ਖ਼ੈਰ ਪੰਜਾਂ ਪਾਣੀਆਂ ਦੀ : ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪ੍ਰਵਚਨ-ਡਾ਼ ਹਰਿੰਦਰ ਸਿੰਘ ਤੁੜ

ਗੁਰਭਜਨ ਗਿੱਲ ਦਾ ਪੰਜਾਬੀ ਸਾਹਿਤ ਜਗਤ ਵਿਚ ਵਿਸ਼ੇਸ਼ ਤੇ ਸਨਮਾਨਯੋਗ ਸਥਾਨ ਹੈ।ਉਸ ਦੀਆਂ ਪ੍ਰਮੁੱਖ ਰਚਨਾਵਾਂ ਸ਼ੀਸ਼ਾ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਧਰਤੀ ਨਾਦ, ਪਾਰਦਰਸ਼ੀ, ਮਨ ਤੰਦੂਰ, ਚਰਖੜੀ, ਮੋਰ ਪੰਖ, ਗੁਲਨਾਰ, ਮਿਰਗਾਵਲੀ, ਰਾਵੀ, ਮਨ ਪਰਦੇਸ਼ੀ, ਸੁਰਤਾਲ, ਫੁੱਲਾਂ ਦੀ ਝਾਂਜਰ, ਪਿੱਪਲ ਪੱਤੀਆਂ, ਸੰਧੂਰਦਾਨੀ, ਪੱਤੇ ਪੱਤੇ ਲਿਖੀ ਇਬਾਰਤ, ਜ਼ੇਵਰ,ਪਿਛਲੇ 50 ਸਾਲਾਂ ਦੌਰਾਨ ਲਿਖੀ ਸਮੁੱਚੀ ਗ਼ਜ਼ਲ ਰਚਨਾ ਅੱਖ਼ਰ ਅੱਖ਼ਰ ਅਤੇ ਵਾਰਤਕ ਪੁਸਤਕ ਕੈਮਰੇ ਦੀ ਅੱਖ ਬੋਲਦੀ ਆਦਿ ਹਨ।ਇਸ ਤੋਂ ਇਲਾਵਾ ਕੁਝ ਰਚਨਾਵਾਂ ਸ਼ਾਹਮੁਖੀ ਵਿਚ ਵੀ ਲਿਪੀਅੰਤਰ ਹੋ ਚੁੱਕੀਆਂ ਹਨ।

ਗੁਰਭਜਨ ਗਿੱਲ ਨੇ ਸਮਾਜਕ ਸਿਸਟਮ ਵਿਚ ਜੀਵਨ ਨਿਰਬਾਹ ਕਰਦੇ ਮਨੁੱਖ ਦੇ ਆਲੇ-ਦੁਆਲੇ ਪਸਰੇ ਵਿਭਿੰਨ ਸਰੋਕਾਰਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ।ਗੁਰਭਜਨ ਗਿੱਲ ਦੇ ਕਾਵਿ ਦੇ ਪ੍ਰਮੁੱਖ ਵਿਸ਼ੇ ਕਿਸਾਨ ਤੇ ਕਿਸਾਨੀ ਜੀਵਨ, ਪੰਜਾਬ ਸੰਕਟ, ਬੇਰੁਜ਼ਗਾਰੀ, ਬਹੁ-ਰਾਸ਼ਟਰੀ ਕੰਪਨੀਆਂ ਦੀ ਲੁੱਟ, ਨੌਕਰਸ਼ਾਹੀ, ਗੰਧਲੀ ਰਾਜਨੀਤੀ, ਜਾਤ-ਪਾਤ, ਛੂਤ-ਛਾਤ, ਕਪਟੀ ਨਾਅਰਿਆਂ ਦੀ ਭਰਮਾਰ, ਧਾਰਮਿਕ ਕੱਟੜਤਾ, ਭ੍ਰਿਸ਼ਟਾਚਾਰੀ, ਅਮਾਨਵੀਕਰਨ, ਹਕੂਮਤ ਦੀਆਂ ਜ਼ਾਲਮਾਨਾ ਨੀਤੀਆਂ, ਨਿਆਂਪਾਲਿਕਾ ਦਾ ਅਨਿਆਂ ਪੂਰਨ ਵਿਹਾਰ, ਸੰਚਾਰ ਸਾਧਨਾ ਨਾਲ ਵੇਸ਼ਵਾਗਮਨੀ, ਸ਼ਹਿਰੀ ਤੇ ਪੇਂਡੂ ਜੀਵਨ ਸ਼ੈਲੀ, ਔਰਤ ਦੀ ਬੇਪਤੀ, ਮਨਫ਼ੀ ਹੋਏ ਰਿਸ਼ਤੇ, ਪੁਲਿਸ ਸਿਸਟਮ, ਸਵਾਰਥੀਪਣ, ਜ਼ਖੀਰੇਬਾਜੀ, ਨਸ਼ਿਆਂ ਦੀ ਵਰਤੋਂ, ਜ਼ਹਿਰੀ ਵਾਤਾਵਰਨ, ਸਾਹਿਤਕ ਪ੍ਰਦੂਸ਼ਣ, ਰਿਸ਼ਵਤਖੋਰੀ ਆਦਿ ਹਨ।

​ਗੁਰਭਜਨ ਗਿੱਲ ਦੀ ਪੁਸਤਕ ‘ਖੈਰ ਪੰਜਾਂ ਪਾਣੀਆ ਦੀ’ ਵਿਚ ਆਧੁਨਿਕ ਮਨੁੱਖ ਦੀ ਦਵੰਦਮਈ ਸ਼ੈਲੀ ਦਾ ਜ਼ਿਕਰ ਮਿਲਦਾ ਹੈ।ਮਨੁੱਖ ਦੀ ਮਾਨਸਿਕਤਾ ਵਿਚ ਅਵਿਸ਼ਵਾਸ, ਡਰ, ਉਦਾਸੀ ਸਹਿਮ, ਨਿਰਾਸ਼ਾ, ਮੌਤ, ਉਪਰਾਮਤਾ, ਅਜਨਬੀਅਤ, ਦੋਚਿਤੀ ਆਦਿ ਵਿਸੰਗਤੀਆਂ ਦਾ ਜ਼ਿਕਰ ਕਵਿਤਾਵਾਂ ਵਿਚ ਕੀਤਾ ਗਿਆ ਹੈ।ਮਨੁੱਖ ਕੁਦਰਤੀ ਆਜ਼ਾਦ ਜੀਵਨ ਭੁੱਲ ਕੇ ਆਧੁਨਿਕ ਪਦਾਰਥਵਾਦ ਦੀਆਂ ਤਲਿੱਸਮੀ ਵਸਤਾਂ ਵਿਚ ਦਮ ਤੋੜ ਰਿਹਾ ਹੈ।ਗਲੋਬਲ ਚੇਤਨਾ ਕਾਰਨ ਸਾਰਾ ਸੰਸਾਰ ਇਕ ਪਿੰਡ ਵਿਚ ਸੀਮਤ ਹੋ ਗਿਆ ਹੈ।ਪਰਿਵਰਤਨ ਕਾਰਨ ਜ਼ਿੰਦਗੀ ਦੀਆਂ ਮਾਨਵੀ ਕਦਰਾਂ ਕੀਮਤਾਂ ਬਦਲ ਗਈਆਂ ਹਨ।ਪੰਜਾਬ ਦੇ ਮਾਣ ਵਾਲੇ ਇਤਿਹਾਸਕ ਵਿਰਸੇ ਨੂੰ ਨਵੀਂ ਪੀੜ੍ਹੀ ਤੋਂ ਦੂਰ ਕਰ ਦਿੱਤਾ ਹੈ।ਉਹ ਤਕਨਾਲੋਜੀ ਦੀ ਚਮਕ-ਦਮਕ ਵਿਚ ਗਲੋਬਲ ਮੰਡੀ ਦੀ ਵਸਤ ਬਣ ਗਈ ਹੈ।ਕਵੀ ਭਿਆਨਕ ਪ੍ਰਸਥਿਤੀਆਂ ਤੋਂ ਜਾਣੂ ਕਰਵਾਉਂਦਾ ਹੈ :

ਕੁਝ ਠੀਕਰੀਆਂ ਬਦਲੇ
ਦੇਸ਼ ਭਗਤੀਆਂ, ਨਾਹਰੇ ਤੇ ਲਾਰੇ,
ਖ਼ਰੀਦ ਵੇਚ ਸਕਦੇ ਹੋ।1 ​

ਗਿੱਲ ਦਾ ਕਾਵਿ-ਜਗਤ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦਿੰਦਾ ਹੋਇਆ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਯਤਨਸ਼ੀਲ ਭੂਮਿਕਾ ਨਿਭਾਉਂਦਾ ਹੈ।ਉਸ ਦੀ ਕਾਵਿ-ਸੰਵੇਦਨਾ ਵਿਚ ਪੰਜਾਬ ਦਾ ਇਤਿਹਾਸਕ ਅਮੀਰ ਵਿਰਸਾ ਸਦਾ ਵਿਦਮਾਨ ਰਹਿੰਦਾ ਹੈ।ਭਾਰਤ ਉੱਪਰ ਕਾਬਜ਼ ਧਿਰਾਂ ਹਮੇਸ਼ਾਂ ਹੀ ਪੰਜਾਬ ਉੱਤੇ ਜ਼ੁਲਮ ਢਾਹੁੰਦੀਆਂ ਰਹੀਆਂ ਹਨ।ਬਾਹਰੀ ਹਮਲਾਵਰ ਦੇ ਤੌਰ ਤੇ ਸਿਕੰਦਰ, ਬਾਬਰ, ਫ਼ਰੰਗੀ ਅਤੇ ਅੰਦਰੂਨੀ ਹਮਲਾਵਰ ਸਾਡੇ ਸਰਕਾਰੀ ਸਿਸਟਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਕੁੱਟ ਤੇ ਲਗਾਤਾਰ ਲੁੱਟ ਰਹੇ ਹਨ।ਕਵਿਤਾ ‘ਇਤਿਹਾਸ ਰੇਖਾ’ ਵਿਚ ਪ੍ਰਮਾਣ ਦਿੱਤਾ ਹੈ :

ਏਸੇ ਲਈ ਤਾਂ ਵੇਖੋ ਸਾਡਾ
ਹੋਇਆ ਮੰਦਾ ਹਾਲ ਹੈ।
ਕੁਝ ਲੋਕ ਰੱਜ ਗਏ
ਬਾਕੀ ਮੁਲਕ ਕੰਗਾਲ ਹੈ।2

ਗੁਰਭਜਨ ਗਿੱਲ ਦੇ ਕਾਵਿ-ਜਗਤ ਵਿਚ ਪੰਜਾਬ ਦੀ ਧਰਤੀ ਦੀ ਦੁਰਵਰਤੋਂ ਕਰਦੀਆਂ ਸਾਮਰਾਜੀ ਘਰਾਣਿਆਂ ਦੀਆਂ ਨੀਤੀਆਂ ਦਾ ਪਰਦਾ ਫਾਸ਼ ਕੀਤਾ ਹੈ। ਪੰਜਾਬ ਨੂੰ ਕੱਚੇ ਮਾਲ ਦੀ ਮੰਡੀ ਵਜੋਂ ਵਰਤ ਕੇ ਇਸ ਦੇ ਪ੍ਰਮੁੱਖ ਕੁਦਰਤੀ ਸਰੋਤਾਂ ਨੂੰ ਖ਼ਤਮ ਕਰ ਰਹੇ ਹਨ।ਭਾਸ਼ਾ, ਧਰਮ, ਸਭਿਆਚਾਰ ਵਿਚ ਵੱਖਰੇਵੇਂ ਪੈਦਾ ਕਰਕੇ ਪੰਜਾਬ ਵਿਚਲੇ ਵਾਤਾਵਰਨ ਵਿਚ ਕੱਟੜਤਾ ਦੇ ਬੀਅ ਬੀਜ ਰਹੇ ਹਨ।ਕੇਂਦਰ ਸਰਕਾਰ ਵੱਲੋਂ ਹਿੰਦੀ ਭਾਸ਼ਾ ਨੂੰ ਚੌਧਰ ਦਿੱਤੀ ਜਾ ਰਹੀ ਹੈ।ਪੰਜਾਬੀ ਮਾਤ-ਭਾਸ਼ਾ ਨੂੰ ਅੱਖੋਂ-ਪਰੋਖੇ ਕਰਕੇ ਪੰਜਾਬੀ ਭਾਈਚਾਰੇ ਵਿਚ ਦਰਾੜ ਪੈਦਾ ਕਰਨ ਲਈ ਪੰਜਾਬੀ ਭਾਸ਼ਾ ਨੂੰ ਸਿਰਫ਼ ਸਿੱਖਾਂ ਤਕ ਸੀਮਤ ਕੀਤੀ ਜਾ ਰਹੀ ਹੈ। ਜ਼ਬਾਨ ਪੱਖੋਂ ਪੰਜਾਬੀ ਭਾਈਚਾਰੇ ਵਿਚਕਾਰ ਦੂਰੀਆਂ ਸਥਾਪਿਤ ਕਰ ਦਿੱਤੀਆਂ ਹਨ।ਕਵਿਤਾ ‘ਸਾਡੇ ਸਵਾਲਾਂ ਦੇ ਜਵਾਬ ਸਾਨੂੰ ਮੋੜ ਦੇ’ ਵਿਚ ਬੁਲੰਦ ਆਵਾਜ਼ ਦ੍ਰਿਸ਼ਟੀਗੋਚਰ ਹੁੰਦੀ ਹੈ :

ਸੱਤਾ ਦਰਿਆਵਾਂ ਤੋਂ ਸੀ ਪੰਜਾਂ ਉੱਤੇ ਆ ਗਏ।
ਚੀਰਿਆ ਤੂੰ ਲੱਕੋਂ, ਅਸੀ ਢਾਈਆਂ ਉੱਤੇ ਆ ਗਏ।3

ਨਵੇਂ ਅਤੇ ਆਧੁਨਿਕ ਚੈਨਲਾਂ ਨੇ ਪੰਜਾਬੀ ਸਭਿਆਚਾਰ ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ।ਗੁਰਭਜਨ ਗਿੱਲ ਦੀ ਕਵਿਤਾ ਜ਼ਿਕਰ ਕਰਦੀ ਹੈ ਕਿ ਮਾਰੂ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ‘ਵੈਲੀਆਂ’ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।ਨਵੀਂ ਪੀੜ੍ਹੀ ਅਨੈਤਿਕਤਾ ਦੇ ਰਸਤੇ ਉੱਪਰ ਚੱਲ ਪਈ ਹੈ।ਸਮੂਹਕਤਾ ਦੀ ਥਾਂ ਨਿੱਜਮੂਲਕ ਪ੍ਰਤਿਮਾਨਾਂ ਨੂੰ ਤਰਜੀਹ ਦਿੱਤੀ ਦਾ ਰਹੀ ਹੈ।ਉਪਭੋਗੀ ਕਲਚਰ ਦੇ ਨਾਲ-ਨਾਲ ਸਰੀਰ ਦੀ ਉਪਭੋਗਤਾ ਹੀ ਪ੍ਰਮੁੱਖ ਸਰੋਕਾਰ ਬਣ ਗਈ ਹੈ।ਇਹੋ ਕਾਰਨ ਹੈ ਕਿ ‘ਹੈਲਥ ਕਲੱਬ’ ਤੇ ‘ਮਸਾਜ ਸੈਂਟਰ’ ਦੇਹ ਵਪਾਰ ਦੇ ਅੱਡੇ ਬਣ ਗਏ ਹਨ।ਅਜੋਕਾ ਯੁੱਗ ਹਾਦਸਿਆਂ, ਅਸੰਤੁਸ਼ਟੀ ,ਅਤ੍ਰਿਪਤੀ, ਅਸਵਿਕਿਰਤੀ ਨੂੰ ਰੂਪਮਾਨ ਕਰਦਾ ਹੈ।ਇਹੋ ਕਾਰਨ ਹੈ ਕਿ ਕਵੀ ਬੁੱਲ੍ਹੇ ਸ਼ਾਹ ਦਾ ਸਾਥ ਚਾਹੁੰਦਾ ਹੈ ਤਾਂ ਜੋ ਹੱਕ-ਸੱਚ ਦੇ ਰਸਤੇ ਉੱਤੇ ਤੁਰਿਆ ਜਾ ਸਕੇ।ਆਧੁਨਿਕ ਸਮਾਜ ਵਿਚ ਜ਼ਹਿਰ ਦਾ ਵਪਾਰ, ਭਰਾਵਾਂ ਵਿਚ ਫੁੱਟ, ਡੋਬਣ ਵਾਲੇ ਮਲਾਹ, ਹਾਕਮਾਂ ਦਾ ਕਿਰਤੀ ਤੋਂ ਕਿਰਤ ਦਾ ਹੱਕ ਖੋਹਣਾ ਤੇ ਧਰਮ ਵਿਚਲੀ ਅਨੈਤਿਕਤਾ ਦਾ ਜ਼ਿਕਰ ਕੀਤਾ ਗਿਆ ਹੈ :

ਧਰਮ ਕਰਮ ਦੇ ਨਾਂ ਥੱਲੇ।
ਕੂੜ ਕੁਸੱਤ ਦੀ ਨੇਰ੍ਹੀ ਚੱਲੇ।4 ​

ਵਰਤਮਾਨ ਸਮੇਂ ਕਿਸਾਨ ਤੇ ਕਿਸਾਨੀ ਨੂੰ ਖ਼ਤਮ ਕਰਨ ਲਈ ਭਾਰਤ ਸਰਕਾਰ ਨੇ ਤਿੰਨ ਕਾਨੂੰਨ ਪਾਸ ਕੀਤੇ।ਇਹਨਾਂ ਅਨੈਤਿਕ ਨੀਤੀਆਂ ਦੇ ਵਿਰੋਧ ਵਿਚ ਕਿਸਾਨਾਂ ਨੇ ਹੱਕ-ਸੱਚ ਦੀ ਪ੍ਰਾਪਤੀ ਲਈ ਇਕਜੁਟਤਾ ਦਾ ਸਬੂਤ ਦਿੱਤਾ ਜਿਸ ਸਦਕਾ ਕਾਲੇ ਕਾਨੂੰਨ ਰੱਦ ਕਰਨੇ ਪਏ।ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ, ਮਹਿੰਗੇ ਖੇਤੀ ਸੰਦ, ਭ੍ਰਿਸ਼ਟਾਚਾਰ ਤੇ ਰਿਸ਼ਵਤਖ਼ੋਰੀ ਨੇ ਕਿਸਾਨਾਂ ਦਾ ਘਾਣ ਕੀਤਾ ਪਰ ਉਹਨਾਂ ਆਪਣੇ ਸਿਰੜ ਤੇ ਸਿਦਕ ਨੂੰ ਕਾਇਮ ਰੱਖਿਆ।ਸਮਾਜ ਵਿਚਲੀ ਬਹੁ-ਗਿਣਤੀ ਵਲੋਂ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਹੋਈਆਂ ਜਿਸ ਕਾਰਨ ਆਮ ਮਨੁੱਖ ਨਿਰਾਸ਼ਾ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਹੈ।ਇਸ ਨਿਰਾਸ਼ਾ ਤੋਂ ਕੱਢਣ ਲਈ ਕਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਜੀਵਨ ਹਯਾਤੀ ਤੋਂ ਜਾਣੂ ਕਰਵਾਉਂਦਾ ਹੈ।ਆਜ਼ਾਦੀ ਪ੍ਰਾਪਤੀ ਲਈ ਉਸ ਨੇ ਵਿਚਾਰਧਾਰਕ ਦ੍ਰਿਸ਼ਟੀ ਨਾਲ ਨੌਜਵਾਨਾਂ ਵਿਚ ਸੂਝ ਕਾਇਮ ਕੀਤੀ।ਬਹੁਤ ਸਾਰੇ ਨੇਤਾ ਅੰਗਰੇਜ਼ਾਂ ਦੀ ਅੰਦਰੂਨੀ ਤੌਰ ’ਤੇ ਸਹਾਇਤਾ ਕਰ ਰਹੇ ਸਨ ਪਰ ਬਾਹਰੀ ਪੱਖ ਤੋਂ ਲੋਕਪੱਖੀ ਅੰਦੋਲਨ ਚਲਾ ਕੇ ਆਮ ਜਨਤਾ ਨੂੰ ਠੱਗਦੇ ਰਹੇ।ਇਹੋ ਜਿਹੀਆਂ ਨੀਤੀਆਂ ਵਰਤਮਾਨ ਸਰਕਾਰਾਂ ਕਿਸਾਨਾਂ ਤੇ ਆਮ ਜਨਤਾ ਤੇ ਵਰਤ ਰਹੀਆਂ ਹਨ।ਗਿੱਲ ਵਰਤਮਾਨ ਅਨੈਤਿਕ ਪ੍ਰਸਥਿਤੀਆਂ ਤੋਂ ਜਾਣੂੰ ਕਰਵਾ ਕੇ ਇਸ ਦੇ ਹੱਲ ਲਈ ਇਨਕਲਾਬੀ ਸੋਚ ਦਾ ਪੱਲਾ ਫੜਨ ਉੱਤੇ ਜ਼ੋਰ ਦਿੰਦਾ ਹੈ :

ਆਖਦੀ ਏ ਮੁਕਤੀਆਂ ਦੀ ਹਰ ਕਿਤਾਬ
ਲੋਕ ਮੁਕਤੀ ਦਾ ਵਸੀਲਾ
ਸਿਰਫ ਇਕੋ ਇਨਕਲਾਬ।5

ਪਾਕਿਸਤਾਨ ਵੱਸਦੇ ਪੰਜਾਬੀ ਕਵੀ ਬਾਬਾ ਨਜ਼ਮੀ ਕਹਿੰਦੇ ਹਨ ਕਿ “ਗੁਰਭਜਨ ਗਿੱਲ ਦੇ ਕਾਵਿ-ਲੋਕ ਵਿਚੋਂ ਦੋਹਾਂ ਪੰਜਾਬਾਂ ਦੇ ਸੁਰ ਤਾਲ ਬੜੀ ਅਸਾਨੀ ਨਾਲ ਮਾਣ ਸਕਦੇ ਹੋ।ਦੋਹਾਂ ਚੀਰੇ ਹੋਏ ਟੋਟਿਆਂ ਦੀ ਪੀੜ ਸਾਡੀ ਇਸ ਨਸਲ ਨੇ ਵੀ ਭੋਗੀ ਤੇ ਆਉਣ ਵਾਲੀ ਨਸਲ ਵੀ ਭੋਗੇਗੀ।” ਕਵਿਤਾ ‘ਸਾਡੀ ਤੁਹਾਡੀ ਕਾਹਦੀ ਜੰਗ ਹੈ’ ਵਿਚ ਭਾਰਤ-ਪਾਕਿ ਸੰਬੰਧਾਂ ਦੀ ਥਾਹ ਪਾਉਣ ਦਾ ਯਤਨ ਕੀਤਾ ਹੈ।ਹੱਦਾਂ-ਸਰਹੱਦਾਂ ਤੋਂ ਉੱਪਰ ਉਠ ਕੇ ਜੱਦੀ ਪੁਸ਼ਤੀ ਭਾਈਚਾਰਕ ਸਾਂਝ ਨੂੰ ਚਿਤਰਿਆ ਗਿਆ ਹੈ ਪਰ ਇਹ ਸਾਂਝੀ ਵਿਰਾਸਤ ਦੇ ਰਾਜਨੀਤਿਕ ਨੇਤਾ ਹਮੇਸ਼ਾਂ ਵਿਰੁੱਧ ਰਹੇ ਹਨ, ਕਿਉਂਕਿ ਵੋਟਾਂ ਲੈਣ ਲਈ ‘ਫੁੱਟ ਪਾਉ ਤੇ ਰਾਜ ਕਰੋ’ ਦੀ ਨੀਤੀ ਵਰਤਦੇ ਹਨ।ਤਖ਼ਤੇ ਉੱਪਰ ਕਾਬਜ਼ ਹੋ ਕੇ ਉਹ ਲੋਕ ਮਾਰੂ ਨੀਤੀਆਂ ਧਰਮ, ਰੰਗ, ਨਸਲ, ਜਾਤ-ਪਾਤ ਦੀ ਕੱਟੜਤਾ ਵਰਤ ਕੇ ਆਮ ਜਨਤਾ ਨੂੰ ਲੜਾਉਂਦੇ ਹਨ।ਗੁਰਭਜਨ ਗਿੱਲ ਜੀ ਸਾਧਾਰਨ ਮਨੁੱਖ ਨੂੰ ਸੁਚੇਤ ਕਰਦੇ ਹਨ :

ਵੰਨ ਸਵੰਨੇ ਵੇਸ਼ ਪਹਿਨ ਕੇ
ਇਕੋ ਜਿਹਾ ਡੰਗ ਮਾਰਨ
ਜ਼ਹਿਰੀ ਨਾਗ ਪੁਰਾਣੇ।6

ਕਵਿਤਾ ‘ਪੰਜ ਦਰਿਆ ਦੇ ਪਾਣੀ ਵਿੱਛੜੇ’ ਵਿਚ ਭਾਈਚਾਰਕ ਸਾਂਝ ਦੀਆਂ ਪੀਡੀਆਂ ਗੰਢਾਂ ਦਾ ਜ਼ਿਕਰ ਕੀਤਾ ਹੈ।ਕੱਟੜ ਪੰਥੀਆਂ ਨੇ ਪੰਜਾਂ ਪਾਣੀਆਂ ਦੇ ਨਾਲ-ਨਾਲ ਪੰਜਾਬ ਦੀ ਧਰਤੀ ਨੂੰ ਵੀ ਵੰਡ ਦਿੱਤਾ।ਸਾਡੇ ਬਜ਼ੁਰਗ ਗਵਾਹ ਹਨ, ਜਿੰਨ੍ਹਾਂ ਇਹ ਸੰਤਾਪ ਆਪਣੇ ਹੱਡਾਂ ਤੇ ਹੰਢਾਇਆ ਸੀ ਅਤੇ ਇਹਨਾਂ ਜ਼ਖ਼ਮਾਂ ਦੇ ਨਿਸ਼ਾਨ ਅੱਜ ਵੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਰਹੇ ਹਨ।ਉਹ ਉਜਾੜਿਆਂ ਦੇ ਦਿਨਾਂ ਨੂੰ ਯਾਦ ਕਰਕੇ ਉਹ ਕੁਰਲਾ ਉਠਦੇ ਹਨ।ਦੋਵਾਂ ਪੰਜਾਬਾਂ ਦੇ ਲੋਕ ਅੱਜ ਵੀ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਲਈ ਤਰਸ ਰਹੇ ਹਨ।ਗੁਰਭਜਨ ਗਿੱਲ ਨੇ ਵੰਡੇ ਪੰਜਾਬ ਦੀਆਂ ਭਾਈਚਾਰਕ ਸਾਂਝਾਂ ਨੂੰ ਸਦੀਵੀ ਬਣਾਉਣ ਲਈ ਸਰਹੱਦਾਂ ਉੱਤੇ ਮੋਮਬੱਤੀਆਂ ਬਾਲ ਕੇ ਯਤਨਸ਼ੀਲ ਭੂਮਿਕਾ ਨਿਭਾ ਰਹੇ ਮਿੱਤਰਾਂ ਦੀ ਧਿਰ ਬਣ ਵਿਖਾਇਆ ਹੈ। ਕਵੀ ਸਪੱਸ਼ਟ ਕਰਦਾ ਹੈ ਕਿ ਆਮ ਜਨਤਾ ਪਿਆਰ ਭਰਿਆ ਸੰਸਾਰ ਚਾਹੁੰਦੀ ਹੈ :

ਕਦੇ ਮੁਹੰਮਦ ਨਾਲ ਰਾਮ ਦਾ, ਰੌਲਾ ਨਹੀਂ ਸੀ ਸੁਣਿਆ।
ਸ਼ਾਮ ਲਾਲ ਦੇ ਮੱਥੇ ਤੱਕਿਆ, ਮੈਂ ਚੰਨ ਤਾਰਾ ਖੁਣਿਆ।7

​ਗੁਰਭਜਨ ਗਿੱਲ ਨੇ 1947 ਦੇ ਦਰਦ ਨੂੰ ਬਿਆਨ ਕੀਤਾ ਹੈ। ਆਜ਼ਾਦੀ ਦੀ ਆੜ ਵਿਚ ਸਿਆਸੀ ਨੇਤਾਵਾਂ ਨੇ ਮਨੁੱਖਤਾ ਦਾ ਘਾਣ ਕੀਤਾ।

ਗੁਰਭਜਨ ਗਿੱਲ ਦੀ ਮਾਂ ਦੇ ਦਿਲ ਵਿਚ ਅਜੇ ਤਕ ਅਣਮਨੁੱਖੀ ਵਰਤਾਰੇ ਦੇ ਜ਼ਖ਼ਮ ਅੱਲ੍ਹੇ ਹਨ।ਕਵਿਤਾ ‘ਸੰਤਾਲੀ ਵੇਲੇ’ ਵਿਚ ਨੇਤਾਵਾਂ ਦੀ ਮਾੜੀ ਕਾਰਜ-ਪ੍ਰਣਾਲੀ ਨੂੰ ਬਿਆਨ ਕੀਤਾ ਹੈ।ਕਤਲੋਗਾਰਤ ਕਰਨ ਵਾਲਿਆਂ ਪਿੱਛੇ ਰਾਜ-ਘਰਾਣਿਆਂ ਦਾ ਹੱਥ ਸੀ, ਜਿੰਨ੍ਹਾਂ ਨੇ ਰਾਜਨੀਤੀ ਵਿਚ ਬਣੇ ਰਹਿਣ ਲਈ ਮੁਜ਼ਰਮਾਂ ਨੂੰ ਕਤਲੋਗਾਰਤ ਲਈ ਹਥਿਆਰ ਦਿੱਤੇ :

ਮੁਜ਼ਰਿਮ ਤੇ ਰਾਜ ਘਰਾਣਿਆਂ ਦੇ,
ਰਿਸ਼ਤੇ ਪਹਿਲਾਂ ਤੋਂ ਗਾੜ੍ਹੇ ਨੇ।8

ਮਾਂ ਦੇ ਗਾਂਧੀ ਵਰਗੇ ਨੇਤਾਵਾਂ ਸੰਬੰਧੀ ਵਿਚਾਰ :

ਉਹ ਅੱਜ ਵੀ ਅੱਖਾਂ ਭਰ ਲੈਂਦੀ,
ਕਰ ਯਾਦ ਕਵਾਸੀ ਰੋਟੀ ਨੂੰ।
ਜੀਅ ਭਰਕੇ ਗੁੱਸਾ ਕੱਢਦੀ ਹੈ,
ਤੱਕ ਲਾਠੀ ਅਤੇ ਲੰਗੋਟੀ ਨੂੰ।9

​ਇਸ ਅਣਮਨੁੱਖੀ ਵਰਤਾਰੇ ਅਤੇ ਹੋਏ ਕਤਲੋਗਾਰਤ ਨੇ ਇਤਿਹਾਸ ਦੇ ਪੰਨਿਆਂ ਰਾਹੀਂ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ।ਸਦੀਆਂ ਤੋਂ ਇਕੱਠੇ ਰਹਿਣ ਵਾਲਿਆਂ ਨੂੰ ਕੱਟੜ ਦੁਸ਼ਮਣ ਬਣਾ ਦਿੱਤਾ ਹੈ। ਸੰਤਾਲੀ ਦੇ ਸੰਤਾਪ ਦੀ ਚੀਸ ਅਜੇ ਤਕ ਕਾਇਮ ਹੈ।‘ਸੰਤਾਲੀ ਮੁੜ ਨਾ ਆਵੇ’ ਕਵਿਤਾ ਵਿਚ ਮਨੁੱਖ ਦੀ ਹੋਣੀ ਬਦ ਤੋਂ ਬਦਤਰ ਹੋ ਗਈ :

ਜੀਂਦੇ ਜੀਅ ਅਸੀਂ ਬੰਦਿਓ ਬਣ ਗਏ
ਰਾਜ ਤਖ਼ਤ ਦੇ ਪਾਵੇ।
ਅੱਜ ਅਰਦਾਸ ਕਰੋ
ਸੰਤਾਲੀ ਮੁੜ ਨਾ ਆਵੇ 10 ​

ਆਧੁਨਿਕ ਸਮੇਂ ਵਿਚ ਭਾਰਤ-ਪਾਕਿਸਤਾਨ ਦੋਸਤੀ ਨੂੰ ਕਾਇਮ ਰੱਖਣ ਦੇ ਯਤਨ ਜਾਰੀ ਹਨ।‘ਦਿੱਲੀਉ ਸ਼ਹਿਰ ਲਾਹੌਰ’ ਕਵਿਤਾ ਵਿਚ ਭਾਰਤ-ਪਾਕਿ ਸਾਂਝ ਨੂੰ ਪਰਪੱਕ ਕਰਨ ਲਈ ਦਿੱਲੀ ਤੋਂ ਲਾਹੌਰ ਤਕ ਬਸ ਸੇਵਾ ਆਰੰਭ ਕੀਤੀ ਗਈ ਜਿਸ ਨੇ ਵਿਸ਼ਵ ਵਿਚ ਸ਼ਾਂਤੀ ਦਾ ਸੰਦੇਸ਼ ਦਿੱਤਾ।ਗੁਰਭਜਨ ਗਿੱਲ ਕਵਿਤਾ ਵਿਚ ਸਪੱਸ਼ਟ ਕਰਦੇ ਹਨ ਕਿ ਭਾਈਚਾਰਕ ਸਾਂਝਾਂ ਕਾਇਮ ਕਰਨ ਲਈ ਉਠਾਇਆ ਇਹ ਕਦਮ ਮਨੁੱਖਤਾ ਵਿਰੋਧੀ ਅਨਸਰਾਂ ਨੂੰ ਰਾਸ ਨਹੀਂ ਆਇਆ ਜਿਸ ਕਾਰਨ ਕਾਰਗਿਲ ਦੀ ਜੰਗ ਹੋਈ।ਇਸ ਜੰਗ ਨੇ ਦੋਵਾਂ ਦੇਸ਼ਾਂ ਦੀ ਜਨਤਾ ਨੂੰ ਫ਼ਿਰ ਤੋਂ ਦੂਰ ਕਰ ਦਿੱਤਾ :

ਪਰ ਹੁਣ ਵੇਖੋ,
ਸਾਡੇ ਸਭ ਦੇ ਹੁੰਦਿਆਂ ਸੁੰਦਿਆਂ,
ਰੂਟ ਪਰਮਿਟੋਂ ਲਾਂਭੇ ਲਾਂਭੇ,
ਮੂੜ੍ਹ ਡਰੈਵਰ ਬੱਸ ਨੂੰ ਕਿੱਧਰ ਲੈ ਕੇ ਤੁਰ ਪਏ।11

ਗੁਰਭਜਨ ਗਿੱਲ ਦੀ ਕਾਵਿ-ਬਿਰਤੀ ਵਿਚ ਸਰਹੰਦ ਦੇ ਇਤਿਹਾਸ ਦੀ ਜੜ੍ਹ ਕਾਇਮ ਹੈ।ਵਰਤਮਾਨ ਸਮੇਂ ਵਿਚ ਵੀ ਸਰਹੰਦ ਵਰਗੀ ਮੁਗਲਈ ਕੱਟੜਤਾ ਦੀ ਹਕੂਮਤ ਕਾਇਮ ਹੈ।ਕਵਿਤਾ ‘ਸਰਹੰਦ ਵਿਚੋਂ ਲੰਘਦਿਆਂ’ ਵਿਚ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਨਾਲ ਉਕਰੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ, ਟੋਡਰ ਮੱਲ, ਮੋਤੀ ਰਾਮ ਮਹਿਰਾ, ਸ਼ੇਰ ਮੁਹੰਮਦ, ਬੰਦਾ ਬਹਾਦਰ ਦੇ ਨਾਂ ਹਨ।ਟੋਡਰ ਮੱਲ ਨੂੰ ਸ਼ਾਹ ਕਿਰਦਾਰ, ਸ਼ੇਰ ਮੁਹੰਮਦ ਨੂੰ ਹਾਅ ਦਾ ਨਾਅਰਾ ਮਾਰਨ ਵਾਲਾ ਕਿਹਾ ਹੈ।ਗਿੱਲ ਸਪੱਸ਼ਟ ਕਰਦਾ ਹੈ ਕਿ ਜ਼ੁਲਮ ਦਾ ਖ਼ਾਤਮਾ ਜ਼ਰੂਰ ਹੁੰਦਾ ਹੈ।ਟੋਡਰ ਮੱਲ ਦੇ ਉੱਚੇ-ਸੁੱਚੇ ਕਿਰਦਾਰ ਜ਼ਾਲਮ ਦੀ ਹਾਲਤ :

ਅਸਰਫ਼ੀਆਂ ਦੇ ਟੋਡਰ ਮੱਲ ਸਿਰਦਾਰ ਬਣ ਗਿਆ।
ਜ਼ਾਲਮ ਉਸੇ ਪਲ ਧਰਤੀ ਤੇ ਭਾਰ ਬਣ ਗਿਆ।12

ਸਾਮਰਾਜਵਾਦੀ ਹਕੂਮਤ ਦਾ ਇਕ ਦਿਨ ਅੰਤ ਜ਼ਰੂਰ ਹੁੰਦਾ ਹੈ।ਇਹ ਸਾਕਾਰਾਤਮਕ ਵਿਚਾਰ ਅੱਜ ਵੀ ਕਾਇਮ ਹਨ।

ਦੋ ਲਾਲਾਂ ਦਾ ਜੋੜਾ ਅੱਜ ਲਲਕਾਰ ਕੇ ਪੁੱਛੇ,
ਹੁਕਮ ਹਕੂਮਤ ਤੇ ਸੂਬਾ ਸਰਹੰਦ ਕਿੱਥੇ ਹੈ।13

ਗੁਰਭਜਨ ਗਿੱਲ ਸਮਾਜ ਵਿਚ ਵਾਪਰਦੀਆਂ ਘਟਨਾਵਾਂ ਪ੍ਰਤੀ ਸੁਚੇਤ ਹੈ।ਉਹ ਆਪਣੇ ਕਾਵਿ-ਲੋਕ ਵਿਚ ਭਾਈ ਮਰਦਾਨਾ ਜੀ ਅਤੇ ਉਹਨਾਂ ਦੀਆਂ ਪੀੜ੍ਹੀਆਂ ਦਾ ਜ਼ਿਕਰ ਕਰਦੇ ਹਨ।ਭਾਈ ਮਰਦਾਨੇ ਦੇ ਵੰਸਜ਼ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਆਏ ਪਰ ਉਹਨਾਂ ਨੂੰ ਇਜ਼ਾਜਤ ਨਹੀਂ ਮਿਲੀ।ਕਵੀ ਇਤਿਹਾਸਕ ਤੱਥਾਂ ਦੇ ਆਧਾਰ ਤੇ ਕਹਿੰਦਾ ਹੈ ਕਿ ਭਾਈ ਮਰਦਾਨੇ ਦੀ ਬਾਬੇ ਨਾਨਕ ਨਾਲ ਸਦੀਵੀਂ ਸਾਂਝ ਹੈ ਫ਼ਿਰ ਕਿਉਂ ਉਸਦੇ ਵੰਸਜ਼ਾਂ ਨੂੰ ਗੁਰੂ ਘਰ ਕੀਰਤਨ ਕਰਨ ਦੀ ਆਗਿਆ ਨਹੀਂ ਦਿੱਤੀ ਗਈ।ਕਵੀ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦੇ ਹੋਏ ਕਹਿੰਦਾ ਹੈ ਕਿ ਆਪਣੀ ਰਬਾਬ ਨਾਲ ਅਨੈਤਿਕਤਾ ਦਾ ਪਰਦਾਫ਼ਾਸ ਕਰੇ।ਬਾਬੇ ਨਾਨਕ ਦਾ ਰੂਪ ਭਾਈ ਮਰਦਾਨਾ ਜੀ ਨੇ ਹਮੇਸ਼ਾਂ ਹੱਕ-ਸੱਚ ਤੇ ਈਮਾਨ ਦਾ ਰਸਤਾ ਅਪਣਾਇਆ। ਕਵਿਤਾ ‘ਛੇੜ ਮਰਦਾਨਿਆ ਤੂੰ ਸੁਰਾਂ ਰੱਬ ਰੰਗੀਆਂ’ ਵਿਚ ਭਾਈ ਮਰਦਾਨਾ ਜੀ ਤੋਂ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਗ੍ਰਹਿਣ ਕਰਨ ਦੀ ਤਾਕੀਦ ਕਰਦਾ : ਸੁਰਾਂ ਵਿਚ ਦਾਤਾ ਗੰਜ ਬਖ਼ਸ਼ ਫਰੀਦ ਹੈ।

ਸੂਫੀ ਸ਼ਾਹ ਹੁਸੈਨ ਇਹਦਾ ਬੁੱਲ੍ਹਾ ਵੀ ਮੁਰੀਦ ਹੈ।
ਕੋਹਝੀਆਂ ਸਿਆਸਤਾਂ ਨੇ ਜਾਨਾਂ ਸੂਲੀ ਟੰਗੀਆਂ।
ਛੇੜ ਮਰਦਾਨਿਆ ਤੂੰ ਸੁਰਾਂ ਰੱਬ ਰੰਗੀਆਂ।14

ਪੰਜਾਬ ਦਾ ਲੋਕ-ਨਾਇਕ ਦੁੱਲਾ ਭੱਟੀ ਪੰਜਾਬੀ ਮਾਨਸਿਕਤਾ ਵਿਚ ਸਦਾ ਕਾਇਮ ਰਹੇਗਾ।ਉਸ ਨੇ ਆਮ ਜਨਤਾ ਦੇ ਹੱਕ-ਸੱਚ ਲਈ ਆਵਾਜ਼ ਬੁਲੰਦ ਕੀਤੀ ਅਤੇ ਤਖ਼ਤ ਦੀ ਸਾਮਰਾਜਵਾਦੀ ਨੀਤੀ ਦਾ ਵਿਰੋਧ ਕੀਤਾ।

ਗੁਰਭਜਨ ਗਿੱਲ ਨੇ ਦੁੱਲੇ ਦੀ ਕਾਰਜ-ਪ੍ਰਣਾਲੀ ਤੇ ਕੁਰਬਾਨੀ ਦੇ ਇਤਿਹਾਸ ਨੂੰ ‘ਦੁੱਲਾ ਨਹੀ ਆਇਆ’ ਵਿਚ ਰੂਪਮਾਨ ਕੀਤਾ ਹੈ।ਦੁੱਲਾ ਪੰਜਾਬੀ ਇਤਿਹਾਸ ਵਿਚ ਤਖ਼ਤੇ ਦੀ ਜ਼ਾਲਮਾਨਾ ਨੀਤੀ ਦੇ ਵਿਰੋਧ ਵਿਚ ਨਾਬਰੀ ਵਜੋਂ ਦ੍ਰਿਸ਼ਟੀਗੋਚਰ ਹੁੰਦਾ ਹੈ।ਉਸ ਨੇ ਹੱਕ-ਸੱਚ ਤੇ ਮਨੁੱਖਤਾ ਦੀ ਆਜ਼ਾਦੀ ਲਈ ਮੁਗ਼ਲ ਸਾਮਰਾਜ ਨਾਲ ਟੱਕਰ ਲਈ।ਉਸ ਦੇ ਬਜ਼ੁਰਗ ‘ਸਵੈ-ਪਹਿਚਾਣ’ ਦੀ ਕਾਇਮੀ ਲਈ ਕੁਰਬਾਨ ਹੋ ਕੇ ਆਪਣੇ ‘ਸਵੈ-ਮਾਣ’ ਤੇ ਅਣਖ ਨੂੰ ਬਰਕਰਾਰ ਰੱਖਿਆ।ਵਰਤਮਾਨ ਸਮੇਂ ਵਿਚ ਵੀ ਦਿੱਲੀ ਦੇ ਤਖ਼ਤ ਤੋਂ ਮਨੁੱਖਤਾ ਖ਼ਤਮ ਕਰਨ ਲਈ ਜ਼ਾਲਮਾਨਾ ਫ਼ੁਰਮਾਨ ਜਾਰੀ ਹੁੰਦੇ ਹਨ।ਇਸ ਸਿਸਟਮ ਨੂੰ ਨੱਥ ਪਾਉਣ ਲਈ ਦੁੱਲੇ ਵਰਗੇ ਸੂਰਬੀਰ ਦੀ ਉਡੀਕ ਲੋਕਾਈ ਕਰ ਰਹੀ ਹੈ ਤਾਂ ਜ਼ਾਲਮ ਤੇ ਜ਼ੁਲਮ ਨਾਲ ਟੱਕਰ ਲਈ ਜਾ ਸਕੇ।ਕਵੀ ਬੇਬਾਕੀ ਨਾਲ ਕਹਿੰਦਾ ਹੈ :

ਪਰ ਫਰੀਦ ਸ਼ਹੀਦ ਦਾ ਪੁੱਤਰ
ਦਾਦੇ ਸਾਂਦਲ ਦਾ ਪੋਤਰਾ
ਬਾਰ ਦਾ ਜਾਇਆ
ਜਿਸ ਤਖ਼ਤ ਲਾਹੌਰ ਨਿਵਾਇਆ।
ਅਕਬਰ ਨੂੰ ਨਾ ਸੀਸ ਝੁਕਾਇਆ।
ਜਿੰਨ੍ਹੇ ਧਰਤੀ ਦਾ ਧਰਮ ਨਿਭਾਇਆ।15 ​

ਜਦੋਂ ਸਥਾਪਤੀ ਜਾਂ ਵਿਸਥਾਪਤੀ ਆਪਣੀ ਹਿੰਸਾਤਮਕ, ਜ਼ਾਲਮਾਨਾ ਤੇ ਨਿਰੰਕੁਸ਼ ਸ਼ਕਤੀ ਦੇ ਰੂਪ ਵਿਚ ਸਥਾਪਤ ਹੋ ਰਹੀ ਹੈ ਤਾਂ ਕਵੀ ਵੱਲੋਂ ਇਨ੍ਹਾਂ ਸ਼ਕਤੀਆਂ ਵਿਰੁੱਧ ਸਿਰਜਣਾਤਮਕ ਅਮਲ ਚਿੰਨ੍ਹਾਤਮਕ ਪੱਧਰ ਉੱਤੇ ਹੁੰਦਾ ਹੈ ਜਾਂ ਵਿਅੰਗਾਤਮਕ ਰੂਪ ਗ੍ਰਹਿਣ ਕਰਦਾ ਹੈ।ਚਿੰਨ੍ਹਾਤਮਕ ਪੱਧਰ ’ਤੇ ਕਵੀ ਅਜਿਹੇ ਸੰਕੇਤਾਂ ਨੂੰ ਅਮਲ ਵਿਚ ਲਿਆਉਂਦਾ ਹੈ ਜਿਹੜੇ ਸਮੁੱਚੀ ਪ੍ਰਕਿਰਤੀ ਦੇ ਅੰਤਰਗਤ ਅਰਥ ਗ੍ਰਹਿਣ ਕਰਦੇ ਹਨ।ਕਵੀ ਇਹਨਾਂ ਟਕਰਾਉ ਪੂਰਨ ਸਕਤੀਆਂ ਨੂੰ ਸਥਿਤੀਆਂ, ਘਟਨਾਵਾਂ ਤੇ ਕਿਰਦਾਰਾਂ ਦੇ ਪ੍ਰਸੰਗ ਵਿਚ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ।ਗੁਰਭਜਨ ਗਿੱਲ ਦਾ ਕਾਵਿਕ ਸੱਚ ਚਿਹਨਕ ਪੱਧਰ ’ਤੇ ਅਜਿਹੇ ਨਾਇਕ ਦੀ ਤਲਾਸ਼ ਵਿਚ ਹੈ ਜੋ ਸਭਿਆਚਾਰਕ ਸੰਤੁਲਨ ਨੂੰ ਸਥਾਪਿਤ ਕਰ ਸਕਦਾ ਹੋਵੇ ਤੇ ਦੋਵਾਂ ਵਿਰੋਧੀ ਸ਼ਕਤੀਆਂ ਨੂੰ ਰੋਕਣ ਦੀ ਸਮੱਰਥਾ ਰੱਖਦਾ ਹੋਵੇ। ​

ਗੁਰਭਜਨ ਗਿੱਲ ਦੀ ਪੁਸਤਕ ‘ਖ਼ੈਰ ਪੰਜਾਂ ਪਾਣੀਆਂ ਦੀ’ ਵਿਚ ਕਵਿਤਾਵਾਂ ਦੇ ਨਾਲ-ਨਾਲ ਗ਼ਜ਼ਲਾਂ ਵੀ ਦਰਜ ਹਨ।ਇਹਨਾਂ ਗ਼ਜ਼ਲਾਂ ਵਿਚ ਰੁਮਾਂਟਿਕਤਾ ਦੀ ਬਜਾਇ ਜੀਵਨ ਦੀ ਯਥਰਕਤਾ ਦੀ ਤਸਵੀਰ ਉਭਰਦੀ ਹੈ।ਗਿੱਲ ਦੀ ਗ਼ਜ਼ਲ ਸਮਾਜਕ ਸਿਸਟਮ ਵਿਚ ਵਿਚਰਦੇ ਮਨੁੱਖ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦੀ ਹੈ।ਹਰ ਸ਼ਿਅਰ ਵਿਚ ਨਵੀਂ ਉਡਾਰੀ ਜਾਂ ਨਵੀਂ ਸਮੱਸਿਆ ਦਾ ਜ਼ਿਕਰ ਕਰਕੇ ਮਨੁੱਖਤਾ ਦੀ ਯਥਾਰਥਕ ਹੋਣੀ ਨੂੰ ਨਸ਼ਰ ਕੀਤਾ ਹੈ।ਨੇਤਾਵਾਂ ਦੀ ਲੋਕ-ਮਾਰੂ ਨੀਤੀਆਂ ਨੇ ਸਾਧਾਰਨ ਮਨੁੱਖ ਦਾ ਘਾਣ ਕੀਤਾ ਜੋ ਵਰਤਮਾਨ ਸਮੇਂ ਵਿਚ ਵੀ ਜਾਰੀ ਹੈ।ਪਦਾਰਥਵਾਦੀ ਸਿਸਟਮ ਵਿਚ ਧਰਤੀ ਤੇ ਆਕਾਸ਼ ਦੋਵੇਂ ਹੀ ਮਨੁੱਖਤਾ ਦੀ ਪਹੁੰਚ ਵਿਚ ਨਹੀਂ ਹਨ।ਉਸ ਲਈ ਨਾ ਧਰਤੀ ਉੱਤੇ ਕੋਈ ਥਾਂ ਹੈ ਨਾ ਹੀ ਆਕਾਸ਼ ਵਿਚ।ਉਸ ਦੀ ਗ਼ਜ਼ਲ ਵਿਚ ਸਿਆਸਤ ਦੀਆਂ ਕੋਹਝੀਆਂ ਚਾਲਾਂ ਦਾ ਜ਼ਿਕਰ :

ਰੱਜਿਆਂ ਖ਼ਾਤਰ ਸਾਲਣ ਬਣੀਏ, ਪੰਜੀਂ ਸਾਲੀਂ ਬਾਲਣ ਬਣੀਏ।
ਭੱਠੀ ਤਪਦੀ ਰੱਖਣ ਖ਼ਾਤਰ, ਦਰਿਆ ਕੰਢੇ ਕਾਹੀਆਂ ਵਰਗੇ।16 ​

ਗੁਰਭਜਨ ਗਿੱਲ ਜੀ ਨੇ ਪੰਜਾਬ ਦੇ ਪਿੰਡਾਂ ਦੀ ਸਭਿਆਚਾਰਕ ਤਸਵੀਰਕਸ਼ੀ ਕੀਤੀ ਹੈ ਜਿਸ ਵਿਚ ਆਨੰਦਮਈ ਵਾਤਾਵਰਨ ਸਦਾ ਵਿਦਮਾਨ ਰਹਿੰਦਾ ਸੀ।ਕਵੀ ਪਿੰਡਾਂ ਦੀ ਸਹਿਜ, ਪਿਆਰ ਤੇ ਇਖ਼ਲਾਕ ਭਰੇ ਵਾਤਾਵਰਨ ਦਾ ਚਿਤਰਨ ਕਰਦਾ ਹੈ :

ਮਾਈ ਸੰਤੀ ਦੀ ਭੱਠੀ ਕਦੇ ਹੋਲਾਂ ਕਦੇ ਆਭੂ,
ਕਦੇ ਤਪਦੀ ਕੜਾਹੀ ਵਿਚ ਖਿੜਦੇ ਸੀ ਫੁੱਲੇ।
ਮਿੱਠੇ ਖ਼ਾਨਗਾਹ ਦੇ ਚੌਲ, ਰੋਟ ਪੱਕਣਾ ਕਮਾਲ,
ਚਾਚੇ ਧੰਨਾ ਸਿੰਘ ਵਾਲੇ ਮੈਨੂੰ ਮੇਸੂ ਨਹੀਉਂ ਭੁੱਲੇ।17

​ਗੁਰਭਜਨ ਗਿੱਲ ਨੂੰ ਪ੍ਰਤੱਖਣ ਸ਼ਕਤੀ ਆਪਣੇ ਬਾਪ, ਦਾਦਾ ਤੋਂ ਵਿਰਸੇ ਵਿਚੋਂ ਪ੍ਰਾਪਤ ਹੋਈ ਹੈ।ਬਜ਼ੁਰਗਾਂ ਦੇ ਤਜ਼ਰਬੇ ਜੀਵਨ ਯਥਾਰਥ ਵਿਚੋਂ ਗ੍ਰਹਿਣ ਕਰਦੇ ਹਨ।ਇਕ ਪੀੜ੍ਹੀ ਅਗਲੀ ਪੀੜ੍ਹੀ ਨੂੰ ਨੈਤਿਕ ਮੁੱਲ ਪ੍ਰਦਾਨ ਕਰਦੀ ਹੋਈ ਜੀਵਨ ਜਿਉਣ ਦੀ ਸਮਝ ਬਖ਼ਸਦੀ ਹੈ।ਬਜ਼ੁਰਗ, ਨੇਤਾਵਾਂ ਦੀ ਸਿਆਸਤੀ ਖੇਡ ਨੂੰ ਚੰਗੀ ਤਰ੍ਹਾਂ ਸਮਝਦੇ ਸਨ।ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਵੀ ਸਿਆਸਤ ਦੀ ਖੇਡ ਆਮ ਮਨੁੱਖ ਦੇ ਹਿਤਾਂ ਦਾ ਘਾਣ ਕਰਨ ਲਈ ਖੇਡੀ ਜਾਂਦੀ ਰਹੀ।ਵਰਤਮਾਨ ਸਮੇਂ ਵਿਚ ਕੁਰਸੀ ਦੀ ਪ੍ਰਾਪਤੀ ਲਈ ਅਨੈਤਿਕਤਾ ਦਾ ਪਸਾਰਾ ਦ੍ਰਿਸ਼ਟੀਗੋਚਰ ਹੁੰਦਾ ਹੈ।ਗੁਰਭਜਨ ਗਿੱਲ ਜੀ ਬਜ਼ੁਰਗਾਂ ਦੇ ਜੀਵਨ ਤਜ਼ਰਬੇ ਤੇ ਸਮਝਦਾਰੀ ਨੂੰ ਪਾਠਕਾਂ ਤਕ ਪਹੁੰਚਾਉਣਾ ਚਾਹੁੰਦਾ ਹੈ :

ਅਨਪੜ੍ਹ ਸੀ ਪਰ ਸਦਾ ਆਖਦੇ ਤੇ ਸਮਝਉਂਦੇ ਸਾਨੂੰ।
ਢਿੱਡੋਂ ਇਕ ਨੇ ਕੁਰਸੀਆਂ ਵਾਲੇ, ਟਾਟੇ ਬਿਰਲੇ ਬਾਟੇ।18

ਗੁਰਭਜਨ ਗਿੱਲ ਜੀ ਮਾਨਵਤਾ ਦਾ ਸੰਦੇਸ਼ ਦਿੰਦੇ ਹਨ ਤਾਂ ਜੋ ਆਧੁਨਿਕ ਸਮੇਂ ਵਿਚ ਵਾਪਰ ਰਹੀਆਂ ਘਟਨਾਵਾਂ ਭਿਆਨਕ ਰੂਪ ਨਾ ਧਾਰਨ ਕਰ ਸਕਣ।ਇਸ ਤੋਂ ਇਲਾਵਾ ਸ਼ੋਸ਼ਲ ਮੀਡੀਏ ਨੇ ਮਾਨਵਤਾ ਦਾ ਧਰਮ ਨਹੀਂ ਨਿਭਾਇਆ, ਸਗੋਂ ਵਰਤਮਾਨ ਪ੍ਰਸਥਿਤੀਆਂ ਵਿਚ ਘਾਤਕ ਰੂਪ ਧਾਰਨ ਕਰ ਲਿਆ ਹੈ।ਸ਼ੋਸ਼ਲ ਮੀਡੀਏ ’ਤੇ ਕੀਤੀ ਇਕ ਛੋਟੀ ਜਿਹੀ ਟਿੱਪਣੀ ਵੀ ਮਾਰੂ ਹਥਿਆਰਾਂ ਦੀ ਵਰਤੋਂ ਕਰਵਾ ਸਕਦੀ ਹੈ।

ਵਿਅਕਤੀ ਨੂੰ ਸ਼ੋਸ਼ਲ ਮੀਡੀਏ ਤੋਂ ਸੁਚੇਤ ਹੋਣਾ ਹੀ ਪਵੇਗਾ।ਗਿੱਲ ਦੀ ਕਲਮ ਜੰਗ ਦੇ ਵਿਰੋਧ ਅਤੇ ਮਾਨਵਤਾ ਦੇ ਹੱਕ ਵਿਚ ਆਵਾਜ਼ ਉਠਾਉਂਦੀ ਹੈ।ਉਹ ਇਤਿਹਾਸ ਵਿਚੋਂ ‘ਭਾਈ ਘਨੱਈਏ ਜੀ’ ਦੀ ਜੀਵਨ ਜਾਚ ਤੇ ਸਰਬ-ਸਾਂਝੀਵਾਲਤਾ ਦਾ ਸਿਧਾਂਤ ਵਰਤਮਾਨ ਵਿਚ ਸਥਾਪਿਤ ਕਰਨ ਲਈ ਯਤਨਸ਼ੀਲ ਕਾਰਜ ਕਰ ਰਿਹਾ ਹੈ :

ਮਸ਼ਕ ਘਨੱਈਏ ਵਾਲੀ, ਮੇਰੇ ਸ਼ਬਦ ਉਸੇ ਪਲ ਬਣ ਜਾਂਦੇ ਨੇ।
ਵਤਨਾਂ ਦੀ ਰਖਵਾਲੀ ਕਹਿ ਕੇ, ਬਣਨ ਆਸਾਰ ਜਦੋਂ ਵੀ ਜੰਗ ਦੇ।19

‘ਕਲਮ ਦੀ ਕਰਾਮਾਤ’ ਤੇ ‘ਮਿਰਗ ਕਸਤੂਰੀ’ ਉਸ ਦੇ ਸੰਘਰਸ਼ਸ਼ੀਲ ਜੀਵਨ ਦੇ ਗਵਾਹ ਹਨ।ਆਪਣੀ ‘ਸਵੈ-ਹੋਂਦ’ ਤੇ ‘ਸਵੈ-ਪਛਾਣ’ ਲਈ ਲੇਖਣ ਸ਼ਕਤੀ ਨੂੰ ਆਧਾਰ ਵਜੋਂ ਰੂਪਮਾਨ ਕਰਦੇ ਹਨ।

ਸੱਚ ਪੁੱਛੋ ਤਾਂ ਤੋਰੀ ਫ਼ਿਰਦੀ, ਮਿਰਗ ਨੂੰ ਜੀਕਣ ਗੰਧ ਕਥੂਰੀ,
ਸ਼ਬਦ ਬਿਨਾਂ ਮੈਂ ਰੁਲ ਜਾਣਾ ਸੀ, ਜ਼ਿੰਦਗੀ ਜਾਂਦੀ ਭਾੜੇ ਭੰਗ ਦੇ।20

ਗੁਰਭਜਨ ਗਿੱਲ ਨਿੱਜ, ਨਿੱਜਤਾ ਤੇ ਆਪੇ ਤਕ ਸਿਮਟਣ ਵਾਲੀ ਲੋਕਾਈ ਨੂੰ ਤਾਕੀਦ ਕਰਦਾ ਹੈ ਕਿ ਉਹ ਆਪਣੇ ਨਿੱਜ ਤੋਂ ਉੱਪਰ ਉਠ ਕੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਦਾ ਰਸਤਾ ਅਪਨਾਉਣ ਤਾਂ ਜੋ ਜੀਵਨ ਹਯਾਤੀ ਨੂੰ ਸਫ਼ਲ ਬਣਾਇਆ ਜਾ ਸਕੇ।ਜਦੋਂ ਤਕ ਮਨੁੱਖ ਕੁਦਰਤ ਨਾਲ ਇਕ-ਮਿਕ ਹੋ ਕੇ ਚੱਲਦਾ ਹੈ ਤਾਂ ਉਸ ਦੇ ਹਰ ਪਲ ਹੁਸੀਨ ਬਣ ਜਾਂਦੇ ਹਨ।ਕੁਦਰਤ ਨਾਲ ਇਕਸੁਰਤਾ ਆਨੰਦ ਪ੍ਰਦਾਨ ਕਰਦੀ ਹੈ।ਇਸ ਲਈ ਗੁਰਭਜਨ ਗਿੱਲ ਵਰਤਮਾਨ ਮਨੁੱਖ ਨੂੰ ਕੁਦਰਤ ਨਾਲ ਇਕਸੁਰ ਹੋਣ ਦਾ ਪਾਠ ਪੜ੍ਹਾਉਂਦਾ ਹੈ :

ਮੈਂ ਆਪਣੇ ਤੋਂ ਪਾਰ ਖਲੋ ਕੇ ਜਦ ਵੀ ਚਾਰ ਚੁਫੇਰੇ ਤੱਕਿਆ।
ਕਾਦਰ ਦੀ ਕੁਦਰਤ ਦੇ ਅੰਦਰ ਕਣ ਕਣ ਅਜਬ ਸਰੂਰ ਵੇਖਿਆ।21

​ਉਪਰੋਕਤ ਵਿਚਾਰ ਚਰਚਾ ਤੋਂ ਸਪਸ਼ਟ ਹੈ ਕਿ ਗੁਰਭਜਨ ਗਿੱਲ ਜੀ ਦਾ ਕਾਵਿ-ਲੋਕ ਮਨੁੱਖ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਰੂਪਮਾਨ ਕਰਦਾ ਹੈ।ਪ੍ਰਮੁੱਖ ਰੂਪ ਵਿਚ ਉਸਦੀ ਕਲਮ ਦੋਵਾਂ ਪੰਜਾਬਾਂ ਦੀ ਭਾਈਚਾਰਕ ਸਾਂਝ ਨੂੰ ਮੁੜ ਸਥਾਪਿਤ ਕਰਨ ਲਈ ਆਪਣਾ ਫ਼ਰਜ਼ ਨਿਭਾ ਰਹੀ ਹੈ।ਵਰਤਮਾਨ ਵਰਤਾਰਿਆਂ ਪ੍ਰਤੀ ਸੁਚੇਤ ਹੋਣ ਕਰਕੇ ਇਤਿਹਾਸਕ ਘਟਨਾਵਾਂ ਦੇ ਕੇ ਨੌਜਵਾਨ ਵਰਗ ਨੂੰ ਸਮਝ ਤੇ ਸੂਝ ਪ੍ਰਦਾਨ ਕਰਦਾ ਹੈ ਤਾਂ ਜੋ ਭਵਿੱਖ ਵਿਚ ਭਾਈਚਾਰਕ ਸਾਝਾਂ ਕਾਇਮ ਰਹਿਣ।
...............

ਹਵਾਲੇ ਤੇ ਟਿੱਪਣੀਆਂ

1. ਖ਼ੈਰ ਪੰਜਾਂ ਪਾਣੀਆਂ ਦੀ, ਗੁਰਭਜਨ ਗਿੱਲ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ,(ਚੌਥੀ ਵਾਰ), 2022, ਪੰਨਾ ਨੰ : 67
2. ਉਹੀ, ਪੰਨਾ ਨੰ : 102
3. ਉਹੀ, ਪੰਨਾ ਨੰ : 113
4. ਉਹੀ, ਪੰਨਾ ਨੰ : 89
5. ਉਹੀ, ਪੰਨਾ ਨੰ : 95
6. ਉਹੀ, ਪੰਨਾ ਨੰ : 48
7. ਉਹੀ, ਪੰਨਾ ਨੰ : 75
8. ਉਹੀ, ਪੰਨਾ ਨੰ : 35
9. ਉਹੀ, ਪੰਨਾ ਨੰ : 35
10. ਉਹੀ, ਪੰਨਾ ਨੰ : 54
11. ਉਹੀ, ਪੰਨਾ ਨੰ : 74
12. ਉਹੀ, ਪੰਨਾ ਨੰ :38
13. ਉਹੀ, ਪੰਨਾ ਨੰ : 37
14. ਉਹੀ, ਪੰਨਾ ਨੰ : 116
15. ਉਹੀ, ਪੰਨਾ ਨੰ : 121
16. ਉਹੀ, ਪੰਨਾ ਨੰ : 141
17. ਉਹੀ, ਪੰਨਾ ਨੰ : 139
18. ਉਹੀ, ਪੰਨਾ ਨੰ : 137
19. ਉਹੀ, ਪੰਨਾ ਨੰ : 163
20. ਉਹੀ, ਪੰਨਾ ਨੰ : 163
21. ਉਹੀ, ਪੰਨਾ ਨੰ : 168
🔹🔹🔹🔹🔹🔹🔹🔹
ਪਤਾਃ
ਡਾ. ਹਰਿੰਦਰ ਸਿੰਘ ਤੁੜ
ਅਸਿਸਟੈਂਟ ਪ੍ਰੋਫ਼ੈਸਰ,
ਪੰਜਾਬੀ ਅਧਿਐਨ ਸਕੂਲ,
ਗੁਰੂ ਨਾਨਕ ਦੇਵ ਯੂਨੀਨਰਸਿਟੀ,
ਅੰਮ੍ਰਿਤਸਰ।
ਮੋਬਾਇਲ ਨੰ : 8146542810

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ