Keerat Te Mittha Bolana : Prof. Puran Singh
ਕੀਰਤ ਤੇ ਮਿੱਠਾ ਬੋਲਣਾ : ਪ੍ਰੋਫੈਸਰ ਪੂਰਨ ਸਿੰਘ
ਜਦ ਆਪਣਾ ਅੰਦਰ ਕਿਸੀ ਅੰਦਰਲੀ ਦੌਲਤ ਨਾਲ ਭਰਿਆ ਹੁੰਦਾ ਹੈ, ਤਦ ਗਰਮੀਆਂ ਨੂੰ
ਉਹਦੀ ਠੰਢ ਤੇ ਸਰਦੀਆਂ ਨੂੰ ਉਹਦੀ ਨਿੱਘ ਕਾਲਜੇ ਨੂੰ ਇਕ ਅਕਹਿ ਜਿਹੇ ਸੁਖ ਵਿੱਚ
ਰੱਖਦੀ ਹੈ, ਤਦ ਫਿੱਕਾ ਬੋਲਣ ਹੋ ਹੀ ਨਹੀਂ ਸਕਦਾ। ਵਾਹ ਵਾਹ ! ਕਿਹਾ ਸੋਹਣਾ, ਆਹਾ
ਆਹਾ ਕਿਹਾ ਚੰਗਾ। ਬੱਸ ਇਹੋ ਜਿਹੇ ਅਨੰਦ ਨਾਦ ਹੀ ਮੂੰਹ ਵਿੱਚੋਂ ਨਿਕਲਦੇ ਹਨ, ਜਿਵੇਂ
ਸ਼ਹਿਦ ਨਾਲ ਭਰਿਆ ਮੂੰਹ ਹੁੰਦਾ ਹੈ, ਵਚਨ ਮਿੱਠੇ ਨਾਲ ਲਿੱਬੜੇ, ਸੂਰਜ ਕਿਰਣਾਂ ਦੇ ਸੋਨੇ
ਨਾਲ ਗੁੰਦੇ, ਹੋਠਾਂ ਦੀ ਗੁਲਾਬੀ ਭਾਹ ਨਾਲ ਚਮਕਦੇ, ਝਰਦੇ ਹਨ। ਠੰਢ ਪਾਂਦੇ ਹਨ,
ਕੀਰਤ, ਸਿਫਤ ਸਲਾਹ ਕਰਨ ਨਾਲ ਸਾਡੀ ਆਪਣੀ ਸ਼ਖਸੀਅਤ ਉੱਚੀ, ਮਿੱਠੀ ਤੇ ਡੂੰਘੀ
ਹੁੰਦੀ ਹੈ, "ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ" ਫਰੀਦ ਜੀ ਦਾ ਕਹਿਣਾ ਇਕ
ਖਾਸ ਗੰਭੀਰਤਾ ਨਾਲ ਭਰਿਆ ਹੈ। "ਦੱਸ ਵੇ! ਪਿਆਰੇ ਘਾਹ ਦਿਆ ਪੱਤਿਆ, ਤੂੰ ਕੀ
ਹੈਂ"? ਅਮ੍ਰੀਕਾ ਦਾ ਸ਼ਾਇਰ ਪੁੱਛਦਾ ਹੈ ਤੇ ਨਾ ਸਿਰਫ ਆਪ ਵਿਸਮਾਦ ਵਿੱਚ ਜਾਂਦਾ ਹੈ
ਪਰ ਸਾਨੂੰ ਵੀ ਓਸ ਅਜੀਬ ਅਰਥ ਭਰੀ ਨਿਗਾਹ ਨਾਲ ਹੈਰਾਨ ਕਰ ਦਿੰਦਾ ਹੈ? ਠੀਕ!
ਕਿਸ ਨੂੰ ਪਤਾ ਹੈ ਕਿ ਇਹ ਨਿਮਾਣੀ ਘਾਹ ਦੀ ਪੱਤੀ ਕੀ ਹੈ। ਬਨਫਸ਼ੇ ਦਾ ਫੁੱਲ ਕੀ
ਸ਼ਹਿਦ ਦੀ ਮੱਖੀ ਕੋਈ ਫੁੱਲ ਬਣ ਗਈ ਹੈ, ਯਾ ਕਿਸੇ
ਦੇ ਨੈਨ ਕਿ ਬਿਜਲੀ ਵਾਂਗ ਪਿਆਰ ਵਿੱਚ ਫੁੱਲ ਬਣ ਗਏ ਹਨ? ਸ਼ਮਸ-ਤਬਰੇਜ਼ ਉਸੀ
ਹੈਰਾਨੀ ਵਿੱਚ ਜਾਂਦਾ ਹੈ ॥
"ਨੀ ਅੜੀਓ ਸਾਨੂੰ ਪਤਾ ਨਹੀਂ ਅਸੀ ਕੌਣ?
ਮਨੁੱਖ, ਕਿ ਦੇਵ, ਕਿ ਪਰੀ, ਕਿ ਪੱਥਰ,
ਕਿ ਕੁਛ ਨਹੀਂ॥"
ਤੇ ਫਿਰ-
"ਹਾਇ! ਪੈਨੂੰ ਪਤਾ ਨਾ ਲੱਗਾ,
ਕੀ ਪੜ੍ਹਾਂ ਤੇ ਕਿੱਥੋਂ ਤਕ?
ਕੀ ਜਾਣਾਂ ਤੇ ਕੀ ਕੁਝ?
ਹੱਦਾਂ ਵਿੱਚ ਬੇਹੱਦਾਂ ਮਾਰਨ ਝਾਕੀਆਂ,
ਹਾਇ ਵੇ ਮੈਂ ਤਾਂ ਹੈਰਾਨ ਫਿਰਾਂ।
ਹੋ ਮਤਵਾਲਾ ਇਸ ਦੁਨੀਆਂ ਦੀ ਜਾਦੂ ਗਲੀ ਵਿੱਚ॥"
ਕਦ ਬਣੀ ਦੁਨੀਆਂ? ਕਿਸ ਬਣਾਈ? ਕੌਣ ਹੈ? ਕੋਈ ਕਿੱਥੇ ਹੈ? ਕਿੱਧਰੋਂ ਆਇਆ?
ਕਿੱਧਰੋਂ ਜਾਸੀ? ਕੀ ? ਕਿੱਧਰ ? ਕਿੱਥੇ ? ਕਿਉਂ ? ਬੱਸ ਇਹ ਬਿਜਲੀ ਵਾਂਗ ਪੈਂਦੇ
ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਸੱਕਦਾ ਤੇ ਮਾਰਿਆ ਜਾਂਦਾ ਹੈ। ਦੁਨੀਆਂ ਦੀ ਅਕਲ
ਮਾਨੋਂ ਅਫ੍ਰੀਕਾ ਦਾ ਰੇਗਸਤਾਨ ਹੈ ਤੇ ਰੇਗਸਤਾਨ ਵਿੱਚ ਡੁੱਬਦਾ ਜਾਂਦਾ ਬੁੱਤ, ਸਿਰਫ ਸਿਰ
ਕੁਛ ਬਾਹਰ, ਇਕ ਅਧੀ ਤੀਮੀ ਤੇ ਅਧੇ ਮਰਦ ਦਾ ਬੁੱਤ ਕੁਛ ਹੈਵਾਨ ਦਾ, ਸਿਫੰਕਸ,
ਹੈਵਾਨੀਅਤ ਅਧੀ ਤੇ ਅਧੀ ਇਨਸਾਨੀਅਤ ਦਾ ਬੁੱਤ ਇਹ ਸਵਾਲ ਪੁੱਛਦਾ ਹੈ ਤੇ ਜੋ
ਜਵਾਬ ਨਹੀਂ ਦਿੰਦਾ,
ਮਾਰਿਆ ਜਾਂਦਾ ਹੈ। ਜਦ ਅਕਲ ਇਨ੍ਹਾਂ ਸਵਾਲਾਂ ਦਾ ਜਵਾਬ ਦੇ ਨਹੀਂ ਸੱਕਦੀ ਤਦ ਓਹ
ਵੇਖ ਵੇਖ ਹੈਰਾਨ ਹੁੰਦੀ ਜਾਂਦੀ ਹੈ, ਤੇ ਡੂੰਘੇ ਉਤਰਦੀ ਜਾਂਦੀ ਹੈ ਤੇ ਵਾਹ ਵਾਹ ਕਰਦੀ ਹੈ,
ਜੇ ਰੱਬ ਦੀ ਸੁਗੰਧਿਤ ਸੋ ਕਿਧਰੋਂ ਮਿਲ ਜਾਵੇ ਆਵੇਸ਼ ਹੁੰਦਾ ਹੈ, ਕੀਰਤ ਤੇ ਸਿਫਤ ਸਲਾਹ
ਵਿੱਚ ਆਉਂਦੀ ਹੈ, ਕੋਈ ਸੋਹਣੀ ਚੀਜ ਇਸ ਲਾ-ਜਵਾਬ ਕਰਾਮਾਤ ਜਿਹੀ ਕੁਦਰਤ ਵਿੱਚ
ਓਹਨੂੰ ਖਿੱਚਦੀ ਹੈ, ਤੇ ਓਹ ਖਿੱਚੀ ਸੁਰਤਿ ਪਿਆਰ ਦਰਦਾਂ ਵਿੱਚ ਸੋਹਣੀ ਹੁੰਦੀ ਜਾਂਦੀ ਹੈ
ਤੇ ਕਹਿੰਦੀ ਹੈ-"ਸਭ ਕੁਛ ਚੰਗਾ" "ਜੋ ਹੈ ਸੋ ਵਾਹ ਵਾਹ" ਬ੍ਰੋਨਿੰਗ ਕਿਧਰੇ ਇਸ਼ਾਰਾ ਕਰਦਾ
ਹੈ। "ਵਾਹ ਵਾਹ! ਰੱਬ ਅਸਮਾਨਾਂ ਵਿੱਚ ਵਾਹ ਵਾਹ! ਤੂੰ ਤਾਂ ਹਿਠਾਹਾਂ ਖੇਡਦਾ, ਸਭ ਵਲ
ਤੇ ਚੰਗੇ ਹਨ"॥
ਇਹ ਕੀਰਤ ਕਰਨੀ, ਇੰਵ ਸਿਫਤ ਸਲਾਹ ਕਰਨੀ, ਜਿੰਦਗੀ ਦਾ ਉੱਚਾ ਵਿਸਮਾਦ ਰਾਗ ਹੈ।
ਕੇਂਟ ਫਿਲਾਸਫਰ ਲਿਖਦਾ ਹੈ ਕਿ "ਓਹ ਅਸਗਾਹ ਨੀਲਾ ਗਗਨ ਤਾਰਿਆਂ ਭਰਿਆ ਤੇ
ਇਹ ਮੇਰੇ ਆਪਣੇ ਅੰਦਰ ਸੋਝ ਤੇ ਕੋਝ ਬੁਰੇ ਤੇ ਭਲੇ ਦੀ ਖਬਰ-ਉਹ ਰੱਬਤਾ ਕੁਦਰਤ ਦੀ
ਤੇ ਇਹ ਮੇਰੇ ਅੰਦਰ ਉੱਚਾ ਰੂਹਾਨੀ ਰਾਜ-ਮੈਨੂੰ ਹੈਰਾਨ ਕਰਦੇ ਹਨ"॥
ਸ਼ਾਹ ਹੁਸੈਨ ਕਹਿੰਦਾ ਹੈ, "ਹੀਆ ਨਾ ਠਾਹੀਂ ਕਹੀਂਦਾ" ਤੇ ਇਕ ਹੋਰ ਇਹੋ ਜਿਹਾ "ਮਿੱਠਾ
ਬੋਲੀਂ ਜੱਗ" ਤੇ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ:-
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕਾ ਪਾਇ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥੧॥
ਬੱਸ ਫਿੱਕਾ ਬੋਲਣਾ ਓਹ ਨੁਕਤਾਚੀਨੀ ਹੈ, ਜਿਹੜੀ ਵੱਡੀਆਂ ਚੀਜ਼ਾਂ ਨੂੰ ਨਿੱਕਾ ਕਰਕੇ
ਦੱਸਦੀ ਹੈ। ਹਰ ਇਹ ਚੀਜ ਵਲ ਕੀ ਪੱਥਰ, ਕੀ ਦਰਿਯਾ, ਕੀ ਚੰਨ ਤੇ ਸੂਰਜ, ਮਨੁੱਖ,
ਹੈਵਾਨ ਵਲ ਇਕ ਅਦਬ ਜਿਹੜਾ ਹੁੰਦਾ ਹੈ ਤੇ ਹੋਣ ਕਰਕੇ ਸਾਡੇ ਜੀਵਨ ਨੂੰ ਆਪ-ਮੁਹਾਰਾ
ਡੂੰਘਾ ਕਰਦਾ ਹੈ, ਓਹ ਫਿੱਕੀ ਨੁਕਤਾਚੀਨੀ ਨਾਲ ਗੁੰਮ ਜਾਂਦਾ ਹੈ। ਪਿਆਰ ਦਾ ਕਤਰਾ
ਨੈਨਾਂ ਵਿੱਚੋਂ ਸੁੱਕ ਜਾਂਦਾ ਹੈ, ਦਿਲ ਦੀ ਸਾਦਾ ਹਮਦਰਦੀ ਇਕ ਕਰਖ਼ਤ ਕਠੋਰਪਨ ਵਿੱਚ
ਬਦਲ ਜਾਂਦੀ ਹੈ। ਆਦਮੀ ਫਿੱਕੇ ਬੋਲ ਤੇ ਫਿੱਕੇ ਵਿਚਾਰ ਤੇ ਫਿੱਕੀ ਨੁਕਤਾਚੀਨੀ ਨਾਲ
ਆਪ ਮਰ ਜਾਂਦਾ ਹੈ॥
ਫਿੱਕੀ ਅਕਲ ਹਰ ਇਕ ਕੁਦਰਤੀ ਅਣੋਖਾਪਨ ਨੂੰ ਤੱਤਾਂ ਵਿੱਚ ਫਾੜ ਫਾੜ ਵੇਂਹਦੀ ਹੈ ਤੇ
ਵਿੱਚੋਂ ਕੁਛ ਨਹੀਂ ਨਿਕਲਦਾ। ਇਕ ਵੱਡੇ ਮਹਾਂਪੁਰਖ ਦੀ ਆਤਮਿਕ ਉਪੱਦ੍ਰਵ ਲੈ ਆਉਣ
ਵਾਲੀ ਸਮਰਥਾ ਦਾ ਵਿਚਾਰ ਨਹੀਂ, ਉਹਦੇ ਖਾਣ ਪੀਣ ਆਦਿ ਦੇ ਔਗੁਣ ਦੱਸ ਕੇ ਇਹ
ਕਹਿ ਦੇਣਾ ਕਿ ਸਾਡੇ ਵਰਗਾ ਸੀ, ਇਹ ਫਿਕਾ ਵਿਚਾਰ ਹੈ, ਜਿਸ ਨੇ ਮਹਾਂਪੁਰਖਾਂ, ਨੂੰ
ਤਾਂ ਕੀ ਨਿੱਕਾ ਕਰਨਾ ਹੈ, ਸਾਨੂੰ ਮਾਰ ਜਾਂਦਾ ਹੈ॥
ਕੋਈ ਗੱਲ ਮੰਨਣੀ ਨਹੀਂ ਚਾਹੀਦੀ, ਤਜਰਬਾ ਕਰ ਕੇ ਆਪ ਉੱਤੇ ਵਰਤ ਕੇ ਵੇਖਣਾ
ਚਾਹੀਦਾ ਹੈ। ਪਰ ਆਓ ਵੇਖੋ, ਇਕ ਕਿਸੀ ਪਿਆਰ ਵਿੱਚ ਆਪ ਵਸਕੇ ਅੰਦਰਲਾ ਭਰ
ਕੇ ਅਕਹਿ ਕੁਦਰਤ (ਜਿਸ ਵਿੱਚ ਮਨੁੱਖ ਵੀ ਸ਼ਾਮਲ ਸਦਾ ਹੈ) ਦੀ ਪਰਮ ਅਗੰਮ ਸੁੰਦਰ
ਅਮੂਰਤ ਮੂਰਤੀ ਨੂੰ ਅੱਗੇ ਵੇਖ ਕੇ ਸਿਫਤ ਕਰਨਾ, ਇਹ ਸਾਡੀ ਆਪਣੀ ਜਿੰਦਗੀ ਤੇ ਕੀ
ਅਸਰ ਕਰਦਾ ਹੈ? ਤਜਰਬਾ ਕਰੋ ਤੇ ਫਿਕਾ ਵਿਚਾਰ ਕੀ? ਸਭ ਫਜ਼ੂਲ, ਸਭ ਗੁਨਾਹਗਾਰ,
ਕੋਝੇ, ਇਹ ਇਕ ਡੂੰਘੀ ਨਾਉਮੈਦੀ ਅੰਦਰ ਪੈਦਾ ਕਰਦਾ ਹੈ, ਅਰ ਜਦ ਕੋਈ 'ਮੁਸ਼ਕਲ
ਆ ਬਣੇ ਢੋਈ ਕੋਈ ਨਾ ਦੇਵੇ' ਤੇ ਆਪੇ ਥਾਂ ਵੀ ਡਰ ਲੱਗੇ ਤਦ ਅੰਦਰ ਚਲਾਇਮਾਨ ਮਨ
ਨੂੰ ਤੁਲ ਦੇਣ ਵਾਲਾ ਕੋਈ ਨਹੀਂ ਰਹਿੰਦਾ। ਇਨ੍ਹਾਂ ਫਿੱਕੇ ਵਿਚਾਰਾਂ ਦਾ ਫਲ ਮਾਦੀ ਦੁਨੀਆਂ,
ਮਾਦਾ ਜਿਸਮ, ਤੇ ਖਾ ਪੀ ਕੇ ਕੰਮ ਕਰਨ ਵਾਲੀਆਂ ਪੰਜ ਇੰਦ੍ਰੀਆਂ ਦੇ ਸੁਖਾਂ ਦੁਖਾਂ ਨੂੰ
ਭਾਨ ਕਰਨ ਯਾ ਭੋਗਣ ਦਾ "ਸੱਚ" ਅਥਵਾ "ਕੂੜ" ਸਾਡੇ ਪੱਲੇ ਰਹਿ ਜਾਂਦਾ ਹੈ, ਕੋਈ
ਅਚਰਜ ਕਰਨ ਵਾਲੀ ਗੱਲ ਨਹੀਂ ਦਿੱਸਦੀ।ਇਹ ਜਗਤ-ਕਰਾਮਾਤ ਜਿਸ ਦਾ ਇਕ ਇਕ
ਕਿਣਕਾ ਅਨੇਕ ਰੂਹਾਨੀ ਜਲਵਿਆਂ ਨਾਲ ਭਰਿਆ ਹੈ, ਓਹ ਨਿਰੀ ਕਾਲੀ ਤੇ ਬੁਰੀ ਤੇ,
ਚਿੱਟੀ ਰੇਤ ਦੇ ਰੇਗਸਤਾਨ ਦਿੱਸਣ ਲੱਗ ਜਾਂਦੀ ਹੈ। ਅੰਦਰ ਹਨੇਰਾ ਬਾਹਰ ਹਨੇਰਾ, ਇਹੋ
ਜਿਹੇ ਸਮੇਂ ਵਿੱਚ ਆਦਮੀ ਆਪੇ ਥੀਂ ਦਿਕ ਆਏ, ਕਿਸੀ ਮਹਾਂਪੁਰਖ ਦੀ ਉਡੀਕ ਕਰਦੇ
ਹਨ, ਹਾਏ ਕੋਈ ਆਵੇ ਤੇ ਦੱਸੇ, ਇਸ ਰੇਗਸਤਾਨ ਵਿੱਚ ਬਹਿਸ਼ਤਾਂ ਦੇ ਬਹਿਸ਼ਤ ਹਨ। ਸੋਹਣੀ
ਅਮੂਰਤੀ ਕੋਈ ਅਨੇਕ ਮੂਰਤੀਆਂ ਵਾਲੀ ਹਸਤੀ ਹੈ ਤੇ ਓਹ ਪਿਆਰ ਕਰਦੀ ਹੈ॥
ਜਦ ਫਿੱਕਾ ਬੋਲਣ ਲੱਗੀਏ, ਤਦ ਵਿਚਾਰ ਕਰ ਲਈਏ ਕਿ ਇਸ ਸਾਡੇ ਸਿਦਕ ਤੇ
ਵਿਸਮਾਦ ਤੇ ਜੀਵਨ ਦੀ ਕਮਾਲ ਸਾਦਗੀ ਦੀ ਅਸਲੀਅਤ ਨੂੰ ਫੂਕ ਸੁੱਟਣ ਵਾਲੀ ਇਹ
ਭਾਹ ਹੈ। ਕੀਰਤੀ ਕਰਨਾ ਇਕ ਆਚਰਣ ਹੈ। ਬਾਬਾ ਅਮਰ ਦਾਸ ਜੀ ਵਾਲੇ ਬਖਸ਼ੇ
'ਭੱਭੇ' ਬੜੇ ਚੰਗੇ ਹਨ, ਉਨ੍ਹਾਂ ਵਿੱਚ ਕੀਰਤੀ ਕਰਨ ਵਾਲਾ ਡੂੰਘਾ ਤੇ ਸੱਚਾ ਆਚਰਣ ਹੈ॥
ਭ-ਭਲਾ ਜੀ।
ਭ-ਭੁਲਾ ਜੀ।
ਪਰ ਨੱਕ ਚਾੜ੍ਹਣਾ ਤੇ ਆਪਣੀ ਚਿੜੀ ਵਰਗੀ ਅਕਲ ਨਾਲ, ਅਸਗਾਹਾ-ਜਿਹੜਾ ਇਕ
ਮੋਮ ਦੀ ਬੱਤੀ ਦੇ ਬਲਣ ਵਿੱਚ ਵੀ ਪ੍ਰਤੱਖ ਤੇ ਗੁਪਤ ਹੈ-ਨੂੰ ਪਿਆ ਤੋਲਣਾ ਤੇ ਹਿਸਾਬ ਲਾਣੇ,
ਇਹ ਆਚਰਣ ਨੂੰ ਨਿੱਕਾ ਤੇ ਭੈੜਾ ਕਰਦਾ ਹੈ॥ ਆਦਮੀ ਕੋਈ ਖਿਡਾਉਣਾ ਤਾਂ ਨਹੀਂ,
ਕੁਦਰਤ ਕੋਈ ਮੰਤਕ ਦੀ ਕਿਤਾਬ ਤਾਂ ਨਹੀਂ। ਜੀਵਨ ਦੀ ਦਿਲ ਧੜਕਾਂ, ਦੀ ਰਵਾਨਗੀ
ਹੈ। ਇਸ ਵਿੱਚ ਮੰਤਕੀ ਅਸੂਲਾਂ ਦਾ ਗੱਠਾ ਬੰਨ੍ਹ ਕੇ ਮੋਢੇ ਤੇ ਚੁੱਕੀ ਫਿਰਣਾ ਕੋਈ ਗੁੱਝੀ
ਗੱਲ ਤਾਂ ਨਹੀਂ। ਮਜੂਰ ਟੋਕਰੀ ਚੁਕ ਜਾ ਰਿਹਾ ਹੈ, ਮੌਲਵੀ ਕਿਤਾਬਾਂ, ਪਾਦਰੀ , ਹੋਰ
ਅਸੂਲ ਤੇ ਪੰਡਿਤ ਹੋਰ ਅਸੂਲ, ਇਨ੍ਹਾਂ ਬੱਝੇ ਅਸੂਲਾਂ
ਵਿੱਚੋਂ ਤਾਂ ਜੀਵਨ ਦੇ ਦੋਪੱਤੀਆ ਸ਼ਗੂਫਾਂ ਫੁੱਟ ਕੇ ਨਹੀਂ, ਨਿਕਲਣਾ, ਉਹ ਤਾਂ ਅਨੰਤ
ਧਰਤੀ ਵਿੱਚੋਂ ਸਮਾ ਪਾਕੇ ਫੁਟਣਾ ਹੈ, ਜੀਵਨ ਤੇ ਆਚਰਣ ਕੁਦਰਤ ਦੇ ਸਾਦਾ, ਪਰ
ਅਸਗਾਹ ਦਿਲ ਧੜਕਾਂ ਦੇ ਰਵਾਨਾ ਦਰਿਯਾ ਵਿੱਚੋਂ ਕੋਈ ਕੰਵਲ ਫੁੱਲ ਦੀ ਨਿਕਲੀ ਡੋਡੀ
ਹੈ। ਜਿਸ ਵਿੱਚ ਹੀਰੇ ਦੀ ਚਮਕ ਪ੍ਰਾਣਾਂ ਵਾਲੀ ਜੀਂਦੀ ਕੋਈ ਭੇਤ ਹੋ ਰਹੀ ਹੈ। ਜਿਹੜਾ
ਅੰਦਰੋਂ ਬਾਹਰੋਂ ਮਿੱਠਾ ਹੈ ਤੇ ਮਿੱਠੇ ਬਚਨ ਕਰਦਾ ਹੈ, ਉਹ ਕੁਦਰਤ ਦੀ ਧੜਕ ਵਿੱਚ
ਆਪਣੇ ਦਿਲ ਦੀ ਧੜਕ ਸੁਣ ਰਿਹਾ ਹੈ। ਸੁੱਚੇ ਆਚਰਣ ਵਾਲਿਆਂ ਦੀ ਸਰਲਤਾ ਤੇ
ਸਾਦਗੀ ਵਲ ਇਸ਼ਾਰਾ ਹੈ। ਰਯਾਕਾਰ ਤੇ ਠੱਗ ਬਾਹਰੋਂ ਬੜੇ ਮਿਠੇ ਤੇ ਅੰਦਰੋਂ ਕਸਾਈ ਹੁੰਦੇ
ਹਨ, ਉਹ ਹਾਲੇ ਮੁਰਦੇ ਪੱਥਰ ਅਲਮਾਸ ਤੇ ਹੀਰੇ ਹਨ, ਉਨ੍ਹਾਂ ਨੂੰ ਹਾਲੇ ਜੀਵਨ ਕਣੀ
ਪ੍ਰਾਪਤ ਹੋਣੀ ਹੈ, ਪਰ ਜਿਸ ਨੂੰ ਕੁਦਰਤ ਦੀ ਜਿੰਦ ਦੀ ਖਬਰ ਮਿਲ ਗਈ ਹੈ, ਉਸ ਦੇ
ਦਿਲ ਦੇ ਪਰਦੇ ਆਪ-ਮੁਹਾਰੇ ਓਡਰ ਜਾਂਦੇ ਹਨ, ਕਪਾਟ ਜੇਹੜੇ ਬੰਦ ਸਨ, ਖੁਲ੍ਹ ਜਾਂਦੇ
ਹਨ। ਇਹਦੀਆਂ ਸਭ ਦਿਲ-ਥਾਂਵਾਂ ਆਨੰਤ ਗਗਨ ਦੀ ਖੁਸ਼ੀ ਨਾਲ ਭਰਦੀਆਂ ਹਨ ਤੇ
ਉਹ ਧੋਖਾ ਕਰ ਹੀ ਨਹੀਂ ਸਕਦਾ। ਆਪ ਤਾਂ ਰਿਹਾ ਹੀ ਨਹੀਂ, ਪਰਦਾ ਕਿਸ ਉੱਪਰ ਪਾਵੇ,
ਕੂੜਾ ਕਰਕਟ ਸਭ ਖੁਸ਼ੀ ਦੀ ਅੱਗ ਨੇ ਜਲਾ ਦਿੱਤਾ ਹੈ॥
ਇਹ ਆਚਰਣ ਹੈ, ਬਾਕੀ ਕੀ? ਹਰ ਇਕ ਨਾਨਾ ਤਰਾਂ ਦੇ ਕੁਦਰਤ ਦੇ ਅਨੇਕ ਰੰਗ ਹਨ।
ਮਿੱਠਾ ਬੋਲਣ ਨਾਲ
ਤਾਂ ਸ਼ਾਇਦ ਕੁਛ ਨਾ ਬਣ ਸੱਕੇ, ਪਰ ਜੇ ਅੰਦਰ ਉਹ ਭੇਤ
ਭਰੀ ਖੁਸ਼ੀ ਹੋਵੇ ਤੇ ਉਹ ਸੁੱਚਾ ਆਚਰਣ ਮਿੱਠਾ ਬੋਲੇ ਤਦ
ਸੜੀ ਦੁਨੀਆਂ ਦੇ ਅਹੋਭਾਗ ! ਸੁੱਕੇ ਹਰੇ ਹੋ ਜਾਣਗੇ ॥
ਮਿਠ ਬੋਲੜਾ ਜੀ ਹਰਿ ਸਜਨ ਸੁਆਮੀ ਮੋਰਾ ॥
ਹਉ ਸੰਭਲ ਥਕੀ ਜੀ ਉਹ ਕਦੀ ਨ ਬੋਲੇ ਕਉਰਾ ॥
ਬੱਸ ਨੁਕਤਾਚੀਨੀ ਕਰਨਾ ਚੀਜ਼ਾਂ ਨੂੰ, ਕੀ ਵੱਡੀਆਂ ਤੇ
ਕੀ ਛੋਟੀਆਂ ਨੂੰ ਫੂਕ ਸੁੱਟਣਾ ਹੈ । "ਮਾਂ" ''ਮਾਂ" ਕਹਿੰਦਿਆਂ
ਬੱਚੇ ਜੀਂਦੇ ਹਨ, ਪੁਤਾਂ ਦੀਆਂ ਬਾਹਾਂ ਵਿੱਚ ਬਲ ਆਉਂਦਾ
ਹੈ, ਬੜੇ ਬੜੇ ਵਰਿਆਮ ਸੂਰਬੀਰਤਾ ਦੇ ਕੰਮ "ਮਾਂ" ਦੇ
ਪਿਆਰ ਵਿੱਚ ਕਰ ਜਾਂਦੇ ਹਨ । "ਮਾਂ" ਦੇ ਵਡੇ ਸਰੂਪ ਮੁਲਕ
ਪਿੱਛੇ ਕੀ ਕੀ ਕੁਰਬਾਨੀਆਂ ਨਹੀਂ ਹੁੰਦੀਆਂ ਤੇ ਮਾਂ ਤਾਂ ਕੋਈ
ਜੀਂਦੀ ਜਾਗਦੀ ਆਪਾ ਵਾਰਣ ਦਾ ਅਵਤਾਰ ਹੈ, ਪਰ ਨਿਰੇ
ਕੌਮੀ ਝੰਡਿਆਂ ਨੂੰ ਹਵਾ ਵਿੱਚ ਲਹਿਰਾਂਦਾ ਦੇਖ ਫਤਹ ਪਾਣ
ਵਾਲੀਆਂ ਕੌਮਾਂ ਦੇ ਬਚੇ ਕਿਸੀ ਸਰੂਰ ਤੇ ਹੱਡੀਂ ਗਰੂਰ ਨੂੰ
ਪਹੁੰਚਦੇ ਹਨ ਅਰ ਉਨ੍ਹਾਂ ਦੇ ਦਿਲ ਵਿੱਚ ਤਾਕਤ ਭਰਦੀ ਹੈ।
ਇਹ ਕਹਿ ਦੇਣਾ "ਮਾਂ" ਕੀ ਹੈ, ਬੱਸ ਕਾਰਬਨ ਆਕਸੀਜ਼ਨ,
ਹਾਈਡਰੋਜਨ, ਕੈਲਸੀਅਮ, ਫਾਸਫੋਰਸ ਆਦਿ
ਦਾ ਇਕ ਜੋੜ ਅਥਵਾ ਹੱਡੀ ਮਾਸ ਆਦਿ। ਤਦ ਉਹ ਹਕੀਕਤ
"ਮਾਂ" ਸ਼ਬਦ ਵਿੱਚ ਜਿਹੜੀ ਹੈ, ਉਹ ਤਾਂ ਇਹ ਅੰਤਮ ਫਾੜ
ਦੱਸ ਨਹੀ' ਸੱਕਦੀ, ਹੱਥ ਵਿੱਚ ਤਾਂ ਮੁੱਠੀ ਛਾਈ ਦੀ ਰਹਿੰਦੀ
ਹੈ, ਤੇ ਮੁੱਠੀ ਛਾਈ ਦੀ ਨੇ ਤਾਂ ਉਹ ਅਵੇਸ਼ ਪਿਆਰ, ਕੁਰਬਾਨੀ, ਬੀਰਤਾ ਮੇਰੇ ਦਿਲ ਵਿੱਚ
ਨਹੀਂ ਉਪਜਾਏ ਸਨ । ਇਸੇ ਤਰਾਂ ਰੱਬ ਕੀ ਹੈ ? ਗੁਰੂ ਕੀ ਹੈ ? ਸੰਤ ਸਾਧ ਕੀ ਹੁੰਦੇ
ਹਨ ? ਮਹਾਂ ਪੁਰਖ ਕੀ ਹਨ ? ਆਦਿ ਪ੍ਰਸ਼ਨਾਂ ਦੇ ਉੱਤਰ ਇਸ ਜੀਵਨ ਨੁਕਤਾਚੀਨੀ ਦੀ
ਛਾਣ ਬੀਣ ਦੇ ਦੇਣੇ ਤੇ ਉਨਾਂ ਨੂੰ ਸੱਚ ਸਮਝਣਾ ਜੀਵਨ ਦੇ ਨੁਕਤੇ ਥੀਂ ਸਰਾ ਸਰ ਕੂੜ ਹੈ ਤੇ
ਅਕਲ ਇਨਾਂ ਅਜ ਕਲ ਦੇ ਲੋਕਾਂ ਲਈ ਕੂੜਾਂ ਨੂੰ ਸੱਚ ਕਰ ਕੇ ਸਟੇਜ ਤੇ ਲਿਆ ਰਹੀ ਹੈ,
ਇਹ ਸਭ ਬਰਬਾਦੀਆਂ ਹਨ । ਸਿਫਤ ਸਲਾਹ ਕਰਨਾ, ਇਕ ਨਿੱਕੀ ਪੱਤੀ ਘਾਹ ਥੀਂ
ਜਿਹੜੀ ਹਵਾ ਦੇ ਗਲੇ ਲੱਗ ਕੇ ਝੂਮਦੀ ਹੈ, ਸੂਰਜ ਤਕ, ਹੈਵਾਨ ਤਕ, ਬੰਦੇ ਤਕ, ਮਹਾਂ
ਪੁਰਖਾਂ ਤਕ, ਇਕ ਜੀਵਨ ਨੂੰ ਬਨਾਉਣਾ ਹੈ ਜਿੰਦਾ ਕਰਨਾ ਹੈ । ਆਪ ਨੂੰ ਆਪਣੀ
ਤਾਰੀਫ ਕੋਈ ਚੰਗੀ ਲੱਗਦੀ ਹੈ, ਚੰਗੀ ਨਹੀਂ ਆਪਦੇ ਰੂਹ ਨੂੰ ਤਾਕਤ ਦੇਣ ਵਾਲੀ ਕੋਈ
ਗਿਜ਼ਾ ਹੈ। ਖੁਸ਼ਾਮਦ ਜੇ ਕੂੜੀ ਵੀ ਕਰਦਾ ਹੋਵੇ ਉਸ ਨੂੰ ਰੋਕਣਾ ਬੜਾ ਮੁਸ਼ਕਲ ਹੈ,
ਆਤਮਾ ਜੇ ਅੰਦਰੋਂ ਪ੍ਰਸੰਨ ਹੁੰਦਾ ਹੈ । ਦਿਲ ਜੇ ਉੱਚਾ ਹੁੰਦਾ ਹੈ, ਕੁਲ ਦੁਨੀਆਂ ਵਿੱਚ
ਹੰਭਲੇ, ਪਰਉਪਕਾਰ, ਭਜਨ ਭਗਤੀ, ਇਲਮ ਉਨਰ ਦੇ ਹਰ ਕੋਈ ਮਾਰਦਾ ਹੈ, ਪਰ ਉਹ
ਛਿਪਕੇ ਇਹ ਵੀ ਧਿਆਨ ਨਾਲ ਸੁਣਦਾ ਹੈ ਕਿ ਕੌਣ ਕੌਣ ਇਸ ਕਿਰਤ ਦੀ ਕੋਈ ਸਿਫਤ
ਕਰਦਾ ਹੈ ? ਕਿਉਂ ? ਇਸ ਵਾਸਤੇ ਕਿ ਜੀਵਨ ਸਿਫਤ ਸਲਾਹ ਨੂੰ ਪਾਕੇ ਪ੍ਰਦੀਪਤ ਹੁੰਦਾ
ਹੈ । ਇਸ ਵਾਸਤੇ
ਸਿਫਤ ਸਲਾਹ ਕਰਨਾ ਚਾਹੇ ਵਿਸਮਾਦ ਵਿੱਚ ਆਕੇ ਅੰਤਮ
ਤੇ ਇਲਾਹੀ ਸੁਹਣੱਪ ਦਾ, ਚਾਹੇ ਅਦਬ ਲਿਹਾਜ ਦੀ ਖਾਤਰ,
ਚਾਹੇ ਹਿਯਾ ਨ ਠਾਹੀਂ ਕਹੀਂਦਾ ਇਸ ਦਰਦ ਦੀ ਖਾਤਰ, ਹਰ
ਤਰਾਂ ਇਹ ਜੀਵਨ ਨੂੰ ਪਾਲਣਾ ਹੈ ਤੇ ਨੁਕਤਾਚੀਨੀ ਉਸੇ ਨੂੰ
ਮਾਰਣਾ ਹੈ ॥
ਲੋਕੀ ਕਹਿੰਦੇ ਹਨ ਕਿ ਨੁਕਤਾਚੀਨੀ ਤਾਂ ਔਗੁਣ
ਦੱਸਕੇ ਗੁਣਾਂ ਵਲ ਖੜਦੀ ਹੈ, ਠੀਕ ਜੇ ਭਾਵ ਅੰਦਰਲਾ
ਹਮਦਰਦੀ ਪਿਆਰ ਦਾ ਹੋਵੇ ਤਦ, ਉਹ ਸਾੜੂ ਤੇ ਮਾਰੂ
ਨੁਕਤਾਚੀਨੀ ਨਹੀਂ, ਉਹ ਪਿਆਰ ਵਿੱਚ ਗੁੰਦੀ ਨਿਰੋਲ
ਫਿਤਰਤ ਦੀ ਅਥਵਾ ਮਨ ਦੀ ਪਰਖ ਤਕ ਪਹੁੰਚ ਜਾਂਦੀ ਹੈ।
ਉਹ ਤਾਂ ਕਾਬਲੀਅਤ ਦੀ ਗੱਲ ਹੈ, ਸਾਹਿਤਯਕ, ਅਥਵਾ ਰਸਿਕ
ਕਿਰਤ ਇਕ ਆਲੀਸ਼ਾਨ ਕੀਰਤ ਹੈ, ਪਰ ਫਿੱਕਾ ਬੋਲਣਾ
ਸਦਾ ਇਕ ਪਾਪ ਹੈ, ਜਿਹੜਾ ਅਸੀ ਕਈ ਵੇਰੀ ਦਿਨ ਵਿੱਚ
ਕਰਦੇ ਹਾਂ ਅਰ ਸਾਨੂੰ ਖਿਆਲ ਨਹੀਂ ਆਉਂਦਾ ਕਿ ਅਸੀ
ਜਗਤ ਵਿੱਚ ਜਿਹੜਾ ਜੀਵਨ ਕੁਦਰਤ ਪਲੀ ਪਲੀ ਜੋੜ ਜੋੜ
ਬੜੀ ਮੁਸ਼ਕਲ ਨਾਲ ਬਨਾਉਂਦੀ ਫੁਲਾਂਦੀ ਫਲਾਂਦੀ ਹੈ, ਅਸੀ
ਆਪਣੇ ਫਿੱਕੇ ਅਰ ਕੌੜੇ ਬਚਨਾਂ ਨਾਲ ਕਿਸ ਤਰਾਂ ਕੁਦਰਤ
ਦੀਆਂ ਬਨਾਉਣ ਦੀਆਂ ਤਾਕਤਾਂ ਨੂੰ ਘਬਰਾ ਦਿੰਦੇ ਹਾਂ ॥