Jeet Surjit Belgium
ਜੀਤ ਸੁਰਜੀਤ ਬੈਲਜੀਅਮ
ਸਮਰੱਥ ਸਿਰਜਕ ਦਾ ਮਾਪਿਆਂ ਵੱਲੋਂ ਦਿੱਤਾ ਨਾਮ ਤਾਂ ਸੁਰਜੀਤ ਕੌਰ ਸੀ ਪਰ ਅਦਬੀ ਖੇਤਰ ਚ ਉਹ ਜੀਤ ਸੁਰਜੀਤ ਦੇ ਨਾਮ ਨਾਲ ਜਾਣੀ ਜਾਂਦੀ ਹੈ।
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਠੱਟਾ ਨਵਾਂ ਦੀ ਜੰਮਪਲ਼ ਇਸ ਕਵਿੱਤਰੀ ਨੇ ਮੁੱਢਲੀ ਸਿੱਖਿਆ ਪਿੰਡ ਤੋਂ ਹਾਸਲ ਕਰਕੇ ਗਰੈਜ਼ੂਏਸ਼ਨ ਐੱਸ ਡੀ ਕਾਲਿਜ ਫਾਰ ਵਿਮੈੱਨ
ਸੁਲਤਾਨਪੁਰ ਲੋਧੀ ਤੋਂ ਕੀਤੀ। ਐੱਮ ਏ ਇਕਨਾਮਿਕਸ ਉਸ ਨੇ ਰਣਧੀਰ ਕਾਲਿਜ ਕਪੂਰਥਲਾ ਤੋਂ ਪਾਸ ਕੀਤੀ। ਵਿਦਿਅਕ ਮਾਹੌਲ ਨੇ ਉਸ ਨੂੰ ਅਰਥ ਸ਼ਾਸਤਰ ਦੇ ਨਾਲ ਨਾਲ
ਪੰਜਾਬੀ ਸਾਹਿੱਤ ਨਾਲ ਜੋੜਿਆ।
ਨਜ਼ਮ ਗੀਤ ਕਵਿਤਾ ਤੇ ਲੋਕ ਰੰਗ ਉਹ ਕਾਵਿ ਰੂਪ ਟੱਪਿਆਂ ਤੋਂ ਸਫ਼ਰ ਸ਼ੁਰੂ ਕਰਨ ਉਪਰੰਤ ਅੱਜਕੱਲ੍ਹ ਗ਼ਜ਼ਲ ਦੀ ਰਚਨਾਕਾਰ ਹੈ।
ਉਸ ਦੀ ਪਲੇਠੀ ਗ਼ਜ਼ਲ ਪੁਸਤਕ 'ਕਾਗ਼ਜ਼ੀ ਕਿਰਦਾਰ' ਵਿੱਚ 111 ਗ਼ਜ਼ਲਾਂ ਹਨ। ਉਸ ਦੀ ਇਸ ਪੁਸਤਕ ਨੂੰ ਏਵਿਸ ਪਬਲਿਸ਼ਰਜ਼ ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਹੈ।
ਯੋਰਪ ਚ ਸਭ ਤੋਂ ਸਰਗਰਮ ਸਾਹਿੱਤਕ ਸਭਿਆਚਾਰਕ ਸੰਸਥਾ ਸਾਹਿੱਤ ਸੁਰ ਸੰਗਮ ਸਭਾ ਦੀ ਉਹ ਸਰਗਰਮ ਮੈਂਬਰ ਹੈ। ਉਸ ਦੀ ਰਚਨਾ ਬਾਰੇ ਸੁਖਵਿੰਦਰ ਅੰਮ੍ਰਿਤ,
ਰਾਜਵੰਤ ਰਾਜ,ਹਰਮੀਤ ਸਿੰਘ ਅਟਵਾਲ ਤੇ ਦਲਜਿੰਦਰ ਰਹਿਲ ਨੇ ਬਹੁਤ ਮੁੱਲਵਾਨ ਟਿੱਪਣੀਆਂ ਕੀਤੀਆਂ ਹਨ। ਜੀਤ ਸੁਰਜੀਤ ਦੀ ਰਚਨਾ ਪੜ੍ਹਦਿਆਂ ਸੁਣਦਿਆਂ ਸੱਜਰੇਪਨ ਦਾ ਇਹਸਾਸ ਹੁੰਦਾ ਹੈ।
ੴ ਦੀ ਪ੍ਰਗਟ ਭੂਮੀ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਤੋਂ ਗਿਆਨ ਪ੍ਰਕਾਸ਼ ਲੈ ਕੇ ਵਿਸ਼ਵ ਨੂੰ ਕਲਾਵੇ ਵਿੱਚ ਲੈਂਦੇ ਅਨੁਭਵ ਦੀ ਬਾਤ ਪਾਉਂਦੀ ਹੈ। ਭਵਿੱਖ ਉਸ ਤੋਂ ਹੋਰ
ਵਡੇਰੀਆਂ ਆਸਾਂ ਕਰ ਸਕਦਾ ਹੈ ਕਿਉਂਕਿ ਧਰਤੀ,ਧਰਮ ਤੇ ਧਰੇਕ ਵਾਂਗ ਧੀ ਵੀ ਧਰਤੀ ਅੰਬਰ ਨਾਲ ਸਦੀਵੀ ਵਾਰਤਾਲਾਪ ਦੀ ਸਮਰਥਾ ਰੱਖਦੀ ਹੈ। ਸਪਨ ਮਾਲਾ, ਸੁਰਜੀਤ ਸਖੀ,
ਕਮਲ ਇਕਾਰ਼ਸ਼ੀ, ਸੁਖਵਿੰਦਰ ਅੰਮ੍ਰਿਤ, ਗੁਰਚਰਨ ਕੌਰ ਕੋਚਰ, ਸੁਰਿੰਦਰਜੀਤ ਕੌਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਸਿਮਰਤ ਸੁਮੈਰਾ, ਕੁਲਵਿੰਦਰ ਕੰਵਲ, ਕੁਲਦੀਪ ਕੌਰ
ਚੱਠਾ, ਅਮਰਜੀਤ ਕੌਰ ਅਮਰ, ਅਨੂ ਬਾਲਾ, ਨਵਗੀਤ ਕੌਰ ਤੇ ਗ਼ਜ਼ਲ ਵਿਧਾ ਦੀਆਂ ਹੋਰ ਕਵਿੱਤਰੀਆਂ ਵਾਂਗ ਉਸ ਨੇ ਵੀ ਆਪਣੀ ਗ਼ਜ਼ਲ ਰਚਨਾ ਵਿੱਚ ਬਹੁਤ ਨਿਵੇਕਲੇ ਅਨੁਭਵ
ਪ੍ਰਗਟਾਅ ਕੇ ਭਵਿੱਖ ਨਾਲ ਪੱਕਾ ਇਕਰਾਰ ਨਾਮਾ ਲਿਖਿਆ ਹੈ। -ਗੁਰਭਜਨ ਗਿੱਲ