Jee Lainda Han Kde Kde : Chamandeep Deol

ਜੀਅ ਲੈਂਦਾ ਹਾਂ ਕਦੇ ਕਦੇ : ਚਮਨਦੀਪ ਦਿਓਲ

ਚਮਨਦੀਪ ਵੀਰੇ ਦੀ ਫੁੱਲਾਂ ਵਰਗੀ ਧੀ "ਸੁਖਮਨਜੋਤ" ਨੂੰ ਸਮਰਪਿਤ

ਸ਼ਾਇਰੀ ਦਾ ਚਮਨ ... ਚਮਨਦੀਪ ਦਿਓਲ ਪੰਜਾਬੀ ਕਾਵਿ - ਜਗਤ ਦਾ ਜਾਣਿਆ - ਮਾਣਿਆ ਸਥਾਪਿਤ ਹਸਤਾਖ਼ਰ ਹੈ। ਉਸਦੀ ਸ਼ਾਇਰੀ ਅੰਦਰ ਅਜਿਹੇ ਅਹਿਸਾਸਾਂ ਦੀ ਭਰਮਾਰ ਹੈ ਜਿਨ੍ਹਾਂ ਦਾ ਅਸਰ ਹਰ ਦਿਲ ਨੂੰ ਟੁੰਬ ਕੇ ਲੰਘਦਾ ਹੈ। ਉਸਦੀ ਸ਼ਾਇਰੀ ਜ਼ਿਆਦਾਤਰ ਬਿਰਹਾ ਦੇ ਵਜ਼ਨ ਨਾਲ ਲਬਰੇਜ਼ ਹੈ ਇਸਦੇ ਨਾਲ਼-ਨਾਲ਼ ਹੀ ਉਹ ਸਮਾਜਿਕ ਰੀਤਾਂ-ਰਸਮਾਂ, ਆਰਥਿਕ ਤਾਣੇ-ਬਾਣੇ ਅਤੇ ਰਾਜਨੀਤੀ ਦਾ ਨਕਾਬ ਉਤਾਰਨ ਤੋਂ ਵੀ ਗ਼ੁਰੇਜ਼ ਨਹੀਂ ਕਰਦਾ-

"ਤੂੰ ਹੀ ਦੱਸ ਮੈਂ ਕੀਹਦੇ ਉੱਤੇ ਮੋਹਰ ਲਗਾਵਾਂ,
ਸਾਰੇ ਚੋਣ-ਨਿਸ਼ਾਨਾਂ ਤੋਂ ਡਰ ਲਗਦੈ ਮੈਨੂੰ।"

ਚਮਨਦੀਪ ਦਿਓਲ ਦਾ ਜਨਮ 23 ਮਾਰਚ 1977 ਨੂੰ ਪਿੰਡ ਬੇਨੜਾ (ਧੂਰੀ) ਵਿਖੇ ਹੋਇਆ। ਚਮਨਦੀਪ ਨੇ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਜਵਾਹਰ ਨਵੋਦਯ ਵਿਦਿਆਲਾ ਤੋਂ ਕੀਤੀ, ਇੱਥੇ ਹੀ ਉਸਨੂੰ ਸਾਹਿਤ ਪੜ੍ਹਣ ਦੀ ਚੇਟਕ ਲੱਗੀ। ਕਿਤਾਬਾਂ ਨਾਲ਼ ਉਹ ਐਨਾਂ ਜੁੜਦਾ ਗਿਆ ਕਿ ਸਹਿਜੇ-ਸਹਿਜੇ ਫ਼ਿਰ ਉਸਦੇ ਅੰਦਰੋਂ ਆਪਮੁਹਾਰੇ ਬੋਲ ਫੁੱਟਣ ਲੱਗ ਪਏ ਤੇ ਇਹ ਜਜ਼ਬਾਤ ਉਹ ਕਲਮਬੱਧ ਕਰਦਾ ਰਹਿੰਦਾ। ਫ਼ਿਰ ਉਸਨੇ ਗਿਆਰਵੀਂ-ਬਾਰਵੀਂ ਕਰਨ ਤੋਂ ਬਾਅਦ ਗ੍ਰੈਜ਼ੂਏਸ਼ਨ ਲਈ ਦੇਸ਼ ਭਗਤ ਕਾਲਜ ਵਿੱਚ ਦਾਖ਼ਲਾ ਲੈ ਲਿਆ ਅਤੇ ਇੱਥੋਂ ਦੀ ਲਾਇਬ੍ਰੇਰੀ ਦਾ ਸਕੂਲੀ ਪੱਧਰ ਦੀ ਲਾਇਬ੍ਰੇਰੀ ਤੋਂ ਕਿਤੇ ਵੱਡਾ ਹੋਣਾ ਉਸਨੂੰ ਬੇਹੱਦ ਪਸੰਦ ਆਇਆ। ਉਹ ਗਿਆਨ ਦੇ ਇਸ ਸਾਗਰ ਵਿੱਚ ਦਿਨ-ਬ-ਦਿਨ ਗੋਤੇ ਲਾਉਂਦਾ-ਲਾਉਂਦਾ ਖ਼ੁਦ ਕਿਤਾਬ ਦਾ ਮਲਾਹ ਹੋ ਗਿਆ - 'ਅੰਬਰ ਦੀ ਤਲਾਸ਼' ਕਿਤਾਬ ਦੇ ਚਰਚਿਆਂ ਨੇ ਉਸਨੂੰ ਵਿਸ਼ੇਸ਼ ਵਰਗ ਦਾ ਵਿਦਿਆਰਥੀ ਬਣਾ ਦਿੱਤਾ, ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀ ਉਸ ਨਾਲ਼ ਦਿਲੀ ਸੁਨੇਹ ਰੱਖਣ ਲੱਗ ਪਏ ਅਤੇ ਇਸ ਕਿਤਾਬ ਦੇ ਉਪਰੰਤ ਉਸਨੂੰ ਤਕਰੀਬਨ ਵੀਹ ਸਾਲ ਦੀ ਉਮਰ ਵਿੱਚ ਹੀ ਸਾਹਿਤ ਅਕਾਦਮੀ ਦੀ ਮੈਂਬਰਸ਼ਿਪ ਮਿਲ ਗਈ ਜਿਸ ਨਾਲ਼ ਉਹ ਪੰਜਾਬ ਦੇ ਉੱਘੇ ਕਵੀਆਂ ਵਿੱਚ ਸ਼ਾਮਿਲ ਹੋ ਗਿਆ। ਇਸ ਤੋਂ ਬਾਅਦ ਉਸਨੇ ਪੋਸਟ ਗ੍ਰੈਜ਼ੂਏਸ਼ਨ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਦਾਖਲਾ ਲੈ ਲਿਆ ਅਤੇ ਪੰਜਾਬੀ ਕਾਵਿ-ਸੰਸਾਰ ਦੀ ਬੁੱਕਲ ਵਿੱਚ ਦੋ ਹੋਰ ਕਿਤਾਬਾਂ - 'ਨਦੀ ਤੋਂ ਦੂਰ' (2004) ਅਤੇ 'ਸ਼ੀਸ਼ੇ ਦਾ ਬਦਨ' (2014) ਪਾਈਆਂ। ਉਸਦੀ ਹਰ ਕਿਤਾਬ ਨੂੰ ਪਾਠਕਾਂ ਨੇ ਖੂਬ ਪਿਆਰਿਆ ਹੈ। ਇਹ ਸਿਲਸਿਲਾ ਇਸੇ ਤਰ੍ਹਾਂ ਹੀ ਮੁਸੱਲਸਲ ਜ਼ਾਰੀ ਹੈ।

ਇਹਨਾਂ ਕਿਤਾਬਾਂ ਨੂੰ ਪੜ੍ਹਦਿਆਂ ਮੈਂ ਸੋਚਿਆ ਕਿਉਂ ਨਾ ਚਮਨਦੀਪ ਦੀਆਂ ਚੋਣਵੀਆਂ ਰਚਨਾਵਾਂ ਨੂੰ ਸੰਪਾਦਿਤ ਕਰਕੇ ਪਾਠਕ ਵਰਗ ਦੀ ਕਿਆਰੀ ਵਿੱਚ ਸ਼ਾਇਰੀ ਦਾ ਇਹ ਬੇਸ਼ਕੀਮਤੀ ਬੀਜ਼ ਬੋਇਆ ਜਾਵੇ ਤਾਂ ਜੋ ਭਵਿੱਖ 'ਚ ਵੰਨ-ਸੁਵੰਨੇ ਫੁੱਲਾਂ ਦੀ ਕਾਸ਼ਤ ਵਾਲ਼ੀ ਆਸ ਬਣੀ ਰਹੇ। ਇਸ ਤਰ੍ਹਾਂ ਇਹ ਕਿਤਾਬ "ਜੀਅ ਲੈਂਦਾ ਹਾਂ ਕਦੇ ਕਦੇ" ਤੁਹਾਡੇ ਖ਼ੁਸ਼ਗਵਾਰ ਮੌਸਮੀਂ ਹੱਥਾਂ 'ਚ ਪਨਪਣ ਦਾ ਅਹਿਸਾਸ ਸਮੋਈ ਆਸਵੰਦ ਹੈ। ਇਸ ਕਿਤਾਬ ਦੇ ਸ਼ਿਅਰ ਤੁਹਾਡੇ ਇਖ਼ਲਾਕੀ ਵਾਯੂਮੰਡਲ ਨੂੰ ਹੋਰ ਵੀ ਸੁਹਾਵਣਾ ਬਣਾਉਂਦੇ ਹੋਏ ਮਹਿਕਾਂ ਨਾਲ਼ ਲੱਦ ਦੇਣਗੇ।

ਚਮਨਦੀਪ ਅਜਿਹਾ ਸ਼ਾਇਰ ਹੈ ਜੋ ਆਪਣੀ ਸ਼ਾਇਰੀ ਦੀ ਬਦੌਲਤ ਸੱਚ-ਝੂਠ, ਠੀਕ-ਗ਼ਲਤ ਦਿਆਂ ਮਿਆਰਾਂ ਨੂੰ ਤੋੜ ਦੇਣਾ ਚਾਹੁੰਦਾ ਹੈ ਅਤੇ ਬਦਲੇ ਵਿੱਚ ਅਜਿਹੇ ਸਮਾਜ ਦੀ ਕਲਪਨਾ ਕਰਦਾ ਹੈ ਜਿਸ ਵਿੱਚ ਕਿਸੇ ਵੀ ਤਰ੍ਹਾਂ ਦਾ ਕਿੰਤੂ-ਪ੍ਰੰਤੂ ਮੌਜ਼ੂਦ ਨਾ ਹੋਵੇ। ਹਰ ਕੋਈ ਆਪਣੀ ਜ਼ਿੰਦਗੀ ਦਾ ਖ਼ੁਦ ਹੀ ਚਾਲਕ ਹੋਵੇ, ਹਰ ਦੇ ਵਿਹੜੇ 'ਚ ਇੱਕੋ ਜਿੰਨਾ ਸਭ ਕੁਝ ਹੋਵੇ। ਉਹ ਤਾਂ ਧਾਰਮਿਕ ਕੱਟੜਤਾ ਉੱਪਰ ਮੁਹੱਬਤ ਦੀ ਰੰਗਤ ਚਾੜਦਾ ਹੋਇਆ ਭਾਈਚਾਰਕ ਸਾਂਝ ਨੂੰ ਅਪਣਾਉਣ ਦੀ ਨਸੀਹਤ ਦਿੰਦਾ ਹੈ-

"ਕਿੰਨਾਂ ਚੰਗਾ ਸੀ, ਜੇ ਇੱਕੋ ਜ਼ਿਲਦ ਵਿੱਚ,
ਹੁੰਦੇ ਗੀਤਾ, ਗ੍ਰੰਥ, ਬਾਈਬਲ ਤੇ ਕੁਰਾਨ।"

ਇਸਦੇ ਨਾਲ਼ ਹੀ ਉਸਦੀ ਸ਼ਾਇਰੀ ਬਿਨਾਂ ਕਿਸੇ ਵਿਤਕਰੇ ਤੋਂ ਜਿਵੇਂ ਨੂੰ ਤਿਵੇਂ ਕਬੂਲਣ ਦੇ ਹੱਕ ਵਿੱਚ ਆਪਣੀ ਖ਼ਾਹਿਸ਼ ਬੁਲੰਦ ਕਰਦੀ ਹੈ- "ਸੀਨੇ ਵਿੱਚ ਇੱਕ ਮੁੱਦਤ ਤੋਂ ਇਹ ਰੀਝ ਪਲ਼ੇ, ਕਾਸ਼! ਕੋਈ ਮੈਨੂੰ ਕੰਡਿਆਂ ਸਣੇਂ ਕਬੂਲ ਕਰੇ।" ਉਹ ਅਜੋਕੇ ਸਮੇਂ ਦੀ ਰਫ਼ਤਾਰ 'ਤੇ ਤਣਜ ਕਸਦਾ ਹੋਇਆ , ਸਹਿਜਤਾ ਜਿਹੇ ਅਹਿਮ ਰਸ ਉੱਪਰ ਝਾਤ ਪਵਾਉਂਦਾ ਹੈ ਤਾਂ ਜੋ ਇਸ ਭੱਜ-ਦੌੜ 'ਚੋਂ ਨਿਕਲ ਕੇ ਅਸੀ ਸਵੈ ਨੂੰ ਪਹਿਚਾਣ ਸਕੀਏ। ਉਹ ਕਹਿੰਦਾ ਹੈ-

"ਪਹੁੰਚ ਜਾਵਾਂਗਾ ਕੰਢੇ, ਕਾਹਲ ਕਾਹਦੀ?
ਮਲਾਹ ਵੀ ਮੈਂ ਹਾਂ, ਕਿਸ਼ਤੀ ਵੀ , ਨਦੀ ਵੀ।"

ਜੱਗ ਦੇ ਨਿਹੋਰਿਆਂ ਦਾ ਸਾਹਮਣਾ ਕਰਦੇ ਹੋਇਆਂ ਵੀ ਉਸਨੇ ਇਸ਼ਕ ਦੀ ਪਵਿੱਤਰਤਾ ਬਰਕਰਾਰ ਰੱਖਦਿਆਂ ਇਸ ਤਰ੍ਹਾਂ ਜਵਾਬ ਦਿੱਤਾ ਹੈ-

"ਇਸ਼ਕ ਹੈ,ਇਹ ਕੋਈ ਸੌਦਾ ਤਾਂ ਨਹੀਂ ਹੈ ਦੋਸਤੋਂ !
ਕਿਉਂ ਕਹੀ ਜਾਂਦੇ ਓ ਮੈਨੂੰ, ਇਸ਼ਕ 'ਚੋਂ ਤੂੰ ਕੀ ਲਿਆ।"

ਸਾਡੇ ਵੇਲ਼ਿਆਂ 'ਚ ਆਰਥਿਕਤਾ ਦੀ ਛਾਪ ਹਰ ਇੱਕ ਦੇ ਮਨ 'ਤੇ ਗਹਿਰੇ ਢੰਗ ਨਾਲ਼ ਅਸਰ ਕਰ ਚੁੱਕੀ ਹੈ ਅਤੇ ਇਸ ਦੇ ਪ੍ਰਭਾਵ ਸਦਕਾ ਕਈ ਵਾਰ ਆਦਮੀ ਦਿਲ ਨੂੰ ਤੁੱਛ ਕਰਕੇ ਪਦਾਰਥਾਂ ਵਿੱਚ ਗੁਆਚ ਜਾਂਦਾ ਹੈ। ਲੇਕਿਨ ਚਮਨਦੀਪ ਦੇ ਸ਼ਿਅਰ ਫ਼ੱਕਰਪੁਣਾ ਹੰਢਾਉਂਦੇ ਹੋਏ ਆਪਣੀ ਹੋਂਦ ਬਣਾਈ ਬੈਠੇ ਬੇਬਸੀ ਦਾ ਇਜ਼ਹਾਰ ਕਰਦੇ ਹਨ -

"ਉਨ੍ਹਾਂ ਨੇ ਕਾਰ ਲੈ ਲਈ ਏ ਗਰਾਂ ਤੇ ਸ਼ਹਿਰ ਘੁੰਮਣ ਲਈ।
ਮੈਂ ਰਾਹ ਦੀ ਰੇਤ ਬਣਿਆਂ ਸੀ ਜਿਨ੍ਹਾਂ ਦੇ ਪੈਰ ਚੁੰਮਣ ਲਈ।"

ਉਸਦੇ ਸ਼ਿਅਰ ਇਸ ਤਰ੍ਹਾਂ ਵੱਖੋ-ਵੱਖਰੀਆਂ ਵੰਨਗੀਆਂ ਨਾਲ਼ ਭਰੇ ਪਏ ਹਨ, ਤਕਰੀਬਨ ਹਰ ਇੱਕ ਵਿਸ਼ੇ ਨੂੰ ਉਸਦੀ ਸ਼ਾਇਰੀ ਛੋਹ ਚੁੱਕੀ ਹੈ। ਇਸ ਕਿਤਾਬ ਦੇ ਸ਼ਿਅਰਾਂ ਦੇ ਫੁੱਲ ਤੁਹਾਡੇ ਅੰਤਰੀਵੀਂ ਸਮਾਜ ਨੂੰ ਮਹਿਕਾਉਂਦੇ ਰਹਿਣਗੇ ਅਤੇ ਮੈਨੂੰ ਸ਼ਾਇਰੀ ਦੇ ਜਿਸ ਆਲਮ ਦਾ ਇਲਮ ਇਸ ਨੂੰ ਸੰਪਾਦਿਤ ਕਰਦਿਆਂ ਹੋਇਆ ਹੈ, ਉਮੀਦ ਕਰਦਾ ਹਾਂ ਤੁਸੀਂ ਵੀ ਉਸਦੀ ਯਾਤਰਾ ਕਰੋਂਗੇ। ਚਮਨਦੀਪ ਪੰਜਾਬੀ ਕਾਵਿ-ਜਗਤ ਦਾ ਟਿਮਟਿਮਾਉਂਦਾ ਸਿਤਾਰਾ ਹੈ ਤੇ ਮੈਨੂੰ ਪੂਰਨ ਆਸ ਹੈ ਕਿ ਉਹ ਭਵਿੱਖ ਵਿੱਚ ਵੀ ਮਾਂ-ਬੋਲੀ ਦੀ ਦਹਿਲੀਜ਼ ਤੇ ਆਸ਼ਿਆਨੇ ਨੂੰ ਇਸੇ ਕਦਰ ਆਪਣੀ ਲੋਅ ਤੇ ਰੌਸ਼ਨੀ ਨਾਲ਼ ਰੁਸ਼ਨਾਉਂਦਾ ਰਹੇਗਾ।

- ਸਤਨਾਮ ਸਾਦਿਕ (ਸੰਪਾਦਕ) ।

ਖ਼ੈਰ ਪਾ ਦੇ, ਮਿਲ ਰਿਹੈ ਤੈਨੂੰ ਜੋ ਮੌਕਾ ਸਾਂਭ ਲੈ!
ਲੈ ਉਡੀ ਜੇ ਸਾਨੂੰ ਫ਼ੱਕਰਾਂ ਨੂੰ ਹਵਾ, ਫਿਰ ਨਾ ਕਹੀਂ।



ਸੀਨੇ ਵਿੱਚ ਇੱਕ ਮੁੱਦਤ ਤੋਂ ਇਹ ਰੀਝ ਪਲ਼ੇ

ਸੀਨੇ ਵਿੱਚ ਇੱਕ ਮੁੱਦਤ ਤੋਂ ਇਹ ਰੀਝ ਪਲ਼ੇ। ਕਾਸ਼! ਕੋਈ ਮੈਨੂੰ ਕੰਡਿਆਂ ਸਣੇਂ ਕਬੂਲ ਕਰੇ। ਫੱਟ ਤਾਂ ਰਾਜ਼ੀ ਹੋ ਗਏ ਨੇ ਪਰ ਖੌਰੇ ਕਿਉਂ? ਹਾਲੇ ਵੀ ਇੱਕ ਖ਼ੰਜਰ ਨੂੰ ਦਿਲ ਯਾਦ ਕਰੇ। ਸ਼ਹਿਰ ਤੇਰੇ ਦੀਆਂ ਰਾਤਾਂ ਜਦ ਵੀ ਤੱਕ ਬੈਠਾ, ਸੂਰਜ ਵੀ ਫਿਰ, ਚੜ੍ਹਿਆ ਕਰਨੈਂ ਸ਼ਾਮ ਢਲ਼ੇ। ਪਾਰ ਝਨਾਂ ਤੋਂ, ਜਦ ਕੁੱਲੀ ਵਿਚ ਅੱਗ ਬਲ਼ੇ, ਫਿਰ ਵੀ ਸੋਹਣੀ ਠਿੱਲ੍ਹੇ ਨਾ, ਤਾਂ ਡੁੱਬ ਮਰੇ ! ਸੰਗ-ਦਿਲ 'ਉਸ' ਨੂੰ ਕਿੰਝ ਕਹਾਂ? ਮੈਂ ਵੇਖੇ ਨੇ, ਵਿਛੜਨ ਵੇਲੇ 'ਉਸ' ਦੇ ਵੀ ਸੀ ਨੈਣ ਭਰੇ।

ਨਦੀ ਵੀ ਕੋਲ਼ ਸੀ ਤੇ ਤਿਸ਼ਨਗੀ ਵੀ

ਨਦੀ ਵੀ ਕੋਲ਼ ਸੀ ਤੇ ਤਿਸ਼ਨਗੀ ਵੀ। ਅਜਬ ਗਾਥਾ ਹੈ ਮੇਰੀ ਬੇਬਸੀ ਦੀ। ਖ਼ੁਦਾਇਯਾ! ਇੰਤਿਹਾ ਹੈ ਮੁਫ਼ਲਿਸੀ ਦੀ, ਪਈ ਕਿਸ਼ਤਾਂ 'ਚ ਕਰਨੀ ਖ਼ੁਦਕੁਸ਼ੀ ਵੀ। ਪਤਾ ਹੈ ਮੈਨੂੰ ਕਿ 'ਮੈਂ ਲਾਪਤਾ ਹਾਂ।' ਅਜੇ ਹੱਦ ਨਹੀਓਂ ਆਈ ਬੇਖ਼ੁਦੀ ਦੀ। ਪਹੁੰਚ ਜਾਵਾਂਗਾ ਕੰਢੇ, ਕਾਹਲ ਕਾਹਦੀ? ਮਲਾਹ ਵੀ ਮੈਂ ਹਾਂ, ਕਿਸ਼ਤੀ ਵੀ, ਨਦੀ ਵੀ। ਖ਼ੁਦਾ ਤੋਂ ਦਰਦ ਹੀ ਫਿਰ ਕਿਉਂ ਨਾ ਮੰਗਾਂ? ਰੁਆ ਕੇ ਜਾਏਗੀ, ਮੈਨੂੰ ਖ਼ੁਸ਼ੀ ਵੀ। ਹਵਾ ਹਾਂ ਪਰ ਤੇਰੀ ਬੰਦਿਸ਼ 'ਚ ਹਾਂ ਮੈਂ, ਬੁਲਾ ਮੈਨੂੰ ਕਿਤੇ ਵੀ ਤੇ ਕਦੀ ਵੀ। ਬੁਰਾ ਕਰ ਸੌ ਦਫ਼ਾ ਪਰ ਚੇਤੇ ਰੱਖੀਂ। ਮੈਂ 'ਨੇਕੀ' ਵੀ ਹਾਂ ਯਾਰਾ! ਤੇ 'ਬਦੀ' ਵੀ।

ਅਸੀਂ ਕਿੱਕਰਾਂ ਤੋਂ ਕਿਰੇ ਹੋਏ ਫੁੱਲ ਹਾਣੀਆਂ

ਅਸੀਂ ਕਿੱਕਰਾਂ ਤੋਂ ਕਿਰੇ ਹੋਏ ਫੁੱਲ ਹਾਣੀਆਂ । ਕਦੇ ਪਿਆ, ਨਾ ਪਵੇਗਾ ਸਾਡਾ ਮੁੱਲ ਹਾਣੀਆਂ। ਸਾਨੂੰ ਵੇਖ ਕੇ ਤਾਂ ਕਰ ਲੈਂਦੇ ਮੁੱਲਾਂ ਵੀ ਯਕੀਨ, ਕਿ ਹੋ ਸਕਦੀ ਏ ਅੱਲਾਹ ਤੋਂ ਵੀ ਭੁੱਲ ਹਾਣੀਆਂ। ਤੈਨੂੰ ਸੋਨੇ ਵਿਚ ਤੋਲਣਾ ਤਾਂ ਨਹੀਂਓਂ ਸਾਡੇ ਵੱਸ, ਪਰ ਲਹੂ ਬਣ, ਸਕਦੇ ਹਾਂ ਡੁੱਲ੍ਹ ਹਾਣੀਆਂ।

ਸ਼ੀਸ਼ੇ ਦਾ ਬਦਨ ਲੈ ਕੇ

ਸ਼ੀਸ਼ੇ ਦਾ ਬਦਨ ਲੈ ਕੇ, ਪੱਥਰ ਦੇ ਸ਼ਹਿਰ ਆਏ। ਅਸੀਂ ਹੋਣ ਲਈ ਟੁਕੜੇ ਦਿਲਬਰ ਦੇ ਸ਼ਹਿਰ ਆਏ। 'ਉਹ' ਤਾਂ ਹੈ ਚਲੋ ਅੜੀਅਲ 'ਵੇਲ਼ਾ' ਤਾਂ ਸਿਆਣਾ ਹੈ, ਜੇਕਰ ਉਹ ਨਹੀਂ ਰੁਕਦਾ ਤਾਂ 'ਵਕਤ' ਠਹਿਰ ਜਾਏ। ਸਾਗਰ ਦੇ ਕਿਨਾਰੇ ਮੈਂ, ਰੇਤੇ ਦਾ ਘਰੋਂਦਾ ਹਾਂ, ਕੀ ਖ਼ਬਰ ਕਜ਼ਾ ਬਣ ਕੇ, ਕਦ ਕੋਈ ਲਹਿਰ ਆਏ। ਹੋਵਾਂ ਨਾ ਕਿਵੇਂ ਖ਼ੁਸ਼ ਮੈਂ? ਅੱਜ ਅਪਣੀ ਤਬਾਹੀ 'ਤੇ, 'ਉਹ' ਆਪ ਮੇਰੀ ਖਾਤਰ ਬਣ ਕੇ ਨੇ ਕਹਿਰ ਆਏ। ਇੱਕ 'ਵਕਤ' ਹੈ ਕਿ ਜਿਸਦੀ, ਚੱਲਣਾ ਮਜ਼ਬੂਰੀ ਹੈ, ਇੱਕ 'ਦਿਓਲ' ਹੈ ਬੇਪਰਵਾਹ, ਜਦ ਚਾਹੇ ਠਹਿਰ ਜਾਏ।

ਇਹ ਸਿਰਫ਼ ਮੇਰੀ ਹੀ ਨਹੀਂ

ਇਹ ਸਿਰਫ਼ ਮੇਰੀ ਹੀ ਨਹੀਂ ਉਸਦੀ ਵੀ ਪਿਆਸ ਹੈ। ਸੁਣਿਐਂ ਮੇਰੀ ਉਡੀਕ ਵਿਚ ਮੰਜ਼ਿਲ ਉਦਾਸ ਹੈ। ਪਹਿਲਾਂ ਵੀ ਪੁਰ-ਖ਼ਲੂਸ ਸੀ ਮੈਂ, ਹੁਣ ਵੀ ਸ਼ਾਦ ਹਾਂ, ਪਰ ਆਖਦੇ ਨੇ ਕਿ ਮੇਰਾ ਕਾਤਿਲ ਉਦਾਸ ਹੈ। ਮੈਂ ਖ਼ੁਸ਼ ਹਾਂ ਤੇਰੇ ਸ਼ਹਿਰ ਦਾ ਵਿਸਥਾਰ ਵੇਖ ਕੇ, ਪਰ ਯਾਰਾ! ਮੇਰੇ ਪਿੰਡ ਦਾ ਪਿੱਪਲ ਉਦਾਸ ਹੈ। ਮੈਂ ਉਸਦੀ ਬੇਰੁਖ਼ੀ ਦਾ ਗਿਲਾ ਕਾਸਤੋਂ ਕਰਾਂ? ਕਿਸ ਨੂੰ ਫ਼ਿਕਰ ਕਿ 'ਕਿਉਂ ਕੋਈ ਪਾਗਲ ਉਦਾਸ ਹੈ।' ਉਸਦੀ ਦੁਆ 'ਤੇ ਗ਼ੌਰ ਦੱਸ, ਅੱਲਾਹ ਵੀ ਕੀ ਕਰੇ? ਜਿਸਦੀ ਹਯਾਤ ਦਾ ਹਰੇਕ ਪਲ ਉਦਾਸ ਹੈ। ਤਿੰਨ ਮਰਦ-ਏ-ਮੁਜ਼ਾਹਿਦ ਚੜ੍ਹੇ ਸੀ ਹੱਸ ਕੇ ਦਾਰ 'ਤੇ, ਸ਼ਾਹਿਦ ਹੈ ਸਮਾਂ, ਅੱਜ ਵੀ ਮਕਤਲ ਉਦਾਸ ਹੈ। ਜਦ ਤੋਂ ਮਿਲੀ ਹੈ 'ਦਿਓਲ' ਦੇ ਮਰ ਜਾਣ ਦੀ ਖ਼ਬਰ, ਖ਼ੁਸ਼ ਹੈ ਸ਼ਹਿਰ ਤਾਂ ਯਾਰੋ! ਪਰ 'ਜੰਗਲ' ਉਦਾਸ ਹੈ।

ਕਿਉਂ ਨਾ ਇਸ ਵਿਉਪਾਰ 'ਤੇ ਹੋਵੇ ਗੁਮਾਨ?

ਕਿਉਂ ਨਾ ਇਸ ਵਿਉਪਾਰ 'ਤੇ ਹੋਵੇ ਗੁਮਾਨ? 'ਮਾਰੂਥਲ' ਵਿਚ 'ਕਿਸ਼ਤੀਆਂ' ਦੀ ਹੈ ਦੁਕਾਨ। ਕਿੰਨਾਂ ਚੰਗਾ ਸੀ, ਜੇ ਇੱਕੋ ਜ਼ਿਲਦ ਵਿੱਚ, ਹੁੰਦੇ ਗੀਤਾ, ਗ੍ਰੰਥ, ਬਾਈਬਲ ਤੇ ਕੁਰਾਨ। ਐ ਦਿਲਾ! ਛੱਡੀਂ ਨਾ ਆਸਾਂ ਦਾ ਮੈਦਾਨ, ਕੀ ਪਤਾ? ਉਹ ਭੁੱਲ-ਭੁਲੇਖੇ ਆ ਹੀ ਜਾਣ। ਹੋਈਆਂ ਸਾਡੇ ਘਰ ਦੀਆਂ ਹੱਦਾਂ ਅਸੀਮ, ਤੂੰ ਤਾਂ ਕੀਤਾ ਸੀ ਅਸਾਂ ਨੂੰ ਲਾ ਮਕਾਨ। ਬੀਤ ਗਏ ਯੁੱਗ, ਹੁਣ ਤਾਂ ਕਰ ਹੀ ਲੈ ਕਬੂਲ! ਕੁਝ ਨਾ ਕੁਝ ਤਾਂ ਸੀ ਅਸਾਡੇ ਦਰਮਿਆਨ।

ਵਹਿਮ ਸੀ ਮੈਨੂੰ ਕਿ ਦਰਿਆ

ਵਹਿਮ ਸੀ ਮੈਨੂੰ ਕਿ ਦਰਿਆ, ਮਾਰੂਥਲ ਨੇ ਪੀ ਲਿਆ। ਬਣ ਕੇ ਬਾਰਿਸ਼ ਜਨਮ ਉਸਨੇ, ਪਰਬਤਾਂ 'ਤੇ ਸੀ ਲਿਆ। 'ਸ਼ੇਖ'! ਤੂੰ ਕਿੰਨਾਂ 'ਹਿਸਾਬੀ' ਹੈਂ, ਮੈਂ ਕਿੰਨਾਂ 'ਬੇਹਿਸਾਬ' ਪਰਖਣੈਂ! ਤਾਂ ਮੈਅਕਦੇ ਵਿਚ, ਆਪਣੀ 'ਤਸਬੀਹ' ਲਿਆ। ਇਸ਼ਕ ਹੈ, ਇਹ ਕੋਈ ਸੌਦਾ ਤਾਂ ਨਹੀਂ ਹੈ ਦੋਸਤੋ! ਕਿਉਂ ਕਹੀ ਜਾਂਦੇ ਓ ਮੈਨੂੰ, 'ਇਸ਼ਕ 'ਚੋਂ ਤੂੰ ਕੀ ਲਿਆ?' ਐ ਖ਼ੁਦਾ! ਹੁਣ ਜਾਨ ਵੀ ਲੈ ਲਏਂ ਤਾਂ ਮੈਨੂੰ ਗ਼ਮ ਨਹੀਂ, ਪਿਆਰ ਦੇ ਇੱਕ ਪਲ 'ਚ ਪੂਰੀ ਉਮਰ ਨੂੰ ਮੈਂ ਜੀਅ ਲਿਆ। 'ਦਿਓਲ' ਨੂੰ ਅੱਜ ਕਰ ਰਿਹਾ ਏਂ, ਪਿਆਰ ਦੀ ਤੂੰ ਪੇਸ਼ਕਸ਼, ਜ਼ਖ਼ਮ ਪਹਿਲਾਂ ਹੀ ਬੜੇ ਨੇ, ਆਉਣ ਦੇ, ਫਿਰ ਵੀ, ਲਿਆ।

ਤੇਰੇ ਗਲ਼ ਲੱਗ ਨੈਣ ਜਦੋਂ ਵੀ ਮੁੰਦੇ ਨੇ

ਤੇਰੇ ਗਲ਼ ਲੱਗ ਨੈਣ ਜਦੋਂ ਵੀ ਮੁੰਦੇ ਨੇ। ਮੈਂ ਮੱਸਿਆ ਦੀ ਰਾਤ 'ਚ ਤਾਰੇ ਗੁੰਦੇ ਨੇ। ਸੈ ਖੰਡਾਂ ਵਿੱਚ ਵੰਡੇ ਅੱਜ ਦੇ ਮਾਨਵ ਤੋਂ, ਦੋ ਦਿਲ ਹੋਏ ਇੱਕ ਕਦੋਂ ਜਰ ਹੁੰਦੇ ਨੇ। ਚੁੱਪ ਦੀ ਭਾਸ਼ਾ ਸਿੱਖ ਲੈ। ਡਰ ਬਦਨਾਮੀ ਤੋਂ, ਉੱਡ ਜਾਵਣਗੇ, ਬੋਲਾਂ ਦੇ 'ਪਰ' ਹੁੰਦੇ ਨੇ। ਮਜ਼ਾ ਤਾਂ ਤਦ ਹੈ, ਜੇ ਮਿਲ਼ੀਏ ਆਪਾਂ ਦੋਵੇਂ, ਹੁਣ ਤਾਂ ਨਾਲ ਅਸਾਡੇ ਸੌ ਡਰ ਹੁੰਦੇ ਨੇ। ਜੋ ਦਿਸਦਾ ਹੈ ਸੱਚ ਵੀ ਹੋਵੇ, ਲਾਜ਼ਿਮ ਨਈਂ, ਨਦੀਆਂ ਦੀ ਅਸਵਾਰੀ ਪੱਥਰ ਹੁੰਦੇ ਨੇ ।

ਖੌਰੇ ਮਿਲ ਜਾਈਏ ਦੁਬਾਰਾ

ਖੌਰੇ ਮਿਲ ਜਾਈਏ ਦੁਬਾਰਾ, ਚੇਤੇ ਰੱਖੀਂ ਤੇ ਰਹੀਂ! ਜ਼ਿੰਦਗੀ ਹੈ ਜ਼ਿੰਦਗੀ ਵਿੱਚ, ਕੁਝ ਵੀ ਨਾ-ਮੁਮਕਿਨ ਨਹੀਂ। ਹਮਸਫ਼ਰ ਹੋਵੇ ਜੋ ਚੱਲੇ, ਹਰ ਕਦਮ 'ਤੇ ਨਾਲ਼-ਨਾਲ਼, ਕੀ ਸਮੇਂ ਦੇ ਨਾਲ ਤੁਰਨਾ, ਇਹ ਤਾਂ ਰੁਕਦਾ ਹੀ ਨਹੀਂ। ਖ਼ੈਰ ਪਾ ਦੇ, ਮਿਲ ਰਿਹੈ ਤੈਨੂੰ ਜੋ ਮੌਕਾ ਸਾਂਭ ਲੈ! ਲੈ ਉਡੀ ਜੇ ਸਾਨੂੰ ਫ਼ੱਕਰਾਂ ਨੂੰ ਹਵਾ, ਫਿਰ ਨਾ ਕਹੀਂ। ਰੋ ਰਿਹੈਂ ਹੁਣ ਵੀ ਤਾਂ, ਹੋ ਕੇ ਰਾਖ਼ ਸੂਹੇ-ਫੁੱਲ 'ਤੋਂ, ਆਖਿਆ ਸੀ ਨਾਲ ਮੇਰੇ, ਨਾ ਖਹੀਂ! ਤੂੰ ਨਾ ਖਹੀਂ!! 'ਦਿਓਲ' ਤੂੰ ਦਰਿਆ ਹੈਂ, ਮੰਜ਼ਿਲ ਹੈ ਤੇਰੀ ਸਾਗਰ ਅਸੀਮ, ਪਹੁੰਚਣਾਂ ਹੈ ਤਾਂ ਹਮੇਸ਼ਾਂ, ਤੂੰ ਨਿਵਾਣਾਂ ਵੱਲ ਵਹੀਂ।

ਗ਼ਮ ਦੀ ਗਰਮ ਹਵਾ 'ਚ ਜੋ ਜਜ਼ਬੇ

ਗ਼ਮ ਦੀ ਗਰਮ ਹਵਾ 'ਚ ਜੋ ਜਜ਼ਬੇ ਪਿਘਲ਼ ਗਏ। ਕੁਝ ਸ਼ਿਅਰਾਂ, ਨਗ਼ਮਿਆਂ 'ਚ, ਕੁਝ ਹੰਝੂਆਂ 'ਚ ਢਲ਼ ਗਏ। ਹੈਰਾਨ ਕਿਉਂ ਹੈਂ? ਜੇ ਤੇਰੇ ਹੰਝੂ ਨਿਕਲ਼ ਗਏ, ਤੱਕ ਕੇ ਮੇਰਾ ਅਤੀਤ ਤਾਂ ਪੱਥਰ ਪਿਘਲ਼ ਗਏ। ਯਾ ਰੱਬ! ਨਾ ਆਵੀਂ ਧਰਤ 'ਤੇ, ਪਛਤਾਏਂਗਾ ਬਹੁਤ! ਤੇਰੇ ਦਲਾਲ ਤੈਥੋਂ ਬਹੁੰ ਅੱਗੇ ਨਿੱਕਲ਼ ਗਏ। ਆਮਦ ਉਨ੍ਹਾਂ ਦੀ ਕੀ ਹੋਈ! ਮੰਜ਼ਰ ਬਦਲ ਗਏ। ਪਾਣੀ ਗਏ ਪਥਰਾ ਅਤੇ ਪੱਥਰ ਪਿਘਲ਼ ਗਏ। ਕੱਢਿਆ ਗਿਆ ਹੈ 'ਦਿਓਲ', ਅਖਵਾਉਣੋਂ ਬਚ ਗਏ, ਚੰਗਾ ਹੈ ਤੇਰੇ ਸ਼ਹਿਰ 'ਚੋਂ ਖ਼ੁਦ ਹੀ ਨਿੱਕਲ਼ ਗਏ।

ਡਰ ਕੇ ਮੈਥੋਂ, ਓਸ ਨੇ ਮਾਰੀ ਉਡਾਰੀ

ਡਰ ਕੇ ਮੈਥੋਂ, ਓਸ ਨੇ ਮਾਰੀ ਉਡਾਰੀ। ਮੈਂ ਪਰਿੰਦੇ ਨੂੰ , ਜਦੋਂ ਆਵਾਜ਼ ਮਾਰੀ। ਦੀਵਿਆਂ 'ਤੇ ਰਾਮ ਜੀ ਨੇ, ਫੂਕ ਮਾਰੀ, ਆਰਤੀ ਜਦ ਵੀ ਮੈਂ, ਉਹਨਾਂ ਦੀ ਉਤਾਰੀ। ਇਸ ਤਰ੍ਹਾਂ ਮਿਲ਼ਦੀ ਏ, ਮੈਨੂੰ ਖ਼ਲਕ ਸਾਰੀ, ਜਿਸ ਤਰ੍ਹਾਂ ਇਕ ਬਿਰਖ ਨੂੰ , ਮਿਲ਼ਦੀ ਏ ਆਰੀ। ਉਹ ਮਿਲੇ, ਮਿਲ਼ਕੇ ਸਦਾ ਲਈ ਦੂਰ ਹੋ ਗਏ, ਹੁੰਦੀ-ਹੁੰਦੀ ਰਹਿ ਗਈ, ਜੀਵਨ-ਉਸਾਰੀ। ਬੇਵਫ਼ਾ, ਤੈਨੂੰ ਬਣਾ ਦਿੱਤਾ ਸੀ ਉਸਨੇ, ਜਦ ਜ਼ਮਾਨੇ ਤੋਂ, ਵਫ਼ਾ ਮੇਰੀ ਨਾ ਹਾਰੀ। ਜਾਣ ਗਏ ਕਿ ਫੁੱਲ ਵੀ, ਹੁੰਦੇ ਨੇ ਕਾਤਿਲ, ਤੂੰ ਵਧਾ ਦਿੱਤੀ ਏ, ਸਾਡੀ ਜਾਣਕਾਰੀ। ਜਿਸ ਨਦੀ ਨੇ, ਖਾ ਲਈ ਸੀ ਨਾਵ ਮੇਰੀ, ਸੁਣਿਐਂ, ਮਾਰੂਥਲ ਨੇ ਪੀ ਲਈ, ਉਹ ਵਿਚਾਰੀ। ਰਾਤ ਫਿਰ, ਸੁਪਨੇ 'ਚ ਵੇਖੀ ਰੇਲ-ਗੱਡੀ, ਪਹਿਲਾਂ ਉਹ ਕੂਕੀ ਤੇ ਫਿਰ, ਮੈਂ ਚੀਕ ਮਾਰੀ। ਮੁਸਕਰਾਕੇ ਰੋਣ ਦਾ, ਹੁਣ ਦਮ ਰਿਹਾ ਨਾ, ਵੇ ਗ਼ਮਾ! ਨੀ ਖੁਸ਼ੀਏ!! ਮਿਲ ਲਓ ਵਾਰੀ-ਵਾਰੀ। ਸ਼ਾਖ 'ਤੋਂ ਟੁੱਟਦਾ ਨਾ, ਜੇਕਰ 'ਦਿਓਲ' ਪੱਤਾ, ਕਿਸ ਤਰ੍ਹਾਂ, ਕਰਦਾ ਉਹ ਪੌਣਾਂ ਦੀ ਸਵਾਰੀ ?

ਡੁੱਬ ਗਈ ਹਰੇਕ ਖਾਹਿਸ਼

ਡੁੱਬ ਗਈ ਹਰੇਕ ਖਾਹਿਸ਼, ਹਰ ਇਕ ਖ਼ਵਾਬ ਮਰਿਆ। ਅਰਸ਼ਾਂ 'ਚੋਂ ਮੇਰੇ ਦਿਲ 'ਤੇ ਏਨਾ ਅਜ਼ਾਬ ਵਰ੍ਹਿਆ। ਨੈਣਾਂ 'ਚੋਂ ਜਦ ਲਹੂ ਦੀ, ਬਾਰਿਸ਼ ਨਾ ਬੰਦ ਹੋਈ, ਨਾੜਾਂ 'ਚ ਖੂਨ ਦੀ ਥਾਂ, ਮੈਂ ਵੀ ਤੇਜ਼ਾਬ ਭਰਿਆ। ਕੋਈ ਤਾਂ ਲਫ਼ਜ਼ ਲਿਖਦਾ, ਲੇਖਾਂ 'ਚ ਅਰਥ ਵਾਲਾ, ਐਵੇਂ ਕਿਉਂ ਖ਼ੁਦਾ ! ਤੂੰ, ਵਰਕਾ ਖ਼ਰਾਬ ਕਰਿਆ। ਕੀ ਗ਼ਮ? ਜੇ ਗ਼ਮ 'ਚ ਡੁੱਬੀਆਂ, ਉਮਰਾਂ ਸੀ ਯਾਰ ! ਕੱਚੀਆਂ, ਕੱਚਿਆਂ ਦੇ ਆਸਰੇ ਦੱਸ, ਕਿਸਨੇ ਚਨਾਬ ਤਰਿਆ ? ਰਾਖੀ ਲਈ ਫੇਰ ਮੈਂ ਵੀ, ਜਨਮਾਂਗਾ ਖ਼ਾਰ ਬਣਕੇ, ਅਗਲੇ ਜਨਮ ਜੇ ਰੱਬ ਨੇ, ਤੈਨੂੰ ਗੁਲਾਬ ਕਰਿਆ।

ਕਲੀਆਂ ਦੇ ਭਰਮ ਅੰਦਰ

ਕਲੀਆਂ ਦੇ ਭਰਮ ਅੰਦਰ, ਸੂਲਾਂ ਨੂੰ ਪਿਆਰਦਾ ਹਾਂ। ਹਾਂ ਤਾਂ ਮੈਂ ਭੌਰ ਹੀ ਪਰ ਅੰਧਲਾ ਬਹਾਰ ਦਾ ਹਾਂ। ਬਲਦਾ ਹਾਂ, ਮੇਰੀ ਲੋਅ ਪਰ ਕੰਮ ਨਾ ਕਿਸੇ ਦੇ ਆਵੇ, ਇਕ ਨਾਮੁਰਾਦ ਦੀਵਾ, ਮੈਂ ਤਾਂ ਮਜ਼ਾਰ ਦਾ ਹਾਂ। ਮੇਰੇ 'ਤੇ ਦੱਸ ਖ਼ੁਦਾ ਫਿਰ, ਕੀਕਣ ਖ਼ਫਾ ਨਾ ਹੋਵੇ? ਮਸਜਿਦ 'ਚ ਵੀ ਮੈਂ ਜਾ ਕੇ, ਤੈਨੂੰ ਪੁਕਾਰਦਾ ਹਾਂ। ਇਕ ਦਿਨ ਵਸਲ ਦੀ ਚੂਰੀ, ਤੂੰ ਵੀ ਤਾਂ ਲੈ ਕੇ ਆ ਜਾ ! ਤੇਰੇ ਗ਼ਮਾਂ ਦੇ ਵੱਗ ਨੂੰ , ਨਿੱਤ ਹੀ ਮੈਂ ਚਾਰਦਾ ਹਾਂ। ਕਿਸਮਤ ਨੇ ਕਰ ਲਿਆ ਕੀ ? ਰੇਤੇ ਦੇ ਮਹਿਲ ਢਾਹ ਕੇ, ਮੈਂ ਤਾਂ ਕਿਲ੍ਹੇ ਹਵਾ ਵਿਚ, ਅੱਜ ਵੀ ਉਸਾਰਦਾ ਹਾਂ।

ਜੱਗ ਦੀਆਂ ਨਜ਼ਰਾਂ ਦੇ ਅੰਦਰ

ਜੱਗ ਦੀਆਂ ਨਜ਼ਰਾਂ ਦੇ ਅੰਦਰ, ਬੇਗੁਨਾਹ ਹੋ ਜਾਏਗਾ। ਕੀ? ਉਹ ਕੇਵਲ ਇਸ ਲਈ ਹੀ, ਬੇਵਫ਼ਾ ਹੋ ਜਾਏਗਾ?? ਜਾਮ ਦੇ ਵੱਲ ਵੇਖਕੇ ਹੀ, ਐ ਦਿਲਾ! ਕਰ ਲੈ ਸਬਰ, ਭਰ ਲਿਆ ਜੇ ਘੁੱਟ ਤਾਂ, ਸਾਕੀ ਖਫ਼ਾ ਹੋ ਜਾਏਗਾ। ਮੁਕ ਗਿਆ ਲਗਦਾ ਸੀ, ਮੈਨੂੰ ਤਾਂ ਕਬਰ ਤੱਕ ਦਾ ਸਫ਼ਰ, ਕੀ ਪਤਾ ਸੀ, ਏਨਾ ਸੋਹਣਾ ਹਾਦਸਾ ਹੋ ਜਾਏਗਾ। ਸੋਚਦਾ ਸਾਂ ਜ਼ਿੰਦਗੀ ਭਰ, ਘਰ ਨਹੀਂ ਹੋਣਾ ਨਸੀਬ, ਕੀ ਪਤਾ ਸੀ, ਦਿਲ ਤੇਰਾ, ਮੇਰਾ 'ਪਤਾ' ਹੋ ਜਾਏਗਾ। ਸ਼ਹਿਰ ਨੂੰ ਪੁੱਛਦਾ ਰਿਹਾ ਮੈਂ, ਉਮਰ ਭਰ ਏਹੋ ਸਵਾਲ, ਜੇ ਮੈਂ ਚੰਗਾ ਹੋ ਗਿਆ ਤਾਂ ਕੀ ਬੁਰਾ ਹੋ ਜਾਏਗਾ? ਤੇਰੇ-ਮੇਰੇ ਪਿਆਰ ਦੀ ਧੁਨ ਤਾਂ ਰਹੇਗੀ ਗੂੰਜਦੀ, ਕੀ ਹੈ ਜੇ ਸਾਜ਼-ਏ-ਹਯਾਤੀ, ਬੇਸਦਾ ਹੋ ਜਾਏਗਾ। ਛੇੜ ਕੇ ਨਾ ਬੈਠ ਜਾਵੀਂ, 'ਦਿਓਲ' ਤੂੰ ਅਪਣੀ ਗ਼ਜ਼ਲ, ਬਜ਼ਮ ਦਾ ਸਾਰਾ ਮਜ਼ਾ ਹੀ, ਕਿਰਕਿਰਾ ਹੋ ਜਾਏਗਾ।

ਗ਼ਮ ਕੀ ਜੇ ਮੇਘ ਹਾਂ ਮੈਂ

ਗ਼ਮ ਕੀ ਜੇ ਮੇਘ ਹਾਂ ਮੈਂ, ਵਰ੍ਹ ਵਰ੍ਹ ਕੇ ਮਰ ਰਿਹਾ ਹਾਂ। ਬਿਰਖਾਂ 'ਤੇ ਜ਼ਿੰਦਗੀ ਦੀ, ਵਰਖਾ ਤਾਂ ਕਰ ਰਿਹਾ ਹਾਂ। ਕੀਤਾ ਸੀ ਪੱਥਰਾਂ ਨੇ, ਕੱਲ੍ਹ ਹੀ ਤਾਂ ਸੀਸ ਜ਼ਖ਼ਮੀਂ, ਮੈਂ ਪੈਰ 'ਉਸ' ਗਲੀ ਵਿਚ, ਅੱਜ ਫੇਰ ਧਰ ਰਿਹਾ ਹਾਂ। ਪੌਣਾਂ ਤੋਂ ਜੇ ਨਾ ਬੁਝਿਆ! ਪਾਣੀ ਵੀ ਕਰ ਲਊ ਕੀ? ਬਲਦਾ-ਚਿਰਾਗ ਹਾਂ ਮੈਂ, ਦਰਿਆ 'ਚ ਤਰ ਰਿਹਾ ਹਾਂ। ਮੰਨਿਆਂ ਕਿ ਮਨ 'ਚ ਮੇਰੇ, ਡਰ ਦੁਸ਼ਮਣਾਂ ਦਾ ਵੀ ਹੈ, ਬਹੁਤਾ ਮੈਂ ਆਪਣੇ ਪਰ, ਮਿੱਤਰਾਂ ਤੋਂ ਡਰ ਰਿਹਾ ਹਾਂ। ਲਓ, ਉਹ ਵੀ ਦੇ ਗਿਆ ਏ, 'ਹਾਰਨ' ਦਾ ਮੈਨੂੰ ਮਿਹਣਾ, ਜਿਸ ਨੂੰ ਜਿਤਾਉਣ ਦੇ ਲਈ, ਜੱਗ ਤੋਂ ਮੈਂ ਹਰ ਰਿਹਾ ਹਾਂ। ਖੂਹ ਵੀ ਨੇ, ਜ਼ਹਿਰ ਵੀ ਹੈ, ਪਟੜੀ ਹੈ ਰੇਲ ਦੀ ਵੀ, ਖੌਰੇ ਕਿਉਂ? ਫੇਰ ਵੀ ਮੈਂ, ਜ਼ਿੰਦਗੀ ਨੂੰ ਜਰ ਰਿਹਾ ਹਾਂ। ਜਿਉਂਦੇ-ਜੀਅ ਤਾ ਚਲੋ ਤੂੰ, ਠਾਣੀ ਸੀ ਨਾ ਮਿਲਣ ਦੀ, ਹੁਣ ਤਾਂ ਦੀਦਾਰ ਦੇ ਜਾ! ਹੁਣ ਤਾਂ ਮੈਂ ਮਰ ਰਿਹਾ ਹਾਂ।

ਪੌਣਾਂ ਦੀ ਸੰਗ-ਦਿਲੀ ਨੂੰ

ਪੌਣਾਂ ਦੀ ਸੰਗ-ਦਿਲੀ ਨੂੰ , ਚੁੱਪ-ਚਾਪ ਸਹਿ ਰਿਹਾ ਹਾਂ। ਘਰ ਹਾਂ ਮੈਂ ਰੇਤ ਦਾ ਜੋ, ਕਿਸ਼ਤਾਂ 'ਚ ਢਹਿ ਰਿਹਾ ਹਾਂ। ਕਤਰਾ ਹਾਂ ਤ੍ਰੇਲ ਦਾ ਮੈਂ, ਪੱਤੀਆਂ ਤੋਂ ਲਹਿ ਰਿਹਾ ਹਾਂ। ਅੱਥਰੂ ਹਾਂ ਜੋ, ਵਿਯੋਗੇ-ਨੈਣਾਂ 'ਚੋਂ ਵਹਿ ਰਿਹਾ ਹਾਂ। ਜੁਗਨੂੰ ਹਾਂ, ਸਾਂਝ ਮੇਰੀ, ਰਾਤਾਂ ਦੇ ਨਾਲ਼ ਹੈ ਬੱਸ, ਸੂਰਜ ਤੋਂ ਤਾਂ ਹਮੇਸ਼ਾਂ, ਖਾਂਦਾ ਮੈਂ ਭੈਅ ਰਿਹਾ ਹਾਂ। ਵਾਸਾ ਹੈ ਮੇਰੇ ਨੈਣੀਂ, ਇੱਕ ਗੁੰਮਸ਼ੁਦਾ-ਕਲੀ ਦਾ, ਮੈਂ ਭੌਰ ਉਸ ਭੁਲੇਖੇ, ਸੂਲਾਂ 'ਤੇ ਬਹਿ ਰਿਹਾ ਹਾਂ। 'ਵੰਝਲੀ' ਦੇ ਸੁਰ ਗੁਆਚੇ, ਤੁਰ ਗਈ 'ਸਲੇਟੜੀ' ਵੀ, ਮੈਂ ਬੇਹਯਾ ਅਜੇ ਵੀ, 'ਝੰਗ' ਵਿੱਚ ਹੀ ਰਹਿ ਰਿਹਾ ਹਾਂ।

ਲੈ ਜਾਵਣਗੇ ਸੂਲੀ ਤੀਕਰ, ਲਗਦੈ ਮੈਨੂੰ

ਲੈ ਜਾਵਣਗੇ ਸੂਲੀ ਤੀਕਰ, ਲਗਦੈ ਮੈਨੂੰ। ਆਪਣਿਆਂ ਅਰਮਾਨਾਂ ਤੋਂ, ਡਰ ਲਗਦੈ ਮੈਨੂੰ । ਮੈਂ ਇਕ ਛੱਤ ਨੂੰ ਥੰਮ੍ਹਣ ਦੇ ਲਈ, ਥਮਲਾ ਬਣਿਆਂ, ਉਹ ਸਮਝੀ, 'ਤੂਫ਼ਾਨਾਂ ਤੋਂ ਡਰ ਲਗਦੈ ਮੈਨੂੰ।' ਇੱਕ ਖੂੰਖਾਰ-ਦਰਿੰਦੇ ਨੂੰ , ਮੈਂ ਦਾਅਵਤ ਭੇਜੀ, ਉਹ ਕਹਿੰਦਾ, "ਇਨਸਾਨਾਂ ਤੋਂ ਡਰ ਲਗਦੈ ਮੈਨੂੰ।" ਤੇਰੇ ਹੁੰਦਿਆਂ ਨਾਲ ਜਿਨ੍ਹਾਂ ਦੇ ਮੋਹ ਹੁੰਦਾ ਸੀ। ਹੁਣ ਉਹਨਾਂ ਅਸਥਾਨਾਂ ਤੋਂ ਡਰ ਲਗਦੈ ਮੈਨੂੰ। ਤੈਨੂੰ ਹਾਸਲ ਕਰਨਾ ਤਾਂ, ਕੀ ਔਖਾ ਹੈ ? ਪਰ, ਗ਼ੈਰਾਂ ਦੇ ਨੁਕਸਾਨਾਂ ਤੋਂ ਡਰ ਲਗਦੈ ਮੈਨੂੰ। ਤੂੰ ਹੀ ਦੱਸ, ਮੈਂ ਕੀਹਦੇ ਉੱਤੇ ਮੋਹਰ ਲਗਾਵਾਂ ? ਸਾਰੇ ਚੋਣ-ਨਿਸ਼ਾਨਾਂ ਤੋਂ ਡਰ ਲਗਦੈ ਮੈਨੂੰ । ਮੇਰੀ ਜੰਗ ਹੈ, ਮੈਨੂੰ ਹੀ ਲੜ ਲੈਣ ਦਿਓ ਜੀ ! ਯਾਰਾਂ ਦੇ ਅਹਿਸਾਨਾਂ ਤੋਂ ਡਰ ਲਗਦੈ ਮੈਨੂੰ ।

ਟਿਕ ਗਈ ਜ਼ਮੀਰ ਗਹਿਣੇ

ਟਿਕ ਗਈ ਜ਼ਮੀਰ ਗਹਿਣੇ, ਈਮਾਨ ਵਿਕ ਰਿਹਾ ਹੈ। ਸੱਜਣਾ ਵੇ! ਸ਼ਹਿਰ ਤੇਰੇ, ਇਨਸਾਨ ਵਿਕ ਰਿਹਾ ਹੈ। ਧਰਤੀ ਨੇ ਵੇਖੀ ਪਹਿਲੀ, ਪਰਵਾਜ਼ ਆਦਮੀ ਦੀ, ਫਿਰ ਇਹ ਵੀ ਵੇਖਿਆ ਕਿ, ਅਸਮਾਨ ਵਿਕ ਰਿਹਾ ਹੈ। ਇਹ ਭਰਮ ਹੈ ਜਿਨ੍ਹਾਂ ਨੂੰ ਕਿ ਪਿਆਰ ਮੁੱਲ ਨਾ ਮਿਲਦਾ, ਏਥੋਂ ਖਰੀਦ ਕੇ ਉਹ ਲੈ ਜਾਣ, ਵਿਕ ਰਿਹਾ ਹੈ। ਤਿੰਨ ਹੱਥ ਜ਼ਮੀਨ ਪਹਿਲਾਂ, ਮਿਲਦੀ ਸੀ ਮੁਫ਼ਤ ਸਭ ਨੂੰ , ਹੁਣ ਉਹ ਵੀ ਨਾ ਮਿਲੇਗੀ, ਸ਼ਮਸ਼ਾਨ ਵਿਕ ਰਿਹਾ ਹੈ। ਦੇਣੀ ਪਵੇਗੀ ਰਿਸ਼ਵਤ, ਕਿਸਮਤ ਲਿਖਾਉਣ ਦੇ ਲਈ, ਸੁਣਿਆਂ ਹੈ 'ਦਿਓਲ' ਨੇ ਕਿ 'ਭਗਵਾਨ ਵਿਕ ਰਿਹਾ ਹੈ।'

ਹੋ ਗਈ ਪਾਗਲ, ਦੀਵਾਨੀ

ਹੋ ਗਈ ਪਾਗਲ, ਦੀਵਾਨੀ, ਹੋਸ਼ ਖੋ ਕੇ ਬਹਿ ਗਈ। ਭੁੱਲ-ਭੁਲੇਖੇ ਪੌਣ ਜਿਹੜੀ, ਨਾਲ ਤੇਰੇ ਖਹਿ ਗਈ। ਆਸ਼ਿਆਨਾ ਜਲ਼ ਗਿਆ, ਜਦ ਅਰਸ਼ 'ਚੋਂ ਬਿਜਲੀ ਗਿਰੀ, ਰਾਖ ਹੋਇਆ ਦਿਲ ਮੇਰਾ, ਜਦ ਨਜ਼ਰ ਤੇਰੀ ਪੈ ਗਈ। ਦਿਲ 'ਚ ਤੇਰਾ ਦਰਦ ਤਾਂ, ਓਨੇ ਦਾ ਓਨਾ ਹੀ ਪਿਐ, ਖੌਰੇ? ਕਿਹੜੀ ਪੀੜ ਸੀ, ਜੋ ਦੀਦਿਆਂ 'ਚੋਂ ਵਹਿ ਗਈ। ਉਹ ਵੀ ਤਾਂ ਮਹਿਮਾਨ ਸਨ, ਜੋ ਰਹਿ ਕੇ ਦੋ ਦਿਨ ਮੁੜ ਗਏ, ਦਿਲ 'ਚ ਤੇਰੀ ਯਾਦ ਤਾਂ, ਡੇਰਾ ਹੀ ਲਾ ਕੇ ਬਹਿ ਗਈ। ਆ ਰਹੀ ਹੈ ਸ਼ਰਮ ਹੁਣ ਤਾਂ, 'ਫੁੱਲ' ਖ਼ੁਦ ਨੂੰ ਕਹਿੰਦਿਆਂ, ਇੱਕ ਹੀ 'ਤਿਤਲੀ', ਮੇਰੀ ਖੁਸ਼ਬੂ ਚੁਰਾ ਕੇ ਲੈ ਗਈ। ਭਰ ਗਈ ਤਕਦੀਰ, ਮੇਰਾ ਰਾਹ ਉਦੋਂ ਫੁੱਲਾਂ ਦੇ ਨਾਲ਼, ਮੇਰੇ ਪੈਰਾਂ ਨੂੰ ਜਦੋਂ, ਸੂਲਾਂ ਦੀ ਆਦਤ ਪੈ ਗਈ।

ਜ਼ਮੀਰਾਂ ਨੂੰ ਮਿਲੋ ਯਾਰੋ !

ਜ਼ਮੀਰਾਂ ਨੂੰ ਮਿਲੋ ਯਾਰੋ ! ਤੁਸੀਂ ਭਗਵਾਨ ਤੋਂ ਪਹਿਲਾਂ। ਬਣੋਂ ਇਨਸਾਨ ਵੀ, ਮੰਦਰ ਤੇ ਮਸਜ਼ਿਦ ਜਾਣ ਤੋਂ ਪਹਿਲਾਂ। ਇਬਾਦਤ ਵੀ ਗੁਨਾਹ ਹੈ ਫਿਰ, ਜੇ ਹੋਵੇ ਮੈਲ ਮਨ ਅੰਦਰ, ਖ਼ੁਦਾ ਦੇ ਦਰ ਨਾ ਜਾਈਏ, ਆਂਤਰਿਕ-ਇਸ਼ਨਾਨ ਤੋਂ ਪਹਿਲਾਂ। ਨਜ਼ਰ ਆ ਜਾਣਗੇ ਔਗੁਣ, ਤੁਹਾਨੂੰ ਆਪਣੇ ਵਿਚ ਹੀ, ਤੁਸੀਂ ਖ਼ੁਦ ਨੂੰ ਤਾਂ ਪਰਖੋ, ਹੋਰ ਨੂੰ ਅਜਮਾਣ ਤੋਂ ਪਹਿਲਾਂ। ਖੁਸ਼ੀ ਤੇ ਗ਼ਮ ਉਹ ਸਾਥੀ ਨੇ, ਜਿਨ੍ਹਾਂ ਦਾ ਸਾਥ ਹੈ ਧੁਰ ਦਾ, ਉਦਾਸੀ ਵੀ ਮਿਲੇਗੀ ਲਾਜ਼ਮੀ, ਮੁਸਕਾਣ ਤੋਂ ਪਹਿਲਾਂ। ਹਰਾ ਦਿੰਦੀ ਏ ਇੱਕੋ ਹਾਰ, ਜਿਸ ਬੰਦੇ ਦੀ ਹਿੰਮਤ ਨੂੰ , ਚਿਤਾ ਆਪਣੀ ਜਲਾ ਲੈਂਦਾ ਏ, ਉਹ ਸ਼ਮਸ਼ਾਨ ਤੋਂ ਪਹਿਲਾਂ। ਜਦੋਂ ਧੋਖਾ ਅਸੀਂ ਖਾਧਾ, ਤਾਂ ਆਈ ਸਮਝ ਦੁਨੀਆਂ ਦੀ, ਅਸੀਂ ਵੀ ਨਾਸਮਝ ਹੁੰਦੇ ਸੀ, ਠੋਕਰ ਖਾਣ ਤੋਂ ਪਹਿਲਾਂ। ਤੁਹਾਡੇ ਸ਼ਹਿਰ ਵਿਚ ਆਇਆ, ਜਦੋਂ ਮੈਂ ਮੁੱਦਤਾਂ ਮਗਰੋਂ, ਮਿਲੇ ਹੈਵਾਨ ਕਿੰਨੇ ਹੀ, ਮੈਨੂੰ ਇਨਸਾਨ ਤੋਂ ਪਹਿਲਾਂ। ਉਦੋਂ ਹਰ ਸ਼ਾਖ 'ਤੇ ਬੈਠੇ, ਪਰਿੰਦੇ ਗੀਤ ਗਾਉਂਦੇ ਸੀ, ਬੜੀ ਰੌਣਕ ਸੀ, ਤੇਰੇ ਸ਼ਹਿਰ ਵਿਚ ਤੂਫ਼ਾਨ ਤੋਂ ਪਹਿਲਾਂ। ਅਸੀਂ ਮਹਿਫਿਲ ਗਏ ਤੇਰੀ, ਤੇ ਤੂੰ ਪਹਿਚਾਣਿਆਂ ਵੀ ਨਾ, ਬੜਾ ਹੀ ਮਾਣ ਸੀ ਤੇਰੇ 'ਤੇ, ਇਸ ਅਪਮਾਨ ਤੋਂ ਪਹਿਲਾਂ। ਸ਼ਰਾਫਤ ਮਰ ਗਈ ਖੌਰੇ, ਕਿਵੇਂ ? ਇਸ 'ਦਿਓਲ' ਦੇ ਦਿਲ 'ਚੋਂ, ਬੜਾ ਈਮਾਨ ਵਾਲਾ ਸੀ, ਇਹ ਬੇਈਮਾਨ ਤੋਂ ਪਹਿਲਾਂ।

ਉਨ੍ਹਾਂ ਨੇ ਕਾਰ ਲੈ ਲਈ ਏ

ਉਨ੍ਹਾਂ ਨੇ ਕਾਰ ਲੈ ਲਈ ਏ ਗਰਾਂ ਤੇ ਸ਼ਹਿਰ ਘੁੰਮਣ ਲਈ। ਮੈਂ ਰਾਹ ਦੀ ਰੇਤ ਬਣਿਆਂ ਸੀ ਜਿਨ੍ਹਾਂ ਦੇ ਪੈਰ ਚੁੰਮਣ ਲਈ। ਮੁਸੀਬਤ ਜਦ ਵੀ ਆਈ, ਮਾਰ ਕੇ ਏਹੋ ਗਈ ਤਾਹਨਾ, ਬਣੇਂ ਨੇ ਯਾਰ ਸਭ ਤੇਰੇ, ਗ਼ਮਾਂ ਦੇ ਪਹਿਰ ਗੁੰਮਣ ਲਈ। ਨਾ ਇਸ ਦੇ ਮੇਚ ਦਾ ਹਾਂ ਮੈਂ, ਨਾ ਮੇਰੇ ਹਾਣ ਦਾ ਹੈ ਇਹ, ਤੂੰ ਮੈਨੂੰ ਭੇਜਿਐ ਯਾ ਰੱਬ! ਇਹ ਕੇਹੇ ਸ਼ਹਿਰ ਘੁੰਮਣ ਲਈ? ਬੜਾ ਸਮਝਾਇਆ ਲੋਕਾਂ ਨੇ, ਉਹ ਨਾਗਣ ਹੈ, ਮਰੇਂਗਾ ਤੂੰ ! ਕਦੋਂ ਪਰ ਮੁੜਨ ਵਾਲ਼ਾ ਸੀ ਮੈਂ, ਪੀਤਾ ਜ਼ਹਿਰ, ਚੁੰਮਣ ਲਈ। ਵਸਣ ਦੇ ਵਾਸਤੇ ਲੋੜੀਂਦੇ ਰਿਸ਼ਤੇ ਹੀ ਨਦਾਰਦ ਨੇ, ਬੜਾ ਦਿਲਕਸ਼, ਬੜਾ ਸੁੰਦਰ ਹੈ ਤੇਰਾ ਸ਼ਹਿਰ ਘੁੰਮਣ ਲਈ। ਕੋਈ ਜੁਗਨੂੰ, ਕੋਈ ਦੀਵਾ ਹੀ ਤੇਰਾ ਸਾਥ ਦੇਵੇਗਾ, ਇਹ ਸੂਰਜ 'ਦਿਓਲ'! ਚੜ੍ਹਿਆ ਹੈ, ਹਨ੍ਹੇਰੇ ਪਹਿਰ ਗੁੰਮਣ ਲਈ।

ਮੇਰੇ ਲਈ ਤੇਰੇ ਘਰ 'ਚ ਹੈ 'ਨ੍ਹੇਰਾ

ਮੇਰੇ ਲਈ ਤੇਰੇ ਘਰ 'ਚ ਹੈ 'ਨ੍ਹੇਰਾ ਤੇ ਦੇਰ ਵੀ। ਖੌਰ੍ਹੇ? ਮੈਂ ਕਿਸ ਉਮੀਦ 'ਤੇ ਜਿਉਂਦਾ ਹਾਂ ਫੇਰ ਵੀ। ਖੋਹ ਲੈਂਦੈ ਰਿਜ਼ਕ ਸਖ਼ਸ਼ ਤੋਂ ਫਿਤਰਤ ਵੀ ਓਸ ਦੀ, ਜੰਗਲ 'ਚ ਹੀ ਸੀ ਜਨਮਿਆਂ 'ਸਰਕਸ ਦਾ ਸ਼ੇਰ' ਵੀ। ਤੁਰ ਗਏ ਉਹ ਮੈਨੂੰ ਛੱਡ ਕੇ, ਜੀਵਾਂਗਾ ਫੇਰ ਵੀ, ਸੂਰਜ ਬਿਨਾਂ ਚੜ੍ਹੇਗੀ ਹੁਣ, ਤੱਕਿਓ ਸਵੇਰ ਵੀ। ਸਭ ਕਹਿਣ 'ਦਿਓਲ' ਗ਼ਜ਼ਲ ਦੇ ਦੀਵੇ ਜਗਾ ਰਿਹੈ, ਮਿਟਿਆ ਨਾ ਜਿਸ ਤੋਂ ਆਪਣੇ ਮਨ ਦਾ ਹਨ੍ਹੇਰ ਵੀ।

ਮੈਂ ਨੱਚਾਂਗਾ ਜ਼ਮੀਂ 'ਤੇ ਪਰ

ਮੈਂ ਨੱਚਾਂਗਾ ਜ਼ਮੀਂ 'ਤੇ ਪਰ ਕਿਸੇ ਦੀਆਂ ਉਂਗਲਾਂ 'ਤੇ ਨਹੀਂ, ਅਜੇ 'ਬਾਂਦਰ' ਨਹੀਂ ਬਣਿਆਂ, ਅਜੇ ਮੈਂ 'ਮੋਰ' ਹਾਂ ਯਾਰੋ। ਤੁਸੀਂ ਮੇਰੀ ਹਕੀਕਤ ਦੀ, ਭਲਾ ਕੀ ਰਮਜ਼ ਜਾਣੋਂਗੇ? ਪਤਾ ਮੈਨੂੰ ਨਹੀਂ, ਮੈਂ 'ਸਾਧ' ਹਾਂ ਜਾਂ 'ਚੋਰ' ਹਾਂ ਯਾਰੋ। ਤੁਸੀਂ ਡਰਿਆ ਕਰੋ ਨਾ, ਮੇਰੇ ਅੱਖੜਪਣ ਤੋਂ ਐਵੇਂ ਹੀ, ਮੈਂ ਸਹੁੰ ਖਾਂਦਾ ਹਾਂ ਕਿ ਅੰਦਰੋਂ ਬੜਾ ਕਮਜ਼ੋਰ ਹਾਂ ਯਾਰੋ। ਕੋਈ ਰਾਹ ਦੱਸੇ ਨਾ ਦੱਸੇ, ਮੈਂ ਸਾਗਰ ਪਾ ਹੀ ਲੈਣਾ ਹੈ, ਮੁਸਾਫ਼ਿਰ ਦੀ ਨਹੀਂ, ਮੈਂ ਤਾਂ ਨਦੀ ਦੀ ਤੋਰ ਹਾਂ ਯਾਰੋ। ਵਿਯੋਗੀ-ਰਾਂਝਣੇ ਦੀ ਵੰਝਲੀ ਦੀ, ਹੂਕ ਹਾਂ ਮੈਂ ਤਾਂ, ਕਿਸੇ ਦੇ ਵਾਸਤੇ 'ਸੁਰ' ਹਾਂ, ਕਿਸੇ ਲਈ 'ਸ਼ੋਰ' ਹਾਂ ਯਾਰੋ।

ਵਹਿ ਰਹੇ ਦਰਿਆ ਨੂੰ ਇਹ ਅਹਿਸਾਸ ਹੈ

ਵਹਿ ਰਹੇ ਦਰਿਆ ਨੂੰ ਇਹ ਅਹਿਸਾਸ ਹੈ। ਕਿ ਸਮੁੰਦਰ ਦੀ ਵੀ ਕੋਈ ਪਿਆਸ ਹੈ। ਟੰਗੀ ਹਰ ਸੂਲੀ 'ਤੇ ਮੇਰੀ ਲਾਸ਼ ਹੈ। ਹਰ ਜਿਬਾਹ ਖਾਨੇ 'ਚ ਮੇਰਾ ਮਾਸ ਹੈ। ਦਿਲ ਕਹੀ ਜਾਂਦੈ, ਉਹ ਪਰਤੇਗਾ ਜ਼ਰੂਰ! ਵਹਿਮ ਵਰਗਾ ਏਸ ਦਾ ਵਿਸ਼ਵਾਸ਼ ਹੈ। ਤੇਰੇ ਪੈਰੀਂ ਝਾਂਜਰਾਂ! ਤੂੰ ਸੋਚ ਲੈ !! ਮੇਰਿਆਂ ਪੈਰਾਂ 'ਚ ਤਾਂ ਪਰਵਾਸ ਹੈ। ਮੇਰੇ ਲਈ ਚਾਨਣ ਮੁਨਾਰੇ ਨੇ ਸਭੇ, ਸ਼ਿਵ, ਵਿਜੇ, ਪਾਤਰ ਤੇ ਜਾਂ ਫਿਰ ਪਾਸ਼ ਹੈ। ਮੰਨਿਆਂ ਕਿ ਪਿਆਰ ਇੱਕ ਅਹਿਸਾਸ ਹੈ, ਕੋਈ ਸ਼ੈਅ ਤਾਂ ਜਿਸਮ ਦੀ ਵੀ ਪਿਆਸ ਹੈ। ਲੱਖ ਝੂਠਾ ਹੈ, ਡਰਾਮੇਬਾਜ਼ ਹੈ, 'ਦਿਓਲ' ਪਰ ਬੰਦਾ ਬੜਾ ਬਿੰਦਾਸ ਹੈ।

ਨਾ ਪੈਂਦੇ ਭੋਗਣੇ ਰਾਤਾਂ ਜਹੇ

ਨਾ ਪੈਂਦੇ ਭੋਗਣੇ ਰਾਤਾਂ ਜਹੇ ਏਨੇ ਹਿਜ਼ਰ ਦੇ ਦਿਨ। ਬੜਾ ਚੰਗਾ ਸੀ ਜੇ ਆਪਾਂ ਵਸਲ ਦੀ ਰਾਤ ਮਰ ਜਾਂਦੇ। ਕਦੋਂ ਦਾ ਕਰ ਗਿਆ ਹੁੰਦਾ ਮੈਂ ਯਾਰੋ! ਖੁਦਕੁਸ਼ੀ ਫਿਰ ਤਾਂ, ਜੇ ਮੇਰੇ ਨਾਲ ਹੀ ਮੇਰੇ ਬੁਰੇ ਹਾਲਾਤ ਮਰ ਜਾਂਦੇ। ਦੁਆ ਇੱਕ ਤਾਂ ਮੇਰੀ ਤੂੰ ਐ ਖ਼ੁਦਾ! ਮਨਜ਼ੂਰ ਕਰ ਲੈਂਦਾ, ਉਹ ਹੋ ਜਾਂਦਾ ਰਹਿਮ-ਦਿਲ ਜਾਂ ਮੇਰੇ ਜਜ਼ਬਾਤ ਮਰ ਜਾਂਦੇ। ਵਿਦਾ ਦੇ ਵਕਤ ਸੱਜਣਾਂ ਨੇ ਲਿਆ ਸੀ ਜਿਉਣ ਦਾ ਵਾਅਦਾ, ਉਨ੍ਹਾਂ ਤੋਂ ਹੋ ਕੇ ਬੇਮੁਖ, ਸਾਡੀ ਕੀ ਔਕਾਤ? ਮਰ ਜਾਂਦੇ। ਇਨ੍ਹਾਂ 'ਚੋਂ ਅਰਥ ਲੱਭੀ ਜਾਣ, ਆਪੇ ਅਗਲੀਆਂ ਨਸਲਾਂ, ਮੈਂ ਉਹਨਾਂ ਸ਼ਾਇਰਾਂ 'ਚੋਂ ਹਾਂ ਜੋ ਪਾ ਕੇ ਬਾਤ ਮਰ ਜਾਂਦੇ।

ਜਦ ਮੈਂ ਖ਼ੁਦ ਨੂੰ ਪਹਿਚਾਣ ਲਿਆ

ਜਦ ਮੈਂ ਖ਼ੁਦ ਨੂੰ ਪਹਿਚਾਣ ਲਿਆ। ਸਭ ਭੇਦ ਸੱਜਣ ਦਾ ਜਾਣ ਲਿਆ। ਉਹ ਮਾਰ ਕੇ ਖੰਜਰ ਕਹਿਣ ਲੱਗੇ, ਤੂੰ ਹੋਠਾਂ 'ਤੇ ਮੁਸਕਾਣ ਲਿਆ। ਅਸੀਂ ਆਸ਼ਕ ਅੰਧਲੇ, ਜੱਗ ਜਾਣੇ, ਤੁਸੀਂ ਐਵੇਂ ਪਰਦਾ ਤਾਣ ਲਿਆ। ਹਰ ਪਲ ਨੂੰ ਅੰਤਿਮ ਕਹਿ ਕੇ ਮੈਂ, ਹਰ ਪਲ ਜੀਵਨ ਦਾ ਮਾਣ ਲਿਆ।

ਗ਼ਮ ਹਯਾਤੀ ਤੋਂ ਵੀ ਭਾਰਾ ਲੈ ਲਿਆ

ਗ਼ਮ ਹਯਾਤੀ ਤੋਂ ਵੀ ਭਾਰਾ ਲੈ ਲਿਆ, ਇਸ਼ਕ 'ਚੋਂ ਏਹੋ ਨਜ਼ਾਰਾ ਲੈ ਲਿਆ। ਨਾ ਲਈ ਹੋਰਾਂ ਤੋਂ ਅੱਧੀ ਵੀ ਖੁਸ਼ੀ, ਗ਼ਮ ਤੇਰਾ ਸਾਰੇ ਦਾ ਸਾਰਾ ਲੈ ਲਿਆ। ਕਸ਼ਟ ਕੀ ਕਰਨਾ ਖ਼ੁਦਾ ਦੇ ਨਾਂ ਲਈ, ਨਾਮ ਤੇਰਾ ਹੀ ਦੁਬਾਰਾ ਲੈ ਲਿਆ। ਜਜ਼ਬਿਆਂ ਤੋਂ ਵੀ ਨਕਾਰਾ ਹੋ ਗਿਆ, ਗ਼ਮ ਤੇਰੇ ਨੇ ਦਿਲ ਵਿਚਾਰਾ ਲੈ ਲਿਆ। ਲੈ ਲਿਆ ਕੀ ਦਰਦ ਤੇਰੇ ਤੋਂ ਅਸਾਂ, ਦਰਦ ਨੇ ਸਾਨੂੰ ਓ ਯਾਰਾ! ਲੈ ਲਿਆ।

ਤੂੰ ਹੀ ਸੀ ਜੋ ਨਾ ਮੈਨੂੰ ਦੇ-ਦੇ ਕੇ

ਤੂੰ ਹੀ ਸੀ ਜੋ ਨਾ ਮੈਨੂੰ ਦੇ-ਦੇ ਕੇ ਘਾਵ ਰੋਇਆ । ਮੈਨੂੰ ਰੁਆ ਕੇ ਤੇਰਾ ਹਰ ਇੱਕ ਅਜ਼ਾਬ ਰੋਇਆ। ਕੌੜੇ ਤੋਂ ਕੌੜਾ ਸੱਚ ਵੀ ਹੱਸ ਕੇ ਮੈਂ ਜਰ ਲਿਆ ਪਰ, ਆਇਆ ਹੈ ਜਦ ਕਦੇ ਵੀ ਤੇਰਾ ਖਵਾਬ ਰੋਇਆ। ਅਪਣੇ ਤੇ ਦੋਸ਼ ਮੜ੍ਹਕੇ ਹੋਇਆ ਨਾ ਰੰਸ ਮੈਨੂੰ, ਤੈਨੂੰ ਮੈਂ ਬੇਵਫ਼ਾ ਦਾ ਦੇ ਕੇ ਖਿਤਾਬ ਰੋਇਆ। ਫੜ ਲਈ ਸੀ ਕੋਈ ਮਛਲੀ ਸ਼ਾਇਦ ਮਛੇਰਿਆਂ ਨੇ, ਜਿਸ ਦੇ ਵਿਯੋਗ ਅੰਦਰ ਚੰਦਰਾ ਤਲਾਬ ਰੋਇਆ। ਖੁਸ਼ੀਆਂ 'ਚ ਮੇਰਾ ਹਾਸਾ ਹੋਂਦੈ ਨਕਾਬ ਵਰਗਾ, ਗ਼ਮੀਆਂ 'ਚ ਪਰ ਹਮੇਸ਼ਾ ਮੈਂ ਬੇਨਕਾਬ ਰੋਇਆ। ਪਿਆਲੇ ਨੂੰ ਕਿਸ ਤਰ੍ਹਾਂ ਫਿਰ ਗ਼ਮ ਦੀ ਦਵਾ ਮੈਂ ਆਖਾਂ, ਰੋਇਆ ਹਾਂ ਜਦ ਕਦੇ ਵੀ ਪੀ ਕੇ ਸ਼ਰਾਬ ਰੋਇਆ।

ਹਰ ਟੁੱਕੜੇ 'ਚੋਂ ਫਿਰ ਤੈਨੂੰ ਵੀ

ਹਰ ਟੁੱਕੜੇ 'ਚੋਂ ਫਿਰ ਤੈਨੂੰ ਵੀ, ਮੇਰਾ ਹੀ ਦੀਦਾਰਾ ਹੋਵੇਗਾ । ਤੇਰੇ ਦਿਲ ਦਾ ਸ਼ੀਸ਼ਾ ਬੇਦਰਦਾ! ਜਦ ਪਾਰਾ-ਪਾਰਾ ਹੋਵੇਗਾ। ਅੱਜ ਵਫ਼ਾਦਾਰ ਦਾ ਰੁਤਬਾ ਤੂੰ, ਦੇਂਦਾ ਏਂ ਜਿਨ੍ਹਾਂ ਕਿਰਦਾਰਾਂ ਨੂੰ , ਉਹਨਾਂ ਦੇ ਫਰੇਬਾਂ ਦਾ ਤੈਨੂੰ, ਇੱਕ ਦਿਨ ਤਾਂ ਨਜ਼ਾਰਾ ਹੋਵੇਗਾ। ਮੈਨੂੰ ਤਾਂ ਸਹਾਰਾ ਦੇਣ ਲਈ, ਕੋਈ ਤਿਣਕਾ ਵੀ ਹੁਣ ਰਾਜ਼ੀ ਨਾ, ਪਰ ਤੇਰੇ ਕੋਲ ਜ਼ਰੂਰ ਕਿਸੇ, ਕਿਸ਼ਤੀ ਦਾ ਸਹਾਰਾ ਹੋਵੇਗਾ। ਮੈਂ ਰਾਖ ਬਣੇ ਇਸ ਘਰ ਖ਼ਾਤਿਰ, ਕਿਉਂ ਸਾਰੇ ਜੱਗ ਨੂੰ ਦੋਸ਼ ਦਵਾਂ, ਮੇਰੇ ਘਰ ਨੂੰ ਫੂਕਣ ਵਾਲਾ ਤਾਂ, ਤੇਰਾ ਹੀ ਅੰਗਾਰਾ ਹੋਵੇਗਾ। ਨਾ ਚਿੰਤਾ ਕਰ ਤੂੰ ਦਿਲ ਮੇਰੇ, ਬੱਸ ਲਹਿਰਾਂ ਦੇ ਸੰਗ ਰੁੜ੍ਹਿਆ ਜਾਹ, ਇਸ ਜ਼ਿੰਦਗਾਨੀ ਦੇ ਸਾਗਰ ਦਾ, ਕੋਈ ਤਾਂ ਕਿਨਾਰਾ ਹੋਵੇਗਾ।

ਮੇਰੇ ਹਰ ਲਫ਼ਜ਼ ਹਰ ਇੱਕ ਬਹਿਰ ਵਿੱਚ

ਮੇਰੇ ਹਰ ਲਫ਼ਜ਼ ਹਰ ਇੱਕ ਬਹਿਰ ਵਿੱਚ, ਤੇਰਾ ਹੀ ਮਾਤਮ ਹੈ। ਕਿਵੇਂ ਆਖਾਂ ਕਿ ਮੇਰੇ ਕੋਲ਼, ਮੇਰਾ ਆਪਣਾ ਗ਼ਮ ਹੈ। ਤੂੰ ਫੁੱਲਾਂ ਨਾਲਦਾ ਸੀ ਦਰਦ ਤੇਰੇ ਕੰਡਿਆਂ ਵਰਗੇ, ਤੂੰ ਜਿੰਨਾਂ ਰਹਿਮ-ਦਿਲ ਸੀ ਗ਼ਮ ਤੇਰਾ ਓਨਾ ਹੀ ਜ਼ਾਲਮ ਹੈ। ਕਦੇ ਆਉਂਦਾ ਸੀ ਹੁੰਦਾ ਰੋਜ਼, ਦਿਲ ਦੇ ਮਹਿਲ ਵਿੱਚ ਕੋਈ, ਇਨ੍ਹਾਂ ਖੰਡਰਾਂ 'ਚ ਅੱਜ ਵੀ ਗੂੰਜਦੀ ਪਾਇਲ ਦੀ ਛਮ-ਛਮ ਹੈ । ਜੋ ਸਭ ਦਾ ਯਾਰ ਹੋਵੇ ਉਹ ਕਿਸੇ ਦਾ ਵੀ ਨਹੀਂ ਹੁੰਦਾ, ਖ਼ੁਦਾ 'ਤੇ ਹੱਕ ਜਤਾਵਾਂ ਕਿਉਂ ਜੋ ਸਭਨਾਂ ਦਾ ਹੀ ਮਹਿਰਮ ਹੈ। ਇਹ ਓਹੀਓ ਗਰਮ ਹੰਝੂ ਨੇ ਜੋ ਕੇਰੇ ਸੀ ਇਨ੍ਹਾਂ ਰਾਤੀਂ, ਨਾ ਐਵੇਂ ਸਮਝ ਕਿ ਇਸ ਬਾਗ ਦੇ ਫੁੱਲਾਂ 'ਤੇ ਸ਼ਬਨਮ ਹੈ।

ਤਲਖ਼ੀਆਂ, ਮਾਯੂਸੀਆਂ ਵਿੱਚ

ਤਲਖ਼ੀਆਂ, ਮਾਯੂਸੀਆਂ ਵਿੱਚ, ਚੂਰ ਹੋ ਕੇ ਜੀਅ ਰਿਹਾਂ। ਬਿਨ ਤੇਰੇ, ਮੈਂ ਦੋਸਤਾ! ਮਜਬੂਰ ਹੋ ਕੇ ਜੀਅ ਰਿਹਾਂ। ਜਲਦ ਹੀ ਕਿਰਨਾਂ ਨੇ, ਪੀ ਲੈਣਾ ਏ ਮੇਰੀ ਹੋਂਦ ਨੂੰ , ਨੀਰ ਹਾਂ ਮੈਂ, ਪਰ ਨਦੀ ਤੋਂ ਦੂਰ ਹੋ ਕੇ ਜੀਅ ਰਿਹਾਂ। ਫੁੱਲ ਦੇ ਮਹਿਕਣ ਤੋਂ ਪਹਿਲਾਂ, ਅੰਤ ਹੈ ਨਿਸ਼ਚਿਤ ਮੇਰਾ, ਮੈਂ ਕਿਸੇ ਟਾਹਣੀ ਦੇ ਉੱਤੇ, ਬੂਰ ਹੋ ਕੇ ਜੀਅ ਰਿਹਾਂ। ਅਣਗਿਣਤ ਹੀ ਟੁਕੜਿਆਂ ਵਿਚ, ਵਟ ਗਿਐ ਮੇਰਾ ਵਜ਼ੂਦ, ਮੈਂ ਉਹ ਸ਼ੀਸ਼ਾ ਹਾਂ, ਜੋ ਚਕਨਾ-ਚੂਰ ਹੋ ਕੇ ਜੀਅ ਰਿਹਾਂ। ਬੁਝਣ ਤੋਂ ਮਗਰੋਂ ਤਾਂ, ਸੂਰਜ ਦੀ ਵੀ, ਹੋ ਜਾਂਦੀ ਹੈ ਮੌਤ, ਮੈਂ ਹੀ ਬਦਕਿਸਮਤ ਹਾਂ, ਜੋ ਬੇਨੂਰ ਹੋ ਕੇ, ਜੀਅ ਰਿਹਾਂ। ਹੋਇਆ ਕੀ, ਜੇ ਸੋਫ਼ੀਆਂ ਵਿਚ, ਨਾਂ ਮੇਰਾ ਬਦਨਾਮ ਹੈ, ਸ਼ਹਿਰ ਦੇ ਰਿੰਦਾਂ 'ਚ ਤਾਂ, ਮਸ਼ਹੂਰ ਹੋ ਕੇ ਜੀਅ ਰਿਹਾਂ। ਡੁੱਬ ਮਰੋ, ਚੂਲੀ ਕੁ ਪਾਣੀ ਲੈ ਕੇ, ਦੁਨੀਆਂ ਵਾਲਿਓ! ਮੈਂ ਤੁਹਾਡੇ ਸ਼ਹਿਰ ਵਿਚ 'ਮਨਸੂਰ' ਹੋ ਕੇ 'ਜੀਅ ਰਿਹਾਂ'।

ਅਸਾਡਾ ਹਾਲ ਜੇ ਵੇਖੇ ਤਾਂ ਪਤਝੜ ਦੀ

ਅਸਾਡਾ ਹਾਲ ਜੇ ਵੇਖੇ ਤਾਂ ਪਤਝੜ ਦੀ ਵੀ ਧਾਹ ਨਿੱਕਲੇ। ਤੁਹਾਡੇ ਸ਼ਹਿਰ 'ਚੋਂ ਏਦਾਂ, ਅਸੀਂ ਹੋ ਕੇ ਤਬਾਹ ਨਿੱਕਲੇ। ਭੁਲੇਖਾ ਸੀ ਕਿ ਇਸ਼ਕੇ ਵਿੱਚ, ਖ਼ਤਾ ਤੇਰੀ ਵੀ ਹੈ ਸ਼ਾਮਿਲ, ਜੋ ਹੋਏ ਸੀ ਮੁਹੱਬਤ ਤੋਂ, ਉਹ ਮੇਰੇ ਹੀ ਗੁਨਾਹ ਨਿੱਕਲੇ । ਤੂੰ ਮੇਰੀ ਜ਼ਿੰਦਗੀ ਭਾਵੇਂ, ਕਰੀ ਹੈ ਬੱਦੁਆ ਵਰਗੀ, ਮੇਰੇ ਹੋਂਠਾਂ 'ਚੋਂ ਹਾਲੇ ਵੀ, ਤੇਰੀ ਖਾਤਰ ਦੁਆ ਨਿੱਕਲੇ । ਚੁਣਾਂ ਰਸਤਾ ਮੈਂ ਦੱਸ ਕਿਹੜਾ ? ਤੇਰੀ ਦੁਨੀਆਂ 'ਚੋਂ ਜਾਵਣ ਲਈ, ਮੈਂ ਜਿਸ ਰਸਤੇ ਵੀ ਤੁਰਦਾ ਹਾਂ, ਉਹ ਤੇਰੇ ਸ਼ਹਿਰ ਜਾ ਨਿੱਕਲੇ। ਸਮਝਦਾ ਰਹਿ ਗਿਆ ਪੱਥਰ, ਮੈਂ ਐਵੇਂ ਐ ਖ਼ੁਦਾ! ਤੈਨੂੰ, ਜਿਨ੍ਹਾਂ ਨੂੰ ਪੂਜਿਆ ਸੀ ਮੈਂ, ਉਹ ਤੇਰੇ ਵੀ ਖ਼ੁਦਾ ਨਿੱਕਲੇ।

ਗ਼ਮ ਮੇਰੇ ਕੁਝ ਇਸ ਤਰ੍ਹਾਂ

ਗ਼ਮ ਮੇਰੇ ਕੁਝ ਇਸ ਤਰ੍ਹਾਂ, ਦੁਨੀਆਂ ਨੂੰ ਪਰਚਾਉਂਦੇ ਰਹੇ। ਛਲਕਦੇ ਰਹੇ ਨੈਣ ਮੇਰੇ, ਲੋਕ ਮੁਸਕਾਉਂਦੇ ਰਹੇ। ਦਿਲ ਮੇਰਾ, ਉਸ ਦੀ ਗਲ਼ੀ 'ਚੋਂ, ਸਾਬਤਾ ਮੁੜਨਾ ਸੀ ਕੀ ? ਖ਼ਤ ਮੇਰੇ ਵੀ ਟੁਕੜਿਆਂ ਦੇ, ਰੂਪ ਵਿਚ ਆਉਂਦੇ ਰਹੇ। ਹੋਰ ਤਾਂ ਸਭ ਗ਼ਲਤੀਆਂ, ਇਕ ਵਾਰ ਹੀ ਕਰੀਆਂ ਅਸਾਂ, ਇੱਕੋ ਪੱਥਰ ਨਾਲ਼ ਪਰ, ਮੁੜ-ਮੁੜ ਕੇ ਟਕਰਾਉਂਦੇ ਰਹੇ। ਦਿਲ ਮੇਰੇ ਨੂੰ ਜ਼ਖ਼ਮ ਕੰਘੀ, ਉਮਰ ਭਰ ਦੇਂਦੀ ਰਹੀ, ਜ਼ਿੰਦਗੀ ਭਰ ਉਲਝੀਆਂ, ਜ਼ੁਲਫਾਂ ਨੂੰ ਉਹ ਵਾਹੁੰਦੇ ਰਹੇ । ਮੇਰਿਆਂ ਲੇਖਾਂ 'ਚੋਂ, ਕਾਲ਼ੀ ਰਾਤ ਨਾ ਮੁੱਕੀ ਕਦੇ, ਮੇਰਿਆਂ ਖ਼ਾਬਾਂ 'ਚ ਤਾਂ, ਸੂਰਜ ਬੜੇ ਆਉਂਦੇ ਰਹੇ ।

ਵੇਖੋ ਫ਼ਕੀਰ ਨੂੰ ਤਾਂ, ਹੋ ਜਾਏ

ਵੇਖੋ ਫ਼ਕੀਰ ਨੂੰ ਤਾਂ, ਹੋ ਜਾਏ ਨਵਾਬ ਵਰਗਾ। ਨੈਣਾਂ 'ਚ ਇਹ ਤੁਹਾਡੇ, ਕੀ ਹੈ ਸ਼ਰਾਬ ਵਰਗਾ ? ਲਾ ਲਈ ਸੀ ਮੇਰੇ ਦਿਲ ਨੇ, ਕੰਡਿਆਂ ਦੇ ਨਾਲ ਯਾਰੀ, ਤਾਂਹੀਂਓਂ ਇਹ ਹੋ ਗਿਆ ਏ, ਜ਼ਖ਼ਮੀਂ-ਗੁਲਾਬ ਵਰਗਾ। ਪਿਆਸੇ ਨੂੰ ਦੇ ਨਾ ਸਕਿਆ, ਪਾਣੀ ਦੀ ਬੂੰਦ ਵੀ ਤੂੰ, ਆਖਾਂ ਮੈਂ ਤੇਰੇ ਦਿਲ ਨੂੰ , ਕਾਹਤੋਂ ਚਨਾਬ ਵਰਗਾ ? ਅੱਜ ਮੇਰੇ ਜ਼ਖ਼ਮ 'ਤੇ ਉਹ, ਮੱਲ੍ਹਮ ਲਗਾ ਰਹੇ ਨੇ, ਇਹ ਹਾਦਸਾ ਤਾਂ ਮੈਨੂੰ, ਲਗਦਾ ਏ ਖ਼ਾਬ ਵਰਗਾ। ਹੰਝੂਆਂ 'ਚ ਡੁੱਬੀ ਹੋਈ, ਹੈ ਇਸ਼ਕ ਦੀ ਹਕੀਕਤ, ਹਾਸਾ ਤਾਂ ਆਸ਼ਕਾਂ ਦਾ, ਹੁੰਦੈ ਨਕਾਬ ਵਰਗਾ। ਹੋਈ ਏ ਸੋਚ ਮੇਰੀ, ਇਸਦੇ ਹੀ ਨਾਲ ਰੌਸ਼ਨ, ਮੇਰੇ ਲਈ ਦਰਦ ਤੇਰਾ, ਹੈ ਆਫ਼ਤਾਬ ਵਰਗਾ।

ਜਲਾਇਆ ਸੌ ਦਫ਼ਾ ਤੂੰ

ਜਲਾਇਆ ਸੌ ਦਫ਼ਾ ਤੂੰ, ਪਰ ਕਦੋਂ ਮੈਂ ਨਸ਼ਟ ਹੋਇਆ ਹਾਂ ? ਤੂੰ ਮੈਨੂੰ ਗ਼ਮ ਨਾ ਦੇ ਸਕਿਆ, ਮੈਂ ਤੇਰਾ ਕਸ਼ਟ ਹੋਇਆ ਹਾਂ। ਮੇਰੇ ਇਸ ਜ਼ਬਤ 'ਤੇ, ਹੈਰਾਨ ਤਾਂ ਹੁੰਦਾ ਹੀ ਹੋਵੇਂਗਾ! ਤੂੰ ਜਿੰਨੇ ਤੀਰ ਮਾਰੇ ਨੇ, ਮੈਂ ਓਨਾ ਮਸਤ ਹੋਇਆ ਹਾਂ। ਤੇਰੇ ਤਨ-ਮਨ ਦਾ ਵਿਕ ਜਾਣਾ, ਮੈਂ ਤੱਕਿਆ ਤੇ ਹੰਢਾਇਆ ਹੈ, ਇਸੇ ਗ਼ਮ ਵਿਚ ਹੀ ਸ਼ਾਇਦ ਅੱਜ, ਵਿਕਾਊ-ਵਸਤ ਹੋਇਆ ਹਾਂ। ਮਿਲੇਂ ਛੇਤੀ ਤੂੰ, ਤਾਂਹੀਓਂ ਪੈ ਗਿਆ ਹਾਂ ਖ਼ੁਦਕੁਸ਼ੀ ਦੇ ਰਾਹ, ਮੁਹੱਬਤ ਕਰਦਿਆਂ, ਕਿੰਨਾਂ ਮੈਂ ਮਤਲਬ-ਪ੍ਰਸਤ ਹੋਇਆ ਹਾਂ! ਮੇਰੇ ਯਾਰੋ! ਮੇਰੀ ਖ਼ਾਤਰ, ਸਬਰ ਇੱਕ ਰਾਤ ਤਾਂ ਕਰ ਲਓ!! ਉਦੈ ਹੋਵਾਂ ਕਿਵੇਂ? ਹਾਲੇ ਹੁਣੇ ਤਾਂ ਅਸਤ ਹੋਇਆ ਹਾਂ।

ਤੇਰੀ ਬਗਲ 'ਚ ਕੋਈ

ਤੇਰੀ ਬਗਲ 'ਚ ਕੋਈ, ਖੰਜਰ ਜਰੂਰ ਹੋਣੈ, ਹੋਂਠਾਂ 'ਤੇ ਫਿਰ ਨਹੀਂ ਤਾਂ ਇਹ "ਰਾਮ-ਰਾਮ" ਕਿਉਂ ਹੈ ? ਲਿਖਣਾ ਨਹੀਂ ਸੀ ਯਾ ਰੱਬ! ਲੇਖਾਂ 'ਚ ਮੇਰੇ ਜਿਸ ਨੂੰ , ਲਿਖਿਆ ਤੂੰ ਮੇਰੇ ਦਿਲ 'ਤੇ ਉਸਦਾ ਹੀ ਨਾਮ ਕਿਉਂ ਹੈ? ਇਸਦੇ ਹੀ ਬੀਜੇ ਕੰਡੇ, ਉੱਗੇ ਨੇ ਮੇਰੇ ਦਿਲ ਵਿੱਚ, ਦੁਨੀਆਂ ਨੂੰ ਚੁਭ ਰਿਹਾ ਫਿਰ, ਮੇਰਾ ਕਲਾਮ ਕਿਉਂ ਹੈ? ਰੱਬ ਵਾਲੇ ਕਹਿਣ ਕਿ 'ਰੱਬ ਦੁਸ਼ਮਣ ਨਹੀਂ ਕਿਸੇ ਦਾ', ਮੇਰੇ ਤੋਂ ਲੈ ਰਿਹਾ ਫਿਰ, ਉਹ ਇੰਤਕਾਮ ਕਿਉਂ ਹੈ ?

ਨਾ ਇਤਰਾ! ਕਿ ਵਾਲ਼ ਨੇ ਤੇਰੇ

ਨਾ ਇਤਰਾ! ਕਿ ਵਾਲ਼ ਨੇ ਤੇਰੇ ਚੰਗੇ ਲਗਦੇ। ਯਾਰਾਂ ਨੂੰ ਤਾਂ, ਘੁੱਪ-ਹਨ੍ਹੇਰੇ ਚੰਗੇ ਲਗਦੇ। ਝੂਠ ਹੈ ਕਿ ਦੀਵਾਨਾ ਹਾਂ, ਮੈਂ ਪੈਮਾਨੇ ਦਾ, ਇਸ ਵਿਚ ਮੈਨੂੰ ਤਾਂ ਲਬ ਤੇਰੇ ਚੰਗੇ ਲਗਦੇ। ਦੁਨੀਆਂ ਨੂੰ ਭਰਮਾਉਣਾ ਹੈ ਤਾਂ ਪਹਿਨ ਮੁਖੌਟੇ, ਮੈਨੂੰ ਤਾਂ, ਬੇਪਰਦ ਹੀ ਚਿਹਰੇ ਚੰਗੇ ਲਗਦੇ ? ਦੱਸ ਦਿਆਂਗਾ, ਮੈਂ ਤੈਨੂੰ ਅਸਲੀਅਤ ਤੇਰੀ, ਤੂੰ ਦੱਸ, ਤੈਨੂੰ ਲੋਕੀ ਕਿਹੜੇ ਚੰਗੇ ਲਗਦੇ । ਕਹਿ ਦੁੱਖਾਂ ਨੂੰ ਲੱਖ ਬੁਰਾ, ਪਰ ਇਹ ਨਾ ਭੁੱਲੀਂ! ਸ਼ਬ ਪਿੱਛੋਂ ਹੀ ਯਾਰ! ਸਵੇਰੇ ਚੰਗੇ ਲਗਦੇ। ਰਚਦੇ ਨਾ ਜੇ ਸਾਜ਼ਿਸ਼, ਸਾਨੂੰ ਵੱਖ ਕਰਨ ਦੀ, ਮੈਨੂੰ ਵੀ ਇਹ ਲੋਕ, ਬਥੇਰੇ ਚੰਗੇ ਲਗਦੇ! ਕੱਲ੍ਹ ਤਾਂ, ਚੁੱਲ੍ਹੇ ਬਾਲਣ ਦੀ ਗੱਲ, ਕਰਦਾ ਸੀ ਤੂੰ, ਕਿਉਂ ਅੱਜ ਤੈਨੂੰ, ਬਲ਼ਦੇ-ਵਿਹੜੇ ਚੰਗੇ ਲਗਦੇ? ਕਿੰਝ? ਹੋਏ ਉਹ ਧਰਮਾਂ ਵਾਲੇ 'ਦਿਓਲ' ਜਿਨ੍ਹਾਂ ਨੂੰ , ਭਾਂਬੜ ਮੱਚਦੇ ਚਾਰ-ਚੁਫ਼ੇਰੇ, ਚੰਗੇ ਲਗਦੇ ।

ਤੇਰੇ ਮਗਰੋਂ ਤਾਂ ਮੇਰੇ ਹੋਂਠ

ਤੇਰੇ ਮਗਰੋਂ ਤਾਂ ਮੇਰੇ ਹੋਂਠ, ਸਭ ਕੁਝ ਬੋਲ ਜਾਂਦੇ ਨੇ। ਇਹ ਤੇਰੇ ਸਾਹਮਣੇ ਹੀ ਖੌਰੇ? ਕਾਹਤੋਂ ਡੋਲ ਜਾਦੇ ਨੇ ? ਤੂੰ ਮੇਰਾ ਦਿਲ ਦੁਖਾ ਜਾਂਦਾ ਏਂ, ਤੇਰਾ ਕੁਝ ਨਹੀਂ ਜਾਂਦਾ, ਮੇਰੇ ਨੈਣਾਂ 'ਚੋਂ ਪਰ ਮੋਤੀ, ਬੜੇ ਅਨਮੋਲ ਜਾਂਦੇ ਨੇ। ਦਿਨੇ ਹੀ ਰਾਤ ਪੈ ਜਾਂਦੀ ਏ, ਉਸ ਵੇਲੇ ਤਾਂ ਰੱਬ ਦੀ ਸਹੁੰ, ਜਦੋਂ ਮੁਖੜੇ 'ਤੇ ਜ਼ੁਲਫ਼ਾਂ ਦੀ, ਉਹ ਕਰਕੇ ਓਹਲ ਜਾਂਦੇ ਨੇ। ਉਹ ਜਾਂਦੇ ਨੇ, ਤਾਂ ਵੜ ਜਾਵੇ, ਗ਼ਮਾਂ ਦਾ ਝੁੰਡ ਇਸ ਅੰਦਰ, ਉਹ ਮੇਰੇ ਦਿਲ 'ਚੋਂ ਜਦ ਜਾਵਣ, ਤਾਂ ਬੂਹਾ ਖੋਲ੍ਹ ਜਾਂਦੇ ਨੇ। ਜਦੋਂ ਟੁੱਟ ਗਈ ਤਾਂ ਛੱਡ ਦਿੱਤਾ, ਗਲ਼ੀ ਮੇਰੀ 'ਚੋਂ ਲੰਘਣਾ ਵੀ, ਉਹ ਲੰਬਾ ਗੇੜ ਪਾ ਕੇ ਹੁਣ, ਰਕੀਬਾਂ ਕੋਲ ਜਾਂਦੇ ਨੇ।

ਗਿਲਾ ਕੀ! 'ਦਿਓਲ!' ਜੱਗ ਦੀ ਨਿੰਦਿਆ ਜੇ

ਗਿਲਾ ਕੀ! 'ਦਿਓਲ!' ਜੱਗ ਦੀ ਨਿੰਦਿਆ ਜੇ, ਬਣੀਂ ਹੈ ਤਾਜ ਗ਼ਜ਼ਲਾਂ ਤੇਰੀਆਂ ਦਾ। ਖ਼ੁਦਾ ਦੀ ਸਿਰਜਣਾ ਨੂੰ ਵੀ ਤਾਂ ਲੋਕੀ, ਕਹੀ ਜਾਂਦੇ ਨੇ 'ਪੁਤਲਾ ਗ਼ਲਤੀਆਂ ਦਾ।' ਤੇਰੇ ਇਸ ਬਾਗ਼ ਵਿੱਚ ਐ ਬਾਗਵਾਂ! ਨੇ ਹਜ਼ਾਰਾਂ ਬਿਰਖ, ਲੱਖਾਂ ਆਸ਼ਿਆਨੇ, ਮੇਰੇ ਹੀ ਆਲ੍ਹਣੇ 'ਤੇ ਕਹਿਰ ਹੋਇਆ, ਭਲਾ ਫਿਰ ਹਰ ਦਫ਼ਾ ਕਿਉਂ ਬਿਜਲੀਆਂ ਦਾ? ਦਿਲਾ ਹੁਣ ਪਾ ਲਵੇਂਗਾ ਕੀ ਤੂੰ ਰੋ ਕੇ ? ਤੇਰਾ ਇਹ ਹਾਲ ਰਹਿਣਾ ਹੀ ਸੀ ਹੋ ਕੇ, ਤੂੰ ਭੇਜੇ 'ਓਸ' ਨੂੰ ਅਨਮੋਲ ਤੋਹਫ਼ੇ, ਤੇ 'ਉਹ' ਲੋਭੀ ਸੀ ਚੀਜ਼ਾਂ ਸਸਤੀਆਂ ਦਾ। ਕਿਹਾ ਜੇਕਰ ਬੁਰਾ ਯਾਰੋ ! ਮੈਂ ਉਸਨੂੰ, ਇਹੋ ਆਖੇਗਾ ਮੇਰਾ 'ਅੱਜ' ਮੈਨੂੰ ਤੂੰ ਕੱਲ੍ਹ ਅੰਜਾਮ ਦਿੱਤਾ ਸੀ ਜਿਨ੍ਹਾਂ ਨੂੰ , ਨਤੀਜਾ ਹਾਂ ਮੈਂ ਉਹਨਾਂ ਗ਼ਲਤੀਆਂ ਦਾ।' ਮੈਂ ਬੇਸ਼ੱਕ ਖੂਬਸੂਰਤ ਹਾਂ, ਹੁਸੀਂ ਹਾਂ ਕਿਸੇ ਮਾਸੂਮ ਦੀ ਪਰ ਮੌਤ ਵੀ ਹਾਂ, ਕਹਿਣ ਨੂੰ ਫੁੱਲ ਹਾਂ ਪਰ ਦਰਹਕੀਕਤ, ਕਾਤਲ ਹਾਂ ਹਜ਼ਾਰਾਂ ਤਿਤਲੀਆਂ ਦਾ। ਤੂੰ ਇਸ ਉੱਮੀਦ ਵਿਚ ਵਿੱਛੜੀਂ ਨਾ ਮੈਥੋਂ, ਕਿ ਢੂੰਢਾਂਗਾ ਮੈਂ ਤੈਨੂੰ ਹੰਝੂਆਂ 'ਚੋਂ, ਕਦੋਂ ਹੈ ਵਕਤ ਦਰਿਆ ਕੋਲ਼ ਕਿ ਉਹ, ਮਨਾਵੇ ਸੋਗ਼ ਮੋਈਆਂ ਮਛਲੀਆਂ ਦਾ।

ਇਸ ਹੋਣੀ 'ਤੇ ਰੋਵਾਂ ਵੀ

ਇਸ ਹੋਣੀ 'ਤੇ ਰੋਵਾਂ ਵੀ, ਮੁਸਕਾਵਾਂ ਵੀ। ਹੋਇਆ ਮੈਥੋਂ ਵੱਖ, ਮੇਰਾ ਪਰਛਾਵਾਂ ਵੀ। ਕੱਲ੍ਹ ਤੱਕ ਸਿਰ ਕਟਵਾਉਂਦਾ ਸੀ, ਜੋ ਮੇਰੇ ਲਈ, ਭੁੱਲ ਗਿਆ ਅੱਜ ਉਹ, ਮੇਰਾ ਸਿਰਨਾਵਾਂ ਵੀ। ਧੁੱਪਾਂ ਐਵੇਂ, ਅਪਣਾ ਵਕਤ ਗਵਾ ਰਹੀਆਂ, ਖਿੜਿਆ ਜੇ ਹੋਵਾਂ, ਤਾਂ ਮੈਂ ਮੁਰਝਾਵਾਂ ਵੀ। ਦਿਲ ਦੇ ਅੰਦਰ ਯਾ ਰੱਬ ! ਇਹ ਕੀ ਸੜ ਚੱਲਿਐ ? ਧੂੰਆਂ ਬਣ ਕੇ ਮੂੰਹ 'ਚੋਂ ਨਿੱਕਲਣ ਸਾਹਵਾਂ ਵੀ। ਉਲਫ਼ਤ ਕਰਕੇ ਦੋ ਰੈਆਂ, ਬਣ ਗਈਆਂ ਨੇ, ਮਾਣ ਵੀ ਹੋਇਆ ਹੈ ਤੇ ਮੈਂ ਪਛਤਾਵਾਂ ਵੀ।

ਉੱਗ ਪਏ ਥਾਂ-ਥਾਂ ਤੇ ਬੂਟੇ ਵੈਰ ਦੇ

ਉੱਗ ਪਏ ਥਾਂ-ਥਾਂ ਤੇ ਬੂਟੇ ਵੈਰ ਦੇ। ਠੀਕ ਨਹੀਂ ਆਸਾਰ ਤੇਰੇ ਸ਼ਹਿਰ ਦੇ। ਤੂੰ ਤੇ ਮੈਂ ਮਿਲਦੇ ਤਾਂ ਮਿਲਦੇ ਕਿਸ ਤਰ੍ਹਾਂ? ਦੋ ਕਿਨਾਰੇ ਸਾਂ ਅਸੀਂ ਇੱਕ ਨਹਿਰ ਦੇ। ਘੋਰਨੇ ਹੋਵਣ ਜੋ ਸਾਹਿਲ ਤੇ ਬਣੇ, ਚੜ੍ਹ ਹੀ ਜਾਂਦੇ ਨੇ ਉਹ ਧੱਕੇ ਲਹਿਰ ਦੇ। ਮੈਂ ਤਾਂ ਪੂਰਾ ਕਰ ਲਵਾਂ ਬਚਦਾ ਸਫ਼ਰ, ਜ਼ਖ਼ਮ ਹੀ ਚੱਲਣ ਨਾ ਦੇਂਦੇ ਪੈਰ ਦੇ। ਪਾਉਣੀਆਂ ਹੋਵਣ ਜਿਨ੍ਹਾਂ ਨੇ ਮੰਜ਼ਿਲਾਂ, 'ਦਿਓਲ' ਵਾਂਗੂੰ ਨਾ ਉਹ ਰਾਹੀ ਠਹਿਰਦੇ।

ਜਿਸਨੂੰ ਜਿਉਂਦਾ ਤੇ ਸਮਝਦਾ ਆ ਰਿਹਾਂ

ਜਿਸਨੂੰ ਜਿਉਂਦਾ ਤੇ ਸਮਝਦਾ ਆ ਰਿਹਾਂ ਮੈਂ 'ਜ਼ਿੰਦਗੀ' ਅੱਜ ਪਤਾ ਲੱਗਾ ਹੈ ਕਿ ਉਹ ਹੈ ਮੁਸਲਸਿਲ ਖ਼ੁਦਕੁਸ਼ੀ। ਬਾਲੜੀ ਉਮਰੋਂ ਹੈ ਸੂਲ਼ੀ ਮੇਰੇ ਖ਼ਾਬਾਂ ਵਿੱਚ ਵਸੀ, ਏਸੇ ਉਮਰੇ ਹੀਰ ਨੂੰ ਸੁਣਦੀ ਸੀ ਕਹਿੰਦੇ ਵੰਝਲੀ। ਮੈਨੂੰ ਖ਼ੁਸ਼ ਹੋ ਕੇ ਖ਼ੁਦਾ ਇੱਕ ਵਾਰ ਕਹਿੰਦਾ, 'ਮੰਗ ਵਰ', ਮੈਂ ਤਾਂ ਮੰਗੀ ਰੌਸ਼ਨੀ, ਉਸਨੇ ਬਣਾ ਦਿੱਤਾ ਕਵੀ। ਇੱਕ ਦਿਨ ਸੁੱਤੇ ਪਏ ਰੱਬ ਨੂੰ ਜਗਾ, ! ਪਾਈ ਸਜ਼ਾ! ਹੁਣ ਸਦਾ ਸੁੱਤੀਆਂ ਜਮੀਰਾਂ ਨੂੰ ਜਗਾਉਂਦਾ ਹੀ ਰਹੀਂ। ਫੇਰ ਇੱਕ ਦਿਨ ਖਾਣਾ ਪਹਿਲਾਂ ਖਾ ਲਿਆ, ਰੱਬ ਬੋਲਿਆ, ਭੁੱਖੀਆਂ ਰੂਹਾਂ ਰਜਾਵੀਂ ਭਾਵੇਂ ਖ਼ੁਦ ਭੁੱਖਾ ਮਰੀਂ।

ਮੇਰੀ ਦਾਸਤਾਂ ਵੀ ਅਜੀਬ ਹੈ

ਮੇਰੀ ਦਾਸਤਾਂ ਵੀ ਅਜੀਬ ਹੈ। ਜੀਹਦਾ ਹਿਜ਼ਰ ਮੇਰਾ ਨਸੀਬ ਹੈ। ਇੱਕ ਪਲ ਵੀ ਮੈਥੋਂ ਜੁਦਾ ਨਹੀਂ, ਹਰ ਪਲ ਉਹ ਮੇਰੇ ਕਰੀਬ ਹੈ। ਹਰ 'ਬਦ' ਮਿਟਾ ਕੇ ਜੋ ਬਚ ਜਾਏ, ਸੁਣਿਆਂ ਸੀ ਉਹ ਤਹਿਜ਼ੀਬ ਹੈ, ਮੈਂ ਇਹ ਕੀਤਾ ਤਾਂ ਹੋਇਆ ਇਲਮ, ਮੇਰਾ ਸ਼ਹਿਰ ਬੇ-ਤਹਿਜ਼ੀਬ ਹੈ। ਮੈਨੂੰ ਸੱਚ ਤੋਂ ਵਰਜਣ ਵਾਲਿਓ! ਕੋਸ਼ਿਸ਼ ਇਹ ਥੋਡੀ ਫਜ਼ੂਲ ਹੈ, ਮੈਂ ਤਾਂ ਪਹਿਲਾਂ ਹੀ ਇਹ ਜਾਣਦਾਂ, ਕਿ ਅੰਜਾਮ ਮੇਰਾ ਸਲੀਬ ਹੈ। ਜ਼ਿੰਦਗੀ ਨੂੰ ਸਾਹਾਂ ਦੀ ਲੋੜ ਹੈ, ਅਤੇ ਮੌਤ ਸਾਹਾਂ ਦੀ ਚੋਰ ਹੈ। ਨਿਰਧਨ ਤਾਂ ਉਂਝ ਦੋਵੇਂ ਹੀ ਨੇ, ਪਰ ਮੌਤ ਜ਼ਿਆਦਾ ਗਰੀਬ ਹੈ। ਕਟੀ ਉਮਰ ਤੀਰਾਂ ਦੀ ਸੇਜ਼ 'ਤੇ, ਨਾ ਹੀ 'ਦਿਓਲ' ਰੋਇਆ ਨਾ ਚੀਖਿਆ, ਇਹ ਪਤਾ ਹੀ ਚੱਲ ਸਕਿਆ ਨਹੀਂ, ਉਹ ਸਜੀਵ ਜਾਂ ਨਿਰਜੀਵ ਹੈ।

ਹਜ਼ਾਰਾਂ ਵਾਰ ਜਿਸਨੇ ਦਿਲ

ਹਜ਼ਾਰਾਂ ਵਾਰ ਜਿਸਨੇ ਦਿਲ ਮੇਰਾ ਬਰਬਾਦ ਕੀਤਾ ਏ। ਉਸੇ ਨੂੰ ਫੇਰ ਅੱਜ ਇਸ ਸਿਰਫਿਰੇ ਨੇ ਯਾਦ ਕੀਤਾ ਏ। ਪਤਾ ਨਹੀਂ ਲੋਚਦੈ ਦਿਲ ਕਿਉਂਕਿ ਹੋ ਜਾਏ ਖ਼ਬਰ ਝੱਖੜ ਨੂੰ , ਕਿ ਅਪਣਾ ਆਲ੍ਹਣਾ ਮੈਂ ਫੇਰ ਤੋਂ ਆਬਾਦ ਕੀਤਾ ਏ। ਇਹੋ ਕਾਰਨ ਹੈ ਸ਼ਾਇਦ ਮੇਰੇ 'ਤੇ ਰੱਬ ਦੀ ਕਰੋਪੀ ਦਾ, ਖ਼ੁਦਾ ਨੂੰ ਯਾਦ ਮੈਂ ਹਰ ਵਾਰ ਤੈਥੋਂ ਬਾਅਦ ਕੀਤਾ ਏ। ਨੀ ਚਿੱਟੀਏ ਬੱਦਲ਼ੀਏ! ਤੇਰੇ ਜਿਹਾ ਹੀ ਹੈ ਮੇਰਾ ਬਗਲਾ, ਕਹੀਂ ਉਸਨੂੰ ਕਿ 'ਇੱਕ ਮਛਲੀ ਨੇ ਤੈਨੂੰ ਯਾਦ ਕੀਤਾ ਏ।' ਨਹੀਂ ਹੋਣਾ ਸੀ ਜੇਕਰ ਉਲਟ ਇਹ ਤਰਤੀਬ ਹੋ ਜਾਂਦੀ, ਮੇਰੇ ਕਾਤਲ ਨੇ ਮੇਰਾ ਕਤਲ ਤੈਥੋਂ ਬਾਅਦ ਕੀਤਾ ਏ। ਕਦੇ ਸਮਝੇਗੀ ਦੁਨੀਆਂ ਇਸ਼ਕ ਨੂੰ ਸਾਹ ਲੈਣ ਵਾਂਗੂੰ ਵੀ, ਅਜੇ ਤਾਂ ਜਾਪਦੈ ਕਿ ਜਿਉਂ ਕੋਈ ਅਪਰਾਧ ਕੀਤਾ ਏ।

ਅੱਖ ਵਿੱਚ ਅੱਖ ਵੀ ਕਦੇ

ਅੱਖ ਵਿੱਚ ਅੱਖ ਵੀ ਕਦੇ ਪਾਇਆ ਕਰੋ। ਫੇਰ ਕੇ ਨਜ਼ਰਾਂ ਨਾ ਲੰਘ ਜਾਇਆ ਕਰੋ। ਫੁੱਲ ਸੂਹੇ ਪਾਉਣ ਦੀ ਖਾਹਿਸ਼ ਹੈ ਜੇ, ਤਾਂ ਤੁਸੀਂ ਕੰਡੇ ਵੀ ਅਪਣਾਇਆ ਕਰੋ। ਯਾਰ ਹੋਰਾਂ ਦਾ ਬੁਰਾ ਚਾਹੁੰਦੇ ਹੋ ਕਿਉਂ? ਸੋਚ ਦੀ ਕਾਲਖ ਨੂੰ ਰੁਸ਼ਨਾਇਆ ਕਰੋ। ਨਾਗ ਬਣ ਲੜ ਜਾਏ ਨਾ ਕੋਈ ਜੀਭ 'ਤੇ, ਪਰਖ ਕੇ ਲੋਕਾਂ ਨੂੰ ਮੂੰਹ ਲਾਇਆ ਕਰੋ। ਵੈਰ ਦੇ ਕੰਡੇ ਬਥੇਰੇ ਬੀਜ ਲਏ, ਦੋਸਤੀ ਦੇ ਗੀਤ ਹੁਣ ਗਾਇਆ ਕਰੋ। ਲਾ ਲਵੇਗਾ ਗਲ੍ਹ ਤੁਹਾਨੂੰ ਵੀ ਖ਼ੁਦਾ, ਓਸ ਦੇ ਬੰਦਿਆਂ ਨੂੰ ਗਲ੍ਹ ਲਾਇਆ ਕਰੋ। ਲੰਘ ਗਏ ਦਰਿਆ ਨਾ ਮੁੜਦੇ ਦੋਸਤੋ! ਵਕਤ ਨੂੰ ਬੇਵਕਤ ਨਾ ਜ਼ਾਇਆ ਕਰੋ।

ਸੁਪਨੇ ਹਕੀਕਤਾਂ 'ਤੇ ਕੁਰਬਾਨ ਹੋ ਗਏ ਨੇ

ਸੁਪਨੇ ਹਕੀਕਤਾਂ 'ਤੇ ਕੁਰਬਾਨ ਹੋ ਗਏ ਨੇ। ਆਸਾਂ ਦੇ ਮਹਿਲ ਮੇਰੇ ਸ਼ਮਸ਼ਾਨ ਹੋ ਗਏ ਨੇ। ਮੁੱਕੇਗਾ ਕਿਸ ਤਰ੍ਹਾਂ ਹੁਣ ਮੇਰੇ ਤੋਂ ਫਾਸਲਾ ਇਹ? ਮੈਂ ਤਾਂ ਜ਼ਮੀਨ ਹਾਂ ਉਹ ਅਸਮਾਨ ਹੋ ਗਏ ਨੇ। ਆਉਂਦਾ ਨਾ ਸਾਹਮਣੇ ਹੁਣ ਅਸਲੀ ਖ਼ੁਦਾ ਵੀ ਡਰਦਾ, ਤੇਰੇ ਸ਼ਹਿਰ 'ਚ ਏਨੇ ਭਗਵਾਨ ਹੋ ਗਏ ਨੇ। ਤੇਰੇ ਤੋਂ ਵੱਖ ਹੋ ਕੇ ਏਨਾ ਤਾਂ ਲਾਭ ਹੋਇਆ, ਮੇਰੇ ਲਈ ਸਾਫ਼ ਸਾਰੇ ਮੈਦਾਨ ਹੋ ਗਏ ਨੇ । ਦੇ ਗਈ ਸੀ ਦਰਦ ਮੈਨੂੰ ਕਿਸਮਤ ਸਰਾਪ ਵਾਂਗੂੰ, ਮੇਰੀ ਤਾਂ ਕਲਮ ਦੇ ਲਈ ਵਰਦਾਨ ਹੋ ਗਏ ਨੇ।

ਮੇਰੀ ਜ਼ਮੀਰ ਨੇ ਜੇਕਰ

ਮੇਰੀ ਜ਼ਮੀਰ ਨੇ ਜੇਕਰ ਨਾ ਵਰਜਿਆ ਹੁੰਦਾ। ਮੈਂ ਵੀ ਹੋਰਾਂ ਦੀ ਤਰ੍ਹਾ ਕਦ ਦਾ ਵਿਕ ਗਿਆ ਹੁੰਦਾ। ਏਨਾ ਤੜਫਾਉਂਦੀ ਨਾ ਸ਼ਾਇਦ ਇਹ ਤਨਾਂ ਦੀ ਦੂਰੀ, ਚੰਗਾ ਹੁੰਦਾ ਜੇ ਮਨਾਂ ਵਿੱਚ ਵੀ ਫਾਸਿਲਾ ਹੁੰਦਾ। ਜੇ ਜ਼ਮਾਨੇ ਦੀ ਜਗ੍ਹਾ ਤੂੰ ਉਖੇੜਿਆ ਹੁੰਦਾ, ਸਹੁੰ ਤੇਰੀ, ਮੁੜ ਕੇ ਕਦੀ ਵੀ ਨਾ ਮੈਂ ਹਰਾ ਹੁੰਦਾ। ਏਨੀ ਭੈੜੀ ਨਾ ਹੁੰਦੀ ਐ ਖ਼ੁਦਾ! ਤੇਰੀ ਰਚਨਾ, ਮਸ਼ਵਰਾ ਤੂੰ ਜੇ ਕਿਤੇ 'ਦਿਓਲ' ਤੋਂ ਲਿਆ ਹੁੰਦਾ।

ਉਹ ਕਦੀ ਸਾਧ ਕਦੀ ਚੋਰ

ਉਹ ਕਦੀ ਸਾਧ ਕਦੀ ਚੋਰ ਨਜ਼ਰ ਆਉਂਦਾ ਏ। ਮੈਨੂੰ ਸ਼ੀਸ਼ੇ 'ਚ ਕੋਈ ਹੋਰ ਨਜ਼ਰ ਆਉਂਦਾ ਏ। ਯਾਦ ਆਉਂਦੈ ਉਦੋਂ ਖੌਰੇ ਕਿਉਂ ਬੁੱਲ੍ਹੇ ਸ਼ਾਹ ਮੈਨੂੰ, ਪੈਲ ਪਾਉਂਦਾ ਜਦ ਕੋਈ ਮੋਰ ਨਜ਼ਰ ਆਉਂਦਾ ਏ। ਮੇਰਾ ਜੀਵਨ ਹੈ ਮਾਰੂਥਲ ਪਰ ਕਿਵੇਂ ਆਖਾਂ ਇਹ ਗੱਲ, ਥਲ 'ਚ ਵੀ ਕੋਈ-ਕੋਈ ਥੋਹਰ ਨਜ਼ਰ ਆਉਂਦਾ ਏ। ਗੱਲ ਸੀਰਤ ਦੀ ਜੇ ਕਰੀਏ ਹੈ ਬੜਾ ਬਦਸੂਰਤ, ਸ਼ਕਲ ਤੋਂ 'ਦਿਓਲ' ਵੀ ਚਿੱਤਚੋਰ ਨਜ਼ਰ ਆਉਂਦਾ ਏ।

ਅਦਾਲਤ ਦੀ ਖ਼ਤਾ ਸੀ ਉਹ

ਅਦਾਲਤ ਦੀ ਖ਼ਤਾ ਸੀ ਉਹ, ਜਾਂ ਗ਼ੱਦਾਰੀ ਗਵਾਹਾਂ ਦੀ ? ਸਜ਼ਾ ਭੁਗਤੀ ਏ ਜਿਸ ਕਰਕੇ, ਮੈਂ ਅਣਕੀਤੇ-ਗੁਨਾਹਾਂ ਦੀ। ਮੇਰੀ ਤਾਂ ਸੋਚ ਦੇ ਪੈਰੀਂ, ਪਈ ਬੇੜੀ ਪਿਛਾਹਾਂ ਦੀ। ਕਰਾਂ ਮੈਂ ਕਿਸ ਤਰ੍ਹਾਂ? ਯਾਰੋ! ਕੋਈ ਚਿੰਤਾ ਅਗਾਹਾਂ ਦੀ। ਚੁਭੇ ਨਾ ਕਿਸ ਤਰ੍ਹਾਂ ਮੈਨੂੰ ? ਮੇਰੇ ਗਲ਼ ਦਾ ਇਹ ਸੱਖਣਾਪਣ, ਨਾ ਫਾਂਸੀ ਦਾ ਹੀ ਰੱਸਾ ਹੈ, ਨਾ ਗਲਵੱਕੜੀ ਹੈ ਬਾਹਾਂ ਦੀ। ਬਿਨਾਂ ਤੇਰੀ ਰਜ਼ਾ ਦੇ ਦੱਸ, ਮੇਰਾ ਦਿਲ ਕਿਸ ਤਰ੍ਹਾਂ ਧੜਕੇ ? ਰਿਆਸਤ ਵਿਚ ਸਦਾ, ਚੱਲਦੀ ਏ ਮਰਜ਼ੀ ਬਾਦਸ਼ਾਹਾਂ ਦੀ। ਹਵਾਵਾਂ ਨੇ ਹੀ ਧੂਹ-ਧੂਹ ਕੇ, ਪੁਚਾ ਦੇਣਾ ਏ ਸਾਹਿਲ 'ਤੇ, ਮੇਰੀ ਕਿਸ਼ਤੀ ਨੂੰ ਲੋੜੀਂਦੀ ਨਾ ਹੁਣ, ਰਹਿਮਤ ਮਲਾਹਾਂ ਦੀ। ਨਾ ਫੁੱਲਾਂ ਦਾ ਸਫ਼ਰ ਹੈ, ਨਾ ਮੁਹੱਬਤ ਹੈ ਕੋਈ ਮੰਜ਼ਿਲ, ਇਹ ਕਿੱਸਾ ਤਾਂ ਹੈ ਸੂਲ਼ਾਂ ਦਾ, ਇਹ ਗਾਥਾ ਤਾਂ ਹੈ ਰਾਹਾਂ ਦੀ। ਗੁਨਾਹਗ਼ਾਰਾਂ ਨੂੰ ਮਾਫ਼ੀ ਦੇਣ ਦਾ, ਅੰਜਾਮ ਇਹ ਹੋਇਆ, ਜ਼ਲਾ ਦਿੱਤੀ ਗਈ, ਇਕ ਹੋਰ ਬਸਤੀ ਬੇਗੁਨਾਹਾਂ ਦੀ।

ਇਸ਼ਕ ਦੇ ਲੜ, ਜਦ ਮੈਂ ਲਾਈ ਜ਼ਿੰਦਗੀ

ਇਸ਼ਕ ਦੇ ਲੜ, ਜਦ ਮੈਂ ਲਾਈ ਜ਼ਿੰਦਗੀ। ਮੌਤ 'ਚੋਂ ਵੀ, ਨਜ਼ਰ ਆਈ ਜ਼ਿੰਦਗੀ। ਤੇਰਾ-ਮੇਰਾ ਮੇਲ ਇਉਂ ਹੋਇਆ, ਜਿਵੇਂ ਮੌਤ ਵਿਚ ਹੋਵੇ ਸਮਾਈ ਜ਼ਿੰਦਗੀ। ਤੈਨੂੰ ਰੁੱਸੇ ਨੂੰ , ਮਨਾਇਆ ਸੀ ਅਸਾਂ, ਜਾਪਿਆ ਸੀ ਕਿ ਮਨਾਈ ਜ਼ਿੰਦਗੀ। ਜ਼ੁਲਮ ਵੇਖੋ! ਜਦ ਹੋਏ ਉਹ ਬਾਵਫ਼ਾ, ਕਰ ਗਈ ਫਿਰ ਬੇਵਫ਼ਾਈ ਜ਼ਿੰਦਗੀ। ਲੁਤਫ਼ ਆਵੇ ਨਾ ਕਿਵੇਂ ? ਦੀਦਾਰ ਦਾ, ਦੇ ਰਿਹਾ ਹਾਂ 'ਮੂੰਹ ਦਿਖਾਈ', ਜ਼ਿੰਦਗੀ। ਹਾਲ ਤੇਰਾ, ਗ਼ੈਰ ਤੋਂ ਪੁੱਛਣਾ ਪਿਆ, ਐਸੇ ਵੀ ਦਿਨ, ਲੈ ਕੇ ਆਈ ਜ਼ਿੰਦਗੀ। ਨਾ ਗ਼ਮਾਂ ਦੀ ਰਾਤ, ਪਹੁੰਚੀ ਫਜ਼ਰ ਤੱਕ, ਨਾ ਕਦੀ, ਮੁੱਕਣ 'ਤੇ ਆਈ ਜ਼ਿੰਦਗੀ। ਹੁਣ ਨਾ ਆਖੋ, ਕੋਈ ਮੈਨੂੰ ਕਰਜ਼ਦਾਰ ! ਲੈ ਚੁਕੀ ਹੈ ਪਾਈ-ਪਾਈ, ਜ਼ਿੰਦਗੀ।

ਭਰ ਗਿਆ ਫੱਟ

ਭਰ ਗਿਆ ਫੱਟ, ਮੁੜ ਹਰਾ ਕਰਨਾ ਏ ਕੀ ? ਹੁਣ ਪੁਰਾਣਾ ਖ਼ਤ ਤੇਰਾ, ਪੜ੍ਹਨਾ ਏ ਕੀ ? ਚਿਹਰਿਆਂ ਦੇ ਹਰਫ਼, ਪੜ੍ਹਨੇ ਆ ਗਏ, ਹੁਣ ਕਿਤਾਬਾਂ ਨੂੰ , ਅਸਾਂ ਪੜ੍ਹਨਾ ਏ ਕੀ ? ਇਸ਼ਕ ਤੋਂ ਲੈ ਕੇ, ਮੈਂ ਹੰਝੂ ਪੀ ਲਏ, ਹੁਣ ਸ਼ਰਾਬਾਂ ਦਾ ਨਸ਼ਾ, ਚੜ੍ਹਨਾ ਏ ਕੀ ? ਇਸ ਹੰਢਾਈਆਂ ਨੇ, ਨਿਰੰਤਰ ਪਤਝੜਾਂ, ਪੱਤ ਹਯਾਤੀ 'ਤੋਂ ਕੋਈ, ਝੜਨਾ ਏ ਕੀ ? ਨਾ ਕੋਈ ਸੁਪਨਾ, ਨਾ ਕੋਈ ਆਸ ਹੈ, ਜੇ ਇਹ 'ਜੀਣਾ' ਹੈ ਤਾਂ, ਫਿਰ 'ਮਰਨਾ' ਏ ਕੀ ? ਦਿਲ ਤੇਰਾ, ਕੱਚਾ ਘੜਾ ਹੈ ਸੋਹਣੀਏਂ ! ਇਸ ਨੇ ਦਰਿਆ ਇਸ਼ਕ ਦਾ, ਤਰਨਾ ਏ ਕੀ ? ਤੇਲ ਘੱਟ ਸੀ 'ਦੀਪ' ਵਿਚ, ਸੋ ਬੁਝ ਗਿਆ, ਦੋਸ਼ ਇਹ ਪੌਣਾਂ ਦੇ ਸਿਰ, ਮੜ੍ਹਨਾ ਏ ਕੀ ?

ਪਹਿਲਾਂ ਮੈਂ ਹੱਸ ਪਿਆ ਫਿਰ

ਪਹਿਲਾਂ ਮੈਂ ਹੱਸ ਪਿਆ ਫਿਰ, ਰੋਇਆ ਸ਼ਰਾਬ ਪੀ ਕੇ। ਲਗਦਾ ਏ ਕਿ ਮੈਂ ਪਾਗਲ, ਹੋਇਆ ਸ਼ਰਾਬ ਪੀ ਕੇ। ਸੋਫ਼ੀ ਤਾਂ ਦਿਸਦੀਆਂ ਨੇ, ਰਸਤੇ 'ਚ ਬਹੁਤ ਖਾਈਆਂ, ਦਿਸਦਾ ਨਾ ਰਾਹ 'ਚ ਕੋਈ, ਟੋਇਆ ਸ਼ਰਾਬ ਪੀ ਕੇ। ਕੱਲ੍ਹ ਮੈਅਕਦੇ 'ਚ ਵੇਖੀ, ਮੈਂ ਇਕ ਅਜੀਬ ਘਟਨਾ, ਮੁਰਦਾ ਵੀ ਇਕ ਜਿਉਂਦਾ, ਹੋਇਆ ਸ਼ਰਾਬ ਪੀ ਕੇ। ਹੁੰਦੀ ਜੇ ਹੋਸ਼ ਤਾਂ ਕਿਉਂ, ਪੈਂਦਾ ਮੈਂ ਇਸ਼ਕ ਦੇ ਰਾਹ? ਮੇਰੇ ਤੋਂ ਇਹ ਗੁਨਾਹ ਤਾਂ, ਹੋਇਆ ਸ਼ਰਾਬ ਪੀ ਕੇ। ਮਿਟਿਆ ਨਾ ਦਾਗ਼ ਦਿਲ 'ਤੋਂ, ਤੇਰੇ ਫ਼ਿਰਾਕ ਵਾਲਾ, ਹੰਝੂਆਂ 'ਚ ਇਹ ਬੜਾ ਮੈਂ, ਧੋਇਆ ਸ਼ਰਾਬ ਪੀ ਕੇ। ਉਂਝ ਤਾਂ ਖ਼ੁਦਾ 'ਚ ਯਾਰਾ! ਹਿੰਮਤ ਕਦੋਂ ਸੀ ਏਨੀ ? ਤੈਨੂੰ ਤਾਂ ਉਹਨੇ ਮੈਥੋਂ, ਖੋਹਿਆ ਸ਼ਰਾਬ ਪੀ ਕੇ। ਉੱਤਰੀ ਤੋਂ ਬਾਅਦ ਉਸਦਾ, ਅਫ਼ਸੋਸ ਬਹੁਤ ਹੋਇਆ, ਜੋ ਕੁਝ ਵੀ ਆਪਣਾ ਮੈਂ, ਖੋਇਆ ਸ਼ਰਾਬ ਪੀ ਕੇ। ਜਿਉਂਦਾ ਸੀ ਮੈਅ ਸਹਾਰੇ, ਜੋ ਸ਼ਖਸ 'ਦਿਓਲ' ਨਾਂ ਦਾ, ਸੁਣਿਐਂ ਕਿ ਉਹ ਸ਼ਰਾਬੀ ਮੋਇਆ ਸ਼ਰਾਬ ਪੀ ਕੇ।

ਝੂਠੇ-ਫਰੇਬੀਆਂ ਦਾ, ਮਸ਼ਕੂਰ ਮੈਂ ਨਹੀਂ ਹਾਂ

ਝੂਠੇ-ਫਰੇਬੀਆਂ ਦਾ, ਮਸ਼ਕੂਰ ਮੈਂ ਨਹੀਂ ਹਾਂ। ਦੁਨੀਆਂ ਨੂੰ ਏਸ ਕਰਕੇ, ਮਨਜੂਰ ਮੈਂ ਨਹੀਂ ਹਾਂ। ਰਸਤਾ ਦਿਖਾਉਣ ਦੇ ਲਈ, ਰਹਿਬਰ ਹੀ ਮਿਲ ਰਿਹਾ ਨਾ, ਮੰਜ਼ਿਲ ਤੋਂ ਉਂਝ ਬਹੁਤਾ, ਹੁਣ ਦੂਰ ਮੈਂ ਨਹੀਂ ਹਾਂ। ਤੇਰੇ ਬੁਲਾਉਣ 'ਤੇ ਵੀ, ਆਵਾਂ ਨਾ ਕੋਲ਼ ਤੇਰੇ, ਏਨਾ ਵੀ ਮੇਰੇ ਯਾਰਾ! ਮਗ਼ਰੂਰ ਮੈਂ ਨਹੀਂ ਹਾਂ। ਖਾਹਿਸ਼ ਨਾ ਜ਼ਿੰਦਗੀ ਦੀ, ਜਿਉਂਦਾ ਹਾਂ ਫੇਰ ਵੀ ਪਰ, ਆਖਾਂ ਇਹ ਕਿਸ ਤਰ੍ਹਾਂ? ਕਿ 'ਮਜਬੂਰ ਮੈਂ ਨਹੀਂ ਹਾਂ।' ਤੁਰ ਪਏ ਨੇ 'ਦਿਓਲ' ਨੂੰ ਜੋ, ਸੂਲੀ ਚੜ੍ਹਾਉਣ ਦੇ ਲਈ, ਧੋਖੇ 'ਚ ਨੇ ਉਹ ਲੋਕੀ, 'ਮਨਸੂਰ' ਮੈਂ ਨਹੀਂ ਹਾਂ।

ਕਰਦੇ ਨਾ ਇਸ਼ਕ ਤੈਨੂੰ

ਕਰਦੇ ਨਾ ਇਸ਼ਕ ਤੈਨੂੰ, ਜੇਕਰ ਗੁਨਾਹ ਦੇ ਵਾਂਗੂੰ । ਭੁਗਤੀ ਨਾ ਹੁੰਦੀ ਯਾਰਾ! ਜ਼ਿੰਦਗੀ ਸਜ਼ਾ ਦੇ ਵਾਂਗੂੰ । ਹਰ ਦਿਨ ਹਵਾ 'ਚ ਰੀਝਾਂ, ਉੱਡਣ ਸਵਾਹ ਦੇ ਵਾਂਗੂੰ, ਬਲਦਾ ਏ ਹੁਣ ਮੇਰਾ ਦਿਲ, ਨਿੱਤ ਹੀ ਚਿਤਾ ਦੇ ਵਾਂਗੂੰ। ਤੇਰੇ ਨਗਰ 'ਚ ਆਖਾਂ, ਕਿਸ ਨੂੰ ਵਫ਼ਾ ਦੇ ਕਾਬਿਲ ? ਹਰ ਇਕ ਦਾ ਰੰਗ ਬਦਲੇ, ਤੇਰੀ ਨਿਗਾਹ ਦੇ ਵਾਂਗੂੰ। ਮੇਰੀ ਜ਼ਿੰਦਗੀ ਚੁਰਾ ਕੇ, 'ਜਿਉਂਦਾ ਰਹਿ' ਕਹਿ ਗਿਆ ਏਂ, ਦਿੱਤੀ ਏ ਬੱਦੁਆ ਵੀ, ਤੂੰ ਤਾਂ ਦੁਆ ਦੇ ਵਾਂਗੂੰ। ਮੇਰੇ ਲਈ ਹੈ ਬਰਾਬਰ, ਤੇਰਾ ਤੇ ਰੱਬ ਦਾ ਨਾਂ, ਕੀਤੀ ਹੈ ਨਾਲ ਮੇਰੇ, ਤੂੰ ਵੀ ਖ਼ੁਦਾ ਦੇ ਵਾਂਗੂੰ ।

ਯਾਦ ਉਹ ਆਏ ਤਾਂ, ਨਾ ਹੋਇਆ ਸਬਰ

ਯਾਦ ਉਹ ਆਏ ਤਾਂ, ਨਾ ਹੋਇਆ ਸਬਰ, ਪੀਂਦਾ ਰਿਹਾ। ਸ਼ਾਮ ਨੂੰ ਹੋਇਆ ਸ਼ੁਰੂ ਤੇ ਰਾਤ ਭਰ ਪੀਂਦਾ ਰਿਹਾ। ਜਿਸ ਦੀਆਂ ਦੀਦਾਂ 'ਚ, ਸੁੱਚੇ ਇਸ਼ਕ ਜਿੰਨਾਂ ਸੀ ਨਸ਼ਾ, ਵੇਖ ਕੇ ਪਿਆਲੇ 'ਚ ਉਹ, ਤਿਰਛੀ ਨਜ਼ਰ, ਪੀਂਦਾ ਰਿਹਾ। ਲਾ ਲਿਆ ਬੋਤਲ ਨੂੰ ਮੂੰਹ, ਜਦ ਜਾਮ ਹੱਥੋਂ ਛੁਟ ਗਿਆ, ਹੋਸ਼ ਖੋ ਕੇ ਹੋ ਗਿਆ ਬੇਹੋਸ਼, ਪਰ ਪੀਂਦਾ ਰਿਹਾ। ਖੂਨ ਤੇਰੇ ਹੁੰਦਿਆਂ, ਸੁੱਕਦਾ ਸੀ ਵਿੱਛੜਨ ਦੇ ਡਰੋਂ, ਬਾਅਦ ਵਿਚ ਮੇਰਾ ਲਹੂ, ਤੇਰਾ ਹਿਜ਼ਰ ਪੀਂਦਾ ਰਿਹਾ। ਰੋਲਿਆ ਨਾ ਰੇਤ ਵਿਚ, ਕਤਰਾ ਵੀ ਤੇਰੇ ਦਰਦ ਦਾ, ਆਪਣੇ ਹੰਝੂਆਂ ਨੂੰ ਮੈਂ, ਸਾਰੀ ਉਮਰ ਪੀਂਦਾ ਰਿਹਾ। ਨਾ ਮਿਲੀ ਤਕਦੀਰ ਕੋਲੋਂ, ਚੈਨ ਦੀ ਇਕ ਬੂੰਦ ਵੀ, ਜ਼ਿੰਦਗੀ ਭਰ, ਜ਼ਿੰਦਗਾਨੀ ਦੇ ਫ਼ਿਕਰ ਪੀਂਦਾ ਰਿਹਾ। ਬੋਤਲਾਂ ਵਿਚਲੀ ਅਗਨ ਵੀ, ਨਾ ਦਿਸੀ ਪੀਂਦੇ ਹੋਏ, ਸੜ ਗਈ ਬਾਹਰੋਂ ਸ਼ਕਲ, ਅੰਦਰੋਂ ਜਿਗਰ, ਪੀਂਦਾ ਰਿਹਾ। ਠੋਕਰਾਂ ਖਾ-ਖਾ ਕੇ ਵੀ, ਸੰਭਲੇ ਨਾ ਮੇਰੇ ਤਾਂ ਕਦਮ, ਨਾ ਗਿਆ ਜਦ ਤੱਕ, ਤਬਾਹੀ ਦੇ ਸਿਖ਼ਰ, ਪੀਂਦਾ ਰਿਹਾ।

ਬੋਲ ਮੇਰੇ ਨੂੰ , ਹੋਂਠੀਂ ਲਾ ਕੇ

ਬੋਲ ਮੇਰੇ ਨੂੰ , ਹੋਂਠੀਂ ਲਾ ਕੇ ਵੇਖ ਜ਼ਰਾ। ਮੈਂ ਹਾਂ ਸੁੱਚੜਾ ਗੀਤ, ਤੂੰ ਗਾ ਕੇ ਵੇਖ ਜ਼ਰਾ। ਇਸ਼ਕ ਮੇਰੇ ਦੀ ਅੱਗ ਨੇ ਹੈ, ਪਿਘਲਾ ਦੇਣਾ, ਦਿਲ ਪੱਥਰ ਨੂੰ , ਮੋਮ ਬਣਾ ਕੇ ਵੇਖ ਜ਼ਰਾ। ਨੈਣ ਚੁਰਾ ਕੇ, ਤਿਉੜੀ ਪਾ ਕੇ, ਕੀ ਤੱਕਣਾਂ! ਨੈਣ ਮਿਲਾ ਕੇ ਤੇ ਮੁਸਕਾ ਕੇ, ਵੇਖ ਜ਼ਰਾ। ਭੁੱਲ ਜਾਵੇਂਗਾ ਗੱਲਾਂ, ਆਪਣੇ ਸ਼ਹਿਰ ਦੀਆਂ, ਸਾਡੇ ਪਿੰਡ ਤੂੰ, ਪੈਰ ਤਾਂ ਪਾ ਕੇ ਵੇਖ ਜ਼ਰਾ। ਰੁੱਸੇ ਹੋਏ ਯਾਰ, ਗਲ਼ੇ ਲੱਗ ਜਾਵਣਗੇ, ਇੱਕ ਵਾਰੀ, ਬਾਹਾਂ ਫੈਲਾ ਕੇ ਵੇਖ ਜ਼ਰਾ। ਨਜ਼ਰ ਆਉਣਗੇ, ਹਰ ਪਾਸੇ ਫਿਰ ਆਪਣੇ ਹੀ, ਹਾਉਮੈ ਵਾਲੀ ਐਨਕ ਲਾਹ ਕੇ, ਵੇਖ ਜ਼ਰਾ।

ਉੱਜੜੇ ਅਤੀਤ ਵਾਲੀ, ਉੱਖੜੀ ਕਿਤਾਬ ਲੈ ਕੇ

ਉੱਜੜੇ ਅਤੀਤ ਵਾਲੀ, ਉੱਖੜੀ ਕਿਤਾਬ ਲੈ ਕੇ। ਅੱਜ ਫੇਰ ਬਹਿ ਗਿਆ ਹਾਂ, ਗ਼ਮ ਦਾ ਹਿਸਾਬ ਲੈ ਕੇ। ਖੱਟਿਆ ਕੀ ? ਮੈਂ ਉਨ੍ਹਾਂ ਨੂੰ , ਖ਼ਾਬਾਂ ਦਾ ਰਾਜ ਦੇ ਕੇ, ਬੈਠਾ ਹਾਂ ਗੋਦ ਵਿਚ ਹੁਣ, ਜ਼ਖ਼ਮੀਂ ਖ਼ਵਾਬ ਲੈ ਕੇ। ਸੁਪਨੇ 'ਚ ਰੋਜ਼ ਵੇਖਾਂ, ਇਕ ਉੱਡ ਰਿਹਾ ਕਬੂਤਰ, ਜੋ ਆ ਰਿਹਾ ਏ ਮੇਰੇ, ਖ਼ਤ ਦਾ ਜਵਾਬ ਲੈ ਕੇ। ਦੇ ਕੇ ਹਜ਼ਾਰ ਸੂਲਾਂ, ਉਸ ਮੈਨੂੰ ਮੋੜਿਆ ਏ, ਜਿਸ ਕੋਲ਼ ਵੀ ਗਿਆ ਹਾਂ, ਸੂਹੇ ਗੁਲਾਬ ਲੈ ਕੇ। ਮੇਰਾ ਹੀ ਕੋਈ ਕਰਜ਼ਾ, ਹੋਣਾ ਏ ਤੇਰੇ ਸਿਰ 'ਤੇ, ਰੱਬਾ! ਤੂੰ ਕੀ ਕਰੇਂਗਾ? ਮੈਥੋਂ ਹਿਸਾਬ ਲੈ ਕੇ ।

ਜਿਸ ਨਾਲ ਜ਼ਹਿਰ ਨੂੰ ਅੰਮ੍ਰਿਤ

ਜਿਸ ਨਾਲ ਜ਼ਹਿਰ ਨੂੰ ਅੰਮ੍ਰਿਤ, ਨਫ਼ਰਤ ਨੂੰ ਪ੍ਰੀਤ ਬਣਾਵਾਂ। ਯਾਰਾ! ਤੂੰ ਦੁਆ ਕਰ ਕਿ ਮੈਂ, ਕੋਈ ਐਸਾ ਗੀਤ ਬਣਾਵਾਂ। ਕੁਝ ਐਸਾ ਘਾਟਾ ਦੇ ਗਏ, ਦਸਤੂਰ ਜਗਤ ਦੇ ਮੈਨੂੰ, ਜੀਅ ਕਰਦੈ, ਜੱਗ ਤੋਂ ਵੱਖਰੀ, ਕੋਈ ਆਪਣੀ ਰੀਤ ਬਣਾਵਾਂ। ਤੂੰ ਕਹਿੰਨੈਂ ਤਾਂ ਕਰਲਾਂਗਾ, ਖ਼ੁਦ ਨੂੰ ਮੈਂ ਤੇਰੇ ਵਰਗਾ, ਬੱਸ, ਕੇਵਲ ਤੇਰੇ ਵਰਗੀ, ਨਾ ਆਪਣੀ ਨੀਤ ਬਣਾਵਾਂ। ਹਰ ਅੱਖ ਹੈ ਅੱਥਰੂ-ਅੱਥਰੂ, ਸਭ ਚਿਹਰੇ ਉੱਤਰੇ-ਉੱਤਰੇ, ਇਸ ਮੌਸਮ ਦੇ ਵਿਚ ਕਿੰਝ ਮੈਂ, ਕੋਈ ਹੱਸਦਾ ਗੀਤ ਬਣਾਵਾਂ? ਕੀ ਲੋੜ ਪਈ ਹੈ ਮੈਨੂੰ, ਸੱਚ ਦਾ ਗੁਣਗਾਨ ਕਰਨ ਦੀ, ਅਨੁਕੂਲ ਹਵਾ ਨੂੰ ਐਵੇਂ, ਕਿਉਂ ਮੈਂ ਵਿਪਰੀਤ ਬਣਾਵਾਂ? ਉਹ ਛੱਡ ਗਏ ਤਾਂ ਕੀ ਹੋਇਆ ? ਜੀਵੇਗਾ 'ਦਿਓਲ' ਇਕੱਲਾ, ਹਰ ਐਰੇ-ਗੈਰੇ ਨੂੰ ਕਿਉਂ? ਮੈਂ ਮਨ ਦਾ ਮੀਤ ਬਣਾਵਾਂ।

ਅਣਛਪੀਆਂ

ਉਹ ਮਿੱਟੀ, ਅਗਨ, ਜਲ, ਆਕਾਸ਼

ਉਹ ਮਿੱਟੀ, ਅਗਨ, ਜਲ, ਆਕਾਸ਼ ਜਾਂ ਬੁੱਲਾ ਹਵਾ ਦਾ ਹੈ! ਨਹੀਂ ਉਹ ਪੰਜ ਭੂਤਕ, ਉਸ 'ਚ ਕੁਝ ਇਸ ਤੋਂ ਜਿਆਦਾ ਹੈ। ਕੋਈ ਦੱਸੋ, ਮੈਂ ਉੱਚਾ ਉੱਠ ਗਿਆ? ਜਾਂ ਹੋ ਗਿਆਂ ਪਾਗਲ? ਮੈਂ ਜਿਸ ਦੁਨੀਆ 'ਚ ਹਾਂ, ਓਥੇ ਕੋਈ ਨਰ ਹੈ, ਨਾ ਮਾਦਾ ਹੈ। ਵਿਛੋੜਾ ਮੌਤ ਪਾ ਦੇਵੇਗੀ, ਜੇ ਵਿੱਛੜੇ ਨਾ ਤੂੰ ਤੇ ਮੈਂ, ਜੋ ਟੁੱਟ ਹੀ ਜਾਏਗਾ ਇਕ ਦਿਨ, ਉਹ ਵਾਦਾ ਵੀ ਕੀ ਵਾਅਦਾ ਹੈ? ਵਸਲ ਦੀ ਰੁੱਤ 'ਚ ਪੁੱਛਦੀ ਸੀ, ਜਿਵੇਂ ਸਾਵਣ ਦੀ ਬੱਦਲ਼ੀ ਵੀ, ਵਰ੍ਹਾਂ? ਜਾਂ ਨਾ ਵਰ੍ਹਾਂ? ਤੂੰ ਦੱਸ ਕਿ ਤੇਰਾ ਕੀ ਇਰਾਦਾ ਹੈ? ਕਹਾਂਗਾ ਮੁਸਕੁਰਾ ਕੇ ਅਲਵਿਦਾ ਤੈਨੂੰ 'ਜਾਂ ਮੌਤ ਆਈ, ਮੇਰਾ ਐ ਜ਼ਿੰਦਗੀ! ਤੈਂ ਨਾਲ਼ ਬਸ ਏਹੋ ਹੀ ਵਾਅਦਾ ਹੈ।

ਮੁੱਕ ਗਏ ਨੇ ਸੁਆਸ

ਮੁੱਕ ਗਏ ਨੇ ਸੁਆਸ ਅਜੇ ਵੀ ਜਿਉਂਦੀ ਏ। ਸੱਜਣਾ! ਮੇਰੀ ਲਾਸ਼ ਅਜੇ ਵੀ ਜਿਉਂਦੀ ਏ। ਸਾਗਰ ਤੱਕ ਵੀ ਪਹੁੰਚ ਗਈ ਪਰ ਖੌਰੇ ਕਿਉਂ, ਓਸ ਨਦੀ ਦੀ ਪਿਆਸ ਅਜੇ ਵੀ ਜਿਉਂਦੀ ਏ। ਤੇਰੇ ਦਿੱਤੇ ਜ਼ਖ਼ਮ ਕਦੋਂ ਦੇ ਭਰ ਗਏ, ਪਰ ਪੀੜ ਅਸਾਡੇ ਪਾਸ ਅਜੇ ਵੀ ਜਿਉਂਦੀ ਏ। ਜੀਅ ਕਰਦੈ ਹੁਣ 'ਭਟਕਣ' ਆਖ ਦਿਆਂ ਉਹਨੂੰ, ਉਹ ਦੋ ਇੱਕ ਤਲਾਸ਼ ਅਜੇ ਵੀ ਜਿਉਂਦੀ ਏ। ਟੁੱਟੇ ਹੁੰਦੇ ਖ਼ਾਬ ਤਾਂ ਜਿਉਂਦੀ ਫੱਬਦੀ ਸੀ, ਟੁੱਟ ਗਿਆ ਵਿਸ਼ਵਾਸ! ਅਜੇ ਵੀ ਜਿਉਂਦੀ ਏ। ਰੂਹ ਨੂੰ ਫੱਟ ਤਾਂ ਬਹੁਤ ਮਿਲੇ ਸੀ ਯਾਰਾਂ 'ਤੋਂ ਹੋਇਆ ਨਈਂ ਕੁਝ ਖ਼ਾਸ, ਅਜੇ ਵੀ ਜਿਉਂਦੀ ਏ।

ਮਿਟਾ ਦੇ ਦੂਰੀਆਂ ਦਿਲਬਰ

ਮਿਟਾ ਦੇ ਦੂਰੀਆਂ ਦਿਲਬਰ, ਆ ਮੇਰੇ ਕੋਲ਼ ਆ ਵੀ ਜਾਹ। ਅਗਨ ਲਾ ਤਾਂ ਗਿਉਂ ਮਨ ਨੂੰ , ਓ ਬੇਦਰਦਾ ਬੁਝਾ ਵੀ ਜਾਹ। ਮੇਰੀ ਚਾਹਤ ਦੀ ਸਾਰੰਗੀ, ਸੀ ਦਿਲ ਅੰਦਰ ਪਈ ਟੰਗੀ, ਤੂੰ ਤਾਰਾਂ ਕਸ ਤਾਂ ਦਿੱਤੀਆਂ ਨੇ, ਕੋਈ ਧੁਨ ਛੇੜਦਾ ਵੀ ਜਾਹ। ਅਸੀਂ ਕਦ ਆਖਿਆ ਹੈ ਇਹ, ਕਿ ਬੱਸ ਖੁਸ਼ੀਆਂ ਹੀ ਖੁਸ਼ੀਆਂ ਦੇ, ਅਸਾਡੀ ਤਾਂ ਗੁਜ਼ਾਰਿਸ਼ ਹੈ, ਰੁਆ ਵੀ ਜਾਹ, ਵਰਾ ਵੀ ਜਾਹ। ਅਜ਼ਲ ਤੋਂ ਹੀ ਜਬਰ ਤੇਰਾ, ਰਿਹੈ ਅਜ਼ਮਾ ਸਬਰ ਮੇਰਾ, ਓ ਜੁਲਮੀ ਬਾਲਮਾ! ਹੁਣ ਤੂੰ, ਜ਼ੁਲਮ ਤੋਂ ਬਾਜ਼ ਆ ਵੀ ਜਾਹ।

ਤੇਰੇ ਸਾਹ ਵਿਚ ਸਾਹ ਕਿੰਝ ਲੈਂਦੇ

ਤੇਰੇ ਸਾਹ ਵਿਚ ਸਾਹ ਕਿੰਝ ਲੈਂਦੇ, ਸਾਹ ਲੈਣੇ ਦੀ ਵਿਹਲ ਨਹੀਂ ਸੀ । ਮੰਨਿਆਂ ਵਫ਼ਾ !ਚ ਅਵੱਲ ਸੀ ਤੂੰ, ਮੈਂ ਵੀ ਤਾਂ ਪਰ ਫੇਲ੍ਹ ਨਹੀਂ ਸੀ । ਪੌਣਾਂ ਦਾ ਕੋਈ ਦੋਸ਼ ਨਹੀਂ ਹੈ, ਦੀਵੇ ਵਿੱਚ ਹੀ ਤੇਲ ਨਹੀਂ ਸੀ । ਅੱਜ ਹੈ ਉਲਟਾ, ਕੋਲ਼ ਤੇਰੇ ਕੱਲ੍ਹ, ਮੇਰੀ ਖ਼ਾਤਰ ਵਿਹਲ ਨਹੀਂ ਸੀ । ਵਿਚਰੇ ਕੈਦੀ ਵਾਂਗ ਅਸੀਂ ਹੀ, ਜ਼ਿੰਦਗੀ ਕੋਈ ਜੇਲ੍ਹ ਨਹੀਂ ਸੀ ।

ਯਾਰਾ! ਤੈਨੂੰ ਬੇਇਤਬਾਰੀ ਕਾਹਦੀ ਏ?

ਯਾਰਾ! ਤੈਨੂੰ ਬੇਇਤਬਾਰੀ ਕਾਹਦੀ ਏ? ਬੇਇਤਬਾਰੀ ਹੈ ਤਾਂ ਯਾਰੀ ਕਾਹਦੀ ਏ ! ਨਾ ਮੈਂ ਨੈਣਾਂ 'ਚੋਂ ਪੀਤੀ, ਨਾ ਬੋਤਲ 'ਚੋਂ, ਖੌਰੇ, ਮੈਨੂੰ ਚੜ੍ਹੀ ਖੁਮਾਰੀ ਕਾਹਦੀ ਏ? ਜੇ ਮੈਂ ਘਰ ਤੱਕ ਸਹੀ-ਸਲਾਮਤ ਨਈਂ ਜਾਂਦਾ! ਸਾਕੀ ਦੀ ਫਿਰ ਜਿੰਮੇਵਾਰੀ ਕਾਹਦੀ ਏ ? ਤੂੰ ਹੈਂ ਸਾਥੀ ਚੋਰਾਂ ਦਾ, ਮੈਂ ਮੋਰਾਂ ਦਾ, ਤੇਰੀ-ਮੇਰੀ ਰਿਸ਼ਤੇਦਾਰੀ ਕਾਹਦੀ ਏ! ਉੱਡਣਾ ਹੈ ਤਾਂ ਉੱਡੀਂ ਵਾਂਗ ਉਕਾਬਾਂ ਦੇ, ਇਹਤੋਂ ਘੱਟ ਵੀ 'ਦਿਓਲ' ਉਡਾਰੀ ਕਾਹਦੀ ਏ!

ਜੋ ਮੈਨੂੰ ਹਾਸ਼ੀਏ 'ਤੇ ਕਰ ਰਹੇ ਨੇ

ਜੋ ਮੈਨੂੰ ਹਾਸ਼ੀਏ 'ਤੇ ਕਰ ਰਹੇ ਨੇ। ਹਕੀਕਤ ਵਿੱਚ ਉਹ ਮੈਥੋਂ ਡਰ ਰਹੇ ਨੇ। ਅਜਬ ਹੈ ਕੁਝ ਕੁ ਕਬਰਾਂ ਦੇ ਨਿਵਾਸੀ, ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਨ੍ਹਾਂ ਦਾ ਨੇੜਲਾ ਮਿੱਤਰ ਹਾਂ ਮੈਂ ਹੀ, ਮੇਰੇ ਦੁਸ਼ਮਣ ਇਹ ਦਾਅਵਾ ਕਰ ਰਹੇ ਨੇ। ਹਵਾ ਤਾਂ ਲੰਘ ਗਈ ਵਿਰਲਾਂ ਦੇ ਵਿੱਚ ਦੀ, ਉਹ ਐਵੇਂ ਮੁੱਠੀਆਂ ਬੰਦ ਕਰ ਰਹੇ ਨੇ। ਇਹ ਜੋ ਸ਼ਿਅਰਾਂ ਦੀ ਬਾਰਿਸ਼ ਹੋ ਰਹੀ ਐ, ਮੇਰੀ ਹਾਊਮੈ ਦੇ ਜੰਗਲ ਸੜ ਰਹੇ ਨੇ।

ਸਿਤਮ ਦੀ ਇੰਤਿਹਾ ਹੋ ਗਈ

ਸਿਤਮ ਦੀ ਇੰਤਿਹਾ ਹੋ ਗਈ, ਤਾਂ ਫਿਰ ਤੋਂ ਇਬਤਿਦਾ ਕਰ ਲਾ । ਕਦੀ ਮੈਂ ਇਹ ਨਹੀਂ ਕਹਿਣਾ ਕਿ 'ਮੈਨੂੰ ਹੋਰ ਨਾ ਤੜਫਾ!' ਬਹਾਨਾ ਲੱਭ ਰਿਹਾ ਸਾਂ ਮੈਂ ਤਾਂ ਬਸ ਬਰਬਾਦ ਹੋਵਣ ਦਾ । ਉਹ ਤੂੰ ਹੋਵੇਂ ਜਾਂ ਕੋਈ ਹੋਰ ਕੀਹਨੂੰ ਏਸ ਦੀ ਪਰਵਾਹ । ਵਫ਼ਾਦਾਰੀ ਹੀ ਜਦ ਚੁੱਲ੍ਹੇ 'ਚ ਪੈ ਗਈ, ਫਿਰ ਹਯਾ ਕਾਹਦੀ? ਤੂੰ ਭਾਵੇਂ ਗ਼ੈਰ ਦੇ ਕਮਰੇ 'ਚ ਮੇਰੇ ਸਾਹਮਣੇ ਦੀ ਜਾਹ । ਲਿਖਾਂਗਾ ਓਸ ਦੇ ਸੰਗ, ਜ਼ਿੰਦਗੀ ਦੀ ਗ਼ਜ਼ਲ ਦਾ ਮਕਤਾ । ਮੇਰੇ ਕੱਟੇ ਹੋਏ ਹੱਥਾਂ 'ਚੋਂ, ਜਿੰਨਾ ਵੀ ਲਹੂ ਵਗਿਆ ।

ਗੀਤ

ਲੱਖ ਸ਼ੁਕਰ ਕਿ ਇੱਕ ਬੂਹਾ

ਲੱਖ ਸ਼ੁਕਰ ਕਿ ਇੱਕ ਬੂਹਾ, ਖੁਲ੍ਹਵਾਇਆ ਨਾਨਕ ਨੇ। ਦੂਜੇ ਵੀ ਖੁੱਲ੍ਹ ਜਾਣੇ, ਜਦ ਚਾਹਿਆ ਨਾਨਕ ਨੇ। ਜੇ ਕੰਡੇ ਉੱਗੇ ਨੇ, ਕਲੀਆਂ ਵੀ ਖਿੜਨਗੀਆਂ। ਅੱਜ ਲਾਂਘਾ ਖੁੱਲਿ੍ਹਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।.... ਦੇਖੀਂ ਤੂੰ ਦੀਵਾਲ਼ੀ ਨੂੰ , ਮੈਂ ਈਦ ਮਨਾਵਾਂਗਾ। ਅੰਬਰਸਰ ਆਵੀਂ ਤੂੰ, ਲਾਹੌਰ ਮੈਂ ਆਵਾਂਗਾ। ਮੁੱਦਤਾਂ ਤੋਂ ਵੱਖ ਹੋਈਆਂ ਜਿੰਦਾਂ ਫਿਰ ਮਿਲਣਗੀਆਂ। ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਨਾਨਕ ਦੀ ਮਿਹਰ ਸਦਕਾ, ਉਹ ਦਿਨ ਵੀ ਆਵੇਗਾ। ਸੰਸਾਰ 'ਚ ਇਹ ਖਿੱਤਾ, ਵਿਕਸਤ ਅਖਵਾਵੇਗਾ। ਬੰਦ ਹੋ ਜਾਵਣ ਛੇਤੀ, ਸੌਦੇ ਹਥਿਆਰਾਂ ਦੇ, ਆਪਾਂ ਵੀ ਲਗਾ ਲਈਏ, ਉਦਯੋਗ ਜੇ ਕਾਰਾਂ ਦੇ। ਦੁਨੀਆਂ ਵਿੱਚ ਆਪਣੀਆਂ ਵੀ ਗੱਲਾਂ ਛਿੜਨਗੀਆਂ ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਭੁੱਖਮਰੀ ਖ਼ਤਮ ਹੋ ਜਾਊ, ਮੰਦਹਾਲੀ ਜਾਵੇਗੀ। ਦੋਵਾਂ ਦੇ ਘਰਾਂ ਅੰਦਰ, ਖੁਸ਼ਹਾਲੀ ਆਵੇਗੀ। ਨਾ ਅੱਤਵਾਦ ਰਹਿਣਾ, ਨਾ ਫ਼ੌਜਾਂ ਭਿੜਨਗੀਆਂ। ਅੱਜ ਲਾਂਘਾ ਖੁੱਲਿ੍ਹਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਆਖਣ ਨੂੰ ਪੰਜ ਦਰਿਆ, ਪਰ ਆਬ ਤਾਂ ਇੱਕੋ ਹੈ। ਪੰਜਾਬ ਤਾਂ ਇੱਕੋ ਸੀ, ਪੰਜਾਬ ਤਾਂ ਇੱਕੋ ਹੈ। ਜੋ ਲੀਕ ਬਣਾਈ ਸੀ, ਉਹ ਗੈਰਕੁਦਰਤੀ ਸੀ। ਮੌਕੇ ਦੇ ਨੇਤਾਵਾਂ ਦੀ, ਇੱਕ ਬੱਜਰ ਗ਼ਲਤੀ ਸੀ। ਗ਼ਲਤੀ ਨਾਲ਼ ਉੱਸਰੀਆਂ, ਇਹ ਕੰਧਾਂ ਗਿਰਨਗੀਆਂ। ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।...

ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ਪੁਰਬ 'ਤੇ

ਤੋਤੇ ਵਾਂਗੂੰ 'ਨਾਨਕ' 'ਨਾਨਕ' 'ਨਾਨਕ' ਰਟਦੇ ਨੇ। ਤੇਰੀ ਕਿਰਤ 'ਅਮੁੱਲੀ' ਦਾ ਹੁਣ, ਇਹ ਮੁੱਲ ਵੱਟਦੇ ਨੇ। ਤੇਰੇ ਨਾਂ 'ਤੇ ਡਾੱਲਰ, ਪੌਂਡ ਕਮਾਈ ਜਾਂਦੇ ਨੇ। ਤੇਰੀ ਸਿੱਖਿਆ ਤੇਰੇ 'ਸਿੱਖ' ਭੁਲਾਈ ਜਾਂਦੇ ਨੇ.... 'ਪੜ੍ਹਦੇ' ਨਹੀਂ, ਦਹੁਰਾਉਂਦੇ ਨੇ ਬਸ ਤੇਰੀ ਬਾਣੀ ਨੂੰ , 'ਚਰਨਾਮ੍ਰਿਤ' ਕਹਿ ਪੀ ਜਾਂਦੇ ਠੱਗਾਂ ਦੇ ਪਾਣੀ ਨੂੰ , ਖ਼ੁਦ ਨੂੰ ਫੇਰ ਪਾਖੰਡੀਆਂ ਦੇ ਲੜ ਲਾਈ ਜਾਂਦੇ ਨੇ। ਤੇਰੀ ਸਿੱਖਿਆ, ਤੇਰੇ 'ਸਿੱਖ' ਭੁਲਾਈ ਜਾਂਦੇ ਨੇ .... ਬਿਰਖ ਝੂਮਦੇ ਹੋਣੇ, ਤੂੰ ਜਦ ਗਾਉਂਦਾ ਸੀ ਬਾਬਾ! ਕੁਦਰਤ ਤੈਨੂੰ, ਤੂੰ ਕੁਦਰਤ ਨੂੰ ਚਾਹੁੰਦਾ ਸੀ ਬਾਬਾ! ਇਹ ਕੁਦਰਤ ਦੇ ਸੰਗ ਹੀ ਵੈਰ ਕਮਾਈ ਜਾਂਦੇ ਨੇ। ਤੇਰੀ ਸਿੱਖਿਆ ਤੇਰੇ 'ਸਿੱਖ' ਭੁਲਾਈ ਜਾਂਦੇ ਨੇ... ਤੂੰ ਤਾਂ ਮੋਹਰ ਲਗਾਈ ਸੀ 'ਲਾਲੋ' ਦੀ ਰੋਟੀ 'ਤੇ, ਇਹ ਖੌਰੇ ਕਿਉਂ ਧਿਜ ਗਏ ਨੇ 'ਭਾਗੋ' ਦੀ ਬੋਟੀ 'ਤੇ, 'ਭਾਗੋ' ਤੇਰੇ ਨਾਂ 'ਤੇ ਹੱਟ ਚਲਾਈ ਜਾਂਦੇ ਨੇ। ਤੇਰੀ ਸਿੱਖਿਆ, ਤੇਰੇ ਸਿੱਖ ਭੁਲਾਈ ਜਾਂਦੇ ਨੇ।.... ਤੂੰ ਹੀ ਦੱਸ, ਤੂੰ ਬਾਬਾ! ਮੱਕਾ ਕਦੋਂ ਘੁਮਾਇਆ ਸੀ? ਤਰਕ ਨਾਲ਼ ਬਸ ਤੂੰ ਤਾਂ ਕਾਜ਼ੀ ਨੂੰ ਸਮਝਾਇਆ ਸੀ, ਸੱਚ ਨੂੰ ਫੋਕੀ ਸ਼ਰਧਾ ਹੇਠ ਦਬਾਈ ਜਾਂਦੇ ਨੇ। ਤੇਰੀ ਸਿੱਖਿਆ ਤੇਰੇ 'ਸਿੱਖ' ਭੁਲਾਈ ਜਾਂਦੇ ਨੇ..... ਤੇਰੇ ਰਾਹ ਵਿੱਚ ਕਿਹੜਾ ਕੌਡਾ 'ਰਾਕਸ਼' ਆਇਆ ਸੀ? ਉਹ ਸੀ 'ਮਾਨਵ', ਜੋ ਤੂੰ ਸਿੱਧੇ ਰਾਹੇ ਪਾਇਆ ਸੀ। ਬੱਚਿਆਂ ਨੂੰ ਵੀ ਇਹ ਤਾਂ 'ਝੂਠ' ਪੜ੍ਹਾਈ ਜਾਂਦੇ ਨੇ। ਤੇਰੀ ਸਿੱਖਿਆ, ਤੇਰੇ ਸਿੱਖ ਭੁਲਾਈ ਜਾਂਦੇ ਨੇ।.... ਤੂੰ ਤਾਂ ਭੁੱਖਿਆਂ ਦੇ ਲਈ ਲੰਗਰ ਲਾਉਂਦਾ ਸੀ ਬਾਬਾ! ਤੂੰ ਕਿਰਤੀ ਸੀ ਤੇ ਕਿਰਤੀ ਨੂੰ ਚਾਹੁੰਦਾ ਸੀ ਬਾਬਾ! ਤੇਰੀ ਗੋਲਕ 'ਰੱਜਿਆਂ' ਕੋਲ਼ ਲੁਟਾਈ ਜਾਂਦੇ ਨੇ। ਤੇਰੀ ਸਿੱਖਿਆ, ਤੇਰੇ ਸਿੱਖ ਭੁਲਾਈ ਜਾਂਦੇ ਨੇ।....

ਸ਼ੀਸ਼ੇ ਦਾ ਬਦਨ ਲੈ ਕੇ

ਸ਼ੀਸ਼ੇ ਦਾ ਬਦਨ ਲੈ ਕੇ, ਪੱਥਰ ਦੇ ਸ਼ਹਿਰ ਆਏ। ਅਸੀਂ ਹੋਣ ਲਈ ਟੁਕੜੇ, ਦਿਲਬਰ ਦੇ ਸ਼ਹਿਰ ਆਏ । ਪਥਰੀਲੇ ਦਿਲਾਂ ਵਾਲੇ, ਇਸ ਸ਼ਹਿਰ ਦੇ ਬਾਸ਼ਿੰਦੇ, ਫੁੱਲਾਂ ਨੂੰ ਜੋ ਮਹਿਕਣ ਤੋਂ, ਪਹਿਲਾਂ ਹੀ ਮਸਲ ਦਿੰਦੇ, ਕਲੀਆਂ ਦੀ ਕਜ਼ਾ ਏਥੇ, ਖੁਸ਼ਬੂ ਦੇ ਪਹਿਰ ਆਏ.... ਏਥੇ ਜੋ ਮੁਹੱਬਤ ਨੂੰ , ਈਮਾਨ ਬਣਾਉਂਦਾ ਏ, ਖੂੰਖਾਰ-ਰਿਵਾਜਾਂ 'ਤੇ, ਉਂਗਲ ਜੋ ਉਠਾਉਂਦਾ ਏ, ਹਿੱਸੇ 'ਚ ਉਹਦੇ ਸੂਲੀ, ਜਾਂ ਫੇਰ ਜ਼ਹਿਰ ਆਏ । ਪੱਥਰ ਦੇ ਸ਼ਹਿਰ ਵਿਚ ਹੀ, ਉੱਗੀ ਸੀ ਕਲੀ ਕੋਈ, ਸਾਹਾਂ 'ਚ ਮੇਰੇ ਜਿਸ ਦੀ, ਖੁਸ਼ਬੂ ਹੈ ਰਲੀ ਹੋਈ, ਵੇਖਣ ਦੇ ਲਈ ਜਿਸਨੂੰ, ਵੇਲਾ ਵੀ ਠਹਿਰ ਜਾਏ । ਕੀਤਾ ਸੀ ਖਿੜਨ ਜੋਗੀ, ਮੇਰੀ ਹੀ ਵਫ਼ਾ ਉਸਨੂੰ, ਦਿੱਤਾ ਸੀ ਸ਼ਹਿਰ ਨੇ ਪਰ, ਪੱਥਰ ਹੀ ਬਣਾ ਉਸਨੂੰ, ਫਿਰ ਮੇਰੇ ਦੁਖੀ ਦਿਲ 'ਤੇ, ਉਸਨੇ ਵੀ ਕਹਿਰ ਢਾਏ । ਗ਼ਮ ਤੇਰਾ ਮਨਾਂ! ਏਥੇ, ਕੋਈ ਨਾ ਵੰਡਾਵੇਗਾ, ਰੋਇਆ ਤਾਂ ਤੇਰਾ ਰੋਣਾ, ਪੱਥਰਾਂ ਨੂੰ ਹਸਾਵੇਗਾ, ਚੰਗਾ ਹੈ ਕਿ ਹਰ ਹੰਝੂ, ਪਲਕਾਂ 'ਚ ਠਹਿਰ ਜਾਏ । ਪੱਥਰ ਦੇ ਸ਼ਹਿਰ ਆਉਣਾ, ਸ਼ੀਸ਼ੇ ਦੀ ਖ਼ਤਾ ਹੀ ਹੈ, ਕੋਈ ਰੰਜ਼ ਨਹੀਂ, ਭਾਵੇਂ, ਅੰਜਾਮ ਪਤਾ ਹੀ ਹੈ, ਕੀਤੀ ਸੀ ਦੁਆ ਮੈਂ ਹੀ ਕਿ 'ਪਿਆਰ 'ਚ ਸਿਰ ਜਾਏ' ਸ਼ੀਸ਼ੇ ਦਾ ਬਦਨ ਲੈ ਕੇ, ਪੱਥਰ ਦੇ ਸ਼ਹਿਰ ਆਏ.....

ਦੋਰਾਹੇ 'ਤੇ ਖੜ੍ਹੀ ਸੋਚ

ਮਾਏ ਨੀ ਮਾਏ ! ਤੇਰੀ ਮਮਤਾ ਦੇ ਰੁੱਖੜੇ ਦੀ, ਮਿੱਠੀ-ਮਿੱਠੀ, ਠੰਢੀ-ਠੰਢੀ ਛਾਂ। ਚਿੱਤ ਕਰੇ ਬੈਠੀ ਰਹਾਂ, ਤੇਰੀਆਂ ਹੀ ਛਾਵਾਂ ਵਿੱਚ, ਦੁਨੀਆਂ ਦੀ ਧੁੱਪ ਤੋਂ ਪਰ੍ਹਾਂ। ਤੇਰੀ ਕੁੱਖੋਂ ਅੰਮੀਏਂ ਨੀ ! ਫੁੱਟਿਆ ਸੀ ਬੀਜ ਮੇਰਾ, ਗੱਲ ਇਹ ਮੈਂ ਜੱਗ ਤੋਂ ਸੁਣਾ ਵੇਖਿਆ ਤਾਂ ਨਹੀਂਓਂ, ਪਰ ਸੋਚਾਂ ਵਿੱਚ ਆਂਵਦੈ, ਕਿ ਕਿੰਨਾਂ ਚੰਗਾ ਹੋਣੈ ਉਹ ਸਮਾਂ। ਤੇਰੇ ਕੋਲੋਂ ਸਿੱਖਿਆ ਸੀ, ਕੁੱਦਣਾਂ ਮੈਂ ਇਹਨਾਂ ਵਿੱਚ, ਅੱਜ ਜਿਹੜੇ ਸਾਗਰੀਂ ਤਰਾਂ। ਤੂੰ ਹੀ ਮੈਨੂੰ ਅੰਮੀਏਂ ਨੀ ! ਤੁਰਨਾ ਸਿਖਾਇਆ ਪਹਿਲੋਂ, ਅੱਜ ਤਾਂਹੀਓਂ ਦੌੜ ਮੈਂ ਸਕਾਂ। ਭੁੱਲੇ ਨਾ ਉਹ ਵੇਲ਼ਾ, ਜਦੋਂ ਲੋਰੀਆਂ ਸੁਣਾਂਵਦੀ ਸੈਂ, ਰੱਖ ਕੇ ਸਰਾਹਣੇ ਥੱਲੇ ਬਾਂਹ। ਕਰਦੀ ਸੈਂ ਗੱਲਾਂ ਜਦੋਂ ਤੋਤਲੀ ਜ਼ੁਬਾਨ ਵਿੱਚ, ਮੇਰੇ ਨਾਲ਼, ਮੇਰੀ ਹੀ ਤਰ੍ਹਾਂ। ਫੇਰ ਜਦੋਂ ਮੇਰੇ ਉੱਤੇ, ਜੋਬਨੇ ਦੀ ਰੁੱਤ ਆਈ, ਲੋਚਿਆ ਮੈਂ ਆਸਰਾ ਨਵਾਂ। ਸੋਚ ਇਹ ਨਾਦਾਨ ਮੇਰੀ, ਸੁਪਨੇ ਬਣਾਉਣ ਲੱਗੀ, ਰੇਤੇ ਦਿਆਂ ਮਹਿਲਾਂ ਦੀ ਤਰ੍ਹਾਂ। ਆਇਆ ਫੇਰ, ਮੇਰਿਆਂ ਖ਼ਵਾਬਾਂ ਵਿਚ 'ਚੰਨ ਕੋਈ, ਅੱਜ ਜੀਹਦਾ ਲੈਣਾ ਨਹੀਂ ਮੈਂ ਨਾਂ। ਅੰਮੀਏਂ ਨੀ ! ਓਦੋਂ ਸਾਰੇ ਰਿਸ਼ਤੇ ਭੁਲਾ ਕੇ ਮੈਂ ਤਾਂ, ਫੜ ਲਈ ਸੀ ਸੱਜਣਾਂ ਦੀ ਬਾਂਹ। ਲੋਭੀ ਸੀ ਉਹ ਚਾਂਦੀ ਦਿਆਂ ਸਿੱਕਿਆਂ ਦਾ ਅੰਮੀਏ ਨੀ! ਦੱਸ ਉਹਨੂੰ ਹੋਰ ਕੀ ਕਹਾਂ ? ਚੜ੍ਹਿਆ ਉਹ ਜਾ ਕੇ ਕਿਸੇ ਹੋਰ ਦਿਆਂ ਅੰਬਰਾਂ 'ਤੇ, ਹੋਇਆ ਮੇਰਾ ਸੱਖਣਾਂ ਜਹਾਂ। ਪੁੰਨਿਆਂ ਦੀ ਉਮਰੇ ਮੈਂ, ਮੱਸਿਆ ਦੀ ਰਾਤ ਹੋ ਗਈ, ਜਿੰਦ ਹੋਈ ਕਾਲਖਾਂ ਦੇ ਨਾਂ। ਓਸੇ ਦਿਨੋਂ ਟਿੱਚਰਾਂ ਹੀ ਕਰੀ ਜਾਂਦੇ ਮੇਰੇ ਨਾਲ਼, ਬੈਠ ਕੇ ਬਨੇਰੇ ਉੱਤੇ ਕਾਂ। ਅੱਜ ਤਾਂ ਨੀ ਮਾਏ! ਮੇਰੀ ਜ਼ਿੰਦਗੀ ਹੈ ਜ਼ਹਿਰ ਵਾਂਗੂੰ, ਨਿੱਤ ਇਹਦਾ ਘੁੱਟ ਮੈਂ ਭਰਾਂ। ਰੱਜ ਕੇ ਜਿਉਣ ਵਾਲੀ, ਉਮਰਾ ਹੈ ਮੇਰੀ ਤੇ ਮੈਂ, ਨਿੱਤ ਜੀਵਾਂ, ਨਿੱਤ ਹੀ ਮਰਾਂ। ਖਿੱਚ ਕੇ ਲੈ ਜਾ ਰਿਹਾ ਏ, ਕਾਲਖ਼ਾਂ ਦੀ ਘਾਟੀ ਵੱਲ, ਅੱਜ ਮੈਨੂੰ ਚੰਦਰਾ ਸਮਾਂ। ਨੋਚਣੇ ਲਈ ਮਾਸ ਮੇਰਾ, ਚਿੰਬੜੇ ਨੇ ਅੱਜ ਮੈਨੂੰ, ਗ਼ਮਾਂ ਦੀਆਂ ਗਿਰਝਾਂ ਤੇ ਕਾਂ। ਵੇਖ ਕੇ ਡਰਾਉਣਾ ਜੇਹਾ, ਮੁੱਖੜਾ ਇਹ ਜ਼ਿੰਦਗੀ ਦਾ, ਅੱਜ ਤਾਂ ਮੈਂ ਜੀਣ ਤੋਂ ਡਰਾਂ। ਮੋਇਆਂ ਜੇਹੀ ਜੂਨੜੀ ਨੂੰ ਤੱਕ ਕੇ ਮੈਂ ਸੋਚਦੀ ਹਾਂ, ਛੇਤੀ-ਛੇਤੀ ਮੌਤ ਨੂੰ ਮਿਲਾਂ। ਤੁਰ ਜਾਵਾਂ ਦੂਰ, ਕਿਸੇ ਅਣਡਿੱਠੇ ਸ਼ਹਿਰ ਵਿੱਚ, ਛੱਡ ਜਾਵਾਂ ਤੇਰਾ ਇਹ ਗਰਾਂ। ਫੇਰ ਕਦੀ ਤੇਰੇ ਏਸ ਲੋਭੀਆਂ ਦੇ ਪਿੰਡ ਵੱਲ, ਭੁੱਲ ਕੇ ਵੀ ਮੁੱਖ ਨਾ ਕਰਾਂ। ਪਰ ਇਹਦੀ ਮਿੱਟੜੀ 'ਚ, ਦੂਰ-ਦੂਰ ਤੱਕ ਮਾਏ! ਫੈਲੀਆਂ ਨੇ ਮੇਰੀਆਂ ਜੜ੍ਹਾਂ। ਕਦੇ ਇਹਦੇ ਬੰਧਨਾਂ 'ਚੋਂ, ਛੁੱਟ ਨਹੀਂਓਂ ਹੋਣਾ ਮੈਥੋਂ, ਲੱਖ ਭਾਵੇਂ ਕੋਸ਼ਿਸ਼ਾਂ ਕਰਾਂ। ਆਖਦਾ ਏ ਜੀਣ ਦੇ ਲਈ, ਤੇਰੇ ਏਸ ਪਿੰਡ ਦਾ ਮੋਹ, ਦਿਲ ਮੇਰਾ ਆਖਦੈ ਮਰਾਂ। ਫਸੀ ਹੈ ਵਿਚਾਲੇ ਮੇਰੀ ਸੋਚ ਤਾਂ ਦੁਰਾਹਿਆਂ ਦੇ, ਦੱਸ ਕਿਹੜਾ ਪੰਧ ਮੈਂ ਚੁਣਾਂ ? ਵਾਸਤਾ ਏ ਮੇਰਾ ਤੈਨੂੰ, ਤੂੰ ਹੀ ਮੈਨੂੰ ਦੱਸ ਮਾਏ! ਜ਼ਿੰਦਗੀ ਨੂੰ ਜਰਾਂ ਜਾਂ ਮਰਾਂ ??

ਮੌਤ ਦੇ ਕੋਲੋਂ ਅੱਖ ਬਚਾ ਕੇ

ਮੌਤ ਦੇ ਕੋਲੋਂ ਅੱਖ ਬਚਾ ਕੇ, ਜੀਅ ਲੈਂਦਾ ਹਾਂ ਕਦੇ ਕਦੇ। ਉਂਝ ਮੈਂ ਪੀਣੀ ਛੱਡ ਦਿੱਤੀ ਪਰ ਪੀ ਲੈਂਦਾ ਹਾਂ ਕਦੇ ਕਦੇ।.... ਸੈਆਂ ਨਾਗਣੀਆਂ ਤੋਂ ਹੁਣ ਤੱਕ, ਖਾਧੇ ਨੇ ਮੈਂ ਡੰਗ ਬੜੇ। ਜ਼ਹਿਰ ਲਹੂ ਜਾਂ ਲਹੂ ਜ਼ਹਿਰ ਹੈ? ਸਮਝ ਨਹੀਂ ਆਉਂਦੀ ਜਿੰਦੇ! ਹੁਣ ਤਾਂ ਨਾਗਣੀਆਂ ਨੂੰ ਮੈਂ, ਡੰਗ ਵੀ ਲੈਂਦਾ ਹਾਂ ਕਦੇ ਕਦੇ... ਉਹ ਵੀ ਦਿਨ ਸਨ, ਜ਼ਖ਼ਮ ਜ਼ਖ਼ਮ ਸਨ, ਪਰ ਹੁਣ ਤਾਂ ਨਾਸੂਰ ਬਣੇਂ। ਖੌਰੇ ਇੱਕ ਦਿਨ ਭਰ ਹੀ ਜਾਵਣ, ਐਸਾ ਕੋਈ ਦਸਤੂਰ ਬਣੇਂ। ਕੋਸ਼ਿਸ਼ ਤਾਂ ਬੇਕਾਰ ਹੈ ਫਿਰ ਵੀ, ਸੀ ਲੈਂਦਾ ਹਾਂ ਕਦੇ ਕਦੇ... ਕਦੇ ਕਦੇ ਜਦ ਪੀਂਦਾ ਹਾਂ ਤਾਂ ਹਾਸੇ ਦੇ ਫੁੱਲ ਖਿੜਦੇ ਨੇ। ਬਹੁਤ ਚਿੜਾਉਂਦੇ ਸੀ ਮੈਨੂੰ, ਹੁਣ ਦੁਨੀਆਂ ਵਾਲ਼ੇ ਚਿੜਦੇ ਨੇ। ਪੁੱਛਦੇ ਫਿਰਨ ਵਿਚਾਰੇ ਕਿ ਮੈਂ, ਕੀ ਲੈਂਦਾ ਹਾਂ ਕਦੇ ਕਦੇ? ਮੌਤ ਦੇ ਕੋਲੋਂ ਅੱਖ ਬਚਾ ਕੇ, ਜੀਅ ਲੈਂਦਾ ਹਾਂ, ਕਦੇ ਕਦੇ। ਉਂਝ ਮੈਂ ਪੀਣੀ ਛੱਡ ਦਿੱਤੀ ਪਰ ਪੀ ਲੈਂਦਾ ਹਾਂ ਕਦੇ ਕਦੇ।....

ਸਾਵਣ

ਮਾਏ ਨੀ! ਸਾਵਣ ਆ ਗਿਆ, ਡੁੱਲ੍ਹੇ ਅੰਬਰਾਂ 'ਚੋਂ ਹਾਸੇ। ਝੜੀਆਂ ਤੇ ਝੜੀਆਂ ਲੱਗੀਆਂ, ਅਸੀਂ ਹਾਲੇ ਵੀ ਪਿਆਸੇ। ਮਾਏ ਨੀ! ਸਾਵਣ ਆ ਗਿਆ। ਮਾਏ ਨੀ ! ਸਾਵਣ ਆ ਗਿਆ, ਪੰਛੀ ਮੀਂਹਾਂ 'ਚ ਨਾਹੁੰਦੇ, ਪਿੱਪਲਾਂ 'ਤੇ ਪੀਂਘਾਂ ਪੈ ਗਈਆਂ, ਸਾਰੇ ਹੱਸਦੇ ਤੇ ਗਾਉਂਦੇ, ਸਭਨਾਂ ਦੇ ਮੁੱਖ 'ਤੇ ਰੌਣਕਾਂ, ਸਾਡੇ ਨੈਣ ਉਦਾਸੇ। ਮਾਏ ਨੀ! ਸਾਵਣ ਆ ਗਿਆ। ਮਾਏ ਨੀ! ਸਾਵਣ ਆ ਗਿਆ, ਪੈਲਾਂ ਮੋਰਾਂ ਨੇ ਪਾਈਆਂ, ਮਾਹੀ ਗਿਆ ਪਰਦੇਸ ਨੂੰ , ਸਾਨੂੰ ਦੇ ਕੇ ਜੁਦਾਈਆਂ, ਮੈਂ ਤਾਂ ਬਥੇਰਾ ਰੋਕਿਆ, ਭੈੜਾ ਲੱਗਿਆ ਨਾ ਆਖੇ। ਮਾਏ ਨੀ! ਸਾਵਣ ਆ ਗਿਆ। ਮਾਏ ਨੀ! ਸਾਵਣ ਆ ਗਿਆ, ਘਟਾ ਛਾ ਗਈ ਏ ਕਾਲ਼ੀ, ਸਾਜਨ ਚੁਰਾ ਕੇ ਲੈ ਗਿਆ, ਸਾਡੇ ਮੁੱਖੜੇ ਦੀ ਲਾਲੀ, ਨਾਲੇ ਚੁਰਾ ਕੇ ਲੈ ਗਿਆ, ਸਾਡੇ ਹੋਂਠਾਂ 'ਤੋਂ ਹਾਸੇ। ਮਾਏ ਨੀ! ਸਾਵਣ ਆ ਗਿਆ। ਮਾਏ ਨੀ! ਸਾਵਣ ਆ ਗਿਆ, ਮੈਨੂੰ ਸਖੀਆਂ ਨੇ ਦੱਸਿਆ, ਮਾਹੀਏ ਦਾ ਬਿਰਹਾ ਚੰਦਰਾ, ਸਾਡੇ ਲੂੰ-ਲੂੰ 'ਚ ਵਸਿਆ, ਅੱਖਰ 'ਦੋ' ਉਹਦੇ ਨਾਮ ਦੇ, ਸਾਡੇ ਦਿਲ 'ਤੇ ਤਰਾਸ਼ੇ। ਮਾਏ ਨੀ! ਸਾਵਣ ਆ ਗਿਆ। ਮਾਏ ਨੀ! ਸਾਵਣ ਆ ਗਿਆ, ਸਾਡੇ ਆਈਆਂ ਮਕਾਣਾਂ, ਰੋ-ਰੋ ਕੇ ਪਾਗਲ ਹੋ ਗਿਆ, ਸਾਡਾ ਦਿਲ ਡੁੱਬ-ਜਾਣਾ, ਮੰਨਦਾ ਹੀ ਨਾ ਇਹ ਚੰਦਰਾ, ਬੜੇ ਦੇਈਏ ਦਿਲਾਸੇ। ਮਾਏ ਨੀ! ਸਾਵਣ ਆ ਗਿਆ। ਮਾਏ ਨੀ! ਸਾਵਣ ਆ ਗਿਆ, ਰੇਤਾ ਭਿੱਜਿਆ ਥਲਾਂ ਦਾ, ਦੁਨੀਆਂ ਨੇ ਸਾਥੋਂ ਖੋਹ ਲਿਆ, ਸਾਡਾ ਮਹਿਰਮ ਦਿਲਾਂ ਦਾ, ਦੋਹਾਂ ਵਿਚਾਲੇ ਖੜ੍ਹ ਗਿਆ, ਜੱਗ ਹੋਇਆ ਨਾ ਪਾਸੇ। ਮਾਏ ਨੀ! ਸਾਵਣ ਆ ਗਿਆ। ਮਾਏ ਨੀ! ਸਾਵਣ ਆ ਗਿਆ, ਮਾਹੀ ਮੁੜਿਆ ਨਾ ਜਾ ਕੇ, ਸੋਹਣੇ ਨੂੰ ਆਖੀਂ ਵੇਖ ਲਏ, ਸਾਨੂੰ ਇੱਕ ਵਾਰੀ ਆ ਕੇ, ਆਖੀਂ ਨੀ ਮਾਏ! 'ਦਿਓਲ' ਨੂੰ , ਸਾਨੂੰ ਮਾਰੇ ਨਾ ਪਿਆਸੇ। ਮਾਏ ਨੀ! ਸਾਵਣ ਆ ਗਿਆ।

ਕਦਮ-ਕਦਮ 'ਤੇ ਖਾਈਆਂ ਜਿੱਥੇ

ਕਦਮ-ਕਦਮ 'ਤੇ ਖਾਈਆਂ ਜਿੱਥੇ, ਥਾਂ-ਥਾਂ ਖਾਰ ਵਿਛਾਏ ਨੀ। ਤੁਰ ਪਏ ਨੇ ਅੱਜ ਪੈਰ ਅਸਾਡੇ, ਉਸ ਪੈਂਡੇ 'ਤੇ ਮਾਏ ਨੀ! ਨਾ ਕੋਈ ਸੂਰਜ ਚੜ੍ਹਦਾ ਏਥੇ, ਨਾ ਹੋਵਣ ਪ੍ਰਭਾਤਾਂ ਨੀ, ਨਾ ਰੰਗਦਾ ਏ ਚੰਨ-ਲਲਾਰੀ, ਚਾਨਣ ਦੇ ਵਿੱਚ ਰਾਤਾਂ ਨੀ, ਏਥੇ ਤਾਂ ਬੱਸ ਮੱਸਿਆ ਵਰਗੇ, ਘੁੱਪ ਹਨ੍ਹੇਰੇ ਛਾਏ ਨੀ। ਏਥੋਂ ਦੇ ਬਾਜ਼ਾਰ 'ਚ ਥਾਂ-ਥਾਂ ਵਿਕੇ ਬਨਾਉਟੀ-ਮਸਤੀ ਨੀ। ਹੱਟੀਆਂ 'ਤੇ ਨਿੱਤ ਆਉਣ ਮੁਸਾਫ਼ਿਰ, ਮੌਤ ਖਰੀਦਣ ਸਸਤੀ ਨੀ। ਇੱਕ ਵਾਰੀ ਜੋ ਆਵੇ ਏਥੇ, ਫਿਰ ਮੁੜਕੇ ਨਾ ਜਾਏ ਨੀ। ਬਹੁਤ ਇਨ੍ਹਾਂ ਨੇ ਖਾ ਲਏ ਰਾਹੀ, ਕਾਤਲ ਨੇ ਇਹ ਰਾਹਵਾਂ ਨੀ। ਲਿਖਿਆ ਏ ਹਰ ਮੀਲ-ਪੱਥਰ 'ਤੇ ਕਬਰਾਂ ਦਾ ਸਿਰਨਾਵਾਂ ਨੀ। ਜ਼ਿੰਦਗੀ ਦੀ ਇਹ ਰਾਹ 'ਤੇ ਕੋਈ ਪੈੜ ਨਜ਼ਰ ਨਾ ਆਏ ਨੀ। ਇਸ ਪੈਂਡੇ 'ਤੇ ਜਾਵਣ ਵਾਲਾ ਹਰ ਰਾਹੀ ਇੱਕ ਮੁਰਦਾ ਏ। ਜਿਸ ਚੰਦਰੇ ਦੀ ਅਰਥੀ ਦੇ ਨਾਲ ਹੋਰ ਕੋਈ ਨਾ ਤੁਰਦਾ ਏ। ਕੱਲਮ-ਕੱਲੀ ਲਾਸ਼ ਵਿਚਾਰੀ, ਸਿਵਿਆਂ ਦੇ ਵੱਲ ਜਾਏ ਨੀ। ਅੰਮੀਏਂ ਨੀ! ਇਸ ਚੰਦਰੇ ਰਾਹ 'ਤੇ ਪੈਰ ਕੋਈ ਹੁਣ ਪਾਵੇ ਨਾ। ਕੁੱਲ ਦੁਨੀਆਂ ਨੂੰ ਕਹਿ ਦੇ ਕੋਈ ਮੈਨੂੰ ਢੂੰਢਣ ਆਵੇ ਨਾ। ਬਰਬਾਦੀ ਦੀ ਗਾਥਾ ਮੇਰੀ ਨਾ ਕੋਈ ਦਹੁਰਾਏ ਨੀ।

ਨਹੀਂ ਪੂਰ ਚੜ੍ਹਨੀ

ਨਹੀਂ ਪੂਰ ਚੜ੍ਹਨੀ ਜੇ ਆਪਾਂ ਨੇ ਲਾਈ। ਮੈਂ ਖੇਤਾਂ ਦਾ ਪੁੱਤ ਹਾਂ, ਤੂੰ ਮਹਿਲਾਂ ਦੀ ਜਾਈ। ਤੇਰੇ ਮਹਿਲ, ਮੀਨਾਰ ਤੇ ਕਾਰਖਾਨੇ, ਤੇ ਜਨ-ਸੰਖਿਆ ਵਾਂਗ ਵਧਦੇ ਖ਼ਜ਼ਾਨੇ, ਇਹ ਸਾਰੀ ਮੇਰੇ ਪੁਰਖਿਆਂ ਦੀ ਕਮਾਈ... ਮੈਂ ਖੇਤਾਂ ਦਾ ਪੁੱਤ ਹਾਂ ..... ਜ਼ੁਦਾ ਤੈਥੋਂ ਸਾਡੇ ਘਰਾਂ ਦੀਆਂ ਜਾਈਆਂ, ਪਏ ਹੱਥੀਂ ਅੱਟਣ ਤੇ ਪੈਰੀਂ ਬਿਆਈਆਂ, ਤੇ ਕਿੱਥੇ ਕਲੀ ਤੋਂ ਵੀ ਕੋਮਲ ਕਲਾਈ... ਮੈਂ ਖੇਤਾਂ ਦਾ ਪੁੱਤ ਹਾਂ ..... ਤੇਰੇ ਸ਼ਾਹੀ ਪਕਵਾਨਾਂ ਅੰਦਰ ਲਹੂ ਹੈ, ਇਹ ਕਹਿੰਦੀ ਮੇਰੇ 'ਬਾਗ਼ੀ ਬਾਬੇ' ਦੀ ਰੂਹ ਹੈ, ਤੁਸਾਂ ਖੋਹ ਲਈ ਹੈ, ਅਸੀਂ ਦੋ ਉਗਾਈ... ਮੈਂ ਖੇਤਾਂ ਦਾ ਪੁੱਤ ਹਾਂ ..... ਤੇਰਾ ਵੰਸ਼ ਕਰਦਾ ਏ ਪੈਸੇ ਦੀ ਪੂਜਾ, ਤੇ ਸਾਡੇ ਲਈ ਕਿਰਤ ਹੀ ਰੱਬ ਦੂਜਾ, ਧੁਰੋਂ ਹੈ ਤੇਰੇ-ਮੇਰੇ 'ਰੱਬ' ਦੀ ਲੜਾਈ... ਮੈਂ ਖੇਤਾਂ ਦਾ ਪੁੱਤ ਹਾਂ ..... ਨਹੀਂ ਪੂਰ ਚੜ੍ਹਨੀ ਜੇ ਆਪਾਂ ਨੇ ਲਾਈ। ਮੈਂ ਖੇਤਾਂ ਦਾ ਪੁੱਤ ਹਾਂ ਤੂੰ ਮਹਿਲਾਂ ਦੀ ਜਾਈ।

ਮੇਰੀ ਨਬਜ਼ ਤਾਂ ਵੇਖੋ ਅੜੀਓ

ਮੇਰੀ ਨਬਜ਼ ਤਾਂ ਵੇਖੋ ਅੜੀਓ! ਮੈਂ ਜਿਉਂਦੀ ਹਾਂ ਕਿ ਮੋਈ ਹਰ ਸਾਹ ਨਾਲ਼ ਆਵੇ-ਜਾਵੇ, ਮੇਰੇ ਅੰਦਰ-ਬਾਹਰ 'ਕੋਈ'। ਮੈਂ ਖ਼ਤਮ ਹੋਈ ਮੇਰੇ 'ਚੋਂ, ਬਚਿਐ ਬਸ ਪ੍ਰੀਤਮ ਪਿਆਰਾ। ਬੱਸ "ਤੂੰ" "ਤੂੰ" "ਤੂੰ" "ਤੂੰ" ਕਰਦੈ ਮੇਰੇ ਅੰਦਰ ਦਾ ਇੱਕ ਤਾਰਾ। ਕੁੱਲ ਆਲਮ ਮੇਰਾ ਹੋਇਆ ਮੈਂ ਕੁੱਲ ਆਲਮ ਦੀ ਹੋਈ... ਕੱਲ੍ਹ ਤੱਕ ਅਖਵਾਉਂਦੀ ਸੀ ਜੋ, ਪੰਜ ਦਰਿਆਵਾਂ ਦੀ ਰਾਣੀ । ਅੱਜ ਵਾਟ ਸੱਜਣ ਦੀ ਵੇਖਾਂ, ਬਣ ਕੇ ਮੈਂ ਘੜੇ ਦਾ ਪਾਣੀ । ਕੁਝ ਸਮਝ ਜਿਹੀ ਨਾ ਆਵੇ ਮੈਨੂੰ ਇਹ ਕੀ ਜਾਂਦੈ ਹੋਈ... ਕੋਈ ਖੁੱਲਿ੍ਹਆ ਦੁਆਰ ਇਲਮ ਦਾ, ਤੇ ਹੋਇਆ ਦੂਰ ਹਨ੍ਹੇਰਾ ਜਿਸ ਅੰਦਰ ਮੇਰਾ ਡੇਰਾ, ਉਹ ਜਿਸਮ ਨਹੀਂ ਹੈ ਮੇਰਾ ਖਿੰਡ ਗਈ ਆਂ ਵਿੱਚ ਹਵਾ ਦੇ ਮੈਂ ਤਾਂ ਬਣ ਕੇ ਖੁਸ਼ਬੋਈ... ਮੇਰੀ ਨਬਜ਼ ਤਾਂ ਵੇਖੋ ਅੜੀਓ! ਮੈਂ ਜਿਉਂਦੀ ਹਾਂ ਕਿ ਮੋਈ? ਹਰ ਸਾਹ ਨਾਲ਼ ਆਵੇ-ਜਾਵੇ, ਮੇਰੇ ਅੰਦਰ-ਬਾਹਰ 'ਕੋਈ'।

ਜੇ ਤੂੰ ਰੁੱਸਿਆ ਅਸਾਡੇ ਨਾਲ਼ ਢੋਲਣਾ

ਜੇ ਤੂੰ ਰੁੱਸਿਆ ਅਸਾਡੇ ਨਾਲ਼ ਢੋਲਣਾ । ਅਸਾਂ ਕਦੇ ਵੀ ਨਈਾ ਤੇਰੇ ਨਾਲ਼ ਬੋਲਣਾ । ਫੇਰ ਲੱਖ ਤੂੰ ਬੁਲਾਵੀਂ, ਭਾਵੇਂ ਵਾਸਤੇ ਵੀ ਪਾਵੀਂ, ਅਸੀਂ ਬੁੱਲ੍ਹੀਆਂ ਤੋਂ ਜਿੰਦਰਾ ਨਈਾ ਖੋਲ੍ਹਣਾ । ਅਸਾਂ ਕਦੇ ਵੀ ਨਈਾ ਤੇਰੇ ਨਾਲ਼ ਬੋਲਣਾ...... ਗੱਲ ਗੱਲ ਉੱਤੇ ਰੁੱਸ ਜਾਣ ਵਾਲਿਆ! ਤੇਰੇ ਰੋਸਿਆਂ ਨੇ ਜਿੰਦੜੀ ਨੂੰ ਖਾ ਲਿਆ । ਵੇ ਮੈਂ ਰੋਣ ਜੋਗੀ ਰਹਿ ਗਈ, ਜਿੰਦ ਅੱਖੀਆਂ 'ਚੋਂ ਵਹਿ ਗਈ, ਪੈਂਦੈ ਹੰਝੂਆਂ 'ਚ ਤੈਨੂੰ ਨਿੱਤ ਤੋਲਣਾ । ਅਸਾਂ ਕਦੇ ਵੀ ਨਈਾ ਤੇਰੇ ਨਾਲ਼ ਬੋਲਣਾ....... ਭਾਵੇਂ ਬੁਰੀ ਆਂ ਮੈਂ ਢੋਲਾ ਭਾਵੇਂ ਚੰਗੀ ਆਂ. ਵੇ ਮੈਂ ਅਜ਼ਲਾਂ ਤੋਂ ਤੇਰੇ ਨਾਲ਼ ਮੰਗੀ ਆਂ. ਮੇਰਾ ਤੂੰ ਹੀ ਏਂ ਸਹਾਰਾ, ਤੂੰ ਵੀ ਰੁੱਸ ਜਾਨੈ ਯਾਰਾ, ਹੋਰ ਕੀਹਦੇ ਨਾਲ਼ ਦੁੱਖ ਅਸਾਂ ਫੋਲਣਾ । ਅਸਾਂ ਕਦੇ ਵੀ ਨਈਾ ਤੇਰੇ ਨਾਲ਼ ਬੋਲਣਾ........ ਕਾਹਤੋਂ ਜ਼ਿੰਦਗੀ ਤੂੰ ਰੋਸਿਆਂ ਚ ਰੋਹੜੀ ਏ । ਇਹ ਤਾਂ ਪਿਆਰ ਦੇ ਲਈ ਹੀ ਬੜੀ ਥੋੜ੍ਹੀ ਏ । ਦਿਨ ਜ਼ਿੰਦਗੀ ਦੇ ਚਾਰ, ਦੋ ਤਾਂ ਲੰਘ ਗਏ ਨੇ ਯਾਰ, ਜਿਹੜੇ ਬਚ ਗਏ ਨੇ ਓਹਨਾ ਨੂੰ ਤੂੰ ਰੋਲ਼ ਨਾ । ਅਸਾਂ ਕਦੇ ਵੀ ਨਈਾ ਤੇਰੇ ਨਾਲ਼ ਬੋਲਣਾ.... ਜੇ ਤੂੰ 'ਦਿਓਲ' ਮੈਨੂੰ ਇੰਝ ਹੀ ਰੁਆਏਂਗਾ । ਮੁੱਕ ਜਾਊ ਮੇਰੀ ਜਾਨ ਪਛਤਾਏਂਗਾ । ਵੇ ਨਾ ਰੁੱਸ ਮੇਰੇ ਨਾਲ਼, ਤੈਨੂੰ ਲੱਭਣੇ ਨਾ ਲਾਲ, ਪੈ ਜੂ ਜੋਗੀਆ ਵੇ ਮਿੱਟੀ ਨੂੰ ਫਰੋਲਣਾ । ਅਸਾਂ ਕਦੇ ਵੀ ਨਈਾ ਤੇਰੇ ਨਾਲ਼ ਬੋਲਣਾ......

ਲੈ ਗਿਓਂ ਚੁਰਾਕੇ ਸਾਡੀ ਜ਼ਿੰਦਗੀ 'ਚੋਂ

ਲੈ ਗਿਓਂ ਚੁਰਾਕੇ ਸਾਡੀ ਜ਼ਿੰਦਗੀ 'ਚੋਂ ਨੂਰ ਸਾਰਾ, ਦੇ ਗਿਆ ਏਂ ਕਾਲਖਾਂ, ਸਿਆਹੀਆਂ । ਵੇ ਪਰਦੇਸੀਆ! ਚੰਗੀਆਂ ਪਰੀਤਾਂ ਤੂੰ ਨਿਭਾਈਆਂ!... ਖਾ ਲਿਆ ਤੂੰ ਰੂਪ ਸਾਡਾ, ਵੱਢ ਵੱਢ ਦੰਦੀਆਂ । ਚੂਸ ਲਈਆਂ ਹੁਸਨਾਂ ਦੇ ਫੁੱਲ 'ਚੋਂ ਸੁਗੰਧੀਆਂ । ਜੋਬਨੇ ਦੀ ਲਾਜਵੰਤੀ ਸਦਾ ਲਈ ਨਿਢਾਲ ਹੋਈ, ਐਸੀਆਂ ਤੂੰ ਉਂਗਲਾਂ ਛੂਹਾਈਆਂ. ਵੇ ਪਰਦੇਸੀਆ! ਗ਼ਮਾਂ ਦਾ ਤੇਜ਼ਾਬ ਸਾਡੇ ਮੁੱਖੜੇ 'ਤੇ ਪਾ ਗਿਓਂ ਸੱਪਣੀ ਖਾਮੋਸ਼ੀਆਂ ਦੀ ਜੀਭ 'ਤੇ ਲੜਾ ਗਿਓਂ । ਪੁੱਟ ਕੇ ਗੁਲਾਬ ਸਾਡੇ ਨੈਣਾਂ 'ਚੋਂ ਖੁਆਬਾਂ ਵਾਲ਼ੇ ਥੋਹਰਾਂ ਤੂੰ ਉਨੀਂਦੇ ਦੀਆਂ ਲਾਈਆਂ । ਵੇ ਪਰਦੇਸੀਆ! ਤੇਰਿਆਂ ਦੁੱਖਾਂ ਨੂੰ ਇੰਝ ਕੀਤੀਆਂ ਮੈਂ ਛਾਵਾਂ ਵੇ । ਦੇਂਦੀਆਂ ਨੇ ਪਿਆਰ ਜਿਵੇਂ ਪੁੱਤਰਾਂ ਨੂੰ ਮਾਵਾਂ ਵੇ । ਰੱਤ ਮੈਂ ਚੁੰਘਾਈ ਯਾਦਾਂ ਤੇਰੀਆਂ ਨੂੰ ਦੁੱਧ ਦੀ ਥਾਂ, ਗੀਤਾਂ ਦੇ ਪੰਘੂੜੇ 'ਚ ਸੁਲਾਈਆਂ । ਵੇ ਪਰਦੇਸੀਆ! ਮਨ ਦਾ ਮਾਯੂਸੀ ਨਾਲ਼ ਪੈ ਗਿਆ ਸੰਬੰਧ ਵੇ । ਜ਼ਿੰਦਗੀ 'ਚੋਂ ਆਉਣ ਲੱਗੀ ਮੌਤ ਜੇਹੀ ਗੰਧ ਵੇ । ਲਾ ਗਿਆ ਏ ਸੱਜਣਾ ਤੂੰ ਰੋਗ ਉਹ ਅਵੱਲਾ ਸਾਨੂੰ, ਹੁੰਦੀਆਂ ਨਾ ਜੀਹਦੀਆਂ ਦਵਾਈਆਂ । ਵੇ ਪਰਦੇਸੀਆ!

ਟੱਪੇ (ਮਾਹੀਆ)

ਦੁੱਖ-ਦਰਦ ਹੁੰਢਾਇਆ ਏ- ਰਾਹ ਜਾਂਦੇ ਨਹੀਂਓਂ ਲੱਭਿਆ, ਅਸੀਂ ਇਸ਼ਕ ਕਮਾਇਆ ਏ। ਤੇਰੇ ਗ਼ਮ ਦੇ ਜਲਾਏ ਹਾਂ- ਸਾਗਰਾਂ ਨੂੰ ਡੀਕ ਲਿਆ, ਹਾਲੇ ਵੀ ਤਿਹਾਏ ਹਾਂ। ਆਸ਼ਕ ਉਹ ਕਹਾਉਂਦੇ ਨੇ- ਵੈਰ ਪਾ ਕੇ ਨਾਲ ਪੌਣ ਦੇ, ਦੀਵੇ ਜੋ ਜਗਾਉਂਦੇ ਨੇ। ਅਸੀਂ ਇਸ਼ਕ ਨਿਭਾਇਆ ਏ- ਤਲੀ ਉੱਤੇ ਦਿਲ ਬਾਲ ਕੇ, ਤੇਰਾ ਰਾਹ ਰੁਸ਼ਨਾਇਆ ਏ। ਇਹ ਕੀ ਖੇਲ ਨਸੀਬਾਂ ਦਾ- ਜਾਣਿਆਂ ਮੈਂ ਜੀਹਨੂੰ ਆਪਣਾ, ਉਹੀਓ ਹੋ ਗਿਆ ਰਕੀਬਾਂ ਦਾ। ਨਾ ਹੀ ਵੈਰੀਆਂ, ਨਾ ਖ਼ਾਰਾਂ ਨੇ- ਜਿੰਨੇ ਮੈਨੂੰ ਜ਼ਖ਼ਮ ਮਿਲੇ, ਦਿੱਤੇ ਫੁੱਲਾਂ ਜਿਹੇ ਯਾਰਾਂ ਨੇ। ਇਹ ਦੁੱਖ ਵੀ ਹੰਢਾਇਆ ਏ- ਤੇਰਾ ਹਰ ਕੌਲ ਅਸੀਂ, ਤੈਨੂੰ ਯਾਦ ਕਰਾਇਆ ਏ। ਲੋਕਾ ! ਬਹੁਤ ਬੁਰਾ ਕੀਤਾ!! ਰੱਬ ਨੇ ਮਿਲਾਇਆ ਸੀ, ਸਾਨੂੰ ਜੱਗ ਨੇ ਜੁਦਾ ਕੀਤਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਮਨਦੀਪ ਦਿਓਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ