Kasturi : Amrita Pritam

ਕਸਤੂਰੀ : ਅੰਮ੍ਰਿਤਾ ਪ੍ਰੀਤਮ

ਚੇਤਰ

ਚੇਤਰ ਦਾ ਵਣਜਾਰਾ ਆਇਆ
ਬੁਚਕੀ ਮੋਢੇ ਚਾਈ ਵੇ
ਅਸਾਂ ਵਿਹਾਜੀ ਪਿਆਰ-ਕਥੂਰੀ
ਵੇਂਹਦੀ ਰਹੀ ਲੁਕਾਈ ਵੇ

ਸਾਡਾ ਵਣਜ ਮੁਬਾਰਕ ਸਾਨੂੰ
ਕੱਲ੍ਹ ਹੱਸਦੀ ਸੀ ਜਿਹੜੀ ਦੁਨੀਆਂ
ਉਹ ਦੁਨੀਆਂ ਅੱਜ ਸਾਡੇ ਕੋਲੋਂ
ਚੁਟਕੀ ਮੰਗਣ ਆਈ ਵੇ

ਬਿਰਹਾ ਦਾ ਇੱਕ ਖਰਲ ਬਲੌਰੀ
ਜਿੰਦੜੀ ਦਾ ਅਸਾਂ ਸੁਰਮਾ ਪੀਠਾ
ਰੋਜ਼ ਰਾਤ ਨੂੰ ਅੰਬਰ ਆ ਕੇ
ਮੰਗਦਾ ਇਕ ਸਲਾਈ ਵੇ

ਦੋ ਅੱਖੀਆਂ ਦੇ ਪਾਣੀ ਅੰਦਰ
ਕੱਲ੍ਹ ਅਸਾਂ ਸੁਪਨੇ ਘੋਲੇ
ਇਹ ਧਰਤੀ ਅੱਜ ਸਾਡੇ ਵੇਹੜੇ
ਚੁੰਨੀ ਰੰਗਣ ਆਈ ਵੇ

ਕੱਖ ਕਾਣ ਦੀ ਝੁੱਗੀ ਸਾਡੀ
ਜਿੰਦ ਦਾ ਮੂੜ੍ਹਾ ਕਿੱਥੇ ਡਾਹੀਏ
ਸਾਡੇ ਘਰ ਅੱਜ ਯਾਦ ਤੇਰੀ ਦੀ
ਚਿਣਗ ਪ੍ਰਾਹੁਣੀ ਆਈ ਵੇ

ਸਾਡੀ ਅੱਗ ਮੁਬਾਰਕ ਸਾਨੂੰ
ਸੂਰਜ ਸਾਡੇ ਬੂਹੇ ਆਇਆ
ਉਸ ਨੇ ਅੱਜ ਇਕ ਕੋਲਾ ਮੰਗ ਕੇ
ਆਪਣੀ ਅੱਗ ਸੁਲਗਾਈ ਵੇ

ਚਾਨਣ ਦੀਆਂ ਛਿੱਟਾਂ

ਚਾਨਣ ਦਾ ਇਕ ਛੰਭ ਸੀ
ਤਾਰੇ ਝੱਜਰਾਂ ਭਰਦੇ
ਚੁੱਕਣ ਵਹਿੰਗੀਆਂ ।

ਛਿੱਟਾ ਪਈਆਂ ਜਿੰਦ ਤੇ
ਚੇਤੇ ਆਈਆ ਗੱਲਾਂ
ਜਿੰਦੋਂ ਮਹਿੰਗੀਆ ।

ਧਰਤੀ ਸੀ ਕੰਡਿਆਲੜੀ
ਅੰਬਰ ਪੱਲਾ ਅੜਿਆ
ਖੁੰਘੀ ਆ ਗਈ ।

ਬੁੱਝ ਨੀ ਜਿੰਦੇ ਮੇਰੀਏ !
ਲੰਘਦੀ ਲੰਘਦੀ ਰਾਤ
ਕਹਾਣੀ ਪਾ ਗਈ ।

ਨਾਜ਼ਕ ਪੋਟੇ ਦਿਲਾਂ ਦੇ
ਕਿਰਨਾਂ ਚੋਭੀ ਸੂਈ
ਦੁੱਸਰ ਹੋ ਗਈ ।

ਯਾਦਾਂ ਭਾਂਬੜ ਬਾਲਿਆ
ਲੱਖ ਬਚਾਏ ਪੱਲੇ
ਕੰਨੀ ਛੋਹ ਗਈ ।

ਦਾਅਵਤ

ਰਾਤ ਕੁੜੀ ਨੇ ਦਾਅਵਤ ਦਿੱਤੀ
ਤਾਰੇ ਜੀਕਣ ਚੌਲ ਛੜੀਂਦੇ
ਕਿਸ ਨੇ ਦੇਗਾਂ ਚਾੜ੍ਹੀਆਂ !

ਕਿਸ ਨੇ ਆਂਦੀ ਚੰਨ ਸੁਰਾਹੀ
ਚਾਨਣ ਘੁੱਟ ਸ਼ਰਾਬ ਦਾ, ਤੇ
ਅੰਬਰ ਅੱਖਾਂ ਗਾੜ੍ਹੀਆਂ ।

ਧਰਤੀ ਦਾ ਅੱਜ ਦਿਲ ਪਿਆ ਧੜਕੇ
ਮੈਂ ਸੁਣਿਆ ਅੱਜ ਟਾਹਣਾਂ ਦੇ ਘਰ
ਫੁੱਲ ਪ੍ਰਾਹੁਣੇ ਆਏ ਵੇ !

ਇਸ ਦੇ ਅੱਗੋਂ ਕੀ ਕੁਝ ਲਿਖਿਆ
ਹੁਣ ਏਨ੍ਹਾਂ ਤਕਦੀਰਾਂ ਕੋਲੋਂ
ਕਿਹੜਾ ਪੁੱਛਣ ਜਾਏ ਵੇ

ਉਮਰਾਂ ਦੇ ਇਸ ਕਾਗਜ਼ ਉੱਤੇ
ਇਸ਼ਕ ਤੇਰੇ ਅੰਗੂਠਾ ਲਾਇਆ
ਕੌਣ ਹਿਸਾਬ ਚੁਕਾਏਗਾ !

ਕਿਸਮਤ ਨੇ ਇਕ ਨਗ਼ਮਾ ਲਿਖਿਆ
ਕਹਿੰਦੇ ਨੇ ਕੋਈ ਅੱਜ ਰਾਤ ਨੂੰ
ਓਹੀਓ ਨਗ਼ਮਾ ਗਾਏਗਾ !

ਕਲਪ ਬ੍ਰਿਛ ਦੀ ਛਾਵੇਂ ਬਹਿ ਕੇ
ਕਾਮਧੇਨ ਦਾ ਦੁਧ ਪਸਮਿਆ
ਕਿਸ ਨੇ ਭਰੀਆਂ ਦੋਹਣੀਆਂ !

ਕਿਹੜਾ ਸੁਣੇ ਹਵਾ ਦੇ ਹਉਕੇ
ਚੱਲ ਨੀ ਜਿੰਦੇ ਚੱਲੀਏ- ਸਾਨੂੰ
ਸੱਦਣ ਆਈਆਂ ਹੋਣੀਆਂ!

ਸੰਗਮ

ਨਿਮਲ ਆਕਾਸ਼ ਤੇ ਸਬਲ ਮੁਹੱਬਤ
ਕੱਖ ਕਾਣ ਵੀ ਸੋਨੇ ਰੰਗੇ
ਧਕ ਧਕ ਕਰਦੇ ਦਿਲ ਦੀਆਂ ਸੂਈਆਂ
ਹੋਰ ਅਗਾਹ ਨੂ ਘੁੰਮੀਆਂ ।

ਇਕ ਦਰਿਯਾ ਮਹਿਕ ਦਾ ਵੱਗੇ
ਪੌਣਾ ਰੱਜ ਸੁਰਾਹੀਆਂ ਭਰੀਆਂ
ਰਾਤ ਕੁੜੀ ਨੇ ਸਿਰ ਤੇ ਲਈਆਂ
ਤਾਰਿਆਂ ਭਰੀਆਂ ਝਿੰਮੀਆਂ ।

ਪਾਣੀ ਦੇ ਵਿਚ ਲੀਕ ਨਾ ਪੈਂਦੀ
ਦੋ ਰੂਹਾਂ ਦੇ ਸੰਗਮ ਉੱਤੇ
ਤੇਰੇ ਮੇਰੇ ਸਾਹ ਦੀਆ ਨਦੀਆਂ
ਇਕ ਦੂਜੀ ਵਿਚ ਗੁੰਮੀਆਂ ।

ਅਗਲਾ ਪਹਿਰ ਵਿਛੋੜੇ ਵਾਲਾ
ਬੂਹੇ ਦੇ ਵਿਚ ਆਣ ਖਲੋਤਾ
ਹਿਜਰ ਦੀਆਂ ਹੁਣ ਘੜੀਆਂ ਆਈਆਂ
ਜੁੱਗਾਂ ਨਾਲੋਂ ਲੰਮੀਆਂ ।

ਅੱਖਾਂ ਤੇਰੀਆਂ ਸੱਜਲ ਹੋਈਆਂ
ਜਿੰਦ ਮੇਰੀ ਨੂੰ ਈਕਣ ਲੱਗਾ
ਜਿਉਂ ਮੇਰੇ ਹੰਝੂਆਂ ਨੇ ਜਾਕੇ
ਤੇਰੀ ਪਲਕਾਂ ਚੁੰਮੀਆਂ ।

ਨਿਮਲ ਆਕਾਸ਼ ਤੇ ਸਬਲ ਮੁਹੱਬਤ
ਕੱਖ ਕਾਣ ਵੀ ਸੋਨੇ ਰੰਗੇ
ਧਕ ਧਕ ਕਰਦੇ ਦਿਲ ਦੀਆਂ ਸੂਈਆਂ
ਹੋਰ ਅਗਾਂਹ ਨੂ ਘੁੰਮੀਆਂ ।

ਮੁਹੱਬਤ ਨੂੰ

ਤੂੰ ਸੁਣ ਮੁਲਕਾਂ ਵਾਲੀਏ !
ਬੋਲ ਨਾ ਮੁੱਖੋਂ ਬੋਲ
ਸੁਪਨੇ ਬੀਜਣ ਵਾਸਤੇ
ਜ਼ਿਮੀ ਨਾ ਸਾਡੇ ਕੋਲ ।

ਤੂੰ ਸੁਣ ਕੌਲਾਂ ਵਾਲੀਏ !
ਕੌਲਾਂ ਦੀ ਤਕਦੀਰ
ਧਰਤੀ ਛਾਵਾਂ ਮੁੱਕੀਆਂ
ਅੰਬਰ ਮੁੱਕਾ ਨੀਰ ।

ਤੂੰ ਸੁਣ ਮਿਹਰਾਂ ਵਾਲੀਏ ।
ਕੀ ਕੁਝ ਸਾਡੇ ਜੋਗ
ਹੰਝੂ ਮੋਤੀ ਇਸ਼ਕ ਏ
ਅੱਖਾਂ ਚੁੱਗਣ ਚੋਗ ।

ਤੂੰ ਸੁਣ ਦਾਤਾਂ ਵਾਲੀਏ ।
ਹੀਰੇ ਕਰਦੀ ਸੋਟ
ਪਹਿਨ ਨਾ ਸੱਕੇ ਜਿੰਦੜੀ
ਗੀਰੇ ਚੁੰਮਣ ਹੋਠ ।

ਤੂੰ ਸੁਣ ਲਾਟਾਂ ਵਾਲੀਏ ।
ਚਾਨਣ ਭਿੱਜੀ ਵਾਟ
ਆਸ਼ਕ ਜਿੰਦਾਂ ਬਾਲਦੇ
ਉੱਚੀ ਰਖਦੇ ਲਾਟ ।

ਸੂਲ ਸੁਰਾਹੀਆਂ ਵਾਲੀਏ ।
ਵੇਖ ਤੜਪਦੇ ਰਿੰਦ
ਜ਼ਖ਼ਮੀ ਹੋਣ ਕਹਾਣੀਆਂ
ਕਿੱਸੇ ਤੋੜਨ ਜਿੰਦ ।

ਹੋ ਚੀ ਮਿੱਨ੍ਹ

ਇਹ ਕਵਣ ਸੁ ਰਾਜਾ ਸੁਣੀਂਦਾ
ਇਹ ਕਵਣ ਸੁ ਜੋਗੀ ਆਖਦੇ
ਜਿੰਦ-ਪਰੀ ਦੇ ਪੈਰਾਂ ਵਿੱਚੋਂ
ਕੰਡਾ ਕਿਸ ਨੇ ਕੱਢਿਆ !

ਅੱਧੀ ਰਾਤੀ ਕਿਸ ਨੇ ਆਕੇ
ਗ਼ਮ ਦੀ ਚੱਕੀ ਹੱਥ ਪੁਆਇਆ
ਨ੍ਹੇਰੇ ਦੀ ਪਗਡੰਡੀ ਉੱਤੋਂ
ਦੀਵਾ ਲੰਘਦਾ ਵੇਖਿਆ !

ਵੀਅਤਨਾਮ ਦੀ ਧਰਤੀ ਕੋਲੋਂ
ਪੌਣਾਂ ਵੀ ਅਜ ਪੁੱਛਣ ਪਈਆਂ
ਤਵਾਰੀਖ਼ ਦੀਆਂ ਗੱਲ੍ਹਾਂ ਉੱਤੋਂ
ਅਥਰੂ ਕਿਸ ਕੇ ਪੂੰਝਿਆ !

ਧਰਤੀ ਨੂੰ ਅਜ ਪਿਛਲੀ ਰਾਤੇ
ਇਕ ਹਰਿਆਉਲਾ ਸੁਪਨਾ ਆਇਆ
ਅੰਬਰ ਦੇ ਖੇਤਾਂ ਵਿਚ ਜਾ ਕੇ
ਸੂਰਜ ਕਿਸ ਨੇ ਬੀਜਿਆ !

ਪਤਬੜ ਦੀ ਡੰਡੀ ਤੇ ਤੁਰਦੇ
ਫੁੱਲਾਂ ਦੇ ਅਜ ਪੈਰ ਗੁਲਾਬੀ
ਕਵਣ ਸੁ ਇਸ਼ਕ ਮਨੁੱਖ ਦਾ ਇਹ
ਕਵਣ ਸੁ ਅੱਖਰ ਬੋਲਿਆ !

ਇਹ ਕਵਣ ਸੁ ਰਾਜਾ ਸੁਣੀਂਦਾ
ਇਹ ਕਵਣ ਸੁ ਜੋਗੀ ਆਖਦੇ
ਜਿੰਦ-ਪਰੀ ਦੇ ਪੈਰਾਂ ਵਿਚੋਂ
ਕੰਡਾ ਕਿਸ ਨੇ ਕੱਢਿਆ !

ਮੇਲ

ਮੇਰਾ ਸ਼ਹਿਰ ਜਦੋਂ ਤੂੰ ਛੋਹਿਆ
ਅੰਬਰ ਆਖੇ ਮੁੱਠਾਂ ਭਰਕੇ
ਅੱਜ ਮੈਂ ਤਾਰੇ ਵਾਰਾਂ ।

ਦਿਲ ਦੇ ਪੱਤਣ ਮੇਲਾ ਜੁੜਿਆ
ਰਾਤਾਂ ਜਿਉ ਰੇਸ਼ਮ ਦੀਆ ਪਾਰੀਆਂ
ਆਈਆਂ ਬੰਨ੍ਹ ਕਤਾਰਾਂ ।

ਤੇਰਾ ਗੀਤ ਜਦੋਂ ਮੈਂ ਛੋਹਿਆ
ਕਾਗ਼ਜ਼ ਉੱਤੇ ਉੱਘੜ ਆਈਆਂ
ਕੇਸਰ ਦੀਆਂ ਲਕੀਰਾਂ ।

ਸੂਰਜ ਨੇ ਅੱਜ ਮਹਿੰਦੀ ਘੋਲੀ
ਤਲੀਆਂ ਉੱਤੇ ਰੰਗੀਆਂ ਗਾਈਆਂ
ਅੱਜ ਦੋਵੇਂ ਤਕਦੀਰਾਂ ।

ਘੂਕਰ

ਇਹ ਕਵਣ ਸੁ ਟਾਹਲੀ ਸੁਣੀਂਦੀ
ਤੇ ਕਵਣ ਸੁ ਹੱਥਾਂ ਘੜਿਆ-ਜਿੰਦ ਚਰੱਖੜਾ

ਇਹ ਕਵਣ ਸੁ ਫੁੱਲ ਕਪਾਹ ਦੇ
ਮੈਂ ਝੋਲੀ ਦੇ ਵਿਚ ਭਰਿਆ--ਤੇਰਾ ਨੇਹੁੜਾ

ਉਮਰਾਂ ਦੀ ਇਕ ਮਾਹਲ ਵਟੀਂਦੀ
ਸਿਦਕਾਂ ਵਾਲਾ ਪਾਇਆ-ਇੱਕੋ ਮਨਕੜਾ

ਵਰ੍ਹੇ ਵਰ੍ਹੇ ਦਾ ਮੁੱਢਾ ਲਹਿੰਦਾ
ਮੁੱਕਣ ਵਿਚ ਨਾ ਆਵੇ-ਤੇਰਾ ਬਿਰਹੜਾ

ਕਾਗ ਮਰੇਂਦਾ ਝੁੱਟੀ ਲੋਕਾ
ਤੰਦ ਅਜੇ ਨਾ ਟੁੱਟੀ-ਵਕਤ ਨਿਖੁੱਟੜਾ

ਕੱਤ ਜਾ ਇਕ ਮੇਲ ਦੀ ਪੂਣੀ
ਘੂਕਰ ਦੇਂਦੀ ਜਾਵੇ-ਇਕ ਸੁਨੇਹੁੜਾ

ਸਾਗਰ ਨੂੰ !

ਤੂੰ ਸੁਣ ਛੱਲਾਂ ਵਾਲਿਆ
ਇਹ ਕਵਣ ਸੁ ਕਾਲੀ ਰਾਤੜੀ
ਇਹ ਕਵਣ ਸੁ ਚੰਦਾ ਸੁਣੀਂਦਾ
ਅਜ ਦਿਲ ਵਿਚ ਆ ਗਈ ਛੱਲ ਵੇ !

ਤੂੰ ਸੁਣ ਮੋਤੀਆਂ ਵਾਲਿਆ
ਵੇ ਚੌਦਾਂ ਰਤਨਾਂ ਵਾਲਿਆ
ਅਜ ਸਿੱਪੀ ਦੇ ਵਿਚ ਸਾਂਭ ਲੈ
ਇਕ ਸਾਡੇ ਦਿਲ ਦੀ ਗੱਲ ਵੇ !

ਸੱਭੋ ਗੰਢ ਚਿਤਰਾਵੇ ਖੁੱਲ੍ਹੇ
ਇਸ਼ਕ ਜਾਤਰੂ ਕੱਲਾ ਚੜ੍ਹਿਆ
ਇਹ ਕਹੀ ਕੁ ਬੇੜੀ "ਅੱਜ" ਦੀ
ਤੇ ਕਿਹਾ ਕੁ ਟਾਪੂ ਕੱਲਾ ਵੇ !

ਦਿਲ ਦੇ ਪਾਣੀ ਛੱਲ ਜੁ ਉੱਠੀ
ਛੱਲ ਦੇ ਪੈਰੀਂ ਸਫ਼ਰ ਸੁਣੀ ਦਾ
ਕਿਰਨਾਂ ਸਾਨੂੰ ਸੱਦਣ ਆਈਆਂ
ਸੂਰਜ ਦੇ ਘਰ ਚੱਲ ਵੇ !

ਇਸ਼ਕ

ਜਿਉਂ ਸਦੀਆਂ ਦੀ ਤਵਾਰੀਖ਼ 'ਚੋਂ
ਪੱਤਰੇ ਪਾਟਣ ਸੈਆਂ,
ਅਜ ਥਿੱਤਾਂ ਤੇ ਰੁੱਤਾਂ ਉੱਤੇ
ਧੂੜ ਦੀਆਂ ਸੌ ਤੈਹਾਂ

ਅਜ ਮੇਰੇ ਪੈਰਾਂ ਨੂੰ ਚੁੰਮਣ
ਸਭ ਬੇਲੇ ਸਭ ਜੂਹਾਂ
ਅੱਖੀਆਂ ਦੇ ਵਿਚ ਸਾਗਰ ਕੰਬਣ
ਪੈਣ ਕਿਤੋਂ ਨਾ ਸੂਹਾਂ

ਮੇਰੇ ਸਾਹ ਵਿਚ ਤੜਪ ਉੱਠੀਆਂ
ਰੇਤ ਥਲਾਂ ਦੀਆਂ ਲੂਆਂ
ਇੱਕੋ ਸੁੱਚੀ ਲਾਟ ਢੂੰਡਦਾ
ਸਭ ਮਜ਼ਹਬਾਂ ਦਾ ਧੂੰਆਂ

ਲੱਖ ਨੀਟਸ਼ੇ ਕਿਧਰੋਂ ਆ ਕੇ
ਮੇਣ ਜਾਣ ਸਭ ਲੀਹਾਂ
ਇਸ਼ਕ ਸਦਾ ਅੰਬਰ ਵਿਚ ਰਖਦਾ
ਇਸ ਧਰਤੀ ਦੀਆਂ ਨੀਹਾਂ ।

ਤੜਪ

ਅਜ ਹੁਸਨਾਂ ਦੀ ਕੀ ਸ਼ਰ੍ਹਾ ਵੇ
ਕੀ ਸਿਦਕਾਂ ਦਾ ਦਸਤੂਰ ਵੇ !
ਅਜ ਮੋਤੀ ਸਾਡੇ ਇਸ਼ਕ ਦਾ
ਜੇ ਤੈਨੂੰ ਨਾ ਮਨਜ਼ੂਰ ਵੇ !

ਅਜ ਅੰਬਰ ਸੁੱਕਾ ਰੁੱਖ ਵੇ
ਅਜ ਤਾਰੇ ਸੁੱਕਾ ਬੂਰ ਵੇ !
ਇਹ ਕੱਚਾ ਦਾਣਾ ਚੰਨ ਦਾ
ਅਜ ਡਿੱਗਣ ਤੇ ਮਜਬੂਰ ਵੇ !

ਅਜ ਸੂਰਜ ਛੰਨਾ ਭੱਜਿਆ
ਅਜ ਭੁੰਜੇ ਡੁੱਲ੍ਹਾ ਨੂਰ ਵੇ ।
ਇਹ ਧਰਤੀ ਥਾਲੀ ਕੈਂਹ ਦੀ
ਅਜ ਹੋ ਗਈ ਚੱਕਨਾਚੂਰ ਵੇ !

ਅਜ ਰੋਇਆ ਦਿਨ ਦਾ ਦੇਵਤਾ
ਅਜ ਰੋਈ ਰਾਤ ਦੀ ਹੂਰ ਵੇ
ਜਦ ਲੱਗੇ ਜ਼ਖ਼ਮ ਵਫ਼ਾ ਨੂੰ
ਫਿਰ ਆਉਂਦਾ ਨਹੀਂ ਅੰਗੂਰ ਵੇ !

ਯਾਦ

ਫੇਰ ਤੈਨੂੰ ਯਾਦ ਕੀਤਾ
ਅੱਗ ਨੂ ਚੁੰਮਿਆਂ ਅਸਾਂ
ਇਸ਼ਕ ਪਿਆਲਾ ਜ਼ਹਿਰ ਦਾ
ਇਕ ਘੁਟ ਫਿਰ ਮੰਗਿਆ ਅਸਾਂ ।

ਘੋਲ ਕੇ ਸੂਰਜ ਅਸਾਂ
ਧਰਤੀ ਨੂੰ ਡੋਬਾ ਦੇ ਲਿਆ
ਤਾਰਿਆਂ ਦੇ ਨਾਲ ਕੋਠਾ
ਗਗਨ ਦਾ ਲਿੰਬਿਆ ਅਸਾਂ ।

ਦਿਲ ਦੇ ਇਸ ਦਰਿਆਉ ਨੂੰ
ਅੱਜ ਪਾਰ ਕਰਨਾ ਹੈ ਅਸਾਂ
ਏਸ ਡਾਢੇ ਜੱਗ ਦੇ
ਲਹਿੰਗੇ ਨੂ ਫਿਰ ਛੁੰਗਿਆ ਅਸਾਂ ।

ਫੇਰ ਚੰਬਾ ਸੁਪਨਿਆਂ ਦਾ
ਰਾਤ ਭਰ ਖਿੜਦਾ ਰਿਹਾ
ਇਸ਼ਕ ਦੀ ਏਸ ਧੁਣਖਣੀ ਤੇ
ਉਮਰ ਨੂ ਪਿੰਜਿਆ ਅਸਾਂ ।

ਮੁਹੱਬਤ

ਸੂਰਜ ਮੁਖੀ ਮੁਹੱਬਤ ਤੇਰੀ
ਦਿਲ ਦਾ ਅੰਬਰ ਮੇਰਾ
ਧਰਤੀ ਆਖੇ ਅੱਖੀਂ ਡਿੱਠਾ
ਹੋਇਆ ਇਸ਼ਕ-ਸਵੇਰਾ ।

ਸੂਰਜ ਮੁਖੀ ਮੁਹੱਬਤ ਤੇਰੀ
ਜਿਉਂ ਜਿਉਂ ਚੜ੍ਹਦੀ ਆਵੇ
ਨਦੀਆਂ ਦੇ ਵਿਚ ਚਾਨਣ ਵੱਗੇ
ਧਰਤੀ ਮਲ ਮਲ ਨ੍ਹਾਵੇ ।

ਸੂਰਜ ਮੁਖੀ ਮੁਹੱਬਤ ਤੇਰੀ
ਕਿਰਨਾਂ ਸਾਲੂ ਉਣਿਆ
ਸੇਜ ਤੇਰੀ ਦੇ ਫੁੱਲਾਂ ਵਿਚੋਂ
ਅੱਜ ਮੈਂ ਅਨਹਦ ਸੁਣਿਆ ।

ਸੂਰਜ ਮੁਖੀ ਮੁਹੱਬਤ ਤੇਰੀ
ਸੱਤੇ ਰੰਗ ਖਿਡੰਦੇ
ਕਣਕਾਂ ਨੇ ਅੱਜ ਸੁੱਚੇ ਮੋਤੀ
ਜ਼ੁਲਫ਼ਾਂ ਦੇ ਵਿਚ ਗੁੰਦੇ ।

ਕਲਮ ਦਾ ਭੇਤ

ਜਦ ਕਦੇ ਵੀ ਗੀਤ ਮੇਰਾ ਕੋਈ ਕਿਧਰੇ ਗਾਏਗਾ
ਜ਼ਿਕਰ ਤੇਰਾ ਆਏਗਾ ।
ਤੂੰ ਨਹੀਂ ਆਇਆ !

ਛੱਡ ਕੇ ਛਾਵਾਂ ਨੂੰ ਜੋ ਰਾਹਵਾਂ ਨੂੰ ਚੁੰਮੇਗਾ ਕੋਈ
ਓਸ ਨੂੰ ਹਰ ਕਦਮ ਮੇਰਾ ਨਜ਼ਰ ਆਉਂਦਾ ਜਾਏਗਾ ।
ਤੂੰ ਨਹੀਂ ਆਇਆ !

ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਨਹੀਂ
ਕਲਮ ਦੇ ਇਸ ਭੇਤ ਨੂੰ ਕੋਈ ਇਲਮ ਵਾਲਾ ਪਾਏਗਾ ।
ਤੂੰ ਨਹੀਂ ਆਇਆ !

ਸ਼ੁਹਰਤਾਂ ਦੀ ਧੂੜ ਡਾਢੀ, ਧੂੜ ਊਜਾਂ ਦੀ ਬੜੀ
ਰੰਗ ਦਿਲ ਦੇ ਖੂਨ ਦਾ ਕੋਈ ਕਿਵੇਂ ਬਦਲਾਏਗਾ ।
ਤੂੰ ਨਹੀਂ ਆਇਆ !

ਇਸ਼ਕ ਦੀ ਦਹਿਲੀਜ਼ ਤੇ ਸਜਦਾ ਕਰੇਗਾ ਜਦ ਕੋਈ
ਯਾਦ ਫਿਰ ਦਹਿਲੀਜ਼ ਨੂੰ ਮੇਰਾ ਜ਼ਮਾਨਾ ਆਏਗਾ ।
ਤੂੰ ਨਹੀਂ ਆਇਆ!

ਜਦ ਕਦੇ ਵੀ ਗੀਤ ਮੇਰਾ ਕੋਈ ਕਿਧਰੇ ਗਾਏਗਾ
ਜ਼ਿਕਰ ਤੇਰਾ ਆਏਗਾ ।
ਤੂੰ ਨਹੀਂ ਆਇਆ !

ਵਣਜ

ਅਜ ਚੰਨ ਸੂਰਜ ਜਿੰਦ ਦਾ ਪਏ ਵਣਜ ਕਰਦੇ ਨੇ ।
ਤੇ ਚਾਨਣ ਦੇ ਨਾਲ ਦੋਵੇਂ ਛਾਬੇ ਉਲਰਦੇ ਨੇ ।

ਫੇਰ ਸਾਨੂੰ ਕਿਉਂ ਤੇਰੀ ਦਹਲੀਜ਼ ਚੇਤੇ ਆ ਗਈ
ਲੱਖਾਂ ਖ਼ਿਆਲ -ਪੌੜੀਆਂ ਚੜ੍ਹਦੇ ਉਤਰਦੇ ਨੇ ।

ਰਾਤ ਨੂੰ ਸੁਪਨਾ ਤੇਰਾ ਮਣੀਆਂ ਤੇ ਮੋਤੀ ਦੇ ਗਿਆ
ਅਜ ਫੇਰ ਦਿਲ ਦੀ ਝੀਲ ਵਿਚ ਕੁਝ ਹੰਸ ਤਰਦੇ ਨੇ ।

ਇਹ ਬਾਤ ਤੇਰੇ ਇਸ਼ਕ ਦੀ ਕੀਕਣ ਮੁਕਾਵਾਂਗੇ ਅਸੀਂ
ਹਰ ਰਾਤ ਨੂੰ ਤਾਰੇ ਹੁੰਗਾਰਾ ਆਣ ਭਰਦੇ ਨੇ ।

ਚਾੜ ਦੇ ਮਾਰੂਥਲਾਂ ਦਾ ਅੰਤ ਨਾ ਪੈਂਦਾ ਕੋਈ
ਕਿਰਨਾਂ ਦੇ ਸਾਰੇ ਕਾਫ਼ਲੇ ਇਸ ਰਾਹ ਗੁਜ਼ਰਦੇ ਨੇ ।

ਤੋੜਦੀ ਹੈ ਜ਼ਿੰਦਗੀ ਹਰ ਵਾਰ ਆਪਣੇ ਕੌਲ ਨੂੰ
ਕੁਝ ਲੋਕ ਫਿਰ ਸਾਡੇ ਜਹੇ ਇਤਬਾਰ ਕਰਦੇ ਨੇ ।

ਉਮਰ ਦੀ ਰਾਤ

ਉਮਰ ਦੀ ਇਕ ਰਾਤ ਸੀ
ਅਰਮਾਨ ਰਹਿ ਗਏ ਜਾਗਦੇ
ਕਿਸਮਤ ਨੂ ਨੀਂਦ ਆ ਗਈ ।

ਰਾਤ ਦੀ ਚੰਗੇਰ ਵਿਚ
ਚੰਬਾ ਜਦੋਂ ਚੁਣਿਆ ਕਿਸੇ
ਹੱਥੋਂ ਚੰਗੇਰ ਡਿੱਗ ਪਈ ।

ਸਿਦਕ ਸੀ ਕੁਝ ਇੰਜ ਦਾ
ਜਿਥੇ ਵੀ ਸਿਰ ਝੁਕਾ ਲਿਆ
ਦਹਲੀਜ਼ ਜਾਪੀ ਓਸ ਦੀ ।

ਇਸ਼ਕ ਕੱਲੀ ਜਾਨ ਹੈ
ਧਰਤੀ ਕੁੜਾਵਾ ਸਾਕ ਜੇ
ਅਸਮਾਨ ਦਾ ਰਿਸ਼ਤਾ ਹੈ ਕੀ ।

ਮੌਤ ਤੋਂ ਵਾਕਫ਼ ਅਸੀਂ
ਅਕਸਰ ਇਹ ਸਾਡੀ ਜ਼ਿੰਦਗੀ
ਉਸ ਦਾ ਜ਼ਿਕਰ ਕਰਦੀ ਰਹੀ ।

ਰਾਤ ਨੂ ਅਸਮਾਨ ਤੋਂ
ਟੁੱਟਦਾ ਹੈ ਤਾਰਾ ਜਦੋਂ ਵੀ
ਔਂਦੀ ਹੈ ਯਾਦ ਆਪਣੀ ।

ਗ਼ਜ਼ਲ-ਆ ਕਿ ਤੈਨੂੰ ਨਜ਼ਰ ਭਰ ਕੇ

ਆ ਕਿ ਤੈਨੂੰ ਨਜ਼ਰ ਭਰ ਕੇ
ਅੱਜ ਦੋ ਪਲ ਵੇਖ ਲਾਂ
ਮੌਤ ਹੈ ਮਨਸੂਰ ਦੀ
ਕਿਤਨੀ ਕੁ ਮੁਸ਼ਕਿਲ ਵੇਖ ਲਾਂ ।

ਉਮਰ ਦੀ ਇਸ ਰਾਤ ਵਿਚ
ਇਕ ਹੋਰ ਸੁਪਨਾ ਲੈਣ ਦੇ
ਆ ਕਿ ਦਿਲ ਦੇ ਦਰਦ ਦੀ
ਇਕ ਹੋਰ ਮੰਜ਼ਿਲ ਵੇਖ ਲਾਂ ।

ਆ ਕਿ ਥੋੜ੍ਹੀ ਦੇਰ ਤੋਂ
ਅੱਖੀਆਂ ਦਾ ਘਰ ਵੀਰਾਨ ਹੈ
ਆ ਕਿ ਫਿਰ ਲਗਦੀ ਕਿਵੇਂ
ਹੰਝੂਆਂ ਦੀ ਮਹਿਫ਼ਲ ਵੇਖ ਲਾਂ ।

ਉਮਰ ਭਰ ਦੀ ਤੜਪ ਦਾ
ਜਲਵਾ ਅਸੀਂ ਤਕਦੇ ਪਏ
ਹੋਰ ਕਿਹੜਾ ਗ਼ਮ ਹੈ ਮੇਰੇ
ਦਿਲ ਦੇ ਕਾਬਿਲ ਵੇਖ ਲਾਂ ।

ਜ਼ਿੰਦਗੀ ਦੀ ਪ੍ਰਾਹੁਣਚਾਰੀ
ਵੇਖ ਬੈਠੇ ਹਾਂ ਅਸੀਂ
ਮੌਤ ਵੀ ਸਦਦੀ ਬੜਾ
ਹੁਣ ਜਾ ਕੇ ਉਸ ਵੱਲ ਵੇਖ ਲਾਂ ।

ਆ ਕਿ ਤੈਨੂੰ ਨਜ਼ਰ ਭਰ ਕੇ
ਅੱਜ ਦੋ ਪਲ ਵੇਖ ਲਾਂ
ਮੌਤ ਹੈ ਮਨਸੂਰ ਦੀ
ਕਿਤਨੀ ਕੁ ਮੁਸ਼ਕਿਲ ਵੇਖ ਲਾਂ ।

ਯਾਦਾਂ

ਆਈਆਂ ਸੀ ਯਾਦਾਂ ਤੇਰੀਆਂ
ਮਹਿਫ਼ਲ ਲਗਾ ਕੇ ਬੈਠੀਆਂ
ਮੋਮ ਬੱਤੀ ਜਿੰਦ ਵਾਲੀ
ਰਾਤ ਭਰ ਜਲਦੀ ਰਹੀ ।

ਸੂਰਜ ਦੇ ਮੂੰਹ ਨੂੰ ਵੇਖ ਕੇ
ਤੇਰਾ ਭੁਲੇਖਾ ਪੈ ਗਿਆ
ਜਾਣ ਲੱਗੀ ਰਾਤ ਉਸ ਨੂੰ
ਘੁੱਟ ਕੇ ਮਿਲਦੀ ਰਹੀ ।

ਦੁਨੀਆਂ ਦੇ ਇਸ ਨਿਜ਼ਾਮ ਨੇ
ਪੈਰਾਂ ਨੂੰ ਪਾਈਆ ਬੇੜੀਆਂ
ਮੈਂ ਕਲਮ ਦੇ ਹੱਥ ਸੁਨੇਹੇ
ਉਮਰ ਭਰ ਘਲਦੀ ਰਹੀ ।

ਦੁਨੀਆਂ ਦੀ ਕਾਲਖ਼ ਨੂੰ ਅਸੀਂ
ਸਾਰੀ ਉਮਰ ਰੰਗਦੇ ਰਹੇ
ਇਕ ਕਿਰਨ ਤੇਰੇ ਇਸ਼ਕ ਦੀ
ਰਾਤਾਂ ਦੇ ਵਿਚ ਰਲਦੀ ਰਹੀ ।

ਦੁਨੀਆਂ ਦੇ ਸਾਰੇ ਰਾਹ ਨੁਮਾ
ਰਾਹਵਾਂ ਨੂ ਤੋੜਨ ਜਾਣਦੇ
ਇਕ ਤੰਦ ਤੇਰੇ ਪਿਆਰ ਦੀ
ਹੈ ਧਰਤੀਆਂ ਵਲਦੀ ਰਹੀ ।

ਬਹੁਤ ਵੱਡਾ ਗ਼ਮ ਦਿਲਾਂ ਦਾ
ਪਰ ਵਡੇਰਾ ਗ਼ਮ ਹੈ ਇਹ
ਪਿਆਰ ਵਰਗੀ ਚੀਜ਼ ਕਿਉ
ਪੈਰਾਂ ਦੇ ਵਿਚ ਰੁਲਦੀ ਰਹੀ ।

ਆਵਾਜ਼ਾਂ

ਦਰ ਨਾ ਭੀੜ ਹਯਾਤੀਏ !
ਰੱਖ ਸਿਦਕ ਦੀ ਲਾਜ
ਰੇਤ ਥਲਾਂ ਵਿੱਚ ਆ ਰਹੀ
ਕਦਮਾਂ ਦੀ ਆਵਾਜ਼

ਦਰ ਨਾ ਭੀੜ ਹਯਾਤੀਏ !
ਅਜੇ ਨਾ ਮੁੱਕਾ ਪੰਧ
ਸੂਰਜ ਧੂੜੇ ਚਾਨਣਾ
ਧਰਤੀ ਮਲੇ ਸੁਗੰਧ

ਦਰ ਨਾ ਭੀੜ ਹਯਾਤੀਏ !
ਪਲ ਕੁ ਹੋਰ ਉਡੀਕ
ਲੱਖ ਹਨੇਰੇ ਚੀਰਦੀ
ਚਾਨਣ ਦੀ ਇਕ ਲੀਕ

ਦਰ ਨਾ ਭੀੜ ਹਯਾਤੀਏ !
ਅੰਬਰ ਬੱਧੀ ਛੰਨ
ਤਾਰੇ ਬਾਲਣ ਧੂਣੀਆਂ
ਅਲਖ ਜਗਾਵੇ ਚੰਨ

ਦਰ ਨਾ ਭੀੜ ਹਯਾਤੀਏ !
ਵੇਖ ਜਰਾ ਇਕ ਵੇਰ
ਮੱਥੇ ਕਿਰਨਾਂ ਬੰਨ੍ਹ ਕੇ
ਸੂਰਜ ਆਇਆ ਫੇਰ

ਦਰ ਨਾ ਭੀੜ ਹਯਾਤੀਏ !
ਵੇਖ ਜ਼ਰਾ ਕੁ ਠਹਿਰ
ਕਾਸਾ ਫੜਿਆ ਇਸ਼ਕ ਨੇ
ਜ਼ਿੰਦੜੀ ਪਾ ਦੇ ਖ਼ੈਰ

ਇਕ ਰਾਤ

ਸੁਪਨਿਆਂ ਦੇ ਆਲ੍ਹਣੇ ਵਿਚ
ਰਾਤ ਭਰ ਕੋਈ ਰਹਿ ਗਿਆ
ਗੱਲ ਸੀ ਨਿਰਵਾਨ ਦੀ
ਪਰ ਜਿਸਮ ਖ਼ਾਕੀ ਕਹਿ ਗਿਆ ।

ਅਦਬ ਅੱਖੀਆਂ ਦਾ ਅਸੀਂ
ਕਦਮਾਂ ਦੇ ਵਿਚ ਧਰਦੇ ਰਹੇ
ਰਾਤ ਦੀ ਦਹਲੀਜ਼ ਤੇ
ਤਾਰੇ ਦੁਆ ਕਰਦੇ ਰਹੇ ।

ਸਾਹ ਕਿਸੇ ਦਾ ਪਰਸ ਕੇ
ਹਰ ਸਾਹ ਜਦੋਂ ਲੰਘਦਾ ਰਿਹਾ
ਪਤਝੜਾਂ ਦੀ ਜ਼ੁਲਫ਼ ਵਿਚ
ਕਲੀਆਂ ਕੋਈ ਟੁੰਗਦਾ ਰਿਹਾ ।

ਚੰਨ ਦਾ ਇਕ ਜਾਮ, ਸੋਹਣੀ
ਰਾਤ ਨੇ ਭਰਿਆ ਜਦੋਂ
ਉਮਰ ਦਾ ਮੋਤੀ ਕਿਸੇ ਨੇ
ਵਾਰਿਆ ਇਕ ਨਜ਼ਰ ਤੋਂ ।

ਜਗਮਗਾਂਦੇ ਦੀਵਿਆਂ ਦਾ
ਕਾਫ਼ਲਾ ਲੰਘਦਾ ਰਿਹਾ
ਕੌਲ ਕਈ ਦੇਂਦਾ ਰਿਹਾ
ਤੇ ਕੌਲ ਕਈ ਮੰਗਦਾ ਰਿਹਾ ।

ਨਜ਼ਰ ਦਾ ਦਰਿਆ ਤੇ ਜਿੰਦੜੀ
ਰਾਤ ਭਰ ਤਰਦੀ ਰਹੀ
ਦੀਨ ਦਾ ਸੀ ਜ਼ਿਕਰ, ਦੁਨੀਆਂ
ਰਾਤ ਭਰ ਕਰਦੀ ਰਹੀ ।

ਆਵਾਜ਼

ਵਰ੍ਹਿਆਂ ਦੇ ਪੈਂਡੇ ਚੀਰ ਕੇ
ਤੇਰੀ ਆਵਾਜ਼ ਆਈ ਹੈ
ਸੱਸੀ ਦੇ ਪੈਰਾਂ ਨੂੰ ਜਿਵੇਂ
ਕਿਸੇ ਨੇ ਮਰਹਮ ਲਾਈ ਹੈ

ਅਜ ਕਿਸੇ ਦੇ ਮੋਢਿਆਂ ਤੋਂ
ਇਕ ਹੁਮਾ ਲੰਘਿਆ ਜਿਵੇਂ
ਚੰਨ ਨੇ ਅਜ ਰਾਤ ਦੇ
ਵਾਲਾਂ 'ਚ ਫੁੱਲ ਟੁੰਗਿਆ ਜਿਵੇਂ

ਨੀਂਦਰ ਦੇ ਹੋਠਾਂ ਚੋਂ ਜਿਵੇਂ
ਸੁਪਨੇ ਦੀ ਮਹਿਕ ਆਉਂਦੀ ਹੈ
ਪਹਿਲੀ ਕਿਰਨ ਜਿਉਂ ਰਾਤ ਦੇ
ਮੱਥੇ ਨੂੰ ਸਗਣ ਲਾਉਂਦੀ ਹੈ

ਹਰ ਇਕ ਹਰਫ਼ ਦੇ ਬਦਨ ਤੋਂ
ਤੇਰੀ ਮਹਿਕ ਆਉਂਦੀ ਰਹੀ
ਮੁਹੱਬਤ ਦੇ ਪਹਿਲੇ ਗੀਤ ਦੀ
ਪਹਿਲੀ ਸਤਰ ਗਉਂਦੀ ਰਹੀ

ਹਸਰਤ ਦੇ ਧਾਗੇ ਜੋੜ ਕੇ
ਸਾਲੂ ਅਸੀਂ ਉਣਦੇ ਰਹੇ
ਬਿਰਹਾ ਦੀ ਹਿਚਕੀ ਵਿਚ ਵੀ
ਸ਼ਹਿਨਾਈ ਨੂੰ ਸੁਣਦੇ ਰਹੇ ।

ਵਰ੍ਹਿਆਂ ਦੇ ਪੈਂਡੇ ਚੀਰ ਕੇ
ਤੇਰੀ ਆਵਾਜ਼ ਆਈ ਹੈ
ਸਿਸਕਦੇ ਹੋਠਾਂ ਨੇ ਸਗਣਾਂ
ਦੀ ਪਹਿਲੀ ਸਤਰ ਗਾਈ ਹੈ ।

ਪੌਣ

ਦਿਲ ਦੀ ਹਰ ਇਕ ਚਿਣਗ ਨੂੰ ਸੁਲਗਾ ਰਹੀ
ਅਜ ਪੌਣ ਮੇਰੇ ਸ਼ਹਿਰ ਦੀ ਕੇਹੋ ਜਹੀ !
ਸ਼ਾਇਦ ਤੇਰਾ ਸ਼ਹਿਰ ਛੋਹ ਕੇ ਆਈ ਹੈ ।

ਹਰ ਸਾਹ ਏਹਦੇ ਹੋਠਾਂ ਦਾ ਅੱਜ ਬੇਚੈਨ ਹੈ
ਅੱਜ ਹਰ ਮੁਹੱਬਤ ਗੁਜ਼ਰਦੀ ਜਿਸ ਰਾਹ ਤੋਂ
ਸ਼ਾਇਦ ਓਸੇ ਰਾਹ ਤੋਂ ਹੋ ਕੇ ਆਈ ਹੈ ।

ਅੱਜ ਜਾਪਦੀ ਹੈ ਸੱਖਣੀ ਕੁਝ ਇਸ ਤਰ੍ਹਾਂ
ਕੁਝ ਇਸ ਤਰ੍ਹਾਂ ਭਰਪੂਰ ਹੈ ਜੀਕਣ ਕੀਤੇ
ਇਹ ਫਿਰ ਤੇਰੇ ਬੂਹੇ ਖਲੋ ਕੇ ਆਈ ਹੈ ।

ਉੰਜ ਤਾਂ ਗੁਜ਼ਰੀ ਹੈ ਸਾਰੀ ਉਮਰ ਇਸ ਤਰ੍ਹਾਂ
ਪਰ ਜਾਪਦਾ ਹੈ ਅੱਜ ਜਿਵੇਂ ਮੇਰੀ ਤਰ੍ਹਾਂ
ਇਸ਼ਕ ਦੀ ਕੋਈ ਸਿਖ਼ਰ ਛੋਹ ਕੇ ਆਈ ਹੈ ।

ਇਹ ਵਕਤ ਦੀ ਹਰ ਤਪਸ਼ ਨੂ ਅਜ਼ਮਾ ਚੁਕੀ
ਹੁਣ ਇਸ ਤਰ੍ਹਾਂ ਨਿਢਾਲ ਹੈ ਜੀਕਣ ਕੀਤੇ
ਇੱਕਲੀ ਬੈਠ ਕੇ ਅੱਜ ਰੋ ਕੇ ਆਈ ਹੈ ।

ਦਿਲ ਦੀ ਹਰ ਇਕ ਚਿਣਗ ਨੂੰ ਸੁਲਗਾ ਰਹੀ
ਅੱਜ ਪੌਣ ਮੇਰੇ ਸ਼ਹਿਰ ਦੀ ਕੇਹੋ ਜਹੀ !
ਸ਼ਾਇਦ ਤੇਰਾ ਸ਼ਹਿਰ ਛੋਹ ਕੇ ਆਈ ਹੈ ।

ਹਿਚਕੀ

ਹੋਠ ਕੁਝ ਅਸਮਾਨ ਦੇ ਹਿਲਦੇ ਪਏ
ਕੋਲ ਹੋ ਕੇ ਸੁਣ ਜ਼ਰਾ ਅਜ ਧਰਤੀਏ !
ਇਹ ਕਿਸੇ ਈਸਾ ਦੇ ਉਹੀਓ ਹਰਫ਼ ਨੇ
ਜੋ ਉਨ੍ਹੇ ਸੂਲੀ ਨੂੰ ਆਖੇ ਸਨ ਕਦੇ ।

ਰਾਤ ਦੀ ਭੱਠੀ ਨੂੰ ਕਿਸ ਨੇ ਬਾਲਿਆ
ਖੌਲਦੀ ਹੈ ਦੇਗ਼ ਸੂਰਜ ਦੀ ਕਿਵੇਂ
ਬਾਤ ਹੈ ਦੁਨੀਆਂ ਦੀ ਦੁਨੀਆਂ ਵਾਲਿਓ
ਦੇਗ਼ ਵਿਚ ਫਿਰ ਬੈਠਣਾ ਹੈ ਇਸ਼ਕ ਨੇ ।

ਜ਼ਿਕਰ ਸੀ ਮਾਰਜੂ ਥਲਾਂ ਦੇ ਕਰਮ ਦਾ
ਰੁਕ ਗਿਆ ਸਾਹਾਂ ਦਾ ਚਲਦਾ ਕਾਫ਼ਲਾ
ਲਿਖ ਰਿਹਾ ਹੈ ਕੌਣ ਸਾਡਾ ਮਰਸੀਆ
ਟੁਟ ਰਿਹਾ ਤਾਰਾ ਕੋਈ ਅਸਮਾਨ ਤੇ ।

ਹੱਥ ਦੀ ਮਹਿੰਦੀ ਕਿਸੇ ਨੇ ਪੂੰਝ ਕੇ
ਫੇਰ ਬਾਹਵਾਂ ਤੋਂ ਕਲੀਰਾ ਖੋਲ੍ਹਿਆ
ਕੌਣ ਆਸ਼ਕ ਫੇਰ ਦਾਨਾ ਬਾਦ ਦਾ
ਜਾ ਰਿਹਾ ਤੀਰਾਂ ਨੂੰ ਹਿਚਕੀ ਸੌਂਪ ਕੇ ।

ਸਾਹਮਣੇ ਰੁੱਖਾਂ ਦੀਆਂ ਕਬਰਾਂ ਕਈ
ਲਾਸ਼ ਹੈ ਫੁੱਲਾਂ ਦੀ ਮੋਢਾ ਦੇ ਦਿਉ
ਕਲਮ ਨੇ ਕੱਜਿਆ ਹੈ ਜੀਕਣ ਇਸ਼ਕ ਨੂੰ
ਜ਼ਿਕਰ ਹੁੰਦੇ ਰਹਿਣਗੇ ਇਸ ਕਫ਼ਨ ਦੇ ।

ਹੋਠ ਕੁਝ ਅਸਮਾਨ ਦੇ ਹਿਲਦੇ ਪਏ
ਕੋਲ ਹੋ ਕੇ ਸੁਣ ਜ਼ਰਾ ਅੱਜ ਧਰਤੀਏ !
ਇਹ ਕਿਸੇ ਈਸਾ ਦੇ ਉਹੀਓ ਹਰਫ਼ ਨੇ
ਜੋ ਉਨ੍ਹੇ ਸੂਲੀ ਨੂੰ ਆਖੇ ਸਨ ਕਦੇ ।

ਰਾਤ ਮੇਰੀ ਜਾਗਦੀ

ਰਾਤ ਮੇਰੀ ਜਾਗਦੀ
ਤੇਰਾ ਖ਼ਿਆਲ ਸੌਂ ਗਿਆ ।

ਸੂਰਜ ਦਾ ਰੁੱਖ ਖੜਾ ਸੀ
ਕਿਰਨਾਂ ਕਿਸੇ ਨੇ ਤੋੜੀਆਂ
ਇਹ ਚੰਨ ਦਾ ਗੋਟਾ ਕਿਸੇ
ਅੰਬਰ ਤੋਂ ਅੱਜ ਉਧੇੜਿਆ ।

ਕਿਉਂ ਕਿਸੇ ਦੀ ਨੀਂਦ ਨੂੰ
ਸੁਪਨੇ ਬੁਲਾਵਾ ਦੇ ਗਏ
ਤਾਰੇ ਖਲੋਤੇ ਰਹਿ ਗਏ
ਅੰਬਰ ਨੇ ਬੂਹਾ ਢੋ ਲਿਆ ।

ਇਹ ਜ਼ਖ਼ਮ ਮੇਰੇ ਇਸ਼ਕ ਦੇ
ਸੀਤੇ ਸੀ ਤੇਰੀ ਯਾਦ ਨੇ
ਅਜ ਤੋੜ ਕੇ ਟਾਂਕੇ ਅਸਾਂ
ਧਾਗਾ ਵੀ ਤੈਨੂੰ ਮੋੜਿਆ ।

ਕਿਤਨੀ ਕੁ ਦਰਦਨਾਕ ਹੈ
ਅੱਜ ਬੀੜ ਮੇਰੇ ਇਸ਼ਕ ਦੀ
ਸਭਨਾਂ ਉਡੀਕਾਂ ਦਾ ਅਸਾਂ
ਪਤਰਾ ਇਹਦੇ 'ਚੋਂ ਪਾੜਿਆ ।

ਧਰਤੀ ਦਾ ਹੌਕਾ ਨਿਕਲਿਆ
ਅਸਮਾਨ ਨੇ ਸਿਸਕੀ ਭਰੀ
ਫੁੱਲਾਂ ਦਾ ਸੀ ਇਕ ਕਾਫ਼ਲਾ
ਤੱਤੇ ਥਲਾਂ 'ਚੋਂ ਗੁਜ਼ਰਿਆ !

ਕਣਕ ਦੀ ਇਕ ਮਹਿਕ ਸੀ
ਬਾਰੂਦ ਨੇ ਅੱਜ ਪੀ ਲਈ
ਈਮਾਨ ਸੀ ਇਕ ਅਮਨ ਦਾ
ਓਹ ਵੀ ਕਿਤੇ ਵਿਕਦਾ ਪਿਆ ।

ਦੁਨੀਆਂ ਦੇ ਚਾਨਣ ਨੂੰ ਅਜੇ
ਸਦੀਆਂ ਉਲਾਂਭੇ ਦੇਂਦੀਆਂ
ਇਸ ਪਿਆਰ ਦੀ ਰੁੱਤੇ ਤੁਸਾਂ
ਨਫ਼ਰਤ ਨੂੰ ਕੀਕਣ ਬੀਜਿਆ ?

ਇਨਸਾਨ ਦਾ ਇਹ ਖ਼ੂਨ ਹੈ
ਇਨਸਾਨ ਨੂੰ ਪੁਛਦਾ ਪਿਆ
ਈਸਾ ਦੇ ਸੁੱਚੇ ਹੋਠ ਨੂੰ
ਸੂਲੀ ਨੇ ਕੀਕਣ ਚੁੰਮਿਆ ?

ਇਹ ਕਿਸ ਤਰ੍ਹਾਂ ਦੀ ਰਾਤ ਸੀ
ਅਜ ਦੌੜ ਕੇ ਲੰਘੀ ਜਦੋਂ
- ਚੰਨ ਦਾ ਇਕ ਫੁੱਲ ਸੀ
ਪੈਰਾਂ ਦੇ ਹੇਠਾਂ ਆ ਗਿਆ ।

ਸੂਰਜ ਦਾ ਘੋੜਾ ਹਿਣਕਿਆ
ਚਾਨਣ ਦੀ ਕਾਠੀ ਲਹਿ ਗਈ
ਉਮਰਾਂ ਦੇ ਪੈਂਡੇ ਮਾਰਦਾ
ਧਰਤੀ ਦਾ ਪਾਂਧੀ ਰੋ ਪਿਆ ।

ਇਹ ਰਾਤ ਕਿਉਂ ਅਜ ਤ੍ਰਹਿ ਗਈ
ਕਾਲਖ਼ ਹੈ ਕੁਝ ਕੰਬਦੀ ਪਈ
ਕਿਦਰੇ ਕਿਸੇ ਵਿਸ਼ਵਾਸ ਦਾ
ਸ਼ਾਇਦ ਟਟਹਿਣਾ ਚਮਕਿਆ !

ਰਾਤਾਂ ਦੀ ਅੱਖ ਫ਼ਰਕਦੀ
ਇਹ ਖੌਰੇ ਚੰਗਾ ਸਗਣ ਹੈ
ਅੰਬਰ ਦੀ ਉੱਚੀ ਕੰਧ ਤੇ
ਚਾਨਣ ਦਾ ਤੀਲਾ ਲਿਸ਼ਕਿਆ ।

ਕੀ ਕਰੇ ਟਾਹਣੀ ਕੋਈ
ਫੁੱਲਾਂ ਦੀ ਮਮਤਾ ਮਾਰਦੀ
ਇਨਸਾਨ ਦੀ ਤਕਦੀਰ ਨੇ
ਇਨਸਾਨ ਨੂੰ ਅੱਜ ਆਖਿਆ :

ਹੁਸਨਾਂ ਤੇ ਇਸ਼ਕਾਂ ਵਾਲਿਓ
ਜਾਵੋ - ਲਿਆਵੋ ਮੋੜ ਕੇ
ਵਿਸ਼ਵਾਸ ਦਾ ਇਕ ਜਾਤਰੂ
ਜਿੱਥੇ ਵੀ ਕਿਧਰੇ ਟੁਰ ਗਿਆ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ