Jatinder Aulakh
ਜਤਿੰਦਰ ਔਲਖ

ਜਤਿੰਦਰ ਔਲਖ ਨਵੀਂ ਤਰਜ਼ ਦਾ ਹਿੰਮਤੀ ਸ਼ਾਇਰ ਹੈ ਜਿਸ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਰਾਹੀਂ ਕੌਮੀ ਕੇ ਕੌਮਾਂਤਰੀ ਕਾਵਿ ਮੰਡਲ ਚ ਵੀ ਸਤਿਕਾਰਯੋਗ ਥਾਂ ਬਣਾਇਆ ਹੈ। ਜਤਿੰਦਰ ਔਲਖ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਹਾਲੀ (ਨੇੜੇ ਲੋਪੋ ਕੇ ਚੁਗਾਵਾਂ) ਵਿਖੇ ਸ: ਇਕਬਾਲ ਸਿੰਘ ਦੇ ਘਰ ਮਾਤਾ ਰਾਜਵਿੰਦਰ ਕੌਰ ਦੀ ਕੁੱਖੋਂ 12 ਜੂਨ 1976 ਨੂੰ ਹੋਇਆ। ਪਲੇਠਾ ਪੁੱਤਰ ਹੈ ਜਤਿੰਦਰ। ਨਿੱਕੇ ਦੋ ਭੈਣ ਭਰਾ ਵਿਆਹੇ ਵਰੇ ਹਨ। ਆਪਣੇ ਸਤਿਕਾਰਤ ਮਾਤਾ ਜੀ ਤੋਂ ਦੇ ਅੰਗ ਸੰਗ ਜੀਵਨ ਸਾਥਣ ਗਗਨਦੀਪ ਕੌਰ ਤੇ ਦੋ ਪੁੱਤਰਾਂ ਤਨਵੀਰ ਸਿੰਘ ਤੇ ਰੁਸਤਮਬੀਰ ਸਿੰਘ ਸਮੇਤ ਜੱਦੀ ਪਿੰਡ ਚ ਰਹਿ ਰਿਹਾ ਹੈ। ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਚੋਂ ਕਰਕੇ ਖਾਲਸਾ ਕਾਲਿਜ ਅੰਮ੍ਰਿਤਸਰ ਤੋਂ ਬੀ ਏ ਪਾਸ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰ ਵਿਹਾਰ ਰਾਹੀਂ ਐੱਮ ਏ ਪੰਜਾਬੀ ਕਰਕੇ ਹੋਮਿਉਪੈਥੀ ਦੀ ਪੜ੍ਹਾਈ ਲਈ ਉਹ ਕੇਰਲਾ ਚਲਾ ਗਿਆ ਜਿੱਥੋਂ ਉਸ ਨੇ ਦੋ ਸਾਲ ਮਾਵੇਲਿਲ ਹੋਮਿਉਪੈਥਿਕ ਸੈਂਟਰ ਚ ਪੜ੍ਹਾਈ ਕੀਤੀ ਜਿਸ ਦੇ ਆਧਾਰ ਤੇ ਉਹ ਚੁਗਾਵਾਂ ਵਿਖੇ ਔਲਖ ਹੋਮਿਉਪੈਥਿਕ ਕਲਿਨਿਕ ਚਲਾ ਕੇ ਇਲਾਕੇ ਨੂੰ ਸਿਹਤ ਸੇਵਾਵਾਂ ਦੇ ਰਿਹਾ ਹੈ।

ਜਤਿੰਦਰ ਔਲਖ ਨੇ ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ ਤੋਂ ਇਲਾਵਾ ਇਬਨ ਬਬੂਤਾ ਦੀਆਂ ਯਾਤਰਾਵਾਂ ਪੁਸਤਕਾਂ ਰਾਹੀਂ ਅਸਲੋਂ ਨਵੀਂ ਜਾਣਕਾਰੀ ਇਤਿਹਾਸ ਦੇ ਝਰੋਖੇ ਚੋਂ ਪੁਣ ਛਾਣ ਕੇ ਪੇਸ਼ ਕੀਤੀ ਹੈ। ਅੰਗਰੇਜ਼ੀ ਚ ਉਸ ਦੀ ਪੁਸਤਕ Majha in ancient ages ਬਹੁਤ ਸਲਾਹੀ ਗਈ ਹੈ। ਅੰਗਰੇਜ਼ੀ ਕਵਿਤਾਵਾਂ ਦੀ ਪੁਸਤਕ Fall can’t cease the spring ਛਪਾਈ ਅਧੀਨ ਹੈ। ਉਸ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਵੱਡੇ ਕਵੀ ਡਾ. ਮੋਹਨਜੀਤ ਦਾ ਕਥਨ ਹੈ ਕਿ ਜਤਿੰਦਰ ਔਲ਼ਖ ਕਵਿਤਾ ਹੀ ਨਹੀਂ ਲਿਖਦਾ, ਸੰਪਾਦਨ ਦੇ ਖ਼ੇਤਰ ਵਿਚ ਵੀ ਲੰਮੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ। ਉਹ ਮੇਘਲਾ ਰਸਾਲਾ ਕੱਢਦਾ ਹੈ ਅਤੇ ਇਸਦਾ ਮਿਆਰ ਵੀ ਬਣਾਇਆ ਹੈ। ਪਿਛਲੇ ਦਿਨੀਂ ਉਹਨੇ ਮੇਘਲਾ ਦਾ ਹਿੰਦੀ ਐਡੀਸ਼ਨ ਵੀ ਕੱਢਿਆ। ਉਹਨੇ ਪੰਜਾਬ ਦੀਆਂ ਭੁੱਲੀਆਂ ਵਿਸਰੀਆਂ ਥਾਵਾਂ ਨੂੰ ਲੋਕ ਚੇਤੇ ਵਿਚ ਨਵਿਆ ਕੇ ਵਿਰਸੇ ਦੀ ਸਾਂਭ ਸੰਭਾਲ ਵਲ ਹੰਭਲਾ ਮਾਰਨ ਦਾ ਯਤਨ ਕੀਤਾ ਹੈ। ਇਸ ਪ੍ਰਸੰਗ ਵਿਚ ਉਹਨੇ ਅੰਗਰੇਜ਼ੀ ਵਿਚ ਕਿਤਾਬ ਵੀ ਲਿਖੀ ਹੈ।ਉਹ ਘੁਮੱਕੜ ਬਿਰਤੀ ਵਾਲਾ ਵਿਅਕਤੀ ਹੈ। ਕਵਿਤਾ ਉਹਦਾ ਮੁੱਢਲਾ ਸਰੋਕਾਰ ਹੈ।ਦੋਹੇ ਵਾਂਗ ਬੈਂਤ ਦੇ ਨਿਭਾ ਵਿਚ ਵੀ ਜਤਿੰਦਰ ਸਫਲ ਹੈ। ਬਿਆਨ ਵਿਚ ਸੂਝ ਦਾ ਜਾਲ਼ ਹੈ। ਪੜ੍ਹਿਆਂ ਆਨੰਦ ਆਉਂਦਾ ਹੈ। ਸ਼ੁਰੂਆਤ ਹੀ ਆਕਰਸ਼ਣ ਵਾਲੀ ਹੈ।

ਜਤਿੰਦਰ ਔਲਖ ਦੀ ਕਵਿਤਾ ਦੀ ਵਡਿਆਈ ਪੰਜਾਬੀ ਦੇ ਕਲਾਸਕੀ ਛੰਦਾਂ ਦੀ ਵਰਤੋਂ ਕਰਨ ਵਿੱਚ ਹੈ। ਦੋਹਰਾ ਉਹਦਾ ਚਹੇਤਾ ਛੰਦ ਹੈ। ਜਤਿੰਦਰ ਔਲਖ ਦੇ ਦੋਹਰਿਆਂ ਦੀ ਨੁਹਾਰ ਫਲਸਫਾਨਾ ਹੈ। ਇਹ ਸਵੈ ਦੀ ਲੱਭਤ ਵਲ ਰੁਚਿਤ ਹਨ। ਬੁਣਤੀ ਵਿਚ ਪ੍ਰਕਿਰਤੀ ਦੀ ਸਮੱਗਰੀ ਦੀ ਵਰਤੋਂ ਹੈ। ਬਿਆਨ ਵਿੱਚ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਮਿਜ਼ਾਜ਼ ਸੂਫ਼ੀਆਨਾ ਹੈ। ਜਤਿੰਦਰ ਔਲਖ ਲੰਮਾ ਸਮਾਂ ਪੰਜਾਬੀ ਹਿੰਦੀ ਵਿੱਚ ਸਾਹਿੱਤਕ ਮੈਗਜ਼ੀਨ ਮੇਘਲਾ ਤੇ ਅੰਗਰੇਜ਼ੀ ਵਿੱਚ The creation times ਪ੍ਰਕਾਸ਼ਿਤ ਕਰਦਾ ਰਿਹਾ ਹੈ।