Kesri Nishan : Pritam Singh Kasad

ਕੇਸਰੀ ਨਿਸ਼ਾਨ : ਪ੍ਰੀਤਮ ਸਿੰਘ ਕਾਸਦ

1. ਚਮਕੌਰ ਦੀ ਗੜ੍ਹੀ

ਕਵੀ:-

ਪੂਜਨੀਕ 'ਚਮਕੌਰ' ਦੀਏ ਪਾਕ ਗੜ੍ਹੀਏ,
ਅਪਣੇ ਆਪ ਨੂੰ ਮੇਰਾ ਪਰਨਾਮ ਦੇ ਦੇ।
'ਕਾਸਦ' ਖੜਾ ਏ ਤੇਰੇ ਦੁਆਰ ਉੱਤੇ,
ਮੇਰੀ ਕੌਮ ਲਈ ਕੋਈ ਪੈਗ਼ਾਮ ਦੇ ਦੇ।
ਅਪਣੀ ਅਣਖ਼ ਦੀ ਭਰੀ ਸੁਰਾਹੀ ਵਿਚੋਂ,
ਭਰਕੇ ਅਣਖ਼ ਦਾ ਇਕੋ ਹੀ ਜਾਮ ਦੇ ਦੇ।
ਜ੍ਹਿਨੂੰ ਭਰ ਦਿਆਂ ਕੌਮ ਦੀ ਰੂਹ ਅੰਦਰ,
ਮੇਰੀ ਕਲਮ ਨੂੰ ਐਸਾ ਕਲਾਮ ਦੇ ਦੇ।
ਲਾਲੀ ਚੋਂਵਦੀ ਏ ਤੇਰੇ ਜ਼ੱਰਿਆਂ 'ਚੋਂ,
ਅਣਖ਼ ਚੋਂਵਦੀ ਏ ਤੇਰੇ ਗੀਟਿਆਂ 'ਚੋਂ।
ਜਿਵੇਂ 'ਨਾਨਕ' ਦੀ ਇਕੋ ਨਿਗਾਹ ਉੱਤੇ,
ਸ਼ਹਿਦ ਚੋ ਪਿਆ ਕੌੜਿਆਂ ਰੀਠਿਆਂ 'ਚੋਂ।

ਗੜ੍ਹੀ:-

ਕਾਸਦ, ਜ਼ੱਰੇ ਨਾ ਮੇਰੇ ਲ਼ਿਤਾੜ ਪੈਰੀਂ,
ਮਤਾਂ ਫਿਸ ਜਾਏ ਕਿਤੇ 'ਜੁਝਾਰ' ਦੀ ਅੱਖ।
ਅੱਖ ਖੁੱਲ੍ਹ ਜਾਏ ਮਤਾਂ 'ਅਜੀਤ ਸਿੰਘ' ਦੀ,
ਬਿਨਾਂ ਕਫ਼ਨ ਸੁੱਤੇ ਸਰਦਾਰ ਦੀ ਅੱਖ।
ਬੜੇ ਸਾਂਭੇ, ਲੁਕੋਏ ਕਲੇਜੜੇ ਵਿਚ,
ਫਿਰ ਵੀ ਪੈ ਗਈ ਮੌਤ ਮੁਟਿਆਰ ਦੀ ਅੱਖ।
ਦੋਵੇਂ ਲਾਲ ਕੁਹਾਏ, ਨਾ ਚੋਈ ਫਿਰ ਵੀ,
ਨੀਲੇ ਘੋੜੇ ਦੇ ਸ਼ਾਹ-ਸਵਾਰ ਦੀ ਅੱਖ।
ਮੇਰੀ ਅੱਖੀਆਂ ਸਾਮ੍ਹਣੇ ਬਿੱਦ ਬਿੱਦ ਕੇ,
ਤੀਰ ਚਾਹੜੇ ਸੀ ਉਹਨਾਂ ਕਮਾਨ ਅੰਦਰ।
ਆ ਦਸਾਂ ਮੈਂ ਤੈਨੂੰ ਉਹ ਸ਼ੇਰ ਕਿਦਾਂ,
ਵਾਰੋ ਵਾਰੀ ਸੀ ਲੜੇ ਮੈਦਾਨ ਅੰਦਰ।

ਚੜ੍ਹਿਆ ਸੂਰਮਾ ਬੀਰ 'ਅਜੀਤ' ਗੜ੍ਹੀਉਂ,
ਚੜ੍ਹਦੇ ਬਦਲ ਨੇ ਜਿਵੇਂ ਬਰਸਾਤ ਅੰਦਰ।
ਉਹਦੀ ਤੇਗ਼ ਦੀ ਚਮਕ ਨੂੰ ਤਕ ਸੂਰਜ,
ਡਰਿਆ, ਸਹਿਮਿਆ, ਨੀਲੇ ਆਕਾਸ਼ ਅੰਦਰ।
ਉਹਦੀ ਚੰਡੀ ਨੇ ਕਈ ਹਜ਼ਾਰ ਮੋਛੇ,
ਕੀਤੇ ਦੁਸ਼ਮਣਾਂ ਦੇ ਪਹਿਲੀ ਝਾਤ ਅੰਦਰ।
ਖੜਾ ਹੋ ਗਿਆ ਨਵਾਂ ਪਹਾੜ ਜੱਗ ਤੇ,
ਲਾਸ਼ਾਂ, ਹੱਡੀਆਂ ਦਾ, ਰਾਤ ਰਾਤ ਅੰਦਰ।
ਜਿਵੇਂ ਫ਼ੱਸਲ ਨੂੰ ਵੱਢ ਕਿਸਾਨ ਸੌਂਦੈ,
ਅਪਣੀ ਪੈਲੀ ਦੀ ਉੱਚੀ ਮੁੰਡੇਰ ਉਤੇ।
ਬਿਨਾਂ ਕੱਫ਼ਨ ਦੇ ਤਿਵੇਂ 'ਅਜੀਤ' ਸੂਰਾ,
ਘੂਕ ਸੌਂ ਗਿਆ ਲਾਸ਼ਾਂ ਦੇ ਢੇਰ ਉਤੇ।

ਚਮਕੌਰ ਮੈਦਾਨ ਦੀ ਹਿੱਕੜੀ ਤੇ,
ਪੈਲਾਂ ਪਾਉਂਦਾ ਮੈਂ ਯੋਧਾ ਜੁਝਾਰ ਤਕਿਆ।
ਬਿਜਲੀ ਵਾਂਗ ਚਮਕੌਂਦਾ ਚੰਡਕਾ ਨੂੰ,
ਦੁਸ਼ਮਣ ਦਲਾਂ ਦੇ ਲਾਹੁੰਦਾ ਲੰਗਾਰ ਤਕਿਆ।
ਕਿਆਮਤ ਢਾਹੁੰਦਾ ਪਾਪੀ ਹਤਿਆਰਿਆਂ ਤੇ,
ਉਹਦੀ ਤੇਗ਼ ਦਾ ਇਕ ਇਕ ਵਾਰ ਤਕਿਆ।
ਤਕ ਤਕ ਕੇ ਨਹੀਂ ਸੀ ਰੀਝ ਲੱਥੀ,
ਮੈਨੂੰ ਲੁੱਛਦੀ, ਤੜਫਦੀ ਛੋੜ ਗਿਆ।
ਲਾੜੀ ਮੌਤ ਪਰਨਾ ਕੇ ਝੱਟ ਸੋਹਣਾ,
ਵਾਗਾਂ ਵੀਰ ਦੇ ਦੇਸ਼ ਨੂੰ ਮੋੜ ਗਿਆ।

ਮੈਨੂੰ ਛਡ ਕੇ ਜਦੋਂ ਦਸਮੇਸ਼ ਤੁਰਿਆ,
ਉਹਦੀ ਅੱਣਖ਼ ਨੂੰ ਰਤਾ ਜ਼ਵਾਲ ਨਹੀਂ ਸੀ।
ਉਹਦੇ ਮੱਥੇ ਤੇ ਇਕ ਵੀ ਵੱਟ ਨਹੀਂ ਸੀ,
ਭਾਵੇਂ ਚੌਹਾਂ 'ਚੋਂ ਇਕ ਵੀ ਨਾਲ ਨਹੀਂ ਸੀ।
ਪੁੱਤ ਕਿਸ ਨੂੰ ਜੱਗ ਤੇ ਨਹੀਂ ਪਿਆਰੇ,
ਕੀ ਓਸਨੂੰ ਪਿਆਰੜੇ ਬਾਲ ਨਹੀਂ ਸੀ।
ਉਹਨੂੰ ਵੱਤਨ ਅਜ਼ੀਜ਼ ਸੀ ਪੁੱਤਰਾਂ ਤੋਂ,
ਤਾਹੀਉਂ ਓਸ ਨੂੰ ਰਤਾ ਮਲਾਲ ਨਹੀਂ ਸੀ।
ਕਾਸਦ! ਕਹੀਂ ਦਸਮੇਸ਼ ਦੀ ਕੌਮ ਤਾਈਂ,
ਦੀਵਾ ਅੱਣਖ਼ ਦਾ ਸਦਾ ਜਗਾਈ ਰੱਖੇ।
ਸਿੱਖੀ ਸਿਦਕ ਦੇ ਸੋਹਲ ਬਰੂਟੜੇ ਨੂੰ,
ਪਾਣੀ ਆਪਣੇ ਖ਼ੂਨ ਦਾ ਲਾਈ ਰੱਖੇ।

2. ਵੇਚ ਦਿੱਤੀਆਂ ਤੇਰੇ ਸਰਦਾਰਾਂ…

ਅੱਣਖ਼ ਦਾ ਅੱਜ਼ਲੀ ਨੱਸ਼ਾ, ਬੁਕੀਂ ਪਿਲਾਵਣ ਵਾਲਿਆ,
ਚਿੰਬੜੀਆਂ ਅੱਜ ਕੌਮ ਤੇਰੀ ਨੂੰ ਕਈ ਬੀਮਾਰੀਆਂ।
ਤੇਰੇ ਮਾਸੂਮ ਬੱਚਿਆਂ ਦਾ, ਖ਼ੂਨ ਗਿਰਵੀ ਰੱਖ ਕੇ,
ਇਹ ਸੇਵਕਾਂ ਦੀ ਕੌਮ ਅੱਜ ਮੰਗਦੀ ਏ ਜੱਥੇਦਾਰੀਆਂ।
ਦੁਸ਼ਮਣਾਂ ਤੇ ਕੀ ਗਿਲਾ ਈ, ਪਾਤਸ਼ਾਹਾਂ ਦੇ ਪਾਤਸ਼ਾਹ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ, ਖ਼ੁਦ ਸਰਦਾਰੀਆਂ।

ਅੱਜ ਕੱਲਮ ਮੇਰੀ ਦੇ ਹੰਝੂਆਂ ਵਿਚ ਉਹ ਤਾਸੀਰ ਨਹੀਂ।
ਅੱਜ ਕਿਸੇ, 'ਰਣਜੀਤ ਸਿੰਘ' ਦੀ ਚਮਕਦੀ ਸ਼ਮਸ਼ੀਰ ਨਹੀਂ।
ਅੱਜ ਕਿਸੇ 'ਨਲੂਏ' ਦੇ ਡੌਲ੍ਹੇ ਫਰਕਦੇ ਤਕੇ ਨਾ ਮੈਂ,
ਜਦ ਕਿ 'ਤਲਵੰਡੀ' ਵੀ ਤੇਰੀ ਕੌਮ ਦੀ ਜਾਗੀਰ ਨਹੀਂ।
ਕੀ ਐਨ੍ਹਾਂ ਸਿੱਖਾਂ ਦਾ ਚੇਲਾ ਸੈਂ ਗੁਰੂ ਗੋਬਿੰਦ ਸਿੰਘ,
ਅੱਜ ਜਿਨ੍ਹਾਂ ਦੀ ਅੱਣਖ਼ ਨਹੀਂ, ਇਜ਼ਤ ਨਹੀਂ, ਜ਼ਮੀਰ ਨਹੀਂ?
ਤੂੰ ਜਿਨ੍ਹਾਂ ਦੇ ਸਿਰ ਤੋਂ ਸਦਕੇ ਕਰ ਗਿਉਂ ਲਖ਼ਤੇ-ਜਿਗਰ,
ਦਾਤਾ ਇਨ੍ਹਾਂ ਦੇ ਜਿਗਰ ਵਿਚ ਹੀ, ਅੱਜ ਤੇਰੀ ਤਸਵੀਰ ਨਹੀਂ।

ਰਬ ਜਾਣੇ ਕਿਹੜੀ ਮਿੱਟੀ ਦੇ ਬਣੇ ਉਹ ਸਿੱਖ ਸਨ,
ਗੇਲੀਆਂ ਵਾਂਗੂੰ ਜਿਨ੍ਹਾਂ ਦੇ ਸੀਸ ਚੀਰੇ ਆਰੀਆਂ।
ਆਹ ਤਾਂ ਤੇਰੇ ਸੂਰਮੇ ਐਡੇ ਨਸ਼ੱਈ ਹੋ ਗਏ,
ਸ਼ਰਾਬ ਦੀ ਬੋਤਲ ਬਿਨਾਂ, ਨਹੀਂ ਚੜ੍ਹਦੀਆਂ, ਖੁਮਾਰੀਆਂ।
ਜੇ ਚੜ੍ਹ ਗਈ ਤਾਂ ਬਸ ਫਿਰ ਐਡੇ ਬਹਾਦਰ ਹੋ ਗਏ,
ਆਪਣੇ ਵੀਰਾਂ ਦੇ ਢਿਡੀਂ ਖੋਭਦੇ ਕਟਾਰੀਆਂ।
ਦੁਸ਼ਮਣਾਂ ਤੇ ਕੀ ਗਿਲਾ ਈ, ਪਾਤਸ਼ਾਹਾਂ ਦੇ ਪਾਤਸ਼ਾਹ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ, ਖ਼ੁਦ ਸਰਦਾਰੀਆਂ।

ਕੀ ਐਨ੍ਹਾਂ ਪੁੱਤਰਾਂ ਲਈ, 'ਅਜੀਤ' ਤੇ 'ਜੁਝਾਰ' ਉਤੇ,
ਕਫ਼ਨ ਪਾਉਣਾ ਤੇਰੀ ਗ਼ੈਰਤ ਤੋਂ ਗਵਾਰਾ ਨਾਂਹ ਹੋਇਆ?
ਤੂੰ ਜਿਨ੍ਹਾਂ ਦੇ ਹੁਸਨ ਨੂੰ ਅਪਣੇ ਲਹੂ ਤੇ ਪਾਲਿਐ,
ਅੱਜ ਇਨ੍ਹਾਂ ਦਾ ਇਸ਼ਕ ਤੇਰੇ ਤੇ ਗੁਜ਼ਾਰਾ ਨਾਂਹ ਹੋਇਆ।
ਤੇਰੀ ਰਹਿਮਤ, ਤੇਰੀ ਬਖਸ਼ਿਸ਼, ਤੇ ਭਰੋਸਾ ਰਖਦੇ,
ਪਰ ਇਨ੍ਹਾਂ ਦੇ ਸਿੱਦਕ ਤੋਂ ਏਨਾਂ ਸਹਾਰਾ ਨਾਂਹ ਹੋਇਆ।
ਬਹਿ ਗਏ ਰਕੀਬ ਦੀ ਸਰਦਲ ਤੇ ਢਾਹ ਕੇ ਢੇਰੀਆਂ,
ਓਥੋਂ ਹਿਲੇ ਨਾਂਹ ਜਦ ਤਲਕ, ਉਦ੍ਹਾ ਇਸ਼ਾਰਾ ਨਾਂਹ ਹੋਇਆ।

ਬਲੇ ਬਲੇ, ਕੀ ਕਹਾਂ, ਐਨ੍ਹਾਂ ਜਵਾਨਾਂ ਦੀ ਕੱਸਮ,
ਦਾਹੜੀਆਂ ਜਿਨ੍ਹਾਂ ਦੀਆਂ, ਅੱਜ ਕੈਂਚੀਆਂ ਸਵਾਰੀਆਂ।
ਪਰ ਇਨ੍ਹਾਂ ਤੇ ਵੀ ਮੇਰਾ ਕੋਈ ਰੋਸ ਨਹੀਂ ਏ ਦਾਤਿਆ,
ਆਗੂਆਂ ਦੇ ਪੇਟ ਉਤੋਂ, ਵਿੱਕ ਗਈਆਂ, ਖ਼ੁਦਦਾਰੀਆਂ।
ਬਖ਼ਸ਼ ਸਕੇਂ ਤਾਂ ਇਨ੍ਹਾਂ ਨੂੰ ਬਖ਼ਸ਼ ਦੇਵੀਂ ਪ੍ਰੀਤਮਾ,
ਤੇਰਿਆਂ ਪੁੱਤਾਂ ਤੇਰੇ ਨਾਲ ਕੀਤੀਆਂ ਗ਼ਦਾਰੀਆਂ।
ਦੁਸ਼ਮਣਾਂ ਤੇ ਕੀ ਗਿਲਾ ਈ, ਪਾਤਸ਼ਾਹਾਂ ਦੇ ਪਾਤਸ਼ਾਹ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ, ਖ਼ੁਦ ਸਰਦਾਰੀਆਂ।

ਤੇਰਿਆਂ ਸ਼ੇਰਾਂ ਦੇ ਪਰਛਾਵੇਂ ਤੋਂ ਵੀ ਡਰਦੇ ਸੀ ਜੋ,
ਅੱਜ ਉਨ੍ਹਾਂ ਦੇ ਦਰਾਂ ਤੇ ਸੂਰੇ ਤਿਰੇ ਕਰਦੇ ਸਲਾਮ।
ਜੇ ਕਰ ਸਲਾਮੀ ਤਕ ਹੀ ਰਹਿੰਦੀ ਬਾਤ ਤਾਂ ਚਿੰਤਾ ਸੀ ਕੀ,
ਪਰ ਇਨ੍ਹਾਂ ਗ਼ੈਰਾਂ ਹਵਾਲੇ ਪੰਥ ਦੀ ਕੀਤੀ ਲਗਾਮ।
ਜੇਕਰ ਲਗਾਮ ਵੀ ਸੀ ਦਿੱਤੀ, ਤਾਂ ਵੀ ਨਹੀਂ ਸਾਂ ਫ਼ਿਕਰਮੰਦ,
ਪਰ ਇਨ੍ਹਾਂ ਤਾਂ ਪੰਥ ਨੂੰ ਘੋੜਾ ਸਮਝ, ਕੀਤੈ ਨੀਲਾਮ।
ਤੂੰ ਉਮਰ ਸਾਰੀ ਗ਼ੁਲਾਮਾਂ ਨੂੰ ਰਿਹੋਂ ਕਰਦਾ ਆਜ਼ਾਦ,
ਇਨ੍ਹਾਂ ਤੇਰਾ ਅਜ਼ਾਦ ਪੰਥ, ਚੌਧਰ ਲਈ ਕੀਤੈ ਗ਼ੁਲਾਮ।

ਤੂੰ ਜਿਨ੍ਹਾਂ ਸਿੱਖਾਂ ਦੇ ਸਿਰ ਦੀ ਖ਼ੈਰ ਮੰਗ਼ੀ ਉਮਰ-ਭਰ,
ਤੂੰ ਜਿਨ੍ਹਾਂ ਲਈ ਜੋੜੀਆਂ ਨੀਹਾਂ ਦੇ ਵਿਚ ਖਲ੍ਹਾਰੀਆਂ।
ਤੂੰ ਜਿਨ੍ਹਾਂ ਨੂੰ 'ਮੁਕਤਸਰ' ਵਿਚ ਕਰ ਗਿਉਂ ਮੁਕਤੇ ਪਿਤਾ,
ਤੂੰ ਜਿਨ੍ਹਾਂ ਨੂੰ ਬਖ਼ਸ਼ੀਆਂ ਨਵਾਬੀਆਂ, ਸਰਦਾਰੀਆਂ।
ਤੂੰ ਜਿਨ੍ਹਾਂ ਲਈ ਸੀਸ ਦੇ ਕੇ ਬਾਜ਼ੀਆਂ ਸੀ ਜਿੱਤੀਆਂ,
ਅੱਜ ਉਨ੍ਹਾਂ ਜੁਵਾਰੀਆਂ ਸਭ ਬਾਜ਼ੀਆਂ ਨੀ ਹਾਰੀਆਂ।
ਦੁਸ਼ਮਣਾਂ ਤੇ ਕੀ ਗਿਲਾ ਈ, ਪਾਤਸ਼ਾਹਾਂ ਦੇ ਪਾਤਸ਼ਾਹ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ, ਖ਼ੁਦ ਸਰਦਾਰੀਆਂ।

'ਹੇਮਕੁੰਟ' ਦੇ ਕੁੰਡਲੀਏ ਚਸ਼ਮੇ ਦਾ ਸ਼ੀਤਲ ਜੱਲ ਹਜ਼ੂਰ,
ਤੇਰੇ ਪਵਿੱਤਰ ਚਰਨ ਚੁੰਮ ਚੁੰਮ ਕੇ ਦੀਵਾਨਾ ਹੋ ਗਿਆ।
ਡੇਰੇ ਮੁਬਾਰਕ ਮਰਮਰੀ ਸੀਨੇ ਨੂੰ ਛੁੰਹਦੇ ਸਾਰ ਹੀ,
'ਗੋਦਾਵਰੀ' ਦੀਆਂ ਅੱਖੀਆਂ ਚੋਂ, ਹੜ੍ਹ ਰਵਾਨਾ ਹੋ ਗਿਆ।
ਹੋ ਗਿਆ 'ਨੰਦ ਲਾਲ' ਤੇਰੇ ਰੂਪ ਤੇ ਐਸਾ ਫ਼ਿੱਦਾਅ,
ਉਹਦੀ ਕੱਲਮ ਦੇ ਲਬਾਂ ਤੇ ਤੇਰਾ ਤੱਰਾਨਾ ਹੋ ਗਿਆ।
ਮੈਂ ਨਹੀਂ ਕਹਿੰਦਾ ਮਗਰ, ਸਾਰਾ ਜ਼ਮਾਨਾ ਆਖਦੈ,
ਕਿ ਭੰਭਟ ਅਜ ਸ਼ਮਾਂ ਨੂੰ ਖ਼ੁਦ ਬੁਝਾਵਣ ਲਈ ਬਿਗਾਨਾ ਹੋ ਗਿਆ।

ਕਲ ਤਲਕ ਜੋਬਨ ਜਿਨ੍ਹਾਂ ਦਾ ਤੇਗ਼ ਤੇ ਨੱਚਦਾ ਰਿਹਾ,
ਅੱਜ ਉਨ੍ਹਾਂ ਸ਼ੇਰਾਂ ਨੂੰ ਪਿੰਜਰੇ ਪਾ ਲਿਐ ਸ਼ਿਕਾਰੀਆਂ।
'ਦਰੋਪਦੀ' ਵਾਂਗੂੰ ਅਣਖ਼ ਲਾਚਾਰ ਹੋ ਕੇ ਬਹਿ ਗਈ,
ਹਾਰ ਦਿੱਤੀ ਪਾਂਡੂਆਂ ਵਾਂਗੂੰ ਇਨ੍ਹਾਂ ਜੁਆਰੀਆਂ।
ਨਿੱਤ ਨਵੇਂ ਸੂਰਜ ਦੀਆਂ ਕਿਰਨਾਂ ਨੇ ਤਾਹਨੇ ਦੇਂਦੀਆਂ,
ਖ਼ੂਬ ਚਮਕਾਇਆ ਏ ਤੇਰਾ ਨਾਂ, ਤਿਰੇ ਪੁੱਜਾਰੀਆਂ।
ਦੁਸ਼ਮਣਾਂ ਤੇ ਕੀ ਗਿਲਾ ਈ, ਪਾਤਸ਼ਾਹਾਂ ਦੇ ਪਾਤਸ਼ਾਹ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ, ਖ਼ੁਦ ਸਰਦਾਰੀਆਂ।

ਲੁੱਟੀ ਗਈ ਊ, ਦਾਤਿਆ, ਅੱਜ ਪੰਥ ਦੇ ਏਕੇ ਦੀ ਡੋਰ,
ਤਾਹੀਉਂ ਇਸ਼ਾਰੇ ਗ਼ੈਰ ਤੇ ਉੱਡਦੀ ਏ ਅਜ ਪੰਥਕ ਪਤੰਗ।
ਕੀ ਐਨੀਂ ਛੇਤੀ ਸੁੱਕ ਗਿਆ ਏ, ਤੇਰੀ ਕੁਰਬਾਨੀ ਦਾ ਲਹੂ,
ਅੱਜ ਇਨ੍ਹਾਂ ਦੀ ਕਾਇਰਤਾ ਨੂੰ ਵੇਖ ਕੇ ਦੁਸ਼ਮਨ ਏ ਦੰਗ।
ਇਹ ਨਾ ਸਮਝੀਂ ਸੂਰਮੇ ਤੇਰੇ ਲੜਾਕੇ ਨਹੀਂ ਰਹੇ,
ਇਹ ਸੁਰਾਹੀ ਤੇ ਪਿਆਲੇ ਨਾਲ ਲੜ ਲੈਂਦੇ ਨੇ ਜੰਗ।
ਤੂੰ ਜਿਨ੍ਹਾਂ ਲਈ ਰਕੜਾਂ ਰੋੜਾਂ ਤੇ ਰਾਤਾਂ ਕੱਟੀਆਂ,
ਅੱਜ ਕਲੱਬਾਂ ਦੀ ਨਸ਼ੀਲੀ ਸੇਜ ਤੇ ਸੌਂਦੇ ਨਿਹੰਗ।

ਸੰਸਾਰ ਦੇ ਇਤਿਹਾਸ ਵਿਚ ਇਕ ਤੂੰ, ਹੀ ਤੂੰ ਏਂ ਦਾਤਿਆ,
ਜੋੜੀਆਂ ਲਾਲਾ ਦੀਆਂ ਜਿਸ ਸੇਵਕਾਂ ਤੋਂ ਵਾਰੀਆਂ।
ਆ ਇਨ੍ਹਾਂ ਨੂੰ ਫੇਰ ਅਪਣੇ ਖੰਡਿਓਂ ਦੋ ਘੁੱਟ ਦੇ,
ਫਿਰ ਇਨ੍ਹਾਂ ਦੇ ਸੀਨਿਆਂ ਵਿਚ ਬਾਲ ਦੇ ਚਿੰਗਾਰੀਆਂ।
ਕਹਿੰਦੇ ਨੇ ਤੇਰੇ ਦਰ ਤੋਂ, ਜਿਨ੍ਹਾਂ ਪੀ ਲਈ ਏ ਦਾਤਿਆ,
ਚਿੱਤਾ ਦੀ ਅੱਗ ਤੋਂ ਵੀ ਨਹੀਂ ਉਹ ਲਹਿੰਦੀਆਂ ਖ਼ੁਮਾਰੀਆਂ।
ਦੁਸ਼ਮਣਾਂ ਤੇ ਕੀ ਗਿਲਾ ਈ, ਪਾਤਸ਼ਾਹਾਂ ਦੇ ਪਾਤਸ਼ਾਹ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ, ਖ਼ੁਦ ਸਰਦਾਰੀਆਂ।

3. "ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ"

ਨੌਂ ਸਾਲ ਦਾ ਸੂਰਮਾ ਗੁਰੂ ਗੋਬਿੰਦ ਸਿੰਘ ਬਲਵਾਨ।
ਉਦ੍ਹੀ ਅੱਖ ਚੰਗਿਆੜੇ ਛਡਦੀ ਤੇ ਛੱਡੇ ਤੀਰ ਜ਼ਬਾਨ।
ਉਹਦੀ ਠੋਕਰ ਖਾਵੇ ਪ੍ਰਿਥਵੀ ਤੇ ਜਾ ਪਹੁੰਚੇ ਅਸਮਾਨ।
ਉਹਦੀ ਜੁੱਤੀ ਦੀ ਇਕ ਨੋਕ 'ਤੇ ਹੈ ਘੁਮਦਾ ਕੁਲ ਜਹਾਨ।
ਉਹਨੂੰ ਲੁਛਦੀ ਜਾਪੀ ਵਿਦਵਤਾ ਤੇ ਰੋਂਦੇ ਹੋਏ ਵਿਦਵਾਨ।
ਉਹਨੇ ਤੱਕੇ ਜੰਜੂ ਵਿਲਕਦੇ ਤੇ ਤਿਲਕਾਂ ਦੀ ਤੜਪਾਨ।
ਉਹਨੇ ਤਕੀਆਂ ਕੰਜਕਾਂ ਰੋਂਦੀਆਂ ਤੇ ਚੂੜੇ ਦੀ ਤਿੜਕਾਨ।
ਉਹਨੇ ਤੱਕੀ ਵਹਿਸ਼ਤ ਨੱਚਦੀ ਤੇ ਪੱਤ ਰੜੇ ਮੈਦਾਨ।
ਤੇ ਮਹਿੰਦੀ ਰਤੀਆਂ ਤਲੀਆਂ ਹੋਈਆਂ ਪਿਟ ਪਿਟ ਲਹੂ ਲੁਹਾਨ।
ਉਹ ਜਰ ਨਾ ਸਕਿਆ ਸੂਰਮਾ ਤੇ ਲੱਗਾ ਇੰਜ ਸੁਣਾਨ।
ਐ ਸੱਚੇ ਸਤਿਗੁਰ ਪ੍ਰੀਤਮਾ ਮੇਰੇ ਪਿਆਰੇ ਪਿਤਾ ਮਹਾਨ।
ਹੁਣ ਬਿਨਾਂ ਤੁਹਾਡੇ ਸੀਸ ਦੇ ਨਹੀਂ ਬਚਣਾ ਹਿੰਦੁਸਤਾਨ।

ਗੁਰੂ ਨਾਨਕ ਦੀ ਗੱਦੀ 'ਤੇ ਐ ਸੋਢੀ ਸ਼ਾਹ ਸੁਲਤਾਨ।
ਗ਼ੈਰਤ ਫੂੜ੍ਹੀ ਚੁਕ ਗਈ, ਬੇਗ਼ੈਰਤ ਹੋਏ ਜਵਾਨ।
'ਕੁੰਭਕਰਨ' ਦੀ ਨੀਂਦਰੇ ਜਾ ਸੁੱਤੈ ਰਾਜਸਥਾਨ।
ਭੜਥਾ ਹੋ ਗਈ ਰੇਤ ਵਿਚ ਅਜ ਰਾਜਪੂਤ ਦੀ ਸ਼ਾਨ।
ਡੁਸਕ ਡੁਸਕ ਕੇ ਸੌਂ ਗਈ, ਉਹਦੀ ਲਹੂ ਪੀਣੀ ਕਿਰਪਾਨ।
ਟੋਟੇ ਕਰ ਲਈ ਵੈਰੀਆਂ ਉਹਦੇ ਮੋਢੇ ਤੀਰ ਕਮਾਨ।
ਮੁੱਛਾਂ ਗਜ਼ ਗਜ਼ ਲੰਮੀਆਂ ਜੋ ਨਿੰਬੂ ਕਦੇ ਟਿਕਾਨ।
ਗ਼ੈਰਾਂ ਦੀ ਦਹਿਲੀਜ਼ 'ਤੇ ਅੱਜ ਬਣ ਗਈਆਂ ਦਰਬਾਨ।
ਅਹੁ ਅਰਥੀ ਚੁਕ ਕੇ ਅਣਖ ਦੀ ਅਜ ਰਿਸ਼ੀਆਂ ਦੀ ਸੰਤਾਨ।
ਝੋਲੀ ਅਡ ਕੇ ਮੰਗ ਰਹੀ ਏ ਸੀਸ ਤੇਰੇ ਦਾ ਦਾਨ।

ਪੰਡਤ ਪੈਂਡਾਂ ਕਛਦੇ ਹੋਏ ਦਿੱਲੀ ਵਲ ਰਵਾਨ।
ਢਿਲਕੀ ਬੋਦੀ ਧਰਮ ਦੀ, ਹੋਈ ਸਿਧੀ ਤੀਰ ਸਮਾਨ।
ਢਿਲਕੇ ਜੰਜੂ ਆਕੜੇ ਜਿਉਂ ਆਕੜ ਜਾਏ ਕਮਾਨ।
ਢਿਲਕੇ ਹੰਝੂ ਅੱਖ ਦੇ ਹੋਏ ਪੱਥਰ ਵਾਂਗ ਚਟਾਨ।
ਤੇ ਮੁਗ਼ਲਾਂ ਦੇ ਦਰਬਾਰ ਵਿਚ ਉਹ ਸ਼ੂਕੇ ਵਾਂਗ ਤੂਫ਼ਾਨ।
ਐ ਆਲਮਗੀਰ ਸ਼ਹਿਨਸ਼ਾਹ ਕਿਉਂ ਲਗੈਂ ਜ਼ੁਲਮ ਕਮਾਨ।
ਜੇ ਤੇਗ ਤੇਰੀ ਵਿਚ ਜ਼ੋਰ ਹੈ ਜੇ ਹੈ ਇਹਦੇ ਵਿਚ ਜਾਨ।
ਤਾਂ ਤੇਗ ਬਹਾਦਰ ਸਤਿਗੁਰੂ ਹੈ ਹਿੰਦੂਆਂ ਦਾ ਭਗਵਾਨ।
ਕੁਲ ਹਿੰਦੂ ਮੁਸਲਮ ਹੋਵਸਨ ਛਡ ਰਿਸ਼ੀਆਂ ਦਾ ਈਮਾਨ।
ਜੇ ਸਤਿਗੁਰ ਸਾਡਾ ਤੇਗ ਬਹਾਦੁਰ ਕਰ ਲਏਂ ਮੁਸਲਮਾਨ।

ਚੋਈ ਰੱਤ ਅਕਾਸ਼ ਨੇ ਜਗ ਹੋਇਆ ਲਹੂ ਲੁਹਾਨ।
ਮਿਰਗੀ ਪੈ ਗਈ ਧਰਤ ਨੂੰ ਤੇ ਗੁਲਸ਼ਨ ਹੋਏ ਵੀਰਾਨ।
ਸ਼ਰਮ ਨੇ ਕੁੱਬਾ ਕਰ ਲਿਆ ਅਜ ਨੀਲਾ ਗੱਚ ਅਸਮਾਨ।
ਪਿਟ ਪਿਟ ਮੋਈ ਮਨੁੱਖਤਾ ਉਹਦੇ ਸੜ ਮੋਏ ਅਰਮਾਨ।
ਹਰ ਸੀਨਾ ਸ਼ਮਸ਼ਾਨ ਸੀ ਤੇ ਹਰ ਦਿਲ ਕਬਰਸਤਾਨ।
ਮੋਤੀ ਡੋਹਲਣ ਅੱਖੀਆਂ ਤੇ ਹਉਕੇ ਦੇਣ ਮੁਕਾਣ।
ਡੁਸ ਡੁਸ ਕਰਦੇ ਦੁਖੀਏ ਤੇ ਮੁਸ ਮੁਸ ਮੁਗ਼ਲ਼ ਪਠਾਣ।
ਖੁਸ ਖੁਸ ਜਾਏ ਕਲੇਜੜਾ ਤੇ ਰੁਸ ਰੁਸ ਜਾਨ ਪਰਾਨ।
ਜਾਂ ਦਿੱਲੀ ਚਾਂਦਨੀ ਚੌਕ ਵਿਚ ਤ੍ਰੈ-ਲੋਕੀ ਦੇ ਸੁਲਤਾਨ।
ਸੀਸ ਕਟਾਇਆ ਸਤਿਗੁਰੂ ਮੇਰੇ ਤੇਗ ਬਹਾਦਰ ਆਨ।
ਤੇ ਰਖ ਲਈ ਪੱਤ ਧਰਮ ਦੀ ਅਜ ਦੇ ਕੇ ਬਲੀ ਮਹਾਨ।

ਕੂਕੇ ਅਰਸ਼ੋਂ ਦੇਵਤੇ ਤੇ ਫ਼ਰਸ਼ਾਂ ਤੋਂ ਇਨਸਾਨ।
ਕੂਕੇ ਕਤਰੇ ਲਹੂ ਦੇ ਜਿਨ੍ਹਾਂ ਸਿੰਜਿਆ ਹਿੰਦੁਸਤਾਨ।
ਕੂਕੇ ਪਹੀਏ ਗੱਡ ਦੇ ਜਿਨ੍ਹਾਂ ਲਾ ਕੇ ਪੂਰਾ ਤਰਾਨ।
ਚੁਕਿਆ ਧੜ ਸਰੀਰ 'ਤੇ, ਤੇ ਭੱਜੇ ਵਾਂਗ ਤੂਫ਼ਾਨ।
ਕੂਕੇ ਲੱਖੀ-ਸ਼ਾਹ ਦੇ ਅਜ ਦਿਲ ਵਿਚਲੇ ਅਰਮਾਨ।
ਉਹਨੇ ਜਿਤ ਲਈ ਬਾਜ਼ੀ ਅਣਖ ਦੀ ਵਿਚ ਖ਼ਤਰੇ ਪਾ ਕੇ ਜਾਨ।

ਉਹਨੇ ਔਰੰਗਜ਼ੇਬ ਵੰਗਾਰਿਆ ਉਹਦਾ ਟੋਟੇ ਕੀਤਾ ਮਾਨ।
ਤ੍ਰਾਹ ਤ੍ਰਾਹ ਕਰਨ ਪਠਾਣੀਆਂ ਤੇ ਢਾਹਾਂ ਮਾਰਨ ਖ਼ਾਨ।
ਕੂਕੇ ਸ਼ੁਹਲੇ ਅੱਗ ਦੇ ਜਿਨ੍ਹਾਂ ਚੁੰਮਿਆ ਜਾ ਅਸਮਾਨ।
ਤੇ ਧੜ ਗੁਰੂ ਮਹਾਰਾਜ ਦਾ ਜਿਨ੍ਹਾਂ ਘੁਟਿਆ ਨਾਲ ਪਰਾਨ।
ਤਖ਼ਤੋਂ ਉਠ ਕੇ ਬੋਲਿਆ ਉਹ ਵਾਲੀਏ ਦੋ ਜਹਾਨ।
ਭਾਈ ਜੈਤਾ ਸੀਨੇ ਲਾ ਲਿਆ ਮੇਰੇ ਸੋਢੀ ਸ਼ਾਹ ਸੁਲਤਾਨ।
"ਰੰਗਰੇਟਾ ਗੁਰੂ ਕਾ ਬੇਟਾ" ਗੁਰੂ ਘਰ ਦਾ ਸਿੱਖ ਮਹਾਨ।
ਸੀਸ ਕਲੇਜੇ ਘੁੱਟ ਕੇ ਉਹਨੇ ਕੀਤਾ ਇਹ ਫ਼ਰਮਾਨ।
"ਠੀਕਰਿ ਫੋਰਿ ਦਿਲੀਸ ਸਿਰਿ, ਪ੍ਰਭ ਪੁਰ ਕੀਆ ਪਯਾਨ।
ਤੇਗ ਬਹਾਦਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ।"

4. ਪਰਉਪਕਾਰੀ ਨਾਨਕ

ਖ਼ੂਨੀ ਮੱਕੜੀ ਬਣ ਕੇ ਰਾਜਨੀਤੀ,
ਰਈਅਤ ਫ਼ਸਲ ਨੂੰ ਜਦੋਂ ਉਜਾੜ ਰਹੀ ਸੀ।
ਨ੍ਹੇਰੀ ਪਾਪ ਦੀ ਕਹਿਰ ਤੇ ਜ਼ਹਿਰ ਵਾਲੀ,
ਬ੍ਰਿਛ ਪ੍ਰੇਮ ਦੇ ਜੜ੍ਹੋਂ ਉਖਾੜ ਰਹੀ ਸੀ।

ਅੱਗ ਜਬਰ ਦੀ ਹਸ਼ਰ ਦੀ ਅੱਗ ਵਾਂਗੂੰ,
ਲੂੰ ਲੂੰ ਮਜ਼ਲੂਮਾਂ ਦਾ ਸਾੜ ਰਹੀ ਸੀ।
ਚੱਕੀ ਜ਼ੁਲਮ ਦੀ ਲੱਖਾਂ ਬੇਦੋਸ਼ਿਆਂ ਨੂੰ,
ਵਾਂਗ ਦਾਣਿਆਂ ਪਲਾਂ 'ਚ ਦਾਹੜ ਰਹੀ ਸੀ।

ਓਦੋਂ ਢਾਲ ਕੇ ਰੂਪ ਨੂੰ ਜਿਸਮ ਅੰਦਰ,
ਨਾਨਕ ਨਾਮ ਧਰ ਆਪ ਕਰਤਾਰ ਆਏ।
ਲੱਖਾਂ ਪਾਪੀਆਂ, ਵਹਿਸ਼ੀਆਂ ਜ਼ਾਲਮਾਂ ਦੇ,
ਜੀਵਨ ਬੇੜੇ ਨੂੰ ਲਾਉਣ ਲਈ ਪਾਰ ਆਏ।

ਭਰੀਆਂ ਹੋਈਆਂ ਸੰਧੂਰ ਦੇ ਨਾਲ ਮਾਂਗਾਂ,
ਸਾੜ ਦਿੱਤੀਆਂ ਗਈਆਂ ਅੰਗਾਰਾਂ ਦੇ ਵਿਚ।
ਭਰੇ ਹੋਏ ਮੁਟਿਆਰਾਂ ਦੇ ਨਾਲ ਡੋਲੇ,
ਟਕੇ ਟਕੇ 'ਤੋਂ ਵਿਕੇ ਬਜ਼ਾਰਾਂ ਦੇ ਵਿਚ।

ਤਰੁੰਡ ਤਰੁੰਡ ਕੇ ਸੋਹਲ ਮਲੂਕ ਜਿੰਦਾਂ,
ਜਦੋਂ ਜ਼ਾਲਮ ਪ੍ਰੋਈਆਂ ਨੇ ਹਾਰਾਂ ਦੇ ਵਿਚ।
ਰਬ ਈ ਜਾਣਦੈ ਕਿਸ ਦੇ ਹੰਝੂਆਂ ਨੇ,
ਨਾਨਕ ਸਦ ਲਏ ਦੁਨੀਆਂਦਾਰਾਂ ਦੇ ਵਿਚ।

ਬੱਦਲ ਪਾਪ ਦੇ ਅੰਬਰੋਂ ਨਸ ਗਏ,
ਨ੍ਹੇਰਾ ਝੂਠ ਫ਼ਰੇਬ ਦਾ ਦੂਰ ਹੋਇਆ।
ਓਸ ਚੰਨ ਦੀ ਮਿੱਠੜੀ ਚਾਨਣੀ ਦਾ,
ਜਦੋਂ ਅਰਸ਼ 'ਤੇ ਆਣ ਜ਼ਹੂਰ ਹੋਇਆ।

ਓਹਦੇ ਪੰਜੇ ਦੀਆਂ ਕੋਮਲ ਉਂਗਲਾਂ 'ਤੇ,
ਮੋਰਾਂ ਵਾਂਗ ਪਹਾੜੀਆਂ ਨੱਚ ਪਈਆਂ।
ਓਹਦੇ ਸੋਹਣਿਆਂ ਚਰਨਾਂ ਦੇ ਇਸ਼ਕ ਪਿੱਛੇ,
ਕਾਹਬੇ ਦੀਆਂ ਨੇ ਮਾੜੀਆਂ ਨੱਚ ਪਈਆਂ।

ਓਹਦੀ ਰੱਬੀ ਰਬਾਬ ਦੀ ਧੁੰਨ ਸੁਣ ਕੇ,
ਮੁਰਦਾ ਕੌਮ ਦੀਆਂ ਨਾੜੀਆਂ ਨੱਚ ਪਈਆਂ।
ਸ਼ੇਰਾਂ ਨਾਲ ਹਰਨੋਟੀਆਂ ਨੱਚ ਪਈਆਂ,
ਭੇਡਾਂ ਨਾਲ ਬਘਿਆੜੀਆਂ ਨੱਚ ਪਈਆਂ।

ਠਗਾਂ ਚੋਰਾਂ ਤੇ ਰੋਗੀਆਂ ਜੋਗੀਆਂ ਲਈ,
ਓਹਦੇ ਚਰਨਾਂ ਦੀ ਧੂੜ ਦਵਾ ਹੋ ਗਈ।
ਓਹਦੇ ਮੁੱਖ 'ਚੋਂ ਮਿੱਠੜੇ ਬੋਲ ਸੁਣ ਕੇ,
ਜ਼ਹਿਰ ਰੀਠਿਆਂ ਵਿਚੋਂ ਹਵਾ ਹੋ ਗਈ।

ਪੂੜੇ ਭਾਗੋ ਦੇ ਖ਼ੂਨ ਦੇ ਰੋਏ ਹੰਝੂ,
ਬਾਜ਼ੀ ਜਿਤ ਲਈ ਲਾਲੋ ਦੀਆਂ ਰੋਟੀਆਂ ਨੇ।
ਸਾਡੇ ਵੇਂਹਦਿਆਂ ਝੁੱਗੀਆਂ ਜਿਤ ਗਈਆਂ,
ਰੋ ਰੋ ਆਖਿਆ ਮਹਿਲਾਂ ਤੇ ਕੋਠੀਆਂ ਨੇ।

ਚੀਕਾਂ ਮਾਰੀਆਂ ਪੰਡਤਾਂ ਸੂਫ਼ੀਆਂ ਨੇ,
ਸਾਨੂੰ ਮਾਤ ਪਾਇਆ ਜ਼ਾਤਾਂ ਛੋਟੀਆਂ ਨੇ।
ਮਾਣ ਟੁਟ ਗਿਆ, ਚਰਨ ਪਕੜ ਲਏ,
ਹਮਜ਼ਾ-ਗੌਸ ਜਹੇ ਸਿਆਲਕੋਟੀਆਂ ਨੇ।

ਸੂਰਜ ਵਣ ਦੀਆਂ ਪੱਤੀਆਂ ਚੀਰ ਕੇ ਤੇ,
ਦਰਸ਼ਨ ਕਰਨ ਲਈ ਆਪਣੀ ਥਾਂ ਕਰ ਲਈ।
ਸੱਪ ਸਮਝਿਆ ਮੁੱਖ ਤੇ ਧੁਪ ਆਈ,
ਓਹਨੇ ਫ਼ਨ ਖਿਲਾਰ ਕੇ ਛਾਂ ਕਰ ਲਈ।

"ਸਰਬਤ ਦੇ ਭਲੇ", ਨੂੰ ਚਾਹੁਣ ਵਾਲੇ
ਸਾਰੇ ਜਗਤ ਦੇ ਸਾਂਝੇ ਅਵਤਾਰ ਬਾਬਾ।
ਝੀਲਾਂ ਚਸ਼ਮਿਆਂ ਨਦੀਆਂ ਸਾਗਰਾਂ 'ਚੋਂ,
ਵਹਿੰਦੀ ਤੇਰੇ ਪਿਆਰ ਦੀ ਧਾਰ ਬਾਬਾ।

ਬ੍ਰਿਛਾਂ ਬੂਟਿਆਂ ਪੰਛੀਆਂ ਜਾਨਵਰਾਂ ਦੀ,
ਜੀਭਾ ਗਾਵੰਦੀ ਇਕ-ਓਂਕਾਰ ਬਾਬਾ।
ਫੁੱਲਾਂ, ਕਲੀਆਂ, ਗ਼ੁੰਚਿਆਂ, ਭੌਰਿਆਂ ਵਿਚ,
ਤੇਰੇ ਨਾਮ ਦਾ ਮਿੱਠਾ ਖ਼ੁਮਾਰ ਬਾਬਾ।

ਬਾਬਾ ਅੰਬਰ ਪਤਾਲਾਂ ਤੇ ਧਰਤੀਆਂ ਦੇ,
ਵਾਸੀ ਤੇਰੇ ਉਪਕਾਰ ਦੇ ਰਿਣੀ ਰਹਿਸਨ।
'ਕਾਸਿਦ' ਕੁਲ ਸੰਸਾਰ ਦੇ ਜੀਵ ਜੰਤੂ,
ਤੇਰੀ ਬਖਸ਼ਿਸ਼-ਭੰਡਾਰ ਦੇ ਰਿਣੀ ਰਹਿਸਨ।

5. ਨਿਉਟਿਆਂ ਦੀ ਓਟ

ਅਜ ਮਾਂ 'ਸੁਲੱਖਣੀ' ਦੀ ਕੁੱਖ ਵਿੱਚੋਂ,
ਚੜ੍ਹੀਆਂ ਅਰਸ਼ 'ਤੇ ਜੋਤਾਂ ਨਿਰਾਲੀਆਂ ਨੇ।
ਅਜ ਉਹ ਇਸ਼ਟ ਆਇਐ ਜਿਸਦੇ ਦਰ ਉਤੋਂ,
ਭਰੀਆਂ ਝੋਲੀਆਂ ਲੱਖਾਂ ਸੁਵਾਲੀਆਂ ਨੇ।
ਬਾਰਾਂ ਸਾਲ ਬੁਢੇਪੇ ਨੇ ਮੋਢਿਆਂ 'ਤੇ,
ਪਾਣੀ ਢੋ ਢੋ ਕੇ ਘਾਲਾਂ ਘਾਲੀਆਂ ਨੇ।
ਤਾਂ ਸਤਿਗੁਰੂ ਅੰਗਦ ਨੇ ਅੰਗ ਲਾ ਕੇ,
ਅੰਗ ਅੰਗ ਤੇ ਚਾੜ੍ਹੀਆਂ ਲਾਲੀਆਂ ਨੇ।

ਪਹਿਲਾਂ ਆਪਣੀ ਖੱਲ ਲੁਹਾਈ ਦੀ ਏ,
ਰੱਤ ਦੂਜਿਆਂ ਤਾਂਈਂ ਪਿਆਈ ਦੀ ਏ।
ਜਾਓ ਪੁੱਛੋ 'ਬਿਆਸਾ' ਦੇ ਪੱਤਣਾਂ ਨੂੰ
ਸੇਵਾ ਕਿੰਜ ਤੇ ਕਿਵੇਂ ਕਮਾਦੀ ਦੀ ਏ।

ਸੇਵਾਦਾਰ ਨੂੰ ਸੇਵਾ ਦੇ ਨਾਲ ਮਤਲਬ,
ਹੋਵੇ ਦਿਨ ਜਾਂ ਰਾਤ ਦਾ ਪੱਖ ਹੋਵੇ।
ਭਾਵੇਂ ਜੇਠ ਦੀ ਸਾੜਵੀਂ ਲੂ ਹੋਵੇ,
ਭਾਵੇਂ ਸਿਆਲ ਬਰਫ਼ੋਂ ਠੰਡਾ ਯਖ਼ ਹੋਵੇ।
ਭਾਵੇਂ ਸ਼ਾਹ ਹੋਵੇ ਸ਼ਹਿਨਸ਼ਾਹ ਹੋਵੇ,
ਭਾਵੇਂ ਰੁਲਦਾ ਗਲੀ ਦਾ ਕੱਖ ਹੋਵੇ।
ਕੀ ਮਜਾਲ ਏ ਸੇਵਾ ਦੇ ਸਮੇਂ ਉਨ੍ਹਾਂ,
ਇਕ ਪਲ ਵੀ ਲਾਈ ਚਾ ਅੱਖ ਹੋਵੇ।

ਸ਼ਮ੍ਹਾਂ ਆਪਣਾ ਆਪ ਜਲਾ ਦਿੱਤੈ,
ਤਾਂ ਕਿਧਰੇ ਆਇਆ ਇਤਬਾਰ ਸਾਨੂੰ।
ਮਾਲੀ ਖ਼ਿਜ਼ਾਂ ਨੂੰ ਅਪਣਾ ਖ਼ੂਨ ਦਿੱਤੈ,
ਤਾਂ ਹੋਈ ਨਸੀਬ ਬਹਾਰ ਸਾਨੂੰ।

ਇਕ ਦਿਨ ਝੱਖੜ ਤੇ ਮੀਂਹ ਦੇ ਜ਼ੋਰ ਉੱਤੇ,
ਪੈਰ ਤਿਲ੍ਹਕਿਆ ਮੇਰੀ ਸਰਕਾਰ ਦਾ ਸੀ।
ਵਾਲੀ ਤਿੰਨਾਂ ਹੀ ਲੋਕਾਂ ਦਾ ਵਿਚ ਖੱਡੀ,
ਢੱਠਾ ਪਿਆ ਵੀ ਸ਼ੁਕਰ ਗੁਜ਼ਾਰਦਾ ਸੀ।
ਗਾਗਰ ਮੋਢਿਉਂ ਨਾ ਕਿਤੇ ਤਿਲ੍ਹਕ ਜਾਵੇ,
ਤਾਹੀਉਂ ਉਠ ਉਠ ਹੰਭਲਾ ਮਾਰਦਾ ਸੀ।
ਆਪਣੇ ਗੁਰੂ ਦੀ ਸੇਵਾ ਦੇ ਪਿਆਰ ਉੱਤੋਂ,
ਸੇਵਕ ਲੋਕ ਪਰਲੋਕ ਪਿਆ ਵਾਰਦਾ ਸੀ।

ਕਾਹਦੀ ਵਾਜ ਏ ਕਿਹਾ ਜੁਲਾਹੇ ਅੜੀਏ,
ਸ਼ਾਇਦ ਚੋਰ ਕੋਈ ਲੱਭਦਾ ਨਾਵਾਂ ਹੋਣੈਂ,
ਭਾਗਾਂ ਸੜੀ ਕਲਮੂਹੀਂ ਜੁਲਾਹੀ ਬੋਲੀ,
ਚੋਰ ਕੋਈ ਨਹੀਂ ਅਮਰੂ ਨਿਥਾਵਾਂ ਹੋਣੈਂ।

ਅਮਰ ਦਾਸ ਨਿਘਰਿਆਂ ਦਾ ਘਰ ਲੋਕੋ,
ਠੰਢੀ ਸੰਘਣੀ ਮਿੱਠੜੀ ਛਾਂ ਜੇ ਇਹ।
ਗੁਰੂ ਅੰਗਦ ਨੇ ਛਾਤੀ ਦੇ ਨਾਲ ਲਾ ਕੇ,
ਕਿਹਾ ਲੱਖਾਂ ਯਤੀਮਾਂ ਦੀ ਮਾਂ ਜੇ ਇਹ।
ਹੈ ਜੇ ਆਸਰਾ ਓਟ ਨਿਉਟਿਆਂ ਦੀ,
ਦੁਖੀ ਦਿਲਾਂ ਲਈ ਨੇਕ ਨਿਆਂ ਜੇ ਇਹ।
ਓਸ ਕਮਲੀ ਜੁਲਾਹੀ ਨੂੰ ਪਤਾ ਕੀ ਏ,
ਨਿਥਾਵਿਆਂ ਦੀ ਸਗੋਂ ਥਾਂ ਜੇ ਇਹ।

ਹੈ ਜੇ ਵਾਰਸ ਗੁਰੂ ਨਾਨਕ ਦੀ ਜੋਤ ਦਾ ਇਹ,
ਨਾਲੇ ਇਹੋ ਨਿਮਾਣੇ ਦਾ ਮਾਣ ਲੋਕੋ।
ਇਹਦੀ ਪੁੱਤਰੀ ਭਾਨੀ ਦੇ ਲਹੂ ਅੰਦਰ,
ਭਾਰਤ ਵਰਸ਼ ਦੀ ਛੁਪੀ ਜੇ ਆਨ ਲੋਕੋ।

ਇਤਹਾਸ ਸੰਸਾਰ ਦਾ ਫੋਲ ਥਕਿਆਂ,
ਕਿਧਰੇ ਮਿਲੀ ਨਾ ਐਸੀ ਮਿਸਾਲ ਸਜਣੋਂ।
'ਦਾਤੂ' ਜੀ ਨੇ ਲੱਕ ਵਿਚ ਲੱਤ ਮਾਰੀ,
ਗੁਰਾਂ ਘੁੱਟੀ ਕਲੇਜੇ ਦੇ ਨਾਲ ਸਜਣੋਂ।
ਬੜੀ ਨਿਮ੍ਰਤਾ ਸਹਿਤ ਫ਼ਰਮਾਣ ਲੱਗੇ,
ਸਦਕੇ ਤੁਸਾਂ ਉੱਤੋਂ ਵਾਲ ਵਾਲ ਸਜਣੋਂ।
ਅਸਾਂ ਤੁਸਾਂ ਨੂੰ ਬੜਾ ਹੀ ਕਸ਼ਟ ਦਿੱਤੈ,
ਮੇਰੇ ਸਤਿਗੁਰੂ ਅੰਗਦ ਦੇ ਲਾਲ ਸਜਣੋਂ।

ਬੜੇ ਸਖ਼ਤ ਕੁਰਖ਼ਤ ਨੇ ਹੱਡ ਮੇਰੇ,
ਤੁਹਾਡਾ ਪਿੰਡਾ ਗੁਲਾਬ ਦਾ ਫੁੱਲ ਏ ਜੀ।
ਮੇਰੇ ਬੁੱਢੇ ਸ਼ਰੀਰ ਨੂੰ ਬਖ਼ਸ਼ ਦੇਣਾ,
ਇਨ੍ਹਾਂ ਹਡੀਆਂ ਤੋਂ ਹੋ ਗਈ ਭੁਲ ਏ ਜੀ।

ਲੱਖਾਂ ਨਾਰੀਆਂ ਪਤੀ ਦੀ ਮੌਤ ਉੱਤੇ,
ਸਤੀ ਹੁੰਦੀਆਂ ਚਿਖ਼ਾ ਦੀ ਅੱਗ ਉੱਤੇ।
ਗੁਰਾਂ ਆਖਿਆ ਸਤੀ ਏ ਉਹ ਨਾਰੀ,
ਸਤ ਪਤੀ 'ਚ ਬਹੇ ਜੋ ਜੱਗ ਉੱਤੇ।
ਉਨ੍ਹਾਂ ਆਪ ਪਿਆਰ ਦਾ ਫੜ ਨਸ਼ਤਰ,
ਰੱਖਿਆ ਦੁਖੀ ਸਮਾਜ ਦੀ ਰੱਗ ਉੱਤੇ।
ਲੱਗੇ ਕਹਿਣ ਕਿ ਮਹਿਲ ਨੇ ਉਸਰਨਾਂ ਕੀ,
ਜੀਹਦੀ ਨੀਂਹ ਏ ਰੇਤ ਤੇ ਝੱਗ ਉੱਤੇ।

ਛੂਤ ਛਾਤ ਦੀ ਮੈਲ ਨੂੰ ਲਾਹ ਕੇ ਹੀ,
ਪਰਮ ਪੂਰਨ ਪ੍ਰਮੇਸ਼ਵਰ ਪਾਈਦਾ ਏ।
ਗੁਰੂ ਨਾਨਕ ਦੇ ਚਮਨ ਦਾ ਫੁੱਲ ਬਣ ਕੇ,
ਜੀਵਨ ਅਪਣਾ ਸਫਲ ਬਣਾਈਦਾ ਏ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੀਤਮ ਸਿੰਘ ਕਾਸਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ