Kan Kan : Kavinder Chaand
ਕਣ ਕਣ : ਕਵਿੰਦਰ ਚਾਂਦ
ਅੱਜ ਸੋਚਾਂ ਨੇ ਰੀਝਾਂ ਦੇ ਘਰ
ਅੱਜ ਸੋਚਾਂ ਨੇ ਰੀਝਾਂ ਦੇ ਘਰ ਜਾਣਾ ਹੈ ਅੱਗ ਦਾ ਇਕ ਦਰਿਆ ਆਪਾਂ ਤਰ ਜਾਣਾ ਹੈ ਮਿਲ ਬੈਠਾਂਗੇ ਮੈਂ, ਪੀੜਾਂ ਤੇ ਤਨਹਾਈ ਏਦਾਂ ਯਾਦਾਂ ਦਾ ਮੇਲਾ ਭਰ ਜਾਣਾ ਹੈ ਜਮ ਜਮ ਸੂਰਜ ਪੂਜੋ ਪਰ ਇਹ ਜਾਣ ਲਵੋ ਖ਼ਬਰੇ ਇਕ ਜ਼ੱਰੇ ਨੇ ਕੀ ਕਰ ਜਾਣਾ ਹੈ ਸ਼ਾਹ ਨੇ ਰੋਟੀ ਖ਼ਾਤਿਰ ਅਬਲਾ ਸ਼ੋਸ਼ਣ ਕਰ ਲੰਗਰ ਚਾੜ੍ਹਨ ਦੇਵੀ ਮੰਦਰ ਜਾਣਾ ਹੈ ਜੇ ਦੂਜੇ ਲਈ, ਮਰਨ ਹੁੰਦਾ ਹੈ ਜੀਵਨ ਮੈਨੂੰ ਆਪਣੀ ਸਹੁੰ ਆਪਾਂ ਮਰ ਜਾਣਾ ਹੈ ਔੜਾਂ, ਪੀੜਾਂ ਸੋਕੇ ਤੋਂ ਬੇਹਾਲ ਜਿਹੀ ਇਕ ਧਰਤੀ ਨੇ ਅੰਬਰ ਤੇ ਵਰ੍ਹ ਜਾਣਾ ਹੈ ਆਪਣੀ ਸੋਚਦੀ ਧੂਣੀ ਹੈ ਮਘਦੀ ਰਹਿਣੀ ਵੇਖੀਂ ਇਕ ਦਿਨ ਸੂਰਜ ਵੀ ਠਰ ਜਾਣਾ ਹੈ
ਆਪਣੇ ਵਰਗੀ ਕਿਸੇ ਰੂਹ ਦੀ
ਆਪਣੇ ਵਰਗੀ ਕਿਸੇ ਰੂਹ ਦੀ ਸ਼ਨਾਖ਼ਤ ਹੋ ਗਈ ਜ਼ਿੰਦਗੀ ਕਿੰਨੀ ਜ਼ਿਆਦਾ ਖ਼ੂਬਸੂਰਤ ਹੋ ਗਈ ਇਕ ਦੂਜੇ ਦੇ ਲਈ ਸਾਂ, ਪਾਰਦਰਸ਼ੀ ਹੋ ਗਏ ਉਹ ਦੁਬਾਰਾ ਕਿਸ ਤਰਾਂ ਪੱਥਰ ਦੀ ਮੂਰਤ ਹੋ ਗਈ ਰਾਤ ਮੈਂ ਬੁੱਕਲ ਚ ਆਪਣੀ ਚਾਂਦ ਲੈ ਕੇ ਸੌਂ ਗਿਆ ਚਾਨਣੀ ਉਸ ਰਾਤ ਤੋਂ ਮੈਨੂੰ ਵਸੀਅਤ ਹੋ ਗਈ ਵੇਖ ਕੇ ਫੁੱਲ ਵੇਚਦੀ ਫੁੱਲਾਂ ਜਿਹੀ ਨਾਜ਼ੁਕ ਕੁੜੀ ਪਹਿਲ ਖ਼ੁਸ਼ਬੂ ਹੋ ਗਏ, ਮਦਹੋਸ਼ ਕੁਦਰਤ ਹੋ ਗਈ ਜਦ ਤੋਂ ਇਸਸ ਦੇ ਵਿਚ ਚੰਨ ਦਾ ਅਕਸ ਆ ਕੇ ਉੱਤਰਿਆ ਸ਼ਾਂਤ ਗਹਿਰੀ ਝੀਲ ਕਿੰਨੀ ਖ਼ੂਬਸੂਰਤ ਹੋ ਗਈ ਪੀਣ ਦੀ ਸ਼ਿੱਦਤ ਨੂੰ ਉਸ ਨੇ ਪਰਖਿਆ ਤੇ ਪਰਖ ਕੇ ਅੱਗ ਦੀ ਵਗਦੀ ਨਦੀ ਚੁੱਪ ਚਾਪ ਸ਼ਰਬਤ ਹੋ ਗਈ
ਹੋ ਗਏ ਜੰਗਲ਼ ਚ ਹਾਂ
ਹੋ ਗਏ ਜੰਗਲ਼ ਚ ਹਾਂ ਮਸ਼ਹੂਰ ਬਹੁਤ ਆ ਗਏ ਆਬਾਦੀਆਂ ਦੂਰ ਬਹੁਤ ਮੰਗਦੇ ਸੜਕਾਂ ਤੇ ਬੱਚੇ ਰੋਕ ਲੌ ਰੁਲ਼ ਰਿਹਾ ਹੈ ਜ਼ਿੰਦਗੀ ਦਾ ਨੂਰ ਬਹੁਤ ਵੇਖਦੇ ਢਾਰੇ ਵੀ, ਸੁੱਕੇ ਖੇਤ ਵੀ ਬਾਰਸ਼ਾਂ ਵਾਲਾ ਵੀ ਹੈ ਮਜਬੂਰ ਬਹੁਤ ਆਖਿਆ ਪੌਣਾਂ ਨੂੰ ਸਹਿਮੇ ਪੱਤਿਆਂ ਨਾ ਵਗੋ ਇਸ ਵਾਰ ਆਇਐ ਬੂਰ ਬਹੁਤ ਮਾਂਗ ਸੁੰਨੀ ਮੰਗਦੀ ਤਾਰੇ ਨਹੀਂ ਏਸ ਨੂੰ ਰੱਤੀ ਕੁ ਭਰ ਸੰਧੂਰ ਬਹੁਤ ਪਾ ਲਵਾਂ ਕੁੱਲੀ ਮੈਂ ਇਹਦੇ ਬਾਹਰਵਾਰ ਸ਼ਹਿਰ ਤੇਰਾ ਹੋ ਗਿਐ ਮਗ਼ਰੂਰ ਬਹੁਤ ਤੁਰ ਪਿਆਂ ਤੈਨੂੰ ਮਿਲਣ, ਅੱਖਾਂ ਮਟੀਰ ਪੈਰ ਹੇਠ ਆ ਗਏ ਦਸਤੂਰ ਬਹੁਤ ਰੰਜਿਸ਼ਾਂ , ਨਫ਼ਰਤ, ਹਵਸ, ਮਗ਼ਰੂਰੀਆਂ ਚਾਂਦ ਜੀਵਨ ਇਕ ਹੈ ਨਾਸੂਰ ਬਹੁਤ
ਜੰਗਲ਼ ਦੇ ਵਿਚ ਇਕੱਲਾ ਹੋਵਾਂ
ਜੰਗਲ਼ ਦੇ ਵਿਚ ਇਕੱਲਾ ਹੋਵਾਂ ਜੀ ਕਰਦਾ ਏ ਰੁੱਖਾਂ ਦੇ ਗਲ ਲੱਗ ਕੇ ਰੋਵਾਂ, ਜੀ ਕਰਦਾ ਏ ਸੀਨੇ ਅੰਦਰ ਚਾਂਦ ਉੱਗਾਵਾਂ ਮੱਥੇ ਸੂਰਜ ਨੈਣਾਂ ਦੇ ਵਿਚ ਧਰਤ ਸਮੋਵਾਂ ਜੀ ਕਰਦਾ ਏ ਗ਼ਜ਼ਲਾਂ ਵਿਚ ਪਰੋਣ ਤੋਂ ਪਹਿਲਾਂ ਸਭ ਸ਼ਬਦਾਂ ਨੂੰ ਚਾਨਣ ਦੇ ਦਰਿਆ ਵਿਚ ਧੋਵਾਂ ਜੀ ਕਰਦਾ ਏ ਰੂਹ ਦੀ ਪਿਆਸ ਬੁਝਾ ਸਕਦਾ ਏ ਜਿਸਦਾ ਪਾਣੀ ਓਸ ਨਦੀ ਵਿਚ ਬੁੱਕ ਡੁਬੋਵਾਂ ਜੀ ਕਰਦਾ ਏ ਆਪਣੇ ਅੰਦਰਲੇ ਸ਼ੀਸ਼ੇ ਵਿੱਚ ਆਪਾ ਤੱਕਾਂ ਕਾਸ਼, ਮੈਂ ਆਪਣੇ ਸਨਮੁੱਖ ਹੋਵਾਂ ਜੀ ਕਰਦਾ ਏ ਰੁੱਖ ਫ਼ਕੀਰਾਂ ਦੀ ਰੂਹ ਨੇ ਜਾਂ ਵਿਛੜੇ ਮਾਪੇ ਜਾ ਜਾ ਰੁੱਖਾਂ ਵਿਚ ਖੜੋਵਾਂ ਜੀ ਕਰਦਾ ਏ
ਦਸ ਇਹ ਕੀ ਭਲਾ ਦੋਸਤਾ
ਦਸ ਇਹ ਕੀ ਭਲਾ ਦੋਸਤਾ ਹੋ ਗਿਆ ਤੈਨੂੰ ਸਜਦਾ ਕੀ ਕੀਤਾ ਖ਼ੁਦਾ ਹੋ ਗਿਆ ਦਿਨ ਚੜ੍ਹਾਉਂਦਾ ਤੇ ਲਾਹੁੰਦਾ ਸੀ ਚਿਹਰਾ ਕੋਈ ਤੈਨੂੰ ਐਵੇਂ ਭਰਮ ਸੂਰਜਾ ਹੋ ਗਿਆ ਸਭ ਮੁਸਾਫ਼ਰ ਖ਼ਿਆਲਾਂ ਦੀ ਲੌ ਲੈ ਤੁਰੇ ਇੰਜ ਚਾਨਣ ਦਾ ਇਕ ਕਾਫ਼ਲਾ ਹੋ ਗਿਆ ਹੱਥ ਫੜ ਕੇ ਤੁਰੇ ਸਾਂ ਕਦਮ ਦੋ ਕਦਮ ਮੋੜ ਪਹਿਲੇ ਤੇ ਹੀ ਹਾਦਸਾ ਹੋ ਗਿਆ ਤੂੰ ਗਿਆ ਤਾਂ ਨਸ਼ਾ ਹਰ ਹਵਾ ਹੋ ਗਿਆ ਤੇਰੇ ਆਇਆਂ ਹਵਾ ਨੂੰ ਨਸ਼ਾ ਹੋ ਗਿਆ ਪੇਟ ਭੁੱਖਾ ਸੀ ਪਰ ਫ਼ਰਸ਼ ਚਾਂਦੀ ਦਾ ਸੀ ਇਕ ਪਾਰਾ ਬਦਨ ਥਿਰਕਦਾ ਹੋ ਗਿਆ ਚਾਂਦ ਵੇਖਾਂਗੇ ਓਸ ਵਿਚ ਹੀ ਅਕਸ ਅਪਣਾ ਇਕ ਪੱਥਰ ਜਦੋਂ ਆਈਨਾ ਹੋ ਗਿਆ
ਮਹਿੰਦੀ ਤੇ ਚੂੜਾ ਬੇਗਾਨੇ ਲਗਦੇ ਨੇਂ
ਮਹਿੰਦੀ ਤੇ ਚੂੜਾ ਬੇਗਾਨੇ ਲਗਦੇ ਨੇਂ ਹੱਥ ਤੇਰੇ ਜਾਣੇ ਪਹਿਚਾਣੇ ਲਗਦੇ ਨੇਂ ਏਨਾ ਦੂਰ ਨਾ ਜਾਵੀਂ ਕਿ ਨਾ ਪਰਤ ਸਕੇਂ ਮੁੜ ਪਰਤਣ ਨੂੰ ਕਈ ਜ਼ਮਾਨੇ ਲਗਦੇ ਨੇਂ ਉਹਦੇ ਹੱਥੀਂ ਤੇਰਾ ਹੱਥ ਫੜਾ ਦਿੱਤਾ ਸਭਨਾਂ ਹੱਥੀਂ ਕਦੋਂ ਖ਼ਜ਼ਾਨੇ ਲਗਦੇ ਨੇਂ ਅਜ਼ਲਾਂ ਤੋਂ ਪਹਿਚਾਣ ਹੈ ਸਾਡੀ, ਨਾ ਦੱਸੀਂ ਸੱਚ ਬੋਲਣ ਤੇ ਸੌ ਹਰਜਾਨੇ ਲਗਦੇ ਨੇਂ ਤਾਜ ਮਹਿਲ ਤੇ ਬੈਠੇ ਘੁੱਗੀਆਂ ਦੇ ਜੋੜੇ ਸਾਡੇ ਵਰਗੇ ਹੀ ਦੀਵਾਨੇ ਲਗਦੇ ਨੇਂ
ਲਗਦਾ ਸੀ ਕਿ ਹੁਣ ਤਾਂ ਤੁਰਨਾ
ਲਗਦਾ ਸੀ ਕਿ ਹੁਣ ਤਾਂ ਤੁਰਨਾ ਭੁੱਲ ਗਏ ਐਸਾ ਤੁਰੇ ਕਿ ਘਰ ਨੂੰ ਮੁੜਨਾ ਭੁੱਲ ਗਏ ਇਕ ਵਾਰੀ ਆਵਾਜ਼ ਸੁਣੀ ਖ਼ਾਮੋਸ਼ੀ ਦੀ ਮੁੜ ਕੇ ਸਭ ਆਵਾਜ਼ਾਂ ਸੁਣਨਾ ਭੁੱਲ ਗਏ ਮੈਨੂੰ ਨਹੀਂ ਵਹਾ ਸਕਦੇ , ਤੇਰੇ ਹੰਝੂ ਪੱਥਰ ਪਾਣੀ ਦੇ ਵਿਚ ਰੁੜ੍ਹਨਾ ਭੁੱਲ ਗਏ ਆਲ੍ਹਣਿਆਂ ਦੇ ਨਿੱਘ ਨੇ ਭਰਮਾਏ ਐਦਾਂ ਪੰਛੀ ਅੰਬਰ ਉੱਤੇ ਉਡਣਾ ਭੁੱਲ ਗਏ ਸਾਰਾ ਆਲਮ ਹੀ ਗ਼ਜ਼ਲਾਇਆ ਜਾਣਾ ਸੀ ਤੇਰੇ ਨਕਸ਼ ਫ਼ਿਜ਼ਾ ਵਿਚ ਖੁਰਨਾ ਭੁੱਲ ਗਏ ਖ਼ੌਰੇ ਸ਼ੀਸ਼ੇ ਸੀ ਕਿ ਕੱਚੇ ਧਾਗੇ ਸੀ ਤਿੜਕੇ ਰਿਸ਼ਤੇ ਮੁੜਕੇ ਜੁੜਨਾ ਭੁੱਲ ਗਏ