ਝੁੰਮਰ ਲੋਕ ਨਾਚ ਸਾਂਭਣ ਯੋਗ ਵਿਰਾਸਤੀ ਖ਼ਜ਼ਾਨਾ : ਗੁਰਭਜਨ ਗਿੱਲ

ਡਾ. ਸ਼ਰਦੇਵ ਸਿੰਘ ਗਿੱਲ ਸਿਰ ਤੋਂ ਪੈਰਾਂ ਤੀਕ ਲੋਕ ਨਾਚਾਂ ਨੂੰ ਪ੍ਰਣਾਇਆ ਹੋਇਆ ਮੇਰਾ ਬਹੁਤ ਪਿਆਰਾ ਤੇ ਉਤਸ਼ਾਹੀ ਨਿੱਕਾ ਵੀਰ ਸੀ। ਜਲਦੀ ਪੱਲਾ ਛੁਡਾ ਗਿਆ। ਕਿੰਨੇ ਕੰਮ ਅੱਧ ਅਧੂਰੇ ਛੱਡ ਕੇ। ਲੋਚ ਨਾਚਾਂ ਦੇ ਪ੍ਰਮਾਣੀਕ ਰੂਪ ਸਰੂਪ ਲੱਭਣੇ, ਉਨ੍ਹਾਂ ਦੇ ਇਤਿਹਾਸਕ ਸਰੋਤ ਲੱਭ ਲਭਾ ਕੇ ਲਿਖਤੀ ਰੂਪ ਵਿੱਚ ਪੇਸ਼ ਕਰਨਾ ਸੀ ਉਸਨੇ ਅਜੇ। ਅਜੇ ਤਾਂ ਗੋਹੜੇ ਵਿੱਚੋਂ ਉਸ ਨੇ ਪਹਿਲੀ ਪੂਣੀ ਹੀ ਕੱਤੀ ਸੀ ਕਿ ਧੁਰ ਦਰਗਾਹੋਂ ਸੱਦੜੇ ਆ ਗਏ।

ਉਸ ਦੀ ਅਸੀਮ ਸਮਰੱਥਾ ਤੇ ਪ੍ਰੇਰਨਾ ਕਾਰਨ ਹਿ ਉਹ ਜਿੱਧਰ ਗਿਆ, ਲੋਕ ਨਾਚਾਂ ਦੇ ਬੀਜ ਕੇਰਦਾ ਗਿਆ।

ਦੋਸਤੋ! ਆਪਾਂ ਸਭ ਜਾਣਦੇ ਹਾਂ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਪੰਜਾਬ ਦੇ ਲੋਕ ਨਾਚ ਅੱਜ ਵੀ ਰਾਵੀ ਦਰਿਆਂ ਦੇ ਦੋਹੀਂ ਪਾਸੀਂ ਭਾਰਤ ਤੇ ਪਾਕਿਸਤਾਨ ਵਿੱਚ ਇਕੋ ਜਿਹੀ ਵਜਦ ਵਿੱਚ ਵਹਿੰਦੇ, ਨੱਚਦੇ, ਗਾਉਂਦੇ ਤੇ ਧਰਤੀਆਂ ਸਿੰਜ ਰਹੇ ਨੇ। ਵੱਖ-ਵੱਖ ਥਾਂਈ ਪਏ ਅੜਿੱਕੇ ਡੈਮ ਬਣ ਕੇ ਜਿਵੇਂ ਜਲ ਧਾਰਾ ਦਾ ਵਹਿਣ ਡੱਕਦੇ ਨੇ, ਉਵੇਂ ਹੀ ਇਨ੍ਹਾਂ ਦਰਿਆਵਾਂ ਕੰਢੇ ਵੱਸਦੇ ਲੋਕਾਂ ਦੇ ਚਾਵਾਂ, ਖੁਸ਼ੀਆਂ ਉਮੰਗਾ ਤੇ ਦਿਲ ਦੀਆਂ ਤਰਬਾਂ ਨੂੰ ਛਾਂਗਦੇ ਕੱਟਦੇ ਰਹਿੰਦੇ ਹਨ, ਪਰ ਲੋਕ-ਮਾਨਸਿਕਤਾ 'ਚ ਦਰਿਆ ਨਿਰੰਤਰ ਵਹਿੰਦੇ, ਨੱਚਦੇ ਤੇ ਗਾਉਂਦੇ ਪ੍ਰਤੀਤ ਹੁੰਦੇ ਹਨ। ਸਾਡੇ ਕੋਲ ਰਾਵੀਉਂ ਏਧਰਲੇ ਪਾਰ ਭਾਵੇਂ ਢਾਈ ਦਰਿਆ ਰਹਿ ਗਏ ਹਨ, ਪਰ ਨਾਚ ਤਾਂ ਪੰਜ ਦਰਿਆਵਾਂ ਨੇ ਹੀ ਵੱਖ ਵੱਖ ਅੰਦਾਜ਼ ਵਿੱਚ ਜਣੇ ਹਨ।

ਇਨ੍ਹਾਂ ਲੋਕ ਨਾਚਾਂ ਨੂੰ ਸਮਝਣਾ, ਸਮਝਾਉਣਾ ਤੇ ਲੋਕ-ਮੁਹਾਵਰੇ ਵਿੱਚ ਗਿਆਨੀਆਂ ਧਿਆਨੀਆਂ ਦੇ ਰੂਬਰੂ ਲਿਆਉਣਾ ਬੇਹੱਦ ਜ਼ਰੂਰੀ ਸੀ। ਸਿਆਲਕੋਟੀ ਅੰਦਾਜ਼ ਦੇ ਭੰਗੜੇ ਵਰਗੇ ਕੁਝ ਲੋਕ ਨਾਚ ਹਾਲੇ ਵੀ ਲੋਕ-ਸਰਪ੍ਰਸਤੀ ਕਾਰਨ ਆਪਣੇ ਸਹੀ ਸਰੂਪ ਨੂੰ ਸੰਭਾਲੀ ਬੈਠੇ ਹਨ। ਖੋਖਰ ਫੌਜੀਆਂ(ਗੁਰਦਾਸਪੁਰ) ਵਾਲੇ ਮਾਸਟਰ ਹਰਭਜਨ ਸਿੰਘ ਦੀ ਹਿੰਮਤ ਸਦਕਾ ਪੂਰਾ ਮਾਝਾ ਅਜੇ ਵੀ ਸਿਆਲਕੋਟੀ ਭੰਗੜਾ ਪਾਉਣ ਦੇ ਸਮਰੱਥ ਹੈ। ਉਸ ਦੇ ਚੇਲੇ ਬਾਲਕੇ ਅੱਗਿਓਂ ਅੱਗੇ ਇਸ ਅਸਲ ਸਿਆਲਕੋਟੀ ਅੰਦਾਜ਼ ਵਾਲੇ ਭੰਗੜੇ ਦੀ ਪਨੀਰੀ ਲਾ ਰਹੇ ਹਨ।

ਅਬੋਹਰ, ਫੀਰੋਜ਼ਪੁਰ, ਫ਼ਾਜ਼ਿਲਕਾ, ਜਲਾਲਾਬਾਦ ਇਲਾਕਿਆਂ ਵਿੱਚ ਵੱਸਦੇ ਰਾਏ ਸਿੱਖਾਂ ਦੇ ਵਡਪੁਰਖੇ ਬਾਬਾ ਪੋਖਰ ਸਿੰਘ ਦੀ ਕੋਸ਼ਿਸ਼ ਸਦਕਾ ਝੁੰਮਰ ਦਾ ਅਸਲ ਸਹਿਜਵੰਤੀ ਸਰੂਪ ਬਚ ਗਿਆ ਹੈ।

ਝੁੰਮਰ ਉਨ੍ਹਾਂ ਲੋਕ ਨਾਚਾਂ ਵਿੱਚੋਂ ਇੱਕ ਹੈ, ਜਿਸ ਨੇ ਆਪਣੀ ਸਹਿਜ ਮਟਕਵੀਂ ਤੌਰ ਨੂੰ ਇਸ ਖਿਤੇ ਦੇ ਕਲਾਕਾਰਾਂ ਨੇ ਬਾਜ਼ਾਰ ਦੀ ਪਾਹ ਨਹੀਂ ਲੱਗਣ ਦਿੱਤੀ । ਭਲਾ ਹੋਵੇ ਬਾਬਾ ਪੋਖਰ ਸਿੰਘ ਦੀ ਦੂਰ-ਦ੍ਰਿਸ਼ਟੀ ਦਾ, ਜਿਸ ਨੇ ਉਮਰ ਦੇ ਆਖ਼ਰੀ ਪਹਿਰ ਵਿੱਚ ਇਸ ਖਿੱਤੇ ਦੇ ਨੌਜਵਾਨਾਂ ਨੂੰ ਲੋਕ ਨਾਚ ਝੁੰਮਰ ਦੀ ਸਿਖਲਾਈ ਦੇ ਕੇ ਅਮਰ ਕਰ ਦਿੱਤਾ।

ਸਾਡਾ ਧੰਨਭਾਗ ਹੈ ਕਿ ਸ. ਸ਼ਰਦੇਵ ਸਿੰਘ ਗਿੱਲ ਬਾਬਾ ਪੋਖਰ ਸਿੰਘ ਦੇ ਪਹਿਲ ਪਲੇਠੇ ਪੜ੍ਹੇ-ਲਿਖੇ ਸ਼ਾਗਿਰਦਾਂ 'ਚੋਂ ਇੱਕ ਹਨ, ਜਿੰਨ੍ਹਾਂ ਨੇ ਲਗਪਗ ਇੱਕ ਦਹਾਕਾ ਬਾਬਾ ਜੀ ਦਾ ਸਾਥ ਮਾਣਿਆ। ਝੁੰਮਰ ਲੋਕ ਨਾਚ ਦੀਆਂ ਬਾਰੀਕੀਆਂ, ਤਕਨੀਕਾਂ, ਸਰੂਪ, ਚਾਲਾਂ ਦਾ ਸੁੱਚਮ, ਸਹਿਜ ਸਮਤੋਲ, ਸਜੀਵ ਸਾਦੀ ਪੇਸ਼ਕਾਰੀ ਦੇ ਹਰ ਨੁਕਤੇ ਨੂੰ ਸਮਝਿਆ ਅਤੇ ਇਸ ਨੂੰ ਪੁਸਤਕ ਰੂਪ ਵਿੱਚ ਪਾਠਕਾਂ ਹਵਾਲੇ ਕੀਤਾ।

ਸ਼ਰਦੇਵ ਸਿੰਘ ਗਿੱਲ ਆਪ ਤਾਂ ਚਲੇ ਗਏ ਪਰ ਅਮਾਨਤ ਪੂੰਜੀ ਇਸ ਪੁਸਤਕ ਦੇ ਰੂਪ ਵਿੱਚ ਭਵਿੱਖ ਪੀੜ੍ਹੀਆਂ ਨੂੰ ਸੌਂਪ ਗਏ ਹਨ। ਸਾਡੀ ਨਿੱਕੀ ਭੈਣ ਤੇ ਸਮਰੱਥ ਨਾਵਲਕਾਰ ਇਸ ਖੋਜ ਪੁਸਤਕ ਦੇ ਪ੍ਰਕਾਸ਼ਨ ਲਈ ਮੁਬਾਰਕ ਦੀ ਹੱਕਦਾਰ ਹੈ।

ਡਾ. ਸ਼ਰਦੇਵ ਸਿੰਘ ਗਿੱਲ ਕਲਾਵੰਤ ਵਿਅਕਤੀ ਹਨ, ਜੋ ਨਿਰੰਤਰ ਕਾਰਜਸ਼ੀਲ ਕਾਮੇ ਵਾਂਗ ਸਿੱਖਿਆ ਤੰਤਰ 'ਚ ਵਿਚਰਦੇ ਹੋਏ ਲੋਕ ਸੱਭਿਆਚਾਰ ਵਿਚਲੇ ਜੀਵੰਤ ਹਿੱਸੇ ਲੋਕ ਨਾਚ ਨੂੰ ਵੀ ਸੰਭਾਲਦੇ ਸਨ। ਆਪਣੀਆਂ ਪੈੜਾਂ ਲਗਾਤਾਰ ਡੂੰਘੀਆਂ ਕਰਦੇ ਰਹਿੰਦੇ ਸਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਸੇਵਾ ਮੁਕਤੀ ਉਪਰੰਤ ਸਾਲ 2013 ਵਿੱਚ ਮੈਂ ਜਦ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਨਿਯੁਕਤ ਹੋਇਆ ਤਾਂ ਡਾ. ਸ਼ਰਦੇਵ ਸਿੰਘ ਗਿੱਲ ਨੂੰ ਬੇਅੰਤ ਚਾਅ ਚੜ੍ਹਿਆ। ਹੁਣ ਵੱਧ ਮਿਲ ਸਕਾਂਗੇ ਆਪਾਂ, ਉਸ ਕਿਹਾ। ਉਹ ਮਾਲਵਾ ਕਾਲਿਜ ਬਠਿੰਡਾ ਵਿੱਚ ਪ੍ਰਿੰਸੀਪਲ ਬਣਿਆ ਤਾਂ ਉਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੁਵਕ ਮੇਲਾ ਆਪਣੇ ਕਾਲਿਜ ਵਿੱਚ ਕਰਵਾਇਆ। ਇੱਕ ਸੈਸ਼ਨ ਵਿੱਚ ਮੈਨੂੰ ਵੀ ਮੁੱਖ ਮਹਿਮਾਨ ਵਜੋਂ ਬੁਲਾਇਆ ਤੇ ਆਦਰ ਮਾਣ ਕੀਤਾ।

ਉਸ ਤੋਂ ਬਾਅਦ ਉਸ ਨਾਲ ਦੋ ਤਿੰਨ ਮੁਲਾਕਾਤਾਂ ਹੋਈਆਂ। ਉਸ ਦੱਸਿਆ ਕਿ ਉਹ ਝੁੰਮਰ ਲੋਕ ਨਾਚ ਬਾਰੇ ਕਿਤਾਬ ਲਿਖ ਰਿਹਾ ਹੈ। ਝੁੰਮਰ ਲੋਕ ਨਾਚ ਦੇ ਪਿਛੋਕੜ, ਇਸ ਦੇ ਅਲੱਗ-ਅੱਲਗ ਐਕਸ਼ਨ (ਮੁਦਰਾਵਾਂ) ਅਤੇ ਇਸ ਦੀ ਸੱਭਿਆਚਾਰਕ ਮਹਾਨਤਾ, ਪਹਿਰਾਵਾਂ, ਸੰਬੰਧਿਤ ਬੋਲੀਆਂ, ਨਾਚ ਦੌਰਾਨ ਪਹਿਨਣ ਵਾਲੇ ਗਹਿਣੇ ਬਾਬਾ ਪੋਖਰ ਸਿੰਘ ਦੇ ਮਨ ਚਿੱਤ ਤੋਂ ਯੂਨੀਵਰਸਿਟੀਆਂ ਕਾਲਜਾਂ ਦੇ ਮੁਕਾਬਲਿਆਂ ਵਿੱਚ ਪੇਸ਼ਕਾਰੀ ਦੀ ਵਾਰਤਾ ਤੋਂ ਇਲਾਵਾ ਮੀਡੀਆ ਦਾ ਸਹਿਯੋਗੀ ਪੱਖ, ਵੱਖ-ਵੱਖ ਹਾਦਸੇ ਤੇ ਯਾਦਾਂ, ਕੁਝ ਯਾਦਗਾਰੀ ਤਸਵੀਰਾਂ ਤੇ ਮੁਲਾਕਾਤਾਂ ਇਸ ਪੁਸਤਕ ਦਾ ਸ਼ਿੰਗਾਰ ਬਣਨਗੀਆਂ। ਉਸ ਨੇ ਸਾਰਾ ਕੁਝ ਇਸ ਕਿਤਾਬ ਵਿੱਚ ਮੋਤੀਆਂ ਵਾਂਗ ਸਜਾ ਦਿੱਤਾ।

ਮੈਂ ਜਦ ਕਦੇ ਵੀ ਝੁੰਮਰ ਲੋਕ ਨਾਚ ਦੀ ਪੇਸ਼ਕਾਰੀ ਕਿਤੇ ਵੀ ਵੇਖਦਾ ਹਾਂ ਤਾਂ ਲੱਗਦਾ ਦਰਿਆ ਦੀਆਂ ਲਹਿਰਾਂ ਨਾਚ ਨੱਚ ਰਹੀਆਂ ਨੇ। ਅਲੌਕਿਕ ਮੁਦਰਾਵਾਂ ਨਿਭਾਉਂਦੀਆਂ, ਲਟਕ ਮਟਕ ਲਟਬੌਰੀਆਂ, ਦਰਸ਼ਕਾਂ ਦੇ ਮਨ ਚਿੱਤ 'ਚ ਮਿਸ਼ਰੀ ਘੋਲਦੀਆਂ ਹਨ।

ਡਾ. ਸ਼ਰਦੇਵ ਸਿੰਘ ਗਿੱਲ ਨੇ ਇਸ ਲੋਕ ਨਾਚ ਬਾਰੇ ਕਾਫ਼ੀ ਭਰਮ ਭੁਲੇਖੇ ਦੂਰ ਕੀਤੇ ਹਨ।

ਮੈਂ ਵੀ ਪਹਿਲਾਂ ਇਹੀ ਸਮਝਦਾ ਸੀ ਕਿ, ਇਹ ਕਿਸੇ ਵਿਸ਼ੇਸ਼ ਕਬੀਲੇ ਦਾ ਨਾਚ ਹੈ, ਪਰ ਅਸਲ 'ਚ ਇਹ ਦਰਿਆਵਾਂ ਕੰਢੇ ਵੱਸਦੇ ਛਬੀਲੇ ਬੇਬਾਕ ਦਰਿਆਦਿਲ ਗੱਭਰੂਆਂ ਦੇ ਮਨ ਦੀ ਲਹਿਰ ਦਾ ਨਾਚ ਹੈ।

ਇਸ ਨੂੰ ਸਭ ਤੋਂ ਵਧੇਰੇ ਰਾਏ ਸਿੱਖ ਭਾਈਚਾਰੇ ਨੇ ਆਪਣਾਇਆ ਤੇ ਨਿਭਾਇਆ ਹੈ, ਪਰ ਇਸ ਦਾ ਅਰਥ ਇਹ ਨਾ ਲੈ ਲਿਆ ਜਾਵੇ ਕਿ ਇਸ ਸਿਰਫ਼ ਇਸੇ ਭਾਈਚਾਰੇ ਦਾ ਨਾਚ ਹੈ।

ਕਿਉਂਕਿ ਦਰਿਆਵਾਂ ਕੰਢੇ ਵੱਸਣ ਵਾਲੇ ਬਹੁਤੇ ਰਾਏ ਸਿੱਖ ਭਾਈਚਾਰੇ ਦੇ ਵੀਰ ਹਨ, ਇਸ ਲਈ ਇਨ੍ਹਾਂ ਸਾਹਮਣੇ ਦਰਿਆ ਹੀ ਉਸਤਾਦ ਰੂਪ 'ਚ ਹਾਜ਼ਰ ਸੀ। ਵੱਡਾ ਵੀਰ ਬਣ ਕੇ ਦਰਿਆ ਝੁੰਮਰ ਨਾਚ ਨਿੱਕਿਆਂ ਨੂੰ ਲਗਾਤਾਰ ਸਿਖਾਉਂਦਾ ਰਹਿੰਦਾ।

ਮੈਂ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਬਣੇ ਅਲਹਮਰਾ ਸੱਭਿਆਚਾਰਕ ਕੇਂਦਰ ਵਿੱਚ ਝੁੰਮਰ ਲੋਕ ਨਾਚ ਨੂੰ 1997 'ਚ ਪਹਿਲੀ ਵਾਰ ਵੇਖਿਆ ਸੀ ਤੇ ਦੂਜੀ ਵਾਰ 2024 ਵਿੱਚ।

ਲੋਕ ਵਿਰਸਾ ਸੰਸਥਾ ਇਸਲਾਮਾਬਾਦ (ਪਾਕਿਸਤਾਨ) ਨੇ ਵੀ ਝੁੰਮਰ, ਲੁੱਡੀ ਤੇ ਧਮਾਲ ਵਰਗੇ ਅਲੋਪ ਹੋ ਰਹੇ ਲੋਕ ਨਾਚਾਂ ਨੂੰ ਦਸਤਾਵੇਸ਼ੀ ਪ੍ਰਮਾਣ ਵਜੋਂ ਰੀਕਾਰਡ ਕੀਤਾ ਹੈ। ਦਰਿਆਵਾਂ ਦੀ ਮਸਤ ਤੋਰ ਜਿਹਾ ਇਹ ਝੁੰਮਰ ਲੋਕ-ਨਾਚ ਕਿਸੇ ਹੋਰ ਲੋਕ ਨਾਚ ਨਾਲ ਮੇਲ ਨਹੀਂ ਖਾਂਦਾ। ਇਸ ਦੀ ਪੇਸ਼ਕਾਰੀ ਦਾ ਸਹਿਜ ਸੁਭਾਅ ਵਾਲਾ ਅੰਦਾਜ਼ ਬਰਕਰਾਰ ਰੱਖਣਾ ਬੇਹੱਦ ਜ਼ਰੂਰੀ ਹੈ।

ਪਹਿਲਾਂ ਸਿਆਲਕੋਟੀ ਭੰਗੜੇ ਦੀ ਵੀ ਯੂਨੀਵਰਸਿਟੀ ਮੁਕਾਬਲਿਆਂ ਅਤੇ ਬਾਜ਼ਾਰੂ ਮੁਦਰਾਵਾਂ ਨੇ ਜੱਖਣਾ ਪੁੱਟੀ ਹੈ।

ਹੁਣ ਮਲਵਈ ਗਿੱਧੇ ਦੀ ਵਾਰੀ ਆ ਗਈ ਹੈ। ਮਲਵਈ ਗਿੱਧੇ ਵਿਚਲਾਂ ਲੋਕ ਰਵਾਇਤੀ ਅੰਦਾਜ਼ ਗੈਰ-ਹਾਜ਼ਰ ਹੋ ਰਿਹਾ ਹੈ। ਬਦਲਵੇਂ ਸਾਜ਼, ਅੰਦਾਜ਼ ਤੇ ਮੁਦਰਾਵਾਂ ਵਿੱਚ ਖੋਟ ਰਲ ਰਹੀ ਹੈ। ਬੋਲੀਆਂ ਵਿਚਲਾ ਆਪ ਮੁਹਾਰਾਪਣ ਵੀ ਗੁਆਚ ਰਿਹਾ ਹੈ। ਨੱਚਦੀ ਜਵਾਨੀ ਕਲਚਰਲ ਸੋਸਾਇਟੀ ਅਤੇ ਚੱਠੇ ਸੇਖਵਾਂ (ਸੰਗਰੂਰ) ਵਾਲੀ ਪੁਰਾਣੀ ਟੀਮ ਵਾਲਾ ਅੰਦਾਜ਼ ਅੱਜ ਲੁਪਤ ਹੈ। ਤੇਜ਼ ਰਫਤਾਰ ਅਤੇ ਮੰਚ ਪੇਸ਼ਕਾਰੀ ਲੋੜਾਂ ਨੇ ਉਸਨੂੰ ਪਰੋਸਣ ਯੋਗ ਲੋਕ ਵਸਤੂ ਬਣਾ ਦਿੱਤਾ ਹੈ।

ਰਾਜ ਕਸ਼ਮੀਰੀ ਜੀ ਨੇ ਇਹ ਸ਼ੇਅਰ ਤਾਂ ਭਾਵੇਂ ਹੋਰ ਪ੍ਰਸੰਗ ਵਿੱਚ ਲਿਖਿਆ ਸੀ ਸੀ, ਪਰ ਏਥੇ ਵੀ ਬਹੁਤ ਵਾਜਬ ਹੈ—

ਉਹਦਾ ਅੰਦਾਜ਼ ਹੋ ਜਾਂਦਾ ਏ,
ਖ਼ਚਰੀ ਵੇਸਵਾ ਵਰਗਾ,
ਕਲਾ ਜਦ ਰਾਜ ਦਰਬਾਰੇ,
ਸਲਾਮਾਂ ਕਰਨ ਲੱਗਦੀ ਏ।

ਦਰਿਆਵਾਂ ਕੰਢੇ ਜਾਏ ਸਾਦ-ਮੁਰਾਦੇ ਰਾਏ ਸਿੱਖਾਂ ਦਾ ਸੰਭਾਲਿਆ ਇਹ ਲੋਕ ਨਾਚ ਕਿਤੇ ਬਾਜ਼ਾਰ ਦੀ ਬੋਲੀ ਨਾ ਸਿੱਖ ਲਵੇ, ਇਹੀ ਵਰਜਣ ਦੀ ਕੋਸ਼ਿਸ਼ ਕਰੋ।

ਡਾ. ਸ਼ਰਦੇਵ ਸਿੰਘ ਗਿੱਲ ਦੀ ਇਹ ਪੁਸਤਕ ਪ੍ਰਮਾਣੀਕ ਦਸਤਾਵੇਜ਼ ਵਜੋਂ ਝੁੰਮਰ ਲੋਕ ਨਾਚ ਨੂੰ ਸੁਰੱਖਿਅਤ ਕਰਨ ਦੇ ਸਮਰੱਥ ਬਣ ਸਕੇਗੀ, ਮੈਨੂੰ ਪੂਰਨ ਵਿਸ਼ਵਾਸ ਹੈ।

ਮੈਂ ਆਪਣੇ ਹਿੰਮਤੀ ਉਤਸ਼ਾਹੀ ਤੇ ਖੋਜੀ ਬਿਰਤੀ ਵਾਲੇ ਨਿੱਕੇ ਵੀਰ ਡਾ. ਸ਼ਰਦੇਵ ਸਿੰਘ ਗਿੱਲ ਨੂੰ ਸ਼ਰਧਾ ਸੁਮਨ ਭੇਂਟ ਕਰਦਿਆਂ ਇਸ ਵਡਮੁੱਲੇ ਕਾਰਜ ਲਈ ਯਾਦ ਕਰਦਾ ਹਾਂ।

ਸਿਰਫ਼ ਆਸ ਨਹੀਂ, ਸਗੋਂ ਪਰਪੱਕ ਵਿਸ਼ਵਾਸ ਹੈ ਕਿ ਝੁੰਮਰ ਲੋਕ ਨਾਚ ਬਾਰੇ ਸਰਬਪੱਖੀ ਗਿਆਨ ਦਿੰਦੀ, ਇਸ ਪੁਸਤਕ ਨੂੰ ਸਿਰਫ਼ ਵਿੱਦਿਅਕ ਤੇ ਸੱਭਿਆਚਾਰਕ ਮਾਹਿਰ ਹੀ ਨਹੀਂ ਸਗੋਂ ਲੋਕਨਾਚ ਪੇਸ਼ਕਾਰ ਅਤੇ ਸਿਖਲਾਈਦਾਤਾ ਵੀ ਸਤਿਕਾਰ ਦੇਣਗੇ।

ਗੁਰਭਜਨ ਸਿੰਘ ਗਿੱਲ (ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ