Karna Khiria Vich Punjab : Prof. Puran Singh

ਕਰਨਾ ਖਿੜਿਆ ਵਿਚ ਪੰਜਾਬ : ਪ੍ਰੋਫੈਸਰ ਪੂਰਨ ਸਿੰਘ

ਕਰਨਾ ਖਿੜਿਆ ਵਿਚ ਪੰਜਾਬ

ਪ੍ਰੋ. ਪੂਰਨ ਸਿੰਘ ਜੀ ਦੀ ਅੰਗ੍ਰੇਜੀ ਕਾਵਿ ਰਚਨਾ ਦੇ ਸੱਤ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋਏ ਹਨ, ਜਿਨ੍ਹਾਂ ਵਿਚੋਂ ਪੰਜ ਉਨ੍ਹਾਂ ਦੇ ਜੀਵਨ ਕਾਲ ਵਿਚ ਅਤੇ ਦੋ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਲਗਪਗ ਪੰਜਾਹ ਸਾਲ ਪਿਛੋਂ ਪ੍ਰਕਾਸ਼ਤ ਹੋਏ। ਇਨ੍ਹਾਂ ਕਾਵਿ ਗ੍ਰੰਥਾਂ ਦੇ ਨਾਂ ਹਨ 'ਸਿਸਟਰਜ਼ ਆਫ ਦ ਸਪਿਨਿੰਗ ਵੀਲ੍ਹ', "ਅਨਸਟ੍ਰੰਗ ਬੀਡਜ਼", 'ਐਟ ਹਿਜ਼ ਫੀਟ', 'ਐਨ ਆਫ਼ਟਰ ਨੂਨ ਵਿਦ ਸੈਲਫ਼', 'ਸੈਵਨ ਬਾਸਕਟਸ ਆਫ਼ ਪਰੋਜ਼ ਪੋਇਮਜ਼', 'ਬਰਾਈਡ ਆਫ਼ ਦ ਸਕਾਈ' ਅਤੇ "ਟੈਂਪਲ ਟਿਊਲਪਸ ਐਂਡ ਬਰਨਿੰਗ ਕੈਂਡਲਸ" । ਪਿਛਲੇ ਦੋ ਕਾਵਿ ਸੰਗ੍ਰਹਿ ਮਰਨ ਉਪਰੰਤ ਛਾਪੇ ਗਏ ਹਨ ।'ਕਰਨਾ ਖਿੜਿਆ ਵਿਚ ਪੰਜਾਬ' ਨਾਂ ਦੀ ਕਾਵਿ ਪੁਸਤਕ ਪ੍ਰੋ. ਪੂਰਨ ਸਿੰਘ ਦੇ ਉਪਰੋਕਤ ਸੱਤ ਅੰਗੇਜ਼ੀ ਕਾਵਿ-ਗ੍ਰੰਥਾਂ ਦੀਆਂ ਪ੍ਰਤੀਨਿਧ ਤੇ ਚੋਣਵੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਸ. ਕ੍ਰਿਪਾਲ ਸਿੰਘ ਕਸੇਲ ਦੁਆਰਾ ਕੀਤਾ ਗਿਆ ਕਾਵਿ ਰੂਪਾਂਤਰਨ ਹੈ।

1. ਕਾਲੀ ਕੋਇਲ

(ਕਵੀ ਵਲੋਂ ਪ੍ਰਸ਼ਨ)

ਕਾਲੀ ਕੋਇਲ ਤੂੰ ਕਿਤ ਗੁਣ ਕਾਲੀ
ਆਪਣੇ ਪ੍ਰੀਤਮ ਕੇ ਹਉਂ ਬਿਰਹੋਂ ਜਾਲੀ ।

+++
ਕਿਹੜੀ ਬਿਜਲੀ ਗਿਰੀ ਤੇਰੇ ਤੇ
ਹੋਏ ਤੇਰੇ ਖੰਭ ਕਾਲੇ,
ਕਾਲੀ ਕੋਇਲ ਹੋ ਕੇ ਵੀ ਤੂੰ
ਟਹਿਕੇਂ ਵਾਂਗ ਉਜਾਲੇ ?
ਅੰਬ-ਪੱਤਿਆਂ ਵਿਚ ਲੁਕ ਕੇ ਗਾਵੇਂ
ਮਿੱਠੇ ਮਿੱਠੇ ਗੀਤ,
ਵਾਹ ਤੇਰਾ ਸੰਗੀਤ ।
ਉਚੀਆਂ ਧੁਨਾਂ ਗੀਤ ਤੇਰੇ ਦੀਆਂ
ਕਰ ਰਹੀਆਂ ਸਾਕਾਰ
ਮੇਰੇ ਮਨ ਵਿਚ
ਯਾਦਾਂ ਕਈ ਹਜ਼ਾਰ ।
ਕਿਉਂ ਏਨੇ ਬੇਚੈਨ
ਸ਼ੋਅਲੇ ਬਣ ਕੇ ਭੜਕ ਰਹੇ ਨੇ
ਤੇਰੇ ਮਿੱਠੇ ਬੈਣ
ਕਰ ਰਹੇ ਪ੍ਰਚੰਡ
ਅਗਨੀ ਦਾ ਅਲੰਭ ?
ਵੇਖੋ ਫੁੱਲ ਗੁਲਾਬ ਦੇ
ਲਟ ਲਟ ਬਲਦੇ ਪਏ,
ਚੜ੍ਹ ਗਏ ਪੌਣ ਪਾਣੀ ਦੇ ਢਹੇ,
ਬਲਦੇ ਪਏ ਅੰਬਾਂ ਦੇ ਸਾਏ,
ਕਿਥੋਂ ਚੰਗਿਆੜੇ ਆਏ,
ਕਿਸ ਇਹ ਮੀਂਹ ਵਹਾਏ ?
ਨਿੱਕੇ ਪੰਛੀ ਗੀਤ ਤੇਰੇ ਨੇ
ਕਿੰਝ ਇੰਝ ਘਾਇਲ ਕੀਤਾ,
ਕਿਉਂ ਬਿਜਲੀਆਂ ਗਿਰੀਆਂ,
ਕਿੰਝ ਅੰਬਰ ਕੜਕਾਏ ?

(ਕੋਇਲ ਦਾ ਉਤਰ)

ਪ੍ਰੇਮ ਅਗਨ ਵਿਚ ਸੜ ਕੇ ਮੇਰੇ
ਚਮਕ ਉਠੇ ਨੇ ਪੰਖ,
ਹੋ ਗਈ ਹਾਂ ਨਵਨੀਤ
ਪਤਤੋਂ ਮੈਂ ਪੁਨੀਤ
ਏਸੇ ਲਈ ਬੇਚੈਨ ।
ਕਿਥੇ ਹੈ ਪ੍ਰੀਤਮ ਮੈਂਡਾ
ਜਿਸ ਦੀ ਯਾਦ 'ਚ ਗਾਵਾਂ
ਮੈਂ ਦਿਨ ਰੈਣ ?
ਅੰਬਾਂ ਦੇ ਝੁੰਡਾਂ ਦਾ ਖੇੜਾ
ਹੋਰ ਅੱਗ ਭੜਕਾਵੇ,
ਹੁੰਦੇ ਜਾਂਦੇ ਜਿਉਂ ਜਿਉਂ
ਬਾਗਾਂ ਦੇ ਪੱਤ ਸਾਵੇ,
ਦਿਲ ਮੇਰੇ ਦੀ ਜਵਾਲਾ ਤਿਉਂ ਤਿਉਂ
ਹੋਰ ਭੜਕਦੀ ਜਾਵੇ ।
ਜਗਮਗ ਕਰਦੀ ਰੂਹ ਪਈ ਪੁਛੇ,
ਪ੍ਰੀਤਮ ਕਿਹੜੇ ਦੇਸ਼ ਸਿਧਾਏ ?
ਦਸ ਵੇ !
ਅਹਿੱਲ ਪੱਤਿਓ ।
ਕਿਉਂ ਚੁੱਪ ਨੇ ਸਾਏ ।

2. ਰਾਜਹੰਸ

ਰਾਜ ਹੰਸ !
ਹੇ ਸਵਰਨ ਪੰਛੀ !
ਹੈ ਇਹ ਤੇਰੇ ਖੰਭਾਂ ਦਾ ਚਮਕਾਰ
ਜਾਂ ਧੁੱਪ ਸੁਨਹਿਰੀ ਰੰਗ ਦਿਤੀ
ਸਦਾ ਲਈ ਹੈ ਹਿੰਮ ਧਾਰ....?
ਜਗ ਦੀ ਮਮਟੀ ਸੋਹੇ
ਮਾਨ-ਸਰੋਵਰ ਝੀਲ,
ਹੇ ਉਥੋਂ ਦੇ ਵਸਣਹਾਰ !
ਤੇਰੀ ਸੁਨਹਿਰੀ ਚੁੰਝ
ਰਹੀ ਦੁੱਧ ਪਾਣੀ ਨਿਤਾਰ !
ਹੈਂ ਤੂੰ ਉਹ ਵਿਮੁਕਤ ਰੂਹ,
ਨਿਹਾਰੇ ਜੀਵਨ ਨਦੀ ਦੀ ਧਾਰ ।
ਤੇਰੀ ਧੌਣ ਦੇ ਉਭਾਰ ਦਾ ਕਿੰਨਾ ਜਮਾਲ
ਝਲਿਆ ਨਾ ਜਾਵੇ
ਨੀਲੇ ਗਗਨਾਂ ਤੋਂ ਜਿਸ ਦਾ ਕਮਾਲ ।
ਮੋਤੀਆਂ ਦਾ ਕਰੇਂ ਆਹਾਰ
ਅੰਮ੍ਰਿਤ ਬੂੰਦ ਬਰਸੇ ਬਣ ਧਾਰ,
ਹਰੀ ਨਾਮ ਤੇਰਾ ਆਧਾਰ ।
ਹੇ ਆਤਮਾ ਮਹਾਨ !
ਨੀਲਿਆਂ ਦੇ ਪਿਆਰੇ !
ਪਾਰਦਰਸ਼ੀ ਅਨੰਤਾਂ ਦੇ ਪੁਜਾਰੀ !
ਮਾਨ-ਸਰੋਵਰ ਦੀ ਵਾਯੂ ਤੋਂ ਬਿਨਾਂ
ਤੇਰਾ ਦਮ ਘੁਟੇ,
ਉਚੀਆਂ ਹੇਮਕੁੰਟੀ ਚੋਟੀਆਂ ਤੋਂ ਵਿਛੜ ਕੇ
ਬਚ ਨਹੀਂ ਸਕਦੇ ਤੇਰੇ ਪ੍ਰਾਣ !
ਜੰਗਲੀ ਮ੍ਰਿਗ ਨਾਫ਼ੇ ਤੋਂ ਨਿਕਲ
ਜਿਹੜੀ ਕਥੂਰੀ ਹੈ ਹੁਲੀ ਇਸ ਦੇਸ਼,
ਉਸ ਵਿਚ ਰੱਤਾ ਰਹੇਂ ਹਮੇਸ਼ ।

ਹੇ ਸੁੰਦਰ ਆਤਮਾ !
ਮਨੁੱਖੀ ਵਿਚਾਰਾਂ ਦੇ ਦੇਸ਼ ਤੋਂ ਪਰੇ ਦੀ ਵੱਥ
ਤੇਰੀ ਸਮਾਧੀ ਵਿਚ ਝਲਕਾਂ ਮਾਰਦੀ,
ਤਾਰਿਆਂ ਭਰੇ ਗਗਨ ਦੀ ਅਨੰਤਤਾ।
ਪਾਕ ਤੇਰੇ ਦਿਲ ਦੇ ਅੰਮ੍ਰਿਤਸਰ ਵਿਚ
ਰੋਜ਼ ਸੂਰਜ ਆ ਕੇ ਕਰਦਾ ਇਸ਼ਨਾਨ ।
ਪਵਨਾਂ ਦੀ ਅਸੀਮ ਵਿਸ਼ਾਲਤਾ ਤੇਰੀ ਦਾਸੀ,
ਸੁਗੰਧ ਸਮੀਰਾਂ ਦੇ ਦੇਵ ਤੇਰੇ ਸਾਥੀ
ਫਿਰ ਵੀ ਅਸੀਂ ਜਾਣੀਏਂ
ਤੂੰ ਛੱਡ ਆਵੇਂ ਇਹ ਸੁੰਦਰ ਭਵਨ
ਤਾਂ ਜੋ ਸਾਂਝਾ ਕਰ ਸਕੇਂ
ਮਨੁੱਖੀ ਪ੍ਰੇਮ ਪੀੜਾਂ ਦਾ ਗ਼ਮ।
ਉਤਰ ਆਵੇਂ ਕਦੀ ਕਦੀ ਅਚੇਤ ਹੀ
ਕਿਸੇ ਗਰੀਬੜੇ ਕਿਰਸਾਨ ਦੇ
ਕਣਕਾਂ ਭਰੇ ਕੋਠੇ 'ਤੇ,
ਜਗਾ ਦੇਵੇਂ ਕੁਦਰਤ ਦੇ ਕੰਵਾਰੇ ਦਿਲ,
ਆਪਣੀ ਅਨੇਮੀ ਪ੍ਰੀਤ ਦੀ ਕਹਾਣੀ ਛੇੜ ਕੇ ।
ਇਸ ਵਿਚ ਤੇਰੀ ਖੁਸ਼ੀ,
ਖ਼ੁਸ਼ ਹੋਵੇਂ ਵੇਖ ਕੇ
ਇਸਤਰੀ ਪੁਰਸ਼ ਦਾ ਪਿਆਰ ।
ਮਨੁੱਖੀ ਦਿਲ ਸਾਗਰ ਦੀਆਂ ਲਹਿਰਾਂ ਦੀ
ਨਿਕੀ ਪ੍ਰੀਤ ਝੁਣਝੁਣੀ
ਤੇ ਤੂੰ ਆਪਣੇ ਉਚੇ ਆਸਣ ਤੇ ਵੀ ਬੈਠਾ ਕੰਬਦਾ ।
ਹੇ ਪ੍ਰੀਤ ਰਾਹੀ !
ਮੁਕਤਗਾਮੀ ਆਤਮਾ !
ਪ੍ਰੀਤ ਦੀ ਮਹਿਮਾਂ ਨੂੰ ਜਾਣਨਹਾਰ !
ਜਿਸ ਦੀ ਖ਼ਾਤਰ ਸ਼ਹਿਰਾਂ ਦੀ ਧੂੜ ਲੱਦੀ
ਧੂੰਏਂ ਧੁਆਂਖੀ ਹਵਾ ਨੂੰ ਵੀ ਕਰੇਂ ਪਾਰ
ਤਾਂ ਜੋ ਤੇਰੀ ਪ੍ਰੀਤ ਸੰਗ ਬਚ ਜਾਵੇ
ਕੋਈ ਪ੍ਰੀਤ ਢੱਠੀ ਆਤਮਾ ।

3. ਤ੍ਰਿੰਞਣ

(੧)
ਸਿਮਰਣ ਵਾਲਾ ਸੰਤ ਪੁਰਸ਼ ਇਕ
ਨਗਰ ਵਿਚੋਂ ਸੀ ਲੰਘਿਆ,
ਇਕ ਗਲੀ ਦੇ ਅੰਦਰ
ਉਸ ਸੀ ਤ੍ਰਿੰਞਣ ਤੱਕਿਆ।
ਜਿਥੇ ਸਭ ਮੁਟਿਆਰਾਂ
ਕੰਜ-ਕੁਆਰੀਆਂ
ਰਲ ਕੇ ਕੱਤਣ ਚਰਖੇ ਰੰਗ ਰੰਗੀਲੇ ।
ਗਾਵਣ ਗੀਤ ਪੁਰਾਣੇ ਮਿੱਠੜੇ ਪਿਆਰੇ
ਪ੍ਰੀਤਾਂ ਵਾਲੇ,
ਰਲਮਿਲ ਗਾਵਣ ਲੋਕ ਧੁਨਾਂ ਨੂੰ
ਜਿਨ੍ਹਾਂ ਵਿਚ ਕੰਜ-ਕੁਆਰੀਆਂ ਦੀਆਂ ਸਧਰਾਂ ਦੀ
ਪ੍ਰੀਤ ਕਹਾਣੀ ਦੀ ਖ਼ੁਸ਼ਬੋਈ,
ਕੰਠ ਉਨ੍ਹਾਂ ਦੇ ਕੋਇਲ ਦੀ ਕੂਕ ਸਮਾਨ ਦਰਦਾਂ ਭਿਜੇ
ਬੋਲ ਅਲਾਪਣ ਮਾਨਵ ਪ੍ਰੀਤ ਦੇ ।
ਇਨ੍ਹਾਂ ਗੀਤਾਂ ਵਿਚਲੇ ਬੋਲ
ਨਾਰੀ ਦੀ ਮਹਿਮਾ ਨੂੰ ਗਾਵਣ
ਤਾਂ ਜੋ ਨਰ ਨੂੰ ਹੋਵੇ ਗਿਆਨ
ਇਨ੍ਹਾਂ ਦੀ ਵਡੱਤਣ ਦਾ !
ਉਹ ਆ ਜੁੜੀਆਂ ਤਿੰਞਣ ਅੰਦਰ
ਗੀਤ ਦਰਦ ਦੇ ਗਾਵਣ
ਜਿਸ ਵਿਚ ਨਾਰੀ ਦੀ ਉਪਮਾ ਦੇ ਸਤੋਤਰ ਗੁੰਦੇ
ਜਿਵੇਂ ਉਹ ਕੋਮਲ ਦਰਦ-ਭਿੰਨੇ ਦਿਲਾਂ ਵਿਚ ਰਖਣ
ਆਪਣੇ ਮਰਦ ਦੀ ਪ੍ਰੀਤ ਤੇ ਸਤਿਕਾਰ ।
ਜਿਸ ਨੂੰ ਉਹ ਪਰਮੇਸ਼ਵਰ ਜਾਣ ਕੇ ਪੂਜਣ,
ਉਸ ਉੱਤੇ ਰਖਣ ਪੂਰਨ ਵਿਸ਼ਵਾਸ,
ਉਨ੍ਹਾਂ ਦੇ ਜਿਗਰੇ ਤੇ ਸਬਰ
ਧਰਤੀ ਜੇਡ ਮਹਾਨ,
ਆਪਣੇ ਪਤੀ ਦੇਵ ਦੀ ਸੇਵਾ
ਮਰਦੇ ਦਮ ਤਕ ਨਿਭਾਉਣ ।
ਪੱਕੀ ਪੀਢੀ ਸਾਂਝ ਨੂੰ
ਰਖਣ ਘੁੱਟ ਕਲੇਜੜੇ ਨਾਲ,
ਇਸ ਵਿਚ ਕੂੜ ਨਾ ਰਤਾ ਰਵਾਲ ।
ਆਪਣੇ ਪਤੀ ਨੂੰ ਉਹ ਪਰਮੇਸ਼ਵਰ ਜਾਣਨ
ਇਸ ਤੋਂ ਉਪਰ ਉਹ ਕਿਸੇ ਰੱਬ ਨੂੰ ਨਾ ਪਛਾਨਣ ।
ਜੀਵਨ ਭਰ ਉਹ ਰਹਿਣ ਪਤੀ ਦੀਆਂ ਅੰਗਪਾਲ,
ਵਾਹ ! ਵਾਹ ! ਭਗਤ ਉਨ੍ਹਾਂ ਦੀ,
ਮਰਨ ਪਿਛੋਂ ਵੀ ਉਹ
ਇਸ ਪ੍ਰੀਤ ਦਾ ਛੱਡਣ ਨਾ ਖ਼ਿਆਲ ।

(੨)
ਸੰਤ ਪੁਰਸ਼ ਨੇ ਜਦ ਇਹ
ਤ੍ਰਿੰਞਣ ਦਾ ਦ੍ਰਿਸ਼ ਤੱਕਿਆ,
ਕਈ ਖ਼ਿਆਲਾਂ ਨੇ ਆ
ਮਨ ਉਸ ਦਾ ਸੀ ਮਲਿਆ
"ਕੀ ਮੈਂ ਆਪਣੇ ਪ੍ਰੀਤਮ ਤਾਂਈਂ
ਏਦਾਂ ਕਰਾਂ ਪਿਆਰ !
ਜਿਦਾਂ ਰਖੇ ਭਰੋਸਾ ਆਪਣੇ ਪਿਆਰੇ ਉਤੇ
ਇਹ ਸਿਧੀ ਸਾਧੀ ਨਾਰ ?
ਕੀ ਮੈਂ ਆਪਣੇ ਪ੍ਰੀਤਮ ਦੇ ਲਈ ਏਨਾ ਮਿੱਠੜਾ ਗੀਤ ਅਲਾਵਾਂ ?
ਕੀ ਮੈਂ ਇਸੇ ਤਰ੍ਹਾਂ ਹੀ
ਪ੍ਰੀਤਮ ਨੂੰ ਆਪਣਾ ਆਖ ਬੁਲਾਵਾਂ
ਜਿਦਾਂ ਇਨ੍ਹਾਂ ਮੁਟਿਆਰਾਂ ਦੇ ਗੀਤਾਂ ਦੇ ਵਿਚ
ਉਸ ਨੂੰ "ਆਪਣਾ" ਕਹਿ ਕੇ ਗਿਆ ਬੁਲਾਇਆ ?
ਕੀ ਮੈਂ ਇਕ ਨਾਰੀ ਦਾ ਹਿਰਦਾ ਰਖਾਂ
ਜਿਸ ਵਿਚ ਆਪਣੇ ਮਰਦ ਦਾ
ਇਤਨਾ ਸੁੱਚਾ ਸੱਚਾ ਪਿਆਰ
ਕਿ ਬਿਨਾਂ ਉਹ ਇਕ ਮਰਦ ਦੇ
ਕਿਸੇ ਹੋਰ ਵਲ ਨਾ ਝਾਕੇ ?
ਹੈ ਕਿੰਨਾ ਵਿਸ਼ਵਾਸ ਉਸ ਨੂੰ
ਉਸ ਮਰਦ ਦੇ ਉਤੇ
ਜਿਸ ਨੂੰ ਉਸ ਨੇ ਆਪਣਾ ਸਭ ਕੁਝ
ਹੈ ਸਮਰਪਣ ਕੀਤਾ ।
ਵਾਹ ! ਵਾਹ !!
ਉਸ ਦੀ ਪ੍ਰੀਤੀ ਤੇ ਵਿਸ਼ਵਾਸ
ਤੇ ਇਸ ਇਕੋ ਉਤੇ ਟੇਕ !
ਉਸ ਦਾ ਮਨ ਸਦਾ ਇਸ ਇਕੋ ਉਤੇ
ਰਹੇ ਇਕਾਗਰ ਘੁੰਮਦਾ ।
ਉਸੇ ਲਈ ਉਸ ਦਾ ਤਨ ਮਨ
ਹੱਡੀਆਂ ਦਾ ਸਰੀਰ,
ਲਹੂ ਮਾਸ ਤੇ ਹਿਰਦਾ,
ਸਭ ਕੁਝ ਹਾਜਰ ਅਤੇ ਨਿਛਾਵਰ !
ਕੀ ਮੈਂ ਇਸ ਪਤੀਵਰਤਾ ਨਾਰ ਦੀ ਰੂਹ ਨੂੰ
ਪਾ ਸਕਦਾ ਹਾਂ ?
ਜੋ ਸਭ ਸੰਸਾਰ ਦੀਆਂ ਮੈਲੀਆਂ ਅੱਖਾਂ ਕੋਲੋਂ
ਹੋ ਕੇ ਬੇ-ਧਿਆਨ,
ਇਕੋ ਹੀ ਲਿਵ ਵਿਚ ਜੁੜਦੀ,
ਇਕੋ ਤਾਂਈਂ ਪਿਆਰੇ,
ਉਸ ਦੇ ਆਪਣੇ ਹਿਰਦੇ ਅੰਦਰ
ਉਹ ਪ੍ਰੀਤ ਦੀ ਜਵਾਲਾ ਤਾਂਈਂ ਨਿਤ ਨਿਤ ਬਾਲੇ,
ਪਰ ਇਸ ਦੀ ਮਹਿਕ ਤਾਂਈਂ ਉਹ
ਆਪਣੇ ਹਿਰਦੇ ਅੰਦਰ ਘੁਟ ਘੁਟ ਰਖਦੀ,
ਉਸ ਦਾ ਮੁਖੜਾ ਲੱਸੇ
ਹਿੰਮ ਖੰਡਾਂ ਦੇ ਪੁਸ਼ਪਾਂ ਹਾਰ,
ਜਿਸ ਉਤੇ ਪਰਮ ਸ਼ਾਂਤੀ ਦਾ ਹੈ ਪਹਿਰਾ,
ਲੱਜਾ ਦੇ ਘੁੰਢ ਵਿਚ ਲਪੇਟੀ,
ਉਹ ਇਹ ਵੀ ਆਖ ਨਾ ਸਕਦੀ
ਕਿ ਮੈਂ ਆਪਣੇ ਪ੍ਰੀਤਮ ਤਾਂਈਂ ਕਰਦੀ ਪਿਆਰ !
ਉਸ ਦੇ ਹੋਠਾਂ ਉਤੇ
ਕਦੀ ਨਾ ਸ਼ਿਕਵਾ ਆਵੇ,
ਨਿੰਮੀਆਂ ਮੁਸਕਾਨਾਂ ਵਿਚ
ਸਦਾ ਅਨੰਦ ਵਿਚ ਖੀਵੀ ਉਹ
ਸ਼ੁਕਰ ਮਨਾਵੇ,
ਉਸ ਮਰਦ ਦੀ ਖ਼ੈਰ ਸਦਾ ਉਹ ਮੰਗੇ
ਜਿਸ ਨੂੰ ਕਦੀ ਸੀ ਉਸ ਨੇ
ਆਪਣਾ ਮਰਦ ਬਣਾਇਆ ।
ਭਾਵੇਂ ਉਸ ਮਰਦ ਦੇ ਮਸਤਕ ਉਤੇ
ਖ਼ੁਸ਼ੀ ਪਈ ਪੈਲਾਂ ਪਾਵੇ
ਜਾਂ ਉਸ ਉਤੇ ਤਿਊੜੀ ਦਿਸ ਆਵੇ,
ਫਿਰ ਵੀ ਉਹ ਤ੍ਰੀਮਤ ਸ਼ੁਕਰ ਮਨਾਵੇ,
ਉਸ ਦੀ ਰਜ਼ਾ ਵਿਚ ਰਹਿਣਾ ਹੀ
ਉਸ ਨੂੰ ਭਾਵੇ ।
ਉਸ ਦੀ ਰੂਹ ਸਦਾ
ਉਸ ਖ਼ੁਸ਼ੀ ਦੀ ਮਹਿਕ ਵਿਚ ਰਹਿੰਦੀ ਭਿੰਨੀ
ਜਿਸ ਜਿੰਦੜੀ ਦੀ ਉਹ
ਨਿਤ ਹੈ ਪੂਜਾ ਕਰਦੀ ।
ਉਸ ਦਾ ਇਹ ਭਰੋਸਾ
ਕਿ ਉਸ ਦਾ ਪਤੀ ਪਰਮੇਸ਼ਵਰ
ਕਦੀ ਨਹੀਂ ਮਰ ਸਕਦਾ ।
ਕੋਈ ਸੱਚੀ ਸੁੱਚੀ ਨਾਰੀ ਆਪਣੇ ਤਾਂਈਂ
ਕਦੀ ਛੁਟੜ ਤੇ ਵਿਧਵਾ ਨਾਂ ਅਖਵਾਉਣਾ ਚਾਹਵੇ,
ਭਾਵੇਂ ਉਸ ਦਾ ਪਤੀ ਪਿਆਰਾ
ਗਿਆ ਹੋਵੇ ਪ੍ਰਦੇਸ਼
ਜਾਂ ਫਿਰ ਗਗਨਾਂ ਤੋਂ ਪਾਰਲੇ
ਅਕਾਲ ਪੁਰਖ ਦੇ ਦੇਸ਼,
ਉਹ ਸਦਾ ਸਦਾ ਕਰੇ ਉਸ ਦੀ ਉਡੀਕ,
ਹੈ ਉਸ ਦਾ ਵਿਸ਼ਵਾਸ,
ਇਕ ਦਿਨ ਆਵੇਗਾ ਮੁੜ ਘਰ,
ਉਸ ਦਾ ਪਰਮ ਪਿਆਰਾ ਉਸ ਦੇ ਪਾਸ,
ਉਸ ਦਾ 'ਮਰਦ" ਸਦਾ ਸਦਾ ਲਈ ਹੈ ਉਸ ਦਾ,
ਅਜ਼ਲਾਂ ਦਾ ਇਹ ਰਿਸ਼ਤਾ
ਕਦੀ ਵੀ ਟੁੱਟ ਨਾ ਸਕਦਾ ।
ਕੋਈ ਵੀ ਮ੍ਰਿਤੂ
ਉਸ ਦੀ ਪਿਆਰ ਗਲਵਕੜੀ ਨੂੰ
ਨਾ ਸਕਦੀ ਤੋੜ,
ਜਿਸ ਨੂੰ ਉਸ ਦੀਆਂ ਬਾਹਾਂ
ਬਣਾ ਕੇ ਪ੍ਰੀਤ ਦਾ ਹਾਰ
ਆਪਣੇ ਪਤੀ ਦੇਵ ਦੇ ਗਲ ਦਾ
ਕੀਤਾ ਹੈ ਸ਼ਿੰਗਾਰ ।
ਇਸ ਪਿਆਰ ਨੂੰ
ਉਹ ਨਿਤ ਰਖਦੀ ਘੁੱਟ ਕਲੇਜੇ ਨਾਲ ।
ਇਸ ਪ੍ਰੀਤ ਦੀ ਗੰਢ ਨੂੰ
ਵੱਡੇ ਸੰਜੋਗ ਨਾਲ
ਆਪ ਪ੍ਰਭੂ ਨੇ ਬੰਨ੍ਹਿਆਂ।
ਇਸ ਗੰਢ ਵਿਚ ਦੋ ਜਿੰਦਾਂ ਨੇ
ਆਣ ਇਕੱਠੀਆਂ ਹੋਈਆਂ,
ਕੌਣ ਉਨ੍ਹਾਂ ਨੂੰ ਵੱਖ ਕਰ ਸਕਦਾ ?
ਦੇਵਤੇ ਤੇ ਅਵਤਾਰ
ਇਸ ਪ੍ਰੀਤ ਦੀ
ਆਪ ਨੇ ਰੱਖਿਆ ਕਰਦੇ
ਬਣ ਕੇ ਇਸ ਦੇ ਪਹਿਰੇਦਾਰ !"

(੩)
ਪਿਆਰ-ਵਿਗੁਤੀ "ਸਤੀ ਨਾਰੀ" ਦੇ
ਕੋਮਲ ਬਦਨ ਵਿਚ ਯੋਧੇ ਦਾ ਨਿਵਾਸ,
ਗਗਨ ਮੰਡਲ ਦੇ ਰਾਹਾਂ ਉਤੇ
ਉਸ ਦੀ ਹਿੰਮਤ ਕਰੇ ਪ੍ਰਵਾਜ਼,
ਜਦ ਦੁਨੀਆਂ ਦੇ ਲੋਕੀਂ
ਉਸ ਦਾ ਕਰਨ ਵਿਰੋਧ,
ਨੈਣ ਉਸ ਦੇ ਰੱਬ ਦੇ ਤਾਂਈਂ
ਮਦਦ ਲਈ ਕਰਨ ਅਨੁਰੋਧ ।
ਉਹ ਤਾਂ ਇਕ ਗੁਪਤ ਹਵਨ ਯੱਗ ਹੈ
ਇਕ ਤਪੱਸਿਆ ਇਕ ਸਾਧਨਾ,
ਇਸ ਭੇਦ ਨੂੰ ਕੇਵਲ ਦੇਵਤਿਆਂ ਹੀ ਪਾਇਆ,
ਉਹ ਤਾਂ ਇਕ ਸ਼ਕਤੀਵਰ ਹੋਣੀ
ਜਿਸ ਨੂੰ ਮਨੁੱਖ ਦੇ ਪ੍ਰੇਮ ਦੀ ਖਾਤਰ
ਰੱਬ ਨੇ ਆਪ ਬਣਾਇਆ !
ਮੈਨੂੰ ਤਾਂ ਇੰਝ ਜਾਪੇ
ਭਗਤ ਦਾ ਦਿਲ ਵੀ ਹੈ "ਸਤੀ" ਸਮਾਨ
ਉਹ ਤਾਂ ਕੇਵਲ
ਆਪਣੇ 'ਸਾਂਈਂ' ਨੂੰ ਹੀ ਪਿਆਰੇ।
ਬਿਨਾਂ ਉਸ ਦੇ
ਉਹ ਕਿਸੇ ਹੋਰ ਤਾਂਈਂ ਨਾ ਚਿਤਾਰੇ।
'ਸਤੀ' ਵਾਂਗਰਾਂ ਮੌਤ ਦੇ ਇਸ
ਮਾਰੂ ਝਖੜ ਦੇ ਘੇਰੇ ਵਿਚ ਫਾਥਾ
ਉਸ ਦੀ ਆਤਮਾ
ਪ੍ਰੇਮ ਦਾ ਗੀਤ ਅਲਾਵੇ,
ਪ੍ਰੇਮ ਵਿਚ ਹੈ
ਉਸ ਦਾ ਅਟਲ ਵਿਸ਼ਵਾਸ
ਜਿਸ ਦੀਆਂ ਤਰਬਾਂ ਵਿਚ ਸੁਰ ਹੋਇਆ
ਉਸ ਦਾ ਹਰ ਇਕ ਅੰਗ,
ਮੱਠ ਪ੍ਰੇਮ ਗੀਤ ਵਿਚ ਗੂੰਜੇ ਥਰਥਰਾਵੇ ।
ਸਤੀ ਸਮਾਨ ਉਹ ਆਪਣੇ ਪ੍ਰੇਮ ਦੇ ਭੇਦ ਨੂੰ
ਰਹੇ ਛੁਪਾਉਂਦਾ,
ਅਦ੍ਰਿਸ਼ਟ ਮੰਡਲ ਗਗਨਾਂ ਦਾ ਸਾਰਾ
ਉਸ ਦੇ 'ਘਰ' ਵਿਚ ਆ ਸਮਾਉਂਦਾ।

(੪)
ਨਿਤ ਦਿਹਾੜੇ ਸੰਤ ਪੁਰਸ਼ ਉਹ
ਜਦ ਤ੍ਰਿੰਞਣ ਵਲ ਤੱਕਦਾ,
ਮੁਟਿਆਰਾਂ ਦੇ ਗੀਤਾਂ ਤਾਂਈਂ ਸੁਣਦਾ,
ਤਾਂ ਉਹ ਨਾਰੀ ਦੇ ਹਿਰਦੇ ਦੀ
ਆਪਣੇ ਦਿਲ ਵਿਚ ਉਪਮਾ ਕਰਦਾ ।
ਪੰਜ ਦਰਿਆਵਾਂ ਦੇ ਇਹ
ਮਿੱਠੜੇ ਪ੍ਰੇਮ ਪ੍ਰਗੀਤ,
ਹੈਨ ਬੜੇ ਮਹਾਨ,
ਇਨ੍ਹਾਂ ਵਿਚਲੀਆਂ ਦਿਲ ਕੰਬਣੀਆਂ ਵਿਚ
ਲੋਹੜੇ ਦਾ ਹੈ ਜਾਦੂ
ਜੋ ਇਕ ਸੰਤ ਪੁਰਸ਼ ਦੇ ਹਿਰਦੇ
ਤੇ ਧਿਆਨ ਨੂੰ ਵੀ
ਜਾ ਹੈ ਮਲਦਾ ਪੂਰਾ ਸੂਰਾ !
ਭੋਲੇ ਭਾਲੇ ਮਨੁੱਖਾਂ ਦੇ ਦਿਲ ਦੀਆਂ ਸਧਰਾਂ
ਸਦਾ ਅਮਰ ਹਨ!
ਪਿੰਡਾਂ ਦੀਆਂ ਭੋਲੀਆਂ ਭਾਲੀਆਂ ਨਾਰਾਂ ਤੇ ਮੁਟਿਆਰਾਂ
ਦੇ ਦਿਲ ਕਿੰਨੇ ਪਵਿੱਤਰ ਤੇ ਮਾਸੂਮ,
ਜਿਨ੍ਹਾਂ ਨੂੰ ਕਦੀ ਨਹੀਂ ਕਿਸੇ
ਕੁਝ ਪੜ੍ਹਾਇਆ ਤੇ ਲਿਖਾਇਆ,
ਹੈਨ ਇਨ੍ਹਾਂ ਵਿਚੋਂ ਬਹੁਤੀਆਂ ਨਿਰਅਖਰ,
ਫਿਰ ਵੀ ਆਪਣੇ ਪਿਆਰ ਉਤੇ ਹੈ
ਇਨ੍ਹਾਂ ਤਾਂਈਂ ਭਰੋਸਾ
ਕਿ ਇਸ ਪ੍ਰੇਮ ਉਤੇ ਰਖ ਕੇ ਟੇਕ
ਇਹ ਜਿਤ ਸਕਦੀਆਂ
ਆਪਣੇ ਮਰਦ ਤੇ ਮਾਲਕ ਦੇ ਦਿਲ ਨੂੰ ।
ਭਾਵੇਂ ਇਨ੍ਹਾਂ ਦੇ ਕੋਲ ਨਾ ਕੋਈ ਧਨ ਤੇ ਦੌਲਤ
ਕੇਵਲ ਇਕੋ ਆਪਣੇ ਨਿਰਛਲ ਦਿਲ ਵਿਚ ਵਸਦੇ
ਪ੍ਰੇਮ ਦਾ ਤਕਵਾ !
ਉਸ ਦੀ ਇਹੋ ਵੱਡੀ ਸਧਰ
ਕਿ ਉਸ ਨੂੰ
ਜੀਵਨ ਦਾ ਕੋਈ ਸਾਥੀ ਮਿਲ ਜਾਏ
ਉਸ ਦਾ ਪ੍ਰੇਮੀ ਮਰਦ ਤੇ ਮਾਲਕ,
ਮਿਲ ਜਾਏ ਉਸ ਨੂੰ ਕੋਈ 'ਘਰ' ਸੁਲੱਖਣਾ,
ਐਸਾ 'ਵਰ' ਪ੍ਰਾਪਤ ਕਰ ਕੇ
ਉਹ ਕਰ ਸਕੇ ਨੇਕ ਕਮਾਈ
ਤੇ ਹੱਥ ਵਟਾਵੇ ਆਪਣੇ ਪਤੀ ਦੇਵ ਦਾ
ਪੂਰੀ ਵਿਤ ਦੇ ਨਾਲ ।
ਫਿਰ ਜਣ ਸਕੇ ਉਸ ਲਈ ਬੱਚੇ
ਸੋਹਣੇ ਤੇ ਮਨਮੋਹਣੇ,
ਜਿਨ੍ਹਾਂ ਦੀ ਧੁੱਪ ਸੁਨਹਿਰੀ ਵਿਚ ਵਿਚਰ ਕੇ
ਉਹ ਆਪਣੀ ਬਿਰਧ ਵਰੇਸ ਬਿਤਾਉਣ,
ਭਾਵੇਂ ਇਸ ਸਮੇਂ ਦੀ ਉਡੀਕ ਵਿਚ
ਉਹ ਸਹੰਸਰ ਦਿਵਸ ਦੀ ਘਾਲ ਕਮਾਵਣ ।
ਘੁੰਢ ਦੇ ਵਿਚ ਬੈਠੀ ਉਹ
ਆਪਣੇ ਪਤੀ ਦੇਵ ਦੀ ਪਿਆਰੀ ਛੁਹ ਲਈ ਲੋਚੇ
ਤਰਸੇ ਉਸ ਦਾ ਮੁਖੜਾ
ਉੱਸ ਦੇ ਮਿਠੜੇ ਚੁੰਮਣਾਂ ਤਾਂਈਂ,
ਸਧਰਾਏ ਦਿਲ ਨਾਲ ਉਹ
ਆਪਣੀ ਵਿਚ ਰੰਗੀਨ ਕਲਪਨਾ
ਉਸ ਦੇ ਬੱਚੇ ਜੰਮਦੀ।
ਇਸ ਸੰਤਾਨ ਦੀ ਖੁਸ਼ੀ ਮਾਨਣ ਲਈ
ਆਪਣੇ ਜੀਵਨ ਦੇ ਕਈ ਦਿਹਾੜੇ
ਉਹ ਬੁਕ ਬੁਕ ਹੰਝੂ ਡੋਲ੍ਹੇ ।

(੫)
ਤ੍ਰਿੰਞਣ ਦੀਆਂ ਕੁੜੀਆਂ ਚਿੜੀਆਂ
ਤੇ ਜੋਬਨ ਮਤੀਆਂ ਮੁਟਿਆਰਾਂ ਦਾ ਝੁੰਡ
ਗਲੀ ਵਿਚੋਂ ਗੀਤ ਗਾਉਂਦਾ ਲੰਘਿਆ
ਤੇ ਤ੍ਰਿੰਞਣ ਵਿਚ ਜਾ ਬੈਠਾ ।
ਸੰਤ ਪੁਰਸ਼ ਵੀ ਅਦ੍ਰਿਸ਼ਟ ਰੂਪ ਧਾਰ
ਉਥੇ ਜਾ ਪੁਜਾ ।
ਹਰ ਮੁਟਿਆਰ ਆਪਣੇ ਰੰਗੀਨ ਚਰਖ਼ੇ ਦੇ
ਸਾਹਮਣੇ ਡੱਠੀ ਪੀੜ੍ਹੀ ਉਤੇ ਬੈਠ ਗਈ ।
ਇਨ੍ਹਾਂ ਤ੍ਰਿੰਞਣ ਵਿਚ ਜੁੜੀਆਂ ਮੁਟਿਆਰਾਂ ਦੇ ਦਿਲ
ਕੰਵਾਰੀ-ਪ੍ਰੀਤ ਤੇ ਜਵਾਨੀ ਦੇ ਜੋਬਨ ਨਾਲ
ਨਕੋ ਨਕ ਭਰਪੂਰ ।
ਹਰ ਮੁਟਿਆਰ ਇਕ ਸ਼ਹਿਜ਼ਾਦੀ ਜਾਪਦੀ,
ਉਹ ਆਪੋ ਆਪਣੇ ਰੰਗੀਨ ਚਰਖ਼ੇ
ਕਤਣ ਲਗ ਪਈਆਂ;
ਘੂੰ-ਘੂੰ ਦਾ ਮਿੱਠੜਾ ਨਾਦ ਗੂੰਜਿਆ,
ਉਨ੍ਹਾਂ ਦੇ ਬੁਲ੍ਹਾਂ ਉਤੇ ਆਪ ਮੁਹਾਰੇ
ਗੀਤ ਪ੍ਰੇਮ ਦਾ ਕੋਈ ਛਿੜ ਪਿਆ
ਜਿਸ ਵਿਚ ਪ੍ਰੇਮੀਆਂ ਦੀ
ਦਰਦ ਭਿਜੀ ਦੁੱਖ ਕਹਾਣੀ
ਸੀ ਗਾਈ ਜਾ ਰਹੀ।

4. ਵਿਆਹ ਦੀ ਘੜੀ

ਵਿਆਹ ਦਾ ਸਾਹਾ ਹੈ ਨੇੜੇ ਆਇਆ,
ਇੰਝ ਵਿਸਾਰ ਬੈਠੀ ਹੈ ਸਭ ਕੁਛ
ਇਹ ਸਾਡੀ ਨਵ-ਲਾੜੀ,
ਭੁਲੀ ਜਿਵੇਂ ਆਪ ਨੂੰ ਹੋਵੇ,
ਭਾਵੇਂ ਉਹ ਤੁਰਦੀ ਫਿਰਦੀ ਤੇ ਵਿਚਰਦੀ,
ਪਰ ਇਸ ਦਾ ਹੋਵੇ ਨਾ ਉਸ ਨੂੰ ਆਭਾਸ,
ਉਸ ਦੀ ਰੂਹ ਦੇ ਧਿਆਨ ਨੂੰ ਮਲਿਆ,
ਐਸੇ ਸੁਅਪਨ ਦ੍ਰਿਸ਼ਾਂ ਨੇ,
ਚੜ੍ਹਦੇ ਸੂਰਜ ਦੀ ਤਰ੍ਹਾਂ ਹੈ
ਜਿਨ੍ਹਾਂ ਦੀ ਆਭਾ !
ਰਾਤ ਦੀ ਪਾਲਕੀ ਬੈਠ
ਉਹ ਗਗਨਾਂ ਵਿਚ ਉਡਦੀ,
ਤਾਰੇ ਜਿਸ ਦੇ ਆਪ ਹੁਣ ਕਹਾਰ ਬਣੇ ਨੇ !
ਜਿਉਂ ਜਿਉਂ ਵਿਆਹ ਦੀ ਘੜੀ
ਨੇੜੇ ਹੈ ਢੁਕਦੀ,
ਤਿਉਂ ਤਿਉਂ ਉਸ ਦੀ ਜਿੰਦ 'ਚੋਂ
ਸਾਹ ਸਤ ਮੁਕਦਾ ਜਾਵੇ:
ਬਸਤਰ ਵੀ ਹੁਣ ਉਸ ਦੇ
ਹੋਏ ਫਟੇ ਪੁਰਾਣੇ,
ਜਿਨ੍ਹਾਂ ਦੇ ਲੰਗਾਰ ਸਾਫ਼ ਪਏ ਨਜ਼ਰੀਂ ਪੈਂਦੇ,
ਸਿਰ ਵੀ ਉਧੜਾ ਗੁਧੜਾ,
ਵਾਲ ਨੇ ਖਿੰਡਰੇ ਪੁੰਡਰੇ !
ਮਨ ਉਸ ਦਾ ਅਹਿਲ ਖੜਾ ਹੈ
ਕੁਝ ਵੀ ਸੁਧ ਬੁਧ ਨਹੀਂ ਹੈ ਉਸ ਨੂੰ
ਸ਼ਿੰਗਾਰ ਕਰਨ ਦੀ ।
ਅਜਿਹੀ ਅਵਸਥਾ ਵਿਚ
ਜਦੋਂ ਕੰਜ-ਕੁਆਰੀ ਰੂਪ ਵਟਾਉਂਦੀ ,
ਕੁਆਰ-ਪੁਣਾ ਉਸ ਦਾ ਹੈ ਸੀਤ ਹੋ ਜਾਂਦਾ,
ਉਸ ਅੰਦਰ ਮੁੜ ਹਿਕ
ਨਵੀਂ ਪ੍ਰੀਤ ਦੀ ਚਿਣਗ ਜਾਗਦੀ ।
ਇਸ ਹਾਲਤ ਵਿਚ ਉਸ ਦੇ
ਕੇਸ ਨੇ ਉਧੜੇ ਗੁਧੜੇ ਰਹਿੰਦੇ,
ਅਣਵਾਹੇ ਤੇ ਅਣ-ਸ਼ਿੰਗਾਰੇ ।
ਘੜੀ ਘੜੀ ਉਹ ਉਭੇ ਸਾਹੀ ਭਰਦੀ ਹਉਕੇ,
ਦਿਲ ਉਸ ਦਾ ਹੈ ਧਕ ਧਕ ਕਰਦਾ,
ਧੜਕ ਰਿਹਾ ਵਿਚ ਭੈਅ ਕਿਸੇ ਦੇ
ਆਉਣ ਵਾਲਾ ਜੀਵਨ ਉਸ ਦਾ ਕੈਸਾ ਹੋਸੀ ?
ਹੋਵੇਗਾ ਉਸ ਨੂੰ ਇਹ ਪ੍ਰਵਾਨ ਜਾਂ ਅਪ੍ਰਵਾਨ,
ਡੋਲ ਰਹੀ ਹੈ ਉਸ ਦੀ ਬੇੜੀ
ਜਿਵੇਂ ਵਿਚ ਮੰਝਧਾਰ,
ਅੱਧੀ ਇਧਰ ਅੱਧੀ ਉਧਰ,
ਕਰ ਰਹੀ ਉਹ ਚੋਣ ਭਵਿੱਖ ਦੀ
ਜੋ ਉਸ ਲਈ ਹੁਣ ਕਠਨ ਬੜੀ ਹੈ।
ਹੋਠ ਉਸ ਦੇ ਤ੍ਰਿਖਾਵੰਤ ਹਨ,
ਬਾਂਹਾਂ ਡੋਲ ਰਹੀਆਂ ਨੇ,
ਆਉਣ ਵਾਲੇ ਜੀਵਨ ਦਾ ਸਹਿਮ,
ਉਸ ਨੂੰ ਹੈ ਚਿੰਤਾਤੁਰ ਕਰਦਾ,
ਜਿਵੇਂ ਨਾੜਾਂ ਅੰਦਰ ਲਹੂ ਹੈ ਗੇੜੇ ਲਾਉਂਦਾ
ਅੰਦਰੋ ਅੰਦਰੀ,
ਤਿਵੇਂ ਪਰਦੇ ਪਿਛੇ ਕੀ ਹੋਣਾ ਹੈ ?
ਅਗਲੇ ਜੀਵਨ ਦੀ ਨਹੀਂ ਹੈ ਉਸ ਨੂੰ ਕੋਈ ਸਾਰ !
ਆਸ ਨਵੀਂ ਕਦੀ ਕਦੀ ਉਸ ਨੂੰ
ਬੇਹੋਸ਼ ਹੈ ਕਰਦੀ,
ਇਕ ਛਿਣ ਉਹ ਹੋ ਜਾਵੇ
ਪੀਲੀ ਜਰਦ -ਠੰਢੀ ਸਰਦ –ਮੁਰਦੇਹਾਰ ।
ਫਿਰ ਉਸ ਦੀ ਮਿੱਟੀ ਦੇ ਹੇਠੋਂ
ਸਰਕ ਉਠੇ ਕੋਈ ਨਵੀਂ ਧਾਰ ਜੀਵਨ ਦੀ,
ਜੋ ਫਿਰ ਉਸ ਨੂੰ ਆਸ ਬੰਨ੍ਹਾਵੇ,
ਕਿਸੇ ਸੋਨ ਸੁਨਹਿਰੀ ਸਮੇਂ ਦੀ ।
ਬਚਿਆਂ ਵਾਲਾ ਅਭਿਮਾਨ ਉਸ ਦਾ
ਕੋਈ ਬੁਰਾ ਨਹੀਂ ਹੈ ?
ਛਾਂਈਂ ਮਾਈਂ ਹੋਇਆ,
ਨਾ ਉਹ ਬਾਲ ਸਮੇਂ ਦੀ ਚੜੀਤ-ਪੁਣੇ ਦੀਆਂ
ਸ਼ਰਾਰਤਾਂ ਹੀ ਰਹੀਆਂ,
ਫਿਰ ਉਹ ਧਰੇ ਧਰਵਾਸ
ਆਪਣੀ ਧੀਰ ਇੰਝ ਬੰਨਾਏ :

"ਮੈਂ ਤਾਂ ਬੀਰ ਬਹਾਦਰ ਵੀਰਾਂ ਦੀ ਹਾਂ ਭੈਣ
ਤੇ ਰਾਜਾ ਬਾਬਲ ਮੇਰਾ,
ਤਾਂ ਫਿਰ ਮੈਨੂੰ ਡਰ ਹੈ ਕਾਹਦਾ ?
ਮੇਰਾ ਚਰਖਾ ਰੰਗ ਰੰਗੀਲਾ ਕਿੰਨਾ ਪਿਆਰਾ ।
ਕਿੰਨਾ ਸੁੰਦਰ ਮੇਰੇ ਰਾਜੇ ਬਾਬਲ ਦਾ ਵਿਹੜਾ,
ਮਹਿਲ ਮਾੜੀਆਂ,
ਉਚੇ ਉਚੇ ਜਿਸ ਦੇ ਦਰਵਾਜੇ,
ਊਠ ਕੁਲੱਤਣ ਘੋੜੇ ਹਿਣਕਣ ਵਿਚ ਤਬੇਲੀਂ,
ਅੰਨ ਧਨ ਦੇ ਨਾਲ ਸਾਡੇ ਭੰਡਾਰ ਭਰੇ ਨੇ,
ਫਿਰ ਮੈਂ ਹੋਵਾਂ ਕਿਉਂ ਦਿਲਗੀਰ ਇਸ ਤਰ੍ਹਾਂ ?"

ਆਪਣੇ ਬਾਬਲ ਦੇ ਘਰ 'ਚ ਹੈ ਉਹ ਇੰਝ ਸੁਤੰਤਰ
ਪਾਣੀ ਭਰਦਾ ਹੈ ਆਕਾਸ਼ ਉਸ ਦਾ
ਉਸ ਦੇ ਪੈਰਾਂ ਥਲੇ ਹੈ ਆਣ ਖਲੋਤਾ ।
ਇਸ ਤਰ੍ਹਾਂ ਆਉਣਾ ਵਿਚ ਅਭਿਮਾਨ
ਕੋਈ ਬੁਰਾ ਨਹੀਂ ਹੈ ?
ਨਾ ਹੀ ਪ੍ਰੀਤ ਦੇ ਮੰਦਰ ਇਸ ਤੋਂ ਵੱਧ
ਕੋਈ ਮੌਤ ਹੈ ਹੁੰਦੀ ।
ਕੁਝ ਦਿਨਾਂ ਵਿਚ ਉਹ ਹੋ ਗਈ ਹੈ
ਨਿਰਬਲ ਤੇ ਨਿਢਾਲ,
ਦੁਬਲੀ ਪਤਲੀ ਤੇ ਕਮਜੋਰ
ਕਿ ਸਖੀਆਂ ਦੇ ਸਹਾਰੇ
ਉਹ ਮਸਾਂ ਹੈ ਤੁਰ ਫਿਰ ਸਕਦੀ,
ਉਹੋ ਹੀ ਉਸ ਨੂੰ ਦੇ ਦੇ ਬੁਰਕੀਆਂ
ਕੁਝ ਖੁਆਲਣ ਤੇ ਪਾਣੀ ਦੇ ਕੇ
ਉਸ ਦਾ ਮੂੰਹ ਜੁਠਾਲਣ ।
ਖੁਸ਼ੀਆਂ ਸੰਦੇ ਉਹ ਦਿਨ ਬੱਚਪਨ ਵਾਲੇ
ਕਿਧਰ ਨੱਠੇ ਹਨ ।
ਹੁਣ ਤੇ ਰਾਤ ਦਿਵਸ ਉਸ ਦੇ ਮਸਾਂ ਨੇ ਲੰਘਦੇ,
ਆਪਣੇ ਕੁੰਜ-ਗੋਸ਼ੇ ਵਿਚ
ਆਤਮਾ ਉਸ ਦੀ ਸ਼ਾਂਤ ਹੈ ਬੈਠੀ ।
ਤ੍ਰਿੰਞਣ ਵਿਚ ਉਸ ਦਾ ਡੱਠਾ ਰਾਂਗਲਾ ਚਰਖਾ
ਉਡੀਕ ਹੈ ਕਰਦਾ,
ਜਿਥੇ ਉਹ ਸਦਾ ਉਸ ਦੀ ਉਡੀਕ ਕਰੇਗਾ
ਕਿਉਂਜੋ ਫਿਰ ਨਹੀਂ ਉਸ ਨੇ
ਇਸ ਤ੍ਰਿੰਞਣ ਵਿਚ ਪੈਰ ਹੈ ਪਾਉਣਾ ?
ਅੰਬਾਂ ਦਾ ਬੂਰ ਵੀ ਉਸ ਦੇ
ਮਿੱਠੇ ਗੀਤਾਂ ਨੂੰ ਤਾਂਘ ਰਿਹਾ ਹੈ।
ਟਾਹਣ ਉਨ੍ਹਾਂ ਦੇ ਲੋਚਣ ਉਹ ਪੀਂਘ ਹੁਲਾਰਾ,
ਜਿਨ੍ਹਾਂ ਉਤੇ ਕਦੀ ਸਨ ਉਸ ਨੇ ਪੀਘਾਂ ਪਾਈਆਂ,
ਲੰਮੀਆਂ ਲੰਮੀਆਂ ਲਜਾਂ ਸਣ ਦੀਆਂ
ਉਚੇ ਉਚੇ ਟਾਹਣਾਂ ਤੋਂ ਹੇਠਾਂ ਪਲਮੀਆਂ,
ਜਿਨ੍ਹਾਂ ਉਤੇ ਝਟੀਆਂ ਪੀਘਾਂ
ਕੁੜੀਆਂ ਲੰਮ ਸਲੰਮੀਆਂ !
ਉਨ੍ਹਾਂ ਨੂੰ ਹਾਲੀ ਵੀ ਯਾਦ
ਕਿ ਜਦ ਸੀ ਉਹ ਪੀਂਘ ਝੂਟਦੀ,
ਉਚਾ ਉਚਾ ਲੈ ਹੁਲਾਰਾ ਕੂਕ ਮਾਰਦੀ
ਤਾਂ ਖ਼ੁਸ਼ੀਆਂ ਵਿਚ ਹਿਲ ਹਿਲ ਕੇ
ਪੱਤੇ ਵੀ ਸਨ ਨਾਚ ਨਚਦੇ ।
ਪਰ ਹੁਣ ਇਹ ਅੰਬਾਂ ਦੀਆਂ ਝੰਗੀਆਂ
ਉਸ ਦੀ ਕਰਸਨ ਉਡੀਕ ਸਦਾ ਸਦਾ ਲਈ ।
ਪਿੰਡ ਦੀਆਂ ਗਲੀਆਂ
ਜਿਸ ਉੱਤੇ ਉਹ ਹਮੇਸ਼ਾ ਠੁਮਕਦੀ ਜਾਂਦੀ
ਅਜ ਹੋਈਆਂ ਉਦਾਸ ।
ਕਿਉਂਜੋ ਅਜ ਨਗਰ ਦੀ ਧੀ ਹੈ ਵਿਆਹੀ ਜਾਣੀ
ਬਾਬਲ ਦੀ ਛੱਤ ਥਲੇ
ਜਿਹੜੇ ਉਸ ਨੇ ਦਿਨ ਗੁਜਾਰੇ,
ਬਾਲਾਂ ਵਾਲੇ,
ਕੁਆਰੀਆਂ ਵਾਲੇ ਤੇ ਮੁਟਿਆਰਾਂ ਵਾਲੇ ।
ਹੁਣ ਤਾਂ ਉਹ ਪ੍ਰੀਤ ਵਿਚ ਹੈ ਡੁਥੀ ਹੋਈ,
ਆਪਣੀਆਂ ਤ੍ਰਿੰਵਣ ਦੀਆਂ ਸਖੀਆਂ ਤੋਂ
ਵਿਦਾ ਹੋਣ ਦੀ ਘੜੀ ਹੈ ਆਈ।
ਇਸ ਵਿਛੋੜੇ ਦੇ ਪਲ ਨੂੰ
ਅੰਬਾਂ ਦੇ ਬ੍ਰਿਖ ਪਏ ਵੇਖਣ,
ਪਿਪਲ ਵੀ ਇਸ ਦ੍ਰਿਸ਼ ਨੂੰ ਪਿਆ ਨਿਹਾਰੇ !
ਰੰਗ ਰੰਗੀਲਾ ਚਰਖ਼ਾ ਵੀ ਅਜ ਹੋਇਆ ਸਾਥੀ
ਇਸ ਵਿਛੜਨ ਘੜੀ ਦਾ ।
ਜਿਉਂ ਜਿਉਂ ਵਿਆਹ ਦਾ ਦਿਨ ਸੀ ਨੇੜੇ ਆਉਂਦਾ
ਸੋਹਣੀ ਧੀ ਦਾ ਬਾਬਲ ਵਿਚ ਤਿਆਰੀ ਰੁਝਾ
ਵਿਚ ਖੁਸ਼ੀ ਨਾ ਮਿਉਂਦਾ,
ਪਰ ਨੈਣ ਉਸ ਦੇ ਸੇਜਲ ਰਹਿੰਦੇ
ਛਮ ਛਮ ਵਰ੍ਹਦੇ
ਕਰ ਕਰ ਯਾਦ ਧੀ ਦੀਆਂ ਗੱਲਾਂ ।
ਭਰਾ ਵੀ ਪਿੰਡ ਦੀਆਂ ਕੁੜੀਆਂ ਤੋਂ ਸਨ
ਇੰਝ ਪੁਛਾਂ ਪੁਛਦੇ,
ਜਾਂ ਆਪਣੇ ਮਨ ਦੇ ਨਾਲ ਮਨਬਚਨੀ ਕਰਦੇ :

"ਕਿਉਂ ਭੈਣੋਂ !
ਇਹ ਭੈਣ ਅਥਾਡੀ ਸਾਥੋਂ ਵਿਛੜ ਜਾਏਗੀ ?
ਉਸ ਘਰ ਨੂੰ ਛੱਡ ਜਾਏਗੀ
ਜਿਥੇ ਇਸ ਨੇ ਬਿਤਾਏ ਕਈ ਸਾਲ ਸਾਡੇ ਨਾਲ ?
ਕੀ ਉਹ ਸਾਨੂੰ ਛੱਡ ਜਾਏਗੀ ਸਦਾ ਲਈ ਹੀ ?"
ਪਰ ਛੋਟਾ ਵੀਰਾ
ਕਦੀ ਕਦੀ ਭੱਖ ਕੇ ਇਉਂ ਕਹਿੰਦਾ :
"ਕੋਣ ਸਾਡੀ ਭੈਣ ਨੂੰ ਸਾਥੋਂ ਲੈ ਜਾਵੇਗਾ ?
ਕਿਹੜਾ ਮਾਈ ਦਾ ਲਾਲ
ਸਾਥੋਂ ਵੱਧ ਹੈ ਬਲਵਾਨ ?
ਮਰ ਜਾਵਾਂਗੇ ਅਸੀਂ
ਪਰ ਭੈਣ ਨੂੰ ਜਾਣ ਨਹੀਂ ਦੇਣਾ ।"

ਪਿੰਡ ਵਿਚ ਢੋਲ ਨਗਾਰੇ ਵਜਦੇ,
ਢੋਲਕ ਖੜਕ ਪਈ ਹੈ,
ਨਿੰਮ੍ਹੇ ਨਿੰਮ੍ਹੇ ਤਾਲਾਂ ਉਤੇ
ਗੀਤ ਖੁਸ਼ੀ ਦੇ ਗੂੰਜ ਪਏ ਨੇ,
ਸੋਹਲ ਮਲੂਕ ਪੋਟੇ ਨਾਰਾਂ ਦੇ
ਢੋਲਕ ਦੀਆਂ ਰਾਤਾਂ ਨੂੰ ਛੇੜਨ,
ਮਿੱਠੇ ਮਿੱਠੇ ਗੀਤ ਅਲਾਪਣ,
ਪਿਆਰਾਂ ਤੇ ਮਲ੍ਹਾਰਾਂ ਵਾਲੇ,
ਖ਼ੁਸ਼ੀਆਂ ਤੇ ਚਾਵਾਂ ਵਾਲੇ ।
ਪਿੰਡ ਦੀਆਂ ਨੂੰਹਾਂ ਧੀਆਂ ਦੇ
ਗੀਤ ਪਿਆਰੇ ਮਿੱਠੇ ਛੁਹਾਰੇ,
ਉਨ੍ਹਾਂ ਦੀਆਂ ਸੁਰਾਹੀ ਗਰਦਨਾਂ ਵਿਚੋਂ ਟੁਣਕਦੇ
ਚਾਂਦੀ ਦੇ ਬੋਲਾਂ ਹਾਰ,
ਉਹ ਘਰ ਸਦਾ ਹੈ ਖੁਸ਼ੀਆਂ ਭਰਿਆ,
ਜਿਵੇਂ ਪਿਆਰ ਵਿਆਹ ਦਾ ਨਿਉਤਾ ਦਿੰਦਾ ਸਭ ਨੂੰ ।
ਸਾਰਾ ਨਗਰ ਖ਼ੁਸ਼ੀਆਂ ਵਿਚ ਗੂੰਜੇ,
ਉਨ੍ਹਾਂ ਨੇ ਕਰਨਾ ਹੈ ਰਲ ਕੇ ਕੰਨਿਆਂਦਾਨ
ਮਹਾਂ-ਕਲਿਆਣ
ਕਿਸੇ ਪ੍ਰੀਤ ਨੂੰ ਸੋਂਪਣਾ ਹੈ ਇਹ ਵਰਦਾਨ !
ਲਾੜੀ ਦੇ ਕਮਰੇ ਦੇ ਅੰਦਰ ਦਿਵਸ ਰੈਣ
ਮਿੱਟੀ ਦਾ ਇਕ ਦੀਵਾ ਬਲਦਾ
ਜੋ ਇਸ ਨੂੰ ਕਰਦਾ ਨਿਤ ਪ੍ਰਕਾਸ਼,
ਦਸੇ ਵਿਥਿਆ ਲਾੜੀ ਦਿਲ ਦੀ ।
ਇਸ ਲਾੜੀ ਦੇ ਦਿਲ ਦਾ ਦੀਵਾ
ਕਰੇਗਾ ਪ੍ਰਕਾਸ਼,
ਆਪਣੇ ਪ੍ਰੀਤਮ ਦੇ ਘਰ ਵਿਚ ਜਾ ਕੇ,
ਉਸ ਦੇ ਨਾਲ ਸਾਂਝ ਵਧਾ ਕੇ,
ਉਸ ਦੀ ਸੇਵਾ ਟਹਿਲ ਕਮਾ ਕੇ ।
ਹੋਣ ਵਾਲੀ ਲਾੜੀ ਦੇ ਗਿਰਦੇ
ਸਈਆਂ ਉਸ ਦੀਆਂ ਬਹਿਣ,
ਰਖਦੀਆਂ ਸਦਾ ਧਿਆਨ ਉਸ ਦਾ
ਜੋ ਹੈ ਵਿਛੜਨ ਵਾਲੀ ਉਨ੍ਹਾਂ ਦੀ ਭੈਣ,
ਲਾੜੀ ਦਾ ਹਿਰਦਾ ਇਸ ਦਸ਼ਾ ਵਿਚ
ਹੋਵੇ ਅਤਿ ਦਾ ਕੋਮਲ,
ਕਿ ਦੇਵਤੇ ਵੀ ਅਰਸ਼ਾਂ ਵਾਲੇ ਆ ਕੇ ਸੀਸ ਝੁਕਾਉਣ
ਉਸ ਦੇ ਚਰਨਾਂ ਉਤੇ ।
ਲਾੜੀ ਪੰਜ ਦਰਿਆ ਦੀ
ਬਣ ਜਾਂਦੀ ਹੈ ਤ੍ਰਿਲੋਕੀ ਦੀ ਮਹਾਂਰਾਣੀ,
ਤ੍ਰਿੰਞਣ ਦੀਆਂ ਸਖੀਆਂ ਇਸ ਸੱਚ ਨੂੰ ਜਾਨਣ,
ਅਰਸ਼ ਕੁਰਸ਼ ਦੇ ਸਭ ਫ਼ਰਿਸ਼ਤੇ
ਇਸ ਲਾੜੀ ਦੀ ਤਾਬਿਆ ਹੋਵਣ,
ਬਿਨਾਂ ਬੋਲੇ ਹੀ ਉਸ ਦੇ
ਸਾਰੇ ਹੁਕਮ ਵਜਾਵਣ ।
ਇਹ ਤ੍ਰਿੰਞਣ ਦੀਆਂ ਸਖੀਆਂ-ਭੈਣਾਂ
ਇਸ ਸੱਚ ਨੂੰ ਜਾਨਣ
ਕਿ ਹਰ ਲਾੜੀ ਦੇਸ਼ ਪੰਜਾਬ ਦੀ
ਹੁੰਦੀ ਹੈ ਮਹਾਂਰਾਣੀ ।
ਇਨ੍ਹਾਂ ਕੁੜੀਆਂ ਨੂੰ ਹੈ ਇਹ ਵੀ ਗਿਆਨ
ਕਿ ਉਚੇ ਨਛਤਰੀਂ ਬੈਠੇ ਦੇਵ
ਲਾੜੀ ਦਾ ਰਖਦੇ ਹਨ ਧਿਆਨ ।
ਰੱਬ ਜੋ ਸਭ ਦਾ ਪਰਵਰਦਗਾਰ,
ਸਿਰਜਣਹਾਰ ਤੇ ਕਰਤਾਰ,
ਹਰ ਲਾੜੀ ਤੇ ਬਾਬਲ ਨੂੰ ਬਖ਼ਸ਼ੇ
ਪਾਤਸ਼ਾਹਾ ਵਾਲਾ ਅਧਿਕਾਰ ।
ਉਹ ਦਿੰਦਾ ਹੈ ਵਾਰ ਆਪਣਾ ਸਭ ਕੁਛ,
ਇਸ ਪ੍ਰੀਤ ਤੋਂ ਸਦਕੇ ਜਾਂਦਾ
ਹੋਵੇ ਇਸ ਤੋਂ ਬਲਿਹਾਰ
ਸਦਕੇ ਜਾਂਦਾ ਸੌ ਸੌ ਵਾਰ !
ਜਦ ਵੀ ਕੋਈ ਪੱਤਾ ਰੁੱਖ ਤੋਂ ਟੁੱਟਦਾ
ਤਾਂ ਉਸ ਦਾ ਖ਼ੂਨ ਵੀ ਹੈ
ਦਰਦਾਂ ਦੇ ਵਿਚ ਡੁਲ੍ਹਦਾ,
ਵਿਹੜੇ ਵਿਚੋਂ ਕੁੜੀਆਂ ਚਿੜੀਆਂ
ਵੀਰਾਂ ਤਾਂਈਂ ਬੁਲਾਵਣ,
"ਆਉ ਭਰਾਵੋ, ਆਉ !
ਆਪਣੀ ਭੈਣ ਨੂੰ
ਸ਼ਗਨਾਂ ਦੀ ਮਹਿੰਦੀ ਲਾਉ ।"
ਵੱਡਾ ਵੀਰ ਫਿਰ ਸਭ ਤੋਂ ਪਹਿਲਾਂ
ਭੈਣ ਨੂੰ ਮਹਿੰਦੀ ਲਾਵੇ ਸ਼ਗਨ ਮਨਾਵੇ !
ਉਹ ਮਰਮਰੀ ਹੱਥ ਭੈਣ ਦੇ ਫੜ ਕੇ
ਉਨ੍ਹਾਂ 'ਤੇ ਮਹਿੰਦੀ ਲਾਵੇ ।
ਵੀਰ ਦੇ ਹੱਥ ਵੀ ਠੰਢੇ ਠਾਰ
ਨੈਣੀ ਵਗਦੀ ਹੈ ਜਲਧਾਰ,
ਇੰਝ ਉਹ ਆਪਣੀ ਭੈਣ ਦੀਆਂ ਤਲੀਆਂ ਉਤੇ
ਮਹਿੰਦੀ ਪਿਆ ਲਗਾਵੇ ।
ਤ੍ਰੀਮਤਾਂ ਨੇ ਲਾੜੀ ਨੂੰ ਸ਼ਗਨਾਂ ਨਾਲ ਨੁਹਾਇਆ,
ਧੋਤੇ ਉਸ ਦੇ ਕੇਸ,
ਮੀਢੀਆਂ ਗੁੰਦੀਆਂ
ਤੇ ਉਨ੍ਹਾਂ ਨੂੰ ਖੁਸ਼ਬੂਦਾਰ ਤੇਲ ਲਾ ਸ਼ਿੰਗਾਰਿਆ,
ਅੱਧ ਵਿਚਕਾਰ ਚੀਰ ਕਢ ਕੇ
ਖ਼ੁਸ਼ਬੂਦਾਰ ਇਤਰ ਲਾਇਆ
ਤੇ ਲਾੜੀ ਦੀ ਮਾਂਗ ਵਿਚ ਸੰਧੂਰ ਭਰਿਆ !
ਜ਼ਰੀਦਾਰ ਰੇਸ਼ਮੀ ਕਪੜੇ
ਲਾੜੀ ਨੂੰ ਪਹਿਨਾਏ,
ਜਿਨ੍ਹਾਂ ਉਤੇ ਤਿਲੇਦਾਰ ਕਢਾਈ ਕੀਤੀ ਗਈ
ਤੇ ਸਿਲਮੇ ਸਿਤਾਰੇ ਜੜੇ ਸਨ ।
ਇੰਝ ਲਾੜੀ ਨੂੰ ਸ਼ਿੰਗਾਰ
ਸੁਹਾਗ ਬਸਤਰ ਪਾ,
ਉਨ੍ਹਾਂ ਨੇ ਵਿਆਹ ਦੇ ਗੀਤ ਗਾਏ
ਸੁਹਾਗ ਤੇ ਛੰਦ !
ਅਜਿਹੀ ਲਾੜੀ ਨੂੰ ਪਾ
ਭਾਵੇਂ ਉਹ ਰਾਜਾ ਹੋਵੇ ਜਾਂ ਕਿਸਾਨ
ਬਸ ਹੁੰਦਾ ਹੈ ਇਕ "ਮਰਦ"?
ਜੀਵਨ ਸਾਥੀ !
ਆਪਣੀ ਪ੍ਰਿਏ ਪਿਆਰੀ ਸੁਹਾਗਵੰਤੀ ਨਾਲ
ਜਾਪਣ ਸਹੰਸਰ ਕੰਠ ਮਿਲ ਕੇ
ਗੀਤ ਖੁਸ਼ੀ ਦੇ ਗਾ ਰਹੇ,
ਪਰ ਨੈਣ ਉਨ੍ਹਾਂ ਦੇ
ਡੂੰਘੇ ਸਾਗਰਾਂ ਦੇ ਉਛਾਲੇ ਬਣ ਕੇ
ਵਰ੍ਹ ਰਹੇ ਸਨ ਹੰਝੂ-ਧਾਰ,
ਹਰ ਗੀਤ ਖੁਸ਼ੀ ਵਿਚ ਗਾਇਆ
ਅਥਰੂ ਨਵਾਂ ਲਿਆਂਦਾ
ਦਰਦ ਤੇ ਫਿਰਾਕ ਨੂੰ ਜਗਾਉਂਦਾ ।
ਚੰਦਰਮਾ ਤੇ ਸੂਰਜ ਦਾ ਇਹ ਸੰਜੋਗ
ਜੋ ਧਰਮ ਦੀ ਵੇਦੀ ਤੇ ਖੜ੍ਹੇ
ਦੇ ਰਹੇ ਸਨ ਪਹਿਰਾ
ਤੇ ਨਿਹਾਰ ਰਹੇ ਸਨ ਦ੍ਰਿਸ਼ ਇਸ ਸੰਜੋਗ ਦਾ
ਜਿਸ ਵਿਚ ਦੋ ਆਤਮਾਵਾਂ
ਇਕ ਦੂਜੇ ਦੇ
ਹੋ ਰਹੀਆਂ ਸਨ ਸਮਰਪਣ।
ਆਕਾਸ਼ ਦੇ ਦੇਵ ਵੀ
ਇਸ ਨਵੀਂ ਵਿਆਹੀ ਲਾੜੀ ਦਾ
ਮੱਥਾ ਚੁੰਮਣ ਆਂਵਦੇ
ਤੇ ਦਿੰਦੇ ਅਸੀਜ ਉਸ ਨੂੰ
ਚਿਰੰਜੀਵ ਤੇ ਬੁਢ-ਸੁਹਾਗਣ ਹੋਣ ਦੀ ।
ਜਦੋਂ ਤ੍ਰਿੰਞਣ ਦੀਆਂ ਸਖੀਆਂ
ਵਿਆਹ ਦੀ ਸੰਜੋਗੀ ਘੜੀ
ਮਿੱਨੜੇ ਗੀਤ ਗਾਉਂਦੀਆਂ
ਤਾਂ ਅਰਸ਼ਾਂ ਦੇ ਕਈ ਫਰਿਸ਼ਤੇ
ਅਪਸਰਾਂ ਤੇ ਗੰਧਰਵ
ਆ ਉਨ੍ਹਾਂ ਨਾਲ ਆਪਣੇ ਸੁਰ ਮਿਲਾਉਂਦੇ,
ਸਾਰੇ ਰਲ ਕੇ
ਪ੍ਰੀਤ ਦੀ ਵਿਜੈ ਦਾ ਗੀਤ ਗਾਉਂਦੇ ।

ਜਦ ਸੰਤ ਪੁਰਸ਼ ਨੇ
ਇਸ ਸਾਰੇ ਨਿਤ ਦੇ ਕਾਰ ਵਿਹਾਰ ਨੂੰ
ਤੱਕਿਆ ਤਾਂ ਫੁਰਮਾਇਆ :
"ਸੰਤ ਪੁਰਸ਼ੋ !
ਕਰੋ ਨਾ ਤੁਸੀਂ ਅਭਿਮਾਨ,
ਰੱਬ ਸੱਚਾ ਹੈ ਸਭ ਦਾ
ਸਰਬ ਸ਼ਕਤੀਮਾਨ ।
ਹਰ ਪ੍ਰਾਣੀ ਮਾਤਰ ਨੂੰ
ਉਹ ਕਰਦਾ ਹੈ ਦਾਨ
ਕੁਛ ਛਿਣ ਜਿਸ ਵਿਚ
ਇਨਸਾਨ ਨੂੰ ਪਿਆਰੇ ਇਨਸਾਨ !
ਵੇਖੋ !
ਲਾੜੀ ਦਾ ਲਾੜੇ ਅਗੇ
ਇਹ ਸਮਰਪਣ
ਕੇਡਾ ਹੈ ਮਹਾਨ !
ਉਚਾ ਸੁੱਚਾ ਅਤੇ ਭਰਿਆ
ਨਾਲ ਰੱਬੀ ਸ਼ਾਨ !"
"ਕੀ ਮੈਂ ਆਪਣੇ ਬੱਚਪਨ ਦੇ ਇਸ ਘਰ ਨੂੰ
ਮਾਰ ਦਿਆਂਗਾ ?
ਵਿਸਾਰ ਦਿਆਂਗਾ ?
ਤੇ ਕਰ ਸਕਾਂਗਾ ਤਿਆਗ ਇਸ ਦਾ ?
ਤੇ ਜੀਅ ਸਕਾਂਗਾ ਮੁੜ ਫਿਰ
ਆਪਣੇ ਪ੍ਰੀਤਮ ਦੇ ਘਰ ਵਿਚ ?
ਜਿਦਾਂ ਇਹ ਸਜ-ਵਿਆਹੀ ਲਾੜੀ ਨੇ
ਬਾਬਲ ਦੇ ਘਰ ਨੂੰ ਹੈ ਤਿਆਗਿਆ ?"
"ਜਿਸ ਤਰ੍ਹਾਂ ਮੌਨ ਖੜ ਕੇ ਸ਼ਾਂਤ ਚਿਤ
ਇਸ ਤੋਂ ਲਈ ਹੈ ਅਲਵਿਦਾ ?"
"ਕੀ ਮੈਂ ਇਸੇ ਤਰ੍ਹਾਂ ਛੱਡ ਸਕਾਂਗਾ
ਇਹ ਸੰਸਾਰ ਰੂਪੀ ਘਰ,
ਜਿਸ ਨੂੰ ਆਮ ਸੰਸਾਰੀ
'ਮ੍ਰਿਤੂ" ਨੇ ਆਖਦੇ ?"

5. ਰਾਖੀ ਬੰਧਨਮ

ਮੈਂ ਹੈਰਾਨ ਹੁੰਦਾ
ਕਿ ਇਸ ਧਾਗੇ ਵਿਚ
ਕੀ ਕਰਾਮਾਤ ਹੈ ?
ਮੇਰੀ ਭੈਣ ਨੇ ਇਸ ਧਾਗੇ ਨੂੰ
ਮੇਰੇ ਗੁਟ ਦੁਆਲੇ ਬੰਨ੍ਹਿਆਂ,
ਕਹਿਣ ਲਗੀ
"ਜੈ ਹੋਵੇ ਵੀਰਾ ! ਜੈ ਹੋਵੇ ਵੀਰਾ !
ਅਜ ਰਾਖੀ ਬੰਧਨਮ ਦਾ ਦਿਹਾੜਾ ਹੈ !"

ਰਾਖੀ ਬੰਧਨਮ !
ਇਕ ਸਾਧਾਰਨ ਜਿਹਾ ਸੂਤੀ ਧਾਗਾ ਹੁੰਦਾ
ਜਿਸ ਉਤੇ ਮੇਰੀ ਭੈਣ ਨੇ
ਪੱਟ ਦੇ ਰੰਗ ਬਰੰਗੇ ਫੁੱਲ
ਆਪਣੇ ਹਥੀਂ ਬਣਾ ਕੇ ਜੜ੍ਹੇ ਹੁੰਦੇ,
ਜਿਨ੍ਹਾਂ ਵਿਚ ਉਹ ਤਿਲੇ ਦੀਆਂ ਤਾਰਾਂ ਪਰੋ ਦਿੰਦੀ,
ਹਰ ਸਾਲ ਰਾਖੀ ਬੰਧਨਮ ਦੇ ਦਿਹਾੜੇ
ਮੇਣੀ ਭੈਣੇ ਇਸ ਧਾਗੇ ਨੂੰ
ਮੇਰੇ ਗੁਟ ਦੁਆਲੇ ਬੰਨ੍ਹ ਦਿੰਦੀ ।

ਜਦੋਂ ਮੇਰੀ ਭੈਣ ਨੂੰ ਪੇਕਾ ਘਰ ਛੱਡ ਕੇ
ਸਹੁਰੇ ਘਰ ਜਾ ਕੇ
ਆਪਣਾ ਨਵਾਂ ਘਰ ਵਸਾਉਣਾ ਪਿਆ
ਤਾਂ ਇਹ ਰਾਖੀ ਬੰਧਨਮ ਦਾ ਧਾਗਾ
ਮੈਨੂੰ ਆਪਣੀ ਭੈਣ ਦੇ ਵਿਛੋੜੇ ਦੀ ਯਾਦ ਕਰਵਾਉਂਦਾ ।
ਮੇਰੇ ਦਿਲ ਵਿਚ ਚੀਸ ਜਿਹੀ ਪੈਂਦੀ
ਤੇ ਮੈਨੂੰ ਉਹਦੀ ਨਿਤ ਯਾਦ ਆਉਂਦੀ ਰਹਿੰਦੀ।

ਇਸ ਧਾਗੇ ਦੇ ਨੇਮ ਦਾ ਖਿਚਿਆ
ਮੈਂ ਰਾਖੀ ਬੰਧਨਮ ਦੇ ਦਿਹਾੜੇ,
ਆਪਣੀ ਭੈਣ ਦੇ ਨਵੇਂ ਘਰ ਪੁਜਾ,
ਉਹ ਖ਼ੁਸ਼ੀ ਵਿਚ ਖੀਵੀ ਹੋਈ ਬਾਹਰ ਆਈ,
ਖ਼ੁਸ਼ੀ ਵਿਚ ਕੰਬਦੀ ਧੜਕਦੇ ਦਿਲ ਨਾਲ
ਥਿਰਕਦੀ ਆਵਾਜ਼ ਵਿਚ ਬੋਲੀ :
"ਜੈ ਹੋਵੇ ਵੀਰਾ ! ਜੈ ਹੋਵੇ ਵੀਰਾ !
ਅਜ ਰਾਖੀ ਬੰਧਨਮ ਦਾ ਦਿਹਾੜਾ ਹੈ!"
ਉਸ ਖੜ੍ਹ ਕੇ ਮੇਰੇ ਗੁਟ ਦੁਆਲੇ
ਰਾਖੀ ਬੰਧਨਮ ਦੇ ਧਾਗੇ ਨੂੰ ਬੰਨ੍ਹ ਦਿਤਾ ।
ਮੈਂ ਅਹਿਲ ਖਲੋਤਾ ਚੁੱਪ ਚਾਪ
ਇਹ ਸਭ ਕੁਝ ਵੇਖ ਰਿਹਾ ਸਾਂ,
ਨੈਣ ਮੇਰੇ ਉਸ ਦੇ ਪੈਰਾਂ ਉੱਤੇ ਗੱਡੇ ਸਨ।

ਜਦੋ ਅਸੀਂ ਇਸ ਤਰ੍ਹਾਂ ਮਿਲੇ,
ਸਾਡੇ ਨੈਣਾਂ ਵਿਚੋਂ ਹੰਝੂ
ਇਕ ਇਕ ਕਰ ਕੇ ਧਰਤ ਉਤੇ ਡਿਗਦੇ ਰਹੇ,
ਅਸੀਂ ਦੋਹਾਂ ਭੈਣ ਭਰਾਵਾਂ ਨੇ
ਇਕ ਦੂਜੇ ਨੂੰ ਆਪਣੀ ਜੱਫੀ ਵਿਚ ਘੁੱਟ ਲਿਆ।
ਜਦੋਂ ਮੈਂ ਭੈਣ ਤੋਂ ਵਿਦਾ ਹੋਇਆ
ਤਾਂ ਸਾਡੇ ਦੋਹਾਂ ਦੇ ਨੈਣਾਂ ਵਿਚ
ਹੰਝੂਆਂ ਦੀ ਝੜੀ ਲਗੀ ਸੀ।

ਉਹ ਪਿੰਡ ਤੇ ਬਾਹਰਵਾਰ ਢੱਕੀ ਤੇ ਖਲੋ ਕੇ
ਮੈਨੂੰ ਜਾਂਦੇ ਨੂੰ ਤੱਕਦੀ ਰਹੀ ।
ਇਹ ਨਿੱਕਾ ਜਿਹਾ ਪ੍ਰੇਮ ਦਾ ਧਾਗਾ
ਮੈਨੂੰ ਬਦੋਬਦੀ ਪਿਛਾਂਹ ਵਲ ਝਾਕਣ ਲਈ
ਕਦਮ ਕਦਮ ਤੇ ਵਿਆਕਲ ਕਰ ਦਿੰਦਾ
ਤੇ ਮੈਂ ਆਪਣੀ ਭੈਣ ਨੂੰ
ਪਿਛਾਂਹ ਮੁੜ ਮੁੜ ਤੱਕਦਾ ਰਿਹਾ ।
ਹਾਲੀ ਵੀ ਉਹ ਢੱਕੀ ਉਤੇ ਖਲੋਤੀ
ਮੇਰੇ ਜਾਂਦੇ ਦੀ ਪਿੱਠ ਵੇਖ ਰਹੀ ਸੀ।
ਮੈਨੂੰ ਪਤਾ ਸੀ
ਕਿ ਹਾਲੀ ਵੀ ਮੇਰੀ ਭੈਣ
ਵੀਰ ਪਿਆਰ ਵਿਚ ਕੰਬ ਰਹੀ ਸੀ ।
ਇਹ ਉਸ ਨੂੰ ਨਹੀਂ ਸੀ ਪਤਾ
ਕਿ ਰਾਖੀ ਬੰਧਨਮ ਦਾ ਧਾਗਾ
ਉਸ ਮੇਰੇ ਗੁਟ ਉਤੇ ਕਈ ਵਾਰ ਬੰਨ੍ਹਿਆ ਸੀ,
ਪਹਿਲਾਂ ਕੰਜ-ਕੁਆਰੀ ਦੇ ਰੂਪ ਵਿਚ,
ਫਿਰ ਮੁਟਿਆਰ ਹੋ ਕੇ
ਤੇ ਹੁਣ ਇਕ ਇਸਤਰੀ ਦੇ ਰੂਪ ਵਿਚ !
ਇਹ ਧਾਗਾ ਸਦਾ ਮੈਨੂੰ
ਉਸ ਦੇ ਭੈਣ ਪ੍ਰੇਮ ਦੀ ਯਾਦ ਕਰਵਾਉਂਦਾ ਰਿਹਾ
ਤੇ ਮੈਨੂੰ ਉਸ ਦੇ ਚਰਨਾਂ ਨਾਲ ਜੋੜਦਾ ਹਿਹਾ।
ਮੇਰੇ ਦਿਲ ਵਿਚ ਇਸ ਭੈਣ ਪਿਆਰ ਦੀ
ਧੂਹ ਨਿਤ ਪੈਂਦੀ ਰਹਿੰਦੀ ।
ਹਿਰਦੇ ਦੀ ਇਹ ਮੱਠੀ ਮੱਠੀ ਪੀੜ
ਮੈਨੂੰ ਆਪਣੀ ਭੈਣ ਦੇ ਜੀਵਨ ਵਿਚਲੇ
ਤਿਆਗ ਦੀ ਯਾਦ ਕਰਾਉਂਦੀ ।

ਜਦੋ ਮੇਰੇ ਥੱਕੇ ਹੁੱਟੇ ਦਿਲ ਨੂੰ
ਕਦੀ ਵੀ ਚੈਨ ਨਾ ਆਉਂਦਾ
ਤਾਂ ਮੈਂ ਭੈਣ ਪਿਆਰ ਦੇ
ਇਸ ਪਵਿੱਤਰ ਧਾਗੇ ਨੂੰ ਛੁਹ ਲੈਂਦਾ,
ਇਸ ਦੀ ਛੁਹ ਨਾਲ ਮੇਰੇ ਅੰਦਰ
ਜੀਵਨ ਦੀ ਧੜਕਣ
ਮੁੜ ਸੁਰਜੀਤ ਹੋ ਜਾਂਦੀ।
ਇਹ ਰਾਖੀ ਬੰਧਨਮ ਦਾ ਪਵਿੱਤਰ ਧਾਗਾ ਤਾਂ
ਇਕ ਤਰ੍ਹਾਂ ਦਾ ਹਵਨ-ਯੱਗ ਹੈ ।
ਭੈਣੇ ! ਭੈਣੇ !
ਤੂੰ ਤਾਂ ਬਹੁਤ ਦੂਰ ਹੈਂ
ਪਰ ਮੇਰੇ ਦਿਲ ਦੇ ਚੁਲ੍ਹੇ ਵਿਚ
ਇਹ ਜੋ ਅਗਨੀ ਪ੍ਰਜਵਲਤ ਹੈ,
ਇਹ ਮੈਨੂੰ ਸਦਾ ਤੇਰੇ ਨੇੜੇ ਨੇੜੇ ਰਖਦੀ ਹੈ !

ਭੈਣੇ ! ਭੈਣੇ
ਇਹ ਰਾਖੀ ਬੰਧਨਮ ਦਾ ਨਿਰਛਲ ਜਿਹਾ ਧਾਗਾ
ਕੀ ਹੈ ?
ਮੈਨੂੰ ਇੰਝ ਜਾਪੇ
ਕਿ ਇਸ ਭੈਣ ਪਿਆਰ ਦੇ ਧਾਗੇ ਨੇ
ਸਾਰੇ ਦੇਸ਼ਾਂ ਤੇ ਮਹਾਂਦੀਪਾਂ ਨੂੰ
ਆਪਣੇ ਪ੍ਰੇਮ ਵਿਚ ਜੋੜਿਆ ਹੋਇਆ ਹੈ।
ਇਹ ਧਾਰਾ ਜੋ ਤੂੰ ਮੇਰੇ ਗੁੱਟ ਤੇ ਬੰਨ੍ਹਿਆ,
ਸਾਨੂੰ ਸਭ ਥਾਂ ਇਕ ਦੂਜੇ ਨਾਲ ਜੋੜੇ
ਭੈਣ ਤੇ ਭਰਾਵਾਂ ਨੂੰ,
ਇਕ ਬੰਨੇ ਮੈਂ ਤੇਰਾ ਭਰਾ
ਤੇ ਦੂਜੇ ਬੰਨੇ ਸਾਰੀ ਇਸਤਰੀ ਜਾਤੀ
ਮੇਰੀ ਭੈਣ !

ਭੈਣੇ ! ਭੈਣੇ !
ਇਸ ਧਾਗੇ ਵਿਚ ਮੈਂ ਤੇਰੇ ਹੰਝੂ ਸਮੋਂਦਾ,
ਤੇਰੀਆਂ ਮੁਸਕਾਨਾਂ ਜੋੜਦਾ,
ਤੇਰੇ ਜੀਵਨ ਵਿਚਲੇ ਕੰਡਿਆਂ ਨੂੰ ਨਿਹਾਰਦਾ,
ਤੇਰੇ ਜੀਵਨ ਦੇ ਗੁਲਾਬਾਂ ਨੂੰ ਸਜਾਉਂਦਾ,
ਇਨ੍ਹਾਂ ਸਭ ਨੂੰ ਰਾਖੀ ਬੰਧਨਮ ਦੇ ਧਾਗੇ ਨਾਲ ਸਜੋਂਦਾ,
ਮੇਰੇ ਲਈ ਇਹ ਪਵਿੱਤਰ ਧਾਗਾ
ਰਾਜ਼ ਮੁਕਟ ਵੀ ਹੈ ਤੇ ਸਲੀਬ ਵੀ ।

ਭੈਣੋ ! ਭੈਣੇ !
ਜਦੋਂ ਮੌਤ ਆ ਕੇ ਮੇਰਾ ਦਰ ਖੜਕਾਉਂਦੀ
ਤਾਂ ਮੇਰੇ ਮੂੰਹੋਂ ਇਕਦਮ 'ਭੈਣ' ਨਿਕਲ ਜਾਂਦਾ।
ਤਦੋ ਮੌਤ ਵੀ ਟਲ ਜਾਂਦੀ
ਸ਼ਰਮਸਾਰ ਹੋ ਕੇ ਮੁੜ ਜਾਂਦੀ
ਕਿਉਂ ਉਸ ਤੇਰੇ ਭਰਾ ਉਤੇ ਹੱਲਾ ਬੋਲਿਆ ?
ਭੈਣੇ !
ਤੇਰੀ ਬਾਦਸ਼ਾਹਤ ਵੀ ਕਿੱਡੀ ਵੱਡੀ !

ਭੈਣੇ ! ਭੈਣੇ !
ਜਦੋਂ ਸੁਆਰਥ ਦਾ ਪ੍ਰਛਾਂਵਾਂ
ਮੇਰੇ ਸਮੁੱਚੇ ਜੀਵਨ ਨੂੰ ਢੱਕ ਲੈਂਦਾ
ਤਾਂ ਮੈਂ ਤੇਰਾ ਨਾਂ ਲੈਂਦਾ,
ਮੇਰੀ ਆਤਮਾ ਇਕਦਮ ਇਸ ਪ੍ਰੇਮ ਦੇ
ਪਵਿੱਤਰ ਹਵਨ ਯੱਗ ਵਿਚ ਪੁਨੀਤ ਹੋ ਜਾਂਦੀ,
ਤੇਰੇ ਜੀਵਨ ਦੇ ਪ੍ਰੇਮ ਤੇ ਤਿਆਗ ਦਾ ਗੀਤ
ਅਲਾਉਣ ਲਗ ਪੈਂਦੀ ।

ਮੇਰੀ ਭੈਣ ਦਾ ਰਾਖੀ ਬੰਧਨਮ ਦਾ ਧਾਗਾ
ਸਭ ਦਿਲਾਂ ਨੂੰ ਬੰਨ੍ਹਦਾ,
ਸਭ ਦਿਲ ਇਸ ਵਿਚ ਬੱਧੇ ਪਏ
ਇਸ ਨਾਲ ਧੜਕ ਰਹੇ,
ਐਨ ਉਸੇ ਤਰ੍ਹਾਂ
ਜਿਸ ਤਰ੍ਹਾਂ ਮੇਰਾ ਤੇ ਮੇਰੀ ਭੈਣ ਦਾ ਦਿਲ,
ਇਸ ਪ੍ਰੇਮ ਦੇ ਨੇਮ ਵਿਚ ਬੱਝਾ ਪਿਆ।
ਉਹ ਪੁਰਾਣੇ ਹੰਝੂ ਵਹਿੰਦੇ ।
ਹਰ ਥਾਂ ਨਾਰੀ ਜਾਤੀ ਦੇ ਮਹਾਂ ਦੁਖਾਂਤ ਤੇ ਤਿਆਗ
ਦਿਖਾਈ ਦਿੰਦਾ !
ਅਤੇ ਮੇਰੀ ਭੈਣ ਦੇ ਮੂੰਹੋਂ ਨਿਕਲੇ ਉਹੋ ਸ਼ਬਦ
ਗੂੰਜਦੇ ਸੁਣਾਈ ਦਿੰਦੇ :
"ਜੈ ਹੋਵੇ ਵੀਰਾ ! ਜੈ ਹੋਵੇ ਵੀਰਾ !
ਅਜ ਰਾਖੀ ਬੰਧਨਮ ਦਾ ਦਿਹਾੜਾ ਹੈ।"

6. ਵਰਖਾ ਦਾ ਆਗਮਨ : ਕੁੜੀਆਂ ਦਾ ਮੌਜ-ਮੇਲਾ

ਸੌਣ ਮਹੀਨੇ ਘਟਾਂ ਕਾਲੀਆਂ
ਛਾਈਆਂ ਗਗਨਾਂ ਉੱਤੇ,
ਬੱਦਲਾਂ ਦੇ ਰੰਗ
ਮੋਰ ਪੰਖਾਂ ਦੇ ਸਮਾਨ ਊਦੇ,
ਬੀਕਾਨੇਰ ਤੇ ਗਵਾਲੀਅਰ ਦੇ ਨਗਰਾਂ ਵਿਚ ਸੜਕ ਕਿਨਾਰੇ
ਨਿੰਮਾਂ ਦੀਆਂ ਝੰਗੀਆਂ ਅੰਦਰ,
ਕਿਰਤੀ ਕੁੜੀਆਂ ਆ ਜੁੜੀਆਂ ਹਨ,
ਗੀਤ ਗਾਉਂਦੀਆਂ--ਮਨ ਪ੍ਰਚਾਉਂਦੀਆਂ--ਖੁਸ਼ੀ ਮਨਾਉਂਦੀਆਂ
ਸੈਂਕੜਿਆਂ ਦੀ ਗਿਣਤੀ ਦੇ ਵਿਚ
ਵਰਖਾ ਰੁੱਤ ਦੇ ਆਗਮਨ ਦਾ ਗੀਤ ਗਾਉਂਦੀਆਂ,
ਹੋ ਗਈਆਂ ਹਨ ਆਜ਼ਾਦ ਸਭ ਬੰਧਨਾਂ ਤੋਂ,
ਕਿਰਤ ਦੇ ਧੰਧਿਆਂ ਤੋਂ ਇਕ ਛਿਣ ਲਈ ਆਜ਼ਾਦ,
ਘਰ ਦੇ ਝੰਜਟਾਂ ਤੋਂ ਵੀ ਹੋ ਗਈਆਂ ਨਿਰਲੇਪ,
ਘਰ ਦੇ ਸਿਲ੍ਹੇ ਚੁਲ੍ਹਿਆਂ ਦਾ ਵੀ ਆਵੇ ਨਾ ਕੁਝ ਖ਼ਿਆਲ,
ਆਪਣੇ ਭੁੱਖੇ ਪਤੀਆਂ ਅਤੇ ਬੱਚਿਆਂ ਦੀ
ਮਮਤਾ ਤੇ ਲੋੜਾਂ ਤੋਂ ਵੀ ਹੋਈਆਂ ਬੇ-ਧਿਆਨ;
ਇਸ ਪਲ ਉਨ੍ਹਾਂ ਨੂੰ
ਬਸ ਆਪਣੇ ਅੰਗਾਂ ਤੇ ਪੈਰਾਂ ਵਿਚ ਤਾਲਾਂ ਦਾ ਹੀ ਖ਼ਿਆਲ,
ਖ਼ੁਸ਼ੀ ਵਿਚ ਉਹ ਗਾ ਰਹੀਆਂ ਹਨ-ਨਚ ਰਹੀਆਂ ਹਨ,
ਸੌਣ ਦੇ ਬੱਦਲਾਂ ਤੇ ਵਰਖਾ ਨੇ
ਕਰ ਦਿਤਾ ਆਜ਼ਾਦ ਉਨ੍ਹਾਂ ਨੂੰ ਸਭ ਬੰਧਨਾਂ ਤੋਂ
ਗਾਉਂਦੀਆਂ ਗਾਉਂਦੀਆਂ ਜਾ ਰਹੀਆਂ ਹਨ
ਜਾਮਣ ਰੰਗੀ ਪੌਣ ਦੇ ਫਰਾਟਿਆਂ ਨੂੰ ਤਰਦੀਆਂ,
ਝੱਗੇ ਉਨ੍ਹਾਂ ਦੇ ਘਰ ਦੇ ਕੱਤੇ ਤੁੰਬੇ ਕਪੜਿਆਂ ਦੇ
ਅਤੇ ਦੁਪੱਟੇ ਰੰਗ ਬਰੰਗੇ ਗੂੜ੍ਹੇ ਰੰਗਾਂ ਵਾਲੇ,
ਗੂੜ੍ਹੇ ਲਾਲ, ਹਰੇ ਤੇ ਨੀਲੇ ਰੰਗਾਂ ਦੇ ।
ਵਰਖਾ ਰੁੱਤ ਦੀਆਂ ਕਾਸ਼ਨੀ ਹਵਾਵਾਂ--
ਦੇ ਬੁਲ੍ਹਿਆਂ ਵਿਚ ਫਰ ਫਰ ਕਰਦੇ
ਉਨ੍ਹਾਂ ਦੇ ਘਰ ਦੇ ਕੱਤੇ ਤੁੰਬੇ ਮੋਟੇ ਕਪੜੇ
ਲੌਢੇ ਪਹਿਰ ਦੀਆਂ ਕਾਸ਼ਨੀ ਹਵਾਵਾਂ ਵਿਚ ਮਸਤ
ਗਾਉਂਦੀਆਂ ਤੇ ਨਚਦੀਆਂ ਜਾਂਦੀਆਂ ।
ਇਨ੍ਹਾਂ ਕੁੜੀਆਂ ਚਿੜੀਆਂ ਤੋਂ ਬਿਨਾਂ
ਕੋਈ ਹੋਰ ਵੀ ਜਾਣ ਨਾ ਸਕਦਾ
ਵਰਖਾ ਰੁੱਤ ਦੇ ਆਗਮਨ ਦੀ ਇਸ ਖ਼ੁਸ਼ੀ ਨੂੰ ।
ਇਨ੍ਹਾਂ ਕੁੜੀਆਂ ਚਿੜੀਆਂ ਦੀਆਂ ਵਹੀਰਾਂ
ਤੁਰੀਆਂ ਜਾਂਦੀਆਂ ਇਕ ਪਿਛੋਂ
ਦੂਜੀ ਟੋਲੀ ਉਸੇ ਤਰ੍ਹਾਂ ਆ ਜਾਂਦੀ
ਗੀਤ ਗਾਉਂਦੀਆਂ ਉਡਦੀਆਂ ਜਾਂਦੀਆਂ ਪੰਛੀਆਂ ਹਾਰ,
ਸੈਂਕੜੇ ਕੰਠਾਂ ਵਾਲੀਆਂ
ਆਸਮਾਨੀ ਉਡਦੇ ਬੱਦਲਾਂ ਦੇ ਝੁੰਡਾਂ ਨੂੰ
ਫੜਨਾ ਚਾਹੁੰਦੀਆਂ ।
ਉਨ੍ਹਾਂ ਦੇ ਗੀਤਾਂ ਦੇ ਸੰਗ ਸੁਰ ਤੇ ਤਾਲ ਮਿਲਾਉਂਦੀਆਂ
ਇੰਝ ਜਾਪਣ ਜਿਵੇਂ ਬਿੰਦਰਾਬਨ ਦੀਆਂ
ਸੈਂਕੜੇ ਗੋਪੀਆਂ ਰਾਸ ਰਚਾਉਂਦੀਆਂ-ਨਚਦੀਆਂ ਗਾਉਂਦੀਆਂ
ਬ੍ਰਿਜ ਲੀਲ੍ਹਾ ਦੇ ਸਾਂਵਲੇ ਕਾਨ੍ਹ ਦੀ ਯਾਦ ਵਿਚ ਗਾਉਂਦੀਆਂ ਨਚਦੀਆਂ
ਵਿੰਦਿਆਂਚਲ ਦੀਆਂ ਇਹ ਕੁੜੀਆਂ ਮੁਟਿਆਰਾਂ ।

ਵਿੰਦਿਆਂਚਲ ਦੀਆਂ ਇਨ੍ਹਾਂ ਮੁਟਿਆਰਾਂ ਦੇ ਮਿੱਠੇ ਗੀਤਾਂ ਨੂੰ ਸੁਣ
ਮੇਰੇ ਮਨ ਨੂੰ ਆ ਪੰਜਾਬ ਨੇ ਮਲਿਆ,
ਪੋਠੋਹਾਰ ਦੀ ਯਾਦ ਹੈ ਆਈ,
ਜਿਥੋਂ ਦੀਆਂ ਮੁਟਿਆਰਾਂ ਤੇ ਸੁੰਦਰ ਨਾਰਾਂ,
ਇਹੋ ਜਿਹੇ ਗੀਤ ਗਾਉਂਦੀਆਂ ਇਸੇ ਸੁਰ ਵਿਚ
ਇਸੇ ਤਰ੍ਹਾਂ ਦੀ ਮਧੁਰ ਤਾਲ ਵਿਚ
ਗੀਤ ਜੋ ਆਪ ਮੁਹਾਰੇ ਉਨ੍ਹਾਂ ਅੰਦਰੋਂ
ਖ਼ੁਸ਼ੀਆਂ ਦੇ ਹੜ੍ਹ ਸਮਾਨ ਆ ਗੂੰਜਦੇ--
ਵਿਆਹ ਦੇ ਮੰਗਲ ਸਮਿਆਂ ਉਤੇ
ਜਿਵੇਂ ਉਹ ਗਾਉਂਦੀਆਂ ਘੋੜੀਆਂ ਅਤੇ ਸੁਹਾਗ
ਜਾਂ ਫਿਰ ਛੰਦ ਤੇ ਸਿਠਣੀਆਂ ਤੇ ਡੋਲੀ ਦੇ ਗੀਤ ।
ਇਨ੍ਹਾਂ ਮਨਮੋਹਣੀਆਂ ਕੁੜੀਆਂ ਦੇ ਗੀਤਾਂ ਦੀਆਂ
ਕੋਮਲ ਉਚੀਆਂ ਧੁਨਾਂ
ਮੇਰੇ ਰੂਹ ਦੇ ਵਿਚ ਰਚਦੀਆਂ ਜਾਂਦੀਆਂ
ਜਿਵੇਂ ਮੀਂਹ ਦੀਆਂ ਬੂੰਦਾਂ
ਤਪਦੀ ਧਰਤੀ ਦੇ ਹਿਰਦੇ ਵਿਚ ਡੂੰਘੀਆਂ ਜਾ ਸਮਾਉਂਦੀਆਂ।
ਇਨ੍ਹਾਂ ਦਾ ਇਹ ਸੁਤੰਤਰ ਸੰਗੀਤ ਖੁਲ੍ਹਾ ਡੁਲ੍ਹਾ
ਮੈਨੂੰ ਕਰ ਦਿੰਦਾ ਮਖ਼ਮੂਰ
ਕਿਸੇ ਸਰੂਰ ਨਾਲ ਭਰ ਦਿੰਦਾ ਮੇਰਾ ਆਪਾ।

ਨੰਗ ਮੁਨੰਗੇ ਸੈਂਕੜੇ ਪੈਰ ਨਚਦੇ ਜਾਂਦੇ ਤਾਲ ਨਾਲ
ਕੋਮਲ ਗਲੇ ਦੇ ਮਧੁਰ ਬੋਲਾਂ ਸੰਗ ਸੁਰ ਮਿਲਾਉਂਦੇ,
ਚਾਂਦੀ ਵਾਂਗ ਟੁਣਕਦੇ ਬੋਲ ਅਲਾਪਣ,
ਘਤ ਵਹੀਰਾਂ ਕਈ ਭੀੜਾਂ ਇਨ੍ਹਾਂ ਗੀਤ ਮੰਡਲੀਆਂ ਦੀਆਂ
ਮੇਘਲਿਆਂ ਦੇ ਆਗਮਨ ਦਾ ਕਰਨ ਸੁਆਗਤ ਆ ਜੁੜੀਆਂ ਨੇ
ਕੁਝ ਦਿਸਦੇ ਕੁਝ ਅਣ-ਦਿਸਦੇ
'ਰਾਗ ਰਤਨ ਪਰਵਾਰ ਪਰੀਆਂ' ਅਰਸ਼ਾਂ ਵਾਲੀਆਂ
ਕਈ ਹੋਰ ਗੰਧਰਵ ਇਨ੍ਹਾਂ ਰਾਗੀ ਜਥਿਆਂ ਦਾ ਪਿਛਾ ਕਰਦੇ
ਗਾ ਰਹੇ ਨੇ,
ਸਹੰਸਰ ਕੰਠ ਇਕੱਠੇ ਹੋ ਕੇ ਇਕਸੁਰ ਇਕ ਤਾਲ
ਖ਼ੁਸ਼ੀ ਮਨਾਉਂਦੇ ਤੁਰਦੇ ਜਾਂਦੇ;
ਇਸੇ ਤਰ੍ਹਾਂ ਆਕਾਸ਼ ਦੇ ਉਪਰ
ਬੱਦਲਾਂ ਦੇ ਝੁੰਡ ਬੰਨ੍ਹ ਜਲੂਸ ਜਾ ਰਹੇ ਨੇ
ਕਰ ਰਹੇ ਨੇ ਵਰਖਾ ਰਿਮਝਿੰਮ ਰਿਮਝਿੰਮ,
ਮੋਰਾਂ ਦੀ ਸੁਣੀਂਦੀ ਰੁਣਝੁਣ,
ਮੰਦਰਾਂ ਦੀਆਂ ਸਹੰਸਰ ਟਲੀਆਂ ਖੜਕ ਰਹੀਆਂ ਨੇ,
ਗੀਤਾਂ ਦੇ ਇਸ ਕਾਫਲੇ ਦੀ ਚਾਲ 'ਚ ਬੱਧੇ
ਸੈਂਕੜੇ ਬੱਚੇ ਨਚਦੇ ਟਪਦੇ
ਹਸਦੇ ਖ਼ੁਸ਼ੀ ਮਨਾਉਂਦੇ ਜਾ ਰਹੇ ਨੇ
ਇਸ ਜਲੂਸ ਦੇ ਪਿਛੇ ਪਿਛੇ।

ਸਾਲ ਭਰ ਦੇ ਝੰਜਟਾਂ ਰੁਧੇ
ਬੇਰਸ ਜੀਵਨ ਨੂੰ ਕਰ ਦਿਤਾ ਆਜ਼ਾਦ,
ਅਜ ਦੇ ਦਿਨ ਇਸ ਵਰਖਾ ਰੁੱਤ ਨੇ।
ਉਹ ਵੇਖੋ ਇਕ ਸੁੰਦਰ ਮੁਟਿਆਰ
ਗ਼ਰਬ ਗ਼ੁਮਾਨ ਚ ਮਤੀ ਲੈਂਦੀ ਉਭੇ ਸਾਹ
ਮਸਤਾਨੀ ਤੇ ਦੀਵਾਨੀ--ਖ਼ੁਸ਼ੀ 'ਚ ਖੀਵੀ,
ਉਸ ਦੇ ਗਲੇ ਦੇ ਹਾਰ ਦੇ ਨਗ ਪਏ ਚਮਕਣ,
ਇਨਾਮ ਦੀ ਮਣੀ ਚਮਕਦੀ
ਇਸ ਦੀ ਦਮਕ ਉਸ ਮੁਟਿਆਰ ਨੂੰ ਦੇ ਜਾਂਦੀ ਹੁਲਾਰਾ,
ਕਦੀ ਕਦੀ ਉਹ ਉਸ ਦਾ ਪ੍ਰਦਰਸ਼ਨ ਇੰਝ ਕਰਦੀ
ਜਦ ਉਹ ਝੁਕਦੀ ਧਰਤੀ ਉਤੇ
ਡਿਗੇ ਅੰਬ ਸੰਧੂਰ ਨੂੰ ਫੜਨ ਲਈ
ਉਸ ਦੇ ਗਲੇ ਦਾ ਹਾਰ
ਉਸ ਦੇ ਲੱਕ ਦੁਆਲੇ ਪਾਉਂਦਾ ਝੂਮਰ
ਜਦ ਉਹ ਧਰਤੀ ਉਤੇ ਡਿਗੇ
ਪੱਕੇ ਰੱਸੇ ਅੰਬਾਂ ਨੂੰ ਫੜਨ ਲਈ ਝੁਕਦੀ
ਤਾਂ ਮੋਰ ਉਸ ਦੇ ਗਿਰਦੇ ਆ ਕੇ ਪੈਲਾਂ ਪਾਉਂਦੇ,
ਖੁਸ਼ੀ ਵਿਚ ਉਹ ਮੋਰਾਂ ਦੀਆਂ ਪੂਛਾਂ ਨੂੰ ਫੜਦੀ,
ਉਹ ਅਗੇ ਅਗੇ ਨਸਦੇ,
ਪਰ ਫਿਰ ਉਹ ਮੁਟਿਆਰ
ਉਨ੍ਹਾਂ ਵਿਚੋਂ ਕੁਝ ਨੂੰ ਫੜ ਕੇ
ਆਪਣੀ ਛਾਤੀ ਨਾਲ ਘੁਟਦੀ, ਚੁੰਮਦੀ ਚਟਦੀ
ਉਨ੍ਹਾਂ ਦੇ ਖੰਭਾਂ ਤਾਂਈਂ ਥਪਕਦੀ,
ਇਨ੍ਹਾਂ ਪੰਛੀਆਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ
ਵਿਚ ਪਿਆਰ ਗੁਟਕਦੀ ਹਸਦੀ ।

ਇਹ ਰੂਪਮਤੀ ਮੁਟਿਆਰ ਭਰ ਜੋਬਨ ਵਿਚ
ਆਪਣੇ ਲੈਂਦੀ ਇਕ ਹੁਲਾਰਾ,
ਉਸ ਦੇ ਗਲੇ ਦੇ ਹਾਰ ਦੀਆਂ ਮਣੀਆਂ
ਉਸ ਨੂੰ ਫਿਰ ਲਿਆਉਂਦੀਆਂ ਵਿਚ ਅਭਿਮਾਨ,
ਆਪਣੇ ਰੂਪ ਦਾ ਕਰ ਗੁਮਾਨ
ਉਸ ਨੂੰ ਇੰਝ ਲਗਦਾ
ਜਿਵੇਂ ਸਾਰੇ ਵਰ੍ਹੇ ਦੀ ਬੇਰਸ ਘੁਟਣ ਤੋਂ
ਉਹ ਹੋ ਗਈ ਅਜ ਆਜ਼ਾਦ ।

ਇਕ ਹੋਰ ਮੁਟਿਆਰ ਬੇ-ਪ੍ਰਵਾਹ ਸਭ ਵਲੋਂ
ਆਪਣੇ ਮਿੱਠੇ ਗੀਤ ਦੇ ਬੋਲਾਂ ਵਿਚ ਹੋਈ ਮਸਤਾਨੀ ਗਾਉਂਦੀ ਜਾਂਦੀ :
"ਬੱਦਲਾਂ ਦੀ ਇਕ ਠੰਢੀ ਛਾਂ ਵਿਚ
ਮੇਰੇ ਦਿਲ ਦੇ ਸੁਪਨੇ ਰਾਜੇ ਮੇਰੇ ਪ੍ਰੀਤਮ !
ਤੇਗੀ ਜਵਾਨੀ ਦੇ ਬੂਹੇ ਉਤੇ ਮੈਂ ਆ ਪਹੁੰਚੀ ਹਾਂ,
ਦੇ ਰਹੀ ਦਸਤਕ,
ਆ ਮੇਰੇ ਪ੍ਰੀਤਮ ਪਿਆਰੇ
ਇਹ ਵਰ੍ਹ ਰਹੀਆਂ ਜੋ ਸ਼ਹਿਦ ਦੀਆਂ ਬੂੰਦਾਂ
ਤੈਨੂੰ ਸੱਦਾ ਦੇਣ ਹਨ ਆਈਆਂ ਤੇਰੇ ਦੁਆਰੇ ਉਤੇ,
ਮਧੂ-ਰਸ ਦਾ ਢੋਆ ਲੈ ਕੇ ਮੈਂ ਹਾਂ ਪੁਜੀ
ਦੇ ਰਹੀ ਦਸਤਕ,
ਮੇਰੀਆਂ ਸਧਰਾਂ ਤੇ ਅਰਮਾਨ ਤੇਰਾ ਰਾਹ ਪਏ ਤੱਕਦੇ ।
ਬੱਦਲਾਂ ਦੀ ਇਸ ਠੰਢੀ ਛਾਂ ਵਿਚ
ਮੇਰੇ ਦਿਲ ਦੇ ਸੁਪਨੇ ਰਾਜੇ
ਮੇਰੇ ਪ੍ਰੀਤਮ ਆ ਜਾ
ਆ ਪੁਜੀ ਹਾਂ ਤੇਰੇ ਦੁਆਰ !"

ਪਵਨਾਂ ਵਿਚ ਇਕ ਹੋਰ ਗੀਤ ਪਿਆ ਤਰਦਾ :
"ਮੇਰੀ ਵੀਣੀ ਨੂੰ ਨਾ ਪਕੜੋ
ਮੈਂ ਨਾਜ਼ਕ ਮਲੂਕ---ਛਡੋ ਮੇਰੀ ਵੀਣੀ,
ਮੈਂ ਕੋਮਲ ਜਿਹੀ ਨਾਰ,
ਛੱਡ ਦਿਉ ਮੈਨੂੰ
ਆਪਣੀ ਪਕੜ 'ਚੋਂ ਕਰੋ ਆਜ਼ਾਦ,
ਇਹ ਇਕ ਜੰਗਲੀ ਖੇਡ,
ਵਹਿਸ਼ੀਆ ਵਾਲਾ ਪਿਆਰ ਦਾ ਝੱਖੜ
ਮੈਨੂੰ ਮੂਲ ਨਾ ਭਾਵੇ
ਮੇਰੀ ਵੀਣੀ ਟੁੱਟਦੀ ਜਾਵੇ ।
ਮੈਨੂੰ ਵੀਣੀ ਤੋਂ ਨਾ ਪਕੜੋ
ਛਡੋ ਮੇਰੀਆਂ ਬਾਹਾਂ
ਮੇਰੀਆਂ ਨਰਮ ਬਲੌਰੀ ਵੰਗਾਂ
ਹੋ ਜਾਣਗੀਆਂ ਚੀਨਾ ਚੀਨਾ,
ਛਡੋ ਮੈਨੂੰ ! ਛਡੋ ਮੇਰੀ ਵੀਣੀ,
ਇਹ ਜੰਗਲੀ ਖੇਡ ਮੈਨੂੰ ਮੂਲ ਨਾ ਭਾਵੇ
ਇਹ ਪ੍ਰੇਮ ਦਾ ਅੰਨ੍ਹਾ ਝੱਖੜ
ਮੇਰੀਆਂ ਵੰਗਾਂ ਭੰਨਦਾ ਜਾਵੇ।"

ਦੂਰ ਪਰੇ ਕੁਝ ਆਜੜੀ ਕੁੜੀਆਂ ਨਚਦੀਆ ਗਾਉਂਦੀਆਂ,
ਜਿਨ੍ਹਾਂ ਦੇ ਬੋਲਾਂ ਦੀ ਗੁੰਜਾਰ
ਛਪਾ ਛਪ ਵਰ੍ਹਨ ਵਾਲੇ ਬੱਦਲਾਂ ਦੇ ਨਾਦ ਨਾਲ
ਹੋ ਰਹੀ ਇਕਸਾਰ।
"ਇਹ ਬੱਦਲ ਜੋ ਜਾਪਣ ਭੇਡਾਂ ਦਾ ਇਕ ਇੱਜੜ
ਭੇਡਾਂ ਰੰਗ ਬਰੰਗੀਆਂ
ਕਾਲੀਆਂ, ਚਿਟੀਆਂ, ਊਦੀਆਂ ਤੇ ਲਾਲ
ਕਿਥੇ ਹੈ ਇਨ੍ਹਾਂ ਦਾ ਚਰਵਾਹਾ
ਜੋ ਇਸ ਇੱਜੜ ਨੂੰ
ਨੀਲੇ ਬੱਦਲਾਂ ਦੀਆਂ ਚਰਾਂਦਾਂ ਵਿਚ ਰਿਹਾ ਹੈ ਚਾਰ ?
ਉਹ ਵੇਖੋ ! ਭੇਡਾਂ ਕਿਧਰ ਨੂੰ ਨਸਦੀਆਂ ।
ਉਹ ਜੋ ਪਿਛੇ ਰਹਿ ਗਏ ਲੇਲੇ
ਆਪਣੀਆਂ ਨੱਨ੍ਹੀਆਂ ਜੰਘਾਂ ਨਾਲ ਨੇ ਨਸਦੇ,
ਮਿਲਣ ਲਈ ਇੱਜੜ ਦੇ ਨਾਲ,
ਹਰ ਲੇਲੇ ਦੇ ਪਿਛੇ ਚਰਵਾਹੇ ਦੀ ਲਾਠੀ ਦਾ
ਲਿਸ਼ਕਦਾ ਹੈ ਚਮਕਾਰ,
ਕੌਣ ਹੈ ਇਹ ਚਰਵਾਹਾ
ਜਿਸ ਦੀ ਲਾਠੀ ਦੇ ਰੰਗ ਅਸੰਖ ਹਜ਼ਾਰ ?
ਜਾਂ ਉਹ ਆਪ ਹੈ ਸਹੰਸਰ ਰੰਗਾਂ ਦਾ ਸਮੂਹ
ਜੋ ਹਰ ਲੇਲੇ ਦੇ ਸਿਰ ਉਤੇ ਖੜ੍ਹ ਕੇ ਕਰਦਾ ਹੈ ਲਿਸ਼ਕਾਰ ?
ਵਾਹ ਵਾਹ ਉਸ ਦੀ ਲਾਠੀ ਦਾ ਚਮਕਾਰ ।
ਇਕੋ ਸਮੇਂ ਜੋ ਲਿਸ਼ਕ ਰਿਹਾ ਹੈ
ਸਹੰਸਰ ਭੇਡਾਂ ਦੇ ਪਿਛਵਾੜ !
ਵੇਖੋ ! ਉਹ ਬੁਢਾ ਆਜੜੀ ਦਾੜ੍ਹੀ ਵਾਲਾ
ਆਪਣੀਆਂ ਭੇਡਾਂ ਦੇ ਇੱਜੜ ਨੂੰ ਹਿਕਦਾ ਆਵੇ
ਆਪਣੀ ਲਾਠੀ ਨਾਲ !
ਜੋ ਹੈ ਸਹੰਸਰ ਰੰਗਾਂ ਦਾ ਸਮੂਹ
ਉਸ ਦੇ ਬੋਲ ਗਰਜ ਰਹੇ ਨੇ ਬੱਦਲਾਂ ਅੰਦਰ
ਕੂਕ ਉਸ ਦੀ ਇੰਝ ਪੁਕਾਰੇ :
"ਇਹ ਇੱਜੜ ਕਿਧਰ ਨੂੰ ਨਠਦਾ ਜਾਂਦਾ ?
'ਮੈਂ ਮੈਂ' ਕਰਦੇ ਲੇਲੇ ਕਿਉਂ ਪਿਛੇ ਰਹਿ ਜਾਂਦੇ ?
ਇਹ ਬੱਦਲ ਹਨ ਕਿਸ ਦੀਆਂ ਭੇਡਾਂ
ਕਾਲੀਆਂ ਚਿੱਟੀਆਂ ਊਦੀਆਂ ਤੇ ਲਾਲ ?
ਕਿਥੇ ਹੈ ਇਨ੍ਹਾਂ ਦਾ ਚਰਵਾਹਾ
ਜੋ ਇਸ ਇੱਜੜ ਨੂੰ
ਰਿਹਾ ਹੈ ਚਾਰ ?"

ਗੂੜ੍ਹੇ ਲਾਲ ਸੰਗਤਰੀ ਰੰਗ ਦੇ
ਬੱਦਲ ਤਾਂਈਂ ਨਿਹਾਰ
ਇਕ ਹੋਰ ਆਜੜੀ ਮੁਟਿਆਰ
ਇੰਝ ਰਹੀ ਪੁਕਾਰ :
"ਵੇ ਲਲਾਰੀ ਕੁਦਰਤ ਸੰਦੇ
ਕਰ ਦੇ ਕੋਈ ਕਰਾਮਾਤ
ਮੇਰੇ ਦੁਪੱਟੇ ਤੇ ਚਾੜ੍ਹ ਦੇ
ਗੂੜ੍ਹਾ ਰੰਗ ਲਾਲ ।
ਮੇਰੇ ਸੋਹਣੇ ਦਾ ਚੀਰਾ ਵੀ
ਹੋਵੇ ਉਸੇ ਰੰਗ ਦਾ
ਜਿਸ ਦੀ ਪ੍ਰੀਤ ਧੜਕ ਰਹੀ ਹੈ
ਮੇਰੇ ਦਿਲ ਵਿਚਕਾਰ !
ਮੇਰਾ ਦੁਪੱਟਾ ਤੇ ਉਸ ਦਾ ਚੀਰਾ
ਇਕੋ ਰੰਗ ਵਿਚ ਰੰਗ ਦੇ,
ਮੈਂ ਤੇ ਉਹ ਹੋ ਜਾਈਏ ਲਾਲੋ ਲਾਲ
ਜਿਸ ਦੇ ਪ੍ਰੇਮ 'ਚ ਰੰਗ ਕੇ
ਮੈਂ ਇਹ ਜੋਬਨਮਤੀ--
ਆਪਣੀ ਜਿੰਦੜੀ ਦਿਤੀ ਗਾਲ !
ਬੱਦਲਾਂ ਦੇ ਗੂੜ੍ਹੇ ਲਾਲ ਰੰਗ ਵਿਚ ਰੰਗ ਦੇ
ਮੈਨੂੰ ਸਾਰੀ ਦੀ ਸਾਰੀ,
ਹੇ ਬੱਦਲਾਂ ਦੇ ਮਹਾਂ ਲਲਾਰੀ !
ਮੇਰਾ ਦੁਪੱਟਾ ਤੇ ਉਸ ਦਾ ਚੀਰਾ
ਇਕੇ ਰੰਗ ਵਿਚ ਰੰਗ ਦੇ
ਮੈਂ ਤੇ ਉਹ ਹੋ ਜਾਈਏ ਲਾਲੋ ਲਾਲ
ਜਿਸ ਦੇ ਪ੍ਰੇਮ 'ਚ ਰੰਗ ਕੇ
ਮੈਂ ਇਹ ਜੋਬਨਮਤੀ
ਆਪਣੀ ਜਿੰਦੜੀ ਦਿਤੀ ਗਾਲ ।"

7. ਬਿਹਾਰੀ ਮਜ਼ਦੂਰਾਂ ਦਾ ਗੀਤ
ਅਨੰਦ ਮੰਗਲ ਹੀ ਗ਼ਰੀਬ ਦਾ ਧਰਮ ਹੈ

(ਇਕ ਬਿਰਧ ਪੁਰਸ਼ ਜੋ ਆਪਣੇ ਬਚਿਆਂ ਦੀ ਭਖ਼ਦੀ ਜਵਾਨੀ ਤੇ ਜੀਵਨ
ਧੜਕਣ ਕਾਰਨ ਖੁਸ਼ ਹੈ, ਢੋਲਕ ਨੂੰ ਵਜਾ ਰਿਹਾ ਹੈ, ਉਹ ਆਪਣੇ ਸਿਰ ਨੂੰ
ਤਾਲ ਦੇਣ ਲਈ ਛੰਡਦਾ ਹੈ, ਉਜ ਦੇ ਇਰਦ ਗਿਰਦ ਲੋਕਾਂ ਦਾ ਝੁਰਮਟ ਹੈ,
ਜੋ ਉਸ ਦੇ ਗੀਤ ਦੇ ਬੋਲਾਂ ਨੂੰ ਸੁਣਨ ਲਈ ਉਤਸੁਕ ਹਨ । ਜਦੋਂ ਉਹ ਤਾਲ
ਨੂੰ ਬੰਨ੍ਹ ਲੈਂਦਾ ਹੈ ਤਾਂ ਮੁੰਦ ਨੈਣਾਂ ਨਾਲ ਆਪਣੇ ਗੀਤ ਦੇ ਬੋਲ ਨੂੰ ਅਲਾਪਦਾ
ਹੈ। ਇਹ ਗੀਤ ਦੇ ਬੋਲ ਵੀ ਉਸ ਦੇ ਆਪਣੇ ਹੀ ਰਚੇ ਹੋਏ ਹਨ।)

(੧)
ਅੰਬ ਦੀ ਟਾਹਣੀ ਕੋਇਲ ਕੂਕੇ
ਆਖੇ, ਆਈ ਖ਼ੁਸ਼ੀਆਂ ਭਰੀ ਬਹਾਰ ।
ਜਾਗ ਨੀ ਮੇਰੀ ਜਿੰਦੇ ਜਾਗ ।
ਕੋਇਲ ਗੀਤ ਹੈ ਗਾਉਂਦੀ
ਆਖੇ ਅੰਬਾਂ ਤੇ ਛਾਈ
ਜੋਬਨ ਰੁੱਤ ਬਹਾਰ ।
ਖੇੜੇ ਭਰੀ ਬਹਾਰ ।

(ਬਿਰਧ ਪੁਰਸ਼ ਪ੍ਰਸੰਨ ਹੈ ਕਿ ਉਸ ਨੇ ਗੀਤ ਦਾ ਮੁਖੜਾ ਰਚ ਲਿਆ ਹੈ, ਜਿਸ
ਨੂੰ ਉਹ ਹੁਣ ਗਾ ਸਕਦਾ ਹੈ । ਖ਼ੁਸ਼ੀ ਦੇ ਉਨਮਾਦ ਵਿਚ ਉਹ ਕੁਝ ਸਮੇਂ ਲਈ
ਮੌਨ ਹੋ ਜਾਂਦਾ ਹੈ, ਆਪਣੀਆਂ ਅੱਖੀਆਂ ਨੂੰ ਮੀਟ ਕੇ ਉਤਸ਼ਾਹ ਵਿਚ ਢੋਲਕ
ਨੂੰ ਕੰਨਾਂ ਵਲ ਉਪਰ ਉਛਾਲਦਾ ਹੋਇਆਂ ਜੋਸ਼ ਵਿਚ ਗਤ ਵਜਾਉਂਦਾ ਹੈ,
ਉਸ ਦੀ ਕਾਂਇਆਂ ਕੰਬ ਉਠਦੀ ਹੈ ਅਤੇ ਉਹ ਤਾਲ ਦਿੰਦਾ ਹੈ--ਥਮ,
ਥਮ, ਥਮਾ, ਥਮ, ਥਮ।)

ਕੋਇਲ ਗੀਤ ਹੈ ਗਾਉਂਦੀ
ਆਖੇ ਅੰਬਾਂ ਤੇ ਛਾਈ
ਜੋਬਨ ਰੁੱਤ ਬਹਾਰ ।
ਖੇੜੇ ਭਰੀ ਬਹਾਰ !
ਜਾਗ ਤੂੰ ਬੰਦੇ ਜਾਗ !
ਪੂਜਾ ਦਾ ਸੁਭਾਗਾ ਅਵਸਰ ਆਇਆ
ਖੇੜੇ ਦੇ ਵਿਚ ਮੌਲ ਉਠੀ ਹੈ
ਜੋਬਨ ਰੁੱਤ ਬਹਾਰ !
ਨੀਲੇ ਗਗਨ ਦੇ ਛੰਭ ਵਿਚ ਖਿੜ ਪਏ
ਦੋਵੇਂ ਚੰਨ ਤੇ ਸੂਰਜ,
ਅਜ ਰੱਬ ਹੈ ਸਾਡੇ ਘਰ ਪ੍ਰਾਹੁਣਾ ਆਇਆ,
ਜਿਸ ਨੇ ਸਾਡੀ ਧਰਤੀ ਨੂੰ ਸਵਰਗ ਬਣਾਇਆ,
ਸਾਡੇ ਬੂਹਿਉਂ ਬਾਹਰ ਖਿੜ ਪਈ ਰੁੱਤ ਬਹਾਰ,
ਗ਼ਰੀਬਾਂ ਦੀ ਹਮਦਰਦ
ਭਰ ਭਰ ਬੁਕ ਜੋ ਖੁਸ਼ੀਆਂ ਪਈ ਲੁਟਾਵੇ !
ਸਾਡੀਆਂ ਝੋਲੀਆ ਭਰਦੀ ਜਾਵੇ ।
ਜਿਸ ਨੇ ਬਿਨਾਂ ਮੁਲ ਦੇ
ਦਿਤੀ ਸਾਨੂੰ ਰੱਬੀ ਖੁਸ਼ੀਆਂ ਦੀ ਸੁਗਾਤ ।
ਸਾਡੀ ਰੂਹ ਨੂੰ ਦਿਤਾ ਪਾਤਸ਼ਾਹੀ ਹੁਲਾਰਾ !
ਜਿਸ ਨੇ ਨੰਗੀ ਧਰਤ ਨੂੰ
ਵੰਡਿਆ ਫੁੱਲਾਂ ਦਾ ਭੰਡਾਰਾ ।
ਬਖਸ਼ੀ ਜਿਸ ਨੇ ਸਾਨੂੰ ਜੀਵਨ ਅੰਮ੍ਰਿਤਧਾਰਾ ।
ਸਵਰਗਧਾਮ ਦੀ ਸੁੰਦਰ ਦੇਵੀ ਨੇ
ਭਰ ਦਿਤੀਆਂ ਸਾਡੀਆਂ ਅੱਖੀਆਂ
ਰੱਬੀ ਖੁਸ਼ੀਆਂ ਨਾਲ !
ਕੋਇਲ ਤੇ ਪ੍ਰਾਣੀ
ਸਭ ਇਕ ਸੂਤਰ ਵਿਚ ਪਰੋਏ,
ਇਕ ਰੂਪ ਨੇ ਜਗਾ ਦਿਤਾ ਹੈ
ਜੀਵਨ ਦਾ ਉਤਸ਼ਾਹ
ਵਿਚ ਬਹਾਰ
ਜਾਗ ਬੰਦੇ ਤੂੰ ਜਾਗ ।
ਪੂਜਾ ਦਾ ਸੁਭਾਗਾ ਅਵਸਰ ਆਇਆ
ਕੰਮ ਕਰਨਾ ਅਜ ਬਣ ਗਿਆ ਹੈ ਪਾਪ
ਇਕ ਸਰਾਪ
ਕੋਇਲ ਗਾਉਂਦੀ ਪਈ ਹੈ ਗੀਤ
ਅੰਬਾਂ ਉਤੇ ਖਿੜ ਪਈ ਰੁੱਤ ਬਹਾਰ ।

(੨)
ਕਾਲੀਆਂ ਛਿਲੜਾਂ ਵਾਲੇ ਸਭੇ ਬ੍ਰਿਛ ਬਿਹਾਰ
ਅੰਬ, ਜਾਮਨ ਤੇ ਸ਼ਹਿਤੂਤ
ਕਰ ਸਾਵਾ ਸ਼ਿੰਗਾਰ
ਬਸੰਤ ਸ਼ਹਿਜ਼ਾਦੇ ਦੇ ਤੁਰ ਰਹੇ ਪਿਛਵਾੜ
ਵੰਡ ਰਹੇ ਉਪਹਾਰ !
ਹਰ ਝਾੜੀ ਨੇ ਫੁੱਲਾਂ ਦਾ ਕਰ ਲਿਆਂ ਸ਼ਿੰਗਾਰ
ਪਹਿਨ ਲਿਆ ਫੁਲਹਾਰ !
ਬਹਾਰ ਦੀਆ ਪੈੜਾ ਵਿਚੋਂ
ਗੂੰਜੇ ਮਧੁਰ ਸੰਗੀਤ,
ਪਗਡੰਡੀਆਂ ਤੇ ਖੇਤਾਂ ਅੰਦਰ
ਗੂੰਜੇ ਮਿੱਨੜਾ ਗੀਤ, ਖੇਤਾਂ ਅਤੇ ਚਰਾਂਦਾਂ ਅੰਦਰ
ਰੂਹ ਦੀਆਂ ਖ਼ੁਸੀਆਂ ਦਾ ਹੜ੍ਹ ਆਇਆ,
ਮੁਟਿਆਰਾ ਨੇ ਕੰਨਾਂ ਦੇ ਵਿਚ ਪਹਿਨੀਆਂ
ਰਾਹੂ ਰਤਨ ਦੀਆਂ ਮਣੀਆਂ,
ਗਭਰੂਆਂ ਦੇ ਕੇਸਾਂ ਅੰਦਰ
ਮਹਿਕੇ ਪਿਆ ਗੁਲਾਬ ।
ਕਿੰਨੀ ਮਿੱਠੀ ਗੁਲਾਬਾਂ ਦੀ ਮਹਿਕਾਰ !

(੩)
ਤੁਰ ਰਹੀ ਰੁੱਤ ਬਹਾਰ
ਭਰ ਦਿਤੇ ਨੇ
ਜਿਸ ਨੇ ਸਾਡੇ ਘਰ ਬਾਹਰ,
ਖੁਸ਼ੀਆਂ ਨਾਲ ਅਪਾਰ !
ਸਾੜੇ ਨੈਣਾਂ ਵਿਚ ਹਨ ਜਾਗੇ
ਸਵਰਗਧਾਮ ਦੇ ਦ੍ਰਿਸ਼ ਅਨੂਪ
ਸਾਡੀਆਂ ਰੂਹਾਂ ਵਿਚ ਭਰ ਦਿਤੇ
ਜਿਸ ਨੇ ਗਗਨ ਦੇ ਨਾਨਾ ਰੰਗ,
ਸਾਡੇ ਕੰਨਾਂ ਵਿਚ ਪਿਆ ਗੂੰਜੇ
ਕੋਇਲ ਦਾ ਮਿੱਠੜਾ ਗੀਤ,
ਪਰ ਹਾਏ,
ਬਿਹਾਰ ਦੀ ਕੋਇਲ ਦੇ ਦਿਲ ਅੰਦਰ
ਜਾਗੇ ਬਿਰਹਾ-ਪਿਆਰ।
ਤੁਰ ਰਹੀ ਰੁੱਤ ਬਹਾਰ,
ਸੁੰਦਰਤਾ ਜਿਸ ਦੀ ਨੇ
ਛਿੜਕੇ ਰੰਗ ਹਜ਼ਾਰ,
ਖ਼ੁਸ਼ੀਆਂ ਦਾ ਖ਼ੁਮਾਰ,
ਬ੍ਰਿਛ ਬੇਲੇ ਤੇ ਝਾੜੀਆਂ
ਰੰਗੇ ਗਏ ਹਨ ਸਾਰੇ।
ਮਿੱਠੀ ਉਸ ਦੀ ਛੁਹ ਨੂੰ ਪਾ ਕੇ
ਹਰ ਪੱਤੀ ਹੈ ਕੰਬਦੀ ਵਿਚ ਖੁਸ਼ੀ ਦੇ ।
ਪਰ ਸਾਡੀਆਂ ਰੂਹਾਂ ਅੰਦਰਲੀ ਮਹਾਂਰਾਣੀ
ਹੈ ਜੋ ਸਾਡੀ ਜਿੰਦ ਦੀ ਸੁਆਣੀ
ਕਿਰਮਚੀ ਅਤੇ ਊਦੇ ਰੰਗਾਂ ਦੇ ਵਿਚ ਰੱਤੀ
ਨਚ ਰਹੀ ਹੈ ਮਹੂਏ ਦੇ 'ਅਗਨਾਰ ਫੁੱਲਾਂ' ਤੋਂ
ਲੈ ਕੇ ਰੰਗ ਉਧਾਰ ।

8. ਪੇਂਡੂ ਮੁੰਡਾ

ਗੂੜ੍ਹੇ ਸਾਉਂਲੇ ਰੰਗ ਦਾ ਪੇਂਡੂ ਮੁੰਡਾ ਹਸਿਆ,
ਪਿੰਡ ਦੇ ਪਹੇ ਉੱਤੇ ਤੁਰਦਿਆਂ
ਉਸ ਦੇ ਚਿੱਟੇ ਦੰਦ ਚਮਕੇ,
ਉਸ ਦਾ ਇਹ ਹਸਣਾ
ਕੁਝ ਅਰਥਹੀਣ ਜਿਹਾ ਲਗਦਾ,
ਲਕ ਦੁਆਲੇ ਲੰਗੋਟੀ ਬੰਨ੍ਹੀ,
ਬੇ-ਪ੍ਰਵਾਹ ਜਿਹਾ,
ਉਹ ਗਿਟੇ ਗਿਟੇ ਰੇਤ ਵਿਚ ਤੁਰਿਆ ਜਾਂਦਾ,
ਥਪੜ ਥਪੜ ਉਸ ਦੇ ਪੈਰਾਂ ਦਾ ਖੜਾਕ ਸੁਣੀਂਦਾ,
ਜੋ ਉਨ੍ਹਾਂ ਬਲਦਾਂ ਦੇ ਕੰਨੀ ਪੈਂਦਾ
ਜੋ ਅਗੇ ਅਗੇ ਪੇਂਡੂ ਗੱਡੇ ਨੂੰ ਤੋਰੀ ਲਿਜਾਂਦੇ,
ਬਲਦ ਵੀ ਮੱਠੀ ਚਾਲ ਤੁਰੇ ਜਾਂਵਦੇ,
ਮੁੰਡੇ ਦੇ ਹੱਥ ਵਿਚ ਬੰਸਰੀ
ਜਿਸ ਉਤੇ ਉਹ ਕਿਸੇ ਲੋਕ ਧੁਨ ਨੂੰ
ਛੇੜਨ ਦੇ ਆਹਰ ਵਿਚ ਲਗਾ,
ਉਸ ਨੇ ਬੁਲ੍ਹਾਂ ਉਤੇ ਬੰਸਰੀ ਨੂੰ ਰਖਿਆ
ਤੇ ਮੂੰਹ ਵਿਚੋਂ ਫੂਕ ਮਾਰੀ,
ਮੁੰਡੇ ਨੇ ਸਿਰ ਹਿਲਾਇਆ,
ਉਸ ਦੀ ਮਨਮਰਜ਼ੀ ਦੀ ਧੁਨ
ਅਲਾਪੀ ਜਾ ਰਹੀ ਸੀ।

ਸੂਰਜ ਅਸਤ ਹੋ ਰਿਹਾ ਸੀ,
ਆਕਾਸ਼ ਕੰਬ ਰਿਹਾ ਸੀ,
ਉਸ ਉਤੇ ਰੰਗ-ਬਰੰਗੇ ਮੋਤੀਆਂ ਦਾ
ਦਰਿਆ ਵਹਿ ਰਿਹਾ ਸੀ,
ਹੇਠਾਂ ਤੋਰੀਏ ਦੇ ਖੇਤ ਲਹਿਰਾ ਰਹੇ ਸਨ
ਤੇ ਉਨ੍ਹਾਂ ਦੇ ਸੁਨਹਿਰੀ ਫੁੱਲ
ਪੂਰੇ ਜੋਬਨ ਵਿਚ ਹਿਲ ਰਹੇ ਸਨ ।
ਪਵਨ ਬੜੀ ਅਠਕੇਲੀਆਂ ਭਰ ਰਹੀ ਸੀ
ਜਿਸ ਨਾਲ ਇਹ ਸ਼ਾਮ
ਸੁਹਾਵਣੀ ਹੋ ਗਈ ਸੀ--
ਇਕ ਲਾੜੀ ਸਮਾਨ
ਜੋ ਮਟਕ ਨਾਲ ਆਪਣੇ ਘਰ ਨੂੰ ਪਰਤ ਰਹੀ ਹੋਵੇ ।
ਜੋ ਕੋਈ ਵੀ ਸਭ ਤੋਂ ਪਹਿਲਾਂ
ਇਸ 'ਵੱਡੇ ਦਰ' ਉਤੇ ਪੁਜੇਗਾ,
ਉਸ ਦੇ ਸੁਆਗਤ ਲਈ
ਆਕਾਸ਼ ਤਾਰਿਆਂ ਦੀ ਵਰਖਾ ਕਰਨ ਲਈ ਤਿਆਰ ਖੜਾ ਸੀ ।
ਇਸ ਥਾਂ ਕੇਵਲ ਦੋ ਬਲਦ ਹੀ ਸਿਰ ਸੁਟੀ
ਹੌਲੀ ਹੌਲੀ ਗੱਡੇ ਨੂੰ ਖਿਚ ਰਹੇ ਸਨ
ਤੇ ਪਿਛੇ ਪਿਛੇ ਪੇਂਡੂ ਮੁੰਡਾ
ਬੰਸਰੀ ਵਜਾਉਂਦਾ ਜਾ ਰਿਹਾ ਸੀ !

9. ਅਲਸੀ ਦੇ ਫੁੱਲ

ਹਰ ਸਾਲ ਖੇਤਾਂ ਵਿਚ ਅਲਸੀ ਦੇ ਫੁੱਲ ਖਿੜਦੇ
ਇਹ ਤਾਂ ਛੋਟੇ ਛੋਟੇ
ਅਲਸੀ ਦੇ ਬੂਟਿਆਂ ਦੀ ਜਵਾਨੀ
ਸਾਰਾ ਖੇਤ ਕਾਸ਼ਨੀ ਨੈਣਾਂ ਨਾਲ
ਭਰਿਆ ਭਰਿਆ ਜਾਪੇ--
ਅਲਸੀ ਦੇ ਫੁੱਲਾਂ ਦਾ ਖੇੜਾ ਸੋਹਣਾ ਲਗੇ ।
ਪਰ
ਅਲਸੀ ਦੇ ਫੁੱਲ ਦਾ ਜੋਬਨ ਤੇ ਮੁਖੜਾ
ਉਸ ਨਿਰਧਨ ਕਿਰਤੀ ਤੀਵੀਂ ਵਰਗਾ
ਜਿਸ ਦੀ ਜਵਾਨੀ
ਖੇਤਾਂ ਵਿਚ ਹੀ ਕੰਮ ਕਰਦਿਆਂ ਮੁਕ ਜਾਂਦੀ,
ਅਲਸੀ ਦੇ ਫੁੱਲ ਨੂੰ ਕੋਈ ਨਾ ਪਿਆਰੇ ।
ਤੱਕੋ ! ਇਸ ਵਿਚਾਰੀ ਅਲਸੀ ਦੇ ਫੁੱਲਾਂ ਦੇ
ਖੇਤ ਦਾ ਭਰ ਜੋਬਨ ਖੇੜਾ
ਜਿਸ ਨੂੰ ਕੋਈ ਨਾ ਤੱਕੇ ।

ਅਲਸੀ ਦੇ ਦਿਲ ਵਿਚ
ਗ਼ਰੀਬ ਇਸਤਰੀ ਵਾਲੇ ਹਿਰਦੇ ਦਾ ਪਿਆਰ,
ਅਲਸੀ ਦੇ ਫੁੱਲ ਵਿਚ
ਗੁਲਾਬ ਵਾਲੀ ਅਗਨੀ ਨਹੀਂ,
ਨਾ ਹੀ ਕੰਵਲ ਵਰਗਾ ਚਿਹਰਾ,
ਨਾ ਹੀ ਸੁੰਬਲ ਵਰਗੀ ਆਤਮਾ,
ਇਸ ਨੂੰ ਤਾਂ ਕੇਵਲ ਅਧੜਵੰਜੇ ਕਪੜਿਆਂ ਵਾਲੀ
ਜੋ ਪਿੰਡ ਦੇ ਕੱਚੇ ਕੋਠਿਆਂ ਦੀ ਵਾਸੀ,
ਕਿਰਤੀ ਤੀਵੀਂ ਹੀ ਪਛਾਣਦੀ,
ਉਹ ਜਾਣਦੀ ਤੇ ਆਖਦੀ
"ਅਲਸੀ ਦੇ ਫੁੱਲ ਦਾ ਰੰਗ ਤਾਂ ਭਗਵਾਨ ਵਰਗਾ !"
ਉਹ ਇਸ ਦੀ ਪੂਜਾ ਕਰਦੀ ।

ਦੋ ਕਿਰਤੀ ਕੁੜੀਆਂ ਮੇਰੇ ਕੋਲੋਂ ਲੰਘੀਆਂ,
ਅਲਸੀ ਦੇ ਖੇਤ ਦੇ ਕੰਢੇ
ਜਿਥੇ ਮੈਂ ਸੀ ਖੜਾ--
ਅਲਸੀ ਦੇ ਫੁੱਲਾਂ ਨੂੰ ਤੱਕਦਾ ।
ਉਨ੍ਹਾਂ ਦੋਹਾਂ ਕਿਰਤੀ ਕੁੜੀਆਂ ਦੇ ਨੰਗੇ ਪੈਰ,
ਹੱਥ ਵੰਗਾਂ ਤੋਂ ਸਖਣੇ,
ਪੀਲੇ ਭੂਕ ਉਨ੍ਹਾਂ ਦੇ ਚਿਹਰੇ
ਜੋ ਜਾਪਣ ਪਵਿੱਤਰ ਤੇ ਭੋਲੇ ਭਾਲੇ,
ਹੱਥ ਉਨਾਂ ਦੇ ਮੋਟੇ ਨੁਲ੍ਹੇ ਤੇ ਖੁਰਦਰੇ,
ਅੱਟਣਾਂ ਵਾਲੇ,
ਸਿਰ ਉਨ੍ਹਾਂ ਦੇ ਉਧੜੇ ਗੁਧੜੇ
ਧੂੜ ਘੱਟੇ ਨਾਲ ਅੱਟੇ,
ਖੁਥੀਆਂ ਲਿੰਮ੍ਹਾਂ ਵਾਲੇ,
ਧੂੜ ਘੱਟੇ ਨਾਲ ਅੱਟੇ,
ਸੂਤੀ ਸਾੜੀਆਂ ਉਨ੍ਹਾਂ ਦੀਆਂ ਨੇ ਕੱਜਿਆ
ਅੱਧਾ ਤਨ ਉਨ੍ਹਾਂ ਦਾ।
ਜਦ ਉਨ੍ਹਾਂ ਨੇ ਮੈਨੂੰ ਤੱਕਿਆ,
ਉਨ੍ਹਾਂ ਦੇ ਨੈਣਾਂ ਵਿਚ ਗੁਝਾ ਹਾਸਾ ਛਣਕਿਆ,
ਫਿਰ ਵੀ ਉਹ ਸਨ ਜਵਾਨ
ਭਾਵੇਂ ਨਹੀਂ ਸਨ ਉਹ ਧਨਵਾਨ,
ਮੈਨੂੰ ਵੇਖ ਕੇ
ਉਹ ਹਾਸਾ ਰੋਕ ਨਾ ਸਕੀਆਂ
ਖੜ ਗਈਆਂ ਉਹ ਮੇਰੇ ਕੋਲ ਆ ਕੇ
ਖਿੜ ਖਿੜ ਕਰ ਕੇ ਹਸੀਆਂ

ਤੇ ਚਾਮ੍ਹਲ ਕੇ ਇਉਂ ਪੁਛਣ ਮੈਨੂੰ ਲਗੀਆਂ
"ਸ਼੍ਰੀਮਾਨ ਜੀ !
ਇਥੇ ਤੁਸੀਂ ਕੀ ਹੋ ਤੱਕਦੇ ?
ਇਹ ਤਾਂ ਅਲਸੀ ਵਿਚਾਰੀ ਦਾ ਹੈ ਖੇੜਾ,
ਇਹ ਤਾਂ ਹਰ ਸਾਲ ਇੰਝ ਹੀ ਖਿੜਦਾ,
ਪਰ ਅਲਸੀ ਦੇ ਫੁੱਲਾਂ ਤਾਂਈਂ
ਕਰਦਾ ਕੋਈ ਨਾ ਪਿਆਰ,
ਇਹ ਤਾਂ ਅਲਸੀ ਦੇ ਫੁੱਲਾਂ ਦਾ ਖੇੜਾ
ਅਲਸੀ ਦਾ ਹੈ ਖੇਤ ।"

ਮੈਂ ਕਿਹਾ :
"ਪਿੰਡ ਦੀਉ ਕੁੜੀਓ !
ਅਲਸੀ ਤੁਹਾਡੇ ਅੰਦਰ ਖਿੜਦੀ
ਤੁਰਾਡੇ ਅੰਦਰ ਅਲਸੀ ਦਾ ਖੇੜਾ,
ਤੁਹਾਡੀ ਇਹ ਭਰਪੂਰ ਜਵਾਨੀ
ਅਲਸੀ ਦੇ ਫੁੱਲਾਂ ਵਿਚ ਝਲਕੇ ।
ਭਾਵੇਂ ਅਲਸੀ ਦੇ ਫੁੱਲਾਂ ਤਾਂਈਂ
ਕੋਈ ਨਾ ਕਰਦਾ ਪਿਆਰ,
ਪਰ ਪਿੰਡ ਦਾ ਹਰ ਵਾਸੀ
ਕਰਦਾ ਤੁਹਾਨੂੰ ਪਿਆਰ !"

"ਸ੍ਰੀਮਾਨ ਜੀ !
ਕੌਣ ਗ਼ਰੀਬ ਕੁੜੀਆਂ ਨੂੰ ਕਰੇ ਪਿਆਰ ?
ਅਸੀਂ ਤਾਂ ਜਵਾਨੀ ਚੜ੍ਹਨ ਤੋਂ ਪਹਿਲਾਂ ਹੀ
ਮੁਰਝਾਂਦੀਆਂ-ਮਰ ਮਰ ਜਾਂਦੀਆਂ ।
ਸਾਨੂੰ ਤਾਂ ਇਹ ਵੀ ਥਹੁ ਨਾ ਲਗਦਾ
ਕਿ ਅਸੀਂ ਗ਼ਰੀਬਾਂ ਦੀਆਂ ਕੁੜੀਆਂ,
ਸਾਡੀ ਜਵਾਨੀ ਤਾਂ
ਇਨ੍ਹਾਂ ਅਲਸੀ ਦੇ ਫੁੱਲਾਂ ਵਾਂਗ ਰੁਲ ਖੁਲ ਜਾਂਦੀ,
ਕੌਣ ਅਲਸੀ ਦੇ ਫੁੱਲਾਂ ਤਾਂਈਂ ਕਰਦਾ ਪਿਆਰ ?
ਕੀ ਇਹ ਸੱਚ ਨਹੀਂ ਹੈ ?"

ਮੈ ਅਲਸੀ ਦੇ ਫੁੱਲਾਂ ਦੇ ਗੁੱਛੇ,
ਉਨ੍ਹਾਂ ਦੇ ਸਿਰਾਂ ਵਿਚ ਟੰਗੇ
ਤੇ ਛੋਟੇ ਛੋਟੇ ਫੁੱਲ ਉਨ੍ਹਾਂ ਦੇ
ਕੰਨਾਂ ਵਿਚ ਲਟਕਾਏ
ਤੇ ਇੰਝ ਆਖਿਆ :
"ਕੁੜੀਓ !
ਲਿਆਉ ਨਾ ਦਿਲ ਤੇ ਕੋਈ ਖ਼ਿਆਲ,
ਰੱਬ ਤੁਹਾਨੂੰ ਹੈ ਕਰਦਾ ਪਿਆਰ,
ਵਿਆਹੀਆਂ ਵਰ੍ਹੀਆ ਤੇ ਮਾਤਾਵਾਂ !
ਰੱਬ ਦੀਆਂ ਬਣਾਈਆਂ ਇਸਤਰੀਆਂ
ਜੋ ਇਸ ਸੁਨ ਮਸਾਨ ਸੰਸਾਰ ਦੀਆਂ ਹੋ
ਜਿੰਦ ਜਾਨ ਤੇ ਆਤਮਾ ਇਸ ਵਿਸਾਲ ਜਗਤ ਦੀ !
ਇਨ੍ਹਾਂ ਕੱਚੇ ਕੋਠਿਆਂ ਵਾਲੇ ਪਿੰਡ ਦੀਆਂ
ਤੁਸੀਂ ਹੋ ਘਰਾਂ ਵਾਲੀਆਂ ।
ਤੁਸੀਂ ਇਨ੍ਹਾਂ ਅਲਸੀ ਦੇ ਫੁੱਲਾਂ ਦੀ
ਕਰਦੀਆਂ ਪੂਜਾ ਤੇ ਅਰਚਾ,
ਇਹ ਫੁੱਲ ਹਨ "ਸ਼ਾਮ'
ਇਹ ਫੁੱਲ ਹਨ 'ਭਗਵਾਨ' ।"

"ਇਹੋ 'ਸ਼ਾਮ' ਤੇ ਇਹੋ 'ਭਗਵਾਨ'
ਤੇ ਇਹੋ ਹੈ 'ਰੱਬ ਸੱਚਾ',
ਇਹ ਜੋ ਰਚਿਆ 'ਜਗਤ' ਉਸ ਦਾ
ਰੱਬ ਉਸ ਨੂੰ ਕਰਦਾ ਪਿਆਰ,
ਇਹੋ ਹੀ ਸੱਚਾ ਸੁਖ ਹੈ ਵਿਚ ਇਸ ਜਹਾਨ,
ਜੇ ਅਸੀਂ ਹੋ ਜਾਈਏ
ਆਪਣੇ ਖੇਤਾਂ ਵਾਂਗ ਮਹਾਨ
ਤਾਂ ਸਾਡਾ ਜੀਵਨ ਸਫਲਾ ਹੋਵੇ,
ਇਹ ਜੋ ਖੇਤ ਦਿੰਦੇ ਹਨ ਸਾਨੂੰ
ਰਜਵਾਂ 'ਧਾਨ' ।"

"ਹਾਂ ਇਹੋ ਹੈ ਕ੍ਰਿਸ਼ਨ ਘਣਸ਼ਾਮ,
ਇਹੋ ਹੈ ਭਗਵਾਨ ।
ਤੁਹਾਡੇ ਨੈਣਾਂ ਤੋਂ ਪਰੇ ਪਰੇਰੇ
ਪਸਰਿਆ ਬਿੰਦਰਾਬਨ ਦਾ ਧਾਮ।"

ਇਹ ਮੇਰੀ ਗੱਲ ਸੁਣ ਕੇ
ਉਨ੍ਹਾਂ ਦਾ ਮੁੜ ਹਾਸਾ ਇੰਝ ਛਣਕਿਆ
ਜਿਵੇਂ ਖੂਹ ਤੋਂ ਪਾਣੀ ਭਰ ਕੇ
ਉਹ ਤੁਰੀਆਂ ਜਾਣ ਛੇਤੀ ਛੇਤੀ
ਤੇ ਬਾਲਟੀਆਂ ਵਿਚੋਂ
ਪਾਣੀ ਛਲਕਦਾ ਹੋਵੇ ।
"ਸਈਓ ਨੀ !
ਸਾਡੇ ਘਰਵਾਲੇ ਕੀ ਕਹਿਣਗੇ ਸਾਨੂੰ
ਕਿੰਝ ਇਸ ਮਰਦ ਪਰਾਏ
ਸਾਡੇ ਸਿਰਾਂ 'ਚ ਅਲਸੀ ਦੇ ਫੁੱਲ ਟੰਗੇ
ਤੇ ਕਿਵੇਂ ਕੰਨਾਂ ਵਿਚ ਇਸ ਨੇ
ਇਹ ਫੁੱਲ ਲਟਕਾਏ ?
ਆਉ,
ਘਰਾਂ ਨੂੰ ਚਲੀਏ ਸਈਓ ।
ਹੋ ਗਈ ਹੈ ਅਵੇਰ ।
ਹੇ ਭਗਵਾਨ ! ਹੇ ਘਣਸ਼ਾਮ !"

10. ਬੱਦਲ ਦਾ ਛੱਤਰ

ਆਕਾਸ਼ ਤੇ ਛਾਈਆਂ ਹਨ ਘਟਾਵਾਂ
ਰਿਮਝਿਮ ਰਿਮਝਿਮ ਵਰਖਾ ਹੁੰਦੀ
ਸਾਰੇ ਬੰਨੇ ਮੀਂਹ ਪਿਆ ਵਰ੍ਹਦਾ
ਜਲਥਲ ਹੋਇਆ ਚਾਰ ਚੁਫੇਰੇ ।
ਘਾਹ ਵੀ ਵਰਖਾ ਦੇ ਵਿਚ ਭਿਜਾ,
ਅੰਬਾਂ ਉਤੋਂ ਪਾਣੀ ਟਪਕੇ;
ਮੋਹਲੇਧਾਰ ਇਸ ਮੀਂਹ ਦੇ ਅੰਦਰ
ਕੋਈ ਵੀ ਭਿਜਣੋਂ ਨਹੀਂ ਹੈ ਬਚਿਆ।
ਲੋਕੀਂ ਆਖਣ :
"ਆਪਣੇ ਘਰ ਜਾਣ ਤੋਂ ਪਹਿਲਾਂ
ਚੰਨ ਵੀ ਅਜ ਭਿਜ ਜਾਏਗਾ ।"
ਜਮਨਾ ਕੰਢੇ ਨਦੀ ਕਿਨਾਰੇ
ਆਪਣੇ ਗਊਆਂ ਦੇ ਵਗ ਨੇੜੇ
ਖੜੇ ਗਵਾਲੇ ਤੇ ਗਵਾਲਣਾਂ
ਮਾਣ ਰਹੇ ਇਸ ਵਰਖਾ ਰੁੱਤ ਨੂੰ ।
ਇਸੇ ਜਮਨਾ ਦੇ ਕੰਢੇ 'ਤੇ
ਖੜੇ ਗਵਾਲੇ ਤੇ ਗਵਾਲਣਾਂ
ਇਹ ਕੀ ਵੇਖਣ !
ਸਾਂਵਲੇ ਵਰਣ ਵਾਲਾ ਇਕ ਨਢਾ
ਪਹਿਨ ਸੁਨਹਿਰਾ ਚਾਨਣ ਦਾ ਬਾਣਾ
ਖੜਾ ਊਦੇ ਬੱਦਲ ਦੇ ਥਲੇ--
ਜਿਥੇ ਕੋਈ ਕਣੀ ਨਹੀਂ ਵਰ੍ਹਦੀ,
ਵਰ੍ਹਦੇ ਮੀਂਹ ਤੋਂ ਹੈ ਅਭਿਜ
ਵੇਖ ਰਿਹਾ ਹੈ ਇਸ ਲੀਲ੍ਹਾ ਨੂੰ!
ਮੀਂਹ ਵਰ੍ਹਦਾ ਹੈ ਚਾਰ ਚੁਫੇਰੇ,
ਪਰ ਇਸ ਊਦੇ ਬੱਦਲ ਹੇਠਾਂ
ਕੋਈ ਵੀ ਕਣੀ ਨਹੀ ਹੈ ਡਿਗਦੀ;
ਹੇਠਾਂ ਧੂੜ ਉਂਝ ਹੀ ਚਮਕੇ
ਜਿਦਾਂ ਇਥੇ ਕਦੀ ਵੀ
ਮੀਂਹ ਨਾਂ ਹੋਵੇ ਵਰ੍ਹਿਆ !
ਇਸ ਬੱਦਲ ਦੇ ਹੇਠਾਂ
ਧਰਤੀ ਬਿਲਕੁਲ ਸੁਕੀ ।

11. ਖੂਹ ਉਤੇ

ਮੈਂ ਕੁੜੀਆਂ ਚਿੜੀਆਂ ਦੀ ਇਕ ਮੰਡਲੀ
ਖੂਹ 'ਤੇ ਪਾਣੀ ਭਰਦੀ ਤੱਕੀ,
ਮਿੱਟੀ ਦੇ ਲਾਲ ਰੰਗੀਲੇ ਘੜਿਆਂ ਦੇ ਵਿਚ
ਭਰ ਰਹੀਆਂ ਸਨ ਪਾਣੀ,
ਜਦ ਉਹ ਇੰਝ ਪਾਣੀ ਸੀ ਭਰਦੀਆਂ
ਭਰਨ ਨਾਲੋਂ ਉਹ ਵੱਧ ਡੋਲ੍ਹਦੀਆਂ
ਡਾਢੇ ਨਖ਼ਰੀਲੇ ਅੰਦਾਜ਼ਾਂ ਦੇ ਨਾਲ,
ਜਦ ਉਨ੍ਹਾਂ ਨੇ ਆਪਣੇ ਘੜੇ ਭਰ ਕੇ
ਸਿਰਾਂ 'ਤੇ ਸਹਿਜੇ ਇੰਝ ਟਿਕਾਏ,
ਸਭ ਨੇ ਆਪਣੇ ਘਰਾਂ ਵਲ ਸਨ ਚਾਲੇ ਪਾਏ,
ਇੰਝ ਜਦ ਉਹ ਜੀਵਨ ਪੱਥ 'ਤੇ
ਤੁਰ ਸਨ ਰਹੀਆਂ,
ਮਿੱਠੇ ਮਿੱਠੇ ਉਨ੍ਹਾਂ ਨੇ ਸਨ ਗੀਤ ਅਲਾਏ;
ਤਾਂ ਆਲੇ ਭੋਲੇ ਬਿਨ ਜਾਣੇ ਕੁਝ
ਮੈਂ ਵੀ ਉਨ੍ਹਾਂ ਵਲ ਕਦਮ ਵਧਾਏ ।
ਪਰ ਜਦ ਮੈਂ ਤੱਕਿਆ ਦੂਜੀ ਵਾਰੀ
ਕੁੜੀਆਂ ਉਥੋਂ ਅਲੋਪ ਸਨ ਹੋਈਆਂ,
ਮੇਰਾ ਪ੍ਰੀਤਮ ਪਿਆਰਾ
ਮੇਰੇ ਅਗੇ ਅਗੇ ਜਾ ਰਿਹਾ ਸੀ,
ਮੈਨੂੰ ਰਾਹ ਦਰਸਾ ਰਿਹਾ ਸੀ।

12. ਸਭ ਨੂੰ ਖਿਚਾਂ ਪਾਉਣ ਵਾਲਾ

ਮੇਰਾ ਪ੍ਰੀਤਮ
ਬਰਫ ਢਕੀਆਂ ਪਰਬਤ ਸਿਖਰਾਂ ਉਤੇ
ਬਹਿ ਕੇ ਸੀ ਬੰਸੀ ਦੀ ਧੁਨ ਵਜਾਉਂਦਾ,
ਮਿੱਠੜਾ ਰਾਗ ਅਲਾਉਂਦਾ ।
ਸੁਣ ਕੇ ਉਸ ਦਾ ਰਾਗ ਸੁਰੀਲਾ
ਪਰਬਤ ਖੰਡ ਦੇ ਮਿਰਗ ਕਸਤੂਰੇ
ਆ ਇਕੱਤਰ ਹੋਏ ਉਸ ਥਾਂ
ਜਿਵੇਂ ਪਿਆਰ ਦੇ ਜਾਲ ਵਿਚ
ਗਏ ਹੋਵਣ ਉਹ ਬੱਧੇ;
ਪ੍ਰੀਤਮ ਵੀ ਇਸ ਖੁਸ਼ੀ ਨੂੰ
ਛੁਪਾ ਨਾ ਸਕਿਆ,
ਤੇ ਇਸ ਮਧੁਰ ਸੰਗੀਤ ਦੀ ਖੁਸ਼ਬੋਈ
ਚਾਰ-ਚੁਫੇਰੇ ਪਰਬਤ ਕੰਧਾਂ ਤੋਂ ਪ੍ਰੇਰੇ ਵੀ
ਦਿਤੀ ਜਾ ਸੁਣਾਈ।
ਸ੍ਰਿਸ਼ਟੀ ਦੇ ਸਭ ਰਿਖੀ ਰਿਖੀਸਰ
ਤਾਰੇ ਗਗਨਾਂ ਵਾਲੇ ਦੇਵ-ਗਣ ਸਾਰੇ
ਆ ਜੁੜੇ ਉਸ ਥਾਂ,
ਨਮਸਕਾਰ ਕਰ ਸੀਸ ਝੁਕਾਵਣ
ਹੋਵਣ ਪਏ ਬਲਿਹਾਰੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ