Ik Japani Naika Di Jiwan Katha : Prof. Puran Singh

ਇਕ ਜਾਪਾਨੀ ਨਾਇਕਾ ਦੀ ਜੀਵਨ ਕਥਾ : ਪ੍ਰੋਫੈਸਰ ਪੂਰਨ ਸਿੰਘ

(ਮੈਂ ਇਹ ਕਹਾਣੀ ਲੈਫ਼ਕੈਡੀਓ ਹੈਰਨ ਦੇ ਲੇਖਾਂ ਵਿੱਚੋਂ ਸੰਕਲਿਤ ਕੀਤੀ ਹੈ-ਪੂਰਣ ਸਿੰਘ)

ਹਰ ਇਕ ਦੇਸ਼ ਵਿੱਚ ਆਪਣੇ ਆਪਣੇ ਤਰਜ਼ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਹੁੰਦੀਆਂ ਹਨ ਸਭ ਇਸ ਤਰਾਂ ਦੀਆਂ ਚੀਜ਼ਾਂ ਜੜਾਂ ਵਾਲੀਆਂ ਹੁੰਦੀਆਂ ਹਨ ਤੇ ਅਸੀ ਉਨਾਂ ਦਾ ਉੱਪਰ ਦਾ ਫੈਲਾਓ ਵੇਖ ਕੇ ਮੰਦਾ ਚੰਗਾ ਨਹੀਂ ਕਹਿ ਸੱਕਦੇ।ਜਿਹੜੀਆਂ ਅਸੀ ਸਦੀਆਂ ਤਕ ਚੰਗਿਆਈਆਂ ਮੰਨਦੇ ਆਏ ਹਾਂ, ਮੁਮਕਿਨ ਹੋ ਸੱਕਦਾ ਹੈ, ਕਿ ਉਹਦੀਆਂ ਡੂੰਘੀਆਂ ਜੜ੍ਹਾਂ ਬੁਰਿਆਈਆਂ ਵਾਲੀਆਂ ਹੋਣ ਤੇ ਜਿਨ੍ਹਾਂ ਨੂੰ ਅਸੀ ਸਤਹ ਤੇ ਬੁਰਾ ਕਹਿੰਦੇ ਹਾਂ, ਉਹ ਅੰਦਰੋਂ ਜੜਾਂ ਵਿੱਚ ਚੰਗਿਆਈਆਂ ਹੋਣ। ਜੀਵਨ ਇਕ ਅਸਗਾਹ ਖੇਡ ਹੈ। ਪਤਾ ਨਹੀਂ ਕੌਣ ਕਿਸ ਤਰਾਂ ਆਪਣੇ ਅਸਲੇ ਨੂੰ ਅੱਪੜਦਾ ਹੈ? ਗੁਲਾਮ ਰੱਖਣ ਦਾ ਰਵਾਜ ਜੜਾਂ ਵਿੱਚ ਕਿੰਨਾ ਅਦੈਵੀ ਸੀ, ਪਰ ਸਤਹ ਉੱਪਰ ਗੁਲਾਮਾਂ ਦੇ ਓਹ ਓਹ ਗੁਣ ਵੇਖੇ, ਕਿ ਆਦਮੀ ਕਹਿੰਦਾ ਹੈ, ਗੁਲਾਮੀ ਰਹਿੰਦੀ ਹੈ ਤਾਂ ਅਛਾ ਸੀ। ਮਰਜੀਨਾ ਅਲੀ ਬਾਬਾ ਦੀ ਗੁਲਾਮ ਕਿਸ ਤਰਾਂ ਮਾਲਕ ਦੀ ਵਫਾਦਾਰੀ ਦੇ ਗੁਣ ਨੂੰ ਸਾਰੇ ਮਨੁੱਖ ਇਤਿਹਾਸ ਵਿੱਚ ਮੂਰਤੀ ਮਾਨ ਕਰਦੀ ਹੈ। ਜਦ ਆਦਮੀ ਕੁਛ ਨਾ ਕਰ ਸਕੇ, ਮਨ ਦੀ ਤਾਕਤ ਲਾਣ ਦੀ ਥਾਂ ਨਾ ਹੋਵੇ, ਪਿਆਰਿਆਂ ਨੂੰ ਪਾਲਣਾ ਹੈ, ਨਿਰਾ ਮੌਕਾ ਟੁੱਕੜ ਦੇਣਾ ਹੈ, ਓਹ ਵੀ ਨਹੀ ਮਿਲਦਾ, ਤਦ ਮੈਂ ਆਪ ਕਈ ਵੇਰੀ ਤੀਬ੍ਰ ਇੱਛਾ ਕੀਤੀ ਹੈ, ਕਿ ਕਾਸ਼ ਗੁਲਾਮੀ ਹੁੰਦੀ ਤੇ ਮੈਂ ਆਪਣੇ ਆਪ ਨੂੰ ਵੇਚ ਕੇ ਪਿਆਰਿਆਂ ਦੀ ਸੇਵਾ ਕਰ ਸੱਕਦਾ, ਸ਼ਰੀਰ ਦੇ ਮਾਸ ਦਾ ਮੁੱਲ ਤਾਂ ਪੈਂਦਾ ਜੇ ਮਨ ਦੇ ਗੁਣਾਂ ਦਾ ਗਾਹਕ ਕੋਈ ਨਾ ਨਿਕਲਿਆ ॥

ਪੁਰਾਣੇ ਜ਼ਮਾਨਿਆਂ ਵਿੱਚ ਜਾਪਾਨ ਦੀਆਂ ਨਾਇਕਾਂ ਨੱਚਣ ਵਾਲੀਆਂ ਬਾਲੀਆਂ ਅਜ ਕਲ ਦੀ ਗੈਸ਼ਾ ਵਾਂਗ ਨਹੀਂ ਸਨ, ਉਨ੍ਹਾਂ ਦੇ ਦਿਲ ਪੱਥਰ ਨਹੀਂ ਸਨ, ਓਹ ਬੜੀਆਂ ਸੋਹਣੀਆਂ ਹੁੰਦੀਆਂ ਸਨ ਤੇ ਉਨਾਂ ਦੇ ਹੱਥ ਵਿੱਚ ਸੋਨੇ ਦੇ ਪਿਆਲੇ ਹੁੰਦੇ ਸਨ ਤੇ ਉਨ੍ਹਾਂ ਦਾ ਪਹਿਰਾਵਾ ਰੇਸ਼ਮ ਗੋਟੇ ਕਨਾਰੀ ਵਾਲਾ ਸੀ ਤੇ ਬਾਦਸ਼ਾਹ ਤੇ ਸ਼ਾਹਜ਼ਾਦਿਆਂ ਦੇ ਮਹਿਲਾਂ ਵਿੱਚ ਓਹ ਤਲਵਾਰ ਨੰਗੀ ਦਾ ਨਾਚ ਕਰਦੀਆਂ ਸਨ, ਤੇ ਉਨ੍ਹਾਂ ਦੀ ਆਵਾਜ਼ ਖਾਸ ਸਾਧਨਾਂ ਨਾਲ ਸ਼ਰਾਬ ਦੀ ਸੁਰਾਹੀ ਦੇ ਕੁਲ ਕੁਲ ਵਾਂਗ ਮਿੱਠੀ ਤੇ ਬਾਰੀਕ ਤੇ ਭਰਵੀਂ ਕੀਤੀ ਜਾਂਦੀ ਸੀ। ਕਹਿੰਦੇ ਹਨ, ਸਿਆਲੇ ਦੀ ਠੰਢ ਵਿੱਚ ਧੁਰ ਛੱਤ ਨਿੱਕੀਆਂ ਨਿੱਕੀਆਂ ੧੨, ੧੩ ਸਾਲਾਂ ਦੀ ਕੁੜੀਆਂ ਨੂੰ ਸਵੇਰ ਸਾਰ ਗਾਣਾ ਸਿਖਾਇਆ ਜਾਂਦਾ ਸੀ, ਗਾ ਗਾ ਕੇ ਉਨਾਂ ਦੇ ਹੱਥਾਂ ਪੈਰਾਂ ਵਿੱਚੋਂ ਸਰਦੀ ਨਾਲ ਲਹੁ ਫੁੱਟ ਪੈਂਦਾ ਸੀ ਤੇ ਗਲਾ ਬੰਦ ਹੋ ਜਾਂਦਾ ਸੀ, ਤੇ ਇਉਂ ਕਈ ਚਿਰ ਗਲਾ ਬੰਦ ਰਹਿ ਰਹਿ ਕੇ ਬਹਿ ਬਹਿ ਕੇ ਤਾਕਤ ਪਕੜਦਾ ਸੀ, ਤੇ ਇਹੋ ਜਿਹੀ ਇਕ ਨਾਇਕਾ ਦੀ, ਜੀਵਨ ਕਥਾ ਜਾਪਾਨ ਦੇ ਸਾਹਿਤ ਵਿੱਚ ਆਉਂਦੀ ਹੈ॥

ਹਾਲੇ ਰੇਲਾਂ ਤਾਰਾਂ ਨਹੀਂ ਸਨ, ਤੇ ਜਾਪਾਨ ਦੇ ਨਵੇਂ ਤੇ ਜਵਾਨ ਚਿਤ੍ਰਕਾਰਾਂ ਦੀ, ਰਸਿਕ ਕਿਰਤ, ਆਰਟ ਦੇ ਸਾਧਨ ਤੇ ਅਭਯਾਸ ਦਾ ਇਕ ਅੰਗ ਹੁੰਦਾ ਸੀ, ਕਿ ਓਹ ਪੈਦਲ ਸਾਰੇ ਦੇਸ਼ ਦਾ ਰਟਨ ਕਰਨ। ਪਰਬਤ ਵੇਖਣ, ਦਰਿਯਾ ਵੇਖਣ, ਮੰਦਰਾਂ ਦੀ ਯਾਤ੍ਰਾ ਕਰਨ ਤੇ ਆਪਣੀ ਸੁਰਤਿ ਨੂੰ ਇਉਂ ਸੋਹਣੀਆਂ ਛਬੀਆਂ ਨਾਲ ਭਰਨ। ਇਉਂ ਬੜਾ ਚਿਰ ਹੋਯਾ ਹੈ, ਕਿ ਇਕ ਜਵਾਨ ਆਰਟਿਸਟ ਕਊਟੋ ਸ਼ਹਿਰ ਥੀਂ ਯਿਦੋ ਯਾ ਟੋਕਯੋ ਵਲ ਯਾਤ੍ਰਾ ਨੂੰ ਚੱਲਿਆ, ਤੇ ਜਾਪਾਨ ਦੀ ਧਰਤੀ ਨਿੱਕੇ ਨਿੱਕੇ ਪਹਾੜਾਂ ਦੀਆਂ ਚੋਟੀਆਂ ਨਾਲ ਭਰੀ ਪਈ ਹੈ ਤੇ ਚੋਟੀਆਂ ਦੇ ਪਾਸਿਆਂ ਤੇ ਬਾਂਸ ਚੀਲਾਂ ਦੇ ਬ੍ਰਿੱਛ ਝੁਰਮਟ ਪਾ ਰਹੇ ਹਨ, ਤੇ ਝੋਨੇ ਦੇ ਲਹਿਰਾਂਦੇ ਖੇਤ ਇਕ ਉੱਪਰ ਦੂਜਾ, ਉੱਚੇ ਨੀਵੇਂ ਥੜਿਆਂ ਵਾਂਗ ਲਹਿਰਾ ਰਹੇ ਹਨ ਤੇ ਵਿੱਚ ਵੱਡੀਆਂ ਵੱਡੀਆਂ ਪੀਲੀਆਂ ਟੋਕਰੀਆਂ ਜਿਹੀਆਂ ਸਿਰ ਤੇ ਰਖੀਆਂ ਜਾਪਾਨ ਦੇ ਕ੍ਰਿਸਾਨ ਜਮੀਨ ਦੇ ਗੰਦ ਮੰਦ ਚਿੱਕੜ ਵਿੱਚ ਖੜੇ ਫਸਲਾਂ ਨੂੰ ਖਸਮਾ ਰਹੇ ਹਨ। ਪਰਬਤਾਂ ਦੇ ਸਿਰ ਉੱਪਰ ਯਾ ਕੁੱਖਾਂ ਵਿੱਚ ਘਾਹ ਦੇ ਛੱਤਾਂ ਵਾਲੇ ਕ੍ਰਿਸਾਨਾਂ ਦੇ ਘਰ ਤੇ ਗਰਾਂ ਵੱਸ ਰਹੇ ਹਨ। ਸੋਹਣੀਆਂ ਥਾਵਾਂ ਤੇ ਏਕਾਂਤਾਂ ਵਿੱਚ ਮੰਦਰ ਬਣੇ ਹਨ। ਹਰ ਥਾਂ ਬੁੱਧ ਦੇ ਬੁੱਤ ਮੰਦ ਮੰਦ ਹੱਸ ਰਹੇ ਹਨ ਤੇ ਅਸੀਸਾਂ ਦੇ ਰਹੇ ਹਨ, ਤਾਂ ਵੀ ਜਦ ਸਾਡਾ ਨਵਾਂ ਗੱਭਰੂ ਚਿਤ੍ਰਕਾਰ ਯਾਤ੍ਰੇ ਚੜ੍ਹਿਆ ਤੇ ਹੁਣ ਵੀ ਉਸੀ ਤਰਾਂ ਮੁਲਕ ਦੀ ਕਾਂਯਾ ਤੇ ਨਕਸ਼ਾ ਤੇ ਰੰਗ ਓਹੋ ਹੀ ਹੈ। ਇਹ ਨੌਜਵਾਨ ਸੁਖ ਦਾ ਗੋਲਾ ਨਹੀਂ ਸੀ, ਇਸਨੇ ਸ਼ਰੀਰ ਨੂੰ ਕਮਾਇਆ ਹੋਇਆ ਸੀ ਤੇ ਦੁਖ ਸਹਾਰਣ ਦਾ ਆਦੀ ਸੀ, ਪਰ ਭਾਵੇਂ ਓਹ ਬੜਾ ਚਾਲੜ ਸੀ, ਭਾਵੇਂ ਬੜੀ ਤਤਿਖਯਾ ਵਾਲਾ ਯਾਤਰੂ ਸੀ, ਫਿਰ ਵੀ ਕਦੀ ਕਦਾਂਈ ਕੋਈ ਅੱਗੇ ਨਾ ਡਿੱਠੀ, ਓੜਕ ਇਹੋ ਜਿਹੇ ਸਫਰਾਂ ਵਿੱਚ ਆਣ ਬਣਦੀ ਹੈ। ਸੂਰਜ ਡੁੱਬ ਗਿਆ ਹੈ ਤੇ ਸਾਡਾ ਨੌਜਵਾਨ ਇਕ ਪਹਾੜੀ ਦੀ ਚੋਟੀ ਉੱਪਰ ਆਪਣਾ ਰਾਹ ਤੱਕ ਰਿਹਾ ਹੈ, ਪੈਂਡਾ ਘਟ ਕਰਨ ਲਈ ਓਹ ਹਿਠਾਂਹ ਵਾਦੀ ਵਿੱਚ ਜਾ ਕੇ ਦੂਜੀ ਚੋਟੀ ਉੱਪਰ ਚੜ੍ਹਦਾ ਹੈ ਤੇ ਹਨੇਰਾ ਪੈ ਚੁੱਕਾ ਹੈ ਤੇ ਜੰਗਲ ਵਿੱਚ ਉਸ ਨੂੰ ਰਾਹ ਭੁੱਲ ਗਿਆ ਹੈ।ਜਾਂਦਿਆਂ ਜਾਂਦਿਆਂ ਰਾਤ ਵੇਲੇ ਇਕ ਨਦੀ ਮਿਲੀ ਪਰ ਓਹ ਇੰਨੀ ਤੇਜ਼ ਸੀ ਕਿ ਉਸਦੇ ਪਾਰ, ਜਾ ਨਹੀਂ ਸੀ ਸਕਦਾ । ਮੁੜ ਬਿਨਾ ਕਿਸੀ ਰਾਹ ਦੇ ਬੂਟੇ ਬੂਟੀਆਂ ਦੀਆਂ ਜੜ੍ਹਾਂ ਪੱਤੇ ਫੜਦਾ ਇਕ ਪਹਾੜ ਦੀ ਚੋਟੀ ਤੇ ਚੜ੍ਹਿਆ, ਸ਼ਾਇਦ ਕੋਈ ਦੀਵਾ ਦਿੱਸੇ, ਕੋਈ ਸੇਧ ਲੱਭੇ, ਚੰਨ ਸੀ ਨਹੀਂ ਤੇ ਚੀਲਾਂ ਦੇ ਬ੍ਰਿਛਾਂ ਨੇ ਹੋਰ ਵੀ ਹਨੇਰਾ ਕਾਲਾ ਕਰ ਦਿੱਤਾ ਸੀ। ਹਾਰ ਕੇ ਬ੍ਰਿਛ ਦੇ ਹੇਠ ਰਾਤ ਗੁਜਾਰਨ ਦੀ ਕੀਤੀ, ਬੈਠਾ ਹੀ ਸੀ, ਕਿ ਦੂਰ ਇਕ ਮੱਧਮ ਜਿਹੀ ਪੀਲੀ ਜਿਹੀ ਰੋਸ਼ਨੀ ਦਿਸੀ । ਸਮਝਿਆ ਸ਼ਾਇਦ ਕਿਸੀ ਕ੍ਰਿਸਾਨ ਦਾ ਘਰ ਹੈ ਤੇ ਉਥੇ ਦੀਵਾ ਬਲ ਰਿਹਾ ਹੈ, ਹਿੰਮਤ ਕਰਕੇ ਓਸਦੀ, ਸੇਧ ਤੇ ਗਿਆ । ਅੱਧੀ ਰਾਤ ਦੇ ਨੇੜੇ ਸਮਾ ਅੱਪੜ ਪਿਆ ਹੋਇਆ ਸੀ, ਕਿ ਓਹ ਉਸ ਕੱਖਾਂ ਦੀ ਝੁਗੀ ਦੇ ਦਰਵਾਜੇ ਤੇ ਪਹੁਤਾ, ਵੱਡੇ ਦਰਵਾਜੇ ਜਿਹੜੇ ਪਹਾੜ ਦੀ ਚੋਟੀ ਤੇ ਤੇਜ ਤੁਫਾਨੀ ਹਵਾਵਾਂ ਨੂੰ ਰੋਕਣ ਲਈ ਹੁੰਦੇ ਹਨ, ਬੰਦ ਸਨ, ਤੇ ਝੀਤਾਂ ਵਿੱਚੋਂ ਅੰਦਰੋਂ ਬਲਦੇ ਦੀਵੇ ਦੀ ਪੀਲੀ ਰੋਸ਼ਨੀ ਝਰ ਰਹੀ ਸੀ, ਬੂਹਾ ਕਈ ਵੇਰੀ ਖੜਕਾਇਆ, ਅੰਦਰੋਂ ਕੋਈ ਸੁਰ ਸਰ ਨਹੀਂ ਆਈ। ਕਈ ਵੇਰੀ ਮੁੜ ਜ਼ੋਰ ਨਾਲ ਖੜਕਾਣ ਤੇ ਅੰਦਰੋਂ ਇਕ ਕੋਮਲ ਸੁਰ ਦੀ ਤੀਵੀਂ ਦੀ ਆਵਾਜ ਆਈ, ਜਿਹੜੀ ਪੁੱਛਦੀ ਹੈ ਕਿ ਖੜਕਾਣ ਵਾਲੇ ਨੂੰ ਕੀ ਲੋੜ ਹੈ ? ਨੌਜਵਾਨ ਚਿਤ੍ਰਕਾਰ ਬਝਕ ਰਹਿ ਗਿਆ, ਆਵਾਜ਼ ਬੜੀ ਮਧੁਰ ਸੀ,ਇੰਨੀ ਮਧੁਰ ਬਿਨਾ ਸਿਖਾਏ ਦੇ ਹੋ ਨਹੀਂ ਸਕਦੀ, ਤੇ ਬੋਲੀ ਭੀ ਪੇਂਡੂ ਨਹੀਂ ਸੀ, ਨਿਹਾਇਤ ਸ਼ੁਸਤਾ ਦਾਰੁਲਖਲਾਫੇ ਦੀ ਰਈਸੀ ਬੋਲੀ ਸੀ। ''ਮੈਂ ਹਾਂ ਇਕ ਵਿਦਯਾਰਥੀ ਪਰਬਤਾਂ ਵਿੱਚ ਰਸਤਾ ਭੁੱਲ ਬੈਠਾ ਹਾਂ ਤੇ ਜੇ ਹੋ ਸਕੇ ਤਦ ਰਾਤ ਦਾ ਬਸੇਰਾ ਤੇ ਭਿੱਛਾ ਮੰਗਦਾ ਹਾਂ, ਤੇ ਜੇ ਨਾ ਮਿਲ ਸਕੇ ਤੇ ਕਿਸੀ ਨਜ਼ਦੀਕ ਪਿੰਡ ਦਾ ਰਾਹ ਦੱਸਿਆ ਜਾਵੇ" ਅੰਦਰ ਥੀਂ ਆਵਾਜ਼ ਆਈ ''ਪਰ ਇਧਰ ਤਾਂ ਕਿਸੀ ਪਿੰਡ ਦਾ ਰਾਹ ਹੀ ਨਹੀਂ, ਆਪ ਕਿਸ ਤਰਾਂ ਭੁੱਲ ਗਏ ?" ਉਸ ਨੇ ਕਿਹਾ :-
"ਮੈਂ ਤਾਂ ਵਾਕਫ ਨਹੀਂ। ਮੈਂ ਜਾਤਾ, ਪੈਂਡਾ ਥੋੜ੍ਹਾ ਹੋਊ, ਜੇ ਇਸ ਪਰਬਤ ਥੀਂ ਦੂਜੇ ਪਰਬਤ ਨੂੰ ਸਿੱਧਾ ਲੈ ਲਵਾਂ ਪਰ ਇਸ ਯਤਨ ਵਿੱਚ ਮੇਰਾ ਪੈਂਡਾ ਲੰਮਾ ਤੇ ਨਾਮੁਮਕਨ ਹੋ ਗਿਆ ਹੈ"॥
"ਪਰ ਆਪ ਜਿਸ ਸੇਧੇ ਆਏ ਹੋ, ਉਸ ਸੇਧੇ ਇਥੇ ਅੱਪੜ ਹੀ ਨਹੀਂ ਸੀ ਸੱਕਦੇ॥
"ਠੀਕ ਹੈ, ਪਰ ਸੇਧਾਂ ਸਾਰੀਆਂ ਇਸ ਹਨੇਰੇ ਵਿੱਚ ਮਿਸ ਗਈਆਂ। ਓਸ ਨਦੀ ਤੇ ਅੱਪੜਿਆ ਤੇ ਪਾਰ ਲੰਘ ਹੀ ਨਹੀਂ ਸੀ ਸੱਕਦਾ, ਸੋ ਮਜਬੂਰਨ ਇਸ ਪਰਬਤ ਤੇ ਚੜ੍ਹਿਆ ਤੇ ਪੂਰਬ ਦਾ ਪੱਛਮ ਤੇ ਪੱਛਮ ਦਾ ਉੱਤਰ ਭੌਂਦਾ ਫਿਰਦਾ ਹਾਂ॥"

ਅੰਦਰ ਵੱਸਣ ਵਾਲੀ ਦੀ ਨਿਸ਼ਾ ਹੋ ਗਈ, ਕਿ ਭੁੱਲਿਆ ਹੋਇਆ ਕੋਈ ਅਨਜਾਣ ਵਿਦਯਾਰਥੀ ਹੈ। "ਅੱਛਾ, ਮੈਂ ਹੁਣੇ ਆਈ" ਤੇ ਨਾਲੇ ਕਿਹਾ "ਹੁਣ ਆਪ ਕਿਸੀ ਪਿੰਡ ਅੱਪੜ ਨਹੀਂ ਸੱਕਦੇ ਤੇ ਨਾਲੇ ਰਸਤਾ ਬਿਖੜਾ ਤੇ ਖਤਰਨਾਕ ਹੈ"। ਥੋੜ੍ਹੇ ਚਿਰ ਪਿੱਛੋਂ ਇਕ ਕਾਗਤ ਦੀ ਲਾਲਟੈਣ ਹੱਥ ਵਿੱਚ ਲਈ ਇਕ ਪ੍ਰਿਭਜੋਤ ਸਵਾਣੀ ਆਈ ਓਸ ਵੱਡਾ ਤੂਫਾਨੀ ਬੂਹਾ ਖੋਹਲਿਆ ਤੇ ਲਾਲਟੈਣ ਉੱਚੀ ਕਰਕੇ ਅਜਨਬੀ ਮਹਿਮਾਨ ਦੇ ਚੇਹਰੇ ਨੂੰ ਤੱਕਣ ਦੀ ਕੀਤੀ। ਉਹਦਾ ਆਪਣਾ ਚਿਹਰਾ ਲਾਲਟੈਣ ਦੇ ਹਨੇਰੇ ਪਿੱਛੇ ਛੁਪਿਆ ਰਿਹਾ। ਆਪ ਨੇ ਉਹਨੂੰ ਚੰਗੀ ਤਰਾਂ ਗੌਹ ਨਾਲ ਤੱਕਿਆ, ਤੇ ਸਹੀ ਕੀਤਾ ਕਿ ਇਸ ਵਿੱਚ ਧੋਖਾ ਕੋਈ ਨਹੀਂ॥
"ਅੱਛਾ ਜ਼ਰਾ ਠਹਿਰੋ, ਮੈਂ ਹੁਣੇ ਹੀ ਹੱਥ ਪੈਰ ਧੋਣ ਲਈ ਜਲ ਲਿਆਉਂਦੀ ਹਾਂ" ਓਸ ਕਿਹਾ ਤੇ ਅੰਦਰ ਲਗੀ ਗਈ, ਤੌਲੀਆ ਤੇ ਚਿਲਮਚੀ ਤੇ ਪਾਣੀ ਲਿਆਈ ਤੇ ਮਹਿਮਾਨ ਨੂੰ ਕਿਹਾ ਆਪ ਹੱਥ ਪੈਰ ਧੋ ਲਵੋ।।

ਆਰਟਿਸਟ ਨੇ ਕੱਖਾਂ ਦੀਆਂ ਚਪਲੀਆਂ ਲਾਹੀਆਂ, ਹੱਥ ਪੈਰ ਸੁਚੇਤ ਕੀਤੇ ਤੇ ਅੰਦਰ ਗਿਆ, ਅੰਦਰ ਇਕ ਨਿਹਾਇਤ ਹੀ ਸੁਥਰਾ ਸਾਦਾ ਕਮਰਾ ਓਸ ਨੂੰ ਉਸ ਪ੍ਰਿਭਜੋਤ ਸਵਾਣੀ ਨੇ ਓਹਦੇ ਰਾਤ ਦੇ ਆਰਾਮ ਕਰਨ ਲਈ ਦੱਸਿਆ। ਸਾਰਾ ਤਕਰੀਬਨ ਘਰ ਹੀ ਇਹੋ ਕਮਰਾ ਸੀ, ਪਛੋਕੜ ਨਿੱਕੀ ਜਿਹੀ ਨਾਲ ਲੱਗਦੀ ਰਸੋਈ ਸੀ, ਤੇ ਰਜਾਈ ਤੇ ਅੱਗ ਸੇਕਣ ਲਈ ਆਪ ਨੂੰ ਉਸ ਸਵਾਣੀ ਨੇ ਦਿੱਤੀ, ਜਦ ਉਹ ਇਹ ਆਉਭਾਗਤ ਕਰ ਰਹੀ ਸੀ, ਇਸ ਨੌਜਵਾਨ ਨੂੰ ਓਹਨੂੰ ਚੰਗੀ ਤਰਾਂ ਵੇਖਣ ਦਾ ਅਵਸਰ ਮਿਲਿਆ, ਇਹਦੇ ਨੈਨ ਉਹਦੇ ਵਿੱਚ ਗੱਡੇ ਰਹੇ॥

ਕੀ ਵੇਖਦਾ ਹੈ? ਕਿ ਓਹਦੀ ਮੀਜਬਾਨ ਇਕ ਅਤੀ ਸੋਹਣੀ ਪਰੀ ਨਕਸ਼ ਸਵਾਣੀ ਹੈ ਤੇ ਉਹਦੀ ਚਾਲ, ਬੈਠਕ ਊਠਕ ਬੜੀ ਹੀ ਨਾਜ਼ਕ ਤੇ ਦਿਲ ਲੁਭਾਣ ਵਾਲੀ ਹੈ, ਉਹਦੀ ਉਮਰ ਉਸ ਕੋਲੋਂ ਸ਼ਾਇਦ ਹੀ ੩ ਯਾ ੪ ਸਾਲ ਵੱਡੀ ਹੋਵੇ ਪਰ ਉਹ ਬੜੀ ਜਵਾਨ ਤੇ ਜਵਾਨੀ ਦੇ ਪੂਰੇ ਜੋਬਨਾਂ ਵਿੱਚ ਹੈ। ਜਦ ਇਉਂ ਉਹ ਵੇਖ ਰਿਹਾ ਸੀ, ਤਦ ਉਹ ਸਵਾਣੀ ਬੜੀ ਮਿੱਠੀ ਅਵਾਜ਼ ਨਾਲ ਉਹਨੂੰ ਕਹਿੰਦੀ ਹੈ, "ਮੈਂ ਹੁਣ ਅਕੱਲੀ ਹਾਂ, ਤੇ ਮੈਂ ਨਿਮਾਣੀ ਇਸ ਕੁਟੀਆ ਵਿੱਚ ਮਹਿਮਾਨਾਂ ਦੇ ਸ੍ਵਾਗਤ ਕਰਨ ਦੇ ਅਸਮਰਥ ਹਾਂ ਪਰ ਅਜ ਰਾਤੀ ਮੈਨੂੰ ਨਿਸਚਾ ਹੋ ਗਿਆ ਹੈ, ਕਿ ਆਪ ਲਈ ਇਥੋਂ ਕਿਧਰੇ ਓਧਰ ਜਾਣਾ ਖ਼ਤਰਨਾਕ ਹੈ। ਇਸ ਪਾਸੇ ਕਈ ਇਕ ਕ੍ਰਿਸਾਨ ਰਹਿੰਦੇ ਹਨ ਪਰ ਇਸ ਵਕਤ ਆਪ ਉਨ੍ਹਾਂ ਪਾਸ ਅੱਪਰ ਨਹੀਂ ਸੱਕਦੇ, ਨਾ ਆਪ ਨੂੰ ਬਿਨਾ ਰਾਹ ਦੱਸਣ ਵਾਲੇ ਦੀ ਮਦਦ ਦੇ ਰਸਤਾ ਹੀ ਲੱਭ ਸੱਕਦਾ ਹੈ। ਸੋ ਇਸ ਕਰਕੇ ਮੈਂ ਆਪਨੂੰ ਸ੍ਵਾਗਤ ਕੀਤਾ ਹੈ, ਆਪ ਨੂੰ ਆਰਾਮ ਤਾਂ ਪੂਰਾ ਇਥੇ ਮਿਲ ਨਹੀਂ ਸੱਕਦਾ, ਪਰ ਮੈਂ ਆਪ ਨੂੰ ਇਕ ਬਿਸਤ੍ਰਾ ਦੇ ਸੱਕਦੀ ਹਾਂ ਤੇ ਆਪ ਮੇਰੀ ਜਾਚੇ ਭੁੱਖੇ ਭੀ ਹੋ, ਸੋ ਇਹ ਲਵੋ ਨਬਾਤਾਤੀ ਬੁੱਧ ਭਿੱਖਿਆ ਦਾ ਭੱਖਣ, ਥੋਹੜਾ ਜਿਹਾ ਹੈ ਸ਼ਾਇਦ ਆਪ ਦਾ ਗੁਜਾਰਾ ਰਾਤ ਲਈ ਮਾੜਾ ਮੋਟਾ ਹੋ ਜਾਏ, ਪਰ ਆਪ ਅਜ ਰਾਤ ਇਥੇ ਹਰ ਤਰਾਂ 'ਜੀ ਆਏ' ਹੋ॥

ਯਾਤਰੂ ਭੁੱਖਾ ਸੀ, ਸਵਾਣੀ ਨੇ ਝਟ ਪਟ ਚੁੱਪ ਚਾਪ ਆਲੂ ਕਚਾਲੂ ਸਾਗ ਆਦਿ ਭੁੰਨ ਭੰਨ ਕੇ ਤੇ ਇਕ ਪਿਆਲਾ ਉਬਲੇ ਚਾਵਲਾਂ ਦਾ ਆਪ ਦੇ ਅੱਗੇ ਧਰਿਆ, ਤੇ ਨਿਮਾਣੀ ਰੋਟੀ ਦੀ ਬੜੀਆਂ ਮਾਫੀਆਂ ਮੰਗੀਆਂ ਪਰ ਫਿਰ ਓਹ ਕੁਛ ਨਾ ਬੋਲੀ ਤੇ ਜਿੰਨਾ ਚਿਰ ਓਹ ਰੋਟੀ ਖਾਂਦਾ ਰਿਹਾ ਓਸਦੇ ਦਿਲ ਵਿੱਚ ਖੋਹ ਪੈਂਦੀ ਸੀ ਕਿ ਹਾਇ ਇਹ ਸਵਾਣੀ ਇੰਨੀ ਚੁੱਪ ਤੇ ਉਦਾਸ ਕਿਉਂ ਹੈ? ਤੇ ਜਦ ਓਸ ਕੋਈ ਗੱਲ ਪੁੱਛੀ ਇਸ ਕਰਕੇ ਕਿ ਗੱਲ ਬਾਤ ਅਰੰਭ ਹੋਵੇ ਸਵਾਣੀ ਯਾ ਜਰਾਕੁ ਹਸ ਛੱਡਦੀ ਯਾ ਸਿਰ ਨੀਵਾਂ ਪਾ ਕੇ ਹਾਂ ਨਾ ਕਰ ਦਿੰਦੀ ਸੀ। ਫਿਰ ਓਹ ਵੀ ਚੁੱਪ ਹੋ ਗਿਆ, ਤੇ ਇਤਨੇ ਚਿਰ ਵਿੱਚ ਤੱਕ ਲੀਤਾ ਸੀ, ਕਿ ਓਹ ਛੋਟਾ ਘਰ ਬਿਲਕੁਲ ਬੇਦਾਗ ਸਫਾ ਸੀ, ਤੇ ਓਹਦੇ ਬਰਤਨ ਜਿਵੇਂ ਹੁਣੇ ਬਣੇ ਹਨ। ਥੋੜੀਆਂ ਜਿਹੀਆਂ ਚੀਜ਼ਾਂ ਜੋ ਅੱਗੇ ਪਿੱਛੇ ਪਈਆਂ ਸਨ, ਬੜੀਆਂ ਹੀ ਸੋਹਣੀਆਂ ਤੇ ਮੂੰਹੋਂ ਬੋਲਦੀਆਂ ਸਨ। ਕਵਿਤਾ ਤੇ ਆਰਟ ਦੇ ਸੰਬੰਧ ਦੀਆਂ ਚੀਜ਼ਾਂ ਤੇ ਚੀਨੀ ਬੋਲੀ ਦੇ ਕਾਵਯ ਮੰਤ੍ਰ ਲਿਖੇ ਲਟਕ ਰਹੇ ਸਨ, ਮਕਾਨ ਤੇ ਇਕ ਕਿਨਾਰੇ ਇਕ ਚੌਕੀ ਸੀ ਤੇ ਉਸ ਉੱਪਰ ਇਕ ਮੰਦਰ ਦੀ ਸ਼ਕਲ ਦੀ ਦੋ ਦਰਵਾਜ਼ਿਆਂ ਵਾਲਾ ਨਿੱਕਾ ਮੰਦਰ ਖਿਡਾਵਣਾ ਜਿਹਾ ਸੀ, ਤੇ ਦੋਵੇਂ ਨਿੱਕੇ ਦਰਵਾਜੇ ਖੁਲ੍ਹੇ ਹੋਏ ਸਨ ਤੇ ਉਸਦੇ ਸਾਹਮਣੇ ਇਕ ਨਿੱਕਾ ਜਿਹਾ ਦੀਵਾ ਜਗਾਇਆ ਹੋਇਆ ਸੀ, ਤੇ ਫੁੱਲਾਂ ਦਾ ਸੇਹਰਾ ਲਟਕਾਇਆ ਹੋਇਆ ਸੀ। ਇਹ ਸ਼ਾਇਦ ਓਹ ਘਰ ਦਾ ਆਲਾ ਜਿਹਾ ਸੀ ਜਿਸ ਵਿੱਚ ਕਿਸੇ ਗੁਜਰ ਗਏ ਮਿਤ੍ਰ ਦੀਆਂ ਨਿਸ਼ਾਨੀਆਂ ਰੱਖਦੇ ਹਨ, ਤੇ ਇਸ ਘਰ ਦੇ ਸ਼ਿਵਾਲੇ ਉੱਪਰ ਇਕ ਬੜੀ ਹੀ ਸੁੰਦਰ ਮਿਹਰ ਦੀ ਦੇਵੀ ਦੀ ਤਸਵੀਰ ਸੀ, ਜਿਸ ਆਪਣੇ ਕੇਸਾਂ ਵਿੱਚ ਪੂਰਾ ਚੰਨ ਲਟਕਾਇਆ ਹੋਇਆ ਸੀ। ਜਦ ਵਿਦਯਾਰਥੀ ਰੋਟੀ ਖਾ ਚੁੱਕਾ ਤਾਂ ਸਵਾਣੀ ਕਹਿੰਦੀ ਹੈ, "ਮੈਂ ਆਪ ਨੂੰ ਚੰਗਾ ਬਿਸਤ੍ਰਾ ਨਹੀਂ ਦੇ ਸਕਦੀ ਤੇ ਬੱਸ ਇਹ ਇੱਕੋ ਹੀ ਕਾਗਤ ਦੀ ਬਣੀ ਮੱਛਰਦਾਨੀ ਹੈ। ਇਹ ਬਿਸਤ੍ਰਾ ਤੇ ਇਹ ਮੱਛਰਦਾਨੀ ਮੇਰੀ ਆਪਣੀ ਹੈ, ਪਰ ਅਜ ਰਾਤ ਮੈਨੂੰ ਕਈ ਇਕ ਕੰਮ ਕਰਨੇ ਹਨ ਤੇ ਮੈਨੂੰ ਸੌਣ ਲਈ ਕੋਈ ਅਵਸਰ ਨਹੀਂ ਮਿਲੇਗਾ,ਇਸ ਲਈ ਆਪ ਇਨ੍ਹਾਂ ਦੋਹਾਂ ਚੀਜਾਂ ਨੂੰ ਵਰਤ ਸੱਕਦੇ ਹੋ, ਤੇ ਹੁਣ ਮੈਂ ਆਪ ਦੀ ਮਿੰਨਤ ਕਰਦੀ ਹਾਂ, ਕਿ ਆਪ ਆਰਾਮ ਕਰੋ, ਭਾਵੇਂ ਮੈਂ ਨਿਮਾਣੀ ਪਾਸੋਂ ਆਪ ਨੂੰ ਅਰਾਮ ਦੇਣ ਦੇ ਕਾਫੀ ਸਾਮਾਨ ਪੂਰੇ ਨਹੀਂ ਹੋ ਸੱਕੇ" ॥

ਪਰ ਨੌਜਵਾਨ ਆਰਟਿਸਟ ਸਮਝ ਗਿਆ ਸੀ, ਕਿ ਉਸ ਅਕੱਲੀ ਸਵਾਣੀ ਪਾਸ ਇਕੋ ਹੀ ਬਿਸਤ੍ਰਾ ਹੈ ਅਰ ਓਹ ਆਪਣਾ ਬਿਸਤ੍ਰਾ ਉਹਨੂੰ ਇਕ ਮੇਹਰਬਾਨੀ ਕਰਕੇ ਦਿੰਦੀ ਹੈ, ਤੇ ਆਪ ਜਗਰਾਤਾ ਕਰਨ ਦਾ ਦਯਾਵਾਨ ਬਹਾਨਾ ਕਰਦੀ ਹੈ । ਇਹ ਦੇਖਕੇ ਓਸ ਕਿਹਾ, "ਜੀ ! ਮੈਂ ਤਾਂ ਭੁੰਞੇ ਹੀ ਸੈਂ ਸਕਦਾ ਹਾਂ ਤੇ ਮੈਨੂੰ ਮੱਛਰਾਂ ਦਾ ਕੋਈ ਡਰ ਨਹੀਂ, ਆਪ ਨੂੰ ਕੀ ਐਸਾ ਕੰਮ ਹੈ ਜੋ ਆਪ ਰਾਤ ਸੌਣਾ ਨਹੀਂ ਚਾਹੁੰਦੇ ? ਮੈਨੂੰ ਆਪਦੀ ਇੰਨੀ ਖੇਚਲ, ਮੇਰੀ ਖਾਤਰ ਕਰਨਾ ਚੰਗਾ ਨਹੀਂ ਲੱਗਦਾ ਤੇ ਮੇਰੇ ਪਰ ਮਿਹਰਬਾਨੀ ਕਰੋ ਤੇ ਮੈਨੂੰ ਭੁੰਞੇ ਹੀ ਪੈ ਜਾਣ ਦਿਓ, ਮੇਰਾ ਰੂਹ ਆਪ ਦੀ ਇੰਨੀ ਦਯਾ ਬਰਦਾਸ਼ਤ ਨਹੀਂ ਕਰ ਸੱਕਦਾ॥"

"ਜੋ ਮੈਂ ਕਹਿੰਦੀ ਹਾਂ, ਓਹ ਆਪ ਨੂੰ ਮੰਨਣਾ ਪਵੇਗਾ, ਦਰ ਹਕੀਕਤ ਮੈਨੂੰ ਕੰਮ ਹੈ ਤੇ ਮੈਂ ਅਜ ਰਾਤ ਨਹੀਂ ਸੈਣਾ"। ਇਹ ਲਫਜ਼ ਇਕ ਵੱਡੀ ਭੈਣ ਦੀ ਹੈਸੀਅਤ ਵਿੱਚ ਐਸੇ ਪਿਆਰ ਤੇ ਐਸੇ ਦਾਹਵੇ ਨਾਲ ਉਸਨੇ ਕਹੇ, ਜੋ ਇਸ ਨੌਜਵਾਨ ਨੂੰ ਸਿਰ ਝੁਕਾ ਕੇ ਮੰਨਣੇ ਪਏ ਤੇ "ਆਖਿਆ ਕਿ ਇਹ ਉਚਿਤ ਹੈ, ਕਿ ਆਪ ਮੈਨੂੰ ਜੋ ਬੰਦੋਬਸਤ ਮੈਂ ਚਾਹਾਂ, ਉਹ ਆਪਣੇ ਮਹਿਮਾਨ ਲਈ ਕਰਨ ਦੀ ਆਗਿਆ ਦੇਵੋਗੇ ਇਸ ਬੰਦੋਬਸਤ ਵਿੱਚ ਆਪ ਦਾ ਦਖਲ ਦੇਣਾ ਵਾਜਬ ਨਹੀਂ॥"
ਨੌਜਵਾਨ ਚੁੱਪ ਹੋ ਗਿਆ, ਕਿਉਂਕਿ ਸੈਣ ਵਾਸਤੇ ਕਮਰਾ ਵੀ ਇਕੋ ਸੀ, ਉਸਨੇ ਆਪਣੀ ਤੁਲਾਈ ਲਿਆ ਕੇ ਫਰਸ਼ ਉੱਪਰ ਵਿਛਾ ਦਿੱਤੀ ਤੇ ਰਜਾਈ ਰੱਖ ਦਿੱਤੀ॥

ਇਕ ਲੱਕੜੀ ਦਾ ਸਿਰਹਾਣਾ ਵੀ ਲਿਆ ਦਿੱਤਾ ਤੇ ਕਮਰੇ ਦੇ ਉਸ ਪਾਸੇ, ਜਿਸ ਪਾਸੇ ਓਹ ਘਰ ਦਾ ਨਿੱਕਾ ਜਿਹਾ ਮੰਦਰ ਪਿਆ ਹੋਇਆ ਸੀ, ਉਸ ਅੱਗੇ ਇਕ ਸਕ੍ਰੀਨ (ਪਰਦਾ) ਖੜੀ ਕਰ ਦਿੱਤੀ, ਓਹਦਾ ਪਾਸਾ ਵੱਖਰਾ ਇਉਂ ਕਰ ਦਿੱਤਾ ਤੇ ਆਖਿਆ ਕਿ ਹੁਣ ਆਪ ਥੱਕੇ ਹੋ ਬ੍ਰਾਜ ਜਾਓ ਤੇ ਸੈਂ ਜਾਓ, ਇਹ ਇੱਛਿਆ ਇਸ ਤਰਾਂ ਪ੍ਰਗਟ ਕੀਤੀ ਕਿ ਉਹ ਦਰਹਕੀਕਤ ਓਹਨੂੰ ਸੈਂ ਜਾਣ ਦਾ ਹੁਕਮ ਦੇ ਰਹੀ ਹੈ, ਤਾ ਕਿ ਓਹ ਉਹਦੇ ਰਾਤ ਦੇ ਕੰਮਾਂ ਵਿੱਚ ਕਿਸੀ ਤਰਾਂ ਦਾ ਦਖਲ ਦੇ ਨਾ ਸੱਕੇ॥
ਨੌਜਵਾਨ ਬਿਸਤ੍ਰੇ ਵਿੱਚ ਵੜ ਗਿਆ,ਭਾਵੇਂ ਉਹਦਾ ਰੂਹ ਦੁਖੀ ਸੀ, ਕਿਸ ਤਰਾਂ ਸਵਾਣੀ ਨੇ ਆਪਣਾ ਬਿਸਤ੍ਰਾ ਓਹਨੂੰ ਦੇ ਦਿੱਤਾ, ਤਾਂ ਵੀ ਲੇਟਦੇ ਸਾਰ ਸੈਂ ਗਿਆ, ਬਹੁਤ ਥੱਕਾ ਹੋਇਆ ਸੀ॥

ਪਰ ਥੋੜ੍ਹਾ ਚਿਰ ਹੀ ਸੁੱਤਾ ਹੋਣਾ ਹੈ, ਕਿ ਇਕ ਅਨੋਖੀ ਜਿਹੀ ਅਵਾਜ਼ ਨੇ ਓਹਨੂੰ ਜਗਾ ਦਿੱਤਾ ਤੇ ਉਹ ਅਚੰਭਾ ਹੋਕੇ ਸੁਨਣ ਲੱਗ ਪਿਆ, ਕਿ ਅਵਾਜ ਕੀ ਹੈ ਤੇ ਕਿੱਥੋਂ ਆ ਰਹੀ ਹੈ? ਅਵਾਜ਼ ਪੈਰਾਂ ਦੀ ਸੀ, ਪਰ ਪੈਰ ਚੱਲ ਨਹੀਂ ਰਹੇ ਕੋਈ ਆ ਜਾ ਨਹੀਂ ਰਿਹਾ। ਇਉਂ ਜਾਪੇ, ਜਿਵੇਂ ਕੋਈ ਘਬਰਾਹਟ ਵਿੱਚ ਤਿੱਖੇ ਤਿੱਖੇ ਪੈਰ ਰੱਖ ਰਿਹਾ ਹੈ, ਸੋਚਿਆ ਕਿ ਸ਼ਾਇਦ ਘਰ ਵਿੱਚ ਚੋਰ ਨਾ ਆ ਵੜੇ ਹੋਣ, ਉਸ ਨੂੰ ਆਪਣੇ ਲਈ ਤਾਂ ਕੋਈ ਡਰ ਨਾ ਲੱਗਾ, ਕਿਉਂਕਿ ਓਸ ਪਾਸ ਲੁਟੇ ਜਾਣ ਨੂੰ ਸੀ ਹੀ ਕੁਛ ਨਹੀਂ, ਪਰ ਸਵਾਣੀ ਦੀ ਖਾਤਰ ਕੁਛ ਭੈ ਭੀਤ ਹੋਇਆ ਮੱਛਰਦਾਨੀ ਵਿੱਚ ਇਕ ਲੱਕੜੀ ਦੀ ਜਾਲੀ ਜਿਹੀ ਨਾਲ ਭਰਿਆ ਸੁਰਾਖ ਸੀ, ਉਸਦੀ ਰਾਂਹੀ ਦੇਖਣ ਲੱਗਾ ਪਰ ਅੱਗੇ ਓਹ ਪਰਦਾ ਸੀ ਕੁਛ ਵੇਖ ਨਾ ਸਕਿਆ, ਜੋ ਹੋ ਰਿਹਾ ਸੀ ਸਕਰੀਨ ਦੇ ਪਿੱਛੇ ਹੋ ਰਿਹਾ ਸੀ। ਉਸ ਨੇ ਉੱਚਾ ਰੌਲਾ ਪਾਣ ਦੀ ਸੋਚੀ, ਪਰ ਫਿਰ ਸੋਚਿਆ ਕਿ ਜਦ ਤਕ ਸਾਰੀ ਗੱਲ ਦਾ ਪਤਾ ਨਾ ਲੱਗੇ, ਸਵਾਣੀ ਦੀ ਜਾਨ ਦੀ ਰੱਛਿਆ ਇਸ ਵਿੱਚ ਹੈ ਕਿ ਉਹ ਉੱਚਾ ਨਾ ਬੋਲੇ।ਪਰ ਓਹ ਅਵਾਜ਼ ਜਿਹੜੀ ਸੁਣਾਈ ਦੇ ਰਹੀ ਸੀ ਬਰਾਬਰ ਜਾਰੀ ਰਹੀ ਤੇ ਹੋਰ ਵਧ ਉਸਦੀ ਹੈਰਾਨੀ ਵਧਦੀ ਗਈ। ਆਖਰ ਰਹਿ ਨਾ ਸਕਿਆ, ਜੋ ਕੁਛ ਹੋਵੇ ਉਹ ਉੱਠ ਕੇ ਵੇਖੇਗਾ, ਕਿ ਕਿਸ ਤਰਾਂ ਓਹ ਆਪਣੀ ਦਯਾਵਾਨ ਮਾਲਕਾ ਦੀ ਜਾਨ ਦੀ ਹਿਫ਼ਾਜ਼ਤ ਕਰ ਸੱਕਦਾ ਹੈ ਜਲਦੀ ਨਾਲ ਕੱਪੜੇ ਪਾਕੇ, ਓਸ ਮੱਛਰਦਾਨੀ ਵਿੱਚੋਂ ਨਿਕਲਕੇ, ਓਸ ਸਕਰੀਨ ਤਕ ਬਿਨਾ ਖੜਾਕ ਕੀਤੇ ਦੇ ਜਾ ਅੱਪੜਿਆ ਤੇ ਝਾਤੀ ਪਾ ਕੇ ਵੇਖਿਆ। ਜੋ ਓਸ ਵੇਖਿਆ ਉਸਨੇ ਓਹਨੂੰ ਬੜਾ ਅਚਰਜ ਕੀਤਾ॥

ਕੀ ਸੀ? ਓਹੋ ਹੀ ਪ੍ਰਭਜੋਤ ਸਵਾਣੀ, ਬੜੇ ਹੀ ਸੋਹਣੇ ਗੋਟੇ ਕਨਾਰੀ ਵਾਲੇ ਕੱਪੜੇ ਪਾਏ ਉਸ ਮੰਦਰ ਜਿਹੇ ਅੱਗੇ ਇਕ ਅਚਰਜ ਨ੍ਰਿਤਯ ਕਰ ਰਹੀ ਹੈ। ਓਹ ਸਵਾਣੀ ਆਪ ਇਕ ਅਮੁੱਲ ਨਾਚ ਨੱਚ ਰਹੀ ਹੈ, ਪੁਸ਼ਾਕ ਉਸ ਸਿਹਾਣ ਲਈ ਕਿ ਨਿਤ ਕਰਨ ਵਾਲੀ ਨਾਇਕਾ ਦੀ ਹੀ ਹੈ, ਪਰ ਇਹੋ ਜਿਹੀ ਕੀਮਤੀ ਪੁਸ਼ਾਕ ਓਸ ਅੱਗੇ ਕਦੀ ਨਹੀਂ ਵੇਖੀ ਸੀ, ਤੇ ਬੜੀਆਂ ਨਾਇਕਾਂ ਦੇ ਨਾਚ ਦੇਖੇ ਸਨ ਪਰ ਇਹੋ ਜਿਹਾ ਨਾ ਨਾਚ, ਨਾ ਰੰਗ, ਨਾ ਰਸ ਕਿਧਰੇ ਵੇਖਿਆ ਸੀ। ਅਜੀਬ ਘੜੀ ਸੀ, ਓਹ ਆਪਣੇ ਨਾਚ ਵਿੱਚ ਲੀਨ ਹੈ ਅਰ ਇਹ ਆਪਣੀ ਅੱਖ ਕਿਧਰੇ ਉੱਪਰ ਉਠਾ ਨਹੀਂ ਸਕਦਾ, ਇਹਦਾ ਰੂਹ ਓਥੇ ਬੱਝ ਗਿਆ। ਪਹਿਲਾਂ ਤਾਂ ਪੁਰਾਣੇ ਜਾਪਾਨ ਦੇ ਵਹਿਮ ਜਿਹੇ ਓਹਨੂੰ ਡਰਾਣ ਲੱਗੇ, ਕਿ ਸ਼ਾਇਦ ਇਹ ਕੋਈ ਭੂਤ ਪ੍ਰੇਤ ਹੀ ਨਾ ਹੋਵੇ, ਪਰ ਬੁੱਧ ਦਾ ਉਹ ਨਿੱਕਾ ਜਿਹਾ ਘਰ ਦਾ ਮੰਦਰ ਵੇਖ ਕੇ ਓਹਨੂੰ ਤਸੱਲੀ ਹੋਈ, ਕਿ ਐਸੀ ਪਾਕ ਹਜ਼ੂਰੀ ਵਿੱਚ ਕੋਈ ਐਰ ਗੈਰ ਆ ਨਹੀਂ ਸੱਕਦਾ। ਨਾਲੇ ਓਹਨੂੰ ਇਹ ਵੀ ਖਿਆਲ ਹੋਇਆ, ਕਿ ਇਹ ਉਸ ਰਾਜ਼ ਨੂੰ ਵੇਖ ਰਿਹਾ ਹੈ ਜਿਹਦੀ ਆਗਿਆ ਨਹੀਂ ਸੀ ਕਿ ਓਹ ਵੇਖੋ, ਪਰ ਉਸ ਨਾਚ ਤੇ ਰਸ ਤੇ ਚੁੱਪ ਰਾਗ ਦਾ ਅਸਰ ਉਸ ਉੱਪਰ ਹੋਰ ਡੂੰਘਾ! ਹੁੰਦਾ ਗਿਆ ਤੇ ਓਹ ਓਥੋਂ ਹਿੱਲਣ ਜੋਗਾ ਹੀ ਨਾ ਰਿਹਾ,ਓਹ ਵੀ ਵੇਖਣ ਵਿੱਚ ਬੱਸ ਅੱਖਾਂ ਹੀ ਹੋ ਗਿਆ। ਅਚਾਣਚੱਕ ਉਸ ਸਵਾਣੀ ਨੇ ਜਦ ਨਾਚ ਬੰਦ ਕੀਤਾ, ਆਪਣੀ ਪਿਸ਼ਵਾਜ਼ ਉਤਾਰੀ ਤੇ ਓਹਨੂੰ ਦੇਖ ਕੇ ਓਹ ਬੜੀ ਚੌਕੀ ਤੇ ਉਸ ਵੱਲ ਘੂਰ ਕੇ ਦੇਖਣ ਲੱਗ ਪਈ॥
ਨੌਜਵਾਨ ਨੇ ਝਟ ਮਾਫੀ ਮੰਗਣ ਦੀ ਕੀਤੀ। ਓਸ ਜੋ ਬੀਤਿਆ ਸੀ, ਸੋ ਕਹਿ ਸੁਣਾਇਆ, ਕਿਸ ਤਰਾਂ ਇਸ ਸੋਹਣੇ ਤੇ ਅਚੰਭਾ ਕਰਨ ਵਾਲੇ ਖੜਾਕ ਨੇ ਓਹਦੀ ਨੀਂਦਰ ਖੋਹਲੀ। ਓਹ ਕਿਉਂ ਨਾ ਚਿੱਲਾਇਆ ਤੇ ਚੁਪਕੇ ਉੱਠ ਕੇ ਸਕਰੀਨ ਵਲ ਆਇਆ ਤੇ ਫਿਰ ਉਸ ਰਸ ਮਗਨਤਾ ਵਿੱਚ ਹਿੱਲ ਨਾ ਸੱਕਿਆ॥
"ਮੈਨੂੰ ਤੁਸੀ ਮਾਫ ਕਰਨਾ, ਪਰ ਹੁਣ ਮੈਂ ਪੁੱਛੇ ਬਿਨਾ ਰਹਿ ਨਹੀਂ ਸਕਦਾ, ਕਿ ਆਪ ਕੌਣ ਹੋ ਅਰ ਆਪਦੀ ਕਹਾਣੀ ਕੀ ਹੈ ? ਆਪ ਇਸ ਸਾਰੇ ਮੁਲਕ ਵਿੱਚ ਮੇਰੀ ਜਾਚੇ ਅਦੁਤੀ ਨਿਤਯ ਦੀ ਮਲਕਾ ਹੋ ਤੇ ਆਪ ਇੱਥੇ ਕਿਸ ਤਰਾਂ ਆਏ, ਸੱਚ ਤਾਂ ਇਹ ਹੈ ਕਿ ਮੈਂ ਦਾਰੁਲਖਿਲਾਫੇ ਦੇ ਸਭ ਚੋਣਵੀਆਂ ਨੱਚਣ ਵਾਲੀਆਂ ਵਿੱਚ ਆਪਦੇ ਉਨਰ ਦਾ ਮੁਕਾਬਲਾ ਕਰਨ ਵਾਲੀ ਕੋਈ ਨਹੀਂ ਡਿੱਠੀ॥"

ਪਹਿਲਾਂ ਤਾਂ ਸਵਾਣੀ ਗੁਸੇ ਹੀ ਸੀ, ਪਰ ਜਦ ਓਹ ਇਹ ਕਹਿਕੇ ਮਾਫੀ ਮੰਗ ਕੇ ਚੁੱਪ ਹੋਇਆ, ਤਦ ਉਹਦੇ ਮੂੰਹ ਤੇ ਵੀ ਮੁੜ ਅਨਾਇਤ ਆਈ, ਆਪ ਹੱਸ ਕੇ ਓਹਦੇ ਕੋਲ ਹੀ ਓਥੇ ਬਹਿ ਗਈ, ਕਹਿਣ ਲੱਗੀ "ਨਹੀਂ! ਮੈਂ ਤੇਰੇ ਪਰ ਖ਼ਫਾ ਨਹੀਂ, ਪਰ ਮੈਨੂੰ ਮੰਦਾ ਜਰੂਰ ਲੱਗਾ ਹੈ, ਕਿ ਆਪ ਨੇ, ਮੈਨੂੰ ਨੱਚਦਿਆਂ ਕਿਉਂ ਵੇਖਿਆ ਆਪ ਨੂੰ ਮੈਂ ਤਾਂ ਪਾਗਲ ਜਿਹੀ ਲੱਗੀ ਹੋਵਾਂਗੀ ਕਿ ਆਪ-ਮੁਹਾਰੀ ਕਲ ਮੁਕੱਲੀ ਨੱਚਣ ਲੱਗ ਪਈ ਹਾਂ, ਹੁਣ ਆਪ ਨੂੰ ਇਸ ਸਾਰੀ ਗੱਲ ਦਾ ਭੇਤ ਦੱਸਣਾ ਹੀ ਪਿਆ ਮੇਰੀ ਕਹਾਣੀ ਇੰਨੀ ਹੀ ਹੈ, ਕਿ ਮੈਂ ਓਹ ਨਾਇਕਾ ਹਾਂ ਇਹ ਨਾਮ ਮਸ਼ਹੂਰ ਸੀ ਤੇ ਨੌਜਵਾਨ ਨੂੰ ਵੀ ਇਹਦੇ ਨਾਮ ਦੀ ਸ਼ੁਹਰਤ ਦਾ ਪਤਾ ਸੀ, ਕਿਉਂਕਿ ਓਹ ਸਾਰੇ ਮੁਲਕ ਵਿੱਚ ਹਰ ਦਿਲ ਨੂੰ ਮੋਹਿਤ ਕਰਨ ਵਾਲੀ ਨਾਚ ਬਾਲਿਕਾ ਸੀ "ਮੈਂ ਜਦ ਆਪਣੇ ਪੂਰੇ ਜੋਬਨ ਵਿੱਚ ਸੀ ਤੇ ਮੇਰਾ ਉਨਰ ਵਿਖਯਾਤ ਸੀ, ਮੇਰੇ ਰੂਹ ਨੂੰ ਇਕ ਨੌਜਵਾਨ ਨੇ ਮੋਹਿਆ, ਮੈਂ ਉਸ ਨਾਲ ਸਭ ਸ਼ੁਹਰਤ ਰਾਜ, ਭਾਗ, ਸੁਖ, ਮਹਿਲ ਛੋੜ ਕੇ ਨੱਸ ਆਈ, ਭਾਵੇਂ ਮੇਰੇ ਪਿਆਰੇ ਪਾਸ ਕੋਈ ਧਨ ਨਹੀਂ ਸੀ ਪਰ ਸਾਡੇ ਪਾਸ ਕਾਫੀ ਸੀ, ਆਪਣੇ ਗਰੀਬੀ ਵਿੱਚ-ਪਰ ਪਿਆਰ ਵਿੱਚ-ਜੀਣ ਨੂੰ। ਓਹ ਪਿਆਰਾ ਮੇਰਾ ਬੜਾ ਖੁਸ਼ ਹੁੰਦਾ ਸੀ, ਜਦ ਮੈਂ ਉਹਦੇ ਸਾਹਮਣੇ ਨੱਚਦੀ ਸਾਂ, ਇਸ ਘਰ ਵਿੱਚ ਤੇ ਇਸ ਏਕਾਂਤ ਵਿੱਚ, ਕੁਛ ਇਕ ਚਿਰ ਅਸੀ ਦੋਵੇਂ ਇਕ ਦੂਜੇ ਲਈ ਜੀਂਦੇ ਸਾਂ। ਸਾਡਾ ਸਾਰਾ ਜਗਤ ਇਕ ਦੂਜੇ ਲਈ ਅਸੀ ਆਪ ਸਾਂ। ਓਹ ਮੈਨੂੰ ਪਿਆਰਦਾ ਨਹੀਂ ਸੀ, ਮੈਨੂੰ ਪੂਜਦਾ ਸੀ, ਅਰ ਬੇਹੱਦ ਓਹਦਾ ਪਿਆਰ ਸੀ। ਮੈਂ ਨਿਮਾਣੀ ਕਿਸ ਜੋਗ ਸਾਂ, ਮੈਨੂੰ ਇੰਨਾ ਪਤਾ ਸੀ, ਕਿ ਮੇਰਾ ਨਾਚ ਓਹਨੂੰ ਰੀਝਾਂਦਾ ਸੀ। ਸੋ ਮੈਂ ਓਹਨੂੰ ਰੀਝਾਣ ਦੀ ਕਰਦੀ ਸਾਂ। ਹਰ ਸ਼ਾਮ ਓਹ ਕੋਈ ਨਾ ਕੋਈ ਸੁਰ ਰਾਗ ਦੀ ਛੇੜਦਾ ਸੀ ਤੇ ਮੈਂ ਉਸ ਸੁਰ ਉੱਪਰ ਨੱਚਦੀ ਸਾਂ। ਇਕ ਦੂਜੇ ਨੂੰ ਅਸੀ ਤਕ ਤਕ ਜੀਂਂਦੇ ਸਾਂ, ਪਰ ਇਕ ਸਿਆਲੇ ਕੁਛ ਚਿਰ ਹੀ ਹੋਇਆ ਹੈ, ਕਿ ਆਪ ਨੂੰ ਸੱਦਾ ਆ ਗਿਆ, ਮੈਂ ਜਿੰਨੀ ਵਾਹ ਲੱਗੀ ਸੇਵਾ ਕੀਤੀ ਪਰ ਮੇਰੀ ਭੁੜੀ ਵਿਅਰਥ ਗਈ, ਆਪ ਸਦਾ ਲਈ ਮੈਥੋਂ ਜੁਦਾ ਹੋ ਗਏ।।"

ਨੌਜਵਾਨ ਸਮਝ ਗਿਆ, ਕਿ ਹੁਣ ਇਹ ਅਜ ਰਾਤ ਦਾ ਨਾਚ ਗੁਜਰ ਗਏ ਪਿਆਰੇ ਨੂੰ ਰੀਝਾਣ ਦਾ ਤਰਲਾ ਸੀ, ਤੇ ਓਹ ਬੁੱਧ ਦਾ ਨਿੱਕਾ ਜਿਹਾ ਮੰਦਰ ਓਹਦੀ ਯਾਦ ਵਿੱਚ ਰਚਿਆ ਹੋਇਆ ਹੈ, ਉਸ ਵਿੱਚ ਓਸ ਪਿਆਰੇ ਦਾ ਨਾਮ ਤੇ ਕੁਛ ਉਹਦੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ ਤੇ ਉਸਦੀ ਯਾਦ ਵਿੱਚ ਇਹ ਇਕ ਤਰਾਂ ਦਾ ਪਿਆਰ ਸ਼ਰਾਧ ਸੀ, ਜਿਹੜਾ ਓਸਨੇ ਇਸ ਤਰਾਂ ਵੇਖਿਆ॥
ਸਵਾਣੀ ਨੇ ਚਾਹ ਬਣਾਈ, ਅਰ ਦੋਹਾਂ ਪੀਤੀ ਤੇ ਫਿਰ ਉਸਨੇ ਕਿਹਾ, ਕਿ ਹੁਣ ਆਪ ਸੌਂ ਜਾਓ॥
ਨੌਜਵਾਨ ਨੇ ਕਿਹਾ "ਆਪ ਮੈਨੂੰ ਮਾਫੀ ਦੇਣਾ, ਕਿ ਮੈਂ ਇਸ ਤਰਾਂ ਆਪਦੇ ਮਤਬੱਰਕ ਨਾਚ ਨੂੰ ਵੇਖਣ ਲਈ ਮਜਬੂਰ ਹੋਇਆ।" ਓਹ ਕਹਿਣ ਲੱਗੀ "ਨਹੀਂ, ਸਗੋਂ ਆਪ ਨੇ ਮਾਫੀ ਦੇਣੀ, ਕਿ ਮੈਂਨੇ ਆਪ ਦੀ ਨੀਂਦਰ ਉਕਤਾਈ। ਪਹਿਲਾਂ ਤਾਂ ਮੈਂ ਉਡੀਕ ਕਰਦੀ ਰਹੀ, ਜਦ ਆਪ ਘੂਕ ਸੈਂ ਗਏ ਸੇ, ਤਦ ਮੈਂ ਬਿਨਾ ਬਾਹਲੇ ਖੜਾਕ ਦੇ ਆਰੰਭ ਕੀਤੀ ਸੀ, ਪਰ ਆਪ ਨੂੰ ਵਿਖੇਪਤਾ ਹੋਈ ਹੈ॥"

ਇਉਂ ਮਾਫੀਆਂ ਮੰਗਦਾ ਓਹ ਮਜਬੂਰਨ ਮੁੜ ਕਾਗਜ ਦੀ ਮੱਛਰਦਾਨੀ ਹੇਠ ਜਾ ਲੇਟਿਆ ਤੇ ਖੂਬ ਸੈਂ ਗਿਆ, ਦਿਨ ਕਾਫੀ ਚੜ੍ਹ ਆਇਆ ਸੀ, ਜਦ ਓਹ ਸਵੇਰੇ ਜਾਗਿਆ, ਜਦ ਉਹ ਉੱਠਿਆ, ਤਾਂ ਜਿਸ ਤਰਾਂ ਰਾਤੀ ਇਕ ਸਾਦਾ ਜਿਹਾ ਭੋਜਨ ਓਸ ਲਈ ਬਣਾਇਆ ਸੀ, ਉਸੀ ਤਰਾਂ ਦਾ ਸਾਦਾ ਭੋਜਨ ਸਵਾਣੀ ਨੇ ਬਣਾਕੇ ਤਿਆਰ ਕੀਤਾ ਸੀ, ਤੇ ਆਪ ਦੇ ਅੱਗੇ ਬੜੀ ਖਾਤਰ ਤੇ ਆਜਜ਼ੀ ਨਾਲ ਰੱਖਿਆ, ਰਾਤੀ ਤਾਂ ਓਹ ਭੁੱਖਾ ਸੀ, ਬਿਨਾ ਸੋਚੇ ਖਾ ਗਿਆ ਸੀ, ਪਰ ਸਵੇਰੇ ਉਸਨੂੰ ਸੋਚ ਆਈ ਕਿ ਸ਼ਾਇਦ ਆਪ ਓਹ ਰਾਤੀ ਭੁੱਖੀ ਹੀ ਰਹੀ ਹੈ ਤੇ ਹੋਵੇ ਨਾ ਹੋਵੇ, ਕਿ ਹੁਣ ਵੀ ਓਹ ਉਸਦੇ ਹਿੱਸੇ ਨੂੰ ਖਾ ਨਾ ਜਾਵੇ, ਉਸ ਬੜਾ ਥੋੜਾ ਖਾ ਕੇ ਵਿਦਿਆ ਹੋਣ ਦੀ ਕੀਤੀ॥

ਪਰ ਜਦ ਓਸ ਖੀਸੇ ਵਿੱਚ ਹੱਥ ਪਾਏ, ਕਿ ਕੁਛ ਉਸ ਦੀ ਸੇਵਾ ਤੇ ਰੋਟੀ ਆਦਿ ਲਈ ਭੇਟਾ ਕਰ ਜਾਵੇ, ਤਦ ਸਵਾਣੀ ਬੋਲੀ "ਜੋ ਕੁਛ ਮੈਂ ਆਪ ਨੂੰ ਦੇ ਸੱਕਦੀ ਹਾਂ, ਓਹ ਕਿਸੀ ਲਾਇਕ ਨਹੀਂ ਤੇ ਜੋ ਵੀ ਸੀ, ਤਦ ਓਹ ਮੈਂ ਆਪ ਪਰ ਤਰਸ ਖਾ ਕੇ ਕੀਤਾ ਹੈ, ਉਸਦਾ ਮੁੱਲ ਦੇਣਾ ਆਪ ਨੂੰ ਉਚਿਤ ਨਹੀਂ। ਸੋ ਮੇਰੀ ਇੰਨੀ ਹੀ ਪ੍ਰਾਰਥਨਾ ਹੈ, ਕਿ ਆਪ ਨੂੰ ਜੋ ਤਕਲੀਫ ਇੱਥੇ ਰਾਤ ਰਹਿਣ ਵਿੱਚ ਹੋਈ ਹੋਵੇ, ਓਹਦੀ ਖਿਮਾ ਬਖਸ਼ਣੀ ਤੇ ਨਿਰਾ ਇਹ ਚੇਤੇ ਰੱਖੋਗੇ, ਕਿ ਆਪ ਨੂੰ ਇਕ ਐਸੀ ਨਿਮਾਣੀ ਦੀ ਕੁੱਲੀ ਵਿੱਚ ਰਹਿਣਾ ਪਿਆ, ਤੇ ਮੇਰੇ ਪਾਸ ਸਿਵਾਏ ਪਿਆਰ ਤੇ ਸ਼ੁਭ ਸੰਕਲਪ ਦੇ ਹੋਰ ਦੇਣ ਜੋਗਾ ਕੁਛ ਨਹੀਂ ਸੀ।" ਉਸਨੇ ਫਿਰ ਵੀ ਕੋਸ਼ਿਸ਼ ਕੀਤੀ, ਕਿ ਕੁਛ ਭੇਟ ਓਹ ਦੇ ਸੱਕੇ ਪਰ ਜਦ ਤੱਕਿਆ ਕਿ ਓਹਦੇ ਜਤਨ ਨਾਲ ਉਹਦਾ ਸੋਹਣਾ ਪਰ ਉਦਾਸ ਚਿਹਰਾ ਦੁਖਿਤ ਹੋ ਰਿਹਾ ਹੈ, ਤਦ ਉਸ ਇਹ ਗੱਲ ਛੱਡ ਦਿੱਤੀ ਤੇ ਬੜੇ ਨਰਮ ਦਰਦ ਭਰੇ ਸ਼ਬਦਾਂ ਵਿੱਚ ਵਿਦਾ ਲਈ। ਉਹਦੇ ਦਿਲ ਵਿੱਚ ਉਹਦਾ ਸੁਹਣੱਪ ਤੇ ਓਹਦੀ ਉਦਾਸੀ ਦੋਵੇਂ ਖੁੱੱਭ ਰਹੇ ਸਨ ਤੇ ਉਹਦੇ ਦੁੱਖ ਦੀ ਪੀੜਾ ਉਸ ਨੂੰ ਭੀ ਹੋ ਰਹੀ ਸੀ॥
ਸਵਾਣੀ ਨੇ ਓਹਨੂੰ ਰਾਹ ਦੱਸਿਆ ਤੇ ਬੜਾ ਚਿਰ ਖਲੋ ਕੇ ਦੇਖਦੀ ਰਹੀ, ਜਦ ਤਕ ਪਹਾੜ ਥੀਂ ਉਤਰਕੇ ਓਹ ਓਹਲੇ ਨਹੀਂ ਹੋ ਗਿਆ ਸੀ॥

ਇਕ ਘੰਟੇ ਦੇ ਬਾਦ ਉਸਨੂੰ ਓਹ ਸ਼ਾਹ ਰਾਹ-ਜਿਸ ਉੱਪਰ ਓਹ ਕੱਲ ਆ ਰਿਹਾ ਸੀ-ਮਿਲ ਗਿਆ, ਪਰ ਇੱਥੇ ਅੱਪੜਕੇ ਸਖਤ ਮੰਦਾ ਲੱਗਾ ਸੂ, ਕਿ ਹਾਏ "ਮੈਂ ਆਪਣਾ ਨਾਮ ਭੀ ਉਸਨੂੰ ਦੱਸ ਨਾ ਆਯਾ'' ਥੋੜਾ ਚਿਰ ਦੋ ਦਿਲੀਆਂ ਵਿੱਚ ਪਿਆ ਰਿਹਾ, ਪਰ ਫਿਰ ਕਹਿਣ ਲੱਗਾ "ਕੀ ਹੋਇਆ, ਮੇਰੇ ਨਾਮ ਦਾ ਕੀ ਪ੍ਰਯੋਜਨ ਹੈ? ਮੈਂ ਤਾਂ ਸਦਾ ਇਉਂ ਹੀ ਗਰੀਬ ਰਹਿਣਾ ਹੈ, ਮੈਂ ਓਹਦੀ ਕੀ ਮਦਦ ਕਰ ਸੱਕਦਾ ਹਾਂ, ਗਰੀਬਾਂ ਦੇ ਨਾਮ ਦੱਸੇ ਨਾ ਦੱਸੇ ਇਕੋ ਗੱਲ ਹੈ", ਇਉਂ ਆਪਣੇ ਮਨ ਦਾ ਸਮਝੌਤਾ ਕਰਕੇ ਰਾਹ ਪੈ ਗਿਆ॥

ਇਹ ਨੌਜਵਾਨ ਆਰਟਿਸਟ ਸਮਾਂ ਪਾ ਕੇ ਬੜਾ ਵਿਖਯਾਤ ਚਿਤ੍ਰਕਾਰ ਹੋਇਆ ਤੇ ਬਾਦਸ਼ਾਹਾਂ ਦੇ ਸ਼ਹਿਰ ਦਾ ਨਗੀਨਾ ਸੀ। ਸ਼ਾਹਜ਼ਾਦੇ ਇਕ ਦੂਜੇ ਨਾਲ ਇਸ ਚਿਤ੍ਰਕਾਰ ਨੂੰ ਸਤਿਕਾਰਨ ਤੇ ਵਡਿਆਨ ਵਿੱਚ ਰੀਸ ਕਰਦੇ ਸਨ ਤੇ ਇਸ ਪਾਸ ਧਨ ਅਮੇਣਵਾਂ ਆ ਗਿਆ। ਦਾਰੁਲਖਿਲਾਫੇ ਵਿੱਚ ਇਕ ਬੜੇ ਆਲੀਸ਼ਾਨ ਮਹਿਲ ਵਿੱਚ ਇਹ ਰਹਿੰਦਾ ਸੀ, ਪਰ ਹੁਣ ਬੜਾ ਹੋ ਚੁੱਕਾ ਸੀ, ਸਾਰੇ ਮੁਲਕ ਦੇ ਨੌਜਵਾਨ ਆਰਟਿਸਟ ਇਸ ਦੇ ਆਕੇ ਸ਼ਾਗਿਰਦ ਬਣਦੇ ਸਨ ਤੇ ਇਸ ਪਾਸ ਰਹਿੰਦੇ ਸਨ, ਤੇ ਇਹਦੇ ਗੁਲਾਮਾਂ ਵਾਂਗ ਇਸਦਾ ਹੁਕਮ ਮੰਨਦੇ ਸਨ, ਸਾਰੀ, ਵਲਾਇਤ ਵਿੱਚ ਬਸ ਇਕ ਇਹ ਅਦੁਤੀ ਚਿਤ੍ਰਕਾਰ ਸੀ॥

ਇਕ ਦਿਨ ਇਸਦੇ ਦਰਵਾਜੇ ਤੇ ਇਕ ਬੁੱਢੀ ਜਿਹੀ ਜਨਾਨੀ ਆਈ ਤੇ ਦਵਾਰਪਾਲਾਂ ਨੂੰ ਕਹਿਣ ਲੱਗੀ, ਮੈਂ ਚਿੱਤ੍ਰਕਾਰ ਨੂੰ ਮਿਲਣਾ ਹੈ, ਦਵਾਰਪਾਲਾਂ ਨੇ ਦੇਖਿਆ ਇਕ ਮੰਗਤੀ ਜਿਹੀ ਛੱਜ ਛੱਜ ਲੀਰਾਂ ਲਮਕਦੀ ਰੁਲਦੀ ਖੁਲਦੀ ਕੋਈ ਹੈ, ਸੋ ਉਨ੍ਹਾਂ ਪ੍ਰਵਾਹ ਨਾ ਕੀਤੀ ਤੇ ਓਹਨੂੰ ਆਖਣ ਲੱਗੇ ਤੂੰ ਕਿਸ ਲਈ ਮਾਲਕ ਨੂੰ ਮਿਲਣਾ ਚਾਹੁੰਦੀ ਹੈ, ਤੇ ਓਹ ਉੱਤਰ ਦਿੰਦੀ ਸੀ "ਮੇਰਾ ਕੰਮ ਆਪ ਨਾਲ ਹੀ ਹੈਂ, ਤੁਸਾਂਨੂੰ ਦੱਸ ਨਹੀਂ ਸੱਕਦੀ ਤੇ ਇਉਂ ਓਹ ਓਹਨੂੰ ਟਾਲ ਦਿੰਦੇ ਸਨ ਤੇ ਕਈ ਵੇਰੀ ਇਹ ਕਹਿਕੇ ਟਾਲ ਦਿੰਦੇ ਸਨ, ਕਿ ਓਹ ਸ਼ਹਿਰ ਵਿੱਚ ਹੀ ਨਹੀਂ, ਬਾਹਰ ਗਿਆ ਹੋਇਆ ਹੈ॥

ਓਹ ਬੁੱਢੀ ਮੁੜ ਆਉਂਦੀ ਸੀ ਤੇ ਹਰ ਵੇਰੀ ਓਹਨੂੰ ਕੋਈ ਨਾ ਕੋਈ ਕੂੜ ਬੋਲ ਕੇ ਟਾਲ ਦਿੱਤਾ ਜਾਂਦਾ ਸੀ। "ਅਜ ਓਹ ਵੱਲ ਨਹੀਂ" "ਅੱਜ ਓਹ ਬੜਾ ਰੁੱਝਾ ਹੋਇਆ ਹੈ" "ਅਜ ਬੜੇ ਮਹਿਮਾਨ ਆਏ ਹੋਏ ਹਨ, ਮਿਲ ਨਹੀਂ ਸੱਕੀਦਾ" ਪਰ ਓਹ ਬੁੱਢੀ ਆਉਂਦੀ ਹੀ ਰਹੀ, ਓਸ ਵੀ ਪਿੱਛਾ ਨਾ ਛੱਡਿਆ, ਤੇ ਹਰ ਰੋਜ ਠੀਕ ਓਸੇ ਵੇਲੇ ਆਉਂਦੀ ਸੀ ਤੇ ਉਹਦੀ ਕਮਰ ਤੇ ਨਿੱਕਾ ਜਿਹਾ ਬੱਝਾ ਹੋਇਆ ਬੁਚਕਾ ਹੁੰਦਾ ਸੀ। ਆਖਰਕਾਰ ਨੌਕਰਾਂ ਨੂੰ ਵੀ ਤਰਸ ਆਇਆ ਤੇ ਉਨ੍ਹਾਂ ਜਾਕੇ ਆਪਣੇ ਮਾਲਕ ਨੂੰ ਕਿਹਾ "ਜਨਾਬ! ਅਜ ਕਿੰਨੇ ਚਿਰਾਂ ਥੀਂ ਇਕ ਬੁੱਢੀ ਰੋਜ ਠੀਕ ਓਸੇ ਵਕਤ ਆਪ ਨੂੰ ਮਿਲਣ ਆਉਂਦੀ ਹੈ, ਅਸਾਂ ਗਰੀਬ ਮੰਗਤੀ ਸਮਝਕੇ ਕਈ ਚਿਰਾਂ ਥੀਂ ਟਾਲਿਆ ਹੈ, ਪਰ ਓਹ ਆਪਦੇ ਮਿਲੇ ਬਗੈਰ ਨਹੀਂ ਰਹੇਗੀ ਤੇ ਓਹ ਕਹਿੰਦੀ ਹੈ, ਕਿ ਜੋ ਗੱਲ ਓਸ ਕਰਨੀ ਹੈ, ਆਪ ਨਾਲ ਕਰਨੀ ਹੈ, ਸਾਨੂੰ ਕੁਛ ਨਹੀਂ ਦੱਸਦੀ, ਜੇ ਓਹ ਫਿਰ ਆਵੇ ਤਾਂ ਆਪ ਦਾ ਕੀ ਹੁਕਮ ਹੈ ?" "ਤੁਸਾਂ ਪਹਿਲੇ ਇਸ ਬਾਬਤ ਮੈਨੂੰ ਕਿਉਂ ਨਹੀਂ ਆ ਕੇ ਦੱਸਿਆ?" ਤੇ ਇਹ ਕਹਿਕੇ ਆਪ ਉਠਕੇ ਦਰਵਾਜਿਓਂ ਬਾਹਰ ਜਾ ਕੇ ਓਸ ਬੁੱਢੀ ਨੂੰ ਬੜੀ ਹੀ ਮੇਹਰਬਾਨੀ ਨਾਲ ਮਿਲਿਆ, ਕਿਉਂਕਿ ਓਹਨੂੰ ਆਪਣੀ ਗਰੀਬੀ ਦੇ ਦਿਹਾੜੇ ਯਾਦ ਸਨ ਤੇ ਪੁੱਛਿਆ, "ਕੀ ਓਸਨੂੰ ਕੋਈ ਚੀਜ਼ ਲੋੜ ਹੈ? ਰੁਪਯੇ ਪੈਸੇ ਕੱਪੜੇ ਖਾਣਾ ਪੀਣਾ ਕੁਛ" ਉਸ ਨੇ ਉੱਤਰ ਦਿੱਤਾ "ਜੀ ਮੈਨੂੰ ਹੋਰ ਕੁਛ ਲੋੜ ਨਹੀਂ, ਮੇਰਾ ਸੰਕਲਪ ਹੈ ਕਿ ਆਪ ਮੈਨੂੰ ਇਕ ਚਿਤ੍ਰ ਬਣਾ ਦੇਵੋ"। ਉਸਦੀ ਇਸ ਕਾਂਖਯਾ ਉੱਪਰ ਚਿੱਤ੍ਰਕਾਰ ਨੂੰ ਅਚਰਜ ਹੋਇਆ ਤੇ ਉਸ ਨੂੰ ਕਿਹਾ, ਕਿ ਅੰਦਰ ਆ ਜਾਓ ਤੇ ਆਪਣੇ ਨਾਲ ਸਤਿਕਾਰ ਨਾਲ ਲੈ ਗਿਆ। ਬੁੱਢੀ ਨੇ ਬਹਿ ਕੇ, ਸਾਹ ਲੈਕੇ ਓਸ ਆਪਣੇ ਬੱਧੇ ਬੁਚਕੇ ਦੀਆਂ ਗੰਢਾਂ ਖੋਹਲੀਆਂ ਤੇ ਉਸ ਵਿੱਚੋਂ ਇਕ ਪੁਰਾਣੀ ਜਰਜਰ ਹੋਈ ਕਿਧਰੋਂ ਫਟੀ, ਕਿਧਰੋਂ ਚਮਕਦੀ ਗੋਟੇ ਕਨਾਰੀ ਵਾਲੀ ਪੁਰਾਣੇ ਜਮਾਨੇ ਦੀ ਪਿਸ਼ਵਾਜ਼ ਕੱਢੀ ਤੇ ਬੜੇ ਪਿਆਰ ਨਾਲ ਉਹਦੇ ਵੱਟਾਂ ਨੂੰ ਸਿੱਧਾ ਕਰਨ ਦੀ ਕੋਸ਼ਸ਼ ਕੀਤੀ ਤੇ ਜਿਉਂ ਜਿਉਂ ਓਹ ਬੁੱਢੀ ਇਸ ਪਿਸ਼ਵਾਜ਼ ਨੂੰ ਖੋਹਲਦੀ ਤੇ ਸਵਾਰਦੀ ਸੀ, ਤਿਉਂ ਤਿਉਂ ਓਹ ਚਿਤ੍ਰਕਾਰ ਉਸਤਾਦ ਨੂੰ ਅਚਾਣਚੱਕ ਆਪਣੇ ਜਵਾਨੀ ਦੀ ਯਾਤ੍ਰਾ ਦਾ ਚੇਤਾ ਆਇਆ, ਓਹਦੇ ਸਾਹਮਣੇ ਯਾਦ ਨੇ ਇਕ ਕੜਾਕਾ ਖਾਧਾ ਤੇ ਓਹੋ ਪਹਾੜ, ਓਹੋ ਰਾਤ, ਓਹੋ ਰਾਹ ਭੁੱਲਣਾ, ਓਹੋ ਦੀਵੇ ਦੀ ਮੱਧਮ ਰੌਸ਼ਨੀ, ਓਹੋ ਉਹਦਾ ਬਾਹਰ ਜਾ ਕੇ ਬੂਹਾ ਠਕੋਰਨਾ, ਓਹੋ ਓਸ ਪ੍ਰਿਭਜੋਤ ਸਵਾਣੀ ਦਾ ਲਾਲਟੈਣ ਲੈ ਕੇ ਬਾਹਰ ਆਉਣਾ, ਓਹ ਸਭ ਕੁਛ ਚੇਤੇ ਆ ਗਿਆ, ਨਹੀਂ ਸਾਹਮਣੇ ਪ੍ਰਤੱਖ ਧਿਆਨ ਵਿਚ ਸਾਖਯਾਤ ਉਹ ਨਜ਼ਾਰਾ ਦਿੱਸ ਪਿਆ । ਉਸ ਬੁੱਢੀ ਨੂੰ ਬੜੀ ਹੀ ਹੈਰਾਨੀ ਹੋਈ, ਜਦ ਯਕਾਯਕ ਚਿਤ੍ਰਕਾਰ ਉਸਤਾਦ, ਜੋ ਹੁਣ ਸ਼ਾਹਜ਼ਾਦਿਆਂ ਤੇ ਬਾਦਸ਼ਾਹਾਂ ਦਾ ਮਾਨਨੀਯ ਉਸਤਾਦ ਸੀ, ਉਸ ਅੱਗੇ ਬੜੇ ਅਦਬ ਨਾਲ ਝੁਕਿਆ ਤੇ ਬੜੀ ਆਜਜ਼ੀ ਨਾਲ ਹੱਥ ਜੋੜਕੇ ਮਾਫੀ ਮੰਗਣ ਲੱਗ ਪਿਆ "ਮੇਰੀ ਬੇਅਦਬੀ ਨੂੰ ਮਾਫ ਕਰਨਾ, ਮੇਰੀ ਕਰਖਤਗੀ ਨੂੰ ਖਿਮਾ ਕਰਨਾ, ਕਿ ਮੈਂ ਇਕ ਖਿਣ ਦੀ ਖਿਣ ਲਈ ਆਪਦਾ ਚੇਹਰਾ ਪਛਾਣ ਨਹੀਂ ਸੱਕਿਆ,ਪਰ ਮੈਂ ਵੀ ਤੇ ਮੇਰੀ ਯਾਦ ਵੀ ਕੀ ਕਰ ਸੱਕਦੀ ਸੀ? ਇਸ ਗੱਲ ਨੂੰ ਅਜ ਚਾਲੀ ਸਾਲ ਲੰਘ ਗਏ ਹਨ, ਜਦ ਇਕ ਦੂਜੇ ਨੂੰ ਅਸੀ ਮਿਲੇ ਸਾਂ। ਹੁਣ ਮੈਨੂੰ ਠੀਕ ਯਾਦ ਆ ਗਿਆ ਹੈ, ਆਪ ਨੇ ਬੜੀ ਮਿੱਠੀ ਕ੍ਰਿਪਾਲਤਾ ਨਾਲ ਮੈਨੂੰ ਆਪਣਾ ਮਿਹਮਾਨ ਕੀਤਾ ਸੀ, ਮੈਂ ਤਦ ਆਪਦਾ ਨਾਚ ਤੱਕਿਆ ਸੀ ਤੇ ਆਪ ਨੇ ਤਦੋਂ ਮੈਨੂੰ ਆਪਣੀ ਵਿਥਿਆ ਸੁਣਾਈ ਸੀ, ਆਪ ਵਿਖਯਾਤ ਤੇ ਅਦੁਤੀ ਨਾਇਕਾ ਹੋ ਤੇ ਮੈਨੂੰ ਆਪਦਾ ਨਾਮ ਹੁਣ ਤਕ ਨਹੀਂ ਭੁੱਲਾ॥" ਜਦ ਓਸ ਇਹ ਗੱਲ ਕਹੀ, ਤਦ ਮਾਈ ਨੂੰ ਕੁਛ ਵੀ ਚੇਤੇ ਨਹੀਂ ਆਉਂਦਾ ਹੈ, ਅਵਸਥਾ ਵਡੇਰੀ ਹੋ ਚੁੱਕੀ ਸੀ, ਯਾਦਦਾਸ਼ਤ ਕਾਇਮ ਨਹੀਂ ਸੀ, ਪਰ ਜਦ ਹੋਰ ਨਰਮੀ ਤੇ ਪਿਆਰ ਨਾਲ ਗੱਲਾਂ ਕਰਨ ਲੱਗਾ, ਤੇ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਉਸ ਚੇਤੇ ਕਰਾਈਆਂ ਤਦ ਆਖਰ ਉਸਨੂੰ ਵੀ ਚੇਤਾ ਆ ਗਿਆ ਤੇ ਨੈਨ ਹੰਝੂਆਂ ਨਾਲ ਭਰ ਕੇ ਬੋਲੀ, ਠੀਕ ਓਹ ਦਿਵਯ ਪੁਰਖ, ਜਿਹੜਾ ਸਾਡੀਆਂ ਅਰਦਾਸਾਂ ਸੁਣਦਾ ਹੈ, ਓਸ ਆਪ ਮੈਨੂੰ ਆਪਦੇ ਘਰ ਦਾ ਰਾਹ ਦੱਸਿਆ ਹੈ, ਪਰ ਜਦ ਮੇਰੇ ਨਿਮਾਣੇ-ਕਿਸੇ ਜੋਗੇ ਨਾਂਹ ਘਰ ਵਿੱਚ ਆਪ ਨੇ ਚਰਣ ਪਾਏ ਸਨ-ਤਦ ਮੈਂ ਇਹੋ ਨਿਮਾਣੀ ਸਾਂ, ਜੋ ਹੁਣ ਹਾਂ। ਮੈਨੂੰ ਇਹ ਮਾਲਕ ਨਾਥ ਬੁੱਧ ਦੀ ਇਕ ਕਰਾਮਾਤ ਦਿੱਸਦੀ ਹੈ, ਕਿ ਆਪ ਨੂੰ ਮੈਂ ਨਿਮਾਣੀ ਦਾ ਵੀ ਇਉਂ ਚੇਤਾ ਆ ਗਿਆ ਹੈ, ਸ਼ੁਕਰ! ਸ਼ੁਕਰ॥

ਇਹ ਕਹਿਕੇ ਫਿਰ ਓਸ ਆਪਣੀ ਉਸ ਥੀਂ ਪਿੱਛੇ ਗੁਜਰੀ ਜੀਵਨ ਦੀ ਕਥਾ ਸੁਣਾਈ। ਕਿਸ ਤਰਾਂ ਗਰੀਬੀ ਕਰਕੇ ਉਸਨੂੰ ਓਹ ਪਰਬਤਾਂ ਵਾਲਾ ਮਕਾਨ ਵੇਚਣਾ ਪਿਆ, ਤੇ ਮੁੜ ਇਸ ਬਾਦਸ਼ਾਹਾਂ ਦੇ ਸ਼ਹਿਰ ਵਿੱਚ, ਜਿੱਥੇ ਇਕ ਦਿਨ ਵੱਡੀ ਮਸ਼ਹੂਰ ਸੀ, ਵਾਪਸ ਔਣਾ ਪਿਆ। ਘਰ ਵਿਕ ਜਾਣ ਦਾ ਓਹਨੂੰ ਬੜਾ ਮੰਦਾ ਲੱਗਾ ਸੀ ਤੇ ਦੁੱਖ ਹੋਇਆ ਸੀ, ਪਰ ਹੁਣ ਸਭ ਥੀਂ ਵੱਡਾ ਦੁੱਖ ਇਹ ਹੈ, ਕਿ ਉਹ ਉਸੀ ਤਰਾਂ ਆਪਣੇ ਪਿਆਰੇ ਦੀ ਯਾਦ ਵਿੱਚ ਉਸ ਨਿੱਕੇ ਜਿਹੇ ਬੁੱਧ ਦੇ ਮੰਦਰ ਅੱਗੇ ਨਾਚ ਨਹੀਂ ਕਰ ਸੱਕਦੀ ਤੇ ਆਪਣੇ ਸੁਰਗ ਗਏ ਪਿਆਰੇ ਨੂੰ ਓਸ ਤਰਾਂ ਰੀਝਾ ਨਹੀਂ ਸੱਕਦੀ ਤੇ ਇਸ ਕਰਕੇ ਓਹ ਚਾਹੁੰਦੀ ਹੈ, ਕਿ ਓਹਦੀ ਤਸਵੀਰ ਓਸੇ ਪਿਸ਼ਵਾਜ਼ ਵਿੱਚ ਜਿਹੜੀ ਓਹ ਨਾਲ ਲਿਆਈ ਹੈ, ਬਣ ਜਾਵੇ, ਕਿ ਹੋਰ ਨਹੀਂ ਤਾਂ ਓਹ ਆਪਣੀ ਤਸਵੀਰ ਓਸ ਪਿਆਰੇ ਦੀ ਯਾਦ ਦੇ ਬੁੱਧ ਮੰਦਰ ਦੇ ਸਾਹਮਣੇ ਲਟਕਾ ਸੱਕੇ! ਉਸ ਅਰਦਾਸ ਕੀਤੀ ਸੀ, ਕਿ ਓਹਦਾ ਇਹ ਸੰਕਲਪ ਪੂਰਣ ਹੋਵੇ ਤੇ ਉਸ ਦੇਵ ਨੇ ਇਹ ਪ੍ਰੇਰਣਾ ਕੀਤੀ ਹੈ ਤਾਂ ਹੀ ਉਸ ਪਾਸ ਆਈ ਹੈ, ਕਿ ਕੋਈ ਮਾੜਾ ਚਿਤ੍ਰਕਾਰ ਸਿਵਾਇ ਉਹਦੇ, ਉਸ ਆਲੀਸ਼ਾਨ ਰੀਝ ਦਾ ਚਿਤ੍ਰ ਖਿੱਚ ਹੀ ਨਹੀਂ ਸੱਕਦਾ। ਉਸਤਾਦ ਨੇ ਇਹ ਸਭ ਵਿਥਯਾ ਬੜੀ ਗਹੁ ਨਾਲ ਸੁਣੀ ਤੇ ਬੜੀ ਹਮਦਰਦੀ ਨਾਲ ਉਸ ਨੂੰ ਰੀਝਾਣ ਦੀ ਕਰਦਾ ਰਿਹਾ, ਤੇ ਬੋਲਿਆ "ਜਿਹੜੀ ਤਸਵੀਰ ਆਪ ਬਨਾਉਣੀ ਚਾਹੁੰਦੇ ਹੋ, ਉਹ ਮੈਂ ਬੜੀ ਹੀ ਖੁਸ਼ੀ ਨਾਲ ਬਣਾਵਾਂਗਾ॥ ਅਜ ਮੈਨੂੰ ਇਕ ਹੋਰ ਚਿਤ੍ਰ ਦੇ ਪੂਰਾ ਕਰਨ ਦੀ ਕਾਹਲ ਹੈ ਤੇ ਜੇ ਆਪ ਕਲ ਇਸ ਵੇਲੇ ਆਓ, ਤਦ ਜਿਸ ਤਰਾਂ ਆਪ ਚਾਹੋਗੇ ਤੇ ਜੋ ਮੇਰੇ ਪਾਸੋਂ ਸੋ ਸਕਿਆ ਮੈਂ ਕਰਾਂਗਾ॥

ਫਿਰ ਓਹ ਬੋਲੀ "ਪਰ ਇਕ ਗੱਲ ਮੈਂ ਆਪ ਹਜ਼ੂਰ ਨੂੰ ਦੱਸੀ ਨਹੀਂ, ਜਿਹੜੀ ਗੱਲ ਮੈਨੂੰ ਦੁਖੀ ਕਰਦੀ ਹੈ ਤੇ ਓਹ ਇਹ ਹੈ, ਕਿ ਆਪਦੀ ਇਸ ਮੇਹਰਬਾਨੀ ਲਈ ਮੇਰੇ ਪਾਸ ਆਪ ਨੂੰ ਦੇਣ ਲਈ ਕੁਛ ਹੈ ਨਹੀਂ, ਸਿਵਾਇ ਇਸ ਪੁਰਾਣੀ ਤੇ ਪੁਰਾਣੀ ਕਤਹ ਦੀ ਪਿਸ਼ਵਾਜ਼ ਦੇ, ਤੇ ਇਨ੍ਹਾਂ ਦਾ ਹੁਣ ਕੋਈ ਵੀ ਮੁੱਲ ਨਹੀਂ, ਭਾਵੇਂ ਕਿਸੀ ਵਕਤ ਇਹ ਬਹੁਮੁੱਲੀ ਚੀਜ਼ ਸੀ ਤੇ ਫਿਰ ਵੀ ਆਪ ਹਜੂਰ ਮੇਰੇ ਉੱਪਰ ਕਿਰਪਾ ਕਰਕੇ ਇਹ ਤਿਲ ਫੁੱਲ ਲੈ ਕੇ ਮੇਰੇ ਉੱਪਰ ਦਯਾ ਕਰੋਗੇ ਤੇ ਸ਼ਾਇਦ ਆਪ ਦੇ ਅਜਾਇਬ ਘਰ ਵਿੱਚ ਇਹਦੀ ਥਾਂ ਇਸ ਲਈ ਹੋ ਜਾਵੇ, ਕਿ ਹੁਣ ਨਾ ਓਹ ਨੱਚਣ ਵਾਲੀਆਂ ਰਹੀਆਂ ਹਨ, ਨਾ ਇਸ ਤਰਾਂ ਦੀਆਂ ਪੁਸ਼ਾਕਾਂ ਤੇ ਪਿਸ਼ਵਾਜ਼ਾਂ, ਇਕ ਅਜੂਬਾ ਤਾਂ ਬਣ ਹੀ ਸੱਕਦੀ ਹੈ॥"

ਨਹੀਂ, ਨਹੀਂ, ਆਪ ਇਸ ਮਾਮਲੇ ਤੇ ਕੋਈ ਸੋਚ ਨਾ ਕਰੋ, ਮੈਨੂੰ ਤਾਂ ਆਪ ਦੀ ਨਿੱਕੀ ਜਿਹੀ ਇਹ ਸੇਵਾ ਕਰਨ ਵਿੱਚ ਪੁਰਾਣਾ ਜ਼ਮਾਨਾ ਯਾਦ ਆਉਂਦਾ ਹੈ ਤੇ ਆਪਦਾ ਕੀਤਾ ਮੈਂ ਕਦੀ ਮੁਕਾ ਨਹੀਂ ਸੱਕਦਾ, ਸੋ ਕਲ ਮੈਂ ਜਰੂਰ ਕੰਮ ਸ਼ੁਰੂ ਕਰਾਂਗਾ ॥"

ਇਸ ਤਿੰਨ ਵੇਰੀ ਸਿਰ ਝੁਕਾ ਕੇ ਸ਼ੁਕਰਗੁਜ਼ਾਰੀ ਕੀਤੀ ਤੇ ਕਿਹਾ "ਆਪ ਹਜ਼ੂਰ ਮੈਨੂੰ ਮਾਫ ਕਰਨਾ ਤੇ ਮੈਂ ਇਕ ਗੱਲ ਹੋਰ ਵੀ ਕਹਿਣਾ ਹੈ, ਉਹ ਹੈ, ਕਿ ਮੈਂ ਇਹ ਨਹੀਂ ਚਾਹੁੰਦੀ ਕਿ ਆਪ ਮੇਰੇ ਅਜ ਦੀ ਸ਼ਕਲ ਦਾ ਤੇ ਅੱਜ ਦੀ ਪੁਸ਼ਾਕ ਵਿੱਚ ਚਿਤ੍ਰ ਬਣਾਓ, ਮੈਂ ਚਾਹੁੰਦੀ ਹਾਂ ਕਿ ਮੇਰੇ ਜੋਬਨ ਮੱਤੀ ਦਾ ਓਹ ਰੂਪ, ਜੋ ਆਪ ਨੇ ਓਸ ਰਾਤ ਵੇਖਿਆ ਸੀ, ਓਹੋ ਹੀ ਬਣਾਓ॥"
ਉਸ ਕਿਹਾ "ਠੀਕ ਮੈਨੂੰ ਉਹ ਚੰਗੀ ਤਰਾਂ ਯਾਦ ਹੈ, ਯਾਦ ਹੀ ਨਹੀਂ, ਮੇਰੇ ਧਿਆਨ ਵਿੱਚ ਹੈ, ਸੋ ਮੈਂ ਓਹੋ ਹੀ ਚਿਤ੍ਰ ਬਣਾਵਾਂਗਾ।"

ਇਸ ਵਾਕ ਲਈ ਜਦ ਉਸ ਬੁੱਢੀ ਸਵਾਣੀ ਨੇ ਸ਼ੁਕਰਗੁਜ਼ਾਰੀ ਕੀਤੀ ਤਦ ਉਹਦੀ ਮੂੰਹ ਦੀਆਂ ਝੁਰਲੀਆਂ ਤੇ ਲਾਲੀ ਭਾ ਮਾਰਨ ਲੱਗ ਗਈ ਤੇ ਬਿਹਬਲ ਹੋਕੇ ਬੋਲੀ "ਮੈਨੂੰ ਹੁਣ ਆਪ ਨੇ ਸੋਹਣਾ ਕਰਨਾ ਹੈ, ਜੋ ਮੈਂ ਉਸ ਪਿਆਰੇ ਨੂੰ ਸੋਹਣੀ ਲੱਗਾਂ, ਜਿਸ ਦੇ ਪਿਆਰ ਵਿੱਚ ਮੈਂ ਸਾਰਾ ਜੀਵਨ ਨਾਚ ਕੀਤਾ ਹੈ, ਹੁਣ ਉਹ ਮੈਨੂੰ ਨਹੀਂ, ਹਜ਼ੂਰ ਦੀ ਰਸਿਕ ਕਿਰਤ ਨੂੰ ਦੇਖ ਕੇ ਖੁਸ਼ ਹੋਵੇਗਾ ਤੇ ਓਹ ਪਿਆਰਾ ਮੈਨੂੰ ਮਾਫ ਕਰਸੀ, ਕਿ ਮੈਂ ਹੁਣ ਓਸ ਅੱਗੇ ਨੱਚ ਨਹੀਂ ਸੱਕਦੀ॥"
ਫਿਰ ਉਸ ਚਿਤ੍ਰਕਾਰ ਆਚਾਰਯ ਨੇ ਉਹਨੂੰ ਤਸੱਲੀ ਦਿੱਤੀ "ਕਿ ਆਪ ਕਲ ਆਵੋ, ਮੈਂ ਆਪਦੀ ਓਹੋ ਜੋਬਨ ਮੱਤੀ ਛੱਬੀ ਮੁੜ ਚਿਤ੍ਰਾਂਗਾ ਤੇ ਮੈਂ ਓਨਾ ਹੀ ਉਨਰ ਤੇ ਵਕਤ ਤੇ ਰੀਝ ਆਪ ਦੇ ਚਿਤ੍ਰ ਤੇ ਲਾਵਾਂਗਾ, ਜਿਹੜਾ ਮੈਂ ਬਾਦਸ਼ਾਹਜ਼ਾਦਿਆਂ ਦੇ ਮਹਿੰਗੇ ਥੀਂ ਮਹਿੰਗੇ ਕੰਮ ਤੇ ਖਰਚਦਾ ਹਾਂ। ਆਪ ਕੋਈ ਫਿਕਰ ਤੇ ਸ਼ੱਕ ਨਾ ਕਰਨਾ, ਆਪ ਨੇ ਕਲ ਆ ਜਾਣਾ॥"

ਮੁਕੱਰਰ ਵਕਤ ਤੇ ਓਹ ਦੁਸਰੇ ਭਲਕ ਆਈ, ਤੇ ਚਿਤ੍ਰਕਾਰ ਨੇ ਨਰਮ ਸਫੈਦ ਰੇਸ਼ਮ ਤੇ ਉਹਦਾ ਚਿਤ੍ਰ ਖਿੱਚਿਆ ਪਰ ਇਹ ਚਿਤ੍ਰ ਉਹਦੀ ਹੁਣ ਦੀ ਸ਼ਕਲ ਦਾ ਨਹੀਂ ਸੀ ਇਹ ਓਹ ਝਾਕਾ ਸੀ, ਜੋ ਆਪ ਨੇ ਉਸ ਰਾਤ ਦੇਖਿਆ ਸੀ। ਪੰਛੀ ਵਾਂਗੂ ਸ਼ੋਖ ਨੈਨੀ, ਬਾਂਸ ਦੀ ਟਹਿਣੀ ਵਾਂਗੂ ਪਤਲੀ ਯੁਵਤੀ, ਤੇ ਸੋਨੇ ਤੇ ਰੇਸ਼ਮ ਦੀ ਪੁਸ਼ਾਕ ਪਾਈ ਇਕ ਸਵਰਗ ਦੀ ਦੇਵੀ ਵਾਂਗ ਚਮਕਦੀ ਐਸੀ ਛੱਬੀ ਸੀ, ਕਿ ਅੱਖ ਦੇਖਕੇ ਚੁੰਧਿਆਂਦੀ ਸੀ। ਓਸ ਉਸਤਾਦ ਦੇ ਬ੍ਰਸ਼ ਦੀ ਕਲਾ ਨਾਲ ਗਿਆ ਗੁਜਰਿਆ ਜੋਬਨ ਮੁੜ ਵਾਪਸ ਆਇਆ, ਉਹ ਮੁਰਝਾ ਗਿਆ ਸੁਹਣੱਪ ਫਿਰ ਟਹਿਕਿਆ ਤੇ ਉਹ ਗੁਜਰ ਚੁਕੀ ਨਾਜ਼ਨੀਨ ਦਾ ਸਾਰਾ ਨਾਜ਼ ਮੁੜ ਪ੍ਰਤੱਖ ਦਿਸਿਆ। ਜਦ ਓਹ ਤਸਵੀਰ ਬਣ ਗਈ ਤੇ ਓਸ ਆਪਣੀ ਮੁਹਰ ਉਸ ਉਪਰ ਲਾ ਦਿੱਤੀ ਤੇ ਰੇਸ਼ਮੀ ਕੱਪੜੇ ਵਿੱਚ ਜੜ ਦਿੱਤੀ ਤੇ ਸੀਡਾਰ ਦੇ ਰੂਲਿਆਂ ਵਿੱਚ ਦੰਦ-ਖੰਡ ਦੇ ਲਾਟੂਆਂ ਨਾਲ ਠੀਕ ਜੜ ਕੇ ਸਜਾ ਦਿੱਤੀ ਤੇ ਰੇਸ਼ਮੀ ਡੋਰਾ ਵੀ ਦਿੱਤਾ, ਜਿਸ ਨਾਲ ਓਹਨੂੰ ਲਟਕਾਣਾ ਸੀ ਤੇ ਸਫੈਦ ਲਕੜ ਦੇ ਬਕਸ ਵਿੱਚ ਮੁੜ ਸਾਰੀ ਨੂੰ ਬੰਦ ਕਰ ਦਿੱਤਾ, ਇਉਂ ਮੁਕੰਮਲ ਕਰ ਉਸ ਸਵਾਣੀ ਦੇ ਭੇਟਾ ਕੀਤੀ॥
ਨਾਲੇ ਉਸਨੇ ਆਪਣੀ ਚਾਹ ਪ੍ਰਗਟ ਕੀਤੀ ਕਿ ਉਹਦੇ ਗੁਜ਼ਾਰੇ ਲਈ ਕੁਛ ਮਾਯਾ ਵੀ ਨਾਲ ਭੇਟਾ ਕਰੇ, ਪਰ ਇਹ ਉਸ ਸਵਾਣੀ ਨੇ ਨਾ ਮਨਜ਼ੂਰ ਕੀਤੀ॥

ਓਹ ਰੋ ਕੇ ਬੋਲੀ "ਨਹੀਂ ਮੈਨੂੰ ਇਸ ਮਾਯਾ ਦੀ ਲੋੜ ਨਹੀਂ, ਬੱਸ ਮੇਰੀ ਲੋੜ ਇਹ ਚਿਤ੍ਰ ਸੀ, ਸੋ ਆਪ ਨੇ ਬਣਾ ਦਿੱਤਾ ਹੈ। ਇਸਦੀ ਪ੍ਰਾਪਤੀ ਲਈ ਮੈਂ ਅਰਦਾਸਾਂ ਕੀਤੀਆਂ ਸੋ ਮੇਰੀਆਂ ਅਰਦਾਸਾਂ ਕਬੂਲ ਹੋ ਗਈਆਂ ਹਨ, ਤੇ ਹੁਣ ਮੈਨੂੰ ਇਸ ਜੀਵਨ ਵਿੱਚ ਹੋਰ ਕੋਈ ਸੰਕਲਪ ਨਹੀਂ ਹੈ, ਤੇ ਹੁਣ ਇਉਂ ਨਿਰਸੰਕਲਪ ਹੋ ਕੇ ਜੇ ਮੈਂ ਇਥੇ ਮਰਨ ਆਈ ਹਾਂ ਤਦ ਜਰੂਰ ਹੈ, ਕਿ ਮੈਨੂੰ ਮਰ ਕੇ ਬੁੱਧ ਦੇ ਰਾਹ ਉੱਪਰ ਜਾਣਾ ਮੁਸ਼ਕਲ ਨਹੀਂ ਹੋਵੇਗਾ, ਤੇ ਬੱਸ ਇਕ ਅਫਸੋਸ ਹੈ, ਕਿ ਆਪ ਨੂੰ ਇਸ ਬੜੇ ਕੰਮ ਲਈ ਮੇਰੇ ਪਾਸ ਦੇਣ ਨੂੰ ਕੁਛ ਨਹੀਂ ਹੈ, ਤੇ ਇਹ ਨਾਇਕਾ ਦੀ ਪਿਸ਼ਵਾਜ਼ ਹੈ, ਜੇ ਆਪ ਕਬੂਲ ਕਰੋ ਤਦ ਮੈਂ ਬੜੀ ਪ੍ਰਸੰਨ ਹੋਵਾਂਗੀ, ਤੇ ਅਰਦਾਸ ਕਰਾਂਗੀ ਕਿ ਆਪ ਨੂੰ ਆਪਦੀਆਂ ਜੀਵਨ ਦੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋਣ॥

ਚਿਤ੍ਰਕਾਰ ਨਰਮੀ ਨਾਲ ਕਹਿੰਦਾ ਹੈ, ਮੈਂ ਤਾਂ ਕੁਛ ਨਹੀਂ ਕੀਤਾ, ਜੋ ਆਪ ਮੈਨੂੰ ਉਸਦੀ ਕੀਮਤ ਦੇਣ ਲਈ ਇਤਨੇ ਬਿਹਬਲ ਹੋ, ਦਰਹਕੀਕਤ ਮੈਂ ਕੁਛ ਨਹੀਂ ਕੀਤਾ, ਪਰ ਜੇ ਆਪ ਦੀ ਖੁਸ਼ੀ ਹੈ ਤਦ ਮੈਂ ਇਹ ਬਹੂਮੁੱਲੀ ਕੀਮਤੀ ਅਜੂਬਾ ਪਿਸ਼ਵਾਜ਼ ਆਪ ਦੀ ਸਵੀਕਾਰ ਕਰਦਾ ਹਾਂ, ਇਹਨੂੰ ਦੇਖ ਕੇ ਮੈਨੂੰ ਆਪ ਨਾਲ ਬਿਤਾਈਆਂ ਓਹ ਸੋਹਣੀਆਂ ਘੜੀਆਂ ਯਾਦ ਆਵਣ ਗੀਆਂ ਤੇ ਮੈਨੂੰ ਆਪ ਯਾਦ ਆਵੋਗੇ, ਕਿਸ ਤਰਾਂ ਆਪ ਨੇ ਆਪਣਾ ਭੋਜਨ ਬਿਸਤ੍ਰਾ ਆਦਿ ਸਭ ਮੈਨੂੰ ਦੇ ਦਿੱਤਾ, ਤੇ ਮੇਰੇ ਲਈ ਜੋ ਕਿਸੀ ਲਾਇਕ ਨਹੀਂ ਹਾਂ, ਨਾ ਸਾਂ, ਤੇ ਫਿਰ ਆਪ ਨੇ ਮੇਰੇ ਪਾਸੋਂ ਆਪਣੀ ਕ੍ਰਿਪਾਲਤਾ ਦਾ ਮੁੱਲ ਕੋਈ ਨਹੀਂ ਲਿਆ ਸੀ, ਤੇ ਓਸ ਆਪ ਦੀ ਮੇਹਰਬਾਨੀ ਦਾ ਹੁਣ ਤਕ ਤੇ ਸਦਾ ਮੈਂ ਆਪ ਦਾ ਰਿਣੀ ਹਾਂ, ਪਰ ਹੁਣ ਦੱਸੋ ਕਿ ਆਪਦਾ ਨਿਵਾਸ ਕਿੱਥੇ ਹੈ? ਤਾਕਿ ਮੈਂ ਕਦੀ ਇਸ ਤਸਵੀਰ ਨੂੰ ਆਪਣੀ ਥਾਂ ਤੇ ਲਟਕਿਆ ਜਾ ਕੇ ਵੇਖਾਂ॥

ਪਰ ਗਰੀਬ ਜਿਹੇ ਸ਼ਬਦਾਂ ਵਿੱਚ ਇਸ ਸਵਾਲ ਦਾ ਉੱਤਰ ਉਸ ਸਵਾਣੀ ਨੇ ਟਾਲਵਾਂ ਜਿਹਾ ਦਿੱਤਾ। "ਮੇਰੀ ਥਾਂ ਆਪ ਦੇ ਆਵਣ ਤੇ ਦੇਖਣ ਦੇ ਯੋਗ ਨਹੀਂ, ਓਹ ਥਾਂ ਆਪ ਦੇ ਲਾਇਕ ਨਹੀਂ ।" ਇਹ ਕਹਿਕੇ ਫਿਰ ਮੁੜ ਮੁੜ ਝੁਕੀ, ਸ਼ੁਕਰਗੁਜ਼ਾਰੀ ਕੀਤੀ ਤੇ ਅੱਖਾਂ ਵਿੱਚ ਡਲ ਡਲ ਕਰਦੇ ਅਣ ਕਿਰੇ ਅੱਥਰੂਆਂ ਨਾਲ ਗੱਚ ਜਿਹੇ ਵਿੱਚ ਟੁਰ ਗਈ॥

ਜਦ ਓਹ ਚਲੀ ਗਈ, ਤਦ ਉਸਤਾਦ ਨੇ ਆਪਣੇ ਸ਼ਾਗਿਰਦਾਂ ਵਿੱਚੋਂ ਇਕ ਨੂੰ ਬੁਲਾਇਆ ਤੇ ਕਿਹਾ, "ਉਸ ਸਵਾਣੀ ਦੇ ਮਗਰ ਮਗਰ ਛੇਤੀ ਜਾਹ ਤੇ ਉਹਨੂੰ ਪਤਾ ਵੀ ਨਾ ਲੱਗੇ, ਕਿ ਤੂੰ ਉਹਦੇ ਪਿੱਛੇ ਪਿੱਛੇ ਆ ਰਿਹਾ ਹੈਂ, ਮਲਕੜੇ ਜਾਵੀਂ ਤੇ ਮੈਨੂੰ ਆਣਕੇ ਪਤਾ ਦੇਵੀਂ, ਕਿ ਓਹ ਕਿੱਥੇ ਰਹਿੰਦੀ ਹੈ? ਇਉਂ ਉਹ ਨੌਜਵਾਨ ਬੇ ਮਲੂਮਾ ਜਿਹਾ ਉਹਦੇ ਪਿੱਛੇ ਪਿੱਛੇ ਗਿਆ ਤੇ ਜਦ ਓਹ ਮੁੜਿਆ ਤਦ ਗੱਲ ਕਰਦਿਆਂ ਇਉਂ ਕੁਛ ਹੱਸਿਆ ਤੇ ਕੁਛ ਸ਼ਰਮਾਇਆ, ਜਿਵੇਂ ਇਕ ਬੜੀ ਨਾਵਾਜਬ ਜਿਹੀ ਕੋਈ ਗੱਲ ਕਰਨ ਲੱਗਾ ਹੈ॥

"ਹੇ ਖਾਵੰਦ! ਮੈਂ ਉਸ ਬੁੱਢੀ ਦੇ ਮਗਰ ਮਗਰ ਗਿਆ, ਪਰ ਓਹ ਤਾਂ ਸ਼ਹਿਰੋਂ ਬਾਹਰ ਉਸ ਸੁੱਕੇ ਨਾਲੇ ਵਲ ਉਥੇ ਗਈ, ਜਿੱਥੇ ਮੁਜਰਮਾਂ ਨੂੰ ਫਾਂਸੀ ਲਾਈ ਜਾਂਦੀ ਹੈ ਤੇ ਓੁਥੇ ਇਕ ਨਿੱਕੀ ਜਿਹੀ ਝੁੱਗੀ ਹੈ, ਉਸ ਵਿੱਚ ਉਹ ਰਹਿੰਦੀ ਹੈ, ਬੜੀ ਭੈੜੀ ਗੰਦੀ ਜਿਹੀ ਵੈਰਾਨ ਥਾਂ ਹੈ।'' ਚਿਤ੍ਰਕਾਰ ਨੇ ਉੱਤਰ ਦਿੱਤਾ "ਕੁਛ ਭੀ ਹੈ, ਓਸ ਥਾਂ ਕਲ ਸਵੇਰੇ ਮੈਨੂੰ ਤੂੰ ਲੈ ਜਾਈਂ, ਹਾਂ ਉਸੀ ਗੰਦੀ ਵੈਰਾਨ ਥਾਂ ਤੇ ਮੈਂ ਜਾਣਾ ਹੈ, ਜਦ ਤਕ ਮੈਂ ਜੀਂਦਾ ਹਾਂ, ਉਹ ਸਵਾਣੀ ਕਿਸੀ ਤਰਾਂ ਖਾਣ ਪਾਣ ਦੇ ਦੁਖ ਨਹੀਂ ਪਾਵੇਗੀ॥"

ਇਹ ਕਹਿ ਕੇ ਓਸ ਨੇ ਉਨ੍ਹਾਂ ਸਾਰਿਆਂ ਨੂੰ ਉਸਦੀ, ਕਥਾ ਸੁਣਾਈ ਤੇ ਸੁਣਕੇ ਸਾਰੇ ਅਜੀਬ ਰੰਗ ਵਿੱਚ ਰੰਗ ਗਏ ਤੇ ਮੁੜ ਦੂਸਰੇ ਦਿਨ ਸੂਰਜ ਚੜ੍ਹਣ ਥੀਂ ਇਕ ਘੰਟਾ ਪਿੱਛੇ ਉਹ ਉਸਤਾਦ ਤੇ ਉਹਦਾ ਚੇਲਾ ਓਸ ਸੁੱਕੇ ਨਾਲੇ ਵਲ ਨੂੰ ਜਾ ਰਹੇ ਹਨ, ਉਥੇ ਜਾ ਰਹੇ ਹਨ ਜਿੱਥੇ ਸ਼ਹਿਰ ਦੇ ਕੰਗਲੇ ਰਹਿੰਦੇ ਹਨ, ਤੇ ਓਸ ਝੁਗੀ ਪਾਸ ਜਾ ਪਹੁੰਚੇ। ਇਕੋ ਭਿੱਤ ਦਾ ਦਰਵਾਜਾ ਬੰਦ ਸੀ। ਉਸ ਚਿਤ੍ਰਕਾਰ ਨੇ ਭਿੱਤ ਖੜਕਾਇਆ ਉੱਤਰ ਕੋਈ ਨਹੀਂ, ਜਦ ਭਿੱਤ ਖੋਲਿਆ ਤਦ ਵੀ ਕੋਈ ਆਵਾਜ਼ ਨਹੀਂ ਆਈ, ਤਦ ਓਹ ਅੰਦਰ ਗਿਆ ਮੁੜ ਉਹੋ ਲੂੰ ਕੰਡੇ ਯਾਦ ਹੋਏ, ਓਹੋ ਨਜ਼ਾਰਾ ਚੇਤੇ ਆਇਆ, ਜਿਸ ਤਰਾਂ ਓਹਦੇ ਪਰਬਤਾਂ ਉੱਪਰ ਝੁਗੀ ਵਿੱਚ ਓਹ ਜਵਾਨੀ ਵਿੱਚ ਗਿਆ ਸੀ, ਜਦ ਅੰਦਰ ਜਾਕੇ ਤੱਕਿਆ, ਤਦ ਓਹ ਸਵਾਣੀ ਇਕ ਮਾੜੀ ਪੁਰਾਣੀ ਫਟੀ ਜਿਹੀ ਰਜਾਈ ਵਿੱਚ ਲਪੇਟੀ ਇਉਂ ਲੇਟੀ ਹੋਈ ਸੀ, ਕਿ ਸੁੱਤੀ ਹੋਈ ਹੈ ਤੇ ਸਾਹਮਣੇ ਇਕ ਟੁਟੀ ਜਿਹੀ, ਗੰਦੀ ਜਿਹੀ ਅਲਮਾਰੀ ਉੱਪਰ ਉਹੋ ਬੁੱਧ ਦੇਵ ਦੇ ਮੰਦਰ ਦੀ ਪ੍ਰਤਿਮਾ ਸੀ ਤੇ ਉਸ ਵਿਚ ਉਹਦੇ ਪਿਆਰੇ ਦੀਆਂ ਨਿੱਕੀਆਂ ਜਿਹੀਆਂ ਪੁਰਾਣੀਆਂ ਨਿਸ਼ਾਨੀਆਂ ਧਰੀਆਂ ਸਨ, ਇਹ ਉਹੋ ਹੀ ਪ੍ਰਤਿਮਾ ਜਿਹੜੀ ੪੦ ਬਰਸ ਪਹਿਲੇ ਓਸ ਉਥੇ ਉਹਦੀ ਪਰਬਤਾਂ ਦੀ ਝੁੱਗੀ ਵਿੱਚ ਤੱਕੀ ਸੀ, ਤੇ ਜਿਸਦੇ ਸਾਹਮਣੇ ਇਕ ਦੀਵਾ ਜਗ ਰਿਹਾ ਸੀ। ਸਿਰਫ ਓਸ ਉਪਰ ਦੀਵਾਰ ਤੇ ਮਿਹਰ ਦੀ ਦੇਵੀ ਦੀ ਤਸਵੀਰ ਕੋਈ ਨਹੀਂ ਸੀ, ਪਰ ਓਸ ਪ੍ਰਤਿਮਾ ਦੇ ਸਾਹਮਣੇ ਦੀਵਾਰ ਤੇ ਉਹਦੀ ਆਪਣੀ ਬਣੀ ਤਸਵੀਰ ਲਟਕ ਰਹੀ ਸੀ। ਇਉਂ ਦਿੱਸਦਾ ਸੀ, ਕਿ ਓਹੋ ਰਾਤ ਹੈ ਤੇ ਉਹ ਆਪ ਉਸ ਅੱਗੇ ਉਸੇ ਰੰਗ ਵਿੱਚ ਨੱਚ ਰਹੀ ਹੈ॥
ਇਸ ਝੁਗੀ ਵਿੱਚ ਹੋਰ ਕੁਛ ਨਹੀਂ ਸੀ, ਇਕ ਇਸਤ੍ਰੀ ਭਿਖਯੂਣੀ ਦਾ ਲਿਬਾਸ ਸੀ ਤੇ ਇਕ ਭਿਖਯੂਣੀ ਦੀ ਸੋਟੀ ਤੇ ਇਕ ਭਿਛਿਆ ਦਾ ਪਿਆਲਾ ਸੀ॥

ਪਰ ਉਹ ਚਿਤ੍ਰਕਾਰ ਇਨਾਂ ਚੀਜ਼ਾਂ ਨੂੰ ਨੀਝ ਲਾ ਕੇ, ਦੇਖਣ ਦਾ ਸਬਰ ਨਹੀਂ ਸੀ ਕਰ ਸਕਦਾ।ਉਹ ਤਾਂ ਬਿਹਬਲ ਸੀ, ਕਿ ਛੇਤੀ ਉਸ ਸੁੱਤੀ ਹੋਈ ਨੂੰ ਜਗਾਏ ਤੇ ਖੁਸ਼ ਕਰੇ ਕਿ ਓਹ ਉਸ ਪਾਸ ਮਹਿਮਾਨ ਹੋਇਆ ਹੈ। ਤੇ ਚਾਰ ਵੇਰੀ ਉਸ ਉਹਦਾ ਨਾਮ ਲੈ ਕੇ ਮਿੱਠੀ ਮਿੱਠੀ ਅਵਾਜ਼ ਦਿੱਤੀ ਪਰ ਓਹ ਨਾ ਜਾਗੀ॥

ਅਚਾਣਚੱਕ ਉਸਨੂੰ ਪਤਾ ਲੱਗਾ, ਕਿ ਓਹੋ ਇਹ ਤਾਂ ਚਲ ਬਸੀ ਹੈ। ਹੈਰਾਨ ਹੋਕੇ ਉਹਦੇ ਮੁਖ ਵਲ ਵੇਖਦਾ ਹੈ ਤੇ ਦੇਖਦਾ ਹੈ ਕਿ ਹੁਣ ਇਹ ਆਖਰੀ ਨੀਂਦਰ ਵਿੱਚ ਓਨੀ ਬੁੱਢੀ ਨਹੀਂ ਦਿੱਸਦੀ, ਜਿੰਨੀ ਕਲ ਸੀ, ਉਹਦੀ ਜਵਾਨੀ ਨੂੰ ਯਾਦ ਦਿਲਾਣ ਵਾਲਾ ਇਕ ਅਕਹਿ ਜਿਹਾ ਮਿੱਠਾ ਰੂਪ ਉਸ ਚਿਹਰੇ ਉੱਪਰ ਚੜ੍ਹਿਆ ਦਿਸਿਆ, ਓਹ ਗਮ ਦੀਆਂ ਕੁਰਖਤ ਲਕੀਰਾਂ ਮੁਲਾਇਮ ਹੋ ਗਈਆਂ ਸਨ, ਤੇ ਝੁਰਲੀਆਂ ਅਜਬ ਤਰਾਂ ਸਾਫ ਹੋ ਗਈਆਂ ਸਨ, ਤੇ ਇਹ ਸੁਹਣੱਪ ਉਸ ਉੱਪਰ ਉਸ ਥੀਂ ਵਡੇ ਮਾਲਕ ਚਿਤ੍ਰਕਾਰ ਦੀ ਛੋਹ ਨਾਲ ਆਣ ਛਾਯਾ ਸੀ॥

ਇਹ ਕਥਾ ਪੜ੍ਹ ਕੇ ਕੌਣ ਕਹਿ ਸਕਦਾ ਹੈ? ਕਿ ਮਜ਼ਬ ਕੋਈ ਚੀਜ਼ ਨਹੀਂ, ਤੇ ਪੰਜਾਬ ਦੇ ਸਿੱਖਾਂ ਨੂੰ ਜੋ ਦਸਵੇਂ ਪਾਤਸ਼ਾਹ ਆਪਣੀਆਂ ਨਿਸ਼ਾਨੀਆਂ ਤੇ ਆਪਣਾ ਵਚਨ ਗੁਰੂ ਗ੍ਰੰਥ ਸਾਹਿਬ ਦੇ ਗਏ ਹਨ, ਉਨ੍ਹਾਂ ਦੀ ਪੂਜਾ, ਸੱਚੀ ਪੂਜਾ ਕੋਈ ਵਹਿਮ ਹੈ ਤੇ ਪਿਆਰੇ ਦੀਆਂ ਨਿਸ਼ਾਨੀਆਂ ਅੱਗੇ ਜੀਵਨ ਨਾਚ ਕਰਨਾ ਕਿਸੀ ਤਰਾਂ ਦੀ ਬੁੱਤ ਪੂਜਾ ਵਰਗੇ ਵਹਿਮ ਹਨ?

ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਯਾ ਪਾਪ ਪੁੰਨਯ ਆਦਿ ਦੀਆਂ ਬਹਿਸਾਂ ਕਰ ਕਰ ਕੋਈ ਨੇਮ ਤੇ ਅਸੂਲ ਕਾਇਮ ਕਰਦੇ ਹਨ, ਉਨ੍ਹਾਂ ਨੇ ਜੀਵਨ ਦੇ ਦੁੱਖਾਂ ਦੇ ਹੜ੍ਹ ਨਹੀਂ ਤੱਕੇ। ਪਰ ਹਾਏ ਉਹ ਦਿਲ ਦਾ ਨਾਚ ਹੋਵੇ, ਉਹ ਰੀਝ ਹੋਵੇ, ਉਹ ਸਾਰੀ ਉੱਮਰ ਦੀ ਲਗਾਤਾਰ ਤੀਬ੍ਰਤਾ ਹੋਵੇ!

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ