Khoon De Athru Raavi Roee : Fartool Chand Fakkar

ਖ਼ੂਨ ਦੇ ਅੱਥਰੂ ਰਾਵੀ ਰੋਈ : ਫ਼ਰਤੂਲ ਚੰਦ ਫ਼ੱਕਰਸੰਨ ਸੰਤਾਲੀ ਦਾ ਸਾਕਾ ਦੋਹੜਿਆਂ ਵਿੱਚ ਲਿਖਣ ਲਈ ਯਾਰਾਂ ਦੀ ਫ਼ਰਮਾਇਸ਼

1. ਯਾਰਾਂ-ਮਿੱਤਰਾਂ ਨੇ ਫ਼ਰਮਾਇਆ, ਐਸਾ ਕਲਮ ਉਠਾਓ। ਸੰਤਾਲੀ ਦੇ ਭਿਆਨਕ ਸਾਕੇ, ਉੱਤੇ ਚਾਨਣ ਪਾਓ। ਅੱਖੀਂ ਵੇਖੀ ਤੇ ਹੱਡ ਬੀਤੀ, ਦਾਸਤਾਨ ਸੁਣਾਓ। ਨਸਲਾਂ ਨੂੰ ਜੋ ਰਾਹ ਵਿਖਾਵੇ, ਉਹ ਇਤਿਹਾਸ ਰਚਾਓ। 2. ਵੰਡ ਤੋਂ ਪਹਿਲਾਂ ਦੇ ਹਾਲਾਤਾਂ, ਨੂੰ ਵੀ ਖੋਲ ਵਿਖਾਓ। ਏਹਦੇ ਕਾਰਨ ਅਤੇ ਪਿਛੋਕੜ, ਬਾਰੇ ਵੀ ਸਮਝਾਓ। ਵੰਡ ਦੇ ਬਾਅਦਾਂ ਵੀ ਜੋ ਗੁਜਰੀ, ਉਹ ਵਿੱਚ ਕਲਾਮ ਲਿਆਓ। ਦਰਦ ਫ਼ਿਰਾਕੀ ਦੋਹੜੇ ਕਹਿ ਕੇ, ਸਭ ਦਾ ਦਰਦ ਵੰਡਾਓ। 3. ਆਰ ਪਾਰ ਜੋ ਰਾਵੀ ਬੀਤੀ, ਉਹਨੂੰ ਸ਼ਾਹਦ ਬਣਾਓ। ਹੋਛੀ ਛੋਟੀ ਸੋਚ ਜੋ ਕੀਤਾ, ਕਹਿਣੋਂ ਨਾ ਕਤਰਾਓ। ਝੂਠ ਕੁਫ਼ਰ ਤੇ ਜ਼ੁਲਮ ਜ਼ਬਰ ਨੂੰ, ਹਰਗਿਜ਼ ਨਾ ਲੁਕਾਓ। ਫ਼ੱਕਰਾ ਅਸਲ ਸਚਾਈ ਆਖੋ, ਨਾ ਕੋਈ ਰਲ਼ਾ ਰਲ਼ਾਓ। 4. ਸੱਜਣ ਮਿੱਤਰ ਖਹਿੜੇ ਪੈ ਗਏ, ਮੈਂ ਵੀ ਹੋਇਆ ਰਾਜ਼ੀ। ਜ਼ਿਹਨ ਮੇਰੇ ਨੂੰ ਦਸਤਕ ਦਿੱਤੀ, ਆ ਕੇ ਮੇਰੇ ਮਾਜ਼ੀ। ਅੱਖੀਂ ਵੇਖੀ ਤੇ ਹੱਡ ਬੀਤੀ, ਹੋ ਗਈ ਸਾਰੀ ਤਾਜ਼ੀ। ਫ਼ੱਕਰ ਫਿਰ ਤਿਆਰ ਹੋ ਗਿਆ, ਖੇਡਣ ਦੇ ਲਈ ਬਾਜ਼ੀ। (ਸ਼ਾਹਦ=ਗਵਾਹ, ਜ਼ਿਹਨ=ਦਿਮਾਗ਼, ਮਾਜ਼ੀ-ਭੂਤਕਾਲ) 5. ਪਾਰ-ਬ੍ਰਹਮ ਪ੍ਰਮੇਸ਼ਵਰ ਕੋਲੋਂ, ਮੈਂ ਫਿਰ ਸ਼ਕਤੀ ਮੰਗੀ। ਸੀਗੇ ਕਲਮ ਪ੍ਰੋਣੇ ਔਖੇ , ਦਰਦ ਭਿਆਨਕ ਜੰਗੀ। ਇਹ ਦੋਪਾਸੀ ਕਾਟ ਹੈ ਕਰਦੀ, ਜਗਤ ਛੁਰੀ ਬਹੁਰੰਗੀ। ਫਿਰ ਵੀ ਫ਼ੱਕਰ ਕਰਨ ਤੁਰ ਪਿਆ, ਅਸਲ ਸਚਾਈ ਨੰਗੀ। 6. ਹਲੂਣਾ ਜਦੋਂ ਕਲਮ ਨੂੰ ਦਿੱਤਾ, ਸਮਝ ਮੇਰੀ ਚਕਰਾਈ। ਐਸਾ ਡੋਬ ਪਿਆ ਦਿਲ ਮੇਰੇ, ਯਾਦ ਜੰਮਣ-ਭੂੰ ਆਈ। ਜਿਗਰ ਮੇਰੇ ਤੇ ਆਰੇ ਚੱਲੇ, ਰੂਹ ਮੇਰੀ ਕੁਰਲਾਈ। ਹਾਣੀ ਜੂਹਾਂ ਚੇਤੇ ਆਈਆਂ, ਨਾਲੇ ਰੁਕਮਣ ਮਾਈ। 7. ਹੁਣ ਮੈਂ ਸਾਹਿਬੋ ਅੱਖੀਂ ਵੇਖੀ, ਹੱਡ ਬੀਤੀ ਵੱਲ ਆਵਾਂ। ਜੇਕਰ ਕਵਿਤਾ ਤੜਕਾ ਲਾਵੇ, ਉਹਦੀ ਮਾਫ਼ੀ ਚਾਹਵਾਂ। ਕੌੜਾ ਮਿੱਠਾ ਜੋ ਵੀ ਰਿੰਨ੍ਹਿਆ, ਠੀਕ ਠੀਕ ਵਰਤਾਵਾਂ। ਫ਼ੱਰਾ ਹੈ ਉਪਰਾਲਾ ਮੇਰਾ, ਸੱਚੋਂ ਬਾਹਰ ਨਾ ਜਾਵਾਂ। 8. ਇਹ ਵੀ ਯਾਰੋ ਮਨਸ਼ਾ ਮੇਰੀ, ਨਾ ਬਹੁਤੇ ਰੇੜੇ ਰੇੜਾਂ। ਜਿੰਨਾ ਪਿੰਜਾਂ ਓਨਾ ਕੱਤਾਂ, ਆਪਣਾ ਕੰਮ ਨਿਬੇੜਾਂ। ਮਾਨਵਤਾ ਦਾ ਦਰਦ ਵੰਡਾਵਣ, ਵਾਲੇ ਕਿੱਸੇ ਛੇੜਾਂ। ਫ਼ੱਕਰਾ ਕਰਾਂ ਦਿਲੋਂ ਭਰਪਾਈ, ਜਿਹੜੀਆਂ ਪਈਆਂ ਤ੍ਰੇੜਾਂ। 9. ਆਪਣਾ ਆਲ਼-ਦੁਆਲ਼ਾ ਵੇਖਾਂ, ਬਹੁਤੀ ਦੂਰ ਨਾ ਜਾਵਾਂ। ਜਿੰਨਾਂ ਵਿੱਚ ਕਲਾਵੇ ਆਵੇ, ਓਨਾ ਭਾਰ ਉਠਾਵਾਂ। ਜਾਚੀ ਪਰਖੀ ਮੋਹਰ ਯਾਫ਼ਤਾ, ਕਹਿਣੋਂ ਨਾ ਕਤਰਾਵਾਂ । ਫ਼ੱਕਰਾ ਜਿੰਨੇ ਦਾਣੇ ਹੋਵਣ, ਓਨੇ ਗੀਤ ਗੁਆਵਾਂ। 10. ਹਿੰਦੂ-ਮੁਸਲਿਮ ਭਾਈਚਾਰੇ ਨੂੰ, ਮੈਂ ਨਹੀਂ ਸਾਣੇ ਲਾਇਆ। ਚੰਗਿਆਈਆਂ ਬੁਰਿਆਈਆਂ ਨੂੰ ਵੀ, ਮੈਂ ਨਈਂ ਕਦੇ ਲੁਕਾਇਆ। ਅਸਲੀ ਸੱਚ ਹਕੀਕਤ ਤੇ ਵੀ, ਮੈਂ ਨਹੀਂ ਪਰਦਾ ਪਾਇਆ। ਦੋਹਾਂ ਧਿਰਾਂ ਨੂੰ ਮਿਲ ਬੈਠਣ ਦਾ, ਫ਼ੱਕਰਾ ਰਾਹ ਦਿਖਾਇਆ। 11. ਧਰਮਾਂ ਮਜ਼ਹਬਾਂ ਨੂੰ ਵੀ ਫੜ ਕੇ, ਸੰਘੀਓਂ ਮੈਂ ਹਿਲਾਇਆ। ਇਹਨਾਂ ਦੇ ਪਰਪੰਚਾਂ ਕੋਲੋਂ, ਖੂਬ ਸੁਚੇਤ ਕਰਾਇਆ। ਮੈਂ ਇਹਨਾਂ ਦੇ ਜ਼ੁਲਮ ਜ਼ਬਰ ਨੂੰ, ਹਰਗਿਜ਼ ਨਹੀਂ ਸਰ੍ਹਾਇਆ। ਲਾ ਸ਼ਰੀਕ ਮਾਲਕ ਦਾ ਫ਼ੱਕਰਾ, ਨਾ ਕੋਈ ਸ਼ਰੀਕ ਬਣਾਇਆ । 12. ਆਰ ਪਾਰ ਜੋ ਰਾਵੀ ਵੱਸਦੇ, ਸਭ ਦੀਆਂ ਖੈਰਾਂ ਮੰਗਾਂ। ਵੰਡ ਲਈ ਸਨ ਜੋ ਜੋ ਦੋਸ਼ੀ ਸਭ ਨੂੰ ਹੀ ਮੈਂ ਅੰਗਾਂ। ਨਫ਼ਰਤ ਵੈਰ ਕਦੂਰਤ ਵਾਲੀ, ਬਿਰਤੀ ਛਿੱਕੇ ਟੰਗਾਂ। ਨਾ ਮਾਨਵਤਾ ਦੇ ਜ਼ਖ਼ਮ ਕੁਰੇਦਾਂ, ਅਮਨ ਸਕੂਨ ਨਾ ਡੰਗਾਂ। (ਮੋਹਰ ਯਾਫ਼ਤਾ=ਸਬੂਤਾਂ ਸਮੇਤ, ਕਦੂਰਤ=ਨਫ਼ਰਤ,ਕੀਨਾ, ਲਾ ਸ਼ਰੀਕ=ਜਿਸ ਦਾ ਕੋਈ ਸ਼ਰੀਕ ਨਾ ਹੋਵੇ)

ਹਿੰਦੂ-ਮੁਸਲਿਮ ਏਕਤਾ ਮਹਾਰਾਜ ਰਣਜੀਤ ਸਿੰਘ ਸਮੇਂ ਤੇ ਸਦਭਾਵਨਾ

13. ਮਹਾਰਾਜਾ ਰਣਜੀਤ ਸਿੰਘ ਦਾ, ਦੌਰ ਸੁਨਹਿਰੀ ਆਇਆ। ਹਿੰਦੂ ਮੁਸਲਿਮ ਏਕੇ ਦਾ ਉਸ, ਖੇੜਾ ਖੂਬ ਖਿੜਾਇਆ। ਅਜ਼ੀਜ਼ੁਦੀਨ ਫ਼ਕੀਰ ਨੂੰ ਉਹਨੇ, ਖ਼ਾਸ ਮਸ਼ੀਰ ਬਣਾਇਆ। ਹਿੰਦੂ ਮੁਸਲਿਮ ਇੱਕ ਮਿੱਕ ਕੀਤੇ, ਭਰਮ ਤੇ ਭੇਦ ਮਿਟਾਇਆ। 14. ਹਿੰਦੂ ਮੁਸਲਿਮ ਆਪਸ ਦੇ ਵਿੱਚ, ਘਿਓ-ਸ਼ੱਕਰ ਬਣ ਰਹਿੰਦੇ। ਹਿੰਦੂ ਨੂੰ ਜੇ ਕੰਡਾ ਚੁਭਦਾ, ਮੁਸਲਿਮ ਕੱਢਣ ਡਹਿੰਦੇ। ਇੱਕ ਦੂਜੇ ਦੀਆਂ ਉਹ ਬਲਾਵਾਂ, ਆਪਣੇ ਸਿਰ ਤੇ ਲੈਂਦੇ। ਗੰਗਾ ਜਮਨੀਂ ਸੱਭਿਅਤਾਵਾਂ ਦਾ, ਮਧੁਰ ਮੇਲ ਸੀ ਕਹਿੰਦੇ। 15. ਤਾਲਮੇਲ ਆਪਸ ਵਿੱਚ ਰੱਖਦੇ, ਸਭ ਰਹਿੰਦੇ ਇੱਕ-ਸੁਰ ਸੀ। ਘਿਓ ਸ਼ੱਕਰ ਤੇ ਜੀਵਨ ਲੋੜਾਂ, ਦੇ ਨਾਲ ਉਹ ਸਾਰੇ ਪੁਰ ਸੀ। ਇੱਕ ਦੂਜੇ ਦਾ ਦਰਦ ਵੰਡਾਉਂਦੇ, ਇੱਕ ਦੂਜੇ ਦੀ ਧੁਰ ਸੀ। ਖੇਡਾਂ ਅਤੇ ਮਜ਼ਲਸਾਂ ਮੇਲੇ, ਜੀਵਨ ਜਾਚ ਦੇ ਗੁਰ ਸੀ। 16. ਹਿੰਦੂ ਮੁਸਲਿਮ ਸਿੱਖ ਸੀ ਸਾਂਝੇ, ਸੱਭਿਆਚਾਰ ਦੇ ਵਾਲੀ। ਢੋਲ ਬਾਦਸ਼ਾਹ, ਮਿਰਜ਼ਾ ਗਾਉਂਦੇ, ਚੜ੍ਹਦੀ ਗਿੱਠ-ਗਿੱਠ ਲਾਲੀ। ਗੁਰੂਆਂ ਪੀਰਾਂ ਦੇ ਸੀ ਸਾਰੇ , ਪ੍ਰੇਮੀ ਬੇਮਿਸਾਲੀ। ਫ਼ੱਕਰਾ ਰਲ ਤਿਉਹਾਰ ਮਨਾਉਂਦੇ, ਈਦ, ਬਸੰਤ, ਦੀਵਾਲੀ। (ਮਸ਼ੀਰ=ਬਦੇਸ਼ ਮੰਤਰੀ, ਗੰਗਾ-ਜਮਨੀਂ=ਹਿੰਦੂ ਮੁਸਲਿਮ ਦੇ ਸਾਂਝੇ ਰਿਵਾਜ) 17. ਇਹ ਸਨ ਵਿੱਚ ਇਲਾਕੇ ਸਾਰੇ, ਪ੍ਰੇਮ ਪਿਆਰ ਵਰਤਾਉਂਦੇ। ਪੇਂਡੂ ਮੇਲਿਆਂ ਦੇ ਵਿੱਚ ਸਾਰੇ, ਹੁੰਮ-ਹੁੰਮਾ ਕੇ ਆਉਂਦੇ। ਨਰਤਕੀਆਂ ਦੇ ਮੁਜ਼ਰੇ ਲੱਗਦੇ, ਲੋਕੀਂ ਲੁਤਫ਼ ਉਠਾਉਂਦੇ। ਕੀਮਾ-ਮਲਕੀ, ਪੂਰਨ-ਸੁੰਦਰਾਂ, ਜੱਟ, ਵੰਝਲ ਤੇ ਗਾਉਂਦੇ। 18. ਆ ਕੇ ਜਦੋਂ ਕਬੱਡੀ ਹੁੰਦੀ, ਲੋਕੀਂ ਮਜ਼ੇ ਉਠਾਉਂਦੇ। ਗਾਮੂ ਖਾਂ ਜਦ ਤੇਜੋ ਨੂੰ ਸੀ, ਉੱਡ ਕੇ ਕੈਂਚੀ ਪਾਉਂਦੇ। ਦੀਵਾਨ ਸਿੰਘ ਵੀ ਦੁੱਲੇ ਨੂੰ ਸੀ, ਮਾਰ ਠਿੱਬੀ ਉਲਟਾਉਂਦੇ। ਬਾਹੀਆਂ ਉੱਤੇ ਖਲੋਤੇ ਦਰਸ਼ਕ, ਬਾਹਰੋਂ ਜ਼ੋਰ ਲਗਾਉਂਦੇ। 19. ਇਸ ਮੇਲੇ ਦੇ ਚਰਚੇ ਰਹਿੰਦੇ, ਇਲਾਕੇ ਦੇ ਵਿੱਚ ਜਾਰੀ। ਕਿਹੜੇ ਪਿੰਡ ਕਬੱਡੀ ਜਿੱਤੀ, ਕਿਹੜੇ ਪਿੰਡ ਨੇ ਹਾਰੀ। ਕਿਹੜੀ ਨਰਤਕੀ, ਕਿਹੜੇ ਰਾਗੀ, ਬਾਜ਼ੀ ਉੱਥੇ ਮਾਰੀ। ਮੇਲੇ ਵਾਲਾ ਨਸ਼ਾ ਲੋਕਾਂ ਤੇ, ਕਈ ਦਿਨ ਰਹਿੰਦਾ ਤਾਰੀ। 20. ਹਿੰਦੂ ਮੁਸਲਿਮ ਦੋਵੇਂ ਨਹੀਂ ਸਨ, ਤੰਗ ਦਿਲੀ ਦੇ ਮਾਰੇ। ਦੋਹਾਂ ਸੰਤ ਸਮਾਜਾਂ ਵਿੱਚ ਸੀ, ਨਿੱਘੇ ਭਾਈਚਾਰੇ। ਗੁਰੂ, ਪੀਰ, ਹਕੀਮ, ਅਧਿਆਪਕ, ਜਾਂਦੇ ਸੀ ਸਤਿਕਾਰੇ। ਲੋਕਾਂ ਨਜ਼ਰੇ ਸਭ ਦੇ ਸਾਂਝੇ , ਇਹ ਸੀ ਪੂਜਣਹਾਰੇ । (ਵੰਝਲ=ਬਾਂਸ ਦਾ ਸਾਜ (ਜੋ ਫੂਕ ਮਾਰ ਕੇ ਵਜਾਇਆ ਜਾਂਦਾ ਹੈ। 21. ਬੁੱਲ੍ਹੇ ਵਾਰਿਸ ਦੇ ਇਹ ਵਾਰਿਸ, ਨਾਨਕ ਦੇ ਅਨੁਯਾਈ। ਕੀੜੀ ਦਾ ਵੀ ਦਰਦ ਵਡਾਉਂਦੇ, ਰੱਖਦੇ ਖੌਫ਼ ਖ਼ੁਦਾਈ। ਨੇਕੀਆਂ ਤੇ ਚੰਗਿਆਈਆਂ ਵਾਲੀ, ਰੱਖਦੇ ਸ਼ਮਾਂ ਜਗਾਈ। ਸ੍ਰਿਸ਼ਟੀ ਦੇ ਮਾਲਕ ਥੀਂ ਹਮੇਸ਼ਾ, ਇਹ ਰੱਖਦੇ ਲਿਵ ਲਾਈ। 22. ਹੀਰਾਂ ਰਾਂਝੇ ਇਹਨਾਂ ਦੇ ਸਾਂਝੇ , ਸਾਂਝੇ ਵਾਰਿਸ ਬੁੱਲ੍ਹੇ। ਪੂਰਨ ਭਗਤ ਰਸਾਲੂ ਸਾਂਝੇ , ਸਾਂਝੇ ਜੱਗੇ ਦੁੱਲੇ। ਅਕਬਰ, ਸ਼ਾਹ-ਜਹਾਨ ਵੀ ਸਾਂਝੇ , ਛੱਤਰ ਜਿੰਨ੍ਹਾਂ ਦੇ ਝੁੱਲੇ। ਫ਼ੱਕਰਾ ਗੁਰੂਆਂ ਪੀਰਾਂ ਵਾਲੇ , ਖੂਬ ਦਿਲਾਂ ਦੇ ਖੁੱਲ੍ਹੇ। 23. ਇਹ ਸੀ ਬੜੇ ਬਹਾਦਰ ਯੋਧੇ, ਕੀ ਕੀ ਸਿਫ਼ਤਾਂ ਲਿੱਖਾਂ । ਕਈ ਮੋਰਚੇ ਸਰ ਸੀ ਕੀਤੇ, ਹਿੰਦੂ, ਮੁਸਲਿਮ, ਸਿੱਖਾਂ। ਇਹਨਾਂ ਦੇ ਸੀ ਵਿੱਚ ਕਲਾਵੇ, ਕਈ ਜਗੀਰਾਂ ਮਿਲਖਾਂ। ਇਹ ਸੀ ਘਾਲ ਕਮਾਈਆਂ ਖਾਂਦੇ, ਨਹੀਂ ਸੀ ਮੰਗਦੇ ਭਿੱਖਾਂ। 24. ਇਹ ਸਨ ਸਾਰੇ ਸਿਰਲੱਥ ਜੰਗੀ, ਸੂਰੇ ਬੇਮਿਸਾਲੇ। ਇਹਨਾਂ ਦਾ ਸੀ ਮਨ ਪ੍ਰਚਾਉਂਦੇ, ਤੀਰ, ਤਫੰਗਾਂ, ਭਾਲੇ। ਜੁੱਰਤਾਂ, ਅਣਖਾਂ, ਆਨਾਂ ਵਾਲੇ, ਹਰਦਮ ਕਰਦੇ ਚਾਲੇ। ਇਹਨਾਂ ਤੋਂ ਸੀ ਥਰ ਥਰ ਕੰਬਦੇ, ਵੱਡੀਆਂ ਬੰਨ੍ਹਾਂ ਵਾਲੇ। (ਤਫੰਗ=ਇੱਕ ਕਿਸਮ ਦਾ ਹਥਿਆਰ, ਅਨੁਯਾਈ=ਮੰਨਣ ਵਾਲੇ, ਪੈਰੋਕਾਰ) (ਇਸ ਰਚਨਾ ਤੇ ਕੰਮ ਚੱਲ ਰਿਹਾ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਫ਼ਰਤੂਲ ਚੰਦ ਫ਼ੱਕਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ