Chamandeep Deol ਚਮਨਦੀਪ ਦਿਓਲ
ਚਮਨਦੀਪ ਦਿਓਲ ਪੰਜਾਬੀ ਕਾਵਿ - ਜਗਤ ਦਾ ਜਾਣਿਆ - ਮਾਣਿਆ ਸਥਾਪਿਤ ਹਸਤਾਖ਼ਰ ਹੈ।
ਉਸਦੀ ਸ਼ਾਇਰੀ ਅੰਦਰ ਅਜਿਹੇ ਅਹਿਸਾਸਾਂ ਦੀ ਭਰਮਾਰ ਹੈ ਜਿਨ੍ਹਾਂ ਦਾ ਅਸਰ ਹਰ ਦਿਲ ਨੂੰ ਟੁੰਬ ਕੇ
ਲੰਘਦਾ ਹੈ। ਉਸਦੀ ਸ਼ਾਇਰੀ ਜ਼ਿਆਦਾਤਰ ਬਿਰਹਾ ਦੇ ਵਜ਼ਨ ਨਾਲ ਲਬਰੇਜ਼ ਹੈ ਇਸਦੇ ਨਾਲ-ਨਾਲ ਹੀ
ਉਹ ਸਮਾਜਿਕ ਰੀਤਾਂ-ਰਸਮਾਂ, ਆਰਥਿਕ ਤਾਣੇ-ਬਾਣੇ ਅਤੇ ਰਾਜਨੀਤੀ ਦਾ ਨਕਾਬ ਉਤਾਰਨ ਤੋਂ ਵੀ ਗੁਰੇਜ਼ ਨਹੀਂ ਕਰਦਾ-
"ਤੂੰ ਹੀ ਦੱਸ ਮੈਂ ਕੀਹਦੇ ਉੱਤੇ ਮੋਹਰ ਲਗਾਵਾਂ,
ਸਾਰੇ ਚੋਣ-ਨਿਸ਼ਾਨਾਂ ਤੋਂ ਡਰ ਲਗਦੈ ਮੈਨੂੰ। "
ਚਮਨਦੀਪ ਦਿਓਲ ਦਾ ਜਨਮ 23 ਮਾਰਚ 1977 ਨੂੰ ਪਿੰਡ ਬੇਨੜਾ (ਧੂਰੀ) ਵਿਖੇ ਹੋਇਆ। ਚਮਨਦੀਪ
ਨੇ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਜਵਾਹਰ ਨਵੋਦਯ ਵਿਦਿਆਲਾ ਤੋਂ ਕੀਤੀ, ਇੱਥੇ ਹੀ ਉਸਨੂੰ ਸਾਹਿਤ
ਪੜ੍ਹਣ ਦੀ ਚੇਟਕ ਲੱਗੀ। ਕਿਤਾਬਾਂ ਨਾਲ ਉਹ ਐਨਾਂ ਜੁੜਦਾ ਗਿਆ ਕਿ ਸਹਿਜੇ-ਸਹਿਜੇ ਫ਼ਿਰ ਉਸਦੇ
ਅੰਦਰੋਂ ਆਪ- ਮੁਹਾਰੇ ਬੋਲ ਫੁੱਟਣ ਲੱਗ ਪਏ ਤੇ ਇਹ ਜਜ਼ਬਾਤ ਉਹ ਕਲਮਬੱਧ ਕਰਦਾ ਰਹਿੰਦਾ। ਫ਼ਿਰ
ਉਸਨੇ ਗਿਆਰਵੀਂ-ਬਾਰਵੀਂ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਲਈ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ)
ਵਿੱਚ ਦਾਖ਼ਲਾ ਲੈ ਲਿਆ ਅਤੇ ਇੱਥੋਂ ਦੀ ਲਾਇਬ੍ਰੇਰੀ ਦਾ ਸਕੂਲੀ ਪੱਧਰ ਦੀ ਲਾਇਬ੍ਰੇਰੀ ਤੋਂ ਕਿਤੇ ਵੱਡਾ ਹੋਣਾ
ਉਸਨੂੰ ਬੇਹੱਦ ਪਸੰਦ ਆਇਆ। ਉਹ ਗਿਆਨ ਦੇ ਇਸ ਸਾਗਰ ਵਿੱਚ ਦਿਨ-ਬ-ਦਿਨ ਗੋਤੇ ਲਾਉਂਦਾ-ਲਾਉਂਦਾ
ਖ਼ੁਦ ਕਿਤਾਬ ਦਾ ਮਲਾਹ ਹੋ ਗਿਆ - 'ਅੰਬਰ ਦੀ ਤਲਾਸ਼' ਕਿਤਾਬ ਦੇ ਚਰਚਿਆਂ ਨੇ ਉਸਨੂੰ ਵਿਸ਼ੇਸ਼ ਵਰਗ
ਦਾ ਵਿਦਿਆਰਥੀ ਬਣਾ ਦਿੱਤਾ, ਕਾਲਜ ਦੇ ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀ ਉਸ ਨਾਲ ਦਿਲੀ ਸਨੇਹ
ਰੱਖਣ ਲੱਗ ਪਏ ਅਤੇ ਇਸ ਕਿਤਾਬ ਦੇ ਉਪਰੰਤ ਉਸਨੂੰ ਤਕਰੀਬਨ ਵੀਹ ਸਾਲ ਦੀ ਉਮਰ ਵਿੱਚ ਹੀ ਪੰਜਾਬੀ
ਸਾਹਿਤ ਅਕਾਦਮੀ ਲੁਧਿਆਣਾ ਦੀ ਮੈਂਬਰਸ਼ਿਪ ਮਿਲ ਗਈ ਜਿਸ ਨਾਲ ਉਹ ਪੰਜਾਬ ਦੇ ਉੱਘੇ ਕਵੀਆਂ ਵਿੱਚ
ਸ਼ਾਮਿਲ ਹੋ ਗਿਆ। ਇਸ ਤੋਂ ਬਾਅਦ ਉਸਨੇ ਪੋਸਟ ਗ੍ਰੈਜੂਏਸ਼ਨ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਿੱਚ ਦਾਖਲਾ ਲੈ ਲਿਆ ਅਤੇ ਪੰਜਾਬੀ ਕਾਵਿ-ਸੰਸਾਰ ਦੀ ਬੁੱਕਲ ਵਿੱਚ ਦੋ ਹੋਰ ਕਿਤਾਬਾਂ - 'ਨਦੀ ਤੋਂ ਦੂਰ’ਤੇ
‘ਸ਼ੀਸ਼ੇ ਦਾ ਬਦਨ’ਤੋਂ ਇਲਾਵਾ ਇਨ੍ਹਾਂ ਸਤਰਾਂ ਦੇ ਲੇਖਕ ਨੇ ਉਸ ਦੀ ਚੋਣਵੀ ਕਵਿਤਾ “ਜੀਅ ਲੈਂਦਾ ਹਾਂ ਕਦੇ ਕਦੇ”
ਨਾਮ ਹੇਠ 2024 ਵਿੱਚ ਸੰਪਾਦਿਤ ਕੀਤੀ ਹੈ।
“ਪਹੁੰਚ ਜਾਵਾਂਗਾ ਕੰਢੇ, ਕਾਹਲ ਕਾਹਦੀ?
ਮਲਾਹ ਵੀ ਮੈਂ ਹਾਂ, ਕਿਸ਼ਤੀ ਵੀ, ਨਦੀ ਵੀ।"
ਜੱਗ ਦੇ ਨਿਹੋਰਿਆਂ ਦਾ ਸਾਹਮਣਾ ਕਰਦੇ ਹੋਇਆਂ ਵੀ ਉਸਨੇ ਇਸ਼ਕ ਦੀ ਪਵਿੱਤਰਤਾ ਬਰਕਰਾਰ ਰੱਖਦਿਆਂ
ਇਸ ਤਰ੍ਹਾਂ ਜਵਾਬ ਦਿੱਤਾ ਹੈ :
"ਇਸ਼ਕ ਹੈ,ਇਹ ਕੋਈ ਸੌਦਾ ਤਾਂ ਨਹੀਂ ਹੈ ਦੋਸਤੋਂ !
ਕਿਉਂ ਕਹੀ ਜਾਂਦੇ ਓ ਮੈਨੂੰ, ਇਸ਼ਕ 'ਚੋਂ ਤੂੰ ਕੀ ਲਿਆ। "
ਸਾਡੇ ਵੇਲਿਆਂ 'ਚ ਆਰਥਿਕਤਾ ਦੀ ਛਾਪ ਹਰ ਇੱਕ ਦੇ ਮਨ 'ਤੇ ਗਹਿਰੇ ਢੰਗ ਨਾਲ ਅਸਰ ਕਰ ਚੁੱਕੀ ਹੈ
ਅਤੇ ਇਸ ਦੇ ਪ੍ਰਭਾਵ ਸਦਕਾ ਕਈ ਵਾਰ ਆਦਮੀ ਦਿਲ ਨੂੰ ਤੁੱਛ ਕਰਕੇ ਪਦਾਰਥਾਂ ਵਿੱਚ ਗੁਆਚ ਜਾਂਦਾ ਹੈ।
ਲੇਕਿਨ ਚਮਨਦੀਪ ਦਿਉਲ ਦੇ ਸ਼ਿਅਰ ਫ਼ੱਕਰਪੁਣਾ ਹੰਢਾਉਂਦੇ ਹੋਏ ਆਪਣੀ ਹੋਂਦ ਬਣਾਈ ਬੈਠੇ ਬੇਬਸੀ
ਦਾ ਇਜ਼ਹਾਰ ਕਰਦੇ ਹਨ :
"ਉਨ੍ਹਾਂ ਨੇ ਕਾਰ ਲੈ ਲਈ ਏ ਗਰਾਂ ਤੇ ਸ਼ਹਿਰ ਘੁੰਮਣ ਲਈ।
ਮੈਂ ਰਾਹ ਦੀ ਰੇਤ ਬਣਿਆਂ ਸੀ ਜਿਨ੍ਹਾਂ ਦੇ ਪੈਰ ਚੁੰਮਣ ਲਈ।"
ਉਸਦੇ ਸ਼ਿਅਰ ਇਸ ਤਰ੍ਹਾਂ ਵੱਖੋ-ਵੱਖਰੀਆਂ ਵੰਨਗੀਆਂ ਨਾਲ ਭਰੇ ਪਏ ਹਨ, ਤਕਰੀਬਨ ਹਰ ਇੱਕ ਵਿਸ਼ੇ ਨੂੰ
ਉਸਦੀ ਸ਼ਾਇਰੀ ਛੋਹ ਚੁੱਕੀ ਹੈ। ਇਸ ਕਿਤਾਬ ਦੇ ਸ਼ਿਅਰਾਂ ਦੇ ਫੁੱਲ ਤੁਹਾਡੇ ਅੰਤਰੀਵੀਂ ਸਮਾਜ ਨੂੰ ਮਹਿਕਾਉਂਦੇ
ਰਹਿਣਗੇ ਅਤੇ ਮੈਨੂੰ ਸ਼ਾਇਰੀ ਦੇ ਜਿਸ ਆਲਮ ਦਾ ਇਲਮ ਇਸ ਨੂੰ ਸੰਪਾਦਿਤ ਕਰਦਿਆਂ ਹੋਇਆ ਹੈ, ਉਮੀਦ
ਕਰਦਾ ਹਾਂ ਤੁਸੀਂ ਵੀ ਉਸਦੀ ਯਾਤਰਾ ਕਰੋਂਗੇ। ਚਮਨਦੀਪ ਪੰਜਾਬੀ ਕਾਵਿ-ਜਗਤ ਦਾ ਟਿਮ-ਟਿਮਾਉਂਦਾ
ਸਿਤਾਰਾ ਹੈ ਤੇ ਮੈਨੂੰ ਪੂਰਨ ਆਸ ਹੈ ਕਿ ਉਹ ਭਵਿੱਖ ਵਿੱਚ ਵੀ ਮਾਂ-ਬੋਲੀ ਦੀ ਦਹਿਲੀਜ਼ ਤੇ ਆਸ਼ਿਆਨੇ ਨੂੰ
ਇਸੇ ਕਦਰ ਆਪਣੀ ਲੋਅ ਤੇ ਰੌਸ਼ਨੀ ਨਾਲ ਰੁਸ਼ਨਾਉਂਦਾ ਰਹੇਗਾ। - ਸਤਨਾਮ ਸਾਦਿਕ
