Jhanjran De Bol : Amar Jyoti

ਝਾਂਜਰਾਂ ਦੇ ਬੋਲ : ਅਮਰ ਜਿਉਤੀ

ਦਵਿੰਦਰ ਦੇ ਘਰ ਅੰਦਰ ਦਾਖ਼ਲ ਹੁੰਦਿਆਂ ਸਾਹਮਣੀ ਦੀਵਾਰ ਉੱਤੇ ਲੱਗੇ 'ਆਦਮ ਕੱਦ' ਸ਼ੀਸ਼ੇ ਸਾਹਵੇਂ ਬੁੰਦੇ, ਝੁਮਕੇ ਕੰਗਣ, ਹਾਰ, ਮਾਲਾ, ਦੌਣੀ-ਟਿੱਕਾ ਪਤਾ ਨਹੀਂ ਦੁਨੀਆ ਦੇ ਕਿਸ ਕਿਸ ਕੋਨੇ ਵਿਚੋਂ ਇਕੱਠੇ ਕੀਤੇ ਜ਼ੇਵਰਾਂ ਦਾ ਢੇਰ ਲੱਗਿਆ ਨਜ਼ਰ ਆਵੇਗਾ। ਲੱਗਦਾ ਹੈ ਕਾਫ਼ਲੇ ਵਾਲੀਆਂ ਤ੍ਰੀਮਤਾਂ ਪੜਾਅ ਕਰਨ ਸਮੇਂ ਆਪਣੇ ਗਹਿਣੇ ਲਾਹ ਕੇ ਏਥੇ ਰੱਖ ਕੇ ਭੁੱਲ ਗਈਆਂ ਤੇ ਅਗਾਂਹ ਤੁਰ ਗਈਆਂ। ਇਹਨਾਂ ਔਰਤਾਂ ਦੇ ਕਿਆਮ ਕਰਨ ਦੇ ਨਿਸ਼ਾਨ ਘਰ ਵਿੱਚ ਹੋਰ ਥਾਈਂ ਵੀ ਦਿਸਦੇ ਹਨ...ਕਿਸੇ ਨਾ ਕਿਸੇ ਨੁੱਕਰ ਵਿੱਚ ਉਨ੍ਹਾਂ ਦੇ 'ਐਨਟੀਕ' ਕਿਸਮ ਦੇ ਬੁੰਦੇ, ਵਾਲੀਆਂ, ਵੰਗਾਂ, ਪਰਾਂਦੇ ਪਏ ਨਜ਼ਰ ਆਉਂਦੇ ਹਨ। ਧਿਆਨ ਨਾਲ ਵੇਖਿਆਂ ਵੀ ਇਹਨਾਂ ਵਿੱਚ ਭੁੱਲੀਆਂ ਝਾਂਜਰਾਂ ਦਾ ਜੋੜਾ ਕਿਧਰੇ ਨਜ਼ਰ ਨਹੀਂ ਪੈਂਦਾ, ਪਰ ਇਹਨਾਂ ਝਾਂਜਰਾਂ ਦੇ ਸੰਗੀਤ ਦੀ ਸੋਹਲ, ਸੁਰਮਈ, ਸੁਰੀਲੀ ਆਵਾਜ਼ ਸੁਣੀਦੀ ਹੈ-ਦਵਿੰਦਰ ਦੀ ਸ਼ਖ਼ਸੀਅਤ ਵਿਚੋਂ, ਜਦ ਉਹਦੇ ਨਾਲ ਗੱਲਾਂ ਕਰੀਏ।

ਜਦ ਦਵਿੰਦਰ ਦੀਆਂ ਨਜ਼ਮਾਂ ਪੜ੍ਹੋ ਤਾਂ ਇਹਨਾਂ ਝਾਂਜਰਾਂ ਦੇ ਘੁੰਗਰੂ ਆਹਿਸਤਾ ਆਹਿਸਤਾ ਵੱਜਦੇ ਸੁਰੀਲੇ ਹੋ ਜਾਂਦੇ ਹਨ-ਜਜ਼ਬੇ ਤੇ ਸ਼ਿੱਦਤ ਨਾਲ ਭਰੇ ਹੋਏ ਬੋਲ ਬੇਬਾਕ ਹੋ ਬੋਲਦੇ ਹਨ ਉਹਦੀਆਂ ਨਜ਼ਮਾਂ ਦੀਆਂ ਸਤਰਾਂ ਵਿੱਚ :

ਮੇਰੇ ਬੇਵੱਸ ਭਟਕ ਰਹੇ ਮਨ
ਪਲ ਪਲ ਤਿੜਕ ਰਹੀ
ਆਪਣੀ ਹੋਂਦ ਦਾ ਨਕਸ਼ਾ ਵੇਖ
ਮੈਂ ਕਦ ਤਕ ਇੰਜ ਹੀ
ਧੂਫ਼ ਵਾਂਗ ਧੁਖਦੀ ਰਹਾਂਗੀ
(ਹੋਂਦ)

ਧੂਫ਼ ਖ਼ੁਸ਼ਬੂਦਾਰ ਹੈ, ਪਰ ਉਹ ਦੇ ਸਿਰ ਵਿੱਚ ਲਾਲ ਅੰਗਿਆਰ ਬਲਦਾ ਹੈ, ਉਹ ਧੁਖਦੀ ਹੈ ਤੇ ਸੁਰਮਈ ਮਹਿਕਦਾ ਧੂੰਆਂ ਹੋ ਜਾਂਦੀ ਹੈ: ਘਰ-ਇੱਕ ਚਾਰ ਦੀਵਾਰੀ ਦਾ ਨਾਮ ਨਹੀਂ
... ... ...
ਘਰ ਹੁੰਦਾ ਹੈ
ਜਿੱਥੇ ਇੱਕ ਦੂਜੇ ਨੂੰ ਵੇਖਦਿਆਂ ਹੀ
ਪਿਆਰ ਦੀ ਕੰਬਣੀ ਜਿਹੀ
ਛਿੜ ਜਾਂਦੀ ਹੈ...
(ਘਰ)

ਪ੍ਰੇਮ ਦਾ ਲਫ਼ਜ਼ ਹਿਫ਼ਜ਼ ਕਰਕੇ ਜੇ ਘਰ ਦਾ ਤਸੱਵਰ ਕਰੀਏ ਤਾਂ ਉਹ ਦੇ ਮਾਅਨੇ ਹੀ ਬਦਲ ਜਾਂਦੇ ਹਨ :
ਕੁੱਝ ਲੋਕ ਬੇਬਸੀ ਵਿੱਚ
ਆਤਮ ਸਮਰਪਣ ਕਰ ਦਿੰਦੇ ਹਨ
... ... ...
ਕੁੱਝ ਹੋਰ ਹਨ
ਜੋ ਆਪਣੇ ਮਹਿਬੂਬ ਦੇ ਨਾਮ ਲਿਖੇ
ਖ਼ਤਾਂ ਦੇ ਸਿਰਨਾਵੇਂ ਬਣ ਜਾਂਦੇ ਹਨ
(ਹਨ੍ਹੇਰਾ)

ਸਿਰਨਾਵੇਂ ਵਾਲਾ ਖ਼ਤ ਤਾਂ ਪਹੁੰਚ ਜਾਂਦਾ ਹੈ ਪਰ ਉਹਦੇ ਵਿੱਚੋਂ ਖ਼ਤ ਲਿਖਣ ਵਾਲੇ ਦਾ ਨਾਂਅ ਗਵਾਚ ਚੁੱਕਿਆ ਹੁੰਦਾ ਹੈ :
ਕੱਲ੍ਹ-ਮੈਨੂੰ ਆਪਣੇ ਚੌਗਿਰਦੇ ਦੀ
ਭਰਪੂਰ ਜਾਣਕਾਰੀ ਸੀ
ਅੱਜ-ਮੇਰਾ ਆਪਣਾ ਆਪ ਹੀ
ਮੇਰੇ ਤੋਂ ਅਣਜਾਣ ਹੈ
(ਕੱਲ੍ਹ ਤੇ ਅੱਜ)

ਦਵਿੰਦਰ ਦੀਆਂ ਨਜ਼ਮਾਂ ਪੜ੍ਹਦਿਆਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਦੇ ਘਰ ਵਿੱਚ ਆਪਣੇ ਜ਼ੇਵਰ ਭੁੱਲ ਗਈਆਂ ਔਰਤਾਂ ਆਪਣੀਆਂ ਝਾਂਜਰਾਂ ਪਾ ਕੇ ਆਪ ਤਾਂ ਕਿਧਰੇ ਦੂਰ ਤੁਰ ਗਈਆਂ-ਪਰ ਉਨ੍ਹਾਂ ਦੇ ਘੁੰਗਰੂਆਂ ਦੇ ਬੋਲਾਂ ਦਾ ਦਰਦ ਉਹਦੀਆਂ ਨਜ਼ਮਾਂ ਨੂੰ ਬਖ਼ਸ਼ ਗਈਆਂ।

ਆਪਣੀ ਪੁਸਤਕ ਦਾ ਨਾਂਅ ''ਮੇਰੀਆਂ ਝਾਂਜਰਾਂ ਦੀ ਛਨਛਨ'' ਰੱਖਦਿਆਂ ਦਵਿੰਦਰ ਨੇ ਅਨਜਾਣੇ ਹੀ ਲੋਕ ਗੀਤਾਂ ਵਰਗੇ ਸਮਰੱਥ ਗੀਤ ਲਿਖਣ ਵਾਲੇ ਸ਼ਾਇਰ ਨੰਦ ਲਾਲ ਨੂਰਪੁਰੀ ਦੇ ਗੀਤ ਦੇ ਬੋਲਾਂ ਨੂੰ ਨਵੇਂ ਮਾਅਨੇ ਦੇ ਦਿੱਤੇ ਹਨ :
ਗੋਰੀ ਦੀਆਂ ਝਾਂਜਰਾਂ ਬੁਲਾਂਦੀਆਂ ਗਈਆਂ...

6.11.1997
ਅਮਰ ਜਿਉਤੀ
ਅਮਸਟਰਡਮ, ਹਾਲੈਂਡ

  • ਮੁੱਖ ਪੰਨਾ : ਦਵਿੰਦਰ ਬਾਂਸਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ