਚੋਂ ਖੋਹ ਕੇ,
ਇਹ ਘੰਟੀਆਂ, ਟੱਲੀਆਂ,
ਜਿਹੜੀਆਂ ਮੈਂ ਹੱਥ ਵਿਚ ਫੜੀਆਂ, ਤੇਰੀ ਪੂਜਾ ਲਈ,
ਤੇ ਆਵੀਂ ਬੁਝਾਵੀਂ ਆਪ ਤੂੰ ਆਪਣੇ ਹੱਥ ਨਾਲ,
ਇਹ ਦੀਵੇ ਥਾਲ ਵਿਚ ਪਾਏ ਮੈਂ,
ਤੇਰੀ ਆਰਤੀ ਕਰਨ ਨੂੰ ।
ਤੇ ਪਕੜੀਂ ਹੱਥ ਮੇਰੇ,
ਸੰਭਾਲੀਂ ਮੈਨੂੰ ਤੇਰੇ ਦਰਸ਼ਨ ਦੀ ਖੁਸ਼ੀ ਵਿਚ ਡਿਗਦੀ ਨੂੰ,
ਤੇ ਰੱਖੀਂ ਦੋਵੇਂ ਹੱਥ ਆਪਣੇ ਮੇਰੇ ਪੀਲੇ ਪੀਲੇ ਮੂੰਹ 'ਤੇ,
ਤੇ ਚੁੱਕੀਂ ਚੁੱਕੀਂ ਰੱਬਾ ਆਪਣੇ ਹੱਥੀਂ,
ਮੇਰਾ ਮੁੱਖ ਉਤਾਹਾਂ ਨੂੰ,
ਉਨ੍ਹਾਂ ਆਪ ਕੀਤਿਆਂ ਹਨੇਰਿਆਂ ਵਿਚ,
ਉਸ ਹਨੇਰੇ ਘੁਪ ਵਿਚ ਦੱਸੀਂ,
ਚੁੱਕ ਮੇਰੇ ਨੈਨਾਂ ਉਤਾਹਾਂ ਨੂੰ, ਦੱਸ ਰੱਬਾ ।
ਆਪਣੀ ਝੋਲੀ ਵਿਚ ਬਿਠਾ ਕੇ ਰੱਬਾ ਮੈਨੂੰ,
ਆਪਣਾ ਮੁਖੜਾ ਚੋਰੀ ਚੋਰੀਆਂ,
ਤੇ ਇਉਂ ਪੜ੍ਹਾਈਂ ਰੱਬਾ !
ਆਪਣੀ ਅਨਪੜ੍ਹ ਜਿਹੀ, ਝਲੀ ਜਿਹੀ ਬਰਦੀਆਂ,
ਉਹ ਧੁਰ ਅੰਦਰ ਦੀ ਭੇਤ ਵਾਲੀ ਵਿੱਦਿਆ ਸੱਚ ਦੀ ।
ਹਾਂ, ਰੱਬਾ ! ਉੱਥੇ ਮੇਰੇ ਨੈਨਾਂ ਵਿਚ ਈਦ ਦਾ ਚੰਨ ਚਾੜ੍ਹ ਕੇ,
ਦੱਸੀਂ ਵਿੱਦਿਆ ਦੀ ਅਵਿੱਦਿਆ, ਉੱਥੇ,
ਤੇ ਚਾਨਣ ਸਾਰੇ ਦਾ ਘੁੱਪ ਹਨੇਰਾ ਤੇ ਹਨੇਰੇ ਦਾ ਚਾਨਣ ਦੱਸੀਂ,
ਦੱਸੀਂ, ਸਭ ਕੁਝ ਨਾ ਕੁਝ ਦਸਦਾ ਹੋਰ ।

੩. ਲੋਕੀਂ ਕਹਿਣ ਰੱਬ ਸਭ ਵਿਚ ਹੈ, ਸਭ ਕੁਝ ਹੈ


ਲੋਕੀਂ ਕਹਿਣ ਰੱਬ ਸਭ ਵਿਚ ਹੈ, ਸਭ ਕੁਝ ਉਹੋ,
ਹਰ ਥਾਂ ਹੈ, ਹਰ ਸ਼ੈ ਹੈ, ਜਿਧਰ ਦੇਖੋ, ਰੱਬ ਹੀ ਰੱਬ,
ਪਰ ਮੇਰੀਆਂ ਅੱਖੀਆਂ ਹਾਲੇ,
ਕੁਝ ਠੀਕ ਸੁਜਾਖੀਆਂ ਨਹੀਂ ਜਾਪਦੀਆਂ,
ਮੈਨੂੰ ਰੱਬ ਇਉਂ ਹਰ ਥਾਂ ਨਹੀਂ ਦਿੱਸਦਾ ।

ਕਦੀ ਕਿਸੇ ਚੰਗੀ ਘੜੀ, ਕਿਸੇ ਛਿਣ ਪਲ,
ਪਤਾ ਨਹੀਂ ਕਦੇ ਬੇਵੱਸ ਜਿਹਾ ਸਮਾਂ ਸਵਾਂਤੀ ਨਛੱਤਰ ਦਾ ਕੇਈ,
ਕੁਝ ਪਤਾ ਨਹੀਂ, ਆਵੇ ਅੱਜ ਨਾ ਆਵੇ ਸਦੀਆ,
ਜਦ ਕਿਧਰੇ ਕਿਸੇ ਰੰਗ ਵਿਚ ਡੁੱਬ,
ਜੇ ਅੱਖ ਮੇਰੀ ਵੱਜੇ ਜਾ ਕਦੀ, ਗੱਲ ਵੱਸ ਦੀ ਨਾਂਹ,
ਭਾਵੇਂ ਵੱਜੇ ਜਾ ਕਿਸੇ ਪਹਾੜ ਦੇ ਬਰਫ਼ਾਨੀ ਕਿੰਗਰੇ 'ਤੇ,
ਉਹੋ ਦਿਸੇ ਉਸ ਨਛੱਤਰ ਵਿਚ ਕਦੀ ਰੱਬ ਦੀ ਸ਼ੋਭਾ ਵਿਚ ਝਲਕਦੀ,
ਉਸ ਪਹਾੜ ਦੀ ਡਲ੍ਹਦੀ ਕਿੰਗਰੀ ਵੜੇ ਦਿਲ ਮੇਰੇ ਵਿਚ ਵਾਂਗ ਸਾਧ ਤੇ
ਫ਼ਕੀਰ ਦੇ, ਹੋ ਜੀਂਦੀ ਜਾਗਦੀ, ਮਨੁੱਖ ਵਰਗੀ,
ਤਾਂ ਬੇਹੋਸ਼ ਦੁਨੀਆਂ ਤੇ ਦੀਨ ਥੀਂ ਹੋ ਮੈਂ ਕੂਕਾਂ- ਉਹ ਰੱਬ ।
ਲੂੰ ਲੂੰ ਠੰਢਾ ਹੁੰਦਾ ਵੇਖ ਕੇ,
ਨਸ਼ਾ ਅਟੁੱਟ ਆਵੇ, ਨੈਨਾਂ ਥੀਂ ਅੰਮ੍ਰਿਤ ਬੂੰਦ ਪਈ ਵੱਸਦੀ,
ਸੁਹਣੱਪ ਦਾ ਮੀਂਹ ਵੱਸੇ ਚਾਰ ਚੁਫੇਰੀਂ ।
ਦਿਲ ਖ਼ੁਸ਼ ਕੀਤਾ ਬਰਫ਼ਾਨੀ ਜੋਤ ਨੇ,
ਪਰ ਉਹ ਸਵਾਂਤੀ ਨਛੱਤਰ, ਪਤਾ ਨਹੀਂ ਕਿਸ ਦੇ ਵੱਸ ਹੈ ?
ਇਉਂ ਕਦੀ ਕਦੀ ਮੈਂ ਰੱਬ ਦੇਖਦਾ, ਕਿਧਰੇ ਕਿਧਰੇ ।


ਕਦੀ ਕਿਸੇ ਤਰ੍ਹਾਂ ਕੋਈ ਜ਼ਨਾਨੀ ਦਿੱਸੇ ਜਾਂਦੀ,
ਏਵੇਂ ਤਾਂ ਰੋਜ਼ ਲੱਖਾਂ ਜ਼ਨਾਨੀਆਂ,
ਪਰ ਕਦੀ ਕੋਈ, ਮੁੜ ਜਦ ਉਹੋ ਵੇਲਾ ਆਉਂਦਾ,
ਵੇਲਾ ਜਿਹੜਾ ਮੈਨੂੰ ਉਂਜ ਆਉਂਦਾ,
ਜਿਵੇਂ ਦੁਨੀਆਂ ਵਾਲਿਆ ਨੂੰ ਕੋਈ ਹੀਰਾ ਲੱਭਣ ਦਾ, ਭਾਰ ਵਾਲਾ,
ਕੋਈ ਮਿੱਤਰ ਮਿਲਣ ਦਾ, ਇਕ ਵੇਰੀ ਜੀਵਨ ਸਾਰੇ ਵਿਚ,
ਕੰਗਾਲ ਨੂੰ ਜਿਵੇਂ ਅਚਾਨਕ ਤਖ਼ਤ ਮਿਲਣ ਦਾ ।
ਇਉਂ ਜਦ ਭਾਰਾ ਸਮਾਂ ਸੰਜੋਗ ਦਾ ਆਉਂਦਾ,
ਕੋਈ ਲੱਖਾਂ ਵਿਚੋਂ ਹੀ ਇਕ ਕੋਈ,
ਲੱਖਾਂ ਜਿਹੀ ਦਿੱਸਦੀ, ਪਰ ਹੋਰ ਜਿਹੀ, ਵੱਖਰੀ ਸਭ ਥਾਂ, ਉਹ ਘੜੀ ਲਈ,
ਅਚੰਭਾ ਜਿਹਾ, ਅਰੂਪ ਕੋਈ, ਰੂਪ ਉਹਦੇ ਵਿਚ ਝਲਕਾਂ ਮਾਰਦੇ ।
ਉਹ ਜ਼ਨਾਨੀ, ਨੈਨਾਂ ਰਾਹੀਂ ਪਾਂਦੀ ਮੇਰੇ ਰੂਹ ਵਿਚ,
ਉਹ ਚੀਜ਼ ਜਿਸ ਲਈ ਮੈਂ ਸਦੀਆਂ ਰੁਲਿਆ,
ਜਿਸ ਨੂੰ ਮੈਂ ਟੋਲਦਾ ਆਇਆ ਕਈ ਜਨਮਾਂ ਦੇ ਰਾਹੀਂ,
ਪਰ ਕਦੀ ਨਾ ਮਿਲੀ ਸੀ ਜਿਹੜੀ,
ਉਹ ਆਪ ਮੁਹਾਰੀ ਰੂਹ ਮੇਰੇ ਵਿਚ ਜਾ ਵੱਸੀ ਰੱਬ ਦੇ ਦਰਸ਼ਨ ਵਾਂਗ
ਤੇ ਮੈਨੂੰ ਠਾਰਿਆ ।
ਉਹੋ ਠੰਢ, ਉਹੋ ਸੁਹਣੱਪ, ਉਹੋ ਪਿਆਰਾ ਸਾਂ,
ਜਿਹੜਾ ਰੱਬ ਦੀਆਂ ਛੋਹਾਂ ਵਿਚ ਹੈ ।
ਮੈਨੂੰ ਮਿਲੀ ਉਹ ਕੌਣ ਸੀ ?
ਨਾਮ ਨਾ ਪਤਾ, ਪਛਾਣਦਾ ਮੈਂ ਨਹੀਂ ਸਾਂ,
ਉਹ ਗਈ ਮੈਨੂੰ ਦਿੱਸਦੀ : ਰੱਬ ਹੈ ।
ਰੱਬ ਇਉਂ ਮਿਲਦਾ,
ਰੱਬ ਮੈਂ ਤੱਕਿਆ ।


ਲੋਕੀਂ ਆਖਦੇ ਰੱਬ ਸਭ ਕੁਝ ਹੈ, ਸਭ ਥਾਂ ਹੈ, ਸਭ ਵਿਚ ਹੈ,
ਪਰ ਮੇਰੀਆਂ ਅੱਖਾਂ ਹਾਲੇ ਠੀਕ ਨਹੀਂ ਹਨ ਸੁਜਾਖੀਆਂ ।
ਮੇਰੀ ਮਾੜੀ ਨਿੱਕੀ ਜਿਹੀ ਨਦਰ ਹੈ,
ਮੈਂ ਤਾਂ ਸਦੀਆਂ ਪਿੱਛੇ,
ਕਦੀ ਕਦੀ, ਤਰਸਦਿਆਂ, ਕੁੱਸਦਿਆਂ, ਤਨ ਫਟਿਆਂ, ਫਰਫਰਾਂਟਿਆਂ ਫਟਕਦਿਆਂ,
ਪਲਕ , ਝਲਕ, ਜਿਹੀ ਉਹ ਰੱਬੀ ਝਾਤ ਪਾਈ ਹੈ,
ਕਦੀ ਕਿਸੇ ਅੱਖ ਦੀ ਹੱਸੀ ਜਿਹੀ ਵਿਚ,
ਕਦੀ ਚਮਕਦੇ ਖੁੱਲ੍ਹੇ ਮੱਥੇ ਪਿਆਰ ਦੇ,
ਕਦੀ ਕਿਸੇ ਸੁਹਣੀ ਦੀ ਬਾਹਾਂ ਦੀ ਉਲਾਰ ਵਿਚ,
ਕਦੀ ਸਾਧ ਦੇ ਤਿਆਗ ਵਿਚ,
ਕਦੀ ਰਾਜੇ ਦੇ ਫੌਜੀ ਸਾਮਾਨ ਵਿਚ,
ਕਦੀ ਜੰਗ ਦੇ ਕਤਲਾਮ ਦੇ ਮੈਦਾਨ ਵਿਚ,
ਕਦੀ ਫੁੱਲਾਂ 'ਤੇ ਲੇਟੇ ਕਿਸੇ ਜਵਾਨ ਵਿਚ,
ਕਦੀ ਮਸਜਿਦ, ਕਦੀ ਮੰਦਰ, ਕਦੀ ਘੰਟੀ, ਕਦੀ ਅਜ਼ਾਨ ਵਿਚ,
ਕਦੀ ਦੁੱਖ ਵਿਚ, ਕਦੀ ਆਰਾਮ ਵਿਚ,
ਕਦੀ ਦੇਣ ਵਿਚ, ਕਦੀ ਲੈਣ ਵਿਚ,
ਕਦੀ ਜੀਣ ਵਿਚ, ਕਦੀ ਮੌਤ ਮਹਾਨ ਵਿਚ ।
ਪਤਾ ਨਹੀਂ ਕੀ ਹੁੰਦਾ ?
ਮੈਂ ਤਾਂ ਕਦੀ, ਕਦੀ ਰੱਬ ਤੱਕਦਾ !


ਪਰ ਹਾਲੇ ਮੇਰੀਆਂ ਅੱਖਾਂ ਪੂਰੀਆਂ ਸੁਜਾਖੀਆਂ ਨਾਂਹ,
ਮੈਨੂੰ ਰੱਬ ਨਾ ਦਿੱਸਦਾ, ਹਰ ਥਾਂ ਹਰ ਕਿਸੇ ਚੀਜ਼ ਵਿਚ ।
ਰੱਬ ਮੈਨੂੰ ਲੱਖਾਂ ਪਰਦਿਆਂ ਵਿਚ ਛੁਪਿਆ ਲੱਗਦਾ ।
ਕਦੀ ਕੋਈ ਬਿਜਲੀ ਜ਼ਰਾ ਕਿਨਾਰਾ ਕੋਈ ਚੁੱਕਦੀ,
ਕਦੀ ਕੋਈ ਲਿਸ਼ਕ ਬਾਰੀ ਜਿਹੀ ਖੋਲ੍ਹਦੀ,
ਮੈਨੂੰ ਤਾਂ ਰੱਬ ਕਦੀ ਕਦੀ ਦਿੱਸਦਾ ;
ਮੇਰੀ ਹਾਲਤ ਕੁਝ ਤਰਸ ਯੋਗ ਹੈ ।

੪. ਮੱਥਾ ਸੰਤਾਂ ਨੂੰ ਟੇਕਣਾ

ਦੇਖੀਂ ਬੱਚੀ ! ਮੱਥਾ ਸੰਤਾਂ ਨੂੰ ਟੇਕਣਾ ।
ਸੰਤ ਗਏ ਹਨ ਟੁਰ ਅੱਜ, ਪਹਾੜ ਵੱਲ,
ਜਾਵੀਂ ਤੂੰ ਵੀ, ਨਾ ਪੂਰਬ, ਨਾ ਪੱਛਮ,
ਸਿੱਧੀ ਟੁਰੀ ਜਾਹ ਤੂੰ ਵੀ ਪਹਾੜ ਵੱਲ,
ਉਧਰ ਗਏ ਨੀ ਉਹ ਸੰਤ
ਜਿਹੜੇ ਮਨੁੱਖ ਦੇ ਰੂਪ ਤੇ ਜਾਮੇਂ ਵਿਚ,
ਛੁਪੇ ਲੁਕੇ ਰੱਬ ਦਾ ਨਾਮ ਹਨ ।

ਮਿਲਣਗੇ ਤਾਂ ਨਹੀਂ ਤੈਨੂੰ ਬੱਚੀ ।
ਢੂੰਡਿਆਂ ਕਦੀ ਨਾ ਮਿਲਣ ਉਹ,
ਪਰ ਉਸ ਸਿਮਤ ਵੱਲ ਮੂੰਹ ਕਰੀਂ,
ਘਾਹ ਉੱਤੇ ਢਹਿ ਪਈਂ ਤੂੰ,
ਮੱਥਾ ਰੱਖ ਦੇਈਂ ਘਾਹ 'ਤੇ,
ਰੱਬ ਰੱਬ ਕਰਦੀ ।
ਮੂੰਹ ਭਰੀਂ ਅਰਦਾਸ ਨਾਲ,
ਦਿਲ ਭਰੀਂ ਪਿਆਰ ਨਾਲ, ਚਾਅ ਨਾਲ,
ਦਿਮਾਗ਼ ਭਰੀਂ ਅਕਾਸ਼ ਦੀ ਉਚਾਈ ਨਾਲ,
ਅੱਖ ਵਿਚ ਤ੍ਰੇਲ ਮਿੱਠੀ ਯਾਦ ਦੀ,
ਦਸਾਂ ਪਾਤਸ਼ਾਹੀਆਂ ਦੇ ਨਾਮ ਵਿਚ,
ਪਾਵੀਂ ਇਉਂ ਤੂੰ ਰੋਮ ਰੋਮ ।
ਫਿਰ ਹਿੱਲੀਂ ਨਾਂਹ,
ਰਹੀਂ ਅਡੋਲ ਤੂੰ ਉਪਰੋਂ ਆਏ ਸਵਾਦ ਵਿਚ ।
ਸੰਤ ਆਖਦੇ : ਇਹ ਚੁੱਪ ਜਿਹਾ ਗਾਂਦਾ ਰਸ ਹੀ ਰੱਬ ਹੈ ।
ਉੱਥੇ ਦੇਖੀਂ : ਖੜੇ ਮਿਲਣਗੇ,
ਉਸ ਸਾਈਂ ਲੋਕ ਸਤਿਗੁਰਾਂ ਘੱਲੇ ਸੰਤ ਸੁੱਚੇ ਹੀਰੇ ।
ਤੇਰੇ ਸਿਰ ਤੇ ਬੱਚੀ ! ਹੱਥ ਸੰਤਾਂ ਦਾ ਆਣ ਵੱਜਸੀ,
ਅਸੀਸ ਦੇਣ,
ਤੇ ਖੜੇ ਦਿੱਸਣ ਕੋਲ ਕੋਲ ਤੈਨੂੰ,
ਅਰੂਪ ਲੋਕੀਂ ਰੂਪ ਵਿਚ ਆਵਸਣ ਰਾਹ ਪਾਣ ਨੂੰ ਤੈਨੂੰ ।
ਮੱਥਾ ਚੱਕੀਂ ਨਾਂਹ, ਤੱਕੀਂ ਹਿਠਾਂਹ ਨੂੰ ਘਾਹ 'ਤੇ
ਘਾਹ ਸਾਵਾ ਉਤੇ ਭਾਲੀਂ ਨੀਝ ਲਾ,
ਦੇਖ ਸਿਰ ਤੇਰਾ ਹੈ ਸੰਤਾਂ ਦੇ ਚਰਨ 'ਤੇ,
ਖੜੇ ਹਨ ਤੇਰੀ ਕੰਡੀ ਹੱਥ ਫੇਰਦੇ ।

੫. ਲੋਕੀਂ ਕਹਿਣ ਮਰ ਗਿਆ ਮੈਂ

ਲੋਕੀਂ ਕਹਿਣ ਮਰ ਗਿਆ ਹਾਂ ਮੈਂ ।
ਮੈਂ ਮੋਇਆ ਤਾਂ ਨਹੀਂ ਸਾਂ,
ਇਹ ਭੁਲੇਖਾ !
ਕਟੋਰਾ ਲਾਲ ਲਾਲ, ਗੁਰਾਂ ਵਾਲਾ,
ਜਿਸ ਵਿਚ ਉਨ੍ਹਾਂ ਦਾ ਅੰਮ੍ਰਤ ਨਾਮ ਸੀ,
ਹੱਥੋਂ ਮੇਰੇ ਢਹਿ ਪਿਆ ਸੀ ਆਪ ਮੁਹਾਰਾ ।
ਕਟੋਰਾ ਭੱਜਿਆ, ਅੰਮ੍ਰਤ ਭੋਂ 'ਤੇ ਵੀਟਿਆ ਗਿਆ ਮੈਥੀਂ,
ਮੇਰੇ ਹੋਠਾਂ ਦਾ ਕਟੋਰਾ ਢਹਿ ਪਿਆ ਮੈਥੀਂ,
ਹੋਠ ਮੇਰੇ ਬੰਦ ਹੋਏ, ਠੀਕ ਹੈ ।
ਪਰ ਇਕ ਇਸ ਮਰਨ ਦਾ ਅਚੰਭਾ ਤੱਕਿਆ,
ਮਿੱਟੀ ਕੂਕ ਪਈ ਉੱਚੀ ਉੱਚੀ,
ਜਿਹੜਾ ਨਾਮ ਸੀ ਮੇਰੇ ਹੋਠਾਂ ਵਿਚ,
ਤੇ ਉੱਥੇ ਹੌਲੇ ਹੌਲੇ ਇਕ ਲਾਲ ਅੱਗ ਬਾਲਦਾ ।

੬. ਲੋਕੀਂ ਆਖਣ ਮੈਂ ਜੀ ਪਿਆ

ਲੋਕੀਂ ਆਖਣ ਮੈਂ ਜੀ ਪਿਆ ।
ਹੋਇਆ ਕੀ ਸੀ ?
ਲਹੂ ਮੇਰੇ ਵਿਚ ਘੋਲਿਆ
ਸੁਹਣੇ ਸਾਈਂ ਮੇਰੇ ਸੱਚਿਆ,
ਇਕ ਲਾਲ ਲਾਲ, ਬੋਲਦਾ, ਜੀਂਦਾ ਗੱਲਾਂ ਕਰਦਾ, ਹਿਲਦਾ ਜੁਲਦਾ,
ਇਕ ਗੀਤ ਸੀ ।
ਉਹ ਗੀਤ ਹੱਡੀ ਹੱਡੀ ਮੇਰੀ ਵਿਚ ਧੱਸਿਆ,
ਗਾਂਦਾ ਗਾਂਦਾ ਮੈਂ ਵਗਿਆ ।
ਜਾਂਦਾ ਮੈਂ ਅੱਗ ਵਿਚ, ਜਲ ਵਿਚ,
ਘੋਲਦਾ ਜਾਂਦਾ ਮੁੜ ਸਭ ਕੁਝ ਮੈਂ ਆਪਣੇ ਆਪ ਵਿਚ,
ਤੇ ਜਾਂਦਾ ਆਪਾ ਮੁੜ ਸਭ ਕੁਝ ਮੈਂ ਸਾਰੇ ਜੱਗ ਵਿਚ,
ਇਸ ਵਿਚ, ਉਸ ਵਿਚ, ਹਵਾ ਵਿਚ, ਮਿੱਟੀ ਵਿਚ, ਰਗ ਵਿਚ, ਰੰਗ ਵਿਚ,
ਜੀਣ ਵਿਚ ਮੌਤ ਵਿਚ ।
ਮੈਂ ਤਾਂ ਡੁਲ੍ਹਦਾ ਸੀ ਜਾਂਦਾ ਸਭ ਕਿਸੇ ਵਿਚ,
ਗਾਂਦਾ ਉਹ ਗੀਤ ਜਿਹੜਾ ਪਿਆਰ-ਵਾਂਗ ਰਲਾਇਆ ਸਾਈਆਂ ਪਿਆਰਿਆ,
ਮੇਰੀ ਰਗ ਰਗ,
ਤੇ ਪੋੜਿਆ ਮੇਰੇ ਲੂੰ ਲੂੰ ਨੂੰ ।

੭. ਇਕ ਵੇਰੀ ਅਚਨਚੇਤ

ਇਕ ਵੇਰੀ ਅਚਨਚੇਤ,
ਮੈਂ ਢਹਿ ਪਈ ਸਾਂ ।
ਢੱਠੀ ਸਾਂ ਮੈਂ ਟੁਰਦੀ ਟੁਰਦੀ,
ਪਤਾ ਨਹੀਂ ਕਿੰਝ ਹੋਇਆ, ਠੇਡਾ ਜਿਹਾ ਵੱਜਾ,
ਮੈਂ ਢੱਠੀ ਧੈਂ ਦੇ ਕੇ,
ਪਰ ਮੈਨੂੰ ਪੜਛਿਆ,
ਉਸ ਨੇ ਆਪਣੀ ਬਾਹਾਂ ਵਿਚ,
ਦੂਰੋਂ ਬਾਹਾਂ ਖੋਲ੍ਹ ਕੇ ਆਇਆ ।
ਮੈਂ ਤਾਂ ਲੱਗ ਉਹਦੀ ਛਾਤੀ ਫੜਕਦੀ ਸਾਂ,
ਵਾਂਗ ਅਚਨਚੇਤ ਫੜੀ ਕਸੇ ਹੈਰਾਨ ਪਸ਼ੇਮਾਨ ਹੋਈ ਘੁੱਗੀ ਦੇ,
ਤੇ ਡਰ ਘੁੱਗੀ ਵਾਂਗ ਲੱਗ ਉਹਦੀ ਛਾਤੀ, ਮੇਰਾ ਨਿੱਕਾ ਜਿਹਾ ਸੀਨਾ ਕੰਬਦਾ,
ਫੜਕਦਾ, ਧੜਕਦਾ ।
ਮੈਂ ਤਾਂ ਉਲਝ ਗਈ ਉਥੇ ਫੜੀ ਜਾਲ ਜਿਹੇ ਵਿਚ ।
ਮੈਂ ਤਾਂ ਇਕ ਵੇਰੀ ਉਹਨੂੰ ਇਉਂ ਮਿਲੀ ਸਾਂ ।

੮. ਟੁਰ ਗਿਆ ਸੀ ਉਹ

ਟੁਰ ਗਿਆ ਸੀ ਉਹ ਮੈਨੂੰ 'ਕੱਲੀ ਨੂੰ ਛੱਡ ਕੇ ।
ਘੋੜੇ ਚੜ੍ਹੇ ਨੀਲੇ 'ਤੇ ਮੈਂ ਜਾਂਦਾ ਤੱਕਿਆ ਉਹ ਸਵਾਰ ਸੀ ।
ਮੈਂ ਸੋਚਾਂ ਵਿਚ ਡੁੱਬੀ,
ਪਤਾ ਨਹੀਂ ਉਹ ਪਿਆਰਾ ਹੁਣ ਕਦ ਮੁੜਸੀ ?
ਮੈਨੂੰ 'ਕੱਲਾ ਉਹ ਛੱਡ ਟੁਰ ਗਿਆ,
ਮੈਂ ਨਿੰਮੋਝੂਣ ਜਿਹੀ ਹੋ ਕੇ,
ਸਿਰ ਆਪਣੇ ਗੋਡਿਆਂ ਵਿਚ ਸੁੱਟ ਬੈਠੀ ਨਿਰਾਸ ਜਿਹੀ,
ਮੈਨੂੰ ਚੁੱਪ ਜਿਹੀ ਲੱਗ ਗਈ ।
ਗੋਡਿਆ ਵਿਚ ਪਿਆ ਸਿਰ,
ਮੈਂ ਕੀ ਦੇਖਦੀ ?
ਉਹ ਮੇਰਾ ਸਾਈਂ ਨੀਲੇ ਘੋੜੇ ਵਾਲਾ,
ਚੜ੍ਹਿਆ ਚੜ੍ਹਾਇਆ ਆ ਰਿਹਾ ਹੈ ਨੀਲੇ ਘੋੜੇ 'ਤੇ ਸਵਾਰ ਹੋ ਮੇਰੇ ਦਿਲ ਦੇ ਸ਼ਹਿਰ ਨੂੰ ।
ਉਹਦੇ ਸੁੰਮਾਂ ਦੀ ਖੜਾਕ ਹੋਈ, ਮੇਰੇ ਰੂਹ ਦਾ ਅੰਦਰਲਾ ਗੀਤ ਸੀ ।

ਇੰਨੇ ਚਿਰ ਵਿਚ ਉਹ ਸਾਈਂ ਮੇਰਾ,
ਦਿਲ ਮੇਰੇ ਵਿਚ ਵੜ ਕੇ, ਘੋੜੇ ਸਮੇਤ
ਮੇਰੇ ਕੋਲ ਆਣ ਖੜ੍ਹਾ ਸੀ ;
ਤੇ ਮੈਨੂੰ ਝੂਣ ਆਖਦਾ ;
ਮੇਰੇ ਘਰ ਅੰਦਰ ਬੈਠਿਆਂ,
ਮੇਰੇ ਮਹਿਲ ਵਸਦਿਆਂ,
ਇਹ ਕਾਹਦੀ ਅਕਲ ਹੈ ?
ਤੇ ਕੀ ਸੀ ਇਹ ਤੌਖਲਾ ?

੯. ਕਈ ਰਾਤਾਂ ਹੋਸਨ

ਕਈ ਰਾਤਾਂ ਹੋਸਨ,
ਕਈ ਮੀਂਹ ਵੱਸਸਨ ਮੁੜ,
ਪਰ ਉਹੋ ਜਿਹੀ ਰਾਤ ਨਾ ਕੋਈ,
ਨਾ ਉਹੋ ਜਿਹਾ ਮੀਂਹ ਮੁੜ ਵੱਸਸੀ,
ਜਦ ਉਹ ਸੀ ਮੇਰੇ ਕੋਲ,
ਮੈਂ ਸਾਂ ਉਸ ਕੋਲ ।
ਦਿਲ ਮੇਰੇ ਵਿਚ ਵੱਸਦਾ ਦਰਸ਼ਨ ਪੂਰਾ,
ਰੂਹ ਮੇਰਾ ਮਿੱਠੇ ਵਚਨਾਂ ਨਾਲ ਭਰਿਆ ।
ਇਕ ਉਹ ਰਾਤ ਸੀ,
ਇਕ ਉਹ ਸੀ ਉਸ ਵੇਲੇ ਮੀਂਹ ਪਿਆ ਵੱਸਨਾ ।

੧੦. ਮੈਂ ਕੁਝ ਸਦੀਆਂ ਦੀ ਨੀਂਦਰ ਵਿਚ

ਮੈਂ ਕੁਝ ਸਦੀਆਂ ਦੀ ਨੀਂਦਰ ਵਿਚ,
ਟੁਰਦੀ ਸਾਂ ਜ਼ਰੂਰ ਜਾਂਦੀ,
ਪਰ ਚੇਤੇ ਕੁਝ ਨਹੀਂ ਸੀ ।
ਇਕ ਗੱਭਰੂ ਕੇਸਾਂ ਵਾਲਾ ਮਿਲਿਆ,
ਉਹ ਤੱਕਿਆ ਤੇ ਤੱਕ ਵਿਚ ਮੈਨੂੰ ਇਕ ਪਿਆਲਾ ਦਿੱਤਾ ਪੀਣ ਨੂੰ ।
ਮੈਂ ਜੀ ਪਈ ਉਹਦਾ ਅੰਮ੍ਰਿਤ ਦਾ ਪਿਆਲਾ ਪੀ ਕੇ,
ਪਰ ਮੈਂ ਪਛਾਣ ਨਾ ਸਕੀ, ਉਹ ਕੌਣ ਸੀ ?
ਉਹ ਸਦੀਆਂ ਦੀ ਨੀਂਦਰ ਜਿਹੀ ਵਿਚ ਵਾਂਗ ਕਿਸੇ ਸੁਫ਼ਨੇ ਲੰਘ ਗਿਆ,
ਮੈਨੂੰ ਜੀਵਾਣ ਵਾਲਾ ।

੧੧. ਬਸੰਤ ਆਈ ਸਭ ਲਈ, ਮੇਰੀ ਬਸੰਤ ਕਿੱਥੇ ਗਈ ?


ਬਸੰਤ ਆਈ ਸਭ ਲਈ,
ਮੇਰੀ ਬਸੰਤ ਕਿੱਥੇ ਗਈ ?

ਬੇਲ ਬੇਲ ਬੂਟਾ ਭਰਿਆ ਸ਼ਗੂਫ਼ਿਆਂ,
ਆੜੂ ਦੇ ਊਦੇ ਫੁੱਲ,
ਹਾੜ੍ਹੀਆਂ ਦੇ ਗੁਲਾਬੀ ਚਿੱਟੇ, ਨਾਲ ਮਿਲੇ ਸਾਵੇ ਨਵੇਂ ਨਿੱਕੇ ਪੱਤੇ ।
ਪੱਤੇ ਡਾਲੀਆਂ ਦੇ ਕੋਈ ਨਾਂਹ, ਫੁੱਲ ਫੁੱਲ ਸਾਰੇ,
ਪਏ ਵਾਂਗ ਬਰਫ਼ ਦੇ ਫੁੱਲ ਉਹ ।
ਫੁੱਲਾਂ ਦਾ ਇਕੱਠ ਲੱਗੇ ਜਿਵੇਂ ਟੰਗੇ ਕਿਸੇ ਆਣ ਉੱਥੇ ਬੱਦਲ ਚਿੱਟੇ, ਜਿਹੜੇ
ਲਾਲ ਕੀਤੇ ਸਵੇਰ ਸਾਰ ਦੀਆਂ ਗੁਲਾਬੀ ਲਾਲੀਆਂ ।


ਹਵਾਵਾਂ ਨਸ਼ੇ ਪੀਤ,ੇ ਭਰ ਭਰ ਪਿਆਲੀਆਂ,
ਝੂਮਦੀਆਂ ਨਸ਼ੀਲੀਆਂ, ਟੰਗਾਂ ਉਨ੍ਹਾਂ ਦੀਆਂ ਲੜਖੜਾਂਦੀਆਂ ।
ਫੁੱਲਾਂ ਨੂੰ ਛੁਹ ਛੁਹ, ਚੁੰਮ ਚੁੰਮ, ਨੱਸਣ ਇਧਰ ਉਧਰ, ਬੇ-ਮੁਹਾਰੀ ਅਲਬੇਲੀਆਂ,
ਤੇ ਮਸਤੀ ਦੇ ਜੋਸ਼ ਵਿਚ ਪਿਆਰ ਦੀ ਕਚੀਚ ਵਿਚ,
ਉਹ ਫੁੱਲਾਂ ਦੀਆਂ ਪੰਖੜੀਆਂ ਖੋਹ ਖੋਹ, ਝੋਲਾਂ ਭਰ ਭਰ, ਇਧਰ ਉਧਰ, ਹਰ ਥਾਂ ਬਿਨ ਮਤਲਬ
ਖਲੇਰਦੀਆਂ ।
ਫੁੱਲਾਂ ਦੀਆਂ ਫੰਕਣੀਆਂ ਪੁਲਾੜ ਨੀਲੇ ਵਿਚ ਉੱਡਣ ਜਿਵੇਂ ਫੰਘਾਂ ਵਾਲੀਆਂ ਤਿਤਲੀਆਂ,
ਉੱਡਣ ਮਸਤ ਕੀਤੀਆਂ ਜਿਵੇਂ ਕਿਸੇ ਪਿਆਰ-ਕੁੱਠੇ ਦੇ ਦਿਲ ਦੀਆਂ ਉਡਾਰੂ
ਜਿਹੀਆਂ, ਅੱਗ ਦੀਆਂ ਕਿਣਕੀਆਂ ।
ਮਿੱਠੀ ਮਿੱਠੀ ਲਾਲੀਆਂ,
ਰੂਹ ਨੂੰ ਬੁਲਾਂਦੀਆਂ ਭਾਹਾਂ, ਭਖਾਂ ਤੇ ਰੌਣਕਾਂ ਬਸੰਤ ਦੀਆਂ,
ਅੰਬਾਂ ਦੇ ਬੂਰ, ਝੂ, ਜੂ ਝੂ ਲਟਕਣ ਤੇ ਝੂਮਣ ਜਿਵੇਂ ਸੁਹਣੀਆਂ ਸਵਾਣੀਆਂ ਦੇ
ਕੰਨਾਂ ਦੇ ਲਟਕਣ ਸਿਰ 'ਤੇ ਨਾਜ਼ ਨਾਲ ਹਿੱਲਣ ਵਾਲੇ ।
ਅੰਬਾਂ ਦੇ ਬੂਰ ਦੀਆਂ ਸੁਗੰਧੀਆਂ,
ਤੇ ਆੜੂ ਤੇ ਸ਼ਗੂਫ਼ਿਆਂ ਦੀ ਮੱਧਮ ਖ਼ੁਸ਼ਬੋ ਦੀਆਂ ਸੁਰਾਂ ਨਾਲ ਮਿਲਦੀਆਂ,
ਸਪਤਮ ਤੇ ਸਰਗਮ ਅਨੇਕ ਸੁਗੰਧੀਆਂ ਬਸੰਤ ਦੀਆਂ ਦੇ ;
ਮਖੋਰੀਆਂ ਉੱਡਦੀਆਂ ਤੇ ਬੈਠੀਆਂ ਤੇ ਸ਼ਹਿਦ ਚੂਸਦੀਆਂ,
ਨਾਲ ਨਾਲ ਗਾਣ ਸੁਗੰਧੀਆਂ ਵਿਚ ਤਾਲ ਦਿੰਦੀਆਂ ।
ਇਹ ਸਰਗਮ ਤੇ ਰਾਗ ਮਨੁੱਖ ਦੇ ਗਲੇ ਥੀਂ ਹੇਠ ਹਿਠਾਹਾਂ ਦੇ, ਜਾਂ ਭਾਵੇਂ ਉਸ ਥੀਂ ਉਤਾਂਹ,
ਪਰੇ ਦੇ ਸਰਗਮ ਵੱਜਦੇ ।
ਮਖੋਰੀਆਂ ਤੇ ਭੋਰੀਆਂ ਦਾ ਪਿਆਰ ਡਾਢਾ,
ਬੂਰਾਂ ਤੇ ਫੁੱਲਾਂ 'ਤੇ ਉਹ ਸਾਰਾ ਭਾਰ ਆਪਣੀ ਜੱਫ਼ੀ ਦਾ ਪਾਂਦੇ ;
ਲਿਪਟ, ਲਿਪਟ, ਕੋਮਲ ਅੰਗ ਵਾਲੇ ਫੁੱਲਾਂ ਨੂੰ ਤੰਗ ਪਏ ਕਰਦੇ ;
ਪੀੜ ਦਿੰਦੇ ਉਹ ਅਸਹਿ ਜਿਹੇ ਪਿਆਰ ਦੀ,
ਬਸੰਤ ਆਈ ਸਭ ਲਈ,
ਮੇਰੀ ਬਸੰਤ ਕਿੱਥੇ ਗਈ ?


ਪੀਂਘਾਂ ਪਈਆਂ ਉੱਚੀਆਂ ਅੰਬਾਂ 'ਤੇ,
ਕੁੜੀਆਂ ਬਹਿ ਬਹਿ,ਉੱਠ ਉੱਠ, ਛਾਤੀਆਂ ਉਭਾਰ ਕੇ ਚਾੜ੍ਹਦੀਆਂ ;
ਪੀਂਘਾਂ 'ਤੇ ਚੜ੍ਹੀਆਂ ਸਵਾਣੀਆਂ ਤੇ ਕੁੜੀਆਂ ਦਾ ਚਾਅ ਅਮਿੱਟ ਹੈ,
ਸੱਚੀ ਆਜ਼ਾਦੀ ਇਨ੍ਹਾਂ ਨੂੰ ਪੀਂਘ ਚੜ੍ਹ ਆਉਂਦੀ ।

ਤੇ ਸ਼ਗੂਫ਼ਿਆਂ ਤਲੇ ਬੈਠੇ ਲੋਕੀਂ ਸ਼ਰਬਤ ਘੋਲਣ ਪਿਆਰ ਦੇ ।
ਤੇ ਮੇਲੇ ਬਸੰਤ ਵਿਚ ਬੈਠੀਆਂ, ਸਜ ਵਿਆਹੀਆਂ ਜਵਾਨੀ ਦੇ ਆਲਸ ਵਿਚ,
ਬੈਠੀਆਂ ਅੱਧੀ ਜਾਗਦੀਆਂ, ਅੱਧੀ ਨਿੰਦਰਾ ਵਾਲੀਆਂ,
ਹੱਥ ਉਨ੍ਹਾਂ ਦੇ ਨਿੱਕੀ ਨਿੱਕੀ ਲਾਲ ਡੰਨੀ ਵਾਲੀਆਂ ਪੱਖੀਆਂ ਪਸ਼ੌਰੀ,
ਲਾਲ ਚੂੜੇ ਵਾਲੀਆਂ, ਮਹਿੰਦੀ ਰੰਗੇ, ਦੋਵੇਂ ਹੱਥ ਤੇ ਪੈਰ,
ਸੋਨੇ ਦੀਆਂ ਅਨੇਕ ਰੰਗ ਦੇ ਥੇਵੇ ਵਾਲੀਆਂ ਛਾਪਾਂ ਹੱਥਾਂ ਵਿਚ,
ਮੁੜ ਮੁੜ ਆਪਣਿਆਂ ਕੋਲੋਂ ਝੁੰਡ ਕਢਦੀਆਂ,
ਤੇ ਬੇਗਾਨਿਆਂ ਸਾਹਮਣੇ ਝੁੰਡ ਚੁਕ ਚੁਕ, ਰੌਣਕ ਮੇਲੇ ਦੀ ਤੱਕਦੀਆਂ ।
ਤੇ ਨਿੱਕੀਆਂ ਨਿੱਕੀਆਂ ਪੱਖੀਆਂ ਬਿਨ ਮਤਲਬ ਆਪਣੇ ਆਪ ਨੂੰ ਝੋਲਦੀਆਂ ।
ਹੱਸਣ ਖੇਡਣ ਲੋਕੀਂ ਸਾਰੇ,
ਫੁੱਲ ਤੋੜ ਤੋੜ ਸੁੱਟਣ ਮਖ਼ੌਲਾਂ, ਮਜ਼ਾਖ਼ਾਂ ਵਿਚ,
ਪੀਣ ਸ਼ਰਬਤ ਤੇ ਖਿੜਕੱਲੀਆਂ ਠੰਢੀ ਛਾਵਾਂ ਹੇਠ ।
ਖ਼ੁਸ਼ੀਆਂ ਕਿਹਾ ਚੜ੍ਹੀਆਂ ।
ਜਿਉਂ ਜਿਉਂ ਹੱਸਣ ਤੇ ਖੇਡਣ ਇਹ
ਮੈਨੂੰ ਡਰ ਜਿਹਾ ਲੱਗਦਾ,
ਇਹ ਖ਼ੁਸ਼ੀ ਕਿਹੀ ਹੈ ?
ਮੇਰਾ ਦਿਲ ਕਿਉਂ ਕੰਬਦਾ ?
ਕੀ ਇਹ ਨਵੀਆਂ ਜਵਾਨੀ ਦੀਆਂ ਖ਼ੁਸ਼ੀਆਂ ?
ਜਾਂ ਇਹ ਨਵੇਂ ਵਿਆਹ ਦੀ ?
ਕੀ ਭੇਤ ਇਸ ਖ਼ੁਸ਼ੀ ਦਾ ਹੈ ਸ਼ਰਬਤ ਦਾ ਪੀਣਾ ?
ਕੀ ਬਸੰਤ ਰੁੱਤ ਦਾ ਇਹ ਚਾਅ ਆਣ ਲੱਗਾ ਹੈ ?
ਕੀ ਮੌਤ ਮਗਰੋਂ ਮੁੜ ਆ ਇਹ ਵਿਛੜਿਆਂ ਦੇ ਨਵੇਂ ਮੇਲੇ ਹਨ ?
ਬਸੰਤ ਆਈ ਸਭ ਲਈ,
ਮੇਰੀ ਬਸੰਤ ਕਿੱਥੇ ਗਈ ਹੈ ?

੧੨. ਕੁੜੀਆਂ ਦਾ ਸੀ ਤ੍ਰਿੰਞਣ ਦਾ ਤ੍ਰਿੰਞਣ

ਕੁੜੀਆਂ ਦਾ ਤ੍ਰਿੰਞਣ ਦਾ ਤ੍ਰਿੰਞਣ ਸੀ, ਜਾਂਦਾ, ਗਾਂਦਾ,
ਮੈਂ ਪਤਾ ਨਹੀਂ ਕਿਉਂ, ਟੁਰ ਪਿਆ ਨਾਲ ਨਾਲ, ਪਿੱਛੇ ਪਿੱਛੇ ।
ਉਨ੍ਹਾਂ ਦੇ ਗਲੇ ਦੀਆਂ ਨਾੜਾਂ ਨੀਲੀਆਂ ਉੱਠਦੀਆਂ,
ਉਨ੍ਹਾਂ ਦੀਆਂ ਚਿੱਟੀਆਂ ਚਿੱਟੀਆਂ ਲੰਮੀਆਂ ਲੰਮੀਆਂ,
ਹੰਸ-ਗਰਦਨਾਂ, ਸੁਰ ਨਾਲ ਹਿਲਦੀਆਂ ।
ਕੋਈ ਕੋਈ ਪਿੱਛੇ ਮੁੜ ਮੁੜ ਦੇਖਦੀ,
ਇਹ ਕੌਣ ਹੈ ਜੋ ਪਿੱਛੇ ਲੱਗਾ ਆਉਂਦਾ ?
ਤੇ ਕੋਈ ਦੇਖ ਮੈਨੂੰ ਹੱਸਦੀ,
ਕਿਹਾ ਜਵਾਨ ਜਿਹਾ ਬੇਵਕੂਫ਼ ਹੈ ।
ਅਸਾਂ ਸਾਰੀਆਂ ਕੋਲੋਂ ਸੁਹਣਾ ਇਹ,
ਕਿਆ ਪਿੱਛੇ ਪਿੱਛੇ ਖਿੱਚੀ ਆਉਂਦਾ ?

ਪਤਾ ਨਹੀਂ ਕਿਉਂ ਮੈਂ ਮਗਰ ਮਗਰ ਟੁਰੀ ਜਾਂਦਾ ?
ਉਹ ਮੁੜ ਮੁੜ ਤੱਕਣ, ਮੁੜ ਮੁੜ ਹੱਸਣ
ਉਨ੍ਹਾਂ ਦੀਆਂ ਹੰਸ-ਗਰਦਨਾਂ ਦੇ ਮੋੜ ਤੋੜ ਚੰਗੇ ਲੱਗਦੇ ।
ਜਿਵੇਂ ਨੀਲੇ ਸਰਬ ਪਾਣੀ ਦੇ ਸਰ ਵਿਚ,
ਕੋਈ ਨਿੱਕੇ ਨਿੱਕੇ ਗੀਟੇ ਮਾਰ ਉਹਦਾ ਪਾਣੀ ਹਿਲਾਵੇ,
ਤਿਵੇਂ ਇਨ੍ਹਾਂ ਕੁੜੀਆਂ ਅਲਮਸਤਾਂ ਦੇ ਡਾਰ ਦੀ ਗੱਲ ।
ਇਨ੍ਹਾਂ ਦੀਆਂ ਗਾਂਦੀਆਂ ਹੱਸਦੀਆਂ ਤੇ ਅੱਖਾਂ,
ਕਦੇ ਸਨ ਸੁਟਦੀਆਂ ਮੇਰੇ ਠਹਿਰੇ ਦਿਲ 'ਤੇ ।
ਦਿਲ ਮੇਰੇ ਹੌਲੇ ਹੌਲੇ ਹੌਲਿਆ,
ਰਿਵੀ ਨਿੱਕੀ ਨਿੱਕੀ ਪਈ ਮੇਰੇ ਪਾਣੀਆਂ,
ਪਈ ਜ਼ਰੂਰ ਸੀ, ਮੈਂ ਵੀ ਸਾਂ ਨਵਾਂ,
ਤੇ ਉਹ ਸਾਰੀਆਂ ਨਵੀਆਂ,
ਪਿੱਛੇ ਪਿੱਛੇ ਲੱਗ ਗਿਆ ।
ਦਿਲ ਕੁਝ ਕੁਝ ਡੋਲਦਾ,
ਨਜ਼ਰ ਮੈਂ ਕਈ ਵੇਰੀ ਹਿਠਾਹਾਂ ਕੀਤੀ,
ਪਰ ਆਪ ਮੁਹਾਰੀਆਂ ਮੁੜ ਮੁੜ ਉੱਪਰ ਉੱਠਣ ਮੇਰੀਆਂ ਅੱਖੀਆਂ
ਪਲਕਾਂ ਦੇ ਪਰਦੇ ਚੁਕ ਚੁਕ, ਮੁੜ ਮੁੜ ਵੇਖਣ ਉਹ ਬੇ-ਮੁਹਾਰੀਆਂ ।
ਕੰਨ ਮੇਰੇ ਭਰ ਗਏ, ਉਨ੍ਹਾਂ ਤ੍ਰਿੰਞਣਾਂ ਦੀਆਂ ਮਿਲਵੀਆਂ ਸੁਰਾਂ ਦੀ ਗੂੰਜ ਨਾਲ
ਮੈਂ ਕੁਝ ਵਿਗੜ ਗਿਆ,
ਆਖਾਂ-ਇਹ ਕਿਹੀ ਅਨੋਖੀ,ਖਿੱਚਣੀ ਸੁਹਣੀ ਕੋਈ ਚੀਜ਼ ਹੈ ।
ਭਾਵੇਂ ਮਨ ਮੇਰਾ ਚੰਗੀ ਤਰ੍ਹਾਂ ਜਾਣਦਾ, ਅਨਪੜ੍ਹ ਜਿਹੀਆਂ ਕੁੜੀਆਂ
ਗਿਰਾਂ ਕਿਸੇ ਦੀਆਂ,
ਤੇ ਆਖਾਂ ਇਨ੍ਹਾਂ ਪਿੱਛੇ ਹੌਲੇ ਹੌਲੇ ਜਾਣਾ ਕਿਹਾ ਸੁਹਣਾ ।

ਗੱਲਾਂ ਜਦ ਇਉਂ ਹੋਈਆਂ,
ਕੁੜੀਆਂ ਛਾਈਂ ਮਾਈਂ ਸਨ,
ਉਹ ਖੜ੍ਹੇ ਸਾਹਮਣੇ ਸਾਈਂ ਮੇਰੇ ਦਿਲ ਦੇ,
ਹੱਸਦੇ ਤੇ ਖੇਡਦੇ ਤੇ ਆਖਦੇ :
ਕਿਹਾ ਭੁੱਲਾ ਨਿੱਕਾ ਸਾਡਾ ਬੱਚੜਾ ।
ਦੇਖੇ, ਮਿਣੇ, ਹੋਰ ਕੋਈ ਨਹੀਂ,
ਅਸੀਂ ਖੜ੍ਹੇ, ਅਸੀਂ ਖਿੜੇ,
ਹਰ ਖਿੱਚ ਵਿਚ ਅਸੀਂ ਤੈਨੂੰ ਖਿੱਚਦੇ,
ਕਦੀ ਨਾ ਭੁੱਲਣਾ ।
ਸੁਹਣੱਪ ਨਾ ਸੋਹਣੀ ਕੋਈ,
ਜ਼ਨਾਨੀ ਨਾ ਮਰਦ ਕੋਈ,
ਇਹ ਬੇਲ ਨਾ ਬੂਟੇ ਜਿਹੜੇ ਤੈਨੂੰ ਖਿੱਚਦੇ,
ਇਹ ਮੈਂ ਖੜ੍ਹਾ, ਇਹ ਮੈਂ ਖਿੜਿਆ ।
ਹੱਸ ਤੈਨੂੰ ਮੈਂ ਬੁਲਾਉਂਦਾ ਉੱਚਾਈ ਨੂੰ,
ਥਈਂ ਥਾਈਂ ਖੜ੍ਹਾ, ਰਾਹੀਂ ਰਾਹੀਂ ਖੜ੍ਹਾ,
ਚੁਰਾਹਿਆਂ ਤੇ, ਜੰਗਲਾਂ ਮੈਦਾਨਾਂ ਵਿਚ,
ਛੁਪਾ ਖਲੋਤਾ ਤੇ ਸਾਹਮਣੇ ਖੜ੍ਹਾ ਤੈਨੂੰ ਸਦਾ ਸੱਦਦਾ ।
ਖਿੱਚ ਕੋਈ ਚੀਜ਼ ਨਾਂਹ,
ਸੁਹਣੱਪ ਕੋਈ ਫੜਨ ਵਾਲੀ, ਗਲ ਲਾਣ ਵਾਲੀ ਸ਼ੈ ਨਾਂਹ,
ਇਹ ਤਾਂ ਸੂਖ਼ਮ ਜਿਹਾ ਅਰੂਪ ਜਿਹਾ ਮੈਂ ਹਾਂ ।
ਦੇਖ ਮੈਨੂੰ, ਮੈਂ ਤੈਨੂੰ ਸਦਾ ਖਿੱਚ ਪਾਉਂਦਾ ।
ਰਸ ਮੈਂ ਤੇਰਾ, ਤੇਰਾ ਰੂਹ ਰਸ ਨਾਲ ਭਰਦਾ,
ਰਸ ਤੇਰੇ ਨੈਣਾਂ ਥੀਂ ਡੁਲ੍ਹਦਾ ਬਸ ਇਹ ਸੁਹਣੱਪ ਹੈ ।
ਤੂੰ ਮੁੜ ਮੁੜ ਭੁੱਲਦਾ, ਸੁਹਣਾ ਕੋਈ ਹੋਰ ਹੈ,
ਮੈਂ ਮੁੜ ਮੁੜ ਦੱਸਦਾ, ਵਲਾਂ ਨਾਲ, ਛਲਾਂ ਨਾਲ, ਸਾਹਮਣੇ,
ਦੇਖ ਬੱਚਾ ! ਇਹ ਮੈਂ ਤੈਨੂੰ ਸੱਦਦਾ ਉਚਾਈ ਨੂੰ ।

੧੩. ਹਰ ਘੜੀ ਨਵਾਂ

ਹਰ ਘੜੀ, ਹਰ ਪਲ ਛਿਨ ਨਵਾਂ,
ਉਹ ਰੰਗ ਤੇ ਨੁਹਾਰ ਦੇ ਰਸ ਬਦਲਦਾ ।
ਨਵਾਂ ਨਵਾਂ, ਸੁਹਣਾ ਸੁਹਣਾ ਓਪਰਾ ਜਿਹਾ ਸਦਾ,
ਅਗ ਥੀਂ ਵੱਧ ਸਵਾਦਲਾ, ਅਣਪਛਾਤਾ ਜਿਹਾ ਦਿੱਸਦਾ ।
ਹਰ ਪਲ ਛਿਣ ਉਹਦੀ ਖ਼ੁਸ਼ਬੋ ਵੱਖਰੀ,
ਹੋਰ ਹੋਰ ਹੁੰਦਾ ਮੇਰਾ ਜਾਨੀ,
ਤੇ ਕੋਈ ਵੀ ਨਾ ਆਖ ਸਕਦਾ-"ਮੈਂ ਉਹਨੂੰ ਜਾਣਦਾ"

ਚਾਨਣੀ ਜੇ ਕਦੀ ਕਿਸੇ ਖਾਸ ਨਾਜ਼ਕ ਘੜੀ
ਉਹਦਾ ਗੋਰਾ ਬਦਨ ਛੋਹ ਜਾਂਦੀ,
ਉਹ ਪਿੰਡਾ ਪਿਆਰੇ ਦਾ ਜ਼ਖ਼ਮੋ ਸਖ਼ਤ ਹੁੰਦਾ,
ਤੇ ਦੂਜੀ ਕਿਸੇ ਘੜੀ ਉਹ ਸਹਿੰਦਾ ਵਾਂਗ ਬਿਰਖ ਦੇ ਤਪਦੀ, ਕੜਕਦੀ,
ਦੁਪਹਿਰ ਸਾਰੀ ਤਪਦੀ,
ਜਿਹੜੀ ਉਹਦੇ ਚਾਨਣੀ ਦੇ ਜ਼ਖ਼ਮ ਭਰਦੀ ।
ਬਾਦਸ਼ਾਹ ਜੇ ਕੋਈ ਆਵੇ ਦਰਸ਼ਨਾਂ
ਉਹ ਘਬਰਾ ਕੇ ਨੱਸਦਾ, ਕਾਹਲਾ ਜਿਹਾ ਪੈ ਕੇ,
ਬਾਦਸ਼ਾਹ ਲੱਗੇ ਉਹਨੂੰ ਵਾਂਗ ਦੁਆਈ ਦੀ ਕੁੜੱਤਣ ਦੇ ।
ਪਤਾ ਨਹੀਂ ਕਦੀ ਕਿਉਂ ਪਾਤਸ਼ਾਹਾਂ ਨੂੰ ਖ਼ੈਰ ਨਾ ਪਾਂਦਾ ਉਹ,
ਪਰ ਇਕ ਮੰਗਤੇ ਰੁਲਦੇ ਰਲਦੇ ਲਈ ਨੰਗੇ ਪੈਰੀਂ ਦੌੜਦਾ ।
ਰਸ ਵੀਟਦਾ ਉਹ ਨੰਗੇ ਪਿੰਡੇ ਗ਼ਰੀਬਾਂ 'ਤੇ ਸਭ ਜਿਵੇਂ ਅੰਞਾਈਂ,
ਤੇ ਮੰਗਤੇ ਨੂੰ, ਨੰਗੇ ਨੂੰ, ਭੁੱਖੇ ਨੂੰ, ਗੋਟਾ ਕਿਨਾਰੀ ਨਾਲ ਸਜਾਂਦਾ,
ਤੇ ਉਹਨੂੰ ਸੰਵਾਰ ਸੰਵਾਰ ਬਾਦਸ਼ਾਹ ਜਿਹਾ ਵਧਾਂਦਾ ਉਹ,
ਤੇ ਤੱਕ ਤੱਕ, ਹੱਸਦਾ, ਪਿਆਰਦਾ,
ਘੜੀਆਂ ਕਈ ਇਕ ਸੱਖਣੇ ਜਿਹੇ ਆਦਮੀ ਨਾਲ ਗੁਜ਼ਾਰਦਾ ।

ਉਹਦਾ ਕੀ ਥਹੁ ਹੈ ? ਮਰਜ਼ੀ ਦਾ ਸਾਈਂ,
ਆਜ਼ਾਦ ਉਹ ਰੱਬ ਦਾ ਬੰਦਾ, ਸੁਖਾਲਾ,
ਜੋ ਮਨ ਮੌਜ ਆਏ ਕਰਦਾ,
ਕੋਈ ਨਾ ਆਖ ਸਕੇ-"ਮੈਂ ਉਹਨੂੰ ਜਾਣਦਾ ।"

੧੪. ਪਿਆਰਾ ਕੋਲੋਂ ਮੇਰੇ ਲੰਘ ਜਾਂਦਾ


ਪਿਆਰਾ ਕੋਲੋਂ ਲੰਘ ਜਾਂਦਾ ਮੇਰੇ,
ਮੈਂ ਪਿੱਛੇ ਪਿੱਛੇ ਜਾਂਦੀ, ਤਾਰਿਆਂ ਦੀ ਛਾਵਾਂ ਢੂੰਡਦੀ ।
ਪਿਆਰਾ ਗਿਆ ਲੰਘ, ਪਤਾ ਨਹੀਂ ਕਿੱਥੇ ?
ਪਰ ਟੁਰ ਟੁਰ, ਸਾਲਾਂ ਬਧਿਆਂ ਦੇ ਸਫ਼ਰ ਝਾਗਦੀ,
ਤੇ ਤੱਕਾਂ ਸਬਰ ਝਾਗ ਝਾਗ, ਮੈਂ ਤਾਂ ਠੀਕ ਉਥੇ ਖੜ੍ਹੀ,
ਜਿੱਥੋਂ ਟੁਰੀ ਸਾਂ,
ਜਿਥੇ ਪਿਆਰਾ ਮਿਲਿਆ ਸੀ ।
ਹੈਰਾਨ ਹੋ ਬਹਿ ਜਾਂਦੀ,
ਤਾਰਿਆਂ ਵੱਲ ਤੱਕਦੀ,
ਮੁੜ ਮੁੜ ਯਾਦ ਕਰਦੀ ਉਸ ਆਪਣੇ ਮਨ ਦੇ ਗਗਨ ਤੇ ਅਚੱਲ ਧਰੂ ਨੂੰ,
ਉਹ ਚਮਕਦਾ ਸਦੀਵ ਉਹੋ ਜਿਹਾ ।


ਪਿਆਰੇ ਪਿੱਛੇ
ਮੈਂ ਸਮੁੰਦਰਾਂ ਵਿਚ ਛਾਲਾਂ ਮਾਰਦੀ,
ਕਾਂਗਾਂ ਉੱਛਲਦੀਆਂ ਤੇ ਕਿਸ਼ਤੀ ਨਿੱਕੀ ਛੱਡਾਂ ਆਪਣੀ,
ਅੱਗੇ ਵਧਾਂ, ਚੱਪੇ ਮਾਰੋ ਮਾਰ ਕਰਦੀ, ਤਰਦੀ ਜਾਂਦੀ,
ਪਰ ਹੈਰਾਨ ਹੁੰਦੀ ਸਾਲਾਂ ਦੀ ਮਿਹਨਤ ਪਿਛੋਂ,
ਪਾਣੀ ਸਭ ਹੇਠੋਂ ਵਗ ਗਏ ਮੇਰੇ,
ਸਮੁੰਦਰਾਂ ਦੇ ਸਮੁੰਦਰ ਅੱਗੇ ਚਲੇ ਗਏ ਕਿੱਥੇ,
ਤੇ ਮੇਰੀ ਕਿਸ਼ਤੀ ਦੇ ਪੈਰ ਫਸੇ ਹਨ ਚਿੱਟੀਆਂ ਬਰੇਤੀਆਂ ।
ਮੈਂ ਖਾ ਗੋਤਾ ਜਿਹਾ,
ਦੇਖਾਂ ਦੂਰ ਗਿਆਂ ਖਿਲਰਿਆਂ ਸਮੁੰਦਰਾਂ ਨੂੰ,
ਤੇ ਮੁੜ ਮੁੜ ਹੱਥ ਮਾਰਾਂ ਸਿਰ 'ਤੇ ਆਪਣੀਆਂ ਕੋਸ਼ਿਸ਼ਾਂ,
ਤੇ ਹਾਰ ਥੱਕ ਕੇ ਆਖ਼ਰ,
ਮੈਂ ਮੁੜ ਮੁੜ ਤੱਕਾਂ ਉਸ ਆਪਣੇ ਮਨ ਦੇ ਗਗਨ ਅਚੱਲ ਧਰੂ ਨੂੰ,
ਉਹ ਚਮਕਦਾ ਸਦੀਵ ਉਹੋ ਜਿਹਾ ।


ਮੈਂ ਜਾਵਾਂ ਰੰਗ ਬਰੰਗੀ ਤਿਤਲੀਆਂ ਪਕੜਦੀ,
ਤੇ 'ਕੱਠੇ ਕਰ ਕਰ ਰੱਖਾਂ ਉਨ੍ਹਾਂ ਉੱਡਦਿਆਂ ਸੁਹਣੱਪਾਂ ਨੂੰ ।
ਇਕੱਠੇ ਖ਼ਜ਼ਾਨੇ ਜਦ ਕਦੀ ਖੋਹਲਾਂ ਸਾਲਾਂ ਮਗਰੋਂ,
ਮੇਰੇ ਹੱਥ ਕੁਝ ਨਾਂਹ,
ਬੱਸ, ਪੱਤਝੜ ਰੁੱਤ ਦੇ ਫਟੇ ਤੇ ਸੁੱਕੇ, ਪੀਲੇ, ਰੱਤੇ ਟੁੱਟੇ ਕੁਝ ਪੱਤੇ ।
ਦੇਖ ਦੇਖ ਭਾਗ ਆਪਣੇ,
ਤੇ ਖ਼ਵਾਹਿਸ਼ਾਂ ਤੇ ਗ਼ਰਜ਼ਾਂ ਦੀ ਅੰਦਰਲੀ ਕਾਲਖ਼ ਆਪਣੀ,
ਮੁੜ ਮੁੜ ਮੈਂ ਆਖ਼ਰ ਹਾਰ ਕੇ ਤੱਕਦੀ,
ਉਸ ਆਪਣੇ ਮਨ ਦੇ ਗਗਨ ਦੇ ਧਰੂ ਨੂੰ,
ਉਹ ਚਮਕਦਾ ਸਦੀਵ, ਉਹੋ ਜਿਹਾ ।

੧੫. ਮੈਂ ਨਿਸ਼ਾਨਾ ਮਾਰ ਨਹੀਂ ਜਾਣਦਾ

ਮੈਂ ਨਿਸ਼ਾਨਾ ਕਦੇ ਨਹੀਂ ਬੰਨ੍ਹਿਆ,
ਨਾ ਨਿਸ਼ਾਨਾ ਮਾਰ ਜਾਣਾ ।
ਉਹ ਆਪ ਨਿਸ਼ਾਨਾ ਫੁੰਡਦਾ,
ਹੱਥ ਮੇਰੇ ਹਨ, ਤੀਰ ਚਲਾਂਦਾ ਉਹ ਮੇਰੇ ਹੱਥਾਂ ਨਾਲ,
ਮੈਂ ਤਾਂ ਤੀਰ ਨੂੰ ਉਹਦੇ ਹੱਥ ਦੀ ਛੋਹ 'ਤੇ ਛਡਦਾ ।
ਮੈਂ ਪਿਆਰ ਨਹੀਂ ਕਰਦਾ ;
ਮੈਂ ਪਿਆਰ ਕਰਨ ਨਹੀਂ ਜਾਣਦਾ ;
ਪਤਾ ਕੀ ਹੁੰਦਾ ਹੈ ਕਦੀ ਕਦੀ ਮੈਨੂੰ :
ਮੈਂ ਤਾਂ ਹਵਾ ਦੇ ਮੋਢਿਆਂ 'ਤੇ ਬੈਠਾ, ਉੱਡਿਆ ਜਾਂਦਾ ਹਾਂ ਵਾਂਗ ਹਾੜੀ ਦੇ
ਫੁੱਲਾਂ ਦੀ ਪੰਖੜੀਆਂ ਦੇ,
ਇਧਰ ਉਧਰ, ਖ਼ੁਸ਼ੀਆਂ ਵਿਚ ਡਿੱਗਦਾ, ਢਹਿੰਦਾ ।
ਹੁੰਦਾ ਹੈ ਜੁ ਹੁੰਦਾ ਹੈ, ਉਹ ਜਾਣੇ,
ਮੈਂ ਨਿਸ਼ਾਨਾ ਨਹੀਂ ਬੰਨ੍ਹਿਆ,
ਨਾ ਨਿਸ਼ਾਨਾ ਮਾਰ ਜਾਣਾ ।
ਉਹ ਆਪ ਨਿਸ਼ਾਨੇ ਸਾਰੇ ਫੁੰਡਦਾ ।

੧੬. ਵਿਛੋੜਾ

ਉਮਰਾਂ ਪਿੱਛੇ ਮੈਂ ਉਹਨੂੰ ਮਿਲਿਆ,
ਮੈਂ ਆਖਿਆ ਦੰਦ ਜਿਹੇ ਪੀਹ ਕੇ, ਮੈਂ ਹੁਣ ਕਦੀ ਨਾ ਵਿਛੁੜਸਾਂ
ਕਦੇ ਨਾ ਛੱਡ ਕੇ ਜਾਸਾਂ ਆਪਣੀ ਜਿੰਦ ਜਾਨ ਨੂੰ ।
ਮੈਂ ਇਸ ਵੇਰੀ ਖ਼ੂਬ ਪੱਕ ਕੀਤਾ ਸੀ ਆਪਣੇ ਆਪ ਨਾਲ,
ਛੋਡ ਨਾ ਜਾਸਾਂ ਕਦੀ ਹੁਣ ਲਾਲ ਨੂੰ ।

ਪਰ ਜਦ ਉਹ ਪਿਆਰਾ ਬੋਲਿਆ,
ਮੈਂ ਉਹਦੇ ਹੋਠਾਂ ਵਿਚੋਂ ਢਹਿੰਦੇ ਤੱਕੇ ਅੱਗ ਦੇ ਕਣੂਕੇ ।
ਦੇਖੋ ਇਹਦੇ ਅੱਗ ਦੇ ਉਹਦੇ ਗੀਤ ਉੱਡਦੇ ।
ਮੇਰਾ ਬਲ ਛੁਟਕਿਆ, ਮਰਜ਼ੀ ਮਰ ਗਈ,
ਮੈਂ ਉੱਡ ਪਿਆ ਨਾਲੇ, ਭੁੱਲ ਉਸ ਪਿਆਰੇ ਨੂੰ ਮੁੜ ਉਹਦੇ ਅੱਗੀ ਗੀਤ ਵਿਚ ।
ਆਹਾ ! ਠੀਕ ਮਿਲੀ ਮੈਂ ਉਸ ਨੂੰ,
ਇਨ੍ਹਾਂ ਸਦਾ ਦੇ ਵਿਛੋੜਿਆਂ ਵਿਚ ।

੧੭. ਮੁੜ ਆ ਪਿਆਰੇ

ਮੁੜ ਆ ਪਿਆਰੇ ਤੂੰ,
ਰਾਤ ਮੁੜ ਮੇਰੇ ਵੈਰ ਪੈ ਗਈ ਆ ।
ਉਹ ਸਾਲ ਦੇ ਜੰਗਲ ਜਿਹੜੇ ਸਾਡੇ ਮੇਲੇ ਦੇ ਗੀਤ ਸਨ ਕਦੀ,
ਅੱਜ ਗਿੜ ਬੈਠੇ ਹਨ, ਕੁਝ ਅਪਣੱਤ ਪੁਰਾਣੀ ਉਹ ਨਹੀਂ ਰਹੀ ਕਿਧਰੇ :
ਸਭ ਜਗਤ ਬਦਲ ਗਿਆ ਈ,
ਹਨੇਰਾ ਜਿਹਾ ਛਾ ਗਿਆ ਈ,
ਉਹ ਪੁਰਾਣੀ-ਤੇਰੇ ਕੋਲ ਹੁੰਦਿਆਂ ਦੀ-ਸਾਂਝ ਨਹੀਂ ਦਿੱਸਦੀ ;
ਇਉਂ ਜਾਪੇ ਜਿਵੇਂ ਮੁੜ ਕਦੀ ਨਾ ਉਹ ਵੇਲਾ ਆਸੀ,
ਮੁੜ ਕਦੀ ਨਾ ਉਹ ਥਸੀ ਜਿਹੜਾ ਸੀ ਕਦੀ,
ਜਿਵੇਂ ਮੁੜ ਪ੍ਰਭਾਤ ਕਦੀ ਨਾ ਆਸੀ ਹੁਣ,
ਬੱਸ, ਰਾਤ ਓਪਰੀ ਨਾਵਾਕਫ਼ ਦਾ ਹਨੇਰਾ,
ਤੇ ਉਸ ਵਿਚ ਕੁੱਲ ਜਗਤ ਪੱਤਾ ਪੱਤਾ ਹਨੇਰੇ ਦਾ ਹੋ ਪਿਆ ਡਿੱਗਦਾ ।

ਮੁੜ ਆ ਪਿਆਰੇ ਤੂੰ,
ਹੁਣ ਢਿੱਲ ਨ ਲਾਵੀਂ, ਆ ਜਿਵੇਂ ਤੂੰ ਸਦਾ ਆਉਂਦਾ,
ਪਿੱਛੋਂ ਆ ਦੋਹਾਂ ਹੱਥਾਂ ਨਾਲ ਬੰਦ ਕਰ ਨੈਣ ਮੇਰੇ,
ਅਚਨਚੇਤ ਪੁੱਛੀਂ "ਕੌਣ ?"
ਤੇ ਪੁੱਛ, ਪੁੱਛ, ਮੁੜ ਪੁੱਛ,ਉੱਤਰ ਨਾ ਉਡੀਕੀਂ ਤੂੰ,
ਤੇ ਲਵੀਂ ਸਾਰੀ ਪੜੁਛ ਮੈਨੂੰ ਆਪਣੀਆਂ ਬਾਹਾਂ ਵਿਚ,
ਤੇ ਦੇਵੀਂ ਇਹ ਖ਼ੁਸ਼ੀ ਮੁੜ,
ਜਿਸ ਨਾਲ ਮੁੜ ਕਰਸਾਂ ਮੌਤ ਨੂੰ ਫ਼ਤਹ ਮੈਂ ।

੧੮. ਉਸ ਦੀ ਦਾਤ

ਉਸ ਮੋਤੀ ਇਕ ਵਿੰਨ੍ਹ ਕੇ,
ਇਕ ਕਿਰਨ ਜਿਹੀ ਤਾਰ ਵਿਚ ਪ੍ਰੋ ਦਿੱਤਾ ਮੈਨੂੰ ।
ਆਪਣੇ ਹੱਥੀਂ ਗਲੇ ਮੇਰੇ ਵਿਚ ਪਾਇਆ
ਅਜੀਬ-ਇਹ ਮੋਤੀ ।
ਜਿਵੇਂ ਅੱਖਾਂ ਨਾਲ ਤਾਰੇ ਸੌਂਦੇ, ਉੱਠਦੇ, ਖੁੱਲ੍ਹਦੇ ਮੀਟਦੇ
ਤਿਵੇਂ ਉਹ ਮੋਤੀ ਲੱਗ ਮੇਰੀ ਛਾਤੀ,
ਮੇਰੇ ਨਾਲ ਨਾਲ ਸੌਂਦਾ ਜਾਗਦਾ, ਹੱਸਦਾ ਰੋਂਦਾ ।
ਪਰ ਮੈਂ ਅਣਗਹਿਲਣ, ਮੈਂ ਮੂਰਖ,
ਮੈਨੂੰ ਉਹਦੀ ਅਸਲ ਖ਼ਬਰ ਕੋਈ ਨਾਂਹ ।

ਇਕ ਦਿਨ ਇਹ ਧਾਗਾ ਟੁੱਟਾ, ਮੋਤੀ ਡਿੱਗਾ,
ਤੇ ਮੇਰੇ ਗਲੇ ਵਿਚੋਂ ਢਹਿ ਪਈ ਤਲੇ ਧਰਾ 'ਤੇ ।
ਮੈਂ ਹੈਰਾਨ ਹੋ ਦੇਖਦੀ ਹਾਂ,
ਦੋਵੇਂ ਜ਼ਮੀਨ ਅਕਾਸ਼ ਇਕੱਠੇ, ਇੱਕੋ ਵੇਲੇ ਦੌੜੇ,
ਇਹਨੂੰ ਪੜੁੱਛਣ ਨੂੰ ਡਾਢੀ ਸਤਿਕਾਰ ਵਿਚ,
ਹਾਏ ਇਹ ਤਲੇ ਕਿਉਂ ਢੱਠਾ ?
ਮੈਨੂੰ ਇਹਦੀ ਅਸਲੀ ਖ਼ਬਰ ਕੋਈ ਨਾਂਹ ।

੧੯. ਸਮੁੰਦਰ ਕਿਨਾਰੇ ਮੈਂ ਉਡੀਕਾਂ

ਸਮੁੰਦਰ ਕਿਨਾਰੇ ਮੈਂ ਖੜ੍ਹੀ ਉਡੀਕਾਂ,
ਪਿਆਰੇ ਦਾ ਜਹਾਜ਼ ਕਦ ਆਵਸੀ ?
ਮੈਨੂੰ ਉਦਾਸ ਖੜ੍ਹੀ ਨੂੰ ਦੇਖ,
ਸਾਰਾ ਸਮੁੰਦਰ ਆਇਆ, ਡਿੱਗਿਆ ਪੈਰਾਂ ਵਿਚ,
ਤੇ ਛੋਹਵੇ ਮੇਰੇ ਪੈਰ ਆਪਣੀ ਅਯਾਲ ਨਾਲ ।
ਪਰ ਮੈਂ ਵੇਖਦੀ ਦੂਰ, ਉਤਾਹਾਂ ਨੂੰ,
ਪਿਆਰੇ ਦਾ ਜਹਾਜ਼ ਕਦ ਆਵਸੀ ?
ਸਮੁੰਦਰ ਵੱਲ ਮੈਂ ਧਿਆਨ ਨਾ ਕਰਦੀ,
ਸਮੁੰਦਰ ਮੇਰਾ ਕੀ ਲੱਗਦਾ ?
ਮੈਨੂੰ ਸਮੁੰਦਰ ਦੀ ਲੋੜ ਕੀ ?
ਮੈਂ ਦੇਖਦੀ ਦੂਰ ਅਗਾਹਾਂ ਨੂੰ,
ਸਮੁੰਦਰ ਥੀਂ ਪਾਰ, ਪਿਆਰੇ ਦਾ ਜਹਾਜ਼ ਕਦ ਆਵਸੀ ?

ਉਹ ਆਇਆ ਜਹਾਜ਼ ਪਿਆਰੇ ਦਾ ਲਹਿਰਾਂ 'ਤੇ ਟੁਰਦਾ,
ਜਹਾਜ਼ ਵਿਚ ਬੈਠਾ ਮੇਰੇ ਸਿਰ ਦਾ ਸਾਈਂ ।
ਮੈਂ ਤਾਂ ਉਸ ਓੜ ਸਮੁੰਦਰ ਨੂੰ ਪਿਆਰਿਆ,
ਮੈਂ ਤਾਂ ਸਮੁੰਦਰ ਸਾਰੇ ਥੀਂ ਵਾਰੀ ਵਾਰੀ,
ਜਿਸ ਉੱਤੇ ਆਇਆ ਜਹਾਜ਼ ਉਹ ਪਿਆਰੇ ਦਾ ।

ਮੈਂ ਤਾਂ ਘੋਲ ਘੁਮਾਈਆਂ ਸਮੁੰਦਰ ਸਾਰੇ ਦੇ ਪਾਣੀਆਂ
ਮੈਂ ਉਹਦੇ ਕੇਸਰੀ-ਸਿਰ 'ਤੇ ਹੱਥ ਫੇਰਦੀ ।
ਮੈਨੂੰ ਉਹਦੀ ਸਿੰਘ-ਗਰਜ ਲੂੰਅ ਲੂੰਅ ਭਾਂਦੀ ਹੁਣ, ਜਿਗਰਾਂ ਵਿਚ ਚੁਭਦੀ ।
ਮੈਂ ਮੱਲੋ ਮੱਲੀ ਸਮੁੰਦਰ-ਸਿੰਘ ਨੂੰ ਪਿਆਰਦੀ,
ਸਮੁੰਦਰ ਤਾਂ ਮੇਰਾ ਰੂਹ ਹੈ ।
ਉਹ ਆਇਆ ਜਹਾਜ਼ ਪਿਆਰੇ ਦਾ ਸਮੁੰਦਰਾਂ 'ਤੇ ਟੁਰਦਾ ।

੨੦. ਜੇ ਤੂੰ ਮੇਰਾ ਹੋਵੇਂ !

ਜੇ ਤੂੰ ਮੇਰਾ ਹੋਵੇਂ,
ਮੈਂ ਦੇਖਾਂ ਨਿੱਤ ਤੈਨੂੰ,
ਤਾਂ ਮੰਦਰ ਦੀ ਨਾਂਹ ਲੋੜ ਮੈਨੂੰ,
ਮਸਜਿਦ, ਗਿਰਜਾ ਮੇਰਾ ਤੂੰ ਹੈਂ ।

ਜੇ ਮੇਰਾ ਮੁੱਖ ਸੂਰਜ-ਮੁਖੀ ਦੇ ਫੁੱਲ ਵਾਂਗ ਫਿਰੇ,
ਉਧਰ ਜਿਧਰ ਤੂੰ ਹੋਵੇਂ,
ਤੇ ਜੇ ਰੋਜ਼ ਤੇਰੀ ਨਿਗਾਹਾਂ ਦੀ ਧੁੱਪ ਵਿਚ ਨ੍ਹਾਵਾਂ ਮੈਂ,
ਜੇ ਮੇਰਾ ਮਨ ਖ਼ਿਆਲ ਥੀਂ, ਉੱਚਾ ਹੋਵੇ,
ਮੇਰੇ ਵਿਚ ਸੱਚੀਂ ਈਮਾਨ, ਇਸਲਾਮ, ਬੇਓੜਕ, ਇਹ ;
ਬੱਸ, ਮੈਨੂੰ ਦੁਨੀਆਂ ਦੀਨ ਦੀ ਲੋੜ ਨਹੀਂ ।

ਭਾਗ ੫

ਇਕ ਜੰਗਲੀ ਫੁੱਲ

ਭੂਮਿਕਾ

ਇਸ ਟੁੱਟੀ ਭੱਜੀ ਕਵਿਤਾ ਦੀ ਪਲਾਟ ਤਾਂ ਨਿਮਾਣੀ ਜਿਹੀ ਹੈ, ਪਰ ਉਸ ਪਲਾਟ ਦੁਆਰਾ ਆਏ ਜਜ਼ਬੇ
ਉਮਡ ਉਮਡ ਨਿਕਲੇ ਹਨ ਤੇ ਇਕ ਨਿੱਕੀ ਰੰਗੀਲ ਕਿੱਲੀ ਉੱਤੇ ਰੰਗੇ ਫੁੱਲਾਂ ਦੇ ਹਾਰ ਹਨ । ਕਿੱਲੀ ਦਿੱਸਦੀ ਨਹੀਂ,
ਦਿੱਸ ਕੇ ਕਰਨਾ ਕੀਹ ਸੂ ? ਸੁਹਣੱਪ ਤੇ ਜੁਆਨੀ ਦਾ ਧੁਰਾਂ ਦਾ ਮੇਲਾ ਹੈ ।ਇਕ ਨਿਮਾਣੀ ਕੱਖਾਂ ਦੀ ਝੁੱਗੀ ਅੰਦਰ,
ਮੰਦਰ ਪਿਆਰ ਦਾ ਬਣਿਆ ਤੇ ਦਿਲ ਦੇ ਦਰਿਆ ਵਗ ਖਲੋਤੇ ; ਝੁੱਗੀ ਝੱਗੀ ਰੁੜ੍ਹ ਟੁਰੀ, ਠਾਠਾਂ ਮਾਰਦੇ ਦਰਿਆ 'ਤੇ
ਰੁੜ੍ਹਦੀ ਜਾਂਦੀ ਝੁੱਗੀ, ਉਸ ਵਿਚ ਅਡੋਲ ਬੈਠੀ ਇਕ ਕੁੜੀ ਤੇ ਉਸਦੇ ਭਾਗਾਂ ਦੀ ਇਕ ਕਹਾਣੀ ਹੈ ।ਕਿਧਰੇ ਕਿਧਰੇ
ਨਿੱਕੇ ਨਿੱਕੇ ਅੱਖਰਾਂ ਵਿਚ ਉਨ੍ਹਾਂ ਕੱਖਾਂ ਵਿਚ ਅੜੇ ਵੱਡੇ ਵੱਡੇ ਦਿਲਾਂ ਵਾਂਗ ਕੁਝ ਅਰਥ ਹਨ ।ਹਾਂ ਬੱਸ ! ਇਕ ਕੱਖਾਂ
ਦੀ ਝੁੱਗੀ ਬਣਾਈ ਹੈ, ਵਿਚ ਇਕ ਬੋਲਦੀ ਘੁੱਗੀ ਦਾ ਆਲ੍ਹਣਾ ਹੈ ।ਪੰਖੇਰੂਆਂ ਦੇ ਨਾਮੋ ਨਿਸ਼ਾਨ ਨਹੀਂ ਹੁੰਦੇ, ਇਸ ਸੱਸੀ
ਪੁੰਨੂੰ ਦਾ ਨਵਾਂ ਨਾਂ ਕੋਈ ਨਹੀਂ ਰੱਖਿਆ ।
-ਪੂਰਨ ਸਿੰਘ, ਗਵਾਲੀਅਰ

ਇਕ ਜੰਗਲੀ ਫੁੱਲ


ਨੀਲੇ ਨੀਲੇ ਗਗਨਾਂ ਹੇਠ,
ਇਕ ਕੱਖਾਂ ਦੀ ਝੁੱਗੀ
ਕੱਖ ਪੀਲੇ ਪੀਲੇ, ਨਵੇਂ ਛਵਾਏ,
ਤੇ ਕੱਖਾਂ 'ਤੇ ਪੈਂਦੀਆਂ ਝੁਰਮੁਟ ਪਾਂਦੀਆਂ,
ਬੇਤਾਬ ਸੂਰਜ ਦੀਆਂ ਕੰਬਦੀਆਂ ਕਿਰਨਾਂ ;
ਕੱਖ ਸਭ ਸੋਨੇ ਦੇ ।
ਉਸ ਵਿਚ ਬੈਠੀ ਇਕ ਸੁਹਣੀ ਸੋਹਲ,
ਮ੍ਰਿਗ-ਨੈਨੀਂ, ਚਿੱਟੀ ਦੁੱਧ ਕੁੜੀ,
ਪਤਲੀ ਛਿੰਗ, ਭਰ-ਜਵਾਨ,
ਅਬੋਝ, ਆਪੇ ਵਿਚ ਡੁੱਬੀ ।
ਨੈਨ ਉਸ ਦੇ ਨਸ਼ੀਲੇ, ਕੁਝ ਲਾਲ ਲਾਲ,
ਅੱਧ-ਮੀਟੇ, ਅੱਧ-ਖੁੱਲ੍ਹੇ,
ਸੁਫ਼ਨੇ ਭਰੇ, ਇਕ ਅਕਹਿ ਜੋਤੀ ਦੇ ਦੋ ਬਲਦੇ ਦੀਵੇ ।
ਨੁਹਾਰ ਰਸੀਲੀ, ਗੋਰਾ ਬਦਨ,
ਗੋਰੇ ਗੋਰੇ ਅੰਗ ਕੁੜੀ ਦੇ,
ਤੇ ਗੋਰੇ ਬਦਨ ਫੁੱਲ ਗੁਲਾਬ ਦੀ ਭਾਹ,
ਇਕ ਬੋਲਦੀ ਬੋਲਦੀ ਗੁਲਾਬੀ ਭੱਖ,
ਪ੍ਰਭਾ-ਜੋਤ, ਇਕ ਜੰਗਲੀ ਫੁੱਲ ਵਾਂਗ ।
ਰਸ ਨਾਲ ਝੂ ਜੂ ਝੂ ਕਰਦੀ ਅਲਬੇਲੀ :
ਰਸ ਡੋਲ੍ਹਦੀ ਖ਼ੁਸ਼ਬੋ ਭਰੀ ਜਵਾਨੀ, ਮਸਤਾਨੀ,
ਹੁਲਾਰਿਆ ਵਿਚ ਵਾਂਗ ਬਸੰਤ ਰਸੀਲੀ,
ਅਡੋਲ ਵਾਂਗ ਪੂਰੇ ਖਿੜੇ ਕਮਲਾਂ,
ਪੂਰੀ ਖਿੜੀ, ਆਪਾ-ਚਾਅ ਭਰੀ,
ਸੋਨੇ ਦੇ ਕੱਖਾਂ ਦੀ ਝੁੱਗੀ ਵਿਚ ਉਹ ;
ਉਸ ਵਿਚ ਡਲ੍ਹਕੇ ਉਹਦਾ ਅਛੋਹ ਸੁਹਣੱਪ,
ਤੇ aੇਸ ਹੁਸਨ ਦੀਆਂ ਸੂਖਮ ਚਮਕਾਂ,
ਉਸ ਕੱਖਾਂ ਦੀ ਝੁੱਗੀ ਦੇ ਅੰਦਰ ਜਲੌ,
ਤੇ ਕੱਖਾਂ ਨੂੰ ਭਿਗੋ, ਬਾਹਰ ਚੋਂਦੀਆਂ,
ਜਿਦਾਂ ਸੁਹਣੱਪ ਲਿਸ਼ਕਾਂ ਮਾਰਦਾ ।
ਹੁਸਨਾਂ ਵਾਲੀ ਬੈਠੀ ਜਿਉੇਂ ਕਿਸੇ ਗਗਨ ਵਿਚ,
ਉੱਚੀ ਉੱਚੀ ਪਈ ਦਿਸਦੀ, ਦੂਰ, ਉੱਪਰ ।
ਆਪ ਮੁਹਾਰੀ ਦਿਲ ਖਿੱਚਦੀ ਅਨਜਾਣ,
ਦਿਲਾਂ ਨਾਲ ਖੇਡਦੀ, ਵਾਂਗ ਮਣੀਆਂ ਉਛਾਲਦੀ ।
ਦਿਲ ਖੋਂਹਦੀ ਖੋਂਹਦੀ,
ਛੁਪਦੀ ਛੁਪਾਉਂਦੀ,
ਜਾਂਦੀ ਖਿਸਕਦੀ ਦੂਰ ਉੱਪਰ, ਉੱਪਰ, ਹੋਰ ਉੱਪਰ ।
ਲੁਕਦੀ ਦਰਸਾਂਦੀ, ਜਾਂਦੀ ਉੱਡਦੀ,
ਵਾਂਗ ਚਾਹ ਅਮਿੱਟ ਉਹ,
ਪਰੇ ਪਰੇ, ਉੱਪਰ ਉੱਪਰ, ਹੱਥ ਨਹੀਂ ਆਉਂਦੀ ।
ਪ੍ਰਤੱਖ, ਪਰ ਮਾਇਆ, ਸੁਹਣੱਪ ਉਹ,
ਬੁਲਾਵੇ, ਮਚਕਾਵੇ, ਨੱਸ ਜਾਵੇ ਪਰੇ ਪਰੇ,
ਸਵਪਨ ਸਵਛ, ਜਿਵੇਂ ਛਾਈ ਮਾਈਂ ਹੋਂਵਦੀ ।
ਸੁਹਣੀ ਲਟਕਾਂ ਲਿਸ਼ਕਾਂ ਵਾਲੀ,
ਬੈਠੀ ਚੁੱਪ, ਪਰ ਉਹਦਾ ਰੂਪ ਆਪ ਮੁਹਾਰਾ ਪਿਆ ਗਾਉਂਦਾ,
ਗਗਨਾਂ ਵਿਚ ਇਕ ਰੂਪ-ਸੁਰ ਪਈ ਵਜਦੀ ।
ਇਕ ਅਲਾਪ ਕੰਨਾਂ ਵਿਚ ਆਉਂਦਾ,
ਸੁਹਣੀ ਦਾ ਸੁੰਦਰ ਦੀਦਾਰ ਪਿਆ ਪਾਉਂਦਾ :
ਕੋਮਲ ਕਮਾਲ ਮੈਂ
ਆਤਮ ਜਮਾਲ ਮੈਂ,
ਗਗਨਾਂ ਦਾ ਲਾਲ ਮੈਂ,
ਹੱਥ ਲਾਇਆਂ ਪਿਘਲਣਾ ।
ਦਿਲ ਨਾਲ ਟੋਹ ਮੈਨੂੰ,
ਨੈਨ ਨਾਲ ਛੋਹ ਮੈਨੂੰ,
ਆਸ ਵਿਚ ਜੋਹ ਮੈਨੂੰ,
ਜਾਗ ਆਇਆਂ ਖਿਸਕਣਾ ।
ਹੱਥ ਨਾ ਲਾ ਮੈਨੂੰ,
ਅੰਗ ਨਾ ਛੁਹਾ ਮੈਨੂੰ,
ਰੱਸੀਆਂ ਨਾ ਪਾ ਮੈਨੂੰ,
ਨੀਂਦ ਦਾ ਮੈਂ ਸੁਫ਼ਨਾ ।
ਹਿਰਆਂ ਦੀ ਆਬ ਮੈਂ,
ਬਿਜਲੀਆਂ ਦੀ ਤਾਬ ਮੈਂ,
ਸਵਾਲਾਂ ਦੀ ਜਵਾਬ ਮੈਂ,
ਆਪੇ ਵਿਚ ਵੱਸਣਾ ।
ਤਾਰਿਆ ਦੀ ਲਟਕ ਮੈਂ,
ਨੈਣਾਂ ਦੀ ਮਟਕ ਮੈਂ,
ਮਣੀਆਂ ਸਫਟਕ ਮੈਂ,
ਮੁੜ ਮੁੜ ਨਿਹਾਲਣਾ ।
ਚਾਅ ਦਾ ਉਭਾਰ ਮੈਂ,
ਰਸ ਦਾ ਛਣਕਾਰ ਮੈਂ,
ਨੂਰ ਦੀ ਫ਼ੁਹਾਰ ਮੈਂ,
ਪੀਣਾਂ ਤੇ ਖ਼ਿਆਲਣਾ ।
ਨੈਣਾਂ ਨਾਲ ਬੋਲਾਂ ਮੈਂ,
ਜੀਭ ਨਾਲ ਤੋਲਾਂ ਮੈਂ,
ਮਰ ਮਰ ਹਾਂ ਮਉਲਾਂ ਮੈਂ,
ਗਗਨ ਮੇਰਾ ਆਲ੍ਹਣਾ ।
ਰੇਖ ਹਾਂ ਅਕਾਸ਼ ਵਾਲੀ,
ਰੂਹ ਹਾਂ ਪ੍ਰਕਾਸ਼ ਵਾਲੀ,
ਮੂਰਤ ਹਾਂ ਵਿਗਾਸ ਵਾਲੀ,
ਖੁਸ਼ੀਆਂ ਨਾਲ ਪਾਲਣਾ ।
ਉੱਚਿਆਂ ਦੀ ਹਾਂ ਛੋਹ ਮੈਂ,
ਦਿਲਾਂ ਦੀ ਮਿੱਠੀ ਲੋਅ ਮੈਂ,
ਰੱਬ ਦੀ ਹਾਂ ਸੋਅ ਮੈਂ,
ਪਿਆਰ ਚੋਗ ਪਾਵਣਾ ।
ਜਿਗਰਾਂ ਡੂੰਘੀ ਕੂਕ ਮੈਂ,
ਦਮਦਮੇਂ ਦੀ ਬਲਦੀ ਫੂਕ ਮੈਂ,
ਉਡਦੀ ਕੋਮਲ ਮਲੂਕ ਮੈਂ,
ਉੱਡਣਾ ਤੇ ਉੱਡਾਵਣਾ ।


ਗੋਰੀ ਦੀ ਬੋਲੀ ਆਪਣੀ,
ਦਮਕਦੀ, ਲਿਸ਼ਕਦੀ, ਲਾਟਾਂ ਬਲ ਬਲ ਕਰਦੀਆਂ ।
ਇਕ ਅਸਗਾਹ, ਅਤਾਹ ਜੀ,
ਕਿੱਥੋਂ ਆਇਆ ? ਕਿੱਥੇ ਵੰਝਸੀ ?
ਕਿਸ ਨੂੰ ਪਤਾ, ਆਪ ਮੁਹਾਰਾ
ਇਕ ਉੱਡਦਾ ਪੰਖੇਰੂ ਪਿਆ ਕੂਕਦਾ ।
ਕਿਸੇ ਹੋਰ ਦੇ ਦੀਦੇ ਖੁੱਲ੍ਹੇ ।
ਇਕ ਹੋਰ ਜੀ-ਪੰਖੇਰੂ ਉੱਡਦਾ,
ਆਣ ਉਸੇ ਟਾਹਲੇ ਬੈਠਿਆ ।
ਉਨ੍ਹਾਂ ਦੀਦਿਆਂ ਵਿਚ ਝੁੱਗੀ,
ਤੇ ਝੁੱਗੀ ਵਿਚ ਉਸ ਦੇ ਦੀਦੇ,
ਉਨ੍ਹਾਂ ਅੱਖਾਂ ਵਿਚ ਚੰਨ ਚੜ੍ਹ ਆਇਆ ਦਿਨ ਦਿਹਾੜੀ ।
ਹੁਣ ਚੜ੍ਹੇ ਸੂਰਜ ਨੂੰ ਕੌਣ ਤੱਕੇ ?
ਝੁੱਗੀ ਦੇ ਕੱਖਾਂ ਵਿਚ ਅੜ ਗਏ ਉਹ ਸੁਫ਼ਨੇ ਭਰੇ ਦੀਵੇ ।
ਝੁੱਗੀ ਦੇ ਚੰਨ ਨੂੰ ਵੇਖ ਵੇਖ,
ਕੁਝ ਮਿਲਦੇ ਜਾਂਦੇ ਹਨ,
ਕੁਝ ਜੁੜਦੇ ਜਾਂਦੇ ਹਨ,
ਭਰੀ ਦੁਪਹਿਰ ਉਨ੍ਹਾਂ ਦੀਦਿਆਂ ਨੂੰ,
ਸੂਰਜ ਨੀਲੇ ਅਕਾਸ਼ ਵਿਚ ਡੁੱਬਦਾ ਡੁੱਬਦਾ ਦਿੱਸਦਾ ਹੈ ।
ਮੁੜ ਮੁੜ ਸੁਹਣੀ ਦੇ ਬਿਰਾਗੀ ਕੇਸਾਂ ਦੀ ਰਾਤ ਪੈਂਦੀ ਜਾਂਦੀ ਹੈ ।
ਚਾਰ ਚੁਫੇਰੇ ਕੱਖਾਂ ਹੇਠ ਤੇ ਕੱਖਾਂ ਉੱਪਰ,
ਸਾਰੀ ਝੁੱਗੀ ਉੱਪਰ ਅੱਧੀ ਰਾਤ ਆ ਛਾਈ ਹੈ ।
ਕੁੜੀ ਕੀ ? ਇਕ ਦੀਵਾ ਬਲ ਰਿਹਾ ਹੈ,
ਬਲਦਾ ਤੇ ਬੁਲਾਂਦਾ ਹੈ,
ਇਕ ਤਾਰਾ ਚਮਕ ਰਿਹਾ ਹੈ,
ਝਮਕਦੀਆਂ ਅੱਖਾਂ ਦੇ ਇਸ਼ਾਰੇ ਇਲਾਹੀ ਹਨ ।
ਝੁੱਗੀ ਜਗਮਗ ਜਗਮਗ ਹੋ ਰਹੀ ਹੈ,
ਉਸ ਚੰਨ-ਨੁਹਾਰ ਥੀਂ ਇਕ ਚਾਨਣਾ ਪੈ ਰਿਹਾ ਹੈ ।
ਮੰਦ ਮੰਦ ਹੱਸੀ ਲਿਸ਼ਕ ਰਹੀ ਹੈ,
ਠੰਢ ਠੰਢ, ਇਕ ਚਿੱਟੀ ਅੱਗ ਬਰਸ ਰਹੀ ਹੈ ।
ਰੂਪ ਅਨੂਪ ਦੇਖ ਦੇਖ,
ਦਿਲ ਸੋਹਣੇ ਦਾ ਇਕੱਠਾ ਹੁੰਦਾ ਜਾਂਦਾ ਹੈ ।
ਨੈਣ ਬਉਰਾਨੇ ਹੋ ਮਿਟਦੇ ਜਾਂਦੇ,
ਛੱਪਰ ਢਹਿੰਦੇ ਹਨ,
ਦਿਨ ਦਿਹਾੜੀ ਸੁਹਣਾ ਸੁਫ਼ਨਾ ਹੋ ਰਿਹਾ ਹੈ ।
ਹੌਲੇ ਹੌਲੇ, ਕਾਲੀ ਕਾਲੀ,
ਡੂੰਘੀ ਡੂੰਘੀ, ਨੈਣ ਰਾਤ ਆ ਰਹੀ ਹੈ ।
ਤੇ ਉਨ੍ਹਾਂ ਨੈਣਾਂ ਵਿਚ, ਝੁੱਗੀ ਦੇ ਅੰਦਰ
ਇਕ ਪੂਰਨਮਾਂ ਦਾ ਚੰਨ ਚੜ੍ਹ ਰਿਹਾ ਹੈ
ਉੱਚਾ ਉੱਚਾ ਹੁੰਦਾ ਆਉਂਦਾ ਹੈ ।


ਪਰ ਸੀ ਉਹ ਇਕ ਪ੍ਰਨਾਈ ਕੁੜੀ,
ਜਿਹਦੀ ਜਵਾਨੀ ਸੀ ਕੂਕਾਂ ਮਾਰਦੀ ।
ਚੁੱਪ ਚੁਪੀਤੀ,ਹਸੂੰ ਹਸੂੰ ਕਰਦੀ,
ਖੁੱਲ੍ਹੀ ਪੇਸ਼ਾਨੀ, ਪ੍ਰਸੰਨ ਬਦਨ,
ਹਾਸੇ ਆਪਣੇ ਕੇਰਦੀ ਚਾਰ ਚੁਫੇਰੇ ਤੱਕਦੀ ।
ਤੇ ਆਪਣੇ ਸੁਹਲ ਸੁਹੱਪਣ ਥੀਂ ਬੇਖ਼ਬਰ,
ਇਹੋ ਤਾਂ ਸੀ ਸੁਹੱਪਣ ਦੀ ਇਕ-ਵਿੰਨ੍ਹਵੀਂ ਦਮਕ ।
ਖਸਮ ਵਿਚਾਰੀ ਦਾ ਭੁੰਨੇ ਦਾਣੇ ਵੇਚਦਾ,
ਅੱਧਖੜ, ਕੁਝ ਝੋਰਿਆਂ ਨਿਚੜਿਆ ਨਿੰਬੂ ।
ਇਕ ਦੁੱਧ ਦੀ ਕੜਾਹੀ, ਪਕੌੜਿਆਂ ਤਲਣ ਦਾ ਸਾਮਾਨ ਸਾਰਾ,
ਤੇਲ ਤੇ ਸਬੂਣ, ਲੂਣ ਰੱਖੇ,
ਆਟਾ ਤੇ ਦਾਲ,
ਨਿੱਕੀ ਨਿੱਕੀਆਂ ਟੋਕਰੀਆਂ,
ਮੈਲੇ ਚਿੱਕੜ ਵਿਚਾਰੇ ਦੇ ਕੱਪੜੇ,
ਥਿੰਧੇ ਤੇ ਪੁਰਾਣੇ-ਫਟੇ,
ਕਮਾਊ ਤੇ ਸੂਦ-ਖਾਊ ਬੱਚਾ,
ਇਕ ਜੀਵਨ-ਦੌੜ ਦਾ ਹਫਿਆ, ਢੱਠਾ ਪੁਰਾਣਾ ਸਿਪਾਹੀ ।
ਆਟਾ ਚਿੱਟਾ ਚਿੱਟਾ ਤੋਲੇ,
ਸੜਕ ਕਿਨਾਰੇ ਬੈਠਾ ਗਿਣੇ ਕੌਡੀਆਂ ਤੇ ਪੈਸੇ,
ਮੁੜ ਮੁੜ ਹਿਸਾਬਾਂ ਵਿਚ ਡੁੱਬਾ,
ਅਜੀਬ ਮੋਇਆ ਮੋਇਆ ਆਦਮੀ ।
ਇਸ ਹੱਟੀ ਅੱਗੋਂ ਲੰਘਦੀ ਸੜਕ,
ਜਿਹੜੀ ਚੱਕਰ ਖਾ ਖਾ,
ਪਹਾੜਾਂ ਨੂੰ ਚੜ੍ਹੀ ਜਾਉਂਦੀ ।
ਇਹ ਸੜਜ ਦਿਨ ਰਾਤ ਟੁਰਦੀ,
ਨਿਤ ਨਵੀਂ ਦੁਨੀਆਂ ਉਠਦੀ ਤੇ ਸਮਾਂਦੀ,
ਆਉਂਦੀ ਤੇ ਜਾਉਂਦੀ, ਢੋਲੇ ਗਾਉਂਦੀ,
ਦੁਨੀਆਂ ਦੇ ਹੜ੍ਹਾਂ ਦੇ ਹੜ੍ਹ,
ਵਗਦੇ ਵਹਿੰਦੇ ਟੁਰਦੇ ਜਾਂਦੇ ।
ਤੇ ਇਸ ਤੁਰਦੀ ਦੁਨੀਆਂ ਵਿਚ,
ਬੈਠਾ ਅਚੱਲ ਅਹਿੱਲ ਉਹ ਹੱਟੀ ਵਾਲਾ,
ਆਪਣੀ ਫੱਟੀ ਫੁਹੜੀ ਉੱਪਰ,
ਮਾਨੋਂ ਪੈਸਿਆ ਤੇ ਕੌਡੀਆਂ ਦੀ ਮੂਰਤ ;
ਰੁਪਿਆਂ ਦੀ ਛਣ ਛਣ ਨੂੰ ਸੁਣਦਾ ;
ਅਜੀਬ ਕਿਸੇ ਸਮਾਧੀ ਵਿਚ ਇਹ ਜੋਗੀ ।
ਹਿੱਲੇ ਦੁਨੀਆਂ ਹਿੱਲੇ,
ਮਰੇ ਦੁਨੀਆਂ ਮਰੇ,
ਆਵੇ, ਜਾਵੇ ਲੋਕਾਈ,
ਟੁੱਟੇ ਭੱਜੇ ਸਭ ਖ਼ੁਦਾਈ,
ਪਰ ਕਦੇ ਨਾ ਹਿੱਲੇ,
ਇਹਦੀ ਫਟੀ ਫੁਹੜੀ ।
ਕਦੀ ਨਾ ਕੰਬੇ ਇਹਦੀ ਮੈਲੀ, ਥਿੰਦੀ ਤੱਕੜੀ !
ਹੱਟੀ 'ਤੇ ਰੋਜ਼ ਗਹਿਮਾ ਗਹਿਮੀ ਰਹਿੰਦੀ ।
ਕੋਈ ਦੁੱਧ ਪੀਵੇ ਆਣ ਉੱਥੇ,
ਕੋਈ ਤਲਾਵੇ ਪਕੌੜੀਆਂ,
ਕੋਈ ਭੁੰਨੇ ਦਾਣੇ ਤੁਲਾਂਦਾ,
ਕੋਈ ਖ਼ਾਹਮਖ਼ਾਹ ਗੱਲਾਂ ਮਚਕਾਵੇ ।
ਲੂਣ ਤੇ ਸਬੂਣ ਗਰਾਵਾਂ ਵਾਲੇ ਲੈਣ ਆਉਂਦੇ,
ਆਉਣ ਤੇ ਜਾਣ, ਕੋਈ ਨ ਟਿਕੇ ਉੱਥੇ,
ਬਸ ! ਕੌਡੀਆਂ ਤੇ ਪੈਸੇ ਛਨਾਛਨ ਪੈਂਦੇ,
ਬਸ ! ਪੈਂਦੇ ਤੇ ਰਹਿੰਦੇ, ਇਹ ਦਮੜੇ ਹਮੇਸ਼ ।
ਇਹ ਹੱਟੀ ਉਸ ਪਹਾੜੀ ਖੱਤ੍ਰੀ ਦੀ,
ਇਕ ਆਪ ਦੀ ਨਿੱਕੀ ਜਿਹੀ ਦੁਨੀਆਂ,
ਪਰ ਵੱਸਦੀ ਤੇ ਪੈਸੇ ਰੁਪਏ ਦੀਆਂ ਸ਼ਕਲਾਂ,
ਉਸ ਖੱਤ੍ਰੀ ਦੀ ਮੰਨ-ਜੰਮੀਆਂ ਮੂਰਤਾਂ,
ਰੁਪਏ ਪੈਸੇ ਦੀਆਂ ਪਈਆਂ ਨੱਚਦੀਆਂ !
ਉਹ ਕੁੜੀ !
ਇਸ ਮੋਇਆਂ ਦੇ ਘਮਸਾਨ ਵਿਚ,
ਜੰਗਲ ਥੀਂ ਆਂਦੇ ਹਰਨੋਟੇ ਵਾਂਗ,
ਕੁਝ ਠਹਿਰੇ, ਕੁਝ ਤ੍ਰਭਕੇ, ਕੁਝ ਤੱਕੇ, ਕੁਝ ਉੱਛਲੇ,
ਦੇਖ, ਦੇਖ ਇਹ ਨਵੀਂ ਰੁਪਏ ਪੈਸੇ ਦੀ ਦੁਨੀਆਂ !
ਪਰ ਕਰੇ ਕੀ ? ਉਹ ਬੱਧੀ ਪਈ, ਹਿੱਲਦੀ !
ਉਹ ਜੋਬਨ ਮੱਤੀ, ਉਹ ਲਟ ਲਟ ਬੱਲਦੀ, ਤੇਜ਼ ਮੂਰਤ
ਉਹ ਸੁਹਣੱਪ ਸ਼ਾਹਜ਼ਾਦੀ, ਉਹ ਗਗਨ ਹੰਸਣੀ,
ਸਾਰਾ ਕੰਮ ਕਾਜ ਕਰਦੀ ਇਸ ਥਿੰਧੇ ਥਿੰਧਾਰ ਦਾ ।
ਇਹ ਨਾਰ ਦਿਨ ਰਾਤ ਕਰਦੀ ਅਥੱਕ,
ਬਿਨ ਮਿਣਝਿਣ, ਬਿਨ ਝਿਣਮਿਣ,
ਸਾਰਾ ਕੰਮ ਉਸ ਹੱਟੀਵਾਨ ਦਾ ।
ਇਹ ਸੁਹਣੀ ਨਾਜ਼ਕ ਨਾਰ,
ਕਰਦੀ ਸਭ ਕੰਮ ਵਾਂਗ ਮਿੱਟੀ ਲਿਬੜੀਆਂ ਮਜੂਰਨੀਆਂ ।


ਦਿਨ ਇੱਥੇ ਆ ਢਹਿ ਢਹਿ ਪੈਂਦਾ,
ਬੇਹੋਸ਼ ਜਿਹਾ ਹੁੰਦਾ ਜਾਂਦਾ,
ਰਾਤ ਵੀ ਤ੍ਰਹਿੰਦੀ,ਨੱਸਦੀ ਤੇ ਡਿੱਗਦੀ,
ਦਿਨ ਰਾਤ ਨੂੰ ਸਮਝ ਨਹੀਂ ਆਉਂਦੀ,
ਇੰਨੇ ਓੜਕ ਦੇ ਹੁਸਨ ਦਾ ਲੋਕੀਂ
ਹਾਏ ! ਕੀ ਮੁੱਲ ਪਾਉਂਦੇ ?
ਚੜ੍ਹੇ ਸੂਰਜ, ਦਿਨ ਦਿਹਾੜੇ, ਅੱਖਾਂ ਉਘਾੜੇ,
ਕਈ ਅੰਨ੍ਹੀਂ ਪੋਪੜੀ ਮਚਾਂਵਦੇ,
ਇਹ ਨਾਸ਼ੁਕਰੇ ਬੰਦੇ ਦੇਖਣ ਨਾਂਹ
ਅਲਖ ਨਹੀਂ ਲਖਾਂਵਦੇ !
ਹੁਸਨ ਖੜ੍ਹਾ ਸਾਹਮਣੇ ਮੂਰਤੀਮਾਨ, ਬੇਹੋਸ਼ ਨਹੀਂ ਪਛਾਣਦੇ ।
ਇੰਨੀ ਸੁਹਣੱਪ ਟੁੱਟੀ ਇੱਥੇ !
ਇੰਨੀ ਖ਼ੁਸ਼ਬੋ ਅੰਗਾਂ ਦੀ ਆਉਂਦੀ,
ਇੰਨੀ ਜਵਾਨੀ ਦੀ ਪਾਤਸ਼ਾਹੀ ਦੀ ਰੌਣਕ,
ਇੰਨਾਂ ਇਕਬਾਲ ਪਿਆ ਹੁਸਨ ਦਾ ਵੱਸਦਾ ।
ਹਾਏ ! ਇਨ੍ਹਾਂ ਮਸਤ ਕਾਲੇ ਮ੍ਰਿਗ ਨੈਣਾਂ ਕੌਣ ਦੇਖਣ ਆਉਂਦਾ ?
ਬੱਸ, ਰਾਹ ਗੁਜ਼ਰੂ ਪਹਾੜਾਂ ਨੂੰ ਜਾਣ ਵਾਲੇ
ਖੱਚਰਾਂ ਖੋਤਿਆਂ ਦੇ ਥੋਰੀ ਸਿਪਾਹੀ,
ਬੱਸ, ਟੁਰਦੀ ਰੁੜ੍ਹਦੀ ਜਾਂਦੀ ਮੂੰਹ ਮਿੱਟੀ ਭਰੀ ਲੋਕਾਈ
ਜਿਹੜੀ ਖੁੱਲੀ ਅੱਖੀਆਂ ਅੰਨ੍ਹੀਂ ਹੋਈ ਧਾਂਵਦੀ ।
ਬੱਸ, ਇਹੋ ਜੀਉਂਦੀ ਮੋਈ ਲੋਕਾਈ,
ਵਾਂਗ ਅੰਨ੍ਹੇ ਕੁੱਤਿਆਂ ਹਿਰਨਾਂ ਮਗਰ, ਨੱਸਦੀ ।


ਸੁਹਣੀ ਨਾਰ ਪਿਆਰੀ ਸਵੈ-ਸਿੰਘਾਸਨ ਬੈਠੀ,
ਕੱਖਾਂ ਦੀ ਝੁੱਗੀ ਵਿਚ ਇਕ ਅੱਗ ਪਈ ਬਲਦੀ !
ਇਹ ਨਾਰ ਕੁਦਰਤ ਦਾ ਇਕ ਸੁਰੀਲਾ ਗੀਤ,
ਜੰਗਲਾਂ ਵਿਚ ਡੁਲ੍ਹਦੇ ਵਹਿੰਦੇ ਚਸ਼ਮਿਆਂ ਵਾਂਗ,
ਕਿਸੇ ਨੈਣਾਂ ਵਾਲੇ ਨੂੰ ਸੱਦਦੀ ਬੁਲਾਉਂਦੀ !
ਤੇ ਸੁਣ ਸੱਦ ਅਗੰਮ ਹੁਸਨ ਦੀ ਪਰੀ ਨੂੰ
ਇਕ ਮਿਲਣ ਕੋਈ ਆਉਂਦਾ !
ਨੈਣਾਂ ਦੀਆਂ ਡੋਰਾਂ ਆਪੇ ਪੇਚ ਆਣ ਪਾਉਂਦੇ !
ਤੇ ਚਾਈਂ ਚਾਈਂ ਇਕ ਚਾਹ ਵਿਚ ਪਿਆਰੀ,
ਆਇਆਂ ਦਾ ਸਤਿਕਾਰ ਕਰਨ ਉੱਠਦੀ ।
ਉੱਠਦੀ ਕੀ ਬਹਿੰਦੀ ! ਬਹਿੰਦੀ ਕਿ ਵਗਦੀ,
ਵਗਦੀ ਕਿ ਉੱਡਦੀ, ਕੁਝ ਪਤਾ ਪਿਆ ਨਹੀਂ ਲੱਗਦਾ
ਆਇਆਂ ਦਾ ਸਤਿਕਾਰ ਪਈ ਕਰਦੀ ।
ਪਿਆਸੇ ਕਿਸੇ ਦੂਰ ਥੀਂ ਉੱਡਦੇ ਆਂਦੇ ਨੂੰ ਕੋਲ ਆਪਣੇ ਬਿਠਾਉਂਦੀ,
ਤੇ ਤੱਕੇ ਮੁੜ ਤੱਕੇ ਪੁੱਛੇ ਕੁਝ ਨਾਂਹ ।
ਕਦੀ ਛੰਨਾਂ ਪਾਣੀ ਦਾ ਠੰਢੇ ਦਾ ਆਣਦੀ,
ਕਦੀ ਆਟਾ ਛਾਣਦੀ, ਗੁੰਨ੍ਹਦੀ ਤੇ ਘਿਉ ਖੰਡ ਮਿਲਾਉਂਦੀ,
ਚੂਰੀਆਂ ਪਈ ਕੁੱਟਦੀ, ਕੁੱਟਦੀ ਕਿ ਡੁਹਲਦੀ, ਕੁਝ ਪਤਾ ਪਿਆ ਨਹੀਂ ਲੱਗਦਾ ।
ਮੁੜ ਮੁੜ ਤੱਕਦੀ, ਤੱਕਦੀ ਕਿ ਮਰਦੀ, ਮਰਦੀ ਕਿ ਜਿਉਂਦੀ ਕੁਝ ਪਤਾ
ਪਿਆ ਨਹੀਂ ਲੱਗਦਾ ।
ਵਾਹ ਚਹਿਲ ਬਹਿਲ ਲੱਗੀ ਉਸ ਇਕੱਲੀ ਝੁੱਗੀ ਵਿਚ,
ਤੇ ਨੈਣਾਂ ਵਾਲੇ ਦੀ ਆਪ ਸਾਰੀ ਜ਼ਿਆਫ਼ਤ ਪਈ ਹੁੰਦੀ,
ਪਤਾ ਕੇ ਪਈ ਕਰਦੀ !


ਉਸ ਰੋਜ਼ ਉੱਥੇ,
ਜਦ ਹੱਟੀ ਵਾਲਾ, ਵਪਾਰੀ ਭਾਰੀ ਪਹਾੜੀ, ਸੀ ਗਿਆ ਕਿੱਥੇ,
ਨਹਾਣ ਚਾਹੇ ਗਿਆ ਹੋਵੇ, ਚਾਹੇ ਮੁਜ਼ਾਰਿਆਂ ਨੂੰ ਕੋਸਣ,
ਪਰ ਝੁੱਗੀ ਖਾਲੀ ਸੀ, ਖਾਲਮੁਖ਼ਾਲੀ, ਉਹ ਸੀ ਨਹੀਂ ਉੱਥੇ ।

ਇਕ ਅਮੀਰ ਸੱਜਣ
ਦਿਲ ਦਾ ਗੰਭੀਰ, ਸਿੱਧਾ ਟੁਰਨ ਵਾਲਾ, ਕੋਈ ਇਕ ਹੋਰ,
ਲੰਘਦਾ ਜਾਂਦਾ ਭਲੇਮਾਣਸ, ਟੱਬਰ ਸਮੇਤ ਹੱਟੀ ਪਾਸ ਆਣ ਲੱਥਾ ।
ਉਹਦੇ ਆਉਣ ਨਾਲ ਖਲਬਲੀ ਹੋਈ, ਨਾ ਘਬਰਾਹਟ ।
ਦਿਨ ਚੜ੍ਹੇ, ਚੋਖੀ ਰਾਤ ਗਈ ਵਰਗੀ ਵਿਹਲ ਤੇ ਇਕੱਲ ਉਸ ਗੋਰੀ ਦੀ ਨੂੰ
ਕਿਸੇ ਨਾ ਛੇੜਿਆ ; ਕੁਝ ਥੋੜ੍ਹੀ ਦੂਰ ਦੀ ਵਾਟ 'ਤੇ ਉਹਲੇ ਉਹ ਬਹਿ
ਗਿਆ, ਕੀ ਦੇਖੇ :
ਉਸ ਪ੍ਰਭਾ ਜੋਤ ਕੁੜੀ ਕੋਲ ਖੜ੍ਹਾ, ਅੰਦਰ ਪਸਾਰ ਵਿਚ ਇਕ ਨਵਾਂ ਗੱਭਰੂ
ਜਵਾਨ ਸੀ ;
ਮਸ ਭਿੰਨਾਂ, ਲੰਮਾਂ, ਲੋਰੀ ਡੀਲ ਵਾਲਾ, ਸੁਹਣਾ ਜ਼ਾਲਮ ਜਵਾਨ ਸੀ ।
ਰੰਗ ਇਸ਼ਕ ਵਿਚ ਖਿੱਚਿਆ, ਉਹਦੀ ਫੁੱਟਦੀ ਜਵਾਨੀ ਸੀ,
ਤੇ ਕੇਸ ਉਹਦੇ ਘੁੰਗਰਾਲੇ ਮੋਢਿਆਂ 'ਤੇ ਲਮਕਦੇ ।
ਅੱਖਾਂ ਨਰਗਸੀ, ਬਾਜਾਂ ਵਾਂਗ ਲੈਂਦੀਆਂ ਉਡਾਰੀਆਂ,
ਪੂਰਨ ਸੁਹਣੱਪ ਪਾਸ ਆਣ ਵਿਚਰਿਆ ਇਕੱਲਾ ਇਕ ਜਵਾਨ ਸੀ ।
ਕੁੜੀ ਦਾ ਮੁੱਢ ਕਦੀਮ ਦਾ ਸੀ ਕੋਈ ਵਾਕਫਕਾਰ ।
ਅਰਸ਼ਾਂ ਦਾ ਸੀ ਕਿ ਖ਼ਾਕੀ ਬੰਦਾ,
ਨਹੀਂ, ਨੂਰ ਤੇ ਖਾਕ ਦੀ ਸੁਹਣੀ ਇਕ ਗੋਂਦ ਸੀ,
ਉਹਦਾ ਰੂਪ ਸੂਰਜਾਂ ਨੂੰ ਮਸ਼ਕਰੀਆਂ, ਤਾਰਿਆਂ ਨਾਲ ਮਿਚਦਾ,
ਤੇ ਜਵਾਨੀ-ਫੰਘਾਂ ਤੇ ਉੱਡਦਾ ਉਹ ਇਕ ਗੱਭਰੂ ਇਨਸਾਨ ਸੀ ।
ਰੇਖਾਂ ਤੇ ਸੁਹਣੇ ਸੁਹਣੇ ਲੇਖ ਸਨ,
ਜੋਗੀ ਸੀ ਕਿ ਰਾਜਾ, ਕੋਈ ਦਾਢਾ ਭਾਗਵਾਨ ਸੀ ।
ਉਹਨੂੰ ਦੇਖਣ ਸਮਾਂ ਸੀ ਖਲੋ ਗਿਆ,
ਤੱਕਣ ਵਿਚ ਲੋਪ ਹੋਇਆ ਨਹੀਂ ਸੀ ਟੁਰਦਾ,
ਰੰਗ ਕੁਝ ਸ਼ਿਆਮ ਸ਼ਿਆਮ ਬੱਦਲਾਂ ਦੇ ਦੇਸ਼ ਦਾ,
ਲਟਕ ਇਕ ਨਵੀਂ ਤੇ ਨਿਰਾਲੀ ਸੀ,
ਪਰ ਹੱਥ ਸਨ, ਪੈਰ ਸਨ,
ਦਿਲ ਸੀ ਮਹਾਨ ਧੜਕਦਾ ਉਸ ਪਸਾਰ ਵਿਚ ।
ਚੁੱਪ ਚੁਪਾਤੇ, ਚੋਰੀ ਚੋਰੀ,
ਵਿਹੜੇ ਆਣ ਵੜਿਆ ਸੀ ।
ਜੰਗਲ ਵਨੂੰ ਆਇਆ ਹੋਵੇ,
ਤੇ ਫੁੱਲਾਂ ਦਾ ਅਤੀ ਪਿਆਰਾ ਸੀ ।
ਹਾਰ ਪਾ ਪਿਆਰਾ ਗਲੇ,
ਖਿੱਚ ਸੁਹਣੀ ਘਰ ਆਇਆ ਸੀ ।
ਕੰਨਾਂ ਵਿਚ ਪਿਆਰ ਦੇ, ਚੰਬਾ ਤੇ ਚੰਬੇਲੀ ਲਟਕੇ,
ਗਲੇ ਵਿਚ ਗੁਲਬਾਸ਼ੀ ਦੀਆਂ ਗਾਨੀਆਂ,
ਇਕ ਬਾਂਕਾ ਬਲੋਚ ਜ਼ਾਲਮ ਮੁੜ ਆਇਆ ਸੀ ।
ਖੜੋਤਾ ਸੀ ਮਸਤ ਹੋ, ਕੱਖ ਕੱਖ ਕੰਬਦਾ ਸੀ,
ਝੁੱਗੀ ਸਾਰੀ ਝੁੱਲੀ, ਇਕ ਝੂਟਾ ਪਿਆ ਦਿਵਾਂਦਾ ।
ਥਰ ਥਰ ਕੰਬਦੀ ਪਿਆਰ ਨਾਲ,
ਸੁਹਣੀ ਜਾਗਦੀ ਜਾਗਦੀ ਸੁੱਤੀ,
ਤੇ ਸੁੱਤੀ ਸੁੱਤੀ ਜਾਗਦੀ ਸੀ ।
ਦੇਖਦੀ ਪਈ "ਪਿਆਰ" ਨੂੰ,
ਦਿਲ ਨੂੰ ਪਕੜ ਪਕੜ ਬਹਾਲਦੀ ਸੀ ।
ਵੇਖਦੀ ਤੇ ਹੱਸਦੀ, ਬੇਹੋਸ਼ ਜਿਹੀ ਟੁੱਟੀ ਟੁੱਟੀ ਬੋਲਦੀ,
ਬੇਸੁਧ ਸੀ, ਸੁਹਣਾ ਆਪ ਆਣ ਸੁਹਣੱਪ ਨੂੰ ਪਿਆ ਖਿੱਚਦਾ,
ਕੁੜੀ ਖਚੀਂਦੀ ਜਾਂਦੀ ਸੀ ?
ਪਰ ਸ਼ਰਮਾਂ ਦੀ ਕੋਈ ਥਾਂ ਨਹੀਂ, ਪੂਰੀ ਇਕੱਲ ਸੀ :
ਖਿੜਕੀ ਤੇ ਗਵਾਚਦੀ, ਗਵਾਚਦੀ ਗਵਾਚਦੀ ਜਾਂਦੀ ਸੀ,
ਬਿਹਬਲ ਹੋ ਹੋ ਕਿੱਥੇ ਪਈ ਜਾਂਦੀ ਸੀ ?
ਵਾਰੀ ਵਾਰੀ, ਸਦਕੇ ਸਦਕੇ,
ਵਾਂਗ ਘੁੱਗੀ ਘੁੰਮਣ ਘੇਰੀਆਂ ਖਾਂਦੀ ਸੀ ।
ਸਾਰੇ ਅੰਗ ਤੇ ਨੈਣ, ਜੀਅ ਤੇ, ਤੇ ਜਾਨ,
ਵੱਖੋ ਵੱਖ, ਇਕ, ਮਿਲ ਮਿਲ, ਵੱਖਰੇ ਤੇ ਇਕੱਠੇ ਉਸ ਪਾਸੋਂ,
ਨਸ ਨਸ ਜਾਂਦੇ ਸਨ ।
ਬੇਹੋਸ਼ੀ ਛਾਂਦੀ ਸੀ,
ਪਰ ਗ਼ਸ਼ ਨਹੀਂ ਆਉਂਦੀ ਸੀ ।
ਇਕ ਅਕਹਿ ਖ਼ੁਸ਼ੀ,
ਇਕ ਮਨ ਦਾ ਹਿਲੋਰਾ,
ਉਹਦਾ ਰਾਖਾ ਸੀ ।
ਦਿਲ ਕੁੜੀ ਦਾ ਲਹਿਰ ਲਹਿਰ ਹੋ ਵਗਦਾ ਸੀ,
ਤੇ ਲਹਿਰਾਂ ਮਾਰ ਛਾਲਾਂ ਜਾ ਟਕਰਾਂਦੀਆਂ ਸਨ ਉਸ ਸੋਹਣੇ ਦੇ ਦਿਲ ਦੀਆਂ
ਕੰਧਾਂ ਨਾਲ ।
ਤੇ ਗੱਭਰੂ ਦੀਆਂ ਕੰਧਾਂ ਢਹਿ ਢੇਰੀ ਹੁੰਦੀਆਂ ਦਿਸਦੀਆਂ ਸਨ, ਪਾਣੀ ਪਾਣੀ
ਪਈਆਂ ਹੁੰਦੀਆਂ ਸਨ ।
ਤੇ ਦਿਲ ਉਹਦਾ ਵੀ ਲਹਿਰ ਲਹਿਰ ਹੋ ਆਂਦਾ ਸੀ ।
ਦਿਲ ਵਾਲਿਆਂ ਦੀਆਂ ਲਹਿਰਾਂ ਪੇਚ ਪੇਚਾਂ ਪਾਂਦੀਆਂ ਸਨ,
ਕੁੜੀ ਨੰਢੇ ਵਿਚ, ਨੰਢਾ ਕੁੜੀ ਵਿਚ,
ਇਕ ਇਕ, ਤੇ ਵੱਖੋ ਵੱਖ ਤੇ ਦੋਵੇਂ ਇਕੱਠੇ,
ਇਕ ਦੂਜੇ ਵਿਚ ਘੁਲਦੇ ਜਾਂਦੇ ਸਨ,
ਡੁੱਬਦੇ ਸਨ ਤੇ ਤਰਦੇ ਆਂਦੇ ਸਨ,
ਤੇ ਡੁੱਬ ਡੁੱਬ ਤੇ ਤਰ ਤਰ ਉਸ ਅਸਗਾਹ ਸਮੁੰਦਰ ਵਿਚ, ਵਾਂਗ ਸੂਰਜ ਤੇ ਚੰਨ,
ਵਾਂਗ ਦਿਨ ਤੇ ਰਾਤ, ਮੁੜ ਮੁੜ ਨਿਕਲਦੇ ਤੇ ਲੋਪ ਹੁੰਦੇ ਸਨ ।
ਤੇ ਨੀਲੇ ਪਾਣੀਆਂ ਵਿਚੋਂ ਇਕ ਅਲਾਪ ਉੱਠਦਾ ਸੀ,
ਤੇ ਵਾਂਗ ਧੂਪ-ਧੂੰਏਂ ਦੇ ਅਕਾਸ਼ ਵਿਚ ਗੁੰਮਦਾ ਸੀ,
ਪਰ ਪੁਲਾੜ ਵਿਚ ਇਕ ਥਰਥਰਾਂਦੀ ਗੂੰਜ ਸੀ ।

ਜੋਬਨ, ਜਾਨ, ਤੇ ਰੂਹ ਤੇ ਜਿਸਮ ਮੇਰਾ,
ਕਸਮ ਰੱਬ ਦੀ ਅਜ਼ਲ ਥੀਂ ਹੋਇਆ ਤੇਰਾ ।
ਤੇਰੇ ਰੂਪ ਨੂੰ, ਰੱਬ ਵਿਆਹੀਆਂ ਵੇ,
ਧੁਰ ਦਰਗਾਹ ਥੀਂ ਚਲ ਮੈਂ ਆਈਆਂ ਵੇ,
ਘੋਲ ਘੁਮਾਈਆਂ ਘੋਲ ਘੁਮਾਈਆਂ ਵੇ,
ਤੇਰੇ ਸਦਕੇ ਸਦਕੇ ਸਾਈਆਂ ਵੇ ।

ਸੂਰਜ ਡੁੱਬਦੇ ਨੂੰ ਸੁਣੀ ਸੱਦ ਤੇਰੀ,
ਮਿੱਠੀ ਸੁਰ, ਬਰੀਕ, ਬੇਹੱਦ ਤੇਰੀ,
ਖਲੋਵੀਂ ! ਸੂਰਜਾ ! ਦੌੜਦੀ ਆਈਆਂ ਵੇ,
ਜ਼ੋਰਾਂ ਵਾਲਿਆਂ ਕੱਢ ਮੰਗਾਈਆਂ ਵੇ,
ਘੋਲ ਘੁਮਾਈਆਂ, ਘੋਲ ਘੁਮਾਈਆਂ ਵੇ,
ਤੇਰੇ ਸਦਕੇ ਸਦਕੇ ਸਾਈਆਂ ਵੇ ।
ਨੈਣਾਂ ਵਾਲਿਆ ! ਨੈਣਾਂ ਦੀਆ ਜਾਈਆਂ ਮੈਂ,
ਤੈਂਡੇ ਲਈ ਜਵਾਨੀ ਬਰ ਆਈਆਂ ਮੈਂ,
ਤੈਂਡੇ ਲਈ ਹੱਟੀ ਹੱਟੀ ਵਿਕਾਈਆਂ ਮੈਂ,
ਨੰਗੇ ਸਿਰ ਤੇ ਪੈਰ ਉਠ ਧਾਈਆਂ ਮੈਂ,
ਘੋਲ ਘੁਮਾਈਆਂ, ਘੋਲ ਘੁਮਾਈਆਂ ਮੈਂ,
ਤੇਰੇ ਸਦਕੇ ਸਦਕੇ ਸਾਈਆਂ ਮੈਂ ।

ਆਵੀਂ ! ਆਵੀਂ ! ਤੂੰ ਹੜ੍ਹ ਪਿਆਰ ਦਾ ਵੇ,
ਤ੍ਰਪੀਂ ਕੰਧ ਕੋਠੇ ਦਿਲ ਯਾਰ ਦਾ ਵੇ ।
ਢਾਹੀਂ ਢਿਬੇ ਕਤਲ ਆਮ ਦਾ ਵੇ,
ਵੱਗੀਂ ਵਾਂਗ ਤਲਵਾਰ ਜੀਣ ਨਾਮ ਦਾ ਵੇ ।
ਘੋਲ ਘੁਮਾਈਆਂ, ਘੋਲ ਘੁਮਾਈਆਂ ਵੇ,
ਤੇਰੇ ਸਦਕੇ ਸਦਕੇ ਸਾਈਆਂ ਵੇ ।

ਜਿੰਦ ਜਾਨ ਘੋਲੀਂ, ਮੇਰੇ ਨੈਣ ਘੋਲੀਂ,
ਘੋਲ ਆਪਣੇ ਵਿਚ ਸਮਾ ਮੈਨੂੰ,
ਥੱਕੀ "ਚਾਅ" ਦੀ ਵਿਚ "ਆਰਾਮ" ਘੋਲੀਂ
ਰਖ ਆਪਣੇ ਵਿਚ ਥਕਾ ਮੈਨੂੰ ।
ਘੋਲ ਘੁਮਾਈਆਂ, ਘੋਲ ਘੁਮਾਈਆਂ ਵੇ,
ਤੇਰੇ ਸਦਕੇ ਸਦਕੇ ਸਾਈਆਂ ਵੇ ।


ਪਰ ਝੁੱਗੀ ਅੱਜ ਇਕ ਮੰਦਰ ਪਿਆਰ ਦਾ ਸੀ,
ਦੀਨ ਸੀ, ਧਰਮ ਸੀ, ਈਮਾਨ ਸੀ ਉੱਥੇ,
ਪਰ ਬਾਹਰ ਦੁਨੀਆਂ ਅੱਖੜਖਾਂਦੇ ਸੀ ਉੱਥੇ,
ਦਿਸਦਾ ਪਿਸਦਾ ਹੋਰ ਕਿਸੇ ਨੂੰ ਕੇ ਸੀ ।
ਇਹ ਸੀ, ਇਕ "ਬਲੋਚ ਜ਼ਾਲਮ" ਖੜ੍ਹਾ ਸੀ,
ਤੇ "ਨਵੀਂ ਇਕ ਸੱਸੀ" ਚੁੱਲ੍ਹੇ ਬੈਠੀ ਰੋਟੀ ਪਕਾਂਦੀ ਸੀ ;
ਘਿਉ ਤੇ ਪਰਾਉਂਠੇ ਨਹੀਂ, ਜ ਿਜਾਨ ਘੋਲ ਰਹੀ ਸੀ,
ਤੇ ਮੁੜ ਮੁੜ "ਬਲੋਚ" ਵੱਲ ਤੱਕਦੀ ਜਾਂਦੀ ਸੀ,
ਤੇ ਨਿੱਕੀ ਨਿੱਕੀ ਹੱਸੀ ਫੁੱਲ-ਚਿਹਰੇ 'ਤੇ ਲਹਿਰਾਂਦੀ ਸੀ ।
ਕੌਣ ਦੱਸੇ ਰੋਟੀ ਸੀ ਕਿ ਜਾਦੂ ?
ਫੂਕ ਫੂਕ ਬਨਜਾਰਨ ਪਾਂਦੀ ਸੀ ।
ਜਾਦੂਗਰਨੀ ਸੀ ਕੋਈ ਮਿਸਰ, ਯੂਸਫ਼ ਦੇਸ਼ ਦੀ,
ਜਾਂ ਇਕ ਅਨਪੜ੍ਹ ਕੁੜੀ ਪੰਜਾਬ ਬੇਮੁਹਾਰ ਦੀ ।
ਉਸ ਗੱਭਰੂ ਅਲਬੇਲੇ ਨੂੰ ਬੰਨ੍ਹ ਨੈਣਾਂ ਨਾਲ ਬਠਾਇਆ ਪਾਸ,
ਪਰ ਪਤਾ ਨਹੀਂ ਸੀ ਲੱਗਦਾ,
ਕੌਣ ਕਿਸ ਦਾ ਮਾਲਕ ਸੀ ?
ਪਰ ਯਾਰੋ ! ਦਿਨ ਦਿਹਾੜੀ ਦੋਹਾਂ ਲਈ ਇਕ ਡੂੰਘੀ ਰਾਤ ਪਈ ਸੀ ।
ਗੱਭਰੂ ਦੀਆਂ ਅੱਖਾਂ ਮਸਤ ਹੋਈਆਂ,
ਉਸ ਹੁਸਨ ਦੇ ਅਸਮਾਨ ਵਿਚ ਵਾਂਗ ਕੂੰਜਾਂ ਉਡਾਰੀਆਂ ਮਾਰਦੀਆਂ ਸਨ,
ਤੇ ਆਪਣੇ ਚੰਨ ਵੰਨੇ ਉਹ ਉੱਡਦੀਆਂ ਜਾਂਦੀਆਂ ਸਨ,
ਤੇ ਇਹ ਉੱਡਦੀਆਂ ਅੱਖਾਂ,
ਆਪਣੇ ਪਿਆਰ ਫੰਘਾਂ ਨਾਲ ਚਾਹਣ ਢੱਕਣਾ,
ਉਸ ਆਪਣੇ ਈਦ ਦੇ ਚੰਨ ਨੂੰ ।

ਗੋਰੀਏ ! ਨੀਂ ਗੋਰੀਏ !
ਨੈਣਾਂ ਵਿਚ, ਆ, ਲੁਕਾਵਾਂ ਤੈਨੂੰ,
ਦਿਲ ਵਿਚ, ਟੁਰ ਆ, ਛੁਪਾਵਾਂ ਤੈਨੂੰ,
ਮਨ ਵਿਚ ਵਸਾਵਾਂ, ਆ ਈਦ ਮੇਰੀਏ ।

ਗੋਰੀਏ ! ਨੀਂ ਗੋਰੀਏ !
ਤੋੜ ਗਗਨ ਸਾਰਾ ਲਿਆਵਾਂ ਮੈਂ,
ਉੱਡ ਚੰਨਾਂ ਮੇਰਿਆ !
ਲਟਕ ਮੇਰੇ ਗਗਨ ਵਿਚ,
ਚਮਕ ਸਾਰੀ ਰੂਹ ਹੋ,
ਚਮਕਾ ਮੈਨੂੰ ਆਪਣੇ ਮੁਖ ਨਾਲ ਗੋਰੀਏ ।
ਰੂਹ ਦਾ ਅੰਧੇਰਾ ਮਿਟ,
ਧੁੱਪ ਚੜ੍ਹੇ ਅੱਧੀ ਰਾਤ ਨੂੰ,
ਬਰਫ਼ਾਂ ਤੇ ਚਾਨਣੀ,
ਆ ਈਦ ਮੇਰੀਏ !

ਗੋਰੀਏ ! ਨੀਂ ਗੋਰੀਏ !
ਤਾਰਿਆਂ ਦੀ ਪਾ, ਆ, ਦਾਵਣੀ !
ਮੋਤੀ ਲਟਕਾਵਾਂ ਤੇਰੇ ਵਾਲ ਵਾਲ ਪਿਆਰੀਏ !
ਮੁੱਕ ਗਿਆ ਜੱਗ ਦਾ ਸੁਹਣੱਪ ਸਾਰਾ,
ਚੜ੍ਹ ਚੰਨ ਈਦ ਦੇ, ਭਰ ਭੰਡਾਰ ਸਾਰਾ !

ਗੋਰੀਏ ! ਨੀਂ ਗੋਰੀਏ !
ਅਸਮਾਨ ਸਾਰੇ ਸੱਖਣੇ,
ਹੁਣ ਧਿਆਨ ਕੀ ਰੱਖਣੇ !
ਆ, ਮੇਰੀ ਈਦ ਤੂੰ,
ਚਾ ; ਮੈਨੂੰ ਆਪ ਥੀਂ,
ਲੁਕਾ, ਆਪੇ ਵਿਚ ਤੂੰ,
ਆਪਾ ਹੁਣ ਚਖਾ ਮੈਨੂੰ,
ਰੱਬ ਤੂੰ ਦਿਖਾ ਮੈਨੂੰ,
ਹੱਸ ਫੁੱਲ ਖਿੜਾ ਸਾਰੇ,
ਆਪੇ ਵਿਚ ਮਿਲਾ ਸਾਰੇ,
ਵੱਟ ਮੱਥੇ ਪਾ ਤੂੰ,
ਕੌੜ ਵਾਕ ਅਲਾ ਤੂੰ,
ਤੇਰੇ ਬਿਨਾ ਰਸ ਨਹੀਂ,
ਮੇਰਿਆ ਚੰਨਾਂ ! ਚੜ੍ਹ ਆ ਤੂੰ,
ਚੜ੍ਹ ਆ, ਚੜ੍ਹ ਆ ਤੂੰ !

ਇਉਂ ਕੂਕਦਾ ਬਾਜ਼ ਪਿਆਰ ਦਾ ਸੀ,
ਤੇ ਮਸਤ ਨੈਣਾਂ ਖਿਲਾਰਦੀਆਂ ਜਾਂਦੀਆਂ ਸਨ
ਹੱਦੋਂ ਬੇਹੱਦ ਆਪਣੇ ਕਾਲੇ ਬੱਦਲਾਂ ਦੇ ਸਾਏ !
ਦੋਵੇਂ, ਇਕ ਚੰਨ, ਦੋ ਪੰਖੇਰੂ,
ਚੁੱਪ ਸਨ ਖਲੋਤੇ ਉਸ ਕੱਖਾਂ ਦੀ ਝੁੱਗੀ ਦੇ ਉਹਲੇ !


ਅਜਬ ਇਕ ਤਮਾਸ਼ਾ ਸੀ,
ਕੁਦਰਤ ਦਾ ਦਿਲ-ਬੱਝਵਾਂ ਨਜ਼ਾਰਾ
ਅੰਦਰ ਪਿਆਰ ਵਿਚ ਗੱਭਰੂ ਪਿਆਰ ਦਾ ਗਾਹਕ ਖੜਾ ।
ਦੋ ਲਹਿਰਦੇ ਲਹਿਰਦੇ ਰੂਹ,
ਕੁਝ ਵਗਦੇ, ਕੁਝ ਠਹਿਰਦੇ ਠਹਿਰਦੇ ਰੂਹ,
ਮਿਲਦੇ ਤੇ ਵਿਛੜਦੇ ਸਨ,
ਕੁਝ ਤ੍ਰਹਿ ਜਿਹੀ ਸੀ, ਕੁਝ ਦੌੜ ਜਿਹੀ ਲੱਗੀ ਛੁਪਸੀ ਧਿਆਨ ਨੂੰ,
ਤੇ ਬਾਹਰ ਵਾਰੇ ਥੋੜ੍ਹੀ ਵਾਟ 'ਤੇ ਓਹਲੇ ਸੀ ਅਮੀਰ ਗਾਹਕ ਖੜਾ ।
ਬਾਹਰ ਖੜਿਆਂ ਨੂੰ ਅੰਦਰ ਦੀ ਕੇ ਖ਼ਬਰ
ਭਾਵੇਂ ਖੁੱਲ੍ਹਾ ਬਿਨ ਕਿਵਾੜਾ ਇਕ ਪਸਾਰ ਸੀ ।

ਬਾਹਰ ਸੀ ਅਮੀਰ ਖੜਾ,
ਪਾਸ ਉਸ ਦੇ ਬੱਚੇ ਵਿਲਕਦੇ,
ਰੋਂਦੇ ਰੂੰ ਰੂੰ ਕਰਦੇ ਅੱਖਾਂ ਮਲਦੇ,
ਤੇ ਆਖਣ "ਭੁੱਖ ਲੱਗੀ ਹੈ"
ਤੇ ਅਮੀਰ ਮੁੜ ਮੁੜ ਆਖੇ-
"ਭੈਣੇਂ ! ਬੱਚਿਆਂ ਨੂੰ ਰੋਟੀ ਬਣਾ ਦੇਵੇਂ ਆਹ ।"
"ਕਿਉਂ ਭਾਈ ?" "ਭੈਣੇਂ ! ਕੁਝ ਰੋਟੀ ਸਾਨੂੰ ਦੇਸੇਂ ਨਾ,
ਅਸਾਂ ਅੱਗੇ ਜਾਣਾ ਹੈ ਦਿਨ ਚੜ੍ਹ ਚੋਖਾ ਆਇਆ ਹੈ,
ਵਿਹਲੀ ਵਿਹਲੀ ਪਕਾ ਦੇਸੇਂ ਨਾ,
ਦੱਸ ਨਾ ਭੈਣੇਂ ! ਬੱਚੇ ਭੁੱਖੇ ਹਨ ?"

"ਨਹੀਂ ਵੇ ਭਰਾਵਾ ।
ਮੈਂ ਕੋਈ ਰੋਟੀ ਪਕਾਣ ਵਾਲੀ ਮਹਿਰਨ ਹਾਂ ?
ਹੱਟੀ ਵਾਲਾ ਨਹੀਂ ਇੱਥੇ,
ਇਥੇ ਰੋਟੀ ਰਾਟੀ ਕੋਈ ਨਹੀਂ ਵੀਰਾ ।
ਮੈਨੂੰ ਕਿਥੇ ਵਿਹਲ ਵੇ ਵੀਰਾ !"
ਹੱਸਦੀ, ਮਸਤ ਜਵਾਨ ਗੁਟਕਦੀ ਅਲਬੇਲੀ,
ਤੇ ਇਉਂ ਇਹ ਕਹਿਣ ਬਾਹਰਵਾਰ, ਸੁਟਦੀ ਜਾਂਦੀ,
ਪੀਂਘ ਆਪਣੀ 'ਚੜ੍ਹੀ,
ਘੁਕਾਂਦੀ ਪੀਂਘ, ਚੜ੍ਹਦੀ ਚੜ੍ਹਾਂਦੀ ਜਾਂਦੀ,
ਉਲਰਦੀ, ਉਲਾਰਦੀ ਜਾਂਦੀ ਅਕਾਸ਼ ਨੂੰ,
ਤੇ ਗਾਂਦੀ ਪਈ ਜਾਵੇ, ਭੁੱਲੀ ਚਾ, ਆਪਣੇ ਵਿਚ,
"ਮੈਨੂੰ ਕਿੱਥੇ ਵਿਹਲ ਵੀਰਾ !"
ਉਹ ਹੱਸਦੀ ਦੀ, ਉੱਡਦੀ ਦੀ, ਪੀਂਘਾਂ ਚੜ੍ਹਦੀ ਦੀ,
ਮੋਤੀਆਂ ਦੀ ਲੜੀ ਟੁੱਟ ਟੁੱਟ ਪਈ ਪੈਂਦੀ,
ਮੁੜ ਮੁੜ ਵਾਂਗ ਬਿਜਲੀਆਂ ਲਿਸ਼ਕਦੀਆਂ,
ਤੇ ਇਨ੍ਹਾਂ ਡੁੱਲ੍ਹ ਡੁੱਲ੍ਹ ਜਾਂਦੀਆਂ ਚਮਕਾਂ ਨੂੰ,
ਚੁੰਮ ਚੁੰਮ ਹੋਠਾਂ ਨਾਲ ਚੁੱਕਦਾ ਉਹ ਬਾਂਕਾ ਜਵਾਨ ਸੀ ।


ਅਮੀਰ ਨੂੰ ਤਾਂਘ ਹੋਰਦੇ ਦੀ ਸੀ,
ਸੁਹਣੀ ਚੜ੍ਹੀ ਪਤੰਗ ਸੀ,
ਤੇ ਨਢਾ ਖੜਾ ਗਾਹਕ ਸੀ ਗੂੜ੍ਹ ਦਾ, ਖੜਾ ਅੰਦਰ,
ਤੇ ਰੋਟੀ ਦਾ ਖ਼ਰੀਦਦਾਰ ਬਾਹਰ ਸੀ ਪਿਆ ਉਡੀਕਦਾ ।
ਨੈਣਾਂ-ਰਾਤ, ਅੰਧੇਰੀ ਵਿਚ,
ਦਿਨ ਦੁਪਹਿਰੀ ਦੇ ਜਿੰਦ-ਜੋਬਨ ਦੇ ਰੰਗ ਸਭ ਗੱਭਰੂ ਦੇ ਦਿਲ ਦੇ ਉਹਲੇ
ਸਨ ।
ਬਾਹਰ ਦੇ ਗਾਹਕ ਨੂੰ ਨਿਰਾ ਚੁੱਲ੍ਹਾ ਤੇ ਪਰਾਤ ਦਿੱਸਦੀ ਸੀ,
ਕੇ ਹੱਟੀ ਵਾਲੇ ਦੀ ਨਾਰ ਇਕ ਰੋਟੀ ਪਕਾ ਰਹੀ,
ਆਪਣੇ ਬੱਚਿਆਂ ਨੂੰ ਦੇਖਦਾ ਸੀ,
ਰੋਂਦੇ ਤੇ ਭੁੱਖੇ ਤੇ ਵਿਲੂੰ ਵਿਲੂੰ ਕਰਦੇ,
ਤੇ ਉਨ੍ਹਾਂ ਨਾਲ ਬੈਠਾ ਰੋਟੀ ਦੀ ਉਡੀਕ ਵਿਚ,
ਭਲੇਮਾਣਸ ਅਮੀਰ ਸੱਖਣੇ ਦਿਲ ਦਾ ਢੋਲ ਵਜਾਉਂਦਾ ।

੧੦
ਇਤਨੇ ਵਿਚ ਖੂੰ ਖੂੰ ਕਰਦਾ,
ਕੜਬੀ ਦਾ ਗੱਡਾ ਸਿਰ 'ਤੇ ਧਰਿਆ,
ਹਫਿਆ, ਥੱਕਿਆ, ਸਾਹੋ-ਸਾਹ,
ਇਕ ਟੱਟੀ ਜੁੱਤੀ 'ਤੇ ਚੜ੍ਹਿਆ,
ਠੱਪ ਠੱਪ ਕਰਦਾ ਸੋਟੀ ਖੜਕਾਂਦਾ,
ਝੁੱਗੀ ਦੇ ਪਿਛਵਾੜੇ ਅੱਖੜਖਾਂਧ,
ਹੱਟੀ ਵਾਲਾ ਆ ਗਿਆ !
ਉਹ ! ਕੁੜੀ ਦਾ ਚੰਨ-ਚਿਹਰਾ,
ਕੁਝ ਕਾਲਾ ਕਾਲਾ ਪਿਆ ;
ਇਹ ਕੀ ਅਨੋਖੀ ਆਵਾਜ਼,
ਅੱਧੀ ਰਾਤ ਦੀ ਦੁਪਹਿਰ ਚੜ੍ਹੀ ਵਿਚ,
ਪੂਰਾ ਚੰਨ ਗ੍ਰਹਿਣ ਲੱਗ ਗਿਆ !
ਹੈਂ ! ਇਹ ਕੀ ?
ਨਾ ਉਹ ਰੰਗੀਲਾ ਛੈਲ ਗੱਭਰੂ,
ਨਾ ਰਾਤ ਉਸ ਦੇ ਨੈਣਾਂ ਦੀ,
ਨਾ ਰਾਤ ਇਸ ਦੇ ਸੁਫ਼ਨੇ ਦੀ,
ਨਾ ਉਹ ਸੀ, ਨਾ ਉਸ ਦਾ ਚੰਨ ਈਦ ਦਾ ਇਹ !
ਸਭ ਛਾਈਂ ਮਾਈਂ, ਇਹੀ ਪਰ ਨਹੀਂ ਸੀ,
ਸੁਫ਼ਨਾ ਸੀ, ਕਿ ਕੁਝ ਹੈ ਸੀ,
ਸੱਚ ਸੀ ਉਹ ਕਿ ਇਹ ?
ਪੂਰਨਮਾਂ ਦੀ ਰਾਤ ਕਿੱਧਰ ਨੱਸ ਗਈ ?
ਤੇ ਇਹ ਬਲਦੀ ਦੁਪਹਿਰ ਕਿਹੀ ਚੜ੍ਹ ਪਈ ਹੈ ?
ਤੇ ਕੂੜਾ ਖੇਲ ਜਾਦੂ ਤਮਾਸ਼ਾ ਸੀ ?
ਉਥੇ ਕੁਝ ਨਹੀਂ ਹੋਰ ਸੀ !
ਇਕ ਬਸ ਅਨਪੜ੍ਹ ਕੁੜੀ,
ਮਜੂਰੀ-ਲਿੱਬੜੀ ਹੱਟੀਵਾਨ ਗ਼ਰੀਬ ਦੀ ਨਾਰ ?
ਰੋਟੀ ਬੱਸ ਪਕਾ ਰਹੀ ਹੈ ?
ਅੱਗ ਲਾਲ ਲਾਲ ਬਲ ਰਹੀ ਹੈ ?

੧੧
ਹੈਂ ! ਇਹ ਕੀ ?
ਇਸ ਝੁੱਗੀ ਦੇ ਪਛਵਾੜੇ,
ਇਹ ਕੀ ਪ੍ਰਭਾਤ-ਕੁੱਕੜ ਬੋਲਿਆ-
ਕੀ ਸੁਹਣੀ ਰਾਤ ਖਿੰਡ ਗਈ ਹੈ ?
ਮਿਲੇ ਵਿੱਛੜ ਗਏ ਕੀ ?
ਅਸਮਾਨ ਇਕ ਖੜ ਖੜ ਨਾਲ ਟੁੱਟ ਪਏ ਕੀ ?
ਕਾੜ ਕਾੜ ਹੋਈ ਛੱਤ ਨੀਲਾ ਢਹਿ ਪਿਆ ?
ਪਿਆਰੇ ਵਿੱਛੜ ਗਏ ਕੀ ?
ਸਮਾਂ ਜਿਹੜਾ ਖਲੋਤਾ ਸੀ,
ਛਾਨ ਛਾਨ ਕਰਦਾ ਇਕ ਛਿਣ ਖੜੇ ਟੁਰ ਪਿਆ ਕੀ ?

੧੨
ਮੱਕੀ ਦੀ ਪੰਡ ਪਸਾਰ ਆਣ ਲਾਹੀ,
ਤੇ ਪਗੜੀ ਸੰਭਾਲ ਕੇ ਥਿੰਧਾ ਥਿੰਧਾਰ ਬੋਲਿਆ-
"ਨੀਂ ਗੋਰੀਏ ਇਹ ਕੀ ?
ਕੁਵੇਲੇ ਇਹ ਮੰਨ ਕਿਸ ਵਾਸਤੇ ਬਣ ਰਹੇ ਹਨ ?
ਇਹ ਕੀ ਸਮਾਜ ਹੈ ?
ਵਿਹਲੀ ਝੁੱਗੀ ਛੱਡ ਕੇ ਗਿਆ,
ਇਹ ਕੀ ਲੁੱਕ ਗਿਆ ਸੰਸਾਰ ਹੈ ?

੧੩
ਕੌਡੀਆਂ ਤੇ ਪੈਸਿਆਂ ਦੇ ਗਿਣਨ ਵਾਲਿਆ !
ਤੈਨੂੰ ਕੀ ਪਤਾ ?
ਚੰਨਾਂ ਉਤੇ ਚਕੋਰ ਦੇਖੇ ਕੀ ?
ਦੀਵੇ ਉਤੇ ਪਤੰਗਿਆਂ ਦੀ ਗਿਣਤੀ ਬੇਸ਼ੁਮਾਰ ਹੁੰਦੀ ਹੈ !
ਪਰ ਕੀ ਜਾਣੇ ਜਾਨਵਰ !
ਉਸ ਲਈ ਤਾਂ ਬੱਸ,
ਉਹ ਰੋਟੀ ਪਕਾਣ ਵਾਸਤੇ,
ਉਹ ਆਟਾ ਛਾਣਨ ਵਾਸਤੇ,
ਉਹ ਭਾਡੇ ਮਾਂਜਣ ਵਾਸਤੇ,
ਉਹ ਮੁੱਲ ਪਰਨਾਈ-ਨਾਰ,
ਇਕ ਮਸਤ ਮਜੂਰਨ ਮੁਟਿਆਰ ਹੈ !
ਉਸ ਵਿਚਾਰੇ ਨੂੰ ਕੀ ਖ਼ਬਰ ਜੋਬਨ ਲਾਟਾਂ ਕੀ ਹਨ ?
ਰੂਪ ਕੀ, ਦਿਲ ਕੀ, "ਚਾਅ" ਕੀ ਹੈ ?
ਖਿੱਚ ਕੀ ਹੈ, ਇਸ਼ਕ ਕੀ ਹੈ ?
ਅਸਾਰ ਕੀ ਹੈ, ਸਾਰ ਕੀ ਹੈ ?
ਉਸ ਨੂੰ ਕੀ ਪਤਾ, ਕਿ ਜੀ ਦਾ ਹੜ੍ਹ ਕੀ ਹੈ ?
ਤੇ ਜਿਸਮਾਂ ਦੀ ਤੋੜ ਫੋੜ ਉੱਠ ਵਾਹਣਾਂ ਕੀ ਹੈ ?
ਤੇ ਜਲ ਥਲ ਹੋ ਇਕ ਹੋਣਾ ਕੀ ਹੈ ?
ਅਸਮਾਨਾਂ ਦਾ ਦੌੜਨਾ ਮੁਖੜੇ ਨੂੰ ਵੇਖਣ,
ਤੇ ਮੁਖੜੇ ਦਾ ਬੇਅੰਤ ਹੋ ਜਾਣਾ ਕੀ ਹੈ ?
ਅਸਗਾਹ ਅਥਾਹ ਦਾ ਰੇਖਾਂ ਵਿਚ ਆਣਾ ਕੀ ਹੈ ?
ਤੇ ਰੇਖਾਂ ਲੇਖਾਂ ਨੂੰ ਮੇਖ ਮਾਰ,
ਮੁੜ ਅਸਗਾਹ ਹੋ ਟੁਰਨਾ, ਟੁਰਨਾ ਕੀ ਹੈ ?
ਦਿਲ ਦੇ ਸਮੁੰਦਰਾਂ ਦੀ ਖ਼ਬਰ ਕੀ ?
ਤੇ ਉਨ੍ਹਾਂ ਸਮੁੰਦਰਾਂ ਦੇ ਤੂਫ਼ਾਨ ਦੇ ਉਭਾਰ ਦਾ ਕੀ ਪਤਾ ?
ਉਸ ਉਭਾਰ ਵਿਚ ਕਿਸ਼ਤੀਆਂ ਹਜ਼ਾਰ ਨੂੰ ਮੂੰਦੇ ਮੂੰਹ ਮਾਰ ਪਾਸ਼ ਪਾਸ਼ ਕਰਨਾ,
ਸੁਫ਼ਨਾ ਕੁਝ ਨਾ, ਮਸਤ ਹੋ ਉਛਲਣਾ, ਆਪ ਮਤਾ ਹੋਣਾ ਕੀ ਹੈ ?
ਹਜ਼ਾਰਾਂ ਪਰਬਤਾਂ ਨੂੰ ਦੂਰ ਕਰ,
ਸਿੱਧਾ ਹੜ੍ਹਾਂ ਦੇ ਹੜ੍ਹ ਹੋ ਆਣਾ ਕੀ ਹੈ ?
ਇਕ ਨਿੱਕੇ ਜਿਹੇ ਦਿਲ ਵਿਚ ਅਨੰਤ ਨੂੰ ਵਸਾਣਾ ਕੀ ਹੈ ?
ਤੇ ਅਨੰਤ ਹੋ ਮੁੜ ਰੂਪ ਰੰਗ ਵਿਚ ਜਾਣਾ ਕੀ ਹੈ ?
ਸੁਹਣੱਪ ਦੀ ਕੀ ਖ਼ਬਰ, ? ਸੁਹਣੇ ਕੀ ਹਨ !
ਰੱਬ ਹਨ, ਰਬਤਾਂ ਹਨ,
ਪਿਆਰ ਹਨ, ਮਿੱਠੇ ਹਨ, ਕੌੜੇ ਹਨ,
ਕੀਹਨ, ਜੀਵਨ ਹਨ, ਮੌਤ ਹਨ,
ਇਹ ਅਗੰਮ ਦੀਆਂ ਨਿੱਤ ਨਵੀਆਂ ਰੇਖਾਂ ਕੀ ਹਨ ?
ਅਜ਼ਲ ਦੇ ਫਾਲ ਕਿੰਜ ਪੈਂਦੇ ਹਨ ?
ਤੇ ਸ਼ਾਹਦ ਪਕੜੀਂਦੇ ਤੇ ਚੋਰ ਛੁਟੀਂਦੇ ਕਿੰਜ ਹਨ ?

੧੪
ਗਿਣ ਓ ਭਾਈ ! ਬੈਠਾ ਦਿਨ ਰਾਤ ਕੌਡੀਆਂ ।
ਜੇ ਤੈਨੂੰ ਹੁਣ ਮੱਤ ਨਾ ਫਿਰੇ, ਤਦ ਮੁੜ ਕਦ ਫਿਰਸੀ ?
ਇਹ ਦੀਵਾ ਅਰਸ਼ ਦਾ ਪਾ ਕੇ ਵੀ,
ਨਹੀਂ ਆਈ, ਮੁੜ ਕਦ ਆਵਸੀ ?
ਤੇਰੀ ਮੱਦਦ ਕੌਣ ਕਰਸੀ,
ਤੇ ਕਰਸੀ ਕਿਸ ਤਰ੍ਹਾਂ ਕੋਈ ?
ਸੁਹਣੱਪ ਤੇਰੇ ਘਰ ਆਈ,
ਤੂੰ ਅੱਖ ਉਘਾੜ ਨਾ ਤੱਕੇਂ,
ਤਾਂ ਤੇਰਾ ਕੋਈ ਕੇ ਕਰੇ ਭਾਈ ?

ਤੇਰੇ ਪਾਸ ਉਹ ਫੁੱਲ, ਜਿਹੜਾ ਹੋਰ ਕਿਧਰੇ ਨਾਂਹ,
ਤੂੰ ਸ਼ੁਕਰ ਨਾ ਕਰੇਂ,
ਵਿਹਲਾ ਹੋ ਕੇ ਤੱਕੇਂ ਨਾਂਹ,
ਤੇ ਤੱਕ ਤੱਕ ਜੀਵੇਂ ਨਾਂਹ,
ਤਾਂ ਤੂੰ ਹੀ ਦੱਸ ਤੇਰਾ ਕੋਈ ਕਰੇ ਕੀ ?
ਰੂਹ ਨੂੰ ਸ਼ੰਗਾਰੇਂ ਨਾਂਹ,
ਮਿੰਟ ਮਿੰਟ ਰੂਹ ਨੂੰ ਮਾਰੇਂ ਵਾਂਗ ਮੱਖੀਆਂ,
ਮੁੜ ਮੁੜ ਤੁੰ ਡੁੱਬੇਂ ਤੈਨੂੰ ਤਾਰੇ ਕੌਣ ?

੧੫
ਮੁੜ ਬੋਲਿਆ-
ਜੁੱਤੀ ਲਾਹ, ਅੰਤਰ ਪਸਾਰੇ ਵਿਚ ਪੈਰਾਂ ਪਾ,
ਵਾਂਗ ਕਿਸੇ ਇਕ ਮੁਲਕ ਦੇ ਪਾਤਸ਼ਾਹ ।
"ਦੱਸ ਨਾ ! ਬੋਲਨੀ ਕਿਉਂ ਨਹੀਂ ਏਂ ?
ਫੁਕਾਂ ਮਾਰੇਂ-ਸਾਸ ਲੰਮੇ ਲਵੇਂ,
ਅੱਗ ਬਾਲੇਂ, ਰੋਟੀ ਪਕਾਵੇਂ,
ਕੁਵੇਲੇ ਸਭ ਕੰਮ ਤੇਰੇ ਚੁੱਪ ਚੁਪੀਤੀਏ ।
ਇਹ ਪਰਾਉਂਠੇ ਕਿਸ ਲਈ ਹਨ ?"
ਪੀਲੇ ਅੱਧਖੜ ਚਿਹਰੇ ਉਪਰ ਵੀ ਨੂਰ ਚੜ੍ਹ ਆਇਆ-
ਲਾਲੀ ਦਮਕੀ, ਕਲੇਜਾ ਕੰਬਿਆ,
ਲਹੂ ਅੱਖਾਂ ਵਿਚ ਭਰ ਆਇਆ ।
ਲਿੱਸੇ ਲਿਸਾੜ ਵਿਚ ਜ਼ੋਰ ਕਾਂਗ ਆਈ,
ਆਈ ਭਾਵੇਂ ਗੁੱਸੇ ਨਾਲ,
ਪਰ ਕੁਝ ਜਿੰਦ ਮੁੜ ਟੁਰ ਆਈ,
ਮੋੜ ਪਿਆ, ਹਿੱਸਦਾ ਹਿੱਸਦਾ ਦੀਵਾ,
ਮੁੜ ਇਕ ਵੇਰ ਫਿਰ ਟਹਿਕਿਆ ।
"ਹਾਏ ! ਦੱਸ ਨਾ । ਕੌਣ ਇਥੇ ਆਇਆ ?
ਆਇਆ ਕੋਈ ਜ਼ਰੂਰ ਹੈ,
ਰੌਣਕ ਪਸਾਰ ਦੀ ਪਈ ਦਿਸਦੀ,
ਇਹ ਝਟਪਟੀ ਹੋਣਾ-ਨਾ-ਹੋਣਾ ਕੀਹ ਹੈ ?
ਕੁਝ ਉੱਡ ਗਿਆ ਦਿਸਦਾ ।
ਉਹ ਟਹਿਣੀ ਜਿਥੋਂ ਹੁਣੇ ਪੰਖੇਰੂ ਉੱਡੇ, ਕੁਝ ਕੰਬਦੀ ਕੁਝ ਕੰਬਦੀ ਹੈ ।
ਨੁਹਾਰ ਤੇਰੀ ਗੋਰੀਏ ! ਕਿਧਰ ਟੁਰ ਗਈ ਹੈ ?
ਦਿਲ ਮੇਰੇ ਵਿਚ ਕੁਝ ਹੁੰਦਾ,
ਇਹ ਝਟਪਟੀ ਚੁੱਪ ਕੀ ਹੈ ?
ਇਹ ਹੁਣੇ ਕੋਈ ਜਾਪਦੀ ਸੱਜਰੀ ਜਿਹੀ ਕੀ ਘਬਰਾਹਟ ਹੈ ?

ਸੁਹਣੀ ਦੇ ਬੁੱਲ੍ਹ ਕੰਬੇ, ਕੁਝ ਫਰਕੇ,
ਮਿੱਠੇ ਮਿੱਠੇ ਲਾਲ ਹੋਂਠ,
ਪੱਤੀਆਂ ਗ਼ੁਲਾਬ ਦੀਆਂ,
ਗੁੱਸਾ ਤਾਂ ਸਾਰਾ, ਜ਼ਹਿਰ ਪਿਆਲਾ,
ਮਿੱਠਾ ਘੁੱਟ ਕਰ ਪੀ ਗਈ
ਤੇ ਹੱਸ ਹੱਸ ਬੋਲੇ :
"ਗੁੱਸੇ ਕਿਉਂ ਹੁੰਦੇ ਹੋ ?
ਉਹ ਛਾਵਾਂ ਬੈਠੇ ਲੋਕ
ਮੰਜੀਆਂ ਵਾਣ ਦੀ 'ਤੇ :
ਉਨ੍ਹਾਂ ਭਰਾਵਾਂ ਵਾਸਤੇ, ਮੈਂ ਅੱਗ ਬਾਲੀ,
ਰੋਟੀ ਪਕਾ ਰਹੀ ਹਾਂ,
ਉਸ ਵੀਰੇ ਦੂਰ ਜਾਣਾ ਹੈ ।
ਧੁੱਪ ਚੜ੍ਹ ਰਹੀ ਹੈ ।"
ਤੇ ਅਮੀਰ ਗਾਹਕ ਵੱਲ ਤੱਕ ਉੱਚੀ ਬੋਲੀ ਚਿਲਕ ਕੇ :
"ਲਉ ਭਰਾਵੋ ! ਰੋਟੀਆਂ ।
ਆਓ ! ਬੱਚੀਓ ! ਖਾਉ,
ਬੜੀ ਦੇਰ ਹੋ ਗਈ ਹੈ ।"

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ