Usnu Aakho : Karanjit

ਉਸਨੂੰ ਆਖੋ : ਕਰਨਜੀਤਤੇਰਾ ਮੇਰਾ ਪਿਆਰ ਹੈ

ਤੇਰਾ ਮੇਰਾ ਪਿਆਰ ਹੈ ਬਸ ਹੋਰ ਕੀ ਹੈ ਇਹ ਗ਼ਜ਼ਲ ਜੀਣ ਦਾ ਆਧਾਰ ਹੈ ਬਸ ਹੋਰ ਕੀ ਹੈ ਇਹ ਗ਼ਜ਼ਲ ਝੀਲ, ਪਰਬਤ, ਥਲ, ਸਮੁੰਦਰ, ਚੰਨ, ਤਾਰੇ, ਆਦਮੀ ਬੂੰਦ ਵਿੱਚ ਸੰਸਾਰ ਹੈ ਬਸ ਹੋਰ ਕੀ ਹੈ ਇਹ ਗ਼ਜ਼ਲ ਸ਼ਿਅਰ ਦੇ ਮਿਸਰੇ ਦੋ ਆਪਾਂ ਕਾਫ਼ੀਏ ਦੋ ਆਪਣੇ ਆਪਣਾ ਸੰਸਾਰ ਹੈ ਬਸ ਹੋਰ ਕੀ ਹੈ ਇਹ ਗ਼ਜ਼ਲ ਨਾ ਹੀ ਬੁਝਿਆ ਨਾ ਬੁਝੇਗਾ ਹੋਣ ਲੱਖਾਂ ਬਾਰਿਸ਼ਾਂ ਦਿਲ ’ਚ ਇੱਕ ਅੰਗਿਆਰ ਹੈ ਬਸ ਹੋਰ ਕੀ ਹੈ ਇਹ ਗ਼ਜ਼ਲ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਤੂੰ ਹੈਂ ਰੂ-ਬ-ਰੂ ਇੱਕ ਤੇਰਾ ਦੀਦਾਰ ਹੈ ਬਸ ਹੋਰ ਕੀ ਹੈ ਇਹ ਗ਼ਜ਼ਲ ਕੁਝ ਤਾਂ ਲਿਖਦੇ ਨੇ ਕਿ ਦਿਲ ਦਾ ਬੋਝ ਹਲਕਾ ਹੋ ਸਕੇ ਕੁਝ ਲਈ ਰੁਜ਼ਗਾਰ ਹੈ ਬਸ ਹੋਰ ਕੀ ਹੈ ਇਹ ਗ਼ਜ਼ਲ ਜ਼ਿਹਨ ਤੋਂ ਦਿਲ ਦੇ ਸਫ਼ਰ ਤੱਕ ਇੱਕ ਨਦੀ ਦਰਪੇਸ਼ ਹੈ ਪਹੁੰਚਣਾ ਉਸ ਪਾਰ ਹੈ ਬਸ ਹੋਰ ਕੀ ਹੈ ਇਹ ਗ਼ਜ਼ਲ

ਆਸ ਭਾਵੇਂ ਤੋੜਦੈਂ ਤੂੰ

ਆਸ ਭਾਵੇਂ ਤੋੜਦੈਂ ਤੂੰ ਐ ਜ਼ਮਾਨੇ ਰੋਜ਼ ਹੀ ਜੀਣ ਦੇ ਲੱਭ ਹੀ ਮੈਂ ਲੈਂਦਾ ਹਾਂ ਬਹਾਨੇ ਰੋਜ਼ ਹੀ ਸਿਰਫ਼ ਇੱਕ ਦੀਦਾਰ ਹੋ ਜਾਵੇ ਤੇਰਾ ਬਸ ਇਸ ਲਈ ਆ ਕੇ ਬਹਿ ਜਾਂਦੇ ਤੇਰੇ ਦਰ ’ਤੇ ਦਿਵਾਨੇ ਰੋਜ਼ ਹੀ ਕੀ ਕਹਾਂ ਕੀ ਨਾ ਕਹਾਂ ਦੁਵਿਧਾ 'ਚ ਰਹਿੰਦਾ ਹਾਂ ਸਦਾ ਮੇਰੀ ਚੁੱਪੀ ’ਤੇ ਵੀ ਬਣ ਜਾਂਦੇ ਫ਼ਸਾਨੇ ਰੋਜ਼ ਹੀ ਮੈਂ ਹਨੇਰੀ ਰਾਤ ਦੀ ਇੱਕ ਕੋਠੜੀ ਵਿੱਚ ਕੈਦ ਹਾਂ ਮੈਨੂੰ ਲੱਭਦੇ ਫਿਰਨ ਬਾਹਰ ਦਿਨ ਸੁਹਾਨੇ ਰੋਜ਼ ਹੀ ਮੈਂ ਕਿਹਾ ਵੀ ਸੀ, ਨਾ ਮਹਿਕਾਂ ਕੋਲ ਮੇਰਾ ਜ਼ਿਕਰ ਕਰ ਛੇੜਦੇ ਰਹਿਣਾ ਹੈ ਮੈਨੂੰ ਹੁਣ ਹਵਾ ਨੇ ਰੋਜ਼ ਹੀ

ਉਸਨੂੰ ਆਖੋ ਕਿ ਜਾਮ ਤਿਆਰ ਕਰੇ

ਉਸਨੂੰ ਆਖੋ ਕਿ ਜਾਮ ਤਿਆਰ ਕਰੇ ਸ਼ਾਮ ਤਕ ਕੌਣ ਇੰਤਜ਼ਾਰ ਕਰੇ ਮੇਰੇ ਮਾਲਿਕ ਸਜ਼ਾ ਦਵੀਂ ਮੈਨੂੰ ਬੇਵਫ਼ਾਈ ਜੇ ਮੇਰਾ ਯਾਰ ਕਰੇ ਮੁਸਕੁਰਾ ਕੇ ਕਹਾਂ ਜੇ ਠੀਕ ਹਾਂ ਮੈਂ ਆਈਨਾ ਵੀ ਨਾ ਐਤਬਾਰ ਕਰੇ ਮੈਂ ਹਾਂ ਪੱਥਰ ਪਿਘਲਣਾ ਚਾਹੁੰਦਾ ਹਾਂ ਕੋਈ ਆਵੇ ਤੇ ਮੈਨੂੰ ਪਿਆਰ ਕਰੇ ਫੁੱਲ ਹੀ ਚਾਹੁੰਦੇ ਨੇ ਖ਼ੁਦਕੁਸ਼ੀ ਕਰਨਾ ਬਾਗ ਵਿੱਚ ਆ ਕੇ ਕੀ ਬਹਾਰ ਕਰੇ ਯਾਦ ਆ-ਆ ਕੇ ਬਾਰਿਸ਼ਾਂ ਵਿੱਚ ਉਹ ਖੁਸ਼ਨੁਮਾ ਰੁੱਤ ਨੂੰ ਸੋਗਵਾਰ ਕਰੇ

ਬੜੇ ਹੀ ਦਿਲ, ਬੜੇ ਰਿਸ਼ਤੇ

ਬੜੇ ਹੀ ਦਿਲ, ਬੜੇ ਰਿਸ਼ਤੇ, ਬੜੇ ਇਤਬਾਰ ਟੁੱਟਦੇ ਨੇ ਮੁਹੱਬਤ ਜਦ ਵੀ ਟੁੱਟਦੀ ਹੈ ਇਹ ਕਿਉਂ ਹਰ ਵਾਰ ਟੁੱਟਦੇ ਨੇ ਕਰੋ ਇਮਦਾਦ ਜੇਕਰ ਰਿਸ਼ਤਿਆਂ ਵਿੱਚ ਪਿਆਰ ਵਧ ਜਾਂਦੈ ਕਰੋ ਇਮਦਾਦ ਦੀ ਉੱਮੀਦ ਰਿਸ਼ਤੇਦਾਰ ਟੁੱਟਦੇ ਨੇ ਢਲੀ ਜਦ ਸ਼ਾਮ ਤਾਂ ਉਸ ਨੇ ਵੀ ਕੀਤਾ ਜ਼ਿਕਰ ਰੁਖ਼ਸਤ ਦਾ ਕਿਉਂ ਐਨੇ ਖ਼ੂਬਸੂਰਤ ਖ਼ਾਬ ਅੱਧ ਵਿਚਕਾਰ ਟੁੱਟਦੇ ਨੇ ਇਹ ਸ਼ੱਕ ਹੁੰਦਾ ਹੈ ਘੁਣ ਵਾਂਗੂੰ ਕਿਤੇ ਹਲਕੇ 'ਚ ਨਾ ਲੈਣਾ ਮਹਿਜ਼ ਇੱਕ ਘਰ ਨੂੰ ਲੱਗਦਾ ਹੈ ਕਈ ਪਰਿਵਾਰ ਟੁੱਟਦੇ ਨੇ ਹੈ ਸਜਿਆ ਖ਼ਲਕ ਦੇ ਸਿਰ 'ਤੇ ਹੀ ਇਹ ਦਰਬਾਰ ਹਾਕਮ ਦਾ ਜਦੋਂ ਹਾਕਮ ਇਹ ਭੁੱਲ ਜਾਵੇ ਤਾਂ ਫਿਰ ਦਰਬਾਰ ਟੁੱਟਦੇ ਨੇ

ਹੰਝੂਆਂ ਦਾ ਦਰਿਆ ਤਾਂ ਵਗਦਾ ਰਹਿੰਦਾ ਹੈ

ਹੰਝੂਆਂ ਦਾ ਦਰਿਆ ਤਾਂ ਵਗਦਾ ਰਹਿੰਦਾ ਹੈ ਦਿਲ ਫਿਰ ਕਿਉਂ ਹਰ ਵਕਤ ਸੁਲਗਦਾ ਰਹਿੰਦਾ ਹੈ ਡੁੱਬਦਾ ਹੋਵੇ ਭਾਵੇਂ ਸੂਰਜ ਸਾਹਾਂ ਦਾ ਆਸ ਦਾ ਦੀਵਾ ਫਿਰ ਵੀ ਜਗਦਾ ਰਹਿੰਦਾ ਹੈ ਇਹ ਆਹਟ, ਆਹਟ ਹੈ ਉਸ ਦੇ ਕਦਮਾਂ ਦੀ ਹਰ ਆਹਟ ’ਤੇ ਇੰਝ ਹੀ ਲੱਗਦਾ ਰਹਿੰਦਾ ਹੈ ਤੇਰੇ ਨਾਂਅ ’ਤੇ ਪੁੱਛ ਨਾ ਕੀ-ਕੀ ਕਰਵਾਉਂਦੈ ਮੇਰਾ ਦਿਲ ਮੈਨੂੰ ਹੀ ਠੱਗਦਾ ਰਹਿੰਦਾ ਹੈ

ਹਰ ਖ਼ੁਸ਼ੀ 'ਤੇ ਬੋਝ ਨੇ

ਹਰ ਖ਼ੁਸ਼ੀ 'ਤੇ ਬੋਝ ਨੇ ਹਰ ਹਾਦਸੇ ’ਤੇ ਬੋਝ ਨੇ ਰਿਸ਼ਤਿਆਂ ਦੀ ਕੀ ਕਹਾਂ ਇੱਕ ਦੂਸਰੇ ’ਤੇ ਬੋਝ ਨੇ ਫੇਰ ਇੱਕ ਸੋਹਣੀ ਝਨਾਅ ਦੇ ਅੱਧ ਤੀਕਰ ਆ ਗਈ ਕੌਣ ਸਮਝੇ ਇਸ ਦਫ਼ਾ ਕੀ-ਕੀ ਘੜੇ `ਤੇ ਬੋਝ ਨੇ ਕਤਲ ਮੈਥੋਂ ਹੋ ਗਏ ਮੈਂ ਕੀ ਕਰਾਂ ਕਿਸ ਨੂੰ ਕਹਾਂ ਖ਼ਾਬ ਕੁਝ ਮਾਸੂਮ ਮੇਰੇ ਰਤਜਗੇ ਤੇ ਬੋਝ ਨੇ ਫ਼ੈਸਲਾ ਤੇਰਾ ਹੀ ਸੀ ਵੱਖ ਹੋਣ ਦਾ ਵੱਖ ਹੋ ਗਏ ਹੁਣ ਤੇਰੇ ਹੰਝੂ ਹੀ ਤੇਰੇ ਫ਼ੈਸਲੇ 'ਤੇ ਬੋਝ ਨੇ ਮੈਂ ਇਕੱਲਾ ਦਿਲ ’ਚ ਮੇਰੇ ਹਸਰਤਾਂ ਦਾ ਕਾਫ਼ਲਾ ਮੈਂ ਇਨ੍ਹਾਂ 'ਤੇ ਬੋਝ ਹਾਂ ਤੇ ਇਹ ਮੇਰੇ 'ਤੇ ਬੋਝ ਨੇ

ਤੇਰੇ ਰੰਗਾਂ ਬਿਨ ਤਸਵੀਰ

ਤੇਰੇ ਰੰਗਾਂ ਬਿਨ ਤਸਵੀਰ 'ਚ ਸ਼ਕਲ ਮੁਕੰਮਲ ਹੋਣੀ ਨਈਂ ਐਸਾ ਨਈਂ ਕਿ ਬਣਨੀ ਨਈਂ ਦਰਅਸਲ ਮੁਕੰਮਲ ਹੋਣੀ ਨਈਂ ਭਰ ਚੁੱਕੇ ਇਸ ਜ਼ਖ਼ਮ ਨੂੰ ਤੱਕ ਕੇ ਮਤਲਾ ਕੀ ਮੈਂ ਕਹਿ ਬੈਠਾ ਜ਼ਖ਼ਮ ਕੁਰੇਦੇ ਬਿਨ ਹੁਣ ਲਗਦੈ ਗ਼ਜ਼ਲ ਮੁਕੰਮਲ ਹੋਣੀ ਨਈਂ ਤੇਰੇ ਵਰਗਾ ਹੋਰ ਵੀ ਇੱਕ ਜੇ ਰੱਬ ਬਣਾਉਣਾ ਚਾਹੇ ਤਾਂ ਮਿਲਦਾ-ਜੁਲਦਾ ਬਣ ਜਾਣੈ ਪਰ ਨਕਲ ਮੁਕੰਮਲ ਹੋਣੀ ਨਈਂ ਨੈਣਾਂ ਦੀ ਜ਼ਰਖ਼ੇਜ਼ ਧਰਤ 'ਤੇ ਹੰਝੂ ਰੱਜ ਕੇ ਬੀਜੇ ਮੈਂ ਆ ਜਾਵੇਂ ਤਾਂ ਚੰਗੈ ਵਰਨਾ ਫ਼ਸਲ ਮੁਕੰਮਲ ਹੋਣੀ ਨਈਂ

ਜੋ ਤੇਰੇ ਹਿਜਰ ਵਿੱਚ ਹੋਈ ਸੀ

ਜੋ ਤੇਰੇ ਹਿਜਰ ਵਿੱਚ ਹੋਈ ਸੀ ਉਹ ਬਰਸਾਤ ਕੀ ਦੱਸਾਂ ਮੈਂ ਇੱਕ-ਇੱਕ ਬੂੰਦ ਨੂੰ ਪਾਈ ਸੀ ਤੇਰੀ ਬਾਤ ਕੀ ਦੱਸਾਂ ਮੈਂ ਸਾਰੀ ਰਾਤ ਹੱਥ ਦੇ ਕੇ ਬਚਾਇਆ ਬੁਝਣ ਤੋਂ ਦੀਵਾ ਮੇਰੀ ਉੱਮੀਦ ਵਿੱਚ ਰੌਸ਼ਨ ਸੀ ਇੱਕ ਪਰਭਾਤ ਕੀ ਦੱਸਾਂ ਨਾ ਰੱਖ ਹੁੰਦੇ ਨੇ ਦਿਲ ਵਿੱਚ ਨਾ ਹੀ ਮੂੰਹੋਂ ਬੋਲ ਹੁੰਦੇ ਨੇ ਬੜੇ ਤਕਲੀਫ਼ਦੇਹ ਹੁੰਦੇ ਨੇ ਕੁਝ ਜਜ਼ਬਾਤ ਕੀ ਦੱਸਾਂ ਨਦਾਰਦ ਜਦ ਮੇਰੇ ਸ਼ੀਸ਼ੇ ’ਚੋਂ ਮੇਰਾ ਅਕਸ ਹੀ ਹੋਇਆ ਮੈਂ ਆਪਣੀ ਹੋਂਦ ਕੀ ਦੱਸਾਂ ਮੈਂ ਆਪਣੀ ਜ਼ਾਤ ਕੀ ਦੱਸਾਂ ਘੜੀ ਭਰ ਲਈ ਤਾਂ ਇੰਝ ਲੱਗਿਆ ਜਿਵੇਂ ਤੂੰ ਸਾਹਮਣੇ ਹੋਵੇਂ ਪਈ ਬੱਦਲਾਂ ਦੇ ਉਹਲੇ ਚੰਨ ’ਤੇ ਜਦ ਝਾਤ ਕੀ ਦੱਸਾਂ ਕਦੇ ਸੋਚਾਂ, ਕਦੇ ਸੁਫ਼ਨੇ , ਕਦੇ ਸੱਧਰਾਂ, ਕਦੇ ਹੰਝੂ ਤੇਰੀ ਬਸ ਇੱਕ ਨਜ਼ਰ ’ਤੇ ਬਣ ਗਏ ਹਾਲਾਤ ਕੀ ਦੱਸਾਂ ਮੇਰੇ ਇਜ਼ਹਾਰ ’ਤੇ ਜੋ ਓਸਨੇ ਕਹਿਣਾ ਸੀ ਹਾਂ ਜਾਂ ਨਾ ਮੇਰੀ ਉਸ ਲਫ਼ਜ਼ 'ਤੇ ਨਿਰਭਰ ਸੀ ਕਾਇਨਾਤ ਕੀ ਦੱਸਾਂ

ਮੁਹੱਬਤ ਐਸਾ ਦਰਿਆ ਹੈ

ਮੁਹੱਬਤ ਐਸਾ ਦਰਿਆ ਹੈ ਜਿਦਾ ਸਾਹਿਲ ਨਹੀਂ ਹੁੰਦਾ ਨਜ਼ਰ ਜੇ ਆ ਵੀ ਜਾਵੇ ਤਾਂ ਕਦੇ ਹਾਸਿਲ ਨਹੀਂ ਹੁੰਦਾ ਤੇਰੀ ਮੌਜੂਦਗੀ ਵਿੱਚ ਵੀ ਕਮੀ ਤੇਰੀ ਹੀ ਖਲਦੀ ਹੈ ਤੇਰੀ ਆਗੋਸ਼ ਵਿੱਚ ਆ ਕੇ ਵੀ ਤੈਨੂੰ ਮਿਲ ਨਹੀਂ ਹੁੰਦਾ ਨਜ਼ਰ ਜੋ ਵੇਖਦੀ ਹੈ ਉਹ ਜ਼ਰੂਰੀ ਨਹੀਂ ਕਿ ਸੱਚ ਹੋਵੇ ਜਿਦ੍ਹੇ ਹੱਥਾਂ 'ਚ ਖੰਜਰ ਉਹ ਸਦਾ ਕਾਤਿਲ ਨਹੀਂ ਹੁੰਦਾ ਤੇਰੇ ਨੈਣਾਂ ਦਾ ਜਾਦੂ ਇਸ ਤਰ੍ਹਾਂ ਮੇਰੇ `ਤੇ ਚੱਲਦਾ ਹੈ ਖੜਾ ਜਿੱਥੇ ਵੀ ਹੁੰਦਾ ਹਾਂ ਫਿਰ ਉੱਥੋਂ ਹਿੱਲ ਨਹੀਂ ਹੁੰਦਾ ਮੁਹੱਬਤ ਜਿਸ ਦੀ ਰਗ-ਰਗ ਵਿੱਚ ਉਹੀ ਮਹਿਰੂਮ ਹੈ ਇਸ ਤੋਂ ਤੇ ਇਹ ਮਿਲਦੀ ਵੀ ਉਸਨੂੰ ਹੈ ਜੋ ਇਸ ਕਾਬਿਲ ਨਹੀਂ ਹੁੰਦਾ

ਹਨੇਰੇ ਬੜੇ ਭਾਵੇਂ ਛਾਏ ਹੋਏ ਨੇ

ਹਨੇਰੇ ਬੜੇ ਭਾਵੇਂ ਛਾਏ ਹੋਏ ਨੇ ਮੈਂ ਆਸਾਂ ਦੇ ਦੀਵੇ ਜਗਾਏ ਹੋਏ ਨੇ ਸੁਣੇ ਗੀਤ ਓਨੇ ਨਹੀਂ ਤੂੰ ਵਫ਼ਾ ਦੇ ਮੈਂ ਜਿੰਨੇ ਕੁ ਇਹ ਗੀਤ ਗਾਏ ਹੋਏ ਨੇ ਮੇਰਾ ਨਾਮ ਲੈਂਦੇ ਜੋ ਥੱਕਦੇ ਨਹੀਂ ਸੀ ਮੇਰਾ ਨਾਮ ਸੁਣ ਤਿਲਮਿਲਾਏ ਹੋਏ ਨੇ ਮਿਲੇਂ ਜੇ ਕਦੇ ਤੈਨੂੰ ਇੱਕ ਘੁੱਟ ’ਚ ਪੀ ਲਾਂ ਮੇਰੇ ਨੈਣ ਐਨੇ ਤਿਹਾਏ ਹੋਏ ਨੇ ਮੈਂ ਗ਼ਮ ਨੂੰ ਵੀ ਐਨੇ ਸਲੀਕੇ ’ਚ ਰੱਖਿਆ ਕਿ ਪਲਕਾਂ 'ਤੇ ਹੰਝੂ ਸਜਾਏ ਹੋਏ ਨੇ ਜੋ ਕੱਲ੍ਹ ਤੱਕ ਤਾਂ ਮਾਲਿਕ ਸੀ ਖ਼ੁਦ ਏਸ ਘਰ ਦੇ ਉਹੀ ਬਣ ਕੇ ਮਹਿਮਾਨ ਆਏ ਹੋਏ ਨੇ

ਮੈਂ ਜੇਕਰ ਪਿਆਰ ਨਾ ਕਰਦਾ

ਮੈਂ ਜੇਕਰ ਪਿਆਰ ਨਾ ਕਰਦਾ ਤਾਂ ਦੱਸ ਫਿਰ ਹੋਰ ਕੀ ਕਰਦਾ ਤੇਰੇ ਨੈਣਾਂ ਦੇ ਮੂਹਰੇ ਚੱਲਿਆ ਨਾ ਜ਼ੋਰ ਕੀ ਕਰਦਾ ਤੂੰ ਕਹਿੰਦਾ ਸੀ ਕਿ ਆਵਾਂਗਾ ਨਹੀਂ ਆਇਆ ਤਾਂ ਤੂੰ ਹੀ ਦੱਸ ਮੈਂ ਇਸ ਬਾਰਿਸ਼ ਦਾ ਕੀ ਕਰਦਾ ਘਟਾ ਘਨਘੋਰ ਕੀ ਕਰਦਾ ਮੁਹੱਬਤ ਦੀ ਹੈ ਬੋਲੀ ਨਰਮ, ਨਾਜ਼ੁਕ ਤੇ ਬਹੁਤ ਮਿੱਠੀ ਨਿਭਾਅ ਸਕਿਆ ਨਹੀਂ ਮੈਂ ਸੀ ਜ਼ਰਾ ਮੂੰਹ-ਜ਼ੋਰ ਕੀ ਕਰਦਾ ਸਫ਼ਰ ਵਿੱਚ ਤੂੰ ਬਹੁਤ ਅੱਗੇ ਨਿਕਲਿਆ ਮੈਂ ਰਿਹਾ ਪਿੱਛੇ ਸਮੇਂ ਤੋਂ ਵੀ ਸੀ ਜ਼ਿਆਦਾ ਤੇਜ਼ ਤੇਰੀ ਤੋਰ ਕੀ ਕਰਦਾ

ਤੇਰੇ ਤੋਂ ਦੂਰ ਜਾ ਕੇ ਇੱਕ ਵਾਰ ਵੇਖਣਾ ਹੈ

ਤੇਰੇ ਤੋਂ ਦੂਰ ਜਾ ਕੇ ਇੱਕ ਵਾਰ ਵੇਖਣਾ ਹੈ ਹੁੰਦਾ ਹੈ ਹੋਰ ਕਿਹੜਾ ਸੰਸਾਰ ਵੇਖਣਾ ਹੈ ਦੁਨੀਆ ਹੈ ਖ਼ੈਰ ਦੁਨੀਆ, ਦੁਨੀਆ ਤੋਂ ਮੈਂ ਕੀ ਲੈਣਾ ਤੈਨੂੰ ਮੇਰੇ 'ਤੇ ਕਿੰਨਾ ਇਤਬਾਰ ਵੇਖਣਾ ਹੈ ਤੈਨੂੰ ਹੀ ਹਰ ਘੜੀ ਬਸ ਮੈਂ ਕਿੰਝ ਵੇਖੀ ਜਾਵਾਂ ਘਰ ਬਾਰ ਵੇਖਣਾ ਹੈ ਕੰਮ ਕਾਰ ਵੇਖਣਾ ਹੈ ਸ਼ਿਅਰਾਂ ਨੂੰ ਪੜ੍ਹ ਕੇ ਮੇਰੇ ਉਸ ਨੇ ਕਿਹਾ ਸੀ ਮੈਨੂੰ ਭਖਦੈ ਜੋ ਤੇਰੇ ਦਿਲ ਵਿੱਚ ਅੰਗਿਆਰ ਵੇਖਣਾ ਹੈ ਇਹ ਫੁੱਲ, ਪਹਾੜ, ਝਰਨੇ, ਬਾਰਿਸ਼, ਹਵਾ, ਪਰਿੰਦੇ ਧਰਤੀ ਦਾ ਕਿਸ ਨੇ ਕੀਤੀ ਸ਼ਿੰਗਾਰ ਵੇਖਣਾ ਹੈ

ਤੇਰਾ ਹੀ ਖ਼ਿਆਲ ਹੁੰਦਾ ਹੈ ਦੁਆਵਾਂ ਵਿੱਚ

ਤੇਰਾ ਹੀ ਖ਼ਿਆਲ ਹੁੰਦਾ ਹੈ ਦੁਆਵਾਂ ਵਿੱਚ, ਇਬਾਦਤ ਵਿੱਚ ਮੈਂ ਕਾਫ਼ਿਰ ਹੋ ਗਿਆ ਹਾਂ ਵੇਖ ਕਿੰਝ ਤੇਰੀ ਮੁਹੱਬਤ ਵਿੱਚ ਬਸ ਓਥੇ ਛੱਡ ਦਵੀਂ ਇਸ ਨੂੰ ਇਹ ਜਿੱਥੇ ਵੀ ਤਿੜਕ ਜਾਵੇ ਹੈ ਰਿਸ਼ਤਾ ਆਈਨੇ ਦੇ ਵਾਂਗ ਟੁੱਟ ਜਾਣੈ ਮੁਰੰਮਤ ਵਿੱਚ ਮੇਰੀ ਭੁੱਲ ਬਖ਼ਸ਼ ਦੇ ਮੁਨਸਿਫ਼ ਕਿ ਮੈਂ ਇਨਸਾਫ਼ ਮੰਗ ਬੈਠਾ ਮੈਂ ਸੀ ਅਨਜਾਣ ਕਿ ਇਹ ਜੁਰਮ ਹੈ ਤੇਰੀ ਅਦਾਲਤ ਵਿੱਚ ਬੁਰਾ ਜਦ ਸਾਂ, ਬੜਾ ਖ਼ੁਸ਼ ਸਾਂ, ਬੜਾ ਆਰਾਮ ਵਿਚ ਸਾਂ ਮੈਂ ਗੁਆ ਕੇ ਬਹਿ ਗਿਆ ਹਾਂ ਚੈਨ ਮੈਂ ਆਪਣਾ ਸ਼ਰਾਫ਼ਤ ਵਿੱਚ ਤੂੰ ਮੈਨੂੰ ਅਲਵਿਦਾ ਤਾਂ ਆਖ ਦਿੱਤਾ ਹੱਸਦਿਆਂ ਐਪਰ ਨਿਕਲ ਜਾਣੀ ਸੀ ਮੇਰੀ ਜਾਨ ਤੇਰੀ ਇਸ ਸ਼ਰਾਰਤ ਵਿੱਚ

ਵਕਤ ਦੇ ਨਾਲ-ਨਾਲ ਚੱਲਦਾ ਸੀ

ਵਕਤ ਦੇ ਨਾਲ-ਨਾਲ ਚੱਲਦਾ ਸੀ ਫਿਰ ਵੀ ਹਰ ਮੋੜ ’ਤੇ ਫਿਸਲਦਾ ਸੀ ਮੇਰੇ ਮਰਨੇ 'ਤੇ ਵੀ ਨਹੀਂ ਆਇਆ ਰੋਸ ਐਡਾ ਵੀ ਕਿਹੜੀ ਗੱਲ ਦਾ ਸੀ ਬੇਕਰਾਰੀ ਨੇ ਮਾਰ ’ਤਾ ਉਸ ਨੂੰ ਦਿਲ ਜੋ ਪਾਗਲ ਬੜਾ ਮਚਲਦਾ ਸੀ ਉਹ ਵੀ ਇੱਕ ਵਕਤ ਸੀ ਉਡੀਕਾਂ ਦਾ ਵਕਤ ਕੀੜੀ ਦੀ ਚਾਲ ਚੱਲਦਾ ਸੀ

ਪਿਆਸ ਆਖੇ ਤਾਂ ਸਹੀ

ਪਿਆਸ ਆਖੇ ਤਾਂ ਸਹੀ ਥਲ ਨੂੰ ਵੀ ਸਰਵਰ ਕਰ ਦਿਆਂ ਬੱਦਲਾਂ ਨੂੰ ਚੁੰਮ ਲਵਾਂ ਧਰਤੀ ਨੂੰ ਅੰਬਰ ਕਰ ਦਿਆਂ ਰਹਿਣ ਲਈ ਤਾਮੀਰ ਬੇਸ਼ੱਕ ਘਰ ਤਾਂ ਜਲਦੀ ਹੋ ਗਿਆ ਉਮਰ ਗਿਰਵੀ ਹੋ ਗਈ ਇਸ ਘਰ ਨੂੰ ਪਰ ਘਰ ਕਰਦਿਆਂ ਜ਼ਿੰਦਗੀ ਮੈਂ ਹੋਰ ਬਦਤਰ ਹੋਰ ਬਦਤਰ ਕਰ ਲਈ ਜ਼ਿੰਦਗੀ ਨੂੰ ਹੋਰ ਬਿਹਤਰ ਹੋਰ ਬਿਹਤਰ ਕਰਦਿਆਂ ਮੈਂ ਭੁਲਾ ਦੇਵਾਂਗਾ ਤੈਨੂੰ ਫ਼ੈਸਲਾ ਕੀਤਾ ਤਾਂ ਹੈ ਹੋ ਨਾ ਜਾਵਾਂ ਖ਼ੁਦ ਹੀ ਪੱਥਰ ਦਿਲ ਨੂੰ ਪੱਥਰ ਕਰਦਿਆਂ ਯਾਰ ਮੇਰੇ ਕਹਿ ਰਹੇ ਨੇ ਕੱਢ ਦੇ ਦਿਲ ’ਚੋਂ ਓਸ ਨੂੰ ਕਿਸ ਤਰ੍ਹਾਂ ਘਰ ਦੇ ਹੀ ਮਾਲਿਕ ਨੂੰ ਮੈਂ ਬੇਘਰ ਕਰ ਦਿਆਂ

ਕਦੇ ਚੇਤੇ ਕਰੀ ਜਾਣਾ

ਕਦੇ ਚੇਤੇ ਕਰੀ ਜਾਣਾ ਕਦੇ ਉਸ ਨੂੰ ਭੁਲਾ ਦੇਣਾ ਮਜ਼ਾ ਦੇਣਾ ਕਦੇ ਦਿਲ ਨੂੰ ਕਦੇ ਦਿਲ ਨੂੰ ਸਜ਼ਾ ਦੇਣਾ ਉਦ੍ਹੀ ਮਹਿਫ਼ਿਲ ’ਚ ਚੱਲੇ ਹੋ ਤੇ ਓਥੇ ਉਹ ਵੀ ਹੋਵੇਗਾ ਮੇਰੀ ਹਾਲਤ ਮੇਰੇ ਯਾਰੋ ਜ਼ਰਾ ਉਸ ਨੂੰ ਸੁਣਾ ਦੇਣਾ ਤੇਰਾ ਬਿਖਰਾ ਕੇ ਵਾਲਾਂ ਨੂੰ ਇਹ ਕਹਿਣਾ ‘ਸ਼ਾਮ ਹੋ ਗਈ ਜੀ' ਮੇਰਾ ਵੀ ਮਸਤ ਹੋ ਕੇ ਹਾਂ ਦੇ ਵਿੱਚ ਫਿਰ ਹਾਂ ਮਿਲਾ ਦੇਣਾ ਰੜਕ ਪਛਤਾਵਿਆਂ ਦੀ ਉਮਰ ਭਰ ਫਿਰ ਜੀਣ ਨਾ ਦੇਵੇ ਬੜਾ ਆਸਾਨ ਹੁੰਦਾ ਹੈ ਕਿਸੇ ਦਾ ਦਿਲ ਦੁਖਾ ਦੇਣਾ ਨਹੀਂ ਭੁੱਲਣਾ ਕਦੇ ਮੈਨੂੰ ਉਹ ਮੰਜ਼ਰ ਅਲਵਿਦਾ ਵਾਲਾ ਤੇਰਾ ਹੰਝੂ ਲੁਕੋ ਲੈਣਾ ਤੇ ਮੇਰਾ ਮੁਸਕੁਰਾ ਦੇਣਾ

ਤਪਦੇ ਥਲ ਨੂੰ ਬੂੰਦ-ਬੂੰਦ ਲਈ

ਤਪਦੇ ਥਲ ਨੂੰ ਬੂੰਦ-ਬੂੰਦ ਲਈ ਹੌਕੇ ਭਰਦੇ ਵੇਖ ਰਿਹਾਂ ਬੇਲੋੜੇ ਦਰਿਆਵਾਂ ਉੱਪਰ ਬੱਦਲ ਵਰ੍ਹਦੇ ਵੇਖ ਰਿਹਾਂ ਕੀ ਦੱਸਾਂ ਮੈਂ ਦੁਨੀਆ ਨੇ ਹਰ ਮੋੜ ’ਤੇ ਮੈਨੂੰ ਕਿੰਝ ਲੁੱਟਿਆ ਆਪਣੀ ਨੀਂਦ 'ਚ ਆਪਣਾ ਸੁਪਨਾ ਡਰਦੇ-ਡਰਦੇ ਵੇਖ ਰਿਹਾਂ ਵੇਖ ਰਿਹਾ ਹਾਂ ਸਭ ਨੂੰ ਸਭ ਦੀ ਹਰ ਪਲ ਜੀਣ ਦੀ ਕੋਸ਼ਿਸ਼ ਹੈ ਹਰ ਪਲ ਜੀਣ ਦੀ ਕੋਸ਼ਿਸ਼ ਹੈ ਪਰ ਪਲ-ਪਲ ਮਰਦੇ ਵੇਖ ਰਿਹਾਂ ਖ਼ੁਦ ਨੂੰ ਸ਼ੀਸ਼ੇ ਵਿੱਚ ਵੇਖਣ ਦੀ ਹਿੰਮਤ ਜੇ ਅੱਜ ਕੀਤੀ ਹੈ ਮੈਂ ਆਪਣੇ ਚਿਹਰੇ ਦੇ ਉੱਤੇ ਸੌ-ਸੌ ਪਰਦੇ ਵੇਖ ਰਿਹਾਂ

ਹਮੇਸ਼ਾ ਹੀ ਇਹ ਪਲਕਾਂ 'ਤੇ ਬਿਠਾ

ਹਮੇਸ਼ਾ ਹੀ ਇਹ ਪਲਕਾਂ 'ਤੇ ਬਿਠਾ ਮੈਥੋਂ ਨਹੀਂ ਹੋਣੀ ਜੇ ਰੁੱਸਦੀ ਜ਼ਿੰਦਗੀ ਰੁੱਸੇ ਮਨਾ ਮੈਥੋਂ ਨਹੀਂ ਹੋਣੀ ਮੈਂ ਓਥੇ ਦਫ਼ਨ ਕਰ ਦੇਣੀ ਹੈ ਜਿੱਥੇ ਵੀ ਮਰੀ ਜਾ ਕੇ ਮੇਰੀ ਹਰ ਰੀਝ ਦੀ ਅਰਥੀ ਉਠਾ ਮੈਥੋਂ ਨਹੀਂ ਹੋਣੀ ਮੈਂ ਕਾਇਲ ਹਾਂ ਉਦ੍ਹੀ ਇਸ ਸਾਫ਼ਗੋਈ ਦਾ, ਜੋ ਕਹਿੰਦਾ ਹੈ ਮੇਰੇ ਤੋਂ ਆਸ ਨਾ ਰੱਖੀਂ ਵਫ਼ਾ ਮੈਥੋਂ ਨਹੀਂ ਹੋਣੀ ਇਹ ਜਨਮੀ ਨਾਲ ਹੈ ਮੇਰੇ ਮਰੇਗੀ ਨਾਲ ਮੇਰੇ ਹੀ ਹਾਂ ਆਪਣੀ ਪੀੜ ਤੋਂ ਵਾਕਿਫ਼ ਜੁਦਾ ਮੈਥੋਂ ਨਹੀਂ ਹੋਣੀ ਇਦ੍ਹੇ ਹਰ ਸ਼ਿਅਰ ’ਚੋਂ ਹੰਝੂਆਂ ਦੀ ਆਵੇਗੀ ਮਹਿਕ ਤੈਨੂੰ ਗ਼ਜ਼ਲ ਮੈਂ ਭੇਜਦਾਂ, ਪੜ੍ਹ ਲਈਂ, ਸੁਣਾ ਮੈਥੋਂ ਨਹੀਂ ਹੋਣੀ

ਜ਼ਰੂਰੀ ਫ਼ੈਸਲਾ ਸੀ ਉਮਰ ਭਰ ਹੀ

ਜ਼ਰੂਰੀ ਫ਼ੈਸਲਾ ਸੀ ਉਮਰ ਭਰ ਹੀ ਕਰ ਨਹੀਂ ਹੋਇਆ ਮੈਂ ਹਰ ਇੱਕ ਸਾਹ ’ਤੇ ਮਰ ਸਕਦਾ ਸੀ ਐਪਰ ਮਰ ਨਹੀਂ ਹੋਇਆ ਇਹ ਦਿਲ ਕਾਸਾ ਮੁਹੱਬਤ ਦਾ ਬਣੀ ਦੋਹਾਂ ਦੀ ਮਜਬੂਰੀ ਮੈਂ ਖ਼ਾਲੀ ਕਰ ਨਹੀਂ ਸਕਿਆ ਤੇਰੇ ਤੋਂ ਭਰ ਨਹੀਂ ਹੋਇਆ ਉਹ ਮੈਨੂੰ ਭੁੱਲ ਗਿਆ, ਭੁੱਲੇ , ਮੈਂ ਉਸ ਨੂੰ ਯਾਦ ਕਰਦਾ ਹਾਂ ਮੇਰਾ ਦਿਲ ਓਸ ਪੱਥਰ ਲਈ ਕਦੇ ਪੱਥਰ ਨਹੀਂ ਹੋਇਆ ਜੋ ਸ਼ਿੱਦਤ ਦਰਦ ਦੀ ਸਮਝਾ ਸਕੇ ਲਫ਼ਜ਼ਾਂ ਦੇ ਵਿੱਚ, ਐਸਾ ਜ਼ਮਾਨੇ ਵਿੱਚ ਅਜੇ ਤੀਕਰ ਕੋਈ ਸ਼ਾਇਰ ਨਹੀਂ ਹੋਇਆ ਬੜੀ ਮੁਸ਼ਕਿਲ ਜਗਾਇਆ ਸੀ ਮੈਂ ਦੀਵਾ ਰੌਸ਼ਨੀ ਖ਼ਾਤਿਰ ਹਵਾ ਕੋਲੋਂ ਹਨੇਰਾ ਦੂਰ ਹੋਣਾ ਜਰ ਨਹੀਂ ਹੋਇਆ

ਭਟਕਣਾ ਦੇ ਖ਼ਾਤਮੇ ਲਈ

ਭਟਕਣਾ ਦੇ ਖ਼ਾਤਮੇ ਲਈ ਲੋਕ ਦਰ-ਦਰ ਭਟਕਦੇ ਭਟਕਣਾ ਮੁੱਕਦੀ ਨਹੀਂ ਰਹਿੰਦੇ ਨੇ ਐਪਰ ਭਟਕਦੇ ਮੈਂ ਬੁਝਾ ਕੇ ਪਿਆਸ ਨਾਸ਼ੁਕਰੇ ਨੇ ਕੀਤੀ ਮਸਖਰੀ ਪਿਆਸ ਜੇ ਪਾਣੀ ਨੂੰ ਹੁੰਦੀ ਤਾਂ ਇਹ ਸਰਵਰ ਭਟਕਦੇ ਬੇਕਰਾਰੀ ਇਸ ਲਈ ਵੀ ਹੈ ਕਿ ਮੇਰੇ ਜ਼ਿਹਨ ਵਿੱਚ ਬਣਨ ਲਈ ਅਲਫ਼ਾਜ਼ ਕੁਝ ਦਿਨ ਤੋਂ ਨੇ ਅੱਖਰ ਭਟਕਦੇ ਕੌਣ ਨੇ, ਆਏ ਨੇ ਕਿੱਥੋਂ, ਸੋਚਦਾ ਰਹਿੰਦਾ ਹਾਂ ਮੈਂ ਰਾਤ ਭਰ ਸੜਕਾਂ 'ਤੇ ਫਿਰਦੇ ਨੇ ਜੋ ਬੇਘਰ ਭਟਕਦੇ ਮੇਰੀ ਨੀਂਦਰ ਨੂੰ ਸਿਤਮਗਰ ਵਰਗਲਾ ਕੇ ਲੈ ਗਿਆ ਖ਼ਾਬ ਮੇਰੇ ਹੁਣ ਯਤੀਮਾਂ ਵਾਂਗ ਦਰ-ਦਰ ਭਟਕਦੇ

ਓ ਛੱਡੋ ਜੀ ਭਲਾ ਅੱਜਕਲ੍ਹ

ਓ ਛੱਡੋ ਜੀ ਭਲਾ ਅੱਜਕਲ੍ਹ ਮੁਹੱਬਤ ਕੌਣ ਕਰਦਾ ਹੈ ਮੁਹੱਬਤ ਤਾਂ ਇਬਾਦਤ ਹੈ ਇਬਾਦਤ ਕੌਣ ਕਰਦਾ ਹੈ ਕਦੇ ਵੰਗਾਂ ਨੂੰ ਖਣਕਾ ਕੇ ਕਦੇ ਝਾਂਜਰ ਨੂੰ ਛਣਕਾ ਕੇ ਮੇਰੇ ਸੁਪਨੇ ਚ ਆ-ਆ ਕੇ ਸ਼ਰਾਰਤ ਕੌਣ ਕਰਦਾ ਹੈ ਤੇਰੇ ਨੈਣਾਂ ਦਾ ਹੋਵੇ ਹੁਕਮ ਤੇ ਇਨਕਾਰ ਹੋ ਜਾਵੇ ਹੈ ਹਿੰਮਤ ਕਿਸ ਦੇ ਵਿੱਚ, ਐਨੀ ਹਿਮਾਕਤ ਕੌਣ ਕਰਦਾ ਹੈ ਅਗਰ ਟੁੱਟ ਜਾਣ ਸੁੱਟ ਦੇਂਦੇ ਨੇ ਲੋਕੀ ਬੋਝ ਨਹੀਂ ਰੱਖਦੇ ਕਿ ਟੁੱਟੇ ਰਿਸ਼ਤਿਆਂ ਦੀ ਹੁਣ ਮੁਰੰਮਤ ਕੌਣ ਕਰਦਾ ਹੈ ਕਦੇ ਇੱਕ ਵਕਤ ਸੀ ਹਰ ਸ਼ਖ਼ਸ ਹਰ ਪਲ ਮੁਸਕੁਰਾਉਂਦਾ ਸੀ ਪਰ ਅੱਜ ਇਸ ਦੌਰ ਵਿੱਚ ਐਨੀ ਮੁਸ਼ੱਕਤ ਕੌਣ ਕਰਦਾ ਹੈ ਮੈਂ ਅੱਕ ਚੁੱਕਿਆ ਹਾਂ ਇਸ ਦਿਲ ਤੋਂ ਮੇਰੇ ਤੋਂ ਦਿਲ ਵੀ ਅੱਕ ਚੁੱਕਿਆ ਚਲੋ ਅੱਜ ਵੇਖ ਹੀ ਲਈਏ ਬਗ਼ਾਵਤ ਕੌਣ ਕਰਦਾ ਹੈ

ਸੁਫ਼ਨਿਉਂ ਸ਼ਿਕਵਾ ਤੁਹਾਡਾ ਸਮਝਦਾਂ

ਸੁਫ਼ਨਿਉਂ ਸ਼ਿਕਵਾ ਤੁਹਾਡਾ ਸਮਝਦਾਂ ਨੀਂਦ ਹੀ ਆਵੇ ਨਾ ਜੇ ਤਾਂ ਕੀ ਕਰਾਂ ਬਖ਼ਸ਼ੀਆਂ ਤੂੰ ਇਸ ਕਦਰ ਤਨਹਾਈਆਂ ਚੇਤਿਆਂ 'ਚੋਂ ਵਿਸਰੀਆਂ ਨੇ ਮਹਿਫ਼ਿਲਾਂ ਸੋਚਦਾਂ ਹੁਣ ਨਾ ਕਰਾਂਗਾ ਇਸ਼ਕ ਮੈਂ ਹਰ ਦਫ਼ਾ ਹੋ ਜਾਣ ਮਗਰੋਂ ਸੋਚਦਾਂ ਚੀਰ ਕੇ ਜਦ ਵੇਖਿਆ ਉਸ ਦਿਲ ਮੇਰਾ ਖ਼ੂਨ ਦੀ ਥਾਂ ਨਿਕਲੀਆਂ ਕੁਝ ਹਸਰਤਾਂ ਦੂਰ ਹੋ ਕੇ ਪੁੱਛ ਰਿਹੈ ਕੀ ਹਾਲ ਨੇ ਕੀ ਕਹਾਂ ਉਸ ਨੂੰ ਮੈਂ ਹੁਣ ਕੀ ਨਾ ਕਹਾਂ ਆ ਗਿਆ ਬੱਦਲ ਵੀ ਓਦੋਂ ਵਰ੍ਹਨ ਲਈ ਰਾਖ਼ ਹੋ ਚੁੱਕੀਆਂ ਜਦੋਂ ਸਭ ਬਸਤੀਆਂ

ਬੜਾ ਹੈਰਾਨ ਹਾਂ ਗੁਜ਼ਰੀ ਹੈ

ਬੜਾ ਹੈਰਾਨ ਹਾਂ ਗੁਜ਼ਰੀ ਹੈ ਤੇਰੇ ਬਿਨ ਮੇਰੀ ਕਿੱਦਾਂ ਤੇ ਉਸ ਤੋਂ ਵੱਧ ਹੈਰਾਨੀ ਬਚੀ ਹੈ ਜ਼ਿੰਦਗੀ ਕਿੱਦਾਂ ਸਵੇਰੇ ਸ਼ਾਮ ਲੱਭਦਾ ਹਾਂ ਮੈਂ ਹਰ ਥਾਂ ਪੈੜ ਜੇ ਉਸਦੀ ਜ਼ਮਾਨਾ ਆਖਦੈ ਇਸ ਨੂੰ ਮੇਰੀ ਆਵਾਰਗੀ ਕਿੱਦਾਂ ਇਬਾਦਤ ਕਰਨ ਵੇਲੇ ਯਾਰ ਦਾ ਹੀ ਧਿਆਨ ਰਹਿੰਦਾ ਹੈ ਖ਼ੁਦਾ ਤੂੰ ਆਪ ਦੱਸ ਤੇਰੀ ਕਰਾਂ ਮੈਂ ਬੰਦਗੀ ਕਿੱਦਾਂ ਕਿਸੇ ਸੁੱਕੀ ਕਲੀ ਨੂੰ ਵੀ ਸਜਾ ਕੇ ਵੇਖ ਵਾਲਾਂ ਵਿੱਚ ਤੇ ਫਿਰ ਵੇਖੀਂ ਕਲੀ ਸੁੱਕੀ ਹੋਈ ਵੀ ਮਹਿਕਦੀ ਕਿੱਦਾਂ ਚਿਰਾਗਾਂ ਨੇ ਹੀ ਜੇਕਰ ਸੋਚ ਰੱਖਿਆ ਸੀ 'ਨਹੀਂ ਬਲਣਾ' ਤਾਂ ਦੱਸੋ ਫਿਰ ਅਜੇਹੇ ਵਿੱਚ ਹਵਾ ਦੋਸ਼ੀ ਹੋਈ ਕਿੱਦਾਂ ਉਹ ਮੇਰੇ ਕਤਲ ਵੇਲੇ ਪੁੱਛਦਾ ਹੈ ਆਖ਼ਰੀ ਖ਼ਾਹਿਸ਼ ਹਜ਼ਾਰਾਂ ਖ਼ਾਹਿਸ਼ਾਂ 'ਚੋਂ ਇੱਕ ਨੂੰ ਦੱਸਾਂ ਆਖ਼ਰੀ ਕਿੱਦਾਂ ਉਹ ਬੇਸ਼ਕ ਹੂ-ਬ-ਹੂ ਸੀ ਫੁੱਲ ਪਰ ਉਹ ਕਾਗਜ਼ੀ ਹੀ ਸੀ ਮਗਰ ਤਿਤਲੀ ਤਾਂ ਅਸਲੀ ਸੀ ਉਹ ਉਸ ’ਤੇ ਬੈਠਦੀ ਕਿੱਦਾਂ

ਮੇਰਾ ਹੋਣਾ ਮੇਰੇ ਨਾ ਹੋਣ ਤੋਂ

ਮੇਰਾ ਹੋਣਾ ਮੇਰੇ ਨਾ ਹੋਣ ਤੋਂ ਬਿਹਤਰ ਕਿਵੇਂ ਹੋਵੇ ਨਾ ਹੋ ਕੇ ਵੇਖਣਾ ਚਾਹੁੰਦਾ ਹਾਂ ਮੈਂ ਐਪਰ ਕਿਵੇਂ ਹੋਵੇ ਉਹ ਚਾਹੁੰਦਾ ਹੈ ਮੈਂ ਸੋਚਾਂ ਨਾ ਉਦ੍ਹੇ ਬਾਰੇ ਜ਼ਰਾ ਵੀ ਹੁਣ ਮੇਰਾ ਫੁੱਲਾਂ ਜਿਹਾ ਅਹਿਸਾਸ ਪਰ ਪੱਥਰ ਕਿਵੇਂ ਹੋਵੇ ਮੇਰੇ ਰਾਹਾਂ 'ਚੋਂ ਚੁਗ ਕੰਡੇ ਵਿਛਾਈਆਂ ਓਸ ਨੇ ਕਲੀਆਂ ਇਨ੍ਹਾਂ ਮਾਸੂਮ ਕਲੀਆਂ ’ਤੇ ਕਦਮ ਹੁਣ ਧਰ ਕਿਵੇਂ ਹੋਵੇ ਹਰਿਕ ਮਸਲੇ ਦਾ ਹੱਲ ਹੁਣ ਮੌਤ ਹੀ ਦੱਸਦੇ ਨੇ ਕੁਝ ਬੁਜ਼ਦਿਲ ਬੜੇ ਮਸਲੇ ਤਾਂ ਮੈਨੂੰ ਵੀ ਨੇ ਪਰ ਹੁਣ ਮਰ ਕਿਵੇਂ ਹੋਵੇ

ਜ਼ਿੰਦਗੀ ਤੋਂ ਹਾਰ ਕੇ ਉਸ

ਜ਼ਿੰਦਗੀ ਤੋਂ ਹਾਰ ਕੇ ਉਸ ਇੰਝ ਕਜ਼ਾ ਵੱਲ ਵੇਖਿਆ ਜਿਸ ਤਰ੍ਹਾਂ ਬੀਮਾਰ ਨੇ ਹੋਵੇ ਦਵਾ ਵੱਲ ਵੇਖਿਆ ਕੌਣ ਸੀ ਖ਼ੁਸ਼ਬੂ ਜਿਹਾ ਲੰਘਿਆ ਜੋ ਮੈਨੂੰ ਛੇੜ ਕੇ ਮੈਂ ਤੁਰੇ ਜਾਂਦੇ ਨੇ ਮੁੜ-ਮੁੜ ਕੇ ਹਵਾ ਵੱਲ ਵੇਖਿਆ ਹੱਸ ਪਿਆ ਤਿਰਛੀ ਨਿਗ੍ਹਾ ਦੇ ਨਾਲ ਮੈਨੂੰ ਵੇਖ ਕੇ ਤੜਫ਼ਦੇ ਹੋਏ ਨੇ ਮੈਂ ਉਸ ਦੀ ਅਦਾ ਵੱਲ ਵੇਖਿਆ ਪੀੜ ਦਾ ਚਸਕਾ ਪਿਆ ਸੀ ਓਸ ਨੂੰ ਕੁਝ ਇਸ ਤਰ੍ਹਾਂ ਇੱਕ ਦਫ਼ਾ ਵੀ ਮੁੜ ਕੇ ਨਾ ਉਸ ਨੇ ਦਵਾ ਵੱਲ ਵੇਖਿਆ ਹੋਰ ਕੁਝ ਨਈਂ ਉਹ ਵੀ ਇੱਕ ਮੇਰੇ ਜਿਹਾ ਇਨਸਾਨ ਸੀ ਮੈਂ ਖ਼ੁਦਾ ਦੀ ਥਾਂ ਖੜੋ ਕੇ ਜਦ ਖ਼ੁਦਾ ਵੱਲ ਵੇਖਿਆ

ਜਿਸ ਦਿਨ ਦਾ ਉਹ ਰੁਸ ਕੇ

ਜਿਸ ਦਿਨ ਦਾ ਉਹ ਰੁਸ ਕੇ ਮੇਰੇ ਘਰ ਤੋਂ ਰੁਖ਼ਸਤ ਹੋਇਆ ਹੈ ਘਰ ਵੀ ਓਸੇ ਦਿਨ ਤੋਂ ਮੇਰੇ ਵਾਂਗੂੰ ਗੁੰਮਸੁੰਮ ਰਹਿੰਦਾ ਹੈ ਮਹਿੰਦੀ ਵਾਲੇ ਹੱਥ ਵਿਖਾ ਕੇ ਮੈਨੂੰ ਅਕਸਰ ਪੁੱਛਦੀ ਉਹ ਲੱਭ ਖਾਂ, ਤੇਰੇ ਨਾਂਅ ਦਾ ਪਹਿਲਾ ਅੱਖਰ ਕਿੱਥੇ ਲਿਖਿਆ ਹੈ ਇੱਕੋ ਵੇਲੇ ਆਪੋ ਆਪਣੀ ਛੱਤ 'ਤੋਂ ਚੰਨ ਨੂੰ ਤੱਕਦੇ ਹਾਂ ਇੱਕ ਦੂਜੇ ਨੂੰ ਮਿਲਣ ਦਾ ਸਾਡੇ ਕੋਲ ਇਹੀ ਇੱਕ ਜ਼ਰੀਆ ਹੈ ਗ਼ਮ ਵੀ ਬਿਲਕੁਲ ਬੱਚਿਆਂ ਵਰਗੇ ਅੰਦਰ ਵੜਦੇ ਆਉਂਦੇ ਨੇ ਉਹ ਕਹਿੰਦੀ ਥੱਕ ਜਾਂਦੀ ਦਿਲ ਦਾ ਵਿਹੜਾ ਹੁਣੇ ਹੀ ਧੋਤਾ ਹੈ ਜਿਸ ਤੂਫ਼ਾਨ ਦੀਆਂ ਮੈਂ ਅਕਸਰ ਗੱਲਾਂ ਸੁਣਿਆ ਕਰਦਾ ਸਾਂ ਹੁਣੇ-ਹੁਣੇ ਬਸ ਹੁਣੇ-ਹੁਣੇ ਹੀ ਦਿਲ ਮੇਰੇ 'ਚੋਂ ਲੰਘਿਆ ਹੈ ਤੋੜ ਕੇ ਦਿਲ ਉਹ ਆਖੇ ਮੈਨੂੰ ਸ਼ਹਿਰ ਨਾ ਚੁੱਕੀ ਫਿਰ ਸਿਰ 'ਤੇ ਐਡਾ ਕਿਹੜਾ ਮਹਿਲ ਢਿਹਾ ਏ ਬਸ ਇੱਕ ਦਿਲ ਤਾਂ ਟੁੱਟਿਆ ਹੈ

ਜੇ ਤੇਰਾ ਪੈਗ਼ਾਮ ਨਾ ਆਵੇ

ਜੇ ਤੇਰਾ ਪੈਗ਼ਾਮ ਨਾ ਆਵੇ ਦਿਲ ਨੂੰ ਵੀ ਆਰਾਮ ਨਾ ਆਵੇ ਤੋੜ ਕੇ ਮੇਰਾ ਦਿਲ ਉਹ ਕਹਿੰਦੈ ਵੇਖੀਂ ਮੇਰਾ ਨਾਮ ਨਾ ਆਵੇ ਹਰਫ਼ਾਂ ਨੇ ਤਾਂ ਥੱਕਣਾ ਹੀ ਸੀ ਲਫ਼ਜ਼ਾਂ ਵਿੱਚ ਵਿਸ਼ਰਾਮ ਨਾ ਆਵੇ ਰੈਣ-ਦਿਵਸ ਬੇਰੰਗੇ ਹੋਵਣ ਜੇ ਦੋਹਾਂ ਵਿੱਚ ਸ਼ਾਮ ਨਾ ਆਵੇ

ਬੜੀ ਤਕਲੀਫ਼ ਦਿੰਦੇ ਨੇ

ਬੜੀ ਤਕਲੀਫ਼ ਦਿੰਦੇ ਨੇ ਸਤਾਉਂਦੇ ਨੇ ਕਈ ਰਿਸ਼ਤੇ ਤੇ ਦਿਲ ਨੂੰ ਦਰਦ ਦੇ ਕੇ ਮੁਸਕੁਰਾਉਂਦੇ ਨੇ ਕਈ ਰਿਸ਼ਤੇ ਦਫ਼ਨ ਲੱਖ ਵਾਰ ਕਰ ਲਈਏ ਸਮੇਂ ਦੀ ਕਬਰ ਦੇ ਅੰਦਰ ਦੁਬਾਰਾ ਵੀ ਸਦਾ ਦੇ ਕੇ ਬੁਲਾਉਂਦੇ ਨੇ ਕਈ ਰਿਸ਼ਤੇ ਕੋਈ ਮੰਜ਼ਿਲ ਨਹੀਂ ਮਿਲਦੀ ਜਿਨ੍ਹਾਂ 'ਤੇ ਚੱਲਦਿਆਂ ਹੋਇਆਂ ਉਨ੍ਹਾਂ ਰਾਹਾਂ ’ਤੇ ਮੁੜ-ਮੁੜ ਕੇ ਲਿਆਉਂਦੇ ਨੇ ਕਈ ਰਿਸ਼ਤੇ ਹਨੇਰਾ ਹਰ ਤਰਫ਼ ਹੋਵੇ ਉਮੀਦਾਂ ਬੁਝਦੀਆਂ ਜਾਪਣ ਉਦੋਂ ਫਿਰ ਰਾਹਨੁਮਾ ਬਣ ਰਾਹ ਵਿਖਾਉਂਦੇ ਨੇ ਕਈ ਰਿਸ਼ਤੇ ਇਹ ਦੁਨੀਆ ਕਤਲ ਕਰ ਦੇਵੇਗੀ ਇਹਨਾਂ ਨੂੰ ਪਤੈ ਫਿਰ ਵੀ ਬੜੇ ਬੇਖ਼ੌਫ਼ ਹੋ ਕੇ ਸਿਰ ਉਠਾਉਂਦੇ ਨੇ ਕਈ ਰਿਸ਼ਤੇ

ਮੈਂ ਆਪਣੇ ਖ਼ੁਸ਼ਕ ਬੁੱਲ੍ਹਾਂ 'ਤੇ

ਮੈਂ ਆਪਣੇ ਖ਼ੁਸ਼ਕ ਬੁੱਲ੍ਹਾਂ 'ਤੇ ਕਦੇ ਉਂਝ ਪਿਆਸ ਨਈਂ ਰੱਖਦਾ ਕਿਵੇਂ ਪਰ ਕਹਿ ਦਿਆਂ ਤੈਨੂੰ ਮੈਂ ਤੇਰੀ ਆਸ ਨਈਂ ਰੱਖਦਾ ਮੇਰੀ ਆਦਤ ਹੈ ਗ਼ਮ ਸਹਿਣਾ ਤੇ ਸਹਿ ਕੇ ਮੁਸਕੁਰਾ ਦੇਣਾ ਤੇ ਉਹ ਇਹ ਸੋਚ ਲੈਂਦਾ ਹੈ ਕਿ ਮੈਂ ਅਹਿਸਾਸ ਨਈਂ ਰੱਖਦਾ ਤੂੰ ਬਾਰੀ ਖੋਲ੍ਹ ਕੇ ਬੇਸ਼ੱਕ ਦੁਬਾਰਾ ਢੋਅ ਲਵੀਂ, ਮੈਂ ਤਾਂ ਝਲਕ ਚਾਹੁੰਦਾ ਹਾਂ ਬਸ ਤੇਰੀ ਤਮੰਨਾ ਖ਼ਾਸ ਨਈਂ ਰੱਖਦਾ ਬੜਾ ਕਮਜ਼ੋਰ ਹੈ ਉਹ ਸ਼ਖ਼ਸ ਰੋ ਪੈਂਦਾ ਹੈ ਗੱਲ-ਗੱਲ 'ਤੇ ਖ਼ੁਸ਼ੀ ਦਾ ਪਲ ਵੀ ਜੇ ਹੋਵੇ ਜ਼ਰਾ ਧਰਵਾਸ ਨਈਂ ਰੱਖਦਾ ਨਾ ਪਾ ਨੀਵੀਂ, ਨਾ ਜ਼ਿਆਦਾ ਸੋਚ ਆਪਣੀ ਬੇਵਫ਼ਾਈ 'ਤੇ ਵਫ਼ਾ ਕਰਦਾ ਹਾਂ ਮੈਂ ਲੇਕਿਨ ਵਫ਼ਾ ਦੀ ਆਸ ਨਈਂ ਰੱਖਦਾ

ਗੁਜ਼ਾਰੇ ਲਈ ਜਹਾਨ ਅੰਦਰ

ਗੁਜ਼ਾਰੇ ਲਈ ਜਹਾਨ ਅੰਦਰ ਇਹ ਬੰਦਾ ਕੀ ਨਹੀਂ ਕਰਦਾ ਹਜ਼ਾਰਾਂ ਜ਼ਖ਼ਮ ਸਹਿ ਲੈਂਦਾ ਹੈ ਫਿਰ ਵੀ ਸੀਅ ਨਹੀਂ ਕਰਦਾ ਵਫ਼ਾ ਹੋਵੇ ਤਾਂ ਜੰਨਤ ਹੈ ਦਗ਼ਾ ਹੋਵੇ ਤਾਂ ਦੋਜ਼ਖ਼ ਹੈ ਹੈ ਸਭ ਕੁਝ ਜਾਣਦਾ ਬੰਦਾ ਵਫ਼ਾ ਫਿਰ ਵੀ ਨਹੀਂ ਕਰਦਾ ਜੋ ਬੱਚਾ ਮਾਂ ਦਿਆਂ ਹੁੰਦਿਆਂ ਜ਼ਮਾਨੇ ਭਰ ਦਾ ਅੜੀਅਲ ਸੀ ਰਹੀ ਨਾ ਮਾਂ ਤੇ ਉਹ ਬੱਚਾ ਅੜੀ ਕੋਈ ਨਹੀਂ ਕਰਦਾ ਨਜ਼ਰ ਤੇਰੀ ਜੋ ਕਹਿੰਦੀ ਹੈ ਮੈਂ ਬਸ ਓਹੀ ਤਾਂ ਕਰਦਾ ਹਾਂ ਮੈਂ ਤੇਰੇ ਹੁਸਨ ਦਾ ਕਾਇਲ ਕਦੇ ਮਰਜ਼ੀ ਨਹੀਂ ਕਰਦਾ ਮੇਰੇ ਆਗ਼ਾਜ਼ ਤੋਂ ਅੰਜਾਮ ਤੀਕਰ ਤੂੰ ਨਹੀਂ ਹੋਣਾ ਜੇ ਪਹਿਲਾਂ ਇਹ ਪਤਾ ਹੁੰਦਾ ਮੁਹੱਬਤ ਹੀ ਨਹੀਂ ਕਰਦਾ

ਮਿਲਣ ਦੇ ਮੌਸਮ ਸਿਰ 'ਤੇ ਆਏ ਹੋਏ ਨੇ

ਮਿਲਣ ਦੇ ਮੌਸਮ ਸਿਰ 'ਤੇ ਆਏ ਹੋਏ ਨੇ ਬੇਦਰਦੀ ਨੇ ਲਾਰੇ ਲਾਏ ਹੋਏ ਨੇ ਕੁਝ ਦਿਨ ਤੋਂ ਜੋ ਲੋਕ ਪਰਾਏ ਹੋਏ ਨੇ ਮੇਰੇ ਹੀ ਨੇ ਮੈਂ ਅਜ਼ਮਾਏ ਹੋਏ ਨੇ ਬੋਝ ਬੜਾ ਹੈ ਸੀਨੇ 'ਤੇ ਕੁਝ ਅਰਸੇ ਤੋਂ ਹੌਕੇ ਸ਼ਾਇਦ ਗਲ੍ਹ ਤੱਕ ਆਏ ਹੋਏ ਨੇ ਨੀਂਦ ਨੂੰ ਓਸੇ ਰਾਹ ਤੋਂ ਹੈ ਪਰਹੇਜ਼ ਬੜਾ ਜਿਸ ਰਾਹ 'ਤੇ ਮੈਂ ਖ਼ਾਬ ਸਜਾਏ ਹੋਏ ਨੇ ਔਖੇ ਵੇਲੇ ਅਕਸਰ 'ਕੱਲਾ ਰਹਿ ਜਾਨਾ ਯਾਰ ਤਾਂ ਉਂਝ ਮੈਂ ਬਹੁਤ ਬਣਾਏ ਹੋਏ ਨੇ ਕਿਹੜੇ ਦੁੱਖਾਂ ਬਾਰੇ ਗੱਲਾਂ ਕਰਦੇ ਹੋ ਇਹ ਬੱਚੇ ਮੈਂ ਗੋਦ ਖਿਡਾਏ ਹੋਏ ਨੇ

ਸਰਦ ਮੌਕੇ ਦਾ ਅਸਰ

ਸਰਦ ਮੌਕੇ ਦਾ ਅਸਰ ਵੇਖਣਾ ਚਾਹੁੰਦਾ ਹਾਂ ਮੈਂ ਦਿਲ ਤੋਂ ਦਿਲ ਤੱਕ ਦਾ ਸਫ਼ਰ ਵੇਖਣਾ ਚਾਹੁੰਦਾ ਹਾਂ ਮੈਂ ਜ਼ੁਲਮ ਦੀ ਹਰ ਹੱਦ ਤੇਰੀ ਜ਼ਬਤ ਦੀ ਹਰ ਹੱਦ ਮੇਰੀ ਐ ਜ਼ਮਾਨੇ ਜ਼ੁਲਮ ਕਰ ਵੇਖਣਾ ਚਾਹੁੰਦਾ ਹਾਂ ਮੈਂ ਤੇਰੇ ਬਿਨ ਤੜਪਾਂਗਾ ਮੈਂ ਜਲ ਬਿਨਾ ਮਛਲੀ ਜਿਵੇਂ ਤੂੰ ਕਰੇਂਗਾ ਕਿੰਝ ਬਸਰ ਵੇਖਣਾ ਚਾਹੁੰਦਾ ਹਾਂ ਮੈਂ ਖ਼ੈਰ ਮੇਰੇ ਦਿਲ 'ਚ ਤਾਂ ਹੈ ਸਮੁੰਦਰ ਪਿਆਰ ਦਾ ਤੇਰੇ ਦਿਲ ਵਿੱਚ ਬੂੰਦ ਭਰ ਵੇਖਣਾ ਚਾਹੁੰਦਾ ਹਾਂ ਮੈਂ ਮੇਰੀਆਂ ਨਜ਼ਰਾਂ ਲਈ ਹਰ ਨਜ਼ਾਰਾ ਹੈ ਸਿਫ਼ਰ ਤੈਨੂੰ ਹੀ ਬਸ ਉਮਰ ਭਰ ਵੇਖਣਾ ਚਾਹੁੰਦਾ ਹਾਂ ਮੈਂ ਸੁਣਿਐਂ ਤੇਰੀ ਇੱਕ ਨਜ਼ਰ ਚੀਰ ਦੇਂਦੀ ਹੈ ਜਿਗਰ ਆ ਵਿਖਾ ਆਪਣਾ ਹੁਨਰ ਵੇਖਣਾ ਚਾਹੁੰਦਾ ਹਾਂ ਮੈਂ

ਮੁੱਦਤ ਬਾਅਦ ਇਕੱਠੇ ਹੋਏ

ਮੁੱਦਤ ਬਾਅਦ ਇਕੱਠੇ ਹੋਏ, ਮੈਂ ਤੇ ਮੇਰੀ ਖ਼ਾਮੋਸ਼ੀ ਇੱਕ ਦੂਜੇ ਦੇ ਗਲ ਲੱਗ ਰੋਏ, ਮੈਂ ਤੇ ਮੇਰੀ ਖ਼ਾਮੋਸ਼ੀ ਉਸ ਦਿਨ, ਉਸ ਪਲ ਇਹ ਦੁਨੀਆ ਫਿਰ ਕੱਖੋਂ ਹੌਲੀ ਹੋ ਜਾਣੀ ਜਿਸ ਦਿਨ, ਜਿਸ ਪਲ ਦੋਵੇਂ ਮੋਏ, ਮੈਂ ਤੇ ਮੇਰੀ ਖ਼ਾਮੋਸ਼ੀ ਯਾਦ ਤੇਰੀ ਦੀ ਬਾਰਿਸ਼ ਰਾਤੀ ਇੰਝ ਹੋਈ ਕਿ ਕੀ ਦੱਸੀਏ ਕੱਚੇ ਕੋਠੇ ਵਾਂਗੂੰ ਚੋਏ, ਮੈਂ ਤੇ ਮੇਰੀ ਖ਼ਾਮੋਸ਼ੀ ਰੋਜ਼ ਉਡੀਕੇ ਘਰ ਵਿੱਚ ਘਰ ਦੀ ਤਨਹਾਈ ਬਸ ਏਸੇ ਲਈ ਮੁੜ ਆਉਂਦੇ ਹਾਂ ਲੋਏ-ਲੋਏ, ਮੈਂ ਤੇ ਮੇਰੀ ਖ਼ਾਮੋਸ਼ੀ ਇੱਕੋ ਸੋਚ ਤੇ ਇੱਕ ਸੁਭਾਅ ਹੈ ਤਾਂ ਹੀ ਸਾਡੀ ਬਣਦੀ ਹੈ ਇੱਕੋ ਧਾਗੇ ਵਿੱਚ ਪਰੋਏ, ਮੈਂ ਤੇ ਮੇਰੀ ਖ਼ਾਮੋਸ਼ੀ ਇੱਕ ਦਿਨ ਦੁਨੀਆ ਨੇ ਤੁਹਮਤ ਕੀ ਲਾਈ ਮੇਰੀ ਚੁੱਪੀ 'ਤੇ ਮੁੱਦਤਾਂ ਤੱਕ ਫਿਰ ਚੁੱਪ ਨਾ ਹੋਏ, ਮੈਂ ਤੇ ਮੇਰੀ ਖ਼ਾਮੋਸ਼ੀ