Khilre Hoey Varkey : Avtar Singh Pash

ਖਿਲਰੇ ਹੋਏ ਵਰਕੇ : ਅਵਤਾਰ ਸਿੰਘ ਪਾਸ਼

1. ਘਾਹ

ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ
ਬੰਬ ਸੁੱਟ ਦਿਉ ਭਾਵੇਂ ਵਿਸ਼ਵ-ਵਿਦਿਆਲੇ 'ਤੇ
ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ 'ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ 'ਤੇ ਉੱਗ ਆਵਾਂਗਾ
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੂੜ 'ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ....
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ,
"ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ ।"
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ
(ਨੋਟ: ਇਹ ਕਵਿਤਾ ਅੰਗ੍ਰੇਜੀ ਕਵੀ ਕਾਰਲ
ਸੈਂਡਬਰਗ ਦੀ ਕਵਿਤਾ 'ਗਰਾਸ' (ਘਾਹ)
ਦਾ ਪੰਜਾਬੀ ਰੂਪਾਂਤਰਣ ਹੈ)

2. ਵਫ਼ਾ

ਸਾਲਾਂ ਭਰ ਤੜਪ ਕੇ ਤੇਰੇ ਲਈ
ਮੈਨੂੰ ਭੁੱਲ ਗਈ ਹੈ ਚਿਰਾਂ ਤੋਂ, ਆਪਣੀ ਆਵਾਜ਼ ਦੀ ਪਛਾਣ
ਭਾਸ਼ਾ ਜੋ ਮੈਂ ਸਿੱਖੀ ਸੀ, ਮਨੁੱਖ ਜਿਹਾ ਜਾਪਣ ਲਈ
ਮੈਂ ਉਸ ਦੇ ਸਾਰੇ ਹਰਫ਼ ਜੋੜ ਕੇ ਵੀ
ਮਸਾਂ ਤੇਰਾ ਨਾਮ ਹੀ ਬਣ ਸਕਿਆ ।
ਮੇਰੇ ਲਈ ਵਰਣ ਆਪਣੀ ਧੁਨੀ ਖੋ ਬੈਠੇ ਬੜੇ ਚਿਰ ਦੇ
ਮੈਂ ਹੁਣ ਵੀ ਲਿਖਦਾ ਨਹੀਂ-ਤੇਰੇ ਧੁਪੀਲੇ ਅੰਗਾਂ ਦੀ ਸਿਰਫ ਪ੍ਰਛਾਈ ਫੜਦਾ ਹਾਂ
ਕਦੀ ਵੀ ਅੱਖਰ ਮੇਰੇ ਹੱਥਾਂ 'ਚੋਂ
ਤੇਰੀ ਤਸਵੀਰ ਹੀ ਬਣ ਕੇ ਨਿਕਲਦਾ ਹੈ
ਤੂੰ ਮੈਨੂੰ ਹਾਸਲ ਏਂ (ਪਰ) ਕਦਮ ਭਰ ਦੀ ਵਿੱਥ ਨਾਲ
ਸ਼ਾਇਦ ਇਹ ਕਦਮ ਮੇਰੀ ਉਮਰ ਤੋਂ ਹੀ ਨਹੀਂ-
ਮੇਰੇ ਕਈ ਜਨਮਾਂ ਤੋਂ ਵੀ ਵੱਡਾ ਹੈ-
ਇਹ ਕਦਮ ਫ਼ੈਲਦੇ ਹੋਏ ਲਗਾਤਾਰ
ਮੱਲ ਲਏਗਾ ਮੇਰੀ ਸਾਰੀ ਧਰਤੀ ਨੂੰ
ਇਹ ਕਦਮ ਨਾਪ ਲਏਗਾ ਮੋਇਆਂ ਆਕਾਸ਼ਾਂ ਨੂੰ
ਤੂੰ ਦੇਸ਼ ਹੀ ਰਹੀਂ
ਮੈਂ ਕਦੀ ਪਰਤਾਂਗਾ ਜੇਤੂ ਦੇ ਵਾਂਗ ਤੇਰੀਆਂ ਜੂਹਾਂ ਵਿਚ
ਇਹ ਕਦਮ ਜਾਂ ਮੈਂ
ਜ਼ਰੂਰ ਦੋਹਾਂ 'ਚੋਂ ਕਿਸੇ ਨੂੰ ਕਤਲ ਹੋਣਾ ਪਏਗਾ

3. ਸੁਫ਼ਨੇ

ਸੁਫ਼ਨੇ
ਹਰ ਕਿਸੇ ਨੂੰ ਨਹੀਂ ਆਉਂਦੇ
ਬੇਜਾਨ ਬਰੂਦ ਦੇ ਕਣਾਂ 'ਚ
ਸੁੱਤੀ ਅੱਗ ਨੂੰ ਸੁਫ਼ਨੇ ਨਹੀਂ ਆਉਂਦੇ
ਬਦੀ ਲਈ ਉੱਠੀ ਹੋਈ ਹਥੇਲੀ ਉਤਲੇ ਮੁੜ੍ਹਕੇ ਨੂੰ
ਸੁਫ਼ਨੇ ਨਹੀਂ ਆਉਂਦੇ
ਸੁਫ਼ਨਿਆਂ ਲਈ ਲਾਜ਼ਮੀ ਹੈ
ਝਾਲੂ ਦਿਲਾਂ ਦਾ ਹੋਣਾ
ਸੁਫ਼ਨਿਆਂ ਲਈ ਨੀਂਦ ਦੀ ਨਜ਼ਰ
ਹੋਣੀ ਲਾਜ਼ਮੀ ਹੈ
ਸੁਫ਼ਨੇ ਇਸ ਲਈ
ਹਰ ਕਿਸੇ ਨੂੰ ਨਹੀਂ ਆਉਂਦੇ

4. ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ

ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ
ਜਿੱਦਾਂ ਮੂੰਹ-ਜ਼ੁਬਾਨੀ ਗੀਤ ਹੁੰਦੇ ਹਨ
ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਉਂ ਪੈਂਦਾ ਹੈ

ਮੂੰਹ ਜ਼ੋਰ ਤ੍ਰਿਕਾਲਾਂ ਦੇ ਖੜਕੇ 'ਚੋਂ
ਤੇਰੇ ਬੋਲਾਂ ਨੂੰ ਨਿਤਾਰ ਸਕਣਾ ਬਹੁਤ ਔਖਾ ਹੈ
ਤੇਰੇ ਟੱਲੀ ਵਾਂਗ ਲਹਿਰਾਂ 'ਚ ਟੁਟਦੇ
ਸੰਖ ਦੀ ਆਵਾਜ਼ ਵਾਂਗ ਮੈਂ ਚਾਹੁੰਦਾ ਹਾਂ
ਤੂੰ ਡੁੱਬਦੇ ਸੂਰਜ ਦਾ ਗ਼ਮ ਵੰਡਾਵੇਂ
ਤੇ ਰੱਬ ਦੇ ਨਾਂ ਵਾਂਗ ਮੇਰੀ ਰੂਹ ਵਿਚ ਤਰਦੀ ਫਿਰੇਂ

ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ
ਜਿਵੇਂ ਹਾਰਨ ਬਾਅਦ ਕੋਈ ਅਣਖੀ
ਵੈਰੀ ਦੀਆਂ ਅੱਖਾਂ 'ਚ ਤੱਕਦਾ ਹੈ
ਮੈਂ ਨਿੱਕੀ ਨਿੱਕੀ ਲੋਅ ਵਿਚ
ਕਿਰ ਗਈ ਗਾਨੀ ਵਾਂਗ
ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ

5. ਸਭ ਤੋਂ ਖ਼ਤਰਨਾਕ

ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ -ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ -ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।

ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ ।

ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ 'ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ ।

ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ ।

ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
ਜੋ ਵੈਲੀ ਦੀ ਖੰਘ ਖੰਘਦਾ ਹੈ ।

ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ 'ਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਪਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ 'ਤੇ

ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ ।
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ।

6. ਗ਼ਜ਼ਲ-ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ

ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ।

ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ ਗਾਉਂਦੇ ਰਹੇ ਨੇ ਲੋਕ।

ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ,
ਨ੍ਹੇਰੀਆਂ ਨੂੰ ਰੋਕ ਵੀ, ਪਾਉਂਦੇ ਰਹੇ ਨੇ ਲੋਕ।

ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ।

ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ,
ਜ਼ੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ।

7. ਗ਼ਜ਼ਲ-ਡੁੱਬਦਾ ਚੜ੍ਹਦਾ ਸੂਰਜ ਸਾਨੂੰ ਨਿੱਤ ਹੀ ਲਾਲ ਸਲਾਮ ਕਹੇ

ਡੁੱਬਦਾ ਚੜ੍ਹਦਾ ਸੂਰਜ ਸਾਨੂੰ ਨਿੱਤ ਹੀ ਲਾਲ ਸਲਾਮ ਕਹੇ
ਫੜ ਲਓ ਇਹ ਤਾਂ ਨਕਸਲੀਆ ਹੈ ਕੇਹੀ ਗੱਲ ਸ਼ਰੇਆਮ ਕਹੇ ।

ਖੇਤਾਂ ਵਿਚ ਚਰੀਆਂ ਦੇ ਦੁੰਬੇ ਮੁੱਕਿਆਂ ਵਾਗੂੰ ਤਣੇ ਹੋਏ
ਖੜਕ ਖੜਕ ਕੇ ਰੁੱਖ ਟਾਹਲੀ ਦਾ ਜੂਝਣ ਦਾ ਪੈਗਾਮ ਕਹੇ ।

ਤੂੰਬਾ ਤੂੰਬਾ ਸੂਹੇ ਬੱਦਲ ਰੋਹਲੇ ਅੱਖਰ ਬਣੇ ਪਏ
ਲੋਕ-ਯੁੱਧ ਅੰਬਰ ਵਿਚ ਛੁਪਿਆ, ਕ੍ਰਾਂਤੀ ਦਾ ਐਲਾਨ ਕਹੇ ।

ਚਿੜੀਆਂ ਦਾ ਝੁੰਡ ਅੱਥਰਾ ਹੋਇਆ, ਝਪਟ ਝਪਟ ਕੇ ਮੁੜ ਜਾਵੇ
ਦੱਸੇ ਜਾਚ ਗੁਰੀਲਾ ਯੁੱਧ ਦੀ, ਯੋਧਿਆਂ ਨੂੰ ਪ੍ਰਣਾਮ ਕਹੇ ।

ਮੌਸਮ ਨੂੰ ਜੇਲ੍ਹਾਂ ਵਿਚ ਪਾਵੋ, ਨਹੀਂ ਤਾਂ ਸਭ ਕੁਝ ਚੱਲਿਆ ਜੇ
ਤੜਕਾ ਆਖੇ ਤਕੜੇ ਹੋਵੋ ਮੁੜ ਉੱਠਣ ਲਈ ਸ਼ਾਮ ਕਹੇ ।

ਜ਼ੱਰਾ ਜ਼ੱਰਾ ਕੂਕ ਰਿਹਾ ਹੈ ਕਵੀਆਂ ਦਾ ਕੋਈ ਦੋਸ਼ ਨਹੀਂ
ਕਵੀ ਤਾਂ ਸਿੱਧੇ ਸਾਦੇ ਹੁੰਦੇ ਲਿਖਦੇ ਜੋ ਸੰਗ੍ਰਾਮ ਕਹੇ ।

8. ਗ਼ਜ਼ਲ-ਮੈਂ ਤਾਂ ਆਪੇ ਹੀ ਲੰਘ ਆਉਣਾ ਹੈ ਪੱਤਣ ਝਨਾਂ ਦਾ ਯਾਰ

ਮੈਂ ਤਾਂ ਆਪੇ ਹੀ ਲੰਘ ਆਉਣਾ ਹੈ ਪੱਤਣ ਝਨਾਂ ਦਾ ਯਾਰ
ਤੇਰੇ ਮਾਸ ਦੇ ਲਾਲਚ ਦੀ ਖ਼ੁਦਗਰਜ਼ੀ ਨਹੀ ।

ਕੱਚੇ ਪੱਕੇ 'ਤੇ ਹੀ ਕਰ ਲੈਣਾ ਹੈ ਹਰ ਹਾਲ 'ਚ ਇਤਬਾਰ
ਜਾਨ ਦਾ ਖੌ ਨਹੀਂ ਪਰਖਣ ਦੀ ਸਿਰਦਰਦੀ ਨਹੀਂ ।

ਜਾਹ ਸੌਂ ਆਪਣੀ ਝੁੱਗੀ ਵਿੱਚ, ਨਾ ਪੱਤਣ 'ਤੇ ਹੋ ਖੁਆਰ
ਤੇਰੀ ਘੁਮਿਆਰੀ ਤਾਂ ਸਾਹਿਬਾਂ ਦੇ ਵਰਗੀ ਨਹੀਂ ।

ਸਦਾ ਖਹਿ ਕੇ ਤੂਫ਼ਾਨਾਂ ਸੰਗ ਹੀ ਚੜ੍ਹਦਾ ਹੈ ਸਿਰੇ ਪਿਆਰ
ਲਹਿਰਾਂ ਤੋਂ ਦੁਬਕ ਜਾਣਾ ਮੇਰੀ ਮਰਜ਼ੀ ਨਹੀਂ ।

ਮੈਂ ਤਾਂ ਹਰ ਰਾਤ ਲਹਿਰਾਂ ਨਾਲ ਕਰਦੀ ਆਈ ਹਾਂ ਖਿਲ੍ਹਾਰ
ਮੇਰੇ ਮਰਨੇ ਤੇ ਸਿਦਕ ਦੀ ਗੱਲ ਮਰਦੀ ਨਹੀਂ ।

ਮੇਰੇ ਮਹੀਂਵਾਲ ਤੇਰੀ ਜਦ ਜਦ ਵੀ ਟੁਣਕੇਗੀ ਸਿਤਾਰ
ਤੇਰੀ ਬੰਦੀ ਹਾਂ ਢਿੱਲ ਠਿਲ੍ਹ ਪੈਣ ਤੋਂ ਕਰਦੀ ਨਹੀਂ ।

9. ਸਾਡੇ ਲਹੂ ਨੂੰ ਆਦਤ ਹੈ

ਸਾਡੇ ਲਹੂ ਨੂੰ ਆਦਤ ਹੈ
ਮੌਸਮ ਨਹੀਂ ਵੇਂਹਦਾ, ਮਹਿਫਲ ਨਹੀਂ ਵੇਂਹਦਾ
ਜਿੰਦਗੀ ਦੇ ਜਸ਼ਨ ਵਿਢ ਲੈਂਦਾ ਹੈ
ਸੂਲੀ ਦੇ ਗੀਤ ਛੋਹ ਲੈਂਦਾ ਹੈ

ਸ਼ਬਦ ਨੇ ਕਿ ਪੱਥਰਾਂ 'ਤੇ ਵਗ ਵਗ ਕੇ ਘਸ ਜਾਂਦੇ ਹਨ
ਲਹੂ ਹੈ ਕਿ ਤਦ ਵੀ ਗਾਉਂਦਾ ਹੈ
ਜ਼ਰਾ ਸੋਚੋ ਕਿ ਰੁੱਸੀਆਂ ਸਰਦ ਰਾਤਾਂ ਨੂੰ ਮਨਾਵੇ ਕੌਣ ?
ਨਮੋਹੇ ਪਲਾਂ ਨੂੰ ਤਲੀਆਂ ਉੱਤੇ ਖਿਡਾਵੇ ਕੌਣ ?
ਲਹੂ ਹੀ ਹੈ ਜੋ ਨਿੱਤ ਧਾਰਾਂ ਦੇ ਹੋਠ ਚੁੰਮਦਾ ਹੈ
ਲਹੂ ਤਾਰੀਖ ਦੀਆਂ ਕੰਧਾਂ ਨੂੰ ਉਲੰਘ ਆਉਂਦਾ ਹੈ
ਇਹ ਜਸ਼ਨ ਇਹ ਗੀਤ ਕਿਸੇ ਨੂੰ ਬੜੇ…ਨੇ
ਜੋ ਕੱਲ ਤੀਕ ਸਾਡੇ ਲਹੂ ਦੇ ਚੁੱਪ ਦਰਿਆ 'ਚ
ਤੈਰਨ ਦੀ ਮਸ਼ਕ ਕਰਦੇ ਸਨ ।

10. ਹਸਰਤ

ਜ਼ਿੰਦਗੀ !
ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ-
ਇਹ ਵਰ੍ਹਿਆਂ ਦੇ ਖਿਡੌਣੇ
ਬਹੁਤ ਨਾਜ਼ੁਕ ਹਨ !
ਜਿਹਨੂੰ ਵੀ ਹੱਥ ਲਾਵਾਂ
ਟੁਕੜਿਆਂ ਵਿਚ ਖਿੰਡ ਜਾਂਦਾ ਹੈ ।
ਹੁਣ ਇਹਨਾਂ ਮੂੰਹ ਚਿੜਾਉਂਦੇ ਟੁਕੜਿਆਂ ਨੂੰ
ਉਮਰ ਕੀਕਣ ਆਖ ਦੇਵਾਂ ਮੈਂ,
ਅੜੀਏ, ਕੋਈ ਤਾਂ ਟੁਕੜਾ
ਸਮੇਂ ਦੇ ਪੈਰ ਵਿਚ ਵੱਜ ਕੇ
ਫਰਸ਼ ਨੂੰ ਲਾਲ ਕਰ ਦੇਵੇ !

11. ਜ਼ਿੰਦਗੀ

ਜੀਣ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਭਰੇ ਟਰੈਫਿਕ ਵਿੱਚ ਚੌਫਾਲ ਲਿਟ ਜਾਣਾ
ਅਤੇ ਸਲਿੱਪ ਕਰ ਦੇਣਾ
ਵਕਤ ਦਾ ਬੋਝਲ ਪਹੀਆ

12. ਮੌਤ

ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ
ਸ਼ਰੇਆਮ ਬੇ-ਪਰਦ ਕਰ ਦੇਣਾ

13. ਕੁਜਾਤ

ਤੂੰ ਆਦਮੀ ਦੀ ਜਾਤ ਨਹੀਂ
ਕੁਜਾਤ ਸੀ
ਜਿਸ ਨੂੰ ਪਹਿਲੀ ਵਾਰ ਦੁਨੀਆਂ 'ਤੇ
ਕਿਸੇ ਜਾਸੂਸ ਦੀ ਜ਼ਰੂਰਤ ਪਈ
ਤੂੰ ਜਿਸਨੇ ਪਹਿਲੀ ਵਾਰ
ਮਹਾਂਬਲੀ ਇਨਸਾਨ ਦਾ ਸ਼ਿਕਾਰ ਕਰਨ ਦੀ ਸੋਚੀ
ਤੇਰੇ ਅੰਦਰ ਕਦੀ ਸਵੇਰ ਨਹੀਂ ਗਾਈ ਹੋਣੀ
ਤੂੰ ਬਹੁਤ ਲੰਮੀ ਕਾਲੀ ਬੋਲੀ ਰਾਤ ਦੀ ਅਗੇਤਰ ਸੰਝ ਸੀ
ਤੂੰ ਧੁਖ ਰਹੇ ਅਸਮਾਨ ਨੂੰ ਮੌਰਾਂ 'ਤੇ ਢੋਅ ਕੇ
ਸੁੱਟ ਗਿਆ ਏਂ ਬੀਜਾਂ ਅੰਦਰ ਸੌਂ ਰਹੀ ਹਰਿਆਵਲ 'ਤੇ
ਦੁਨੀਆਂ ਭਰ ਦੇ ਸ਼ਹੀਦਾਂ ਦੀ ਜਰੀ ਹੋਈ ਪੀੜ ਨਾਲ
ਮਸਾਂ ਹੀ ਅੱਧ-ਪਚੱਧੀ ਮਿਣੀ ਗਈ ਹੈ
ਤੇਰੀ ਕਰੂਪ ਲਾਸ਼
ਲਾਸ਼ ਤੇਰੀ ਦਾ ਕੋਝ ਬਦੀ ਨੂੰ ਉੱਠਦੇ
ਹਰ ਹਥਿਆਰ ਦਾ ਦਸਤਾ ਏਂ ਤੂੰ
ਜਿਸ ਨੂੰ ਪਹਿਲੀ ਵਾਰ ਕਿਸੇ ਜਾਸੂਸ ਦੀ ਜ਼ਰੂਰਤ ਪਈ
………………………………

14. ਮੇਰੀ ਬੁਲਬੁਲ

ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ
ਬਾਗਾਂ 'ਚੋਂ ਬਾਹਰ ਆ
ਅਤੇ ਸੜਕਾਂ 'ਤੇ ਭਟਕਦੀਆਂ ਰੂਹਾਂ ਵਲ ਵੇਖ ਕੇ
ਭੌਂਕਣਾ ਜਾਂ ਰੋਣਾ ਸ਼ੁਰੂ ਕਰ
ਹੁਣ ਤੇਰੇ ਗੀਤ ਨੂੰ ਸੁਣ ਕੇ
ਕੋਈ ਵੀ ਬੀਮਾਰ ਰਾਜ਼ੀ ਨਹੀ ਹੋਏਗਾ
ਆਖਰ ਏਹੀਓ ਸੀ ਨਾ ਗੀਤ
ਜੋ ਰੁੱਖ ਦੀਆਂ ਟਾਹਣੀਆਂ 'ਤੇ ਤਰੇਲ ਵਾਂਗ ਜੰਮ ਗਿਆ
ਤੇ ਸੂਰਜ ਦੀ ਮਾਮੂਲੀ ਜਿਹੀ ਚਿਪਰ ਤੋਂ ਝਉਂ ਕੇ
ਭਾਫ਼ ਬਣ ਕੇ ਉੱਡ ਗਿਆ

ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ-
ਇਹਨੇ ਘੜੀ ਦੀਆਂ ਸੂਈਆਂ ਨੂੰ ਵੱਢ ਖਾਧਾ ਹੈ
ਦੀਵਾਰਾਂ ਨੂੰ ਚੱਕ ਮਾਰੇ ਹਨ ਅਤੇ ਗਮਲਿਆਂ ਤੇ ਮੂਤਿਆ ਹੈ
ਇਹ ਖਵਰੇ ਹੋਰ ਕੀ ਕਰਦਾ, ਜੇ ਸਰਕਾਰ ਦੇ ਬੰਦੇ ਏਸ ਨੂੰ ਪਟਾ ਪਾ ਕੇ
ਬੰਗਲਿਆਂ ਦੇ ਫਾਟਕਾਂ 'ਤੇ ਨਾ ਬੰਨ੍ਹਦੇ
ਮੇਰੀ ਬੁਲਬੁਲ ਆਪਣੇ ਕੰਮ ਹੁਣ ਕੁਝ ਹੋਰ ਤਰ੍ਹਾਂ ਦੇ ਹਨ
ਹੁਣ ਆਪਾਂ ਜੀਣ ਵਰਗੀ ਹਰ ਸ਼ਰਤ ਨੂੰ ਹਾਰ ਚੁੱਕੇ ਹਾਂ
ਮੈਂ ਹੁਣ ਬੰਦੇ ਦੀ ਬਜਾਇ ਘੋੜਾ ਬਣਨਾ ਚਾਹੁੰਦਾ ਹਾਂ
ਇਨ੍ਹਾਂ ਇਨਸਾਨੀ ਹੱਡਾਂ 'ਤੇ ਤਾਂ ਕਾਠੀ ਬਹੁਤ ਚੁਭਦੀ ਹੈ
ਮੇਰੀ(ਆਂ) ਬਰਾਛਾਂ ਤੇ ਕੜਿਆਲਾ ਪੀੜ ਕਰਦਾ ਹੈ
ਮੇਰੇ ਇਨਸਾਨੀ ਪੈਰ ਗ਼ਜ਼ਲ ਦੇ ਪਿੰਗਲ ਵਰਗੀ ਟਾਪ ਨਹੀਂ ਕਰਦੇ
ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ

15. ਰੱਬ ਨਾ ਕਰੇ ਕਿ ਅਸੀਂ ਭੁਲ ਜਾਈਏ

ਰੱਬ ਨਾ ਕਰੇ ਕਿ ਅਸੀਂ ਭੁਲ ਜਾਈਏ
ਬਰਸ਼ੀ ਵਾਂਗ ਹੱਡਾਂ ਵਿਚ ਖੁੱਭੇ ਹੋਏ ਸਾਲਾਂ ਨੂੰ
ਜਦ ਹਰ ਘੜੀ ਕਿਸੇ ਬਿਫਰੇ ਹੋਏ ਸ਼ਰੀਕ ਵਾਂਗ ਸਿਰ 'ਤੇ ਗੜ੍ਹਕਦੀ ਰਹੀ
ਜਦ ਦਿਸਹੱਦੇ 'ਤੇ ਤਰਦੇ ਰਹੇ
ਕਰਜ਼ੇ ਦੀ ਬਣੀ ਮਿਸਲ ਤੋਂ ਨੀਲਾਮੀ ਦੇ ਦ੍ਰਿਸ਼
ਜਦ ਅਸੀਂ ਸੁਬਕ ਜਹੀਆਂ ਧੀਆਂ ਦੀਆਂ
ਅੱਖਾਂ 'ਚ ਅੱਖ ਪਾਉਣੋ ਡਰੇ
ਰੱਬ ਨਾ ਕਰੇ ਕਿ ਭੁੱਲ ਜਾਈਏ
ਜਦ ਅਸੀਂ ਵਰਤੇ ਗਏ ਧਮਕੀਆਂ ਨਾਲ ਭਰੇ ਭਾਸ਼ਣ ਸੁਣਨ ਲਈ
ਰੱਬ ਨਾ ਕਰੇ ਕਿ ਕੋਈ ਭੁੱਲ ਜਾਵੇ
ਕਿਵੇਂ ਧਰਤੀ ਦੀਆਂ ਮਾਸੂਮ ਗੱਲ੍ਹਾਂ ਨੂੰ ਲਹੂ ਮਲਿਆ ਗਿਆ
ਜਦ ਚੁਣੇ ਹੋਏ ਵਿਧਾਇਕ
ਆਪਣੀ ਵਾਰੀ ਲਈ ਕੁੱਤਿਆਂ ਦੇ ਵਾਂਗ ਹਿੜਦੇ ਰਹੇ
ਅਤੇ ਸੜਕਾਂ 'ਤੇ ਹੜਤਾਲੀਏ ਮਜ਼ਦੂਰਾਂ ਦਾ ਸ਼ਿਕਾਰ ਖੇਡ ਹੁੰਦਾ ਰਿਹਾ
ਜਦ ਲਹੂ ਨਾਲ ਗੱਚ ਦੀਦਿਆਂ ਨੂੰ
ਠੁਠ ਦਿਖਲਾਉਂਦੇ ਰਹੇ ਅਖਬਾਰਾਂ ਦੇ ਪੰਨੇ
ਤੇ ਅਸੈਂਬਲੀਆਂ 'ਚ ਹੋਏ ਠਾਠ ਦੇ ਚੋਹਲਾਂ ਦਾ ਜ਼ਿਕਰ
ਨਿਗਲ ਜਾਂਦਾ ਰਿਹਾ
ਬੰਗਲੌਰ ਵਿਚ ਹਿੱਕਾਂ ਛਣਨੀ ਹੋਣ ਦੀ ਸੁਰਖੀ
ਜਦ ਰੇਡੀਓ ਸਾਬਤ ਰਿਹਾ
ਤੇ ਮਗਰਮੱਛ ਮੁੱਖ ਮੰਤਰੀ
ਢਿੱਡ 'ਚ ਪਈਆਂ ਲੋਥਾਂ ਨੂੰ ਪੁੱਤਾਂ ਦੀ ਥਾਂ ਦੱਸਦਾ ਰਿਹਾ
ਜਦ ਪਿੰਜੇ ਗਏ ਸ਼ਾਹਕੋਟ ਦੀਆਂ ਚੀਕਾਂ ਨੂੰ ਜਾਮ ਕਰਦਾ ਰਿਹਾ
ਇਕ ਠਿਗਣੇ ਜਹੇ ਡੀ ਐਸ ਪੀ ਦਾ ਹਾਸਾ

16. ਨਾਚ ਬੋਲੀਆਂ

ਬਾਗ ਲਵਾਇਆ ਬਗੀਚਾ ਲਵਾਇਆ ਵਿੱਚ-ਵਿੱਚ ਫਿਰਦੇ ਮੋਰ
ਅਸੀਂ ਹੁਣ ਨਹੀਂ ਛੱਡਣੇ ਇਹੇ ਫਸਲਾਂ ਦੇ ਚੋਰ,
ਹੁਣ ਅਸਾਂ ਨਹੀਂ ਛੱਡਣੇ...

ਕਿੱਕਰਾਂ ਵੀ ਲੰਘ ਗਈ ਬੇਰੀਆਂ ਵੀ ਲੰਘ ਗਈ
ਲੰਘਣਾ ਰਹਿ ਗਿਆ ਖਾਲਾ ਲੋਕਾਂ ਨੂੰ ਡਰ ਕੋਈ ਨਾ
ਹੋਊ ਸਰਕਾਰ ਨੂੰ ਪਾਲਾ ਲੋਕਾਂ ਨੂੰ ਡਰ ਕੋਈ ਨਾ...

ਤਿੱਖੀ ਨੋਕ ਦੀ ਜੁੱਤੀ ਵੀ ਘਸ ਗਈ ਨਾਲੇ ਘਸ ਗਈਆਂ ਖੁਰੀਆਂ
ਬਈ ਮਾਰੋ-ਮਾਰੀ ਕਰਦੀਆਂ ਯਾਰੋ ਫ਼ੌਜਾਂ ਕਿੱਧਰ ਨੂੰ ਤੁਰੀਆਂ
ਬਈ ਫ਼ੌਜਾਂ ਤੁਰੀਆਂ ਜੰਗ ਜਿੱਤਣੇ ਨੂੰ ਡੰਡੀਆਂ ਸੜਕਾਂ ਭੁਰੀਆਂ
ਫ਼ੌਜਾਂ ਜਨਤਾ ਦੀਆਂ ਕਦੋਂ ਮੋੜਿਆਂ ਮੁੜੀਆਂ ।
ਫ਼ੌਜਾਂ ਜਨਤਾ ਦੀਆਂ...

ਗਾਂ ਨਹੀ ਮਿਲਦੀ, ਵੱਛਾ ਨਹੀਂ ਝੱਲਦੀ, ਗਾਂ ਨੂੰ ਨਿਆਣਾ ਪਾ ਲਉ
(ਬਈ) ਵੋਟਾਂ ਲੈ ਕੇ ਇੰਦਰਾ ਮੁੱਕਰ ਗਈ, ਪਰ੍ਹੇ ਦੇ ਵਿੱਚ ਬਿਠਾ ਲਉ
(ਬਈ) ਇੰਦਰਾ ਨੇ ਸਾਡੀ ਗੱਲ ਨਹੀਂ ਸੁਣਨੀ, ਡਾਂਗੀਂ ਸੰਮ ਚੜ੍ਹਾ ਲਉ
(ਬਈ) 'ਕੱਠੇ ਹੋ ਕੇ ਕਰੀਏ ਹੱਲਾ, ਹਾਕਮ ਲੰਮੇ ਪਾ ਲਉ
ਜ਼ੁਲਮ ਦੀ ਜੜ੍ਹ ਵੱਢਣੀ, ਦਾਤੀਆਂ ਤੇਜ਼ ਕਰਾ ਲਉ
ਜ਼ੁਲਮ ਦੀ ਜੜ੍ਹ ਵੱਢਣੀ...

ਕਰ ਲਾ, ਕਰ ਲਾ ਜ਼ੁਲਮ ਹਕੂਮਤੇ ਮਾਰ ਲਾ ਡਾਕੇ ਧਾੜੇ
(ਨੀ) ਜਾਂ ਅੱਤ ਚੁੱਕਦੇ ਬਾਹਲੇ ਪਾਪੀ ਜਾਂ ਅੱਤ ਚੁੱਕਦੇ ਮਾੜੇ
(ਨੀ) ਤੇਰੇ ਤਾਂ ਦਿਨ ਲੱਗਦੇ ਥੋੜ੍ਹੇ ਲੱਛਣ ਦਿਸਦੇ ਮਾੜੇ
(ਨੀ) ਜ਼ੁਲਮ ਤੇਰੇ ਦੀ ਕਿਸਮ ਪੁਰਾਣੀ ਨਵੇਂ ਨਾ ਕੋਈ ਪਵਾੜੇ
(ਨੀ) ਚੁਣ ਚੁਣ ਕੇ ਅਣਖੀਲੇ ਯੋਧੇ ਤੂੰ ਜੇਲ੍ਹਾਂ ਵਿੱਚ ਤਾੜੇ
ਗੱਜਦੇ ਸ਼ੇਰਾਂ ਨੇ ਕਦੇ ਨਾ ਕੱਢਣੇ ਹਾੜੇ ।
ਗੱਜਦੇ ਸ਼ੇਰਾਂ ਨੇ...

ਹੋਰਨਾਂ ਤਾਂ ਪਾ ਲਏ ਬੰਗਲੇ ਕੋਠੀਆਂ ਤੂੰ ਕਿਉਂ ਪਾ ਲਈ ਛੰਨ ਓ ਜੱਟਾ
ਉੱਠ ਮੂੰਹ ਸ਼ਾਹਾਂ ਦੇ ਭੰਨ ਓ ਜੱਟਾ
ਉੱਠ ਮੂੰਹ ਸ਼ਾਹਾਂ ਦੇ ...

ਪਾਲੋ ਪਾਲ ਮੈਂ ਡੇਕਾਂ ਲਾਈਆਂ ਉੱਤੇ ਦੀ ਲੰਘ ਗਈ ਤਿੱਤਰੀ
ਵੱਡੀ ਹਵੇਲੀ 'ਚੋਂ ਕੋਈ ਧਾਹਾਂ ਮਾਰਦੀ ਨਿੱਕਲੀ
ਵੱਡੀ ਹਵੇਲੀ ਚੋਂ ...

ਤੇਰੀ ਮੇਰੀ ਲੱਗ ਗਈ ਟੱਕਰ ਲਗ ਗਈ ਸ਼ਰੇ ਬਜਾਰ
ਤੂੰ ਆਪਣੀ ਦੌਲਤ ਤੋਂ ਬੜਕੇਂ ਮੇਰਾ 'ਸੱਚ' ਹਥਿਆਰ
ਮੈਨੂੰ ਛਿੜਿਆ ਰੋਹ ਦਾ ਕਾਂਬਾ ਤੈਨੂੰ ਚੜ੍ਹੇ ਬੁਖਾਰ
ਨਾਲੇ ਲੈਣਾ ਤੈਨੂੰ ਮਿੱਥ ਕੇ ਨਾਲੇ ਤੇਰੀ ਸਰਕਾਰ
ਸਾਂਭ ਮੇਰਾ ਹੁਣ ਵਾਰ ਅੱਜ ਤਾਈਂ ਤੂੰ ਲੁੱਟਿਆ...

17. ਗ਼ਜ਼ਲ-ਜੇ ਸਵੇਰੇ ਨਹੀ ਤਾਂ ਹੁਣ ਸ਼ਾਮ ਦੇਣਾ ਪਏਗਾ

ਜੇ ਸਵੇਰੇ ਨਹੀ ਤਾਂ ਹੁਣ ਸ਼ਾਮ ਦੇਣਾ ਪਏਗਾ
ਸੂਰਜ ਦੇ ਕਤਲਾਂ ਨੂੰ ਵੀ ਇਲਜਾਮ ਦੇਣਾ ਪਏਗਾ

ਭੂਤਰੀ ਸ਼ੈਤਾਨਗੀ ਨੂੰ ਨੱਥ ਪਾਉਣੀ ਪਏਗੀ
ਹਰ ਚੁਰਾਹੇ ਤੇ ਬਲੀ ਸ਼ੈਤਾਨ ਦੇਣਾ ਪਏਗਾ

ਇਨਸਾਨੀਅਤ ਦੇ ਸਫਰ ਉੱਤੇ ਤੁਰਦਿਆਂ ਹੋਇਆਂ
....................................................

ਤੋੜ ਦਿੱਤੇ ਜਾਣਗੇ ਹੁਣ ਹੌਸਲੇ ਤੂਫ਼ਾਨ ਦੇ
ਦੀਵਿਆਂ ਨੂੰ ਸਿਦਕ ਦਾ ਪੈਗਾਮ ਦੇਣਾ ਪਏਗਾ

18. ਤੂੰ ਕਿਵੇਂ ਰਹਿੰਦੀ ਹੀ ਜਾਨੀ ਏਂ ਮਾਂ

ਤੂੰ ਗ਼ਮ ਨਾ ਲਾਇਆ ਕਰ
ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿਤਾ ਹੈ
ਪਤੈ ? ਉਹ ਕਹਿੰਦੇ ਸੀ-ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ
ਉਹ ਝੂਠ ਕਹਿੰਦੇ ਨੇ ਮਾਂ, ਤੂੰ ਮੈਨੂੰ ਹੁਣ ਉਥੇ ਬਿਲਕੁਲ ਨਾ ਜਾਣ ਦਈਂ
ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ
ਉਹ ਲੋਕ ਓਹੀਓ ਨੇ ਜਿਨਾਂ ਮੈਥੋਂ ਵੱਡੇ ਨੂੰ
ਤੈਥੋਂ ਵਿਛੋੜ ਦਿਤਾ ਸੀ
ਤੂੰ ਗ਼ਮ ਨਾ ਲਾਇਆ ਕਰ
ਮੈਂ ਉਸ ਸਾਲੇ ਅਸ਼ਿਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ
ਤੇਰੇ ਕਦਮਾਂ ਤੇ ਪਟਕ ਦਿਆਂਗਾ
ਤੂੰ ਉਹਤੋਂ ਮੈਥੋਂ ਵੱਡੇ ਦੀ ਲਾਸ਼ ਮੰਗੀਂ
ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ
ਨਵਿਆਂ ਮੁੰਡਿਆਂ ਦੇ ਸਿਰ ਤੇ ਘੁਮਾਉਂਦੇ ਹਨ
ਤੂੰ ਰੋਂਦੀ ਕਿਉਂ ਏਂ ਮਾਂ
ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ
ਤੇ ਫਿਰ ਅਸੀਂ ਸਾਰੇ ਭੈਣ ਭਰਾ
ਇਕੱਠੇ ਹੋ ਕੇ ਪਹਿਲਾਂ ਵਾਂਗ ਠਹਾਕੇ ਲਾਇਆ ਕਰਾਂਗੇ
ਬਚਪਨ ਦੇ ਉਨ੍ਹਾਂ ਦਿਨਾਂ ਵਾਂਗ
ਜਦ ਤੇਰੀਆਂ ਅੱਖਾਂ ਤੇ ਚੁੰਨੀ ਬੰਨ੍ਹ ਕੇ
ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ
ਤੇ ਤੂੰ ਹੱਥ ਵਧਾ ਕੇ ਟੋਂਹਦੀ ਹੋਈ
ਸਾਨੂੰ ਲੱਭਿਆ ਕਰਦੀ ਸੈਂ
ਜਾਂ ਬਿਲਕੁਲ ਓਦੋਂ ਵਾਂਗ ਜਦ ਮੈਂ ਪਿੱਠ ਉਤੇ
ਚੂੰਢੀ ਭਰਕੇ ਦੌੜ ਜਾਂਦਾ ਸਾਂ
ਅਤੇ ਤੂੰ ਗੁੱਸੇ ਵਿਚ ਮੇਰੇ ਪਿਛੇ
ਵੇਲਣਾ ਵਗਾਹ ਕੇ ਮਾਰਦੀ-
ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ
ਤੈਨੂੰ ਬੜਾ ਹੀ ਸਤਾਉਂਦਾ ਸਾਂ ।

ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਏ ਨਾ ਮਾਂ?
ਉਹ ਬੜਾ ਸਾਊ ਸੀ-ਇਕ ਵਾਰ ਚੇਤਾ ਏ-?
ਜਦ ਉਹ ਟਾਹਲੀ ਛਾਂਗਦਾ ਹੋਇਆ ਡਿਗ ਪਿਆ ਸੀ
ਬਾਂਹ ਟੁੱਟ ਜਾਣ ਤੇ ਵੀ ਹੱਸਦਾ ਰਿਹਾ ਸੀ
ਤਾਂ ਕਿ ਸਦਮੇ ਨਾਲ ਤੂੰ ਗਸ਼ ਨਾ ਖਾ ਜਾਏਂ
ਤੇ ਭੈਣ ਓਦੋਂ ਕਿੰਨੀ ਛੋਟੀ ਸੀ
ਬਿਲਕੁਲ ਗੁੱਡੀ ਜਿਹੀ
ਹੁਣ ਉਹ ਸ਼ਹਿਰ ਜਾ ਕੇ ਕੀ ਕੀ ਸਿੱਖ ਗਈ ਹੈ
ਪਰ ਤੂੰ ਗ਼ਮ ਨਾ ਲਾਇਆ ਕਰ ਮਾਂ
ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ
ਫੇਰ ਮੈਂ ਤੇ ਬਬਲੂ
ਏਸੇ ਤਰਾਂ ਤੇਰੀ ਗੋਦ 'ਚ ਪੈ ਕੇ
ਪਰੀਆਂ ਦੀਆਂ ਕਹਾਣੀਆਂ ਸੁਣਿਆਂ ਕਰਾਂਗੇ
ਤੇ ਜ਼ਿਕਰ ਛੇੜਿਆ ਕਰਾਂਗੇ
ਉਸ.....ਤਾਮੁਲੁਕ ਬਾਰੇ
ਜੋ ਕਦੀ.....ਤਾਮਰ ਲਿਪਤੀ ਹੋਇਆ ਕਰਦਾ ਸੀ

ਆਪਾਂ ਮਾਂ- ਕਿਤੇ ਦੂਰ ਚਲੇ ਜਾਵਾਂਗੇ
ਜਿੱਥੇ ਸਿਰਫ਼ ਪੰਛੀ ਰਹਿੰਦੇ ਨੇ
ਜਿੱਥੇ ਅਸਮਾਨ ਕੇਵਲ ਤੰਬੂ ਕੁ ਹੀ ਜੇਡਾ ਨਹੀਂ
ਜਿੱਥੇ ਦਰਖਤ ਲੋਕਾਂ ਵਰਗੇ ਨੇ
ਲੋਕ ਦਰਖਤਾਂ ਵਰਗੇ ਨਹੀਂ
ਮਾਂ ਤੂੰ ਗ਼ਮ ਨਾ ਲਾ
ਆਪਾਂ ਫੇਰ ਇਕ ਵਾਰ ਉਨ੍ਹਾਂ ਦਿਨਾਂ ਵੱਲ ਪਰਤ ਜਾਵਾਂਗੇ-
ਉੱਥੇ, ਜਿੱਥੋਂ ਸ਼ਹਿਰ ਦਾ ਰਸਤਾ
ਇਕ ਬਹੁਤ ਵੱਡੇ ਜੰਗਲ 'ਚੋਂ ਦੀ ਹੋ ਕੇ ਜਾਂਦਾ ਹੈ।

19. ਉਹ ਰਿਸ਼ਤੇ ਹੋਰ ਹੁੰਦੇ ਹਨ

ਉਹ ਰਿਸ਼ਤੇ ਹੋਰ ਹੁੰਦੇ ਹਨ
ਜਿਨ੍ਹਾਂ ਵਿੱਚ ਭਟਕ ਜਾਂਦੇ ਹਨ ਦੁੱਧ ਚਿੱਟੇ ਦਿਨ
ਤੇ ਮੱਖਣ ਵਰਗੀਆਂ ਕੂਲੀਆਂ ਰਾਤਾਂ
ਜਿਨ੍ਹਾਂ ਵਿੱਚ ਸਾਵਾ ਘਾਹ ਲੇਟਣ ਲਈ ਹੁੰਦਾ ਹੈ
ਜਾਂ ਬੰਬਾਂ ਨਾਲ ਝੁਲਸਣ ਲਈ
ਜਿਨ੍ਹਾਂ ਵਿੱਚ ਇਨਸਾਨ ਰਾਜਾ ਹੁੰਦਾ ਹੈ ਜਾਂ ਪਸ਼ੂ
ਆਦਮੀ ਕਦੇ ਨਹੀਂ ਹੁੰਦਾ

ਉਹ ਰਿਸ਼ਤੇ ਹੁੰਦੇ ਹਨ : ਪਥਰ 'ਤੇ ਖਰੋਚੀ ਹੋਈ ਚਿਹਰੇ ਦੀ ਪਹਿਚਾਣ
ਢਿੱਡ ਦੀ ਕੁੰਡੀ 'ਚ ਅੜੇ ਹੋਏ ਜੰਗਾਲੇ ਸੰਗਲ
ਛਾਤੀਆ ਤੇ ਗਿਰਝਾਂ ਵਰਗੇ ਝਪਟਦੇ ਅਹਿਸਾਸ (ਅਰਮਾਣ)
ਟੁੱਟੀ ਹੋਈ ਪੰਜਾਲੀ ਵਾਂਗ ਸਿਰਫ਼ ਬਾਲਣ ਦੇ ਕੰਮ ਆਉਦੇਂ ਹਨ ਉਹ ਰਿਸ਼ਤੇ

ਉਹ ਰਿਸ਼ਤੇ
ਜਿਨ੍ਹਾਂ ਵਿੱਚ ਕੋਈ ਭੀੜ ਕੁਰਬਲਾਉਂਦੀ ਹੋਈ ਦਲਦਲ ਲਗਦੀ ਹੈ
ਜਿਨ੍ਹਾਂ ਵਿੱਚ ਸ਼ਰਾਰਤਾਂ ਕਰਦੇ ਹੋਏ ਬੱਚੇ ਨਰਕ ਦਾ ਦ੍ਰਿਸ਼ ਦਿਸਦੇ ਹਨ
ਜਿਨ੍ਹਾਂ ਵਿੱਚ ਉਠਦੀ ਜਵਾਨੀ ਹਕੂਮਤ ਲਈ ਵੀ ਆਫ਼ਤ ਹੁੰਦੀ ਹੈ
ਤੇ ਮਾਪਿਆਂ ਲਈ ਵੀ
ਜਿਹਨਾਂ ਵਿਚ ਗੋਡਿਆਂ ਤੋਂ ਉੱਤੇ
ਤੇ ਗਰਦਣ ਤੋਂ ਥੱਲੇ ਹੀ ਹੋ ਜਾਂਦਾ ਹੈ ਮੁਕੰਮਲ ਔਰਤ ਦਾ ਜਿਸਮ
ਉਹ ਰਿਸ਼ਤੇ ਜੀਣ ਜੋਗੀ ਇਸ ਪਵਿੱਤਰ ਧਰਤੀ 'ਤੇ
ਮਾਰਖੋਰੇ ਸਾਹਨਾਂ ਦੀ ਉਡਾਈ ਹੋਈ ਧੂੜ ਹੁੰਦੇ ਹਨ
ਉਹ ਰਿਸ਼ਤੇ ਹੋਰ ਹੁੰਦੇ ਹਨ

ਇਹ ਰਿਸ਼ਤੇ ਹੋਰ ਹਨ, ਜੋ ਭੋਗੇ ਜਾਂਦੇ ਹਨ, ਅਜੇ ਸਮਝੇ ਨਹੀਂ ਜਾਂਦੇ
ਇਹ ਰਿਸ਼ਤੇ ਸਿਸਕਦੇ ਹਨ ਘਾਹ ਦੀ ਪੰਡ ਖੋਤਣ ਲਈ
ਆਡਾਂ ਵਿੱਚ ਖ਼ਰਗੋਸ਼ ਵਾਂਗੂੰ ਲੁਕੇ ਹੋਏ ਘਾਹੀਆਂ
ਤੇ ਟੋਕਾ ਫੇਰਦੇ ਉਸ ਰੋਣ ਹਾਕੇ ਜੱਟ ਦੇ ਵਿਚਾਲੇ
ਜਿਸ ਦਾ ਬਾਰ ਬਾਰ ਰੁਕ ਰਿਹਾ ਹੈ ਰੁੱਗ
ਇਹ ਰਿਸ਼ਤੇ ਚੀਕਦੇ ਹਨ
ਮੰਡੀਆਂ ਵਿੱਚ ਕਣਕ ਸੁੱਟਣ ਆਏ
ਮੂੰਹ ਜਹੇ ...ਬੈਠੇ ਉਨ੍ਹਾਂ ਕਿਸਾਨਾਂ ਵਿੱਚ
ਜੋ ਨਾਲ ਦੇ ਨੂੰ ਇਹ ਨਹੀਂ ਪੁੱਛਦੇ
ਕਿ ਅਗਲਾ ਮੱਲੀਆਂ ਤੋਂ ਆਇਆ ਹੈ ਕਿ ਤਲਵੰਡੀਓਂ
ਪਰ ਉਨ੍ਹਾਂ ਵਿਚਲੀ ਉਦਾਸ ਚੁੱਪ ਪੁੱਛਦੀ ਹੈ
ਪੁੜੀਆਂ 'ਚ ਵਿਕਦੀ ਰਸਦ ਕਿਸ ਤਰ੍ਹਾਂ ਡਕਾਰ ਜਾਂਦੀ ਹੈ
ਬੱਦਲਾਂ ਨੂੰ ਛੋਂਹਦੇ ਬੋਹਲ... … …

20. ਧਰਮ ਦੀਕਸ਼ਾ ਲਈ ਬਿਨੈ-ਪੱਤਰ

ਮੇਰਾ ਇੱਕੋ ਹੀ ਪੁੱਤ ਹੈ ਧਰਮ-ਗੁਰੂ
ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ।
ਤੇਰੇ ਇਸ ਤਰਾਂ ਗਰਜਣ ਤੋਂ ਬਾਦ
ਮਰਦ ਤਾਂ ਦੂਰ ਦੂਰ ਤਕ ਕਿਤੇ ਨਹੀਂ ਬਚੇ
ਹੁਣ ਸਿਰਫ਼ ਤੀਵੀਆਂ ਹਨ ਜਾਂ ਸ਼ਾਕਾਹਾਰੀ ਦੋਪਾਏ
ਜੋ ਉਨ੍ਹਾਂ ਲਈ ਅੰਨ ਕਮਾਉਦੇ ਹਨ।
ਸਰਬ ਕਲਾ ਸਮਰੱਥ ਏਂ ਤੂੰ ਧਰਮ-ਗੁਰੂ!
ਤੇਰੀ ਇਕ ਮਾੜੀ ਜਿਹੀ ਤਿਊੜੀ ਵੀ
ਚੰਗੇ ਭਲੇ ਪਰਿਵਾਰਾਂ ਨੂੰ ਇੱਜੜ ਬਣਾ ਦਿੰਦੀ
ਹਰ ਕੋਈ ਦੂਸਰੇ ਨੂੰ ਮਿੱਧ ਕੇ
ਆਪਣੀ ਧੌਣ ਤੀਜੇ ਵਿਚ ਘੁਸਾਉਂਦਾ ਹੈ
ਪਰ ਮੇਰੀ ਇਕੋ ਇਕ ਗਰਦਨ ਹੈ ਧਰਮ-ਗੁਰੂ !
ਮੇਰੇ ਬੱਚੇ ਦੀ - ਤੇ ਮਰਦ ਵਿਚਾਰਾ ਸਿਰ ਤੇ ਨਹੀਂ ਰਿਹਾ।

ਮੈਂ ਤੇਰੇ ਦੱਸੇ ਹੋਏ ਹੀ ਇਸ਼ਟ ਪੂਜਾਂਗੀ
ਮੈਂ ਤੇਰੇ ਪਾਸ ਕੀਤੇ ਭਜਨ ਹੀ ਗਾਵਾਂਗੀ
ਮੈਂ ਹੋਰ ਸਾਰੇ ਧਰਮਾਂ ਨੂੰ ਨਿਗੂਣੇ ਕਿਹਾ ਕਰੂੰ
ਮੇਰੀ ਪਰ ਇਕੋ ਇਕ ਜ਼ੁਬਾਨ ਬਚੀ ਹੈ ਧਰਮ-ਗੁਰੂ !
ਮੇਰੇ ਬੱਚੇ ਦੀ - ਤੇ ਮਰਦ ਵਿਚਾਰਾ ਸਿਰ ਤੇ ਨਹੀਂ ਰਿਹਾ।

ਮੈਂ ਪਹਿਲਾਂ ਬਹੁਤ ਝੱਲੀ ਰਹੀ ਹਾਂ ਹੁਣ ਤਕ
ਮੇਰੇ ਪਰਿਵਾਰ ਦਾ ਜੋ ਧਰਮ ਹੁੰਦਾ ਸੀ
ਮੇਰਾ ਉਸ ਤੇ ਵੀ ਕਦੀ ਧਿਆਨ ਨਹੀਂ ਗਿਆ
ਮੈਂ ਪਰਿਵਾਰ ਨੂੰ ਹੀ ਧਰਮ ਮੰਨਣ ਦਾ ਕੁਫ਼ਰ ਕਰਦੀ ਰਹੀ ਆਂ
ਮੈਂ ਕਮਲੀ ਸੁਣੇ ਸੁਣਾਏ, ਪਤੀ ਨੂੰ ਰੱਬ ਕਹਿੰਦੀ ਰਹੀ
ਮੇਰੇ ਭਾਣੇ ਤਾਂ ਘਰਦਿਆਂ ਜੀਆਂ ਦੀ ਮੁਸਕਾਨ ਤੇ ਘੂਰੀ ਹੀ
ਸੁਰਗ ਨਰਕ ਰਹੇ-
ਮੈਂ ਸ਼ਾਇਦ ਵਿੱਠ ਸਾਂ ਕਲਯੁੱਗ ਦੀ, ਧਰਮ-ਗੁਰੂ!

ਤੇਰੀ ਗਜਾਈ ਹੋਈ ਧਰਮ ਦੀ ਜੈਕਾਰ ਨਾਲ
ਮੇਰੇ 'ਚੋਂ ਐਨ ਉਡ ਗਈ ਹੈ ਕੁਫ਼ਰ ਦੀ ਧੁੰਦ
ਮੇਰਾ ਮਰਜਾਣੀ ਦਾ ਕੋਈ ਆਪਣਾ ਸੱਚ ਹੁਣ ਨਾ ਦਿਸੂ
ਮੈਂ ਤੇਰਾ ਸੱਚ ਹੀ ਇਕਲੌਤਾ ਸੱਚ ਜਚਾਇਆ ਕਰੂੰ ...
ਮੈਂ ਤੀਵੀਂ ਮਾਨੀ ਤੇਰੇ ਜਾਂਬਾਜ਼ ਸ਼ਿਸ਼ਾਂ ਦੇ ਮੂਹਰੇ ਹਾਂ ਵੀ ਕੀ
ਕਿਸੇ ਵੀ ਉਮਰੇ ਤੇਰੀ ਤੇਗ ਤੋਂ ਘੱਟ ਸੁੰਦਰ ਰਹੀ ਹਾਂ
ਕਿਸੇ ਵੀ ਰੌਂਅ 'ਚ ਤੇਰੇ ਤੇਜ ਤੋਂ ਫਿੱਕੀ ਰਹੀ ਹਾਂ
ਮੈਂ ਸੀ ਹੀ ਨਹੀਂ, ਬੱਸ ਤੂੰ ਹੀ ਤੂੰ ਏਂ ਧਰਮ-ਗੁਰੂ !

ਮੇਰਾ ਇਕੋ ਈ ਪੁੱਤ ਹੈ ਧਰਮ-ਗੁਰੂ !
ਉਂਜ ਭਲਾ ਸੱਤ ਵੀ ਹੁੰਦੇ
ਉਨ੍ਹਾਂ ਤੇਰਾ ਕੁਝ ਨਹੀਂ ਕਰ ਸਕਣਾ ਸੀ
ਤੇਰੇ ਬਾਰੂਦ ਵਿਚ ਰੱਬੀ ਮਹਿਕ ਹੈ
ਤੇਰਾ ਬਾਰੂਦ ਰਾਤਾਂ ਨੂੰ ਰੌਣਕਾਂ ਵੰਡਦਾ ਹੈ
ਤੇਰਾ ਬਾਰੂਦ ਰਾਹੋਂ ਭਟਕਿਆਂ ਨੂੰ ਸੇਧਦਾ ਹੈ
ਮੈਂ ਤੇਰੀ ਆਸਤਕ ਗੋਲੀ ਨੂੰ ਅਰਗ ਦਿਆ ਕਰਾਂਗੀ
ਮੇਰਾ ਇਕੋ ਈ ਪੁੱਤ ਹੈ ਧਰਮ-ਗੁਰੂ!
ਤੇ ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ ।

21. ਖੂਹ

ਖੂਹ ਬੜੇ ਥੋੜ੍ਹੇ ਬਚੇ ਨੇ ਹੁਣ
ਪਰ ਉਹ ਕੱਲਮ-ਕੱਲੇ ਸੁੰਨੇ ਜਹੇ ਜਿਥੇ ਵੀ ਹਨ
ਹਨੇਰੇ ਤੋਂ ਸੁਰੱਖਿਅਤ ਨਹੀਂ
ਜੋ ਪਿਆਸ ਦੇ ਪੱਜ ਉੱਤਰਦਾ ਹੈ ਉਨ੍ਹਾਂ 'ਚ
ਤੇ ਮੌਤ ਭਰ ਦੇਂਦੈ
ਸਭ ਤੋਂ ਭੋਲ਼ੇ-ਭਾਲ਼ੇ ਪੰਛੀਆਂ ਦੇ ਆਂਡਿਆਂ ਵਿੱਚ

ਫ਼ਸਲਾਂ ਲਈ ਬੇਕਾਰ ਹੋਣ ਤੋਂ ਬਾਅਦ
ਖੂਹ ਬੜੇ ਥੋੜ੍ਹੇ ਬਚੇ ਨੇ ਹੁਣ
ਉਨ੍ਹਾਂ ਦੀ ਖ਼ਾਸ ਲੋੜ ਨਹੀਂ ਭਾਗਭਰੀ ਧਰਤੀ ਨੂੰ
ਪਰ ਹਨੇਰੇ ਨੂੰ ਉਨ੍ਹਾਂ ਦੀ ਲੋੜ ਹੈ
ਕਿਸੇ ਵੀ ਗੁਟਕਦੀ ਉਡਾਣ ਦੇ ਵਿਰੁੱਧ
ਹਨੇਰਾ ਉਨ੍ਹਾਂ ਨੂੰ ਮੋਰਚੇ ਲਈ ਵਰਤਦਾ ਹੈ

ਖੂਹ ਬੇਸ਼ੱਕ ਥੋੜ੍ਹੇ ਨੇ ਹੁਣ
ਸੰਖ ਦੀ ਗੂੰਜ ਰਾਹੀਂ ਨਿੱਤ ਡਰਦੀ ਨੀਂਦ ਵਿੱਚ
ਮੌਤ ਵਡਿਆਉਂਦੇ ਹੋਏ ਭਜਨਾਂ ਦੀ ਭਾਲ਼ ਵਿੱਚ
ਤੇ ਅਤੀਤ ਗਾਉਂਦੀਆਂ ਬੜ੍ਹਕਾਂ ਵਿੱਚ
ਪਰ ਅਜੇ ਵੀ ਕਾਫ਼ੀ ਨੇ ਖੂਹ
ਉਨ੍ਹਾਂ ਵਿੱਚ ਹਲਕ ਗਿਆ ਹਨੇਰਾ ਅਜੇ ਚਿੰਘਾੜਦਾ ਹੈ
ਦੁਆ ਲਈ ਉੱਠਦੇ ਹੱਥਾਂ ਦੀ ਬੁੱਕ ਜੋ ਖੂਹ ਸਿਰਜਦੀ ਹੈ
ਸਾਲਮ ਮਨੁੱਖ ਨੂੰ ਨਿਗਲਣ ਲਈ
ਸਿਰਫ਼ ਉਸ ਵਿਚਲਾ ਹੀ ਹਨੇਰ ਕਾਫ਼ੀ ਹੈ
ਇਨ੍ਹਾਂ ਖੂਹਾਂ ਦੇ ਅੰਦਰ ਮੇਲ੍ਹਦਾ ਫ਼ਨੀਅਰ ਹਨੇਰਾ
ਸੁੜਕ ਜਾਂਦਾ ਹੈ, ਕਿਸੇ ਵੀ ਹਿੱਕ ਅੰਦਰ ਖਿੜਦੇ ਹੋਏ ਚਾਨਣ ਦੇ ਸਾਹ

ਖੂਹ ਤੁਹਾਨੂੰ ਜੋੜਦੇ ਹਨ ਮੋਈਆਂ ਸਦੀਆਂ ਨਾਲ
ਖੂਹ ਤੁਹਾਨੂੰ ਗੂੰਜ ਦੇ ਨਸ਼ੇ 'ਤੇ ਲਾ ਕੇ
ਆਪਣੇ ਜ਼ਖ਼ਮਾਂ ਨੂੰ ਗਾਉਣਾ ਸਿਖਾਉਂਦੇ ਹਨ
ਖੂਹ ਨਹੀਂ ਚਾਹੁੰਦੇ ਕਿ ਧੁੱਪ ਜਾਵੇ ਤੁਹਾਡੇ ਚੇਤੇ 'ਚੋਂ
ਖੋਪਿਆਂ ਵਿਚ ਜੁਪਣ ਦਾ ਦ੍ਰਿਸ਼।
ਵਸਤੂ ਜਾਂ ਮਸ਼ੀਨ ਨਹੀਂ
ਹੁਣ ਮੁਕੰਮਲ ਫ਼ਲਸਫ਼ਾ ਨੇ ਖੂਹ
ਖੂਹ ਤਾਂ ਚਾਹੁੰਦੇ ਹਨ ਉਨ੍ਹਾਂ ਸੰਗ ਜੁੜੀ ਹਰ ਭਿਆਨਕਤਾ
ਤੁਹਾਡੇ ਅੰਦਰ ਪਿਛਲਖੁਰੀ ਗਿੜਦੀ ਰਹੇ

ਖੂਹ ਤੁਹਾਡੇ ਨਾਲ਼ ਸਫ਼ਰ ਕਰਦੇ ਨੇ ਬੱਸਾਂ ਵਿੱਚ
ਉਨ੍ਹਾਂ ਵਿਚਲਾ ਹਨੇਰਾ ਆਦਮੀ ਦੀ ਭਾਸ਼ਾ ਖੋਹ ਕੇ
ਸਿਰਫ਼ ਮਮਿਆਉਣਾ ਸਿਖਾਉਂਦਾ ਹੈ
ਖੂਹ ਤੁਹਾਡੀਆਂ ਛਾਤੀਆਂ ਵਿੱਚ ਸਰਸਰਾਉਂਦੇ ਹਨ
ਜਨਾਜ਼ੇ ਤੋਂ ਪਰਤਦੇ ਜਦ ਤੁਹਾਡੇ ਵਿੱਚ
ਬਚੇ ਹੋਏ ਹੋਣ ਦਾ ਸ਼ੁਕਰਾਨਾ ਗਾਉਂਦਾ ਹੈ।
ਬਚਾਅ ਦੀ ਆਖ਼ਰੀ ਜੰਗ ਲੜਦਿਆਂ ਹਨੇਰਾ
ਬੇਹੱਦ ਖ਼ੂੰ-ਖ਼ਾਰ ਹੋ ਚੁੱਕਿਆ ਹੈ ਹੁਣ –

ਬਚਾਅ ਦੀ ਆਖ਼ਰੀ ਜੰਗ ਲੜਦਿਆਂ ਹਨੇਰਾ
ਹਰ ਸ਼ੈਅ ਵਿੰਨ੍ਹਦੇ ਹੋਏ
ਤੁਹਾਡੀ ਜਾਗਦੀ ਹੋਈ ਦੁਨੀਆਂ ਦੇ ਆਰਪਾਰ ਨਿੱਕਲਣਾ ਚਾਹੁੰਦਾ ਹੈ
ਤੁਹਾਡੇ ਬੋਲਾਂ ਦੀ ਲਿਸ਼ਕ 'ਚ ਸਿੰਮਣ ਨੂੰ
ਹਨ੍ਹੇਰਾ ਆਪਣੇ ਘੁਰਨਿਆਂ ਸਮੇਤ ਬੇਹੱਦ ਤਰਲ ਹੋ ਚੁੱਕਾ ਹੈ ਹੁਣ
ਏਨੇ ਤਰਲ ਹਨੇਰੇ ਦੇ ਖ਼ਿਲਾਫ਼
ਹੁਣ ਤੁਸੀਂ ਪਹਿਲਾਂ ਵਾਂਗ ਨਹੀਂ ਲੜ ਸਕਦੇ
ਕੋਈ ਸਹੂਲਤੀ ਤੇ ਅਣਸਰਦੇ ਦੀ ਠੰਢੀ ਜੰਗ
ਏਨੇ ਤਰਲ ਹਨੇਰੇ ਦੇ ਖ਼ਿਲਾਫ਼
ਤੁਹਾਡਾ ਸੁਵਿਧਾਮਈ ਵਜੂਦ ਬੜਾ ਨਾ-ਕਾਫ਼ੀ ਹੈ
ਏਨੇ ਤਰਲ ਹਨੇਰੇ ਦੇ ਬਿਲਕੁਲ ਗਵਾਂਢ ਜੀਂਦੇ ਹੋਏ
ਤੁਸੀਂ ਨਿਹੱਥਿਆਂ ਤੁਰ ਨਹੀਂ ਸਕਦੇ।

22. ਬੇਦਖ਼ਲੀ ਲਈ ਬਿਨੈ-ਪੱਤਰ

ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ
ਜੇ ਉਸ ਦੇ ਸੋਗ ਵਿਚ ਸਾਰਾ ਹੀ ਦੇਸ਼ ਸ਼ਾਮਿਲ ਹੈ
ਤਾਂ ਇਸ ਦੇਸ਼ 'ਚੋਂ ਮੇਰਾ ਨਾਮ ਕੱਟ ਦੇਵੋ

ਮੈਂ ਖੂਬ ਜਾਣਦਾ ਹਾਂ ਨੀਲੇ ਸਾਗਰਾਂ ਤੱਕ ਫੈਲੇ ਹੋਏ
ਇਸ ਖੇਤਾਂ, ਖਾਨਾਂ, ਭੱਠਿਆਂ ਦੇ ਭਾਰਤ ਨੂੰ -
ਉਹ ਠੀਕ ਇਸੇ ਦੀ ਸਾਧਾਰਣ ਜਿਹੀ ਕੋਈ ਨੁੱਕਰ ਸੀ
ਜਿੱਥੇ ਪਹਿਲੀ ਵਾਰ
ਜਦ ਦਿਹਾੜੀਦਾਰ ਤੇ ਉਲਰੀ ਚਪੇੜ ਮਚਕੋੜੀ ਗਈ
ਕਿਸੇ ਦੇ ਖੁਰਦਰੇ ਬੇਨਾਮ ਹੱਥਾਂ ਵਿਚ
ਠੀਕ ਉਹ ਵਕਤ ਸੀ
ਜਦ ਇਸ ਕਤਲ ਦੀ ਸਾਜ਼ਿਸ਼ ਰਚੀ ਗਈ
ਕੋਈ ਵੀ ਪੁਲਸ ਨਹੀਂ ਲੱਭ ਸਕੂ ਇਸ ਸਾਜ਼ਿਸ਼ ਦੀ ਥਾਂ
ਕਿਉਂਕਿ ਟਿਊਬਾਂ ਕੇਵਲ ਰਾਜਧਾਨੀ ਵਿਚ ਜਗਦੀਆਂ ਹਨ
ਤੇ ਖੇਤਾਂ, ਖਾਨਾਂ, ਭੱਠਿਆਂ ਦਾ ਭਾਰਤ ਬਹੁਤ ਹਨੇਰਾ ਹੈ ।

ਤੇ ਠੀਕ ਏਸੇ ਸਰਦ ਹਨੇਰੇ ਵਿਚ ਸੁਰਤ ਸੰਭਾਲਣ ਤੇ
ਜੀਣ ਦੇ ਨਾਲ ਨਾਲ
ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ
ਮੈਂ ਖ਼ੁਦ ਨੂੰ ਇਸ ਕਤਲ ਦੀ ਸਾਜ਼ਿਸ਼ ਵਿਚ ਸ਼ਰੀਕ ਪਾਇਆ,
ਜਦੋਂ ਵੀ ਵੀਭੱਤਸੀ ਸ਼ੋਰ ਦਾ ਨੱਪ ਕੇ ਖੁਰਾ
ਮੈਂ ਲੱਭਣਾ ਚਾਹਿਆ ਟਰਕਦੇ ਹੋਏ ਟਿੱਡੇ ਨੂੰ
ਸ਼ਾਮਿਲ ਤੱਕਿਆ ਹੈ, ਆਪਣੀ ਪੂਰੀ ਦੁਨੀਆਂ ਨੂੰ
ਮੈਂ ਸਦਾ ਹੀ ਉਸਨੂੰ ਕਤਲ ਕੀਤਾ ਹੈ
ਹਰ ਵਾਕਿਫ਼ ਜਣੇ ਦੀ ਹਿੱਕ 'ਚੋਂ ਲੱਭ ਕੇ
ਜੇ ਉਸ ਦੇ ਕਾਤਲਾਂ ਨੂੰ ਇੰਜ ਹੀ ਸੜਕਾਂ ਤੇ ਸਿੱਝਣਾ ਹੈ
ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲੇ।
ਮੈਂ ਨਹੀਂ ਚਾਹੁੰਦਾ ਕਿ ਸਿਰਫ਼ ਇਸ ਬਿਨਾਅ ਤੇ ਬਚਦਾ ਰਹਾਂ
ਕਿ ਮੇਰਾ ਪਤਾ ਨਹੀਂ ਹੈ ਭਜਨ ਲਾਲ ਬਿਸ਼ਨੋਈ ਨੂੰ -

ਇਸ ਦਾ ਜੋ ਵੀ ਨਾਂ ਹੈ - ਗੁੰਡਿਆਂ ਦੀ ਸਲਤਨਤ ਦਾ
ਮੈਂ ਇਸ ਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ।
ਮੈਂ ਉਸ ਪਾਇਲਟ ਦੀਆਂ
ਮੀਸਣੀਆਂ ਅੱਖਾਂ ਵਿਚ ਰੜਕਦਾ ਭਾਰਤ ਹਾਂ
ਹਾਂ, ਮੈਂ ਭਾਰਤ ਹਾਂ ਰੜਕਦਾ ਹੋਇਆ ਉਹਦੀਆਂ ਅੱਖਾਂ ਵਿੱਚ
ਜੇ ਉਸ ਦਾ ਆਪਣਾ ਕੋਈ ਖ਼ਾਨਦਾਨੀ ਭਾਰਤ ਹੈ
ਤਾਂ ਮੇਰਾ ਨਾਮ ਉਸ 'ਚੋਂ ਹੁਣੇ ਕੱਟ ਦੇਵੋ।

23. ਘਾਹ ਵਰਗੇ ਬੰਦੇ ਦੀ ਦਾਸਤਾਨ

ਬੋਤੇ ਚਾਰਦਾ ਤੇਰਾ ਸਰਵਣ ਵੀਰ
ਬੋਤਿਆਂ ਨੇ ਚਰ ਲਿਆ ਹੈ, ਭੈਣੇ
ਓਸ ਹੁਣ ਤੈਨੂੰ ਮਿਲਣ ਨਹੀਂ ਆਉਣਾ

ਜੀ ਤਾਂ ਬੜਾ ਕਰਦਾ ਸੀ
ਕਿ ਆ ਕੇ ਸੱਸ ਤੇਰੀ ਤੋਂ
ਲੁਕਾ ਕੇ ਰੱਖਿਆ ਘਿਓ ਕਢਵਾਵਾਂ
ਜਾਂ ਸੁੱਕੀ ਖੰਡ ਦੀ ਕੌਲੀ
ਉਹਦੇ ਮੱਥੇ 'ਚ ਚੁੱਕ ਮਾਰਾਂ,
ਪਰ ਨਾ ਮੁਰਾਦ ਬੋਤਿਆਂ ਦਾ ਅਜਬ ਕਿੱਸਾ ਹੈ
ਨਾ ਇਹ ਆਪੂੰ ਨਜ਼ਰ ਆਉਂਦੇ ਨੇ
ਨਾ ਉਡਦੀ ਧੂੜ ਦਿਸਦੀ ਹੈ
ਬਸ ਬੁੱਟਾਂ ਦੇ ਚਰਨ ਦੀ ਆਵਾਜ਼ ਸੁਣਦੀ ਹੈ
ਜਦ ਉਹ ਵਾਗੀਆਂ ਦੇ ਗੀਤਾਂ ਨੂੰ ਨਿਘਾਰ ਰਹੇ ਹੁੰਦੇ ਹਨ

ਮੇਰੇ ਤਾਂ ਚਿੱਤ 'ਚ ਸੀ
ਕਿ ਬੋਤਿਆਂ ਲਈ ਮੇਰੀਆਂ ਅੱਖਾਂ ਵਿਚ
ਫੈਲੀ ਹੋਈ ਹਰਿਆਵਲ ਹੀ ਕਾਫ਼ੀ ਹੈ
ਪਰ ਜਦ ਉਨ੍ਹਾਂ ਮੇਰੇ ਹੱਥ ਖਾਧੇ
ਤੇਰੇ ਜੋਤ-ਵਿਹੂਣੇ ਅੰਮਾਂ 'ਤੇ ਬਾਬਲ
ਮੇਰੇ ਵਹਿੰਗੀ ਨਾ ਚੁੱਕ ਸਕਣ ਬਾਰੇ
ਕੁਝ ਵੀ ਸਮਝ ਨਹੀਂ ਸਕੇ

ਤੇ ਹੁਣ ਤੇਰਾ ਇੰਜੜੀ ਦਾ ਚਾਅ
ਪਿੰਡ ਦੀ ਹੱਦ ਉਤਲੀ ਕਿੱਕਰ 'ਤੇ ਟੰਗਿਆ ਪਿਆ ਹੈ
ਕਿਸੇ ਅਣਵਰਤੇ ਖੱਫ਼ਣ ਵਾਂਗ,
ਭੈਣੇ, ਸਰਫ਼ੇ ਦੀਆਂ ਪੈਲੀਆਂ ਨੂੰ
ਮੱਛਰੇ ਬੋਤੇ ਲਿਤਾੜੀ ਜਾ ਰਹੇ ਹਨ ।

24. ਥੱਕੇ ਟੁੱਟੇ ਪਿੰਡਿਆਂ ਨੂੰ

ਥੱਕੇ ਟੁੱਟੇ ਪਿੰਡਿਆਂ ਨੂੰ
ਲੇਸਲੇ ਦਿਲ ਦੇ ਸਹਾਰੇ ਜੋੜ ਲੈਂਦੇ ਹਾਂ
ਪਰੇਸ਼ਾਨੀ 'ਚ ਜ਼ਖ਼ਮੀ ਸ਼ਾਮ ਦਾ
ਭਖਦਾ ਹੋਇਆ ਮੁੱਖ ਚੁੰਮ ਲੈਂਦੇ ਹਾਂ
ਅਸੀਂ ਵੀ ਹੁੰਦੇ ਹਾਂ, ਅਸੀਂ ਵੀ ਹੁੰਦੇ ਹਾਂ

ਜੁਗਨੂੰਆਂ ਵਾਂਗ ਰੁੱਖਾਂ ਵਿਚ ਫਸ ਕੇ ਭਟਕ ਛਡਦੇ ਹਾਂ
ਅਸੀਂ ਪਰ ਭਬਕ ਨਹੀਂ ਸਕਦੇ
ਕਦੇ ਸੀ-ਸੀ ਨਹੀਂ ਕਰਦੇ
ਬੇਚੈਨੀ ਦਾ ਅਸੀਂ ਅੱਕ ਰੋਜ਼ ਚੱਬਦੇ ਹਾਂ
ਅਸੀਂ ਵੀ ਹੁੰਦੇ ਹਾਂ, ਅਸੀਂ ਵੀ ਹੁੰਦੇ ਹਾਂ

ਅਸੀਂ ਧੁੱਪ ਨਾਲ ਘੁਲ ਘੁਲ ਕੇ
ਦਿਨੇ ਜੋ ਰੋਜ ਖਪਦੇ ਹਾਂ
ਹਨੇਰਾ ਸੌ ਕੁਫ਼ਰ ਤੋਲੇ
ਅਸਾਡੀ ਹੋਂਦ 'ਨ੍ਹੇਰੇ 'ਚ ਵੀ ਸਾਕਾਰ ਰਹਿੰਦੀ ਹੈ
ਅਸੀਂ ਰਾਤਾਂ ਦੀ ਰੰਗੀਨੀ ਦਾ ਵੀ ਹਿੱਸਾ ਵੰਡਾਵਾਂਗੇ
ਅਸੀਂ ਰਾਤੀਂ ਵੀ ਹੁੰਦੇ ਹਾਂ
ਅਸੀਂ ਹਰ ਵਕਤ ਹੋਵਾਂਗੇ ।

25. ੧੩ ਅਪ੍ਰੈਲ

ਕਣਕ ਦੇ ਸਿੱਟਿਆਂ ਤੋਂ ਪਰ੍ਹਾਂ
ਜਨਰਲ ਡਾਇਰ ਦਾ ਮੱਕਾਰ ਚਿਹਰਾ ਹੱਸਦਾ ਹੈ
ਪੰਜਾਂ ਪਿਆਰਿਆਂ ਦੇ ਗੱਦੀ ਨਸ਼ੀਨਾਂ
ਔਰੰਗਜ਼ੇਬੀ ਟੋਪੀ ਪਾਈ ਹੈ
ਵਸਾਖੀ ਦਾ ਮੇਲਾ ਦੇਖੇਗਾ ਕੌਣ ?

26. ਇਨ੍ਹਾਂ ਨੂੰ ਮਿਲੋ

ਇਨ੍ਹਾਂ ਨੂੰ ਮਿਲੋ
ਇਹ ਹਨ ਤੁਹਾਡੇ ਪੁਰਖੇ
ਇਹ ਹੁਣ ਆਪਣੀ ਰਾਖ 'ਚ ਜੀਉਂਦੇ ਨੇ
ਜੀਣ ਵਾਲਿਓ, ਤੁਸੀਂ ਇਨ੍ਹਾਂ ਨੂੰ ਕੀ ਜਾਣਦੇ ਹੋ ?

27. ਹਕੂਮਤ ਤੇਰੀ ਤਲਵਾਰ ਦਾ ਕੱਦ

ਹਕੂਮਤ !
ਤੇਰੀ ਤਲਵਾਰ ਦਾ ਕੱਦ ਬਹੁਤ ਨਿੱਕਾ ਹੈ
ਕਵੀ ਦੀ ਕਲਮ ਤੋਂ ਕੀਤੇ ਨਿੱਕਾ,

ਕਵਿਤਾ ਕੋਲ ਆਪਣਾ ਬੜਾ ਕੁਝ ਹੈ
ਤੇਰੇ ਕਾਨੂੰਨ ਵਾਂਗ ਹੀਣੀ ਨਹੀਂ
ਤੇਰੀ ਜੇਲ੍ਹ ਹੋ ਸਕਦੀ ਹੈ ਕਵਿਤਾ ਲਈ ਹਜ਼ਾਰ ਵਾਰ
ਪਰ ਇਹ ਕਦੇ ਨਹੀਂ ਹੋਣਾ
ਕਿ ਕਵਿਤਾ ਤੇਰੀ ਜੇਲ੍ਹ ਲਈ ਹੋਵੇ

28. ਬਹਾਰ ਤੇ ਜਣ੍ਹੇ

ਬਹਾਰ ਦੀ ਰੁੱਤੇ
ਕੋਈ ਵੀ ਚਾਹੁੰਦਾ ਹੈ
ਫੁੱਲ ਸਿਰਫ਼ ਫੁੱਲ
ਜਾਂ ਮਹਿਕਦਾਰ ਪੱਤੇ ਵਰਗਲਾ ਜਾਂਦੇ ਹਨ ।

ਆਓ ਅਸੀਂ ਗੁਮਰਾਹ ਹੋਏ ਲੋਕ
ਸੁੱਕੇ ਸਲਵਾੜ ਦੇ ਕੁੱਪਾਂ 'ਚੋਂ
ਤੇ ਜਲੇ ਹੋਏ ਚੂੜੀ-ਸਲੋਜ਼ ਦੀ ਰਾਖ 'ਚੋਂ
ਬੇਸ਼ਰਮ ਜਿਹਾ ਗੀਤ ਢੂੰਡੀਏ ।

ਜਦ ਸਾਡੇ ਗੀਤ, ਪੂਰੀ ਜਹਾਲਤ ਨਾਲ ਫੁੱਲਾਂ ਨਾ' ਅੱਖ ਮੇਲਣਗੇ
ਤਾਂ ਬਾਹਰ ਦਾ ਘੁਮੰਡੀ ਸੁਹਜ
ਕੀ ਭੰਗ ਨਹੀਂ ਹੋਵੇਗਾ ?

ਪਰ ਅਜੇ ਤਾਂ ਬਹਾਰ ਕਾਤਲ ਹੈ ।
ਸਾਰੇ ਚਾਹੁੰਦੇ ਹਨ,
ਫੁੱਲ ਸਿਰਫ਼ ਫੁੱਲ

29. ਟੋਟਕੇ
ਪਾਰਲੀਮੈਂਟ

ਡੂੰਮਣੇ ਵਾਲ ਉਂਗਲ ਨਾ ਕਰੋ
ਜਿਸ ਨੂੰ ਤੁਸੀਂ ਖੱਖਰ ਸਮਝਦੇ ਹੋ
ਉਥੇ ਲੋਕਾਂ ਦੇ ਪ੍ਰਤਿਨਿਧ ਵਸਦੇ ਹਨ

ਉਮਰ

ਬੰਦੇ ਦਾ ਕੋਈ ਜੀਣ ਹੈ ?
ਆਪਣੀ ਉਮਰ ਕਾਂ ਜਾਂ ਸੱਪ ਨੂੰ ਬਖਸ਼ੀਸ਼ ਦੇ ਦਿਉ

ਫਤਵਾਸ਼ਨਾਸੀ

ਦੋਸਤੋ ਜੇ ਭਿਨਭਿਨਾਹਟ ਤੰਗ ਕਰਦੀ ਹੋਵੇ
ਤਾਂ ਉਡਾ ਲੈਣਾ ਨੱਕ ਤੋਂ ਮੱਖੀਆਂ
ਪਰ ਸਫਾਈ ਦਾ ਨਾਂ ਦੇ ਕੇ
ਪਵਿੱਤਰ ਸ਼ਬਦ ਨੂੰ ਪਲੀਤ ਨਾ ਕਰਨਾ

30. ਭਾਫ਼ ਤੇ ਧੂੰਆਂ

ਅੰਗਾਂ ਤੇ ਰੰਗਾਂ ਵਿਚ
ਆਪਣੀ ਲਘੂਤਾ ਤੇ ਅਹਿਸਾਸ ਜਿੰਨਾ ਫ਼ਰਕ ਹੈ ।

ਜੋ ਵੀ ਸਰਾਪੀ ਕਿਰਨ
ਮੇਰੇ ਸੰਗ ਘਸਰ ਕੇ ਲੰਘਦੀ ਹੈ
ਮੇਰੀ ਆਵਾਜ਼ ਤੋਂ ਬੇਖ਼ਬਰ ਹੈ
ਹਰ ਸੁਲਗਦੀ ਕਿਰਨ
ਭਟਕ ਜਾਂਦੀ ਹੈ ਸਮੇਂ ਦੀਆਂ ਪੀੜ੍ਹੀਆਂ ਅੰਦਰ
ਤੇ ਵਸੀਅਤ ਬਣ ਕੇ
ਹਰ ਸਰਾਪੀ ਕਿਰਨ
ਬੇਮੌਸਮੀ ਰੁੱਤੇ ਮਰ ਜਾਂਦੀ ਹੈ

ਸੂਰਜ ਤਾਂ ਕੱਲ੍ਹ ਫਿਰ ਚੜ੍ਹਣਾ ਹੈ
ਮੈਥੋਂ ਫੇਰ ਮਰਨ ਦੀ ਖ਼ਾਤਰ
ਆਪਣਾ ਬਚਾ ਨਹੀਂ ਹੋਣਾ ।

ਮੈਨੂੰ ਆਪਣੇ ਸ਼ਬਦ ਪਰੋ ਕੇ ਰੱਖਣੇ ਪੈਂਦੇ ਹਨ
ਇਕ ਪਾਲ ਵਿਚ-
ਕਿਉਂਕਿ ਹਰ ਸੀਮਾ ਦੇ
ਉਸ ਪਾਰ
ਦੁਸ਼ਮਣ ਖੜ੍ਹੇ ਹਨ ।
ਮੇਰੀ ਛਾਂ ਦੇ ਗਰਭ ਅੰਦਰ
ਨਾਜਾਇਜ਼ ਸੰਬੰਧ ਪਲਦੇ ਨੇ
(ਹਰ ਕਿਸੇ ਕਿਰਨ ਤੋਂ ਪਹਿਲਾਂ ਮੈਂ
ਆਪਣੇ ਆਪ ਨੂੰ ਬਨਵਾਸ ਕਹਿ ਸਕਦਾਂ)
ਤੇ ਮੈਂ ਨਿੱਤ ਜਾਣ ਬੁੱਝ ਕੇ ਹੰਡਿਆਂ ਅੰਗਾਂ ਦੀ ਸੂਲੀ ਉੱਤੇ ਚੜ੍ਹ ਕੇ
ਭਲਕ ਲਈ ਤੋਬਾ ਦੀ ਭੂਮੀ ਤਿਆਰ ਕਰਦਾ ਹਾਂ

ਤੂੰ ਤਾਂ ਸਿਗਰਟ ਪੀ ਕੇ
ਹੱਥਾਂ 'ਚੋਂ ਮਿਚਾ ਦਿੱਤੀ-
ਪੈਰਾਂ ਥੱਲੇ ਫਿਸਣ ਤੋਂ ਬਿਨਾਂ
ਉਹ ਅੰਗਿਆਰੇ
ਬਸਤੀ ਨੂੰ ਜਲਾ ਵੀ ਸਕਦੇ ਹਨ
ਮੇਰੀ ਛਾਤੀ ਉਪਰਲੇ
ਤੇਰੇ ਨੌਹਾਂ ਦੇ ਨਿਸ਼ਾਨ
ਜ਼ਖ਼ਮ ਤੋਂ ਛੁੱਟ
ਕਾਸ਼ ! ਕਿ ਕੁਝ ਹੋਰ ਵੀ
ਅਖਵਾ ਸਕਣ ਦੇ ਯੋਗ ਹੁੰਦੇ ।

ਕੀ ਕੋਈ ਫ਼ਰਕ ਕਰੇ
ਭਾਫ਼ ਤੇ
ਧੂੰਏਂ 'ਚ

31. ਮੈਨੂੰ ਪਤਾ ਹੈ ਮਾਨਤਾਵਾਂ ਦੀ

ਮੈਨੂੰ ਪਤਾ ਹੈ
ਮਾਨਤਾਵਾਂ ਦੀ ਕੰਧ ਰੇਤਲੀ ਦਾ
ਮਾਪਿਆਂ ਦਾ ਝਿੜਕਿਆ
ਮੈਂ ਰੋਵਾਂਗਾ ਨਹੀਂ, ਤੇਰੇ ਗਲੇ ਲੱਗ ਕੇ
ਯਾਦ ਤੇਰੀ ਜੱਫੀ ਵਿਚ ਇਉਂ ਫੈਲ ਜਾਂਦੀ ਹੈ
ਸੰਵੇਦਨਾ ਦੀ ਧੁੰਦ 'ਚ
ਕਿ ਪੜ੍ਹ ਨਹੀਂ ਹੁੰਦੀਆਂ
ਆਪਣੇ ਖ਼ਿਲਾਫ਼ ਛਪਦੀਆਂ ਖ਼ਬਰਾਂ

ਮੈਨੂੰ ਪਤਾ ਹੈ ਕਿ ਭਾਵੇਂ ਹਟ ਗਏ ਹਨ ਚੱਲਣੋਂ
ਹੁਣ ਗਲੀ ਵਾਲੇ ਗੋਲ ਪੈਸੇ
ਪਰ ਅਸਤਾਂ ਵਾਂਗ ਉਹ ਪਿੱਛੇ ਛੱਡ ਗਏ ਹਨ
ਆਪਣੀ ਸਾਜ਼ਿਸ਼
ਤੇ ਆਦਮੀ ਹਾਲੇ ਵੀ ਓਡਾ ਹੈ
ਜਿੰਨਾ ਕਿਸੇ ਨੂੰ ਗੋਲ ਪੈਸੇ ਦੀ ਗਲੀ 'ਚੋਂ ਦਿਸਦਾ ਹੈ ।

32. ਮੈਂ ਜਾਣਦਾਂ ਉਨ੍ਹਾਂ ਨੂੰ

ਮੈਂ ਜਾਣਦਾਂ ਉਨ੍ਹਾਂ ਨੂੰ, ਕਿਵੇਂ ਲੋੜ ਪਈ ਤੋਂ ਉਹ
ਪਿਘਲੇ ਮੌਸਮਾਂ ਤਕ ਨੂੰ ਵੀ
ਸਾਡੇ ਸਿਰ 'ਤੇ ਹਥਿਆਰਾਂ ਵਾਂਗ ਤਾਣ ਲੈਂਦੇ ਹਨ ।

ਮੈਂ ਜਾਣਦਾਂ ਉਨ੍ਹਾਂ ਨੂੰ
ਕੀਕਣ ਲੈਰੀਆਂ ਸੋਚਾਂ ਨੂੰ ਘੇਰਾ ਪਾਉਣ ਲਈ
ਹਜ਼ਾਰਾਂ ਰਾਹਾਂ ਥਾਣੀ ਆਉਂਦੇ ਹਨ ।
ਉਨ੍ਹਾਂ ਨੂੰ ਜਾਚ ਹੈ,
ਸਾਡੇ ਹੀ ਜਿਸਮਾਂ ਨੂੰ
ਸਾਡੇ ਵਿਰੁਧ ਵਰਤਣ ਦੀ

33. ਮੈਂ ਸਲਾਮ ਕਰਦਾ ਹਾਂ

ਮੈਂ ਸਲਾਮ ਕਰਦਾ ਹਾਂ
ਮਨੁੱਖ ਦੇ ਮਿਹਨਤ ਕਰਦੇ ਰਹਿਣ ਨੂੰ
ਮੈਂ ਸਲਾਮ ਕਰਦਾ ਹਾਂ
ਔਣ ਵਾਲੇ ਖ਼ੁਸਗਵਾਰ ਮੌਸਮਾਂ ਨੂੰ
ਜਦ ਸਿਰੇ ਚੜ੍ਹਨਗੇ ਵਖ਼ਤਾਂ ਦੇ ਨਾਲ ਪਾਲੇ ਹੋਏ ਪਿਆਰ
ਜ਼ਿੰਦਗੀ ਦੀ ਧਰਤ ਤੋਂ
ਬੀਤੇ ਦਾ ਵਗਿਆ ਹੋਇਆ ਲਹੂ
ਚੁੱਕ ਕੇ ਮੱਥਿਆਂ 'ਤੇ ਲਾਇਆ ਜਾਏਗਾ।

34. ਸੱਚ

ਮੈਂ ਇਹ ਕਦੇ ਨਹੀਂ ਚਾਹਿਆ
ਕਿ ਵਿਵਿਧ ਭਾਰਤੀ ਦੀ ਤਾਲ 'ਤੇ ਹਵਾ ਲਹਿਰਦੀ ਹੋਵੇ
ਤੇ ਸਿਲਕੀ ਪਰਦਿਆਂ ਨੂੰ
ਮੈਥੋਂ ਲੁਕ ਲੁਕ ਛੇੜਦੀ ਹੋਵੇ
ਮੈਂ ਇਹ ਕਦੇ ਨਹੀਂ ਚਾਹਿਆ
ਸ਼ੀਸ਼ਿਆਂ 'ਚੋਂ ਛਣ ਕੇ ਆਉਂਦੀ
ਰੰਗਦਾਰ ਰੋਸ਼ਨੀ ਮੇਰੇ ਗੀਤਾਂ ਦੇ ਹੋਂਠ ਚੁੰਮੇਂ

ਮੈਂ ਤਾਂ ਜਦ ਵੀ ਕੋਈ ਸੁਪਨਾ ਲਿਆ ਹੈ
ਰੋਂਦੇ ਸ਼ਹਿਰ ਨੂੰ ਧਰਵਾਸ ਦਿੰਦਿਆਂ ਖ਼ੁਦ ਨੂੰ ਤੱਕਿਆ ਹੈ
ਤੇ ਤੱਕਿਆ ਹੈ ਸ਼ਹਿਰ ਨੂੰ ਪਿਡਾਂ ਨਾਲ ਜਰਬ ਖਾਂਦੇ
ਮੈਂ ਤੱਕੇ ਨੇ ਕੰਮੀਆਂ ਦੇ ਜੁੜੇ ਹੋਏ ਹੱਥ
ਮੁੱਕਿਆਂ 'ਚ ਵੱਟਦੇ…

ਮੈਂ ਕਦੀ ਕਾਰ ਦੇ ਗਦੇਲਿਆਂ ਦੀ ਹਸਰਤ ਨਹੀਂ ਕੀਤੀ
ਮੇਰੇ ਸੁਪਨੇ ਕਦੇ
ਬੀੜੀ ਦਾ ਸੂਟਾ ਲੋਚਦੇ ਹੋਏ ਰਿਕਸ਼ੇ ਵਾਲੇ
ਕਿਸੇ ਦੁਕਾਨ ਦੇ ਫੱਟੇ ਤੇ ਲੱਗੀ ਸੇਜ ਦੀ
ਸਰਹੱਦ ਨਹੀਂ ਟੱਪੇ
ਮੈਂ ਕਿਵੇਂ ਚਾਹ ਸਕਦਾ ਹਾਂ
ਵਿਵਿਧ ਭਾਰਤੀ ਦੀ ਤਾਲ 'ਤੇ ਹਵਾ ਲਹਿਰਦੀ ਹੋਵੇ
ਮੈਂ ਤੱਕਦਾ ਹਾਂ ਲੂਆਂ ਝੁਲਸੇ ਹੋਏ ਚਾਰੇ ਦੇ ਪੱਠੇ
ਮੈਂ ਕਿਵੇਂ ਕਲਪ ਸਕਦਾ ਹਾਂ ਰਸੀਲੇ ਨੈਣ
ਮੈਂ ਤੱਕਦਾ ਹਾਂ ਅਸਮਾਨ ਵੱਲ ਉੱਠੀਆਂ
ਮੀਂਹ ਮੰਗਦੀਆਂ ਹੋਈਆਂ ਬੁਝੀਆਂ ਹੋਈਆਂ ਅੱਖਾਂ

35. ਪੈਰ

ਮੈਨੂੰ ਪਤਾ ਹੈ
ਇਹ ਪਿਆਰਾਂ ਦੇ ਸਫ਼ਰ
ਕਦੇ ਪੈਰਾਂ ਨਾਲ ਨਹੀਂ ਹੋਏ
ਮੈਂ ਵੀ ਕੇਡਾ ਬੇ-ਲਿਹਾਜ਼ ਹਾਂ, ਯਾਰੋ
ਮੈਂ ਆਪਣੇ ਪਿਆਰ ਨੂੰ
ਪੈਰਾਂ ਉੱਤੇ ਤੁਰਨਾ ਸਿਖਾਇਆ ਹੈ

ਮੈਂ ਆਪਣੇ ਪੈਰਾਂ ਨੂੰ
ਕੰਡਿਆਲੇ ਝਾੜਾਂ ਦੇ ਸਕੂਲੇ
ਪੜ੍ਹਨ ਪਾਇਆ ਹੈ ।

ਮਿੱਟੀ 'ਚ ਮਿੱਟੀ ਹੋ ਚੁੱਕੇ
ਪੂਰਵ ਸਮੇਂ ਦੇ ਰਾਹੀ-
ਸਾਡੇ ਪੈਰਾਂ ਨੂੰ ਧਰਵਾਸ ਦੇਂਦੇ ਹਨ
ਅਸਾਨੂੰ ਪੈਰਾਂ ਦਾ ਅਰਥ ਦੱਸਦੇ ਹਨ
ਕੋਹਲੂ ਦੇ ਚੱਕਰ ਵਿਚ, ਪੈਰਾਂ ਦਾ ਕੋਈ ਅਰਥ ਨਹੀਂ
ਪੈਰਾਂ ਦਾ ਸਿੱਧਾ ਜਿਹਾ ਭਾਵ-
ਠੁਡ ਹੁੰਦਾ ਹੈ
ਛੜ ਹੁੰਦਾ ਹੈ ।

ਜਦ ਪੈਰ ਕੱਟ ਦਿੱਤੇ ਜਾਂਦੇ ਹਨ
ਤਾਂ ਬਾਗ਼ੀ ਸਿਰ ਦੇ ਭਾਰ ਸਫ਼ਰ ਕਰਦੇ ਹਨ ।

ਜਦ ਹਕੂਮਤ
ਮੰਗਵੇਂ ਪੈਰਾਂ ਭਾਰ ਤੁਰਦੀ ਹੈ
ਤਾਂ ਸਫ਼ਰ ਨੂੰ ਕਲੰਕ ਲਗਦਾ ਹੈ
ਜਦ ਸਿਰ ਤੋਂ ਪੈਰਾਂ ਦਾ ਕੰਮ ਲੈ ਕੇ
ਸਫ਼ਰ ਦੇ ਨਾਂ ਤੋਂ ਕਲੰਕ ਧੋਤਾ ਜਾਂਦਾ ਹੈ
ਤਾਂ ਹਾਕਮ ਦੇ ਪੈਰ ਥਿੜਕ ਜਾਂਦੇ ਹਨ
ਜਦ ਪੈਰਾਂ ਦੀ ਜੁੰਬਸ਼ 'ਚੋਂ
ਰਾਗ ਛਿੜਦਾ ਹੈ…
ਤਾਂ ਬੇੜੀ ਲਾਉਣ ਵਾਲਿਆਂ ਦੇ ਪੈਰ ਸੁੰਨ ਹੋ ਜਾਂਦੇ ਹਨ ।
ਪੈਰ ਵਿਚ ਸੈਂਡਲ ਹੋਵੇ ਜਾਂ ਬੂਟ
ਪੈਰ ਤਾਂ ਮਾਪ ਦੇ ਹੁੰਦੇ ਹਨ
ਮਾਸ ਖਵਾਉਣ ਲਈ ਨਹੀਂ ਹੁੰਦਾ
ਜੁੱਤੀ ਵਿਚ ਮਾਸ-ਖੋਰਾਂ ਲਈ
ਅਕਲ ਦੀ ਪੁੜੀ ਬੰਦ ਹੁੰਦੀ ਹੈ

36. ਚਿਣਗ ਚਾਹੀਦੀ ਹੈ

ਚਿਤਵਿਆ ਹੈ ਜਦ ਹੁਸਨ ਨੂੰ
ਏਸ ਦੀ ਮੁਕਤੀ ਦਾ ਵੀ
ਮੈਂ ਧਿਆਨ ਧਰਿਆ ਹੈ
ਜੋਸ਼ ਨੂੰ ਹੁੰਗਾਰਾ ਮਿਲਿਆ
ਅਮਲ ਨੂੰ ਮਿਲ ਗਈ ਚਿਣਗ ।

ਹੁਸਨ ਜਦ ਵੀ ਅੱਖਾਂ 'ਚ ਪੁੱਠਾ ਲਟਕਿਆ ਹੈ
ਰੋਟੀ ਵਾਂਗ ਇਸ ਦਾ ਆਇਆ ਖਿਆਲ
ਸੁੰਗੜਿਆ ਵਿਸਥਾਰ ਮਨ ਦਾ
ਤੇ ਇਹ ਜੀਅੜਾ ਖੋਲ ਦੇ ਵਿਚ ਕੈਦ ਹੋਇਆ
ਹਰ ਕੋਈ ਹੀ ਇਸ ਘੜੀ
ਬਾਹਰ ਨਾਲੋਂ ਟੁੱਟਦਾ ਹੈ
ਬਦਲ ਰਹੇ ਚੌਗਰਿਦੇ ਕੋਲੋਂ ਅਣਭਿੱਜ ਹੋ ਕੇ ਰਹਿ ਜਾਂਦਾ ਹੈ
ਖੋਲ ਦੇ ਵਿਚ ਠੰਢ ਸੰਗ ਜੰਮ ਜਾਂਦਾ ਹੈ
ਖੋਲਾਂ 'ਚ ਵੜਨਾ--
ਆਪੇ ਹੀ ਕੇਂਦਰਿਤ ਹੋ ਜਾਣਾ
ਮਾਰੂ ਵਾਰ ਅਮਲ ਦਾ ਖਾ ਕੇ
ਸਰਗਰਮੀ ਤੋਂ ਟੁੱਟ ਜਾਣਾ

37. ਹੱਦ ਤੋਂ ਬਾਅਦ

ਬਾਰਾਂ ਵਰ੍ਹੇ ਤਾਂ ਹੱਦ ਹੁੰਦੀ ਹੈ ।
ਅਸੀਂ ਕੁੱਤੇ ਦੀ ਪੂਛ ਚੌਵੀ ਸਾਲ ਵੰਝਲੀ 'ਚ ਪਾ ਕੇ ਰੱਖੀ ਹੈ ।
ਜਿਨ੍ਹਾਂ ਲਾਠੀ ਸਹਾਰੇ ਤੁਰਨ ਵਾਲੇ
ਅਪਾਹਜ ਲੋਕਾਂ ਦੇ ਮੱਥੇ 'ਤੇ
ਮਾਊਂਟਬੈਟਨ ਨੇ 'ਆਜ਼ਾਦੀ' ਦਾ ਸ਼ਬਦ ਲਿੱਖ ਦਿੱਤਾ ਸੀ
ਅਸੀਂ ਓਹ ਮੱਥੇ
ਉਹਨਾਂ ਦੀਆਂ ਲਾਠੀਆਂ ਦੇ ਨਾਲ ਫੇਹ ਸੁੱਟਣੇ ਹਨ ।
ਅਸਾਂ ਇਸ ਦੀ ਪੂਛ ਨੂ ਵੰਝਲੀ ਸਣੇ
ਇਸ ਅੱਗ ਵਿਚ ਝੋਕ ਦੇਣਾ ਹੈ ।
ਜਿਹੜੀ ਅੱਜ ਦੇਸ਼ ਦੇ ਪੰਜਾਹ ਕਰੋੜ
ਲੋਕਾਂ ਦੇ ਮਨਾਂ ਵਿਚ ਸੁਲਘ ਰਹੀ ਹੈ ।
ਪੂਛ ਜਿਹੜੀ ਆਪ ਤਾਂ ਸਿੱਧੀ ਨਾ ਹੋ ਸਕੀ
ਇਹਨੇ ਵੰਝਲੀ ਨੂੰ ਵੱਜਣ ਜੋਗੀ ਕਿੱਥੇ ਛੱਡਿਆ ਹੋਣਾ ?

38. ਦੋਹੇ

ਛੱਪੜ ਦੀਏ ਟਟੀਰੀਏ ਮੰਦੇ ਬੋਲ ਨਾ ਬੋਲ
ਦੁਨੀਆਂ ਤੁਰ ਪਈ ਹੱਕ ਲੈਣ ਤੂੰ ਬੈਠੀ ਚਿੱਕੜ ਫੋਲ
ਪਿੰਡ ਦਾ ਘਰ-ਘਰ ਹੋਇਆ 'ਕੱਠਾ
ਪਰ੍ਹੇ 'ਚ ਵੱਜਦਾ ਢੋਲ ਗਰੀਬੂ, ਮਜ੍ਹਬੀ ਦਾ
ਦੌਲਤ ਸ਼ਾਹ ਨਾਲ ਘੋਲ ।ਓ ਗੱਭਰੂਆ...

ਵਿੰਗ ਤੜਿੰਗੀ ਲੱਕੜੀ ਉੱਤੇ ਬੈਠਾ ਮੋਰ
ਕੰਮੀ ਵਿਚਾਰੇ ਟੁੱਟ-ਟੁੱਟ ਮਰਦੇ ਹੱਡੀਆਂ ਲੈਂਦੇ ਖੋਰ
ਸੇਠ ਲੋਕ ਲੁੱਟਦੇ ਨਾ ਰੱਜਦੇ ਖੋਹ-ਖੋਹ ਮੰਗਣ ਹੋਰ
ਅੱਥਰੂ ਥੰਮ੍ਹਦੇ ਨਾ ਜਦ ਮਾੜਿਆਂ ਦਾ ਪੈਂਦਾ ਜ਼ੋਰ ।ਓ ਗੱਭਰੂਆ...

ਉੱਚਾ ਬੁਰਜ ਲਹੌਰ ਦਾ ਹੇਠ ਵਗੇ ਦਰਿਆ
ਆ ਮਜ਼ਦੂਰਾ ਸ਼ਹਿਰ ਵਾਲਿਆ ਮੈਂ ਤੇਰਾ ਜੱਟ ਭਰਾ
ਤੈਨੂੰ ਲੁੱਟਦੇ ਕਾਰਾਂ ਵਾਲੇ ਮੈਨੂੰ ਪਿੰਡ ਦੇ ਸ਼ਾਹ
ਆਪਾਂ ਦੋਵੇਂ ਰਲ ਚੱਲੀਏ ਸਾਂਝੇ ਦੁਸ਼ਮਣ ਫਾਹ ।ਓ ਗੱਭਰੂਆ...

ਭੈਰੋਂ ਬੈਠਾ ਖੂਹ ਤੇ ਖੂਹ ਦੀ ਕਰੇ ਤਦਬੀਰ
ਚੰਨੇ ਆਹਮੋ-ਸਾਹਮਣੇ ਕਾਂਜਣ ਸਿੱਧੀ ਤੀਰ
ਚੱਕਲਾ ਚੱਕਲੀ ਐਂ ਮਿਲੇ ਜਿਉਂ ਮਿਲੇ ਭੈਣ ਨੂੰ ਵੀਰ
ਜੱਟ ਗਾਧੀ 'ਤੇ ਐਂ ਬੈਠਾ ਜਿਉਂ ਤਖ਼ਤੇ ਬਹੇ ਵਜ਼ੀਰ
ਟਿੰਡਾਂ ਦੇ ਗਲ ਵਿੱਚ ਗਾਨੀਆਂ ਇਹ ਖਿੱਚ-ਖਿੱਚ ਲਿਆਉਂਦੀਆਂ ਨੀਰ
ਆਡੋਂ ਪਾਣੀ ਐਂ ਰਿੜ੍ਹੇ ਜਿਉਂ ਬ੍ਰਾਹਮਣ ਖਾਵੇ ਖੀਰ
ਨਾਕੀ ਵਿਚਾਰਾ ਐਂ ਫਿਰੇ ਜਿਉਂ ਦਰ-ਦਰ ਫਿਰੇ ਫ਼ਕੀਰ
ਕਿਆਰਿਆਂ ਪਾਣੀ ਐਂ ਵੰਡ ਲਿਆ ਜਿਉਂ ਵੀਰਾਂ ਵੰਡ ਲਿਆ ਸੀਰ
ਕਣਕਾਂ 'ਚ ਬਾਥੂ ਐਂ ਖੜਾ ਜਿਉਂ ਲੋਕਾਂ ਵਿੱਚ ਵਜ਼ੀਰ
ਬਾਥੂ-ਬਾਥੂ ਜੜ ਤੋਂ ਵੱਢਿਆ ਉੱਚੇ ਹੋਏ ਕਸੀਰ
ਅਣਖੀ ਲੋਕਾਂ ਦੀ ਹੋਣੀ ਜਿੱਤ ਅਖੀਰ । ੳ ਗੱਭਰੂਆ ...

ਅੱਕ ਦੀ ਨਾ ਖਾਈਏ ਕੂੰਬਲੀ ਸੱਪ ਦਾ ਨਾ ਖਾਈਏ ਮਾਸ
ਅੱਜ ਤੱਕ ਸਾਨੂੰ ਰਹੇ ਜੋ ਲੁੱਟਦੇ ਉਨ੍ਹਾਂ ਤੋਂ ਕਾਹਦੀ ਆਸ
ਹੁਣ ਭਾਵੇਂ ਇੰਦਰਾ ਮੁੜ ਕੇ ਜੰਮ ਲਏ ਨਹੀਂ ਕਰਨਾ ਵਿਸ਼ਵਾਸ
ਬਥੇਰੇ ਲੁੱਟ ਹੋ ਗਏ ਹੁਣ ਕਾਹਦੀ ਧਰਵਾਸ । ਓ ਗੱਭਰੂਆ...

ਆਲੇ-ਆਲੇ ਬੋਹਟੀਆਂ ਬੋਹਟੀ-ਬੋਹਟੀ ਰੂੰ
ਨਾਲੇ ਕਿਸਾਨਾਂ ਤੂੰ ਲੁੱਟ ਹੋਇਆ ਨਾਲੇ ਕੰਮੀਆਂ ਤੂੰ
ਇੱਕੋ ਤੱਕੜ 'ਚ ਬੰਨ੍ਹ ਕੇ ਉਨ੍ਹਾਂ ਨੇ ਵੇਚਿਆ ਦੋਹਾਂ ਨੂੰ
ਮੰਡੀਆਂ ਦੇ ਮਾਲਕ ਦਾ ਕਿਓਂ ਨਹੀਂ ਕੱਢਦੇ ਧੂੰ । ਓ ਗੱਭਰੂਆ...

ਔਹ ਗਏ ਸਾਜਨ, ਔਹ ਗਏ ਲੰਘ ਗਏ ਦਰਿਆ
ਤੇਰੇ ਯਾਰ ਸ਼ਹੀਦੀਆਂ ਪਾ ਗਏ ਤੇਰਾ ਵਿਚੇ ਹੀ ਹਾਲੇ ਚਾਅ
ਫ਼ੌਜ ਤਾਂ ਕਹਿੰਦੇ ਜਨਤਾ ਦੀ ਨਾ ਕਰਦੀ ਕਦੇ ਪੜਾ
ਖੰਡੇ ਦਾ ਕੀ ਰੱਖਣਾ ਜੇ ਲਿਆ ਮਿਆਨੇ ਪਾ । ਓ ਗੱਭਰੂਆ...

39. ਕੁਝ ਸੱਚਾਈਆਂ

ਆਦਮੀ ਦੇ ਖ਼ਤਮ ਹੋਣ ਦਾ ਫ਼ੈਸਲਾ
ਵਕਤ ਨਹੀ ਕਰਦਾ
ਹਾਲਤਾਂ ਨਹੀ ਕਰਦੀਆਂ
ਉੁਹ ਖ਼ੁਦ ਕਰਦਾ ਹੈ
ਹਮਲਾ ਅਤੇ ਬਚਾਅ
ਦੋਵੇਂ ਬੰਦਾ ਖ਼ੁਦ ਕਰਦਾ ਹੈ

ਪਿਆਰ ਬੰਦੇ ਨੂੰ ਦੁਨੀਆਂ 'ਚ
ਵਿਚਰਨ ਦੇ ਯੋਗ ਬਣਾਉਂਦਾ ਹੈ ਜਾਂ ਨਹੀਂ
ਇੰਨਾ ਜ਼ਰੂਰ ਕਿ,
ਅਸੀਂ ਪਿਆਰ ਦੇ ਬਹਾਨੇ (ਆਸਰੇ)
ਦੁਨੀਆਂ ਵਿਚ ਵਿਚਰ ਹੀ ਲੈਂਦੇ ਹਾਂ

ਮੁਕਤੀ ਦਾ ਜਦ ਕੋਈ ਰਾਹ ਨਾ ਲੱਭਾ
ਮੈਂ ਲਿਖਣ ਬਹਿ ਗਿਆ
ਮੈਂ ਲਿਖਣਾ ਚਾਹੁੰਦਾ ਹਾਂ ਬਿਰਖ
ਜਾਣਦੇ ਹੋਏ
ਕਿ ਲਿਖਣਾ ਬਿਰਖ ਹੋ ਗਿਆ
ਮੈਂ ਲਿਖਣਾ ਚਾਹੁੰਦਾ ਹਾਂ ਪਾਣੀ
ਆਦਮੀ, ਆਦਮੀ ਮੈਂ ਲਿਖਣਾ ਚਾਹੁੰਦਾ ਹਾਂ
ਕਿਸੇ ਬੱਚੇ ਦਾ ਹੱਥ
ਕਿਸੇ ਗੋਰੀ ਦਾ ਮੁੱਖ
ਮੈਂ ਪੂਰੇ ਜ਼ੋਰ ਨਾਲ
ਸ਼ਬਦਾਂ ਨੂੰ ਸੁੱਟਣਾ ਚਾਹੁੰਦਾ ਹਾਂ ਆਦਮੀ ਵੱਲ
ਇਹ ਜਾਣਦੇ ਹੋਏ ਕਿ ਆਦਮੀ ਨੂੰ ਕੁਝ ਨਹੀਂ ਹੋਣਾ
ਸਾਨੂੰ ਅਜਿਹੇ ਰਾਖਿਆਂ ਦੀ ਲੋੜ ਨਹੀਂ
ਜੋ ਸਾਡੇ 'ਤੇ ਆਪਣੇ ਮਹਿਲਾਂ 'ਚੋਂ ਹਕੂਮਤ ਕਰਨ
ਸਾਨੂੰ ਕਾਮਿਆਂ ਨੂੰ ਉਨ੍ਹਾਂ ਦੀਆਂ ਦਾਤਾਂ ਦੀ ਲੋੜ ਨਹੀਂ
ਅਸੀਂ ਆਪੋ ਵਿਚੀਂ ਸਭ ਫੈਸਲੇ ਕਰਾਂਗੇ

ਆ ਗਏ ਮੇਰੇ ਬੀਤੇ ਹੋਏ ਪਲਾਂ ਦੀ ਗਵਾਹੀ ਦੇਣ ਵਾਲੇ
ਆ ਗਏ ਕਬਰਾਂ 'ਚੋਂ ਸੁੱਤੇ ਪਲਾਂ ਨੂੰ ਜਗਾਉਣ ਵਾਲੇ

ਉਨ੍ਹਾਂ ਦੀ ਆਦਤ ਹੈ, ਸਾਗਰ 'ਚੋਂ ਮੋਤੀ ਚੁਗ ਲਿਆਉਣੇ
ਉਨ੍ਹਾਂ ਦਾ ਨਿੱਤ ਕੰਮ ਹੈ, ਤਾਰਿਆਂ ਦਾ ਦਿਲ ਪੜ੍ਹਨਾ

ਮੇਰੇ ਕੋਲ ਕੋਈ ਚਿਹਰਾ
ਸੰਬੋਧਨ ਕੋਈ ਨਹੀਂ
ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ
ਤੇ ਤਾਹੀਓਂ ਜਾਪਦੈ
ਮੈਂ ਹਰ ਚੀਜ਼ ਉੱਤੋਂ ਹਵਾ ਵਾਂਗੂੰ ਸਰਸਰਾ ਕੇ ਲੰਘ ਜਾਵਾਂਗਾ
ਸੱਜਣੋਂ ਮੇਰੇ ਲੰਘ ਜਾਣ ਤੋਂ ਮਗਰੋਂ ਵੀ
ਮੇਰੇ ਫ਼ਿਕਰ ਦੀ ਬਾਂਹ ਫੜੀ ਰੱਖਣਾ

ਹਜ਼ਾਰਾਂ ਲੋਕ ਹਨ
ਜਿਨ੍ਹਾਂ ਕੋਲ ਰੋਟੀ ਹੈ,
ਚਾਂਦਨੀਆਂ ਰਾਤਾਂ ਹਨ, ਕੁੜੀਆਂ ਹਨ
ਤੇ 'ਅਕਲ' ਹੈ
ਹਜ਼ਾਰਾਂ ਲੋਕ ਹਨ, ਜਿਨ੍ਹਾਂ ਦੀ ਜੇਬ 'ਚ ਹਰ ਵਕਤ ਕਲਮ ਹੁੰਦੀ ਹੈ
ਤੇ ਅਸੀਂ ਹਾਂ
ਕਿ ਕਵਿਤਾ ਲਿਖਦੇ ਹਾਂ ।

40. ਬੋਲੀਆਂ

ਮੀਂਹ ਮੰਗਿਆਂ ਤੋਂ ਮੀਂਹ ਨਾ ਮਿਲਦਾ
ਸੁੱਕੀਆਂ ਸੜਨ ਜ਼ਮੀਨਾਂ ।
ਤੇਲ ਦੇ ਘਾਟੇ ਇੰਜਣ ਖੜ ਗਏ
ਕੰਮ ਨਾ ਆਉਣ ਮਸ਼ੀਨਾਂ।
ਤੂੜੀ ਖਾਂਦੇ ਢੱਗੇ ਹਾਰ ਗਏ
ਗੱਭਰੂ ਲੱਗ ਗਏ ਫ਼ੀਮਾਂ ।
(ਬਈ) ਮੜਕ ਤੇਰੀ ਨੂੰ ਕੌਣ ਖਾ ਗਿਆ
ਚੋਬਰ ਜੱਟ ਸ਼ਕੀਨਾਂ ।
(ਬਈ) ਹੁਣ ਨਾ ਤੇਰਾ ਖੜਕੇ ਚਾਦਰਾ
ਚਮਕ ਨਾ ਦਏ ਨਗੀਨਾ ।
(ਬਈ) ਫਿਰਦੇ ਮਗਰ ਤਕਾਵੀਆਂ ਵਾਲੇ
ਲੁਕ ਛਿਪ ਕਟੇਂ ਮਹੀਨਾ ।
ਕਿਉਂ ਚੋਰਾਂ ਵਾਂਗ ਰਹੇਂ ਕਮਾਦੀਂ
ਕਰਕੇ ਮਿਹਨਤ ਜੀਨਾਂ
ਇਕ ਵਾਰੀ ਉਡ ਮੁੜ ਕੇ
ਬਣ ਜਾ ਕਬੂਤਰ ਚੀਨਾ, ਇਕ ਵਾਰੀ ਉਡ ਮੁੜ ਕੇ...

ਢਾਹੀਆਂ ! ਢਾਹੀਆਂ ! ਢਾਹੀਆਂ !
(ਬਈ) ਜੱਟਾਂ ਦੇ ਪੁੱਤ ਕੰਗਲੇ ਹੋ ਗਏ
ਕੁਛ ਨਾ ਖੋਹਣ ਕਮਾਈਆਂ।
ਅੱਗੇ ਤਾ ਟੱਪਦੇ ਸੀ ਸੌ ਸੌ ਕੋਠੇ
ਹੁਣ ਨਾ ਟਪੀਂਦੀਆਂ ਖਾਈਆਂ।
ਮਾਸ ਮਾਸ ਪਟਵਾਰੀਆਂ ਖਾਧਾ
ਪੀ ਲਈ ਰੱਤ ਸਿਪਾਹੀਆਂ
ਬਈ ਰਹਿੰਦੇ ਖੂੰਹਦੇ ਕਰਜ਼ੇ ਚੂੰਡ ਲਏ
ਹੱਡੀਆਂ ਰੇਤ ਰੁਲਾਈਆਂ
(ਬਈ) ਦਿੱਲੀ ਸ਼ਹਿਰ ਤੋਂ ਚੜ੍ਹੇ ਸ਼ਿਕਾਰੀ
ਲੈ ਹੁਕਮਾਂ ਦੀਆਂ ਫਾਹੀਆਂ।
ਪੱਟ ਦੀਆਂ ਮੋਰਨੀਆਂ
ਹੁਣ ਨਾ ਬਚਣ ਬਚਾਈਆਂ
ਪੱਟ ਦੀਆਂ ਮੋਰਨੀਆਂ...

ਆਰੀ ! ਆਰੀ ! ਆਰੀ !
ਹੁਣ ਜਗਰਾਵਾਂ 'ਚ
ਨਹੀਓਂ ਲੱਗਦੀ ਰੌਸ਼ਨੀ ਭਾਰੀ
ਮੇਲਿਆਂ ਤਿਹਾਰਾਂ ਨੂੰ
ਯਾਰੋ ਖਾ ਗਈ ਡੈਣ ਸਰਕਾਰੀ
ਗੱਭਰੂ ਗਾਲਬਾਂ ਦੇ
ਲੈ ਗਈ ਨੂੜ ਕੇ ਪੁਲਸ ਦੀ ਲਾਰੀ
ਮਹਾਂ ਸਿੰਘ ਬੁਰਜ ਵਾਲਾ
ਹੋਇਆ ਮਾਮਲੇ ਭਰਨ ਤੋਂ ਆਰੀ
ਧਨ ਕੌਰ ਦਉਧਰ ਦੀ
ਹੱਡ ਰੋਲਦੀ ਫਿਰੇ ਵਿਚਾਰੀ
ਭਜਨਾ ਕਾਉਂਕਿਆਂ ਦਾ
ਫਿਰੇ ਲੱਭਦਾ ਕਣਕ ਉਧਾਰੀ
ਸਿੱਧਵਾਂ ਦੇ ਜ਼ੈਲਦਾਰ ਨੇ
ਜਾ ਕੇ ਚੁਗਲੀ ਥਾਣੇ ਵਿਚ ਮਾਰੀ
ਫੜ ਲਏ ਭਰੋਵਾਲੀਏ
ਸੁੰਨ ਕਰ ਤੀ ਮਜ਼ਾਰੀ ਸਾਰੀ
ਵਗਦੇ ਹਲ ਛੁੱਟ ਗਏ
ਹੋਇਆ ਮਾਲਵਾ ਜੀਣ ਤੋਂ ਆਰੀ
ਜਨਤਾ ਤਾਂ ਭੁਗਤ ਲਊ
ਤੇਰੇ ਵਾਰ ਨੀ ਹਕੂਮਤੇ ਭਾਰੀ
ਤੂੰਬੇ ਉਡ ਜਾਣਗੇ
ਜਦ ਆਈ ਮਿੱਤਰਾਂ ਦੀ ਵਾਰੀ।
ਤੂੰਬੇ ਉਡ ਜਾਣਗੇ...

41. ਬੱਲੇ ਬੱਲੇ

ਬੱਲੇ ਬੱਲੇ ਬਈ ਝੰਡਾ ਸਾਡਾ ਲਾਲ ਰੰਗ ਦਾ
ਲੰਘਦੀ ਪੌਣ ਸਲਾਮਾ ਕਰਕੇ-ਬਈ ਝੰਡਾ ਸਾਡਾ...

ਬੱਲੇ ਬੱਲੇ ਬਈ ਚੰਦ ਦੀ ਗਰੀਬ ਚਾਂਦਨੀ
ਭੁੱਖੇ ਸੁਤਿਆਂ ਦੇ ਗਲ ਲੱਗ ਰੋਏ-ਬਈ ਚੰਦ ਦੀ…

ਬੱਲੇ ਬੱਲੇ ਬਈ ਚੱਕ ਲੈ ਆਜ਼ਾਦੀ ਆਪਣੀ
ਦੁਖੀਏ ਦਿਲਾਂ ਦੇ ਮੇਚ ਨਾ ਆਈ-ਬਈ ਚੱਕ…

ਬੱਲੇ ਬੱਲੇ ਵੇ ਗਾਂਧੀ ਸਾਨੂੰ ਤੇਰੀ ਬੱਕਰੀ
ਚੋਣੀ ਪਊਗੀ ਨਿਆਣਾ ਪਾਕੇ-ਵੇ ਗਾਂਧੀ...

ਬੱਲੇ ਬੱਲੇ ਨੀ ਪੁੱਤ ਤੇਰਾ ਚੰਦ ਇੰਦਰਾ
ਸਾਡੇ ਘਰਾਂ 'ਚ ਹਨ੍ਹੇਰਾ ਪਾਵੇ, ਨੀ ਪੁੱਤ...

ਬੱਲੇ ਬੱਲੇ ਬਈ ਟੂਣੇਹਾਰੀ ਇੰਦਰਾ ਨੇ
ਲੋਕੀ ਲਿਪ ਲਏ ਭੜੋਲੇ ਵਿਚ ਪਾ ਕੇ-ਬਈ ਟੂਣੇ-ਹਾਰੀ...

ਬੱਲੇ ਬੱਲੇ ਬਈ ਨਹਿਰੂ ਦੀਏ ਲਾਡਲੀ ਧੀਏ
ਦੂਜਾ ਨੱਕ ਨਾ ਲਵਾਉਣਾ ਪੈ ਜੇ-ਨੀ ਨਹਿਰੂ...

ਬੱਲੇ ਬੱਲੇ ਓ ਗਾਂਧੀ ਤੇਰੇ ਚੇਲਿਆਂ ਕੋਲੋਂ
ਬਦਲਾ ਭਗਤ ਸਿਹੁੰ ਦਾ ਲੈਣਾ-ਗਾਂਧੀ...

ਬੱਲੇ ਬੱਲੇ ਬਗਾਨੇ ਪੁਤ ਦੇਖ ਲੈਣਗੇ
ਕੱਲੇ ਸੰਜੇ ਤੇ ਨਹੀਂ ਚੜ੍ਹੀ ਜਵਾਨੀ-ਬਗਾਨੇ...

ਬੱਲੇ ਬੱਲੇ ਬਈ ਕਾਲੇ ਦਿਲ ਕਿੱਦਾਂ ਢੱਕ ਲੂ
ਥੋਡਾ ਚਿੱਟੇ ਖੱਦਰ ਦਾ ਬਾਣਾ-ਬਈ ਕਾਲੇ...

ਬੱਲੇ ਬੱਲੇ ਨੀ ਝੂਠੇ ਨਾਹਰੇ ਇੰਦਰਾ ਤੇਰੇ
ਰੂਹ ਦੀ ਕੰਧ ਤੇ ਲਿਖਣ ਨਹੀਂ ਦੇਣੇ-ਨੀ ਝੂਠੇ...

42. ਇਤਿਹਾਸ ਦੀ ਮਹਾਂਯਾਤਰਾ

ਅਦੀਬੀ ਜਦ ਤੁਰਦਾ ਹੈ
ਤਾਂ ਠੀਕ ਚੰਗੇਜ਼ ਖਾਂ ਵਾਂਗ ਲਗਦਾ ਹੈ
ਜਦ ਓਹ ਤਾਜ਼ਾ ਲਾਸ਼ਾਂ ਦੇ ਢੇਰ 'ਤੇ ਤੁਰਦਾ ਹੈ

ਖ਼ਾਨ ਵੀ ਆਪਣੇ ਦੰਦ ਨਹੀਂ ਸੀ ਸਾਫ਼ ਕਰਦਾ
ਖ਼ਾਨ ਵੀ ਡਕਾਰ ਲੈਂਦਾ ਸੀ
ਖ਼ਾਨ ਵੀ ਇੰਜੇ ਹੀ ਆਪਣੀਆਂ ਜੁੱਤੀਆਂ ਨਹੀਂ ਸੀ
ਲਾਹੁੰਦਾ ਹੁੰਦਾ
ਅੱਜ ਅਦੀਬੀ ਨੇ ਵੀਹਾਂ ਕਵੀਆਂ ਦੇ ਮੁੰਹ ਸਿਉਂਤੇ ਹਨ
ਅੱਜ ਅਦੀਬੀ ਨੇ ਸਿਉਂ ਦਿੱਤੇ ਨੇ
ਵੀਹ ਕਵੀਆਂ ਦੇ ਮੂੰਹ,
ਪਰ ਅਦੀਬੀ ਟਾਈ ਲਾਉਂਦਾ ਹੈ
ਜੋ ਕੰਮ ਚੰਗੇਜ਼ ਖ਼ਾਂ ਨੇ ਕਦੀ ਨਹੀਂ ਸੀ ਕੀਤਾ
ਬੱਸ-ਸਿਰਫ਼ ਇਹੀ ਚੀਜ਼
ਆਭਾਸ ਦੇਂਦੀ ਹੈ
ਸਮੇ ਦੇ ਛਾਂਗੇ-ਲੰਮੇ ਪੈਂਡੇ ਦਾ
(ਪ੍ਰੋ: ਰਜ਼ਾ ਬਰਹੇਲੀ ਤਹਿਰਾਨ ਯੂਨੀਵਰਸਿਟੀ
ਵਿਚ ਅੰਗਰੇਜ਼ੀ ਦੇ ਅਧਿਆਪਕ ਹਨ। ਈਰਾਨ
ਵਿਚ ਜਮਹੂਰੀ ਲਹਿਰ ਦੇ ਉਭਾਰ ਸਮੇਂ ਸ਼ਾਹ
ਈਰਾਨ ਨੇ ਇਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਸੀ।
ਇਹ ਉਨ੍ਹਾਂ ਦੀ ਕਵਿਤਾ ਦਾ ਅਨੁਵਾਦ ਹੈ)

43. ਯੂਰਪੀ ਲੋਕਾਂ ਦੇ ਨਾਂ ਖ਼ਤ

ਮੈਂ ਤਸੀਹੇ ਦੇਣ ਵਾਲੇ ਦਾ ਚਿਹਰਾ
ਬੜਾ ਹੀ ਨੇੜਿਓਂ ਤੱਕਿਆ ਹੈ
ਉਹ ਚਿਹਰਾ
ਮੇਰੇ ਆਪਣੇ ਲਹੂ ਲੁਹਾਣ ਤੇ ਪੀਲੇ ਚਿਹਰੇ ਤੋਂ
ਕਈ ਦਰਜੇ ਬੁਰੇ ਹਾਲੀਂ ਸੀ
ਲੋਕਾਂ ਨੂੰ ਤਸੀਹੇ ਦੇਣਾ ਕੋਈ ਸੌਖਾ ਨਹੀਂ ।
ਉਸ ਦਾ ਮੰਦ ਮੁਖੜਾ ਤੱਕਦਿਆਂ
ਮੈਂ ਬੜੀ ਸ਼ਰਮ ਮੰਨੀ

ਮੈਂ ਕਦੀ ਕਿਸੇ ਦੀ ਹੇਠੀ ਨਹੀਂ ਕੀਤੀ, ਜਦ ਕਿ
ਉਹ ਲੋਕ- ਜੋ ਤੁਹਾਨੂੰ ਪਲੀਤ ਕਰਿਆ ਕਰਦੇ ਹਨ
ਦਬਾਉਂਦੇ ਹਨ, ਕੁਚਲਦੇ ਹਨ
ਉਨ੍ਹਾਂ ਨੂੰ ਸਭ ਤੋਂ ਪਹਿਲਾਂ
ਅੰਦਰਲਾ ਮਨੁੱਖ ਕੁਚਲਣਾ ਪੈਂਦਾ ਹੈ
(ਯੂਨਾਨ ਦੇ ਕਾਨੂੰਨ ਅਧਿਆਪਕ ਜਾਰਜ ਮੈਂਗਾਕਿਫ਼ ਦੇ
੧੯੭੦ ਵਿੱਚ ਜੇਲ੍ਹ ਵਿੱਚੋਂ ਲਿਖੇ ਖ਼ਤ ਦੇ ਇੱਕ ਭਾਗ ਦਾ
ਅਨੁਵਾਦ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਅਵਤਾਰ ਸਿੰਘ ਪਾਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ