Kharag Khalsa : Pritam Singh Kasad
ਖੜਗ ਖ਼ਾਲਸਾ : ਪ੍ਰੀਤਮ ਸਿੰਘ ਕਾਸਦ
1. ਖ਼ਾਲਸਾ
ਖ਼ਾਲਸਾ, ਅਕਾਲ ਦੀ ਕਿਰਪਾ ਦਾ ਪੂਰਨ ਤੱਤ ਹੈ।
ਖ਼ਾਲਸਾ, ਇਨਸਾਨੀਅਤ ਦੀ ਦਾਸਤਾਂ ਦਾ ਸੱਤ ਹੈ।
ਖ਼ਾਲਸਾ, ਨਿਗੂਣਿਆਂ, ਨਿਪੱਤਿਆਂ ਦੀ ਪੱਤ ਹੈ।
ਖ਼ਾਲਸਾ, ਦਸਮੇਸ਼ ਦੇ ਅਪਣੇ ਜਿਗਰ ਦੀ ਰੱਤ ਹੈ।
ਜਦ ਤਲਕ ਗੁਲਾਬ ਦੇ ਬੂਟੇ ਦਾ ਮਾਲੀ ਕਾਇਮ ਹੈ।
'ਸਾਹਿਬ ਦੇਵਾਂ' ਦੇ ਜਿਗਰ ਦਾ ਪੰਥ-ਵਾਲੀ ਕਾਇਮ ਹੈ।
ਤਦ ਤਲਕ ਇਹਨੂੰ ਕੋਈ ਪਿੰਜਰੇ 'ਚ ਡਕ ਸਕਦਾ ਨਹੀਂ।
ਖ਼ਾਲਸੇ ਦੀ ਵਾ ਵਲ ਵੀ ਕੋਈ ਤੱਕ ਸਕਦਾ ਨਹੀਂ।
2. ਅਣਖ਼ ਦੀ ਗੰਗਾ
ਇਕ ਗੰਗਾ, ਇਕ ਰਾਤ ਦੇ ਪ੍ਰਾਹੁਣੇ,
ਪਰਵਾਨੇ ਦੇ ਪਿਆਰ 'ਚੋਂ ਨਿਕਲੀ।
ਇਕ ਗੰਗਾ ਸ਼ਿਵਜੀ ਦੇ ਕੇਸੋਂ,
ਇਕ ਖੰਡੇ ਦੀ ਧਾਰ 'ਚੋਂ ਨਿਕਲੀ।
ਇਕ ਗੰਗਾ, ਅਰਦਾਸ 'ਚੋਂ ਨਿਕਲੀ,
ਸਤਿਗੁਰ ਦੀ ਬਖ਼ਸ਼ੀਸ਼ ਚੋਂ ਨਿਕਲੀ।
ਅਣੱਖ਼ ਦੀ ਗੰਗਾ, ਜਦ ਵੀ ਨਿਕਲੀ,
ਗੁਰਸਿੱਖਾਂ ਦੇ ਸੀਸ 'ਚੋਂ ਨਿਕਲੀ।
ਅਸੀਂ ਨਿਮਾਣੇ, ਅਸੀਂ ਨਿਗੂਣੇ,
ਸਾਡੇ ਤੇ ਇਤਬਾਰ ਜਮਾ ਕੇ।
ਸਾਨੂੰ ਅਪਣਾ ਰੂਪ ਦੇ ਗਿਆ,
ਸਾਡੇ ਸਿਰ ਦਸਤਾਰ ਸਜਾ ਕੇ।
ਰੇਸ਼ਮ ਵਰਗੇ ਕੇਸ ਅਸਾਡੇ,
ਰਿੱਸ਼ਮਾਂ ਵਰਗੇ ਸੁੱਚੇ ਦਾਹੜੇ।
ਬਿਜਲੀ ਕੀ, ਸੂਰਜ ਵੀ ਟੁੱਟ ਪਏ,
ਪਰ ਗੁਰਸਿੱਖ ਕਦੇ ਧਰਮ ਨਾ ਹਾਰੇ।
3. ਮੈਂ ਅੰਧੁਲੇ ਕੀ ਟੇਕ
('ਗੁਰੂਆਂ ਦੀ ਜੋਤ ਅਤੇ ਬਾਣੀ ਦਾ ਖ਼ਜ਼ਾਨਾ ਏਂ')
ਗੁਰੂਆਂ ਦਾ ਗੁਰੂ, ਸੱਚੇ ਪਾਤਸ਼ਾਹਾਂ ਦਾ ਪਾਤਸ਼ਾਹ,
ਸ਼ਬਦ-ਸਰੂਪ ਗੁਰੂ ਮੇਰਾ, ਨੂਰ ਦਾ ਮੈਖ਼ਾਨਾ ਏਂ।
ਆਦਿ ਤੇ ਜੁਗਾਦਿ ਸੱਚ, ਹੈ ਭੀ ਸੱਚ, ਹੋਸੀ ਸੱਚ,
ਵਾਹਿਗੁਰੂ ਦੇ ਆਸ਼ਕਾਂ ਦੀ ਪ੍ਰੀਤ ਦਾ ਤਰਾਨਾ ਏ।
ਤਰਾਨਾ ਏ ਪਿਆਰ ਵਾਲਾ, ਨਾਮ ਦੇ ਖ਼ੁਮਾਰ ਵਾਲਾ,
ਇਕ ਇਕ ਸ਼ਬਦ ਇਹਦਾ, ਗਿਆਨ ਦਾ ਪੈਮਾਨਾ ਏ।
ਨਿਮਾਣਿਆਂ, ਨਿਉਟਿਆਂ, ਨਿਗੱਤਿਆਂ, ਨਿਪੱਤਿਆਂ,
ਨਿਧਿੱਰਿਆਂ, ਨਿਘੱਰਿਆਂ ਦਾ ਇਹੋ ਆਸ਼ਿਆਨਾ ਏ।
ਤਾਹੀਓਂ ਤਾਂ ਜ਼ਮਾਨਾ ਆਖੇ, ਆਪਣਾ ਬਿਗਾਨਾ ਆਖੇ,
ਇਹੋ ਦੱਰ ਜਿਥੇ ਨਾ ਕੋਈ ਵੈਰੀ ਨਾ ਬਿਗਾਨਾ ਏ।
ਦਸਵੇਂ ਹਜ਼ੂਰ ਜਿਹਨੂੰ ਥਾਪਿਐ ਮਹਾਨ ਗੁਰੂ,
ਗੁਰੂਆਂ ਦੀ ਜੋਤ, ਅਤੇ ਬਾਣੀ ਦਾ ਖ਼ਜ਼ਾਨਾ ਏ।
ਅੰਬਰਾਂ ਤੋਂ ਉਂਤਰੀ, ਅਕਾਲ ਦੀ ਅਕਾਲੀ ਬਾਣੀ,
ਲੋਕਾਂ ਦੀ ਜ਼ਬਾਨ ਵਿਚ ਗੁਰਾਂ ਨੇ ਉਚਾਰੀ ਏ।
ਪਹਿਲੀ ਪਾਤਸ਼ਾਹੀ, ਦੂਜੀ, ਤੀਜੀ, ਚੌਥੀ, ਪੰਜਵੀਂ,
ਤੇ ਬਾਣੀ ਨੌਵੇਂ ਪਾਤਸ਼ਾਹ ਦੀ ਇਕੋ ਥਾਂ ਸ਼ਿੰਗਾਰੀ ਏ।
ਬਾਣੀ ਨਾਲ ਬਾਣੀ ਉਨ੍ਹਾਂ ਸੰਤਾਂ ਦੀ ਵੀ ਜੋੜ ਦਿੱਤੀ,
ਪ੍ਰਭੂ ਪਿਆਰ ਵਾਲੀ ਜਿਨ੍ਹਾਂ ਆਰਤੀ ਉਤਾਰੀ ਏ।
ਸ਼ਬਦ ਰੂਪ ਮੋਤੀਆਂ ਦੀ ਗੁੰਦ ਗੁੰਦ, ਲੜੀ ਲੜੀ,
ਗੁਰੂ ਜੀ ਦੇ ਦਾਸ 'ਗੁਰਦਾਸ' ਨੇ ਸੰਵਾਰੀ ਏ।
ਬੋਲੀ ਭਾਵੇਂ ਵੱਖਰੀ, ਬੁਲਾਰੇ ਵੀ ਨੇ ਵੱਖਰੇ,
ਪਰ ਇਕੋ ਮਹਾਂਨੂਰ ਦੀ ਉਪਾਸ਼ਨਾ ਨਿਸ਼ਾਨਾ ਏ।
ਸਭੇ ਬੋਲੋ ਧੰਨ, ਧੰਨ, ਧੰਨ ਗੁਰੂ ਗ੍ਰੰਥ ਸਾਹਿਬ,
ਗੁਰੂਆਂ ਦੀ ਜੋਤ, ਅਤੇ ਬਾਣੀ ਦਾ ਖ਼ਜ਼ਾਨਾ ਏ।
ਬੇੜਾ ਰਾਮ ਨਾਮ ਵਾਲਾ, ਆਤਮਾ ਦੇ ਗਿਆਨ ਵਾਲਾ,
ਪ੍ਰਭੂ ਦੇ ਧਿਆਨ ਦਾ ਬਣਾਇਆ ਨੂਰ ਪੰਜਵੇਂ।
ਲੱਖਾਂ ਹੀਰੇ ਮੋਤੀਆਂ, ਜਵਾਹਰਾਂ, ਲਾਲਾਂ ਪੰਨਿਆਂ ਨੂੰ,
ਪੰਨੇ, ਪੰਨੇ, ਪੰਨੇ ਤੇ ਜੜਾਇਆ ਨੂਰ ਪੰਜਵੇਂ।
ਰੂਹਾਂ ਦਾ ਦੁਮੇਲ, ਮਿੱਠੇ ਰਾਗਾਂ ਦਾ ਸੁਮੇਲ,
ਕਾਵਿ-ਕਲਾ ਦੀ ਹਮੇਲ ਨੂੰ ਸਜਾਇਆ ਨੂਰ ਪੰਜਵੇਂ।
ਪੱਦਿਆਂ, ਸ਼ਲੋਕਾਂ, ਛੰਦਾਂ, ਪਉੜੀਆਂ, ਸਵੱਈਆਂ ਵਿਚ,
ਗਿਆਨ ਦੀਆਂ ਕੂਲਾਂ ਨੂੰ ਮਿਲਾਇਆ ਨੂਰ ਪੰਜਵੇਂ।
ਕਲਯੁੱਗੀ ਜੀਵਾਂ ਲਈ ਇਹ ਨਾਮ ਦਾ ਜਹਾਜ਼,
ਮੇਰੇ ਸ਼ਹਿਨਸ਼ਾਹ ਸ਼ਹੀਦ ਦਾ ਮਹਾਨ ਨਜ਼ਰਾਨਾ ਏ।
ਸਾਰਿਆਂ ਦਾ ਸਾਂਝਾ ਤੇ ਪਿਆਰਾ ਗੁਰੂ ਗੂੰਥ ਸਾਹਿਬ,
ਗੁਰੂਆਂ ਦੀ ਜੋਤ, ਅਤੇ ਬਾਣੀ ਦਾ ਖ਼ਜ਼ਾਨਾ ਏ।
ਮਾਖਿਉਂ ਤੋਂ ਮਿੱਠੀ ਮਿੱਠੀ, ਮਖਣਾਂ ਤੋਂ ਠੰਡੀ ਠੰਡੀ,
ਚਾਨਣੀ ਤੋਂ ਉੱਜਲੀ ਇਹ ਬਾਣੀ ਤਾਂ ਇਲਾਹੀ ਏ।
ਤੂੰ ਹੀ, ਤੂੰ ਹੀ, ਤੂੰ ਹੀ, ਇਕੋ ਕੰਤ ਨੂੰ ਧਿਆਉਂਦੀਆਂ,
ਰਿਝਾਉਂਦੀਆਂ, ਸੁਹਾਗਣਾਂ ਦੇ ਪ੍ਰੇਮ ਦੀ ਕਮਾਈ ਏ।
ਹਰੀ ਜੀ ਦੇ ਮੰਦਰੀਂ, ਸੱਜਾ ਕੇ ਗੁਰਾਂ 'ਆਦਿ-ਬੀੜ',
ਸੇਵਾ ਬਾਬਾ 'ਬੁੱਢਾ' ਜੀ ਦੀ ਝੋਲੀ ਵਿਚ ਪਾਈ ਏ।
ਗੁਰੂ ਦੀ ਵਜ਼ੀਰੀ ਪਹਿਲੀ ਬੰਦ, ਬੰਦ, ਬੰਦ,
ਕਟਵਾਉਣ ਵਾਲੇ ਸਿੰਘ ਦੇ ਨਸੀਬਾਂ ਵਿਚ ਆਈ ਏ।
ਜ਼ਿੰਦਗੀ ਦਾ ਚਾਉ ਏਥੇ, ਸੁਰਤ ਦਾ ਟਿਕਾਉ ਏਥੇ,
ਤਾਹੀਉਂ ਤਾਂ ਜਹਾਨ ਸਾਰਾ ਏਸ ਦਾ ਦਿਵਾਨਾ ਏ।
ਲੋਕ ਪ੍ਰਲੋਕ ਜਿਹਦੇ ਦੱਰ ਤੇ ਸੁਹੇਲੇ ਹੋਣ,
ਗੁਰੂਆਂ ਦੀ ਜੋਤ, ਅਤੇ ਬਾਣੀ ਦਾ ਖ਼ਜ਼ਾਨਾ ਏ।
ਜੁਗੋ ਜੁੱਗ ਅਟੱਲ, ਇਹ ਗਿਆਨ ਦਾ ਮਹਾਨ ਰੱਵੀ,
ਕਿਰਨ, ਕਿਰਨ, ਕਿਰਨ ਜਿਸਦੀ ਚੀਰ ਦੀ ਹਨੇਰਾ ਏ।
ਸੱਚਖੰਡੋਂ ਨਿਕਲੀ ਰੂਹਾਨੀ ਤੇ ਲਾਸਾਨੀ ਗੰਗਾ,
ਲਹਿਰ ਲਹਿਰ, ਲਹਿਰ ਜਿਹਦੀ ਨੂਰ ਦਾ ਸਵੇਰਾ ਏ।
ਏਥੇ ਨਿੱਤ ਕੋਰੀਆਂ ਕੰਵਾਰੀਆਂ ਅਨੇਕ ਜਿੰਦਾਂ,
ਨਾਮ ਦੇ ਮਜੀਠੇ ਰੰਗ ਰੰਗਦਾ ਚਿਤੇਰਾ ਏ।
ਏਥੇ ਨਾ ਕੋਈ ਤੇਰ ਮੇਰ, ਵੱਲ ਛੱਲ, ਹੇਰ ਫੇਰ,
ਜਾਤਪਾਤ ਰਹਿਤ ਇਹ, ਮਨੁੱਖਤਾ ਦਾ ਡੇਰਾ ਏ।
ਸਤਿਨਾਮ ਬੋਲਦੇ, ਤੇ ਤੇਰਾ ਤੇਰਾ ਤੋਲਦੇ,
ਅਕਾਲ ਦਿਆਂ ਮੋਦੀਆਂ ਦਾ ਇਹੋ ਮੋਦੀਖ਼ਾਨਾ ਏ।
ਭਰ ਭਰ ਝੋਲੀਆਂ, ਲੈ ਜਾਏ ਜਿਥੋਂ ਜੱਗ ਸਾਰਾ,
ਗੁਰੂਆਂ ਦੀ ਜੋਤ ਅਤੇ ਬਾਣੀ ਦਾ ਖ਼ਜ਼ਾਨਾ ਏ।
4. ਅਲੌਕਿਕ ਸ਼ਹੀਦ
ਟੇਪੇ ਲਹੂ ਦੇ ਜਦ ਗਿਰੇ ਸਤਿਗੁਰ ਦੇ ਜਿਸਮ 'ਚੋਂ,
ਪ੍ਰਿਥਵੀ ਪੁਕਾਰੀ, ਅਣਖ਼ ਦਾ ਮੈਖ਼ਾਨਾ ਖੁਲ ਗਿਐ।
ਚੋਏ ਸ਼ਮਾ ਦੀ ਅੱਖ 'ਚੋਂ ਜਜ਼ਬੇ ਪਤੰਗ ਦੇ,
ਦੁਸ਼ਟਾਂ ਨੇ ਸਮਝਿਆ ਸ਼ਮਾ ਦਾ ਨੂਰ ਢੱਲ ਗਿਐ।
ਖ਼ਲਕੱਤ ਉਦਾਸ, ਇਸ ਤਰ੍ਹਾਂ ਬੇ-ਆਸ ਸੀ ਖੜੀ,
ਮਾਨੋ ਉਨ੍ਹਾਂ ਦੇ ਜਿਸਮ ਦਾ ਹਰ ਸਾਸ ਜਲ ਗਿਐ।
ਉਹਨਾਂ ਨੂੰ ਕੀ ਪਤਾ ਸੀ ਕਿ ਪੋਤਾ ਸ਼ਹੀਦ ਦਾ,
ਦੇ ਕੇ ਸ਼ਹੀਦੀ ਹਿੰਦ ਦਾ ਨਕਸ਼ਾ ਬਦਲ ਗਿਐ।
ਮੁਗ਼ਲਾਂ 'ਚ ਭਾਜੜ ਪੈ ਗਈ, ਕਿ ਸਿਰ ਕਿਧਰ ਗਿਐ?
ਧਰਤੀ ਨਿਗਲ ਗਈ, ਕਿ ਆਕਾਸ਼ ਖਾ ਗਿਐ?
ਬਿਜਲੀ ਨੇ ਕੜਕ ਕੇ ਕਿਹਾ, 'ਸਿਰ ਢੂੰਡਦੇ ਲੋਕੋ,
ਹੁਣ ਧੜ ਵੀ ਤੁਹਾਡੀ ਜ਼ਦ 'ਚੋਂ ਬਚ ਕੇ ਨਿਕਲ ਗਿਐ।'
ਅੰਬਰ ਨੜੋਏ ਵਾਂਗਰਾਂ ਕਫ਼ਨੀ ਲਪੇਟ ਕੇ,
ਪੀੜਾ ਜਿਗਰ ਦੀ ਹੰਝੂਆਂ ਵਿਚ ਢਾਲਦਾ ਗਿਆ।
ਹਿੰਦੂ ਧਰਮ ਦੀ ਬੁਝ ਰਹੀ ਜੋਤੀ, ਸ਼ਹੀਦ-ਸ਼ਾਹ,
ਆਪਣੇ ਜਿਗਰ ਦਾ ਖ਼ੂਨ ਪਾ ਪਾ ਬਾਲਦਾ ਗਿਆ।
ਜ਼ੁਲਮਤ ਦੇ ਹਰ ਤੂਫ਼ਾਨ 'ਚੋਂ, ਜਜ਼ਬਾ ਸ਼ਹੀਦ ਦਾ,
ਬੇੜੀ ਵਤਨ ਦੀ ਸਾਂਭ ਕੇ ਨਿਕਾਲਦਾ ਗਿਆ।
ਜਿਤਨੇ ਲਹੂ ਦੀ ਪਿਆਸ ਸੀ ਜ਼ਾਲਮ ਦੀ ਤੇਗ਼ ਨੂੰ,
ਤੇਗ਼ਾਂ ਦਾ ਵਾਲੀ "ਤੇਗ਼", ਖ਼ੁਦ ਪਿਆਲਦਾ ਗਿਆ।
ਸੋਮੇ ਅਨੇਕਾਂ ਉੱਭਰ ਕੇ ਆਖ਼ਰ ਨੂੰ ਸੁੱਕ ਗਏ,
ਸਾਗਰ ਹਜ਼ਾਰਾਂ ਆਪਣੀ ਹਸਤੀ ਮਿਟਾ ਗਏ।
'ਕਤਰੇ' ਮਗਰ ਸ਼ਹੀਦ ਦੇ, ਦੋ ਪਾਕ ਖ਼ੂਨ ਦੇ,
ਲੱਖਾਂ ਸ਼ਹੀਦਾਂ ਦੇ ਲਈ 'ਕੇਸਰ' ਬਣਾ ਗਏ।
ਮਸਤਕ ਨਿਵਾ ਕੇ ਸੀਸ ਨੂੰ ਦਸਮੇਸ਼ ਨੇ ਕਿਹਾ,
'ਕਤਰੇ ਪਵਿੱਤਰ ਖ਼ੂਨ ਦੇ ਤੂਫ਼ਾਨ ਬਣਨਗੇ।
ਜਿਨ੍ਹਾਂ ਮਹੱਲਾਂ ਵਿਚ ਉਨ੍ਹਾਂ ਨੇ ਜੁਲਮ ਪਾਲਿਐ,
ਉਹ ਮਹਿਲ ਹਰ ਮਰਦੂਦ ਦਾ ਸ਼ਮਸ਼ਾਨ ਬਣਨਗੇ।'
'ਉਠੋ, ਉਠਾਉ ਤੇਗ਼, ਖਾ ਕੇ "ਤੇਗ਼" ਦੀ ਕਸੱਮ,
ਤੇਗ਼ਾਂ ਬਿਨਾਂ ਸ਼ੈਤਾਨ ਨਾ ਇਨਸਾਨ ਬਣਨਗੇ।
ਕੁਦਰਤ ਦਾ ਨਿੱਯਮ ਕਰਿ ਰਿਹੈ ਬੇਟੇ ਸ਼ਹੀਦ ਦੇ,
ਅਪਣੇ ਵੱਤਨ ਦੇ ਆਪ ਹੀ ਸੁਲਤਾਨ ਬਣਨਗੇ।'
"ਦੋ ਚਾਰ ਦਿਨ ਦੀ ਦੇਰ ਹੈ, ਉੱਕਾ ਹਨੇਰ ਨਹੀਂ,
ਡੁਲ੍ਹਿਆ ਸ਼ਹੀਦ ਦਾ ਲਹੂ, ਜ਼ਾਇਆ ਨਾ ਜਾਏਗਾ।
ਮਹਿੰਦੀ ਵੀ ਜਦ ਤੱਕ ਪੀਸ ਕੇ, ਹੱਥਾਂ ਤੇ ਨਾ ਮੱਲੋ,
ਹਰਗਿਜ਼ ਨਾ ਉਸ ਦੇ ਜਿਗਰ ਦਾ ਰੰਗ ਬਾਹਰ ਆਏਗਾ।"
ਪ੍ਰਿੱਥਵੀ ਦੀ ਬੇਹਿਸ ਹਿਕੜੀ 'ਚੋਂ ਵਲਵਲੇ ਉਠੇ,
ਚੋਏ ਨਸ਼ੀਲੀ ਰੱਤ ਦੇ, ਗੁਲਜ਼ਾਰ ਬਣ ਗਏ।
ਸੱਦੀਆਂ ਤੋਂ ਸੁੱਕੀ ਅਣਖ਼ ਦੀ ਟਹਿਣੀ ਤੇ ਫੁੱਲ ਖਿੜੇ,
ਬੇਸ਼ਕ ਉਹ ਫੁੱਲ, 'ਸਰਹੰਦ' ਦੀ ਦੀਵਾਰ ਬਣ ਗਏ।
ਦੁਸ਼ਮਣ ਨੇ ਚਾਹਿਆ, ਪੁਸ਼ਪ-ਕਲੀਆਂ ਨੂੰ ਤਰੁੰਡ ਲਾਂ,
ਕਲੀਆਂ ਦੇ ਨੇੜੇ ਜਦ ਗਿਆ, ਅੰਗਿਆਰ ਬਣ ਗਏ।
ਕੀ ਹੋਇਆ, ਜੇ ਨਾ ਬਾਗ਼ ਦੀ ਬਹਾਰ ਬਣ ਸਕੇ,
ਉਹ ਤਾਂ ਬਹਾਰੇ-ਹਿੰਦ ਦੇ ਸਰਦਾਰ ਬਣ ਗਏ।
ਦੋ ਬਿਫਰੀਆਂ ਤੇਗ਼ਾਂ, ਜਦੋਂ 'ਚਮਕੌਰ' ਦੇ ਅੰਦਰ,
ਸ਼ੋਤਰ ਸੁੱਕੇ ਜ਼ਮੀਨ ਦੇ, ਤਾਰੇ ਵੀ ਝੌਂਅ ਗਏ।
ਲੱਖਾਂ ਹੀ ਦੁਸ਼ਮਣਾਂ ਦੀਆਂ ਲਾਸ਼ਾਂ ਦੇ ਢੇਰ ਤੇ,
ਦੁਨੀਆਂ ਨੇ ਵੇਖਿਆ ਕਿਵੇਂ ਦੋ ਸ਼ੇਰ ਸੌਂ ਗਏ।
ਤਾਰਾ ਇਹ ਹਰਿਗੋਬਿੰਦ ਦੀ ਨੂਰਾਨੀ ਅੱਖ ਦਾ,
ਖ਼ੂਨੀ ਜਨੂੰਨੀ ਅੱਖ ਨੂੰ ਬੇਨੂਰ ਕਰ ਗਿਐ।
ਸਦੀਆਂ ਤੋ' ਅੰਨ੍ਹੀਂ ਨਰਗਸੀ ਗ਼ੈਰਤ ਦੀ ਅੱਖ ਨੂੰ,
ਜੋਤੀ ਲਹੂ ਦੀ ਬਖਸ਼ ਕੇ, ਪੁਰਨੂਰ ਕਰ ਗਿਐ।
ਕੱਖਾਂ ਦੇ ਵਾਂਗੂੰ ਰੁਲ ਰਹੀ ਸੀ ਪੱਤ ਗ਼ਰੀਬ ਦੀ,
ਉਹ ਹਰ ਗ਼ਰੀਬ ਨੂੰ ਹੀ 'ਸ਼ਾਹ-ਮੰਨਸੂਰ' ਕਰ ਗਿਐ।
ਆਪਣੇ ਪਵਿੱਤਰ ਮੈ-ਕੱਦੇ ਦੇ ਖੋਲ੍ਹ ਕੇ ਕਿਵਾੜ,
ਉਹ ਹਰ ਕਿਸੇ ਲਈ ਪੀਣ ਦਾ ਦਸਤੂਰ ਕਰ ਗਿਐ।
ਸੁਪਨਾ ਸੀ ਆਲਮਗੀਰ ਦਾ, ਕਿ ਹਿੰਦਵਤਾ ਮਰੇ,
ਉਹ ਹਿੰਦਵਤਾ ਨੂੰ ਜੀਣ ਤੇ ਮਜਬੂਰ ਕਰ ਗਿਐ।
ਸ਼ੈਤਾਨ ਦੇ ਕਸ਼ਕੌਲ ਵਿਚ ਸੀ ਕੈਦ ਹਿੰਦਵਤਾ,
ਜਿਸ ਨੂੰ ਉਹ ਦਿੱਲੀ ਵਿਚ ਹੀ ਚਕਨਾਚੂਰ ਕਰ ਗਿਐ।
5. ਪਰਵਾਨੇ
ਅੱਜ ਉਸਦਾ ਜਨਮ ਦਿਨ ਏ, ਪਰ ਜਨਮ ਅਸਥਾਨ ਨਹੀਂ ਦਿਸਦਾ,
ਜਾਂ ਸਾਡੀ ਅੱਖ ਮੈਲੀ ਏ, ਜਾਂ ਸਾਡੇ ਕਰਮ ਮਾੜੇ ਨੇ।
ਨਾ ਸਾਡੇ ਪਾਸ ਤਲਵੰਡੀ, ਨਾ 'ਪੰਜਾ ਸਾਹਿਬ' ਦਾ ਸੋਮਾ,
ਤੇ ਉਤੋਂ ਦੰਭੀਆਂ, ਪਖੰਡੀਆਂ, ਪਾਏ ਪੁਆੜੇ ਨੇ।
ਸਮੁੱਚੀ ਕੌਮ ਵਿਚ ਮੈਨੂੰ, ਕੋਈ ਜਾਂਜੀ ਨਹੀਂ ਦਿਸਦਾ,
ਇਹ ਸਭੇ ਘੋੜੀਆਂ ਤੇ ਚੜ੍ਹੇ ਹੋਏ, ਲਾੜੇ ਹੀ ਲਾੜੇ ਨੇ।
ਜ਼ਮਾਨਾ ਫਿਰ ਉਨ੍ਹਾਂ ਪਰਵਾਨਿਆਂ ਦੀ ਪਰਖ ਚਾਹੁੰਦਾ ਏ,
ਜਿਨ੍ਹਾਂ ਸਿੱਖੀ ਸਿਦਕ ਦੀ ਲਾਟ ਤੇ ਖ਼ੁਦ ਖੰਭ ਸਾੜੇ ਨੇ।
ਮਗਰ 'ਕਾਸਦ' ਭਰੋਸਾ ਰੱਖ, ਗੁਰੂ ਨਾਨਕ ਦੀ ਰਹਿਮਤ ਤੇ,
ਨਾ ਹਰ ਇਕ ਰਾਤ ਕਾਲੀ ਏ, ਨਾ ਹਰ ਪ੍ਰਭਾਤ ਗੋਰੀ ਏ।
ਉਦੋਂ ਤਕ ਪੰਥ ਦਾ ਕੋਈ ਵਾਲ ਵਿੰਗਾ ਕਰ ਨਹੀਂ ਸਕਦਾ,
ਜਦੋਂ ਤਕ ਸਤਿਗੁਰੂ ਗੁਰੂ ਗ੍ਰੰਥ ਤੇ ਸਿੱਖਾਂ ਦੀ ਡੋਰੀ ਏ ।
6. ਸ਼ਹੀਦੀ ਜਾਮ
ਸ਼ਹੀਦਾਂ ਦੀ ਪਵਿੱਤਰ ਯਾਦ ਵਿਚ ਬੈਠੇ ਹੋਏ ਲੋਕੋ,
ਸ਼ਹਾਦਤ ਦੇ ਨਸ਼ੀਲੇ ਜਾਮ ਨੂੰ ਕਾਇਰ ਨਹੀਂ ਪੀਂਦੇ।
ਇਹਨੂੰ ਕੋਈ ਤਾਰੂ ਸਿੰਘ ਪੀਂਦੈ, ਜਾਂ ਕੋਈ ਭਗਤ ਸਿੰਘ ਪੀਂਦੈ,
ਇਹਨੂੰ ਪੀਂਦੇ ਨੇ ਊਧਮ ਸਿੰਘ, ਕਦੇ ਡਾਇਰ ਨਹੀਂ ਪੀਂਦੇ।
ਹਮੇਸ਼ਾ ਜਾਮੇ-ਗ਼ੈਰਤ ਨੂੰ, ਨੂਰਾਨੀ ਹੰਸ ਪੀਂਦੇ ਨੇ,
ਅਣਖ਼ ਤੋਂ ਬੇ-ਖ਼ਬਰ ਕਾਵਾਂ ਜਹੇ ਤਾਇਰ ਨਹੀਂ ਪੀਂਦੇ।
ਓਦੋਂ ਤਕ ਕੌਮ ਦੇ ਅਹਿਸਾਸ ਵਿਚ ਕਰਾਂਤੀ ਨਹੀਂ ਆਉਂਦੀ,
ਜਦੋਂ ਤਕ ਸੱਚ ਦੀ ਮੈਅ ਨੂੰ, ਛਬੀਲੇ ਸ਼ਾਇਰ ਨਹੀਂ ਪੀਂਦੇ।
(ਤਾਇਰ=ਪੰਛੀ)
7. ਅਨਮੋਲ ਮੋਤੀ
ਅਸੀਂ ਗੁਰੂ ਤੇਗ਼ ਦੇ ਪੋਤੇ, ਗੁਰੂ ਦਸਮੇਸ਼ ਦੇ ਬੇਟੇ,
ਅਸਾਡੇ ਇਸ਼ਕ ਦੇ ਨੇੜੇ, ਕਦੇ ਯਮਰਾਜ ਨਹੀਂ ਆਇਆ।
ਅਸਾਡੀ ਤੇਗ਼ ਦੇ ਪ੍ਰਛਾਵਿਉਂ ਵੀ ਬਿਜਲੀਆਂ ਕੜਕਨ,
ਕਿਸੀ ਹੋਣੀ ਨੇ ਸਾਨੂੰ ਆਪਣਾ ਮੁਹਤਾਜ ਨਹੀਂ ਪਾਇਆ।
ਇਹ ਪ੍ਰਿਥਵੀ ਜਾਣਦੀ ਏ, ਜਾਣਦੇ ਨੇ ਅੱਗ ਦੇ ਸ਼ੋਹਲੇ,
ਅਸਾਡੇ ਖ਼ੂਨ ਬਾਝ੍ਹੋਂ ਹਿੰਦ ਨੇ, ਸਵਰਾਜ ਨਹੀਂ ਪਾਇਆ।
ਹਮੇਸ਼ਾ ਸ਼ੇਰ ਦੇ ਬੱਚੇ ਹੀ ਜੱਗ ਤੇ ਰਾਜ ਕਰਦੇ ਨੇ,
ਕਦੇ ਗਿੱਦੜਾਂ ਦੇ ਸਿਰ ਤੇ ਜ਼ਿੰਦਗੀ ਨੇ, ਤਾਜ ਨਹੀਂ ਪਾਇਆ।
ਅਸੀਂ ਸਾਗਰ ਦੇ ਕੰਢੇ ਰੁਲ ਰਹੇ ਘੋਘੇ ਨਹੀਂ ਯਾਰੋ,
ਅਸੀਂ ਸਿੱਪੀਆਂ ਦੀ ਕੁੱਖ ਵਿਚ, ਪਲ ਰਹੇ ਅਨਮੋਲ ਮੋਤੀ ਹਾਂ।
ਨਾ ਮੁਲਜ਼ਮ ਹਾਂ, ਨਾ ਮੁਜਰਮ ਹਾਂ, ਨਾ ਡਾਕੂ ਹਾਂ, ਨਾ ਕਾਤਲ ਹਾਂ,
ਅਸੀਂ ਅਪਣੇ ਵਤਨ ਦੇ ਦੁਸ਼ਮਣਾਂ ਲਈ ਇਕ ਚੁਨੋਤੀ ਹਾਂ।
8. ਅੱਜ ਮੈਂ ਤੇਰੀ ਤਸਵੀਰ ਵੇਖੀ
ਸਾਹਿਬਾ, ਅੱਜ ਮੈਂ ਤੇਰੀ ਤਸਵੀਰ ਵੇਖੀ,
ਉਹ ਨਹੀਂ ਲਗੀ ਏ ਜਿਹੜੀ ਦੀਵਾਰ ਉਤੇ।
ਤੇਰੇ ਜਿਗਰ ਦੇ ਟੁੱਕੜੇ ਖ਼ਾਲਸੇ ਨੇ,
ਜਿਹੜੀ ਟੰਗੀ ਏ ਨੈਣਾਂ ਦੀ ਧਾਰ ਉਤੇ।
ਬਖ਼ਸ਼ੀ ਅਮਰ ਜਵਾਨੀ ਤੂੰ ਖ਼ਾਲਸੇ ਨੂੰ,
ਆਉਣ ਦਿੱਤੀ ਨਾ ਜਿਹੜੀ ਜੁੱਝਾਰ ਉਤੇ।
ਜਿਹੜੀ ਰੁੱਤ ਬਹਾਰ ਦੀ ਤੂੰ ਆਂਦੀ,
ਮੁੜ ਕੇ ਆਈ ਨਹੀਂ ਕਿਸੀ ਗੁਲਜ਼ਾਰ ਉਤੇ।
ਜਿਤਨੀ ਵੇਰ ਤੂੰ ਜਿਗਰ ਦੇ ਲਹੂ ਅੰਦਰ,
ਮੁੱਖੜਾ ਧੋਤਾ ਏ ਸਿੰਘਾਂ ਪਿਆਰਿਆਂ ਦਾ
ਓਨੀਂ ਵੇਰ ਤਾਂ ਤੈਨੂੰ ਨਸੀਬ ਨਹੀਂ ਸੀ,
ਮੂੰਹ ਚੁੰਮਣਾਂ ਚੌਹਾਂ ਦੁਲਾਰਿਆਂ ਦਾ।
ਸਾਹਿਬਾ, ਸਭ ਤੋਂ ਵੱਡਾ ਕਮਾਲ ਤੇਰਾ,
ਪੰਥ ਜੋੜਨਾ ਚਿੜੀਆਂ ਦੀ ਡਾਰ ਵਿਚੋਂ।
ਉੂਚ ਨੀਚ ਦੀ ਜ਼ਹਿਰ ਨਿਚੋੜ ਦੇਣੀ,
ਫੁੱਲ ਫੁੱਲ ਵਿਚੋਂ ਖ਼ਾਰ ਖ਼ਾਰ ਵਿਚੋਂ।
ਤੇਰੇ ਤੱਪ ਦਾ ਕ੍ਰਿਸ਼ਮਾ ਸੀ ਕਰਮ-ਯੋਗੀ,
ਨਿਕਲੀ ਜ਼ਿੰਦਗੀ ਤੇਰੀ ਤਲਵਾਰ ਵਿਚੋਂ।
ਇਕੋ ਸਿੰਘ ਨੇ ਲੱਖਾਂ ਦੇ ਘੁੱਟ ਭਰ ਲਏ,
ਪੀ ਕੇ ਘੁੱਟ ਦੋ ਖੰਡੇ ਦੀ ਧਾਰ ਵਿਚੋਂ।
ਪੰਥ ਖ਼ਾਲਸਾ, ਰੂਪ ਸਰੂਪ ਤੇਰਾ,
ਇਹਦੀ ਘੁੱਟੀ 'ਚ ਤੇਰੀ ਅਸੀਸ ਵੀ ਏ।
ਅਸੀਂ ਸੀਸ ਦੇ ਬਾਝ ਵੀ ਰਹੇ ਲੜਦੇ,
ਅੱਜ ਤਾਂ ਸਾਡੇ ਸਰੀਰਾਂ ਤੇ ਸੀਸ ਵੀ ਏ।
ਅਸੀਂ ਵਾਰਸ ਹਾਂ, ਹਿੰਦ ਦੀ ਆਤਮਾ ਦੇ,
ਪੂਜਾ ਕੀਤੀ ਏ ਜਿਦ੍ਹੀ ਨਿਹੰਗ ਬਣ ਕੇ।
ਕਦੇ ਚਰਖ਼ੀਆਂ ਤੇ, ਕਦੇ ਸੂਲੀਆਂ ਤੇ,
ਕਦੇ ਤੀਰ ਤੇ ਕਦੇ ਤੁਫ਼ੰਗ ਬਣ ਕੇ।
ਮੌਤ ਸੁੰਦਰ ਸੁਹਾਗਣ ਹੈ ਖ਼ਾਲਸੇ ਦੀ,
ਜੀਉਂਦੀ ਅੰਗ ਬਣ ਕੇ, ਮਰਦੀ ਸੰਗ ਬਣ ਕੇ।
ਅਸੀਂ ਜੰਮੇ, ਤਾਂ ਸ਼ਮਾ ਤੇ ਰੂਪ ਚੜ੍ਹਿਆ,
ਮਰੀਏ ਕਿਵੇਂ ਨਾ ਅੱਜ ਪਤੰਗ ਬਣਕੇ।
ਅਸੀਂ ਅੱਜ ਵੀ ਓਹੋ ਸਰਦਾਰ ਬਾਂਕੇ,
ਤੇਰੇ ਜਿਗਰ 'ਚੋਂ ਖਿੜੇ ਗੁਲਾਬ ਦੇ ਫੁੱਲ।
ਜਿਥੇ ਕਿਥੇ ਸੰਸਾਰ ਵਿਚ ਚਲੇ ਜਾਈਏ,
ਦੁਨੀਆਂ ਕਹਿੰਦੀ ਏ ਸਾਨੂੰ ਪੰਜਾਬ ਦੇ ਫੁੱਲ।
ਸਾਹਿਬਾ, ਬੇਸ਼ਕ ਜ਼ਮਾਨੇ ਦੇ ਝੱਖੜਾਂ ਵਿਚ,
ਬਣ ਗਏ ਪੰਥ ਦੇ ਵਿਚ ਵੀ ਧੱੜੇ ਕਿੰਨੇ।
ਵੇਖਣ ਵਾਲੀ ਇਹ ਗੱਲ ਨਹੀਂ ਝੱੜੇ ਕਿੰਨੇ,
ਵੇਖਣ ਵਾਲੀ ਏ ਗੱਲ ਕਿ ਅੜੇ ਕਿੰਨੇ।
ਸੂਲੀ ਚੜ੍ਹੇ ਕਿੰਨੇ, ਦੇਗੀਂ ਕੜ੍ਹੇ ਕਿੰਨੇ,
ਗਏ ਵਿਚ ਦੀਵਾਰ ਦੇ ਮੜ੍ਹੇ, ਕਿੰਨੇ।
ਝੁੰਡ ਨਿਕਲਦੇ ਲੱਖਾਂ ਪਰਵਾਨਿਆਂ ਦੇ,
ਦੁਨੀਆਂ ਪਰਖਦੀ ਸ਼ਮਾਂ ਤੇ ਸੜੇ ਕਿੰਨੇ।
ਅਸੀਂ ਅੱਜ ਵੀ ਮੀਰੀ ਹਾਂ ਆਸ਼ਕਾਂ 'ਚੋਂ,
ਆਪਣੇ ਯਾਰ ਦੀ ਰਮਜ਼ ਪਛਾਣਦੇ ਹਾਂ।
ਅਸੀਂ ਅੱਜ ਵੀ ਤਲੀ ਤੇ ਸੀਸ ਧਰਕੇ,
ਗਲੀ ਯਾਰ ਦੀ ਪਹੁੰਚਣਾ ਜਾਣਦੇ ਹਾਂ।
ਅਸੀਂ ਹੋਣੀਆਂ ਦੀ ਰੱਤ ਪੀਣ ਵਾਲੇ,
ਫੁੱਟ ਚੰਦਰੀ ਸਾਨੂੰ ਅਜ਼ਮਾਏਗੀ ਕੀ?
ਅਸੀਂ ਸੂਰਜ ਦੀ ਅੱਖ ਵਿਚ ਰਹਿਣ ਵਾਲੇ,
ਸਾਡਾ ਆਲ੍ਹਣਾ ਬਰਕ ਜਲਾਏਗੀ ਕੀ?
ਅਸਾਂ ਸ਼ੌਕ ਦੇ ਪਰਾਂ ਤੇ ਤਰੇ ਸਾਗਰ,
ਲਹਿਰ ਗਾਗਰ ਦੀ ਸਾਨੂੰ ਡੁਬਾਏਗੀ ਕੀ?
ਅਸੀਂ ਮੌਤ ਨੂੰ ਜਿੰਦਗੀ ਦੇਣ ਵਾਲੇ,
ਮੌਤ ਮੰਗਤੀ ਸਾਨੂੰ ਪਿਲਾਏਗੀ ਕੀ?
ਪੰਥ ਖਾਲਸਾ, ਸੂਰਜ ਕੁਰਬਾਨੀਆਂ ਦਾ,
ਇਹਦੀ ਝਾਲ ਜ਼ਮਾਨਾ ਨਾ ਝੱਲਦਾ ਏ।
ਸੂਰਜ ਨਿੱਤ ਦੁਪਹਿਰ ਨੂੰ ਢੱਲ ਜਾਂਦੈ,
ਤੇਰਾ ਖ਼ਾਲਸਾ ਕਦੇ ਨਾ ਢੱਲਦਾ ਏ।
9. ਪੀਰ ਬੁਧੂ ਸ਼ਾਹ ਤੇ ਬੇਗ਼ਮ ਨਸੀਰਾਂ
ਬੇਗ਼ਮ, ਮੇਰੇ ਨਸੀਬ ਇਤਨਾ ਜ਼ੋਰ ਕਰ ਗਏ,
ਸਤਿਗੁਰੂ ਗੋਬਿੰਦ ਮੇਰਾ ਯਾਰ ਬਣ ਗਿਐ।
ਅੱਲ੍ਹਾ ਦੇ ਪਾਕ ਚਮਨ ਦਾ ਸਭ ਤੋਂ ਹੁਸੀਨ ਫੁੱਲ,
ਮੇਰੇ ਜਿਹੇ ਬੁਧੂ ਦਾ ਵੀ ਦਿਲਦਾਰ ਬਣ ਗਿਐ।
ਬੇਸ਼ਕ, ਖ਼ੁਦਾ ਦੀ ਅੱਖ 'ਚੋਂ ਜੋ ਨੂਰ ਟਪਕਿਐ,
ਉਹ ਸਤਿਗੁਰੂ ਗੋਬਿੰਦ ਦਾ ਆਕਾਰ ਬਣ ਗਿਐ।
ਪ੍ਰਿੱਥਵੀ ਦੇ ਰੋਮ ਰੋਮ ਚੋਂ ਪੀੜਾਂ ਪੁਕਰੀਆਂ,
ਤਾਂ 'ਗੁਜਰੀ', ਦੀ ਕੁੱਖ ਦਾ ਸ਼ਿੰਗਾਰ ਬਣ ਗਿਐ।
ਬੇਗ਼ਮ, ਅਜਿਹੇ ਵੱਲੀ ਦੇ ਕਦਮਾਂ ਦੀ ਖ਼ਾਕ ਚੁੰਮ,
ਜੋੜਾ ਤੇਰਾ ਜੰਨਤ ਦਾ ਦਾਹਵੇਦਾਰ ਬਣ ਗਿਐ।
ਬੇਗ਼ਮ, ਮੇਰੇ ਨਸੀਬ ਇਤਨਾ ਜ਼ੋਰ ਕਰ ਗਏ,
ਸਤਿਗੁਰੂ ਗੋਬਿੰਦ ਮੇਰਾ ਯਾਰ ਬਣ ਗਿਐ।
ਬੇਗ਼ਮ, ਖ਼ੁਦਾ ਕਸਮ, ਖ਼ੁਦਾ ਦੇ ਇਸ਼ਕ ਦਾ ਕਮਾਲ,
ਹੈ ਜਿਸ ਨੇ ਵੇਖਣਾ, ਗੁਰੂ ਗੋਬਿੰਦ ਵੇਖ ਲਏ।
ਬੇਗ਼ਮ, ਖ਼ੁਦਾ ਕਸੱਮ, ਖ਼ੁਦਾ ਦੇ ਹੁਸਨ ਦਾ ਜਮਾਲ,
ਹੈ ਜਿਸਨੇ ਵੇਖਣਾ, ਗੁਰੂ ਗੋਬਿੰਦ ਵੇਖ ਲਏ।
ਬੇਗ਼ਮ, ਖ਼ੁਦਾ ਕਸੱਮ, ਯੁੱਗਾਂ ਦੇ ਤੱਪ ਦਾ ਜਲਾਲ,
ਹੈ ਜਿਸ ਨੇ ਵੇਖਣਾ, ਗੁਰੂ ਗੋਬਿੰਦ ਵੇਖ ਲਏ।
ਉਹ ਈਦ ਦਾ ਹਿਲਾਲ, ਉਹ ਸਾਹਿਬੇ-ਬਾ-ਕਮਾਲ,
ਹੈ ਜਿਸ ਨੇ ਵੇਖਣਾ, ਗੁਰੂ ਗੋਬਿੰਦ ਵੇਖ ਲਏ।
ਬੇਗ਼ਮ, ਖ਼ੁਦਾ ਦਾ ਸ਼ੁਕਰ ਕਰ, ਬੇਟਾ ਸ਼ਹੀਦ ਦਾ,
ਤੇਰੇ ਸ਼ਹੀਦ ਪੁੱਤਾਂ ਦਾ ਸਰਦਾਰ ਬਣ ਗਿਐ।
ਬੇਗ਼ਮ, ਮੇਰੇ ਨਸੀਬ ਇਤਨਾ ਜ਼ੋਰ ਕਰ ਗਏ,
ਸਤਿਗੁਰੂ ਗੋਬਿੰਦ ਮੇਰਾ ਯਾਰ ਬਣ ਗਿਐ।
ਬੇਗ਼ਮ, ਇਹ ਬਦਨਸੀਬ ਨੇ, ਰਾਜੇ ਪਹਾੜੀਏ,
ਜੋ ਚੌਧਵੀਂ ਦੇ ਚੰਦ ਨੂੰ, ਪਹਿਚਾਣ ਨਾ ਸਕੇ।
ਜਿਸ ਨੇ ਅਨੇਕਾਂ 'ਕੰਸ' ਪਟਕਾਏ ਜ਼ਮੀਨ ਤੇ,
ਇਹ ਓਸ ਨੰਦ-ਕੰਦ ਨੂੰ, ਪਹਿਚਾਣ ਨਾ ਸਕੇ।
'ਸ਼ਿਵਦੱਤ' ਨੂੰ ਜਿਸ ਰੂਪ ਵਿਚ ਦੀਦਾਰ ਦੇ ਗਿਐ,
ਇਹ ਓਸ 'ਰਾਮਚੰਦ' ਨੂੰ, ਪਹਿਚਾਣ ਨਾ ਸਕੇ।
ਇਨ੍ਹਾਂ ਦੇ ਧਰਮ ਦੀ ਰਗਾਂ ਵਿਚ ਖ਼ੂਨ ਹੈ ਜਿਦ੍ਹਾ,
ਇਹ ਓਸ ਦੇ ਫ਼ਰਜ਼ੰਦ ਨੂੰ, ਪਹਿਚਾਣ ਨਾ ਸਕੇ।
ਬੇਗ਼ਮ, ਤੂੰ, ਖ਼ੁਸ਼ਨਸੀਬ ਹੈਂ ਤੇਰੇ ਜਿਗਰ ਦਾ ਖ਼ੂਨ,
ਇਨਸਾਨ ਦੇ ਈਮਾਨ ਦਾ ਸ਼ਿੰਗਾਰ ਬਣ ਗਿਐ।
ਬੇਗ਼ਮ, ਮੇਰੇ ਨਸੀਬ ਇਤਨਾ ਜ਼ੋਰ ਕਰ ਗਏ,
ਸਤਿਗੁਰੂ ਗੋਬਿੰਦ ਮੇਰਾ ਯਾਰ ਬਣ ਗਿਐ।
ਬੇਗ਼ਮ, 'ਭੰਗਾਣੀਂ' ਯੁੱਧ ਵਿਚ, ਯੋਧੇ ਗੋਬਿੰਦ ਦੇ,
ਸਾਹਿਬ ਗੁਰੂ ਗੋਬਿੰਦ ਲਈ ਜਾਨਾਂ ਨੂੰ ਵੇਚ ਗਏ।
ਆਇਆ ਜਦੋਂ 'ਨੀਲੇ', ਤੇ ਚੜ੍ਹ ਕੇ ਬੇਕਸਾਂ ਦਾ ਯਾਰ,
ਚੌਦਾਂ ਤਬੱਕ ਨੀਲੇ ਦਿਆਂ, ਚਰਨਾਂ 'ਚ ਲੇਟ ਗਏ।
ਚੰਡੀ ਜਦੋਂ ਮਿਆਨ 'ਚੋਂ, ਖਿੱਚੀ ਹਜ਼ੂਰ ਨੇ,
ਬੱਦਲ ਕੁਫ਼ਰ ਦੀ ਰਾਤ ਦੇ ਬਿਸਤਰ ਲਪੇਟ ਗਏ।
ਯੁੱਧ ਜਿੱਤ ਲਿਆ ਯੁੱਗ ਯੁੱਗ ਦੇ ਜੇਤੂ, ਸੂਰਮੇ ਗੁਰੂ,
ਹੰਕਾਰੀਏ ਪਹਾੜੀਏ, ਤੀਰਾਂ ਸਮੇਟ ਲਏ।
ਜੋੜਾ ਤਿਰਾ ਪੀਕੇ ਸ਼ਹੀਦੀ ਜਾਮ, ਐ ਸਨਮ,
ਤਾਸੀਰ ਤੇਰੇ ਦੁੱਧ ਦੀ ਸਾਕਾਰ ਕਰ ਗਿਐ।
ਬੇਗ਼ਮ, ਮੇਰੇ ਨਸੀਬ ਇਤਨਾ ਜ਼ੋਰ ਕਰ ਗਏ,
ਸਤਿਗੁਰੂ ਗੋਬਿੰਦ ਮੇਰਾ ਯਾਰ ਬਣ ਗਿਐ।
ਬੇਗ਼ਮ, ਐਹ 'ਕੰਘਾ' ਪਾਤਸ਼ਾਹ ਦੇ ਸੀਸ ਦਾ ਸ਼ਿੰਗਾਰ,
ਇਸ ਦੇ ਕਲੇਜੇ ਵਿਚ ਪਏ ਹੋਏ ਚੀਰ ਵੇਖ ਲੈ।
ਇਹ ਓਸ ਦੀ ਬਖ਼ਸ਼ਿਸ਼ ਤੇ ਸਾਡੇ ਪਿਆਰ ਦਾ ਗਵਾਹ,
ਇਸ ਦੇ ਪਵਿੱਤਰ ਜਿਗਰ 'ਚੋਂ ਉਹ ਚੀਰ ਵੇਖ ਲੈ।
ਸੁੱਤਾ ਪਿਐ ਮਾਹੀ ਦੀਆਂ ਜ਼ੁਲਫ਼ਾਂ 'ਚ ਮਸਤ ਹੋ,
ਤੂੰ ਆਸ਼ਕਾਂ ਦੇ ਸਿਦਕ ਦੀ ਤਾਸੀਰ ਵੇਖ ਲੈ।
ਐਹ ਨੂਰ ਦੀ, 'ਕਟਾਰ' ਸ਼ਕਤੀ ਦੀ ਆਬਸ਼ਾਰ,
ਭਗਤੀ ਦੀ ਪਹਿਰੇਦਾਰ ਬੇਨਜ਼ੀਰ ਵੇਖ ਲੈ।
ਅੱਜ ਫੇਰ ਬੇਗ਼ਮ, 'ਹਸਨ' ਤੇ 'ਹੁਸੈਨ' ਦਾ ਲਹੂ,
ਤੌਹੀਦ ਦੇ ਗੁਲਸ਼ਨ ਦਾ ਪਹਿਰੇਦਾਰ ਬਣ ਗਿਐ।
ਬੇਗ਼ਮ, ਮੇਰੇ ਨਸੀਬ ਇਤਨਾ ਜ਼ੋਰ ਕਰ ਗਏ,
ਸਤਿਗੁਰੂ ਗੋਬਿੰਦ ਮੇਰਾ ਯਾਰ ਬਣ ਗਿਐ।
ਬੇਗ਼ਮ, ਤੇਰੀ ਅੱਖਾਂ 'ਚ, ਹੰਝੂ ਸੋਭਦੇ ਨਹੀਂ,
ਗ਼ੁੰਚੇ ਤੇਰੀ ਬਹਾਰ ਦੇ ਗੁਲਜ਼ਾਰ ਬਣ ਗਏ।
ਤੂੰ ਜਿਨ੍ਹਾਂ ਮੋਤੀਆਂ ਲਈ ਮੋਤੀ ਲੁੱਟਾ ਰਹੀ,
ਉਹ ਦੋਸਤੀ ਦੇ ਤਾਜ ਦਾ ਸ਼ਿੰਗਾਰ ਬਣ ਗਏ।
ਬੇਸ਼ਕ 'ਨਸੀਰਾਂ', ਤੇਰੀਆਂ ਨਜ਼ਰਾਂ ਤੋਂ ਦੂਰ ਨੇ,
ਪਰ ਉਹ ਵੱਫ਼ਾ-ਰਾਣੀ ਦੇ ਗੱਲ ਦਾ ਹਾਰ ਬਣ ਗਏ।
ਉਹ ਇਸ਼ਕ ਦੇ ਕੇਸਰ 'ਚ ਰੰਗ ਕੇ ਆਪਣਾ ਸ਼ਬਾਬ,
ਇਨਸਾਨੀਅੱਤ ਦੇ ਸੀਸ ਦੀ ਦਸਤਾਰ ਬਣ ਗਏ।
ਅੱਜ ਫੇਰ 'ਮੀਆਂ ਮੀਰ' ਤੇ 'ਅਰਜਨ' ਦੇ ਪਿਆਰ ਦਾ,
ਤੇਰੇ ਕਲੇਜੇ ਦਾ ਲਹੂ ਆਧਾਰ ਬਣ ਗਿਐ।
ਬੇਗ਼ਮ, ਮੇਰੇ ਨਸੀਬ ਇਤਨਾ ਜ਼ੋਰ ਕਰ ਗਏ,
ਸਤਿਗੁਰੂ ਗੋਬਿੰਦ ਮੇਰਾ ਯਾਰ ਬਣ ਗਿਐ।
10. ਦੋ ਖ਼ੁਸ਼ਨੁਮਾ ਗ਼ੁੰਚੇ
ਮੜ੍ਹੇ ਸਰਹੰਦ ਦੀ ਦੀਵਾਰ ਵਿਚ, ਦੋ ਖ਼ੁਸ਼ਨੁਮਾ ਗ਼ੁੰਚੇ,
ਜਿਨ੍ਹਾਂ ਦੇ ਖ਼ੂਨ ਨੇ ਗ਼ੈਰਤ ਦੀਆਂ, ਭਰੀਆਂ ਸੁਰਾਹੀਆਂ ਨੇ।
ਇਹ ਲਾਲੀ ਏਸ ਲਈ ਚੋਂਦੀ ਏ, ਅੱਜ ਭਾਰਤ ਦੇ ਮੁੱਖੜੇ ਤੋਂ,
ਮੇਰੇ ਸਾਕੀ ਛਬੀਲਾਂ ਲਹੂ ਦੀਆਂ, ਦਿਨ ਰਾਤ ਲਾਈਆਂ ਨੇ।
ਜਵਾਹਰ ਤਾਂ ਹੀ ਸੁੰਦਰ ਤਾਜ ਦਾ ਸ਼ਿੰਗਾਰ ਬਣ ਸਕਿਐ,
ਜਾਂ ਛਿੱਲ ਛਿੱਲ ਛੈਣੀਆਂ ਚਿਪਰਾਂ, ਓਹਦੇ ਪਿੰਡੇ ਤੋਂ ਲਾਹੀਆਂ ਨੇ।
ਲਹੂ ਮਾਲੀ ਦਾ ਹਰ ਪਤੀ 'ਚੋਂ, ਭਾਹਾਂ ਮਾਰਦਾ ਕੂਕੇ,
ਬਹਾਰਾਂ ਜਦ ਵੀ ਆਈਆਂ ਨੇ, ਲਹੂ ਪੀ ਕੇ ਹੀ ਆਈਆਂ ਨੇ।
ਮੇਰੇ ਦਸਮੇਸ਼ ਦੇ ਲਾਲਾਂ ਦੀਆਂ ਕੁਰਬਾਨੀਆਂ ਸਦਕੇ,
ਕਿ ਦੋ 'ਚਮਕੌਰ' ਵਿਚ ਵੈਰੀ ਦੀਆਂ ਲਾਸ਼ਾਂ ਤੇ ਜਾ ਸੁੱਤੇ।
ਚਮਨ ਨੂੰ ਖਾਦ ਵੀ ਦੇ ਗਏ, ਚਮਨ ਨੂੰ ਰੱਤ ਵੀ ਦੇ ਗਏ,
ਤੇ ਦੋ 'ਸਰਹੰਦ' ਵਿਚ ਗ਼ੈਰਤ ਦਾ ਮੈ-ਖ਼ਾਨਾ ਬਣਾ ਸੁੱਤੇ।
ਅਨੇਕਾਂ ਸ਼ਗਣ ਕਰ ਕਰ ਕੇ, ਸਜਾ ਕੇ ਪਿਆਰ ਦੇ ਸਿਹਰੇ,
ਗੁਰੂ ਗੋਬਿੰਦ ਦੀ ਮਾਤਾ, ਸ਼ਿੰਗਾਰੀ ਨੂਰ ਦੀ ਜੋੜੀ।
ਜ਼ਮਾਨਾ ਆਪਣੇ ਪੁੱਤਰਾਂ ਦੇ ਵਿਆਹ ਜੋਬਨ ਚੜ੍ਹੇ ਕਰਦੈ,
ਵਿਆਹੁਣ ਮੌਤ, ਦਾਦੀ ਨੇ ਚੜ੍ਹਾਏ ਬਾਲਕੇ ਘੋੜੀ।
ਵੇ ਕੀ ਹੋਇਆ ਜੇ ਨਹੀਂ ਏਥੇ ਮੇਰਾ ਗੋਬਿੰਦ ਸਿੰਘ, ਲਾਲੋ,
ਮੈਂ ਰੱਜ ਕੇ ਸ਼ਗਣ ਕੀਤੇ ਨੇ, ਕੋਈ ਵੀ ਕਸਰ ਨਹੀਂ ਛੋੜੀ।
ਬੜੀ ਛੇਤੀ ਲਿਆਉਣਾ ਮੌਤ ਦੀ ਡੋਲੀ ਮੇਰੇ ਬੱਚਿਓ,
ਬਹੁਤ ਨਜ਼ਦੀਕ ਲੋਕੀਂ ਆਖਦੇ ਨੇ ਆ ਰਹੀ ਲੋਹੜੀ।
ਭਰੇ ਦਰਬਾਰ ਵਿਚ ਪਹੁੰਚੇ, ਜਦੋਂ ਦੋ ਸ਼ੇਰ ਦੇ ਬੱਚੇ,
ਜਦੋਂ ਉਨ੍ਹਾਂ ਦੀ ਬੁਲ੍ਹੀਆਂ ਨੇ ਅਣਖ਼ੀ ਛੰਦ ਛਲਕਾਏ।
ਅਨੇਕਾਂ ਲਿਸ਼ਕੀਆਂ ਤੇਗ਼ਾਂ, ਮਗਰ ਹਰ ਤੇਗ਼ ਸ਼ਰਮਾਈ,
ਭਲਾ ਦੋ ਸੂਰਜਾਂ ਸਾਹਵੇਂ, ਕਿਸੇ ਦੀ ਪੇਸ਼ ਕੀ ਜਾਏ।
"ਅਸਾਂ ਨੀਹਾਂ ਦੇ ਵਿਚ ਆਪਾ ਚਿਣਾਉਣੈ ਏਸ ਲਈ ਖ਼ਾਨਾ,
ਮਤਾਂ ਸਮਝੇਂ ਕਿ ਚੰਨ ਮਸਿਆ ਦੀ ਰਾਤੇ ਚੜ੍ਹ ਨਹੀਂ ਸਕਦੇ।
ਇਨ੍ਹਾਂ ਨਾੜਾਂ 'ਚ 'ਅਰਜਨ ਦੇਵ' ਦਾ ਲਹੂ ਦੌੜਦੈ ਅਣਖ਼ੀ,
ਮਤਾਂ ਸਮਝੇਂ ਕਿ ਬਾਲਕ ਅਜ ਤੱਵੀ ਤੇ ਰੱੜ ਨਹੀਂ ਸਕਦੇ।
ਜਿਨ੍ਹਾਂ ਕਲੀਆਂ ਦੀ ਨਸ ਨਸ ਵਿਚ ਮਹਿਕ ਗੁਰੂ ਤੇਗ਼ ਦੇ ਤੱਪ ਦੀ,
ਉਹਦੇ ਪੋਤੇ, ਨਾ ਸਮਝੀਂ ਜ਼ੁਲਮ ਅਗੇ ਖੜ੍ਹ ਨਹੀਂ ਸਕਦੇ।
ਜਿਨ੍ਹਾਂ ਸਿੱਖੀ ਦੇ ਮੈਖ਼ਾਨੇ ਚੋਂ ਪੀਤੇ ਜਾਮ ਖੰਡੇ ਦੇ,
ਉਹ ਰਿੰਦ ਮਰਕੇ ਵੀ ਗ਼ੈਰਾਂ ਦੇ ਮੈਖ਼ਾਨੇ ਵੜ ਨਹੀਂ ਸਕਦੇ।
ਜਿਨ੍ਹਾਂ ਨੂੰ ਲੱਖ ਅਸੀਸਾਂ 'ਗੁਜਰੀ' ਮਾਤਾ ਦੀਆਂ ਮਿਲੀਆਂ,
ਉਹ ਗ਼ੁੰਚੇ ਆਪਣੀ ਟਹਿਣੀ ਤੋਂ ਹਰਗਿਜ਼ ਝੱੜ ਨਹੀਂ ਸਕਦੇ।
ਜਿਨ੍ਹਾਂ ਨੈਣਾਂ 'ਚ ਗੋਬਿੰਦ ਸਿੰਘ ਦੇ ਨੈਣਾਂ ਦੀ ਲਾਲੀ ਏ,
ਕਦੇ ਉਹ ਤੀਰ ਦੁਸ਼ਮਨ ਦੀ ਕਮਾਨੇ ਚੜ੍ਹ ਨਹੀ ਸਕਦੇ।"
ਹੈ ਧੰਨ ਉਹ ਮਾਤ ਗੁਜਰੀ, ਧੰਨ ਕਲੇਜਾ ਓਸ ਦਾ 'ਕਾਸਦ',
ਜਿਦ੍ਹੇ ਜਿਗਰੇ ਅਨੋਖੇ ਜ਼ੁਲਮ ਹੱਸ ਹੱਸ ਕੇ ਸਹਾਰੇ ਸਨ।
ਜਿਦ੍ਹਾ ਸਿਰਤਾਜ ਸਿਰ ਦੇ ਕੇ, ਧਰਮ ਦੀ ਲਾਜ ਰੱਖ ਤੁਰਿਆ,
ਜਿਦ੍ਹੇ ਪੁੱਤਰ ਨੂੰ ਸਿੱਖ, ਪੁੱਤਰਾਂ ਦੇ ਨਾਲੋਂ ਵੱਧ ਪਿਆਰੇ ਸਨ।
ਉਹਦੇ ਸੀਨੇ ਦੀ ਨਿੱਘ ਲੈ ਕੇ, ਚਲੇ ਗੰਗਾ ਦੇ ਧਾਰੇ ਦੋ,
ਜਿਨ੍ਹਾਂ ਦੇ ਸਿਦਕ ਨੇ ਤੋੜੇ ਅਣਖ ਦੇ ਕੁੱਲ ਕਿਨਾਰੇ ਸਨ।
ਦੁਹਾਈ ਪੈ ਗਈ ਖੰਡਾਂ ਬ੍ਰਹਿਮੰਡਾਂ ਦੀ ਲੁਕਾਈ ਵਿਚ,
ਮੜ੍ਹੇ ਨੀਹਾਂ ਦੇ ਵਿਚ ਜ਼ਾਲਮ ਜਦੋਂ 'ਸੁੰਦਰੀ' ਦੇ ਤਾਰੇ ਸਨ।
ਤਾਂ ਬਿਫਰੀ ਸ਼ੇਰਨੀ ਵਾਂਗੂੰ, ਕਿਹਾ 'ਗੁਜਰੀ' ਚੰਡਾਲਾਂ ਨੂੰ,
"ਮੇਰੇ ਗੋਬਿੰਦ ਬੱਚੇ ਦੀ, ਅਜੇ ਸ਼ਮਸ਼ੀਰ ਜੀਊਂਦੀ ਏ।
ਮੇਰੇ ਸਾਈਂ ਦੇ ਸਿਰ ਸਦਕਾ, ਜੋ ਹਿੰਦੂ ਧਰਮ ਜੀਊਂਦਾ ਏ,
ਇਨ੍ਹਾਂ ਲਾਲਾਂ ਦੇ ਸਦਕੇ, ਹਿੰਦ ਦੀ ਤਕਦੀਰ ਜੀਊਂਦੀ ਏ।"
11. ਚਨਾਬ
ਪੰਜਾਂ ਪਿਆਰਿਆਂ ਪਿਆਰੇ ਦੀ ਤੇਗ ਚੁੰਮ ਕੇ
ਸਿੱਖੀ ਸਿਦਕ ਦਾ ਕੀਤਾ 'ਚਨਾਬ' ਪੈਦਾ।
ਜਿਵੇਂ ਨਿਕਲ ਹਿਮਾਲਾ ਦੀ ਗੋਦ ਵਿਚੋਂ,
ਪੰਜ ਨਦੀਆਂ ਕੀਤਾ ਪੰਜਾਬ ਪੈਦਾ।
ਰਾਤ ਮੱਸਿਆ ਦੀ, ਮੌਸਮ ਪਤਝੜਾਂ ਦਾ,
ਫਿਰ ਵੀ ਥਲਾਂ 'ਚੋਂ ਹੋਇਆ ਗੁਲਾਬ ਪੈਦਾ।
ਇੰਜ ਖ਼ਾਲਸਾ ਪੰਥ ਨੂੰ ਸਾਜਿਆ ਸੂ,
ਜਿਵੇਂ ਸੂਰਜੋਂ ਹੋਇਆ ਮਹਿਤਾਬ ਪੈਦਾ।
ਊਚ ਨੀਚ ਨੂੰ ਬਾਟੇ 'ਚ ਘੋਲ ਪ੍ਰੀਤਮ,
ਵੰਡੀਆਂ ਰਹਿਮਤਾਂ ਖੂਬ ਨਿਥਾਵਿਆਂ ਵਿਚ।
ਬੇਸ਼ਕ ਰੱਬ ਨੇ ਬੁੱਤਾਂ 'ਚ ਜਿੰਦ ਪਾਈ,
ਪਾਈ ਰੂਹ ਸੀ ਉਹਨੇ ਪਰਛਾਵਿਆਂ ਵਿਚ।
12. ਨਗਰੀ ਹੈ ਸੋਹਣੀ
ਪਹਿਲੀ ਪਾਤਸ਼ਾਹੀ, ਸਾਰੇ ਜਗਦੀ ਸਿਆਹੀ,
ਮਲ ਮਲ ਕੇ ਹੈ ਲਾਹੀ, ਦੇ ਕੇ ਰੌਸ਼ਨੀ ਗਿਆਨ ਦੀ।
ਦਸੇ ਪਾਤਸ਼ਾਹੀਆਂ, ਇਕੋ ਜੋਤ ਤੇ ਸਰੂਪ ਹੋਈਆਂ,
ਝੜੀ ਜਿਨ੍ਹਾਂ ਲਾਈ ਨਾਮ ਦਾਨ ਇਸ਼ਨਾਨ ਦੀ।
ਪਾਣੀ ਦੀਆਂ ਗਾਗਰਾਂ ਨੂੰ ਢੋਣ ਵਾਲੇ ਪਾਤਸ਼ਾਹ ਨੇ,
ਚੋਣ ਕੀਤੀ ਆਪ ਗੁਰੂ-ਚੱਕ ਦੇ ਸਥਾਨ ਦੀ।
ਚੌਥੀ ਪਾਤਸ਼ਾਹੀ, ਐਸੀ ਨਗਰੀ ਵਸਾਈ,
ਹੋਈ ਦੂਣ ਤੇ ਸਵਾਈ ਸ਼ਾਨ ਹੀਰਿਆਂ ਦੀ ਖਾਣ ਦੀ।
ਸੱਚ ਦੇ ਵਪਾਰੀ ਆਏ ਕਿਰਤ ਦੇ ਪੁਜਾਰੀ,
ਚੜ੍ਹੀ ਨਾਮ ਦੀ ਖੁਮਾਰੀ, ਹੋਈ ਮੇਹਰ ਮੇਹਰਵਾਨ ਦੀ।
ਸੱਦੀਆਂ ਤੋਂ ਜਿਥੇ ਤਿੰਨਾ ਲੋਕਾਂ ਦਾ ਸੁਮੇਲ ਹੋਂਦੈ,
ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ।
ਪ੍ਰਿਥਵੀ ਆਕਾਸ਼ ਨੂੰ, ਜੇ ਮੁੰਦਰੀ ਦਾ ਰੂਪ ਦੇਵਾਂ,
ਰਾਮਦਾਸ-ਪੁਰ ਏਸ ਮੁੰਦੀ ਦਾ ਨਗੀਨਾ ਏਂ।
ਇਕੋ ਇਕ ਜਗ ਤੇ ਹੈ ਨੂਰ ਦਾ ਇਹ ਸੋਮਾਂ,
ਜਿਥੇ ਦੇਵਾਂ ਹੱਥ ਜਾਮ ਏ, ਮਨੁੱਖਾਂ ਹੱਥ ਮੀਨਾ ਏਂ।
ਏਥੇ ਨਾ ਕੋਈ ਰੋਗੀ, ਨਾ ਕੋਈ ਸੋਗੀ, ਨਾ ਵਿਯੋਗੀ,
ਏਥੇ ਸਦਾ ਹੀ ਸੰਜੋਗਾਂ ਵਾਲਾ ਸਾਉਣ ਦਾ ਮਹੀਨਾ ਏਂ।
ਅਠੇ ਪਹਿਰ ਜਿਥੇ ਗੁਰੂ-ਸਿੱਖ ਦਾ ਮਿਲਾਪ ਹੋਂਦੈ,
ਇਹੋ ਸਾਡੀ ਕਾਸੀ, ਗਯਾ, ਮੱਕਾ ਤੇ ਮਦੀਨਾ ਏਂ।
ਏਥੇ ਹੀ ਤਾਂ ਤਲੀ ਤੇ ਟਿਕਾ ਕੇ ਸੀਸ ਦੀਪ ਸਿੰਘ,
ਰਖ ਲਈ ਸੀ ਲਾਜ-ਪੱਤ ਕੇਸਰੀ ਨਿਸ਼ਾਨ ਦੀ।
ਅਜ ਵੀ ਪਿਆਸਿਆਂ, ਨਿਰਾਸਿਆਂ ਦੀ ਜਿੰਦ ਜਾਨ,
ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ।
ਧੰਨ ਗੁਰੂ ਰਾਮਦਾਸ, ਜਪਦੇ, ਜਪਾਉਂਦੇ ਲੋਕੀਂ,
ਧੰਨ ਉਹਦੀ ਨਗਰੀ ਨਿਥਾਵਿਆਂ ਦੀ ਥਾਂ ਏਂ।
ਏਥੇ ਚੌਹਾਂ ਵਰਣਾਂ ਦਾ ਰੂਪ ਤੇ ਸਰੂਪ ਇਕੋ,
ਗੁਰੂ-ਘਰ ਵਿਚ ਸਦਾ ਸੱਚ ਦਾ ਨਿਯਾਂ ਏਂ।
ਜਨਮ ਜਨਮਾਤਰਾਂ ਤੋਂ ਹੀਣਿਆਂ ਨਿਤਾਣਿਆਂ ਲਈ,
ਜ਼ਾਤ ਪਾਤ ਰਹਿਤ ਇਹ ਮਨੁੱਖਤਾ ਦੀ ਮਾਂ ਏਂ।
'ਰਜਨੀ' ਦੇ ਪਤੀ ਵਾਂਗੂੰ ਪਿੰਗਲੇ ਵੀ ਹਰੇ ਹੋ ਗਏ,
ਜਿਥੇ 'ਦੁਖ-ਭੰਜਨੀ' ਦੀ ਬੇਰੀ ਵਾਲੀ ਛਾਂ ਏਂ ।
ਮਿਟ ਜਾਂਦੇ ਮਨ-ਤਨ, ਆਤਮਾ ਦੇ ਰੋਗ ਏਥੇ,
ਟੁੱਟ ਜਾਂਦੀ ਪੀਂਘ ਏਥੇ ਲੋਭ ਅਭੀਮਾਨ ਦੀ।
ਕੋਹੜਿਆਂ ਦੇ ਕੋਹੜ ਜਿਥੇ ਹੋਂਦੇ ਨੇ ਹਜ਼ੂਰ ਦੂਰ,
ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ।
ਜੁਗੋ-ਜੁਗ ਅਟੱਲ, ਹਰੀ-ਨਾਮ ਦਾ ਮਹੱਲ,
ਜਿਦ੍ਹੀ ਪਹਿਲੀ ਇੱਟ ਮੀਆਂ ਮੀਰ ਨੀਹਾਂ 'ਚ ਉਤਾਰੀ ਏ।
ਨੂਰ ਦੀਆਂ ਲਹਿਰਾਂ ਉਤੇ ਝੂਲੇ ਦਰਬਾਰ ਸਾਹਿਬ,
ਸਚਖੰਡ ਝੂਲਦੀ ਜਿਉਂ ਪ੍ਰਭੂ ਦੀ ਅਟਾਰੀ ਏ।
ਸ਼ਬਦ-ਰੂਪ ਗੁਰੂ, ਗੁਰੂ ਗ੍ਰੰਥ ਦੀ ਮਹਾਨ ਜੋਤੀ,
ਚੌਹਾਂ ਦਰਵਾਜ਼ਿਆਂ 'ਚੋਂ ਚਾਨਣੀ ਖਿਲਾਰੀ ਏ।
ਲੱਖਾਂ ਸਿੰਘਾਂ ਸੂਰਿਆਂ ਨੇ, ਲੱਖ ਵਾਰੀ ਸੀਸ ਲਾ ਕੇ,
ਨਗਰੀ ਹਜ਼ੂਰ ਦੀ ਸੰਵਾਰੀ ਤੇ ਸ਼ਿੰਗਾਰੀ ਏ।
ਕਦੇ ਅਬਦਾਲੀ ਕਦੇ ਜ਼ਕਰੀਏ ਦੀ ਤੇਗ ਚਲੀ,
ਢਲੀ ਨਾ ਜਵਾਨੀ ਤਾਂ ਵੀ ਖ਼ਾਲਸਈ ਸ਼ਾਨ ਦੀ।
ਫ਼ਤਿਹ ਦੇ ਜੈਕਾਰਿਆਂ 'ਚ ਝੂਲਦੇ ਨਿਸ਼ਾਨ ਕਹਿਣ,
ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ।
ਘੋੜਿਆਂ ਦੀ ਪਿੱਠ ਉਤੇ ਜ਼ਿੰਦਗੀ ਗੁਜ਼ਾਰ ਕੇ ਵੀ,
ਲੱਖਾਂ ਮੱਸੇ ਰੰਘੜਾਂ ਨੂੰ ਗਏ ਨੇ ਮੁਕਾਏ ਕੇ।
ਚਿੜੀਆਂ ਨੇ ਬਾਜ਼ ਮਾਰੇ, ਬਾਜ਼ ਕੀ ਸ਼ਾਹਬਾਜ਼ ਮਾਰੇ,
ਮਾਰੇ ਜੰਗਬਾਜ਼ ਮਾਰੇ, ਮਿਟੀ 'ਚ ਰੁਲਾਏ ਕੇ।
ਵਾਲੀਏ-ਪੰਜਾਬ, ਸਿੰਘ ਸਾਹਿਬ ਦੀ ਮਹਾਨ ਸੇਵਾ,
ਰਖੀ ਹੋਈ ਏ ਖ਼ਾਲਸੇ ਕਲੇਜੇ ਨਾਲ ਲਾਏ ਕੇ।
ਜਲ੍ਹਿਆਂ ਦੇ ਬਾਗ ਦੀ ਵਿਸਾਖੀ ਲਾਲੋ ਲਾਲ ਕੀਤੀ,
ਸੀਨੇ ਵਿਚ ਗੋਲੀਆਂ ਫ਼ਰੰਗੀ ਦੀਆਂ ਖਾਏ ਕੇ।
ਸੱਦੀਆਂ ਤੋਂ ਏਥੋਂ ਦੀ ਦਿਵਾਲੀ ਤੇ ਵਿਸਾਖੀ,
ਸਾਨੂੰ ਦੇਂਦੀਆਂ ਨੇ ਰੌਸ਼ਨੀ ਅਮਿਟ ਬਲੀਦਾਨ ਦੀ।
ਅੰਬਰਾਂ ਦੇ ਤਾਰੇ ਜਿਥੋਂ ਨੂਰ ਤੇ ਸਰੂਰ ਲੈਂਦੇ,
ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ।
ਰੱਖਿਆ ਅਕਾਲੀਆਂ ਦੀ, ਸਦਾ ਹੀ ਅਕਾਲ ਕੀਤੀ,
ਏਸੇ ਗੁਰੂ-ਨਗਰੀ, ਅਕਾਲੀਆਂ ਦਾ ਡੇਰਾ ਏ।
ਲੱਖ ਵਾਰੀ ਅੰਨ੍ਹੀਆਂ ਹਨੇਰੀਆਂ ਨੇ ਵਾਰ ਕੀਤੇ,
ਕੌਮ ਦੇ ਸ਼ਹੀਦਾਂ ਫੇਰ ਕਰ ਲਿਆ ਸਵੇਰਾ ਏ।
ਏਥੇ ਹੀ ਏ, ਮੀਰੀ, ਪੀਰੀ ਵਾਲੇ ਦਾ 'ਅਕਾਲ-ਤਖ਼ਤ',
ਤਖ਼ਤ ਜਿਥੇ ਲੱਖਾਂ ਹੀ ਸ਼ਹੀਦਾਂ ਦਾ ਬਸੇਰਾ ਏ।
ਸਾਡੀ ਸੂਰਬੀਰਤਾ ਨੂੰ ਤੱਕ ਕੇ ਜਹਾਨ ਆਖੇ,
ਧੰਨ ਸਾਡਾ ਜਿਗਰਾ, ਤੇ ਧੰਨ ਸਾਡਾ ਜੇਰਾ ਏ।
ਮੈਂ ਤਾਂ ਕਈ 'ਕਾਸਦਾਂ' ਦਾ ਕੰਮ, ਕਲ੍ਹਾ ਕਰ ਰਿਹਾ ਹਾਂ,
ਗੁਰੂ ਆਪ ਜਾਣਦੇ ਸੱਚਾਈ ਮੇਰੇ ਬਿਆਨ ਦੀ।
ਮਿਟ ਜਾਂਦੇ ਪਾਪੀਆਂ ਦੇ ਪਾਪ ਤੇ ਸਰਾਪ ਇਥੇ,
ਨਗਰੀ ਹੈ ਸੋਹਣੀ ਮੇਰੇ ਸੋਢੀ ਸੁਲਤਾਨ ਦੀ।
13. ਸ਼ਬਦ ਗੁਰੂ
ਇਸ ਰਹਿਮਤ ਭਰੇ ਮੈ-ਖ਼ਾਨੇ 'ਚੋਂ,
ਕੋਈ ਘੁੱਟ ਪੀਏ, ਕੋਈ ਜਾਮ ਪੀਏ।
ਪੀਵਣ ਤੇ ਬਿਲਕੁਲ ਬੰਦਸ਼ ਨਹੀਂ,
ਕੋਈ ਸੁਬਾਹ ਪੀਏ, ਕੋਈ ਸ਼ਾਮ ਪੀਏ।
ਕੋਈ ਰਾਮ ਪੀਏ, ਰਹੀਮ ਪੀਏ,
ਕੋਈ 'ਇਕ ਓਂਕਾਰ' ਦਾ ਨਾਮ ਪੀਏ।
ਏਥੇ ਕੋਈ ਮੋਮਨ ਕਾਫ਼ਰ ਨਹੀਂ,
ਕੋਈ ਖ਼ਾਸ ਪੀਏ, ਕੋਈ ਆਮ ਪੀਏ।
ਜਿਸ 'ਕਾਸਦ' ਪੀਤੀ ਇਕ ਵਾਰੀ,
ਉਹਨੂੰ ਸੱਚ-ਖੰਡ ਤਕ ਮਖ਼ਮੂਰ ਕਰੇ।
ਮੇਰਾ ਸਤਿਗੁਰ ਰਹਿਮਤ ਪਾ ਅਪਣੀ,
ਹਰ ਦਾਮਨ ਨੂੰ ਭਰਪੂਰ ਕਰੇ।
14. ਗੁਰਸਿੱਖੀ
ਇਹ ਗੁਰਸਿੱਖੀ ਦੀ ਬਰਕਤ ਹੈ,
ਕਿ ਸਿੱਖ ਬੰਦ ਬੰਦ ਕਟਾਉਂਦਾ ਏ।
ਏਥੇ ਦੁਲਹਨ ਦਾ ਚੂੜਾ ਟੁੱਟ ਕੇ ਵੀ,
ਗੀਤ ਗਾਉਂਦਾ ਏ।
ਏਥੇ ਮਾਂ ਦਾ ਕਲੇਜਾ ਚੀਖਦਾ ਨਹੀਂ,
ਮੁਸਕਰਾਉਂਦਾ ਏ।
ਜਦੋਂ ਉਸ ਦੇ ਜਿਗਰ ਦੇ ਸੀਸ ਤੇ,
ਕੋਈ ਚੀਰ ਪਾਉਂਦਾ ਏ।