Kamaal Karde O Baadshaho : Tajammul Kaleem

ਕਮਾਲ ਕਰਦੇ ਓ ਬਾਦਸ਼ਾਹੋ : ਤਜੱਮੁਲ ਕਲੀਮ



ਮਰ ਮਰ ਕੇ ਜੀਣ ਤੇ ਕਹਿ ਜ਼ਰਾ

ਮਰ ਮਰ ਕੇ ਜੀਣ ਤੇ ਕਹਿ ਜ਼ਰਾ ਏਸ ਔਖੀ ਜ਼ਮੀਨ ਤੇ ਕਹਿ ਜ਼ਰਾ ਦਸਾਂ ਨਹੁੰਆਂ ਦੀ ਖਾਨਾ ਏਂ, ਡਰ ਕਾਹਦਾ ਕਿਸੇ ਕੰਮੀ-ਕਮੀਨ ਤੇ ਕਹਿ ਜ਼ਰਾ ਛੱਡ ਬਾਤ ਅੰਗੂਰ ਦੀ ਧੀ ਵਾਲੀ, ਅੱਜ ਅੱਥਰੂ ਪੀਣ ਤੇ ਕਹਿ ਜ਼ਰਾ ਸ਼ਾਹ ਸਾਹ ਦੀ ਖੇਡ ਨੂੰ ਜਾਣ ਲਵੇ ਇਹਦੀ ‘ਸ਼ੀਨ’ ਨੂੰ ‘ਸੀਨ' ਤੇ ਕਹਿ ਜ਼ਰਾ ਦੁੱਖ ਸਾਂਭਾਂਗੇ ਸਾਹਵਾਂ ਦੇ ਨਾਲ ਤੇਰਾ ਸਾਨੂੰ ਇਹਦਾ ‘ਆਮੀਨ’ ਤੇ ਕਹਿ ਜ਼ਰਾ

ਅੱਗੇ ਰੋਗ ਉਲੱਦੀ ਬੈਠਾਂ

ਅੱਗੇ ਰੋਗ ਉਲੱਦੀ ਬੈਠਾਂ ਸਾਰੇ ਸੱਜਣ ਸੱਦੀ ਬੈਠਾਂ ਅੱਖ ਦੀ ਬੋਲੀ ਕਿਉਂ ਨਾ ਸਮਝਾਂ ਇਸ਼ਕ-ਵਲੀ ਦੀ ਗੱਦੀ ਬੈਠਾਂ ਧਰਤੀ ਮੇਰੇ ਪਿਓ ਦਾ ਵਿਹੜਾ ਕੌਣ ਮੁਹਾਜਿਰ? ਜੱਦੀ ਬੈਠਾਂ ਪਾਗਲ ਹੋ ਕੇ ਸਮਝਾਂ ਆਈਆਂ ਠੀਕ ਸਿਆਣੇ ਰੱਦੀ ਬੈਠਾਂ ਅੱਕੇ-ਪੱਕੇ ਪੈਰਾਂ ਉੱਤੇ ਖੌਰੇ ਕੀ-ਕੀ ਲੱਦੀ ਬੈਠਾਂ

ਇਕ ਮੇਰਾ ਹਮਸਾਇਆ ਸੀ

ਇਕ ਮੇਰਾ ਹਮਸਾਇਆ ਸੀ ਲਗਦਾ ਮਾਂ-ਪਿਓ ਜਾਇਆ ਸੀ ਸ਼ੀਸ਼ਾ ਪੁਛਦਾ ਫਿਰਦਾ ਏ ਪੱਥਰ ਕਿੱਧਰੋਂ ਆਇਆ ਸੀ ਓੜਕ ਮਸਜਿਦ ਭੁਗਤੇਗੀ ਮੈਂ ਇਕ ਮੰਦਰ ਢਾਇਆ ਸੀ ਅੱਜ ਉਹ ਆਕਾ ਜੰਮਦੀ ਦੇ ਜਿਹੜੀ ਸਿਰਫ਼ ਰਿਆਇਆ ਸੀ ਮੈਂ ਇਕ ਸੂਲੀ ਗੱਡੀ ਸੀ ਨਈਂ-ਨਈਂ, ਬੂਟਾ ਲਾਇਆ ਸੀ

ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਦੇਖੇ

ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਦੇਖੇ ਉੱਤੋਂ ਹੰਢਦੇ ਜਿੰਦੜੀ ਨਾਲ ਦੇਖੇ ਇੱਕ ਦਿਨ ਸੀ ਹਿਜਰ ਦਾ ਸਾਲ ਵਰਗਾ ਅਸੀਂ ਦਿਨ ਨਈਂ, ਸਾਲਾਂ ਦੇ ਸਾਲ ਦੇਖੇ ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰੱਬਾ ਅਸੀਂ ਭੁੱਖਾਂ ਤੋਂ ਵਿਕਦੇ ਬਾਲ ਦੇਖੇ ਮੈਂ ਨੱਚਿਆ ਜੱਗ ਦੇ ਸੁਖ ਪਾਰੋਂ ਸੱਦ ਬੁੱਲ੍ਹੇ ਨੂੰ ਮੇਰੀ ਧਮਾਲ ਦੇਖੇ ਅਸੀਂ ਦੇਖਿਆ ਖੂਨ ਦਾ ਰੰਗ ਚਿੱਟਾ ਅਸੀਂ ਫੁੱਲ ਕਪਾਹਵਾਂ ਦੇ ਲਾਲ ਦੇਖੇ ਐਸ ਝੱਲੇ ‘ਕਲੀਮ' ਨੂੰ ਰੋਕ ਦਿਲਾ ਇਹਨੂੰ ਆਖ ਸੂ ਵੇਲੇ ਦੀ ਚਾਲ ਦੇਖੇ

ਜਿਹੜਾ ਵੇਹਰ ਖਲੋਤਾ ਸੀ ਜੱਗ ਅੱਗੇ

ਜਿਹੜਾ ਵੇਹਰ ਖਲੋਤਾ ਸੀ ਜੱਗ ਅੱਗੇ ਹਾਰ ਡਿੱਗਿਆ ਪਿਓ ਦੀ ਪੱਗ ਅੱਗੇ ਇਸ਼ਕ ਅਕਲ ਨੂੰ ਸੁੱਟ ਕੇ ਕੰਡ ਪਿੱਛੇ ਮਾਲ ਆਪ ਰਖਾਉਂਦਾ ਏ ਠੱਗ ਅੱਗੇ ਤੇਰੀ ਵਾਜ ਈ ਦੱਸੇਗੀ ਰਾਹ ਮੈਨੂੰ ਬੜੀ ਧੂੜ ਏ ਚਾਵਾਂ ਦੇ ਵੱਗ ਅੱਗੇ ਸੁੱਜੇ ਪੈਰ ਮਜਬੂਰੀ ਦੇ ਛਾਲਿਆਂ ਤੋਂ ਉੱਤੋਂ ਇਸ਼ਕ ਨੇ ਆਖਿਆ ‘ਲੱਗ ਅੱਗੇ’ ਬੁਰੇ ਬੰਦੇ ਦਾ ਬਣੇਗਾ ਕੀ ਖੌਰੇ ਸੱਪ ਖੌਫ਼ ਦਾ ਪਿੱਛੇ, ਤੇ ਅੱਗ ਅੱਗੇ

ਮੈਂ ਤੇਰੀ ਤਸਵੀਰ ਪਾੜ ਦੇਵਾਂ, ਕਿਸੇ ਨੂੰ ਕੀ ਏ

ਮੈਂ ਤੇਰੀ ਤਸਵੀਰ ਪਾੜ ਦੇਵਾਂ, ਕਿਸੇ ਨੂੰ ਕੀ ਏ ਗ਼ਜ਼ਲ ਦਾ ਮਤਲਾ ਵਿਗਾੜ ਦੇਵਾਂ, ਕਿਸੇ ਨੂੰ ਕੀ ਏ ਮੈਂ ਦਿਲ ਦੇ ਕਮਰੇ ’ਚ ਰੂਪ ਹਰਨੀ ਨੂੰ ਖੁੱਲ੍ਹਾ ਛੱਡਾਂ ਤੇ ਬਾਹਰ ਰੀਝਾਂ ਨੂੰ ਤਾੜ ਦੇਵਾਂ, ਕਿਸੇ ਨੂੰ ਕੀ ਏ ਮੈਂ ਤਿੰਨ ਤਰਫ਼ਾਂ ਨੂੰ ਸ਼ਹਿਰ ਕਹਿ ਕੇ ਕਰਾਂ ਨਜ਼ਾਰਾ ਤੇ ਫੇਰ ਆਪੇ ਉਜਾੜ ਦੇਵਾਂ, ਕਿਸੇ ਨੂੰ ਕੀ ਏ ਮੈਂ ਦਰਦ-ਚੋਰਾਂ ਨੂੰ ਸ਼ੋਰ ਕਰਕੇ ਫੜਾ ਵੀ ਸਕਨਾਂ ਜੇ ਆਪ ਜੁੱਸੇ ਦੀ ਆੜ ਦੇਵਾਂ, ਕਿਸੇ ਨੂੰ ਕੀ ਏ ‘ਕਲੀਮ’ ਲੋਕਾਂ ਨੇ ਇਹਨੂੰ ਕੋਰਾ ਨਈਂ ਰਹਿਣ ਦੇਣਾ ਜੇ ਦਿਲ ਦਾ ਵਰਕਾ ਈ ਪਾੜ ਦੇਵਾਂ, ਕਿਸੇ ਨੂੰ ਕੀ ਏ

ਦੱਸ ਦਿਲ ਨੂੰ ਕਿਉਂ ਨਾ ਟੱਕ ਲੱਗੇ

ਦੱਸ ਦਿਲ ਨੂੰ ਕਿਉਂ ਨਾ ਟੱਕ ਲੱਗੇ ਜਦੋਂ ਤੇਰੇ ਈ ਪਿਆਰ ਤੇ ਸ਼ੱਕ ਲੱਗੇ ਸਾਹ ਮੇਰੇ ਤੇ ਰਾਹਵਾਂ ਦਾ ਲੇਖ ਹੋਏ ਮਰ ਜਾਵਾਂ ਤੇ ਮੰਜੀ ਤੇ ਲੱਕ ਲੱਗੇ ਉੱਚਾ ਨੱਕ ਤੇ ਐਵੇਂ ਮੁਹਾਵਰਾ ਏ ਇੱਕੋ ਜਿਹੇ ਨੇ ਸਭਨਾ ਨੂੰ ਨੱਕ ਲੱਗੇ ਦੱਸ ਬੰਦਾ ਨਸੀਬ ਨੂੰ ਕੀ ਆਖੇ ਜਦੋਂ ਅੰਬ ਦੇ ਬੂਟੇ ’ਤੇ ਅੱਕ ਲੱਗੇ ਖ਼ੁਸ਼ ਹੋਵਾਂ ਤੇ ਵੱਟਾ ਵੀ ਫੁੱਲ ਜਾਪੇ ਰੁੱਸ ਜਾਵਾਂ ਤੇ ਚੂੰਢੀ ਵੀ ਚੱਕ ਲੱਗੇ

ਆਹਵੇਂ ਨੀਵੇਂ ਸਹਿ ਜਾਂਦਾ ਏ

ਆਹਵੇਂ ਨੀਵੇਂ ਰਹਿ ਜਾਂਦਾ ਏ ਜਿਹੜਾ ਜੀਂਦਾ ਰਹਿ ਜਾਂਦਾ ਏ ਧਰਤੀ ਕਿੱਡੀ ਏ, ਕੀ ਜਾਣਾ ਆਪਣਾ ਮੰਜਾ ਡਹਿ ਜਾਂਦਾ ਏ ਸੁੱਕਾ ਵੇਖ ਕੇ ਹੱਥ ਨਾ ਲਾਵੀਂ ਸਰ ਦਾ ਤੀਲਾ ਵਹਿ ਜਾਂਦਾ ਏ ਅੱਖਾਂ ਨੇ ਤਰਦਾ ਨਈਂ ਡਿੱਠਾ ਜਿਹੜਾ ਦੁੱਖ ਦੀ ਤਹਿ ਜਾਂਦਾ ਏ ਸਾਹ ਦੇ ਚੋਰ ਦਾ ਫ਼ਨ ਤੇ ਵੇਖੋ ਬੰਦਾ ਤੱਕਦਾ ਰਹਿ ਜਾਂਦਾ ਏ ਮੇਰਾ ਅੰਦਰ ਅੰਦਰੋ ਅੰਦਰੀ ਮੈਨੂੰ ਭੈੜਾ ਕਹਿ ਜਾਂਦਾ ਏ

ਮੁਸ਼ਕਾਂ ਬਾਹੀਂ ਕੱਸੀ ਜਾ

ਮੁਸ਼ਕਾਂ ਬਾਹੀਂ ਕੱਸੀ ਜਾ ਨਾਲ ਗੁਨਾਹ ਵੀ ਦੱਸੀ ਜਾ ਮੈਂ ਬੱਦਲ ਆਂ, ਰੋ ਲਾਂਗਾ ਤੂੰ ਤੇ ਫੁੱਲ ਏਂ, ਹੱਸੀ ਜਾ ਸੱਜਣ ਏਂ ਤੇ ਸੀਨੇ ਲੱਗ ਪੱਥਰ ਏਂ ਤੇ ਵੱਸੀ ਜਾ ਕੋਹਲੂ ਜੁੱਤਿਆ ਹੋਇਆ ਏਂ ਜਿੰਨਾ ਮਰਜ਼ੀ ਨੱਸੀ ਜਾ

ਪਿਆਰ ਦੀ ਮਾਲ਼ਾ ਜਪਦੇ ਰਹੇ ਆਂ

ਪਿਆਰ ਦੀ ਮਾਲ਼ਾ ਜਪਦੇ ਰਹੇ ਆਂ ਲੱਭਣਾ ਕੀ ਸੀ, ਖਪਦੇ ਰਹੇ ਆਂ ਵਣ ਉੱਗੇ, ਤੇ ਉਹਦੀ ਮਰਜ਼ੀ ਉਂਝ ਤੇ ਬੰਦੇ ਨੱਪਦੇ ਰਹੇ ਆਂ ਖ਼ਤ-ਪੱਤਰ ਈ ਹੁੱਲੇ ਨਈਂ ਸਨ, ਰੁੱਖਾਂ ਤੇ ਵੀ ਛਪਦੇ ਰਹੇ ਆਂ ਬੁੱਲ੍ਹਾ ਹੋਣਾ ਸ਼ਰਤ ਸੀ ਖੌਰੇ ਨੱਚਣਾ ਕਾਹਦਾ! ਟੱਪਦੇ ਰਹੇ ਆਂ ਅੱਜ ਇੱਕ ਘਰ ਨਾ ਬਣਿਆਂ ਸਾਥੋਂ ਕੱਲ੍ਹ ਪੈਰਾਂ ਤੇ ਥੱਪਦੇ ਰਹੇ ਆਂ

ਹਿੰਮਤ ਕੀ ਹਥਿਆਰ ਨਈਂ ਹੁੰਦੀ

ਹਿੰਮਤ ਕੀ ਹਥਿਆਰ ਨਈਂ ਹੁੰਦੀ ਦਿਲ ਨਾ ਛੱਡੀਂ, ਹਾਰ ਨਈਂ ਹੁੰਦੀ ਮੌਤਾਂ ਕਿਸ ਬਹਾਨੇ ਆਵਨ ਜਿਹੜੀ ਥਾਂ ਮੁਟਿਆਰ ਨਈਂ ਹੁੰਦੀ ਕਿਸਰਾਂ ਸੱਚਾ ਰਹਿ ਸਕਨਾ ਵਾਂ ਇਕ ਵੇਲੇ ਤਕਰਾਰ ਨਈਂ ਹੁੰਦੀ ਵਰ੍ਹਿਆਂ ਉੱਤੇ ਵਸ ਲੈਨੇ ਆ ਸਦੀਆਂ ਤੀਕਰ ਮਾਰ ਨਈਂ ਹੁੰਦੀ ਅਣਹੋਣੀ ਨੂੰ ਮੰਨ ‘ਕਲੀਮਾ’ ਅਣਹੋਣੀ ਬੇਕਾਰ ਨਈਂ ਹੁੰਦੀ

ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ

ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ ਖ਼ਤ ਯਾਰ ਦੇ ਚੁੰਮੇ, ਤੇ ਪਾੜ ਦਿੱਤੇ ਸਾਡੇ ਨਾਲ ਦੇ ਵਿਕ ਕੇ ਮਹਿਲ ਲੈ ਗਏ ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ ਜਿੰਨੇ ਦੁੱਖ ਸੀ ਦਿਲ ਦੀ ਜੇਲ੍ਹ ਅੰਦਰ ਤਾਲਾ ਸਬਰ ਦਾ ਲਾਇਆ, ਤੇ ਤਾੜ ਦਿੱਤੇ ਕਿਤੇ ਇੱਟਾਂ ਦਾ ਮੀਂਹ, ਤੇ ਇਸ਼ਕ ਝੱਲਾ ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ ਜੁੱਤੀ ਬਾਲਾਂ ਦੀ ਲੈਣ ਲਈ ਮਾਲ ਵੀ ਦੇਹ ਰੱਬਾ! ਜੀਹਨੂੰ ਇਹ ਜੇਠ ਤੇ ਹਾੜ੍ਹ ਦਿੱਤੇ

ਫੱਟ ਜਿਗਰ ਦੇ ਧੋ ਵੀ ਚੁੱਕੀਆਂ

ਫੱਟ ਜਿਗਰ ਦੇ ਧੋ ਵੀ ਚੁੱਕੀਆਂ ਅੱਖਾਂ ਤੈਨੂੰ ਰੋ ਵੀ ਚੁੱਕੀਆਂ ਰੱਬਾ! ਮੇਰੇ ਖਾਤੇ ਪਾ ਦੇ ਉਸ ਨੇ ਕਸਮਾਂ ਜੋ ਵੀ ਚੁੱਕੀਆਂ ਅੱਖਾਂ ਰਾਹਵਾਂ ਤੱਕੀ ਜਾਵਨ ਨਬਜ਼ਾਂ ਥੱਕ ਖਲੋ ਵੀ ਚੁੱਕੀਆਂ ਖੁਸ਼ੀਆਂ ਰੱਜ ਕੇ ਚੋਰੀ ਕਰ ਲੈ ਇੱਕ ਵੀ ਚੁੱਕੀ, ਦੋ ਵੀ ਚੁੱਕੀਆਂ ‘ਕੁੰਨ' ਵਾਲੇ ਨੂੰ ਲੱਭਦਾ ਫਿਰਨਾਂ ਉਂਗਲਾਂ ਮਿੱਟੀ ਗੋ ਵੀ ਚੁੱਕੀਆਂ

ਠੁੱਡਿਆਂ ਨਾਲ ਨਾ ਮੋਇਆ ਤੇ...

ਠੁੱਡਿਆਂ ਨਾਲ ਨਾ ਮੋਇਆ ਤੇ ... ਮੈਂ ਜੋ ਪੱਥਰ ਹੋਇਆ ਤੇ... ਖੋਹ ਪੈਂਦੀ ਨੂੰ ਸਮਝੇਂਗਾ ਤੇਰਾ ਪੁੱਤਰ ਹੋਇਆ ਤੇ ... ਚਾਰੇ ਫਾਹੇ ਲੱਗੇ ਆਂ ਕੁੰਡੀ, ਡੋਰ, ਗੰਡੋਇਆ ਤੇ... ਬਾਤ ਪਤੇ ਦੀ ਦੱਸੇਗਾ ਇਹ ਜੋ ਪਾਗਲ ਹੋਇਆ ਤੇ ... ਲੈ ਬਈ ਸੱਜਣਾ! ਅੱਜ ਤੋਂ ਬਾਅਦ ਮੈਂ ਤੇਰੇ ਲਈ ਮੋਇਆ ਤੇ ...

ਅੰਬਰ ਵੱਲ ਨੂੰ ਚੁੰਮਾਂ, ਤੇ ਸੁੱਕ ਜਾਵਾਂ

ਅੰਬਰ ਵੱਲ ਨੂੰ ਚੁੰਮਾਂ, ਤੇ ਸੁੱਕ ਜਾਵਾਂ ਰੁੱਖ ਹੋਵਾਂ, ਤੇ ਕਦੋਂ ਦਾ ਮੁੱਕ ਜਾਵਾਂ ਤੇਰੇ ਪਿਆਰ ਨੇ ਝੱਲਿਆਂ ਕਰ ਦਿੱਤਾ ਆਪੇ ਵਾਜ ਮਾਰਾਂ, ਆਪੇ ਰੁੱਕ ਜਾਵਾਂ ਰੱਬਾ! ਸਾਵਨ ਦੀ ਝੜੀ ਉਧਾਰ ਦੇ ਦੇ ਐਨਾ ਰੋਵਾਂ ਕਿ ਅੰਦਰੋਂ ਸੁੱਕ ਜਾਵਾਂ ਏਸ ਚਾਅ ਨੇ ਰਾਹਵਾਂ ਦੇ ਵੱਸ ਪਾਇਆ ਤੈਨੂੰ ਲੱਭਦਾ-ਲੱਭਦਾ ਲੁੱਕ ਜਾਵਾਂ ਹੱਥੀਂ ਦੁੱਖ ਕਮਾਵਾਂ, ਤੇ ਸਾਂਭ ਲਵਾਂ ਖ਼ੈਰ ਸੁੱਖਾਂ ਦੀ ਮਿਲੇ, ਤੇ ਥੁੱਕ ਜਾਵਾਂ ਚੰਗਾ ਹੋਵੇ ਤੇ ਦੋਵੇਂ ਈ ਜਿੱਤ ਜਾਈਏ ਤੂੰ ਵੀ ਰਾਮ ਹੋਵੇਂ, ਮੈਂ ਵੀ ਝੁੱਕ ਜਾਵਾਂ ਵੇਲਾ ਸਦਾ ‘ਕਲੀਮ' ਨੂੰ ਯਾਦ ਰੱਖੇ ਇੰਝ ਵੇਲੇ ਦੇ ਸੀਨੇ 'ਚ ਠੁੱਕ ਜਾਵਾਂ

ਸੋਚ ਰਿਹਾਂ ਕਿਉਂ ਮਰ ਨਈਂ ਜਾਂਦਾ

ਵਾਅਦੇ ਪੂਰੇ ਕਰ ਨਈਂ ਜਾਂਦਾ ਸੋਚ ਰਿਹਾਂ ਕਿਉਂ ਮਰ ਨਈਂ ਜਾਂਦਾ ਜਿਸ ਦਿਨ ਨਾ ਮਜ਼ਦੂਰੀ ਲੱਭੇ ਬੂਹੇ ਵੱਲੋਂ ਘਰ ਨਈਂ ਜਾਂਦਾ ਸਿਰ, ਸਾਹਵਾਂ ਦੀ ਪੰਡ ਨਈਂ ਹੁੰਦੀ ਮੁਰਦਾ ਐਵੇਂ ਤਰ ਨਈਂ ਜਾਂਦਾ ਮੇਰਾ ਸੀਨਾ ਦਮ ਕਰਵਾਓ ਮੇਰੇ ਅੰਦਰੋਂ ਡਰ ਨਈਂ ਜਾਂਦਾ ਕਾਵਾਂ, ਤਕ ਨੂੰ ਜ਼ਾਤ ਪਿਆਰੀ ਬੰਦਾ ਸੁਣ ਕੇ ਮਰ ਨਈ ਜਾਂਦਾ ਇੰਝ 'ਕਲੀਮ' ਨੇ ਨੀਵੀਂ ਸੁੱਟੀ ਜਿਸਰਾਂ ਬੰਦਾ ਹਰ ਨਈਂ ਜਾਂਦਾ

ਜੱਗ ਮੇਰੇ ਲਈ ਓਪਰਾ ਤਾਂ ਹੋਇਆ

ਜੱਗ ਮੇਰੇ ਲਈ ਓਪਰਾ ਤਾਂ ਹੋਇਆ ਜਦੋਂ ਨਾਂ ਦੁਪਹਿਰਾਂ ਦਾ ਛਾਂ ਹੋਇਆ ਗ਼ਮ ਜਿਸਦਾ ਵੀ ਹੋਵੇ, ਉਹ ਆ ਰਵ੍ਹੇ ਮੇਰਾ ਦਿਲ ਨਾ ਹੋਇਆ ਸਰਾਂ ਹੋਇਆ ਅੱਖ ਵਗੀ ਤੇ ਵੇਖ ਲਈਂ ਸੁੱਕ ਜਾਨਾਂ ਤੇਰੇ ਦੁੱਖਾਂ ਦਾ ਭਾਵੇਂ ਝਣਾ ਹੋਇਆ ਰੋਜ਼ ਆਸ ਦੇ ਫੁੱਲ ਖਿੜਾ ਜਾਵੇ ਇਹਨਾ ਲੋਕਾਂ ਤੋਂ ਚੰਗਾ ਤੇ ਕਾਂ ਹੋਇਆ ਲੋਕ ਅੱਜ ਵੀ ਭੁੱਲੇ ਨਈਂ ਪਿਆਰ ਸਾਡਾ ਜਦੋਂ ਰੋਇਆ ਵਾਂ ਤੇਰਾ ਈ ਨਾਂ ਹੋਇਆ

ਦਿਲ ਦਾ ਸ਼ੀਸ਼ਾ ਸਾਫ਼ ਤੇ ਨਈਂ ਨਾ

ਦਿਲ ਦਾ ਸ਼ੀਸ਼ਾ ਸਾਫ਼ ਤੇ ਨਈਂ ਨਾ ਤੂੰ ਫਿਰ ਕੀਤਾ ਮਾਫ਼ ਤੇ ਨਈਂ ਨਾ ਤੂੰ ਕਿਉਂ ਹਿਜਰ ਸਜ਼ਾਵਾਂ ਦੇਵੇਂ ਤੇਰੇ ਹੱਥ ਇਨਸਾਫ਼ ਤੇ ਨਈ ਨਾ ਪਰੀਆਂ ਹਰ ਇਕ ਥਾਂ ਹੁੰਦੀਆਂ ਨੇ ਝੰਗ ਦੇ ਵਿਚ ਕੋਹ-ਕਾਫ਼ ਤੇ ਨਈਂ ਨਾ ਮੇਰੇ ਲੀੜੇ ਰੱਤ ਭਰੇ ਨੇ ਤੇਰੇ ਹੱਥ ਵੀ ਸਾਫ਼ ਤੇ ਨਈਂ ਨਾ ਕੱਠਿਆਂ ਜੀਣ ਦੀ ਆਦਤ ਪਾ ਕੇ ਵੱਖ ਹੋਣਾ ਇਨਸਾਫ਼ ਤੇ ਨਈਂ ਨਾ

ਰਸਮਾਂ ਕਹਿ ਕੇ ਦੂਰੀ ਜਾਵਾਂ

ਰਸਮਾਂ ਕਹਿ ਕੇ ਦੂਰੀ ਜਾਵਾਂ ਉਹ ਨੂੰ ਦੱਸ ਮਜਬੂਰੀ ਜਾਵਾਂ ਮਲਬਾ ਸੁੱਟ ਸਬਰ ਦਾ ਆਪੇ ਖੂਹ ਨੈਣਾਂ ਦੇ ਪੂਰੀ ਜਾਵਾਂ ਹੱਥ ਮੇਰੇ ਗਲਮੇ ਨੂੰ ਤਰਸਨ ਐਨੀ ਛੱਡ ਕੇ ਦੂਰੀ ਜਾਵਾਂ ਖੁਸ਼ੀਆਂ ਖੌਰੇ ਚੇੜ ਨੇ ਮੇਰੀ ਚਾਰ ਚੁਫ਼ੇਰੇ ਘੂਰੀ ਜਾਵਾਂ ਲੋਕੋ! ਮੇਰੀ ਮਾਂ ਮਰ ਗਈ ਏ ਰੋਵਾਂ, ਜਾਂ ਮਜ਼ਦੂਰੀ ਜਾਵਾਂ!!

ਸਿਲਾ ਪਿਆਰ ਦਾ ਵੈਰੀਆ ਕਹਿਰ ਤੇ ਨਈਂ

ਸਿਲਾ ਪਿਆਰ ਦਾ ਵੈਰੀਆ ਕਹਿਰ ਤੇ ਨਈਂ ਤੈਨੂੰ ਦਿਲ ਈ ਦਿੱਤਾ ਏ, ਜ਼ਹਿਰ ਤੇ ਨਈਂ ਹਰ ਬੰਦੇ ਦੇ ਹੱਥ ਇੱਟ ਰੋੜਾ ਇਹ ਸ਼ਹਿਰ ਵੀ ਤੇਰਾ ਈ ਸ਼ਹਿਰ ਤੇ ਨਈਂ ਸਾਹਵਾਂ ਨਾਲ ਈ ਜਾਵੇਗਾ ਗ਼ਮ ਤੇਰਾ ਕਿੰਝ ਸੁੱਕੇਗੀ ਅੱਖ, ਇਹ ਨਹਿਰ ਤੇ ਨਈਂ ਯਾਰ ਹੱਸ ਕੇ ਲੰਘੇ ਨੇ ਗੈਰ ਵਾਂਗੂੰ ਮੇਰੇ ਲੇਖ ਦਾ ਪਿਛਲਾ ਪਹਿਰ ਤੇ ਨਈਂ ਹੱਥੀਂ ਸੰਖੀਆ ਦਿੱਤਾ ਈ ਨਫ਼ਰਤਾਂ ਦਾ ਹੁਣ ਕਦੇ ਜੋ ਕਹੇਂ ਵੀ ਠਹਿਰ ਤੇ ਨਈਂ

ਰੁੱਖਾਂ ਵਾਂਗ ਉਚੇਰੀ ਉੱਗੇ

ਰੁੱਖਾਂ ਵਾਂਗ ਉਚੇਰੀ ਉੱਗੇ ਗਾਟਾ ਬੀਜ, ਦਲੇਰੀ ਉੱਗੇ ਮੇਰੀ ਵਾਰ ਦਾ ਪਾਣੀ ਲਾ ਲੈ ਮੇਰੀ ਨਈਂ, ਤੇ ਤੇਰੀ ਉੱਗੇ ਮੈਨੂੰ ਪੱਥਰ ਮਾਰਨ ਵਾਲੇ ਤੇਰੇ ਘਰ ਵਿੱਚ ਬੇਰੀ ਉੱਗੇ ਡਾਢਾ ਡੰਗਰ ਛੱਡ ਦੇਂਦਾ ਏ ਨਈਂ ਤੇ ਕਣਕ ਬਥੇਰੀ ਉੱਗੇ ਇੱਕੋ ਸ਼ਰਤੇ ਮੌਤ ਕਬੂਲੀ ਧਰਤੀ 'ਤੇ ਇਕ ਢੇਰੀ ਉੱਗੇ

ਇਕ ਤੇ ਮੰਜ਼ਲ ਦੂਰ ਸੀ ਜਿਸਰਾਂ

ਇਕ ਤੇ ਮੰਜ਼ਲ ਦੂਰ ਸੀ ਜਿਸਰਾਂ ਉੱਤੋਂ ਦਿਲ ਮਜਬੂਰ ਸੀ ਜਿਸਰਾਂ ਠੰਢੀਆਂ ਸਾਹਵਾਂ ਸੇਕਾ ਮਾਰਨ ਬਰਫ਼ਾਂ ਹੇਠ ਤੰਦੂਰ ਸੀ ਜਿਸਰਾਂ ਸੂਲੀ ਟੁਰ ਪਈ ਪਿੱਛੇ ਪਿੱਛੇ ਮੇਰਾ ਨਾਂ ਮਨਸੂਰ ਸੀ ਜਿਸਰਾਂ ਜਿੱਥੇ ਚਾਹਿਆ, ਸਿੱਧੀਆਂ ਗੱਲਾਂ ਸਾਰੀ ਧਰਤੀ ਤੂਰ ਸੀ ਜਿਸਰਾਂ ਉਹ ਕੀਤਾ ਜੋ ਸੱਜਣ ਚਾਹਿਆ ਜਾਂ ਉਹਨੂੰ ਮਨਜ਼ੂਰ ਸੀ ਜਿਸਰਾਂ

ਦੁੱਖ ਦੇ ਰਾਹੀਆ, ਔਖ-ਪਸੰਦਾ, ਕੁਝ ਤੇ ਕਹਿ

ਦੁੱਖ ਦੇ ਰਾਹੀਆ, ਔਖ-ਪਸੰਦਾ, ਕੁਝ ਤੇ ਕਹਿ ਆਪਣਾ ਹਾਲ ਤੂੰ ਚੰਗਾ-ਮੰਦਾ ਕੁਝ ਤੇ ਕਹਿ ਚੁੱਪ ਤੇ ਮੌਤ ਦਾ ਦੂਜਾ ਨਾਂ ਏ, ਖ਼ੈਰ ਹੋਵੇ, ਭਾਵੇਂ ਕੌੜਾ ਭਾਵੇਂ ਮੰਦਾ, ਕੁਝ ਤੇ ਕਹਿ ਆਪਣੇ ਕੋਲ ਤਜਰਬਾ ਰੱਖਨਾਂ ਵੈਰ ਜਿਹਾ ਕੀ ਦੇਂਦਾ ਏ ਪਿਆਰ ਦਾ ਬੰਦਾ, ਕੁਝ ਤੇ ਕਹਿ ਸਾਰੇ ਜੱਗ ਦੀ ਅੱਖ ਏ ਮੇਰੀ ਚੁੱਪ ਉੱਤੇ ਜੀਭ ਨੂੰ ਆਖ ਸੁਨਹਿਰੀ ਦੰਦਾ, ਕੁਝ ਤੇ ਕਹਿ ਖੁਸ਼ੀਆਂ ਬਾਰੇ ਕਹਿਣ ‘ਕਲੀਮ’ ਜ਼ਰੂਰੀ ਨਈਂ, ਬੁੱਕਲੋਂ ਕੱਢ ਲੈ ਰੋਗ-ਪੁਲੰਦਾ, ਕੁਝ ਤੇ ਕਹਿ

ਅੱਖ ਰੱਖੀ ਏ, ਸੀਤੀ ਨਈਂ

ਅੱਖ ਰੱਖੀ ਏ, ਸੀਤੀ ਨਈਂ ਮੈਂ ਲੁਕਣ ਦੀ ਕੀਤੀ ਨਈਂ ਜਗਰਾਤਾ ਏ ਉਮਰਾਂ ਦਾ ਰੱਬ ਦੀ ਕਸਮ ਏ, ਪੀਤੀ ਨਈਂ ਜਾਂ ਤੂੰ ਮਰਨੋਂ ਡਰਨਾਂ ਏ, ਜਾਂ ਤੇਰੇ 'ਤੇ ਬੀਤੀ ਨਈਂ ਰੱਬਾ! ਤੂੰ ਇਸ ਲਾਇਕ ਏਂ ਜੰਨਤ ਪਾਰੋਂ, ਨੀਤੀ ਨਈਂ ਮਰ ਤੇ ਮੈਂ ਵੀ ਜਾਣਾ ਏ ਐਡੀ ਚੁੱਪ-ਚੁਪੀਤੀ ਨਈਂ

ਵੇਖ ਕੇ ਰਾਹਵਾਂ ਮੱਲੀਆਂ ਪਈਆਂ

ਵੇਖਕੇ ਰਾਹਵਾਂ ਮੱਲੀਆਂ ਪਈਆਂ ਘਰ ਬੈਠੇ ਨੂੰ ਖੱਲੀਆਂ ਪਈਆਂ ਇਸ਼ਕ ਸੀ ਖੌਰੇ ਥੋਕ ਦਾ ਸੌਦਾ ਪੀੜਾਂ ਹੋਰ ਸਵੱਲੀਆਂ ਪਈਆਂ ਬਿੱਲੀ ਅਸਰਾਂ ਵਾਲੀ ਨਿਕਲੀ ਚੂਹਿਆਂ ਦੇ ਗਲ਼ ਟੱਲੀਆਂ ਪਈਆਂ ਨਾਲ ਹਨੇਰੇ ਲੈ ਕੇ ਆਈਆਂ ਰਾਹਵਾਂ ਗਲ਼ ਨਈਂ ਕੱਲੀਆਂ ਪਈਆਂ ਅਸਮਾਨਾਂ ਦੀ ਛੱਤ ਤੂੰ ਲਹਿ ਆ ਤੱਕ ਬੁਨਿਆਦਾਂ ਹੱਲੀਆਂ ਪਈਆਂ

ਪੈਸਾ ਰਿਹੜਾ ਹੋ ਸਕਦਾ ਏ

ਪੈਸਾ ਰਿਹੜਾ ਹੋ ਸਕਦਾ ਏ ਦੂਜਾ ਕਿਹੜਾ ਹੋ ਸਕਦਾ ਏ ਵੱਟ ਪਛਾਣ ਨਈਂ ਸੂਤਰ ਹੋਣੀ ਖਾਲੀ ਵਿਹੜਾ ਹੋ ਸਕਦਾ ਏ ਢੂੰਡ ਰਿਹਾਂ ਰਸਮਾਂ ਦਾ ਬਾਗ਼ੀ ਆਵੇ ਜਿਹੜਾ ਹੋ ਸਕਦਾ ਏ ਤੰਗ-ਨਜ਼ਰੀ ਜੇ ਅੰਦਰੋਂ ਕੱਢੀਏ ਖੁੱਲ੍ਹਾ ਵਿਹੜਾ ਹੋ ਸਕਦਾ ਏ ਕਾਸਦ ਚੁੱਪ ਏ ਯਾਰ ‘ਕਲੀਮਾ’ ਹਿਜਰ ਸੁਨੇਹੜਾ ਹੋ ਸਕਦਾ ਏ

ਜ਼ਿਹਨਾਂ ਵਿੱਚ ਫ਼ਤੂਰ ਨਾ ਗੱਡੀਂ

ਜ਼ਿਹਨਾਂ ਵਿੱਚ ਫ਼ਤੂਰ ਨਾ ਗੱਡੀਂ ਲਾਲਚ, ਹਿਰਸ, ਗ਼ਰੂਰ ਨਾ ਗੱਡੀਂ ਇੱਟ ਜਿੰਨੀ ਵੀ ਮਹਿੰਗੀ ਹੋਵੇ, ਮੁੰਨੇ ਥਾਂ ਮਜ਼ਦੂਰ ਨਾ ਗੱਡੀਂ ਤੂੰ ਤੇ ਮੇਰੇ ਅੰਦਰ ਰਹਿਨੈਂ, ਮੇਰੇ ਲਈ ਕੋਹ-ਤੂਰ ਨਾ ਗੱਡੀਂ ਮੈਂ ਭੁੱਖਾਂ ਦਾ ਕੋਹਿਆ ਹੋਇਆਂ ਸੂਲੀ ਚੋਖੀ ਦੂਰ ਨਾ ਗੱਡੀਂ ਜੀਣਾ ਈ ਤਾਂ ਅਮਲ ਦੀ ਪੈਲੀ ਹਰ ਸ਼ੈ ਗੱਡ ਲਈਂ, ਹੂਰ ਨਾ ਗੱਡੀਂ

ਸੁਖ ਤੇ ਛਾਵਾਂ ਤੀਕਰ

ਸੁਖ ਤੇ ਛਾਵਾਂ ਤੀਕਰ ਏ ਸਕੀਆਂ ਮਾਂਵਾਂ ਤੀਕਰ ਏ ਦੋਜ਼ਖ਼ ਭੁਗਤੀ ਜਾਨਾ ਵਾਂ ਪਹੁੰਚ ਖ਼ੁਦਾਵਾਂ ਤੀਕਰ ਏ ਜੱਗ ਦਾ ਕਿਉਂ ਅਹਿਸਾਨ ਲਵਾਂ ਕੰਮ ਤੇ ਕਾਵਾਂ ਤੀਕਰ ਏ ਬੇਫ਼ਾਇਦਾ ਜਿਹੇ ਜੀਵਨ ਦਾ ਸ਼ੋਰ ਬਲਾਵਾਂ ਤੀਕਰ ਏ ਦੱਸਾਂ ਜ਼ਿੰਦਗੀ ਕਿੰਨੀ ਏ ਸਿਰਫ਼ ਦੁਆਵਾਂ ਤੀਕਰ ਏ

ਸਾਹਵਾਂ ਨਾਲ ਉਬਾਲ ਰਿਹਾ ਵਾਂ

ਸਾਹਵਾਂ ਨਾਲ ਉਬਾਲ ਰਿਹਾ ਵਾਂ ਅਜਕਲ ਜੀਵਨ ਗਾਲ ਰਿਹਾ ਵਾਂ ਮੈਂ ਪੱਥਰ ਦੇ ਵਿੱਚ ਨਈਂ ਰਹਿੰਦਾ ਫਿਰ ਵੀ ਭੁੱਖਾਂ ਜਾਲ ਰਿਹਾ ਵਾਂ ਮਨ ਜੁੱਸੇ ਦੇ ਵਾੜੇ ਅੰਦਰ ਹੌਕੇ ਪੀੜਾਂ ਪਾਲ ਰਿਹਾ ਵਾਂ ਓਨਾ ਆਪਣੇ ਨਾਲ ਨਈਂ ਟੁਰਿਆ ਜਿੰਨਾ ਤੇਰੇ ਨਾਲ ਰਿਹਾ ਵਾਂ ਰੂਪ ਤੇ ਦਿਲ ਦੀ ਬਾਜ਼ੀ ਵਿਚ ਮੈਂ ਵੱਧ ਤੋਂ ਵੱਧ ਇੱਕ ਚਾਲ ਰਿਹਾ ਵਾਂ ਲੋਕੀਂ ਸਮਝਣ ਸ਼ਿਅਰ ‘ਕਲੀਮਾ’ ਮੈਂ ਤੇ ਦੀਵੇ ਬਾਲ ਰਿਹਾ ਵਾਂ

ਬੂਹਾ ਦਿਲ ਦਾ ਖੋਲ੍ਹਾਂ ਤੇ ਫੇਰ ਕਹਿਣਾ

ਬੂਹਾ ਦਿਲ ਦਾ ਖੋਲ੍ਹਾਂ ਤੇ ਫੇਰ ਕਹਿਣਾ ਹੰਝ ਹੁਣ ਵੀ ਡੋਲ੍ਹਾਂ ਤੇ ਫੇਰ ਕਹਿਣਾ ਰਾਹ ਬੈਠੇ ਨੂੰ ਭੈੜਾ ਨਾ ਕਹੀ ਜਾਓ ਓਹਦੇ ਨਾਲ ਜੇ ਬੋਲਾਂ ਤੇ ਫੇਰ ਕਹਿਣਾ ਮੇਰੀ ਅੱਖ ਇਨਸਾਫ਼ ਦੀ ਤੱਕੜੀ ਏ ਡੰਡੀ ਮਾਰ ਕੇ ਤੋਲਾਂ ਤੇ ਫੇਰ ਕਹਿਣਾ ਮੈਨੂੰ ਪਤਾ ਏ ਦਿਲ ਨਈਂ ਨਾਲ ਮੇਰੇ ਇਹਦੇ ਦੁੱਖੜੇ ਫੋਲਾਂ ਤੇ ਫੇਰ ਕਹਿਣਾ ਅਜੇ ਯਾਦਾਂ ਦੀ ਗੁਥਲੀ ਨਾ ਖੋਹਵੋ ਇਹਨੂੰ ਡੋਲ੍ਹਾਂ, ਫਰੋਲਾਂ ਤੇ ਫੇਰ ਕਹਿਣਾ

ਅੱਜ ਫਿਰ ਉਹਦੀ ਰਾਹ ਤੇ ਨਜ਼ਰਾਂ ਸੁੱਕਣੇ ਪਾਈਆਂ

ਉਹਨੂੰ ਚੇਤੇ ਰੱਖਿਆ, ਭੁੱਲਾਂ ਸੁੱਕਣੇ ਪਾਈਆਂ ਅੱਜ ਫਿਰ ਉਹਦੀ ਰਾਹ ’ਤੇ ਨਜ਼ਰਾਂ ਸੁੱਕਣੇ ਪਾਈਆਂ ਪਹਿਲਾਂ ਬਹਿ ਕੇ ਮੱਈਅਤਾਂ ਉੱਤੇ ਰੱਜ ਕੇ ਰੋਏ ਫਿਰ ਦਫ਼ਨਾ ਕੇ ਹੱਥੀਂ ਕਬਰਾਂ ਸੁੱਕਣੇ ਪਾਈਆਂ ਉਹਦੀ ਵਿਚਲੀ ਗੱਲ ਦਾ ਕੀ ਅੰਦਾਜ਼ਾ ਲਾਵਾਂ ਨੰਗੀ ਤਾਰ ਤੇ ਜਿਸਨੇ ਧੀਆਂ ਸੁੱਕਣੇ ਪਾਈਆਂ ਤੇਰੇ ਰੂਪ ਦੇ ਸੂਰਜ ਪਰਦਾਪੋਸ਼ੀ ਕੀਤੀ ਵਸਦੇ ਬੱਦਲਾਂ ’ਤੇ ਮੈਂ ਅੱਖਾਂ ਸੁੱਕਣੇ ਪਾਈਆਂ ਕੀ ਦੱਸਾਂ ਮੈਂ ਕਿੰਨੇ ਮਿਸਰੇ ਹੰਝੂਆਂ ਰੋੜ੍ਹੇ, ਕੀ ਦੱਸਾਂ ਮੈਂ ਕਿੰਨੀਆਂ ਗ਼ਜ਼ਲਾਂ ਸੁੱਕਣੇ ਪਾਈਆਂ

ਸਬਰਾਂ ਦੀ ਰੁਸ਼ਨਾਈ ਨਾਲ

ਸਬਰਾਂ ਦੀ ਰੁਸ਼ਨਾਈ ਨਾਲ ਰੋਗ ਉਲੀਕ ਸਫ਼ਾਈ ਨਾਲ ਬਾਲਾਂ ਕਾਫ਼ਰ ਹੋ ਜਾਣਾ ਮੇਰੀ ਨੇਕ ਕਮਾਈ ਨਾਲ ਚੋਰਾਂ ਵਰਗੇ ਅੱਥਰੂ ਸੀ ਨਿੱਕਲੇ ਇੰਝ ਸਫ਼ਾਈ ਨਾਲ ਖ਼ਲਕਤ ਬੋਲ਼ੀ ਹੁੰਦੀ ਗਈ ਮੇਰੀ ਹਾਲ ਦੁਹਾਈ ਨਾਲ ਦੀਵੇ ਵਰਗਾ ਜੀਵਨ ਵੀ ਕੱਟਿਆ ਰਿਜ਼ਕ ਹਵਾਈ ਨਾਲ ਦੁੱਖ ਦੇ ਡੰਗੋਂ ਬਚਿਆ ਵਾਂ ਕੌੜੀ ਇੱਕ ਦਵਾਈ ਨਾਲ ਇੱਕ ਖ਼ੁਦਾ ਵੀ ਹੁੰਦਾ ਏ ਭਾਈਆ! ਇੱਕ ਖ਼ੁਦਾਈ ਨਾਲ

ਕੀ ਕਹਾਂ ਚੱਲੀ ਏ ਹਰ ਸਰਕਾਰ ਮੇਰੀ ਧੌਣ 'ਤੇ

ਕੀ ਕਹਾਂ ਚੱਲੀ ਏ ਹਰ ਸਰਕਾਰ ਮੇਰੀ ਧੌਣ 'ਤੇ ਸਿਰ ਏ ਜਿਸਰਾਂ ਕਰਜ਼ਿਆਂ ਦਾ ਭਾਰ ਮੇਰੀ ਧੌਣ 'ਤੇ ਦਿਲ ਜਦੋਂ ਡੁੱਬਾ ਤੇ ਸਾਹ ਲੈਣਾ ਵੀ ਔਖਾ ਹੋ ਗਿਆ ਅੱਖ ਫੇਰੀ ਸੂ ਜਿਵੇਂ ਤਲਵਾਰ ਮੇਰੀ ਧੌਣ 'ਤੇ ਦੁਸ਼ਮਨੀ ਸਾਹ ਦੀ ਤੇ ਮੌਤਾਂ ਦੀ ਸ਼ੁਰੂ ਤੋਂ ਪੈ ਗਈ ਬੇਗੁਨਾਹ ਈ ਫਸ ਗਈ ਵਿਚਕਾਰ ਮੇਰੀ ਧੌਣ ’ਤੇ ਜਿਹੜੇ ਬਾਹਰੋਂ ਫੱਟ ਮਿਲੇ ਜੁੱਸੇ ਨੂੰ, ਮੇਰੇ ਸਿਰ ਪਏ ਜਿਹੜਾ ਅੰਦਰ ਮਰ ਗਿਆ ਫ਼ਨਕਾਰ, ਮੇਰੀ ਧੌਣ 'ਤੇ ਜਾਗੀਆਂ ਅੱਖੀਂ ਦੇ ਫਿਰ ਇਕ ਖ਼ਾਬ ਬੱਖੀ ਪੈ ਗਿਆ ਚੋਰ ਸੀਨੇ ’ਤੇ, ਤੇ ਪਹਿਰੇਦਾਰ ਮੇਰੀ ਧੌਣ 'ਤੇ

ਗਲਮਾ ਲੀਰੋ-ਲੀਰ ਬਣਾਈ ਫਿਰਨਾ ਏਂ

ਗਲਮਾ ਲੀਰੋ-ਲੀਰ ਬਣਾਈ ਫਿਰਨਾ ਏਂ ਕੀ ਆਪਣੀ ਤਸਵੀਰ ਬਣਾਈ ਫਿਰਨਾ ਏਂ ਤੂੰ ਕੀ ਰੂਪ-ਨਗਰ ਦਾ ਹਾਤਮਤਾਈ ਏਂ ਸਾਰਾ ਸ਼ਹਿਰ ਫ਼ਕੀਰ ਬਣਾਈ ਫਿਰਨਾ ਏਂ ਸੱਚ ਪੁੱਛੋਂ ਤੇ ਇਹ ਤੇਰੀ ਕਮਜ਼ੋਰੀ ਏ ਤੂੰ ਜਿਸ ਨੂੰ ਤਕਦੀਰ ਬਣਾਈ ਫਿਰਨਾ ਏਂ ਤੋਤੇ ਕੱਢੀ ਫਾਲ ਤੇ ਰੌਲ਼ਾ ਪਾ ਦਿੱਤਾ ਹੱਥ ਵਿੱਚ ਆਪ ਲਕੀਰ ਬਣਾਈ ਫਿਰਨਾ ਏਂ ਆਪਣੀ ਬੇੜੀ ਹੱਥੀਂ ਵੱਟੇ ਪਾ ਲਏ ਈ ਬੇਪੀਰੇ ਨੂੰ ਪੀਰ ਬਣਾਈ ਫਿਰਨਾ ਏਂ ਤੁੱਕਾ ਹੋਵੇ ਤਾਂ ਤੇ ਖੌਰੇ ਲੱਗ ਜਾਵੇ ਬੇਤੁੱਕੇ ਨੂੰ ਤੀਰ ਬਣਾਈ ਫਿਰਨਾ ਏਂ

ਦੋਹਰਾਂ, ਖੇਸ, ਸਿਰ੍ਹਾਣੇ ਵੰਡਦੀ ਫਿਰਦੀ ਸੀ

ਦੋਹਰਾਂ, ਖੇਸ, ਸਿਰ੍ਹਾਣੇ ਵੰਡਦੀ ਫਿਰਦੀ ਸੀ ਉਹ ਨੀਂਦਰ ਨੂੰ ਖਾਣੇ ਵੰਡਦੀ ਫਿਰਦੀ ਸੀ ਕੱਲ੍ਹ ਤੇ ਸ਼ਾਹ ਵੀ ਦੁੱਖ ਪੁੱਛੇ ਨੇ ਲੋਕਾਂ ਦੇ ਕੱਲ੍ਹ ਤੇ ਭੁੱਖ ਵੀ ਦਾਣੇ ਵੰਡਦੀ ਫਿਰਦੀ ਸੀ ਕਾਣੀ-ਵੰਡ ਦਾ ਧੁੜਕੂ ਤੇ ਫਿਰ ਰਹਿਣਾ ਸੀ ਰੁੱਤ ਅਮਰੂਦ ਜੋ ਕਾਣੇ ਵੰਡਦੀ ਫਿਰਦੀ ਸੀ ਰਾਤੀਂ ਉਹ ਹੱਸਿਆ ਤੇ ਕਲੀਆਂ ਖਿੜ ਪਈਆਂ ਫਿਰ ਤੇ ਰਾਤ ਮਖਾਣੇ ਵੰਡਦੀ ਫਿਰਦੀ ਸੀ ਸੋਚ ‘ਕਲੀਮੱ ਦੀ ਏਸੇ ਜੁਰਮੇ ਤਾੜੀ ਗਈ ਕਮਲੀ ਹਰਫ਼ ਸਿਆਣੇ ਵੰਡਦੀ ਫਿਰਦੀ ਸੀ

ਅੱਖ ਦੇ ਅੱਥਰੂ ਪੀ ਪੁੱਤਰ

ਅੱਖ ਦੇ ਅੱਥਰੂ ਪੀ ਪੁੱਤਰ ਤਕੜਾ ਹੋ ਕੇ ਜੀ ਪੁੱਤਰ ਪੈਸੇ ਨਈਂ, ਕੁਝ ਵੇਲਾ ਕੱਢ ਇਕ ਗੱਲ ਕਰਨੀ ਸੀ ਪੁੱਤਰ ਤੇਰਾ ਘੋੜਾ ਬਣਦਾ ਸਾਂ ਇਹ ਗੱਲ ਚੇਤੇ ਦੀ ਪੁੱਤਰ? ਅੱਜ ਮੈਂ ਭਾਰ ਹਾਂ ਤੇਰੇ 'ਤੇ ਬਾਤ ਏ ਸੋਚਣ ਦੀ ਪੁੱਤਰ ‘ਤੂੰ’ ਤੇ ਆਖੀ ਬੈਠਾ ਏਂ ਹੋਰ ਕੀ ਕਹਿਣਾ ਈ ਪੁੱਤਰ? ਮਾਂ-ਬੋਲੀ ਨਾ ਭੁੱਲ ਜਾਵੀਂ ਕੇ ਏ.ਬੀ.ਸੀ. ਪੁੱਤਰ ਉਂਝ ਤੇ ਸਾਹ-ਸਾਹ ਨਿਹਮਤ ਏ ਵੱਡੀ ਨਿਹਮਤ ਧੀ-ਪੁੱਤਰ

ਰੂਪ ਕੋਈ ਜਾਗੀਰ ਨਈਂ ਹੁੰਦੀ

ਰੂਪ ਕੋਈ ਜਾਗੀਰ ਨਈਂ ਹੁੰਦੀ ਹੀਰ ਵੀ ਇਕ ਦਿਨ ਹੀਰ ਨਈਂ ਹੁੰਦੀ ਸ਼ੀਸ਼ੇ ਸਾਹਵੇਂ ਮੈਂ ਹੀ ਹੁੰਨਾਂ ਵਿਚ ਮੇਰੀ ਤਸਵੀਰ ਨਈਂ ਹੁੰਦੀ ਬੰਦੇ ਨੂੰ ਕੁਝ ਕਰ ਦੇਂਦੀ ਏ ਦੌਲਤ ਆਪ ਅਮੀਰ ਨਈਂ ਹੁੰਦੀ ਸ਼ੁਕਰ ਏ ਪਾਟੇ ਝੱਗੇ ਵਿਚ ਆਂ, ਐਥੇ ਤਨ ’ਤੇ ਲੀਰ ਨਈਂ ਹੁੰਦੀ ਲੱਭੋ ਕੌਣ ਏ ਲੁੱਟਣ ਵਾਲਾ ਜੋ ਵੀ ਏ, ਤਕਦੀਰ ਨਈਂ ਹੁੰਦੀ

ਕੁਝ ਇਆਣੇ, ਕੁਝ ਸਿਆਣੇ ਹਰਫ਼ ਨੇ

ਕੁਝ ਇਆਣੇ, ਕੁਝ ਸਿਆਣੇ ਹਰਫ਼ ਨੇ ਕੁਝ ਨਵੇਂ ਤੇ ਕੁਝ ਪੁਰਾਣੇ ਹਰਫ਼ ਨੇ ਅੱਜ ਹੋ ਸਕਦਾ ਏ ਕੋਈ ਨਾ ਬਚੇ ਦੋ ਫ਼ਰੀਕਾਂ ਨੇ ਚਲਾਣੇ ਹਰਫ਼ ਨੇ ਤੂੰ ਕਿਵੇਂ ਕਹਿਨਾ ਏਂ ਤੂੰ ਵਿਕਿਆ ਨਹੀਂ ਤੇਰੀਆਂ ਲਿਖਤਾਂ 'ਚ ਕਾਣੇ ਹਰਫ਼ ਨੇ ਉਹ ਸੀ ਜਿਹੜੀ ਤੇਜ਼ ਜੇਹੀ ਸੋਚ ਸੀ ਇਹ ਨੇ ਜਿਹੜੇ ਮੂੰਹ-ਵਿਖਾਣੇ ਹਰਫ਼ ਨੇ ਸ਼ਿਅਰ ਕੀ ਮਿਸਰਾ ਵੀ ਜੇਕਰ ਡੋਲਿਆ ਸੋਹਣਿਓ, ਹਰਫ਼ਾਂ ਤੇ ਆਏ ਹਰਫ਼ ਨੇ

ਇਕ ਪਾਸਾ ਏ ਭੁੱਖ ਮੁਕਾਣ ਦੀ ਸੂਲੀ 'ਤੇ

ਇਕ ਪਾਸਾ ਏ ਭੁੱਖ ਮੁਕਾਣ ਦੀ ਸੂਲੀ ’ਤੇ ਦੂਜਾ ਪਾਸਾ ਭੁੱਖ ਹੰਢਾਣ ਦੀ ਸੂਲੀ 'ਤੇ ਸੱਚ ਪੁੱਛੋ ਤੇ ਉਹਦੇ ਹਾਸੇ ਟੰਗੇ ਨੇ ਪਿਆਰ ਭਰੇ ਦੋ ਬੋਲ ਜ਼ੁਬਾਨ ਦੀ ਸੂਲੀ ’ਤੇ ਬਾਕੀ ਐਵੇਂ ਚੱਕਰ-ਸ਼ੱਕਰ ਹੁੰਦੇ ਨੇ ਅੱਖ ਤੇ ਲਗਦੀ ਏ ਇਨਸਾਨ ਦੀ ਸੂਲੀ 'ਤੇ ਸੂਰਜ ਢਾਲ ਕੇ ਮੇਰੇ ਸਿਰ ਤਕ ਲੈ ਆਓ ਮੈਨੂੰ ਚਾੜ੍ਹੋ ਮੇਰੇ ਹਾਣ ਦੀ ਸੂਲੀ 'ਤੇ

ਜੀਵਨ ਦੀ ਇਕ ਗੋਟ ਦੇ ਪਿੱਛੇ

ਜੀਵਨ ਦੀ ਇਕ ਗੋਟ ਦੇ ਪਿੱਛੇ ਸੌ ਚੀਲਾਂ ਨੇ ਬੋਟ ਦੇ ਪਿੱਛੇ ਐਬਾਂ ਵਾਂਗ ਲੁਕਾਈ ਫਿਰਨਾਂ ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ ਤੱਕ ਲੈ ਦੋਜ਼ਖ਼ ਭੋਗ ਰਿਹਾ ਏ ਸੋਨਾ ਰੱਤੀ ਖੋਟ ਦੇ ਪਿੱਛੇ ਖੁਸ਼ੀਆਂ ਮੈਥੋਂ ਆਸੇ-ਪਾਸੇ ਨੋਟ ਦੇ ਅੱਗੇ ਨੋਟ ਦੇ ਪਿੱਛੇ ਤੇਰੀ ਅੱਖ ਨਈਂ ਚੁਟਿਆ ਮੈਨੂੰ ਮੇਰਾ ਹੱਥ ਸੀ ਚੋਟ ਦੇ ਪਿੱਛੇ ਵੱਡਾ ਇੱਕ ਦਿਮਾਗ ਏ ਕੋਈ ਨਿੱਕੇ ਜਿਹੇ ਅਖਰੋਟ ਦੇ ਪਿੱਛੇ

ਮਿਸਰੇ ਹਰੇ ਕੀ ਹੋਵਨੇ ਤੇਰੀ ਜ਼ਮੀਨ ਵਿੱਚ

ਮਿਸਰੇ ਹਰੇ ਕੀ ਹੋਵਨੇ ਤੇਰੀ ਜ਼ਮੀਨ ਵਿੱਚ ਸੋਚਾਂ ਦੀ ਜੇ ਤੂੰ ਖਾਦ ਨਾ ਕੇਰੀ ਜ਼ਮੀਨ ਵਿੱਚ ਬੰਦੇ ਤੇ ਵੀ ਕਰਮ ਦੀ ਨਜ਼ਰ ਮੇਰੇ ਮਾਲਿਕਾ ਕੀੜੇ ਤੇ ਲਾਈ ਬੈਠੇ ਨੇ ਢੇਰੀ ਜ਼ਮੀਨ ਵਿੱਚ ਆਖਿਰ ਪਹਾੜ ਉੱਡਣੇ ਨੇ, ਕਿਆਮਤ ਨੇ ਆਵਨਾ ਘੁਲਣੀ ਏ ਕੋਈ ਇੰਝ ਦੀ ਨ੍ਹੇਰੀ ਜ਼ਮੀਨ ਵਿੱਚ ਕਬਜ਼ਾ ਅਜੇ ਵੀ ਮੇਰਾ ਏ ਮੇਰੀ ਜ਼ਮੀਨ ੱਤੇ ਪੱਖੀਆਂ ਤੇ ਢੇਰ ਲੱਗੀਆਂ ਨੇ ਮੇਰੀ ਜ਼ਮੀਨ ਵਿੱਚ ਬੈਠੇ ਨੇ ਬਾਲ ਸਾਹਮਣੇ ਵੱਟਿਆਂ ਦੇ ਢੇਰ ’ਤੇ ਫਿਰ ਵੀ ‘ਕਲੀਮੱ ਲਾਈ ਏ ਬੇਰੀ ਜ਼ਮੀਨ ਵਿੱਚ

ਇਹ ਤੇਰਾ ਸ਼ੱਕ ਏ ਮੈਨੂੰ ਹੀ ਅਦਾਵਾਂ ਮਾਰ ਦੇਣਾ ਏ

ਇਹ ਤੇਰਾ ਸ਼ੱਕ ਏ ਮੈਨੂੰ ਹੀ ਅਦਾਵਾਂ ਮਾਰ ਦੇਣਾ ਏ ਮੁਹੱਬਤ ਹੋ ਗਈ ਤੇ ਮੈਂ ਵੀ ਸ਼ਾਵਾਂ ਮਾਰ ਦੇਣਾ ਏ ਮੈਂ ਅੱਜ ਦਾ ਰਿਜ਼ਕ ਲੈ ਆਵਾਂ, ਮਿਰੇ ਅੱਜ ਨੂੰ ਦੁਆ ਦੇਵੋ ਦਿਹਾੜੀਦਾਰ ਨੂੰ ਘਣੀਆਂ ਦੁਆਵਾਂ ਮਾਰ ਦੇਣਾ ਏ ਮਿਰੇ ਜੀਵਨ ਦੇ ਦੀਵੇ ਨੂੰ ਹਵਾਵਾਂ ਜ਼ਿੰਦਗੀ ਦੇਣੀ ਤੇ ਇਹ ਵੀ ਸੱਚ ਏ ਫਿਰ ਇਹਨੂੰ ਹਾਵਾਵਾਂ ਮਾਰ ਦੇਣਾ ਏ ਹਮੇਸ਼ਾ ਪੈਰ ਥੱਕਦੇ ਨੇ, ਕਦੇ ਰਸਤਾ ਵੀ ਥੱਕਦਾ ਏ ਇਹ ਸੜਕਾਂ ਨਈਂ ਬਲਾਵਾਂ ਨੇ, ਬਲਾਵਾਂ ਮਾਰ ਦੇਣਾ ਏ ਮੈਂ ਆਪਣਾ ਸ਼ਿਅਰ ਆਪਣੇ ਦੋਸਤਾਂ ਦੇ ਨਾਲ ਟੋਰਾਂਗਾ ਇਹ ਮੇਰਾ ਸ਼ਿਅਰ ਹੈ ਯੂਸਫ਼, ਭਰਾਵਾਂ ਮਾਰ ਦੇਣਾ ਏ

ਫਿਰ ਇਕ ਝੂਠੇ ਪੱਜ ਦੇ ਨਾਲ

ਫਿਰ ਇਕ ਝੂਠੇ ਪੱਜ ਦੇ ਨਾਲ ਕੱਲ੍ਹ ਨਾ ਜੋੜੀਂ ਅੱਜ ਦੇ ਨਾਲ ਮੈਂ ਸਿਰ ਚੜ੍ਹ ਕੇ ਮਰਨਾ ਏਂ ਮਰਨ ਤੇ ਦੇਵੋ ਚੱਜ ਦੇ ਨਾਲ ਭੁੱਖ-ਮੋਏ ਨੂੰ ਖੱਫਨ ਦੇ ਵਿਚ ਇੱਕ ਰੋਟੀ ਕੱਜ ਦੇ ਨਾਲ ਇਹ ਤੇ ਦਾਗ਼ ਨੇ ਲੁੱਟਣ ਦੇ ਇਹ ਨਈਂ ਲਹਿਣੇ ਹੱਜ ਦੇ ਨਾਲ ‘ਫਾਂਸੀ’ ਕਹਿ ਕੇ ਉੱਠਿਆ ਤੇ ਸੂਲੀ ਟੁਰ ਪਈ ਜੱਜ ਦੇ ਨਾਲ

ਦੋ-ਧਾਰੀ ਤਲਵਾਰ ਏ ਭਾਅ ਜੀ

ਦੋ-ਧਾਰੀ ਤਲਵਾਰ ਏ ਭਾਅ ਜੀ ਵੇਲਾ ਇੰਝ ਦਾ ਯਾਰ ਏ ਭਾਅ ਜੀ ਸ਼ਰਮਾਂ ਦੀ ਹੁਣ ਕਿਹੜੀ ਦੱਸਾਂ ਰੋਟੀ ਪਰਦਾਦਾਰ ਏ ਭਾਅ ਜੀ ਧੂੜ ’ਤੇ ਟੁਰ ਕੇ ਖ਼ਬਰਾਂ ਹੋਈਆਂ ਸਾਡਾ ਵੀ ਕੋਈ ਭਾਰ ਏ ਭਾਅ ਜੀ ਚੁੱਪ ਨੂੰ ਚੁੱਪ ਹੀ ਕੋਹ ਸਕਦੀ ਏ ਇਹ ਐਸਾ ਹਥਿਆਰ ਏ ਭਾਅ ਜੀ ਨਫ਼ਰਤ ਦੀ ਸੂਲੀ ਨਾ ਚਾੜ੍ਹੋ ਮੇਰਾ ਜੁਰਮ ਤੇ ਪਿਆਰ ਏ ਭਾਅ ਜੀ

ਉਠਦਾ ਬਹਿੰਦਾ ਸੋਚ ਰਿਹਾ ਵਾਂ

ਉਠਦਾ ਬਹਿੰਦਾ ਸੋਚ ਰਿਹਾ ਵਾਂ ਕੁਝ ਨਈਂ ਕਹਿੰਦਾ, ਸੋਚ ਰਿਹਾ ਵਾਂ ਮੂੰਹ-ਬੂਹੇ ਨੂੰ ਵੱਜਿਆ ਜੰਦਰਾ ਕਿਉਂ ਨਹੀਂ ਲਹਿੰਦਾ, ਸੋਚ ਰਿਹਾ ਵਾਂ ਆਪਣੇ ਕੱਚੇ ਕੋਠੇ ਵਾਂਗਰ ਡਿਗਦਾ-ਢਹਿੰਦਾ ਸੋਚ ਰਿਹਾ ਵਾਂ ਵੇਲਾ ਮੈਥੋਂ ਅੱਗੇ ਕਿਉਂ ਏ ਧੱਕੇ ਰਹਿੰਦਾ ਸੋਚ ਰਿਹਾ ਵਾਂ ਚੋਖਾ ਪੈਂਡਾ ਕੀਤੀ ਬੈਠਾਂ ਬਾਕੀ ਰਹਿੰਦਾ, ਸੋਚ ਰਿਹਾ ਵਾਂ

ਰਿਸ਼ਤੇ ਕੱਚੇ ਹੁੰਦੇ ਨੇ

ਰਿਸ਼ਤੇ ਕੱਚੇ ਹੁੰਦੇ ਨੇ ਜਜ਼ਬੇ ਸੱਚੇ ਹੁੰਦੇ ਨੇ ਧੀ ਪੁੱਤਰ ਦਾ ਰੌਲਾ ਛੱਡ ਬੱਚੇ ਬੱਚੇ ਹੁੰਦੇ ਨੇ ਮੈਂ ਹੀ ਝੂਠਾ ਪੈ ਜਾਨਾਂ ਝੂਠ ਜੋ ਸੱਚੇ ਹੁੰਦੇ ਨੇ ਅੱਗਾਂ ਕਿੰਝ ਬੁਝਾਵਾਂਗਾ ਰੌਲੇ ਮੱਚੇ ਹੁੰਦੇ ਨੇ ਧੂੜਾਂ ਅੰਬਰ ਜੰਮਣ ਤੇ ਆਸ਼ਿਕ ਨੱਚੇ ਹੁੰਦੇ ਨੇ

ਹਰ ਵਾਰੀ ਸਰਕਾਰ ਨੇ ਚੱਕਰ ਦਿੱਤਾ ਏ

ਅੱਜ ਜਿਵੇਂ ਪਰਕਾਰ ਨੇ ਚੱਕਰ ਦਿੱਤਾ ਏ ਹਰ ਵਾਰੀ ਸਰਕਾਰ ਨੇ ਚੱਕਰ ਦਿੱਤਾ ਏ ਬੱਦਲਾ! ਝੱਲਿਆਂ ਵਾਂਗਰ ਰੋਂਦਾ ਫਿਰਨਾ ਏ ਤੈਨੂੰ ਵੀ ਦਿਲਦਾਰ ਨੇ ਚੱਕਰ ਦਿੱਤਾ ਏ? ਜਿਸ ਵੀ ਲੁੱਟਿਆ, ਸੱਜਣ ਬਣ ਕੇ ਲੁੱਟਿਆ ਏ ਜਦ ਵੀ ਦਿੱਤਾ, ਪਿਆਰ ਨੇ ਚੱਕਰ ਦਿੱਤਾ ਏ ਮਰਨੋਂ ਬਾਅਦ ਵੀ ਬੰਦੇ ਜਾਂਦੇ ਰਹਿੰਦੇ ਨੇ ਮੌਤਾਂ ਨੂੰ ਫ਼ਨਕਾਰ ਨੇ ਚੱਕਰ ਦਿੱਤਾ ਏ

ਪਹਿਲਾਂ ਨਾਲੋਂ ਘੱਟ ਨਈਂ ਲੱਗਾ

ਪਹਿਲਾਂ ਨਾਲੋਂ ਘੱਟ ਨਈਂ ਲੱਗਾ ਫੱਟ ਦੇ ਉੱਤੇ ਫੁੱਟ ਨਈਂ ਲੱਗਾ ਆਦਮ ਸਾਲਾਂ ਤੋਂ ਵਸਦੇ ਆਏ ਉਜੜਨ ਲੱਗਿਆਂ ਝੱਟ ਨਈਂ ਲੱਗਾ ਇੱਕ ਓਹਦੀ ਫ਼ਰਮਾਇਸ਼ ਵੀ ਆਵੇ ਕੀ ਗੱਲ, ਸਾਨੂੰ ਪੱਟ ਨਈਂ ਲੱਗਾ! ਯਾਰ ‘ਕਲੀਮੱ ਨੂੰ ਜੋ ਵੀ ਆਖਣ ਮੈਨੂੰ ਤੇ ਮੂੰਹ-ਫੱਟ ਨਈਂ ਲੱਗਾ

ਨਿਕਲੀਆਂ ਮੂੰਹ 'ਚੋਂ ਹਵਾਵਾਂ ਮੋੜ ਦੇ

ਨਿਕਲੀਆਂ ਮੂੰਹ 'ਚੋਂ ਹਵਾਵਾਂ ਮੋੜ ਦੇ ਮੈਂ ਜੋ ਮੰਗੀਆਂ ਸੀ ਦੁਆਵਾਂ ਮੋੜ ਦੇ ਖੁਸ਼ਨਸੀਬੀ ਮੋੜ ਤਕ ਨਾ ਪਹੁੰਚਿਆ ਸੌ ਕੁ ਚੱਕਰ ਲੈ, ਬਲਾਵਾਂ ਮੋੜ ਦੇ ਪਿਆਰ ਬਦਲੇ ਪਿਆਰ ਦੇ ਨਾ ਸੋਹਣਿਆਂ ਢੇਰ ਨਈਂ ਪੁਗਦਾ, ਤੇ ਸਾਵਾਂ ਮੋੜ ਦੇ ਇੰਝ ਦੇ ਮੁਨਸਿਫ ਮਿਲੇ ਨੇ ਕੌਮ ਨੂੰ ਚੋਰ ਦੇਂਦੇ ਨੇ ਨਾ ਗਾਵਾਂ ਮੋੜਦੇ

ਅੱਧਾ ਅੱਧਾ ਕਰਕੇ

ਹਿਜਰ ਦਾ ਮਹੁਰਾ ਪੀ ਲੈਨੇ ਆਂ ਅੱਧਾ ਅੱਧਾ ਕਰਕੇ ਅਗਲਾ ਜੀਵਨ ਜੀ ਲੈਨੇ ਆਂ ਅੱਧਾ ਅੱਧਾ ਕਰਕੇ ਖੌਰੇ ਕਿਹੜੀ ਸੋਚ ਨੇ ਸਾਡੀ ਸੋਚ ਚਾ ਅੱਧੀ ਕੀਤੀ ਪੂਰਾ ਹਿੱਸਾ ਵੀ ਲੈਨੇ ਆਂ ਅੱਧਾ ਅੱਧਾ ਕਰਕੇ

ਕੋਈ ਜਿਉਂਦਾ ਈ ਨਈਂ ਬਚਿਆ...

ਕੋਈ ਜਿਉਂਦਾ ਈ ਨਈਂ ਬਚਿਆ ਜਿਹੜਾ ਮੈਨੂੰ ਵੇਖੇ ਮੈਂ ਵਿਹੜੇ ਨੂੰ ਵੇਖੀ ਜਾਵਾਂ ਵਿਹੜਾ ਮੈਨੂੰ ਵੇਖੇ ਸਾਰੇ ਸ਼ਹਿਰ ਦੇ ਠੁੱਡਿਆਂ ਤੇ ਆਂ ਰਾਹ ਦੇ ਰੋੜੇ ਵਾਂਗਰ ਖੌਰੇ ਅੰਨ੍ਹਾ ਹੋ ਜਾਂਦਾ ਏ ਜਿਹੜਾ ਮੈਨੂੰ ਵੇਖੇ ਅੱਜ ਉਹ ਵੇਲਾ ਸੱਜਣ ਮੈਥੋਂ ਪਾਸਾ ਵੱਟ ਕੇ ਲੰਘਿਆ ਮਰ ਜਾਵਾਂ ਤੇ ਖੌਰੇ ਕਿਹੜਾ-ਕਿਹੜਾ ਮੈਨੂੰ ਵੇਖੇ

ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਈਂ

ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਈਂ ਕੁਝ ਵੀ ਕਰ ਲਾਂ ਅੱਖ ਦੀ ਲਾਲੀ ਜਾਂਦੀ ਨਈਂ ਅੱਜਕੱਲ੍ਹ ਵੀ ਦਿਲ ਯਾਦ ਸੰਭਾਲੀ ਫਿਰਨਾ ਵਾਂ ਅੱਜਕੱਲ੍ਹ ਤੇ ਔਲਾਦ ਸੰਭਾਲੀ ਜਾਂਦੀ ਨਈਂ ਅੱਥਰੂ ਨਈਂ, ਪਟ੍ਰੌਲ ਜਿਹਾ ਏ ਪਲਕਾਂ ਤੇ ਡਰਦੇ ਮੈਥੋਂ ਤੀਲੀ ਬਾਲੀ ਜਾਂਦੀ ਨਈਂ ਜੀਭ ਵਰਗੀ ਕੋਈ ਰਾਈਫ਼ਲ ਹੈ, ਨਾ ਹੋਵੇਗੀ ਇਹਦੀ ਇਕ ਵੀ ਗੋਲੀ ਖਾਲੀ ਜਾਂਦੀ ਨਈਂ ਨੀਂਦਰ ਘੇਰ ਲਿਆ ਤੇ ਡਿੱਗਣਾ ਪੈਣਾਂ ਏ ਆਈ ਮੌਤ ‘ਕਲੀਮਾ’ ਟਾਲੀ ਜਾਂਦੀ ਨਈਂ

ਰੋਟੀ ਹੱਥ ’ਤੇ ਲਿਖਕੇ ਚੱਟਿਆਂ...

ਸੱਚ ਪੁੱਛੋ ਤੇ ਭੁੱਖਾਂ ਕੱਟਿਆਂ ਭੁੱਖ ਨਈਂ ਮਰਦੀ ਰੋਟੀ ਹੱਥ ’ਤੇ ਲਿਖ ਕੇ ਚੱਟਿਆਂ ਭੁੱਖ ਨਈਂ ਮਰਦੀ ਰੱਜਣਾ ਜੇ ਤੇ ਆਪਣੀ ਰਾਹ ਦੇ ਕੰਡੇ ਚੁੱਕੋ ਦੂਜਿਆਂ ਅੱਗੇ ਟੋਏ ਪੱਟਿਆਂ ਭੁੱਖ ਨਈਂ ਮਰਦੀ ਤੂੰ ਦਿਸੇਂ ਤੇ ਵੇਖੀ ਜਾਣ ਨੂੰ ਜੀ ਕਰਦਾ ਏ ਤੇਰੇ ਸਾਹਵੇਂ ਨੀਵੀਂ ਸੱਟਿਆਂ ਭੁੱਖ ਨਈਂ ਮਰਦੀ ਓਹਦੇ ਢਿੱਡ ਨੂੰ ਕੀ ਬੀਮਾਰੀ, ਜੀ ਜਾਣਾ ਜੀਹਦੀ ਰੋਜ਼ ਦੇ ਲੱਖਾਂ ਵੱਟਿਆਂ ਭੁੱਖ ਨਈਂ ਮਰਦੀ

ਮਿਲਣੇ-ਗਿਲਣੇ ਓਦੂੰ ਬਾਅਦ ਵਿਛੋੜੇ ਵੀ

ਮਿਲਣੇ-ਗਿਲਣੇ ਓਦੂੰ ਬਾਅਦ ਵਿਛੋੜੇ ਵੀ ਅਰਸ਼ਾਂ ਤੇ ਜੋ ਬਣ ਜਾਂਦੇ ਨੇ ਜੋੜੇ ਵੀ ਭੋਰਾ ਨਈ ਅਹਿਸਾਨ ਲਿਆ ਮੈਂ ਜੀਵਨ ਦਾ ਜਿੰਨੇ ਸਾਹ ਉਸ ਦਿੱਤੇ, ਓਨੇ ਮੋੜੇ ਵੀ ਪਹਿਲਾਂ ਜੁੱਸਾ ਫੱਟੋ-ਫੱਟ ਚਾ ਕਰਦੇ ਨੇ ਮੁੜਕੇ ਪੈਰੀਂ ਆ ਪੈਂਦੇ ਨੇ ਰੋੜੇ ਵੀ ਮੈਨੂੰ ਐਵੇਂ ਆਸ ਦੀ ਸੂਲੀ ਟੰਗਿਆ ਸੂ ਵਾਅਦਾ ਕੱਚਾ ਧਾਗਾ ਏ, ਤੇ ਤੋੜੇ ਵੀ ਯਾਰ ‘ਕਲੀਮਾ' ਪਿਆਰ ਨਸ਼ਾ ਜੇ ਕੀਤਾ ਈ ਤਕੜਾ ਹੋ ਕੇ ਸਹਿ ਦੂਰੀ ਦੇ ਕੋੜੇ ਵੀ

ਨਵੇਕਲੀ ਜਿਹੀ ਜ਼ਮੀਨ ਜੋਗਾ

ਨਵੇਕਲੀ ਜਿਹੀ ਜ਼ਮੀਨ ਜੋਗਾ ਖਯਾਲ ਅੱਥਰ ਦੇ ਪੀਣ ਜੋਗਾ ਬੜਾ ਈ ਸੁੱਚਾ ਏ ਪਿਆਰ ਮਾਂ ਦਾ ਬੁਰਾ ਵੀ ਆਖੇ ਤੇ ‘ਜੀਣ ਜੋਗਾ’ ਇਹ ਰੋਜ਼ ਸੌਣਾ ਤੇ ਰੋਜ਼ ਉੱਠਣਾ ਬੜਾ ਏ ਰੱਬ ’ਤੇ ਯਕੀਨ ਜੋਗਾ ਜਾਂ ਮਾਲ ਹੁੰਦਾ, ਜਾਂ ਢੇਰ ਲਗਦੇ ਤੇ ਮੈਂ ਨਾ ਦੁਨੀਆਂ, ਨਾ ਦੀਨ ਜੋਗਾ ‘ਕਲੀਮ’ ਧਰਤੀ ਦੇ ਪਾੜ ਹੈ ਨੇ, ਜਾਂ ਅਪਣਾ ਗਲਮਾ ਦੇ ਸੀਣ ਜੋਗਾ!

ਟਿੱਬਾ ਟੋਇਆ ਇੱਕ ਬਰਾਬਰ

ਟਿੱਬਾ ਟੋਇਆ ਇੱਕ ਬਰਾਬਰ ਕਰਿਆਂ ਹੋਇਆ ਇੱਕ ਬਰਾਬਰ ਕਸਮ ਏ, ਸੁਣ ਕੇ ਨੀਂਦਰ ਉੱਡੀ ਸੁੱਤਾ ਮੋਇਆ ਇੱਕ ਬਰਾਬਰ ਮਾੜੇ ਘਰ ਨੂੰ ਬੂਹਾ ਕਾਹਦਾ ਖੁੱਲ੍ਹਾ ਢੋਇਆ ਇੱਕ ਬਰਾਬਰ ਰਾਤੀਂ ਅੱਖ ’ਤੇ ਬੱਦਲ ਵੱਸੇ ਚੋਇਆ ਹੋਇਆ ਇੱਕ ਬਰਾਬਰ ਯਾਰ ‘ਕਲੀਮਾ' ਜੋਗੀ ਅੱਗੇ ਸੱਪ ਗੰਡੋਇਆ ਇੱਕ ਬਰਾਬਰ

ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ

ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ ਅੱਜ ਇੱਕ ਸੂਰਤ ਵੇਖਕੇ ਅੱਖਾਂ ਭਰ ਗਈਆਂ ਜਦ ਇੱਕ ਸੁਫ਼ਨਾ ਕੱਚੀ ਨੀਂਦਰ ਤੋੜ ਗਿਆ ਕੀ ਦੱਸਾਂ ਫਿਰ ਯਾਦਾਂ ਕਿਹੜੀ ਕਰ ਗਈਆਂ ਐਨਾ ਖ਼ੌਫ਼ ਲੁਟੀਚਨ ਦਾ ਸੀ ਜਿਹਨਾਂ ਵਿੱਚ ਪਿੱਛੇ ਆਉਂਦੇ ਵੀਰ ਤੋਂ ਭੈਣਾਂ ਡਰ ਗਈਆਂ ਸੁੱਚੇ ਰਿਸ਼ਤੇ ਵੀ ਹੁਣ ਕੌੜੇ ਲਗਦੇ ਨੇ ਮਾਵਾਂ ਜੋ ਰੂੜੀ ਤੇ ਬੱਚੇ ਧਰ ਗਈਆਂ ਯਾਰ ‘ਕਲੀਮਾ’ ਮੁੜ ਆਇਆ ਤੇ ਇੰਝ ਲੱਗਾ ਜਿਸਰਾਂ ਡੁੱਬੀਆਂ ਹੋਈਆਂ ਰਕਮਾਂ ਤਰ ਗਈਆਂ

ਕਮਾਲ ਕਰਦੇ ਓ ਬਾਦਸ਼ਾਹੋ

ਮਰਨ ਤੋਂ ਡਰਦੇ ਓ ਬਾਦਸ਼ਾਹੋ! ਕਮਾਲ ਕਰਦੇ ਓ ਬਾਦਸ਼ਾਹੋ! ਕਿਸੇ ਨੂੰ ਮਾਰਨ ਦਾ ਸੋਚਦੇ ਓ, ਕਿਸੇ ’ਤੇ ਮਰਦੇ ਓ ਬਾਦਸ਼ਾਹੋ! ਤੁਸੀਂ ਨਾ ਪਾਵੋ ਦਿਲਾਂ ਤੇ ਲੋਟੀ ਤੁਸੀਂ ਤੇ ਸਰਦੇ ਓ ਬਾਦਸ਼ਾਹੋ! ਇਹ ਮੈਂ ਖਿਡਾਰੀ ਕਮਾਲ ਦਾ ਹਾਂ ਕਿ ਆਪ ਹਰਦੇ ਓ ਬਾਦਸ਼ਾਹੋ! ‘ਕਲੀਮ' ਕੱਖਾਂ ਤੋਂ ਹੌਲੇ ਓ ਨਾ ਤਦੇ ਈ ਤਰਦੇ ਓ ਬਾਦਸ਼ਾਹੋ

ਰੱਤ ਨਿਚੋੜ ਕੇ ਪੁੱਛਦਾ ਏ

ਰੱਤ ਨਿਚੋੜ ਕੇ ਪੁੱਛਦਾ ਏ। ਜੋੜਾਂ-ਤੋੜ ਕੇ ਪੁੱਛਦਾ ਏ। ਮਣਕਾ ਕੀਹਨੂੰ ਕਹਿੰਦੇ ਨੇ? ਧੌਣ ਮਰੋੜ ਕੇ ਪੁੱਛਦਾ ਏ । ਅੰਦਰ ਕਿਉਂ ਨਈ ਆਇਆ ਤੂੰ, ਹੋੜਾ ਹੋੜ ਕੇ ਪੁੱਛਦਾ ਏ । ਛੱਲਾ ਕਿਸ ਲਈ ਦੇਵੀਦਾ, ਵਾਪਸ ਮੋੜ ਕੇ ਪੁੱਛਦਾ ਏ । ਅਜ ਕਲ੍ਹ ਮੇਰਾ ਹਾਲ ਵੀ ਉਹ ਅੱਖ ਸੰਗੋੜ ਕੇ ਪੁੱਛਦਾ ਏ।

ਆਗੂ ਖੋਹ ਕੇ, ਜਾਂ ਫਿਰ ਮੰਗ ਮੰਗਾ ਕੇ ਵਧਿਆ

ਆਗੂ ਖੋਹ ਕੇ, ਜਾਂ ਫਿਰ ਮੰਗ ਮੰਗਾ ਕੇ ਵਧਿਆ। ਉਹਦਾ ਰੁਤਬਾ ਸਾਡੇ ਬੂਹੇ ਆ ਕੇ ਵਧਿਆ। ਸਿਫ਼ਰ ਤੋਂ ਘੱਟ ਤੇ ਮੇਰਾ ਮੁੱਲ ਨਹੀਂ ਸੀ ਕੀਤਾ ਜਾਣਾ, ਜਿਹੜਾ ਵਧਿਆ ਸਿਫ਼ਰਾਂ ਪਿੱਛੇ ਲਾ ਕੇ ਵਧਿਆ। ਮੈਂ ਮਸਕੀਨ ਤੇ ਲੱਖੋਂ ਹੌਲਾ ਬੰਦਾ ਸਾਂ, ਮੇਰਾ ਭਾਰ ਤੇ ਕਸਮੇ, ਧੋਖਾ ਖਾ ਕੇ ਵਧਿਆ। ਰਾਂਝਾ ਹੀਰ ਦੇ ਵਿਹੜੇ ਦੋ ਪੇਰੀਂ ਆਇਆ, ਖੇੜਾ ਹੀਰ ਦੇ ਘਰ ਵੱਲ ਢੋਲ ਵਜਾ ਕੇ ਵਧਿਆ। ਯਾਰ ‘ਕਲੀਮਾ' ਵਧਣਾ ਡਾਢਾ ਔਖਾ ਕੰਮ ਸੀ, ਕੀ ਦੱਸਾਂ ਮੈਂ ਕਿੰਨੇ ਧੱਕੇ ਖਾ ਕੇ ਵਧਿਆ।

ਮੰਜ਼ਿਲਾਂ ਦਾ ਨਿਸ਼ਾਨ ਥੋੜ੍ਹਾ ਏ

ਮੰਜ਼ਿਲਾਂ ਦਾ ਨਿਸ਼ਾਨ ਥੋੜ੍ਹਾ ਏ! ਪਿਆਰ ਏ, ਇਮਤਿਹਾਨ ਥੋੜ੍ਹਾ ਏ! ਭਾਵੇਂ ਅਪਣਾ ਮਕਾਨ ਏ ਮੇਰਾ, ਪਰ ਇਹ ਮੇਰਾ ਮਕਾਨ ਥੋੜ੍ਹਾ ਏ! ਵੇਲਿਆ! ਤੂੰ ਨਾ ਜ਼ੁਲਮ ਕਰ ਭਾਈਆ, ਜ਼ੁਲਮ ਲਈ ਖਾਨ ਦਾ ਨਥੋੜ੍ਹਾ ਏ! ਇਸ਼ਕ ਕੀਤਾ ਏ, ਕਸਮ ਕਾਬੇ ਦੀ, ਇਹ ਸਿਆਸੀ ਬਿਆਨ ਥੋੜ੍ਹਾ ਏ! ਮੈਂ ਜੇ ਮੰਗਣ ਤੇ ਆ ਗਿਆ ਰੱਬਾ, ਤੇ ਰਾਸਾ ਰਾਜ ਹਾਨ ਥੋੜ੍ਹਾ ਏ !

ਮੇਰੇ ਸਿਰ ਤੋਂ ਚਾਰ ਰੁਪੱਈਏ ਵਾਰੇਗਾ

ਮੇਰੇ ਸਿਰ ਤੋਂ ਚਾਰ ਰੁਪੱਈਏ ਵਾਰੇਗਾ। ਮੇਨੂੰ ਜਿੱਤਣ ਲਈ ਉਹ ਕੁਝ ਤੇ ਹਾਰੇਗਾ। ਦਿਨ ਮੇਰੇ ਪਰਛਾਵੇਂ ਲੋਕੀਂ ਪੁੱਛਦਾ ਏ, ਦੱਸ ਇਹ ਬੰਦਾ ਕਿ ਸਰਾਰਾਤ ਗੁਜ਼ਾਰੇਗਾ? ਰੋਂਦਾ ਹੋਇਆ ਸੱਜਣ ਖ਼ਾਬ 'ਚ ਦਿਸਿਆ ਏ, ਲਗਦਾ ਏ ਹੁਣ ਮੈਨੂੰ ਡੋਬ ਕੇ ਮਾਰੇਗਾ। ਅੱਜ ਝਣਾਂ ਦੀਆਂ ਵਗਦੀਆਂ ਹੋਈਆਂ ਲਹਿਰਾਂ ਤੇ, ਦੱਸੋ ਕੋਈ ਕਿਸਰਾਂ ਖ਼ਾਬ ਉਸਾਰੇਗਾ? ਮਿੱਟੀ, ਅੱਗ, ਹਵਾ ਤੇ ਪਾਣੀ, ਯਾਰ ‘ਕਲੀਮ', ਦਿਲਦੀ ਢੋਲਨ ਉੱਤੇ ਅਜ ਇਹ ਚਾਰੇਗਾ।

ਜੋ ਟੁੱਟ ਗਿਆ ਏ-ਜੁੜਨ ਦਾ ਫੈਦਾ

ਜੋ ਟੁੱਟ ਗਿਆ ਏ-ਜੁੜਨ ਦਾ ਫੈਦਾ? ਪਰਾਈ ਸ਼ੈਅ ਵੱਲ-ਮੁੜਨ ਦਾ ਫੈਦਾ? ਜੇ ਉਹਨੇ ਚੀਕਾਂ ਚੋ ਐਬ ਕੱਢਣੇ ਤੇ ਫੇਰ ਰੋੜ੍ਹਨ, ਰੁੜ੍ਹਨ ਦਾ ਫੈਦਾ? ਜੇ ਥੋੜ੍ਹ ਪੂਰੀ ਨਈਂ ਕਰਨੀ ਉਹਨੇ ਤੇ ਫੇਰ ਕਮਲਿਆ! ਥੁੜ੍ਹਨ ਦਾ ਫੈਦਾ? ਜੇ ਉਹਦੀ ਰਾਹ ਹੀ ਨਈਂ ਖੋਟੀ ਹੋਣੀ ਤੇ ਫੇਰ ਕੰਡਿਆ! ਪੁੜਨ ਦਾ ਫੈਦਾ? ‘ਕਲੀਮ’ ਵਿਹੜਾ ਜੇ ਘੂਰਦਾ ਏ ਤੇ ਫੇਰ ਵਾਪਸ ਮੁੜਨ ਦਾ ਫੈਦਾ?

ਅੱਖਾਂ ਰਾਹੀ ਲੁੱਟ ਗਿਆ ਏ

ਅੱਖਾਂ ਰਾਹੀ ਲੁੱਟ ਗਿਆ ਏ। ਕਬਰ ਸਮਝ ਕੇ ਪੁੱਟ ਗਿਆ ਏ। ਝੱਗਾ ਭਾਂਵੇ ਉਹਦੇ ਹੱਥ ਏ, ਸ਼ੁਕਰ ਏ, ਗਲਾਮਾ ਛੁੱਟ ਗਿਆ ਏ। ਜੱਗ ਟੁੱਟਦਾ ਤੇ ਸੌ ਲੈ ਆਉਂਦਾ, ਮੇਰਾ ਘਰ ਹੀ ਟੁੱਟ ਗਿਆ ਏ। ਰੱਬਾ! ਓਹਦੇ ਪਰਦੇ ਰੱਖੀਂ, ਜਿਹੜਾ ਮੈਨੂੰ ਲੁੱਟ ਗਿਆ ਏ। ਯਾਰ ‘ਕਲੀਮਾ’ਪੱਗ ਏ ਖੌਰੇ, ਜਿਹੜੀ ਪੈਰੀਂ ਸੁੱਟ ਗਿਆ ਏ।

ਜਿਸਰਾਂ ਹਰ ਬੰਦੇ ਨੂੰ ਰੋਣਾ ਆਉਂਦਾ ਏ

ਜਿਸਰਾਂ ਹਰ ਬੰਦੇ ਨੂੰ ਰੋਣਾ ਆਉਂਦਾ ਏ । ਪਾਗਲ ਨਈ ਪਰ ਪਾਗਲ ਹੋਣਾ ਆਉਂਦਾ ਏ। ਕੀ ਵੇਲਾ ਸੀ ਹੱਸਦੇ ਖੇਡਦੇ ਰਹਿੰਦੇ ਸਾਂ, ਹੁਣ ਤੇ ਆਪਣੇ ਹਾਲ ਤੇ ਰੋਣਾ ਆਉਂਦਾ ਏ। ਸਬਰ ਤੇ ਨਈਂ, ਨਾ ਇਹ ਫ਼ਨਕਾਰੀ ਏ, ਉਹਨੂੰ ਆਪਣਾ ਪਿਆਰ ਲੁਕਾਉਣਾ ਆਉਂਦਾ ਏ। ਉਹਨੂੰ ਤੇ ਮਜ਼ਦੂਰੀ ਆਪਣੀ ਲੱਭ ਜਾਂਦੀ ਏ, ਜਿਹਨੂੰ ਆਪਣੀ ਮੱਈਅਤ ਢੋਣਾ ਆਉਂਦਾ ਏ। ਉਹਦੀ ਯਾਰ ‘ਕਲੀਮਾ' ਓਹੀ ਦੱਸੇਗਾ, ਸਾਨੂੰ ਤੇ ਬੱਸ ਇਕ ਦਾ ਹੋਣਾ ਆਉਂਦਾ ਏ।

ਜੰਗਲ ਦੇ ਕਾਨੂੰਨ ਤੋਂ ਹਟ ਕੇ

ਜੰਗਲ ਦੇ ਕਾਨੂੰਨ ਤੋਂ ਹਟ ਕੇ ਕਿਉਂ ਬੋਲਾਂ ਮਜ਼ਮੂਨ ਤੋਂ ਹਟ ਕੇ? ਇਕ ਮਰਲੇ ਦਾ ਘੇਰਾ ਵੇਖੋ, ਖੂਨ ਖੜ੍ਹਾ ਏ ਖੂਨ ਤੋਂ ਹਟ ਕੇ। ਕਸਮੇ, ਦੂਜਾ ਭਾਰ ਈ ਕੋਈ ਨਈਂ ਤੇਰੇ ਘਰ ਦੇ ਲੂਣ ਤੋਂ ਹਟ ਕੇ। ਦਿਲ ਦੇ ਪੱਲੇ ਹੈ ਈ ਕੀ ਏ ਕੱਲੇ ਇਸ਼ਕ ਜਨੂੰਨ ਤੋਂ ਤੋਂ ਹਟ ਕੇ। ਯਾਰ ‘ਕਲੀਮਾ' ਜੇ ਕੈਦੀ ਨਈਓਂ, ਕਾਫ਼ੀਆ ਬੰਨ੍ਹ ਖਾਂ ‘ਨੂੰਨ' ਤੋਂ ਹਟ ਕੇ ।

ਮੁਹੱਬਤ ਐ ਸਰਾਂ ਸੀ ਯਾਰ ਮੰਨੀ

ਮੁਹੱਬਤ ਐ ਸਰਾਂ ਸੀ ਯਾਰ ਮੰਨੀ। ਕਿ ਲੈ ਤੂੰ ਜਿੱਤ ਗਿਆ, ਮੈਂ ਹਾਰ ਮੰਨੀ। ਤੇਰਾ ਧੋਖਾ ਕਿਸੇ ਨੂੰ ਯਾਦ ਵੀ ਨਈਂ, ਤੇ ਮੈਨੂੰ ਖ਼ਬਰ-ਨਈਂ ਅਖ਼ਬਾਰ ਮੰਨੀ। ਦਿਲਾਂ ਦੀਆਂ ਚੋਰੀਆਂ ਤੇ ਗੱਲ ਹੋਈ, ਸ਼ੁਬਾ ਸੀ ਇੱਕ ਦਾ, ਤੇ ਚਾਰ ਮੰਨੀ। ਕਈ ਵਾਰੀ ਤੇ ਉਸ ਇਨਕਾਰ ਕੀਤਾ, ਤੇ ਦੋ ਵਾਰੀ ਉਹ ਆਪਣਾ ਪਿਆਰ ਮੰਨੀ। ਖ਼ੁਦਾ ਦਾ ਸ਼ੁਕਰ ਕਰ ਝੱਲੇ ‘ਕਲੀਮਾ’ ਤੇਰੀ ਰਹਿਤਲ ਤੇਰਾ ਕਿਰਦਾਰ ਮੰਨੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਤਜੱਮੁਲ ਕਲੀਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ