Kafian : Guru Arjan Dev Ji

ਕਾਫ਼ੀਆਂ : ਗੁਰੂ ਅਰਜਨ ਦੇਵ ਜੀ

ਰਾਗ ਆਸਾ
1. ਮੈ ਬੰਦਾ ਬੈ ਖਰੀਦੁ

ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥
ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥
ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥
ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ਰਹਾਉ॥
ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥
ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥
ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥
ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥੩੯੬॥

(ਬੈ ਖਰੀਦ=ਮੁੱਲ ਦੇ ਕੇ ਖ਼ਰੀਦਿਆ ਹੋਇਆ, ਜੀਉ=ਜਿੰਦ,
ਪਿੰਡੁ=ਸਰੀਰ, ਧਣੀ=ਮਾਲਕ, ਅਨ=ਹੋਰ, ਤੁਠਾ=ਪ੍ਰਸੰਨ
ਹੋਇਆ, ਬੰਧਾ=ਬੰਧ,ਬੰਨ੍ਹ, ਧਰ=ਆਸਰਾ)

2. ਸਰਬ ਸੁਖਾ ਮੈ ਭਾਲਿਆ

ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥
ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥
ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥
ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ਰਹਾਉ॥
ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥
ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥੨॥
ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥
ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥
ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥
ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥੩੯੬॥

(ਤੁਠਾ=ਪ੍ਰਸੰਨ ਹੋਇਆ ਹੋਇਆ, ਚਸਾ=ਪਲ ਦਾ ਤੀਜਾ ਹਿੱਸਾ,
ਭਾਗਠੁ=ਭਾਗਾਂ ਵਾਲਾ, ਬਿਬੇਕ ਸਤ ਸਰੁ=ਬਿਬੇਕ ਦਾ ਸਰੋਵਰ,
ਸਤ ਦਾ ਸਰੋਵਰ)

3. ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ

ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥
ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ ॥੧॥
ਹਉ ਵੰਞਾ ਕੁਰਬਾਣੁ ਸਾਈ ਆਪਣੇ ॥
ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ ॥੧॥ਰਹਾਉ॥
ਬਿੰਦਕ ਗਾਲ੍ਹਿ੍ਹ ਸੁਣੀ ਸਚੇ ਤਿਸੁ ਧਣੀ ॥
ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥੨॥
ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥
ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥੩॥
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥੪॥੩॥੧੦੫॥੩੯੭॥

(ਭੋਰੀ=ਰਤਾ ਕੁ, ਹਉ=ਮੈਂ, ਵੰਞਾ=ਜਾਂਦੀ ਹਾਂ, ਘਣਾ=ਬਹੁਤ,
ਕੀਮ=ਕੀਮਤ, ਨੈਣ ਪਸੰਦੋ=ਅੱਖਾਂ ਨੂੰ ਚੰਗਾ ਲੱਗਣ ਵਾਲਾ,
ਪੇਖਿ=ਵੇਖ ਕੇ, ਮੁਸਤਾਕ=ਆਸ਼ਿਕ,ਮੋਹਿਤ, ਹਭਾ ਹੂੰ=ਸਭਨਾਂ
ਤੋਂ, ਜਾਹਰਾ=ਪ੍ਰਤੱਖ)

4. ਲਾਖ ਭਗਤ ਆਰਾਧਹਿ

ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ ॥
ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥੧॥
ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ ॥
ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸਟਿ ਸਭ ॥੧॥ਰਹਾਉ॥
ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ ॥
ਨਾਮ ਬਿਹੂਨੜਿਆ ਸੇ ਮਰਨ੍ਹਿ ਵਿਸੂਰਿ ਵਿਸੂਰਿ ॥੨॥
ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥
ਵਿਸਰਿਆ ਜਿਨ੍ਹ੍ਹਾ ਨਾਮੁ ਤਿਨਾੜਾ ਹਾਲੁ ਕਉਣੁ ॥੩॥
ਜੈਸੇ ਪਸੁ ਹਰ੍ਹਿਆਉ ਤੈਸਾ ਸੰਸਾਰੁ ਸਭ ॥
ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥੩੯੭॥

(ਬਿਖਈ=ਵਿਕਾਰੀ, ਜੀਉ=ਜੀਵ, ਪੇਖਹਿ=ਸੰਤ ਵੇਖਦੇ ਹਨ,
ਬਿਹੂਨੜਿਆ=ਸੱਖਣੇ, ਵਿਸੂਰਿ=ਝੂਰ ਕੇ, ਭਾਇ=ਭਾਵ ਵਿਚ,
ਤਿਨਾੜਾ=ਉਹਨਾਂ ਦਾ, ਹਰ੍ਹਿਆਉ=ਖੁੱਲ੍ਹਾ ਰਹਿ ਕੇ ਹਰੀਆਂ
ਖੇਤੀਆਂ ਚੁਗਣ ਵਾਲਾ)

5. ਹਭੇ ਥੋਕ ਵਿਸਾਰਿ

ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥
ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥
ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥
ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ਰਹਾਉ॥
ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥
ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥
ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥
ਤਿਨ੍ਹ੍ਹਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥
ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥੩੯੭॥

(ਹਭੇ=ਸਾਰੇ, ਥੋਕ=ਪਦਾਰਥ, ਮੂੰ=ਮੈਨੂੰ, ਢਹੰਦੋ=ਨਾਸ ਹੁੰਦਾ,
ਮੂਲਿ=ਬਿਲਕੁਲ, ਰਾਸਿ ਕਰਿ=ਠੀਕ ਕਰ, ਪਰਸਾਦਿ=ਕਿਰਪਾ
ਨਾਲ)

6. ਜਿਨ੍ਹ੍ਹਾ ਨ ਵਿਸਰੈ ਨਾਮੁ

ਜਿਨ੍ਹ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ ॥
ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥
ਮਨੁ ਤਨੁ ਹੋਇ ਨਿਹਾਲੁ ਤੁਮ੍ਹ੍ਹ ਸੰਗਿ ਭੇਟਿਆ ॥
ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ਰਹਾਉ॥
ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ਹ੍ਹ ਖੇ ॥
ਜਿਨ੍ਹ੍ਹ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥
ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥
ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥੩॥
ਦਿਨਸੁ ਰੈਣਿ ਆਰਾਧਿ ਸਮ੍ਹ੍ਹਾਲੇ ਸਾਹ ਸਾਹ ॥
ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥੪॥੬॥੧੦੮॥੩੯੭॥

(ਸੇ=ਉਹ ਬੰਦੇ, ਕਿਨੇਹਿਆ=ਕਿਹੋ ਜਿਹੇ, ਨਿਹਾਲੁ=ਪ੍ਰਸੰਨ,
ਭੇਟਿਆ=ਸੰਗਤਿ ਕੀਤਿਆਂ, ਜਨ ਪਰਸਾਦਿ=ਸੇਵਕ ਦੀ
ਕਿਰਪਾ ਨਾਲ,ਤਿੰਨ੍ਹ ਖੇ=ਉਹਨਾਂ ਨੇ, ਵੁਠਾ=ਆ ਵੱਸਿਆ,
ਸਮ੍ਹਾਲੇ=ਹਿਰਦੇ ਵਿਚ ਵਸਾਈ ਰੱਖੇ, ਲੋਚਾ=ਤਾਂਘ)

7. ਪੂਰਿ ਰਹਿਆ ਸ੍ਰਬ ਠਾਇ

ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥
ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ ॥੧॥
ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥
ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥੧॥ਰਹਾਉ॥
ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥
ਜਿਸੁ ਮਨਿ ਵੁਠਾ ਆਪਿ ਤਿਸੁ ਨ ਵਿਸਾਰੀਐ ॥੨॥
ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥
ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥੩॥
ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥
ਨਾਨਕ ਦਰਸ ਪਿਆਸ ਲੋਚਾ ਪੂਰੀਐ ॥੪॥੭॥੧੦੯॥੩੯੮॥

(ਪੂਰਿ ਰਹਿਆ=ਵਿਆਪਕ ਹੈ, ਸ੍ਰਬ ਠਾਇ=ਹਰੇਕ ਥਾਂ,
ਸੋਇ=ਉਹ ਪਰਮਾਤਮਾ, ਛਤੁ=ਛੱਤ੍ਰ, ਸਾਰੀਐ=ਸਾਰ
ਲੈਂਦਾ ਹੈ, ਵੁਠਾ=ਆ ਵੱਸਿਆ, ਵਿਸਾਰੀਐ=ਵਿਸਾਰੇ,
ਆਪਣ ਭਾਣਿਆ=ਆਪਣੀ ਰਜ਼ਾ ਅਨੁਸਾਰ, ਨ ਝੂਰੀਐ=
ਚਿੰਤਾ-ਫ਼ਿਕਰ ਨਹੀਂ ਕਰੀਦਾ, ਲੋਚਾ=ਤਾਂਘ)

8. ਕਿਆ ਸੋਵਹਿ ਨਾਮੁ ਵਿਸਾਰਿ

ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥
ਕਿਤੀ ਇਤੁ ਦਰੀਆਇ ਵੰਞਨ੍ਹਿ ਵਹਦਿਆ ॥੧॥
ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥
ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥੧॥ਰਹਾਉ॥
ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ ॥
ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥੨॥
ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥
ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥੩॥
ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ ॥
ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥੪॥੮॥੧੧੦॥੩੯੮॥

(ਗਹਿਲਿਆ=ਬੇ-ਪਰਵਾਹ,ਕਿਤੀਂ=ਕਿਤਨੇ ਹੀ,
ਇਤੁ=ਇਸ ਵਿਚ, ਦਰੀਆਇ=ਸੰਸਾਰ-ਦਰਿਆ
ਵਿਚ,ਵੰਞਨ੍ਹਿ=ਜਾ ਰਹੇ ਹਨ, ਵਹਦਿਆ=ਰੁੜ੍ਹਦੇ,
ਬੋਹਿਥੜਾ=ਸੋਹਣਾ ਜਹਾਜ਼, ਰੁੰਨਿਆ=ਦੁਖੀ ਹੁੰਦੇ
ਹਨ, ਮਰਦਨ=ਵਟਣਾ ਆਦਿਕ, ਮਾਲਣਾ=ਮਲਦੇ
ਹਨ, ਛਾਰੁ=ਸੁਆਹ, ਸਰਪਰ=ਜ਼ਰੂਰ, ਬਿਖਮੁ=
ਬਿਖੜਾ,ਔਖਾ)

9. ਕੋਇ ਨ ਕਿਸ ਹੀ ਸੰਗਿ

ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥
ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥
ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥
ਦੇਖਿ ਤੁਮ੍ਹ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ਰਹਾਉ॥
ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੁ ॥
ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੁ ॥੨॥
ਜੇਤੇ ਮਾਇਆ ਰੰਗ ਤੇਤ ਪਛਾਵਿਆ ॥
ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥
ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥
ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥੩੯੮॥

(ਗਰਬੀਐ=ਮਾਣ ਕਰੀਏ, ਤਰਬੀਐ=ਤਰ ਸਕੀਦਾ ਹੈ,
ਜੰਜਾਲੁ=ਮੋਹ ਵਿਚ ਫਸਾਣ ਵਾਲਾ, ਗਨੁ=ਗਿਣ, ਧਨੋ=ਧਨ,
ਰੰਗ=ਤਮਾਸ਼ੇ, ਤੇਤੇ=ਉਹ ਸਾਰੇ, ਪਛਾਵਿਆ=ਪਰਛਾਵੇਂ ਵਾਂਗ)

10. ਜਿਸੁ ਸਿਮਰਤ ਦੁਖੁ ਜਾਇ

ਜਿਸੁ ਸਿਮਰਤ ਦੁਖੁ ਜਾਇ ਸਹਜ ਸੁਖੁ ਪਾਈਐ ॥
ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ ॥੧॥
ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥
ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ ॥੧॥ਰਹਾਉ॥
ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥
ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ ॥੨॥
ਰਾਖਨਹਾਰੁ ਅਪਾਰੁ ਰਾਖੈ ਅਗਨਿ ਮਾਹਿ ॥
ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ ॥੩॥
ਸੂਖ ਸਹਜ ਆਨੰਦ ਘਣਾ ਨਾਨਕ ਜਨ ਧੂਰਾ ॥
ਕਾਰਜ ਸਗਲੇ ਸਿਧਿ ਭਏ ਭੇਟਿਆ ਗੁਰੁ ਪੂਰਾ ॥੪॥੧੦॥੧੧੨॥੩੯੮॥

(ਸਹਜ ਸੁਖੁ=ਆਤਮਕ ਅਡੋਲਤਾ ਦਾ ਆਨੰਦ, ਰੈਣਿ=ਰਾਤ,
ਕਰ=ਹੱਥ, ਜਨ ਧੂਰਾ=ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ,
ਸਿਧਿ=ਸਫਲਤਾ)

11. ਗੋਬਿੰਦੁ ਗੁਣੀ ਨਿਧਾਨੁ

ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥
ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥੧॥
ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥
ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥੧॥ਰਹਾਉ॥
ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ ॥
ਮਿਥਿਆ ਮੋਹੁ ਸੰਸਾਰੁ ਝੂਠਾ ਵਿਣਸਣਾ ॥੨॥
ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥
ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥੩॥
ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ ॥
ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ ॥੪॥੧੧॥੧੧੩॥੩੯੯॥

(ਗੁਣੀ ਨਿਧਾਨੁ=ਗੁਣਾਂ ਦਾ ਖ਼ਜ਼ਾਨਾ, ਜਾਣੀਐ=ਜਾਣਿਆ
ਜਾਂਦਾ ਹੈ, ਅਨਦਿਨੁ=ਹਰ ਰੋਜ਼, ਸੁਹਾਵਾ=ਸੋਹਣਾ, ਜਾਵਈ=
ਜਾਵਏ,ਜਾਂਦਾ ਹੈ, ਭਾਵਈ=ਭਾਵਏ,ਭਾਵੈ)

12. ਆਵਹੁ ਮੀਤ ਇਕਤ੍ਰ ਹੋਇ

ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥
ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥
ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥
ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ਰਹਾਉ॥
ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥
ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥
ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥
ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥੩੯੯॥

(ਰਸ ਕਸ=ਹਰੇਕ ਕਿਸਮ ਦੇ ਸੁਆਦਲੇ ਪਦਾਰਥ, ਭੁੰਚਹ=ਅਸੀਂ
ਖਾਈਏ, ਮੁੰਚਹ=ਦੂਰ ਕਰ ਲਈਏ, ਤਤੁ=ਅਸਲੀਅਤ, ਖੀਨ=
ਕਮਜ਼ੋਰ, ਤਸਕਰਾ=ਚੋਰ, ਜਾਰਹੁ=ਸਾੜ ਦਿਉ, ਕੇਲ=ਆਨੰਦ,
ਬਿਖਲੀ=ਵਿਭਚਾਰਨ, ਬਿਖਲੀ ਪਤਿ=ਦੁਰਾਚਾਰੀ ਮਨੁੱਖ, ਰਸਾਇਣ=
ਸਾਰੇ ਰਸਾਂ ਦਾ ਘਰ, ਅਮਲ=ਨਸ਼ਾ)

13. ਉਦਮੁ ਕੀਆ ਕਰਾਇਆ

ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥
ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥੧॥
ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥
ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥੧॥ਰਹਾਉ॥
ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥
ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥੨॥
ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ ॥
ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥੩॥
ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥
ਵਣਜਾਰੇ ਸੰਤ ਨਾਨਕਾ ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥੩੯੯॥

(ਬਿਦਾਰਿਆ=ਨਾਸ ਕਰ ਦਿੱਤਾ ਹੈ, ਕਰੁ=ਹੱਥ, ਗਹਿ=
ਫੜ ਕੇ, ਅਮਿਤਾ=ਬੇਅੰਤ)

14. ਜਾ ਕਾ ਠਾਕੁਰੁ ਤੁਹੀ ਪ੍ਰਭ

ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥
ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥
ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥
ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ਰਹਾਉ॥
ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥
ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥
ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥
ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥
ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥
ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥੩੯੯॥

(ਸੁਹੇਲਾ=ਸੌਖਾ, ਸਦ=ਸਦਾ, ਚਾਕਰ=ਸੇਵਕ, ਭਾਰਾ=
ਵੱਡੇ ਜਿਗਰੇ ਵਾਲਾ, ਸਗਲ ਬਿਧਿ=ਸਾਰੇ ਢੰਗਾਂ ਨਾਲ,
ਅਉਰੁ=ਹੋਰ, ਮਹਲੁ=ਪ੍ਰਭੂ ਦਾ ਟਿਕਾਣਾ, ਦੁਤਰੁ=ਜਿਸ
ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਪਰਵਾਨਾ=ਕਬੂਲ,
ਵਜਹੁ=ਵਜ਼ੀਫ਼ਾ,ਤਨਖ਼ਾਹ)

15. ਜਾ ਪ੍ਰਭ ਕੀ ਹਉ ਚੇਰੁਲੀ

ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥
ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥
ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ॥
ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥੧॥ਰਹਾਉ॥
ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ ॥
ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥੨॥
ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ ॥
ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥੩॥
ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥
ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥੪੦੦॥

(ਚੇਰੁਲੀ=ਨਿਮਾਣੀ ਜਿਹੀ ਦਾਸੀ, ਕਾਂਢੀਐ=ਆਖਿਆ ਜਾਂਦਾ ਹੈ,
ਥੋਰਾ ਅਰੁ ਮੂਚਾ=ਥੋੜਾ ਅਤੇ ਬਹੁਤਾ, ਧਨੋ=ਧਨੁ, ਗਨੀਆ=ਗਿਣਦੀ
ਹਾਂ, ਅਨੰਦ ਮੈ=ਆਨੰਦ-ਸਰੂਪ, ਮਾਣਕ=ਮੋਤੀ, ਧਾਈ=ਧ੍ਰਾਪੀ,ਰੱਜੀ
ਹੋਈ,ਤ੍ਰਿਪਤ, ਮੀਰਾ=ਪਾਤਿਸ਼ਾਹ, ਸਗਲੀ=ਸਾਰੀ, ਸੀਗਾਰੇ=ਸੁੰਦਰ
ਬਣਾਂਦਾ ਹੈ, ਬਸੇਰਾ=ਵਾਸ)

16. ਸੰਤਾ ਕੀ ਹੋਇ ਦਾਸਰੀ

ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ਰਹਾਉ॥
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥
ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥
ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥
ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥
ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥
ਸਾਈ ਸੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥੪੦੦॥

(ਦਾਸਰੀ=ਨਿਮਾਣੀ ਜਿਹੀ ਦਾਸੀ, ਆਚਾਰਾ=ਕਰਤੱਬ, ਨ ਪਿਖੁ=ਨਾਹ ਵੇਖ,
ਨਾਹ ਸਮਝ, ਮਜੀਠੈ=ਮਜੀਠ ਨਾਲ,ਮਜੀਠ ਵਰਗੇ ਪੱਕੇ ਰੰਗ ਨਾਲ, ਤੰਬੋਲਾ=
ਪਾਨ ਦਾ ਬੀੜਾ ,ਭੇਟੈ=ਮਿਲਦਾ ਹੈ, ਭਾਣੀ=ਪਸੰਦ ਆਈ ਹੈ)

17. ਡੀਗਨ ਡੋਲਾ ਤਊ ਲਉ

ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥
ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥੧॥
ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥
ਹਮ ਛੂਟੇ ਅਬ ਉਨ੍ਹ੍ਹਾ ਤੇ ਓਇ ਹਮ ਤੇ ਛੂਟੇ ॥੧॥ਰਹਾਉ॥
ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥
ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥੨॥
ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥੩॥
ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥
ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ॥੪॥੧੭॥੧੧੯॥੪੦੦॥

(ਡੀਗਨ=ਡਿੱਗਣਾ, ਡੋਲਾ=ਡੋਲ ਜਾਣਾ, ਤਊ ਲਉ=ਉਤਨਾ
ਚਿਰ ਤਕ ਹੀ, ਭਰਮਾ=ਦੌੜ-ਭੱਜਾਂ, ਬਿਖਾਦੀ=ਝਗੜਾਲੂ,
ਹੂਟੇ=ਹੁੱਟ ਗਏ,ਥੱਕ ਗਏ)

18. ਸੂਖ ਸਹਜ ਆਨਦੁ ਘਣਾ

ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥
ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥
ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥
ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ਰਹਾਉ॥
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥
ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥
ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥
ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥
ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥
ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥੪੦੧॥

(ਸਹਜ=ਆਤਮਕ ਅਡੋਲਤਾ, ਘਣਾ=ਬਹੁਤ, ਗਰਹ=੯ ਗ੍ਰਹ,
ਨਿਵਾਰੇ=ਦੂਰ ਕਰ ਦਿੱਤੇ, ਵਿਟਹੁ=ਤੋਂ, ਸੁਆਉ=ਸੁਆਰਥ,
ਰਸਨਾ=ਜੀਭ, ਬੀਆ=ਦੂਜਾ,ਓਪਰਾ, ਥੀਆ=ਹੋਇਆ)

ਰਾਗ ਸੂਹੀ
19. ਜੇ ਭੁਲੀ ਜੇ ਚੁਕੀ

ਜੇ ਭੁਲੀ ਜੇ ਚੁਕੀ ਸਾਈ ਭੀ ਤਹਿੰਜੀ ਕਾਢੀਆ ॥
ਜਿਨ੍ਹ੍ਹਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥੧॥
ਹਉ ਨਾ ਛੋਡਉ ਕੰਤ ਪਾਸਰਾ ॥
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥ਰਹਾਉ॥
ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥
ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ ॥੨॥
ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ ॥
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ ॥੩॥
ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ ॥
ਸ੍ਰਵਣੀ ਸੁਣੀ ਕਹਾਣੀਆ ਜੇ ਗੁਰੁ ਥੀਵੈ ਕਿਰਪਾਲਿ ॥੪॥
ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ ॥
ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥੫॥
ਸਹੀਆ ਤਊ ਅਸੰਖ ਮੰਞਹੁ ਹਭਿ ਵਧਾਣੀਆ ॥
ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥੬॥
ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਨ੍ਹਿ ਦੂਰੇ ॥
ਸੋ ਕਿਉ ਵਿਸਰੈ ਮਾਉ ਮੈ ਜੋ ਰਹਿਆ ਭਰਪੂਰੇ ॥੭॥
ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ ॥
ਪੂਰਬਿ ਲਿਖਿਆ ਪਾਇਆ ਨਾਨਕ ਸੰਤ ਸਹਾਇ ॥੮॥੧॥੪॥੭੬੧॥

(ਤਹਿੰਜੀ=ਤੇਰੀ, ਕਾਢੀਆ=ਅਖਵਾਂਦੀ ਹਾ, ਦੂਜਾਣੇ=ਕਿਸੇ ਹੋਰ ਨਾਲ,
ਝੂਰਿ ਮਰਹੁ=ਉਹ ਬੇਸ਼ੱਕ ਝੂਰ ਮਰਨ, ਸੇ=ਉਹ, ਵਾਢੀਆ=ਪਰਦੇਸਣਾਂ,
ਪਾਸਰਾ=ਸੋਹਣਾ ਪਾਸਾ, ਮਹਿੰਜਾ=ਮੇਰਾ, ਸੈਣੁ=ਸਨਬੰਧੀ, ਤੁਠਾ=ਪ੍ਰਸੰਨ
ਹੋਇਆ, ਦਾਤੜੀ=ਸੋਹਣੀ ਦਾਤਿ, ਜਲਾਈ=ਜੁਲਾਈਂ,ਮੈਂ ਤੋਰਾਂ, ਮੰਞਹੁ=
ਮੇਰੇ ਨਾਲੋਂ, ਵਧਾਣੀਆਂ=ਵਧੀਆ, ਹਿਕ ਭੋਰੀ=ਇਕ ਰਤਾ ਭਰ ਹੀ,
ਕਿਲਵਿਖ=ਪਾਪ, ਵੰਞਨ੍ਹਿ=ਚਲੇ ਜਾਂਦੇ ਹਨ)

20. ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ

ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥
ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥
ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥
ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ਰਹਾਉ॥
ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥
ਸੁਖੁ ਨ ਪਾਇਨ੍ਹਿ ਮੂਲਿ ਨਾਮ ਵਿਛੁੰਨਿਆ ॥੨॥
ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥
ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥
ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥
ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥
ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ ॥
ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥
ਜਿਨ੍ਹ੍ਹ ਕਉ ਭਏ ਦਇਆਲ ਤਿਨ੍ਹ੍ਹ ਸਾਧੂ ਸੰਗੁ ਭਇਆ ॥
ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹ੍ਹੀ ਜਨੀ ਜਪਿ ਲਇਆ ॥੬॥
ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥
ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥
ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥
ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥੭੬੧॥

(ਹੋਛੀਆ=ਹੋਛੀਆਂ,ਥੋਥੀਆਂ, ਬਾਦਿ=ਝਗੜੇ ਵਿਚ,
ਸਰਪਰ=ਜ਼ਰੂਰ, ਰੁੰਨਿਆ=ਰੋਂਦੇ ਹਨ, ਮੂਲਿ=ਬਿਲਕੁਲ,
ਵਿਛੁੰਨਿਆ=ਵਿਛੁੜੇ ਹੋਏ, ਸੋਧਤ=ਵਿਚਾਰ ਕਰਦਿਆਂ,
ਵਾਦਿ=ਵਿਅਰਥ)

  • ਮੁੱਖ ਪੰਨਾ : ਬਾਣੀ, ਗੁਰੂ ਅਰਜਨ ਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ