Khulhe Asmani Rang : Prof. Puran Singh

ਖੁਲ੍ਹੇ ਅਸਮਾਨੀ ਰੰਗ : ਪ੍ਰੋਫੈਸਰ ਪੂਰਨ ਸਿੰਘ

ਦੋ ਗੱਲਾਂ

ਪੰਜਾਬ ਬਾਰ ਵਿੱਚ ਇਸ ਸਿਆਲੇ ਮੈਨੂੰ ਪਿਆਰਿਆਂ ਇਕ ਤੰਬੂ ਲਾ ਕੇ ਰਹਿਣ
ਦਾ ਥਾਂ ਦਿੱਤਾ-ਡੇਰਾ ਲਾ ਲਿਆ ਖੁੱਲ੍ਹੇ ਅਕਾਸ਼ਾਂ ਦੇ ਤਲੇ-ਮਿੱਟੀ ਘੱਟੇ ਸਮੁੰਦਰਾਂ
ਉੱਪਰ ਇਕ ਜਿਵੇਂ ਨਿੱਕੀ ਜਿਹੀ ਬੇੜੀ ਜਾਂਦੀ ਹੈ-ਨਹਿਰਾਂ ਨੇ ਦਰਿਆ ਨੀਲ ਦੇ
ਲਾਗੇ ਲਗਦੀ ਜ਼ਰਖ਼ੇਜ਼ ਵਾਦੀ ਦਾ ਰੰਗ ਜਮਾਇਆ ਹੈ, ਪਰ ਬਾਰ ਦਾ ਰੂਹ ਹਾਲੇ
ਵੀ ਬਾਂ-ਬਾਂ ਕਰਦਾ ਇਕ ਬੀਆਬਾਨ ਹੀ ਹੈ-ਜਦ ਮੈਂ ਇਨ੍ਹਾਂ ਆਬਾਦ, ਪਰ ਸੁੰਨੇ
ਦੇਸ਼ਾਂ ਵਿਚ ਆਇਆ, ਕਪਾਹ ਆਪਣੇ ਜੋਬਨ ਵਿੱਚ ਸੀ ਤੇ ਕਣਕ ਨਵੀਂ-ਨਵੀਂ
ਫੁੱਟ ਰਹੀ ਸੀ ।
ਖ਼ੂਬ ਇਕਾਂਤ ਹੈ ਤੇ ਬੇਚੈਨ, ਅਕਲ ਜਾਲ ਵਿੱਚ ਫੱਸੇ ਬਟੇਰੇ ਵਾਂਗ ਫੜਕ-ਫੜਕ
ਆਖ਼ਰ ਚੁੱਪ ਹੋਈ-ਜ਼ਬਾਨ ਨੇ ਬੋਲਣਾ ਛੱਡਿਆ-ਤੇ ਮਹਾਨਤਾ ਵਿੱਚ ਕਿਸੇ ਸੁਰਤ
ਨੂੰ, ਇਥੇ ਇਸ ਸਮੁੰਦਰ ਦੀ ਚੁੱਪ ਵਿੱਚ ਅਜਬ ਰੰਗ ਸਾਹਮਣੇ ਖੇਡਣ……ਰਾਤ
ਦਿਨ ਨਵੇਂ, ਜੀਆ ਜੰਤ ਨਵੇਂ ਦਿੱਸਣ ਲੱਗੇ-ਹਿਮਾਲਾ ਦੀ ਚੋਟੀ ਉਪਰੋਂ ਤਾਰੇ ਤੱਕੇ
ਸਨ-ਕਸ਼ਮੀਰ ਦੀ ਝੀਲ-ਕਿਸ਼ਤੀਆਂ ਵਿੱਚ ਬਹਿ ਜ਼ੂਹਰਾ ਤੇ ਮੁਸ਼ਤਰੀ ਦੇ ਦੀਦਾਰੇ
ਕੀਤੇ ਸਨ-ਪਰ ਇਸ ਰੂਹ ਦੀ ਚੁੱਪ, ਰੇਗਿਸਤਾਨ ਦੀ ਖੁਲ੍ਹ ਵਿਛੇ ਮੈਦਾਨ ਥੀਂ ਮੁੜ
ਤੱਕੇ-ਜਿਵੇਂ ਇਥੇ ਕਾਲੀ ਰਾਤ ਨੂੰ ਤਾਰੇ ਚਮਕਦੇ ਹਨ, ਹੋਰ ਕਿਧਰੇ ਨਹੀਂ ਚਮਕਦੇ
-ਇਹ ਇਉਂ ਇਥੇ ਚਮਕਦੇ, ਜਿਵੇਂ ਮੇਰੇ ਜੀਵਨ-ਮਾਰਗ ਦੇ ਸਾਥੀ ਹਨ ਤੇ ਹੁਣੇ
ਬੋਲਣ ਲੱਗੇ ਹਨ-ਬੋਲੇ ਤਾਂ ਨਹੀਂ, ਪਰ ਮੇਰੇ ਹੱਥ ਫੜ ਕੇ ਤੇ ਆਪਣੇ ਹੱਥ ਮੇਰੇ
ਹੱਥਾਂ ਵਿੱਚ ਦੇ ਕੇ ਤੇ ਨੈਣ-ਨੈਣਾਂ ਵਿੱਚ ਪਰੋਅ ਕੇ ਇਉਂ ਮੈਨੂੰ ਦਿਸੇ, ਜਿਵੇਂ ਨਵੇਂ
ਗਿਆਨ ਤੇ ਆਵੇਸ਼ ਦੇ ਦੇਸ਼ਾਂ ਨੂੰ ਮੈਨੂੰ ਲਈ ਜਾਂਦੇ ਹਨ-ਗਗਨ ਇਕ ਕਿਸ਼ਤੀ
ਦਿਸਿਆ ; ਉਸ ਵਿੱਚ ਅਸੀਂ ਸਾਰੇ ਬੈਠੇ ਕਿਧਰੇ ਜਾ ਰਹੇ ਹਾਂ-ਨਵੀਆਂ ਖ਼ਬਰਾਂ
ਦੇ ਪ੍ਰਭਾਵ ਦਾ ਕੋਈ ਦੇਸ਼ ਸੰਸਦ, ਉਧਰ ਨੂੰ ਅਸੀਂ ਲੰਗਰ ਚੁੱਕ ਜਹਾਜ਼ ਟੋਰ
ਰਹੇ ਹਾਂ ।
ਇੱਥੇ ਮੈਂ ਤੱਕਿਆ ਕਾਲੀ ਰਾਤ ਤੇ ਚਿੱਟੀ ਪ੍ਰਭਾਤ ਦੋਵੇਂ ਇਕ ਵੱਡੇ ਕਮਰੇ ਵਿੱਚ
ਇਕੱਠੀਆਂ ਹੋ ਰਹੀਆਂ ਹਨ-ਪਹੁ-ਫੁਟਾਲਾ ਇਥੇ ਪਹਾੜਾਂ ਵਾਂਗ ਨਹੀਂ ਹੁੰਦਾ, ਰਾਤ
ਤੇ ਪਹੁ-ਫੁਟਾਲਾ ਦੋ ਭੈਣਾਂ ਵਾਂਗ, ਇਕ ਕਾਲੀ ਤੇ ਇਕ ਗੋਰੀ, ਬਾਹਾਂ ਵਿੱਚ ਬਾਹਾਂ
ਪਾਈਆਂ, ਉੱਡਦੀਆਂ ਜਾਂਦੀਆਂ ਇਕੱਠੀਆਂ ਦਿੱਸਦੀਆਂ ਹਨ ।ਕਰਤਾਰ ਦੀ ਰਚਨਾ
ਦੇ ਭੇਦ ਨੂੰ ਆਪਣੇ ਕਾਲੇ ਤੇ ਚਿੱਟੇ ਪਰਾਂ ਵਿੱਚ ਫੜਕਾਂਦੀਆਂ ਲੰਘਦੀਆਂ ਹਨ ।ਕਈ
ਵਾਰੀ ਤੱਕਿਆ ਚੰਨ ਵਣ ਦੀ ਟਾਹਣੀ ਲਟਕਿਆ ਹੋਇਆ ਹੈ ਤੇ ਸੂਰਜ ਪੂਰਬ ਦੇ
ਮੁਨਾਰੇ ਉਪਰੋਂ ਉਹਨੂੰ ਆਪਣੀ ਬਾਂਹ ਲਮਕਾ ਕੇ ਇਕ ਫਸੇ ਹੋਏ ਪਤੰਗ ਵਾਂਗੂੰ ਕੱਢ
ਕੇ ਮੁੜ ਉਡਾਂਦਾ ਹੈ ।
ਇਥੇ ਤੱਕਿਆ-ਕਾਂ ਤੇ ਚਿੜੀ ਤੇ ਆਦਮੀ ਤੇ ਘੁੱਗੀ ਬਲਦ ਮਿਲ-ਜੁਲ ਕੇ ਜੀਵਨ
ਭੁੜੀ ਕਰ ਰਹੇ ਹਨ-ਦਮ ਚਲ ਰਹੇ ਹਨ, ਦਿਲ ਧੜਕ ਰਹੇ ਹਨ-ਫੰਗ ਫੜਕ ਰਹੇ
ਹਨ, ਠਹਿਰਨ ਦਾ ਕੋਈ ਸਮਾਂ ਨਹੀਂ, ਸਭ ਚਲ ਰਹੇ ਹਨ, ਸਭ ਕੰਮ ਕਰ ਰਹੇ ਹਨ।
ਮੰਦਾ ਲੱਗਾ ਜਦ ਤੱਕਿਆ ਕਿ ਸੋਹਣੇ ਫੰਙਾਂ ਵਾਲੀ-ਉਹ ਰੂਹਾਨੀ ਦੀਦ ਵਾਲੀ ਘੁੱਗੀ
ਵੀ ਚੋਗਾ ਚੁਗਣ ਦੇ ਕੰਮ ਵਿੱਚ ਲੱਗੀ ਹੈ, ਮੈਂ ਇੰਨਾਂ ਸ਼ੋਰੀਲਾ ਜਿਹਾ ਇਥੇ ਵੇਖ-ਵੇਖ
ਚੁੱਪ ਹੋ ਗਿਆ-ਇਕ ਘੋੜੇ ਥੀਂ ਬਲਦ ਵਿੱਚ ਬਦਲ ਗਿਆ ਹਾਂ ।
ਮੈਂ ਤੱਕਿਆ ਇਥੇ ਮਿੱਟੀ ਵਿੱਚ ਜਿੰਦ ਹੈ, ਦਮ ਹੈ-ਨਿੱਕੇ ਜਿਹੇ ਬੀਜ ਨੂੰ ਜਿਵੇਂ ਕੁਕੜੀ
ਅੰਡੇ ਨੂੰ ਛਾਤੀ ਦੀ ਗਰਮਾਇਸ਼ ਦੇ ਦੇ ਚੂਚਾ ਬਣਾ ਦਿੰਦੀ ਹੈ, ਤਿਵੇਂ ਇਹ ਮਿੱਟੀ ਆਪਣਾ
ਦਮ ਫੂਕ-ਫੂਕ ਬੀਜ ਨੂੰ ਜਿੰਦ ਬਖ਼ਸ਼ਦੀ ਹੈ-ਅਜੀਬ ਇਕ ਰੰਗ ਹੈ, ਪਾਣੀ ਇਥੇ ਨਿਰੋਲ
ਇਕ ਅਰਦਾਸ ਹੈ ।
ਇਥੇ ਮੈਨੂੰ ਪਤਾ ਲੱਗਾ-ਹਵਾ ਪਾਣੀ-ਮਿੱਟੀ, ਪ੍ਰਕਾਸ਼, ਚੰਨ, ਸੂਰਜ, ਆਦਮੀ, ਜਾਨਵਰ,
ਪੰਛੀ ਪਿਆਰ ਦੇ ਬਰੀਕ ਰੇਸ਼ਮੀ ਡੋਰਿਆਂ ਨਾਲ ਇਕ ਜਾਨ ਵਿੱਚ ਬੱਧੇ ਹੋਏ ਹਨ-ਕੁੱਕੜ
ਦੀ ਬਾਂਗ ਤੇ ਪ੍ਰਭਾਤ ਦੇ ਬੱਦਲਾਂ ਦੇ ਰੰਗਾਂ ਦੀ ਸੁਹੱਪਣ ਦੀ ਦੋਹਾਂ ਨੂੰ ਕੋਈ ਮਿਲਵੀਂ
ਉਕਸਾਹਟ ਹੈ-ਫੁੱਲਾਂ ਦਾ ਖਿੜਨਾ ਤੇ ਸੂਰਜ ਦੇ ਕਿਰਨ ਦਾ ਨਿੱਤ ਨਵੇਂ ਵਿਆਹ ਦੀ ਖ਼ੁਸ਼ੀ
ਤੇ ਚਾਅ ਵਿੱਚ ਆਪਣਾ ਇਕ ਜਾਦੂਗਰੀ ਅਚੰਭਾ ਹੈ ।ਕਿਰਨ ਫੁੱਲ ਦੇ ਦਿਲ ਵਿੱਚ ਵੜ
ਕੇ ਕੁਝ ਆਖ ਜਾਂਦੀ ਹੈ, ਸਾਰਾ ਦਿਨ ਫੁੱਲ ਆਪਣੀ ਨਿੱਕੀ ਨਿਮਾਣੀ ਕੁੱਲੀ ਵਿੱਚ ਅਨੰਤ
ਹੋਇਆ ਆਉਂਦਾ ਹੀ ਨਹੀਂ ।
ਇਥੇ ਆ ਕੇ ਮਹਿਸੂਸ ਕੀਤਾ ਕਿ ਮੈਂ ਕਿਸੇ ਜਾਦੂ ਦੇ ਦੇਸ਼ ਵਿੱਚ ਆ ਵੜਿਆ ਹਾਂ, ਜਿੱਥੇ
ਬੱਚੇ ਫੁੱਲ ਹਨ, ਬਿਰਖ ਮਨੁੱਖ ਹਨ ਤੇ ਇਕ ਅਗੰਮੀ ਅਣਦਿੱਸਦੇ ਪਿੱਛੇ ਦੇ ਜਗਤ ਦੇ
ਸਾਥੀਆਂ ਦੀਆਂ ਨਵੀਆਂ ਝਰਨਾਹਟਾਂ ਤੇ ਨਵੇਂ ਝਕੋਲਿਆਂ ਤੇ ਬੇਮਲੂਮੀ ਉਕਸਾਹਟਾਂ ਵਿੱਚ
ਵੀ ਵਸ ਰਿਹਾ ਹਾਂ-ਤੇ ਧਰਤੀ ਅਕਾਸ਼ ਦੇ ਮਿਲਦੇ ਖ਼ੂਨ ਵਿੱਚ ਇਕ ਮਿੱਤਰਤਾ ਦੀ ਗਰਮਾਇਸ਼
ਹੈ-ਸਾਰੇ ਜਗਤ ਦੀ ਇਕ ਨਬਜ਼ ਹੈ, ਵੱਖਰਾ ਕੁਝ ਨਹੀਂ-ਚੂਚੇ ਦੇ ਦਿਲ ਦੀ ਧੜਕਨ, ਮੇਰੀ
ਨਬਜ਼ ਬੱਦਲ ਦੀ, ਨਦੀ ਦੀ, ਬਿਰਖ ਦੀ, ਜਿੱਥੇ ਹੱਥ ਰੱਖਾਂ ਨਬਜ਼ ਜੀਵਨ ਦੀ ਤੁਫੂੰ-ਤੁਫੂੰ
ਕਰ ਰਹੀ ਹੈ ।
ਇਨ੍ਹਾਂ ਨਜ਼ਾਰਿਆਂ ਵਿੱਚ ਤਬੀਅਤ ਆਪੇ ਵਿੱਚ ਦੀ ਬੰਦ ਥੀਂ ਆਜ਼ਾਦ ਹੋ ਉੱਡਦੀ-ਕਦੀ
ਡਿੱਗਦੀ ਹੈ, ਕਦੀ ਫਿਰ ਉਡਦੀ ਹੈ-ਪਰ ਪਰਵਾਜ਼ ਆਪਣੇ ਇਹਦੇ ਫੰਙਾਂ ਦਾ ਹੁੰਦਾ ਹੈ ਤੇ
ਨਿੱਕਿਆਂ-ਨਿੱਕਿਆਂ ਆਜ਼ਾਦੀ ਵੱਲ ਮਾਰੇ ਹੰਭਲਿਆਂ ਦਾ ਆਪਣਾ ਰਸ ਹੁੰਦਾ ਹੈ-ਖ਼ੂਨ ਵਿੱਚ
ਗੇੜੇ ਲਾਉਂਦਾ ਦਿੱਸਦਾ ਹੈ -ਪੂਰਨ ਸਿੰਘ।
ਡਾਕਖ਼ਾਨਾ ਚੱਕ ਨੰ: ੨੯
ਜੜ੍ਹਾਂਵਾਲਾ
…ਅਪ੍ਰੈਲ, ੧੯੨੭

੧. ਸਵਾਣੀ ਜਿਸ ਨੂੰ ਰੱਬ ਪਿਆਰਦਾ

ਰਾਤ ਹਨੇਰੀ, ਪੰਜਾਬੀ ਬਾਰਾਂ,
ਥੱਕਿਆ ਸਾਂ ਜੁ ਮੈਂ ਪਿਆ
ਬਿਨ ਸਾਥੀ ਨੀਂਦਰ ਦਾ ਮੈਂ ਅਕਿਆ,
ਅੱਧੀ ਰਾਤੀਂ ਉਠਿਆ ਤੰਬੂ ਦੇ ਬਾਹਰ ਖੜਾ
ਕਾਲੇ ਅਸਮਾਨਾਂ ਵਿੱਚ ਬੈਠੀ ਇਕ ਸੋਹਣੀ ਸਵਾਣੀ
ਇਕ ਕਮਾਲ ਦੀ ਰਾਣੀ ਦਾ ਸੀ ਦੀਦਾਰ ਖਿੜਿਆ
ਬਸ ਹੁਣ ਹੀ ਰੱਬ ਇਥੇ ਸੀ,
ਹੁਣ ਹੀ ਇਸ ਕਮਾਲ ਸੁਹਣੱਪ ਨੂੰ ਆਪਣੀ ਹੱਥੀਂ ਸੀ ਰੱਬ ਨੇ ਸ਼ਿੰਗਾਰਿਆ,
ਹੁਣੇ ਗਿਆ ਹੈ,
ਉਹ ਇਸ ਸਵਾਣੀ ਨੂੰ ਆਪਣੀ ਹੱਥੀਂ ਪਿਆਰੇ ਗਹਿਣੇ ਪਾ ਕੇ
ਉਹਦੇ ਕੇਸਾਂ ਵਿੱਚ ਲਟਕਾਈ ਮੋਤੀਆਂ ਦੀ ਮਾਲਾ ਜਿਹੜੀ ਹਾਲੇ ਸੀ ਜ਼ਰਾ-
ਜ਼ਰਾ ਹਿਲ ਰਹੀ,
ਰੱਬ ਦੇ ਪਿਆਰਾਂ ਦਾ ਇਲਾਹੀ ਕੰਬ ਹਾਲੇ ਸੀ ਲਹਿਰ ਰਿਹਾ ਸੋਹਣੇ ਪਿਆਰ-
ਹਿਲ ਵਿੱਚ
ਮੈਂ ਤੱਕਿਆ,
ਸਵਾਣੀ ਦੇ ਨੈਣ ਸਨ ਅਨੰਦ ਨਾਲ ਬੰਦ ਹੋਏ
ਉਹਦਾ ਮੁਖੜਾ ਸੀ ਚਮਕਦਾ,
ਉਹਦੇ ਕੇਸਾਂ ਵਿੱਚੋਂ ਸੀ ਵਗਦੀ ਹੀਰਿਆਂ ਦੀ ਇਕ ਨਦੀ ਉਹ ਲਿਸ਼ਕਾਂ
ਜਵਾਹਰਾਤੀ ਮਾਰਦੀ,
ਮੈਂ ਅਚਰਜਿਆ,
ਇਹ ਕੌਣ ਹੈ ਸਵਾਣੀ ਜਿਹੀ ਭਾਗ ਵਾਲੀ
ਜਿਸ ਨੂੰ ਸੁਹਣਾ ਰੱਬ ਹੈ ਬਿਹਬਲ ਹੋਇਆ
ਪਿਆਰਦਾ, ਸੰਵਾਰਦਾ, ਸ਼ਿੰਗਾਰਦਾ ।

੨. ਮੇਰਾ ਰਾਤ ਦਾ ਦੀਵਾ

ਇਸ ਬਾਰ ਦਾ ਨਿਮਾਣਾ ਜਿਹਾ ਸਾਥੀ ਮੇਰਾ
ਨਿੱਕਾ ਇਹ ਰਾਤ ਦਾ ਦੀਵਾ,
ਇਹ ਕਾਲੀ ਰਾਤ
ਕੁਝ ਡਰਾਉਂਦੀ ਮੈਨੂੰ ਇਸ ਇਕੱਲ ਵਿੱਚ,
ਜਿਵੇਂ ਮੇਰੇ ਦਿਲ-ਦੀਵੇ ਨੂੰ ਹਿਸਾਉਣ ਆਉਂਦੀ
ਡਰ ਨਾਲ, ਸਹਿਮ ਨਾਲ ਤ੍ਰਹਿ ਕੇ ਆਪਣੇ ਦੀਵੇ ਦੀ ਕੰਬਦੀ
ਅਰਦਾਸ ਭਰੀ ਚਮਕਦੀ ਚੁੱਪ ਵਿੱਚ ਇਕ ਢਾਰਸ,
ਸ਼ਾਤੀ ਹਂੌਸਲਾ ਤੇ ਸਿਦਕ ਮੈਨੂੰ ਲੱਭਦਾ
ਕਰਾਮਾਤ ਜਿਹੀ ਦਿੱਸਦੀ
ਇੰਨੀ ਅੰਨ੍ਹੀ ਹਨ੍ਹੇਰੀ ਕਾਲਖ਼ ਵਿੱਚ ਇਕ ਮਿੱਤਰ ਦਾ ਮੁਖੜਾ ਬਲਦਾ
ਧਰਤੀ ਉਪਰ ਸਟ ਮੈਨੂੰ ਉੱਚੇ ਤਾਰੇ ਤੱਕਦੇ ਮੇਰੀ ਕਿਸਮਤ ਅਜ਼ਮਾਈ ਦੀ ਇਕ
ਖੇਲ ਨੂੰ
ਤੇ ਨਾਲ-ਨਾਲ ਹੋ ਮੇਰਾ ਦਰਦ ਵੰਡਾਉਂਦਾ ਮੇਰਾ ਰਾਤ ਦਾ ਦੀਵਾ-

੩. ਕਾਲੀ ਰਾਤ ਦਾ ਤਾਰਿਆਂ ਭਰਿਆ ਗਗਨ

ਪੰਜਾਹ ਸਾਲ ਬੀਤ ਗਏ ਮੈਂ ਜਾਤਾ ਇਹ ਅਕਾਸ਼ ਹੈ,
ਮੈਂ ਜਾਤਾ ਇਹ ਤਾਰੇ,
ਮੈਨੂੰ ਪੜ੍ਹਾਣ ਵਾਲਿਆਂ ਇਹੋ ਸਬਕ ਸਿਖਾਇਆ,
ਬੱਚਾ ਸੀ ਤਾਂ ਬਾਲ ਹੋਇਆ ਤਦ,
ਬੁੱਢੇ ਨੂੰ ਵੀ ਹੁਣ ਇਹੋ ਪਤਾ ਇਹ ਗਗਨ ਇਹ ਤਾਰੇ ।
ਪਰ ਅੱਜ ਰਾਤੀਂ ਅਚਨਚੇਤ ਪਤਾ ਲੱਗਾ
ਇਹ ਪਰਛਾਵਾਂ ਹੈ ਵੱਡਾ ਹੋਇਆ ਸੁਹਣੀ ਇਕ ਚਾਨਣੀ ਦਾ ਮੇਰੇ ਰੂਹ ਅੰਦਰ
ਪਿਆਰ ਦੇ ਤਖ਼ਤੇ 'ਤੇ ਕਿਸੇ ਤਾਣੀ
ਹੀਰਿਆਂ ਜੜੀ ਚਮਕਦੀ ਉਹ 'ਨਿੱਕੀ ਨੀਲੀ ਚਾਨਣੀ',
ਕਿਸੇ ਦੇ ਭਬਕੇ ਪਿਆਰ ਦਾ ਪ੍ਰਕਾਸ਼ ਵਾਲਾ ਸੁਫ਼ਨਾ
ਪਿਆਰੇ ਦੇ ਤਿਹਾਏ ਯਾਤਰਾ ਦੇ ਜੁੱਗਾਂ, ਪਿੱਛੇ
ਆਈ ਮਿਲਣ ਦੀ ਰਾਤ ਇਕ ਰਾਤ ਬਸ
ਤੇ ਮੋਤੀਆਂ ਦੀ ਆਬ ਵਾਲੀ ਇਹ ਅਕਹਿ ਸੁੰਦਰ ਮੇਰੇ
ਪਿਆਰ ਦੇ ਸੁਫ਼ਨੇ ਨੇ ਹੁਣੇ ਹੀ ਹੈ ਕਰ ਪੈਦਾ ਦਿੱਤੀ
ਇਹ ਹੈ ਡੂੰਘੇ ਪਿਆਰਾਂ ਦੀ ਕਰਤਾਰਤਾ,
ਗਗਨਾਂ ਦਾ ਲੋਅ ਲਪੇਟ ਮੁਕਿਆ,
ਤਾਰੇ ਸੁਹਣੇ ਸਿਹਰੇ ਹੋ ਲਟਕੇ ਉਸ ਪਿਆਰ ਵਿੱਚ,
ਜਗਤ ਸਾਰਾ ਪਰਛਾਵਾਂ ਹੋਇਆ ਅੰਦਰ ਦੇ ਕਿਸੀ ਚਾਅ ਦਾ,
ਤੇ ਮੈਂ ਬਸ ਇਕ ਖਿਣ ਲਈ ਸੰਜੋਗ ਹੋਇਆ ਸਦੀਆਂ ਦੀ ਮੁਰਾਦ ਦਾ,
ਤੱਕੋ ਨਾ ਰਾਤ ਹਨ੍ਹੇਰੀ ਪੱਤੇ ਹਨ ਹਵਾ ਨਾਲ ਹਿੱਲ ਵਿੱਚ,
ਤੇ ਕਾਲੀਆਂ ਖ਼ੁਸ਼ੀਆਂ ਦਿਲ ਮੇਰੇ ਵਿੱਚ ਕੁਲਕੁਲ ਕਰਦੀਆਂ ਜਾਂਦੀਆਂ ।

੪. ਪੰਜਾਬ ਦੇ ਬਾਰ ਵਿੱਚ ਘੁੱਗੀ

ਪਿਆਰਾਂ ਨਾਲ ਗਗਨ ਭਰੇ, ਥਲ ਭਰੇ, ਦਰਿਆ ਭਰੇ ਵਗਦੇ
ਤੇ ਪੰਜਾਬ ਦੀ ਬਾਰਾਂ ਉਪਰ ਸੋਨੇ ਦੇ ਸੋਹਣੇ ਲੱਖ ਫੰਙ ਫੜਕਾਉਂਦੀ ਉੱਡਦੀ
ਆਉਂਦੀ ਜਾਂਦੀ ਉਹ ਪ੍ਰਭਾਤ ਹੈ
ਤੇ ਪੈਰਾਂ ਦੀ ਫਰਫਰਾਹਟ ਥੀਂ ਸੋਨੇ ਦੀਆਂ ਕਲਗੀਆਂ ਪੈਂਦੀਆਂ ਤੇ ਮੋਏ ਸਭ
ਜਾਗਦੇ,
ਰੇਤ ਦੇ ਕਿਣਕਿਆਂ ਨੂੰ ਅੱਗ ਲੱਗਦੀ
ਮਿੱਟੀ ਵਿੱਚ ਰੰਗ ਰਸ ਡੁਲ੍ਹਦੇ
ਉੱਤਰ ਦੀਆਂ ਹਵਾਵਾਂ ਦੀਆਂ ਚੁੰਮੀਆਂ ਪੀ-ਪੀ
ਗੁੰਗੇ ਬਿਰਖਾਂ ਨੂੰ ਲੱਖ ਜ਼ਬਾਨਾਂ ਲੱਗਦੀਆਂ
ਗੀਤ ਗਾਉਂਦੇ ਉਹ ਬਾਹਾਂ ਮਾਰਦੇ,
ਸੂਰਜ ਦੇ ਕਦਮਾਂ ਹੇਠ ਘਾਹ ਆਪਾ ਵਿਛਾਂਦਾ
ਤਿੱਤਰ ਆਪਣਾ ਮੂੰਹ ਉਪਰ ਕਰ ਤੱਕਦਾ ਉਸ ਸੋਹਣੇ ਜਵਾਨ ਦੀ ਮਿੱਠੀ
ਆਵਾਜ਼ ਨੂੰ ਜਿਹੜਾ ਨੂਰਾਂ ਦੇ ਇਹ ਹੜ੍ਹ ਤੋਰਦਾ,
ਤੇ ਮਿੱਠੀ ਨਿੱਕੀ ਲਹਿਰ ਗਰਾਂ ਦੇ ਛੱਪੜ ਉਪਰ ਖੁਲ੍ਹੀ ਆਲਸ-ਰੰਗ ਵਿੱਚ
ਖੇਡਦੀ, ਤਰਦੀ,
ਹੇ ਨਿਮਾਣੀ ਘੁੱਗੀਏ ।
ਤੂੰ ਇੰਨੇ ਚਾਅ ਦੇ ਗਹਿਰਾਂ ਵਿੱਚ ਕਿਉਂ ਇੰਨੀ ਇਕੱਲੀ-ਇਕੱਲੀ ਫਿਰਦੀ,
ਕਿੱਕਰਾਂ ਦੀ ਕੰਡੀਲੀ ਇਕ ਟੀਸੀ 'ਤੇ ਬੈਠੀ
ਕਦੀ ਪਿਆਰ ਦੀ ਫੰਙ ਲਾਈ ਹਾਰ ਵਾਂਗੂੰ ਹੇਠਾਂ ਧਰਤ ਉਪਰ ਉੱਡ ਲਹਿੰਦੀ,
ਤੇ ਇਕ ਜੋਗੀ-ਨੈਣ ਤੇਰੇ, ਲਾਲ ਡੋਰ, ਆਤਮਾ ਦੀ ਝਲਕ ਸਾਫ਼ ਵੱਜਦੀ,
ਅੰਞਾਣਪਣ ਦਾ ਕਮਾਲ ਤੇਰੇ ਲੂੰਅ-ਲੂੰਅ ਵਿੱਚੋਂ ਝਰਦਾ ਦਿੱਸਦਾ,
ਕਿਰਦਾ ਥਾਂ-ਥਾਂ 'ਤੇ
ਲਾਲ ਸੁਹਣੇ ਨਿੱਕੇ ਕੋਮਲ ਪੰਜੇ ਤੇਰੇ,
ਘਾਹ 'ਤੇ ਬਾਜਰੇ ਗੁੰਮ ਗਏ ਦਾਣਿਆਂ ਨੂੰ ਮੋਏ ਪੱਤੇ ਤੇ ਕੱਖ ਖਲੇਰ-ਖਲੇਰ
ਕਿਸ ਉਦਾਸੀ ਨਾਲ ਟੋਲਦੀ
ਏਧਰ ਓਧਰ ਕੀਤਾ ਤੂੰ ਕਿਹੀ ਉਦਾਸ ਹੋ ਚੁਗਦੀ,
ਕਿਸੇ ਹੋਰ ਦੀ ਖ਼ਾਤਰ ਤੂੰ ਆਪਣਾ ਪੇਟ ਭਰਦੀ,
ਤੇਰੇ ਪਰ ਕਿਸੇ ਉਚਾਈ ਨੂੰ ਤਾਂਘਦੇ,
ਕੀ ਤੇਰੇ ਰੂਹ ਵਿੱਚ ਕੋਈ ਡੂੰਘੀ ਜੀਵਨ ਭਾਲ ਨਹੀਂ ਵੱਜਦੀ ?
ਤੇਰੀ ਦਰਦ-ਭਰੀ "ਕੂ ਹੂ" ਨੂੰ ਕੋਈ ਨਹੀਂ ਸਮਝਦਾ,
ਇੰਨੇ ਸੁਹਣੇ ਕੱਪੜੇ ਪਾ ਘੁੱਗੀਏ । ਕਿਉਂ ਤੂੰ ਉਦਾਸ ਹੈਂ,
ਤੇਰੀ ਚੁੱਪ-ਚਾਪ ਸਬਰ ਵਾਲੀ ਕਿਰਤ ਵਿੱਚ
ਤੇਰੀ ਇਸ ਦਰਦਮੀਨ ਦੀ ਹਾਰ ਜਿਹੀ ਵਿੱਚ,
ਇਕ ਭਾਰੇ ਕਿਸੇ ਸਾਧ ਦਾ ਤਿਆਗ ਹੋ ਵੱਸਦਾ,
ਤੇਰੇ ਇਸ ਆਵਾਜ਼ ਵਿੱਚ ਕਿਸੇ ਛੁਪੇ ਪਾਕ ਦਰਦ ਦੀ ਆਲੀਸ਼ਾਨ ਸੁਹਣੱਪ ਹੈ-

੫. ਸੂਰਜ ਅਸਤ

ਮੇਰੇ ਨੈਣਾਂ ਦੇ ਪੰਛੀ ਫੜ ਲਏ
ਅਚਨਚੇਤ ਹੀ ਫੜ ਲਏ ਉਸ ਸ਼ਿਕਾਰੀ ਨੇ
ਕਿਸੇ ਅਗੰਮੀ ਪਿਆਰ ਵਿੱਚ,
ਤੇ ਉਨ੍ਹਾਂ ਨੂੰ ਸਿਦਕ, ਪਿਆਰ ਨਾਲ ਭਰ ਦਿੱਤਾ
ਜਿਵੇਂ ਪਿਰਮ ਪਿਆਲੇ ਹੈ ਰੱਬ ਭਰਦਾ
ਇਕ ਨੰਗੀ ਨੀਲੀ ਲੰਮੀ ਬਾਂਹ ਦਿੱਸੀ ਪੱਛਮੀ ਅਕਾਸ਼ ਵਿੱਚ
ਤੇ ਵਰਿਆਮ ਕਿਸੇ ਪੁਰਖ ਦੀ ਤਕੜੀ ਕਲਾਈ ਵਿੱਚ
ਹਿਲ ਰਿਹਾ ਸੀ ਅੱਗ ਦਾ ਕੜਾ
ਸੰਸਾਰ ਸਾਰੇ 'ਤੇ ਸਾਨੀਏ ਵਿੱਚ ਉਹ ਹੱਥ ਫਿਰ ਗਿਆ
ਆਸਮਾਨ ਸਾਰੇ ਕੰਬ ਗਏ ਜਿੰਦੀ ਅੱਗ ਦੇ
ਦਰਿਆ ਜਦ ਟੁੱਟੇ ਉਸ ਉਪਰ ਇਕ ਆਨਫਾਨ
ਵਿੱਚ ਆਣ ਡਾਢੇ ਜ਼ੋਰ ਨਾਲ,
ਆਸਮਾਨਾਂ ਵਿੱਚ ਛੁਪਿਆ ਵਰਿਆਮ ਪੁਰਖ ਆਇਆ
-ਪਤਾ ਏ-ਆਇਆ-ਰੂਹ ਮੇਰੇ ਦੇ ਫੁੱਲ
ਨੂੰ ਬੰਦ ਕਰ ਖਿੜਾਇਆ ਸਭ ਸੰਕਲਪਾਂ ਨੂੰ ਮਾਰ ਕੇ,
ਪਿਆਰ ਜਿਹਾ ਦੇ ਕੇ, ਖ਼ੁਸ਼ ਕਰਕੇ ਗ਼ਰੀਬ ਨੂੰ ਅਮੀਰ ਕੀਤਾ
ਇਕ ਨਿੱਕੀ ਕਿਸੇ ਗੁੱਝੀ ਉਸ ਝਲਕ ਨਾਲ,
ਮਾਂ ਜਿਵੇਂ ਪਿੱਛੋਂ ਆਉਂਦੀ ਦੌੜਦੀ ਰੋਂਦੇ ਬੱਚੇ ਨੂੰ ਗੋਦ ਚੁੱਕਦੀ
ਰੋਂਦਾ ਬੱਚਾ ਚੁੱਪ ਹੋ ਸੁਖੀ ਹੁੰਦਾ
ਸਾਰਾ ਰੂਹ ਮੇਰਾ ਠੰਢਾ ਲੂੰਅ-ਲੂੰਅ ਸੀ ਨਿੰਦਰਾਲਾ ਹੋ ਸੁੱਖ ਉਸ ਵਿੱਚ ।

੬. ਜਾਂਗਲੀ ਛੋਹਰ

ਜਾਂਗਲੀਆਂ ਦੀ ਛੋਹਰ ਜਾਂਦੀ,
ਅੰਞਾਣੀ ਤੱਕਦੀ ਮੈਨੂੰ ਹੱਸਦੀ ਪਿੱਛੇ ਤੱਕ- ਤੱਕ ਕੇ,
ਹਵਾ ਵਗਦੀ ਵਾਂਗ ਆਜ਼ਾਦ ਜਾਂਦੀ ਉਹ
ਪੈਲੀਆਂ ਦੀ ਘਾਹ ਉਪਰ ਕਦਮ ਧਰਦੀ,
ਤੇ ਆਪਣੇ ਕਾਲੇ ਨੈਣਾਂ ਦੇ ਜਾਦੂ ਨਾਲ ਰੂਹ ਜਾਂਦੀ
ਹਿਲਾਂਦੀ ਸਾਰੇ ਇਕ ਜਗਤ ਦਾ
ਮੋਈ ਮਿੱਟੀ ਕੂਕਦੀ ਉਹਦੇ ਸੁਬਕ ਮਲੂਕ ਕਦਮਾਂ ਨੂੰ ਚੁੰਮ ਕੇ,
ਬਾਰ ਦੇ ਫੁੱਲਾਂ ਨੂੰ ਖ਼ਬਰ ਉਹਦੇ ਕਾਲੇ ਕੇਸਾਂ ਦੀ ਖ਼ੁਸ਼ਬੂ ਦੀ,
ਨੀਲੇ ਤੇ ਲਾਲ ਰੰਗੇ ਬਸਤਰ ਵਾਕਫ਼
ਦਿੱਸਦੇ ਉਹਦੀ ਰੂਹ ਦੇ ਸਹਜ ਸੁਹਣੱਪ-ਅਹੰਕਾਰ ਦੇ,
ਕਿੰਜ ਦੁਪਹਿਰ ਦੀਆਂ ਵਗਦੀਆਂ ਹਵਾਵਾਂ ਨਾਲ
ਆਲਮ-ਖ਼ੁਸ਼ੀ-ਰੰਗ ਵਿੱਚ ਜਾਂਦੇ,
ਉੱਡਦੇ ਉਹਦੇ ਕੱਪੜੇ, ਮਜਾਖ਼ਾਂ ਕਰਦੇ
ਟੱਪਦੇ, ਹੱਸਦੇ-ਹੰਕਾਰ ਭਰੇ ਕੱਪੜੇ ;
ਇਸ ਮਿੱਟੀ, ਰੇਤ, ਖਾਦ ਵਿੱਚ ਕਿਹਾ ਕਮਾਲ
ਹੈ ਇਸ ਕਾਫ਼ਰ ਇਕ ਬੁੱਤ ਦੀ
ਸੁਹੱਪਣ ਦੀ ਸ਼ਾਨ ਦਾ
ਜਿਵੇਂ ਸੁਫ਼ਨੇ ਵਿੱਚ ਖਿੜਿਆ ਦਿੱਸੇ
ਅਸੱਚ ਜਿਹਾ ਸੱਚ ਕੰਵਲ ਦਾ
ਫੁੱਲ-ਮੁੱਖੜਾ !

੭. ਮੇਰਾ ਦਿਲ

ਚੰਨ ਚੁੰਨੀ ਸਮੁੰਦਰ ਦੀ ਲਹਿਰ ਜਿੰਦ ਬੇਚੈਨ,
ਮੇਰਾ ਦਿਲ ਸਦਾ ਉਵੇਂ ਤੜਪਦਾ, ਹਿੱਲਦਾ ਅਵਾਜ਼ਾਰ ਜਿਹਾ
ਇਹ ਕਦੀ ਨਾ ਅਪੜਿਆ ਪਿਆਰ ਦੇ ਕਿਨਾਰੇ ਦੀ ਸਲਾਮਤੀ,
ਜਦ ਵਾਂਗ ਲਹਿਰ ਦੇ ਚੱਟਾਨ ਕਿਸੀ 'ਤੇ ਜਾ ਕੇ ਟੁੱਟਦਾ
ਟੋਟ ਵਿੱਚ ਪ੍ਰਕਾਸ਼ ਹੁੰਦਾ ਇਕ ਖਿਣਕ ਕਿਸੇ
ਗਿਆਨ ਦੀ ਸਤੋ ਗੁਣੀ ਸ਼ਾਂਤੀ,
ਪਰ ਇਹ ਮੂਰਖ ਸਦਾ ਹਿੱਲਦਾ, ਟੁੱਟ-ਭੱਜ ਜਾਣ ਵਾਲਾ
ਦਿਲ ਮੇਰਾ ਕਦੀ ਨਹੀਂ ਸਿੱਖਦਾ ਗਿਆਨ ਦੀ ਸੰਥਾ,
ਸੂਰਜ ਦੇ ਰੰਗੇ ਪ੍ਰਭਾਤ-ਬੱਦਲ ਦੇ ਫੰਙ ਦੇ ਰੰਗ ਫੜਕਦੇ
ਲਾਲਚ ਵਿੱਚ ਛੱਡ ਘੋਂਸਲਾ ਦਿਲ ਮੇਰਾ ਉੱਡਦਾ
ਬੱਦਲ ਖਿੱਚਦੇ ਪਤਾ ਨਹੀਂ ਮਾਰਦੇ ਅੰਮ੍ਰਿਤ ਪਿਲਾ ਕੇ
ਖਿੜੇ ਘਾਹ ਦੇ ਬੁੰਬਲਾਂ ਉੱਤੇ ਉੱਡਦੀ ਨਿੰਬੂ ਰੰਗੀ ਤਿੱਤਲੀ
ਕਈ ਹੋਰ ਗੱਲਾਂ ਚਿਤਾਉਂਦੀ,
ਸਵਾਣੀ ਸੋਹਣੀ ਕਿਸੀ ਦੀ ਹਸੀ ਇਕ ਆਪਣੀ
ਉਸ ਸਰਬ-ਗਿਆਨ ਦੇਣ ਵਾਲੀ ਮਟਕ ਵਿੱਚ ਮਾਰਦੀ,
ਇਹਦੇ ਸਾਰੇ ਵਰਤ ਨੇਮ ਪੱਕੇ ਸਭ ਗੋਸ਼ਟ ਕੀਤੇ ਕੱਚ ਦੀਆਂ,
ਵੰਙਾਂ ਵਾਂਗ ਸਜਨ ਮਾਰ ਸੋਟੀ ਭੰਨਦੇ,
ਮੇਰੇ ਪਾਸੋਂ ਇਹ ਦਿਲ ਰੁਕਣਾ, ਬੰਨ੍ਹਣਾ ਹੁਣ ਅਨੀਤ ਹੈ,
ਪਾਗ਼ਲਾਂ ਨੂੰ ਕਦ ਤੱਕ ਜ਼ੰਜ਼ੀਰਾਂ ?
ਹਾਏ ਕੋਈ ਛੁਪਿਆ ਗੁਲਾਬ ਦੇ ਫੁੱਲ
ਵਾਂਗ ਮੇਰੇ ਦਿਲ ਦੀ ਮਖ਼ੌਰੀ ਖਿੱਚਦਾ ।
ਦੱਸੋ ਮੈਨੂੰ ਕੀ ਲੋੜ ਹੈ
ਦਿਲ ਨੂੰ ਕਾਬੂ ਕਰਨ ਦੇ ਸਬਕ ਮੁੜ ਪੜ੍ਹਨੇ,
ਇਸ ਪਾਗਲ ਜਿਹੇ ਦਿਲ ਦੀ ਖਿਣਕ ਜੇਹੀ
ਧੜਕ ਲਈ ਹੋਰ ਕੋਈ ਸਦੀਵ ਦਾ ਕੰਮ ।
ਜੰਮਦਿਆਂ ਹੀ ਮਰ ਗਏ ਸੰਕਲਪਾਂ ਇਹਦਿਆਂ ਦੀ
ਕਾਹਦੀ ਪੂਰਣਤਾ ਦੀ ਲੋੜ ਵੀਰੋ ।
ਇਸ ਟੁੱਟ-ਫੁੱਟ ਪੈਣ ਵਾਲੇ ਦਰਦ ਦੀ ਕਾਹਦੀ
ਮੰਜ਼ਲ ਤੇ ਕਾਹਦਾ ਕੋਈ ਅਪੜਨਾ
ਇਸ ਸਦਾ ਮੋਏ ਜਿਹੇ ਦਾ ਕੀ ਜੀਵਨ ਲੋਚਣਾ ।

੮. ਪੰਜਾਬ ਬਾਰ ਦੇ ਬਿਲੋਚ ਦੀ ਧੀ

ਸਾਹਮਣੇ ਉਸ ਉੱਚੇ ਨੀਲੇ ਅਸਮਾਨ-ਛੱਪਣ ਵਿੱਚ ਸੀ
ਸੂਰਜ ਡੁੱਬ ਰਿਹਾ,
ਤੇ ਪੈਲੀਆਂ ਦੇ ਵਿੱਚ ਦੀ ਸਾਹਮਣੇ ਊਂਠ
'ਤੇ ਚੜ੍ਹੀ ਆ ਰਹੀ ਸੀ ਗੋਰੇ ਬਿਲੋਚ ਦੀ
ਨਵੀਂ ਜਵਾਨੀ ਚੜ੍ਹੀ ਦੇਵੀ ਉਹ ਕੰਨਿਆਂ ।
ਅਸਮਾਨਾਂ ਵਿੱਚੋਂ ਦੀ ਦੂਰ ਆਉਂਦੀ ਆਈ ਰਾਤ ਥੀਂ ।
ਵਿਛੜੇ ਇਕ ਭੁੱਲੇ ਪ੍ਰਛਾਵੇਂ ਵਾਂਗ
ਊਂਠ ਸੀ ਸੋਚ ਜਿਹੀ ਵਿੱਚ
ਤੁਰਿਆ ਪਿਆ ਆਉਂਦਾ
ਗਿਣਤੀਆਂ ਜਿਹੀਆਂ ਵਿੱਚ ਪਿਆ ਹੌਲੇ-ਹੌਲੇ
ਆਪਣੀ ਕੰਡੀ ਉਪਰ ਉਸ ਸੋਹਣੀ ਮਲਕਾ ਨੂੰ ਉਛਾਲਦਾ,
ਨਵੀਂ ਜਵਾਨੀ ਦੇ ਨਿੱਕੇ-ਨਿੱਕੇ ਪਟੇ ਹਵਾ ਵਿੱਚ ਸਨ ਹਿੱਲਦੇ,
ਤੇ ਇਨ੍ਹਾਂ ਜੰਗਲੀ ਰਾਹਾਂ ਉਪਰ ਸਨ ਜੀਵਨ ਦੇ
ਤੀਖਣ ਜਿਹੇ ਪਿਆਰਾਂ ਦੇ ਮੀਂਹ ਪਾਉਂਦੇ ।
ਬਿਲੋਚਣ ਜਵਾਨ ਦੇ ਲੱਕ ਸੀ ਇਕ ਨੀਲੇ ਰੰਗ ਦੀ
ਵਗਦੀ ਨੀਂਦ ਜਿਹੜੀ ਉਹਦੇ ਗਿੱਟਿਆਂ
ਪਿੰਨੀਆਂ ਤੇ ਪਿਆਰ ਵਿੱਚ ਆਈ ਜੋਸ਼-
-ਲਹਿਰ ਸੀ ਮਾਰਦੀ,
ਤੇ ਉਹਦੇ ਉਠਦੇ ਜੋਬਨਾਂ ਦੇ ਇਰਦ-ਗਿਰਦ
ਕੁੜਤੇ ਦਾ ਲਾਲ ਰੰਗ ਸੀ ਪਿਆ ਕੂਕਦਾ
ਉਹ ਦੇਵੀ ਪੈਲੀਆਂ ਵਿੱਚ ਦੀ ਸੀ
ਪਈ ਊਂਠ 'ਤੇ ਲੱਗੀ ਲੰਘਦੀ ਆਉਂਦੀ
ਉਹਦੇ ਕੇਸਾਂ 'ਤੇ ਸੀ ਅਸਤ ਹੁੰਦੇ ਸੂਰਜ ਦਾ
ਤਾਜ ਸੋਹਣਾ ਜੜਤੂ ਸੁਨਹਿਰੀ
ਬਸ ਇਕ ਆਵਾਜ਼ ਸੀ ਮੈਂ ਸੁਣਿਆਂ
ਗਗਨਾਂ ਵਿੱਚ ਦੀ ਪੁਕਾਰਦਾ
ਆਓ ਅੜਿਓ !
ਪਾਉ ਜਾਲ,
ਸਾਰੇ ਨੀਲੇ ਛੱਪੜਾਂ ਨੂੰ ਛਾਣ ਸੁਟੋ,
ਸੂਰਜ ਗਗਨਾਂ ਦਾ ਹੈ ਜੋ ਡੁੱਬ ਗਿਆ
ਗੁੰਮ ਗਿਆ ਜੇ ਅਸਮਾਨੀ ਨਰਗਸ
ਇਨ੍ਹਾਂ ਨੀਲੇ ਛੱਪੜਾਂ ਦੇ ਜਾਦੂ-ਮੁਲਖ ਵਿੱਚ
ਪਾਉ ਜਾਲ
ਬਚਾਉ ਪ੍ਰਕਾਸ਼, ਯਾਰੋ
ਦੁਨੀਆਂ ਹਨੇਰ ਹੋ ਜਾਵਸੀ
ਸਾਰਾ ਜ਼ੋਰ ਲਾਉ ਨਹੀਂ ਅਸਮਾਨ ਸਭ…
ਤੇ ਮੈਂ ਇਕ ਬੇਹੋਸ਼ ਜਿਹੀ ਲਟਕ ਵਿੱਚ
ਬਿਨ ਸੋਚੇ ਬਲ ਉਠਿਆ
ਪਤਾ ਦੇ ਬੈਠਾ ਬਿਨ ਪਤੇ ਆਪ ਨੂੰ, ਕੁਰਲਾਂਦੇ ਉਨ੍ਹਾਂ ਗਗਨਾਂ ਨੂੰ
ਡੁੱਬ ਗਏ ਪ੍ਰਕਾਸ਼ ਦਾ,
ਉਨ੍ਹਾਂ ਜੰਗਲੀ ਵਹਿਸ਼ੀ ਬਿਲੋਚਾਂ ਦੇ ਗਰਾਂ
ਜਿਨ੍ਹਾਂ ਦੇ ਦਰਵਾਜ਼ੇ ਤੱਕ ਸਾਹਮਣੇ ਕਿਹੇ ਉੱਚੇ,
ਸੂਰਜ ਜੇ ਜਾ ਵੜਿਆ ਉਹ ਤੱਕੋ ਗਗਨੀਓ ।
ਬੂਹੇ ਦੇ ਪਿੱਛੇ ਤੱਕੋ,
ਉਹ ਗਵਾਚਿਆ ਪ੍ਰਕਾਸ਼ ਜੇ !

੯. ਕਾਲੀ ਕੂੰਜ ਜਿਹੜੀ ਮਰ ਗਈ

ਕਾਲੇ ਫੰਙਾਂ ਵਾਲਾ ਉਹ ਉੱਚਾ ਉੱਡਣ ਵਾਲਾ ਪੰਛੀ,
ਆਪਣੇ ਗੀਤ ਦੀ ਗੂੰਜ ਦੀ ਖ਼ੁਸ਼ੀ ਵਿੱਚ ਜਿਹਦਾ ਰੂਹ ਸੀ ਆਪ ਮੁਹਾਰਾ
ਤੜਪਦਾ ਪਾਗ਼ਲ ਜਿਹਾ ਹੋਇਆ ਅੱਧੀ ਰਾਤ ਦੀ ਚੰਨ-ਦੁਪਹਿਰ ਵਿੱਚ ਢੂੰਡੇ
ਉਹ, ਪ੍ਰਭਾਤ ਨੂੰ ਆਪਣੇ ਕਾਲੇ ਫੰਙ ਫੜਕਾਉਂਦਾ,
ਧੁਰ ਗਗਨਾਂ ਉਪਰ ਉੱਡਦਾ ਜਾਂਦਾ
ਨਿੱਕੇ ਫੰਙਾਂ ਨਾਲ ਅਨੰਤ ਪ੍ਰਕਾਸ਼ ਨੂੰ ਜਿਵੇਂ ਉਹ ਨਿੱਕੇ ਦਿਲ ਵਿੱਚ ਫੜ ਸੀ,
ਇਹ ਪੰਛੀ ਕਿ ਦਿਲ ਦੀ ਨਿੱਕੀ ਲਾਲ ਕਲੀ ਵਿੱਚੋਂ
ਫੁਟਦਾ ਕਿਸੇ ਅਨੰਤ ਆਤਮਾ ਪਿਆਰ
ਦਾ ਚਿੰਨ੍ਹ ਹੈ ਇਕ ਉਡਾਰੂ ਦਿਲ
ਉਹ ਹਨ੍ਹੇਰੇ ਦੀ ਏਕਾਂਤ ਵਿੱਚ ਝੀਲ ਉਪਰ ਰੁਮਕਦੀ
ਨਿੱਕੀ ਲਹਿਰ ਦੇ ਚਾਂਦੀ ਸਿਰ ਨੂੰ ਚੁੰਮਦਾ
ਪਿਆਰ ਵਿੱਚ ਮਸਤ ਹੋਇਆ ਦਰਿਆ ਦੀ ਰੇਤ ਨੂੰ
ਖਿਲਾਰਦਾ, ਚੁੰਝਾਂ ਮਾਰਦਾ,
ਆਪਣੀ ਰੂਹੀ ਸੁੰਦਰਤਾ ਨੂੰ ਜਾਣਦਾ,
ਅਹੰਕਾਰ ਰਹਿਤ ਫੁੱਲ-ਅਹੰਕਾਰ ਵਿੱਚ ਝੂੰਮਦਾ,
ਕਹਿੰਦਾ ਇਕ ਸੁੱਖ ਵਿੱਚ, ਉੱਚਾ ਹੋਇਆ ਮਾਣ ਵਿੱਚ-
ਧਰਤਿ ਮੇਰੀ
ਅਕਾਸ਼ ਮੇਰਾ
ਮੈਂ ਉਸ ਇਲਾਹੀ ਪਿਆਰ ਦਾ-
ਉਡਾਰੀ ਮਾਰਦਾ
ਫੰਙ ਦੇ ਘੌਂਸਲੇ ਵਿੱਚ ਪ੍ਰਤੀਤ ਕਰਦਾ ਕਿ
ਮੇਰੀ ਨਿੱਕੀ ਜੇਹੀ ਜਿੰਦ ਵਿੱਚ, ਮੱਧਮ ਜਿਹੇ
ਦਮਾਂ ਵਿੱਚ ਅਕਾਲ ਸਭ ਵਸਦਾ,
ਇਕ ਤਲੇ ਖਲੇ ਆਦਮੀ ਨੇ ਅਚਨਚੇਤ ਬੰਦੂਕ ਮਾਰੀ,
ਮੋਇਆ !
ਫੰਙਾਂ ਦਾ ਘੌਂਸਲਾ ਬਸ ਤਲੇ ਢੱਠਾ, ਸ਼ਿਕਾਰੀ ਦੇ ਹੱਥ ਆਇਆ
ਪੰਛੀ ਦਾ ਭੌਰ ਸੀ ਉੱਡਿਆ
ਆਪਣੇ ਸੁਹੱਪਣ ਦੇ ਵਤਨਾਂ ਨੂੰ ਗਿਆ ਉਡਾਰੀ ਮਾਰਦਾ
ਤਾਰਿਆਂ ਥੀਂ ਵੀ ਉਪਰ ਗਿਆ,
ਉਸੀ ਤਰ੍ਹਾਂ ਉੱਡਦਾ !!!

੧੦. ਗਰਾਂ ਦਾ ਮਿਹਨਤੀ ਬਲਦ

ਇਹ ਬਲਦ ਮੁੜ-ਮੁੜ ਮੇਰੀ ਵੱਲ ਤੱਕਦਾ
ਤੇ ਸਿਰ ਨੀਵਾਂ ਕਰ ਚੁੱਪ ਪੰਜਾਲੀ ਚੁੱਕਦਾ
ਬੰਦੇ ਦੀ ਸੇਵਾ ਵਿੱਚ ਸਾਰਾ ਹੱਡ-ਜੋੜ ਲਾਉਂਦਾ,
ਗੋਡਿਆਂ ਭਾਰ ਬਹਿ ਕੇ ਭਰੀ ਗੱਡ ਮੋਢੇ ਆਪਣੇ 'ਤੇ ਉਲਾਰਦਾ,
ਸਾਰਾ ਦਿਨ ਮਿਹਨਤ ਕਰਦਾ
ਸ਼ਬਦ ਮੇਰਾ ਮਜੂਰੀ ਨਹੀਉਂ ਮੰਗਦਾ
ਕਿਉਂ ਇਹ ਬਲਦ ਮੁੜ-ਮੁੜ ਮੇਰੀ ਵੱਲ ਤੱਕਦਾ ?
ਬਲਦ ਬੀਮਾਰ ਨਹੀਂ ਅੱਜ ਜਾਪਦਾ
ਹਾਲ ਆਪਣਾ ਨਹੀਂ ਦੱਸਦਾ,
……ਕਿੱਥੇ ਪੀੜ ਕਿਹੀ ਜਿਹੀ ਹੋਂਵਦੀ,
……ਉਹਦੀ ਆਪ ਦਾਰੂ ਕਰਦੀ
ਕੁਛ ਨਹੀਂ ਉਹ ਕੂੰਦਾ
……ਅੱਖ ਨੀਵੀਂ ਕੀਤੀ ਮੁੜ-ਮੁੜ ਮੇਰੀ ਵੱਲ ਤੱਕਦਾ ।

੧੧. ਗਰਾਂ ਦਾ ਨਿੱਕਾ ਚੂਚਾ

ਹਾਏ ਨਾ ਮਾਰੋ
ਨਾ ਮਾਰਨਾ,
ਇਹ ਗਰਾਂ ਦਾ ਅਯਾਣਾ ਚੂਚਾ,
ਉਹ ਦੇਖੋ ਉਹ ਡਰਿਆ ਨੱਸੇ,
ਉਹ ਚੀਖੇ, ਹਾਏ, ਨਾ ਮਾਰੋ, ਨਾ ਮਾਰਨਾ !
ਬਿਪਤਾ ਇਸ ਉਪਰ ਹੈ ਪਈ,
ਚੂਚਾ ਤਾਂ ਨਹੀਂ
ਮੈਂ ਹਾਂ ਇਸ ਬਿਪਤਾ ਕਾਲ ਵਿੱਚ ਚੀਖਦਾ,
ਚੂਚਾ ਤੇ ਮੈਂ ਦੋਵੇਂ ਰਲ ਮਿਲ ਕੇ ਅਸੀਂ ਹਾਂ ਰਹਿੰਦੇ
ਜੀਵਨ ਮਾਰਗ ਵਿੱਚ ਇਕੋ ਜਿਹੇ
ਅਕਲ ਦੇ ਸਾਥੀ ਇਕ ਦੂਜੇ ਨੂੰ ਮਾਰਦੇ
ਨੈਣ ਉਹਦੇ ਮੇਰੇ ਨੈਣ,
ਸਭ ਹੱਥ ਪੈਰ ਮੇਰੇ ਉਸ ਦੇ,
ਕਿਹੜੀ ਗੱਲੋਂ ਅਸੀਂ ਵੱਖਰੇ,
ਹਫੇ ਨੂੰ ਵੇਖੋ ਮੇਰੇ ਵਾਂਗ ਉਹਦਾ ਕੰਬੇ ਦਿਲ,
ਹਾਏ ਓ ਰੱਬਾ,
ਫੜ ਲਿਆ ਚੂਚਾ ਡਾਢਿਆਂ,
ਤੇ ਫੜਿਆ ਛੁਰੀ ਹੇਠ ਉਡੀਕੇ ਨਿੱਕਾ ਚੂਚਾ ਰਾਮ ਨੂੰ
ਮਾਰਨ ਵਾਲੇ ਦੀ ਅੱਖ ਵੱਲ ਟੱਕ ਬੰਨ੍ਹ ਤੱਕਦਾ
ਮਤੇ ਅੱਖ ਨਾਲ ਅੱਖ ਮੇਲ ਉਹ ਵੀ ਪਛਾਣ ਲਵੇ,
ਆਪੇ ਉਪਰ ਛੁਰੀ ਚਲਦੀ !!
ਚੂਚਾ ਮੋਇਆ
ਨੱਸਦਾ ਜਿਹੜਾ ਸੀ ਨੱਸ ਨਾ ਸਕਿਆ
……ਜਿਹੜਾ ਸੀ,
……ਨਾ ਸਕਿਆ,
……ਮਾਰੋ,
……ਮਰਨਾ,
…… ਗਰਾਂ ਦਾ ਅਯਾਣਾ ਚੂਚਾ !!

੧੨. ਬਾਰਾਂ ਵਿੱਚ ਬਸੰਤ-ਬਹਾਰਾਂ

ਬਾਰਾਂ ਵਿੱਚ ਬਸੰਤ-ਬਹਾਰਾਂ,
ਕਰੀਰ ਲੇਹਲੀ-ਲਿਲੀ ਤੇ ਦੂਧਕ ਨੂੰ ਅਸਮਾਨੀ ਰੰਗ ਚੜ੍ਹੇ,
ਸਭ ਕੁਝ ਤੱਕਿਆ, ਪਰ ਕਿਸੇ ਤੱਕੇ,
ਇਨ੍ਹਾਂ ਲੰਮਿਆਂ ਵਿਛੋੜਿਆਂ ਵਿੱਚ ਸੰਜੋਗੀ ਛੱਟੇ ;
ਲੇਹਲੀ-ਲਿਲੀ ਦੇ ਖਿੜੇ ਸ਼ਗੂਫ਼ੇ
ਰੁਲਦਿਆਂ ਕੇਸਾਂ ਵਿੱਚ ਇਹਦੇ,
ਲੱਖਾਂ ਮੋਤੀ ਕਿਸ ਜਾਨੀ ਨੇ ਹਨ ਅੱਜ ਪਰੋਤੇ,
ਬਾਰ ਦੀਆਂ ਤਿਹਾਈਆਂ ਧੂੜਾਂ ਵਿੱਚ,
ਅਰਸ਼ੀ ਸੁਫ਼ਨਿਆਂ ਦੇ ਫੁੱਲ-ਦਰਿਆ ਵਗ ਖਲੋਤੇ
ਸੁੱਕੀਆਂ ਵਿਰਾਨੀਆਂ ਜੋਗਨਾਂ ਦੀਆਂ ਹੱਡੀਆਂ
ਤਪਾਂ ਨਾਲ ਸੜ ਗਏ ਸੁਕੇ ਮਾਸ ਖਿੜ ਆਏ,
ਵਾਲ-ਵਾਲ ਵਿੱਚ ਮੋਤੀ ਲਟਕੇ,
ਸਦਾ ਸੋਹਾਗਨਾਂ ਹੋ ਉਠੀਆਂ !!
ਅਜਬ ਰੰਗ ਜਵਾਨੀਆਂ ਪਲਦੇ,
ਬਾਰਾਂ ਵਿੱਚ ਬਸੰਤ-ਬਹਾਰਾਂ,
ਕਰੀਰ ਲੇਹਲੀ-ਲਿਲੀ ਤੇ ਦੂਧਕ ਨੂੰ ਅਸਮਾਨੀ ਰੰਗ ਚੜ੍ਹੇ,
ਲੇਹਲੀ-ਲਿਲੀ ਦੇ ਅੱਜ ਕੇਸ ਲੱਖਾਂ ਖਿੜੇ ਫੁੱਲਾਂ ਨੇ ਧੋਤੇ ਹਨ ਸੰਵਾਰੇ ਗੁੰਦੇ,
ਧੂੜੀ ਵਿੱਚ ਰਲੰਦੀਆਂ ਧੀਆਂ ਨੇ ਅੱਜ ਹਨ ਪੀਂਘਾਂ ਪਾਈਆਂ,
ਗਿਣ-ਗਿਣ ਝੂਟੇ ਦੇਣ, ਪੀਂਘਾਂ ਚੜ੍ਹਨ ਸਵਾਈਆਂ
ਉਨ੍ਹਾਂ ਦੀਆਂ ਕੰਢੇ ਵਰਗੀਆਂ ਬਾਹਾਂ
ਅਜਬ ਲਟਕ ਵਿੱਚ ਉੱਠਣ
ਚੰਨ ਨੂੰ ਫੜ ਉਹ ਜਫ਼ੀ ਮਾਰਨ,
ਤੇ ਰਾਤ ਸਾਰੀ ਸੁੱਖ ਸੁੱਤੀਆਂ ।
ਸਭ ਕਰਾਮਾਤਾਂ ਅਨੇਕ ਵੇਖੀਆਂ
ਪਰ ਨਹੀਂ ਵੇਖੀ ਇਹ,
ਸੁੱਕੀਆਂ ਰੇਤਾਂ ਵਿੱਚ ਫੁੱਲ-ਨਹਿਰਾਂ
ਮਿੱਟੀ ਵਿੱਚ ਸਵਰਗ ਬਲਦਾ
ਜਦ ਸਾਵੀ ਕਰੀਰ ਦਾ ਰੱਤਾ ਕੇਸਰ-ਫੁੱਲ ਚੜ੍ਹ ਅਸਮਾਨੀ ਫੁੱਟਦਾ ।

੧੩. ਕਦ ਤੂੰ ਆਵਸੇਂ ਓ ਸੋਹਣਿਆ

ਗਗਨਾਂ ਦੇ ਪੁਰਾਣੇ ਰਾਹ ਮੱਲੇ,
ਦੋਹੀਂ ਪਾਸੀਂ ਖੜੇ,
ਤਾਰੇ ਸਾਰੇ ਤੇਰੀ ਅਜ਼ਲ ਥਾਂ ਉਡੀਕ ਕਰਦੇ,
ਉਨ੍ਹਾਂ ਦੇ ਨੈਣਾਂ ਦੇ ਹੰਝੂ ਪੁੱਛਦੇ,
ਕਦ ਤੂੰ ਆਵਸੇਂ ਓ ਸੋਹਣਿਆ !
ਪਾਗ਼ਲ ਹੋਈ ਰਾਤ ਢੂੰਡਦੀ
ਧਰਤਿ ਸਾਰੀ ਛਾਣਦੀ
ਅਵਾਰਾ ਜਿਹੀ ਫਿਰਦੀ ਬੇਹੋਸ਼ ਹੋ ।
……ਲਾਂਦੀ ਜਾਂਦੀ
……ਆਪਣੀ ਅੱਖਾਂ ਮੀਟ ਖਿਲਾਰਦੀ ਆਪਣੀ
……ਰੂਹ ਨੂੰ
……ਤੇ ਕਦੀ ਛੋਹ ਲਵੇ,
ਜੀਵਨ-ਫੁੱਲ ਆਪਣਾ ਪੱਤਰ-ਕਲੀ-ਕਲੀ ਦੇ ਅੰਦਰ ਕਿੰਨਾ ਬੇਚੈਨ ਜੇ,
ਤੇਰੀ ਦਰਸ਼ਨਾਂ ਦੀ ਤਾਂਢ ਵਿੱਚ ਕਿੰਨੀ ਵਾਰੀ ਖਿੜਿਆ, ਹਿਸਿਆ
ਤੇ ਮੁੜ ਸਦਾ ਬਸੰਤ ਬਣਾਉਂਦਾ ਅਪਣੀ ਸਦਾ ਉਜਾੜ ਜਿਹੀ ਤਾਂਘਦੀ,
ਸਾਰੀ ਕੁਦਰਤ ਟੋਲਦੀ
ਉਸ ਕਮਾਲ ਨੂੰ,
ਜਿਹੜਾ ਵੱਸਦਾ ਤੇਰੇ ਪਸਾਰ ਵਿੱਚ,
ਓ ਡੂੰਘਾਈਆਂ ਨੂੰ ਹਲਾਣ ਵਾਲੀ
ਅਣਡਿੱਠੇ ਵਿੱਚ ਵਗਦੀਏ ਪਿਆਰ ਦੀ ਹਵਾਏ
ਪੈਲੀਆਂ ਕੂਕਦੀਆਂ ਤੈਨੂੰ ਕਦ ਆਵਸੇਂ……
ਮੁੜ-ਮੁੜ ਪਹੁ ਫੁਟਦੀ,
ਲੱਖ ਫੁੱਲ-ਪਿਆਲੇ ਹੱਥ ਲੈ ਮੰਗਦੀ,
ਵਾਂਗ ਫ਼ਕੀਰ ਹੋਈ ਇਕ ਰਾਣੀ ਦੇ,
ਖ਼ੈਰ ਮਿਹਰ ਦਾ ਕਦ ਪਾਵਸੇਂ ?
ਸਭ ਕੋਈ ਲੋਚਦਾ
ਤੇਰੇ ਓਸ ਉੱਡਦੇ ਜਾਂਦੇ ਸਦਾ ਲੁਕਦੇ ਜਾਂਦੇ
ਅਡੋਲ ਦਿਵਯ ਕਮਾਲ ਨੂੰ,
ਤੇ ਸਭ ਨੂੰ ਮਿਲਦਾ
ਬਸੰਤ ਵਿੱਚ, ਫੁੱਲ ਵਿੱਚ, ਫਲ ਵਿੱਚ ਤੂੰ ਕਦੀ-ਕਦੀ ਆਣ ਕੇ
ਕੰਡੇ ਵੀ ਖਿੜ ਪੈਂਦੇ,
……ਕੇਸਰ ਨਿਕਲਦਾ,
ਪਰ ਅੰਮ੍ਰਿਤ ਦੀ ਤਿਹਾਈ ਲੋਕਾਈ ਪੁੱਛਦੀ
ਤੇ ਉਡੀਕਦੀ ਨਿੱਤ ਨਵੀਆਂ ਉਡੀਕਾਂ
ਕਦ ਤੂੰ ਆਵਸੇਂ ਓ ਸੋਹਣਿਆ
ਤੈਨੂੰ ਵੇਖਣ ਅੰਦਰ ਸਭ ਬਾਹਰ ਹੋ ਗਿਆ ਹੈ
ਹੱਥ-ਹੱਥ ਵਿੱਚ ਪਾ ਕੇ ਕਦ ਅੰਦਰ ਖੜਸੇਂ !

੧੪. ਫ਼ਿਲਾਸਫ਼ਰ

ਰੋਂਦਾ ਬੱਚਾ ਇਕ
ਹਾਏ ਚੁੱਪ ਨਹੀਂ ਕਰਦਾ
ਖਿਡਾ-ਖਿਡਾ ਹਾਰੀ ਮੈਂ
ਇਨੂੰ ਚੰਗਾ ਕੁਝ ਨਾ ਲੱਗਦਾ
ਖਿਡਾਉਣੇ ਸੁੱਟਦਾ ਜ਼ਮੀਨ 'ਤੇ
ਖਾਣ ਪੀਣ ਵੱਲੋਂ ਚੀਕੇ, ਲੱਤਾਂ ਮਾਰਦਾ,
ਪਰਚਾ-ਪਰਚਾ ਹਾਰੀ ਮੈਂ
ਮੇਰੇ ਮੂੰਹ ਕੱਢ ਮੁੱਕ-ਵਟਾ ਮਾਰਦਾ ।
ਓ ਤੱਕੇਂ ਨਾ, ਰਾਵਲਾ !
ਫੁੱਲ ਹੱਸਦਾ
ਓਹ ਤੱਕ……
ਓ……
……ਖੇਡਦੀ
ਅਡੋਲ ਪੰਛੀ ਆਇਆ ਅਕਾਸ਼ ਥੀਂ
ਸਰੇ ਦੀ ਕੀਲੀ ਲਹਿਰ ਨੂੰ ਛੇੜਦਾ
ਲਹਿਰ ਨੱਚਦੀ ਪੰਛੀ ਗਾਉਂਦਾ
ਤੱਕ-ਤੱਕ ਚੁੱਪ ਹੋਇਆ,
……ਯਾਦ ਆਇਆ ਰੋਇਆ ਨਹੀਂ
……ੜ ਰੋਣ ਲੱਗ ਪਿਆ,
ਰੋਂਦਾ ਬੱਚਾ ਇਕ
ਹਾਏ ਚੁੱਪ ਨਹੀਂ ਕਰਦਾ
ਧਮਕੀਆਂ……
……ਛੇੜਦਾ,
ਤੱਕੇਂ ਨਾ ਪੁੱਤਰਾ !
ਉਹ ਮੀਂਹ ਆਇਆ !
ਛਮ-ਛਮ ਵਗਦਾ
ਹੈਰਾਨ ਜਿਹਾ ਹੋਇਆ,
ਠੰਢਾ ਸਾਹ ਲਿਆ
ਹੁਣ ਠੀਕ ਪਰਚਿਆ
ਮੇਵਾ ਅੰਬ ਦਾ ਮੈਂ ਦਿੱਤਾ
ਫੜ ਹੱਥ ਵਿੱਚ ਹੱਸਿਆ
ਚੂਪਦਾ ਕੱਪੜੇ ਲਬੇੜਦਾ ਰਸ ਜਿਹੇ ਵਿੱਚ
ਕੀ ਪਏਂ, ਮੀਹਾਂ……
ਰੋਂਦਾ ਬੱਚਾ ਇਕ
ਹਾਏ ! ਚੁੱਪ ਨਹੀਂ ਕਰਦਾ
ਭੁਲਾ-ਭੁਲਾ ਹਾਰੀ ਮੈਂ
ਇਹ ਨਹੀਂ ਭੁੱਲਦਾ,
ਮੰਗਦਾ ਕੀ
ਇਹ ਵੀ ਨਹੀਂ ਦੱਸਦਾ ।
ਸੋਟੀ ਦਿੱਤੀ ਆਖਿਆ-"ਕੁੱਟ ਜਿਸ ਤੈਨੂੰ ਮਾਰਿਆ"
ਮੈਨੂੰ ਹੀ ਕੁੱਟਦਾ
"ਊਈ ਊਈ" ਚੀਖੀ ਮੈਂ
ਹਾਏ ਕਿਉਂ ਮੈਨੂੰ ਤੂੰ ਮਾਰਦਾ
ਹੱਸ ਪਿਆ……

੧੫. ਸੋਹਣੀਆਂ ਚੀਜ਼ਾਂ ਸਾਰੀਆਂ, ਪਰ ਸੋਹਣਾ ਕੋਈ ਨਾਂਹ

ਸੋਹਣੀਆਂ ਚੀਜ਼ਾਂ ਸਾਰੀਆਂ
ਪਰ ਸੋਹਣਾ ਕੋਈ ਨਾਂਹ,
ਨੈਣਾਂ ਵਿੱਚ ਰੰਗ ਕਿਸੇ ਛੁਪ ਗਏ ਯਾਰ ਦਾ
ਸਾਰੀਆਂ ਚੀਜ਼ਾਂ ਸੋਹਣੀਆਂ ਉਹਦਾ ਸਿਮਰਨ ਕਰਾਉਂਦੀਆਂ
ਸੋਹਣੀ ਚੀਜ਼ ਸੋਹਣੀ ਤਦ,
ਜੇ ਮੇਰਾ ਮਨ ਰਸੀਣ ਉਸ ਯਾਦ ਵਿੱਚ
ਆਪਣੇ ਵੱਲ ਖਿੱਚੇ ਸੋਹਣੀ ਚੀਜ਼ ਜਿਹੜੀ ਉਹ ਸੋਹਣੀ ਨਾਂਹ
ਰਾਗ ਦੀ ਕੰਬਦੀ ਤਾਨ ਵਾਂਗ ਮੈਨੂੰ ਜੋੜੇ ਮੇਰੇ ਯਾਰ ਨਾਲ
ਨੈਣਾਂ ਦੇ ਕਾਲੇ ਡੂੰਘੇ ਸਰਾਂ ਵਿੱਚ ਨੀਲੇ ਗਗਨ ਸਾਰੇ ਡੁੱਬੀ ਜਾਂਦੇ
ਤੇ ਨਿੱਕੇ ਜਿਹੇ ਦਿਲ ਵਿੱਚ ਰਸ ਅਨੰਤ ਮਿਟੇ,
ਜਗਤ ਸਾਰਾ ਸੋਹਣਾ,
ਮੇਰੇ ਵਿਛੜੇ ਪਿਆਰ ਵਿੱਚ,
ਪਿਆਰ ਆਖ਼ਰ ਨਰ ਨਾਰੀ ਨੂੰ ਮਾਰਦਾ,
ਪਹਿਲੇ ਦਿਨ ਦਾ ਉਹ ਪਲ-ਛਿਣੀ ਅਟੱਲ ਸੁਹਾਗ ਕਿੱਥੇ,
ਇਕ ਦਰਦ ਜਿਹਾ,
ਮਾਯੂਸੀ ਆਏ ਗਿਆਨ ਦੀ, ਦੋ ਦਿਲ ਕਦੀ ਨਾ ਮਿਲਦੇ,
ਬਹੁਤੇਰਾ ਜ਼ੋਰ ਲਾਉਂਦੇ, ਸਦਾ ਵਿਛੋੜੇ ।
ਗਿਆਨਾਂ ਨੇ ਮਾਰਿਆ
ਨਾ ਜਾਣਨ ਵਿੱਚ ਡਾਢਾ ਸੁਆਦ ਲੁਕਿਆ ।
ਨੈਣਾਂ ਸੁੰਦਰੀ ਦੀਆਂ ਬੁਲਾਉਂਦੀਆਂ
ਆਵੇ ਆਖ਼ਰ ਕੋਈ ਕਿੱਥੇ ?
……ਵਿੱਚ ਕੋਈ ਨਾਂਹ
……ਉੱਚਾਈ, ਨੈਣਾਂ ਦਾ ਗਗਨਾਂ ਨੂੰ ਚੁੰਮਣਾ,
……ਅੱਧਾ ਫੜਕਦਾ ਆਖਦਾ "ਆ ਮਿਲ ਪਿਆਰਿਆ"
ਨੂਰ ਦਾ ਜਪ ਵਿੱਚ ਮੇਲੇ
ਮੇਲੇ ਵਿੱਚ ਕੁਝ ਨਾਂਹ ।

੧੬. ਆਪੇ ਨਾਲ ਗੱਲਾਂ ਕਰਦੀ ਜਵਾਨ ਨੱਢੀ ਪੰਜਾਬ ਦੀ

ਨਿੱਕਾ ਜਿਹਾ ਫੁੱਲ ਗੁਲਾਬ ਦਾ
ਇਹ ਕੀ ਵੇਖ ਖਿੜਿਆ ?
ਇਹਦੇ ਨੈਣ ਨਸ਼ੀਲੇ ਕਿਸ ਪਿਆਰ ਵਿੱਚ ?
ਇਹਨੂੰ ਪਤਾ ਹੈ
ਹਾਏ ਮੈਂ ਕਿੰਨੀ ਅਯਾਣ ਹਾਂ ;
ਚੰਨ ਚੜ੍ਹਿਆ
ਇਹ ਕੀ ਸਵਾਦ ਹੈ
ਆਪਣਾ ਹੀ ਮੂੰਹ ਤੱਕਣਾ ਉਠ ਅੱਧੀ ਰਾਤ ਨੂੰ
ਨੈਣਾਂ ਤਾਰੇ ਹੁੰਦੀਆਂ
ਜਦ ਚੰਨ ਉਹਲੇ ਹੁੰਦਾ ਅਕਾਸ਼ ਥੀਂ
ਕਿਸ ਨੂੰ ਤਾਰੇ ਵੇਖਦੇ ?
ਤਾਰਿਆਂ ਨੂੰ ਪਤਾ ਹੈ ;
ਹਾਏ ਮੈਂ ਕਿੰਨੀ ਅਯਾਣ ਹਾਂ-
ਕਿਸ ਲਈ ਪਾਣੀਆਂ ਵਿੱਚੋਂ
ਬਾਹਰ ਆਉਂਦੀਆਂ ਇਹ ਕੰਵਲ ਕਲੀਆਂ
ਕੀ ਉਹ ਕਿਰਨਾਂ ਚਿੱਟੀਆਂ ਵਿੱਚ ਛੁਪਿਆ ਕੋਈ ਰਾਗ
ਇਨ੍ਹਾਂ ਨੂੰ ਪਤਾ ਹੈ,
ਹਾਏ ਮੈਂ ਕਿੰਨੀ ਅਯਾਣ ਹਾਂ,
ਅੰਬ ਦੇ ਬੂਟੇ ਨੂੰ ਕੀ ਖ਼ੁਸ਼ੀਆਂ ਆਈਆਂ
ਮੰਜਰੀ ਉਪਰ ਸ਼ਹਿਦ ਦੀਆਂ ਮੱਖੀਆਂ ਦਾ ਝੁਰਮਟ
ਬੂਟੇ ਨੂੰ ਫਲ ਲੱਗੇ,
ਖ਼ੁਸ਼ੀ ਨਾਲ ਟਹਿਣੀਆਂ ਮੱਥਾ ਟੇਕਦੀਆਂ
ਅੰਬ ਦੇ ਬੂਟੇ ਨੂੰ ਪਤਾ ਹੈ
ਹਾਏ ਮੈਂ ਕਿੰਨੀ ਅਯਾਣ ਹਾਂ-
ਪਿਆਰ ਦੀ ਇਕਸੁਰਤਾ ਦੀ ਅਨੰਤ ਬੇਸਬਰੀ ਤੜਫਦੀ,
ਬਾਹਾਂ ਮੈਂ ਉਲਾਰੀਆਂ ਇਧਰ
ਹਾਏ ਜੱਫ਼ੀ ਉਹ ਆਣ ਪਾਏ ਸੁਹੱਪਣ ਸਾਰੀ ਜਗਤ ਦੀ
ਓਧਰ ਕੰਬਦੀਆਂ ਜਵਾਨੀ ਚੜ੍ਹੀ ਫੁੱਲ ਬਾਹਾਂ ਬਸੰਤ ਦੀਆਂ,
ਪਰ ਬਾਹਾਂ ਨਿਰੀਆਂ ਕੰਬਦੀਆਂ,
ਸਮੁੰਦਰਾਂ ਦੇ ਓਸ ਕਿਨਾਰੇ,
ਇਸ ਕਿਨਾਰੇ ਹੁੰਦੇ ਬਸ ਇਸ਼ਾਰੇ ਇਕ ਅਮਿਟਵੀਂ ਚਾਹ ਦੇ
ਗਗਨਾਂ ਦੇ ਗਗਨ ਵਿਚਕਾਰ ਖੜੇ
ਨੈਣ ਮੇਰੇ ਤਿਰਕੁਟੀ ਵਿੱਚ ਜੁੜੇ, ਗਗਨ ਸਾਰੇ ਟਪ ਗਏ,
ਅੰਗ-ਸੰਗ ਰੂਹ ਹੋਇਆ,
ਰੋਮ-ਰੋਮ ਖ਼ੁਸ਼ੀਆਂ
ਇਹ ਆਵੇਸ਼ ਆਇਆ ਮੱਥਾ ਫਰਕਿਆ
ਸਾਰਾ ਤਾਣ ਕਿਸੇ ਖਿੱਚਿਆ
ਨਿਤਾਣ ਕੀਤਾ ਅਨੰਤ ਖ਼ੁਸ਼ੀ ਦੀ ਮੌਤ ਵਿੱਚ
ਜਾਨ ਬੇਜਾਨ ਹੋਈ,
ਇਸ ਮੌਤ ਵਿੱਚ ਹਾਂ ਕੋਈ ਮਿਲਿਆ
ਨੱਢੀ ਉੱਤੇ ਹੱਥ ਆਇਆ ਅਕਾਲ ਦਾ ।

੧੭. ਤਿਆਗ

ਸ਼ਾਹ-ਪਿਆਰ ਆਲਸ ਵਿੱਚ ਆ ਕੇ
ਪੂਰਨ ਤਿਆਗ ਵਿੱਚ ਸੁੱਟਦਾ ਸਿਰ ਆਪਣੀ ਮਾਂ ਦੀ ਗੋਦ ਵਿੱਚ
ਤੇ ਮੈਂ ਜਾਂਦਾ ਤੱਕਿਆ,
ਅੱਧ-ਮੀਟੀ ਅੱਖ ਵਿੱਚ ਉਹਦੀ ਯੋਗ ਨਿਦਰਾ,
ਵੱਛਾ ਦੌੜਿਆ ਚੱਕ ਥੂਣੀ ਆਪਣੀ ਉੱਚੀ ਕਰਦਾ, ਕੰਬਦਾ
ਗਾਂ ਮਾਂ ਚੁੰਮਦੀ,
ਜੁੜਦੇ ਦੋਵੇਂ ਇਕ ਅਰਦਾਸ ਵਿੱਚ,
ਕੌਣ ਆਖੇ ਸਾਹਾ ਹੈਵਾਨ,
ਕੌਣ ਆਖੇ ਵੱਛਾ ਹੈਵਾਨ,
ਪਲ ਛਿਣ ਲਈ ਮੁਕੰਮਲ ਇਨਸਾਨ ਉਹ ।
ਨਿੱਕਾ ਬੱਚਾ ਸੌਂਦਾ ਦੁੱਧ ਪੀ ਕੇ
ਸਾਰੀ ਜਾਨ ਤਾਨ ਸੁੱਟਦਾ
ਸੁੱਤਾ ਝੰਜੋੜਦਾ ਮਾਂ ਨੂੰ ਇਸ ਅਣ ਗਾਏ ਮਹਾਂ ਕਾਵਯ ਦੀ ਅਣਅਲਾਪੀ
ਸੁਰ ਨਾਲੋਂ
ਨੈਣ ਮੀਟਦੇ ਸੁੱਖ ਲੈਂਦਾ ਆਰਾਮੀ
ਪਿੱਛੇ ਕੋਈ ਹੈ ਉਹਦਾ ਰੂਹ ਜਾਣਦਾ
ਟਟੋਲਦਾ ਨਹੀਂ ਪਛਾਣਦਾ "ਹੂ" ਝੂਮ ਭਰੇ ਸਿਰ ਨੂੰ ਉਥੇ ਰੱਖ ਕੇ
ਗਿਆਨੀ ਕੀ ਟਟੋਲਦੇ ਮਖ਼ੌਲ ਇਕ ਮਨ ਦਾ ਜਾਣਦੇ ਸਵਾਹ !
ਨਿੱਕਾ ਦੁੱਧ ਪੀਂਦਾ ਬੱਚਾ ਜਾਣਦਾ ਰੱਬ ਨੂੰ
ਇਕ ਹੈਵਾਨ ਬੱਚਾ ਇਨਸਾਨ ਦਾ,
ਜਵਾਨ ਉਸ ਕੁੜੀ ਦੇ ਦੇਖੋ ਨੈਣ ਬੰਦ ਹੁੰਦੇ,
ਸਾਹ ਸਤ ਸਾਰਾ ਗਿਆ ਇਕ ਬੇਹੋਸ਼ ਜਿਹੇ ਚਾਅ ਵਿੱਚ
ਪਤਾ ਨਹੀਂ ਕਿਸ ਮਿਲਣਾ, ਉਹ ਕੌਣ ਹੈ,
ਨਵਾਂ ਸਿਰ ਗੁੰਦਿਆਂ, ਸੰਧੂਰ ਭਰੀ ਮਾਂਗ ਸਜਰੀ
ਸਾਰਾ ਤਾਨ ਛੱਡਿਆ,
ਤੇ ਸਿਰ ਰੱਖਿਆ, ਦਿੱਤਾ ਰੱਬ ਦੇ ਬੰਦੇ ਦੇ ਪਿਆਰ ਨੂੰ
ਤੇ ਉਹ ਮਹਿੰਦੀ ਰੰਗੀ ਕੁੜੀ ਸਜ ਵਿਆਹੀ,
ਮੌਤ ਥੀਂ ਪਰੇ ਦਾ ਕੋਈ ਰਸ ਮਾਣਦੀ,
ਛੱਡ ਦਿੰਦੀ ਜਾਨ ਨੂੰ ਅਨੰਤ ਵਿੱਚ
ਸਜ ਵਿਆਹੀ ਕੁਛ ਨਾ ਜਾਣਦੀ
ਆਪੇ ਨੂੰ ਸੰਭਾਲਦੀ ਰੱਬ ਦੇ ਈਮਾਨ ਵਿੱਚ
ਦੇਖ-ਦੇਖ ਤਿਆਗਾਂ ਦੇ ਸਵਾਦ ਨੂੰ
ਮੈਂ ਆਖਿਆ :
ਹਾਏ ! ਮੇਰਾ ਬਚਪਨ ਕਿਥੇ ਗਵਾਚ ਗਿਆ, ਹਾਏ ਲੱਭ ਦਵੋ
ਮੇਰਾ ਅੰਞਾਣਾ ਕੰਵਾਰਾਪਨ ਚੰਗਾ ਯਾਰੋ, ਇਹ ਗਿਆਨ ਸਾੜਾ,
ਇਸ ਗਿਆਨ ਵਿੱਚ ਦੁੱਖੜੇ,
ਇਲਮ ਲੈ ਜਾਓ,
ਖ਼ਾਲੀ ਕਰੋ, ਥਾਂ ; ਰੂਹ ਮੇਰਾ ਉੱਡਦਾ
ਛੰਡ ਕੇ ਸਿਰ ਮੈਂ ਰਖਿਆ ਹਵਾ ਵਿੱਚ
ਕੰਵਲ ਫੁੱਲ ਖਿੜਿਆ ਅਸਮਾਨ ਵਿੱਚ
ਨੈਣਾਂ ਦੇ ਗਗਨਾਂ ਨੂੰ ਛੋਹਿਆ,
ਖੁਲ੍ਹੇ ਹੋਂਠ ਮੇਰੇ ਪੀਂਦੇ ਪਿਆਰ ਨੂੰ,
ਅੰਗ-ਅੰਗ ਸੌਂ ਗਿਆ
ਪਿਆਰ ਗੀਤ ਹੋਇਆ
ਦਮ-ਦਮ ਕੰਬ ਗਿਆ ਵਾਤਸਲ ਪਿਆਰ ਵਿੱਚ,
ਮੱਥਾ ਮੇਰਾ ਚੁੰਮਿਆ, ਹਾਏ ਕਿਸ ਚੁੱਕਿਆ ਕਮਾਲ ਨੂੰ ।

੧੮. ਕੋਈ ਛੁਪੀ ਬਾਂਹ ਜਿਹੜੀ ਸਭ ਪਿਛੋਕੜੋਂ ਉਲਾਰਦੀ

ਗੁੰਮ ਹਵਾਵਾਂ ਉਠਦੀਆਂ,
ਥਰਥਲ ਮਚਾਉਂਦੀਆਂ
ਬਿਰਖਾਂ ਨੂੰ ਤੋੜਦੀਆਂ,
ਬਨ ਸਾਰੇ ਕੰਬ ਜਾਂਦੇ
ਪੰਛੀ ਸਹਿਮਦੇ,
ਮਾਨੁੱਖ ਡਰ ਚੜ੍ਹ ਉੱਚੇ ਹਿਮਾਲਾ ਦੀਆਂ ਚੋਟੀਆਂ,
ਤੂਫ਼ਾਨ ਆਉਂਦੇ ਬਰਫ਼ਾਂ ਦੇ,
ਚੱਟਾਨਾਂ ਕੜਕਦੀਆਂ,
ਫੰਙ ਇਨ੍ਹਾਂ ਦੇ ਮੋਢਿਆਂ ਕੋਈ ਨਾਂਹ, ਨਾ ਹੱਥ ਨਾ ਪੈਰ
ਉਡਦੀਆਂ ਜਾਂਦੀਆਂ
ਇਹ ਹਵਾਵਾਂ ਨਹੀਂਉਂ ਚਲਦੀਆਂ
ਤੂਫ਼ਾਨ ਸਾਰੇ
ਕੋਈ ਛੁਪੀ ਬਾਂਹ ਜਿਹੜੀ ਸਭ ਪਿਛੋਕੜੋਂ ਉਲਾਰਦੀ-
ਦਰਿਆ ਵਗਦੇ
ਕਪਰ ਪੈਂਦੇ
ਉਹ ਕਾਤਲ ਘੁੰਮਰ-ਘੇਰ,
ਮਲਾਹ ਖ਼ੈਰ ਮੰਗਦੇ
ਕੋਈ-ਕੋਈ ਸੁਣਦਾ
ਕਦੀ ਕੋਈ ਸੁਣਾਈ ਨਾਂਹ
ਪਰ ਪਾਣੀਆਂ ਦੀਆਂ ਨਾ ਪੈਰ ਨਾ ਜੰਘਾਂ ਦਿੱਸਦੀਆਂ
ਤੂਫ਼ਾਨ ਸਾਰੇ,
ਕੋਈ ਛੁਪੀ ਬਾਂਹ ਜਿਹੜੀ ਸਭ ਪਿਛੋਕੜੋਂ ਉਲਾਰਦੀ ।

੧੯. ਅਚਨਚੇਤ ਉਡਾਰੀਆਂ

ਮੈਂ ਸਾਗਰ ਥੀਂ ਆਸ਼ਨਾ ਹੁੰਦਿਆਂ ਭੀ ਕਾਠ ਦੀ ਕਮਜ਼ੋਰ ਜਿਹੀ ਬੇੜੀ ਵਿੱਚ
ਦੀਦਾਰ ਦੀ ਲਾਟ ਛੁਪਾਈ ਅਜ਼ਲ ਦੀ ਮੰਜ਼ਲ ਨੂੰ ਜਾ ਰਿਹਾ ਹਾਂ-
ਮੇਰੇ ਹੀ ਕੇਸ ਬਿਖਰੇਇਹ ਬੱਦਲ ਅਕਾਸ਼ੀ ਖਿਲਰ ਰਹੇ ਹਨ, ਚੰਨ-ਤਾਰੇ ਇਕ
ਮੇਰੀ ਹੀ ਲਿਟ ਵਿੱਚ ਕੁਝ ਲਟਕਿਆ ਕੁਝ ਖਿਸਕਿਆ ਹੀਰਾ ਹੈ-
ਅਮੀਰ ਬਾਦਸ਼ਾਹ ਸਾਂ, ਪਰ ਹਾਂ ਮੇਰਾ ਹੱਥ ਉਸ ਸਵਾਣੀ ਵੱਲ ਅੱਡਿਆ ਹੈ,
ਜਿਹੜੀ ਰੂਪ ਦਾ ਭੋਰਾ ਖ਼ੈਰ ਪਾਣ ਨੂੰ ਉਹ ਆਪਣੇ ਦਰ ਦੇ ਬਾਹਰ ਆਣ ਖਲੀ
ਹੈ-
…………ਹੈ ਪਿਆਰ ਦਾ ਗੀਤ ਕਿਸੇ ਦੇ ਦਿਲ ਵਿੱਚ ਕੰਬਣ……ਤੇ ਬੇਰੂਪਾਂ
ਨੂੰ ਰੂਪ ਆਉਣ ਦੀ ਉਡੀਕ ਬਸ ਰਹੀ ਹੋਣ ਨੂੰ ਹੀ ਹੈ ।
……….ਨਰਮ ਜਿਹੇ ਡੰਡਲ 'ਤੇ ਲੱਗੀ ਇਕ ਡੋਡੀ ਗੁਲਾਬ ਦੀ ।
………………
ਇਕ ਸੋਹਣਾ ਦਿਉਦਾਰ ਸੀ ਝੂੰਮਦਾ ਕੁਝ ਬੱਦਲਾਂ ਦੀ ਗਰਜ ਨਾਲ ਪਿਆ
ਗੁਣਗੁਣਾਂਦਾ ਤੇ ਕਹਿੰਦਾ "ਪਿਆਰੇ ! ਮੇਰਾ ਰੂਪ ਦੇਖ ਸਭ ਤੇਰੇ ਲਈ ਬਾਹਰ ਹੋ
ਪੈਲਾਂ ਪਾਂਦਾ-ਤੂੰ ਸਦਾ ਬੇਨਿਆਜ਼ ਆਪਣੇ ਅੰਦਰ ਬੈਠਾ ਹੀ ਰੂਪ ਆਪਣਾ
ਮਾਣਦਾ-ਮੇਰਾ ਤੇਰਾ ਬਸ ਇਹ ਵੇਖ ਅੰਤਰਾ-ਤੂੰ ਆਜ਼ਾਦ ਤੇ ਮੈਂ ਜੀਵਨ ਦੀ
ਤਾਂਘ ਦਾ ਅਣਬੱਝਾ ਕੈਦੀ ।"
ਕਿਸੇ ਦੀ ਲਗਾਤਾਰ ਪਿਆਰ-ਯਾਦ ਵਿੱਚ ਇਹ ਸਿਲਾ ਵੀ ਰੂਹ ਹੋ ਚੁੱਕੀ
ਹੈ-ਯਾਦ ਚੀਜ਼ਾਂ ਨੂੰ ਪਵਿੱਤਰ ਕਰਦੀ ਹੈ-ਨਾ ਧੋਣਾ-ਨਾ ਪੂਜਣਾ ਤੇ ਨਾ ਹੀਰੇ
ਜਵਾਹਰਾਤਾਂ ਦੀਆਂ ਲਿਸ਼ਕਾਂ ਮੰਦਰਾਂ ਨੂੰ ਮੰਦਰ ਬਣਾ ਸਕਦੀਆਂ ਹਨ ।
ਅਜਬ ਕੌਤਕ ਤੱਕਿਆ-ਉਹ ਸਹਿਜ ਸੁਭਾਅ ਜੰਗਲ ਚੀਲਾਂ ਵਿੱਚ ਗਿਆ
ਤੇ ਬਨਫ਼ਸ਼ਾਂ ਦੇ ਸਾਰੇ ਫੁੱਲ ਟੁਰ ਆਏ ਤੇ ਆਸ-ਪਾਸ ਝੁਰਮਟ ਪਾਣ ਲੱਗ ਪਏ ।
ਉਸ ਪਿਆਰੀ ਨੇ ਤਾਂ ਆਪਣੀ ਖਿੜਕੀ ਆਰਾਮ ਲਈ ਬੰਦ ਕੀਤੀ-ਪਰ
ਚੰਨ ਸੂਰਜ ਤਾਰੇ ਵਹੀਰ ਪਾ ਕੇ ਉਹਦੇ ਪਾਸ ਸਤਰ ਵਿੱਚ ਜਾ ਜਮ੍ਹਾ ਹੋਏ !



ਇਸਤਰੀ ਸਦਾ ਪੁਰਖ ਨੂੰ ਟੋਲਦੀ ਵੱਤੀ ਤੇ ਪੁਰਖ ਸਦਾ ਇਸਤਰੀ ਨੂੰ ਟੋਲਦਾ
ਵੱਤਿਆ-ਪਰ ਆਹਾ ਮੇਲੇ ਇਸ ਧਰਤੀ ਉਪਰ ਕਦੀ ਨਾ ਹੋਏ !



ਸਵੇਰ ਸਾਰ ਪੂਰਬ ਵੱਲ ਇਕ ਮੀਲ ਲੰਮੇ ਪਰਾਂ ਵਾਲਾ ਇਹ ਪੰਛੀ ਅਕਾਸ਼
ਵਿੱਚ ਬੇਨਹਾਤਾ ਉੱਡ ਰਿਹਾ ਹੈ ।
………………………
ਪੂਜਾ ਕਰਦਾ ਸੀ-ਉਹ ਪੁਸਤਕ, ਉਹ ਪੜ੍ਹਦਾ ਸੀ ਸਭ ਕੁਝ ਅਡੋਲ ਪਿਆ
ਹੈ, ਪਰ ਸਭ ਇਕ ਸਿਮਰਨ ਜਿਹਾ ਹੋ ਰਹੇ ਹਨ !
ਉਹ ਕੀਰਤਨ ਕਰਨ ਵਾਲਾ ਆਪਣੀ ਸਾਰੰਗੀ 'ਤੇ ਗਜ਼ ਫੇਰਨੋਂ ਰਹਿ
ਗਿਆ-ਆਪਣੇ ਹੋਂਠ ਅੱਡੇ ਖੁਲ੍ਹੇ, ਫੁੱਲ ਪੱਤੀਆਂ ਹਵਾ ਨਾਲ ਜੁਦਾ ਹੋ ਰਹੀਆਂ
ਵਾਂਗ ਧਰੇ ਪਏ ਹਨ-ਨੈਣ ਬੰਦ ਹਨ-ਹੱਥ ਗਜ਼ ਉੱਤੇ ਹੈ-ਗਜ਼ ਉੱਤੇ ਹੱਥ
ਹੈ-ਪ੍ਰਭਾਵ ਦੇ ਨਿਰੋਲ ਸੂਰਜ ਨੇ ਆਪਣੀਆਂ ਕਿਰਨਾਂ ਨਾਲ ਕੀਰਤਨ ਕਰਨ ਵਾਲੇ ਨੂੰ
ਨੂਰ ਦੇ ਹੜ੍ਹ ਵਿੱਚ ਫੜ ਲਿਆ ਹੈ-ਰਾਗ ਚੁੱਪ ਹੈ ।
ਉਨ੍ਹਾਂ ਮੈਨੂੰ ਅਪਰਾਧੀ ਜਾਣ ਫੜ ਲਿਆ ਹੈ-ਪਰ ਮੇਰਾ ਦਿਲ ਉਸੀ ਤਰ੍ਹਾਂ
ਧੜਕ ਰਿਹਾ ਹੈ ਤੇ ਮੇਰੇ ਨੈਣ ਦੇਖ ਰਹੇ ਹਨ-ਕੱਲ੍ਹ ਮੈਂ ਸੱਚੀਂ ਬੜਾ ਸੋਹਣਾ ਸਾਂ ਤੇ
ਅੱਜ ਅਪਰਾਧ ਕਰਕੇ ਮੇਰਾ ਸਭ ਕੁਝ ਅਕੁਝ ਜਿਹਾ ਹੋ ਗਿਆ, ਮੈਂ ਆਪਣੀ ਬੁੱਕਲ
ਵਿੱਚ ਹੱਸ ਰਿਹਾ ਹਾਂ, ਲੋਕਾਂ ਨੂੰ ਕੀ ਹੋ ਗਿਆ ਹੈ-

ਤਾਰੇ ਤੋੜ ਸੁੱਟੋ-ਬਸ ਅੰਦਰ ਖ਼ਜ਼ਾਨਾ ਇਕ ਜਗਮਗ ਹੈ-
ਆਪ ਨੂੰ ਜੋ ਅੱਜ ਦੇਖ ਲਿਆ ਹੈ ਪ੍ਰਤੀਤ ਹੁੰਦਾ ਹੈ ਕਿ ਮੈਂ ਦੁੱਖ ਤੇ ਪੀੜਾ
ਵਿੱਚ ਦੀ ਲੰਘਦਾ ਵੀ ਜੀ ਸਕਦਾ ਹਾਂ ।
ਤਦ ਵੀ ……………



ਦੋ ਸੁਨਹਿਰੀ ਪਰਾਂ ਵਾਲੇ ਹੰਸ, ਇਕ ਪੂਰਬ ਵੱਲੋਂ ਉੱਡਿਆ ਤੇ ਦੂਜਾ ਪਿੱਛੋਂ
ਜਾ ਡਿੱਗਿਆ-ਦੋ ਹੰਸ ਹੀ ਸਨ-ਸੂਰਜ "ਉਦੇ" ਤੇ ਅਸਤ ਦੇ ਸਮੇਂ ਜਿਹੜੇ ਮੈਂ
ਵੇਖੇ ਸਨ ।
ਝੰਡਾ ਜਿਸ ਉਪਰ ਲਾਲ ਸੂਰਜ ਉਦੇ ਹੋ ਰਿਹਾ ਸੀ, ਅਸਮਾਨਾਂ ਵਿੱਚ
ਲਹਿਰਾਂਦਾ ਸੀ ਮੈਂ ਪੁੱਛਿਆ ਇਹ ਮਹਾਨ ਕਿਲਾ ਕਿਸ ਸੂਰਬੀਰ ਦਾ ਹੈ ?
ਨਦੀ ਵਗ ਰਹੀ ਹੈ
ਮੈਂ ਪੁੱਛਿਆ, ਕਿਹਦੀ ਮੇਢੀਂ
ਇਉਂ ਖੁਲ੍ਹੀ ਹੈ-ਤੇ ਹੈ ? ਇੰਨਾ ਵੈਰਾਗ ਕਿਹੇ ਇਸ਼ਕ ਦਾ ।



ਸਵੇਰ ਸਾਰ ਇਕ ਮਹੋਕੜੀ ਦਾ ਊਦਾ ਫੁੱਲ ਮਿਲਿਆ । ਕਹਿਣ ਲੱਗਾ ,
ਭਰਪੂਰ ਹੈ-ਸਭ ਕੁਝ ਮਿਲ ਰਿਹਾ ਹੈ-ਪਰ ਮੈਂ ਇਸ ਧਰਤੀ ਉਪਰ ਕੰਡਿਆਂ ਵਿੱਚ
ਕਿੱਨਾ ਇਕੱਲਾ ਹਾਂ ।
ਇਕ ਯਾਤਰੂ ਅੱਧੀ ਰਾਤ ਨੂੰ ਇਕ ਬਰਫ਼ ਦੀ……ਚਟਾਣ ਵਾਲੇ ਦੀ ਕੱਖਾਂ
ਦੀ ਝੁੱਗੀ ਉਪਰ…ਸੀ-ਕਿਤਾਬ ਸਿਰਹਾਣੇ ਸੀ-ਦੀਵਾ ਬੁਝਿਆ, ਪਰ ਉਹ
ਕੱਖਾਂ ਦੀ ਝੁੱਗੀ ਖ਼ਾਲੀ ਸੀ ।



ਮੇਰੇ ਰੂਹ ਵਿੱਚ ਕਈ ਜਲ ਉਠਦੇ ਹਨ ਤੇ ਬਿਨਸਦੇ ਹਨ-ਜਿਹੜੇ ਤੇ ਮੈਂ
ਆਪ ਕੱਢਦਾ ਹਾਂ ਤੇ ਲੋਕਾਂ ਨੂੰ ਆਖਦਾ ਹਾਂ :
ਵੇਖੋ ਉਹ ਮੰਦਰ ਥੀਂ ਬਾਹਰ ਸੁਟੇ ਮੋਏ ਫ਼ੁਲਾਂ ਵਾਂਗ ਹੁੰਦੇ ਹਨ, ਮੈਂ ਕਦੀ ਵੀ
ਦੱਸ ਨਹੀਂ ਸਕਿਆ, ਪਰ ਸੂਖ਼ਮ ਥੀਂ ਸੂਖ਼ਮ ਉਹ ਪ੍ਰੀਤੀ ਦੇ ਕਾਂਬੇ ਨਿੱਕੇ ਲਾਂਬਿਆਂ
ਵਾਂਗ ਕੁਦਰਤ ਉਸੇ ਨਾਲ ਮਿਲ ਕੇ ਪ੍ਰਗਟ ਆਪ-ਮੁਹਾਰੇ ਕਰ ਦੇਂਦੀ ਹੈ-
ਉਹ ਬੱਚਾ ਜੋ ਤੀਰ ਤੇ ਕਮਾਨ ਆਪਣੀ ਹੱਥੀਂ ਬਣਾ ਪਹਿਲੀ ਵਾਰੀ ਚੁੱਕਦਾ
ਹੈ, ਉਹ ਇਹੋ ਪ੍ਰਤੀਤ ਕਰਦਾ ਹੈ ਕਿ ਅੱਜੇ ਹੀ ਹੁਣੇ ਆਪੇ ਨਵੀਂ ਕਾਢ ਕੱਢੀ
ਹੈ ।
ਸੂਰਜ ਤਾਂ ਨੂਰ ਦਿੰਦਾ ਜੀਵਨ ਸਰੂਰ ਦਿੰਦਾ-ਜੀਵਨ ਨੂੰ ਪਾਲਦਾ, ਬਿਨਾਂ
ਸੂਰਜ ਧਰਤੀ ਆਪਣੇ ਨਿੱਕੇ ਬੱਚੇ ਦੀ ਮੰਦ ਹੱਸੀ ਜ਼ਿਆਦਾ ਚੰਗੀ ਲੱਗਦੀ ਹੈ ।



ਜਦ ਦਾ ਇਕ ਰੱਬ ਦੇ ਬੰਦੇ ਨੇ ਮੇਰਾ ਦਿਲ ਹਰੀਮੰਦਰ ਬਣਾ ਦਿੱਤਾ ਹੈ- ਤਦ
ਦਾ ਮੈਂ ਜ਼ਨਾਨੀਆਂ ਤੇ ਮਰਦਾਂ ਥੀਂ ਡਰਦਾ ਹਾਂ-ਮੈਨੂੰ ਬਸ ਇਕੋ ਉਹ ਚੰਗਾ
ਲੱਗਦਾ ਹੈ-ਮੈਂ ਇਕ ਉਸੇ ਦੀ ਜੋ ਹੋ ਗਈ…ਇਕ ਦੁਕਾਨਦਾਰੀ ਨੂੰ ਹੁਣ
ਮੈਂ… ਣ ਲਈ ।



ਜਦ ਮੈਂ ਚਮਕਦਿਆਂ ਗਗਨਾਂ ਵਿੱਚ ਹੋ ਬੈਠੀ-ਬਸ ਪਾਪ ਪੁੰਨ ਤਾਂ ਮਨ
ਦੀਆਂ ਰੁੱਤਾਂ ਥੀਂ ਛੁੱਟ ਕੁਝ ਨਾ ਰਹੇ ।
ਮੈਂ ਬੜੀ ਮਿਹਨਤ ਨਾਲ ਚੁੱਲ੍ਹਾ ਬਣਾਇਆ-ਅੱਗ ਬਾਲੀ ਤਵਾ ਤੱਤਾ
ਕੀਤਾ ਨਾਲ ਮੇਰੇ ਖ਼ਾਵੰਦ ਨੇ ਖੱਡੀ ਦਾ ਗੜ੍ਹਾ ਖੋਦਿਆ-ਖੱਡੀ ਲਾਈ-ਤਾਣੀ
ਸਿੱਧੀ ਕੀਤੀ ਤੇ ਪੁੱਤਰਾਂ ਮੇਰਿਆਂ ਨੇ ਪੈਲੀ ਨੂੰ ਸੰਵਾਰ ਕੇ ਗੋਡਿਆ-ਫ਼ਸਲ ਬਸ
ਪੱਕੇ ਪਏ ਸਨ-ਕਿ ਮੁਲਕ ਨੂੰ ਪਿਆਰ ਕਰਨ ਵਾਲਿਆਂ ਚੌੜ ਗਿਆ ਬਾਂਦਰ
ਵਾਂਗ ਮੇਰਾ ਬਣਿਆ ਬਣਾਇਆ ਬੀਏ ਦਾ ਘੌਂਸਲਾ ਇਕ ਹੱਥ ਮਾਰ ਵੰਝਾ
ਸੁੱਟਿਆ-ਮੈਂ ਲਾੜੀ ਬਣੀ ਸਜੀ ਬਸ ਮੰਦਰ ਨੂੰ ਲਾਵਾਂ ਲੈਣ ਚਲੀ ਹੀ ਸਾਂ ਕਿ
ਇਨ੍ਹਾਂ ਪਾਰਸਾਵਾਂ ਚੌੜ ਗਿਆ ਨੇ ਮਾਰ ਸੁੱਟਿਆ-ਹੁਣ ਮੇਰੀ ਲੋਥ ਰਾਹ ਵਿੱਚ
ਪਈ ਹੈ ਤੇ ਮੇਰੀ ਗੋਰੀ ਜਵਾਨੀ ਸੜ ਰਹੀ ਜੇ-
ਬਰਫ਼ਾਨੀ ਚੋਟੀਆਂ ਤੇ ਬੱਦਲਾਂ ਦੀ ਦਸਤਾਰ ਕੌਣ ਬੰਨ੍ਹਦਾ ਹੈ ? ਉਹੋ ਹੱਥ
ਮੇਰੇ ਸਿਰ 'ਤੇ ਚਿੱਟਾ ਨਿਛੋਹੇ ਦੁਮਾਲਾ ਸਜਾ ਨਹੀਂ ਰਿਹਾ ।



ਇਹ ਬੁੰਬਲ ਦੇ ਪਿਘਲੀ ਚਾਂਦੀ ਦੇ ਚਸ਼ਮੇ ਕਿੱਥੋਂ ਨਿਕਲ ਵੱਗ ਰਹੇ ਹਨ-ਮੇਰਾ
ਦਿਲ ਵੀ ਤਾਂ ਉਸੇ ਪਰਬਤ ਦੀ ਭੁੱਖ ਦਾ ਛੁਪਿਆ ਸੋਮਾ ਜੇ ।



ਮੇਰੇ ਇਕ ਹੱਥ ਵਿੱਚ ਮਿੱਟੀ ਨਾਲ ਲਿਬੜੀਆਂ ਜੜ੍ਹਾਂ ਜੇ ਤੇ ਦੂਜਾ ਹੱਥ ਮੇਰਾ
ਗਗਨਾਂ ਦੇ ਤਾਰੇ-ਫੁੱਲ ਚੋਰੀ ਕਰ ਰਿਹਾ ਜੇ-



ਅਕਾਸ਼ਾਂ ਵਿੱਚ ਵੇਖੋ ਪ੍ਰਭਾਤ ਵੇਲੇ ਇਕ ਘੋੜਾ ਚਮਕਦਾ ਖੜਾ ਹੈ, ਅਕਾਸ਼ੀ
ਤਾਰਿਆਂ ਦੀਆਂ ਬਿੰਦੀਆਂ ਜੁੜ-ਜੁੜ ਇਕ ਘੋੜਾ ਬਣਿਆ ਜੇ ।
…ਉਹ ਕੋਈ ਆਉਂਦਾ ਹੈ ਨੀਲਾ ਘੋੜਾ ਆਪਣਾ ਸੁੰਮ ਮਾਰਦਾ ਹੈ ।ਧਰਤਿ
ਅਕਾਸ਼ ਕੰਬਦੇ ਹਨ-ਘੋੜਾ ਹਿਨਹਿਨਾਇਆ ਜੇ…
ਆਇਆ ਜੀ ! ਸ਼ਾਹ ਸਵਾਰ ਜਿਸ ਪਿੱਛੇ ਪੰਜ ਸਵਾਰ ਜਾਂਦੇ ਤਾਰਿਆਂ ਥੀਂ
ਉਪਰ…ਜਾ ਰਹੀ-ਬਿਰਧ ਚਿੱਟੀ ਪਹਾੜੀ ਚਿੱਟੀ ਦਸਤਾਰ…ਤੀਰਾਂ ਦਾ ਤਰਕਸ਼
ਪਿੱਛੇ ਸੁੱਟਿਆ ਕਮਾਨ ਮੋਢੇ 'ਤੇ …ਤਲਵਾਰ ਸਮੇਤ ਸਨਦਬੰਧ ਚਿੱਟੇ ਘੋੜੇ 'ਤੇ
ਚੜ੍ਹਿਆ ।
"ਜੀ ਆਈ" ਬਿਹਬਲ ਹੋ ਇਕ ਸਿੱਖ ਅਲੜ੍ਹ ਭੋਲੀ-ਭਾਲੀ ਪੰਜਾਬ ਦੀ
ਕੁੜੀ ਪੱਲਾ ਜੀਹਦਾ ਕਾਹਲੀ ਵਿੱਚ ਢਹਿ ਪਿਆ-ਬੇਹੋਸ਼ ਹੋ ਦਰਸ਼ਨ ਕਰਦੀ ਹੈ-
"ਕਾਕੀ ਪਾਣੀ ਪਿਆ ।"
"ਜੀ" ਬੇਹੋਸ਼ ਹੋਈ ਪਾਣੀ ਲਿਆ ਕੇ ਪੇਸ਼ ਕਰਦੀ ਹੈ, ਰਕਾਬਾਂ 'ਤੇ ਸੀਸ
ਰੱਖਦੀ ਹੈ-ਖ਼ੁਸ਼ੀ ਨਾਲ ਬੇਹੋਸ਼ ਹੈ-ਹੱਥ ਵਿੱਚੋਂ ਕਟੋਰਾ ਡਿੱਗ ਪਿਆ ਹੈ-ਆਪ
ਧਰਤੀ 'ਤੇ ਡਿੱਗੀ ਪਈ ਹੈ ।
ਉਹਦਾ ਮਾਹੀ ਬਾਹਰੋਂ ਆਉਂਦਾ ਹੈ-
"ਹੈਂ, ਮੇਰੀ ਪਿਆਰੀ ਇਹ ਕੀ ।" ਬੇਹੋਸ਼ ਜਗਾਂਦਾ ਹੈ "ਜੀ ਜਾਗੋ" ਕੀ
ਕੌਤਕ ਹੈ-"ਹੈਂ ।"
ਲਓ ਜੀ-ਜਲ ਲਿਆਈ ।ਹਾਂ-ਮੈਂ ਇੰਨਾ ਚਿਰ ਲਾਇਆ ਤੁਸੀਂ ਚਲੇ
ਗਏ-ਪਾਣੀ ਪੀ ਜਾਓ ਨਾ ਜੀ-ਪਾਣੀ ਹਾਜ਼ਰ ਹੈ-ਆਪੇ ਬੇਹੋਸ਼ੀ ਵਿੱਚ ਗੱਲਾਂ
ਕਰਦੀ ਹੈ-"ਜਾਗੋ ਪਿਆਰੀ !ਕੀ ਖੇਚਲ ਹੈ"-"ਜੀ।ਠਹਿਰੋ।ਮੈਂ ਅਲੜ੍ਹ ਨੇ ਆਪ
ਦੇ ਪੰਜ ਸਾਥੀਆਂ ਨੂੰ ਜਲ ਲਿਜਾ ਕੇ ਨਹੀਂ ਦਿੱਤਾ ।ਹਾਏ ! ਮੈਂ ਮਰ ਵੰਝਾਂ ।"
"ਜੀ ਜਲ…" ਉਹਦਾ ਸਾਈਂ ਉਹਨੂੰ ਚੱਕਦਾ ਹੈ, ਕੇਸਾਂ 'ਤੇ ਧੂਲ ਲੱਗੀ
ਅੱਥਰੂਆਂ ਨਾਲ ਪੂੰਝਦਾ ਹੈ ।
"ਪਿਆਰੀ ਜੀ"……
"ਜੀ ਪਾਣੀ-ਮੇਰੇ ਸਾਈਂ ਹਜ਼ੂਰ ਦੀ ਸਿਪਾਹੀ"
-ਮੈਂ ਹਜ਼ੂਰ ਦੀ ਬਾਂਦੀ ਬਖ਼ਸ਼ੋ
ਨਾ ਮੈਂ ਪਾਣੀ…
ਆਪ ਚਲੇ ਗਏ ਪਾਣੀ ਲਿਆਈ…
ਜਾਵੇ ਮੈਂ ਵਾਰੀ ਮੈਂ ਘੋਲੀ…
ਗ਼ਰੀਬਾਂ 'ਤੇ ਤਰਸ ਕਰਨ ਵਾਲੇ…
……………
ਵਿਛੜੀ ਕੂੰਜ ਵਾਂਗ ਕੁਰਲਾ ਰਹੀ ਹੈ-ਸਾਈਂ ਉਹਦਾ ਸਮਝਦਾ ਹੈ ਕਿ ਹੁਣ
ਹੋਸ਼ ਆ ਰਹੀ ਹੈ-ਤੇ ਕਹਿੰਦਾ ਹੈ,"ਜਾਗੋ ਜੀ ! ਕੀ ਖੇਚਲ ਹੈ-ਬੂਹੇ-ਬਾਹਰ ਕਿਉਂ
ਚੁਪਾਲ ਪਏ ਹੋ-ਕਿਸ ਤਰ੍ਹਾਂ ਚਲੇ-ਕੀ ਹੋਇਆ ਦਸੋ ਨਾ" "ਜੀ"
… … …
ਜੀਵਨ ਦੇ ਪਿੰਜਰੇ ਤਾਂ ਕਾਲੇ ਲੋਹੇ ਦੇ
ਦਰ ਕੋਈ ਖੁਲ੍ਹੇ ਨਾਂਹ
ਪਰ ਵਿੱਚ ਇਕ ਪੀਲੇ ਕੈਨੈਰੀ ਦੀ ਆਵਾਜ਼ ਸੋਹਣੀ
ਬਸ ਇਕ ਬੋਲ-
ਉਹ ਸਾਹਮਣੇ ਚੰਨੇ ਦੀ ਚਾਨਣੀ
ਉਹ ਸੂਰਜ ਦੀ ਟਿਕੀ ।



ਲੰਘ ਗਏ ਅਸਾਡੇ ਮਿੱਤਰ
ਨੈਣ ਮਟੱਕੇ ਨਾਲ ਗੱਲਾਂ ਕਰ ਗਏ
ਭਰੀ ਦੁਨੀਆਂ ਵਿੱਚ ਪਿਆਰ ਦੀ ਏਕਾਂਤ
ਤੇ ਛਪਾ ਦੇਖੋ ਗੂਹੜੀ ਰਾਤ ਵਾਲਾ ਭਰੀ ਦੋਪਹਿਰ
ਮੰਗਤੀ ਪੇਰਨੀ
ਕਪੜੇ ਫੱਟੇ
ਪਰ ਲੀਰਾਂ ਹਵਾ ਉਛਾਲਦੀ
ਚਾਂਦੀ ਵਰਗੀ ਸੋਹਣੀ ਦੀਆਂ ਪਿੰਨੀਆਂ
ਤੇ ਗ਼ਮਾਂ ਵਿੱਚ ਦੇਖੋ ਖ਼ੁਸ਼ੀਆਂ ਦੀਆਂ ਲਿਸ਼ਕਾਂ
ਮੈਂ ਭੁੱਲਾਂ
ਇਹ ਤਾਂ ਬਾਂਸਾਂ ਦੇ ਪੱਤਿਆਂ ਦਾ
ਹਵਾ ਨਾਲ ਹਿੱਲਣਾ
ਤੇ ਰੂਹ ਦਾ ਦੀਦਾਰ ਹੈ
ਕੁਦਰਤ ਦੀਆਂ ਡੂੰਘੀਆਂ ਛਾਵਾਂ
ਮਿੱਠੇ ਬੋਲਾਂ ਵਾਲੇ ਪਿਆਰ ਦੇ ਸੁਪਨਿਆਂ ਦੇ ਹੋਂਠ ਚੁੰਮ ਰਹੇ ਹਨ
ਭਲਾ ਉੱਤੇ ਤਾਂ ਕੋਈ ਲਹਿਰ ਨਹੀਂ ਸੀ
ਹਵਾ ਚਲੀ
ਤੇ ਹੋਠ ਇਉਂ



ਮੈਂ ਜਾਤਾ ਉਹ ਕੋਈ ਸੋਹਣੀ ਸਵਾਣੀ ਬੁਲਾ ਰਹੀ ਹੈ,
ਪਰ ਜਦ ਖਿੜਕੀ ਖੋਹਲੀ
ਤਾਂ ਸਾਹਮਣੇ ਪੂਰਨਮਾ ਦਾ ਚੰਨ



ਸਭ ਆਪਣੇ ਰਾਹੀਂ ਪਏ ਹਨ
ਚੰਨ ਸੂਰਜ ਤੇ ਤਾਰੇ
ਇਹ ਨੀਲਾਣ ਦੇ ਹੇਠ
ਮੈਂ ਨਿਰੋਲ ਇਕੱਲਾ ਹਾਂ
ਸ਼ਾਇਦ ਮੈਂ ਰੂਹ ਹਾਂ
ਜਿਥੇ ਤੱਕ ਕੋਈ ਅੱਪੜ ਨਹੀਂ ਸਕਦਾ



ਇਕ ਸੋਹਣੀ ਜਵਾਨ ਮੁਰਾਧਾ
ਜਿਉਂ ਆਪਣੇ ਹੋਠਾਂ ਥੀਂ ਚੁੰਮੀਆਂ ਦਾ ਮੀਂਹ ਪਾਉਣ ਲੱਗੀ ਹੈ
ਬਸ ਸਾਰੇ ਆਪਣੇ ਪਿਆਰੇ ਦੇ ਮਾਸ ਨੂੰ ਚੁੰਮ-ਚੁੰਮ ਰੂਹ ਬਣਾ ਦਿੱਤਾ



………ਇਕ ਸੁਨਹਿਰੀ ਖਿੜਕੀ
………ਏਥੇ ਕਿ ਉਥੇ ?



ਰੱਬ ਦੀ ਸ਼ਾਨ-
ਸਾਰਾ ਨੂਰ ਮੇਰੇ ਕੱਪੜੇ
ਤੇ ਰਾਤ ਹਨ੍ਹੇਰੀ ਮੇਰਾ ਰੇਸ਼ਮੀ ਚੋਗਾ
ਕਿੰਨ ਮੇਰੇ ਮੋਢੇ 'ਤੇ ਪਰਤ ਸੁੱਟੀ
ਸ਼ਾਲ ਦੀ ਇਕ ਗੋਟੇ ਵਾਲੀ ਕੰਨੀ



ਮੇਰਾ ਕਦਮ ਹਲਕਾ ਫੁੱਲ,
ਮੇਰੀ ਨੈਣਾਂ ਕੂੰਜ ਉਡਾਰੀਆਂ ਵਿੱਚ ਅੱਧ ਅਸਮਾਨ ਗਈਆਂ ਉੱਚੀਆਂ ਖਿੱਚੀਆਂ
ਮੇਰੀ ਨਿੱਕੀ ਬਾਤੀ ਇਕ ਮਿੱਟੀ ਦਾ ਬਰਤਨ ਜਿਸ ਵਿੱਚ
ਤਾਰੇ ਅੱਗ ਦੀਆਂ ਚੰਗਾਰੀਆਂ,
ਵਾਂਗ ਹੀਰਿਆਂ ਦੀ ਬੁੱਕ
ਭਰ-ਭਰ ਪਏ ਪੈਂਦੇ



ਇਸ ਰੇਗਿਸਤਾਨ ਵਿੱਚ ਮੈਂ ਕੌਣ
ਜਿਸ ਨੂੰ ਸਾਹ ਆਉਂਦਾ



ਇਕ ਲੰਘਦੇ ਊਠ ਦੇ ਗਲ ਵੱਜਦੀ ਇਕ ਇਕੱਲੀ ਟੱਲੀ
ਵਜਦੀ ਜਾਂਦੀ ਹੈ ਸੁਨਸਾਨ
ਤੇ ਲੰਘਦੀਆਂ ਜਾਂਦੀਆਂ ਘੜੀਆਂ ਸਭ ਖ਼ਾਮੋਸ਼
ਇਹ ਇਕ ਟੱਲੀ ਬੋਲਦੀ ਕਿਸੇ ਇਲਾਹੀ ਆਵਾਜ਼ ਦੇ ਰਾਗ ਵਿੱਚ
ਤੇ ਲਗਨ ਨੀਲਾ ਊਠ ਪਿਆ ਰੁਮਕੇ-ਰੁਮਕੇ ਟੁਰਦਾ ਲੰਘਿਆ ।

੨੦. ਅਨੰਤ ਦੀ ਪੂਜਾ

(ਖ਼ਾਲਸਾ ਸਮਾਚਾਰ ਕੱਤਕ ਦੀ ੨੯ ਸੰਮਤ ਨਾ: ਸ਼ਾ: ੪੫੬
ਨਵੰਬਰ ਦੀ ੧੩ ਸੰਨ ੧੯੨੪ ਈ:)



ਇਹ ਦਿਲ ਮੇਰਾ ਨਿੱਕਾ ਜਿਹਾ ਚਿੱਟਾ ਬਰਫ਼ ਰੰਗ ਕਬੂਤਰ ।
ਮੇਰੇ ਹੱਥਾਂ ਵਿੱਚ ਫੜਿਆ ਇਹ ਤੰਗ ਜੇਹਾ ਰਹਿੰਦਾ, ਫੜਕਦਾ, ਧੜਕਦਾ,
ਕਾਹਲਾ ਪਿਆ ਪੈਂਦਾ ਸਦੀਵ ।
ਲੋਚਦਾ ਰੱਬ ਜੀ ਦੇ ਅਣਡਿੱਠੇ ਅਸਮਾਨਾਂ ਨੂੰ ।
ਬਰਫ਼ ਫੰਙਾਂ ਵਾਲਾ ਨੀਲਾਣ ਅਨੰਤ ਵਿੱਚ ਖ਼ੁਸ਼ !
ਇਹਦੇ ਗਲ ਵਿੱਚ ਘੁੰਗਰੂ ਬੋਲਦੇ !
ਤਲੇ ਆਉਂਦਾ ਬਸ ਆਪਣੇ ਚੋਗ ਨੂੰ,
ਲਾਲ ਨੈਣ ਲੱਗੇ ਅਸਮਾਨਾਂ ਵਿੱਚ ਇਹਦੇ,
ਫੰਙ ਕੰਬਦੇ, ਇਹਦੇ ਅੰਗ ਫੜਕਦੇ !
ਤੇ ਡਰ-ਡਰ ਪਾਉਂਦਾ ਦਾਣੇ ਬਾਜਰੇ ਦੇ ਤੇ ਤ੍ਰਹਿਕਦਾ ਮਤੇ ਕੋਈ ਫੜ ਲਵੇ !
ਇਹਨੂੰ ਪਿਆਰ ਭੀ ਅਕਾਂਦਾ ਪਿਆਰ ਥੀਂ ਥੱਕ ਉੱਡਦਾ
ਅਸਮਾਨ ਨੂੰ !
ਅੱਕਦਾ ਹੱਥ ਮੇਰੇ ਦੀ ਗਰਮੀ ਥੀਂ, ਤਪਦਾ ਨਸਦਾ ।
ਸਹਾਰ ਨਾ ਸਕਦਾ ਧਰਤ ਦੀ ਗਰਮੀ ਪਿਆਰ ਦੀ, ਉੱਡਦਾ, ਅਸਮਾਨ ਨੂੰ ;
ਤੇ ਹਜ਼ਾਰਾਂ ਆਵਾਜ਼ਾਂ ਥਰ-ਥਰ ਕੰਬਦੀਆਂ ਇਹਦੀ ਫੜਕਣ ਵਿੱਚ
ਕਬੂਤਰ ਦਿਲ ਮੇਰਾ ਉੱਡਦਾ ਫਿਰਦਾ,
ਪਤਾ ਨਹੀਂ ਉੱਡਣ ਵਿੱਚ ਕੀ ਲੋਚਦਾ,
ਮੇਰੇ ਪਿਆਰ ਥੀਂ ਮੁੜ-ਮੁੜ ਉੱਠਦਾ ਸਦਾ ਘਬਰਾਉਂਦਾ,
ਇਹ ਕਬੂਤਰ ਦਿਲ ਮੁੜ-ਮੁੜ ਆਖਦਾ ਤੇ ਹੱਸਦਾ,
ਇਹ ਧਰਤ ਸਾਰੀ ਜਿਦੀ ਤਲੀਉਂ ਸੱਜਣਾ !
ਸਮਝ ਓ ਸਾਈਂ ਮੇਰਾ,
ਮੇਰੇ ਦਾਣੇ ਉਸ ਕਾਦਰ ਮਿਹਰਬਾਨ ਖਿਲਾਰੇ
ਹਰ ਥਾਈਂ ਥਲੀਂ ਤਲੀਂ ਉਹਦੀ-ਉਹਦਾ ਪਿਆਰ ਦਿੱਸਦਾ ।
ਸਭ ਚੀਜ਼ਾਂ ਮੇਰੇ ਕਾਦਰ ਨੇ ਸੰਵਾਰੀਆਂ,
ਵਣ ਤ੍ਰਿਣ ਉਸ ਦਾ ਪ੍ਰਕਾਸ਼ ਕੂਕਦਾ,
ਮੈਂ ਤਾਂ ਰੱਬ ਰੰਗ ਵਿੱਚ ਉੱਡਣਾ ਲੋਚਦਾ,
ਮੇਰੀ ਉਡਾਰੀ ਵਿੱਚ ਇਕ ਨਸ਼ਾ, ਇਕ ਸਰੂਰ, ਗਾਉਂਦਾ ।
ਮੇਰੀ ਫੰਙ-ਉਲਾਰ ਵਿੱਚ ਉਹਦੇ ਨੀਲਾਣ ਨੂੰ ਸਵਾਦ ਆਉਂਦਾ,
ਮੇਰੇ ਗੀਤ ਵਿੱਚ ਪਿਆਰ ਕਾਂਬਾ ਛਿੜਦਾ, ਅਸਮਾਨ ਵਿੱਚ,
ਮੇਰੀ ਫੜਕ ਵਿੱਚ ਜਿੰਦ ਖ਼ੁਦ ਰੱਬ ਢੂੰਡਦੀ ।



ਉੱਡ ਵੇ ਦਿਲਾ,
ਫੰਙ ਚਿੱਟੇ ਸੰਵਾਰ ਆਪਣੇ,
ਚਿੱਤ ਚਾ, ਜਾ ਇਕ ਵੇਰ ਸੱਜਣ,
ਉੱਠ, ਉੱਡ !
ਉਹੋ ਦੂਰ ਅਸਗਾਹ ਨੀਲਾਣ ਵਿੱਚ ਚਮਕਦੀਆਂ
ਬਾਬੇ ਦੀਆਂ ਉੱਚੀਆਂ ਮਾੜੀਆਂ !
ਦੇਖੀਂ ਦੂਰ ਉਹ ਗੀਤ ਰੂਪ ਨਾਨਕ ਅਟਾਰੀਆਂ,
ਉਹ ਮਹੱਲ ਸਰਕਾਰ ਦੇ,
ਉਹ ਪਰੀਆਂ ਸੁਅੰਗਣੀਆਂ ਦਰਗਾਹ ਦੀਆਂ
ਰਤਨ ਜੜੀਆਂ ਮੂੰਹ ਬੋਲਦੀਆਂ
ਗਾਉਂਦੀਆਂ ਨਾਨਕ ਅਟਾਰੀਆਂ,
ਜਿੱਥੇ ਸੁਹੱਪਣ ਸੋਹਣੀ ਪਰਤ ਹੈ ਵਿਛਦੀ,
ਬਸ ਇਕ ਪ੍ਰਕਾਸ਼ ਦਿਲ ਖਿੱਚਵਾਂ,
ਇਕ ਰਾਗ ਜਿਸ ਵਿੱਚ ਰੱਬ ਰੂਪ
ਰੰਗ ਪਿਘਲ-ਪਿਘਲ ਰੂਪ ਅਨੂਪ
ਹੋਰ-ਹੋਰ ਸੱਜਦਾ,
ਜਿੱਥੇ ਸੁਹੱਪਣ ਆਪਾ ਵਾਰ, ਸਦਕੇ ਹੋ-ਹੋ
ਬਿਹਬਲਤਾ ਅਨੰਤ ਵਿੱਚ ਉੱਠੀ ਕਦੀ
ਆਪਣੇ ਬਾਦਸ਼ਾਹ ਦੀ ਚਰਨ ਧੂੜ ਨੂੰ,
ਜਿਵੇਂ ਪ੍ਰੀਤ ਬੇਬਸ, ਲਾਚਾਰ ਨਾਰ
ਉੱਡੀ ਕਦੀ ਆਪਣੀਆਂ ਦੋਹਾਂ ਬਾਹਾਂ
ਦੀ ਫਰਕਣ ਵਿੱਚ ਪ੍ਰੀਤਮ ਪਿਆਰ ਨੂੰ !
ਲੋਚਦੀ ਆਪਣੀ ਛਾਤੀ ਦੀ ਫੜਕਦੀ
ਉਭਾਰ ਵਿੱਚ ਕਿਸੇ ਪਿਆਰ
ਸਾਖਯਾਤਕਾਰ ਨੂੰ ।
ਜਿੱਥੇ ਬਨਫ਼ਸ਼ੇ ਦੇ ਫੁੱਲ ਵਾਂਗ,
ਓਹ ਦਿਲ ਮੇਰਿਆ
ਇਕ ਨਿੱਕੇ ਜਿਹੇ ਤ੍ਰੇਲ ਮੋਤੀ ਦੀ ਅੰਮ੍ਰਿਤ ਸੁਹੱਪਣ ਨਾਲ ਤੇਰੇ ਜਨਮਾਂ ਦੀ ਭੁੱਖ
ਮਿਟਣੀ, ਸਾਰੀ ਪਿਆਸ ਬੁੱਝਣੀ ਇਕ ਬੂੰਦ ਪੀ ਕੇ,
ਜਿੱਥੇ ਗਿਆਨ ਸਾਰਾ "ਮਿੱਤ੍ਰ ਪਿਆਰੇ" ਦਾ ਮਿਲਣਾ,
ਜਿੱਥੇ ਚਾਹ ਨਾ ਉਪਜਦੀ ਮੁੜ ਕਿਸੇ ਗਿਆਨ ਦੀ, ਮਿਲਣ ਦੀ, ਔੜਕ ਸੁੱਖ
ਸਭ ਇਲਮ ਬਸ ਤੱਕ, ਤੱਕਣਾ,
ਅਕਲ ਕਮਾਲ ਬਸ ਦੋ ਨੈਣਾਂ ਦਾ ਅੰਦਾਜ਼ ਇਕ,
ਜਿੱਥੇ ਰੂਹ ਦਾ ਰੱਜ ਗੁਰੂ ਨਾਨਕ ਦੀ ਮਿਹਰ ਵਸਦੀ,
ਜਿਥੇ ਅਮੁਲ ਸਦਾ ਦਾ ਵਿਗਸਣਾ ! ਇਉਂ ਬਸੰਤ ਆਪ ਮੁਹਾਰੀ ਫੁੱਲਾਂ ਨੂੰ
ਹਸਾਂਦੀ, ਫੁੱਲਾਂ ਦਾ ਹੱਸਣਾ ਫੁੱਲਾਂ ਦੇ ਵਸ ਨਾਂਹ !
ਜਿੱਥੇ ਘਾਲਾਂ ਦੀ ਲੋੜ ਨਾ,
ਪ੍ਰੀਤਾਂ ਦੇ ਦਰਦ ਨਾ
ਗੁਣਾਂ ਦਾ ਮੀਂਹ ਰਿਮਝਿਮ-ਰਿਮਝਿਮ ਵਰ੍ਹਦਾ ਖ਼ੁਸ਼ ਜਿਹਾ ਹੋ,
ਇਕ ਖ਼ੁਸ਼ੀ ਜੀਆ ਦਾਨ ਦੇਣ ਵਾਲੀ,
ਜਿੱਥੇ ਜੀਆਂ ਦੇ ਜੀ ਸਿਜਦੇ, ਘੁਲਦੇ, ਪਲਦੇ, ਵੱਧਦੇ, ਸਦਾ ਆਜ਼ਾਦ ਹੋ ਕੇ,
…………
ਉੱਡ ਵੇ ਦਿਲਾ ਹੁਣ
ਛੱਡ ਚਿੰਨ੍ਹ ਮਾਤਰ ਮੂਰਤਾਂ ਦੇ ਦੇਸ਼ ਨੂੰ,
ਜਿੱਥੇ ਦੀ ਗੁਲਾਬ ਦੀ ਰੂਹ ਆਪਣੀ ਲਪਟ ਕੋਮਲ ਜਿਹੀ ਸਵਾਸਾਂ 'ਤੇ ਉੱਡਦੀ
ਇਕ ਵਿਰਾਗ ਜਿਹਾ ਰਾਗ ਖਿਣ ਭਜਵਾਂ,
ਉਥੇ ਉਸ "ਭਗਤਵਸ" ਦੇ ਦੇਸ ਵਿੱਚ ਕਿਸੇ ਜੀਊਂਦੀ ਜਾਗਦੀ ਸੀਤਾ
ਵਰਗੀ ਮਹਿਮਾਂ ਦੇ ਬਾਹਾਂ ਦੀ ਉਲਾਰ ਹੈ !
ਇਥੇ ਨਰਗਸ ਦਾ ਫੁੱਲ ਪੀਲਾ, ਉਥੇ ਕਿੱਥੇ ਕਿਸੇ ਆਸ਼ਕ ਦੀ ਅੱਖ ਉਡੀਕਦੀ,
ਇਥੇ ਸਤਾਰ ਦੀ ਤਰਬ, ਉਥੇ ਕਿਸੇ ਮਹਾਰਾਣੀ ਦੀ ਸ਼ੁਭ ਸਗਨ ਰੂਪ ਨੈਣਾਂ
ਦੀ ਪਿਆਰ ਕਰਤਾਰੀ ਮਟਕ ਦਾ ਸਾਰਾ ਨਾਟਕ ਉਹ !
ਇਥੇ ਚਿੰਨ੍ਹ ਰੂਪ ਮੂਰਤ ਉਹ ਆਦਮੀ,
ਉੱਥੇ ਸਤਯ ਸਰੂਪ ਸਵਸਿੱਧ ਰੱਬ ਆਪ ਉਹ,
ਇਥੇ ਜੋਤੀ ਉਥੇ ਪੂਰਨ ਮੂਰਤ ਭਗਵਾਨ ਉਹ ਜੋਤ ਨਿਰੰਕਾਰ,
ਇਥੇ ਨਿੱਕਾ ਜਿਹਾ, ਅੱਖਰ ਵਾਹਿਗੁਰੂ
"ਨਾਨਕ" ਸ਼ਬਦ ਇਕ
ਉਥੇ ਉਹੋ ਉਹੋ ਉਹੋ "ਕੋਟ ਬ੍ਰਹਮੰਡ ਕੋ ਠਾਕਰ ਸਵਾਮੀ"



ਨਿਕਲ ਵੇ ਜਿੰਦੇ,
ਹੁਣ ਕਰ ਹੰਭਲਾ,
ਛੱਡ-ਛੱਡ, ਸੁੱਟ ਹੱਥਾਂ ਵਿੱਚੋਂ ਹਿਠਾਹਾਂ ਨੂੰ
ਛੱਡ ਅਮੀਰ ਹੋ ਕੇ ਇਨ੍ਹਾਂ ਮੋਏ ਨਿਵਾਣਾਂ ਦੇ ਅੰਨ੍ਹੇ ਹਨ੍ਹੇਰਿਆਂ ਨੂੰ,
ਛੱਡ ਦਿਲ ਤੰਗੀਆਂ ਖ਼ੁਦਗਰਜ਼ੀਆਂ ਆਸ਼ਾਂ
ਤ੍ਰਿਸ਼ਨਾਂ ਦੀਆਂ ਬਦਬੂਆਂ ਬਦਬਖ਼ਤੀਆਂ,
ਉਹ ਜਿੰਦੇ
ਪਰਬਤਾਂ ਦੀਆਂ ਚੋਟੀਆਂ, ਬੁਲਾਉਂਦੀਆਂ,
ਉਹ ਉੱਚੀਆਂ ਬਰਫ਼ ਦੀਆਂ ਚੋਟੀਆਂ
ਖੜੀਆਂ ਵਾਂਗ ਦੇਵੀਆਂ ਰੂਹ ਨੂੰ ਬੁਲਾਉਂਦੀਆਂ,
ਉਹ ਸਾਹਮਣੇ ਉੱਚੀਆਂ ਚਮਕਦੀਆਂ ਉਚਾਈਆਂ ਲੰਮੇਰੀਆਂ
ਛੱਡ ਇਨ੍ਹਾਂ ਨਿਵਾਣਾਂ ਦੇ ਹੁਸੜਾਂ, ਜਿਨ੍ਹਾਂ ਏਕਾਂਤ ਦੀਆਂ ਗੁਫ਼ੀਂ ਹਨ੍ਹੇਰੀ
ਕੋਠੜੀਆਂ ਇਥੇ ਜਾਲਾਂ ਫਸਿਆਂ ਪੰਛੀਆਂ ਦੀਆਂ ਘਬਰਾਹਟਾਂ ਆਵਾਜਾਰੀਆਂ,
ਬਸ ਆਪ ਸਹੇੜੀਆਂ ਕਮੀਨੀਆਂ ਨਿੱਕੀਆਂ ਕੂੜੀਆਂ ਗੱਲਾਂ ਦੇ ਵੱਡੇ-
ਵੱਡੇ ਪਵਾੜੇ ਹੋਰ ਕੁਝ ਨਾ, ਇਥੇ ਦੇ ਦਾਰੂ ਦਸ ਬੀਮਾਰੀਆਂ ਥੀਂ ਵੀ ਵੱਧ
ਬੀਮਾਰੀਆਂ, ਇਥੇ ਹਨ੍ਹੇਰਿਆਂ ਦੇ ਗ਼ਜ਼ਬ ਦਸ ਉਨ੍ਹਾਂ ਹਨ੍ਹੇਰਿਆਂ ਥੀਂ ਵੀ
ਵੱਧ ਹਨ੍ਹੇਰੇ,
ਛੱਡ ਜਵਾਨਾਂ, ਕਬਰਾਂ ਜਿਹੀਆਂ ਬਣਾ ਕੀ ਮੋਇਆਂ ਵਾਂਗ ਰਹਿਣਾ ਤੇ ਤ੍ਰਿਪਤ
ਜਿਹਾ ਹੋਣਾ ਇਕ ਬੇਇਲਮੇ ਮੁਰਦੇ ਜਿਹੇ ਖ਼ੁਦ ਵਿੱਚ ਇਹ ਖ਼ੁਦੀ
ਦਾ ਮਾਰਨਾ ਖ਼ੁਦੀ ਖ਼ੁਦ ਥੀਂ ਵੱਧ ਇਕ ਰੰਗ ਰੂਹ ਦਾ,
ਉਠ, ਇਹ ਯੋਗ ਭੋਗ ਦੋਵੇਂ ਇਥੇ ਮੌਤ ਰੰਗ ਹਨ ਸਿਆਹ ਕਾਲੇ, ਭੈੜੇ ਮੋਏ-ਮੋਏ
ਭੂਤਾਂ ਦੀ ਵਸਤੀ ਡਰਾਉਣੀ, ਕੇਸ ਖਿਲਾਰੀ, ਦੰਦ ਕੱਢੀ ਮੁਰਦਿਹਾਣ
ਘਬਰਾਉਂਦੀ ਤੇ ਹੁਸੜਾਵਣੀ,
ਫੰਗਾਂ 'ਤੇ ਉੱਡਣਾ ਜੀਣਾ ਦੱਸੇ ਰੱਬ ਮੇਰਾ,
ਨਵੀਂ ਧਰਤ ਅਕਾਸ਼ ਰਚਣੀ ਸਜਰੇ ਸੂਰਜ ਸਦਾ ਮਾਰਨਾ ਇਸ ਮੁਰਦੇ ਮਾਦੇ ਨੂੰ
ਦਿਨ ਰਾਤ ਸੱਟ ਤੇ ਘਾੜਾਂ ਘੜਨੀਆਂ ਰੱਬ ਵਾਲੀਆਂ, ਲਾਲ-ਲਾਲ
ਗਰਮ ਕਰਨਾ ਲੋਹੇ ਨੂੰ ਸਾਹੋ ਸਾਹ ਵਜਾਣੇ ਵਦਾਨ ਤੇ ਘੜਨਾ ਤਲਵਾਰ
ਦਾ, ਤੇਜ਼ ਧਾਰ ਦਾ, ਚਮਕ ਦਾ, ਬਿਜਲੀਆਂ ਦਾ ਕਰਤਾਰਨਾ ਦਿਲ ਦੇ
ਜੋਸ਼ ਨਾਲ…
ਨਿਕਲੇ ਵੇ ਜਿੰਦੇ
ਇਨ੍ਹਾਂ ਉਹ ਮੈਲੇ ਦੇਸ਼ਾਂ ਥੀਂ,
ਚੱਲ ਵਸ
ਜਿੱਥੇ ਉੱਚੀਆਂ ਚੋਟੀਆਂ, ਤੇ ਸੁਬਕ-ਸੁਬਕ ਸੁਗੰਧੀਆਂ
ਜਿੱਥੇ ਇਸ ਗੱਲ ਥੀਂ ਛੁਟਕਾਰਾ "ਹਾ ਕੁਝ ਬਣੀਏ"
ਜਿੱਥੇ ਫੁੱਲ ਨਿੱਕੇ-ਨਿੱਕੇ ਹੱਸਦੇ ਅਚਿੰਤ ਜਿਹੇ ਦੇਵਤੇ ।
ਜਿੱਥੇ ਘਾਹ ਖ਼ੁਸ਼ ਜੀਂਦੇ ਆਪਣੇ ਘਾਹ ਮਨ ਵਿੱਚ, ਉਸੇ ਕਰਤਾਰ ਦੀ ਛੋਹ ਪਾਣ
ਦੇ ਉੱਚੇ ਅਹੰਕਾਰ ਵਿੱਚ ਤੀਲਾ ਜਿੱਥੇ ਆਦਮੀ ਰੱਬ ਦਾ ਬੱਚਾ, ਸੋਹਣਾ
ਸ਼ਾਹਜ਼ਾਦਾ ਜਿੱਥੇ ਕੁਝ ਹੋਰ ਹੋਣ ਦੀ ਤਾਂਘ ਨਾ, ਜਿੱਥੇ ਰੱਬ ਦਾ ਦੀਦਾਰ
ਹਰ ਇਕ ਅੱਖ ਵਿੱਚ ਵੱਸਦਾ,
ਜਿੱਥੇ ਜ਼ਰਾ-ਜ਼ਰਾ ਸੂਰਜ ਇਕ ਚਮਕਦਾ,
ਚੱਲ ਉਠ ਜਿੰਦੇ !
ਚੱਲ ਵੱਸੀਏ ਉਨ੍ਹਾਂ ਸੋਹਣੀਆਂ ਉੱਚਾਈਆਂ 'ਤੇ
ਜਿੱਥੇ ਚੋਟੀਆਂ ਦੀਆਂ ਚੋਟੀਆਂ ਉੱਡਦੀਆਂ ਜਾਂਦੀਆਂ ਕੰਵਲ ਮੁੱਖੀਆਂ ਮੁੱਖ
ਸਹਿਤ ਭਰੀਆਂ ਉਲਰਦੀਆਂ ਉਰਾਂਹ ਨੂੰ ਵਾਂਗ ਪਿਆਰ ਗੀਤ ਨੱਚਦੀਆਂ,
ਨੀਲਾ ਅਕਾਸ਼ ਜਿੱਥੇ ਇਨ੍ਹਾਂ ਚਿੱਟੀ ਚੋਟੀਆਂ ਨੂੰ ਹੋਰ ਉੱਚਾ ਕਰਦਾ ਚਾ-ਚਾ
ਆਪਣੇ ਮੋਢਿਆਂ 'ਤੇ ਜਿਵੇਂ ਕੋਈ ਵੇਚਦਾ ਰੱਬ ਦਿਆਂ ਮਹਿਲਾਂ ਦੀ
ਗਲੀਆਂ ਵਿੱਚ ਇਲਾਹੀ ਬਾਗਾਂ ਦੇ ਫੁੱਲ ਸਜਰੇ ।
ਉੱਚਾਈਆਂ ਦਾ ਹੋਰ ਉੱਚਾ ਹੋਣਾ ਨੀਲਾਣ ਅਨੰਤ ਨੂੰ ਆਪਣਾ ਘਰ ਜਿਹਾ
ਬਣਾ ਕੇ, ਇਹ ਹੈ ਅਪ੍ਰਾਪਤ ਦੀ ਸਦਾ ਸਹਿਜ ਸੁਭਾਅ ਪ੍ਰਾਪਤੀ,
ਇੰਦਰੀਆਂ ਨੂੰ ਵਸ ਕਰ ਕੀ ਕਿਸੇ ਸੰਵਾਰਨਾ
ਦੱਸ ਜਿੰਦੇ ਜਿੱਥੇ ਤੇਰਾ ਸਾਹ ਘੁਟ ਇਹ ਪੰਡਤ ਮੁੜ-ਮੁੜ ਮਾਰਦੇ ।



ਜਿਸ ਗੁਰੂ ਨਾਨਕ ਤੱਕਿਆ,
ਜਿਸ ਸੁਣਿਆ ਨਾਮ ਮਹਾਰਾਜ ਦਾ
ਉਹਦੇ ਇੰਦਰ ਇਕ ਦੇ ਲੱਖ ਹੋਣਾ ਲੋਚਦੇ,
ਸੰਜਮ ਨੂੰ ਮਾਰੇ ਕਾਠ, ਉਹ ਅਨੰਤ ਬੇਬਸ ਹੋਣਾ ਲੋਚੇ ਆਪਣੇ ਦਿਲੀ ਚਾਅ ਦਾ,
ਇਥੇ ਖ਼ੁਸ਼ੀ ਫਰਾਟੇ ਮਾਰੇ, ਵਗੇ ਵਾਂਗ ਠਿੱਲ੍ਹੇ ਸਮੁੰਦਰਾਂ ਦੇ,
ਇਥੇ ਅਕਾਸ਼ ਦਾ ਫ਼ੈਲਾਉ ਵੀ ਨਿੱਕਾ ਜਿਹਾ ਥਾਂ ਵਸਣ ਦੀ ਰੂਹ ਲੋੜੇ ਕੋਈ
ਅਨੰਤ ਤੇ ਹੋਰ ਵੀ,
ਇਹ ਕੀ ਕਬਰਾਂ ਦੇ ਰਹਿਣ ਵਾਲੇ ਸਾਧਨ ਦੱਸਣ ਚੁੱਪ ਹੋਣ ਦਾ,
ਸਮੁੰਦਰਾਂ ਦਾ ਸਾਰਾ ਸ਼ਬਦ ਸੰਖ ਨਿੱਕਾ "ਧੰਨ ਗੁਰੂ ਨਾਨਕ" "ਧੰਨ ਗੁਰੂ ਨਾਨਕ"
ਮੇਰੇ ਗਾਣ ਨੂੰ,
ਇਕ ਮਨ ਦੀ ਚਾਅ ਭਰੀ, ਗ਼ਰੂਰ ਭਰੀ ਮਨਚਲਤਾ ਕੀ ਸੰਵਾਰ ਸਕੇ,
ਲੋੜ ਹੈ ਲੱਖ ਮਨਾਂ ਦੀ ਬਿਹਬਲਤਾ ।ਮੈਨੂੰ ਇਕ ਮਨ ਦਾ ਖਰੂਦ
ਵਸ ਨਹੀਂ, ਮੇਰੇ ਜੋਸ਼ ਨੂੰ ਲੱਖ ਮਨਾਂ ਦੀ ਸਾਰੀ ਸੁਰਤ ਲੋੜ ਹੈ ਇਕ
ਉੱਚੀ ਚੀਕ ਮਾਰਨ ਨੂੰ,
ਓਏ ! ਪੰਜ ਇੰਦਰੀਆਂ ਦਾ ਭੋਗ ਦਾ ਰੋਗ ਫਿੱਕਾ, ਮੈਨੂੰ ਨਾਮ ਪ੍ਰਭਾਤ ਦੇ ਖਿੱਚਣ
ਨੂੰ ਲੋੜ ਹੈ ਅਨੰਤ ਇੰਦਰੀਆਂ ਦੇ ਭੋਗ ਰਸ ਦੀ ।
ਕਿਸੇ ਕੰਨੀਂ ਮੇਰੇ ਪਾਇਆ ਨਾਮ ਉਸ ਉੱਚੇ ਨਿਰੰਕਾਰ ਦਾ
ਮੈਂ ਇਕ ਆਪੇ ਦੇ ਸਹਸਰ ਆਪੇ ਹੋਣ ਲੋਚਦਾ,
ਇਕ ਜੋੜਾ ਨੈਣਾਂ ਦਾ ਦਰਸ਼ਨਾਂ ਦੇ ਅਸਮਰੱਥ ਹੈ ।
ਖ਼ੁਸ਼ੀ ਮੇਰੀ ਲੂੰਅ-ਲੂੰਅ ਕੂਕਦੀ,
ਮੇਰਾ ਰੂਹ ਆਪ ਮੁਹਾਰਾ ਖ਼ੁਸ਼ੀ ਨਸ਼ੇ ਵਿੱਚ ਬੇਹੋਸ਼ ਜਿਹਾ ਫਿਰਦਾ,
ਓਏ ! ਮੈਨੂੰ ਥਾਂ ਕੋਈ ਬਸ ਨਾ,
ਮੇਰੀ ਪਗੜੀ ਅਸਮਾਨ ਵਿੱਚ ਲਟਕਦੀ,
ਮੇਰੀ ਕਮੀਜ਼ ਨਵੀਂ ਧੋਤੀ ਸਮੁੰਦਰ ਕਿਨਾਰੇ ਰੇਤ 'ਤੇ ਸੁੱਕਦੀ
ਮੇਰੇ ਹੱਥ ਉੱਤੇ ਸੂਰਜ,
ਮੇਰੇ ਭਰਵੱਟੇ ਵਿੱਚ ਵਸਿਆ ਚੰਨ ਚਮਕਦਾ,
ਹੁਣ ਮੈਂ ਹੱਸਦਾ,
ਨਿੱਕਾ ਜਿਹਾ ਆਦਮੀ ਭੈੜਾ ਚੁੱਪ ਹੋਣ ਨੂੰ ਤਰਸਦਾ !
ਗੀਤ ਨਾਮ ਦਾ ਅਕਾਸ਼ਾਂ ਵਿੱਚ ਗੂੰਜਦਾ,
"ਨਾਨਕ" "ਨਾਨਕ" ਆਖ ਦੇਵਤਿਆਂ ਦੇ ਮੂੰਹ ਸੁੱਕਦੇ,
ਇਸ ਸੁੱਕੇ ਸਮਾਧੀ, ਸੜੇ ਬੰਦੇ ਨੂੰ ਹਾਲੇ ਚਾਅ ਨਹੀਂ ਚੜ੍ਹਦਾ ਤੇ ਸਿਰ ਨਹੀਂ ਚੁੱਕਦਾ,
ਗੁਰੂ ਦੀ ਦਿੱਤੀ ਉੱਚੀ ਦਸਤਾਰ ਸਜਾ ਕੇ, ਇਕ ਵੇਰ ਉੱਠਦਾ ਰੱਬ ਦਾ
ਗੀਤ ਗਾਉਂਦਾ,
ਦਿਲ ਮੇਰਾ ਕਰਦਾ
ਕੱਪੜੇ ਫਾੜ ਚੀਰ ਲੀਰ-ਲੀਰ ਕੱਟ ਸੁੱਟਾਂ
ਹੱਡ ਮਾਸ ਸਾਰਾ ਵਾਰਾਂ ਉਹ ਸੋਹਣੇ ਇਕ ਨਾਮ ਥੀਂ,
ਧੂੜ ਵਿੱਚ ਰੁਲਾਂ ਜਿੱਥੇ ਕੋਈ ਰਹਿੰਦਾ ਧੰਨ ਗੁਰੂ ਨਾਨਕ ਆਖਦਾ,
ਤੇ ਮੂੰਹ ਆਪਣਾ ਭਰਾਂ ਅਰਦਾਸ ਨਾਲ
"ਸਾਈਂ ਵਾਲਿਓ !
ਮੇਰੀ ਖ਼ਬਰ ਲਵੋ,
ਹਾਲੇ ਬਸ ਨਹੀਂ
ਮੇਰਾ ਚਾਅ ਤੀਬਰ ਕਰੋ,
ਦਿਲ ਦੀ ਚਾਹ ਇਕ ਤਲਵਾਰ ਹੋਵੇ,
ਪਾਰ ਸਦਾ ਅਗੀ ਤੇਜ਼ ਜਵਾਲ ਹੋਵੇ,
ਨੀਂਦ ਮੇਰੀ ਇਕ ਬਿਜਲੀਆਂ ਦਾ ਬਦਲਾਂ ਦੇ ਵਿੱਚ ਸੈਣ ਹੋਵੇ,
ਤੇ ਫਟੇ ਮੇਰਾ ਕਲੇਜਾ ਸਦਾ ਬਿਜਲੀਲੇ ਇਕ ਚਾਅ ਵਿੱਚ,
ਮੇਰੇ ਚਾਅ ਦੀ ਚਮਕ ਹੋਵੇ ਵਾਂਗ ਸਹੰਸਰ ਬਿਜਲੀਆਂ ।
ਤੇ ਫਟ-ਫਟ ਫੁਟੇ ਮੁੜ ਇਹ ਦਿਲ ਮੇਰਾ,
ਤੇਰਾ ਇਸ਼ਕ ਗਾਉਂਦਾ !
ਕੋਈ ਦਿਨ ਸੀ ਜਵਾਨੀ ਦਾ ਰੰਗ ਤੇ ਯੁਵਤੀ ਦਾ ਪਿਆਰ ਕ੍ਰਿਸ਼ਮਾ ਕਰਦਾ ਸੀ
ਖਿੱਚ ਪਾਉਂਦਾ, ਪਰ ਇਕ ਝੱਟ ਦਾ ਝੱਟ ਸਭ ਭੁਲਾਉਂਦਾ
ਹੁਣ ਪਾ ਕਲੇਜੇ ਵਿੱਚ ਉਹ ਖਿੱਚ ਜਿਸ ਨਾਲ ਸੂਰਜ ਦੌੜੇ ਮੇਰੇ
ਸੁਪਨੇ ਦੇ ਰੰਗ ਵਿੱਚ ਤੇ ਤਾਰੇ ਚਮਕਣ ਮੇਰੇ ਨੈਣਾਂ ਦੇ ਆਸਰੇ !

੨੧. ਜੀਆਦਾਨ ਦੀ ਘੜੀ

(ਖ਼ਾਲਸਾ ਸਮਾਚਾਰ ਕੱਤਕ ਦੀ ੨੯ ਸੰਮਤ ੪੫੬ ਨਵੰਬਰ ਦੀ ੧੩ ਸੰਨ ੧੯੨੪ ਈ: ਲੇਖ
"ਸਭ ਕਿਛ ਜੀਵਤ ਕੋ ਬਿਵਹਾਰ" ਵਿੱਚੋਂ)

ਮੈਂ ਤੱਕਾਂ !
ਸਦਾ ਤੱਕਾਂ ।
ਦਾਤਾ ਜੀ ਨੂੰ ਮਿਹਰਾਂ ਕਰਦਾ ਤੱਕਾਂ ।
ਰੂਹ ਦਾ ਠੰਡਾ ਸਾਹ ਭਰ ਫ਼ੁੱਲ ਵਾਂਗ ਚਟਕ ਜਾਣ ਵਾਲੇ ਦੀਦਾਰ ਕਰਾਂ ।
ਹੋਰ ਕੋਈ ਕੰਮ ਨਾ ਕਰਾਂ !
ਮੁੜ-ਮੁੜ ਦਾਤਾ ਜੀ ਦੇ ਦਾਨ ਘੜੀ ਵਿੱਚ ਖਲੋਵਾਂ ।
ਬਾਬਾ ਜੀ ਨੂੰ ਤੱਕਾਂ !
ਸੂਰਜ ਸਲਾਮ ਕਰਦੇ ਨੂੰ ਸਿੱਜਦੇ ਵਿੱਚ ਦੇਖਾਂ,
ਬਸ ਦੇਖਾਂ, ਦੇਖਾਂ ! ਹੋਰ ਕੁਝ ਨਾ ਕਰਾਂ !

……
ਕੋਈ ਨਾ ਹਿਲਾਵੇ ਮੈਨੂੰ !
ਯੋਗ ਨਹੀਂ ਲੋੜ
ਸਮਾਧੀਆਂ ਨਹੀਂ ਲੋੜ
ਭੋਗ ਨਹੀਂ ਲੋੜ
ਰਾਜ ਨਹੀਂ ਲੋੜ
ਸਵਰਗ ਨਹੀਂ ਲੋੜ
ਹਾਏ ਵੇ ਮੈਨੂੰ ਨਾ ਛੇੜੋ ਮੈਨੂੰ ਕੁਝ ਨਹੀਂ ਲੋੜ !
ਸਾਧਨ ਨਾ ਦੱਸੋ ਮੈਨੂੰ
ਯਤਨਾਂ ਦੀ ਲੋੜ ਨਹੀਂ ।
ਮੈਨੂੰ ਬਸ ਖੜਾ ਰਹਿਣ ਦੇਵੋ !
ਮੈਂ ਲੋਚਦਾ ਮੁੜ-ਮੁੜ ਦਾਤਾ ਜੀ ਦੀ ਦਾਨ ਘੜੀ ਵਿੱਚ ਖਲੋਵਾਂ ।
ਹਾਏ ਉਹ ਘੜੀ ਸੱਚੀ ਹੋਵੇ ।
ਉਹੋ ਘੜੀ ਅਕਾਲ ਹੈ ।
ਦਾਤਾ ਜੀ ਨੂੰ ਮਿਹਰਾਂ ਕਰਦਾ ਤੱਕਾਂ !
……………………
ਸ਼ਾਸਤਰ ਨਾ ਸੁਣਾਵੋ ਮੈਨੂੰ !
ਘਬਰਾਹਟ ਨਾ ਪਾਵੋ ਮੈਂਨੂੰ !
ਮੈਂ ਆਜ਼ਾਦ ਖੜਾ ਵੇਖਦਾ,
ਜਾਉ ਮੈਨੂੰ ਉਹ ਲੋੜ ਨਾ ਜਿਹੜੀ ਆਪ ਲੋੜਦੇ,
ਮੈਂ ਤਾਂ ਨੈਣ ਭਰਾਂ ਦੀਦਾਰ ਨਾਲ,
ਤੇ ਦੇਖਾਂ ਮੁੜ ਦੇਖਾਂ !
…………………
ਤੱਕਣਾ, ਦਰਸ਼ਨ, ਮੇਰਾ ਸਾਧਨ-ਯੋਗ ਧਰਮ, ਕਰਮ,
ਮੈਨੂੰ ਕਿਸੇ ਹੋਰ ਓਪਰੇ ਜਿਹੇ ਦੀਨ ਦੀ ਲੋੜ ਨਾ,
ਬਹੂੰ ਸਾਰਾਂ ਗੱਲਾਂ ਨਾ ਕਰੋ ।
ਮੈਂ ਘਬਰਾਉਂਦਾ ! ਛੋੜ ਜਾਉ ਬਖ਼ਸ਼ੋ ।
ਮੈਨੂੰ ਹੋਰ ਕੁਝ ਲੋੜ ਨਾ ।
ਮੈਂ ਤੱਕਾਂ-ਤੱਕਾਂ ! ਸਦਾ ਤੱਕਾਂ, ਮੁੜ ਤੱਕਾਂ !
ਦਾਤਾ ਜੀ ਨੂੰ ਮਿਹਰਾਂ ਕਰਦਾ ਤੱਕਾਂ !
ਮੈਨੂੰ ਬਾਬਾ ਜੀ ਕੋਲ ਖੜਾ ਰਹਿਣ ਦਿਓ !
ਮੈਨੂੰ ਹੋਰ ਕੁਝ ਲੋੜ ਨਾ ।
ਜੀਆ ਦਾਨ ਦੇਣ ਦਾ ਦਰਸ਼ਨ ਲੋਚਦਾ,
ਉਸ ਘੜੀ ਦੀ ਘੜੀ ਭਰ ਉਮਰ ਲੋਚਦਾ ।
ਉਸ ਘੜੀ ਦੀ ਸਦੀਵਤਾ ਮੇਰੀ ਅੰਮ੍ਰਿਤਤਾ ।
ਵੇਖਣਾ ਬਸ ਮੁਕਤੀ,
ਤੱਕਣਾ ਬਸ ਜ਼ਿੰਦਗੀ, ਪ੍ਰਕਾਸ਼ ਪਿਆਰ ਰੌਸ਼ਨੀ ।
…………
ਨੈਣ ਮੇਰੇ ਖੋਲ੍ਹ ਦਵੋ ।
ਦੀਦ ਬਖ਼ਸ਼ੋ ਦੀਦਾਰ ਵਾਲੀ,
ਵੇਖਾਂ ਹਜ਼ੂਰ ਦੇ ਦਰ 'ਤੇ ਆਪ ਨੂੰ ਦਾਨ ਕਰਦੇ
ਜੀਆਦਾਨ ਦੇ ਉੱਚਿਆ ਦਾਤਿਆ ਗੁਰੂ ਸੂਰਮਿਆਂ ਨੂੰ !

੨੨. ਕਠਨ ਗਿਆਨ ਮਹਾਰਾਜ ਦਾ

(ਖ਼ਾਲਸਾ ਸਮਾਚਾਰ ਪੋਹ ਦੀ ੩, ਸੰਮਤ ਨਾ: ੪੫੭ ਦਸੰਬਰ ੧, ਸੰਨ ੧੯੨੫ ਈ:)

ਜਿੰਨਾ ਅਨੰਤ ਉੱਚਾ ਉਹ ਕਲਗੀਆਂ ਵਾਲਾ ਗੁਰੂ, ਉੱਨਾ ਕੌਣ ਹੋਵੇ ਜੋ ਆਖ
ਸੁਣਾਵੇ ਸਤਿਗੁਰ ਮੇਰਾ ਇਹ ?
ਅਕਲਾਂ ਵਾਲੇ ਆਪਣੇ ਜੀਵਨ ਨੂੰ ਖ਼ਤਰੇ ਦੇ ਮਾਪਾਂ ਨਾਲ ਤੋਲਦੇ ।
ਗਗਨਾਂ ਨੂੰ ਕੌਣ ਤੋਲੇ ? ਕਿਸ ਨਾਲ ?
ਕੋਈ ਪੁੱਛੇ ਕੌਣ ਐਸਾ ਜੋ ਆਪਾ ਵਾਰੇ,
ਸਰਵਸਵ ਵਾਰੇ, ਆਪ ਘੁਲ ਜਾਏ,
ਹਾਏ ! ਮਰਦ ਦਾ ਚੇਲਾ ਜੀ ਉੱਠੇ,
ਇਕ ਵਿੱਚ ਸੰਗਤਾਂ ਜੀ ਉੱਠਣ ।
ਸੰਗਤ ਵਿੱਚ ਇਕ ਜੀਂਦਾ ਜੀਅ ਜੀਉ ਉੱਠੇ,
ਉਸ ਜੀਂਦੇ ਬੰਦੇ ਦੇ ਕਦਮਾਂ ਦੀ ਰਾਗ-ਚਾਲ ਨੂੰ ਉਡੀਕਦੇ ਚਰ, ਅਚਰ
ਕਾਇਨਾਤ ਖੜੀ, ਕਰਤਾਰ, ਨਿਰੰਕਾਰ ਆਪ ਉਡੀਕਦੇ ।
ਇਸ ਖ਼ਾਲਸ…ਦੇ…
ਦਸ਼ਮੇਸ਼ ਦਾ…ਸਰੂਪ…
ਕਲਗੀਆਂ ਵਾਲਾ ਗੁਰੂ, ਉਹ ਸੀ ਕਰਤਾਰੀ ਬੇਸਬਰੀ ਅਨੰਤ ਵਿੱਚ,
ਤਲਵਾਰ ਚਮਕਾਂਦਾ ।
ਪੱਥਰਾਂ ਨੂੰ ਜਾਨ ਰੁਮਕਦੀ ਮੁਰਦਾ ਪੱਥਰਾਂ ਵਿੱਚ ਤਲਵਾਰ ਦੀ ਨੋਕ ਖਭੋਂਦਾ,
ਇਨਸਾਨ ਦੇ ਦਿਲ ਵਿੱਚ ਰੱਬ ਅੰਦਰੋਂ ਆਵਾਜ਼ ਦਿੰਦਾ ।
ਕੁਝ ਡਰ ਨਹੀਂ ਧਰਤੀ ਸਦੀਆਂ ਦੀ ਸੁੱਤੀ ਨੂੰ ਜਗਾਂਦਾ,
ਨੀਲੇ ਘੋੜੇ ਦੀ ਸੁੰਮ ਦੀ ਟਾਪ ਨਾਲ,
ਸੁੰਮ ਦੀ ਆਵਾਜ਼ ਹੁੰਦੀ ਅਸਮਾਨ 'ਤੇ ।
ਧਰਤੀ ਉੱਡਦੀ ਮਹਾਨ ਹੋ, ਉੱਚੀ ਹੁੰਦੀ ਅਰਸ਼ਾਂ ਥੀਂ ਮਹਾਨ ਉਹ !
ਹਨ੍ਹੇਰੇ ਘੁਪ ਘੇਰ ਨੂੰ ਦਿਲ ਬਲਦੇ ਦੀ ਮਸ਼ਾਲ ਨਾਲ ਚੀਰਦਾ,
ਲੱਖਾਂ ਚੀਖ ਉੱਠਦੇ ਆਖਣ ਸਤਿ ਸ੍ਰੀ ਅਕਾਲ ਉਹ !
ਇਕ ਖ਼ਿਆਲ ਦੀ ਮਟਕ ਨਾਲ ਸਾਰਾ
ਅੱਗਾ ਧੁਰ ਨਾਲ ਜੋੜਦਾ ਸੰਸਾਰ ਦਾ,
ਤੇ ਆਪਣੇ ਦਿਲ ਵਿੱਚ ਵਿਛੜੇ ਮਿਲਾਂਦਾ
ਰੱਬੀ ਜ਼ਾਤ ਨੂੰ ।
ਸਭ ਵਾਰ ਦਿੰਦਾ, ਬੋਲਦਾ ਨਹੀਂ,
ਇਕ ਮਾੜੇ-ਮਾੜੇ ਹੱਥ ਪੈਰ ਨਾਲ ਕੰਮ ਕਰਨ ਵਾਲੇ ਮਜੂਰ,
ਪਾਤਸ਼ਾਹ ਦੇਂਦਾ ਹਰ ਇਕ ਨੂੰ ਪਾਤਸ਼ਾਹੀਆਂ ਖੁਲ੍ਹ ਦੀਆਂ
ਕਰਤਾਰ ਜਿਹੜਾ ਸਭ ਨੂੰ ਕਰਤਾਰ ਕਰਦਾ,
ਗਾਂਦਾ ਨਿਰੰਕਾਰ ਪਰ ਮੋਹਿਤ ਉਹ ਅਕਾਰ 'ਤੇ,
ਆਦਮੀ ਦੇ ਮਨੁੱਖ ਨੂੰ ਪਿਆਰਦਾ, ਸੰਵਾਰਦਾ,
ਪਗੜੀ ਜਿਗ੍ਹਾ ਲਾਂਦਾ, ਕਮਰ ਕਟਾਰ ਉਹ,
ਤੇ ਠੋਕ ਪੀਠ ਆਖਦਾ :
'ਜਾਓ ਲੜੋ-ਬੱਚੇ ਮੇਰਿਓ !'
ਮਾਸੂਮਾਂ ਨੂੰ ਆਪ ਬੰਨ੍ਹਦਾ ਪਗੜੀਆਂ,
ਦੇਂਦਾ ਕਟਾਰਾਂ, ਲੜੋ ਮੈਦਾਨ ਵਿੱਚ,
ਫ਼ਤਹ ਗਜਾ ਦਿਉ,
ਇਉਂ ਹੁਕਮ ਦਿੰਦਾ ਆਪਣੇ ਪਿਆਰ ਨੂੰ,
ਆਪਣੇ ਥੀਂ ਵੱਧ ਪਿਆਰੇ ਆਪਣੇ ਜਾਏ ਵਾਰਦਾ,
ਨਾ ਗੁਰੂ ਨੂੰ ਸਿੱਖ ਕੋਈ, ਨਾ ਧਰਮ, ਨਾ ਕਰਮ ਕੋਈ, ਜਿਹੜਾ ਸਿਰ ਪਰੇ
ਕਰਦਾ ਕੌਣ ਸਮਝੇ ?
ਜਦ ਰੂਪ ਕੂਕਦਾ ਸਿਰਵਾਰ ਨੂੰ, ਗੁਰੂ ਗੋਬਿੰਦ ਸਿੰਘ ਨੂੰ
ਜਿਹੜਾ ਉਡਾਂਦਾ ਸਾਰੀ, ਜਿਹੜੀ ਉਠੀ ਨਹੀਂ ਮਹਾਕਾਲ ਤੋਂ ਮਹਾਕਾਲ ਹੈ
ਵਾਰ ਹਮਾਰਾ,
ਇਹ ਤਲਵਾਰ, ਮੌਤ, ਇਹ ਮਿਟ ਜਾਣਾ ਨਾਮ ਹੈ ਵਾਹਿਗੁਰੂ ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੌਣ ਸਮਝੇ ?
ਉਹ ਤੀਬਰ ਪਿਆਰ, ਜ਼ਹਿਰ ਦਾ ਪਿਆਲਾ ;
ਸਭ ਨਿੱਕੇ ਮੋਟੇ ਭੁੱਲ ਦੇ ਪੁੱਤਰ ਡਰਦੇ ਮਹਾਕਾਲ ਥੀਂ,
ਜੀਣਾ ਚਾਹਣ, ਉਹ ਚੂਹੇ ਕੁਤਰਦੇ, ਸੁੱਤੇ ਲੱਖਾਂ ਮਰ ਜਾਣ
ਇਕ ਰਾਤ ਵਿੱਚ,
ਮੋਏ ਆਖਣ ਜੀਂਦਿਆਂ ਦਾ ਗਿਆਨ ਆਵੇ,
ਮੌਤ ਦਾ ਮੂੰਹ ਚੁੰਮੇ ਕੌਣ ?
ਮਹਾਰਾਜ ਆਖਦੇ ਮਿੱਠਾ, ਖੰਡ ਮਿੱਠਾ,
ਇਸ ਬਲਵਾਨ ਗੁਰੂ ਗੋਬਿੰਦ ਸਿੰਘ ਨੂੰ ਜਾਣੇ ਕੌਣ ?
ਉਹ ਜਾਗਦਾ ਹੈ ਦੇਵ, ਬਸ ਆਪ ਜਾਣਦਾ ।
ਨਾ ਕੋਈ ਹੋਇਆ
ਨਾ ਹੋਏ ਅੱਗੇ,
ਇਨਸਾਨ ਸਦਾ ਆਖੇਗਾ ਵਾਹ ਵਾਹ ਗੁਰੂ ਗੋਬਿੰਦ ਸਿੰਘ
ਆਪੇ ਗੁਰੂ ਆਪੇ ਚੇਲਾ !
ਤੇ ਸੁੱਚਾ ਗਿਆਨ ਇਹ ਉਹ ਤੀਰ ਕਮਾਨ ਵਾਲਾ, ਮਾਰ ਕੇ ਜਵਾਲਦਾ, ਪੈਦਾ
ਕਰਦਾ ਮੁਕੰਮਲ ਇਨਸਾਨ ਉਹ ਆਪਣੇ ਅੱਖ ਦੇ ਝਮਕਾਰ ਵਿੱਚ,
ਇਕ ਨਿਗਾਹ ਨਾਲ ਸਾਜੇ ਉਸ ਗੁਪਤ ਜਗਤ, ਦਰਗਾਹ ਰੱਬਕਾਰ ਵਾਲੇ ।
ਠੀਕ ! ਉਹ ਸਤਿ ਸ੍ਰੀ ਅਕਾਲ ਜੋ ਬੋਲੇ ਸੋ ਨਿਹਾਲ !
ਸਰੀਰ ਦਾ ਜੀਣਾ ਕੀ
ਜੇ ਰੂਹ ਮਰ ਗਿਆ ਹੈ !
ਭੋਗ ਕੀ, ਜੋਗ ਕੀ,
ਜੋ ਰੂਹ ਮਰ ਗਿਆ ਹੈ !
ਦਬਾ ਹੇਠ ਜੀਣਾ-ਅਫਲ
ਇਹ ਦਿਨ ਰਾਤ ਜੀਣ ਚਾਹ ਕੀ,
ਡਰ ਕੀ ਜੇ ਜੀਣ ਚਾਹ ਨਹੀਂ,
ਉਹ ਜੀਣ ਜਿਹੜਾ ਟੁਕ, ਮਾਸ ਅਨਮਿਲ ਸਰਕਾਉਂਦੇ,
ਉਸ ਵਿੱਚ ਆਹ ਕੀ,
ਇਉਂ ਹੀ ਬ੍ਰਹਮ ਗਿਆਨੀ ਯੋਗੀ ਜਤੀ ਹਿੰਦੁਸਤਾਨ ਦੇ,
ਬੱਕਰੇ ਨੂੰ ਸਮਾਧੀ ਪਾਂਦੇ,
ਸਵਾਸ ਬੰਦ ਕਰਦੇ ਇਉਂ ਅਮਰ ਕਰਦੇ ਮਾਸ ਨੂੰ,
ਬੱਕਰਿਆਂ ਨੂੰ ਕੌਣ ਪੁੱਛਦਾ
ਹਿਮਾਲੇ ਜਿਹੇ ਪਹਾੜਾਂ ਉਪਰ ਬੱਜਰ ਪੈਂਦੇ ਤੇ ਸਿਰ ਪਾਟਦੇ, ਪੈਂਦੇ ਡਿੱਗਦੇ
ਬਲਕਾਰ ਉਹ,
ਸਮੁੰਦਰ ਸੁਕਦੇ ਪਲਾਂ ਵਿੱਚ,
ਧਰਤ ਪਾਟਦੀ, ਸਿਤਾਰੇ ਡਿੱਗਦੇ,
ਕੌਣ ਰੱਖਦਾ ਹਿਸਾਬ ਮਾੜੇ ਬੱਕਰੇ ਦੇ ਮਾਸ ਦਾ ।
ਇਹ ਜੀਣਾ ਨਹੀਂ ਜੀਣਾ ਹੋਰ ਹੈ,
ਪਰ ਕਠਨ ਗਿਆਨ ਮਹਾਰਾਜ ਦਾ
ਬੱਕਰਿਆਂ ਨੂੰ ਭੀ ਸੋਝੀ
ਕੋਈ ਜੰਮੇ, ਕੋਈ ਹੋਵੇ,
ਕੋਈ ਜੀਂਦਾ, ਪਰ ਕੇਵਲ
ਜੀਂਦਿਆਂ ਦੀ ਅੱਖ ਵਿੱਚ ਚਾਨਣਾ,
ਇਸ ਮਰਨ ਥੀਂ ਪਾਰ ਪਹਿਲਾਂ
ਪਹੁੰਚਦੇ ਦਰਗਾਹ ਪ੍ਰਕਾਸ਼ ਵਿੱਚ,
ਪਰ ਕੌਣ ਪਰਖੇ ਬਚਨ ਹਜ਼ੂਰ ਦੇ ?
ਡਰ-ਡਰ ਵੜਦੇ ਮਨ ਦੀਆਂ ਗੁਠਾਂ ਵਿੱਚ,
ਉੱਥੇ ਅੱਗੇ ਹਨ੍ਹੇਰਾ,
ਕੂਕਾਂ ਮਾਰਦੇ ਖ਼ੁਦਾ ਨੂੰ, ਪਰ
'ਕਾਲ-ਕਿਰਪਾਨ' ਚਲਦੀ,
ਬੱਚਦਾ ਕੋਈ ਨਾ, ਉਏ ਕੌਣ ਜਾਣੇ
ਕਲਗ਼ੀਆਂ ਵਾਲਾ ਕੇ ਆਖਦਾ ?
ਹਾਲੇ ਅਸੀਂ ਸਾਰੇ ਬੱਕਰੇ,
ਮਾਸ ਬੋਲਦਾ ਰੱਬ ਬਚਾ ਕੇ ਬੱਕਰੇ ਮੁੜ-ਮੁੜ ਪੁੱਛਣ ਗੁਰੂ ਗੋਬਿੰਦ ਸਿੰਘ
ਕਿਉਂ ਕਿਰਪਾਨ ਪਕੜੀ,
ਗਿਆਨੀ ਤਾਂ ਨਹੀਂ ਕਿਸੇ ਨੂੰ ਮਾਰਦੇ,
ਦੱਸੋ ਕੌਣ ? ਹੁਣ
ਬੱਕਰੇ ਬੋਲਦੇ ਲੰਘਦੇ
ਗੁਰੂ ਉਹ ਖੜਾ ਹੱਸਦਾ,
ਸੂਰਜ ਦੇ ਪਿੱਛੇ ਅਕਾਸ਼ ਵਿੱਚ,
ਜਿੱਤ ਸਦਾ ਗੁਰੂ ਦੀ,
ਤੇ ਦੇਖ ਜੀਂਦੇ ਹੱਥ ਜੋੜਦੇ ਤਲਵਾਰ ਨਾਲ ਕਟੀ ਕੇ 'ਵਾਹਿਗੁਰੂ ਜੀ ਕਾ
ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ'
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਵਾਬ ਦਿੰਦੇ :
"ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ"
ਮੇਲੇ ਹੁੰਦੇ ਆਵਾਜ਼ ਵਿੱਚ ।
ਇਉਂ ਕਲਗੀਆਂ ਵਾਲੇ ਨੇ ਦੁਨੀਆਂ ਵਿੱਚ ਪਰਵਿਰਤ ਰੱਬ ਦਾ ਰਾਜ
ਉਜਾਲਿਆ
ਰੱਬ ਦਾ ਨੇਮ ਨਵਾਂ ਅਨੰਦਪੁਰ ਸਜਿਆ
ਨਵਾਂ ਕਾਨੂੰਨ ਇਹ :
ਖ਼ਾਲਸਾ ਜੋਤ ਅਕਾਲ ਦੀ
ਘਾਟ ਘਾਟ ਜਗਸੀ,
ਇਹ ਲਾਟ ਸਦਾ ਫ਼ਤਹ ਦੀ ਕਦੀ ਨਾ ਹਾਰਸੀ,
ਨਾਮ ਰੱਬ ਦਾ ਖ਼ਾਲਸਾ,
ਗੁਰੂ ਗੋਬਿੰਦ ਸਿੰਘ ਸਾਜਸੀ,
ਰੱਬ ਵਿੱਚ ਆਪ ਖਲੋਸੀ,
ਖ਼ਾਲਸਾ ਸਦਾ ਫ਼ਤਹ ਗਜਾਇਸੀ,
ਖ਼ਾਲਸ ਨਾਮ ਪਿਆਰ ਦਾ,
ਜਾਨ ਰੱਬ ਦੀ ਧੜਕਸੀ
ਕੁਦਰਤ ਸਾਜਨਹਾਰ ਦੀ,
ਇਕ ਨਵਾਂ ਕਾਲ ਹੁਣ ਵਜਾਸੀ,
ਗਲੀ, ਗਲੀ "ਸਤਿ ਸ੍ਰੀ ਅਕਾਲ"
ਓ ਘਰ-ਘਰ "ਅਕਾਲ" ਗਜਸੀ,
ਲੁੰਡੀ-ਬੁੱਚੀ ਸਭ ਹਨ੍ਹੇਰ ।
ਬਿਜਲੀ ਕੜਕਸੀ,
ਦਿਲ ਵਿੱਚ ਖ਼ਾਲਸ ਜੋਤ ਜਦ-ਜਦ ਜਗਸੀ,
ਧੂੰਏਂ ਦਾ ਪਹਾੜ ਜਗਤ ਇਹ ਚਲਸੀ,
ਪਰ ਸਤਿਗੁਰੂ ਸੱਚਾ ਪਾਤਸ਼ਾਹ ! ਤੇਰਾ ਨਾਮ ਨਿਸ਼ਾਨ ਦਿਨੋਂ ਦਿਨ ਵਧਸੀ ।

੨੩. ਕੁਦਰਤ ਨੂੰ ਪਿਆਰ ਹਰਦ ਦੇ ਚੇਲੇ ਦਾ ਦੀਦਾਰ

(ਖ਼ਾਲਸਾ ਸਮਾਚਾਰ ਕੱਤਕ ਦੀ ੨੦ ਸੰਮਤ ਨਾ: ਸ਼ਾ: ੪੫੬, ਨਵੰਬਰ ੫ ਸੰਨ ੧੯੨੫ ਈ:)



ਦਿਨ ਰਾਤ ਦਾ ਇਹ ਪੈਂਡਾ,
ਚਲਣਾ ਸਦਾ ਦਾ ਇਹ,
ਧੁਰ ਦੀ ਮੈਂ ਯਾਤਰੂ ਹਾਂ,
ਮੂੰਹ ਤੀਰਥਾਂ ਨੂੰ ਕੀਤਾ,
ਧੁਰ ਥੀਂ ਉਠ ਚਲੀ ਹਾਂ ।



ਸਦੀਆਂ ਦੇ ਦੌਰ ਹੋਏ,
ਪੈਂਡਾ ਅਮੁਕ ਮੇਰਾ,
ਮੰਜ਼ਲ ਨਾ ਕੋਈ ਦਿਸੇ,
ਤੀਰਥ ਉਹ ਹੈ ਕਿਹੜਾ ?
ਜਿਸ ਲਈ ਉਠ ਚਲੀ ਹਾਂ ।
ਦਰਸ਼ਨ ਪਿਆਰ ਕਿਹੜਾ ?



ਹੈ ਪੀੜ ਦਿਲ ਜਿਸ ਦੀ
ਕਿੱਥੇ ? ਕੋਈ ਹੈ ਜਿਹੜਾ
ਦਸੇ ਜੋ ਰਾਹ ਤਿਸਦੀ,
ਪੁੱਛ-ਪੁੱਛ ਥੱਕ ਗਈ ਹਾਂ ।



ਦਿਲ ਦੀ ਆਵਾਜ਼ ਮੇਰੀ
ਸੁਫ਼ਨੇ ਆਵਾਜ਼ ਵਾਂਗੂ,
ਸ਼ਾਇਦ ਨਾ ਕੋਈ ਸੁਣਦਾ,
ਦਿਨ ਰਾਤ ਦੀ ਹੈ ਫੇਰੀ,
ਧੁਰ ਥੀਂ ਉਠ ਚਲੀ ਹਾਂ ।



ਮੰਜ਼ਲ ਬੜੀ ਹੈ ਮਾਰੀ,
ਜਾਤਾ ਮੈਂ ਇਹ ਸਈਓ,
ਪਹੁੰਚਣ ਦੀ ਆਈ ਵਾਰੀ,
ਪਰ ਹਾਏ ਦੂਰ ਖੜੀ ਹਾਂ,
ਟੁਰਦੀ ਵੀ ਥੱਕ ਪਈ ਹਾਂ,



ਜੋਬਨ ਉਮੈਦ ਚੜ੍ਹਿਆ,
ਬਸੰਤ ਆਣ ਛਾਈ,
ਪਰ ਮੋੜ ਤੇ ਜਾ ਅੱਪੜੀ
ਉੱਨਾ ਹੀ ਦੂਰ ਦਿੱਸਿਆ,
ਜਿੰਨੀ ਚਲੀ ਸਾਂ ਆਈ ।



ਬੁਚਕੀ ਹੈ ਉਹੋ ਚੁੱਕੀ,
ਧੁਰ ਥੀਂ ਜੋ ਸੀ ਚਾਈ,
ਉਹੋ ਗਗਨ ਹੈ ਮੋਢੇ,
ਧੁਰ ਥੀਂ ਜੋ ਚਾਅ ਲਿਆਈ
ਉਹੋ ਹੀ ਚਾਅ ਫਿਰਾਂਦੀ ।



ਸੂਰਜ ਤੇ ਚੰਨ ਉਹੋ,
ਤਾਰੇ ਲੱਖ ਨੈਣ ਮੇਰੇ,
ਚਾਨਣ ਅੰਧੇਰ ਉਹੋ,
ਉਹੋ ਹੀ ਕੇਸ ਮੇਰੇ,
ਮੁੜ-ਮੁੜ ਸਵਾਰਦੀ ਹਾਂ ।



ਇਕ ਕਦਮ ਵੀ ਨਾ ਪੁੱਟਿਆ ?
ਖੜੀ ਹਾਂ ਮੈਂ ਉਹੋ ।
ਫੁੱਲ ਝੋਲ ਮੇਰੀ ਉਹੋ ।
ਹਾਏ ਗ਼ਜ਼ਬ ਵੇ ਲੋਕੋ !
ਉਥੇ ਹੀ ਮੈਂ ਖੜੀ ਹਾਂ ।

੧੦

ਨਿੱਤ ਦਾ ਮੂੰਹ ਝਾਖਰਾ ਇਹ
ਹੋ ਰਿਹਾ ਸਵੇਰਾ,
ਇਹੋ ਸਦਾ ਅਗੇਰੇ,
ਆਸਾ ਜਿਹੀ ਨਿਰਾਸਾ
ਨਿੱਤ ਦਾ ਇਹ ਧੁੰਧਾਲਾ ।

੧੧

ਅੱਗੇ ਹੀ ਅੱਗੇ ਵੱਧਦੀ,
ਚਲਦੀ ਤੇ ਜਚਦੀ ਧੱਸਦੀ,
ਠੁੱਡੇ ਅਨੇਕ ਖਾਂਦੀ,
ਦਿੱਸੇ ਨਾ ਕੁਝ ਦਸੀਵੇ,
ਹੋਵੇ ਨਾ ਪਹੁ-ਫੁਟਾਲਾ ।

੧੨

ਟੋਹ ਟੋਹ ਧਰਤ ਅਗੇਰੀ,
ਕੁਝ ਪੈਰ ਇਹ ਸਿਞਾਣਨ,
ਮੇਰੇ ਥੀਂ ਵੱਧ ਗਿਆਨੀ
ਰਾਹ ਪੈਰ ਕੁਝ ਪਛਾਣਨ,
ਲੈਂਦੇ ਟੋਹ-ਟੋਹ ਉਜਾਲਾ ।

੧੩

ਕੁਦਰਤ ਹੈ ਨਾਮ ਮੇਰਾ
ਯਾਤਰੂ ਹਾਂ "ਖ਼ਾਸ ਦਿਨ ਦੀ"
ਲੰਮੀ ਰਾਤ ਲੰਮੇਰੀ,
ਵਧਦੀ ਨਾ ਘੱਟਦੀ ਗਿਣਤੀ
ਤੁਰਦੀ ਹੀ ਟੁਰੇ ਜਾਂਦੀ ।

੧੪

ਸਦੀਆਂ ਦੇ ਦੌਰ ਹੋਏ,
ਹਾਲਤ ਤੁਰਨ ਦੀ ਨੂੰ,
ਟੁਰਨਾ ਅਟੁਰ ਭਾਸੇ,
ਪੱਥਰ ਹੋਈ ਬਣੀ ਨੂੰ,
ਦਿਲ ਆਸ ਨਾ ਥੱਰਦੀ

੧੫

ਇਹ ਸਮਾਂ ਕਦੀ ਨਾ ਮੁਕਦਾ,
ਹੁਣ ਅਸਮਾਂ ਆਣ ਲੱਗਾ,
ਇਹ ਕੀ ਕੜਾਕਾ ਵੱਜਾ
ਦਿਲ-ਦਾਰ ਖੁਲ੍ਹ ਗਿਆ ਹੈ ?
ਜ਼ੰਜੀਰ ਟੁੱਟ ਗਿਆ ਹੈ ।

੧੬

ਅਗਲਾ ਹਨ੍ਹੇਰਾ ਘਟਿਆ,
ਜਾਦੂ ਇਹ ਕੀ ਹੋਇਆ ?
ਮਨ ਦਾ ਗਗਨ ਹੈ ਫੱਟਿਆ,
ਰੂਹ ਦਾ ਕਿਵਾੜ ਖੁਲ੍ਹਿਆ,
ਅੰਦਰੋਂ ਕੋਈ ਬਾਹਰ ਆਇਆ ।

੧੭

ਉਸ ਦੇ ਖੜੀ ਹਾਂ ਅੱਗੇ
ਚਾਨਣ ਦੇ ਵਿੱਚ ਖਲੋਤੀ,
ਭੁੱਲੀ ਮੈਂ ਆਪਣੇ ਨੂੰ
ਵਿੱਚ ਚਾਨਣੇ ਪਰੋਤੀ ! ਚਾਨਣ ਦਾ ਹੜ੍ਹ ਹੈ ਆਇਆ ।

੧੮

ਪਿੱਛੇ ਦਾ ਪੈਂਡਾ ਮੁੱਕਿਆ
ਅੱਗੇ ਦੀ ਹੋ ਗਈ ਹਾਂ
ਮੰਦਰ ਹੈ ਅੰਦਰ ਖੁਲ੍ਹਾ
ਵਿੱਚ ਉਸ ਦੇ ਖੜੀ ਹਾਂ
ਹੁਣ ਹੋਰ ਹੋ ਰਹੀ ਹਾਂ ।

੧੯

ਇਹ ਦਰਸ਼ਨ ਹੈ ਪਿਆਰ ਦਾ ਜੀ,
ਮੰਦਰ ਹੈ ਜਿਸ ਦਾ ਮਾਰਾ,
ਅੰਦਰ ਮੈਂ ਉਸ ਦੇ ਅੱਜ
………………ਹੋ
ਸਾਰੀ ਸਫ਼ਲ ਗਈ ਹਾਂ ।

੨੪. ਮੇਰਾ ਸਾਈਂ

ਮਨਮਾਡ ਸਟੇਸ਼ਨ(ਜਿਥੇ ਹਜ਼ੂਰ ਸਾਹਿਬ ਨੂੰ ਰਸਤਾ ਭੌਂਦਾ ਹੈ),ਉੱਤੇ ਦਿਲ
ਨੂੰ ਕੁਝ ਹੋਇਆ ਤੇ ਇਹ ਅਰਜ਼ ਪੁਕਾਰਿਆ ਮੈਂ :
ਇਕ ਬਾਲ-ਚੀਖ ਹੈ,
ਹਾਂ ।ਇਸ ਵਿੱਚ ਇਕ ਨਿਮਾਣੀ ਅਰਦਾਸ

ਛੰਦ ਝਿਲਮਿਲੇ


ਸੋਹਣਿਆ ਸਾਹਿਬਾ !
ਮੈਨੂੰ
ਇਹ : ਯਾਦ ਕੀਤਾ ।
ਅਚਨਚੇਤ ਬੰਦ ਪੰਛੀ
ਆਜ਼ਾਦ ਕੀਤਾ ।
ਪਿੰਜਰਿਉਂ ਕੱਢ,
ਵਿੱਚ ਖੁਲ੍ਹ
ਉਡਾਰ ਦਿੱਤਾ ;
ਨੀਲੇ ਗਗਨ ਨੂੰ ਪੰਛੀ ਪਿਆਰ ਦਿੱਤਾ ।
ਸੋਹਣੇ ਗੁਰੂ ਨੇ,
ਸੋਹਣਾ ਵਡਿਆਰ ਦਿੱਤਾ ।
ਚੰਨ ਸੂਰ ਥੀਂ
ਵੱਧ
ਖੰਭ ਖਲਿਆਰ ਦਿੱਤਾ ।
ਓਏ !
ਮੈਨੂੰ ਲੰਘਦੇ ਜਾਂਦੇ ਨੂੰ,
ਓਏ !
ਕੋਲੋਂ ਮੁੜਦੇ ਆਂਦੇ ਨੂੰ,
ਓਏ !
ਜਿੰਦ ਆਪਣੀ ਭੁੱਲਦੇ ਆਂਦੇ ਨੂੰ,
ਓਏ !
ਫਸੜੀ ਜਿੰਦ ਲੁਕਾਉਂਦੇ ਨੂੰ,
ਇਕ ਮਿੱਠੜੀ ਸੱਦ ਬੁਲਾਉਂਦੇ, ਨੀ
ਇਕ ਪਿਆਰੀ ਯਾਦ ਕਰਵਾਉਂਦੇ, ਨੀ
ਇਹ ਗਲੀ !
ਮਾਹੀ ਯਾਰ ਦੀ ਹਾਂ ।
ਇਹ ਰਾਹ !
ਸੱਚੀ ਸਰਕਾਰ ਦੀ ਹਾਂ ।
ਓਏ !
ਸਿੱਖ ਕਿਉਂ ਭੁੱਲਦੇ ਜਾਂਦੇ ਨੀ ?
ਓਏ !
ਸਿੱਖ ਕਿਉਂ ਰੁਲਦੇ ਜਾਂਦੇ ਨੀ ?
ਜਦ
ਦਰ ਖੁਲ੍ਹਾ ਦੀਦਾਰ ਦਾ ਹੈ ।
ਜਦ
ਹੜ੍ਹ ਆਇਆ ਰੱਬਵਾਰ ਦਾ ਹੈ ।
ਜਦ
ਬਖ਼ਸ਼ਸ਼ ਮੀਂਹ ਪਿਆ ਪੈਂਦਾ ਹੈ ।
ਜਦ
"ਵਤਸਲ-ਪਿਆਰ" ਭਰ ਆਂਦਾ ਹੈ ।
ਜਦ
ਬਿਹਬਲ ਹੋ-ਹੋ ਧਾਂਦਾ ਹੈ,
ਜਦ
ਬੰਨ੍ਹ ਪੰਛੀ ਜਿੰਦ ਪਾਂਦਾ ਹੈ,
ਤੇ
ਧਰਤ ਅਕਾਸ਼ ਗੂੰਜਾਂਦਾ ਹੈ,
ਤੇ
ਬਾਲ ਗੋਪਾਲ ਬੁਲਾਂਦਾ ਹੈ,
ਉਹ !
ਅਚਰਜ ਰੰਗ ਜਮਾਂਦਾ ਹੈ,
ਉਹ
ਭੇਦ, ਵਿੱਥ, ਮਿਟਾਂਦਾ ਹੈ,
ਉਹ
ਨੈਣ-ਅੰਮ੍ਰਿਤ ਛਕਾਂਦਾ ਹੈ,
"ਤੂੰ ਹੀ" "ਤੂੰ ਹੀ" ਜਪਾਂਦਾ ਹੈ,
ਰੱਬ-ਠਹਿਰੇ ਦਿਲ ਠਹਿਰਾਂਦਾ ਹੈ,
ਤੇ-ਰੱਬ ਹੀ ਰੱਬ ਦਿੱਸ ਆਂਦਾ ਹੈ,
ਉਹ
ਮਾਲਕ ਸਾਈਂ ਜੱਗ ਦਾ ਹੈ
ਉਹ
ਜਿੰਦ-ਚਾਨਣ ਰਗ-ਰਗ ਦਾ ਹੈ,
ਉਹ
ਹੱਸਦਾ-ਹੱਸਦਾ ਮਾਲਕ ਹੈ,
ਤੇ ਸੁੱਤੇ ਸਿਧ ਉਹ ਖ਼ਾਲਕ ਹੈ ।
ਜਾਗ ਮਨਾ !
ਇਹ ਗਲੀ !
ਉਸ ਪਿਆਰ ਦੀ ਹੈ !
ਜਾਗ ਮਨਾ !
ਇਹ ਧਰਤੀ !
ਰੱਬ ਬਲਕਾਰ ਦੀ ਹੈ ।
ਇਸ ਧੂੜ-
ਵਿੱਚ ਕਿਣਕੇ ਪਿਆਰ ਦੇ ਨੀ !
ਇਸ ਬਿਭੂਤ-
ਵਿੱਚ ਜਲੜੇ ਹਜ਼ਾਰ ਦੇ ਨੀ !
ਚੰਦ ਤਾਰੇ ਬਨਜਾਰੇ ਬਹਾਰ ਦੇ ਨੀ
ਇੱਥੇ ਯੂਸਫ਼ ਹਜ਼ਾਰ ਪੁਕਾਰ ਦੇ ਨੀ
ਤੇ
ਤਾਲਬ ਦਿਲ ਵਾਲੇ ਦਿਲਦਾਰ ਦੇ ਨੀ
ਉਸ
ਮਿਹਰਾਂ ਵਾਲੀ ਸਰਕਾਰ ਦੇ ਨੀ
ਉਸ
ਤੀਰਾਂ ਵਾਲੇ ਸਰਦਾਰ ਦੇ ਨੀ
ਦੀਨ ਦੁਨੀਆਂ ਦੇ ਅਸਰਾਰ ਦੇ ਨੀ
ਜਿਹੜਾ
ਗਗਨ-ਕਮਾਨ ਝੁਕਾਂਦਾ ਈ,
ਜਿਹੜਾ
ਚਾਹੜ ਚਿਲਾ ਦਿਲ ਚਾਂਦਾ ਈ,
ਉਹ
ਪਤਾਲ ਅਕਾਸ਼ ਥਰਰਾਂਦਾ ਈ
ਉਹ
ਚਾਹ, ਉਮਾਹ ਵਰਸਾਂਦਾ ਈ
ਉਹ
ਪਿਆਰ-ਲੁੱਟ ਪਾ ਗਾਂਦਾ ਈ
ਉਹ
ਟੁਰ ਦਿਲਾਂ ਵਿੱਚ ਜਾਂਦਾ ਈ
ਉਹ
ਸਭ ਕਿਸੇ ਹਿੱਕ ਲਾਂਦਾ ਈ
ਉਹ,
ਸਭ ਕਿਸੇ ਅਪਨਾਂਦਾ ਈ
ਬੱਚਿਆਂ ਨਾਲ ਉਠ ਖੇਡੇ ਉਹ
ਸਲਤਨਤਾਂ ਨੂੰ ਠੇਡੇ ਉਹ :



ਹੱਸ ਖੇਡਦੀ- ਖੇਡਦੀ ਕਿਰਨ ਆਈ,
ਦਿਲ ਅੰਦਰੇ- ਅੰਦਰੇ ਆਣ ਧਾਈ ।
ਸੂਰਜ ਕੰਬਦਾ- ਕੰਬਦਾ ਲਾਲ ਚੜ੍ਹਿਆ,
ਪ੍ਰਕਾਸ਼ ਕੂਕਦਾ- ਕੂਕਦਾ ਵਿਹੜੇ ਵੜਿਆ ।
ਕੰਵਲ ਖਿੜ-ਖਿੜ ਹੱਸੇ ਦਿਲ ਅਕਾਸ਼ ਜੁੜਿਆ ;
ਨੀਲਾ ਚੱਕਰ ਚੱਲਣੋਂ ਰਿਹਾ ਮਨ-ਮੰਡਲ ਮੁੜਿਆ
ਠੰਢੀ 'ਵਾ ਅਗੰਮ ਥੀਂ ਚਲ ਆਈ ।
ਕਲਗੀ ਵਾਲਿਆਂ ਵਾਲੀ ਸੁਗੰਧ ਆਈ ।
ਉੱਠ ਗਗਨ-ਪ੍ਰਕਾਸ਼ ਵਿੱਚ ਕੂਕਿਆ ਮੈਂ,
ਕਿਹੜਾ ਰਾਹ ਹਜ਼ੂਰ-ਹਜ਼ੂਰ ਨੂੰ ਜੀ-?
ਉੱਡ ਅਸਗਾਹ ਨੀਲਾਣ ਵਿੱਚ ਕੂਕਿਆ ਮੈਂ,
ਕਿਹੜਾ ਰਾਹ ਹੈ ਫ਼ੈਜ਼ ਗੰਜੂਰ ਨੂੰ ਜੀ ?
ਇਥੋਂ,
ਰਾਹ ਸਾਰੇ, ਓਥੇ, ਜਾਂਦੇ ਨੀ ।
ਜਿੱਥੇ
ਗੁਰੂ ਘੋੜੇ ਚੜ੍ਹ ਆਂਦੇ ਨੀ ।
ਜਿੱਥੇ
ਪਿਆਰਾਂ ਮੁੜ-ਮੁੜ ਪਾਂਦੇ ਨੀ !
ਜਿੱਥੇ
ਰੱਬ ਖੜੇ ਦਿੱਸ ਆਂਦੇ ਨੀ !
ਉਥੇ
ਅਕਾਸ਼ੀ ਨੀਲੇ ਘੋੜੇ ਹਨ ।
ਉਥੇ
ਅਕਾਲੀ ਬਾਂਕੇ ਜੋੜੇ ਹਨ ।
ਉਥੇ
ਦਰਵੇਸ਼ ਸੁੱਚੇ ਫ਼ਕੀਰ ਖੜੇ
ਉਥੇ
ਪਰ-ਉਪਕਾਰੀ ਬੀਰ ਖੜੇ
ਉਥੇ
ਨਾਮੀ ਧਿਆਨੀ ਧੀਰ ਖੜੇ ।
ਉਥੇ
ਕਵੀ ਕਵੀਸ਼ਰ ਹੀਰ ਖੜੇ ।
ਉਥੇ, ਜੋਗੀ
ਪਿਆਰਾ, ਪਿਆਰਾ ਉਹ !
ਉਹਦੇ
ਲੜ ਸੂਰਜ ਦਸਤਾਰਾ ਉਹ !
ਉਥੇ
ਖੀਰ ਸਮੁੰਦਰ ਭਾਰਾ ਉਹ !
ਉਥੇ
ਲਹਿਰ ਬਹਿਰ ਅਸਵਾਰਾ ਉਹ !
ਉਥੇ
ਬਾਲਕ ਚੰਨ ਨੂੰ ਪਾਂਦੇ ਨੀ !
ਉਥੇ
ਮਹਿਰਮ ਦਿਲ ਦੇ ਵਾਂਦੇ ਨੀ !
ਉਥੇ
ਮੌਜ, ਖੇਡ, ਰਮ, ਲੀਲ੍ਹਾ ਹੈ
ਉਥੇ
ਕੰਮ-ਕਾਜ, ਨਾ ਹੀਲਾ ਹੈ
ਉਥੇ
ਸੱਤ ਸਮੁੰਦਰ ਆਂਦੇ ਨੀ ।
ਉਥੇ
ਹੀਰੇ ਪੰਨੇ ਮਾਂਦੇ ਨੀ ।
ਉਥੇ
ਸੋਹਣੇ-ਸੋਹਣੇ ਚੇਹਰੇ ਨੀ ।
ਉਥੇ
ਦਿਲ ਮੇਰੇ ਦੇ ਡੇਰੇ ਨੀ ।
ਉਥੇ
ਮਸਤਕ ਚਮਕਣ ਵਾਲੀ ਨੀ ।
ਉਥੇ
ਭਾਗ ਖੁਲ੍ਹੇ ਹਰ ਬਾਲੇ ਨੀ ।
ਉਥੇ
ਲੱਖ ਨੈਣਾਂ ਦੇ ਤਾਰੇ ਨੀ ।
ਉਥੇ
ਲਾਟਾਂ ਜਗ-ਮਗ ਸਾਰੇ ਨੀ ।
ਉਥੇ
ਹਰ ਕੋਈ ਦਿਲ ਦਾ ਪਿਆਰਾ ਨੀ ।
ਉਥੇ
ਅਨੇਕ ਦਿਲਾਂ ਦਾ ਸਹਾਰਾ ਨੀ ।
ਇਕ ਦਿਲ ਵਿੱਚ ਲੱਖ ਹਜ਼ਾਰਾਂ ਨੀ ।
ਇਕ ਨੈਣ ਵਿੱਚ ਲੱਖ ਪਿਆਰਾ ਨੀ ।
ਉਥੇ
ਇਕ ਗੁਰੂ, ਜੀ ਪਿਆਰਾ ਹੈ ।
ਉਥੇ
ਲੱਖ ਵਿੱਚ, ਝਲਕਾ ਸਾਰਾ ਹੈ ।
ਉਥੇ
ਚੁੱਪ, ਕੁਲ ਜ਼ਬਾਨਾਂ ਨੀ ।
ਉਥੇ
ਖ਼ਿਆਲ, ਫੁੱਲ ਮਸਤਾਨਾ ਨੀ ।
ਉਥੇ
ਆਤਮ ਰਾਜ ਸੁਹਾਣਾ ਨੀ
ਉਥੇ
ਖੁੱਲ੍ਹ, ਜੀ ਜਗ ਜਾਣਾ ਨੀ ।



ਹੁਣ ਨਾ ਹਿਲਾਉ ਇੱਥੋਂ
ਜਾਉ, ਜਿਸ ਜਾਣਾ, ਜਾਉ ਇੱਥੋਂ ।
ਰੇਲ ਗੱਡੀਏ-ਜਾਣਾ ਏਂ, ਜਾ ਇੱਥੋਂ
ਬਿਨ ਮੰਜ਼ਲੀਏ,
ਕੂਕਦੀ ਧਾ ਇੱਥੋਂ ।
ਸਫ਼ਰ ਕਰਨਾ ਕਿੱਥੇ ਮਰ ਜਾਣੀਏ ਨੀ ।
ਦਿਲ ਟਿਕਿਆ ਆਣ, ਅਨਜਾਣੀਏ ਨੀ ।
ਹੁਣ ਨਾ ਹਿਲਾਉ ਸਾਨੂੰ,
ਮਿਲਿਆਂ ਨਾ ਵਿਛੋੜੋ ਸਾਨੂੰ ।

੨੫. ਜੀ ਆਇਆਂ ਨੂੰ ਕੌਣ ਆਖੇ

(ਖ਼ਾਲਸਾ ਸਮਾਚਾਰ ਪੋਹ ਦੀ ੨੬ ਸੰਮਤ ਨਾ: ਸ਼ਾ: ੪੬੧, ਜਨਵਰੀ ੯ ਸੰਨ ੧੯੩੦ ਈ:)

ਉਹ ਕੌਣ ?
ਦੂਰ ਪਰੇ, ਪਰੇਡਿਉਂ ਕੋਈ ਆਉਂਦਾ ।
ਇਕ ਧੂਰ ਨੂਰ ਦੀ ਉੱਡਦੀ,
ਲੱਖਾਂ ਫ਼ੌਜਾਂ ਘੋੜਿਆਂ ਦੀ ਟਾਪ ਆਉਂਦੀ ।
ਉਹ ਆਇਆ ਜੀ,
ਉਹ ਕੌਣ ਆਉਂਦਾ ਜੀ,
ਗ਼ਰੀਬਾਂ ਦੇ ਦਰ 'ਤੇ ਆਣ ਖਲਾ,
ਫੁਰਨੇ ਥੀਂ ਤਾਵਲਾ,
ਕਿਹਾ ਬਿਹਬਲ ਹੋਇਆ,
ਬੀਬੀ ਕੋਈ ਅਰਸ਼ਾਂ ਦਾ ਗੱਭਰੂ,
ਗਗਨਾਂ ਨੂੰ ਚੀਰਦਾ ?
ਉਹ ਕੌਣ ਆਉਂਦਾ ?
ਗਗਨ ਘੋੜਾ ਹੇਠ,
ਸੂਰਜ ਇਹਦੇ ਘੋੜੇ ਦੀ,
ਵਾਗਾਂ ਵਿੱਚ ਲਮਕਦਾ ।
ਚੰਨ ਟਮਕਦਾ ਨੀਲੇ ਘੋੜੇ ਦੇ ਮੱਥੇ 'ਤੇ
ਤਾਰਿਆਂ ਦੀਆਂ ਲੜੀਆਂ ਲਟਕਦੀਆਂ
ਉਹਦੀ ਕਾਠੀ ਦੇ ਹੰਨੇ ਥੀਂ ।
ਉਹ ਕੌਣ ਆਉਂਦਾ ?
ਜੀ ਉਹ ਕੌਣ ਆਉਂਦਾ ?
ਦਰਿਆ ਪਏ ਵਗਦੇ,
ਚੱਲ ਬੇਸਬਰ ਵਿੱਚ,
ਅੱਧੀ ਰਾਤ ਬੂਹਾ ਖੜਕਾਉਂਦਾ
ਕੋਈ
ਬੇਨਿਆਜ਼ੀ ਲਾੜਾ
ਕਿਹਦੇ ਪਿਆਰ ਵਿੱਚ ਵਹੀਰਾਂ ਪਾਉਂਦਾ
ਉਹ ਕੌਣ ਆਉਂਦਾ ?
ਜੀ ਉਹ ਕੌਣ ਆਉਂਦਾ ?
ਪੰਜਾਬ ਵਿੱਚ ਇਕ ਝੌਂਪੜਾ,
ਕੱਖਾਂ ਦਾ ਛੱਤ,
ਜਿਹੜਾ ਦਿਨ-ਰਾਤ ਪ੍ਰਕਾਸ਼ ਛਾਣਦਾ,
ਨਿੱਕਾ ਨੀਵਾਂ ਬੂਹਾ,
ਗੁਫ਼ਾ ਵਾਂਗ ਇਕ ਅੰਦਰ,
ਉਥੇ ਇਕ ਬਾਗ਼ ਲਹਿਰਾਉਂਦਾ ।
ਉਹ ਕੌਣ ਆਉਂਦਾ ?
ਜੀ ਉਹ ਕੌਣ ਆਉਂਦਾ ?
ਅਜੀਬ ਕੋਈ ਅਕਾਸ਼ ਅੰਦਰ,
ਇਕ ਕੰਵਲ ਫੁੱਲ ਦਿਲ ਵਿੱਚ,
ਖੜਾ ਸਾਰਾ ਸ਼ੋਖ ਮਸਤ ਮਚਿਆ,
ਬਾਗ਼ ਚੁਪ-ਝੋਕਾਂ ਗਾਉਂਦਾ,
ਉਹ ਕੌਣ ਆਉਂਦਾ ?
ਜੀ ਉਹ ਕੌਣ ਆਉਂਦਾ ?
ਇਸ ਛੁਪੇ ਦਿਲ ਦੀ ਬੇ-ਮਲੂਮੀ ਤਾਂਘ,
ਪਤਾ ਜਿੱਥੇ ਵਜਦੀ ?
ਜੀ ਆਇਆਂ ਨੂੰ ਕੌਣ ਆਖੇ,
ਉਹ ਸਾਰਾ ਕੁਰਬਾਨੀ,
ਉਹ ਕੌਣ ਆਉਂਦਾ ?
ਜੀ ਉਹ ਕੌਣ ਆਉਂਦਾ ?
ਬਾਗ਼ਾਂ ਵਿੱਚ ਫੁੱਲ ਖਿੜੇ,
ਗਗਨਾਂ ਵਿੱਚ ਰਸ਼ਮੀਆਂ,
ਹਾਏ ! ਕਿੱਥੇ ਜਾ ਖਿੜਦੀਆਂ
ਛੁਪੇ ਦਿਲਾਂ ਦੀਆਂ ਤਾਂਘਾਂ,
ਪਤਾ ਨਹੀਂ ਕਿੱਥੇ ?
ਧਰਤੀ ਹੇਠ ਦੱਬੇ ਦਿਲ,
ਫੁੱਲਾਂ ਵਿੱਚ ਉੱਠਦੇ,
ਪੁੱਛਦੇ ਮੁੜ-ਮੁੜ,
ਉਹ ਕੌਣ ਆਉਂਦਾ ?
ਜੀ ਉਹ ਕੌਣ ਆਉਂਦਾ ?
ਸਦੀਆਂ ਦਿਲ ਦੀਆਂ ਤਾਂਘਾਂ,
ਲੁਕਦੀਆਂ ਪਈਆਂ
ਭੁੱਲਦੀਆਂ,
ਚੰਦ ਸੂਰਜ ਬਸ ਸਭ ਭਰਮਾਉਂਦੇ,
ਆਉਂਦੇ ਜਾਂਦੇ ਫੁੱਲ ਖਿੜਦੇ ਖੜਾਂਦੇ,
ਅੱਜ ਕਾੜ-ਕਾੜ ਹੋਈ
ਧਰਤੀ ਫਟੀ,
ਗਗਨ ਲੋਪ ਹੋਏ ਸਾਰੇ,
ਸਵਰਗ ਸੱਖਣੇ !
ਅਕਾਸ਼ ਸਾਰੇ ਨਵੇਂ,
ਇਕ ਨਿਮਾਣੇ ਦਿਲ ਦੀਆਂ
ਤਾਂਘਾਂ ਜਾ ਪਹੁੰਚੀਆਂ :
ਉਹ ਕੌਣ ਆਉਂਦਾ ?
ਭਜਾ ਕੌਣ ਆਉਂਦਾ ?
ਅੱਜ ਬਾਗ਼ਾਂ ਵਿੱਚ ਹੁਲਾਰੇ,
ਸੂਰਜ, ਚੰਦ, ਹਵਾ ਤੇ ਤਾਰੇ,
ਧਰਤੀਆਂ ਅਰਸ਼ ਹੋ ਗਈਆਂ
ਇਕ ਕੱਖਾਂ ਦੀ ਝੌਂਪੜੀ ਵਿੱਚ ।
ਸਮੁੰਦਰਾਂ ਦੀਆਂ ਠਾਠਾਂ,
ਇਕ ਦਿਲ ਦੀਆਂ ਤਾਂਘਾਂ ਖਿੜ ਪਈਆਂ,
ਇਹ, ਦਿਲ ਦੀ ਤਾਂਘ ਵੱਜੀ, ਜੀ ਕਿੱਥੇ ?
ਅਰਸ਼ ਕੁਰਸ਼ ਹਿਲ ਗਏ ਹਾਂ,
ਜੀ ਆਇਆਂ ਨੂੰ ਕੌਣ ਆਖੇ,
ਉਹ ਸਾਰਾ ਕੁਰਬਾਨੀ,
ਉਹ ਕੌਣ ਆਉਂਦਾ ?
ਭਜਾ ਕੌਣ ਆਉਂਦਾ ?

੨੬. ਬਾਬਾ ਜੀ ਦੀ ਪ੍ਰਾਹੁਣਚਾਰੀ

(ਖ਼ਾਲਸਾ ਸਮਾਚਾਰ ਕੱਤਕ ਦੀ ੨੫ ਸੰਮਤ ਨਾ: ਸ਼ਾ: ੪੪੮, ਨਵੰਬਰ ੯, ਸੰਨ ੧੯੧੬ ਈ:)



ਉਠ ਨੀ ਸਖੀ,
ਚਲ ਵੇਖਣ ਚਲੀਏ,
ਅਜਬ ਮੂਰਤਾਂ ਆਈਆਂ ਨੀ ।

ਥਾਂ-ਥਾਂ ਛੱਤਰ ਲੱਗੇ ਹਨ ਭਾਰੇ,
ਇਕ ਤੋਂ ਇਕ ਸਵਾਈਆਂ ਨੀ ।

ਅਜਬ ਮਹਿਕ ਹੈ ਫੈਲੀ ਸਾਰੇ,
ਵੱਜਣ ਸਹਿਜ ਵਧਾਈਆਂ ਨੀ ।

ਕੰਵਲਾਂ ਨੂੰ ਹਨ ਭੌਰੇ ਭੁੱਲੇ,
ਦਿੰਦੇ ਫਿਰਦੇ ਧਾਈਆਂ ਨੀ ।

ਪ੍ਰੀਤ ਮਦਹੋਸ਼ੀ ਛਾਈ ਸਾਰੇ,
ਲੱਗੀਆਂ ਉੱਚੀਆਂ ਸਾਈਆਂ ਨੀ ।

ਆਕਾਸ਼ ਪਵਿੱਤਰ ਧਰਤ ਪਵਿੱਤਰ,
ਚੀਜ਼ਾਂ ਤੀਰਥ ਨਹਾਈਆਂ ਨੀ ।

ਪਿਆਰ ਗਗਨ ਹੈ ਛਾਇਆ ਉਪਰ,
ਸਾਰੀਆਂ ਬਾਬਲ ਜਾਈਆਂ ਨੀ ।



ਪਾ ਕਪੜੇ ਚਲ ਵੇਖਣ ਚਲੀਏ,
ਕੌਣ-ਕੌਣ ਰਿਖ ਆਏ ਨੀ ।

ਸ਼ਿਵਜੀ ਨਾਲ ਗੌਰਜਾਂ ਲੈ ਕੇ,
ਚੜ੍ਹ ਕੰਧੀ ਉਹ ਧਾਏ ਨੀ ।

ਨੀਝ ਲਾਇ ਕੇ ਦੇਖੋ ਸਖੀਓ,
ਵਿਸ਼ਨੂੰ ਆਣ ਸਹਾਏ ਨੀ ।

ਕੰਵਲ ਨੈਣ ਉਹ ਲੱਛਮੀ ਆਈ
ਸੁਹੱਪਣ-ਗਗਨ ਰੰਗਾਏ ਨੀ ।

ਵੀਣਾ ਹੱਥ ਵਿੱਚ ਨਾਰਦ ਆਏ,
ਰਾਗ ਰੰਗੀਨ ਵਜਾਏ ਨੀ ।

ਧਰੂ ਪ੍ਰਹਿਲਾਦ ਆਣ ਬਾਬੇ ਘਰ,
ਸਿਫ਼ਤ ਸਲਾਹਾਂ ਗਾਏ ਨੀ ।

ਜਲੇ ਹਰੀ-ਏ ਥਲੇ ਹਰੀ ਏ,
ਸੁਹਣੇ ਸ਼ਬਦ ਸੁਣਾਏ ਨੀ ।



ਉੱਠ ਨੀ ਸਖੀ ਚੱਲ ਵੇਖਣ ਚਲੀਏ,
ਹੋਰ ਰੰਗੀਲਾ ਆਇਆ ਈ ।

ਛਾਈਂ ਮਾਈਂ "ਰਾਮ" ਨਾਮ ਹੈ,
"ਨਾਨਕ" ਨਾਦ ਵਜਾਇਆ ਈ ।

ਲੂੰਅ-ਲੂੰਅ ਹੱਸੇ ਰਗ-ਰਗ ਟੱਪੇ,
ਹੋਰ ਵੱਡਾ ਇਕ ਆਇਆ ਈ ।

ਨੈਣਾਂ ਝਮਕਣ ਤਾਰੇ ਝਮਕਣ,
ਏ ਨੈਣਾਂ ਦੀ ਆਇਆ ਈ ।

ਬੰਸੀ ਬੀਨ ਵਜਾਏ ਮਿੱਠੀ,
"ਨਾਨਕ" "ਨਾਨਕ" ਗਾਇਆ ਈ ।

ਆਖੇ ਸਭ ਤੋਂ ਵੱਡਾ ਬਾਬਾ
ਦੁਨੀਆਂ ਤਾਰਨ ਆਇਆ ਈ ।

ਬੁੱਧ ਆਏ ਤੇ ਜੀਨਾ ਆਏ,
ਧੰਨ ਗੁਰੂ ਨਾਨਕ ਗਾਇਆ ਈ ।

ਈਸਾ ਨਾਲ ਮੁਹੰਮਦ ਆਏ,
"ਨਾਨਕ ਧੰਨ" ਅਲਾਇਆ ਈ ।



ਵਿਹੜਾ ਬਾਬੇ ਜੀ ਦਾ ਭਾਰੀ,
ਮਿਟਦੀ ਸਭ ਅਸਨਾਈ ਹੈ ।

ਭੂਤ ਭਵਿੱਖ ਤੇ ਵਰਤਮਾਨ ਦੀ,
ਆਈ ਸਭ ਲੋਕਾਈ ਹੈ ।

ਰੂਪ ਨਾ ਰੇਖ ਨਾ ਰੰਗ ਨਾ ਸੂਰਤ,
ਇਕੋ ਪਿਆਰ ਇਲਾਹੀ ਹੈ ।

ਇਕ ਸੁਰ ਹੋ ਜਦ ਮਿਲਦੇ ਸਾਰੇ,
ਨੈਣਾਂ ਛਹਿਬਰ ਲਾਈ ਹੈ ।

ਰਸਿਕ ਚੁੱਪ ਦੀ ਮਿੱਠ ਵਿੱਚ ਬੋਲੇ,
ਧਰਮਸਾਲ ਸਭ ਭਾਈ ਹੈ ।

ਸਭ ਬਾਬੇ ਦੇ ਬਾਬਾ ਸਭ ਦਾ,
ਇਹੋ ਜੋਤ ਜਗਾਈ ਹੈ ।

ਸਭ ਨੇ ਰਲ ਕੇ ਗੀਤ ਗਾਵਿਆ,
ਅਨਹਤ ਧੁਨੀ ਉਠਾਈ ਹੈ ।

"ਸਭ ਤੋਂ ਵੱਡਾ ਸਤਿਗੁਰ ਨਾਨਕ,"
ਨਾਨਕ ਧੰਨ ਕਮਾਈ ਹੈ ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ