Kach De Vastar : Sohan Singh Misha

ਕੱਚ ਦੇ ਵਸਤਰ : ਸੋਹਣ ਸਿੰਘ ਮੀਸ਼ਾ



ਸਮਰਪਣ

ਅਫ਼ਜ਼ਲ ਅਹਿਸਨ ਰੰਧਾਵਾ ਲਈ

ਚੀਕ-ਬੁਲਬੁਲੀ

ਨੰਦੂ ਛੜੇ ਦੀ ਗੱਲ ਚੇਤੇ ਹੈ ਜਿਸ ਨੂੰ ਪਿੰਡ ਨੇ ਰੋਜ਼ ਤਕਾਲੀਂ ਇਕ ਦੋ ਚੀਕਾਂ ਮਾਰਨ ਦੀ ਖੁੱਲ੍ਹ ਦੇ ਦਿੱਤੀ ਸੀ ਭਰੀ ਪਰ੍ਹੇ ਵਿਚ ਗਲ ਪੱਲਾ ਪਾ ਜਦ ਸੀ ਉਸ ਨੇ ਅਰਜ਼ ਗੁਜ਼ਾਰੀ “ਮੇਰੀ ਕੋਈ ਲਾਗ ਡਾਟ ਨਾ ਮੇਰੀ ਆਪਣੀ ਧੀ ਭੈਣ ਪਿੰਡ ਦੀ ਹਰ ਨਾਰੀ ਦਾਰੂ ਪੀ ਕੇ ਚਿੱਤ ਘਾਬਰਦਾ ਘਾਊਂ ਮਾਊਂ ਹੁੰਦਾ ਡੱਕ ਨਾ ਹੁੰਦੀ ਆਈ ਚੀਕ ਹੈ ਜਾਂਦੀ ਮਾਰੀ।” ਮੈਨੂੰ ਬੇਸ਼ਕ ਦਾਰੂ ਕਦੀ ਕਦਾਈਂ ਲੱਭਦਾ ਪਰ ਮੈਂ ਏਸ ਬੇਕਿਰਕ ਸ਼ਹਿਰ ਵਿਚ ਕਿੰਨੇ ਚਿਰ ਤੋਂ ਆਪਣੇ ਅੰਦਰ ਇਕ ਚੀਕ ਤੇ ਨਾਲ ਬੁਲਬੁਲੀ ਡੱਕੀ ਫਿਰਦਾਂ ਚੁੱਪ ਚੁਪੀਤਾ ਇਕ ਖਲਬਲੀ ਚੱਕੀ ਫਿਰਦਾਂ। ਕਿੰਨੀ ਵਾਰੀ ਚੋਣ-ਮੁਹਿੰਮ ਦੇ ਜਲਸੇ ਵਿਚ ਤਕਰੀਰ ਸੁਣਦਿਆਂ ਜਨ ਗਨ ਮਨ ਦੀ ਜੈ ਹੇ ਜੈ ਹੇ ਸੋਗ ਸਭਾ ਦੀ ਚੁੱਪ ਦੇ ਮੌਕੇ ਚਿੱਤ ਘਾਬਰਿਆ ਚੀਕ-ਬੁਲਬੁਲੀ ਮਸਾਂ ਮਸਾਂ ਰੋਕੀ ਹੈ। ਹਫ਼ਤੇਵਾਰ ਦਫ਼ਤਰੀ ਮੀਟਿੰਗ ਦੇ ਵਿਚ ਵਿੰਗ-ਵਲੇਵੇਂ ਖਾਂਦੀ ਜਦੋਂ ਦਲੀਲ ਮੇਜ਼ ਤੇ ਰੀਂਘਣ ਲੱਗੀ ਕੱਸ ਕੇ ਰਤਾ ਹੋਰ ਨਟਕਾਈ ਮੈਂ ਇਸ ਚੀਕ ਦੇ ਨਾਲ ਬੁਲਬੁਲੀ ਪਹੁੰਚੀ ਸੰਘ ਦੇ ਕੋਲ ਦਬਾਈ। ਚੜ੍ਹੇ ਮਹੀਨੇ ਤਲਬ ਦਿਹਾੜੇ ਬਿੱਲਾਂ ਦਾ ਭੁਗਤਾਣ ਕਰਦਿਆਂ ਨਿੱਕੀਆਂ ਨਿੱਕੀਆਂ ਸੌ ਸੱਧਰਾਂ ਦਾ ਘਾਣ ਕਰਦਿਆਂ ਘੁੱਟ ਸਬਰ ਦੇ ਨਾਲ ਆਪਣੀ ਹੀ ਰੱਤ ਪੀਤੀ ਬੱਚੇ ਨੂੰ ਬੂਟਾਂ ਦਾ ਲਾਰਾ ਹੋਰ ਮਹੀਨਾ ਟਾਲਣ ਵੇਲੇ ਹਰ ਵਾਰੀ ਮੈਂ ਦੱਬੀ ਚੀਕ ਮੁਲਤਵੀ ਕੀਤੀ। ਠੇਕੇ ਦੀ ਕੈਬਨ ਵਿਚ ਠੱਠੇ ਸ਼ੁਗਲੀ ਨਿੰਦਿਆ ਚੁਗਲੀ ਵੇਲੇ ਤੰਗੀ ਤੁਰਸ਼ੀ ਦਾ ਅਹਿਸਾਸ ਜਾਗਦਾ ਖਾਰਾ ਬੱਤਾ ਖੋਲ੍ਹਣ ਲਗਿਆਂ ਲਗਦਾ ਆਪਣਾ ਆਪ ਪਾਟਦਾ। ਥਾਉਂ ਕੁਥਾਈਂ ਚੀਕ-ਬੁਲਬੁਲੀ ਪਾਨ 'ਚ ਜ਼ਰਦੇ ਨਾਲ ਚਬਾਈ ਨੀਂਦ ਗੋਲੀ ਨਾਲ ਸੁਆਈ ਗਦਰਾਏ ਬਦਨਾਂ ਦੀ ਮਹਿਕ ਨਾਲ ਵਰਚਾਈ। ਪਰ ਹੁਣ ਹੋਰ ਨਾ ਡੱਕੀ ਰਹਿੰਦੀ ਹਰ ਦਮ ਜ਼ਬਤ ਨਾਲ ਹੈ ਖਹਿੰਦੀ ਦਿਨ ਭਰ ਹੋਸ਼ ਭਟਕਦੀ ਅੰਦਰੋਂ ਪੱਸਲੀਆਂ ਭੰਨਦੀ ਹੈ ਰਾਤੀਂ ਅੱਖੀਂ ਨੀਂਦ ਨਾ ਪੈਂਦੀ। ਹੁਣ ਜੀਅ ਕਰਦਾ ਕਲ੍ਹ ਕਚਹਿਰੀ ਲਾਗੇ ਗਾਂਧੀ ਚੌਂਕ 'ਚ ਖੜ ਕੇ ਸਾਰਾ ਗੁਭ ਘਲਾਟ ਕਢ ਲਵਾਂ ਏਨੇ ਚਿਰ ਦੀ ਡਕੀ ਹੋਈ ਖੁੱਲ੍ਹ ਕੇ ਚੀਕ-ਬੁਲਬੁਲੀ ਮਾਰਾਂ ਮੁਸਕੌਂਦੇ ਗਾਂਧੀ ਦੇ ਬੁੱਤ ਤੋਂ ਡਾਂਡੀ-ਸਫ਼ਰ ਦੀ ਸੋਟੀ ਖੋਹ ਕੇ ਆਪਣਾ ਹੀ ਸਿਰ ਪਾੜਾਂ ਲਹੂ ਪਲੱਥਾ ਬੁੱਤ ਦੇ ਪੈਰੀਂ ਡਿੱਗਾਂ ਸਾਹ ਛੱਡਣ ਤੋਂ ਪਹਿਲਾਂ ਇਕ ਦੋ ਵਾਰੀ ਰਾਮ ਪੁਕਾਰਾਂ।

ਇਹ ਜੋ ਅੱਜ ਕਲ੍ਹ

ਇਹ ਜੋ ਅੱਜ ਕਲ੍ਹ ਲੰਮੀ ਰਾਤ ਦੀ ਕਾਲੀ ਵਾਟ ਝਾਗਦੇ ਚਿੰਤਾ-ਡੰਗੇ ਸੁਫ਼ਨਿਆਂ ਵਿਚੋਂ ਪੋਹ ਫੁਟਦੀ ਦੇ ਨਾਲ ਜਾਗਦੇ ਚਾਹ ਦੇ ਘੁੱਟਾਂ ਨਾਲ ਕਾਲੀਆਂ ਕੁੰਗੀ ਲਗੀਆਂ ਖ਼ਬਰਾਂ ਚਰਦੇ ਰੋਸ਼ਨਦਾਨੋਂ ਝਾਕਦੀਆਂ ਕਿਰਨਾਂ ਤੋਂ ਡਰਦੇ ਰੋਜ਼ੀ ਦੀ ਸੱਦ ਪੱਕੀ ਬਾਨ੍ਹ ਸਮੇਂ ਦੀ ਹੂੰਗੇ ਜਿਹਾ ਹੁੰਗਾਰਾ ਭਰਦੇ ਸਾਰਾ ਦਿਨ ਦਫ਼ਤਰ ਵਿਚ ਆਪਣੇ ਤੋਂ ਉਤਲੇ ਅਫ਼ਸਰ ਨੂੰ ਜੀ ਜੀ ਕਰਦੇ ਉਸਦਾ ਹਰ ਬੇਲੁਤਫ਼ ਲਤੀਫ਼ਾ ਸੁਣਕੇ ਹਾ ਹਾ ਹੀ ਹੀ ਕਰਦੇ ਇਕ ਦੂਜੇ ਨੂੰ ਚੰਗੀ ਮੰਦੀ ਕਹਿੰਦੇ ਅਤੇ ਮਤਹਿਤਾਂ ਤੋਂ ਆਦਰ ਦੀ ਝਾਕ 'ਚ ਰਹਿੰਦੇ ਕੁਰਸੀ ਉੱਤੇ ਇੱਜ਼ਤ ਵਾਲੇ ਕਚ ਦੇ ਵਸਤਰ ਪਾ ਕੇ ਬਹਿੰਦੇ ਕਿਤੋਂ ਕਿਤੇ ਕੁਝ ਤਿੜਕ ਨਾ ਜਾਏ ਹਰ ਦਮ ਸਹਿੰਮੇ ਅੰਗਾਂ ਦਾ ਅਕੜੇਵਾਂ ਸਹਿੰਦੇ ਹਾਲ ਦਾ ਮਸਲਾ ਪਿਛਲਾ ਕੋਈ ਹਵਾਲਾ ਮੰਗਦਾ ਜ਼ਿਹਨ ਖੁਰਚਦੇ ਵਿਹੁ ਘੋਲਦੇ ਫਿਰ ਯਾਦਾਂ ਦੀ ਮੈਲੀ ਬੋਝਲ ਮਿਸਲ ਫੋਲਦੇ ਨਿੱਕੀ ਨਿੱਕੀ ਹਰ ਹਾਨੀ ਦੀ ਤਿੱਖੀ ਤਿੱਖੀ ਚੋਭ ਲਕੋ ਕੇ ਰੋਜ਼ੀ ਦੇ ਦਰ ਹੀਣੇ ਹੋ ਕੇ ਬੀਤੀ ਕਲ੍ਹ ਨਾਲੋਂ ਵੀ ਥੁੜਦੇ ਸ਼ਾਮ ਪਈ ਤੋਂ ਘਰ ਨੂੰ ਮੁੜਦੇ ਬੱਚਿਆਂ ਦੀ ਦਿਲਜੋਈ ਨੂੰ ਉੱਤੋਂ ਮੁਸਕਾਉਂਦੇ ਅੰਦਰੋਂ ਘਰ ਦੀਆਂ ਫੁਟਕਲ ਲੋੜਾਂ ਉੱਤੇ ਕੁੜ੍ਹਦੇ ਘਰ ਵਾਲੀ ਦੇ ਮੱਥੇ ਵੱਟ ਨੂੰ ਘੜੀ ਝਕਾਨੀ ਦੇ ਕੇ ਰੁੱਖੇ ਵਾਲਾਂ ਮੈਲੇ ਦੰਦਾਂ ਵਾਲੇ ਮਿਤਰਾਂ ਨਾਲ ਬੈਠਕੇ ਕਾਲੀਆਂ ਕੁੰਗੀ ਲਗੀਆਂ ਖ਼ਬਰਾਂ ਚਿੱਥਦੇ ਫੇਰ ਉਗਾਲੀ ਕਰਦੇ ਕੋਈ ਅੱਖ਼ਰ ਲੜੇ ਜੀਭ ਤੇ ਸੰਘ ਵਿਚ ਅੜੇ ਤਾਂ ਤੱਤੀ ਕਾਫ਼ੀ ਦਾ ਘੁੱਟ ਭਰਦੇ ਦਿਲ ਨੂੰ ਲਾਰਾ ਲੱਪਾ ਲਾਕੇ ਰੋਜ਼ ਤਕਾਲੀਂ ਰੌਲੇ ਰੱਪੇ ਦਾ ਇਕ ਗੰਦਾ ਛੱਪੜ ਤਰਦੇ ਰਾਤੀਂ ਜੇ ਤਨ ਦੇ ਨੇਰ੍ਹੇ ਵਿਚ ਇੱਛਾ ਦੀ ਕੋਈ ਕੂੰਬਲ ਉਗਦੀ ਬੱਚਿਆਂ ਦੇ ਜਾਗਣ ਤੋਂ ਡਰਦੇ ਹੌਲੀ ਹੌਲੀ ਬੀਵੀ ਦੇ ਥੱਕੇ ਨਿੰਦਰਾਏ ਅੰਗਾਂ ਤੋਂ ਵਸਤਰ ਸਰਕੌਂਦੇ ਕੁਝ ਪਲ ਡੱਕੋ ਡੋਲੇ ਖਾਕੇ ਇੱਛਾ ਦੀ ਕੂੰਬਲ ਕਮਲੌਂਦੀ ਫਿਰ ਉਂਘਲੌਂਦੇ ਚਿੰਤਾ-ਡੰਗੇ ਸੁਫ਼ਨਿਆਂ ਵਾਲੀ ਲੰਮੀ ਰਾਤ ਦੇ ਰਾਹ ਪੈ ਜਾਂਦੇ ਓਹੀ ਕਾਲੀ ਵਾਟ ਝਾਗਦੇ ਪੌਹ ਫੁਟਦੀ ਦੇ ਨਾਲ ਜਾਗਦੇ ਕੌਣ ਯਕੀਨ ਕਰੇਗਾ ਇਹਨਾਂ ਮਸਫੁਟਦੀ ਤੋਂ ਮਹਿਕਦੀਆਂ ਲੋਚਾਂ ਦੀ ਕੱਚੀ ਰੁੱਤੇ ਕਿਆਸਾਂ ਦੀ ਸਤਰੰਗੀ ਪੀਂਘ ਝੂਟਦੇ ਜੁਗ ਪਲਟਾਣ ਦੀ ਸੌਂਹ ਖਾਧੀ ਸੀ ਇਹਨਾਂ ਨੂੰ ਮਨਜ਼ੂਰ ਨਹੀਂ ਸਨ ਸਮੇਂ ਸਥਾਨ ਦੀਆਂ ਸੀਮਾਵਾਂ ਸਤਰੰਗੀਆਂ ਪੀਂਘਾਂ ਤੋਂ ਅੱਗੇ ਲੰਘ ਜਾਣ ਦੀ ਸੌਂਹ ਖਾਧੀ ਸੀ ਇਹ ਜੋ ਅਜ ਕਲ੍ਹ ਲੰਮੀ ਰਾਤ ਦੀ ਕਾਲੀ ਵਾਟ ਝਾਗਦੇ ਚਿੰਤਾ-ਡੰਗੇ ਸੁਫ਼ਨਿਆਂ ਵਿਚੋਂ ਪੌਹ ਫੁਟਦੀ ਦੇ ਨਾਲ ਜਾਗਦੇ।

ਵਿੱਥ

ਨਾਅਰੇ ਲਾਉਂਦੀ ਭੁੱਖੀ ਭੜਕੀ ਭੀੜ ਬਜ਼ਾਰੋਂ ਲੰਘ ਰਹੀ ਹੈ ਸਿਰਜਣਹਾਰੇ ਹੱਥਾਂ ਦਾ ਹੱਕ ਮੰਗ ਰਹੀ ਹੈ। ਰੋਟੀ ਖਾਂਦਾ ਮੈਂ ਢਾਬੇ ਦੀ ਚੂਲਾਂ-ਢਿੱਲੀ ਬੈਂਚ ਦੇ ਉੱਤੇ ਖੜਾ ਹੋ ਗਿਆਂ ਅੱਧ ਝੁਲਸਿਆ ਢਿੱਡ ਏਥੇ ਹੈ ਦਿਲ ਓਥੇ ਹੈ ਤੇ ਸ਼ਰਮਿੰਦੀਆਂ ਨਜ਼ਰਾਂ ਨਾਲ ਖੜੋਤਾ ਹੱਕੀ ਰੋਹ ਦਾ ਜਲਵਾ ਦੇਖ ਰਿਹਾ ਹਾਂ। ਨਾਲੇ ਸੋਚਾਂ ਮੇਰੇ ਵਿਚ ਬਾਕੀ ਹੈ ਹਿੰਮਤ ਕਿੰਨੀ ਏਸ ਬੈਂਚ ਤੋਂ ਓਸ ਭੀੜ ਤਕ ਵਿੱਥ ਹੈ ਸਿਰਫ਼ ਨਮੋਸ਼ੀ ਜਿੰਨੀ।

ਆਖ਼ਰ ਕਦੋਂ ਤਕ

ਕਦੋਂ ਤਕ ਆਖ਼ਰ ਕਦੋਂ ਤਕ ਖੱਬੇ ਹੱਥ ਹੋ ਕੇ ਸੜਕ ਤੇ ਤੁਰੇਂਗਾ ! ਚਮਕਦੇ ਬੂਟਾਂ ਨੂੰ ਘੱਟੇ ਤੋਂ ਬਚੌਂਦਾ ਸੱਜੇ ਪਾਸੇ ਲੰਘਦੇ ਸਭ ਵਾਕਫ਼ਾਂ ਨੂੰ ਹੱਥ ਹਲੌਂਦਾ ਝੂਠੀ ਮੂਠੀ ਮੁਸਕਰੌਂਦਾ ਸੜਕ ਦੀ ਕਾਹਲੀ ਤੇ ਸੰਘਣੀ ਭੀੜ ਤੋਂ ਬਚਦਾ ਕਦੋਂ ਤਕ ਹੌਲੀ ਹੌਲੀ ਹਾਦਸੇ ਦੇ ਸਹਿਮ ਵਿਚ ਹੀ ਖੁਰੇਂਗਾ ! ਕਦੋਂ ਤਕ ਲੱਭਦਾ ਰਹੇਂਗਾ ਤੂੰ ਬਚਾਅ ਵਿਚ ਹੀ ਬਚਾਅ ਜ਼ਾਬਤੇ ਦੀ ਜ਼ਰਬ ਖਾ ਖਾ ਭੋਰਾ ਭੋਰਾ ਭੁਰੇਂਗਾ ! ਕਦੋਂ ਤਕ ਆਖ਼ਰ ਕਦੋਂ ਤਕ ਖੱਬੇ ਹੱਥ ਹੋ ਕੇ ਸੜਕ ਤੇ ਤੁਰੇਂਗਾ !

ਲੀਕ

ਜੋ ਸਮਝੇ ਮਹਿਰਮ ਦਿਲ ਦੇ ਸਨ ਹੁਣ ਜਦੋਂ ਕਦੀ ਵੀ ਮਿਲਦੇ ਹਨ ਤਲਵਾਰ ਨਾਲ ਸੰਗੀਨ ਨਾਲ ਜਾਂ ਕਲਮ ਦੀ ਨੋਕ ਮਹੀਨ ਨਾਲ ਧਰਤੀ ਦੇ ਪਿੰਡੇ ਗੋਰੇ ਤੇ ਜਾਂ ਚਿੱਟੇ ਕਾਗ਼ਜ਼ ਕੋਰੇ ਤੇ ਖਿੱਚਦੇ ਨੇ ਲੀਕ ਬਰੀਕ ਜਹੀ ਮੇਰੇ ਦਿਲ ਚੋਂ ਉਠਦੀ ਚੀਕ ਜਹੀ “ਦੱਸ ਭੇਤ ਆਪਣੇ ਖ਼ਾਸੇ ਦਾ ਤੂੰ ਲੀਕੋਂ ਕਿਹੜੇ ਪਾਸੇ ਦਾ?” ਇਹ ਪੁੱਛਣ ਤੇ ਨਾ ਕੁਝ ਕਹਾਂ ਸੋਚੀਂ ਪੈ ਜਾਵਾਂ ਚੁੱਪ ਰਹਾਂ। ਖ਼ੁਦਗਰਜ਼ ਕਹਿਣ ਗ਼ੱਦਾਰ ਕਹਿਣ ਚਾਲਾਕ ਜਿਹਾ ਮੱਕਾਰ ਕਹਿਣ ਬੁਜ਼ਦਿਲ ਸਮਝੌਤਾਕਾਰ ਕਹਿਣ ਇਹ ਕੀ ਕੀ ਮੇਰੇ ਯਾਰ ਕਹਿਣ ! ਮੈਂ ਸਭ ਮੁਸਕਾ ਕੇ ਸਹਿ ਜਾਣਾ ਤੇ ਕਹਿੰਦਾ ਕਹਿੰਦਾ ਰਹਿ ਜਾਣਾ ਇਹ ਲੀਕ ਤਾਂ ਸਾਹ ਦੇ ਰੰਗ ਦੀ ਹੈ ਮੇਰੇ ਫੇਫੜਿਆਂ ਚੋਂ ਲੰਘਦੀ ਹੈ।

ਔਝੜ

ਛੱਡ ਕੇ ਜੱਗ-ਭੀੜਾਂ-ਸਨਮਾਨੇ ਰਾਹਾਂ ਨੂੰ, ਤੂੰ ਜਿਸ ਔਝੜ ਪੈਂਡੇ ਕਦਮ ਵਧਾਇਆ ਹੈ ਇਹ ਪੈਂਡਾ ਹੈ ਮੱਲਿਆ ਸੁੰਨ-ਮਸਾਣਾ ਨੇ ਇਹ ਪੈਂਡੇ ਦਾ ਸਾਥੀ ਤੇਰਾ ਸਾਇਆ ਹੈ। ਤੇਜ਼ ਹਵਾਵਾਂ ਤੋੜ ਕੇ ਤੇਰੇ ਹੋਠਾਂ ਤੋਂ ਤੇਰੇ ਬੋਲ ਖ਼ਲਾਵਾਂ ਵਿਚ ਗਵੌਣੇ ਨੇ, ਪੈੜ ਨਹੀਂ ਪਲ ਰਹਿਣੀ ਤਪਦੀਆਂ ਰੇਤਾਂ ਨੇ ਪੈਰ ਉਠਦਿਆਂ ਸਾਰ ਨਿਸ਼ਾਨ ਮਿਟੌਣੇ ਨੇ। ਧੁਦਲ ਉੱਡ ਕੇ ਆਉਣੀ ਹੈ ਜੱਗ-ਰਾਹਾਂ ਦੀ ਇਸ ਧੁਦਲ ਨੇ ਤੇਰਾ ਮੂੰਹ ਸਿਰ ਭਰਨਾ ਹੈ ਤੇਰੇ ਦਿਲ ਦੀ ਸਾਰ ਕਿਸੇ ਨੂੰ ਹੋਣੀ ਨਹੀਂ ਤੂੰ ਇਕਲਾਪਾ ਆਪਣੇ ਹੱਡੀਂ ਜਰਨਾ ਹੈ। ਇਹ ਪੈਂਡੇ ਜੇ ਕੋਈ ਸਬੱਬੀਂ ਮਿਲਿਆ ਵੀ ਉਸ ਤੋਂ ਤੇਰੇ ਬੋਲ ਪਛਾਣੇ ਜਾਣੇ ਨਹੀਂ ਆਪਣਾ ਹੀ ਮੂੰਹ ਤੱਕਣਾ ਚਾਹਿਆ ਸ਼ੀਸ਼ੇ ਵਿਚ ਤੈਥੋਂ ਆਪਣੇ ਨਕਸ਼ ਸਿਆਣੇ ਜਾਣੇ ਨਹੀਂ।

ਫੁਕਰਾ

ਘੜੀ ਨੂੰ ਠੀਕ ਚਲਦੀ ਦੇਖ ਕੇ ਹੈ ਇੰਜ ਖ਼ੁਸ਼ ਹੁੰਦਾ ਜਿਵੇਂ ਇਸ ਵਕਤ ਨੂੰ ਵੀ ਆਪਣੇ ਵੱਸ ਕਰ ਲਿਆ ਹੋਵੇ ਬਰੇਤੀ ਤੋਂ ਚੁਗੇ ਘੋਗੇ ਸਜਾ ਰੱਖੇ ਅੰਗੀਠੀ ਤੇ ਸਮਝਦਾ ਹੈ ਜਿਵੇਂ ਕਈ ਵਾਰ ਸਾਗਰ ਤਰ ਲਿਆ ਹੋਵੇ। ਕੋਈ ਇਸ ਨੂੰ ਜੇ ਦੱਸ ਦੇਵੇ ਕਿ ਲੜ ਢਿੱਲਾ ਹੈ ਪਗੜੀ ਦਾ ਤਾਂ ਆਪਣਾ ਪਾਜ ਸਾਰਾ ਜਾਪਦਾ ਹੈ ਖੁਲ੍ਹਿਆ ਇਸ ਨੂੰ ਕਿਸੇ ਜੇ ਫ਼ਿਲਮ ਦੇ ਨਾਇਕ ਦਾ ਆਵੇ ਨਾਮ ਨਾ ਚੇਤੇ ਹੈ ਘਾਬਰਦਾ ਜਿਵੇਂ ਕਿ ਨਾਮ ਆਪਣਾ ਭੁੱਲਿਆ ਇਸਨੂੰ। ਲਿਖੇ ਮਾਸ਼ੂਕ ਨੂੰ ਚਿੱਠੀ ਉਤਾਰਾ ਕੋਲ ਰੱਖਦਾ ਹੈ ਪਏ ਮੁਸ਼ਕਲ ਨਾ ਲੇਖਕ ਨੂੰ ਇਹਦਾ ਜੀਵਨ ਲਿਖਣ ਵੇਲੇ ਆਏ ਕੰਮ ਛੱਡ ਕੇ ਲੋਕੀਂ ਮੁੜਨ ਮਾਯੂਸ ਹੋ ਕੇ ਨਾ ਇਹ ਤਾਹੀਉਂ ਟੌਹਰ ਕੱਢ ਕੇ ਵਕਤ ਸਿਰ ਜਾਂਦਾ ਏ ਹਰ ਮੇਲੇ। ਇਹ ਸੀ ਓਡੀਸੀਅਸ ਇਸਨੂੰ ਮਿਲੀ ਨਾ ਪਰ ਮੁਹਿੰਮ ਕੋਈ ਇਹ ਯੋਧਾ ਪੌਣ-ਚੱਕੀਆਂ ਨਾਲ ਹੀ ਹੁਣ ਲੜਨ ਜਾਂਦਾ ਹੈ ਹੈ ਇਸ ਦੀ ਜੂਨ ਵਿਚੋਂ ਬੁਝ ਗਿਆ ਵਿਸ਼ਵਾਸ ਦਾ ਦੀਵਾ ਇਹ ਰਾਤੀਂ ਰੋਜ਼ ਨ੍ਹੇਰੇ ਵਿਚ ਟਟਹਿਣੇ ਫੜਨ ਜਾਂਦਾ ਹੈ।

ਗੰਢ ਚਤਰਾਵਾ

ਗੰਢ-ਚਤਰਾਵਾ ਦਿਲ ਦੀ ਸਾਂਝ ਉਮਰ ਦਾ ਨਾਤਾ ਸੱਚ ਹੋਵੇਗਾ ਜੋ ਸੁਣਦੇ ਹਾਂ ਇਹ ਸੰਜੋਗ ਲਿਖੇ ਵਿਧ-ਮਾਤਾ ਪਰ ਆਪਾਂ ਤਾਂ ਦੇਖ ਲਿਆ ਕਰਕੇ ਪਰਤਾਵਾ। ਨੀਂਦਰ ਓਹਲੇ ਅੰਗ ਤਾਂ ਠੀਕ ਲੇਫ ਦੇ ਸਾਂਝੀ ਵੱਖ ਦਿਸ਼ਾਵੀਂ ਕਾਲੇ ਸਾਗਰ ਠਿੱਲ੍ਹਦੇ ਨੇ ਖ਼ਾਬਾਂ ਦੇ ਮਾਂਝੀ ਅੜੀਅਲ ਇੱਛਾ ਕੇਹੀ ਗੰਢ-ਪੋਟਲੀ ਖੋਹਲ। ਆ ਮੰਨ ਲਈਏ ਆਪੋ ਆਪਣਾ ਦੁੱਖ ਸਹਿਣਾ ਹੈ ਦੋਹਾਂ ਦੇਹਚਸਪੀ ਤੋਂ ਪਿੱਛੋਂ ਆਪੋ ਆਪਣਾ ਸਾਹ ਲੈਣਾ ਹੈ ਗਿਲੇ ਜਹੀ ਗੱਲ ਰੋਸ ਨਿਹੋਰਾ ਕੁਝ ਨਾ ਕਹੀਏ।

ਸਵਾਗਤ

ਖੜਕੇ ਨੇ ਬੂਹੇ ਬਾਰੀਆਂ ਕੰਬੀਆਂ ਨੇ ਕੰਧਾਂ ਸਾਰੀਆਂ ਬੰਬਾਂ ਦੀ ਧਮਕ ਨਾਲ ਸੋਅ ਆਈ ਹੈ ਤੇਰੇ ਜਨਮ ਦੀ। ਪਹਿਲਾਂ ਏਂ ਫੁੱਲ ਪਿਆਰ ਦਾ ਸਹਿਮੀ ਹੋਈ ਬਹਾਰ ਦਾ ਕਿਹੜਾ ਸ਼ਗਨ ਮਨ ਲਵਾਂ ਕਿਹੜਾ ਕਰਾਂ ਮੈਂ ਮੁਲਤਵੀ। ਰੱਬ ਤੋਂ ਮੁਰਾਦਾਂ ਲੋੜੀਆਂ ਗਾਵੋ ਨੀ ਕੁੜੀਉ ਘੋੜੀਆਂ ਮਿੱਟੀ ਸਮੇਂ ਦੀ ਵਿਚ ਹੈ ਮੇਰੀ ਵੀ ਹੋਈ ਜੜ ਹਰੀ। ਮੁਲਕਾਂ ਨੇ ਤੋਪਾਂ ਦਾਗ਼ੀਆਂ ਹੋਈਆਂ ਨੇ ਆਤਸ਼ਬਾਜ਼ੀਆਂ ਕਿੰਨਾ ਤਕੱਲੁਫ ਹੋ ਰਿਹਾ ਤੇਰੇ ਸਵਾਗਤ ਦੇ ਲਈ। ਹਮਦਰਦ ਦੋਸਤਾਂ ਦੀਆਂ ਸ਼ੁਭ ਕਾਮਨਾਵਾਂ ਪਹੁੰਚੀਆਂ ਹੋਏਗੀ ਕੇਹੋ ਜਹੀ ਪਰ ਤੇਰੇ ਲਈ ਇਹ ਜ਼ਿੰਦਗੀ। ਮੈਂ ਤੇਰਾ ਰਚਣਹਾਰ ਹਾਂ ਮੈਂ ਹੀ ਗੁਨਾਹਗਾਰ ਹਾਂ ਮੈਨੂੰ ਖ਼ੁਸ਼ੀ ਦੇ ਨਾਲ ਹੀ ਹੈ ਹੋ ਰਹੀ ਸ਼ਰਮਿੰਦਗੀ। ਖੜਕੇ ਨੇ ਬੂਹੇ ਬਾਰੀਆਂ ਕੰਬੀਆਂ ਨੇ ਕੰਧਾਂ ਸਾਰੀਆਂ ਬੰਬਾਂ ਦੀ ਧਮਕ ਨਾਲ ਸੋਅ ਆਈ ਹੈ ਤੇਰੇ ਜਨਮ ਦੀ।

ਚਿੱਬ ਜਿਹਾ

ਜਦ ਛੋਹਾਂ ਬੋਲਾਂ ਦਾ ਰਿਸ਼ਤਾ ਮੁੱਕ ਜਾਂਦਾ ਹੈ ਸਾਹੋਂ ਟੁੱਟਾ ਪੈਕਰ ਤਰਲੇ ਹਾੜੇ ਚੀਕ ਚਿਹਾੜੇ ਦੇ ਵਿਚ ਭੇਤ ਭਰੀ ਆਖ਼ਰ ਦੀ ਚੁੱਪ ਸਾਧ ਕੇ ਮਿੱਟੀ ਦੇ ਵਿਚ ਲੁਕ ਜਾਂਦਾ ਹੈ ਥੌਹ ਨਹੀਂ ਲਗਦਾ ਕਾਹਤੋਂ ਰੁਠਦਾ ਇਕ ਦੋ ਡੰਗ ਦੀ ਆਂਢ ਗੁਆਂਢੋ ਹੰਝੂਆਂ ਭਿੱਜੀ ਰੋਟੀ ਪਿੱਛੋਂ ਫਿਰ ਚੁਲ੍ਹੇ ਚੋਂ ਧੂੰਆਂ ਉੱਠਦਾ ਤੇ ਦੋ ਚਾਰ ਦਿਹਾੜੇ ਘਰ ਦੇ ਵਿਚ ਭੁਚੱਕਾ ਰਹਿੰਦਾ ਰਾਤੀਂ ਵਿਹੜੇ ਪੈਛੜ ਪੈਂਦੀ ਮੌਕਾ ਪਾਕੇ ਇਕ ਪ੍ਰਛਾਵਾਂ ਮੰਜੇ ਪੀੜੇ ਆ ਆ ਬਹਿੰਦਾ ਆਪਣੇ ਵਸਤਰ ਲੱਭਦਾ ਤੇ ਮੂੰਹ ਨੇਰ੍ਹੇ ਡੇਹੜੀ ਵਿਚ ਘੰਗੂਰਾ ਸੁਣਦਾ। ਹੌਲੀ ਹੌਲੀ ਸਭ ਸਬੰਧੀਆਂ ਦੇ ਹੋਠਾਂ ਤੇ ਇਕ ਮੁਹਤਾਤ ਖਾਮੋਸ਼ੀ ਥਾਣੀ ਫਿਰ ਮੁਸਕਾਣਾ ਪਰਤ ਆਉਂਦੀਆਂ ਸੋਗ ਦਾ ਠੇਡਾ ਖਾ ਕੇ ਚਾਲੋਂ ਉੱਖੜੀ ਦੁਨੀਆਦਾਰੀ ਢਿਚਕੂੰ ਢਿਚਕੂੰ ਫਿਰ ਆਪਣਾ ਮਾਮੂਲ ਬਣਾ ਲੈਂਦੀ ਹੈ। ਐਪਰ ਗੁੱਝਾ ਜਿਹਾ ਵਿਗੋਚਾ ਹੱਡਾਂ ਦੇ ਵਿਚ ਬਹਿ ਜਾਂਦਾ ਹੈ ਚਿੱਬ ਜਿਹਾ ਇਕ ਖ਼ਾਬਾਂ ਦੀ ਖਾਮੋਸ਼ੀ ਅੰਦਰ ਲਹਿ ਜਾਂਦਾ ਹੈ।

ਸੁਲਗਦੀ ਮਹਿਕ

ਕੈਸਾ ਮਹਿਮਾਨ ਆਇਆ ਦੋ ਪਲ ਕਿਆਮ ਕਰਕੇ ਮਹਿਕਾ ਗਿਆ ਹੈ ਮੈਨੂੰ ਹੋਂਠਾਂ 'ਤੇ ਹੋਂਠ ਧਰ ਕੇ ਮੇਰੇ ਰੋਮ ਰੋਮ ਅੰਦਰ ਸੰਗੀਤ ਸੀ ਜਗਾਇਆ ਕੈਸਾ ਮਹਿਮਾਨ ਆਇਆ ਇਹ ਜਿਸਮ ਸੀ ਨਿਕਾਰਾ ਹੱਡੀਆਂ ਦੀ ਮੁੱਠ ਉੱਤੇ ਸੀ ਮਾਸ ਦਾ ਪਟੋਲਾ ਆਯੂ ਦੀ ਏਸ ਰੁੱਤੇ ਰੰਗੀਨ ਜਲਵਿਆਂ ਦਾ ਕਿੰਜ ਹੋ ਗਿਆ ਉਤਾਰਾ ਇਹ ਜਿਸਮ ਸੀ ਨਿਕਾਰਾ। ਹੈਰਾਨ ਰਹਿ ਗਈ ਮੈਂ ਆਪਣੀ ਸੰਭਾਵਨਾ 'ਤੇ ਏਦਾਂ ਵੀ ਰੰਗ ਆਉਂਦਾ ਕਾਇਆ ਦੀ ਕਾਮਨਾ 'ਤੇ ਕਿੱਦਾਂ ਸੀ ਜਜ਼ਬਿਆਂ ਦਾ ਉਹ ਵੇਗ ਸਹਿ ਗਈ ਮੈਂ ਹੈਰਾਨ ਰਹਿ ਗਈ ਮੈਂ। ਉਹ ਤਾਂ ਚਲਾ ਗਿਆ ਹੈ ਮੇਰੇ ਅੰਗ ਅੰਗ ਵਿਚੋਂ ਹਾਲੇ ਵੀ ਮਹਿਕ ਆਉਂਦੀ ਸਾੜ੍ਹੀ ਦੇ ਰੰਗ ਵਿਚੋਂ ਉਸ ਦੀ ਸੁਲਗਦੀ ਛੋਹ ਦਾ ਕੁਝ ਸੇਕ ਆ ਰਿਹਾ ਹੈ ਉਹ ਤਾਂ ਚਲਾ ਗਿਆ।

ਦੋਸਤੀ

ਮੈਂ ਵੀ ਤਾਂ ਚਾਹੁੰਦਾ ਹਾਂ ਇਹ ਵਿਸ਼ਵਾਸ ਇੰਜ ਬਣਿਆ ਰਹੇ ਲੰਘਣਾ ਪੈਣਾ ਹੈ ਜੱਗ ਦੀ ਭੀੜ ਥਾਣੀ ਸਾਫ਼ ਨੇ ਆਸਾਰ ਵੀ ਲੰਮੀ ਝੜੀ ਦੇ ਛਾ ਰਹੇ ਬੱਦਲ ਕਰੋਪੀ ਵਰ੍ਹੇਗਾ ਕਹਿਰਾਂ ਦਾ ਪਾਣੀ ਦੋ ਸਿਰਾਂ 'ਤੇ ਰੂਹ ਦੀਆਂ ਰਮਜ਼ਾਂ ਦੀ ਸੂਖ਼ਮ ਸਾਂਝ ਦਾ ਛਾਤਾ ਜਿਹਾ ਤਣਿਆ ਰਹੇ ਮੈਂ ਵੀ ਤਾਂ ਚਾਹੁੰਦਾ ਹਾਂ ਇਹ ਵਿਸ਼ਵਾਸ ਇੰਜ ਬਣਿਆ ਰਹੇ। ਹਰ ਕਿਸੇ ਦੇ ਦੁੱਖ ਦੀ ਲੰਮੀ ਕਹਾਣੀ ਕੌਣ ਹੋਇਆ ਹੈ ਸਰਾਸਰ ਸੁਰਖ਼ਰੂ ਫ਼ਰਕ ਹੁੰਦਾ ਹੈ ਸਿਰਫ਼ ਪ੍ਰਕਾਰ ਦਾ ਆਕਾਰ ਦਾ ਏਸ ਜੱਗ-ਰਚਨਾ ਦੀ ਰੌਣਕ ਵਿਚ ਵੀ ਜਾਪਦੀ ਕਈ ਵਾਰ ਅਪਣੀ ਜ਼ਿੰਦਗਾਨੀ ਪੰਧ ਇਕਲਾਪੇ ਦੇ ਮਾਰੂਥਲ ਜਿਹਾ ਤਪਦੀਆਂ ਲੋਆਂ ਚੁਫ਼ੇਰੇ ਲੈਣ ਭਾਂਵਲੀਆਂ ਭਟਕਦੇ ਬਾਵਰੇ ਹੋ ਹੋ ਫ਼ਿਕਰ ਦੇ ਵਾਵਰੋਲੇ ਏਸ ਮਾਰੂਥਲ 'ਚ ਨਖਲਿਸਤਾਨ ਵਰਗੀ ਦੋਸਤੀ ਦੀ ਰਾਜ਼ਦਾਨੀ ਮਾਰੂਥਲ ਦਾ ਪੰਧ ਕਰਦੇ ਇੰਜ ਨਖਲਿਸਤਾਨ ਤੇ ਸਸਤਾ ਲਿਆ ਕਰੀਏ ਕਦੀ ਇਸਦੇ ਚਸ਼ਮੇ 'ਚੋਂ ਚੁਲੀ ਭਰ ਪੀ ਕੇ ਮਨ ਤ੍ਰਿਪਤਾ ਲਿਆ ਕਰੀਏ ਕਦੀ ਜਿੰਦ ਭਟਕੀ ਹੈ ਬੜਾ ਚਿਰ ਡੌਰ ਭੌਰੀ ਭਰਮ ਨਜ਼ਰਾਂ ਦਾ ਸਹੀ ਸਫ਼ਰ ਵਿਚ ਦਿਸਦੀ ਰਹੇ ਅੱਗੇ ਚੰਦੌਰੀ ਮੈਂ ਵੀ ਚਾਹੁੰਦਾ ਹਾਂ ਨਾ ਟੁੱਟੇ ਆਸ ਹੁਣ ਝੜੀ ਵਿਚ ਤੇ ਔੜ ਵਿਚ ਮੈਂ ਵੀ ਚਾਹੁੰਦਾ ਹਾਂ ਇਵੇਂ ਬਣਿਆ ਰਹੇ ਵਿਸ਼ਵਾਸ ਹੁਣ।

ਨਿੱਕੇ ਦੁੱਖ

ਹੁਣ ਕੋਈ ਤਲਖ਼ ਵਾਕਿਆ ਹੋਵੇ ਵਾਕਫ਼ਾਂ ਅੱਗੇ ਜਿਸਦਾ ਪੱਜ ਪਾ ਕੇ ਰੂਹ ਦੀਆਂ ਖੁੰਦਰਾਂ ਦੇ ਵਿਚ ਉੱਗੇ ਨਿੱਕੇ ਨਿੱਕੇ ਅਨੇਕ ਦੁੱਖਾਂ 'ਤੇ ਖ਼ੂਬ ਅੱਖਾਂ ਨੂੰ ਮਲ ਕੇ ਰੋ ਲਈਏ ਕੁਝ ਪਲ ਛਿਨ ਹੀ ਹਲਕੇ ਹੋ ਲਈਏ। ਜੱਗ-ਵਖਾਵੇ ਦੇ ਸਾਹ ਰਹੇ ਪੁਗਦੇ ਅਚਣਚੇਤੀ ਅਵੇਸਲੇ ਉਗਦੇ ਧੌਲਿਆਂ ਵਾਂਗ ਦੁੱਖ ਸਾਹਾਂ ਦੇ ਲੇਂਧੜੇ ਚੰਬੜੇ ਨੇ ਰਾਹਾਂ ਦੇ। ਕਿਸੇ ਦੁੱਖ ਦੀ ਨਾ ਏਨੀ ਸ਼ਿੱਦਤ ਸੀ ਉਸ 'ਤੇ ਰੋ ਲੈਂਦੇ ਬਹਿ ਕੇ ਓਦੋਂ ਹੀ ਰੂਹ ਤੋਂ ਹਲਕਾ ਗ਼ੁਬਾਰ ਲਹਿ ਜਾਂਦਾ ਕੁਝ ਤਾਂ ਦਿਲ ਉਤੋਂ ਭਾਰ ਲਹਿ ਜਾਂਦਾ। ਦੋਸਤਾਂ ਸੰਗ ਸਦਾ ਰਹੇ ਹਸਦੇ ਨਿੱਕੇ ਦੁੱਖਾਂ ਦੀ ਗੱਲ ਕੀ ਦਸਦੇ ਚੰਗਾ ਹੁੰਦਾ ਉਦੋਂ ਵਹੇ ਹੁੰਦੇ ਅੱਥਰ ਮੁਲਤਵੀ ਰਹੇ ਹੁੰਦੇ। ਸੁੱਕੇ ਸਾਹਾਂ 'ਚ ਜਿੰਦ ਖੋਰੀ ਹੈ ਜਿਸਮ ਹੁਣ ਕੰਡਿਆਂ ਦੀ ਬੋਰੀ ਹੈ। ਹੁਣ ਕੋਈ ਤਲਖ਼ ਵਾਕਿਆ ਹੋਵੇ ਦੋ ਘੜੀ ਜਿਸਦਾ ਆਸਰਾ ਲੈ ਕੇ ਪਿਛਲੇ ਦੁੱਖਾਂ ਤੇ ਬਹਿ ਕੇ ਰੋ ਲਈਏ ਇੰਜ ਪਲ ਛਿਨ ਤਾਂ ਹੌਲੇ ਹੋ ਲਈਏ।

ਦੇਖ ਸ਼ੀਸ਼ੇ ਵਿਚ ਆਪਣੇ ਆਪ ਨੂੰ

ਇਸ ਤਰ੍ਹਾਂ ਹਿੰਮਤ ਕਦੋਂ ਤਕ ਹਾਰ ਕੇ ਹਰ ਪੁੰਗਰਦੀ ਰੀਝ ਮਨ ਵਿਚ ਮਾਰ ਕੇ ਨਿੱਘੀਆਂ ਧੁੱਪਾਂ ਤੋਂ ਡਰਦੀ ਰਹੇਂਗੀ ਬੰਦ ਕਮਰੇ ਵਿਚ ਠਰਦੀ ਰਹੇਂਗੀ। ਭੁੱਲ ਜਾ ਜਿੰਨੀ ਅਜਾਈਂ ਗਈ ਹੈ ਸੋਚ ਕਿੰਨੀ ਹੋਰ ਬਾਕੀ ਪਈ ਹੈ। ਏਹ ਕੀ ਸੋਚੇਗਾ ਔਹ ਕੀ ਕਹੇਗਾ ਜਦੋਂ ਤਕ ਤੈਨੂੰ ਇਹ ਸੰਸਾ ਰਹੇਗਾ ਲੱਭਣਾ ਕੋਈ ਨਹੀਂ ਗ਼ਮ ਦਾ ਉਪਾ ਸੱਜਰੀ ਹਵਾ ਸਹਿਕਦੇ ਦਮ ਦਾ ਉਪਾ ! ਜੱਗ ਜੋ ਪੌਂਦਾ ਏ ਰੌਲਾ ਪੌਣ ਦੇ ਦਿਲ ਦੀਆਂ ਗੱਲਾਂ ਨੂੰ ਹੋਠੀਂ ਆਉਣ ਦੇ ਪੈਰਾਂ ਹੈ ਰਾਹਾਂ ਦੀ ਕੀ ਮੁਹਤਾਜਗੀ ਪੈਰ ਆਪਣਾ ਰਾਹ ਬਣਾਉਂਦੇ ਆਪ ਵੀ। ਬੇਝਿਜ਼ਕ ਹੋ ਕੇ ਰਤਾ ਇਕ ਵਾਰ ਤੂੰ ਦੇਖ ਸ਼ੀਸ਼ੇ ਵਿਚ ਆਪਣੇ ਆਪ ਨੂੰ। ਦੇਖਿਆ ਵੀ ਹੈ ਕਦੀ ਇਹ ਰੂਪ ਰੰਗ ਸੁਹਲ ਹੈ ਸੂਖ਼ਮ ਹੈ ਤੇਰਾ ਅੰਗ ਅੰਗ ਦਰਦ ਵੀ ਹੈ ਤੇਰੇ ਦਿਲ ਵਿਚ ਪ੍ਰੀਤ ਵੀ ਤੇਰੇ ਵਿਚ ਕਵਿਤਾ ਵੀ ਹੈ ਸੰਗੀਤ ਵੀ। ਜਜ਼ਬਿਆਂ ਨੂੰ ਲੋੜ ਹੈ ਆਵਾਜ਼ ਦੀ ਉਂਗਲਾਂ ਦੇ ਪੋਟਿਆਂ ਨੂੰ ਸਾਜ਼ ਦੀ ਜਿੰਦ ਦਾ ਦੀਵਾ ਮੜ੍ਹੀ 'ਤੇ ਬਾਲ ਕੇ ਬੈਠ ਨਾ ਸੰਭਾਵਨਾ ਨੂੰ ਟਾਲ ਕੇ। ਭੁੱਲ ਜਾ ਜਿੰਨੀ ਅਜਾਈਂ ਗਈ ਹੈ ਸੋਚ ਕਿੰਨੀ ਹੋਰ ਬਾਕੀ ਪਈ ਹੈ।

ਨਾਤੇ ਦਾ ਨਾਮਕਰਣ

ਕਿਉਂ ਨਾ ਹੁਣ ਆਪਾਂ ਵੀ ਇਸ ਨਾਤੇ ਦਾ ਕੋਈ ਜੱਗ ਦੇ ਮਿਥੇ ਮਿਆਰ ਮੁਤਾਬਕ ਨਾ ਰੱਖ ਲਈਏ ਜੋ ਸਭਨਾਂ ਦੀ ਸਮਝ 'ਚ ਆਵੇ ਐਰੇ ਗ਼ੈਰੇ ਦੇ ਮਨ ਭਾਵੇ। ਮੈਂ ਮੰਨਦਾ ਹਾਂ ਵਾਕਫ਼ੀਅਤ ਹਮਦਰਦੀ ਪਿਆਰ ਦੋਸਤੀ ਰਿਸ਼ਤੇਦਾਰੀ ਹੰਢੇ ਵਰਤੇ ਘਸੇ ਪੁਰਾਣੇ ਅੱਖ਼ਰ ਸਾਰੇ ਸਾਡੇ ਇਸ ਨਾਤੇ ਦੇ ਮੇਚ ਨਹੀਂ ਆ ਸਕਦੇ ਇਹਨਾਂ ਅੱਖ਼ਰਾਂ ਨਾਲ ਜੁੜੇ ਨੇ ਸੱਚੇ ਝੂਠੇ ਭਾਂਤ ਸੁਭਾਂਤੇ ਕਿੱਸੇ ਜਿਹਨਾਂ ਵਰਗੀ ਸਾਡੇ ਵਿਚ ਤਾਂ ਗਲ ਨਾ ਦਿੱਸੇ। ਪਰ ਕੀ ਕਰੀਏ ਇਸ ਨਾਤੇ ਦੇ ਨਾਮਕਰਣ ਬਿਨ ਇਕ ਦੂਜੇ ਘਰ ਆਉਣਾ ਜਾਣਾ ਮਿਲਣਾ ਗਿਲਣਾ ਕਦੀ ਕਦਾਈਂ ਚਿੱਠੀ ਲਿਖਣਾ ਕਿਸੇ ਬਾਗ਼ ਜਾਂ ਰੈਸਤੋਰਾਂ ਵਿਚ ਬਹਿ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਨਾ ਮੁਸ਼ਕਲ ਬਣਿਆ ਹਰ ਪਾਸੇ ਹੈ ਸ਼ੱਕੀ ਨਜ਼ਰਾਂ ਤਨਜ਼ੀ ਮੁਸਕਾਣਾਂ ਦਾ ਤਾਣਾ ਤਣਿਆ। ਜੇ ਆਪਾਂ ਏਦਾਂ ਹੀ ਰਹਿਣਾ ਨਾਤੇ ਨੂੰ ਵੀ ਨਾਮਕਰਣ ਦਾ ਫ਼ਰਕ ਨਾ ਪੈਣਾ ਵਾਕਫ਼ੀਅਤ ਹਮਦਰਦੀ ਪਿਆਰ ਦੋਸਤੀ ਰਿਸ਼ਤੇਦਾਰੀ ਕੁਝ ਵੀ ਕਹੀਏ ਜੱਗ ਵਖਾਵੇ ਖ਼ਾਤਰ ਆ ਆਪਾਂ ਵੀ ਇਹਨਾਂ ਵਰਗਾ ਜਾਂ ਇਹਨਾਂ 'ਚੋਂ ਕੋਈ ਇਸ ਨਾਤੇ ਦਾ ਨਾਂ ਰੱਖ ਲਈਏ।

ਪਾਪ

ਮੈਨੂੰ ਆਪਣੇ ਸਾਹ ਵਿਚੋਂ ਬਦਬੂ ਆਉਂਦੀ ਹੈ ਸ਼ਾਮ ਸਵੇਰੇ ਚਾਨਣ ਨੇਰ੍ਹੇ ਹਰਦਮ ਰਹੇ ਰੂ-ਬ-ਰੂ ਮੇਰੇ ਪੀੜ੍ਹ ਪਰੁਤੀ ਲਹੂ 'ਚ ਲਿਬੜੀ ਇਕ ਅਧੂਰੀ ਲੋਥ ਨਿਆਣੀ ਸ਼ੁਕਰ ਹੈ ਪਿਉ ਮੇਰੀ ਦੀ ਪੱਗ ਨੂੰ ਕੋਈ ਦਾਗ਼ ਨਾ ਲੱਗਾ ਮੈਂ ਉਸਦੀ ਧੀ ਬੀਬੀ ਰਾਣੀ ਪਰ ਹੁਣ ਮੈਥੋਂ ਆਪਣਾ ਆਪ ਨਾ ਚੁੱਕਿਆ ਜਾਂਦਾ ਭਾਰੀ ਭਾਰੀ ਲਗਦੀ ਮੈਨੂੰ ਮੈਲੀ ਹੋਈ ਦੇਹ ਦੀ ਮਿੱਟੀ ਮੇਰੇ ਸੁਪਨ ਸਰਾਪੇ ਹੋਏ ਮੇਰੀ ਸਾਰੀ ਨੀਂਦਰ ਭਿੱਟੀ ਸੋਚਾਂ ਦੇ ਮੂੰਹ ਨੇਰ੍ਹੇ ਦਿਲ ਦਾ ਸ਼ੀਸ਼ਾ ਮੂਹਰੇ ਰਹਿੰਦਾ ਪਾਪੀ ਸ਼ਕਲ ਨਮੋਸ਼ੀ ਵਾਲੀ ਕਿਹੜੀ ਬੁਕਲ ਕੱਜਾਂ ਕਿਥੇ ਸੁੱਟ ਦਿਆਂ ਮੈਂ ਮਿੱਟੀ ਨਾਲੋਂ ਮੈਲ ਤੋੜਕੇ ਆਪਣੇ ਪ੍ਰਛਾਵੇਂ ਤੋਂ ਬਚਕੇ ਕਿਥੇ ਭੱਜਾਂ ਮੈਨੂੰ ਆਪਣੇ ਸਾਹ ਵਿਚੋਂ ਬਦਬੂ ਆਉਂਦੀ ਹੈ।

ਨਵਾਂ ਸਾਲ

ਭੂਤ ਦੇ ਕਾਲੇ ਸ਼ਾਂਤ ਜਹੇ ਸਾਗਰ ਵਿਚ ਡੁੱਬ ਗਿਆ ਹੈ ਹੋਰ ਸਾਲ ਇਕ ਤੇ ਅਜ ਸਜਰਾ ਸਾਲ ਹੈ ਚੜ੍ਹਿਆ। ਮੈਂ ਨਹੀਂ ਕਿਸੇ ਨੂੰ ਸ਼ੁਭ ਇੱਛਾਵਾਂ ਦਾ ਖ਼ਤ ਲਿਖਿਆ ਨਾ ਆਪਣੇ ਲਈ ਕੋਈ ਸਜਰਾ ਸੁਪਨਾ ਘੜਿਆ। ਕਲ੍ਹ ਮੇਰੇ ਦਿਲ ਵਿਚ ਜੋ ਗ਼ਮ ਸੀ ਅਜ ਵੀ ਦਿਲ ਵਿਚ ਓਹੀ ਗ਼ਮ ਹੈ ਅਜ ਵੀ ਰੂਹ ਤੇ ਕੱਕਰ ਪੈਣਾ ਅਜ ਵੀ ਓਵੇਂ ਮਗਜ਼ 'ਚ ਤਮ ਹੈ ਅਜ ਅਖ਼ਬਾਰ ਮੈਂ ਉਤਸੁਕ ਹੋ ਕੇ ਕਲ੍ਹ ਨਾਲੋਂ ਗੌਹ ਨਾਲ ਪੜ੍ਹੀ ਹੈ ਮੰਨਿਆ ਜੱਗ ਵਿਚ ਹਰਕਤ ਹੋ ਰਹੀ ਹਰ ਪਾਸੇ ਭੱਜ ਦੌੜ ਬੜੀ ਹੈ। ਪਰ ਮੈਨੂੰ ਤਾਂ ਇਉਂ ਜਾਪਦਾ ਹਾਲੀ ਦੁਨੀਆਂ ਵਿਊ-ਚੱਕਰ ਦੇ ਵਿਚ ਵੜੀ ਹੈ। ਤਾਹੀਓਂ, ਭਾਵੇਂ ਸਜਰਾ ਸਾਲ ਹੈ ਚੜ੍ਹਿਆ ਮੈਂ ਨਹੀਂ ਕਿਸੇ ਨੂੰ ਸ਼ੁਭ ਇੱਛਾਵਾਂ ਦਾ ਖ਼ਤ ਲਿਖਿਆ ਨਾ ਆਪਣੇ ਲਈ ਕੋਈ ਸਜਰਾ ਸੁਪਨਾ ਘੜਿਆ।

ਦਾਅਵਤ ਤੋਂ ਬਾਅਦ

ਰਾਤ ਕਾਫ਼ੀ ਹੋ ਗਈ ਹੈ ਜਾਨੇ-ਮਨ ਸੌਂ ਜਾਉ ਹੁਣ ਸਾਂਭ ਹੋ ਜਾਊ ਸਵੇਰੇ ਸਭ ਸਮਾਨ ਛੱਡੋ ਹੁਣ ਇਸ ਦਾ ਧਿਆਨ ਇਸ ਤਰ੍ਹਾਂ ਹੀ ਰਹਿਣ ਦੇਵੋ ਮੇਜ਼ 'ਤੇ ਬਚੇ ਫੁਲਕੇ ਜੂਠੇ ਬਰਤਨ ਖ਼ਾਲੀ ਡੂੰਗੇ ਲਿਬੜੇ ਹੋਏ ਨੈਪਕਿਨ ਰਾਤ ਕਾਫ਼ੀ ਹੋ ਗਈ ਹੈ ਜਾਨੇ-ਮਨ। ਬਹੁਤ ਕੰਮ ਕੀਤਾ ਤੁਸੀਂ ਅਜ ਲਾਹ ਦਿਉ ਸਾੜ੍ਹੀ ਤੇ ਨਾਈਟੀ ਪਾ ਲਉ ਲਾਹ ਕੇ ਸਿਰ ਉਤੋਂ ਕਲਿਪ ਰਖ ਦਿਉ ਅਲਮਾਰੀ ਵਿਚ ਥਕ ਗਈ ਹੋਵੇਗੀ ਗਰਦਨ ਠੀਕ ਸੀ ਮਹਿਫ਼ਲ ਦੀ ਸਜ ਧਜ ਬਹੁਤ ਕੰਮ ਕੀਤਾ ਤੁਸੀਂ ਅਜ। ਤੁਰ ਗਏ ਮਹਿਮਾਨ ਵੀ ਹੁਣ ਬੇਸ਼ਕ ਮੱਥੇ ਤਿਊੜੀਂ ਆਉਣ ਦੇਵੋ ਸੁਣਕੇ ਚਗਲੇ ਹੋਏ ਲਤੀਫ਼ੇ ਚੁਗਲੀਆਂ ਅੱਕ ਗਏ ਹੋਣੇ ਨੇ ਕੰਨ ਥੱਕ ਗਏ ਹੋਣੇ ਨੇ ਹੋਂਠ ਲਿਪਸਟਿਕ ਦੇ ਨਾਲ ਹੀ ਪੂੰਝ ਦੇਵੋ ਇਹਨਾਂ ਤੋਂ ਮੁਸਕਾਣ ਵੀ ਬਾਹਰ ਪੱਛਮ ਵਿਚ ਡਿਗਣ ਲੱਗਾ ਹੈ ਚੰਨ ਸੌਂ ਜਾਉ ਹੁਣ ਰਾਤ ਕਾਫ਼ੀ ਹੋ ਗਈ ਹੈ ਜਾਨੇ-ਮਨ।

ਕੈਬਰੇ ਤੋਂ ਬਾਅਦ

ਰੁੱਕ ਗਈ ਜਦ ਸਾਜ਼ਸ਼ੀ ਸੰਗੀਤ ਦੀ ਲੈਅ ਮਹਿਕਦੀ ਮੱਧਮ ਜਿਹੀ ਉਹ ਕਸਮਸਾਈ ਰੌਸ਼ਨੀ ਨੀਲੀਓਂ ਪੀਲੀ ਤੇ ਇਕ ਦਮ ਤੇਜ਼ ਚਿੱਟੀ ਹੋ ਗਈ ਪੌਡਰਾਈ ਤਿਲਕਵੀਂ ਨੰਗੀ ਫਰਸ਼ ਤੇ ਚਮਕਦੀ ਉਸ ਦੀ ਅੰਗੀ ਉਸ ਦੀ ਚੱਡੀ 'ਚੋਂ ਕੋਈ ਅੱਖ ਮੇਰੇ ਵਲ ਨੂੰ ਝਾਕਦੀ ਸੀ ਮੈਂ ਉਹਦੇ ਲਾਹੇ ਹੋਏ ਦੋ ਸੈਂਡਲਾਂ ਵਿਚਕਾਰ ਬੇਹਿਸ ਪਿਆ ਸਾਂ।

ਮੋਮਜਾਮਾ

ਪੌਹ ਫੁਟਾਲੇ ਮੇਹਤਰਾਂ ਦੀ ਮਦਦ ਨਾਲ ਰੇਹੜੇ ਉੱਤੇ ਲਾਸ਼ ਲੱਦੀ ਜਾ ਰਹੀ ਸੀ ਗਲ 'ਚ ਖੁੱਲ੍ਹੇ ਵਾਲ ਪਤਨੀ ਪਿੱਟਦੀ ਦੋਹੱਥੜੀ ਕੁਰਲਾ ਰਹੀ ਸੀ ਫ਼ਰਜ਼-ਬੱਧੀਆਂ ਕੁਝ ਨਰਸਾਂ ਸਨ ਉਦਾਲੇ ਵੱਡੇ ਪੁੱਤਰ ਦੇ ਕਲਾਵੇ ਵਿਚ ਮਾਂ ਬੇਹੋਸ਼ ਸੀ ਕੀ ਕਿਸੇ ਦਾ ਦੋਸ਼ ਸੀ। ਲਾਸ਼ ਲੱਦੀ ਗਈ ਤਾਂ ਇਕ ਚੁਕੰਨੀ ਨਰਸ ਨੇ ਕੋਲੋਂ ਕਿਹਾ ਨਾਲ ਚਲਿਆ ਜਾਏ ਨਾ ਮੋਮਜਾਮਾ ਲਾਸ਼ ਦੇ ਹੇਠਾਂ ਰਿਹਾ। ਮਰਨ ਵਾਲੇ ਦੇ ਪਿਉ ਨੇ ਆਪਣੇ ਪੁੱਤਰ ਦੇ ਹੇਠੋਂ ਮਲਕ ਜਹੇ ਖਿਸਕਾ ਲਈ ਉਹ ਸ਼ਫਾ-ਖ਼ਾਨੇ ਦੀ ਚੀਜ਼ ਬਿਰਧ ਸੋਗੀ ਕੰਬਦੇ ਹੱਥਾਂ ਦੇ ਵਿਚੋਂ ਉਹ ਚੁਕੰਨੀ ਨਰਸ ਦੇ ਪੈਰਾਂ ਦੇ ਉੱਤੇ ਡਿਗ ਪਇ ਮੱਥੇ ਤੇ ਪਾਕੇ ਤਿਊੜੀ ਜਾਣ ਲੱਗੇ ਰੇਹੜੇ ਵੱਲ ਨੂੰ ਘੂਰ ਕੇ ਉਸ ਨੇ ਕਿਹਾ ਬਦਤਮੀਜ਼।

ਉਦਘਾਟਨ

ਵਣ ਮਹਾਂ ਉਤਸਵ ਮੁਹਿੰਮ ਦਾ ਇਫ਼ਤਤਾਹ ਮੁਲਕ ਦਾ ਹਾਕਮ ਜੋ ਉੱਚਾ ਨਾਗਰਿਕ ਇਸ ਨਿਮਾਣੇ ਨਗਰ ਦੇ ਵਿਚ ਆਏਗਾ ਅਪਣੇ ਹੱਥੀਂ ਆਪ ਇਕ ਫਲਦਾਰ ਬੂਟਾ ਲਾਏਗਾ ਇਸ ਸ਼ਹਿਰ ਦਾ ਮਾਣ ਸਾਰੇ ਮੁਲਕ ਦਾ ਉਤਸ਼ਾਹ ਬਹੁਤ ਵਧ ਜਾਏਗਾ ਖ਼ੁਸ਼ਾਮਦੀ ਖ਼ੁਸ਼-ਆਮਦੀਦੀ ਖ਼ੂਬਸੂਰਤ ਖ਼ੂਬ ਮਹਿਰਾਬਾਂ ਨੇ ਸੜਕਾਂ ਕੱਜੀਆਂ ਜੀ ਆਇਆਂ ਹਲਵਾਈਆਂ ਵਲੋਂ ਖੋਏ ਦੁੱਧ ਮਲਾਈਆਂ ਵਲੋਂ ਸ਼ਹਿਰ ਦੇ ਕੁਲ ਕਸਾਈਆਂ ਵਲੋਂ ਪਹੁੰਚਣ ਵਾਲੀ ਹੀ ਹੈ ਗੱਡੀ ਦੇਸ਼ ਦੀ ਹਸਤੀ ਏਨੀ ਵੱਡੀ ਆਉਣੀ ਹੈ ਸਾਡੇ ਵਿਚਕਾਰ ਛੱਡ ਦਿਉ ਸਭ ਕਾਰੋਬਾਰ ਤੇ ਪੰਡਾਲ ਤੋਂ ਅਸਟੇਸ਼ਨ ਤਕ ਰਾਹ ਦੇ ਦੋਹੀਂ ਪਾਸੀਂ ਖੜ ਕੇ ਆਪਣੇ ਨੇਤਾ ਮਹਾਂ ਪੁਰਸ਼ ਦੇ ਦਰਸ਼ਨ ਪਾਓ ਤਾੜੀ ਮਾਰੋ ਫੁਲ ਬਰਸਾਓ ਜ਼ਿੰਦਾਬਾਦ ਦੇ ਨਾਅਰੇ ਲਾਓ ਰਿਕਸ਼ੇ ਵਾਲਾ ਹੈ ਬਦਕਾਰ ਕਹਿੰਦਾ ਜਾਵੇ ਸਾਨੂੰ ਕੀ ਟੈਰਾਂ ਦਾ ਜੋੜਾ ਦੇ ਜਾਣਾ ਵੱਡੀ ਸਰਕਾਰ ਖਿੱਚਣਾ ਅਸੀਂ ਤਾਂ ਆਪਣਾ ਭਾਰ ਗਰਮੀ ਦੀ ਰੁੱਤ ਹੋਈ ਦੁਪਹਿਰ ਹੁੰਮਲ ਨੂੰ ਚੜ੍ਹਿਆ ਹੈ ਕਹਿਰ ਵਿਰਲਾ ਵਿਰਲਾ ਕਾਲਾ ਕੋਟ ਨਾਲ ਨਕਟਾਈ ਹੁਮ ਹੁਮਾ ਕੇ ਆਇਆ ਸ਼ਹਿਰ ਵੱਸ ਗਿਆ ਸਜਿਆ ਪੰਡਾਲ ਕਾਗਜ਼ ਪੁਸ਼ਪਾਂ-ਰੰਗ ਬਰੰਗੇ ਫੁਲੇ ਹੋਏ ਭੁਕਾਨਿਆਂ ਨਾਲ ਦਰੀਆਂ ਸਾਫ਼ ਗਲੀਚੇ ਕੂਲੇ ਵਿਛ ਗਈ ਲੰਮੀ ਚਾਦਰ ਲਾਲ ਉਤੋਂ ਨਾ ਕੋਈ ਲੰਘੇ ਬਾਲ ਭੀੜ ਭੜੱਕਾ ਸੰਭਲੋ ਬੇਗ਼ਮ ਢਿਲਕਣ ਲੱਗੇ ਨਕਲੀ ਵਾਲ ਚੁਸਤ ਪੁਸ਼ਾਕਾਂ ਨੇ ਪਹਿਨੇ ਹਨ ਗੋਰੇ ਪਿੰਡੇ ਸੋਫੇ ਉੱਤੇ ਢੇਰੀ ਹੋਈ ਲਵੰਡਰ ਦੀ ਖ਼ੁਸ਼ਬੋ ਪਰਸ ਦੇ ਵਿਚੋਂ ਮੋਰ ਪੰਖ ਦਾ ਪੱਖਾ ਕਢੇ ਆ ਹਾ ਹਾ—ਓ ਹੋ ਹੋ ਸਭ ਤੋਂ ਪਹਿਲਾਂ ਕਾਹਦੀ ਵਾਰੀ ਜਨ ਗਨ ਮਨ ਦੀ ਕਰੋ ਤਿਆਰੀ ਕਾਲਾ ਕੋਟ ਨਾਲ ਨਕਟਾਈ ਹੁੰਮ ਗਰਮੀ ਵਿਚ ਇਕ ਅਫ਼ਸਰ ਬੇਹੋਸ਼ ਹੋ ਗਿਆ ਮੁਖ ਮਹਿਮਾਨ ਦੇਰ ਕਿਉਂ ਲਾਈ ਟੈਸਟਿੰਗ ਟੈਸਟਿੰਗ ਵਨ ਟੂ ਥਰੀ ਟੈਸਟਿੰਗ ਹੈਲੋ ਟੈਸਟਿੰਗ।

ਨੇਕੀ

ਮਾਫ਼ ਕਰਨਾ ਮੈਂ ਉਹ ਬਾਂਦਰ ਤਾਂ ਨਹੀਂ ਦਿਨ ਦਿਹਾੜੇ ਜੋ ਤੁਸੀਂ ਚਾਹੋ ਬੁਰਾ ਕਰਦੇ ਰਹੋ ਮੈਂ ਨਾ ਤੱਕਾਂ ਅੱਖੀਆਂ ਨੂੰ ਮੀਟ ਰੱਖਾਂ ਹਰ ਸਭਾ ਸੰਗਤ ਪਰ੍ਹੇ ਵਿਚ ਜੀ 'ਚ ਆਵੇ ਕੂੜ ਮੰਦਾ ਜੋ ਤੁਸੀਂ ਬਕਦੇ ਰਹੋ ਸੁਨਣ ਤੋਂ ਵੀ ਆਪਣੇ ਕੰਨਾਂ ਨੂੰ ਡੱਕਾਂ ਜੋ ਤੁਹਾਡੇ ਸੁਹਲ ਕੰਨੀਂ ਨਾ ਸੁਖਾਵੇ ਉਹ ਲਫ਼ਜ਼ ਆਖਣ ਤੋਂ ਝੱਕਾਂ ਜਦ ਤੁਸੀਂ ਮਜਮਾ ਜਮਾਉ ਮੈਂ ਤੁਹਾਡੀ ਡੁਗਡੁਗੀ ਤੇ ਬਾਂਸਰੀ ਦੇ ਤਾਲ ਉੱਤੇ ਝਾਂਜਰਾਂ ਪੈਰੀਂ ਫਤੂਹੀ ਗਲ ਪਹਿਨ ਕੇ ਤਾੜੀਆਂ ਦੇ ਸ਼ੋਰ ਵਿਚ ਨੱਚਿਆ ਕਰਾਂ ਮਾਫ਼ ਕਰਨਾ ਮੈਂ ਉਹ ਬਾਂਦਰ ਤਾਂ ਨਹੀਂ ਜੋ ਬਦੀ ਤੋਂ ਇਸ ਤਰ੍ਹਾਂ ਬਚਿਆ ਕਰਾਂ ਮਾਫ਼ ਕਰਨਾ।

ਸੀਤ ਲਹਿਰ

ਸੀਤ ਲਹਿਰ ਹੈ ਨਿੱਘਿਆਂ ਜਜ਼ਬਿਆਂ ਵਾਲਿਉ ਮਿੱਤਰੋ ਆਪਣੇ ਸ਼ਹਿਰ 'ਚ ਅਜ ਕਲ ਸੀਤ ਲਹਿਰ ਹੈ। ਮੋੜਾਂ ਅਤੇ ਚੁਰਾਹਿਆਂ ਉੱਤੇ ਸ਼ਹਿ ਲਾ ਬਹਿੰਦੀ ਘਰ ਘਰ ਅੱਗੇ ਸੂਹਾਂ ਲੈਂਦੀ ਗਲੀਆਂ ਕੂਚੇ ਬਾਜ਼ਾਰਾਂ ਦੇ ਚੱਕਰ ਕਟਦੀ ਕਈ ਦਿਨਾਂ ਤੋਂ ਸੂਰਜ ਲੁਕਿਆ ਤਿੱਤਰ ਖੰਭੀ ਬੱਦਲਵਾਈ ਨਾ ਵਰ੍ਹਦੀ ਨਾ ਛਟਦੀ। ਧੁੱਪ ਦੇ ਲਈ ਤਰਸਦੇ ਤੇ ਫੁੱਲਾਂ ਦੀ ਮਹਿਕ ਭਾਲਦੇ ਮਿੱਤਰੋ ਅਜੇ ਤਾਂ ਬੱਚੇ ਬਾਗ਼ ਬਗ਼ੀਚੇ ਚੁਰੜ ਮੁਰੜ ਪੱਤੇ ਕਕਰਾਏ ਧੁੱਪੋਂ ਵਿਰਵੇ ਫੁਲ ਮੁਰਝਾਏ। ਇਸ ਮੌਸਮ ਵਿਚ ਆਪੋ ਆਪਣੇ ਘਰ ਦੇ ਕਰਕੇ ਬੰਦ ਬਾਰੀਆਂ ਬੂਹੇ ਖਿੱਚਕੇ ਪਰਦੇ ਅੰਦਰ ਵੜਕੇ ਬੈਠੋ ਆਪਣੀ ਆਪਣੀ ਸੋਚ ਕਾਂਗੜੀ ਮਘਦੀ ਰੱਖੋ।

ਅੱਟਣ

ਜ਼ੰਜੀਰਾਂ ਤਾਂ ਚਿਰ ਤੋਂ ਲਹਿ ਚੁੱਕੀਆਂ ਨੇ ਅਜੇ ਵੀ ਅੰਗਾਂ ਉੱਤੇ ਅੱਟਣ ਤੇ ਜ਼ੰਜੀਰਾਂ ਦਾ ਜੰਗ ਬਾਕੀ ਅਜੇ ਸਰਾਪ ਨਾ ਪੂਰਾ ਟੁੱਟਾ ਅਜੇ ਸੁਰਖ਼ਰੂ ਹੋਇਆ ਸੁਪਨਾ ਟਾਵਾਂ ਟਾਵਾਂ ਅਜੇ ਵੀ ਭੁੱਖੇ ਚਿਹਰਿਆਂ ਉੱਤੇ ਗ਼ਮ ਦੀ ਮੈਲੀ ਧੂੜ ਪਈ ਹੈ ਅਜੇ ਪਿਆ ਹੈ ਲੋਚਾਂ ਤੇ ਸੋਚਾਂ ਵਿਚਕਾਰ ਇਕ ਸੰਕੋਚ ਜਿਹਾ ਪ੍ਰਛਾਵਾਂ ਅਜੇ ਤਾਂ ਆਪੋ ਵਿਚ ਰੁੱਠੇ ਨੇ ਕਰਤਵ ਅਤੇ ਵਿਚਾਰ ਧੁਰ ਅੰਦਰ ਦੀ ਸੂਖ਼ਮ ਇੱਛਾ ਕਰਨੀ ਵਾਲੇ ਹੱਥਾਂ ਤੋਂ ਵਰ ਲੈ ਨਹੀਂ ਸੱਕੀ ਅਜੇ ਤਾਂ ਤਕਰੀਰਾਂ ਦੀ ਆਪੋ-ਧਾਪ ਮਚੀ ਹੈ ਆਦਰਸ਼ਾਂ ਦੀਆਂ ਧੂੜਾਂ ਉੱਡਣ ਨਿੰਮੋਝੂਣੀਂ ਹੈ ਤਦਬੀਰ ਭਟਕਦੀ ਫਿਰਦੀ ਏਸ ਭੀੜ ਵਿਚ ਹੱਕੀ ਬੱਕੀ। ਸੱਚੇ ਸੁੱਚੇ ਕਥਨ ਅਸਾਡੇ ਨਾਜ਼ਕ ਡਾਹਢੇ ਕਰਮਾਂ ਵਾਲੇ ਔਖੇ ਰਾਹ ਤੋਂ ਝਿਜਕ ਰਹੇ ਨੇ ਅਜੇ ਨਾ ਸਸਤਾਵਣ ਦਾ ਵੇਲਾ ਜ਼ੰਜੀਰਾ ਤਾਂ ਭਾਵੇਂ ਚਿਰ ਤੋਂ ਲਹਿ ਚੁੱਕੀਆਂ ਨੇ ਅਜੇ ਵੀ ਅੰਗਾਂ ਉੱਤੇ ਅੱਟਣ ਤੇ ਜ਼ੰਜੀਰਾਂ ਦਾ ਜੰਗ ਬਾਕੀ।

ਫਸਾਦ

ਸ਼ਹਿਰ ਕੋਈ ਵੀ ਹੋਵੇ ਭਵੰਡੀ ਮੇਰਠ ਜਾਂ ਨਾਗਪੁਰ ਪੱਜ ਕੋਈ ਵੀ ਹੋਵੇ ਮਸਜਦ ਦੇ ਗੁੰਬਦ ਤੋਂ ਉੱਚਾ ਵਾਜੇ ਦਾ ਸ਼ੋਰ ਪਿੱਪਲ ਦੇ ਟਾਹਣੇ ਤੋਂ ਉੱਚੇ ਤਾਜੀਆਂ ਦਾ ਜਲੂਸ ਗਊ ਮਾਤਾ ਦੀ ਰੱਖਿਆ, ਬੱਚਿਆਂ ਦਾ ਪਤੰਗ ਲੁੱਟਣ ਤੇ ਝਗੜਾ ਜਾਂ ਕੋਈ ਹੋਰ ਪਹਿਲਾਂ ਹੀ ਤਿਆਰ ਹੁੰਦੇ ਨੇ ਛੁਰੇ ਬਰਛੇ ਪਸਤੌਲ ਤੇ ਦਸਤੀ ਬੰਬ। ਸ਼ਹਿਰ ਕੋਈ ਵੀ ਹੋਵੇ ਪੱਜ ਕੋਈ ਵੀ ਹੋਵੇ ਧਰਮ ਨਿਰਪੱਖਤਾ ਦਾ ਤਕਾਜ਼ਾ ਹੈ ਫਿਰਕਿਆਂ ਦਾ ਨਾਂ ਲੈਣਾ ਠੀਕ ਨਹੀਂ ਇੱਕੋ ਤਰ੍ਹਾਂ ਛਪਦੀ ਹੈ ਵਾਰਦਾਤ ਦੀ ਖ਼ਬਰ ਜਿਸਨੂੰ ਪੜ੍ਹਕੇ ਦੁੱਖ ਹੋਣਾ ਅੱਖਾਂ 'ਚੋਂ ਅੱਥਰੂ ਟਪਕਣਾ ਜਾਂ ਖ਼ੂਨ ਖੌਲਣਾ ਤਾਂ ਕਿਤੇ ਰਿਹਾ ਹੁਣ ਤਾਂ ਇਹਨਾਂ ਚੋਂ ਕੁਝ ਵੀ ਨਾ ਹੋਣ ਤੇ ਸ਼ਰਮ ਵੀ ਨਹੀਂ ਆਉਂਦੀ। ਮੈਂ ਜਾਣਦਾ ਹਾਂ ਸਰਕਾਰੀ ਅੰਕੜਿਆਂ ਅਖ਼ਬਾਰੀ ਅੰਦਾਜ਼ਿਆਂ ਤੇ ਮਰਨ ਵਾਲਿਆਂ ਦੀ ਅਸਲ ਗਿਣਤੀ ਵਿਚ ਕਿੰਨਾ ਫ਼ਰਕ ਹੁੰਦਾ ਹੈ। ਕੁਝ ਦਿਨ ਬੇਹਿਸ ਜਹੀ ਬਹਿਸ ਹੋਏਗੀ। ਕਰੜੇ ਅਨੁਸਾਸ਼ਨ ਬਾਰੇ ਨਿਰਪੱਖ ਪ੍ਰਸ਼ਾਸ਼ਨ ਬਾਰੇ ਇਕ ਦੂਜੇ ਦੀ ਗੱਲ ਸਮਝਣ ਤੇ ਸਹਿਣ ਬਾਰੇ ਮਿਲ ਜੁਲ ਕੇ ਰਹਿਣ ਬਾਰੇ। ਅਦਾਲਤੀ ਪੜਤਾਲ ਸ਼ੁਰੂ ਹੋਣ ਤੇ ਹੜਤਾਲ ਖੁਲ੍ਹ ਜਾਏਗੀ ਪੜਤਾਲ ਦੀ ਰਿਪੋਟ ਲਿਖੀ ਜਾਣ ਤਕ ਬਹੁਤ ਸਾਰੇ ਲੋਕਾਂ ਨੂੰ ਕਿੰਜ ਕਦ ਹੋਈ ਵਾਰਦਾਤ ਭੁਲ ਜਾਏਗੀ ਉਦੋਂ ਤਕ ਹੋਰ ਬਹੁਤ ਕੁਝ ਹੋਇਆ ਹੋਏਗਾ ਕਿਸੇ ਹੋਰ ਸ਼ਹਿਰ ਵਿਚ ਕਿਸੇ ਹੋਰ ਪੱਜ ਹੇਠ।

ਦਰਦ-ਸੁਨੇਹਾ

ਰੁੱਠਿਓ ਸਜਣੋ ਵੇਲਾ ਅਜੇ ਵੀ ਪੱਛੋਤਾਈਏ ਟੁੱਟੇ ਦਿਲ ਜੋੜਨ ਦੀ ਕੋਈ ਜੁਗਤ ਬਣਾਈਏ। ਇਹ ਧਰਮਾਂ ਭਰਮਾਂ ਦੀ ਹੱਟ ਸਜਾ ਕੇ ਕੀ ਵੱਟਿਆ ਹੈ? ਵਿਤਕਰਿਆਂ ਦੇ ਵਣਜੋਂ ਕੀ ਖੱਟਿਆ ਹੈ? ਨ੍ਹੇਰੀ ਜੂਨ 'ਚ ਵਿਲਕਦੀਆਂ ਅੱਖੀਆਂ ਦੀ ਰੋ ਰੋ ਹਿਸਦੀ ਜੋਤ ਜਗਾ ਕੇ ਬਾਹਵਾਂ ਅੱਡ ਉਡੀਕਦੀਆਂ ਪੁੱਤਰਾਂ ਨੂੰ ਮਾਵਾਂ ਮੱਥਿਆਂ ਉੱਤੋਂ ਬਿੰਦੀਆਂ ਵਾਂਗ ਪੂੰਝ ਤਕਦੀਰਾਂ ਵੰਗਾਂ ਚੂੜੇ ਭੰਨ੍ਹ ਕੇ ਪੈਨਸ਼ਨ ਦੇ ਚੱਕਰ ਵਿਚ ਦਫ਼ਤਰ ਦਫ਼ਤਰ ਭਟਕਦੀਆਂ ਸੋਗੀ ਵਿਧਵਾਵਾਂ ਦਿਲਾਂ 'ਚ ਦੱਬੇ ਮੋਏ ਹੋਏ ਚਾਅ ਅਨੁਮਾਣੇ ਹੁੰਦੇ ਜਾਣ ਅਵਾਰਾ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਹੋਏ ਯਤੀਮ ਮਾਸੂਮ ਅੰਞਾਣੇ। ਇਹ ਮਾਰੀ ਹੈ ਮੱਲ ਆਪਾਂ ਨੇ ਇਹ ਕੀਤੀ ਨਫ਼ਰਤ ਦੀ ਖੱਟੀ। ਕਿਉਂ ਹਾਲੇ ਵੀ ਬਗਲੀਂ ਬਦਲੇ ਦੀ ਬਿਜਲੀ ਲੈ ਬੱਦਲਾਂ ਵਾਂਗੂੰ ਗੱਜੀਏ ਅੜਦੇ ਖਹਿੰਦੇ ਟੱਕਰ ਖਾ ਖਾ ਡਿੱਗੀਏ ਟੁੱਟੀਏ ਭੱਜੀਏ। ਆਉ ਅਜੇ ਵੀ ਇਕ ਸੁਰ ਸਾਂਝਾ ਕਰੀਏ ਦੁਖ ਸੁਖ ਪਿਆਰ ਦੀ ਭਾਜੀ ਲੈ ਕੇ ਆਈਏ ਦਰਦ ਭਿਆਲੀ ਪਾਈਏ। ਕੀ ਕਹਿੰਦੇ ਹੋ? ਕਿੰਜ ਆਗ਼ਾਜ਼ ਹੋਏਗਾ? ਮੋੜ ਲਿਆਈਏ ਹੋਸ਼ ਇਕ ਦੂਜੇ ਦੇ ਨੈਣਾਂ ਵਿਚ ਝਾਕੀਏ ਤੇ ਸ਼ਰਮਿੰਦੇ ਹੋਈਏ ਲਹੂ-ਪਲੱਥੇ ਹੱਥ ਹੰਝੂਆਂ ਦੇ ਵਿਚ ਧੋਈਏ ਆਪੋ ਆਪਣਾ ਦੋਸ਼ ਆਪਣੀ ਝੋਲੀ ਪਾਈਏ ਇਕੋ ਪਾਲ 'ਚ ਖੜ ਕੇ ‘ਇਕੋ ਰੰਗ ਕਪਾਹੀ ਦਾ, ਸਭ ਇਕ ਰੰਗ ਕਪਾਹੀ ਦਾ’ ਆਪਣੀ ਸਾਂਝੀ ਬੋਲੀ ਦੇ ਵਿਚ ਬੁਲ੍ਹੇ ਸ਼ਾਹ ਦੀ ਕਾਫ਼ੀ ਗਾਈਏ ਧਰਤੀ ਮਾਂ ਤੋਂ ਡੋਹਲੀ ਰੁੱਤ ਦੀ ਭੁੱਲ ਬਖਸ਼ਾਈਏ। ਰੁੱਠਿਓ ਸਜਣੋ ਵੇਲਾ ਅਜੇ ਵੀ ਪਛੋਤਾਈਏ ਭਜੀਆਂ ਬਾਹਾਂ ਆਉਣ ਗਲਾਂ ਨੂੰ ਟੁੱਟੇ ਦਿਲ ਜੋੜਨ ਦੀ ਕੋਈ ਜੁਗਤ ਬਣਾਈਏ।

ਘਰ ਵਸਤਰ

ਕਹਿਣ ਨੂੰ ਤਾਂ ਤੁਸੀਂ ਇਹ ਘਰ ਬਣਾਇਆ ਹੈ ਮੌਸਮਾਂ ਦੇ ਕਹਿਰ ਤੋਂ ਕੜਕਦੀ ਧੁੱਪ ਜਾਂ ਸੀਤ ਲਹਿਰ ਤੋਂ ਮੇਰੇ ਜਿਸਮ ਨੂੰ ਬਚਾਉਣ ਲਈ। ਇਸ ਵਿਚ ਨਿਕ ਸੁਕ ਟਿਕਾਇਆ ਹੈ ਮੇਰੇ ਆਰਾਮ ਲਈ ਥੱਕ ਕੇ ਆਵਾਂ ਤਾਂ ਮੇਰੇ ਸਸਤੌਣ ਲਈ। ਪਰ ਜੇ ਮੈਂ ਆਪ ਹੀ ਕਰੀਨੇ ਨਾਲ ਸਜੇ ਹੋਏ ਨਿਕ ਸੁਕ ਦਾ ਹਿੱਸਾ ਬਣ ਜਾਵਾਂ ਜੇ ਮੇਰਾ ਦਮ ਘੁੱਟੇ ਜੇ ਮੈਨੂੰ ਇਸ ਵਿਚ ਨਜ਼ਰਬੰਦ ਹੋਣ ਦਾ ਅਹਿਸਾਸ ਹੋਵੇ ਮੈਨੂੰ ਭਾਲਦੀ ਸੱਜਰੀ ਰੁਮਕਦੀ ਪੌਣ ਪਰਤ ਜਾਵੇ ਅੰਦਰੋਂ ਬੰਦ ਬੂਹੇ ਨੂੰ ਬਾਹਰੋਂ ਪਲੋਸ ਕੇ ਕੋਸੀ ਧੁੱਪ ਢਲ ਜਾਵੇ ਗੂੜ੍ਹੇ ਰੰਗਾਂ ਦੇ ਪਰਦਿਆਂ ਨੂੰ ਕੋਸਕੇ ਕਦੀ ਕਦੀ ਖੂੰਜੇ ਲਗ ਕੇ ਤੱਤੇ ਅੱਥਰੂ ਨਾ ਕੇਰਾਂ ਠੰਢੇ ਹੋਕੇ ਨਾ ਭਰਾਂ ਤਾਂ ਤੁਸੀਂ ਆਪ ਹੀ ਦੱਸੋ ਮੈਂ ਕੀ ਕਰਾਂ? ਕਹਿਣ ਨੂੰ ਤਾਂ ਤੁਸੀਂ ਇਹ ਵਸਤਰ ਸਿਲਵਾਏ ਨੇ ਮੇਰੇ ਜਿਸਮ ਨੂੰ ਕੱਜਣ ਲਈ ਇਸ ਉੱਤੇ ਫੱਬਣ ਲਈ ਪਰ ਜੇ ਇਹ ਵਸਤਰ ਮੈਨੂੰ ਹੀ ਹੰਢਾਣ ਲਗ ਜਾਣ ਤੇ ਹੁਕਮ ਹੋਵੇ ਕਿ ਆਪਣਾ ਜਿਸਮ ਇਹਨਾਂ ਰੈਡੀਮੈਡ ਵਸਤਰਾਂ ਦੇ ਮੇਚ ਦਾ ਰੱਖਾਂ ਇਸ ਹਾਲਤ ਵਿਚ ਜੇ ਇਹਨਾਂ ਨੂੰ ਪਹਿਨਣ ਤੋਂ ਨਾ ਡਰਾ ਤਾਂ ਤੁਸੀਂ ਆਪ ਹੀ ਦਸੋ ਮੈਂ ਕੀ ਕਰਾਂ ?

ਦੁਸ਼ਮਣੀ ਦੀ ਦਾਸਤਾਨ

ਗੱਲ ਤਾਂ ਨਿੱਕੀ ਜਿਹੀ ਹੈ ਮੈਂ ਹੀ ਭਾਵੁਕ ਹੋ ਗਿਆ ਹਾਂ ਕਾਬਲੀ ਅੰਗੂਰ ਲੰਘ ਕੇ ਆ ਗਿਆ ਹੈ ਵਾਹਗਿਓਂ ਤੂੰ ਸੀ ਜਿਹੜੇ ਰਾਹ ਗਿਓਂ ਬਹੁਤ ਖ਼ੁਸ਼ ਹੋਇਆ ਹਾਂ ਮੈਂ ਅੱਖੀਆਂ ਵਿਚ ਆ ਗਏ ਨੇ ਅੱਥਰੂ ਭਰ ਗਿਆ ਹੈ ਮੇਰੇ ਮੂੰਹ ਵਿਚ ਮਾਖਿਓਂ ਗੱਲ ਤਾਂ ਨਿੱਕੀ ਜਹੀ ਹੈ ਮੈਂ ਹੀ ਭਾਵੁਕ ਹੋ ਗਿਆ ਹਾਂ। ਗਲ ਤਾਂ ਨਿੱਕੀ ਜਹੀ ਹੈ ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ ਕਿਸ ਤਰ੍ਹਾਂ ਇੱਕੋ ਵੇਲੇ ਕੋਈ ਹੋ ਸਕਦਾ ਬਿਗਾਨਾ ਆਪਣਾ ਲੰਘ ਕੇ ਸਰਹੱਦ ਨੂੰ ਭਟਕਦੀ ਰਹਿੰਦੀ ਹੈ ਅਕਸਰ ਕਲਪਣਾ ਕਿਸ ਤਰ੍ਹਾਂ ਦਾ ਯਾਰ ਵਸਦਾ ਹੈ ਪਰਾਏ ਮੁਲਕ ਵਿਚ ਜਿਸ ਲਈ ਇੰਜ ਲੁੱਛਦਾ ਰਹਿੰਦਾ ਹਾਂ ਮੈਂ ਪੁਰੇ ਲੜ ਬੰਨ੍ਹਦਾ ਸਲਾਮਾਂ ਪੱਛੋਂ ਤੋਂ ਵੀ ਹਾਲ ਜਿਸ ਦਾ ਪੁੱਛਦਾ ਰਹਿੰਦਾ ਹਾਂ ਮੈਂ ਨਾ ਕਦੀ ਆਉਂਦਾ ਨਾ ਮਿਲਦਾ ਨਾ ਕੋਈ ਚਿੱਠੀ ਕਦੀ ਨਾ ਸੁਖ ਸੁਨੇਹਾ ਦੱਸਦਾ ਨਾ ਹਾਲ ਦਿਲ ਦਾ ਗੱਲ ਤਾਂ ਨਿੱਕੀ ਜਿਹੀ ਹੈ ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ। ਗੱਲ ਤਾਂ ਨਿੱਕੀ ਜਿਹੀ ਹੈ ਸਮਝ ਨਹੀਂ ਆਉਂਦੀ ਸਿਆਸਤਦਾਨ ਨੂੰ ਦੇਸ਼-ਭਗਤੀ ਵਿਚ ਵਿਘਣ ਪੈਂਦਾ ਕਿਵੇਂ ਆਪ ਆਪਣੇ ਜਜ਼ਬਿਆਂ ਤੋਂ ਝਿਜਕਦਾ ਸੰਗਦਾ ਸਾਂ ਮੈਂ ਯਾਦ ਹੈ ਚਾਨਣ-ਵਿਗੁੱਚੀ ਘੁੱਪ ਹਨ੍ਹੇਰੀ ਰਾਤ ਵਿਚ ਦੇਸ਼ ਮੇਰੇ ਦੇ ਲੜਾਕੂ ਸੂਰਮੇ ਸੀਰਮੇ ਪੀਂਦੇ ਸੀ ਅੱਗੇ ਵਧ ਰਹੇ ਛਿੜਕਦੇ ਸੀ ਅੱਗ ਤੇਰੇ ਸ਼ਹਿਰ 'ਤੇ ਉਹਨਾਂ ਦੀ ਸੂਰਮਗਤੀ ਨੂੰ ਸਿਰ ਝੁਕਾਂਦਾ ਚੁੱਪ ਚੁਪੀਤਾ ਤੇਰੀ ਤੇਰੇ ਮਾਪਿਆਂ ਤੇ ਬੱਚਿਆਂ ਦੀ ਖ਼ੈਰ ਕਿਉਂ ਮੰਗਦਾ ਸਾਂ ਮੈਂ ਯਾਦ ਕਰ ਕੇ ਅੱਲਾ ਨੂੰ ਭਗਵਾਨ ਨੂੰ ਗੱਲ ਤਾਂ ਨਿੱਕੀ ਜਿਹੀ ਹੈ ਸਮਝ ਨਹੀਂ ਆਉਂਦੀ ਸਿਆਸਤਦਾਨ ਨੂੰ। ਅਜਬ ਹੈ ਇਹ ਦੁਸ਼ਮਣੀ ਦੀ ਦਾਸਤਾਨ ਗ਼ੈਰ ਨੂੰ ਦੱਸੀਏ ਤਾਂ ਹੋ ਜਾਏ ਹੈਰਾਨ ਮੇਰੀਆਂ ਫ਼ੌਜਾਂ ਦੇ ਅੱਗੇ ਤੇਰੀਆਂ ਫੌਜਾਂ ਨੇ ਜਦ ਹਥਿਆਰ ਸੁੱਟੇ ਗਿਲੇ ਵਰਗੀ ਗੱਲ ਸੀ ਕੁਝ ਰੋਸ ਵੀ ਸੀ ਤੂੰ ਤਾਂ ਰੋਇਆ ਹੋਵੇਂਗਾ। ਰੋਣਾ ਹੀ ਸੀ ਮੇਰੇ ਕਿਉਂ ਅੱਥਰੂ ਸੀ ਵੱਗੇ ਮੈਨੂੰ ਆਪਣੀ ਜਿੱਤ ਦਾ ਚਾਅ ਤਾਂ ਭਲਾ ਹੋਣਾ ਹੀ ਸੀ ਨਾਲ ਹੀ ਕਿਉਂ ਕੁਝ ਤੇਰੀ ਹਾਰ ਦਾ ਅਫ਼ਸੋਸ ਵੀ ਸੀ ਆਪ ਹੁੰਦਾ ਹਾਂ ਹੈਰਾਨ ਕਿਹੋ ਜਿਹੀ ਹੈ ਦੁਸ਼ਮਣੀ ਦੀ ਦਾਸਤਾਨ। ਗੱਲ ਤਾਂ ਨਿੱਕੀ ਜਿਹੀ ਕੌਣ ਸਮਝਾਏ ਸਿਆਸਤਦਾਨ ਨੂੰ ਕਿੰਝ ਸਮਝੇਗਾ ਮੇਰਾ ਬੱਚਾ ਨਦਾਨ ਕਦ ਖ਼ਤਮ ਹੋਏਗੀ ਆਖ਼ਰ ਅਜਬ ਹੈ ਇਹ ਦੁਸ਼ਮਣੀ ਦੀ ਦਾਸਤਾਨ।

ਇਕ ਬਿਰਛ ਦੀ ਬਾਤ

ਇਸ ਰੁਖੜੇ ਦੇ ਨਾਲ ਰੁਮਕੀਆਂ ਖ਼ੁਸ਼ਬੂਦਾਰ ਹਵਾਵਾਂ ਇਸ ਨੇ ਕੀਤੀਆਂ ਹਾਰਿਆਂ ਹੁੱਟਿਆਂ ਰਾਹੀਆਂ ਦੇ ਸਿਰ ਛਾਵਾਂ ਇਸ ਦੇ ਹਰੇ ਕਚੂਰ ਪੱਤਰਾਂ ਨਿੱਘੀ ਧੁੱਪ ਸੀ ਮਾਣੀ ਬੱਦਲ ਹੋ ਹੋ ਕੇ ਲਟਬੌਰੇ ਛਿੜਕਣ ਆਏ ਪਾਣੀ ਇਸ ਦੇ ਮਹਿਕਦਿਆਂ ਫੁੱਲਾਂ ਨੇ ਕਿੰਨੇ ਮਨ ਮਹਿਕਾਏ ਇਸ ਦੇ ਜਾਦੂ-ਅਸਰ ਫਲਾਂ ਨੇ ਰੂਹ ਦੇ ਰੰਗ ਮਿਟਾਏ ਰਾਤੀਂ ਟਾਹਣਾਂ ਨਾਲ ਕਲੋਲਾਂ ਕਰਦੀਆਂ ਸਨ ਤਰੇਲਾਂ ਕੂਲੇ ਪੱਤਿਆਂ ਉਹਲੇ ਬਹਿ ਬਹਿ ਗੀਤ ਗਾਉਂਦੀਆਂ ਕੋਇਲਾਂ। ਸੌਣ ਮਹੀਨੇ ਇਕ ਦਿਨ ਪਰ ਹਰਿਆਵਲ ਗਈ ਸਰਾਪੀ ਪੀਲੇ ਰੰਗ ਦੀ ਅਮਰ ਵੇਲ ਜਦ ਅੰਬਰੋਂ ਡਿੱਗੀ ਜਾਪੀ ਜਿੰਨੇ ਚਿਰ ਤਕ ਤਗ ਸਕਦੀ ਸੀ ਹਿੰਮਤ ਫਿਰ ਵੀ ਤੱਗੀ ਹੌਲੀ-ਹੌਲੀ ਅਮਰ ਵੇਲ ਪਰ ਵੱਧਣ ਫੈਲਣ ਲੱਗੀ ਵਧ ਵਧ ਕੇ ਉਹ ਏਦਾਂ ਫੈਲੀ ਪਤ ਪਤ ਉੱਤੇ ਛਾਈ ਭਾਰ ਦੇ ਹੇਠਾਂ ਫਲ ਫੁਲ ਵਾਲੀ ਹਰ ਇਕ ਟਾਹਣ ਦਬਾਈ ਸੰਸੇ ਵਰਗੀ ਸਿਉਂਕ ਪੈ ਗਈ ਜੜ੍ਹ ਨੂੰ ਅੰਦਰੋ ਅੰਦਰੇ ਆਪਣੇ ਲੇਖ ਹੀ ਆਖ਼ਰ ਇਸ ਨੂੰ ਜਾਪਣ ਲੱਗੇ ਚੰਦਰੇ ਝੜ ਗਈ ਅਮਰ ਵੇਲ ਵੀ ਓੜਕ ਲੈ ਕੇ ਫਲ ਫੁਲ ਸਾਰੇ ਬਚੇ ਖੁਚੇ ਕੁਝ ਸੁੱਕੇ ਤੁੱਕੇ ਖੜਕਣ ਕੱਕਰ ਮਾਰੇ ਬਣ ਕੇ ਇੰਝ ਉਡੀਕ ਦੀ ਮੂਰਤ ਹੁਣ ਇਹ ਖੜਾ ਵਿਚਾਰਾ ਲੈ ਕੇ ਹੱਥ ਕੁਹਾੜਾ ਆਵੇ ਕੋਈ ਨਾ ਲੱਕੜਹਾਰਾ ।

ਹੱਕ

ਖ਼ਾਨਗੀ ਮਨਸੂਬਾ ਬੰਦੀ ਦੀ ਮੁਹਿੰਮ ਨੂੰ ਦੇ ਗਿਉਂ ਜੇ ਕਰ ਝਿਕਾਨੀ ਹੁਣ ਤੇਰੀ ਆਪਣੀ ਹੈ ਤੇਰੀ ਜ਼ਿੰਦਗਾਨੀ ਇਸ ਦੇ ਹਰ ਇਕ ਸਵਾਸ ਦਾ ਜੋ ਵੀ ਚਾਹੇ ਫੈਸਲਾ ਖ਼ੁਦ ਆਪ ਕਰ ਸਕਦਾ ਏਂ ਤੂੰ ਦੇਸ ਦੇ ਜਿਹੜੇ ਵੀ ਹਿੱਸੇ ਵਿਚ ਜਦ ਵੀ ਜਿਸ ਤਰ੍ਹਾਂ ਵੀ ਚਾਹੋ ਮਰ ਸਕਦਾ ਏਂ ਤੂੰ। ਸਮਝ ਨਾ ਇਸ ਵਿਚ ਹੈ ਕੋਈ ਰੌ ਰਿਆਇਤ ਰਿਸ਼ੀਆਂ ਮੁੰਨੀਆਂ ਦੇ ਪਵਿੱਤਰ ਦੇਸ ਦੀ ਇਹ ਹੈ ਜਮਹੂਰੀ ਰਵਾਇਤ। ਜੇ ਅਮਰ ਹੋਣਾ ਹੈ ਮਰ ਕੇ ਆਸ਼ਕਾਂ ਸੰਗ ਆਗਰੇ ਵਿਚ ਸੰਗਮਰਮਰ ਦੀ ਬਣੀ ਸ਼ਹਿਨਸ਼ਾਹੀ ਇਸ਼ਕ ਦੀ ਹੈ ਯਾਦਗਾਰ ਲੰਘਦੀ ਜਮਨਾ ਹੈ ਜਿਸਦੇ ਨਾਲ ਨਾਲ ਕਿਸੇ ਦਿਨ ਚੜ੍ਹ ਕੇ ਇਹਦੀ ਦੀਵਾਰ 'ਤੇ ਮਾਰ ਦੇ ਲਹਿਰਾਂ 'ਚ ਛਾਲ। ਜੇ ਤੇਰਾ ਉੱਚਾ ਖ਼ਿਆਲ ਪਹੁੰਚ ਦਿੱਲੀ ਦੇ ਕੁਤਬ-ਮੀਨਾਰ 'ਤੇ। ਠੀਕ ਹੈ ਚਲ ਨਾ ਸਹੀ ਜੇ ਮਨਾਹੀ ਪਹਿਲੀ ਮੰਜ਼ਲ ਤੋਂ ਉਤਾਹਾਂ ਜਾਣ ਦੀ ਗੱਲ ਨਹੀਂ ਘਬਰਾਣ ਦੀ ਕੁੰਭ ਦੇ ਮੇਲੇ ਦੀ ਭਗਦੜ ਵਿਚ ਜਾ ਕਿਸੇ ਥਾਂ ਦੀ ਫਿਰਕੂ ਗੜਬੜ ਵਿਚ ਜਾ ਡੁੱਬ ਜਾ ਜਾਂ ਭਾਖੜੇ ਤੋਂ ਨਿਕਲਦੀ ਜਿਹੜੀ ਵੀ ਚਾਹੇਂ ਨਹਿਰ ਵਿਚ ਪਰ ਜੇ ਮਰਨਾ ਲੋੜਦਾਂ ਬੰਦੂਕ ਦੀ ਗੋਲੀ ਦੇ ਨਾਲ ਮੌਕਿਆਂ ਦਾ ਕਦ ਹੈ ਕਾਲ ਚਲਾ ਜਾ ਭਾਵੇਂ ਕਿਸੇ ਵੀ ਸ਼ਹਿਰ ਵਿਚ ਜਿਥੇ ਅਜ ਕਲ੍ਹ ਆਮ ਭੁੱਖੇ ਲੋਕ ਲੁੱਟਦੇ ਨੇ ਗ਼ੁਦਾਮ। ਥਾਂ ਕੁ ਥਾਂ ਜੇ ਕਰ ਭਟਕਣਾ ਠੀਕ ਨਹੀਂ ਤੇ ਭੁੱਖਿਆਂ ਦੇ ਵਿਚ ਰਲਣਾ ਠੀਕ ਨਹੀਂ ਖਾਣ ਵਾਲੀ ਕਿਸੇ ਵੀ ਸ਼ੈ ਵਿਚ ਮਿਲਾਵਟ ਵਾਂਗ ਤੇਰੇ ਘਰ 'ਚ ਆ ਸਕਦੀ ਹੈ ਮੌਤ ਬਹੁਤ ਨੇ ਸੰਭਾਵਨਾਵਾਂ ਚੋਣ ਤੇਰੀ ਆਪਣੀ ਹੈ ਜਿਸ ਤਰੀਕੇ ਤੇ ਵੀ ਚਾਹੇ ਹੱਥ ਧਰ ਸਕਦਾ ਏਂ ਤੂੰ ਦੇਸ਼ ਦੇ ਜਿਹੜੇ ਵੀ ਹਿੱਸੇ ਵਿਚ ਜਦ ਵੀ ਜਿਸ ਤਰ੍ਹਾਂ ਵੀ ਚਾਹੇ ਮਰ ਸਕਦਾ ਏ ਤੂੰ।

ਇਕ ਉਦਾਸ ਸ਼ਾਮ

ਅੱਜ ਫਿਰ ਤੇਰੇ ਖ਼ਤਾਂ ਨੂੰ ਫੋਲਦਾ ਹਾਂ, ਫੇਰ ਆਪਣੇ ਭੂਤ ਨੂੰ ਮੈਂ ਟੋਲਦਾ ਹਾਂ। ਜੱਗ-ਸਾਂਝਾਂ ਨੂੰ ਬੜਾ ਅਜ਼ਮਾ ਲਿਆ ਹੈ, ਹੋਰ ਕਿੰਨੀ ਵਾਰ ਧੋਖਾ ਖਾ ਲਿਆ ਹੈ। ਸੁਫ਼ਨਿਆਂ ਦੇ ਮਹਿਲ ਜੋ ਮਿਲਕੇ ਉਸਾਰੇ, ਰਹਿ ਗਏ ਹੁਣ ਉੱਜੜੇ ਯਾਦਾਂ ਦੇ ਢਾਰੇ। ਵੇਹ-ਵਿਲੁੱਸੀਆਂ ਕਾਲਖਾ ਮੱਲਿਆ ਚੁਫੇਰਾ, ਹੋਰ ਸੰਘਣਾ ਹੋ ਰਿਹਾ ਪਲ-ਪਲ ਹਨ੍ਹੇਰਾ। ਢੂੰਡਦਾ ਹਾਂ ਕਿਰਨ ਕਾਲੇ ਅੱਖਰਾਂ 'ਚੋਂ, ਪਿਆਰ ਦੀ ਅੱਗ ਨਾਲ ਬਾਲੇ ਅੱਖਰਾਂ 'ਚੋਂ। ਨਾ-ਉਮੀਦੀ ਪੱਥਰਾਂ ਦੀ ਕੰਧ ਬਣ ਕੇ, ਦੈਂਤ ਵਾਂਗੂੰ ਹੈ ਖੜੋਤੀ ਰਾਹ 'ਚ ਤਣ ਕੇ। ਕਲ੍ਹ ਦੀ ਗਲ ਚਿਤਵਣੀ ਮੁਸ਼ਕਲ ਬੜੀ ਹੈ, ਦਿਲ ਅਜੇ ਵੀ ਪਰ ਕਰੀ ਜਾਂਦਾ ਅੜੀ ਹੈ। ਪਲ ਦੀ ਪਲ ਦਿਲ ਦੀ ਅੜੀ ਨੂੰ ਭੰਨਦਾ ਹਾਂ, ਤੇਰੇ ਲਿੱਖੇ ਅੱਖ਼ਰਾਂ ਵਿਚ ਬੰਨ੍ਹਦਾ ਹਾਂ। ਨਕਸ਼ ਤੇਰੇ ਵੀ ਨਹੀਂ ਵੱਸ ਕਲਪਣਾ ਦੇ, ਤੇਰੇ ਵਾਂਗੂੰ ਹੀ ਪਕੜ 'ਚੋਂ ਖਿਸਕ ਜਾਂਦੇ। ਐਵੇਂ ਇਹ ਵੀ ਜਾਪਦਾ ਬੇਅਰਥ ਹੀਲਾ, ਦਿਲ ਦੀ ਧੀਰਜ ਦਾ ਨਹੀਂ ਕੋਈ ਵਸੀਲਾ। ਅੱਜ ਫਿਰ ਤੇਰੇ ਖ਼ਤਾਂ ਨੂੰ ਫੋਲਦਾ ਹਾਂ, ਫੇਰ ਆਪਣੇ ਭੂਤ ਨੂੰ ਮੈਂ ਟੋਲਦਾ ਹਾਂ।

ਕਮਜ਼ਰਫ਼

ਸਾਰਾ ਦਿਨ ਕਾਂ-ਅੱਖ ਨਿਕਲੀ ਸੀ ਉਸ ਦਿਨ ਧੁੱਪ ਕੜਾਕੇ ਕੱਢਦੀ ਰੋਜ਼ ਦੀਆਂ ਧੁੱਪਾਂ ਤੋਂ ਕਿੰਨੀ ਵੱਖ ਨਿਕਲੀ ਸੀ ਵੱਟ ਚੜ੍ਹਿਆ ਸੀ ਦਿਨ ਭਰ ਦਿਲ ਨੂੰ ਵਿਹਲੀ ਬੈਠੀ ਖਿਝੀ ਪਈ ਸਾਂ ਸ਼ਾਮ ਪਈ ਤਾਂ ਰੰਗ ਲੱਗਾ ਸੀ ਕੁਝ ਮਹਿਫ਼ਲ ਨੂੰ। ਸੂਰਜ ਡੁੱਬਣ ਵੇਲੇ ਪਰਬਤ ਵੱਲੋਂ ਸੰਘਣੀ ਕਾਲੀ ਘਟ ਦੇ ਅੱਗੇ ਉੱਡਦੇ ਆਏ ਬਗਲੇ ਬੱਗੇ। ਪਤਾ ਨਹੀਂ ਕਿਥੋਂ ਰਾਹ ਭੁੱਲਾ ਆ ਵੜਿਆ ਉਹ ਮੁਸਕਾਂਦਾ ਖ਼ੁਸ਼ਬੋ ਫੈਲਾਉਂਦਾ ਠੰਢੀ ਨਰਮ ਹਵਾ ਦਾ ਬੁੱਲਾ। ਠੰਢੇ ਨਿੰਬੂ ਪਾਣੀ ਪਿੱਛੋਂ ਜਦ ਹੋ ਗਈ ਤਬੀਅਤ ਵੱਲ ਸੀ ਚਾਰ ਕੁ ਚੁੰਮਣ ਕਿਹੜੀ ਗੱਲ ਸੀ। ਏਨੀ ਗੱਲ 'ਤੇ ਸੁਣਿਆ ਹੈ ਹੁਣ ਫੁੱਲਿਆ ਫਿਰਦਾ ਹੱਕ ਜਤਾਉਂਦਾ ਜੀਕਣ ਕੋਈ ਮੱਲ ਮਾਰੀ ਸੀ ਜਣੇ ਖਣੇ ਨੂੰ ਆਖ ਸੁਣਾਉਂਦਾ।

ਧਰਤੀ ਦੇ ਬੋਲ

ਦੋ ਪਲ ਕੋਲ ਖਲੋ ਵੇ ਰਾਹੀਆ ਦੋ ਪਲ ਹੋਰ ਖਲੋ ਪੂੰਝ ਦਿਆਂ ਤੇਰੇ ਮੱਥੇ ਉੱਤੋਂ ਮੁੜ੍ਹਕਾ ਰਿਹਾ ਏ ਚੋ ਦੋ ਪਲ ਹੋਰ ਖਲੋ। ਦੱਸ ਖਾਂ ਬੀਬਾ ਕਾਹਦੀ ਜਲਦੀ ਖਿੱਚ ਹੈ ਤੈਨੂੰ ਕਿਸ ਮੰਜ਼ਿਲ ਦੀ ਕਿਸ ਵਾਅਦੇ ਤੋਂ ਡਰਦਾ ਏਂ ਤੂੰ ਦੇਰ ਨਾ ਜਾਵੇ ਹੋ ਦੋ ਪਲ ਹੋਰ ਖਲੋ। ਦੱਸ ਜਾ ਆਪਣਾ ਥੌਹ ਟਿਕਾਣਾ ਕਿਥੋਂ ਤੁਰਿਆ ਕਿਥੇ ਜਾਣਾ ਕਿਸ ਪੈਂਡੇ ਦੀ ਭਟਕਣ ਤੇਰੇ ਪੈਰੀਂ ਗਈ ਸਮੋ ਦੋ ਪਲ ਹੋਰ ਖਲੋ। ਤੱਕ ਲੈ ਮਹਿਕਦੀਆਂ ਗੁਲਜ਼ਾਰਾਂ ਮਾਣ ਲੈ ਕੁਝ ਚਿਰ ਮੌਜ ਬਹਾਰਾਂ ਜਾਂਦਾ ਪੱਲੇ ਬੰਨ੍ਹ ਲੈ ਜਾਵੀਂ ਫੁੱਲਾਂ ਦੀ ਖ਼ੁਸ਼ਬੋ ਦੋ ਪਲ ਹੋਰ ਖਲੋ। ਪੂੰਝ ਦਿਆਂ ਤੇਰੇ ਮੱਥੇ ਉੱਤੋਂ ਮੁੜ੍ਹਕਾ ਰਿਹਾ ਏ ਚੋ ਦੋ ਪਲ ਹੋਰ ਖਲੋ।

ਜ਼ਿਦ

ਚੇਤ ਦੀ ਉਹ ਨਿੱਖਰੀ ਹੋਈ ਚਾਨਣੀ ਰਾਤ ਚਾਹੁੰਦੇ ਸੀ ਅਸੀਂ ਵੀ ਮਾਨਣੀ ਉਲਝੀਆਂ ਅੰਗਾਂ 'ਚ ਰਿਸ਼ਮਾਂ ਚੰਨ ਦੀਆਂ ਸੱਭੇ ਗੰਢਾਂ ਢਿਲਕੀਆਂ ਤਨ ਮਨ ਦੀਆਂ ਤੇ ਅਨੋਖਾ ਲਾਡਲਾ ਸੌਂਦਾ ਨਾ ਸੀ ਅੜੀ ਆਪਣੀ ਤੋਂ ਰਤਾ ਭੌਂਦਾ ਨਾ ਸੀ ਮੰਗਦਾ ਸੀ ਚੰਨ ਕਹਿੰਦਾ ਨਾਲ ਪਾਉਣਾ ਉਹਦੇ ਗੋਰੇ ਗਲ ਨੂੰ ਜੱਫੀ ਪਾ ਕੇ ਸੌਣਾ। ਯਾਦ ਆਈ ਉਸਦੀ ਮੰਮੀ ਨੂੰ ਪੁਰਾਣੀ ਕਿਸੇ ਪੁਸਤਕ ਵਿਚ ਪੜ੍ਹੀ ਹੋਈ ਕਹਾਣੀ ਹੋਣਹਾਰੀ ਲਾਲ ਦੀ ਤੇ ਮੁਸਕਰਾਈ ਤੇ ਰਸੋਈ ਵਿਚੋਂ ਥਾਲੀ ਚੁੱਕ ਲਿਆਈ ਰੱਖ ਦਿੱਤੀ ਕੋਲ ਪਾਣੀ ਨਾਲ ਭਰਕੇ ਅਕਸ ਚੰਨ ਦਾ ਡੋਲਦੇ ਪਾਣੀ 'ਚ ਥਰਕੇ ਅੰਦਰੋਂ ਲੈ ਆਂਦੀ ਉਸ ਨੇ ਇਕ ਤਿਪਾਈ ਉਸਦੇ ਉੱਤੇ ਪਾਣੀ ਦੀ ਥਾਲੀ ਟਿਕਾਈ। ਟਿਕ ਗਈ ਥਾਲੀ ਤੇ ਟਿਕਿਆ ਅਕਸ ਚੰਨ ਦਾ ਜਾਪਦਾ ਸੀ ਸਾਨੂੰ ਜ਼ਿੱਦੀ ਬਾਲ ਮੰਨਦਾ ਚਾਨਣੇ ਘੇਰੇ 'ਚ ਚੇਹਰਾ ਮੁਸਕਰਾਇਆ ਥਾਲੀ ਦੇ ਚੰਨ ਵੱਲ ਉਸਨੇ ਹੱਥ ਵਧਾਇਆ ਖਿੰਡ ਗਿਆ ਚੰਨ ਪਾਣੀ ਉਸਦੇ ਹੱਥ ਆਇਆ ਖਿੱਝ ਗਿਆ ਉਹ ਰੋਣ ਲੱਗਾ ਤਲਮਲਾਇਆ। ਚੇਤ ਦੀ ਉਹ ਨਿੱਖਰੀ ਹੋਈ ਚਾਨਣੀ ਰਾਤ ਚਾਹੁੰਦੇ ਸੀ ਅਸੀਂ ਵੀ ਮਾਨਣੀ।

ਕਿਰਤ

ਨਿੱਸਲ ਦੇਹ ਨੂੰ ਨਿਸਫਲ ਸੋਚਾ ਦੀ ਜੋ ਸੋਂਕ ਜਹੀ ਲੱਗੀ ਹੈ ਤਨ ਦੇ ਤੇਹ ਨੂੰ ਇਸਨੇ ਮਿੱਟੀ ਕਰ ਦੇਣਾ ਹੈ ਸੰਸੇ ਨਾਲ ਸਰਾਪੀ ਸੁਰਤ ਸਮਾਧੀ ਕਿਸਨੂੰ ਕਾਹਦਾ ਵਰ ਦੇਣਾ ਹੈ। ਇੰਝ ਹੋਇਆ ਤਾਂ ਕੀ ਹੋਏਗਾ ਏਦਾਂ ਕਿੱਦਾਂ ਜੀ ਹੋਏਗਾ। ਅਮਲਾਂ ਬਾਝ ਖ਼ਿਆਲ ਜੰਗਾਲੇ ਰੂਹ ਹੰਘਾਲਣ ਹੱਡ ਧੁੱਖਦੇ ਜਿਉਂ ਭਿੱਜਿਆ ਬਾਲਣ ਮਰਗ ਨਹੀਂ ਮੁਕਤੀ ਦਾ ਮਾਰਗ ਨਾ ਕਤਰੇ ਨਾ ਸਾਗਰ ਥੀਣਾ ਮਿਹਨਤ ਸਦਕੇ ਸਫਲਾ ਜੀਣਾ ਕਾਰਜ ਕਰੀਏ ਕਿਰਤ ਕਮਾਈ ਅੰਨ ਜਲ ਹੋਵੇ ਅੰਮ੍ਰਿਤ ਵਰਗਾ ਕਰਨੀ ਦਾ ਮਿੱਠਾ ਫਲ ਹੋਵੇ।

ਸ਼ੁਭ ਇੱਛਾਵਾਂ

ਭਾਰਤ ਦੇ ਦਿਲ ਦਿੱਲੀ ਸ਼ਹਿਰ 'ਚ ਵਸਦੇ ਯਾਰਾ ਹੈ ਰਸਮਾਂ ਦਾ ਭਾਈਚਾਰਾ ਮਿਲ ਗਈਆਂ ਨੇ ਮਿਲੀਆਂ ਕੁਝ ਪਛੜ ਕੇ ਭਾਵਾਂ ਤੂੰ ਜੋ ਘੱਲੀਆਂ ਨਵੇਂ ਸਾਲ ਦੀਆਂ ਸ਼ੁਭ ਇਛਾਵਾਂ। ਮੈਂ ਸ਼ਰਮਿੰਦਾ ਜੋ ਇਸ ਵਾਰੀ ਰੰਗ ਬਰੰਗੇ ਫੁੱਲਾਂ ਵਾਲਾ ਛਪਿਆ ਰਸਮੀ ਖ਼ਤ ਨਹੀਂ ਪਾਇਆ ਉਂਜ ਮੈਂ ਪਿਛਲੇ ਸਾਲ ਵਾਂਗ ਹੀ ਇਸ ਵਾਰੀ ਵੀ ਚਾਹਿਆ ਨਵੇਂ ਸਾਲ ਤੂੰ ਮੌਜਾਂ ਮਾਣੇ ਬਿਜਲੀ ਪਾਣੀ ਦੁੱਧ ਮਿੱਟੀ ਦਾ ਤੇਲ ਖੰਡ ਸਬਜ਼ੀ ਤੇ ਆਟਾ ਕਿਸੇ ਚੀਜ਼ ਦਾ ਰਹੇ ਨਾ ਘਾਟਾ ਏਸ ਸਾਲ ਵਿਚ ਘਰ ਤੋਂ ਦਫ਼ਤਰ ਅਤੇ ਦਫ਼ਤਰੋਂ ਘਰ ਨੂੰ ਰੋਜ਼ ਸੁਵਖਤੇ ਬਸ ਮਿਲ ਜਾਵੇ ਬਹੁਤਾ ਚਿਰ ਨਾ ਖੜਨਾ ਪਏ ਪਾਲ ਵਿਚ ਚੜ੍ਹਦੇ ਸਾਲ 'ਚ ਤੈਨੂੰ ਕੋਈ ਨਾ ਤੰਗੀ ਹੋਵੇ ਵੱਧਦੇ ਭਾਵਾਂ ਜਿੰਨੀ ਹੀ ਤਨਖ਼ਾਹ ਵੱਧ ਜਾਵੇ ਤੇ ਇਸ ਵਾਰ ਦੀ ਏ. ਸੀ ਆਰ. ਵੀ ਚੰਗੀ ਹੋਵੇ ਆ ਜਾਏ ਸਰਕਾਰੀ ਕੋਟੇ ਵਿਚੋਂ ਵਾਰੀ ਦਫ਼ਤਰ ਲਾਗੇ ਘਰ ਮਿਲ ਜਾਵੇ ਵਿਚੋਂ ਇਕ ਕਮਰੇ ਲਈ ਬਾਇਤਬਾਰ ਕਰਾਏਦਾਰ ਵੀ ਪੁੱਤਰ ਨੂੰ ਰੁਜ਼ਗਾਰ ਤੇ ਧੀ ਨੂੰ ਸਰਦਾ ਪੁਜਦਾ ਵਰ ਮਿਲ ਜਾਵੇ ਜੋ ਹੁਣ ਤੀਜੀ ਐੱਮ.ਏ. ਕਰਦੀ ਮੀਆਂ ਬੀਵੀ ਦੇ ਵਿਚਕਾਰ ਹੋਏ ਨਾ ਕੋਈ ਗੱਲ ਰੋਸ ਦੀ ਤੇ ਜੋ ਪਿੰਡ ਦੀ ਕਿਸੇ ਨਿਗੂਣੀ ਜਾਇਦਾਦ ਦੀ ਕਿਸੇ ਕਚਹਿਰੀ ਵਿਚ ਅਪੀਲ ਚਿਰੋਕੀ ਅੜੀ ਪਈ ਹੈ ਨਵੇਂ ਸਾਲ ਵਿਚ ਨਿਕਲ ਆਏ ਤਰੀਕ ਓਸਦੀ। ਜੇ ਮੈਂ ਤੈਨੂੰ ਛਪਿਆ ਰਸਮੀ ਖ਼ਤ ਨਹੀਂ ਪਾਇਆ ਇਹ ਨਾ ਸਮਝੀਂ ਮਨੋਂ ਭੁਲਾਇਆ ਕੀ ਕੀ ਦੱਸਾਂ ਇਸ ਵਾਰੀ ਵੀ ਮੈਂ ਤੇਰੇ ਲਈ ਕੀ ਕੀ ਚਾਹਿਆ।

ਏਸ ਸ਼ਹਿਰ ਵਿਚ

ਏਸ ਸ਼ਹਿਰ ਵਿਚ ਲੋਕ ਪੁਸ਼ਾਕਾਂ ਨਹੀਂ ਪਹਿਨਦੇ ਸਗੋਂ ਸ਼ਕੀਨ ਪੁਸ਼ਾਕਾਂ ਪਿੰਡੇ ਪਹਿਨਦੀਆਂ ਨੇ ਛਾਂਟ ਝਾੜ ਕੇ, ਕੱਸ ਕੇ ਕਟ ਕੇ ਢਿਲਕ ਰਹੇ ਬਦਨਾਂ ਨੂੰ ਬੰਧਨਾਂ ਜਹੇ ਪ੍ਰਚਲਤ ਵੇਸ ਦੇ ਮੇਚ ਹੈ ਕੀਤਾ ਜਾਂਦਾ। ਘੱਟ ਹੀ ਦਿਲ ਦੀ ਗੱਲ ਖੋਲ੍ਹਦੇ ਇਸ ਬਸਤੀ ਦੇ ਵਾਸੀ ਸੌਂਦੇ ਨੀਂਦ ਉਦਾਸੀ ਚਾਦਰ ਵਾਂਗ ਤਾਣਕੇ ਹੱਡ ਭੰਨਣੀ ਔਖੇ ਧੰਦਿਆਂ ਦੀ ਰਾਤੀਂ ਸੁਫ਼ਨੇ ਅਧਮੋਏ ਸੱਪਾਂ ਦੇ ਵਾਂਗੂੰ ਜ਼ਹਿਰ ਘੋਲਦੇ ਦਿਨ ਭਰ ਦੇ ਦੁੱਖਾਂ ਦੀ ਕਿਰਤ ਕਮਾਈ ਭੁੱਖੇ ਪੇਟ ਨਹੀਂ ਭਰਦੀ ਹੈ ਨੀਤੀ ਹੱਥੋਂ ਹਾਰੇ ਇਹਨਾਂ ਕਰਨੀ ਦੇ ਬੰਦਿਆਂ ਨੇ ਰਜਵਾਂ ਕਦੀ ਅਹਾਰ ਨਹੀਂ ਖਾਧਾ ਹੈ ਭਲਕ ਦੀ ਆਸ ਦਾ ਦੇ ਭੁਚਲਾਵਾ ਹੌਲੀ-ਹੌਲੀ ਭੁੱਖ ਇਹਨਾਂ ਨੂੰ ਖਾ ਜਾਂਦੀ ਹੈ। ਏਸ ਅਕਲ ਦੇ ਸ਼ਹਿਰ 'ਚ ਵਿੰਗੀਆਂ ਟੇਢੀਆਂ ਗਲੀਆਂ ਲਫ਼ਜ਼ ਜਜ਼ਬਿਆਂ ਅਤੇ ਖ਼ਿਆਲਾਂ ਨਾਲ ਚਿਰੋਕੇ ਲੁੱਕਣ ਮੀਚੀ ਖੇਡ ਰਹੇ ਨੇ ਏਥੇ ਹਰ ਸੱਜਰੀ ਗੱਲ ਦੀ ਸੁਚਮ ਨੂੰ ਜੂਠੇ ਬੋਲਾਂ ਨੇ ਭਿੱਟਿਆ ਹੈ।

ਮਨੋਦਸ਼ਾ

ਬਹੁਤ ਹੰਭਾਇਆ ਰੇਤਲ ਭਖਦੇ ਹੋਏ ਥਲਾਂ ਨੇ ਪੈਰ ਪੈਰ ਤੇ ਛਲ ਕੀਤੇ ਨੇ ਬਹੁਤ ਖਪਾਇਆ ਆਦਰਸ਼ਾਂ ਦੇ ਮਿਰਗ-ਜਲਾਂ ਨੇ। ਬਿਰਛ-ਵਿਹੂਣੇ ਸਹਿਰਾਵਾਂ ਵਿਚ ਵਾਵਰੋਲਿਆਂ ਵਾਂਗੂੰ ਸੁਰਤ ਉਡਾਈ ਰੱਖੀ ਧੁਰ ਤੋਂ ਲਗਨ ਜਿਵੇਂ ਸੀ ਲੱਗੀ ਹਰ ਦਮ ਜਿਸ ਨੇ ਤੇਹ ਦੀ ਤਪਸ਼ ਮਚਾਈ ਰੱਖੀ। ਤੱਤੀ ਲੂ ਦੇ ਬੁੱਲ੍ਹਿਆਂ ਪੈਰ ਪੈਰ ’ਤੇ ਰੇਤ ਉਡਾਈ ਮੂੰਹ ਤੇ ਪਾਈ। ਨਾ ਕੋਈ ਪੈੜ ਤੇ ਨਾ ਪਗਡੰਡੀ ਵੇਹੰਦੇ ਵੇਹੰਦੇ ਰੇਤ ਦੇ ਨਕਸ਼ ਬਦਲ ਜਾਂਦੇ ਸਨ। ਤੂੰ ਮੈਨੂੰ ਇਸ ਮਨੋਦਸ਼ਾ ਵਿਚ ਨਖ਼ਲਿਸਤਾਨ ਦੇ ਵਾਂਗ ਮਿਲੀ ਏਂ ਨਾ ਤੂੰ ਰਸਤਾ ਨਾ ਤੂੰ ਮੰਜ਼ਿਲ ਮੈਂ ਏਥੇ ਕੁਝ ਪਲ ਸਸਤਾ ਕੇ ਤਪਦੇ ਸਹਿਰਾਵਾਂ ਵਲ ਵਾਵਰੋਲਿਆਂ ਸੰਗ ਤੁਰ ਜਾਣਾ ਖ਼ਬਰ ਨਹੀਂ ਹੈ ਕਦ ਤੱਕ ਹੋਰ ਹੰਭਾਣਾ ਹੋਰ ਖਪਾਣਾ ਰੇਤਲ ਥਲਾਂ ਦੇ ਮਿਰਗ-ਜਲਾਂ ਨੇ।

ਇਕ ਤਟਵਰਤੀ ਸ਼ਹਿਰ ਵਿਚ ਭੜਕ ਪਈ-ਗ਼ਜ਼ਲ

ਇਕ ਤਟਵਰਤੀ ਸ਼ਹਿਰ ਵਿਚ ਭੜਕ ਪਈ ਜਦ ਅੱਗ, ਸਾਗਰ ਭਾਂਬੜ ਦੇਖ ਕੇ ਹੋ ਗਿਆ ਝੱਗੋ ਝੱਗ। ਜਦ ਕੰਨਾਂ ਨੂੰ ਕੀਲਦੀ ਝਾਂਜਰ ਦੀ ਛਣਕਾਰ, ਪੈਰਾਂ ਉੱਤੇ ਡਿੱਗਦੀ ਸ਼ਮਲੇ ਵਾਲੀ ਪੱਗ । ਦਿਨ ਭਰ ਹੁੰਦਾ ਓਪਰਾ ਦਫ਼ਤਰ ਵਿਚ ਸਰੀਰ, ਸ਼ਾਮੀਂ ਠੇਕੇ ਜਾਪਦਾ ਆਪਣਾ ਸਾਰਾ ਜੱਗ। ਇਕ ਦੂਜੇ ਦੇ ਵਾਸਤੇ ਰਹਿੰਦੀ ਕਿੰਨੀ ਖਿੱਚ, ਇਕ ਦੂਜੇ ਤੋਂ ਦੇਖੀਏ ਰਹਿ ਕੇ ਰਤਾ ਅਲੱਗ। ਕੱਲੀ ਕਾਰੀ ਭਟਕਦੀ ਕੀ ਖੱਟਿਆ ਹੈ ਸੋਚ, ਅਜੇ ਵੀ ਅਕਲੇ ਕਮਲੀਏ ਦਿਲ ਦੇ ਪਿੱਛੇ ਲੱਗ। ਸ਼ਹਿਰ ਬਨਾਰਸ ਹੋ ਗਿਆ ਐਵੇਂ ਹੀ ਬਦਨਾਮ, ਤੱਕੋ ਆਪਣੇ ਆਪ ਵਿਚ ਕੌਣ ਨਹੀਂ ਹੈ ਠੱਗ। ਅਜ ਫਿਰ ਸੈਦੇ ਨਾਲ ਹੀ ਤੁਰ ਜਾਣੀ ਹੈ ਹੀਰ ਅਜ ਫਿਰ ਧੀਦੋ ਚਾਰਦਾ ਰਹਿ ਜਾਏਗਾ ਵੱਗ।

ਹੋਲੇ ਦੇ ਦਿਨ ਬੱਝਦਾ ਮੇਲੇ ਦੇ ਵਿਚ ਰੰਗ-ਗ਼ਜ਼ਲ

ਹੋਲੇ ਦੇ ਦਿਨ ਬੱਝਦਾ ਮੇਲੇ ਦੇ ਵਿਚ ਰੰਗ, ਸੁੱਖਾ ਪੀ ਕੇ ਖੇਡਦੇ ਗਤਕਾ ਜਦੋਂ ਨਿਹੰਗ ਕਮਲੇ ਜਹੇ ਫ਼ਕੀਰ ਨੇ ਸਭ ਨੂੰ ਕੀਤਾ ਦੰਗ, ਭਰੇ ਬਜ਼ਾਰ 'ਚ ਕਹਿ ਗਿਆ ਸੱਚੀ ਗੱਲ ਨਿਸੰਗ। ਮੁੰਡੇ ਦੇ ਦਿਲ ਵਿਚ ਤਾਂ ਰੱਤੀ ਭਰ ਨਹੀਂ ਤੇਹ ਭੰਨ ਕੇ ਦੇਖੀ ਕੁੜੀ ਨੇ ਸ਼ਗਨਾਂ ਵਾਲੀ ਵੰਗ। ਪਹਿਨਣ ਤੱਕਣ ਵਾਲਿਆਂ ਦੀ ਜਦ ਬਦਲੀ ਨੀਤ, ਕੱਜਣ ਦੀ ਥਾਂ ਵਸਤਰਾਂ ਸਗੋਂ ਉਘਾੜੇ ਅੰਗ। ਪੱਛਮ ਦੀ ਤਹਿਜ਼ੀਬ ਦਾ ਖੁਲ੍ਹਿਆ ਕਿੱਦਾਂ ਪਾਜ, ਨੰਗੀ ਲੇਟੀ ਸੜਕ ਤੇ ਹਿੱਪਣ ਪੀ ਕੇ ਭੰਗ। ਬੀਨ ਦੀ ਲੈ ਨੂੰ ਸੁਣਦਿਆਂ ਜਦ ਲਹਿਰਾਇਆ ਨਾਗ, ਸਮਝ ਲਿਆ ਮੈਂ ਏਸਦਾ ਬੱਝ ਗਿਆ ਹੈ ਡੰਗ। ਬੀਤੀ ਰੁੱਤ ਬਸੰਤ ਦੀ ਚੇਤੇ ਇਕੋ ਗੱਲ, ਪੇਚਾ ਲਾਇਆ ਏਸ ਨੇ ਲੁੱਟੀ ਓਸ ਪਤੰਗ। ਜੇ ਨਹੀਂ ਆਏ ਕੋਲ ਤੇ ਹੋ ਨਾ ਦਿਲਾ ਉਦਾਸ, ਖ਼ੈਰੀਂ ਮਿਹਰੀ ਹੋਣ ਉਹ ਸੁੱਖ ਉਹਨਾਂ ਦੀ ਮੰਗ।

ਕਾਗ਼ਜ਼ ਦੇ ਫੁੱਲਾਂ ਨੂੰ ਅਤਰ ਦਾ ਫੰਭਾ ਲਾਈਏ-ਗ਼ਜ਼ਲ

ਕਾਗ਼ਜ਼ ਦੇ ਫੁੱਲਾਂ ਨੂੰ ਅਤਰ ਦਾ ਫੰਭਾ ਲਾਈਏ, ਇਸ ਮੌਸਮ ਵਿਚ ਏਦਾਂ ਹੀ ਕਮਰਾ ਮਹਿਕਾਈਏ। ਕੈਸੇ ਸ਼ੀਸ਼-ਮਹਲ ਵਿਚ ਕੀਤਾ ਕੈਦ ਅਸਾਨੂੰ, ਅਕਸ ਪਕੜਦੇ ਕੰਧਾਂ ਤੋਂ ਮੱਥੇ ਭਨਵਾਈਏ। ਕੀ ਪੁੱਛਦੇ ਹੋ ਹਾਲ ਤਕਾਲੀਂ ਹਾਰੇ ਹੁੱਟੇ, ਥੱਕੇ ਟੁੱਟੇ ਜਿਸਮ ਘਸੀਟ ਘਰੀਂ ਲੈ ਜਾਈਏ। ਰਾਹ ਦੀ ਰੌਣਕ ਵਿਚ ਉਲਝ ਕੇ ਭੁੱਲ ਬੈਠੇ ਹਾਂ, ਘਰੋਂ ਤੁਰੇ ਸੀ ਬਨ੍ਹ ਕੇ ਕਿਸ ਮੰਜ਼ਿਲ ਦੇ ਦਾਈਏ। ਦਿਲ ਵਿਚ ਕੰਡਿਆਂ ਵਾਂਗੂੰ ਚੁਭਣ ਤੇਰੀਆਂ ਗੱਲਾਂ ਫੁੱਲਾਂ ਵਾਂਗੂੰ ਚੁਪ ਚਾਪ ਸੁਣੀਏ ਮੁਸਕਾਈਏ। ਵਕਤ ਦੇ ਪੈਰਾਂ ਹੇਠ ਨਾ ਵਿਛੀਏ ਸੜਕਾਂ ਵਾਂਗੂੰ, ਗੜ੍ਹਕਦਿਆਂ ਬੱਦਲਾਂ ਦੇ ਵਾਂਗੂੰ ਸਿਰ 'ਤੇ ਛਾਈਏ।

ਅੱਧੀ ਰਾਤ ਪਹਿਰ ਦੇ ਤੜਕੇ-ਗ਼ਜ਼ਲ

ਅੱਧੀ ਰਾਤ ਪਹਿਰ ਦੇ ਤੜਕੇ, ਅੱਖਾਂ ਵਿਚ ਉਨੀਂਦਾ ਰੜਕੇ। ਆਪਣਾ ਕਮਰਾ ਝਾੜਨ ਲਗਦਾਂ, ਦੂਰ ਕਿਤੇ ਜਦ ਕੁੰਡਾ ਖੜਕੇ। ਤੇਰੀ ਧੂੜ ਵੀ ਸੁਰਮੇ ਵਰਗੀ, ਸੱਜਣਾ ਦੇ ਪਿੰਡ ਜਾਂਦੀ ਸੜਕੇ। ਸਿਖ਼ਰ ਦੁਪਹਿਰੇ ਕਲ੍ਹ ਇਕ ਰਾਹੀ, ਡਿੱਗਾ ਆਪਣੀ ਛਾਂ ਵਿਚ ਅੜ ਕੇ। ਸਿੱਕ ਨਾ ਜਾਗੇ ਫੇਰ ਮਿਲਣ ਦੀ, ਆ ਏਦਾਂ ਵਿਛੜੀਏ ਲੜ ਕੇ। ਅੱਜ ਕਿਉਂ ਚੁੱਪ ਉਦਾਸ ਨੇ ਬੱਦਲ, ਬਿਜਲੀ ਨੂੰ ਹੀ ਆਖੋ ਕੜਕੇ । ਬੁਝਿਆ ਭਾਂਬੜ ਅਜੇ ਵੀ ਦਿਲ ਵਿਚ, ਕਦੀ ਕਦੀ ਚੰਗਿਆੜਾ ਭੜਕੇ। ਲੋ ਹੀ ਲੋ ਸੀ ਸੇਕ ਨਹੀਂ ਸੀ, ਦੇਖ ਲਿਆ ਮੈਂ ਜੁਗਨੂੰ ਫੜਕੇ। ਜੋ ਗੱਲ ਤੈਥੋਂ ਕਹਿ ਨਾ ਹੋਈ, ਉਹ ਮੇਰੇ ਵੀ ਦਿਲ ਵਿਚ ਰੜਕੇ। ਆਪਣੇ ਘਰ ਵਿਚ ਕੈਦ ਨੇ ਲੋਕੀਂ ਦਿਨ ਕੱਟਦੇ ਜੋ ਅੰਦਰ ਵੜਕੇ। ਜਾਨ ਰਹੀ ਨਾ ਤੇਰੇ ਬਾਝੋਂ, ਨਬਜ਼ ਤਾਂ ਚੱਲੇ ਦਿਲ ਵੀ ਧੜਕੇ।

ਉਂਜ ਤਾਂ ਮਾੜਾ ਹਾਲ ਨਹੀਂ-ਗ਼ਜ਼ਲ

ਉਂਜ ਤਾਂ ਮਾੜਾ ਹਾਲ ਨਹੀਂ, ਬੱਸ ਇਕ ਤੂੰ ਹੀ ਨਾਲ ਨਹੀਂ। ਜੀਣਾ ਸਿੱਖ ਫ਼ਕੀਰਾਂ ਤੋਂ, ਜੀਣਾ ਖ਼ਾਸ ਮੁਹਾਲ ਨਹੀਂ। ਐਵੇਂ ਵਾਧੂ ਗੱਲਾਂ ਨੇ, ਗ਼ਮ ਦਾ ਕੋਈ ਭਿਆਲ ਨਹੀਂ। ਅਜ ਕਿਸ ਪਾਸੇ ਚੱਲੇ ਹੋ? ਅਜ ਕਲ੍ਹ ਵਰਗੀ ਚਾਲ ਨਹੀਂ। ਹਾੜ ਤਪੰਦਾ ਤੇਰੇ ਬਿਨ, ਹੁੰਦਾ ਕੱਟ ਸਿਆਲ ਨਹੀਂ। ਇਹ ਕੈਸਾ ਇਕਲਾਪਾ ਹੈ, ਪਰਛਾਵਾਂ ਵੀ ਨਾਲ ਨਹੀਂ। ਦਰਸ਼ਨ ਤਾਂਘਦੀਓ ਅੱਖੀਓ, ਝੱਲੀ ਜਾਣੀ ਝਾਲ ਨਹੀਂ। ਗੀਤ ਚਮਨ ਦੇ ਗਾਉਂਦਾ ਹਾਂ, ਮੇਰੀ ਇਕ ਵੀ ਡਾਲ ਨਹੀਂ।

ਜਿਨ੍ਹਾਂ ਦੀ ਦੋਸਤੀ ਦੇ ਜੱਗ ਉਲਾਂਭੜੇ ਰਹੇ-ਗ਼ਜ਼ਲ

ਜਿਨ੍ਹਾਂ ਦੀ ਦੋਸਤੀ ਦੇ ਜੱਗ ਉਲਾਂਭੜੇ ਰਹੇ। ਉਹ ਵੀ ਅਸਲ 'ਚ ਅੰਦਰੋਂ ਰੁੱਸੇ ਲੜੇ ਰਹੇ। ਹੁੰਦਾ ਪਰ੍ਹੇ 'ਚ ਸੀ ਨਿਤਾਰਾ ਝੂਠ ਸੱਚ ਦਾ, ਕੁਝ ਲੋਕ ਬੂਹੇ ਭੀੜ ਕੇ ਅੰਦਰ ਵੜੇ ਰਹੇ। ਕੀਤੀ ਕਦੋਂ ਹੈ ਢਿਲ ਤਸੀਹੇ ਦੇਣ ਵਾਲਿਆ, ਪਰ ਸਿਦਕ ਵਾਲੇ ਆਪਣੀ ਗੱਲ ਤੇ ਅੜੇ ਰਹੇ। ਕਰੀਏ ਕਿਸੇ ਤੇ ਕੀ ਗਿਲਾ ਕਿ ਦਿਲ ਅਤੇ ਦਿਮਾਗ਼, ਹਰ ਔਖ ਵੇਲੇ ਆਪੋ ਵਿਚ ਹੀ ਖਹਿਬੜੇ ਰਹੇ। ਕੀ ਕਹੀਏ ਕਿੰਜ ਦਰਦ ਦੀ ਦੌਲਤ ਨੂੰ ਸਾਂਭਿਆ, ਐਵੇਂ ਨਹੀਂ ਇਹ ਚੁੱਪ ਦੇ ਜੰਦਰੇ ਜੁੜੇ ਰਹੇ। ਮੈਥੋਂ ਹੀ ਮੁੱਲ ਟੁੱਕ ਨਾ ਹੋਇਆ ਜ਼ਮੀਰ ਦਾ, ਉਂਜ ਲੋੜਵੰਦ ਗਾਹਕ ਤਾਂ ਮਿਲਦੇ ਬੜੇ ਰਹੇ। ਦੱਸਿਆ ਮੁਸਾਫ਼ਰਾਂ ਨੂੰ ਹੈ ਮੰਜ਼ਿਲ ਦਾ ਫ਼ਾਸਲਾ, ਮੰਨਿਆ ਕਿ ਮੀਲ ਵਾਂਗ ਹਾਂ ਇਕ ਥਾਂ ਖੜੇ ਰਹੇ। ਜਿਨ੍ਹਾਂ ਉਸਾਰੀਆਂ ਨੇ ਇਹ ਉੱਚੀਆਂ ਇਮਾਰਤਾਂ, ਮੈਂ ਦੇਖਿਆ ਉਹ ਲੋਕ ਨੇ ਸੌਂਦੇ ਰੜੇ ਰਹੇ। ਕੁਝ ਵੀ ਕਿਹਾ ਹੈ ਪੰਡਤਾਂ ਭਾਈਆਂ ਮੁਲਾਣਿਆਂ, ਮੈਂ ਜਾਣਿਆਂ ਹੈ ਜੱਗ ਵਿਚ ਦੋ ਹੀ ਧੜੇ ਰਹੇ।

ਘਰ ਘਰ ਵਿਚ ਹਨ੍ਹੇਰਾ ਹੈ-ਗ਼ਜ਼ਲ

ਘਰ ਘਰ ਵਿਚ ਹਨ੍ਹੇਰਾ ਹੈ, ਕੇਹੋ ਜਿਹਾ ਸਵੇਰਾ ਹੈ ? ਦਿਨ ਦਫ਼ਤਰ ਵਿਚ ਕੱਟਦੇ ਹਾਂ, ਘਰ ਤਾਂ ਰੈਣ-ਬਸੇਰਾ ਹੈ। ਰੂਹ ਦਾ ਜ਼ਿਕਰ ਨਾ ਕਰਿਆ ਕਰ, ਦੇਹ ਦਾ ਦੁੱਖ ਬਥੇਰਾ ਹੈ। ਇਕੋ ਘਰ ਦੇ ਜੀਆਂ ਦਾ, ਵੱਖੋ ਵੱਖਰਾ ਘੇਰਾ ਹੈ। ਏਥੇ ਕੁਝ ਵੀ ਆਪਣਾ ਨਹੀਂ, ਸਭ ਕੁਝ ਤੇਰਾ ਮੇਰਾ ਹੈ। ਕੰਡਿਆਂ ਵਿਚ ਮੁਸਕੌਂਦੇ ਨੇ, ਫੁੱਲਾਂ ਦਾ ਹੀ ਜੇਰਾ ਹੈ।

ਉਹ ਕਹਿ ਕੇ ਤੁਰ ਗਏ ਤੂੰ-ਗ਼ਜ਼ਲ

ਉਹ ਕਹਿ ਕੇ ਤੁਰ ਗਏ ਤੂੰ ਜ਼ਬਰ ਦੇਖ ਜ਼ੋਰ ਤੱਕ, ਖ਼ਬਰੇ ਕੀ ਸੋਚਦਾ ਰਿਹਾ ਬੈਠਾ ਮੈਂ ਦੇਰ ਤੱਕ । ਲਗਦਾ ਹੈ ਤੇਰਾ ਰਹਿ ਗਿਆ ਕੁਝ ਏਥੇ ਸਹਿ-ਸੁਭਾ, ਓਸੇ ਤਰ੍ਹਾਂ ਹੀ ਮੇਰੀਆਂ ਅੱਖਾਂ 'ਚ ਫੇਰ ਤੱਕ। ਪੁੱਛਦਾ ਸਵੇਰੇ ਰੋਜ਼ ਹੈ ਚਾਨਣ ਦਿਮਾਗ਼ ਦਾ, ਕਿਨ੍ਹਾਂ ਕੁ ਸਫ਼ਰ ਹੋਰ ਹੈ ਦਿਲ ਦੇ ਹਨ੍ਹੇਰ ਤੱਕ। ਖ਼ਬਰੇ ਕਦੋਂ ਕੁ ਹੋਏਗਾ ਜੱਗ ਸਾਰਾ ਆਪਣਾ, ਹਾਲੇ ਤਾਂ ਮਰਕੇ ਸਿਲਸਲਾ ਹੈ ਤੇਰ ਮੇਰ ਤੱਕ। ਹਾਂ ਠੀਕ ਹੈ ਇਹੋ ਹੀ ਬਸ ਜੀਵਨ ਦਾ ਮੌਅਜ਼ਜ਼ਾ ਸਾਹਾਂ ਦਾ ਜੋ ਸੰਘਰਸ਼ ਹੈ ਮਿੱਟੀ ਦੇ ਢੇਰ ਤੱਕ।

ਲਹਿਰਾਂ ਸਦਿਆ ਸੀ ਸਾਨੂੰ ਵੀ-ਗ਼ਜ਼ਲ

ਲਹਿਰਾਂ ਸਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ, ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ। ਐਵੇਂ ਹੇਜ ਨਾ ਵਖਾਲ ਸਾਡੇ ਢਾਰਿਆਂ ਦੇ ਨਾਲ, ਤੇਰਾ ਆਉਣ ਜਾਣ ਉੱਚਿਆਂ ਚੁਬਾਰਿਆਂ ਦੇ ਨਾਲ। ਜਾਓ ਲਭ ਕੇ ਲਿਆਓ ਕਿਥੇ ਰਹੀ ਓਹ ਨਜ਼ਰ, ਜਿਹੜੀ ਉਲਝੀ ਸੀ ਸੋਹਣਿਆਂ ਨਜ਼ਾਰਿਆਂ ਦੇ ਨਾਲ। ਅੱਗੇ ਤੁਰਿਆ ਨਾ ਜਾਏ ਪਿੱਛੇ ਪਰਤਿਆ ਨਾ ਜਾਏ, ਕਿਨ੍ਹਾਂ ਰਾਹਾਂ ਉੱਤੇ ਆਏ ਤੇਰੇ ਲਾਰਿਆਂ ਦੇ ਨਾਲ। ਅੱਜ ਭਟਕਦੇ ਖ਼ਿਆਲ ਵਾ-ਵਰੋਲਿਆਂ ਦੇ ਵਾਂਗ, ਕਲ੍ਹ ਖੇਡਦੇ ਸੀ ਰੰਗਲੇ ਗ਼ੁਬਾਰਿਆਂ ਦੇ ਨਾਲ।

ਜਮ ਜਮ ਜਾਵੀਂ ਜੋਤ ਜਗੌਂਦਾ-ਗ਼ਜ਼ਲ

ਜਮ ਜਮ ਜਾਵੀਂ ਜੋਤ ਜਗੌਂਦਾ, ਚੰਨ ਸ਼ੁਕਰ ਤੋਂ ਪਰੇ ਉਚੇਰਾ, ਦੇਖੀਂ ਪਰ ਜਗਿਆਸੂ ਕਿਧਰੇ, ਦਿਲ ਵਿਚ ਨਾ ਹੋ ਜਾਏ ਹਨ੍ਹੇਰਾ। ਕਿੰਨੇ ਚਿਰ ਤੋਂ ਸੁੰਨ-ਸਰਾਪੇ, ਘਰ ਵਿਚ ਕਾਲੇ ਗ਼ਮ ਦਾ ਡੇਰਾ, ਕਿਰਨ ਜਹੀ ਇਕ ਯਾਦ ਅਜੇ ਵੀ, ਕਦੀ ਕਦੀ ਰੰਗ ਜਾਏ ਬਨ੍ਹੇਰਾ। ਤੇਰੇ ਲਈ ਜੋ ਕਲ੍ਹ ਗੌਹੁੰਦਾ ਸੀ, ਸਾਰੇ ਜੱਗ ਦਾ ਚਾਰ ਚੁਫੇਰਾ, ਉਸਤੋਂ ਅੱਜ ਉਲੰਘ ਨਹੀਂ ਹੁੰਦਾ, ਇਕ ਨਿੱਕੇ ਜਹੇ ਘਰ ਦਾ ਘੇਰਾ। ਬੜੀ ਛਲੇਡੀ ਹੈ ਜੱਗ-ਰਚਨਾ, ਕਦੀ ਜਾਪਦੀ ਔਖਾ ਮਾਰਗ, ਕਦੀ ਕਦੀ ਇਹ ਜਾਪੇ ਮੰਜ਼ਿਲ, ਕਦੀ ਸਿਰਫ਼ ਇਕ ਰੈਣ-ਬਸੇਰਾ। ਦਿਲ ਦੀ ਦ੍ਰਿਸ਼ਟੀ ਨੂੰ ਕੀ ਕਹੀਏ, ਇਸ ਨੇ ਤਕਿਆ ਕਿੰਨੀ ਵਾਰੀ, ਅੱਧੀ ਰਾਤੀਂ ਸੂਰਜ ਦਗਦਾ, ਅਤੇ ਕਦੀ ਲੋ-ਹੀਣ ਸਵੇਰਾ। ਸੂਰਜ ਪਾ ਝੋਲੀ ਇਕ ਸੱਜਣ, ਕਲ੍ਹ ਵੰਡਦਾ ਸੀ ਬੁਕ ਚਾਨਣ ਦੇ, ਉਸਦੇ ਲਾਗੋਂ ਮਾਰ ਖੰਘੂਰਾ, ਲੰਘਿਆ ਕਾਲਾ ਘੁੱਪ ਹਨ੍ਹੇਰਾ। ਸਾਗਰ ਵਿਚੋਂ ਕਤਰਾ ਵੀ ਨਹੀਂ, ਜੋ ਆਇਆ ਹੈ ਤੇਰੇ ਹਿੱਸੇ, ਕਾਹਦਾ ਮਾਣ ਕਰੇਂ ਤੂੰ ਐ ਦਿਲ, ਗ਼ਮ ਹੈ ਹਾਲੀ ਹੋਰ ਬਥੇਰਾ।

ਚੰਗੇ ਨਹੀਂ ਆਸਾਰ ਨਗਰ ਦੇ-ਗ਼ਜ਼ਲ

ਚੰਗੇ ਨਹੀਂ ਆਸਾਰ ਨਗਰ ਦੇ, ਊਂਘਣ ਪਹਿਰੇਦਾਰ ਨਗਰ ਦੇ। ਰੰਗ ਬਰੰਗੀਆਂ ਰੌਸ਼ਨੀਆਂ ਵਿਚ, ਗੰਧਲੇ ਕਾਰੋਬਾਰ ਨਗਰ ਦੇ। ਇਸਦੀ ਰੂਹ ਹੈ ਗੰਦਾ ਨਾਲਾ, ਜੋ ਵਗਦਾ ਵਿਚਕਾਰ ਨਗਰ ਦੇ। ਉੱਚੇ ਮਹਿਲ ਮੁਨਾਰੀਂ ਵੱਸਣ, ਸਭ ਨੀਵੇਂ ਕਿਰਦਾਰ ਨਗਰ ਦੇ। ਕੱਢ ਲੈਂਦੇ ਨੇ ਅਤਰ ਬਦਨ ਦਾ, ਕਾਰੀਗਰ ਅੱਤਾਰ ਨਗਰ ਦੇ। ਚਲਦੇ ਚਿੱਟੇ ਚਾਨਣ ਵਿਚ ਹੀ, ਸਭ ਕਾਲੇ ਬਾਜ਼ਾਰ ਨਗਰ ਦੇ। ਰੌਣਕ ਵਿਚ ਕੱਟਦੇ ਇਕਲਾਪਾ, ਲੋਕ ਬੜੇ ਖ਼ੁਦ-ਦਾਰ ਨਗਰ ਦੇ। ਜੀ ਲਗ ਜਾਊ ਹੌਲੀ-ਹੌਲੀ, ਸਿੱਖੋ ਚੱਜ ਆਚਾਰ ਨਗਰ ਦੇ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸੋਹਣ ਸਿੰਘ ਮੀਸ਼ਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ