Khaahish : Kay Kap

ਖਾਹਿਸ਼ : ਕੇ ਕੈਪ


ਖਾਹਿਸ਼

ਕਾਸ਼ ਤੈਨੂੰ ਮੇਰੇ ਨਾਲ ਇਸ਼ਕ ਹੋਵੇ ਤੇ ਮੈਨੂੰ ਖ਼ਬਰ ਨਾ ਹੋਵੇ ਤੇਰੀ ਅੱਖ ਮੇਰੇ ਲਈ ਅਸ਼ਕ ਚੋਵੇ ਪਰ ਮੈਨੂੰ ਸਧਰ ਨਾ ਹੋਵੇ ਤੇਰੀ ਉਲਫ਼ਤ ਮੇਰਾ ਸ਼ਿਰਕ ਛੋਵੇ ਤੇ ਮੈਨੂੰ ਕਦਰ ਨਾ ਹੋਵੇ ਮੇਰੀ ਖਾਹਿਸ਼ ਦੇ ਵਿੱਚ ਗਰਕ ਹੋਵੇਂ ਪਰ ਮੈਨੂੰ ਅਸਰ ਨਾ ਹੋਵੇ

ਫੋਟੋ

ਹੈ ਨਾਂ ਆਵਦਾ ਲੱਭਦੀ ਨੇ ਤੂੰ ਪਾੜੀ ਜਾਣੇ ਸੀ ਵਰਕੇ ਇੱਕ ਛੱਡ ਦੇਂ ਬੱਸ ਤਾਂ ਇਹ ਸਕੈੱਚ ਫੋਟੋ ਵਿੱਚ ਲਵਾਈ ਗਾਣੇ ਤਾਂ ਮੇਰੇ ਬਣਦੇ ਰਹੇ ਨੇ ਧੁਨਾਂ ਓਪਰੀਆਂ ਕਰਕੇ ਪਰ ਕਿਤਾਬ ਮੈਂ ਸਾਰੀ ਤੇਰੀ ਹਿੱਕ 'ਤੇ ਰੱਖ ਕੇ ਬਣਾਈ

ਮੈਂ

ਮੋਟੀਆਂ ਚੇਨਾਂ ਪਾ ਕੇ ਸੀ ਕੀ ਦੱਸਣਾ ਮੈਂ ਕੀ ਗਾਇਆ? ਕੀ ਦੱਸਾਂ ਮੈਂ ਆਪ ਕੀ ਹਾਂ ਤੇ ਸਿਰ 'ਤੇ ਕਿਸਦਾ ਸਾਇਆ? ਮੈਂ ਕਿਰਣਾਂ ਦਾ ਦੋਹਤਾ ਹਾਂ ਉਸ ਰੱਬੀ ਲੋਅ ਦਾ ਜਾਇਆ ਕਿਰਣਾਂ ਦੀ ਰੇਣੂ ਜੰਮਿਆ ਮੈਨੂੰ ਪਵਨਾਂ ਸੰਗ ਉਡਾਇਆ ਮੈਂ ਚਿੱਕੜ ਮਹਿਕਾਉਣ ਦੇ ਲਈ ਹਾਂ ਜੂਣ ਕਮਲ ਦੀ ਆਇਆ ਤਪਿਸ਼ ਦਾ ਮਿਲਿਆ ਗਹਿਣਾ ਹੀ ਅਸਲ ਮੇਰਾ ਸਰਮਾਇਆ ਜਿਸ ਸੇਕ ਨੂੰ ਲਿਖਤਾਂ ਵਿੱਚ ਛੱਡਦੇ ਨੇ ਇਹ ਮੈਂ ਪਾਇਆ ਕਿ ਹਰ ਵਰਕਾ ਭਰਣ ਨਾਲ ਮੈਂ ਆਪਣਾ ਤੇਜ ਵਧਾਇਆ ਮੰਜ਼ਿਲ ਕੀ ਹੈ ਕਿੱਥੇ ਤੱਕ ਮੈਂ ਇੰਕ ਨੂੰ ਭਰਵਾਇਆ? ਲੋਅ ਹੀ ਜਾਣੇ ਜਿਸਨੇ ਮੈਨੂੰ ਲੜ ਲਿਖਤ ਦੇ ਲਾਇਆ ਆਪਣੀ ਪੂਰਕ ਖੋਹ ਬੈਠਾ ਮੈਂ ਈਗੋ ਵਿੱਚ ਭਰਮਾਇਆ ਨਹੀਂ ਕਿਰਣ ਹੀ ਜੰਮਦਾ ਧੀ ਮੈਂ ਉਸਤੋਂ ਜਿਸਨੂੰ ਚਾਹਿਆ ਮੈਂ ਹਾਂ ਕਿਰਣਾਂ-ਕੁੜੀਆਂ ਦੀ ਰਹਿੰਦ-ਖੂੰਦ ਇੱਕ ਵਾਇਆ ਮਰਦ ਦੱਬ ਕੇ ਤੀਵੀਂ ਨੂੰ ਕੱਦ ਚੰਗਾ ਜੱਗ ਵਸਾਇਆ? ਗੈਰਾਂ ਖਾਤਰ ਮੈਂ ਵੀ ਕਾਫ਼ੀ ਦੁਖੀ ਸਮਾਂ ਹੰਢਾਇਆ ਮੈਂ ਵੀ ਤੁਹਾਡੇ ਵਰਗਾ ਹਾਂ ਭਰੋਸਾ ਕਰ ਪਛਤਾਇਆ

ਜ਼ਿੰਦਗੀ

ਜ਼ਿੰਦਗੀ ਬਾਰੇ ਉਹੀ ਦੱਸੂ ਜਿਹੜਾ ਮਰ ਕੇ ਜਿਉਂਦਾ ਹੋਊ ਜੋ ਜਿਉਂਦੇ ਜੀਅ ਮਰੇ ਪਾਗਲਾ ਉਹਤੋਂ ਕਾਹਦਾ ਪੁੱਛਣਾ? ਹਾਂ ਪੋਸਟਰ ਤਾਂ ਵੱਡੇ ਤੇਰੇ ਲੱਗ ਜਾਣਗੇ ਕੰਧਾਂ 'ਤੇ ਪਰ ਜੀਵਨੀ ਲਿਖਾਉਣ ਜੋਗਾ ਤੇਰੇ ਪੱਲੇ ਕੁਝ ਨਾ

ਅੱਖਾਂ

ਅੱਖਾਂ ਦਾ ਜਿਹ ਖੇਡ ਸੀ ਅੱਖਾਂ ਮੈਂ ਕਿਉਂ ਨਾ ਖੋਲ੍ਹੀਆਂ? ਅੱਖਾਂ 'ਚੀ ਜਿਹ ਭੇਤ ਸੀ ਅੱਖਾਂ ਹੀ ਕਿਉਂ ਨਾ ਬੋਲੀਆਂ? ਅੱਖਾਂ ਨੂੰ ਬੜੀ ਉਡੀਕ ਸੀ ਅੱਖਾਂ ਕਦੇ ਤਾਂ ਵਿਛਣ ਗਿਆਂ ਅੱਖਾਂ ਵਿੱਚ ਚੜ੍ਹੀ ਤਰੀਕ ਸੀ ਅੱਖਾਂ ਕਦੇ ਤਾਂ ਦਿਖਣ ਗਿਆਂ ਅੱਖਾਂ ਦੇ ਵਧੇ ਉਲਾਂਭੇ ਪਰ ਅੱਖਾਂ ਨੂੰ ਹੋਸ਼ ਪਿਆ ਨਾ ਅੱਖਾਂ ਨੇ ਅੱਥਰੂ ਸਾਂਭੇ ਪਰ ਅੱਖਾਂ ਨੇ ਦੋਸ਼ ਕਿਹਾ ਨਾ ਅੱਖਾਂ ਨੇ ਇੱਕ ਵਾਰੀ ਬੱਸ ਅੱਖਾਂ ਦੇ ਵਿੱਚ ਖੁਭਣਾ ਸੀ ਅੱਖਾਂ ਨੇ ਰੋ ਹਾੜ੍ਹੇ ਦੱਸ ਅੱਖਾਂ ਦੇ ਵਿੱਚ ਡੁੱਬਣਾ ਸੀ

ਨੂਰ

ਇਹ ਸਵੇਰਾਂ ਦਾ ਸਰੂਰ ਇਹੋ ਸ਼ਾਮਾਂ ਦਾ ਗੁਮਾਨ ਤੇਰੇ ਚਿਹਰੇ ਦਾ ਹੈ ਨੂਰ ਕਰਾਮਾਤਾਂ ਦਾ ਸਮਾਨ

ਪਲ

ਇੱਕ ਸਵਾਲ ਮੇਰਾ ਤੇਰੇ ਤੋਂ ਕਿ ਕਦੋਂ ਤੋਂ ਤੂੰ ਮੇਰੇ ਨਾਲ ਇਸ ਅਹਿਸਾਸ ਨਾਲ ਜ਼ਿੰਦਗੀ ਜੀਣੀ ਜਿਵੇਂ ਅਗਲੇ ਹੀ ਪਲ ਸਬ ਕੁਝ ਖ਼ਤਮ ਹੋ ਜਾਣਾ ਹੁੰਦਾ ਹੋਵੇ? ਫੇਰ ਇੱਕ ਸਵਾਲ ਖ਼ੁਦ ਤੋਂ ਕਿ ਜੇਕਰ ਕੱਲ ਤੋਂ ਇੱਦਾਂ ਹੋ ਗਿਆ ਤਾਂ ਕੀ ਫੇਰ ਆਪਾਂ ਦੋਵੇਂ "ਰੱਬਾ, ਬੱਸ ਇੱਕ ਪਲ ਹੋਰ..." ਇੱਕੋ ਸਮੇਂ ਵਿਚਾਰਿਆ ਕਰਾਂਗੇ?

ਦਿਨ

ਸਵੇਰ ਤੋਂ ਸ਼ਾਮ ਤੱਕ ਇੱਕ ਆਰਾਮ ਤੱਕ ਦਿਨ ਚੇਤੇ ਆਉਣ ਪੁਰਾਣੇ ਮੰਜ਼ਿਲ ਤਾਂ ਹਾਲੇ ਬਹੁਤ ਦੂਰ ਹੈ ਦੱਸ ਕਿੰਞ ਭੁੱਲਣੇ ਯਾਰਾਨੇ? ਜਿਨ੍ਹਾਂ 'ਤੇ ਕਦੇ ਮਾਨ ਕੀਤਾ ਜਦ ਉਹੀ ਨਿਕਲੇ ਬੇਗਾਨੇ ਤਾਂ ਦੱਸ ਆਪਣੇ ਆਪ ਨੂੰ ਕਿਹੜੇ ਲਾਵਾਂ ਹੋਰ ਬਹਾਨੇ? ਸਵੇਰ ਤੋਂ ਸ਼ਾਮ ਤੱਕ ਨਿੱਤ ਉਸਦੇ ਨਾਮ ਤੱਕ ਦਿਨ ਚੇਤੇ ਆਉਣ ਪੁਰਾਣੇ

ਭੁਲੱਕੜ

ਭੁੱਲ ਗਿਆ ਸੀ ਕੁਝ ਕਰਨਾ ਸੀ ਕੁਝ ਚੱਕਣ ਲਈ ਕੁਝ ਧਰਨਾ ਸੀ ਤੇ ਭੁੱਲ ਗਿਆ ਸੀ ਕੁਝ ਬਣਨਾ ਸੀ ਤੈਨੂੰ ਸਦਾ ਲਈ ਸਬ ਕੁਝ ਮੰਨਣਾ ਸੀ ਇਹ ਵੀ ਭੁੱਲ ਗਿਆ ਸੀ ਕਿ ਇਹ ਜੱਗ ਹੈ ਤੇ ਇਸ ਵਿੱਚ ਡਾਹਢਾ ਸਿਰਫ਼ ਰੱਬ ਹੈ ਇਹ ਵੀ ਭੁੱਲ ਗਿਆ ਸੀ ਸਬ ਚਲਦਾ ਨੀ ਸਬ ਮੁੱਕ ਜਾਂਦੈ ਪਰ ਮਰਦਾ ਨੀ ਦਿਲ ਨਾਲ ਜੀਣ ਲਈ ਲਾਇਆ ਸੀ ਆਪਾਂ ਰੱਬ ਦੇ ਚਰਨੀਂ ਬਹਿਣਾ ਸੀ ਤੈਨੂੰ ਇਹੀ ਕਹਿਣ ਮੈਂ ਆਇਆ ਸੀ ਜਦ ਭੁੱਲ ਗਿਆ ਸੀ ਕੁਝ ਕਹਿਣਾ ਸੀ

ਦਾਅਵਾ

ਗੱਲ ਨਾ ਜਜ਼ਬਾਤਾਂ ਦੀ ਹੁੰਦੀ ਤਾਂ ਸੁੱਨੀਆਂ ਰਾਤਾਂ ਮੈਂ ਡੂੰਘੀ ਸ਼ਾਇਰੀ ਦੇ ਵਿੱਚ ਕੱਟਦਾ ਕਿਉਂ? ਰੈਪ ਤੇਰੇ ਲਈ ਰਚਦਾ ਕਿਉਂ? ਗੱਲ ਕਿੱਦਾਂ ਸੀ ਸ਼ੁਰੂ ਹੋਈ ਤੇ ਅੱਜ ਕਿੱਥੇ ਜਾ ਖਲੋਈ? ਐਵੇਂ ਕਰਦਿਆਂ ਚਿਟ-ਚੈਟ ਸੀ ਦਿਸ-ਦੈਟ ਜਦੋਂ ਹੋਈ ਤੈਨੂੰ ਉਦੋਂ ਹੀ ਗਲ਼ ਨਾਲ ਲਾ ਲੈਂਦਾ ਪਛਤਾਵਾ ਰਹੂ ਉਹ ਮੇਰੇ ਜਿਹਾ ਨੀ ਚਾਹ ਸਕਦਾ ਤੈਨੂੰ ਦਾਅਵਾ ਰਹੂ

ਮਾਂ

ਉਹਨੇ ਕਦਰ ਕਰਨੀ ਸਿਖਾਈ ਮੈਂ ਦਿਨੋਂ-ਦਿਨ ਕਦਰ ਗੁਆਈ ਸ਼ੈਤਾਨੀ ਜੱਗ ਮਨਾਉਂਦੇ ਨੇ ਮੈਂ ਰੱਬ ਜਿਹੀ ਮਾਂ ਰਵਾਈ ਸਿਰਫ਼ ਮਾਂ ਸੀ ਮੈਨੂੰ ਪੁੱਛਦੀ ਜੱਦ ਸੀ ਹੋਰਾਂ ਬਾਰੇ ਸੋਚਦਾ ਉਹ ਮੇਰੀ ਚਿੰਤਾ ਕਰਦੀ ਸੀ ਜੱਦ ਮੈਂ ਚਿੰਤਾਵਾਂ ਖੋਜਦਾ ਉਹਨੇ ਪੁੱਠੇ ਕੰਮੋਂ ਹਟਾਇਆ ਤੇ ਮੈਂ ਪੁੱਠਾ ਬੋਲ ਹਟਾਈ ਝੂਠਾ ਜੱਗ ਮਨਾਉਂਦੇ ਨੇ ਮੈਂ ਸੱਚ ਜਿਹੀ ਮਾਂ ਰਵਾਈ ਉਹ ਦੇਖ ਕੇ ਮੈਨੂੰ ਖ਼ੁਸ਼ ਹੋਵੇ ਮੈਂ ਅੱਖਾਂ ਕਿੰਞ ਮਿਲਾਵਾਂ? ਕੀ ਵਧ ਕੇ ਮੇਰੇ ਤੋਂ ਕੁਝ ਹੋਵੇ? ਉਹਦੇ ਬੋਲ ਭੁੱਲ ਨਾ ਪਾਵਾਂ ਜਿਸ ਖ਼ਾਬ ਦੇ ਸਰੂਰ ਦੇ ਵਿੱਚ ਉਹਦੀ ਮਮਤਾ ਗਿਆ ਭੁਲਾਈ ਉਸ ਸੁਪਨੇ ਦੇ ਟੁੱਟਣ ਤੇ ਹੋਰ ਦਿਲ ਉਹਦਾ ਗਿਆ ਦੁਖਾਈ ਉਹ ਮੇਰੀਆਂ ਸੱਟਾਂ ਤੇ ਰੋਈ ਉਸਦੇ ਦੁਖੜੇ ਗਿਆ ਵਧਾਈ ਇਹ ਲਿਖਣ ਲਈ ਅਰਜ਼ੋਈ ਮੈਂ ਆਪਣੀ ਹੀ ਮਾਂ ਰਵਾਈ

ਲਿਬਾਸ

ਲਿਬਾਸ ਸਾਰੇ ਕੱਢੀ ਖੜ੍ਹੀ ਤੂੰ ਚੱਲ ਮੈਨੂੰ ਅਸਲ ਤਾਂ ਦਿਖੀ ਹੁਣ ਹੋ ਜਾ ਤਿਆਰ ਕੀ ਸੋਚਦੀ ਏਂ? ਅੱਜ ਤਾਂ ਸਾਫ਼ ਜਿਹਾ ਪਾ ਲਈਂ ਨਾ ਆਹੀ ਪਾ ਲੈ ਹੈਰਾਨੀ ਭਰਿਆ ਜਾਂ ਤੇਰੇ ਦਿਲ ਦੇ ਉਲਟ ਚਿੱਟਾ ਮੇਰੇ ਮਰਗ 'ਤੇ ਹੀ ਤਾਂ ਜਾਣਾ ਹੈ ਸਬ ਤੇਰੇ ਹੀ ਰੰਗ ਉੱਥੇ ਦੇਖਣਗੇ ਵੈਸੇ ਆ ਸ਼ਰਮਿੰਦਗੀ ਵਾਲਾ ਵੀ ਫੱਬੂ ਤੇ ਇੱਕ ਉਹ ਉਦਾਸ-ਉਦਾਸ ਜਿਹਾ ਚੱਕ ਲਗਾ ਕੇ ਖੜ ਤਾਂ ਤੂੰ ਸ਼ੀਸ਼ੇ ਮੂਹਰੇ ਦੇਖ ਮੇਰੀ ਜਿਆਦਾ ਕਿਸ ਵਿੱਚ ਲੱਗੇਂਗੀ ਆਹ ਜਿਹੜਾ ਹਰ ਰਿਲੇਸ਼ਨ ਵਿੱਚ ਤੂੰ ਇੱਕ ਵਾਰ ਪਾਇਆ ਹੋਣਾ ਚਲਾਕੀ ਦਾ ਰਹਿਣ ਦੇ ਅੱਜ ਨਾ ਪਾਈਂ ਛੇਤੀ ਕਰ ਚੱਲ ਤੂੰ ਢੱਕ ਹੁਣ ਆਪਣੀ ਹੋਂਦ ਨੂੰ

ਮਨ

ਉਸ ਦਿਨ ਦੇਰ ਸ਼ਾਮ ਤੱਕ ਮੈਂ ਇਹ ਸੋਚਦਾ ਰਿਹਾ ਕਿ ਕਿਉਂ ਦਿਲ ਤੇਰੇ ਦੀਦਾਰ ਨੂੰ ਤਰਸਦਾ ਹੁੰਦੈ? ਤੇ ਨਾਲੇ ਅੰਦਰੋਂ ਹੀ ਅੰਦਰੋਂ ਗੁੱਸੇ ਹੁੰਦੈ ਪਰ ਫੇਰ ਵੀ ਤੇਰੇ ਲਈ ਇਹ ਖ਼ੁਸ਼ ਹੁੰਦੈ ਕੱਲੇਪਣ ਦੇ ਇੱਕ ਮੋੜ 'ਤੇ ਮੈਨੂੰ ਲਿਆ ਕੇ ਛੱਡ ਜਾਂਦੈ ਤੇਰੀਆਂ ਸੋਚਾਂ ਵਿੱਚੋਂ ਹੀ ਮੈਨੂੰ ਕੱਲੇਪਣ ਤੋਂ ਇਹ ਕੱਢ ਜਾਂਦੈ ਫੇਰ ਸੋਚਦਾਂ ਇੱਕ ਨਜ਼ਰ ਤਾਂ ਮਿਲੀ ਸੀ ਜਿਵੇਂ ਤੂੰ ਮੇਰੇ ਲਈ ਹੀ ਖੜ੍ਹੀ ਸੀ ਪਰ ਤੇਰਾ ਮੈਨੂੰ ਵੇਖ ਕੇ ਚਲੇ ਜਾਣਾ ਦੱਸ ਦਿੰਦੈ ਕਿ ਸੋਚ, ਸੋਚ ਹੀ ਸੀ ਸੱਚ ਜਿੰਨ੍ਹੀ ਨਹੀਂ ਖਰੀ ਸੀ ਕਿਸੇ ਇੱਕ ਨਾਲ ਪਿਆਰ ਹੋਣਾ ਦੂਜੇ ਲਈ ਹਮੇਸ਼ਾ ਵਹਿਮ ਹੁੰਦੈ ਪਰ ਕਿਸੇ ਨਾਲ ਕੀਤਾ ਗਿਆ ਪਿਆਰ ਉਸ ਵਿਚਾਰੇ 'ਤੇ ਹੀ ਰਹਿਮ ਹੁੰਦੈ ਰਹਿਮ 'ਚ ਜਾਂ ਅਹਿਸਾਨ 'ਚ ਤੇਰੇ ਨਾਮ ਦਾ ਜ਼ਿਕਰ ਹੀ ਕਿਉਂ ਮਨ ਨੂੰ ਸੁਕੂਨ ਦਿੰਦੈ? ਚਾਹੇ ਮਨ ਅੰਦਰੋਂ ਹੀ ਅੰਦਰੋਂ ਗੁੱਸੇ ਹੁੰਦੈ ਪਰ ਫੇਰ ਵੀ ਤੇਰੇ ਲਈ ਇਹ ਖ਼ੁਸ਼ ਹੁੰਦੈ

ਗੀਤ

ਲਫ਼ਜ਼ ਜਿੰਨੇ ਕੁ ਲਿਖ ਚੱਲਿਆਂ ਤੁਸੀਂ ਦੂਹਰੇ ਨਾ ਕਰਿਉ ਕੁਝ ਗੀਤ ਮੇਰੇ ਅਧੂਰੇ ਨੇ ਉਹ ਪੂਰੇ ਨਾ ਕਰਿਉ ਐਵੇਂ ਦਰਿਆ ਜੋ ਰਚ ਦਿੱਤੇ ਹੋਰ ਗੂਹੜੇ ਨਾ ਕਰਿਉ ਕੁਝ ਗੀਤ ਮੇਰੇ ਅਧੂਰੇ ਨੇ ਉਹ ਪੂਰੇ ਨਾ ਕਰਿਉ ਸਬ ਮੇਰੇ ਦਿਲ ਦੇ ਟੁੱਕੜੇ ਨੇ ਹੋਰ ਚੂਰੇ ਨਾ ਕਰਿਉ ਕੁਝ ਗੀਤ ਮੇਰੇ ਅਧੂਰੇ ਨੇ ਉਹ ਪੂਰੇ ਨਾ ਕਰਿਉ ਸੰਪੂਰਨਤਾ ਦੇ ਕਿਸੇ ਵਿਸ਼ੇ ਮੈਨੂੰ ਮੂਹਰੇ ਨਾ ਕਰਿਉ ਕੁਝ ਗੀਤ ਮੇਰੇ ਅਧੂਰੇ ਨੇ ਉਹ ਪੂਰੇ ਨਾ ਕਰਿਉ

ਦਿਲ

ਕਾਸ਼ ਇਹ ਜਾਣਿਆ ਜਾ ਸਕਦਾ ਕਿ ਸੱਚੇ ਦਿਲੋਂ ਕਿੰਨੀ ਵਾਰ ਮੈਂ ਤੈਨੂੰ ਯਾਦ ਆਇਆ ਹੋਊਂ ਜਾਂ ਕੋਈ ਦੱਸ ਸਕਦਾ ਤੈਨੂੰ ਕਿ ਤੇਰੇ ਬਗ਼ੈਰ ਤੇਰੇ ਨਾਲ ਮੈਂ ਕਿੰਨਾ ਸਮਾਂ ਬਿਤਾਇਆ ਹੋਊ ਤਾਂ ਇਹ ਪਿਆਰ ਦੀ ਜੰਗ ਆਪਾਂ ਦੋਵੇਂ ਜਿੱਤੇ ਹੁੰਦੇ ਨਾ ਐਦਾਂ ਹਾਰੇ ਹੁੰਦੇ ਹੁੰਦੇ ਦੋਵਾਂ ਦੇ ਹੀ ਨਾਮ ਫੇਰ ਸਾਰੇ ਬੀਤੇ ਪਲ ਨਾ ਕੁਝ ਰੱਬ ਸਹਾਰੇ ਹੁੰਦੇ ਮਹਿਸੂਸ ਇਹ ਹੁਣ ਮੈਨੂੰ ਹੋਵੇ ਮੈਨੂੰ ਕਿਉਂ ਉਹਨਾਂ ਦਿਨਾਂ 'ਚ ਆਹ ਪਹਿਲਾ ਪਿਆਰ ਹੋਇਆ ਸੀ? ਅਫ਼ਸੋਸ ਤੂੰ ਵੀ ਕੀਤਾ ਹੋਣਾ ਤੇਰੀਆਂ ਜਿਨ੍ਹਾਂ ਅਦਾਵਾਂ ਦਾ ਆਹ ਦਿਲ ਸ਼ਿਕਾਰ ਹੋਇਆ ਸੀ

ਪਿਆਸ

ਸਾਂਭੀ ਹੋਈ ਸੀ ਪਿਆਸ ਕਿ ਤਲਾਬ ਦੂਰ ਹੋਣਾ ਉੱਤੋਂ ਵਕਤ ਇਹਨੂੰ ਹੋਰ ਵਧਾ ਤਾ ਹਰੇਕ ਪਾਣੀ ਪੁੱਛਦੇ ਤੋਂ ਪੀ ਨਹੀਂਉਂ ਹੋਇਆ ਕਿਸੇ ਨਾ ਪੁੱਛ ਕੇ ਵੀ ਰਜਾ ਤਾ

ਹਿਜਰ

ਤੇਰੇ ਹਿਜਰ ਦਾ ਸਾਥ ਰਕਾਨੇ ਘੜ ਗਿਐ ਮੇਰਾ ਆਪ ਰਕਾਨੇ ਸੁਖੀ ਜੋ ਵੱਸ ਗਈ ਏਂ ਤੂੰ ਤੈਨੂੰ ਲੱਗਿਐ ਮੇਰਾ ਸ਼ਰਾਪ ਰਕਾਨੇ ਜਾਣ ਗਏ ਹਰ ਬਾਤ ਰਕਾਨੇ ਕਾਗ਼ਜ਼ ਕਲਮ ਦਵਾਤ ਰਕਾਨੇ ਲਿਖਣ ਦਾ ਕੰਮ ਲਵਾ ਗਿਐ ਮੈਨੂੰ ਤੇਰੇ ਹਿਜਰ ਦਾ ਸਾਥ ਰਕਾਨੇ

ਦਹਿਲੀਜ਼

ਜੋ ਕਦੇ ਕਿਤੇ ਮੈਨੂੰ ਮਿਲੀ ਹੀ ਨਹੀਂ ਉਸ ਫ਼ੇਮ ਨਾਲ ਜ਼ਿੰਦਗੀ ਜੀਣੀ ਸੀ ਜੱਦ ਜੀਣ ਦੀ ਆਸ ਗਵਾ ਬੈਠਾ ਉਦੋਂ ਆਪ ਹੀ ਫ਼ੇਮ ਉਹ ਆ ਗਈ ਘਰ ਕਿੰਞ ਉਹਨੂੰ ਇੱਕਦਮ ਵਿਆਹ ਲੈਂਦਾ? ਪਈ ਉਮਰ ਬਚੀ ਹੁਣ ਕਿੰਨੀ ਸੀ? ਦਹਿਲੀਜ਼ 'ਤੇ ਬਾਤਾਂ ਪਾਈ ਗਏ ਨਾ ਮੋੜ ਹੋਇਆ ਨਾ ਸੱਦ ਅੰਦਰ

ਮੇਲ

ਮੈਂਨੂੰ ਘੁੱਟ ਗਲਵੱਕੜੀ ਪਾਉਣ ਲਈ ਖ਼ੁਸ਼ਬੋ ਚੱਲਦੀ ਤੇਰੇ ਸਾਹਾਂ ਤੋਂ ਪਰ ਅੱਖੀਆਂ ਕੋਲ ਬਿਠਾਉਣ ਲਈ ਮਨ ਮੁੜਦਾ ਤੇਰੀਆਂ ਥਾਵਾਂ ਤੋਂ ਹੈ ਰੱਬ ਸਬੱਬੀ ਮੇਲ ਹੋਣਾ ਕੀ ਲੈਣਾ ਸਾਂਝਿਆਂ ਰਾਹਾਂ ਤੋਂ? ਤੈਨੂੰ ਦਿਲ ਦੇ ਵਿੱਚ ਹੀ ਰੱਖ ਲਿਆ ਕੀ ਲੈਣਾ ਪਾਉਣ ਦਿਆਂ ਚਾਵ੍ਹਾਂ ਤੋਂ?

ਬੀਬਾ

ਐਵੇਂ ਮੁੰਦੀਆਂ ਲਈ ਗਾਲ੍ਹਦੇ ਜਵਾਨੀ ਨਾ ਤਾਂ ਗੱਲ ਰੂਹਾਂ ਦੀ ਵੀ ਜਾਂਦੀ ਰਹਿ ਖ਼ਤਾਂ-ਟੈਕ੍ਸਟਾਂ 'ਚ ਸਾਂਭਦੇ ਕਹਾਣੀ ਨਾ ਤਾਂ ਕੀ ਇਹ ਕਿਸੇ ਕੋਲੋਂ ਹੁੰਦੀ ਕਹਿ? ਕੀ ਜਾਂਦਾ ਰੁੱਕ ਫੁੱਲ ਦਿਲਾਂ ਵਿੱਚ ਉੱਗਣੋ ਜਿਹ ਬੀਜ ਵੇਲ਼ੇ ਆ ਕੇ ਬੋਂਦੇ ਨਾ? ਕੀ ਆਪਾਂ ਬੱਚ ਜਾਂਦੇ ਗ਼ਮਾਂ ਵਿੱਚ ਡੁੱਬਣੋ ਜਿਹ ਰਾਤਾਂ ਕੱਲੇ ਬਹਿ ਕੇ ਰੋਂਦੇ ਨਾ? ਆਪਣੇ ਰਾਜ਼ ਤੇਰੀ ਪਿੱਠ 'ਤੇ ਜੋ ਲਿਖੇ ਹੋਏ ਨੇ ਤੇਰਾ ਹਬੀ ਹੱਥ ਫੇਰਦਾ ਹੋਇਆ ਵੀ ਕੀ ਪੜ੍ਹੂ? ਆਪਾਂ 'ਕੱਠਿਆਂ ਨੇ ਛੱਡਣਾ ਜਹਾਨ ਇਹ ਬੀਬਾ ਆਪਣੀ ਯਾਦ ਵੀ ਆਪਾਂ ਦੋਵਾਂ ਦੇ ਨਾਲ ਹੀ ਮਰੂ

ਬਚਪਨ

ਦੱਸ ਕਦੋਂ ਪੁੱਛੇਂਗਾ ਇਹ ਖ਼ੁਦ ਨੂੰ ਤੂੰ? ਕਿ ਬਚਪਨ ਤੇਰਾ ਕਿਹੋ ਜਿਹਾ ਬੀਤਦਾ ਜਿਹ ਤੂੰ ਅੱਜ ਦੇ ਬ੍ਰੈਂਡਜ਼ ਵਿੱਚ ਪਲਦਾ? ਜਿਹ ਦੂਜੀ ਕਲਾਸ ਦੇ ਆਰਟਸ ਪੀਰਿਅਡ 'ਚ ਡੈਡ ਦੀ ਲਗਜ਼ਰੀ ਕਾਰ ਦਾ ਲੋਗੋ ਬਣਾਉਂਦਾ ਫੇਰ ਮੈਮ ਨੂੰ ਕਹਿ ਕੇ ਉਹਦੀ ਸਟੋਰੀ ਪਵਾਉਂਦਾ ਕੀ ਤੂੰ ਫੇਰ ਲਾਈਕ੍ਸ ਤੋਂ ਆਵਦੀ ਮੌਮ ਨੂੰ ਪੁੱਛਦਾ ਕਿ ਵੱਡਾ ਹੋ ਕੇ ਆਰਟਿਸਟ ਬਣੇਂਗਾ ਜਾਂ ਕੁਝ ਹੋਰ? ਜਿਹ ਉਹ ਲਾਈਕ੍ਸ ਮਾਂ ਨੇ ਫੇਕ ਕਰਵਾਏ ਹੁੰਦੇ? ਕਿਸੇ ਹਾਈ ਗ੍ਰਾਫਿਕ ਗੇਮ ਦੇ ਵਿੱਚ ਲਾਸ੍ਟ ਆਉਣ 'ਤੇ ਤੂੰ ਅਣਦੇਖੇ ਵਿਰੋਧੀਆਂ ਨਾਲ ਕਿਸ ਤਰ੍ਹਾਂ ਦੀ ਵਰਚੁਅਲ ਰੋਂਢੀ ਪਿੱਟਦਾ? ਅੱਖਾਂ ਸੁਜਾ ਕੇ ਰਾਤੀਂ ਆਈ ਡ੍ਰੌਪ੍ਸ ਪਾਉਣਾ ਅਤੇ ਫ਼ਿਕਰ ਜਤਾਉਣਾ ਕੰਮ ਹੁੰਦਾ ਨਿੱਤ ਦਾ ਤਾਂ ਕਿਵੇਂ ਡਰ ਜਿੱਤਦਾ ਤੂੰ ਖੇਡਦਾ-ਮਲ੍ਹਦਾ? ਕਦੋਂ ਦੱਸੇਂਗਾ ਆਪਣੇ ਬੱਚਿਆਂ ਨੂੰ ਤੂੰ? ਕਿ ਬਚਪਨ ਤੇਰਾ ਕਿੱਦਾਂ ਪਿੰਡ ਸੀ ਬੀਤਦਾ ਪਰਛਾਵਾਂ ਤੇਰੀ ਉਮਰ ਦਾ ਜਾਵੇ ਢਲਦਾ

ਅਫ਼ਸੋਸ

ਬੜੀ ਖ਼ੂਬਸੂਰਤ ਨਜ਼ਮ ਲਿਖੀ ਏ ਅਫ਼ਸੋਸ ਤੈਨੂੰ ਸਮਝ ਨੀ ਆਉਣੀ ਨਾਮ ਹੈ ਜ਼ਿੰਦਗੀ ਚਾਰ ਨੇ ਟੱਪੇ ਹਰ ਅੱਖਰ ਇੱਕ ਲੰਮੀ ਕਹਾਣੀ ਤੇਰੇ ਜਿਹੇ ਹੀ ਮੂਡ ਨੇ ਉਹਦੇ ਤੇਰੇ ਜਿਹੇ ਹੀ ਬੋਲ ਸ਼ੈਤਾਨੀ ਤੇਰੇ ਵਾਂਗ ਗਈ ਪਰਖੀ ਮੈਨੂੰ ਤੇਰੇ ਵਾਂਗ ਹੀ ਪਈ ਹੰਢਾਉਣੀ

ਫੈਸਲਾ

ਮੇਰਾ ਨਾ ਉੱਗਣਾ ਇੱਕ ਫੈਸਲਾ ਹੈ ਮੇਰਾ ਨਾ ਉੱਡਣਾ ਇੱਕ ਜ਼ਿੱਦ ਮੇਰਾ ਪਏ ਰਹਿਣਾ ਇੰਜ ਲਾਜ਼ਮੀ ਹੈ ਮੇਰਾ ਤੁਰਨਾ ਦਵੂ ਜੱਗ ਮਿੱਧ

ਗਰਾਰੀ

ਅੱਜ ਮੇਰੀ ਅੜੀ ਗਰਾਰੀ ਏ ਰੱਬਾ ਤੇਰੇ ਤੋਂ ਕਿਰਪਾ ਲੈਣੀ ਜਾਂ ਸਬ ਕੁਝ ਮੈਨੂੰ ਦੇ ਦੇ ਤੂੰ ਜਾਂ ਸਬ ਕੁਝ ਮੇਰੇ ਤੋਂ ਲੈ ਲੈ ਹੁਣ ਤੱਕ ਮੈਂ ਜੋ ਹੰਢਾ ਲਿਆ ਤੂੰ ਵੀ ਤਾਂ ਨਿੱਤ ਹੰਢਾਵੇਂ ਆਪਾਂ ਦੋਵੇਂ ਜੱਗ ਘੜਦੇ ਹਾਂ ਤੈਨੂੰ ਤਾਂ ਸਾਰੀ ਸਮਝ ਹੈ ਜਾਂ ਤਾਂ ਇਹ ਜਹਾਨ ਤੂੰ ਮੇਰੇ ਮੁਤਾਬਿਕ ਘੜ ਦੇ ਜਾਂ ਮੇਰੀ ਇਹ ਹਸਤੀ ਮਿਟਾ ਜਿਵੇਂ ਮੈਂ ਹੋਇਆ ਹੀ ਨੀ ਜਾਂ ਟਾਈਮਲਾਈਨ 'ਚੋਂ ਚੱਕ ਜਾਂ ਟਾਈਮ ਪੈਰਾਂ ਵਿੱਚ ਰੱਖ ਗ਼ਰੂਰ ਰੱਜਕੇ ਕੱਢਣ ਦੇ ਜਾਂ ਗ਼ਰੂਰ ਦਾ ਕੰਡਾ ਕੱਢ ਕਿਸੇ ਜੱਜ ਵਾਂਗ ਇਹ ਹੁਣ ਦਾ ਫੈਸਲਾ ਤੂੰ ਅਗਲੇ ਜੁਗ ਵਿੱਚ ਕੀਤਾ ਤੇ ਕੀ ਕੀਤਾ? ਸ਼ਾਇਦ ਉਦੋਂ ਮੈਂ ਐਦਾਂ ਲਚਾਰ ਜਿਹਾ ਹੀ ਹੋਣਾ ਚਾਹੁੰਦਾ ਹੋਵਾਂ ਤੇ ਉਦੋਂ ਤੂੰ ਮਨਮਰਜ਼ੀ ਦੇ ਦਵੇਂ ਹੁਣ ਦੀ ਇੱਛਾ ਅੱਗੇ ਕਿਉਂ? ਤੇ ਪਿੱਛਲੇ ਦੀ ਸਜ਼ਾ ਹੁਣ ਕਿਉਂ? ਤੂੰ ਕਹਿ ਕੇ ਮਾਰ ਦੇਈਂ ਕੰਸ ਵਾਂਗ ਪਰ ਮਰਜ਼ੀ ਦੇ ਜੀਵਨ ਦਾ ਵਰ ਦੇ ਤੇਰੇ ਘੜੇ ਜੱਗ ਦੇ ਵਿੱਚ ਦੇਖ ਮੈਂ ਹੀ ਤੈਨੂੰ ਘੜ ਰਿਹਾ ਹਾਂ ਤੇ ਮੈਨੂੰ ਲਿਖਤਾਂ ਦੇਣ ਵਾਲੇ ਨੂੰ ਤੂੰ ਹੀ ਕਿਤੋਂ ਦੀ ਪੜ੍ਹ ਰਿਹਾ ਏਂ ਕੌਣ ਕੀਹਦਾ ਰੱਬ ਹੈ ਰੱਬਾ ਤੂੰ ਮੇਰਾ ਜਾਂ ਮੈਂ ਤੇਰਾ? ਮੈਨੂੰ ਤੇਰੀ ਇਹ ਇਬਾਰਤ ਸਮਝ ਜਿਹੀ ਨੀ ਆਉਂਦੀ ਚੱਲ ਛੱਡ ਗਰਾਰੀ ਅੜੀ ਇਹ ਹੁਣ ਮੈਂ ਲਿਖ ਕੇ ਛੱਡਦਾ ਜਾਂਦਾਂ ਮੈਨੂੰ ਤੇਰੀ ਇਹੋ ਸ਼ਰਾਰਤ ਹੈ ਗੁੱਸਾ ਤੇਰੇ 'ਤੇ ਦਵਾਉਂਦੀ

ਸ਼ੌਂਕ

ਉਹ ਖੜ੍ਹੀ ਹੁੰਦੀ ਹੈ ਮੇਰੇ ਵੱਲ ਦੇਖਦੀ ਫੇਰ ਮੈਨੂੰ ਦੇਖ ਉਹਨੇ ਜਾਣਾ ਹੁੰਦਾ ਹੈ ਲੋੜਾਂ ਨਵੀਆਂ ਤੋਂ ਅੱਕੇ ਹਰ ਦਿਲ ਨੇ ਇੱਕ ਸ਼ੌਂਕ ਸਾਂਭਿਆ ਪੁਰਾਣਾ ਹੁੰਦਾ ਹੈ ਮੈਂ ਦੇਖਦਾ ਨੀ ਖ਼ੈਰ ਅੱਖ ਹੁੰਦੀ ਨੀ ਮਿਲਾ ਸ਼ਾਇਦ ਤਾਂ ਹੁਣ ਬਹੁਤਾ ਹੁੰਦਾ ਵੀ ਨਹੀਂ ਗਿਲ਼ਾ ਤੇ ਜਦ ਨੇੜਿਓਂ ਦੀ ਥੋੜਾ ਦੂਰ ਜਿਹੇ ਵੱਧਦੇ ਹਾਂ ਲੋਕ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਇੱਕ ਲੱਗਦੇ ਹਾਂ ਕਦੇ ਮੁਸਕਰਾ ਕੇ ਉਹਨੇ ਕਿਸੇ ਗੈਰ ਕਰਕੇ ਹੀ ਲਾ ਕੇ ਕੋਈ ਬਹਾਨਾ ਕੋਲ ਆਉਣਾ ਹੁੰਦਾ ਹੈ ਉਹ ਦਿੱਖ ਹੀ ਜਾਂਦੀ ਏ ਮੇਰੇ ਵੱਲ ਦੇਖਦੀ ਫੇਰ ਮੈਨੂੰ ਦੇਖ ਉਹਨੇ ਜਾਣਾ ਹੁੰਦਾ ਹੈ ਲੋੜਾਂ ਨਵੀਆਂ ਤੋਂ ਅੱਕੇ ਹਰ ਦਿਲ ਨੇ ਇੱਕ ਸ਼ੌਂਕ ਸਾਂਭਿਆ ਪੁਰਾਣਾ ਹੁੰਦਾ ਹੈ

ਬਾਲਣ

ਮੈਂ ਸਹਨ ਵਾਲਿਆਂ ਦੇ ਜੰਮੀ ਹਾਂ ਤੂੰ ਜੀਣ ਵਾਲਿਆਂ ਦੇ ਵਿਹੜੇ ਦਾ ਮੈਥੋਂ ਸੱਦ ਨੀ ਹੁੰਦਾ ਹਾਸੇ ਨੂੰ ਤੇਰਾ ਹਾਣੀ ਲੱਗਦਾ ਨੇੜੇ ਦਾ ਕੋਈ ਕਰਮ ਕਮਾ ਕੇ ਭੁੱਲ ਜਾਣਾ ਮੁੱਲ ਆਸ ਤੋਂ ਰੱਖਣਾ ਜਿਹੜੇ ਦਾ ਮੁੜ ਫੇਰ ਨਾ ਮਿਲੀਏ ਯਾਰਾ ਵੇ ਤਨ ਬਾਲਣ ਬਣਦਾ ਗੇੜੇ ਦਾ

ਸੁਪਨਾ

ਮੈਂ ਤਾਂ ਜਾਨੇ ਤੈਨੂੰ ਕਦੋਂ ਦਾ ਭੁੱਲ ਵੀ ਚੁਕਿਆ ਹਾਂ ਨਹੀਂ ਭੁੱਲਦਾ ਮੈਨੂੰ ਸੁਪਨਾ ਜੋ ਆਪਾਂ ਦਾ ਦੇਖਿਆ ਸੀ ਰਲ ਕੇ ਇੱਕ ਪਰਿਵਾਰ ਜ੍ਹਿਦੇ 'ਚ ਪਿਆਰ ਨਾਲ ਬਣਾਇਆ ਅਤੇ ਜਿਸ ਵਿੱਚ ਬੱਚਿਆਂ ਨੇ ਮੱਥਾ ਆਪਾਂ ਨੂੰ ਟੇਕਿਆ ਸੀ

ਖ਼ੁਦਾਈ

ਛੱਡ, ਤੂੰ ਫੇਰ ਹੱਥ ਵਧਾ ਕੇ ਪਿੱਛੇ ਖਿੱਚ ਲਏਂਗਾ ਯਾਰ ਉਹ ਨਹੀਂ ਖਿੱਚਦਾ, ਲੈ ਆ ਹੱਥ ਫੜ ਹੋਰਾਂ ਲਈ ਖ਼ੁਦਾ ਹਾਂ ਪਰ ਤੇਰਾ ਤਾਂ ਦੋਸਤ ਹਾਂ ਨਈ ਨਈ, ਤੂੰ ਮੇਰਾ ਵੀ ਖ਼ੁਦਾ ਹੈਂ ਮੈਨੂੰ ਆਪਣਾ ਭਗਤ ਮੰਨ ਉਹ ਨਈ ਨਈ, ਤੇਰਾ ਤਾਂ ਮੈਂ ਦੋਸਤ ਹਾਂ ਜੱਦ ਤੂੰ ਆਪਣੀ ਜ਼ਿੰਦਗੀ ਤੋਂ ਦੁਖੀ ਹੁੰਦਾ ਸੀ ਤਾਂ ਮੇਰੇ ਨਾਲ ਹੀ ਤਾਂ ਦੁੱਖ ਸਾਂਝੇ ਕਰਦਾ ਸੀ ਹਾਂ ਉਹ ਤਾਂ ਠੀਕ ਹੈ ਪਰ ਪਰ ਕੀ? ਤੈਨੂੰ ਆਪਣੇ ਦੋਸਤ 'ਤੇ ਯਕੀਨ ਨੀ? ਲੈ ਫੜ ਹੱਥ, ਤੈਨੂੰ ਮੁਸ਼ਕਿਲਾਂ ਤੋਂ ਪਾਰ ਲੰਘਾਵਾਂ ਤੂੰ ਹੱਥ ਪਿੱਛੇ ਨੂੰ ਖਿੱਚ ਲਏਂਗਾ ਤੂੰ ਪਹਿਲਾਂ ਵੀ ਐਵੇਂ ਹੀ ਕੀਤਾ ਸੀ ਕਦੋਂ? ਯਾਦ ਕਰ ਰੱਬਾ, ਜੱਦੋਂ ਤੂੰ ਮੈਨੂੰ ਕਿਹਾ ਸੀ ਕਿ ਹੱਥ ਫੜ, ਰੂਹਾਨੀ ਹਮਸਫ਼ਰ ਨਾਲ ਮਿਲਾਵਾਂ ਉਹ ਹਾਂ, ਅੱਛਾ ਹਾਹਾਹਾ ਉਹ ਤਾਂ ਮੈਂ ਮਜ਼ਾਕ ਕੀਤਾ ਸੀ, ਉਦੋਂ ਤੂੰ ਕਿਸੇ ਨੂੰ ਖ਼ਾਸ ਸਮਝ ਕੇ ਦਿਲ ਲਾਉਣ ਦੀ ਗ਼ਲ਼ਤੀ ਕਰੀ ਸੀ ਅਸਲ ਵਿੱਚ ਕੋਈ ਜਨਮਾਂ ਦਾ ਸਾਥੀ ਨਹੀਂ ਹੁੰਦਾ ਸੋ ਤੈਨੂੰ ਇਸ ਫ਼ਿਲਮੀ ਹਨੇਰੇ ਵਿੱਚ ਕਿਵੇਂ ਰੱਖਦਾ? ਨਾਲੇ ਤਾਂ ਤੂੰ ਗ਼ਮ 'ਚ ਵੜ ਕੇ ਅਸਲੀਅਤ ਜਾਣ ਗਿਆ ਨਾਲੇ ਤੈਨੂੰ ਸਬ ਦੇ ਇਕੱਲੇ ਹੋਣ ਦਾ ਗਿਆਨ ਮਿਲ ਗਿਆ ਚੱਲ ਛੱਡ, ਲੈ ਹੱਥ ਫੜ ਨਈ ਰੱਬਾ ਤੂੰ ਫੇਰ ਵਧਾ ਕੇ ਖਿੱਚ ਲਏਂਗਾ ਤੂੰ ਉਦੋਂ ਵੀ ਐਵੇਂ ਹੀ ਕੀਤਾ ਸੀ ਜਦ ਕਿਹਾ ਸੀ ਕਿ ਹੱਥ ਫੜ, ਤੈਨੂੰ ਕ਼ਾਬਿਲ ਬਣਾਉਂਦਾ ਹਾਂ ਹਾਹਾਹਾ, ਹਾਂ ਫੇਰ ਕ਼ਾਬਿਲ ਬਣਾ ਤਾਂ ਦਿੱਤਾ ਕਾਮਯਾਬੀ ਕਦੇ ਵੀ ਇੱਕਦਮ ਨਹੀਂ ਮਿਲਦੀ ਤੈਨੂੰ ਹਾਰਾਂ ਰਾਹੀਂ ਇਹੋ ਤਾਂ ਸਿਖਾਉਣਾ ਸੀ ਪਰ ਛੱਡ ਕਿਹੜੀਆਂ ਗੱਲਾਂ ਲੈ ਕੇ ਬੈਠ ਗਿਆ? ਹੁਣ ਤੇਰਾ ਦੁੱਖ ਮੈਥੋਂ ਦੇਖਿਆ ਨਹੀਂ ਜਾਂਦਾ ਤੈਨੂੰ ਬਹੁਤ ਦੇਰ ਇੰਤਜ਼ਾਰ ਵਿੱਚ ਰੱਖਿਆ ਹੈ ਲੈ ਹੱਥ ਫੜ ਤੈਨੂੰ ਇਸ ਇੰਤਜ਼ਾਰ 'ਚੋਂ ਹੁਣੇ ਬਾਹਰ ਕੱਢਦਾ ਹਾਂ ਨਈ ਯਾਰ ਤੂੰ ਫੇਰ ਵਧਾ ਕੇ ਖਿੱਚ ਲਏਂਗਾ

ਸੱਜਣ

ਮੇਰੀ ਮਿਕਸਿੰਗ ਤੋਂ ਜੋ ਬਣੇ ਸੀ ਹੁਣ ਕਹਿਣ ਮੇਰੇ ਗੀਤ ਬਣਵਾਤੇ ਪੁੱਤ ਗੱਭਰੂ ਨੀ ਹੁੰਦੇ ਕਦੇ ਚੋਰਾਂ ਦੇ ਮਾੜੀ ਕਰ ਹੀ ਜਾਂਦੇ ਯਾਰੀ ਲਾ ਕੇ ਨੇ ਰੀਅਲ ਜਿੰਨੇ ਵੀ ਕਿੱਸੇ ਸੁਣਾਏ ਮੈਂ ਬੀਟਸ ਉੱਤੇ ਬਾਰਜ਼ ਨੂੰ ਸਜਾ ਕੇ ਕਈ ਪਰੂਫ ਜਿਹੇ ਸੱਜਣ ਗੁਆਏ ਬਣ ਕੇ ਸ਼ੇਡੀ ਕੱਲਾਪਣ ਅਪਣਾਕੇ ਬੀਟਸ = ਰੈਪ ਗੀਤ ਦਾ ਸੰਗੀਤ ਬਾਰਜ਼ = ਰੈਪ ਗੀਤ ਦੇ ਬੋਲ ਸ਼ੇਡੀ = ਅਮਰੀਕੀ ਰੈਪਰ ਐਮਿਨੈਮ ਪਰੂਫ = ਐਮਿਨੈਮ ਦਾ ਸੱਚਾ ਮਿੱਤਰ

ਕੰਟੀਨ

ਦਫ਼ਤਰ ਸਮੇਂ ਹਰ ਚੁੱਪ ਸਵੇਰ ਇੱਕ ਨਿੱਘੀ ਲੋਅ ਲੈ ਆਉਂਦੀ ਸੀ ਜੱਦ ਕਾੱਫੀ ਆਉਣ ਤੋਂ ਪਹਿਲੋਂ ਦੀ ਤੂੰ ਸਾਹਮਣੇ ਆ ਬਹਿ ਜਾਉਂਦੀ ਸੀ ਮੈਨੂੰ ਤੱਕ ਕੇ ਪੀਂਦੀ ਦੇ ਘੁੱਟ ਗਰਮ ਜਦੋਂ ਮੂੰਹ ਲੱਗਦੀ ਸੀ ਤੇਰੇ ਚਹਿਰੇ ਦੀ ਉਹ ਹਰਕਤ ਮੇਰੇ ਦਿਲ ਨੂੰ ਠੱਗਦੀ ਸੀ ਹਰ ਮੱਚਦੀ ਪਿਆਲੀ ਮੈਨੂੰ ਤਾਂ ਹੈ ਲੱਗਦੀ ਠੰਢੀ ਜਿਹੀਉ ਪਰ ਤੂੰ ਜਦੋਂ ਦੀ ਵਲਾਇਤ ਗਈ ਮੈਂ ਇੱਥੇ ਇੱਕ ਪਾ ਲਿਆ ਘਰ ਇਸ ਕੰਟੀਨ ਦੇ ਰੌਲੇ ਵਿੱਚ ਸੋਚਾਂ ਤੂੰ ਕਿਧਰੇ ਆ ਜਾਂਦੀ ਹਰ ਕਾੱਫੀ ਦੀ ਘੁੱਟ ਕੋਈ ਹੈ ਮੁਲਾਕਾਤ ਮਹਿਕਾ ਜਾਂਦੀ

ਸਿਤਮ

ਸਿਤਮ ਭੁੱਲ ਸਿਤੰਬਰ ਦਾ ਜ੍ਹਿਨੇਂ ਸੱਟ ਤੇਰੀ ਇਹ ਘੜੀ ਛੱਡ ਵਰੀ ਕਿਸੇ ਫ਼ਰਵਰੀ ਤੱਕ ਆਪੇ ਜਾਊਗੀ ਭਰੀ ਰੋਗ ਦੇ ਕੇ ਲੈਂਦਾ ਹਰ ਸਮਾਂ ਯਾਰ ਨੀ ਕਿਸੇ ਦਾ ਮੂਹੋਂ ਬੋਲਦਾ ਨੀ ਪਰ ਐਸਾ ਵਾਰ ਨੀ ਕਿਸੇ ਦਾ ਫਿਰੇਂ ਅੱਕਿਆ ਤੂੰ ਕਿਉਂ ਆਪਣੀ ਆਸ ਤਾਂ ਨਾ ਛੱਡ ਤੂੰ ਇੱਕ ਖੂਹ ਦੀ ਖਾਤਰ ਐਵੇਂ ਪਿਆਸ ਤਾਂ ਨਾ ਛੱਡ ਖੋਦ ਰਾਹ ਰਸਤੇ ਪੱਟ ਨਵੇਂ ਸੋਰਸ ਤੂੰ ਬਣਾ ਨਾਲ ਕਿਰਪਾ ਵੀ ਖੱਟ ਉਹਦੀ ਫੋਰਸ ਨੂੰ ਰਲਾ ਸ਼ੁਰੂ ਕਰ ਨਾਮ ਜਪ ਲੱਭ ਜਾਊ ਮਕਸਦ ਤੈਨੂੰ ਇਹ ਗੁੱਝੀ ਸੱਟ ਹੀ ਮਿਲਾਊ ਨਾਲ ਰੱਬ

ਖ਼ਤ

ਕੋਈ ਆਸ਼ਕ ਆਪਣੇ ਪਿਆਰ ਦੇ ਇੱਕ ਖ਼ਤ ਨੂੰ ਉਡੀਕਦਾ ਨੀਂਦ ਵਿੱਚ ਪੂਰਾ ਹੋ ਗਿਆ ਕੋਈ ਮਸ਼ੂਕ ਸੱਤ-ਸਮੁੰਦਰ ਪਾਰ ਤੁਰ ਪਈ ਆਪਣੇ ਯਾਰ ਦਾ ਖ਼ਤ ਪੜ੍ਹ ਕੇ ਆਪਣੀ ਵਾਰ ਮੈਸੇਜਿੰਗ ਆ ਗਈ ਤੇ ਉਹ ਵੀ ਐਪਾਂ ਰਾਹੀਂ ਕਰੀ ਹੈ ਆਪਾਂ ਆਪਣੇ ਖ਼ਤਾਂ ਦੇ ਅਖੀਰਲੇ ਡਾਕੀਏ ਇੰਸਟਾਗ੍ਰਾਮ ਉੱਤੇ ਜੋ ਪੋਸਟ ਆੱਫਿਸ ਵੀ ਸੀ ਹੁਣ ਸੋਚਦਾ ਹਾਂ ਇੱਕ ਡਿਜਿਟਲ ਖ਼ਤ ਤੈਨੂੰ ਮੈਂ ਵੀ ਤਾਂ ਪਾ ਹੀ ਦਿੰਦਾ ਪਰ ਵਿਆਹੀ-ਵਰ੍ਹੀ ਤੂੰ ਪਤਾ ਨੀ ਪੜ੍ਹਣਾ ਵੀ ਸੀ ਜਾਂ ਨਹੀਂ ਉਹਨੂੰ ਐਵੇਂ ਰਿਕੁਐਸਟਸ ਵਿੱਚ ਤੇਰੇ ਸੀਨ ਦਾ ਇੰਤਜ਼ਾਰ ਉਹਨੇ ਕਰਦੇ ਰਹਿਣਾ ਸੀ ਪਰ ਕੀ ਤੈਨੂੰ ਉਡੀਕ ਸੀ ਮੇਰੇ ਵੱਲੋਂ ਉਸ ਆਖਰੀ ਨਾ ਭੇਜੇ ਹੋਏ ਖ਼ਤ ਦੀ? ਕੀ ਤੂੰ ਰਿਕੁਐਸਟਸ ਵਿੱਚ ਮੇਰੇ ਬੱਸ ਉਸ ਇੱਕ ਖ਼ਤ ਨੂੰ ਲੱਭਿਆ ਹੋਊ ਕਦੇ? ਜਿਸਨੂੰ ਮੈਂ ਕਈ ਵਾਰ ਟਾਈਪ ਕਰਕੇ ਭੇਜਣ ਤੋਂ ਪਹਿਲਾਂ ਮਿਟਾਇਆ ਹੈ

ਫਜ਼ੂਲ

ਐਵੇਂ ਵੱਡੀ ਗੱਡੀ ਲੈ ਲਈ ਮੜ੍ਹੀਆਂ ਤੱਕ ਤਾਂ ਜਾਣਾ ਸੀ ਤੁਰ ਕੇ ਜਾਂਦਾ ਲੇਟ ਪਹੁੰਚਦਾ ਜ਼ਰੂਰੀ ਪਹਿਲਾਂ ਜਾਣਾ ਸੀ? ਕੀ ਲੱਕੜਾਂ ਕੀ ਕਬਰ ਦੀ ਥਾਂ? ਕਫ਼ਨ ਜੋਗਾ ਕਮਾਉਣਾ ਸੀ ਮਿੱਟੀ ਮੂਹੋਂ ਪੂੰਝੀ ਗਿਆ ਤੈਨੂੰ ਗਲ਼ ਮਿੱਟੀ ਨੇ ਲਾਉਣਾ ਸੀ ਖ਼ਾਲੀ ਹੱਥ ਤੂੰ ਜਾਂਦਾ ਫੇਰ ਨਾ ਰਾਹ ਵਿੱਚ ਲੁੱਟਿਆ ਜਾਣਾ ਸੀ ਖੱਟੀ ਗਿਆ ਫਜ਼ੂਲ ਹੀ ਰਿਸ਼ਤੇ ਸਬ ਨੇ 'ਕੱਲਿਆਂ ਜਾਣਾ ਸੀ

ਚਾਹ

ਯਾਰ ਮੈਂ ਤਾਂ ਕਾੱਫੀ ਛੱਡੀ ਹੋਈ ਹੈ ਕੀ ਕਹਿਰ ਹੈ ਕਿਸਮਤ ਦਾ ਅੱਜ ਤੂੰ ਪੁੱਛਿਆ ਮੈਂ ਮਨਾਹ ਕਰ ਰਿਹਾਂ ਉਹ ਦੇਖ ਨਵਾਂ ਖੇਡ ਸ਼ੁਰੂ ਹੋਗਿਆ ਵਰ੍ਹਨ ਵਾਲੇ ਬੱਦਲਾਂ ਦੇ ਵਿੱਚ ਹੁਣ ਸ਼ਾਮ ਦੀ ਲਾਲੀ ਘਰ ਕਰ ਰਹੀ ਹੈ ਇੱਕ ਸ਼ਾਂਤ ਤੂਫ਼ਾਨ ਆਉਣ ਵਾਲਾ ਹੈ ਚੱਲ ਉਹਨੂੰ ਉੱਤੇ ਬਹਿ ਕੇ ਉਡੀਕਦੇ ਹਾਂ ਆ ਟੈਰੇਸ 'ਤੇ ਚਲ ਕੇ ਚਾਹ ਪੀਂਦੇ ਹਾਂ

ਮਾੜਾ

ਅਗਲੇ ਜਨਮ ਦੇ ਫਾਇਦੇ ਲਈ ਕਈ ਉਮਰ ਸਹੇ ਨੁਕਸਾਨ ਤਾਂ ਮਾੜਾ ਕੀ ਹੋਇਆ? ਇੱਕ ਲਿਪੀ ਦੇ ਕਾਇਦੇ ਲਈ ਕਈ ਭੁੱਲੇ ਗਰੰਥ ਮਹਾਨ ਤਾਂ ਮਾੜਾ ਕੀ ਹੋਇਆ? ਦੋ ਜਿਸਮਾਂ ਦੀ ਲੈ-ਦੇ ਲਈ ਮੁਹੱਬਤ ਹੋਈ ਕੁਰਬਾਨ ਤਾਂ ਮਾੜਾ ਕੀ ਹੋਇਆ? ਕਿਸੇ ਬਗਾਨੀ ਸ਼ਹਿ ਦੇ ਲਈ ਛੱਡਿਆ ਆਪਣਾ ਜਹਾਨ ਤਾਂ ਮਾੜਾ ਕੀ ਹੋਇਆ?

ਚੁੱਪੀ

ਤੇਰੇ ਨਾਲ ਤੇਰੇ ਬੋਲ ਵਕਤਾਂ ਦੀ ਡੋਲੀ ਬਹਿਗੇ ਅੱਗੇ ਵਧਣ ਦੇ ਇਰਾਦੇ ਮੇਰੇ ਹੋ ਕੇ ਹੌਲੀ ਰਹਿਗੇ ਦੋ ਗਾਣੇ ਮੈਂ ਕੀ ਜੰਮੇ ਬੱਚੇ ਤੇਰੀ ਝੋਲੀ ਪੈਗੇ ਵੱਟ ਮਰਣ ਤੀਕਰ ਚੁੱਪੀ ਦਿਲੀ ਕਾਵਾਂ ਰੌਲੀ ਸਹਿਗੇ

ਫ਼ਕੀਰੀ

ਤੂੰ ਉੱਚਿਆਂ ਦੇ ਲਈ ਮੈਨੂੰ ਛੱਡਿਆ ਤੇਰੀ ਭਾਹ ਗਈ ਇਹੋ ਬੇ-ਜ਼ਮੀਰੀ ਆਖਰ ਧੋਖਿਉਂ ਤੇਰੇ ਗੁੱਸਾ ਘਟਿਆ ਐਸੀ ਵਧੀ ਮੇਰੇ ਦਿਲ ਦੀ ਅਮੀਰੀ ਮਨ ਬਿਨਾਂ ਗੱਲੋਂ ਕਦੇ ਹੁੰਦੈ ਭਰਦਾ ਖੌਰੇ ਤੱਕਦੀ ਹੋਵੇਂ ਤੂੰ ਉਹ ਜੰਜੀਰੀ ਪਰ ਤੇਰੀ ਸੱਚੀਂ ਰਹੀ ਆਸ ਨਾ ਮੈਨੂੰ ਲੱਗੇ ਗਲ਼ ਪੈ ਗਈ ਫ਼ਕੀਰੀ

ਕਿਰਦਾਰ

ਗਾਣਿਆਂ ਦੇ ਚੱਕਰਾਂ 'ਚ ਯਾਰ ਖੋਈ ਜਾਂਦਾਂ ਹੋਰ ਕਾਫ਼ੀ ਕੰਮਾਂ ਲਈ ਲਚਾਰ ਹੋਈ ਜਾਂਦਾਂ ਮਾੜਿਆਂ ਤੇ ਚੰਗਿਆਂ ਦੀ ਸਾਰ ਖੋਈ ਜਾਂਦਾਂ ਜੋ ਲਿਖਿਆ ਸੀ ਉਹੀ ਕਿਰਦਾਰ ਹੋਈ ਜਾਂਦਾਂ ਸੋਚਦਾ ਜੋ ਰਹਿੰਦਾਂ ਉਹ ਵਿਚਾਰ ਖੋਈ ਜਾਂਦਾਂ ਖ਼ੁਦ ਆਪਣੀ ਤਬਾਹੀ ਦੀ ਪੁਕਾਰ ਹੋਈ ਜਾਂਦਾਂ ਖਿਆਲ ਜਿਹੜੇ ਲਏ ਸੀ ਉਧਾਰ ਖੋਈ ਜਾਂਦਾਂ ਜੋ ਲਿਖਿਆ ਸੀ ਉਹੀ ਕਿਰਦਾਰ ਹੋਈ ਜਾਂਦਾਂ ਪਿਆਰ ਵਿੱਚ ਮਿਲੀ ਹੋਈ ਹਾਰ ਖੋਈ ਜਾਂਦਾਂ ਅਜੀਬ ਹੀ ਮਾਯੂਸੀ ਦਾ ਸ਼ਿਕਾਰ ਹੋਈ ਜਾਂਦਾਂ ਮਿਹਣਿਆਂ ਦੀ ਸਾਂਭੀ ਹੋਈ ਮਾਰ ਖੋਈ ਜਾਂਦਾਂ ਜੋ ਲਿਖਿਆ ਸੀ ਉਹੀ ਕਿਰਦਾਰ ਹੋਈ ਜਾਂਦਾਂ ਖੂੰਡੀ ਕਲਮ ਦੀ ਬਚੀ ਹੋਈ ਧਾਰ ਖੋਈ ਜਾਂਦਾਂ ਚੰਦ ਅੱਖਰਾਂ ਦੇ ਲਈ ਮੈਂ ਬਿਮਾਰ ਹੋਈ ਜਾਂਦਾਂ ਨਿੱਤ ਲਿਖਣ ਦੇ ਲਈ ਰੋਜ਼ਗਾਰ ਖੋਈ ਜਾਂਦਾਂ ਜੋ ਲਿਖਿਆ ਸੀ ਉਹੀ ਕਿਰਦਾਰ ਹੋਈ ਜਾਂਦਾਂ

ਤਕਲੀਫ਼

ਮੇਰੀ ਅਸਲ ਤਕਲੀਫ਼ ਇਹੋ ਹੈ ਕੀ ਇਸ ਜ਼ਿੰਦਗੀ ਦੇ ਵਿੱਚ ਮੈਨੂੰ ਉਹੋ ਜਿਹਾ ਸ਼ਖ਼ਸ ਨਾ ਮਿਲਿਆ ਪਿਆਰ ਦੀ ਭੀਖ ਮੰਗਣ ਲਈ ਉਹਨੂੰ ਸੁਣਿਆ ਸੀ ਸਬ ਕੁਝ ਮਿਲ ਗਿਆ ਪਰ ਕੋਈ ਮੇਰੇ ਜਿਹਾ ਫੇਰ ਤੋਂ ਨਾ ਮਿਲਿਆ ਜੋ ਉਹਦੇ ਜਬਰ ਨੂੰ ਸਹਿੰਦਾ

ਮੌਤ

ਮੌਤ ਵੀ ਇੱਕ ਦਿਨ ਆ ਹੀ ਜਾਣੀ ਮੈਂ ਵੀ ਇੱਕ ਦਿਨ ਰੱਬ ਨੂੰ ਪਾਉਣਾ ਇੱਕ ਹੀ ਗ਼ਮ ਤਾਂ ਲੈ ਬੈਠਾ ਬੱਸ ਤੂੰ ਜੋ ਪਰ ਹੁਣ ਕਦੇ ਨੀ ਆਉਣਾ ਸਮੇਂ-ਸਮੇਂ ਸਿਰ ਸਮਾਂ ਲੰਘਾਉਣਾ ਤੇਰੀ ਯਾਦ ਨੂੰ ਗਲ਼ ਨਾਲ ਲਾਉਣਾ ਤਾਂ ਜੋ ਇਕੱਠਿਆਂ ਨੂੰ ਹੀ ਲੈਜੇ ਜਦੋਂ ਮੌਤ ਨੇ ਫੇਰਾ ਪਾਉਣਾ

ਅੰਜਾਮ

ਕਰਮਾਂ ਦਾ ਅੰਜਾਮ ਜਿਹ ਦਿੱਖਦਾ ਸਬ ਸੀ ਮਰਨਾ ਗ਼ਰਜ਼ ਬਿਨਾਂ ਕਾਇਨਾਤ ਦੇ ਖੇਡ ਦਾ ਹੋਣਾ ਨੀ ਸੀ ਬਣਦਾ ਫਰਜ਼ ਬਿਨਾਂ ਸਮੇਂ ਤੋਂ ਮੰਗੀਆਂ ਜਾਂਦੀਆਂ ਸੱਟਾਂ ਜੀਹ ਨਾ ਲੱਗਦਾ ਮਰਜ਼ ਬਿਨਾਂ ਸਬ ਦਾ ਜੋ ਬਕਾਇਆ ਮੁੜਦਾ ਇੱਥੋਂ ਤੁਰਦੇ ਕਰਜ਼ ਬਿਨਾਂ ਹੋਰ ਨਾ ਵੇਲ਼ੇ ਘੱਲਦਾ ਰਹਿੰਦਾ ਹਿਜਰ ਸੁਖਾਂ ਦੇ ਅਰਜ਼ ਬਿਨਾਂ ਗੀਤ ਪੀੜਾਂ ਦਾ ਚਲਦਾ ਰਹਿੰਦਾ ਮੁੱਕ ਜਾਂਦਾ ਸਬ ਤਰਜ਼ ਬਿਨਾਂ ਕੇਸ ਨਾ ਚੁੱਪ ਦੀ ਸਜ਼ਾ ਹੰਢਾਉਂਦੇ ਹੋਏ ਹੁੰਦੇ ਜੋ ਦਰਜ਼ ਬਿਨਾਂ ਖ਼ੁਦ ਲਈ ਮੁਜਰਿਮ ਕਫ਼ਨ ਸਵਾਉਂਦੇ ਹਸ਼ਰ ਵਾਲੇ ਦਿਨ ਹਰਜ਼ ਬਿਨਾਂ

ਸ਼ੋਰ

ਆਪਣਿਆਂ ਖਿਆਲਾਂ ਵਿੱਚ ਮੈਂ ਤੇਰੇ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦਾਂ ਤੇਰੇ ਸਾਹਮਣੇ ਬਹੁਤ ਕੋਸ਼ਿਸ਼ ਕਰਦਾ ਹਾਂ ਉਹਨਾਂ ਦੀ ਨਕਲ ਕਰਨ ਦੀ ਪਰ ਭੁੱਲ ਜਾਂਦਾ ਹਾਂ ਹਕੀਕਤ ਦੇ ਵਿੱਚ ਸ਼ੋਰ ਹੁੰਦਾ ਹੈ

ਗਹਿਣੇ

ਉਮਰ ਦਰਾਜ਼ ਇਹ ਗ਼ਮ ਜੋ ਮੇਰੇ ਨਜ਼ਰ ਅੰਦਾਜ਼ ਨੀ ਹੋਣੇ ਮੈਨੂੰ ਤੂੰ ਅਪਣਾਇਆ ਹੈ ਤਾਂ ਇਹ ਵੀ ਨਾਲ ਹੀ ਰਹਿਣੇ ਐਨਾ ਤੂੰ ਨਾ ਸੋਚਿਆ ਕਰ ਤੇਰੀ ਕਿਸ ਸੌਂਕਣ ਨੇ ਦਿੱਤੇ ਤੇਰੇ ਭਾਣੇ ਬੋਝ ਅਤੀਤ ਦੇ ਮੇਰੇ ਲਈ ਗ਼ਮ ਗਹਿਣੇ ਆਪਣੇ ਵਿੱਚ ਕੀ ਆਉਣਾ ਤੇਰੇ ਨਿੱਘ ਤੋਂ ਪਾਸਾ ਵੱਟਦੇ ਗ਼ਮ ਇਹ ਪਰ ਕੇ ਕੈਪ ਦੇ ਹਰ ਗੀਤ ਵਿੱਚ ਪੈਣੇ

ਦੁਵਿਧਾ

ਜਦ ਦੁਵਿਧਾ ਹਰ ਮੁਕਾਤੀ ਹੱਥ ਓਪਰੇ ਸਦਾ ਲਈ ਫੜ ਕੇ ਕਿਉਂ ਫੇਰ ਆਪਾਂ ਹਾਲੇ ਤੱਕ ਆਪਸ 'ਚੀ ਗੱਲਾਂ ਕਰਦੇ? ਦਿਲ ਪ੍ਰਚਾਵੇ ਲਈ ਸੋਹਣੇ ਸੱਜਣ ਆਪਾਂ ਖੱਟ ਲਏ ਨੇ ਕਿਉਂ ਫੇਰ ਨਿੱਤ ਕੋਈ ਦੁਵਿਧਾ ਸਾਂਝੀ ਇੱਕ-ਦੂਜੇ ਨਾਲ ਕਰਦੇ?

ਸਤਰਾਂ

ਜੋ ਸਤਰਾਂ ਲਿਖੀਆਂ ਯਾਰਾਂ 'ਤੇ ਯਾਰਾਂ ਨੇ ਸੁਣੀਆਂ ਨਹੀਂ ਜੋ ਨਜ਼ਮਾਂ ਲਿਖੀਆਂ ਨਾਰਾਂ 'ਤੇ ਨਾਰਾਂ ਨੇ ਚੁਣੀਆਂ ਨਹੀਂ ਹੁਣ ਛੱਡ ਲਿਖਾਰੀ ਬਣਨਾ ਰੈਪੀ ਬੱਸ ਤੂੰ ਜਾਣ ਵੀ ਦੇ ਲਾਈਨਾਂ ਲਿਖੀਆਂ ਹਾਰਾਂ 'ਤੇ ਕਿਉਂ ਸਕੀਮਾਂ ਬੁਣੀਆਂ ਨਹੀਂ?

ਕੱਲ੍ਹ

ਤੈਨੂੰ ਪਤੈ ਮੈਂ ਤੇਰੇ ਤੋਂ ਕਿਉਂ ਡਰਦਾਂ? ਮੈਂ ਤੇਰੇ ਅੰਦਰ ਖ਼ੁਦ ਨੂੰ ਦੇਖਦਾ ਹਾਂ ਮੈਨੂੰ ਤਾਂ ਹੁਣ ਪਤਾ ਲੱਗਿਐ ਕਿੰਨਾ ਘਿਨਾਉਣਾ ਰਿਹਾ ਹੋਊਂ ਉਹਨਾਂ ਲਈ ਜੋ ਮੈਨੂੰ ਮਿਲੇ ਮੇਰੇ ਹੁਣ ਦੀ ਤਰ੍ਹਾਂ ਤੇ ਮੈਂ ਉਹਨਾਂ ਨੂੰ ਤੇਰੇ ਹੁਣ ਦੀ ਤਰ੍ਹਾਂ ਮੇਰਾ ਹੁਣ ਉਹਨਾਂ ਦੀ ਹਾਲਤ ਤੋਂ ਹੈ ਤੇਰਾ ਕੱਲ੍ਹ ਮੇਰਿਆਂ ਹੰਝੂਆਂ ਤੋਂ ਹੋਊ

ਹੰਝੂ

ਮੇਰੇ ਪਸ਼ਚਾਤਾਪ ਦੇ ਹੰਝੂ ਤੇਰੀ ਡਾਇਰੀ ਉੱਤੇ ਡਿੱਗੇ ਜੋ ਤੇਰੇ ਤੋਂ ਕਾੱਲੇਜ ਵੇਲ਼ੇ ਦੀ ਮੈਂ ਮੰਗੀ ਹੋਈ ਸੀ ਉਸੇ ਪੰਨੇ 'ਤੇ ਡਿੱਗੇ ਜਿਸ ਵਿੱਚ ਮੇਰੇ ਤੋਂ ਬੇਰੁਖ਼ੀ ਦੀ ਵਜ੍ਹਾ ਨੂੰ ਤੂੰ ਲਿਖਿਆ ਹੋਇਆ ਸੀ ਲਿਖਿਆ ਸੀ ਤੂੰ ਕਿਸ ਵੇਲ਼ੇ ਕੀਹਨਾਂ ਦੀ, ਕਿਸ ਗੱਲ ਤੋਂ ਰੁੱਸੀ ਸੀ ਤੇ ਤੈਨੂੰ ਕਿਹੜੀ ਗੱਲੋਂ ਸਤਾਇਆ ਨਾ ਜਾਏ ਪੜ੍ਹ ਕੇ ਵੀ ਕਿਸਮਤ ਨੂੰ ਬਦਲ ਨਾ ਸਕਿਆ ਮੈਂ ਜਦ ਸਬ ਕੁਝ ਮੇਰੇ ਲਈ ਤੂੰ ਲਿਖਿਆ ਹੋਇਆ ਸੀ ਤੂੰ ਦੱਸ ਚੁਕੀ ਸੀ ਕਿੱਦਾਂ ਸਾਂਭ ਕੇ ਰੱਖਣਾ ਸੀ ਤੈਨੂੰ ਮੈਂ ਪੜ੍ਹ ਕੇ ਵੀ ਹਰਕਤਾਂ ਨੂੰ ਪਰ ਉਹੀਉ ਰੱਖਿਆ ਹਾਲੇ ਵੀ ਤੇਰੇ ਕ਼ਾਬਿਲ ਮੈਂ ਹੋ ਨਹੀਂ ਪਾਇਆ ਹਾਂ ਜੋ ਹੋਣਾ ਚਾਹੀਦਾ ਸੀ ਮੈਂ ਤੂੰ ਲਿਖਿਆ ਹੋਇਆ ਸੀ ਤੂੰ ਚਾਹਿਆ ਪੜ੍ਹ ਲਵਾਂ ਤੇ ਪਾ ਲਵਾਂ ਮੈਂ ਤੈਨੂੰ ਮੈਂ ਮਜ਼ਾਕ ਵਿੱਚ ਪੜ੍ਹਦਿਆਂ ਨੇ ਪੂਰਾ ਵੀ ਨਾ ਪੜ੍ਹਿਆ ਤੂੰ ਵੀ ਹੁਣ ਇੱਕ-ਦੋ ਹੰਝੂ ਇਸ ਬੁੱਕ 'ਤੇ ਡੋਲ੍ਹ ਦੇਵੀਂ ਮੈਨੂੰ ਲਿਖਣਾ ਚਾਹੀਦਾ ਏ ਤੂੰ ਲਿਖਿਆ ਹੋਇਆ ਸੀ

ਹਾਲਤ

ਮੈਨੂੰ ਚੁੱਪ-ਚੁਪੀਤੇ ਛੱਡ ਗਈ ਨਾ ਦੱਸਿਆ ਕੀ ਮਜਬੂਰੀ ਹੋਈ ਖ਼ੁਸ਼ੀ ਦੀ ਹਾਲਤ ਨਾਜ਼ੁਕ ਸੀ ਜਿੰਦ ਦੇ ਗ਼ਮ ਵਿੱਚ ਪੂਰੀ ਹੋਈ

ਮੈਦਾਨ

ਜਿਹ ਜਾਨੇ ਆਪਾਂ ਥੋੜਾ ਪਹਿਲਾਂ ਮਿਲੇ ਹੁੰਦੇ ਤਾਂ ਦੋਨੋ ਪਾਗਲ ਮਿਲ ਕੇ ਇਤਿਹਾਸ ਰਚਦੇ ਸਮਾਂ ਤੈਨੂੰ ਹੁਣ ਸਿਆਣਪ ਦੀ ਸਜ਼ਾ ਦੇ ਚੁੱਕਿਐ ਤੇ ਮੈਨੂੰ ਹਾਲੇ ਤੱਕ ਆਜ਼ਾਦ ਰਹਿਣ ਦਾ ਸ਼ੌਂਕ ਹੈ ਮੈਂ ਤੇਰੇ ਆਲੀਸ਼ਾਨ ਕੈਦਖ਼ਾਨੇ ਕੀ ਆਉਣਾ? ਤੂੰ ਹੀ ਮੇਰੇ ਮਨ ਦੇ ਮੈਦਾਨ ਗੇੜਾ ਮਾਰ ਜਾਈਂ

ਕੰਮ

ਜੱਦ ਤੋਂ ਟੁੱਟ ਕੇ ਉਠਿਆਂ ਨੀ ਬਹੁਤਾ ਮਿਲਣਸਾਰ ਉੱਤੋਂ ਝੂਠਿਆਂ ਦੀ ਡਾਰ ਨਿੱਤ ਖਾਵੇ ਮੈਥੋਂ ਖ਼ਾਰ ਨੀ ਵਿਚਾਰ ਨਾਲ ਰਲ ਕਿਸੇ ਦੇ ਕੰਮ ਕਰਨ ਦਾ ਮੈਂ ਆਪ ਹੀ ਕਰੂੰਗਾ ਸਬ ਤੁਹਾਡਾ ਕੰਮ ਜਰਣ ਦਾ

ਪੱਥਰ

ਮੈਂ ਤੇਰੀਆਂ ਅੱਖਾਂ ਦੇ ਵਿੱਚ ਹੀ ਡੁੱਬ ਕੇ ਮਰੂੰਗਾ ਜਾਨੇ ਤੂੰ ਕਿਉਂ ਆਪਣਿਆਂ ਹੱਥਾਂ ਨੂੰ ਤਕਲੀਫ਼ ਦੇਂਦੀ ਰਹਿੰਦੀ ਏਂ? ਹੋਰ ਕਿਹੜੇ ਪੱਥਰ ਨੂੰ ਤੂੰ ਮੇਰੇ ਵੱਲ ਉਛਾਲੇਂਗੀ? ਮੇਰੇ 'ਤੇ ਤੇਰੇ ਪੱਥਰ ਦਿਲ ਦਾ ਆਉਣਾ ਹੀ ਕਾਫ਼ੀ ਏ

ਹੋਰ

ਪਿਆਰ ਤਾਂ ਉਦੋਂ ਦਾ ਹੀ ਕਰਦਾ ਸੀ ਪਰ ਹੁਣ ਲੱਗਦੈ ਥੋੜਾ ਜਿਹਾ ਹੋਰ ਹੋਗਿਆ ਪਹਿਲਾਂ ਸਿਰਫ਼ ਤੇਰੇ ਨਾਲ ਹੀ ਕਰਦਾ ਸੀ ਹੁਣ ਤੇਰੇ ਨਾ ਮਿਲਣ ਵਾਲੇ ਸਾਥ ਨਾਲ ਵੀ ਹੋਗਿਆ ਖਿਆਲਾਂ 'ਚ ਇੱਕ ਦੁਨੀਆ ਚਲਦੀ ਰਹਿੰਦੀ ਏ ਤੂੰ ਇੱਥੇ ਕੁਛ ਤੇ ਮਨ 'ਚ ਕੁਛ ਹੋਰ ਹੀ ਕਹਿੰਦੀ ਹੈਂ ਮੈਂ ਇੱਕ ਹੋਰ ਸੁਪਨਾ ਪਾਲ ਲੈਂਦਾ ਫੇਰ ਅਗਲੀ ਸਵੇਰ ਅੱਖਾਂ 'ਚ ਉਸੇ ਨੂੰ ਸੰਭਾਲ ਲੈਂਦਾ ਕਦੇ ਪੂਰਾ ਨਹੀਂ ਹੋਣਾ ਬੱਸ ਇਹ ਮੈਂ ਮੰਨਣਾ ਨੀ ਚਾਹੁੰਦਾ ਸ਼ਾਇਦ ਸੁਪਨੇ ਹੀ ਡਰਦੇ ਨੇ ਮੇਰੇ ਵਰਗੇ ਦਾ ਹੋਣ ਨੂੰ ਨਾ ਪਾਇਆ ਮੈਂ ਕੁਛ ਨਾ ਹੈਗਾ ਕੁਛ ਖੋਣ ਨੂੰ ਜੀਹ ਬਹੁਤ ਕਰਦੈ ਪਰ ਵਜ੍ਹਾ ਨੀ ਮਿਲਦੀ ਰੋਣ ਨੂੰ ਬੱਸ ਇਹ ਪਤਾ ਲੱਗਿਐ ਹਾਲੇ ਤੱਕ ਤੇਰੇ ਲਈ ਹੀ ਰੋਜ਼ ਮੈਂ ਮਰਦਾ ਸੀ ਪਿਆਰ ਤਾਂ ਉਦੋਂ ਦਾ ਹੀ ਕਰਦਾ ਸੀ ਪਰ ਹੁਣ ਲੱਗਦੈ ਥੋੜਾ ਜਿਹਾ ਹੋਰ ਹੋਗਿਆ

ਅਰਮਾਨ

ਅੱਖਾਂ ਵਿੱਚ ਅਰਮਾਨ ਤੇ ਪਲਕੀਂ ਪਾਣੀ ਰੱਖੀ ਗਏ 'ਕੱਠਿਆਂ ਦੇ ਅਸਮਾਨ ਨੂੰ ਦੋਵੇਂ ਹਾਣੀ ਤੱਕੀ ਗਏ ਨਿੱਤ ਗ਼ਮਾਂ ਦੇ ਚਰਖੇ ਪ੍ਰੇਮ ਕਹਾਣੀ ਕੱਤੀ ਗਏ ਘੁੱਟ ਸਬਰ ਦੇ ਭਰ ਕੇ ਜਿੰਦ ਨਿਮਾਣੀ ਕੱਟੀ ਗਏ

ਟਿੱਚਰਾਂ

ਸ਼ਾਇਰੀ ਮੇਰੀ ਟਿੱਚਰਾਂ ਕਰਦੀ ਮੈਨੂੰ ਹੀ ਤੂੰ ਚੁੱਮ ਲਿਆ ਕਰ ਕਿੱਥੇ ਅੱਜ-ਕੱਲ੍ਹ ਗੁੰਮਿਆ ਹੁੰਦੈਂ? ਮੇਰੇ ਜੱਗ ਵਿੱਚ ਘੁੰਮ ਲਿਆ ਕਰ ਤੇਰੀ ਉਸਾਰੀ ਹੀਰ ਦਾ ਮਿੱਤਰਾ ਕੋਈ ਤਾਂ ਰਾਂਝਾ ਘੜ ਦੇ ਹੁਣ ਤੇਰੀ ਜੰਮੀ ਸਾਹਿਬਾਂ ਦਾ ਕੋਈ ਨਖ਼ਰਾ ਸਾਂਝਾ ਕਰਦੇ ਹੁਣ ਅੱਗੇ ਵਧਦਿਆਂ ਟੱਪਿਆਂ 'ਚੋਂ ਕੋਈ ਤੂੰ ਵੀ ਵਧਣ ਦਾ ਗੁਣ ਲਿਆ ਕਰ ਹੈ ਐਨਾ ਸੋਹਣਾ ਰੰਗਿਆ ਮੈਨੂੰ ਮੇਰੀਉ ਲਾਲੀ ਚੁਣ ਲਿਆ ਕਰ

ਹੈਰਤ

ਚੱਲਣ ਵਾਲੇ ਦਾ ਇੱਕੋ ਚੱਲਿਆ ਰੁੱਕਣ ਵਾਲੇ ਦੇ ਰੁਕ ਗਏ ਸਾਰੇ ਪਲੈਨ ਕਰੇ ਪ੍ਰੋਜੈਕਟ ਤਾਂ ਬੰਦਾ ਹੋਰ ਹੀ ਸ਼ਹਿ ਪਰ ਕਾਜ ਸੰਵਾਰੇ ਕੋਈ ਤੇ ਰਾਜਾ ਕੋਈ ਕਰਜ਼ਾਈ ਕੋਈ ਨਾ ਜਾਣੇ ਕੁਝ ਵੀ ਬਾਰੇ ਜਿਸਨੇ ਰਚਣਾ ਜੱਗ ਸੀ ਸਾਰਾ ਉਹਨੇ ਮਰ ਕੇ ਖ਼ਾਬ ਵੀ ਮਾਰੇ ਜੰਮਣ ਵਾਲਾ ਰੱਖ ਨਾ ਸਕਿਆ ਰੱਖਣ ਵਾਲੇ ਨੇ ਸੁੱਟ ਕੇ ਹਾਰੇ ਸੁੱਟਣ ਵਾਲਾ ਡੋਬ ਨਾ ਸਕਿਆ ਡੋਬਣ ਵਾਲੇ ਨੇ ਪਾਰ ਉਤਾਰੇ ਹੈਰਤ ਭਰੀ ਇਸ ਦੁਨੀਆ ਉੱਤੇ ਮਨ ਨਹੀਂ ਮੰਨਦਾ ਰੱਬੀ ਕਾਰੇ ਝੂਠੀਆਂ ਗੱਲਾਂ ਪਾਲਦਾ ਰਹਿੰਦਾ ਸੱਤ ਵਚਨ ਪਰ ਲੱਗਦੇ ਲਾਰੇ

ਮਤਲਬ

ਤੇਰੀ ਸੋਚ 'ਤੇ ਪਹਿਰਾ ਨਹੀਂ ਦੇਣਾ ਪਰ ਟੈਟੂ ਤੇਰਾ ਬਣਵਾ ਲਵਾਂਗੇ ਤੂੰ ਲੈਜੇਂਡ ਹੋਏਂਗਾ ਬੜਿਆਂ ਲਈ ਅਸੀਂ ਮਤਲਬ ਕਢਵਾ ਲਵਾਂਗੇ

ਹਾਣੀ

ਪਤਾ ਨੀ ਕਿਸ ਸਦੀ ਦੀ ਆਸ ਮੁਕੰਮਲ ਹੋਈ ਸੀ ਫੇਰ ਤੋਂ ਮਿਲ ਹੀ ਗਏ ਦੋ ਵਿਛੜੇ ਹੋਏ ਹਾਣੀ ਗਲ਼ ਲੱਗਣ ਤੋਂ ਦੋਨਾਂ ਨੂੰ ਹੀ ਡਰ ਜਿਹਾ ਲੱਗਿਆ ਬੱਸ ਕੰਬਦਿਆਂ ਬੋਲਾਂ ਨੂੰ ਜ਼ਬਾਨ 'ਤੇ ਪਾਈ ਗਏ ਹਾਲ ਮਗਰੋਂ ਇਹਨੇ ਪੁੱਛ ਹੀ ਲਿਆ, "ਕੀ ਥੌਨੂੰ ਯਾਦ ਹੈ ਤੁਸੀਂ 2013 ਵਿੱਚ ਉਦੋਂ ਕੀ ਕਿਹਾ ਸੀ?" "ਆਹੀ ਨਾ ਕਿ ਹੁਣ ਤਾਂ ਰੱਬ ਦੇ ਘਰ ਮਿਲਾਂਗੇ। ਲਓ ਮਿਲ ਗਏ ਕੈਨੇਡਾ ਵਿੱਚ" ਉਸਨੇ ਕਿਹਾ "ਕੇਰਾਂ ਇੱਥੇ ਆ ਕੇ ਮੁੜ ਪੰਜਾਬ ਕੀਹਨੇ ਜਾਣਾ? ਤੁਸੀਂ?..." ਉਸਨੇ ਪੁੱਛਿਆ ਤਾਂ ਜਵਾਬ ਆਇਆ "ਮੈਂ ਆਪਣੇ ਹੱਸਬੈਂਡ ਦੀ ਵੇਟ ਕਰ ਰਹੀ ਸੀ। ਤੇ ਤੁਸੀਂ?" ਇਹਨੇ ਵੀ ਬਦਲੇ ਵਿੱਚ ਪੁੱਛ ਹੀ ਲਿਆ "ਜੀ ਮੇਰੀ ਵਾਈਫ ਦੀ ਜੋਬ ਵੀ ਅੱਜ-ਕੱਲ੍ਹ ਇੱਥੇ ਹੀ ਹੈ। ਉਹਦੀ ਸ਼ਿਫਟ ਚੇਂਜ ਹੋਈ ਹੈ।" ਜਵਾਬ ਆਇਆ ਅੱਖਾਂ ਕੁਝ ਹੋਰ ਬੋਲੀਆਂ ਤੇ ਹਰਕਤਾਂ ਕੁਝ ਹੋਰ ਰੱਬ ਨੇ ਸ਼ਾਇਦ ਗ਼ਲਤ ਹਾਣੀ ਮਿਲਵਾ ਦਿੱਤੇ ਸੀ

ਨਸ਼ੇੜੀ

ਜ਼ਿੰਦਗੀ ਦੇ ਨਸ਼ੇੜੀ ਸੁਪਨਿਆਂ ਨੇ ਫੇਰ ਸੋਫ਼ੀ ਹਕੀਕਤ ਤੰਗ ਕਰਨੀ ਇਹਦਾ ਮੌਤ ਦਾ ਡਰ ਗੁਮਾ ਦੇਣਾ ਤੇ ਨਕਲੀ ਤਪਸਿਆ ਭੰਗ ਕਰਨੀ

ਤਪ

ਹਾਏ ਓਏ ਰੱਬਾ ਮੇਰੇ ਕੈਸੇ ਭਾਗ? ਜੱਦ ਉਮੀਦ ਹੀ ਛੱਡਤੀ ਭੋਗਣ ਦੀ ਤੂੰ ਆਹ ਵਿਗੜੈਲ ਅਮੀਰਜ਼ਾਦੀਆਂ ਜਿਹੀਆਂ ਕਿਉਂ ਭੇਜ ਰਿਹਾ ਹੈਂ ਦੱਸੀਂ? ਹੱਟ ਜਾ ਇੰਦਰਾ ਤੈਨੂੰ ਦੱਸਾਂ ਮੈਂ ਓਏ ਨਾਲੇ ਤੂੰ ਕੱਪੜੇ ਪਵਾ ਦੇ ਇਹਨਾਂ ਨੂੰ ਫ਼ੱਕਰਾਂ ਦੇ ਨਾਲ ਐਦਾਂ ਦੇ ਮਜ਼ਾਕ ਕਦੇ ਨੀ ਕਰੀ ਦੇ ਹੁੰਦੇ ਓਏ ਮੂਰਖਾ ਮੈਨੂੰ ਮਾਂ ਪਾਰਵਤੀ ਹੀ ਰਹਿਣ ਦੇ ਮੈਨੂੰ ਸ਼ਿਵ ਜੀ ਹੀ ਚਾਹੀਦੇ ਨੇ ਹੁਣ ਜੋ ਤੂੰ ਦੇ ਨੀ ਸਕਦਾ ਪੁੱਤ ਮੇਰਿਆ ਕਿਉਂਕਿ ਹੁਣ ਉਹ ਮੇਰੀ ਹੋਣੀ ਨੀ ਮੈਨੂੰ ਤੂੰ ਬੈਠੇ ਰਹਿਣ ਦੇ ਤਪ ਵਿੱਚ ਅੱਖਾਂ ਬੰਦ ਕਰਕੇ ਉਡੀਕਦੇ ਨੂੰ ਕਿਸੇ ਨਵੇਂ ਜਨਮ ਦਾ ਨਵਾਂ ਦਿਨ ਜਦ ਉਹ ਫੇਰ ਤੋਂ ਮੈਨੂੰ ਚੁਣੇਗੀ

ਨੌਕਰ

ਇੱਕ ਸੁਪਨਾ ਦੇਖਦਾ ਮੈਂ ਮਾਲਕ ਹੋ ਗਿਆ ਸੀ ਜ੍ਹਿਨੂੰ ਜੀਣ ਲੱਗੇ ਨੂੰ ਹੈ ਨੌਕਰ ਹੋਣਾ ਪਿਆ ਆਜ਼ਾਦੀ ਮਗਰੋਂ ਬਾਬੇ ਸਾਡੇ ਫੌਜ ਵਿੱਚ ਗਏ ਨਵੀਂ ਪੀੜ੍ਹੀ ਵਿੱਚੋਂ ਮੈਨੂੰ ਸਟੌਕਰ ਹੋਣਾ ਪਿਆ ਭੁਲੇਖਾ ਲੱਭੀ ਜਾਂਦਾਂ ਵੱਖ ਆਈਡੀਆਂ ਬਣਾ ਕੇ ਜ੍ਹਿਦੇ ਨਾਮ ਨੂੰ ਸੰਭਾਲ ਉਸੇ 'ਚ ਖੋਣਾ ਪਿਆ ਅੱਕੀ ਪਈ ਹੋਂਦ ਨੂੰ ਜੋਬ ਦੀ ਸ਼ਿਫਟ ਹੰਢਾ ਕੇ ਸਫ਼ਰ ਸਬਰ ਦੇ ਨਾਲ ਹੀ ਨਿੱਤ ਢੋਣਾ ਪਿਆ

ਵਾਰਿਸ

ਡਾਹਢੇ ਦਰਦ ਦੀ ਦੌਲਤ ਦਾ ਮੈਂ ਵਾਰਿਸ ਕਿੰਞ ਹੋ ਸਕਦਾਂ? ਮੈਨੂੰ ਨਾ ਕਿਸੇ ਮਖ਼ਦੂਮ ਬਾਬੇ ਤੋਂ ਹੀਰ ਲਿਖਣ ਦੀ ਦੱਸ ਪਈ ਜਿਸ ਭਾਗਪਰੀ ਦੀਆਂ ਯਾਦਾਂ ਦੇ ਮੈਂ ਮਲਕਾ ਹਾਂਸ ਵਿੱਚ ਰਹਿੰਦਾਂ ਉਹਨੇ ਵਲਾਇਤੋਂ ਛੇਤੀ ਮੁੜ ਕੇ ਆਉਣ ਦੀ ਗੱਲ ਸੀ ਹੱਸ ਕਹੀ ਕੌਣ ਲਿਖੇ ਰੈਪ ਗੀਤ ਸਾੜੂਗੀ ਮੇਰੀ ਕਲਮ ਦੇ ਇਸ਼ਕ 'ਚ ਪੈ ਕੇ? ਜਿਹੜੀ ਸਾਬੋ ਜਿਹੀ ਵੀ ਟੱਕਰੀ ਇੱਕ ਰਾਤ ਦੇ ਮਗਰੋਂ ਨੱਸ ਗਈ

ਜਿਦ

ਤੂੰ ਆਪਣੇ ਆਪ ਨੂੰ ਸਮਝਾਉਣਾ ਹੈ ਕਿ ਤੂੰ ਖ਼ੁਦ ਨੂੰ ਖ਼ੁਦ ਲਈ ਮਾਰ ਸਕਦਾ ਹੈਂ ਹੋਰਾਂ ਲਈ ਨਹੀਂ ਬਹੁਤ ਮਰ ਲਿਆ ਐਨੇ ਵਰ੍ਹੇ ਕਿਉਂਕਿ ਕੱਲਾ ਸੀ ਹੁਣ ਤੈਨੂੰ ਖ਼ੁਦ ਨੂੰ ਜੀਣਾ ਸਿਖਾਉਣਾ ਪੈਣਾ ਹੈ ਨਹੀਂ ਤਾਂ ਜਿੰਨੇ ਕੁ ਲੋਕ ਰੱਬ ਨੇ ਤੇਰੀ ਜ਼ਿੰਦਗੀ 'ਚ ਬਖ਼ਸ਼ੇ ਨੇ ਜਿਵੇਂ ਕਿ ਮਾਂ-ਬਾਪ, ਭਾਈ-ਭੈਣ ਜੀਵਨ ਸਾਥੀ ਤੇ ਬੱਚੇ, ਉਹ ਸਬ ਵੀ ਤੇਰੇ ਵਾੰਗ ਪਲ-ਪਲ ਤੇ ਅੰਦਰੋਂ-ਅੰਦਰੀਂ ਡਰਦੇ ਰਹਿਣਗੇ ਤੈਨੂੰ ਬਚਾਉਣ ਵਾਲਾ ਤਾਂ ਕੋਈ ਵੀ ਨਹੀਂ ਸੀ ਪਰ ਤੂੰ ਹੀ ਹੁਣ ਇਸ ਡਰ ਦਾ ਖ਼ਾਤਮਾ ਕਰਨੈ ਤੇ ਉਹਦੇ ਲਈ ਸਬ ਤੋਂ ਪਹਿਲਾਂ ਤੂੰ ਆਪਣਿਆਂ ਨੈਗੇਟਿਵ ਖਿਆਲਾਂ ਨੂੰ ਮਿਊਟ ਕਰਨਾ ਸਿੱਖਣੈ ਉਹ ਸਕੂਲ ਦਾ ਸਮਾਂ ਯਾਦ ਕਰ ਜਦ ਤੂੰ ਜਿਦ ਕਰ ਲਈ ਸੀ ਤੇ ਤੂੰ ਆਖਿਰਕਾਰ ਜਿੱਤਿਆ ਸੀ ਆਪਣੇ ਮਨ ਦੇ ਖੇਤ ਵਿੱਚ ਉਹੀ ਵਾਲੀ ਜਿਦ ਹੁਣ ਫੇਰ ਤੋਂ ਉਗਾਉਣ ਦਾ ਸਮਾਂ ਆ ਚੁਕਿਐ

ਬਿਹਤਰ

ਉਹਦੇ ਖੋਣ ਦਾ ਗ਼ਮ ਕਾਹਦਾ ਜੋ ਤੈਨੂੰ ਕਦੇ ਮਿਲਿਆ ਹੀ ਨੀ? ਤੂੰ ਹਾਲੇ ਤੱਕ ਉਹਦੀਆਂ ਗੱਲਾਂ ਨੂੰ ਕਿਉਂ ਸੱਚ ਮੰਨਿਆ ਹੋਇਆ ਹੈ? ਉਹਨੂੰ ਤੇਰੇ ਤੋਂ ਬਿਹਤਰ ਸੱਜਣ ਉਦੋਂ ਦਾ ਹੀ ਮਿਲ ਗਿਆ ਸੀ ਜੱਦੋਂ ਤੂੰ ਸ਼ੁਰੂ ਕੀਤਾ ਸੀ ਉਹਦੇ ਲਈ ਖ਼ੁਦ ਨੂੰ ਬਿਹਤਰ ਕਰਨਾ

ਸਲਾਹ

ਤੂੰ ਆਪਣੀਆਂ ਨਜ਼ਮਾਂ ਕਿਸੇ ਦਿਨ ਜੇਕਰ ਸਮਝਿਆ ਤਾਂ ਧੁਰ ਅੰਦਰ ਤੱਕ ਡਰ ਜਾਵੇਂਗਾ ਉਂਜ ਵੀ ਜਿੰਦਾ ਲਾਸ਼ ਵਾਂਗ ਹੀ ਤਾਂ ਹੈਂ ਰੈਪੀ ਫੇਰ ਦੁਬਾਰਾ ਪੜ੍ਹਦਾ-ਪੜ੍ਹਦਾ ਮਰ ਜਾਵੇਂਗਾ ਮੰਨ ਸਲਾਹ ਤੂੰ ਮੇਰੀ ਕਾਗ਼ਜ਼ ਰੋੜ੍ਹ ਦੇ ਇਹ ਹੰਝੂਆਂ ਦੇ ਝਨਾਂ ਵਿੱਚ ਦੇਖੀਂ ਤਰ ਜਾਵੇਂਗਾ ਤੂੰ ਅਤੀਤ ਦੇ ਵਰਕੇ ਜਿਹ ਗਲ਼ ਲਾ ਲਏ ਫੇਰ ਦੁਬਾਰਾ ਉਹੀ ਗ਼ਲ਼ਤੀ ਕਰ ਜਾਵੇਂਗਾ

ਜੰਨਤ

ਜੰਨਤ ਜਿਹੀ ਸਬਤੋਂ ਉੱਚੀ ਅਵਸਥਾ ਦੇ ਅਹਿਸਾਸ ਨੂੰ ਵੀ ਸਿਰਫ਼ ਇੱਕ ਫੀਲਿੰਗ ਦੇ ਲਈ ਮੈਂ ਠੁਕਰਾ ਸਕਦਾਂ ਕਿ ਮਾਹੌਲ ਵਿੱਚ ਦੂਰ ਕਿਤੇ ਪਿਆਨੋ ਵੱਜ ਰਿਹਾ ਹੋਵੇ ਠੰਢੀ ਹਵਾ ਮੇਰਾ ਚਿਹਰਾ ਛੁਹ ਕੇ ਲੰਘੇ ਖਿਲਰੇ ਵਾਲ਼ ਮੱਥਿਉਂ ਚੁੱਕਦਿਆਂ ਮੈਨੂੰ ਇੱਕਦਮ ਤੇਰਾ ਖਿਆਲ ਆਵੇ ਤੇ ਤੇਰਾ ਹੱਸਦਾ ਹੋਇਆ ਚਿਹਰਾ ਖ਼ੁਸ਼ੀ ਦੇ ਜਾਵੇ ਆ ਹੱਥ ਵਿੱਚ ਵਿਸਕੀ ਦਾ ਅੱਧਾ ਭਰਿਆ ਅੱਧਾ ਖ਼ਾਲੀ ਪਿਆਲਾ ਲਈ ਮੈਂ ਆਪਾਂ ਦੋਹਾਂ ਦੀ ਔਲਟਰਨੇਟ ਐਂਡਿੰਗ ਬੁਣਦਾ ਹੋਵਾਂ ਤੇ ਅਚਾਨਕ ਤੂੰ ਸੱਚੀਉਂ ਸਾਹਮਣੇ ਆ ਜਾਵੇਂ ਪਹਿਲਾਂ ਤਾਂ ਬਹਿਸ ਜਾਮ 'ਤੇ ਹੀ ਹੋਵੇ ਤੇ ਫੇਰ ਮੇਰੇ ਜਾਮ ਦੇ ਅੰਜਾਮ 'ਤੇ ਹੋਵੇ ਤੂੰ ਕਹੇਂ ਗਿਲਾਸ ਅੱਧਾ ਭਰਿਆ ਹੋਇਆ ਹੈ ਮੈਂ ਕਹਾਂ ਗਿਲਾਸ ਤਾਂ ਅੱਧਾ ਖ਼ਾਲੀ ਹੈ ਹਾਹਾ ਤੂੰ ਫੇਰ ਆਵਦੀ ਕਸਮ ਦੇਵੇਂ ਕਿ ਜਾਮ ਕਦੇ ਭਰਿਆ ਨਾ ਹੋਵੇ ਬੱਸ ਮੈਨੂੰ ਕੁਝ ਨਹੀਂ ਪਤਾ ਤੇ ਮੈਂ ਬਦਲੇ ਵਿੱਚ ਇਹ ਕਸਮ ਲਵਾਂ ਜਿਹ ਤੂੰ ਹਮੇਸ਼ਾ ਮੇਰੀਆਂ ਅੱਖਾਂ ਸਾਹਮਣੇ ਹੋਵੇਂ ਜਾਮ ਖ਼ਾਲੀ ਹੁੰਦਿਆਂ ਸਾਰ ਰੁਕਿਆ ਸਮਾਂ ਜਦ ਲੰਘਣਾ ਸ਼ੁਰੂ ਹੋਇਆ ਮੈਨੂੰ ਧਿਆਨ ਆਇਆ ਕਿ ਤੂੰ ਤਾਂ ਸੱਚੀਉਂ ਜੰਨਤ ਵਿੱਚ ਬੈਠੀ ਹੈਂ ਆਹ ਨਾਲ ਵਗਦੀ ਭਾਖੜਾ ਨਹਿਰ ਵਿੱਚ ਛਾਲ਼ ਮਾਰ ਕੇ ਦੱਸ ਕੀ ਮੈਂ ਵੀ ਜੰਨਤ ਵਿੱਚ ਹੀ ਆ ਜਾਵਾਂ ਤੇਰੇ ਕੋਲ? ਉੱਥੇ ਤਾਂ ਨੀ ਕੋਈ ਜਾਤਾਂ ਪੁੱਛਦਾ ਹੋਣਾ ਛੇਤੀ ਦੱਸ, ਕੋਈ ਇਸ਼ਾਰਾ ਤਾਂ ਕਰੋ ਯਾਰ ਹੁਣ ਤਾਂ ਡੁੱਬਣ ਦਾ ਪਤਾ ਵੀ ਨੀ ਲੱਗਣਾ ਕੀ ਕਿਹਾ? ਨਹੀਂ? ਤੂੰ ਨਹੀਂ ਕਿਹੈ ਜਾਂ ਹਾਂ? ਆ ਬਿਜਲੀ ਕੜਕੀ ਸੀ ਹੁਣੇ ਮਾੜੀ ਜਿਹੀ ਦੱਸ ਹੁਣ ਫੇਰ ਤੁੱਰ ਪਵਾਂ ਮੈਂ ਇੱਥੋਂ ਜਾਂ ਇੱਕ ਛੋਟਾ ਜਿਹਾ ਪੈੱਗ ਹੋਰ ਲਾ ਲਵਾਂ? ਕਿਉਂਕਿ ਉੱਥੇ ਨਾ ਫੇਰ ਜਾਮ ਹੋਣਾ ਹੈ ਤੇ ਨਾ ਹੀ ਪੀਣ ਦੀ ਗ਼ਰਜ਼ ਰਹਿਣੀ ਹੈ ਨਾ ਇੱਥੋਂ ਦੇ ਲੋਕ, ਨਾ ਇਨ੍ਹਾਂ ਦੀ ਖ਼ਾਰ ਤੂੰ, ਮੈਂ ਤੇ ਉਹ ਜੰਨਤ ਦਾ ਸੋਹਣਾ ਬਾਗ਼ ਯਾਰ ਇਹੋ ਖਿਆਲ ਤਾਂ ਬੁਣਿਆ ਸੀ ਜੱਦ ਦੂਰ ਕਿਤੇ ਪਿਆਨੋ ਵੱਜ ਰਿਹਾ ਸੀ

ਆਸ

ਮਨ ਕਹਿੰਦੈ ਮੁੜ ਆਵੇਗੀ ਮੇਰੀ ਫੇਰ ਤੋਂ ਜੀਣ ਦੀ ਆਸ ਮੈਂ ਕਹਿੰਦਾ ਹੁੰਦਾਂ ਕੀ ਪਤਾ ਮੇਰਾ ਮੁੱਕਣਾ ਹੀ ਹੁਣ ਚੰਗੈ? ਮਨ ਕਹਿੰਦੈ ਉਮੀਦ ਨਾ ਤੂੰ ਛੱਡਿਆ ਕਰ ਬਦਲਾਅ ਦੀ ਤੇ ਮੈਨੂੰ ਇਹ ਕਹਿੰਦੇ ਹੋਏ ਨੂੰ ਮਨ ਵੀ ਉਦਾਸ ਹੋ ਜਾਂਦਾ ਹੈ

ਗ਼ਮ

ਹਿਜਰ ਦੇ ਪਹਿਲੇ ਤਿੰਨ ਸਾਲ ਤਾਂ ਲੱਗਿਆ ਕਿ ਦਿਲ ਉਤਰਣ ਵਾਲਾ ਗ਼ਮ ਉਹਦਾ ਸੀ ਚੌਥੇ ਸਾਲ ਤੋਂ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਗ਼ਮ ਮੈਨੂੰ ਜ਼ਿੰਦਗੀ ਤੋਂ ਵੱਖ ਹੋਣ ਦਾ ਸੀ ਉਹਨੇ ਤਾਂ ਮਿਲ ਕੇ ਵੀ ਇੱਕ ਨਾ ਇੱਕ ਦਿਨ ਵੱਖ ਹੋਣਾ ਸੀ ਉਹ ਬਿਨਾਂ ਮਿਲੇ ਹੋ ਗਈ ਪਰ ਜਿਉਂਦੇ ਜੀਅ ਆਪਣੀ ਜ਼ਿੰਦਗੀ ਤੋਂ ਵੱਖ ਹੋਣ ਨਾਲੋਂ ਵੱਡਾ ਕੋਈ ਗ਼ਮ ਨਹੀਂ ਹੋਇਆ

ਬਾਰੀਆਂ

ਯਾਦਾਂ ਸਾਂਭ ਲੀਂ ਤੂੰ ਵੇਲੇ ਨਾ ਗਵਾਈਂ ਵੇ ਦਿਲੋਂ ਕੀਤੇ ਜੋ ਕਰਾਰ ਨਾ ਭੁਲਾਈਂ ਵੇ ਤੇਰੀ ਰੂਹ ਨੂੰ ਮੈਂ ਬੜੀ ਛੇਤੀ ਸੋਹਣਿਆ ਜੁੜਣਾ ਖ਼ੁਦਾ ਬਣ ਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਆਵਾਂਗੀ ਹਵਾ ਬਣ ਕੇ ਸੁੰਨੇ ਰਾਹ ਉੱਤੋਂ ਕਾਲੀਆਂ ਰਾਤਾਂ ਵੇ ਆਸਾਂ ਸੁੱਟੀਂ ਨਾ ਤੂੰ ਮਾੜਿਆਂ ਹਾਲਾਤਾਂ ਵੇ ਤੇਰੇ ਬੁੱਲ੍ਹਾਂ ਲਵੇ ਹੋਊਂ ਮਨ ਮੋਹਣਿਆ ਅਗਲਾ ਮੈਂ ਸਾਹ ਬਣ ਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਆਵਾਂਗੀ ਹਵਾ ਬਣ ਕੇ

ਕਣੀਆਂ

ਕਣੀਆਂ ਇੰਞ ਨੇ ਡਿੱਗੀਆਂ ਜਿਵੇਂ ਤੇਰੇ ਅੱਥਰੂ ਵਰ੍ਹਿਆ ਕਰਦੇ ਸੀ ਅੱਜ ਹੋਰਾਂ ਵਿੱਚ ਆਪਾਂ ਦਿਖੇ ਜਦ ਮੀਂਹ 'ਚ ਫਿਰਿਆ ਕਰਦੇ ਸੀ ਹੱਸਿਆ ਕਰਦੇ, ਗਾਉਂਦੇ ਹੁੰਦੇ ਸੀ ਮੌਸਮ ਨੂੰ ਟਿੱਚਰਾਂ ਕਰਦੇ ਸੀ ਕਦੇ ਬੇਇਮਾਨ ਜਿਹਾ ਕਹਿ ਜਾਣਾ ਕਦੇ ਹਾਮੀ ਭਿੱਜ ਕੇ ਭਰਦੇ ਸੀ ਬੁਲਾਉਂਦੇ ਬੜਾ ਸੀ ਬੱਦਲਾਂ ਨੂੰ ਜਦ ਉਹ ਅੰਬਰ 'ਚ ਪਲਦੇ ਸੀ ਕੁਝ ਇਹਨਾਂ ਰਾਹੀਂ ਕਹਿ ਜਾਂਦੇ ਕੁਝ ਮੀਂਹ 'ਚ ਕਹਿਣੋ ਟਲਦੇ ਸੀ ਇੱਕ ਵਾਰੀ ਐਸਾ ਗਰਜੇ ਸੀ ਇੱਕ-ਦੂਜੇ 'ਤੇ ਹੀ ਬਰਸ ਪਏ ਉਦੋਂ ਦੇ ਦੋਵੇਂ ਝੁਲਸੇ ਆਪਾਂ ਬਰਸਾਤਾਂ ਲਈ ਤਰਸ ਗਏ ਹੁਣ ਹੱਸ ਕੇ ਟਿੱਚਰਾਂ ਕਰਦੇ ਬੱਦਲ ਨਜ਼ਦੀਕ ਬੁਲਾਉਂਦੇ ਨੇ ਪਰ ਉੱਤੋਂ-ਉੱਤੋਂ ਵਰ੍ਹ ਜਾਂਦੇ ਇਹ ਰੂਹ ਨਾ ਹੁਣ ਨਵ੍ਹਾਉਂਦੇ ਨੇ ਕਣੀਆਂ ਵੱਲ ਹੱਥ ਨੂੰ ਕੀਤਾ ਜਿਵੇਂ ਅਕਸਰ ਕਰਿਆ ਕਰਦੇ ਸੀ ਅੱਜ ਫੇਰ ਮੈਨੂੰ ਆਪਾਂ ਦਿਖੇ ਜਦ ਮੀਂਹ 'ਚ ਫਿਰਿਆ ਕਰਦੇ ਸੀ

ਅੰਗ

ਇਸ਼ਕ ਦਾ ਗ਼ਮ ਨਹੀਂ ਡਾਹਢਾ ਸੱਟ ਹਿਜਰ ਦੀ ਸਬ ਨੇ ਛਕੀ ਪਰ ਐਨੀਆਂ ਸਦੀਆਂ ਦੇਖ ਕੇ ਵੀ ਰੂਹ ਭਾਂਪ ਨਾ ਰੱਬ ਨੂੰ ਸਕੀ ਜ੍ਹਿਦੇ ਮੋਹ ਦੇ ਕਰਮ ਵਿੱਚ ਫੱਸ ਮੈਨੂੰ ਦੇਖਦੀ ਏਂ ਕੱਖੀਂ ਰੁਲਿਆ ਤੂੰ ਛੱਡ ਦੇ ਆਹ ਚਤੁਰਾਈਆਂ ਕੁੜੀਏ ਮਸਾਂ ਹੈ ਬੂਹਾ ਖੁੱਲਿਆ ਮੈਨੂੰ ਨੂਰ ਦੀ ਆਸ 'ਚ ਪਏ ਨੂੰ ਨਾ ਅੰਗ ਦਿਖਾਉਣ ਲਈ ਆ ਆ ਰੂਹ ਨੂੰ ਮੂਹਰੇ ਕਰਕੇ ਤੂੰ ਨਈ ਤਾਂ ਤੂੰ ਬਦਲ ਲੈ ਰਾਹ

ਮਸਲਾ

ਪੇਪਰਾਂ ਵਿੱਚ ਪਰਚੀਆਂ ਜਿਹਾ ਕੋਈ ਅਸਲਾ ਨਾ ਟੁੱਟਿਉਂ ਜੁੜ ਕੇ ਟੁੱਟੇ ਦਿਲ ਜਿਹਾ ਕੋਈ ਮਸਲਾ ਨਾ ਪਾਗਲਾ ਕੀਹਨੇ ਕਿਹਾ ਸੀ ਤੈਨੂੰ ਸਪਲੀਆਂ ਖੱਟ? ਇੰਜੀਨੀਅਰ ਸਾਬ ਡਿਗਰੀ ਤੋਂ ਬਗ਼ੈਰ ਹਸਲਾਂ ਨਾ

ਖ਼ੂਬ

ਜਦ ਮੈਂ ਆਪਣੇ ਸ਼ਿਅਰਾਂ ਨੂੰ ਕਿਸੇ ਨੇ ਕਿਆ ਖ਼ੂਬ ਲਿਖਿਐ ਕਹਿ ਕੇ ਕਦੇ ਸੁਣਾਉਂਦਾ ਹਾਂ ਤਾਂ ਬਹੁਤ ਦਾਦ ਮਿਲਦੀ ਹੈ ਪਤਾ ਨੀ ਜਲਦੇ ਹੁੰਦੇ ਨੇ ਜਾਂ ਮੇਰੇ ਨੇ ਮੰਨਣਾ ਨੀ ਚਾਹੁੰਦੇ ਹੁਣ ਜੋ ਲਿਖਿਐ ਸੋ ਲਿਖਿਐ ਖ਼ੌਰੇ ਕੱਲ੍ਹ ਇਹ ਵੀ ਨਾ ਹੋਵੇ

ਨਜ਼ਮ

ਉਂਜ ਸਾਦੀ ਸੀ, ਸੁਕੂਨ ਭਰੀ ਕਿਤੋਂ ਮਿੱਠੀ ਸੀ ਉਹ ਹੂਰ ਪਰੀ ਕਿਤੋਂ ਹਕੀਕਤ, ਸੱਚ ਦੀ ਸਦੀ ਕਿਤੋਂ ਖਿਆਲਾਂ ਨਾਲ ਦੀ ਨਦੀ ਨਾ ਜਾਣਾ ਮੈਂ ਕਿਉਂ ਲੱਭਦਾਂ ਜਿਹ ਆਣਾ ਹੁੰਦਾ ਆ ਜਾਂਦੀ ਭਲਾ ਹੀ ਕਰੂ ਉਹ ਸਬ ਦਾ ਨੀ ਕੀ ਗੈਰਾਂ ਵਿੱਚ ਜਾ ਪਾਂਦੀ? ਸ਼ਾਇਰਾਂ ਭਰੀ ਮਹਿਫ਼ਲ ਵਿੱਚ ਸਬ ਨਾਲ ਮਿਲਵਾਇਆ ਸੀ ਖੌਰੇ ਹੋ ਗਈ ਗੁੱਸੇ ਉਹਦਾ ਹੀ ਕਿਉਂ ਹਾਲ ਸੁਣਾਇਆ ਸੀ ਆਈ ਨਾ ਮੁੜ ਕੇ ਕੋਲ ਕਦੇ ਜਿਹੜੀ ਹੱਥ ਛੁਡਾ ਕੇ ਗਈ ਸੀ ਉਹ ਨਜ਼ਮ ਮੇਰੇ ਤੋਂ ਰੁੱਸ ਗਈ ਜਿਹੜੀ ਮੈਨੂੰ ਬਣਾ ਕੇ ਗਈ ਸੀ

ਮਜ਼ਾਕ

ਉਦੋਂ ਐਵਰੈਸਟ ਚੜ੍ਹਾਤਾ ਕਹਿ ਕੇ ਪਿਆਰ ਬਹੁਤ ਹੈ ਹੁਣ ਡਿੱਗਿਆਂ ਦੀ ਵਾਰੀ ਤੈਨੂੰ ਖ਼ਾਰ ਬਹੁਤ ਹੈ ਖ਼ੂਬ ਹੱਲਾ ਸ਼ੇਰੀ ਬੱਲੇ ਓ ਚਲਾਕ ਸੱਜਣਾ ਸਾਰੀ ਜ਼ਿੰਦਗੀ ਬਣਾਤੀ ਏ ਮਜ਼ਾਕ ਸੱਜਣਾ ਮੈਨੂੰ ਦੇਖਣ ਵਾਲੇ ਬਿਨਾਂ ਗੱਲੋਂ ਹੱਸਣਗੇ ਤੇ ਤੈਨੂੰ ਫੈਮੀਨਾਜ਼ੀ ਮੋਢਿਆਂ 'ਤੇ ਚੱਕਣਗੇ ਇਕਲਾਪੇ ਕੋਲੋਂ ਹੋਣਾ ਤੂੰ ਹਲਾਕ ਸੱਜਣਾ ਸਾਰੀ ਜ਼ਿੰਦਗੀ ਬਣਾਤੀ ਏ ਮਜ਼ਾਕ ਸੱਜਣਾ

ਬੁੱਲ੍ਹ

ਪਤਾ ਨਹੀਂ ਕਿੰਨੀਆਂ ਨਾਲ ਕਰ ਲਈ ਮੈਂ ਤੇਰੇ ਨਿੱਘ ਨੂੰ ਭੁਲਾਉਣ ਦੀ ਕੋਸ਼ਿਸ਼ ਕਿਸੇ ਨੇ ਤੇਰੀ ਤਰਾਂ ਨਹੀਂ ਚੁੰਮਿਆ ਮੈਨੂੰ ਤੂੰ ਤਾਂ ਜਾਨੇ ਮੇਰੇ ਬੁੱਲ੍ਹ ਹੀ ਖਾ ਗਈ ਸੀ

ਸਿਵਾ

ਹੈ ਔਪਰਚਿਊਨਿਸਟ ਲੋਕਾਂ ਦੇ ਕੰਮ ਆ ਕੇ ਆਪਣੇ ਜ਼ਮੀਰ ਨੂੰ ਹੀ ਮਾਰ ਜਲਾਇਆ ਮੈਂ ਫੇਰ ਸਵਾਦ ਲਿਆ ਮਨ ਬਹਿਲਵਾਉਣ ਵਿੱਚ ਉਹਦਾ ਸਿਆਪਾ ਵੀ ਪੂਰਾ ਨਾ ਹੰਢਾਇਆ ਮੈਂ ਮੇਰਾ ਮੱਥਾ ਉਹਨੇ ਥੱਲੇ ਲੱਗਣ ਦਿੱਤਾ ਨਾ ਸੀ ਉਹਦੀ ਸਵਾਹ ਨੂੰ ਹਵਾ ਵਿੱਚ ਉਡਾਇਆ ਮੈਂ ਖ਼ਾਬ ਭੁੱਲਣ ਦਾ ਵਾਅਦਾ ਵੀ ਲਿੱਤਾ ਨਾ ਸੀ ਨਿੱਤ ਵਿਕ ਕੇ ਉਹਦੀ ਹੋਂਦ ਨੂੰ ਭੁਲਾਇਆ ਮੈਂ

ਬੇਖ਼ੌਫ਼

ਜਿਸਦਾ ਟਾਈਮ ਚੱਲਦੈ ਉਹਨੂੰ ਤਾਂ ਉਂਜ ਵੀ ਕਿਸੇ ਦਾ ਕੋਈ ਖ਼ੌਫ਼ ਨੀ ਹੁੰਦਾ ਗੱਲ ਤਾਂ ਉਹਦੀ ਹੁੰਦੀ ਹੈ ਜੋ ਮਾੜੇ ਟਾਈਮ 'ਚ ਵੀ ਬੇਖ਼ੌਫ਼ ਹੀ ਰਹਿੰਦੈ ਬੁੱਗੇ ਤੂੰ ਬੱਸ ਕਦਮ ਚੱਕ ਤੇ ਹਸ਼ਰ-ਹੁਸ਼ਰ ਦੀ ਪਰਵਾਹ ਨਾ ਕਰ

ਯਾਦਗਾਰ

ਗੁੱਸਾ ਪਾਲੀ ਚੱਲੀਂ ਮੇਰਾ ਯਾਦਗਾਰ ਦੇ ਤੌਰ 'ਤੇ ਇਸ ਉਮੀਦ ਦੀ ਆਸ ਵਿੱਚ ਕਿ ਮੈਨੂੰ ਮੋੜਨਾ ਜੱਦੋਂ ਕਦੇ ਟੱਕਰੇ ਆਪਾਂ ਫੇਰ ਤੋਂ ਦੁਬਾਰਾ ਦੀ

ਕਾਮਰੇਡ

ਓਏ ਰਾਤ ਮਰ ਗਿਆ ਮੁੰਡਾ ਮਾਸਟਰ ਦਾ ਝੱਲਾ ਛੁੜਾ ਹੀ ਗਿਆ ਮਾਰ ਸਿਰ ਵਿੱਚ ਗੋਲੀ ਪੱਲਾ ਸਵੇਰੇ ਸੱਦਣ ਗਈ ਮਾਂ ਤਾਂ ਪੈਰ ਪਿਆ ਲਾਸ਼ 'ਤੇ ਫ਼ਰਸ਼ ਉੱਤੇ ਖ਼ੂਨ ਵਿੱਚ ਸਣੇ ਸੀ ਪੰਨੇ ਪਾਸ਼ ਦੇ ਉਂਜ ਸੀ ਲਾਈ ਫਿਰਦਾ ਕੰਧੀ ਤਿੰਨੇ ਕ੍ਰਾਂਤੀਕਾਰੀ ਅੱਧੀ ਖੁੱਲੀ ਪਈ ਹੋਈ ਸੀ ਲੋਹੇ ਦੀ ਅਲਮਾਰੀ ਹੋਊ ਕਿਉਂ ਕਿਤਾਬ ਪਾੜੀ ਜ੍ਹਿਨੂੰ ਪੂਜਦਾ ਹੁੰਦਾ ਸੀ? ਉਹ ਕਾਮਰੇਡ ਤਾਂ ਹੱਕਾਂ ਦੇ ਲਈ ਜੂਝਦਾ ਹੁੰਦਾ ਸੀ

ਖ਼ੁਸ਼ਬੂ

ਨਿੱਤ ਚੁੱਪੀ ਦੇ ਸਫ਼ਰ ਦੇ ਨਾਲ ਸਾਹਾਂ ਦੀ ਸਰਗਮ ਭਿੜਦੀ ਏ ਕੋਸ਼ਿਸ਼ ਨੀ ਰੁਕਣ ਦੇਂਦੀ ਮੈਨੂੰ ਇੱਕ ਖ਼ੁਸ਼ਬੂ ਖਿੱਚੀ ਫਿਰਦੀ ਏ ਦਿਨ ਢਲਦੇ ਨੈਣ ਨੇ ਵਰ੍ਹ ਜਾਂਦੇ ਜਿਉਂ ਇੱਕਦਮ ਬੱਦਲੀ ਗਿਰਦੀ ਏ ਜ਼ਿੰਦਗੀ ਦੇ ਵਰਕੇ ਪੱਤਿਆਂ ਜਿਹ ਪਈ ਝੜਦੀ ਡਾਇਰੀ ਚਿਰ ਦੀ ਏ ਚੰਦ ਹਾਸੇ ਖੱਟਣ ਦੀ ਖਾਤਰ ਹੋਂਦ ਹਾਦਸਿਆਂ 'ਚ ਮਰਦੀ ਏ ਸਬ ਕਿੱਸੇ ਮੇਰੇ ਸ਼ਹਿਰ ਦੇ ਨੇ ਪਰ ਯਾਦ ਨਾਨੀ ਦੇ ਘਰ ਦੀ ਏ ਹਰ ਸਫ਼ੇ 'ਤੇ ਨਾਮ ਹੀ ਤੇਰਾ ਹੈ ਜੋ ਖ਼ਾਲੀ ਜਗ੍ਹਾ ਜਿਹੀ ਦਿਸਦੀ ਏ ਮੈਨੂੰ ਪਤਾ ਹੈ ਤੂੰ ਹੀ ਸੱਦ ਦੀ ਏਂ ਕੰਨੀ ਆਵਾਜ਼ ਹੋਰ ਕਿਸਦੀ ਏ? ਜੋ ਸੁਣ ਦਿਲੀ ਮੈਦਾਨ ਦੇ ਵਿੱਚ ਨਿੱਤ ਕਲੀ ਆਸ ਦੀ ਖਿੜਦੀ ਏ ਕੋਸ਼ਿਸ਼ ਨੀ ਰੁਕਣ ਦੇਂਦੀ ਮੈਨੂੰ ਜ੍ਹਿਦੀ ਖ਼ੁਸ਼ਬੂ ਖਿੱਚੀ ਫਿਰਦੀ ਏ

ਜ਼ਿੰਦਗੀ

ਇੱਕ ਆਸ ਸਹਾਰੇ ਖ਼ਾਸ ਖਿਲਾਰੇ ਖੱਟੀ ਜਾਂਦੀ ਏ ਵੀਕੈਂਡ-ਵੀਕੈਂਡ ਕਰਕੇ ਜ਼ਿੰਦਗੀ ਟੱਪੀ ਜਾਂਦੀ ਏ ਦਿਨ-ਰਾਤ ਹਜ਼ਾਰੇ ਝਾਤ ਨਜ਼ਾਰੇ ਵੱਟੀ ਜਾਂਦੀ ਏ ਸੈਟਰਡੇ-ਸੰਡੇ ਕਰਕੇ ਜ਼ਿੰਦਗੀ ਟੱਪੀ ਜਾਂਦੀ ਏ ਹੋ ਬਰਫ਼ਾਂ 'ਚ ਇਗਨਾਈਟ ਖ਼ੁਮਾਰੀ ਪੱਕੀ ਜਾਂਦੀ ਏ ਲਿਟਲ-ਲਿਟਲ ਜਿਹਾ ਕਰਕੇ ਜ਼ਿੰਦਗੀ ਟੱਪੀ ਜਾਂਦੀ ਏ ਕਿਸੇ ਮਹਿਫ਼ਲ ਦੇ ਇਨਵਾਇਟ 'ਚੋਂ ਯਾਰੀ ਤੱਕੀ ਜਾਂਦੀ ਏ ਨੈਕ੍ਸ੍ਟ ਟਾਈਮ ਦੀ ਹਾਂ ਕਰਕੇ ਜ਼ਿੰਦਗੀ ਟੱਪੀ ਜਾਂਦੀ ਏ

ਉਮਰ

ਤੂੰ ਥੋੜੀ ਜਿਹੀ ਖ਼ੁਸ਼ੀ ਤਾਂ ਦੇ ਮੈਂ ਗ਼ਮ ਦੀ ਉਮਰ ਵਧਾਵਾਂ ਦੋ ਪਲਾਂ ਦੇ ਸਾਥ ਵਿੱਚੋਂ ਮੈਂ ਔਲਾਦ ਨੂੰ ਇੱਕ ਉਗਾਵਾਂ ਅਸੀਂ ਗੱਲਾਂ ਕਰੀਏ ਤੇਰੀਆਂ ਉਹਨੂੰ ਤੇਰੇ ਵੱਲ ਲੈ ਜਾਵਾਂ ਤੇਰੇ ਇਕਲਾਪੇ ਵੇਲ਼ੇ ਮੈਂ ਥੌਨੂੰ ਦੋਵਾਂ ਨੂੰ ਮਿਲਵਾਵਾਂ ਤੇਰੀ ਮੇਰੀ ਉਸ ਖ਼ੁਸ਼ੀ ਨੂੰ ਮੈਂ ਤੇਰੀ ਹੀ ਝੋਲੀ ਪਾਵਾਂ ਤੇਰੇ ਨਾਮ ਲਵਾ ਕੇ ਉਮਰ ਫੇਰ ਉੱਥੋਂ ਦੀ ਤੁਰ ਜਾਵਾਂ

ਪਿਤਾ

ਮੈਂ ਆਪਣੇ ਪਿਤਾ ਦਾ ਉਹ ਕਿਰਦਾਰ ਹਾਂ ਜੋ ਉਹਨਾਂ ਦੀ ਜ਼ਿੰਦਗੀ ਦੇ ਨਾਵਲ 'ਚ ਉਹ ਆਪ ਹੋਣਾ ਚਾਹੁੰਦੇ ਸੀ ਤੇ ਮੈਨੂੰ ਲਿਖਦੇ-ਲਿਖਦੇ ਹੀ ਆਪਣੀ ਕਲਮ ਫੜਾ ਗਏ ਪਰ ਮੈਂ ਆਪਣੇ ਗੀਤ 'ਚ ਧੀ ਕਿਰਦਾਰ ਕਿਵੇਂ ਹੋਵਾਂ? ਮੇਰੀ ਕਿਰਦਾਰ ਸੱਸੀ ਵਾਂਗ ਗ਼ਮ ਰਹਿਤ ਨੀ ਹੋ ਸਕਦੀ ਤੇ ਮੈਂ ਧੀ ਦੀ ਸੰਭਾਲ਼ ਲਈ ਕੋਈ ਪੁੰਨੂੰ ਨੀ ਰਚ ਸਕਦਾ

ਬੰਦਾ

ਬੰਦਾ ਹੋ ਲਹੂ-ਲੁਹਾਣ ਭਾਰੀ ਝੱਲ ਨੁਕਸਾਨ ਰੇਤ ਦੇ ਉੱਤੇ ਲਕੀਰਾਂ ਖਿੱਚ ਘੜ ਕੇ ਮਕਾਨ ਆਪਣਿਆਂ ਦੇ ਲਈ ਨਿੱਤ ਵਧੀ ਜਾਵੇ ਅੱਗੇ ਰਾਹ ਖੋਦ ਨਵੇਂ ਹਸਰਤਾਂ ਦੇ ਪਿੱਛੇ ਛੱਡ ਖੱਡੇ ਬਾਕੀ ਗੱਲੋਂ ਅਣਜਾਣ ਹੋ ਕਰੇ ਟਰੈਂਡਜ਼ ਫੌਲੋ ਤੇ ਬਦਲੇ 'ਚ ਹੁੰਦਾ ਜਾਵੇ ਦਿਨੋਂ-ਦਿਨ ਵੀਕ ਨਾਦਾਨ ਮਿੱਠੇ ਜ਼ਹਿਰ ਨੂੰ ਹੱਥੀਂ ਕਰੇ ਸਵੌਲੋ ਇਹ ਮੰਨ ਕੇ ਕਿ ਬੰਦਾ ਜੋ ਵੀ ਕਰੇ ਹੋਊ ਠੀਕ ਪਰ ਇਹ ਨਾ ਸੋਚੇ ਕਿੰਨੀ ਦੁੱਖਾਂ ਦੀ ਮਿਆਦ ਜਿਉਣਾ ਚਾਹੁੰਦੈ ਬੰਦਾ ਬੱਸ ਭੋਗ ਕੇ ਸਵਾਦ ਬੰਦਾ ਕੀਤਾ ਬ੍ਰਹਮਾ ਨੇ ਸੀ ਗਿਆਨੀ ਇਜਾਦ ਸ਼ੈਤਾਨੀਆਂ ਜੋ ਕਰੇ ਡੈਵਿਲ ਮਿਲੇ ਦੇ ਬਾਅਦ ਮਕਸਦ ਹੁਣ ਲੌਸਟ ਲੱਭਣੇ ਨੀ ਕਿਸੇ ਹਾਲ ਬੰਦਾ ਤੇ ਉਹਦਾ ਰੱਬ ਦੋਵੇਂ ਹੀ ਉਡੀਕਣ ਕਾਲ ਪੁੱਛਦਾ ਨਹੀਂ ਬੰਦਾ ਅੱਜ-ਕੱਲ੍ਹ ਰੱਬ ਤੋਂ ਸਵਾਲ ਬੰਦੇ ਨੂੰ ਰੱਬ ਦੀ ਹੋਂਦ ਵੀ ਨਾ ਲੱਗੇ ਹੁਣ ਕਮਾਲ

ਲਾਣਤ

ਤੂੰ ਹਰ ਗੱਲ ਮੰਨੀ ਤਾਂ ਵੀ ਛੱਡ ਗਈ ਓਏ ਲਾਣਤ ਏ ਤੂੰ ਕੁੱਟ-ਮਾਰ ਕਰੇਂ ਤੈਨੂੰ ਛੱਡ ਦੀ ਨੀ ਓਏ ਲਾਣਤ ਏ

ਸੱਚ

ਅਸੀਂ ਭੁੱਲ-ਭੁਲੇਖੇ ਤੁਹਾਡਾ ਹਰ ਗਾਣਾ ਸੁਣ ਲੈਂਦੇ ਹਾਂ ਤੁਸੀਂ ਜਾਣ-ਬੁੱਝ ਕੇ ਇੱਕ ਸਾਡਾ ਕਦੇ ਸੁਣਦੇ ਨਹੀਂ ਅਸੀਂ ਤੁਹਾਡੇ ਗੀਤਾਂ ਦੇ ਸ੍ਟੇਟਸ ਪਾ ਲਈਦੇ ਨੇ ਤੁਹਾਨੂੰ ਕਵਰ ਤੋਂ ਪਤਾ ਹੁੰਦੈ ਤਾਂ ਵੀ ਸੁਣਦੇ ਨਹੀਂ ਲੱਗਦਾ ਹੈ ਤੁਹਾਨੂੰ ਸਾਡੀ ਕਲਮ ਚੁਭਣ ਲੱਗ ਪਈ ਸਟੋਰੀ ਦੇਖ ਕੇ ਅੱਜ-ਕਲ੍ਹ ਦਿਲ ਜਿਹੇ ਥੁੰਨਦੇ ਨਹੀਂ ਤੁਸੀਂ ਕਿਹਾ ਸੀ ਸੱਚ ਹੀ ਲਿਖ ਕੇ ਗਾਵੀਂ ਤੂੰ ਰੈਪੀ ਉੱਦਾਂ ਹੀ ਗਾਉਂਦਾਂ ਵੀਰੇ ਪਰ ਤੁਸੀਂ ਸੁਣਦੇ ਨਹੀਂ

ਨਦੀ

ਇੱਕ ਨਦੀ ਹਿਜਰ ਦੀ ਵਗਦੀ ਏ ਇੱਕ ਜੋਤ ਆਸ ਦੀ ਜਗਦੀ ਏ ਮੇਰੇ ਜ਼ਖ਼ਮ ਜੋ ਭਿੱਜ ਕੇ ਨੀ ਸੁੱਕਦੇ ਮੇਰੇ ਕਦਮ ਜੋ ਥੱਕ ਕੇ ਨੀ ਰੁਕਦੇ ਇਸ ਹੋਂਦ ਦੇ ਸੁਖ ਵਿੱਚ ਭੱਖਦੇ ਨੇ ਇਹ ਨੈਣ ਕਿਉਂ ਤੈਨੂੰ ਲੱਭਦੇ ਨੇ? ਜਿਹ ਰਮਜ਼ ਆ ਗਈ ਜਾਨਣ ਦੀ ਤੈਨੂੰ ਕੌਣ ਖ਼ਾਬ ਵਿੱਚ ਮਿਲਦਾ ਏ ਤਾਂ ਰੋਕ ਲਈਂ ਖੌਰੇ ਅਗਲੇ ਵਿੱਚ ਜਿਹੜਾ ਜਾਨੀ ਤੇਰੇ ਦਿਲ ਦਾ ਏ ਉਹਨੂੰ ਸੱਟ ਗ਼ਮਾਂ ਦੀ ਲੱਗਦੀ ਏ ਇੱਕ ਨਦੀ ਹਿਜਰ ਦੀ ਵਗਦੀ ਏ

ਸਾਰ

ਕਦੇ ਜਾਣ ਸਕੇ ਨਾ ਇਹ ਸੋਚ ਕਿੱਦਾਂ ਬਣੀ ਬੱਸ ਇਹੋ ਦੇਖੀ ਗਏ ਕਿ ਕੌਣ ਕਿੱਡਾ ਧਨੀ ਸੱਚੇ ਰੱਬ ਦਾ ਕੀ ਚੱਜ? ਕਿੱਥੋਂ "ਮੈਂ" ਦੀ ਉਪਜ? ਮੈਂ ਤਾਂ ਮੁੱਢੋਂ ਨਿਰਲੱਜ ਮੈਨੂੰ ਕੌਣ ਦਿੰਦਾ ਰੱਜ? "ਮੈਂ" ਨੂੰ ਛੱਡ ਰਿਸ਼ੀ-ਸੰਤ ਚੱਲੇ ਲੱਭਣ ਲਈ "ਉਹ" ਜ੍ਹਿਦਾ ਨਾ ਕੋਈ ਅੰਤ ਹੈ ਜੋ ਸਾਰਿਆਂ ਦਾ ਪਿਉ ਸੀ ਜਦ "ਮੈਂ" 'ਚ ਸਣਿਆ ਕਿਸੇ ਨਾ ਮੈਨੂੰ ਮੰਨਿਆ ਤੇ ਕੇ ਕੈਪ ਬਣਿਆ ਜਦੋਂ ਈਗੋ ਨੂੰ ਭੰਨਿਆ ਮੈਂ ਬੱਬੂ ਮਾਨ ਨੂੰ ਪਿਆਸ ਤੋਂ ਤਲਾਸ਼ ਤੱਕ ਸੁਣਿਆ ਤੇ ਲਿਖ ਕੇ ਅਹਿਸਾਸ "ਮੈਂ" 'ਚੋਂ "ਉਹ" ਨੂੰ ਪੁਣਿਆ "ਮੈਂ" ਦੇ ਖ਼ਾਤਮੇ ਤੋਂ ਬਾਅਦ ਵੀ ਸਫ਼ਰ ਇਹ ਰਿਹਾ ਜਾਰੀ ਫੇਰ ਸ਼ਿਵ, ਪਾਸ਼, ਜੌਨ ਹੋਰਾਂ ਦੀ ਸੀ ਆ ਗਈ ਵਾਰੀ ਤੇ ਸਾਂਝੀ "ਮੈਂ" ਮਹਿਸੂਸ ਕਰੀ ਜਿੱਦਾਂ ਕਿ ਮੈਂ ਮਖ਼ਸੂਸਪੁਰੀ ਦੇਬੀ ਜੀ ਦੇ ਉਹ ਵਾਲੇ ਸ਼ਿਅਰ ਜੋ ਕਿਸੇ ਲਵੇ ਲੈ ਜਾਂਦੇ ਫੇਰ ਜੋ ਸਿਰਫ਼ ਲਾਈਵ ਗਾਏ ਗਏ ਪਰ ਨਾ ਕਿਤੇ ਛਪਾਏ ਗਏ ਹਰ ਹਰਫ਼ ਹੀ ਹੰਝੂ ਆਏ-ਗਏ ਤੇ ਲਫ਼ਜ਼ੀ ਨੀਰ ਵਗਾਏ ਗਏ ਉਹ ਮੇਰੀ "ਮੈਂ" ਭਿੱਜੇ ਗੀਤ ਗੁਲਜ਼ਾਰ ਵੀ ਕਿਉਂ ਹੋਣ? ਐਲਬਮਾਂ ਦੇ ਵਿੱਚ ਦਫ਼ਨ ਮੁਕਤੀ ਦੁਆਰ ਨਿੱਤ ਢੋਣ ਮੈਂ ਹੋ ਨੀ ਸਕਦਾ ਪਾਤਰ ਮੈਂ ਤਾਂ ਆਪ ਕਿਰਦਾਰ ਮੇਰਾ ਘੁੱਟ-ਘੁੱਟ ਮਰਨਾ ਮੇਰੇ ਹਰ ਲਿਖੇ ਦਾ ਸਾਰ

ਬਦਕਿਸਮਤੀ

ਬਦਕਿਸਮਤ ਉਹ ਭਗਤ ਨੀ ਜਿਸਨੂੰ ਕਦੇ ਵੀ ਉਹਦਾ ਰੱਬ ਨੀ ਮਿਲਦਾ ਬਦਕਿਸਮਤੀ ਇਹ ਰੱਬ ਦੀ ਜਿਸਨੂੰ ਉਸਦਾ ਘੜਿਆ ਜੱਗ ਨੀ ਮਿਲਦਾ ਦਗ਼ੇਬਾਜ਼ ਨਾ ਮੱਥਾ ਟੇਕੇ ਝੁਕਿਆ ਸੱਜਣ ਲੱਭਦਾ ਮਿਲਦਾ ਪੱਕਾ ਸਾਥ ਜੋ ਛੁੱਟਦਾ ਦੇਖੇ ਕੋਈ ਨਾ ਉਹਨੂੰ ਫਬਦਾ ਮਿਲਦਾ ਇੱਕੋ ਰੂਹ ਦਾ ਇੱਕੋ ਹਾਣੀ ਅੱਜ-ਕੱਲ੍ਹ ਬਣ ਹੈ ਸਬ ਦਾ ਮਿਲਦਾ ਪਾਕ-ਪਵਿੱਤਰ ਅੰਮ੍ਰਿਤ ਪਾਣੀ ਸਿਰਫ਼ ਹੁਣ ਅੱਖੋਂ ਵਗਦਾ ਮਿਲਦਾ

ਵਹਿਮ

ਚੱਲ ਤੂੰ ਨਾ ਸਹੀ ਤੇਰਾ ਵਹਿਮ ਹੀ ਨੇੜੇ ਆ ਗਿਆ ਜਿਵੇਂ ਮਹਿਕਦੀ ਏਂ ਤੂੰ ਇਹ ਮਨ ਨੂੰ ਮਹਿਕਾ ਗਿਆ ਤੇਰੇ ਅੰਬਰ ਤਾਰੇ ਧਰਤੀ ਵੀ ਮੇਰੇ ਮੂੰਹ ਨੂੰ ਲਵਾ ਗਿਆ ਤੇਰੇ ਬਾਝੋਂ ਮਰ ਜਾਵਾਂਗਾ ਹੈ ਮੈਨੂੰ ਗ਼ਮ ਸੀ ਖਾ ਗਿਆ ਸਦਾ ਲਈ ਸੁੱਤੇ ਪਏ ਨੂੰ ਮੈਨੂੰ ਤੇਰੇ ਲਈ ਉਠਾ ਗਿਆ ਚੱਲ ਤੂੰ ਨਾ ਸਹੀ ਤੇਰਾ ਵਹਿਮ ਹੀ ਨੇੜੇ ਆ ਗਿਆ

ਸੋਚ

ਮੁੜ ਮਿਲਾਪ ਦੀ ਸੋਚ ਵੀ ਨਿੱਤ ਦੇ ਕਾਫ਼ੀ ਘੰਟੇ ਖਾ ਜਾਂਦੀ ਏ ਸੋਚਦਾ ਹੁੰਦਾਂ ਕੀ ਹੀ ਕਰੂੰਗਾ ਜੇਕਰ ਕਿਤੇ ਥਿਆ ਜਾਂਦੀ ਏ ਕਹੂਗੀ ਕੀ ਜਦ ਟੱਕਰੂਗੀ ਪਰ? ਬੋਲਣ ਤੋਂ ਸ਼ਰਮਾ ਜਾਂਦੀ ਏ ਕਿੱਦਾਂ ਦਾ ਉਦੋਂ ਮੌਸਮ ਹੋਣਾ ਕਾਸ਼ ਜਿਹ ਬੱਦਲੀ ਛਾ ਜਾਂਦੀ ਏ ਮਾਫ਼ੀ ਮੰਗਲੂੰ ਸਿੱਧਾ ਮੈਂ ਤਾਂ ਮੇਰੇ ਵੱਲ ਜਿਹ ਆ ਜਾਂਦੀ ਏ ਉਹਨੂੰ ਵੀ ਤਾਂ ਚੰਗਾ ਲੱਗਦਾਂ ਮੇਰੀ ਸੂਰਤ ਭਾਅ ਜਾਂਦੀ ਏ ਐਵੇਂ ਗੁੱਸੇ ਵਿੱਚ ਸੀ ਕਹਿਗੀ ਨਖ਼ਰੋ ਆਪਣੇ ਰਾਹ ਜਾਂਦੀ ਏ ਹੁਣ ਨੀ ਭੁੱਲ ਕੇ ਤੈਨੂੰ ਮਿਲਣਾ ਮੇਰੀ ਕਦਰ ਗਵਾ ਜਾਂਦੀ ਏ ਕਦਮਾਂ ਵਿੱਚ ਤਾਂ ਵਿੱਛਦਾਂ ਤੈਨੂੰ ਦੱਸ ਕਿਹੜੀ ਅੱਗ ਲਾ ਜਾਂਦੀ ਏ? ਸਬ ਨੂੰ ਸਬ ਕੁਝ ਦੱਸ ਦੇਂਦੀ ਸੀ ਚੁਗਲੀ ਰਿਸ਼ਤੇ ਢਾਹ ਜਾਂਦੀ ਏ ਜਿਸਦੀ ਖਾਤਰ ਟੁੱਟਿਆ ਫਿਰਦਾਂ ਉਹੀ ਜੁੜਨੇ ਪਾ ਜਾਂਦੀ ਏ ਮੁੜ ਮਿਲਾਪ ਦੀ ਸੋਚ ਵੀ ਨਿੱਤ ਦੇ ਕਾਫ਼ੀ ਘੰਟੇ ਖਾ ਜਾਂਦੀ ਏ

ਕਰਮ

ਜਦ ਝੂਠਾ ਸੀ ਉਹ ਮੇਰਾ ਸੀ ਤੂੰ ਉਹਦਾ ਸੱਚ ਦਿਖਾ ਕੇ ਬੇਗਾਨਾ ਕਰਤਾ ਰੱਬਾ, ਕਰਮ ਸਾਡੇ ਕੱਟ ਗਏ ਤਾਂ ਦਿਲ ਕਿਉਂ ਮਿਲਣ ਦਾ ਬਹਾਨਾ ਘੜਦਾ?

ਕਮਰਾ

ਕਿਤਾਬਾਂ ਦੇ ਵਿੱਚ ਕਾੱਮਿਕ ਲੱਭੀ ਨਾਗਰਾਜ-ਧਰੁਵ ਇਕੱਠਿਆਂ ਦੀ ਜਿਹਨੂੰ ਸੰਨ 2003 ਦੇ ਵਿੱਚ ਸੀ ਲੁਕ ਪੇਪਰ ਤੋਂ ਪਹਿਲਾਂ ਪੜ੍ਹਿਆ ਇਮਤਿਹਾਨ ਤਾਂ ਅੱਗੇ ਨਿੱਤ ਹੀ ਬੁਢਾਪੇ ਦੇ ਵੱਲ ਵਧਾਉਂਦੇ ਗਏ ਉਹਦੇ ਕਵਰ 'ਚੋਂ ਬਚਪਨ ਨੇ ਅੱਜ ਰੁਕਣ ਲਈ ਹੱਥ ਫੜਿਆ ਸੀ ਨਾਦਾਨਪੁਣੇ 'ਚ ਸੋਚਦਾ ਮੈਂ ਕਮਰਾ ਕਾੱਮਿਕਸ ਨਾਲ ਭਰਨਾ ਜ਼ਿੰਦਗੀ ਵਿੱਚ ਐਸਾ ਉਲਝਿਆ ਕਿ ਉਸ ਕਮਰੇ ਹੀ ਨਾ ਵੜਿਆ

ਜੋਗ

ਭੁੱਲਣ ਦੇ ਲਈ ਸਿੱਖਣਾ ਕੀ ਹੈ ਖੇਡ ਖਾਹਿਸ਼ਾਂ ਦਾ? ਸੇਜ ਰਾਹਾਂ 'ਚ ਵਿਛੇ ਹੀ ਪੱਕਾ ਪਤਾ ਰਿਹਾਇਸ਼ਾਂ ਦਾ ਦਿਸ਼ਾ ਹੀਣ ਹੀ ਰਹਿਣੇ ਨੇ ਬਲਾਵਾਂ, ਕੰਡੇ, ਕੰਕਰ ਪੈਰ ਬਚਾ ਕੇ ਤੁਰ ਫ਼ੱਕਰਾ ਤੂੰ ਕਹਿ ਜੈ ਭੋਲੇ ਸ਼ੰਕਰ ਕਿਸੇ ਨਾ ਬੈਠੀਂ ਟਿੱਲੇ ਤੈਨੂੰ ਮਾਂ ਨੇ ਆ ਲੱਭ ਲੈਣਾ ਰੋ ਕੇ, ਮੱਥਾ ਚੁੱਮ ਕੇ ਤੈਨੂੰ ਫੇਰ ਵਿਆਹ ਦਾ ਕਹਿਣਾ ਜੋਗ ਵਿਆਹ ਗਿਆ ਤੈਨੂੰ ਤਾਹੀਂ ਡਿਫਰੈਂਟ ਤੇਰੀ ਜਰਨੀ ਮਾਂ ਸਬ ਦੀ ਹੀ ਮੰਜ਼ਿਲ ਹੈ ਚੱਲ ਮਿਲਾਂਗੇ ਮਾਂ ਦੇ ਚਰਣੀ

ਸਵਾਰੀ

ਦੋ ਕਿਸ਼ਤੀਆਂ ਵਿੱਚ ਸਵਾਰੀ ਕਿੱਥੇ ਤੱਕ ਕੀਤੀ ਜਾ ਸਕਦੀ ਹੈ ਇਹ ਮੇਰੇ ਤੋਂ ਜਾਣ ਨੀ ਹੋਣਾ ਮੈਂ ਤਾਂ ਬੈਠਦਿਆਂ ਹੀ ਡੁੱਬਿਆਂ ਉਹ ਕਿੱਥੇ ਤੱਕ ਪਹੁੰਚੇ ਨੇ ਜਿਹਨਾਂ ਦਾ ਦਿਲ ਇੱਕ ਵਿੱਚ ਤੇ ਪਰਿਵਾਰਕ ਜਿੰਮੇਦਾਰੀਆਂ ਦੂਜੀ ਕਿਸ਼ਤੀ ਦੇ ਵਿੱਚ ਸੀ?

ਸ਼ਖ਼ਸ

ਇੱਕ ਗੱਲ ਸਮਝ ਨੀ ਆਉਂਦੀ ਰੈਪੀ ਐਨੀ ਵੱਡੀ ਧਰਤੀ 'ਤੇ ਉਹ ਇੱਕ ਸ਼ਖ਼ਸ ਹੀ ਮਿਲਿਆ ਤੇ ਬੱਸ ਉਹ ਫੇਰ ਨਾ ਮਿਲਿਆ ਉਹ ਮਿਲ ਕੇ ਵੀ ਨਾ ਮਿਲਿਆ ਬਿਨ ਮਿਲੇ ਹੀ ਮਿਲਣ ਵਾਲਾ ਯਾਰ ਜਾਂ ਤਾਂ ਨਾ ਹੀ ਮਿਲਦਾ ਤੇ ਭਾਲ ਹੀ ਚਲਦੀ ਰਹਿੰਦੀ ਜੋ ਮਿਲ ਕੇ ਮਿਲ ਨਾ ਸਕਿਆ ਉਹਨੂੰ ਦੱਸ ਹੁਣ ਕੀ ਮਿਲਣਾ? ਨਾਲੇ ਫੇਰ ਤੋਂ ਮਿਲ ਕੀ ਹੋ ਜਾਊ? ਉਹ ਸਾਰਿਆਂ 'ਚ ਹੀ ਮਿਲ ਜਾਂਦੈ ਕੀ ਉੱਦਾਂ ਫੇਰ ਤੋਂ ਮਿਲ ਜਾਊਗਾ ਜਿੱਦਾਂ ਸਿਰਫ਼ ਮੈਨੂੰ ਮਿਲਿਆ ਸੀ?

ਮਖ਼ੌਲ

ਮਖ਼ੌਲ ਦੀ ਭਰੀ ਇਸ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਕਿਸੇ ਨਾਲ ਮਖ਼ੌਲ ਕਰਨ ਵਾਲੇ ਤੇ ਕਿਸੇ ਦਾ ਮਖ਼ੌਲ ਬਣਨ ਵਾਲੇ ਮਖ਼ੌਲ ਬਣਨ ਵਾਲੇ ਅੰਤ ਵਿੱਚ ਸਬ ਨਾਲ ਮਖ਼ੌਲ ਕਰ ਜਾਂਦੇ ਨੇ ਮੇਰੇ ਨਾਲ ਤੂੰ ਆ ਨਸਾਂ ਵੱਢਣ ਵਾਲਾ ਮਖ਼ੌਲ ਨਾ ਕਰਿਆ ਕਰ

ਸਵਾਲ

ਸਵਾਲ ਇੱਕ ਇਹ ਵੀ ਸੀ ਕਿ ਕਿਉਂ ਰੱਬਾ ਤੂੰ ਇਹੋ ਜਿਹੇ ਸ਼ਖ਼ਸ ਬਣਾਉਂਦਾ ਹੁੰਦਾ ਹੈਂ ਜਿਨ੍ਹਾਂ ਦੇ ਸਰੀਰ ਪਾਪ ਕਰਨੋ ਨੀ ਹੱਟਦੇ ਤੇ ਮਾੜੀਆਂ ਰੂਹਾਂ ਰਾਤੀਂ ਸੁੱਤੇ ਪਏ ਕੰਬਣੋ ਦੋ ਇਹ ਵੀ ਸਨ ਕਿ ਜਨਮ ਦਾ ਸਫ਼ਰ ਕਿੰਨੀਆਂ ਕੁ ਉਮਰਾਂ ਬਾਅਦ ਜਾ ਕੇ ਮੁੱਕੂ? ਜਿਹ ਕਾਇਨਾਤ ਨੇ ਚਲਣੋ ਰੁਕਣਾ ਨੀ ਤੇ ਪੈਰ ਕਿਉਂ ਇੱਕ ਦਿਨ ਰੁਕ ਜਾਂਦੇ ਨੇ? ਰੱਬਾ ਸਵਾਲ ਤੇਰੇ ਤੋਂ ਕਰਨ ਵਾਲੇ ਤਾਂ ਬਹੁਤ ਸੀ ਪਰ ਪੰਡ ਇਨ੍ਹਾਂ ਦੀ ਮੈਂ ਇੱਕ ਮਲੂਕ ਸੁਪਨੇ 'ਚ ਰੱਖ ਕੇ ਭੁੱਲ ਗਿਆਂ ਜਿਸ ਵਿੱਚ ਰੂਹ ਕੁਸ਼ੀ ਦਾ ਮਾਹੌਲ ਸੀ ਚੰਗੀ ਤਰ੍ਹਾਂ ਤਾਂ ਉਹ ਵੀ ਹੁਣ ਯਾਦ ਨੀ ਇੱਕ ਲਾਲ-ਚਿੱਟੇ ਫੁੱਲਾਂ ਦੇ ਬਗ਼ੀਚੇ 'ਚ ਇੱਕ ਪਰੀ ਮੇਰੇ ਨਾਲ ਬੈਠੀ ਮੇਰੇ ਇਹ ਸਾਰੇ ਤੈਨੂੰ ਕੀਤੇ ਸਵਾਲ ਸੁਣ ਰਹੀ ਸੀ ਉਹ ਖ਼ੂਬਸੂਰਤੀ ਦੀ ਮੂਰਤ ਅੱਖਾਂ ਵਿੱਚ ਅੱਖਾਂ ਪਾ ਕੇ ਰੱਬਾ ਤੈਨੂੰ ਭੁੱਲ ਜਾਣ ਦਾ ਕਹਿ ਕੇ ਸਬ ਸਵਾਲ ਇੱਕ ਪੰਡ ਵਿੱਚ ਭਰ ਕੇ ਮੇਰੇ ਤੋਂ ਦੂਰ ਲੈ ਕੇ ਜਾਣ ਲੱਗੀ ਫੇਰ ਅਚਨਚੇਤ ਹੀ ਅੱਖ ਖੁੱਲ੍ਹਗੀ ਸੀ ਮੇਰਾ ਅੰਜਾਮ ਦੇਖਣਾ ਵੀ ਰਹਿ ਗਿਆ ਤੂੰ ਖ਼ੈਰ ਬਾਕੀ ਸਵਾਲ ਛੱਡ ਬੱਸ ਮੇਰੇ ਆ ਇੱਕ ਸਵਾਲ ਦਾ ਜਵਾਬ ਦੇ ਹੁਣ ਮੈਨੂੰ ਇਹ ਦੱਸ ਰੱਬਾ ਮੇਰਾ ਉਸ ਸੁਪਨੇ ਦੇ ਵਿੱਚ ਫੇਰ ਕਦੋਂ ਦੁਬਾਰਾ ਜਾ ਹੋਊਗਾ ਜਿਸ 'ਚ ਉਸ ਅਮਰ ਪਰੀ ਦਾ ਦਰਦ ਅੱਜ ਵੀ ਬਿਲਕੁਲ ਅਸਲ ਜਾਪਦਾ ਹੈ? ਉਹ ਨਾਲ ਬੈਠੀ ਪਰੀ ਕੌਣ ਸੀ ਰੱਬਾ ਜੋ ਆਪਣੀ ਰੂਹ ਮੇਰੀਆਂ ਅੱਖਾਂ 'ਚ ਦੇਖ ਕੇ ਮੇਰੇ ਨਾਲ ਵਿਹਾਰ ਕਰਨ ਲੱਗ ਪਈ ਸੀ? ਤੂੰ ਪਰੀਆਂ ਦੀਆਂ ਰੂਹਾਂ ਕਿਉਂ ਕੱਢ ਲੈਂਦੈਂ?

ਅਸੂਲ

ਘੜੀਸ ਅੱਗੇ ਲੈ ਕੇ ਗਏ ਸੁਪਨੇ ਵਾਪਸ ਛੱਡਣ ਆਏ ਕਰਕੇ ਇੱਕ-ਇੱਕ ਮਰਨਗੇ ਮੇਰੇ ਅਸੂਲ ਤੋਂ ਘਬਰਾਏ ਕੁਝ ਤੇ ਐਸਾ ਕਰ ਰੈਪੀ ਦੋ ਸਿੱਕੇ ਹੀ ਜਾਣ ਕਮਾਏ ਜੇਕਰ ਤੂੰ ਗੰਦ ਨੀ ਲਿਖਣਾ ਤੂੰ ਨੀ ਚੱਲਣਾ ਓਕੇ, ਬਾਏ

ਦੋਸ਼

ਬੇਦਾਗ਼ ਹੋਣਾ ਹੀ ਦੋਸ਼ ਹੈ ਤੇਰਾ ਟ੍ਵਿਨ ਫਲੇਮਜ਼ ਦੀਏ ਜਾਈਏ ਪੂਰਕ ਦੀ ਭਾਲ 'ਚ ਘੱਟੋ-ਘੱਟ ਦੋ-ਤਿੰਨ ਅਫੇਅਰ ਤਾਂ ਬਣਦੇ ਸੀ ਸਾਡੇ ਦਾਗ਼ੀਆਂ-ਦਿਲ ਟੁੱਟਿਆਂ ਵਿੱਚ ਤੇਰਾ ਲਵਰ ਨੀ ਮਿਲਣਾ

ਅਨਮੋਲ

ਦਿਲ ਮੇਰਾ ਜਿਹੜਾ ਹੀਰਾ ਸੀ ਜਦ ਬਿਖਰਿਆ ਚਮਕੀ ਗਿਆ ਤੂੰ ਚੁੱਕਣ ਲੱਗੇ ਨੂੰ ਕਹਿ ਗਈ ਇਹਦੇ ਟੁੱਕੜੇ ਵੀ ਖੋਟੇ ਹੋਣੇ ਹਰ ਟੁੱਕੜੇ ਚੰਦ ਕੈਰੇਟ ਦੇ ਹੀਰੇ ਭਾਹ ਦੇ ਲਫ਼ਜ਼ ਦਿੱਤੇ ਜਿਨ੍ਹਾਂ ਤੋਂ ਬਣੇ ਮੇਰੇ ਗੀਤਾਂ ਦੀ ਹਰ ਐਲਬਮ ਅਨਮੋਲ ਮੈਂ ਤਾਂ ਤੇਰੇ ਕੋਲੋਂ ਸਿਰਫ਼ ਇੱਕ ਸਾਥ ਹੀ ਮੰਗਿਆ ਸੀ ਮੈਨੂੰ 'ਕੱਲਿਆਂ ਛੱਡ ਕੇ ਪਰ ਜੋ ਤੈਨੂੰ ਵੀ ਨਾ ਮਿਲਿਆ ਤੈਨੂੰ ਅਵਾਜ਼ਾਂ ਮਾਰਦਿਆਂ ਜਿਹੜੇ ਗੁੱਮ ਹੋ ਗਏ ਸੀ ਮੈਨੂੰ ਹੋਂਦ ਲਭਾ ਕੇ ਗਏ ਮੇਰੇ ਹੀ ਆਪਣੇ ਬੋਲ

ਰੋਟੀ

ਪਿਆਰ ਦੀ ਰੋਟੀ ਮੰਗਣੀ ਪੈ ਗਈ ਇਹੋ ਇੱਕ ਗੱਲ ਲੈ ਕੇ ਬਹਿ ਗਈ ਆਵਦੀ ਵਾਰੀ ਭੁੱਲ ਗਈ ਜਦ ਸੀ ਮੈਨੂੰ ਔਪਸ਼ਨ ਕਹਿ ਕੇ ਖਹਿ ਗਈ ਮੈਂ ਤਾਂ ਨਾ ਦਿਲ 'ਤੇ ਬੋਝ ਲਿਆ ਸੀ ਆਈ ਲਵ ਯੂ ਹਰ ਰੋਜ਼ ਕਿਹਾ ਸੀ ਦੋਵਾਂ ਲਈ ਹੀ ਤਾਂ ਰੋਟੀ ਖੱਟਦਾਂ ਅੱਜ ਕੀ ਤੈਨੂੰ ਪਿਆਰ ਦੀ ਪੈ ਗਈ? ਤੂੰ ਦੂਰੀ ਵਿਚਲਾ ਪਿਆਰ ਪਛਾਣ ਕੰਮ ਦੇ ਸਮੇਂ ਨਾ ਭਾਲ ਮਿਲਾਣ ਰਿਬਾਊਂਡ ਰਕਾਨੇ ਸੋਚੀਂ ਵੀ ਨਾ ਵਿੱਚਿਉਂ ਵੱਢੂੰ ਭਨਕ ਜਿਹ ਪੈ ਗਈ

ਵੇਲ਼ਾ

ਅੱਜ ਮੁੱਦਤ ਮਗਰੋਂ ਫੇਰ ਤੋਂ ਅਨੋਖਾ ਉਹ ਵੇਲ਼ਾ ਆਇਆ ਮੇਰਾ ਉਹਤੋਂ ਦਿਲ ਦੁਖਿਆ ਮੈਂ ਉਹਦਾ ਦਿਲ ਦੁਖਾਇਆ

ਕਾਇਰ

ਤੂੰ ਕਾਇਰ ਹੈਂ ਮੈਂ ਸ਼ਾਇਰ ਹਾਂ ਗੱਲਾਂ ਦੋਵਾਂ ਪੱਲੇ ਨੇ ਬੱਸ ਕਰਦੇ ਨਹੀਂ ਜੋ ਕਹਿੰਦੇ ਹਾਂ ਜੀਭਾਂ ਥੱਲੇ ਰਹੀਏ ਬੇਵੱਸ ਤੇਰੀ ਜੀਭ ਸੁਣਾਉਂਦੀ ਹੈ ਤੇ ਮੇਰੀ ਜੀਭ ਲਿਖਵਾਉਂਦੀ ਹੈ ਜਰਦੇ ਨਹੀਂ ਜੋ ਕਹਿੰਦੇ ਹਾਂ ਨਸੀਬਾਂ ਨੂੰ ਕਹੀਏ ਕੀ ਦੱਸ? ਤੂੰ ਕਾਇਰ ਹੈਂ ਮੈਂ... ਨਹੀਂ ਮੈਂ ਵੀ ਕਾਇਰ ਹੀ ਹਾਂ ਦਿਲੀ ਖਾਹਿਸ਼ ਲਿਖੀ ਹੀ ਨਾ ਬੀਬਾ ਤੂੰ ਪੜ੍ਹ ਪੈਣਾ ਸੀ ਹੱਸ

ਗੁੰਮਸੁਮ

ਜਦ ਫਿਕਰ ਕਰਦਿਆਂ ਅੱਧੀ ਉਮਰ ਦਾ ਪੈਂਡਾ ਬੀਤ ਗਿਆ ਫੇਰ ਅੱਜ ਦਾ ਗੁੰਮਸੁਮ ਦਿਨ ਵੀ ਆਖਰ ਬੀਤ ਹੀ ਜਾਊਗਾ ਇਸ ਨਿਰਾਸ਼ਾਜਨਕ ਘੜੀ 'ਚ ਗੁੰਮਸੁਮ ਹੋਣਾ ਕਿਉਂ ਚੁਣੀਏ? ਰਾਹਤ ਸਾਬ ਤੇ ਸ਼ਿੰਦਾ ਜੀ ਦੇ "ਗੁੰਮਸੁਮ" ਸੌਂਗ ਨੂੰ ਸੁਣੀਏ?

ਉਮੀਦ

ਇੱਕ ਇੰਤਜ਼ਾਰ ਮੁਕਾਇਆ ਅੱਜ ਇੱਕ ਉਮੀਦ ਬਣਾਈ ਤੇਰੀ ਰੂਹ ਦੇ ਚਾਨਣ ਨੇ ਅੱਜ ਮੇਰੀ ਉਮਰ ਵਧਾਈ ਲਫ਼ਜ਼ਾਂ ਕੀਤੀ ਰੌਸ਼ਨ ਏ ਜਜ਼ਬਾਤਾਂ ਦੀ ਗਰਮਾਈ ਅੱਖਰਾਂ ਵਿਚਲੀ ਚੁੱਪੀ ਪਰ ਅੱਜ ਸਬ ਤੋਂ ਵੱਧ ਫ਼ਰਮਾਈ

ਮੁਬਾਰਕ

ਕੁਫ਼ਰ ਮੁਬਾਰਕ ਨੱਢੀਏ ਨੀ ਨਿਊ ਲਵ ਤੈਨੂੰ ਮੁਬਾਰਕ ਆਪਣੇ ਆਸ਼ਕ ਜੋਗੀ ਲਈ ਬਣੀ ਰਹੇਂਗੀ ਸਦਾ ਬੁਝਾਰਤ ਇਸ਼ਕ ਇਬਾਦਤ ਅੱਜ-ਕੱਲ੍ਹ ਇਹ ਕੋਈ ਨਾ ਪੜ੍ਹੇ ਇਬਾਰਤ ਬਣਾਈ ਚੱਲ ਮੂਰਖ ਦੋਵਾਂ ਨੂੰ ਤੂੰ ਕਰ ਨਿੱਤ ਨਵੀਂ ਸ਼ਰਾਰਤ

ਜਾਤ

ਤੇਰੀ ਜਾਤ ਨੇ ਧੱਕਾ ਕੀਤੈ ਮੇਰੀ ਜਾਤ ਦੇ ਨਾਲ ਤੂੰ ਜੋ ਮੇਰਾ ਸੱਚ ਸੀ ਇਹਨਾਂ ਤੋਰੀ ਝੂਠਿਆਂ ਨਾਲ ਜਿਸ ਰਿਚ ਲਾਣੇ ਵਿਆਹੀ ਤੂੰ ਸਬ ਰੂਹਾਂ ਤੋਂ ਕੰਗਾਲ ਗੱਡੀਆਂ-ਘੜੀਆਂ ਲਿਸ਼ਕਦੀਆਂ ਤੇ ਹੋਂਦ ਲੱਗੇ ਜੰਗਾਲ ਆਪਣਾ ਤਹਿ ਸੀ ਮਿਲਣਾ ਬੀਬਾ ਤਹਿ ਸੀ ਤੁਰਨਾ ਨਾਲ ਹੋਣਹਾਰ ਤੂੰ ਜੰਮਣੀ ਸੀ ਇੱਕ ਧੀ ਮੇਰੇ ਫੁਰਨਾ ਨਾਲ ਉਹਨੇ ਸੱਚ ਦੀ ਜਾਈ ਨੇ ਕਈ ਕਰਕੇ ਖੇਤ ਨਿਹਾਲ ਬਣਨਾ ਸੀ ਇਸ ਮੰਦੇ ਜੱਗ ਵਿੱਚ ਬੜਿਆਂ ਲਈ ਮਿਸਾਲ ਹੁਣ ਹਨੇਰ 'ਚੋਂ ਕੱਢੂ ਕਿਹੜਾ ਆਪਾਂ ਦੋ ਬਦਹਾਲ? ਤੇਰੀ ਜਾਤ ਨੇ ਧੱਕਾ ਕੀਤੈ ਮੇਰੀ ਜਾਤ ਦੇ ਨਾਲ

ਰੁੱਤ

ਤੇਰੇ ਤੋਂ ਰੁੱਸੀ ਗਈ ਮੁੜ ਦੇਖ ਰੁੱਤ ਆਈ ਹੈ ਆਵਦੀ ਨੱਥ ਕਿੱਥੇ ਕੁੜੀ ਇਹ ਸੁੱਟ ਆਈ ਹੈ? ਇਹਦੇ ਪੈਰ ਨਾ ਤੂੰ ਫੇਰ ਸਿੱਧਾ ਲਾ ਦੇਵੀਂ ਸਿਰ ਇਹਨੂੰ ਪੁੱਛ ਪਹਿਲਾਂ ਗੱਲੋਂ ਕਿਹੜੀ ਚੁੱਪ ਆਈ ਹੈ? ਬਾਗ਼ ਮਿਲਿਆ ਨੀ ਹੋਣਾ ਤੇਰੇ ਦਿਲ ਜਿਹਾ ਇਹਨੂੰ ਪਿਆਰ ਮੁੱਲ ਲੈਣ ਗਈ ਪੱਕਾ ਵਿੱਕ ਆਈ ਹੈ ਇਹਨੂੰ ਜੋਬਨ ਹੀਣ ਨੂੰ ਦਿਖੀ ਹੋਣੀ ਤੇਰੀ ਲਾਲੀ ਆਵਦਾ ਰੰਗ ਲੈਣ ਲਈ ਲਾਉਣ ਹਿੱਕ ਆਈ ਹੈ

ਖਿਆਲ

ਸਾਰੇ ਮੁੱਕ ਗਏ ਸਵਾਲ ਪਰ ਨਾ ਮੁੱਕਦੇ ਖਿਆਲ ਕੀ ਤੂੰ ਵੀ ਮੇਰੀਆਂ ਯਾਦਾਂ ਰੱਖ ਬੈਠੀ ਏਂ ਸੰਭਾਲ? ਮੈਨੂੰ ਹਾਲੇ ਵੀ ਸਵਾਉਂਦੀ ਏਂ ਤੂੰ ਹਿੱਕ ਉੱਤੇ ਨਾਲ? ਜਿੱਦਾਂ ਤੇਰੀ ਸੁਰਖ ਹਿਕੀ ਮੈਂ ਲਵਾ ਲਈ ਗੀਚੀ ਨਾਲ ਕੀ ਲੁਕੋ ਲੈਂਦੀ ਹੁੰਦੀ ਏਂ ਮੈਨੂੰ ਬਦਕਿਸਮਤੀ ਕੋਲੋਂ? ਜਿੱਦਾਂ ਮੈਂ ਗਾਇਬ ਕਰਦਾ ਰਹਿੰਦਾਂ ਤੈਨੂੰ ਜੱਗ ਕੋਲੋਂ ਉਡੀਕੀਂ ਨਾ ਪਰ ਕਾੱਲ ਮੈਂ ਉਡੀਕ ਰਿਹਾਂ ਕਾਲ ਜਿਸਤੋਂ ਨਿੱਤ ਦਾ ਸਵਾਲ ਕੱਦੋਂ ਮੁੱਕਣੇ ਖਿਆਲ?

ਨਕਲ

ਕੋਈ ਲੈਗੇਸੀ ਨੀ ਬਣਾਉਣੀ ਮੈਂ ਗੱਲ ਹੁੰਦੀ ਏ ਅੜੀ ਪੁਗਾਉਣ ਦੀ ਕਰੀ ਕਿਸੇ ਗ੍ਰੇਟ ਦੀ ਨਕਲ ਨੀ ਗੱਲ ਮੇਰੀ ਲਿਖਤ ਕਮਾਉਣ ਦੀ ਨਕਲ ਵੀ ਹੁੰਦੀ ਨਾਲ ਅਕਲ ਮੈਂ ਬੇ-ਅਕਲ ਕੀ ਕਰੂੰ ਨਕਲ? ਮੈਨੂੰ ਨਾ ਸਮਝ ਮੇਰੀ ਨਾ ਸ਼ਕਲ ਮੈਂ ਬੇ-ਅਕਲ ਕੀ ਕਰੂੰ ਨਕਲ? ਸਬ ਉੱਘੇ, ਡਾਕਟਰੇਟ, ਪਦਮ ਸ਼੍ਰੀ ਤੇ ਮੈਂ ਲਿੰਕ ਗੀਤਾਂ ਦੇ ਵੰਡੇ ਫ੍ਰੀ ਤਜੁਰਬਿਆਂ ਭਰੀ ਇੰਡਸਟਰੀ ਵਿੱਚ ਬਹੁਤ ਰੈਪ ਗੀਤਾਂ ਦੀ ਲਾਈ ਝੜੀ ਜਿੱਥੇ ਫਲੋਪ ਹੋਣ ਦੀ ਲੱਗਦੀ ਫ਼ੀਸ ਕਿੰਝ ਡੈਬਿਊ ਨਾਲ ਦਿੰਦਾ ਦਖ਼ਲ? ਕੀ ਨਕਲ ਮੈਂ ਕਰਦਾ ਬੇ-ਅਕਲ ਨਾ ਮੁੱਕਣੀ ਮੇਰੀ ਇਹ ਸਟ੍ਰਗਲ ਯਾਰੀ ਦਾ ਡਿਪਲੋਮਾ ਖੱਟਿਆ ਆਸ਼ਕੀ ਦੇ ਵਿੱਚ ਡਿਗਰੀ ਗਾਣੇ ਲਿਖ ਕੇ ਫੇਲ ਹੋਇਆ ਪਰ ਦਸੇ ਸਪਲੀਆਂ ਜਿਗਰੀ ਆਪ ਲਿਖ ਕੇ ਗਾਉਣ ਵਾਲਾ ਨਾ ਵੇਚੇ ਆਪਣਾ ਕੋਈ ਅੱਖਰ ਮੈਂ ਬੇ-ਅਕਲ ਵੀ ਪੈੱਨ ਨੂੰ ਫੜ ਕਈ ਵੱਡਿਆਂ ਨੂੰ ਦਿੱਤੀ ਟੱਕਰ ਲੱਗਿਆ ਰਹਿ ਗਈ ਸ਼ਾਇਰੀ ਬੱਸ ਤਾਂ ਹੋਰ ਇਹ ਪਾਪ ਕੀਤਾ ਜਦ ਝੜਨ ਲੱਗ ਪਈ ਡਾਇਰੀ ਪ੍ਰਿੰਟਿੰਗ ਲਈ ਪੈਂਡਾ ਨਾਪ ਲਿੱਤਾ ਕਿਤਾਬ ਕਰੇ ਬਿਨ ਮਰ ਜਾਂਦਾ ਜਿਹ ਕੀ ਲੈ ਜਾਂਦਾ ਹਿੱਕ 'ਤੇ ਧਰ? ਮੇਰੇ ਬੇ-ਅਕਲ ਦੀ ਲਾਸ਼ ਜਕੜ ਮੇਰੀ ਖਾਹਿਸ਼ ਵੀ ਨਾਲ ਜਾਵੇ ਸੜ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਕੇ ਕੈਪ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ