Karanjit ਕਰਨਜੀਤ
ਕਰਨਜੀਤ ਪੰਜਾਬੀ ਗ਼ਜ਼ਲ ਖੇਤਰ ਵਿੱਚ ਅਸਲੋਂ ਨਵਾਂ ਚਿਹਰਾ ਹੈ ਜੋ ਸੰਗੀਤ ਵਾਲੇ ਪਾਸਿਉਂ ਸਿਰਜਣਾ ਦੇ ਵਿਹੜੇ ਆਇਆ ਹੈ।
ਨਕੋਦਰ ਵਿੱਚ 20 ਅਪ੍ਰੈਲ 1974 ਨੂੰ ਉਹ ਪਿਤਾ ਸ੍ਵਃ ਸਰਦਾਰ ਗੁਰਦੀਪ ਸਿੰਘ ਤੇ ਮਾਤਾ ਸਰਦਾਰਨੀ ਹਰਮਿੰਦਰ ਕੌਰ ਦੇ ਘਰ ਪੈਦਾ ਹੋਇਆ।
ਨਕੋਦਰ ਦੇ ਡੀ ਏ ਵੀ ਕਾਲਿਜ ਤੇ ਗੁਰੂ ਨਾਨਕ ਨੈਸ਼ਨਲ ਕਾਲਿਜ ਚ ਪੜ੍ਹਾਈ ਕਰਦਿਆਂ ਉਹ ਪ੍ਰਿੰਸੀਪਲ ਵੀਰ ਸਿੰਘ ਰੰਧਾਵਾ ਤੇ ਪ੍ਰੋਃ ਸੁਰਜੀਤ ਸਿੰਘ ਤੋਂ ਇਲਾਵਾ ਪ੍ਰੋਃ ਹਰਦਿਆਲ ਸਾਗਰ ਤੇ ਪ੍ਰੋਃ ਸੁਰਜੀਤ ਜੱਜ ਤੋਂ ਪ੍ਰਭਾਵਤ ਹੋਇਆ।
ਵਿੱਚੇ ਪੜ੍ਹਾਈ ਛੱਡ ਕੇ ਉਹ ਆਸਟਰੇਲੀਆ ਚਲਾ ਗਿਆ। ਪਰ ਜਲਦੀ ਪਰਤ ਕੇ 2001 ਚ ਗਰੈਜੂਏਸ਼ਨ ਮੁਕੰਮਲ ਕੀਤੀ।
ਕਰਨਜੀਤ ਦੀ ਪਹਿਲੀ ਮੁਹੱਬਤ ਸੰਗੀਤ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿੱਚ ਉਹ ਗ਼ਜ਼ਲ ਗਾਇਕ ਵਜੋਂ ਪ੍ਰਸਿੱਧ ਹੋਇਆ।
ਉਸ ਦੀ ਪਲੇਠੀ ਗ਼ਜ਼ਲ ਪੁਸਤਕ ਉਸ ਨੂੰ ਕਹੋ ਕੁਝ ਦਿਨ ਪਹਿਲਾਂ ਹੀ ਸਪਰੈੱਡ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋਈ ਹੈ। ਨਵੇਂ ਮੁਹਾਵਰੇ ਦੇ ਸਮਰੱਥ ਸ਼ਾਇਰਾਂ ਤਰਸੇਮ ਨੂਰ ਤੇ ਮੁਕੇਸ਼ ਆਲਮ ਨੇ ਉਸ ਦੀ ਸ਼ਾਇਰੀ ਨੂੰ ਖ਼ੁਸ਼ ਆਮਦੀਦ ਕਿਹਾ ਹੈ।
ਮੈਨੂੰ ਇਹ ਕਿਤਾਬ ਪੜ੍ਹ ਕੇ ਲੱਗਿਆ ਜਿਵੇਂ ਸੱਜਰੀ ਹਵਾ ਦੇ ਮਹਿਕਵੰਤੇ ਬੁੱਲੇ ਨੂੰ ਮਾਣ ਰਿਹਾ ਹੋਵਾਂ। ਤ੍ਰੈਲੋਚਨ ਲੋਚੀ , ਰਾਜਦੀਪ ਤੂਰ ਤੇ ਮਨਜਿੰਦਰ ਧਨੋਆ ਵਾਂਗ ਉਸ ਦੇ ਅੰਦਾਜ਼ ਵਿੱਚ ਸਹਿਜ ਤੇ ਸੁਹਜ ਦਾ ਸਮਤੋਲ ਹੈ।
ਪੰਜਾਬੀ ਗ਼ਜ਼ਲ ਮੰਚ (ਰਜਿਃ) ਫਿਲੌਰ ਵੱਲੋਂ ਉਸਨੂੰ ਪਲੇਠੀ ਪੁਸਤਕ 'ਉਸਨੂੰ ਆਖੋ' ਬਦਲੇ ਡਾਃ ਰਣਧੀਰ ਸਿੰਘ ਚੰਦ ਯਾਦਗਾਰੀ ਪੁਰਸਕਾਰ 2021 ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਲਾਨਾ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ ਹੈ। - ਗੁਰਭਜਨ ਗਿੱਲ