“ਖ਼ੈਰ ਪੰਜਾਂ ਪਾਣੀਆਂ ਦੀ” - ਸੰਨ ਸੰਤਾਲੀ ਦੇ ਦਿੱਤੇ ਹੰਝੂਆਂ ਦਾ ਦਰਦਨਾਮਾ : ਗੁਰਭਜਨ ਗਿੱਲ
ਮੇਰੀ ਇਸ ਕਿਤਾਬ ਦਾ ਮੁੱਢ 2003 'ਚ ਬੱਝਾ ਸੀ, ਅੱਜ ਤੋਂ ਲਗਪਗ ਉੱਨੀ ਸਾਲ ਪਹਿਲਾਂ। ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਫ਼ਖ਼ਰ ਜ਼ਮਾਂ ਸਾਹਿਬ ਦੇ ਬੁਲਾਵੇ ਤੇ ਫਲੈਟੀਜ਼ ਹੋਟਲ ਲਾਹੌਰ (ਪਾਕਿਸਤਾਨ) ਪੁੱਜੇ ਤਾਂ ਮਹਿਸੂਸ ਹੋਇਆ ਕਿ ਗੁਰਮੁਖੀ ਦੇ ਨਾਲ ਨਾਲ ਸ਼ਾਹਮੁਖੀ ਚ ਵੀ ਕਿਤਾਬ ਤਿਆਰ ਕਰਨੀ ਚਾਹੀਦੀ ਹੈ। ਕਾਨਫਰੰਸ ਤੋਂ ਪਰਤ ਕੇ ਮੈਂ ਇਹ ਗੱਲ ਆਪਣੇ ਸ਼ੁਭਚਿੰਤਕ ਵੱਡੇ ਵੀਰ ਸ੍ਰ ਪੁਰਦਮਨ ਸਿੰਘ ਬੇਦੀ ਨਾਲ ਸਾਂਝੀ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਹਿੰਦ ਪਾਕਿ ਰਿਸ਼ਤਿਆਂ ਅਤੇ ਸਰਬ ਸਾਂਝੀ ਪੰਜਾਬੀਅਤ ਨਾਲ ਸਬੰਧਿਤ ਕਵਿਤਾਵਾਂ ਹੀ ਇਸ ਕਾਵਿ ਸੰਗ੍ਰਹਿ ਲਈ ਚੁਣੀਆਂ ਜਾਣ। ਟਾਈਪ ਕੀਤਿਆਂ 64 ਪੰਨੇ ਹੀ ਬਣੇ। ਉਰਦੂ ਸ਼ਾਇਰ ਜਨਾਬ ਸਰਦਾਰ ਪੰਛੀ ਜੀ ਨੇ ਇਸ ਦਾ ਸ਼ਾਹਮੁਖੀ ਸਰੂਪ ਤਿਆਰ ਕਰ ਦਿੱਤਾ। ਖੱਬੇ ਪਾਸਿਉਂ ਗੁਰਮੁਖੀ ਤੇ ਸੱਜੇ ਪਾਸਿਉਂ ਸ਼ਾਹਮੁਖੀ ਕਰਦਿਆਂ ਵਿਚਕਾਰਲਾ ਪੰਨਾ ਕੋਰਾ ਰਹਿ ਗਿਆ। ਬਿਲਕੁਲ ਉਵੇਂ ਜਿਵੇ ਨੋ ਮੈਨਜ਼ ਲੈਂਡ ਹੁੰਦੀ ਹੈ। ਦੇਸਾਂ ਵਾਲੇ ਇਸ ਨੂੰ ਜਿਹੜਾ ਨਾਮ ਮਰਜ਼ੀ ਦੇਈ ਜਾਣ ਪਰ ਮੈਂ ਇਸ ਨੂੰ ਰੱਬੀ ਧਰਤੀ ਕਹਿੰਦਾ ਹਾਂ ਜਿਸ ਤੇ ਕਿਸੇ ਦੀ ਮਾਲਕੀ ਨਹੀਂ। ਪਟਵਾਰੀਆਂ ਦੇ ਖ਼ਾਤੇ 'ਚ ਕਿਸੇ ਦੇ ਨਾਂ ਨਹੀਂ ਬੋਲਦੀ ਇਹ ਜ਼ਮੀਨ। ਮੈਂ ਇਸ ਪੰਨੇ ਤੇ ਇੱਕ ਪਾਸੇ ਆਪਣੀ ਤਸਵੀਰ ਤੇ ਦੂਜੇ ਪਾਸੇ ਕਾਲ਼ੇ ਰੰਗ ਦਾ ਗੁਲਾਬ ਧਰ ਦਿੱਤਾ। ਟਾਹਣੀਉਂ ਟੁੱਟ ਮੁਰਝਾ ਕੇ ਅਸੀਂ ਵੀ ਤਾਂ ਬਦਰੰਗ ਹੀ ਹੋ ਗਏ ਹਾਂ ਸੰਤਾਲੀ ਮਗਰੋਂ ਵਿੱਛੜ ਕੇ।
ਇਸ ਪੁਸਤਕ ਦਾ ਪਹਿਲਾ ਸੰਸਕਰਨ 2005 ਚ ਛਪਿਆ ਸੀ ਦੋਹਾਂ ਲਿਪੀਆਂ 'ਚ ਇਕੱਠਾ। ਫਿਰ 2006 ਵਿੱਚ ਕੁਝ ਕਾਪੀਆਂ 2006 ਵਿੱਚ ਮੈਂ ਉਦੋਂ ਪਾਕਿਸਤਾਨ ਲੈ ਕੇ ਗਿਆ ਜਦ ਨਨਕਾਣਾ ਸਾਹਿਬ ਨੂੰ ਪਹਿਲੀ ਬੱਸ ਚੱਲੀ ਸੀ। ਮੈਂ ਇਸ ਵਫ਼ਦ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸ ਰਣਜੋਧ ਸਿੰਘ ਸਮੇਤ ਸ਼ਾਮਿਲ ਸਾਂ। ਇਸ ਬੱਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਜੀ ਨੇ ਅੰਬਰਸਰੋਂ ਤੋਰਿਆ ਸੀ ਝੰਡੀ ਹਿਲਾ ਕੇ ਇਸ ਦਾ ਤੀਜਾ ਸੰਸਕਰਨ ਸਿਰਫ਼ ਗੁਰਮੁਖੀ ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਸਾਲ 2009 ਵਿੱਚ ਛਪਿਆ। ਸੋ ਲਗਪਗ ਖ਼ਤਮ ਹੋ ਚੁੱਕਾ ਹੈ।
ਹੁਣ ਦੇਸ਼ ਵੰਡ ਦੀ 75ਵੀਂ ਵਰ੍ਹੇ ਗੰਢ ਨੂੰ ਚੇਤੇ ਕਰਦਿਆਂ ਮੈਂ ਇਸ ਪੁਸਤਕ ਦਾ ਵਿਸਤ੍ਰਿਤ ਸਰੂਪ ਪਾਠਕਾਂ ਹਵਾਲੇ ਕਰ ਰਿਹਾ ਹਾਂ। 2005 ਮਗਰੋਂ ਹਿੰਦ ਪਾਕਿ ਰਿਸ਼ਤਿਆਂ ਅਤੇ ਸਰਬ ਸਾਂਝੀ ਪੰਜਾਬੀਅਤ ਬਾਰੇ ਲਿਖੀਆਂ ਰਚਨਾਵਾਂ ਇਸ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਦੇਸ਼ ਵੰਡ ਵੇਲੇ ਕੁਰਬਾਨ ਹੋਏ ਦਸ ਲੱਖ ਪੰਜਾਬੀਆਂ ਨੂੰ ਯਾਦ ਕਰਦਿਆਂ ਅੱਥਰੂ ਅੱਥਰੂ ਹਾਂ ਲਗਾਤਾਰ ਸਿਰਫ਼ ਸ਼ਬਦਾਂ ਦੀ ਅੰਜੁਲੀ ਇਹ ਸੋਚ ਕੇ ਭੇਂਟ ਕਰ ਰਿਹਾਂ ਕਿ ਸੰਤਾਲੀ ਮੁੜ ਨਾ ਆਵੇ।
ਸ਼ੇਖੂਪੁਰਾ ਚ ਰਹਿੰਦਾ ਨਿੱਕਾ ਵੀਰ ਤੇ ਸ਼ਾਇਰ ਮੁਹੰਮਦ ਆਸਿਫ਼ ਰਜ਼ਾ ਇਸ ਦਾ ਸ਼ਾਹਮੁਖੀ ਸਰੂਪ ਤਿਆਰ ਕਰੇਗਾ ਤਾਂ ਜੋ ਵਾਘੇ ਦੇ ਪਾਰ ਵੱਸਦੇ ਪੰਜਾਬੀਆਂ ਨੂੰ ਆਪਣੀ ਬਾਤ ਸੁਣਾ ਸਕਾਂ।
ਮੇਰੀ ਮਾਂ ਸਰਦਾਰਨੀ ਤੇਜ ਕੌਰ ਜਦ ਕਦੇ ਵੀ ਸੰਨ ਸੰਤਾਲੀ ਨੂੰ ਚੇਤੇ ਕਰਦੀ ਤਾਂ ਕੰਬ ਉੱਠਦੀ। ਮਰਦੇ ਦਮ ਤੀਕ ਮੈਂ ਉਸਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੀ ਸੁਣਿਆ। ਉਹ ਇਸ ਸਾਲ ਨੂੰ ਚੇਤੇ ਕਰਦਿਆਂ ਅਕਸਰ ਆਖਦੀ, ਜਦੋਂ ਭਾਜੜਾਂ ਪਈਆਂ ਸਨ। ਇਹ ਗੱਲ ਰੌਲਿਆਂ ਵੇਲੇ ਦੀ ਹੈ। ਹੱਲੇ ਗੁੱਲਿਆਂ ਵੇਲੇ ਦੀ ਜਦ ਬੰਦਾ ਬੰਦੇ ਨੂੰ ਖਾਣ ਤੀਕ ਜਾਂਦਾ ਸੀ।
ਉੱਜੜਨ ਮਗਰੋਂ ਏਧਰ ਪਿੰਡ ਬਸੰਤਕੋਟ (ਗੁਰਦਾਸਪੁਰ) 'ਚ ਵੱਸਣ ਦੇ ਬਾਦ ਵੀ ਸਾਡੀ ਪੱਤੀ ਦਾ ਨਾਮ ਪਨਾਹੀਆਂ ਦੀ ਪੱਤੀ ਹੈ।
ਇੱਕ ਵਾਰ ਕੋਈ ਸਥਾਨਕ ਵਾਸਣ ਮੇਰੀ ਮਾਂ ਨਾਲ ਲੜਦਿਆਂ ਮਿਹਣੇ ਮਾਰਨ ਲੱਗੀ ਬੋਲੀ, ਬਹੁਤੀ ਆਕੜ ਆਕੜ ਕੇ ਗੱਲ ਨਾ ਕਰ। ਹੋ ਤਾਂ ਓਹੀ ਓ ਨਾ ਜਿਹੜੇ ਮੁਸਲਮਾਨਾਂ ਨਾਲ ਵਟਾਏ ਹੋਏ। ਮੈਂ ਨਿੱਕਾ ਜਿਹਾ ਸਾਂ ਉਦੋਂ। ਇਸ ਬੋਲ ਦੀ ਰੜਕ ਅਜੇ ਵੀ ਮੇਰੇ ਸੀਨੇ ਵਿੱਚ ਸੁਲਗਦੀ ਹੈ। ਇਸ ਸੰਗ੍ਰਹਿ 'ਚ ਸ਼ਾਮਲ ਰਚਨਾਵਾਂ ਉਸੇ ਦਰਦ ਦਾ ਦਰਦਨਾਮਾ ਹੈ।
ਇਸੇ ਕਤਲੋਗਾਰਤ ਦੇ ਮੌਸਮ ਨੂੰ ਹੀ ਤਾਂ ਕਹਾਣੀਕਾਰ ਮਹਿੰਦਰ ਸਿੰਘ ਸਰਨਾ ਜੀ ਨੇ ਛਵ੍ਹੀਆਂ ਦੀ ਰੁੱਤ ਕਿਹਾ ਸੀ।
ਪਾਕਿਸਤਾਨ ਦੇ ਸrਦੀ ਕਵੀ ਅਹਿਮਦ ਰਾਹੀ ਦੇ ਲਿਖੇ ਤੇ ਬਚਪਨ ਵੇਲੇ ਤੋਂ ਅਮਰਜੀਤ ਗੁਰਦਾਸਪੁਰੀ ਦੇ ਗਾਏ ਬੋਲ ਮੱਥੇ ਵਿੱਚ ਜਾਗਦੇ ਨੇ ਅੱਜ ਵੀ ਸੰਤਾਲੀ ਚੇਤੇ ਕੀਤਿਆਂ।
ਮੇਰੀ ਚੁੰਨੀ ਲੀਰਾਂ ਕਤੀਰਾਂ ਵੇ ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ।
ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖਿੱਲੀਆਂ ਮਾਰੇ
ਸਹਿਕ ਰਹੀਆਂ ਤਕਦੀਰਾਂ, ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ
ਭੈਣ ਕਿਸੇ ਦੀ ਪਈ ਕੁਰਲਾਵੇ
ਖੁੰਝਿਆ ਵੇਲਾ ਹੱਥ ਨਾ ਆਵੇ
ਕਰ ਲਉ ਕੁਝ ਤਦਬੀਰਾਂ,
ਵੇ ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ।
1947 ਵਿੱਚ ਆਮ ਸ਼ਹਿਰੀ ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਵੱਡੀਆਂ ਕੁਰਬਾਨੀਆਂ ਤੇ ਅੰਤਰ ਰਾਸ਼ਟਰੀ ਸੰਕਟ ਕਾਰਨ ਫਰੰਗੀ ਸਾਡਾ ਦੇਸ਼ ਛੱਡ ਜਾਵੇਗਾ, ਪਰ ਛੱਡਣ ਲੱਗਿਆਂ ਕਤਲੋਗਾਰਤ ਵਿੱਚ ਦਸ ਲੱਖ ਪੰਜਾਬੀਆਂ ਦੀ ਜਾਨ ਲੈ ਜਾਵੇਗਾ, ਇਹ ਖ਼ੂਬ ਖ਼ਿਆਲ ਵਿੱਚ ਵੀ ਨਹੀਂ ਸੀ ਕਿ ਬੰਦੇ ਖਾਣੀ ਰੁੱਤ ਸਾਨੂੰ ਏਨਾ ਹੈਂਸਿਆਰਾ ਤੇ ਜ਼ਾਲਮ ਬਣਾ ਦੇਵੇਗੀ, ਕਦੇ ਨਹੀਂ ਸੀ ਸੋਚਿਆ। ਇਸੇ ਗੱਲ ਨੂੰ ਹੀ ਪ੍ਰੋ ਮੋਹਨ ਸਿੰਘ ਨੇ ਆਪਣੀ ਵਿਸ਼ਵ ਪ੍ਰਸਿੱਧ ਨਜ਼ਮ-
ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ।
ਉਹ ਝੁਲੀਆਂ ਤੋਰੇ ਦੇਸ਼ ਤੇ ਮਾਰੂ ਹਨੇਰੀਆਂ,
ਉੱਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ।
ਮੁੜ ਗਾਉਣੇ ਪਏ ਨੇ ਮੈਨੂੰ ਸੋਹਿਲੇ ਖ਼ੂਨ ਦੇ,
ਪਾ ਪਾ ਕੇ ਕੁੰਗੂ ਰੱਤ ਦਾ ਰਤਲਾਣ ਹੋ ਗਿਆ।
ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈ:
ਆਇਆ ਨਾ ਤੈਂ ਕੀ ਦਰਦ ਐਨਾ ਘਾਣ ਹੋ ਗਿਆ।
ਗੁਰਭਜਨ ਸਿੰਘ ਗਿੱਲ(ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ।