Punjabi Poetry : Jatinder Aulakh
ਪੰਜਾਬੀ ਕਵਿਤਾਵਾਂ : ਜਤਿੰਦਰ ਔਲਖ
1. ਦੋਹਰੇ:-
1- ਇਹ ਸ਼ਾਇਰੀ ਇਕ ਜ਼ਖ਼ਮ ਅਨੋਖਾ ਭਰ ਭਰ ਕੇ ਹੀ ਰਿਸਦਾ ਚੁੱਪ ਵਿਚ ਧੁਖਦਾ ਦਰਦ ਇਲਾਹੀ ਤੇ ਨਾ ਕੋਈ ਦਾਰੂ ਦਿਸਦਾ ਨਦੀ ਕਿਨਾਰੇ ਤੋੜ ਕੇ ਵਹਿੰਦੀ ਕੌਣ ਜ਼ਾਬਤਾ ਇਸਦਾ ਵਾਹ ਉਸਤਾਦ! ਤੇਰੀ ਕੀ ਮੰਨੀਏ ਇਸ ਨਗਰੀ ਮੁਖੀਆ ਕਿਸਦਾ? 2- ਭਰਮ ਅਸਾਡਾ ਜਾਂਦਾ ਨਾਹੀਂ ਮੁੜ ਮੁੜ ਹਰਕਤ ਕਰਦਾ ਤਿੱਤਰ ਖੰਭੀ ਉਡੇਂਦੀ ਬੱਦਲੀ ਮੀਂਹ ਪਹਾੜੀਂ ਵਰ੍ਹਦਾ ਨਿੱਕੀਆਂ ਨਿੱਕੀਆਂ ਪੈਣ ਲਕੀਰਾਂ ਫੁੱਲ ਸਰਵਰੀਂ ਤਰਦਾ ਕੀ ਆਸ਼ਿਕ ਦਾ ਜੀਣਾ ਮਰਨਾ ਜਦ ਵੇਖੋ ਦਿਲ ਭਰਦਾ 3- ਲੁਕ ਗਏ ਤਾਰੇ ਧੁੰਦ ਪਸਰ 'ਗੀ ਘੁੱਪ ਹਨੇਰੇ ਬਸਤੀ ਕਿਸਮਤ ਹੱਸਦੀ ਤੇ ਦਿਲ ਰੋਂਦੇ ਮੌਤ ਨਾ ਮਿਲਦੀ ਸਸਤੀ ਕਿੰਝ ਬਾਗਾਂ ਨਾਲ਼ ਵਲ਼ ਛਲ ਕਰਦੀ ਪੌਣ ਬਿਖੇਰੇ ਮਸਤੀ ਬਹਿਕ ਗਿਆ ਮੇਰਾ ਦਿਲ ਬੇਦਰਦੀ ਬਿਖਰ ਗਈ ਕਿੰਝ ਹਸਤੀ 4- ਨਾ ਅਸੀਂ ਰਹੇ ਮਿਜਾਜ਼ਾਂ ਵਾਲ਼ੇ ਤੇ ਨਾ ਅਸੀਂ ਰਹੇ ਹਕੀਕੀ ਲੈ 'ਗੀਆਂ ਸਦੀਆਂ ਨਾਲ਼ ਤਰੀਕਾਂ ਖੌਰੇ ਸਾਲ ਮਹੀਨੇ ਕੀ ਕੀ ਚੱਲ ਮਨ ਪਰਤ ਗਿਰਾਂ ਨੂੰ ਚੱਲੀਏ ਜੋ ਬੀਤੀ ਸੋ ਬੀਤੀ ਭਟਕਦਿਆਂ ਅਸੀਂ ਬਹੁਤ ਹੰਢਾਅ ਲਈ ਆਪਣੀ ਬੇਪਰਤੀਤੀ 5- ਬਹੁਤ ਤਿਹਾਈਆਂ ਰੂਹਾਂ ਫਿਰਦੀਆਂ ਇਸ ਜੰਗਲ ਇਸ ਬੇਲੇ ਸੱਜਣਾ ਬੇਪਰਤੀਤੀ ਕੀਤੀ ਅਸੀਂ ਤੁਰ ਪਏ ਉੱਠ ਕੁਵੇਲ਼ੇ ਇਸ਼ਕ ਨਾ ਹੱਟੀਏ ਮੁੱਲ ਵਿਕੇਂਦਾ ਨਾ ਪੈਸੇ ਨਾ ਧੇਲੇ ਜੱਗ ਨਾ ਕੂਕ ਸੁਣੇ ਰਮਜ਼ਾਨੀ ਤਨਹਾਈਆਂ ਦੇ ਮੇਲੇ 6- ਕੌਣ ਦਾਰੂ ਤੇ ਕੇਹੀ ਮਲ੍ਹਮ ਡਾਹਢੇ ਜ਼ਖਮ ਨੇ ਦਿਲ ਦੇ ਰੂਹ ਦੇ ਰੋਗੀ ਬੇਖ਼ੁਦ ਹੋ ਹੋ ਮੈਖ਼ਾਨੇ ਵਿਚ ਮਿਲ਼ਦੇ ਧੁਖਦੀ ਸ਼ਾਮ ਨਿਆਈਂ ਅੱਗ ਦੀ ਸਾੜੇ ਖੂਨ ਜਿਗਰ ਦੇ ਨਦੀ ਅਗਨ ਦੀ ਵਹਿ ਵਹਿ ਜਾਵੇ ਮਸਤਕ ਵਿਚ ਔਲ਼ਖ ਦੇ 7- ਮੁੜ ਮੁੜ ਅੱਖੀਆਂ ਖੋਲ੍ਹ ਖਲੋਂਦੇ ਤੇ ਹੋ ਜਾਂਦੇ ਬੇਸਬਰੇ ਚੁੱਪ ਦੀ ਆਦਤ ਕੁਝ ਏਦਾਂ ਦੀ ਅੰਦਰ ਮੱਚਦੇ ਝਗੜੇ ਜਿੱਧਰ ਨੂੰ ਦਿਲਜਾਨੀ ਤੁਰ ਗਏ ਅਸੀਂ ਤੁਰ ਪਏ ਮਗਰੇ ਮਗਰੇ ਏਹ ਰੁੱਤਾਂ ਦੇ ਗੀਤ ਪ੍ਰਾਹੁਣੇ ਖੌਰੇ ਕਦ ਉੱਠਗੇ ਬੇਖ਼ਬਰੇ 8- ਕੁਝ ਨਾ ਕਹਿ ਤੇ ਪਰ੍ਹੇ ਦੀ ਲੰਘ ਜਾ ਤੇਰੇ ਨਾਲ਼ ਰਿਹਾ ਨਾ ਮੋਹ ਵੇ ਮਸਾਂ ਨਿਮਾਣੀ ਦੇ ਸਾਹ ਚੱਲਦੇ ਇਹ ਵੀ ਲਵੀਂ ਨਾ ਖੋਹ ਵੇ ਖਿਲਰੇ ਵਾਲ਼ ਵਣਾਂ ਵਿਚ ਫਿਰਦੀ ਪੌਣ ਨਾ ਮਿਲ਼ਦੀ ਢੋਹ ਵੇ ਦਿਲ ਦਾ ਸਬਰ ਲੁਕੋ ਲੈਣਾ ਸੀ ਜੇ ਅੱਖ ਨਾ ਪੈਂਦੀ ਰੋ ਵੇ 9- ਸੁੱਤ ਉਨੀਂਦੀ ਨੀਂਦ 'ਚ ਸੁਪਨਾ ਸਾਨੂੰ ਦੱਸਿਆ ਪੀਰਾਂ ਹੁਣ ਪਈਆਂ ਤੇ ਹੁਣੇ ਨਾ ਦਿੱਸੀਆਂ ਪਾਣੀ ਉੱਤੇ ਲਕੀਰਾਂ ਠੰਡੇ ਹੌਕੇ ਲੈ ਲੈ ਟੁੱਟੀਆਂ ਅਸਮਾਨੋਂ ਤਕਦੀਰਾਂ ਛੱਡ ਵੇ ਜ਼ਾਲਿਮ ਪੁੱਛ ਨਾ ਸੁਪਨਾ ਏਹ ਹੋਰ ਤਰ੍ਹਾਂ ਦੀਆਂ ਪੀੜ੍ਹਾਂ 10- ਹਰ ਇਕ ਸ਼ਾਮ ਲਈ ਸੁੰਨਸਾਨੀ ਆਉਂਦੀ ਤੇ ਲੰਘ ਜਾਂਦੀ ਮੋਹ ਦੇ ਕਾਗ ਉਡਣ ਵਿਚ ਵਣ ਦੇ ਸਾਨੂੰ ਕੀ ਧੁੱਪ ਦੀ ਕੀ ਛਾਂ ਦੀ ਦੇਣ ਦਿਲਬਰੀ ਆਈਆਂ ਸਈਆਂ ਗੱਲ ਯਾਰਾ ਕਰਨ ਪਰ੍ਹਾਂ ਦੀ ਸੁੱਕੇ ਪੱਤ ਆਵਾਜਾਂ ਮਾਰਨ ਅਹੁ ਸ਼ੋਖ਼ ਹਵਾ ਰਾਹ ਜਾਂਦੀ 11- ਪਹੇ ਪਹੇ ਲੰਘ ਗਏ ਜੋਗੀ ਪਏ ਮੁੰਦਰਾਂ ਦੇ ਲਿਸ਼ਕਾਰੇ ਆਇਆ ਸੁਪਨਾ ਸਿਖਰ ਦੁਪਹਿਰੇ ਨੀਂਦ ਕਰ ਗਈ ਕਾਰੇ ਮੈਂ ਨੱਚਾਂ ਤੇ ਰੋਵਾਂ ਹੱਸਾਂ ਲੋਰ ਝੱਲੀ ਦੇ ਵਾਰੇ ਪੋਣੇ ਵਿਚ ਵਲੇਟ ਕੇ ਤੁਰ ਪਈ ਦੁੱਖ ਸਾਰੇ ਦੇ ਸਾਰੇ
ਨਜ਼ਮਾਂ
2. ਸਮੇਂ ਦੀ ਰੇਤ 'ਤੇ ਉਕਰਿਆ ਨਕਸ਼
ਨਹੀਂ! ਹੁਣ ਨਹੀਂ ਆਵਾਂਗਾ ਤੁਹਾਡੀ ਮਹਿਫ਼ਿਲ 'ਚ ਸ਼ੋਕ ਸਮਾਚਾਰ ਵਾਂਗ ਹੁਣ ਕਿਸੇ ਮੱਥੇ ਚ ਅਕੇਵੇਂ ਦੀ ਲਕੀਰ ਨਹੀਂ ਬਣਾਂਗਾ ਮੈਨੂੰ ਐਵੇਂ ਲਭਦੇ ਨਾ ਫਿਰਨਾ ਖੁਸ਼ਨੁਮਾ ਮਾਹੌਲ ਚ ਸਹਿਕਦੀ ਘੁਟਨ ਚੋਂ ਤੇ ਰਾਗਮਈ ਕਿਲਕਾਰੀਆਂ 'ਚ ਮਾਤਮੀ ਸੁਰਾਂ ਚੋਂ ਮੈਂ ਫਕੀਰ ਦੀ ਧੂਣੀ ਚੋਂ ਉੱਡ ਰਿਹਾ ਸੇਕ ਹਾਂ ਜਿਸ ਵਿਚ ਸਦੀਆਂ ਦੇ ਦੁੱਖਾਂ ਦੀ ਅਗਨ ਹੈ ਜੋ ਸੇਕ ਗਏ ਉਹ ਜੀਅ ਪਏ ਮੇਰਾ ਪਤਾ ਉਸ ਪੰਛੀ ਕੋਲ਼ ਹੈ ਜੋ ਅਕਸਰ ਕੋਹ-ਕੋਆਫ਼ ਦੇ ਪਹਾੜ 'ਤੇ ਬੈਠ ਹਵਾਵਾਂ ਨੂੰ ਰਾਹ ਦੱਸਦਾ ਹੈ ਮੇਰੇ ਤਕ ਪਹੁੰਚ ਲਈ ਤੁਹਾਨੂੰ ਕਰਨੇ ਪੈਣਗੇ ਅਤਿ ਖ਼ੂਬਸੂਰਤ ਤਸਵਰ ਜਿਵੇਂ ਝੀਲ ਦੇ ਸ਼ਾਂਤ ਤਲ 'ਚ ਲੰਘਦੇ ਚੰਨ ਦਾ ਅਕਸ ਜਾਂ ਸਿਆਲਾਂ ਦੀ ਗਹਿਰਾ ਰਹੀ ਸ਼ਾਮ ਤੇ ਉਡੀਕ ਦਾ ਪ੍ਰੇਮਗੀਤ ਅਤੇ ਕੁਝ ਹੋਰ ਤਸਵਰ ਕਰਨਾ ਜੋ ਤੁਹਾਡੀ ਸੋਚ ਅਤੇ ਕਲਪਨਾ ਤੋੰ ਪਰੇ ਹੋਵੇ ਜੋ ਤੁਹਾਨੂੰ ਆਪਣੀ ਸਮਰੱਥਾ ਦੀ ਸੀਮਾ ਤੋਂ ਪਾਰ ਲੈ ਜਾਵੇ ਮੈਂ ਉਥੇ ਮਿਲ ਹੀ ਪਵਾਂਗਾ ਸਮੇਂ ਦੀ ਰੇਤ 'ਤੇ ਉਕਰਦਾ ਆਪਣੇ ਨਕਸ਼
3. ਜ਼ਖਮੀ ਮੋਰ ਦਾ ਨਾਚ
ਗੜ੍ਹੇਮਾਰ ਮੀਂਹ ਅੰਦਰ ਨਿੱਕਲ ਆਇਆ ਹੈ ਜ਼ਖਮੀ ਮੋਰ ਸਰਾਪੀ ਹਸਰਤ ਦੀ ਜਾਗ ਹੈ ਬੂੰਦਾਂ ਵਿਚਲਾ ਤਾਲ ਘਟਾਵਾਂ ਦੀ ਸਿਆਹ ਮਸਤੀ ਕਰੁਣਾ ਦਾ ਪਿਘਲਿਆ ਵਜੂਦ ਨਾਚ ਤਾਂ ਹੈ ਵਜ਼ਦ ਦਾ ਸਾਧਨ ਰੀਝ ਜੋ ਕਰੁਣਾ 'ਚ ਬਦਲ ਗਈ ਲੋਰ ਜੋ ਕਰੁਣਾ ਦੀ ਉਪਜ ਹੋ ਗਈ ਨਾਚ ਤਾਂ ਹੈ ਜਰਾ ਬਦਲਿਆ ਰੂਪ ਜਿੰਦਾ ਹੋਣ ਦਾ ਜਾਬਤਾ ਪਾਲ਼ਦੇ ਮਸਨੂਈ ਖਦਸ਼ਿਆਂ 'ਚੋਂ ਨਿਕਲਣ ਦਾ ਨਿਹਫਲ਼ ਯਤਨ ਦੁਸ਼ਵਾਰ ਰਾਹਵਾਂ ਦੇ ਅਚਾਨਕ ਮੋੜ ਇਹਨਾਂ ਰਾਹਵਾਂ ਦੇ ਰਾਹਗੀਰ ਹੋਣ ਨੂੰ ਜੀਅ ਕਰੇ ਜਦੋਂ ਆਪਣੇ ਆਪ ਦਾ ਆਪਣੀਆਂ ਹੀ ਪਲਕਾਂ 'ਚੋਂ ਵਹਿ ਜਾਣ ਨੂੰ ਜੀਅ ਕਰੇ ਤਾਂ ਰਾਹਦਾਰੀ ਦੇਣ ਬਰਸਾਤ ਆਵੇਗੀ ਜਦੋਂ ਜ਼ਿੰਦਗੀ ਮੌਤ ਨੂੰ ਆਪਣੇ ਨਾਲ਼ ਇਕਮਿਕ ਹੋਣ ਲਈ ਪ੍ਰੇਰੇਗੀ ਤਾਂ ਉਮਾਹ ਦੀ ਗਲਵੱਕੜੀ ਬਣ ਉਮੜੇਗੀ ਬਰਸਾਤ
4. ਖ਼ਤ
ਮੇਰੀ ਦੋਸਤ! ਅੰਬਾਂ ਨੂੰ ਬੂਰ ਜਿਵੇਂ ਨਿਰਾਸ਼ੇ ਨੂੰ ਆਸ ਤੇ ਮੈਨੂੰ ਮਿਲਿਆ ਹੈ ਤੇਰਾ ਖ਼ਤ ਤੇਰੇ ਖ਼ਤ 'ਚ ਸੁਣੇ ਨੇ ਬੇਲੇ 'ਚ ਅਤਿ ਭਾਵੁਕ ਸਵਰ 'ਚ ਕੁਰਲਾਅ ਰਹੇ ਬੀਂਡੇ ਸਹਿਮੀ ਸਹਿਮੀ ਵਗ ਰਹੀ ਹਵਾ ਤੋਲ ਰਹੀ ਹੈ ਤੇਰੇ ਤੇ ਮੇਰੇ ਸੁਪਨੀਲੇ ਸਮੇਂ ਦੀ ਨਜ਼ਾਕਤ ਡਰ ਰਹੀ ਹੈ ਹਨੇਰੀ ਬਣ ਵਗਣੋਂ ਮੈਂ ਸਰਦ ਰੁਤ ਦੇ ਆਗਮਨ ਲਈ ਤਿਆਰ ਹਾਂ ਮੇਰੀ ਦੋਸਤ ਤੂੰ ਆਵੀਂ ਤੇ ਧੁੰਦ ਬਣਕੇ ਮੇਰੇ ਵਜੂਦ ਦੇ ਦੁਆਲ਼ੇ ਛਾ ਜਾਵੀਂ ਕਿ ਮੈਨੂੰ ਤੇਰੇ ਤੋਂ ਅੱਗੇ ਕੁਝ ਨਜ਼ਰ ਨਾ ਆਵੇ ਜੇ ਤੂੰ ਬਰਫ਼ੀਲੇ ਪਹਾੜਾਂ ਤੋਂ ਉੱਤਰੀ ਖਰੂਦੀ ਨਦੀ ਹੈਂ ਤਾਂ ਮੈਂ ਵੀ ਤਪਦਾ ਮਾਰੂਥਲ ਹਾਂ ਸੋਖ ਲਵਾਂਗਾ ਸਾਰੀ ਦੀ ਸਾਰੀ ਤੇ ਤੂੰ ਬੂੰਦ ਬੂੰਦ ਰਮ ਜਾਵੇਂ ਮੇਰੀ ਮੱਚਦੀ ਹਿਕ ਵਿੱਚ ਠਾਰ ਦੇਵੇਂ ਮੇਰਾ ਲੂੰ ਲੂੰ
5. ਖਰੂਦੀ ਜਸ਼ਨ
ਐ ਮਿਰਗਨੈਣੀ ਤੂੰ ਕਿਉਂ ਭਟਕਦੀ ਹੈਂ ਮੁਰਝਾਈਆਂ ਪੱਤੀਆਂ ਦੀ ਘਾਇਲ ਖੁਸ਼ਬੂ ਵਾਂਗ ਮੇਰੇ ਭਟਕਦੇ ਵਜੂਦ ਨੂੰ ਆ ਮਿਲ ਜਿਵੇਂ ਪਿਆਸ ਨੂੰ ਤ੍ਰਿਪਤੀ ਸ਼ਾਇਦ ਤੂੰ ਤੇ ਮੈਂ ਪਲ ਪਲ ਮਰਨ ਲਈ ਛੱਡ ਦਿਤੇ ਗਏ ਹਾਂ ਜੀਵਨ ਗ੍ਰਹਿ 'ਤੇ ਮਿਲੇ ਨਾ ਮਿਲੇ ਹਵਾਵਾਂ ਤੋਂ ਰਾਹਦਾਰੀ ਮੇਰੇ ਸਾਹਾਂ ਦੀ ਹਮਸਫਰ ਬਣ ਤੇਰੇ ਚਿਹਰੇ 'ਤੇ ਤੱਕਿਆ ਬੁੱਝ ਰਿਹਾ ਗੀਤ ਜੀਵਨ ਸਜਾ ਤੋਂ ਮੁਕਤ ਕਰ ਹੀ ਦੇਵੇਗਾ ਖਰੂਦੀ ਜਸ਼ਨ ਵਰਗਾ ਆਖਰੀ ਸਾਹ
6. ਰੇਤ ਦਾ ਪਹਾੜ
ਜੇ ਤੂੰ ਮੇਰੇ ਸਬਰ ਦਾ ਇਮਤਿਹਾਨ ਹੈਂ ਤਾਂ ਤੂੰ ਖੜ੍ਹੀ ਹੈਂ ਕਿਆਮਤ ਦੇ ਇੰਤਜ਼ਾਰ 'ਚ ਕੰਡੇ ਦੀ ਪੀੜ੍ਹ ਤਾਂ ਜਰ ਲਵਾਂ ਜੇ ਤੂੰ ਮੇਰੇ ਹਉਕੇ ਦਾ ਹਰਫ਼ ਪੜ੍ਹ ਲਵੇਂ ਉਹਨਾਂ ਦਿਨਾਂ 'ਚ ਪਰਤਣ ਦਾ ਕੋਈ ਲਾਭ ਨਹੀ ਜਦੋਂ ਮੈਂ ਤੇਰੇ ਲਈ ਚੰਨ ਤੋੜਨ ਗਿਆ ਸਾਂ ਤੇ ਤੂੰ ਮੇਰੀ ਉਡੀਕ ਬਣ ਗਈ ਸੈਂ ਮੈਂ ਦਾਅਵੇ ਨਾਲ਼ ਕਿਹਾ ਸੀ ਆਹ ਡੋਹਲ ਦੇ ਬੁੱਕ 'ਚ ਭਰਿਆ ਘੁੱਟ ਕੁ ਪਾਣੀ ਮੈਨੂੰ ਪਤਾ ਹੈ ਆਬਸ਼ਾਰੀ ਚਸ਼ਮਿਆਂ ਦਾ ਆ ਤੇਰੀ ਪਿਆਸ ਬੁਝਾਵਾਂ ਹੁਣ ਮੇਰੇ ਲੇਖਾਂ 'ਚ ਹਾਰ ਤੇ ਪਛਤਾਵਾ ਹੈ ਸੁਣਿਆ ਸਾਬਤ ਹੋ ਗਿਆ ਚੰਨ 'ਤੇ ਚਰਖਾ ਕੱਤਦੀ ਬੁੱਢੀ ਮਾਈ ਰੇਤ ਦਾ ਪਹਾੜ ਹੈ
7. ਪੌਣ
ਉਹ ਤਾਂ ਪੌਣ ਸੀ ਜੂਏ 'ਚ ਹਾਰੀ ਦਰੋਪਤੀ ਨਹੀ ਕਿ ਭਰੀ ਸਭਾ 'ਚ ਕਰ ਦਿੱਤੀ ਜਾਂਦੀ ਨਗਨ ਉਹ ਹਰਗਿਜ਼ ਉਤਾਵਲੀ ਨਹੀ ਸੀ ਮਹਿਕਾਂ ਤੋਂ ਪੱਲੂ ਛੁਡਾਉਣ ਲਈ ਸਿਰਫ ਦਰ ਹੀ ਖੁੱਲੇ ਰੱਖਣੇ ਸਨ ਹਾਕ ਦੀ ਲੋੜ੍ਹ ਨਹੀ ਸੀ ਕਈਆਂ ਨੂੰ ਰੰਜ਼ ਹੈ ਉਸ ਤੋਂ ਕਿ ਉਹ ਉਹਨਾਂ ਦੇ ਪਿੰਜਰੇ ਦੀ ਕਦਰਦਾਨ ਨਹੀ ਉਹ ਆਉਂਦੀ ਹੈ ਪਰ ਪਰ ਪਤਾ ਨਹੀ ਕਦੋਂ ਪਿੰਜਰੇ ਦੇ ਆਰ ਪਾਰ ਗੁਜ਼ਰ ਜਾਂਦੀ ਹੈ ਧੜਕਦੇ ਸੀਨਿਆਂ ਦੀ ਦਾਅਵਤ ਦਾ ਆਨੰਦ ਮਾਨਣ ਲਈ ਹਰ ਰੱਖ ਉਹਦੇ ਨਾਮ ਬੋਲਦੀ ਹਰ ਜੂਹ ਉਹਦੀ ਖੁਸ਼ਆਮਦੀਦ ਲਈ ਕਮਾਨ ਵਾਂਗ ਝੁਕੀ ਹੁੰਦੀ
8. ਚੇਤਰ ਦੀ ਸੰਗਰਾਂਦ
ਜਿਨਾਂ ਦੇ ਪੂਰਵਜਾਂ ਦੀਆਂ ਪੀੜ੍ਹੀਆਂ ਮੇਰੀ ਛਾਂ ਹੇਠ ਪਰਵਾਨ ਚੜੀਆਂ ਉਨਾ ਮਨਾਂ 'ਚੋਂ ਦੇ ਦਿੱਤਾ ਦੇਸ ਨਿਕਾਲ਼ਾ ਮੈਂ ਹਰ ਵਾਰ ਮੋਹ ਭਰੀ ਦਸਤਕ ਦਿੰਦਾ ਹਾਂ ਪਰ ਤੁਹਾਡੀਆਂ ਮੁਸਕਾਨਾਂ ਦੀ ਭੀਖ ਲਏ ਬਗੈਰ ਹੀ ਖਾਲੀ ਝੋਲ਼ੀ ਲਈ ਪਰਤ ਜਾਂਦਾ ਹਾਂ ਮੇਰੀਆਂ ਰੁੱਤਾਂ ਮੇਰੇ ਮੌਸਮਾਂ ਨੂੰ ਖੋਹ ਕੇ ਮੇਰੇ ਕੋਲ਼ੋਂ ਤੁਸਾਂ ਮੜ੍ਹ ਲਿਆ ਪਰਾਏ ਚੌਖਟਿਆਂ 'ਚ ਮੇਰੀ ਬਸੰਤ ਰੁਤ ਦੇ ਗੀਤ ਗੁਆਚ ਗਏ ਵੈਲੇਨਟਾਈਨ ਦੇ ਸ਼ੋਰ 'ਚ ਪਰ ਮੈਂ ਆਪਣੇ ਜੱਟ 'ਤੇ ਸੀਰੀ ਪੁੱਤਰਾਂ ਦੇ ਹਿਸਾਬਾਂ ਕਿਤਾਬਾਂ 'ਚ ਗਹਿਣੇ ਬੈਅ ਤੇ ਵਿਆਜ ਦੇ ਨਿਬੇੜਿਆਂ 'ਚ ਕਦੇ ਕਦੇ ਆ ਸ਼ਾਮਿਲ ਹੁੰਦਾ ਹਾਂ ਕਲ ਸ਼ਾਇਦ ਉੱਥੋਂ ਵੀ ਮੇਰਾ ਹਿਸਾਬ ਸਾਫ ਹੋ ਜਾਵੇ ਤੁਸੀਂ ਉਡੀਕਦੇ ਹੋ ਇਕ ਜਨਵਰੀ ਮੈਂ ਤੁਹਾਡਾ ਆਪਣਾ ਨਵਾਂ ਸਾਲ ਇਕ ਚੇਤਰ ਹਾਂ ਪਰ ਤੁਹਾਡੇ ਲਈ ਕਦੋਂ ਦਾ ਪੁਰਾਣਾ ਹੋ ਗਿਆਂ ਤੁਹਾਨੂੰ ਮੁਬਾਰਕ ਇੱਕਤੀ ਦਸੰਬਰ ਜਸ਼ਨਾ ਦੀ ਰਾਤ ਮੈਂ ਹੁਣ ਚਲਾ ਜਾਵਾਂਗਾ ਆਪਣਾ ਬਨਵਾਸ ਹੰਢਾਉਣ ਲਈ
ਬੈਂਤ ਛੰਦ
9. ਸ਼ਾਹਾਂ ਵਾਂਗ ਫ਼ਕੀਰੀਆਂ
ਸ਼ਾਹਾਂ ਵਾਂਗ ਫਕੀਰੀਆਂ ਸਾਡੀਆਂ ਨੇ, ਦਾਨਿਸ਼ਵਰੀ ਦੇ ਵਾਂਗ ਨੇ ਝੱਲ ਔਲਖ। ਏਥੇ ਜੱਗ ਦੇ ਉਲਝੇ ਪੇਚ ਰਹਿੰਦੇ, ਜਾਣੇ ਫੱਕਰ ਕੀ ਖੋਲ੍ਹਣ ਦੇ 'ਵੱਲ' ਔਲਖ। ਯਾਰੋ! ਕਰੋ ਮੁਬਾਰਕ ਰੰਗੀਨ ਸ਼ਾਮਾਂ, ਤੂੰ ਚੱਲ ਸੁੰਨਸਾਨੀਆਂ ਮੱਲ ਔਲਖ। ਮੇਰੀ ਤੇਹ ਨਾਲ ਕਰੇ ਚਲਾਕੀਆਂ ਨੀ, ਡੀਕ ਜਾਊ ਨਦੀਏ ਮਾਰੂਥਲ ਔਲਖ। ਤੰਗਦਿਲ ਸੰਸਾਰ ਤੋਂ ਮਨ ਭਰਿਆ, ਇੱਥੋਂ ਚੱਲ ਔਲਖ, ਇੱਥੋਂ ਚੱਲ ਔਲਖ।
10. ਪੈਰੀਂ ਧੁਖਦੇ ਪੰਧ
ਪੈਰੀਂ ਧੁੱਖਦੇ ਪੰਧ ਮੁਸਾਫਿਰਾਂ ਦੇ ਜਾਣਾ ਅਸਾਂ ਪਰਦੇਸੀਆਂ ਦੂਰ ਜਾਣਾ ਕਦੋਂ ਅਪਣੇ ਹੁੰਦੇ ਬਿਗਾਨਿਆ ਦੇ ਜਿਹਨਾਂ ਲੰਘ ਕੇ ਬੇੜੀ ਦੇ ਪੂਰ ਜਾਣਾ ਤੂੰ ਤੇ ਹਾਸਿਆਂ ਦਾ ਮੁੱਲ ਭਰਨ ਆਇਆਂ ਸੀਨੇ ਸਾਂਭੇ ਜੋ ਮੈਂ ਹੀ ਨਾਸੂਰ ਜਾਣਾ ਹਾਰੀ ਹੋਈ ਮੁਹਿੰਮ ਦਿਆ ਪਰਚਮਾ ਵੇ ਲੀਰੋ ਲੀਰ ਹੋਣਾ ਚੂਰੋ ਚੂਰ ਜਾਣਾ ਓੜ ਲਈ ਹਨੇਰੇ ਨੇ ਜਦੋਂ ਚਾਦਰ ਕਿਸੇ ਸ਼ਾਮ ਦੀ ਅੱਖ ਦਾ ਨੂਰ ਜਾਣਾ ਏਥੇ ਖੇਡ ਨਹੀਂ ਔਲ਼ਖਾ ਲੁਕਣਮੀਟੀ ਸੱਦਾ ਆਇਆ ਤੇ ਬਸ ਜਰੂਰ ਜਾਣਾ
11. ਦੁੱਖਾਂ ਦੀ ਰੜਕ
ਤੇਰੇ ਦੁੱਖਾਂ ਦੀ ਕਮਲੀਏ ਰੜਕ ਸਾਰੀ, ਖ਼ਤਾਂ ਸਣੇ ਦਰਿਆ ਵਿੱਚ ਰੋੜ੍ਹ ਆਏ। ਯਾਰ ਸਾਹਵਾਂ ਜਿਹੇ ਛੱਡ ਕੇ ਤੁਰੇ ਜਾਂਦੇ, ਖੁਸ਼ਕ ਜਿੰਦਗੀ ਦੇ ਐਸੇ ਮੋੜ ਆਏ। ਸਾਹ ਲੈ ਨੀ ਮਹਿਕ ਗੁਲਾਬ ਵਰਗੇ, ਭੌਰੇ ਬਨਾਂ ਦੇ ਅਸੀਂ ਚਿੱਤਚੋਰ ਆਏ। ਅਸੀਂ ਪਹਿਲਾਂ ਹੀ ਪੀੜ ਦੇ ਭਰੇ ਹੋਏ, ਨਵੇਂ ਜ਼ਖਮ ਦੇਣ ਕੁਝ ਹੋਰ ਆਏ। ਝੂਠਾ ਰੱਬ ਤੇਰਾ ਝੂਠਾ ਤੂੰ ਕਾਜੀ, ਸੱਚੀ ਆਸ਼ਕਾਂ ਇਸ਼ਕ ਦੀ ਲੋਰ ਆਏ। ਲੀਕ ਮੱਥੇ ਦੀ ਕਰੀ ਤਕਰਾਰ ਜਾਂਦੀ, ਕਾਹਤੋਂ ਰੱਬ ਲਿਖੇ ਕੋਰੇ ਭਾਗ ਤੇਰੇ। ਮਸਾਣਾਂ ਦੀ ਝਾੜੀ ਦਿਆ ਬੀਂਡਿਆ ਵੇ, ਮੇਲੇ ਵਿੱਚ ਸੁਣਦਾ ਕੌਣ ਰਾਗ ਤੇਰੇ। ਮਾਲੀ ਆਪਣੀ ਲੋਰ ਦਾ ਲੱਗਦਾਂ ਏਂ, ਬਹਾਰਾਂ ਵਿੱਚ ਸੁੱਕੇ ਤਾਂਹੀਂ ਬਾਗ ਤੇਰੇ। ਨੀ ਮੈਂ ਲੋਰ ਹਾਂ ਬੇਪਰਵਾਹ ਜੇਹੀ, ਜਾਂ ਮੈਂ ਚੰਨ ਦੇ ਸੀਨੇ ਦਾ ਦਾਗ ਹਾਂ ਨੀ। ਤੇਰੀ ਜ਼ੁਲਫ ਦੀ ਘਟਾ ਦੇ ਰੰਗ ਵਰਗਾ, ਗਹਿਰੀ ਧੁੰਦ ਵਿੱਚ ਲਿਪਟਿਆ ਮਾਘ ਹਾਂ ਨੀ। ਮਰਦਾ ਜਾ ਰਿਹਾਂ ਆਪਣੀ ਜ਼ਹਿਰ ਪੀ ਕੇ, ਸੀਨੇ ਆਪਣੇ ਹੀ ਪਲਦਾ ਨਾਗ ਹਾਂ ਨੀ। ਤੇਰੇ ਨੈਣਾਂ ਵਿੱਚ ਤੈਰਾਂਗਾ ਉਮਰ ਸਾਰੀ, ਤੇਰੇ ਮੱਥੇ ਵਿੱਚ ਉਕਰਿਆ ਖਾਬ ਹਾਂ ਨੀ। ਭਰਿਆ ਪਿਆ ਜੋ ਬੇਤਰਤੀਬੀਆਂ ਦਾ, ਕਪਟੀ ਔਲ਼ਖ ਵਾਂਗੂੰ ਸੁਪਨਸਾਜ ਹਾਂ ਨੀ।
12. ਦੋਹੇ
1 ਐ ਜ਼ਿੰਦਗੀ ਸਭ ਟੁੱਟ ਗਏ ਦਾਅਵੇ ਤਿੜਕ ਗਏ ਸਭ ਮਾਣ, ਮਾਫ ਕਰੀਂ ਬਸ ਸਮਝ ਲਈਂ ‘ਔਲਖ’ਇੰਝ ਦਾ ਸੀ ਇਨਸਾਨ। 2 ਇਕ ਦਿਨ ਜੱਗ ਦੀ ਰੌਣਕ ਕੋਲੋਂ ਮੈਂ ਲੰਘਿਆ ਦਰਦ ਲੁਕਾਅ, ਉਸ ਦਿਨ ਤੋਂ ਬੜੇ ਮੋਹ ਨਾਲ਼ ਮਿਲਦੀ ਸ਼ਾਮ ਮੈਨੂੰ ਤਨਹਾਅ। 3 ਪਰਤ ਔਲਖ ਮੁੜ ਜਾ ਘਰੇ, ਲਾਹ ਕੇ ਰੱਖ ਰਕਾਬ। ਕਈ ਤੇਰੇ ਜਿਹੇ ਪੀ ਗਈ, ਸ਼ਾਇਰੀ ਅਤੇ ਸ਼ਰਾਬ। 4 ਇਹ ਰੁੱਤ ਜੇਕਰ ਦਗਾ ਨਾ ਕਰਦੀ, ਨਾਲ਼ ਹਵਾ ਦੇ ਤੁਰਦੇ, ਪਰ ਸਾਡਾ ਸੀ ਕੀ ਭਰਵਾਸਾ ਮੁੜਦੇ ਜਾਂ ਨਾ ਮੁੜਦੇ। 5 ਕੁਝ ਸਾਹ ਮੇਰੇ ਰੌਣਕ ਲੈ ਗਈ, ਕੁਝ ਸਾਹ ਲੈ ਗਏ ਗੀਤ, ਇਸ ਬੇਨਾਮੀ ਰੁੱਤ ਨੇ, ਜਾਣਾ ਹੌਲ਼ੀ-ਹੌਲ਼ੀ ਬੀਤ। 6 ਪੱਤਣੋ ਤੁਰ 'ਗੀਆਂ ਬੇੜੀਆਂ ਜਾਣਾ ਦਰਿਆ ਪਾਰ, ਦੋਸ਼ ਮਲਾਹਾਂ ਕੀ ਭਲਾ ਜੇ ਡੋਬੇ ਮੰਝਧਾਰ। 7 ਸੁਪਨੇ ਵੇਚਣ ਤੁਰ ਪਏ, ਰਾਤਾਂ ਦੇ ਵਣਜਾਰੇ। 'ਨੇਰੇ ਦੇ ਸੰਗ ਜੁਗਨੂੰ ਵਹਿ ਗਏ, ਨਦੀਆਂ ਸੰਗ ਕਿਨਾਰੇ। 8 ਸੈਅ ਰੰਗ ਉੱਡਦੇ ਦੂਰ ਖਿਆਲੀਂ, 'ਵਾਜਾਂ ਮਾਰੇ ਗੁਲਸ਼ਨ, ਆ ਫੁੱਲਾਂ ਦੇ ਹਾਰ ਪਿਰੋਅ ਲੈ ਬੀਤ ਨਾ ਜਾਵੇ ਮੌਸਮ। 9 ਸੁਪਨੇ ਵਿਚ ਹਸੀਨ ਉਹ ਫੇਰ ਗਈ ਅੱਜ ਆ, ਨੀਂਦਰ ਦੇ ਵਿਚ ਤੁਰ ਪਿਆ ਪਤਾ ਨਹੀਂ ਕਿਹੜੇ ਰਾਹ। 10 ਇਸ ਪਰਬਤ ਲਈ ਕਦ ਤਕ ਰਖਦੀ ਸੌ ਉਹਲੇ ਵਿੱਚ ਤਾਂਘ, ਤੂੰ ਤੇ ਨਦੀ ਸੈਂ ਡਿਗ ਜਾਣਾ ਸੀ ਅੱਖ 'ਚੋਂ ਅੱਥਰੂ ਵਾਂਗ।