Punjabi Poetry : Jeet Surjit Belgium

ਪੰਜਾਬੀ ਕਵਿਤਾਵਾਂ : ਜੀਤ ਸੁਰਜੀਤ ਬੈਲਜੀਅਮ


ਗ਼ਜ਼ਲ -ਉਹ ਕਾਤਲ ਆਪਣੇ ਚਿਹਰੇ ਕਿਉਂ, ਫਿਰਦੇ ਛੁਪਾਉਂਦੇ ਨੇ

ਉਹ ਕਾਤਲ ਆਪਣੇ ਚਿਹਰੇ ਕਿਉਂ, ਫਿਰਦੇ ਛੁਪਾਉਂਦੇ ਨੇ। ਜੋ ਸਾਨੂੰ ਖੋਭ ਕੇ ਖ਼ੰਜਰ, ਅਮਨ ਦੇ ਗੀਤ ਗਾਉਂਦੇ ਨੇ। ਬਗਾਵਤ ਨਾਲ ਨਾਅਰੇ ਦਾ ਬੜਾ ਰਿਸ਼ਤਾ ਪੁਰਾਣਾ ਹੈ, ਹਮੇਸ਼ਾ ਚੁੱਪ ਗੁੰਗੀ ਨੂੰ ਹੀ ਸ਼ਾਤਰ ਵਰਗਲਾਉਂਦੇ ਨੇ। ਰਿਵਾਇਤ ਇਸ਼ਕ ਦੀ ਕੈਸੀ, ਜੋ ਹਰ ਕੇ ਜਿੱਤ ਜਾਂਦੀ ਹੈ, ਜਦੋਂ ਵੀ ਹਾਰੀਏ ਜੰਗ ਤਾਂ ਖ਼ੁਸ਼ੀ ਵੈਰੀ ਮਨਾਉਂਦੇ ਨੇ। ਹਕੂਮਤ ਹਾਕਮਾ ਤੇਰੀ, ਸਦੀਵੀ ਸਮਝ ਨਾ ਇਸਨੂੰ, ਉਹ ਤਖ਼ਤੋਂ ਲਾਹ ਵੀ ਲੈਂਦੇ ਨੇ, ਕਿ ਜੋ ਤਖ਼ਤੀਂ ਬਿਠਾਉਂਦੇ ਨੇ। ਲੜਾਈ ਜੀਣ ਖ਼ਾਤਰ ਲੜਨ ਭਾਵੇਂ ਜੀਵ ਜੰਤੂ ਵੀ, ਤੂੰ ਕਰਕੇ ਗ਼ੌਰ ਦੇਖੀਂ, ਉਹ ਕਿਵੇਂ ਰਲ਼ ਮੁਸਕਰਾਉਂਦੇ ਨੇ। ਦਿਲਾਂ ਵਿਚ ਸਹਿਮ ਨਹੀਂ ਹੁੰਦਾ, ਜੋ ਸੱਚੇ ਮਾਰਗੀਂ ਤੁਰਦੇ, ਤੇ ਲੈ ਕੇ ਓਟ ਸਤਿਗੁਰ ਦੀ, ਕਲਮ ਸ਼ਾਇਰ ਉਠਾਉਂਦੇ ਨੇ। ਕਰੀ ਜੀਅ ਤੋੜ ਕੇ ਖਿਦਮਤ, ਜਿਨ੍ਹਾਂ ਨੇ ਵਤਨ ਸਾਡੇ ਦੀ, ਸਰਾਭੇ, ਭਗਤ ਊਧਮ ਹੁਣ ਵੀ ਸਾਨੂੰ ਰਾਹ ਦਿਖਾਉਂਦੇ ਨੇ। ਸਤਹ ਸਾਗਰ ਦੀ ਚੁੰਮਣ ਦਾ ਜਿਨ੍ਹਾਂ ਨੂੰ 'ਜੀਤ', ਝੱਲ ਚੜ੍ਹਿਆ, ਉਹ ਪਾਣੀ ਬੰਨ੍ਹ ਕੇ ਟਾਕੀ, ’ਚ ਮੋਤੀ ਚੁਣ ਲਿਆਉਂਦੇ ਨੇ।

ਗ਼ਜ਼ਲ -ਵਤਨ ਦੇ ਆਸ਼ਕਾਂ ਦੇ ਕਾਫ਼ਿਲੇ ਰੁਕਦੇ ਨਹੀਂ ਹੁੰਦੇ

ਵਤਨ ਦੇ ਆਸ਼ਕਾਂ ਦੇ ਕਾਫ਼ਿਲੇ ਰੁਕਦੇ ਨਹੀਂ ਹੁੰਦੇ । ਸਫ਼ਰ ਐਸੇ, ਸ਼ਹਾਦਤ ਬਾਦ ਵੀ ਮੁਕਦੇ ਨਹੀਂ ਹੁੰਦੇ। ਸਮੇਂ ਦੇ ਹਾਕਮਾਂ ਕੋਸ਼ਿਸ਼ ਕਰੀ ਝੁਕ ਜਾਣ ਇਹ ਸ਼ਾਇਦ, ਮਗਰ ਸਾਡੇ ਸਿਰੀਂ ਵਰਦਾਨ ਇਹ ਝੁਕਦੇ ਨਹੀਂ ਹੁੰਦੇ। ਹਨੇਰਾ ਆਪਣੀ ਬੁੱਕਲ 'ਚ, ਕਾਲਖ਼ ਭਰ ਲਵੇ ਭਾਵੇਂ, ਕਹੋ ਉਸ ਨੂੰ ਕਿ ਸੂਰਜ ਇਸ ਤਰ੍ਹਾਂ ਲੁਕਦੇ ਨਹੀਂ ਹੁੰਦੇ। ਉਨ੍ਹਾਂ ਦੀ ਅੱਖ ਨੂੰ ਦਿਸਦੀ ਹੈ, ਕੇਵਲ ਅੱਖ ਮਛਲੀ ਦੀ, ਨਿਸ਼ਾਨੇ ਤੋਂ ਕਦੇ ਅਰਜਨ ਰਤਾ ਉਕਦੇ ਨਹੀਂ ਹੁੰਦੇ। ਜੋ ਅਸਲੀ ਸੂਰਮੇ ਹਥਿਆਰ ਦੀ ਪੂਜਾ ਨਹੀਂ ਕਰਦੇ, ਕਦੇ ਮਜ਼ਲੂਮ ਤੇ ਹੱਥ ਆਪਣਾ ਚੁਕਦੇ ਨਹੀਂ ਹੁੰਦੇ। ਜਿਨ੍ਹਾਂ ਜੜ੍ਹ ਮੂਲ ਨਾਲੋਂ ਨਾ, ਕਦੇ ਵੀ ਤੋੜਿਆ ਨਾਤਾ, ਸਦਾ ਰਹਿੰਦੇ ਹਰੇ ਰੁੱਖ ਉਹ ਕਦੇ ਸੁਕਦੇ ਨਹੀਂ ਹੁੰਦੇ। ਫ਼ਲਾਂ ਨੂੰ ਟੁੱਕਦੇ ਤੋਤੇ ਬਦਲ ਸਕਦੇ ਨਹੀਂ ਫਿਤਰਤ , ਉਡੰਤਰ ਬਾਜ਼ ਫ਼ਸਲਾਂ ਨੂੰ ਕਦੇ ਟੁਕਦੇ ਨਹੀਂ ਹੁੰਦੇ। ਅਜ਼ਾਦੀ ਨੂੰ ਵਿਆਹੁਣ 'ਜੀਤ' ਆਉਂਦੇ ਸੂਰਮੇ ਜੱਗ 'ਤੇ, ਤੇ ਬੁਜ਼ਦਿਲ ਮੌਤ ਦੇ ਦਰ ਤੇ ਕਦੇ ਢੁਕਦੇ ਨਹੀਂ ਹੁੰਦੇ।

ਸਾਡੇ ਸਤਿਗੁਰ ਤੇਗ ਬਹਾਦਰ

ਦੁਖੀਏ ਚੱਲ ਕੇ ਆਏ ਗੁਰ ਘਰ। ਸਹਿ ਨਹੀਂ ਹੁੰਦਾ, ਹੋਰ ਨਿਰਾਦਰ। ਜ਼ੁਲਮ ਦੀ ਹੱਦ ਨੂੰ ਜ਼ਾਲਮ ਭੁੱਲਾ, ਪਰ ਸਾਡੇ ਸਿਰ, ਧਰਮ ਦੀ ਚਾਦਰ। ਇੱਕੋ ਇੱਕ ਸਹਾਰਾ ਬਚਿਆ, ਸਾਡੇ ਲਈ ਗੁਰੂ ਨਾਨਕ ਦਾ ਦਰ । ਦਿੱਲੀ ਵੱਲ ਰਵਾਨਾ ਹੋਏ, ਦੀਨ ਦੁਖੀ ਦੇ ਵਾਲੀ ਸਤਿਗੁਰ। ਜ਼ੁਲਮ ਦਾ ਆਰਾ ਚੱਲਦਾ ਦੇਖ ਕੇ, ਗੁਰਸਿੱਖਾਂ ਬਿਨ, ਸਭ ਗਏ ਘਾਬਰ । ਸੱਚ ਸਤੀ ਵੀ ਹੁੰਦਾ ਤੱਕਿਆ, ਰੂੰ ਦੇ ਮੱਚਦੇ ਭਾਂਬੜ ਅੰਦਰ । ਦੇਗ ਦਿਆਲਾ ਇਕਮਿਕ ਹੋ ਗਏ, ਇਸ ਤੋਂ ਹੋਰ ਕੀ ਹੋਣਾ ਬਿਹਤਰ ? ਤੇਗ ਦੇ ਸਾਹਵੇਂ ਸੀਸ ਨਾ ਝੁਕਿਆ, ਧੰਨ ਗੁਰ, ਧੰਨ ਗੁਰ ਤੇਗ ਬਹਾਦਰ । ਦੇਖ ਸ਼ਹਾਦਤ ਕੰਬ ਗਏ ਸੀ, ਇਹ ਜੱਗ ਸਾਰਾ, ਧਰਤੀ ਅੰਬਰ । ਧਰਮ ਦੀ ਖਾਤਿਰ, ਸੀਸ ਕਟਾ ਕੇ, ਕਰਨਾ ਦੱਸਿਆ , ਧਰਮ ਦਾ ਆਦਰ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਦਾ ਮਾਲਕ, ਇੱਕੋ ਰਾਹਬਰ। ਮਾਨਵ ਧਰਮ ਹੀ, ਸਰਵੋਤਮ ਹੈ, ਮਾਨਵਤਾ ਦੀ, ‘ਜੀਤ' ਮੁਤਾਸਿਰ ।

ਬਚਪਨ ਵਿੱਚ ਜੋ ਮਾਣੀਆਂ ਮੌਜ਼ਾਂ

ਬਚਪਨ ਵਿੱਚ ਜੋ ਮਾਣੀਆਂ ਮੌਜ਼ਾਂ, ਯਾਦਾਂ ਦੇ ਤਰਾਨੇ ਹਨ......... ਸਖੀਆਂ ਸੰਗ ਜੋ ਕੀਤੀ ਮਸਤੀ, ਕੀਮਤੀ ਦਿਨ ਮਸਤਾਨੇ ਹਨ....... ਅੱਲ੍ਹੜਪੁਣੇ ਵਿੱਚ ਮਿਲੇ ਜੋ ਦਿਲ ਨੂੰ, ਦਰਦਾਂ ਦੇ ਨਜ਼ਰਾਨੇ ਹਨ........ ਔਰਤ ਨੂੰ ਅਕਸਰ ਭਰਨੇ ਪੈਂਦੇ, ਅਣਚਾਹੇ ਕਈ ਹਰਜ਼ਾਨੇ ਹਨ........ ਕਦੇ ਕਦਾਈਂ ਮਿਲ ਦਾਦ ਵੀ ਜਾਂਦੀ, ਉਹ ਪਲ ਵਿੱਚ ਸੁਹਾਨੇ ਹਨ........ ਮੈਂ ਮਰਜਾਣੀ 'ਜੀਤ' ਨਿਮਾਣੀ ਦੇ, ਇਹ ਅਨਮੋਲ ਜਿਹੇ ਖਜ਼ਾਨੇ ਆ......... ਮਿੱਠੀਆਂ ਯਾਦਾਂ,ਦੱਬੇ ਅਰਮਾਨ,ਤਿੜਕੇ ਸਪਨੇ, ਤੇ ਤਜ਼ਰਬਿਆਂ ਨਾਲ ਸ਼ਿੰਗਾਰੇ, ਦੁਰਲੱਭ ਮੇਰੇ ਅਫ਼ਸਾਨੇ ਹਨ...........

ਦਾਬੇ ਕਿਸ ਤਰ੍ਹਾਂ ਝੱਲਾਂ

ਦਾਬੇ ਕਿਸ ਤਰ੍ਹਾਂ ਝੱਲਾਂ, ਬੜਾ ਕੁਝ ਚਲ ਰਿਹੈ ਅੰਦਰ। ਪੀੜਾਂ ਇਹ ਕਿਵੇਂ ਠੱਲ੍ਹਾਂ, ਜੋ ਆਪਾ ਖਲ ਰਿਹੈ ਅੰਦਰ। ਹਰਪਲ ਨਾਲ ਹੀ ਚਲਦੀ ਹੈ, ਭਟਕਣ ਵੀ ਖਿਆਲਾਂ ਦੀ, ਕਰਦੀ ਖੁਦ ਨਾ' ਹੀ ਗੱਲਾਂ, ਛਲਾਵਾ ਛਲ ਰਿਹੈ ਅੰਦਰ। ਜਗਦੇ ਦੀਵਿਆਂ ਨੇ ਵੀ, ਜਗਾਉਣੀ ਆਸ ਕੀ ਹੈ ਹੁਣ, ਸ਼ਾਮਾਂ ਵਾਂਗ ਹੀ ਹਰਦਮ, ਹੈ ਦਿਨ ਵੀ ਢਲ ਰਿਹੈ ਅੰਦਰ। ਸਾਡੀ ਸੋਚ ਤੋਂ ਡੂੰਘਾ ਇਹ, ਉੱਪਰੋਂ ਸ਼ਾਂਤ ਦਿਸਦਾ ਹੈ, ਸਾਗਰ ਮਾਰਦੈ ਛੱਲਾਂ, ਤੇ ਲਾਵਾ ਬਲ ਰਿਹੈ ਅੰਦਰ। ਏਨਾ ਬੇ-ਸਮਝ ਸਮਝੀਂ ਨਾ, ਮੈਂ ਸਭ ਜਾਣ ਚੁੱਕੀ ਹਾਂ, ਕਿਹੜੀ ਚਾਲ ਦਾ ਮੋਹਰਾ, ਕੀ ਚਾਲਾਂ ਚਲ ਰਿਹੈ ਅੰਦਰ। ਕਿਉਂ ਤੇਰਾ ਭਰੂੂ ਪਾਣੀ, ਭਲਾ ਕੋਈ ਵੀ ਹਰ ਵੇਲੇ, ਜੇ ਨਫ਼ਰਤ ਦਾ ਹੀ ਆਲਮ ਹੈ, ਤੇਰੇ ਪਲ ਰਿਹੈ ਅੰਦਰ। ਮਨਫ਼ੀ ਆਪਣੇ ਵਿੱਚੋਂ ਰਹਾਂ ਕੁਝ, 'ਜੀਤ' ਮੈਂ ਏਦਾਂ, ਮਹਿਰਮ ਬਣ ਜਿਵੇਂ ਕੋਈ ਹੈ, ਮੇਰੇ ਰਲ ਰਿਹੈ ਅੰਦਰ।

ਮੈਂ ਤੇਰੀ ਤਸਵੀਰ ਦੇ ਕੁਝ

ਮੈਂ ਤੇਰੀ ਤਸਵੀਰ ਦੇ ਕੁਝ ਰੰਗ ਬਦਲਨੇ ਆ। ਉਹ, ਆਪਣੀ ਤਕਦੀਰ ਦੇ ਰੰਗਾਂ 'ਚ ਭਰਨੇ ਆ। ਇਸ ਜੀਵਨ-ਪੋਥੀ ਦੇ ਜੋ ਪੰਨੇ ਖਾਲੀ ਨੇ, ਓਥੇ ਹਰਫ ਮੈਂ ਤੇਰੇ ਨਾਂ ਦੇ ਉੱਕਰਨੇ ਆ। ਮੈਂ ਇਸ ਦੇ ਕਿਰਦਾਰ ਕਨੂੰਨਾਂ ਤੋਂ ਵਾਕਿਫ਼ ਹਾਂ, ਮੇਰੇ ਨਾਂ 'ਤੇ ਵੀ ਦੁਨੀਆਂ ਨੇ ਫਤਵੇ ਪੜ੍ਹਨੇ ਆ । ਦਿਲ ਦੇ ਅਹਿਸਾਸ ਦੀ ਮਿੱਟੀ ਸਦਕਾ ਹੀ, ਏਥੇ ਇਕ ਦਿਨ ਇਸ਼ਕ ਦੇ ਉੱਚੇ ਤਾਜ ਉਸਰਨੇ ਆ । ਤੇਰੇ ਮੇਰੇ ਪਿਆਰ ਦਾ ਸਾਖੀ ਜਿੱਦਾਂ ਸਾਗਰ ਹੈ, ਏਦਾਂ ਹਿਜਰਾਂ ਦੇ ਮਾਰੂਥਲ ਵੀ ਠਰਨੇ ਆ । ਉਸ ਦਿਨ ਹਰ ਪਾਸੇ ਹੀ ਖੁਸ਼ਹਾਲੀ , ਹੋਵੇਗੀ, ਬੀਜ ਮੁਹੱਬਤ ਦੇ ਜਿਸ ਦਿਨ ਵੀ ਪੁੰਗਰਨੇ ਆ। ਸੁਣਿਆ, ਤੇਰੇ ਦੇਸ਼ 'ਚ ਪੱਥਰ ਤਰ ਜਾਂਦੇ ਨੇ, ਮੈਂ ਵੀ ਓਸ ਤਰ੍ਹਾਂ ਦੇ ਕੁਝ ਪੱਥਰ ਘੜਨੇ ਆ । 'ਜੀਤ' ਜਦੋਂ ਜੀਅ ਚਾਹਵੇ ਅੰਬਰ ਛੂਹ ਲੈਂਦੀ ਹੈ, ਪਰ, ਇਹ ਰੇਤੇ ਦੇ ਮਹਿਲ ਕਦ ਤੀਕ ਠਹਿਰਨੇ ਆ ?

ਇਹ ਸੂਰਜ ਵਾਂਗ ਹੋ ਜਾਂਦੈ

ਇਹ ਸੂਰਜ ਵਾਂਗ ਹੋ ਜਾਂਦੈ, ਹਮੇਸ਼ਾਂ ਜ਼ਾਹਰ ਵੀਰਾ ਜੀ। ਸ਼ਰਾਫਤ ਹੇਠ ਨਹੀਂ ਲੁਕਦਾ, ਕਦੇ ਕਿਰਦਾਰ ਵੀਰਾ ਜੀ। ਇਹ ਮੋਮੋਠਗਣੀਆਂ ਗੱਲਾਂ ਦੇ ਸਾਨੂੰ ਅਰਥ ਆਉਂਦੇ ਨੇ, ਸਫ਼ਾਈ ਦੇਣ ਕਿਓਂ ਲੱਗਦੇ, ਤੁਸੀ ਹਰ ਵਾਰ ਵੀਰਾ ਜੀ। ਜੇ ਇੱਜ਼ਤ ਮਾਣ ਚਾਹੀਦਾ, ਤਾਂ ਸਿਖ ਔਕਾਤ ਵਿਚ ਰਹਿਣਾ, ਨਾ ਐਵੇਂ ਮਾਣ‌ ਮਰਿਯਾਦਾ, ਦੀ ਟੱਪ ਦੀਵਾਰ ਵੀਰਾ ਜੀ। ਅਸੀਂ ਐਨੇ ਵੀ ਨਾ ਭੋਲ਼ੇ, ਕਿ ਤੇਰੀ ਨੀਤ ਨਾ ਪੜ੍ਹੀਏ, ਅਸਾਂ ਨੇ ਜੰਮਿਆਂ ਕੁੱਖੇਂ, ਹੈ ਕੁਲ ਸੰਸਾਰ ਵੀਰਾ ਜੀ। ਇਹ ਸਾਰੇ ਪਿੰਜਰੇ ਜਗ ਤੇ, ਬਣੇ ਚਿੜੀਆਂ ਦੀ ਖਾਤਿਰ ਹੀ, ਅਸਾਂ ਚਿੜੀਆਂ ਨੂੰ ਕਰਨਾ ਹੈ, ਤਦੇ ਓਡਾਰ ਵੀਰਾ ਜੀ। ਤੇਰੇ ਤੋਂ ਸੇਕ ਚੰਡੀ ਦਾ, ਰਤਾ ਵੀ ਸਹਿ ਨਹੀਂ ਹੋਣਾ, ਕਿ ਪਲ ਵਿਚ ਦੇਖਿਓ ਹੁੰਦੇ, ਹੋ ਠੰਡੇ ਠਾਰ ਵੀਰਾ ਜੀ। ਹਮੇਸ਼ਾਂ ਤੋਂ ਕਿਓਂ ਸਾਨੂੰ, ਹੀ ਦੇਵੋਂ ਦਾਨ ਅਕਲਾਂ ਦਾ, ਕਦੇ ਆਪਣੇ ਤੇ ਪਾ ਦੇਖੋ, ਅਕਲ ਦਾ ਭਾਰ ਵੀਰਾ ਜੀ। ਪੜ੍ਹਾਵੇਂ ਪਾਠ ਉਲਫ਼ਤ ਦਾ, ਤੂੰ ਝਾਕੇਂ ਬਾਰੀਆਂ ਕੰਨੀ, ਤੇ ਖੁੱਲ੍ਹੇ 'ਜੀਤ' ਨੇ ਰੱਖੇ ਜਦੋੱ ਇਹ ਬਾਰ ਵੀਰਾ ਜੀ।

ਮੈਂ ਚਾਹਤ ਦੇ ਸਾਗਰ ਅੰਦਰ

ਮੈਂ ਚਾਹਤ ਦੇ ਸਾਗਰ ਅੰਦਰ ਡੂੰਘਾ ਲਹਿ ਕੇ ਦੇਖ ਲਿਆ। ਤੇਰੇ ਹਿਜਰ ਦੀ ਧੂੰਣੀ ਉੱਤੇ ਯਾਦਾਂ ਦਾ ਟੁੱਕ ਸੇਕ ਲਿਆ। ਮੰਜ਼ਿਲ ਨਾਲੋਂ ਵੱਧ ਕੇ ਉਹਨੂੰ ਰਾਹਾਂ ਨਾਲ ਪਿਆਰ ਹੋਣਾ, ਏਸੇ ਕਾਰਣ ਉਸ ਰਾਹੀ ਨੇ ਜੋਗੀ ਵਾਲਾ ਭੇਖ ਲਿਆ। ਏਸ ਪਦਾਰਥਵਾਦੀ ਯੁੱਗ 'ਚ ਏਦਾਂ ਵੀ ਹਮਦਰਦ ਮਿਲੇ, ਲੋੜ ਪਈ ਤੋਂ ਵਰਤ ਕਬੀਲਾ ਬਾਅਦ 'ਚ ਆਪਾ ਛੇਕ ਲਿਆ। ਆਪਣੀ ਹੋਂਦ ਬਚਾਵਣ ਦੇ ਲਈ ਸੋਨਾ ਭੱਠੀ ਤਪਦਾ ਹੈ, ਅੈਂਵੇਂ ਤਾਂ ਨਹੀਂ ਖਾਲਸ ਹੋਇਆ ਸਿਰ ਦੇ ਕੇ ਸਿਰਲੇਖ ਲਿਆ। ਉਹ ਕਿੰਨਾ ਚਿਰ ਖੈਰ ਮਨਾਉਂਦਾ ਫੁੱਲਾਂ ਭਰੀਆਂ ਲਗਰਾਂ ਦੀ, ਜਿਹਦੀ ਛਾਂਵੇ ਬੈਠ ਕੁਹਾੜੇ ਨੇ ਸੀ ਦਸਤਾ ਮੇਚ ਲਿਆ। ਅਰਮਾਨਾਂ ਦੀ ਪੀਂਘ ਨੂੰ ਭਾਇਆ ਰੰਗ ਜੋ ਮੀਤ ਪਿਆਰੇ ਦਾ, ਮੈਂ ਬੁਨਿਆਦੀ ਰੰਗਾਂ ਵਿੱਚੋ ਉੰਞ ਤਾਂ ਰੰਗ ਹਰੇਕ ਲਿਆ। ਆਪਣੀ ਕੀਮਤ ਨਾਲੋਂ ਬਾਹਲ਼ੀ ਕੀਮਤ ਸਮਝੀ ਖਾਬਾਂ ਦੀ, ਤਾਂਹੀ ਇੱਕ ਵਪਾਰੀ ਨੇ ਖਾਬਾਂ ਲਈ ਖੁਦ ਨੂੰ ਵੇਚ ਲਿਆ। ਹਾਲੇ ਜ਼ਿਕਰ ਅਧੂਰਾ 'ਜੀਤ' ਦਾ ਇਕ ਦਿਨ ਬਹਿਰੀਂ ਬੱਝੂਗੀ, ਜਦ ਖੁੰਢੇ ਜ਼ਜ਼ਬਾਤਾਂ ਨੂੰ ਉਸ ਨੇ ਰੇਤੀ ਨਾ' ਰੇਤ ਲਿਆ।

ਮੈਂ ਲਾਡੋ ਦੀ ਤਲੀ’ਤੇ ਕੋਈ

ਮੈਂ ਲਾਡੋ ਦੀ ਤਲੀ’ਤੇ ਕੋਈ ਖ਼ਾਬ ਸੁਨਹਿਰੀ ਧਰ ਦੇਵਾਂ। ਉਹਦੇ ਰਾਹਾਂ ਦੇ ਵਿਚ ਸਾਰੇ ਰੰਗ ਗੁਲਾਬੀ ਭਰ ਦੇਵਾਂ। ਅੱਜ ਦਾ ਦਿਨ ਤਾਂ ਬੜਾ ਖਾਸ ਹੈ ਮੇਰੀ ਰਾਜਕੁਮਾਰੀ ਦਾ ਮਹਿਲ-ਮੁਨਾਰੇ ਉਹ ਨਾ ਮੰਗੇ ਮੈਂ ਉਹਨੂੰ ਕੀ ਪਰ ਦੇਵਾਂ ? ਮੈਂ ਨਾ ਸਮਝਾਂ ਧੰਨ ਬਿਗਾਨਾ ਇਸ ਵਿਹੜੇ ਦੀ ਰੌਣਕ ਨੂੰ ਧੀ ਬਿਗਾਨੀ ਸਮਝਣ ਵਾਲਾ ਵੀ ਨਾ ਕੋਈ ਘਰ ਦੇਵਾਂ। ਕੁੜੀਆਂ ਤਾਂ ਬਸ ਚਿੜੀਆਂ ਹੀ ਨੇ ਅਕਸਰ ਲੋਕੀ ਕਹਿ ਦੇਂਦੇ ਚਿੜੀਆਂ ਵਾਂਗਰ ਚਹਿਕੇ ਉਹ ਵੀ ਸਾਰਾ ਹੀ ਅੰਬਰ ਦੇਵਾਂ। ਮੈਨੂੰ ਹੈ ਭਰੋਸਾ ਉਸ 'ਤੇ ਉਹ ਹੱਦਾਂ ਪਹਿਚਾਣ ਲਊ ਮੈਂ ਉਹਦੇ ਲਈ ਹੱਦਾਂ ਮਿਥ ਕੇ ਐਂਵੇ ਹੀ ਕਿਉਂ ਡਰ ਦੇਵਾਂ। ਜੀਵਨ ਆਪ ਸਿਖਾ ਦੇਂਦਾ ਏ ਰਾਵਣ ਨੂੰ ਸਰ ਕਰਨਾ ਵੀ ਮੈਂ ਬਸ ਏਨਾ ਚਾਹਾਂ ਉਹਨੂੰ ਰਾਮ ਜਿਹਾ ਨਾ ਵਰ ਦੇਵਾਂ। ਪਾਣੀ ਖੋਹ ਲਏ ਗੈਰਾਂ ਨੇ ਪੌਣਾਂ ਵਿੱਚ ਨਾ ਸਿੱਲ੍ਹ ਰਹੀ ਪੱਛਮ ਦੀ ਕਿਸੇ ਪੌਣ ਜਿਹੀ ਹੀ ਪੌਣ ਮੈਂ ਠੰਢੀ ਠਰ ਦੇਵਾਂ। ਜੇਸ ਗਿਆਨ ਦੀ ਜੋਤ ਅਗੰਮੀ ਸਭ ਦਰਵਾਜੇ ਖੋਹਲ ਦਵੇ ‘ਜੀਤ’ ਧੀ ਰਾਣੀ ਨੂੰ ਮੈਂ ਓਸੇ ਹੀ ਗਿਆਨ ਦਾ ਦਰ ਦੇਵਾਂ।

ਕੋਈ ਦਿਲ ਨੂੰ ਦਰਿਆ ਕਹਿੰਦੈ

ਕੋਈ ਦਿਲ ਨੂੰ ਦਰਿਆ ਕਹਿੰਦੈ, ਕੋਈ ਕਹਿੰਦੈ ਸਾਗਰ, ਕੋਈ ਵੀ ਥਾਹ ਪਾ ਨਾ ਸਕਿਆ, ਇਸ ਵਿੱਚ ਰਹਿੰਦੈ ਕਾਦਰ। ਇੱਕੋ ਜੋਤ ਹੈ ਉਸਦੀ, ਉਹਦਾ ਹਰ ਦਿਲ ਦੇ ਵਿਚ ਵਾਸਾ, ਉਹ ਹੈ ਨਾਨਕ ਉਹ ਹੈ ਮੌਲਾ, ਉਹ ਭਗਵਾਨ ਉਹ ਫ਼ਾਦਰ। ਇਸ ਜੱਗ ਦਾ ਇਕ ਸੱਚਾ ਆਸ਼ਕ, ਸਾਂਝ ਜ੍ਹਿਦੀ ਵਿਸਮਾਦੀ, ਪਰ ਫੱਕਰ ਦਾ ਕਰਦੇ ਡਿੱਠੇ, ਮੈਂ ਕੁਝ ਲੋਕ ਨਿਰਾਦਰ। ਇੱਕ ਹੁਸਨ ਦੀ ਮਲਕਾ ਦੇ, ਨੈਣਾ ਨੇ ਮੋਹ ਲਿਆ ਜਿਹਨੂੰ, ਉਸ ਪਾਰ ਤੋਂ ਆਇਆ ਸੀ ਕੋਈ, ਸੁਣਿਆ ਉਹ ਸੌਦਾਗਰ। ਘਰ ਤੋਂ ਬੇਮੁਖ ਹੋਇਆ ਜਿਸ ਲਈ,ਮੰਜ਼ਲ ਵੀ ਮੂੰਹ ਮੋੜ ਗਈ ਹੁਣ ਹੈ ਪਥਰੀਲੇ ਰਾਹਾਂ 'ਤੇ, ਇਕ ਸ਼ੀਸ਼ੇ ਦਾ ਮੁਕੱਦਰ । ਮੇਰੀ ਸੋਚ ਦੇ ਵਿਚ ਹੁਣ ਉੱਗਣ, ਗਜ਼ਲਾਂ ਨਾਮੀ ਫਸਲਾਂ, ਲਗਦਾ ਹੈ ਛੱਟਾ ਮਾਰ ਗਿਆ, ਸ਼ਬਦਾਂ ਦਾ ਜਾਦੂਗਰ । ਆਖ਼ਰ ਮੁੱਕ ਹੀ ਜਾਂਦੇ ਨੇ ਸਭ, ਇਹ ਦੁਨਿਆਵੀ ਧੰਦੇ, ਜਿਸ ਦਿਨ ਬੰਦਾ ਸੋਂ ਜਾਂਦਾ ਹੈ, ਲੈ ਕੇ ਚਿੱਟੀ ਚਾਦਰ । ਕੁਝ ਨੇ ਜੱਗ ਦੀ ਜਨਣੀ ਕਹਿਕੇ, ਮੇਰਾ ਮਾਣ ਵਧਾਇਆ, ਕੁਝ ਸੋਚਾਂ ਚੋਂ ਅਜੇ ਨਾ ਮਨਫ਼ੀ, ਅਬਦਾਲੀ ਤੇ ਨਾਦਰ। ਉੰਞ ਤਾਂ ਮੁੜ ਤੋਂ ਭਰਨੇ ਦੇ ਲਈ, ਊਣਾ ਭਾਂਡਾ ਚੰਗਾ, ਐਪਰ 'ਜੀਤ' ਨਾ ਭਰਨੀ ਮੁੜਕੇ, ਇਹ ਸਾਹਾਂ ਦੀ ਗਾਗਰ।

ਮਾਂ ਨੈਣਾਂ ਵਿੱਚ ਖ਼ਾਬ ਸਜਾਏ

ਮਾਂ ਨੈਣਾਂ ਵਿੱਚ ਖ਼ਾਬ ਸਜਾਏ ਉਹ ਬੱਚੇ ਤੋਂ ਵਾਰੀ ਜਾਏ ਉਹ ਬੱਚੇ ਤੋਂ ਵਾਰੀ ਜਾਏ ਧਰ ਚੁੰਮਣ ਹੋਠੋਂ ਮੁਸਕਾਏ ਧਰ ਚੁੰਮਣ ਹੋਠੋਂ ਮੁਸਕਾਏ ਘੁੱਟ ਕੇ ਸੀਨੇ ਨਾਲ ਲਗਾਏ ਘੁੱਟ ਕੇ ਸੀਨੇ ਨਾਲ ਲਗਾਏ ਬਾਬਲ ਸਾਰੇ ਬੋਲ ਪੁਗਾਏ ਬਾਬਲ ਸਾਰੇ ਬੋਲ ਪੁਗਾਏ ਉਹ ਬੱਚੇ ਨੂੰ ਰਾਹ ਦਿਖਲਾਏ ਉਹ ਬੱਚੇ ਨੂੰ ਰਾਹ ਦਿਖਲਾਏ ਹਰ ਗ਼ਮ ਦੇ ਵਿਚ ਮੁਸਕਾਏ ਹਰ ਗ਼ਮ ਦੇ ਵਿਚ ਮੁਸਕਾਏ ਨਾਲ ਖੜ੍ਹੇ ਜੋ ਚਾਚੇ ਤਾਏ ਨਾਲ ਖੜ੍ਹੇ ਜੋ ਚਾਚੇ ਤਾਏ ਜੱਗ ਤੇ ਸੋਹਣੇ ਨਾਮ ਕਮਾਏ ਜੱਗ ਤੇ ਸੋਹਣੇ ਨਾਮ ਕਮਾਏ ਦੀਨ ਦੁਖੀ ਨੂੰ ਗਲ਼ ਨਾ'ਲਾਏ ਦੀਨ ਦੁਖੀ ਨੂੰ ਗਲ਼ ਨਾ' ਲਾਏ ਗੁਰ ਦੇ ਸੱਚੇ ਸਿੱਖ ਕਹਾਏ ਗੁਰ ਦੇ ਸੱਚੇ ਸਿੱਖ ਕਹਾਏ ਅੰਮ੍ਰਿਤ ਵੇਲੇ ਗੁਰ ਘਰ ਜਾਏ ਅੰਮ੍ਰਿਤ ਵੇਲੇ ਗੁਰ ਘਰ ਜਾਏ ਸੇਵਾ ਸ਼ਰਧਾ ਸੰਗ ਕਮਾਏ ਸੇਵਾ ਸ਼ਰਧਾ ਸੰਗ ਕਮਾਏ ਹੱਕ-ਸੱਚ ਦੀ ਸਦਾ ਉਹ ਖਾਏ ਹੱਕ-ਸੱਚ ਦੀ ਸਦਾ ਉਹ ਖਾਏ ਭੈਣਾਂ ਦੇ ਦੁਖ- ਸੁਖ ਵੰਡਾਏ ਭੈਣਾਂ ਦੇ ਦੁਖ- ਸੁਖ ਵੰਡਾਏ ਤੀਜ-ਤਿਹਾਰ ਤੇ ਮਿਲਣੇ ਆਏ ਤੀਜ-ਤਿਹਾਰ ਤੇ ਮਿਲਣੇ ਆਏ ਮਾਂ-ਬਾਪ ਦਾ ਫ਼ਰਜ਼ ਨਿਭਾਏ ਮਾਂ-ਬਾਪ ਦਾ ਫ਼ਰਜ਼ ਨਿਭਾਏ ਆਨ-ਬਹਾਨੇ ਪਿੰਡ ਬੁਲਾਏ ਆਨ-ਬਹਾਨੇ ਪਿੰਡ ਬੁਲਾਏ ਅੱਜ ਵੀਰਾਂ ਦੀ ਯਾਦ ਸਤਾਏ ਅੱਜ ਵੀਰਾਂ ਦੀ ਯਾਦ ਸਤਾਏ ਉਹ ‘ਜੀਤ’ ਦੀ ਮਾਂ ਦੇ ਜਾਏ ਉਹ ‘ਜੀਤ’ ਦੀ ਮਾਂ ਦੇ ਜਾਏ ਮਾਂ ਨੈਣਾਂ ਵਿੱਚ ਖ਼ਾਬ ਸਜਾਏ

ਇਹ ਜੋ ਹੌਕੇ ਤੇ ਹਾਵਾਂ ਨੇ

ਇਹ ਜੋ ਹੌਕੇ ਤੇ ਹਾਵਾਂ ਨੇ, ਇਹ ਜੋ ਜੀਵਨ ‘ਚ ਹਾਰਾਂ ਨੇ ਕਿ ਤੇਰੇ ਜਾਣ ਦੇ ਮਗਰੋਂ, ਹੀ ਰੁਸੀਆਂ ਸਭ ਬਹਾਰਾਂ ਨੇ ਚਿਰੋਕੀ ਰੀਝ ਹੈ ਦਿਲ ਦੀ, ਕਦੇ ਤੂੰ ਖ਼ਾਬ ਵਿਚ ਆਵੇਂ ਤੇ ਰਾਤਾਂ ਜਾਗ ਕੇ ਵੀ ਤਾਂ, ਅਸੀਂ ਕਰੀਆਂ ਪੁਕਾਰਾਂ ਨੇ ਬੜਾ ਹੀ ਝੂਰਦੈ ਬਾਬਲ, ਉਹ ਬੈਠੈ ਦੌਣ ਦੇ ਉੱਤੇ ਕਿ ਪਹਿਲਾਂ ਵਾਂਗ ਹੁਣ ਇੱਥੇ, ਨਾ ਧੀ ਦੀਆਂ ਵੀ ਠਾਹਰਾਂ ਨੇ ਵਫ਼ਾ ਦੀ ਮਹਿਕ ਕੀ ਆਉਣੀ, ਵਿਦੇਸ਼ੀ ਬੂਟਿਆਂ ਵਿੱਚੋਂ ਜੇ ਮਾਲੀ ਨੇ ਹੀ ਖ਼ੁਦ ਭਰੀਆਂ, ਉਨ੍ਹਾਂ ਦੀ ਜੜ੍ਹ ‘ਚ ਖ਼ਾਰਾਂ ਨੇ ਅਸਾਡੇ ਕੁਝ ਸਵਾਲਾਂ ਦਾ, ਕਦੇ ਵੀ ਤੋੜ ਨਾ ਮਿਲਿਆ ਜੋ ਸ਼ੀਸ਼ੇ ਦੇ ਦਿਲਾਂ ਵਿਚ ਵੀ, ਇਹ ਪੱਥਰ ਹੀ ਦਿਵਾਰਾਂ ਨੇ ਜ਼ਰਾ ਸੰਭਲ ਕੇ ਚਲ, ਐ ਦਿਲ! ਤੂੰ ਠ੍ਹੋਕਰ ਖਾਣ ਤੋਂ ਪਹਿਲਾਂ ਨਹੀਂ ਮੰਜ਼ਿਲ ਕੋਈ ਦੇਣੀ, ਕਦੇ ਭਟਕੇ ਪਿਆਰਾਂ ਨੇ ਛੁਪਾ ਲੈ ਗ਼ਮ ਤੂੰ ਦਿਲ ਵਿਚ 'ਜੀਤ' ਹਾਸੇ ਬੀਜ ਲੈ ਹੋਠੀਂ ਬਿਮਾਰਾਂ ਨੂੰ ਹੈ ਕਦ ਪੁੱਛੀ ਕਦੇ ਹਾਲਤ ਬਿਮਾਰਾਂ ਨੇ

ਗੀਤ-ਡਾਹਢੇ ਦੇ ਹੱਥ ਡੋਰ ਨੀ ਸਖ਼ੀਏ

ਡਾਹਢੇ ਦੇ ਹੱਥ ਡੋਰ ਨੀ ਸਖ਼ੀਏ, ਬਾਹਲ਼ਾ ਝੂਰਨਾ ਛੱਡ ਦੇ ! ਤੂੰ ਹਰਫ਼ਾਂ ਦੇ ਵਿੱਚ ਪਰੋਕੇ, ਦਰਦ ਸਾਰੇ ਨੂੰ ਕੱਢ ਦੇ ! ਪਲ ਵੀ ਨਹੀਂ ਭਰੋਸਾ ਆਉਂਦੇ ਜਾਂਦੇ ਸਾਹਵਾਂ ਦਾ , ਬਣਦਾ ਕੋਈ ਬਹਾਨਾ ਮਾਲਕ ਉਹ ਸਭ ਰਾਹਵਾਂ ਦਾ। ਸਾਡੇ ਹੱਥਾਂ ਦੇ ਵਿੱਚ ਕਾਸੇ, ਉਹ ਚਾਹੂ ਤਾਂ ਦੇਊ ਹਾਸੇ । ਉਹਦੀ ਰਹਿਮਤ ਦੇ ਬਿਨ ਏਥੇ, ਝੂਠੇ ਜੱਗ ਦੇ ਦੀਨ-ਦਿਲਾਸੇ। ਕਦੇ ਪੰਘੂੜਾ ਨਾ ਟੁੱਟੇ ਕਿਸੇ ਦੇ ਨੰਨੇ ਚਾਅਵਾਂ ਦਾ, ਬਣਦਾ ਕੋਈ ਬਹਾਨਾ ਮਾਲਕ ਉਹ ਸਭ ਥਾਂਵਾਂ ਦਾ। ਉਹਦੇ ਰੰਗ ਨੇ ਓਹੀ ਪਛਾਣੇ, ‘ਕੱਠੇ ਆਏ ਨਾ ‘ਕੱਠੇ ਜਾਣੇ। ਆਪਣੇ ਹਿੱਸੇ ਦੇ ਗ਼ਮ ਏਥੇ, ਪੈਂਦੇ ਸਭ ਨੂੰ ਆਪ ਹੰਢਾਣੇ। ਉਹਨੇ ਸਿਦਕ ਹੈ ਦੇਣਾ ਪਾਈਏ ਜੋਰ ਦੁਆਵਾਂ ਦਾ, ਬਣਦਾ ਕੋਈ ਬਹਾਨਾ ਮਾਲਕ ਉਹ ਸਭ ਥਾਂਵਾਂ ਦਾ। ਇੱਕੋ ਹੈ ਇਸ ਜੱਗ ਦਾ ਵਾਲੀ, ਬਾਕੀ ਸਭ ਦੀ ਨਜ਼ਰ ਸਵਾਲੀ। ਰੱਖੀਂ ਆਸ-ਭਰੋਸਾ ਉਸ 'ਤੇ ਉਹਦੇ ਦਰੋਂ ਨਾ ਮੁੜੇ ਕੋਈ ਖਾਲੀ। ਪਰ 'ਜੀਤ' ਕੋਈ ਰੁੱਖ ਨਾ ਸੁੱਕੇ ਜੋਬਨ ਰੁੱਤੇ ਛਾਂਵਾਂ ਦਾ ਬਣਦਾ ਕੋਈ ਬਹਾਨਾ ਮਾਲਕ ਉਹ ਸਭ ਥਾਂਵਾਂ ਦਾ।

ਮਾਂਏਂ ਨੀ...!

ਮਾਂਏਂ ਨੀ....! ਲੱਭਾਂ ਪੈੜਾਂ ਦਾ ਸਿਰਨਾਂਵਾ ਪਰ ਮਾਰੂਥਲ ਦਾ ਬਣਕੇ ਰੇਤਾ, ਖ਼ੁਦ ਹੀ ਖਿੰਡਦੀ ਜਾਂਵਾ........... ਮਾਂਏਂ ਨੀ......! ਨਿੱਤ ਪੌਣ ਪੁਰੇ ਦੀ ਚੱਲੇ ਭੋਲ਼ੇ ਹਾਸੇ ਲੁੱਟ ਕੇ ਦੁਨੀਆਂ ਪੀੜਾਂ ਪਾਉਂਦੀ ਪੱਲੇ......... ਮਾਂਏ ਨੀ...! ਕਿਸ ਯੋਗੀ ਅਲਖ਼ ਜਗਾਈ ਮਨ ਦੀ ਮੌਜ਼ ਹੈ ਬਿਰਹਣ ਹੋਈ ਰੂਹ ਫਿਰਦੀ ਨਸ਼ਿਆਈ........... ਮਾਂਏਂ ਨੀ...! ਨੀ ਤੂੰ ਕਿੱਥੇ ਲਾ ਲਏ ਡੇਰੇ ਇੱਕ ਅੱਖ ਬੈਠੀ ਸਪਨ ਸਜਾਵੇ, ਪਰ ਦੂਜੀ ਹੰਝੂ ਕੇਰੇ........... ਮਾਂਏਂ ਨੀ...! ਕਿਸ ਮਾਲੀ ਬਾਗ਼ ਉਗਾਏ ਪੁੱਤ ਪੰਜ ਆਬਾਂ ਦੇ ਸੁਧ-ਬੁੱਧ ਭੁੱਲਕੇ ਅੱਜ ਬੈਠੇ ਤਿਰਹਾਏ.......... ਮਾਂਏਂ ਨੀ... ਕਿਉਂ ਭਾਗ ਧੀਆਂ ਦੇ ਸੁੱਤੇ ਅੱਖੀਆਂ ਪਲਕਾਂ ਓਹਲੇ ਰੋਵਣ ਜਦ ਹੂਕ ਕੋਈ ਅੰਦਰੋਂ ਉੱਠੇ..... ਮਾਂਏਂ ਨੀ...! ਇਹ ਜ਼ਿੰਦੜੀ ਪੰਧ ਲੰਮੇਰਾ ਲੱਪ ਕਿਰਨਾਂ ਦੀ ਝੋਲ਼ੀ ਪਾ ਦੇ ਹੋ ਜਾਏ ਦੂਰ ਹਨ੍ਹੇਰਾ...........

ਪੀੜ ਪਰੁੰਨੇ ਲੇਖ ਨੀ ਮਾਂਏਂ

ਪੀੜ ਪਰੁੰਨੇ ਲੇਖ ਨੀ ਮਾਂਏਂ ਪੀੜ ਪਰੁੰਨੇ ਲੇਖ ਇਸ ਪੀੜ ਸਾਡਾ ਅੰਗ-ਅੰਗ ਵਿੱਧਾ ਦਰਦ ਨਾ ਆਵੇ ਮੇਚ ਪੀੜ ਪਰੁੰਨੇ...... ਇਹ ਕੰਡਿਆਲੀ ਥੋਰ ਜਿਹੀ ਏ ਇਹ ਭਖੜੇ ਦੀ ਜਾਈ ਜੇਠ-ਹਾੜ੍ਹ ਦੀਆਂ ਲੋਆਂ ਜ਼ਿੰਦੜੀ ਇਹ ਪੌਣ ਤਿਰਹਾਈ ਜਦ ਜੀਅ ਚਾਹਵੇ ਤਦ ਰਚਾਵੇ ਇਹ ਵੱਖਰਾ ਹੀ ਭੇਖ ਪੀੜ ਪਰੁੰਨੇ…… ਨਾ ਇਸ ਜ਼ਿੰਦ ਕੋਈ ਰੀਝ ਹੰਢਾਈ ਨਾ ਸਧਰਾਂ ਫੁੱਲਕਾਰੀ ਹਰ ਵਾਰ ਦੀ ਤਰਾਂ ਹੀ ਸਾਵਣ ਮੁੜ ਗਿਆ ਹੈ ਇਸ ਵਾਰੀ ਤਨ ਦਾ ਪਿੰਜ਼ਰ ਕੋਲ਼ੇ ਹੋਇਆ ਡੁੱਲ-ਡੁੱਲ ਪੈਂਦਾ ਸੇਕ ਪੀੜ ਪਰੁੰਨੇ…… ਪੀੜ ਪਰੁੰਨੇ ਲੇਖ ਨੀ ਮਾਂਏ ਪੀੜ ਪਰੁੰਨੇ ਲੇਖ ਇਸ ਪੀੜ ਸਾਡਾ ਅੰਗ-ਅੰਗ ਵਿੱਧਾ ਦਰਦ ਨਾ ਆਵੇ ਮੇਚ ਪੀੜ ਪਰੁੰਨੇ......

ਬੋਲੀਆਂ

ਨਵੀਂ ਬਹੂ ਮੁਕਲਾਵੇ ਆਈ ਨਣਦਾਂ ਚੋਜ ਕਰਾਵਣ ਵਾਰੋ-ਵਾਰੀ ਮੱਥਾ ਚੁੰਮਣ ਧਰਤੀ ਪੈਰ ਨਾ ਲਾਵਣ ਸਾਂਭ ਲਏਗੀ ਘਰ ਅੰਮੀ ਦਾ ਸੋਚ-ਸੋਚ ਮੁਸਕਾਵਣ ਯੁਗ-ਯੁਗ ਜੀਅ ਭਾਬੋ ਨਣਦਾਂ ਖ਼ੈਰ ਮਨਾਵਣ ਯੁਗ-ਯੁਗ ਜੀਅ ਭਾਬੋ....... ਨਵੀਂ ਬਹੂ ਮੁਕਲਾਵੇ ਆਈ ਆਉਂਦੀ ਰੋਹਬ ਜਮਾਵੇ ਕੰਮ-ਕਾਰ ਨੂੰ ਹੱਥ ਨ੍ਹੀ ਲਾਉਣਾ ਬਰਗਰ ਪੀਜ਼ੇ ਖਾਵੇ ਕਦੇ ਸਿਨੇਮੇ ਕਦੇ ਪਾਰਲਰ ਜਦ ਚਾਹਵੇ ਤਦ ਜਾਵੇ ਮੱਤ ਦੇ ਹੋਲ਼ੇ ਵੀਰ ਮੇਰੇ ਨੂੰ ਪੱਟੀਆਂ ਨਿੱਤ ਪੜਾਵੇ ਮੈਂ ਤੇਰੇ ਤਾਂ ਵਸਣਾ ਜੇ ਨਣਦ ਪੇਕੇ ਨਾ ਆਵੇ ਮੈਂ ਤੇਰੇ ਤਾਂ ਵਸਣਾ ......... ਪੇਕੇ ਘਰ ਅਸਾਂ ਮਾਣੀਆਂ ਮੌਜ਼ਾਂ-2 ਤੇਰੇ ਘਰ ਵਿੱਚ ਚਾਅ ਸਾਡੇ ਸਭ ਧਰੇ-ਧਰਾਏ ਰਹਿ ਗਏ ਨੇ ਇਸ ਜ਼ਿੰਦ ਨੂੰ ਮਾਮਲੇ ਪੈ ਗਏ ਨੇ ਇਸ ਜ਼ਿੰਦ ਨੂੰ ਮਾਮਲੇ........ ਲਾਡਾਂ ਦੇ ਨਾਲ ਪਾਲ਼ਿਆ ਅੰਮੀ ਬਾਪ ਬਿਠਾਇਆ ਡੋਲੀ ਅੱਧੀ ਰਾਤ ਤੱਕ ਘਰ ਨਈਂ ਵੜਦਾ ਜ਼ਿੰਦ ਮਾਹੀ ਨੇ ਰੋਲੀ ਜੇ ਮੰਗਾਂ ਵਿਸ਼ਵਾਸ਼ ਮੈਂ ਉਹਦਾ ਦੇਵੇ ਮਿੱਠੀ ਗੋਲ਼ੀ ਜੇ ਉਹਦੇ 'ਤੇ ਹੱਕ ਜਤਾਵਾਂ ਉਹ ਮਾਰਦਾ ਬੋਲੀ ਦੁੱਖੜੇ ਕੀ ਫੋਲਾਂ ਮੈਂ ਮਾਹੀਏ ਦੀ ਗੋਲੀ ਦੁੱਖੜੇ ਕੀ ਫੋਲਾਂ .....

ਗ਼ਜ਼ਲ-ਅੰਬਰ ਦਾ ਚੰਨ ਪੱਥਰ ਹੋਇਆ

ਅੰਬਰ ਦਾ ਚੰਨ ਪੱਥਰ ਹੋਇਆ, ਧਾਹੀਂ ਰੋਏ ਤਾਰੇ । ਧਰਮ ਦੇ ਨਾਂ ਤੇ,ਜ਼ਹਿਰੀ ਨਾਗਾਂ ਜਦ ਹਮਸਾਏ ਮਾਰੇ । ਸ਼ੇਖ ਫਰੀਦ ਸਣੇ ਗੁਰੂ ਨਾਨਕ ਬੁੱਲਾ, ਵਾਰਿਸ ਸੋਚਣ, ਦੇਸ ਪੰਜਾਬ ਦੇ ਮਿੱਠੇ ਪਾਣੀ,ਕਿਸ ਨੇ ਕੀਤੇ ਖ਼ਾਰੇ ? ਜੋ ਸਦੀਆਂ ਤੋਂ ਸਾਂਝਾਂ ਬਣੀਆਂ, ਪਲ ਵਿਚ ਹੋਈਆਂ ਲੀਰਾਂ, ਕਿਸ ਨੇ ਸਾਡੀਆ ਅਕਲਾਂ ਉੱਤੇ,ਪਾਏ ਪਰਦੇ ਭਾਰੇ । ਦਾਦੀ ਮਾਂ ਨੂੰ ਕਦੇ ਨਾ ਭੁੱਲਿਆ ਚੱਕ ਅਠੱਤੀ ਵਾਲਾ, ਉਂਗਲਾਂ ਤੇ ਸੀ ਦਾਦਾ ਗਿਣਦਾ ਚੱਕ ਮੁਲਤਾਨ ਦੇ ਸਾਰੇ। ਜ਼ਹਿਰ ਪਰੁੱਚੀ ਪੌਣ ਵਗੀ ਤੇ ਸਭ ਨੂੰ ਅੰਨ੍ਹੇ ਕੀਤਾ, ਰੱਤ ਦੇ ਨਾਲ ਸੀ ਰੰਗੀਆਂ ਕੂੰਟਾਂ ਚੌਂਕ ਚੁਰਸਤੇ ਸਾਰੇ। ਦਰਦ ਵਿਛੋੜੇ ਵਾਲਾ ਸੁਣਿਆ ਗੀਤ, ਵੈਣ ਕੀ ਆਖਾਂ, ਅੱਖਾਂ ਸਾਹਵੇਂ ਵਿਲਕਣ ਸੁਪਨੇ ਹੁਣ ਵੀ ਦਰਦਾਂ ਮਾਰੇ। ਅੱਖਾਂ ਬੰਦ ਕਰਾਂ ਤੇ ਸੋਚਾਂ, ਕਾਸ਼! ਕਿਤੇ ਇੰਝ ਹੋਵੇ, ਨਨਕਾਣੇ ਦੀ ਅੱਖੀਉਂ ਪੂੰਝਾਂ ਅੱਥਰੂ ਮਣ ਮਣ ਭਾਰੇ। ਦਿਲ ਕਰਦੈ, ਮੈਂ ਸ਼ਹਿਰ ਲਾਹੌਰ ‘ਚ ਜਾ ਕੇ ਭੁੱਲਾਂ ਮੁੜਨਾ, ਵਸਦੇ ਜਿੱਥੇ ਬਿਰਖ਼ਾਂ ਵਰਗੇ ਰੂਹ ਦੇ ਮੀਤ ਪਿਆਰੇ । ਸ਼ਬਦਾਂ ਦੀ ਫੁਲਕਾਰੀ,ਕੱਢਾਂ, ਵੇਖਾ ਮੈਂ ਜੀਅ ਭਰਕੇ, ਰੇਸ਼ਮੀ ਤੰਦਾਂ ਹੇਠ ਨਾ ਛੁਪਦੇ ਜਿਹੜੇ ਸੁਪਨ ਲੰਗਾਰੇ। ਗੀਤ ਗ਼ਜ਼ਲ ਕਵਿਤਾਵਾਂ ਅੰਦਰ ਜੀਤ ਘੁਲ਼ੀ ਕੁਝ ਏਦਾਂ, ਖ਼ੁਸ਼ਬੂ ਭਰੇ ਸਰੋਵਰ ਵਿੱਚ ਜਿਉਂ ਤਾਰੀਆਂ ਲਾਉਂਦੇ ਤਾਰੇ।

ਗੀਤ-ਅੱਜ ਪੇਕੇ ਪਿੰਡ ਦਾ ਮੈਂ ਗੇੜਾ ਲਾ ਕੇ ਆਈ ਹਾਂ

ਅੱਜ ਪੇਕੇ ਪਿੰਡ ਦਾ ਮੈਂ ਗੇੜਾ ਲਾ ਕੇ ਆਈ ਹਾਂ। ਬਾਬਲ ਦੇ ਵਿਹੜੇ ਮੁੜ ਫੇਰਾ ਪਾ ਕੇ ਆਈ ਹਾਂ। ਚਿਰ ਪਿੱਛੋਂ ਤੱਕੀਆਂ ਨੇ ਪਿੰਡ ਦੀਆਂ ਗਲੀਆਂ। ਜਿਨ੍ਹਾਂ ਉੱਤੇ ਤੁਰਦਿਆਂ ਸਖੀਆਂ ਸੀ ਰਲੀਆਂ। ਸੁਪਨੇ ਅਨੇਕ ਨਵੇਂ ਸੀਨੇ ‘ਚ ਲਿਆਈ ਹਾਂ ਅੱਜ ਪੇਕੇ ਪਿੰਡ ਦਾ ................... ਰੱਬਾ ਸੁਖੀ ਵਸੇ 'ਠੱਟੇ ਨਵੇਂ' ਦਾ ਗਰਾਂ ਵੇ। ਮਾਂ ਤੋਂ ਵੀ ਵੱਡੀ ਥਾਂ ਏ ਓਥੇ ਵੱਡੀ ਮਾਂ ਵੇ। ਤਾਈ ਵਾਲੇ ਘਰ ਹਰ ਕੋਨਾ ਗਾਹ ਕੇ ਆਈ ਹਾਂ। ਅੱਜ ਪੇਕੇ ਪਿੰਡ ਦਾ ................... ਸਦਾ ਖੁਸ਼ ਰਹਿਣ ਵੀਰੇ ਰਾਹ ਜੋ ਉਡੀਕਦੇ। ਬਾਪ-ਦਾਦੇ ਵਾਲੀਆਂ ਉਹ ਪੈੜਾਂ ਨੂੰ ਉਲੀਕਦੇ। ਵੀਰਿਆਂ ਦੇ ਨਾਂ 'ਤੇ ਮਿੱਠੇ ਗੀਤ ਗਾ ਕੇ ਆਈ ਹਾਂ ਅੱਜ ਪੇਕੇ ਪਿੰਡ ਦਾ ................... ਚੇਤੇ ਵਿੱਚ ਜਿਨ੍ਹਾਂ ਦੀਆਂ ਯਾਦਾਂ ਨੇ ਪਰੁੰਨੀਆਂ। ਭਾਬੀਆਂ ਦੇ ਸਿਰੀਂ ਸੋਹਣ ਸਦਾ ਸੂਹੀਆਂ ਚੁੰਨੀਆਂ। ਉਹਨਾਂ ਨਾਲ਼ ਮਾਣੇ ਸੀ ਜੋ ਰੰਗ ਚਾਹ ਕੇ ਆਈ ਹਾਂ। ਅੱਜ ਪੇਕੇ ਪਿੰਡ ਦਾ ................... ਕੁਝ ਪਲ ਕੱਢ ਕੇ ਸੀ ਆਈ ਛੋਟੀ ਭੈਣ ਵੀ। ਪਿਆਰ ਦੇਣ ਆਈ ਨਾਲੇ ਆਈ ਮੋਹ ਲੈਣ ਵੀ। ਯਾਦਾਂ ਦੇ ਗਲੋਟੇ ਉਹਦੇ ਨਾਲ ਲਾਹ ਕੇ ਆਈ ਹਾਂ। ਅੱਜ ਪੇਕੇ ਪਿੰਡ ਦਾ ................... ਬੈਠਦੇ ਸੀ ਕੱਠੇ ਚਾਚੇ-ਤਾਏ ਪਰਿਵਾਰ ਨਾਲ। ਚਾਹ 'ਚ ਭਿਉਂ ਕੇ ਖਾਧੀ ਅੰਬ ਦੇ ਆਚਾਰ ਨਾਲ। ਭਾਬੋ ਦੀ ਪਰੋਸੀ ਮਿੱਠੀ ਚੂਰੀ ਖਾ ਕੇ ਆਈ ਹਾਂ ਅੱਜ ਪੇਕੇ ਪਿੰਡ ਦਾ ................... ਦਿਲ ਵਿੱਚ ਵਸੇ ਸਦਾ ਸੂਰਤ ਉਹ ਮਾਂ ਦੀ। ਅਜੇ ਵੀ ਨਿਸ਼ਾਨੀ ਪੱਕੀ ਚੇਤੇ ਓਸ ਥਾਂ ਦੀ। ਓਸੇ ਦੇ ਵਿਯੋਗ ਵਿੱਚ ਲੀਕਾਂ ਵਾਹ ਕੇ ਆਈ ਹਾਂ ਅੱਜ ਪੇਕੇ ਪਿੰਡ ਦਾ ...................

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ